ਧਰਤੀ ਵਿੱਚੋਂ ਕਸ਼ੀਦੇ ਦਰਦ ਦੀ ਗਾਥਾ ਹੈ ਹਰਵਿੰਦਰ ਦੀ ਕਾਵਿ ਪੁਸਤਕ “ਪਾਣੀ ਦਾ ਜਿਸਮ” : ਗੁਰਭਜਨ ਗਿੱਲ
ਹਰਵਿੰਦਰ ਦੀਆਂ ਕਵਿਤਾਵਾਂ ਪੜ੍ਹਦਿਆਂ ਹਰ ਵਾਰੀ ਇਹੀ ਮਹਿਸੂਸ ਹੁੰਦਾ ਹੈ ਕਿ ਅਸਲ ਸ਼ਾਇਰੀ ਧਰਤੀ ਤੇ ਵੱਸਦੇ ਲੋਕਾਂ ਦੇ ਹੌਕਿਆਂ, ਹਾਵਿਆਂ, ਉਦਰੇਂਵਿਆਂ ਤੇ ਖੁਸ਼ੀਆਂ ਚਾਵਾਂ ਦੀ ਕਾਮਨਾ ਦਾ ਅਨੁਵਾਦ ਹੈ। ਕਵਿਤਾ - ਸ਼ੁਭ ਚਿੰਤਨ ਕਰਦੀ ਕਲਮ ਵਿੱਚੋਂ ‘ਸ਼ੁਭ ਕਰਮਨ’” ਕਸ਼ੀਦ ਕੇ ਕਾਗਜ਼ਾਂ ਨੂੰ ਪਰੋਸਦੀ ਹੈ ਜੋ ਭਵਿੱਖ ਪੀੜ੍ਹੀਆਂ ਨੂੰ ਅੱਗੇ ਸੌਂਪ ਦਿੰਦੀ ਹੈ।
ਚੰਡੀਗੜ੍ਹ ਵੱਸਦਾ ਹਰਵਿੰਦਰ ਦੋ ਢਾਈ ਦਹਾਕੇ ਪਹਿਲਾਂ ਆਪਣੀ ਕਾਵਿ ਕਿਤਾਬ ‘ਗੁਲਾਬਾਸੀ’ ਰਾਹੀਂ ਮੈਨੂੰ ਮਿਲਿਆ।
ਉਸ ਕਿਤਾਬ ਨੂੰ ਪੜ੍ਹਨਾ ਮੇਰੇ ਲਈ ਸੁਭਾਗ ਜਿਹਾ ਅਹਿਸਾਸ ਸੀ। ਮਗਰੋਂ ਦੂਜੀ ਕਿਤਾਬ ਪੜ੍ਹੀ ‘ਪੰਜ ਨਦੀਆਂ ਦਾ ਗੀਤ’ ਵਿੱਚ ਤਾਂ ਹੋਰ ਵੀ ਡੂੰਘੇ ਪਾਣੀਆਂ ਦਾ ਤਾਰੂ ਲੱਗਿਆ। ਉਸਦੇ ਫ਼ਿਕਰਾਂ ਵਿੱਚ ਲੋਕਾਈ ਅਤੇ ਪੰਜਾਬ ਦੀ ਮਿੱਟੀ ਬਾਰੇ ਚਿੰਤਾ ਵੀ ਹੈ ਚਿੰਤਨ ਵੀ। ਪੰਜਾਬੀ ਯੁਨੀਵਰਸਟੀ ਪਟਿਆਲਾ ਦੇ ਅਰਥਸ਼ਾਸ਼ਤਰ ਵਿਭਾਗ ਤੋਂ ਪੋਸਟ ਗ੍ਰੈਜੂਏਸ਼ਨ ਕਰਕੇ ਉਹ ਪੰਜਾਬ ਸਰਕਾਰ ਦੇ ਯੋਜਨਾਬੰਦੀ ਵਿਭਾਗ ਵਿੱਚ ਉੱਚ ਅਧਿਕਾਰੀ ਰਿਹਾ ਹੈ ਪਰ ਉਸਨੇ ਬਹੁਤੇ ਅਧਿਕਾਰੀਆਂ ਵਾਂਗ ਅੰਬਰ-ਸੁਪਨੇ ਨਹੀਂ ਵੇਖੇ, ਨਾ ਹੀ ਵਿਖਾਏ ਹਨ । ਹਮੇਸ਼ਾ ਧਰਤੀ ਵੱਲ ਹੀ ਵੇਖਿਆ ਹੈ। ਇਸੇ ਕਰਕੇ ਉਸਦੀ ਸ਼ਾਇਰੀ ਵੀ ‘ਗਗਨਮੁਖੀ’ ਨਹੀਂ ਬਲਕਿ ‘ਧਰਤੀਮੁਖੀ’ ਹੈ। ਕੱਚੇ ਰਾਹਾਂ ਤੇ ਤੁਰਦਿਆਂ ਸਰੀਰ ਤਾਂ ਪੂਰੇ ਵਿਸ਼ਵ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ ਪਰ ਰੂਹ ਸੱਜਣਾ ਦੇ ਡੇਰੇ ਤੇ ਹੀ ਰਹਿੰਦੀ ਹੈ। ਇਹੀ ਫ਼ਰਕ ਹੈ ਕੰਕਰੀਟ ਵਾਸ ਵਿੱਚ ਜੰਮਿਆਂ ਤੇ ਕੱਚੇ ਵਿਹੜਿਆਂ ਵਿੱਚ ਪਲ਼ਿਆਂ ਦਾ।
ਹਰਵਿੰਦਰ ਕੋਲ ਦ੍ਰਿਸ਼ਟੀ ਵੀ ਹੈ ਅਤੇ ਦ੍ਰਿਸ਼ਟੀਕੋਣ। ਉਸਦੀ ਅਰਦਾਸ ਵੀ ਨਵੇਂ ਮੁਹਾਵਰੇ ਵਾਲੀ ਹੈ। ਮੂਲ ਮਨੋਰਥ ਨਿਰਭਉ ਅਤੇ ਨਿਰਵੈਰ ਸਮਾਜ ਦੀ ਸਥਾਪਨਾ ਹੈ ਜਿਸ ਵਿੱਚ ਲੋਹੇ ਦੇ ਹਥਿਆਰ ਤਰਲ ਰੂਪ ਧਾਰ ਕੇ ਔਜ਼ਾਰ ਬਣ ਜਾਣ ਦੀ ਕਾਮਨਾ ਹੈ। ਉਹ ਔਜ਼ਾਰ ਜੋ ਉਤਪਾਦਨ ਕਾਰਜਾਂ ਵਿੱਚ ਲੱਗਣ, ਘੁੱਗ ਵੱਸਦੀਆਂ ਬਸਤੀਆਂ ਨੂੰ ਮਾਰੂ ਟੈਂਕ ਅਤੇ ਖਿਡੌਣਿਆਂ ਨੂੰ ਫੌਜੀ ਬੂਟ ਨਾ ਮਿੱਧਣ। ਇਸ ਅਰਦਾਸ ਵਿੱਚ ਗੁਰੂ ਨਾਨਕ ਦੇਵ ਦਾ ‘ਸਰਬੱਤ ਦੇ ਭਲੇ’ ਵਾਲ਼ਾ ਸੰਕਲਪ ਹੈ। ਵੱਡੀ ਸਾਰੀ ਅੰਬਰ ਦੀ ਬੁੱਕਲ ਜਿੱਡਾ ਦਿਲ ਹੈ। ਕਿਰਤ ਦੀ ਸਰਦਾਰੀ ਵਾਲ਼ੇ ਨਿਜ਼ਾਮ ਦੀ ਤਾਂਘ ਹੈ। ਨਿਤਾਣਿਆਂ ਨੂੰ ਤਾਣ-ਮੱਤਾ ਕਰਨ ਦਾ ਸੁਪਨਾ ਸਿਰਜਦੀ ਹੈ ਕਵਿਤਾ
‘ਅਰਦਾਸ’:
ਭੁੱਖੇ ਨੂੰ ਰਿਜ਼ਕ
ਰੱਜੇ ਨੂੰ ਸਿਦਕ ਨਸੀਬ ਹੋਵੇ
ਬੇਘਰਾਂ ਨੂੰ ਘਰ
ਨਿਤਾਣਿਆਂ ਨੂੰ ਤਾਣ
ਨਿਮਾਣਿਆਂ ਨੂੰ ਮਾਣ ਮਿਲੇ
ਸਗਲ ਧਰਤ ਸੁਹਾਵੀ ਹੋਵੇ
ਜੀਅ-ਜੰਤ ਨਗਰ ਖੇੜੇ ਸੁੱਖ਼ ਵਰਤੇ
ਬ੍ਰਹਿਮੰਡੀ ਜੋਤ ਅਕਾਲ-ਪੁਰਖ
ਸਹਾਈ ਹੋਵੇ ।
ਅਸਲ ਵਿੱਚ ਇਹ ਮਹਿਜ ਅਰਦਾਸ ਨਹੀਂ ਸ਼ਾਇਰ ਦਾ ਹਲਫ਼ਨਾਮਾ ਹੈ। ਪ੍ਰਸਤਾਵਨਾ ਹੈ। ਮੂਲ ਮੰਤਰ ਵਿਚੋਂ ਗ੍ਰਹਿਣ ਕੀਤੀ ਗੁਣਵਾਨਤਾ। ਸ਼ਾਇਰ ਸਿਰਫ਼ ਸ਼ਬਦ ਸ਼ਿਲਪੀ ਨਹੀਂ ਹੁੰਦਾ। ਸ਼ਬਦਾਂ ਉਹਲੇ ਲੁਕਣ ਵਾਲ਼ਾ ਮੀਸਣਾ ਬੰਦਾ ਵੀ ਨਹੀਂ । ਉਹ ਤਾਂ ਸੱਚ ਬੋਲਣ ਤੇ ਸਹੀ ਵਕਤ ’ਤੇ ਹਾਜ਼ਰ ਹੋ ਕੇ ਆਪਣੀ ਗੱਲ ਉੱਚੀ ਥਾਂ ਖਲੋ ਕੇ ਸੁਣਾਉਂਦਾ ਹੈ ਕੋਈ ਸੁਣੇ ਨਾ ਸੁਣੇ।
ਹਰ ਸ਼ਾਇਰ ਆਪਣੇ ਨਾਇਕ ਦੀ ਭਾਲ ਵਿੱਚ ਹੀ ਤੁਰਿਆ ਰਹਿੰਦਾ ਹੈ । ਖੰਡਾਂ ਬ੍ਰਹਿਮੰਡਾਂ ਦੇ ਯਾਤਰੀਆਂ ਦੇ ਮਨ ਫਰੋਲ਼ਦਾ, ਨਾਲ਼-ਨਾਲ਼ ਤੁਰਦਾ। ਕਦੇ ਸਾਬਤ ਸਬੂਤਾ, ਕਦੇ ਭੁਰਦਾ। ਫਿਰ ਸਾਬਤ ਹੋ ਆਪਣੇ ਨਾਇਕ ਲੱਭਣ ਦੇ ਅਹਾਰ ਵਿੱਚ ਲੱਗਿਆ ਰਹਿੰਦਾ। ਹਰਵਿੰਦਰ ਦੀ ਸ਼ਾਇਰੀ ਵੀ ਆਪਣਾ ਨਾਇਕ ਲੱਭਦੀ ਲੱਭਦੀ ਨਾਇਕ ਦੀਆਂ ਪੈੜਾਂ ਵਿਚੋਂ ਆਪਣਾ ਮਾਰਗ ਤਲਾਸ਼ਦੀ ਹੈ। ਗੁਰੂ ਨਾਨਕ ਦੇਵ ਜੀ ਉਸਦੇ ਨਾਇਕ ਹਨ ਜਿਹਨਾਂ ਨੂੰ ਉਹ ਬ੍ਰਹਿਮੰਡੀ ਮਹਾਂ-ਮਾਨਵ ਦਾ ਨਾਮ ਦਿੰਦਾ ਹੈ। ਇਸੇ ਵੱਡ ਪੁਰਖੇ ਨਾਲ ਉਹ ਯਾਤਰਾਵਾਂ ਤੇ ਤੁਰਦਾ ਹੈ। ਯਾਤਰਾ ਅਜਿਹਾ ਸਫ਼ਰ ਹੈ ਜੋ ਹਰ ਨਾਇਕ ਲਈ ਹਰ ਯੁੱਗ ਵਿੱਚ ਕਰਨਾ ਲਾਜ਼ਮੀ ਹੈ। ਇਸ ਮਹਾਂ-ਯਾਤਰਾ ਵਿੱਚ ਜੇ ਸੰਗਤ ਰੂਪੀ ਸ਼ਬਦ ਹੋਣ ਤਾਂ ਇਹੀ ਸਫ਼ਰ ਉਦਾਸੀਆਂ ਬਣ ਜਾਂਦਾ ਹੈ। ਸਰਬੱਤ ਦਾ ਭਲਾ ਲੋੜਦਾ ਮਹਾਂਪੁਰਖ ਕਿਸੇ ਜਾਤ , ਧਰਮ, ਖਿੱਤਾ ਵਿਸ਼ੇਸ਼ ਦਾ ਕਿਵੇਂ ਹੋ ਸਕਦਾ ਹੈ? ਇਹ ਗੱਲ ਬਹੁਤ ਦੇਰ ਨਾਲ ਸਮਝ ਪੈਂਦੀ ਹੈ। ਪੂਰਬਲੇ ਪਰਮਾਰਥ ਪਾਂਧੀਆਂ ਤੋਂ ਅਲੱਗ ਸੀ ਹਰਵਿੰਦਰ ਦਾ ਗੁਰੂ ਨਾਨਕ। ਸ਼ੁਰੂ ਤੋਂ ਅਗਲੇਰੇ ਪੜਾਅ ਦਾ ਪਾਂਧੀ ਸੀ। ਏਡੀ ਵੱਡੀ ਬੁੱਕਲ ਵਾਲ਼ਾ ਬਾਬਾ, ਜੋ ਖੰਡਾਂ ਬ੍ਰਹਿਮੰਡਾਂ ਨੂੰ ਆਪਣੇ ਵਿਸ਼ਵ ਕਲਾਵੇ ਵਿੱਚ ਲੈ ਕੇ ਵੀ ਸਹਿਜ ਅਵਸਥਾ ਵਿਚ ਤੁਰ ਤੇ ਤੋਰ ਸਕਦਾ ਹੈ। ਧਰਤ, ਅੰਬਰ ਤੇ ਸਮੁੰਦਰ ਦਾ ਦਾਰਸ਼ਨਿਕ ਗਿਆਨੀ, ਵਿਗਿਆਨੀ ਤੇ ਸਰਬ ਗਿਆਤਾ। ਸਦੀਆਂ ਪਹਿਲਾਂ ਸਾਨੂੰ ਲੱਖ ਅਕਾਸ਼ਾਂ ਤੇ ਪਤਾਲਾਂ ਦੀ ਸੋਅ ਦੇਣ ਵਾਲ਼ਾ। ਕਿਸੇ ਵੀ ਨਾਇਕ ਦੀ ਇਹੀ ਸ਼ਕਤੀ ਹੁੰਦੀ ਹੈ ਕਿ ਉਸ ਨਾਲ ਤੁਰਦੇ ਜੀਵ ਮਹਿਕੰਦੜੇ ਮਾਰਗ ਦਾ ਅਹਿਸਾਸ ਕਰਨ। ਮਹਿਕ ਮਹਿਕ ਲਟਬੌਰਾ ਕਰਨ ਵਾਲ਼ੇ ਰਾਹ ਦਿਸੇਰੇ ਹੀ ‘ਅਕਾਲ’ ਵੱਡ-ਪੁਰਖੇ ਬਣ ਕੇ ‘ਅਜੂਨੀ’ ਬਣ ਜਾਂਦੇ ਹਨ।
ਸਾਰੇ ਗਗਨ ਦੇ ਥਾਲ ਵਿੱਚ
ਸੂਰਜ ਚੰਦ ਸਿਤਾਰਿਆਂ ਨੂੰ
ਦੀਵਿਆਂ ਵਾਂਗ ਸਜਾ
ਸਗਲ ਕਾਇਨਾਤ ਦੀ
ਅਲੌਕਿਕ ਆਰਤੀ
ਉਤਾਰਦਾ ਬਾਬਾ ਮੈਨੂੰ
ਬ੍ਰਹਿਮੰਡੀ ਮਹਾਮਾਨਵ
ਲੱਗਣ ਲੱਗਦਾ ਹੈ।
ਮੈਨੂੰ ਇੰਝ ਲੱਗਦਾ ਹੈ
ਮੈਂ ਉਮਰ ਸੁਰਤਿ
ਚੇਤਨਾ ਤੇ ਅਵਚੇਤਨਾ ਅਨੁਸਾਰ
ਬਾਬੇ ਦੇ ਨਾਲ-ਨਾਲ
ਉਦਾਸੀਆਂ ਕਰ ਰਿਹਾਂ।
ਹਰਵਿੰਦਰ ਕੋਲ ਇੱਕ ਅਜਿਹੀ ਕਾਵਿ ਪੋਟਲੀ ਹੈ ਜਿਸ ਵਿੱਚ ਵੰਨ ਸੁਵੰਨੇ, ਰੰਗ ਬਰੰਗੇ ਅਨੁਭਵ ਹਨ। ਕਿਵੇਂ ਨਾ ਕਿਵੇਂ ਉਹ ਸਾਰਾ ਕੁਝ ਇਸ ਤਰ੍ਹਾਂ ਸਾਂਭ-ਸਾਂਭ ਰੱਖਦਾ ਹੈ ਕਿ ਜਦ ਵੀ ਤੁਹਾਨੂੰ ਚਕ੍ਰਿਤ ਕਰਨਾ ਹੋਵੇ ਜਾਂ ਅੰਬਰ ਤੇ ਪਈ ਸਤਰੰਗੀ ਪੀਂਘ ਵਾਂਗ ਆਪਣਾ ਜਲਵਾ ਦਿਖਾਉਣਾ ਹੋਵੇ ਤਾਂ ਉਹ ਸਾਰੇ ਰੰਗ ਪ੍ਰਗਟ ਕਰ ਦੇਂਦਾ ਹੈ। ਰੰਗਾਂ ਵਿੱਚ ਅਜਬ ਸੁਮੇਲ ਹੁੰਦਾ ਹੈ, ਅਲੱਗ-ਅਲੱਗ ਹੋ ਕੇ ਵੀ। ਕਵਿਤਾ ਅਸਲ ਵਿੱਚ ਹੁੰਦੀ ਹੀ ਪ੍ਰਭਾਵ ਚਿੱਤਰ ਵਰਗੀ ਹੈ ਜੋ ਪਾਠਕ/ਸਰੋਤੇ ਦੇ ਮਨ ਤੇ ਆਪਣੀ ਗਹਿਰੀ ਛਾਪ ਛੱਡ ਜਾਂਦੀ ਹੈ। ਹਰਵਿੰਦਰ ਦੀ ਕਵਿਤਾ ਵੀ ਅਜਿਹੇ ਰੰਗਾਂ ਦੀ ਸਤਰੰਗੀ ਹੈ ਜੋ ਰੂਹ ਤੇ ਪੈੜਾਂ ਪਾਉਂਦੀ ਹੈ। ਤੁਸੀਂ ਉਸ ਨੂੰ ਇੱਕੋ ਵਾਰ ਡੀਕ ਲਾ ਕੇ ਨਹੀਂ ਪੀ ਸਕਦੇ, ਘੁੱਟ-ਘੁੱਟ ਕਰਕੇ ਸ਼ਬਦਾਂ ਅੰਦਰਲਾ ਨਾਦ ਤੇ ਨਾਦ ਵਿੱਚੋਂ ਉਗਮਦਾ ਵਿਸਮਾਦ ਮਹਿਸੂਸ ਕਰ ਸਕਦੇ ਹੋ। ਮੈਂ ਇਸ ਪੁਸਤਕ ਨੂੰ ਇੱਕ ਵਾਰ ਨਹੀਂ ਤਿੰਨ ਵਾਰ ਪੜ੍ਹਿਆ ਹੈ। ਹਰ ਵਾਰ ਨਵੇਂ ਅਰਥਾਂ ਤੇ ਸ਼ਬਦ-ਤਾਰਿਆਂ ਦੇ ਦਰਸ਼ਨ ਹੋਏ ਹਨ।
ਹਰਵਿੰਦਰ ਦੀ ਇਸ ਸੰਗ੍ਰਹਿ ਦੀ ਬਹੁਤ ਹੀ ਮਹੱਤਵਪੂਰਨ ਕਵਿਤਾ ਹੈ ‘ਪਾਣੀ ਦਾ ਜਿਸਮ’।
ਅਸਲ ਵਿੱਚ ਇਹ ਔਰਤ ਨਹੀਂ, ਰਿਸ਼ਤਿਆਂ ਦੀਆਂ ਪਰਤਾਂ ਹਨ ਜੋ ਔਰਤ ਰੂਪ ਧਾਰ ਹਰਵਿੰਦਰ ਨੂੰ ਅਜ਼ਲਾਂ ਤੋਂ ਲੱਭ ਰਹੀਆਂ ਹਨ ਕਿ ਸਾਨੂੰ ਮਿਲ਼ ਤੇ ਸਾਡੀ ਵਾਰਤਾ ਲਿਖ। ਸਭਨਾਂ ਦੇ ਆਪੋ ਆਪਣੇ ਤਜ਼ਰਬੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਤੁਹਾਡੀ ਕਰਤਾਰੀ ਪ੍ਰਤਿਭਾ ਨੇ ਕਵਿਤਾ ਕਸ਼ੀਦਣੀ ਹੁੰਦੀ ਹੈ। ‘ਤਜ਼ਰਬੇ’ ਕੋਈ ਸਿਲੇਬਸ ਦੀ ਕਿਤਾਬ ਨਹੀਂ ਹੁੰਦੇ, ਜੋ ਸਾਰੀ ਜਮਾਤ ਵਾਸਤੇ ਇੱਕੋ ਜਿਹੇ ਸਵਾਲ ਤੇ ਇੱਕੋ ਜਿਹੇ ਜਵਾਬ ਲੈ ਕੇ ਆਵੇ। ਮੇਰੇ ਕੋਲ ਆਪਣੇ ਤਜ਼ਰਬੇ ਹਨ, ਇਸੇ ਕਰਕੇ ਮੇਰੀ ਕਵਿਤਾ ਮੇਰੇ ਵਰਗੀ ਹੈ। ਜੇਕਰ ਮੇਰੀ ਕਵਿਤਾ ਦੇ ਨਕਸ਼ ਕਿਸੇ ਹੋਰ ਵਰਗੇ ਹੋਣ ਤਾਂ ਮੈਨੂੰ ਆਪਣੀ ਸਿਰਜਣਾ ਬਾਰੇ ਮਾਣ ਨਹੀਂ ਕਰਨਾ ਚਾਹੀਦਾ ਸਗੋਂ ਸੋਚਣਾ ਬਣਦਾ ਹੈ ਕਿ ਮੇਰੀ ਸਿਰਜਣਾ ਦੇ ਨਕਸ਼ ਮੇਰੇ ਵਰਗੇ ਕਿਉਂ ਨਹੀਂ । ਮੇਰੀ ਸਮਰੱਥਾ ’ਚ ਕੋਈ ਕਮੀ ਹੈ ਜਾਂ ਮੈਨੂੰ ਆਪਣੇ ਤਜ਼ਰਬਿਆਂ ’ਚੋਂ ਕਵਿਤਾ ਕਸ਼ੀਦਣੀ ਨਹੀਂ ਆਉਂਦੀ। ਮੈਨੂੰ ਚੰਗਾ ਲੱਗਦਾ ਹੈ ਕਿ ਹਰਵਿੰਦਰ ਦੀ ਕਵਿਤਾ ਦੇ ਨਕਸ਼ ਉਸ ਤੇ ਹੀ ਗਏ ਹਨ ਕਿਸੇ ਹੋਰ ਵਰਗੇ ਨਹੀਂ। ਇਹੀ ਖੂਬਸੂਰਤੀ ਹੈ ਜੋ ਉਸਨੇ ਪਹਿਲੀ ਕਵਿਤਾ ਸੰਗ੍ਰਹਿ ‘ਗੁਲਾਬਾਸੀ’ ਤੋਂ ਲੈ ਕੇ ਹੁਣ ਤੀਕ ਕਾਇਮ ਰੱਖੀ ਹੋਈ ਹੈ।
ਔਰਤ ਦਾ ਜਿਸਮ ਪਾਣੀ ਦਾ ਬਣਿਆ ਹੁੰਦਾ ਹੈ।
ਉਸ ਤੱਕ ਪਹੁੰਚਣ ਲਈ ਪਾਣੀ ਬਣਨਾ ਪੈਂਦਾ ਹੈ
ਜੇ ਤੁਹਾਨੂੰ ਉਹਦੀਆਂ ਅੱਖਾਂ ਦੇ ਖਾਰੇ ਸਮੁੰਦਰਾਂ ’ਚ
ਤੈਰਨ ਦੀ ਜਾਚ ਹੈ
ਤਾਂ ਉਹ ਤੁਹਾਨੂੰ
ਸੱਤ ਸਮੁੰਦਰਾਂ ਤੋਂ ਵੀ ਅਗਾਂਹ ਦੀ
ਸੈਰ ਕਰਵਾ ਸਕਦੀ ਹੈ।
ਅਦਭੁਤ ਟਾਪੂਆਂ ਦੇ
ਅਲੌਕਿਕ ਦ੍ਰਿਸ਼ ਵਿਖਾ ਸਕਦੀ ਹੈ।
ਜਿੱਥੇ ਸਿਰਫ਼ ਹਵਾ ਤੇ ਪਰਿੰਦੇ ਬੋਲਦੇ ਨੇ।
ਸੈਆਂ ਸਦੀਆਂ ਤੋਂ
ਰਿਸ਼ੀਆਂ ਵਾਂਗ ਖੜ੍ਹੇ
ਪਹਾੜਾਂ ਦੀ
ਚੁੱਪ ਦੀ ਆਵਾਜ਼ ਸੁਣਾਈ ਦਿੰਦੀ ਹੈ।
ਚੋਟੀਆਂ ਤੋਂ ਵਹਿੰਦੇ
ਝਰਨਿਆਂ ਦੀ ਕਲ-ਕਲ
ਰੂਹ ਵਿੱਚ ਝਰਨਾਹਟ ਛੇੜਦੀ ਹੈ।
ਅਜਿਹੀ ਔਰਤ ਨੂੰ ਤੁਸੀਂ ਫਤਿਹ ਨਹੀਂ ਕਰ ਸਕਦੇ। ਉਸ ਅੱਗੇ ਜਰਨੈਲ ਬਣ ਕੇ ਪੇਸ਼ ਨਹੀਂ ਹੋ ਸਕਦੇ। ਉਸ ਦੇ ਰੂਹ ਅੰਦਰਲੇ ਪ੍ਰਵੇਸ਼ ਦੁਆਰ ਵਿੱਚ ਦਾਖ਼ਲ ਹੋਣ ਲਈ ਪਵਿੱਤਰ ਰੂਹ ਵਾਲ਼ੇ ਫ਼ਕੀਰ ਵਾਂਗ ਜੋੜਾ ਜਾਮਾ ਬਾਹਰ ਹੀ ਉਤਾਰਨਾ ਪਵੇਗਾ। ਉਸ ਦੇ ਪਾਕ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਪਹਿਲਾਂ ਰੂਹ ਦੀ ਪਰਿਕਰਮਾ ਕਰਨੀ ਪਵੇਗੀ। ਤੁਸੀਂ ਕਾਹਲਿਆਂ ਵਾਂਗ ਉਸ ਵਿੱਚ ਛਾਲ਼ ਨਹੀਂ ਮਾਰ ਸਕਦੇ।
ਕਿਉਂਕਿ ਸ਼ਾਇਰ ਹਰਵਿੰਦਰ ਮੁਤਾਬਕ ਔਰਤ ‘ਤਨ ਜੀਵ’ ਨਹੀਂ ‘ਮਨ ਜੀਵ’ ਹੈ। ਇਹੀ ਗੱਲ ਆਦਮੀ ਨੂੰ ਬਹੁਤ ਵਾਰ ਸਾਰੀ ਉਮਰ ਸਮਝ ਨਹੀਂ ਪੈਂਦੀ ਪਰ ਜੇ ਸਮਝ ਆ ਜਾਵੇ ਤਾਂ ਬੰਦਾ ਸ਼ਬਦ-ਸ਼ਬਦ ਸ਼ਾਇਰ ਹੋ ਜਾਂਦਾ ਹੈ। ਕਵਿਤਾ ਤੇ ਔਰਤ ਸਕੀਆਂ ਹੀ ਨਹੀਂ ਜੌੜੀਆਂ ਭੈਣਾਂ ਵੀ ਹਨ। ਇੱਕ ਨੂੰ ਜਿਸਮ ਮਿਲ਼ ਗਿਆ ਤੇ ਦੂਸਰੀ ਨੂੰ ਮਹਿਕਵੰਤਾ ਸੰਸਾਰ। ਜਿੱਥੇ ਕਿਤੇ ਕਿਸੇ ਨੂੰ ਇਕੱਠੀਆਂ ਮਿਲ਼ ਜਾਣ ਤਾਂ ਇਹੋ ਜਿਹੀ ਸਮਰੱਥ ਕਵਿਤਾ ਦਾ ਉਦੈ ਹੁੰਦਾ ਹੈ।
ਪੰਜਾਬ ਦੀ ਮਾਤ ਭੂਮੀ ਤੇ ਮਾਂ ਬੋਲੀ ਦੀ ਮਹਿਮਾ ਦਾ ਜ਼ਿਕਰ ਅਤੇ ਫ਼ਿਕਰ ਵੀ ਹਰਵਿੰਦਰ ਦੀ ਕਵਿਤਾ ਦੇ ਅਹਿਮ ਸਰੋਕਾਰ ਹਨ। ਹਰਵਿੰਦਰ ਕੋਲ਼ ਅਜਿਹਾ ਪੰਜਾਬ ਹੈ, ਜੋ ਲਕੀਰਾਂ ਦਾ ਗ਼ੁਲਾਮ ਨਹੀਂ ਬਲਕਿ ਹੱਦਾਂ ਸਰਹੱਦਾਂ ਤੋਂ ਪਾਰ ਸੱਭਿਆਚਾਰਕ ਖਿੱਤਾ ਜਿਸ ਨੂੰ ਤੁਸੀਂ ਨਕਸ਼ਿਆਂ ਅਧੀਨ ਨਹੀਂ ਕਰ ਸਕਦੇ। ਉਹ ਪੰਜਾਬ ਜੋ ਸਦੀਆਂ ਤੋਂ ਹੀ ਵਿਸ਼ਵ ਸੱਭਿਅਤਾ ਦਾ ਪੰਘੂੜਾ ਹੈ, ਜੋ ਹੱਕ, ਸੱਚ ਤੇ ਇਨਸਾਫ਼ ਦੀ ਜੰਗ ਸਦੀਆਂ ਤੋਂ ਲੜਨੀ ਜਾਣਦਾ ਹੈ। ਧਾੜਵੀਆਂ ਖ਼ਿਲਾਫ਼ ਲੜਨ ਵਾਲ਼ਾ ਪੋਰਸ ਪੰਥੀਆਂ ਦਾ ਪੰਜਾਬ ਅੱਜ ਵੀ ਉਸੇ ਲੰਮੇ ਯੁੱਧ ਵਿੱਚ ਆਹੂਤੀ ਪਾ ਰਿਹਾ ਹੈ। ਇਹ ਯੁੱਧ ਹੱਦਾਂ-ਸਰਹੱਦਾਂ ਦੀ ਰਖਵਾਲੀ ਵਾਲ਼ਾ ਨਹੀਂ ਸਗੋਂ ਸਰਬ ਸਾਂਝੇ ਵਿਰਸੇ ਨੂੰ ਲੱਗੇ ਖੋਰੇ ਦੀ ਜੰਗ ਹੈ। ਪੰਜਾਬ ਦੇ ਸਰਬ ਪੱਖੀ ਨਾਇਕਾਂ ਨੂੰ ਚਿਤਵਦਿਆਂ ਹਰਵਿੰਦਰ ਸਾਨੂੰ ਉਹ ਮੂਲ ਧਨ ਸੰਭਾਲਣ ਦੀ ਪ੍ਰੇਰਨਾ ਦੇਂਦਾ ਹੈ ਜੋ ਬਟਾ ਦਰ ਬਟਾ, ਕਿਣਕਾ ਦਰ ਕਿਣਕਾ ਵੰਡ ਹੋ ਕੇ ਵੀ ਸਾਲਮ ਸਬੂਤਾ ਰਹਿੰਦਾ ਹੈ।
ਸ਼ਾਲਾ! ਵਸਦੇ ਰਹਿਣ ਪੰਜਾਬੀ
ਜਿੱਥੇ ਵੀ ਉਹ ਵੱਸਦੇ ਨੇ।
ਹੱਸਦੇ ਰਹਿਣ ਸਦਾ ਹੀ,
ਜੀਕਣ ਖਿੜਦੇ ਹੋਏ ਫੁੱਲ ਹੱਸਦੇ ਨੇ।
ਐਪਰ ਰਹਿਣ ਸਦਾ ਮਿਲ਼ ਜੁਲ਼ ਕੇ,
ਮਾਂ ਜਾਏ ਜਿਉਂ ਵਸਦੇ ਨੇ।
ਤਕਸੀਮਾਂ ਦੇ ਨਾਲ ਸਦਾ ਹੀ
ਪਏ ਨੇ ਪੇਸ਼ ਅਜ਼ਾਬਾਂ ਦੇ।
ਸ਼ਾਲਾ!
ਵੱਸਦੇ ਰਹਿਣ ਪੰਜਾਬੀ
ਮੇਰੇ ਦੋਵੇਂ ਪੰਜਾਬਾਂ ਦੇ।
ਪੰਜਾਬ ਦੀ ਮਹਿਮਾ ਦੇ ਜ਼ਿਕਰ ਦੇ ਨਾਲ਼-ਨਾਲ਼ ਇਸਨੂੰ ਲੱਗੇ ਖ਼ੋਰੇ ਦਾ ਦਰਦ ਵੀ ਉਸ ਦੀ ਕਵਿਤਾ ਮਹਿਸੂਸ ਕਰਦੀ ਹੈ। ਉਸ ਦਾ ਪੰਜਾਬ ਪੰਜ ਆਬਾਂ ਦਾ ਵਗਦਾ ਪ੍ਰਵਾਹ ਹੈ ਜਿਸ ਦੇ ਕੰਢਿਆਂ ਤੇ ਜੀਵਨ-ਧਾਰਾ ਵਹਿੰਦੀ ਹੈ। ਪੰਜ ਆਬ ਨੂੰ ਬੇ ਆਬ ਹੋਇਆ ਵੇਖ ਕੇ ਉਹ ਚਿੰਤਾਤੁਰ ਹੋ ਉਠਦਾ ਹੈ। ਪੰਜਾਬ ਉਸ ਲਈ ਸਿਰਫ਼ ਭੂਗੋਲਕ ਹਕੀਕਤ ਨਹੀਂ ਸਗੋਂ ਜੀਵੰਤ ਵਿਸ਼ਵਾਸ ਹੈ ਜੋ ਮਰਨ ਹਾਕਾ ਹੋ ਕੇ ਪੁੱਤਰਾਂ ਨੂੰ ਬਚਾਉਣ ਲਈ ਆਵਾਜ਼ਾਂ ਮਾਰ ਰਿਹਾ ਹੈ।
ਨਾਰੀ ਵੇਦਨਾ ਵੀ ਹਰਵਿੰਦਰ ਦੀ ਕਾਵਿ ਸੰਵੇਦਨਾ ਦਾ ਪ੍ਰਮੁੱਖ ਸਰੋਕਾਰ ਹੈ। ਉਸ ਕੋਲ ਔਰਤਾਂ ਦੇ ਸਾਰੇ ਸਰੂਪ ਹੀ ਨੇ। ਇਹ ਔਰਤਾਂ ਜਣਨਹਾਰੀਆਂ ਵੀ ਨੇ ਧਰਤੀ ਮਾਂ ਵਾਂਗ। ਮਹਿਕਦੀ ਪੌਣ ਵਰਗੀਆਂ ਵੀ ਨੇ, ਵਹਿੰਦੇ ਨੀਰ ਵਰਗੀਆਂ ਵੀ। ਤਰੱਕੇ ਬਦਬੂ ਮਾਰਦੇ ਮਾਹੌਲ ਵਿੱਚ ਵੀ ਕਮਲ ਫੁੱਲ ਵਾਂਗ ਖਿੜੀਆਂ ਵੇਸਵਾਵਾਂ ਦੇ ਨਾਮ ਹੇਠ ਉਦਾਸ ਧੀਆਂ ਵੀ। ਮਾਂ ਦੀ ਦਵਾਈ ਵੀਰਾਂ ਭੈਣਾਂ ਦੀ ਪੜ੍ਹਾਈ ਲਈ ਜਿਸਮ ਵੇਚਦੀਆਂ ਅਗਰਬੱਤੀਆਂ ਖੁਦ ਸੜ ਜਾਂਦੀਆਂ ਨੇ ਪਰ ਸੁੱਚੀਆਂ ਸੁਗੰਧੀਆਂ ਦਾ ਸੁਨੇਹਾ ਦੇ ਜਾਂਦੀਆਂ ਨੇ। ਵੇਸਵਾ ਘਰਾਂ ਵਿੱਚੋਂ ਵੀ ਔਰਤ ਦਾ ਕਿਰਤੀ ਸਰੂਪ ਪਹਿਚਾਣ ਸਕਣਾ ਹਰਵਿੰਦਰ-ਕਾਵਿ ਦੀ ਖ਼ੂਬਸੂਰਤੀ ਹੈ। ਇਹ ਬਦਨਾਮੀ ਤੇ ਗੁੰਮਨਾਮੀ ਦੇ ਆਲਮ ਵਿੱਚੋਂ ਵੀ ਲੱਭ ਪੈਂਦੀਆਂ ਨੇ ਸ਼ਾਇਰ ਨੂੰ। ਨਾ ਪੇਕੇ ਨਾ ਸਹੁਰੇ, ਕਿਹੋ ਜਿਹਾ ਨਿਜ਼ਾਮ ਹੈ, ਜੋ ਕਿਸੇ ਵੀ ਔਰਤ ਤੋਂ ਉਸਦੇ ਸਾਰੇ ਹੱਕ ਹਕੂਕ ਖੋਹ ਕੇ, ਸਿਰਫ਼ ਵਸਤੂ ਬਣਾ ਧਰਦਾ ਹੈ, ਭੋਗਣਯੋਗ ਵਸਤੂ। ਹਰਵਿੰਦਰ ਵਾਸਤੇ ਇਹ ਵੇਸਵਾਵਾਂ ਸਮਾਜ ਵੱਲੋਂ ਗਰਦਾਨੀਆਂ ਗਈਆਂ ਗਲੀਜ਼ ਨਹੀਂ ਸਗੋਂ ਮੋਮਬੱਤੀਆਂ ਵਾਂਗ ਆਪਾ ਵਾਰ ਕੇ ਗ਼ੁਰਬਤ ਮਾਰੇ ਘਰਾਂ ਨੂੰ ਰੌਸ਼ਨ ਕਰਨ ਵਾਲ਼ੀਆਂ ਅਤੇ ਅਗਰਬੱਤੀ ਵਾਂਗ ਤਿਲ਼-ਤਿਲ਼ ਬਲ ਕੇ ਆਪਣੇ ਘਰ-ਪਰਿਵਾਰਾਂ ਲਈ ਮਹਿਕ ਵੰਡਦੀਆਂ ਪਾਕੀਜ਼ ਔਰਤਾਂ ਹਨ। ਇਸੇ ਤਰਜ਼ ਦੀ ਉਸ ਦੀ ਕਵਿਤਾ ਹੈ ‘ਚਕਲਿਆਂ ਦੇ ਲੇਬਰ ਚੌਂਕਾਂ ਦਾ ਲਾਕਡਾਊਨ’। ‘ਵਿਕਾਊ ਗੋਸ਼ਤ ਵਰਗੀਆਂ’ ਇਹ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਵਰਜਿਤ ਰਿਸ਼ਤਿਆਂ ਤੇ ਵਰਜਿਤ ਥਾਵਾਂ ਤੋਂ ਆਮ ਕਰਕੇ ਕਵਿਤਾ ਅੰਦਰ ਨਹੀਂ ਵੜਦੀ ਸਗੋਂ ਬਾਹਰੋਂ ਬਾਹਰੋਂ ਹੀ ਚੁਗਲ ਝਾਤੀਆਂ ਮਾਰਦੀ ਰਹਿੰਦੀ ਹੈ। ਹਰਵਿੰਦਰ ਦੀ ਕਵਿਤਾ ਅੰਦਰੋਂ ਬਾਹਰੋਂ ਤਲਾਸ਼ੀ ਲੈਣ ਵਾਲਿਆਂ ਵਾਂਗ ਹਰ ਖੱਲ-ਖੂੰਜੇ ’ਤੇ ਨਜ਼ਰ ਰੱਖਦੀ ਹੈ।
ਹਰਵਿੰਦਰ ਦੀ ਇੱਕ ਕਵਿਤਾ ਹੈ ‘ਧੀਆਂ-ਮਾਵਾਂ’। ਇਹ ਕਵਿਤਾ ਆਕਾਰ ਵਿੱਚ ਬਹੁਤ ਨਿੱਕੀ ਹੈ ਪਰ ਭਾਵਨਾ ਪੱਖੋਂ ਕਿਸੇ ਵੱਡ-ਅਕਾਰੀ ਗਰੰਥ ਜਿੱਡੀ ਹੈ। ਇਸ ਵਿੱਚ ਪ੍ਰਦੇਸਾਂ ਵਿੱਚ ਬੱਚੀਆਂ ਧੀਆਂ ਵੱਲੋਂ ਮਾਪਿਆਂ ਦਾ ਮਾਪਿਆਂ ਵਾਂਗ ਫ਼ਿਕਰ ਕਰਨ ਦੇ ਅਹਿਸਾਸ ਨੂੰ ਪੇਸ਼ ਕੀਤਾ ਗਿਆ ਹੈ। ਧੀਆਂ ਕਦੋਂ ਮਾਪਿਆਂ ਲਈ ਮਾਵਾਂ ਬਣ ਜਾਂਦੀਆਂ ਨੇ, ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ। ਧੀਆਂ ਵਾਲ਼ੇ ਘਰ ਵਿੱਚ ਧੀਆਂ ਜਲਦੀ ਮਾਵਾਂ ਬਣਦੀਆਂ ਨੇ। ਸਮਾਜ ਦਾ ਇਹ ਉਲਾਰ ਵਿਹਾਰ ਹੈ ਕਿ ਧੀਆਂ ਬੇਗਾਨਾ ਧਨ ਹੁੰਦੀਆਂ ਹਨ।
ਅੱਜ ਵਿਦੇਸ਼ੋਂ ਧੀ ਦਾ ਫੋਨ ਆਇਆ
ਪਾਪਾ ਮੈਂ ਆ ਰਹੀ ਹਾਂ
ਤੁਹਾਨੂੰ ਮਿਲਣ।
ਫਿਰ ਉਦਾਸ ਹੋ ਕੇ ਕਹਿੰਦੀ ਹੈ
ਪਰ ਕੁਝ ਦਿਨਾਂ ਲਈ ਆ ਸਕਾਂਗੀ
ਜੌਬ ਕਰਕੇ ਛੁੱਟੀ ਦੀ ਮਜਬੂਰੀ ਹੈ
ਮੇਰਾ ਦਿਲ ਤਾਂ
ਬਹੁਤ ਸਮਾਂ ਰਹਿਣ ਨੂੰ ਕਰਦਾ ਹੈ
ਤੁਹਾਡੇ ਨਾਲ਼ !
ਉਮਰ ਬੀਤਦੀ ਜਾ ਰਹੀ ਹੈ।
***************
ਧੀਆਂ ਮਾਪਿਆਂ ਵੱਲੋਂ ਪੈਦਾ ਕੀਤੀਆਂ
ਮਾਵਾਂ ਹੁੰਦੀਆਂ ਹਨ।
ਦੂਰੀਆਂ ਮਜਬੂਰੀਆਂ ਵਿੱਚ ਵੀ
ਪਲ ਪਲ ਨਾਲ ਰਹਿਣ ਵਾਲ਼ੀਆਂ
ਫ਼ਿਕਰ ਕਰਨ ਵਾਲ਼ੀਆਂ।
ਧੀਆਂ-ਮਾਵਾਂ
ਮੋਹ ਦਾ ਸਦਾਬਹਾਰ
ਬੂਟਾ ਘਣਛਾਵਾਂ।
ਹਰਵਿੰਦਰ ਸੰਵੇਦਨਸ਼ੀਲ ਮਨ ਵਾਲ਼ਾ ਸ਼ਾਇਰ ਹੈ। ਕੁਝ ਸਿਰਜਕ ਸਿਰਜਣਾ ਤਾਂ ਕਰਦੇ ਹਨ ਪਰ ਸਿਰਜਣਾ ਵੀ ਮਸ਼ੀਨੀ ਜੰਦਰੀ ਨਾਲ ਵੱਟੀਆਂ ਸੇਵੀਆਂ ਵਰਗੀ ਕਰਦੇ ਨੇ। ਇਕਸਾਰਤਾ ਬਹੁਤ ਹੁੰਦੀ ਹੈ ਪਰ ਹੱਥਾਂ ਦੀ ਛੋਹ ਤੋਂ ਬੇਖ਼ਬਰ।
ਮੇਰੇ ਲਈ ਕਵਿਤਾ ਪੋਟਿਆਂ ਨਾਲ ਵੱਟੀਆਂ ਸੇਵੀਆਂ ਵਰਗੀ ਸਿਰਜਣਾ ਹੈ ਜਿਸ ਨੂੰ ਰੋਮ ਰੋਮ ਹੱਥਾਂ ਦੀ ਛੋਹ ਹਾਸਲ ਹੈ। ਸਦੀਆਂ ਲੰਮੇ ਤਜ਼ਰਬੇ ਵਾਲ਼ੀ ਮਾਵਾਂ ਰਾਹੀਂ ਪੋਟਿਆਂ ਤੀਕ ਪੁੱਜੀ ਸੰਵੇਦਨਾ। ਉਸ ਦੀ ਕਵਿਤਾ ‘ਰਿਸ਼ਤਿਆਂ ਦੀਆਂ ਇਮਾਰਤਾਂ’ ਮੇਰੀ ਗੱਲ ਦੀ ਗਵਾਹੀ ਵਜੋਂ ਪੇਸ਼ ਹੈ -
ਤੂੰ ਏਨਾ ਸਮਾਂ ਨਰਾਜ਼ ਨਾ ਰਿਹਾ ਕਰ
ਰਿਸ਼ਤੇ ਵੀ ਘਰਾਂ ਵਰਗੇ ਹੁੰਦੇ ਨੇ
ਜੋ ਬੇਆਬਾਦ ਹੋ ਜਾਂਦੇ ਨੇ
ਜ਼ਿਆਦਾ ਸਮਾਂ ਖ਼ਾਲੀ ਰੱਖਣ ਨਾਲ
ਉਹਨਾਂ ਅੰਦਰ
ਘਾਹ ਫੂਸ ਉੱਗ ਆਉਂਦਾ ਹੈ
ਜਾਲ਼ੇ ਲੱਗ ਜਾਂਦੇ ਨੇ
ਬੇ ਚਿਰਾਗ ਪਿੰਡਾਂ ਵਾਂਗ
ਉਹ ਥੇਹ ਬਣ ਕੇ ਰਹਿ ਜਾਂਦੇ ਨੇ
ਤੂੰ ਏਨਾਂ ਸਮਾਂ ਨਰਾਜ਼ ਨਾ ਰਿਹਾ ਕਰ
ਦੋ ਲਫਜ਼ਾਂ ਦੀ ਮਾਫ਼ੀ ਹੀ
ਕਾਫੀ ਹੁੰਦੀ ਹੈ
ਰਿਸ਼ਤਿਆਂ ਦੀਆਂ ਇਮਾਰਤਾਂ ਨੂੰ
ਅਬਾਦ ਰੱਖਣ ਲਈ।
ਹਰਵਿੰਦਰ ਨਫ਼ਰਤ ਤੋਂ ਕਿਨਾਰਾ ਅਤੇ ਜ਼ਿੰਦਗੀ ਨੂੰ ਡੁੱਬ ਕੇ ਮੁਹੱਬਤ ਕਰਨ ਵਾਲ਼ਾ ਕਵੀ ਹੈ। ਇਸ ਪ੍ਰਸੰਗ ਵਿੱਚ ਉਸ ਦੀ ਕਵਿਤਾ ‘ਮੈਂ ਭਾਰਤ ਪਾਕਿਸਤਾਨ ਮੈਚ ਨਹੀਂ ਵੇਖਦਾ’ ਪੜ੍ਹੀ ਜਾ ਸਕਦੀ ਹੈ। ਉਸ ਦੀ ਇਹ ਕਵਿਤਾ ਮੁਕੰਮਲ ਕਿਤਾਬ ਜਿੱਡੀ ਹੈ, ਇਕੱਲੀ ਹੀ। ਸਿਰਫ਼ ਆਖਰੀ ਸਤਰਾਂ ਤੇ ਹੀ ਧਿਆਨ ਧਰੋ!
ਇਹ ਮੈਚ ਖੇਡ ਦੀਆਂ ਟੀਮਾਂ ਨਹੀਂ
ਫੌਜਾਂ ਖੇਡਦੀਆਂ ਨੇ
ਦੋਹਾਂ ਦੇਸ਼ਾਂ ਦੇ ਲੋਕਾਂ ਨੂੰ
ਇਸ ਜੰਗੀ-ਖੇਡ ਲਈ
ਅੰਧ ਰਾਸ਼ਟਰਵਾਦੀ ਨਿੱਕਰਾਂ ਬੋਦੀਆਂ ਧੋਤੀਆਂ ਟੋਪੀਆਂ ਤੇ
ਮੀਡੀਏ ਦੇ ਹਵਾਂਕਦੇ ਗਿੱਦੜਾਂ ਵੱਲੋਂ ਉਕਸਾਇਆ ਜਾਂਦਾ ਹੈ।
ਹਰਵਿੰਦਰ ਇੰਟਰਨੈਟ ਯੁਗ ਦੀਆਂ ਚੁਣੌਤੀਆਂ ਨੂੰ ਸਮਝਣ ਵਾਲ਼ਾ ਕਵੀ ਹੈ। ਏਸੇ ਕਰਕੇ ਹੀ ਉਹ ਔਨਲਾਈਨ ਤੇ ਔਫਲਾਈਨ ਜੀਵਨ ਵਿਹਾਰ ਦੀ ਨਿਸ਼ਾਨਦੇਹੀ ਕਰਦਾ ਹੈ। ਸੱਪ ਦੇ ਛਲੇਡਾ ਬਣਨ ਦਾ ਭੇਤ ਜਾਣਦਾ ਸਾਡਾ ਕਵੀ ਸਾਨੂੰ ਸੁਚੇਤ ਕਰਦਾ ਹੈ। ਉਹ ਦੱਸਦਾ ਹੈ ਕਿ ਛਲੀਏ ਛਲੇਡੇ ਸੌ ਸਾਲ ਤੋਂ ਵੀ ਵਡੇਰੀ ਉਮਰ ਦੇ ਹੋ ਕੇ ਸਾਨੂੰ ਲਗਾਤਾਰ ਛਲ ਰਹੇ ਹਨ। ਇਹਨਾਂ ਛਲੇਡਿਆਂ ਦੇ ਸਰਬ ਸਰੂਪਾਂ ਤੋਂ ਜਾਣੂੰ ਕਵਿਤਾਵਾਂ ਸਿਰਜਦਾ ਹਰਵਿੰਦਰ ਸਾਨੂੰ ਸਦੀਆਂ ਤੋਂ ਲੰਮੇ ਛਲੇਡੇ ਬਾਰੇ ਦੱਸਦਿਆਂ ਕਹਿੰਦਾ ਹੈ-
ਸੱਪ ਤਾਂ ਸੌ ਸਾਲ ਬਾਅਦ ਪਤਾ ਨਹੀਂ,
ਛਲੇਡਾ ਬਣਦਾ ਹੋਵੇਗਾ ਕਿ ਨਹੀਂ,
ਮਰਦ ਦੇ ਅੰਦਰਲੇ ਛਲੇਡੇ ਦੀ
ਉਮਰ ਤਾਂ ਹਜ਼ਾਰਾਂ ਸਾਲ ਹੈ।
ਇਹ ਛਲੇਡਾ
ਮਹਾਂ ਛਲੇਡਾ ਬਣਦਾ ਜਾ ਰਿਹਾ ਹੈ
ਮਾਂ ਪੁੱਤਰ ਪੈਦਾ ਕਰਦੀ ਹੈ
ਅਸੀਂ ਤੁਸੀਂ ਸਾਰੇ ਮਿਲ ਕੇ
ਉਸਦੇ ਅੰਦਰ ਛਲੇਡਾ ਪੈਦਾ ਕਰਦੇ ਹਾਂ।
ਕਿਸਾਨ ਸੰਘਰਸ਼ ਹੋਵੇ, ਕਰੋਨਾ ਮਹਾਂਮਾਰੀ ਹੋਵੇ ਜਾਂ ਅਮਰੀਕਾ ਵਿੱਚ ਨਸਲੀ ਵਿਤਕਰੇ ਵਾਲ਼ਾ ਵਰਤਾਰਾ, ਹਰਵਿੰਦਰ ਦੀ ਪੈਨੀ ਅੱਖ ਤੋਂ ਲਾਂਭੇ ਨਹੀਂ ਰਹਿੰਦਾ। ਉਹ ਜਾਗਦੀ ਜ਼ਮੀਰ, ਖ਼ੁਰਦਬੀਨੀ ਤੇ ਵਿਸ਼ਲੇਸ਼ਣੀ ਅੱਖ ਵਾਲ਼ਾ ਸ਼ਾਇਰ ਹੈ।ਉਸ ਦੀ ਇਹ ਕਾਵਿ ਪੁਸਤਕ ਕੇਵਲ ਆਕਾਰ ਪੱਖੋਂ ਹੀ ਵਿਸ਼ਾਲ ਨਹੀਂ ਹੈ, ਅਰਬਾਂ ਪੱਖੋਂ ਵੀ ਕਮਾਲ ਦੀ ਕਿਰਤ ਹੈ। ਮੈਂ ਆਪਣੇ ਨਿੱਕੇ ਵੀਰ ਦੀ ਇਸ ਸੁੰਦਰ ਕਾਵਿ ਸਿਰਜਣਾ ਨੂੰ ਮਾਣਿਆ ਹੈ। ਏਸੇ ਕਰਕੇ ਕਹਿ ਸਕਦਾ ਹਾਂ ਕਿ ਸੰਵੇਦਨਾ ਦੇ ਭਰ ਵਗਦੇ ਦਰਿਆ ਵਿੱਚ ਤੁਸੀਂ ਵੀ ਤਾਰੀਆਂ ਲਾਓ। ਇਹੋ ਜਿਹੀਆਂ ਕਿਤਾਬਾਂ ਰੋਜ਼ ਨਹੀਂ ਛਪਦੀਆਂ। ਮੈਂ ਇਸ ਕਾਵਿ-ਪੁਸਤਕ ਦਾ ਬੰਦਨ ਬਾਰ ਸਜਾ ਕੇ ਸੁਆਗਤ ਕਰਦਾ ਹਾਂ।
ਗੁਰਭਜਨ ਸਿੰਘ ਗਿੱਲ (ਪ੍ਰੋ.)
ਚੇਅਰਮੈਨ,
ਪੰਜਾਬੀ ਲੋਕ ਵਿਰਾਸਤ ਅਕਾਦਮੀ,
ਲੁਧਿਆਣਾ