Dholia Ve Dholia : Shiv Kumar Batalvi

ਢੋਲੀਆ, ਵੇ ਢੋਲੀਆ : ਸ਼ਿਵ ਕੁਮਾਰ ਬਟਾਲਵੀ

ਢੋਲੀਆ, ਵੇ ਢੋਲੀਆ !
ਓ ਮੇਰੇ ਬੇਲੀਆ !!
ਇਕ ਡੱਗਾ ਢੋਲ ਤੇ ਲਾਂਦਾ ਜਾ
ਮੇਰਾ ਸੁਤੜਾ ਦੇਸ਼ ਜਗਾਂਦਾ ਜਾ ।

ਸਾਰੀ ਦੁਨੀਆਂ ਜਾਗੀ
ਮੇਰੇ ਦੇਸ਼ ਨੂੰ ਨੀਂਦਰ ਆਈ
ਪੱਛੜੀ ਸਾਡੀ ਹਾੜੀ-ਸਾਉਣੀ
ਪਛੜੀ ਬਾਰ-ਬਿਆਈ
ਸੁਪਨੇ ਵਰਗੀ ਧਰਤੀ ਸਾਡੀ
ਫਿਰਦੀ ਹੈ ਕੁਮਲਾਈ ।

ਤੂੰ ਧਰਤੀ ਦੇ ਜਾਇਆਂ ਨੂੰ
ਇਕ ਸਾਵਾ ਗੀਤ ਸੁਣਾਂਦਾ ਜਾ
ਇਕ ਡੱਗਾ ਢੋਲ ਤੇ ਲਾਂਦਾ ਜਾ
ਮੇਰਾ ਸੁਤੜਾ ਦੇਸ਼ ਜਗਾਂਦਾ ਜਾ ।

ਜਾਗੇ ਮਿੱਟੀ, ਜਾਗਣ ਫ਼ਸਲਾਂ
ਜਾਗਣ ਹਾਲੀ ਪਾਲੀ
ਜਾਗਣ ਮੇਰੇ ਲਾਖੇ ਕਾਲੇ
ਜਾਗੇ ਹੱਲ ਪੰਜਾਲੀ
ਜਾਗੇ ਮੇਰੇ ਸਿੱਟਿਆਂ ਦੇ ਵਿਚ
ਨਵੀਂ ਕੋਈ ਹਰਿਆਲੀ ।

ਤੂੰ ਧਰਤੀ ਦਾ ਚੱਪਾ ਚੱਪਾ
ਸੁਹਣਾ ਸਵਰਗ ਬਣਾਂਦਾ ਜਾ
ਇਕ ਡੱਗਾ ਢੋਲ ਤੇ ਲਾਂਦਾ ਜਾ
ਮੇਰਾ ਸੁਤੜਾ ਦੇਸ਼ ਜਗਾਂਦਾ ਜਾ ।

ਜਾਗੇ ਅੱਜ ਧਰਤੀ ਦਾ ਵਾਰਿਸ
ਜਾਗੇ ਖੇਤ ਦਾ ਰਾਣਾ
ਕਹਿ ਧਰਤੀ ਦੇ ਜਾਇਆਂ ਨੂੰ
ਕੋਈ ਛੋਹਣ ਗੀਤ ਸੁਹਾਣਾ
ਮਿੱਟੀ ਦੇ ਵਿਚ ਸੂਝ ਰਲਾ ਕੇ
ਬੀਜੋ ਦਾਣਾ ਦਾਣਾ ।

ਨਵੇਂ ਯੁੱਗ ਦੀ ਨਵੀਂ ਚੇਤਨਾ
ਮੱਥੇ ਨਾਲ ਛੁਹਾਂਦਾ ਜਾ
ਇਕ ਡੱਗਾ ਢੋਲ 'ਤੇ ਲਾਂਦਾ ਜਾ
ਮੇਰਾ ਸੁਤੜਾ ਦੇਸ਼ ਜਗਾਂਦਾ ਜਾ ।

ਇਹ ਮਿੱਟੀ ਸਾਡੇ ਲੱਖ ਸ਼ਹੀਦਾਂ
ਲਹੂਆਂ ਵਿਚ ਹੰਘਾਲੀ
ਇਸ ਮਿੱਟੀ ਲਈ ਲੱਖ ਜਵਾਨਾਂ
ਸਿਰ ਦੀ ਹੋਲੀ ਬਾਲੀ
ਇਸ ਮਿੱਟੀ ਦੀ ਨਾਲ ਮੋਤੀਆਂ
ਭਰਨੀ ਝੋਲ ਹੈ ਖ਼ਾਲੀ ।

ਇਸ ਮਿੱਟੀ ਨੂੰ ਦੇਸ਼ ਵਾਸੀਆ
ਹਰਦਮ ਸੀਸ ਨਿਵਾਂਦਾ ਜਾ
ਇਕ ਡੱਗਾ ਢੋਲ 'ਤੇ ਲਾਂਦਾ ਜਾ
ਮੇਰੇ ਸੁਤੜੇ ਖੇਤ ਜਗਾਂਦਾ ਜਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ