Dharti De Raane : Kulbhushan Badhanvi

ਧਰਤੀ ਦੇ ਰਾਣੇ : ਕੁਲਭੂਸ਼ਨ ਬੱਧਣਵੀ

ਮੇਰੀਆਂ ਲਿਖਤਾਂ ਤੇ ਦੋਸਤਾਂ ਦਾ ਪ੍ਰਭਾਵ

ਮੇਰੀਆਂ ਲਿਖਤਾਂ ਤੇ ਬਹੁਤਾ ਪ੍ਰਭਾਵ ਕਮਿਊਨਿਸਟ ਪਾਰਟੀ ਦੇ ਕਾਮਰੇਡਾਂ ਦਾ ਰਿਹਾ। 1945 ਤੋਂ 1965 ਤੱਕ C.P.I. ਦੇ ਨਾਲ ਰਿਹਾ । ਪਾਰਟੀ ਦੇ ਕੀਤੇ ਮਜ਼ਾਹਰੇ, ਕਾਨਫ੍ਰੰਸਾਂ ਤੇ ਮੀਟਿੰਗਾਂ ਵਿਚ ਜਾਂਦਾ ਰਿਹਾ। ਮੇਰਾ ਨਿਹਾਲ ਸਿੰਘ ਵਾਲੇ ਦਾ ਇਲਾਕਾ ਕਮਿਊਨਿਸਟਾਂ ਦਾ ਗੜ੍ਹ ਹੈ । ਪਾਰਟੀ ਨੇ ਇਕ ਵਾਰੀ ਤੋਂ ਸਵਾਏ ਇਹ ਅਸੈਂਬਲੀ ਦੀ ਸੀਟ ਛੱਡੀ ਨਹੀਂ। ਮੇਰੇ ਪਿੰਡ ਦੇ ਬਚਪਨ ਦੇ ਦੋਸਤ ਤੇ ਹਮ ਜਮਾਤੀ ਗੁਰਦਰਸ਼ਨ ਸਿੰਘ ਭੱਲਾ ਤੇ ਨਾਜ਼ਰ ਸਿੰਘ ਰਾਓਕੇ ਕਾਲਜ ਦੀ ਪੜ੍ਹਾਈ ਤੱਕ ਨਾਲ ਰਹੇ । ਅਸੀਂ ਵਿਦਿਆਰਥੀ ਦੇ ਨਾਤੇ ਵੀ ਪਾਰਟੀ ਦੀਆਂ ਸਰਗਰਮੀਆਂ ਵਿਚ ਰਹੇ । ਮੈਂ ਬੜਾ ਨਿਡਰ ਹੋ ਕੇ ਕਾਨਫ਼੍ਰੰਸਾਂ 'ਚ ਗੀਤ ਗਾਉਣੇ ਤੇ ਡਰਾਮਿਆਂ 'ਚ ਹਿਸਾ ਲੈਣਾ। ਦਰਸ਼ਨ ਗੌਰਮਿੰਟ ਕਾਲਜ ਲੁਧਿਆਣੇ ਗ੍ਰਿਫਤਾਰ ਹੋਇਆ ਤੇ ਮੈਂ ਫੀਰੋਜ਼ਪੁਰ । ਨਾਜ਼ਰ ਕਈ ਸਾਲ ਅੰਡਰ ਗਰਾਊਂਡ ਰਿਹਾ ਤੇ ਚੋਰੀਓਂ ਨਵਾਂ ਜ਼ਮਾਨਾ ਦੀ ਸੰਪਾਦਕੀ ਕਰਦਾ ਰਿਹਾ। ਮੂੰਹ ਸਿਰ ਮੁਨਾ ਕੇ ਆਪਣਾ ਭੇਸ ਬਦਲ ਲਿਆ ਸੀ। 1950 ਵਿਚ ਜਲੰਧਰ ਵਿਚ ਹੋਈ ਆਲ ਇੰਡੀਆ ਅਮਨ ਕਾਨਫ੍ਰੰਸ ਵਿਚ ਹਿੱਸਾ ਲਿਆ। ਮੇਰੇ ਨਾਲ ਕਈ ਸਾਥੀ ਸਨ । ਝੰਡਾ ਸਿੰਘ ਆਲਮ ਵਾਲਾ, ਰੁਲਦੂ ਖਾਂ, ਲਖਬੰਸ ਸਿੰਘ, ਗੇਂਦਾ ਸਿੰਘ ਦੌਧਰ, ਗੁਰਬਖ਼ਸ਼ ਸਿੰਘ । ਅਸੀਂ ਸਾਇਕਲਾਂ ਤੇ ਅਮਨ ਦੇ ਨੀਲੇ ਝੰਡੇ ਲੈ ਕੇ ਵਿਚ ਚਿੱਟੀਆਂ ਘੁੱਗੀਆਂ ਉਲੀਕੀਆਂ । ਪਿੰਡਾਂ ਵਿਚ ਹੁੰਦੇ ਜਲੰਧਰ ਪਹੁੰਚੇ । ਰਾਤ ਨੂੰ ਲੱਖਾਂ ਦੀ ਹਾਜ਼ਰੀ ਵਿਚ ਮੈਂ ਆਪਣਾ ਲਿਖਿਆ ਅਮਨ ਦਾ ਗੀਤ ‘ਤੂੰਬਾ ਘਰ ਵੇ ਸੁਣੀਂਦਾ ਵਜਦਾ ਨਹਿਰੋਂ ਪਾਰ" ਸੁਣਾਇਆ । ਏਸੇ ਤਰ੍ਹਾਂ 1954 ਵਿਚ ਮੋਗੇ ਆਲ ਇੰਡੀਆ ਕਿਸਾਨ ਕਾਨਫ੍ਰੰਸ ਵਿਚ ਵੀ ਗੀਤ ਗਾਏ।

ਉਨ੍ਹਾਂ ਦਿਨਾਂ ਵਿਚ ਲਖਬੰਸ ਸਿੰਘ ਮਿਲਿਆ ਜਿਸਨੇ ਪੰਜਾਬ ਵਿਚ ਨੌਜਵਾਨ ਸਭਾ ਦੀ ਨੀਂਹ ਰਖੀ । ਬਾਅਦ ਵਿਚ ਉਹ ਰੂਸ ਤੇ ਹੋਰ ਦੇਸ਼ਾਂ ਵਿਚ ਡੈਲੀਗੇਟ ਲੈ ਕੇ ਗਿਆ । ਮੇਰੇ ਪਿੰਡ ਦੇ ਕਾਮਰੇਡ ਹਰੀ ਸਿੰਘ ਤੇ ਕਾਮਰੇਡ ਪ੍ਰੀਤਮ ਸਿੰਘ ਬੜੇ ਹੀ ਜੁਸ਼ੀਲੇ ਤੇ ਦਲੇਰ ਵਰਕਰ ਸਨ । ਕਈ ਵਾਰ ਉਨ੍ਹਾਂ ਡਾਂਗਾਂ ਖਾਧੀਆਂ ਤੇ ਜੇਲ੍ਹ ਗਏ । ਮੈਂ ਬੜਾ ਹੀ ਏਨ੍ਹਾਂ ਦੇ ਅਸਰ ਹੇਠ ਰਿਹਾ। ਅੰਗਰੇਜ਼ ਸਾਮਰਾਜ ਵੇਲੇ ਉਹ ਸਟੇਜਾਂ ਦੇ ਬੁਲਾਰੇ ਰਹੇ । ਹੁਣ ਵੀ ਜਦੋਂ ਕਦੇ ਮੈਂ ਪਿੰਡ ਜਾਂਦਾ ਹਾਂ ਉਨ੍ਹਾਂ ਅੱਗੇ ਸਿਰ ਝੁਕਾ ਦੇਂਦਾ ਹਾਂ । ਮੈਂ ਆਪਣੇ ਪਿੰਡ ਦੇ ਉਸਤਾਦ ਮਾਸਟਰ ਚੰਨਣ ਸਿੰਘ ਤੋਂ ਉਰਦੂ ਪੜ੍ਹਿਆ । ਏਨ੍ਹਾਂ ਦਾ ਹੀ ਸਾਹਿਬਜ਼ਾਦਾ ਜਗਜੀਤ ਸਿੰਘ ਵੀ ਮੈਨੂੰ ਬੜਾ ਸੁਲਝਿਆ ਹੋਇਆ ਦੋਸਤ ਮਿਲਿਆ । ਪਿੰਡ ਦੀ ਹਰ ਢਾਣੀ ਵਿਚ ਉਹ ਸਾਮਰਾਜ ਦੇ ਖਿਲਾਫ ਆਵਾਜ਼ ਉਠਾਉਂਦਾ ਤੇ ਪੜ੍ਹਾਈ ਵੀ ਐਮ. ਏ. ਤੱਕ ਕਰ ਗਿਆ । ਇਕ ਹੋਰ ਦੋਸਤ ਪ੍ਰੀਤਮ ਪਿਆਰਾ, ਜਿਸਨੇ ਪਿੰਡ ਦੇ ਬਾਣੀਏ ਤੇ ਕੋਛੜਾਂ ਦੀ ਡਰਾਕਲ ਜ਼ਿੰਦਗੀ ਤੋਂ ਬਗਾਵਤ ਕਰ ਦਿਤੀ, ਪਾਰਟੀ ਵਿਚ ਆ ਕੁਦਿਆ । ਅਜ ਕਲ ਮਸ਼ੀਨਾਂ ਦੇ ਸਪੇਅਰ ਪਾਰਟਸ ਦਾ ਬਿਓਪਾਰੀ ਵੀ ਹੈ। 1947 ਮਗਰੋਂ ਇਕ ਮੇਰਾ ਹਮ ਗੋਤੀ ਮਿੱਤ੍ਰ ਸੋਹਣ ਸਿੰਘ ਬਾਈ ਬੜਾ ਹੀ ਨਿੱਘਾ ਤੇ ਮਿਠੇ ਸੁਭਾ ਦਾ ਮਿਲਿਆ। ਏਸ ਨੂੰ ਮੇਰੇ ਗੀਤ ਤੇ ਕਵਿਤਾਵਾਂ ਸੁਨਣ ਦਾ ਬੜਾ ਹੀ ਸ਼ੌਕ ਸੀ । ਕਿੰਨੀ ਕਿੰਨੀ ਰਾਤ ਅਸੀਂ ਨਹਿਰ ਦੇ ਕਿਨਾਰੇ ਅਤੇ ਖੂੰਹਾਂ ਦੀ ਮੌਣ ਤੇ ਬੈਠੇ ਰਹਿੰਦੇ ।

ਪਿਛਲੇ ਪੰਦਰਾਂ ਕੁ ਸਾਲਾਂ ਤੋਂ ਮੈਨੂੰ ਇਕ ਹੋਰ ਮਿਤ੍ਰ ਪ੍ਰਦੀਪ ਅਰਸ਼ੀ ਮਿਲਿਆ ਜੋ ਮਗਰੋਂ ਰਿਸ਼ਤੇਦਾਰ ਵੀ ਬਣ ਗਿਆ । ਬੜਾ ਹੀ ਮਿਹਨਤੀ । ਡਰਾਇੰਗ ਮਾਸਟਰ ਤੋਂ ਪ੍ਰੋਫੈਸਰ ਬਣ ਗਿਆ, ਇਕ ਅਗਾਂਹ ਵਧੂ ਚੰਗਾ ਚਿਤ੍ਰਕਾਰ, ਲੋਕ ਭੰਗੜੇ ਤੇ ਲੋਕ-ਗੀਤਾਂ ਦਾ ਬਾਦਸ਼ਾਹ । ਹਰ ਵੇਲੇ ਗੀਤ ਗੁਣਗੁਣਾਈ ਜਾਂਦਾ। ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੇ ਗੁਰਦਵਾਰਿਆਂ ਦੇ ਆਰਚੀਟੈਕਟ ਬਾਰੇ ਪੀ. ਐਚ-ਡੀ. ਵਾਸਤੇ ਬੜੀ ਸਿਰ ਤੋੜ ਮਿਹਨਤ ਕੀਤੀ । ਪਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੇ ਫਾਈਨ ਆਰਟਸ ਦੇ ਹੈਡ ਚੂੰਨੀ ਗੋਸਵਾਮੀ ਨੇ ਫਿਰਕਾਪਰਸਤੀ ਦੀ ਬਿਨਾ ਤੇ ਇਜਾਜ਼ਤ ਨਾ ਦਿੱਤੀ।

1954 ਵਿਚ ਮੈਂ ਪੰਜਾਬੀ ਪੜ੍ਹਣੀ ਸ਼ੁਰੂ ਕੀਤੀ । ਫਰੀਦਕੋਟ ਬਰਜਿੰਦਰਾ ਕਾਲਜ ਤੋਂ ਡਰਾਇੰਗ ਕਰਕੇ 1953 ਵਿਚ ਮੈਂ ਟਾਂਡਾ ਉੜਮੁੜ (ਹੁਸ਼ਿਆਰਪੁਰ) ਟੀਚਰ ਲਗ ਗਿਆ। ਫੇਰ ਮੈਂ ਜਲੰਧਰ ਪੰਜਾਬੀ ਲਿਖਾਰੀ ਸਭਾ ਵਿਚ ਜਾਣ ਲਗ ਪਿਆ । ਹੀਰਾ ਸਿੰਘ ਦਰਦ, ਤੇਰਾ ਸਿੰਘ ਚੰਨ ਤੇ ਸੋਹਣ ਸਿੰਘ ਜੋਸ਼ ਤੋਂ ਮੈਨੂੰ ਸਾਹਿਤਕ ਸੇਧ ਮਿਲੀ । ਏਨ੍ਹਾਂ ਸਾਰਿਆਂ ਦੋਸਤਾਂ ਤੇ ਸਾਥੀਆਂ ਤੋਂ ਮੈਂ ਬੜਾ ਕੁਝ ਸਿਖਿਆ । ਅਜੀਤ ਸਿੰਘ ਪੱਤੋ ਨੇ ਮੇਰੇ ਦੋ ਨਾਵਲ ਪੜ੍ਹਕੇ ਠੀਕ ਕੀਤੇ । ਆਤਮ ਹਮਰਾਹੀ ਤੇ ਭਾਗ ਸਿੰਘ ਉਪਾਸ਼ਕ ਵੀ ਮੇਰੇ ਬੜੇ ਨੇੜੇ ਰਹੇ ਤੇ ਮੋਗਾ ਸਾਹਿਤਕ ਸਭਾ ਵਿਚ ਵੀ ਬਹੁਤ ਸਾਲ ਜਾਂਦਾ ਰਿਹਾ । ਕਾ. ਕਰਮ ਸਿੰਘ ਤੋਂ ਮੈਂ ਮਾਰਕਸ ਦੇ ਸਾਰੇ ਭਾਗ ਪੜ੍ਹੇ ।

ਮੇਰੇ ਪਿਤਾ ਜੀ ਬਾਬੂ ਅਰੂੜ ਸਿੰਘ (ਅਫਰੀਕਾ ਵਾਲੇ) ਮੇਰੇ ਪਿੰਡ ਬੱਧਣੀ ਤੇ ਇਲਾਕੇ ਦੀ ਬੜੀ ਵਡੀ ਸ਼ਖਸੀਅਤ ਸਨ । ਉਹ ਇਕ ਹੋਣਹਾਰ ਉਰਦੂ ਦੇ ਕਾਤਬ ਤੇ ਮਸੱਨਫ ਸਨ । 1910 ਦੀ ਗਲ ਹੈ ਉਹ ਉਸ ਵੇਲੇ ਬੜੇ ਹੀ ਇਨਕਲਾਬੀ ਸ਼ਖਸ ਬਾਂਕੇ ਦਿਆਲ ਦੇ ਪ੍ਰੈਸ ਵਿਚ ਕਾਤਬ ਸਨ । ‘ਪਗੜੀ ਸੰਭਾਲ ਜਟਾ" ਮੇਰੇ ਪਿਤਾ ਜੀ ਨੇ ਹੀ ਛਾਪਕੇ ਲੋਕਾਂ ਵਿਚ ਵੰਡਿਆ । ਉਹ ਲਾਲਾ ਲਾਜਪਤ ਰਾਏ ਦੇ ਦੋਸਤ ਸਨ। ਉਸ ਦੀਆਂ ਕਾਨਫ਼੍ਰੰਸਾਂ ਦੇ ਸਾਰੇ ਇਸ਼ਤਿਹਾਰ ਆਪ ਛਾਪਣੇ ਅਤੇ ਭਗਤ ਸਿੰਘ ਨੂੰ ਵੀ ਇਸ਼ਤਿਹਾਰ ਛਾਪਕੇ ਦਿਤੇ ਜਿਨ੍ਹਾਂ ਤੇ "ਇਨਕਲਾਬ ਜ਼ਿੰਦਾਬਾਦ" ਲਿਖਿਆ ਹੋਇਆ ਸੀ। ਜੋ ਉਸਨੇ ਅਸੈਂਬਲੀ ਦੀਆਂ ਗੈਲਰੀਆਂ ਤੋਂ ਸੁੱਟੇ । ਮੇਰੇ ਪਿਤਾ ਜੀ ਰਾਤ ਨੂੰ ਚੋਰੀਓਂ ਆਪ ਕੰਧਾਂ ਤੇ ਇਸ਼ਤਿਹਾਰ ਲਾਉਂਦੇ । ਬਾਬਾ ਸੋਹਨ ਸਿੰਘ ਭਕਨਾ, ਸੋਹਣ ਸਿੰਘ ਜੋਸ਼, ਟੀਕਾ ਰਾਮ ਸੁਖਨ ਤੇ ਬਾਬਾ ਨਿਧਾਨ ਸਿੰਘ ਉਨ੍ਹਾਂ ਦੇ ਬੜੇ ਚੰਗੇ ਮਿਤ੍ਰ ਸਨ ।

ਪਿਤਾ ਜੀ ਨੂੰ ਉਰਦੂ ਦਾ ਬੜਾ ਸ਼ੌਕ ਸੀ। ਹਮਾਯੂੰ, ਸ਼ਾਹਰਾ, ਮਸਤਾਨਾ ਜੋਗੀ, ਤੇ ਸ਼ਮਾਂ ਆਦਿ ਰਸਾਲਿਆਂ ਦੇ ਪੱਕੇ ਗਾਹਕ ਸਨ । ਮੈਨੂੰ ਉਹ ਪੜ੍ਹਾਉਂਦੇ । ਮੇਰੀ ਉਨ੍ਹਾਂ ਮਾਸਟਰ ਚੰਨਣ ਸਿੰਘ ਤੇ ਮੌਲਵੀ ਸ਼ੇਰ ਮੁਹੰਮਦ ਹੋਰਾਂ ਕੋਲ ਟਿਊਸ਼ਨ ਵੀ ਰਖਾਈ ਹੋਈ ਸੀ। ਹੋਰ ਉਰਦੂ ਦੇ ਸ਼ਾਇਰਾਂ ਦੀਆਂ ਪੁਸਤਕਾਂ ਜਿਵੇਂ ਗ਼ਾਲਿਬ-ਨਾਮਾ, ਇਕਬਾਲ, ਹਫੀਜ਼ ਜਲੰਧਰੀ, ਅਕਬਰੀ, ਫੈਜ਼, ਕ੍ਰਿਸ਼ਨ ਚੰਦਰ ਦੇ ਨਾਵਲ ਤੇ ਜੋਸ਼ ਮਿਲਸਿਆਨੀ ਵੀ ਮੈਨੂੰ ਪੜ੍ਹਾਉਂਦੇ । ਉਰਦੂ ਦੀ ਲੁਗਾਤ ਵੀ ਲੈਕੇ ਦਿਤੀ ਹੋਈ ਸੀ।

ਸਾਡੇ ਗੁਆਂਢੀ ਗੁਰਚਰਨ ਸਿੰਘ ਥਿੰਦ ਨੂੰ ਗ਼ਾਲਿਬ ਦਾ ਕਲਾਮ ਪੜ੍ਹਣ ਦਾ ਬੜਾ ਸ਼ੌਕ ਸੀ । ਉਸਨੇ ਰਾਤ ਨੂੰ ਚੁਬਾਰੇ ਵਿਚ ਤੂੰਬੀ ਤੇ ਗਾਲਬ ਦੇ ਸ਼ੇਅਰ ਪੜ੍ਹਣੇ ਤੇ ਮੈਂ ਕਿੰਨੀ ਕਿੰਨੀ ਰਾਤ ਸੁਣਦਾ ਰਹਿੰਦਾ । ਹੁਣ ਤੱਕ ਵੀ ਉਰਦੂ ਪੜ੍ਹਣ ਦਾ ਸ਼ੌਕ ਗਿਆ ਨਹੀਂ।

1968 ਨੂੰ ਪਿਤਾ ਜੀ ਸਵਰਗਵਾਸ ਹੋ ਗਏ । ਉਨ੍ਹਾਂ ਦਾ ਉਰਦੂ ਦਾ ਰੀਕਾਰਡ ਬਹੁਤ ਪਿਆ ਸੀ। ਭਾਸ਼ਾ ਵਿਭਾਗ, ਪਟਿਆਲੇ ਨੇ ਮੈਨੂੰ ਬਾਂਕੇ ਦਿਆਲ ਬਾਰੇ ਲਿਖਣ ਨੂੰ ਕਿਹਾ। ਮੈਂ ਪਿੰਡ ਗਿਆ ਜਦੋਂ ਮੈਂ ਅਲਮਾਰੀਆਂ ਵਿਚ ਉਨ੍ਹਾਂ ਦਾ ਰੀਕਾਰਡ ਲੱਭਿਆ ਤਾਂ ਕੁਝ ਵੀ ਨਾ ਮਿਲਿਆ । ਮਗਰੋਂ ਮਾਤਾ ਜੀ ਨੇ ਦਸਿਆ ਕਿ ਤੇਰੇ ਛੋਟੇ ਅਣਪੜ੍ਹ ਛੇ ਭੈਣ ਭਰਾਵਾਂ ਨੇ ਸਾਰਾ ਸਾੜ ਦਿੱਤਾ ਤੇ ਰੂੜੀ ਤੇ ਸੁਟ ਦਿੱਤਾ। ਅਤੇ ਤੇਰੇ ਬਾਪ ਤੋਂ ਵਸੀਅਤ ਵੀ ਕਰਾ ਜ਼ਮੀਨ ਅਤੇ ਹੋਰ ਸਾਰੀ ਜਾਇਦਾਦ ਤੇ ਕਬਜ਼ਾ ਕਰ ਲਿਆ ਹੈ।

ਕੁਲਭੂਸ਼ਨ ਬੱਧਣਵੀ
ਲੁਧਿਆਣਾ

ਧੰਨਵਾਦ

ਮੈਂ ( ਐਸ. ਐਸ. ਗਰੇਵਾਲ 24-ਡੀ, ਸਰਾਭਾ ਨਗਰ, ਲੁਧਿਆਣਾ) ਦਾ ਦਿਲੋਂ ਬੜਾ ਹੀ ਧੰਨਵਾਦੀ ਹਾਂ, ਜਿਨ੍ਹਾਂ ਇਸ ਪੁਸਤਕ ਛਪਵਾਉਣ ਵਿਚ ਪੂਰਾ ਪੂਰਾ ਸਹਿਯੋਗ ਦਿੱਤਾ ।

ਕੁਲਭੂਸ਼ਨ ਬੱਧਣਵੀ

ਏਸ ਕਲਮ ਤੋਂ ਲਿਖੀਆਂ ਗਈਆਂ ਹੋਰ ਪੁਸਤਕਾਂ

ਮਿਹਨਤਕਸ਼ ਲੋਕ - ਕਵਿਤਾਵਾਂ, ਮਹਿੰਦੀ ਰੰਗੇ ਹੱਥ - ਕਵਿਤਾਵਾਂ, ਰਾਤਾਂ ਦੀ ਉਦਾਸੀ - ਕਵਿਤਾਵਾਂ, ਮੇਰਾ ਗੁੰਮ ਤੇਰਾ ਪਿਆਰ - ਕਵਿਤਾਵਾਂ, ਨਾਨਕ ਤੁੱਧ ਮਹਾਨ - ਕਵਿਤਾਵਾਂ, ਜ਼ਿੰਦਗੀ ਜੇਲ੍ਹ ਨਹੀਂ - ਨਾਵਲ, ਲਹੂ ਤੇ ਪੈਸਾ - ਨਾਵਲ, ਰਿਸ਼ਤੇਦਾਰੀ - ਕਹਾਣੀਆਂ.

ਕੁਝ ਕੁ ਲੇਖਕਾਂ ਦੇ ਖਿਆਲ

ਸੋਹਣ ਸਿੰਘ ਜੋਸ਼ : ਕੁਲਭੂਸ਼ਨ ਦੀਆਂ ਮੈਂ ਕਈ ਦਰਜਨਾਂ ਕਵਿਤਾਵਾਂ ਰੋਜਾਨਾ ਨਵੇਂ ਜ਼ਮਾਨੇ ਵਿਚ ਛਾਪੀਆਂ। ਮੈਂ ਓਸ ਨੂੰ ਇਨਕਲਾਬੀ ਕਵੀ ਕਹਿੰਦਾ ਹਾਂ। ਸਰਮਾਏ ਦੇ ਝੂਠੇ ਲੁਟੇਰਿਆਂ ਨਾਲ ਘੋਲ ਕਰਦਾ ਹੈ ਤੇ ਧਰਤੀ ਦੇ ਰਾਣਿਆਂ ਦਾ ਪਸੀਨਾ ਪੂੰਝਦਾ ਹੈ ।

ਹੀਰਾ ਸਿੰਘ ਦਰਦ : ਬੱਧਣਵੀ ਦੀਆਂ ਕਈ ਕਵਿਤਾਵਾਂ ਠੀਕ ਕਰਕੇ “ਫੁਲਵਾੜੀ" ਚ ਛਾਪਦਾ ਰਿਹਾ ਉਸਦੇ ਮੰਨ ਵਿਚ ਲੋਕ ਪੀੜ ਜਾਗਦੀ ਹੈ । ਪੁਰਾਣੇ ਸਮਾਜ ਤੋਂ ਆਕੀ ਹੈ ।

ਸਾਹਿਰ ਲੁਧਿਆਣਵੀ : ਮੈਂ ਚੇਤਨਾ ਤੇ ਜੀਵਨ ਵਿਚ ਜੋ ਬੰਬਈ ਤੋਂ ਛਪਦੇ ਹਨ ਭੂਸ਼ਨ ਦੀਆਂ ਨਜ਼ਮਾਂ ਪੜ੍ਹੀਆਂ। ਉਹ ਮਨ ਦੇ ਦਰਦ ਨਾਲ ਹੈ । ਇਕ ਥਾਂ ਮੈਂ ਪੜ੍ਹਿਆ।"

ਸਾਰੀ ਰਾਤ ਦੀਵਾ ਜਗਦਾ ਰਿਹਾ
ਸਾਰੀ ਰਾਤ ਤੇਲ ਮਚਦਾ ਰਿਹਾ
ਖਾ ਨਾ ਸਕੀ ਮੇਰੇ ਗੰਮ ਦਾ ਹਨੇਰ

ਬਲਰਾਜ ਸਾਹਨੀ : ਪਹਿਲੀ ਵਾਰ ਮੈਂ ਓਸਨੂੰ ਅੰਮ੍ਰਿਤਸਰ ਵਿਚ ਹੋਈ ਆਲ ਇੰਡੀਆ ਅਮਨ ਕਾਨਫਰੰਸ ਵਿਚ ਮਿਲਿਆ ਮੇਰੇ ਜਿਡਾ ਲੰਮਾਂ ਕਦ, ਪਤਲਾ ਸਰੀਰ। ਬੜੀ ਹੀ ਮਿੱਠੀ ਤੇ ਪਿਆਰੀ ਅਵਾਜ ਵਿਚ ਉਸ ਸਟੇਜ ਤੇ ਗੀਤ ਗਾਏ। ਮੈਨੂੰ ਏਸਦਾ ਅਮਨ ਦਾ ਗੀਤ ਹੁਣ ਤੱਕ ਚੇਤੇ ਹੈ ।

'ਤੂੰਬਾ ਘਰ ਵੇ ਸੁਣੀਦਾ ਵਜਦਾ ਨਹਿਰੋਂ ਪਾਰ'
ਇਹ ਗੀਤ ਰੂਸ, ਜਾਪਾਨ ਤੇ ਵੀਤਨਾਮ ਦੇ ਰਸਾਲਿਆਂ ਵਿਚ ਵੀ ਉਲਥਾ ਹੋ ਕੇ ਛਪਿਆ ।

ਮੇਰੀਆਂ ਪੁਸਤਕਾਂ ਹੁਣ ਤੱਕ ਨਾ ਛਪਣ ਦਾ ਕਾਰਣ

ਮੈਂ 1954 ਵਿਚ ਕਵਿਤਾ ਲਿਖਣੀ ਸ਼ੁਰੂ ਕਰ ਦਿਤੀ ਪਹਿਲੀ ਹੀ ਕਵਿਤਾ ਪ੍ਰੀਤ ਲੜੀ ਦੇ ਅਗਸਤ 1954 ਦੇ ਅੰਕ ਵਿਚ ਛਪੀ । 1973 ਤਕ ਤਕਰੀਬਨ 50 ਕੁ ਕਵਿਤਾਵਾਂ ਛਪੀਆਂ। ਹੁਣ ਤੱਕ ਲਿਖੀ ਜਾ ਰਿਹਾ ਹਾਂ ਪਰ ਛਪਣ ਲਈ ਨਹੀਂ ਭੇਜਦਾ । ਇਸ ਤੋਂ ਪਹਿਲਾਂ ਕਈ ਕਵਿਤਾਵਾਂ ਫੁਲਵਾੜੀ, ਪੰਜ ਦਰਿਆ, ਚੇਤਨਾਂ (ਜੋ ਅਜ ਕਲ ਨਹੀਂ ਛਪਦੇ) ਵਿਚ ਛਪੀਆਂ । ਕੁਝ ਕੁ ਕਵਿਤਾਵਾਂ ਪੰਜਾਬੀ ਦੁਨੀਆਂ, ਜਨ ਸਾਹਿਤ, ਆਰਸੀ ਤੇ ਸੈਨਿਕ ਸਮਾਚਾਰ ਤੇ ਰੋਜ਼ਾਨਾ ਨਵੇਂ ਜ਼ਮਾਨੇ ਵਿਚ ਛਪਦੀਆਂ ਰਹੀਆਂ ।

ਹੁਣ ਤਕ ਮੇਰੇ ਕੋਲ ਪੰਜ ਕਵਿਤਾਵਾਂ ਦੇ ਖਰੜੇ ਪਏ ਹਨ ਦੋ ਪੂਰੇ ਨਾਵਲ ਤੇ 20 ਕਹਾਣੀਆਂ ਵੀ ਲਿਖੀਆਂ ਹਨ । ਕਈ ਪਬਲਿਸ਼ਰਾਂ ਨੂੰ ਪੁਸਤਕਾਂ ਛਪਣ ਬਾਰੇ ਕਿਹਾ ਜਿਨ੍ਹਾਂ ਵਿਚੋਂ ਦੋ ਤਿੰਨਾਂ ਦੀਆਂ ਸ਼ੁਭ ਰਾਆਵਾਂ ਦੇਂਦਾਂ ਹਾਂ :-

ਪਹਿਲੀ ਵਾਰ ਇਕ ਪਬਲਿਸ਼ਰ ਕੋਲ ਗਿਆ । ਉਸ ਕਿਹਾ ਤੁਸੀਂ ਸਾਰਾ ਪੈਸਾ ਪੁਸਤਕ ਦੀ ਛਪਾਈ ਦਾ ਦਿਓ । ਜਦੋਂ ਪੁਸਤਕ ' ਛਪ ਗਈ ਤੁਹਾਡੇ ਪੈਸੇ ਦੇ ਬਦਲੇ ਮੈਂ ਸਿਰਫ ਉਨ੍ਹਾਂ ਦੀ ਕੀਮਤ ਦੀਆਂ ਪੁਸਤਕਾਂ ਦੇਵਾਂਗਾ ਤੇ ਹੋਰ ਕੋਈ ਮੁਆਵਜ਼ਾ ਨਹੀਂ ਦੇਣਾ।

ਫੇਰ ਮੈਨੂੰ ਗੁੜਗਾਂਓ ਦੇ ਜ਼ਿਲੇ ਸ਼ਮਸਪਰ ਨੌਕਰੀ ਮਿਲ ਗਈ ਤੇ ਦਿੱਲੀ ਦੇ ਇਕ ਪ੍ਰਸਿਧ ਪੰਜਾਬੀ ਦੇ ਪਬਲਿਸ਼ਰ ਨੂੰ ਮਿਲਿਆ ਜਿਸਦੇ ਪ੍ਰੈਸ ਵਿਚ ਹਰ ਰੋਜ਼ ਹਜ਼ਾਰਾਂ ਪੁਸਤਕਾਂ ਛਪਦੀਆਂ ਤੇ ਕਈ ਸਫਾਰਤ ਖਾਨਿਆਂ ਦੇ ਰਸਾਲੇ । ਉਸ ਪ੍ਰੈਸ ਦੇ ਆਪਣੇ ਛਪਦੇ ਰਸਾਲੇ ਵਿਚ ਮੇਰੀਆਂ ਕਈ ਕਵਿਤਾਵਾਂ ਛਪੀਆਂ । ਉਹ ਕਹਿੰਦਾ ਸਾਡੇ ਤਾਂ ਛਪਦੀ ਨਹੀਂ ਤੁਸੀਂ ਪੰਜਾਬ ਜਾਓ ਓਥੇ ਬਹੁਤ ਕਿਤਾਬਾਂ ਛਪਦੀਆਂ ਹਨ ।

ਫੇਰ ਸੋਚਿਆ ਚਲੋ ਕਿਸੇ ਪੰਜਾਬ ਦੇ ਮਨਿਸਟਰ ਨੂੰ ਹੀ ਪੁਛ ਲਵਾਂ ਸ਼ਾਇਦ ਕੋਈ ਗਰਾਂਟ ਮਿਲ ਜਾਏ ਕਈ ਚਿਠੀਆਂ ਪਾਈਆਂ ਪਰ ਕੋਈ ਉਤਰ ਨਹੀਂ । ਫੇਰ ਆਪ ਹੀ ਚੰਡੀਗੜ੍ਹ ਗਿਆ ਬੜਾ ਔਖਾ ਵਕਤ ਲਿਆ ਮਿਲਣ ਨੂੰ ਮੈਂ ਆਪਣੀਆਂ ਰਚਨਾਂ ਬਾਰੇ ਜਿਕਰ ਕੀਤਾ ।

ਉਸ ਜਵਾਬ ਦਿੱਤਾ, ' ਮੈਂ ਗਰਾਂਟ ਕਿਉਂ ਦੇਵਾਂ ਤੁਸੀਂ ਮੇਰੇ ਕੋਲੋਂ ਪੁਛਕੇ ਕਵਿਤਾਵਾਂ ਥੋਹੜੀ ਲਿਖਿਆਂ ਹਨ)।'
(ਓਸ ਵਕਤ ਅਕਾਲੀਆਂ ਦੀ ਹਕੂਮਤ ਸੀ)

ਹੋਰ ਕਈ ਦੁਖਦਾਈ ਘਟਨਾਵਾਂ ਹਨ ਜੋ ਲਿਖਦਿਆਂ ਮੈਂ ਬੜੀ ਹੱਤਕ ਮਹਿਸੂਸ ਕਰਦਾ ਹਾਂ।

ਲੁਧਿਆਣਾ
1-8-76


ਗਿੱਧਿਆਂ ਨੂੰ ਤੇਲੀਆ

ਪ੍ਰੀਤ ਲੜੀ ਜੂਨ, 1965 ਖਿੱਚੀ ਮੁਹੱਬਤ ਦੀ ਲਕੀਰ ਉਮਰ ਦੀ ਦਲਹੀਜ਼ ਤੇ ਟੱਪਾਂ ਤਾਂ ਬਾਗ ਰਾਵਣ ਦਾ ਨਹੀਂ ਮੌਤ ਤੋਂ ਬੁਰਾ ਵਸਲ ਕੰਬਦੇ ਬੁਲ੍ਹਾਂ ਦੀ ਗਲ ਕੰਡਿਆਂ ਤੇ ਰਖ ਨਾ ਛੇਕ ਭਰੀ ਜਿੰਦਗੀ ਦੀ ਕੌਣ ਦੇਂਦਾ ਹੈ ਗਵਾਹੀ ਗਿੱਧਿਆਂ ਨੂੰ ਪਿਆ ਤੇਲੀਆ ਲੁੰਝੇ ਸਮੇਂ ਦੇ ਅੰਗ ਨੇ ਬੁਹਤ ਕੁਝ ਹੈ ਕਹਿਣ ਨੂੰ ਭੁੱਖਾਂ ਨੇ ਤੋੜੀ ਜੀਭ ਹੈ ਜਿਊਣ ਬਣਿਆ ਨੂੰ ਮਜ਼ਾਰ ਸਿਜਦਾ ਵੀ ਕਰਨਾ ਜੁਰਮ ਹੈ ਆਰਜ਼ੂ ਦੇ ਖੰਡਰਾਂ ਤੇ ਫੁਲ ਖਿੜਨਾਂ ਵੀ ਮਨ੍ਹਾਂ ਏਡੇ ਵਡੇ ਖੌਲ ਚੋਂ ਸੌਖਾ ਸਾਹ ਇਕ ਲਭ ਦੇ ਖੋਹ ਭਰੀ ਉਮਰ ਨੂੰ ਇਕ ਹਯਾਤੀ ਬੂੰਦ ਦੇ ਮਾਡਲ ਟਾਊਨ ਲੁਧਿਆਣਾ 8-5-76

ਇਸ਼ਕਾਂ ਦੀ ਅਦਾਬਤ ਖਾਲੀ

ਪੰਜਾਬੀ ਦੁਨੀਆਂ ਫਰਵਰੀ, 1960 ਯਾਦ ਤੇਰੀ ਜਿਊਂ ਪਟ ਦਾ ਲੱਛਾ ਬ੍ਰਿਹਾ ਦੀ ਫੁਲਕਾਰੀ ਉਤੇ ਇਸ਼ਕ ਮੇਰੇ ਦੇ ਬੂਟੇ ਕੱਢੇ ਛਪ ਛਪ ਪਾਣੀ ਸੌਣ ਦੀ ਰੁਤੇ ਗੋਰੇ ਗੋਰੇ ਗਿਟੇ ਦਿਸਣ ਇਕ ਤਰਸੇਵਾਂ ਜਿਹਾ ਛੱਡੇ ਮੁਕਲਾਵੇ ਦਾ ਚਰਖਾ ਡਾਹਾਂ ਗੋਰੇ ਹਥੀਂ ਪੂਣੀ ਚਿੱਟੀ ਸੋਚਾਂ ਦੀਆਂ ਤੰਦਾਂ ਕੱਢੇ ਯਾਦ ਤੇਰੀ ਹੈ ਤ੍ਰੇਲ ਦੇ ਤੁਪਕੇ ਨੈਣਾਂ ਦੀਆਂ ਡੱਬੀਆਂ ਵਿਚ ਹੰਝੂ ਕਿਰਦੇ ਵੱਡੇ ਵੱਡੇ ਹਿਜਰਾਂ ਵਿਚ ਮੈਂ ਰੱਤ ਸੁਕਾਈ ਅੰਦਰ ਹੋਇਆ ਛਲਣੀ ਛਲਣੀ ਜਿਊਂ ਬੁੱਤ ਘਾੜਾ ਪੱਥਰ ਵੱਡੇ ਯਾਦ ਤੇਰੀ ਇਕ ਰੂੰ ਦਾ ਗੋਹੜਾ ਬੈਠ ਤ੍ਰਿੰਞਣ ਨਿਬੜ ਜਾਏ ਲੰਘ ਜਾਨਣ ਭਾੜੇ ਦੇ ਗੱਡੇ ਖੂਹ ਦੀਆਂ ਟਿੰਡਾਂ ਭਰ ਭਰ ਖਾਲੀ ਇਊਂ ਇਸ਼ਕਾਂ ਦੀ ਇਬਾਦਤ ਖਾਲੀ ਪਿਆਰ ਅਨੇਕਾਂ ਸੱਟੇ ਖੱਡੇ ਯਾਦ ਤੇਰੀ ਤੁਰਦੇ ਚੰਦ ਤਾਰੇ ਪਿਆਰ ਤੇਰਾ ਇਕ ਧਰੂ ਦਾ ਤਾਰਾ ਰਚ ਗਿਆ ਹਰ ਮੇਰੇ ਹੱਡੇ ਜੰਡੀ (ਲੁਧਿਆਣਾ) 25-9-1959

ਯਾਦ ਤੇਰੀ ਦੀ ਚਰਖੀ ਉੱਤੇ

ਪੰਜਾਬੀ ਦੁਨੀਆਂ ਮਾਰਚ, 1961 ਯਾਦ ਤੇਰੀ ਦੀ ਚਰਖੀ ਉੱਤੇ ਚੰਦ ਹਿਜਰ ਦੇ ਪਾਵਾਂ ਪੋਟੇ ਤਾਂ ਪਹਿਲਾਂ ਦੇ ਜ਼ਖਮੀ ਪੂਣੀ ਕਿਥੇ ਟਕਾਵਾਂ ਭਰੀ ਪਟਾਰੀ ਗੰਮ ਮੇਰੇ ਦੀ ਟੇਰਨੇ ਕਿਥੇ ਰਖਾਵਾਂ ਆਸੇ ਪਾਸੇ ਲਹੂ ਡੁਲ੍ਹਿਆ ਕਿਵੇਂ ਪਿਆਰ ਸਜਾਵਾਂ ਯਾਦ ਤੇਰੀ ਦੀ ਚਰਖੀ ਉੱਤੇ ਭਰਕੇ ਰੀਝਾਂ ਲਾਈਆਂ ਚਰਮਖੜੀ ਤੇ ਗੇੜੇ ਆਉਂਦੇ ਸੁਰਤਾਂ ਲਾ ਘੁੰਮਾਈਆਂ ਸੋਚ ਮੇਰੀ ਤਕਲੇ ਦੀ ਤਣਦੀ ਸਧਰਾਂ ਰੂੰ ਉਠਾਈਆਂ ਤੰਦ ਵਾਂਗਰਾਂ ਜਿੰਦ ਲਪੇਟੀ ਲਈ ਕਾਹਨੂੰ ਪ੍ਰੀਤਾਂ ਪਾਈਆਂ ਯਾਦ ਤੇਰੀ ਦੀ ਚਰਖੀ ਉੱਤੇ ਪੂਰ ਲੰਮੇ ਮੈਂ ਪਾਏ ਟੁੱਟੇ ਜੇ ਪੂਣੀ ਤੋਂ ਧਾਗਾ ਮੌਤ ਮੇਰੀ ਹੋ ਜਾਏ ਫੇਰ ਕਹਾਣੀ ਸ਼ੁਰੂ ਤੋਂ ਪਾਵਾਂ ਪੋਟੇ ਜੀਭ ਛੁਹਾਏ ਮਰਨਾ ਜੀਣਾ ਅਜਲਾਂ ਤੋਂ ਹੈ ਵਿਛੜੇ ਕੌਣ ਮਿਲਾਏ ਯਾਦ ਤੇਰੀ ਦੀ ਚਰਖੀ ਉੱਤੇ ਇਕ ਭੁਲੇਖਾ ਪਾਇਆ ਉਸ ਵਿਹੜੇ ਦੀ ਨਿਮੜੀ ਹੇਠਾਂ ਘੂਕਰ ਮਨ ਭਰਮਾਇਆ ਮਹਿੰਦੀ ਰੰਗਾ ਹੱਥ ਹਥੜੀ ਤੇ ਪਿਆਰ ਮੇਰਾ ਸ਼ਰਮਾਇਆ ਇਹ ਰਾਣੀ ਤਾਂ ਹੋਰ ਦਿਲੇ ਦੀ ਝੂਠਾ ਨਾਟ ਰਚਾਇਆ ਬਧਣੀ ਕਲਾਂ (ਫੀਰੋਜ਼ਪੁਰ) 11-8-1958

ਗੀਤ

ਜਨ ਸਾਹਿਤ ਨਵੰਬਰ 1966 ਮੇਰੀ ਰੁਖ ਲੈ ਉਮਰ ਉਧਾਰ ਕਰੀਂ ਨਾ ਬਿਊਪਾਰ ਸਜਣ ਚਿਤ ਤੋੜੀ ਨਾ ਇਕੋ ਮੇਰੀ ਅਰਜੋਈ ਮੈਂ ਤੇਰੀ ਹੋਈ ਸਜਣ ਚਿਤ ਤੋੜੀ ਨਾ ਸਬਰ ਮੇਰਾ ਹੈ ਭਰਿਆ ਸਜਣ ਸਰਵਰਿਆ ਜੀ ਸਦਾ ਵਗਦਾ ਰਹੇ ਮੈਂ ਇਸ਼ਕਾਂ ਦੀ ਹਾਂ ਲੋ ਤੇਰੀ ਖੁਸ਼ਬੋ ਦੀਵਾ ਸਦਾ ਜਗਦਾ ਰਹੇ ਮੇਰੇ ਪੈਰੀਂ ਝਾਂਜਰਾਂ ਪਾਈਆਂ ਤੇਰੇ ਨਾਲ ਲਾਈਆਂ ਛਣ ਛਣ ਤੁਰਦੀ ਫਿਰਾਂ ਰਹਿ ਜਾਈਏ ਨਾ ਅਧਵਾਟੇ ਖਾਈਏ ਨਾ ਘਾਟੇ ਸਜਣ ਸੁਖ ਮੰਗਦੀ ਫਿਰਾਂ ਵਾਲ ਖਿੰਡ ਆਸੇ ਪਾਸੇ ਲੋਕਾਂ ਦੇ ਹਾਸੇ ਸਾਜਣ ਘਟਾ ਆਈਆਂ ਨੇ ਤੂੰ ਬਦਲੀ ਬਣਕੇ ਬਰਸ ਕਰੀ ਇਕੋ ਤਰਸ ਅੱਖਾਂ ਸ਼ਰਮਾਈਆਂ ਨੇ ਸਦਕ ਦੀ ਗੰਡ ਤੇਰੀ ਬੰਨੀ ਚੁੰਨੀ ਦੀ ਕੰਨੀ ਜਗ ਚਾਹੇ ਹਸਦਾ ਰਹੇ ਤੂੰ ਅਖ ਰਖੀਂ ਸੁਲਖਣੀ ਰਹੂੰ ਤੇਰੀ ਮਖਣੀ ਪਿਆਰ ਤੇਰਾ ਵਸਦਾ ਰਹੇ ਅਜ ਗੀਤ ਕੋਈ ਐਸਾ ਬੋਲ ਰਹੇਂ ਤੂੰ ਕੋਲ ਇਕੋ ਮੰਗ ਮੇਰੀ ਹੋਏ ਨਾ ਉਮਰ ਉਦਾਸ ਏਹੀ ਹੈ ਆਸ ਉਦਾਸੀ ਰੰਗ ਮੇਰੀ ਤੇਰੀ ਯਾਦ ਹਰ ਦਮ ਵਸੇ ਮੁਸਕਣੀ ਹਸੇ ਮੂੰਹੋਂ ਕਹਿ ਨਾ ਹੋਵੇ ਮੁਖੜੇ ਤੇ ਕਾਲਾ ਕਾਲਾ ਤਿਲ ਜੀ ਡੋਹ ਪਵੇ ਦਿਲ ਛੇੜਨੋਂ ਰਹਿ ਨਾ ਹੋਵੇ ਨਿੱਕਾ ਜਿਹਾ ਸਾਡਾ ਦਿਲ ਤੂੰ ਇਕ ਵਾਰੀ ਮਿਲ ਤਾਰਿਆਂ ਰਾਤ ਭਰੀ ਮੁਕਣ ਨਾ ਗੱਲਾਂ ਪਿਆਰੀਆਂ ਲੋਕਾਂ ਤੋਂ ਨਿਆਰੀਆਂ ਮੰਨ ਲੈ ਬਾਤ ਮੇਰੀ (ਮਾਡਲ ਟਾਊਨ ਲੁਧਿਆਣਾ) 5-6-66

ਨਵ-ਸਾਲ

ਜਨ ਸਾਹਿਤ, ਜਨਵਰੀ 1965 ਪੁੰਗਰੋ ਪੁੰਗਰੋ ਨਵ-ਕ੍ਰਿਨੋ ਨੀ ਵਾਰ ਵਾਰ ਇਹ ਸਾਲ ਮੁਬਾਰਕ ਲਹਿਰ ਲਹਿਰ ਇਹ ਨਵ ਲਹਿਰਾਂ ਦੀ ਲਹਿਰਾਂ ਦੇ ਵਿਚ ਤਰੇ ਜਵਾਨੀ ਕਲਵਲ ਕਲਵਲ ਵਗਦੇ ਪਾਣੀ ਅ ਜ ਦੀ ਰੁੱਤ ਏਨੀ ਪਵਿਤ੍ਰ ਜਿਊਂ ਵਗਦਾ ਗੰਗਾ ਦਾ ਪਾਣੀ ਰੌਸ਼ਨ ਰੌਸ਼ਨ ਦਿਲ ਦੀ ਰਾਣੀ ਮਧੁਰ ਮਧੁਰ ਕੋਈ ਸੁਰ ਤੁਣਕਦੀ ਵਤਨਾਂ ਦੀ ਅਜ ਪਾਓ ਕਹਾਣੀ ਕਹਾਣੀ ਉਹ ਜੋ ਤੁਰਨਾ ਦੱਸੇ ਉਲਝੇ ਉਲਝੇ ਰਾਹ ਧਰਤੀ ਦੇ ਸੋਨੇ ਦੀਆਂ ਡੰਡੀਆਂ ਉੱਤੇ ਮਟਕ ਮਟਕ ਕੋਈ ਤੋਰ ਤੁਰਿੰਦੀ ਕੰਘੀ ਪਾਉਣ ਹੁਸਨਾ ਦੇ ਟੋਲੇ ਗਲੋੜੀਆਂ ਕਰਦੀ ਫਿਰੇ ਜਵਾਨੀ ਪੈਰ ਪੈਰ ਤੇ ਮਿੱਟੀ ਨੱਚੇ ਅਣਹੋਂਦ ਅਣਹਦ ਸਾਜ਼ ਉਗੰਦੇ ਨਵ-ਜੀਵ ਗੋਰੀ ਦੀ ਗੋਦੀ ਮੁਸਕਣ ਇਊਂ ਮੂੰਹ ਕਲੀਆਂ ਖੋਹਲਣ ਨਵ-ਜਹਾਨ ਹੋਰ ਵਸਿਆ ਨਵ-ਮਨੁਖ ਹੋਰ ਹਸਿਆ ਦੋ ਪਲਕਾਂ ਅੰਬਰਾਂ ਨੂੰ ਤੱਕਣ ਪੁਲਾੜਾਂ ਵਿਚ ਰਾਕਟ ਨੇ ਘੁਮਦੇ ਪਰੇ ਪਰੇ ਜਹਾਨ ਕਈ ਨੇ ਉਥੇ ਜਾਕੇ ਪੈਰ ਧਰਾਂਗੇ ਉਹ ਨਵ-ਸਾਲ ਐਸਾ ਆਵੇ ਗਲ ਕਦੇ ਸਹਿਕਾਰ ਕਰਾਂਗੇ (ਮਾਡਲ ਟਾਊਨ ਲੁਧਿਆਣਾ) 15-12-65

ਰੁਲਦੀ ਸੁੰਦਰਤਾ

ਪੰਜ ਦਰਿਆ ਜੂਨ, 1957 ਸੋਨੇ ਵਰਗੀ ਕਣਕਾਂ ਰੰਗੀ ਖੇਤਾਂ ਦੇ ਵਿਚ ਚੁਗਦੀ ਬਲੀਆਂ ਬਲੀਆਂ ਵਰਗਾ ਰੂਪ ਓਸਦਾ ਅੱਖੀਆਂ ਚੋਂ ਚੰਬੇ ਦੀਆਂ ਕਲੀਆਂ ਲੱਪਾਂ ਲੱਖਾਂ ਰੂਪ ਛਲਕਦਾ ਅਗੇ ਪਿਛੇ ਹੋ ਹੋ ਤੁਰਦੀ ਮਹਿਕ ਜਵਾਨੀ ਉਡਦੀ ਜਾਂਦੀ ਇਕ ਬੰਨੀ ਤੋਂ ਦੂਜੇ ਮੁੜਦੀ ਮੱਥੇ ਉਪਰ ਚਮਕੇ ਮੁੜਕਾ ਜਿਊਂ ਫੁੱਲਾਂ ਤੇ ਤ੍ਰੇਲ ਦੇ ਮੋਤੀ ਨਾਜ਼ਕ ਕੋਮਲ ਕੋਮਲ ਹਿਕੜੀ ਐਪਰ ਦਰਦਾਂ ਨਾਲ ਪ੍ਰੋਤੀ ਪਾਟੇ ਲੀੜੇ ਪਾਟੀ ਕਿਸਮਤ ਕਜ ਸਕਣ ਨਾ ਸੁਹਲ ਜਵਾਨੀ ਖੇਤਾਂ ਦੇ ਵਿਚ ਰੁਲਦੀ ਫਿਰਦੀ ਖੇਤਾਂ ਦੀ ਹੀ ਦੇਖੋ ਰਾਣੀ ਬੱਲੀ ਬੱਲੀ ਚੁਣਦੇ ਪੋਟੇ ਜ਼ਖਮੀ ਹੋਏ ਨਾਲ ਕਸੀਰਾਂ ਭੁਲਿਆ ਇਸ਼ਕ ਹੀਰ ਜੱਟੀ ਨੂੰ ਢਿਡ 'ਚ ਉਠਣ ਭੁੱਖੀਆਂ ਪੀੜਾਂ ਮਹਿੰਗੀ ਮਹਿੰਗੀ ਸੁੰਦਰਤਾ ਦਾ ਜੀਵਨ ਕਿਨ੍ਹਾਂ ਸਸਤਾ ਸਸਤਾ ਤਖਤ ਹਜਾਰੇ ਦੀ ਰਾਣੀ ਹਾਲਤ ਕਿਨ੍ਹੀ ਖਸਤਾ ਖਸਤਾ ਅੱਖੀਆਂ ਵਿਚ ਹਨੇਰਾ ਛਾਇਆ ਲਿਸ਼ਕ ਨਾ ਆਸ਼ਾ ਦੀ ਕੋਈ ਮਾਰੇ ਕਸ਼ਤੀ ਡੋਲੇ ਭੰਵਰਾਂ ਅੰਦਰ ਨਜ਼ਰ ਨਾ ਆਉਂਦੇ ਕਿਤੇ ਕਿਨਾਰੇ ਬੇਸ਼ਕ ਯੁਗ ਬਦਲ ਗਏ ਸਾਥੀ ਬੇਸ਼ਕ ਬੰਦੀ-ਖਾਨੇ ਟੁੱਟੇ ਪਰ ਖੇਤਾਂ ਦੀ ਇਸ ਰਾਣੀ ਦੇ ਭਾਗ ਨੇ ਅਜੇ ਨਖੁੱਟੇ ਅਹੀਆਪੁਰ (ਹੁਸ਼ਿਆਰਪੁਰ) 3-3-65

ਪੋਲੀ ਪੋਲੀ ਵਾਹੀ ਧਰਤੀ

ਪ੍ਰੀਤ ਲੜੀ, ਅਗਸਤ 1955 ਪੋਲੀ ਪੋਲੀ ਵਾਹੀ ਧਰਤੀ ਵਿਚ ਬੀਜੀਆਂ ਕਣਕਾਂ ਢੋ ਢੋ ਭੱਤੇ ਟੁੱਟੀਆਂ ਲੱਤਾਂ ਪੈਸੇ ਦਾਜ ਨਾ ਜੋਗੇ ਪੋਲੀ ਪੋਲੀ ਵਾਹੀ ਧਰਤੀ ਵਿਚ ਬੀਜੀਆਂ ਕਣਕਾਂ ਹੋਏ ਨਾ ਪੂਰੇ ਮੁਆਮਲੇ ਕੁਟਣੀਆਂ ਪੈਣੀਆਂ ਸੜਕਾਂ ਪੋਲੀ ਪੋਲੀ ਵਾਹੀ ਧਰਤੀ ਵਿਚ ਬੀਜੀਆਂ ਕਪਾਹਾਂ ਚੁਗੀਆਂ ਸਿੱਟੀਆਂ ਸ਼ਾਹ ਲੈ ਗਏ ਲੰਘਾਰੀਆਂ ਸਾਡੀਆਂ ਬਾਹਾਂ ਪੋਲੀ ਪੋਲੀ ਵਾਹੀ ਧਰਤੀ ਵਿਚ ਬੀਜਿਆ ਲੇਰਾ ਲੈ ਗਏ ਸਿੱਟੇ ਮਿਰਕਣੀਏ ਪੈ ਗਿਆ ਅਖੀਆਂ ਹਨੇਰਾ ਪੋਲੀ ਪੋਲੀ ਵਾਹੀ ਧਰਤੀ ਵਿਚ ਬੀਜੀ ਸੀ ਮੂੰਗੀ ਕੀਦੇ ਕੀਦੇ ਲਾਂਹੂੰ ਲੇਖੇ ਸਮਝ ਪੈ ਗਈ ਡੂੰਘੀ ਪੋਲੀ ਪੋਲੀ ਵਾਹੀ ਧਰਤੀ ਬੀਜਿਆ ਵਿਚ ਕਮਾਦ ਸਾਰੀ ਰਾਤੀਂ ਚਲਣ ਵੇਲਣੇ ਰਹੂ ਹਮੇਸ਼ਾਂ ਯਾਦ ਪੋਲੀ ਪੋਲੀ ਵਾਹੀ ਧਰਤੀ ਵਿਚ ਬੀਜਿਆ ਗੁਆਰਾ ਪਿਆ ਨਾ ਮੀਂਹ ਪਿਆ ਮਾਮਲਾ ਚਲਿਆ ਕੋਈ ਨਾ ਚਾਰਾ ਪੋਲੀ ਪੋਲੀ ਵਾਹੀ ਧਰਤੀ ਵਿਚ ਬੀਜੀ ਸੀ ਮੱਕੀ ਤਰਸਣ ਬੱਚੇ ਦਾਣਿਆਂ ਵਲੋਂ ਚਲਣੋ ਰਹਿ ਗਈ ਚੱਕੀ ਪੋਲੀ ਪੋਲੀ ਵਾਹੀ ਧਰਤੀ ਵਿਚ ਬੀਜੇ ਸੀ ਮੋਠ ਫਲੀਆਂ ਨੂੰ ਜਨੌਰ ਪੈ ਗਏ ਤਰਸਨ ਸਾਡੇ ਹੋਠ ਪੋਲੀ ਪੋਲੀ ਵਾਹੀ ਧਰਤੀ ਵਿਚ ਬੀਜੀ ਸੀ ਜੁਆਰ ਓੜਕ ਨੂੰ ਹੱਥ ਨਾ ਪੱਲੇ ਰਹੂ ਹਮੇਸ਼ਾਂ ਖੁਆਰ ਟਾਂਡਾ ਉੜਮੁੜ (ਹੁਸ਼ਿਆਰਪੁਰ) 28-11-1954

ਸੁਣ ਮਹਿਲਾਂ ਦੇ ਰਾਣੇ

ਪ੍ਰੀਤ ਲੜੀ, ਮਾਰਚ 1957 ਕਿੱਥੇ ਤਾਂ ਮੇਰਾ ਰੈਣ ਬਸੇਰਾ ਸੁਣ ਮਹਿਲਾਂ ਦੇ ਰਾਣੇ ਭੁੱਖੇ ਤਾਂ ਮੇਰੇ ਬਾਲ ਬਲੂੰਘੜ ਸੁਣ ਮਹਿਲਾਂ ਦੇ ਰਾਣੇ ਚੁਗਾਂ ਸਿਟੀਆਂ ਖੇਤੀ ਜਾਕੇ ਭਖ ਬਾਲਾਂ ਦੀ ਟਾਲਾਂ ਮੇਰੇ ਟੱਬਰ ਦੀ ਕਿਸਮਤ ਪਲਦੀ ਇਕ ਮੁਠ ਕੁ ਦਾਣੇ ਲੀਰੋ ਲੀਰ ਪਿੰਡੇ ਹੋ ਗਏ ਕਰ ਕਰ ਲਖ ਦਿਹਾੜੀ ਰੱਤ ਨਚੋੜਾਂ ਹੱਡੀਆਂ ਤੋੜਾਂ ਫੇਰ ਵੀ ਭੁੱਖੇ ਭਾਣੇ ਪਾਟੀ ਤਪੜੀ ਉਤੇ ਛੱਪਰ ਤਿਣਕਿਆਂ ਹੇਠ ਬਸੇਰਾ ਸਿੱਲੀ ਥਾਂ ਪਈ ਸਿਬ ਸਿਬ ਕਰਦੀ ਮੇਰੇ ਖੂਬ ਟਿਕਾਣੇ ਅਣ-ਘੜਤ ਡੰਗੋਰੀ ਜੁੱਤੀ ਠਿੱਬੀ ਦੇ ਮਿਟੀ ਦੇ ਠੂਠੇ ਏਹੋ ਸਾਰੀ ਪੂੰਜੀ ਮੇਰੀ ਏਹੀ ਸਾਜ ਤੇ ਗਾਣੇ ਕੋਈ ਪੰਗੂੜਾ ਕੋਈ ਖਡਾਉਣਾ ਨਾ ਵੇਖੇ ਮੇਰੇ ਬਾਲਾਂ ਮਿੱਟੀ ਘੱਟਾ ਪਏ ਉਡਾਵਣ ਧਰਤੀ ਦੇ ਇਹ ਰਾਣੇ ਥੁਹੜੀ ਥੁਹੜੀ ਉਗੜ ਰਹੀ ਤਕਦੀਰ ਮੇਰੇ ਦੀ ਰੇਖਾ ਟੁਹ ਟੁਹ ਹੱਥ ਵੇਖ ਰਹੇ ਹਾਂ ਵਟ ਜਾਣੇ ਨੇ ਭਾਣੇ ਧੁੰਦਲੀ ਧੁੰਦਲੀ ਉਡ ਰਹੀ ਤਕਦੀਰ ਮੇਰੀ ਦੀ ਰੇਖਾ ਟੁਹ ਟੁਹ ਹੱਥ ਵੇਖ ਰਹੇ ਹਾਂ ਵਟ ਜਾਣੇ ਨੇ ਭਾਣੇ ਉਠ ਪਵੇਗੀ ਵਧ ਪਵੇਗੀ ਲੋਕ ਜੁਗ ਦੀ ਢਾਣੀ ਜਾਣਗੇ ਮਿੱਧੇ ਜਾਣਗੇ ਰੋਲੇ ਜ਼ਾਲਮ ਆਦਮ ਖਾਣੇ ਚਮਕ ਰਹੀ ਤਕਦੀਰ ਮੱਥੇ ਤੇ ਤੱਕਾਂ ਨਵਾਂ ਸਵੇਰਾ ਮੂੰਹ ਸਾਡੇ ਵਲ ਕਰਨਾ ਪਊਗਾ ਓ ਮਹਿਲਾਂ ਦੇ ਰਾਣੇ ਬਾਬਾ ਬਕਾਲਾ (ਅੰਮ੍ਰਿਤਸਰ) 20-3-56

ਸਾਡੀਆਂ ਪੀੜਾਂ

ਪ੍ਰੀਤ ਲੜੀ, ਅਕਤੂਬਰ 1954 ਅਜ ਬਾਹਾਂ ਅਗੇ ਵਧੀਆਂ ਘੜਨ ਲਈ ਤਕਦੀਰ ਪਰ ਸਮੇਂ ਦੇ ਹਾਕਮਾਂ ਘੱਤੀ ਹੱਥ ਜੰਜੀਰ ਹੱਥ ਨਾ ਕੱਲੇ ਜਕੜੇ ਰੁਕ ਗਏ ਚਲਣੋ ਪੈਰ ਰੋਕਣ ਲਗੇ ਹੋਣੀਆਂ ਫੁੱਟ ਪਏ ਦੂਣੇ ਕਹਿਰ ਲੋ ਫਿੱਕੀ ਘਟਿਆ ਚਾਨਣਾ ਅਜੇ ਧੁੰਦਲੇ ਸਾਰੇ ਰਾਹ ਗੁਰਬਤ ਘੁਟੇ ਸੰਘੀਆਂ ਰੁੱਕ ਰੁਕ ਜਾਂਦੇ ਸਾਹ ਦੇਸ਼ ਮੇਰੇ ਦੀ ਸਭਿਅਤਾ ਲੀਰਾਂ ਲੈਣ ਕਿਵੇ ਲਕੋਣ ਜਿਊਂ ਜਿਊਂ ਚਕੀਆਂ ਕਾਲਖਾਂ ਤਿਊਂ ਨੰਗੀਆਂ ਹੋਣ ਅਜ ਤਰਸਦੇ ਕੰਮ ਨੂੰ ਲਭੇ ਨਾ ਕੋਈ ਕਾਰ ਢਿਢੋਂ ਭੁੱਖੇ ਲੋਚਣ ਸਖਣੇ ਲਗੇ ਜੀਵਨ ਭਾਰ ਸਭ ਰੀਝਾਂ ਨਿੰਮੋ ਝੂਣੀਆਂ ਝੁਰ ਝੁਰ ਜਾਂਦੇ ਚਆ ਅਧਵਾਟੇ ਸਹਿਕੇ ਜ਼ਿੰਦਗੀ ਸਭ ਪੀੜਾਂ ਮੱਲੇ ਰਾਹ ਸੁਣ ਵੇ ਰਾਹੀਆ ਜਾਂਦਿਆ ਰਤਾ ਕੁ ਜਾਂਈਂ ਖਲੋ ਬੂਹੇ ਖੋਹਲੇ ਦੋਜ਼ਖਾਂ ਜਾਂਈਂ ਏਨ੍ਹਾਂ ਨੂੰ ਢੋ ਟਾਂਡਾ ਉੜਮੁੜ (ਹੁਸ਼ਿਆਰਪੁਰ) 10-9-1954

ਨੀਂਦਾਂ ਹਿਲੀਆਂ

ਚੇਤਨਾ, ਜੂਨ 1960 ਸਾਰੀ ਰਾਤ ਦੀਵਾ ਬਲਦਾ ਰਿਹਾ ਸਾਰੀ ਰਾਤ ਤੇਲ ਮਚਦਾ ਰਿਹਾ ਪਰ ਇਹ ਸੰਤਰੀ ਲੋ ਖਾ ਨਾ ਸਕੀ ਮੇਰੇ ਗੰਮ ਦਾ ਹਨੇਰ ਸਾਰੀ ਰਾਤ ਤਾਰੇ ਤੁਰਦੇ ਰਹੇ ਸਾਰੀ ਰਾਤ ਤਾਰੇ ਟੁਟਦੇ ਰਹੇ ਪਰ ਇਹ ਝੋਕਾਂ ਦੇ ਝੋਲ ਹੂੰਝ ਨਾ ਸਕੇ ਮੇਰੇ ਪੀੜਾਂ ਦੇ ਢੇਰ ਸਾਰੀ ਰਾਤ ਅੱਖਾਂ ਗਿੱਲੀਆਂ ਰਹੀਆਂ ਹਿਜਰਾਂ 'ਚ ਨੀਂਦਾਂ ਹਿੱਲੀਆਂ ਰਹੀਆਂ ਕੰਬਦੀ ਰਾਤ ਤੋਂ ਬਆਦ ਚੁੰਮ ਨਾ ਸਕੀ ਮੇਰੇ ਬੁਲ੍ਹਾਂ ਨੂੰ ਸਵੇਰ ਯਾਦਾਂ ਨਾਲ ਹਿਕੜੀ ਭਰ ਵੀ ਗਈ ਪਿਆਰ ਬਾਝੋਂ ਜਿੰਦੜੀ ਮਰ ਵੀ ਗਈ ਨਿਚੋੜ ਜਿਗਰ ਹੋਰ ਲਹੂ ਨਾਲ ਦਿਸੇ ਮੈਨੂੰ ਭਿਜਿਆ ਚੁਫੇਰ ਕਿਵੇਂ ਚੁੰਗ ਲੀਤੀ ਮੈਂ ਚੰਨ ਦੀ ਲੋ ਪਲ ਭਰ ਲਈ ਸਭ ਆਲਮ ਪਏ ਰੋ ਐਟਮ ਦੇ ਰੌਲੇ 'ਚ ਓ ਮਨੁਖ ! ਜਿਊਣ ਲਈ ਦੇ ਪਲ ਕੁ ਫੇਰ ਧਰਤੀ ਅਕਾਸ਼ ਦੇ ਖੁਲੇ ਖੋਲ 'ਚ ਕਿਹਨੇ ਕੁ ਸਰਾਪੇ ਨੇ ਲੋਕ ਹੌਲ 'ਚ ਜਿਨ੍ਹੀ ਤਾਰਿਆਂ ਦੀ ਜਮਾਂ ਦੇਹਲੀ ਮਹਿਬੂਬ ਦੀ ਇਸ਼ਕ ਦਾ ਘੁਮੇਰ ਸਮਸਪੁਰ ਗੁੜਗਾਓਂ) 16-10-1959

ਅਥਰਾਂ ਦੀ ਦੁਹਣੀ

ਆਰਸੀ ਨਵੰਬਰ 1963 ਤਾਰੇ ਦੇ ਭਰਕੇ ਕੌਲ ਨੂੰ ਚੰਦੇ ਦੇ ਰਖਕੇ ਥਾਲ ੱਚ ਦੁਮੇਲ ਦੇ ਬੁਲ੍ਹਾਂ ਤੇ ਰਾਣੋ ਸ਼ਹਿਤ ਦੀ ਉਂਗਲੀ ਚਟਾ ਖਾਲੀ ਸਮੁੰਦਰ ਬਹੁਤ ਨੇ ਜੇ ਲੋੜ ਪਏ ਤਾਂ ਭਰ ਲਵਾਂ ਅਥਰਾਂ ਦੀ ਦੋਹਣੀ ਡੋਲ੍ਹ ਕੇ ਬਣ ਜਾਏ ਜ਼ਾਇਦਾਦ ਨਾ ਪੰਡਾਂ ਗੰਮਾਂ ਦੀਆਂ ਬੰਨ੍ਹੀਆਂ ਵੇਖੀਂ ਨਾ ਗੰਢਾ ਖੋਲ ਦੇਈਂ ਉਮਰ ਸਾਰੀ ਲੰਘ ਜਾਊ ਕੱਠਾ ਖਲਾਰਾ ਹੋਏ ਨਾ ਮਹਿੰਦੀ ਦਾ ਬੂਟਾ ਮਹਿਕਦਾ ਜਵਾਨ ਉਮਰਾ ਮਹਿਕਦੀ ਸਾਲੂ ਮੁਹੱਬਤ ਉੜਕੇ ਅਜ ਰੰਗ ਤਲੀਆਂ ਤੇ ਸਜਾ ਸਾਂਭ ਲੈ ਮੇਰੇ ਸਿਦਕ ਨੂੰ ਪਾਣੀ ਸੰਭਾਲਣ ਗਾਗਰਾਂ ਕੱਚੇ ਦੁਧ ਦੀ ਧਾਰ ਹੈ ਸੁਹਪਣਾ ਦੀ ਵਾਸ਼ਨਾ ਸ਼ਬਨਮ ਕੰਵਲ ਤੇ ਤੈਰਦੇ ਝੀਲਾਂ 'ਚ ਮੋਤੀ ਝਾਕਦੇ ਸੱਦੋ ਸੁਨਿਹਰੀ ਹੰਸ ਨੂੰ ਤੇ ਜਨਮ ਭੁਖਾਂ ਚੋਂ ਦੁਆ ਲੰਘੇ ਜੁਗਾਂ ਦੇ ਕਾਫਲੇ ਧੂੜਾਂ ਗੁਲਬੀ ਚੁੰਮੀਆਂ ਇਹ ਜੂਹ ਮੇਰੇ ਹੈ ਇਸ਼ਕ ਦੀ ਦੂਰੋਂ ਸਲਾਮ ਹੈ ਮੇਰਾ ਸ਼ਮਸਪੁਰ (ਦਿੱਲੀ ਦੇ ਨੇੜੇ) 15-4-61

ਨਵ-ਸਾਲ ਦਾ ਮੌਸਮ

ਸੈਨਿਕ ਸਮਾਚਾਰ ਜਨਵਰੀ, 1965 ਠਰੀ ਠਰੀ ਚਾਨਣੀ ਹੱਸੇ ਇਸ਼ਕ ਪਿਆ ਨਵ-ਸਾਲ ਦਾ ਮੌਸਮ ਜੀ ਆਏ ਚੁੰਮ ਲਵਾਂ ਨਵੀਆਂ ਪੈਣ ਕਹਾਣੀਆਂ ਰੂਪ ਜਵਾਨੀ ਸਜਣ ਗਹਿਣੇ ਕਸ਼ਮੀਰਣ ਦੇ ਤੋਰ ਤੁਰਦੀ ਇਊਂ ਸ਼ੁਕਾਰਾ ਝੀਲਾਂ 'ਚ ਪ੍ਰੀਤਾਂ ਕਰਨ ਸੈਤਾਨੀਆਂ ਉੱਡੇ ਪਿਆਰ ਸੁਗੰਧ ਸੁਆਣੀ ਜਾਗ ਪਈ ਮਹਿੰਦੀ ਭਿੱਜੇ ਹੱਥ ਛਣ ਛਣ ਚੂੜੇ ਦੀ ਦੁੱਧੀ ਪੈਣ ਮਧਾਣੀਆਂ ਤ੍ਰੇਲਾਂ ਚੁੰਮਣ ਰੋਜ ਮੂੰਹ ਫੁੱਲਾਂ ਦੇ ਜਾਗ ਪਏ ਉਮੰਗ ਕਿਸੇ ਨੂੰ ਦੱਸੇ ਨਾ ਗਲਾਂ ਕਹਿਣ ਜਵਾਨੀਆਂ ਗਲ ਸਜਣ ਦੀ ਇਊਂ ਲਵੋ ਪਤਾਸਾ ਪੀ ਨਿਕਲੇ ਪੂਰਬੋਂ ਟਿੱਕੀ ਮੁਖੜਾ ਨਵਾਂ ਨਕੋਰ ਰੁੱਕ ਚੁੱਕ ਪੈਣ ਰਵਾਦੀਆਂ ਦੇਖ ਲੈ ਮੇਰਾ ਸੁਆਲ ਜਦ ਤਾਈਂ ਉਮਰ ਹੈ ਮਿਲ ਜਾਊਗਾ ਜਵਾਬ ਪਿਆਰੇ ਦੀ ਮਿਹਰ ਹੋਈ ਨਹੀਂ ਤਾਂ ਹੋਣ ਹੈਰਾਨੀਆਂ ਕਰ ਅਜ ਇਕ ਕੌਲ ਤਲੀਆਂ ਜੋੜ ਦੋਵੇਂ ਫੇਰ ਉਡੀਕਾਂ ਸੜਨ ਨਾ ਲੰਮੇ ਰਾਹਾਂ 'ਚ ਜਾਣ ਨਾ ਹੋ ਨਧਾਨੀਆਂ ਗੌ ਗੌ ਜਿੰਦੇ ਜਾਗ ਮੁਹੱਬਤ ਬੂਹੇ ਖੜੀ ਮੈਲੇ ਹੋਣ ਨਾ ਸ਼ਗਣ ਚੁੰਨੀ ਮੁਕਲਾਵੇ ਦੀ ਝੋਲੀ ਵਿਚ ਪੈਣ ਨਸ਼ਾਨੀਆਂ ਮਾਡਲ ਟਾਊਨ, ਲੁਧਿਆਣਾ 17-12-1964

ਨਵ-ਸਾਲ

ਰੋਜਾਨਾ ਨਵਾਂ ਜ਼ਮਾਨਾ ਇਕ ਜਨਵਰੀ 1965 ਨਵ-ਸਾਲ ਨੂੰ ਹੋਣ ਸਲਾਮਾਂ ਫੇਰ ਭੁੱਖ ਨੇ ਅੰਦਰ ਭੰਨੀ ਗੁਆਚੀ ਰੌਲੇ ਵਿਚ ਮੁਬਾਰਕ ਹਾਹਾਕਾਰ ਮੱਚੀ ਮੇਰੇ ਕੰਨੀ ‘ਕਾਂਗ ਧੀਆਂ’ ਹੋਣ ਨਾ ਵਿਧਵਾ ‘ਬੈਲਜੀਅਨ’ ਦੇਵੇ ਠਾਕ ਬੰਦੂਕਾਂ 'ਵੀਤਨਾਮ' ਨਾ ਜਾਏ ਸਾੜਿਆ 'ਸੀਰੀਆ' ਦੇ ਵਿਚ ਪੈਣ ਨਾ ਕੂਕਾਂ ‘ਕੋਰੀਆ’ ਦੀ ਹਿੱਕ ਜਾਏ ਨਾ ਫੂਕੀ ਸਾਮਰਾਜ ਨਾ ਐਟਮ ਬਾਲੇ ‘ਹੀਰੋਸ਼ੀਮਾਂ' ਫੇਰ ਬਨਣ ਨਾ ‘ਕੇਨੀਆ’ ਦੇ ਨਹੀਂ ਹਬਸ਼ੀ ਕਾਲੇ ਸੈ ਰੁਤਾਂ ਸੈ ਸਮੇਂ ਨੇ ਬਦਲੇ ਬਦਲ ਬਦਲ ਕੇ ਫੇਰ ਨਾ ਬਦਲੇ ਬਦਲ ਦਿਆਂਗੇ ਲੋਟੂ ਨੀਤੀ ਵਹਿਸ਼ੀਆਂ ਵਾਂਗ ਜੋ ਲੈਣ ਜੋ ਬਦਲੇ ਫੇਰ ਨਾ ਦੋ ਹੱਥ ਸੜਕਾਂ ਉੱਤੇ ਹਰ ਕਿਸੇ ਦੇ ਮੂੰਹ ਨੂੰ ਤੱਕਣ ਅਜ ਦੇ ਰਾਜ 'ਚ ਮੁਲ ਬੰਦੇ ਦਾ ਨਵੇਂ ਪੈਸੇ ਤੋਂ ਵਧ ਨਾ ਸਕਣ ਲੁਟੇ ਜਾਣ ਨਾ ਬੋਹਲ ਖੇਤਾਂ ਦੇ ਜਾਏ ਨਾ ਵੇਚੀ ਹਿਮਤ ਸਾਡੀ ਅੰਨ ਉਗਾਵਣ ਵਾਲੇ ਅਸੀਂ ਜਾਏ ਨਾ ਫੂਕੀ ਮਿਹਨਤ ਸਾਡੀ ਫੇਰ ਨਾ ਬਰਕਤ ਘਰਾਂ ਚੋਂ ਗਿੜਦੀ ਰਹੇ ਦੁੱਧ ਮਧਾਣੀ ਤਲੀਆਂ ਮਹਿੰਦੀ ਚੂੜੇ ਛਣਛਣ ਗਾਂਉਂਦੀ ਰਹੇ ਦਿਲੇ ਦੀ ਰਾਣੀ ਗਰੀਬਾਂ ਦੀਆਂ ਮੌਤਾਂ ਉੱਤੇ ਦੌਲਤ ਕਹੇ ਨਾ ‘ਫੇਰ ਕੀ ਹੋਇਆ' ਰੋਟੀ ਅੰਨ ਦੀ ਬਣੇ ਨਾ ਜ਼ਾਲਮ ਦਰ ਦਰ ਗਲੀਆਂ ਮੰਗਦਾ ਰੋਇਆਂ ਆਪਣੀ ਆਈ ਤੇ ਆ ਗਏ ਸਾਰੇ ਪੈ ਜਾਣੀ ਇਕ ਐਸੀ ਲੋਟੀ ਸਾਨੂੰ ਉਹ ਮਨਜ਼ੂਰ ਨਹੀਂ ਰਾਜਾ ਜੋ ਜੰਤਾ ਨੂੰ ਦੇਏ ਨਾ ਰੋਟੀ ਮਾਡਲ ਟਾਊਨ, ਲੁਧਿਆਣਾ 25-12-1964

ਚੇਤ ਸੁਚੇਤ

ਆਰਸੀ, ਮਾਰਚ 1960 ਸਾਲ ਪਰਾਗਾ ਪੁਗਿਆ ਨਵੇਂ ਸਿਰੇ ਤੋਂ ਚੇਤ ਮੁਢੀਂ ਕੋਰਾਂ ਫੁੱਟੀਆਂ ਬਣਦੀ ਰੁੱਤ ਸੁਚੇਤ ਫਗਣ ਆਸਾਂ ਭਰਦੀਆਂ ਪੈਲੀ ਨਿਸਰੇ ਹੋਰ ਗਰਭ ਸੰਭਾਲਣ ਬੱਲੀਆਂ ਪੌਣਾਂ ਦੇਣ ਹਲੋਰ ਮਾਘੀ ਸੇਕਣ ਧੂਣੀਆਂ ਧੀ ਅਜ ਬਣ ਗਈ ਮਾਂ ਕੁਛੜ ਜੀਦੇ ਬਾਲ ਨੀ ਕਰੇ ਬਹਿਣ ਨੂੰ ਥਾਂ ਪੋਹ ਦਾ ਕੱਕਰ ਠਾਰਦਾ ਮਸੀਆਂ ਰਾਤਾਂ ਔਣ ਕੰਜਕਾਂ ਚਰਖੇ ਢਾਕ ਲਾ ਤੁਰੀਆਂ ਛੋਪੇ ਪੌਣ ਮਘੱਰ ਸੁੱਕਾ ਮੇਘਲਾ ਸੁੱਕੀ ਸੁੱਕੀ ਰੁੱਤ ਰਾਖੇ ਨੀ ਰੁਜ਼ਗਾਰ ਦੇ ਖੇਤੀ ਸੌਵਣ ਪੁੱਤ ਕੁੱਤੇ ਸੋਰਨ ਧਰਤੀਆਂ ਕਣਕਾਂ ਦੇਵਣ ਕੇਰ ਕੁੱਖਾਂ ਹੋਵਣ ਭਾਰੀਆਂ ਜਨਮ ਜਨਮ ਦੇ ਫੇਰ ਅਸੂ ਨਰਮਾਂ ਚੁਗਿਆ ਜੋੜੋ ਕੋਈ ਦਹੇਜ ਹੋ ਗਏ ਉੱਚੇ ਬਾਲ ਕੀ ਢਕੇ ਨਾ ਜਾਣ ਨੰਗੇਜ ਭਾਦੋਂ ਹੁਸੜ ਮਾਰਦਾ ਵਾਂਵਾਂ ਜਾਣ ਗੁਆਚ ਕਚੂਰ ਚਰਾਂਦਾਂ ਵਿਛੀਆਂ ਪੱਤਿਆਂ ਰੋਕੇ ਨਾਚ ਸਾਵਣ ਤੀਆਂ ਝੂਟਦੀਆਂ ਨਿਮੀ ਨਿਮੀ ਭੂਰ ਰਾਤੀਂ ਗੂੜੀ ਚਾਨਣੀ ਸਮੇਂ ਦਾ ਚੰਦਾ ਦੂਰ ਹਾੜ ਮਹੀਨਾ ਸਾੜਦਾ ਵੀਰ ਸੰਗਾਰਨ ਰੱਥ ਬਾਬਲ ਤੋਰਨ ਲਾਡੀਆਂ ਪੀਲੇ ਕਰ ਕਰ ਹੱਥ ਜੇਠ ਵਰੋਲੇ ਨਹੇਰੀਆਂ ਮਿਹਨਤ ਰੋਲੇ ਬਾਲ ਲੋਹੇ ਦਾ ਇਨਸਾਨ ਅਜ ਕਿਸੇ ਜੁਗ ਦੀ ਭਾਲ ਵਿਸਾਖ ਸੁਨਿਹਰੀ ਧਰਤੀਆਂ ਉੱਚੇ ਉੱਚੇ ਬੋਹਲ ਸ਼ਾਹਾਂ ਕੋਠੇ ਭਰ ਲਏ ਜਾਨਾਂ ਲਈਆਂ ਰੋਲ ਹੁਣ ਪਛਤਾਵਾਂ ਸੋਚੀਏ ਮੁੜ ਫਿਰ ਆਇਆ ਚੇਤ ਸੋਨਾ ਲੈ ਗਏ ਰੋਲਕੇ ਸਾਡੇ ਹੱਥ 'ਚ ਰੇਤ ਇਹ ਰਵਾਇਤਾਂ ਸਾਂਝੀਆਂ ਪਲ ਪਲ ਨਵੀਆਂ ਹੋਣ ਸਮਾਂ ਹੋਇਆ ਅਜ ਸਿੰਘੀਆਂ ਪੱਚਾਂ ਲਾਲਾ ਚੋਣ ਬਾਰਾਂ ਵਾਰੀ ਪੁੱਨਿਆਂ ਘਟ ਘਟ ਮਸਿਆ ਹੋਏ ਇਹ ਟਿੰਡਾਂ ਦਾ ਗੇੜ ਹੈ ਰੁੱਤ ਸੁੱਕ ਹਰ ਹੋਏ ਏਹੀ ਰਾਤ ਜਿਊਣ ਦੀ ਆਪੋਂ ਲਿਆ ਸਰਾਪ ਗਿਰਵੇ ਧੀਆਂ ਭੁੱਖ ਤੋਂ ਹਥੀਂ ਰਖਦੇ ਬਾਪ ਅਜ ਦੀ ਮਿਹਨਤ ਫੂਸ ਨੇ ਉੱਚੀ ਲਾਟ ਬਲੇ ਝੂਠਾ ਵਸਦਾ ਦੇਸ਼ ਵੇ ਸਾਹਵੇਂ ਹੱਕ ਜਲੇ ਉਨ੍ਹੀ ਘਰੀਂ ਬਹਾਰ ਵੇ ਬੇ ਹੱਕ ਜਿਨਾ ਜਿਊਣ ਕ੍ਰਿਤਾਂ ਦੇ ਹੱਥ ਸੂਈਆਂ ਰਹਿੰਦੇ ਫੱਟ ਸਿਊਣ ਹਥੀਂ ਹੋਣ ਮੁਬਾਰਕਾਂ ਪਾਟਣ ਗਰਟ ਹਨੇਰ ਪੱਬਾਂ ਭਾਰ ਉਡੀਕਦੇ ਮੂੰਹ ਧੋਤੀ ਸਵੇਰ ਸ਼ਮਸਪੁਰ (ਦਿੱਲੀ ਦੇ ਨੇੜੇ) 21-1-1960

ਹੰਸ

ਆਰਸੀ, ਜੁਲਾਈ 1961 ਪੂਰਨਮਾਂ ਜਿਹਾ ਰੂਪ ਰਾਤਾਂ ਚੌਕਦੀਆਂ ਪਿਪੱਲਾਂ ਹੇਠਾਂ ਡਿੱਗੇ ਛਿੱਟੇ ਚਾਨਣ ਦੇ ਯਾਦਾਂ ਚੁਪ ਚੁਪੀਤੇ ਆਕੇ ਖਹਿੰਦੜੀਆਂ ਕੌਣ ਚੁਕਾਵੇ ਕਰਜ਼ਾ ਤੇਰੇ ਇਸ਼ਕੇ ਦਾ ਰੋਕ ਲਿਆ ਵੇ ਪਿਆਰ ਰਾਤਾਂ ਸ਼ੂਕਣ ਨੀ ਤਾਰੇ ਮਾਰਨ ਅੱਖਾਂ ਖੋਹਾਂ ਪੈਂਦੜੀਆਂ ਉਡੀਕ ਤੇਰੀ ਹਿੱਕ ਲਾ ਜ਼ਰਾ ਜੇ ਸੌਂ ਜਾਂਵਾਂ ਆ ਚਾਨਣੀ ਲਪਕੇ ਗਲਾਂ ਚੁੰਮ ਲਵੇ ਉਮਰਾ ਭਰੀ ਜਵਾਨ ਨਾ ਹੋਸ਼ਾਂ ਰਹਿੰਦੜੀਆਂ ਅੰਦਰੋਂ ਲਵਾਂ ਧਰੂ ਨੀ ਪਾਵਾਂ ਬਾਤੜੀਆਂ ਅੱਖਰਾਂ ਲਿਆ ਡਬੋ ਨੁਚੜੇ ਇਸ਼ਕ ਪਿਆ ਲਾਓ ਮੁਹੱਬਤੋ ਡੀਕਾਂ ਜਿੰਦਾਂ ਕਹਿੰਦੜੀਆ ਮਹਿੰਦੀ ਪੱਤ ਹਰੇ ਨੀ ਸੂਹਾ ਰੰਗ ਚੜੇ ਉੱਚੀ ਕਰੇ ਉਡਾਰ ਚਕੋਰਾ ਚੰਦਾ ਨੂੰ ਸਰੋਵਰ ਕੰਡੇ ‘ਹੰਸ’ ਡਾਰਾਂ ਬਹਿੰਦੜੀਆਂ ਪ੍ਰੀਤ ਨਵੀਂ ਨਕੋਰ ਤੂਤੀਂ ਕੋਹਾਂ ਜਿਉਂ ਭਰ ਭਰ ਵੰਡਾਂ ਪਰਾਤ ਚੌਲਾਂ ਸ਼ੱਕਰ ਵੇ ਮੇਲ ਮੁਬਾਰਕ ਸਜਣਾ ਨੀਂਦਾਂ ਲਹਿੰਦੜੀਆਂ

ਨਵ-ਸਾਲ

ਆਰਸੀ, ਜਨਵਰੀ 1960 ਊਸ਼ਾ ਨੇ ਚਾਂਦੀ ਪਹਿਣਕੇ ਸੂਰਜ ਨੂੰ ਉੱਚਾ ਚੁਕਿਆ ਦੁਮੇਲ ਦੀ ਚਾਦਰ ਤੇ ਦਿੱਤਾ ਛਿੱਟਾ ਜਿਉਂ ਸੰਧੂਰ ਦਾ ਰਾਤਾਂ ਨੇ ਪੱਲਾ ਮਾਰਕੇ ਪਰਭਾਤ ਦੀ ਗਲ ਚੁੰਮ ਲਈ ਤਾਰੇ ਅਕਾਸ਼ੀ ਸੌਂ ਗਏ ਹੋਇਆ ਪਸਾਰਾ ਨੂਰ ਦਾ ਗੁੰਮ ਗਗਨ ਨੇ ਢਕ ਲਏ ਪੀੜ ਹੂੰਝੀ ਧਰਤ ਨੇ ਪੌਣ ਚੂਸੇ ਹਾਂਓਕਿਆਂ ਨੂੰ ਰੂਪ ਨਿਖਰੇ ਹੂਰ ਦਾ ਸਮੇਂ ਨੇ ਤਲੀਆਂ ਰੰਗੀਆਂ ਨਵ-ਸਾਲ ਦੀ ਨਵ ਜ਼ਿੰਦਗੀ ਪਿਆਰਾਂ ਨੇ ਰਹਿਮਤ ਪਾ ਲਈ ਤੇ ਹੱਕ ਮਿਲੇ ਦਸਤੂਰ ਦਾ ਕੰਵਲ ਤਰਦੇ ਝੀਲ ਤੇ ਮੋਤੀ ਦਾ ਚੋਗਾ ਹੰਸ ਨੂੰ ਕੌਲ ਜਿਹੇ ਨੈਣਾਂ ਵਿਚੋਂ ਦਿੱਸੇ ਜਲਵਾ ਤੂਰ ਦਾ ਇਸ਼ਕ ਪਾਵੇ ਬਾਤੀਆਂ ਦੂਰੇ ਹੁੰਗਾਰੇ ਹੁਸਨ ਦੇ ਟੁੱਟੇ ਨਾ ਲੰਬੀ ਤੰਦ ਇਹ ਹੈ ਤਾਲ ਪੂਰਾ ਪੂਰ ਦਾ ਸਭਿਅਤਾ ਨੂੰ ਲੋਰੀਆਂ ਦੇਵੇ ਸਮੇਂ ਦੀ ਮਮਤਾ ਸਿਦਕ ਵੱਡਾ ਉਮਰ ਤੋਂ ਮਨੁਖ ਵਾਧੂ ਝੂਰਦਾ ਸ਼ਮਸਪੁਰ ।ਦਿਲੀ ਦੇ ਨੇੜੇ॥ 20-11-1959

ਕਾਨੂੰਨ

ਜੀਵਨ ਪ੍ਰੀਤੀ ਚੰਡੀਗੜ੍ਹ ਮਾਰਚ 1965 ਅਜ ਫੇਰ ਤੇਰੀ ਮੁਲਾਕਾਤ ਓਹੀ ਰੂਪ ਆਕਾਰ ਤੇ ਚਾਲ ਪਰ ਕੁਝ ਕੁ ਬਦਲ ਗਈ ਨਕਸ਼ਾਂ ਦੀ ਤਰਤੀਬ ਫੇਰ ਮਿਲੀ ਤੂੰ ਅਦਾਲਤ ਦੇ ਖੋਖਿਆਂ ਦੇ ਵਿਚ ਦੀ ਆ ਰਹੀ ਦੋਵੇਂ ਪਾਸੀਂ ਵਕੀਲਾਂ ਦੀਆਂ ਟੁਕੜੀਆਂ ਬੈਠੀਆਂ ਉਡੀਕ ਰਹੀਆਂ ਕੋਈ ਨਵਾਂ ਕੇਸ ਆਸੇ ਪਾਸੇ ਫਿਰ ਰਹੇ ਜ਼ਾਮਨ, ਤਪਤੀਸ਼ੀ, ਕਾਤਲ ਤੇ ਮੁਜਰਮ ਜਿਨ੍ਹਾਂ ਨੂੰ ਦੇ ਰਹੇ ਚਪੜਾਸੀ ਆਵਾਜ਼ਾਂ “ਫਲਾਨਾ ਸਿੰਘ ਬਨਾਮ ਫਲਾਨਾ" ਤੇਰਾ ਕੀ ਕੰਮ ਏਥੇ ਤੂੰ ਮੁਲਜ਼ਮ ਤਾਂ ਨਹੀਂ ਕੋਈ ਸੀ ਇਕ ਜ਼ਮੀਨ ਤੇ ਮਤਬੰਨੇ ਦਾ ਕੇਸ ਉਹ ਤਾਂ ਨਿਪਟ ਗਿਆ ਸੀ ਉਹ ਆਦਿ ਸੀ ਪਿਆਰ ਦਾ ਅਜ ਅੰਤਿ ਹੈ ਫੇਰ ਨਾ ਅਜ ਬੋਲੇ ਤੇ ਮਿਲੇ ਲੰਘ ਗਏ ਚੁਪ ਚਾਪ ਕੋਲ ਦੀ ਪਰ ਆਪਣੀ ਮੁਹੱਬਤ ਦਾ ਕਾਨੂੰਨਨ ਆਪਾਂ ਆਪ ਹਾਂ ਵਕੀਲਾਂ ਦੀ ਫੀਸ ਤੇ ਅਸ਼ਟਾਮ ਪਿਆਰ ਨੂੰ ਕਦੇ ਪੱਕਾ ਕਰ ਨਹੀਂ ਸਕਦੇ ਪਿਆਰ ਤੇਰਾ ਸਿਦਕ ਹੋਵੇ ਅਸ਼ਟਾਂਮ ਦਿਲਾਂ ਦੀ ਸਫਾਈ ਗਵਾਈ ਇਸ਼ਕ ਦੀ ਪਾਕ ਰੂਹ ਨੇਕ ਇਰਾਦਾ ਹੋਵੇ ਇਕਰਾਰ ਫੈਸਲਾ ਹੋ ਜਾਵੇ ਤੇਰ ਮੇਰੇ ਪਿਆਰ ਦਾ ! ਅਦਾਲਤਾਂ ਤਾਂ ਡੈਣਾ ਨੇ ਜਿੱਥੇ ਝੂਠ ਸਚ ਤੇ ਸਚ ਝੂਠ ਹੁੰਦੇ ਨੇ ਮੁਹੱਬਤ ਦੀ ਅਦਾਲਤ ਸੱਥਾਂ ਨੇ ਜਿਥੇ ਹਰ ਇਕ ਗਲ ਦਾ ਫੈਸਲਾ ਹੋ ਜਾਂਦਾ ਹੈ ਬਗੈਰ ਵਕੀਲ ਕੀਤਿਆਂ ਤੇ ਫੀਸ ਦਿਤਿਆਂ ਸੋ ਆਪਣਾ ਫੈਸਲਾ ਆਪ ਹਾਂ ਆਪ ਨਬੇੜ ਸਕਦੇ ਹਾਂ ਆਪਣੇ ਭੇਤ ਆਪਣੀ ਇਜ਼ਤ ਹੈ । ਗਵਾਹਾਂ ਦੀ ਲੋੜ ਨਹੀਂ ਸਾਰੇ ਦਿਲ ਦੇ ਪਿਆਰ ਨਾਲ ਮਿਲ ਬੀਤਿਆ ਭੁਲ ਜਾ ਮੇਰੇ ਦਿਲ ਦੀ ਆਵਾਜ਼ ਤੇਰੇ ਦਿਲ ਦੀ ਧੜਕਣ ਸੁਣ ਲਵੇ ਫੇਰ ਤੂੰ ਏਨਾਂ ਚੁਪ ਚਾਪ ਵਕੀਲਾਂ ਦੇ ਖੋਖਿਆ ਦੇ ਵਿਚਦੀ ਨਾ ਜਾਂਵੇਂ ਸਿਵਲ-ਲਾਈਨ ਤੇ ਤੇਜ਼ ਤੇਜ਼ ਕਦਮਾਂ ਨਾਲ ਇਉਂ ਉਦਾਸ ਨਾ ਚਲੇਂ ਕਾਸ਼ ! ਮੈਂ ਛੁਹ ਸਕਾਂ ਕਈ ਸਾਲ ਪੁਰਾਣੀ ਤੇਰੀ ਖੂਬਸੂਰਤ ਅਦਾ । ਮਾਡਲ ਟਾਉਨ ਲੁਧਿਆਣਾ 4. 8. 1964

ਹਾਦਸਾ

ਜੀਵਨ ਪ੍ਰੀਤੀ ਚੰਡੀਗੜ੍ਹ ਮਾਰਚ 1965 ਕਦੇ ਏਨੇ ਘੁਲ ਮਿਲ ਗਏ ਸਾਂ ਜਿਵੇਂ ਨੈਣਾਂ 'ਚ ਕੱਜਲ ਕਦੇ ਏਨੇ ਪਿਆਰ ਨਾਲ ਤਕਿਆ ਸੀ ਜਿਵੇਂ ਪੂਰਨਮਾ ਨੂੰ ਜਮਨਾਂ 'ਚ ਦੁੱਧ ਦਾ ਤਾਜ ਅਜ ਏਨੇ ਵਿਛੜੇ ਜਿਵੇਂ ਚਟਾਨ 'ਚ ਜੈਟ ਦਾ ਹਾਦਸਾ ਕਈ ਹੁੰਦੇ ਨੇ ਬੜੇ ਖੂਬਸੂਰਤ ਹਾਦਸੇ ਕਈ ਮੌਤ ਤੋਂ ਬੁਰੇ ਉਂਝ ਕਹਿ ਲਈਏ ਜ਼ਿੰਦਗੀ ਸਾਰੀ ਹਾਦਸਿਆਂ ਭਰੀ ਹੈ ਪਰ ਹਾਲਾਤ ਤੇ ਵਕਤ ਦੇ ਅਸਰ ਹੇਠ ਪਾਣੀ ਦੇ ਰੋੜ ਵਾਂਗ ਸਮਾਂ ਬਦਲ ਜਾਂਦਾ ਹੈ ਵਿਸ਼ਵਾਸ ਦਾ ਕਤਲ ਹੋ ਜਾਂਦਾ ਹੈ ਨਹੀਂ, ਨਹੀਂ! ਇਹ ਨਹੀਂ ॥ ਦੇਖ ਹਰ ਰੁੱਤ ਵਿਚ ਬਹਾਰ ਹੁੰਦੀ ਹੈ ਖਿਜ਼ਾਂ ਤਾਂ ਆਰਾਮ ਦੀ ਘੜੀ ਹੁੰਦੀ ਹੈ ਸੋ ਸ਼ੌਕ ਨਾਲ ਮਹਿਬੂਬ ਲਭ ਲੈਣਾ ਹਰ ਕਿਸੇ ਦਾ ਕਰਦਾਰ ਹੈ ਪਰ ਹਾਦਸਿਆਂ ਵਿਚ ਲਭਕੇ ਸ਼ੌਕ ਅਜ਼ਮਾਂਵੇ ਮੈਂ ਤਾਂ ਜਾਣਾ ਮਾਡਲ ਟਾਉਨ ਲੁਧਿਆਣਾ 4. 8. 1964

ਅਜ ਦੀਵਾਲੀ ਰਾਤ

ਰੋਜ਼ਾਨਾ ਨਵਾਂ ਜ਼ਮਾਨਾ 1-10-1957 ਮਾਣ ਨੀ ਜਿੰਦੇ ਜੀ ਨੀ ਜਿੰਦੇ ਅਜ ਦੀਵਾਲੀ ਰਾਤ ਖੋਹ ਨਾ ਜਿੰਦੇ ਰੋ ਨਾ ਜਿੰਦੇ ਕਰ ਨਾਂ ਆਤਮ-ਘਾਤ ਲਟ ਲਟ ਬਲਦੇ ਲੱਖਾਂ ਦੀਵੇ ਅਜ ਮਸਿਆ ਦੀ ਰਾਤ ਚਾਨਣ ਦੇ ਵਿਚ ਚਾਨਣ ਘੁਲਦਾ ਛੇੜ ਨਵੀਂ ਕੋਈ ਬਾਤ ਬਾਤ ਕੀ ਛੇੜਾਂ ਛੇੜ ਨਾ ਮੈਨੂੰ ਭੁੱਖ ਦੀ ਮੇਰੀ ਕਹਾਣੀ ਨ ਪਹੁੰਦੇ ਮੈਨੂੰ ਦੀਵੇ ਚਾਨਣ ਕਾਲੀ ਰਾਤ ਸੁਹਾਣੀ ਇਕ ਕੁੱਖ ਮੇਰੇ ਆਂਦਰਾਂ ਮਚਣ ਦੂਜੀ ਕੁੱਖ ਮੇਰੇ ਬਾਲ ਹਨੇਰ ਦੇ ਖੂੰਜੇ ਬੈਠ ਸੁਆਣੀ ਲੋਕ ਰਹੇ ਦੀਵੇ ਬਾਲ ਕਰੋੜੋਂ ਉੱਤੇ ਦੀਵੇ ਜਲਦੇ ਏਨੇ ਭਾਗ ਨਿਮਾਣੇ ਇਕ ਸਮੇਂ ਕਾਲਖ ਚੋਂ ਲੋਕਾਂ ਸੁੱਚੇ ਨੂਰ ਵਿਛਾਣੇ ਬੁਢਾਪੇ ਡੁਹਲੇ ਮੇਰੇ ਸਿਰ ਤੇ ਵਰੇ ਦੇ ਵਰੇ ਹੰਘਾਲੇ ਪਿੰਡੇ ਤੇ ਕਈ ਨਾਵਲ ਹੰਡੇ ਵੇਲਾ ਕੌਣ ਸੰਭਾਲੇ ਸ਼ੇਰਪੁਰਾ ਕਲਾਂ (ਲੁਧਿਆਣਾ) 12-10-1957

ਜੀਵਨ ਤੇੜੇ ਵੇ

ਆਰਸੀ ਜੂਨ 1964 ਅਧ ਮੁੰਧੇ ਨੇ ਨੈਣ ਲੋਰ ਹੈ ਇਸ਼ਕੇ ਦੀ ਸਾਰੀ ਸਾਰੀ ਰਾਤ ਨੀਂਦਾਂ ਜਾਗਣ ਵੇ ਜਿਨਾਂ ਹੋਵੇਂ ਦੂਰ ਮੈਂ ਓਨੀ ਨੇੜੇ ਵੇ ਜੰਮੀ ਰਹਿੰਦੀ ਯਾਦ ਸਾਡੇ ਹੋਠਾਂ ਤੇ ਸਮੇਂ ਦੀ ਵਡੀ ਜੀਭ ਚਟਿਆ ਪੱਤਲ ਜਿਉਂ ਕੈਦੋਂ ਅਜ ਦੇ ਯਾਰ ਪੈਣ ਬਖੇੜੇ ਵੇ ਗਿਰਵੇ ਸਾਡੇ ਪਿਆਰ ਉਲਾਂਭੇ ਮੁਖਤਾਂ ਦੇ ਭਾਬੋ ਹੋਏ ਨੀਲਾਮ ਰੀਝਾਂ ਰੂੜੀ ਵੇ ਸੁਰਤ ਹਿੜਕਣੇ ਪਾਕੇ ਦਿੱਤੇ ਗੇੜੇ ਵੇ ਮਿਨਤਾਂ ਕਰਨ ਅਦੀਬ ਕਲਮਾਂ ਵੇਚੋ ਨਾ ਬੁਲ੍ਹੀਆਂ ਲਾਓ ਸ਼ਹਿਤ ਆਪਾਂ ਸੋਨਾ ਹਾਂ ਵਿਥਾਂ ਲਓ ਪੂਰ ਜੀਵਨ ਤੇੜੇ ਵੇ ਅਥਰੂ ਹੋਏ ਭਾਰੇ ਡਲਕੇ ਪਾਰਾ ਜਿਉਂ ਬੋਝਲ ਬੋਝਲ ਹੋਕੇ ਮੁਸ਼ਕਣ ਤੱਕਾਂ ਮੈਂ ਜਾਏ ਸੁਣੀ ਫਰਿਆਦ ਬੂਹੇ ਕਿਹੜੇ ਵੇ ਢਾਓ ਉਚ ਮਨਾਰ ਪੋਚਾ ਫੇਰ ਦਿਓ ਉਸਾਰੋ ਨਵਾਂ ਸਮਾਜ ਭਾਂਵੇ ਫੂਸਾਂ ਦਾ ਖੁਸ਼ਬੋ ਧਰੋ ਤਲੀ ਤੇ ਮਹਿਕਣ ਵਿਹੜੇ ਵੇ ਸ਼ਮਸਪੁਰ (ਦਿਲੀ ਦੇ ਨੇੜੇ) 1-1-1962

ਗੀਤ

ਜੀਵਨ ਬੰਬਈ, ਅਗਸਤ 1961 ਮੁਸ ਮਸ ਹੋਵੇ ਜਿੰਦੂਆ ਜਿੰਦੂਆ ਮੈਂਡੜਾ ਮਾਹੀ ਪ੍ਰਦੇਸੀ ਅੱਖੀਆਂ ਗੁਆਈ ਨਿੰਦੂਆ ਨਿੰਦੂਆ ਕਿਤ ਕੋਈ ਸੁਣਦਾ ਮੰਦੜਾ ਵੇਲਾ ਕਿਤ ਕੋਈ ਬਾਤ ਵਿਚਾਰੇ ਲੰਮੜੀ ਲੰਮੜੀ ਦਿਲ ਦਾ ਵੇਦਨਾ ਕਿਤ ਕੋਈ ਭਰੇ ਹੁੰਗਾਰੇ ਜੇ ਵਸ ਹੋਵੇ ਇਹ ਜਗ ਮੇਰੇ ਲਾਵੇ ਨਾ ਉਹ ਬਿੰਦੂਆ ਬਿੰਦੂਆ ਮਸ ਮੁਸ ਰੋਵੇ ਜਿੰਦੂਆ ਜਿੰਦੂਆ ਉਡੀਂ ਤਾਂ ਉਡੀਂ ਜਾਈਂ ਨੀ ਕਾਂਗੜੀ ਬੈਂਦੜੀ ਤਾਂ ਜਾਈ ਬਨੇਰੇ ਔਦੜਾ ਅੌਦੜਾ ਗਲ ਹੈ ਵਾਧੂ ਪਕੜੇ ਪੈ ਗਏ ਜੇਰੇ ਪਥਰ ਦਾ ਸਭ ਆਲਮ ਹੋਇਆ ਹਾਲ ਸੁਣਾਵੇ ਕਿੰਦੂਆਂ ਕਿੰਦੂਆ ਮੁਸ ਮੁਸ ਹੋਵੇ ਜਿੰਦੂਆਂ ਜਿੰਦੂਆ ਦਿਨ ਤਾਂ ਮੇਰੇ ਰਾਤਾਂ ਹੋ ਗਏ ਰਾਤ ਤਾਂ ਅਗੇ ਹੀ ਰਾਤ ਓਥੇ ਤਾਂ ਚੰਦ ਸੂਰਜ ਚੜਦੇ ਜਿੱਥੇ ਮਾਹੀ ਦੀ ਝਾਤ ਘਲਾਂ ਤਾਂ ਘਲਾਂ ਕਿੰਜ ਸੁਨੇਹੜੇ ਛਿਪਿਆ ਮੇਰਾ ਚਿੰਦੂਆ ਚਿੰਦੂਆ ਮੁਸ ਮੁਸ ਰੋਵੇ ਜਿੰਦੂਆ ਜਿੰਦੂਆ ਨਵੀਂ ਦਿੱਲੀ 15. 7. 61

ਇਬਾਦਤ ਤੇਰੀ

ਸੈਨਿਕ ਸਚਾਰ 18-2-1962 ਹਵਸ ਦਿਲਾਂ ਦੇ ਕੱਠੇ ਕਰਕੇ ਬੰਨ, ਗਠੜੀ ਸਿਰ ਤੇ ਧਰਕੇ ਗਲੀ ਗਲੀ ਮੈਂ ਹੋਕਾ ਦੇਵਾਂ ਦਸੋ ਕੌਣ ਖਰੀਦਣ ਚਾਏ ਜਿੱਥੇ ਅੰਤ ਇਨਾਂ ਦਾ ਸਾਥੀ ਓਥੇ ਆਦਿ ਪਿਆਰਾਂ ਦਾ ਹੈ ਪਿਆਰ ਮੇਰਾ ਗਡੀਕੇ ਬਾਲਕ ਮਾਂ ਸਮੇਂ ਦੀ ਤੋਰ ਸਖਾਏ ਜੀਵਨ ਟਿੰਡਾਂ ਭਰ ਭਰ ਖਾਲੀ ਇਬਾਦਤ ਇਉਂ ਜਜ਼ਬਾਤੀ ਖਾਲੀ ਉਹ ਧਰੂ ਦਾ ਤਾਰਾ ਤੱਕੋ ਜੋ ਕਦੇ ਥਾਂ ਨਾ ਬਦਲਾਏ ਨਿੱਘ ਪਿਆਰ ਦਾ ਸਾਂਭਿਆ ਖਿਆਲ ਬਦਲਾਂ ਵਾਂਗ ਅਵਾਰਾ ਚਾਰ ਚੁਫੇਰਿਓ ਖੁਸ਼ਬੋ ਆਵੇ ਯਾਦ ਤੇਰੀ ਧੁੰਦ ਚੀਰ ਹੈ ਆਏ ਸਿਆਲਾਂ ਦਾ ਉਹ ਸੂਹਾ ਸੂਰਜ ਉੱਚੇ ਟਿੱਬੇ ਰਾਹ ਮੈਂ ਤੱਕਾਂ ਨਿਖਰਦਾ ਜਾਏ ਰੂਪ ਤੇਰਾ ਨੀ ਤੱਕ ਆਪਣੇ ਡੂੰਘੇ ਸਾਏ ਦੋ ਤੱਲੀਆਂ ਤੇ ਤੇਰੀ ਚਿੱਠੀ ਸਭ ਨੇ ਗੂੰਗੇ ਕਾਲੇ ਅੱਖਰ ਮੈਨੂੰ ਓਹੀਓ ਅੱਖਰ ਦਸੋ ਜੋ ਸਜਣ ਦਾ ਨਾਂ ਬਣਾਏ ਨਕਸ਼ ਤੇਰੇ ਨੇ ਨੂਰ ਜਹਾਨ ਦੇ ਓਦੇ ਸਿਰ ਸੀ ਤਾਜ ਹਿੰਦ ਦਾ ਸਿਰ ਗੋਹੇ ਦਾ ਤੇਰੇ ਟੋਕਰਾ ਬੁਰਸ਼ ਮੇਰਾ ਆਕਾਰ ਬਣਾਏ ਸ਼ਮਸਪੁਰ (ਦਿਲੀ ਦੇ ਨੇੜੇ) 15.1.1962

ਮੇਰੇ ਗੀਤ

ਰੋਜ਼ਾਨਾ ਨਵਾਂ ਜ਼ਮਾਨਾ 7 ਅਕਤੂਬਰ 1957 ਮੈਂ ਗੀਤ ਲਿਖਦਾ ਹਾਂ ਜ਼ਮਾਨਾ ਅਜ ਬਦਲ ਜਾਏ ਮੈਂ ਗੀਤ ਲਿਖਦਾ ਹਾਂ ਧਰਤੀ ਅਜ ਪਲਟ ਜਾਏ ਮੈਂ ਪਥਰਾਂ ਨੂੰ ਤੋੜਦਾ ਸੀਨਿਆਂ ਦੇ ਜ਼ੋਰ ਨਾਲ ਮੈਂ ਪੈਂਡਿਆਂ ਨੂੰ ਲਤੜਦਾ ਕਦਮਾਂ ਦੀ ਤੋਰ ਨਾਲ ਮੈਂ ਗੀਤ ਲਿਖਦਾ ਹਾਂ ਰੋਕਣ ਨੂੰ ਤੱਤੀਆਂ ਵਾਵਾਂ ਪੌਣਾਂ ਨੂੰ ਸੱਦੇ ਦੇਂਵਦਾ ਮਲਣ ਨੂੰ ਤੱਤੀਆਂ ਥਾਂਵਾਂ ਥਾਂ ਥਾਂ ਲਿਖ ਪੀੜਾਂ ਦੇਨ੍ਹਾਂ ਨੂੰ ਮੈਂ ਸੋਚਦਾ ਪਛੜੀਆਂ ਬਾਂਹਾਂ ਫੜਕੇ ਅਗਲੇ ਹਾਣੀਆਂ ਤੋਰਦਾ ਕੋਈ ਟੋਲ ਸਕੇ ਨਾ ਹਾਣ ਕੋਈ ਬੇ ਸੁਰ ਜ਼ਿੰਦਗੀ ਰੋਵੇ ਕੋਈ ਪ੍ਰੀਤੋਂ ਰਹਿੰਦਾ ਖਾਲੀ ਕੋਈ ਸੁੰਦਰ ਸੁਪਨੇ ਖੋਵੇ ਪੱਥਰ ਪੂਜਾ ਮੜੀਆਂ ਪੂਜਾ ਹਟਾਵਾਂ ਲੱਖਾਂ ਭਰਮਾਂ ਹੰਭੀ ਹਾਰੀ ਜ਼ਿੰਦਗੀ ਨੂੰ ਲਿਖਣ ਮੇਰੀਆਂ ਕਲਮਾਂ ਮੈਂ ਜਗ ਨੂੰ ਹਾਸੇ ਵੰਡਦਾ ਰੁਲਣ ਪੂਰਾਂ ਦੇ ਪੂਰ ਲੁਕ ਜਾਣੀ ਹੈ ਕਾਲਖ ਹੋਕੇ ਰਹੂਗਾ ਨੂਰ ਮੈਂ ਗੀਤ ਲਿਖਦਾ ਹਾਂ ਜ਼ਿੰਦਗੀ ਦੀ ਹੋਸ਼ ਲਈ ਨਵੇਂ ਨਵੇਂ ਖਿਆਲਾਂ ‘ਚ ਜਜ਼ਬਿਆਂ ਦੇ ਜੋਸ਼ ਲਈ ਸ਼ੇਰਪੁਰ ਕਲਾਂ (ਜਗਰਾਂਓ ਕੋਲ) 1-10-1957

ਨਾਨਕ ਤੁਧ ਮਹਾਨ

ਜੀਵਨ ਨਵੰਬਰ 1958 ਬੁੱਕਾਂ ਭਰੀਆਂ ਵਾਸ਼ਨਾ ਖੁਲੀਆਂ ਵਿਚ ਜਹਾਨ ਸਾਜੇ ਸਵਰਗ ਸੁਗੰਧ ਇਹ ਨਾਨਕ ਤੁਧ ਮਹਾਨ 'ਆਦਿ ਸਚੁ ਜੁਗਾਦਿ ਸਚੁ' ਕੇਹੇ ਸੁਖਣ ਇਹ ਬੋਲ ਨਰਕ ਸਵਰਗ ਦੇ ਭਾਰ ਦਾ ਰਹੇ ਬਰਾਬਰ ਤੋਲ ‘ਕਾਹੇ ਕੋਇਲ ਕਾਲੜੀ' ਕਿ ਬ੍ਰਿਹੋਂ ਦੀ ਜਾਨ ਲੂਇਆ ਅਜ਼ਲਾਂ ਇਸ਼ਕ ਨੂੰ ਭਗਤੀ ਜਿਊਂ ਭਗਵਾਨ ਪਿਆਰ ਦਾ ਸੁੱਚਾ ਦੁੱਧ ਪੀ ਲਾ ਕਟੋਰੇ ਡੀਕ ਲੇਖ ਦੇ ਝੂਠੇ ਸ਼ਸਤਰੀ ਫੇਰੀਂ ਕਾਲੀ ਲੀਕ ਬੁਲ੍ਹ ਸਮੇਂ ਦੇ ਫਰਕਦੇ ਪਾਪਾਂ ਦੀ ਕੁਰਲਾਹ ਦੋਜ਼ਖ ਦੇਖੇ ਜਾਣ ਨਾ ਸੁੰਦਰ ਨੀਂਦ ਸੁਲਾ ‘ਸਭੋ ਸੂਤਕ ਭਰਮ ਹੈ' ਗੁਰੁ ਮੜੀ ਮਤਿ ਜਾਇ ਸੱਚੇ ਮਾਰਗ ਚਲੀਏ ਲਿਵ ਸਦੀਵੀ ਲਾਇ ਆ ਅੱਜ ਚਾਨਣ ਲੈ ਲਈਏ ਚੰਦਾ ਲਈਏ ਚੀਰ ਇਹੀਓ ਚਾਨਣ ਲਭਕੇ ਨਾਨਕ ਹੋਇਆ ਪੀਰ ਨੈਣੀ ਘੋਲਣ ਰਾਤੜੀ ਚਿਣਗ ਲਗਾਵਣ ਜੋ ਰਾਜ ਦੁਲਾਰੇ ਲੱਤ ਲਾ ਭੇਸ ਵਟਾਵਣ ਸੋ ਹੰਸ ਹੈ ਮੋਤੀ ਲੋਚਦਾ ਸਾਗਰ ਟੁੱਭੀ ਮਾਰ ਧੰਨ ਬਲਹਾਰੀ ਕੁਦਰਤੇ ਕਿਵੇਂ ਕਰਾਂ ਉਪਕਾਰ ਵਿਰਲਾ ਜਾਣੇ ਫਲ ਸਫਾ ਸਮਝਾਂ ਦੇ ਨੇ ਬੋਲ ਬ੍ਰਿਹਮੰਡ ਚਕਰ ਚਲਤ ਹੈ ਸੂਰਜ ਚੰਦ ਅਡੋਲ ਬਧਣੀ ਕਲਾਂ (ਫੀਰੋਜ਼ਪੁਰ) 23-8-1958

ਦੁੱਧ ਦਾ ਬਿਓਪਾਰ

ਕਿਨਾਂ ਚਿੱਟਾ ਬਿਓਪਾਰ ਤੇਰਾ ਸਚ ਕਹਿ ਲਈਏ ਤਾਂ ਤੇਰਾ ਦੁੱਧ ਦਾ ਸੌਦਾ ਦੁੱਧ ਵਰਗਾ ਮੰਚ ਤੇ ਖੜੀ ਚਿੱਟੇ ਲਿਸਾਬ ਵਿਚ ਜਿਵੇਂ ਬਨੇਰੇ ਤੇ ਚਿੱਟੀ ਕਬੂਤਰੀ ਹੁਣੇ ਉਡਕੇ ਆ ਬੈਠੀ ਹੋਵੇ ਪਿਆ ਰਹੀ ਲੋਕਾਂ ਨੂੰ ਤੂੰ ਦੁੱਧ ਹੀ ਦੁੱਧ ਕਿਨੇ ਪਿਆਰ ਨਾਲ ਚਿਟੀਆਂ ਬੋਤਲਾਂ ਅਦਬ ਨਾਲ ਪੇਸ਼ ਕਰਦੀ ਤੇਰੀਆਂ ਪਤਲੀਆਂ ਲੰਮੀਆਂ ਉਂਗਲਾਂ ਚੋਂ ਬਰਫ ਦਾ ਠੰਡਾ ਪਾਣੀ ਸਿਮਦਾ ਰਹਿੰਦਾ ਸ਼ਾਇਦ ਏਨ੍ਹਾਂ ਬੂੰਦਾ ਵਿਚ ਵੀ ਦੁੱਧ ਦਾ ਅੰਮ੍ਰਿਤ ਹੋਵੇ ਤਪਦੇ ਮੌਸਮ ਵਿਚ ਠੰਡਾ ਦੁੱਧ ਪੀਕੇ ਸੀਸਾਂ ਦੇਂਦੇ ਤੇਰੇ ਪਰਉਪਕਾਰ ਦਾ ਕਿਨ੍ਹਾਂ ਸ਼ੁਕਰੀਆ ਸਿਰ ਝੁਕਾਕੇ ਸਲਾਮ ਸ਼ਾਮ ਨੂੰ ਖਾਲੀ ਸ਼ੀਸ਼ੀਆਂ ਦੇ ਡਾਲੇ ਟੜਚ ਟੜਚ ਇਕ ਦੂਜੇ ਨਾਲ ਵਜਦੇ ... ਮਾਂ ਨੇ ਵੀ ਜਨਮ ਵੇਲੇ ਦੁੱਧ ਪਿਆਇਆ ਹਿੱਕ ਨਾਲ ਲਾਇਆ ਅਸੀਂ ਕਿਨੇ ਜਵਾਨ ਹੋ ਗਏ ਦੁੱਧ ਤੇ ਪੁੱਤ ਇਸ ਔਰਤ ਕੋਲੋਂ ਹੀ ਮਿਲਦੇ ਹਨ ਅਸੀਂ ਸਚ ਬਨਣ ਲਈ ਵੀ ਦੁੱਧ ਪੁੱਤ ਦੀ ਸੌਂਹ ਖਾ ਜਾਂਦੇ ਹਾਂ ਹਿੰਦੂ ਗੰਗਾ ਤੇ ਗਾਂ ਦੀ ਸੌਂਹ ਖਾਦੇ ਹਨ ਸੋ ਤੇਰੀ ਸੇਵਾ ਦਾ ਮੁਲ ਵੀ ਗੰਗਾ ਦੇ ਵਗਦੇ ਪਵਿਤ੍ਰ ਪਾਣੀ ਤੋਂ ਘਟ ਨਹੀਂ ਹਰ ਰੋਜ ਮੇਰੀ ਫੈਕਟ੍ਰੀ ਦੇ ਅਗੋਂ ਦੀ ਤੂੰ ਹਰਨੀ ਵਾਂਗ ਝੁੰਗਾ ਮਾਰਦੀ ਲੰਘ ਜਾਂਦੀ ਦੂਰ ਤੱਕ ਮੇਰੀਆਂ ਨਜ਼ਰਾਂ ਤੇ ਉਡਦੇ ਲਿਬਾਸ ਤੇ ਵਾਲਾਂ ਨੂੰ ਦੇਖਦੇ ਰਹਿੰਦੇ ਮੈਨੂੰ ਐਂ ਲਗਦਾ ਜਿਵੇਂ ਇਕ ਦੁੱਧ ਦਾ ਸਾਗਰ ਲੰਘ ਰਿਹਾ ਹੈ ਤੇਰੇ ਹੱਥਾਂ ਚੋਂ ਜਿਵੇਂ ਦੁੱਧ ਦੇ ਫੁਹਾਰੇ ਫੁਟ ਰਹੇ ਹਨ ਰਾਤ ਮੈਂ ਸੁਪਨੇ ਵਿਚ ਤੇਰੀਆਂ ਉਂਗਲਾਂ ਬੁਲ੍ਹਾਂ ਨਾਲ ਲਾ ਲਈਆਂ ਹਰ ਵਕਤ ਤੇਰਾ ਹਸਦਾ ਚਿਹਰਾ ਜਿਵੇਂ ਹੁਣੇ ਹੁਣੇ ਫੁਲ ਖਿੜਿਆ ਹੋਵੇ ਤੇ ਤੂੰ ਤੋੜਕੇ ਉਂਗਲਾਂ ਚ ਘੁਮਾ ਰਹੀ ਹੋਵੇਂ ਇਕ ਵਾਰੀ ਮੈਂ ਵੀ ਆਇਆ ਤੇਰੇ ਸਟਾਲ ਤੇ ਦੂਰੋਂ ਤੈਨੂੰ ਦੇਖਿਆ ਤੇ ਰੁਕ ਗਿਆ ਤੇਰੀਆਂ ਦੋਹੇ ਬਾਹਾਂ ਮੇਚ ਤੇ ਰਖੀਆਂ ਹੋਈਆਂ ਸਨ ਅਤੇ ਵਿਚਾਲੇ ਸਿਰ ਸੁਟਿਆ ਹੋਇਆ ਸੀ ਬੜੀ ਹੀ ਡੂੰਘੀ ਸੋਚ ਵਿਚ ਪਈ ਤੂੰ ਕਜਲੇ ਭਰੀਆਂ ਮੋਟੀਆਂ ਅੱਖਾਂ ਨਾਲ ਆੜੂ ਦੇ ਬੂਟਿਆਂ ਵਲ ਦੇਖੀ ਜਾ ਰਹੀ ਸੀ ਮੈਂ ਕਿਨਾਂ ਚਿਰ ਪਰਾਂ ਰੁਕਿਆ ਰਿਹਾ ਅਤੇ ਕੋਲ ਗੁਲਮੋਹਰ ਦੇ ਦਰਖਤ ਤੋਂ ਲਾਲ ਫੁੱਲ ਤੋੜਕੇ ਮੈਂ ਮਲਕੇ ਸੁਟ ਦਿਤਾ ਮੈਨੂੰ ਉਸ ਦਿਨ ਇਉਂ ਲਗਿਆ ਜਿਵੇਂ ਅਜ ਸਾਰੀਆਂ ਬੋਤਲਾਂ ਚੋਂ ਦੁਧ ਫਟ ਗਿਆ ਹੋਵੇ (ਮਿਲਕ ਪਲਾਂਟ ਦੀ ਬਲਬੀਰ ਨੂੰ) 2-4-1975 ਲੁਧਿਆਣਾ

ਕੀ ਕੁਝ ਹੋ ਰਿਹਾ

(ਪ੍ਰੀਤ ਲੜੀ ਅਕਤੂਬਰ 73 ‘ਚ ਛਪੀ) ਕਿੰਨਾਂ ਰੌਲਾ ਪੈ ਰਿਹਾ ਕਿੰਨਾਂ ਕੁਝ ਹੀ ਹੋ ਰਿਹਾ ਅੱਖਾਂ ਦੇ ਕੋਏ ਸੜ ਗਏ ਕੰਨਾਂ ਚੋਂ ਲਾਵਾ ਚੋ ਰਿਹਾ ਉਡਾਰੀ ਉੱਚੀ ਹੋ ਰਹੀ ਬੰਦਾ ਨੀਵਾਂ ਹੋ ਗਿਆ ਬਜਰੀ ਇਟਾਂ ਰੇਤ ਦਾ ਬੰਦੇ ਤੋਂ ਮੁਲ ਵਧ ਗਿਆ ਵਕਤ ਉਲਾਂਘਾਂ ਟੱਪ ਗਿਆ ਭਾ ਵੀ ਅਗੇ ਲੰਘ ਗਿਆ ਜੀਉਣ ਸੌਖਾ ਰਹਿਣ ਨੂੰ ਕੁਝ ਨਾ ਸਸਤਾ ਰਹਿ ਗਿਆ ਧਮਾਕੇ ਸੁਤੇ ਸਾਗਰਾਂ ਹਾਈ ਡਰੋਜਨ ਦੇਣ ਡੋਲ੍ਹ ਸਾਹ ਦੀਆਂ ਪੌਣਾਂ ਵਿਚ ਜ਼ਹਿਰਾਂ ਦੇਵਣ ਘੋਲ ਮੁਜ਼ਾਰੇ ਚੀਕਾਂ ਮਾਰ ਮਾਰ ਮੁਕੀਆਂ ਹਵਾਵਾਂ ਤੋੜਨ ਕਈ ਬੈਠੇ ਭੁਖ ਦੀਆਂ ਲੀਰਾਂ ਲਗੇ ਜੋੜਨ ਧਰਤੀ ਦੇ ਨੈਣਾਂ ਅੰਦਰ ਅੰਬਰ ਪਿਆ ਹੋ ਖਿਲਾ ਚ ਚੀਕਾਂ ਕੀਰਨੇ ਵਰਾ ਨਾ ਸਕਿਆ ਕੋ ਮੰਡੀ ਕਾਲੇ ਧਨ ਦੀ ਡਿਗੇ ਫੇਰ ਰੁਪਈਆ ਮਿਹਨਤ ਭੁੱਖੀ ਸੌਂ ਗਈ ਰੋਕ ਦੇਵੇ ਜੋ ਪਹੀਆ ਦੂਰ ਕੋਠੜੀ ਦੀਵਾ ਜਗਦਾ ਡਰੌਣਾ ਬੰਦਾ ਡਰਾਏ ਪੈਸਾ ਵਡਾ ਔਰਤ ਤੋਂ ਪੇਸ਼ਾ ਨੋਟ ਗਿਣਦਾ ਜਾਏ ਸੱਚੇ ਸੁੱਚੇ ਗੰਮ ਨੂੰ ਲੈਣ ਜਗ ਤੋਂ ਲੁਕੋ ਜ਼ਖਮ ਦੇ ਧਾਗੇ ਲੈ ਹਿੱਕ ‘ਚ ਲੈਣ ਪਰੋ ਦਰਾਂ ਤੇ ਹੱਥ ਮੰਗਦੇ ਹੁਣ ਤਾਂ ਲੁੰਝੇ ਹੋ ਗਏ ਜ਼ਿਲੱਤ ਦੀਆਂ ਗਲਾਂ ਤੇ ਕੰਨ ਬੋਲੇ ਹੋ ਗਏ ਟੁਟਣ ਸ਼ਗਣ ਤਾਰਿਆਂ ਹੈ ਬੁਕੱਲ ਜਾਂਦੀ ਖੁਲ੍ਹ ਚੂੜੇ ਪਹਿਣ ਨਾ ਸਕੀ ਜਾਣ ਅਥਰੂ ਸਾਰੇ ਡੁਲ੍ਹ ਹਰ ਲਈ ਜੋ ਮਰ ਸਕੇ ਹਰ ਲਈ ਬਦਨਾਮ ਹੈ ਚੰਗਾ ਹੋਣਾ ਹੈ ਸਰਾਪ ਮੌਤ ਜਿਡਾ ਇਲਜ਼ਾਮ ਹੈ ਕੌਣ ਰਹਿਬਰ ਸਮਝ ਸਕੇ ਵਕਤ ਨੂੰ ਸੋਚ ਲਏ ਸੜ ਰਹੀ ਦਲਦਲ ਚੋਂ ਜਨਤਾ ਮਹਿਕ ਭਰ ਲਏ

ਲੀਕਾਂ

ਪ੍ਰੀਤ ਲੜੀ ਅਪਰੈਲ 1973 ਵਿਚ ਛਪੀ ਜੇਲ੍ਹ ਦੀਆਂ ਕੰਧਾਂ ਚ ਪਹਿਰੇਦਾਰਾਂ ਦੀਆਂ ਅਵਾਜ਼ਾਂ ਨੇ ਕਾਲੀ ਰਾਤ ਵਿਚ ਨਹੀਂ ਤੋੜ ਦਿਤੀ ਕੋਠੜੀ ਦੀ ਸਾਮਣੇ ਕੰਧ ਤੇ ਮੈਂ ਕੋਲੇ ਨਾਲ ਬਿੰਗ ਤੜਿੰਗੀਆਂ ਲੀਕਾਂ ਖਿਚੀਆਂ ਹੋਰ ਵੀ ਲੀਕਾਂ ਦਿਸ ਰਹੀਆਂ ਸਨ ਸਾਹਮਣੀ ਜਗਦੀ ਬੱਤੀ ਦੀਆਂ ਸੀਖਾਂ ਦੇ ਪਰਛਾਵਿਆਂ ਦੀਆਂ ਇਸ ਕੰਧ ਤੇ ਡਾਂਗ ਵਾਂਗ ਦਿਸ ਰਹੀਆਂ ਹਨ ਕੋਲਾ ਮੇਰੇ ਹਥੋਂ ਡਿਗ ਪਿਆ ਕੰਧ ਦੀਆਂ ਲੀਕਾਂ ਬਚਪਨ ਦੀਆਂ ਲੀਕਾਂ ਕੰਧਾਂ ਤੇ ਮੁਲਕਾਂ ਦੇ ਬਟਵਾਰੇ ਦੀਆਂ ਲੀਕਾਂ ਬੁੜਾਪੇ ਦੀਆਂ ਲੀਕਾਂ ਬਦਨਾਮੀ ਦੀਆਂ ਲੀਕਾਂ ਮੇਰੇ ਕੋਲੇ ਨਾਲ ਖਿਚੀਆਂ ਲੀਕਾਂ ਐਂ ਲਗ ਰਹੀਆਂ ਲੀਕਾਂ ਲੀਕਾਂ ਨੂੰ ਕਟ ਰਹੀਆਂ

ਬਕਾਇਆ

ਪ੍ਰੀਤਲੜੀ ਅਪਰੈਲ 1973 ਵਿਚ ਛਪੀ ਇਕ ਸ਼ਬਦ ਮੁਹੱਬਤ ਨੇ ਕਿਹਾ ਇਕ ਗੰਮ ਨੇ ਕਿਹਾ ਦੋ ਸ਼ਬਦਾਂ ਦਾ ਸਿਲਸਲਾ ਚਲ ਰਿਹਾ ਲੰਮੀਆਂ ਸੜਕਾਂ ਵਾਂਗ ਜੋ ਫੇਰ ਕਿਸੇ ਮੋੜ ਤੋਂ ਵਾਪਸ ਆ ਜਾਂਦਾ ਕੁਝ ਸਫਰ ਬਕਾਇਆ ਛਡ ਆਉਂਦਾ ਤਾਰੇ ਟੁਟਕੇ ਲਸ਼ਕੋਰ ਛਡ ਜਾਂਦੇ ਨੇ ਸਹਾਰੇ ਟੁਟਕੇ ਕੰਮ ਛਡ ਜਾਂਦੇ ਨੇ ਚੰਗਾ ਮੰਦਾ ਕੁਝ ਨਾ ਕੁਝ ਛਡ ਜਾਂਦੇ ਨੇ ਦਿਨ ਛਿਪਨ ਮਗਰੋਂ ਪਰਛਾਵੇਂ ਵੀ ਪਰਛਾਵੇ ਛਡ ਜਾਂਦੇ ਨੇ ਹਰ ਕਰਜਾਈ ਵੀ ਬਕਾਇਆ ਛਡ ਜਾਂਦਾ ਹੈ ਸੋਚਾਂ ਦੁਆਲੇ ਤਾਣਾ ਪੇਟਾ ਤਣਿਆ ਰਹਿੰਦਾ ਕਈ ਖਿਆਲ ਬਕਾਇਆ ਛਡ ਜਾਂਦੇ 9-12-1973 ਲੁਧਿਆਣਾ

ਪੜਦਾ

ਮੇਰੀ ਜਿੰਦਗੀ ਵਿਚ ਇਕ ਔਰਤ ਆਈ ਜ਼ਿੰਦਗੀ ਇਕ ਸਿਵੇ ਵਾਂਗ ਮੱਚੀ ਮੇਰੀ ਜ਼ਿੰਦਗੀ ਵਿਚ ਇਕ ਔਰਤ ਆਈ ਜੋ ਸੀ ਪੀਕਾਸੋ ਘੁਗੀ ਵਾਂਗ ਕਿਨਾਂ ਫਾਸਲਾ ਕਿਨਾਂ ਫਰਕ ਜੋ ਇਕ ਜਨਮ ਮਰਕੇ ਦੂਜੇ ਜਨਮ ਵਿਚ ਪੈਦਾ ਹੋਵੇ ਇਕ ਮੌਤ ਵਾਂਗ ਸੌ ਗਈ ਇਕ ਮੌਤ ਵਾਂਗ ਚਿੰਮੜ ਗਈ ਕਦੇ ਗਲ ਲਿਖੀ ਨਾ ਗਈ ਨਾ ਕਦੇ ਲਿਖੀ ਜਾ ਸਕੇ ਅਸਲੀਅਤ ਲਿਖੇ ਤਾਂ ਲੋਕ ਯਕੀਨ ਨਹੀਂ ਕਰ ਸਕਦੇ ਕਰ ਸਕਦੇ ਨੇ ਸਿਰਫ ਬਦਨਾਮੀ ਲੇਖਕ ਏਥੇ ਖਤਮ ਹੋ ਜਾਂਦਾ ਹੈ ਪੜਦੇ ਪਿਛੇ ਕਿਨਾਂ ਕੁਝ ਹੋ ਜਾਂਦਾ ਹੈ ਪੜਦੇ ਪਿਛੇ ਇਕ ਨਵਾਂ ਇਨਸਾਨ ਜਨਮ ਲੈਂਦਾ ਹੈ ਕਈ ਸਾਲਾਂ ਪਿਛੋਂ ਬੋਲਦਾ ਹੈ ਤੁਰਦਾ ਹੈ ਵਡਾ ਹੋਰ ਵਡਾ ਕੁਝ ਕਰਦਾ ਹੈ ਬੜੇ ਲੁਕਾ ਰਖਦਾ ਹੈ 31-3-76 ਲੁਧਿਆਣਾ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਕੁਲਭੂਸ਼ਨ ਬੱਧਣਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ