Dawinder Bansal Ate Usdi Shaairi : Sukhinder
ਦਵਿੰਦਰ ਬਾਂਸਲ ਅਤੇ ਉਸ ਦੀ ਸ਼ਾਇਰੀ : ਸੁਖਿੰਦਰ
ਦਵਿੰਦਰ ਬਾਂਸਲ ਨਾਲ ਮੇਰੀ ਮੁਲਾਕਾਤ ਅਚਾਨਕ ਛੇ ਕੁ ਵਰ੍ਹੇ ਪਹਿਲਾਂ ਹੋਈ।
ਟੋਰਾਂਟੋ ਤੋਂ ਛਪਦੇ ਔਰਤਾਂ ਦੇ ਇੱਕ ਮੈਗਜ਼ੀਨ 'ਦੀਵਾ' ਦੀ ਸੰਪਾਦਕ, ਉਸ ਦੀ ਇੱਕ ਸਹੇਲੀ, ਫਾਜ਼ੀਆ ਰਫ਼ੀਕ ਨੇ ਉਸ ਨੂੰ ਕਿਹਾ ਕਿ ਕੈਨੇਡਾ ਵਿੱਚ ਜਿਹੜੀਆਂ ਸਾਡੀਆਂ ਔਰਤਾਂ ਅੰਗਰੇਜ਼ੀ ਪੜ੍ਹ, ਲਿਖ ਜਾਂ ਬੋਲ ਨਹੀਂ ਸਕਦੀਆਂ ਉਨ੍ਹਾਂ ਨੂੰ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਜਾਗਰਿਤ ਕਰਨ ਲਈ ਕਿਸੇ ਪਾਸੇ ਵੀ ਕੋਈ ਵਧੇਰੇ ਚੰਗਾ ਕੰਮ ਨਹੀਂ ਹੋ ਰਿਹਾ, ਮੀਡੀਆ ਵੀ ਵਧੇਰੇ ਕਰਕੇ ਮਰਦਾਂ ਦੇ ਕਬਜ਼ੇ ਹੇਠ ਹੀ ਹੋਣ ਕਰਕੇ ਉਹ ਉਹੀ ਗੱਲਾਂ ਲਿਖ ਰਹੇ ਹਨ ਜੋ ਉਨ੍ਹਾਂ ਨੂੰ ਚੰਗੀਆਂ ਲੱਗਦੀਆਂ ਹਨ। ਤੈਨੂੰ ਇਸ ਪਾਸੇ ਵੱਲ ਕੰਮ ਕਰਨਾ ਚਾਹੀਦਾ ਹੈ ਅਤੇ ਪੰਜਾਬੀ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰਨਾ ਚਾਹੀਦਾ ਹੈ। ਇਸ ਸੰਬੰਧ ਵਿੱਚ ਤੂੰ 'ਸੰਵਾਦ' ਦੇ ਸੰਪਾਦਕ ਸੁਖਿੰਦਰ ਨੂੰ ਮਿਲ; ਉਹ ਤੇਰੀ ਮਦਦ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਦਵਿੰਦਰ ਪੰਜਾਬੀ ਰੇਡੀਉ ਪ੍ਰੋਗਰਾਮਾਂ ਵਿੱਚ ਗਾਹੇ-ਬਗਾਹੇ ਔਰਤਾਂ ਦੇ ਮਸਲਿਆਂ ਬਾਰੇ ਗੱਲਬਾਤ ਕਰਦੀ ਸੀ ਜਾਂ ਔਰਤਾਂ ਦੀਆਂ ਜਥੇਬੰਦੀਆਂ ਵਿੱਚ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਦੇ ਹੋ ਰਹੇ ਯਤਨਾਂ ਵਿੱਚ ਹਿੱਸਾ ਲੈਂਦੀ ਸੀ। ਉਸ ਨੂੰ ਜਾਪਦਾ ਰਹਿੰਦਾ ਜਿਵੇਂ ਉਸ ਦੇ ਅੰਦਰ ਕੁੱਝ ਸੁਲਗਦਾ ਰਹਿੰਦਾ ਹੋਵੇ, ਜੋ ਉਸ ਨੂੰ ਹਰ ਪਲ ਬੇਚੈਨ ਕਰਦਾ ਰਹਿੰਦ। ਉਹ ਆਪਣੇ ਇਨ੍ਹਾਂ ਬੇਚੈਨ ਪਲਾਂ ਨੂੰ ਕਾਗ਼ਜ਼ ਉੱਤੇ ਉਤਾਰਨਾ ਚਾਹੁੰਦੀ।
ਆਪਣੀ ਪਹਿਲੀ ਮੁਲਾਕਾਤ ਵਿੱਚ ਹੀ ਦਵਿੰਦਰ ਨੇ ਮੇਰੇ ਮੇਜ਼ ਉੱਤੇ ਆਪਣੀਆਂ ਕੁੱਝ ਨਜ਼ਮਾਂ ਅਤੇ ਨਿਬੰਧ ਆਨ ਰੱਖੇ। ਮੈਂ ਆਪਣੇ ਸੁਭਾਅ ਮੁਤਾਬਿਕ ਉਸ ਦੀਆਂ ਲਿਖਤਾਂ ਪੜ੍ਹੀਆਂ ਅਤੇ ਲਾਲ ਪੈੱਨ ਨਾਲ ਗ਼ਲਤੀਆਂ ਕੱਢ ਕੱਢ ਕੇ ਲਾਲੋ ਲਾਲ ਕਰ ਦਿੱਤੀਆਂ, ਬਿਨਾਂ ਇਹ ਸੋਚਿਆਂ ਕਿ ਪੰਜਾਬੀ ਸ਼ਾਇਰੀ ਲਈ ਮਨ ਵਿੱਚ ਏਨਾ ਉਤਸ਼ਾਹ ਲੈ ਕੇ ਆਈ, ਇੱਕ ਸੂਖਮ ਸੁਭਾਅ ਵਾਲੀ, ਔਰਤ ਦੇ ਮਨ ਉੱਤੇ ਇਹ ਦੇਖ ਕੇ ਕੀ ਗੁਜ਼ਰੇਗੀ। ਨਤੀਜਾ ਉਹੀ ਹੋਇਆ ਹੋ ਹੋਣਾ ਸੀ। ਦਵਿੰਦਰ ਨੇ ਮੇਰੇ ਵੱਲੋਂ ਲਾਲ ਕੀਤੇ ਹੋਏ ਕਾਗ਼ਜ਼ ਘਰ ਜਾ ਕੇ ਖੱਲਾਂ ਖੂੰਜਿਆਂ ਵਿੱਚ ਸੁੱਟ ਦਿੱਤੇ ਅਤੇ ਪੰਜਾਬੀ ਸ਼ਾਇਰੀ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਦੇ ਖ਼ਿਆਲ ਨੂੰ ਵੀ ਤਿਲਾਂਜਲੀ ਦੇ ਦਿੱਤੀ। ਉਸ ਦੇ ਮਨ ਵਿੱਚ ਇਹ ਧਾਰਨਾ ਬੈਠ ਗਈ ਕਿ ਪੰਜਾਬੀ ਸ਼ਾਇਰੀ ਉਸ ਦੇ ਵੱਸ ਦਾ ਕੰਮ ਨਹੀਂ ਅਤੇ ਉਸ ਨੇ ਅੰਗਰੇਜ਼ੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। ਮੈਨੂੰ ਵੀ ਇਸ ਗੱਲ ਦਾ ਸ਼ਾਇਦ ਕਦੀ ਪਤਾ ਨਾ ਲੱਗਦਾ ਜੇਕਰ ਕੁੱਝ ਵਰ੍ਹਿਆਂ ਬਾਅਦ ਉਹ ਮੈਨੂੰ ਗ਼ੁੱਸੇ ਨਾਲ ਨਾ ਕਹਿੰਦੀ ਕਿ ਮੈਂ ਉਸ ਦੇ ਅੰਦਰ ਪੈਦਾ ਹੋ ਰਹੇ ਪੰਜਾਬੀ ਸ਼ਾਇਰੀ ਲਈ ਉਤਸ਼ਾਹ ਨੂੰ ਖ਼ਤਮ ਕਰ ਦਿੱਤਾ। ਮੇਰੇ ਨਾਲ ਏਨੀ ਨਾਰਾਜ਼ਗੀ ਹੋਣ ਦੇ ਬਾਵਜੂਦ ਫਿਰ ਵੀ ਉਹ ਮੇਰੇ ਨਾਲ ਅਨੇਕਾਂ ਹੋਰ ਪ੍ਰੋਜੈਕਟਾਂ ਉੱਤੇ ਬੜੇ ਉਤਸ਼ਾਹ ਨਾਲ ਕੰਮ ਕਰਦੀ ਰਹੀ, ਅਤੇ ਅਸੀਂ ਅਨੇਕਾਂ ਹੋਰ ਵਿਸ਼ਿਆਂ ਤੋਂ ਇਲਾਵਾ, ਥੋੜ੍ਹਾ ਬਹੁਤ, ਪੰਜਾਬੀ ਸਾਹਿਤ ਬਾਰੇ ਵੀ ਗੱਲਬਾਤ ਕਰਦੇ ਰਹਿੰਦੇ।
ਆਪਣੀ ਪੁਸਤਕ 'ਇਹ ਖ਼ਤ ਕਿਸ ਨੂੰ ਲਿਖਾਂ' ਦੀ ਤਿਆਰੀ ਕਰਦਿਆਂ ਮੈਂ ਆਪਣੀਆਂ ਨਜ਼ਮਾਂ ਉਸ ਨੂੰ ਪੜ੍ਹ ਕੇ ਸੁਣਾਂਦਾ ਤਾਂ ਉਹ ਮੇਰੀਆਂ ਨਜ਼ਮਾਂ ਬਾਰੇ ਬੜੇ ਵਧੀਆ ਵਿਚਾਰ ਦਿੰਦੀ : ਅਤੇ ਕੋਈ ਵੇਰ, ਮੈਂ ਉਸ ਦੀ ਸਲਾਹ ਉੱਤੇ ਕਈ ਨਜ਼ਮਾਂ ਵਿੱਚ ਕੁੱਝ ਤਬਦੀਲੀਆਂ ਵੀ ਕਰ ਦਿੰਦਾ।
ਇੱਕ ਦਿਨ ਅਚਾਨਕ ਫਿਰ ਦਵਿੰਦਰ ਨੇ ਮੈਨੂੰ ਆਪਣੀ ਇੱਕ ਨਜ਼ਮ ਦਿਖਾਈ ਅਤੇ ਉਸ ਵਿੱਚ ਸੋਧ ਕਰਨ ਲਈ ਸੁਝਾਅ ਵੀ ਮੰਗੇ। ਇਸ ਵਾਰ ਮੈਂ ਉਸ ਦੀ ਸਥਿਤੀ ਨੂੰ ਬਿਹਤਰ ਸਮਝਦਾ ਸਾਂ ਅਤੇ ਆਪਣੀ ਜ਼ਿੰਮੇਵਾਰੀ ਦੇ ਅਹਿਸਾਸ ਨੂੰ ਵੀ।
ਪਰ ਇਸ ਵਾਰ ਇੱਕ ਗੱਲ ਹੋਰ ਵੀ ਵਾਪਰੀ ਸੀ। ਦਵਿੰਦਰ ਰੇਖਾ-ਚਿਤਰ ਬਣਾਉਣ ਵਿੱਚ ਵੀ ਬੜੀ ਦਿਲਚਸਪੀ ਦਿਖਾਉਣ ਲੱਗੀ ਸੀ। ਸ਼ਾਇਰੀ ਅਤੇ ਕਲਾ ਦਾ ਸੁਮੇਲ ਪੰਜਾਬੀਆਂ ਵਿੱਚ ਬਹੁਤ ਹੀ ਘੱਟ ਵੇਖਣ ਨੂੰ ਮਿਲਿਆ ਹੈ।
ਦਵਿੰਦਰ ਹੁਣ ਅਕਸਰ ਮੈਨੂੰ ਆਪਣੀਆਂ ਨਜ਼ਮਾਂ ਦਿਖਾਉਣ ਲੱਗੀ ਅਤੇ ਰੇਖਾ-ਚਿਤਰ ਵੀ ਅਤੇ ਮੈਨੂੰ ਹੌਲੀ ਹੌਲੀ ਉਸ ਦੀ ਸ਼ਖ਼ਸੀਅਤ ਦੀ ਸਮਝ ਆਉਣ ਲੱਗੀ। ਬਹੁ-ਦਿਸ਼ਾਵੀ ਪ੍ਰਤਿਭਾ ਵਾਲੀ ਔਰ ਵਰ੍ਹਿਆਂ ਤੋਂ ਮਨ ਵਿੱਚ ਦੱਬੀਆਂ ਕਲਾਤਮਕ ਰੁਚੀਆਂ ਨੂੰ ਰੇਖਾ-ਚਿਤਰਾਂ ਅਤੇ ਅੱਖਾਂ ਵਿੱਚ ਪਰਗਟ ਕਰਨ ਵਿੱਚ ਜੁੱਟ ਗਈ।
ਕਈ ਵੇਰ ਉਹ ਆਪਣੀ ਨਜ਼ਮ ਨੂੰ ਅੰਗਰੇਜ਼ੀ ਰੂਪ ਵਿੱਚ ਪ੍ਰਗਟ ਕਰਦੀ ਅਤੇ ਅਸੀਂ ਦੋਵੇਂ ਬੈਠ ਕੇ ਇਸ ਨੂੰ ਪੰਜਾਬੀ ਰੂਪ ਵਿੱਚ ਢਾਲਦੇ ਅਤੇ ਕਈ ਵੇਰੀ ਉਹ ਆਪਣੀ ਨਜ਼ਮ ਸਿੱਧੀ ਪੰਜਾਬੀ ਰੂਪ ਵਿੱਚ ਹੀ ਪ੍ਰਗਟ ਕਰਦੀ।
ਉਸ ਦਾ ਮੂਲ ਸਰੋਕਾਰ ਕਿਉਂਕਿ ਔਰਤਾਂ ਦੀਆਂ ਸਮੱਸਿਆਵਾਂ ਨਾਲ ਹੀ ਸੀ ਇਸ ਲਈ ਜ਼ਰੂਰੀ ਸੀ ਕਿ ਉਸ ਦੀਆਂ ਨਜ਼ਮਾਂ ਵਿੱਚ ਵੀ ਇਸ ਦਾ ਭਰਵਾਂ ਜ਼ਿਕਰ ਹੁੰਦਾ। ਪਰ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਲਿਖਦਿਆਂ ਵੀ ਉਹ ਉਲਾਰ ਨਹੀਂ ਹੁੰਦੀ ਅਤੇ ਔਰਤ ਵੱਲੋਂ ਔਰਤ ਉੱਤੇ ਕੀਤੇ ਜਾਂਦੇ ਜ਼ੁਲਮਾਂ ਦੀ ਕਥਾ ਬਿਆਨ ਕਰਨ ਤੋਂ ਵੀ ਨਹੀਂ ਝਿਜਕਦੀ:
ਤੂੰ ਵੀ ਔਰਤ
ਮੈਂ ਵੀ ਔਰਤ
ਕਦੇ ਦੋਸਤ
ਕਦੇ ਦੁਸ਼ਮਣ
ਤੇਰੇ ਤੀਰ
ਮੇਰੇ ਜ਼ਖ਼ਮ
ਤੇਰੇ ਜ਼ੁਲਮ
ਮੇਰੀ ਸਹਿਣਸ਼ੀਲਤਾ
(ਔਰਤ)
ਭਾਵੇਂ ਆਪਣੀ ਗੱਲ ਉਹ ਬੜੀ ਨਿਝੱਕ ਹੋ ਕੇ ਕਹਿ ਦਿੰਦੀ ਹੈ, ਪਰ ਉਹ ਅਜਿਹੇ ਲੋਕਾਂ ਦਾ ਜ਼ਿਕਰ ਕਰਨ ਤੋਂ ਵੀ ਨਹੀਂ ਝਿਜਕਦੀ, ਜੋ ਲਗਾਤਾਰ ਜ਼ੁਲਮ ਹੇਠ ਜ਼ਿੰਦਗੀ ਜਿਊਣ ਕਾਰਨ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦੀ ਸਮਰੱਥਾ ਤੱਕ ਵੀ ਗੁਆ ਬੈਠਦੇ ਹਨ ਅਤੇ ਜ਼ਾਲਮ ਸ਼ਕਤੀਆਂ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਦਿੰਦੇ ਹਨ।
ਕੁੱਝ ਹੋਰ,
ਜੋ ਆਪਣੇ ਮਹਿਬੂਬ ਦੇ ਨਾਮ ਅਣਲਿਖੇ
ਖ਼ਤਾਂ ਦੇ ਸਿਰਨਾਵੇਂ ਬਣ ਜਾਂਦੇ ਹਨ
(ਹਨ੍ਹੇਰਾ)
ਇਸ ਤਰ੍ਹਾਂ ਉਸ ਦੀਆਂ ਨਜ਼ਮਾਂ ਵਿੱਚ ਮਨੁੱਖੀ ਰਿਸ਼ਤਿਆਂ ਦੀਆਂ ਸੂਖਮ ਪਰਤਾਂ ਹਨ। ਮਨ ਦੇ ਤਹਿਖ਼ਾਨਿਆਂ ਵਿੱਚ ਉੱਗ ਰਹੇ ਗੁਲਾਬਾਂ ਦੀ ਮਹਿਕ ਹੈ। ਸੀਨੇ 'ਚ ਲੱਗੇ ਜ਼ਖ਼ਮਾਂ ਦੇ ਨਿਸ਼ਾਨ ਹਨ:
ਕੋਈ ਵੀ ਮੇਰੇ ਦਰਦ ਨੂੰ ਨਹੀਂ ਜਾਣਦਾ
ਮੇਰੀ ਰੂਹ ਪਿੰਜੀ ਜਾ ਚੁੱਕੀ ਹੈ
ਮੇਰਾ ਜਿਸਮ ਟੁਕੜੇ ਟੁਕੜੇ ਹੋ ਚੁੱਕਾ ਹੈ
(ਤੜਪ)
ਦਵਿੰਦਰ ਨੂੰ ਇਸ ਗੱਲ ਵਿੱਚ ਕੋਈ ਦਿਲਚਸਪੀ ਨਹੀਂ ਕਿ ਉਸ ਦੀਆਂ ਨਜ਼ਮਾਂ ਦਾ ਕੀ ਰੂਪ ਹੁੰਦਾ ਹੈ। ਉਸ ਦਾ ਮੰਤਵ ਤਾਂ ਸਪਸ਼ਟ ਸ਼ਬਦਾਂ ਵਿੱਚ ਆਪਣੀ ਗੱਲ ਕਹਿਣਾ ਹੈ, ਆਪਣੇ ਮਨ ਵਿੱਚ ਸੁਲਗ ਰਹੇ ਅਹਿਸਾਸਾਂ ਨੂੰ ਬੋਲ ਦੇਣੇ ਹਨ :
ਜ਼ਿੰਦਗੀ ਦੇ ਉਦਾਸ ਰਾਹਾਂ ਤੇ ਤੁਰਦਿਆਂ
ਵਰ੍ਹਿਆਂ ਤੋਂ ਮੈਂ ਲੱਗ ਰਹੀ ਹਾਂ
ਉਨ੍ਹਾਂ ਅੱਖਾਂ ਨੂੰ
ਜੋ ਇੱਕ ਵਾਰ ਨਜ਼ਰ ਭਰ ਕੇ ਵੇਖ ਸਕਣ
ਮੇਰੇ ਦਿਲ 'ਚੋਂ
ਤ੍ਰਿਪ ਤ੍ਰਿਪ ਚੋਂਦੇ
ਲਹੂ ਦੇ ਤੁਪਕਿਆਂ ਨੂੰ
ਮੇਰੇ ਹੰਝੂਆਂ ਦੀ ਬਰਸਾਤ ਨੂੰ
(ਅੱਖਾਂ)
ਅੱਖਾਂ ਬਾਰੇ ਗੱਲਾਂ ਕਰਦਿਆਂ ਦਵਿੰਦਰ ਅਕਸਰ ਬੜੀ ਭਾਵੁਕ ਹੋ ਜਾਂਦੀ ਹੈ। ਉਸ ਦੀ ਜ਼ਿੰਦਗੀ ਵਿੱਚ ਅੱਖਾਂ ਦੀ ਬਹੁਤ ਮਹੱਤਤਾ ਹੈ। ਬਚਪਨ ਤੋਂ ਹੀ ਉਸ ਦੀਆਂ ਅੱਖਾਂ ਬਹੁਤ ਕਮਜ਼ੋਰ ਸਨ, ਪਰ ਘਰ ਵਿੱਚ ਕਿਸੇ ਨੇ ਵੀ ਇਸ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ, ਸਗੋਂ ਇਸ ਗੱਲ ਦਾ ਮਜ਼ਾਕ ਹੀ ਉੱਡਦਾ ਰਿਹਾ ਅਤੇ ਜ਼ਿੰਦਗੀ ਦੇ ਤਕਰੀਬਨ ਬਤਾਲੀ ਵਰ੍ਹੇ ਤੱਕ, ਆਪਣੀ ਕਮਜ਼ੋਰ ਨਿਗਾਹ ਕਰ ਕੇ, ਉਹ ਨਾ ਤਾਂ ਚੀਜ਼ਾਂ ਨੂੰ ਸਪਸ਼ਟ ਦੇਖ ਹੀ ਸਕਦੀ ਸੀ ਨਾ ਹੀ ਉਸ ਨੂੰ ਰੰਗਾਂ ਦੀ ਕੋਈ ਸਹੀ ਪਹਿਚਾਣ ਹੀ ਸੀ। ਉਸ ਦੇ ਮਨ ਵਿਚਲੀ ਦੁਨੀਆ ਦੇ ਨਕਸ਼ ਵੀ ਧੁੰਦਲੇ ਅਤੇ ਅਸਪਸ਼ਟ ਹੀ ਰਹੇ। ਉਸ ਨੂੰ ਹਰ ਚੀਜ਼ ਬਾਰੇ ਅੰਦਾਜ਼ਾ ਹੀ ਲਗਾਉਣਾ ਪੈਂਦਾ ਕਿ ਉਸ ਦਾ ਰੂਪ ਕਿਹੋ ਜਿਹਾ ਹੋਵੇਗਾ, ਉਸ ਦਾ ਅਸਲੀ ਰੰਗ ਕਿਹੋ ਜਿਹਾ ਹੋਵੇਗਾ। ੧੯੯੭ ਵਿੱਚ ਜਦੋਂ ਉਸ ਦੀਆਂ ਅੱਖਾਂ ਦਾ ਓਪਰੇਸ਼ਨ ਹੋਇਆ ਅਤੇ ਉਸ ਨੂੰ ਪਹਿਲੀ ਵਾਰ ਹਰ ਚੀਜ਼ ਸਪਸ਼ਟ ਦਿੱਖਣ ਲੱਗੀ ਅਤੇ ਰੰਗਾਂ ਦੀ ਸਹੀ ਪਹਿਚਾਣ ਹੋਣ ਲੱਗੀ ਤਾਂ ਉਹ ਹੈਰਾਨੀ ਭਰੀ ਖ਼ੁਸ਼ੀ ਨਾਲ ਝੱਲੀ ਹੋਈ ਹਰ ਚੀਜ਼ ਨੂੰ ਬੜੀ ਬੜੀ ਦੇਰ ਤੱਕ ਵੇਖਦੀ ਰਹਿੰਦੀ। ਇੱਥੋਂ ਤੱਕ ਕਿ ਉਸ ਦੇ ਬੱਚੇ ਵੀ ਉਸ ਨੂੰ ਪੁੱਛਣ ਲੱਗੇ ਕਿ ਮੰਗੀ ਤੁਸੀਂ ਸਾਨੂੰ ਇਸ ਤਰ੍ਹਾਂ ਘੂਰ ਘੂਰ ਕੇ ਕਿਉਂ ਦੇਖਦੇ ਹੋ? ਦਵਿੰਦਰ ਦੱਸਦੀ ਕਿ ਉਸ ਨੂੰ ਇੱਕ ਦਮ ਇਸ ਤਰ੍ਹਾਂ ਮਹਿਸੂਸ ਹੋਣ ਲੱਗਾ ਸੀ ਕਿ ਜ਼ਿੰਦਗੀ ਦੇ ਏਨੇ ਵਰ੍ਹੇ ਉਹ ਇੰਨੀ ਖ਼ੂਬਸੂਰਤ ਦੁਨੀਆ ਤੋਂ ਵਾਂਝੀ ਹੀ ਰਹੀ ਸੀ, ਅਤੇ ਹੁਣ ਉਹ ਇਸ ਖ਼ੂਬਸੂਰਤ ਦੁਨੀਆ ਅਤੇ ਆਪਣੇ ਚੁਗਿਰਦੇ ਨੂੰ ਪੂਰੀ ਸ਼ਿੱਦਤ ਨਾਲ ਮਾਣਨਾ ਚਾਹੁੰਦੀ ਸੀ; ਪਰ ਉਹ ਸਮਾਜ ਦੇ ਬੰਧਨਾਂ ਤੋਂ ਵੀ ਚੇਤੰਨ ਸੀ। ਜਿਨ੍ਹਾਂ ਤੋਂ ਮੁਕਤੀ ਪ੍ਰਾਪਤੀ ਕੀਤੇ ਬਿਨਾਂ ਉਹ ਕਦੀ ਵੀ ਆਜ਼ਾਦ ਮਹਿਸੂਸ ਨਹੀਂ ਕਰ ਸਕਦੀ :
ਜ਼ਿੰਦਗੀ ਦੇ ਕੰਡਿਆਲੇ ਰਾਹਾਂ 'ਤੇ ਤੁਰਦਿਆਂ
ਦਰਦਾਂ ਨਾਲ ਪੱਛਿਆ ਮੇਰਾ ਸੀਨਾ
ਹੌਕੇ ਭਰ ਭਰ ਇਤਰਾਜ਼ ਕਰਦਾ ਹੈ ਕਿ
ਜਦੋਂ ਤੱਕ, ਮੈਂ
ਆਪਣੀਆਂ ਕਸ਼ਮਕਸ਼ਾਂ
ਆਪਣੀਆਂ ਆਸਾਂ ਦੇ ਆਧਾਰ
ਆਪਣੀਆਂ ਇੱਛਾਵਾਂ ਅਤੇ ਉਮੰਗਾਂ ਨੂੰ
ਅਲਫ਼ ਨੰਗਿਆਂ ਕਰ
ਆਪਣੇ ਆਪ ਦੀ ਤਲਾਸ਼ ਨਹੀਂ ਕਰਦੀ
ਮੈਂ ਸੰਤੁਸ਼ਟੀ ਨੂੰ ਗਲਵੱਕੜੀ ਨਹੀਂ ਪਾ ਸਕਾਂਗੀ
(ਤਣਾਓ)
ਇਸੇ ਸੰਦਰਭ ਵਿੱਚ ਹੀ ਉਸ ਵੱਲੋਂ ਦਿੱਤੀ 'ਘਰ' ਦੀ ਪਰਿਭਾਸ਼ਾ ਵੀ ਸਾਡਾ ਧਿਆਨ ਖਿੱਚਦੀ ਹੈ :
ਘਰ, ਇੱਕ ਚਾਰ ਦੀਵਾਰੀ ਦਾ ਨਾਮ ਨਹੀਂ
ਮੀਂਹ ਹਨ੍ਹੇਰੀ ਤੋਂ ਬਚਣ ਲਈ ਮਿਲੀ ਹੋਈ
ਛੱਤ ਦਾ ਨਾਮ ਵੀ ਘਰ ਨਹੀਂ ਹੁੰਦਾ
ਧਾਰਮਿਕ ਬਾਬਿਆਂ ਦੀਆਂ ਤਸਵੀਰਾਂ ਨਾਲ
ਭਰੀਆਂ ਹੋਈਆਂ ਕੰਧਾਂ ਦਾ ਨਾਮ ਵੀ ਘਰ ਨਹੀਂ ਹੁੰਦਾ
ਇੱਕੋ ਛੱਤ ਥੱਲੇ ਪਤੀ, ਪਤਨੀ ਅਤੇ ਬੱਚਿਆਂ ਦਾ
ਮਹਿਜ਼ ਇਕੱਠੇ ਰਹਿਣਾ ਵੀ ਘਰ ਨਹੀਂ ਹੁੰਦਾ
ਨਾ ਹੀ ਘਰ ਹੁੰਦਾ ਹੈ ਸਟੀਰੀਓ, ਟੀ.ਵੀ. ਵੀਡੀਓ,
ਅਤੇ ਆਲੀਸ਼ਾਨ ਗਲੀਚਿਆਂ ਦਾ ਵਿਛੇ ਹੋਣਾ
ਸ਼ਰਾਬ ਦੀਆਂ ਬੋਤਲਾਂ, ਭੁੰਨੇ ਹੋਏ ਮੁਰਗ਼ਿਆਂ ਅਤੇ
ਕੁਲਚੇ ਛੋਲਿਆਂ ਦਾ ਮੇਜ਼ਾਂ ਉੱਤੇ ਪਰੋਸਿਆ ਜਾਣਾ ਵੀ ਘਰ ਨਹੀਂ ਹੁੰਦਾ
(ਘਰ)
ਭਾਵੇਂ ਕਿ ਪੂਰਬ ਅਤੇ ਪੱਛਮ ਦੀਆਂ ਸਭਿਆਚਾਰਕ ਕਦਰਾਂ ਕੀਮਤਾਂ ਵਿੱਚ ਅੱਜ ਕੱਲ੍ਹ ਬਹੁਤਾ ਫ਼ਰਕ ਮਹਿਸੂਸ ਨਹੀਂ ਹੁੰਦਾ, ਪਰ ਫਿਰ ਵੀ ਭਾਰਤੀ ਸਭਿਆਚਾਰ ਵਿੱਚ, ਭਾਵੇਂ ਉਹ ਕੈਨੇਡਾ ਹੋਵੇ ਜਾਂ ਅਮਰੀਕਾ, ਇੰਗਲੈਂਡ ਹੋਵੇ ਜਾਂ ਭਾਰਤ, ਔਰਤ ਦੀ ਸਥਿਤੀ ਹਰ ਜਗ੍ਹਾ ਹੀ ਇੱਕੋ ਜਿਹੀ ਹੈ; ਦਾਜ ਦੇ ਭੁੱਖੇ ਸੱਸ-ਸਹੁਰਾ ਅਤੇ ਹੋਰ ਸਹੁਰਾ ਪਰਵਾਰ ਕਿਵੇਂ ਔਰਤਾਂ ਨੂੰ ਦੁਖੀ ਕਰਦੇ ਹਨ, ਅਤੇ ਸਾਰੀ ਉਮਰ ਉਹ ਅੰਦਰੋਂ ਅੰਦਰ ਧੁਖਦੀਆਂ ਹੋਈਆਂ ਹੀ ਆਪਣੀ ਜ਼ਿੰਦਗੀ ਬਤੀਤ ਕਰ ਦਿੰਦੀਆਂ ਹਨ :
ਮਹਿਜ਼, ਆਪਣੇ ਨੱਕ, ਪੱਗ ਅਤੇ ਧੌਲ਼ੇ ਝਾਟਿਆਂ ਦੀ
ਲੱਜ ਪਿੱਟਦੇ, ਮਜਬੂਰੀਆਂ ਦੇ ਕੀਰਨੇ ਪਾ, ਬੇਵਸੀ ਦੇ ਹੰਝੂ ਕੇਰ
ਵਿਚੋਲਿਆਂ ਦੇ ਕੰਧਿਆਂ 'ਤੇ
ਧੀਆਂ ਦੀਆਂ ਅੱਧ ਜਲੀਆਂ ਲੋਥਾਂ ਉਠਾ
ਭਾਂਡੇ, ਟੀਂਡਿਆਂ 'ਤੇ ਕੱਪੜਿਆਂ ਦੀ ਸਮਗਰੀ ਸੰਗ
ਮਨੌਤੀਆਂ ਦਾ ਬਾਲਣ ਪਾ ਕੇ
ਸਿਵਿਆਂ ਵਿੱਚ ਸਵਾਹ ਹੋਣ ਲਈ
ਛੱਡ ਆਂਦੇ ਹਨ-ਮਾਪੇ
(ਬੁਝਿਆ ਹੋਇਆ ਦੀਵਾ)
ਅੱਜ ਦੀ ਚੇਤੰਨ ਔਰਤ ਦੀ ਪ੍ਰਤੀਨਿਧਤਾ ਕਰਦੀ ਹੋਈ ਉਹ ਆਖਦੀ ਹੈ ਕਿ ਸਮਾਜ ਨੇ ਭਾਵੇਂ ਉਸ ਦੁਆਲੇ ਕੰਧਾਂ ਉਸਾਰ ਕੇ ਉਸ ਨੂੰ ਗੁੰਗੀ, ਬੋਲੀ ਅਤੇ ਗ਼ੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ, ਅਤੇ ਉਸ ਲਈ ਇਨਸਾਫ਼ ਮਿਲਣ ਦੇ ਸਭ ਰਾਹ ਬੰਦ ਕਰ ਦਿੱਤੇ, ਕਿਉਂਕਿ ਸਮਾਜ ਦੇ ਜਿਹੜੇ ਲੋਕ ਔਰਤ ਉੱਤੇ ਜ਼ੁਲਮ ਕਰਨ ਲਈ ਜ਼ਿੰਮੇਵਾਰ ਹਨ ਉਹੀ ਇਨਸਾਫ਼ ਦੀ ਕੁਰਸੀ ਉੱਤੇ ਬੈਠੇ ਹੋਏ ਹਨ, ਪਰ ਇਹ ਗੱਲਾਂ ਬਹੁਤੀ ਦੇਰ ਤੱਕ ਨਹੀਂ ਚੱਲ ਸਕਦੀਆਂ ਅਤੇ ਅੱਜ ਦੀ ਔਰਤ ਨੇ ਸਮਾਜ ਵਿਚਲੀ ਅਜਿਹੀ ਸਥਿਤੀ ਖ਼ਿਲਾਫ਼ ਲੜਨ ਲਈ ਨਿਸ਼ਚਾ ਕਰ ਲਿਆ ਹੈ :
ਮੈਨੂੰ ਯਾਦ ਨੇ ਉਹ ਪਲ
ਚੀਕਦਿਆਂ
ਮੈਂ ਵੀ ਇੱਕ ਇਨਸਾਨ ਹਾਂ
ਮੇਰੀਆਂ ਵੀ ਭਾਵਨਾਵਾਂ ਹਨ
ਮੈਂ ਪੂਰੀ ਸ਼ਿੱਦਤ ਨਾਲ
ਆਪਣੀ ਜ਼ਿੰਦਗੀ ਦੀ ਜੰਗ ਲੜਾਂਗੀ
ਨਫ਼ਰਤ ਲਈ ਨਫ਼ਰਤ
ਚੋਭ ਲਈ ਚੋਭ
(ਨਿਸ਼ਚਾ)
ਇਸੇ ਗੱਲ ਨੂੰ ਅੱਗੇ ਤੋਰਦਿਆਂ ਫੈਮਿਨਿਸਟ ਵਿਚਾਰਧਾਰਾ ਦੀ ਗੱਲ ਕਰਦਿਆਂ ਉਹ 'ਮੈਂ' ਤੋਂ 'ਅਸੀਂ' ਤੱਕ ਪਹੁੰਚਦੀ ਹੈ :
ਪਰ-
ਉਹ, ਹਰ ਪਲ ਹੋਰ ਵਧੇਰੇ ਸ਼ਕਤੀਵਰ ਹੁੰਦਾ ਗਿਆ
ਉਸ ਨੇ, ਉਸ ਦੀ ਮਸੂਮੀਅਤ ਦੇ ਮਹੱਲਾਂ ਨੂੰ
ਕਿਸੇ ਦੁਸ਼ਮਣ ਦੇਸ਼ ਦੀਆਂ ਫ਼ੌਜਾਂ ਵਾਂਗ
ਬੜੀ ਬੇਰਹਿਮੀ ਨਾਲ ਜੀਆ ਭਰ ਕੇ ਲੁੱਟਿਆ
ਉਸ ਨੇ ਆਪਣੇ ਜ਼ਹਿਰੀ ਤੀਰਾਂ ਨਾਲ
ਇਹ ਅੱਤਿਆਚਾਰੀ ਹਮਲਾ
ਪਲ ਪਲ, ਛਿਣ ਛਿਣ ਜਾਰੀ ਰੱਖਿਆ
ਉਸ ਨੇ ਹਵਾ 'ਚ ਉੱਡਦੀ ਤਿਤਲੀ ਦੇ ਖੰਭ ਤੋੜ
ਉਸ ਦਾ ਦਿਲ ਚੀਨਾ ਚੀਨਾ ਕਰ ਦਿੱਤਾ
ਇੱਕ ਕੀਮਤੀ ਸ਼ੀਸ਼ਾ-
ਜੋ ਉਸ ਨੂੰ, ਉਸ ਦੀ ਪਹਿਚਾਣ ਕਰਾ
ਕੰਬਖ਼ਤ ਸਮਿਆਂ ਵਿੱਚ
ਹੌਸਲਾ ਦਿੰਦਾ ਸੀ
(ਦਿਲ ਇੱਕ ਸ਼ੀਸ਼ਾ)
ਪੰਜਾਬੀ ਸ਼ਾਇਰੀ ਦੇ ਬਹੁਤ ਸਾਰੇ ਪਾਠਕਾਂ ਵੱਲੋਂ ਅਕਸਰ ਇਹ ਇਤਰਾਜ਼ ਕੀਤਾ ਜਾਂਦਾ ਹੈ ਕਿ ਵਧੇਰੇ ਪੰਜਾਬੀ ਸ਼ਾਇਰ, ਮਹਿਜ਼, ਆਪਣੇ ਮਨ ਦੀ ਤਸੱਲੀ ਵਾਸਤੇ ਹੀ ਸ਼ਾਇਰੀ ਲਿਖ ਰਹੇ ਹਨ। ਲੋਕਾਂ ਦਾ ਇਹ ਸ਼ਾਇਰੀ ਕੁੱਝ ਵੀ ਨਹੀਂ ਸੰਵਾਰਦੀ। ਪਰ ਦਵਿੰਦਰ ਦੀ ਸ਼ਾਇਰੀ ਅਨੇਕਾਂ ਲੋਕਾਂ ਲਈ-ਪੱਥ ਪਾਰਦਰਸ਼ਕ ਦਾ ਕੰਮ ਕਰੇਗੀ। ਆਪਣੇ ਇਸ ਮੰਤਵ ਪ੍ਰਤੀ ਉਹ ਆਪ ਵੀ ਪੂਰੀ ਤਰ੍ਹਾਂ ਚੇਤੰਨ ਹੈ:
ਮੇਰੇ ਅੰਦਰ ਉੱਗ ਰਿਹਾ ਸੂਰਜ
ਹੋਰਨਾਂ ਲਈ ਵੀ
ਚਾਨਣ ਮੁਨਾਰਾ ਬਣ ਕੇ
ਮੁਕਤੀ ਦੇ ਰਾਹ ਖੋਲ੍ਹ ਸਕਦਾ ਹੈ
(ਜ਼ਿੰਦਗੀ)
ਆਪਣੀ ਨਜ਼ਮਾਂ 'ਰਾਖਸ਼', 'ਡੈਣ' ਅਤੇ 'ਵਿਦਰੋਹ' ਵਿੱਚ ਉਹ ਅਜਿਹੇ ਮਨੁੱਖੀ ਵਰਤਾਓ ਦਾ ਬਿਆਨ ਕਰਦੀ ਹੈ ਜੋ ਸਿਰ ਤੋਂ ਪੈਰਾਂ ਤੀਕ ਸ਼ੈਤਾਨ-ਰੂਪੀ ਰੁਚੀਆਂ ਨਾਲ ਭਰਿਆ ਹੁੰਦਾ ਹੈ। ਅਜਿਹੀਆਂ ਸ਼ੈਤਾਨ-ਰੂਪੀ ਰੂਹਾਂ ਨੂੰ ਇਸ ਗੱਲ ਦਾ ਰੱਤੀ ਭਰ ਵੀ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਦੇ ਅੱਤਿਆਚਾਰਾਂ ਸਦਕਾ ਕੋਈ ਵਿਅਕਤੀ ਕਿਸ ਤਰ੍ਹਾਂ ਪੋਟਾ ਪੋਟਾ ਸੜ ਕੇ ਰਾਖ ਹੋ ਰਿਹਾ ਹੈ :
ਭਾਵਨਾਤਮਕ ਫੱਟਾਂ ਨੇ ਮੇਰੇ ਜਿਸਮ ਉੱਤੇ ਜਕੜ ਮਾਰ ਮੇਰੇ ਦੁਖਦੇ ਅੰਗਾਂ ਨੂੰ ਹੋਰ ਪੀੜਤ ਕਰ ਦਿੱਤਾ ਅਤੇ ਮੇਰੇ ਜ਼ਿਹਨ ਵਿੱਚ ਉੱਬਲ ਰਹੇ ਸੁਆਲਾਂ ਨਾਲ
ਮੇਰੇ ਸਿਰ ਵਿੱਚ ਮਾਈਗਰੇਨ ਦੇ ਹਥੌੜੇ ਵੱਜਣ ਲੱਗੇ
(ਵਿਦਰੋਹ)
ਪਰ ਆਪਣੀ ਅਜਿਹੀ ਸਥਿਤੀ ਵਿੱਚ ਵੀ ਉਹ ਹਾਰ ਨਹੀਂ ਮੰਨਦੀ। ਹੈਮਿੰਗਵੇ ਦੇ ਬੁੱਢੇ ਮਛੇਰੇ ਵਾਂਗ, ਸਮੁੰਦਰ ਦੀਆਂ ਲਹਿਰਾਂ ਨਾਲ ਲੜਦੀ ਹੋਈ, ਆਪਣੇ ਚੌਗਿਰਦੇ ਨੂੰ ਉਹ ਪੂਰੀ ਸ਼ਿੱਦਤ ਨਾਲ ਵੰਗਾਰਦੀ ਹੈ:
ਅਤੇ ਮੈਂ, ਆਪਣੇ ਚੌਗਿਰਦੇ ਨੂੰ
ਮੁਖ਼ਾਤਬ ਹੋ, ਆਖਦੀ ਹਾਂ:
ਜ਼ਿੰਦਗੀ, ਜ਼ਿੰਦਾ ਦਿਲੀ ਦਾ ਨਾਮ ਹੈ-
ਜ਼ਿੰਦਗੀ-ਇੱਕ ਯੁੱਧ-ਭੂਮੀ ਹੈ
ਮੈਂ ਹੌਸਲਾ ਨਹੀਂ ਛੱਡਾਂਗੀ
(ਡੈਣ)
ਦਵਿੰਦਰ ਅਫ਼ਰੀਕਾ ਵਿੱਚ ਜੰਮੀ ਪਲੀ, ਇੰਗਲੈਂਡ ਵਿੱਚ ਪੜ੍ਹੀ ਅਤੇ ਅੱਜ ਕੱਲ੍ਹ ਕੈਨੇਡਾ ਵਿੱਚ ਆਪਣੇ ਨੌਜਵਾਨ ਪੁੱਤਰਾਂ ਅਤੇ ਪਤੀ ਨਾਲ ਰਹਿੰਦੀ ਹੈ। ਤਿੰਨ ਮਹਾਂਦੀਪਾਂ ਨਾਲ ਸੰਬੰਧਿਤ ਰਹਿਣ ਕਰਕੇ ਉਸ ਦੀ ਸ਼ਖ਼ਸੀਅਤ ਵਿਚੋਂ ਇਸ ਦੀ ਝਲਕ ਮਿਲਦੀ ਹੈ। ਜੇਕਰ ਇੱਕ ਪਲ ਉਹ ਪੰਜਾਬੀ ਸਭਿਆਚਾਰ ਨਾਲ ਜੁੜੀ ਹੁੰਦੀ ਹੈ ਤਾਂ ਦੂਜੇ ਹੀ ਪਲ ਉਹ ਪੱਛਮੀ ਸਭਿਆਚਾਰ ਵਿੱਚ ਪੂਰੀ ਤਰ੍ਹਾਂ ਰੰਗੀ ਹੈ ਅਤੇ ਤੀਜੇ ਪਲ ਅਫ਼ਰੀਕਣ ਸਭਿਆਚਾਰ ਵਿੱਚ ਅਤੇ ਚੌਥੇ ਪਲ ਭਾਰਤੀ ਜਾਂ ਕਿਸੇ ਹੋਰ ਸਭਿਆਚਾਰ ਵਿੱਚ। ਅਫ਼ਰੀਕਾ, ਮਿਡਲ ਈਸਟ, ਯੂਰਪ, ਉੱਤਰੀ ਅਮਰੀਕਾ, ਅਤੇ ਭਾਰਤ ਦੇ ਵੱਖੋ-ਵੱਖਰੇ ਹਿੱਸਿਆਂ ਦਾ ਉਹ ਸਫ਼ਰ ਕਰ ਚੁੱਕੀ ਹੈ। ਦੇਖਣ ਵਿੱਚ ਵੀ, ਕਈ ਵੇਰ, ਇੰਜ ਜਾਪਦਾ ਹੈ ਜਿਵੇਂ ਉਸ ਦੇ ਸਰੀਰ ਦੇ ਵੱਖਰੇ ਵੱਖਰੇ ਹਿੱਸੇ ਵੱਖਰੇ ਵੱਖਰੇ ਮਹਾਂਦੀਪਾਂ ਵਿੱਚ ਬਣੇ ਹੋਣ।
ਮਈ 22, 1998
ਸੁਖਿੰਦਰ
ਟੋਰਾਂਟੋ, ਕੈਨੇਡਾ