ਦਰਦਾਂ ਦੇ ਦਰਿਆ ਉੱਪਰ ਮੁਹੱਬਤ ਦਾ ਪੁਲ਼ਃ ਨਾਸਿਰ ਢਿੱਲੋਂ - ਗੁਰਭਜਨ ਗਿੱਲ

ਉੱਨੀਵੀਂ ਸਦੀ ਦੇ ਅੰਤਲੇ ਪਹਿਰ ਜਦ ਵਰਤਮਾਨ ਪਾਕਿਸਤਾਨ ਦੇ ਜੰਗਲ ਬੇਲਿਆ ਨੂੰ ਪੁੱਟ ਕੇ ਬਾਰਾਂ ਆਬਾਦ ਹੋਈਆਂ ਤਾਂ ਉਨ੍ਹਾਂ ਵਿੱਚ ਪੰਜਵੜ(ਤਰਨਤਾਰਨ) ਤੋਂ ਵੀ ਕੁਝ ਜੱਟਾਂ ਦੇ ਟੱਬਰ ਲਾਇਲਪੁਰ ਜਾ ਵੱਸੇ। ਪੰਜਾਬੀ ਲਹਿਰ ਯੂ ਟਿਊਬ ਚੈਨਲ ਦਾ ਸੰਚਾਲਕ ਨਾਸਿਰ ਢਿੱਲੋਂ ਉਸੇ ਬਾਗ-ਪਰਿਵਾਰ ਵਿੱਚੋਂ ਹੀ ਇੱਕ ਬੂਟਾ ਹੈ।

1947 ਦੇ ਉਜਾੜਿਆਂ ਵੇਲੇ ਬਾਕੀ ਟੱਬਰ ਵੀ ਲਾਇਲਪੁਰ(ਹੁਣ ਫੈਸਲਾਬਾਦ ) ਜਾ ਵੱਸਿਆ। ਉਨ੍ਹਾਂ ਦਾ ਸਰੀਰ ਤਾਂ ਉਥੇ ਜਾ ਕੇ ਵੱਸ ਗਿਆ ਪਰ ਮਨ ਪਰਦੇਸੀ ਹੀ ਰਿਹਾ। ਨਾਸਿਰ ਦੇ ਵਡਿੱਕੇ ਪੰਜਵੜ ਦੀ ਮਿੱਟੀ ਤੇ ਫ਼ਸਲਾਂ ਚੇਤੇ ਕਰ ਕਰ ਕੇ ਰਹਿੰਦੀ ਹਯਾਤੀ ਤਰਨਤਾਰਨ ਵੱਲ ਮੂੰਹ ਕਰਕੇ ਹੌਕੇ ਭਰਦੇ ਰਹੇ। ਨਾਸਿਰ ਦੇ ਬਾਪ ਬਸ਼ੀਰ ਅਹਿਮਦ ਲੰਬੜਦਾਰ ਤੇ ਅੰਮੀ ਰਸ਼ੀਦਾਂ ਬੀਬੀ ਨੇ ਬੜੇ ਯਤਨ ਕੀਤੇ ਪਰ ਕਦੇ ਵੀ ਉਹ ਪਲ ਨਾ ਆਏ ਜਦ ਪੰਜਵੜੋਂ ਨਿੱਖੜੇ ਇਹ ਜੀਅ ਮੁੜ ਆਪਣੀ ਜੰਮਣ ਭੋਇੰ ਨੂੰ ਵੇਖ ਸਕਦੇ। ਤਰਨਤਾਰਨ ਸਥਿਤ ਪੀਰ ਮੁਕਾਮ ਸ਼ਾਹ ਦੀ ਦਰਗਾਹ ਤੇ ਸਿਰ ਨਿਵਾਉਣ ਦੀ ਰੀਝ ਲੈ ਕੇ ਹੀ ਅੱਬਾ ਬਸ਼ੀਰ ਅਹਿਮਦ ਅੱਲ੍ਹਾ ਨੂੰ ਪਿਆਰਾ ਹੋ ਗਿਆ।

ਸੰਨ ਸੰਤਾਲੀ ਦੇ ਦਿੱਤੇ ਹੰਝੂਆਂ ਦਾ ਦਰਦਨਾਮਾ ਹੁਣ ਵਰਤਮਾਨ ਤੀਕ ਫ਼ੈਲ ਗਿਆ ਹੈ।

ਮੇਰੇ ਵੱਡੇ ਵਡੇਰੇ ਵੀ ਨਿੱਦੋ ਕੇ(ਨਾਰੋਵਾਲ) ਸਿਆਲਕੋਟ ਤੋਂ ਉੱਜੜ ਕੇ ਏਧਰ ਆਏ ਸਨ। ਸਾਡੀ ਪੀੜਾਂ ਦੀ ਰਿਸ਼ਤੇਦਾਰੀ ਹੈ ਉਸ ਧਰਤੀ ਨਾਲ।

ਟਾਹਣੀਉਂ ਟੁੱਟ ਮੁਰਝਾ ਕੇ ਅਸੀਂ ਵੀ ਤਾਂ ਬਦਰੰਗ ਹੀ ਹੋ ਗਏ ਹਾਂ ਸੰਤਾਲੀ ਮਗਰੋਂ ਵਿੱਛੜ ਕੇ।

ਮੇਰੀ ਮਾਂ ਸਰਦਾਰਨੀ ਤੇਜ ਕੌਰ ਜਦ ਕਦੇ ਵੀ ਸੰਨ ਸੰਤਾਲੀ ਨੂੰ ਚੇਤੇ ਕਰਦੀ ਤਾਂ ਕੰਬ ਉੱਠਦੀ। ਮਰਦੇ ਦਮ ਤੀਕ ਮੈਂ ਉਸਦੇ ਮੂੰਹੋਂ ਆਜ਼ਾਦੀ ਸ਼ਬਦ ਨਹੀਂ ਸੀ ਸੁਣਿਆ। ਉਹ ਇਸ ਸਾਲ ਨੂੰ ਚੇਤੇ ਕਰਦਿਆਂ ਅਕਸਰ ਆਖਦੀ, ਜਦੋਂ ਭਾਜੜਾਂ ਪਈਆਂ ਸਨ। ਇਹ ਗੱਲ ਰੌਲਿਆਂ ਵੇਲੇ ਦੀ ਹੈ। ਹੱਲੇ ਗੁੱਲਿਆਂ ਵੇਲੇ ਦੀ ਜਦ ਬੰਦਾ ਬੰਦੇ ਨੂੰ ਖਾਣ ਤੀਕ ਜਾਂਦਾ ਸੀ।

ਉੱਜੜਨ ਮਗਰੋਂ ਏਧਰ ਪਿੰਡ ਬਸੰਤਕੋਟ (ਗੁਰਦਾਸਪੁਰ) 'ਚ ਵੱਸਣ ਦੇ ਬਾਦ ਵੀ ਸਾਡੀ ਪੱਤੀ ਦਾ ਨਾਮ ਪਨਾਹੀਆਂ ਦੀ ਪੱਤੀ ਹੈ।

ਇੱਕ ਵਾਰ ਕੋਈ ਸਥਾਨਕ ਵਾਸਣ ਮੇਰੀ ਮਾਂ ਨਾਲ ਲੜਦਿਆਂ ਮਿਹਣੇ ਮਾਰਨ ਲੱਗੀ ਬੋਲੀ, ਬਹੁਤੀ ਆਕੜ ਆਕੜ ਕੇ ਗੱਲ ਨਾ ਕਰ। ਹੋ ਤਾਂ ਓਹੀ ਓ ਨਾ ਜਿਹੜੇ ਮੁਸਲਮਾਨਾਂ ਨਾਲ ਵਟਾਏ ਹੋਏ। ਮੈਂ ਨਿੱਕਾ ਜਿਹਾ ਸਾਂ ਉਦੋਂ। ਇਸ ਬੋਲ ਦੀ ਰੜਕ ਅਜੇ ਵੀ ਮੇਰੇ ਸੀਨੇ ਵਿੱਚ ਸੁਲਗਦੀ ਹੈ।

ਇਸੇ ਕਤਲੋਗਾਰਤ ਦੇ ਮੌਸਮ ਨੂੰ ਹੀ ਤਾਂ ਕਹਾਣੀਕਾਰ ਮਹਿੰਦਰ ਸਿੰਘ ਸਰਨਾ ਜੀ ਨੇ ਛਵ੍ਹੀਆਂ ਦੀ ਰੁੱਤ ਕਿਹਾ ਸੀ।

ਪਾਕਿਸਤਾਨ ਦੇ ਸਰੋਦੀ ਕਵੀ ਅਹਿਮਦ ਰਾਹੀ ਸਾਹਿਬ ਦੇ ਲਿਖੇ ਤੇ ਬਚਪਨ ਵੇਲੇ ਤੋਂ ਅਮਰਜੀਤ ਗੁਰਦਾਸਪੁਰੀ ਦੇ ਗਾਏ ਬੋਲ ਮੱਥੇ ਵਿੱਚ ਜਾਗਦੇ ਨੇ ਅੱਜ ਵੀ ਸੰਤਾਲੀ ਚੇਤੇ ਕੀਤਿਆਂ।

ਮੇਰੀ ਚੁੰਨੀ ਲੀਰਾਂ ਕਤੀਰਾਂ ਵੇ ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ।
ਬੁਝੀਆਂ ਖਿੱਤੀਆਂ ਡੁੱਬ ਗਏ ਤਾਰੇ
ਰਾਤ ਹਨੇਰੀ ਖਿੱਲੀਆਂ ਮਾਰੇ
ਸਹਿਕ ਰਹੀਆਂ ਤਕਦੀਰਾਂ, ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ

ਭੈਣ ਕਿਸੇ ਦੀ ਪਈ ਕੁਰਲਾਵੇ
ਖੁੰਝਿਆ ਵੇਲਾ ਹੱਥ ਨਾ ਆਵੇ
ਕਰ ਲਉ ਕੁਝ ਤਦਬੀਰਾਂ,
ਵੇ ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ।

1947 ਵਿੱਚ ਆਮ ਸ਼ਹਿਰੀ ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਵੱਡੀਆਂ ਕੁਰਬਾਨੀਆਂ ਤੇ ਅੰਤਰ ਰਾਸ਼ਟਰੀ ਸੰਕਟ ਕਾਰਨ ਫਰੰਗੀ ਸਾਡਾ ਦੇਸ਼ ਛੱਡ ਜਾਵੇਗਾ, ਪਰ ਛੱਡਣ ਲੱਗਿਆਂ ਕਤਲੋਗਾਰਤ ਵਿੱਚ ਦਸ ਲੱਖ ਪੰਜਾਬੀਆਂ ਦੀ ਜਾਨ ਲੈ ਜਾਵੇਗਾ, ਇਹ ਖ਼ੂਬ ਖ਼ਿਆਲ ਵਿੱਚ ਵੀ ਨਹੀਂ ਸੀ ਕਿ ਬੰਦੇ ਖਾਣੀ ਰੁੱਤ ਸਾਨੂੰ ਏਨਾ ਹੈਂਸਿਆਰਾ ਤੇ ਜ਼ਾਲਮ ਬਣਾ ਦੇਵੇਗੀ, ਕਦੇ ਨਹੀਂ ਸੀ ਸੋਚਿਆ। ਇਸੇ ਗੱਲ ਨੂੰ ਹੀ ਪ੍ਰੋ ਮੋਹਨ ਸਿੰਘ ਨੇ ਆਪਣੀ ਵਿਸ਼ਵ ਪ੍ਰਸਿੱਧ ਨਜ਼ਮ-

ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ।
ਉਹ ਝੁਲੀਆਂ ਤੋਰੇ ਦੇਸ਼ ਤੇ ਮਾਰੂ ਹਨੇਰੀਆਂ,
ਉੱਡ ਕੇ ਅਸਾਡਾ ਆਹਲਣਾ ਕੱਖ ਕਾਨ ਹੋ ਗਿਆ।
ਮੁੜ ਗਾਉਣੇ ਪਏ ਨੇ ਮੈਨੂੰ ਸੋਹਿਲੇ ਖ਼ੂਨ ਦੇ,
ਪਾ ਪਾ ਕੇ ਕੁੰਗੂ ਰੱਤ ਦਾ ਰਤਲਾਣ ਹੋ ਗਿਆ।
ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈ:
ਆਇਆ ਨਾ ਤੈਂ ਕੀ ਦਰਦ ਐਨਾ ਘਾਣ ਹੋ ਗਿਆ।

ਮੈਨੂੰ ਲੱਗਦੈ ਕਿ ਕਿਤੇ ਨਾ ਕਿਤੇ ਇਹ ਵੈਣ ਪੌਣਾਂ ਚ ਘੁਲ਼ ਗਏ ਸੀ ਜੋ ਨਾਸਿਰ ਢਿੱਲੋਂ ਤੇ ਪੁਪਿੰਦਰ ਸਿੰਘ ਲਵਲੀ ਦੇ ਅੰਦਰ ਰਮ ਗਏ ਹੋਣਗੇ। ਉਹੀ ਦਰਦ ਸੁੱਤਾ ਜਾਗਿਆ ਹੈ।

ਮੇਰੇ ਅਮਰੀਕਾ ਵੱਸਦੇ ਮਿੱਤਰ ਚਰਨਜੀਤ ਸਿੰਘ ਪੰਨੂ ਦਾ ਜੱਦੀ ਪਿੰਡ ਸਖੀਰਾ(ਤਰਨਤਾਰਨ) ਹੈ। ਉਸ ਦੇ ਵੱਡੇ ਵਡੇਰੇ ਵੀ ਬਾਰਾਂ ਆਬਾਦ ਹੋਣ ਵੇਲੇ ਚੱਕ ਨੰਬਰ 46 ਜੀ ਬੀ ਸਖੀਰਾ(ਲਾਇਲਪੁਰ)ਜਾ ਵੱਸੇ ਸੀ। ਪੰਨੂ ਸਾਹਿਬ ਦੇ ਬਾਪ ਸ. ਅਨੋਖ ਸਿੰਘ ਦੀ ਸ਼ਾਦੀ ਮਾਤਾ ਦਲੀਪ ਕੌਰ ਨਾਲ ਦੇਸ਼ ਵੰਡ ਤੋਂ ਪਹਿਲਾਂ ਹੋ ਚੁਕੀ ਸੀ। ਵੰਡ ਵੇਲੇ ਮਾਤਾ ਦਲੀਪ ਕੌਰ 26 ਸਾਲ ਦੀ ਸੀ। ਉਹ ਆਪਣੇ ਪੋਤਰੇ ਡਾ. ਦਲਬੀਰ ਸਿੰਘ ਪੰਨੂੰ (ਕੈਲੇਫੋਰਨੀਆ) ਅਮਰੀਕਾ ਨੂੰ ਮੁੜ ਮੁੜ ਬਾਰ ਯਾਦ ਕਰਵਾਉਂਦੀ ਤੇ ਉਥੇ ਜਾਣ ਦੀ ਤਾਂਘ ਬਾਰੇ ਦੱਸਦੀ।

ਦਲਬੀਰ ਨੇ ਫੇਸ ਬੁੱਕ ਪੇਜ਼ ਬਣਾ ਕੇ ਪਾਕਿਸਤਾਨ ਵਿਚਲੇ ਮਿੱਤਰਾਂ ਨੂੰ ਘਰ ਦੇ ਚੌਗਿਰਦੇ ਦਾ ਨਕਸ਼ਾ ਵਾਹ ਕੇ ਬੇਨਤੀ ਕੀਤੀ ਕਿ ਮੇਰੇ ਦਾਦਕਿਆਂ ਦਾ ਘਰ ਲੱਭ ਦਿਉ।

ਇਹ ਕੰਮ ਨਾਸਿਰ ਢਿੱਲੋਂ ਤੇ ਪੁਪਿੰਦਰ ਸਿੰਘ ਲਵਲੀ ਨੇ ਕਰ ਦਿੱਤਾ। ਉਹ ਦੋਵੇਂ ਲਾਇਲਪੁਰ ਵਿੱਚ ਪ੍ਰਾਪਰਟੀ ਵਿਕਾਸ ਤੇ ਖ਼ਰੀਦ ਵੇਚ ਦਾ ਕੰਮ ਕਰਦੇ ਹੋਣ ਕਰਕੇ ਇਹ ਕੰਮ ਨੇਪਰੇ ਚਾੜ੍ਹ ਸਕੇ।

2016 ਵਿੱਚ ਡਾ. ਦਲਬੀਰ ਸਿੰਘ ਪੰਨੂੰ ਦਾਦੀ ਮਾਂ ਦਲੀਪ ਕੌਰ ਨੂੰ ਲੈ ਕੇ ਲਾਇਲਪੁਰ ਪਹੁੰਚ ਗਿਆ। ਦਾਦੀ ਬਾਗੋ ਬਾਗ ਹੋ ਗਈ। ਪੋਤਰੇ ਨੂੰ ਦੱਸਣ ਲੱਗੀ , ਦਲਬੀਰ, ਇਸ ਕਮਰੇ ਵਿੱਚ ਮੇਰਾ ਡੋਲਾ ਉੱਤਰਿਆ ਸੀ ਬੱਚਿਆ। ਇਹ ਦੱਸਦਿਆਂ ਬੇਬੇ ਜੀ ਦੀਆਂ ਅੱਖਾਂ ਸਿੱਲ੍ਹੀਆਂ ਸਨ। ਨਾਸਿਰ ਢਿੱਲੋਂ ਤੇ ਪੁਪਿੰਦਰ ਸਿੰਘ ਲਵਲੀ ਰੀਕਾਰਡ ਕਰੀ ਜਾ ਰਹੇ ਸਨ। ਇਹ ਪਹਿਲੀ ਸਟੋਰੀ ਸੀ ਜਿਸ ਨਾਲ ਪੰਜਾਬੀ ਲਹਿਰ ਚੈਨਲ ਦਾ ਮੁੱਢ ਬੱਝਾ। ਇਨ੍ਹਾਂ ਨੂੰ ਲੱਗਿਆ ਕਿ ਇਹ ਕੰਮ ਕਰਨ ਵਾਲਾ ਹੈ। ਦੋਹਾਂ ਨੇ ਪ੍ਰਣ ਕਰ ਲਿਆ ਕਿ ਕਮਾਈ ਵਿੱਚੋਂ ਦਸਵੰਧ ਤੇ ਵਕਤ ਵਿੱਚੋਂ ਹਫਤੇ ਵਿੱਚੋਂ ਦੋ ਦਿਨ ਇਸ ਸ਼ੁਭ ਕਾਰਜ ਤੇ ਖ਼ਰਚਣੇ ਹਨ। ਫਿਰ ਚੱਲ ਸੋ ਚੱਲ। ਹੁਣ ਤੀਕ ਇਹ ਚੈਨਲ ਵਿੱਛੜੇ ਜੀਆ ਦੀਆਂ 1500 ਮੁਲਾਕਾਤਾਂ ਰੀਕਾਰਡ ਕਰ ਚੁਕਾ ਹੈ। 200 ਤੋਂ ਵੱਧ ਵਿੱਛੜੇ ਪਰਿਵਾਰਾਂ ਦਾ ਆਪਸੀ ਰਾਬਤਾ ਕਰਵਾ ਚੁਕਿਆ ਹੈ। ਨਾਸਿਰ ਢਿੱਲੋਂ ਦਾ ਮੰਨਣਾ ਹੈ ਕਿ ਦਰਬਾਰ ਸਾਹਿਬ ਕਰਤਾਰਪੁਰ(ਨਾਰੋਵਾਲ) ਦਾ ਲਾਂਘਾ ਖੁੱਲ੍ਹਣ ਨਾਲ ਪੂਰੇ ਦੱਖਣੀ ਏਸ਼ੀਆ ਦੀਆਂ ਅੱਖਾਂ ਖੁੱਲ੍ਹੀਆਂ ਹਨ। ਪਿਆਰ ਤੇ ਭਰੱਪਣ ਦੀ ਬੋਲੀ ਬੋਲਣੀ ਆ ਰਹੀ ਹੈ। ਅੱਥਰੂਆਂ ਦੇ ਨਿਰਮਲ ਜਲ ਵਿੱਚ ਮੈਲ਼ ਧੁਪ ਰਹੀ ਹੈ। ਰੂਹਾਂ ਮਿਲਾਪ ਨਾਲ ਸਰਸ਼ਾਰ ਹੋ ਰਹੀਆਂ ਹਨ।

ਦਰਦਾਂ ਦੇ ਦਰਿਆ ਵਿੱਚ ਤਰਦਿਆਂ

ਅੰਮ੍ਰਿਤਾ ਪ੍ਰੀਤਮ ਦੀ ਜਗਤ ਪ੍ਰਸਿੱਧ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਵਿਚਲਾ ਦਰਦ ਅੱਜ ਵੀ ਨਾਸਿਰ ਢਿੱਲੋਂ ਦੀਆਂ ਅੱਖਾਂ ਸਿੱਲ੍ਹੀਆਂ ਕਰ ਦੇਂਦਾ ਹੈ। ਹੀਰ ਦੇ ਹਵਾਲੇ ਨਾਲ ਲੱਖਾਂ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਦਾ ਦਰਦ ਪੇਸ਼ ਕਰਦਿਆਂ ਉਹ ਕਬਰ ਨੂੰ ਆਵਾਜ਼ਾਂ ਮਾਰਦਿਆਂ ਕਹਿੰਦੀ ਹੈ ਕਿ-

ਉੱਠ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ।
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।

ਇਹ ਰੁਦਨ ਇਕੱਲਾ ਧੀਆਂ ਦਾ ਨਹੀਂ ਸਗੋਂ ਸਮੁੱਚੀ ਧਰਤੀ ਦੇ ਕੀਰਨੇ ਹਨ। ਅੰਮ੍ਰਿਤਾ ਪ੍ਰੀਤਮ ਦੀ ਇਸ ਨਜ਼ਮ ਨੂੰ ਉਜਾੜਿਆਂ ਵੇਲੇ ਦਾ ਦਰਦੀਲਾ ਹਲਫ਼ਨਾਮਾ ਕਹਿ ਲਈਏ ਤਾਂ ਕੋਈ ਅਤਿ ਕਥਨੀ ਨਹੀਂ।

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ

ਉੱਠ ਦਰਦਮੰਦਾਂ ਦਿਆ ਦਰਦੀਆ ਉਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ
ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ

ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ |
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ।
ਅੱਜ ਆਖਾਂ ਵਾਰਸ ਸ਼ਾਹ ਨੂੰ ਤੂੰਹੇਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !

ਪੰਜਾਬੀ ਕਵੀ ਡਾ. ਹਰਿਭਜਨ ਸਿੰਘ ਨੇ ਵੀ ਦੇਸ਼ ਦੇ ਵੰਡਾਰੇ ਨੂੰ ਪੀੜ ਪਰੁੱਚੇ ਸ਼ਬਦਾਂ ਵਿੱਚ ਬਿਆਨਿਆ ਹੈ। ਉਸ ਦਾ ਆਪਣਾ ਸਰੋਦੀ ਅੰਦਾਜ਼ ਹੈ, ਅਸਲੋਂ ਨਿਵੇਕਲਾ।

ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ ਨੂੰ ਮੈਂ ਆਪਣੀ ਨਜ਼ਰ ਵਿੱਚ ਬਹੁਤ ਉਚੇਰੀ ਥਾਂ ਤੇ ਰੱਖਦਾ ਹਾਂ। ਇਸ ਵਿੱਚ ਅੰਮ੍ਰਿਤਾ ਪ੍ਰੀਤਮ ਵਾਂਗ ਕਤਲੇਆਮ ਦਾ ਸਾਫ਼ ਸਪਸ਼ਟ ਜ਼ਿਕਰ ਨਹੀਂ ਪਰ ਪ੍ਰਭਾਵ ਚਿਤਰ ਪੂਰਾ ਦ੍ਰਿਸ਼ ਉਸਾਰਦੇ ਹਨ।

ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ।
ਵੇ ਕਾਲਖਾਂ 'ਚ ਤਾਰਿਆਂ ਦੀ ਡੁੱਬ ਗਈ ਸਵੇਰ।

ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ
ਵੇ ਖਿੰਡ ਗਈਆਂ ਮਹਿਫ਼ਲਾਂ ਤੇ ਛਾ ਗਈ ਉਜਾੜ।
ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ।
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ।

ਹੁਸ਼ਿਆਰਪੁਰ ਦੇ ਪਿੰਡ ਬੈਰਮਪੁਰ ਤੋਂ ਉੱਜੜ ਕੇ ਲਾਇਲਪੁਰ ਵੱਸੇ ਟੱਬਰ ਦੀ 1973 ਵਿੱਚ ਜੰਮੀ ਧੀ ਸ਼ਫ਼ੀਆ ਹਯਾਤ ਦੱਸਦੀ ਹੈ ਕਿ ਉਸ ਦੇ ਮਾਪਿਆਂ ਨੇ ਹਮੇਸ਼ਾਂ ਅੰਬਾਂ ਦੀ ਰੁੱਤੇ ਟੋਕਰੇ ਭਰ ਭਰ ਅੰਬ ਚੂਪਦਿਆਂ ਆਪਣਾ ਹੁਸ਼ਿਆਰਪੁਰ ਨਾ ਵਿੱਸਰਨ ਦਿੱਤਾ। ਉਨ੍ਹਾਂ ਦਾ ਸਰੀਰ ਭਾਵੇਂ ਲਾਇਲਪੁਰ 'ਚ ਵੱਸਦਾ ਸੀ ਪਰ ਰੂਹ ਸੱਜਣਾਂ ਦੇ ਡੇਰੇ ਭਾਵ ਹੁਸ਼ਿਆਰਪੁਰ ਰਹਿੰਦੀ ਸੀ। ਬਿਲਕੁਲ ਮੇਰੇ ਮਾਂ ਬਾਪ ਵਾਂਗ। ਮੇਰੇ ਬਾਪੂ ਜੀ ਸ: ਹਰਨਾਮ ਸਿੰਘ ਵੀ ਮਰਦੇ ਦਮ ਤੀਕ ਨਿੱਦੋ ਕੇ (ਨਾਰੋਵਾਲ) ਪਾਕਿਸਤਾਨ ਤੋਂ ਮੁਕਤ ਨਾ ਹੋ ਸਕੇ। ਰੋਮ ਰੋਮ ਵਿੱਚ ਉਹ ਜੂਹਾਂ ਤੇ ਪੈਲ਼ੀ ਬੰਨਾ ਜਿਉਂਦਾ ਜਾਗਦਾ ਰਿਹਾ।

ਨਾਸਿਰ ਢਿੱਲੋਂ ਨੂੰ ਸਭ ਤੋਂ ਵੱਧ ਲੋਕਾਂ ਉਦੋਂ ਜਾਣਿਆਂ ਤੇ ਪਿਆਰਿਆ ਜਦ ਉਸ ਨੇ ਬਚਪਨ ਵੇਲੇ ਹੋਈ ਦੇਸ਼ ਵੰਡ ਦੇ ਨਿਖੇੜੇ ਦੋ ਭਰਾਵਾਂ ਸਾਦਿਕ ਤੇ ਸੀਕਾ ਖ਼ਾਨ ਨੂੰ ਮਿਲਾਇਆ। ਪਹਿਲਾਂ ਕਰਤਾਰਪੁਰ ਸਾਹਿਬ ਵਿੱਚ ਤੇ ਮਗਰੋਂ ਸੀਕਾ ਖ਼ਾਨ ਨੂੰ ਪਾਕਿਸਤਾਨ ਦਾ ਵੀਜ਼ਾ ਦੁਆ ਕੇ ਲਾਇਲਪੁਰ ਵਿੱਚ। ਦੋਵੇਂ ਭਰਾ ਪਿਛਲੀ ਉਮਰੇ ਮਹੀਨਾ ਭਰ ਇਕੱਠੇ ਰਹੇ। ਦੋਹਾਂ ਵੀਰਾਂ ਦੀਆਂ ਆਂਦਰਾਂ ਨੂੰ ਠੰਢ ਪੁਆਉਣ ਤੋਂ ਵੱਡਾ ਸਵਾਬ ਕੀ ਹੋ ਸਕਦੈ ਭਲਾ!

ਨਾਸਿਰ ਦੱਸਦਾ ਹੈ ਕਿ ਆਪਣੇ ਬਾਪ ਦੀ ਪੰਜਵੜ ਪਰਤ ਵੇਖਣ ਦੀ ਇੱਛਾ ਤਾਂ ਉਹ ਪੂਰੀ ਨਹੀਂ ਕਰ ਸਕਿਆ ਪਰ ਹੁਣ ਹਰ ਬਾਪ ਦੀਆਂ ਅੱਖਾਂ ਵਿੱਚੋਂ ਆਪਣਾ ਬਾਬਲ ਬਸ਼ੀਰ ਅਹਿਮਦ ਪਛਾਨਣਾ ਸਿੱਖ ਗਿਆ ਹੈ। ਮਾਵਾਂ ਵਿੱਚੋਂ ਆਪਣੀ ਮਾਂ ਲੱਭਦਿਆਂ ਉਸ ਨੂੰ ਇਹ ਕੰਮ ਹੋਰ ਵੀ ਪੁੰਨ -ਅਰਥ ਲੱਗਦਾ ਹੈ। ਨਾਸਿਰ ਬਾਪ ਦੇ ਜਿਉਂਦਿਆਂ ਪੁਲੀਸ ਚ ਚੰਗੀ ਨੌਕਰੀ ਤੇ ਲੱਗ ਗਿਆ ਸੀ। ਕੁਝ ਸਮਾਂ ਉਹ ਡਿਉਟੀ ਤੇ ਵੀ ਰਿਹਾ ਪਰ ਸਿਰੋਂ ਬਾਬਲ ਦੀ ਛਾਂ ਮੁੱਕਣ ਮਗਰੋਂ ਉਸ ਠਾਣ ਲਿਆ ਕਿ ਨੌਕਰੀ ਦੀ ਪੰਜਾਲੀ ਤੋੜ ਦੇਣੀ ਹੈ। ਆਪਣਾ ਜ਼ਮੀਨ -ਭਾਂਡਾ ਤੇ ਡੰਗਰ -ਵੱਛਾ ਸਾਂਭ ਕੇ ਵੀ ਤਾਂ ਚੰਗੀ ਸੁਥਰੀ ਰੋਟੀ ਲੱਭ ਜਾਵੇਗੀ। ਉਸ ਇਉਂ ਹੀ ਕੀਤਾ। ਨੌਕਰੀ ਛੱਡ ਖੇਤੀ ਦੇ ਨਾਲ ਨਾਲ ਰੀਅਲ ਅਸਟੇਟ ਦਾ ਕੰਮ ਤੋਰ ਲਿਆ। ਨਨਕਾਣਾ ਸਾਹਿਬ ਵਾਲਾ ਹਿੰਮਤੀ ਨੌਜਵਾਨ ਪੁਪਿੰਦਰ ਸਿੰਘ ਲਵਲੀ ਨਾਲ ਰਲ਼ ਗਿਆ। ਦੋਹਾਂ ਨੇ ਪਹਿਲਾਂ ਸੋਹਣੀ ਕਮਾਈ ਕੀਤੀ ਤੇ ਮਗਰੋਂ ਸਾਂਝਾ ਯੂ ਟਿਉਬ ਚੈਨਲ ਪੰਜਾਬੀ ਲਹਿਰ ਵੀ ਸ਼ੁਰੂ ਕਰ ਲਿਆ।

ਇਸ ਕੰਮ ਲਈ ਡਾ. ਦਲਬੀਰ ਸਿੰਘ ਪੰਨੂ (ਕੈਲੇਫੋਰਨੀਆ) ਵੱਲੋ ਮਿਲੀ ਪ੍ਰੇਰਨਾ ਤੇ ਹਲਾਸ਼ੇਰੀ ਨੂੰ ਉਹ ਕਦੇ ਨਹੀ ਵਿਸਾਰਦੇ। ਦਮ ਦਮ ਯਾਦ ਕਰਦੇ ਹਨ।

ਨਾਸਿਰ ਢਿੱਲੋਂ 4 ਫਰਵਰੀ 1984 ਨੂੰ ਜਨਮਿਆ ਤੇ ਪੁਪਿੰਦਰ ਸਿੰਘ ਲਵਲੀ ਪੂਰੇ ਦਸ ਸਾਲ ਮਗਰੋਂ। ਕੱਦ ਬੁੱਤ ਵੱਲੋਂ ਤੇ ਸਨੇਹ ਵੱਲੋਂ ਦੋਵੇਂ ਨਿੱਕਾ ਵੱਡਾ ਵੀਰ ਲੱਗਦੇ ਹਨ।

ਦੋਵੇਂ ਮੈਨੂੰ ਪਹਿਲੀ ਵਾਰ ਕਰਤਾਰਪੁਰ ਸਾਹਿਬ ਮਿਲਣ ਆਏ ਸਨ ਚਾਰ ਕੁ ਸਾਲ ਪਹਿਲਾਂ। ਮੈਂ ਸ਼ਾਇਰ ਮਿੱਤਰ ਮਨਜਿੰਦਰ ਧਨੋਆ,ਆਪਣੀ ਜੀਵਨ ਸਾਥਣ ਜਸਵਿੰਦਰ ਕੌਰ, ਸ੍ਵ,ਡਾ. ਸੁਲਤਾਨਾ ਬੇਗਮ ਤੇ ਲਾਇਲਪੁਰ ਖਾਲਸਾ ਕਾਲਿਜ ਫਾਰ ਵਿਮੈੱਨ ਜਲੰਧਰ ਦੀ ਪ੍ਰਿੰਸੀਪਲ ਤੇ ਪੰਜਾਬੀ ਕਵਿੱਤਰੀ ਡਾ. ਨਵਜੋਤ ਕੌਰ ਸਮੇਤ ਪਹਿਲੀ ਵਾਰ ਲਾਂਘਾ ਖੁੱਲ੍ਹਣ ਮਗਰੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਸਾਂ। ਸਾਨੂੰ ਮਿਲਣ ਲਈ ਪਾਕਿਸਤਾਨ ਵਾਲੇ ਪਾਸਿਉਂ ਪਿਆਰੇ ਸ਼ਾਇਰ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਅੰਜੁਮ ਸਲੀਮੀ,ਬੁਸ਼ਰਾ ਨਾਜ਼, ਰੁਖ਼ਸਾਨਾ ਭੱਟੀ ਐਡਵੋਕੇਟ, ਸਮੁੰਦਰੀ ਵੱਸਦਾ ਬਾਬਾ ਗੁਲਾਮ ਹੁਸੈਨ ਨਦੀਮ, ਮੁਨੀਰ ਹੋਸ਼ਿਆਰਪੁਰੀਆ ਤੇ ਕੁਝ ਹੋਰ ਸੱਜਣ ਆਏ ਹੋਏ ਸਨ। ਕੁਝ ਤਾਂ ਪਰਿਵਾਰਾਂ ਸਮੇਤ ਮਿਲੇ। ਬੈਠਿਆਂ ਬੈਠਿਆਂ ਸਲਾਹ ਬਣ ਗਈ ਕਿ ਕੁਝ ਸੁਣਿਆ ਸੁਣਾਇਆ ਜਾਵੇ। ਅਫ਼ਜ਼ਲ ਸਾਹਿਰ ਸੰਚਾਲਕ ਬਣ ਗਿਆ। ਮੁਨੀਰ ਨੇ ਇੱਕ ਬੰਦ ਹਾਲ ਕਮਰੇ ਵਿੱਚ ਬਹਿਣ ਦਾ ਪ੍ਰਬੰਧ ਕਰਵਾ ਦਿੱਤਾ। ਪਤਾ ਹੀ ਨਾ ਲੱਗਾ ਕਿ ਕਿਹੜੇ ਵੇਲੇ ਨਾਸਿਰ ਢਿੱਲੋਂ ਤੇ ਲਵਲੀ ਦੇ ਸਾਥੀ ਵੱਕਾਸ ਹੈਦਰ ਨੇ ਇਸ ਨੂੰ ਕਵੀ ਦਰਬਾਰ ਵਾਂਗ ਪੂਰਾ ਰੀਕਾਰਡ ਕਰ ਲਿਆ। ਕਰਤਾਰ ਪੁਰ ਸਾਹਿਬ ਦਾ 1947 ਮਗਰੋਂ ਲਾਂਘਾ ਖੁੱਲ੍ਹਣ ਬਾਅਦ ਇਹ ਪਹਿਲਾ ਕਵੀ ਦਰਬਾਰ ਬਣ ਗਿਆ ਜਿਸ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਗੋਦ ਦਾ ਨਿੱਘ ਪ੍ਰਾਪਤ ਸੀ। ਯੂ ਟਿਊਬ ਤੇ ਇਸ ਕਵੀ ਦਰਬਾਰ ਨੂੰ ਹੁਣ ਤੀਕ ਅਨੇਕਾਂ ਲੋਕ ਵੇਖ ਸੁਣ ਚੁਕੇ ਹਨ। ਇਹ ਨਾਸਿਰ ਢਿੱਲੋਂ ਦੇ ਤੀਸਰੇ ਨੇਤਰ ਦਾ ਪ੍ਰਤਾਪ ਸੀ।

ਉਹ ਮੇਰੀ ਜੀਵਨ ਸਾਥਣ ਨੂੰ ਉਸ ਦਿਨ ਮਗਰੋਂ ਹਮੇਸ਼ਾਂ ਮਾਂ ਜੀ ਕਹਿ ਕੇ ਸੰਬੋਧਨ ਕਰਦੈ ਤੇ ਮੈਨੂੰ ਬਾਪੂ। ਸਾਡੇ ਪੁੱਤਰ ਪੁਨੀਤਪਾਲ ਤੋਂ ਉਹ ਲਗਪਗ ਚਾਰ ਸਾਲ ਨਿੱਕਾ ਹੈ।

ਉਸ ਮਿਲਣੀ ਮਗਰੋਂ ਜਦ ਵੀ ਮੈਂ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦੇ ਡੈਲੀਗੇਟ ਵਜੋਂ ਲਾਹੌਰ ਗਿਆ ਹਾਂ ਉਹ ਸਾਰੇ ਕੰਮ ਛੱਡ ਕੇ ਮਿਲਣ ਆਉਂਦਾ ਹੈ। ਹਰ ਵਾਰ ਇਹੀ ਆਖਦੈ, ਕਦੇ ਪੰਜਵੜ ਤਾਂ ਵਿਖਾ ਦਿਉ।

ਪਿਛਲੇ ਦਿਨੀਂ ਕੈਨੇਡਾ ਵੱਸਦੇ ਪ੍ਰਸਿੱਧ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਤਾ ਨੇ 2022ਵਿੱਚ ਕੀਤੀ ਲਾਹੌਰ ਯਾਤਰਾ ਬਾਰੇ ਕਿਤਾਬ “ਹੈਲੋ! ਮੈਂ ਲਾਹੌਰ ਤੋਂ ਬੋਲਦਾਂ” ਲਿਖੀ ਤਾਂ ਉਸ ਵਿੱਚ ਵੀ ਨਾਸਿਰ ਢਿੱਲੋਂ ਦੇ ਸਨੇਹ ਦਾ ਜ਼ਿਕਰ ਸੀ। ਕਿਤਾਬ ਬਾਰੇ ਜਦ ਨਾਸਿਰ ਢਿੱਲੋਂ ਤੋਂ ਉਸ ਟਿਪਣੀ ਮੰਗੀ ਤਾਂ ਉਸ ਕਿਹਾ, ਮੈਨੂੰ ਲਿਖਣਾ ਲੁਖਣਾ ਨਹੀਂ ਆਉਂਦਾ, ਗੱਲਾਂ ਭਾਵੇਂ ਹਜ਼ਾਰ ਕਰਵਾ ਲੈ। ਉਸ ਜਿਹੜੀ ਟਿਪਣੀ ਲਿਖ ਭੇਜੀ ਉਸ ਤੋਂ ਕਈ ਲਿਖਤਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ।

ਉਸ ਲਿਖਿਆ-

ਗੁਰਵਿੰਦਰ ਸਿੰਘ “ਗਿੱਲ ਰੌਂਤਾ” ਦੀ ਪਾਕਿਸਤਾਨ ਫੇਰੀ ਦੇ ਦੌਰਾਨ ਉਹਦਾ ਕੁਝ ਕੁ ਦਿਨਾਂ ਦਾ ਸਾਡਾ ਸਾਥ ਤੇ ਸਫ਼ਰ ਅੱਜ ਵੀ ਉਸੇ ਤਰ੍ਹਾਂ ਅੱਖਾਂ ਦੇ ਮੂਹਰੇ ਆ ਜਾਂਦੈ ਜਦੋਂ ਪਹਿਲੇ ਦਿਨ ਅਸੀ ਗਿੱਲ ਵੀਰ ਨੂੰ ਵਾਘਾ ਬਾਰਡਰ ਤੋਂ ਲੈਕੇ ਆਏ ਸੀ। ਗਿੱਲ ਨੇ ਆਪਣੇ ਯਾਰਾਂ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਆਖੇ ਬਈ”ਮੈਂ ਹੈਲੋ ਮੈਂ ਲਾਹੌਰ ਤੋਂ ਬੋਲਦਾਂ “। ਵੀਰ ਦੇ ਫੋਨ ਕਰਨ ਦੀ ਖ਼ੁਸ਼ੀ ਤੇ ਅੱਖਾਂ ਦੀ ਚਮਕ ਵੇਖਕੇ ਮੈਂ ਬਹੁਤ ਖੁਸ਼ ਹੋਇਆ ਤੇ ਨਾਲ ਦੀ ਨਾਲ ਉਦਾਸ ਵੀ ਹੋ ਗਿਆ। ਕਾਸ਼! ਮੈਂ ਵੀ ਆਪਣੇ ਪਿੰਡ ਪੰਜਵੜ (ਤਰਨਤਾਰਨ)ਜਾਕੇ ਆਪਣੀ ਮਾਂ ਨੂੰ ਫੋਨ ਕਰਕੇ ਕਹਿੰਦਾ “ਮਾਂ ਮੈਂ ਪੰਜਵੜ ਤੋਂ ਬੋਲਦਾਂ” ਤੇ ਆਪਣੀਆਂ ਅੱਖਾਂ ਨਾਲ ਮੈਂ ਅੱਜ ਆਪਣੇ ਬਾਪੂ ਨੂੰ ਪੰਜਵੜ ਵਿਖਾ ਰਿਹਾਂ ਜੋ ਕਿ ਉਹ ਮਰਦੇ ਦਮ ਤੀਕ ਨਹੀਂ ਸੀ ਵੇਖ ਸਕੇ ਤੇ ਇਹੀ ਦਰਦ ਲੈ ਕੇ ਉਹ ਇਸ ਦੁਨੀਆ ਤੋਂ ਤੁਰ ਗਏ ।

ਖ਼ੈਰ! ਮੈਂ ਨਾ-ਉਮੀਦ ਨਹੀ ਹਾਂ ਤੇ ਬਹੁਤ ਜਲਦੀ ਬਾਪੂ ਦੀ ਖਵਾਇਸ਼ ਪੂਰੀ ਕਰਾਂਗਾ । ਚਲੋ ਅੱਗੇ ਵਧਦੇ ਆਂ। ਗਿੱਲ ਵੀਰ ਤੇ ਹਰਿੰਦਰ ਭੁੱਲਰ ਵੀਰ ਨਾਲ ਲੰਘੇ ਉਹ ਖੂਬਸੂਰਤ ਦਿਨ ਸਾਡੇ ਨਾ ਚਾਹੁੰਦੇ ਵੀ ਜਲਦੀ ਮੁੱਕ ਗਏ ਪਰ ਉੱਨਾਂ ਦੀ ਮਹਿਕ ਸਾਲਾਂ ਬੱਧੀ ਸਾਡੀਆਂ ਰੂਹਾਂ ਚੋਂ ਆਉਦੀ ਰਹੇਗੀ । ਦਿਲ ਕਰਦਾ ਸੀ ਸਮਾਂ ਰੁਕ ਜਾਵੇ ਪਰ ਸਮਾਂ ਇਨਸਾਨ ਦੀ ਕਿੱਥੇ ਮੰਨਦਾ ਹੈ।

ਮੈਂ ਗਿੱਲ ਰੌਂਤਾ ਦਾ ਧੰਨਵਾਦੀ ਆਂ ਜੋ ਉਹ ਇਹ ਕਿਤਾਬ “ਹੈਲ਼ੋ ਮੈਂ ਲਾਹੌਰ ਤੋਂ ਬੋਲਦਾਂ” ਲਿਖ ਕੇ ਸਾਨੂੰ ਦੁਨੀਆ ਭਰ ਵਿੱਚ ਫੈਲ਼ੇ ਪੰਜਾਬੀਆ ਨੂੰ ਮਿਲਾ ਰਿਹਾ ਹੈ ।
ਪੰਜਾਬ ਪੰਜਾਬ ਹੀ ਹੈ। ਨਾ ਚੜ੍ਹਦਾ ਨਾ ਲਹਿੰਦਾ। ਉਸ ਸਾਂਝੀ ਰਹਿਤਲ ਵਾਲਾ ਪੰਜਾਬ ਕੁੱਲ ਧਰਤੀ ਤੇ ਜੀਵੇ।

ਇਸ ਦੁਆ ਨਾਲ!
ਅੱਲਾ ਮੇਹਰ ਕਰੇ,
ਜ਼ੋਰ ਏ ਕਲਮ ਔਰ ਜ਼ਿਆਦਾ।

ਨਾਸਿਰ ਢਿੱਲੋਂ
(ਪੰਜਾਬੀ ਲਹਿਰ)
ਪਿੰਡ ਛੇ ਚੱਕ ਪੰਜਵੜ (ਫੈਸਲਾਬਾਦ)
ਪੰਜਵੜ (ਤਰਨਤਾਰਨ)

ਇਹ ਸਤਰਾਂ ਪੜ੍ਹ ਕੇ ਮੇਰੇ ਨੇਤਰ ਨਮ ਸਨ। ਮੇਰੀ ਇਸ ਪੀੜ ਨੂੰ ਨਾਸਿਰ ਸਮਝਦਾ ਹੈ। 1997ਤੋਂ ਬਾਦ ਮੈਂ ਦਸ ਵਾਰ ਪਾਕਿਸਤਾਨ ਗਿਆ ਹਾਂ ਪਰ ਹਰ ਵਾਰ ਆਪਣੇ ਜੱਦੀ ਪਿੰਡ ਨਿੱਦੋ ਕੇ ਜਾਣ ਦਾ ਮੌਕਾ ਨਹੀਂ ਮਿਲਦਾ। ਵੀਜ਼ਾ ਰੀ ਲਾਹੌਰ ਜਾਂ ਨਨਕਾਣਾ ਸਾਹਿਬ ਤੀਕ ਦਾ ਮਿਲਦੈ। 2014 ਵਿੱਚ ਤਾਂ ਹੱਦ ਹੀ ਹੋ ਗਈ। ਨਨਕਾਣਾ ਸਾਹਿਬ ਦੀ ਵੀ ਪ੍ਰਵਾਨਗੀ ਨਾ ਨਸੀਬ ਹੋਈ।

ਹੋਰ ਤਾਂ ਮੈਂ ਕੁਝ ਕਰ ਨਹੀਂ ਸਾਂ ਸਕਦਾ, ਇਹ ਗ਼ਜ਼ਲ ਲਿਖ ਕੇ ਹੀ ਗੁੱਭ ਗਲਾਟ ਕੱਢ ਲਿਆ।

ਆਪਣੇ ਘਰ ਪਰਦੇਸੀਆਂ ਵਾਂਗੂੰ, ਪਰਤਣ ਦਾ ਅਹਿਸਾਸ ਕਿਉਂ ਹੈ?
ਮੈਂ ਸੰਤਾਲੀ ਮਗਰੋਂ ਜੰਮਿਆਂ, ਮੇਰੇ ਪਿੰਡੇ ਲਾਸ ਕਿਉਂ ਹੈ?

ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ,
ਧਾਹ ਗਲਵੱਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ?

ਇੱਕੋ ਫਾਂਸੀ, ਇੱਕੋ ਗੋਲੀ, ਰਹਿਮਤ ਅਲੀ, ਸਰਾਭਾ, ਬਿਸਮਿਲ,
ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ?

ਦਿੱਲੀ ਵਰਗੇ ਚੌਂਕ ਚੁਰਸਤੇ, ਕਾਰ ਵਿਹਾਰ, ਬਾਜ਼ਾਰ ਵੀ ਓਹੀ,
ਮਿਕਨਾਤੀਸੀ ਖਿੱਚ ਦੀ ਸ਼ਕਤੀ, ਸ਼ਹਿਰ ਲਾਹੌਰ 'ਚ ਖ਼ਾਸ ਕਿਉਂ ਹੈ?

ਬੁੱਲ੍ਹੇਸ਼ਾਹ ਦਾ ਪ੍ਰੇਮ ਪਿਆਲਾ, ਬਿਨਾਂ ਕਸੂਰੋਂ ਪੀ ਨਹੀਂ ਸਕਦਾ,
ਹਰ ਵਾਰੀ ਹੋਠਾਂ ਤੇ ਆਉਂਦੀ, ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ?

ਵਾਰਸ ਦੇ ਜੰਡਿਆਲੇ ਬੈਠੇ, ਮਸਤ ਔਲੀਆ ਹੀਰ ਸੁਣਾਉਂਦੇ,
ਰਾਂਝਣ ਯਾਰ ਫ਼ਕੀਰਾਂ ਨੂੰ ਇਹ, ਪਿਰ ਮਿਲਣ ਦੀ ਆਸ ਕਿਉਂ ਹੈ?

ਸਾਡੇ ਪੰਜ ਦਰਿਆਈ ਘੋੜੇ, ਜਦ ਵੀ ਵੇਖਾਂ ਟਾਂਗੇ ਖਿੱਚਦੇ,
ਘੋੜ ਸਵਾਰ ਗੁਆਚਣ ਵਰਗਾ, ਡੰਗ ਰਿਹਾ ਅਹਿਸਾਸ ਕਿਉਂ ਹੈ?

ਸਾਡੇ ਪਿੰਡ ਦੀ ਸੰਤੀ ਵਰਗਾ, ਮੈਲਾ ਸੂਟ ਅਨਾਇਤਾਂ ਪਾਇਆ,
ਪੌਣੀ ਸਦੀ ਗੁਆਚਣ ਮਗਰੋਂ, ਰਾਵੀ ਪਾਰ ਲਿਬਾਸ ਕਿਉਂ ਹੈ?

ਇਹ ਗ਼ਜ਼ਲ ਪੜ੍ਹ ਕੇ ਨਾਸਿਰ ਤੇ ਲਵਲੀ ਨੇ ਇਸ ਨੂੰ ਸੁਰੀਲੇ ਗਾਇਕ ਸ਼ੀਰਾ ਜਸਬੀਰ ਦੀ ਆਵਾਜ਼ ਵਿੱਚ ਰੀਕਾਰਡ ਕਰਕੇ ਪੰਜਾਬੀ ਲਹਿਰ ਚੈਨਲ ਦੀ “ਪਛਾਣ ਆਵਾਜ਼” ਬਣਾ ਲਿਆ।

ਪਿਛਲੇ ਸਾਲੀਂ ਪਾਕਿਸਤਾਨ ਵਿੱਚ ਭਿਆਨਕ ਹੜ੍ਹ ਆਏ ਤਾਂ ਪੰਜਾਬੀ ਲਹਿਰ ਵੱਲੋਂ ਨਾਸਿਰ ਦੀ ਟੀਮ ਨੇ ਅੱਗੇ ਹੋ ਕੇ ਖਾਲਸਾ ਏਡ ਵਾਲਿਆਂ ਨਾਲ ਮਿਲ ਕੇ ਬਹੁਤ ਰਾਹਤ ਕੰਮ ਕੀਤਾ। ਉਹ ਕਈਆਂ ਦੀ ਅੱਖ ਵਿੱਚ ਰੜਕਣ ਲੱਗ ਪਏ। ਆਖ਼ਰ ਪੰਜਾਬੀ ਹਾਂ ਅਸੀਂ, ਕਿਸੇ ਭਰਾ ਦੀ ਚੜ੍ਹਤ ਕਿਵੇਂ ਜਰੀਏ? ਸਾਡੇ ਤਾਂ ਇੱਕ ਖੁਰਲੀ ਤੇ ਬੱਧੇ ਰੱਜਵੇਂ ਪੱਠੇ ਖਾਂਦੇ ਝੋਟੇ ਵੀ ਸਿੰਗ ਫਸਾ ਲੈਂਦੇ ਨੇ। ਕਈ ਵਾਰ ਤਾਂ ਆਰੀ ਨਾਲ ਵੱਢਣੇ ਪੈਂਦੇ ਨੇ। ਸਾਡੇ ਦੁੱਧ ਦਾ ਕਸੂਰ ਹੈ, ਮਾਝੇ ਦੁੱਧ ਦਾ। ਗੋਕਾ ਦੁੱਧ ਪੀਣ ਵਾਲੇ ਰਲ਼ ਕੇ ਖਾਂਦੇ ਨੇ।
ਨਾਸਿਰ ਢਿੱਲੋਂ ਬਾਰੇ ਹੋਰ ਕੀ ਕਹਾਂ, ਸਨੇਹ ਸਾਗਰ ਹੈ।

ਨਾਸਿਰ ਢਿੱਲੋਂ ਦੱਸਦਾ ਹੈ ਕਿ-

ਉਸਤਾਦ ਦਾਮਨ ਨੇ ਰੱਜ ਕੇ ਸਾਂਝੇ ਪੰਜਾਬ ਦਾ ਦਰਦ ਗਾਇਆ। ਉਸ ਦੀ ਹਰ ਸਤਰ ਚੋਂ ਪੀੜ ਨੁੱਚੜਦੀ ਹੈ, ਜਿਵੇਂ ਵੇਲਣੇ ਚ ਗੰਨੇ ਨਹੀਂ, ਬੰਦੇ ਪੀੜੇ ਜਾ ਰਹੇ ਹੋਣ। ਦੇਸ਼ ਉਜਾੜੇ ਤੋਂ ਸੱਤ ਅੱਠ ਸਾਲ ਬਾਦ ਉਸਤਾਦ ਦਾਮਨ ਜਦ ਚੜ੍ਹਦੇ ਪੰਜਾਬ ਆਇਆ ਤਾਂ ਉਸ ਆਜ਼ਾਦੀ ਦਿਹਾੜੇ ਨੂੰ ਚਿਤਵ ਕੇ ਕੁਝ ਏਦਾਂ ਬਿਆਨ ਕੀਤਾ।

ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿੱਚੀ,
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ।

ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜਿੰਦਗੀ ਮਿਲ ਜਾਏਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।

ਮੈਂ ਉਸ ਨੂੰ ਦੱਸਿਆ ਕਿ ਸਾਡੇ ਏਧਰ ਇਸੇ ਗੱਲ ਨੂੰ ਲੋਕ ਕਵੀ ਗੁਰਦਾਸ ਰਾਮ ਆਲਮ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ। ਕਿਰਤੀ ਲੋਕਾਂ ਦਾ ਨਜ਼ਰੀਆ ਪੇਸ਼ ਕਰਦਾ ਉਹ ਕਹਿੰਦਾ ਹੈ।

ਕਿਓਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ,
ਨਾ ਬਈ ਭਰਾਵਾ ਨਾ ਖਾਧੀ ਨਾ ਦੇਖੀ।
ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜ੍ਹੀ ਸੀ,
ਬੜੀ ਭੀੜ ਉਸਦੇ ਦੁਆਲੇ ਖੜ੍ਹੀ ਸੀ।

ਗ਼ਰੀਬਾਂ ਨਾਲ ਲੱਗਦੀ ਲੜੀ ਹੋਈ ਆ ਖ਼ਬਰੇ।
ਅਮੀਰਾਂ ਦੇ ਹੱਥੀਂ ਚੜ੍ਹੀ ਹੋਈ ਆ ਖ਼ਬਰੇ।
ਅਖ਼ਬਾਰਾਂ 'ਚ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਜਿਹੀ ਏ।

ਆਜ਼ਾਦੀ ਦੇ ਜਦ ਵੀ ਜਸ਼ਨ ਮਨਾਏ ਜਾਂਦੇ ਹਨ ਤਾਂ ਮੈਨੂੰ ਉਹ ਮਾਂ ਯਾਦ ਆਉਂਦੀ ਹੈ ਜੋ ਆਪਣੇ ਭੈਣ ਭਰਾਵਾਂ ਤੋਂ ਬਚਪਨ ਵਿੱਚ ਸੰਤਾਲੀ ਵੇਲੇ ਨਿੱਖੜੀ। 75 ਸਾਲ ਬਾਦ ਨਾਸਿਰ ਢਿੱਲੋਂ ਦੀ ਟੀਮ ਨੇ ਮਿਲਾਈ ਹੈ ਉਹ ਅੰਮਾ। ਉਸ ਦੀ ਤਸਵੀਰ ਤੇ ਵੀਡੀਓ ਵੇਖ ਕੇ ਮੈ ਇੱਕ ਗ਼ਜ਼ਲ ਲਿਖੀ ਸੀ ਜੋ ਏਥੇ ਸੁਣਾਉਣੀ ਵਾਜਬ ਹੈ।

ਮਾਂ ਤੇਰੇ ਦਰਦਾਂ ਨੇ ਦੱਸਿਐ, ਉੱਜੜਿਆਂ ਦੇ ਘਰ ਨਹੀਂ ਹੁੰਦੇ।
ਘਰ ਜੇ ਹੋਵਣ ਉਨ੍ਹਾਂ ਦੇ ਫਿਰ, ਖੁੱਲ੍ਹਦੇ ਕੱਲ੍ਹਿਆਂ ਦਰ ਨਹੀਂ ਹੁੰਦੇ।

ਡਾਰੋਂ ਵਿੱਛੜੀ ਕੂੰਜ ਇਕੱਲ੍ਹੀ, ਜੀਵੇ ਤਾਂ ਕਿਸ ਆਸ ਤੇ ਜੀਵੇ,
ਪੀੜਾਂ ਵਿੰਨ੍ਹੇ ਪੰਛੀ ਪੱਲੇ, ਉੱਡਣ ਜੋਗੇ ਪਰ ਨਹੀਂ ਹੁੰਦੇ।

ਚਿੜੀਆਂ ਮੌਤ ਗੰਵਾਰਾਂ ਹਾਸਾ ਮਹਿੰਗੇ ਮੋਤੀ ਅੱਖ ਦੇ ਅੱਥਰੂ,
ਬੇਕਦਰੇ ਪੱਥਰਾਂ ਦੇ ਅੱਗੇ, ਮੈਥੋਂ ਐਵੇਂ ਧਰ ਨਹੀਂ ਹੁੰਦੇ।

ਮੈਂ ਕੀ ਆਖਿਆ,ਤੂੰ ਕੀ ਸੁਣਿਆ,ਇਸ ਤੋਂ ਅੱਗੇ ਪੁੱਛ ਨਾ ਮੈਨੂੰ,
ਹੰਝੂਆਂ ਦਾ ਅਨੁਵਾਦ ਕਰਦਿਆਂ ਐਵੇਂ ਹੌਕੇ ਭਰ ਨਹੀਂ ਹੁੰਦੇ।

ਪੀੜਾਂ ਦੇ ਇਹ ਢੇਰ ਪੁਰਾਣੇ ਸਿਖ਼ਰ ਚੋਟੀਆਂ ਵਾਲੇ ਪਰਬਤ,
ਤੁਰਨੋਂ ਪਹਿਲਾਂ ਥੱਕਿਆਂ ਕੋਲੋਂ ਸਾਰੀ ਉਮਰਾ ਸਰ ਨਹੀਂ ਹੁੰਦੇ।

ਰੂਹ ਵਿੱਚ ਤੜਫ਼ੇ ਕਿੰਨਾ ਕੁਝ ਹੀ, ਲਾਵਾ ਇਸਦੇ ਹੇਠਾਂ ਜਾਪੇ,
ਕਾਗ਼ਜ਼ ਦੀ ਬੇੜੀ ਦੇ ਕੋਲੋਂ ਦਰਦ-ਸਮੁੰਦਰ ਤਰ ਨਹੀਂ ਹੁੰਦੇ।

ਆ ਜਾ ਸੁਰਤਿ ਇਕਾਗਰ ਕਰੀਏ, ਪਾਈਏ ਬਾਤ, ਹੁੰਗਾਰਾ ਭਰੀਏ,
ਰੂਹ ਤੋਂ ਰੂਹ ਵਿਚਕਾਰ ਦੇ ਪੈਂਡੇ ਦੋਚਿੱਤੀ ਵਿੱਚ ਕਰ ਨਹੀਂ ਹੁੰਦੇ।

ਘਰ ਘਰ ਦੇਸ਼ ਦਾ ਝੰਡਾ ਤਾਂ ਲਹਿਰਾਇਆ ਜਾ ਸਕਦਾ ਹੈ ਪਰ ਆਜ਼ਾਦੀ ਦੇ ਅਸਲ ਅਰਥਾਂ ਤੀਕ ਸਾਨੂੰ ਝੰਡਿਆਂ ਦੇ ਰੰਗ ਕਦੋਂ ਲੈ ਕੇ ਜਾਣਗੇ? ਸਾਨੂੰ ਕਿਉਂ ਲੱਗਦਾ ਹੈ ਕਿ ਅਸੀਂ ਦਿਨ ਦੀਵੀਂ ਠੱਗੇ ਗਏ। ਸ਼ਹੀਦ ਪੁੱਛਦੇ ਹਨ, ਜੇਕਰ ਲੋਕਾਂ ਨੂੰ ਆਜ਼ਾਦੀ ਦੀ ਥਾਂ ਅਵਾਜਾਰੀ ਹੀ ਮਿਲਣੀ ਸੀ ਤਾਂ ਅਸੀਂ ਜਾਨਾਂ ਕਿਉਂ ਵਾਰੀਆਂ? ਟੋਡੀ ਬੱਚਿਆਂ ਨੇ ਸਾਡੀ ਸ਼ਹਾਦਤ ਤੇ ਹੀ ਸੁਆਲ ਚੁੱਕਣੇ ਸੀ ਤਾਂ ਅਸੀਂ ਕਿਉਂ ਸੀਸ ਵਾਰ ਗਏ? ਇਹ ਬਰਛੇ ਵਰਗਾ ਸੁਆਲ ਸਿੱਧ ਮ ਸਿੱਧਾ ਵਕਤ ਦੇ ਸਨਮੁਖ ਖੜ੍ਹਾ ਹੈ। ਅਖ਼ਬਾਰਾਂ 'ਚ ਛਪਿਆ ਕਾਰਟੂਨ ਬਹੁਤ ਕੁਝ ਬੋਲਦਾ ਹੈ। ਇੱਕ ਸਰਕਾਰੀ ਸਟਾਲ ਤੇ ਖਲੋਤਾ ਬੰਦਾ ਝੰਡਾ ਮੰਗਦਿਆਂ ਕਹਿੰਦਾ ਹੈ, ਮੈਨੂੰ ਘਰ ਵੀ ਦੇ ਦਿਉ ਜਿਸ ਦੇ ਮੱਥੇ ਤੇ ਇਸ ਨੂੰ ਲਹਿਰਾ ਸਕਾਂ। ਜੱਲਿਆਂ ਵਾਲਾ ਬਾਗ ਪੁੱਛਦਾ ਹੈ, ਮੇਰੇ ਘਰ ਖੂਨੀ ਵਿਸਾਖੀ ਵਰਤਾਉਣ ਵਾਲਾ ਜਨਰਲ ਡਾਇਰ ਸਤਿਕਾਰ ਯੋਗ ਕਿਉਂ ਬਣ ਗਿਆ? ਮੁਖਬਰੀਆਂ ਕਰਕੇ ਮੁਰੱਬੇ ਲੈਣ ਵਾਲੇ ਪੌਣੀ ਸਦੀ ਕਿਉਂ ਬਾਘੀਆਂ ਪਾਉਂਦੇ ਫਿਰੇ, ਜੁਆਬ ਦਿਉ। ਮੈਂ ਨਿਰ ਉੱਤਰ ਹਾਂ, ਵਕਤ ਦੇ ਸਾਹਮਣੇ। ਮੇਰੀ ਅਰਦਾਸ ਹੈ ਕਿ ਆਜ਼ਾਦੀ ਲਈ ਕੁਰਬਾਨ ਹੋਏ ਸੂਰਮਿਆਂ ਦੀ ਰੀਝ ਵਾਲੀ ਆਜ਼ਾਦੀ ਮੇਰੇ ਵਤਨ ਦੇ ਦਰ ਖੜਕਾਵੇ ਪਰ ਸੰਤਾਲੀ ਮੁੜ ਨਾ ਆਵੇ।

ਸੁਰਖ਼ ਲਹੂ ਵਿਚ ਘੁਲਿਆ ਪਾਣੀ।
ਚਾਟੀ ਸਣੇ ਉਦਾਸ ਮਧਾਣੀ।
ਕੱਲੀ ਤੰਦ ਨਾ ਉਲਝੀ ਤਾਣੀ।
ਜੀਂਦੇ ਜੀਅ ਅਸੀਂ ਬੰਦਿਓਂ ਬਣ ਗਏ, ਰਾਜ ਤਖ਼ਤ ਦੇ ਪਾਵੇ।

ਅੱਜ ਅਰਦਾਸ ਕਰੋ,
ਸੰਤਾਲੀ ਮੁੜ ਨਾ ਆਵੇ।

ਉਨ੍ਹਾਂ ਦਸ ਲੱਖ ਵਿੱਛੜੀਆਂ ਰੂਹਾਂ ਨੂੰ ਚਿਤਵਦਿਆਂ ਨਾਸਿਰ ਢਿੱਲੋਂ ਵਾਂਗ ਮੇਰੀ ਵੀ ਕਾਮਨਾ ਹੈ ਕਿ ਦੱਖਣੀ ਏਸ਼ੀਆ ਦੇ ਮਹੱਤਵ ਪੂਰਨ ਮੁਲਕਾਂ ਭਾਰਤ ਤੇ ਪਾਕਿਸਤਾਨ ਦੇ ਬੂਹਿਉਂ ਸਦੀਵ ਕਾਲ ਲਈ ਸੇਹ ਦਾ ਤੱਕਲਾ ਪੁੱਟਿਆ ਜਾਵੇ, ਜਿਸ ਨਾਲ ਆਪਸੀ ਸਹਿਯੋਗ ਤੇ ਸਹਿਹੋਂਦ ਰਾਹੀਂ ਏਸੇ ਵੱਸਦੇ ਲੋਕਾਂ ਦਾ ਜੀਣ ਸੁਖਾਲਾ ਹੋ ਸਕੇ।

ਪੰਜਾਬੀ ਸੱਥ ਲਾਂਬੜਾ ਮੁਬਾਰਕ ਦੀ ਹੱਕਦਾਰ ਹੈ ਕਿ ਇਸ ਨੇ ਨਾਸਿਰ ਢਿੱਲੋਂ ਵਰਗੇ ਮੁਹੱਬਤਾਂ ਦੇ ਵਣਜਾਰੇ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ।

ਗੁਰਭਜਨ ਸਿੰਘ ਗਿੱਲ (ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ