Dil Ton Dil Takk : Samarjeet Singh Shammi

ਦਿਲ ਤੋਂ ਦਿਲ ਤੱਕ (2016) : ਸਮਰਜੀਤ ਸਿੰਘ ਸ਼ਮੀ


ਹਾਲ-ਏ-ਦਿਲ

ਤੀਰ ਅਵੱਲੀ ਨਜ਼ਰ ਦਾ, ਸੀਨੇ ਪਾਵੇ ਛੇਕ । ਇਸ ਦੇ ਵਿੰਨ੍ਹੇ ਦਿਲਾਂ ਨੂੰ, ਦੇਖ ਸਕੇਂ ਤਾਂ ਦੇਖ । ਚੜ੍ਹਿਆ ਰਹੇ ਦਿਮਾਗ ਤੇ, ਨਿੱਤ ਨਵਾਂ ਹੀ ਝੱਲ । ਘੱਟ ਹੀ ਪੂਰੀ ਹੋਂਵਦੀ, ਝੱਲ ਵਲੱਲੀ ਗੱਲ । ਹੱਥ ਮਿਲਾਉਂਦੇ ਘੁੱਟ ਕੇ, ਵੱਖਰੇ ਭਾਵੇਂ ਰਾਹ । ਮਨ ਵਿੱਚ ਰਹਿੰਦੀ ਰਿੱਝਦੀ, ਆਪੋ ਆਪਣੀ ਚਾਹ । ਕੀ ਇਤਬਾਰ ਦਿਲਾਂ ਦਾ, ਕੀ ਯਾਰਾਂ ਦੇ ਢੰਗ । ਬਣ ਗਏ ਯਾਰ ਮਤੱਸਬੀ, ਲੁਕ ਚਲਾਉਂਦੇ ਡੰਗ । ਮੁੜ ਸਕਦੈ ਰੁਖ ਹਵਾ ਦਾ, ਲਏ ਜੇ ਬੰਦਾ ਠਾਣ । ਕਰਨੀ ਪਊ ਪਰ ਆਪਨੂੰ, ਆਪਣੀ ਆਪ ਪਛਾਣ । ਰਾਹ ਦੇ ਵਿੱਚ ਖਲੋਤਿਆਂ, ਕਦੇ ਨਾ ਮੁੱਕਦੇ ਪੰਧ ਹਨ ਮੰਜ਼ਲਾਂ ਅੱਗੇ ਮੰਜ਼ਲਾਂ, ਰੱਖ ਹੌਸਲਾ ਛੇਤੀ ਲੰਘ । ਦਇਆ ਧਰਮ ਦਾ ਮੂਲ ਹੈ, ਦਸਿਆ ਸਭ ਨੇ ਆਣ । ਸੱਚੇ ਰਾਹ ਤੇ ਚਲ ਕੇ, ਮਿਲਦਾ ਪੂਰਾ ਮਾਣ । ਕਾਲ਼ੇ ਕਰਮ ਕਮਾ ਲਏ, ਸਿਰ ਪਾਪਾਂ ਦੀ ਪੰਡ । ਬੱਗਾ ਬਾਣਾ ਧਾਰ ਕੇ, ਝੁਕ ਝੁਕ ਕਰੇ ਪਖੰਡ । ਦੇਖੋ ਹਾਲ ਸਮੇਂ ਦਾ, ਰੁੱਤ ਨੇ ਬਦਲੀ ਤੋਰ । ਮਿਲ ਕੇ ਡਾਕੇ ਮਾਰਦੇ, ਨਾਲ ਪੁਲਿਸ ਤੇ ਚੋਰ । ਵਜਦਾ ਡਮਰੂ ਦੇਖ ਕੇ, ਆ ਜੁਟੇ ਜੋ ਭੀੜ । ਖ਼ੂਬ ਤਮਾਸ਼ਾ ਮਾਣਦੀ, ਕੀ ਏ ਰਿੱਛ ਦੀ ਪੀੜ ? ਸਿਰ ਤੇ ਮੌਸਮ ਚੌਣਾਂ ਦਾ, ਲੀਡਰ ਬਦਲੇ ਰੰਗ । ਜਿਸ ਤੇ ਜਿਹੜਾ ਚੱਲ ਜੇ, ਉਹੋ ਮਾਰਦੇ ਡੰਗ । ਆਪੋ ਆਪਣੀ ਕੰਧ ਹੈ, ਆਪੋ ਆਪਣੀ ਛੱਤ । ਫ਼ਿਰ ਵੀ ਸਭ ਨੂੰ ਜਾਪਦੀ, ਸਰਵੋਤਮ ਆਪਣੀ ਮੱਤ । ਦਿਲ ਦੇ ਵਿਹੜੇ ਘੁੰਮਦੇ, ਰੰਗ ਬਰੰਗੇ ਖਿਆਲ । ਬਣ ਬੱਦਲ ਸਿਰ ਤੋਂ ਲੰਘੀਆਂ, ਰੁੱਤਾਂ ਕਈ ਕਮਾਲ । ਵਿੱਚ ਮਸ਼ੀਨਾਂ ਘਿਰ ਗਿਆ,ਕੈਸਾ ਆਇਆ ਯੁੱਗ । ਭੀੜ ਚ ਕੱਲਾ ਰਹਿ ਰਿਹਾ, ਪਿੰਡ ਵਸਦੇ ਨੇ ਘੁੱਗ । ਦੁਸ਼ਮਣ ਆਪਣਾ ਆਪ ਹੈ, ਹੋਰ ਸਕੇ ਨਾ ਮਾਰ । ਭਰਮ ਭੁਲੇਖੇ ਉਂਝ ਹੀ, ਢੋਵੇ ਬੰਦਾ ਭਾਰ । ਚਾਹ ਵਾਂਗੂੰ ਹੱਡੀਂ ਰਚੀ, ਅੱਜਕੱਲ੍ਹ ਫੇਸਬੁੱਕ । ਕਮੈਂਟ, ਲਾਈਕ, ਟੈਗ ਤੋਂ, ਪੋਕ ਤੇ ਜਾਵੇ ਮੁੱਕ । ਟੀ.ਵੀ ਟਾਲ਼ੀ ਜਾ ਰਿਹਾ, ਨਾਲ ਹਵਾਵਾਂ ਮੇਲ । ਆਪ ਬਣਾਈ ਬੰਦਿਆਂ, ਵੇਖੋ ਮਿੱਠੀ ਜੇਲ੍ਹ । ਪੀ. ਸੀ. ਵਿੱਚ ਹੈ ਭਰਿਆ, ਸਾਰਾ ਕੁੱਲ ਗਿਆਨ । ਫ਼ਿਰ ਵੀ ਕੁਝ ਨਾ ਲੱਭਦਾ, ਹਰ ਬੰਦਾ ਹੈਰਾਨ । ਰੋਕੇ ਰਾਹ ਦਰਿਆ ਦੇ, ਮਾਰ ਮਾਰ ਕੇ ਬੰਨ੍ਹ । ਰੱਬ ਦਾ ਸਾਨੀ ਆਖਦਾ, ਕੀਤੀ ਹੈ ਧਨ ਧੰਨ । ਕਵੀ ਨਾ ਕਿੱਸੇ ਲਿਖ ਰਹੇ, ਨਹੀਂ ਜੋੜਦੇ ਹੀਰ । ਤੁੱਕੇ ਜਿਹੇ ਖਿਲਾਰਦੇ, ਉਹੀ ਸਮਝਦੇ ਤੀਰ । ਦਿਨ ਦਿਹਾੜੇ ਲੁੱਟ ਰਹੇ, ਰਲੇ ਸਾਧ ਤੇ ਚੋਰ । ਜਿਸ ਦਾ ਜਿੱਥੇ ਚੱਲ ਜੇ, ਝੱਟ ਚਲਾਵੇ ਜੋਰ । ਝੂਠੇ ਨਾਤੇ ਜੱਗ ਦੇ, ਪੈਸਾ ਹੈ ਗੁਰ ਪੀਰ । ਜਿਸ ਡਾਲੀ ਤੇ ਬੈਠਦੇ, ਦੇਣ ਉਸੇ ਨੂੰ ਚੀਰ। ਮਾਂ ਆਖਦੇ ਗਊ ਨੂੰ, ਨਾਲ਼ੇ ਮਾਰਦੇ ਲੱਤ । ਖ਼ੌਰੇ ਕੀ ਨੇ ਸੋਚਦੇ, ਕੈਸੀ ਹੈ ਇਹ ਮੱਤ । ਦੇਵੀ ਕੰਜਕ ਪੂਜਦੇ, ਨਾਲੇ ਧੋਂਦੇ ਪੈਰ । ਧੀ ਜੰਮੇ ਤਾਂ ਝੂਰਦੇ, ਕੁੱਖ ਚ ਕੱਢਣ ਵੈਰ । ਕੀ ਕੁਝ ਕਰਨਾ ਲੋਚਦੀ, ਨਿੱਕੀ ਜਿੰਨੀ ਜਾਨ । ਪਲ ਪਲ ਸਾਹ ਨੇ ਘਟਦੇ, ਮੁੱਕਦੇ ਜਾਣ ਪ੍ਰਾਣ । ਹਰ ਕੋਈ ਹੈ ਜਾਪਦਾ, ਇੱਕ ਤੋਂ ਚੜ੍ਹਦਾ ਚੰਦ । ਬੇੜਾ ਹੱਥੀਂ ਡੋਬਕੇ, ਕੱਢੀ ਜਾਂਦਾ ਦੰਦ । ਕੁੱਤਾ ਕਾਲ਼ਾ ਭਾਲ਼ ਕੇ, ਨਿੱਤ ਖਵਾਉਂਦੇ ਰੋਟ । ਕੱਚੇ ਪਿੱਲੇ ਟੋਟਕੇ, ਕਿਵੇਂ ਧੋਣਗੇ ਖੋਟ? ਵਿਆਹ ਕਰਾ ਕੇ ਗੱਭਰੂ, ਰੋਂਦਾ ਝੂਰੋ ਝੂਰ । ਖ਼ੌਰੇ ਕਿਸ ਤੋਂ ਸੁਣ ਲਿਆ, ਹੈ ਲੱਡੂ ਮੋਤੀ ਚੂਰ । ਪ੍ਰੇਮ ਪੁਆੜੇ ਪਾ ਲਏ, ਰਾਂਝੇ ਬਣੇ ਫ਼ਕੀਰ । ਅੱਜ ਵੀ ਮੌਜਾਂ ਮਾਣਦੀ, ਡੋਲੀ ਚੜ੍ਹਕੇ ਹੀਰ । ਹੋਛੇ ਯਾਰ ਬਣਾ ਲਏ, ਕੀ ਫੋਲੀਏ ਦੁੱਖ? ਸੱਚੇ ਦਿਲ ਦੀ ਭਾਲ਼ ਨੇ, ਖੋਹੇ ਸਾਰੇ ਸੁੱਖ । ਹੱਥ ਮਿਲਾ ਕੇ ਦੋਸਤਾ, ਨਾਲ ਮਿਲਾਈਏ ਦਿਲ । ਆਪਣਾ ਇਹੋ ਤੌਰ ਹੈ, ਮਿਲ ਸਕੇਂ ਤਾਂ ਆ ਮਿਲ । ਖਿੱਲੀ ਕਿਸੇ ਗਰੀਬ ਦੀ, ਨਾ ਉਡਾਈਏ ਭੁੱਲ । ਪਤਾ ਨੀ ਰੱਬੀ ਕਹਿਰ ਦਾ, ਕਿਸ ਤੇ ਪੈਂਦਾ ਝੁੱਲ । ਵਿੱਚ ਸਰੋਵਰ ਤੈਰਦੇ, ਪਾਪੀ ਪੁੰਨੀ ਆਣ । ਲਿਖੇ ਕਰਮ ਨਾ ਮਿਟਦੇ, ਭਾਵੇਂ ਚੁੱਭੀ ਲਾਣ । ਨਾ ਸਾਰ ਦਿਲਾਂ ਦੀ ਜਾਣਦਾ, ਪਾਈ ਬੈਠਾ ਹੱਟ । ਯਾਰੀ ਐਸੇ ਯਾਰ ਦੀ, ਗਹਿਰੇ ਪਾਵੇ ਫ਼ੱਟ । ਕੌੜੇ ਬੋਲ ਕਬੋਲ ਨੇ, ਵੈਰੀ ਕੀਤਾ ਜੱਗ । ਹਾਸੇ ਕਿੱਥੋਂ ਭਾਲ਼ਦਾ, ਬੰਦਾ ਲਾਈਲੱਗ । ਬੰਬ ਬੰਦੂਕਾਂ ਬੀਜਦੇ, ਸੌਂਦੇ ਭੁੱਖੇ ਪੇਟ । ਬਣੂ ਕੀ ਐਸੇ ਦੇਸ਼ ਦਾ, ਪੱਲੇ ਕੋਰੀ ਰੇਤ । ਚੋਰ ਠਗ ਹਟਵਾਣੀਏ, ਦੇਣ ਕਦੇ ਨਾ ਭੇਤ । ਸ਼ਾਹ ਨ ਜਾਣੇ ਜੱਟ ਨੇ, ਕਿਵੇਂ ਬੀਜਦੇ ਖੇਤ । ਦੇਖ ਗਿੜਦੇ ਹਲਟ ਨੂੰ, ਛਾਲਾਂ ਮਾਰੇ ਡੱਡ । ਵਿਛੜੇ ਪਾਣੀ ਖ਼ੂਹ ਤੋਂ, ਟਿੰਡਾਂ ਕੀਤਾ ਅੱਡ । ਮੰਤਰ ਵੱਡੇ ਰਟ ਲਏ, ਕੀਤਾ ਨਾ ਵੀਚਾਰ । ਖਾਲੀ ਭਾਂਡੇ ਖੜਕਦੇ, ਕਰਮਾਂ ਦੀ ਟੁਣਕਾਰ । ਉੱਚੀ ਸੰਘੇ ਪਾੜਦੇ, ਰਹੇ ਟੀਟਣੇ ਟੀਟ । ਰਾਗੋਂ ਵਿੱਛੜੇ ਸਾਜ਼ ਨੂੰ, ਮਿਹਣੇ ਮਾਰੇ ਗੀਤ । ਗ਼ਮ ਦੇ ਬੱਦਲ ਛਾ ਰਹੇ, ਚਿੰਤਾ ਵਾਲੀ ਧੁੰਧ । ਰੂਹ ਦਾ ਦੀਵਾ ਬਾਲ ਲੈ, ਨੈਣਾਂ ਤਾਈ ਮੁੰਧ । ਟਿਕ ਟਿਕ ਲਾਈ ਘੜੀ ਨੇ, ਟਿਕਦਾ ਨਾਹੀਂ ਚਿੱਤ । ਵਕਤ ਮੁਸਾਫ਼ਰ ਦੋਸਤੋ, ਬਣਦਾ ਨਾਹੀਂ ਮਿੱਤ । ਕੋਠੀ ਕਾਰਾਂ ਖੇਤ ਨੇ, ਰਹੇ ਆਕੜੀ ਧੌਣ । ਵਖ਼ਤ ਪਏ ਅੱਖ ਖੁੱਲ੍ਹਦੀ, ਕਿਹੜਾ ਪੁੱਛਦਾ ਕੌਣ ? ਬੋਟ ਘਰਾਂ ਚੋਂ ਉੱਡਗੇ, ਗਏ ਉਡਾਰੀ ਮਾਰ । ਕੁਦਰਤ ਤੇ ਮਨੁੱਖ ਦਾ, ਨਾਤਾ ਹੋਇਆ ਤਾਰ । ਠੰਡੀ ਮਿੱਠੀ ਪੌਣ ਹੈ, ਸਭ ਦੀ ਮੰਗੇ ਖ਼ੈਰ । ਉਸਦੇ ਰੰਗਲੇ ਬਾਗ ਦੀ, ਮਨਮੋਹਣੀ ਹੈ ਸੈਰ । ਬਿੱਲੀ ਰਸਤਾ ਕੱਟ ਜੇ , ਪਿੱਛੋਂ ਪੈ ਜੇ ਵਾਜ । ਭਰਮ ਭੁਲੇਖੇ ਰੋਕਦੇ, ਪੰਛੀ ਦੀ ਪਰਵਾਜ਼ । ਮਨ ਦਾ ਘੋੜਾ ਅੱਥਰਾ, ਉੱਚੀ ਮਾਰੇ ਛਾਲ । ਦੇਸ਼ ਦਿਸ਼ਾਂਤਰ ਭਟਕਦਾ, ਕਰਦਾ ਕਈ ਕਮਾਲ । ਵਿਹਲੇ ਵਕਤ ਗਵਾ ਲਿਆ, ਕੀਤੀ ਉਮਰ ਬਤੀਤ । ਕਿਤੇ ਨਾ ਦੀਵੇ ਜਗਦੇ, ਘੋਰ ਹਨੇਰ ਅਤੀਤ । ਕੀ ਏ ਸਾਡਾ ਜੀਵਣਾ, ਨਾ ਕਿੱਸੇ ਨਾ ਗੀਤ । ਤੁਰ ਗਏ ਇਉਂ ਜਹਾਨ ਤੋਂ, ਜਿਉਂ ਪਾਣੀ ਤੇ ਲੀਕ । ਹੱਥੀਂ ਜੰਗਲ ਬੀਜਦੇ, ਮਗਰੋਂ ਲੌਂਦੇ ਅੱਗ । ਲੋਭੀ ਫ਼ਿਰਦੇ ਘੁੰਮਦੇ, ਹੁਣ ਵੱਗਾਂ ਦੇ ਵੱਗ । ਧੂੜ ਉਡਾਈ ਵਕਤ ਨੇ, ਚੜ੍ਹਿਆ ਅਗਲਾ ਸਾਲ । ਪੱਤਰੀ ਮੁੜ ਮੁੜ ਦੱਸਦੀ, ਰਹਿਣਾ ਓਹੀਓ ਹਾਲ। ਵਿੱਚ ਚੌਰਾਹੇ ਬੈਠ ਕੇ, ਦੱਸਣ ਪਾਂਡੇ ਹਾਲ । ਸਾੜ੍ਹਸਤੀ ਹੈ ਚਿੰਬੜੀ, ਅਜਕਲ੍ਹ ਸੋਚਾਂ ਨਾਲ । ਨਸ਼ਿਆਂ ਕੀਤੇ ਗੱਭਰੂ, ਡੌਰ ਭੌਰ ਤੇ ਸੁੰਨ । ਹੁਣ ਨਹੀਂ ਉਹ ਪਛਾਣਦੇ, ਕੀ ਪਾਪ ਕੀ ਪੁੰਨ । ਚੋਰਾਂ ਯਾਰਾਂ ਆਸ਼ਕਾਂ, ਸਦਾ ਸਹਾਵੇ ਰਾਤ । ਸੱਚ ਝੂਠ ਦੀ ਜੰਗ ਵਿੱਚ, ਝੂਠ ਨੂੰ ਹੋਵੇ ਮਾਤ । ਹੇਠ ਸਰ੍ਹਾਣੇ ਦੱਬ ਲਏ, ਸੁਪਨੇ ਕਈ ਕਮਾਲ । ਸੁਪਨੇ ਸੁਪਨੇ ਰਹਿ ਗਏ, ਰੜਕਣ ਅੱਖਾਂ ਲਾਲ। ਅੱਕੀ ਆਦਮਜ਼ਾਤ ਤੋਂ, ਧਰਤੀ ਕਰੇ ਪੁਕਾਰ । ਬਹੁੜੀਂ ਰੱਬਾ ਮੇਰਿਆ, ਮੱਚੀ ਹਾਹਾਕਾਰ । ਚਾਂਈ ਚਾਂਈ ਗੱਭਰੂ, ਬੰਨ੍ਹੇ ਸਿਰ ਤੇ ਪੱਗ । ਦੂਣ ਸਵਾਈ ਸ਼ਾਨ ਹੈ, ਖੜ੍ਹ ਖੜ੍ਹ ਵੇਖੇ ਜੱਗ । ਇਸ਼ਕ ਚ ਅੰਨ੍ਹੀ ਹੋ ਗਈ, ਕੀ ਸੱਸੀ ਕੀ ਹੀਰ । ਸਾਰੇ ਰਿਸ਼ਤੇ ਤੋੜ ਤੇ, ਕੀ ਬਾਪੂ ਕੀ ਵੀਰ । ਆਪਣਾ ਫਰਜ਼ ਪਛਾਣ ਕੇ, ਕਰਦਾ ਸੱਚੀ ਕਾਰ । ਐਸੇ ਕਰਮੀ ਪੁਰਸ਼ ਦਾ, ਹਰ ਪਾਸੇ ਸਤਿਕਾਰ । ਖਾਧ ਖੁਰਾਕ ਨਾ ਮਿਲ ਰਹੀ, ਰਹੀ ਮਿਲਾਵਟ ਮਾਰ । ਦੋ ਟਕਿਆਂ ਦੇ ਲੋਭ ਨੇ, ਦਿੱਤੀ ਖਲਕਤ ਮਾਰ । ਢੱਡ ਸਰੰਗੀ ਖੜਕਦੀ, ਵਿਰਸੇ ਦੀ ਟੁਣਕਾਰ । ਛੰਦ ਕਵੀਸ਼ਰ ਲਿਖ ਰਹੇ, ਸ਼ਬਦਾਂ ਦੀ ਝਣਕਾਰ । ਹੱਥ ਨਜੂਮੀ ਵੇਖਦਾ, ਬੈਠਾ ਬੁੱਕਲ ਮਾਰ । ਗਧਾ ਗਧੇ ਨੂੰ ਪੁੱਛਦਾ, ਕਦੋਂ ਲੱਥਣਾ ਭਾਰ । ਕਲਮ ਦਵਾਤਾਂ ਭੁੱਲੀਆਂ, ਚਲ ਪਏ ਬਾਲ ਪੈੱਨ । ਊੜਾ ਊਂਠ ਗਵਾਚਿਆ, ਧੂੜ ਉਡਾਈ ‘ਹੈੱਨ’ । ਗੁਰਮੁਖਾਂ ਅੱਜ ਗੁਰਮੁਖੀ, ਦਿੱਤੀ ਛਿੱਕੇ ਟੰਗ । ਵਿਰਸਾ ਕੁੱਲ ਵਿਸਾਰਿਆ, ਰੰਗ ਫ਼ਿਰੰਗੀ ਰੰਗ । ਛੇੜਨ ਰਾਗ ਕਤੂਰਵੀ, ਅੱਜ ਦੇ ਗਾਇਕ ਆਮ । ਇੱਜਤ ਧੀ ਤੇ ਭੈਣ ਦੀ, ਹੱਥੀਂ ਕਰਨ ਨਿਲਾਮ । ਰੋਟੀ ਖ਼ਾਤਰ ਨੱਚਦੀ, ਕੋਠੇ ਚੜ੍ਹ ਕੇ ਨਾਰ । ਅੱਜ ਦੇ ‘ਭੀਸ਼ਮ’ ਦੇਖ ਲੌ, ਨੋਟ ਰਹੇ ਨੇ ਵਾਰ । ਟਾਹਣੀ ਨਾਲੋਂ ਟੁੱਟ ਕੇ, ਫ਼ੁੱਲ ਵੀ ਮਾਰਨ ਬਾਸ । ਵੇਖ ਝਗੜਦੇ ਯਾਰ ਨੂੰ, ਹੁੰਦੀ ਰੂਹ ਉਦਾਸ । ਬਾਗ ਬਗੀਚਾ ਰੱਬ ਦਾ, ਰੰਗ ਬਰੰਗੇ ਫ਼ੁੱਲ । ਰਾਖੇ ਚਮਨ ਉਜਾੜਦੇ, ਕਰਦੇ ਦੀਵੇ ਗੁੱਲ । ਯਾਰੀ ਅਤੇ ਵਪਾਰ ਨੂੰ, ਜੋ ਨਾ ਰੱਖਦਾ ਵੱਖ । ਝਾਟੇ ਖੇਹ ਪਵਾ ਲਵੇ, ਜਦੋਂ ਬਦਲਦੀ ਅੱਖ । ਛੇਤੀ ਹੀ ਹੁਣ ਜਾਪਦਾ, ਹੋਣੀ ਹੈ ਪ੍ਰਭਾਤ । ਹਨੇਰਿਆਂ ਨੇ ਛੇੜ ਲਈ, ਚਾਨਣ ਦੀ ਹੈ ਬਾਤ । ਮੁਨਕਰ ਹੋ ਕੇ ਰੱਬ ਤੋਂ, ਕੀਤੇ ਲੱਖ ਗੁਨਾਹ । ‘ਮੈਂ’ ਨੇ ਬੇੜਾ ਡੋਬਿਆ, ਕੀਤੀ ਜਿੰਦ ਫ਼ਨਾਹ । ਵੱਖਰੀ ਹੋ ਕੋ ਭੀੜ ਤੋਂ, ਕੱਲੀ ਹੋਗੀ ਜਿੰਦ । ਮੈਂ ਤੋਂ ਮੈਂ ਹੈ ਡਰ ਰਹੀ, ਭਾਰ ਸਹੇ ਨਾ ਬਿੰਦ । ਕਈ ਮੁਖੌਟੇ ਧਾਰ ਕੇ, ਕੀਤਾ ਖੁਸ਼ ਆਵਾਮ । ਕੁਰਸੀ ਕਾਰੇ ਕਰ ਰਹੀ, ਹੀਲੇ ਵਰਤ ਤਮਾਮ । ਜਿਸ ਤੇ ਦਿਲ ਨੇ ਕਰ ਲਿਆ, ਆਪਣੇਪਣ ਦਾ ਮਾਣ । ਉਹੀ ਤੋੜਦੇ ਮਾਣ ਨੂੰ , ਜਜ਼ਬਾਤਾਂ ਦਾ ਘਾਣ । ਢਲ਼ਦੀ ਉਮਰ ਚ ਦੋਸਤੋ, ਧੌਲੇ ਕਰਦੇ ਤੰਗ । ਕਾਕੇ ਬਣ ਬਣ ਬੈਠਦੇ, ਲਾ ਵਸਮੇ ਦੇ ਰੰਗ । ਉਮਰ ਬੀਤਗੀ ਦੋਸਤਾ, ਨਾਲੇ ਬਦਲੀ ਚਾਲ । ਹੱਥ ਪੈਰ ਨੇ ਕੰਬਦੇ, ਬੱਗੇ ਹੋਗੇ ਵਾਲ । ਲਿਖ ਪੰਨੇ ਦੀ ਹਿੱਕ ਤੇ, ਮਨ ਦਾ ਹਾਲ ਤਮਾਮ । ਰੌਸ਼ਨ ਅੱਖਰ ਕਰਨਗੇ, ਰੌਸ਼ਨ ਅਪਣਾ ਨਾਮ । ਦੋਹਿਰਾ ਛੰਦ ਕਮਾਲ ਹੈ, ਜਿਉਂ ਗੋਲ਼ੀ ਬੰਦੂਕ । ਦੋ ਸਤਰਾਂ ਵਿੱਚ ਮੁੱਕਦੀ, ਵੱਡੀ ਗੱਲ ਦੋ ਟੂਕ । ਠਰੀ ਰੂਹ ਦੀ ਕੋਠੜੀ, ਠੰਡੀ ਠੰਡੀ ਚੁੱਪ । ਕਾਸ਼ ਕਿਧਰੇ ਮਿਲ ਜਾਵੇ, ਉਮਰੋਂ ਵਿਛੜੀ ਧੁੱਪ । ਫੋਕੇ ਪੁਤਲੇ ਫ਼ੂਕਦੇ, ਹੋ ਕੇ ਲੋਕ ਨਿਰਾਸ਼ । ਹਾਰ ਹੰਭ ਕੇ ਬੈਠਗੇ, ਕਿਵੇਂ ਮਿਲੇ ਸ਼ਾਬਾਸ਼? ਅਕਲ ਉਧਾਰੀ ਮੰਗ ਕੇ, ਬਣਿਆ ਨਾਢੂ ਖਾਨ । ਸਿਰ ਤੇ ਔਕੜ ਵੇਖ ਕੇ, ਹੁੰਦੇ ਖੁਸ਼ਕ ਪ੍ਰਾਣ । ਚੜ੍ਹ ਗਿਆ ਦਿਨ ਸੁਹਾਵਣਾ, ਖਿੜੀ ਖਿੜੀ ਏ ਰੂਹ । ਯਾਦਾਂ ਵਾਲੜੀ ਤਿਤਲੀ, ਆਈ ਦਿਲ ਦੀ ਜੂਹ। ਸੱਜਣ ਸਾਥੋਂ ਲੈ ਗਿਆ, ਲੁੱਟ ਕੇ ਜਿੰਦ ਪ੍ਰਾਣ । ਵਸਦਾ ਰਹਿ ਵੇ ਢੋਲਣਾ, ਮੈਂ ਤੇਰੇ ਕੁਰਬਾਨ । ਸ਼ਮੀ ਆਖਦਾ ਦੋਸਤੋ, ਵਕਤ ਬੜਾ ਬਲਵਾਨ । ਰੋਕ ਸਕੇ ਨਾ ਏਸਨੂੰ, ਲਾ ਲਾ ਥੱਕੇ ਤਾਣ । ਰੋਜ਼ੀ ਰੋਟੀ ਬਦਲਿਆ, ਘਰ ਨੂੰ ਜਾਂਦਾ ਰਾਹ । ਕੂੰਜ ਡਾਰ ਤੋਂ ਵਿੱਛੜੀ, ਹੋਏ ਓਪਰੇ ਸਾਹ । ਅੱਖ ਓਹੀ ਏ ਜਾਣਦੀ, ਜਿਸਨੂੰ ਬਖ਼ਸ਼ੇ ਰੱਬ । ਬਾਕੀ ਦੁਨੀਆਂ ਲਈ ਤਾਂ, ਸਭੇ ਕੁਦਰਤਾਂ ਯੱਭ । ਅਣਖੀ ਬੰਦੇ ਦੋਸਤੋ, ਪੜ੍ਹਦੇ ਹੋਰ ਸਕੂਲ । ਜਗ ਨੂੰ ਜਾਂਦੇ ਦੱਸ ਕੇ, ਪੁੱਗਣ ਕਿਵੇਂ ਅਸੂਲ । ਵਿਹੜੇ ਕੁਦਰਤ ਨਾਰ ਦੇ, ਰੱਬ ਸਜਾਇਆ ਮੰਚ । ਨੱਚੇ ਜੀਆ ਜੰਤ ਹੈ, ਜਿਵੇਂ ਨਚਾਵੇ ਕੰਤ। ਖ਼ਬਰੇ ਕਿਹੜਾ ਟੱਪਿਆ, ਡਾਢਾ ਕੋਈ ਭੌਣ। ਤਾਂ ਹੀ ਰੁੱਸ ਕੇ ਲੰਘਦੀ, ਸਾਡੇ ਕੋਂਲੋ ਪੌਣ । ਕਿੱਸੇ ਬੜੇ ਸਵਾਦਲੇ, ਸੁਣਦੇ ਬਾਪੂ ਵੀਰ । ਕੁੱਟਣ ਮੱਥੇ ਆਪਣੇ, ਘਰ ਜੰਮੇ ਜੇ ਹੀਰ । ਰਾਸ਼ੀਫ਼ਲ ਨਾ ਬਦਲਦੇ, ਬੰਦੇ ਦੀ ਤਕਦੀਰ । ਆਪੇ ਪੈਂਦਾ ਮਾਰਨਾ, ਕੱਦੂ ਦੇ ਵਿੱਚ ਤੀਰ । ਪਲ ਪਲ ਕਰਕੇ ਵੇਖਿਓ, ਹੋਊ ਨਵੀਂ ਸਵੇਰ । ਚਮਕੇ ਸੂਰਜ ਆਸ ਦਾ, ਟਿਕਣੇ ਨਹੀਂ ਹਨੇਰ । ਹਾਸੇ ਹੱਸਣੋਂ ਹਟਗੇ, ਰਖਦੇ ਹਾਂ ਮੂੰਹ ਬੰਦ । ਜਿੰਦਣ ਦੇ ਲੱਗੇ ਦੋਸਤੋ, ਸਾਡੇ ਨਕਲੀ ਦੰਦ । ਢਲ਼ਦੀ ਉਮਰੇ ਅੱਜਕੱਲ੍ਹ, ਕੌਣ ਕਹਾਵੇ ਘੱਟ । ਰੱਖਣ ਸ਼ੀਸ਼ਾ ਮੋਚਨਾ, ਧੌਲ਼ੇ ਦਿੰਦੇ ਪੱਟ । ਕਹਿਣਾ ਚੰਗਾ ਸ਼ੇਅਰ ਜੇ, ਸ਼ੇਅਰ ਪੜ੍ਹੋ ਹਜ਼ਾਰ । ਬਿਨ ਪੜ੍ਹਿਆ ਜੋ ਆਖਦਾ, ਹੁੰਦਾ ਬਹੁਤ ਖ਼ੁਆਰ । ਭਰਮ ਭੁਲੇਖੇ ਵਾਂਗ ਹੀ, ਜੀਵਨ ਜਾਂਦਾ ਬੀਤ । ਮਨ ਦੇ ਵਿਹੜੇ ਬੈਠ ਕੇ , ਗਾਓ ਮਿੱਠੜਾ ਗੀਤ । ਪੌੜੀ ਸੁਰਗ ਨੂੰ ਜਾਣ ਦੀ, ਲਾਰਿਆਂ ਹੇਠਾਂ ਦੱਬ । ਰਹਿਬਰ ਬਣ ਕੇ ਠੱਗਦੇ , ਨਿੱਕੇ ਵੱਡੇ ਰੱਬ । ਉਮਰੋਂ ਲੰਮੀ ਹੋ ਜਾਵੇ , ਜੇ ਸੱਜਣਾਂ ਉਡੀਕ । ਲਾਰੇ ਵਰਗੀ ਜਾਪਦੀ, ਲੇਖਾਂ ਵਾਲੀ ਲੀਕ । ਕਵੀਆਂ ਦੀ ਉਡਾਣ ਨੂੰ, ਕਿਹੜਾ ਸਕਦਾ ਰੋਕ । ਓਧਰ ਗੁੱਡੀ ਉੱਡਦੀ, ਜਿੱਧਰ ਲੱਗੇ ਝੋਕ । ਪੋਹ ਦਾ ਪਾਲ਼ਾ ਅੱਥਰਾ, ਨਿੱਤ ਖੁਆਏ ਸਾਗ । ਸ਼ੁਕਰ ਏ ਰੱਬਾ ਆ ਗਿਆ, ਰੰਗ ਰੰਗੀਲਾ ਮਾਘ । ਗੱਡ ਗਢੀਰੇ ਰੱਬ ਦੇ, ਲੱਦੀਂ ਜਾਂਦੇ ਭਾਗ । ਖ਼ੈਰਾਂ ਹੋਵਣ ਦਾਤਿਆ, ਹਰਿਆ ਰੱਖੀਂ ਬਾਗ । ਉਜਾੜਾ ਕਰਕੇ ਮੁਲਕ ਦਾ, ਨਾਮ ਰੱਖਿਆ ਵੰਡ । ਰਲ਼ ਮਿਲ ਖਾਧੀ ਲੀਡਰਾਂ, ਸਿਆਸਤ ਵਾਲੀ ਖੰਡ । ਛੱਡ ਝਮੇਲੇ ਜਗਤ ਦੇ, ਛੇੜ ਰੁਹਾਨੀ ਰਾਗ । ਮਨ ਦੇ ਖੇੜੇ ਨਾਲ ਹੀ, ਸੁੱਤੇ ਜਾਗਣ ਭਾਗ । ਸ਼ੋਰ ਸ਼ਰਾਬਾ ਹੋ ਰਿਹਾ, ਕਿੱਥੋਂ ਮਿਲੇ ਸਕੂਨ । ਜੋਕਾਂ ਵਰਗੇ ਲੋਕ ਨੇ, ਪੀਂਦੇ ਨੇ ਬਸ ਖ਼ੂਨ । ਬੜਾ ਅਜਬ ਸੀ ਦੋਸਤਾ, ਜ਼ਿੰਦਗੀ ਵਾਲਾ ਖੇਲ੍ਹ । ਦੁਨੀਆਂ ਸਾਰੀ ਪਾਸ ਏ, ਸ਼ਮੀ ਹੋ ਗਿਆ ਫ਼ੇਲ੍ਹ । ਦਿਲ ਦੇ ਅੰਦਰ ਉਮੜਦੀ, ਏਹ ਕੇਹੀ ਤਰੰਗ । ਸੱਤ ਰੰਗ ਵੀ ਕੋਲ ਨੇ, ਜੀਵਨ ਕਿਉਂ ਬਦਰੰਗ? ਵਾਹ ਮਦਾਰੀ ਮਾਲਕਾ, ਵਾਹਵਾ ਤੇਰੇ ਚੋਜ਼ । ਕੋਈ ਵੈਦ ਨਾ ਜਾਣਦਾ, ਮਨ ਅੰਦਰਲੀ ਸੋਜ਼ । ਚਾਲੇ ਵੇਖ ਜਹਾਨ ਦੇ, ਸ਼ਮੀ ਹੋਇਆ ਸੁੰਨ । ਗੋਦੀ ਬਹਿ ਕੇ ਵੇਖ ਲੌ, ਦਾੜ੍ਹੀ ਜਾਂਦੇ ਮੁੰਨ। (ਕੁਝ ਸ਼ੇਅਰ ਪੱਤਰਕਾਰਾਂ ਅਤੇ ਸਮਾਚਾਰ ਸੰਪਾਦਕਾਂ ਲਈ) ਛਪਦੀ ਜਿੱਦਣ ਖ਼ਬਰ ਨਾ, ਕੌੜੀ ਲੱਗੇ ਚਾਹ । ਖ਼ੂਨ ਫ਼ੂਕਦੇ ਆਪਣਾ, ਬਹਿੰਦੇ ਢੇਰੀ ਢਾਹ । ਖ਼ਬਰਾਂ ਲਿਖ ਲਿਖ ਲਾ ਦਿੱਤੇ, ਟੇਬਲ ਉੱਤੇ ਢੇਰ । ਅੱਖਰ ਇੱਕ ਨਾ ਛਪਦਾ, ਛਾਏ ਘੁੱਪ ਹਨੇਰ । ਬੱਲੇ ਟੇਬਲਾਂ ਵਾਲਿਓ, ਚੰਗੇ ਤੁਹਾਡੇ ਠਾਠ । ਨਿੱਕੇ ਵੱਡੇ ਰੋਲ਼ਤੇ, ਬਣ ਕੇ ਦੁੱਲੇ ਰਾਠ । ਬੜੀ ਜਰੂਰੀ ਖ਼ਬਰ ਹੈ, ਦੱਸਣਾ ਪੈਂਦਾ ਆਪ । ਆਪੇ ਪੜ੍ਹ ਕੇ ਵੇਖਣਾ, ਖੌਰੇ ਸਮਝਣ ਪਾਪ ।

ਧਰਤੀ

ਰੱਬ ਨੇ ਬਣਾਈ, ਧਰਤੀ ਸ਼ਿੰਗਾਰ ਕੇ ਸਭ ਰੰਗ ਪਾਏ, ਆਪਣੇ ਪਸਾਰ ਤੇ ਪੁੱਠਾ ਗੇੜਾ ਦੇ ਤਾ, ਬੰਦੇ ਨੇ ਸਵਾਰ ਕੇ ਦਾਤੇ ਦੀਆਂ ਖੁੱਲ੍ਹਾਂ, ਤਾਈ ਜਿੰਦੇ ਮਾਰ ਕੇ ਜੰਗਲ ਕਟਾਤੇ, ਵੱਢ ਦਿੱਤੇ ਰੁੱਖ ਜੀ ਹੋ ਗਿਆ ਹੈ ਕੈਸਾ , ਦੇਖ ਲੌ ਮਨੁੱਖ ਜੀ ਚਲਦਾ ਨਾ ਜੋਰ, ਵਧ ਗਈ ਭੁੱਖ ਜੀ ਕਰਨਾ ਕੀ ਲੋਕੋ, ਲਗਦਾ ਹੈ ਦੁੱਖ ਜੀ ਪੜ੍ਹੇ ਅਖ਼ਬਾਰਾਂ, ਤਾਂ ਵੀ ਨਹੀਂ ਜਾਗਦਾ ਕੌਣ ਹੈ ਵਜਾਵੇ, ਵਾਜਾ ਮੌਤ ਰਾਗ ਦਾ ਕੌਣ ਹੈ ਉਜਾੜੇ, ਰਾਖਾ ਕੌਣ ਬਾਗ ਦਾ ਮਾੜਿਆ ਦੇ ਸੀਨੇ, ਗੋਲ਼ੀ ਕੌਣ ਦਾਗ਼ਦਾ ਕੀ ਐ ਦੱਸ ਫ਼ੈਦਾ, ਛੱਡ ਪਰੇ ਖ਼ੋਰ ਨੂੰ ਬੰਦ ਕਰੋ ਏਥੇ, ਗੱਲ ਛੇੜੋ ਹੋਰ ਨੂੰ ਰਾਤ ਦੇ ਵਪਾਰੀ, ਲੱਭਦੇ ਨਾ ਭੋਰ ਨੂੰ ਲੱਭਣਗੇ ਸ਼ਮੀ, ਪੈਲਾਂ ਪਾਂਦੇ ਮੋਰ ਨੂੰ

ਗੀਤ

ਅਨਹਦ ਨਾਦ, ਕਾਇਨਾਤ ਗੂੰਜਦਾ ਬੰਦੇ ਵਿੱਚ ਰੱਬ, ਨਾਤਾ ਪਾਣੀ ਬੂੰਦ ਦਾ ਦਿਲ ਵਿੱਚ ਰੱਬ, ਖ਼ੌਰੇ ਕਿੱਥੇ ਢੂੰਢਦਾ ਭੁੱਲ ਬੈਠਾ ਬੰਦਾ, ਕੂੜਾ ਫ਼ਿਰੇ ਹੂੰਝਦਾ ਭਰਮਾਂ ਦੇ ਪੈਂਡੇ, ਉਮਰਾਂ ਨੂੰ ਗਾਲ਼ਦਾ ਰੱਬ ਰੱਬ ਕੂਕੇ, ਜੰਗਲਾਂ ‘ਚ ਭਾਲਦਾ ਛਾ ਗਿਆ ਹਨੇਰਾ, ਨਾ ਹੈ ਦੀਵਾ ਬਾਲ਼ਦਾ ਦੋਖੋ ਕਿਵੇਂ ਬੰਦਾ, ਆਪਾ ਆਪ ਗਾਲ਼ਦਾ ਕਰਕੇ ਚਲਾਕੀ, ਲੱਖ ਮੱਲਾਂ ਮਾਰਦਾ ਲੁੱਟ ਲੁੱਟ ਖਾਂਦਾ, ਫ਼ਿਰੇ ਬੰਦੇ ਚਾਰਦਾ ਲਗਦਾ ਨਾ ਡਰ, ਆੜੀ ਸਰਕਾਰ ਦਾ ਕਰੂਗਾ ਨਿਬੇੜਾ, ਜੋ ਹੈ ਗੁੱਡੀ ਚਾੜ੍ਹਦਾ ਮੰਨਦਾ ਗੁਰੂ ‘ਨੂੰ’, ਗੁਰੂ ‘ਦੀ’ ਦਾ ਮੰਨਦਾ ਸਿੱਖਿਆ ਗੁਰੂ ਦੀ, ਠੀਕਰੇ ‘ਚ ਭੰਨਦਾ ਭੋਰਾ ਵੀ ਨਾ ਡਰ, ਕਰਮਾਂ ਦੇ ਡੰਨ ਦਾ ਵੱਜਦਾ ਏ ਡੰਕਾ, ਸਾਡੀ ਧੰਨ ਧੰਨ ਦਾ ਸਾਧ ਵਾਲਾ ਬਾਣਾ, ਮਨ ਹੈ ਸ਼ੈਤਾਨ ਦਾ ਕਰੀ ਜਾਂਦਾ ਖੁਸ਼, ਦਿਲ ਪਰੇਸ਼ਾਨ ਦਾ ਸਿੱਖ ਲਿਆ ਢੰਗ, ਲੁੱਟ ਲੁੱਟ ਖਾਣ ਦਾ ਭੁਗਤੁਗਾ ਆਪੇ, ਰੱਬ ਸਭ ਜਾਣਦਾ ਹਾਹਾਕਾਰ ਮੱਚੀ, ਸੁਣਦਾ ਨਾ ਰੱਬ ਜੀ ਲੈ ਕੇ ਓਦ੍ਹਾ ਨਾਮ, ਠੱਗੀ ਜਾਂਦੇ ਠੱਗ ਜੀ ਮਾਰ ਵੱਢ ਹੋਗੀ, ਪੈਗੇ ਛੱਤੀ ਯੱਭ ਜੀ ਲੱਭਦਾ ਨਾ ਰਾਹ, ਹਾਰੇ ਲੱਭ ਲੱਭ ਜੀ

ਲੀਡਰ

ਲੀਡਰਾਂ ਦੀ ਸੁਣੋ, ਫਿਰੇ ਕਾਰ ਕੂਕਦੀ ਕਿਸੇ ਦਾ ਨਾ ਡਰ, ਸਿਰ ਛਾਂ ਬੰਦੂਕ ਦੀ ਪਿੱਟਦੇ ਗਰੀਬ, ਸੁਣਦੇ ਨਾ ਹੂਕ ਜੀ ਜੇਬ੍ਹ ਵਿੱਚ ਚਾਬੀ, ਦੇਸ਼ ਦੇ ਸੰਦੂਕ ਦੀ ਖੰਭਾਂ ਨਾਲ ਯਾਰੋ , ਬਣ ਗਈ ਡਾਰ ਜੀ ਮਾੜੇ ਦੀ ਇੱਜਤ, ਹੋਈ ਤਾਰ ਤਾਰ ਜੀ ਕਰਜ਼ੇ ਦੀ ਪੰਡ, ਮੁੱਕਦਾ ਨਾ ਭਾਰ ਜੀ ਫਿਕਰਾਂ ਨੇ ਖਾ ਲੀ, ਜਿੰਦੜੀ ਮਲੂਕ ਜੀ । ਲਾਰੇ ਲੱਪੇ ਵਾਲੇ, ਰੌਲਾ ਪਾਈ ਜਾਂਦੇ ਨੇ । ਧੂੜ ਵਿੱਚ ਟੱਟੂ, ਨੂੰ ਭਜਾਈ ਜਾਂਦੇ ਨੇ । ਸੱਚ ਉੱਤੇ ਝੂਠ, ਪੋਚੇ ਪਾਈ ਜਾਂਦੇ ਨੇ । ਸੰਘੀ ਨੱਪ ਛੱਡੀ, ਮੋਰਾਂ ਵਾਲੀ ਕੂਕ ਦੀ । ਉੱਠ ਯਾਰ ਸ਼ਮੀ, ਹੁਣ ਤੂੰ ਹੀ ਜਾਗ ਜਾ । ਕਰ ਕੋਈ ਹੀਲਾ, ਮੱਥੇ ਲੱਗੇ ਦਾਗ਼ ਦਾ । ਦੱਸ ਕੋਈ ਕਾਟ, ਡੰਗ ਜਹਿਰੀ ਨਾਗ ਦਾ । ਦੱਸ ਕਿੱਥੇ ਹੋਈ, ਸਾਡੇ ਕੋਂਲੋ ਚੂਕ ਜੀ ।

ਜਗਤ ਤਮਾਸ਼ਾ

ਕੋਈ ਕੋਈ ਹੁੰਦਾ, ਦਿਲੋਂ ਯਾਰ ਯਾਰ ਦਾ ਦੱਸਣਾ ਕੀ ਹਾਲ, ਅੱਜ ਦੇ ਪਿਆਰ ਦਾ ਲਗਦਾ ਨਾ ਪਤਾ, ਸੱਜਣਾਂ ਦੇ ਵਾਰ ਦਾ ਜਿੱਤ ਜਾਂਦਾ ਬਾਜੀ, ਕੋਈ ਜਾਂਦਾ ਹਾਰਦਾ ਪ੍ਰੇਮ ਵਾਲੀ ਦਾਰੂ, ਪੀ ਲੈ ਰੱਜ ਰੱਜ ਕੇ ਰੰਗਲੀ ਜਵਾਨੀ, ਜੀ ਲੈ ਸੱਜ ਧੱਜ ਕੇ ਦੁਨੀਆਂ ਦੀ ਸੇਵਾ, ਕਰ ਭੱਜ ਭੱਜ ਕੇ ਜਾਣਾ ਪੈਣਾ ਏਥੋਂ, ਸਭ ਕੁੱਝ ਤੱਜ ਕੇ ਪਈ ਜਾਂਦਾ ਗਿੱਧਾ, ਏਥੇ ਦੁੱਖ ਸੁੱਖ ਦਾ ਮਾਰਦਾ ਨਜ਼ਾਰਾ, ਸੱਜਣਾ ਦੇ ਮੁੱਖ ਦਾ ਇੱਕ ਗੇੜਾ ਦੇ ਦੇ, ਆਵੇ ਸਾਹ ਸੁੱਖ ਦਾ ਗਿੱਲੇ ਗੋਟ੍ਹੇ ਵਾਂਗੂੰ, ਵੇਖ ਦਿਲ ਧੁੱਖਦਾ ਉਮਰਾਂ ਦਾ ਖ਼ੂਹ, ਸਾਹਾਂ ਵਾਲੀ ਪੰਡ ਹੈ ਗੇੜ ਗੇੜ ਥੱਕੇ, ਰੂਹਾਂ ਵਾਲੀ ਟਿੰਡ ਹੈ ਡੰਗ ਡੰਗ ਲੰਘੇ , ਦੁੱਖਾਂ ਦੀ ਭਰਿੰਡ ਹੈ ਖਿੱਦੋ ਵਾਂਗੂੰ ਰੁਲ਼ੇ , ਜਿੰਦਗੀ ਦੀ ਫਿੰਡ ਹੈ ਖੜਕੇ ਪਤੀਲੀ, ਚੁੱਲ੍ਹੇ ਚਾਹ ਰਿੱਝਦੀ ਅਮਲਾਂ ਨੇ ਪੱਟੀ, ਜਿੰਦ ਜਾਵੇ ਗਿੱਝਦੀ ਘੁੱਟਾ ਬਾਟੀ ਪੀ ਕੇ, ਰੂਹ ਜਾਂਦੀ ਭਿੱਜਦੀ ਘੜਿਆਂ ਦਾ ਪਾਣੀ, ਲੋੜ ਨਾ ਫ਼ਰਿੱਜ ਦੀ ਆਥਣੇ ਸਵੇਰੇ, ਕੰਮ ਰਾਮ ਨਾਮ ਦਾ ਖੜਕੇ ਪਿਆਲੀ, ਸ਼ਾਮੀਂ ਟੈਮ ‘ਜਾਮ’ ਦਾ ਜਾਮ ਟਕਰਾ ਕੇ, ਭੁੱਲੇ ਚੇਤਾ ਧਾਮ ਦਾ ਭੁੱਲ ਜਾਂਦਾ ਚੇਤਾ, ਬੰਦਾ ਰਹੇ ‘ਨਾਮ’ ਦਾ ਲੁਕਦੇ ਨਾ ਨੈਣ, ਕਦੇ ਚੋਰ ਯਾਰ ਦੇ ਲਗਦਾ ਨਾ ਪਤਾ, ਕਦੋਂ ਠੱਗੀ ਮਾਰਦੇ ਵਸਦੇ ਨਾ ਪੱਟੇ, ਟੂਣੇਹਾਰੀ ਨਾਰ ਦੇ ਕੀ ਹੈ ਦੱਸ ਸ਼ਮੀ, ਤੂੰਬਾ ਬਿਨਾਂ ਤਾਰ ਦੇ ਲੱਗਿਆ ਫ਼ਿਕਰ, ਸਾਰੇ ਹੀ ਜਹਾਨ ਦਾ ਹੋ ਗਿਆ ਦੀਵਾਨਾ, ਦਿਲ ਇਨਸਾਨ ਦਾ ਬਣਕੇ ਲਿਖਾਰੀ, ਕਵੀਆਂ ਦੇ ਹਾਣ ਦਾ ਲਿਖੀ ਜਾਂਦਾ ਸ਼ਮੀ, ਸਾਰਾ ਹਾਲ ਜਾਣਦਾ

ਕਲਯੁਗੀ ਬਾਬੇ

(ਬੈਂਤ) ਧਰਮ ਕਰਮ ਦੇ ਨਾਂ ਤੇ ਸ਼ਰਮ ਲਾਹੀ, ਖੌਰੂ ਪਾਇਆ ਕਲਯੁਗੀ ਬਾਬਿਆਂ ਨੇ। ਕੀ ਦੱਸੀਏ ਕੀ ਕੀ ਕਰਨ ਖੇਡਾਂ, ਪੁੱਠੇ ਛੇੜ ਲਏ ਰਾਗ ਖ਼ਰਾਬਿਆਂ ਨੇ । ਬਣ ਭੂਤਨੇ ਕੱਢ ਦੇਣ ਭੂਤ ਚਿੰਬੜੇ, ਸੂਤੇ ਸਾਹ ਇਨ੍ਹਾਂ ਦੇ ਡਰਾਬਿਆਂ ਨੇ। ਸਿੱਧੀ ਗੱਲ ਹੈ ਰੱਬ ਦੇ ਨਾਲ ਸਾਡੀ , ਬੰਦਾ ਦੱਬਿਆ ਨਿੱਤ ਦੇ ਦਾਬਿਆਂ ਨੇ । ਨਿੱਕੇ ਮੋਟੇ ਉਧਾਲਦੇ ਫ਼ਿਰਨ ਰੰਨਾਂ , ਝੁਲਾਏ ਝੰਡੇ ਵੱਡੇ ਨਵਾਬਿਆਂ ਨੇ। ਠੱਗ ਚੋਰ ਲੁਟੇਰੇ ਵੀ ਖੜ੍ਹੇ ਵੇਖਣ, ਕੰਮ ਕੀਤੇ ਜੋ ਬੇਹਿਸਾਬਿਆਂ ਨੇ ਘੁਣ ਵਾਂਗ ਖੇਤਾਂ ਨੂੰ ਖਾਣ ਡੇਰੇ , ਕੈਸਾ ਸੁੱਟਿਆ ਜਾਲ ਹੈ ਬਾਬਿਆਂ ਨੇ ਖਿੰਡ ਜਾਣੀ ਹੈ ਕਦੇ ਤਾਂ ਵੇਖੀਂ ਸ਼ਮੀ, ਜੋ ਕੁੱਕੜ ਖੇਡ੍ਹ ਰਚਾਈ ਹੈ ਬਾਬਿਆਂ ਨੇ ।

ਗੱਲਾਂ

(ਬੈਂਤ) ਲੇਖ ਲਿਖਦੇ ਨੇ ਲੋਕ ਬਿਗਾਨਿਆਂ ਦੇ, ਦੱਸਣ ਨਾਲ ਤਫ਼ਸੀਲ ਦੇ ਉਹ ਗੱਲਾਂ । ਪੀੜ੍ਹੀ ਆਪਣੀ ਹੇਠ ਨਾ ਫ਼ਿਰੇ ਸੋਟਾ , ਐਬ ਹੋਰਾਂ ਦੇ ਫੋਲਣੇ, ਕੀ ਉਹ ਗੱਲਾਂ ? ਯਾਰ ਨੇ ਯਾਰ ਕੋਲ ਜੋ ਰਾਜ ਫੋਲੇ, ਰੱਖੀਏ ਰਾਜ ਦੀਆਂ ਸੀਨੇ ਲੁਕੋ ਗੱਲਾਂ । ਬੱਦਲਾਂ ਵਾਂਗ ਵਲਵਲੇ ਗਰਜਦੇ ਨੇ, ਤੋੜ੍ਹਨਗੇ ਬੰਨ੍ਹ ਇਹ ਹੁਣ ਹੋ ਛੱਲਾਂ । ਦਿਲ ਚਾਹੇ ਕਦੇ ਤੋੜ ਕੇ ਤੰਦ ਤਾਣਾ, ਨੁੱਕਰ ਪਹਾੜ ਦੀ ਜੋਗੀ ਹੋ ਮੱਲਾਂ । ਭੱਜਣ ਭਜਾਉਣ ਦੀਆਂ ਛੱਡ ਜੁਗਤਾਂ, ਕਰੀਏ ਦੁਨੀਆਂਦਾਰੀ ਵਿੱਚ ਖਲੋ ਗੱਲਾਂ । ਸੁਪਨਈ ਬਾਤਾਂ ਦੀ ਪਟਾਰੀ ਖ਼ੋਲ੍ਹ ਬੈਠਾ ਕੋਈ ਭਰ ਹੁੰਗਾਰਾ, ਸੁਣ ਜਰਾ ਨੇੜੇ ਹੋ ਗੱਲਾਂ । ਕੇਹੀ ਧੁੰਦ ਛਾ ਕਈ ਯਾਰ ਸ਼ਮੀ, ਸਮਝੇ ਹੋਰ ਤੇ ਹੁੰਦੀਆਂ ਹੋਰ ਗੱਲਾਂ।

ਯਾਦ

(ਬੈਂਤ) ਧੁੰਦ ਵਿੱਚ ਗਵਾਚਿਆਂ ਸੱਜਣਾਂ ਨੇ, ਅੱਜ ਕਿੱਧਰੋਂ ਆ ਮੁੱਖ ਵਿਖਾਇਆ ਏ । ਹੋਈ ਦਿਲ ਦੀ ਧੜਕਣ ਆਪ ਮੁਹਾਰੀ, ਵਿੱਚ ਨੈਂਣੀ ਨੀਰ ਭਰ ਆਇਆ ਏ। ਇਹ ਦਿਲ ਦੇ ਰੋਗ ਬੜੇ ਅਵੱਲੇ ਨੇ, ਭੇਤ ਮੂਲ ਨਾ ਕਿਸੇ ਵੀ ਪਾਇਆ ਏ । ਵਿੱਚ ਵਿਛੋੜੇ ਰੂਹ ਰਹੀ ਵਿਲਕਦੀ , ਨਿੱਤ ਆਪਣਾ ਆਪ ਗਵਾਇਆ ਏ। ਹਰਦਮ ਰਹੀ ਇੱਕ ਤਾਂਘ ਸੱਜਣ ਦੀ, ਵਿੱਚ ਦੁਨੀਆਂ ਚਿੱਤ ਪਰਚਾਇਆ ਏ। ਸੱਜਣ ਮਿਲੇ ਤਾਂ ਰੂਹ ਖਿੜ ਗਈ ਏ, ਅੱਗ ਹਿਜਰ ਨੂੰ ਆ ਬੁਝਾਇਆ ਏ। ਵਾਹ ਸੱਜਣਾ ਕੁਰਬਾਨ ਤੇਰੇ ਤੋਂ , ਮੇਰੇ ਰੋਮ ਰੋਮ ਫ਼ਰਮਾਇਆ ਏ। ਮਿਲ ਹੀ ਗਏ ਤਾਂ ਇੱਕ ਹੋ ਰਹੀਏ, ਬੜਾ ਸ਼ਮੀ ਵਕਤ ਗਵਾਇਆ ਏ।

ਕੈਲੰਡਰ

ਬਦਲ ਜਾਣ ਕੈਲੰਡਰ ਪਰ ਕੰਧਾਂ ਉਹੀ, ਵਕਤ ਰੁੱਕੇ ਨਾ , ਲਾ ਲਾ ਜੋਰ ਥੱਕੇ । ਕੱਟ ਲੈਂਦੇ ਨੇ ਪੈਂਡੇ ਜਿੰਦਗੀ ਦੇ , ਗਲ਼ ਪੈਣ ਹਾਰ ਜਾਂ ਫਿਰ ਪੈਣ ਧੱਕੇ । ਮਾਰ ਚੁੱਭੀਆਂ ਗੰਗਾ ‘ਚ ਪਾਪ ਧੋਂਦੇ , ਜਰਾ ਮਿਟੇ ਨਾ ਲੱਗੇ ਜੋ ਦਾਗ਼ ਮੱਥੇ । ਬਦਲ ਜਾਏਗੀ ਤਕਦੀਰ ਇੱਕ ਦਿਨ , ਕਰ ਕਰ ਉਸ ਪਲ ਦਾ ਇੰਤਜਾਰ ਥੱਕੇ । ਮਸੀਹਾ ਬਹੁੜਦਾ ਕਿਉਂ ਨਹੀਂ ਆਖਿਰ , ਕਰਕੇ ਸੋਚ ਵਿਚਾਰ ਨੇ ਬਹੁਤ ਅੱਕੇ । ਯਾਰੀ ਪੱਕੀ ਹੈ ਚੰਨ ਤੇ ਤਾਰਿਆਂ ਦੀ , ਜਿਉਂ ਮੱਥੇ ਤੇ ਲਿਖੇ ਨੇ ਭਾਗ ਪੱਕੇ । ਕਰਮ ਆਪਣੇ ਦੀ ਬੜੀ ਹੈ ਪੰਡ ਭਾਰੀ, ਕੌਣ ਕਿਸੇ ਦੇ ਹਿੱਸੇ ਦਾ ਭਾਰ ਚੱਕੇ । ਸ਼ਮੀ ਰਹੇ ਬੇਚੈਨ ਤੇ ਫ਼ਿਰੇ ਭੌਂਦਾ, ਨਿੱਤ ਯਾਰ ਦੀ ਗਲੀ ‘ਚ ਧੂੜ ਫੱਕੇ।

ਖ਼ੁਸ਼ੀ

ਉਸ ਘਰ ਨਾ ਖ਼ੁਸ਼ੀ ਕਦੇ ਪੈਰ ਪਾਏ, ਹਰ ਵੇਲੇ ਹੈ ਜਿੱਥੇ ਝਗੜਾ ਰਹਿੰਦਾ। ਪੈਰ ਸੰਗਲੀ, ਕਿਵੇਂ ਉਹ ਵਧੇ ਅੱਗੇ , ਜੋ ਯਾਰ ਦੀ ਖੁਸ਼ੀ ਵੇਖ ਨਾ ਸਹਿੰਦਾ। ਸੱਚ ਸੱਚ ਦਾ ਰੱਟ ਜੋ ਲਾਈ ਰੱਖੇ, ਸੌਂਹ ਰੱਬ ਦੀ ਕਦੇ ਨਾ ਸੱਚ ਕਹਿੰਦਾ । ਰਹੇ ਮਾਰਦਾ ਫੜ੍ਹਾਂ ਵਿੱਚ ਬੈਠ ਢਾਣੀ, ਬਣੇ ਭੀੜ ਤਾਂ ਲੁੱਕ ਲੁਕਾ ਬਹਿੰਦਾ । ਦਵਾ ਦਾਰੂ ਨਾ ਕਰੇ ਕਾਟ ਓਥੇ, ਇਸ਼ਕ ਹੱਡਾਂ ‘ਚ ਡੂੰਘਾ ਜਾ ਲਹਿੰਦਾ । ਉਸ ਬੰਦੇ ਨਾਲ ਵੀ ਕੀ ਅੱਖ ਭਿੜਨੀ , ਨਿੱਤ ਨਵੇਂ ਜੋ ਚਸ਼ਮੇ ਲਾ ਲਾ ਬਹਿੰਦਾ । ਸੋਹਣੇ ਜੱਗ ਜਹਾਨ ਨੂੰ ਜਾਣਦਾ ਨਹੀਂ , ਬੂਹੇ ਭੇੜ ਜੋ ਗ਼ਾਲ ਉਮਰਾਂ ਬਹਿੰਦਾ । ਲੱਖ ਬੱਦਲ ਘੇਰ ਲੈਣ ਐਪਰ ਸ਼ਮੀ, ਸੂਰਜ ਸੱਚ ਦਾ ਨਾ ਲੁਕਿਆ ਰਹਿੰਦਾ ।

ਸਕੂਲ

ਲੱਗਦਾ ਸਕੂਲ ਹੁਣ ਖਾੜਾ ਜੰਗ ਦਾ। ਲਗਦਾ ਨਾ ਪਤਾ ਕੌਣ ਕਿੰਝ ਡੰਗਦਾ। ਛੱਡ ਦਿੱਤਾ ਪੱਲਾ ਸਭਨਾਂ ਨੇ ਸੰਗ ਦਾ । ਪੈ ਗਿਆ ਖਲਾਰਾ, ਖੇਤ ਬੀਜੀ ਭੰਗ ਦਾ। ਮਿੱਤਰਾਂ ਨੇ ਵੇਖੋ, ਨੋਟ ਕੀਤੀ ਗੱਲ ਹੈ। ਕਿਵੇਂ ਕਿਵੇਂ ਦੱਸਾਂ , ਕੌਣ ਕਿਸ ਵੱਲ ਹੈ। ਕੌਣ ਸੱਚ ਆਖੇ, ਕਿਸੇ ਨੂੰ ਨਾ ਵੱਲ ਹੈ। ਮਸਲਾ ਹੈ ਵੱਡਾ ,ਕਿਵੇਂ ਹੋਣਾ ਹੱਲ ਹੈ। ਖਾਈ ਜਾਂਦੇ ਰਾਖੇ, ਹੋ ਕੋ ਮਚਲੇ ਬੜੇ। ਡਰਦੇ ਨਾ ਭੋਰਾ, ਕਈ ਬਣਗੇ ਧੜੇ । ਵੱਜੀ ਜਾਵੇ ਘੰਟੀ, ਗੱਲਾਂ ਕਰਦੇ ਖੜ੍ਹੇ। ਕੋਈ ਕੋਈ ਹੱਸੇ, ਪਰ ਸੜਦੇ ਬੜੇ। ਬੱਚਿਆਂ ਦਾ ਕੀ ਐ , ਆਪੇ ਪੜ੍ਹੀ ਜਾਣਗੇ। ਮਾਰ ਕੇ ਨਕਲ, ਅੱਗੇ ਚੜ੍ਹੀ ਜਾਣਗੇ। ਮੁਫ਼ਤ ਦੀ ਰੋਟੀ, ਚੌਲ ਕੜ੍ਹੀ ਖਾਣਗੇ ਟੀਚਰਾਂ ਦਾ ਕੀ ਐ, ਬੱਸ ਸੜੀ ਜਾਣਗੇ। ਚੱਲੀ ਜਾਂਦਾ ਕੰਮ, ਗੱਡੀ ਰੁੜ੍ਹੀ ਜਾਂਦੀ ਐ। ਕੰਮ ਵਾਲੇ ਰੁੱਝੇ, ਖਚਰੇ ਦੀ ਚਾਂਦੀ ਐ। ਦੇਖਦੇ ਤਮਾਸ਼ਾ, ਖੁੱਲ੍ਹਦੀ ਪਰਾਂਦੀ ਐ। ਤੂੰ ਕੀ ਲੈਣਾ ਸ਼ਮੀ, ਵਾੜ ਖੇਤ ਖਾਂਦੀ ਐ।

ਗੀਤ

(ਕੋਰੜਾ ਛੰਦ) ਲੰਘਦਾ ਵਕਤ ਹੁਣ ਚੰਗਾ ਯਾਰ ਦਾ। ਉੱਡਿਆ ਬੱਦਲ ਝੂਠਿਆ ਪਿਆਰ ਦਾ। ਤੇਰੇ ਨਾਲ ਲਾਕੇ ਪੱਲੇ ਦੁੱਖ ਪਾ ਲਏ ਤੇਰਿਆਂ ਦੁੱਖਾਂ ਨੇ ਭੋਰ ਭੋਰ ਖਾ ਲਏ ਮੁੱਕ ਗਿਆ ਝੋਰਾ ਰਿਹਾ ਹੱਡ ਖਾਰਦਾ ਲੰਘਦਾ ਵਕਤ ਹੁਣ ਚੰਗਾ ਯਾਰ ਦਾ ਸੜਕਾਂ ਤੇ ਰੁਲੇ, ਰਹੇ ਧੂੜ ਫੱਕਦੇ ਤੇਰਿਆਂ ਰਾਹਾਂ ਨੂੰ, ਨੈਣ ਰਹੇ ਤੱਕਦੇ ਆ ਗਿਆ ਸਵਾਦ, ਪੱਲੇ ਪਾਈ ਹਾਰ ਦਾ ਲੰਘਦਾ ਵਕਤ, ਹੁਣ ਚੰਗਾ ਯਾਰ ਦਾ ਅੱਖਾਂ ਅੱਖਾਂ ਵਿੱਚ, ਰਿਹਾ ਖੇਡ ਖੇਡਦਾ ਜਦੋਂ ਅੱਖ ਲੜੀ, ਫੇਰ ਬੂਹੇ ਭੇੜਦਾ ਟੁੱਟ ਗਿਆ ਦਿਲ, ਜੋਰ ਤੇਰੇ ਵਾਰ ਦਾ ਲੰਘਦਾ ਵਕਤ ਹੁਣ ਚੰਗਾ ਯਾਰ ਦਾ ਕਰ ਕਰ ਯਾਦ, ਦਿਨ ਰਾਤ ਰੋ ਲਿਆ ਸੁੱਕ ਗਏ ਹੰਝੂ, ਦਿਲ ਹੌਲ਼ਾ ਹੋ ਗਿਆ ਜਲ ਉੱਤੇ ਫੁੱਲ ਹੁਣ ਰਹੇ ਤਾਰਦਾ ਲੰਘਦਾ ਵਕਤ ਹੁਣ ਚੰਗਾ ਯਾਰ ਦਾ ਲੱਗ ਗਏ ਖੰਭ ਹੁਣ ਫਿਰਾਂ ਉੱਡਦਾ ਜੁੱਗ ਜੁੱਗ ਜੀਵੇਂ ਰਹੇਂ ਤਾਰੇ ਗੁੱਡਦਾ ਕਰਦਾ ਕੀ ਸ਼ਮੀ ਜੱਗ ਤਾਨ੍ਹੇ ਮਾਰਦਾ ਲੰਘਦਾ ਵਕਤ ਹੁਣ ਚੰਗਾ ਯਾਰ ਦਾ

ਗੀਤ

(ਕਬਿੱਤ) ਵਾਢੀਆਂ ਦੀ ਰੁੱਤ ਵਿੱਚ ਵਰ੍ਹਦਾ ਬੱਦਲ ਜਿਵੇਂ ਸਿੱਖ ਲਿਆ ਢੰਗ ਤੂੰ ਵੀ, ਸਾਨੂੰ ਤੜਫ਼ਾਣ ਦਾ ਹਰੇ ਭਰੇ ਜੰਗਲਾਂ ਨੂੰ ਲਗਦੀ ਨਜ਼ਰ ਜਦੋਂ ਕਰਦਾ ਸਵਾਹ ਰਾਖ਼ਾ, ਢੰਗ ਤੀਲੀ ਲਾਣ ਦਾ ਨੀਲੇ ਨੀਲੇ ਅੰਬਰਾਂ ‘ਚ ਉੱਡਦਿਆਂ ਪੰਛੀਆਂ ਨੂੰ ਫਾਹੀਵਾਨ ਦੱਸੇ ਗੁਰ, ਪਿੰਜਰੇ ‘ਚ ਪਾਣ ਦਾ ਧੂੜ ਤੇਰੇ ਰਾਹਾਂ ਵਾਲੀ ਲੜਦੀ ਐ ਕੰਡ ਵਾਂਗੂੰ ਲੱਥ ਗਿਆ ਚਾਅ ਸਾਨੂੰ, ਤੇਰੇ ਦਰ ਆਣ ਦਾ ਪੋਹ ਦੇ ਮਹੀਨੇ ਵਾਂਗੂੰ ਠੰਢਾ ਠਾਰ ਤਨਮਨ ਭੁੱਲ ਗਿਆ ਚੇਤਾ ਸਾਰਾ, ਆਪਣੀ ਪਛਾਣ ਦਾ ਖ਼ਤਾ ਨਹੀ ਤੇਰੀ ਕੋਈ, ਕੋਈ ਨਾ ਕਸੂਰ ਮੇਰਾ ਸਮੇਂ ਦਾ ਹੈ ਖੇਡ ਸਾਰਾ, ਰੱਬ ਸਭ ਜਾਣਦਾ ਚੱਲਦਾ ਨਾ ਜੋਰ ਸਾਡਾ ਚੰਦਰੇ ਨਸੀਬਾਂ ਉੱਤੇ ਸਿੱਖਣਾ ਹੀ ਪਊ ਸ਼ਮੀ, ਵੱਲ ਗ਼ਮ ਖਾਣ ਦਾ

ਬਾਬਾ ਜੀ

ਦੂਰ ਦੁਰਾੜੇ ਪਿੰਡ ਦਾ ਇੱਕ ਬੰਦਾ ਸੁਣਿਆ ਮਕਰ ਫਰੇਬ ਦਾ ਓਸਨੇ ਐਸਾ ਫੰਦਾ ਬੁਣਿਆ ਗਿਆਨ ਹੋ ਗਿਆ ਰੱਬ ਦਾ ਸਭ ਨੂੰ ਸਮਝਾਵੇ ਬਾਬਾ ਬਣ ਕੇ ਬਹਿ ਗਿਆ ਖਲਕਤ ਬਹੁਤੀ ਆਵੇ ਧਾਗੇ ਤਵੀਤਾਂ ਨਾਲ ਹੀ ਉਸ ਕੰਮ ਚਲਾਇਆ ਨਿਕਲੇ ਕਦੇ ਭੂਤ ਨਾ ਉਸਦਾ ਚਿੰਮੜਾਇਆ ਲੋਂਕੀਂ ਆਉਂਦੇ ਦੂਰੋਂ ਤੱਕ ਕੇ ਉਹ ਭਰਦਾ ਝੋਲੀ ਧਰਮ ਈਮਾਨ ਦੀ ਦੋਸਤੋ ਹੁਣ ਲਗਦੀ ਬੋਲੀ ਹੋਣ ਮੁਰਾਦਾਂ ਪੂਰੀਆਂ ਲੱਗੇ ਚੜ੍ਹਨ ਚੜ੍ਹਾਵੇ ਭਗਤਾਂ ਦੀ ਲਾਈਨ ਤਾਂ ਨਿੱਤ ਵਧਦੀ ਜਾਵੇ ਕਰਨੀ ਵਾਲੇ ਸੰਤ ਨੇ ਕਈ ਸੁਣੇ ਮੈਂ ਕਹਿੰਦੇ ਹਰ ਵੇਲੇ ਉਹ ਬਾਬਾ ਜੀ ਦੇ ਚਰਨੀਂ ਬਹਿੰਦੇ ਕਾਰਾਂ ਵਾਲਾ ਹੋ ਗਿਆ ਉਹ ਭੁੱਖਾ ਮਰਦਾ ਨਵੇਂ ਹੀ ਵਾਕੇ ਕਰ ਰਿਹਾ ਜ਼ਰਾ ਨਾ ਡਰਦਾ ਪੜ੍ਹੇ ਲਿਖੇ ਵੀ ਲੋਕ ਉਹਨੂੰ ਕਹਿੰਦੇ ਬਾਬਾ ਤੂੰ ਹੀ ਸਾਡਾ ਗੁਰੂ ਹੈ ਤੂੰ ਹੀ ਮੱਕਾ ਕਾਬਾ ਲਹਿਰ ਜਿਹੀ ਬੱਸ ਚੱਲ ਪਈ ਹੋਏ ਵਾਰੇ ਨਿਆਰੇ ਨੇਤਾ ਕਈ ਝੁਕਦੇ ਉਸਦੇ ਦਰਬਾਰੇ । ਲੋਕਾਂ ਦੀ ਅਕਲ ਤੋਂ ਪਰਦਾ ਸੀ ਲਹਿ ਗਿਆ ਚਾਰ ਬੱਚਿਆਂ ਦੀ ਮਾਂ ਨੂੰ ਕੱਢਕੇ ਉਹ ਲੈ ਗਿਆ ਘਰ ‘ਚੋਂ ਗਹਿਣੇ ਗੱਟਿਆਂ ਦਾ ਕੀਤਾ ਸਫਾਇਆ ਬਾਬਾ ਐਸਾ ਭੂਤ ਸੀ ਜੋ ਨਜ਼ਰ ਨਾ ਆਇਆ ਕੁਹਰਾਮ ਜਿਹਾ ਮੱਚ ਗਿਆ ਕਹਿੰਦੇ ਲੱਭੋ ਬਾਬਾ ਫੜ ਕੇ ਮੁਸ਼ਕਾਂ ਲਾ ਦਿਓ ਛੱਡਣਾ ਨਹੀਂ ਆਪਾਂ ਆਖ਼ਰ ਇੱਕ ਦਿਨ ਬਾਬਾ ਜੀ ਵੀ ਆਗੇ ਕਾਬੂ ਬਾਬੇ ਸਿਰ ਚੜ੍ਹ ਕੇ ਬੋਲਿਆ ਛਿੱਤਰਾਂ ਦਾ ਜਾਦੂ ਪੰਚਾਇਤ ਨੇ ਸੀ ਫਿਰ ਇਹ ਹੁਕਮ ਸੁਣਾਇਆ ਲੱਭ ਕੇ ਐਸੇ ਢੋਂਗੀਆਂ ਦਾ ਕਰੋ ਸਫਾਇਆ ਸੱਚੇ ਗੁਰੂ ਲੜ ਲੱਗ ਕੇ ਸ਼ਮੀ ਅਲਖ ਜਗਾਈਏ ਢੋਂਗੀ ਠੱਗਾਂ ਸਾਰਿਆਂ ਨੂੰ ਦੂਰ ਭਜਾਈਏ

ਦਾਜ

ਆਖਿਆ ਸੀ ਤੂੰ ਇੱਕ ਦਿਨ ਮਾਂ, ਇਹ ਜੱਗ ਦੀ ਰੀਤ ਏ ਵਿਆਹ ਤੱਕ ਹੀ ਹੁੰਦੀ ਬੀਬਾ, ਮਾਂ ਬਾਬਲ ਦੀ ਪ੍ਰੀਤ ਏ ਆਖਿਆ ਸੀ ਤੂੰ ਇੱਕ ਦਿਨ ਮਾਂ ਪਤੀ ਪਰਮੇਸ਼ਰ ਸਮਝੀਂ, ਸਹੁਰੇ ਨੂੰ ਬਾਪ ਨੀ ਮਾਂ ਸਮਝ ਕੇ ਪੂਜੀਂ ਸੱਸ ਨੂੰ, ਮੂਹਰੇ ਹੋ ਆਪ ਨੀ ਲੜਨਾ ਨੀ ਨਾਲ ਕਿਸੇ ਦੇ, ਮਨ ਜੀਤੇ ਜਗ ਜੀਤ ਏ ਆਖਿਆ ਸੀ ਤੂੰ ਇੱਕ ਦਿਨ ਮਾਂ.. ਜੋ ਆਖਿਆ ਤੂੰ ਕੀਤਾ ਉਹ ਮੈਂ, ਝੂਠ ਨਾ ਜਾਣੀ ਨੀ ਫਿਰ ਵੀ ਪਰ ਕਿਉਂ ਅੱਜ ਰੋਵੇ, ਮੇਰੀ ਕਹਾਣੀ ਨੀ ਪੈਸੇ ਤੇ ਆ ਕੇ ਹੀ ਮਾਂ, ਟੁੱਟਦੀ ਕਿਉਂ ਪ੍ਰੀਤ ਏ ਆਖਿਆ ਸੀ ਤੂੰ ਇੱਕ ਦਿਨ ਮਾਂ... ਪੈਸੇ ਦੀਆਂ ਗੱਲਾਂ ਕਰਦੇ, ਗੁਣਾਂ ਦੀ ਕੋਈ ਨੀ ਸੁਣ ਕੇ ਮੈਂ ਤਾਹਨੇ ਮਿਹਣੇ, ਲੁਕ ਲੁਕ ਕੇ ਰੋਈ ਨੀ ਮੌਤ ਦੀ ਬੱਸ ਜਲਦੀ ਹੀ ਆਉਣੀ ਤਾਰੀਕ ਏ ਆਖਿਆ ਸੀ ਤੂੰ ਇੱਕ ਦਿਨ ਮਾਂ.. ਦਾਜ ਦੀ ਖਾਤਿਰ ਮਾਏਂ, ਲੱਖਾਂ ਧੀਆਂ ਮਰਦੀਆਂ ਨੇ ਰੋਜ਼ ਹੀ ਕਈ ਮੁਕਾਣਾਂ, ਬਾਬਲ ਦੇ ਢੁਕਦੀਆਂ ਨੇ ਲੈਂਦੀ ਹੈ ਰੋਜ਼ ਬਲੀ ਕੋਈ, ਹਾਏ ਦਾਜ ਦੀ ਰੀਤ ਏ ਆਖਿਆ ਸੀ ਤੂੰ ਇੱਕ ਦਿਨ ਮਾਂ.. ਸ਼ਮੀ ਹੁਣ ਵਿੱਚ ਤਲਵਾੜੇ, ਲਿਖੇ ਐਸਾ ਗੀਤ ਨੀ ਅੱਗ ਲਾ ਕੇ ਫੁਕੌ ਸਾੜੋ, ਕੁਵੱਲੀ ਇਹ ਰੀਤ ਨੀਂ ਖੜ੍ਹਦਾ ਜੋ ਵਿੱਚ ਮੁਸੀਬਤ, ਸੱਚਾ ਉਹੀ ਮੀਤ ਏ ਆਖਿਆ ਸੀ ਤੂੰ ਇੱਕ ਦਿਨ ਮਾਂ...

ਵੰਡ ਜਾਂ ਉਜਾੜਾ

ਜੰਗ ਏ ਅਜ਼ਾਦੀ ਲਈ ਮਰ ਮਿਟੇ, ਤਾਂ ਕੀ ਹੋਇਆ ? ਜਾਮ ਏ ਜ਼ਹਿਰ ਹੀ ਮਿਲਿਆ, ਤਾਂ ਕੀ ਹੋਇਆ? ਸਾਡੀ ਲਲਕਾਰ ਸੁਣ ਕੇ ਹੀ ਤਾਂ ਬਦਲੇ ਨੇ ਉਸ ਝੰਡੇ ਦੇ ਰੰਗ ਗੋਰੇ ਨਾਗਾਂ ਦੇ ਡੰਗ ਵੈਲੀਆਂ ਦੀ ਖੰਘ ਤੇ ਬਿਗਾਨਿਆਂ ਦੇ ਢੰਗ ਰਾਜ ਉਹੀ ਐਪਰ ਚਿਹਰੇ ਦੇਖੇ ਭਾਲ਼ੇ ਨੇ, ਏਸ ਨਕਾਬ ਹੇਠ ਛਿਪ ਬੈਠੇ ਉਹੀ ਲੁਟੇਰੇ , ਕਿਸਨੂੰ ਦੱਸੀਏ ਕਿ ਉਸ ਵੰਡ ਦੀ ਲੀਕ ਹੇਠਾਂ ਦਫ਼ਨ ਨੇ ਸਾਡੀਆਂ ਹਵਾਵਾਂ ਤੇ ਖੇਤ ਦਰਿਆਵਾਂ ਦੇ ਪਾਣੀ ਤੇ ਰੇਤ ਸੱਧਰਾਂ ਤੇ ਚਾਵਾਂ ਦੇ ਸੇਕ ਮਾਸੂਮਾਂ ਦੀਆਂ ਲੋਥਾਂ, ਉਹ ਫੱਗਣ ਤੇ ਚੇਤ ਮਿਟਕੇ ਮਿਟਾਉਣੇ ਨੇ ਹਨੇਰੇ ਸੰਘਣੇ ਨੇ ਬਹੁਤੇ , ਤਾਂ ਕੀ ਹੋਇਆ ? ਉਹ ਦਿਨ, ਉਹ ਮਹੀਨੇ, ਉਸ ਪਟੜੀ ਤੇ ਰੇਲਾਂ ਨੇ ਕੀ ਕੀ ਢੋਇਆ ਲੁੱਟੇ ਪੁੱਟੇ ਰੁੱਖਾਂ ਦੇ ਢੇਰ ਰੋਹੀ ‘ਚ ਮਿੱਧੇ ਫੁੱਲ ਤੇ ਕਨੇਰ ਵਿਛੋੜਿਆਂ ਦੀ ਅੱਗ ਤੇ ਘੁਮੇਰ ਲੀਰੋ ਲੀਰ ਆਜ਼ਾਦੀ ਦਾ ਹਨੇਰ ਪਰਦੇ ਪਿੱਛੇ ਫਿਰੰਗੀ ਏ ਮੁੜ ਆਇਆ ਜਾਪੇ ਉਹਦੇ ਜ਼ਹਿਰ ਦਾ ਬੀਜ ਹੁਣ ਰੁੱਖ ਹੋਇਆ ਜਾਪੇ ਬਹੁਤ ਰੋਇਆ ਉਹ ਵੀ ਤੇ ਮੈਂ ਵੀ ਜਦ ਵੀ ਰੋਇਆ, ਹੰਝੂ, ਹਨੇਰੇ ਤੇ ਅੱਗ ਦੀ ਰੁੱਤੇ ਰੱਬ ਵੀ ਖੂਬ ਸੋਇਆ ਪਰ, ਏਹ ਜਖ਼ਮ ਕਦੇ ਤਾਂ ਭਰਨਗੇ ਚਿੰਬੜੇ ਨੇ ਭੂਤ ਜੋ, ਕਦੇ ਤਾਂ ਮਰਨਗੇ ‘ਆਜ਼ਾਦੀ’ ਦੀ ਗੁਲਾਮੀ ਨਾ ਜਰਨਗੇ ਸਰਹੱਦਾਂ ਤੇ ਜਗਦੇ ਦੀਵੇ ਨਾ ਡਰਨਗੇ ਵਰ੍ਹ ਚੁੱਕੀ ਹੈ ਤੇਜ਼ਾਬੀ ਬੱਦਲਾਂ ਦੀ ਸ਼ਮੀ ਉਹ ਢਾਣੀ ਓੜਕ ਮਿਲ ਹੀ ਜਾਣੇ ਨੇ, ਇਹ ਪਾਣੀ, ਉਹ ਪਾਣੀ ਬੜੀ ਦੂਰ ਨੇ ਉਹ ਮਹਿਲ ਤੇ ਮੁਨਾਰੇ ਕੀ ਹੋਇਆ? ਖਿੱਚ ਲਏਗਾ ਪਿਆਰ ਹੀ ਪਿਆਰੇ, ਕੀ ਹੋਇਆ

ਅਦਾ

ਹਸ ਕੇ ਰੁਕਣਾ, ਫਿਰ ਖੁੱਲ੍ਹ ਕੇ ਹੱਸਣਾ ਇਹ ਤੇਰੀ ਅਦਾ ਵੀ ਕਮਾਲ ਹੈ ਕੁਝ ਕਹਿਣ ਲਈ ਮੁੜਨਾ, ਅਚਾਨਕ ਪਰ ਨੱਸਣਾ ਇਹ ਤੇਰੀ ਅਦਾ ਵੀ ਕਮਾਲ ਹੈ ਕੰਮ ਕਰਦੇ ਕਰਦੇ ਯਾਦ ਆ ਜਾਣਾ ਫਿਰ ਅਚਾਨਕ ਕਿਤੇ ਗੁੰਮ ਹੋ ਜਾਣਾ ਇਹ ਤੇਰਾ ਲੁਕਣਾ ਛਿਪਣਾ ਵੀ ਕਮਾਲ ਹੈ ਚੋਰ ਅੱਖੀਆਂ ਨੇ ਮੈਨੂੰ ਚੋਰ ਬਣਾ ਦਿੱਤਾ ਇਹ ਤੇਰੀ ਜ਼ਾਲਿਮ ਅਦਾ ਵੀ ਕਮਾਲ ਹੈ ਕੋਲ਼ ਰਹਿ ਕੇ ਦੂਰ ਜਾਣਾ ਦੂਰ ਰਹਿ ਕੇ ਵੀ ਕੋਲ਼ ਆਉਣਾ ਤੇਰਾ ਇਹ ਆਣਾ ਜਾਣਾ ਵੀ ਕਮਾਲ ਹੈ ਕਦੇ ਰੁੱਸ ਜਾਣਾ, ਕਦੇ ਰੁਸਾ ਦੇਣਾ ਸ਼ਮੀ ਫਿਰ ਖੁਦ ਹੀ ਮੰਨ ਜਾਣਾ ਵੀ ਕਮਾਲ ਹੈ

ਮਾਡਰਨ ਕਵੀ

ਚਿੱਤ ਕਰੇ ਕਵੀ ਬਣਾਂ ਕਰਾਂ ਤਾਰਿਆਂ ਦੀ ਗੱਲ ਚੰਗੇ ਮੰਦੇ ਉੱਚੇ ਨੀਵੇਂ ਬੰਦੇ ਸਾਰਿਆਂ ਦੀ ਗੱਲ । ਗੱਲਾਂ ਨਾਲ ਢਕ ਦਿਆਂ ਦੁਨੀਆਂ ਦੇ ਦੁੱਖ ਸਾਰੇ ਏਦਾਂ ਹੀ ਮੈਂ ਤੱਕ ਲਵਾਂ ਕਿੱਥੇ ਕਿਵੇਂ ਭੁੱਖ ਮਾਰੇ। ਠੰਢੀ ਛਾਵੇਂ ਬੈਠ ਲਿਖਾਂ ਅੱਗ ਦਿਆਂ ਸਾੜਿਆਂ ਗੱਲ। ਚਿੱਤ ਕਰੇ ਕਵੀ ਬਣਾਂ ……….. ਸੱਚ ਦੀ ਜੇ ਗੱਲ ਹੋਵੇ ਖੂੰਜੇ ਲੱਗ ਜਾ ਖਲੋਵਾਂ । ਜਾਗਣ ਦੀ ਲੋੜ ਹੋਵੇ ਮਾਰ ਕੇ ਘਰਾੜੇ ਸੋਵਾਂ। ਦੱਸ ਕਾਹਤੋਂ ਕਰਾਂ ਤਕਦੀਰੋਂ ਹਾਰਿਆਂ ਦੀ ਗੱਲ। ਚਿੱਤ ਕਰੇ ਕਵੀ ਬਣਾਂ………….. ਉੱਚੀਆਂ ਕਹਾਣੀਆਂ ਦੀ, ਰਾਜਿਆਂ ਤੇ ਰਾਣੀਆਂ ਦੀ । ਕਰੀ ਜਾਵਾਂ ਗੱਲ ਬੱਸ ਝੀਲਾਂ ਅਤੇ ਪਾਣੀਆਂ ਦੀ। ਭੁੱਲ ਕੇ ਨਾ ਛੇੜਾਂ ਝੁੱਗੀਆਂ ਤੇ ਢਾਰਿਆਂ ਦੀ ਗੱਲ । ਚਿੱਤ ਕਰੇ ਕਵੀ ਬਣਾਂ …………… ਕਵੀ ਦਰਬਾਰ ਜਾ ਕੇ ਸ਼ੇਅਰ ਆਪਣੇ ਸੁਣਾ ਕੇ । ਕਿਸੇ ਦੀ ਨਾ ਸੁਣਾਂ ਗੱਲ ਆਪਣੀ ਸੁਣਾ ਕੇ। ਦੱਸ ਜਾਵਾਂ ਸ਼ਮੀ ਨੂੰ ਸਿਤਾਰਿਆਂ ਦੀ ਗੱਲ। ਚਿੱਤ ਕਰੇ ਕਵੀ ਬਣਾਂ …………

ਗ਼ਜ਼ਲ

ਕਦੇ ਬਰਫ਼ੀਲਾ ਪਾਣੀ ਕਦੇ ਅੱਗ ਵਰਗਾ ਦੀਦਾਰ ਤੇਰਾ ਲੱਗੇ ਯਾਰ ਰੱਬ ਵਰਗਾ ਜੱਗ ਭਾਵੇਂ ਰਹੇ ਹੋਰ ਲੱਖ ਵਸਦਾ ਇਕ ਤੂੰ ਹੀ ਲੱਗੇਂ ਸਾਰੇ ਜੱਗ ਵਰਗਾ ਚੁੱਕ ਚੁੱਕ ਅੱਡੀਆਂ ਮੈਂ ਦੇਖਾਂ ਉੱਤੇ ਨੂੰ ਕਿਤੋਂ ਪੈਂਦਾ ਜੇ ਭੁਲੇਖਾ ਤੇਰੀ ਪੱਗ ਵਰਗਾ ਪਿਆਰ ਤੇਰਾ ਦੇਖ ਕੇ ਮੈਂ ਡਰਾਂ ਸੱਜਣਾਂ ਕੋਈ ਦੇਖ ਨਾ ਲਵੇ ਚੋਰ ਠੱਗ ਵਰਗਾ ਬੰਦੇ ਭਾਵੇਂ ਹੋਰ ਵੀ ਨੇ ਮਾੜੇ ਜੱਗ ਤੇ ਮਾੜਾ ਨਹੀਂ ਹੁੰਦਾ ਪਰ ਲਾਈਲੱਗ ਵਰਗਾ ਦਿਲਾਂ ਵਾਲੀ ਸਾਂਝ ਦੀ ਕਮਾਲ ਹੋ ਗਈ ਪਿਆਰ ਦੀ ਤਾਂ ਲੱਗੇ ਸ਼ਮੀ ਹੱਦ ਵਰਗਾ

ਖ਼ਬਰਾਂ

ਟੀ.ਵੀ. ਤੇ ਆਉਂਦੀਆਂ ਖ਼ਬਰਾਂ, ਹਾਲੋਂ ਬੇਹਾਲ ਜੀ ਕਰਦੀ ਸਰਕਾਰ ਗੱਲਾਂ, ਜਨਤਾ ਦੇ ਨਾਲ ਜੀ ਲੋਟੂਆਂ ਦੀ ਵੇਖਿਓ ਆਪਾਂ, ਮੌਜ ਲਾ ਦੇਵਾਂਗੇ ਗੜਬੜ ਦਾ ਕੀ ਐ ਆਪਾਂ, ਫ਼ੌਜ ਲਾ ਦੇਵਾਂਗੇ ਘਰ ਘਰ ਚੋਂ ਜਾਣੇ ਵੇਖਿਓ, ਹੀਰੇ ਤੇ ਲਾਲ ਜੀ, ਕਰਦੀ ਸਰਕਾਰ ਗੱਲਾਂ ....... ਹਟਾਉਣ ਲਈ ਅਸੀਂ ਗਰੀਬੀ, ਕਰਜ਼ਾਈ ਵੀ ਹੋਵਾਂਗੇ ਜਦ ਕਰੂ ਕੋਈ ਗੱਲ ਹੱਕਾਂ ਦੀ, ਹਰਜ਼ਾਈ ਵੀ ਹੋਵਾਂਗੇ ਰੇਟ ਵਧਾਕੇ ਵਚੀਏ, ਬਲੈਕ ਦਾ ਮਾਲ ਜੀ, ਕਰਦੀ ਸਰਕਾਰ ਗੱਲਾਂ......... ਬੰਦੇ ਦੀ ਜਾਨ ਦਾ ਐਥੇ, ਕੋਈ ਮੁੱਲ ਹੋਣਾ ਨੀਂ ਮਹਿੰਗਾਈ ਦੇ ਮੂਹਰੇ ਕੋਈ ਕੌਡੀ ਤੁੱਲ ਹੋਣਾ ਨੀਂ ਸੁਪਨਾ ਕਰ ਦੇਣਾ ਹੈ ਆਟਾ ਤੇ ਦਾਲ਼ ਜੀ, ਕਰਦੀ ਸਰਕਾਰ ਗੱਲਾਂ ........... ਰੋਕਣ ਤੋਂ ਬਾਦ ਵੀ ਜੇ ਤੁਸੀਂ, ਆਪਣੇ ਹੱਕ ਮੰਗੋਗੇ ਪੁਲ਼ਸ ਜਦ ਪੁੱਤ ਬਣਾਊ, ਦੱਸੋ ਕਿਵੇਂ ਖੰਘੋਗੇ ਕਰਨੀ ਸ਼ਿਕਾਇਤ ਸ਼ਮੀ ਦੱਸੋ ਕੀਹਦੇ ਨਾਲ ਜੀ, ਕਰਦੀ ਸਰਕਾਰ ਗੱਲਾਂ .......

ਗ਼ਜ਼ਲ

ਤੇਰੇ ਬਿਨ ਪੱਲੇ ਨਿੱਤ ਦੀ ਭਟਕਣ ਡੁੱਬ ਡੁੱਬ ਜਾਵੇ ਦਿਲ ਦੀ ਧੜਕਣ ਕੋਈ ਨਕਸ਼ ਪੁਰਾਣਾ ਜਦ ਆਵੇ ਚੇਤੇ ਆਪ ਮੁਹਾਰੀ ਹੋਵੇ ਦਿਲ ਦੀ ਧੜਕਣ ਹਿਜ਼ਰ ਤੇਰੇ ਵਿਚ ਭਰੀਏ ਜਦ ਠੰਢੇ ਹਉਕੇ ਰੁਕ ਰੁਕ ਜਾਵੇ ਦਿਲ ਦੀ ਧੜਕਣ ਰਾਤ ਗ਼ਮਾਂ ਦੀ ਕਦੇ ਨਾ ਮੁੱਕਦੀ ਪਰ ਮੁੱਕ ਜਾਵੇ ਦਿਲ ਦੀ ਧੜਕਣ ਅੱਖ ਮਿਰੀ ਚੋਂ ਕਿਰਦੇ ਹੰਝੂ ਸੋਚੀਂ ਪੈ ਜਾਵੇ ਦਿਲ ਦੀ ਧੜਕਣ ਰੂਹ ਖੁਸ਼ ਹੋਵੇ ਯਾਰ ਮਿਲੇ ਤੋਂ ਨੱਚ ਨੱਚ ਜਾਵੇ ਦਿਲ ਦੀ ਧੜਕਣ ਹਉਕੇ ਹੰਝੂ ਤੇ ਪਛਤਾਵੇ ਦਾ ਸ਼ਮੀ ਭਾਰ ਉਠਾਵੇ ਦਿਲ ਦੀ ਧੜਕਣ

ਗ਼ਜ਼ਲ

ਤੂੰ ਮਿਲੇਂ ਸਵੇਰਾ ਹੋ ਜਾਂਦਾ ਇਉਂ ਸਫ਼ਰ ਚੰਗੇਰਾ ਹੋ ਜਾਂਦਾ ਕੁਝ ਵੀ ਤਾਂ ਯਾਦ ਨਹੀਂ ਰਹਿੰਦਾ , ਜਦ ਦਰਸ਼ਨ ਤੇਰਾ ਹੋ ਜਾਂਦਾ ਸ਼ਬਦ ਕੀਲਣੀ ਤੱਕਣੀ ਤੇਰੀ ਦਿਲ ਕਿਉਂ ਨਾ ਤੇਰਾ ਹੋ ਜਾਂਦਾ ਹਿਜ਼ਰ ਦੇ ਅੰਬਰੋਂ ਟੁੱਟਿਆ ਤਾਰਾ ਉਹ ਵਸਲ ‘ਚ ਮੇਰਾ ਹੋ ਜਾਂਦਾ ਕੀ ਦੱਸਾਂ ਬਿਨ ਤੇਰੇ ਯਾਰਾ ਵੇ ਯਾਦਾਂ ਦਾ ਸਹਾਰਾ ਹੋ ਜਾਂਦਾ ਮੁੜ ਜਾਣਾ ਸੀ ਤਾਂ ਕਿਉਂ ਆਇਓਂ ਸ਼ਮੀ ਫ਼ਿਰ ਮੁਸ਼ਕਿਲ ਫੇਰਾ ਹੋ ਜਾਂਦਾ

ਲੋਕ ਤੱਥ

ਮੂਲ ਨਾਲੋਂ ਸੂਦ ਚੰਗਾ, ਚੋਰੀ ਅਮਰੂਦ ਚੰਗਾ ਚੰਗਾ ਹੁੰਦਾ ਨਾਮ ਕਰਤਾਰ ਦਾ। ਚੋਰ ਨਾਲੋਂ ਸਾਧ ਚੰਗਾ, ਸਾਧ ਨਾਲੋਂ ਰੱਬ ਚੰਗਾ, ਰੱਬ ਨਾਲੋਂ ਚੰਗਾ ਕੰਮ, ਉਪਕਾਰ ਦਾ। ਵਿਹਲਿਓਂ ਵਗਾਰ ਚੰਗੀ, ਅੰਦਰੋਂ ਪੁਕਾਰ ਚੰਗੀ, ਰੱਖਣਾ ਖਿਆਲ ਚੰਗਾ, ਮਾਣ ਸਤਿਕਾਰ ਦਾ। ਦੇਸ਼ ਦਾ ਪਿਆਰ ਚੰਗਾ, ਰੱਖਣਾ ਮਿਆਰ ਚੰਗਾ, ਰੱਖਣਾ ਬਣਾ ਕੇ ਚੰਗਾ, ਨਾਮ ਪਰਿਵਾਰ ਦਾ । ਕਜੀਏ ਤੋਂ ਸੁਲ੍ਹਾ ਚੰਗੀ, ਸੁਲ੍ਹਾ ਨਾਲੋਂ ਸੋਥਾ ਚੰਗਾ, ਤੋੜੀਏ ਨਾ ਤੰਦ ਤਾਣਾ ਪਿਆਰ ਦਾ । ਹੱਥੀਂ ਲਾਇਆ ਬੂਟਾ ਚੰਗਾ, ਸਾਉਣ ਵਿੱਚ ਹੂਟਾ ਚੰਗਾ, ਝੂਟੇ ਨਾਲ ਬਣੇ ਮੌਸਮ ਬਹਾਰ ਦਾ। ਕਵਿਤਾ ਦਾ ਮੇਲ ਚੰਗਾ, ਸ਼ਬਦਾਂ ਦਾ ਖੇਲ੍ਹ ਚੰਗਾ, ਖੇਡ ਚੰਗਾ ਸ਼ਮੀ ਜ਼ਿੰਦਗੀ ਸੰਵਾਰਦਾ ।

ਗ਼ਜ਼ਲ

ਨਾਹਰਿਆਂ ਦਾ ਜੰਗਲ ਹੈ ਸੱਚ ਨੂੰ ਲੁਕਾ ਰਿਹਾ ਰੂਹ ਦੀ ਸਰਦਲ ਤੇ ਗੁਬਾਰ ਜਿਹਾ ਛਾ ਰਿਹਾ ਦੋਸ਼ੀ ਵੱਲ ਉਂਗਲ ਕਰਕੇ, ਬੰਦਾ ਇਉਂ ਘਬਰਾ ਰਿਹਾ ਜਿਉਂ ਚਾਨਣ ਨੂੰ, ਹਨੇਰੇ ਤੋਂ ਹੋਵੇ ਖਤਰਾ ਜਿਹਾ ਕੱਲ੍ਹ ਦੀ ਉਡੀਕ ਵਿੱਚ ਅੱਜ ਤੋਂ ਮੂੰਹ ਮੋੜਦਾ ਰਿਹਾ ਜੜ੍ਹ ਬਣ ਗਿਆ ਬੰਦਾ, ਜੋ ਕਦੇ ਤਾਰੇ ਘੜਦਾ ਰਿਹਾ ਜੇਬ ਖਾਲੀ ਉੱਪਰ ਪੰਡ ਕਰਜ਼ੇ ਵਾਲੀ ਐਪਰ ਵੇਖੋ ਹੌਸਲਾ, ਬੰਦਾ ਫੇਰ ਵੀ ਕਿਵੇਂ ਮੁਸਕਰਾ ਰਿਹਾ ਅੱਜ ਲੰਘਿਐ ਸ਼ਮੀ ਕੋਲੋ ਯਾਦਾਂ ਦਾ ਕਾਫ਼ਲਾ ਕੋਈ ਤਪਦੇ ਹਾੜ੍ਹ ਆਵੇ ਜਿਉਂ ਪੌਣ ਦਾ ਹੁਲਾਰਾ ਜਿਹਾ

ਗ਼ਜ਼ਲ

ਤਰਸ ਗਏ ਹਾਂ ਦਰਸ਼ਨ ਨੂੰ ਛੱਡ ਗਿਆ ਸਾਨੂੰ ਤਰਸਨ ਨੂੰ। ਦਿਲ ਤੇਰਾ ਜਾਨ ਵੀ ਤੇਰੀ ਦੱਸ ਕੀ ਬਚਿਐ ਪਰਖਣ ਨੂੰ? ਭਰਿਆਂ ਨੂੰ ਤਾਂ ਭਰਦਾ ਜਾਵੇਂ ਖਾਲੀ ਰਹਿ ਗਏ ਤੜਫ਼ਣ ਨੂੰ। ਸਿਜਦੇ ਕਰ ਦਿਨ ਕੱਟੀ ਜਾਵਾਂ ਕਦ ਚਾਹਾਂ ਮੈਂ ਅਣਬਣ ਨੂੰ। ਗੈਰਾਂ ਨਾਲ ਤੂੰ ਹੱਸ ਹੱਸ ਬੋਲੇਂ ਅੱਗ ਲੱਗ ਗਈ ਹੈ ਤਨ ਮਨ ਨੂੰ। ਰੂਹ ਕਰੇ ਤਾਂ ਮਿਲ ਜਾਈਂ ਸੱਜਣਾਂ ਚੈਨ ਆ ਜਾਉ ਧੜਕਣ ਨੂੰ ਉਮਰ ਦਾ ਪੰਛੀ ਉੱਡਦਾ ਜਾਵੇ ਪਿੱਛੇ ਛੱਡਕੇ ਬਚਪਨ ਨੂੰ। ਤੇਰੇ ਮੇਰੇ ਸੁਪਨੇ ਸ਼ਮੀ ਰਹਿ ਜਾਵਣ ਨਾ ਭਟਕਣ ਨੂੰ।

ਰੱਬੀ ਰੂਹਾਂ

ਕਥਾ ਕਹਾਣੀ ਬਣ ਕੇ ਰਹਿ ਗਏ ਰੱਬੀ ਰੂਹਾਂ ਥੱਕ ਕੇ ਬਹਿ ਗਏ ਪਾਪੀ ਪੁੰਨੀ ਮਾੜੇ ਚੰਗੇ ਕੁਝ ਨਹੀਂ ਏਥੇ ਸਾਰੇ ਕਹਿ ਗਏ ਲੁੱਟਦੇ ਕੁਟਦੇ ਪਿੱਟਦੇ ਲੋਕੀਂ ਖੌਰੇ ਕਿਧਰੇ ਡੂੰਘੇ ਲਹਿ ਗਏ ਸੋਨ ਚਿੜੀ ਕਹਿ ਲੁੱਟਣ ਆਉਂਦੇ ਅੱਜ ਰੇਤੇ ਵਿਚ ਰੁਲ਼ ਕੇ ਰਹਿ ਗਏ ਰੱਬ ਦਾ ਭੇਤ ਨਾ ਪਾਉਣਾ ਸੌਖਾ ਪਤਾ ਲਗਾਉਂਦੇ ਭੁੱਲ ਕੇ ਰਹਿ ਗਏ ਚੱਲ ਸ਼ਮੀ ਹੁਣ ਘਰ ਨੂੰ ਮੁੜੀਏ ਬਾਕੀ ਏਹੋ ਰਸਤੇ ਰਹਿ ਗਏ।

ਗੀਤ

ਲਗਦੀਆਂ ਏਥੇ ਅੱਗਾਂ, ਲਹਿੰਦੀਆਂ ਸਿਰੋਂ ਪੱਗਾਂ, ਮੱਲਿਆ ਏ ਪਿੱੜ ਠੱਗਾਂ, ਪਿਆ ਘਮਸਾਣ ਹੈ ਉਲਝਿਆ ਤੰਦ ਤਾਣਾ, ਖੋਖਲਾ ਹੈ ਤਾਣਾ ਬਾਣਾ, ਦੁਖੀ ਫਿਰੇ ਸਾਰਾ ਲਾਣਾ, ਕਿੱਥੇ ਭਗਵਾਨ ਹੈ? ਦੁੱਖ ਤੇ ਗਰੀਬੀ ਸਾਰੀ, ਫਿਕਰਾਂ ਦੀ ਪੰਡ ਭਾਰੀ, ਚੁੱਕੀ ਫਿਰੇ ਹਾਰੀ ਸਾਰੀ, ਕਿਸਦਾ ਧਿਆਨ ਹੈ? ਜੋ ਵੀ ਹੁੰਦਾ ਹੋਈ ਜਾਵੇ, ਪਾਪੀ ਰਾਜਾ ਸੋਈ ਜਾਵੇ, ਚੋਰ ਠੱਗ ਲੁੱਟੀ ਜਾਵੇ, ਖੁਸ਼ ਬੇਈਮਾਨ ਹੈ ਦਗ਼ੇ ਨਾਲ ਲੈਂਦੇ ਰਾਜ, ਸੱਤਾ ਵਾਲਾ ਕੰਮ ਕਾਜ , ਖੱਲ੍ਹਦਾ ਨਾ ਭੈੜਾ ਰਾਜ਼ , ਕੁਰਸੀ ਈਮਾਨ ਹੈ ਘਪਲੇ ਜੋ ਵੱਡੇ ਛੋਟੇ, ਮਜ਼ਲੂਮਾਂ ਉੱਤੇ ਥੋਪੇ, ਭੋਰਾ ਵੀ ਨਾ ਸ਼ਮੀ ਡਰੇ, ਕਰੇ ਪੁਣਛਾਣ ਹੈ

ਗੀਤ

ਚੰਨ ਬੱਦਲਾਂ ਦੇ ਓਹਲੇ ਹੋ ਕੇ ਗੱਲ ਸੁਣਦੈ ਹਾਏ ਗੱਲ ਸੁਣਦੈ। ਉਹਨੂੰ ਪੁੱਛ ਅੱਗੇ ਹੋਕੇ ਸਾਡੀ ਗੱਲ ਕਿਉਂ ਸੁਣਦੈ ਹਾਏ ਕਿਉਂ ਸੁਣਦੈ। ਏਥੋਂ ਗੱਲਾਂ ਸੁਣ ਇਹ ਘਰ ਜਾਊਗਾ ਘਰ ਵਿਚ ਕਜੀਆ ਕੋਈ ਨਵਾਂ ਪਾਊਗਾ ਬੇਬੇ ਬਾਪੂ ਕੋਲ ਜਾ ਕੇ ਦੱਸੂ ਸਾਰੀ ਗੱਲ ਨੂੰ ਹੁਣ ਤਾਂ ਹੀ ਸੁਣਦੈ। ਮੈਨੂੰ ਇਹਦੀ ਨੀਤ ਵਿਚ ਖੋਟ ਜਾਪਦੈ ਜਰਾ ਵੇਖ ਤਾਂ ਸਹੀ ਇਹ ਮੈਨੂੰ ਕਿਵੇਂ ਝਾਕਦੈ ਅੱਲ੍ਹੜਾਂ ਦੀ ਪ੍ਰੀਤ ਦਾ ਹੈ ਵੈਰੀ ਜੱਗ ਸਾਰਾ ਉੱਤੋਂ ਏਹ ਵੀ ਸੁਣਦੈ। ਚੱਲ ਉੱਠ ਏਥੋਂ ਆਪਾਂ ਕਿਤੇ ਹੋਰ ਚੱਲੀਏ ਕੋਈ ਆਸਰਾ ਦੀਵਾਨਿਆਂ ਦਾ ਜਾ ਕੇ ਮੱਲੀਏ ਸੱਜਣਾ ਵੇ ਇਹ ਤਾਂ ਜਗ੍ਹਾ ਜਾਪੇ ਓਪਰੀ, ਵੈਰੀ ਗੱਲ ਸੁਣਦੈ। ਏਹਦੇ ਕੋਲ ਤਾਰਿਆਂ ਦੀ ਫੌਜ ਸੱਜਣਾ ਕਰੀ ਜਾਵੇ ਮਨ ਦੀ ਇਹ ਮੌਜ ਸੱਜਣਾ ਚੱਲ ਸ਼ਮੀ ਕੋਲ ਏਸਦੀ ਸ਼ਕੈਤ ਕਰੀਏ, ਉਹੀ ਗੱਲ ਸੁਣਦੈ।

ਗੀਤ

ਸਾਇੰਸ ਤਰੱਕੀ ਕਰ ਗਈ ਕਹਿੰਦੇ ਮੰਗਲ ਤੇ ਜਾ ਵੜ ਗਈ ਕਹਿੰਦੇ ਬੜੇ ਨਾਮਣੇ ਖੱਟੀ ਜਾਂਦੇ, ਕਈ ਗੇੜੇ ਚੰਨ ਤੇ ਲਾ ਆਏ ਹਾਂ ਪਰ ਕਿੰਨਾ ਕੁਝ ਗੁਆ ਆਏ ਹਾਂ। ਧਰਮ ਦੇ ਨਾਂ ਤੇ ਹੋਣ ਲੜਾਈਆਂ ਤਕੜੇ ਕਰਦੇ ਨਿੱਤ ਚੜ੍ਹਾਈਆਂ ਝੰਡੇ ਉੱਚੇ ਕਰਕੇ ਆਪਣੇ, ਮਾੜਿਆਂ ਤਾਂਈ ਦਬਾ ਆਏ ਹਾਂ ਪਰ ਕਿੰਨਾ ਕੁਝ ਗੁਆ ਆਏ ਹਾਂ । ਕਈ ਪੜ੍ਹਾਈਆਂ ਕਰ ਗਏ ਬੱਚੇ ਅਸਲੀ ਰਾਹੋਂ ਰਹਿ ਗਏ ਕੱਚੇ ਖੂੰਜੇ ਲੱਗ ਗਏ ਬੰਦੇ ਸੱਚੇ ਵਿਰਸੇ ਦਾ ਹੈ ਭਾਂਬੜ ਮੱਚੇ ਸੱਚ ਦਾ ਸੂਰਜ ਰਲ਼-ਮਿਲ ਆਪਾਂ, ਬੱਦਲਾਂ ਹੇਠ ਛਿਪਾ ਆਏ ਹਾਂ ਹਾਏ ਕਿੰਨਾ ਕੁਝ ਗੁਆ ਆਏ ਹਾਂ।

ਗ਼ਜ਼ਲ

ਅੱਛੇ ਦਿਨ ਤਾਂ ਸਾਡੇ ਲਈ ਅਫ਼ਸਾਨੇ ਹੋ ਗਏ। ਜਿਉਂ ਰੁੱਖਾਂ ਲਈ ਪੱਤੇ ਹੀ ਬੇਗਾਂਨੇ ਹੋ ਗਏ। ਸੁਖਨਵਰ ਤਾਂ ਅਸੀਂ ਵੀ ਬਹੁਤ ਸੀ ਸਾਊ, ਇਸ਼ਕ ਤੇਰੇ ਵਿਚ ਐਪਰ ਦੀਵਾਨੇ ਹੋ ਗਏ। ਛਾਈ ਹੈ ਬਸਤੀਆਂ ਵਿਚ ਖ਼ੌਫ਼ ਦੀ ਫ਼ਿਜ਼ਾ, ਹੁਣ ਹਵਾਵਾਂ ਦੇ ਅੱਗ ਨਾਲ ਯਾਰਾਨੇ ਹੋ ਗਏ। ਦੂਰ ਹੋਣਗੇ ਛੇਤੀ ਗੁਰਬਤਾਂ ਦੇ ਗ਼ੁਬਾਰ, ਕਿੰਨੇ ਫੋਕੇ ਰਹਿਬਰਾਂ ਦੇ ਤਰਾਨੇ ਹੋ ਗਏ। ਹਰ ਗੱਲ ਤੇ ਜੋ ਕਹਿੰਦੇ ਸੀ ਵਾਰਾਂਗੇ ਜਾਨ, ਵਕਤ ਪੈਣ ਤੇ ਯਾਰ ਉਹ ਅਨਜਾਨੇ ਹੋ ਗਏ। ਟੁੱਟਿਆ ਹੈ ਦਿਲ ਜਦ ਤੋਂ ਇਸ ਦੀਵਾਨੇ ਦਾ, ਭਰੇ ਮੇਲੇ ਵੀ ਇਸ ਲਈ ਵੀਰਾਨੇ ਹੋ ਗਏ। ਇਸ਼ਕ ਮਜਾਜ਼ੀ ਨੂੰ ਰਹੇ ਦੱਸਦੇ ਇਸ਼ਕ ਹਕੀਕੀ ਜੋ, ਕਿੱਸੇ ਘਰ ‘ਚ ਹੋਏ ਤਾਂ ਕਿਉਂ ਘਬਰਾਣੇ ਹੋ ਗਏ? ਜੇ ਚੱਕ ਹੀ ਲਈ ਹੈ ਕਲਮ ਤਾਂ ਲਿਖ ਸ਼ਮੀ , ਸੱਚ ਸੁਣਿਆਂ ਨੂੰ ਕਿਉਂ ਜ਼ਮਾਨੇ ਹੋ ਗਏ।

ਸੁੱਖ ਦੁੱਖ

ਸੁਖ ਦੁਖ ਹੁੰਦਾ ਛਾਂ ਬੱਦਲ ਦੀ, ਤੁਰਗੇ ਪੀਰ ਸਿਖਾ ਕੇ। ਖਿੜੇ ਮੱਥੇ ਤੂੰ ਭੋਗ ਮਨਾ, ਲਿਆਂਦੇ ਲੇਖ ਲਿਖਾ ਕੇ। ਰੰਗ ਮਾਣ ਲੈ ਦੁਨੀਆਂ ਵਾਲੇ, ਖੁਸ਼ੀ ਤਰਾਨੇ ਗਾ ਕੇ। ਰੱਖ ਹੌਸਲਾ ਅੰਬਰ ਜਿੱਡਾ, ਕੀ ਲੈਣਾ ਘਬਰਾ ਕੇ। ਅਕਲਾਂ ਵਾਲਾ ਸੱਚਾ ਸੌਦਾ, ਮਿਲਦਾ ਧੱਕੇ ਖਾ ਕੇ। ਦੁਨੀਆਂ ਵਾਲੇ ਮਾਰਨ ਧੱਕੇ, ਰੱਖੇ ਰੱਬ ਬਚਾ ਕੇ। ਗੱਲਾਂ ਦੇ ਨਾਲ ਕਿਲੇ ਉਸਾਰੇ , ਗੱਲੀਂ ਰੱਖ ਬਚਾ ਕੇ ਸ਼ਮੀ ਵਿਚਾਰਾ ਲਾ ਕੇ ਨ੍ਹਾਰਾ, ਰੱਖਦਾ ਮਨ ਸਮਝਾ ਕੇ।

ਗੀਤ

ਗੱਲਾਂ ਵਿੱਚੋਂ ਗੱਲ ਤੁਰੇ ਬੰਦੇ ਸਾਰੇ ਚੰਗੇ ਬੁਰੇ ਆਪਣੇ ਹੀ ਰਾਹੀਂ ਤੁਰੇ ਤੁਰਿਆਂ ਨਾ ਕੋਈ ਮੁੜੇ ਪੰਧ ਨੂੰ ਮੁਕਾਈ ਜਾਂਦੇ, ਹਰ ਹਰ ਰਹਿੰਦੇ ਕਰਦੇ ਤੇਰੇ ਰਾਜ ਵਿਚ ਸੱਜਣਾ, ਏਥੇ ਗਿੱਦੜ ਕਲੋਲਾਂ ਕਰਦੇ ਉਂਝ ਤਾਂ ਨਜ਼ਾਰੇ ਬੜੇ ਲੁਕ ਲੁਕ ਸਾਰੇ ਖੜ੍ਹੇ ਨਿੱਤ ਨਵਾਂ ਚੰਦ ਚੜ੍ਹੇ ਕਾਹਦਾ ਕੋਈ ਲਿਖੇ ਪੜ੍ਹੇ ਕਿਰਪਾ ਹੈ ਬੱਸ ਰੱਬ ਦੀ ਤੇ ਰੱਬ ਆਸਰੇ ਕੰਮ ਰਹੇ ਚਲਦਾ ਤੇਰੇ ਰਾਜ ਵਿੱਚ ਸੱਜਣਾ, ਜੱਗੋਂ ਤੇਰ੍ਹਵਾਂ ਨਿਜ਼ਾਮ ਰਹੇ ਚਲਦਾ ਰੋਟੀ ਦਾ ਕੋਈ ਹਾਲ ਨਹੀਂ ਕੌਲੀਆਂ ‘ਚ ਦਾਲ਼ ਨਹੀਂ ਪੁੱਛਦਾ ਕੋਈ ਹਾਲ ਨਹੀਂ ਮਿੱਤਰਾਂ ਦੇ ਨਾਲ ਨਹੀਂ ਨਾ ਕੋਈ ਬੰਦਾ ਖੜ੍ਹਿਆ ਤੇ ਨਾ ਹੀ ਕੋਈ ਖੜ੍ਹਦਾ ਤੇਰੇ ਰਾਜ ਵਿੱਚ ਸੱਜਣਾ, ਰਹੇ ਕਾਗ਼ਜਾਂ ‘ਚ ਚੁੱਲ੍ਹਾ ਨਿੱਤ ਬਲਦਾ ਸ਼ਮੀ ਤਾਂ ਵਿਚਾਰਾ ਜਿਹਾ ਕੰਢੀ ਦਾ ਕਿਨਾਰਾ ਜਿਹਾ ਸਮਝੇ ਇਸ਼ਾਰਾ ਜਿਹਾ ਵੇਖਦਾ ਨਜ਼ਾਰਾ ਜਿਹਾ ਰਜ਼ਾ ਵਿੱਚ ਰਹਿੰਦਾ ਰਾਜ਼ੀ ਪੰਗੇ ਲੈਣੋਂ ਪਰ ਨਾ ਇਹ ਟਲ਼ਦਾ ਤੇਰੇ ਰਾਜ ਵਿੱਚ ਸੱਜਣਾ ਹਰ ਗੱਲ ਉੱਤੇ ਪੈਂਦਾ ਪੜਦਾ

ਗੀਤ

ਗੁਰੂ ਚੇਲੇ ਦਾ ਨਾਤਾ ਸੀ ਬਹੁਤ ਚੰਗਾ, ਬੜਾ ਮਿਲਦਾ ਸੀ ਮਾਣ ਸਤਿਕਾਰ ਮੀਆਂ । ਚੇਲੇ ਕਰਦੇ ਸੀ ਮਾਣ ਸਤਿਕਾਰ ਦਿਲੋਂ ਜਾਂਦੇ ਗੁਰੂ ਵੀ ਸੀ ਬਲਿਹਾਰ ਮੀਆਂ। ਵੇਲਾ ਬੀਤਿਆ ਤੇ ਦਿਨ ਬਦਲ ਗਏ, ਰਿਹਾ ਨਾਤਿਆਂ ਦਾ ਨਾਂ ਭਾਰ ਮੀਆਂ। ਭੂਏ ਚਾੜ੍ਹ ਤੇ ਮਾਪਿਆਂ ਬਾਲ ਸਾਰੇ, ਅਜੀਬ ਹੋ ਗਿਆ ਏ ਦੁਲਾਰ ਮੀਆਂ। ਘੂਰੀ ਸਹਿਣ ਨਾ ਹੁਣ ਜੁਆਕ ਭੋਰਾ ਖ਼ਬਰ ਲਵਾਂਉਂਦੇ ਵਿੱਚ ਅਖ਼ਬਾਰ ਮੀਆਂ। ਬਣ ਬੈਠੇ ਸਮਾਜ ਦੇ ਠੇਕੇਦਾਰ ਜਿਹੜੇ, ਉਹੀ ਕਰਦੇ ਨੇ ਖੱਜਲ ਖ਼ੁਆਰ ਮੀਆਂ। ਡਰੇ ਸਹਿਮੇ ਟੀਚਰ ਜਾ ਲੱਗਣ ਖੂੰਜੇ, ਛਾਪਾਮਾਰਾਂ ਦੀ ਵੇਖਣ ਜੇ ਕਾਰ ਮੀਆਂ। ਅੱਧ- ਪੜ੍ਹੇ ਅਨਪੜ੍ਹਾਂ ਦੀ ਫੌਜ ਤਿਆਰ ਹੋਈ, ਲਾਏਗੀ ਦੇਸ਼ ਦਾ ਬੇੜਾ ਪਾਰ ਮੀਆਂ। ਦਿਸ਼ਾਹੀਣ ਤਜ਼ਰਬਿਆਂ ਦੇ ਭਾਰ ਹੇਠਾਂ, ਹੋਈ ਸਿੱਖਿਆ ਹੀ ਤਾਰ ਤਾਰ ਮੀਆਂ। ਬੱਚੇ ਪਾਸ ਤੇ ਟੀਚਰ ਫ਼ੇਲ੍ਹ ਹੋ ਗਏ, ਸ਼ਮੀ ਰੁਲ਼ ਗਿਆ ਵਿੱਚ ਬਾਜ਼ਾਰ ਮੀਆਂ।

ਕਵਿਤਾ

ਕਵੀ ਦਾ ਕਮਾਲ ਵੇਖੋ, ਕਵਿਤਾ ਦੀ ਚਾਲ ਵੇਖੋ, ਪੈ ਰਹੀ ਧਮਾਲ ਵੇਖੋ, ਛਾਏ ਰਹੋ ਮਿੱਤਰੋ। ਕਰਕੇ ਤਿਆਰੀ ਯਾਰੋ, ਲਿਖਣਾ ਮਿਆਰੀ ਯਾਰੋ, ਫੁੱਲਾਂ ਦੀ ਕਿਆਰੀ ਯਾਰੋ, ਗੱਲ ਕਰੋ ਮਿੱਤਰੋ। ਕਾਲ਼ੀ ਬੋਲ਼ੀ ਰਾਤ ਆਈ, ਤਾਰਿਆਂ ਦੇ ਸਾਥ ਆਈ, ਬੁੱਲ੍ਹਾਂ ਉੱਤੇ ਬਾਤ ਆਈ, ਸੁਣੋ ਯਾਰੋ ਮਿੱਤਰੋ। ਸੱਚੀ ਕੋਈ ਬਾਤ ਛੇੜੋ ਝੂਠ ਦੀ ਬਰਾਤ ਘੇਰੋ ਜਾਗ ਜੋ ਪੰਜਾਬੀ ਸ਼ੇਰੋ ਪਿੜ ਵਿੱਚ ਨਿੱਤਰੋ। ਕਾਵਾਂ ਨੇ ਹੈ ਕੂੰਜ ਘੇਰੀ ਕਰਦੇ ਹੋ ਮੇਰੀ ਤੇਰੀ ਜਾਲਮਾਂ ਦੀ ਅੱਖ ਗਹਿਰੀ ਇੱਕ ਹੋ ਜੋ ਮਿੱਤਰੋ। ਰੌਸ਼ਨੀ ਦੀ ਬਾਤ ਛੇੜੋ ਸਾਂਭੇ ਜਜ਼ਬਾਤ ਛੇੜੋ ਰੂਹ ਵਾਲਾ ਰਾਗ ਛੇੜੋ ਚੁੱਪੀ ਤੋੜ ਮਿੱਤਰੋ ਸ਼ਮੀ ਜੇ ਨਾ ਅੱਜ ਬੋਲੇ ਦਿਲ ਵਾਲੀ ਘੁੰਡੀ ਖੋਲ੍ਹੇ ਦੱਸੋ ਫਿਰ ਕਦੋਂ ਬੋਲੇ ਬੋਲੇ ਕਦੋਂ ਮਿੱਤਰੋ।

ਹੋਕਾ

ਹੋ ਪੰਜਾਬ ਵਾਲਿਓ, ਹੋ ਗੁਲਾਬ ਵਾਲਿਓ ਵਿਰਸਾ ਬਚਾ ਲਿਓ, ਬੋਲੀ ਸੰਭਾਲਿਓ ਇਹ ਬਾਤ ਪਿਆਰੀ ਏ ਫੁੱਲਾਂ ਦੀ ਕਿਆਰੀ ਏ ਖੰਭ ਤਿਤਲੀ ਵਾਲੇ ਜੋ ਪਿੜ ਕਿੱਕਲੀ ਵਾਲੇ ਜੋ ਖੁੰਢਾਂ ਦੀ ਢਾਣੀ ਦਾ ਓਹ ਛਿੜੀ ਕਹਾਣੀ ਦਾ ਧੂਣੀ ਦੀਆਂ ਬਾਤਾਂ ਨੂੰ ਸੱਜਰੇ ਜਜ਼ਬਾਤਾਂ ਨੂੰ ਹਾਏ ਮਾਰ ਲਿਆ ਕਲਚਰ ਨੇ ਇਸ ਰੌਲ਼ੇ ਲੱਚਰ ਨੇ ਇਸ ਸ਼ੋਰ ਸ਼ਰਾਬੇ ਤੋਂ ਬੇਵਕਤ ਖ਼ਰਾਬੇ ਤੋਂ ਛੁਟਕਾਰਾ ਪਾ ਲਿਓ, ਪੰਜਾਬ ਵਾਲਿਓ ਗੱਲ ਬਹੁਤ ਨਿਆਰੀ ਏ ਅੰਬਰ ਦੀ ਉਡਾਰੀ ਏ ਅਜੇ ਕੱਲ੍ਹ ਦੀਆਂ ਗੱਲਾਂ ਨੇ ਜੋ ਮਾਰੀਆਂ ਮੱਲਾਂ ਨੇ ਜਮਨਾ ਤੋਂ ਸਿੰਧ ਤਾਈਂ ਕਾਬੁਲ ਤੋਂ ਹਿੰਦ ਤਾਂਈ ਇੱਕ ਬਾਗ ਪਿਆਰਾ ਸੀ ਇੱਕ ਪੀਂਘ ਹੁਲਾਰਾ ਸੀ ਅਣਖਾਂ ਲਈ ਲੜਿਆ ਜੋ ਇੱਜਤਾਂ ਲਈ ਅੜਿਆ ਜੋ ਹਿੱਕ ਤਾਣਕੇ ਖੜ੍ਹਿਆ ਜੋ ਪਰਚਮ ਸੀ ਚੜ੍ਹਿਆ ਜੋ ਕੁਝ ਗਿੱਦੜ ਚਾਲਾਂ ਨੇ ਸੱਤਾ ਦੇ ਦਲਾਲਾਂ ਨੇ ਵੰਡ ਕੀਤਾ ਲੀਰਾਂ ਸੀ ਰਲ਼ ਖਾਧੀਆਂ ਖੀਰਾਂ ਸੀ ਉਸ ਤਸਵੀਰ ਪੁਰਾਣੀ ਨੂੰ ਕਦੇ ਨਾ ਭੁਲਾ ਦਿਓ, ਪੰਜਾਬ ਵਾਲਿਓ.... ਹੁਣ ਹੋਰ ਹੀ ਮਸਲੇ ਨੇ ਫੁੱਲ ਕਿਸਨੇ ਮਸਲੇ ਨੇ ਗੁਰਮੁਖੀ ਪਿਆਰੀ ਤੋਂ ਫੁੱਲਾਂ ਦੀ ਕਿਆਰੀ ਤੋਂ ਮੂੰਹ ਮੋੜੀ ਬੈਠੇ ਨੇ ਅੰਗਰੇਜ਼ੀ ਹਿੰਦੀ ਨਾਲ ਸਿਰ ਜੋੜੀ ਬੈਠੇ ਨੇ ਘਰੋਂ ਕੱਢ ਕਿਤਾਬਾਂ ਨੂੰ ਫੁੱਲਦਾਨ ਲਿਆਂਦੇ ਨੇ ਕਿੱਧਰ ਨੂੰ ਜਾਣਾ ਸੀ ਕਿੱਧਰ ਨੂੰ ਜਾਂਦੇ ਨੇ ਨਸ਼ਿਆਂ ਦੀ ਦਲਦਲ ਹੈ ਕੀ ਹੁੰਦਾ ਅੱਜਕੱਲ੍ਹ ਹੈ ਕੰਮ ਮਿਲੇ ਨਾ ਦੇਸਾਂ ‘ਚ ਪੁੱਤ ਰੁਲੇ ਵਿਦੇਸ਼ਾਂ ‘ਚ ਘਰ ਸੰਨੇ – ਮਸੁੰਨੇ ਨੇ ਰਹੇ ਆਟੇ ਗੁੰਨੇ ਨੇ ਉਦਾਸੀਆਂ ਰਾਹਾਂ ਤੋਂ ਬੇਦਰਦ ਹਵਾਵਾਂ ਤੋਂ ਕੀ ਰਹਿਣਾ ਡਰ ਡਰ ਕੇ ਕੀ ਜਿਊਣਾ ਮਰ ਮਰ ਕੇ ਰੂਹਾਂ ਦੇ ਜੁਗਨੂੰ ਨੂੰ ਸੂਰਜ ਬਣਾ ਲਿਓ, ਪੰਜਾਬ ਵਾਲਿਓ......

ਜੱਲ੍ਹਿਆਂਵਾਲਾ ਬਾਗ਼

ਦੇਸ਼ ਤੇ ਆਈ ਮੁਸ਼ਕਿਲ ਭਾਰੀ ਅੰਗਰੇਜ਼ਾਂ ਨੇ ਅੱਤ ਗੁਜ਼ਾਰੀ। ਮੁਗਲਾਂ ਪਹਿਲਾਂ ਲੁੱਟੀ ਮਾਰੀ। ਦੁਖੀ ਹੋ ਗਏ ਸਭ ਨਰ ਨਾਰੀ। ਜਲ੍ਹਿਆਂ ਵਾਲਾ ਬਾਗ ਪਿਆਰਾ। ‘ਕੱਠ ਹੋ ਗਿਆ ਓਥੇ ਭਾਰਾ। ਆਜ਼ਾਦੀ ਦਾ ਚਮਕਿਆ ਤਾਰਾ। ਦੇਸ਼ ਜਗਾਉਣ ਦਾ ਗੂੰਜਿਆ ਨਾਰ੍ਹਾ। ਸੁਣ ਕੇ ਲੋਕਾਂ ਦਾ ਲਲਕਾਰਾ। ਸੁੰਨ ਹੋ ਗਿਆ ਡੈਰ ਵਿਚਾਰਾ। ਅਕਲੋਂ ਹਾਰੇ ਦੀ ਮੱਤ ਮਾਰੀ। ਖ਼ੂਨੀ ਖੇਡ ਦੀ ਕਰੀ ਤਿਆਰੀ। ਉਸ ਪਾਪੀ ਨੇ ਦੇਰ ਨਾ ਲਾਈ। ਪਲਟਨ ਭਾਰੀ ਬਾਗ ‘ਚ ਲਾਈ। ਲੋਕਾਂ ਵਿੱਚ ਮੱਚ ਗਈ ਦੁਹਾਈ । ਚੱਲ ਕੇ ਮੌਤ ਸੀ ਬੂਹੇ ਆਈ। ਵੈਰੀ ਨੇ ਕਰ ਦਿੱਤਾ ਇਸ਼ਾਰਾ। ਸ਼ੁਰੂ ਹੋ ਗਿਆ ਘੱਲੂਘਾਰਾ। ਅਰਮਾਨਾਂ ਦਾ ਪਿਆ ਖਿਲਾਰਾ। ਮੁਲਕ ਤੇ ਆਇਆ ਸੀ ਦਿਨ ਭਾਰਾ। ਤੜ ਤੜ ਤੜ ਤੜ ਬਰਸੀ ਗੋਲੀ। ਰੁਲ਼ ਗਈ ਜਨਤਾ ਆਲੀ ਭੋਲੀ । ਗੋਰਿਆਂ ਖੇਡ੍ਹੀ ਖੂਨੀ ਹੋਲੀ। ਮਿੱਟੀ ਮਿਲ ਗਏ ਝੱਗੇ ਝੋਲੀ। ਓਡਵਾਇਰ ਨੇ ਧੌਂਸ ਜਮਾ ਕੇ। ਰੱਖ ਦਿੱਤੇ ਹਿੰਦੀ ਹਿਲਾ ਕੇ। ਬੇਦੋਸ਼ਾਂ ਦਾ ਖ਼ੂਨ ਵਹਾ ਕੇ। ਕਹਿੰਦਾ ਹਿੰਦੀ ਚੁੱਪ ਕਰਾਤੇ। ਹੁਣ ਵੀ ਤਿਆਗੀ ਨਾ ਬੇਬਾਕੀ। ਜਾਰੀ ਰੱਖੀ ਟੋਕਾ ਟਾਕੀ। ਤੁਖ਼ਮ ਨੀ ਛੱਡਦਾ ਮੈਂ ਤਾਂ ਬਾਕੀ। ਮਿਟਾ ਦੂੰ ਜੱਗ ਤੋਂ ਸਾਰੇ ਆਕੀ। ਉਸ ਦੀ ਆਕੜ ਤੇ ਲਲਕਾਰਾਂ । ਹਿੰਦੁਸਤਾਨੀਆਂ ਨੂੰ ਫਿਟਕਾਰਾਂ। ਦੇਸ਼ ਦੇ ਆਗੂ ਕਰਨ ਵੀਚਾਰਾਂ। ਕਿਸਮਤ ਤੇ ਛੱਡ ਦਿੱਤੀਆਂ ਤਾਰਾਂ। ਚਿਹਰਿਆਂ ਤੋਂ ਉੱਡ ਗਿਆ ਸੀ ਹਾਸਾ । ਜੱਗ ਵਿੱਚ ਬਣਿਆ ਹਿੰਦ ਤਮਾਸ਼ਾ। ਖੁਰਿਆ ਜਿਉਂ ਜਲ ਵਿਚ ਪਤਾਸਾ। ਇੱਜਤ ਅਣਖ ਬਚੀ ਨਾ ਮਾਸਾ।

ਦੋਹਿਰਾ

ਹਰ ਪਾਸੇ ਸੀ ਛਾ ਗਿਆ, ਅਜਬ ਅੰਧ ਗੁਬਾਰ। ਬੇੜੀ ਡੋਲੇ ਦੇਸ਼ ਦੀ, ਕੌਣ ਲਗਾਵੇ ਪਾਰ?

ਬਦਲਾ

ਚਮਕਿਆ ਸੀ ਫਿਰ ਇੱਕ ਸਿਤਾਰਾ ਭਾਰਤ ਮਾਂ ਦੀ ਅੱਖ ਦਾ ਤਾਰਾ ਊਧਮ ਸਿੰਘ ਸੁਨਾਮ ਨੇ ਆ ਕੇ ਬਾਗ਼ ਦੀ ਮਿੱਟੀ ਮੱਥੇ ਲਾ ਕੇ ਬਦਲਾ ਲੈਣ ਦੀ ਕਸਮ ਸੀ ਖਾਧੀ ਹੋਇਆ ਸੀ ਫਿਰ ਉਹ ਬੈਰਾਗੀ ਖ਼ੂਨ ਦਾ ਬਦਲਾ ਲਵਾਂ ਕਰਾਰਾ ਡਾਇਰ ਨੂੰ ਜਾ ਮਾਰਿਆ ਲਲਕਾਰਾ ਮੈਂ ਨਹੀਂ ਭੁੱਲਿਆ ਖ਼ੂਨੀ ਵਾਕਾ ਜੱਲ੍ਹਿਆਂ ਵਾਲੇ ਬਾਗ ਦਾ ਸਾਕਾ ਵੀਹ ਸਾਲ ਤੱਕ ਪਿੱਛਾ ਕੀਤਾ ਅੱਜ ਬਰੂਦ ਨੂੰ ਲਾਊਂ ਪਲੀਤਾ ਦੁਸ਼ਟਾ ਤੇਰੀ ਅਲਖ਼ ਮੁਕਾ ਕੇ ਖ਼ੂਨ ਦਾ ਸਾਰਾ ਕਰਜ਼ ਚੁਕਾ ਕੇ ਤੇਰੇ ਘਰ ਵਿੱਚ ਆ ਖਲੋਤੇ ਜਾਉਂ ਉਡਾ ਕੇ ਤੇਰੇ ਤੋਤੇ ਛੇ ਰੌਂਦਾਂ ਦਾ ਖੜਕਾ ਕੀਤਾ ਘੋਗਾ ਵੈਰੀ ਦਾ ਚਿੱਤ ਕੀਤਾ ਵਾਹ ਓਇ ਸ਼ੇਰਾ ਮਰਦ ਦਲੇਰਾ ਕੌਣ ਦੇਊਗਾ ਦੇਣਾ ਤੇਰਾ ਚੁੰਮਿਆ ਰੱਸਾ ਫ਼ਾਂਸੀ ਵਾਲ਼ਾ ਤੁਰ ਗਿਆ ਸੀ ਕੌਮੀ ਪਰਵਾਨਾ ਚੇਤੇ ਰੱਖਣੀ ਇਹ ਕੁਰਬਾਨੀ ਸ਼ਹੀਦਾਂ ਦਾ ਨਾ ਕੋਈ ਸਾਨੀ

ਵਾਰ ਊਧਮ ਸਿੰਘ

ਗਰਜਿਆ ਸ਼ੇਰ ਪੰਜਾਬ ਦਾ ਲੰਡਨ ਵਿੱਚ ਲਾ ਕੇ ਸੁਣ ਓਇ ਡਾਇਰ ਪਾਪੀਆ ਤੂੰ ਆਇਆ ਕਹਿਰ ਕਮਾਕੇ ਜੱਲ੍ਹਿਆਂ ਵਾਲੇ ਬਾਗ ਵਿੱਚ ਖ਼ੂਨੀ ਫ਼ਸਲ ਉਗਾ ਕੇ ਆਪਣਾ ਬੀਜਿਆ ਵੱਢ ਲੈ ਹੁਣ ਅੱਗੇ ਆ ਕੇ ਤੂੰ ਕੀ ਸੋਚਿਆ ਜ਼ਾਲਮਾ ਤੂੰ ਹਿੰਦੀ ਡਰਾਤੇ? ਅਣਖੀ ਪੁੱਤ ਪੰਜਾਬ ਦਾ ਆਇਆ ਸੌਹਾਂ ਖਾ ਕੇ ਅਲਖ਼ ਤੇਰੀ ਨੂੰ ਗੋਰਿਆ ਅੱਜ ਜਾਊ ਮੁਕਾ ਕੇ ਭਾਂਬੜ ਸੀਨੇ ਮੱਚਦੇ ਸਭ ਜਾਉਂ ਬੁਝਾ ਕੇ ਤੂੰ ਸੀ ਮੁਲਕ ਵੰਗਾਰਿਆ ਹੱਥ ਅਣਖ ਨੂੰ ਪਾ ਕੇ ਬੱਚੇ ਬੁੱਢੇ ਔਰਤਾਂ ਤੇ ਹੱਲਾ ਕਰਵਾ ਕੇ ਹੱਸਦੇ ਵੱਸਦੇ ਘਰਾਂ ਦੇ ਦੀਵੇ ਗੁੱਲ ਕਰਾ ਕੇ ਅੱਜ ਤੈਨੂੰ ਜਾਣਾ ਦੱਸ ਕੇ ਲਲਕਾਰਾ ਲਾ ਕੇ ਬਾਈਬਲ ਅੰਦਰ ਕਾਲ਼ ਹੈ ਅੱਜ ਆਇਆ ਚੱਲ ਕੇ ਸਬਰ ਪਿਆਲਾ ਵੇਖ ਲੈ ਕਿੰਝ ਗਲ਼ ਤਕ ਛਲਕੇ ਬੰਦੇਖਾਣੀ ਕੱਢ ਲਈ ਪਰਦਾ ਖਿਸਕਾ ਕੇ ਛਾਤੀ ਕੀਤੀ ਛਾਲਣੀ ਛੇ ਫ਼ਾਇਰ ਚਲਾ ਕੇ ਖ਼ਾਲੀ ਕਰਕੇ ਰੱਖਤਾ ਪਸਤੌਲ ਚਲਾ ਕੇ ਇਨਕਲਾਬ ਦੇ ਨਾਹਰਿਆਂ ਨਾਲ਼ ਹਾਲ ਗੂੰਜਾ ਕੇ ਝੰਡਾ ਉੱਚਾ ਕਰ ਗਿਆ ਗਲ਼ੋਂ ਗ਼ੁਲਾਮੀ ਲਾਹ ਗਿਆ ਸਾਰਾ ਦੇਸ਼ ਜਗਾ ਕੇ ਯੋਧਾ ਪਾ ਗਿਆ ਪੂਰਨੇ ਜਿੰਦ ਲੇਖੇ ਲਾ ਕੇ ਸ਼ਮੀ ਕਹਿੰਦਾ ਚੇਤੇ ਰੱਖਿਓ ਉਹਦੀਆਂ ਵਾਰਾਂ ਗਾ ਕੇ

ਗੀਤ

ਖੋਤਾ ਘੋੜਾ ਇੱਕੋ ਰੱਸੇ, ਬੱਲੇ ਵਣਜ ਵਪਾਰੀ ਦੇ। ਰੁਲ਼ਦੀ ਜਾਂਦੀ ਲੀਹੋਂ ਲੱਥ ਕੇ, ਚੱਕਰ ਸਰਕਾਰੀ ਦੇ ਅਫ਼ਸਰ ਏਦਾਂ ਛਾਪੇ ਮਾਰਨ, ਜਿਉਂ ਚੋਰ ਨੇ ਤਾੜੀਦੇ ਵਾਹ ਵਾਹ ਰੰਗ ਨਿਆਰੇ ਲੋਕੋ ਵਿੱਦਿਆ ਵਿਚਾਰੀ ਦੇ ਫੇਲ੍ਹ ਪਾਸ ਦਾ ਮੁੱਕਿਆ ਰੌਲ਼ਾ, ਸਾਰੇ ਪਾਰ ਉਤਾਰੀਦੇ ਖੇਡ ਬਣ ਗਿਆ ਪੜ੍ਹਨ-ਪੜ੍ਹਾੳਣਾ, ਐਵੇਂ ਮੱਥੇ ਮਾਰੀਦੇ ਲੀਡਰ ਏਦਾਂ ਬੰਦੇ ਚਾਰਨ, ਜਿੱਦਾਂ ਡੰਗਰ ਚਾਰੀਦੇ ਵਾਹ ਵਾਹ ਰੰਗ ਨਿਆਰੇ ਲੋਕੋ ਸਿੱਖਿਆ ਵਿਚਾਰੀ ਦੇ ਤਾੜੀ ਮਾਰ ਵਧਾ ਲੈਂਦੇ ਲੀਡਰ ਤਨਖਾਹਾਂ ਨੂੰ ਮਜਦੂਰਾਂ ਦੀ ਵਾਰੀ ਪਰ ਇਹ ਕਰਨ ਸਲਾਹਾਂ ਨੂੰ ਲੋਕਾਂ ਲਈ ਨੇ ਛੱਡ ਦਿੰਦੇ, ਰਸਤੇ ਖੁਆਰੀ ਦੇ ਵਾਹ ਵਾਹ ਰੰਗ ਨਿਆਰੇ ਲੋਕੋ ਜਨਤਾ ਵਿਚਾਰੀ ਦੇ ਪੜ੍ਹੇ ਲਿਖਿਆਂ ਦੀ ਵਿਹਲੀ ਰਹਿਗੀ, ਵੱਡੀ ਢਾਣੀ ਏ ਬੱਸ ਗਰੀਬਾ ਤੇਰੀ ਰਹਿਣੀ, ਏਹੀ ਕਹਾਣੀ ਏ ਆਪੇ ਕੰਢੇ ਬਹਿ ਕੇ ਸ਼ਮੀ, ਲੋਕ ਨੀ ਤਾਰੀਦੇ ਵਾਹ ਵਾਹ ਰੰਗ ਨਿਆਰੇ ਲੋਕੋ ਵਿੱਦਿਆ ਵਿਚਾਰੀ ਦੇ

ਗ਼ਜ਼ਲ

ਪਾਰਦਰਸ਼ਤਾ ਵਾਲਾ ਸੁਪਨਾ ਹਰ ਭਾਰਤਵਾਸੀ ਵੇਖ ਰਿਹਾ ਹੈ ਸੁਪਨਾ ਸੱਚ ਕਰਾਉਣ ਦੇ ਨਾਂ ਤੇ, ਹਰ ਕੋਈ ਰੋਟੀ ਸੇਕ ਰਿਹਾ ਹੈ ਸੜਕਾਂ ਉੱਤੇ ਰੁਲ਼ਦੇ ਫ਼ਿਰਦੇ ਬੰਦਿਆਂ ਵਰਗੇ ਕਿੰਨੇ ਪਰਛਾਵੇਂ, ਏਨ੍ਹਾਂ ਨੂੰ ਤਾਂ ਰੱਬ ਵੀ ਜਾਪੇ ਆਪਣੇ ਨਾਲੋਂ ਛੇਕ ਰਿਹਾ ਹੈ ਧੋਖੇ ਧੱਕੇ ਨਾਸ਼ੁਕਰਾਂ ਤੋਂ ਹਰਦਮ ਖਾਂਦਾ ਫ਼ਿਰਦਾ ਹੈ ਉਹ ਫ਼ਿਰ ਵੀ ਵੇਖੋ ਰੰਗ ਨਾ ਬਦਲੇ ਬੰਦਾ ਕਿੰਨਾ ਨੇਕ ਰਿਹਾ ਹੈ ਕਾਹਦਾ ਰਹਿਬਰ ਗਿਰਗਿਟ ਵਾਗੂੰ ਅੱਜਕੱਲ੍ਹ ਰੰਗ ਨਾ ਬਦਲੇ ਜੋ ਗੋਰਖਧੰਦਾ ਮਤਲਬਖੋਰਾਂ ਦਾ ਚਲਦਾ ਬਿਨਾ ਬਰੇਕ ਰਿਹਾ ਹੈ ਚਾਰ ਮੌਸਮਾਂ ਵਾਲਾ ਲਾਰਾ ਕੈਲੰਡਰ ਨੇ ਵੀ ਲਾ ਛੱਡਿਆ ਹੈ ਉਸ ਤੇ ਫੋਟੋ ਲੱਗੀ ਰੱਬ ਦੀ, ਬੰਦਾ ਮੱਥੇ ਟੇਕ ਰਿਹਾ ਹੈ ਅੱਡੀਆਂ ਚੱਕ ਚੱਕ ਕਰੇ ਉਡੀਕਾਂ ਸਾਵਣ ਆਉਣ ਦੀਆਂ ਵੇਖੋ ਭੋਲ਼ਾ ਪੰਛੀ ਕਿੰਨਾ ਪਿਆਰਾ ਸੁਪਨਾ ਵੇਖ ਰਿਹਾ ਹੈ ਰਸਮਾਂ ਵਾਗੂੰ ਬਾਗ਼ ਦੇ ਰਾਖੇ ਬੋਝਾ ਢੋਂਦੇ ਫ਼ਰਜਾਂ ਦਾ, ਸ਼ਮੀ ਨੇ ਕੀ ਕਰਨਾ ਇੱਥੇ, ਉਹ ਵੀ ਬੈਠਾ ਵੇਖ ਰਿਹਾ ਹੈ

ਸ਼ਾਇਰ

ਲੋਕੀ ਅਕਸਰ ਪੁੱਛਦੇ,ਸ਼ਾਇਰਾਂ ਨੂੰ ਸਵਾਲ ਦੱਸੋ ਕੀ ਹੋ ਲੱਭਦੇ, ਕੀ ਰਹੇ ਹੋ ਭਾਂਲ? ਕਿਹੜੀ ਖੱਟੀ ਖੱਟਦੇ, ਕੈਸਾ ਇਹ ਵਿਓਪਾਰ ਪੜ੍ਹਨਾ ਲਿਖਣਾ ਜਾਪਦਾ, ਸਾਨੂੰ ਤਾਂ ਦੁਸ਼ਵਾਰ ਮਸਾਂ ਸਕੂਲੋਂ ਛੁੱਟਿਆ, ਸਾਡਾ ਖਹਿੜਾ ਯਾਰ ਕਿਤਾਬ ਕਬਾੜੀ ਵੇਚ ਕੇ ਪੈਸੇ ਵੱਟੇ ਚਾਰ ਚੰਬੜੇ ਨਾਲ ਕਲਮ ਦੇ, ਲਿਖਦੇ ਕੀ ਕਲਾਮ? ਦੱਸ ਓਇ ਸ਼ਾਇਰ ਦੋਸਤਾ, ਤੂੰ ਕਾਹਤੋਂ ਬਦਨਾਮ? ਕਮਲ਼ੇ ਲੋਕ ਨ ਜਾਣਦੇ, ਉਲਝੇ ਵਿਚ ਸਵਾਲ ਕਲਮ ਦੇ ਰਾਹੀ ਮਸਤ ਨੇ, ਤੁਰਦੇ ਆਪਣੀ ਚਾਲ ਐਸੇ ਅੱਥਰੇ ਵੇਗ ਇਹ, ਕਿਤੋਂ ਨ ਮਿਲਦੇ ਮੁੱਲ ਮਨ ਦੇ ਵਿਹੜੇ ਖਿੜਦੇ, ਰੰਗ ਬਰੰਗੇ ਫੁੱਲ ਸ਼ਾਇਰ ਜਿੱਥੇ ਬੈਠਦੇ, ਮਿਲਕੇ ‘ਕੱਠੇ ਚਾਰ ਉਹ ਵਿਹੜਾ ਮਹਿਕਣ ਲਗਦਾ, ਖਿੜਦੀ ਹੋਰ ਬਹਾਰ ਸ਼ਮੀ ਆਖੇ ਦੋਸਤੋ, ਕਰਨੇ ਕੀ ਤਕਰਾਰ ਮਨ ਦੀ ਮੌਜ ਕਮਾਲ ਹੈ, ਜੋ ਸਿਖਾਏ ਪਿਆਰ

ਗ਼ਜ਼ਲ

ਇੱਕ ਦੂਜੇ ਦੀ ਛਾਵੇਂ ਗੂੜ੍ਹੇ ਪਿਆਰ ਦੀਆਂ ਤੇਰੀਆਂ ਗੱਲਾਂ ਸੱਜਣਾ ਸੀਨਾ ਠਾਰਦੀਆਂ ਵੇਖ ਮੁਸੀਬਤ ਲੋਕਾਂ ਦੀ ਮਨ ਕੰਬਦਾ ਨਾ ਸੰਗ ਦਿਲਾਂ ਨੂੰ ਨਦੀਆਂ ਵੀ ਕਦ ਤਾਰਦੀਆਂ ਤਵੀਆਂ ਛਵ੍ਹੀਆਂ ਤੋਪਾਂ ਤੇਗਾਂ ਆਰਿਆਂ ਦੀ ਈਨ ਨਾ ਮੰਨਣ ਕੌਮਾਂ ਜੇਕਰ ਠਾਣਦੀਆਂ ਤਿਤਲੀ ਭੌਰੇ ਪੌਣਾਂ ਨੂੰ ਕੀ ਖ਼ਬਰਾਂ ਨੇ ਕਿੰਨੀਆਂ ਡੂੰਘੀਆਂ ਸਾਝਾਂ ਫ਼ੁੱਲ ਤੇ ਖ਼ਾਰ ਦੀਆਂ ਰਿਸ਼ਤੇ ਨਾਤੇ ਬੇਮੌਸਮ ਬੇਜਾਨ ਜਿਹੇ ਗੱਲਾਂ ਹੀ ਨੇ ਬਾਕੀ ਰਸਮ ਨਿਭਾਣ ਦੀਆਂ ਚਾਅ ਚੜ੍ਹਦਾ ਸੀ ਬੂਹੇ ਵੇਖ ਕੇ ਸੱਜਣਾਂ ਨੂੰ ਪੁੱਛਦੇ ਹਾਂ ਹੁਣ ਆਪ ਤਰੀਕਾਂ ਜਾਣ ਦੀਆਂ ਫੱਟੜ ਲੋਕਾਂ ਨੂੰ ਕੋਈ ਅੱਜਕੱਲ੍ਹ ਚੱਕਦਾ ਨਾ ਦੌੜਾਂ ਨੇ ਬੱਸ ਫੋਨਾਂ ਤੇ ਫਿਲਮਾਣ ਦੀਆਂ ਕਲਮਕਾਰ ਵੀ ਸ਼ਮੀ ਮੂੰਹ ਲੁਕਾ ਛੱਡਦੇ ਪੈ ਜਾਣ ਲੋੜਾਂ ਜੇਕਰ ਸੱਚ ਸੁਨਾਣ ਦੀਆਂ

ਸਾਂਈਆਂ ਵੇ

ਸਾਂਈਆਂ ਵੇ ਤੇਰੇ ਸੰਗ ਲਾਈਆਂ ਵੇ ਤੇਰੇ ਦਰ ਆਈਆਂ ਵੇ ਤੋੜੇ ਨਾਤੇ ਜੱਗ ਦੇ ਮੈਂ ਝੂਠੇ ਸੱਚੇ ਯੱਭ ਦੇ ਮੈਂ ਵੇਖੇ ਰੂਪ ਸਭ ਦੇ ਮੈਂ ਸੋਹਣੇ ਬਣ ਠੱਗਦੇ ਮੈਂ ਬੜਾ ਦੁਖ ਪਾਇਆ, ਝੱਲੀਆਂ ਜੁਦਾਈਆਂ ਵੇ ਸਾਂਈਆਂ ਵੇ... ਤੈਨੂੰ ਲੱਭਣਾ ਸੌਖਾ ਨਾਹ ਕਿਹੜਾ ਘਰ ਜਾਂਦਾ ਰਾਹ ਕਿਉਂ ਸਾਰ ਨੀ ਲੈਂਦਾ ਆ ਤੀਰ ਹਿਜ਼ਰ ਦਾ ਲੱਗਿਆ ਆ ਕਾਹਤੋਂ ਚਿਰ ਲਾਇਆ, ਫ਼ੜ ਹੁਣ ਬਾਹੀਂਆਂ ਵੇ ਸਾਂਈਆਂ ਵੇ.... ਮਨ ਕਿਤੇ ਲਗਦਾ ਈ ਨਹੀਂ ਤਨ ਕਿਸੇ ਕੰਮ ਦਾ ਈ ਨਹੀਂ ਜੇ ਤੂੰ ਮੈਨੂੰ ਦਿਸਦਾ ਈ ਨਹੀਂ ਸ਼ਮੀ ਚੈਨ ਮਿਲਦਾ ਈ ਨਹੀਂ ਦਰਸ ਦਿਖਾ ਵੀ ਹੁਣ , ਛੱਡ ਮਨਆਈਆਂ ਵੇ ਸਾਂਈਆਂ ਵੇ......

ਕੁੰਡਲੀਏ

ਪੱਲਿਓਂ ਪੈਸੇ ਖ਼ਰਚ ਕੇ, ਅਜਕੱਲ੍ਹ ਛਪੇ ਕਿਤਾਬ ਲਿਖੇ ਛਪੇ ਜਾਂ ਚੁਪ ਰਹੇ, ਸ਼ੰਮੀ ਕਰੇ ਹਿਸਾਬ ਸ਼ੰਮੀ ਕਰੇ ਹਿਸਾਬ, ਕਿਉਂ ਤੂੰ ਲੈ ਲਿਆ ਪੰਗਾ ਲਿਖਣ ਪੜ੍ਹਨ ਦੇ ਸ਼ੌਕ ਨੇ, ਕਰ ਛੱਡਿਆ ਏ ਕੰਘਾ ਐਪਰ ਸ਼ੌਕ ਨਿਰਾਲਾ, ਰੂਹ ਹੋ ਗਈ ਰਾਜ਼ੀ ਲੋਕਾਂ ਨੂੰ ਕੀ ਕਰਨਾ , ਰੱਖਣਾ ਰਾਂਝਾ ਰਾਜੀ ਜੈਸੀ ਦੁਨੀਆਂ ਹੋ ਗਈ, ਤੈਸਾ ਹੋਇਆ ਰੱਬ ਵੇਖੇ ਰੰਗ ਜਹਾਨ ਦੇ, ਸਾਰੇ ਵੇਖੇ ਯੱਭ ਸਾਰੇ ਵੇਖੇ ਯੱਭ, ਕਿੰਨੇ ਪਏ ਖ਼ਿਲਾਰੇ ਲੈ ਕੇ ਰੱਬ ਦਾ ਨਾਂ, ਕਿੰਝ ਬੇਦੋਸ਼ੇ ਮਾਰੇ ਭਟਕੇ ਸੱਚੇ ਰਾਹੋਂ, ਘਰ ਘਾਟ ਗਵਾਏ ਤੌਬਾ ਕੀਤੀ ਰੱਬ, ਹੱਥ ਕੰਨਾਂ ਨੂੰ ਲਾਏ ਜੋਤਿਸ਼ ਲਾ ਕੇ ਵੇਖਿਆ, ਜਾਗਣ ਚੰਗੇ ਭਾਗ ਕਦ ਰੁੱਤ ਆਉ ਸੁਹਾਵਣੀ, ਲੱਗੇ ਸੁਰੀਲਾ ਰਾਗ ਲੱਗੇ ਸੁਰੀਲਾ ਰਾਗ, ਇੱਕ ਸੁਪਨਾ ਰਹਿ ਗਿਆ ਕੱਖੋਂ ਹੌਲੇ ਹੋਗੇ, ਲੁੱਟ ਪਾਂਡਾ ਲੈ ਗਿਆ ਹੱਕ ਸੱਚ ਦੇ ਰਾਹ ਨੇ ਬੜੀ ਮਿਹਨਤ ਵਾਲੇ ਸ਼ਾਟਕੱਟ ਦੇ ਗੇੜ ਦੇ ਸਭ ਨੇ ਘਾਲ਼ੇ ਮਾਲ਼ੇ ਮਾਂ ਬੋਲੀ ਦੇ ਨਾਮ ਤੇ, ਠੱਗੀਆਂ ਮਾਰਨ ਲੋਕ ਫੇਸਬੁੱਕ ਦੇ ਜਾਲ ਵਿੱਚ, ਕੁੰਡੀਆਂ ਪਾਉਂਦੇ ਲੋਕ ਕੁੰਡੀਆਂ ਪਾਉਂਦੇ ਲੋਕ, ਤੇ ਕਰਦੇ ਘਾਲੇ -ਮਾਲੇ ਗੁਰਮੁਖੀ ਤੋਂ ਸ਼ਾਹਮੁਖੀ ਦੇ, ਹੋਏ ਖੇਡ ਨਿਰਾਲੇ । ਠੱਗੀ ਠੋਰੀ ਮਾਰਕੇ, ਪਾਰ ਲਗਾਉਂਦੇ ਨੱਈਆ ਸ਼ਮੀ ਯਾਰਾ ਵੇਖ ਲੈ, ਹੁੰਦੀ ਤਾ-ਤਾ ਥੱਈਆ ਕਰਨ ਪੜ੍ਹਾਈਆਂ ਦੱਬ ਕੇ, ਬੱਚੇ ਸਾਰਾ ਸਾਲ। ਸਾਲ ਬਾਅਦ ਜਾ ਬੈਠਦੇ, ਵਿੱਚ ਪ੍ਰੀਖਿਆ ਹਾਲ। ਵਿੱਚ ਪ੍ਰੀਖਿਆ ਹਾਲ, ਕਿੰਨੇ ਪੈ ਜਾਂਦੇ ਪੰਗੇ। ਤਿੰਨ ਘੰਟੇ ਲਈ ਸਾਰੇ, ਬੱਸ ਰਹਿੰਦੇ ਨੇ ਟੰਗੇ। ਫੇਲ੍ਹ ਪਾਸ ਦਾ ਚੱਕਰ ਬਣ ਪੱਖਾ ਸਿਰ ਘੁੰਮੇ। ਕਰਮਾਂ ਵਾਲਾ ਵਿਰਲਾ, ਸ਼ਮੀ ਏਸ ਚੱਕਰ ‘ਚੋਂ ਲੰਘੇ। ਅੱਠ ਜਮਾਤਾਂ ਪੜ੍ਹ ਗਏ, ਕੋਈ ਨਾ ਹੋਵੇ ਫੇਲ੍ਹ। ਨੌਵੀਂ ਦਸਵੀਂ ਅੜ ਗਏ, ਵਿਗੜੇ ਐਸਾ ਖੇਲ੍ਹ। ਵਿਗੜੇ ਐਸਾ ਖੇਲ੍ਹ, ਤੇ ਉੱਡ ਜਾਂਦੇ ਤੋਤੇ। ਇੱਕੋ ਰੱਸੇ ਬੰਨ੍ਹ ਲਏ, ਕਿਸ ਨੇ ਘੋੜੇ ਖੋਤੇ । ਕੈਸੀ ਸਿੱਖਿਆ ਦੇ ਰਹੇ, ਦੇਸ਼ ਦੇ ਨੀਤੀ ਘਾੜੇ । ਸ਼ਮੀ ਸਮਝ ਨਾ ਆਵੇ , ਜੋ ਪੈ ਗਏ ਪੁਆੜੇ। ਡਿਗਰੀ ਪੂਰੀ ਕਰ ਲਈ, ਵੇਖ ਪੁਸਤਕਾਂ ਢੇਰ । ਐਸਾ ਖਹਿੜਾ ਛੱਡਿਆ, ਮੁੜ ਨਾ ਤੱਕਿਆ ਫੇਰ। ਮੁੜ ਨਾ ਤੱਕਿਆ ਫੇਰ, ਸੱਦ ਲਿਆ ਰੱਦੀ ਵਾਲਾ। ਸਭ ਕਿਤਾਬਾਂ ਵੇਚੀਆਂ, ਲੈ ਕੇ ਸਾਹ ਸੁਖਾਲਾ । ਪੜ੍ਹਨਾ – ਲਿਖਣਾ ਛੱਡ ਕੇ, ਨਿਰੇ ਨੋਟ ਹੀ ਛਾਪੇ। ਮਾੜੇ ਢੱਗੇ ਵਾਂਗ ਸ਼ਮੀ, ਕਰਦਾ ਰਿਹਾ ਸਿਆਪੇ। ਨਕਲ ਅਮਰ ਹੈ ਦੋਸਤਾ , ਕੋਈ ਨਾ ਸਕੇ ਮਾਰ। ਇਸ ਦੇ ਤਾਰੇ ਤਰ ਗਏ, ਡੁੱਬਦੇ ਨਾ ਮੰਝਧਾਰ । ਡੁੱਬਦੇ ਨਾ ਮੰਝਧਾਰ ,ਜਾ ਲੱਗਦੇ ਨੇ ਕੰਢੇ। ਰੱਖਣ ਪੜ੍ਹਾਕੂ ਖ਼ਾਰ ,ਅਖੇ ਕੀ ਗੱਡਣੇ ਝੰਡੇ । ਐਪਰ ਸ਼ਮੀ ਵੇਖ, ਕਿੰਝ ਪੈ ਜਾਂਦੇ ਨੇ ਪੰਗੇ। ਲੰਬੀ ਰੇਸ ਨੂੰ ਜਿੱਤਦੇ, ਪਾੜ੍ਹੇ ਹੀ ਲਾਉਣ ਦੁੜੰਗੇ। ਸਵਰਗ ਲੋਕ ਦੇ ਦੇਵਤੇ, ਬੈਠੇ ਡਾਢੇ ਦੂਰ। ਲੈ ਕੇ ਬਲੀਆਂ ਮੁੱਕਰੇ, ਕਹਿੰਦੇ ਕਿਹੜੀ ਹੂਰ? ਕਹਿੰਦੇ ਕਿਹੜੀ ਹੂਰ, ਕਿਹੜੀ ਹੈ ਦਾਰੂ ਏਥੇ? ਸਭ ਰਹਿਮਤਾਂ ਰੋਲ਼, ਦੇਣਾ ਕੀ ਝਾੜੂ ਏਥੇ? ਉਮਰ ਅਜਾਈਂ ਗਾਲ਼ ਆਪਣੀ ਜੂਨ ਗਵਾਈ । ਚੰਗੇ ਦਿਨ ਦੀ ਭਾਲ, ਸ਼ਮੀ ਦੀ ਸੁਰਤ ਗਵਾਈ। ਪੱਗਾਂ ਕੇਸਰੀ ਬੰਨ੍ਹ ਕੇ, ਚੱਲੇ ਢਾਣੀ ਬੰਨ੍ਹ। ਭਗਤ ਸਿੰਘ ਦੀ ਸੋਚ ਨੂੰ, ਲਾਉਣੇ ਚਾਰ ਚੰਨ। ਲਾਉਣੇ ਚਾਰ ਚੰਨ, ਲਗਾ ਕੇ ਉੱਚੇ ਨਾਰ੍ਹੇ। ਭਾਸ਼ਣ ਵੱਡੇ ਝਾੜ, ਫੜ ਲੈਂਦੇ ਨੇ ਤਾਰੇ। ਪਰ ਉਸ ਦੇ ਕਰਮ ਦਾ, ਇਹ ਨਾ ਬਣਦੇ ਹਾਣੀ । ਸ਼ਮੀ ਫੋਕੇ ਨਕਲਚੀ, ਬਸ ਦੁਹਰਾਉਣ ਕਹਾਣੀ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸਮਰਜੀਤ ਸਿੰਘ ਸ਼ਮੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ