Maut Ik Naghme Di : Prof. Deedar Singh Deedar
ਮੌਤ ਇੱਕ ਨਗ਼ਮੇ ਦੀ : ਪ੍ਰੋਃ ਦੀਦਾਰ ਸਿੰਘ ਦੀਦਾਰ ਗੜ੍ਹਦੀਵਾਲਾ
ਲੋਕਾ ਵੇ, ਸਾਨੂੰ ਲਾਜ ਨਾ ਲਾਇਓ
ਲੋਕਾ ਵੇ, ਸਾਨੂੰ ਲਾਜ ਨਾ ਲਾਇਓ ਅਸੀਂ ਮਾਰੂਥਲ ਦੀਆਂ ਕਲੀਆਂ। ਜਲ-ਪੌਣਾਂ ਸਾਨੂੰ ਰਾਸ ਨਾ ਆਈਆਂ, ਅਸੀਂ ਅੱਗਾਂ ਖਾ ਖਾ ਪਲੀਆਂ। ਨਾ ਮੰਦਰਾਂ ਸਾਡੀ ਮਹਿਕ ਪਛਾਣੀ ਨਾ ਮਾਲੀ ਰੰਗ ਪਰਖੇ, ਅਣਹੋਇਆਂ ਦੀ ਅਉਧ ਹੰਢਾ ਕੇ ਅਸੀਂ ਮਿੱਟੀ ਵਿਚ ਰਲ ਚਲੀਆਂ।
ਅਸੀਂ ਜਿਨ੍ਹਾਂ ਨੂੰ ਸੀ ਪਿਆਰ ਕੀਤਾ ਹਾਣੀਆਂ ਦੇ ਵਾਂਗ
ਅਸੀਂ ਜਿਨ੍ਹਾਂ ਨੂੰ ਸੀ ਪਿਆਰ ਕੀਤਾ ਹਾਣੀਆਂ ਦੇ ਵਾਂਗ। ਸਾਡੇ ਕੋਲੋਂ ਦੀ ਉਹ ਲੰਘੇ ਅਜ ਪਾਣੀਆਂ ਦੇ ਵਾਂਗ। ਤੁਰੇ ਜਾਂਦੇ ਰਾਹੀਆਂ ਕੋਲੋਂ ਗੱਲਾਂ ਸੁਣੀਆਂ ਸੀ ਜੋ ਸਾਨੂੰ , ਜਾਪੀਆਂ ਉਹ ਸਾਡੀਆਂ ਕਹਾਣੀਆਂ ਦੇ ਵਾਂਗ। ਹੰਝੂ ਅੱਖੀਆਂ ਚੋਂ ਤਰ੍ਹੇ ਜਿਵੇਂ ਮੱਖਣਾਂ ਦੇ ਪੇੜੇ ਪੀੜਾਂ ਸੀਨੇ ਵਿਚ ਘੁੰਮੀਆਂ ਮਧਾਣੀਆਂ ਦੇ ਵਾਂਗ। ਰੁਲਣ ਗੋਲੀਆਂ ਦੇ ਵਾਂਗ ਪਹਿਲ-ਪੂਣੀ ਦੀਆਂ ਆਸਾਂ ਆਹਾਂ ਬੁੱਲ੍ਹਾਂ ਉੱਤੇ ਬੈਠੀਆਂ ਨੇ ਰਾਣੀਆਂ ਦੇ ਵਾਂਗ। ਤੂੰ ਵੀ ਸੋਚ ਕੇ ਦੀਦਾਰ ਕਰੀਂ ਕਿਸੇ ਨਾਲ ਪਿਆਰ, ਗੱਲਾਂ ਕਰਦੇ ਨੇ ਲੋਕ ਹਟਬਾਣੀਆਂ ਦੇ ਵਾਂਗ।
ਤਿੜਕੀ ਥਿੜਕੀ ਹੋਂਦ ਅਸਾਡੀ ਹੁੰਮਸ ਹੈ ਤਨਹਾਈ ਦਾ
ਤਿੜਕੀ ਥਿੜਕੀ ਹੋਂਦ ਅਸਾਡੀ ਹੁੰਮਸ ਹੈ ਤਨਹਾਈ ਦਾ। ਬੇਕਦਰਾਂ ਸੰਗ ਪ੍ਰੀਤ-ਲਗਾ ਕੇ ਆਖਿਰ ਹੈ ਪਛਤਾਈਦਾ। ਜੇ ਤੂੰ ਆਪਣੇ ਦਿਲ ਦਾ ਸੂਰਜ ਸੋਚ ਦੇ ਮੱਥੇ ਧਰ ਲੈਂਦੋਂ ਹੁਣ ਤੀਕਰ ਤਾਂ ਛਟ ਜਾਣਾ ਸੀ ਮੌਸਮ ਬੱਦਲਵਾਈ ਦਾ। ਦੇਹਧਾਰੀ ਸੱਪਾਂ ਨੇ ਅਜ ਕਲ੍ਹ ਚਿਹਰੇ ਲਾ ਲਏ ਬੰਦਿਆਂ ਦੇ ਦਿਲ ਦੀ ਬਰਮੀ ਅੰਦਰ ਹੱਥ ਹੈ ਸੋਚ ਸਮਝ ਕੇ ਪਾਈਦਾ। ਪੁਤਲੀ ਦੇ ਵਿਚ ਡੁੱਬੇਂਗਾ ਤਾਂ ਹਾਥ ਮਿਰੀ ਕੁਝ ਪਾਵੇਂਗਾ । ਪਲਕਾਂ ਤੋਂ ਕੀ ਭੇਤ ਮਿਲੇ ਇਕ ਸਾਗਰ ਦੀ ਗਹਿਰਾਈ ਦਾ। ਬੁੱਤ ਬਣਾ ਕੇ ਉਸਨੂੰ ਭਾਵੇਂ ਤਨ ਮਨ ਅਰਪਣ ਕਰ ਦੇਈਏ ਇਕ ਵਾਰੀ ਪਰ ਈਸਾ ਨੂੰ ਹੈ ਸੂਲੀ ਤੇ ਲਟਕਾਈਦਾ। ਮੁੜ-ਮੁੜ ਕੇ 'ਦੀਦਾਰ’ ਨਾ ਸਾਥੋਂ ਸ਼ਿਅਰਾਂ ਨੂੰ ਰੱਤ ਦੇ ਹੋਵੇ ਆਪਾਂ ਤਾਂ ਬਸ ਇੱਕ ਵਾਰੀ ਹੰਸ-ਗੀਤ ਹੈ ਗਾਈਦਾ।
ਖੜੱਪੇ ਪਲ ਰਹੇ ਨੇ ਪੱਤਿਆਂ ਵਿਚ
ਖੜੱਪੇ ਪਲ ਰਹੇ ਨੇ ਪੱਤਿਆਂ ਵਿਚ। ਤੁਸੀਂ ਬੈਠੇ ਹੋ ਕਿਸ ਬੂਟੇ ਦੀ ਛਾਂ ਵਿਚ। ਦਰਿੰਦੇ ਜਾਗਦੇ ਨੇ ਬੰਦਿਆਂ ਵਿਚ। ਕਿ ਜੰਗਲ ਉਗ ਪਏ ਨੇ ਬਸਤੀਆਂ ਵਿਚ। ਇਹ ਰਸਤੇ ਭਿੜਨਗੇ ਆਪੋ ਦੇ ਵਿਚ ਹੁਣ ਕੋਈ ਕੀ ਕਰ ਗਿਆ ਚੌਰਸਤਿਆਂ ਵਿਚ। ਤੁਸੀਂ ਭੰਬਟੋ ਸੜੋ ਹੁਣ ਦੀਵਿਆਂ ਤੇ ਅਸੀਂ ਸੜਦੇ ਹਾਂ ਅਪਣੇ ਕੋਲਿਆਂ ਵਿਚ। ਜੇ ਸਪ ਆਪੇ ਹੀ ਆਪਾਂ ਪਾਲ ਲਏ ਤਾਂ ਕਿਵੇਂ ਦੀਵੇ ਜਗਣਗੇ ਫ਼ਿਰ ਘਰਾਂ ਵਿਚ।
ਅੱਖੀਆਂ 'ਚ ਕੁਝ ਕੁ ਰਾਤਾਂ ਇੰਜ ਵੀ ਗੁਜ਼ਰ ਕੇ ਜਾਣ
ਅੱਖੀਆਂ 'ਚ ਕੁਝ ਕੁ ਰਾਤਾਂ ਇੰਜ ਵੀ ਗੁਜ਼ਰ ਕੇ ਜਾਣ। ਜੀਕਰ ਮਾਸੂਮ ਬੱਚੇ ਹੱਥਾਂ 'ਚ ਮਰ ਕੇ ਜਾਣ। ਸੋਚਾਂ ਦੇ ਬਾਗ਼ ਵਿਚ ਹੁਣ ਆਉਣੀ ਨਹੀਂ ਬਹਾਰ ਕਿੰਨੀਆਂ ਵੀ ਹੋਰ ਰੁੱਤਾਂ ਇਸ ਚੋਂ ਗੁਜ਼ਰ ਕੇ ਜਾਣ। ਸਾਗਰ ਦੇ ਪਾਰ ਵੀ ਤਾਂ ਤਪਦਾ ਹੈ ਮਾਰੂਥਲ ਹੀ ਇਹ ਬਦਨਸੀਬ ਤਾਰੂ ਕਿੱਧਰ ਨੂੰ ਤਰ ਕੇ ਜਾਣ। ਉੱਠਦੇ ਕਿਤੋਂ ਜੇ ਧੂਏਂ, ਮੈਂ ਸੋਚਦਾ ਹੀ ਰਹਿਨਾਂ ਖਬਰੇ ਇਹ ਹੋਣ ਬੱਦਲ ਖਬਰੇ ਇਹ ਵਰ੍ਹ ਕੇ ਜਾਣ। ‘ਦੀਦਾਰ’ ਮਰਨ ਪਿੱਛੋਂ ਉੱਗਾਂਗਾ ਰੁੱਖ ਬਣ ਕੇ ਧੁੱਪਾਂ ਦੇ ਮਾਰੇ ਇਸ ਥਾਂ ਦੋ ਪਲ ਠਹਿਰ ਕੇ ਜਾਣ।
ਰਾਤੀਂ ਦਿਲ ਵਿਚ ਵਗਦਾ ਸੀ ਇਕ ਰੀਝਾਂ ਦਾ ਦਰਿਆ
ਰਾਤੀਂ ਦਿਲ ਵਿਚ ਵਗਦਾ ਸੀ ਇਕ ਰੀਝਾਂ ਦਾ ਦਰਿਆ। ਦਿਨ ਚੜ੍ਹਿਆ ਤਾਂ ਪੈਰਾਂ ਵਿਚ ਸੀ ਕਿਸਮਤ ਦਾ ਸਹਿਰਾ। ਕੱਲ ਤੂੰ ਜਿਸ ਤੇ ਪੀਘਾਂ ਪਾ ਕੇ ਸੁੰਝਾ ਛੱਡ ਗਿਆ। ਅਜ ਰੱਸਿਆਂ ਦਾ ਫਾਹਾ ਲੈ ਕੇ ਉਹ ਪਿੱਪਲ ਮੋਇਆ। ਉਹ ਬੰਦਾ ਜੋ ਲੋਕਾਂ ਸਾਹਵੇਂ ਤਰਦਾ ਸੀ ਦਰਿਆ ਸੁਣਿਐਂ ਰਾਤੀਂ ਅਪਣੇ ਆਪੇ ਵਿਚ ਹੀ ਗਰਕ ਗਿਆ। ਇਹ ਥਲ ਸੱਜਣਾਂ, ਜਿੱਥੇ ਅਜਕਲ ਭੁਜ ਭੁਜ ਪੈਂਦੀ ਰੇਤ, ਸੁਣਿਐਂ, ਏਥੇ ਕੁਝ ਦਿਨ ਪਹਿਲਾਂ ਵਗਦਾ ਸੀ ਦਰਿਆ। ਹੁਣ ਤਾਂ ਚੰਨਾਂ ਸਾਡੇ ਨੈਣਾਂ ਅੰਦਰ ਰਹੀ ਨਾ ਲੋਅ, ਸਾਨੂੰ ਕੀ ਜੋ ਤੇਰੇ ਮੁੱਖ ਤੋਂ ਪਰਦਾ ਸਰਕ ਗਿਆ। ਕੂਲੇ ਕੂਲੇ ਸ਼ਬਦ ਅਸਾਂ ਨੂੰ ਹੁਣ ਨਈ ਆਉਂਦੇ ਰਾਸ। ਹੁਣ ਦਿਲ ਕਰਦੈ ਫੁੱਲਾਂ ਉੱਤੇ ਕਰ ਦਈਏ ਪਥਰਾ। ਤੂੰ ਜਦ ਸਾਥੋਂ ਵਿਛੜਿਆ ਸੀ ਹੋਇਆ ਨਾ ਮਹਿਸੂਸ ਪਰ ਅਜ ਤੇਰੀ ਯਾਦ ਆਉਣ ਤੇ ਕਾਤ੍ਹੋਂ ਹੌਲ ਪਿਆ। ਬਰਫ਼ਾਂ ਵਰਗੇ ਚਿਹਰਿਆਂ ਉੱਤੇ ਡੁੱਲ੍ਹੀਂ ਨਾ 'ਦੀਦਾਰ' ਬਰਫ਼ਾਂ ਵਰਗੇ ਚਿਹਰੇ ਵੀ ਨੇ ਅੱਗਾਂ ਦੇ ਦਰਿਆ।
ਹੁਣ ਤਾਂ ਮੇਰਾ ਪਿਆਰ ਭੁਲਾ ਕੇ ਦੂਰ ਕਿਤੇ ਤੁਰ ਜਾਵੇਂਗਾ
ਹੁਣ ਤਾਂ ਮੇਰਾ ਪਿਆਰ ਭੁਲਾ ਕੇ ਦੂਰ ਕਿਤੇ ਤੁਰ ਜਾਵੇਂਗਾ। ਪਰ ਖੂਹ ਦੀ ਆਵਾਜ਼ ਦੇ ਵਾਂਗੂ ਛੇਤੀ ਹੀ ਮੁੜ ਆਵੇਂਗਾ। ਬੁੱਲ੍ਹੀਆਂ ਉੱਤੇ ਫੁੱਲ ਖਿੜੇ ਨੇ ਨੈਣਾਂ ਵਿਚ ਸ਼ਬਨਮ ਵੀ ਇਸ ਰੁੱਤੇ ਵੀ ਜੋ ਨਾ ਆਇਉਂ ਕਿਹੜੀ ਰੁੱਤੇ ਆਵੇਂਗਾ। ਬੰਜਰ ਤੇ ਪਥਰੀਲੀ ਧਰਤੀ ਉਤੋਂ ਔੜ ਹੈ ਕਹਿਰਾਂ ਦੀ, ਓ ਮਾਲੀ, ਇਹ ਮੌਲਸਰੀ ਤੂੰ ਏਥੇ ਕਿੱਥੇ ਲਾਵੇਂਗਾ। ਮੁਲਕ ਚੁਰਾਸੀ ਦੇ ਵਿਚ ਪਾ ਕੇ ਤੁਰ ਚੱਲਿਆਂ ਏ ਕਮਬਖ਼ਤਾ ਜਦ ਕਿਧਰੇ ਖਲਨਾਇਕ ਮਿਲਸੀ ਤੂੰ ਵੀ ਚੇਤੇ ਆਵੇਂਗਾ। ਸੱਚੇ ਸੁੱਚੇ ਬੋਲ ਨਾ ਬੋਲੀਂ ਸਿੱਧੀਆਂ ਸੋਚਾਂ ਸੋਚੀਂ ਨਾ, ਚਮਗਿੱਦੜਾਂ ਦੀ ਬਸਤੀ ਦੇ ਵਿਚ ਪੁੱਠਾ ਟੰਗਿਆ ਜਾਵੇਂਗਾ। ਸ਼ਹਿਰ ਤੇਰੇ ਦੇ ਸਭ ਵਿਦਿਆਲੇ ਪੁਲਸ-ਘਰਾਂ ਵਿਚ ਬਦਲ ਗਏ, ਲਾਠੀ-ਗੋਲੀ ਸਬਕ ਮਿਲੇਗਾ ਪੜ੍ਹਨ ਜਦੋਂ ਤੂੰ ਜਾਵੇਂਗਾ। ਮੇਰੇ ਘਰ ਦੇ ਬਾਰਾਂ ਬਾਲੇ ਤਿੰਨ ਕੰਧਾਂ, ਦਰ ਦੱਖਣ ਨੂੰ ਸਿਵਿਆਂ ਦੀ ਹੱਦ ਅੰਦਰ ਆ ਕੇ ਤੂੰ ਕਿੱਦਾਂ ਬਚ ਜਾਵੇਂਗਾ। ‘ਫੂਕ ਮੁਸੱਲਾ ਭੰਨ ਸੁਟ ਲੋਟਾ, ਨਾ ਫੜ ਤਸਬੀ ਕਾਸਾ ਸੋਟਾ' ਆਹੋ ਆਹੋ ਕਹਿ ਦੀਦਾਰ ਤੂੰ ਫਿਰ ਬੁੱਲ੍ਹਾ ਅਖਵਾਵੇਂਗਾ।
ਬਾਗ ਵਿਚ ਕਲੀਆਂ ਨੇ ਜਦ ਖੁਸ਼ਬੂ ਖਿੰਡਾਈ ਦਿਨ ਢਲੇ
ਬਾਗ ਵਿਚ ਕਲੀਆਂ ਨੇ ਜਦ ਖੁਸ਼ਬੂ ਖਿੰਡਾਈ ਦਿਨ ਢਲੇ। ਫਿਰ ਕਿਸੇ ਵਿੱਛੜੇ ਸਜਣ ਦੀ ਯਾਦ ਆਈ ਦਿਨ ਢਲੇ। ਤੂੰ ਤੇ ਚੁੱਪ ਕਰ ਕੇ ਹੀ ਸਾਰੇ ਆਲ੍ਹਣੇ ਦਿੱਤੇ ਨੇ ਫੂਕ ਦੇਖ ਲਈਂ ਪੰਛੀ ਕਿਵੇਂ ਪਾਉਂਦੇ ਦੁਹਾਈ ਦਿਨ ਢਲੇ। ਸਿਖਰ ਦੋਪਹਿਰਾਂ 'ਚ ਜੇ ਤਨ ਮਨ ਨਹੀ ਰੰਗਿਆ ਗਿਆ ਧੁੱਪ ਤਾਂ ਆਖਿਰ 'ਚ ਸੀ ਹੋਣੀ ਪਰਾਈ ਦਿਨ ਢਲੇ। ਪੈਰ ਪਾਟੇ, ਪੇਟ ਭੁੱਖੇ , ਸੋਚ ਸੁੰਨ ਅਖੀਆਂ ਉਦਾਸ ਮੁੜ ਪਏ ਕਾਮੇ ਘਰੀਂ ਕਰ ਕੇ ਕਮਾਈ ਦਿਨ ਢਲੇ। ਚੁੱਪ ਹੋਠਾਂ ਤੋਂ ਹੀ ਮੇਰੀ ਬੇਬਸੀ ਤੂੰ ਤਾੜ ਲੈ ਵਾਰਤਾ ਅਪਣੀ ਨਹੀਂ ਜਾਂਦੀ ਸੁਣਾਈ ਦਿਨ ਢਲੇ। ਜਾਂ ਨੀ ਸੜਕੇ, ਇਸ ਨਗਰ ਚੋਂ ਦਿਲ ਖੜੇ ਹੀ ਨਿਕਲ ਜਾ ਇਸ ਨਗਰ ਵਿਚ ਪੱਤ ਨਹੀਂ ਜਾਣੀ ਬਚਾਈ ਦਿਨ ਢਲੇ। ਬੇਵਫਾਈ ਦਾ ਤਾਂ ਕੋਈ ਗ਼ਮ ਨਹੀਂ ਦੀਦਾਰ ਨੂੰ ਗ਼ਮ ਹੈ ਕਿ ਸੱਜਣਾ ਨੇ ਕੀਤੀ ਬੇਵਫ਼ਾਈ ਦਿਨ ਢਲੇ।
ਸ਼ਹਿਰ ਤੇਰੇ ਦੀਆਂ ਠੰਢੀਆਂ ਸੜਕਾਂ ਠੰਢੇ ਇਸਦੇ ਸਾਏ
ਸ਼ਹਿਰ ਤੇਰੇ ਦੀਆਂ ਠੰਢੀਆਂ ਸੜਕਾਂ ਠੰਢੇ ਇਸਦੇ ਸਾਏ, ਪਰ ਜੋ ਏਥੇ ਠੰਢਕ ਲੱਭੇ ਥਲ ਵਾਂਗੂ ਸੜ ਜਾਏ। ਦਿਨ ਚੜਦੇ ਹੀ ਹਰ ਕੋਈ ਇਥੇ ਆਪਾ ਢੂੰਡਣ ਜਾਏ, ਸ਼ਾਮ ਢਲੇ ਤਾਂ ਦਿਸ-ਹੱਦਿਆਂ ਤੋਂ ਕਿਰਚਾਂ ਚੁਕ ਲਿਆਏ। ਅੱਖਾਂ ਦੇ ਵਿਚ ਅੱਖਾਂ ਪਾ ਕੇ ਨਾ ਹੱਸਿਆ ਕਰ ਚੰਨਾ, ਕਿਤੇ ਇਨ੍ਹਾਂ ਕੋਹਤੂਰਾਂ ਵਿਚ ਨਾ ਨੇਰ੍ਹ ਜਿਹਾ ਪੈ ਜਾਏ। ਕੱਲ੍ਹ ਵਸਲਾਂ ਦੀ ਵਰਖਾ ਵਿਚ ਸੀ ਨਾਤ੍ਹੀ ਟਾਣ੍ਹੀ ਟਾਣ੍ਹੀ, ਅਜ ਇਕਲਾਪੇ ਦੇ ਜੰਗਲ ਵਿਚ ਅਗ ਪਲਸੇਟੇ ਖਾਏ। ਹਸਦੇ ਚਿਹਰੇ, ਬੋਲ ਮਰਮਰੀ ਦਿਲ ਵੱਟੇ ਨਾ ਖੜਿਓ, ਇਸ ਮੰਡੀ ਵਿਚ ਸਾਰੇ ਲੋਕੀਂ ਨਕਲੀ ਮਾਲ ਲਿਆਏ। ਖੜੇ ਅਡੋਲ ਚੋਗੀਆਂ ਵਾਂਗੁ, ਰੁੱਖ ਕਦੋਂ ਨੇ ਹਿਲਦੇ, ਪਰ ਲਾਈਲਗ ਯਾਰਾਂ ਵਾਂਗੂੰ ਫਿਰ ਜਾਂਦੇ ਨੇ ਸਾਏ। ਆ ਦੀਦਾਰ ਚੁਰਾਹੇ ਅੰਦਰ ਬੁਤ ਬਣ ਕੇ ਜੀ ਲਈਏ, ਈਸਾ ਵਾਂਗ ਨਹੀਂ ਤਾਂ ਸੁਲੀ ਜਾਵਾਂਗੇ ਲਟਕਾਏ।
ਬੇਬਸੀ ਤੇ ਬੇਕਸੀ ਦੇ ਗੀਤ ਜਦ ਗਾਏ ਗਏ
ਬੇਬਸੀ ਤੇ ਬੇਕਸੀ ਦੇ ਗੀਤ ਜਦ ਗਾਏ ਗਏ। ਮੇਰੀਆਂ ਬਰਬਾਦੀਆਂ ਦੇ ਕਿੱਸੇ ਦੁਹਰਾਏ ਗਏ। ਫੋਲ ਸੁਟਿਆ ਸਾਗਰਾਂ ਨੂੰ ਢੂੰਡ ਲਏ ਨੇ ਸਭ ਖ਼ਲਾਅ, ਦਿਲ 'ਚ ਬੈਠੇ ਸ਼ਖਸ ਦੇ ਪਰ ਭੇਤ ਨਾ ਪਾਏ ਗਏ। ਚਾਨਣੀ ਵੀ, ਚੰਦ ਵੀ ਸੀ, ਧੁੱਪ ਵੀ, ਸੂਰਜ ਵੀ ਹੈ, ਪਰ ਮੁਕੱਦਰ ਤੋਂ ਕਦੇ ਨਾ ਫ਼ਿਕਰ ਦੇ ਸਾਏ ਗਏ। ਉਸ ਜਗ੍ਹਾ ਇੱਕੋ ਸਮੇਂ ਹਾਸੇ ਤੇ ਹਉਕੇ, ਜਿਸ ਜਗ੍ਹਾ ਵੀ ਮੈਂ ਤੇ ਮੇਰੇ ਗੀਤ ਦਫਨਾਏ ਗਏ। ਉੱਚੀਆਂ ਕੰਧਾਂ ਦੇ ਵਲ ਤੱਕਣ ਨਾ ਬੁਲਡੋਜ਼ਰ ਕਦੇ, ਜਦ ਵੀ ਢਾਏ, ਢੱਠਿਆਂ ਦੇ ਢਾਰੇ ਹੀ ਢਾਏ ਗਏ। ਰਾਤ ਦਿਲ ਲਾ ਕੇ ਜਿਨ੍ਹਾਂ ਨੇ ਜਗਮਗਾਇਆ ਏਸ਼ੀਆਡ ਹੈ ਗ਼ਜ਼ਬ ਕਿ ਘਰ ਉਨ੍ਹਾਂ ਦੇ ਕਿਉਂ ਨਾ ਰੁਸ਼ਨਾਏ ਗਏ। ਦੋਸਤੀ ਦੇ ਅਰਥ ਤਾਂ ਮੁੱਢ ਤੋਂ ਨਾ ਅਪਣੇ ਬਣ ਸਕੇ, ਦੁੁਸ਼ਮਣੀ ਦੇ ਸ਼ਬਦ ਸੀ ਕੁਝ ਉਹ ਵੀ ਨਜ਼ਰਾਏ ਗਏ। ਏਸ ਤੋਂ ਵੱਧ ਹੋਰ ਕੀ ਹੋਣੀ ਮੇਰੀ ਨਾਹਾਸਲੀ, ਮਰ ਕੇ ਵੀ ਜੇ ਯਾਰ ਦੇ ਦੀਦਾਰ ਨਾ ਪਾਏ ਗਏ।
ਮਸਤੀਆਂ ਨਾ ਸ਼ੇਖੀਆਂ ਨਾ ਸ਼ੋਖੀਆਂ
ਮਸਤੀਆਂ ਨਾ ਸ਼ੇਖੀਆਂ ਨਾ ਸ਼ੋਖੀਆਂ। ਸਿੱਪ ਨੇ ਕਿ ਮੇਰੀਆਂ ਇਹ ਅੱਖੀਆਂ। ਬੰਦ, ਡਾਕੇ, ਕਤਲ, ਫਾਂਸੀ, ਸਾੜ-ਫੂਕ, ਅਜ ਦੀ ਅਖਬਾਰ ਵਿਚ ਨੇ ਸੁਰਖੀਆਂ। ਉਮਰ ਭਰ ਖਾਂਦਾ ਰਿਹਾ ਮੈਂ ਠੋਕਰਾਂ, ਉਮਰ ਭਰ ਪੀਂਦਾ ਰਿਹਾ ਮੈਂ ਤਲਖੀਆਂ। ਨਾਮ ਹੀ ਸੁਣਿਆ ਸੀ ਇਹਨਾਂ ਦਾ ਕਿਤੇ, ਉਂਜ ਨਹੀਂ ਯਾਰਾ ਬਹਾਰਾਂ ਦੇਖੀਆਂ। ਉਜੜ ਹੀ ਜਾਵੇਗਾ ਸੰਦਲੀ ਬਾਗ ਜਦ, ਬਾਗਬਾਨੋ, ਫਿਰ ਕਰੋਗੇ ਰਾਖੀਆਂ। ਬੰਦਿਆਂ ਦੀ ਹੋਂਦ ਹੁੰਦੀ ਸੀ ਕਦੇ ਹੁਣ ਤਾਂ ਸਾਰੇ ਬਣ ਗਏ ਨੇ ਕੁਰਸੀਆਂ। ਕਟ ਗਿਆ ‘ਦੀਦਾਰ' ਜੀਵਨ ਦਾ ਸਫਰ, ਲੰਘ ਹੀ ਗਈਆਂ ਨੇ ਘੜੀਆਂ ਔਖੀਆਂ।
ਅਸਾਂ ਜ਼ਿੰਦਗੀ ਤੋਂ ਹਾਰਿਆਂ ਦੀ ਗੱਲ ਨਾ ਕਰੋ
ਅਸਾਂ ਜ਼ਿੰਦਗੀ ਤੋਂ ਹਾਰਿਆਂ ਦੀ ਗੱਲ ਨਾ ਕਰੋ। ਤਕਦੀਰ ਦਿਆਂ ਮਾਰਿਆਂ ਦੀ ਗੱਲ ਨਾ ਕਰੋ। ਲੱਖਾਂ ਸੂਰਜਾਂ ਨੇ ਸਾਡਾ ਨਹੀਂ ਹਨੇਰ ਮੇਟਣਾ, ਸਾਡੇ ਨਾਲ ਚੰਨਾ ਤਾਰਿਆਂ ਦੀ ਗੱਲ ਨਾ ਕਰੋ। ਸਾਨੂੰ ਮਾਰਿਆ ਤਾਂ ਮਾਰੇਗੀ ਇਹ ਜ਼ਿੰਦਗੀ ਅਖੀਰ, ਮੌਤ ਚੰਦਰੀ ਦੇ ਲਾਰਿਆਂ ਦੀ ਗੱਲ ਨਾ ਕਰੋ। ਹੁਸਨ, ਇਸ਼ਕ, ਫੁੱਲ ਮਹਿਕ ਨਾਜ਼ ਨਖਰੇ ਅਦਾਵਾਂ, ਸਾਡੀ ਨਜ਼ਰ ਦੇ ਪਸਾਰਿਆਂ ਦੀ ਗੱਲ ਨਾ ਕਰੋ। ਮੌਤ ਬੈਠ ਗਈ ਏ ਸੋਚ ਦੇ ਚੁਰਾਹੇ ਵਿਚ ਆ ਕੇ, ਸਾਡੇ ਜੀਣ ਦੇ ਸਹਾਰਿਆਂ ਦੀ ਗੱਲ ਨਾ ਕਰੋ। ਰੁਖ਼ ਦੇਖ ਕੇ ਹਵਾ ਦਾ ਉਡ ਜਾਣਗੇ 'ਦੀਦਾਰ', ਇਨ੍ਹਾਂ ਗੈਸ ਦੇ ਗੁਬਾਰਿਆਂ ਦੀ ਗੱਲ ਨਾ ਕਰੋ।
ਸੀਨੇ ਵਿਚ ਅੱਗ ਮਚਦੀ, ਪਲਕਾਂ 'ਚ ਤਰੇ ਕੋਲੇ
ਸੀਨੇ ਵਿਚ ਅੱਗ ਮਚਦੀ, ਪਲਕਾਂ 'ਚ ਤਰੇ ਕੋਲੇ। ਕਿਸ ਚੰਦਰੇ ਨੇ ਅਜ ਸਾਡੀ ਰਗ ਰਗ ਚ ਧਰੇ ਕੋਲੇ। ਇਸ ਚੰਦਰੇ ਬਦਲ ਤਾਈਂ ਤਕ ਲੈਣਾ ਹੀ ਕਾਫ਼ੀ ਹੈ, ਇਸ ਤੋਂ ਨੇ ਉਰੇ ਮਹਿਕਾਂ ਇਸ ਤੋਂ ਨੇ ਪਰੇ ਕੋਲੇ। ਤੇਰੇ ਸਾਹਾਂ ਦੇ ਨਿੱਘ ਵਰਗਾ ਇਹ ਨਿੱਘ ਤਾਂ ਨੇ ਦੇ ਦਿੰਦੇ, ਤੈਨੂੰ ਲਾਲ ਮੁਬਾਰਕ ਸਈ, ਸਾਨੂੰ ਨੇ ਖਰੇ ਕੋਲੇ। ਜਿਸ ਰੁੱਖ ਦੀ ਵੀ ਛਾਂ ਅੰਦਰ ਪਰਛਾਵਾਂ ਮੇਰਾ ਰਲਿਆ, ਉਸ ਰੁੱਖ ’ਚੋਂ ਧੂੰਆਂ ਉਠਿਆ, ਉਸ ਰੁੱਖ ’ਚੋਂ ਵਰ੍ਹੇ ਕੋਲੇ। ਇਸ ਨਗਰੀ 'ਚੋਂ ਹੁਣ ਆਪਾਂ ਉਡ ਜਾਂਗੇ ਸੁਆਹ ਬਣਕੇ, ਕੋਈ ਕਿੰਨਾ ਕੁ, ਚਿਰ ਅਪਣੇ ਤਨ-ਮਨ ਦੇ ਕਰੇ ਕੋਲੇ।
ਸਾਥੋਂ ਪੁੱਛਦੈਂ ਕੀ ਸਾਡੀ ਤੂੰ ਜਵਾਨੀ ਦੀਆਂ ਗੱਲਾਂ
ਸਾਥੋਂ ਪੁੱਛਦੈਂ ਕੀ ਸਾਡੀ ਤੂੰ ਜਵਾਨੀ ਦੀਆਂ ਗੱਲਾਂ। ਬਸ, ਮੁਕ ਗਈਆਂ ਸਾਡੀ ਜ਼ਿੰਦਗਾਨੀ ਦੀਆਂ ਗੱਲਾਂ। ਕੰਧ ਕੰਧ ਨਾਲ ਖੜੇ ਸੋਚੀਂ ਪਏ ਪਰਛਾਵੇਂ, ਘਰ ਘਰ ਵਿਚ ਸਾਡੀ ਪਰੇਸ਼ਾਨੀ ਦੀਆਂ ਗੱਲਾਂ। ਸਾਡੀ ਮੌਤ ਨੇ ਕੀ ਸਾਨੂੰ ਭਲਾ ਮਾਰਨਾ ਸੀ ਲੋਕੋ, ਸਾਨੂੰ ਮਾਰ ਗਈਆਂ ਸਾਡੀ ਜ਼ਿੰਦਗਾਨੀ ਦੀਆਂ ਗੱਲਾਂ। ਕੁਝ ਸੋਚ ਕੇ ਹੀ ਯਾਰਾ, ਮੇਰੀ ਜੀਭ ਰਹਿੰਦੀ ਚੁਪ, ਜਦੋਂ ਹੋਣੀਆਂ ਤਾਂ ਹੋਣੀਆਂ ਵੀਰਾਨੀ ਦੀਆਂ ਗੱਲਾਂ। ਤੇਰੇ ਆਉਣ ਤੇ ‘ਦੀਦਾਰ’ ਆਈ ਚਾਵਾਂ ਤੇ ਜਵਾਨੀ, ਤੇਰੇ ਨਾਲ ਗਈਆਂ ਤੇਰੀ ਮਿਹਰਬਾਨੀ ਦੀਆਂ ਗੱਲਾਂ।
ਜ਼ਿੰਦਗੀ ਕੁਝ ਇਸ ਤਰ੍ਹਾਂ ਭਟਕਾਏਗੀ
ਜ਼ਿੰਦਗੀ ਕੁਝ ਇਸ ਤਰ੍ਹਾਂ ਭਟਕਾਏਗੀ, ਮੌਤ ਦੇ ਵੀ ਹੱਥ ਇਹ ਨਾ ਆਏਗੀ। ਅੱਖਾਂ ਵਿਚ ਫੈਲੇਗਾ ਐਸਾ ਮਾਰੂਥਲ, ਹੰਝੂਆਂ ਦੀ ਫਸਲ ਵੀ ਸੁੱਕ ਜਾਏਗੀ। ਲਖ ਸਜਾ ਲੈ ਇਸ ਨੂੰ ਦਿਲ ਦੇ ਤਾਕ ਤੇ, ਕੱਚ ਦੀ ਬੁਲਬੁਲ ਕਦੇ ਨਾ ਗਾਏਗੀ। ਦੋਸਤਾਂ ਦੀ ਭੀੜ ਵਿਚ ਹੀ ਤੂੰ ਸਹੀ, ਭੀੜ ਤੈਨੂੰ ਕਲਿਆਂ ਛੱਡ ਜਾਏਗੀ। ਕੇਰ ਇਸ ਵਿਚ ਬੋਲ ਇਕ ਨਗ਼ਮੇ ਦਾ ਤੂੰ, ਇਹ ਨਦੀ ਸਾਗਰ 'ਚ ਗਾਉਂਦੀ ਜਾਏਗੀ। ਜੁਗਨੂਆਂ ਦੀ ਹੀ ਸਹੀ, ਪਰ ਲੋ ਤਾਂ ਹੈ, ਅਜ ਦੀ ਇਕ ਰਾਤ ਤਾਂ ਰੁਸ਼ਨਾਏਗੀ।
ਅੱਗ ਘਰਾਂ ਨੂੰ ਲਾ ਕੇ ਬੈਠੇ ਛੱਤਾਂ 'ਤੇ
ਅੱਗ ਘਰਾਂ ਨੂੰ ਲਾ ਕੇ ਬੈਠੇ ਛੱਤਾਂ 'ਤੇ। ਰੱਬ ਹੀ ਖ਼ੈਰ ਕਰੇ ਹੁਣ ਇਨ੍ਹਾਂ ਲੋਕਾਂ 'ਤੇ। ਸਭ ਨੂੰ ਛਾਂ ਦੇਵਣ ਵਾਲੇ ਖੁਦ ਸੜਦੇ ਨੇ, ਏਦਾਂ ਦੇ ਵੀ ਦਿਨ ਆਉਣੇ ਸੀ ਰੁੱਖਾਂ ਤੇ। ਮੈਥੋਂ ਤਾਂ ਤੂੰ ਅੱਖ ਬਚਾ ਕੇ ਲੰਘ ਜਾਨੈ, ਏਨਾ ਵੀ ਨਹੀਂ ਮਾਣ ਕਰੀਦਾ ਗੈਰਾਂ ਤੇ। ਹਰ ਕੋਈ ਆਪਣੇ ਆਪ 'ਚ ਡੁਬਦਾ ਜਾਂਦਾ ਹੈ, ਕੀ ਕਰਨੈ ਜੇ ਬਝ ਗਏ ਪੁਲ ਦਰਿਆਵਾਂ ’ਤੇ। ਸੌਣ ਮਹੀਨੇ ਹਾਲ ਦਿਲੇ ਦਾ ਪੁਛਦੈਂ ਤੂੰ, ਇਹ ਗੱਲਾਂ ਕੀ ਲਿਖੀਏ ਚੇਨਾਂ ਚਿੱਠੀਆਂ 'ਤੇ। ਰਾਹ ਵਿਚ ਇਕ ਵੀ ਪੈੜ ਸਬੂਤੀ ਦਿਸਦੀ ਨਈ ਦੱਸੋ ਪੈਰ ਧਰਾਂ ਮੈਂ ਕਿਹਨਾਂ ਪੈੜਾਂ ’ਤੇ। ਸੜਕਾਂ ਤੇ ਜੋ ਖਿੱਲਰੇ ਟੋਟੇ ਵੰਗਾਂ ਦੇ ਲਿਖ ਜਾਵਣਗੇ ਅਪਣੀ ਵਿਥਿਆ ਪੱਥਰਾਂ ’ਤੇ। ਹੁਣ 'ਦੀਦਾਰ' ਮਹੱਲਾਂ ਦਾ ਤਾਂ ਰੋਣਾ ਨਈਂ। ਹੁਣ ਤਾਂ ਐਵੇਂ ਹਿਰਖ ਜਿਹਾ ਹੈ ਥੇਹਾਂ ਤੇ।
ਦਿਲ ਚ ਬੀਤੀ ਉਹ ਗੱਲ ਗੁਜ਼ਰੀ ਹੈ
ਦਿਲ ਚ ਬੀਤੀ ਉਹ ਗੱਲ ਗੁਜ਼ਰੀ ਹੈ। ਜਿੱਦਾਂ ਸਾਗਰ ਚ ਛੱਲ ਗੁਜ਼ਰੀ ਹੈ। ਅਜਬ ਗੱਲ ਸੀ ਕਿ ਰਾਤ ਮੇਰੇ ਘਰ, ਹਉਕੇ ਭਰਦੀ ਇੱਕਲ ਗੁਜ਼ਰੀ ਹੈ। ਯਾਦ ਤੇਰੀ ਹੈ ਜਦ ਕਦੇ ਗੁਜ਼ਰੀ, ਪਾ ਕੇ ਸੀਨੇ ਚ ਸੱਲ੍ਹ ਗੁਜ਼ਰੀ ਹੈ। ਮੌਤ ਅਪਣੀ ਨੂੰ ਕਿਉਂ ਕਹਾਂ ਮੰਦਾ, ਦੱਸ ਕੇ ਜੀਵਨ ਦਾ ਹੱਲ ਗੁਜ਼ਰੀ ਹੈ। ਇਸ਼ਕ ਮੇਰੇ ਦੀ ਬਾਤ ਨਾ ਪੁੱਛੋ, ਆਤਿਸ਼ਬਾਜੀ ਸੀ, ਚੱਲ ਗੁਜ਼ਰੀ ਹੈ। ਅਸ਼ਕੇ ਜਾਵਾਂ ਨਾ ਕਿਉਂ ਹਿਆਤੀ ਤੋਂ, ਹਰ ਮੁਸੀਬਤ ਇਹ ਝੱਲ ਗੁਜ਼ਰੀ ਹੈ। ਤੰਗ ਇਸ ਤੋਂ ਨਾ ਹੋ ਐ 'ਦੀਦਾਰ', ਜ਼ਿੰਦਗੀ ਅੱਜ, ਕਲ ਗੁਜ਼ਰੀ ਹੈ।
ਕੌਣ ਕਿਸੇ ਲਈ ਜੀਂਦਾ ਏਥੇ ਕੌਣ ਕਿਸੇ ਲਈ ਮਰਦਾ
ਕੌਣ ਕਿਸੇ ਲਈ ਜੀਂਦਾ ਏਥੇ ਕੌਣ ਕਿਸੇ ਲਈ ਮਰਦਾ। ਹਰ ਕੋਈ ਏਥੇ ਇਕ ਦੂਜੇ ਦਾ ਹਿਰਖ-ਮਿਟਾਵਾ ਕਰਦਾ। ਜਿਉਂ ਜਿਉਂ ਬੰਦਾ ਅਕਲੋਂ ਸ਼ਕਲੋਂ ਉੱਚਾ ਹੁੰਦਾ ਜਾਵੇ, ਤਿਉਂ ਤਿਉਂ ਨੀਵਾਂ ਕਰਦਾ ਜਾਵੇ ਬੂਹਾ ਅਪਣੇ ਘਰ ਦਾ। ਇਹ ਕਿੱਦਾਂ ਦੀ ਸੱਭਿਅਤਾ ਯਾਰੋ, ਇਹ ਕਿੱਦਾਂ ਦੀ ਉੱਨਤੀ, ਸਭ ਕੁਝ ਖਾਂਦਾ ਪੀਂਦਾ ਬੰਦਾ ਜਾਂਦਾ ਹੈ ਨਿੱਘਰਦਾ। ਮੈਂ ਤਾਂ ਅਪਣੇ ਕਮਰੇ ਅੰਦਰ ਕੱਲਾ ਹੀ ਹਾਂ ਸੁੱਤਾ। ਫਿਰ ਇਹ ਕੌਣ ਸਰਾਹਣੇ ਮੇਰੇ ਬੈਠਾ ਹੌਕੇ ਭਰਦਾ। ਕੰਘੀਆਂ, ਸ਼ੀਸ਼ੇ , ਛਾਪਾਂ, ਛੱਲੇ, ਜੁਲਫ਼ਾਂ, ਜਾਮ, ਸੁਰਾਹੀਆਂ, ਕਰ ਕਰ ਕੇ ਇਹਨਾਂ ਦੀਆਂ ਗੱਲਾਂ ਹੁਣ ਨਾ ਬੁੱਤਾ ਸਰਦਾ। ਕਦੇ ਸੀ ਇਹ ਪਿੱਪਲਾਂ ਦੀਆਂ ਛਾਵਾਂ ਨਿਕੀਆਂ ਨਿੱਕੀਆਂ ਲਗੀਆਂ, ਹੁਣ ਅਪਣੇ ਪਰਛਾਵੇਂ ਵਿਚ ਵੀ ਅਪਣਾ ਦਿਲ ਘਾਬਰਦਾ। ਕੀ ਹੋਇਆ ਦੀਦਾਰ ਜੇ ਤੇਰੀ ਦੁਨੀਆਂ ਹੈ ਅਜ ਨੇਰ੍ਹੀ, ਦੇਖੀਂ ਕਿਵੇਂ ਭਵਿੱਖ ਤਿਰੇ ਮੱਥੇ ਤੇ ਸੂਰਜ ਧਰਦਾ।
ਰੰਗ ਫਿੱਕੇ ਫੁਲਾਂ ਦੇ, ਹੈ ਮਹਿਕ ਵੀ ਨਜ਼ਰਾਈ
ਰੰਗ ਫਿੱਕੇ ਫੁਲਾਂ ਦੇ, ਹੈ ਮਹਿਕ ਵੀ ਨਜ਼ਰਾਈ। ਰੀਝਾਂ ਦੇ ਬਾਗ ਅੰਦਰ ਇਹ ਕੈਸੀ ਬਹਾਰ ਆਈ। ਜੋ ਕਿਲੇ ਉਸਾਰੇ ਸੀ, ਉਡ ਗਏ ਉਹ ਹਵਾ ਬਣ ਕੇ ਹੁਣ ਸਾਥ ਨਿਭਾਉਂਦੀ ਹੈ ਬਸ ਅਪਣੀ ਹੀ ਪਰਛਾਈ। ਘੁਣ ਖਾਧੇ ਡਬਿਆਂ 'ਚੋਂ ਇਹ ਲਭਦੇ ਰਹੇ ਹਾਸੇ, ਮੇਰੇ ਪਿੰਡ ਦੇ ਲੋਕ ਰਹੇ ਸ਼ੌਦਾਈ ਦੇ ਸ਼ੌਦਾਈ। ਅਣਗਿਣਤ ਸਿਤਮਗਾਰਾਂ ਗਿਣ ਗਿਣ ਕੇ ਸਿਤਮ ਕੀਤੇ ਕੱਲੀ ਹੀ ਸੀ ਜਿੰਦ ਭਾਵੇਂ ਇਹ ਫਿਰ ਵੀ ਨਾ ਘਬਰਾਈ। ਕੱਲ ਹੋਈ ਚੁਰਸਤੇ ਵਿਚ ਇੰਜ ਮੌਤ ਇਕ ਨਗ਼ਮੇ ਦੀ ਹਸਦੇ ਰਹੇ ਲੋਕ ਖੜੇ, ਰੋਂਦੀ ਰਹੀ ਸ਼ਹਿਨਾਈ। ਸਿਰ ਜੋੜ ਕਰੋ ਹੀਲਾ, ਪੱਛ ਵੇਖੋ ਮਾਲੀ ਨੂੰ ਇਕ ਸੁਰਜਮੁਖੀਏ ਨੂੰ ਕਿਸਨੇ ਹੈ ਨਜ਼ਰ ਲਾਈ। ਰੰਗਾਂ ਤੇ ਸੁਗੰਧਾਂ ਵਿਚ ਮੇਰੀ ਹੋਂਦ ਪਸਰ ਗਈ ਹੈ ਰੰਗ ਆਖਿਰ ਲੈ ਆਈ ਕੰਡਿਆਂ ਜਿਹੀ ਤਨਹਾਈ।
ਜਿਨ੍ਹਾਂ ਨੂੰ ਉਮਰ ਭਰ ਮੈਂ ਪਾਲਿਆ ਸੀ ਘੁੱਗੀਆਂ ਵਾਂਗੂੰ
ਜਿਨ੍ਹਾਂ ਨੂੰ ਉਮਰ ਭਰ ਮੈਂ ਪਾਲਿਆ ਸੀ ਘੁੱਗੀਆਂ ਵਾਂਗੂੰ। ਉਹੀ ਅੰਤਿਮ ਸਮੇਂ ਤਕਦੇ ਨੇ ਮੈਨੂੰ ਸ਼ਿਕਰਿਆਂ ਵਾਂਗੂੰ। ਸਮੁੰਦਰ ਰਿੜਕ ਕੇ ਅੰਮ੍ਰਿਤ ਤਾਂ ਲਭੀਏ ਦਿਉਤਿਆਂ ਵਾਂਗੂੰ, ਮਗਰ ਵੰਡਣ ਸਮੇਂ ਕਿਉਂ ਵਰਤਦੇ ਹਾਂ ਰਾਕਸ਼ਾਂ ਵਾਂਗੂੰ। ਤੁਸੀਂ ਤਾਂ ਸਹਿ-ਸੁਭਾ ਹੀ ਫੁੱਲ ਮਾਰੇ ਹੋਣਗੇ ਐਪਰ, ਖੁਦਾ ਜਾਣੇ ਇਹ ਕਿਉਂ ਲੱਗੇ ਨੇ ਮੈਨੂੰ ਪਥਰਾਂ ਵਾਂਗੂੰ। ਜਦੋਂ ਤੂੰ ਕੋਲ ਸੀ ਤਾਂ ਸਾਹ ਸਿਗੇ ਸੋਮੇ ਸੁਗੰਧੀਆਂ ਦੇ, ਤਿਰੇ ਬਾਝੋਂ ਇਹੀ ਸਾਹ ਜਾਪਦੇ ਨੇ ਹਉਕਿਆਂ ਵਾਂਗੂੰ। ਜਿਨ੍ਹਾਂ ਨੇ ਫੁੱਲ ਤੇ ਬੂਟੇ ਕਦੇ ਮੌਲਣ ਨਹੀਂ ਦਿੱਤੇ, ਉਹੀ ਮੁੜ ਸਜ ਗਏ ਨੇ ਪਾਰਕਾਂ ਵਿਚ ਗਮਲਿਆਂ ਵਾਂਗੂੰ। ਜਵਾਨੀ ਦੇ ਨਸ਼ੇ ਅੰਦਰ ਬਿਨਾਂ ਪੀਤੇ ਸੀ ਝੂਮ ਉਠਦੇ, ਤੇ ਹੁਣ ਪੀ ਕੇ ਵੀ ਬੈਠੇ ਝੂਰਦੇ ਹਾਂ ਬੋਤਲਾਂ ਵਾਗੂੰ। ਭਲਾ ਕਿੰਨਾ ਕੁ ਚਿਰ ਨਾ ਪੀੜ ਮਿੱਟੀ ਦੀ ਪਛਾਣਾਂਗੇ, ਭਲਾ ਕਿੰਨਾ ਕੁ ਚਿਰ ਉਡਦੇ ਰਹਾਂਗੇ ਬਦਲਾਂ ਵਾਂਗੂੰ। ਅਜੇ ਤਾਂ ਦੁਸ਼ਮਣਾਂ ਵਾਂਗੂੰ ਹੀ ਤੂੰ ‘ਦੀਦਾਰ’ ਨੂੰ ਤਕਦੈਂ, ਤੇਰੀ ਖਾਤਿਰ ਉਹੀ ਦੇਖੀਂ ਮਰੇਗਾ ਬੰਦਿਆਂ ਵਾਂਗੂੰ।
ਬਰਖਾ ਵਿਚ ਜਦ ਚੀਚ ਵਹੁਟੀਆਂ ਨਾਉਣ੍ਹਗੀਆਂ
ਬਰਖਾ ਵਿਚ ਜਦ ਚੀਚ ਵਹੁਟੀਆਂ ਨਾਉਣ੍ਹਗੀਆਂ। ਸੋਨ-ਸੁਨੱਖੀਆਂ ਕੁੜੀਆਂ ਚੇਤੇ ਆਉਣਗੀਆਂ। ਮੱਦਤ ਪਿਛੋਂ ਅੱਜ ਫਿਰ ਮੈਂ ਘਰ ਆਇਆ ਹਾਂ, ਅਜ ਫਿਰ ਮੇਰੇ ਘਰ ਤੇ ਇੱਲਾਂ ਭਉਣਗੀਆਂ। ਤੂੰ ਮਹਿਲਾਂ ਦੇ ਸੁਪਨੇ ਦੇ ਕੇ ਤੁਰ ਜਾਣੈ, ਮੇਰੀਆਂ ਸੱਧਰਾਂ ਕਿਥੇ ਝੁੱਗੀ ਪਾਉਣਗੀਆਂ। ਮੇਰੇ ਘਰ ਦੇ ਉਪਰੋਂ ਉਪਰੋਂ ਲੰਘ ਚੱਲੀਆਂ, ਇਹ ਤਾਰਾਂ ਅਜ ਕਿਸਦਾ ਘਰ ਰੁਸ਼ਨਾਉਣਗੀਆਂ। ਸੀਨੇ ਨਾਲ ਲਗਾ ਕੇ ਰੱਖੀਆਂ ਪੀੜਾਂ ਮੈਂ, ਮੇਰੇ ਪਿਛੋਂ ਕਿਸਦਾ ਦਰ ਖੜਕਾਉਣਗੀਆਂ। ਆਪਾਂ ਸਾਰੀ ਰਾਤ ਸਜਾਵਾਂ ਕੱਟਾਂਗੇ, ਲੰਮੀ ਤਾਣ ਕੇ ਅਜ ਤਕਦੀਰਾਂ ਸਉਣਗੀਆਂ। ਮਿਲਣੇ ਨੂੰ ਤਾਂ ਹੋਰ ‘ਦੀਦਾਰ’ ਬਥੇਰੇ ਨੇ, ਪਰ ਉਹ ਰੂਹਾਂ ਕਿਥੋਂ ਮੁੜ ਕੇ ਆਉਣਗੀਆਂ।
ਖੰਡਰ, ਪਰਬਤ, ਮਾਰੂਥਲ ਤੇ ਜੰਗਲ ਬੀਆਬਾਨ
ਖੰਡਰ, ਪਰਬਤ, ਮਾਰੂਥਲ ਤੇ ਜੰਗਲ ਬੀਆਬਾਨ, ਅਪਣੀ ਜੀਵਨ-ਗਾਥਾ ਦੇ ਬਸ ਏਹੀ ਨੇ ਅਨੁਵਾਨ। ਇਹ ਕਿੱਦਾਂ ਦੀ ਬਸਤੀ ਯਾਰੋ, ਕੈਸੇ ਨੇ ਇਨਸਾਨ, ਹਰ ਕੋਈ ਆਪਣੇ ਸਿਰ ਤੇ ਚੁੱਕੀ ਫਿਰਦੈ ਕਬਰਿਸਤਾਨ। ਸਿਆਲਕੋਟ ਹੋਵੇ ਜਾਂ ਚੰਬਾ ਇਕੋ ਗੱਲ ਹੈ ਯਾਰ, ਲੂਣਾਂ ਬਦਲੇ ਰਲ ਜਾਂਦੇ ਨੇ ਬਰਮਨ ਤੇ ਸਲਵਾਨ। ਜਿੰਨੀਆਂ ਵੀ ਮੈਂ ਕਲੀਆਂ ਸਿੰਜੀਆਂ ਅਪਣੇ ਹੰਝੂਆਂ ਨਾਲ, ਸਭ ਦੀ ਰੰਗਤ ਨਕਲੀ ਦੇਖੀ, ਫਰਜ਼ੀ ਸੀ ਮੁਸਕਾਨ। ਆਪਣੀ ਜੀਭ 'ਚ ਮੇਖਾਂ ਗੱਡ ਕੇ, ਅਖੀਆਂ ਅੰਦਰ ਕਿੱਲ, ਤੇਰੀ ਮੁਸ਼ਕਿਲ ਖੁਦ ਹੀ ਆਪਾਂ ਕਰ ਦਿਤੀ ਆਸਾਨ। ਐ ਦਿਲ ਇਹਨਾਂ ਪੀੜਾਂ ਉਤੇ ਕਾਹਤੋਂ ਕਰਦੈਂ ਰੋਸ, ਵਸਦੇ ਘਰ ਵਿਚ ਆਉਂਦੇ-ਜਾਂਦੇ ਰਹਿੰਦੇ ਨੇ ਮਹਿਮਾਨ। ਇਹ ਜੋ ਗੁੰਮ ਸੁੰਮ ਚਿਹਰੇ ਫਿਰਦੇ ਧਰਤੀ ਤੇ ‘ਦੀਦਾਰ', ਵਕਤ ਆਉਣ ਤੇ ਇਹਨਾਂ ਸਿਰ ਤੇ ਚੁਕ ਲੈਣਾ ਅਸਮਾਨ।
ਝੁੱਗੀਆਂ ਦੀ ਥਾਂ ਜਦ ਤੋਂ ਏਥੇ ਬਣ ਗਏ ਨਵੇਂ ਮਕਾਨ
ਝੁੱਗੀਆਂ ਦੀ ਥਾਂ ਜਦ ਤੋਂ ਏਥੇ ਬਣ ਗਏ ਨਵੇਂ ਮਕਾਨ, ਰਬ ਜਾਣੇ ਓਦੋਂ ਤੋਂ ਕਿਥੇ ਉੱਜੜ ਗਏ ਇਨਸਾਨ। ਕਿੰਨੀਆਂ ਬਾਰੀਆਂ ਕਿੰਨੇ ਬੂਹੇ ਕਿੰਨੇ ਰੌਸ਼ਨਦਾਨ, ਫਿਰ ਵੀ ਵਿੱਚੋ ਵਿੱਚ ਸਾਹ ਘੁੱਟ ਕੇ ਮਰ ਜਾਂਦੇ ਇਨਸਾਨ। ਅਜ ਕਲ ਨੲ੍ਹੀਂ ਚਿਹਰੇ ਤੇ ਆਉਂਦੀ ਦਿਲ ਦੀ ਅਸਲੀ ਗੱਲ, ਅਜ ਕਲ ਨੲ੍ਹੀਂ ਡਿਉੜੀ ਤੋਂ ਲਗਦਾ ਘਰ ਬਾਰੇ ਅਨੁਮਾਨ। ਜਿੰਦੇ ਨੀ ਤਕਦੀਰ ਦੇ ਬੂਹੇ, ਹੁਣ ਨਾ ਕਰੀਂ ਖੜਾਕ, ਮਸਾਂ ਕਿਤੇ ਇਹ ਹੁਣੇ ਜਿਹੇ ਹੀ ਸੁੱਤੇ ਨੇ ਅਰਮਾਨ। ਇਸ ਬਸਤੀ ਵਿਚ ਨਾ ਕੋਈ ਤੇਰਾ ਨਾ ਮੇਰਾ ਹਮਰਾਜ਼, ਆਪਾਂ ਹੀ ਇਕ ਦੂਜੇ ਦੇ ਬਣ ਜਾਈਏ ਮਹਿਮਾਨ। ਮੇਰੇ ਜੀਵਨ ਦੀ ਚੰਗਿਆੜੀ ਬੁਝ ਚੁਕੀ ਹੈ ਯਾਰ, ਉਜੜੇ-ਪੁਜੜੇ ਘਰ ਵਿਚ ਹੈ ਹੁਣ ਵਸਦਾ ਕਬਰਿਸਤਾਨ। ਮੰਜ਼ਿਲ ਜੇ ਮਿਲਦੀ ਨੲ੍ਹੀਂ ਤਦ ਕੀ, ਧੀਰਜ ਕਰ ‘ਦੀਦਾਰ', ਕੁਝ ਰੂਹਾਂ ਨੂੰ ਭਟਕਣ ਦਾ ਵੀ ਹੁੰਦਾ ਹੈ ਵਰਦਾਨ।
ਚਾਨਣੀਆਂ ਨਈਂ ਮੋਈਆਂ ਹਾਲੇ, ਮਹਿਕ ਅਜੇ ਨਈਂ ਮੋਈ
ਚਾਨਣੀਆਂ ਨਈਂ ਮੋਈਆਂ ਹਾਲੇ, ਮਹਿਕ ਅਜੇ ਨਈਂ ਮੋਈ, ਔੜਾਂ ਝੰਬੀ ਰੁੱਤ ਅੰਦਰ ਵੀ ਫੁਲ ਹੈ ਕੋਈ ਕੋਈ। ਤੂੰ ਜਾਵੇ ਤਾਂ ਮਰ ਜਾਂਦੇ ਨੇ ਗੀਤਾਂ ਵਰਗੇ ਹਾਸੇ, ਤੂੰ ਆਵੇਂ ਤਾਂ ਜੀ ਪੈਂਦੀ ਹੈ ਜਿੰਦੜੀ ਮੋਈ ਮੋਈ। ਸਾਥੋਂ ਤੇ ਨੲ੍ਹੀਂ ਤੇਰੇ ਵਾਂਗੂੰ ਭੇਤ ਲੁਕੋਇਆ ਜਾਂਦਾ, ਸਾਥੋਂ ਨੲ੍ਹੀਂ ਹੁਣ ਕੱਖਾਂ ਅੰਦਰ ਜਾਂਦੀ ਅੱਗ ਲਕੋਈ। ਤੇਰੇ ਮੇਰੇ ਵਿਚ ਖੜੀਆਂ ਨੇ ਸਿਵਿਆਂ ਵਰਗੀਆਂ ਕੰਧਾਂ, ਮੈਂ ਚੰਦਰਾ ਹਉਕੇ ਦਾ ਹਾਣੀ, ਤੂੰ ਫੁਲ ਦੀ ਖੁਸ਼ਬੋਈ। ਇਕ ਨਾ ਇਕ ਦਿਨ ਤੂੰ ਵੀ ਅੜਿਆ ਛਡ ਜਾਣਾ ਹੈ ਮੈਨੂੰ, ਕਿੰਨਾ ਚਿਰ ਦਰਿਆ ਨੂੰ ਬੰਨ੍ਹ ਕੇ ਰੱਖ ਸਕਦਾ ਹੈ ਕੋਈ। ਕੌਣ ਦਏ ਦਿਲਬਰੀਆਂ ਸਾਨੂੰ, ਕੋਣ ਸੁਣੇ ਦੁਖ ਸਾਡੇ, ਟਾਹਣੋਂ ਟੁੱਟੇ ਪਤਿਆਂ ਨੂੰ ਦਸ ਕਿਹੜਾ ਦੇਵੇ ਢੋਈ। ਇਕ ਸੁੱਕੇ ਹੋਏ ਰੁੱਖ ਦਾ ਖਿੰਗਰ, ਇਕ ਬੂਟਾ ਸਦ ਸਾਵਾ, ਇਸ਼ਕ ਦੀ ਚੋਟ ਪਈ ਜਾਂ ਦਿਲ ਤੇ ਪੀੜ ਬਰਾਬਰ ਹੋਈ।
ਹੋ ਹੀ ਗਏ ਨੇ ਸਾਜਨ ਕੁਝ ਦੂਰ ਹੌਲੀ ਹੌਲੀ
ਹੋ ਹੀ ਗਏ ਨੇ ਸਾਜਨ ਕੁਝ ਦੂਰ ਹੌਲੀ ਹੌਲੀ, ਮੁਕ ਹੀ ਗਿਆ ਹੈ ਜੀਵਨ ਚੋਂ ਨੂਰ ਹੌਲੀ ਹੌਲੀ। ਇਹ ਫੱਟ ਇਸ਼ਕ ਦੇ ਨੇ, ਰਖ ਦਿਲ ਨਾ ਡੋਲ ਐਵੇਂ, ਆਏਗਾ ਇਹਨਾਂ ਉਤੇ ਅੰਗੂਰ ਹੌਲੀ ਹੌਲੀ। ਠੰਢੇ ਘੁਲਾਟੀਏ ਹਾਂ, ਤੱਤਾ ਨੲ੍ਹੀਂ ਚੱਟ ਹੁੰਦਾ, ਪਰ ਮਾਣ ਤੇਰਾ ਕਰਦਾਂਗੇ ਚੂਰ ਹੌਲੀ ਹੌਲੀ। ਮੁੱਕੇਗੀ ਵੰਡ ਕਾਣੀ, ਸਭ ਨੂੰ ਮਿਲੇਗਾ ਹਿੱਸਾ, ਬਦਲਾਂਗੇ ਮੈਕਦੇ ਦੇ ਦਸਤੂਰ ਹੌਲੀ ਹੌਲੀ। ਏਨੀ ਨਾ ਕਰ ਮੁਹੱਬਤ, ਏਨਾ ਨਾ ਚਾੜ੍ਹ ਸਿਰ ਤੇ, ਹੋ ਜਾਣਗੇ ਸਨਮ ਇਹ ਮਗਰੂਰ ਹੌਲੀ ਹੌਲੀ। ਅੱਖੀਆਂ ਦੇ ਬਾਰ ਢੋ ਕੇ ਰੱਖੇ ਬਥੇਰੇ ਫਿਰ ਵੀ, ਦਿਲ ਵਿਚ ਸਮਾ ਗਈ ਹੈ ਇਕ ਹੂਰ ਹੌਲੀ ਹੌਲੀ। ਹੁਣ ਰਬ ਹੀ ਜਾਣਦਾ ਹੈ ਕੀ ਦਿਲ ਦਾ ਹਾਲ ਹੋਣਾ, ਮਘਦਾ ਪਿਆ ਹੈ ਗ਼ਮ ਦਾ ਤੰਦੂਰ ਹੌਲੀ ਹੌਲੀ। ‘ਦੀਦਾਰ’, ਧਵਨ, ਉਲਫ਼ਤ, ਅਮਰੀਕ, ਜੋਸ਼, ਕੋਮਲ, ਹੋ ਹੀ ਗਏ ਗਜ਼ਲ ਵਿਚ ਮਸ਼ਹੂਰ ਹੌਲੀ ਹੌਲੀ।
ਬੇਬਸ ਹੀ ਸਹੀ ਆਪਾਂ ਪਰ ਕੁਝ ਤਾਂ ਵਫ਼ਾ ਕਰੀਏ
ਬੇਬਸ ਹੀ ਸਹੀ ਆਪਾਂ ਪਰ ਕੁਝ ਤਾਂ ਵਫ਼ਾ ਕਰੀਏ, ਪੁੱਜ ਸਕੀਏ ਜਾਂ ਨਾ ਫਿਰ ਵੀ ਮੰਜ਼ਿਲ ਦਾ ਪਤਾ ਕਰੀਏ। ਧੁੱਪ ਵੰਡੀ ਇੰਜ ਅਸੀਂ ਨਹੀਂ ਰੌਸ਼ਨ ਘਰ ਹੋਣੇ, ਹੁਣ ਭਾਵੇਂ ਦੁਆ ਕਰੀਏ, ਲੱਖ ਵਾਰ ਦੁਆ ਕਰੀਏ। ਅਗ ਲਾਈ ਬਥੇਰੀ ਅਸਾਂ, ਫੂਕੇ ਨੇ ਬਹੁਤ ਬੂਟੇ, ਤਦਬੀਰ ਕਰੇ ਕੋਈ ਮੁੜ ਬਾਗ ਹਰਾ ਕਰੀਏ। ਮਹਿਫ਼ਿਲ ਤੇ ਛਾਇਆ ਹੈ ਮਾਹੌਲ ਕਿਉਂ ਮਾਤਮ ਦਾ, ਕੋਈ ਢੂੰਡੇ ਸਾਜ਼ਿੰਦਿਆਂ ਨੂੰ ਕਿਤੋਂ ਸਾਜ਼ ਪਤਾ ਕਰੀਏ। ਪੱਥਰ ਤੇ ਸ਼ੀਸ਼ੇ ਦਾ ਕਦ ਮੇਲ ਭਲਾ ਹੋਇਐ, ਫਿਰ ਸੰਗਦਿਲ ਦੁਨੀਆ ਤੇ ਕਿਸ ਗੱਲ ਦਾ ਗਿਲਾ ਕਰੀਏ। ਇਹ ਸੱਚ ਹੈ ਕਿ ਸੱਚ ਬਦਲੇ ਸਿਰ ਧੜ ਤੋਂ ਜੁਦਾ ਹੋਣਾ, ਫਿਰ ਕਿਉਂ ਨਾ ਅਸੀਂ ਜਲਦੀ ਇਹ ਫ਼ਰਜ਼ ਅਦਾ ਕਰੀਏ। ਦੀਦਾਰ ਅਦੀਬਾਂ ਦੀ ਸੰਗਤ ਚੋਂ ਇਹੀ ਸਿਖਿਐ. ਨਾਅਹਿਲ ਇਕੱਠਾਂ ਵਿਚ ਚੁੱਪ ਚਾਪ ਰਿਹਾ ਕਰੀਏ।
ਵਲਵਲਾ ਸੀ, ਸਿਲਸਿਲਾ ਸੀ, ਸਿਦਕ ਵੀ ਕੱਚਾ ਨਾ ਸੀ
ਵਲਵਲਾ ਸੀ, ਸਿਲਸਿਲਾ ਸੀ, ਸਿਦਕ ਵੀ ਕੱਚਾ ਨਾ ਸੀ। ਫਿਰ ਵੀ ਇਕ ਦਰਿਆ ਤਰਨ ਦਾ ਹੌਸਲਾ ਹੋਇਆ ਨਾ ਸੀ। ਮਹਿਕ, ਚਾਨਣ, ਨੂਰ, ਨਗ਼ਮਾ, ਨਿੱਘ, ਦਿਲ ਤੇ ਰੌਸ਼ਨੀ, ਸੱਭੋ ਕੁਝ ਮੇਰਾ ਹੀ ਸੀ, ਪਰ ਕੁਝ ਵੀ ਤਾਂ ਮੇਰਾ ਨਾ ਸੀ। ਜਜ਼ਬਿਆਂ ਦੇ ਜਮਘਟੇ ਵਿਚ ਸੂਰਤਾਂ ਸਨ ਬੇਸ਼ੁਮਾਰ, ਜਸ਼ਨ ਦੀ ਬਰਸਾਤ ਵਿਚ ਬਸ ਇਕ ਤੇਰਾ ਚਿਹਰਾ ਨਾ ਸੀ। ਵਸਲ ਦੇ ਪੱਤਣ ਤੇ ਹੋਇਆ ਨਜ਼ਰ ਦਾ ਇਕ ਹਾਦਸਾ, ਇੱਕ ਵੀ ਦਿਲ ਦਾ ਪੰਧਾਣੂ ਸਾਬਤਾ ਬਚਿਆ ਨਾ ਸੀ। ਜ਼ਿੰਦਗੀ ਦੇ ਅਰਸ਼ ਤੇ ਖੰਭਾਂ ਦੀਆਂ ਡਾਰਾਂ ਤਾਂ ਸਨ, ਪਰ ਕਿਸੇ ਵੀ ਚੁੰਝ ਵਿਚ ਜੈਤੂਨ ਦਾ ਪੱਤਾ ਨਾ ਸੀ। ਬਰਫ, ਕੋਰ੍ਹਾ, ਵਾ, ਬਦਨ, ਮੈਂ ਛੂਹਕੇ ਸਭ ਕੁਝ ਦੇਖਿਆ, ਇਕ ਵੀ ਟੁਕੜਾ ਮਿਰੀ ਕਿਸਮਤ ਤੋਂ ਪਰ ਠੰਢਾ ਨਾ ਸੀ। ਕਲ ਤਕ ਦਰਿਆ ਸੀ ਜੋ ਸਾਗ਼ਰ ਨੂੰ ਕਰਦਾ ਟਿਚਕਰਾਂ, ਅਜ ਉਸਦੀ ਅੱਖ ਅੰਦਰ ਇਕ ਵੀ ਕਤਰਾ ਨਾ ਸੀ। ਮਰ ਗਏ 'ਦੀਦਾਰ' ਦੀ ਬੁੱਕਲ ਚੋਂ ਮਿਲਿਆ ਕੀ ਨਾ ਪਰ, ਪੇਟ ਵਿਚ ਰੋਟੀ ਤੇ ਉਸਦੇ ਹੱਥ ਵਿਚ ਠੂਠਾ ਨਾ ਸੀ।
ਤੂੰ ਕਦੇ ਤਾਂ ਪਿਆਰ ਦੀ ਇਕ ਸਤਰ ਲਿਖ
ਤੂੰ ਕਦੇ ਤਾਂ ਪਿਆਰ ਦੀ ਇਕ ਸਤਰ ਲਿਖ। ਪਲ ਦੀ ਪਲ ਸੁਪਨੇ ਦੇ ਨਾਂ ਹੀ ਉਮਰ ਲਿਖ। ਪੱਥਰਾਂ ਥੱਲੇ ਸੀ ਆਪਣੀ ਹੋਂਦ ਕੈਦ, ਖੰਭ ਲਾ ਕੇ ਕਿੰਜ ਉੜੀ ਇਹ ਖ਼ਬਰ ਲਿਖ । ਭੀਲਣੀ ਦੇ ਬੇਰ ਜੂਠੇ ਕਿਉਂ ਉਦਾਸ, ਝੂਰਦਾ ਕਿਸ ਗੱਲ ਨੂੰ ਹੈ ਅਜ ਬਿਦਰ ਲਿਖ। ਉਡਦੇ ਪੰਛੀ, ਵਗਦੇ ਪਾਣੀ, ਮਹਿਕੀ ਪੌਣ, ਹੁਣ ਵੀ ਇਹ ਕਰਦੇ ਨੇ ਦਿਲ 'ਤੇ ਅਸਰ ਲਿਖ। ਹੁਣ ਮਨਾ ਤੂੰ ਮਹਿਕਦੇ ਮੌਸਮ ਨਾ ਭਾਲ, ਰੇਤ ਉੱਤੇ ਹੁਣ ਨਾ ਸੰਦਲੀ ਸਤਰ ਲਿਖ। ਕਿਸ ਨੇ ਫ਼ਿਰ ਹੈ ਨਾਂ ਲਿਆ ‘ਦੀਦਾਰ' ਦਾ, ਕਿਸਨੇ ਫਿਰ ਛੇੜੀ ਹੈ ਦਿਲ ਦੀ ਕਬਰ ਲਿਖ।
ਇੰਜ ਹੋਇਆ ਲਹਿਰ ਦਾ ਦੀਦਾਰ ਹੈ
ਇੰਜ ਹੋਇਆ ਲਹਿਰ ਦਾ ਦੀਦਾਰ ਹੈ। ਚੰਨ ਦੀ ਬੇੜੀ ਆਰ ਹੈ ਨਾ ਪਾਰ ਹੈ। ਮੌਤ ਤਾਂ ਪਾਸਾ ਵਲਾ ਕੇ ਲੰਘ ਗਈ, ਜ਼ਿੰਦਗੀ ! ਤੇਰਾ ਵੀ ਕੀ ਇਤਬਾਰ ਹੈ। ਜ਼ਿੰਦਗੀ ਕੱਖਾਂ ਤੋਂ ਹੌਲੀ ਹੋ ਗਈ, ਜ਼ਿੰਦਗੀ ਹੁਣ ਤਾਂ ਮਿਰੇ ਤੇ ਭਾਰ ਹੈ। ਸਾਹ ਰਗ ਤੇ ਜੋਕ ਕੋਈ ਧਰ ਗਿਆ, ਰਿਸ਼ਤਿਆਂ ਦਾ ਕੀ ਭਲਾ ਇਤਬਾਰ ਹੈ। ਤੂੰ ਖੜਾ ਘੜੀਆਂ ਦੀਆਂ ਸੂਈਆਂ ਨਾ ਦੇਖ ਤੇਜ ਅਜ ਕਲ ਵਕਤ ਦੀ ਰਫ਼ਤਾਰ ਹੈ। ਮੇਰੇ ਘਰ ਨੂੰ ਕੋਈ ਤਾਂ ਖਿੜਕੀ ਦਿਓ ਸਾਹ ਵੀ ਆਉਣਾ ਏਸ ਥਾਂ ਦੁਸ਼ਬਾਰ ਹੈ। ਦਿਲ ਵਿਚ ਦਰਦ ਲਕੋ ਕੇ ਹੁਣ ਕਿੱਥੇ ਜਾਈਏ। ਢੋਣ ਗ਼ਮਾ ਦਾ ਢੋ ਕੇ ਹੁਣ ਕਿੱਥੇ ਜਾਈਏ। ਤੈਥੋਂ ਦੂਰ ਜਦੋਂ ਸੀ ਸੌ ਦਰ ਖੁੱਲੇ ਸਨ, ਤੇਰੇ ਨੇੜੇ ਹੋ ਕੇ ਹੁਣ ਕਿੱਥੇ ਜਾਈਏ। ਸਭ ਕੁਝ ਅਪਣਾ ਸੀ ਤਾਂ ਹਰ ਥਾਂ ਜਾਂਦੇ ਸੀ, ਆਪਣਾ ਸਭ ਕੁਝ ਖੋ ਕੇ ਹੁਣ ਕਿੱਥੇ ਜਾਈਏ। ਪੋਹ ਮਾਘ ਦਾ ਮੀਂਹ ਹੈ, ਝੱਖੜ ਜ਼ੋਰਾਂ ਤੇ, ਪੱਤਿਆਂ ਹੇਠ ਖਲੋ ਕੇ ਹੁਣ ਕਿਥੇ ਜਾਈਏ ਫੁੱਲਾਂ ਵਰਗੇ ਸੀ ਤਾਂ ਹਰ ਕੋਈ ਝਾਲੂ ਸੀ, ਪੱਥਰਾਂ ਵਰਗੇ ਹੋ ਕੇ ਹੁਣ ਕਿੱਥੇ ਜਾਈਏ। ਲੋਕਾਂ ਨੂੰ ਤਾਂ ਧੋਖਾ ਦੇ ਹੀ ਦਈਏ ਪਰ, ਆਪਣੇ ਸਾਹਵੇਂ ਹੋ ਕੇ ਹੁਣ ਕਿੱਥੇ ਜਾਈਏ। ਤੂੰ ਹੀ ਦਸ ‘ਦੀਦਾਰ' ਕਿ, ਤੇਰੇ ਬਾਝੋ ਹੁਣ, ਕਿਸ ਨੂੰ ਦੱਸੀਏ ਰੋ ਕੇ, ਹੁਣ ਕਿੱਥੇ ਜਾਈਏ।
ਐ ਦਿਲ ! ਕਿਸੇ ਦੇ ਵਾਸਤੇ ਹੋ ਕੇ ਹਲਾਲ ਦੱਸ
ਐ ਦਿਲ ! ਕਿਸੇ ਦੇ ਵਾਸਤੇ ਹੋ ਕੇ ਹਲਾਲ ਦੱਸ। ਕੋਈ ਤਾਂ ਜ਼ਿੰਦਗੀ 'ਚ ਤੂੰ ਕਰ ਕੇ ਕਮਾਲ ਦੱਸ। ਮੇਰੇ ਕਰੀਬ ਰਹਿ ਕੇ ਵੀ ਰਹਿੰਦਾ ਏਂ ਦੂਰ ਦੂਰ , ਰਹਿੰਦਾ ਹੈ ਕਿੱਥੇ ਦੋਸਤਾ ਤੇਰਾ ਖ਼ਿਆਲ ਦੱਸ। ਬਚਪਨ ਜਵਾਨੀ ਜਾਂ ਬੁਢਾਪਾ ਰੰਗ ਜਾਂ ਖ਼ੁਸ਼ਬੂ, ਕੋਈ ਕਦੀ ਕਿਸੇ ਦੇ ਵੀ ਨਿਭਿਆ ਹੈ ਨਾਲ ਦੱਸ। ਕਰਦਾ ਰਹੀਂ ਤੂੰ ਬੰਦਿਆ, ਬੁੱਤ ਚੋਂ ਖ਼ੁਦਾ ਦੀ ਭਾਲ, ਪਹਿਲਾਂ ਤੂੰ ਆਪਣੇ ਆਪ ਦੀ ਕਰ ਕੇ ਤਾਂ ਭਾਲ ਦੱਸ। ਜਦ ਵੀ ਕਦੇ ਹੈ ਕਿਸੇ ਦੀ ਮਿਹਨਤ ਦਾ ਮੁੱਲ ਪਿਆ, ਉਹ ਰੁਤ ਜਾਂ ਥਿਤ ਮਾਹ ਜਾਂ ਸਾਤਾ ਜਾਂ ਸਾਲ ਦੱਸ। ਆਈਂ ਏ ਪੈਂਡੇ ਮਾਰਕੇ ਯਾਦੇ ਨੀ ਜਿਉਂਦੀ ਰਹਿ. ਅੜੀਏ! ਕਿਵੇਂ ਹੈ ਮੇਰਿਆਂ ਸੱਜਣਾਂ ਦਾ ਹਾਲ ਦੱਸ।
ਮਿਧਿਆ ਗਿਆ ਜੇ ਇਸ ਤਰ੍ਹਾਂ ਨਕਸ਼ਾ ਪੰਜਾਬ ਦਾ
ਮਿਧਿਆ ਗਿਆ ਜੇ ਇਸ ਤਰ੍ਹਾਂ ਨਕਸ਼ਾ ਪੰਜਾਬ ਦਾ। ਫਿਰ ਵਰਕਾ ਵਰਕਾ ਹੋਏਗਾ ਸਾਰੀ ਕਿਤਾਬ ਦਾ। ਗੰਗਾ ਗਏ ਤਾਂ ਬਣ ਨਾ ਸਕੇ ਗੰਗਾ ਰਾਮ ਅਸੀਂ, ਰਹਿ ਰਹਿ ਕੇ ਰੂਹ ’ਚ ਖੌਲਦਾ ਦਰਿਆ ਚਨਾਬ ਦਾ। ਦਿਲ ਦੀ ਸੀ ਦਿੱਲੀ ਵਸ ਗਈ ਦੇਵੀ ਦੇ ਨਾਲ, ਪਰ ਨਾਦਰ ਦੇ ਨਾਲ ਮਿਲ ਗਿਆ ਚਿਹਰਾ ਜਨਾਬ ਦਾ। ਲਖ ਵੈਦ ਚਾਰੇ ਕਰ ਹਟੇ, ਨਾ ਪੋਹ ਸਕੀ ਦੁਆ, ਮਰ ਹੀ ਗਏ ਸੀ ਮਿਲਦਾ ਨਾ ਜੇ ਘੁਟ ਸ਼ਰਾਬ ਦਾ। ਨਾ ਸ਼ੋਹਦਿਆਂ ਦੀ ਚਾਲ ਚੋਂ, ਨਾ ਸ਼ਬਦ-ਜਾਲ ਚੋਂ, ਰਗ਼ ਰਗ਼ ਚੋਂ ਹੋ ਕੇ ਲੰਘਦਾ ਰਾਹ ਇਨਕਲਾਬ ਦਾ। ਰੰਗ, ਮਹਿਕ, ਭੰਵਰੇ, ਤਿਤਲੀਆਂ ਦੀ ਅਉਧ ਕੀ ਕਰੂ, ਪਲ ਛਿਨ 'ਚ ਹੀ ਜੇ ਝੋਂ ਗਿਆ ਬੁਟਾ ਗੁਲਾਬ ਦਾ। ਟੀਸੀ ਤੋਂ ਉਡ ਕੇ ਜਾਏਗਾ ਸਿੱਧਾ ਅਕਾਸ਼ ਵਿਚ, ਧਰਤੀ ਤੇ ਰੀਂਗਣਾ ਨਹੀਂ ਹੈ ਕੰਮ ਉਕਾਬ ਦਾ।
ਘਰਾਂ ਨੂੰ ਅੱਗ ਲਗਾ ਕੇ, ਲੋਕ ਸ਼ਹਿਰੋਂ ਭੱਜਦੇ ਦੇਖੇ
ਘਰਾਂ ਨੂੰ ਅੱਗ ਲਗਾ ਕੇ, ਲੋਕ ਸ਼ਹਿਰੋਂ ਭੱਜਦੇ ਦੇਖੇ। ਮੈਂ ਇਸ ਦੁਨੀਆਂ ਚ ਅੰਨ੍ਹੇ ਵੀ ਤਮਾਸ਼ਾ ਦੇਖਦੇ ਦੇਖੇ। ਮੇਰੇ ਮਾਸੂਮ ਬਾਗਾਂ ਵਿੱਚ ਇਹ ਮੌਸਮ ਦਾ ਪਹਿਰਾ ਹੈ, ਹਰੇ ਕਚਰੂਰ ਰੁੱਖਾਂ ਚੋਂ ਵੀ ਧੂਏਂ ਉੱਠਦੇ ਦੇਖੇ। ਕਹੋ ਝੱਖੜ ਨੂੰ ਪੱਤੇ ਝਾੜ ਕੇ ਰੁੱਖਾਂ ਦੇ ਹੱਸੇ ਨਾ, ਉਨ੍ਹੇ ਜੇ ਦੇਖਣੇ ਤਾਂ ਟਾਣ੍ਹੀਆਂ ਦੇ ਹੌਸਲੇ ਦੇਖੇ। ਰਿਹਾਈ ਗੁਨਾਹਗਾਰਾਂ ਨੂੰ ਤੇ ਫਾਂਸੀ ਬੇਗੁਨਾਹਾਂ ਨੂੰ, ਬੜੇ ਮਨਹੂਸ, ਇਹਨਾਂ ਮੁਨਸਫ਼ਾਂ ਦੇ ਫੈਸਲੇ ਦੇਖੇ। ਇਹ ਹੇਲੀਰਾਨ ਤਾਰਾ ਤਾਂ ਚੜ੍ਹੇਗਾ ਹੀ ਚੜੇਗਾ ਹੁਣ, ਉਹਦੀ ਮਰਜ਼ੀ ਹੈ ਅੱਖਾਂ ਮੀਟ ਕੇ ਜਾਂ ਖੋਲ੍ਹ ਕੇ ਦੇਖੇ। ਮੇਰੇ ਖ਼ਾਮੋਸ਼ ਬੁੱਲ੍ਹਾਂ ਨੂੰ ਨਾ ਸੀਤੇ ਸਮਝ ਤੂੰ 'ਦੀਦਾਰ', ਉਦੋਂ ਤੂੰ ਚੁਪ ਹੋ ਜਾਣੈ ਜਦੋਂ ਇਹ ਬੋਲਦੇ ਦੇਖੇ।
ਬਚਪਨ ਦਾ ਪਿਆਰ ਅਜੇ ਤੱਕ ਭੁੱਲਦਾ ਨੲ੍ਹੀਂ
ਬਚਪਨ ਦਾ ਪਿਆਰ ਅਜੇ ਤੱਕ ਭੁੱਲਦਾ ਨੲ੍ਹੀਂ। ਜੀਵਨ ਦਾ ਸ਼ਿੰਗਾਰ ਅਜੇ ਤਕ ਭੁੱਲਦਾ ਨੲ੍ਹੀਂ। ਘਰ ਹੋਇਆ ਬਰਬਾਦ ਤਾਂ ਸਾਨੂੰ ਭੁੱਲ ਗਿਆ, ਰੀਝਾਂ ਦਾ ਸੰਸਾਰ ਅਜੇ ਤਕ ਭੁੱਲਦਾ ਨੲ੍ਹੀਂ। ਇਹ ਜੋ ਮਹਿਕੀ ਰੁਤ ਮੇਰੇ ਹੀ ਮੁੜ੍ਹਕੇ ਚੋਂ, ਮੈਂ ਵੀ ਸਾਂ ਹਕਦਾਰ ਅਜੇ ਤਕ ਭੁੱਲਦਾ ਨੲ੍ਹੀਂ। ਸਾਡੇ ਗਲ ਵਿਚ ਫਾਹੀ ਵੀ ਤਾਂ ਫਬਦੀ ਹੈ, ਪਰ ਬਾਹਾਂ ਦਾ ਹਾਰ ਅਜੇ ਤਕ ਭੁਲਦਾ ਨੲ੍ਹੀਂ।. ਪੱਥਰਾ, ਤੈਨੂੰ ਭੁਲਣਾ ਤਾਂ ਨੲ੍ਹੀਂ ਔਖਾ, ਪਰ ਦਿਲ ਹੈ ਆਖ਼ਿਰਕਾਰ, ਅਜੇ ਤਕ ਭੁਲਦਾ ਨੲ੍ਹੀਂ। ਯਾਦ ਨਹੀਂ ਤੂੰ ਕੇਸ ਜਨਮ ਵਿਚ ਮਿਲਿਆ ਸੀ, ਹੋਇਆ ਸੀ ਦੀਦਾਰ, ਅਜੇ ਤਕ ਭੁੱਲਦਾ ਨੲ੍ਹੀਂ।
ਜਿਸ ਤਰਫ਼ ਵੀ ਉਠਦੀ ਹੈ ਬਦਬਖ਼ਤ ਨਜ਼ਰ ਅਪਣੀ
ਜਿਸ ਤਰਫ਼ ਵੀ ਉਠਦੀ ਹੈ ਬਦਬਖ਼ਤ ਨਜ਼ਰ ਅਪਣੀ। ਉਸ ਤਰਫ਼ ਨਜ਼ਰ ਆਉਂਦੀ ਕਮਬਖ਼ਤ ਕਬਰ ਅਪਣੀ। ਐ ਕਾਤਿਲ ! ਤੈਨੂੰ ਅਸੀਂ ਸੱਚ ਹੀ ਤਾਂ ਕਿਹਾ ਸੀ ਕਿ ਮਕਤਲ ਦਾ ਖੁਰਾ ਨੱਪ ਕੇ ਟੁਰਦੀ ਹੈ ਡਗਰ ਅਪਣੀ। ਕਈ ਵਾਰ ਜਵਾਨੀ ਵਿਚ ਏਦਾਂ ਦਾ ਵੀ ਵਕਤ ਆਉਂਦੈ, ਅਪਣੇ ਹੀ ਮੁਕੱਦਰ ਨੂੰ ਲਗ ਜਾਵੇ ਨਜ਼ਰ ਅਪਣੀ। ਘਰ ਘਾਟ ਤਬਾਹ ਕਰਕੇ ਹਰ ਜ਼ੁਲਮ ਸਿਤਮ ਸਹਿ ਕੇ ਜਿਉਂਦੇ ਹਾਂ ਅਸੀਂ ਸਜਣਾ, ਹੁੰਦੀ ਹੈ ਗੁਜ਼ਰ ਅਪਣੀ। ਅਪਣੇ ਲਈ ਜਿਉਂਦੇ ਜੋ ਕਦ ਮਰਦੇ ਨੇ ਲੋਕਾਂ ਲਈ, ਲੋਕਾਂ ਲਈ ਮਰਦੇ ਜੋ ਕਦ ਕਰਦੇ ਫਿਕਰ ਅਪਣੀ। ‘ਦੀਦਾਰ’ ਨਵੀਂ ਰੁੱਤ ਦਾ ਕੀ ਫ਼ਰਕ ਪਿਐ ਸਾਨੂੰ, ਜਿੱਦਾਂ ਦੀ ਸੀ ਸ਼ਾਮ ਅਪਣੀ, ਓਦਾਂ ਦੀ ਸਹਿਰ ਅਪਣੀ।
ਜੋ ਬੁਝਣਗੇ ਜਾਂ ਬੁਝ ਰਹੇ ਜਾਂ ਬੁਝ ਗਿਆਂ ਦੇ ਨਾਂ
ਜੋ ਬੁਝਣਗੇ ਜਾਂ ਬੁਝ ਰਹੇ ਜਾਂ ਬੁਝ ਗਿਆਂ ਦੇ ਨਾਂ। ਮੇਰੇ ਧੁਆਂਖੇ ਬੋਲ ਨੇ ਕੁੱਝ ਦੀਵਿਆਂ ਦੇ ਨਾਂ। ਓ ਮਹਾਂਨਗਰ ਦੇ ਵਾਰਸੋ ਓ ਮੁਨਸਿਫੋ ਕਹੋ, ਕਿਹੜਾ ਹੈ ਮੌਤ ਲਿਖ ਗਿਆ ਮੇਰੇ ਗਰਾਂ ਦੇ ਨਾਂ। ਸੱਤਾਂ ਚੋਂ ਬਚੇ ਪੰਜ ਤੇ ਪੰਜਾਂ ਚੋਂ ਫੇਰ ਦੋ, ਪਾਣੀ ਕਹਾਣੀ ਕਹਿ ਰਹੇ ਜਾਦੂਗਰਾਂ ਦੇ ਨਾਂ। ਕੱਲ ਕੌਲਿਆਂ ਚੋਂ ਕਹਿ ਰਿਹਾ ਸੀ ਮਰਮਰੀ ਬਦਨ ਬੰਦਿਆਂ ਤੇ ਕੋਈ ਖੁਣ ਗਿਆ ਹੈ ਪੱਥਰਾਂ ਦੇ ਨਾਂ। ਅੱਖੀਆਂ ’ਚ ਦੂਰ ਤਕ ਹੁਣ ਫੈਲੇ ਨੇ ਮਾਰੂਥਲ, ਹੰਝੂਆਂ ਤੇ ਲਿਖੇ ਰਹਿ ਗਏ ਨੇ ਸੁਪਨਿਆਂ ਦੇ ਨਾਂ।
ਨਾ ਸੂਰਜ ਚੋਂ ਗਰਮੀ ਲੱਭਦੀ ਨਾ ਰੁੱਖਾਂ ਚੋਂ ਛਾਂ
ਨਾ ਸੂਰਜ ਚੋਂ ਗਰਮੀ ਲੱਭਦੀ ਨਾ ਰੁੱਖਾਂ ਚੋਂ ਛਾਂ। ਦਸੋ ਯਾਰੋ ਇਸ ਮੌਸਮ ਦਾ ਕਿਹੜਾ ਰਖੀਏ ਨਾਂ। ਉਹ ਸੁਰਤ ਤਾਂ ਅੱਖ ਦੇ ਫੋਰ 'ਚ ਹੋ ਗਈ ਨਜ਼ਰੋਂ ਦੂਰ ਕੰਨੇ ਜਨਮ ਹੰਢਾ ਲਏ ਆਪਾਂ ਉਸਨੂੰ ਢੂੰਡਦਿਆਂ। ਜੇਸ ਮੋੜ ਤੇ ਮਿਲਕੇ ਚੰਨਾਂ ਹੱਸ ਪੈਨਾਂ ਏ ਤੂੰ ਓਸ ਮੋੜ ਤੇ ਇਕ ਦਿਨ ਆਖਿਰ ਪੈਂਦਾ ਹੈ ਰੋਣਾਂ। ਮੇਰੇ ਪਿੰਡ ਦੇ ਲੋਕਾਂ ਸੰਗ ਵੀ ਖੰਭੇ ਕਰਨ ਮਜ਼ਾਕ, ਘਰ ਘਰ ਦੇ ਵਿਚ ਘੁਪ ਹਨੇਰਾ ਬਾਹਰ ਰੋਸ਼ਨੀਆਂ। ਯਾਰਾਂ ਦੀ ਮਹਿਫ਼ਲ ਵਿਚ ਜਾਣੈ ਠਹਿਰੀਂ ਰਤਾ ਕੁ ਯਾਰ । ਮੈਂ ਵੀ ਅਪਣੇ ਚਿਹਰੇ ਉਤੇ ਹਾਸਾ ਟੰਗ ਲਵਾਂ। ਮੇਰੇ ਘਰ ਵਿਚ ਨੱਚਣ ਭਾਵੇਂ ਤੋਤੇ ਤਿਲੀਅਰ ਮੋਰ, ਫਿਰ ਵੀ ਚਾਹਾਂ ਕਦੀ ਬਨੇਰੇ ਆ ਕੇ ਬੋਲੇ ਕਾਂ।
ਇੰਜ ਗ਼ਮਾਂ ਨੇ ਕੀਤੀ ਜਿੰਦ ਇੱਕਲੀ ਨਾਲ
ਇੰਜ ਗ਼ਮਾਂ ਨੇ ਕੀਤੀ ਜਿੰਦ ਇੱਕਲੀ ਨਾਲ। ਜਿੱਦਾਂ ਤੋਤੇ ਕਰਦੇ ਕੱਚੀ ਛੱਲੀ ਨਾਲ। ਰੱਬਾ, ਹੁਣ ਤੂੰ ਰਹਿਮ ਕਰੀਂ ਨਾ ਸਾਡੇ ਤੇ, ਹੁਣ ਤੂੰ ਕਰ ਲੈ ਅਪਣਾ ਕੰਮ ਤਸੱਲੀ ਨਾਲ। ਲੱਖ ਚਾਹਾਂ ਮੈਂ ਭੀੜ ਚੋਂ ਕੱਲਾ ਲੰਘ ਜਾਵਾਂ, ਰਲ ਜਾਂਦੈ ਪਰ ਕੋਈ ਮੱਲੋ ਮੱਲੀ ਨਾਲ। ਪੀਹ ਪੀਹ ਕੇ ਵੀ ਖਾਵਾਂ ਪੀੜ ਤਾਂ ਮੁਕਣੀ ਨੲ੍ਹੀਂ ਮੇਰੇ ਰਬ ਨੇ ਰਾਸ ਬਥੇਰੀ ਘੱਲੀ ਨਾਲ। ਹਰ ਇਕ ਨੂੰ ਜੇ ਅਪਣਾ ਅਪਣਾ ਕਹਿਣਾ ਸੀ, ਏਦਾਂ ਹੀ ਸੀ ਹੋਣੀ ਜਿੰਦੜੀ ਜੱਲੀ ਨਾਲ। ਵਰ੍ਹਿਆਂ ਤੋਂ ਮੈਂ ਮੌਤ ਨੂੰ ਡਾਹੀ ਦਿੱਤੀ ਨਾ ਪਰ ਅਜ ਔਂਤਰਜਾਣੀ ਹੈ ਰਲ ਚੱਲੀ ਨਾਲ।
ਸਾਡੇ ਸਾਹਾਂ ਵਿਚ ਰਚ ਗਇਉਂ ਆਹ ਬਣਕੇ
ਸਾਡੇ ਸਾਹਾਂ ਵਿਚ ਰਚ ਗਇਉਂ ਆਹ ਬਣਕੇ। ਸਾਡੀ ਜ਼ਿੰਦਗੀ 'ਚ ਆ ਜਾ ਤੂੰ ਵਿਸਾਹ ਬਣਕੇ। ਸਾਡੇ ਬੋਲਾਂ ਨੂੰ ਨਾ ਕੋਈ ਵੀ ਪਛਾਣ ਸਕਿਆ, ਸਾਡੀ ਚੁਪ ਬੁਲ੍ਹੀਂ ਬੈਠੀ ਏ ਗੁਆਹ ਬਣਕੇ। ਬੈਠੀ ਗ਼ਮਾਂ ਦੀਆਂ ਬੇੜੀਆਂ 'ਚ ਜਿੰਦ ਡੋਲਦੀ, ਤੁਹੀਓਂ ਰੱਖ ਲਏ ਤਾਂ ਰੱਖ ਲਏ ਮਲਾਹ ਬਣਕੇ। ਅਸੀਂ ਸ਼ੀਸ਼ਾ ਜੋ ਭਵਿਖ ਵਾਲਾ ਜਦੋਂ ਦੇਖਿਆ, ਸਾਡੀ ਹੋਂਦ ਸਾਨੂੰ ਦਿਸੀ ਏ ਗੁਨਾਹ ਬਣਕੇ । ਸਾਥੋਂ ਕੱਚੇ ਦੀਵਿਆਂ ਤੇ ਨਹੀਓਂ ਹੁੰਦੀ ਗੁਜ਼ਰਾਨ, ਅਸੀਂ ਜੀ ਲਿਆ ਬਥੇਰਾ ਖਾਨਗਾਹ ਬਣ ਕੇ। ਅਸੀਂ ਪੁਛਿਆ ਦੀਦਾਰ ਦਾ ਮਸਾਣ ਸਾਨੂੰ ਬੋਲੇ, ਉਹ ਤੇ ਉਡ ਗਿਆ ਕਦੋਂ ਦਾ ਸੁਆਹ ਬਣ ਕੇ।
ਗੀਤ ਗ਼ਮ ਦੇ ਜ਼ਿੰਦਗੀ ਗਾਉਂਦੀ ਰਹੀ
ਗੀਤ ਗ਼ਮ ਦੇ ਜ਼ਿੰਦਗੀ ਗਾਉਂਦੀ ਰਹੀ। ਯਾਦ ਆਉਣੀ ਸੀ 'ਤੇਰੀ ਆਉਂਦੀ ਰਹੀ। ਰਾਤ ਦੀ ਕਾਲਖ਼ ਰਤਾ ਵੀ ਨਾ ਘਟੀ, ਰਾਤ ਭਰ ਚਾਨਣ ਦੇ ਵਿਚ ਨ੍ਹਾਉਂਦੀ ਰਹੀ। ਨੂਰ ਨਜ਼ਰਾਂ ਦਾ ਨਜ਼ਰ ਆਉਂਦਾ ਨਹੀਂ, ਉੱਜ ਹਰ ਇਕ ਸ਼ੈ ਨਜ਼ਰ ਆਉਂਦੀ ਰਹੀ। ਡੁੱਬ ਗਈ ਸੋਹਣੀ ਝਨਾ ਵਿਚ ਹੱਸ ਕੇ, ਦੇਰ ਤਕ ਹਰ ਲਹਿਰ ਕੁਰਲਾਉਂਦੀ ਰਹੀ। ਲੜ ਫੜਾਇਆ ਹੀ ਨਹੀਂ ਮੈਂ ਮੌਤ ਨੂੰ, ਉਮਰ ਭਰ ਗਿਰਦੇ ਮੇਰੇ ਭਾਉਂਦੀ ਰਹੀ। ਜੋ ਭਟਕ ਗਏ ਜ਼ਿੰਦਗੀ ਦੇ ਰਾਹ ਤੋਂ, ਜ਼ਿੰਦਗੀ ਉਨ੍ਹਾਂ ਨੂੰ ਭਟਕਾਉਂਦੀ ਰਹੀ। ਮਰਨ ਪਿਛੋਂ ਬਹੁਤ ਚਿਰ ਤਕ ਐ 'ਦੀਦਾਰ' ਜ਼ਿੰਦਗੀ ਤਰਲਾ ਮੇਰਾ ਪਾਉਂਦੀ ਰਹੀ।
ਬੱਦਲਵਾਈ, ਜੰਗਲ-ਬੇਲਾ ਰਾਤ ਮਾਰਦੀ ਛਾਲਾਂ
ਬੱਦਲਵਾਈ, ਜੰਗਲ-ਬੇਲਾ ਰਾਤ ਮਾਰਦੀ ਛਾਲਾਂ। ਸੋਚ ਦੇ ਏਸ ਚੁਰਾਹੇ ਵਿਚ ਮੈਂ ਕਿਹੜਾ ਸੂਰਜ ਬਾਲਾਂ। ਹਾਲੇ ਤਕ ਨੲ੍ਹੀਂ ਖਾਲੀ ਹੋਈਆਂ ਦੋ ਨੈਣਾਂ ਦੀਆਂ ਝੀਲਾਂ ਆ ਖ਼ਾਬਾਂ ਦੇ ਸੋਨ-ਪਰਿੰਦਿਆ ਤੈਨੂੰ ਨੀਰ ਪਿਆਲਾਂ। ਤੀਲਾ ਤੀਲਾ ‘ਕੱਠਾ ਕਰਕੇ ਆਲ੍ਹਣਾ ਬਣ ਜਾਂਦਾ ਹੈ ਤਾਹੀਓਂ ਹਰ ਇਕ ਚਿਹਰੇ ਵਿੱਚੋਂ ਨਕਸ਼ ਤੇਰੇ ਮੈਂ ਭਾਲਾਂ। ਚਮਚਾ-ਯੁਗ ਵਿਚ ਉਸਤਤ ਪਾਠ ਦੇ ਨੁਸਖੇ ਬਾਝ ਨਾ ਸਰਦਾ ਪਰ ਮੈਂ ਕਿਹੜੀ ਐਨਕ ਲਾ ਕੇ ਇਸ ਦੇ ਅੱਖਰ ‘ਠਾਲਾਂ । 'ਹੁਣ ਪਹੁ ਫੁੱਟੀ' 'ਹੁਣ ਦਿਨ ਚੜ੍ਹਿਆ’ ‘ਹੁਣ ਹੋਈਆਂ ਦੋਪਹਿਰਾਂ' ਏਹੀ ਸੋਚਾਂ ਸੋਚਦਿਆਂ ਨੂੰ ਢਲ ਚਲੀਆਂ ਤਰਕਾਲਾਂ।
ਝੱਖੜ ਦੀ ਅੰਨ੍ਹੀ ਅੱਖ ਵਿਚ ਮੁੜ ਦੀਪ ਬਾਲੀਏ
ਝੱਖੜ ਦੀ ਅੰਨ੍ਹੀ ਅੱਖ ਵਿਚ ਮੁੜ ਦੀਪ ਬਾਲੀਏ। ਆਓ ਕਿ ਆਪਣੀ ਹੋਂਦ ਦੀ ਚਿੱਪਰ ਸੰਭਾਲੀਏ। ਸੂਰਜ ਚੋਂ ਸੋਨਾ ਉਡ ਗਿਆ ਤੇ ਚੰਦ ’ਚੋਂ ਚਾਂਦੀ ਕਿੱਥੇ ਕੁ ਜਾ ਕੇ ਛਿਪ ਗਈਓਂ ਰੰਗ ਰੂਪ ਵਾਲੀਏ। ਖਬਰੇ ਕਿਤੇ ਇਨਸਾਨੀਅਤ ਸਾਨੂੰ ਵੀ ਲੱਭ ਸਕੇ ਪਾ ਕੇ ਸੁਮੇਰ ਪਰਬਤੇ ਸਾਗਰ ਹੰਘਾਲੀਏ। ਅੰਨ੍ਹੀ ਗਲੀ, ਕਕਰੀਲੀ ਰੁਤ, ਬੋਲੀ ਹੈ ਰਾਤ ਆਓ ਕਿ ਇਕ ਦੂਏ ਨੂੰ ਹੁਣਿ ਰਸਤਾ ਵਖਾਲੀਏ। ਜੇ ਪਾਲਣੇ ਤਾਂ ਪਾਲੀਏ ਰੰਗ, ਮਹਿਕ, ਨੂਰ, ਗੀਤ ਪਾ ਪਾ ਕੇ ਦੁੱਧ ਬਰਮੀ 'ਚ ਹੁਣ ਫਨੀਅਰ ਨਾ ਪਾਲੀਏ। ਮੋਹ ਰਹਿ ਗਿਆ ਹੈ ਇਸ਼ਕ ਦੇ ਅੱਖਰਾਂ ਦੇ ਨਾਲ ਹੀ ਛੱਡੋ ਵੀ ਹੁਣ ਇਸ ਮਹਿਕ ਦੀ ਮਿੱਟੀ ਨਾ ਬਾਲੀਏ। ਦਾਨਿਸ਼ਵਰੋ ਛੱਡੋ ਵੀ ਗੱਲ ਆਦਾਬ ਅਦਬ ਦੀ ਆਓ ਕਿ ਇਕ ਦੂਜੇ ਦੀਆਂ ਪੱਗਾਂ ਉਛਾਲੀਏ।
ਸਾਰੀ ਰਾਤ ਹੀ ਨਾ ਅਸੀਂ ਬੂਹੇ ਅੱਖੀਆਂ ਦੇ ਢੋਏ
ਸਾਰੀ ਰਾਤ ਹੀ ਨਾ ਅਸੀਂ ਬੂਹੇ ਅੱਖੀਆਂ ਦੇ ਢੋਏ। ਤੇਰੀ ਯਾਦ ਬਹਿ ਕੇ ਰੋਈ ਸਾਡੇ ਹੰਝੂਆਂ ਦੀ ਲੋਏ। ਦਿਲਾ ਭੁੱਲਕੇ ਵੀ ਜੁਲਫ਼ਾਂ ਦਾ ਕਰੀ ਨਾ ਵਿਸਾਹ ਕਈ ਪੁੰਨਿਆਂ ਦੇ ਚੰਨ ਇਨ੍ਹਾਂ ਬੱਦਲਾਂ ਲਕੋਏ। ਮੈਨੂੰ ਮਾਣੀਆਂ ਬਹਾਰਾਂ ਦਾ ਜ਼ਮਾਨਾ ਯਾਦ ਆਉਂਦੈ। ਮੈਥੋਂ ਪਰਿਓਂ ਦੀ ਲੰਘ ਫੁੱਲਾਂ ਦੀ ਖੁਸ਼ਬੋਏ। ਦਿਲਾਂ ਵਾਲਿਆਂ ਨੂੰ ਹੁੰਦੀ ਦਿਲਾਂ ਵਾਲਿਆਂ ਦੀ ਪੀੜ ਉਹਨੂੰ ਪੀੜ ਕੀ ਪਰਾਈ ਜਿਹੜਾ ਕਿਸੇ ਦਾ ਨਾ ਹੋਏ। ਅਸੀਂ ਕਾਹਦਾ ਹੁਣ ਕਰਨਾ ਬੇਗਾਨਿਆਂ ਤੇ ਗ਼ਿਲਾ ਜਦੋਂ ਆਪਣੇ ਵੀ ਸਾਡੇ ਸਾਡੇ ਆਪਣੇ ਨਾ ਹੋਏ। ਅਸੀਂ ਕਿਸੇ ਨੂੰ ਕੀ ਦੱਸਣਾ ਤੇ ਪੁੱਛਣਾ ‘ਦੀਦਾਰ' ਜਿਵੇਂ ਸਾਡੇ ਨਾਲ ਹੋਈ ਕਿਸੇ ਨਾਲ ਵੀ ਨਾ ਹੋਏ।
ਤੇਰੇ 'ਦੀਦਾਰ' ਦਾ ਪਿਆਸਾ ਜਾਂ ਤੇਰੇ ਦਰ 'ਚੋਂ ਨਿਕਲੇਗਾ
ਤੇਰੇ 'ਦੀਦਾਰ' ਦਾ ਪਿਆਸਾ ਜਾਂ ਤੇਰੇ ਦਰ 'ਚੋਂ ਨਿਕਲੇਗਾ। ਤਾਂ ਇਕ ਬਲਦਾ ਹੋਇਆ ਹਉਕਾ ਜ਼ਮਾਨੇ ਭਰ ਚੋਂ ਨਿਕਲੇਗਾ। ਸਮੇਂ ਦੇ ਸ਼ੇਸ਼ਨਾਗਾਂ ਨੇ ਹੀ ਚੌਦਾਂ ਰਤਨ ਪੀ ਲਏ ਨੇ ਇਹ ਪਾਣੀ ਰਹਿ ਗਿਆ ਹੁਣ ਕੀ ਭਲਾ ਸਾਗਰ ਚੋਂ ਨਿਕਲੇਗਾ। ਮੇਰਾ ਸਿਰ ਕਲਮ ਕਰਕੇ ਇਕ ਵੀ ਨਾ ਤੂੰ ਕੇਰਿਆ ਹੰਝੂ ਤੇਰੀ ਕਰਤੂਤ ਤੇ ਕਾਤਿਲ ਲਹੂ ਖੰਜਰ ਚੋਂ ਨਿਕਲੇਗਾ। ਨਾ ਪਰਖੋ ਸਬਰ ਮੇਰੇ ਨੂੰ ਨਾ ਮਾਰੋ ਠੋਕਰਾਂ ਮੈਨੂੰ ਬੜਾ ਦਿਲ-ਚੀਰਵਾਂ ਇਕ ਹਾਦਸਾ ਪੱਥ੍ਰ ਚੋਂ ਨਿਕਲੇਗਾ। ਸੀ ਕਿਸਨੂੰ ਇਲਮ, ਕਿਸਨੂੰ ਆਸ, ਕਿਸ ਨੂੰ ਖਬਰ ਸੀ ਇਹ ਕਿ ਸਬੂਤੇ ਦਾ ਸਬੂਤਾ ਹੀ ਖੁਦਾ ਕਾਫਰ ਚੋਂ ਨਿਕਲੇਗਾ। ਸਿਦਕ ਮੇਰੀ ਉਡਾਰੀ ਦਾ, ਸਿਤਮ ਤੇਰੀ ਕਟਾਰੀ ਦਾ ਅਰਸ਼ ਦੀ ਲੋ ਚੋਂ ਨਿਕਲੇਗਾ ਕਟੇ ਹੋਏ ਪਰ ਚੋਂ ਨਿਕਲੇਗਾ। ਮੇਰੇ ਚਿਹਰੇ ਤੇ, ਕੱਲਰ ਜਿਸਮ ਤੇ ਤੂੰ ਮਾਰੂਥਲ ਨਾ ਦੇਖ ਕਿ ਸੁਪਨਾ ਸ਼ੀਸ਼-ਮਹਿਲਾਂ ਦਾ ਇਸੇ ਖੰਡਰ 'ਚੋਂ ਨਿਕਲੇਗਾ।
ਅੱਖਾਂ ’ਚ ਤੇਰੇ ਰੂਪ ਦੀ ਲਾਲੀ ਖਿੰਡਾ ਲਵਾਂ
ਅੱਖਾਂ ’ਚ ਤੇਰੇ ਰੂਪ ਦੀ ਲਾਲੀ ਖਿੰਡਾ ਲਵਾਂ। ਆਖੇਂ ਤਾਂ ਬੀਆਬਾਨ ਵਿਚ ਮੈਂ ਫੁੱਲ ਉਗਾ ਲਵਾਂ। ਏਨਾ ਵੀ ਭੋਲਾਪਨ ਹੈ ਕੀ ਏਨਾ ਵੀ ਕੀ ਸ਼ੁਦਾ ਜਿਸਨੂੰ ਵੀ ਦੇਖਾਂ ਉਸਨੂੰ ਹੀ ਆਪਣਾ ਬਣਾ ਲਵਾਂ। ਅੰਦਰ ਹੈ ਅਗ ਵਰ੍ਹਦੀ ਅਤੇ ਬਾਹਰ ਡਿਗਣ ਓਲੇ ਆਪਣੀ ਮਾਸੂਮ ਜਿੰਦ ਮੈਂ ਕਿੱਥੇ ਲੁਕਾ ਲਵਾਂ। ਇਕ ਵਾਰ ਜੋ ਆ ਕੇ ਕਿਤੇ ਰੋਂਦੇ ਨੂੰ ਤਕ ਲਵੇਂ ਇਕ ਵਾਰ ਮੈਂ ਵੀ ਜ਼ਿੰਦਗੀ ਵਿਚ ਮੁਸਕਰਾ ਲਵਾਂ। ‘ਦੀਦਾਰ’ ਤੇਰੇ ਇਸ਼ਕ ਦਾ ਇਹ ਵੀ ਹੈ ਕੀ ਕਮਾਲ ਖੁਦ ਚੋਂ ਹੀ ਹੁਣ ਖੁਦਾ ਦਾ ਮੈਂ ਦੀਦਾਰ ਪਾ ਲਵਾਂ।
ਆਪਣਾ ਚਿਹਰਾ ਤੂੰ ਰਤਾ ਭਰ ਦੇਖ ਲੈ
ਆਪਣਾ ਚਿਹਰਾ ਤੂੰ ਰਤਾ ਭਰ ਦੇਖ ਲੈ। ਡੁੱਬ ਰਹੇ ਸੂਰਜ ਦੀ ਕਾਤਰ ਦੇਖ ਲੈ। ਵੱਧ ਇੱਟਾਂ ਪੱਥਰਾਂ ਤੋਂ ਕੁਝ ਨਹੀਂ ਰੂਹ ਵਿਹੁਣਾ ਹੈ ਮੇਰਾ ਘਰ ਦੇਖ ਲੈ। ਤੜਪਦਾ ਹੈ ਬੋਟ, ਢੱਠਾ ਧਰਤ ਤੇ ਜਿਸਨੂੰ ਛੱਡ ਕੇ ਉਡ ਰਹੇ ਪਰ ਦੇਖ ਲੈ। ਖੁਸ਼ਕ ਕੀ ਹੋਈ ਹੈ, ਤੇਰੀ ਨਮ-ਨਜ਼ਰ ਖੁਸ਼ਕ ਹੋ ਚਲਿਐ ਸਮੁੰਦਰ ਦੇਖ ਲੈ। ਝੱਲ ਜਾ ਬਿਰਹਾ ਦਾ ਸਿੱਲ ਸੀਨੇ 'ਚ, ਜਾਂ ਝੱਲਣੇ ਪੈਣੇ ਨੇ ਖੰਜਰ ਦੇਖ ਲੈ। ਤੂੰ ਲਿਖੇ ਵਾਅਦੇ ਬੜੇ ਸੀ ਮਿਲਣ ਦੇ ਭਟਕਦੇ ਫਿਰਦੇ ਨੇ ਅੱਖਰ ਦੇਖ ਲੈ। ਅੱਖੀਆਂ ਨੇ ਅਥਰੂ ਰੋਕੇ ਮਸਾਂ ਪਾਟ ਹੀ ਚੱਲੇ ਸੀ ਪੱਥਰ ਦੇਖ ਲੈ।
ਯਾਰੋ! ਉਂਜ ਇਹ ਥਾਂ ਨੲ੍ਹੀਂ ਸਾਡੇ ਬੈਠਣ ਦਾ
ਯਾਰੋ! ਉਂਜ ਇਹ ਥਾਂ ਨੲ੍ਹੀਂ ਸਾਡੇ ਬੈਠਣ ਦਾ। ਪਰ ਹੀਆ ਨੲ੍ਹੀਂ ਪੈਂਦਾ ਏਥੋਂ ਉੱਠਣ ਦਾ। ਆਦਰ ਮਾਣ ਬਥੇਰਾ ਇੱਜਤ ਸ਼ੁਹਰਤ ਵੀ ਕੀ ਕਰੀਏ ਪਰ ਭੁੱਖੇ ਪੇਟ ਦੀ ਭਟਕਣ ਦਾ। ਰੱਬਾ ! ਇਹ ਗੁਲਸ਼ਨ ਵੀ ਕੈਸਾ ਗੁਲਸ਼ਨ ਹੈ । ਭੁੱਲ ਕੇ ਵੀ ਜੋ ਨਾਂ ਨੲ੍ਹੀਂ ਲੈਂਦਾ ਮਹਿਕਣ ਦਾ। ਚੁਪ ਰਹਿਣਾ ਤਾਂ ਸਾਡੀ ਹੁਣ ਮਜਬੂਰੀ ਹੈ ਵਰਨਾ ਰੰਜ ਬੜਾ ਹੈ ਦਿਲ ਦੇ ਟੁੱਟਣ ਦਾ। ਖੂੰਜੀਂ ਖਰਲੀਂ ਲੁਕ-ਛਿਪ ਕੇ ਦਿਲ ਕਟ ਲਏ ਨੇ ਦਿਲ ਵਿਚ ਮਰ ਗਿਆ ਸ਼ੌਕ ਗੁਬਾਰੇ ਦੇਖਣ ਦਾ। ਐ ਦੀਦਾਰ ਕੀ ਦੋਸ਼ ਦਏਂ ਤੂੰ ਪਿੰਜਰੇ ਨੂੰ ਸਾਹ-ਪੰਛੀ ਰਾਹ ਲੱਭ ਲੈਂਦੇ ਨੇ ਉੱਡਣ ਦਾ।
ਕੋਠਿਆਂ ਤੇ ਧੁੱਪ ਹੈ ਨਾ ਰੁੱਖਾਂ ਹੇਠ ਛਾਂ ਹੈ
ਕੋਠਿਆਂ ਤੇ ਧੁੱਪ ਹੈ ਨਾ ਰੁੱਖਾਂ ਹੇਠ ਛਾਂ ਹੈ। ਕਿਹੋ ਜਿਹੇ ਥਾਂ ਸਾਡਾ ਵਸਿਆ ਗਰਾਂ ਹੈ। ਮੰਦਰਾਂ ਮਸੀਤਾਂ ਗੁਰਦੁਆਰੇ ਅਤੇ ਗਿਰਜਿਆਂ ਤੋਂ ਰੱਬ ਦਾ ਦੁਆਰਾ ਅਜੇ ਹੋਰ ਵੀ ਅਗਾਂਹ ਹੈ। ਹੋਸ਼ ਕਰ ਉੱਚਿਆਂ ਮਹੱਲਾਂ ਦਿਆ ਮਾਲਕਾ ਕੁੱਲੀਆਂ ਦੇ ਕੱਖਾਂ ਤੇਰਾ ਕਰਨਾ ਨਿਆਂ ਹੈ। ਖੌਰੇ ਧੁੱਪਾਂ ਤਿੱਖੀਆਂ ਨੂੰ ਰੁੱਖ ਕਿਵੇਂ ਸਹਿੰਦੇ ਨੇ ਪੈਰਾਂ ਵਿਚ ਸਹਿਮੀ ਹੋਈ ਸੋਚ ਰਹੀ ਛਾਂ ਹੈ। ਓਨਾ ਚਿਰ ਮੌਤ ਦਾ ਨੲ੍ਹੀਂ ਡਰ ਮੈਨੂੰ ਜਿੰਨਾ ਚਿਰ ਸੀਨੇ ਵਿਚ ਯਾਦ ਤੇਰੀ ਬੁੱਲ੍ਹੀਆਂ ਤੇ ਨਾਂ ਹੈ। ਸੱਸੀਆਂ ਤੇ ਸੋਹਣੀਆਂ ਨਾ ਮੌਤ ਗਲ ਪੈਣ ਹੁਣ ਮਾਰੂਥਲਾਂ ਵਿਚ ਅਸਾਂ ਫੂਕਣੀ ਝਨ੍ਹਾਂ ਹੈ। ਪੈਰ ਮੇਰੇ ਚੁੰਮ ਗਏ ਨੇ ਅੰਬਰਾਂ ਦੇ ਸਿਰਾਂ ਤਾਈਂ ਪਰ ਮੇਰਾ ਸਿਰ ਅਜੇ ਧਰਤੀਓਂ ਪਿੱਛਾਂ ਹੈ। ਜਿਹੋ ਜਿਹੇ ਚੰਦਰੇ ‘ਦੀਦਾਰ' ਤੇਰੇ ਲੇਖ ਨੇ । ਉਹ ਜਿਹਾ ਚੰਦਰਾ ਦੀਦਾਰ ਤੇਰਾ ਨਾਂ ਹੈ।
ਜਦ ਕੋਈ ਯਾਦਾਂ ਚੋਂ ਪਰਛਾਵਾਂ ਉੱਭਰਦਾ
ਜਦ ਕੋਈ ਯਾਦਾਂ ਚੋਂ ਪਰਛਾਵਾਂ ਉੱਭਰਦਾ। ਪਾਰੇ ਵਾਂਗ ਖੂਨ ਰਗਾਂ ਵਿਚ ਉੱਤਰਦਾ। ਤੂੰਵੀ ਕਿਧਰੇ ਸੁਣ ਨਾ ਲਏਂ ਤੇ ਹਿਰਖ ਕਰੇਂ ਤੇਰਾ ਨਾਂ ਲੈਂਦਾ ਹਾਂ ਮੈਂ ਡਰਦਾ ਡਰਦਾ। ਖਬਰੇ ਹੁਣ ਤੇ ਕਿਸਮਤ ਕਿੱਥੇ ਲੈ ਜਾਵੇ ਭੁੱਲ ਗਿਆ ਹੈ ਰਾਹ ਮੈਨੂੰ ਆਪਣੇ ਘਰ ਦਾ। ਚਿਹਰਾ ਮਸਨੂਈ ਜੂਨ ਹੰਢਾਉਂਦਾ ਹੈ ਹਰ ਨੰਗੇ ਚਿਹਰੇ ਉੱਤੇ ਵੀ ਹੈ ਪਰਦਾ। ਇਸ਼ਕ ਕਮਾਉਣਾ ਜਣੇ ਖਣੇ ਦੇ ਵੱਸ ਦਾ ਨੲ੍ਹੀਂ ਏਥੇ ਕੋਈ ਵਿਰਲਾ ਸਿਰਲੱਥ ਨਿੱਤਰਦਾ। ਸ਼ਾਮ ਨੂੰ ਜਦ ਮੈਂ ਭੁੱਖਾ-ਭਾਣਾ ਸੌਂਦਾ ਹਾਂ ਚੁੱਭਣ ਲਗਦੈ ਫੇਰ ਥਕੇਵਾਂ ਦਿਨ ਭਰ ਦਾ। ਰਬ ਜਾਣੇ, ਰਬ ਖੈਰ ਕਰੇ, ਕੀ ਚੰਦ ਚੜ੍ਹਨਾ ਮੇਰੇ ਘਰ ਵਿਚ ਸੂਰਜ ਆਉਂਦੈ ਉੱਤਰਦਾ। ਕਦੀ ਅਸਾਡਾ ਪਾਣੀ ਸੂਰਜ ਭਰਦਾ ਸੀ ਹੁਣ ਇਕ ਜ਼ੱਰਾ ਵੀ ਨਹੀਂ ਸਾਡਾ ਦਮ ਭਰਦਾ। ਦਿਲਦਾਰੋ, ਕਿਉਂ ਕਾਹਲੇ ਹੋ ਤੁਸੀਂ ਸਾੜਨ ਨੂੰ ਬੰਦਾ ਆਖਿਰ ਮਰਦਾ ਹੈ, ਮਰਦਾ ਮਰਦਾ।
ਕਿਣਕਾ ਤੇਰੇ ਵਜੂਦ ਦਾ ਮੱਥੇ ਨੂੰ ਲਾ ਲਿਆ
ਕਿਣਕਾ ਤੇਰੇ ਵਜੂਦ ਦਾ ਮੱਥੇ ਨੂੰ ਲਾ ਲਿਆ। ਮੈਂ ਵੀ ਹੈ ਆਪਣੇ ਆਪ ਨੂੰ ਸੂਰਜ ਬਣਾ ਲਿਆ। ਦਿਲ ਤੇ ਦੀਮਾਗ ਵਿਚ ਰਹੇਂ, ਵਸਦੈਂ ਨਜ਼ਰ 'ਚ ਵੀ ਕਿੰਨਾ ਮੈਂ ਤੇਰੀ ਯਾਦ ਨੂੰ ਸਿਰ ਤੇ ਚੜ੍ਹਾ ਲਿਆ। ਇਨਸਾਨੀਅਤ ਦੇ ਵਾਸਤੇ ਲੋਕੀਂ ਜੋ ਮਰ ਮਿਟੇ ਉਨਾਂ ਨੇ ਹੀ ਇਨਸਾਨ ਨੂੰ ਮਰਨੋਂ ਬਚਾ ਲਿਆ। ਚੁਸੀ ਹੀ ਜਾਵੇ ਰੱਤ ਅਤੇ ਪੀਂਦਾ ਹੀ ਜਾਵੇ ਸਾਹ ਸੂਰਜ ਨੇ ਰਾਤੋ ਰਾਤ ਹੀ ਖ਼ਬਰੇ ਕੀ ਖਾ ਲਿਆ। ਸੋਚਾਂ ਉਠਾ ਕੇ ਸਿਰ ਫਿਰੇ ਕਿੱਧਰ ਨੂੰ ਜਾਣਗੇ ਪੈਰਾਂ ਨੂੰ ਤਾਂ ਮੰਜ਼ਿਲ ਦਿਆਂ ਰਾਹਾਂ ਨੇ ਖਾ ਲਿਆ। 'ਦੀਦਾਰ' ਹੋ ਜਾ ਤਿਆਰ ਤੂੰ ਹੁਣ ਚੁਕ ਲਟਾ ਪਟਾ ਕਾਫ਼ੀ ਹੈ ਜੋ ਜੀਵਨ ਦਾ ਤੂੰ ਹਿੱਸਾ ਹੰਢਾ ਲਿਆ।
ਸਿਆਪੇ, ਬਦਅਸੀਸਾਂ ਤੋਹਮਤਾਂ ਵਿਚ
ਸਿਆਪੇ, ਬਦਅਸੀਸਾਂ ਤੋਹਮਤਾਂ ਵਿਚ। ਹਿਆਤੀ ਘਿਰ ਗਈ ਹੈ ਸਾਜ਼ਿਸ਼ਾਂ ਵਿਚ। ਕਿਸੇ ਰੱਬ ਨੇ ਨਾ ਸਾਡੀ ਰੂਹ ਪਛਾਣੀ ਹੈ ਗੁਜ਼ਰੀ ਉਮਰ ਆਪਣੀ ਇਬਾਦਤਾਂ ਵਿਚ। ਗਰੀਬਾਂ ਗੁਰਬਿਆਂ ਦੇ ਦੁਖ ਨਿਵਾਰਨ ਉਹ ਸਾਧੂ ਆਉਣਗੇ ਅਜ ਰੈਸਟੋਰਾਂ ਵਿਚ। ਪਰਿੰਦਾ ਦਿਲ ਦਾ ਹੁਣ ਕਿੰਜ ਉਡ ਸਕੇਗਾ ਹੈ ਲੁੱਕ ਜੰਮੀ ਪਈ ਇਸਦੇ ਪਰਾਂ ਵਿਚ। ਤੂੰ ਅਜ ਵੀ ਜਿੰਦ ਮੇਰੇ ਨਾਵੇਂ ਲਿਖਾਉਨੈ ਫਰਕ ਹੈ ਅਜ ਤੇਰੇ ਪਰ ਦਸਖ਼ਤਾਂ ਵਿਚ।
ਨਿਕਲੀ ਬਦਲ ਚੋਂ ਲਾਟ ਤੇ ਭੜਕੀ ਹੈ ਪਿਆਸ ਫੇਰ
ਨਿਕਲੀ ਬਦਲ ਚੋਂ ਲਾਟ ਤੇ ਭੜਕੀ ਹੈ ਪਿਆਸ ਫੇਰ। ਸਾਗਰ ਦੀ ਭਾਲ ਅੰਦਰ ਮਨ ਹੈ ਉਦਾਸ ਫੇਰ। ਮੱਥੇ ਚ ਉਗਮਿਆ ਸੀ ਸਰਘੀ ਸਮੇਂ ਦਾ ਤਾਰਾ ਸੂਰਜ ਦਾ ਸੇਕ ਪਰਖਾਂ ਹੋਵੇਂ ਜੇ ਪਾਸ ਫੇਰ। ਸੁੱਤਾ ਹੈ ਸੁੱਕੀ ਟ੍ਹਾਣ ਤੇ ਇਕ ਹਰੇ ਰੰਗ ਦਾ ਬੋਟ ਜਾਗੀ ਹੈ ਰੁੱਖ ਅੰਦਰ ਜੀਣੇ ਦੀ ਆਸ ਫੇਰ। ਇਹ ਹੈ ਆਕਾਸ਼-ਗੰਗਾ ਜਾਂ ਸੱਤ ਰੰਗੀ ਪੀਂਘ ਕਿ ਉਭਰ ਆਈ ਅਰਸ਼ ਦੇ ਸੀਨੇ ਤੇ ਲਾਸ ਫੇਰ। ਏਦਾਂ ਚਰੂੰਡਿਆ ਹੈ ਗਿਰਝਾਂ ਗ਼ਮਾ ਦੀਆਂ ਨੇ ਆਇਆ ਨਾ ਇਕ ਵੀ ਰੀਝ ਦੇ ਪਿੰਡੇ ਤੇ ਮਾਸ ਫੇਰ। ਕਦ ਪਰਤਣੀ ਹੈ ਰੁਤ ਅਤੇ ਕਦ ਪਰਤਣੀ ਹੈ ਰੂਹ ਮੱਥੇ 'ਚ ਕਦ ਪਵੇਗੀ ਰੰਗਾਂ ਦੀ ਰਾਸ ਫੇਰ। ਪਹਿਨੇਗਾ ਤੂੰ ਤਾਂ ਸੱਜੇਗਾਂ, ਤੋੜੇਂ ਤਾ ਚੁਭਾਂਗਾ 'ਦੀਦਾਰ' ਬਣ ਗਿਆ ਹਾਂ ਅਗ ਦਾ ਲਿਬਾਸ ਫੇਰ।
ਮੰਨਿਆਂ ਕਿ ਇਸ਼ਕ ਦਿਲ-ਦਰਿਆ ਨਹੀਂ
ਮੰਨਿਆਂ ਕਿ ਇਸ਼ਕ ਦਿਲ-ਦਰਿਆ ਨਹੀਂ। ਫੇਰ ਵੀ ਦਿਲ ਦਿਲ ਹੈ ਇਹ ਸਹਿਰਾ ਨਹੀਂ। ਛਣਕਦੀ ਕੰਨਾਂ 'ਚ ਸਿੱਕਿਆਂ ਦੀ ਆਵਾਜ਼ ਦਿਲ ਦੀ ਧੜਕਣ ਨੂੰ ਕੋਈ ਸੁਣਦਾ ਨਹੀਂ। ਸ਼ਹਿਰ ਤੇ ਬਾਜ਼ਾਰ ਸਾਰੇ ਚੁਪ ਨੇ ਕੌਣ ਕਹਿੰਦਾ ਹੈ ਮੇਰਾ ਚਰਚਾ ਨਹੀਂ। ਪਿਆਰ ਦੇ ਧੋਖੇ 'ਚ ਉਹ ਪਲਦਾ ਰਿਹਾ ਪਿਆਰ ਵਿਚ ਖਾਧਾ ਜਿਨ੍ਹੇ ਧੋਖਾ ਨਹੀਂ। ਪੜ੍ਹ ਇਨੂੰ 'ਦੀਦਾਰ' ਦਿਲ ਦੇ ਸ਼ੌਕ ਨਾਲ ਹੈ ਗਜ਼ਲ ਗ਼ਜ਼ਲ ਤੇ ਇਹ ਪਰਚਾ ਨਹੀਂ।
ਪੈਂਦਾ ਹੈ ਤੇਰੇ ਰੂਪ ਦਾ ਝੌਲਾ ਕਦੇ ਕਦੇ
ਪੈਂਦਾ ਹੈ ਤੇਰੇ ਰੂਪ ਦਾ ਝੌਲਾ ਕਦੇ ਕਦੇ ਦਿਸਦਾ ਹੈ ਕੋਹੇਨੂਰ ਦਾ ਜਲਵਾ ਕਦੇ ਕਦੇ। ਭਾਵੇਂ ਤੇਰਾ ਖਿਆਲ ਤਾਂ ਭੁੱਲਿਆ ਹੈ ਦੇਰ ਤੋਂ ਹਾਲੇ ਵੀ ਪਰ ਨਿੱਕਲਦਾ ਹੈ ਹਉਕਾ ਕਦੇ ਕਦੇ। ਖੱਟਿਆ ਕੀ ਆਪਾਂ ਇਸ਼ਕ ਵਿਚ ਇਕ ਰੋਣ ਤੋਂ ਸਿਵਾ ਆਉਂਦਾ ਹੈ ਆਪਣੀ ਅਕਲ ਤੇ ਹਾਸਾ ਕਦੇ ਕਦੇ। ਪਤਝੜ ਨੇ ਭਾਵੇਂ ਬਾਗ ਤੇ ਪਹਿਰਾ ਬਿਠਾ ਲਿਆ ਫਿਰ ਵੀ ਹੈ ਫੁੱਟ ਆਉਂਦਾ ਕੋਈ ਪੱਤਾ ਕਦੇ ਕਦੇ। ਬਾਂਦਰ, ਕਬੂਤਰ, ਬਾਜ, ਲੰਬੜ, ਰਿੱਛ ਤੇ ਬਘਿਆੜ ਬਣ ਜਾਂਦਾ ਕੀ ਦਾ ਕੀ ਹੈ ਇਹ ਬੰਦਾ ਕਦੇ ਕਦੇ। ਜੀਵਨ 'ਚ ਏਦਾਂ ਘੁਲ ਗਈ ਕੁੜੱਤਣ ਇਕੱਲ ਦੀ ਏ ਲਗਦਾ ਹੈ ਹੁਣ ਤਾਂ ਜਹਿਰ ਵੀ ਮਿੱਠਾ ਕਦੇ ਕਦੇ। ਹਰ ਬਿਰਖ ਵੰਡਲੈ ਜਾਂਦਾ ਹੈ ਆਪਣੀ ਅਪਣੀ ਛਾਂ ਆਉਂਦਾ ਹੈ ਇਹ ਵੀ ਬਾਗ ਵਿਚ ਮੌਕਾ ਕਦੇ ਕਦੇ।
ਹੋਣੀਆਂ ਨੂੰ ਹਰ ਸਿਤਮ ਮੇਰੇ ਦੇ ਢਾਈ ਜਾਣ ਦੇ
ਹੋਣੀਆਂ ਨੂੰ ਹਰ ਸਿਤਮ ਮੇਰੇ ਦੇ ਢਾਈ ਜਾਣ ਦੇ। ਹਰ ਕਦਮ ਤੇ ਸਬਰ ਮੇਰਾ ਆਜ਼ਮਾਈ ਜਾਣ ਦੇ। ਸਿਲ ਤੇਰੀ ਰਹਿਮਤ ਦੀ ਆਹਾਂ ਵਿਚ ਵੀ ਢਲਦੀ ਨਹੀਂ, ਓ ਖ਼ੁਦਾ! ਮੈਂ ਦੇਖ ਲਈ ਤੇਰੀ ਖੁਦਾਈ ਜਾਣ ਦੇ। ਉਮਰ ਸਾਡੀ ਹੰਝੂਆਂ ਦੇ ਡਾਕੂਆਂ ਨੇ ਲੁੱਟ ਲਈ ਪਲ ਦੀ ਪਲ ਤਾਂ ਅੱਜ ਮੈਨੂੰ ਮੁਸਕਰਾਈ ਜਾਣ ਦੇ। ਖ਼ਬਰੇ ਦੀਵਾ ਜਗ ਪਵੇ ਕੋਈ ਇਸ਼ਕ ਦੇ ਸ਼ਮਸ਼ਾਨ ਵਿਚ, ਹਾਉਕਿਆਂ ਦੀ ਸਰਦ ਰੁੱਤੇ ਦਿਲ ਜਲਾਈ ਜਾਣ ਦੇ। ਅੱਖੀਆਂ ਵਿਚ ਵੱਸ ਗਈ ਤਸਵੀਰ ਉਸ ਦਿਲਦਾਰ ਦੀ ਹੰਝੂਆਂ ਰਾਹ ਇਸ਼ਕ ਦੀ ਕੀਤੀ ਕਮਾਈ ਜਾਣ ਦੇ। ਸ਼ੱਕ ਲਿਆਵੇ ਨਾ ਕਿਤੇ ਤੇਰੀ ਨਜ਼ਰ ਤੇ ਕੋਈ ਰਿੰਦ ਸਾਕੀਆ! ਮਹਿਫ਼ਲ ਚੋਂ ਹੁਣ ਤੂੰ ਇਹ ਸ਼ੁਦਾਈ ਜਾਣ ਦੇ। ਮੇਰੀ ਕਿਸਮਤ ਵਿਚ ਨਹੀਂ ਮੰਜ਼ਿਲ ਕਿਸੇ ਤੇ ਪਹੁੰਚਣਾ ਖਾਣ ਦੇ ਰਾਹਾਂ ਦੇ ਠੇਡੇ, ਰਾਹਨੁਮਾਈ ਜਾਣ ਦੇ। ਜਬਰ ਸਹਿ ਕੇ, ਸਬਰ ਕਰ ਕੇ ਵੀ ਬਥੇਰਾ ਜੀ ਲਿਆ ਹੁਣ ਕਲਮ ਮੇਰੀ ਨੂੰ ਕੁਝ ਕਰ ਕੇ ਵਿਖਾਈ ਜਾਣ ਦੇ। ਮਿਟ ਜਾਏ ਹਸਤੀ ਕਿਸੇ 'ਦੀਦਾਰ’ ਦੀ ਤਾਂ ਗ਼ਮ ਨਹੀਂ ਪਰ ਕਿਸੇ ਮਜ਼ਲੂਮ ਦੀ ਦੁਨੀਆਂ ਵਸਾਈ ਜਾਣ ਦੇ।
ਚਾਰ ਦਿਨ ਦੀ ਰੁੱਤ ਸੁਹਾਣੀ ਮਾਣ ਕੇ
ਚਾਰ ਦਿਨ ਦੀ ਰੁੱਤ ਸੁਹਾਣੀ ਮਾਣ ਕੇ। ਸੌਂ ਗਿਆ ਹੈ ਇਸ਼ਕ ਲੰਮੀ ਤਾਣ ਕੇ। ਕੱਫ਼ਨ ਚੁੱਕਿਆ, ਦੇਖਿਆ, ਇਹ ਕੌਣ ਹੈ, ਰੋ ਪਿਆ ਮੈਂ ਆਪਣਾ ਆਪ ਪਹਿਚਾਣ ਕੇ। ਸਿਰ ਲੁਹਾ ਕੇ ਕਤਲਗਾਹ ਚੋਂ ਮੁੜਾਂਗਾ, ਆ ਗਿਆ ਹਾਂ ਦਿਲ 'ਚ ਪੱਕੀ ਠਾਣ ਕੇ। ਇੰਜ ਤੇਰੀ ਮਹਿਫ਼ਲ 'ਚ ਹਾਂ ਬੈਠੇ ਅਸੀਂ, ਜਿਉਂ ਗੁਨਾਹ ਕੀਤਾ ਹੈ ਏਥੇ ਆਣ ਕੇ। ਖੂਨ ਪੀਤਾ ਹੈ ਬਹਾਰਾਂ ਨੇ ਮੇਰਾ, ਪੱਤਝੜਾਂ ਦੀ ਛਾਨਣੀ ਵਿਚ ਛਾਣ ਕੇ। ਉਹ ਨਿਰਾ ਪੱਥਰ ਸੀ ਪੱਥਰ ਹੀ ਰਿਹਾ, ਪੂਜਦਾ ਸੀ, ਜਿਸ ਨੂੰ ਮੈਂ ਰੱਬ ਜਾਣ ਕੇ। ਫੇਰ ਖਬਰੇ ਕਦ ਮਿਲੇਂ ‘ਦੀਦਾਰ' ਤੂੰ ਦੇਖ ਜਾ ਜਾਂਦਾ ਮਸੀਹਾ ਆਣ ਕੇ। ਚਾਰ ਦਿਨ ਦੀ ਰੁੱਤ ਸੁਹਾਣੀ ਮਾਣ ਕੇ ਸੌਂ ਗਿਆ ਹੈ ਇਸ਼ਕ ਲੰਮੀ ਤਾਣ ਕੇ।
ਜਿਸ ਰੁੱਤੇ ਇਹ ਚਾਨਣ ਦਾ ਫੁੱਲ ਮੋਇਆ ਹੈ
ਜਿਸ ਰੁੱਤੇ ਇਹ ਚਾਨਣ ਦਾ ਫੁੱਲ ਮੋਇਆ ਹੈ। ਕੰਡਿਆਂ ਦੇ ਗਲ ਲਗ ਕੇ ਮੌਸਮ ਰੋਇਆ ਹੈ। ਮੇਰਾ ਹੀ ਇਕਲਾਪਾ ਮੈਥੋਂ ਪੁੱਛ ਰਿਹਾ, ਕਿਹਦੇ ਗ਼ਮ ਵਿਚ ਹਾਲ ਤੇਰਾ ਇਹ ਹੋਇਆ ਹੈ। ਉਸ ਦਿਨ ਤੋਂ ਹੀ ਇਹ ਦਿਨ ਕਾਲੇ ਲੱਗਦੇ ਨੇ, ਜਿਸ ਦਿਨ ਨੇ ਉਹ ਮੇਰਾ ਸੂਰਜ ਖੋਇਆ ਹੈ। ਯਾਦ ਤੇਰੀ ਵਿਚ ਦਿਲ ਦਾ ਵਿਹੜਾ ਰੰਗਿਆ ਮੈਂ, ਹੰਝੂਆਂ ਦੀ ਥਾਂ ਖੂਨ ਜਿਗਰ ਦਾ ਚੋਇਆ ਹੈ। ਸੁੱਖ-ਸੁਪਨੇ ਸੰਸਾਰ ਦੇ ਸਾਰੇ ਛੱਡ ਗਏ ਨੇ, ਤੇਰਾ ਗ਼ਮ ਹੀ ਮੇਰੇ ਸਾਥ ਖਲੋਇਆ ਹੈ। ਬੋਲ ਉਧਾਰੇ ਲੈ ਕੇ ਦਿਲ ਦੀਆਂ ਪੀੜਾਂ ਤੋਂ, ਜਿੰਦ ਮੇਰੀ ਨੇ ਗੀਤ ਗ਼ਮਾਂ ਦਾ ਛੋਹਿਆ ਹੈ। ਭੁੱਲ ਗਿਆ ਚੱਜ ਮੈਨੂੰ ਹਾਸੇ ਹੱਸਣ ਦਾ, ਕੌਣ ਸਰ੍ਹਾਣੇ ਬਹਿ ਕੇ ਮੇਰੇ ਰੋਇਆ ਹੈ। ਕਈ ਵਾਰ ਇਸ ਜੀਵਨ ਮੈਨੂੰ ਢੋਇਆ ਹੈ, ਕਈ ਵਾਰ ਇਸ ਜੀਵਨ ਨੂੰ ਮੈਂ ਢੋਇਆ ਹੈ। ਚਰਚਾ ਕੀ ਹੋਣੀ ‘ਦੀਦਾਰ' ਵਿਚਾਰੇ ਦੀ ਉਹ ਅਣਹੋਇਆਂ ਵਰਗਾ ਏਥੇ ਹੋਇਆ ਹੈ।
ਜ਼ਮਾਨਾ ਆਉਣ ਵਾਲਾ ਹੈ ਲਤਾੜੇ ਬੇਜ਼ਬਾਨਾਂ ਦਾ
ਜ਼ਮਾਨਾ ਆਉਣ ਵਾਲਾ ਹੈ ਲਤਾੜੇ ਬੇਜ਼ਬਾਨਾਂ ਦਾ। ਇਹ ਤੀਲੇ ਮੂੰਹ ਮੋੜਨਗੇ ਕਦੇ ਬਿੱਫ਼ਰੇ ਤੂਫ਼ਾਨਾਂ ਦਾ। ਮਿਰੇ ਦਿਲ ਚੋਂ ਨਿਕਲੀਆਂ ਗ਼ਰਮ ਆਹਾਂ ਦਾ ਅਸਰ ਹੈ ਇਹ, ਕਿਤੇ ਐਵੇਂ ਤੇ ਹੋਇਆ ਲਾਲ ਨਹੀਂ ਮੂੰਹ ਆਸਮਾਨਾਂ ਦਾ। ਤੁਸੀਂ ਵੀ ਨਾਲ ਕਲੀਆਂ ਦੇ ਕਿਤੇ ਨਾ ਝੁਲਸੀਆਂ ਜਾਇਓ, ਇਰਾਦਾ ਵਿਗੜਿਆ ਲੱਗਦਾ ਬਹਾਰੋ ਬਾਗ਼ਬਾਨਾਂ ਦਾ। ਜ਼ਮਾਨਾ ਹੋਰ ਸੀ ਜਦ ਓਸ ਦੀ ਧਰਤੀ ਤੇ ਭਟਕੇ ਸੀ, ਖੁਦਾ ਹੁਣ ਹੋਰ ਹੈ ਮੇਰਾ, ਮੈਂ ਰਾਹੀ ਆਸਮਾਨਾਂ ਦਾ। ਜਿਨ੍ਹਾਂ ਦੇ ਆਸਰੇ ਮੈਂ ਜ਼ਿੰਦਗੀ ਤੋਂ ਲੜ ਛੁੜਾਇਆ ਏ, ਭਲਾ ਹੋਵੇ ਸਦਾ 'ਦੀਦਾਰ’ ਮੇਰੇ ਮਿਹਰਬਾਨਾਂ ਦਾ।
ਗੀਤ ਗ਼ਮ ਦੇ ਜ਼ਿੰਦਗੀ ਗਾਉਂਦੀ ਰਹੀ
ਗੀਤ ਗ਼ਮ ਦੇ ਜ਼ਿੰਦਗੀ ਗਾਉਂਦੀ ਰਹੀ। ਯਾਦ ਆਉਣੀ ਸੀ ਤੇਰੀ, ਆਉਂਦੀ ਰਹੀ। ਰਾਤ ਦੀ ਕਾਲਖ਼ ਰਤਾ ਵੀ ਨਾ ਘਟੀ, ਰਾਤ ਭਰ ਚਾਨਣ ਦੇ ਵਿਚ ਨ੍ਹਾਉਂਦੀ ਰਹੀ। ਨੂਰ ਨਜ਼ਰਾਂ ਦਾ ਨਜ਼ਰ ਆਉਂਦਾ ਨਹੀਂ, ਉੱਜ ਹਰ ਇਕ ਸ਼ੈ ਨਜ਼ਰ ਆਉਂਦੀ ਰਹੀ। ਡੁੱਬ ਗਈ ਸੋਹਣੀ ਝਨਾਂ ਵਿਚ ਹੱਸ ਕੇ, ਦੇਰ ਤਕ ਹਰ ਲਹਿਰ ਕੁਰਲਾਉਂਦੀ ਰਹੀ। ਲੜ ਫੜਾਇਆ ਹੀ ਨਹੀਂ ਮੈਂ ਮੌਤ ਨੂੰ, ਉਮਰ ਭਰ ਗਿਰਦੇ ਮੇਰੇ ਭਾਉਂਦੀ ਰਹੀ। ਜੋ ਭਟਕ ਪਏ ਜ਼ਿੰਦਗੀ ਦੇ ਰਾਹ ਤੋਂ ਜ਼ਿੰਦਗੀ ਉਨ੍ਹਾਂ ਨੂੰ ਭਟਕਾਉਂਦੀ ਰਹੀ। ਮਰਨ ਪਿੱਛੋਂ ਬਹੁਤ ਚਿਰ ਤੱਕ ਐ ‘ਦੀਦਾਰ' ਜ਼ਿੰਦਗੀ ਤਰਲਾ ਮੇਰਾ ਪਾਉਂਦੀ ਰਹੀ।
ਤੁਰ ਗਿਆ ਯਾਰ ਬਹਾਰਾਂ ਵਰਗਾ
ਤੁਰ ਗਿਆ ਯਾਰ ਬਹਾਰਾਂ ਵਰਗਾ। ਹਰ ਫੁੱਲ ਲਗਦੈ ਖ਼ਾਰਾਂ ਵਰਗਾ। ਸੀਨੇ ਵਿਚ ਹੈ ਪੀੜ ਗ਼ਮਾਂ ਦੀ, ਦੱਸਦਾ ਮੂੰਹ ਬੀਮਾਰਾਂ ਵਰਗਾ। ਤੱਕ ਲਵਾਂ ਮੈਂ ਜਿਸ ਕਤਰੇ ਨੂੰ, ਹੋ ਜਾਂਦਾ ਮੰਝਧਾਰਾਂ ਵਰਗਾ। ਪਲ ਪਲ ਦਿਲ ਨੂੰ ਦਏ ਦਿਲਾਸਾ । ਗ਼ਮ ਤੇਰੇ ਗ਼ਮਖ਼ਾਰਾਂ ਵਰਗਾ। ਜਿੱਥੇ ਲੱਖਾਂ ਸੱਧਰਾਂ ਦੱਬੀਆਂ, ਦਿਲ ਹੈ ਸਰਦ ਮਜ਼ਾਰਾਂ ਵਰਗਾ। ਮੈਂ ਕੀ ਲੈਣਾ ਇਸ ਦੁਨੀਆਂ ਤੋਂ, ਇੱਕੋ ਯਾਰ ਹਜ਼ਾਰਾਂ ਵਰਗਾ। ਇਸ਼ਕ ਦੀ ਹੈ ‘ਦੀਦਾਰ’ ਇਹ ਬਾਜ਼ੀ ਜਿੱਤਣਾ ਵੀ ਏ ਹਾਰਾਂ ਵਰਗਾ।
ਜਦੋਂ ਵੀ ਧੜਕਦੇ ਦਿਲ ਨੂੰ ਮੇਰੇ ਗ਼ਮ ਨੇ ਸਦਾ ਦਿੱਤੀ
ਜਦੋਂ ਵੀ ਧੜਕਦੇ ਦਿਲ ਨੂੰ ਮੇਰੇ ਗ਼ਮ ਨੇ ਸਦਾ ਦਿੱਤੀ। ਵਫ਼ਾ ਦੇ ਕੰਡਿਆਂ ਉੱਤੇ ਅਸਾਂ ਜਿੰਦੜੀ ਵਿਛਾ ਦਿੱਤੀ। ਸੁਆਹ ਲਾ ਕੇ ਕਲੇਜੇ ਨੂੰ ਕਿਹਾ ਬਿਜਲੀ ਨੂੰ ਬੁਲਬੁਲ ਨੇ, ਜਲਾ ਕੇ ਆਪਣੀ ਦੁਨੀਆਂ, ਤੇਰੇ ਦਿਲ ਦੀ ਬੁਝਾ ਦਿੱਤੀ। ਰਹੇ ਦਿਲ ਪਰਚਿਆ ਜ਼ਾਲਮ! ਤੇਰੇ ਬ੍ਰਿਹਾ-ਅਞਾਣੇ ਦਾ, ਅਸੀਂ ਇਸ ਉਮਰ ਦੇ ਪਿੱਪਲ ਤੇ ਗ਼ਮ ਦੀ ਪੀਂਘ ਪਾ ਦਿੱਤੀ। ਤੇਰੀ ਇਹ ਯਾਦ ਪਲ ਭਰ ਵੀ ਨਹੀਂ ਦਿਲ ਤੋਂ ਜੁਦਾ ਹੁੰਦੀ, ਤੇਰੇ ਗ਼ਮ ਨੇ ਤੇਰੇ ਵਰਗੀ ਮੇਰੀ ਸੂਰਤ ਬਣਾ ਦਿੱਤੀ। ਮੈਂ ਆਪਣੇ ਦਿਲ ਦਾ ਮਾਲਕ ਹਾਂ, ਮੇਰਾ ਦਿਲ ਇੱਕ ਬਸਤੀ ਹੈ, ਜਦੋਂ ਚਾਹਿਆ ਵਸਾ ਦਿੱਤੀ, ਜਦੋਂ ਚਾਹਿਆ ਮਿਟਾ ਦਿੱਤੀ। ਤੇਰੇ ਗ਼ਮ ਦਾ ਸਮਾਂ ਪੂਰਾ ਹੋਇਆ, ਐ ਜ਼ਿੰਦਗੀ ਖੁਸ਼ ਹੋ, ਕਫ਼ਸ ਟੁੱਟੇ ਨਾ ਟੁੱਟੇ, ਜਾ ਤੂੰ ਅੱਜ ਮੈਂ ਕਰ ਰਿਹਾ ਦਿੱਤੀ। ਹੰਢਾ ਕੇ ਜ਼ਿੰਦਗੀ 'ਦੀਦਾਰ’ ਮੈਂ ਸੋਚਾਂ, ਖ਼ੁਦਾ ਮੇਰੇ, ਇਹ ਮੈਨੂੰ ਜ਼ਿੰਦਗੀ ਦਿੱਤੀ ਸੀ ਜਾਂ ਕੋਈ ਸਜ਼ਾ ਦਿੱਤੀ।
ਸਾਕੀਆ ਸਰਦਲ ਤੇਰੀ ਤੇ ਬੀਤ ਗਈ ਏ ਜ਼ਿੰਦਗੀ
ਸਾਕੀਆ ਸਰਦਲ ਤੇਰੀ ਤੇ ਬੀਤ ਗਈ ਏ ਜ਼ਿੰਦਗੀ। ਹੁਣ ਤੇਰੀ ਮਹਿਫ਼ਲ ਨੂੰ ਹੈ ਪ੍ਰਣਾਮ ਸਾਡਾ ਆਖ਼ਰੀ। ਹਾਉਕਿਆਂ ਦਾ ਸੇਕ ਦੇ ਕੇ ਸਾੜਿਆ ਦਿਲ ਦਾ ਲਹੂ, ਗ਼ਮ ਨਹੀਂ ਜੇ ਨਿਕਲ ਜਾਏ ਤੇਰੇ ਗ਼ਮ ਵਿਚ ਜਾਨ ਵੀ। ਦੋਸਤਾਂ ਦੇ ਹੁੰਦਿਆਂ ਕੀ ਦੁਸ਼ਮਣਾਂ ਦੀ ਲੋੜ ਹੈ, ਇਸ ਪੜਾ ਤੇ ਪਹੁੰਚ ਗਈ ਹੈ ਦੋਸਤਾਂ ਦੀ ਦੋਸਤੀ। ਛੁਪ ਗਿਆ ਸੂਰਜ ਤਾਂ ਦਿਲ ਦੇ ਜ਼ਖ਼ਮ ਰੌਸ਼ਨ ਹੋ ਗਏ, ਦਿਲ ਦਿਆਂ ਜ਼ਖ਼ਮਾਂ ਨੇ ਕੀਤੀ ਸਾਡੇ ਰਾਹ ਵਿਚ ਰੌਸ਼ਨੀ। ਉਮਰ ਭਰ ਹੀ ਪਿਆਰ ਸਾਡਾ ਇਸ ਤਰ੍ਹਾਂ ਕੁੱਝ ਪੁੱਗਿਆ, ਮੈਂ ਉਹਦੇ ਲਈ ਅਜਨਬੀ ਤੇ ਉਹ ਮੇਰੇ ਲਈ ਅਜਨਬੀ। ਜਿਸ ਤਰ੍ਹਾਂ ਰੱਖੋਂ, ਰਜ਼ਾ ਤੇਰੀ 'ਚ ਹਾਂ ਰਾਜ਼ੀ ਅਸੀਂ, ਆਪਣੀ ਕਿਸਮਤ ਵਿਚ ਮੁਹੱਬਤ ਜੇ ਨਹੀਂ ਤਾਂ ਨਾ ਸਹੀ। ਇਸ਼ਕ ਦੀ ਮਸਤੀ 'ਚ ਦਿਲ ਭਰਪੂਰ ਸੀ, ਭਰਪੂਰ ਹੈ, ਗ਼ਮ ਰਹੇ ਤੇਰਾ ਸਲਾਮਤ, ਹੈ ਸਲਾਮਤ ਹਰ ਖੁਸ਼ੀ। ਤੂੰ ਨਹੀਂ ਤਾਂ ਬਿਨ ਤੇਰੇ ਦੁਨੀਆਂ 'ਚ ਮੇਰਾ ਕੌਣ ਹੈ, ਜੀ ਰਿਹਾ ਹਾਂ ਦੋਸਤਾ, ਤੇਰੇ ਲਈ, ਤੇਰੇ ਲਈ। ਹੁਣ ਤੇਰੇ ‘ਦੀਦਾਰ' ਦੇ ਗਿਣਵੇਂ ਹੀ ਦਿਨ ਦੋ ਚਾਰ ਨੇ, ਮਰਨ ਤੋਂ ਪਹਿਲਾਂ ਤਾਂ ਇਕ ਜਲਵਾ ਦਿਖਾ ਐ ਜ਼ਿੰਦਗੀ।
ਪੱਤ ਝੜੇ, ਫੁੱਲਾਂ ਦਾ ਮੁੱਖ ਕੁਮਲਾਇਆ ਹੈ
ਪੱਤ ਝੜੇ, ਫੁੱਲਾਂ ਦਾ ਮੁੱਖ ਕੁਮਲਾਇਆ ਹੈ। ਰੱਬ ਜਾਣੇ, ਇਹ ਕਿਹੜਾ ਮੌਸਮ ਆਇਆ ਹੈ। ਹਰ ਇਕ ਰੰਗ ਹੀ ਲੱਗਦਾ ਹੈ ਬੇਰੰਗ ਜਿਹਾ, ਸੱਜਣਾ, ਇਹ ਮੈਂ ਕਿਹੜਾ ਰੰਗ ਹੰਢਾਇਆ ਹੈ। ਹਾਲੇ ਵੀ ਹਰ ਦਿਨ ਚਾਨਣ ਤੋਂ ਸੱਖਣਾ ਹੈ, ਹਾਲੇ ਵੀ ਹਰ ਦਿਨ ਤੇ ਰਾਤ ਦਾ ਸਾਇਆ ਹੈ। ਜਿਸ ਥਾਂ ਤੇ ਕੋਈ ਅੱਜ ਤੀਕਰ ਨਾ ਅੱਪੜਿਆ, ਉਸ ਥਾਂ ਮੈਨੂੰ ਇਸ਼ਕ ਮੇਰਾ ਲੈ ਆਇਆ ਹੈ। ਕੱਲ੍ਹ ਹਸਦੇ ਸੀ, ਇਹ ਵੀ ਰੱਬ ਦੀ ਕੁਦਰਤ ਸੀ, ਅੱਜ ਰੋਂਦੇ ਹਾਂ, ਇਹ ਵੀ ਉਸ ਦੀ ਮਾਇਆ ਹੈ। ਆਪਣੇ ਘਰ ਦੀਆਂ ਕੰਧਾਂ ਮੈਨੂੰ ਆਖਦੀਆਂ, ਤੁਰ ਜਾ ਜਾਨ ਬਚਾ ਕੇ ਦੇਸ਼ ਪਰਾਇਆ ਹੈ। ਜਾਣ ਦੇ ਐ ‘ਦੀਦਾਰ' ਮੌਤ ਦੀ ਝੋਲੀ ਵਿੱਚ, ਮਰ ਮਰ ਕੇ ਜੀਵਨ ਦਾ ਪੰਧ ਮੁਕਾਇਆ ਹੈ।
ਮੇਰੇ ਦਿਲਦਾਰ ਤੂੰ ਏਨਾ ਵੀ ਕਿਉਂ ਮਗ਼ਰੂਰ ਹੋ ਜਾਨੈਂ
ਮੇਰੇ ਦਿਲਦਾਰ ਤੂੰ ਏਨਾ ਵੀ ਕਿਉਂ ਮਗ਼ਰੂਰ ਹੋ ਜਾਨੈਂ। ਤੂੰ ਮੇਰੇ ਕੋਲ ਹੁੰਦਿਆਂ ਵੀ ਕਿਉਂ ਮੈਥੋਂ ਦੂਰ ਹੋ ਜਾਨੈਂ। ਤੂੰ ਕਿਸ ਦੇ ਲਾਰਿਆਂ ਤੇ ਜ਼ਿੰਦਗੀ ਦਾ ਪੰਧ ਕੱਟਦਾ ਏਂ, ਤੇਰੇ ਰਾਹਾਂ 'ਚ ਬੈਠਾ ਹੀ ਮੈਂ ਥੱਕ ਕੇ ਚੂਰ ਹੋ ਜਾਨੈਂ। ਤੇਰੀ ਮਹਫ਼ਿਲ ਤੇ ਕਬਜ਼ਾ ਹੈ ਜੇ ਗ਼ੈਰਾਂ ਦਾ ਤਾਂ ਮੈਨੂੰ ਕੀ, ਤੇਰੀ ਖ਼ਾਮੋਸ਼ ਤੱਕਣੀ ਥੀਂ ਹੀ ਮੈਂ ਮਖ਼ਮੂਰ ਹੋ ਜਾਨੈਂ। ਤੇਰਾ ਇਕ ਬੋਲ ਵੀ ਜੇ ਮੇਰਿਆਂ ਕੰਨਾਂ 'ਚ ਪੈ ਜਾਵੇ, ਤਾਂ ਮੈਂ ਮਰਦਾ ਹੋਇਆ ਵੀ, ਜੀਣ ਲਈ ਮਜਬੂਰ ਹੋ ਜਾਨੈਂ। ਜਿਨ੍ਹਾਂ ਜ਼ੁਲਫ਼ਾਂ ਦਾ ਸਾਇਆ ਹੈ ਮੇਰੇ ਕਾਲੇ ਨਸੀਬਾਂ ਤੇ ਉਨ੍ਹਾਂ ਨੂੰ ਦੇਖ ਕੇ ਪਲ ਭਰ ਮੈਂ ਨੂਰੋ ਨੂਰ ਹੋ ਜਾਨੈਂ। ਜਿਨ੍ਹਾਂ ਖ਼ਾਤਰ ਕਿਸੇ ਵੇਲੇ ਮੈਂ ਬਣਦਾ ਧੂੜ ਰਾਹਾਂ ਦੀ, ਕਿਸੇ ਵੇਲੇ ਉਨ੍ਹਾਂ ਦੀ ਮਾਂਗ ਦਾ ਸੰਧੂਰ ਹੋ ਜਾਨੈਂ। ਤੇਰੇ ਆਉਣੇ ਥੀਂ ਆਉਂਦੀ ਜ਼ਿੰਦਗੀ ‘ਦੀਦਾਰ’ ਦੇ ਅੰਦਰ, ਤੂੰ ਮੈਥੋਂ ਦੂਰ ਹੋ ਜਾਨੈਂ, ਮੈਂ ਜਾਨੋ ਦੂਰ ਹੋ ਜਾਨੈ।
ਦਾਸਤਾਂ ਦਿਲ ਦੀ ਸੁਣਾ ਕੇ ਆ ਗਏ
ਦਾਸਤਾਂ ਦਿਲ ਦੀ ਸੁਣਾ ਕੇ ਆ ਗਏ। ਦਿਲ ਦੀ ਦੌਲਤ ਹੀ ਲੁਟਾ ਕੇ ਆ ਗਏ। ਯਾਦ ਤੇਰੀ ਆਏਗੀ ਨਾ ਯਾਦ ਹੁਣ, ਜਿਸ ਤਰ੍ਹਾਂ ਭੁੱਲੀ ਭੁਲਾ ਕੇ ਆ ਗਏ। ਹਾਉਕਿਆਂ ਦਾ ਸੇਕ ਨਹੀਂ ਸਾਹਾਂ 'ਚ ਹੁਣ, ਧੁਖਧੁਖੀ ਦਿਲ ਦੀ ਬੁਝਾ ਕੇ ਆ ਗਏ। ਕਾਤਲਾ ਦੇਹ ਦਾਦ ਸਾਡੇ ਸ਼ੌਕ ਦੀ, ਕਤਲਗਾਹ ਵਿਚ ਮੁਸਕਰਾ ਕੇ ਆ ਗਏ। ਗ਼ਮ ਤਾਂ ਹੈ ਕਿ ਹੋ ਗਿਆ ਸੱਧਰਾਂ ਦਾ ਖ਼ੂਨ ਇਹ ਖ਼ੁਸ਼ੀ ਹੈ ਸਜ ਸਜਾ ਕੇ ਆ ਗਏ। ਦੂਰ ਤਕ ਕੁਝ ਵੀ ਨਜ਼ਰ ਆਉਂਦਾ ਨਹੀਂ, ਦੂਰ ਤਕ ਨੀਝਾਂ ਲਗਾ ਕੇ ਆ ਗਏ। ਯਾਰ ਦੇ ਦਰ ਤੇ ਝੁਕਾ ਕੇ ਸਿਰ ਅਸੀਂ, ਰੱਬ ਬਣਾਉਣਾ ਸੀ ਬਣਾ ਕੇ ਆ ਗਏ। ਹਾਦਸੇ, ਮਜਬੂਰੀਆਂ ਤੇ ਗਰਦਿਸ਼ਾਂ, ਨਾਲ ਮੇਰੇ ਹੁਮ ਹੁਮਾ ਕੇ ਆ ਗਏ। ਹਸਰਤਾਂ ਦੀ ਦਾਤ ਸੀ ‘ਦੀਦਾਰ’ ਦੀ, ਉਹ ਵੀ ਅੱਜ ਹੱਥੀਂ ਲੁਟਾ ਕੇ ਆ ਗਏ।
ਜਦ ਕੋਈ ਯਾਦਾਂ ਚੋਂ ਪਰਛਾਵਾਂ ਉੱਭਰਦਾ
ਜਦ ਕੋਈ ਯਾਦਾਂ ਚੋਂ ਪਰਛਾਵਾਂ ਉੱਭਰਦਾ। ਪਾਰੇ ਵਾਂਗੂੰ ਖ਼ੂਨ ਰਗਾਂ ਚੋਂ ਉੱਤਰਦਾ। ਤੂੰ ਵੀ ਕਿਧਰੇ ਸੁਣ ਨਾ ਲਏਂ ਤੇ ਹਿਰਖ਼ ਕਰੇਂ ਤੇਰਾ ਨਾਂ ਲੈਂਦਾ ਹਾਂ ਮੈਂ ਡਰਦਾ ਡਰਦਾ। ਖ਼ਬਰੇ ਹੁਣ ਤੇ ਕਿਸਮਤ ਕਿੱਥੇ ਲੈ ਜਾਵੇ, ਭੁੱਲ ਗਿਆ ਹੈ ਰਾਹ ਮੈਨੂੰ ਆਪਣੇ ਘਰ ਦਾ। ਹਰ ਚਿਹਰਾ ਮਸਨੂਈ ਜੂਨ ਹੰਢਾਉਂਦਾ ਹੈ, ਹਰ ਨੰਗੇ ਚਿਹਰੇ ਉੱਤੇ ਵੀ ਹੈ ਪਰਦਾ। ਇਸ਼ਕ ਕਮਾਉਣਾ ਜਣੇ-ਖਣੇ ਦੇ ਵੱਸ ਦਾ ਨਹੀਂ, ਏਥੇ ਕੋਈ ਵਿਰਲਾ ਸਿਰਲੱਥ ਨਿਤਰਦਾ। ਸ਼ਾਮ ਨੂੰ ਜਦ ਮੈਂ ਭੁੱਖਾ-ਭਾਣਾ ਸੌਂਦਾ ਹਾਂ, ਚੁੱਭਣ ਲੱਗਦੈ ਫੇਰ ਥਕੇਵਾਂ ਦਿਨ ਭਰ ਦਾ। ਰੱਬ ਜਾਣੇ , ਰੱਬ ਖ਼ੈਰ ਕਰੇ, ਕੀ ਚੰਦ ਚੜ੍ਹਨਾ, ਮੇਰੇ ਘਰ ਵਿਚ ਸੂਰਜ ਆਉਂਦੈ ਉੱਤਰਦਾ। ਕਦੀ ਅਸਾਡਾ ਪਾਣੀ ਸੂਰਜ ਭਰਦਾ ਸੀ, ਹੁਣ ਤੇ ਜ਼ੱਰਾ ਵੀ ਨਹੀਂ ਸਾਡਾ ਦਮ ਭਰਦਾ। ਦਿਲਦਾਰੋ, ਕਿਉਂ ਕਾਹਲੇ ਹੋ ਤੁਸੀਂ ਸਾੜਨ ਨੂੰ, ਬੰਦਾ ਆਖਿਰ ਮਰਦਾ ਹੈ, ਮਰਦਾ ਮਰਦਾ।
ਤੇਰੇ ਦਰ ਦੇ ਸਵਾਲੀ ਹਾਂ
ਤੇਰੇ ਦਰ ਦੇ ਸਵਾਲੀ ਹਾਂ ਕਰਮ ਤੂੰ ਕਰ ਨਾ ਕਰ ਕੋਈ। ਤੇਰੇ ‘ਦੀਦਾਰ’ ਦੀ ਖ਼ਾਤਿਰ, ਹੈ ਭਾਉਂਦਾ ਦਰ-ਬ-ਦਰ ਕੋਈ ਤੇਰੀ ਹੀ ਭਾਲ ਵਿਚ ਨਿਕਲੇ ਸੀ ਹੋਣੀ ਨਾਲ ਜੂਝਣ ਨੂੰ, ਨਾ ਤੇਰਾ ਹੈ ਪਤਾ ਕੋਈ ਨਾ ਆਪਣੀ ਹੀ ਖ਼ਬਰ ਕੋਈ। ਵਫ਼ਾ ਦੇ ਅਰਥ ਲਈ ਜਦ ਭਟਕ ਜਾਵਣ ਮੇਰੀਆਂ ਅੱਖੀਆਂ, ਨਜ਼ਰ ਵਿਚ ਆ ਸਮਾਉਂਦੀ ਹੈ ਤੇਰੇ ਵਰਗੀ ਨਜ਼ਰ ਕੋਈ। ਪਤਾ ਨਹੀਂ ਅੱਥਰੇ ਹੰਝੂ ਕਿਸਨੂੰ ਟੋਲ੍ਹਣ ਲਈ ਤੁਰ ਪੈਂਦੇ, ਜਦੋਂ ਵੀ ਯਾਦ ਆ ਜਾਂਦਾ ਹੈ ਮੇਰਾ ਹਮਸਫ਼ਰ ਕੋਈ। ਮੇਰੀ ਹਾਲਤ ਤੇ ਰੋਂਦੇ ਨੇ ਇਹ ਚੰਨ ਤਾਰੇ ਤਾਂ ਕੀ ਹੋਇਆ, ਇਨਾਂ ਆਹਾਂ ਦਾ ਹੁੰਦਾ ਨਹੀਂ ਤੇਰੇ ਉੱਤੇ ਅਸਰ ਕੋਈ। ਮੇਰੀ ਜੇ ਜਾਨ ਬਚ ਗਈ ਹੈ । ਤਾਂ ਇਹ ਤਕਦੀਰ ਹੈ ਮੇਰੀ, ਮੇਰੇ ਪਰ ਰਹਿਬਰਾਂ ਨੇ ਤਾਂ ਨਹੀਂ ਛੱਡੀ ਕਸਰ ਕੋਈ। ਤਬਾਹ ਹੱਥੀਂ ਹੀ ਕਰ ਚੁੱਕੇ ਹਾਂ ਆਪਣਾ ਆਲ੍ਹਣਾ ‘ਦੀਦਾਰ', ਤਦੇ ਸਾਨੂੰ ਨਹੀਂ ਹੁਣ ਬਿਜਲੀਆਂ ਝੱਖੜਾਂ ਦਾ ਡਰ ਕੋਈ।
ਦਿਲ ਜਦੋਂ ਤੋਂ ਬੇਮੁਹਾਰਾ ਕਰ ਲਿਆ
ਦਿਲ ਜਦੋਂ ਤੋਂ ਬੇਮੁਹਾਰਾ ਕਰ ਲਿਆ। ਦਿਲ 'ਚ ਦਰਦਾਂ ਦਾ ਪਸਾਰਾ ਕਰ ਲਿਆ। ਜੋ ਕਿਨਾਰੇ ਤੇ ਕਦੀ ਲੱਗਦੀ ਨਹੀਂ, ਉਸ ਕਿਸ਼ਤੀ ਤੋਂ ਕਿਨਾਰਾ ਕਰ ਲਿਆ। ਸੋਚਿਆ ਸੀ ਰੋ ਕੇ ਹੌਲਾ ਹੋ ਲਵਾਂ, ਦਿਲ ਸਗੋਂ ਮੈਂ ਹੋਰ ਭਾਰਾ ਕਰ ਲਿਆ। ਦਾਦ ਤਾਂ ਦਿਹ ਮੇਰੇ ਕਾਮਲ ਸ਼ੌਕ ਦੀ, ਜ਼ਹਿਰ ਪੀਣਾ ਮੈਂ ਗਵਾਰਾ ਕਰ ਲਿਆ। ਦੁਸ਼ਮਣਾਂ ਨੇ ਜਾਨ ਮੇਰੀ ਲੈਣ ਲਈ, ਕਰ ਲਿਆ, ਹੋਇਆ ਜੋ ਚਾਰਾ ਕਰ ਲਿਆ। ਆਹ ਨਹੀਂ, ਹੰਝੂ ਨਹੀਂ ਹਾਉਕੇ ਨਹੀਂ, ਜ਼ਿੰਦਗੀ ਨੂੰ ਬੇਸਹਾਰਾ ਕਰ ਲਿਆ। ਬਿਨ ਤੇਰੇ ‘ਦੀਦਾਰ' ਮਰਿਆ ਤਾਂ ਨਹੀਂ। ਜਿਸ ਤਰ੍ਹਾਂ ਹੋਇਆ ਗੁਜ਼ਾਰਾ ਕਰ ਲਿਆ।
ਜਿਵੇਂ ਸੀ ਮੁਕੱਦਰ ਦੇ ਮਾਰੇ ਅਸੀਂ
ਜਿਵੇਂ ਸੀ ਮੁਕੱਦਰ ਦੇ ਮਾਰੇ ਅਸੀਂ। ਰਹੇ ਬੈਠੇ ਪਰ ਤੇਰੇ ਦੁਆਰੇ ਅਸੀਂ। ਤੇਰੇ ਨਕਸ਼ ਦਿਲ ਵਿਚ ਉਤਾਰੇ ਅਸੀਂ। ਤਸੱਵਰ 'ਚ ਕੀਤੇ ਨਜ਼ਾਰੇ ਅਸੀਂ। ਤੇਰੇ ਨਾਲ ਹੀ ਸੀ ਇਹ ਦੁਨੀਆਂ ਆਬਾਦ ਤੇਰੇ ਬਾਝੋਂ ਹੋ ਗਏ ਨਕਾਰੇ ਅਸੀਂ। ਕਿਸੇ ਕੰਮ ਨਾ ਆਈ ਵਫ਼ਾ ਆਪਣੀ, ਬੜੇ ਹੀ ਖਲਾਰੇ, ਖਿਲਾਰੇ ਅਸੀਂ। ਤੇਰੇ ਹੱਥੋਂ ਮਰਨੇ ਤੇ ਜੀ ਆ ਗਿਆ, ਇਹ ਦਿਨ ਮੌਤ ਤੋਂ ਲਏ ਉਧਾਰੇ ਅਸੀਂ। ਘਟਾ ਕਾਲੀ ਛਾਈ ਤਾਂ ਮੈਖ਼ਾਨੇ ਵਲ, ਚਲੇ ਆਏ ਹਾਂ ਆਪ-ਮੁਹਾਰੇ ਅਸੀਂ। ਰਹੇ ਹਰ ਕਦਮ ਤੇ ਬੇਸ਼ੱਕ ਹਾਰਦੇ, ਨਹੀਂ ਹੌਂਸਲਾ ਫਿਰ ਵੀ ਹਾਰੇ ਅਸੀਂ। ਬੁਰੇ ਹੋ ਗਏ ਜਾਂ ਭਲੇ ਹੋ ਗਏ, ਜਿਵੇਂ ਹੋਏ ਕਰ ਲਏ ਗੁਜ਼ਾਰੇ ਅਸੀਂ। ਜੁਦਾਈ ’ਚ ‘ਦੀਦਾਰ’ ਗੁਜ਼ਰੇ ਨੇ ਜੋ, ਨਾ ਪੁੱਛੋ ਕਿਵੇਂ ਦਿਨ ਗੁਜ਼ਾਰੇ ਅਸੀਂ।
ਨੈਣੀਂ ਨਾ ਨੂਰ ਜਿਸ ਦੇ, ਦਿਲ ਵਿਚ ਦਇਆ ਨਾ ਹੋਵੇ
ਨੈਣੀਂ ਨਾ ਨੂਰ ਜਿਸ ਦੇ, ਦਿਲ ਵਿਚ ਦਇਆ ਨਾ ਹੋਵੇ। ਮਾਲਿਕ ਤੇਰੀ ਦੁਹਾਈ, ਐਸਾ ਖ਼ੁਦਾ ਨਾ ਹੋਵੇ। ਸੀਨੇ ਚ ਪੀੜ ਲੈ ਕੇ ਬੇਮੌਤ ਮਰ ਗਿਆ ਜੋ, ਕੋਈ ਬਦਨਸੀਬ ਜੱਗ ਤੇ ਮੇਰੇ ਜਿਹਾ ਨਾ ਹੋਵੇ। ਉਹ ਦੁੱਖ ਦਰਦ ਕਿਹੜਾ ਜਾਂ ਜਬਰ ਜੁਲਮ ਕੋਈ, ਕਿਸਮਤ ਨੇ ਜਿਹੜਾ ਮੇਰੇ ਤੇ ਪਰਖਿਆ ਨਾ ਹੋਵੇ। ਮਿਲਣੇ ਜੇ ਜਾਮ ਊਣੇ, ਕੀ ਪੀਣ ਦਾ ਮਜ਼ਾ ਹੈ, ਸਾਕੀ ਦਲੇਰ ਹੋਵੇ ਜਾਂ ਮੈਕਦਾ ਨਾ ਹੋਵੇ। ਦੀਦਾਰ ਤਬਾਹੀ ਆਪਣੀ ਹੁੰਦੀ ਤਾਂ ਹੋਣ ਦੇ ਤੂੰ, ਦੇਖੀਂ, ਕਿਸੇ ਦਾ ਫਿਰ ਵੀ ਤੈਥੋਂ ਬੁਰਾ ਨਾ ਹੋਵੇ।
ਸਾਨੂੰ ਵੀ ਸੱਜਣਾ ਦੱਸ ਜਾ ਵੇ
ਸਾਨੂੰ ਵੀ ਸੱਜਣਾ ਦੱਸ ਜਾ ਵੇ ਸੱਜਣਾਂ ਨੂੰ ਕਿਵੇਂ ਵਿਸਾਰੀਦਾ। ਇੱਕ ਪਲ ਜੋ ਹੁੰਦੈ ਹਿਜਰਾਂ ਦਾ, ਉਹ ਪਲ ਫਿਰ ਕਿਵੇਂ ਗੁਜ਼ਾਰੀਦਾ। ਲੁਕਮਾਨ ਜਿਹੇ ਵੀ ਕਹਿੰਦੇ ਨੇ ਇਹ ਇਸ਼ਕ ਦਾ ਰੋਗ ਅਵੱਲਾ ਹੈ, ਉਹ ਪਾਗਲ ਕਰਦਾ ਫਿਰਦਾ ਏ ਕਿਉਂ ਚਾਰਾ ਏਸ ਬੀਮਾਰੀ ਦਾ। ਜੀਵਨ ਨੂੰ ਮਰਨਾ ਕਹਿੰਦੇ ਜੋ , ਉਹ ਮੌਤ ਨਿਰਾਲੀ ਹੁੰਦੀ ਏ, ਇਸ ਮੌਤ ਦੀਆਂ ਵੀ ਨੀਹਾਂ ਤੇ ਜੀਵਨ ਦਾ ਮਹਿਲ ਉਸਾਰੀ ਦਾ। ਸਮਿਆਂ ਦੇ ਜਾਬਰ ਸੁਲਤਾਨੋ, ਕੁੱਲੀਆਂ ਤੇ ਕਹਿਰ ਗੁਜ਼ਾਰੋ ਨਾ, ਲੂਹ ਸਕਦਾ ਸਾਰੇ ਮਹਿਲਾਂ ਨੂੰ , ਇਕ ਜਜ਼ਬਾ ਹੀ ਅੰਗਿਆਰੀ ਦਾ। ‘ਦੀਦਾਰ’ ਦੀ ਖ਼ਾਤਿਰ ਹਾਰ ਗਏ ਦਿਲ ਜਾਨ ਜਿਗਰ ਤੇ ਮਜ਼ਹੱਬ ਵੀ ਸਾਨੂੰ ਫਲ ਚੰਗਾ ਮਿਲਿਆ ਹੈ ਓ ਯਾਰਾ ਤੇਰੀ ਯਾਰੀ ਦਾ।
ਉੱਜੜ ਗਈ ਤਕਦੀਰ ਦੀ ਬਸਤੀ
ਉੱਜੜ ਗਈ ਤਕਦੀਰ ਦੀ ਬਸਤੀ ਜਿੰਦ ਡੋਲਦੀ ਪਾਰੇ ਵਾਂਗ। ਦਿਲ ਦੇ ਸ਼ਹੁ-ਸਾਗਰ ਵਿਚ ਤਰਦੀ ਤੇਰੀ ਯਾਦ ਸ਼ਕਾਰੇ ਵਾਂਗ। ਲੱਖਾਂ ਹੀ ਅਰਮਾਨ ਨਿਗਲ ਲਏ ਚੁੱਪ ਦੇ ਜ਼ਾਲਮ ਸ਼ਿਕਰੇ ਨੇ, ਤੱਕਾਂ ਆਸ ਦਾ ਆਲ੍ਹਣਾ ਖ਼ਾਲੀ ਮੈਂ ਕਿਸਮਤ ਦੇ ਮਾਰੇ ਵਾਂਗ। ਸ਼ੁਹਰਤ ਦੇ ਅੰਬਰ ਦੇ ਉੱਤੇ ਇਹੋ ਮੇਰੀ ਰਾਮ ਕਥਾ, ਵਾਹ ਦੇਵਾਂਗਾ ਲੀਕ ਜਿਹੀ ਟੁੱਟਦੇ ਹੋਏ ਤਾਰੇ ਵਾਂਗ। ਵਸਲ ਤੇਰੇ ਦੀ ਬੂੰਦ ਸਵਾਤੀ ਪੀ ਕੇ ਦਿਲ ਦੀ ਤਪਸ਼ ਮਿਟੇ , ਤੇਰੇ ਬਾਝੋਂ ਹੋਂਦ ਮੇਰੀ ਹੈ। ਸੁਲਗ ਰਹੇ ਅੰਗਿਆਰੇ ਵਾਂਗ। ਛੱਡੋ ਹੁਣ ‘ਦੀਦਾਰ’ ਦੀ ਚਰਚਾ ਕਿਸ ਨੂੰ ਪਾਰ ਉਤਾਰੂ ਉਹ ਬੇੜੀ ਬਹਿਣਾ ਖੁਦ ਹੈ ਹੁਣ ਤੇ ਡੁੱਬੇ ਹੋਏ ਕਿਨਾਰੇ ਵਾਂਗ।
ਇਹ ਦਿਨ ਇਕ ਦਿਨ ਤੁਰ ਜਾਣੇ ਨੇ
ਇਹ ਦਿਨ ਇਕ ਦਿਨ ਤੁਰ ਜਾਣੇ ਨੇ। ਇਹ ਦਿਨ ਮੁੜ ਕੇ ਕਦ ਆਣੇ ਨੇ। ਕੀ ਤੱਕਿਆ ਉਸ ਨੇ ਮੁਸਕਾ ਕੇ, ਜਾਨ ਲੈ ਲਈ ਮਰ ਜਾਣੇ ਨੇ। ਮੇਰੀ ਜੀਵਨ-ਤਾਣੀ ਦੇ ਵਿਚ ਗ਼ਮ ਦੇ ਹੀ ਤਾਣੇ-ਬਾਣੇ ਨੇ। ਖ਼ਬਰੇ ਕਿਸਮਤ ਨੇ ਦੁੱਖ ਸਾਰੇ ਸਾਡੇ ਤੇ ਹੀ ਅਜ਼ਮਾਣੇ ਨੇ। ਸਾਰੀ ਉਮਰ ਦੀਦਾਰ ਨੇ, ਹੰਝੂ ਪੀਣੇ-ਗ਼ਮ ਖਾਣੇ ਨੇ।
ਸਮੇਂ ਦੇ ਰਹਿਬਰੋ ਆਓ ਕਿ ਇਨਸਾਨਾਂ ਦੀ ਗੱਲ ਕਰੀਏ
ਸਮੇਂ ਦੇ ਰਹਿਬਰੋ ਆਓ ਕਿ ਇਨਸਾਨਾਂ ਦੀ ਗੱਲ ਕਰੀਏ। ਜੋ ਬਣ ਗਏ ਵਕਤ ਤੋਂ ਪਹਿਲਾਂ ਉਹ ਸ਼ਮਸ਼ਾਨਾਂ ਦੀ ਗੱਲ ਕਰੀਏ। ਅਵੱਲੇ ਜਬਰ ਸਹਿ ਕੇ ਚੁੱਪ ਹਾਂ ਤਾਂ ਸਬਰ ਹੈ ਸਾਡਾ, ਅਸੀਂ ਵਰਨਾ ਜਦੋਂ ਕਰੀਏ ਤਾਂ ਤੂਫਾਨਾਂ ਦੀ ਗੱਲ ਕਰੀਏ। ਮੁਸ਼ੱਕਤ ਦੇ ਪੁੜਾਂ ਵਿਚ ਪਿਸ ਕੇ ਵੀ ਭੁੱਖੇ ਹਾਂ ਧੰਨਵਾਨ, ਤੁਸੀਂ ਦੱਸੋ ਕੀ ਆਦਮਖੋਰ ਭਗਵਾਨਾਂ ਦੀ ਗੱਲ ਕਰੀਏ। ਸਮਾਂ ਹੈ ਫ਼ਰਜ਼ ਦੀ ਧਰਤੀ ਤੇ ਅੱਗ ਦੇ ਬੀਜ ਬੀਜਣ ਦਾ ਵਤਨ ਦੇ ਸਰਫ਼ਰੋਸ਼ਾਂ ਦੇ ਬਲੀਦਾਨਾਂ ਦੀ ਗੱਲ ਕਰੀਏ। ਜਬਰ ਤੋਂ ਸਬਰ ਤਕ ਦੇ ਸਫ਼ਰ ਦੇ ਹਾਮੀ ਰਹੇ ਸਾਰੇ, ਅਸੀਂ ਜਿਸ ਵੀ ਕਿਸੇ ਯੁੱਗ ਦੇ ਹੁਕਮਰਾਨਾਂ ਦੀ ਗੱਲ ਕਰੀਏ। ਮਸੀਤੀਂ ਮੰਦਰੀਂ ਪੱਥਰਾਂ ਨੂੰ ਪੂਜਣ ਵਾਲਿਓ, ਉੱਠੋ ! ਜੀਉਂਦੇ ਜੀ ਹੀ ਮਰੀਆਂ ਜੀਂਦੀਆਂ ਜਾਨਾਂ ਦੀ ਗੱਲ ਕਰੀਏ। ਬੜਾ ਚਿਰ ਕੀਤੀਆਂ, ਫੁੱਲਾਂ ਦੀਆਂ, ਮਹਿਕ ਦੀਆਂ ਗੱਲਾਂ, ਚਮਨ ਦੇ ਵਾਰਸੋ, ਹੁਣ ਤੇ ਬੀਆਬਾਨਾਂ ਦੀ ਗੱਲ ਕਰੀਏ।
ਦਿਲ ਦੀ ਬਸਤੀ ਉੱਜੜੀ ਉੱਜੜੀ, ਲੱਗੀਆਂ ਬੇਪ੍ਰਵਾਹਾਂ ਨਾਲ
ਦਿਲ ਦੀ ਬਸਤੀ ਉੱਜੜੀ ਉੱਜੜੀ, ਲੱਗੀਆਂ ਬੇਪ੍ਰਵਾਹਾਂ ਨਾਲ। ਇੰਜ ਲਗਦਾ ਏ ਹਾਉਕੇ ਹਾਵੇ, ਨਿਭਣੇ ਮੇਰੇ ਸਾਹਾਂ ਨਾਲ। ਨਾ ਕੋਈ ਸਾਥੀ, ਨਾ ਕੋਈ ਬੇਲੀ, ਨਾ ਮੰਜ਼ਿਲ ਨਾ ਕੋਈ ਪੜਾ, ਥੱਕਿਆਂ ਟੁੱਟਿਆਂ ਪੈਰਾਂ ਦੀ ਹੈ, ਯਾਰੀ ਚਿਰ ਤੋਂ ਰਾਹਾਂ ਨਾਲ। ਜ਼ਿੰਦਗੀ ਦੇ ਮਾਰੂਥਲ ਅੰਦਰ, ਗ਼ਮ ਦਾ ਸੂਰਜ ਲਿਸ਼ਕਾਂ ਮਾਰੇ, ਕਿੱਦਾਂ ਸਿਰ ਤੇ ਛਾਂ ਕਰਾਂ ਮੈਂ, ਟੁੱਟੀਆਂ ਹੋਈਆਂ ਬਾਹਾਂ ਨਾਲ। ਪਲ ਭਰ ਦੀ ਖ਼ਾਤਰ ਵੀ ਕਿਹੜਾ ਦਿਲ ਚੰਦਰੇ ਦੀ ਗੱਲ ਸੁਣੇ, ਪਲ ਭਰ ਦੇ ਵਿਚ ਭਰ ਜਾਂਦੀ ਹੈ ਸਾਰੀ ਉਮਰ ਗੁਨਾਹਾਂ ਨਾਲ। ਭੰਵਰਾਂ ਵਿਚੋਂ ਬਚ ਕੇ ਬੇੜੀ ਡੁੱਬ ਗਈ ਆਣ ਕਿਨਾਰੇ ਤੇ, ਇਹ ‘ਦੀਦਾਰ' ਮੁਕੱਦਰ ਆਪਣਾ ਸ਼ਿਕਵਾ ਕਿਹਾ ਮਲਾਹਾਂ ਨਾਲ।
ਜਦ ਮੈਂ ਛੱਡ ਕੇ ਘਰ ਦੇ ਰਾਹ ਨੂੰ ਜੰਗਲ ਦੇ ਰਾਹ ਮੁੜਿਆ
ਜਦ ਮੈਂ ਛੱਡ ਕੇ ਘਰ ਦੇ ਰਾਹ ਨੂੰ ਜੰਗਲ ਦੇ ਰਾਹ ਮੁੜਿਆ। ਚੁੱਪ-ਚੁਪੀਤੇ ਸਹਿਮੇ ਹੋਏ ਰੁੱਖਾਂ ਦਾ ਰੰਗ ਉਡਿਆ। ਸਾਡੇ ਦਿਲ ਦੇ ਵਿਚ ਮਰ ਗਈਆਂ ਮਾਵਾਂ ਵਰਗੀਆਂ ਰੀਝਾਂ, ਸਾਡੀ ਜਿੰਦ ਨੂੰ ਹਰ ਇਕ ਸਾਹ ਮਤਰੇਆਂ ਵਰਗਾ ਜੁੜਿਆ। ਹੁਣ ਤਾਂ ਪੱਥਰਾਈਆਂ ਅੱਖਾਂ ਵਿਚ ਹੰਝੂ ਵੀ ਨਹੀਂ ਆਉਂਦੇ, ਸਾਹ ਅਧਮੋਏ, ਨਬਜ਼ਾਂ ਰੁਕੀਆਂ, ਖੂਨ ਜਿਗਰ ਦਾ ਸੁੜ੍ਹਿਆ। ਦੁੱਖਾਂ ਦਰਦਾਂ ਦੇ ਵਿਚ ਫਾਥਾ, ਗਿਣਾਂ ਮੌਤ ਦੀਆਂ ਘੜੀਆਂ, ਰੱਬਾ, ਐਸੇ ਜੀਵਨ ਬਾਂਝੋ ਕੀ ਸੀ ਮੇਰਾ ਥੁੜਿਆ। ਤੁਰ ਗਏ ਦੂਰ ਦਿਲਾਂ ਦੇ ਜਾਨੀ ਹੁਣ ਕਿਸ ਖ਼ਾਤਿਰ ਜੀਣਾ, ਨਦੀ ਕਿਨਾਰੇ ਰੁੱਖੜਾ ਯਾਰੋ, ਇਹ ਰੁੜ੍ਹਿਆ ਕਿ ਰੁੜ੍ਹਿਆ।
ਤੂੰ ਜੋ ਬੋਲੀ ਮਾਰੀ ਹੈ
ਤੂੰ ਜੋ ਬੋਲੀ ਮਾਰੀ ਹੈ। ਚੁੱਭੀ ਵਾਂਗ ਕਟਾਰੀ ਹੈ। ਜਿੰਦ ਕੁੜੀ ਦੇ ਸਿਰ ਉੱਤੇ, ਦੁੱਖਾਂ ਦੀ ਪੰਡ ਭਾਰੀ ਹੈ। ਭਾਵੇਂ ਤੋੜ ਚੜ੍ਹੀ ਹੈ ਨਹੀਂ ਯਾਰੀ ਫਿਰ ਵੀ ਯਾਰੀ ਹੈ। ਚੱਪੇ ਚੱਪੇ ਧੋਖਾ ਹੈ, ਪੈਰ ਪੈਰ ਮੱਕਾਰੀ ਹੈ। ਖ਼ਬਰੇ ਕਿੱਦਾਂ ਗੁਜ਼ਰੇਗੀ, ਰਾਤ ਮੇਰੇ ਤੇ ਭਾਰੀ ਹੈ। ਸਭ ਕੁਝ ਆਪਾਂ ਦੇਖ ਲਿਆ, ਸਭ ਕੁਝ ਚੋਰ-ਬਜ਼ਾਰੀ ਹੈ। ਗੱਲਾਂ ਨੇ ਤਕਦੀਰ ਦੀਆਂ, ਜਿੱਤੀ ਬਾਜ਼ੀ ਹਾਰੀ ਹੈ। ਰੋਣੇ ਤੇ ਵੀ ਹੱਸਦੇ ਹੋ, ਏਨੀ ਬੇਇਤਬਾਰੀ ਹੈ ? ਪਲ ਭਰ ਦੇ ‘ਦੀਦਾਰ' ਲਈ, ਉਮਰ ਅਸਾਂ ਨੇ ਵਾਰੀ ਹੈ।
ਪੀ ਲਈਦੇ ਨੇ ਹੰਝ ਦਰਦ ਹੰਢਾ ਲਈਦਾ
ਪੀ ਲਈਦੇ ਨੇ ਹੰਝ ਦਰਦ ਹੰਢਾ ਲਈਦਾ। ਜੀਕਣ ਪਰਚੇ ਆਪਣਾ ਮਨ ਪਰਚਾ ਲਈਦਾ। ਪਿਆਰ, ਵਫ਼ਾ ਹਮਦਰਦੀ ਸਭ ਕੁਝ ਧੋਖਾ ਹੈ, ਫਿਰ ਖ਼ਬਰੇ ਕਿਉਂ ਧੋਖਾ ਮੁੜ ਮੁੜ ਖਾ ਲਈਦਾ। ਡੂੰਘੇ ਆਥਣ ਤਕ ਵੀ ਜਦ ਕੋਈ ਆਉਂਦਾ ਨਹੀਂ, ਦਿਲ ਦਾ ਬੂਹਾ ਢੋ ਕੇ ਕੁੰਡਾ ਲਾ ਲਈਦਾ। ਹੱਸਣਾ ਰੋਣਾ ਵੀ ਹੁਣ ਆਪਣੇ ਵੱਸ ਦਾ ਨਹੀਂ, ਜਿੱਦਾਂ ਕੋਈ ਆਖੇ ਵਕਤ ਲੰਘਾ ਲਈਦਾ। ਧੋਖਾ, ਧੱਕਾ-ਧੋੜਾ-ਠੇਡਾ-ਠੋਕਰ-ਗ਼ਮ ਜੋ ਕੁਝ ਤੇਰੇ ਦਰ ਤੋਂ ਮਿਲਦਾ ਖਾ ਲਈਦਾ। ਆਪ ਮੁਆਤਾ ਲਾ ਕੇ ਆਪਣੀ ਸਿੜ੍ਹੀ ਤਾਈਂ, ਪਲ ਭਰ ਲਈ ਹੈ ਅਪਣਾ ਘਰ ਰੁਸ਼ਨਾ ਲਈਦਾ। ਜਾਣ ਲੱਗੇ ‘ਦੀਦਾਰ' ਨੂੰ ਏਦਾਂ ਕਹਿ ਗਏ ਉਹ, ‘ਝੱਲਿਆ ਇੰਜ ਨਹੀਂ ਆਪਣਾ ਆਪ ਗੁਆ ਲਈਦਾ।'
ਸਾਡੇ ਸਾਹਾਂ ਵਿਚ....
ਸਾਡੇ ਸਾਹਾਂ ਵਿਚ ਰਚ ਗਇਓਂ ਆਹ ਬਣ ਕੇ। ਸਾਡੀ ਜ਼ਿੰਦਗੀ 'ਚ ਆ ਜਾ ਤੂੰ ਵਿਸਾਹ ਬਣ ਕੇ। ਸਾਨੂੰ ਮੰਜ਼ਿਲਾਂ ਨੇ ਲੱਖ-ਲੱਖ ਪਾਈਆਂ ਬੇੜੀਆਂ, ਤੇਰੇ ਪੈਰੀਂ ਅਸੀਂ ਵਿਛੇ ਰਹੇ ਰਾਹ ਬਣ ਕੇ। ਸਾਡੇ ਬੋਲਾਂ ਨੂੰ ਨਾ ਕੋਈ ਵੀ ਪਛਾਣ ਸਕਿਆ, ਸਾਡੀ ਚੁੱਪ ਬੁਲ੍ਹੀਂ ਬੈਠੀ ਏ ਗੁਆਹ ਬਣ ਕੇ। ਬੈਠੀ ਗ਼ਮਾਂ ਦੀਆਂ ਬੇੜੀਆਂ 'ਚ ਜਿੰਦ ਡੋਲਦੀ, ਤੂਹੀਓਂ ਰੱਖ ਲਏਂ ਤਾਂ ਰੱਖ ਲਏਂ ਮਲਾਹ ਬਣ ਕੇ। ਅਸੀਂ ਸ਼ੀਸ਼ਾ ਏ ਭਵਿੱਖ ਵਾਲਾ ਜਦੋਂ ਦੇਖਿਆ ਸਾਡੀ ਹੋਂਦ ਸਾਨੂੰ ਦਿੱਸੀ ਏ ਗੁਨਾਹ ਬਣ ਕੇ। ਸਾਥੋਂ ਕੱਚੇ ਦੀਵਿਆਂ ਤੇ ਨਹੀਓਂ ਹੁੰਦੀ ਗੁਜ਼ਰਾਨ, ਅਸੀਂ ਜੀ ਲਿਆ ਬਥੇਰਾ ਖਾਨਗਾਹ ਬਣ ਕੇ। ਅਸੀਂ ਪੁੱਛਿਆ ‘ਦੀਦਾਰ’ ਦਾ ਮਸਾਣ ਸਾਨੂੰ ਬੋਲੇ, 'ਉਹ ਤੇ ਉੱਡ ਗਇਆ ਕਦੋਂ ਦਾ ਸੁਆਹ ਬਣ ਕੇ।'
ਗੁੱਝੀਆਂ ਪੀੜਾਂ ਝੋਲੀ ਪਾ ਕੇ
ਗੁੱਝੀਆਂ ਪੀੜਾਂ ਝੋਲੀ ਪਾ ਕੇ ਤੁਰ ਗਏ ਮਹਿਰਮ ਨਜ਼ਰ ਬਚਾ ਕੇ, ਉਦੋਂ ਤੋਂ ਹੀ ਅੱਖ ਨੲ੍ਹੀਂ ਲੱਗੀ ਜਦ ਤੋਂ ਬੈਠੇ ਅੱਖੀਆਂ ਲਾ ਕੇ। ਉਨ੍ਹਾਂ ਤੈਨੂੰ ਸਿਰ ਤੇ ਚੁਕਣਾ ਬੈਠੇ ਨੇ ਜੋ ਧੌਣ ਝੁਕਾ ਕੇ। ਹੱਥੀਂ ਛਾਵਾਂ ਕਰਨੇ ਵਾਲੇ । ਤੁਰ ਗਏ ਧੁੱਪੇ ਸੁੱਕਣੇ ਪਾ ਕੇ। ਉਮਰ ਲੰਘਾਂ ਲਈ ਆਪਾਂ ਸੱਜਣਾ ਹੰਝੂ ਪੀ ਕੇ ਝੋਰੇ ਖਾ ਕੇ। ਮਨ ਪਰਦੇਸੀ ਬੌਰਾ ਹੋਇਆ ਮੱਥੇ ਇਸ਼ਕ-ਕਥੂਰੀ ਲਾ ਕੇ। ਤੱਕਿਆ ਦਰ ਦਰ ਅਲਖ ਜਗਾ ਕੇ ਮੁੜ ਚੱਲੇ ਹਾਂ ਅਲਖ ਮੁਕਾ ਕੇ। ਕਿਸ ਵਿਚ ਦੀਦਾਰ ਨਹੀਂ ਹੈ ਦੇਖ ਲਿਆ ਕਿਸਮਤ ਅਜ਼ਮਾ ਕੇ।
ਜੀਵਨ ਸਫਰ ‘ਚ ਕੁਝ ਵੀ ਦਿੰਦਾ ਨਹੀਂ ਦਿਖਾਈ
ਜੀਵਨ ਸਫਰ ‘ਚ ਕੁਝ ਵੀ ਦਿੰਦਾ ਨਹੀਂ ਦਿਖਾਈ ਇਕ ਦਰਦ ਕਰ ਰਿਹਾ ਹੈ ਗੀਤਾਂ ਦੀ ਰਹਿਨੁਮਾਈ। ਅੱਖੀਆਂ ‘ਚ ਲੈ ਕੇ ਅੱਥਰੂ ਪੈਰਾਂ ‘ਚ ਲੈ ਕੇ ਛਾਲੇ ਅਹੁ ਜਾ ਰਹੇ ਨੇ ਪਾਗਲ ਅਹੁ ਆ ਰਹੇ ਸ਼ੁਦਾਈ। ਤ੍ਰਿਸ਼ੰਕੂ ਦੇ ਵਾਂਗ ਲਟਕੇ ਤਾਂ ਖਬਰ ਸਾਨੂੰ ਹੋਈ ਅਸਮਾਨ ਹੈ ਬੇਗਾਨਾ ਇਹ ਧਰਤ ਹੈ ਪਰਾਈ। ਪਗ਼ ਪਗ਼ ਤੇ ਕਿਸਮਤਾਂ ਨੇ ਕੈਸੇ ਮਜ਼ਾਕ ਕੀਤੇ ਤਨ ਭੁੱਖ ਦੇ ਨਾਲ ਮਰਿਆ ਰੂਹ ਮਰ ਗਈ ਤਿਹਾਈ। ਸਾਨੂੰ ਨਾ ਦੇ ਤੂੰ ਮੱਤਾਂ ਰੱਖ ਸਾਂਭ ਕੇ ਤੂੰ ਅਕਲਾਂ ਜਾਣੂੰ ਹਾਂ ਪਾਰਸਾਂ ਤੋਂ ਅਸੀਂ ਦੇਖ ਲਈ ਖੁਦਾਈ। ਕੀ ਮਰਨ ਜੋਗਾ ਛੱਡਿਆ, ਹੁਣ ਕੀ ਹੈ ਕੋਲ ਸਾਡੇ ਪੁੱਛਾਂਗੇ ਜ਼ਿੰਦਗੀ ਤੋਂ ਜਦ ਮੌਤ ਲੈਣ ਆਈ। ਤੇਰਾ ਦੀਦਾਰ ਹੋਇਆ ਮੌਲੀ ਸੀ ਜ਼ਿੰਦਗੀ ਪਰ ਫਿਤਨੇ ਨਵੇਂ ਜਗਾਕੇ ਲੇਖਾਂ ਨੂੰ ਫਿਰ ਨੀਂਦ ਆਈ।
ਰਾਹੀਂ ਬੁਝਾਏ ਤਾਰੇ, ਦੀਵੇ ਦਿਨੇ ਜਗਾਏ
ਰਾਹੀਂ ਬੁਝਾਏ ਤਾਰੇ, ਦੀਵੇ ਦਿਨੇ ਜਗਾਏ ਨੀ ਕਿਸਮਤੇ ਤੂੰ ਸਾਨੂੰ ਕੀ ਕੀ ਇਹ ਰੰਗ ਦਿਖਾਏ। ਮਲਕੇ ਗਮਾਂ ਦਾ ਵਟਣਾ ਨ੍ਹਾ ਲੈ ਨੀ ਜਿੰਦੇ ਰੱਜ ਕੇ ਬਰਸਾਤ ਹੰਝੂਆਂ ਦੀ ਖਬਰੇ ਨਾ ਮੁੜ ਕੇ ਆਏ। ਇਹ ਕਿਸ ਤਰ੍ਹਾਂ ਦੀ ਰੁੱਤ ਹੈ ਮੱਥੇ ਤੇ ਬੈਠੀ ਸਾਡੇ ਹੰਝੂਆਂ ‘ਚ ਗਲ ਗਏ ਦੀਦੇ ਸੁਪਨੇ ਨੇ ਸੁਕਣੇ ਪਾਏ। ਇਸ ਘਰ ‘ਚ ਜੋ ਵੀ ਆਇਆ ਸਾਹ ਘੁੱਟ ਕੇ ਮਰ ਗਿਆ ਉਹ ਜਾ ਮੁੜ ਜਾ ਪਿਛਲੇ ਪੈਰੀਂ ਯਾਦਾਂ ਦੀਏ ਹਵਾਏ। ਜਦ ਆਲ੍ਹਣੇ ਚ ਤੇਰੇ ਬੋਟਾਂ ‘ਚ ਜਾਨ ਆਈ। ਬਸ ਸਮਝ ਭੋਲੇ ਪੰਛੀ ਆਏ ਕਿ ਛਿਕਰੇ ਆਏ। ਚੱਟਣਗੇ ਖੂਨ ਚਿੱਟਾ ਬਣਕੇ ਇਹ ਨਾਗ ਕਾਲੇ ਚਿੱਟੇ ਸਫੇ ਤੇ ਜੋ ਵੀ ਮੈਂ ਹਰਫ ਕਾਲੇ ਪਾਏ। ਮੈਂ ਸਵਰਗਵਾਸੀ ਸਾਹੀਂ ਸਿਵੇ ਨੇ ਬਲਦੇ, ਜਿਨ੍ਹੇ ਹੈ ਸੁਰਗ ਦੇਖਣਾ ਮੇਰੇ ਘਰ ਚੱਲ ਕੇ ਆਏ। ਦੀਦਾਰ ਛੇੜ ਕੋਈ ਦਿਲ-ਚੀਰਵਾਂ ਤਰਾਨਾ ਸਾਹਾਂ ਦੀ ਸੱਥ ਖਬਰੇ ਇਨੇ ‘ਚ ਪਰਚ ਜਾਏ।
ਲੇਖਾਂ ਦੀ ਖੁੱਲ੍ਹੀ ਪੱਤਰੀ, ਸ਼ਗਨਾ ਦੀ ਰਾਤ ਆਈ
ਲੇਖਾਂ ਦੀ ਖੁੱਲ੍ਹੀ ਪੱਤਰੀ, ਸ਼ਗਨਾ ਦੀ ਰਾਤ ਆਈ ਇਕ ਯਾਦ ਵਰਨ ਲਈ, ਹੰਝੂਆਂ ਦੀ ਬਰਾਤ ਆਈ ਤਨ ਮਨ ਦੇ ਹੋਏ ਕੋਲੇ, ਅਰਮਾਨਾਂ ਦੀ ਰਾਖ ਉਡੀ ਦੱਸੋ ਭਲਾ ਸਾਡੇ ਲਈ ਕਾਹਦੀ ਬਰਸਾਤ ਆਈ। ਕਦੇ ਛਾਂ ਦੀ ਸਿਆਹੀ ਲੈ ਧੁੱਪ ਦੀ ਕਲਮ ਫੜਕੇ ਇਸ ਦਿਲ ਨੂੰ ਛਲਨ ਲਈ ਨਿੱਤ ਨਵੀਂ ਆਫ਼ਾਤ ਆਈ ਘਰ ਵਿਚ ਵਿਚ ਨਾ ਸਮੇਂ ਹੋਵੇ ਬਾਹਰ ਨਾ ਕਰੀ ਜਾਵੇ । ਮਹਿਬੂਬ ਵਲੋਂ ਮੈਨੂੰ ਇਹ ਅਜਬ ਸੁਗਾਤ ਆਈ ਤਕਦੀਰ ਦੇ ਬੁੱਲ੍ਹਾਂ ਤੋਂ ਟੁੱਟਿਆ ਉਹ ਹੁੰਗਾਰਾ ਇਵੇਂ ਜੋ ਸਾਡਾ ਭਵਿੱਖ ਬਣਦੀ ਮੁੜਕੇ ਨਾ ਉਹ ਬਾਤ ਆਈ ਨਾ ਮਾਸ ਨਾ ਮੋਮਬੱਤੀਆਂ ਨਾ ਬਰਫ ਨਾ ਰੇਂਡੀਅਰ ਹੈ। ਟੁੰਡਰਾ ਦੇ ਮੈਦਾਨ ਅੰਦਰ ਦੀਦਾਰ ਨੂੰ ਹਰ ਰਾਤ ਆਈ
ਕਦੇ ਹੱਸਦੇ ਹਾਂ ਉੱਠ ਉੱਠ ਕੇ ਕਦੇ ਰੋਂਦੇ ਹਾਂ ਬਹਿ ਬਹਿ ਕੇ
ਕਦੇ ਹੱਸਦੇ ਹਾਂ ਉੱਠ ਉੱਠ ਕੇ ਕਦੇ ਰੋਂਦੇ ਹਾਂ ਬਹਿ ਬਹਿ ਕੇ ਉਹ ਮੇਰੇ ਇਸ਼ਕ ਤੂੰ ਯਾਦ ਕਿਉਂ ਆਉਨੈ ਰਹਿ ਰਹਿ ਕੇ। ਅਜੇ ਵੀ ਧੜਕਦਾ ਦਿਲ, ਅਜੇ ਵੀ ਹੰਝੂ ਵਗ ਪੈਂਦੇ ਅਸੀਂ ਬਣੇ ਨਾ ਪੱਥਰ, ਇਹ ਪੱਥਰ ਜਗ ਦੇ ਸਹਿ ਸਹਿ ਕੇ। ਓ ਬੰਦਿਓ ਕਿਉਂ ਤੁਹਾਡੀ ਅਕਲ ਉੱਤੇ ਪੈ ਗਿਆ ਪਰਦਾ ਇਓਂ ਤਾਂ ਬਾਂਸ ਵੀ ਸੜਦੇ ਨੲ੍ਹੀਂ ਆਪੋ 'ਚ ਖਹਿ ਖਹਿ ਕੇ। ਤੇਰੀ ਖਾਤਰ ਤਾਂ ਇਹ ਤੁਫਾਨ ਚੜ੍ਹ-ਚੜ੍ਹ ਵੀ ਲਹਿ ਜਾਂਦੇ, ਮੇਰੀ ਵਾਰੀ ਇਹ ਤੂਫਾਨ ਚੜ੍ਹ ਜਾਂਦੇ ਨੇ ਲਹਿ-ਲਹਿ ਕੇ। ਮੇਰੇ ਜੋ ਢਹਿ ਗਏ ਸੁਪਨੇ, ਕਰੋ ਨਾ ਰੰਜ ਕੁਝ ਲੋਕੋ ਮੇਰੇ ਸੁਪਨੇ ਕਈ ਵਾਰੀ ਉੱਸਰੇ ਇੰਜ ਹੀ ਢਹਿ ਢਹਿ ਕੇ। ਮੇਰੀ ਚੁੱਪ ਦੀ ਹੀ ਬੋਲੀ ਖਬਰੇ ਪੁੱਜ ਜਾਏ ਉਨ੍ਹਾਂ ਤੀਕਰ ਥੱਕ ਗਏ ਹਾਂ ਹੁਣ ਦੀਦਾਰ ਉਨ੍ਹਾਂ ਨੂੰ ਬਹੁਤਾ ਕਹਿ ਕੇ।
ਰਹਿਮਤ ਬੜੀ ਹੈ ਤੇਰੀ, ਐਪਰ ਨਸੀਬ ਮੇਰੇ
ਰਹਿਮਤ ਬੜੀ ਹੈ ਤੇਰੀ, ਐਪਰ ਨਸੀਬ ਮੇਰੇ ਦੀਵੇ ਤਾਂ ਜਗ ਰਹੇ ਨੇ, ਪਰ ਬੁਝ ਗਏ ਬਨੇਰੇ ਇਕ ਪਾਸੇ ਫੁੱਲ ਖਿੜੇ ਨੇ, ਇਕ ਪਾਸੇ ਫੁੱਲ ਚੁਗੇ ਨੇ ਤੇਰੇ ਨਸੀਬ ਤੇਰੇ, ਮੇਰੇ ਨਸੀਬ ਮੇਰੇ ਸ਼ਇਦ ਹੀ ਹੋ ਸਕੇਗਾ, ਇਸ ਘਰ 'ਚ ਹੁਣ ਤਾਂ ਚਾਨਣ ਬੂਹਿਆਂ ਤੇ ਬਾਰੀਆਂ ਵਿਚ ਬੈਠੇ ਨੇ ਸ਼ਾਹ ਹਨ੍ਹੇਰੇ ਪਹਿਰੇ ਤੇ ਹਰ ਤਰਫ ਹੀ ਤਣਕੇ ਸੰਗੀਨਾਂ ਖੜੀਆਂ, ਏਨਾ ਕੁ ਦੱਸ ਤਾਂ ਰੱਬਾ ਸਹਿਮੇ ਕਿਉਂ ਘਰ ਨੇ ਤੇਰੇ ਬਰਮੀ 'ਚ ਦੁੱਧ ਪਾ ਕੇ ਆਪੇ ਤਾਂ ਨਾਗ ਪਾਲੇ ਹੁਣ ਕਰਨ ਕੀ ਇਹ ਬੀਨਾਂ, ਹਣ ਕਰਨ ਕੀ ਸਪੇਰੇ ਛੱਡ ਆਲ੍ਹਣੇ ਵਿਲਕਦੇ ਸੂਰਜ ਦੀ ਭਾਲ ਅੰਦਰ ਪੰਛੀ ਜੋ ਰਾਤ ਉੱਡ ਗਏ ਪਰਤਣਗੇ ਹੁਣ ਸਵੇਰੇ ਪੈਰਾਂ ਦੇ ਛਾਲਿਆਂ ਦਾ ਮੋਹ ਤੋੜ, ਹੌਸਲਾ ਕਰ ਦੀਦਾਰ ਪੰਧ ਹਾਲੇ ਨੇ ਇਸ਼ਕ ਦੇ ਲਮੇਰੇ।
ਤੇਰੇ ਘਰ ਤਾਂ ਸੱਜਣਾ ਬੜੀ ਚਾਨਣੀ ਸੀ
ਤੇਰੇ ਘਰ ਤਾਂ ਸੱਜਣਾ ਬੜੀ ਚਾਨਣੀ ਸੀ ਮੇਰੇ ਘਰ ਹਨ੍ਹੇਰੇ ਦੀ ਕੰਧ ਕਿਉਂ ਤਣੀ ਸੀ ਤੇਰੇ ਤੇ ਕੀ ਸ਼ਿਕਵਾ ਗਿਲਾ ਕੀ ਤੇਰੇ ਤੇ ਓ ਯਾਰਾ ਮੈਂ ਇਹ ਵੀ ਘੜੀ ਦੇਖਣੀ ਸੀ। ਕਦੇ ਸਾਡਾ ਜੋਬਨ ਸੀ ਸਿਖਰੀਂ ਦੁਪਹਿਰਾਂ ਕਦੇ ਸਾਡੇ ਸਾਹਾਂ ਦੀ ਛਾਂ ਵੀ ਘਣੀ ਸੀ। ਪਹਿਲੇ ਪੜਾ ਤੇ ਹੀ ਕਿਉਂ ਅਟਕਿਆਂ ਏਂ ਅਜੇ ਤਾਂ ਤੂੰ ਮੰਜ਼ਿਲ ਦੀ ਰਾਹ ਨਾਪਣੀ ਸੀ। ਮੇਰੇ ਮੋਢੇ ਤੇ ਜਦ ਤੇਰੀ ਜ਼ੁਲਫ ਬਿਖਰੀ ਉਦੋਂ ਏਸ ਚੰਨ ਦੀ ਬੜੀ ਚਾਨਣੀ ਸੀ। ਅਸਾਂ ਮੌਤ ਐਵੇਂ ਨਹੀਂ ਗਲ ਲਗਾਈ ਅਸਾਂ ਬਲਾ ਏ ਜ਼ਿੰਦਗੀ ਤੋਂ ਟਾਲਣੀ ਸੀ। ਮੇਰੇ ਦਿਲ ਦੇ ਮਾਲਕ ਕਿਸਨੂੰ ਖਬਰ ਕਿ ਤੈਨੂੰ ਦੇਖਣੇ ਨੂੰ ਨਜ਼ਰ ਇਹ ਸਹਿਕਣੀ ਸੀ। ਬਦਲ ਗਏ ਐ ਦੀਦਾਰ ਤੇਰੇ ਸਭ ਯਾਰ ਤਾਂ ਨੇ 'ਵਾਜ਼ ਸਮੇਂ ਦੀ ਤੂੰ ਵੀ ਤਾਂ ਪਹਿਚਾਨਣੀ ਸੀ।
ਨਾਂ ਸੂਰਜ ਚੋਂ ਗਰਮੀ ਲਭਦੀ ਨਾਂ ਰੁੱਖਾਂ ਚੋਂ ਛਾਂ
ਨਾਂ ਸੂਰਜ ਚੋਂ ਗਰਮੀ ਲਭਦੀ ਨਾਂ ਰੁੱਖਾਂ ਚੋਂ ਛਾਂ, ਦੱਸੋ ਯਾਰੋ ਇਸ ਮੌਸਮ ਦਾ ਕਿਹੜਾ ਰੱਖੀਏ ਨਾਂ। ਉਹ ਸੂਰਤ ਤਾਂ ਅੱਖ ਦੇ ਫੇਰ ‘ਚ ਹੋ ਗਈ ਨਜ਼ਰੋਂ ਦੂਰ ਕਿੰਨੇ ਜਨਮ ਹੰਢਾ ਲਏ ਆਪਾਂ ਉਸਨੂੰ ਛੰਡਦਿਆਂ। ਜੇਸ ਮੋੜ ਤੇ ਮਿਲਕੇ ਚੰਨਾਂ ਹੱਸ ਪੈਨਾਂ ਏ ਤੂੰ ਉਸੇ ਮੋੜ ਤੇ ਇਕ ਦਿਨ ਆਖਰ ਪੈਂਦਾ ਹੈ ਰੋਣਾਂ। ਸ਼ਹਿਰ ਮੇਰੇ ਦੇ ਲੋਕਾਂ ਦੇ ਸੰਗ ਬਿਜਲੀ ਕਰੇ ਮਜ਼ਾਕ ਘਰ-ਘਰ ਅੰਦਰ ਘੁੱਪ ਹਨ੍ਹੇਰੇ ਬਾਹਰ ਰੌਸ਼ਨੀਆਂ। ਯਾਰਾਂ ਦੀ ਮਹਿਫਿਲ ਵਿਚ ਜਾਣਾਂ ਠਹਿਰੀਂ ਜ਼ਰਾ ਕੁ ਯਾਰ, ਮੈਂ ਵੀ ਆਪਣੇ ਬੁੱਲ੍ਹਾਂ ਉੱਤੇ ਹਾਸਾ ਟੰਗ ਲਵਾਂ। ਜੇਸ ਕਬਰ ਵਿਚ ਥਾਂ ਮਿਲਦੀ ਹੈ ਸਾਂਭ ਲੈ ਅੱਜ ਦੀਦਾਰ ਨਹੀਂ ਤਾਂ ਏਥੇ ਕੱਲ ਨੂੰ ਤੇਰਾ ਕਿਸੇ ਨੲ੍ਹੀਂ ਲੈਣਾ ਨਾਂ
ਹੁੰਦੇ ਇਸ ਧਰਤੀ ਤੇ ਅਨਜੋੜ ਬੜੇ ਦੇਖੇ
ਹੁੰਦੇ ਇਸ ਧਰਤੀ ਤੇ ਅਨਜੋੜ ਬੜੇ ਦੇਖੇ ਦਿਲਜੋੜ ਕੋਈ ਮਿਲਦਾ, ਦਿਲਤੋੜ ਬੜੇ ਦੇਖੇ ਕਦੇ ਹੰਝ ਕਦੇ ਹਾਉਕੇ ਕਦੇ ਹਾਵੇ, ਕਦੇ ਹਾੜੇ ਸਾਹਾਂ ਦੇ ਰਾਹਾਂ ਵਿਚ ਮੈਂ ਮੋੜ ਬੜੇ ਦੇਖੇ। ਕੀ ਹੈ ਹਿੱਸਾ-ਪੱਤੀ, ਕੱਦ ਕਰਨੀ ਗੱਲਬਾਤ ਚੋਰਾਂ ਤੇ ਕੁੱਤੀਆਂ ਦੇ ਗੱਠਜੋੜ ਬੜੇ ਦੇਖੇ। ਜਜ਼ਬਾਬਾਂ ਦੇ ਪੰਛੀ, ਕਦੇ ਇਸ ਟਾਣ੍ਹੀ ਕਦੇ ਉਸ ਟਾਣ੍ਹੀ ਇਕ ਥਾਂ ਇਹ ਟਿਕ ਨਾ ਸਕੇ ਮੈਂ ਹੋੜ ਬੜੇ ਦੇਖੇ। ਸਿਲ ਦੇ ਜਜ਼ਬਾਤ ਬਿਨਾਂ, ਦੀਦਾਰ ਗਜ਼ਲ ਨਾ ਬਣੇ, ਫੇਲਨ ਫਾਇਲਾਤੁਨ ਦੇ ਕਰ ਜੋੜ ਬੜੇ ਦੇਖੇ। ਹੁੰਦੇ ਇਸ ਧਰਤੀ ਤੇ ਅਨਜੋੜ ਬੜੇ ਦੇਖੇ ਗਏ ਦਿਲਜੋੜ ਕੋਈ ਮਿਲਦਾ, ਦਿਲਤੋੜ ਬੜੇ ਦੇਖੇ।
ਰੁੱਖਾਂ ਚੋਂ ਜਦ ਅੱਗ ਦੇ ਭਾਂਬੜ ਉਠਣਗੇ
ਰੁੱਖਾਂ ਚੋਂ ਜਦ ਅੱਗ ਦੇ ਭਾਂਬੜ ਉਠਣਗੇ ਪਰ ਹੀਣੇ ਇਹ ਪੰਛੀ ਕਿਥੇ ਬੈਠਣਗੇ। ਇਹ ਵਗਦੇ ਦਰਿਆ ਜਦ ਅੱਖੀਆਂ ਮੀਟਣਗੇ ਅੱਖੀਆਂ ਵਾਲੇ ਥਲ ਫਿਰ ਕਿਸਨੂੰ ਦੇਖਣਗੇ। ਦਿਲ ਦੀਆਂ ਰਮਜ਼ਾਂ ਕੀ ਸਮਝਣਗੇ ਦਿਲ ਕੋਰੇ ਦਿਲ ਵਾਲੇ ਹੀ ਦਿਲ ਦੀਆਂ ਰਮਜ਼ਾਂ ਸਮਝਣਗੇ। ਖੂੰਜੀ ਖਰਲੀਂ ਖਾਈਆਂ ਖੱਡਾਂ ਦਸਦੀਆਂ ਘਰ ਘਰ ਵਿਚ ਹੁਣ ਲੋਕੀਂ ਫਨੀਅਰ ਪਾਲਣਗੇ। ਟੁੱਕੀਆਂ ਹੋਈਆਂ ਜੀਭਾਂ ਕੱਟੇ ਹੋਏ ਖੰਭ ਤੀਲੀਅਰ ਮੋਰ ਕਬੂਤਰ ਕਿੱਦਾਂ ਗੁਟਕਣਗੇ। ਇਸ ਬਸਤੀ ਵਿਚ ਜਿਨ੍ਹਾਂ ਨੇ ਸਿੱਧੀ ਬਾਤ ਕਹੀ ਇਸ ਬਸਤੀ ਵਿਚ ਉਹੀਓ ਪੁੱਠੇ ਲਟਕਣਗੇ। ਚੜ੍ਹੀਆਂ ਲੱਫਾਂ ਟੁੱਟੇ ਚੱਪੂ ਮਾਂਝੀ ਗੁੰਮ ਪੱਥਰ ਹੀ ਦੀਦਾਰ ਦੀ ਬੇੜੀ ਠੇਲਣਗੇ।
ਪੈਗਬੰਰ ਹਾਂ, ਖ਼ੁਦਾ ਹਾਂ ਮੈਂ, ਹੋਰ ਕੁਝ ਹਾਂ ਪਤਾ ਕੀ ਕੀ?
ਪੈਗਬੰਰ ਹਾਂ, ਖ਼ੁਦਾ ਹਾਂ ਮੈਂ, ਹੋਰ ਕੁਝ ਹਾਂ ਪਤਾ ਕੀ ਕੀ? ਕਿ ਪਲ ਭਰ ਵਿਚ ਹੀ, ਇਹ ਬੰਦਾ ਹੈ ਦੇਖੋ ਬਣ ਗਿਆ ਕੀ ਕੀ। ਜੋ ਕਹਿੰਦਾ ਹੈ ਮੈਂ ਸਭ ਕੁਝ ਜਾਣਦਾਂ ਸਭ ਕੁਝ ਪਤੈ ਮੈਨੂੰ, ਕਿਸੇ ਨੂੰ ਕੀ ਪਤਾ ਕਿ ਇਸ 'ਚੋਂ ਹੈ ਹੁਣ ਗੁੰਮ ਗਿਆ ਕੀ ਕੀ। ਕਦੇ ਬੰਕਰ, ਕਦੇ ਲੇਜ਼ਰ, ਕਦੇ ਅੱਥਰੂ, ਕਦੇ ਧੂੰਆਂ, ਅਹੁ ਦੇਖੋ ਅੰਬਰਾਂ ਵਿਚੋਂ ਹੈ ਅੱਜ ਕੱਲ੍ਹ ਵਰਸਦਾ ਕੀ ਕੀ। ਹਵਾ ਵੀ ਭਾਰ ਨੲ੍ਹੀ ਝੱਲਦੀ, ਜਦੋਂ ਨਿਕਲੇ ਹਵਾ ਇਸ ਦੀ ਉਮਰ ਭਰ ਬੰਨ੍ਹਦਾ ਰਹਿੰਦਾ ਹੈ ਇਹ ਬੰਦਾ ਹਵਾ ਕੀ ਕੀ। ਮੁਹੱਬਤ, ਵੈਰ, ਖੰਜਰ, ਕਲਮ, ਅੱਗ, ਵਸਲ, ਤਨਹਾਈ, ਇਹ ਚੁੱਪ ਦੇ ਸਾਗਰਾਂ ਅੰਦਰ ਨਾ ਜਾਣੇ ਖੌਲਦਾ ਕੀ ਕੀ। ਹੁਸੀਨਾਂ ਦੀ ਆਗੋਸ਼ ਅੰਦਰ ਜੋ ਸੁੱਤੇ ਨੇ ਸੁਰਾ ਪੀ ਕੇ, ਕਿਸੇ ਕਾਮੇ ਤੋਂ ਪੁੱਛੋ ਉਸ ਦੇ ਦਿਲ ਵਿਚ ਜਾਗਦਾ ਕੀ ਕੀ। ਮੁਕੱਦਰ ਦੀ ਹਰ ਇਕ ਰੇਖਾ ਉਲਝ ਕੇ ਰਹਿ ਗਈ ਆਪੋ ਵਿਚ, ਕੀ ਪੁੱਛਦੇ ਹੋ ਕਿ ਬਚਪਨ ਵਿਚ ਦੀਦਾਰ ਨਾ ਸੋਚਿਆ ਸੀ ਕੀ ਕੀ।
ਮੇਰੇ ਜੇ ਆਲ੍ਹਣੇ 'ਚ ਇਹ ਕੂੰਜਾਂ ਨਾ ਗਾਉਂਦੀਆਂ
ਮੇਰੇ ਜੇ ਆਲ੍ਹਣੇ 'ਚ ਇਹ ਕੂੰਜਾਂ ਨਾ ਗਾਉਂਦੀਆਂ। ਇਹ ਬਿਜਲੀਆਂ ਫਿਰ ਕਿਸ ਜਗ੍ਹਾ 'ਤੇ ਘਰ ਬਣਾਉਂਦੀਆਂ। ਮੂੰਹ ਤੇ ਮਛੇਰਿਆਂ ਦੇ ਅੱਜ ਚੜਹੀਆਂ ਨੇ ਲਾਲੀਆਂ, ਪਾਣੀ ਦੀ ਥਾਂ ਅੱਜ ਮੱਛੀਆਂ ਲਹੂਆਂ 'ਚ ਨ੍ਹਾਉਂਦੀਆਂ। ਬਚ ਜਾਣ ਜੇ ਇਹ ਬਚ ਸਕਣ ਰੁੱਖਾਂ ਨੂੰ ਕਹਿ ਦਿਓ, ਅਹੁ ਆਉਂਦੀਆਂ ਨੇ ਬਦਲੀਆਂ ਅੱਗਾਂ ਵਰ੍ਹਾਉਂਦੀਆਂ। ਪੱਥਰ ਦੇ ਸ਼ਹਿਰ ਵਿਚ ਹੀ ਹੁਣ ਜ਼ੰਜੀਰ ਛਣਕਦੀ, ਬਾਗਾਂ 'ਚ ਕੁੜੀਆਂ ਹੁਣ ਨਹੀਂ ਤੀਆਂ ਮਨਾਉਂਦੀਆਂ। ਬੂਹੇ ਤੇ ਬਾਰੀਆਂ ਹੀ ਨੇ ਦੀਵਾਰ ਬਣ ਗਏ। ਤਾਹੀਉਂ ਘਰੀਂ ਸੁਆਣੀਆਂ ਜਿੰਦੇ ਨੲ੍ਹੀਂ ਲਾਉਂਦੀਆਂ। ਸੁੱਤਾ ਵੀ ਹੋਵਾਂ ਤਾਂ ਡਰਾਉਂਦੀ ਸੁਪਨਿਆਂ ਦੀ ਡਾਰ ਸੁਪਨੇ 'ਚ ਵੀ ਅੱਖੀਆਂ 'ਚ ਹੁਣ ਨੀਂਦਾ ਨਾ ਆਉਂਦੀਆਂ।
ਇਹ ਜੋ ਦੀਵਾ ਜਗਦਾ, ਬੁਝਦਾ ਜਗਦਾ ਹੈ
ਇਹ ਜੋ ਦੀਵਾ ਜਗਦਾ, ਬੁਝਦਾ ਜਗਦਾ ਹੈ। ਚੰਦਰਾ ਮੈਨੂੰ ਮੇਰੇ ਵਰਗਾ ਲਗਦਾ ਹੈ। ਸ਼ੀਸ਼ੇ ’ਚੋਂ ਵੀ ਮੇਰਾ ਚਿਹਰਾ ਲੱਭਦਾ ਨਈਂ, ਚਿਹਰਾ ਕੀ, ਸ਼ੀਸ਼ਾ ਵੀ ਮੈਨੂੰ ਠਗਦਾ ਹੈ। ਹਰ ਘਰ ਦੇ ਵਿਚ ਲੋਕੀਂ ਲੜਦੇ ਰਹਿੰਦੇ ਨੇ, ਹਰ ਘਰ ਦੇ ਵਿਚ ਅੱਗ ਦਾ ਦਰਿਆ ਵਗਦਾ ਹੈ। ਹੁਣ ‘ਦੀਦਾਰ' ਨ ਠੁੰਮਣੇ ਦੇ ਕੇ ਸਮਾਂ ਗੁਆ, ਘੁਣ ਖਾਧਾ ਸ਼ਹਿਤੀਰ ਕਦੋਂ ਤਕ ਤਗਦਾ ਹੈ।
ਕੀਕਣ ਝੱਲੀਆਂ ਤੱਤੀਆਂ ਤੇਜ਼ ਹਵਾਵਾਂ ਦੇਖ
ਕੀਕਣ ਝੱਲੀਆਂ ਤੱਤੀਆਂ ਤੇਜ਼ ਹਵਾਵਾਂ ਦੇਖ, ਖੰਭ ਲਾ ਕੇ ਉਡ ਚੱਲਿਆ ਹਰ ਪਰਛਾਵਾਂ ਦੇਖ। ਪਿਆਰ ਦਾ ਖਤ ਤਾਂ ਲਿਖ ਬੈਠੈਂ ਦਿਲ ਚੰਦਰਿਆ ਲਿਖਣਾ ਹੈ ਇਸ ਤੇ ਕਿਸਦਾ ਸਿਰਨਾਵਾਂ ਦੇਖ। ਦਿਲ-ਵਿਹੜੇ ਰੀਝਾਂ ਦੀਆਂ ਕੂੰਜਾਂ ਕੀ ਆਈਆਂ ਆਹੂ ਲਾਹੇ ਕਿੰਜ ਸਮੇਂ ਦਿਆਂ ਕਾਵਾਂ ਦੇਖ। ਆਪਣੇ ਇਕਲਾਪੇ ਦਾ ਥਲ ਹੀ ਸਾਂਭੇਗਾ। ਸੁੱਕ ਜਾਣਾ ਹੈ ਯਾਰਾਂ ਦਿਲ-ਦਰਿਆਵਾਂ ਦੇਖ। ਜਨਮ-ਕਾਲ ਤੋਂ ਭੁੱਬਲ ਉੱਤੇ ਲੁਸਦੇ ਨੇ ਕਿੰਨਾਂ ਚਿਰ ਹੁਣ ਤਗਣਾ ਇਨ੍ਹਾਂ ਸ੍ਹਾਵਾਂ ਦੇਖ। ਪਿਆਰ ਫਰਿਸਤ 'ਚ ਲੇਖੇ ਹੁੰਦੇ ਲੇਖਾਂ ਦੇ ਤੂੰ ਦੀਦਾਰ ਨਾ ਏਥੇ ਆਪਣਾ ਨਾਵਾਂ ਦੇਖ।
(ਗੀਤ) ਸਾਡੇ ਟੁੱਟਿਆਂ ਦਿਲਾਂ ਦੀ ਗੱਲ ਸੁਣ ਜਾ
ਸਾਡੇ ਟੁੱਟਿਆਂ ਦਿਲਾਂ ਦੀ ਗੱਲ ਸੁਣ ਜਾ, ਭਾਂਵੇ ਅੱਜ ਸੁਣ ਜਾ ਭਾਵੇਂ ਕੱਲ ਸੁਣ ਜਾ। ਕਦੇ ਨਿਉਂ ਨਾ ਜੋਰੀਂ ਲਗਦੇ ਵੇ, ਮੱਚ ਪੈਣ ਮੁਆਤੇ ਅੱਗ ਦੇ ਵੇ, ਜੋ ਸਾੜ ਉਮਰ ਦੀ ਜੋੜ ਗਿਆ, ਉਹ ਉਹ ਬੀਤੇ ਕਿੱਦਾਂ ਪੱਲ ਸੁਣ ਜਾ ਸਾਡੇ ਟੁੱਟਿਆਂ ਦਿਲਾਂ ਦੀ ਗੱਲ ਸੁਣ ਜਾ.........। ਲੈ ਫੇਰ ਘਟਾਵਾਂ ਛਾ ਗਈਆਂ ਸਾਡੀ ਜਿੰਦ ਨੂੰ ਫੇਰ ਰੁਲਾ ਗਈਆਂ, ਫੜ ਛੁਰੀਆਂ ਤੇਰੇ ਹਿਜ਼ਰ ਦੀਆਂ, ਅਸੀਂ ਕਿਵੇਂ ਲਹਾ ਲਈ ਖੱਲ ਸੁਣ ਜਾ, ਭਾਵੇਂ ਅੱਜ ਸੁਣ ਜਾ ਭਾਵੇਂ ਕੱਲ ਸੁਣ ਜਾ......। ਤੇਰੇ ਨਾਮ ਦੀ ਮਦਿਰਾ ਪੀਂਦੇ ਹਾਂ, ਨਾ ਮਰਦੇ ਹਾਂ ਨਾ ਜਾਂਦੇ ਹਾਂ, ਦੀਦਾਰ ਤੇਰੇ ਦੀ ਹਸਰਤ ਨੇ, ਕਿੱਦਾਂ ਪਾਈ ਤਰਥੱਲ ਸੁਣ ਜਾ, ਸਾਡੇ ਟੁੱਟਿਆਂ ਦਿਲਾਂ ਦੀ ਗੱਲ ਸੁਣ ਜਾ, ਭਾਵੇਂ ਅੱਜ ਸੁਣ ਜਾ ਭਾਵੇਂ ਕੱਲ ਸੁਣ ਜਾ......।
ਹੱਸਦੀ ਦੇ ਪੈ ਗਏ ਜਦੋਂ ਗੱਲ੍ਹਾਂ ਉੱਤੇ ਟੋਏ ਨੀ
ਹੱਸਦੀ ਦੇ ਪੈ ਗਏ ਜਦੋਂ ਗੱਲ੍ਹਾਂ ਉੱਤੇ ਟੋਏ ਨੀ, ਲੱਖਾਂ ਦਿਲ ਵਾਲੇ ਏਥੇ ਡੁੱਬ ਡੁੱਬ ਮੋਏ ਨੀ। ਗੋਰੇ ਗੋਰੇ ਮੁੱਖੜੇ ਤੇ ਕਾਲਾ ਇਕ ਤਿਲ ਨੀ, ਅੱਖ ਦੇ ਫਰੋਕੇ ਵਿਚ ਲੁੱਟ ਲੈਂਦਾ ਦਿਲ ਨੀ, ਰਾਤ ਅਤੇ ਦਿਨ ਦੇ ਨੇ ਮੇਲ ਕਦੋਂ ਹੋਏ ਨੀ, ਲੱਖਾਂ ਦਿਲ ਵਾਲੇ ਇੱਥੇ ਡੁੱਬ ਡੁੱਬ ਮੋਏ ਨੀ........। ਨੈਣਾਂ ਵਿਚੋਂ ਉਛਲੀ ਜਾਂ ਸੰਦਲੀ ਸ਼ਰਾਬ ਨੀ, ਨੱਚ ਉੱਠੇ ਬੁੱਲ੍ਹੀਆਂ ਤੇ ਰੰਗਲੇ ਗੁਲਾਬ ਨੀ, ਦੰਦ ਜਿਵੇਂ ਬੁੱਲ੍ਹੀਆਂ ਨੇ ਮੋਤੀ ਨੇ ਲਕੋਏ ਨੀ, ਲੱਖਾਂ ਦਿਲ ਵਾਲੇ ਇੱਥੇ ਡੁੱਬ ਡੁੱਬ ਮੋਏ ਨੀ........ । ਖੁੱਲ੍ਹੀਆਂ ਜਾਂ ਲਟਾਂ ਰਾਤ ਗਈ ਨਸ਼ਿਆਈ ਨੀ, ਮੋਢਿਆਂ ਤੇ ਨੀਂਦ ਜਿਵੇਂ ਨਾਗਣਾ ਨੂੰ ਆਈ ਨੀ, ਕਿਹੜਾ ਏ ਦੀਦਾਰ ਅੱਜ ਇਹਨਾਂ ਕੋਲ ਹੋਏ ਨੀ, ਲੱਖਾਂ ਦਿਲ ਵਾਲੇ ਇਥੇ ਡੁੱਬ ਡੁੱਬ ਮੋਏ ਨੀ........ ।
ਨੈਣੀਂ ਕਜਲਾ ਤੇ ਬੁੱਲ੍ਹਾਂ ਤੇ ਦੰਦਾਸਾ ਕੁੜੀਏ
ਨੈਣੀਂ ਕਜਲਾ ਤੇ ਬੁੱਲ੍ਹਾਂ ਤੇ ਦੰਦਾਸਾ ਕੁੜੀਏ, ਸਾਨੂੰ ਲੁੱਟ ਲੈ ਗਿਆ ਏ ਤੇਰਾ ਹਾਸਾ ਕੁੜੀਏ। ਸਾਲ ਸੋਲ੍ਹਵਾਂ ਜਵਾਨੀ ਚੜ੍ਹੀ ਕਹਿਰ ਦੀ, ਚੁੰਨੀ ਸੱਪ ਰੰਗੀ ਸਿਰ ਤੇ ਨਾ ਠਹਿਰਦੀ, ਕਾਹਨੂੰ ਅੱਡੀ ਨਾਲ ਭੋਰੇਂ ਤੂੰ ਪਤਾਸਾ ਕੁੜੀਏ, ਸਾਨੂੰ ਲੁੱਟ ਲੈ ਗਿਆ ਏ ਤੇਰਾ ਹਾਸਾ ਕੁੜੀਏ। ਤੇਰੀ ਅੱਖ ਦਾ ਇਸ਼ਾਰਾ ਗੱਲ ਕਹਿ ਗਿਆ, ਪਾਰਾ ਇਸ਼ਕੇ ਦਾ ਹੱਡਾਂ ਵਿਚ ਬਹਿ ਗਿਆ, ਤੇਰਾ ਅੰਗ ਅੰਗ ਪਿਆਰ ਦਾ ਪਤਾਸਾ ਕੁੜੀਏ, ਸਾਨੂੰ ਲੁੱਟ ਲੈ ਗਿਆ..... । ਇਹਨਾਂ ਅੱਖੀਆਂ 'ਚ ਸੁਰਮੇ ਦੀ ਧਾਰ ਨੀ, ਤੀਰ ਸੀਨੇ ਵਿਚੋਂ ਹੋਇਆ ਆਰ ਪਾਰ ਨੀ, ਹੱਥ ਅੱਲੜ੍ਹਾਂ ਦੇ ਆ ਗਿਆ ਗੰਡਾਸਾ ਕੁੜੀਏ, ਸਾਨੂੰ ਲੁੱਟ ਲੈ ਗਿਆ.......। ਗੱਲਾਂ ਹੋਣ ਦੇ ਤੂੰ ਹੁੰਦੀਆਂ ਨੇ ਜਿਹੜੀਆਂ, ਅੱਜ ਗਿੱਧੇ 'ਚ ਲਿਆ ਦੇ ਨੀ ਤੂੰ ਨੇਰ੍ਹੀਆਂ, ਅੱਜ ਹੋਣ ਦੇ ਤੂੰ ਹਾਸੇ ਦਾ ਮੜਾਸਾ ਕੁੜੀਏ, ਲੁੱਟ ਲੈ ਗਿਆ ਦੀਦਾਰ ਨੂੰ ਇਹ ਹਾਸਾ ਕੁੜੀਏ ........।
ਤੇਰੀ ਗੁੱਤ ਦਾ ਖੜੱਪਾ ਮਾਰੇ ਡੰਗ ਕੁੜੀਏ
ਤੇਰੀ ਗੁੱਤ ਦਾ ਖੜੱਪਾ ਮਾਰੇ ਡੰਗ ਕੁੜੀਏ, ਰਤਾ ਸੰਭਲ ਸੰਭਲ ਕੇ ਲੰਘ ਕੁੜੀਏ। ਨੈਣ ਸੰਦਲੀ ਕਟੋਰੇ ਨੇ ਸ਼ਰਾਬ ਦੇ, ਖਿੜੇ ਬੁੱਲਾਂ ਉੱਤੇ ਫੁੱਲ ਨੇ ਗੁਲਾਬ ਦੇ, ਪਏ ਹੱਸਦੇ ਦੰਦਾਸਿਆਂ ਦੇ ਰੰਗ ਕੁੜੀਏ, ਰਤਾ ਸੰਭਲ ਸੰਭਲ ਕੇ ਲੰਘ ਕੁੜੀਏ .........। ਗੱਲਾਂ ਤੇਰੀਆਂ ਸਰੂ ਨੇ ਜਦੋਂ ਦੱਸੀਆਂ, ਗਸ਼ ਖਾ ਗਈਆਂ ਪੀਂਘ ਦੀਆਂ ਰੱਸੀਆਂ, ਮੱਚੇ ਅੱਗ ਵਾਂਗੂ ਤੇਰਾ ਅੰਗ ਅੰਗ ਕੁੜੀਏ, ਰਤਾ ਸੰਭਲ ਸੰਭਲ ਕੇ ਲੰਘ ਕੜੀਏ .........! ਹੋਕਾ ਦੇ ਗਏ ਜਦੋਂ ਝਾਂਜਰਾਂ ਦੇ ਬੋਰ ਨੀ, ਸਾਰੇ ਗਲੀਆਂ 'ਚ ਮਚ ਗਿਆ ਸ਼ੋਰ ਨੀ, ਮੁੰਡੇ ਚੰਗੇ ਭਲੇ ਹੋ ਗਏ ਨੇ ਮਲੰਗ ਕੁੜੀਏ, ਰਤਾ ਸੰਭਲ ਸੰਭਲ ਕੇ ਲੰਘ ਕੁੜੀਏ .............।
ਚਾਨਣ ਧੋਤੇ ਬੋਲ....
ਚਾਨਣ-ਧੋਤੇ ਬੋਲ ਵੇ ਸੱਜਣਾ ਮੇਰਿਆ। ਮੁੜ ਮੁੜ ਰਹੀਆਂ ਟੋਲ੍ਹ ਵੇ ਸੱਜਣਾ ਮੇਰਿਆ। ਪਲ ਭਰ ਮੰਗਾਂ ਦੀਦ ਵੇ ਉਮਰਾਂ ਵਾਲਿਆ ਡਰ ਗਈ ਸਾਡੀ ਜਿੰਦ ਵੇ ਧੁੱਪਾਂ ਵਾਲਿਆ ਛਿੱਟ ਚਾਨਣ ਦੀ ਡੋਲ੍ਹ ਵੇ ਸੱਜਣਾ ਮੇਰਿਆ। ਪਲ ਪਲ ਆਉਂਦੈ ਯਾਦ ਜੋ ਤੈਂ ਸੰਗ ਬੀਤਿਆ ਹੁਣ ਸਾਡਾ ਕੀ ਹਾਲ ਨਾ ਪੁੱਛ ਬਦਨੀਤਿਆ ਸੱਖਣੀ ਸੱਖਣੀ ਝੋਲ, ਵੇ ਸੱਜਣਾ ਮੇਰਿਆ। ਤੈਂ ਬਿਨ ਮਹਿਕਾਂ-ਲੱਦੀਆਂ ਰੁੱਤਾਂ ਕੀ ਕਰਾਂ ਪੱਥਰਾਏ ਹੋਠਾਂ ਤੇ ਕਿਹੜਾ ਬੋਲ ਧਰਾਂ ਫਸ ਗਈ ਜਿੰਦ ਅਨਭੋਲ ਵੇ ਸੱਜਣਾ ਮੇਰਿਆ। ਚਾਨਣ-ਧੋਤੇ ਬੋਲ ਵੇ ਸੱਜਣਾ ਮੇਰਿਆ। ਮੁੜ-ਮੁੜ ਰਹੀਆਂ ਟੋਲ੍ਹ ਵੇ ਸੱਜਣਾ ਮੇਰਿਆ।
ਫੁੱਲਾ ਵੇ ਤੇਰਾ ਨਾਂ ਕੀ ਲਿਆ
ਫੁੱਲਾ ਵੇ ਤੇਰਾ ਨਾਂ ਕੀ ਲਿਆ, ਸਾਡੇ ਬੁੱਲ੍ਹ ਕੰਡਿਆਂ ਨੇ ਸੀਤੇ, ਬਾਤ ਪਾ ਕੇ ਵਸਲਾਂ ਦੀ, ਅਸੀਂ ਹਿਜਰ ਪਿਆਲੇ ਪੀਤੇ, ਫੁੱਲਾ ਵੇ ਤੇਰਾ ਨਾਂ ਕੀ ਲਿਆ। ਲੋਕਾਂ ਨੇ ਮਨਾਈਆਂ ਹੋਲੀਆਂ, ਸਾਡੀ ਗੱਲ ਗਲੀਆਂ ਵਿਚ, ਹੱਲ ਗਈ । ਆਇਆ ਚੇਤੇ ਕੀ ਮਹਾਂਦਰਾ ਤੇਰਾ ਵੇ ਆਪਣੀ ਪਛਾਣ ਭੁੱਲ ਗਈ, ਇਸ਼ਕੇ ਨੇ ਸਿਰ ਚੜ੍ਹ ਕੇ, ਕਾਰੇ ਕੀ ਕੀ ਨਕਾਰੇ ਕੀਤੇ, ਫੁੱਲਾ ਵੇ ਤੇਰਾ ਨਾਂ ਕੀ ਲਿਆ.........। ਜਿੰਦਗੀ ਦੇ ਥਲਾਂ ਵਿਚ ਸੀ, ਬੂਟਾ ਮੌਲ੍ਹਸਰੀ ਦਾ ਲਾਇਆ, ਪਲਕਾਂ ਦੀ ਵਾੜ ਕਰਕੇ ਪਾਣੀ ਇਹਨਾਂ ਹੰਝੂਆਂ ਦਾ ਪਾਇਆ, ਉੱਡੀ ਜਦੋਂ ਮਹਿਕ ਇਕ ਸੀ, ਸਾਰੇ ਬਾਗ ਨੂੰ ਲੱਗ ਗਏ ਪਲੀਤੇ, ਫੁੱਲਾ ਵੇ ਤੇਰਾ ਨਾਂ ਕੀ ਲਿਆ..........। ਲੇਖਾਂ ਵਿਚ ਥੋਰ੍ਹਾਂ ਉੱਗੀਆਂ, ਅਸੀਂ ਬੈਠ ਕੇ ਰੜੇ ਤੇ ਰੋਈਏ, ਜਾਂਦਾ ਹੋਇਆ ਦੱਸ ਨਾ ਗਿਆ, ਕਿੱਦਾਂ ਹੰਝੂਆਂ ਦੇ ਹਾਰ ਪ੍ਰੋਈਏ, ਸੁਪਨੇ ਦੀਦਾਰ ਮਰ ਗਏ, ਪਰ ਚਾਅ ਨਾ ਮਰੇ ਬਦਨੀਤੇ, ਫੁੱਲਾ ਵੇ ਤੇਰਾ ਨਾਂ ਕੀ ਆ, ਸਾਡੇ ਬੁੱਲ੍ਹ ਕੰਡਿਆਂ ਨੇ ਸੀਤੇ, ਬਾਤ ਪਾ ਕੇ ਵਸਲਾਂ ਦੀ, ਅਸੀਂ ਹਿਜਰ ਪਿਆਲੇ ਪੀਤੇ।
ਕਦੇ ਪੱਤਿਆਂ ਦੀ ਗੱਲ
ਕਦੇ ਪੱਤਿਆਂ ਦੀ ਗੱਲ, ਕਦੇ ਟਾਣੀਆਂ ਦੀ ਗੱਲ, ਸਾਨੂੰ ਦੱਸ ਜਾ ਹਵਾਏ ਸਾਡੇ ਹਾਣੀਆਂ ਦੀ ਗੱਲ। ਸੂਰਜੇ ਨੂੰ ਪੁੱਛਾਂ, ਚੰਨ ਤਾਰਿਆਂ ਨੂੰ ਪੁੱਛਾਂ, ਮਾਰੂਥਲ ਤੇ ਝਨ੍ਹਾਂ ਦੇ ਕਿਨਾਰਿਆਂ ਨੂੰ ਪੁੱਛਾਂ, ਕੋਈ ਦੱਸਦਾ ਨੲ੍ਹੀਂ ਲੰਘ ਗਏ ਪਾਣੀਆਂ ਦੀ ਗੱਲ, ਸਾਨੂੰ ਦੱਸ ਜਾ ਹਵਾਏ ਸਾਡੇ ਹਾਣੀਆਂ ਦੀ ਗੱਲ। ਕਦੇ ਵੱਢਦੀ ਏ ਧੁੱਪ, ਕਦੇ ਚੁੱਭਦੀ ਏ ਛਾਂ, ਸਾਨੂੰ ਉਸ ਤੋਂ ਬਗੈਰ ਸੁੰਨ੍ਹਾਂ ਲਗਦਾ ਗਰਾਂ, ਉਹਨੂੰ ਯਾਦ ਨੲ੍ਹੀਂ ਮੁਹਬੱਤਾਂ ਪੁਰਾਣੀਆਂ ਦੀ ਗੱਲ, ਸਾਨੂੰ ਦੱਸ ਜਾ ਹਵਾਏ ਸਾਡੇ ਹਾਣੀਆਂ ਦੀ ਗੱਲ। ਉਹਦੀ ਤੱਕਣੀ ਸੀ ਇੰਜ ਜਿਵੇਂ ਲੱਗੇ ਉਹ ਸ਼ਰਾਬੀ, ਉਹਦੇ ਹੋਠਾਂ ਦੇ ਬੋਲਾਂ ਦੀ ਸਾਨੂੰ ਲੱਭਦੀ ਨਾ ਚਾਬੀ, ਉਹਦੇ ਸਾਹਾਂ 'ਚ ਸੀ ਰਾਤ ਦੀਆਂ ਰਾਣੀਆਂ ਦੀ ਗੱਲ, ਸਾਨੂੰ ਦੱਸ ਜਾ ਹਵਾਏ ਸਾਡੇ ਹਾਣੀਆਂ ਦੀ ਗੱਲ। ਕਿਤੇ ਮਿਲਿਆ ਦੀਦਾਰ ਆਖੀਂ ਇੱਧਰੋਂ ਦੀ ਲੰਘੇ, ਸਾਡਾ ਰੋਮ ਰੋਮ ਖੈਰ, ਉਹਦੀ ਜ਼ਿੰਦਗੀ ਦੀ ਮੰਗੇ, ਆਖੀਂ ਸੁਣ ਜਾਵੇ, ਅੱਖੀਆਂ ਨਿਮਾਣੀਆਂ ਦੀ ਗੱਲ, ਸਾਨੂੰ ਦੱਸ ਜਾ ਹਵਾਏ ਸਾਡੇ ਹਾਣੀਆਂ ਦੀ ਗੱਲ।
ਸਾਰੀ ਦੁਨੀਆਂ ਬੁਰੀ ਨਹੀਂ
ਕਿਉਂ ਦੇਵੇਂ ਦੋਸ਼ ਜ਼ਮਾਨੇ ਨੂੰ, ਇਹ ਸਾਰੀ ਦੁਨੀਆਂ ਬੁਰੀ ਨਹੀਂ, ਗੱਲ ਵੱਖਰੀ ਹੈ ਦਿਲ ਟੁੱਟਦੇ ਪਰ, ਗੱਲ ਧੜਕਣ ਵੱਲ ਨੂੰ ਤੁਰੀ ਨਹੀਂ ਜੇ ਸੂਲਾਂ ਕੰਡਿਆਂ ਰਾਹ ਮੱਲੇ, ਏਥੇ ਹੱਸਦੇ ਵਸਦੇ ਫੁੱਲ ਵੀ ਨੇ ਜੇ ਝੁਰਮਟ ਗਿਰਝਾਂ ਕਾਂਵਾਂ ਦੇ, ਗਾਉਂਦੇ ਕੋਇਲ ਬੁਲ ਬਲ ਵੀ ਨੇ ਸੁਰ ਕਰ ਤੂੰ ਦਿਲ ਦੀਆਂ ਤਾਰਾਂ ਨੂੰ, ਹਰ ਤਾਰ ਕਿਤੇ ਬੇਸੁਰੀ ਨਹੀਂ ਕਿਉਂ ਦੇਵੇਂ ਦੋਸ਼ ਜ਼ਮਾਨੇ ਨੂੰ, ਇਹ ਸਾਰੀ ਦੁਨੀਆਂ ਬੁਰੀ ਨਹੀਂ। ਮੱਸਿਆ ਤੋਂ ਕਾਲੀਆਂ ਰਾਤਾਂ ਨੇ, ਹਨ ਰੌਸ਼ਨ ਚੰਦ ਸਿਤਾਰੇ ਵੀ ਜੇ ਜਾਨ ਦੇ ਦੁਸ਼ਮਣ ਬੈਠੇ ਨੇ, ਸੱਜਣ ਨੇ ਜਾਨ ਤੋਂ ਪਿਆਰੇ ਵੀ, ਨ੍ਹੇਰੇ ਦੇ ਏਸ ਸਮੁੰਦਰ ਵਿਚ, ਚਾਨਣ ਦੀ ਟਿੱਕੀ ਖੁਰੀ ਨਹੀਂ, ਕਿਉਂ ਦੇਵੇਂ ਦੋਸ਼ ਜ਼ਮਾਨੇ ਨੂੰ, ਇਹ ਸਾਰੀ ਦੁਨੀਆਂ ਬੁਰੀ ਨਹੀਂ। ਜਾਂ ਆਪ ਕਿਸੇ ਦੇ ਹੋ ਰੲ੍ਹੀਏ, ਜਾਂ ਆਪਣਾ ਕੋਈ ਬਣਾ ਲਈਏ, ਨਿੱਕਲ ਕੇ ਚੁੱਪ ਦੀ ਦਲਦਲ 'ਚੋਂ, ਅੰਬਰ ਨੂੰ ਗਲੇ ਲਗਾ ਲਈਏ, ਇਹ ਦੁਨੀਆਂ ਤਾਂ ਇਕ ਫੁਰਨਾ ਹੈ, ਦੀਦਾਰ ਨੂੰ ਇਹ ਗੱਲ ਫੁਰੀ ਨਹੀਂ ਕਿਉਂ ਦੇਵੇਂ ਦੋਸ਼ ਜ਼ਮਾਨੇ ਨੂੰ, ਇਹ ਸਾਰੀ ਦੁਨੀਆਂ ਬੁਰੀ ਨਹੀਂ, ਗੱਲ ਵੱਖਰੀ ਹੈ ਦਿਲ ਟੁੱਟਦੇ ਪਰ, ਗੱਲ ਧੜਕਣ ਵੱਲ ਨੂੰ ਤੁਰੀ ਨਹੀਂ
ਗ਼ਮਾਂ ਦੀ ਦਾਤ ਅਮੁੱਲੀ.....
ਇੱਕ ਨਿੱਕੜੀ ਜਿਹੀ ਯਾਦ ਵੇ ਸਾਨੂੰ ਅਜੇ ਨਾ ਭੁੱਲੀ ਜਿੰਦ ਨੇ ਲਈ ਵਿਹਾਜ ਗ਼ਮਾਂ ਦੀ ਦਾਤ ਅਮੁੱਲੀ। ਦਿਲ ਦੀਆਂ ਗੱਲਾਂ ਲੱਖ ਵੇ ਸਾਨੂੰ ਬੋਲ ਨਾ ਜੁੜਦੇ ਚੁੱਪ ਰਾਤਾਂ ਵਿਚ ਹਿਜਰ-ਟਟਹਿਣੇ ਰਹਿੰਦੇ ਉਡਦੇ ਸਾਡੇ ਸਿਦਕ ਸਬਰ ਦੀ ਗੰਢ ਜਿਹੜੀ ਰਹਿ ਗਈ ਅਣਖੁੱਲੀ..... ਅਸੀਂ ਹਾਣ ਮਤੇ ਵਿਚ ਰਹਿ ਗਏ ਵੇ ਦੁਨੀਆਂ ਤੋਂ ਡਰਦੇ ਅਸੀਂ ਧੁੱਪ ਦੀ ਤਪਦੀ ਰੁਤੇ ਵੀ ਰਹੇ ਠਰਦੇ ਠਰਦੇ ਸਾਡੇ ਦਿਲ ਦੇ ਅੰਗਣੇ ਸਰਘੀ ਵੀ। ਬਣ ਕਾਲਖ਼ ਡੁੱਲ੍ਹੀ.... ਅੱਜ ਗ਼ਮ ਦੀ ਮਾਤਾ ਨਿਕਲੀ ਵੇ ਸਮਿਆਂ ਦੇ ਮੁੱਖ ਤੇ ਆ ਚੁੱਪ ਦੇ ਸ਼ਿਕਰੇ ਬਹਿ ਗਏ ਵੇ ਗੀਤਾਂ ਦੇ ਰੁੱਖ ਤੇ ਝੜ ਗਏ ਆਸ ਦੇ ਫੁੱਲ ਜਾਂ ਹਿਜਰ-ਹਨ੍ਹੇਰੀ ਝੁੱਲੀ.... ਚਾਰੇ ਕੰਨੀਆਂ ਝਾੜ ਤੇਰੀ ਨਗਰੀ 'ਚੋਂ ਚੱਲੇ ਬੰਨ੍ਹ ਲਈ ਤੇਰੀ ਯਾਦ ਅਸੀਂ ਉਮਰਾਂ ਦੇ ਪੱਲੇ ਰੱਤ ਜਿਗਰ ਦੀ ਅੱਜ ਮੇਰੇ ਨੈਣਾਂ ਚੋਂ ਡੁੱਲੀ.... ਇੱਕ ਨਿਕੜੀ ਜਿਹੀ ਯਾਦ, ਵੇ ਸਾਨੂੰ ਅਜੇ ਨਾ ਭੁੱਲੀ.... ਜਿੰਦ ਨੇ ਲਈ ਵਿਹਾਜ ਗ਼ਮਾਂ ਦੀ ਦਾਤ ਅਮੁੱਲੀ।
ਜ਼ਿੰਦਗੀ ਉਦਾਸ ਜਿਹੀ ਹੋ ਗਈ ਮੇਰੇ ਹਾਣੀਆਂ
ਜ਼ਿੰਦਗੀ ਉਦਾਸ ਜਿਹੀ ਹੋ ਗਈ ਮੇਰੇ ਹਾਣੀਆਂ ਆਸ ਵੀ ਬੇਆਸ ਜਿਹੀ ਹੋ ਗਈ ਮੇਰੇ ਹਾਣੀਆਂ। ਹੌਲੀ ਹੌਲੀ ਝੜ ਚੱਲੇ ਉਮਰਾਂ ਦੇ ਪੱਤ ਵੇ ਰੋਣ ਤੇਰੇ ਪੀ ਗਏ ਸਾਡੇ ਹਾਸਿਆਂ ਦੀ ਰੱਤ ਵੇ ਪਤਝੜ ਰਾਸ ਜਿਹੀ ਹੋ ਗਈ ਮੇਰੇ ਹਾਣੀਆਂ ਆਸ ਵੀ ਬੇਆਸ ਜਿਹੀ ਹੋ ਗਈ ਮੇਰੇ ਹਾਣੀਆਂ। ਇੰਜ ਤਾਂ ਤੂੰ ਸਾਥੋਂ ਕਦੇ ਮੁਖ ਨਾ ਸੀ ਮੋੜਿਆ ਇੰਜ ਤਾਂ ਤੂੰ ਕਦੇ ਸਾਡਾ ਦਿਲ ਨਾ ਸੀ ਤੋੜਿਆ ਗਲ ਕੋਈ ਖਾਸ ਜਿਹੀ ਹੋ ਗਈ ਮੇਰੇ ਹਾਣੀਆਂ ਆਸ ਵੀ ਬੇਆਸ ਜਿਹੀ ਹੋ ਗਈ ਮੇਰੇ ਹਾਣੀਆਂ। ਅੱਖੀਆਂ ਦੇ ਤਾਰਿਆ ਕੀ ਚਾੜ੍ਹ ਗਿਉਂ ਚੰਦ ਵੇ ਨੈਣ ਸਾਡੇ ਖੁੱਲੇ ਤੇ ਜ਼ਬਾਨ ਹੋ ਗਈ ਬੰਦ ਵੇ ਜਿੰਦ ਮੇਰੀ ਲਾਸ਼ ਜਿਹੀ ਹੋ ਗਈ ਮੇਰੇ ਹਾਣੀਆਂ ਆਸ ਵੀ ਬੇਆਸ ਜਿਹੀ ਹੋ ਗਈ ਮੇਰੇ ਹਾਣੀਆਂ। ਛੱਡ ਵੇ ਦੀਦਾਰ ਹੁਣ ਮਿਹਣੇ ਹੋਰ ਮਾਰ ਨਾ ਜ਼ਿੰਦਗੀ ਦੇ ਮਾਰੇ ਦਾ ਕੀ ਮੌਤ ਨੇ ਸਵਾਰਨਾ ਮੌਤ ਵੀ ਨਿਰਾਸ਼ ਜਿਹੀ ਹੋ ਗਈ ਮੇਰੇ ਹਾਣੀਆਂ ਜ਼ਿੰਦਗੀ ਉਦਾਸ ਜਿਹੀ ਹੋ ਗਈ ਮੇਰੇ ਹਾਣੀਆਂ ਆਸ ਵੀ ਬੇਆਸ ਜਿਹੀ ਹੋ ਗਈ ਮੇਰੇ ਹਾਣੀਆਂ।
ਮੇਰੇ ਗੀਤਾਂ ਦੇ ਨਸੀਬਾਂ ਵਿਚੋਂ ਦੁੱਖ ਨਾ ਘਟੇ
ਮੇਰੇ ਗੀਤਾਂ ਦੇ ਨਸੀਬਾਂ ਵਿਚੋਂ ਦੁੱਖ ਨਾ ਘਟੇ ਕਾਲੇ ਕਾਂ ਚਿੱਟੇ ਹੰਸਾਂ ਦੇ ਨਾ ਰੂਪ ‘ਚ ਵਟੇ। ਅਹੁਧ ਚੰਦਰੀ ਨੇ ਜੰਮਦੇ ਹੀ ਸਾਹ ਡੀਕ ਲਏ ਕਾਲੇ ਲੇਖਾਂ ਦੇ ਖੜੱਪੇ ਸਾਨੂੰ ਖਾਣ ਨੂੰ ਪਏ ਕਾਲੇ ਪੈਰਾਂ ਦੇ ਨਿਸ਼ਾਨ ਸਾਡੇ ਪਿੱਛੋਂ ਨਾ ਹਟੇ ਮੇਰੇ ਗੀਤਾਂ ਦੇ ਨਸੀਬਾਂ ਵਿਚੋਂ ਦੁੱਖ ਨਾ ਘਟੇ ਨਾ ਹੀ ਲੋਰੀਆਂ ਦਾ ਮੋਹ ਨਾ ਜੁਆਨੀ ਦੇ ਹੁਲਾਰੇ ਕਿੱਦਾਂ ਬਚਣੇ ਸੀ ਹਾਸੇ ਜਿਹੜੇ ਕਿਸਮਤਾਂ ਨੇ ਮਾਰੇ ਕਿਸੇ ਪਾਸਿਓਂ ਕਰੋਪੀ ਦੀ ਨਾ ਬਦਲੀ ਛਟੇ ਮੇਰੇ ਗੀਤਾਂ ਦੇ ਨਸੀਬਾਂ ਵਿਚੋਂ ਦੁੱਖ ਨਾ ਘਟੇ ਲਹੂ ਨਾੜਾਂ ਵਿਚ ਸੁੱਤਾ ਠੰਢ ਹੱਡੀਆਂ 'ਚ ਬਹਿ ਗਈ ਚੁਪ ਕੀਤੀ ਮੌਤ ਜ਼ਿੰਦਗੀ ਦੇ ਦੁੱਖ ਸਾਰੇ ਸਹਿ ਗਈ ਹੁਣ ਚਹੁੰਦੈ ਦੀਦਾਰ ਕਿਧਰੋਂ ਧਰਤੀ ਫਟੇ ਮੇਰੇ ਗੀਤਾਂ ਦੇ ਨਸੀਬਾਂ ਵਿਚੋਂ ਦੁੱਖ ਨਾ ਘਟੇ ਕਾਲੇ ਕਾਂ ਚਿੱਟੇ ਹੰਸਾਂ ਦੇ ਨਾ ਰੁਪ 'ਚ ਵਟੇ।
ਸਾਡੇ ਚੰਦ ਗਏ ਗੁਆਚ, ਸਾਡੇ ਤਾਰੇ ਗਏ ਗੁਆਚ
ਸਾਡੇ ਚੰਦ ਗਏ ਗੁਆਚ, ਸਾਡੇ ਤਾਰੇ ਗਏ ਗੁਆਚ, ਸਾਡੀ ਰੌਸ਼ਨੀ ਦੇ ਸੋਮੇ ਹੁਣ ਸਾਰੇ ਗਏ ਗੁਆਚ। ਸਾਨੂੰ ਸੂਰਜਾਂ ਨੇ ਕੀਤੀਆਂ ਸੀ ਆਪ ਹੱਥੀਂ ਛਾਵਾਂ ਕਦੇ ਪੱਥਰਾਂ ਦੇ ਵਿੱਚੋਂ ਵੀ ਸੀ ਵਰ੍ਹੀਆਂ ਘਟਾਵਾਂ ਪਲਾਂ ਛਿਨਾਂ 'ਚ ਨਜ਼ਰ ਦੇ ਨਜ਼ਾਰੇ ਗਏ ਗੁਆਚ ਚਿੱਟੇ ਅੰਬਰਾਂ ਦੇ ਥੱਲੇ ਭਾਣੇ ਏਦਾਂ ਦੇ ਵੀ ਹੋਏ ਪੂਰ ਪੱਤਣਾਂ ਨੇ ਪੀਤੇ, ਬੇੜੇ ਮਾਂਝੀਆਂ ਡਬੋਏ ਛੱਲਾਂ ਤਾਰਿਆ ਵੀ ਸਾਨੂੰ ਤਾਂ ਕਿਨਾਰੇ ਗਏ ਗੁਆਚ ਸਾਨੂੰ ਦਿੱਤੇ ਤਕਦੀਰ ਨੇ ਛਲਾਵੇ ਕਈ ਲੱਖਾਂ ਕਦੇ ਖੁੱਲੀਆਂ ਵੀ ਤਾਂ ਵੀ ਕਦੇ ਖੁੱਲੀਆਂ ਨਾ ਅੱਖਾਂ ਕਾਹਦਾ ਜੀਣਾ ਜੇ ਦੀਦਾਰ ਦੇ ਸਹਾਰੇ ਗਏ ਗੁਆਚ, ਸਾਡੇ ਚੰਦ ਗਏ ਗੁਆਚ, ਸਾਡੇ ਤਾਰੇ ਗਏ ਗੁਆਚ, ਸਾਡੀ ਰੌਸ਼ਨੀ ਦੇ ਸੋਮੇ ਹੁਣ ਸਾਰੇ ਗਏ ਗੁਆਚ।
ਉਲਝੇ ਸਵਾਲ ਸਾਡੇ, ਉਲਝੇ ਖਿਆਲ ਸਾਡੇ
ਉਲਝੇ ਸਵਾਲ ਸਾਡੇ, ਉਲਝੇ ਖਿਆਲ ਸਾਡੇ ਇਕ ਸਹਿਕਦਾ ਚੁਰਾਸਤਾ, ਤੁਰਦਾ ਹੈ ਨਾਲ ਸਾਡੇ। ਯਾਦੇ! ਤੂੰ ਪੀਣ ਜੋਗਾ ਭੋਰਾ ਕੁ ਪਾਣੀ ਰੱਖ ਲੈ ਭਰ ਭਰ ਕੇ ਹੋਰ ਦੀਦੇ ਹੁਣ ਨਾ ਉਛਾਲ ਸਾਡੇ। ਵੈਦਾ ਤੂੰ ਸਾਂਭ ਲੈ ਜਾ ਮੱਤਾਂ ਦੀਆਂ ਇਹ ਪੁੜੀਆਂ ਦੁਖ ਦਰਦ ਗ਼ਮ ਇਹ ਹੁਣ ਨਾ ਘਟਣੇ ਰਵਾਲ ਸਾਡੇ। ਕਾਹਦੀ ਦੀਵਾਲੀ ਆਈ-ਬਕਰੀਦ ਨੂੰ ਕੀ ਕਰੀਏ ਚਾਵਾਂ ਦੇ ਲੱਖ ਪਠੋਰੇ ਹੋ ਗਏ ਹਲਾਲ ਸਾਡੇ। ਹਰ ਪਲ ਚੁਰਾ ਕੇ ਹਾਸੇ ਹਰ ਦਿਨ ਚੁਰਾ ਕੇ ਖੁਸ਼ੀਆਂ ਖਬਰੇ ਕਿਨ੍ਹਾਂ ਰਾਹਾਂ ਤੋਂ ਲੰਘ ਗਏ ਨੇ ਸਾਲ ਸਾਡੇ। ਤਨ ਤੇ ਨਾ ਮਾਸ ਭੋਰਾ ਰੂਹ ਤੇ ਨਾ ਕੋਈ ਰੌਣਕ ਜੀਂਦੇ ਪਏ ਹਾਂ ਫਿਰ ਵੀ ਦੇਖੋ ਕਮਾਲ ਸਾਡੇ। ਬਚਪਨ ਯਤੀਮ ਹੋਇਆ ਰੰਡੀ ਜੁਆਨੀ ਸਾਡੀ ਸਾਡਾ ਹੈ ਜੀਣ ਕਾਦਾ ਕਾਹਦੇ ਨੇ ਹਾਲ ਸਾਡੇ। ਛੱਡ ਦੇ ਤੂੰ ਸ਼ਗਨ ਕਰਨੇ ਦੀਵੇ ਨਾ ਬਾਲ ਸਾਡੇ ਐ ਜ਼ਿੰਦਗੀ ਤੂੰ ਹੁਣ ਨਾ ਮੁਰਦੇ ਉਠਾਲ ਸਾਡੇ।
ਅਸੀਂ ਰੇਤ ‘ਚ ਅੱਥਰੂ ਰੋੜ੍ਹੇ ਨੇ
ਅਸੀਂ ਰੇਤ ‘ਚ ਅੱਥਰੂ ਰੋੜ੍ਹੇ ਨੇ, ਅੱਥਰੇ ਚਾਵਾਂ ਦੇ ਹਰਨੋਟੇ, ਅੱਜ ਫੇਰ ਪਿਆਸੇ ਮੋੜੇ ਨੇ। ਸਾਡੇ ਸੁਪਨਿਆਂ ਦੀ ਤਸਵੀਰ ਜਿਹੀ, ਜਿੰਦਗੀ ਦੀ ਇਕ ਲੀਰ ਜਿਹੀ, ਸੱਭ ਧਾਗੇ ਸਾਡੀਆਂ ਸੱਧਰਾਂ ਦੇ, ਖਿੱਚ ਖਿੱਚ ਬੇਦਰਦਾਂ ਤੋੜੇ ਨੇ, ਅਸੀਂ ਰੇਤ ‘ਚ ਅੱਥਰੂ ਰੋੜ੍ਹੇ ਨੇ, ਅਸੀਂ ਭੋਰਾ ਭਰ ਮੁਸਕਾਉਣ ਲਈ, ਅਸੀਂ ਆਪਣੀ ਪਿਆਸ ਬੁਝਾਉਣ ਲਈ, ਆਪਣੇ ਨੈਣਾਂ ਦਿਆਂ ਪੱਥਰਾਂ ‘ਚੋਂ, ਦੋ ਨੀਰ ਦੇ ਘੁੱਟ ਨਚੋੜੇ ਨੇ, ਗਲੀਆਂ ਵਿਚ ਚਿੱਕੜ ਤੋਹਮਤ ਦਾ, ਇਥੇ ਮੁਰਦਾ ਰੁਲੇ ਹਰ ਹਸਰਤ ਦਾ ਕੀ ਸੰਭਲ ਸੰਭਲ ਕੇ ਬੁੱਕ ਭਰਾਂ ਦੀਦਾਰ ਦੇ ਦਿਨ ਜੇ ਥੋੜੇ ਨੇ ਅੱਥਰੇ ਚਾਵਾਂ ਦੇ ਹਰਨੋਟੇ, ਅੱਜ ਫੇਰ ਪਿਆਸੇ ਮੋੜੇ ਨੇ, ਅਸੀਂ ਰੇਤ ਚ ਅੱਥਰ ਰੋੜ੍ਹੇ ਨੇ।
ਬਸ ਵੱਟ ਲੈ ਕਸੀਸ, ਘੁੰਡੀ ਖੋਲੀਂ ਨਾਂ ਓ ਯਾਰ
ਬਸ ਵੱਟ ਲੈ ਕਸੀਸ, ਘੁੰਡੀ ਖੋਲੀਂ ਨਾਂ ਓ ਯਾਰ ਪੁੱਠਾ ਟੰਗਿਆ ਤੂੰ ਜਾਣਾ, ਸੱਚ ਬੋਲੀਂ ਨਾਂ ਓ ਯਾਰ ਇਹ ਹੈ ਜਾਬਰਾਂ ਦਾ ਦੇਸ਼, ਇਹ ਰਕੀਬਾਂ ਦਾ ਜ਼ਮਾਨਾ ਤੇਰੀ ਪੁਛਣੀ ਨਾ ਸਾਰ ਇਹਨਾਂ ਸਕਤੇ ਹੁਕਮਰਾਨਾਂ ਜਿੰਦ ਹੀਰਿਆਂ ਦੇ ਤੁੱਲ, ਘੱਟੇ ਰੋਲੀਂ ਨਾ ਓ ਯਾਰ ਬਸ ਵੱਟ ਲੈ ਕਸੀਸ, ਘੁੰਡੀ ਖੋਲੀਂ ਨਾਂ ਓ ਯਾਰ ਜੇ ਤੂੰ ਸ਼ਮਸ ਕਹਾਉਣਾ, ਛਿੱਲ ਪੁੱਠੀ ਲੱਥ ਜਾਣੀ ਰੀਸ ਯੋਧਿਆਂ ਦੀ ਕੀਤੀ, ਸਿੱਧੀ ਧੌਣ ਨਾ ਥਿਆਣੀ ਜੇ ਤੂੰ ਆਪਾ ਨਾ ਗੁਆਇਆ, ਆਪਾ ਟੋਲ੍ਹੀਂ ਨਾ ਓ ਯਾਰ ਸੱਚ ਬੋਲਿਆ ਨਾ ਜਾਏ ਦੁੱਖ ਦੱਸਿਆ ਨਾ ਜਾਏ ਲੇਖ ਚੰਦਰੇ ਦੀਦਾਰ ਧੁਰੋਂ ਕਿੱਦਾਂ ਦੇ ਲਿਖਾਏ ਡੋਲ੍ਹ ਆਪਣੀ ਤੂੰ ਰੱਤ, ਦਿਲੋਂ ਡੋਲੀਂ ਨਾ ਓ ਯਾਰ ਬਸ ਵੱਟ ਲੈ ਕਸੀਸ, ਘੁੰਡੀ ਖੋਲੀਂ ਨਾਂ ਓ ਯਾਰ ਪੁੱਠਾ ਟੰਗਿਆ ਤੂੰ ਜਾਣਾ, ਸੱਚ ਬੋਲੀਂ ਨਾਂ ਓ ਯਾਰ
ਬਹਿ ਕੇ ਹੰਝੂਆਂ ਦੀ ਛਾਂਵੇ ਹੁਣ ਰੋਇਆ ਕਰ ਜਿੰਦੇ
ਬਹਿ ਕੇ ਹੰਝੂਆਂ ਦੀ ਛਾਂਵੇ ਹੁਣ ਰੋਇਆ ਕਰ ਜਿੰਦੇ ਤੈਨੂੰ ਆਖਿਆ ਸੀ ਧੁੱਪੇ ਨਾ ਖਲੋਇਆ ਕਰ ਜਿੰਦੇ ਸਾਡੇ ਮੱਥੇ ਨਾਲ ਲੇਖਾਂ ਦਾ ਹੈ ਮੁੱਢ ਤੋਂ ਈ ਵੈਰ ਕਦੇ ਬੱਦਲੀ ਨੇ ਲੂਹਿਆ ਕਦੇ ਸਾੜ ਗਈ ਦੁਪਹਿਰ ਸਾਡੇ ਸਾਹੀਂ ਹੋਰ ਸੂਲਾਂ ਨਾ ਚਭੋਇਆ ਕਰ ਜਿੰਦੇ ਬਹਿ ਕੇ ਹੰਝੂਆਂ ਦੀ ਛਾਂਵੇ ਹੁਣ ਰੋਇਆ ਕਰ ਦਿੰਦੇ ਕਿਤੇ ਭੁੱਲਦੇ ਭੁਲੇਖੇ ਜੇ ਮਸ਼ਾਲ ਹੱਥ ਆਈ ਸਾਡੇ ਹੱਥਾਂ ਨੂੰ ਹਨ੍ਹੇਰਿਆਂ ਨੇ ਝੱਟ ਅੱਗ ਲਾਈ ਨ੍ਹੇਰੇ ਰਾਹਾਂ ਵਿਚ ਰਹਿ ਕੇ ਨੇਰ੍ਹ ਢੋਇਆ ਕਰ ਜਿੰਦੇ ਬਹਿ ਕੇ ਹੰਝੂਆਂ ਦੀ ਛਾਂਵੇ ਹੁਣ ਰੋਇਆ ਕਰ ਜਿੰਦੇ ਜਿੰਦੇ ਭੁੱਲ ਜਾ ਦੀਦਾਰ ਸੱਚਾ ਹੋ ਗਿਆ ਈ ਜੱਗ ਸਾਡੇ ਸਿਰੋਂ ਵਗੇ ਪਾਣੀ ਸਾਡੇ ਪੈਰਾਂ ਥੱਲੇ ਅੱਗ ਸਾਰੀ ਉਮਰ ਹੀ ਹੁਣ ਕੋਲੇ ਹੋਇਆ ਕਰ ਜਿੰਦੇ ਬਹਿ ਕੇ ਹੰਝੂਆਂ ਦੀ ਛਾਂਵੇ ਹੁਣ ਰੋਇਆ ਕਰ ਜਿੰਦੇ
ਜੇ ਤੂੰ ਸਾਨੂੰ ਨਈਂ ਸੀ ਯਾਦ ਰੱਖਣਾ
ਜੇ ਤੂੰ ਸਾਨੂੰ ਨਈਂ ਸੀ ਯਾਦ ਰੱਖਣਾ ਚੰਗਾ ਨਈਂ ਕੀਤਾ ਮਾਂ ਦਿਆ ਮੱਖਣਾ ਸਾਡਾ ਆਪਣਾ ਰਿਹਾ ਨਾ ਕੋਈ ਜੱਗ ਤੇ ਵੇ ਅਸਾਂ ਤੈਨੂੰ ਕੀ ਆਖਣਾ। ਕਦੇ ਲਾਈਆਂ ਸੀ ਬਲੌਰੀ ਜਿਹੀਆਂ ਅੱਖੀਆਂ ਅੱਖਾਂ ਸਾਂਭ ਕੇ ਸੀ ਅੱਖਾਂ ਵਿਚ ਰੱਖੀਆਂ ਘੁੱਟ ਮੰਗਿਆ ਸੀ ਇਕ ਤੈਥੋਂ ਪਿਆਰ ਦਾ ਵੇ ਜ਼ਹਿਰ ਸਾਨੂੰ ਪਿਆ ਚੱਖਣਾ ਜੇ ਤੂੰ ਸਾਨੂੰ ਨਹੀਂ ਸੀ ਯਾਦ ਰੱਖਣਾ ਚੰਗਾ ਨਹੀਂ ਕੀਤਾ ਮਾਂ ਦਿਆ ਮੱਖਣਾ ਕੋਲੇ ਹੋ ਗਈ ਜਵਾਨੀ ਸੜ ਬਲ ਕੇ ਕੀ ਖੱਟਿਆ ਦੰਦਾਸਾ ਮਲ ਮਲ ਕੇ ਐਂਵੇ ਉਡਦੇ ਪਰਿੰਦੇ ਪਿੱਛੇ ਲੱਗ ਕੇ ਆਪਣੀ ਪਟਾ ਲਈ ਜੱਖਣਾ ਜੇ ਤੂੰ ਸਾਨੂੰ ਨਈਂ ਸੀ ਯਾਦ ਰੱਖਣਾ ਚੰਗਾ ਨਈਂ ਕੀਤਾ ਮਾਂ ਦਿਆ ਮੱਖਣਾ ਪਤਾ ਥਹੁ ਨਾ ਦੀਦਾਰ ਸਾਨੂੰ ਦੱਸ ਵੇ ਜਿਥੇ ਵਸਣਾ ਤੂੰ ਵਸ ਸੁੱਖੀ ਵਸ ਵੇ ਨਾਲ ਹੰਝੂਆਂ ਦੇ ਭਰ ਗਈਆਂ ਅੱਖੀਆਂ ਤੇ ਦਿਲ ਸਾਡਾ ਹੋਇਆ ਸੱਖਣਾ ਜੇ ਤੂੰ ਸਾਨੂੰ ਨਈਂ ਸੀ ਯਾਦ ਰੱਖਣਾ ਚੰਗਾ ਨਈਂ ਕੀਤਾ ਮਾਂ ਦਿਆ ਮੱਖਣਾ
ਜਿੰਦ ਫੁੱਲਾਂ ਜਿਹੀ ਸੂਲਾਂ ਤੇ ਨਚਾਈ ਜੋਗੀਆ
ਜਿੰਦ ਫੁੱਲਾਂ ਜਿਹੀ ਸੂਲਾਂ ਤੇ ਨਚਾਈ ਜੋਗੀਆ ਪਿਆਰ ਤੇਰੇ ਦੀ ਦੁਹਾਈ ਵੇ ਦੁਹਾਈ ਜੋਗੀਆ ਕੰਨੀ ਮੁੰਦਰਾਂ ਸਜਾ ਕੇ ਤੂੰ ਕੀ ਆਇਆ ਸਾਡੇ ਵਿਹੜੇ ਸਾਡੇ ਕੁੰਡਲਾਂ ਦੇ ਨਾਗ ਸਾਥੋਂ ਜਾਂਦੇ ਨਈਓਂ ਛੇੜੇ ਜ਼ਹਿਰ ਚੜ੍ਹਿਆ ਜਾਂ ਬੀਨ ਤੂੰ ਬਜਾਈ ਜੋਗੀਆ, ਜਿੰਦ ਫੁੱਲਾਂ ਜਿਹੀ ਸੂਲਾਂ ਤੇ ਨਚਾਈ ਜੋਗੀਆ, ਪਿਆਰ ਤੇਰੇ ਦੀ ਦੁਹਾਈ ਵੇ ਦੁਹਾਈ ਜੋਗੀਆ ਤੈਨੂੰ ਭਰ ਕੇ ਪਰਾਤ ਵੇ ਮੈਂ ਖੈਰ ਕਾਹਦੀ ਪਾਈ ਬਾਹਵਾਂ ਗੋਰੀਆਂ ਨੂੰ ਅੱਗ ਵੰਗਾ ਕਾਲੀਆਂ ਨੇ ਲਾਈ ਰੁੜ੍ਹੀ ਪਲਾਂ ਵਿਚ ਸਾਰੀ ਹੀ ਕਮਾਈ ਜੋਗੀਆ ਜਿੰਦ ਫੁੱਲਾਂ ਜਿਹੀ ਸੂਲਾਂ ਤੇ ਨਚਾਈ ਜੋਗੀਆ ਪਿਆਰ ਤੇਰੇ ਦੀ ਦੁਹਾਈ ਵੇ ਦੁਹਾਈ ਜੋਗੀਆ ਹੀਲੇ ਕਰੀਏ ਹਜ਼ਾਰ ਭਾਂਵੇ ਚਾਰੇ ਕਰੋ ਲੱਖ ਜਦੋਂ ਲੱਗ ਜਾਂਦੀ ਅੱਖ ਫੇਰ ਲੱਗਦੀ ਨਾ ਅੱਖ ਅੱਗ ਬਿਰਹੋਂ ਦੀ ਜਾਵੇ ਨਾ ਬੁਝਾਈ ਜੋਗੀਆ ਜਿੰਦ ਫੁੱਲਾਂ ਜਿਹੀ ਸੁਲਾਂ ਤੇ ਨਚਾਈ ਜੋਗੀਆ ਪਿਆਰ ਤੇਰੇ ਦੀ ਦੁਹਾਈ ਵੇ ਦੁਹਾਈ ਜੋਗੀਆ ਤੇਰੀ ਦੀਦ ਲਈ ਦੀਦਾਰ ਖਾਕ ਗਲੀਆਂ ਦੀ ਛਾਣੀ ਤੇਰੇ ਪਿਆਰ ਦੀ ਕਹਾਣੀ ਸਾਡੇ ਨਾਲ ਨਾਲ ਜਾਣੀ ਸਲ ਤੇਰੇ ਵਾਹਦਿਆਂ ਦੀ ਭਸਮ ਰਮਾਈ ਜੋਗਿਆ ਜਿੰਦ ਫੁੱਲਾਂ ਜਿਹੀ ਸੂਲਾਂ ਤੇ ਨਚਾਈ ਜੋਗੀਆ ਪਿਆਰ ਤੇਰੇ ਦੀ ਦੁਹਾਈ ਵੇ ਦੁਹਾਈ ਜੋਗੀਆ
ਕਿਹੜੀ ਰੁੱਤ ਦੀ ਕਹਾਣੀ ਦੱਸ ਮਾਏ ਅਸਾਂ ਪਾਉਣੀ
ਕਿਹੜੀ ਰੁੱਤ ਦੀ ਕਹਾਣੀ ਦੱਸ ਮਾਏ ਅਸਾਂ ਪਾਉਣੀ ਰੁੱਤ ਵਸਲਾਂ ਦੀ ਕਦੇ ਹੁਣ ਮੁੜ ਕੇ ਨਾ ਆਉਣੀ। ਤੂੰ ਤੇ ਕਬਰਾਂ 'ਚ ਜਾ ਕੇ ਮਾਏ ਲਾ ਲਈ ਸਮਾਧੀ ਰੱਤ ਹਾਉਕਿਆਂ ਨੇ ਪੀਤੀ ਜਿੰਦ ਝੋਰਿਆਂ ਨੇ ਖਾਧੀ ਸਾਨੂੰ ਜਿਹੜੀ ਵੀ ਤਾਂ ਛਾਂ ਮਿਲੀ, ਮਿਲੀ ਅੱਗਾਂ ਲਾਉਣੀ ਕਿਹੜੀ ਰੁੱਤ ਦੀ ਕਹਾਣੀ ਦੱਸ ਮਾਏ ਅਸਾਂ ਪਾਉਣੀ ਰੁੱਤ ਵਸਲਾਂ ਦੀ ਕਦੇ ਹੁਣ ਮੁੜ ਕੇ ਨਾ ਆਉਣੀ। ਸਾਡੀ ਫੂਕ ਕੇ ਜੁਆਨੀ ਹਾਏ ਸਾੜ ਕੇ ਉਹ ਗਾਨੇ ਇਕ ਮਰੀ ਹੋਈ ਜੋਕ ਮੱਥੇ ਮਾਰ ਗਏ ਬੇਗਾਨੇ ਕਿੱਦਾਂ ਮਾਰ ਮਾਰ ਮੱਥੇ ਇਹ ਦੀਵਾਰ ਅਸਾਂ ਢਾਉਣੀ ਕਿਹੜੀ ਰੁੱਤ ਦੀ ਕਹਾਣੀ ਦੱਸ ਮਾਏ ਅਸਾਂ ਪਾਉਣੀ ਰੁੱਤ ਵਸਲਾਂ ਦੀ ਕਦੇ ਹੁਣ ਮੁੜ ਕੇ ਨਾ ਆਉਣੀ। ਨਾ ਖਿਜ਼ਾਵਾਂ ਨਾਲ ਗਿਲਾ ਨਾ ਹੈ ਫੁੱਲਾਂ ਨਾਲ ਮੋਹ ਸਾਡੇ ਸੁੱਤੇ ਨੇ ਨਸੀਬ ਸਾਡਾ ਜਾਗਦਾ ਹੈ ਰੋਹ ਸਾਡੀ ਸੁਣੀ ਨਾ ਕਹਾਣੀ ਸਾਨੂੰ ਆਈ ਨਾ ਸੁਣਾਉਣੀ ਕਿਹੜੀ ਰੁੱਤ ਦੀ ਕਹਾਣੀ ਦੱਸ ਮਾਏ ਅਸਾਂ ਪਾਉਣੀ ਰੁੱਤ ਵਸਲਾਂ ਦੀ ਕਦੇ ਹੁਣ ਮੁੜ ਕੇ ਨਾ ਆਉਣੀ। ਇਕ ਚਾਨਣੀ ਦੀ ਲੀਕ ਜਦੋਂ ਵਿਹੜੇ ਸਾਡੇ ਆਈ ਤਾਂ ਗਲੀਚਿਆਂ ਦੇ ਮਾਲਕਾਂ ਨੇ ਦਰੀ ਆ ਵਿਛਾਈ ਅੱਗ ਕਾਨਿਆਂ ਦੀ ਕਿੱਦਾਂ ਫੂਕਾਂ ਮਾਰ ਕੇ ਬਝਾਉਣੀ ਕਿਹੜੀ ਰੁੱਤ ਦੀ ਕਹਾਣੀ ਦੱਸ ਮਾਏ ਅਸਾਂ ਪਾਉਣੀ ਰੁੱਤ ਵਸਲਾਂ ਦੀ ਕਦੇ ਹੁਣ ਮੁੜ ਕੇ ਨਾ ਆਉਣੀ।
ਤੇਰੀ ਬਾਤ ਸੂਰਜਾਂ ਵਾਲੀ ਵੇ
ਤੇਰੀ ਬਾਤ ਸੂਰਜਾਂ ਵਾਲੀ ਵੇ ਸਾਡੀ ਕਿਸਮਤ ਮੁੱਢ ਤੋਂ ਕਾਲੀ ਵੇ। ਤੂੰ ਮਾਣੇ ਹਾਸੇ ਮੁਸਕਣੀਆਂ ਸਾਡੀ ਜਿੰਦ ਤੇ ਰਹਿਣ ਸਦਾ ਬਣੀਆਂ ਅਸੀ ਰੋ ਰੋ ਉਮਰ ਹੈ ਗਾਲੀ ਵੇ ਤੇਰੀ ਬਾਤ ਸੂਰਜਾਂ ਵਾਲੀ ਵੇ ਸਾਡੀ ਕਿਸਮਤ ਮੁੱਢ ਤੋਂ ਕਾਲੀ ਵੇ ਸਾਨੂੰ ਕਾਹਦਾ ਮਾਣ ਬਹਾਰਾਂ ਤੇ ਕੋਇਲਾਂ ਕੂੰਜਾਂ ਦੀਆਂ ਡਾਰਾਂ ਤੇ ਪੱਤਝੜ ਨੇ ਖੁਸ਼ੀ ਉਧਾਲੀ ਵੇ ਤੇਰੀ ਬਾਤ ਸੂਰਜਾਂ ਵਾਲੀ ਵੇ ਸਾਡੀ ਕਿਸਮਤ ਮੁੱਢ ਤੋਂ ਕਾਲੀ ਵੇ , ਇਸ ਜਗ ਦੀਆਂ ਰਸਮਾਂ ਰੀਤਾਂ ਨੇ ਕੁਝ ਡੋਬਿਆ ਕੂੜ ਪ੍ਰੀਤਾਂ ਨੇ ਇਕ ਨਾਗਣ ਘਰ ਵਿਚ ਪਾਲੀ ਵੇ ਸਿੰਘ ਤੇਰੀ ਬਾਤ ਸੂਰਜਾਂ ਵਾਲੀ ਵੇ ਸਾਡੀ ਕਿਸਮਤ ਮੁੱਢ ਤੋਂ ਕਾਲੀ ਵੇ ਦੀਦਾਰ ਦੇ ਸਾਥੀ ਦੂਰ ਹੋਏ ਸਾਹ ਜਾਣ ਲਈ ਮਜਬੂਰ ਹੋਏ ਮਸਾਂ ਫੜ ਕੇ ਮੌਤ ਬਹਾਲੀ ਵੇ ਤੇਰੀ ਬਾਤ ਸੂਰਜਾਂ ਵਾਲੀ ਵੇ ਸਾਡੀ ਕਿਸਮਤ ਮੁੱਢ ਤੋਂ ਕਾਲੀ ਵੇ
ਇੰਜ ਨਈਂਓ ਚੰਨਾ ਕਦੇ ਮੁੱਖੜਾ ਲਕਾਈਦਾ
ਇੰਜ ਨਈਂਓ ਚੰਨਾ ਕਦੇ ਮੁੱਖੜਾ ਲਕਾਈਦਾ ਕਿਸੇ ਦੇ ਜਹਾਨ ਵਿਚ ਨੇਰ੍ਹ ਨਈਂਓ ਪਾਈਦਾ। ਵਸਲਾਂ ਦੇ ਦਿਨ ਤੈਨੂੰ ਕਿੱਦਾਂ ਭੁੱਲ ਜਾਣਗੇ, ਬਦੋਬਦੀ ਅੱਖੀਆਂ ‘ਚੋਂ ਹੰਝੂ ਡੁੱਲ੍ਹ ਜਾਣਗੇ, ਬੁਰਾ ਹੁੰਦਾ ਕੱਲੇ ਪੰਧ ਕੱਟਣਾ ਜੁਦਾਈ ਦਾ ਇੰਜ ਨਈਂਓ ਚੰਨਾ ਕਦੇ ਮੁੱਖੜਾ ਲਕਾਈਦਾ ਕਿਸੇ ਦੇ ਜਹਾਨ ਵਿਚ ਨੇਰ੍ਹ ਨਈਓਂ ਪਾਈਦਾ। ਆਲ੍ਹਣੇ ਦੇ ਬੋਟ ਜਦੋਂ ਕੋਲ ਕੋਲ ਬਹਿਣ ਵੇ ਪਤਾ ਨਹੀਂ ਕਿਉਂ ਕਾਲਜੇ ਨੂੰ ਹੌਲ ਜਹੇ ਪੈਣ ਵੇ ਰੱਬ ਜਾਣੇ ਕਿੰਜ ਅਸੀਂ ਮਨ ਪਰਚਾਈਦਾ ਇੰਜ ਨਈਂਓ ਚੰਨਾ ਕਦੇ ਮੁੱਖੜਾ ਲਕਾਈਦਾ ਕਿਸੇ ਦੇ ਜਹਾਨ ਵਿਚ ਨੇਰ੍ਹ ਨਈਓਂ ਪਾਈਦਾ। ਦਸ ਦੇ ਦੀਦਾਰ ਸਾਡੇ ਜੀਣ ਦਾ ਕੀ ਹੱਜ ਵੇ ਬਦੋਬਦੀ ਮਰਨੇ ਦਾ ਲੱਭ ਨੇ ਆਂ ਪੱਜ ਵੇ ਸਾਹਾਂ ਨੂੰ ਵੀ ਐਂਵੇਂ ਹੁਣ ਲਾਰਾ ਜਿਹਾ ਲਾਈਦਾ ਇੰਜ ਨਈਂਓ ਚੰਨਾ ਕਦੇ ਮੁੱਖੜਾ ਲਕਾਈਦਾ ਕਿਸੇ ਦੇ ਜਹਾਨ ਵਿਚ ਨੇਰ੍ਹ ਨਈਂਓ ਪਾਈਦਾ।
ਸੱਧਰਾਂ ਦਾ ਸਿਵਾ
ਸੱਜਣਾ ਦੇ ਦੇਸ਼ੋਂ ਆਈ ਯਾਦੇ ਪਰਦੇਸਣੇ ਨੀ ਸਾਡੇ ਕੋਲ ਪਲ ਕੁ ਖਲੋ। ਜਿੰਦੜੀ ਨਿਮਾਣੀ ਬਹਿ ਕੇ ਸੱਧਰਾਂ ਦੇ ਸਿਵੇ ਉੱਤੇ ਭੁੱਬਾਂ ਮਾਰ ਲਵੇ ਅੱਜ ਰੋ। ਚਾਨਣਾ ਖਲਾਰਿਆ ਸੀ ਪਿਆਰ ਦਿਆਂ ਰਾਹਾਂ ਵਿਚ ਹੂੰਝ ਪੂੰਝ ਤਾਰਿਆਂ ਦੀ ਲੋ। ਆਹਾਂ ਦਾ ਗ੍ਰਹਿਣ ਲੱਗਾ ਸਾਹਾਂ ਦਿਆਂ ਸੂਰਜਾਂ ਨੂੰ ਲੇਖ ਸਾਡੇ ਕਾਲੇ ਗਏ ਹੋ। ਹਿਜਰਾਂ ਦਾ ਬੂਟਾ ਸਾਡੇ ਦਿਲ ਦੇ ਬਗੀਚੜੇ 'ਚ ਪੀੜਾਂ-ਭਿੰਨੀ ਦੇਵੇ ਖੁਸ਼ਬੋ। ਹੰਝੂਆਂ ਦੇ ਫੁੱਲ ਇਨ੍ਹਾਂ ਅੱਖਾਂ ਦੀਆਂ ਦਿਹਲੀਆਂ ਤੇ ਖਿੜ ਪੈਂਦੇ ਨਿੱਤ ਇੱਕ ਦੋ। ਬੀਤੇ ਦਾ ਖਿਆਲ ਜਦੋਂ ਹਿੱਕੜੀ ਉਭਾਰਦਾ ਏ ਹਾਉਕਿਆਂ ਦੇ ਚੜ੍ਹ ਜਾਂਦੇ ਹੋ। ਸਾਰ ਕੀ ਸੀ ਇਨ੍ਹਾਂ ਡੁਬ-ਜਾਣਿਆਂ ਕਿਨਾਰਿਆਂ ਨੇ ਬੇੜੀ ਸਾਡੀ ਲੈਣੀ ਏ ਡਬੋ। ਸਮੇਂ ਦਿਆਂ ਧੋਬੀਆਂ ਨੇ, ਖੁਸ਼ੀਆਂ ਦੀ ਤਾਣੀ ਤਾਈਂ ਗ਼ਮਾਂ ਨਾਲ ਸੁੱਟਿਆ ਈ ਧੋ। ਅਜੇ ਵੀ ਪਿਆਰਾਂ ਦੀ ਮਟੀਲੀ ਜਿਹੀ ਸੇਜ ਤੱਕ ਹੱਸਦੇ ਈ ਪਈਏ ਅਸੀਂ ਰੋ। ਅੱਜ ਮੇਰੇ ਗੀਤ ਘੁੱਟ ਘੁੱਟ ਕਰ ਪੀਈ ਜਾਂਦੇ ਚੁੱਪ ਵਾਲੀ ਘੋਟ ਕੇ ਗਲੋ। ਦੇਖ ਮੇਰੇ ਦੀਦੇ ਭਾਉਂਦੇ ਪਿੱਛੇ ਵੇ ਟਟਹਿਣਿਆਂ ਦੇ ਲੱਭਦੇ ਗੁਆਚੀ ਹੋਈ ਲੋ। ਚਾਨਣੀ ਦੀ ਰੁੱਤੇ ਅਸਾਂ ਕਿਰਨਾਂ ਸੁਨਹਿਰੀਆਂ ’ਚ ਚਿੱਟੇ ਤਾਰੇ ਦਿੱਤੇ ਨੇ ਪਰੋ। ਪਰ ਅੱਜ ਭਰ ਕੇ ਕਲਾਵੇ ਵਿਚ ਸੂਰਜਾਂ ਨੂੰ ਅੰਬਰਾਂ ਨੇ ਬੂਹੇ ਲਏ ਢੋ। ਅੰਗਣੇ ਦੀਦਾਰ ਦੇ ਪਰੀ ਆਈ ਮੌਤ ਵਾਲੀ, ਉਮਰਾਂ ਨੇ ਤੇਲ ਦਿੱਤਾ ਚੋ। ਤੁਰ ਚੱਲੇ ਅਸੀਂ ਜਿਥੋਂ ਮੁੜਿਆ ਨਾ ਕੋਈ ਕਦੇ ਹੋ ਗਿਆ ਈ ਹੋਵਣਾ ਸੀ ਜੋ। ਸੱਜਣਾ ਦੇ ਦੇਸੋਂ ਆਈ ਯਾਦੇ ਪਰਦੇਸਣੇ ਨੀ ਸਾਡੇ ਕੋਲ ਪਲ ਕੁ ਖਲੋ। ਜਿੰਦੜੀ ਨਿਮਾਣੀ ਬਹਿ ਕੇ ਸੱਧਰਾਂ ਦੇ ਸਿਵੇ ਉੱਤੇ ਭੁੱਬਾਂ ਮਾਰ ਲਵੇ ਅੱਜ ਰੋ।
ਸੱਜਣਾ ਵੇ
ਸੱਜਣਾ ਵੇ, ਆ ਬਹਿ ਜਾ ਸਾਡੇ ਕੋਲ। ਚੰਨਾ ਵੇ, ਇਕ ਛਿੱਟ ਚਾਨਣ ਦੀ ਡੋਲ੍ਹ। ਸੱਜਣਾ ਵੇ, ਸਾਡੇ ਸਾਹੀਂ ਸਿਖਰ ਦੁਪਹਿਰਾਂ ਸੱਜਣਾ ਵੇ, ਸਾਡੇ ਲੂੰ ਲੂੰ ਰਿਸੀਆਂ ਜ਼ਹਿਰਾਂ ਸੱਜਣਾ ਵੇ, ਸਾਡੀ ਧੁਰ ਤੋਂ ਖਾਲੀ ਝੋਲ। ਸੱਜਣਾ ਵੇ, ਸਾਨੂੰ ਲੱਗੇ ਦੁੱਖ ਘਨੇਰੇ ਸੱਜਣਾ ਵੇ, ਸਾਡੀ ਜਿੰਦ ਹੰਢਾਏ ਨ੍ਹੇਰੇ ਸੱਜਣਾ ਵੇ, ਇੱਕ ਬੋਲ ਨਾ ਹੋਵੇ ਬੋਲ। ਸੱਜਣਾ ਵੇ, ਇਕ ਬਾਤ ਇਸ਼ਕ ਨੇ ਪਾਈ ਸੱਜਣਾ ਵੇ, ਸਾਨੂੰ ਸਮਝ ਰਤਾ ਨਾ ਆਈ ਸੱਜਣਾ ਵੇ, ਇਸ ਅੱਗ ਨੂੰ ਹੁਣ ਨਾ ਫੋਲ। ਸੱਜਣਾ ਵੇ, ਅਸੀਂ ਅੱਖੀਆਂ ਭਰ ਭਰ ਰੋਏ ਸੱਜਣਾ ਵੇ, ਆਪਣੇ ਨਾ ਆਪਣੇ ਹੋਏ ਸੱਜਣਾ ਵੇ, ਸਭ ਕੇਡੇ ਰੋਲ-ਘਚੋਲ। ਸੱਜਣਾ ਵੇ, ‘ਦੀਦਾਰ’ ਦੀ ਦਰਦ-ਕਹਾਣੀ ਸੱਜਣਾ ਵੇ, ਸਭ ਗ਼ਮ ਨੇ ਇਸ ਦੇ ਹਾਣੀ ਸੱਜਣਾ ਵੇ, ਸਾਡੀ ਭਰ ਜਾ ਸੱਖਣੀ ਝੋਲ। ਸੱਜਣਾ ਵੇ, ਆ ਬਹਿ ਜਾ ਸਾਡੇ ਕੋਲ। ਚੰਨਾ ਵੇ, ਇਕ ਛਿੱਟ ਚਾਨਣ ਦੀ ਡੋਲ੍ਹ।
ਪਹਿਲਾਂ ਤੇਰੇ ਘਰ ਛੱਡੇ
ਪਹਿਲਾਂ ਤੇਰੇ ਘਰ ਛੱਡੇ, ਫੇਰ ਤੇਰੇ ਦਰ ਛੱਡੇ ਫੇਰ ਤੇਰਾ ਛੱਡਿਆ ਗਰਾਂ। ਫੇਰ ਅੱਜ ਚਿਰਾਂ ਪਿੱਛੋਂ, ਅੱਖੀਆਂ ਦੇ ਥਲਾਂ ਵਿੱਚੀਂ ਹੰਝੂਆਂ ਦੀ ਵਗ ਪਈ ਝਨ੍ਹਾਂ। ਫੇਰ ਸਾਡੇ ਪੈਰਾਂ ਨਾਲ ਸਾਕ ਜੁੜੇ ਛਾਲਿਆਂ ਦੇ ਫੇਰ ਸਾਡਾ ਟੁੱਟਿਆ ਹਿਆਂ। ਫੇਰ ਪਾ ਕੇ ਬਗਲੀ ਉਦਾਸੀਆਂ ਦੇ ਵਣਾਂ ਵਿੱਚ ਖ਼ੈਰ ਤੇਰੀ ਮੰਗਦੀ ਫਿਰਾਂ। ਧਰਤੀ ਅਕਾਸ਼ ਤੇਰੇ ਖੇਡਣੇ ਦੀ ਥਾਂ ਚੰਨਾਂ ਝੂਟਣੇ ਨੂੰ ਕਾਲੀਆਂ ਘਟਾਂ। ਅਸੀਂ ਕਿਹੜੇ ਪੱਤਣੀਂ ਬਣਾਈਏ ਝੁੱਗੀ ਸ਼ੌਕ ਵਾਲੀ, ਸਾਨੂੰ ਕਿਤੇ ਲੱਭਦੀ ਨਾ ਥਾਂ। ਅੰਬਰਾਂ ਤੋਂ ਵਰ੍ਹੇ ਨਾ ਕੋਈ ਬੂੰਦ ਤੇਰੇ ਦੇਸ਼ ਵਿੱਚ ਰੁੱਖਾਂ ਹੇਠ ਲੱਭਦੀ ਨਾ ਛਾਂ। ਡਿਗੂੰ ਡਿਗੂੰ ਕਰਦੇ ਇਹ ਸਾਹਾਂ ਦੇ ਪੰਖੇਰੂਆਂ ਨੂੰ ਕਿਵੇਂ ਦੱਸ ਹੌਸਲਾ ਦਿਆਂ? ਦੇਸ ਤੇਰੇ ਦੇਖੇ ਅਸਾਂ, ਹੰਸ ਨੂੰ ਰੋੜ ਮਿਲੇ ਮੋਤੀ ਏਥੇ ਚੁਗ ਲੈਂਦੇ ਕਾਂ। ਜਾਬਰਾਂ ਦੇ ਰਾਜ ਵਿੱਚ ਲੇਖਾਂ ਦੇ ਅਦਾਲਤੀ ਵੀ ਦੇਖੇ ਅਸਾਂ ਮੰਗਦੇ ਨਿਆਂ। ਅੱਲ੍ਹੜ-ਵਰੇਸ ਦੀਆਂ ਸੂਈਆਂ ਖੌਰੇ ਕਿਹੜੇ ਵੇਲੇ ਲੰਘ ਗਈਆਂ ਸਮੇਂ ਤੋਂ ਅਗ੍ਹਾਂ ? ਉਮਰਾਂ ਦੀ ਘੜੀ ਐਸੇ ਚੰਦਰੇ ਨੇ ਘੜੀ ਜਿਹੜੀ ਇੱਕ ਪਲ ਮੁੜੇ ਨਾ ਪਿਛ੍ਹਾਂ। ਕਾਲੀਆਂ ਘਟਾਵਾਂ ਉੱਡ ਗਈਆਂ ਕੇਸਾਂ ਕਾਲਿਆਂ ਚੋਂ ਮੱਲੀ ਜਾਂਦੇ ਬਗਲੇ ਇਹ ਥਾਂ! ਕਿੱਥੋਂ ਤੂੰ ‘ਦੀਦਾਰ' ਸਾਨੂੰ ਉਂਗਲੀ ਲਾ ਤੋਰਿਆ ਸੀ ਕਿਥੇ ਸਾਡੀ ਛੱਡ ਗਿਓਂ ਬਾਂਹ !!
ਮਾਏ ਨੀ...
ਮਾਏ ਨੀਂ, ਅਸੀਂ ਚਾਨਣ ਦੇ ਤ੍ਰਿਹਾਏ ਅੱਖੀਆਂ ਵਿਚ ਸਮੋ ਕੇ ਸੁਪਨੇ ਸੂਰਜ ਤੁਰਿਆ ਜਾਏ। ਮਾਰੂਥਲ ਦਾ ਤਪਦਾ ਰੇਤਾ ਘੁਲਿਆ ਸਾਡੇ ਸਾਹੀਂ, ਰੱਬ ਜਾਣੇ ਸਾਡੀ ਮੰਜ਼ਿਲ ਸਾਨੂੰ ਛੱਡ ਗਈ ਕਿਹੜੇ ਰਾਹੀਂ, ਦੂਰ ਖਲਾਅ ਚੋਂ ਆਉਣ ਅਵਾਜ਼ਾਂ ਲੁੱਟਿਆ ਨਾ ਕੋਈ ਜਾਏ। ਆਪੇ ਨੀ ਅਸੀਂ ਬਾਤਾਂ ਪਾਈਆਂ ਆਪੇ ਭਰੇ ਹੁੰਗਾਰੇ, ਸੌਂ ਗਏ ਨੀ ਸਮਿਆਂ ਦੀ ਹਿੱਕ ਤੇ ਚਾਅ ਕਿਸਮਤ ਦੇ ਮਾਰੇ, ਹਾਏ ਇਹ ਮੱਸਿਆ ਤੋਂ ਕਾਲੇ, ਕਿੱਦਾਂ ਦੇ ਦਿਨ ਆਏ। ਇਸ ਧਰਤੀ ਦੇ ਹਰ ਸੂਰਜ ਚੋਂ ਬਿਰਹਾ ਕਾਲਖ ਉਗਦੀ, ਪਿਆਰ ਦੀ ਭੁੱਖੀ-ਭਾਣੀ ਮੈਨਾ ਗ਼ਮ ਦਾ ਚੋਗਾ ਚੁਗਦੀ। ਏਥੇ ਹਰ ਰੁੱਤ ਕਬਰਾਂ ਵਰਗੀ ਅੱਗਾਂ ਵਰਗੇ ਸਾਏ। ਦੁੱਖਾਂ ਦੀ ਪੰਡ ਸਿਰ ਤੇ ਚਾਈ ਕੌਣ ਵੇਲੇ ਦੀਆਂ ਖੜੀਆਂ ਅੱਜ ਸਾਡੀ ਤਕਦੀਰ ਤੇ ਹੋਣੀ ਵਾਂਗ ਸੌਕਣਾਂ ਲੜੀਆਂ, ਸਾਡੇ ਨੈਣਾਂ ਦੇ ਵਿਚ ਵੱਸਦੇ ਇਹ ਸੁਪਨੇ ਪਥਰਾਏ। ਮਾਏ ਨੀ, ਅਸੀਂ ਫੁੱਲ ਚਾਨਣ ਦੇ ਅੱਧ-ਕੱਚੇ ਸੜ ਚੱਲੇ ਇਕ ਪਲ ਨਜ਼ਰਾਂ ਭਰ ਕਿਸੇ ਨਾ ਤੱਕਿਆ ਸਾਡੇ ਵੱਲੇ, ਮਾਏ ਨੀ ਅਸੀਂ ਗੀਤ ਅਧੂਰੇ ਕੌਣ ਅਸਾਂ ਨੂੰ ਗਾਏ। ਮਾਏ ਨੀ, ਅਸੀਂ ਚਾਨਣ ਦੇ ਤ੍ਰਿਹਾਏ। ਅੱਖੀਆਂ ਵਿਚ ਸਮੋ ਕੇ ਸੁਪਨੇ ਸੂਰਜ ਤੁਰਿਆ ਜਾਏ।
ਵੇ ਦੂਰ ਵਸੇਂਦਿਆ...
ਸਾਡੀ ਸੁਣ ਜਾ ਆ ਕੇ ਗੱਲ, ਵੇ ਦੂਰ ਵਸੇਂਦਿਆ। ਕੋਈ ਸੁੱਖ ਸੁਨੇਹੜਾ ਘੱਲ, ਵੇ ਦੂਰ ਵਸੇਂਦਿਆ। ਅਸੀਂ ਹੰਝੂਆਂ ਦੇ ਫੁੱਲ ਸੁੱਖੇ, ਤੇਰੀ ਦੀਦ ਲਈ ਸਾਡੇ ਹਾਉਕਿਆਂ ਨੇ ਹੀ ਸਾਡੀ ਜਿੰਦ ਖਰੀਦ ਲਈ ਸਾਡਾ ਦਿਲ ਨਾ ਸਾਡੇ ਵਲ, ਵੇ ਦੂਰ ਵਸੇਂਦਿਆ। ਅਸੀਂ ਬਹਿ ਕੇ ਗ਼ਮ ਦੀ ਟੀਸੀ ਤੈਨੂੰ ਟੋਲਿਆ ਅਸੀਂ ਚੱਪਾ ਚੱਪਾ ਇਸ ਬਿਰਹੋਂ ਦਾ ਫੋਲਿਆ ਅਸੀਂ ਗਾਹੇ ਮਾਰੂਥਲ, ਵੇ ਦੂਰ ਵਸੇਂਦਿਆ। ਵੇ ਤੂੰ ਜਾ ਵੜਿਓਂ ਪ੍ਰਦੇਸ, ਨਾ ਪੁੱਛੀ ਸਾਰ ਵੇ ਅਸੀਂ ਵਾਂਗ ਪਰਾਇਆਂ ਫਿਰੀਏ, ਵਿਚ ਸੰਸਾਰ ਵੇ ਸਾਡੀ ਕੋਈ ਨਾ ਸਮਝੇ ਗੱਲ, ਵੇ ਦੂਰ ਵਸੇਂਦਿਆ। ਅਸੀਂ ਮਹੁਰੇ ਨੂੰ ਵੀ ਅੰਮ੍ਰਿਤ ਕਰ ਕੇ ਪੀ ਲਿਆ ਅਸੀਂ ਮਰ ਮਰ ਕੇ ਵੀ ਦੁਨੀਆਂ ਉੱਤੇ ਜੀ ਲਿਆ ਸਾਡੇ ਦਿਲ ਤੇ ਡਾਢੇ ਸੱਲ ਵੇ ਦੂਰ ਵਸੇਂਦਿਆ। ਸਾਡੇ ਸਾਹਾਂ ਦਾ ਵੀ ਸੱਜਣਾ, ਕੀ ਭਰਵਾਸ ਵੇ ‘ਦੀਦਾਰ’ ਨੂੰ ਮੌਤ ਦੇ ਬਾਝੋਂ ਨਾ ਕੋਈ ਆਸ ਵੇ ਪੁੱਗ ਜਾਣੀ ਅੱਜ ਜਾਂ ਕੱਲ੍ਹ , ਵੇ ਦੂਰ ਵਸੇਂਦਿਆ, ਸਾਡੀ ਸੁਣ ਜਾ ਆ ਕੇ ਗੱਲ, ਵੇ ਦੂਰ ਵਸੇਂਦਿਆ।
ਵੇ ਸੱਜਣਾ ਮੇਰਿਆ.....
ਅੱਜ ਰੁੱਤ ਚੜ੍ਹੀ ਪਰਵਾਨ ਵੇ ਸੱਜਣਾ ਮੇਰਿਆ, ਕੋਈ ਫੁੱਲ ਨਾ ਸਾਡੇ ਹਾਣ ਵੇ ਸੱਜਣਾ ਮੇਰਿਆ। ਏਥੇ ਧੁਖਦੀਆਂ ਧੁਖਦੀਆਂ ਛਾਵਾਂ ਬੈਠੇ ਕੌਣ ਵੇ, ਏਥੇ ਹਾਉਕੇ ਭਰਦੀ ਲੰਘਦੀ ਤੱਤੜੀ ਪੌਣ ਵੇ, ਝੱਲੇ ਧਰਤੀ ਨਾ ਅਸਮਾਨ ਵੇ ਸੱਜਣਾ ਮੇਰਿਆ। ਸਾਡੇ ਸਾਹੀਂ ਰਚਿਆ ਧੂਆਂ ਸੀਨੇ ਪੀੜ ਵੇ, ਸਾਡੇ ਚੌਹੀਂ ਪਾਸੀਂ ਗ਼ਮ ਦੀ ਸੰਘਣੀ ਭੀੜ ਵੇ, ਪਏ ਸਹਿਕਣ ਕੁਝ ਅਰਮਾਨ ਵੇ ਸੱਜਣਾ ਮੇਰਿਆ। ਅਸੀਂ ਮੰਗਦੇ ਰਹਿ ਗਏ ਤੈਥੋਂ ਖ਼ੈਰ ਵਫ਼ਾਵਾਂ ਦੀ, ਅਸੀਂ ਤਿਲ ਤਿਲ ਕਰ ਕੇ ਕੱਟ ਲਈ ਉਮਰ ਸਜ਼ਾਵਾਂ ਦੀ, ਅਸੀਂ ਕਾਹਦਾ ਕਰਨਾ ਮਾਣ ਵੇ ਸੱਜਣਾ ਮੇਰਿਆ। ਇਹ ਰੁੱਤ ਸੀ ਲੈ ਕੇ ਆਈ ਨਾਲ ਬਹਾਰ ਵੇ ਪਰ ਜਾਂਦੀ ਵਾਰੀ ਦੇ ਗਈ ਸਾਨੂੰ ਖ਼ਾਰ ਵੇ। ਹਰ ਬੁਲਬੁਲ ਲਹੂ-ਲੁਹਾਣ ਵੇ ਸੱਜਣਾ ਮੇਰਿਆ। ਏਥੇ ਬੁਲ੍ਹੀਂ ਤੜਪਣ ਹਾਸੇ ਦਿਲ-ਦਿਲਗੀਰੀਆਂ, ਏਥੇ ਸ਼ਹਿਨਸ਼ਾਹ ‘ਦੀਦਾਰ' ਹੰਢਾਉਣ ਫ਼ਕੀਰੀਆਂ, ਇਹ ਜੀਉਂਦੇ-ਜੀ ਮਰ ਜਾਣ ਵੇ ਸੱਜਣਾ ਮੇਰਿਆ। ਅੱਜ ਰੁੱਤ ਚੜ੍ਹੀ ਪਰਵਾਨ ਵੇ ਸੱਜਣਾ ਮੇਰਿਆ, ਕੋਈ ਫੁੱਲ ਨਾ ਸਾਡੇ ਹਾਣ ਵੇ ਸੱਜਣਾ ਮੇਰਿਆ।
ਸਾਨੂੰ ਤੇਰੀਆਂ ਤਾਘਾਂ......
ਸਾਨੂੰ ਤੇਰੀਆਂ ਤਾਂਘਾ ਮੁੱਕ ਗਈਆਂ ਹੁਣ ਰੋਂਦੀਆਂ ਅੱਖੀਆਂ ਸੁੱਕ ਗਈਆਂ। ਤੈਨੂੰ ਪਿਆਰ ਮੁਬਾਰਕ ਗੈਰਾਂ ਦਾ ਸਾਨੂੰ ਮਾਨ ਗੁਜ਼ਰ ਗਏ ਪਹਿਰਾਂ ਦਾ ਤੂੰ ਰੰਗ ਸਤਰੰਗੀਆਂ ਪੀਘਾਂ ਦਾ ਮੈਂ ਖੰਡਰ ਉੱਜੜੇ ਸ਼ਹਿਰਾਂ ਦਾ ਇੱਕ ਪਾਸੇ ਲਾਲੀ ਸਰਘੀ ਦੀ ਇਕ ਪਾਸੇ ਹੱਡੀਆਂ ਧੁੱਖ ਗਈਆਂ... ਤੂੰ ਪਿਆਰ ਨਿਭਾਉਣਾ ਕੀ ਜਾਣੇ ਇੱਕ ਦਰਦ ਹੰਢਾਉਣਾ ਕੀ ਜਾਣੇ ਤੈਨੂੰ ਮਿਹਣਾ ਕਿਤੇ ਵਫ਼ਾ ਕਰਨੀ ਰੋ ਰੋ ਮੁਸਕਾਉਣਾ ਕੀ ਜਾਣੇ ਤੈਨੂੰ ਕਸਮ ਸਰਾਪੇ ਹੋਠਾਂ ਦੀ ਸਾਡੇ ਦਿਲ ਦੀਆਂ ਨਬਜ਼ਾਂ ਰੁੱਕ ਗਈਆਂ.... ਸਾਡਾ ਟੁੱਟਿਆ ਦਿਲ ਇਹ ਦੁਆ ਦੇਵੇ ਤੈਨੂੰ ਜ਼ਿੰਦਗੀ ਹੋਰ ਖ਼ੁਦਾ ਦੇਵੇ ਲੋਅ ਖੋਹ ਕੇ ਸਾਡੇ ਨੈਣਾਂ ਦੀ ਤੇਰੇ ਮਹਿਲੀਂ ਦੀਪ ਜਗਾ ਦੇਵੇ ਸਾਡੇ ਗਲ ਵਿਚ ਜਿਹੜੀਆਂ ਪਈਆਂ ਸਨ ਸਾਡੇ ਭਾਣੇ ਉਹ ਬਾਹਾਂ ਟੁੱਟ ਗਈਆਂ.... ਅਸੀਂ ਘੁੱਟ ਸਬਰਾਂ ਦੇ ਪੀ ਲਾਂ ਗੇ ਤਪਦੇ ਹੋਠਾਂ ਨੂੰ ਸੀ ਲਾਂ ਗੇ ਮਰ-ਜਾਣਿਆਂ ਹੁਣ ਨਾ ਹਿਰਖ ਕਰੀਂ ਜੇ ਜੀ ਹੋਇਆ ਤਾਂ ਜੀ ਲਾਂ ਗੇ 'ਦੀਦਾਰ’ ਇਹ ਘੜੀਆਂ ਅੰਤ ਦੀਆਂ ਲੱਗਦਾ ਏ ਉਹ ਹੁਣ ਢੁੱਕ ਗਈਆਂ ਸਾਨੂੰ ਤੇਰੀਆਂ ਤਾਂਘਾਂ ਮੁੱਕ ਗਈਆਂ। ਹੁਣ ਰੋਂਦੀਆਂ ਅੱਖੀਆਂ ਸੁੱਕ ਗਈਆਂ।
ਅੱਖੀਆਂ ਤੋਂ ਉਹਲੇ....
ਉਹ ਹੋਣੇ ਨੂੰ ਤਾਂ ਲੱਖ ਵਾਰੀ ਅੱਖੀਆਂ ਤੋਂ ਓਹਲੇ ਹੋ ਜਾਂਦਾ ਪਰ ਚੰਗਾ ਸੀ ਜੇ ਸਦਾ ਲਈ ਪਲਕਾਂ ਦੇ ਬੂਹੇ ਢੋ ਜਾਂਦਾ ਤਕਦੀਰ ਦੇ ਮਾਰੇ ਹੋਏ ਅਸੀਂ ਇਕ ਵਾਰ ਸੱਜਣ ਨਾਲ ਹੱਸ ਬੈਠੇ, ਨਜ਼ਰਾਂ ਹੀ ਨਜ਼ਰਾਂ ਵਿਚ ਦੋਵੇਂ ਕੁਝ ਪੁੱਛ ਬੈਠੇ, ਕੁਝ ਦੱਸ ਬੈਠੇ ਕੀ ਸਾਰ ਸੀ ਗੱਲਾਂ ਨਿੱਕੀਆਂ ਦਾ ਏਡਾ ਹੈ ਪਸਾਰਾ ਹੋ ਜਾਂਦਾ..... ਜ਼ਿੰਦਗੀ ਵਿਚ ਛਿੜਿਆ ਘੋਲ ਜਦੋਂ ਸੀ ਬਚਪਨ ਅਤੇ ਜਵਾਨੀ ਦਾ ਯੁੱਗਾਂ ਤੇ ਭਾਰੂ ਉਹ ਇਕ ਪਲ ਅੰਗ ਬਣਿਆ ਸੀ ਜਿੰਦਗਾਨੀ ਦਾ ਅਸੀਂ ਰੁਤਬਾ ਕੋਈ ਪਾ ਜਾਂਦੇ ਸਨ ਉਸ ਪਲ ਜੇ ਸਮਾਂ ਖਲੋ ਜਾਂਦਾ..... ਸਾਡਾ ਦਿਲਬਰ ਹਾਣੀ ਮਹਿਕਾਂ ਦਾ ਜਿਹੜਾ ਚੇਤੇ ਆਵੇ ਆਹ! ਬਣ ਕੇ ਉਹਦਾ ਨਿਰਮਲ ਮੁੱਖੜਾ ਰੱਬ ਵਰਗਾ ਸਾਥੋਂ ਰੁੱਸਿਆ ਬੇਪ੍ਰਵਾਹ ਬਣ ਕੇ ਉਹ ਯਾਦ 'ਚ ਅੱਜ ਵੀ ਹੰਝੂਆਂ ਰਾਹ ਹੈ ਖੂਨ ਜਿਗਰ ਦਾ ਹੋ ਜਾਂਦਾ... ਹੁਣ ਗ਼ਮ ਦੇ ਚੁੱਪ ਸ਼ਮਸ਼ਾਨਾਂ ਵਿਚ 'ਦੀਦਾਰ' ਨੂੰ ਦਿਲ ਪਰਚਾਉਣ ਦਿਓ ਦੁੱਖਾਂ ਦੇ ਮਾਰੂ ਸਾਜ਼ਾਂ ਤੇ ਉਹਨੂੰ ਗੀਤ ਹਿਜਰ ਦੇ ਗਾਉਣ ਦਿਓ ਦੇਖੋ ਉਹ ਮੌਤ ਦੀ ਮਾਲਾ ਵਿਚ ੲਹ ਮਣਕਾ ਕਦੋਂ ਪਰੋ ਜਾਂਦਾ, ਉਹ ਚੰਗਾ ਸੀ ਜੇ ਸਦਾ ਲਈ ਪਲਕਾਂ ਦੇ ਬੂਹੇ ਢੋ ਜਾਂਦਾ।
(ਕਵਿਤਾਵਾਂ) ਧੁੱਖਦੇ ਪਲ
ਬੇਬਸੀਆਂ ਦੀ ਵਾਦੀ ਅੰਦਰ ਅੱਜ ਹੈ ਮੇਰੀ ਹੋਂਦ ਗੁਆਚੀ ਏਥੋਂ ਦੇ ਪੱਥਰ-ਦਿਲ ਲੋਕੀਂ ਕੀ ਸਮਝਣਗੇ ਮੇਰੀ ਗਲ। ਥੱਕਿਆ ਟੁੱਟਿਆ ਆਸ ਦਾ ਸੂਰਜ ਕਰ ਕਰ ਕੇ ਹਿਜਰਾਂ ਦਾ ਪੈਂਡਾ ਦਿਨ-ਭਰ ਦਾ ਉਦਰੇਵਾਂ ਸਾਂਭੀ ਡੁੱਬ ਚੱਲਿਆ ਹੈ ਪੱਛਮ ਵਲ। ਖ਼ਾਮੋਸ਼ੀ ਦੀਆਂ ਪਹਿਨ ਝਾਂਜਰਾਂ ਪੀੜਾਂ ਨੱਚਣ ਗੀਤਾਂ ਵਿਹੜੇ ਸਾਹ-ਪਾਂਧੀ ਨਹੀਂ ਲੰਘਦੇ ਦਿੱਸਦੇ ਉਮਰ ਦਾ ਤਪਦਾ ਮਾਰੂਥਲ। ਜਿੰਦੇ ਨੀ ਅਸੀਂ ਬਿਰਹਾ-ਜਾਏ ਅਣਚਾਹੇ ਅਸੀਂ ਗ਼ਮ ਦੇ ਬੋਲ ਚੁੱਪ-ਚੁੱਪੀਤੇ ਪਾ ਲੈ ਝੋਲੀ ਭੱਖਦੇ ਹੰਝੂ - ਧੁੱਖਦੇ ਪਲ।
ਹੰਝੂਆਂ ਦਾ ਸਾਕ
ਪਿਆਰ ਦੀ ਕਹਾਣੀ ਸਾਡੇ ਹੰਝੂਆਂ ਦੇ ਹਾਣ ਹੋਈ ਵਾਸਤਾ ਖ਼ੁਦਾ ਦਾ ਆ ਜਾ ਹਾਣੀਆਂ ਵੇ ਹੋ । ਛੋਟੀ ਜਿੰਨੀ ਉਮਰੇ ਸੀ ਨਿੱਕੀ ਜਿਹੀ ਗੱਲ ਕੀਤੀ ਬਣ ਗੀਆਂ ਲੰਮੀਆਂ ਕਹਾਣੀਆਂ ਵੇ ਹੋ । ਜਿਨ੍ਹਾਂ ਅੱਖੀਆਂ ਨੇ ਸਾਂਭ ਰੱਖੀ ਤਸਵੀਰ ਤੇਰੀ ਸਹਿਕ ਗਈਆਂ ਅੱਖੀਆਂ ਨਿਮਾਣੀਆਂ ਵੇ ਹੋ। ਸੀਨੇ ਵਿਚ ਸੱਧਰਾਂ ਨੇ ਚੁੱਕਿਆ ਤੂਫ਼ਾਨ ਹੋਇਆ ਲੈਂਦੀਆਂ ਨਾ ਚੈਨ ਮਰਜਾਣੀਆਂ ਵੇ ਹੋ। ਬੈਠੀਆਂ ਨਾ ਦਿਲਾਂ ਦੀਆਂ ਉੱਚੀਆਂ ਅਟਾਰੀਆਂ ਤੇ ਯਾਦਾਂ ਦੀਆਂ ਲੱਖਾਂ ਪਟਰਾਣੀਆਂ ਵੇ ਹੋ । ਹਉਕਿਆਂ ਦੇ ਚੌਰ ਰਹਿਣ ਝੂਲਦੇ ਮਹੱਲਾਂ ਵਿਚ ਹੰਝੂ ਪੀਣ ਖਸਮਾਂ ਨੂੰ ਖਾਣੀਆਂ ਵੇ ਹੋ। ਸੋਗ ਸਾਡੇ ਹਾਸਿਆਂ ਦਾ ਸਾਰਿਆਂ ਨੂੰ ਹੋ ਗਿਆ ਈ ਪੀੜਾਂ ਪਰ ਕਿਸੇ ਨੇ ਨਾ ਜਾਣੀਆਂ ਵੇ ਹੋ, ਨਵਿਆਂ ਤਬੀਬਾਂ ਨੇ ਕੀ ਕਰਨਾ ਇਲਾਜ ਸਾਡਾ ਲੱਗੀਆਂ ਬੀਮਾਰੀਆਂ ਪੁਰਾਣੀਆਂ ਵੇ ਹੋ। ਪੀਹ ਕੇ ਜੁਦਾਈਆਂ ਅਸੀਂ ਸਿਦਕਾਂ ਦੇ ਪੁੜਾਂ ਵਿਚ ਉਮਰਾਂ ਦੀ ਛਾਨਣੀ 'ਚ ਛਾਣੀਆਂ ਵੇ ਹੋ, ਪਰ ਸਾਡੀ ਵਫ਼ਾ ਦਾ ਵੀ ਬੋਲ ਨਾ ਪਛਾਣਿਆਂ ਤੂੰ ਗ਼ਮਾਂ ਨਾਲ ਪੈ ਗਈਆਂ ਨਿਭਾਣੀਆਂ ਵੇ ਹੋ । ਚੰਦਰਾ ਜਹਾਨ ਸਾਨੂੰ ਮਿਹਣੇ ਨਿੱਤ ਮਾਰਦਾ ਏ ਗੱਲਾਂ ਕਰੇ ਸੀਨੇ ਲਾਂਬੂ ਲਾਣੀਆਂ ਵੇ ਹੋ । ਹਾਉਕਿਆਂ ਦੇ ਰਿੜਕਣੇ ਚ ਰਿੜਕ ਲਈ ਜੁਆਨੀ ਅਸਾਂ ਪਾ ਕੇ ਦੁੱਖਾਂ ਵਾਲੀਆਂ ਮਧਾਣੀਆਂ ਵੇ ਹੋ । ਸਾਡੇ ਨਾ ਬਨੇਰੇ ਕਦੇ ਕਾਗ ਕੋਈ ਬੋਲਿਆ ਏ ਕੋਇਲਾਂ ਵੀ ਰੋਣ ਜੀ-ਭਿਆਣੀਆਂ ਵੇ ਹੋ । ਕਿਹੜੇ ਬਾਗੀਂ ਵਸਲਾਂ ਦੀ ਛਾਂ ਸਾਨੂੰ ਲੱਭਣੀ ਏ ਲੂੰਹਦੀਆਂ ਨੇ ਅੱਗਾਂ ਜਿੰਦ-ਖਾਣੀਆਂ ਵੇ ਹੋ । ਜਿੰਦ ਸਾਡੀ ਜਿਵੇਂ ਕੋਈ ਚੰਦਨ ਦਾ ਰੁੱਖ ਹੋਵੇ ਗ਼ਮ ਜਿਵੇਂ ਸੱਪਾਂ ਦੀਆਂ ਢਾਣੀਆਂ ਵੇ ਹੋ। ਲੰਘ ਕੇ ਤੂਫ਼ਾਨ ਸਾਰੇ ਆਈ ਸੀ ਬੇੜੀ ਮੇਰੀ, ਡੋਬ ਲੀਤੀ ਕੰਢਿਆਂ ਦੇ ਪਾਣੀਆਂ ਵੇ ਹੋ। ਕਾਲੀਆਂ ਪਹਾੜ ਵਾਂਗੂੰ ਲੰਮੀਆਂ ਇਹ ਰਾਤਾਂ ਸਾਨੂੰ ਅੱਖਾਂ ਵਿਚ ਪੈ ਗਈਆਂ ਲੰਘਾਣੀਆਂ ਵੇ ਹੋ । ਵੱਢ-ਵੱਢ ਖਾਂਦੀਆਂ ਨੇ ਸੇਜਾਂ ਇਕਲਾਪੇ ਦੀਆਂ ਸਾਰ ਕੀ ਸੀ ਕੱਲਿਆਂ ਹੰਡਾਣੀਆਂ ਵੇ ਹੋ। ਬੈਠ ਨਹੀਓਂ ਰਹਿਣੀ ਇਹ ਬਹਾਰ ਸਦਾ ਜੋਬਨੇ ਦੀ ਰਹਿਣੀਆਂ ਨਹੀਂ ਰੁੱਤਾਂ ਇਹ ਸੁਹਾਣੀਆਂ ਵੇ ਹੋ। ਤੇਰੇ ਬਾਝੋ ਤੇਰੇ ਹੀ 'ਦੀਦਾਰ’ ਦੀ ਉਡੀਕ ਵਿਚ ਸਾਹਾਂ ਦੀਆਂ ਕੂੰਜਾਂ ਉਡ ਜਾਣੀਆਂ ਵੇ ਹੋ । ਪਿਆਰ ਦੀ ਕਹਾਣੀ ਸਾਡੇ ਹੰਝੂਆਂ ਦੇ ਹਾਣ ਹੋਈ ਵਾਸਤਾ ਖ਼ੁਦਾ ਦਾ ਆ ਜਾ ਹਾਣੀਆਂ ਵੇ ਹੋ। ਛੋਟੀ ਜਿਹੀ ਉਮਰੇ ਸੀ ਨਿੱਕੀ ਜਿਹੀ ਗੱਲ ਕੀਤੀ ਬਣ ਗਈਆਂ ਲੰਮੀਆਂ ਕਹਾਣੀਆਂ ਵੇ ਹੋ।
ਆ ਨੀ ਜਿੰਦੇ
ਆ ਨੀ ਜਿੰਦੇ ਬੈਠ ਸਰਹਾਣੇ ਇੱਕ ਦੋ ਗੱਲਾਂ ਕਰੀਏ, ਆਪਣੀ ਜਾਨ ਨੂੰ ਪਾ ਗਲਵੱਕੜੀ ਆਪਣੀ ਮੌਤੇ ਮਰੀਏ । ਆ ਨੀ , ਜਿੰਦੇ ਹੱਥੋਂ ਸੁੱਟ ਕੇ ਭੰਨੀਏ ਆਸ ਦਾ ਕਾਸਾ, ਹੁਣ ਤਾਂ ਸਾਡੀ ਮੌਤ ਨਮਾਣੀ ਬੁੱਲ੍ਹੀਂ ਮਲੇ ਦੰਦਾਸਾ। ਆ ਨੀ ਜਿੰਦੇ ਸੁਪਨਾ ਬਣ ਕੇ ਅੱਖਾਂ ਦੇ ਵਿਚ ਬਹਿ ਜਾ, ਅੱਖਾਂ ਰਸਤੇ ਹੌਲੀ ਹੌਲੀ ਪੈਰਾਂ ਦੇ ਵਿਚ ਲਹਿ ਜਾ। ਆ ਨੀ ਜਿੰਦੇ ਹੱਡੀਂ ਰਚ ਗਏ ਇਸ਼ਕੀ ਨਾਗ ਜ਼ਰੀਲੇ , ਕਿਹਨੂੰ ਆਪਣੀ ਮੌਤ ਪਿਆਰੀ ਕੌਣ ਇਨ੍ਹਾਂ ਨੂੰ ਕੀਲੇ। ਆ ਨੀ ਜਿੰਦ ਲੱਪ ਹੰਝੂਆਂ ਦੀ ਨੈਣਾਂ ਨੇ ਅੱਜ ਵੰਡੀ, ਜਿੱਥੇ ਮੇਰੀ ਮੰਜ਼ਿਲ ਉਸ ਨੂੰ ਨਾ ਰਸਤਾ, ਨਾ ਡੰਡੀ ਆ ਨੀ ਜਿੰਦੇ, ਕੋਸਾ ਕੋਸਾ ਤੈਨੂੰ ਨੀਰ ਪਿਆਵਾਂ, ਤੇਰੇ ਰਾਹਾਂ ਦੇ ਵਿਚ ਅੜੀਏ ਆਪਣੇ ਨੈਣ ਵਿਛਾਵਾਂ। ਆ ਨੀ ਜਿੰਦੇ, ਖੇਖਨ ਹੱਥੀਏ ਬਹਿ ਜਾ ਹੋ ਕੇ ਨੇੜੇ , ਉਨ੍ਹਾਂ ਦੁੱਖਾਂ ਤੋਂ ਕੌਣ ਛੁੜਾਵੇ ਜਿਹੜੇ ਆਪ ਸਹੇੜੇ। ਆ ਨੀ ਜਿੰਦੇ ਚਿੱਟੇ -ਅੰਬਰ ਹੋ ਗਏ ਨੀ ਦਿਨ ਕਾਲੇ , ਕਰਮਾਂ ਮਾਰੀ ਕੋਈ ਵਿਜੋਗਣ ਦੀਪ ਹਿਜਰ ਦੇ ਬਾਲੇ। ਆ ਨੀ ਜਿੰਦੇ ਪੱਤਝੜ ਵਰਗਾ ਰੁੱਖਾ ਮੌਸਮ ਆਇਆ, ਨਾ ਕੋਈ ਪੱਤਾ, ਨਾ ਕੋਈ ਤੀਲਾ ਦਿਲ ਮੇਰਾ ਕੁਮਲਾਇਆ। ਆ ਨੀ ਜਿੰਦੇ ਲੈ ਕੇ ਆਰੀ ਕੱਢ ਕਲੇਜਾ ਚੀਰਾਂ, ਕਿਹੜੇ ਦਰ ਤੇ ਅਲਖ ਜਗਾਉਣੀ ਜਾ ਕੇ ਅਸਾਂ ਫ਼ਕੀਰਾਂ। ਆ ਨੀ ਜਿੰਦੇ ਗ਼ਮ ਦੀ ਮਹਿੰਦੀ ਤੇਰੇ ਅੰਗ ਛੁਹਾਵਾਂ, ਹੱਥੀਂ ਬੰਨ੍ਹ ਪੀੜਾਂ ਦੀ ਮੌਲੀ ਗੀਤ ਹਿਜਰ ਦੇ ਗਾਵਾਂ। ਆ ਨੀ ਜਿੰਦੇ, ਦੇਖ ਤਮਾਸ਼ਾ ਕੀ ਕਿਸਮਤ ਤੇ ਬਣੀਆਂ, ਅੱਜ ਅੱਖਾਂ ਦੇ ਨੀਲੇ ਅੰਬਰ ਵਰ੍ਹ ਗਏ ਬਣ ਕੇ ਕਣੀਆਂ। ਆ ਨੀ ਜਿੰਦੇ ਨਬਜ਼ਾਂ ਫੜ ਲੈ ਸਾਹ-ਪਾਂਧੀ ਤੁਰ ਚੱਲੇ , ਨਾ ਕੋਈ ਸਾਥੀ, ਨਾ ਕੋਈ ਬੇਲੀ ਚੱਲੇ ਕੱਲ-ਮੁ-ਕੱਲੇ । ਆ ਨੀ ਜਿੰਦੇ ਅਥਰੀਏ ਤੂੰ ਨਾ ਕਰ ਬਹੁਤੀਆਂ ਅੜੀਆਂ, ਬੱਦੀਆਂ ਇਹ ਉਮਰਾਂ ਦੀਆਂ ਲਾਸ਼ਾਂ ਕਦੇ ਨਾ ਪੀਂਘਾਂ ਚੜ੍ਹੀਆਂ। ਆ ਨੀ ਜਿੰਦੇ ਉੱਥੇ ਚੱਲੀਏ ਜਿੱਥੇ ਸੱਜਣ ਰਹਿੰਦੇ , ਜਿਨ੍ਹਾਂ ਬਿਨਾਂ ਮੇਰੇ ਪ੍ਰਾਣ ਪੰਖੇਰੂ ਕਰ ਅਰਾਮ ਨਹੀਂ ਬਹਿੰਦੇ। ਆ ਨੀ ਜਿੰਦੇ ਹੱਸ ਹੱਸ ਕੇ ਅਸਾਂ ਜ਼ਹਿਰ ਪਿਆਲਾ ਪੀਣਾ, ਸੱਜਣਾ ਦੇ 'ਦੀਦਾਰ' ਬਿਨਾਂ ਹੁਣ ਮੁਸ਼ਕਿਲ ਹੋ ਗਿਆ ਜੀਣਾ।
ਜਿੰਦੜੀ ਪਿਆਰ-ਵਿਹੂਣੀ
ਯਾਦ ਤੇਰੀ ਦੇ ਤਕੀਏ ਬਹਿ ਕੇ ਤਾਈਏ ਗ਼ਮ ਦੀ ਧੂਣੀ, ਪਲ ਪਲ ਦੇ ਵਿਚ ਹੁੰਦੀ ਜਾਵੇ ਬ੍ਰਿਹਾ-ਵੇਦਨ ਦੂਣੀ। ਜਿੰਦੜੀ ਦਾ ਅਸਾਂ ਚਰਖਾ ਡਾਹਿਆ ਸਾਹਾਂ ਦਿੱਤੇ ਗੇੜੇ , ਮੁੱਕਣ ਵਿਚ ਨਾ ਆਉਂਦੀ ਸਾਥੋਂ, ਅਜੇ ਉਮਰ ਦੀ ਪੂਣੀ। ਇਹ ਦਿਲ ਮੇਰਾ ਤੇਰੇ ਗ਼ਮ ਥੀਂ ਸਾਗਰ ਵਾਂਗੂੰ ਭਰਿਆ ਤੇਰੇ ਮੇਲ ਬਿਨਾ ਪਰ ਅੜਿਆ ਹਰ ਸ਼ੈਅ ਦਿਸਦੀ ਊਣੀ। ਇਸ਼ਕ-ਝਨ੍ਹਾਂ ਦੇ ਡੂੰਘੇ ਪੱਤਣ ਠਿੱਲ੍ਹ ਪਏ ਸਿਦਕ ਦੇ ਤਾਰੂ , ਲੇਖ ਮੱਥੇ ਦੇ ਬਿਟ ਬਿਟ ਦੇਖੇ ਕਾਲਖ਼ ਨਿੰਮੋਝੂਣੀ। ਆਸਾਂ ਦੀ ਬਲ ਰਹੀ ਚਿਖਾ ਤੇ ਚਾਵਾਂ ਦਾ ਲੈ ਖੱਫਣ, ਮੌਤ ਨੂੰ ਪਾ ਗਲਵੱਕੜੀ ਸੌਂ ਗਈ ਜਿੰਦੜੀ ਪਿਆਰ ਵਿਹੂਣੀ।
ਲਹਿਰ-ਅਖੀਰੀ
ਪਿਆਰ ਦੇ ਡੂੰਘੇ ਸਾਗਰ ਦੀ ਅੱਜ ਲਹਿਰ ਅਖੀਰੀ ਲਹਿ ਗਈ ਵੇ। ਮਾਰੂਥਲ ਵਿੱਚ ਜਿੰਦ ਨਿਮਾਣੀ ਤੜਪਣ ਜੋਗੀ ਰਹਿ ਗਈ ਵੇ । ਟੂਣੇ ਕਰ ਕਰ ਰੋਟ ਚੜ੍ਹਾਏ ਪੀਰ ਪੈਗੰਬਰ ਕਈ ਰੀਝਾਏ ਪਰ ਮੇਰੀ ਕਿਸਮਤ ਦੀ ਬੇੜੀ ਵਹਿੰਦੀ ਵਹਿੰਦੀ ਵਹਿ ਗਈ ਵੇ । ਬੁੱਝੋ ਵੇ ਕੋਈ ਰਮਜ਼ ਦਿਲੇ ਦੀ ਲੱਭੋ ਵੇ ਕੋਈ ਦਰਦ ਦਾ ਦਾਰੂ ਟੁੱਕੀ ਜੀਭ ਸਮਾਜਾਂ ਨੇ ਜੋ ਦੇਖੋ ਕੀ ਕੁੱਝ ਕਹਿ ਗਈ ਵੇ। ਰਸਮਾਂ ਰੀਤਾਂ ਦੇ ਬਾਗਾਂ ਵਿਚ ਦਸਤੂਰਾਂ ਦੀ ਨਾਗਣ ਮੇਲ੍ਹੇ ਵਸਲ ਟੋਲ੍ਹਦੀ ਮਾਲਣ ਕੋਈ ਡੰਗ ਹਿਜਰ ਦਾ ਸਹਿ ਗਈ ਵੇ। ਸੋਨੇ ਚਾਂਦੀ ਦੇ ਮਹਿਲਾਂ ਨੇ ਸਿਖਰ ਦੁਪਹਿਰੇ ਨ੍ਹੇਰ ਮਚਾਇਆ ਕਿਸੇ ਦੁਖੀ ‘ਦੀਦਾਰ’ ਦੀ ਝੁੱਗੀ ਢਹਿੰਦੀ ਢਹਿੰਦੀ ਢਹਿ ਗਈ ਵੇ।
ਵਪਾਰ
ਰਾਤ ਬਲਦੀ ਪਈ ਤੇਰੇ ਪਿਆਰ ਦੀ ਤਾਰਿਆਂ ਨੇ ਅੱਗ ਦਾ ਮੂੰਹ ਚੁੰਮਿਆਂ, ਅੱਜ ਕਿਸੇ ਇਕ ਬੇਵਫ਼ਾ ਦੇ ਵਾਂਗਰਾਂ ਸੋਚ ਮੇਰੀ ਦਾ ਧੁਰਾ ਹੈ ਘੁੰਮਿਆਂ। ਜੋ ਨਹੀਂ ਸੀ, ਉਹ ਅਸੀਂ ਰਹੇ ਸਮਝਦੇ ਜੋ ਸੀਗਾ ਉਸ ਤੇ ਨਹੀਂ ਵਿਸ਼ਵਾਸ ਸੀ, ਪਿਆਰ ਰੂਹ ਦਾ ਸੋਚ ਕੇ ਸਤਿਕਾਰਿਆ ਪਰ ਉਹ ਕੂੜਾ ਲਹੂ ਤੇ ਹੱਡ ਮਾਸ ਸੀ। ਨਜ਼ਰ ਮੇਰੀ ਨੇ ਅਚਾਨਕ ਦੇਖਿਆ ਦੂਸਰਾ ਪਾਸਾ ਤੇਰੀ ਤਸਵੀਰ ਦਾ, ਇਕ ਪਾਸੇ ਸਰਘੀਆਂ ਦਾ ਨੂਰ ਸੀ ਇਕ ਪਾਸੇ ਨ੍ਹੇਰ ਸੀ ਤਕਦੀਰ ਦਾ। ਰੂਹ ਤੇਰੀ ਅੰਬਰੀਂ ਕਿਤੇ ਉਡਦੀ ਰਹੇ ਗਰਮ ਲਹੂ ਹੱਡੀਆਂ ਚੋਂ ਮੈਂ ਚੱਟਦਾ ਰਿਹਾ, ਮੌਤ ਦੇ ਟਿੱਬੇ ਦੇ ਉੱਤੇ ਬੈਠਕੇ ਜ਼ਿੰਦਗੀ ਦੀ ਕਬਰ ਮੈਂ ਪੁੱਟਦਾ ਰਿਹਾ। ਮੈਂ ਤੇਰੇ ਕੌਲਾਂ ਨੂੰ ਰੱਬ ਕਰ ਕੇ ਜਾਣਿਆ ਤੂੰ ਵਫ਼ਾ ਮੇਰੀ ਨੂੰ ਠੁਕਰਾਉਂਦੀ ਰਹੀ, ਮੈਂ ਤੇਰੇ ਅੱਖੀਆਂ ਦੇ ਹੰਝੂ ਪੀ ਲਏ ਤੂੰ ਮੇਰੇ ਪਰ ਖੂਨ ਵਿਚ ਨ੍ਹਾਉਂਦੀ ਰਹੀ। ਮੇਰੀਆਂ ਸੱਧਰਾਂ ਦੇ ਲਾਂਬੂ ਬਲ ਗਏ ਕੁੱਲ ਆਸਾਂ ਦੇ ਮੁਨਾਰੇ ਢਹਿ ਗਏ , ਤੇਰੀ ਦੋਤਰਫ਼ੀ ਨੇ ਸੀਨਾ ਚੀਰਿਆ ਕੁਝ ਭੁਲੇਖੇ ਸਨ ਜੋ ਸਾਰੇ ਲਹਿ ਗਏ । ਕੀ ਖ਼ਬਰ ਸੀ ਕਿ 'ਮਣੀ’ ਦੇ ਬਾਝ ਇਹ ਚਮਕਦਾ ਹੋਇਆ ਸੁਨਹਿਰੀ ਨਾਗ ਹੈ , ਜ਼ਿੰਦਗੀ ਦੇ ਸਾਜ਼ ਉੱਤੇ ਛੇੜਿਆ ਸਹਿਕਦਾ ਹੋਇਆ ਅਧੂਰਾ ਰਾਗ ਹੈ। ਹੁਣ ਇਨ੍ਹਾਂ ਜ਼ੁਲਫ਼ਾਂ 'ਚ ਸੰਦਲੀ ਮਹਿਕ ਨਹੀਂ ਹੁਣ ਤੇਰੀ ਜੰਨਤ ਦੀ ਛਾਂ ਸੁੰਹਦੀ ਨਹੀਂ, ਤੂੰ ਵਫ਼ਾ ਦੇ ਰੱਥ ਨੂੰ ਨਹੀਂ ਪਰਖਿਆ ਹੁਣ ਤੇਰੀ ਤੱਕਣੀ ਵੀ ਦਿਲ ਮੁਹੰਦੀ ਨਹੀਂ। ਮੈਂ ਉਹ ਬਦਕਿਸਮਤ ਨਿਗੂਣਾ ਸ਼ਾਇਰ ਹਾਂ ਪਿਆਰ ਨਾਂ ਦੀ ਸ਼ੈ ਤੋਂ ਜੋ ਵਾਂਝਾ ਰਿਹਾ, ਕੋਲ ਹੋ ਕੇ ਵੀ ਤੂੰ ਮੈਥੋਂ ਦੂਰ ਸੀ ਸਾਥ ਦੋ ਬੁੱਤਾਂ ਦਾ ਹੀ ਸਾਂਝਾ ਰਿਹਾ। ਮੈਂ ਤੇਰੇ ਰਾਹ ਦਾ ਸੀ ਕੰਡਾ ਪਾਂਧੀਆ ਛੱਡ ਚੱਲਿਆ ਹਾਂ ਤੇਰੀ ਮਹਿਫਲ ਨੂੰ ਮੈਂ, ਰਾਹ ਮੁਬਾਰਕ ਹੋਣ ਤੈਨੂੰ ਪਿਆਰ ਦੇ ਮਾਰ ਲੀਤਾ ਆਪ ਆਪਣੇ ਦਿਲ ਨੂੰ ਮੈਂ। ਹਉਕਿਆਂ ਦੀ ਬਾਤ ਸੀ, ਉਹ ਕਹਿ ਲਈ ਹਾਵਿਆਂ ਦਾ ਦਰਦ ਸੀ, ਉਹ ਸਹਿ ਲਿਆ, ਉਮਰ ਦੇ ਮਾਰੂਥਲਾਂ ਵਿਚ ਭਟਕ ਕੇ ਅੱਗ ਦੀ ਛਾਵੇਂ ਦੋ ਪਲ ਹੈ ਬਹਿ ਲਿਆ। ਕੌਣ ਰੂਹ ਦੀ ਕਦਰ ਕਰਦਾ ਹਾਣੀਆਂ ਕੌਣ ਏਥੇ ਕੌਲ ਕਹਿ ਕੇ ਪਾਲਦਾ ਜਿਸਮ ਦੇ ਵਿਉਪਾਰ ਦੀ ਸਭ ਖੇਡ ਨੇ ਖੂਨ ਨੂੰ ਹੈ ਖੂਨ ਏਥੇ ਜਾਲਦਾ। ਚੰਗਾ ਹੋਇਆ ਤੂੰ ਪਰਾਈ ਹੋ ਗਈ ਹੁਣ ਤੇਰੇ ਰਾਹ ਵਿਚ ਕੋਈ ਰੋੜਾ ਨਹੀਂ ਮੇਟ ਕੇ ਹਸਤੀ ਕਿਸੇ ਦੀਦਾਰ’ ਦੀ ਕਰ ਲਿਆ ਉਪਕਾਰ ਤੂੰ ਥੋੜਾ ਨਹੀਂ।
ਅੱਗ ਹਿਜ਼ਰ ਦੀ
ਜੁੱਗੜੇ ਬੀਤੇ ਚੁੱਪ ਚੁੱਪੀਤੇ ਗੁੱਝੀਆਂ ਸੱਟਾਂ ਜਰੀਆਂ ਯਾਰ , ਟੁੱਟੇ ਦਿਲ ਨੂੰ ਦਿਲਬਰ ਬਾਝੋਂ ਕੌਣ ਦਵੇ ਦਿਲਬਰੀਆਂ ਯਾਰ । ਤੁਰ ਤੁਰ ਪੈਰ ਸਮੇਂ ਦੇ ਪਾਟੇ ਇਸ਼ਕ ਮੇਰਾ ਫਿਰ ਵੀ ਅਧਵਾਟੇ ਕੋਲ ਵੀ ਰਹਿ ਕੇ ਦੁਰ ਰਹੇਂ ਤੂੰ ਇਹ ਨਾ ਗੱਲਾਂ ਖਰੀਆਂ ਯਾਰ। ਭਰੀ ਜਵਾਨੀ ਹੋਈ ਵਿਜੋਗਣ ਜਿੰਦ ਮੇਰੀ ਬਿਰਹਾ ਦੀ ਰੋਗਣ ਵਾਂਗ ਦਮੂੰਹੀਆਂ ਗਲ ਵਿਚ ਲਟਕਣ ਇਹ ਖੁੱਲ੍ਹੀਆਂ ਬਾਂਵਰੀਆਂ ਯਾਰ। ਤੂੰ ਲੋਭੀ ਦੰਮਾਂ ਦਾ ਸੱਜਣਾ ਹਿਰਸ ਤੇਰੀ ਨੇ ਕਦੇ ਨਾ ਰੱਜਣਾ ਪਿਆਰ-ਵਫਾ ਦੇ ਹੀਰੇ ਤੈਨੂੰ ਲੱਗਦੇ ਨੇ ਠੀਕਰੀਆਂ ਯਾਰ। ਹਿਜਰ ਤੇਰੇ ਦਾ ਲਾਵਾ ਫੁੱਟੇ ਸਬਰ ਮੇਰੇ ਦਾ ਪਰਬਤ ਟੁੱਟੇ ਯਾਦ ਤੇਰੀ ਦੀਆਂ ਸਿਲਾਂ ਉਠਾ ਕੇ ਆਪਣੇ ਦਿਲ ਤੇ ਧਰੀਆਂ ਯਾਰ। ਆਸ ਮੇਰੀ ਦੀ ਕੱਚੀ ਭੌਣੀ ਹੰਝੂਆਂ ਦੀ ਕਿਸ ਪਿਆਸ ਬੁਝਾਉਣੀ ਸੋਚ ਮੇਰੀ ਦੀ ਖੂਹੀ ਕੱਚੀ ਪੈ ਪੈ ਜਾਵਣ ਘਰੀਆਂ ਯਾਰ। ਇਹ ਦੁਨੀਆਂ ਕੀ ਪੀੜ ਪਛਾਣੇ ਜਿਸ ਤਨ ਲੱਗੇ , ਸੋ ਤਨ ਜਾਣੇ ਕੀ ਦੱਸਾਂ ਮੈਂ ਮੇਰੇ ਦਿਲ ਤੇ ਕੀ ਕੀ ਨੇ ਵਾਪਰੀਆਂ ਯਾਰ। ਦੁਨੀਆਂ ਆਪ ਵਸਾਈ ਹੋਈ ਘੜੀਆਂ ਵਿਚ ਪਰਾਈ ਹੋਈ ਹੁਣ ਤਾਂ ਇਸ ਦੁਨੀਆਂ ਵਿਚ ਜਾਪਣ ਸਭੇ ਗੱਲਾਂ ਓਪਰੀਆਂ ਯਾਰ। ਭਰ ਭਰ ਨੈਣ ਵਿਰਾਗੇ ਵਰਸੇ ਦੀਦ ਤੇਰੀ ਨੂੰ ਦੀਦੇ ਤਰਸੇ ਆਸ ਤੇਰੀ ਦੇ ਤਕੀਏ ਬਹਿ ਕੇ ਨਿੱਤ ਚੌਕੀਆਂ ਭਰੀਆਂ ਯਾਰ। ਸਾਗਰ ਮੇਰੇ ਨੈਣੀਂ ਛਲਕੇ ਸੂਰਜ ਮੇਰੀ ਹਿੱਕੜੀ ਡਲ੍ਹਕੇ ਤਾਰੇ ਖੇਡਣ ਲੁਕਣ-ਮੀਚੀ ਚੰਦ ਕਰੇ ਮਸਖ਼ਰੀਆਂ ਯਾਰ। ਜਿੰਦ ਮੇਰੀ ਪਿੱਪਲ ਦਾ ਬੂਟਾ ਰੂਪ ਤੇਰੇ ਦਾ ਖਾਧਾ ਝੂਟਾ ਪੀਂਘ ਵਫ਼ਾ ਦੀ ਝੂਟਣ ਆਈਆਂ ਪਿਆਰ ਤੇਰੇ ਦੀਆਂ ਪਰੀਆਂ ਯਾਰ। ਅੱਗ ਬ੍ਰਿਹੋਂ ਦੀ, ਮੁੱਕਾ ਪਾਣੀ ਠੱਗੀ ਗਈ ਅਨਭੋਲ ਜਵਾਨੀ ਸੁੱਕ ਸੁੱਕ ਕੇ ਬਾਲਣ ਬਣ ਗਈਆਂ ਸੱਭੇ ਟਾਹਣੀਆਂ ਹਰੀਆਂ ਯਾਰ। ਆਹਾਂ, ਹੰਝੂ , ਹਾਉਕੇ , ਹਾਵੇ ਘੁੱਟ ਘੁੱਟ ਜਿੰਦ ਕਲੇਜੇ ਲਾਵੇ ਯੁਗ ਯੁਗ ਸਾਨੂੰ ਹੋਣ ਮੁਬਾਰਕ ਤੈਥੋਂ ਦਾਤਾਂ ਸਰੀਆਂ ਯਾਰ। ਕਦੀ ਤੇ ਆ ‘ਦੀਦਾਰ’ ਮਿਲੇਗਾ ਦਿਲ ਨੂੰ ਚੈਨ ਕਰਾਰ ਮਿਲੇਗਾ ਮਰ ਗਈ ਭਾਵੇਂ ਜਿੰਦ ਨਿਮਾਣੀ ਪਰ ਨਾ ਆਸਾਂ ਮਰੀਆਂ ਯਾਰ।
ਹਨੇਰੇ ਦਾ ਰੁੱਖ
ਜਿੰਦ ਮੇਰੀ ਵੀ ਕੀ ਹੈ ਯਾਰਾ ਇਹ ਤੇ ਹੈ ਇਕ ਰੁੱਖ ਨ੍ਹੇਰੇ ਦਾ ਗ਼ਮ ਦੇ ਤਪਦੇ ਮਾਰੂ ਥਲ ਵਿਚ ਕੱਲਾ-ਕਹਿਰਾ ਉੱਗਿਆ ਹੋਇਆ। ਨਾ ਇਸ ਤੇ ਕੋਈ ਫੁੱਲ ਆਸਾਂ ਦਾ ਨਾ ਸੱਧਰਾਂ ਦੀਆਂ ਟਾਹਣਾਂ ਫੁੱਟਣ ਹਰੇ ਹਰੇ ਹੀ ਝੜ ਜਾਂਦੇ ਨੇ ਅੱਧ-ਕੱਚੇ ਚਾਵਾਂ ਦੇ ਪੱਤੇ। ਇਹ ਉਹ ਰੁੱਖ ਹੈ ਜਿਸਦੇ ਵਿਹੜੇ ਪੱਤਝੜਾਂ ਨਿੱਤ ਖਿੱਲੀ ਪਾਵਣ ਕਦੀ ਬਹਾਰਾਂ ਦਾ ਪਰਛਾਵਾਂ, ਵੀ ਇਸ ਰਸਤੇ ਲੰਘਿਆ ਹੈ ਨਹੀਂ। ਤਨ ਵੀ ਇਸ ਦਾ ਸੁੱਕਾ ਖਿੰਘਰ ਝੜਦੀ ਜਾਂਦੀ ਉਮਰ ਦੀ ਸਿੱਕੜੀ ਨਾ ਮੁਟਿਆਰਾਂ ਪੀਂਘਾਂ ਪਾਵਣ ਨਾ ਕੋਈ ਮੇਰੇ ਸ਼ਗਨ ਮਨਾਵੇ। ਮੇਰੀ ਧੁੱਖਦੀ ਛਾਵੇਂ ਇਕ ਪਲ ਡਿੱਗ ਪੈਂਦੇ ਰਾਹੀ ਘਬਰਾ ਕੇ ਇਸ ਦੇ ਚੌਹੀਂ ਪਾਸੀਂ ਸਾਰੇ ਕਾਲਖ਼ ਉੱਗਦੀ, ਕਾਲਖ਼ ਮਰਦੀ, ਉੱਲੂ ਤੇ ਚਮਗਿੱਦੜ ਥਾਂ ਥਾਂ ਪਾਉਣ ਆਲ੍ਹਣੇ ਔਂਤਰ ਜਾਣੇ ਇੱਲਾਂ ਘੁੰਮਣ, ਕੁੱਤੇ ਭੌਂਕਣ ਪਾਰ ਪਲੇਸ ਲੈਣ ਨਿੱਤ ਝੂਟੇ ਧੋਖੇ ਦੇ ਹੀ ਨਾ ਜ਼ਹਿਰੀਲੇ। ਇਸ ਦੀ ਹਰ ਇਕ ਸਬ੍ਹਾ ਹਨੇਰੀ ਇਸ ਦੀ ਹਰ ਇਕ ਸ਼ਾਮ ਡਰਾਉਣੀ ਵਰਤਮਾਨ ਤੇ ਭੂਤ ਭਵਿੱਖਤ ਕਾਲਖ਼ ਦੇ ਵਿਚ ਡੁੱਬੇ ਹੋਏ। ਸਦੀਆਂ ਦੇ ਪਥਰਾਏ ਕੰਨਾਂ ਬੁਲਬੁਲ ਦਾ ਕਦੇ ਗੀਤ ਨਾ ਸੁਣਿਆ ਝਾਂਜਰ ਦੀ ਛਣਕਾਰ ਸੁਣੀ ਨਾ ਬੱਦਲਾਂ ਦੀ ਘੁੰਘਾਰ ਸੁਣੀ ਨਾ। ਜਦ ਕੋਈ ਲਗਰਾਂ ਵਰਗਾ ਸਾਥੀ ਜਦ ਕੋਈ ਫੁੱਲਾਂ ਵਰਗਾ ਸੱਜਣ ਨੱਚਦਾ, ਕੁੱਦਦਾ, ਹਾਸੇ ਪਾਉਂਦਾ ਦੂਰ ਕਿੱਤੋਂ ਦੀ ਲੰਘਦਾ ਦਿੱਸਦਾ ਤਾਂ ਇਸ ਦੇ ਹਿੱਸਦੇ ਦਿਲ ਅੰਦਰ ਹਰ ਸਾਹ ਆਉਂਦਾ ਧੁੱਖਦਾ ਧੁੱਖਦਾ ਹਰ ਪਲ ਲੰਘਦਾ ਦੁਖਦਾ ਦੁਖਦਾ। ਦੇਖ ਕੇ ਸਾਰੀ ਦੁਨੀਆਂ ਹੱਸਦੀ ਇਹ ਦੋ ਘੜੀਆਂ ਰੋ ਲੈਂਦਾ ਹੈ ਰੋ ਕੇ ਹੌਲਾ ਹੋ ਲੈਂਦਾ ਹੈ। ਕਿਸੇ ਪਿਆਰ ਦੀ ਬਦਲੋਟੀ ਦੀਆਂ ਇਸ ਤੇ ਕਦੀ ਨਾ ਕਣੀਆਂ ਵਰ੍ਹੀਆਂ ਸਗੋਂ ਏਸ ਦੀਆਂ ਕੋਮਲ-ਜੜ੍ਹਾਂ ਤੇ ਚਲਦੀ ਰਹੀ ਹਿਜਰ ਦੀ ਆਰੀ । ਝੁੱਲਦੇ ਰਹਿਣ ਦੁੱਖਾਂ ਦੇ ਝੱਖੜ ਆਉਂਦੀ ਰਹੇ ਕੋਈ ਲਾਲ ਹਨੇਰੀ। ਫਿਰ ਵੀ ਇਸ ਦੇ ਸਿੱਕਿਆਂ ਸੜਿਆਂ ਸਹਿਕ ਰਹੇ ਟਾਹਣਾਂ ਦੇ ਉੱਤੇ ਕੋਈ ਧੁੱਖਦਾ ਬਲਦਾ ਸੱਜਣ ਕਿਸੇ ਚੁਰਾਹੀਏ ਦੀ ਸੁੱਖਣਾ ਦਾ ਕਿਸੇ ਪੀਰ ਦੇ ਮਨੂੰਏ ਖ਼ਾਤਰ ਗ਼ਮ ਦੀ ਮੌਲੀ ਬੰਨ੍ਹ ਜਾਂਦਾ ਹੈ ਬੰਨ੍ਹ ਜਿਹਾ ਇਕ ਪਾ ਜਾਂਦਾ ਹੈ ਆਪਣਾ ਫ਼ਰਜ਼ ਨਿਭਾ ਜਾਂਦਾ ਹੈ ਦਿਲ ਦਾ ਭਾਰ ਘਟਾ ਜਾਂਦਾ ਹੈ ਮੇਰਾ ਦਰਦ ਵਧਾ ਜਾਂਦਾ ਹੈ। ਜਿੰਦ ਮੇਰੀ ਵੀ ਕੀ ਹੈ ਯਾਰਾ ਇਹ ਤੇ ਹੈ ਇਕ ਰੁੱਖ ਨ੍ਹੇਰੇ ਦਾ ਗ਼ਮ ਦੇ ਤਪਦੇ ਮਾਰੂਥਲ ਵਿਚ ਕੱਲਾ-ਕਹਿਰਾ ਉੱਗਿਆ ਹੋਇਆ।
ਅਰਜੋਈ
ਰੱਬਾ ਵੇ ਸਾਡੀ ਅੱਥਰੀ ਦਿਹ ਦੀ ਇਹ ਮਿੱਟੀ ਖੁਰ ਜਾਵੇ ਜਾਂ ਫਿਰ ਰੂਹ ਦਾ ਸ਼ੋਖ਼ ਪਰਿੰਦਾ ਦੂਰ ਕਿਤੇ ਉਡ ਜਾਵੇ। ਪਲਕਾਂ ਦੀ ਧੁੱਖਦੀ ਛਾਂ ਅੰਦਰ ਬੈਠ ਬੜਾ ਚਿਰ ਰੋਏ ਪਰ ਸਾਡੇ ਸ਼ਗਨਾ ਦੇ ਹੰਝੂ ਰਤਾ ਨਾ ਠੰਡੇ ਹੋਏ। ਹੁਣ ਸਾਡੇ ਅਧਮੀਟੇ ਹੋਠੀਂ ਬੋਲ ਨਾ ਕੋਈ ਜੁੜਦਾ ਨਾ ਕੋਈ ਹਿਜਰ ਦੀ ਕਾਲੀ ਰਾਤੇ ਆਸ-ਟਟਹਿਣਾ ਉਡਦਾ। ਚੁੱਭ ਜਾਵਣ ਸਾਡੇ ਕਾਲੇ ਨੈਣੀਂ ਹੁਣ ਦੋਜ਼ਖ਼ ਦੀਆਂ ਸੂਈਆਂ ਗ਼ਰਕ ਜਾਣ ਕਿਤੇ ਸਿਖ਼ਰ ਦੁਪਹਿਰੇ ਇਹ ਆਸਾਂ ਦੀਆਂ ਖੂਹੀਆਂ। ਕੰਡਿਆਂ ਵਿਚ ਫਸ ਕੇ ਮਰ ਜਾਵੇ ਇਹ ਚੰਦਰੀ ਖ਼ੁਸ਼ਬੋਈ ਜਾਂ ਕਲੀਆਂ ਦੇ ਮਹਿਕੇ ਬਾਗੀਂ ਅੱਗ ਵਰ੍ਹਾ ਦਏ ਕੋਈ। ਮਰ ਜਾਏ ਕਿਸੇ ਕੋਇਲ ਦੇ ਹੋਠੀਂ ਗੀਤ ਕੋਈ ਅਣਛੋਹਿਆ ਰਹਿ ਜਾਏ ਕਿਸੇ ਬਿਰਹਣ ਦਾ ਬੂਹਾ ਸਦਾ ਸਦਾ ਲਈ ਢੋਇਆ। ਰੱਬਾ ਵੇ ਸਾਡੇ ਲੇਖਾਂ ਵਾਂਗੂੰ ਲੂਹ ਦੇ ਸਾਰੀ ਧਰਤੀ ਹਰ ਨਗਰੀ ਵਿਚ ਕਬਰਾਂ ਵਰਗੀ ਰਹਿ ਜਾਵੇ ਚੁੱਪ ਵਰਤੀ। ਪਥਰਾਏ ਬੋਲਾਂ ਨੂੰ ਪਿੱਟਣ ਮੇਰੇ ਗੀਤ ਅਧੂਰੇ ਸਾਹਾਂ ਦੇ ਵਿਚ ਘੁਲ ਜਾਣ ਆਹਾਂ ਆਹਾਂ ਵਿਚ ਧਤੂਰੇ। ਸੜ ਜਾਵਣ-ਮੇਰੇ ਮਹਿਕਾਂ ਜਾਏ ਇਹ ਵਾਲਾਂ ਦੇ ਗੁੱਛੇ ਸਮਿਆਂ ਦੇ ਜਾਬਰ ਨੂੰ ਕੋਈ ਕੀ ਦੱਸੇ ਕੀ ਪੁੱਛੇ। ਬੋਲ ਸੁਰੀਲੇ ਖੋਹ ਕੇ ਮੇਰੀ ਜੀਭ ਕੋਈ ਸੀ ਜਾਵੇ- ਸ਼ਾਹ-ਰਗ ਤੋਂ ਕੋਈ ਫਨ੍ਹੀਅਰ ਕਾਲਾ ਰੱਤ ਮੇਰੀ ਪੀ ਜਾਵੇ। ਬੁਝ ਜਾਵਣ ਮੇਰੇ ਲਟ ਲਟ ਕਰਦੇ ਦੋ ਨੈਣਾਂ ਦੇ ਦੀਵੇ ਕਿਹੜਾ ਇਸ ਚਾਨਣ ਦੀ ਰੁੱਤੇ ਮੋਇਆਂ ਵਾਂਗਰ ਜੀਵੇ।
ਸਾਡੇ ਨੈਣਾਂ ਸੇਕ ਅਗੰਮ ਦਾ
ਸਾਡੇ ਨੈਣ ਨਿਰਾਸੇ ਓਦਰੇ ਸਾਡੀ ਵੇਦਨ ਜਾਣੇ ਕੌਣ ਵੇ ਸਾਡੇ ਗੀਤ ਸਰਾਪੇ ਅਜਲ ਤੋਂ ਆਏ ਚੁੱਪ ਦੀ ਅਹੁਦ ਹੰਢਾਉਣ ਵੇ ਸਾਨੂੰ ਸਭ ਜਗ ਠੇਡੇ ਮਾਰਦਾ ਸਾਨੂੰ ਸੁਪਨੇ ਚੰਦਰੇ ਆਉਣ ਵੇ ਸਾਡੇ ਸਾਹ ਵੀ ਸਾਡਾ ਹਾਲ ਤੱਕ ਸਾਡਾ ਸੰਗ ਕਰਨੋਂ ਸ਼ਰਮਾਉਣ ਵੇ। ਸਾਡੇ ਨੈਣੀਂ ਸੁੱਖ ਦੀ ਨੀਂਦ ਕੀ ਸਾਨੂੰ ਪਲ ਭਰ ਕੀ ਅਰਾਮ ਵੇ। ਤੈਨੂੰ ਸੋਨ-ਸਵੇਰਾਂ ਰੰਗਲੀਆਂ ਸਾਡੇ ਲੇਖੀਂ ਧੁੱਖਦੀ ਸ਼ਾਮ ਵੇ ਸਾਨੂੰ ਹਰ ਪਲ ਹੀ ਦੇ ਜਾਂਵਦਾ ਕੋਈ ਦਰਦਾਂ ਦਾ ਪੈਗਾਮ ਵੇ ਸਾਡੇ ਇਸਕ ਦੇ ਸਿਰ ਨੂੰ ਹੋ ਗਿਆ ਤੇਰੇ ਹਿਜਰਾਂ ਦਾ ਸਰਸਾਮ ਵੇ। ਸਾਡੇ ਨੈਣੀ ਸੇਕ ਅਗੰਮ ਦਾ ਜਿਉਂ ਧੁਖਦਾ ਕੋਈ ਮਸਾਣ ਵੇ ਸਾਡੇ ਗੀਤ ਅਧੂਰੇ ਮਰ ਗਏ ਚੁੱਪ ਆਈ ਦੇਣ ਮਕਾਣ ਵੇ ਸਾਡੇ ਬੋਲ ਵਿਜੋਗੀ ਦੇਵਤੇ ਅੱਜ ਤੁਰ ਪਏ ਭਸਮ ਰਮਾਣ ਵੇ । ਅਸੀਂ ਜੀਂਦੇ ਹਾਂ ਜਾਂ ਮਰ ਗਏ ਨਹੀਂ ਇਹ ਵੀ ਰਹੀ ਪਛਾਣ ਵੇ। ਸਾਡੇ ਨੈਣਾਂ ਚੁੱਭੀਆਂ ਕੰਕਰਾਂ ਸਾਡੇ ਪੈਰੀਂ ਖੁੱਬੇ ਕੱਚ ਵੇ ਸਾਡੀ ਸੋਚ ਘੜਾ ਕੇ ਝਾਂਜਰਾਂ ਪਈ ਸੂਲਾਂ ਉੱਤੇ ਨੱਚ ਵੇ , ਸਾਡੇ ਦਿਲ ਦਾ ਨ੍ਹੇਰ ਨਾ ਮਿੱਟਦਾ ਅਸੀਂ ਲੱਖ ਜਲਾਈਏ ਰੱਤ ਵੇ , ਤੇਰਾ ਪਿਆਰ ਨਿਭਾਉਣਾ ਕੂੜ ਵੇ ਤੇਰਾ ਕੂੜ ਕਮਾਉਣਾ ਸੱਚ ਵੇ। ਸਾਡੇ ਨੈਣੀਂ ਉੱਗਣ ਅੱਥਰੂ ਜਿਉਂ ਕੱਲਰੀਂ ਖੇਡਣ ਸੱਪ ਵੇ ਸਾਨੂੰ ਜ਼ਹਿਰ ਗ਼ਮਾਂ ਦਾ ਚੜ੍ਹ ਗਿਆ ਸਾਨੂੰ ਘੋਲ ਪਲਾਵੋ ਅੱਕ ਵੇ ਅੱਜ ਸੜ ਸੜ ਜਾਵਣ ਆਂਦਰਾਂ ਲਏ ਭਖਦੇ ਕੋਲੇ ਫੱਕ ਵੇ ਲੱਖ ਜਾਨ ਕਿਸੇ ਦੀ ਕੀਮਤੀ ਪਰ ਇਸ਼ਕ ਨਾ ਕਰਦਾ ਘੱਟ ਵੇ। ਸਾਡੇ ਨੈਣਾਂ ਵਿਚ ਤੂੰ ਵਸ ਗਇਓ ਜਿਉਂ ਬੇਵਕਤੀ ਕੋਈ ਰੁੱਤ ਵੇ ਪਿਆ ਦਿਨ ਦੀਵੀਂ ਕੋਈ ਨ੍ਹੇਰ ਵੇ ਜਾਂ ਰਾਤੀਂ ਚੜ੍ਹ ਗਈ ਧੁੱਪ ਵੇ ਜਾਂ ਅਣਪਚਿਆਂ ਕੋਈ ਬੋਲ ਵੇ ਦਏ ਜੀਭ ਕਿਸੇ ਦੀ ਟੁੱਕ ਵੇ ਜਾਂ ਅਨ-ਡੁੱਲ੍ਹਿਆ ਕੋਈ ਅਥਰੂ ਜਾਏ ਪਲਕਾਂ ਉੱਤੇ ਸੁੱਕ ਵੇ। ਸਾਡੇ ਨੈਣਾਂ ਦੇ ਵਿਚ ਵੱਸ ਗਏ ਦੋ ਸ਼ੋਖ ਨਸ਼ੀਲੇ ਨੈਣ ਵੇ ਇਹ ਅੱਥਰੇ ਬਿਟ ਬਿਟ ਦੇਖਦੇ ਨਾ ਪੁੱਛਣ ਨਾ ਕੁਝ ਕਹਿਣ ਵੇ ਜਦ ਸੋਚਾਂ ਵਿਚ ਦਿਲ ਜੁੜ ਪਵੇ ਸਾਡੇ ਦਿਲ ਨੂੰ ਡੋਬੂ ਪੈਣ ਵੇ ਸਾਡਾ ਜੀਵਨ-ਪੰਧ ਰੁਸ਼ਨਾਉਣ ਨੂੰ ਇਹ ਦੀਵੇ ਜਗਦੇ ਰਹਿਣ ਵੇ।
ਸਫਰ
ਕਦੇ ਮਾਂ ਅਖਿਆ ਕਰਦੀ ਸੀ 'ਪੁੱਤਰ ਨਾਤ੍ਹੇ ਸਿਰ ਨੂੰ ਤੇਲ ਲਾਕੇ ਸਿਵਿਆਂ ਵੱਲ ਨਹੀਂ ਜਾਣਾ। ਦੁਪਹਿਰ ਵੇਲੇ ਜਠੇਰੇ ਰੁੱਖ ਥੱਲੇ ਨਾ ਬੈਠਣਾ ਨੰਗੇ ਪੈਰੀਂ ਨਾ ਘੁੰਮਣਾ ਸੌ ਸੱਪ-ਸਪੋਲੀਏ ਹੁੰਦੇ ਐ ਜਾੜਾਂ ਬੂਝਿਆਂ ਵਿਚ' ਤੇ ਫਿਰ ਉਹ ਆਖਦੀ ਚੰਗੀ ਸੋਭਤ ਕਰਨੀ ਪੜ੍ਹ ਲਿਖਕੇ ਵੱਡਾ ਬੰਦਾ ਬਣੀਂ ਸਾਡੀ ਗਰੀਬੀ ਦਾ ਖਿਆਲ ਰੱਖੀਂ। ਪਰ ਹੁਣ ਜਦੋਂ ਮੈਨੂੰ ਮੇਰਿਆਂ ਨੇ ਮੇਰੇ ਸਾਹਾਂ ਨੂੰ ਅਨਜੋੜ ਮੌਸਮ ਨਾਲ ਨਰੜ ਦਿੱਤਾ ਹੈ ਤਾਂ ਮੋਈ ਮਾਂ ਦੇ ਆਖੇ ਸ਼ਬਦ ਬੜੇ ਓਪਰੇ ਓਪਰੇ ਜਾਪਦੇ ਨੇ ਕੰਨਾ ਵਿਚ ਤੇਲ ਸੁਲਗਦਾ ਹੈ ਆਪਣੀ ਮਾਂ ਨੂੰ ਉਲ੍ਹਾਮਾ ਦੇਣ ਲਈ ਮੇਰੇ ਛਾਲਿਆਂ ਭਰੇ ਨੰਗੇ ਪੈਰ ਔਝੜੇ ਰਾਹਾਂ ਤੇ ਤੁਰ ਰਹੇ ਹਨ। ਛਾਲਿਆਂ ਭਰੇ ਪੈਰਾਂ ਨੂੰ ਕਦੇ ਕਿਸੇ ਬਿਰਖ ਦੀ ਛਾਂ ਲੱਭੀ ਤਾਂ ਜੜ੍ਹਾਂ 'ਚ ਬੈਠੇ ਸਪੋਲੀਏ ਤਿਲਮਿਲਾਏ ਪਾਣੀ ਨੂੰ ਵੀ ਸਾਡੀ ਯਾਦ ਆ ਗਈ ਤੇ ਰੇਤ ਨੇ ਮੁੜ ਅੱਗ ਦਾ ਰੂਪ ਧਾਰ ਲਿਆ ਹੁਣ ਆਪਣੇ ਪੈਰਾਂ ਦੇ ਝਾਲੇ ਸਿਰ ਵਿਚ ਵੀ ਬਲ੍ਹ ਪਏ ਹਨ।
ਇਕ ਸੁਪਨਾ
ਇਕ ਬੰਦਾ-ਜੋ ਸਾਹਾਂ ਦੀ ਲਕੀਰ ਤੋਂ ਹੁਣੇ ਘਰ ਆਇਆ ਹੈ ਉਸ ਦੇ ਮੱਥੇ ਤੇ ਅੱਗ ਨੇ ਲਕੀਰਾਂ ਪਾ ਦਿੱਤੀਆਂ ਹਨ ਮੇਰੇ ਸ਼ਹਿਰ ਦੇ ਇਕ ਪਾਸੇ ਉਸ ਨੇ ਆਪਣੇ ਦੁਆਲੇ ਦੋ ਦਰਿਆ ਦੇਖੇ ਹਨ ਤੇ ਉਹ ਦੋਹਾਂ ਦੇ ਦਰਮਿਆਨ ਬਿਨਾਂ ਰੁੱਖਾਂ ਵਾਲੇ ਕਿਨਾਰਿਆਂ ਤੋਂ ਛਾਂ ਭਾਲਦਾ ਹੈ ਦੋਹਾਂ ਦਰਿਆਵਾਂ ‘ਚੋਂ ਸੜੇ ਮਾਸ ਦੀ ਹੁਆੜ, ਇੱਲਾਂ ਦੇ ਖੰਭ ਬਲਦੀਆਂ ਲੂਆਂ ਮੱਥੇ ਦੇ ਉੱਗੀਆਂ ਦੇਖੀਆਂ ਸਾਹਾਂ ‘ਚ ਨੀਲਾ ਧੂਆਂ ਮੱਥੇ ਤੇ ਕਾਲਾ ਧੂਆਂ ਆਓ ਇਕ ਮੁਰਦਾ ਜੀਵਾਈਏ ਤੇ ਹਵਾਵਾਂ ਦੇ ਰੰਗ ਬਦਲਾਈਏ।
ਨਜ਼ਮ
ਇੱਕੋ ਬੁਦਬੁਦਾ ਅੱਖਰ ਇੱਕੋ ਫੁਸਫੁਸਾ ਸੁਪਨਾ ਧੂਆਂ, ਹੁੰਮਸ, ਹੁਆੜ ਰੇਤ, ਖੰਡਰ ਗੁਵਾਰ ਹਰ ਕੰਧ ਉਗਲਦੀ ਹੈ ਬਿੱਛੂ ਹਰ ਛੱਤ ਕੇਰਦੀ ਹੈ ਠੂੰਏਂ ਉਦਾਸੀ, ਇਕਲਾਪਾ, ਸਿਆਪਾ ਕਿਹੋ ਜਿਹੀ ਚਾਰ ਦੀਵਾਰੀ ਵਿਚ ਧੁਖ ਰਹੀ ਹੈ ਮੇਰੀ ਹੋਂਦ। ਹਰ ਦਿਹੁੰ ਲੰਘਦਾ ਹੈ ਇਕ ਵਿਰਲਾਪ ਦੇ ਕੇ ਹਰ ਰਾਤ ਆਉਂਦੀ ਹੈ ਇਕ ਸਰਾਪ ਲੈ ਕੇ ਤਾਰਿਆਂ ਦੇ ਰੋੜ ਰੜਕਦੇ ਨੇ ਉਨੀਂਦਰੇ ਵਿਚ ਜਾਂ ਚੰਦ ਦੀ ਦਾਤੀ ਕਰਦੀ ਹੈ ਕੁਤਰਾ ਜਜ਼ਬਿਆਂ ਦਾ। ਹੁਣ ਕਿਤੇ ਵੀ ਪਗੜੀ, ਟੋਪੀ, ਜੰਜੂ ਦਾ ਝਗੜਾ ਨਹੀਂ ਮੌਤ ਤੁਰਦੀ ਹੈ ਹਰ ਕਿਸੇ ਨਾਲ ਅੰਗ ਸੰਗ ਹੋ ਕੇ ਬੱਸਾਂ ਵਿੱਚ, ਉਜਾੜਾਂ ਵਿਚ, ਮੁਕਾਬਲਿਆਂ ਵਿਚ ਧਰਮਾਂ, ਮਜ਼ਬਾਂ, ਜ਼ਾਤਾਂ ਰੰਗਾਂ, ਨਸਲਾਂ ਵਿਚ ਜ਼ਹਿਰੀਲੀਆਂ ਫਸਲਾਂ ਵਿਚ ਹਰਲ ਹਰਲ ਕਰਦੀ ਹੈ ਕਿਰਪਾਨ ਫਰਲ ਫਰਲ ਚਲ ਦੀ ਹੈ ਰਾਈਫਲ ਚੱਲ ਚੱਲ ਚਲਦਾ ਹੈ ਤ੍ਰਿਸ਼ੂਲ। ਮੈਂ ਮਰਾਂਗਾ ਕਿਸੇ ਚੁਰਾਹੇ ਵਿਚ ਕਿਸੇ ਰੁੱਖ ਦੀ ਛਾਵੇਂ ਕਿਸੇ ਕੁੱਲੀ ਸੜਕ ਦੇ ਕਿਨਾਰੇ ਪਰ ਫਿਜ਼ਾਂ ਤਾਂ ਆਜ਼ਾਦ ਹੋਵੇਗੀ ਸੁੱਖ ਦਾ ਸੌਖਾ ਸਾਹ ਤਾਂ ਲੱਭ ਸਕੇਗਾ ਫੇਫੜਿਆਂ ਨੂੰ ਇਕ ਵਾਰੀ ਮੁਸਕਰਾ ਤਾਂ ਸਕਾਂਗਾ ਸੁਨੱਖੀ ਮੌਤ ਦੇਖ ਕੇ। ਪਰ ਰੱਬ ਦੇ ਵਾਸਤੇ ਮੈਨੂੰ ਮੇਰੇ ਘਰ ਨਾ ਲਿਜਾਓ ਜਿੱਥੇ ਦਮਘੁਟਵੀਂ ਅਧਮੋਈ ਜ਼ਿੰਦਗੀ ਉੱਤੇ ਨਿਰੰਤਰ ਮੌਤ ਦਾ ਪਹਿਰਾ ਹੈ । ਹਰ ਜ਼ਖਮ ਖੂਹ ਤੋਂ ਗਹਿਰਾ ਹੈ ਹਰ ਸ਼ਖਸ਼ ਰੂਹ ਤੋਂ ਬਹਿਰਾ ਹੈ।
ਕਾਫੀ
ਅੱਖੀਆਂ ਤੈਂ ਸੰਗ ਲੱਗੀਆਂ ਐਸੇ ਆਏ ਠਗ ਵਣਜਾਰੇ ਅੱਖੀਆਂ ਗਈਆਂ ਠੱਗੀਆਂ ਜਗ ਕੋਲੋਂ ਇਹ ਸੰਗ ਸੰਗ ਗਈਆਂ ਪਰ ਅੱਖੀਆਂ ਗੁੱਝੀਆਂ ਨਾ ਰਹੀਆਂ ਜਦ ਤੋਂ ਤੇਰਾ ਦਰਸ਼ਨ ਪਾਇਆ ਇਹ ਹੋਈਆਂ ਨਿਰਲੱਜੀਆਂ। ਦਿਲ ਵਿਚ ਉੱਗਿਆ ਪਿਆਰ ਦਾ ਬੂਟਾ ਇਹ ਬੂਟਾ ਤਾਂ ਸੁਰਗ ਦਾ ਝੂਟਾ ਫੁੱਲ ਝੜ ਗਏ ਤਾਂ ਮਹਿਕ ਉਡੀ ਜਦ ਬਿਰਹੋਂ ਹਨ੍ਹੇਰੀਆਂ ਵਗੀਆਂ। ਬਹੁੜ ਕਿਤੇ ਮੇਰੇ ਮਹਿਰਮ ਸਾਈਆਂ ਹੁਣ ਅੱਖੀਆਂ ਪਾਟਣ ਤੇ ਆਈਆਂ ਦੇਖ ਦੇਖ ਕੇ ਰੰਗ ਤਮਾਸ਼ੇ ਇਹ ਅੱਖੀਆਂ ਨਾ ਰੱਜੀਆਂ। ਲੋਕੀਂ ਸਦਾ ਮਨਾਉਣ ਦੀਵਾਲੀ ਸਾਡੀ ਜਿੰਦ ਚਾਨਣ ਤੋਂ ਖਾਲੀ ਪਰ ਦੀਦਾਰ ਤੇਰੀਆਂ ਯਾਰਾਂ ਦੀਵਿਆਂ ਵਾਂਗੂ ਜਗੀਆਂ।