Prof. Deedar Singh Deedar Garhdiwala ਪ੍ਰੋਃ ਦੀਦਾਰ ਸਿੰਘ ਦੀਦਾਰ ਗੜ੍ਹਦੀਵਾਲਾ
ਪੰਜਾਬੀ ਸਾਹਿੱਤ ਚ ਦੋ ਦੀਦਾਰ ਸਿੰਘ ਕਵੀ ਹੋਏ ਨੇ, ਦੋਵੇਂ ਪ੍ਰੋਫੈਸਰ ਸਨ। ਇੱਕ ਸਰਕਾਰੀ ਕਾਲਿਜ ਰੋਪੜ ਤੇ ਟਾਂਡਾ ਚ ਪੜ੍ਹਾਉਂਦੇ ਰਹੇ ਤੇ ਦੂਸਰੇ ਫ਼ਰੀਦਕੋਟ ਤੇ ਹੁਸ਼ਿਆਰਪੁਰ।
ਪਹਿਲੇ ਦੀਦਾਰ ਸਿੰਘ ਦੀਆਂ ਲਿਖਤਾਂ ਚੋਂ ਕਿੱਸਾ ਸ਼ਹੀਦ ਭਗਤ ਸਿੰਘ ਪ੍ਰਮੁੱਖ ਹੈ ਭਾਵੇਂ ਉਨ੍ਹਾਂ ਸੁਮੇਲ, ਈਦਾਂ ਵਿੱਸ ਭਰੀਆਂ, ਇਸ਼ਕੋਂ ਰਤਾ ਅਗਾਂਹ ਦੀ ਗੱਲ,ਅਗਨੀ ਫੁੱਲਾਂ ਦੀ ਮਹਾਂਰਾਣੀ
ਤੇ ਮਹਾਂ ਪੰਡਿਤ ਚਾਰਵਾਕ ਵਰਗੀਆਂ ਮੁੱਲਵਾਨ ਲਿਖਤਾਂ ਵੀ ਲਿਖੀਆਂ।
ਦੂਸਰਾ ਪ੍ਰੋਃ ਦੀਦਾਰ ਕਦੇ ਆਪਣੇ ਨਾਮ ਨਾਲ ਗੜ੍ਹਦੀਵਾਲਾ ਵੀ ਲਿਖਦਾ ਰਿਹਾ। ਇਹ ਪ੍ਰੋ. ਦੀਦਾਰ ਸਿੰਘ ਦੀਦਾਰ ਪਿੰਡ ਉਡਰਾ (ਹੁਸ਼ਿਆਰਪੁਰ) ਦਾ ਜੰਮਿਆ ਜਾਇਆ ਸ਼ਾਇਰ ਸੀ।
10 ਜੂਨ 1943 ਨੂੰ ਮਾਂ ਸਵਰਨ ਕੌਰ ਦੀ ਕੁਖੋਂ ਸਃ ਰੱਖਾ ਸਿੰਘ ਦੇ ਘਰ ਜਨਮੇ ਇਸ ਬਾਲਕ ਦੀ ਉਮਰ ਅਜੇ 5-6 ਸਾਲ ਹੀ ਸੀ ਜਦ ਮਾਂ ਵਿਛੋੜਾ ਦੇ ਗਈ। ਦਾਦੀ ਸੰਤ ਕੌਰ ਨੇ ਦਸਵੀਂ ਤੀਕ ਤਾਂ ਪੜ੍ਹਾ ਦਿੱਤਾ ਪਰ ਅਗਲੀ ਉਚੇਰੀ ਪੜ੍ਹਾਈ ਉਸ ਦੇ ਵੱਸੋਂ ਬਾਹਰੀ ਸੀ।
ਨਾਨਾ ਸਃ ਰਘਬੀਰ ਸਿੰਘ ਤੇ ਨਾਨੀ ਕਰਮ ਕੌਰ ਨੇ ਉਸ ਨੂੰ। ਆਪਣੇ ਪਿੰਡ ਭਟੋਲੀਆਂ (ਨੇੜੇ ਹਰਿਆਣਾ -ਭੁੰਗਾ) ਲਿਆ ਕੇ ਉਸ ਨੂੰ ਜੀ ਜੀ ਐੱਸ ਡੀ ਕਾਲਿਜ ਹਰਿਆਨਾ (ਹੁਣ ਹਿੰਦੂ ਨੈਸ਼ਨਲ ਕਾਲਿਜ ਹੁਸ਼ਿਆਰਪੁਰ) ਵਿੱਚ ਦਾਖ਼ਲ ਕਰਵਾ ਦਿੱਤਾ।
ਇਥੋਂ ਗਰੈਜੂਏਸ਼ਨ ਕਰ ਆਪ ਨੇ ਬੀ ਐੱਡ ਕਰਨ ਉਪਰੰਤ ਸਕੂਲ ਅਧਿਆਪਕ ਵਜੋਂ ਰੁਜ਼ਗਾਰ ਆਰੰਭਿਆ।
ਕੁਝ ਸਮਾਂ ਬਾਦ ਆਪ ਐੱਮ ਏ ਪੰਜਾਬੀ ਕਰਕੇ ਸਰਕਾਰੀ ਬਰਜਿੰਦਰਾ ਕਾਲਿਜ ਫ਼ਰੀਦਕੋਟ ਵਿਖੇ ਪ੍ਰਾਅਧਿਆਪਕ ਬਣ ਗਏ। 1982 ਚ ਤਬਦੀਲ ਹੋ ਕੇ 1982 ਚ ਸਰਕਾਰੀ ਕਾਲਿਜ ਹੁਸ਼ਿਆਰਪੁਰ ਚ ਪੜ੍ਹਾਉਣ ਲੱਗ ਪਏ। ਉਸ ਦੀ ਪਹਿਲੀ ਕਾਵਿ
ਪੁਸਤਕ ਧੁਖ਼ਦੇ ਪਲ 1974 ਚ ਅਤੇ ਦੂਸਰੀ ਕਿਤਾਬ ਮਾਰੂਥਲ ਦੀਆਂ ਕਲੀਆਂ 1986 ਵਿੱਚ ਛਪੀ। 30 ਦਸੰਬਰ 1993 ਨੂੰ ਆਪ ਸਾਨੂੰ ਸਦੀਵੀ ਵਿਛੋੜਾ ਦੇ ਗਏ। ਆਪਣੀ ਜੀਵਨ ਸਾਥਣ ਗੁਰਮੀਤ ਕੌਰ ਤੇ ਸਪੁੱਤਰ ਹਰਮਨਜੀਤ ਸਿੰਘ ਦੀਦਾਰ ਨੂੰ ਗ਼ਮ ਦੇ ਡੂੰਘੇ ਸਾਗਰੀਂ ਡੋਬ ਗਏ। 20 ਨਵੰਬਰ 1994 ਨੂੰ ਉਸ ਦੀ ਜੀਵਨ ਸਾਥਣ ਵੀ ਪਰਿਵਾਰ ਨੂੰ ਵਿਛੋੜਾ
ਦੇ ਗਈ, ਦੀਦਾਰ ਤੋਂ ਪੂਰੇ ਗਿਆਰਾਂ ਮਹੀਨੇ ਬਾਦ।
ਉਨ੍ਹਾਂ ਦੇ ਸਪੁੱਤਰ ਹਰਮਨਜੀਤ ਸਿੰਘ ਦੀਦਾਰ ਨੇ ਹਿੰਮਤ ਕਰਕੇ ਦਸੰਬਰ 2013 ਵਿੱਚ ਪ੍ਰੋਃ ਦੀਦਾਰ ਸਿੰਘ ਦੀਦਾਰ ਗੜ੍ਹਦੀਵਾਲਾ ਦੀ ਸਮੁੱਚੀ ਕਾਵਿ ਰਚਨਾ ਮੌਤ ਇੱਕ ਨਗਮੇ ਦੀ ਨਾਮ ਹੇਠ ਅਸੀਮ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਰਵਾਇਆ।
ਮੈਨੂੰ ਇਸ ਗੱਲ ਦਾ ਸੁਭਾਗ ਮਿਲਿਆ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਹੋਣ ਨਾਤੇ ਇਸ ਪੁਸਤਕ ਨੂੰ ਦਸੂਹਾ ਵਿਖੇ ਜਨਾਬ ਸਰਦਾਰ ਪੰਛੀ, ਡਾਃ ਸੁਰਜੀਤ ਕੌਰ ਬਾਜਵਾ, ਪ੍ਰੋਃ ਬਲਦੇਵ ਸਿੰਘ ਬੱਲੀ ਤੇ ਮਨਜਿੰਦਰ ਧਨੋਆ ਨਾਲ
ਮਿਲ ਕੇ ਲੋਕ ਅਰਪਨ ਕੀਤਾ। ਇਸ ਸਮਾਗਮ ਵਿੱਚ ਹਰਮਨਜੀਤ ਸਿੰਘ ਦੀਦਾਰ ਤੇ ਉਸ ਦੀ ਜੀਵਨ ਸਾਥਣ ਜੋਗਿੰਦਰ ਕੌਰ ਤੇ ਦੋ ਪੋਤਰੇ ਆਦੇਸ਼ਪਾਲ ਸਿੰਘ ਤੇ ਅਸੀਮਪਾਲ ਸਿੰਘ ਵੀ ਹਾਜ਼ਰ ਸਨ। ਅਫ਼ਸੋਸ ਦੀ ਗੱਲ ਹੈ ਕਿ ਦੀਦਾਰ ਦਾ ਬੇਟਾ
ਹਰਮਨਜੀਤ (ਇੰਸਪੈਕਟਰ, ਪੰਜਾਬ ਪੁਲੀਸ ਹੋਸ਼ਿਆਰਪੁਰ) ਵੀ ਪਿਛਲੇ ਸਮੇਂ ਵਿੱਚ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ।
ਦੀਦਾਰ ਦੀ ਸ਼ਾਇਰੀ ਬਾਰੇ ਗ਼ਜ਼ਲ ਮਾਰਤੰਡ ਪ੍ਰਿੰਸੀਪਲ ਤਖ਼ਤ ਸਿੰਘ, ਦੀਪਤ ਜੈਤੋਈ, ਸਰਦਾਰ ਪੰਛੀ,ਡਾਃ ਜਗਤਾਰ, ਸੁਰਜੀਤ ਪਾਤਰ,ਪ੍ਰੋਃ ਪ੍ਰਿਤਪਾਲ ਸਿੰਘ ਮਹਿਰੋਕ ਤੇ ਪ੍ਰਿੰਸੀਪਲ ਡਾਃ ਸੁਰਜੀਤ ਕੌਰ ਬਾਜਵਾ ਨੇ ਵੀ ਮੌਤ ਇੱਕ ਨਗਮੇ ਦੀ ਪੁਸਤਕ ਵਿੱਚ ਮਹੱਤਵਪੂਰਨ ਟਿਪਣੀਆਂ ਕੀਤੀਆਂ ਹਨ।
ਪ੍ਰੋਃ ਦੀਦਾਰ ਸਿੰਘ ਦੀਦਾਰ ਸੰਧੂਰੀ ਅੰਬ ਦੀ ਮਹਿਕ ਵਰਗੀ ਸ਼ਾਇਰੀ ਦਾ ਸਿਰਜਕ ਸੀ। ਮੈਨੂੰ ਮਾਣ ਹੈ ਕਿ ਜਦ ਕਦੇ ਵੀ ਮੈਂ ਉਸਨੂੰ ਕਿਸੇ ਕਾਲਿਜ ਜਾਂ ਸਾਹਿੱਤਕ ਸਮਾਗਮਾਂ ਤੇ ਕਵੀ ਦਰਬਾਰ ਲਈ ਬੁਲਾਇਆ, ਉਹ ਹਮੇਸ਼ਾਂ ਹਾਜ਼ਰ ਹੋਇਆ। ਰੱਜ ਕੇ ਸੁਰੀਲਾ ਸੀ ਦੀਦਾਰ।
ਏਨੇ ਵਰ੍ਹੇ ਬੀਤਣ ਦੇ ਬਾਵਜੂਦ ਵੀ ਉਸ ਵੱਡੇ ਵੀਰ ਨੂੰ “ਹੈ” ਤੋਂ ‘ਸੀਂ ਕਹਿਣ ਨੂੰ ਜੀਅ ਨਹੀਂ ਕਰਦਾ। ਮੈਨੂੰ ਉਸ ਦੇ ਕਲਾਮ ਵਿਚੋਂ ਦੋਆਬੇ ਦੇ ਚੋਆਂ ਕੰਢੇ ਵਸਦੇ ਹੁਸੀਨ ਲੋਕਾਂ ਦੇ ਦੁਖ ਸੁਖ ਦੇ ਦਰਸ਼ਨ ਹੁੰਦੇ ਨੇ। ਦੀਦਾਰ ਦੀ ਸੁਰੀਲੀ ਅਵਾਜ਼ ਵਿਚ ਸੁਣੀਆਂ ਗ਼ਜ਼ਲਾਂ ਅੱਜ ਵੀ ਰੂਹ ਵਿਚ
ਮਿਸ਼ਰੀ ਘੋਲਦੀਆਂ ਨੇ। ਡਾ. ਰਣਧੀਰ ਸਿੰਘ ਚੰਦ ਸੁਰਿੰਦਰ ਗਿੱਲ, ਪ੍ਰੋਃ ਪਰਬਿੰਦਰ ਸਿੰਘ, ਜਸਵੰਤ ਸਿੰਘ ਵਿਰਦੀ, ਪ੍ਰੋਃ ਜਾਗੀਰ ਸਿੰਘ ਕਾਹਲੋਂ ਅਤੇ ਡਾ. ਜਗਤਾਰ ਦੇ ਅੰਗ ਸੰਗ ਉਹ ਹੋਰ ਵੀ ਖੂਬਸੂਰਤ ਕਲਾਮ ਕਹਿੰਦਾ।
ਉਸ ਦੇ ਲੋਕ-ਰੰਗ ਨੂੰ ਪੜ੍ਹ ਸੁਣ ਕੇ ਹੀ ਅਸਾਂ ਲੋਕਾਂ ਨੇ ਪੰਜਾਬੀ ਗ਼ਜ਼ਲ ਲਿਖਣੀ ਸਿੱਖੀ ਉਸ ਦਾ ਲੋਕ ਵਾਕੰਸ਼ੀ ਅੰਦਾਜ਼ ਅੱਜ ਵੀ ਪਿਆਰਾ ਲਗਦੈ। ਪ੍ਰੋ. ਦੀਦਾਰ ਦੀ ਖੂਬਸੂਰਤੀ ਅਜਿਹੀ ਸੀ ਕਿ ਲੋਕ-ਜ਼ਬਾਨ ਦੇ ਬੜਾ ਨੇੜੇ ਸੀ ਮਿੱਠੇ ਗੀਤਾਂ ਵਰਗਾ ਅੰਦਾਜ਼ ਸੀ ਉਹਦਾ। -ਗੁਰਭਜਨ ਗਿੱਲ