Dariya-e-Maarfat : Fard Faqir
ਦਰਿਆ-ਏ-ਮਾਰਫ਼ਤ : ਫ਼ਰਦ ਫ਼ਕੀਰ
ਮਨ-ਸਮਝੌਤੀ (ਦਰਿਆ-ਏ-ਮਾਰਫ਼ਤ)
ਯਾ ਜਾਮਾ ਉਸ ਦਾ ਨਾਮ ਹੈ, ਸਾਨੂੰ ਨਾਲ ਉਸੇ ਦੇ ਕਾਮ ਹੈ;
ਸਾਡਾ ਜ਼ਾਮਨ ਨਬੀ ਰਸੂਲ ਹੈ, ਜੋ ਅਲਾਹ ਦਾ ਮਕਬੂਲ ਹੈ;
ਜੋ ਫ਼ਰਦਾ ਸਾਫ਼ੀ ਅਸਾਂ ਦਾ, ਮੈਂ ਗੋਲੀ ਉਸ ਸਰਦਾਰ ਦੀ ।
ਤੈਨੂੰ ਫ਼ਰਦ ਫ਼ਕੀਰਾ ਕਹਿ ਰਹੀ, ਨਿਤ ਕਹਿ ਕਹਿ ਹਟ ਕੇ ਬਹਿ ਰਹੀ;
ਕਰ ਤੋਬਾ ਇਸ਼ਕ ਮਜਾਜ਼ ਥੀਂ, ਪੜ੍ਹ ਸਬਕ ਹੱਕਾਨੀ ਰਾਜ਼ ਥੀਂ;
ਤੂੰ ਬਾਜ਼ ਨਾ ਆਵੇਂ ਗ਼ਾਫ਼ਲਾ ! ਮੈਂ ਥੱਕੀ ਰੋਜ਼ ਪੁਕਾਰਦੀ ।
ਹੁਣ ਰਾਹ ਸ਼ਰਈਅਤ ਚਲ ਤੂੰ, ਕਰ ਸੈਰ ਤਰੀਕਤ ਵਲ ਨੂੰ;
ਕੋਈ ਸਮਝ ਹਕੀਕਤ ਗੱਲ ਤੂੰ, ਫਿਰ ਮਾਅਰਫ਼ਤੋਂ ਲੈ ਫਲ ਤੂੰ;
ਕੀ ਕਰਨਾ ਏਂ ਗੱਲਾਂ ਕੱਚੀਆਂ, ਤੈਨੂੰ ਮੌਤ ਨਾ ਪਲਕ ਵਿਸਾਰਦੀ ।
ਇਸ ਇਸ਼ਕੈ ਬਹੁਤ ਸਤਾਇਆ, ਸਾਨੂੰ ਕੁਝ ਸਿਰ ਪੈਰ ਨਾ ਆਇਆ;
ਜੋ ਚਾਹੇ ਰੱਬ ਕਰਾਉਂਦਾ, ਸਾਨੂੰ ਅੰਤ ਨਾ ਕੋਈ ਆਉਂਦਾ;
ਉਹ ਦਿਲਬਰ ਸੱਚਾ ਕੌਲ ਦਾ, ਮੈਂ ਝੂਠੀ ਲਾਫ਼ਾਂ ਮਾਰਦੀ ।
ਰਹੋ ਫ਼ਰਦ ਫ਼ਕੀਰ ਅਫ਼ਰਦ ਹੋ, ਉਸ ਰਾਹ ਸੁਹਣੇ ਦੀ ਗਰਦ ਹੋ;
ਕਹੋ ਕਲਮਾ ਨਬੀ ਕਰੀਮ ਦਾ, ਉਹ ਆਲੀਸ਼ਾਨ ਅਜ਼ੀਮ ਦਾ;
ਜਿਸ ਉੱਮਤ ਨੂੰ ਬਖਸ਼ਾਉਣਾ, ਕਰ ਅਰਜ਼ ਜਨਾਬ ਗ਼ੁਫ਼ਾਰ ਦੀ ।
('ਦਰਿਆ-ਏ-ਮਾਰਫ਼ਤ' ਵਿੱਚੋਂ)