Dastak : Sohan Singh Misha

ਦਸਤਕ : ਸੋਹਣ ਸਿੰਘ ਮੀਸ਼ਾ


ਸਮਰਪਣ

ਪਿਆਰ ਨਾਲ ਨੰਦੀ ਤੇ ਗੁਰਦਿਆਲ ਨੂੰ

ਦਸਤਕ

ਮਨ ਕਪਟੀ ਹੈ ਕਪਟ ਕਮਾਏ ਪਾਪ ਹੰਢਾਏ ਕਰਮ ਵਿਹੂਣਾ ਤਨ ਕਰਨੀ ਤੋਂ ਟੁੱਟਾ ਪਲਾਂ ਛਿੰਨਾ ਦੇ ਵਿਰਲਾਂ ਥਾਣੀ ਕਰਦਾ ਜਾਏ ਅੰਦਰੋਂ ਬੰਦ ਬੂਹੇ ਦਾ ਬਾਹਰੋਂ ਕੁੰਡਾ ਖੜਕੇ ਜਾਂ ਦਿਲ ਧੜਕੇ ਦਸਤਕ ਦੇਹ ਦੇ ਲੂੰ ਕੰਡਿਆਏ 'ਕੀ ਕਰਦੇ ਹੋ ਬਾਹਰ ਦੀ ਧੁੱਪ ਤੋਂ ਡਰਦੇ ਹੋ ਅੰਦਰ ਦੀ ਚੁੱਪ ਤੋਂ ਡਰਦੇ ਹੋ ਆਪਣੇ ਪਾਲੇ ਵਿਚ ਠਰਦੇ ਹੋ ਬੂਹਾ ਖੋਲ੍ਹੋ ਬਾਹਰ ਆਉ ਨਹੀਂ ਦਰਵਾਜ਼ਾ ਤੋੜ ਦਿਆਂਗੇ।'

ਅਵਾਰਾਗਰਦੀ

ਇਹ ਪੈਰਾਂ ਦਾ ਚੱਕਰ ਜਿਸ ਨੂੰ ਕਿਸਮਤ ਵਾਲਾ ਚੱਕਰ ਆਪਾਂ ਆਵਾਗੌਣ ਬਣਾਈ ਫਿਰਦੇ ਅੰਗ ਸਹੇਲੇ ਹੋਏ ਹਵਾ ਦੇ ਰਾਹ ਦੀਆਂ ਧੂੜਾਂ ਸੰਗ ਹਵਾਸ ਉਡਾਈ ਫਿਰਦੇ ਹਰ ਪਲ ਹਰ ਥਾਂ ਕਿਸ ਬੇਨਾਮ ਤਲਬ ਦੀ ਤਲਖ਼ੀ ਦਿਲ ਨੂੰ ਰਹਿੰਦੀ ਕੀ ਖੋਹ ਬੈਠੇ ਹਰ ਦਮ ਕਾਹਦੀ ਖੋਹ ਹੈ ਪੈਂਦੀ ਕਹੀ ਹਿਰਾਸੀ ਹਸਰਤ ਦੀ ਹਾਂ ਦਿਨੇ ਮਸ਼ਾਲ ਜਗਾਈ ਫਿਰਦੇ ਪੈਰਾਂ ਹੇਠ ਵਿਛੇ ਅੰਗਿਆਰੇ ਜਿਸਮ ਦਿਆਂ ਅੰਗਾਂ ਵਿਚ ਮਘਦੇ ਰੰਗ ਬਰੰਗੇ ਫ਼ਿਕਰਾਂ ਦੇ ਚੰਗਿਆੜੇ ਵਾ ਲਗਦੀ ਹੈ ਜਿਉਂ ਜਿਉਂ ਭਜਦੇ ਹੋਰ ਵਧੇਰੇ ਮਚਦੇ ਇਹ ਦੁੱਖਾਂ ਦੀ ਆਤਸ਼ਬਾਜੀ ਜੋ ਮਿੱਟੀ ਵਿਚ ਅੱਗ ਦੀ ਰਾਸ ਰਚਾਈ ਫਿਰਦੇ ਕਿਸ ਚੰਦਰੇ ਪਲ ਤ੍ਰਿਸ਼ਨਾਵਾਂ ਦੇ ਛਲ ਵਿਚ ਆ ਕੇ ਸੀ ਸੰਤੋਖ ਦੀ ਸਰਦਲ ਟੱਪੀ ਤੁਰਦੇ ਫਿਰਦੇ ਮਿਲ ਗਿਲ ਕੇ ਵੀ ਕੀ ਮਿਲਦਾ ਹੈ ਸਗੋਂ ਤਲਬ ਦੀ ਤਲਖ਼ੀ ਹੋਰ ਵਧਾ ਲੈਂਦੇ ਹਾਂ ਇਸ ਭਟਕਣ ਦਾ ਓੜਕ ਹੈ ਨਾ ਅੱਗ ਨਾ ਰੱਜਾਈ ਬਾਲਣ ਖਾ ਕੇ ਜਾਣ ਲਿਆ ਹੈ ਕਦੀ ਛਲੇਡੇ ਫੜ ਨਹੀਂ ਹੁੰਦੇ ਹਾਰੇ ਟੁੱਟੇ ਹਰ ਅਨਜਾਣੇ ਰਾਹੀਂ ਕੋਲੋਂ ਆਪਣੇ ਘਰ ਦਾ ਰਾਹ ਪੁੱਛਦੇ ਹਾਂ ਆਪਣਾ ਆਪ ਉਕਾਈ ਫਿਰਦੇ ਇਸ ਗੇੜੇ ਵਿਚ ਗਿੜਦੇ ਗਿੜਦੇ ਚੰਨ ਵਾਂਗੂੰ ਹੈ ਨਿੱਤ ਅਕਾਰ ਬਦਲਦਾ ਰਹਿੰਦਾ ਭਰ ਜੋਬਨ ਵਿਚ ਕਦੀ ਕਦੀ ਹੈ ਯਾਦਾਂ ਦਾ ਪ੍ਰਛਾਵਾਂ ਪੈਂਦਾ ਕਿਸੇ ਗ੍ਰਹਿ ਦੇ ਮਾਰੇ ਫੇਰ ਗ੍ਰਹਿਣ ਜਾਂਦੇ ਜੀਕਣ ਸਿਰ ‘ਤੇ ਕੋਈ ਸਰਾਪ ਉਠਾਈ ਫਿਰਦੇ ਕਿਉਂ ਨਾ ਸੱਜਣਾ ਕਿਸੇ ਯਕੀਨ ਬਿਰਛ ਦੀ ਛਾਵੇਂ ਬਹਿ ਕੇ ਸੁਰਤ ਇਕਾਗਰ ਕਰੀਏ ਮੰਨਿਆਂ ਔਖਾ ਮਿਲਣਾ ਭਾਵੇਂ ਬੁਧ ਵਾਲਾ ਮੁਕਤੀ ਦਾ ਮਾਰਗ ਹੋ ਸਕਦਾ ਹੈ ਕੁਝ ਘਟ ਜਾਵੇ ਇਹ ਜਿੰਦੜੀ ਨੂੰ ਜੋ ਬੇਰਾਮ ਜਹੀ ਬੇਚੈਨੀ ਲਾਈ ਫਿਰਦੇ ਇਹ ਪੈਰਾਂ ਦਾ ਚੱਕਰ ਜਿਸ ਨੂੰ ਕਿਸਮਤ ਵਾਲਾ ਚੱਕਰ ਆਪਾਂ ਆਵਾਗੌਣ ਬਣਾਈ ਫਿਰਦੇ।

ਪ੍ਰਿਜ਼ਮ

ਨਾ ਇੱਛਾ ਨਾ ਆਸ਼ਾ ਮੇਰੀ ਤਿੱਖਿਆਂ ਕੋਨਿਆਂ ਵਾਲਾ ਰੰਗ-ਹੀਣ ਕੱਚ ਦਾ ਟੁਕੜਾ ਹਾਂ ਅਚਨਚੇਤ ਨਿਰਮਲ ਚਾਨਣ ਦੀ ਨਿਰਛਲ ਕਿਰਨ ਮੇਰੇ ਪਿੰਡੇ ’ਤੇ ਆਣ ਪਈ ਸੀ ਮੈਂ ਸਤਰੰਗੀ ਰਾਸ ਰਚਾਈ ਤੇ ‘ਸਭ ਖ਼ਲਕ ਤਮਾਸ਼ੇ ਆਈ' ਉਹ ਮੇਰਾ ਵਿਸਥਾਰ ਨਹੀਂ ਸੀ ਉਹ ਚਾਨਣ ਦਾ ਚਮਤਕਾਰ ਸੀ ਸਤ ਰੰਗਾਂ 'ਚੋਂ ਕੋਈ ਰੰਗ ਨਹੀਂ ਸੀ ਮੇਰਾ ਉਹ ਨਿਰਮਲ ਚਾਨਣ ਦੀ ਕਿਰਨ ਅਲੋਪ ਹੋ ਗਈ ਤੁਸੀਂ ਤਾਂ ਮਾਧਿਅਮ ਨੂੰ ਹੀ ਸੋਮਾ ਸਮਝਣ ਵਾਲੇ ਹੁਣ ਮੈਥੋਂ ਸਤਰੰਗੀ ਲੀਲ੍ਹਾ ਕਿਉਂ ਮੰਗਦੇ ਹੋ ਮੈਂ ਤਾਂ ਤਿੱਖਿਆਂ ਕੋਨਿਆਂ ਵਾਲਾ ਰੰਗ-ਹੀਣ ਕੱਚ ਦਾ ਟੁਕੜਾ ਹਾਂ ਚਾਹੇ ਮੈਨੂੰ ਪੱਥਰ 'ਤੇ ਪਟਕਾ ਕੇ ਮਾਰੋ ਪੁਰਜ਼ਾ ਪੁਰਜ਼ਾ ਹੋ ਜਾਵਾਂਗਾ ਪਰ ਮੇਰੇ 'ਚੋਂ ਕੋਈ ਰੰਗ ਨਹੀਂ ਲੱਭੇਗਾ।

ਜਗਿਆਸੂ

ਮੈਂ ਇਸ਼ਾਰਾ ਹਾਂ ਸਮੇਂ ਦੀ ਬੇਬਸੀ ਦਾ ਜੋ ਦਿਸ਼ਾਵਾਂ ਤੇ ਗੁਫਾਵਾਂ ਦੇ ਭੁਲਾਵੀਂ ਭਟਕਿਆ ਹਾਂ ਤੇ ਖ਼ਲਾ ਨੂੰ ਖਟਕਿਆ ਹਾਂ ਮੇਰੇ ਇਕਲਾਪੇ ਨੂੰ ਮਿਲਿਆ ਨਾ ਹੁੰਗਾਰਾ ਜਦ ਕਦੀ ਬੇਚੈਨ ਹੋ ਕੇ ਕੂਕਿਆਂ ਮੈਂ ਪਰਬਤਾਂ ਦੀਆਂ ਖੁੰਦਰਾਂ ਚੋਂ ਵਾਜ ਮੇਰੀ ਹੋਰ ਵੀ ਭੈਭੀਤ ਹੋਈ ਪੱਥਰਾਂ ਦੇ ਨਾਲ ਟਕਰਾ ਕੇ ਪਰਤ ਆਉਂਦੀ ਰਹੀ ਸਾਹਾਂ ਦੇ ਰਾਹਾਂ 'ਤੇ ਤੁਰਦਾ ਕਥ ਮਿਥੇ ਪੁੰਨ ਪਾਪ ਦੇ ਪ੍ਰਛਾਵਿਆਂ ਤੋ ਤ੍ਰਭਕਿਆ ਹਾਂ ਨਜ਼ਰ ਦੇ ਪਰਦੇ ਦੇ ਪਿਛੋਂ ਵੀ ਕੋਈ ਕਣਸੋ ਜਹੀ ਆਉਂਦੀ ਰਹੀ ਜਿਸਦਾ ਮੈਥੋਂ ਭੇਤ ਪਾਇਆ ਨਾ ਗਿਆ ਪ੍ਰਤੱਖ ਦਾ ਪਰਦਾ ਹਟਾਇਆ ਨਾ ਗਿਆ ਅੱਖਰਾਂ ਬਾਝੋਂ ਨਾ ਕੁਝ ਪਹਿਚਾਣਿਆ ਮੈਂ ਅੱਖਰਾਂ ਨੂੰ ਆਖਰੀ ਸੱਚ ਜਾਣਿਆ ਮੈਂ ਅੱਖਰਾਂ ਦੇ ਮੋਹ 'ਚ ਫਸਿਆ ਆਪਣੀ ਕਾਇਆ ਤੋਂ ਓੜਕ ਥੱਕਿਆ ਹਾਂ ਅੱਖਰਾਂ ਦੀ ਹੱਦ ਨਾ ਲੰਘ ਸਕਿਆ ਹਾਂ ਮੈਂ ਇਸ਼ਾਰਾ ਹਾਂ ਸਮੇਂ ਦੀ ਬੇਬਸੀ ਦਾ ਜੋ ਦਿਸ਼ਾਵਾਂ ਤੇ ਗੁਫਾਵਾਂ ਦੇ ਭੁਲਾਵੀਂ ਭਟਕਿਆ ਹਾਂ ਤੇ ਖ਼ਲਾ ਨੂੰ ਖਟਕਿਆ ਹਾਂ।

ਸ਼ਿਕਾਇਤ

ਅਸੀਂ ਸ਼ਿਕਾਇਤ ਕਰ ਨਹੀਂ ਸਕਦੇ ਕੀ ਕਹੀਏ ਹੁਣ ਕਿਸ ਨੂੰ ਕਹੀਏ ਤੇਰੇ ਬਾਰੇ ਕੌਣ ਸੁਣੇਗਾ ਤੇ ਫਿਰ ਸੁਣ ਕੇ ਕੀ ਆਖੇਗਾ ਆਪਣਾ ਆਪ ਮਿਟਾ ਕੇ ਆਪਾਂ ਤੇਰਾ ਰੂਪ ਬਣਾ ਦਿਤਾ ਸੀ ਤੇਰੀਆਂ ਨਜ਼ਰਾਂ ਥਾਣੀ ਦੁਨੀਆਂ ਦੇਖ ਰਹੇ ਸੀ ਮਰਜ਼ੀ ਨਾ ਸੀ ਆਪਣੀ ਕੋਈ ਭਲੇ ਬੁਰੇ ਦੀ ਤੇਰੀ ਮਰਜ਼ੀ ਨੂੰ ਕਸਵੱਟੀ ਜਾਣ ਲਿਆ ਸੀ ਸਾਰੀ ਰਚਨਾ ਤੇਰੇ ਰੰਗ ਵਿਚ ਰੰਗੀ (ਪਰ ਇਹ ਰੰਗ ਮਜੀਠ ਨਹੀਂ ਸੀ) ਸਾਰੇ ਜੱਗ ਦੀ ਤੇਰੇ ਕੋਲ ਸ਼ਕਾਇਤ ਕੀਤੀ ਕਿਹੜੇ ਮੂੰਹੋਂ ਤੇਰੀ ਕਿਤੇ ਸ਼ਕਾਇਤ ਕਰੀਏ ਤੇਰੀ ਗੱਲ ਕਰਨੀ ਤਾਂ ਆਪੇ ਆਪਣਾ ਪਾਜ ਖੋਲ੍ਹਣਾ ਆਪੇ ਅਪਣੀ ਭੰਡੀ ਕਰਨੀ ਆਪੇ ਅਪਣੀ ਚੁਗਲੀ ਖਾਣੀ ਮੇਰਾ ਦੁੱਖ ਤਾਂ ਮੇਰਾ ਦੁੱਖ ਹੈ ਤੇਰਾ ਵੀ ਜਦ ਨਹੀਂ ਵਾਸਤਾ ਹੋਰ ਕਿਸੇ ਦਾ ਕੀ ਲੱਗਦਾ ਹੈ ਦੁੱਖ ਫੋਲਣਾ ਆਪਣੇ ਦਿਲ ਦੀ ਹੇਠੀ ਕਰਨਾ ਜਣੇ ਖਣੇ ਸਭ ਲੋਕ ਨਸੀਹਤਾਂ ਲੈ ਬਹਿੰਦੇ ਨੇ ਜੋ ਹੋਇਆ ਹੈ ਸਬਰ ਪਟਾਰੀ ਪਾ ਰੱਖਾਗੇ ਤੇਰੇ ਤੇ ਇਲਜ਼ਾਮ ਕਦੇ ਵੀ ਧਰ ਨਹੀਂ ਸਕਦੇ ਅਸੀਂ ਸ਼ਕਾਇਤ ਕਰ ਨਹੀਂ ਸਕਦੇ।

ਮੌਤ

ਮੈਂ ਜਦੋਂ ਨਵਯੁਵਕ ਸਾਂ ਤੇ ਪਹਿਲੇ ਪਹਿਲਾ ਪਿਆਰ ਸੀ ਬੰਨ੍ਹਦੀ ਸੀ ਕਲਪਣਾ ਪੌਹ-ਫੁਟਾਲੇ ਉੱਤੇ ਦੀ ਸੋਨੇ ਦਾ ਪੁਲ ਸੁਫ਼ਨਿਆਂ ਦੇ ਜਦ ਫਨੂਸ ਉੱਡਦੇ ਚੰਨ ਤਾਰਿਆਂ ਤੋਂ ਪਾਰ ਸੀ ਪਾ ਕੇ ਭਿਖਿਆ ਉਸ ਦੀ ਇਕ ਮੁਸਕਾਣ ਦੀ ਵਿਸਰ ਜਾਂਦੀ ਸੀ ਮਨੋਂ ਸੀਮਾ ਸਮੇਂ ਅਸਥਾਨ ਦੀ ਮੌਤ ਇਕ ਹਲਕਾ ਜਿਹਾ ਅੱਖਰ ਸੀ ਬਸ ‘ਸਿਰ ਕੰਪਿਉ ਪਗ ਡਗਮਗੇ’ ਜਾਪਦਾ ਸੋਹਣੇ ਨਜ਼ਾਰੇ ਨੇ ਦਿਨੋਂ ਦਿਨ ਵਧ ਰਹੇ ਕੀ ਕਰਾਂ ਪਰ ਹਿੱਸਦੀ ਜਾਂਦੀ ਮੇਰੇ ਨੈਣਾਂ ਦੀ ਜੋਤ ਹੈ ਸਲਾਮਤ ਰੱਬ ਦੀ ਰਚਨਾ ਦਾ ਸਭ ਸੰਗੀਤ ਪਰ ਮੁੱਕਦੀ ਜਾਂਦੀ ਹੈ ਮੇਰੀ ਹੀ ਸਰੋਤ ਆਤਮਾ ਅਤ੍ਰਿਪਤ ਹੈ ਕੱਚੇ ਧਾਗੇ ਨਾਲ ਸਿਰ 'ਤੇ ਲਟਕਦਾ ਭਾਰਾ ਜਿਹਾ ਕਾਲਾ ਜਿਹਾ ਅੱਤ ਭਿਆਨਕ ਮੌਤ ਇਕ ਪੱਥਰ ਹੈ ਅੱਜ।

ਬੁਢਾਪਾ

ਜੂਨ ਗੰਵਾਈ ਕਾਹਦੇ ਬਦਲੇ ਰਹੇ ਭਟਕਦੇ ਉਡਦੀਆਂ ਪਿੱਛੇ ਦੌੜ ਦੌੜ ਪ੍ਰਛਾਵੇਂ ਫੜਦੇ ਪਗ ਪਗ ਅੜਦੇ ਕਰਨਾ ਕੀ ਸੀ ਹੋਰ ਕਿਸੇ ਦਾ ਆਪਣਾ ਵੀ ਕੁਝ ਕਰ ਨਾ ਸਕੇ ਕਰਨ ਲਈ ਕੁਝ ਹੈ ਵੀ ਨਹੀਂ ਸੀ ਬੱਸ ਐਵੇਂ ਆਰਾਮ ਗਵਾਇਆ ਕਾਗਤ ਦੀਆਂ ਬੇੜੀਆਂ ਬਹਿ ਕੇ ਰਹੇ ਠੇਲ੍ਹਦੇ ਅਤੇ ਹਵਾ ਵੀ ਲੋਟ ਨਹੀਂ ਸੀ ਜੀਕਣ ਜੁਗ ਜਗਰਾਤਾ ਕੱਟਿਆ ਨ੍ਹੇਰਾ ਢੋ ਕੇ ਦੀਵਾ ਵੱਟੀ ਕੋਲ ਨਹੀਂ ਸੀ ਬੇਮੰਤਵ ਹੀ ਹਰਕਤ ਕੀਤੀ ਚਲਦੇ ਰਹੇ ਤੁਰੇ ਨਾ ਅੱਗੇ ਤੇ ਹੁਣ ਜਾਪੇ ਇਸ ਮਿੱਟੀ ਦੇ ਭਾਂਡੇ ਨੂੰ ਹਨ ਤਿਪ ਤਿਪ ਕਰ ਕੇ ਚੋ ਚੱਲੇ ਨੇ ਸਾਹ ਸਤ ਸਾਰੇ ਮਿੱਟੀ ਨੇ ਮਿੱਟੀ ਰਲ ਜਾਣਾ ਤੇ ਮਨ ਸੋਚੇ ਜੂਨ ਗੰਵਾਈ ਕਾਹਦੇ ਬਦਲੇ।

ਖੂਹ

ਦੂਰ ਦੂਰ ਤਕ ਫੈਲੀ ਹੋਈ ਇਸ ਘੁਗ ਵਸਦੇ ਪਿੰਡ ਦੀ ਜੂਹ ਹੈ ਪਿੰਡੋਂ ਹਟ ਕੇ ਜੂਹ ਦੀ ਹਦ ਤੇ ਬੀਆਬਾਨ 'ਚ ਘਿਰਿਆ ਇਕ ਉਜੜਿਆ ਅੰਨ੍ਹਾ ਬੋਲਾ ਖੂਹ ਹੈ ਬੁੱਸਿਆ ਹੋਇਆ ਹਮਕ ਮਾਰਦਾ ਕੱਖ ਕਾਣ ਦਾ ਕੱਜਿਆ ਦਿਸਦਾ ਅਜੇ ਵੀ ਥੱਲਾ ਗਿੱਲਾ ਇਸਦਾ ਜੇਠ ਮਹੀਨੇ ਤਪਣ ਦੁਪਹਿਰਾਂ ਦਿੱਸਣ ਲੋ ਦੀਆਂ ਕੰਬਦੀਆਂ ਲਹਿਰਾਂ ਗਰਦ ਵਿਚ ਪਾਂਦੇ ਬੋਦੀਆਂ ਵਾਲੇ ਵਾ ਵਿਰੋਲੇ ਵਾਂਗ ਸ਼ੁਦਾਈਆਂ ਖਾਂਦੇ ਫਿਰਨ ਘਮੇਟਣੀਆਂ ਕਹਿੰਦੇ ਗਲ ਨਹੀਂ ਬਹੁਤ ਪੁਰਾਣੀ ਇਸ ਖੂਹ ਦਾ ਸੀ ਮਿੱਠਾ ਪਾਣੀ ਲਹਿ ਲਹਿ ਕਰਦੀ ਸੀ ਹਰਿਆਲੀ ਠੰਢੀ ਛਾਂ ਹੇਠਾਂ ਸਸਤਾਂਦੇ ਪਿਆਸ ਮਿਟਾਂਦੇ ਲੰਘਦੇ ਰਾਹੀ ਅਤੇ ਅਯਾਲੀ ਪਤਾ ਨਹੀਂ ਕਿਹੜੀ ਭੁੱਲ ਹੋਈ ਡਾਹਢੀ ਕਰਨੀ ਵਾਲਾ ਕੋਈ ਇਕ ਫਕੀਰ ਸੀ ਕਹਿੰਦੇ ਆ ਲੱਥਾ ਏਥੇ ਦਿਨ ਲਹਿੰਦੇ ਰਾਤ ਗੁਜ਼ਾਰੀ ਦਿਨ ਚੜ੍ਹਿਆ ਤਾਂ ਜਾਂਦੀ ਵਾਰੀ ਇਕ ਟਹਿਣੀ ਉੱਤੇ ਕੁਝ ਪੜ੍ਹ ਕੇ ਟਿੰਡ ਉੱਤੇ ਟਣਕਾ ਕੇ ਮਾਰੀ ਸੁਣਿਆ ਮੁੜ ਇਹ ਖੂਹ ਨਹੀਂ ਗਿੜਿਆ ਖੇਤਾਂ ਦੇ ਵਿਚ ਕੱਲਰ ਖਿੜਿਆ ਗਰਦ ਉਡਾਂਦੇ ਸਿਰ ਵਿਚ ਪਾਂਦੇ ਬੋਦੀਆਂ ਵਾਲੇ ਵਾ ਵਿਰੋਲੇ ਵਾਂਗ ਸ਼ੁਦਾਈਆਂ ਖਾਂਦੇ ਫਿਰਨ ਘਮੇਟਣੀਆਂ ਖ਼ਵਾਜੇ ਪੀਰ ਨੂੰ ਯਾਦ ਕਰੋ ਜੀ ਮੁੜ ਇਹ ਖੂਹ ਆਬਾਦ ਕਰੋ ਜੀ ਕਰਤਬ ਕੋ ਸਰਾਪ ਨੂੰ ਤੋੜੋ ਮੁੜ ਕੇ ਵਿਢੋ ਮੁੜ ਕੇ ਜੋੜੋ ਇਕ ਦਿਨ ਜੋਗਾਂ ਵਗ ਵਗ ਹਾਰਨ ਪਰ ਇਸ ਖੂਹ ਦੀ ਮਾਹਲ ਨਾ ਤਾਰਨ ਮੁੜ ਕੇ ਲਹਿ ਲਹਿ ਕਰਨ ਉਜਾੜਾਂ ਢੋਲ ਢਮੱਕੇ ਨਾਲ ਆਉਣ ਪਿੰਡ ਵਾਲੇ ਮੈਂ ਦਲੀਏ ਦੀਆਂ ਦੇਗਾਂ ਚਾੜ੍ਹਾਂ।

ਅਵਾਜਾਂ ਦੀ ਭੀੜ

‘ਤੇਰਾ ਤਾਂ ਕੁਝ ਵੀ ਨਹੀਂ ਤੇਰੇ ਬਿਨਾ ਲੰਘ ਜਾ ਚੁਪ ਚਾਪ ਮਨ ਫੇਰੇ ਬਿਨਾ ਐਵੇਂ ਅਨਿਆਵਾਂ ਦੀ ਅੰਨ੍ਹੀ ਗੱਲ ਕੀ ਕੋਲ ਤੇਰੇ ਹੈ ਕਿਸੇ ਦਾ ਹੱਲ ਕੀ ਹੋਰ ਕਿਸੇ ਦਾ ਆਪਣਾ ਆਪਣਾ ਰਾਸਤਾ ਕੀ ਕਿਸੇ ਦੇ ਨਾਲ ਤੇਰਾ ਵਾਸਤਾ ਆਪਣੇ ਪੈਰਾਂ ਦੇ ਅੱਗੇ ਦੇਖਦਾ ਨਾ ਪਿਛਾਂਹ, ਨਾ ਸੱਜੇ ਖੱਬੇ ਦੇਖਦਾ ਖਿਸਕ ਜਾ ਕੇ ਝਕਾਨੀ ਭੀੜ ਚੋਂ' ‘ਜੋ ਭੀੜ ਕਹੇਂ ਇਹ ਰੌਣਕ ਹੈ ਇਸ ਰੌਣਕ ਦੇ ਵਿਚ ਰਚ ਮਿਚ ਜਾ ਕੋਈ ਸਾਂਝ ਸਿਆਣ ਖ਼ਿਆਲਾਂ ਦੀ ਜਿਸਮਾਂ ਦੇ ਨਿੱਘ ਦੀ ਜੋਤ ਜਗਾ ਲੰਘ ਜਾਣੀ ਰਾਤ ਇਹ ਸਰਦੀ ਦੀ ਹੈ ਦਰਦ, ਲੋੜ ਹਮਦਰਦੀ ਦੀ ਕੋ ਈ ਪੀੜ ਪਰਾਈ ਪੀੜ ਨਹੀਂ ਇਹ ਰੌਣਕ ਹੈ ਇਹ ਭੀੜ ਨਹੀਂ 'ਇਹ ਜਿਸਮਾਂ ਦੀ ਰੌਣਕ ਹੈ ਜੋ ਚਾਰ ਚੁਫੇਰੇ ਤੇਰੀ ਰੂਹ ਦੇ ਹੰਸ ਲਈ ਨਹੀਂ ਚੋਗ ਖਲੇਰੇ ਤੌਰ ਤੇਰੇ ਨੂੰ ਭਰਮਾਵਣ ਲਈ ਨੇ ਇਹ ਫੰਦੇ ਅਕਸਰ ਅੜ ਜਾਂਦੇ ਤੇਰੇ ਜਹੇ ਮੂਰਖ ਬੰਦੇ’ ‘ਖਿੱਚ ਲਹੂ ਦੀ ਮਾਸ ਦੇ ਬੰਧਨ ਝੂਠੇ ਨੇ ਸੁੱਚੀ ਰੂਹ ਤੇਰੀ ਇਹ ਭਿੱਟੇ ਜੂਠੇ ਨੇ ਰੰਗਤ ਗੰਧ ਮਾਸ ਦੀ ਤੈਨੂੰ ਪੋਹੇ ਕਿਉਂ ਕੋਈ ਪਦਾਰਥ ਰੂਹ ਤੇਰੀ ਨੂੰ ਮੋਹੇ ਕਿਉਂ' ‘ਝੂਠ ਹੈ, ਇਹ ਝੂਠ ਹੈ, ਸਭ ਝੂਠ ਹੈ ਕੋਈ ਨਹੀਂ ਜਿਸਮ ਦੀ ਗਰਮੀ ਬਿਨਾ ਕੋਈ ਸੁੱਚਮ ਕਿਤੇ ਹੋ ਸਕਦੀ ਨਹੀਂ ਦਿਲ ਦੀ ਧੜਕਣ ਮਾਸ ਦੀ ਨਰਮੀ ਬਿਨਾ ਦਿਲ ਦੀ ਧੜਕਣ ਮਾਸ ਦੀ ਨਰਮੀ ਹੈ ਰੂਹ ਆਤਮਾ ਤਾਂ ਜਿਸਮ ਦੀ ਪਹਿਚਾਣ ਹੈ ਅਹਿਸਾਸ ਹੈ ਤੇਰੇ ਬਦਨ ਦਾ ਮਾਣ ਹੈ' ‘ਮੇਰੀ ਭੁੱਖ ਤੂੰ ਵਿਸਾਰ ਦਿੱਤੀ ਹੈ ਖੁੰਝਿਆ ਫਿਰਦਾਂ ਕਹੇ ਖ਼ਿਆਲਾਂ ਵਿਚ ਮੇਰੇ ਦੁੱਖ ਦਾ ਖ਼ਿਆਲ ਨਹੀਂ ਤੈਨੂੰ ਭਟਕਦਾਂ ਮਨ-ਘੜੇ ਸਵਾਲਾਂ ਵਿਚ ਮੇਰੀ ਖ਼ਿਦਮਤ ਹੈ ਫ਼ਰਜ਼ ਤੇਰੇ ਸਿਰ ਮੇਰਾ ਵੀ ਕੁਝ ਹੈ ਕਰਜ਼ ਤੇਰੇ ਸਿਰ' ਵਾਜਾਂ ਦੀ ਭੀੜ ਸੰਘਣੀ ਔਖੀ ਬੜੀ ਹੈ ਲੰਘਣੀ ਇਕ ਪੀੜ ਮੋਨ ਧਾਰੀ ਹੈਰਾਨ ਭਟਕਦੀ ਹੈ ਤੁਰਦੀ ਤੇ ਅਟਕਦੀ ਹੈ ਬੋਲਾਂ ਦੀ ਧੂੜ ਪੈਂਦੀ ‘ਮੈਂ’ ਤੇ ਸਦਾ ਹੈ ਰਹਿੰਦੀ ਸ਼ੀਸ਼ੇ 'ਚ ਸ਼ਕਲ ਅਪਣੀ ਮੁਸ਼ਕਲ ਪਛਾਣ ਸਕੇ ਜੋ ਨੀਝ ਲਾ ਕੇ ਤੱਕੇ ਬੋਲਾਂ ਦੇ ਨਕਸ਼ ਉਲਝੇ ਚੁੱਪ ਦਾ ਨਾ ਭਾਵ ਸੁਲਝੇ ਦਿਨ ਰਾਤ ਹੱਥ ਆਪਣੇ ਦਿਲ ਦੇ ਲਹੂ 'ਚ ਰੰਗੇ ਅਖ਼ਰਾਂ ਤੋਂ ਅਰਥ ਮੰਗੇ 'ਵਾਜਾਂ ਦੀ ਭੀੜ ਸੰਘਣੀ ਔਖੀ ਬਣੀ ਹੈ ਲੰਘਣੀ

ਪ੍ਰਛਾਵਾਂ

ਹੁਣ ਕਿਹੜਾ ਪ੍ਰਛਾਵਾਂ ਪਕੜਾਂ ਜੋ ਇਸ ਤਪਦੇ ਕਿਣਕੇ ਉੱਤੇ 'ਛਿਨ ਭੰਗਰੀ ਹੀ ਛਾਂ ਕਰ ਦੇਵੇ' ਧੁਰੋਂ ਧਰੀਕੀ ਧੁਰ ਅੰਦਰ ਦੀ ਨਾਂਹ ਦਾ ਝੋਰਾ ਇਕ ਧਿਰ ਕਰਕੇ ਇਕ ਦੋ ਘੜੀਆਂ ਹਾਂ ਕਰ ਦੇਵੇ ਹਾਂ ਉਹ ਸਭ ਪ੍ਰਛਾਵੇਂ ਸਨ ਝੋਰੇ ਝੁਰਿਆ ਮੈਂ ਉਹਨਾਂ ਪਿੱਛੇ ਲਗ ਤੁਰਿਆ ਕਿਣਕੇ ਨੂੰ ਕੋਈ ਸੁਪਨਾ ਆਇਆ ਮਿੱਟੀ ਨੂੰ ਕੋਈ ਫੁਰਨਾ ਫੁਰਿਆ ਮੈਂ ਜਿੰਨ੍ਹਾਂ ਪਿੱਛੇ ਲਗ ਤੁਰਿਆ ਕੁਝ ਅਚਾਨਕ ਛਪਨ ਹੋ ਗਏ ਕੁਝ ਧੁੱਪਾਂ ਦੇ ਅੰਗ ਲਗ ਪਿਘਲੇ ਕੁਝ ਪੌਣਾਂ ਦੇ ਸੰਗ ਸਮਾਏ ਉਹ ਤਾਂ ਸਭ ਪ੍ਰਛਾਵੇਂ ਸਨ ਹੁਣ ਫਿਰ ਮੈਨੂੰ ਖੋਰੀ ਜਾਂਦਾ ਧੁਰ ਅੰਦਰ ਦੀ ਨਾਂਹ ਦਾ ਝੋਰਾ ਹੁਣ ਤਾਂ ਕੋਈ ਪ੍ਰਛਾਵਾਂ ਭੀ ਨਜ਼ਰ ਨਾ ਆਏ ਜੋ ਇਸ ਤਪਦੇ ਕਿਣਕੇ ਉੱਤੇ ਛਿਨ ਭੰਗਰੀ ਹੀ ਛਾਂ ਕਰ ਜਾਏ।

ਜੰਗਲ ਦੇ ਵਿਚ ਰਾਤ ਪਈ ਹੈ

ਸ਼ੰਕਾ, ਝਿਜਕ, ਨਿਰਾਸ਼ਾ, ਨ੍ਹੇਰਾ, ਅਜ ਕਾਫਲੇ ਵਾਲੇ ਕਿੰਜ ਉਪਰਾਮ ਜਹੇ ਨੇ ਸੀਨੇ ਖਿੱਚ ਕਿਸੇ ਮੰਜ਼ਲ ਦੀ ਦਿਲ ਵਿਚ ਕੋਈ ਪੁਕਾਰ ਨਹੀਂ ਹੈ ਹੋਰ ਕਿਸੇ ਰਾਹਜ਼ਨ ਦਾ ਡਰ ਇਕ ਪਾਸੇ ਆਪੋ ਵਿਚ ਇਤਬਾਰ ਨਹੀਂ ਹੈ ਜੰਗਲ ਦੇ ਵਿਚ ਰਾਤ ਪਈ ਹੈ ਜੰਗਲ ਦੇ ਵਿਚ ਰਾਤ ਪਈ ਹੈ ਚਾਰ ਚੁਫੇਰੇ ਘੁੱਪ ਹਨੇਰੇ ਭੈ ਦਾ ਪਹਿਰਾ ਤਹਿਕ ਦਿਲਾਂ ਵਿਚ ਜਿਦਾਂ ਤ੍ਰਾਸ ਤ੍ਰਾਸ ਕਰਦੀਆਂ ਡੋਲਣ ਝਿਜਕਣ ਕਦਮ ਭਰਦੀਆਂ ਫੁੱਲਾਂ ਦੇ ਵਿਚ ਜ਼ਹਿਰ ਦੀਆਂ ਪੋਟਲੀਆਂ ਚੁੱਕੀ ਕਾਲੇ ਫਨੀਅਰ ਨਾਗ ਸ਼ੂਕਦੇ ਸੱਜੇ ਖੱਬੇ ਸ਼ੇਰ ਗਰਜਦੇ ਭੁੱਖੇ ਕਈ ਬਘਿਆੜ ਹੂਕਦੇ ਜੰਗਲ ਦੇ ਵਿਚ ਰਾਤ ਪਈ ਹੈ ਠੀਕ ਤਰੱਕੀ ਬਹੁਤ ਹੋ ਰਹੀ ਫੇਰ ਮਨੁੱਖਤਾ ਖ਼ੂਨ ਦੇ ਅਥਰੂ ਕਿੰਜ ਰੋ ਰਹੀ ਮੈਂ ਪਹਿਚਾਣਾਂ ਉੱਨਤੀ ਨੇ ਜੋ ਬਾਲ ਜਣੇ ਹਨ ਮੰਨਦਾ ਹਾਂ ਮੈਂ ਜੋ ਜੋ ਸੰਦ ਹਥਿਆਰ ਬਣੇ ਹਨ ਕਿਥੇ ਜਾਣਾ ਕਿਹੜੀ ਮੰਜ਼ਲ ਕੌਣ ਟਿਕਾਣਾ ਕੀ ਕਹਿੰਦਾ ਹੋ, ਚੰਨ ਸੂਰਜ ਤੋਂ ਅੱਗੇ ਕੀ ਕਰਨਾ ਹੈ ਜਿੱਧਰ ਦਿਲ ਦਾ ਭੇਤ ਨਾ ਲੱਗੇ ਜੰਗਲ ਦੇ ਵਿਚ ਰਾਤ ਪਈ ਹੈ ਐਂਵੇਂ ਨਹੀਂ ਉਪਰਾਮ ਕਾਫ਼ਲੇ ਲਾਗੋਂ ਲੰਘਦੀ ਪਿੰਡੇ ਡੰਗਦੀ ਜੰਗਲ ਦੀ ਇਹ ਸੀਤ ਪੌਣ ਵੀ ਜਾਪੇ ਖ਼ੂਨ ਪਿਆਸੀ ਦੈਂਤਾਂ ਵਰਗੇ ਬਿਰਛ ਖੜੇ ਹਨ ਘੁੱਪ ਹਨੇਰੇ ਵਿਚ ਜਿੰਨ੍ਹਾਂ ਦਾ ਝਾਉਲਾ ਪੈਂਦਾ ਅਜੇ ਤਾਂ ਪਾਲਾ ਹੋਰ ਵਧੇਗਾ ਜੰਗਲ ਦੇ ਵਿਚ ਰਾਤ ਪਈ ਹੈ ਕਦੀ ਕਦੀ ਕੋਈ ਨ੍ਹੇਰੇ ਵਿਚ ਟਟਿਹਣਾ ਚਮਕੇ ਲੋ ਹੋਵੇਗੀ ਨਿੱਘ ਮਿਲੇਗਾ ਸਮਝਣ ਕਈ ਕਾਫ਼ਲੇ ਵਾਲੇ ਕਦੀ ਟਟਿਹਣੇ ਨਿੱਘ ਨਹੀਂ ਦਿੰਦੇ ਇਹ ਤਾਂ ਆਪਣੀ ਕਾਮ ਚੇਸ਼ਟਾ ਵਿਚ ਭੁਟਕਦੇ ਜੰਗਲ ਦੇ ਵਿਚ ਰਾਤ ਪਈ ਹੈ।

ਆਦਤ

ਤੂੰ ਮੇਰੀ ਚੜ੍ਹਦੀ ਜਵਾਨੀ ਦੀ ਗੁਪਤ ਅਰਦਾਸ ਸੀ ਸੁਤ-ਉਨੀਂਦੀ ਚੁੱਪ ਵੇਲੇ ਦਿਲ ਹੀ ਦਿਲ ਵਿਚ ਰੱਬ ਦੀ ਰਚਨਾ ਤੋਂ ਤੈਨੂੰ ਮੰਗਦਾ ਸਾਂ ਆਪਣੇ ਬੋਲਾਂ ਤੋਂ ਝਿਜਕਦਾ ਸੰਗਦਾ ਸਾਂ ਤੂੰ ਮੇਰੀ ਪਲ ਪਲ ਛਲਾਵੀ ਆਸ ਸੀ ਪਲ 'ਚ ਹੋ ਜਾਂਦੀ ਦੁਰਾਡੀ ਜੂਨ ਦੀ ਹੱਦੋਂ ਪਰੇਰੇ ਪਲ 'ਚ ਲੱਗਦੀ ਪਾਸ ਸੀ ਆਪਣੇ ਸਾਹਾਂ ਤੋਂ ਨੇੜੇ ਰੰਗ ਬਰੰਗੇ ਬੰਟਿਆਂ ਦੇ ਪੁਗਣ ਵਰਗਾ ਕਿਆਸ ਸੀ ਚਿੱਤ ਹੋ ਜਾਂਦਾ ਸੀ ਜਿੱਕਣ ਪਲ 'ਚ ਮੀਰੀ ਪਲ 'ਚ ਫਾਡੀ ਉਸ ਛਲਾਵੀ ਆਸ ਨੂੰ ਵੀ ਵੱਸ ਕਰ ਕੇ ਵਰ ਲਿਆ ਮੈਂ ਜੂਨ ਦੀ ਹੱਦ ਨੂੰ ਜਿਵੇਂ ਸਰ ਕਰ ਲਿਆ ਮੈਂ ਤੂੰ ਮੇਰੇ ਲਈ ਹੋ ਗਈ ਵਿਸ਼ਵਾਸ ਸੀ ਜਿਸਮ ਦਾ ਆਨੰਦ ਹੀ ਨਹੀਂ ਜਿਸ ਤਰ੍ਹਾਂ ਮੰਤਵ ਚੁਰਾਸੀ ਗੇੜ ਦਾ ਤੇ ਜ਼ਿੰਦਗੀ ਦਾ ਅਰਥ ਸੀ ਤੇਰਾ ਮੁਹੱਬਤ ਨਾ ਰਹੀ ਰਚਨਾ ਪਰਾਈ ਓਪਰੀ ਨਾ ਹੀ ਮੈਂ ਰਚਨਾ 'ਚ ਲੱਗਦਾ ਗ਼ੈਰ ਸੀ ਇਕ ਤੇਰੀ ਰਹਿਮਤ ਦਾ ਸਦਕਾ ਮੇਰਾ ਦਿਲ ਨਿਰਭਉ ਅਤੇ ਨਿਰਵੈਰ ਸੀ ਭੀੜ ਬਿਪਤਾਂ ਵਿਚ ਜਿਵੇਂ ਬਸ ਤੇਰਾ ਹੀ ਧਰਵਾਸ ਸੀ ਤੂੰ ਮੇਰੇ ਲਈ ਹੋ ਗਈ ਵਿਸ਼ਵਾਸ ਸੀ ਹੁਣ ਤਾਂ ਆਯੂ ਢਲ ਗਈ ਹੈ ਤੂੰ ਮੇਰੇ ਲਈ ਹੁਣ ਗੁਪਤ ਅਰਦਾਸ ਨਹੀਂ ਪਲ ਪਲ ਛਲਾਵੀ ਆਸ ਨਹੀਂ ਵਿਸ਼ਵਾਸ ਨਹੀਂ ਹੁਣ ਤਾਂ ਤੇਰੀ ਪੈ ਗਈ ਮੈਨੂੰ ਜਿਵੇਂ ਆਦਤ ਜਹੀ ਹੈ ਪਰ ਕਦੀ ਇਉਂ ਜਾਪਦਾ ਹੈ ਸਾਹ ਹਵਾ ਵਿਚ ਲੈਣ ਵਾਂਗੂੰ ਅਸਲ ਵਿਚ ਹੁਣ ਤੂੰ ਮੇਰੀ ਹੋਂਦ ਦਾ ਅਧਾਰ ਏਂ ਕੌਣ ਕਹਿੰਦਾ ਹੈ ਹਵਾ ਨੂੰ : ‘ਮੈਂ ਤੇਰਾ ਮਸ਼ਹੂਰ ਹਾਂ।'

ਦਿਲ ਦਾ ਕੀ ਹੈ

ਦਿਲ ਦੀਆਂ ਗੱਲਾਂ ਨਾ ਕਰਿਆ ਕਰ ਇਸਦਾ ਕੀ ਹੈ ਇਹ ਤਾਂ ਆਖੇ ਸਰਘੀ ਦੇ ਕੁਛੜ ਚੜ੍ਹ ਬਹਿਣਾ ਤਾਰਿਆਂ ਨਾਲ ਖੇਡਣੇ ਗੀਟੇ ਭਰ ਕੇ ਸੁਫ਼ਨਿਆਂ ਨਾਲ ਫਨੂਸ ਹੈ ਚੰਨ ਦਾ ਲੈਣਾ ਇਹ ਤਾਂ ਆਖੇ ਸਭ ਰਾਤਾਂ ਸੋਨੇ ਖੰਭੀ ਉਡਣੀਆਂ ਪਰੀਆਂ ਦੀਆਂ ਬਾਤਾਂ ਅੰਗ ਜਿੰਨ੍ਹਾਂ ਦੇ ਰਿਸ਼ਮਾਂ ਵਰਗੇ ਭਾਰ ਜਿੰਨ੍ਹਾਂ ਦੇ ਫੁੱਲੋਂ ਹਲਕੇ ਅੰਮ੍ਰਿਤ ਵੇਲੇ ਖਾਰੇ ਬੈਠਣ ਚਾਨਣੀਆਂ ਦਾ ਵਟਣਾ ਮਲ ਕੇ ਦਿਲ ਦਾ ਕੀ ਹੈ ਚੰਨ ਤਾਰਿਆਂ ਦੀ ਦੂਰੀ ਨੂੰ ਇਹ ਕੀ ਜਾਣੇ ਧੁਰੋਂ ਸਰਾਪੀ ਇਸ ਮਿੱਟੀ ਦੀ ਮਜ਼ਬੂਰੀ ਨੂੰ ਇਹ ਕੀ ਜਾਣੇ

ਆਖ਼ਰੀ ਵਾਰ

ਅੱਗੇ ਤੇਰੀ ਬਜ਼ਮ 'ਚ ਆਉਂਦੇ ਸੰਸੇ ਕੁਲ ਹਿਆਤੀ ਵਾਲੇ ਰਾਹ ਦੀ ਸਾਰੀ ਧੂੜ ਥਕਾਵਟ ਪਾਏਦਾਨ ਦੇ ਨਾਲ ਪੂੰਝ ਕੇ ਨਾਲ ਨਾ ਦਿਲ ਦਾ ਭਾਰ ਲਿਆਉਂਦੇ ਅਤੇ ਰੂਬਰੂ ਹੁੰਦੇ ਸਾਰ ਸੁਰਖ਼ਰੂ ਹੁੰਦੇ ਬਣ ਮਹਿਫ਼ਲ ਦੀ ਰੌਣਕ ਅਤੇ ਸਜਾਵਟ ਬੂਹਾ ਢੋ ਕੇ ਬੋਲ ਆਸਡੇ ਜਜ਼ਬੇ ਤਰਲ ਹੂਬਹੂ ਹੁੰਦੇ ਦੋ ਘੜੀਆਂ ਦੀ ਮਿੱਠਤ ਈਕਣ ਚਾਹ ਦੇ ਘੁੱਟਾਂ ਨਾਲ ਰਲਾ ਕੇ ਸਿਗਰਟ ਧੂਏਂ ਨਾਲ ਸਮੇਂ ਦੀ ਸੀਮਾ ਢਾ ਕੇ ਰੂਹ ਤੋਂ ਪਿਛਲੇ ਧੱਬੇ ਧੋ ਕੇ ਕੁਝ ਤੇਰੇ ਕੁਝ ਆਪਣੇ ਹੋ ਕੇ ਹਲਕੇ ਹਲਕੇ ਆਉਂਦੇ ਸਾਂ ਅੱਜ ਤੇਰੀ ਮਹਿਫ਼ਲ ਵੱਲ ਯਾਰਾ ਦਿਲ ਵਿਚ ਲੈ ਕੇ ਮਾਣ ਤੁਰੇ ਸਾਂ ਪੌਣਾਂ ਨਾਲ ਤੁਰੇ ਜਾਂ ਬੱਦਲ ਰਿਹਾ ਨਾ ਹਸਰਤ ਅੱਗੇ ਚਾਰਾ ਮੀਂਹ ਵਰ੍ਹਦੇ ਵਿਚ ਬੇਬਸ ਛਤਰੀ ਤਾਣ ਤੁਰੇ ਸਾਂ ਐਪਰ ਗ਼ਮ ਦੀ ਛੁੱਟ 'ਚ ਈਕਣ ਭਿਜ ਕੇ ਆਏ ਮਨ ਦਾ ਪਾਲਾ ਨਾਲ ਲਿਆਏ ਹੁਣ ਤੇਰੀ ਮਹਿਫ਼ਲ ਵਿਚ ਸਾਡਾ ਜੀ ਨਹੀਂ ਲੱਗਦਾ ਗਿੱਲੇ ਭਿੱਜੇ ਲੀੜੇ ਲੈ ਕੇ ਕਿੱਥੇ ਬਹੀਏ ਕਿਸਨੂੰ ਕਹੀਏ ਉਸ ਤਰਤੀਬ ਨਹੀਂ ਬੈਠਕ ਦੀ ਕਿਉਂ ਮਹਿਫ਼ਲ ਵਿਚ ਭਿੱਜ ਨਾ ਹੋਵੇ ਬਦਲ ਗਏ ਆਦਾਬ ਕਿ ਅਸੀਂ ਗਵਾ ਬੈਠੇ ਹਾਂ ਬੁੱਧੇ ਰੁੱਧੇ ਜਿਵੇਂ ਸ਼ਰਮ ਦੇ ਕੈਦੀ ਹੋ ਕੇ ਦੋ ਪਲ ਬਹਿ ਕੇ ਤੁਰ ਚੱਲੇ ਹਾਂ ਅੰਦਰੋਂ ਅੰਦਰੀ ਜੀ ਰੋਇਆ ਹੈ ਜਾਂਦੀ ਵਾਰੀ ਸੋਚ ਰਹੇ ਹਾਂ ਸਾਡੇ ਦਿਲ ਨੂੰ ਜਾਂ ਮਹਿਫ਼ਲ ਨੂੰ ਕੀ ਹੋਇਆ ਹੈ।

ਹਨੀਮੂਨ

ਰੋਜ਼ ਤਕਾਲੀਂ ਮੇਰੀ ਬੀਵੀ ਗੋਰੇ ਰੰਗ ਦੀ ਸੰਗ ਮਰਮਰ ਦੀ ਮੂਰਤ ਬਣਕੇ ਪੂਜਾ ਪਾਠ 'ਚ ਗੁੰਮ ਹੋ ਜਾਂਦੀ ਢਿੱਡ ਦੀ ਭੁੱਖ ਚਮਕਾਣ ਲਈ ਮੈਂ ਮਦਰਾ ਦੇ ਦੋ ਪੈੱਗ ਪੀਂਦਾ ਹਾਂ ਦੋਹੀਂ ਪਾਸੀਂ ਸਜਰਾ ਚਾਅ ਹੈ ਅਤੇ ਲਹੂ ਦਾ ਤਿੱਖਾ ਤਾਅ ਹੈ ਸਾਰੀ ਰਾਤ ਅਤੇ ਦਿਨ ਭਰ ਵੀ ਚੁੰਜਾਂ ਚੁੰਘਦੇ-ਮਹਿਕਾਂ ਸੁੰਘਦੇ ਰਸ ਰਸ ਲੀਨ ਗੁਟਕਦੇ ਰਹੀਏ ਇਕ ਦੂਜੇ ਦੇ ਅੰਦਰ ਲਹੀਏ ਭਰ ਭਰ ਡੁਲ੍ਹਦੇ ਪਲ ਪਲ ਫਿਸਦੇ ਇਕ ਦੂਜੇ ਵਿਚ ਇੰਜ ਗਵਾਚੇ ਦਿਸਦੇ ਬੁਝ ਨਾ ਹੋਵੇ ਕਿਹੜੇ ਅੰਗ ਨੇ ਕਿਸਦੇ ਐਪਰ ਸੂਰਜ ਡੁੱਬਣ ਵੇਲੇ ਮੇਰੀ ਬੀਵੀ ਸੱਚੇ ਰੱਬ ਦੀ ਪੂਜਾ ਕਰਦੀ ਮੈਥੋਂ ਦੂਰ ਹੈ ਸੱਤ ਸਮੁੰਦਰ ਤਰਦੀ ਮੈਂ ਮਦਰਾ ਦੇ ਪੈੱਗ ਪੀਂਦਾ ਹਾਂ ਆਪਣੇ ਆਪੇ ਵਿਚ ਥੀਂਦਾ ਹਾਂ।

ਕੱਲ੍ਹ ਤੇਰੇ ਬਿਨ

ਇਕ ਤੇਰੇ ਬਿਨ ਕਲ੍ਹ ਮਹਿਫ਼ਲ ਵਿਚ ਹਰ ਛਿਨ ਕਹੀ ਇੱਕਲ ਛਾਈ ਸੀ ਖ਼ੂਬ ਜੁੜੀ ਸੀ ਭੀੜ ਸ਼ੰਗਾਰੇ ਅਤੇ ਉਭਾਰੇ ਹੋਏ ਤਨਾਂ ਦੀ ਫਿਰ ਦੀ ਰੂਹ ਦੀ ਤਨਹਾਈ ਸੀ ਭੁੱਖ ਨਜ਼ਰ ਦੀ ਕੀ ਨਹੀਂ ਕਰਦੀ ਸਜੇ ਹੋਏ ਦੀਵਾਨ 'ਚ ਮੁਸਕਾਣਾਂ ਪੋਚੇ ਮੁੱਖਾਂ ਤੇ ਪਲ ਨਾ ਟਿਕਦੀ ਭਟਕ ਰਹੀ ਸੀ ਇਕ ਭੋਲੇ ਚੁਪ ਚਾਪ ਜਹੇ ਚਿਹਰੇ ਦੀ ਘਾਟ ਇਸ ਤਰ੍ਹਾਂ ਖਟਕ ਰਹੀ ਸੀ ਚੌਕੇ ਰਲਿਆ ਹਰ ਹੁੰਗਾਰਾ ਹੂੰਗਾ ਹੋ ਕੇ ਰਹਿ ਜਾਂਦਾ ਸੀ ਰੰਗ ਰੂਪ ਆਵਾਜ਼ਾਂ ਅਤੇ ਸੁਗੰਧਾਂ ਦੀ ਰੌਣਕ ਵਿਚ ਇੰਜ ਉਦਾਸੀ ਸੁੰਨਸਾਨ ਹੋ ਵਰਤ ਰਹੀ ਸੀ ਵੱਖ ਵੱਖ ਬੋਲ ਜਿਵੇਂ ਮੇਰੇ ਹੀ ਇਕਲਾਪੇ ਦੀ ਹੂਕ ਕਿਸੇ ਭਾਂ ਭਾਂ ਕਰਦੇ ਗੁੰਬਦ ਚੋਂ ਹੋ ਕੇ ਪਰਤ ਰਹੀ ਸੀ ਰੌਲਾ ਰੱਪਾ ਹੋ ਕੇ ਰਹਿ ਗਈ ਰੌਣਕ ਸਾਰੀ ਕਲ੍ਹ ਤੇਰੇ ਬਿਨ ਦਿਲ ਨੂੰ ਚੀਰ ਕੇ ਲੰਘਿਆ ਹਰ ਛਿਨ।

ਬੱਦਲ

ਮੀਂਹ ਨਾ' ਭਰਿਆ ਕਰਿਸ਼ਨ ਘਨੱਈਆ ਵਰਗੇ ਰੰਗ ਦੇ ਬਦਲਾ ਸੌਣ ਦਿਆ ਮੰਨ ਲੈ ਇਕ ਅਰਜ਼ੋਈ ਮੇਰੀ ਐਤਵਾਰ ਦੀ ਛੁੱਟੀ ਕਰ ਲੈ ਇਕ ਦਿਨ ਮੀਂਹ ਨਾ ਪਾ ਨਿਤ ਸੁਣਦਾ ਏਂ ਕਰਮਾਂਹਾਰੀ ਕਾਲੀ ਕੋਇਲ ਦੀਆਂ ਤੂੰ ਕੂਕਾਂ ਕਾਲੀਦਾਸ ਦਾ ਦੂਤ ਰਿਹਾ ਏਂ ਤੈਨੂੰ ਸਾਰ ਹੈ ਕੀ ਹੁੰਦੀਆਂ ਨੇ ਹਿਜਰਾਂ ਭੁੰਨੇ ਦਰਦਾਂ ਭਰੇ ਦਿਲਾਂ ਦੀਆਂ ਹੂਕਾਂ ਮੇਰੀ ਇਸ ਨਿੱਕੀ ਜਹੀ ਮੰਗ ਨੂੰ ਦੇਵੀਂ ਨਾ ਠੁਕਰਾ ਐਤਵਾਰ ਤਾਂ ਰਚਣਹਾਰ ਦੇ ਵੀ ਆਰਾਮ ਕਰਨ ਦਾ ਦਿਨ ਹੈ ਤੂੰ ਵੀ ਮੀਂਹ ਨਾ ਪਾ ਮੋਤੀਆਂ ਵਰਗੀਆਂ ਤੇਰੀਆਂ ਬੂੰਦਾਂ ਤੂੰ ਧਰਤੀ ਦੇ ਤਪਦੇ ਪਿੰਡੇ ਠੰਢ ਵਰਤਾਵੇਂ ਜਿਥੋਂ ਲੰਘੇਂ ਭਰ ਭਰ ਲੱਪਾਂ ਹਰੀਆਂ ਖ਼ੁਸ਼ੀਆਂ ਵੰਡਦਾ ਜਾਵੇਂ ਆਉਂਦੇ ਐਤਵਾਰ ਨੂੰ ਸਾਨੂੰ ਇਕ ਮੇਲ ਦਾ ਮੌਕਾ ਦੇ ਦੇ ਲਈਏ ਪਿਆਸ ਮਿਟਾ ਇਕ ਦਿਨ ਮੀਂਹ ਨਾ ਪਾ ਤੈਨੂੰ ਸੱਚੀ ਗੱਲ ਦੱਸਦਾ ਹਾਂ ਕੀਤਾ ਹੈ ਚੰਚਲ ਗੋਰੀ ਨੇ ਐਤਵਾਰ ਨੂੰ ਮਿਲਣ ਦਾ ਵਾਅਦਾ ਸ਼ਰਤ ਲਿਖੀ ਹੈ ਨਾਲੇ ਐਪਰ ਮੈਂ ਨਹੀਂ ਆਉਣਾ ਬੱਦਲਾਂ ਜੇਕਰ ਕਿਣ ਮਿਣ ਦਿੱਤੀ ਲਾ ਕਿਸੇ ਸਹੇਲੀ ਦਾ ਪੱਜ ਪਾ ਕੇ ਉਸ ਨੇ ਰਿਕਸ਼ੇ ਵਿਚ ਆਉਣਾ ਹੈ ਉਹ ਨਹੀਂ ਸੋਹਣੀ ਧੀ ਤੁੱਲੇ ਦੀ ਡਿੱਗ ਡਿੱਗ ਪੈਂਦੇ ਅੰਬਰ ਵਿਚ ਵੀ ਕੱਚੇ ਘੜੇ ਨੂੰ ਹਿੱਕੜੀ ਲਾ ਕੇ ਠਿਲ੍ਹ ਪਏ ਤਰਨ ਝਨਾਂ ਭਿੱਜਉ ਸਿੱਜਉ ਕੰਬਲੀ ਕਹਿ ਕੇ ਗਲੀਆਂ ਚਿੱਕੜ ਕੱਛਦੀ ਪਹੁੰਚੇ ਨਾ ਮਨ ਇਤਨਾ ਚਾ ਉਸਦਾ ਪਿਆਰ ਆਹਰ ਹੈ ਐਵੇਂ ਦਿਲ ਦਾ ਸ਼ੌਕ ਜਿਹਾ ਤਾਹੀਉਂ ਤੈਨੂੰ ਅਰਜ਼ ਗੁਜ਼ਾਰਾਂ ਕਰਿਸ਼ਨ ਘਨੱਈਆ ਵਰਗੇ ਰੰਗ ਦੇ ਬੱਦਲਾ ਸੌਣ ਦਿਆ ਅੱਗੋਂ ਪਿੱਛੋਂ ਛਹਿਬਰ ਲਾ ਲਈਂ ਜਲ ਥਲ ਕਰ ਲਈਂ ਇਕ ਦਿਨ ਦੀ ਕੀ ਏਡੀ ਗੱਲ ਹੈ ਇਕ ਦਿਨ ਮੀਂਹ ਨਾ ਪਾ ਬੱਦਲਾ ਸੌਣ ਦਿਆ।

ਸਵੇਰ

ਅੱਖਾਂ ਵਿਚ ਉਨੀਂਦਾ ਰੜਕੇ ਚਿੰਤਾ ਬਣੀ ਸਰ੍ਹਾਣਾ ਸਿਰ ਦਾ ਸਾਨੂੰ ਰੋਗ ਰਜ਼ਾਈਆਂ ਦਾ ਓਢਣ ਆਉਣ ਭਿਆਨਕ ਸੁਪਨੇ ਤੜਕੇ ਚਾਹ ਦੇ ਇਕ ਤੱਤੇ ਕੱਪ ਉੱਤੇ ਦੇਸੀ ਅਤੇ ਦਸੌਰੀ ਖ਼ਬਰਾਂ ਕਾਲੇ ਤੇ ਕੰਡਿਆਲੇ ਅੱਖਰ ਨਫ਼ਰਤ ਗੁੱਤੇ ਵਿਹੁ-ਵਿਗੁੱਤੇ ਇਹ ਧਰਤੀ ਦੀ ਗੇਂਦ ਪੁਰਾਣੀ ਕਿਸੇ ਵਕਤ ਦੀ ਫਟ ਸਕਦੀ ਹੈ ਇਸ ਦੇ ਪੁਰਜ਼ੇ ਉੱਡ ਸਕਦੇ ਨੇ ਸੁੰਨ ਖ਼ਲਾ ਦੀਆਂ ਚੁੱਪਾਂ ਥਾਣੀ ਇਹ ਆਈ ਹੈ ਨਸਦੀ ਨਸਦੀ ਭੋਲੀ ਜਹੀ ਗੁਆਂਢਣ ਬੱਚੀ ਦੋ ਸੱਜਰੇ ਫੁੱਲ ਗੋਦੀ ਧਰ ਕੇ ਦੌੜ ਗਈ ਹੈ ਹੱਸਦੀ ਹੱਸਦੀ ਫੇਰ ਸਵੇਰ ਸੁਗੰਧਤ ਹੋਈ ਹੁਣ ਮੈਂ ਖਿੜੀ ਖਿੜੀ ਰੂਹ ਲੈ ਆਪਣੇ ਦਫ਼ਤਰ ਜਾ ਸਕਦਾ ਹਾਂ ਅੱਜ ਦਾ ਦਿਨ ਦੇਹ ਰਹੂ ਨਰੋਈ।

ਸੋਝੀ

ਭਲਾ ਕਮਾਇਆ ਮੁੱਖ ਮੋੜ ਕੇ ਕੌਲ ਤੋੜ ਕੇ ਆਪਾ ਭੁੱਲੀ ਨੀਂਦ ਵਿਚ ਗਲਤਾਨ ਪਏ ਨੂੰ ਚੰਨ ਦੀਆਂ ਰਿਸ਼ਮਾਂ ਵਰਗੇ ਸੂਖ਼ਮ ਸੁਪਨਿਆਂ ਵਿਚ ਗਵਾਚ ਗਏ ਨੂੰ ਟੁੰਬ ਜਗਾਇਆ ਸੱਚ ਦਾ ਕੌੜਾ ਘੁੱਟ ਪਿਆਇਆ ਤੇਰੀ ਮੋਨਾ ਲੀਸਾ ਜਹੀ ਮੁਸਕਾਣ ਦੇਖ ਕੇ ਸੋਚ ਰਿਹਾ ਸਾਂ ਇਹ ਜੱਗ ਰਚਨਾ ਸਾਡੀ ਹਰ ਮਨਸ਼ਾ ਦੀ ਪਾਲਕ ਜੇ ਚਾਹਾਂ ਤਾਂ ਰਾਤੀਂ ਤਾਰੇ ਤੇਰੀਆਂ ਜ਼ੁਲਫਾਂ ਵਿਚ ਉਤਰਨ ਸਾਰੇ ਦੇ ਸਾਰੇ ਤੇਰੀਆਂ ਬੁਲ੍ਹੀਆਂ ਨੂੰ ਰੰਗਣ ਲਈ ਸੁੱਤੀ ਉੱਠਦੀ ਊਸ਼ਾ ਸੁੱਚੇ ਮੂੰਹ ਆਵੇਗੀ ਜੇ ਕਰ ਤੇਰੇ ਪਿਆਰ ਸਵਾਦਾਂ ਸੰਗ ਅਲਸਾਏ ਅੰਗਾਂ ਉੱਤੋਂ ਨੀਂਦ ਅਜੇ ਨਾ ਲੱਥੀ ਹੋਵੇ ਰਾਤ ਲੰਮੇਰੀ ਹੋ ਜਾਏਗੀ ਰੁਕ ਥੋਹੜਾ ਚਿਰ ਲੋ ਜਾਏਗੀ ਸੋਚ ਰਿਹਾ ਸਾਂ ਤੇਰੇ ਮੂੰਹ ਨੂੰ ਚੁੰਮਣ ਮੁਕਤੀ ਪਾ ਲੈਣਾ ਹੈ ਇਸ ਜੀਵਨ ਦਾ ਸੱਭੋ ਕੁਝ ਬਣਾ ਲੈਣਾ ਹੈ ਪਰ ਹੁਣ ਤੂੰ ਚੰਨ ਮੁੱਖ ਮੋੜਿਆ ਸੁਪਨ ਤੋੜਿਆ ਤਾਰੇ ਸਭ ਕਰੋਪੀ ਹੋਏ ਨਜ਼ਰੀਂ ਆਏ ਸਮਝ ਪਈ ਹੈ ਆਪਣੀ ਏਥੇ ਕੀ ਵੱਟੀ ਦੀ ਸੰਤਾਪਾਂ ਦੇ ਬੰਦੀ ਖ਼ਾਨੇ ਕੋਈ ਸਰਾਪ ਪਿਆ ਹੈ ਸਾਨੂੰ ਕੀ ਹੋਇਆ ਜੇ ਸੋਝੀ ਟੁੰਬੇ ਦੁੱਖਾਂ ਤੋਂ ਜੀ ਘਬਰਾਇਆ ਹੈ ‘ਮੂਰਖ ਲੋਕ ਸਦਾ ਸੁੱਖ ਸੌਂਦੇ' ਆਦਮ ਹੱਵਾ ਦੀ ਗੱਲ ਕਿਹੜੀ ਸੋਝੀ ਦਾ ਫਲ ਖਾ ਕੇ ਕਿਸ ਨੇ ਸੁੱਖ ਪਾਇਆ ਹੈ

ਲੱਜ਼ਤ ਦੀ ਲਹਿਰ

ਲੱਜ਼ਤ ਦੀ ਲਹਿਰ ਉੱਤੇ ਕੁਝ ਪਲ ਕਲੋਲ ਕਰ ਕੇ ਅਣਭਿੱਜੇ ਪਰਤ ਜਾਉ ਮਹਿਫ਼ਲ 'ਚ ਆਉਣ ਲੱਗੇ ਕੁੱਲੇ ਦੇ ਵਾਂਗ ਆਪਣੇ ਕੁਲ ਫ਼ਿਕਰ ਸਿਰ ਤੋਂ ਲਾਹ ਕੇ ਕਿੱਲੀ ਦੇ ਨਾਲ ਟੰਗੋ ਟੰਗੋਂ ਤੇ ਫਿਰ ਲੰਘੋ ਆਉ ਤੇ ਆ ਕੇ ਬੈਠੋ ਜਿਸਮਾਂ ਨੂੰ ਕੋਲ ਕਰਕੇ ਕੁਲ ਕਪਲਣਾ ਜਗਾਉ ਰੰਗਾਂ ਨੂੰ ਅੰਗ ਲਾਉ ਏਥੇ ਨਾ ਆਣ ਛੇੜੋ ਕਿੱਸਾ ਕੋਈ ਪੁਰਾਣਾ ਝੇੜਾ ਨਾ ਇਹ ਸਹੇੜੋ ਰੰਗ ਬੱਝਿਆ ਸੁਹਾਣਾ ਰੰਗ 'ਚ ਨਾ ਭੰਗ ਪਾਉ ਮਹਿਫ਼ਲ 'ਚੋਂ ਜਾਣ ਲੱਗੇ ਕਿੱਲੀ ਤੋਂ ਲਾਹ ਕੇ ਕੁੱਲਾ ਫਿਰ ਸੀਸ ਤੇ ਟਕਾਉ ਏਥੇ ਹੀ ਛੱਡ ਕੇ ਤੇ ਇੱਜ਼ਤ ਦੇ ਨਾਲ ਜਾਉ ਜਾਉ ਤੇ ਫੇਰ ਆਉ ਲੱਜ਼ਤ ਦੀ ਲਹਿਰ ਉੱਤੇ ਕੁਝ ਪਲ ਕਲੋਲ ਕਰ ਕੇ ਅਣਭਿੱਜੇ ਪਰਤ ਜਾਉ।

ਚਾਕਰੀ

ਭਾਗਾਂ ਵਾਲੇ ਪੰਛੀ ਜਿਹੜੇ ਦੂਰ ਦੁਰਾਡੇ ਮਨ ਦੀ ਮੌਜ਼ ਉਡਾਰੀ ਲਾਉਂਦੇ ਚੋਗਾ ਚੁਗਦੇ ਤੇ ਤਰਕਾਲੀ ਪੋਟੇ ਭਰ ਕੇ ਘਰ ਨੂੰ ਆਉਂਦੇ ਕਲ੍ਹ ਦਾ ਗ਼ਮ ਨਾ ਨਾਲ ਲਿਆਉਂਦੇ ਅਸੀਂ ਵਿਚਾਰੇ ਕਰਮਾਂ ਹਾਰੇ ਖੰਭ ਕਤਰਾ ਕੇ ਇਸ ਚੋਗੇ ਦੇ ਮਾਰੇ ਇਕ ਪਿੰਜਰੇ ਵਿਚ ਬੈਠੇ ਜੀ ਨੂੰ ਝੋਰਾ ਲਾ ਕੇ ਇਸ ਚੂਰੀ ਦੀ ਝਾਕ 'ਚ ਰਹਿੰਦੇ ਸਾਡੇ ਮੂੰਹ ਵਿਚ ਬੋਲ ਬਿਗਾਨੇ ਸੈਨਤ ਮੰਨਦੇ ਤਨੁ ਮਨੁ ਲੇਖੇ ਲਾ ਕੇ ਅੰਨ ਦੇ ਇਹ ਭੁੱਖਾਂ ਦੇ ਸੰਸੇ ਬੇ ਪਰਵਾਹ ਭਾਵਾਂ ਨੂੰ ਤੇ ਅਨੁਭਵ ਨੂੰ ਹੌਲੀ ਹੌਲੀ ਨਿੱਸਲ ਕਰਕੇ ਸਾਰੇ ਉਜ਼ਰ ਮੁਕਾ ਜਾਂਦੇ ਨੇ ਆਗਿਆਕਾਰ ਕਾਰ ਵਿਚ ਬੱਝੇ ਆਪਣੀ ਕਾਰ ਉਲੰਘ ਨਹੀਂ ਸਕਦੇ ਸਾਡੀ ਕੋਈ ਆਬ ਨਹੀਂ ਹੈ ਤਾਬ ਨਹੀਂ ਹੈ ਮਾਣਸ ਜਨਮ ਅਮੋਲਕ ਹੀਰਾ ਚੱਟ ਕੇ ਆਪਾਂ ਅਪਣਾ ਅਸਲ ਮੁਕਾ ਬੈਠਾ ਹਾਂ ਅਪਣਾ ਕੋਈ ਆਪਣੇ ਉੱਤੇ ਹੱਕ ਨਹੀਂ ਚੱਲਦਾ ਜ਼ੋਰ ਨਹੀਂ ਹੈ ਕੌਡਾਂ ਭਾੜੇ ਦੇਹ ਦੀ ਮਿੱਟੀ ਵੇਚ ਲਈ ਹੈ ਤੇ ਆਉਂਦੇ ਸਾਹਾਂ ਨੂੰ ਗਹਿਣੇ ਪਾ ਬੈਠੇ ਹਾਂ ਏਦੂੰ ਗੱਲੋਂ ਸਾਡੇ ਨਾਲੋਂ ਪੰਛੀ ਚੰਗੇ।

ਅਹੱਲਿਆ

ਭਾਰਤ ਦੀ ਰੂਹ ਇਹ ਨਿਰਦੋਸ਼ ਅਹੱਲਿਆ ਕਿੰਨੀਆਂ ਸਦੀਆਂ ਰਹੀ ਸਰਾਪੀ ਕਿਸ ਕੁੱਕੜ ਨੇ ਕਿਸੇ ਕੁਵੇਲੇ ਬਾਂਗਾਂ ਦਿੱਤੀਆਂ ਕਿਸ ਚੰਦਰੇ ਪਲ ਕਿਤ ਵਲ ਇਸ ਦਾ ਗੌਤਮ ਘਲਿਆ ਕਿਸ ਨੇ ਭਿੱਟੀ ਅਸਮਤ ਦੀ ਜੂਹ ਦੇਖ ਕੇ ਜਿੰਦ ਇਕਲਾਪੀ ਇਹ ਨਿਰਦੋਸ਼ ਅਹੱਲਿਆ ਕਿੰਨੀਆਂ ਸਦੀਆਂ ਰਹੀ ਸਰਾਪੀ ਬੰਦ ਹੋ ਗਈ ਦਿਲ ਦੀ ਧੜਕਣ ਬੰਦ ਹੋ ਗਏ ਨਾੜਾਂ ਵਿਚ ਲਹੂ ਦੇ ਗੇੜੇ ਤਨ ਚੋਂ ਸਾਹ ਸਤ ਸੂਤ ਹੋ ਗਿਆ ਮੌਨ ਹੋ ਗਏ ਹਾਸੇ ਖੇੜੇ ਗੁੰਮ ਹੋ ਗਈਆਂ ਕਿਤੇ ਸੁਰਤੀਆਂ ਪੱਥਰ ਹੋਈਆਂ ਕੁੱਲ ਬਿਰਤੀਆਂ ਖੁੱਸ ਗਈ ਨੈਣਾਂ ਤੋਂ ਜੋਤੀ ਵਿਸਰੀ ਵਾਲਮੀਕ ਦੀ ਕਵਿਤਾ ਤੇ ਵੇਦਾਂ ਦੇ ਮੰਤਰ ਰੁਲਦੇ ਰੁਲਦੇ ਮਿੱਟੀ ਦੇ ਵਿਚ ਰੁਲ ਗਏ ਮੋਤੀ ਭੁੱਲ ਗਿਆ ਕੰਨਾਂ ਨੂੰ ਸੁਣਨਾ ਚੰਗਾ ਮੰਦਾ ਗੁਣਨਾ ਈਕਣ ਹੋਸ਼ ਹਵਾਸ਼ ਗਵਾਹੇ ਨਿਰਜਿੰਦ ਹੋ ਗਈ ਜਾਪੀ ਇਹ ਨਿਰਦੋਸ਼ ਅਹੱਲਿਆ ਕਿੰਨੀਆਂ ਸਦੀਆਂ ਰਹੀ ਸਰਾਪੀ ਅੱਖੀਆਂ ਉੱਤੇ ਕਾਲੀ ਪੱਟੀ ਬੰਨ੍ਹ ਕੇ ਬੀਤ ਗਏ ਬੇਅੰਤ ਦਿਹਾੜੇ ਦੋਸ਼ੀ ਜਿਵੇਂ ਨਮੋਸ਼ੀ ਮਾਰੇ ਚੜ੍ਹ ਚੜ੍ਹ ਕਿੰਨੇ ਸੂਰਜ ਡੁੱਬੇ ਜਗ ਜਗ ਬੁਝ ਗਏ ਤਾਰੇ ਛਟ ਨਾ ਸੱਕੇ ਘਟ ਨਾ ਸੱਕੇ ਅੱਖੀਆਂ ਦੇ ਅੰਧਿਆਰੇ ਸਦੀਆਂ ਪਿੱਛੋਂ ਅੰਤ ਸੁਹਾਣਾ ਕੌਤਕ ਹੋਇਆ ਫੇਰ ਕਿਸੇ ਦੀ ਛੂਹ ਦਾ ਓੜਕ ਜਾਦੂ ਚੱਲਿਆ ਫੇਰ ਬਦਨ ਵਿਚ ਹਰਕਤ ਜਾਗੀ ਪੱਥਰ ਹੋਈ ਹਿੱਲੀ ਫੇਰ ਅਹੱਲਿਆ ਅੰਗਾਂ ਦੇ ਵਿਚ ਨਿਰਤ ਫਰਕਿਆ ਦਿਲ ਵਿਚ ਸੱਜਰਾ ਸੋਜ਼ ਧੜਕਿਆ ਫਿਰ ਨਾੜਾਂ ਦੀ ਰੱਤ ਨੇ ਛੋਹੇ ਨਵ-ਰਚਨਾ ਦੇ ਗੇੜੇ ਹੁਣ ਇਸ ਦੇ ਨੈਣਾਂ ਦੀ ਜੋਤੀ ਰੋਸ਼ਨ ਕਰਦੀ ਜੱਗ ਦੇ ਰਾਹ ਅੰਧਿਆਰੇ ਤੇ ਇਸ ਦੇ ਬੋਲਾਂ ਦੀ ਮਿੱਠਤ ਤਪਦੀਆਂ ਜਿੰਦਾਂ ਠਾਰੇ ਐਪਰ ਅਜੇ ਨਾ ਮੁੱਕਾ ਸਾਡੀਆਂ ਅੱਖੀਆਂ ਵਿਚੋਂ ਪਸਚਾਤਾਪ ਅਤੇ ਸੰਤਾਪ ਦਾ ਰੋਣਾ ਚੰਨ ਦੇ ਗੋਰੇ ਮੁੱਖ ਤੋਂ ਦਾਗ਼ ਅਜੇ ਹੈ ਧੋਣਾ।

ਜਾਣ ਦੇ

ਜਾਣ ਦੇ ਹੁਣ ਹੋਰ ਕੱਕੀ ਰੇਤ ਦੇ ਘਰ ਨਾ ਬਣਾ ਹੋਰ ਕੱਚੇ ਵਾਅਦਿਆਂ ਦੇ ਰਾਂਗਲੇ ਫਾਨੂਸ ਮੁੜ ਕੇ ਨਾ ਉਡਾ ਦੂਰੋਂ ਦੂਰੋਂ ਚਮਕਦੇ ਮੀਰਾਜ ਸੱਜਰੇ ਨਾ ਵਿਖਾ ਜਾਣਦਾ ਜੋ ਹੋਣ ਵਾਲਾ ਜਾਣਦਾਂ ਜੋ ਹੋਏਗਾ ਕਿੰਜ ਦਿਲ ਤੋਂ ਧੂੜ ਅੱਜ ਦੀ ਭਲਕ ਆਏਗਾ ਧੋਏਗਾ ਕਲ੍ਹ ਮੈਥੋਂ ਬਿਨ੍ਹਾਂ ਵੀ ਮੁਸਕਾਣ ਲੱਗ ਪੈਣਾ ਹੈ ਤੂੰ ਤੇ ਕਿਸੇ ਪੀਡੀ ਜਿਹੀ ਗਲਵਕੜੀ ਦੇ ਨਿੱਘ ਨੂੰ ਹੋਰ ਦੋ ਦਿਨ ਬਾਅਦ ਫਿਰ ਅਜ਼ਮਾਣ ਲੱਗ ਪੈਣਾ ਹੈ ਤੂੰ ਹੌਲੀ ਹੌਲੀ ਵਿੱਸਰ ਜਾਣਾ ਹੈ ਮਨੋ ਮੇਰਾ ਪਿਆਰ ਤੇਰੀਆਂ ਰੀਝਾਂ ਨੇ ਬਣ ਜਾਣਾ ਨਵੇਂ ਘਰ ਦਾ ਸ਼ੰਗਾਰ ਹੁੰਦੇ ਹੁੰਦੇ ਹੋਰ ਚਾਵਾਂ ਹੋਰ ਸੁਹਜਾਂ ਨੇ ਗ੍ਰਸ ਲੈਣਾ ਹੈ ਦਿਲ ਪਤੀ ਦੀ ਭਲਮਾਣਸੀ ਫੁੱਲਾਂ ਜਹੇ ਬਾਲਾਂ ਨੇ ਖੱਸ ਲੈਣਾ ਹੈ ਦਿਲ ਫਿਰ ਕਦੀ ਘਰ ਦੇ ਕਾਰੋਬਾਰ ਤੋਂ ਥੱਕੀ ਹੋਈ ਕੁਝ ਨਵੀਂ ਵੇਖੀ ਫ਼ਿਲਮ ਦੇ ਅਸਰ ਹੇਠ ਮਾਣ ਮੱਤੇ ਰੌ 'ਚ ਵਹਿ ਕੇ ਭੇਤ ਦੀ ਸਾਂਝਣ ਗੁਆਂਢਣ ਕੋਲ ਬਹਿ ਕੇ ਫੋਲ ਕੇ ਵੇਖੇ ਮੇਰੀ ਪਹਿਲੀ ਕਿਤਾਬ ਤੇ ਕਹੇ ਕੁਝ ਫ਼ਖ਼ਰ ਨਾਲ ਇਹਨਾਂ ਕਵਿਤਾਵਾਂ 'ਚ ਮੇਰਾ ਜ਼ਿਕਰ ਹੈ ਉਸ ਵਿਚਾਰੇ ਨੂੰ ਅਜੇ ਵੀ ਖੌਰੇ ਕਿੰਨਾ ਫ਼ਿਕਰ ਹੈ ਝਟ ਹੀ ਫਿਰ ਜਾਗ ਪਏਗਾ ਫ਼ਿਕਰ ਤੈਨੂੰ ਮੇਜ਼ ’ਤੇ ਚਾਹ ਲਾਉਣ ਦਾ ਵਕਤ ਹੋ ਜਾਏਗਾ ਬਾਲਾਂ ਦੇ ਸਕੂਲੋਂ ਆਉਣ ਦਾ ਪਿਆਰ ਮੇਰੇ ਦੀ ਕਥਾ ਇਕ ਵਸੀਲਾ ਹੋਏਗਾ ਆਪਣਾ ਤੇ ਛੋਟੀਆਂ ਸੱਖੀਆਂ ਦਾ ਜੀ ਪਰਚਾਉਣ ਦਾ ਜਾਣ ਦੇ ਹੁਣ ਹੋਰ ਕੱਚੀ ਰੇਤ ਦੇ ਘਰ ਨਾ ਬਣਾ ਹੋਰ ਕੱਚੇ ਵਾਅਦਿਆਂ ਦੇ ਰਾਂਗਲੇ ਫਾਨੂਸ ਮੁੜ ਕੇ ਨਾ ਉਡਾ

ਵਾਧੂ

ਕਿਸੇ ਨਾ ਮੈਨੂੰ ਢੋਲ ਵਜਾ ਕੇ ਸਾਂਗ ਬਣਾ ਕੇ ਨੱਚਦਾ ਨੱਚਦਾ ਹਨੂਮਨ ਦੇ ਮੰਦਰ ਨੂੰ ਲੈ ਜਾਣਾ ਸੁੱਖਿਆ ਨਾ ਹੀ ਸੁੱਖੀ ਕਿਸੇ ਮਟੀ ਤੇ ਲੱਡੂ ਵੰਡ ਤੜਾਗੀ ਪਾਉਣੀ ਨਾ ਹੀ ਕਿਸੇ ਚੁਰਸਤੇ ਦੇ ਵਿਚ ਕੁੱਕੜ ਦੀ ਕੁਰਬਾਨੀ ਦੇ ਕੇ ਟੂਣਾ ਕੀਤਾ ਨਾ ਹੀ ਦੀਵਾਲੀ ਦੀ ਰਾਤੇ ਮੜ੍ਹੀਆਂ ਦੇ ਵਿਚ ਨ੍ਹਾ ਕੇ ਘੁੱਟ ਲਹੂ ਦਾ ਪੀਤਾ ਮੇਰੇ ਉੱਤੇ ਸ਼ਿਵ-ਲਿੰਗ ਆਪੇ ਮਿਹਰਬਾਨ ਸੀ ਮੈਂ ਆਇਆ ਹਾਂ ਰੱਬ ਦੀ ਕਰਨੀ ਤੇ ਜਾਂ ਆਪਣੀ ਹਿੱਕ ਦੇ ਜ਼ੋਰ ਮੈਨੂੰ ਪਤਾ ਹੈ ਮੈਂ ਕਈਆਂ ਨੂੰ ਚਿੰਤਾ ਪਾਈ ਤੰਗ ਕੀਤਾ ਹੈ ਮੈਂ ਇਸ ਦੁਨੀਆ ਦੇ ਸੰਜਮ ਨੂੰ ਭੰਗ ਕੀਤਾ ਹੈ ਤੇ ਹੈ ਮੇਰੇ ਲਈ ਤਿਆਰ ਵਿਹੁ ਵਿਲਸੀ ਨਫ਼ਰਤ ਦਾ ਪਰਚਾਰ ਕਹਿਰੀ ਜ਼ਹਿਰੀ ਬੰਬਾਂ ਦੇ ਅੰਬਾਰ ਫਰਜ਼ਾਂ ਗ਼ਰਜ਼ਾਂ ਮਰਜ਼ਾਂ ਦਾ ਜੰਜਾਲ ਮੈਂ ਹਾਂ ਇਕ ਸੁਆਲ ਜਗ ਦੇ ਨੇਤਾ ਜਿਸਨੂੰ ਹੱਲ ਕਰਨ ਲਈ ਹੁੰਦੇ ਰਾਤ ਦਿਨੇ ਹਾਲੋਂ ਬੇਹਾਲ ਮੇਰੇ ਉੱਤੇ ਨਹੀਂ ਕਿਸੇ ਦਾ ਕੋਈ ਵੀ ਅਹਿਸਾਨ ਮੈਨੂੰ ਆਪ ਸੋਚਣਾ ਪੈਣਾ ਕੀ ਕਰਨੀ ਹੈ ਆਪਣੀ ਜਾਨ ਮੈਥੋਂ ਸ਼ਾਇਦ ਹੋ ਨਾ ਸੱਕੇ ਕਿਸੇ ਤੁਹਾਡੇ ਧਰਮ ਦੀ ਸੇਵਾ ਕਿਸੇ ਤੁਹਾਡੀ ਸ਼ਰਮ ਦੀ ਸੇਵਾ ਮੈਂ ਬੇਲੋੜਾ ਮਨਮਤੀਆ ਹਾਂ ਸਾਦ ਮੁਰਾਦਾ ਮੈਥੋਂ ਕੋਈ ਪਾਲ ਨਹੀਂ ਹੋਣ ਮਰਿਯਾਦਾ ਮੈਂ ਹੋਵਾਂਗਾ ਆਪ ਮੁਹਾਰ ਦੋਸ਼ ਦਿਉ ਨਾ ਭਲਕੇ ਜੇਕਰ ਅੜ ਬੈਠਾ ਮੈਂ ਕਿਸੇ ਨਕਾਰੀ ਗੱਲ 'ਤੇ ਆ ਕੇ ਰਹਿ ਨਾ ਸਕਿਆ ਆਗਿਆਕਾਰ

ਪੱਤਝੜ

ਵਿਚ ਪਾਲੇ ਦੇ ਕੰਬਦੀ ਠਰਦੀ ਰਾਤ ਦੇ ਜੰਮੇ ਸਰਦ ਕੱਕਰ ਤੇ ਪੋਲੇ ਪੋਲੇ ਜਹੇ ਕਦਮ ਧਰਦੀ ਮਾਰ ਕੇ ਡੂਢੀ ਧੁੰਦ ਦੀ ਬੁੱਕਲ ਹੌਲੀ ਹੌਲੀ ਸਵੇਰ ਆਈ ਹੈ ਤੱਤੀਆਂ ਹੀ ਨੇ ਅੱਜ ਵੀ ਖ਼ਬਰਾਂ ਕਿੰਨੇ ਉਦਮੀ ਨੇ ਧਰਤ ਦੇ ਪੁੱਤਰ ਚੰਦ ਤੇ ਜਾ ਬਨਾਉਣੀਆਂ ਕਬਰਾਂ ਇਕ ਹਵਾਈ ਜੋ ਰੂਸ ਨੇ ਛੱਡੀ ਰਾਹੂ ਕੇਤੂ ਨੂੰ ਘੇਰ ਆਈ ਹੈ ਸੀਤ ਬੁੱਲੇ ਤੋਂ ਅੱਖ ਬਚਾ ਕੇ ਧੁੱਪ ਨੇ ਆਣ ਕੇ ਅਰਤਲੇ 'ਚ ਦਿਲ ਉੱਤੋਂ ਖੋਰ ਦਿੱਤੇ ਨੇ ਰਾਤ ਦੇ ਸੁਪਨੇ ਫੇਰ ਜਾਗੀ ਹੈ ਚੇਤਨਾ ਸੁੱਤੀ ਫੇਰ ਪੀੜਾਂ ਦੇ ਆ ਗਏ ਢੋਏ ਸੋਚਦਾ ਹਾਂ ਕਸੂਰ ਕਿਸ ਦਾ ਹੈ ਰਾਤ ਦੇ ਇਹਨਾਂ ਸਰਦ ਖ਼ੂਨਾਂ ਵਿਚ ਮੈਨੂੰ ਆਪਣਾ ਵੀ ਹੱਥ ਦਿਸਦਾ ਹੈ ਸੜਕ ਉੱਤੇ ਜੋ ਰਾਤ ਦੇ ਮੰਗਤੇ ਵਿਚ ਪਾਲੇ ਦੇ ਠਿਠਰਦੇ ਮੋਏ ਪੀਲੇ ਬਿਰਛਾਂ ਦੇ ਖੜਕਦੇ ਪੱਤੇ ਕੇਰੀ ਜਾਂਦੀ ਹੈ ਪੌਣ ਪਛੋਂ ਦੀ ਹੋਰ ਪੁੰਗਰਨਗੇ ਕੂਲੇ ਕੱਚਰਤੇ ਚੇਤ ਚੜ੍ਹਦੇ ਹੀ ਰੁੱਤ ਪਰਤੇਗੀ ਹਰ ਬਿਰਛ ਫਿਰ ਜਵਾਨ ਦਿੱਸੇਗਾ ਮੇਰੇ ਰੁੱਖੇ ਜਹੇ ਖ਼ਿਆਲਾਂ ਨੂੰ ਪਾਹ ਨਹੀਂ ਲੱਗਣੀ ਉਮੀਦਾਂ ਦੀ ਕੀ ਕਹਾਂ ਦਿਲ ਦਿਆਂ ਸੁਆਲਾਂ ਨੂੰ ਕੀ ਤਰੱਕੀ ਦੇ ਏਸ ਚੱਕਰ ਵਿਚ ਮੇਰਾ ਅਹਿਸਾਸ ਹੋਰ ਹਿੱਸੇਗਾ।

ਸੰਭਾਵਨਾ

ਮੇਰੇ ਅਥਰੇ ਜਹੇ ਬੱਚਿਆ ਭਵਿੱਖ ਦੇ ਨਾਮ ਤੂੰ ਪੈਗਾਮ ਏਂ ਮੇਰੀ ਮੁਹੱਬਤ ਦਾ ਭਲਕ ਦੇ ਸੁਪਨਿਆਂ ਲਈ ਇਕ ਸੁਨੇਹਾਂ ਏਂ ਮੇਰੀ ਹੁਣ ਦੀ ਹਕੀਕਤ ਦਾ ਤੇਰੇ ਥਾਣੀ ਮੈਂ ਲੋੜਾਂ ਆਪਣੇ ਅੰਦਰ ਦਾ ਖ਼ਲਾ ਭਰਨਾ ਤੇਰੇ ਰਾਹੀਂ ਹੀ ਮੈਂ ਆਕੀ ਸਮੇਂ ਨੂੰ ਚਾਹਾਂ ਸਰ ਕਰਨਾ ਤੂੰ ਇਕ ਜਾਦੂ ਏਂ ਜੋ ਦੋ ਤਾਂਘਦੇ ਬਿਹਬਲ ਹੋਏ ਜਿਸਮਾਂ ਜਗਾਇਆ ਹੈ ਤੂੰ ਇਕ ਸ਼ੁਅਲਾ ਜੋ ਮਿੱਟੀ ਪੌਣ ਪਾਣੀ ਦੀ ਬੜੀ ਪੋਲੀ ਜਹੀ ਗੰਢ ਵਿਚ ਮਸਾਂ ਹੀ ਬਨ੍ਹ ਬਹਾਇਆ ਹੈ ਮੇਰੇ ਅਥਰੇ ਜਹੇ ਬੱਚਿਆ ਭਵਿੱਖ ਦੇ ਨਾਮ ਪੈਗ਼ਾਮ ਏਂ ਮੇਰੀ ਮੁਹੱਬਤ ਦਾ ਭਲਕ ਦੇ ਸੁਪਨਿਆਂ ਲਈ ਇਕ ਸੁਨੇਹਾ ਏਂ ਮੇਰੀ ਹੁਣ ਦੀ ਹਕੀਕਤ ਦਾ ਤੂੰ ਇਕ ਸੰਭਾਵਨਾ ਕੁਦਰਤ ਦੀ ਸਾਰੀ ਸ਼ਹਿਨਸ਼ਾਹੀ ਦੀ (ਜਾਂ ਆਪਣੀ ਹੀ ਤਬਾਹੀ ਦੀ!) ਮੇਰੇ ਅਥਰੇ ਜਹੇ ਬੱਚਿਆ ਕਈ ਵਾਰੀ ਤਾਂ ਇਉਂ ਲੱਗਦਾ ਮੇਰੇ ਆਲੰਘਣੋਂ ਜਨਮੀ ਤੂੰ ਮੇਰੀ ਹੀ ਉਲੰਘਣਾ ਏਂ ਬੜਾ ਹੱਦ ਏਂ ਕੋਈ ਵਖਰੀ ਅਵੱਲੀ ਹਦ ਕਰੇਂਗਾ ਤੂੰ ਹੋ ਸਕਦਾ ਹੈ ਮੈਨੂੰ ਹੀ ਮੁਕੰਮਲ ਰੱਦ ਕਰੇਂਗਾ ਤੂੰ

ਮੱਤ-ਦਾਨ

ਫੇਰ ਗ਼ਰੀਬਾਂ ਦੀ ਬਸਤੀ ਦੇ ਬੇਬਸ ਬਾਲਗ਼ ਆਪਣੀ ਮੱਤ ਦਾ ਕਰ ਆਏ ਨੇ ਦਾਨ ਇਸ ਬਸਤੀ ਵਿਚ ਕਦੀ ਕਦਾਈਂ ਆਪਣੀ ਹਸਤੀ ਪਰਖਣ ਆਉਂਦੇ ਰਿਜਕ ਰਸੂਖ਼ ਰਸਾਈ ਵਾਲੇ ਪਤਵੰਤੇ ਧੰਨਵਾਨ ਇਸ ਬਸਤੀ ਦਾ ਵਰ੍ਹਿਆਂ ਪਿੱਛੋਂ ਚਾਰ ਦਿਨਾਂ ਲਈ ਵਧ ਜਾਂਦਾ ਸਨਮਾਨ ਇਸ ਬਸਤੀ ਦੇ ਨ੍ਹੇਰ ਤੰਗ ਘਰਾਂ ਵਿਚ ਨੀਰਸ ਤੇ ਬੇਰੰਗ ਘਰਾਂ ਵਿਚ ਕਦੀ ਕਦੀ ਹੈ ਫੇਰਾ ਪਾਉਂਦੀ ਸਜਰੀ ਪੌਣ ਦੇ ਬੁਲ੍ਹਿਆਂ ਵਰਗੀ ਮਿੱਠੇ ਵਾਅਦਿਆਂ ਦੀ ਖ਼ਸਬੋ ਭੁੱਖ ਭੁਲਾਉਂਦੀ ਅੱਖੀਆਂ ਨੂੰ ਭਰਮਾਉਂਦੀ ਫਿਰ ਆਸਾਂ ਦੀ ਰੰਗ ਬਰੰਗੀ ਲੈ ਇਹ ਦਿਨ ਕਿਹੜਾ ਨਿੱਤ ਆਉਂਦਾ ਹੈ ਜਾਨ ਹੂਲਵੇਂ ਧੰਦਿਆਂ ਵਿਚੋਂ ਕੁਝ ਘੜੀਆਂ ਦੀ ਵਿਹਲ ਚੁਰਾ ਕੇ ਅੱਖੀਆਂ ਦੇ ਵਿਚ ਨਵੇਂ ਪੁਰਾਣੇ ਖ਼ਾਬ ਜਗਾ ਕੇ ਫਿਰ ਆਸਾਂ ਦੀ ਰੰਗ ਬਰੰਗੀ ਲੋ ਇਹ ਦਿਨ ਕਿਹੜਾ ਨਿੱਤ ਆਉਂਦਾ ਹੈ ਜਾਨ ਹੂਲਵੇਂ ਧੰਦਿਆਂ ਵਿਚੋਂ ਕੁਝ ਘੜੀਆਂ ਦੀ ਵਿਹਲ ਚੁਰਾ ਕੇ ਅੱਖੀਆਂ ਦੇ ਵਿਚ ਨਵੇਂ ਪੁਰਾਣੇ ਖ਼ਾਬ ਜਗਾ ਕੇ ਆਪਣੇ ਦੁੱਖ ਨਵਿਰਤ ਕਰਨ ਦੀ ਜ਼ਿੰਮੇਵਾਰੀ ਮਨ ਭਾਉਂਦੇ ਦਲ ਦੇ ਨੇਤਾ ਨੂੰ ਦੇ ਆਏ ਸਾਰੀ ਦੀ ਸਾਰੀ ਹੋਏ ਸੁਰਖ਼ਰੂ ਫ਼ਰਜ਼ ਨਿਭਾ ਕੇ ਅੱਗੋਂ ਕੀ ਕਰਨਾ ਉਹ ਜਾਣੇ ਜਾਂ ਜਾਣੇ ਉਸਦਾ ਈਮਾਨ ਫੇਰ ਗ਼ਰੀਬਾਂ ਦੀ ਬਸਤੀ ਦੇ ਬੇਬਸ ਬਾਲਗ਼ ਆਪਣੀ ਮੱਤ ਦਾ ਕਰ ਆਏ ਨੇ ਦਾਨ।

ਪਾਗ਼ਲ

ਰੰਗ ਬਰੰਗੀਆਂ ਲੀਰਾਂ ਚੁਗ ਚੁਗ ਸਿਰ ਤੇ ਬੰਨ੍ਹਦਾ ਟੀਨ ਅਤੇ ਗੱਤੇ ਦੇ ਖ਼ਾਲੀ ਡੱਬੇ ਕੱਠੇ ਕਰਦਾ ਠੀਕਰਆਂ ਤੇ ਕੱਚ ਦੇ ਤਿੱਖੇ ਟੁਕੜਿਆਂ ਨਾਲ ਉਹਨਾਂ ਨੂੰ ਭਰਦਾ ਰੌਣਕ ਦੇ ਘੱਟੇ ਨੂੰ ਤੱਕਦਾ ਰੌਲੇ ਰੱਪੇ ਥਾਣੀ ਚੁੱਪ ਧਾਰ ਕੇ ਲੰਘਦਾ ਚਿਹਰੇ ਦੀਆਂ ਝੁਰੜੀਆਂ ਦੇ ਵਿਚ ਲੰਮੇ ਸਮੇਂ ਦੀ ਮੈਲੀ ਧੂੜ ਹੈ ਜੰਮੀ ਹੋਈ ਜਦੋਂ ਬੋਲਦਾ ਆਮ ਸਮਝ ਤੋਂ ਟੁੱਟੀਆਂ ਗੱਲਾਂ ਆਪਣੇ ਆਪ ਨਾਲ ਹੀ ਜਿਵੇਂ ਸਲਾਹਾਂ ਕਰਦਾ ਕਿਸੇ ਭਿਆਨਕ ਦੁਰਘਟਨਾ ਦੀ ਸ਼ਾਇਦ ਦਿਆਂ ਬੁਲ੍ਹਿਆਂ ਨਾਲ ਗਲਾਂ ਕਰਦਾ ਕਲ੍ਹ ਹਾਕਮ ਨੇ ਹੁਕਮ ਸੁਣਾਇਆ ਮੁਜਰਮ ਆਪੇ ਫੜ ਹੋ ਜਾਊ ਵਕਤ ਹੋ ਗਿਆ ਤਾਰੋ ਅਜੇ ਸਕੂਲੋਂ ਪੜ੍ਹ ਕੇ ਕਿਉਂ ਨਹੀਂ ਆਈ ਲੋਕੀ ਕਹਿੰਦੇ ਮਸਤ ਮਲੰਗ ਹੈ ਧੁਰ ਦਾ ਵਾਕਫ਼ ਜਾਣੀ ਜਾਣ ਪਹੁੰਚਿਣ ਹੋਇਆ ਜੂਏ ਬਾਜ਼ ਦੜੇ ਦਾ ਨੰਬਰ ਪੁੱਛਣ ਵਾਲੇ ਇਸ ਦੇ ਪਿੱਛੇ ਲੱਗੇ ਰਹਿੰਦੇ।

ਦੁਸ਼ਮਣੀ

ਆਪਣੇ ਵੈਰੀ ਨੂੰ ਮੈਂ ਨਹੀਂ ਜਾਣਦਾ ਅੱਜ ਪਹਿਲੀ ਵਾਰ ਉਸਨੂੰ ਦੇਖਣਾ ਦੇਖਣਾ ਵੀ ਸ਼ਾਇਦ ਨਾ ਹੋਏ ਨਸੀਬ ਕੌਣ ਦੁਸ਼ਮਣ ਦੇ ਭਲਾ ਜਾਂਦਾ ਕਰੀਬ ਘਰ ਦੀਆਂ ਤੰਗੀਆਂ ਸਤਾਇਆ ਦੌੜਿਆ ਮੇਰੇ ਵਰਗਾ ਹੋਏਗਾ ਉਹ ਵੀ ਗਰੀਬ ਮੇਰਾ ਜਿਸਦੇ ਨਾਲ ਨਾ ਕੋਈ ਵਿਹਾਰ ਸ਼ਕਲ ਜਿਸਦੀ ਮੈਂ ਨਹੀਂ ਪਹਿਚਾਣਦਾ ਬਾਪ ਦਾ ਕਰਜ਼ਾ ਚੁਕਾਵਣ ਵਾਸਤੇ ਜੋ ਸਦਾ ਵਧਿਆ ਹੈ ਜੀਕਣ ਅਮਰ ਵੇਲ ਰੱਜਵਾਂ ਨਾ ਟੁੱਕ ਜੁੜਦਾ ਹੋਏਗਾ ਭੈਣ ਦਾ ਕੁਝ ਦਾਜ ਥੁੜਦਾ ਹੋਏਗਾ ਜ਼ਿੰਦਗੀ ਦੀਆਂ ਤਲਖੀਆਂ ਦਾ ਭੰਨਿਆ ਅੰਦਰੇ ਅੰਦਰ ਹੀ ਕੁੜ੍ਹਦਾ ਹੋਏਗਾ ਕਿਸੇ ਮਾਇਆਦਾਸ ਸ਼ਾਹ ਤੋਂ ਆਪਣੀ ਜੱਦੀ ਪੈਲੀ ਨੂੰ ਛੁਡਾਵਣ ਵਾਸਤੇ ਅੱਜ ਮਿੱਟੀ ਵਿਚ ਮਿਟ ਜਾਣਾ ਅਸੀਂ ਕੀ ਏ ਸਾਡਾ ਹੱਕ ਮਿੱਟੀ ਤੇ ਭਲਾ ਮਿੱਟੀ ਹੀ ਸਾਡੀ ਸਦਾ ਹੱਕਦਾਰ ਹੈ ਨਿੱਤ ਇਸਦੀ ਜਿੱਤ ਸਾਡੀ ਹਾਰ ਹੈ ਇਹ ਜੋ ਮਿੱਟੀ ਹੋ ਗਈ ਹੈ ਦੁਸ਼ਮਣੀ ਜਿਸਦੀ ਖ਼ਾਤਰ ਅੱਜ ਸਾਡੀ ਖਾਰ ਹੈ ਅਤੇ ਦੋਹਾਂ ਦੁਸ਼ਮਣਾਂ ਨੇ ਲੜਦਿਆਂ ਏਸ ਮਿੱਟੀ ਹੇਠ ਲਿਟ ਜਾਣਾ ਅਸੀਂ ਹਾਕਮਾਂ ਦੀ ਗੱਲ ਹਾਕਮ ਜਾਣਦੇ ਫ਼ਰਜ਼ ਹੈ ਸਾਡਾ ਹੁਕਮ ਨੂੰ ਪਾਲਣਾ ਆਗਿਆਕਾਰੀ ਹੀ ਸਾਡਾ ਕਰਮ ਹੈ ਮਾਰਨਾ ਮਰਨਾ ਹੀ ਸਾਡਾ ਧਰਮ ਹੈ ਵਤਨ ਦੇ ਹਿੱਤ ਦਾ ਨਹੀਂ ਸਾਨੂੰ ਪਤਾ ਆਪਣੇ ਵੇਤਨ ਦੀ ਡਾਹਡੀ ਸ਼ਰਮ ਹੈ ਮਰਨ ਮਾਰਨ ਤੁਰ ਪਏ ਹਾਂ ਜੇ ਅਸੀਂ ਇਕ ਦੂਜੇ ਨੂੰ ਨਹੀਂ ਪਹਿਚਾਣਦੇ।

ਸਿੱਕੇ ਦੇ ਦਾਗ਼

ਆਉ ਦੋ ਪਲ ਹੁਣ ਦੇ ਸਭ ਧੰਦਿਆਂ ਤੋਂ ਬਚ ਕੇ ਗਹਿਮਾ ਗਹਿਮੀ ਭਰੇ ਬਜ਼ਾਰਾਂ ਥਾਣੀ ਤਵਾਰੀਖ ਦੇ ਤੰਗ ਰਾਹਾਂ 'ਚੋਂ ਲੰਘ ਕੇ ਹਰਿਮੰਦਰ ਸਾਹਿਬ ਦੇ ਨੇੜੇ ਇਕ ਖੁੱਲ੍ਹੇ ਮੈਦਾਨ 'ਚ ਫੇਰਾ ਪਾਈਏ ਇਸ ਧਰਤੀ ਨੂੰ ਸੀਸ ਨਿਵਾਈਏ ਇਸ ਮਿੱਟੀ ਦੀ ਚੁਟਕੀ ਮੱਥੇ ਲਾਈਏ ਇਸ ਮੈਦਾਨ ਦੇ ਚੌਹੀ ਪਾਸੀਂ ਕੁਝ ਨਿੱਕੀਆਂ ਤੇ ਕੁਝ ਵੱਡੀਆਂ ਇੱਟਾਂ ਦੇ ਬਹੁ ਮੰਜ਼ਲੇ ਘਰੇ ਵਸਦੇ ਰਸਦੇ ਜਿੰਨ੍ਹਾਂ ਦੀਆਂ ਕੰਧਾਂ ਤੇ ਲੱਗੇ ਇਹ ਸਿੱਕੇ ਦੇ ਜ਼ਖ਼ਮ ਪੁਰਾਣੇ ਸਾਨੂੰ ਸਾਡੇ ਸੰਘਰਸ਼ਾਂ ਦੀ ਵਿਥਿਆ ਦੱਸਦੇ ਇਹ ਪੱਥਰ ਦੀ ਲਾਟ ਨਿਸ਼ਾਨੀ ਓਸ ਅਜ਼ਮ ਦੀ ਜਿਸਨੂੰ ਅੱਤਿਆਚਾਰ ਕਹਿਰ ਦੇ ਠੇਕੇ ਝੱਖੜ ਕਦੀ ਬੁਝਾ ਨਹੀਂ ਸਕੇ ਅਸੀਂ ਹਾਂ ਜਿਸ ਬੂਟੇ ਦੀ ਚਿੱਤਕਬਰੀ ਜਹੀ ਛਾਵੇਂ ਬੈਠੇ ਸਾਡੇ ਬੱਚਿਆਂ ਜਿਸਦਾ ਮਿੱਠਾ ਫਲ ਖਾਣਾ ਹੈ ਇਸ ਮੈਦਾਨ 'ਚ ਉਸ ਬੂਟੇ ਨੂੰ ਸਾਡੇ ਵੱਡਿਆ ਹਿੰਦੂਆਂ ਸਿੱਖਾਂ ਅਤੇ ਮੋਮਨਾਂ ਸਾਂਝੀ ਰੱਤ ਪਾ ਕੇ ਸਿੰਜਿਆ ਸੀ ਆਪ ਵਿਸਾਖੀ ਸਾਖੀ ਹੋਈ ਐਤਵਾਰ ਦੇ ਲੌਢੇ ਵੇਲੇ ਜਦ ਹੰਕਾਰੇ ਹਾਕਮ ਨੇ ਸੀ ਜਬਰ ਜ਼ੁਲਮ ਦੀ ਵਾਢੀ ਪਾਈ ਪਲਾਂ ਛਿਨਾਂ ਵਿਚ ਬੇਦੋਸ਼ੇ ਮਾਸੂਮ ਨਿਹੱਥੇ ਜਿਸਮਾਂ ਦੇ ਸੀ ਸੱਥਰ ਲੱਥੇ ਪਰ ਜਿਸਮਾਂ ਦੇ ਅੰਦਰ ਬਲਦੀ ਲਾਟ ਕਦੀ ਨਹੀਂ ਮੱਧਮ ਹੁੰਦੀ ਤੇ ਸਿੱਕੇ ਦੀ ਵਾਛੜ ਵਿਚ ਵੀ ਸੱਚ ਕਦੀ ਨਾ ਜ਼ਖ਼ਮੀ ਹੁੰਦਾ ਤੇ ਆਦਰਸ਼ ਕਦੀ ਨਾ ਮਰਦੇ ਇਹ ਸਿੱਕੇ ਦੇ ਦਾਗ਼ ਨਹੀਂ ਹਨ ਜਲ੍ਹਿਆਂ ਵਾਲੇ ਬਾਗ਼ ਦੀਆਂ ਕੰਧਾਂ ਦੇ ਉੱਤੇ ਉੱਕਰਿਆ ਇਤਿਹਾਸ ਹੈ ਸਾਡਾ ਇਸ ਮੈਦਾਨ 'ਚ ਲਹੂ ਦੇ ਸਿੰਜੇ ਫੁਲਾਂ ਨੇ ਨਿੱਤ ਮੁਸਕਾਣਾ ਹੈ ਏਸ ਬਿਰਛ ਨੇ ਹੈ ਹਾਲੀ ਘਣਛਾਵਾਂ ਹੋਣਾ ਸਾਡੇ ਬੱਚਿਆਂ ਜਿਸਦਾ ਮਿੱਠਾ ਫਲ ਖਾਣਾ ਹੈ।

ਬਾਬਾ ਨਾਨਕ

ਮੈਂ ਇਕ ਭੁਲਿਆ ਭਟਕਿਆ ਰਾਹੀ ਤੈਨੂੰ ਚੇਤੇ ਕਰ ਲੈਂਦਾ ਹਾਂ ਕਦੀ ਕਦਾਈਂ ਵਰ੍ਹੇ ਛਮਾਹੀਂ ਉਂਜ ਮੇਰਾ ਰਾਹ ਤੇਰੇ ਦੱਸੇ ਹੋਏ ਰਾਹ ਤੋਂ ਬੜਾ ਅਲੱਗ ਹੈ ਆਪਣੇ ਨਿੱਕੇ ਜਹੇ ਘੇਰੇ ਵਿਚ ਮੈਂ ਹਥਿਆਰ-ਵਿਹੂਣਾ ਬਾਬਰ ਮੇਰੇ ਅੰਦਰ ਕੌਡਾ ਰਾਕਸ਼ ਮੇਰੇ ਅੰਦਰ ਸੱਜਣ ਠੱਗ ਹੈ ਮੈਨੂੰ ਤੇਰੀ ਲੋੜ ਰਹੀ ਹੈ ਮੈਨੂੰ ਤੇਰੀ ਖੋਜ ਰਹੀ ਹੈ ਵੱਖੋ ਵੱਖ ਫ਼ਰਮਾਂ ਦੇ ਕਈ ਕਲੰਡਰਾਂ ਉੱਤੇ ਤੇਰੀਆਂ ਕੁਝ ਤਸਰਵੀਰਾਂ ਤੱਕੀਆਂ ਉਹਨਾਂ ਤਸਵੀਰਾਂ 'ਚੋਂ ਇਹ ਚੁੰਧਿਆਈਆਂ ਅੱਖੀਆਂ ਤੇਰਾ ਕੋਈ ਸੁਨੇਹਾ ਲਭ ਨਾ ਸਕੀਆਂ ਉਹਨਾਂ ਕਲੰਡਰਾਂ ਵਿਚ ਤਾਂ ਹੈ ਸਨ ਥਿੱਤਾਂ, ਵਾਰ ਅਤੇ ਤਿਉਹਾਰ ਤੇ ਜਾਂ ਕਈ ਮਿਲਾਵਟ ਭਰੀਆਂ ਵਸਤਾਂ ਦਾ ਪਰਚਾਰ ਤੇਰੇ ਨਾਂ ਤੇ ਵੱਡੀਆਂ ਵੱਡੀਆਂ ਮਿੱਲਾਂ ਚਲਣ ਰੋਜ਼ ਜਿਨ੍ਹਾਂ ਵਿਚ ਭਾਈ ਲਾਲੋਆਂ ਦੇ ਹੱਡ ਪਿਸਦੇ ਅਤੇ ਜਿਨ੍ਹਾਂ ਦੇ ਮਾਲਕ ਭਾਗੋ ਪਸਚਾਤਾਪ ਨਾ ਕਰਦੇ ਦਿਸਦੇ ਇਕ ਦਿਨ ਮੈਂ ਇਕ ਤੀਰਥ ਜਾ ਕੇ ਸੀਸ ਨਿਵਾਇਆ ਉਸ ਤੀਰਥ ਦਾ ਭਾਈ ਤੇਰੀ ਬਾਣੀ ਪੜ੍ਹ ਕੇ ਆਪਣਾ ਪੇਟ ਪਾਲਦਾ ਤੇ ਲੋਕਾਂ ਦੇ ਪਾਪ ਟਾਲਦਾ ਸਾਧਾਰਣ ਅਖੰਡ ਪਾਠ ਦੇ ਵਖੋ-ਵਖਰੇ ਭਾ ਦੱਸਦਾ ਸੀ ਉਸ ਨੇ ਤੇਰੇ ਸ਼ਬਦਾਂ ਦਾ ਪਰ ਪਾਰਾਵਾਰ ਕਦੀ ਨਾ ਪਾਇਆ ਮੈਂ ਉਸ ਤੀਰਥ ਸੀਸ ਨਿਵਾਇਆ ਪਰ ਤੂੰ ਮੈਨੂੰ ਓਥੇ ਵੀ ਨਜ਼ਰੀਂ ਨਾ ਆਇਆ ਮੇਰੀਆਂ ਚੁੰਧਿਆਈਆਂ ਅੱਖੀਆਂ ਦੇ ਅੱਗੇ ਉੱਚੇ ਉੱਚੇ ਧਾਮ ਖੜੇ ਨੇ ਕਈ ਕਲੰਡਰ ਤੇ ਮਿੱਲਾਂ ਦੇ ਨਾਮ ਖੜੇ ਨੇ ਏਸੇ ਲਈ ਹੁਣ ਮੈਂ ਇਕ ਭੁੱਲਿਆ ਭਟਕਿਆ ਰਾਹੀ ਤੈਨੂੰ ਚੇਤੇ ਕਰ ਲੈਂਦਾ ਹਾਂ ਰਸਮੋਂ ਰਸਮੀਂ ਸ਼ਰਮੋਂ ਸ਼ਰਮੀ ਕਦੀ ਕਦਾਈਂ ਵਰ੍ਹੇ ਛਮਾਹੀਂ ਉਂਜ ਮੇਰਾ ਰਾਹ ਤੇਰੇ ਦੱਸੇ ਹੋਏ ਰਾਹ ਤੋਂ ਬੜਾ ਅਲੱਗ ਹੈ ਆਪਣੇ ਨਿੱਕੇ ਜਹੇ ਘੇਰੇ ਵਿਚ ਮੈਂ ਹਥਿਆਰ-ਵਿਹੂਣਾ ਬਾਬਰ ਮੇਰੇ ਅੰਦਰ ਕੌਡਾ ਰਾਕਸ਼ ਮੇਰੇ ਅੰਦਰ ਸੱਜਣ ਠੱਗ ਹੈ।

ਜਾਗ

ਹੁਣੇ ਤੇਰੇ ਸੁਪਨਿਆਂ 'ਚੋਂ ਜਾਗਿਆ ਹਾਂ ਭੂਕ ਪੀਲੀ ਬਾਰੀ ਥਾਣੀ ਲੰਘ ਆਈ ਹੈ ਸਵੇਰ ਨੇਰ੍ਹ ਦੀ ਸੂਖ਼ਮ-ਸੁਗੰਧੀ ਓਟ ਪਿੱਛੇ ਖੇਡ ਕੇ ਰੰਗਾਂ ਦੀ ਲੀਲ੍ਹਾ ਫੇਰ ਪੀਲੇ ਚਾਨਣੇ ਵਿਚ ਆ ਗਿਆ ਹਾਂ ਨੀਂਦ ਹਾਲੇ ਬਿਸਤਰੇ ਤੇ ਊਂਘਦੀ ਹੈ ਤੇ ਅਜੇ ਵੀ ਆਪਣੇ ਅੰਗਾਂ 'ਚੋਂ ਮੈਨੂੰ ਆ ਰਹੀ ਮਹਿਕ ਤੇਰੇ ਗੋਰਿਆਂ ਅੰਗਾਂ ਜਹੀ ਐਨਾ ਇਸ ਵੇਲੇ ਹੀ ਠੀਕ ਮੈਂ ਜਦੋਂ ਵੀ ਜਾਗਦਾ ਰੋਜ਼ ਹੀ ਰੁਜ਼ਗਾਰ ਦਾ ਦੁਸ਼ਵਾਰ ਹੀਲਾ ਇਸ਼ਤਿਹਾਰਾਂ ਨਾਲ ਕੱਜੀ ਬਾਹਰਲੀ ਦੀਵਾਰ ਨਾਲ ਕਰ ਰਿਹਾ ਹੁੰਦਾ ਖੜਾ ਮੇਰੀ ਉਡੀਕ ਪੀਲਾ ਦਿਨ ਉਦਰੇਵਿਆਂ ਦੀ ਧੂੜ ਭਰਿਆ ਜਿਸ ਤੋਂ ਮੈਂ ਹਾਂ ਰੋਜ਼ ਡਰਿਆ ਇਹ ਜੋ ਮੇਰੇ ਅੰਗਾਂ ਵਿਚੋਂ ਆ ਰਹੀ ਮਹਿਕ ਤੇਰੇ ਗੋਰਿਆ ਅੰਗਾਂ ਜਹੀ ਪੀਲਿਆਂ ਉਦਰੇਵਿਆਂ ਦੀ ਧੂੜ ਵਿਚ ਘੁਲ ਜਾਏਗੀ ਬਾਹਰਲੇ ਰੌਲੇ ਦੇ ਵਿਚ ਰੁਲ ਜਾਏਗੀ ਹੁਣੇ ਤੇਰੇ ਸੁਪਨਿਆਂ 'ਚੋਂ ਜਾਗਿਆ ਹਾਂ ਭੂਕ ਪੀਲੀ ਬਾਰੀ ਥਾਣੀ ਲੰਘ ਆਈ ਹਾਂ ਸਵੇਰ ਨੇਰ੍ਹ ਦੀ ਸੂਖ਼ਮ-ਸੁਗੰਧੀ ਓਟ ਪਿੱਛੇ ਖੇਡ ਕੇ ਰੰਗਾਂ ਦੀ ਲੀਲ੍ਹਾ ਫੇਰ ਪੀਲੇ ਚਾਨਣੇ ਵਿਚ ਆ ਗਿਆ ਹਾਂ।

ਕਵੀ

ਜੀ ਚਾਹੁੰਦਾ ਹੈ ਉੱਤਮ ਰਚਨਾ ਕਰਾਂ ਕਿਸੇ ਮੈਂ ਮਹਾਂ ਕਵਿ ਦੀ ਜਿਸ ਦੇ ਵਿਚ ਪ੍ਰਤਿਭਾ ਆਪਣੀ ਭਰ ਦੇਵਾਂ ਸਾਰੀ ਦੀ ਸਾਰੀ ਐਪਰ ਅੱਜ ਕੱਲ ਇਸ ਦੁਨੀਆਂ ਵਿਚ ਇਕ ਤੀਵੀਂ ਦੇ ਉਧਲਣ ਉੱਤੇ ਕਿਸੇ ਕੌਮ ਦੀ ਅਣਖ ਨਾ ਜਾਗੇ ਸੂਰਬੀਰ ਨਾ ਜਾਗਣ ਸੁੱਤੇ ਨਾ ਹੀ ਰਾਮ ਜਿਹਾ ਨਿਰਛਲੀਆ ਕਿਸੇ ਨਕਾਰੀ ਗੱਲ 'ਚ ਆ ਕੇ ਕਸ਼ਟਾਂ ਦੇ ਵਣ ਕੰਡੇ ਮੋੜੇ ਧਰਮ ਪਾਲਦਾ ਬੋਲ ਪੁਗਾ ਕੇ ਇਹ ਹੱਕਾਂ ਦਾ ਲੋਕ ਰਾਜ ਦਾ ਤੇ ਸਵਤੰਤਰਤਾ ਦਾ ਯੱਗ ਹੈ ਰੋਜ਼ ਗਿਆਨ ਦਾ ਫਲ ਖਾਂਦੇ ਹਾਂ ਭਲੇ ਬੁਰੇ ਦੀ ਵੀ ਉਗ ਸੁਗ ਹੈ ਇਸ ਯੁੱਗ ਵਿਚ ਤਾਂ ਆਦਮ ਹੱਵਾ ਦੀ ਉਹ ਪਹਿਲੀ ਹੁਕਮ ਅਦੂਲੀ ਵਰਜਤ ਫਲ ਖਾਵਣ ਦੀ ਵਿਥਿਆ ਜਾਪੇ ਐਵੇਂ ਗੱਲ ਮੂਮਲੀ ਇਸ ਯੁੱਗ ਵਿਚ ਹੁਣ ਮੈਥੋਂ ਰਚਨਾ ਮਹਾਂ ਕਾਵਿ ਦੀ ਕਰ ਨਹੀਂ ਹੋਣੀ ਕੋਸ਼ਿਸ਼ ਕਰਾਂ ਵੀ ਜੇਕਰ ਉਸ ਵਿਚ ਪ੍ਰਤਿਭਾ ਰੱਤੀ ਭਰ ਨਹੀਂ ਹੋਣੀ ਕਿਉਂ ਨਾ ਲੋਕ ਰਾਜ ਦੇ ਯੁੱਗ ਵਿਚ ਲੋਕ ਭਲੇ ਦਾ ਗੀਤ ਉਚਾਰਾਂ ਕਿਉਂ ਨਾ ਛੇੜਾਂ ਦੱਬੇ ਕੁਚਲੇ ਮਜ਼ਲੂਮਾਂ ਦੇ ਦਿਲ ਦੀਆਂ ਤਾਰਾਂ ਮੇਰੇ ਦੇਸ਼ ਦੀ ਕਿੰਨੀ ਜਨਤਾ ਦੁੱਖਾਂ, ਭੁੱਖਾਂ ਫ਼ਿਕਰਾਂ ਘੇਰੀ ਕਿਉਂ ਨਾ ਇਸ ਪੀੜਤ ਜਨਤਾ ਦੀ ਗੱਲ ਛੇੜੇ ਹੁਣ ਕਵਿਤਾ ਮੇਰੀ ਕਿਉਂ ਨਾ ਮਜ਼ਦੂਰਾਂ ਦੇ ਨ੍ਹੇਰੇ ਘਰ ਕਵਿਤਾ ਦਾ ਦੀਪ ਜਗਾਵਾਂ ਕਿਉਂ ਨਾ ਕਿਸਾਨਾਂ ਦੇ ਖੇਤਾਂ ਵਿਚ ਗੀਤਾਂ ਦੀ ਫਸਲ ਉਗਾਵਾਂ ਪਰ ਮਜ਼ਦੂਰਾਂ ਕਿਸਾਨਾਂ ਨੂੰ ਮੇਰੇ ਗੀਤ ਨਹੀਂ ਚਾਹੀਦੇ ਬੇਕਾਰਾਂ ਨੂੰ ਕੰਮ ਚਾਹੀਦੇ ਹਨ ਵਾਹੀ ਦੇ ਏਸ ਦੇਸ਼ ਵਿਚ ਮੇਰਾ ਆਪਣਾ ਵੀ ਹਾਲੇ ਸਤਿਕਾਰ ਨਹੀਂ ਹੈ ਸੱਚੀ ਗੱਲ ਹੈ ਮੈਨੂੰ ਆਪਣੇ ਦੇਸ਼ ਦੇ ਨਾਲ ਪਿਆਰ ਨਹੀਂ ਹੈ ਮੇਰੇ ਸਾਰੇ ਪਿਆਰ ਦੀ ਪਾਤਰ ਇਕ ਨਵਯੁਵਤੀ ਚੰਚਲ ਗੋਰੀ ਹਰਦਮ ਜਿਸ ਨੂੰ ਮਿਲਣਾ ਚਾਹੁੰਨਾ ਰਾਤ ਬਰਾਤੇ ਲੁਕ ਛਿਪ ਚੋਰੀ ਕਿਉਂ ਨਾ ਫਿਰ ਮੈਂ ਉਸ ਗੋਰੀ ਦੀਆ ਸਿਫ਼ਤਾਂ ਗਾਵਾਂ ਰਾਤ ਦਿਹਾੜੇ ਰੋ ਰੋ ਦਿਲ ਦਾ ਹਾਲ ਸੁਣਾਵਾਂ ਤਰਲੇ ਕੱਢਾਂ ਪਾਵਾਂ ਹਾੜੇ ਆਪਣੇ ਪਿਆਰ ਨੂੰ ਦਰਸਾਵਣ ਲਈ ਕਿਆਸ ਦੀਆਂ ਸਭ ਹੱਦਾਂ ਭੰਨਾਂ ਭਾਵਾਂ ਦਾ ਦਰਿਆ ਵਗ ਨਿਕਲੇ ਤੇ ਉਪਮਾਵਾਂ ਦੇ ਪੁਲ ਬੰਨ੍ਹਾਂ ਆਖਾਂ ਉਸਦੀਆਂ ਨਾਗਣ ਜ਼ੁਲਫਾਂ ਡਾਹਡੇ ਜ਼ਹਿਰੀ ਡੰਗ ਚਲਾਵਣ ਸੁਰਮੀਲੇ ਨੈਣਾਂ ਦੇ ਤਿੱਖੇ ਤੀਰ ਕਾਲਜਾ ਵਿੰਨ੍ਹਦੇ ਜਾਵਣ ਉਸ ਦੀ ਧੌਣ ਨੂੰ ਕਹਾਂ ਸੁਰਾਹੀ ਸੀਨੇ ਨੂੰ ਸਾਗਰ ਦੀਆਂ ਛੱਲਾਂ ਨੱਕ ਨੂੰ ਆਖਾਂ ਤੇਜ਼ ਕਟਾਰੀ ਸੇਉ ਕਸ਼ਮੀਰੀ ਆਖਾਂ ਗੱਲ੍ਹਾਂ ਐਪਰ ਉਸ ਨੂੰ ਕਵਿਤਾ ਨਾਲੋਂ ਫਿਲਮੀ ਗੀਤ ਨੇ ਵਧ ਪਿਆਰੇ ਬੁੱਝ ਲਏਗੀ ਕਿਥੋਂ ਮੰਗੇ ਫਿਕਰੇ ਮੈਂ ਸਭ ਉਧਾਰੇ ਇੰਜ ਲੱਗਦਾ ਹੈ ਏਥੇ ਹੁਣ ਮੈਂ ਪਿਆਰ ਦੀ ਕਵਿਤਾ ਰਚ ਨਹੀਂ ਸਕਦਾ ਰਚਾਂ ਤਾਂ ਰਚ ਕੇ ਆਪਣੀ ਵੀ ਮਹਿਬੂਬ ਦੇ ਨੈਣੀਂ ਜਚ ਨਹੀਂ ਸਕਦਾ ਮੈਂ ਨਾ ਕੋਈ ਰਿਸ਼ੀ ਮੁਨੀ ਹਾਂ ਜੋ ਕੁਦਰਤ ਦੇ ਸੋਹਲੇ ਗਾਵਾਂ ਪ੍ਰਾਭੌਤਿਕ ਸਚਿਆਈਆਂ ਲੱਭਾਂ ਆਦਰਸ਼ਾਂ ਦੀ ਬੀਨ ਵਜਾਵਾਂ ਮੈਂ ਇਕ ਧੂੰਏਂ ਕੱਜ ਸ਼ਹਿਰ ਦੇ ਨੇੜ੍ਹੇ ਜਹੇ ਮਕਾਨ 'ਚ ਵਸਦਾ ਤੰਗ ਜਹੇ ਕਮਰੇ ਵਿਚ ਬਹਿ ਕੇ ਪੜ੍ਹਦਾ ਲਿਖਦਾ ਰੋਂਦਾ ਹੱਸਦਾ ਸੁਣਿਆ ਅਸੀਂ ਸੁਰੱਸਵਤੀ ਹੈ ਹੁਣ ਧਰਤੀ ਦੇ ਹੇਠਾਂ ਵਹਿੰਦੀ ਉਸ ਦੇ ਜਲ ਦੀ ਤਿੱਪ ਨੂੰ ਮੇਰੀ ਕਲਮ ਦੀ ਜੀਭ ਵਿਲਕਦੀ ਰਹਿੰਦੀ।

ਚੰਗੇ ਰਹਿੰਦੇ

ਚੰਗੇ ਰਹਿੰਦੇ ਜੇ ਕੰਡਿਆਲੇ ਭਾਵਾਂ ਵਾਲੇ ਰਾਹ ਨਾ ਪੈਂਦੇ ਜੇ ਨਾ ਪੈਂਦੇ ਸੋਜ਼ਾਂ ਭਰੀਆਂ ਸੋਚਾਂ ਦੇ ਵੱਸ ਜੇ ਵੱਸ ਚਲਦਾ ਆਪਣਾ ਸੂਖ਼ਮ ਚਿੱਤ ਨਾ ਹੁੰਦਾ ਈਕਣ ਤੁੰਬਿਆ ਤਾੜੇ ਤੰਦੀ ਚੜ੍ਹਿਆ ਇੰਜ ਨਾ ਹੁੰਦਾ ਚੜ੍ਹਿਆ ਵੱਟ ਸਾਹਾਂ ਨੂੰ ਅੰਦਰੋਂ ਅੰਦਰੀ ਗੁਛਮ ਗੁਛਾ ਹੋਈਆਂ ਚੀਸਾਂ ਕਾਹਨੂੰ ਸਹਿੰਦੇ ਚੋਭਾਂ ਮਹਿਕ ਦੀਆਂ ਨਾ ਹੁੰਦੀਆਂ ਜੇਕਰ ਲੱਗੀਆਂ ਭੁੱਖਾਂ ਦਾ ਕੁਝ ਔਖ ਨਹੀਂ ਸੀ ਸੂਰਾਂ ਵਾਂਗੂ ਜਿਥੇ ਵੀ ਬੂਥੀ ਖੁਭ ਜਾਂਦੀ ਪੇਟ ਤੂੜ ਕੇ ਘੂਕ ਘੁਰਾੜੀ ਸੁੱਤੇ ਪਏ ਸੂਕਦੇ ਰਹਿੰਦੇ ਜੇ ਇਸ ਦਿਲ ਨੇ ਦਰਦਾਂ ਬਾਝੋਂ ਨਹੀਂ ਬਚਣਾ ਸੀ ਤਾਂ ਇਕਲਾਪੇ ਦੇ ਗੁੰਬਦ ਵਿਚ ਆਪਣੀ ਹੀ ਆਵਾਜ਼ ਨਾ ਸੁਣਦੇ ਬੇਬਸੀਆਂ ਦੇ ਮਿਹਣੇ ਇੰਜ ਨਾ ਨੀਂਦਾਂ ਟੁੰਬਦੇ ਅੱਧੀ ਰਾਤੀਂ ਉਠ ਉਠ ਬਹਿੰਦੇ ਆਪਣੇ ਮਨ ਦੇ ਸ਼ੀਸ਼ੇ ਅੱਗੇ ਸੰਗੀ ਸਾਥੀ ਅੰਗ ਸਹੇਲਾ ਮਹਿਰਮ ਰਮਜ਼ ਪਛਾਨਣ ਵਾਲਾ ਧੁਰੋਂ ਲਿਖਾ ਕੇ ਆਉਂਦੇ ਦਰਦ ਭਿਆਲੀ ਪਾਉਂਦੇ ਸਾਂਝ ਸੋਜ਼ ਦੀ ਸੋਝੀ ਹੁੰਦੀ ਜਾਂ ਫਿਰ ਕਰਨੀ ਵਾਲੇ ਹੁੰਦੇ ਇੰਜ ਨਾ ਮਿਹਣੇ ਬੇਬਸੀਆਂ ਦੇ ਨੀਂਦਾਂ ਟੁੰਬਦੇ ਭਾਵਾਂ ਨੂੰ ਕੁਝ ਹਿੰਮਤ ਮਿਲਦੀ ਕਰਮਾਂ ਦੀ ਤੇ ਸੂਹ ਕਰਤਵ ਦੀ ਹੋਣੀ ਆਪਣੇ ਹੱਥ ਵਿਚ ਕਰਦੇ ਤੇ ਫਿਰ ਕਰਦੇ ਢਾ ਕੇ ਸਾਰੀ ਮਨ ਮਰਜ਼ੀ ਦੀ ਇਹ ਜੱਗ ਰਚਨਾ ਜੇ ਕਰ ਕਰਨੀ ਵਾਲੇ ਹੁੰਦੇ।

ਵਿਦਾਇਗੀ

ਵੱਖੋ ਵੱਖ ਵਸਤਰਾਂ ਦੀ ਹਿਲਜੁਲ ਤੇ ਭਾਂਤ ਭਾਂਤ ਬੋਲੀਆਂ ਦੀ ਭਾਂ ਭਾਂ ਵਿਚ ਉਸ ਟੇਸ਼ਨ ਤੇ ਭੀੜ ਬੜੀ ਸੀ ਉਹ ਡੱਬੇ ਦੇ ਦਰਵਾਜ਼ੇ ਵਿਚ ਅੱਖਾਂ ਭਰੀ ਖੜੀ ਸੀ ਸੀਟੀ ਰੋਈ ਹਰੇ ਰੰਗ ਦੀ ਝੰਡੀ ਹੋਈ ਇੰਜਣ ਨੇ ਇਕ ਹੌਕਾ ਭਰਿਆ ਫੂਕਰ ਜਹੀ ਭਾਫ ਦੀ ਛੱਡੀ ਹੁਜਕਾ ਮਾਰ ਕੇ ਤੁਰ ਪਈ ਗੱਡੀ ਹੁਜਕੇ ਨਾਲ ਹੀ ਗੱਡੀ ਕੋਲ ਖੜੇ ਦਾ ਦਿਲ ਫਿਸਿਆ ਸੀ ਕੁਝ ਪਲਾਂ ਲਈ ਹੰਝੂਆਂ ਦੇ ਝਾਉਲੇ ਵਿਚ ਉਸ ਨੂੰ ਗੋਰਾ ਹੱਥ ਹਿਲਦਾ ਦਿਸਿਆ ਸੀ ਪੱਥਰ ਦੇ ਬੁੱਤ ਵਾਂਗ ਖੜਾ ਆਪਣੀ ਥਾਂ ਦੂਰ ਤੱਕ ਉਹੀ ਗੱਡੀ ਨਾਲ ਧਰੀਕ ਹੋ ਗਿਆ ਜਦ ਮੁੜਿਆ ਤਾਂ ਉਸਨੂੰ ਲੱਗਾ ਉਸਦਾ ਕੁੱਝ ਹਿੱਸਾ ਹਾਲੇ ਵੀ ਸਿਗਨਲ ਲੰਘਦੀ ਗੱਡੀ ਨਾਲ ਹੀ ਲਟਕ ਰਿਹਾ ਸੀ ਉਸ ਨੂੰ ਪਿੱਛੋਂ ਕਿੰਨਾਂ ਚਿਰ ਉਹ ਭਰੇ ਸ਼ਹਿਰ ਦੀ ਗਹਿਮਾ ਗਹਿਮੀ ਦੇ ਵਿਚ ਆਪਣੀ ਮਹਿਮਾ ਤੋਂ ਵਿਰਵਾ ਹੋ ਊਣਾ ਊਣਾ ਭਟਕ ਰਿਹਾ ਸੀ ਉਸ ਦੇ ਦਿਲ ਵਿਚ ਅਣਕਹੀਆਂ ਗੱਲਾਂ ਦਾ ਕੰਡਾ ਖਟਕ ਰਿਹਾ ਸੀ ਤੇ ਤਰਕਾਲੀ ਯਾਰਾਂ ਦੀ ਜੁੰਡਲੀ ਵਿਚ ਬਹਿਸ ਕਰਦਿਆਂ ਅੱਖਰ ਉਸਦੇ ਹੋਠਾਂ ਉਤੋਂ ਥਿੜਕ ਥਿੜਕ ਜਾਂਦੇ ਸੀ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਸੋਹਣ ਸਿੰਘ ਮੀਸ਼ਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ