Deedar Singh Ik Natakkar : Dr. Karamjit Singh Kurukshetra

ਦੀਦਾਰ ਸਿੰਘ ਇਕ ਨਾਟਕਕਾਰ : ਡਾਃ ਕਰਮਜੀਤ ਸਿੰਘ ਕੁਰੂਕਸ਼ੇਤਰਾ

ਦੀਦਾਰ ਸਿੰਘ ਨੇ ਸੁਮੇਲ (ਕਾਵਿ-ਨ੍ਰਿਤ-ਨਾਟ), ਮਹਾਂ ਪੰਡਿਤ ਚਾਰਵਾਕ (ਕਾਵਿ-ਨਾਟ), ਕਲਿ ਤਾਰਣ ਗੁਰੂ ਨਾਨਕ ਆਇਆ ਤੇ ਅਖੰਡ ਨੂਰ (ਛੋਟੇ ਨਾਟਕਾਂ) ਦੀ ਰਚਨਾ ਕੀਤੀ। ਅੰਤ ਸਮੇਂ ਉਹ ਧਰਮਪੁਰੇ ਦਾ ਚੌਕੀਦਾਰ ਉਪਰ ਕੰਮ ਕਰ ਰਿਹਾ ਸੀ। ਮੇਰਾ ਇਹ ਲੇਖ ਪ੍ਰਮੁੱਖ ਰੂਪ ਵਿਚ ਪਹਿਲੇ ਦੋ ਨਾਟਕਾਂ ਉਪਰ ਆਧਾਰਿਤ ਹੈ, ਭਾਵੇਂ ਬਾਕੀ ਦੇ ਨਾਟਕ ਵੀ ਮੇਰੀ ਨਜ਼ਰ ਵਿਚ ਦੀ ਲੰਘੇ ਹਨ।

ਆਪਣੇ ਕਾਵਿ-ਨ੍ਰਿਤ-ਨਾਟ ‘ਸੁਮੇਲ` ਵਿਚ ਦੀਦਾਰ ਸਿੰਘ ਇਕ ਦਵੰਦਵਾਦੀ ਪਦਾਰਥਵਾਦੀ ਤੇ ਅਗਾਂਹ ਵਧੂ ਵਿਚਾਰਧਾਰਾ ਲੈ ਕੇ ਹਾਜਿ਼ਰ ਹੁੰਦਾ ਹੈ। ਨਾਟਕ ਦੇ ਆਰੰਭ ਵਿਚ ਹੀ ਲੇਖਕ ਦਾ ਪਰੰਪਰਾ ਵਿਰੋਧੀ ਵਤੀਰਾ ਸਪੱਸ਼ਟ ਹੋ ਜਾਂਦਾ ਹੈ। ਰਾਜਾ ਸਤਿ ਅਤੇ ਰਾਣੀ ਚੇਤਨਾ ਮਰਦ-ਪ੍ਰਧਾਨ ਸਮਾਜ ਵਿਚ ਵਿਚਰਦਿਆਂ ਹੋਇਆ ਵੀ ਪੁੱਤਰ ਦੀ ਥਾਂ ਧੀ ਲਈ ਸੁੱਖਾਂ ਸੁੱਖਦੇ ਹਨ। ਸੁਹਜ-ਪਾਲ ਨਾਲ ਸੰਬੰਧਾਂ ਕਾਰਣ ਸੁਮੇਲ ਆਪਣੀ ਮਾਂ-ਚੇਤਨਾ ਨੂੰ ਮਾਰ ਮੁਕਾਉਂਦਾ ਹੈ। ਮਰਦ-ਪ੍ਰਧਾਨ ਸਮਾਜ ਵਿਚ ਅਜਿਹੀਆਂ ਘਟਨਾਵਾਂ ਸੁਭਾਵਕ ਹਨ, ਪਰੰਤੂ ਲੇਖਕ ਇਕ ਇਸਤ੍ਰੀ ਦੇ ਦੋ ਮਰਦਾਂ ਨਾਲ ਪ੍ਰੇਮ ਸੰਬੰਧਾਂ ਨੂੰ ਮਾਨਤਾ ਦੁਆ ਕੇ ਦੰਪਤੀ ਦੀ ਥਾਂ ਤੰਪਤੀ ਪਿਆਰ ਦੀ ਵਕਾਲਤ ਕਰਦਾ ਹੈ। ਉਸਦੇ ਇਸੇ ਝੁਕਾ ਕਾਰਣ ਸੁਮੇਲ ਅੰਤ ਤੇ ਜਾ ਕੇ ਆਪਣੀ ਮਾਂ ਦੇ ਖ਼ੂਨ ਦਾ ਪਛਤਾਵਾ ਕਰਦਾ ਹੈ। ਲੇਖਕ ਚੇਤਨਾ ਤੇ ਸੁਹਜ ਦੇ ਸੰਬੰਧਾਂ ਨੂੰ ਉਦਾਰਤਾ ਨਾਲ ਲੈਂਦਾ ਹੈ ਤੇ ਆਪਣੀ ਨਿਵੇਕਲੀ ਵਿਚਾਰਧਾਰਾ ‘ਕੀ ਹੋਇਆ` ਅਧੀਨ ਲੈ ਆਉਂਦਾ ਹੈ। ਦੀਦਾਰ ਸਿੰਘ ਕਲਪਨਾ ਤੇ ਸੁਮੇਲ ਦੇ ਭੈਣ-ਭਰਾ ਹੋਣ ਤੇ ਵੀ ਉਨ੍ਹਾਂ ਦੇ ਪ੍ਰੀਤ-ਸੰਬੰਧਾਂ ਨੂੰ ਮਾਨਤਾ ਦਿੰਦਾ ਹੈ।

ਸੁਮੇਲ ਦਾ ਖੇਤਰ ਦਿਸਦੇ ਸੰਸਾਰ ਨਾਲੋਂ ਭਾਵ-ਵਾਚੀ ਜਗਤ ਵਧੇਰੇ ਹੈ। ਜਿਸਦੇ ਪਾਤਰ ਸਤਿ, ਚੇਤਨਾ, ਸੁਮੇਲ, ਕਲਪਨਾ, ਬਗਾਵਤਾਂ, ਪਹੇਲੀਆਂ, ਸੰਜੋਗ ਨਾਥ, ਦ੍ਵੰਦਾਤਮਾ ਰੂਪ ਦੇਵ ਤੇ ਸਰਗਮਾਂ (ਸੰਗੀਤ) ਸਾਰਿਆਂ ਦੀ ਹੋਂਦ ਭਾਵਵਾਚੀ ਹੈ।

ਨਾਟਕ ਵਿਚ ਸਤਿ ਤੇ ਚੇਤਨਾ ਦਾ ਸੰਯੋਗ ਸੁਮੇਲ ਨੂੰ ਜਨਮ -ਦਿੰਦਾ ਹੈ। ਚੇਤਨਾ ਦਾ ਸੁਹਜਪਾਲ ਵਲ ਝੁਕਾ ਤੇ ਮਿਲਾਪ ਕਲਪਨਾ ਦੇ ਜਨਮ ਦਾ ਕਾਰਣ ਬਣਦਾ ਹੈ। ਇਹ ਸਪੱਸ਼ਟ ਹੈ, ਕਲਪਨਾ ਦੀ ਹੋਂਦ ਸਤਿ ਤੋਂ ਵੱਖਰੀ ਨਹੀਂ, ਪਰੰਤੂ ਜਦੋਂ ਕਲਪਨਾ ਆਪਣਾ ਵੱਖਰਾ ਰਾਜ ਸਥਾਪਿਤ ਕਰ ਲੈਂਦੀ ਹੈ ਤਾਂ ਇਕੱਲੀ ਇਹ ਆਪਣੇ ਨਿਸ਼ਾਨੇ ਨੂੰ ਪਾਉਣ ਤੇ ਅਸਮੱਰਥ ਹੁੰਦੀ ਹੈ। ਜਦੋਂ ਸਤਿ ਤੇ ਚੇਤਨਾ ਕਲਪਨਾ ਦੇ ਦੇਸ਼ ਨੂੰ ਪਹੁੰਚ ਪੈਂਦੇ ਹਨ ਤਾਂ ਕਲਪਨਾ ਆਪਣਾ ਖੇਤਰ ਹੋਰ ਵਧੇਰੇ ਕਰ ਲੈਂਦੀ ਹੈ। ਤੇ ਇਹ ਦਵੰਦਵਾਦੀ ਵਿਕਾਸ ਹਮੇਸ਼ਾ ਜਾਰੀ ਰਹਿੰਦਾ ਹੈ। ਦੀਦਾਰ ਸਿੰਘ ਅਨੁਸਾਰ ਕਲਪਨਾ ਕਦੇ ਵੀ ਖ਼ਤਮ ਨਹੀਂ ਹੁੰਦੀ ਉਸ ਅਨੁਸਾਰ,

“ਕਲਪਨਾ ਅਨੰਤ ਰੂਪ ਡਲ੍ਹਕ ਤਾਰਿਆਂ ਦੀ ਹੈ।
ਰੱਬਤਾ ਦੇ ਵਿਚ ਵੀ ਸਮਾ ਸਕਦੀ ਨਹੀਂ।

ਕਲਪਨਾ ਦੁਆਰਾ ਦਰਸਾਏ ਦਿਸ-ਹੱਦਿਆਂ ਨੂੰ ਪਾਉਣ ਲਈ, ਬਗਾਵਤਾਂ ਆਪਣਾ ਸਾਥ ਨਿਭਾਉਂਦੀਆਂ ਹਨ। ਬਗਾਵਤਾਂ ਸਤਿ ਤੇ ਚੇਤਨਾ ਨੂੰ ਨਵੀਂ ਦ੍ਰਿਸ਼ਟੀ ਵੀ ਪ੍ਰਦਾਨ ਕਰਦੀਆਂ ਹਨ। ਇਹ ਕਿਸੇ ਵੀ ਗ਼ੁਲਾਮੀ ਤੇ ਪਰੰਪਰਾਤਮਕ ਪੀਰੀ ਮੁਰੀਦੀ ਨੂੰ ਸਵੀਕਾਰ ਨਹੀਂ ਕਰਦੀਆਂ। ਬਗਾਵਤਾਂ ਲੋਟੂਆਂ ਦੇ ਜ਼ਾਲਮਾਂ ਨੂੰ ਖ਼ਤਮ ਕਰਕੇ, ਗਰੀਬੀ ਤੇ ਉਸਦੇ ਭੈੜੇ ਪ੍ਰਭਾਵਾਂ ਨੁੱ ਖ਼ਤਮ ਕਰਦੀਆਂ ਹਨ। ਇਹ ਠੀਕ ਹੈ ਕਿ ਬਗਾਵਤਾਂ ਦੀ ਜੀਵਨ ਵਿਚ ਹਰ ਪਲ ਲੋੜ ਹੈ, ਪਰ ਉਨ੍ਹਾਂ ਲਈ ਚੇਤਨਾ ਦਾ ਸਾਥ ਅਤਿ ਲੋੜੀਂਦੀ ਹੈ।

ਨਾਟਕ ਵਿਚੋਂ ਸਮੁੱਚੇ ਤੌਰ ਤੇ ਸਤਿ ਅਤੇ ਚੇਤਨਾ ਉਸਦੀਆਂ ਸਹੇਲੀਆਂ ਦਾ ਰਿਸ਼ਤਾ ਡਾਇਲੈਕਟੀਕਲ ਰੂਪ ਵਿਚ ਸਾਹਮਣੇ ਆਉਂਦਾ ਹੈ। ਪਰ ਫਿਰ ਵੀ ਚੇਤਨਾਾ ਦਾ ਯੋਗਦਾਨ ਵਧੇਰੇ ਹੈ। ਨਾਇਕ ਸੁਮੇਲ ਵੀ ਚੇਤਨਾ ਤੋਂ ਬਗ਼ੈਰ ਬਹੁਤੀ ਮਹੱਤਤਾ ਨਹੀਂ ਰੱਖਦਾ। ਉਹ ਚੇਤਨਾ ਦੇ ਪਿਆਰ ਨੂੰ ਤਰਸਦਾ ਵਿਖਾਇਆ ਗਿਆ ਹੈ।

ਚੇਤਨਾ ਵੱਖ-ਵੱਖ ਸਭਿਆਤਾਵਾਂ ਵਿਚ ਵੱਖ-ਵੱਖ ਰੂਪ ਧਾਰਣ ਕਰਦੀ ਹੈ। ਆਧੁਨਿਕ ਯੁੱਗ ਦੀ ਚੇਤਨਾ ਪਦਾਰਥਵਾਦੀ ਹੈ। ਇਸਨੂੰ ਹੀ ਲੇਖਕ ਸਹੀ ਚੇਤਨਾ ਮੰਨਦਾ ਹੈ। ਮਿਸਰੀ ਸਭਿਅਤਾ ਦੀ ਚੇਤਨਾ ਜੀਵਨ ਪ੍ਰਤਿ ਵਧੇਰੇ ਮੋਹ ਵਿਖਾਉਂਦੀ ਹੈ। ਚੀਨੀ ਸਭਿਅਤਾ ਦੀ ਚੇਤਨਾ ਖਿੜ੍ਹੇ ਰਹਿਣ ਨੂੰ ਹੀ ਜੀਵਨ ਮੰਨਦੀ ਹੈ। ਯੂਨਾਨੀ ਚੇਤਨਾ ਹੋਰ ਕਿਸੇ ਵੀ ਚੀਜ਼ ਤੋਂ ਵਧੇਰੇ ਮਨੁੱਖ ਨੂੰ ਮਹੱਤਤਾ ਦਿੰਦੀ ਹੈ। ਭਾਰਤੀ ਚੇਤਨਾ ਦਿਸਦੇ ਸੰਸਾਰ ਵਿਚ ਰਹਿਣ ਨੂੰ, ਰੈਣ-ਬਸੇਰਾ ਸਮਝਦੀ ਹੈ, ਤੇ ਮਰਨ ਉਪਰੰਤ ਵੀ ਆਤਮਾ ਨੂੰ ਅਮਰ ਮੰਨਦੀ ਹੈ। ਵਰਤਮਾਨ ਪਦਾਰਥਵਾਦੀ ਚੇਤਨਾ ਵਡੇਰੀ ਉਮਰ ਨੂੰ ਮਹੱਤਤਾ ਨਹੀਂ ਦਿੰਦੀ। ਇਸ ਦਾ ਮੁੱਖ ਮੰਤਵ ਲੋਕ-ਹਿਤਾਂ ਦੀ ਪਾਲਣਾ ਕਰਨਾ ਹੈ। ਆਵਾਗਉਣ ਦੀ ਥਾਂ ਆਧੁਨਿਕ ਚੇਤਨਾ ਇਹ ਮੰਨਦੀ ਹੈ ਕਿ ਮਨੁੱਖ ਆਪਣੇ ਬੱਚਿਆਂ ਰਾਹੀਂ ਸੰਸਾਰ ਤੇ ਜੀਵਤ ਰਹਿੰਦਾ ਹੈ।

ਚੇਤਨਾ ਸਤਿ ਦੇ ਸਹਿਯੋਗ ਨਾਲ਼ ਬਗਾਵਤਾਂ ਨੂੰ ਵੀ ਸਹੀ ਕਰਾਰ ਦਿੰਦੀ ਹੈ। ਦੋਹਾਂ ਦਾ ਸੁਮੇਲ ਕਲਾ ਦੀ ਜੋਤ ਨੂੰ ਜਗਾਉਂਦਾ ਹੈ ਤੇ ਵਿਗਿਆਨ ਦੀ ਆਤਮਾ ਵੀ ਬਣਦਾ ਹੈ। ਨਿਰੋਲ ਕਲਪਨਾ, ਸਾਹਿਤ ਤੇ ਵਿਗਿਆਨ ਨੂੰ ਕੁਰਾਹੇ ਪਾ ਸਕਦੀ ਹੈ। ਦੀਦਾਰ ਸਿੰਘ ਪਹਿਲੀ ਨਾਇਕਾ ਰਾਹੀਂ ਸਤਿ ਅਤੇ ਚੇਤਨਾ ਦੇ ਸੁਮੇਲ ਨੂੰ ਰੱਬ ਦਾ ਦਰਜਾ ਦਿੰਦਾ ਹੈ। ਆਤਮਾ ਨੂੰ ਲੇਖਕ ਜਲਪੁਰੀ ਦੀ ਬੀਨ ਜਾਂ ਕੇਵਲ ਕਾਲਪਨਿਕ ਵਸਤੂ ਹੀ ਮੰਨਦਾ ਹੈ ਤੇ ਧਰਮ ਨੂੰ ਉਹ ਰੰਗਲੀ ਧੁੰਧ ਤੋਂ ਵਧੇਰੇ ਦਰਜਾ ਨਹੀਂ ਦਿੰਦਾ। ਪਰ ਉਹ ਇਹ ਵੀ ਸਵੀਕਾਰ ਕਰਦਾ ਹੈ ਕਿ ਸਦੀਆਂ ਤੋਂ ਚੇਤਨਾ ਇਸ ਧਰਮ-ਯੁੱਧ ਵਿਚ ਗਲੇਫ਼ੀ ਰਹੀ ਹੈ। ਸਤਿ ਆਪਣੇ ਆਪ ਵਿਚ ਵਧੇਰੇ ਮਹੱਤਵਪੂਰਨ ਨਹੀਂ, ਪਰੰਤੂ ਫਿਰ ਵੀ ਉਹ ਸੁਹਜ ਤੋਂ ਵਧੇਰੇ ਸਜੀਵ ਹੈ। ਸਤਿ ਤੇ ਚੇਤਨਾ ਨੂੰ ਕੰਮਕਾਰ ਤੋਂ ਬਗ਼ੈਰ ਨਿਰਜਿੰਦ ਦੱਸਿਆ ਗਿਆ ਹੈ। ਸਮੁੱਚੇ ਰੂਪ ਵਿਚ ਇਨ੍ਹਾਂ ਦੀ ਹੋਂਦ ਸਾਪੇਖਕ (ਰੈਲੇਟਿਵ) ਹੈ। ਇਥੋਂ ਤਕ ਕਿ ਝੂਠ ਨੂੰ ਲੇਖਕ ਸਭ ਤੋਂ ਵੱਡਾ ਪਾਪ ਸਮਝਦਾ ਹੈ, ਪਰ ਇਹ ਵੀ ਰੈਲੇਟਿਵ ਹੈ। ਇਸਨੂੰ ਲੇਖਕ ਨੇ ਮਜਬੂਰੀਆਂ ਦਾ ਨਾਮ ਦਿੱਤਾ ਹੈ।

ਦਿਸਦਾ ਸੰਸਾਰ ਆਦਿ ਕਾਲ ਤੋਂ ਪਰਿਵਰਤਨਸ਼ੀਲ ਰਿਹਾ ਹੈ ਤੇ ਭਵਿੱਖ ਵਿਚ ਵੀ ਪਰਿਵਰਤਨਸ਼ੀਲ ਰਹੇਗਾ। ਇਸ ਭਵਿੱਖ ਦੇ ਜਗਤ ਨੂੰ ਕਲਪਨਾ, ਹੇਠ ਲਿਖੇ ਅਨੁਸਾਰ ਢਾਲਣਾ ਚਾਹੁੰਦੀ ਹੈ।

ਆ ਬਣਾ ਲਈਏ ਸੁਮੇਲੇ, ਇਕ ਨਵੀਂ ਦੁਨੀਆਂ ਅਸੀਂ
ਬੇ-ਖ਼ਟਕ ਬੇਰੋਕ ਸੀਨਾ-ਸਾਫ਼਼ ਦੁਨੀਆਂ ਸਾਜੀਏ,
ਜਿਹਦੇ ਵਿਚ ਹੋਵੇ ਛੁਪੱਈਏ ਦੀ ਰਤਾ ਵੀ ਲੋੜ ਨਾ,
ਨਾ ਪਿਆਰ ਨੂੰ ਕਿਸੇ ਚੋਰੀ ਦੀ ਮਜ਼ਬੂਰੀ ਰਹੇ।

ਲੇਖਕ ਇਸ ਪੱਖੋਂ ਵੀ ਸੁਚੇਤ ਹੈ ਕਿ ਪਰਿਵਰਤਿਤ ਸਮਾਜ ਵਿਚ ਅਜੇ ਵੀ ਅਜਿਹੇ ਗੁਨਾਹ ਹੋਣਗੇ ਜਿਨ੍ਹਾਂ ਨੂੰ ਲੀਹ-ਟੱਪਣੇ ਆਖਿਆ ਜਾਵੇਗਾ। ਨਾਟਕਕਾਰ ਦੀ ਠੋਸ ਵਿਚਾਰਧਾਰਾ ਹੈ ਕਿ ਮਨ ਦੀ ਮਰਜ਼ੀ ਕਦੇ ਵੀ ‘ਨੇਕਬਖ਼ਤੀ` ਨਹੀਂ ਬਣ ਸਕਦੀ ਤੇ ਨਾ ਹੀ ਇਸ ਦੀ ਇੱਛਾ ਕਰਨੀ ਚਾਹੀਦੀ ਹੈ, ਕਿਉਂਕਿ ਅਮੋੜ ਮਨ ਦੀ ਮਰਜ਼ੀ ਵੀ ਗੁਨਾਹਾਂ ਦਾ ਸੋਮਾ ਹੈ।

ਮਨੁੱਖੀ-ਚੇਤਨਾ ਨੇ ਆਪਣੀਆਂ ਸਹਿਯੋਗੀ ਸ਼ਕਤੀਆਂ ਨਾਲ਼ ਮਿਲ਼ ਕੇ ਮਨੁੱਖ ਨੂੰ ਕਲ੍ਹ ਦਾ ਰੱਬ ਥਾਪਣਾ ਹੈ। ਇਸ ਤਰ੍ਹਾਂ ਦੀਦਾਰ ਸਿੰਘ ਦੇ ਨਾਟਕ ਦਾ ਵਿਸ਼ਾ ਮਨੁੱਖ ਬਣ ਜਾਂਦਾ ਹੈ। ਸੰਖੇਪ ਤੇ ਨਿਚੋੜ ਰੂਪ ਵਿਚ, ਨਾਟਕ ਦੇ ਵਿਸ਼ੇ ਨੂੰ ਰੂਪਦੇਵ ਦੇ ਸ਼ਬਦਾਂ ਵਿਚ ਦੁਹਰਾਇਆ ਜਾ ਸਕਦਾ ਹੈ।

ਮੇਰਾ ਖਿਆਲ ਹੈ ਸੁਮੇਲ, ਦੇਵ-ਲੋਕ ਨੂੰ ਮੁੜਾਂ।
ਤੂੰ ਤੇ ਚੇਤਨਾ, ਦੁਮੇਲ-ਮਹਿਲ ਜਾ ਕੇ ਰਹਿ ਪਵੋ।
ਕਲਪਨਾ ਨੂੰ ਆਪ ਜਾ ਕੇ ਓਸ ਥਾਂ ਤੇ ਮਿਲ਼ ਪਵੋ।
ਤਿਆਗ ਦੇ ਤੂੰ ਤੰਗ ਨਜ਼ਰੀਏ ਨੂੰ ਚੇਤਨਾ ਹੁਣੇ।
ਤੇ ਬਗ਼ਾਵਤਾਂ ਨੂੰ ਨਾਲ਼ ਟੋਰਨਾ ਸੁਮੇਲ ਦੇ।
ਸਰਗਮਾਂ ਪਹੇਲੀਆਂ ਬਗ਼ਾਵਤਾਂ ਇਕੱਠੀਆਂ।
ਵਿਖਾਉਣ ਨਾਲ ਕਲਪਨਾ ਦੀ ਰੀਝ ਤੇ ਦੁਮੇਲ ਤੇ।
ਸਰਗਮਾਂ ਉਗਰ, ਤੇ ਪਹੇਲੀਆਂ ਨੂੰ ਪਾਰ, ਰਹਿਣ ਦੇਵਤਾ ਦੁਮੇਲ ਤੇ।
ਰਹਿਣ ਨੂੰ ਬਗ਼ਾਵਤਾਂ ਨੂੰ ਲੋੜਨਾ ਸਥਾਨ ਦੀ
ਉਨ੍ਹਾਂ ਤੇ ਉੱਡਣਾ ਏ ਲਾਲੀਆਂ ਨੂੰ ਛੂਹਣ ਵਾਸਤੇ।
ਸੁਮੇਲ ਨੂੰ ਸੁਕਲਪਨਾ ਉਡੀਕਦੀ ਸੁਮੇਲ ਤੇ
ਸੁਚੇਤਨਾ ਤੂੰ ਸਤਿਪਾਲ ਦੀ ਖੁਸ਼ੀ ਵਿਚਾਰ ਲੈ।
ਤੇ ਸੁਹਜ ਪਾਲ ਦਾ ਖਿਆਲ ਟਾਲ ਦੇ ਨੀ ਰਾਣੀਏਂ।

ਉਪਰਲੀ ਸਮੁੱਚੀ ਵਿਚਾਰਧਾਰਾ ਦੇ ਨਾਲ਼ ਹੀ ਦੀਦਾਰ ਸਿੰਘ ਨੇ ਨਾਲ ਲਗਵੇਂ ਕਈ ਹੋਰ ਵਿਸਿ਼ਆਂ ਨੂੰ ਵੀ ਵਿਸਤਾਰ ਦਿੰਤਾ ਹੈ, ਜਿਵੇਂ ਰੱਬ, ਦਵੰਦਵਾਦ, ਇਸਤਰੀ ਦੀ ਥਾਂ, ਸਮਾਂ ਅਤੇ ਕੁਦਰਤ, ਮਨੁੱਖ ਦਾ ਦਵੰਦਵਾਦ ਵਿਕਾਸ ਆਦਿ। ਪਦਾਰਥਵਾਦੀ ਵਿਚਾਰਧਾਰਾ ਦੇ ਧਾਰਣੀ ਹੋਣ ਕਰਕੇ ਦੀਦਾਰ ਸਿੰਘ ਦਾ ਨਾਸਤਿਕਤਾ ਪੱਖੀ ਹੋਣਾ ਸੁਭਾਵਿਕ ਹੈ; ਪਰ ਇਕ ਰੱਬ ਤੋਂ ਮੁਨਕਰ ਹੋ ਕੇ ਉਸ ਥਾਂ ਆਉਣ ਵਾਲੇ ਸਮੇਂ ਨੂੰ ਰੱਬ ਥਾਪਿਆ ਗਿਆ ਹੈ ;

ਰੱਬ ਕਦੀ ਹੁੰਦਾ ਨਹੀਂ ਸੀ ਨਾ ਹੀ ਹੈ ਵੇ ਬੱਚਿਆ
ਰੱਬ ਪਰ “ਹੋਵੇਗਾ” ਹੋਵੇਗਾ ਹਮੇਸ਼!!
ਰੱਬ ਨਹੀਂ ਸੀ, ਭੂਤ ਕਾਲੇ, ਵਰਤਮਾਨੇ ਵੀ ਨਹੀਂ।
ਰੱਬ ਨਾਂ ਹੈ ਆਉਣ ਵਾਲੇ ਸਮੇਂ ਦਾ
ਸਦੀਵੀ-ਖੂਬੀਆਂ ਦੇ ਇਕੱਠ ਨੂੰ ਵੀ ਰੱਬ ਦਾ ਨਾਮ ਦਿੱਤਾ ਗਿਆ ਹੈ।

ਉਂਝ ਤਾਂ ਸੁਮੇਲ ਦੀ ਹਰ ਵਿਚਾਰ ਦਵੰਦਵਾਦੀ ਪਦਾਰਥਵਾਦੀ ਵਿਚਾਰਧਾਰਾ ਦੇ ਅਧੀਨ ਚੱਲਦੀ ਹੈ, ਪਰ ਕੁਝ ਥਾਵਾਂ ਤੇ ਇਸਦੇ ਪ੍ਰਤੱਖ ਸੰਕੇਤ ਵੀ ਹਨ। ਜਿਵੇਂ ਸੰਜੋਗਨਾਥ ਨੂੰ ਅਸੀਮਤਤਾ (Infinity-D) ਦਾ ਚਿੰਨ ਬਣਾਇਆ ਗਿਆ ਹੈ ਜਿਸ ਦੀ ਹੋਂਦ ਅਮੂਰਤ ਤੇ ਸਦੀਵੀ ਹੈ। ਦਵੰਦਾਤਮਾ ਦਵੰਦਵਾਦੀ-ਦਰਸ਼ਨ ਦਾ ਪ੍ਰਤੱਖ ਰੂਪ ਹੈ। ਉਸ ਦੇ ਦੋਹਾਂ ਹੱਥਾਂ ਵਿਚਲੇ ਦੋ ਸੋਟੀਆਂ ਉੱਪਰ ਜਮ੍ਹਾਂ ਤੇ ਮਨਫ਼ੀ ਦੇ ਚਿੰਨ ਉਕਰੇ ਹੋਏ ਹਨ। ਦੋਹਾਂ ਦੇ ਮਿਲਣ ਤੇ ਚੰਗਿਆੜੇ ਨਿਕਲ਼ਦੇ ਹਨ ਅਤੇ ਇਸ ਪ੍ਰਕਿਰਿਆ ਤੋਂ ਬਾਅਦ ਹੀ ਦੇਹਧਾਰੀ ਉਤਪੱਤੀ ਹੁੰਦੀ ਹੈ। ਇਸ ਤਰ੍ਹਾਂ ਵਾਦ+ਪ੍ਰਤਿਵਾਦ=ਸੰਵਾਦ (Thesis Antithesis= Synthesis) ਦੇ ਸਿਧਾਂਤ ਨੂੰ ਸਿੱਧ ਕੀਤਾ ਗਿਆ ਹੈ। ਇਸ ਵਿਗਿਆਨਕ ਸਿੱਧਾਂਤ ਦਾ ਪ੍ਰਗਟਾ ਦਵੰਦਾਤਮਾ ਹੇਠ ਲਿਖੇ ਸ਼ਬਦਾਂ ਵਿਚ ਕਰਦਾ ਹੈ,

ਜੁੱਗਾਂ ਦੀ ਛਾਲ ਵੱਜ ਰਹੀ ਹੈ ਦੂਰ ਦੂਰ ਤੋਂ।
ਹਨੇਰ ਹੋਰ ਦਿੱਸ ਰਿਹਾ ਏ ਨੂਰ ਨੂਰ ਤੋਂ।
ਵੱਧ ਰਿਹਾ ਵਿਰੋਧ ਵੀ ਵਿਕਾਸ ਵੀ ਏ ਵਧ ਰਿਹਾ।
ਜਿ਼ੰਦਗੀ ਨੇ ਤਾਲ ਤੋੜਨਾ ਏ ਸ਼ੋਰ ਸ਼ਾਰ ਦਾ
ਜਿ਼ੰਦਗੀ ਨੇ ਤਾਲ ਜੋੜਨਾ ਏਂ ਸ਼ੋਰ ਸ਼ਾਰ `ਚੋਂ।
ਬ੍ਰਹਿਮੰਡ ਦਾ ਵਿਕਾਸ ਵੀ ਇਸੇ ਸਿਧਾਂਤ ਅਨੁਸਾਰ ਹੋਇਆ ਹੈ।
ਦਵੰਦ ਨੇ ਸਿਤਾਰਿਆਂ ਤੇ ਸੂਰਜਾਂ ਨੂੰ ਜੰਮਿਆਂ।
ਸੂਰਜਾਂ ਨੇ ਧਰਤੀਆਂ ਦਾ ਪਿਆਰ ਨਾਚ ਮਾਣਿਆ।

ਕੁਦਰਤ ਤੇ ਮਨੁੱਖ ਦਾ ਆਪਸੀ ਰਿਸ਼ਤਾ ਵੀ ਡਾਇਲੈਕਟੀਕਲ ਹੈ ਜਿਸ ਨਾਲ਼ ਨਾ ਕੇਵਲ ਮਨੁੱਖ ਦਾ ਸਵੈ-ਵਿਕਾਸ ਹੀ ਹੁੰਦਾ ਹੈ, ਸਗੋਂ ਮਨੁੱਖ ਆਪਣੀ ਸਮੇਂ, ਥਾਂ ਅਨੁਸਾਰ ਕੁਦਰਤ ਨੂੰ ਵੀ ਬਣਾਉਂਦਾ ਹੈ।

ਦੀਦਾਰ ਸਿੰਘ ਨੇ ਅਸਲੀਅਤ ਦੇ ਬਦਲਦੇ ਸਰੂਪ ਨੂੰ ਇਸੇ ਸਮੇਂ ਦਾ ਨਾਮ ਦਿੰਤਾ ਹੈ। ਤੇ ਪਰਿਵਰਤਨਾਂ ਵਿਚ ਕਾਰਣ ਤੇ ਕਾਰਜ ਦਾ ਹੋਣਾ ਆਵੱਸ਼ਕ ਮੰਨਿਆ ਹੈ।

ਬਲਦੀਓਂ ਬਿਨਾ ਅਸਲ ਨਹੀਂ ਅਰੂਪ ਹੈ।
ਕਾਰਨਾਂ ਦਾ ਕਰਮ ਤੇ ਜ਼ਰੂਰ ਹੈ ਜ਼ਰੂਰ ਹੈ।

ਦੀਦਾਰ ਸਿੰਘ ਮਰਦ ਵਲੋਂ ਇਸਤਰੀ ਨੂੰ ਜਾਇਦਾਦ ਸਮਝੇ ਜਾਣ ਦਾ ਜ਼ੋਰਦਾਰ ਖੰਡਨ ਕਰਦਾ ਹੈ, ਤੇ ਉਸਦੇ ‘ਮਰਜ਼ੀ ਦੇ ਮਾਲਕ` ਹੋਣ ਨੂੰ ਵੀ ਚੈਲਿੰਜ ਕੀਤਾ ਗਿਆ ਹੈ।

ਮਰਦ ਸਾਰੇ ਇਸ ਤਰ੍ਹਾਂ ਹੀ ਸੋਚਦੇ ਓ ਦੋਸਤਾ।
ਆਪ ਤੇ ਮਰਜ਼ੀ ਦੇ ਮਾਲਕ ਬਣ ਕੇ ਬਹਿੰਦੇ ਓ ਸਦਾ।
ਔਰਤਾਂ ਨੂੰ ਮਾਲਕੀ ਹੀ ਸਮਝਦੇ ਹੋ ਭੁੱਖਿਓ।

ਲੇਖਕ ਸਮੁੱਚੇ ਵਿਕਾਸ ਨੂੰ ਆਸ਼ਾਵਾਦੀ ਲੀਹ ਉਪਰ ਤੋਰਦਾ ਹੈ। ਇਸ ਥਾਂ ਤੇ ਮੌਤ ਵੀ ਵਧੇਰੇ ਮਹੱਤਵਪੂਰਨ ਨਹੀਂ ਰਹਿੰਦੀ। ਰੰਗੀਨੀਆਂ, ਜੋਬਨਾਂ ਤੇ ਮਸਤੀਆਂ ਦਾ ਨਾਮ ਹੀ ਜਿ਼ੰਦਗੀ ਹੈ। ਮੌਤ ਤਾਂ ਜੀਵਨ ਰਾਗ ਦਾ ਅੰਤਰਾ ਹੈ। ਜਿ਼ੰਦਗੀ ਨੂੰ ਪਿਆਰਨਾ ਮੌਤ ਨੂੰ ਵੰਗਾਰਨ ਦੇ ਬਰਾਬਰ ਹੈ। ਸਮਵਾਦੀ ਸੁਰ ਵਿਕਾਸ ਪੱਥ ਉਪਰ ਸ਼ਾਂਤੀ ਨਾਲ ਮੌਤ ਨੂੰ ਗਲ਼ ਲਾਉਣ ਲਈ ਉਤਸ਼ਾਹਿਤ ਕਰਦੀ ਹੈ।

ਸੁਮੇਲ ਦੀ ਸਾਰੀ ਵਿਚਾਰਧਾਰਾ ਦਾ ਆਧਾਰ ਵਿਗਿਆਨਕ ਹੈ ਪਰ ਲੇਖਕ ਵਲੋਂ ਉਸਾਰੀ “ਹੋਇਆ ਕੀ" ਦੀ ਫਿਲਾਸਫ਼ੀ ਹੋਰ ਪਾਸੇ ਨਿਕਲ ਤੁਰਦੀ ਹੈ। “ਹੋਇਆ ਕੀ" ਨੂੰ ਜਦੋਂ ਲੇਖਕ ਪਰਮਾਤਮਾ ਦਾ ਨਾਮ ਦਿੰਦਾ ਹੈ, ਤਾਂ ਸਥਿਤੀ ਡਾਵਾਂ ਡੋਲ ਹੋ ਜਾਂਦੀ ਹੈ, ਉਸ ਦੇ ਆਪਣੀ ਸ਼ਬਦਾਂ ਵਿਚ,

ਹੋਇਆ ਕੀ ? ਪਰਮਾਤਮਾ ਦਾ ਨਾਮ ਹੈ।
ਬੇਪਰਵਾਹ ਦਾ ਕਾਨੂੰਨ, ਕਾਨੂੰਨ ਕਾਇਨਾਤ ਦਾ ਅਖ਼ਲਾਕ ਦਾ ਨਾਮ।

ਲੇਖਕ ਨੇ ਜੀਵਨ ਪ੍ਰਤਿ ਉਦਾਰਵਾਦੀ ਰਵੱਈਏ ਨੂੰ ਸਿੱਧਾਂਤ ਬਣਾਉਣ ਦਾ ਯਤਨ ਕੀਤਾ ਹੈ, ਪਰ ਇਸ ਦਾ ਆਧਾਰ ਨਿੱਜੀ ਮਾਨਤਾ ਹੋ ਸਕਦੀ ਹੈ, ਵਿਗਿਆਨਕ ਨਹੀਂ।

ਭਾਵੇਂ ‘ਸੁਮੇਲ` ਵਿਚ ਕਵਿਤਾ ਉਪਰ ਫਿਲਾਸਫ਼ੀ ਭਾਰੂ ਹੈ ਪਰ ਫਿਰ ਵੀ ਉਨ੍ਹਾਂ ਛਿਣਾਂ ਦੀ ਅਣਹੋਂਦ ਨਹੀਂ, ਜਦੋਂ ਕਵਿਤਾ ਦਾ ਜਾਦੂ ਸਿਰ ਚੜ੍ਹ ਬੋਲਦਾ ਹੈ। ਨਾਟਕ ਵਿਚ ਪਦਾਰਥਵਾਦੀ ਫਿਲਾਸਫ਼ੀ ਤੇ ਸੁਪਨਮਈ ਤਕਨੀਕ ਦਾ ਅਸਚਰਜ ਸੁਮੇਲ ਹੋਇਆ ਹੈ। ਰੰਗ-ਬਰੰਗੀ ਧੁੱਧ ਦਾ ਫੈਲਣਾ, ਚੰਗਿਆੜੀਆਂ ਵਿਚੋਂ ਦੇਹਧਾਰੀ ਦਾ ਪ੍ਰਗਟ ਹੋਣਾ, ਵਿਭਿੰਨ ਰਾਗਾਂ ਦਾ ਪ੍ਰਯੋਗ ਤੇ ਰੰਗੀਨ ਬਦਲਦੀਆਂ ਰੌਸ਼ਨੀਆਂ, ਸੁਪਨਮਈ ਅਵਸਥਾ ਦੀ ਸਿਰਜਣਾ ਕਰਦੀਆਂ ਹਨ, ਤੇ ਅਚੇਤ ਹੀ ਪਾਠਕ (ਦਰਸ਼ਕ) ਪਦਾਰਥਵਾਦੀ ਦਰਸ਼ਨ ਨੂੰ ਗ੍ਰਹਿਣ ਕਰ ਲੈਂਦਾ ਹੈ। ਇਸ ਸੁਪਨਮਈ ਤੇ ਪ੍ਰਾਕ੍ਰਿਤਕ ਵਾਤਾਵਰਣ ਦੀ ਇਕ ਉਦਾਹਰਣ ਵੀ ਵੇਖੀ ਜਾ ਸਕਦੀ ਹੈ।

ਕੂਲ਼ਾ ਪੱਟੀ ਗੁਲਾਬੀ ਲਹਿੰਦਾ, ਨੀਲ ਸਰੋਵਰ ਨਾਤ੍ਹਾ।
ਆਕਾਸ਼ੀ ਕੇਸਰ ਛਿੜਕਾਉਂਦਾ, ਨਿਸ਼ਾਣ ਲੱਭ-ਲੱਭ ਥੱਕ ਟੁਰਿਆ।
ਨਿੰਬਲਾਂ ਵਿਚ ਚੰਬੇਲੀ ਖਿੜ ਆਉਂਦੀ ਜਾਪੇ, ਰਾਣੀ ਰੈਣ।
ਕਿਸੇ ਦੀਆਂ ਹੀਰੇ ਸਮ ਅੱਖਾਂ, ਡਲ੍ਹਕਦੀਆਂ ਤੇ ਮੁਸ਼ਕਦੀਆਂ ਦੇ,
ਗਗਨਾਂ ਵਿਚ ਭੁੱਲੇਖੇ ਪੈਣ।

ਦੀਦਾਰ ਸਿੰਘ ਨੇ ਯਸੂਹ ਮਸੀਹ, ਮੁਹੰਮਦ ਤੇ ਗੁਰੂ ਨਾਨਕ ਤੋਂ ਲੈ ਕੇ ਦਰੋਪਤੀ, ਸੀਤਾ ਸੁੰਦਰਾਂ ਤੱਕ ਨੂੰ ਰੈਫਰੈਂਸ ਲਈ ਲਿਆਂਦਾ ਹੈ। ਖ਼ੂਬੀ ਤੇ ਭਿੱਨਤਾ ਇਹ ਹੈ ਕਿ ਇਨ੍ਹਾਂ ਇਤਿਹਾਸਕ ਤੇ ਮਿਥਿਹਾਸਕ ਘਟਨਾਵਾਂ ਪ੍ਰਤੀ, ਵੀ ਦਵੰਦਵਾਦੀ ਆਲੋਚਨਾਤਮਕ ਦ੍ਰਿਸ਼ਟੀ ਅਪਣਾਈ ਗਈ ਹੈ।

ਨਾਟਕ ਦਾ ਸਮੁੱਚਾ ਵਾਤਾਵਰਣ ਭਾਵੇਂ ਡਾਇਲੈਕਟੀਕਲ ਹੈ, ਪਰ ਕਿਸੇ ਕਿਸਮ ਦੀ ਕਹਾਣੀ ਦਾ ਆਰੰਭ, ਵਿਕਾਸ, ਕਲਾਈਮੈਕਸ ਤੇ ਅੰਤ ਨਹੀਂ ਹੁੰਦਾ। ਕਹਾਣੀ ਤੰਦ ਦੀ ਅਣਹੋਂਦ, ਬਾਰ ਬਾਰ ਦੁਹਰਾ ਦਾ ਕਾਰਣ ਬਣਦੀ ਹੈ। ੳਹ ਗੱਲ ਆਰੰਭ ਵਿਚ ਹੀ ਸਿੱਧ ਹੋ ਜਾਂਦੀ ਹੈ, ਜੋ ਲੇਖਕ ਅੰਤਮ ਤੌਰ ਤੇ ਸਿੱਧ ਕਰਨੀ ਚਾਹੁੰਦਾ ਹੈ।

ਸੁਮੇਲ ਵਿਚ ਵਾਦੀ ਸੁਰ ਰਾਹੀਂ ਲੇਖਕ ਜੰਗ ਦਾ ਵਿਰੋਧ ਕਰਦਾ ਹੋਇਆ ਲਿਖਦਾ ਹੈ :

ਇਹ ਕੌਣ ਹੈ ਜੱਬਾਰ ਜੱਗਬਾਜ਼, ਜ਼ਾਲਮਾ ਦੀ ਬੈਅ।
ਇਹ ਤਗ਼ਮਿਆਂ ਸਰੋਪਿਆਂ ਦਾ ਰੱਤ-ਮੰਗ ਗਾਵੈ ? !
ਇਹ ਕੌਣ ਕੌਡੀਆਂ ਦੇ ਭਾਅ ਮਨੁੱਖ ਮੁੱਲ ਲੈ ਰਿਹਾ ?!

ਜੰਗ ਵਿਰੋਧੀ ਸੁਮੇਲ ਵਿਚ ਉੱਭਰੀ ਇਹ ਸੁਰ ਮਹਾਂਪੰਡਤ ਚਾਰ ਵਾਕ, ਕਾਵਿ ਨਾਟਕ ਦੀ ਮੁੱਖ ਸੁਰ ਬਣ ਜਾਂਦੀ ਹੈ।

ਦੀਦਾਰ ਸਿੰਘ ਦੇ ਕਾਵਿ-ਨਾਟਕ “ਮਹਾਂਪਡਤ ਚਾਰਵਾਕ" ਦਾ ਕੇਂਦਰੀ ਪਾਤਰ ਕਿਉਂਕਿ ਪਦਾਰਥਵਾਦੀ ਦਾਰਸ਼ਨਿਕ ਹੈ, ਇਸ ਲਈ ਉਸ ਦੁਆਰਾ ਪਦਾਰਥਵਾਦੀ ਦਰਸ਼ਨ ਦੀ ਵਿਆਖਿਆ, ਸੌਖਿਆਂ ਹੀ ਕੀਤੀ ਜਾ ਸਕਦੀ ਹੈ। ਮਹਾਂਭਾਰਤ ਦੇ ਯੁੱਧ ਦੇ ਅੰਤ ਉਪਰ ਯੁਧਿਸ਼ਟਰ ਤੇ ਸਾਥੀਆਂ ਵਲੋਂ ਮਨਾਏ ਜਾ ਰਹੇ ਖੁਸ਼ੀ ਦੇ ਜਸ਼ਨਾਂ ਵਿਚ, ਚਾਰਵਾਕ ਵਲੋਂ, ਉਨ੍ਹਾਂ ਦੇ ਲੜੇ ਗਏ ਧਰਮ-ਯੁੱਧ ਦੀ ਅਸਲੀਅਤ ਦਾ ਪ੍ਰਗਟਾਅ ਕਰਕੇ ਉਸਨੂੰ ਬ੍ਰਾਹਮਣਾਂ ਹੱਥੋਂ ਮਰਨਾ ਪੈਂਦਾ ਹੈ। ਇਸ ਲਈ ਉਹ ਜੰਗਵਿਰੋਧੀ ਵਿਚਾਰਾਂ ਦਾ ਪ੍ਰਤੀਕ ਵੀ ਬਣ ਜਾਂਦਾ ਹੈ। ਦੀਦਾਰ ਸਿੰਘ ਦੇ ਆਪਣੇ ਕਥਨ ਅਨੁਸਾਰ ਉਸਨੇ ਦੇਬੀ ਪ੍ਰਸਾਦ ਚਟੋਪਾਧਿਆਇ ਦੁਆਰਾ ਰਚਿਤ ਪੁਸਤਕ ‘ਲੋਕਾਇਤਾ` ਤੋਂ ਪਲਾਟ ਉਧਾਰਾ ਲਿਆ ਹੈ। ਦੇਬੀ ਪ੍ਰਸਾਦ ਨੇ ਚਾਰਵਾਕ ਦਾ ਜਿ਼ਕਰ ਤਾਂ ਕਈ ਥਾਂ ਕੀਤਾ ਹੈ, ਪਰ ਚਾਰਵਾਕ ਦੇ ਮਰਨ ਦੀ ਕਥਾ ਨੂੰ ਦੋ ਬਾਰ ਬਿਆਨਿਆ ਹੈ। ਇਕ ਥਾਂ ਉਸਨੇ ਚਾਰਵਾਕ ਨੂੰ ਮਾਰੇ ਜਾਣ ਦੀ ਗੱਲ ਕੀਤੀ ਹੈ ਤੇ ਇਹ ਮਹਾਂਭਾਰਤ ਵਿਚ ਵਰਣਿਤ ਕਥਾ ਨਾਲ ਮੇਲ ਖਾਂਦੀ ਹੈ। ਇਕ ਥਾਉਂ ਚਾਰਵਾਕ ਨੂੰ ਅੱਗ ਵਿਚ ਸਾੜੇ ਜਾਣ ਦੀ ਕਥਾ ਦਾ ਬਿਆਨ ਕੀਤਾ ਹੈ। ਜਾਪਦਾ ਇਉਂ ਹੈ ਕਿ ਦੇਬੀ ਪ੍ਰਸਾਦ ਨੇ ਅੰਗਰੇਜ਼ੀ ਅਨੁਵਾਦ ਨੂੰ ਆਧਾਰ ਬਣਾਉਣ ਕਰਕੇ ਇਹ ਟਪਲਾ ਖਾਧਾ ਹੈ। ਪਰ ਇਹ ਘਟਨਾ ਦੀਦਾਰ ਸਿੰਘ ਦੇ ਪੂਰੀ ਤਰ੍ਹਾਂ ਰਾਸ ਬੈਠੀ ਹੈ, ਕਿਉਂਕਿ ਉਸਨੇ ਇਸਦੀ ਨਾਟਕੀ ਮਹੱਤਤਾ ਨੂੰ ਸਮਝਿਆ ਹੈ।

ਸਾਂਤੀ ਪਰਵ (ਪੂਰਬਾਰਧ) ਦੇ ਅਠਤਾਲੀਵੇਂ ਅਧਿਆਇ ਅਨੁਸਾਰ, ਯੁਧਿਸ਼ਟਰ ਦੇ ਨਗਰ ਪ੍ਰਵੇਸ਼ ਸਮੇਂ, ਸਮੂਹ ਨਗਰਵਾਸੀ-ਨਰ-ਨਾਰੀ, ਬੱਚੇ-ਬੁੱਢੇ ਪ੍ਰੋਹਿਤ ਤੇ ਬ੍ਰਾਹਮਣ ਸਾਰੇ ਖੁਸ਼ੀਆਂ ਮਨਾ ਰਹੇ ਹਨ। ਯੁਧਿਸ਼ਟਰ ਨੇ ਬ੍ਰਾਹਮਣਾਂ ਦੀ ਪੂਜਾ ਉਪਰੰਤ ਉਨ੍ਹਾਂ ਨੂੰ ਖੁਲ੍ਹੇ ਦਿਲ ਨਾਲ ਦਾਨ ਦਿੱਤਾ। ਵਿਜੇ ਦਾ ਨਗਾਰਾ ਵੱਜਣ ਤੇ ‘‘ਬਾ੍ਰਹਮਣ ਵੇਸ ਵਿਚ ਚਾਰਵਾਕ ਨਹੀਂ ਰਾਖਸ਼ਸ਼`` (ਮਹਾਂਭਾਰਤਕਾਰ) ਉੱਠ ਕੇ ਧਰਮਰਾਜ ਯੁਧਿਸ਼ਟਰ ਨੂੰ ਸੰਬੋਧਨ ਕਰਦਾ ਹੈ, “ਇਹ ਸਾਰੇ ਬ੍ਰਾਹਮਣ ਆਪਣੀ ਵਲੋਂ ਮੈਨੂੰ ਕਹਾ ਰਹੇ ਹਨ ਕਿ ਤੈਨੂੰ ਲਾਹਨਤ ਹੈ, ਧਿਕਾਰ ਹੈ, ਤੂੰ ਬੜਾ ਦੁਸ਼ਟ ਰਾਜਾ ਹੈ। ਤੂੰ ਆਪਣੇ ਰਿਸ਼ਤੇਦਾਰਾਂ ਦੀ ਹੱਤਿਆ ਕਰਨ ਵਾਲ਼ਾ ਹਤਿਆਰਾ ਹਂੈ। ਤੈਨੂੰ ਸਾਕ ਸੰਬੰਧੀ ਮਰਵਾਉਣ ਦਾ ਕੀ ਲਾਭ ਹੋਇਆ? ਆਪਣੇ ਤੋਂ ਵਡੇਰੇ ਪੂਜਣਯੋਗ ਪੁਰਸ਼ਾਂ ਦੀ ਹੱਤਿਆ ਕਰਾਉਣ ਦੀ ਬਜਾਇ ਤੇਰਾ ਆਪ ਮਰ ਜਾਣਾ ਚੰਗਾ ਹੈ।" ਚਾਰਵਾਕ ਦੇ ਇਨ੍ਹਾਂ ਕੌੜੇ ਵਾਕਾਂ ਨੇ ਯੁਧਿਸ਼ਟਰ ਸਮੇਤ ਸਾਰੇ ਬ੍ਰਾਹਮਣਾਂ ਨੂੰ ਲੱਜਿਤ ਤੇ ਦੁਖੀ ਕੀਤਾ। ਬ੍ਰਾਹਮਣਾਂ ਨੇ ਚਾਰਵਾਕ ਨੂੰ ਦੁਰਯੋਧਨ ਦਾ ਮਿੱਤਰ ਕਹਿ ਕੇ ਮੁੱਕਿਆਂ, ਲੱਤਾਂ ਦੀ ਮਾਰ ਨਾਲ ਪਾਰ ਬੁਲਾ ਦਿੰਤਾ।

ਉਪਰਲੇ ਖਾਕੇ ਤੋਂ ਸਪਸ਼ਟ ਹੈ ਕਿ ਇਸ ਵਿਚ ਵਿਚਾਰਕ ਗੋਲਾਈ ਲਈ ਅਤੇ ਇਸਨੂੰ ਕਲਾਤਮਿਕ ਲੋੜਾਂ ਅਨੁਸਾਰ ਤ੍ਰਾਸ਼ਣ ਲਈ ਵਧੇਰੇ ਲਚਕੀਲਾਪਣ ਹੈ। ਮੂਲ ਪਾਠ ਤੋਂ ਇਹ ਵੀ ਸਪੱਸ਼ਟ ਹੈ ਕਿ ਲੇਖਕ ਆਪ ਬ੍ਰਾਹਮਣ ਹੋਣ ਦੇ ਨਾਤੇ ਬ੍ਰਾਹਮਣ-ਸਮਾਜ ਦੀ ਸਥਾਪਤੀ ਲਈ ਹਰ ਸੰਭਵ ਕੋਸਿ਼ਸ਼ ਕਰ ਰਿਹਾ ਹੈ। ਇਥੇ ਬ੍ਰਾਹਮਣ ਨੂੰ ਆਪਣਾ ਨਿੱਜੀ ਦਾਨ ਸੁਰੱਖਿਅਤ ਕਰਨ ਦਾ ਵਧੇਰੇ ਫ਼ਿਕਰ ਹੈ। ਇਸੇ ਪ੍ਰਮੁੱਖ ਰੁਚੀ ਨੂੰ ਮੁੱਖ ਰੱਖਦਿਆਂ ਦੀਦਾਰ ਸਿੰਘ ਨੇ ਪ੍ਰਰੋਹਿਤ ਵਰਗ ਦੀ ਉਸਾਰੀ ਕੀਤੀ ਹੈ। ਨਾਟਕ ਵਿਚ ਇਕ ਬ੍ਰਾਹਮਣ ਆਪਣੇ ਦਾਅ-ਪੇਚਾਂ ਦਾ ਪ੍ਰਗਟਾਵਾ, ਹੇਠ ਲਿਖੇ ਸ਼ਬਦਾਂ ਵਿਚ ਕਰਦਾ ਹੈ :-

ਭਾਈ ਭਾਈ ਨੂੰ ਲੜਾਣਾ,
“ਮਹਾਂਭਾਰਤ", “ਧਰਮ ਯੁੱਧ"
ਕਹਿ ਕਹਿ ਪਾਪ ਸਤਕਾਰਨਾ

... .. ... ...
ਲੁੱਟ ਨੂੰ ਜਨਮਾਂ ਦਾ ਫਲ਼
ਕਹਿ ਕਹਿ ਪਿਆ ਸਤਕਾਰਨਾ।

ਨਾਟਕ ਵਿਚ ਯੁਧਿਸ਼ਟਰ ਚਾਰਵਾਕ ਦੇ ਸਤਿ-ਬਚਨਾਂ ਨਾਲ ਕ੍ਰੋਧਿਤ ਹੋਣ ਦੀ ਥਾਂ ਦੁਖੀ ਹੁੰਦਾ ਹੈ। ਉਸਦੀ ਇਸ ਸੁਹਿਰਦਤਾ ਤੇ ਆਪਣਾ ਅਪਰਾਧ ਕਬੂਲ ਕਰਨ ਦੀ ਯੋਗਤਾ ਕਾਰਣ, ਦੀਦਾਰ ਸਿੰਘ ਨੇ ਉਸਨੂੰ ਬੜੀ ਸੂਝ ਨਾਲ ਚਿੱਤਰਿਆ ਹੈ। ਪਰ ਮਹਾਂਭਾਰਤ ਦਾ ਮੁੱਖ ਤੇ ਸਤਿਕਾਰਤ ਪਾਤਰ ਨਾਟਕ ਵਿਚ ਗੌਣ ਰੂਪ ਧਾਰਣ ਕਰ ਲੈਂਦਾ ਹੈ ਤੇ ਗੌਣ ਚਾਰਵਾਕ ਨਾਇਕ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ, ਕਿਉਂ ? ਕਿਉਂਕਿ ਦੀਦਾਰ ਸਿੰਘ ਦਾ ਸਮਾਜਿਕ -ਦ੍ਰਿਸ਼ਟੀਕੋਣ ਜਾਂ ਇਤਿਹਾਸ ਪ੍ਰਤਿ ਦ੍ਰਿਸ਼ਟੀਕੋਣ ਦਵੰਦਵਾਦੀ, ਅਗਰਗਾਮੀ ਅਤੇ ਜੰਗ ਵਿਰੋਧੀ ਹੈ।

ਨਾਟਕ ਵਿਚ ਯੁਧਿਸ਼ਟਰ ਸੱਚਾਈ ਕਬੂਲਦਾ, ਚਾਰਵਾਕ ਦੇ ਕਹਿਣ ਤੇ ਚਿਤਾ ਵਿਚ ਜਲ਼ ਕੇ, ਪਸ਼ਚਾਤਾਪ ਕਰਨ ਲਈ ਤਿਆਰ ਹੁੰਦਾ ਹੈ ਤੇ ਆਪਣੇ ਹੁਕਮ ਨਾਲ ਚਿਤਾ ਦੀ ਚਿਣਵਾਈ ਵੀ ਕਰਵਾਉਂਦਾ ਹੈ। ਪਰ ਬ੍ਰਾਹਮਣਾਂ ਦੀ ਸਾਜਿਸ਼ ਅਨੁਸਾਰ ਯੁਧਿਸ਼ਟਰ ਦੀ ਥਾਂ ਤੇ ਸੜਨਾ ਚਾਰਵਾਕ ਨੂੰ ਪੈਂਦਾ ਹੈ। ਇਸ ਸਭ ਕੁਝ ਦੇ ਬਾਵਜੂਦ ਚਾਰਵਾਕ ਜੰਗ ਦੇ ਖ਼ਿਲਾਫ਼ ਲੋਕ-ਨਾਇਕ ਤੇ ਵਿਚਾਰਧਾਰਕ ਤੌਰ ਤੇ ਵਿਜਈ ਦੇ ਰੂਪ ਵਿਚ ਸਥਾਪਿਤ ਹੁੰਦਾ ਹੈ।

ਚਾਰਵਾਕ ਨੂੰ ਚਾਰਵਾਕੀਆਂ ਦੀ ਪਦਾਰਥਵਾਦੀ ਫਿਲਾਸਫ਼ੀ ਦਾ ਮੋਢੀ ਮੰਨਿਆ ਜਾਂਦਾ ਹੈ। ਇਸੇ ਲਈ ਦੀਦਾਰ ਸਿੰਘ ਨੇ ਚਾਰਵਾਕ ਰਾਹੀਂ ਇਸ ਦਰਸ਼ਨ ਦਾ ਵਿਸਤਾਰ ਕੀਤਾ ਹੈ। ਚਾਰਵਾਕੀਆਂ ਨੂੰ “ਖਾਉ ਪੀਉ ਤੇ ਐਸ਼ ਕਰੋ" ਦੇ ਧਾਰਣੀ ਮੰਨਿਆ ਜਾਂਦਾ ਹੈ। ਪਰ ਦੀਦਾਰ ਸਿੰਘ ਪੂਰੀ ਤਰ੍ਹਾਂ ਸੁਚੇਤ ਹੈ ਕਿ ਇਹ ਧਾਰਣਾ ਚਾਰਵਾਕੀਆਂ ਦੇ ਵਿਰੋਧੀਆਂ ਨੇ ਪ੍ਰਚਲਿਤ ਕੀਤੀ ਹੈ। ਨਾਟਕ ਵਿਚ ਯੁਧਿਸ਼ਟਰ ਚਾਰਵਾਕ ਦੇ ਵਾਰਤਾਲਾਪ ਉਪਰ ਕਿੰਤੂ ਕਰਦਿਆਂ ਆਖਦਾ ਹੈ :-

ਚਾਰਵਾਕ ਅਰਥ ਕਾਮ ਦੇ ਅਧੀਨ ਹੈ,
ਧਰਮ ਮੋਖ ਵੱਲ ਵੀ ਜ਼ਰਾ ਧਿਆਨ ਦੇ ਦਿਉ।
ਚਾਰਵਾਕ ਦਾ ਉੱਤਰ ਵੀ ਸਪੱਸ਼ਟ ਹੈ :-
ਚਾਰਵਾਕ ਮੰਨਦਾ ਨਹੀਂ ਭਵਿੱਖ ਭੂਤ ਨੂੰ,
ਚਾਰਵਾਕਵਾਦ ਦਾ ਆਧਾਰ ਵਰਤਮਾਨ ਹੈ।

ਡਾ: ਸੀ. ਕਨਹਾ ਰਾਜਾ ਦੇ ਕਥਨ ਅਨੁਸਾਰ, “ਚਾਰਵਾਕ ਸ਼ਾਸਤਰ ਪਦਾਰਥ ਤੋਂ ਵੱਖ ਕੋਈ ਆਤਮਾ ਨਹੀਂ ਮੰਨਦਾ। ਦੁਨੀਆਂ ਦੀ ਕੋਈ ਵਸਤੂ ਅਜਿਹੀ ਨਹੀਂ ਜਿਸਨੂੰ ਮਨੁੱਖੀ ਤਜਰਬੇ ਰਾਹੀਂ ਨਾ ਜਾਣਿਆ ਜਾ ਸਕਦਾ ਹੋਵੇ।" ਇਨ੍ਹਾਂ ਸਿੱਧਾਂਤਾਂ ਤੋਂ ਇਲਾਵਾ ਹੇਠ ਲਿਖੇ ਸਿਧਾਂਤ ਵੀ ਪ੍ਰਗਟਾਏ ਗਏ ਹਨ, ਜਿਵੇਂ ਨਿਰਜੀਵ ਪਦਾਰਥ ਤੋਂ ਚੇਤਨਤਾ ਦੀ ਉਤਪੱਤੀ ਤੇ ਹਰ ਵਸਤੂ ਹਰ ਸਮੇਂ ਪਰਿਵਰਤਨਸ਼ੀਲ ਹੈ। ਅਮਰ ਚੀਜ਼ ਕੋਈ ਨਹੀਂ। ਜੇ ਹੋਵੇ ਤਾਂ ਕੇਵਲ ਕਾਲਪਨਿਕ ਹੀ ਹੋ ਸਕਦੀ ਹੈ।

ਆਪਣੇ ਮੰਤਵ ਦੀ ਪੂਰਤੀ ਲਈ ਦੀਦਾਰ ਸਿੰਘ ਨੇ ਕਾਲਪਨਿਕ ਪਾਤਰਾਂ ਦੀ ਸਿਰਜਣਾ ਵੀ ਕੀਤੀ ਹੈ, ਜਿਨ੍ਹਾਂ ਦੀ ਮੂਲ਼, ਮਹਾਂਭਾਰਤ ਵਿਚ ਵਰਣਿਤ ਕਥਾ ਵਿਚ ਕੋਈ ਹੋਂਦ ਨਹੀਂ। ਜਿਵੇਂ ਸਰਸਵਤੀ ਨਾ ਕੇਵਲ ਸਮਾਜਿਕ ਤੌਰ ਤੇ ਚਾਰਵਾਕ ਦੀ ਪਤਨੀ ਦੇ ਰੂਪ ਵਿਚ ਉਸਦੀ ਪ੍ਰੇਰਣਾ ਹੀ ਹੈ ਸਗੋਂ ਨਾਟਕ ਵਿਚ ਉਹ ਸਰਸਵਤੀ ਦੇਵੀ ਦੇ ਗੁਣਾ ਦੀ ਪ੍ਰਤੀਕ ਬਣ ਕੇ ਵਿਆਪਕਤਾ ਦੀ ਲਖਾਇਕ ਬਣ ਗਈ ਹੈ। ਕੋਮਲਤਾ ਦੀ ਦੇਵੀ ਸਰਸਵਤੀ, ਜੱਗ ਦੇ ਅਸਲੀ ਕਾਰਣਾਂ, ਉਸਦੇ ਭਿਆਨਕ ਨਤੀਜਿਆਂ ਦਾ ਵਰਣਨ ਕਰਦੀ ਹੋਈ ਉਨ੍ਹਾਂ ਦਾ ਸਮਾਧਾਨ ਵੀ ਕਰਨਾ ਚਾਹੁੰਦੀ ਹੈ। ਉਸ ਅਨੁਸਾਰ ਮੌਤ `ਚੋਂ ਨੇਕੀ ਲੱਭਣਾ ਮੂਰਖਤਾ ਹੈ। ਜੱਗ ਦੇ ਭਿਆਨਕ ਸਿੱਟਿਆਂ ਦਾ ਜਿ਼ਕਰ ਉਸਦੀ ਆਪਣੀ ਜ਼ਬਾਨੀ ਸੁਣੋ !

ਪਿੱਟਣ ਸੱਜ ਵਿਆਹੀਆਂ ਨਾਰਾਂ,
ਡੁਸਕਣ ਬਾਲ ਤੇ ਰੋਵਣ ਮਾਪੇ,
ਕੁੱਲ ਕੋਮਲਤਾ ਮੋਈ ਜਾਪੇ,
ਪਤਾ ਨਹੀਂ, ਲੋਕਾਂ ਨੂੰ ਕੀਕਣ,
ਜਿੱਤ ਕਿਸੇ ਦੀ ਹੋਈ ਜਾਪੇ।

ਸਰਸਵਤੀ ਸੰਪੱਤੀ ਜੋੜਨਾ ਪਾਪ ਨਹੀਂ ਸਮਝਦੀ, ਪਰ ਸ਼ਰਤ ਇਹ ਕਿ ਉਹ ਲੋਕਾਂ ਦੇ ਹਿੱਤ ਤੇ ਸੁੱਖ ਲਈ ਹੋਵੇ। ਉਹ ਮਹਾਂਭਾਰਤ ਦੇ “ਧਰਮ ਯੁੱਧ" ਨੂੰ ਨਿੱਜੀ ਹੱਕਾਂ ਲਈ, ਲੜਿਆ ਮੰਨਦੀ ਹੈ। ਇਸੇ ਦੀ ਵਕਾਲਤ ਸਾਰੇ ਨਾਟਕ ਵਿਚ ਚਾਰਵਾਕ ਕਰਦਾ ਹੈ, ਇਕ ਥਾਂ ਉਹ ਕਹਿੰਦਾ ਹੈ :

ਜਾਇਦਾਦਾਂ ਦਾ ਜਨੂ, ਕਬਜਿ਼ਆਂ ਦੀ ਲਾਲਸਾ,
ਜੱਗ ਦਾ ਕਾਰਣ ਬਣੇ ਇਹ ਮਹਾਂ ਪਾਪ।

ਨਾਟਕ ਵਿਚ ਪਾਗਲ, ਪਾਗਲ-ਵਿਧਵਾ ਤੇ ਦੋ ਛੋਟੇ ਬੱਚੇ ਤਬਾਹੀ ਦੀ ਜਿਉਂਦੀ ਜਾਗਦੀ ਮਿਸਾਲ ਹਨ, ਜੋ ਪਾਠਕਾਂ ਤੇ ਦਰਸ਼ਕਾਂ ਨੂੰ ਦਿਲ ਦੀਆਂ ਡੂੰਘਾਈਆਂ ਤਕ ਝੰਜੋੜਨ ਦੀ ਸਮਰੱਥਾ ਰੱਖਦੇ ਹਨ। ਜੰਗ ਦੇ ਬਿਆਨ ਤੇ ਕਹਾਣੀ ਦੇ ਵਿਸ਼ਲੇਸ਼ਣ ਲਈ ਦੀਦਾਰ ਸਿੰਘ ਨੇ ਦੋ ਵਾਚਕਾਂ ਦੀ ਸਿਰਜਣਾ ਕੀਤੀ ਹੈ। ਇਨ੍ਹਾਂ ਰਾਹੀਂ ਸੂਤਰਧਾਰ ਦੀ ਪਰੰਪਰਾ ਨੂੰ ਵੀ ਅਗਾਂਹ ਤੋਰਿਆ ਗਿਆ ਹੈ। ਪਹਿਲੇ ਵਾਚਕ ਦੁਆਰਾ ਜੰਗ ਦੇ ਮੈਦਾਨ ਸੰਬੰਧੀ ਸਜੀਵ ਚਿੱਤਰਣ ਤੇ ਦੂਸਰੇ ਰਾਹੀਂ ਵਿਸ਼ਵ ਪੱਧਰ ਤੇ ਕੀਤਾ ਗਿਆ ਵਿਸ਼ਲੇਸ਼ਣ ਵਧੇਰੇ ਮਹੱਤਵਪੂਰਨ ਹੈ।

ਪਤਾ ਨਹੀਂ ਇਹ ਚੀਨ ਹੈ, ਕਿ ਹੈ ਹਿੰਦੁਸਤਾਨ ?
ਪਤਾ ਨਹੀਂ ਪੰਜਾਬ ਹੈ, ਮਿਸਰ ਹੈ ਕਿ ਯੂਨਾਨ ?
ਜਿੱਥੋਂ ਤਕ ਨਜ਼ਰ ਜਾਂਦੀ ਏ, ਉਜਾੜ ਨਜ਼ਰ ਆਂਦੀ ਏ।

ਨਾਟਕ ਵਿਚ ਦੀਦਾਰ ਸਿੰਘ ਦੀ ਓਸ ਗੀਤਕਾਰੀ ਪ੍ਰਤਿਭਾ ਦਾ ਪ੍ਰਗਟਾ ਵੀ ਹੋਇਆ ਹੈ, ਜਿਹੜੀ “ਈਦਾਂ ਵਿਚ ਭਰੀਆਂ" ਨਾਂ ਦੇ ਕਾਵਿ-ਸੰਗ੍ਰਹਿ ਵਿਚ ਪ੍ਰਫੁੱਲਤ ਹੁੰਦੀ ਹੈ। ਲੇਖਕ ਹੀ ਗੀਤਕਾਰੀ ਉਪਰ ਲੋਕ ਧਾਰਣਾਵਾਂ ਦਾ ਪ੍ਰਭਾਵ ਪ੍ਰਤੱਖ ਹੈ। ਸੁਕਲਪਨਾ ਆਪਣੇ ਮਨੋਭਾਵਾਂ ਨੂੰ ਹੇਠ ਲਿਖੇ ਸ਼ਬਦਾਂ ਵਿਚ ਅੰਕਿਤ ਕਰਦੀ ਹੈ।

ਰਾਤੀਂ ਮੇਰੇ ਸੁਪਨਿਆਂ ਦੇ, ਬਾਗੀਂ ਅੱਗਾਂ ਲੱਗੀਆਂ ਵੇ,
ਚਿੱਤ ਬਲਦਾ ਏ ਨਿੱਤ ਜਾਨੀਆਂ, ਦਿਲ ਦਾ ਟਟਹਿਣਾ ਰਾਤਾਂ ਹਨੇਰੀਆਂ
ਕਰਾਂ ਵੇ ਛੁਪਾਵਾਂ, ਗੱਲਾਂ ਕਿਹੜੀਆਂ।

ਨਾਟਕ ਦੀ ਖ਼ੂਬੀ ਇਹ ਹੈ ਕਿ ਸੁਕਲਪਨਾ ਦਾ ਪਤੀ, ਪਿਆਰ, ਪਾਗਲ ਵਿਧਵਾ ਤੇ ਬੱਚਿਆਂ ਦਾ ਕਰੁਣਾਮਈ ਚਿੱਤਰ ਆਦਿ ਆਪਣਾ ਪ੍ਰਭਾਵ ਜਮਾਉਂਦੇ ਹੋਏ ਵੀ ਪ੍ਰਮੁੱਖ ਵਿਚਾਰਧਾਰਾ ਉਪਰ ਭਾਰੂ ਨਹੀਂ ਹੁੰਦੇ।

ਇਹ ਗੱਲ ਦੀਦਾਰ ਸਿੰਘ ਦੇ ਹਿੱਸੇ ਹੀ ਆਈ ਹੈ ਕਿ ਉਹ ਪ੍ਰਾਕ੍ਰਿਤਕ ਵਾਤਾਵਰਣ ਦੀ ਉਸਾਰੀ ਕਰਦਾ ਕਰਦਾ ਜੰਗ ਦੀ ਭਿਆਨਕਤਾ ਵਿਚ ਦਾਖਿਲ ਹੋ ਜਾਂਦਾ ਹੈ। ਵਾਚਕ ਰਾਹੀਂ ਨਾਟਕ ਦੇ ਆਰੰਭ ਵਿਚ ਹੀ ਅਸੀਂ ਸੁਣਦੇ ਹਾਂ :-

ਸਾਡੀ ਧਰਤੀ...ਸੋਨੇ ਰੰਗੀ...
ਦਿਨ ਚੜ੍ਹਦੇ ਦੀ ਲਾਲੀ ਵਰਗੀ !
ਪੈਲੀਆਂ ਆਕਾਸ਼ ਤੀਕਰ ਫੈਲੀਆਂ !
ਲਹਿਰਾਂਦੀਆਂ...ਵਲ਼ ਖਾਂਦੀਆਂ...ਹਰਿਆਲੀਆਂ

... ... ... ...
ਸਾਡੀ ਧਰਤੀ ਸੋਨੇ ਰੰਗੀ, ਦਿਨ ਚੜ੍ਹਦੇ ਦੀ ਲਾਲੀ ਵਰਗੀ...!
ਫੌਜਾਂ ਦੇ ਬਦਲ ਨੇ ਛਾਏ ਕੁਝ ਵੈਰੀ ? ਕੁਝ ਆਪਣੇ ?
ਲੇਖਕ ਦੀ ਇਕ ਧਾਰਣਾ ਹੈ ਕਿ
“ਗੱਲ ਕਰਕੇ ਗੱਲ ਮਨਵਾਉਣਾ ਹੈ ਕੰਮ ਇਨਸਾਨ ਦਾ।
ਮਾਰਨਾ ਤਾਂ ਕੰਮ ਹੈ ਹੈਵਾਨ ਦਾ।`
ਇਹੀ ਉਸਦਾ ਉਦੇਸ਼-ਵਾਕ ਹੈ।

ਉਪਰੋਕਤ ਦੋ ਨਾਟਕਾਂ ਦੇ ਵਿਸ਼ਲੇਸ਼ਣ ਤੋਂ ਦੀਦਾਰ ਸਿੰਘ ਦੀ ਨਾਟਕ-ਕਲਾ ਦੇ ਵਧੇਰੇ ਪੱਖ ਉੱਘੜ ਕੇ ਸਾਹਮਣੇ ਆਉਂਦੇ ਹਨ। ਧਰਮ ਪ੍ਰਤਿ ਉਸਦਾ ਸਮੁੱਚਾ ਦ੍ਰਿਸ਼ਟੀਕੋਣ, ਕਲਤਾਰਣ ਗੁਰੂ ਨਾਨਕ ਆਇਆ ਤੇ ਅਖੰਡ ਨੂਰ ਨਾਟਕਾਂ ਵਿਚ ਸਪੱਸ਼ਟ ਹੁੰਦਾ ਹੈ, ਜਾਂ ਵਿਸਤ੍ਰਿਤ ਰੂਪ ਵਿਚ ‘ਧਰਮਪੁਰੇ ਦਾ ਚੌਕੀਦਾਰ` ਵਿਚ ਸਾਹਮਣੇ ਆਉਣ ਦੀ ਸੰਭਾਵਨਾ ਸੀ। ਇਨ੍ਹਾਂ ਨਾਟਕਾਂ ਬਾਰੇ, ਵਧੇਰੇ ਚਰਚਾ ਕਿਸੇ ਵੱਖਰੇ ਲੇਖ ਦਾ ਵਿਸ਼ਾ ਹੀ ਬਣ ਸਕੇਗੀ। ਪਰ ਉਪਰਲੀ ਵਿਚਾਰ ਤੋਂ ਇਹ ਗੱਲ ਤਾਂ ਸਪੱਸ਼ਟ ਹੋ ਹੀ ਜਾਂਦੀ ਹੈ ਕਿ ਦੀਦਾਰ ਸਿੰਘ ਦੀ ਸੰਤ ਸਿੰਘ ਸੇਖੋਂ ਤੋਂ ਬਾਅਦ ਅਗਾਂਹ-ਵਧੂ ਪੰਜਾਬੀ ਨਾਟਕ ਵਿਚ ਆਪਣੀ ਇਕ ਵੱਖਰੀ ਥਾਂ ਹੈ। ਵਿਸ਼ੇਸ਼ ਤੌਰ ਤੇ ਕਾਵਿ-ਨਾਟਕ ਦੇ ਖੇਤਰ ਵਿਚ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਃ ਦੀਦਾਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ