Dharti Dukkh Te Main : Masud Ahmad Chaudhry

ਧਰਤੀ ਦੁੱਖ ਤੇ ਮੈਂ : ਮਸਊਦ ਅਹਿਮਦ ਚੌਧਰੀ



ਬਣ ਕੇ ਇਕ ਦੂਜੇ ਦੇ ਸਾਏ

ਬਣ ਕੇ ਇਕ ਦੂਜੇ ਦੇ ਸਾਏ ਧਰਤੀ ਦੁੱਖ ਤੇ ਮੈਂ । ਅਜਲੋਂ ਸਾਥ ਨਿਭਾਉਂਦੇ ਆਏ ਧਰਤੀ ਦੁੱਖ ਤੇ ਮੈਂ । ਇੱਕੋ ਜਿਹੀ ਪੀੜ ਤੇ ਧੜਕਣ ਇੱਕੋ ਜੇਹੀ ਚੀਕ, ਤਿੰਨੋਂ ਇੱਕੋ ਕੁੱਖ ਦੇ ਜਾਏ, ਧਰਤੀ ਦੁੱਖ ਤੇ ਮੈਂ । ਸ਼ਿਖਰ ਦੁਪਹਿਰੇ ਸ਼ਾਮਾਂ ਪਈਆਂ ਪਸਰੀ ਖ਼ੌਫ਼ ਕਜ਼ਾ, ਇਕ ਦੂਜੇ ਦੇ ਵਿਚ ਸਮਾਏ ਧਰਤੀ ਦੁੱਖ ਤੇ ਮੈਂ । ਸ਼ੌਕ ਬਨੇਰੇ ਆਪਣੀ ਆਪਣੀ ਰੱਤ ਦੀ ਕਰਕੇ ਲੋਅ, ਰਲ ਕੇ ਤਿੰਨਾਂ ਜਸ਼ਨ ਮਨਾਏ ਧਰਤੀ ਦੁੱਖ ਤੇ ਮੈਂ । ਤਾਰੇ ਤਾਰੇ ਜਿੱਡੇ ਅੱਥਰੂ ਕੇਰ ਕੇ ਰੋਈ ਰਾਤ, ਸੂਰਜ ਜੇਡ ਤਬੀਤ ਹੰਢਾਏ ਧਰਤੀ ਦੁੱਖ ਤੇ ਮੈਂ । ਜ਼ਖ਼ਮਾਂ ਦੀ ਰੁੱਤ ਕਰਬ ਸਲੀਬਾਂ ਤਾਅਜ਼ੀਰਾਂ ਦਾ ਸ਼ੌਕ, ਫੇਰ ਵੀ ਥਿੜਕੇ ਨਹੀਂ ਘਬਰਾਏ ਧਰਤੀ ਦੁੱਖ ਤੇ ਮੈਂ । ਚਿੜੀਆਂ ਪਾਵਣ ਸੋਚ ਕੁਕਾਰਾ ਘੁੱਗੀਆਂ ਪਾਵਣ ਵੈਣ, ਕਦੇ ਨਈਂ ਬਲਦੇ ਦਾਗ਼ ਦਿਖਾਏ ਧਰਤੀ ਦੁੱਖ ਤੇ ਮੈਂ । ਕੰਧਾਂ ਬੂਹੇ ਬਾਰੀਆਂ ਚੁੱਪ ਨੇ ਅੱਖਾਂ ਵਿਚ ਉਜਾੜ, ਮਿੱਟੀ ਦੇ ਵਿਚ ਲਾਲ ਗਵਾਏ ਧਰਤੀ ਦੁੱਖ ਤੇ ਮੈਂ । ਸਾਲਾਂ ਤਕ ਵੀ ਬੂਰ ਨਾ ਆਇਆ ਉਨ੍ਹਾਂ ਤੇ 'ਮਸਊਦ' ਫੁੱਲਾਂ ਤੋਂ ਜੋ ਜ਼ਖ਼ਮ ਚੁਰਾਏ ਧਰਤੀ ਦੁੱਖ ਤੇ ਮੈਂ ।

ਜਾਣੂ ਹੋਵਣ ਜਿਹੜੇ ਦਿਲ ਦੀਆਂ ਬਾਤਾਂ ਦੇ

ਜਾਣੂ ਹੋਵਣ ਜਿਹੜੇ ਦਿਲ ਦੀਆਂ ਬਾਤਾਂ ਦੇ । ਉਹ ਸੱਜਣ ਤੇ ਮਿਲਦੇ ਨਾਲ ਬਰਾਤਾਂ ਦੇ । ਪਿਆਰ ਖ਼ਲੂਸ ਨਈਂ ਤੱਕੜੀ ਦੇ ਵਿਚ ਤੋਲੀ ਦਾ, ਮੁਲ ਨਹੀਂ ਹੁੰਦੇ ਨਜ਼ਰ-ਨਿਆਜ਼ ਸੌਗ਼ਾਤਾਂ ਦੇ । ਅਮਲਾਂ ਨਾਲ ਨਬੇੜੇ ਉੱਥੇ ਹੋਵਣਗੇ, ਵਸ ਨਹੀਂ ਚੱਲਣੇ ਉਚੀਆਂ ਨੀਵੀਆਂ ਜ਼ਾਤਾਂ ਦੇ । ਵਿੱਚ ਮਸੀਤਾਂ ਕੈਦੋਂ ਵਾਗਾਂ ਦਿੰਦੇ ਨੇ, ਮੁੱਲਾਂ ਕਰਦੇ ਫ਼ਿਰਣ ਸ਼ਿਕਾਰ ਜ਼ੁਕਾਤਾਂ ਦੇ । ਸ਼ਰਾ-ਸ਼ਰੀਅਤ ਦੀ ਪਾਬੰਦੀ ਜਾਨਣ ਕੀ, ਪੇਸ਼ ਇਮਾਮ ਨੇ ਜਿਹੜੇ ਚਾਰ ਰਕਾਤਾਂ ਦੇ । ਜਿਸ ਥਾਲੀ ਵਿਚ ਖਾਵਣ ਉਸ ਵਿਚ ਛੇਕ ਕਰਨ, ਇਹ ਕਾਰੇ ਨੇ ਕਮਜ਼ਰਫ਼ਾਂ ਕਮਜ਼ਾਤਾਂ ਦੇ । ਇਕ ਨਾ ਇਕ ਦਿਨ ਸਿਰ ਪਰਨੇ ਆ ਡਿਗਦੇ ਨੇ, ਜਿਹੜੇ ਪਾਸ ਨਾ ਕਰਦੇ ਚੰਨ ਔਕਾਤਾਂ ਦੇ । ਉਨ੍ਹਾਂ ਨੂੰ ਕੀ ਚਿੱਟੇ ਦਿਨ ਦੀਆਂ ਸੂਝਾਂ ਨਾਲ, ਚੋਰ ਤੇ ਹੁੰਦੇ ਆਸ਼ਿਕ ਕਾਲੀਆਂ ਰਾਤਾਂ ਦੇ । ਕਾਰੋਬਾਰ 'ਚ ਘਾਟੇ-ਵਾਧੇ ਹੁੰਦੇ ਨੇ, ਲੇਖੇ ਕਰਨੇ ਠੀਕ ਨਈਂ ਤਵੇ-ਪਰਾਤਾਂ ਦੇ । ਇਸ਼ਕ ਝਨ੍ਹਾਂ ਵਿਚ ਉਨ੍ਹਾਂ ਕੁੱਦਣਾ ਕੀ 'ਮਸਊਦ', ਜਿਹੜੇ ਡੱਡੂ ਸੌਣ ਦੀਆਂ ਬਰਸਾਤਾਂ ਦੇ ।

ਜਿਸ ਦਿਨ ਦਾ ਉਸ ਖ਼ਾਬ 'ਚ ਆਉਣਾ

ਜਿਸ ਦਿਨ ਦਾ ਉਸ ਖ਼ਾਬ 'ਚ ਆਉਣਾ ਛੱਡ ਦਿੱਤਾ । ਓਸੇ ਦਿਨ ਦਾ ਅਸਾਂ ਵੀ ਸੌਣਾ ਛੱਡ ਦਿੱਤਾ । ਨਾ ਇਨ੍ਹਾਂ ਦੇ ਦਿਲ, ਨਾ ਕੰਨ, ਨਾ ਅੱਖੀਆਂ ਨੇ, ਤਾਂ ਪੱਥਰਾਂ ਨੂੰ ਹਾਲ ਸੁਣਾਉਣਾ ਛੱਡ ਦਿੱਤਾ । ਡੁੱਲ੍ਹੇ ਅੱਥਰੂ ਬੇਰ ਨਈਂ ਹੁੰਦੇ ਸਮਝ ਗਿਆਂ, ਇਸ ਕਰਕੇ ਮੈਂ ਅਸ਼ਕ ਬਹਾਉਣਾ ਛੱਡ ਦਿੱਤਾ । ਵਿੱਚ ਵਿਸਾਖ਼ੀ ਵੈਰ, ਕ੍ਰੋਧ ਅੱਜ ਨੱਚਦੇ ਨੇ, ਤਾਂ ਲੋਕਾਂ ਨੇ ਭੰਗੜਾ ਪਾਉਣਾ ਛੱਡ ਦਿੱਤਾ । ਨੱਚ ਨੱਚ ਕਿਸੇ ਮਨਾਇਆ ਸੂਲੀ ਝੂਠ ਕਿਸੇ, ਮੈਂ ਤੇ ਇਸਰਾਂ ਯਾਰ ਮਨਾਉਣਾ ਛੱਡ ਦਿੱਤਾ । ਉਸ ਮਾਹਰ ਦਾ ਤੀਰ ਕਦੇ ਵੀ ਉਕਦਾ ਨਹੀਂ, ਉਹਦੀ ਅੱਖ ਦਾ ਵਾਰ ਬਚਾਉਣਾ ਛੱਡ ਦਿੱਤਾ । ਹੁਣ ਤੇ ਮਰਜ਼ੀ ਦੇਖ ਕੇ ਭਿੱਖਿਆ ਮੰਗਦੇ ਨੇ, ਜੋਗੀਆਂ ਨੇ ਠੂਠਾ ਤੜਵਾਉਣਾ ਛੱਡ ਦਿੱਤਾ । ਜਦ ਦਾ ਸੋਹਣਾ ਖ਼ਿਆਲ ਇਕ ਜ਼ਿਹਨ 'ਚ ਬੈਠਾ ਏ, ਉਦੋਂ ਤੋਂ 'ਮਸਊਦ' ਨੇ ਭਾਉਣਾ ਛੱਡ ਦਿੱਤਾ ।

ਸੱਪਾਂ ਨਾਲ ਯਾਰਾਨੇ ਲਾਉਣਾ ਚੰਗਾ ਨਈਂ

ਸੱਪਾਂ ਨਾਲ ਯਾਰਾਨੇ ਲਾਉਣਾ ਚੰਗਾ ਨਈਂ । ਅਜ਼ਮਾਇਆਂ ਨੂੰ ਮੁੜ ਅਜ਼ਮਾਉਣਾ ਚੰਗਾ ਨਈਂ । ਜਿਹੜਾ ਮੁਆਫ਼ੀ ਮੰਗੇ ਉਹਨੂੰ ਮੁਆਫ਼ ਕਰੋ, ਡਿੱਗੇ ਉੱਤੇ ਤੀਰ ਚਲਾਉਣਾ ਚੰਗਾ ਨਈਂ । ਸ਼ਾਮ ਕਲਿਆਣ ਤੇ ਸ਼ਾਮੀ ਗਾਇਆ ਜਾਂਦਾ ਏ, ਸਰਘੀ ਵੇਲੇ ਰਾਗ ਇਹ ਗਾਉਣਾ ਚੰਗਾ ਨਈਂ । ਇਕ ਦੋ ਵਾਰੀ ਮਿਹਣਾ ਦੇਣਾ ਫਬਦਾ ਏ, ਰੋਜ਼ ਈ ਹਿੱਕ ਤੇ ਆਲ੍ਹਣਾ ਪਾਉਣਾ ਚੰਗਾ ਨਈਂ । ਅੱਜ ਨੇ ਆਖ਼ਰ ਇਕ ਦਿਨ ਕੱਲ੍ਹ ਵੀ ਹੋਣਾ ਏ, ਦਾਈਆਂ ਕੋਲੋਂ ਪੇਟ ਲੁਕਾਉਣਾ ਚੰਗਾ ਨਈਂ । ਮੂਰਖ਼ ਨੇ ਜੋ ਕੈਦ ਕਰਨ ਖ਼ੁਸ਼ਬੂਆਂ ਨੂੰ, ਸੋਚਾਂ ਉੱਤੇ ਪਹਿਰੇ ਲਾਉਣਾ ਚੰਗਾ ਨਈਂ । ਮੱਤ ਹਮੇਸ਼ਾਂ ਦਈਏ ਮੱਤਾਂ ਵਾਲੇ ਨੂੰ, ਮੱਝਾਂ ਅੱਗੇ ਵੀਨ ਵਜਾਉਣਾ ਚੰਗਾ ਨਈਂ । ਕੱਲ੍ਹ 'ਮਸਊਦ' ਜੋ ਸਾਡੇ ਰੋਣ ਤੇ ਹਸਦੇ ਸਨ, ਅੱਜ ਉਨ੍ਹਾਂ ਦਾ ਹੇਜ ਜਗਾਉਣਾ ਚੰਗਾ ਨਈਂ ।

ਵੰਨ-ਸਵੰਨੇ ਚਿਹਰੇ ਪੜ੍ਹ-ਪੜ੍ਹ

ਵੰਨ-ਸਵੰਨੇ ਚਿਹਰੇ ਪੜ੍ਹ-ਪੜ੍ਹ ਅੱਕ ਜਾਨਾਂ ਵਾਂ । ਸੋਚ ਦੇ ਲੰਮੇ ਪੈਂਡੇ ਕਰ ਕਰ ਥੱਕ ਜਾਨਾਂ ਵਾਂ । ਖ਼ਵਰੇ ਖ਼ੈਰ ਪਵੇ ਯਾ ਠੂਠਾ ਟੁੱਟੇਗਾ, ਏਸੇ ਕਰਕੇ ਮੰਗਦਾ ਮੰਗਦਾ ਝੱਕ ਜਾਨਾਂ ਵਾਂ । ਲੌਂਗਾਂ ਦੇ ਲਿਸ਼ਕਾਰੇ ਅੱਖ ਨੂੰ ਜਚਦੇ ਨਈਂ, ਜਦ ਕੋਈ ਚੀਕ ਸੁਣਾਂ ਤੇ ਹਲ ਨੂੰ ਡੱਕ ਜਾਨਾਂ ਵਾਂ । ਆਪਣੇ ਸੁੱਖ ਲਈ ਅੰਮ੍ਰਿਤ ਵੀ ਨਾ ਪੀਵਾਂ ਮੈਂ, ਧਰਤੀ ਦੇ ਸੁੱਖਾਂ ਲਈ ਜ਼ਹਿਰ ਵੀ ਫੱਕ ਜਾਨਾਂ ਵਾਂ । ਮੇਰੇ ਲਈ ਉਹ ਸ਼ਗਨਾਂ ਦਾ ਘੁੰਡ ਚੁੱਕਦੇ ਨਈਂ, ਮੈਂ ਜਿਨ੍ਹਾਂ ਲਈ ਮੌਤ ਦਾ ਘੁੰਡ ਵੀ ਚੱਕ ਜਾਨਾਂ ਵਾਂ । ਪਆਰ ਦੀ ਥਾਵੇਂ ਨਫ਼ਰਤ ਮਸਜਿਦ ਮੰਦਰ ਵਿਚ, ਨਫ਼ਰਤ ਦੀ ਭੱਠੀ ਵਿਚ ਤਪਕੇ ਪੱਕ ਜਾਨਾਂ ਵਾਂ । ਮੈਥੋਂ ਮੈਨੂੰ ਕਿਹੜਾ ਖੋਹ ਕੇ ਲੈ ਗਿਆ ਏ, ਆਪਣੀ ਜ਼ਾਤ ਤੇ ਆਪੇ ਈ ਕਰ ਸ਼ੱਕ ਜਾਨਾਂ ਵਾਂ । ਲਾਉਂਦੇ ਰਹੇ 'ਮਸਊਦ' ਨੂੰ ਜਿਹੜੇ ਐਵੇਂ ਓਝ, ਮੈਂ ਉਨ੍ਹਾਂ ਦੇ ਕੋਝਾਂ ਨੂੰ ਵੀ ਢੱਕ ਜਾਨਾਂ ਵਾਂ ।

ਰੇਤੇ ਉੱਤੇ ਮਹਿਲ ਬਣਾਉਣਾ ਚੰਗਾ ਨਈਂ

ਰੇਤੇ ਉੱਤੇ ਮਹਿਲ ਬਣਾਉਣਾ ਚੰਗਾ ਨਈਂ । ਭਰਮਾਂ ਦੀ ਦੀਵਾਰ ਗਿਰਾਉਣਾ ਚੰਗਾ ਨਈਂ । ਹਰ ਕੋਈ ਵਾਕਿਫ਼ ਹੁੰਦੈ ਆਪਣੇ ਐਬਾਂ ਦਾ, ਅੰਨ੍ਹੇ ਨੂੰ ਸ਼ੀਸ਼ਾ ਦਿਖਲਾਉਣਾ ਚੰਗਾ ਨਈਂ । ਆਪਣੀ ਜਿੱਤ ਤੇ ਖ਼ੁਸ਼ੀ ਮਨਾਉਣੀ ਬਣਦੀ ਏ, ਕਿਸੇ ਦੀ ਹਾਰ ਤੇ ਭੰਗੜਾ ਪਾਉਣਾ ਚੰਗਾ ਨਈਂ । ਆਪ ਤੇ ਡੁਬ ਗਈ ਪਰ ਲੋਕਾਂ ਨੂੰ ਦੱਸ ਗਈ ਏ, ਕੱਚਿਆਂ ਤੇ ਇਤਬਾਰ ਜਮਾਉਣਾ ਚੰਗਾ ਨਈਂ । ਸਿਰ ਸਰਦਾਰੀ ਸੱਜਦੀ ਲੱਜਾਂ ਵਾਲੇ ਨੂੰ, ਬੇਲੱਜੇ ਨੂੰ ਪੱਗ ਬਨ੍ਹਾਉਣਾ ਚੰਗਾ ਨਈਂ । ਇਕ ਦੋ ਦੇ ਸੰਗ ਇੱਟ-ਖੜੱਕਾ ਸਜਦਾ ਏ, ਸਾਰੇ ਪਿੰਡ ਨਾਲ ਮੱਥਾ ਲਾਉਣਾ ਚੰਗਾ ਨਈਂ । ਮੈਂ ਹਾਂ ਸ਼ਾਇਰ ਆਪਣੇ ਪੰਜਾਂ ਰੰਗਾਂ ਦਾ, ਪਾਰ ਸਮੁੰਦਰੋਂ ਰੰਗ ਲਿਆਉਣਾ ਚੰਗਾ ਨਈਂ । ਉੱਚੀਆਂ ਕਰ ਲੈ ਆਪਣੇ ਘਰ ਦੀਆਂ ਕੰਧਾਂ ਨੂੰ, ਲੋਕਾਂ ਤੇ ਇਲਜ਼ਾਮ ਲਗਾਉਣਾ ਚੰਗਾ ਨਈਂ । ਇਹ ਮਸਊਦ ਤੇ ਆਪ ਗਵਾਚਾ ਫਿਰਦਾ ਏ, ਇਹਦੇ ਕੋਲੋਂ ਖੋਜ ਲਵਾਉਣਾ ਚੰਗਾ ਨਈਂ ।

ਕਿਸੇ ਸੁਲੱਖਣੇ ਵੇਲੇ ਅੱਖੀਆਂ ਲੜੀਆਂ ਸਨ

ਕਿਸੇ ਸੁਲੱਖਣੇ ਵੇਲੇ ਅੱਖੀਆਂ ਲੜੀਆਂ ਸਨ । ਸੋਚ ਰਿਹਾਂ ਉਹ ਕਿੰਨੀਆਂ ਸੋਹਣੀਆਂ ਘੜੀਆਂ ਸਨ । ਭੀੜ ਪਈ ਤੇ ਜੀਭ ਨੂੰ ਉੱਲੀ ਲਾ ਬੈਠੇ, ਕਰਦੇ ਰਹੇ ਜੋ ਗੱਲਾਂ ਬੜੀਆਂ ਬੜੀਆਂ ਸਨ । ਮੇਰਾ ਉਹਦਾ ਐਨਾਂ ਗੂਹੜਾ ਰਿਸ਼ਤਾ ਨਈਂ, ਜਿੰਨੀਆਂ ਲੋਕਾਂ ਝੂਠੀਆਂ ਗੱਲਾਂ ਘੜੀਆਂ ਸਨ । ਦਿਲ ਦੇ ਵਿਚ ਤੇ ਬੜਾ ਸੀ ਚਾਅ ਮੁਕਲਾਵੇ ਦਾ, ਉੱਤੋਂ ਉੱਤੋਂ ਅੱਖੀਆਂ ਲਾਈਆਂ ਝੜੀਆਂ ਸਨ । ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ ਉਨ੍ਹਾਂ ਦੇ, ਪੈਰੀਂ ਪੈਂਖੜ ਹੱਥਾਂ ਦੇ ਵਿਚ ਕੜੀਆਂ ਸਨ । ਵਿੱਚ ਮਸੀਤਾਂ ਮੁੱਲਾਂ ਜੋ ਕੁਝ ਦੱਸਿਆ ਏ, ਜੰਨਤ ਦੇ ਲਾਰੇ ਦੋਜ਼ਖ਼ ਦੀਆਂ ਤੜੀਆਂ ਸਨ । ਕੀ 'ਮਸਊਦ' ਦਾ ਸਾੜੈ ਖ਼ਵਰੇ ਉਨ੍ਹਾਂ ਨੂੰ, ਜਿਹੜੀਆਂ ਆਪੇ ਲਾ ਮਵਾਤੇ ਸੜੀਆਂ ਸਨ ।

ਚੰਗੀ ਗੱਲ ਨਹੀਂ ਪਿਆਰ ਵਧਾ ਕੇ

ਚੰਗੀ ਗੱਲ ਨਹੀਂ ਪਿਆਰ ਵਧਾ ਕੇ ਟੁਰ ਜਾਣਾ । ਸੁੱਤੀਆਂ ਸੱਧਰਾਂ ਯਾਰ ਜਗਾ ਕੇ ਟੁਰ ਜਾਣਾ । ਭੁੱਲਿਆਂ ਤਾਈਂ ਰਸਤੇ ਪਾਉਣਾ ਚੰਗਾ ਸੀ, ਚੰਗੀ ਗੱਲ ਨਹੀਂ ਭੁੱਲੀਂ ਪਾ ਕੇ ਟੁਰ ਜਾਣਾ । ਦਰਦੀ ਬਣ ਕੇ ਦੁੱਖ ਵੰਡਾਉਂਦੇ ਚੰਗਾ ਸੀ, ਚੰਗੀ ਗੱਲ ਨਹੀਂ ਦੁੱਖ ਵਧਾ ਕੇ ਟੁਰ ਜਾਣਾ । ਆਪ ਵੀ ਨਾਲ ਕਿਸੇ ਦੇ ਵਸਦੇ ਚੰਗਾ ਸੀ, ਚੰਗੀ ਗੱਲ ਨਹੀਂ ਸ਼ਹਿਰ ਵਸਾ ਕੇ ਟੁਰ ਜਾਣਾ । ਅੱਖਾਂ ਅੱਖਾਂ ਨਾਲ ਪਿਆਰ ਜਤਾ ਜਾਂਦੇ, ਚੰਗੀ ਗੱਲ ਨਹੀਂ ਅੱਖ ਚੁਰਾ ਕੇ ਟੁਰ ਜਾਣਾ । ਸੋਹਣੀਆਂ ਗੱਲਾਂ ਨਾਲ 'ਮਸਊਦ' ਨੂੰ ਜਿੱਤ ਜਾਂਦੇ, ਚੰਗੀ ਗੱਲ ਨਹੀਂ ਗੱਲੀਂ ਲਾ ਕੇ ਟੁਰ ਜਾਣਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਮਸਊਦ ਅਹਿਮਦ ਚੌਧਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ