Dard Vandavan Aaian : Man Singh

ਦਰਦ ਵੰਡਾਵਣ ਆਈਆਂ (ਜੀਵਨੀਆਂ) : ਮਾਨ ਸਿੰਘ

ਮੁੱਖ ਬੰਦ

ਭਾਰਤ ਦੇ ਇਤਿਹਾਸ ਵਿਚ ਪਾਰਬਤੀ, ਸੀਤਾ ਅਤੇ ਸਾਵਿਤਰੀ । ਮਹਾਨ ਦੇਵੀਆਂ ਦਸੀਆਂ ਜਾਂਦੀਆਂ ਹਨ, ਰਾਧਾ ਦਾ ਨਾਮ ਭੀ ਜ਼ਰੂਰ ਹੈ ਪਰ ਵਧੇਰੇ ਕਰ ਕੇ ਭਗਵਾਨ ਕ੍ਰਿਸ਼ਨ ਦੇ ਕਾਰਨ । ਪਾਰਬਤੀ, ਸੀਤਾ ਅਤੇ ਸਾਵਿਤਰੀ ਆਪਣੇ ਆਪ ਵਿਚ ਮਹਾਨ ਹੋਈਆਂ ਹਨ। ਇਨ੍ਹਾਂ ਇਸਤਰੀਆਂ ਦਾ ਦਰ ਅਸਲ ਦੇਵੀਆਂ ਤੋਂ ਦਰਜਾ ਬਹੁਤ ਉੱਚਾ ਹੈ । ਦੁਰਗਾ ਮਾਤਾ ਜਾਂ ਕਾਲੀ ਮਾਤਾ ਦੇਵੀਆਂ ਸੀਤਾ-ਸਾਵਿਤਰੀ ਦੇ ਕਛੇ ਕਛੇ ਵੀ ਨਹੀਂ ਅਪੜਦੀਆਂ ਪਰ ਹਿੰਦੂ ਧਰਮ ਵਿਚ ਇਹ ਦੋ ਦੁਰਗਾ ਮਾਤਾ ਤੇ ਕਾਲੀ ਮਾਤਾ ਜਾਂ ਵੈਸ਼ਨੋ ਦੇਵੀ ਪੂਜੀਆਂ ਵਧੇਰੇ ਸਤਿਕਾਰ ਨਾਲ ਜਾਂਦੀਆਂ ਹਨ ।

ਮੁਕਾਬਲਾ ਵਡੀਆਂ ਸ਼ਖ਼ਸੀਅਤਾਂ ਦਾ ਆਪੋ ਵਿਚ ਕਰਨਾ ਕਠਨ ਭੀ ਹੈ ਅਤੇ ਅਯੋਗ ਭੀ । ਸਭ ਆਪੋ ਆਪਣੇ ਥਾਂ ਸਤਿਕਾਰ ਯੋਗ ਹਨ ਪਰ ਸੀਤਾ ਇਨ੍ਹਾਂ ਸਭਨਾ ਵਿਚੋਂ ਬਹੁਤ ਉਚੇਰੀ ਹੈ, ਤੇ ਤਹਿ ਦਿਲ ਤੋਂ ਨਿਮ੍ਰਤਾ ਸਹਿਤ ਖਿਮਾਂ ਮੰਗਦਾ ਹੋਇਆ ਜੇ ਮੈਂ ਸ਼ਰਧਾ ਵਿਚ ਭਿਜ ਇਹ ਭੀ ਕਹਿ ਦਿਆਂ ਕਿ ਉਹ ਆਪਣੇ ਪੂਜ ਪਤੀ ਭਗਵਾਨ ਰਾਮ ਜੀ ਤੋਂ ਭੀ ਗਿੱਠ ਗਿੱਠ ਉੱਚੀ ਸੀ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ, ਮੁਬਾਲਗਾ ਨਹੀਂ ਹੋਵੇਗਾ ।

ਈਸਾਈ ਮਤ ਨੂੰ ਮਰੀਯਮ ਉਤੇ ਬੜਾ ਹੀ ਭਾਰਾ ਫ਼ਖ਼ਰ ਹੈ । ਹਜ਼ਰਤ ਯਸੂ ਮਸੀਹ ਨੂੰ ਜਨਮ ਦੇਣ ਵਾਲੀ ਮਹਾਨ ਦੇਵੀ ਮਰੀਯਮ ਹੀ ਤਾਂ ਸੀ, ਜਿਸ ਦਾ ਜ਼ਿਕਰ ਬਾਈਬਲ ਵਿਚ ਭੀ ਬੜੇ ਸਤਿਕਾਰ ਨਾਲ ਆਉਂਦਾ ਹੈ। ਉਹ ਮਿਠ ਬੋਲੜੀ ਤੇ ਨਿਰਮਾਨਤਾ ਦਾ ਮੁਜੱਸਮਾ ਸੀ।

ਮੁਸਲਮਾਨਾਂ ਵਿਚ ਭੀ ਇਕ ਪੂਜਿ ਦੇਵੀ ਹੋਈ ਹੈ । ਉਸ ਦਾ ਨਾਮ ਰਾਬਿਆ ਸੀ। ਉਹ ਬਸਰੇ ਦੀ ਜੱਮ ਪਲ ਸੀ ਅਤੇ ਰਾਬਿਆ ਬਸਰਵੀ ਕਰ ਕੇ ਸੰਸਾਰ ਵਿਚ ਪ੍ਰਸਿੱਧ ਹੋਈ । ਉਹਦਾ ਰੂਪ ਡੁਲ੍ਹ ਡੁੱਲ੍ਹ ਪੈਂਦਾ ਸੀ, ਉਹਦੀ ਜਵਾਨੀ ਬਿਜਲੀ ਦੀ ਚਮਕ ਦਮਕ ਤੇ ਕੜਕ ਧੜਕ ਰਖਦੀ ਸੀ ਤੇ ਪ੍ਰਮਾਤਮਾ ਦੀ ਭਗਤੀ ਵਿਚ ਉਹ ਪ੍ਰਮਾਤਮਾ ਨਾਲ ਇਕਮਿਕ ਸੀ । ਕਿਹਾ ਜਾਂਦਾ ਹੈ ਕਿ ਫਰਿਸ਼ਤਿਆਂ ਨੂੰ ਰੱਬ ਵਿਚੋਂ ਰਾਬਿਆਂ ਦੇ ਦਰਸ਼ਣ ਹੁੰਦੇ ਸਨ ਤੇ ਰਾਬਿਆ ਵਿਚ ਅੱਲ੍ਹਾ ਤਾਅਲਾ ਦੇ ਦੀਦਾਰੇ । ਜਿਵੇਂ ਗੁਰਬਾਣੀ ਵਿਚ ਆਉਂਦਾ ਹੈ, “ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ'' ਮੈਂ ਤੇ ਕਹਿੰਦਾ ਹਾਂ ਕਿ ਰਾਬਿਆ ਤੇ ਰੱਬ ਇਕ ਰੂਪ ਹੀ ਸਨ, ਇਕ ਦੁਨੀਆਂ ਦੀਆਂ ਇਨ੍ਹਾਂ ਅੱਖਾਂ ਨਾਲ ਵੇਖਿਆ ਜਾਣ ਵਾਲਾ, ਤੇ ਦੂਜਾ ਅਨੁਭਵੀ ਰੂਪ । ਇਸਲਾਮ ਬਸਰੋ-ਚਸ਼ਮ ਮੰਨਦਾ ਹੈ ਕਿ ਕਾਅਬਾ ਆਪ ਰਾਬਿਆ ਦੀ ਜ਼ਿਆਰਤ ਕਰਨ ਆਉਂਦਾ ਸੀ।

ਰੱਬ ਉਤੇ ਵੀ ਸ਼ਾਇਦ ਇਸਤਰੀ ਜਾਤੀ ਨੇ ਗਿਲਾ ਕੀਤਾ ਕਿ ਬੰਦੇ ਦੀ ਜ਼ਾਤ ਵਿਚ ਤੂੰ ਅਨੇਕਾਂ ਦੇਵਤੇ, ਫਰਿਸ਼ਤੇ ਤੇ ਪੈਗ਼ੰਬਰ ਪੈਦਾ ਕੀਤੇ, ਇਸਤਰੀ ਜ਼ਾਤ ਨੂੰ ਪਿਛੇ ਕਿਉਂ ਛਡ ਦਿਤਾ ਗਿਆ ? ਕੀ ਇਹ ਇਸਤ੍ਰੀ ਜਾਤੀ ਨਾਲ ਵਿਤਕਰਾ ਨਹੀਂ ?

ਸਮਾਂ ਆਉਣ ਉਤੇ ਜਦ ਘੋਰ ਕਲਯੁਗ ਦਾ ਪਹਿਰਾ ਆਇਆ, ਕੂੜ ਅਮਾਵਸ ਨੇ ਸੱਚ ਦੇ ਚੰਦਰਮਾਂ ਦੀ ਰੋਸ਼ਨੀ ਉਤੇ ਭੀ ਪਰਦਾ ਪਾ ਲਿਆ ਤੇ ਪਾਪਾਂ ਦੇ ਭਾਰ ਨਾਲ ਬ੍ਰਹਿਮੰਡ ਡੋਲਨ ਲਗਾ ਤਾਂ ਇਕ ਇਸਤ੍ਰੀ ਦੇ ਰੂਪ ਵਿਚ ਪੰਜਾਬ ਦੀ ਧਰਤੀ ਤੇ ਐਸਾ ਅਵਤਾਰ ਪ੍ਰਗਟਿਆ ਜਿਸ ਦੇ ਸੱਚੇ ਤੇ ਸੁਚੇ ਦਿਲ ਵਿਚ ਰਹਿਮਤਾਂ ਦਾ ਸਮੁੰਦਰ ਠਾਠਾਂ ਮਾਰਦਾ ਸੀ । ਉਹ ਮਹਾਨ ਜੱਨਨੀ ਸੀ ਮਾਤਾ ਤ੍ਰਿਪਤਾ ਉਹ ਆਪ ਪ੍ਰਮਾਤਮਾ ਦੀ ਦਰਗਾਹ ਵਿਚੋਂ ਤ੍ਰਿਪਤ ਹੋ ਕੇ ਸੰਸਾਰ ਵਿਚ ਆਈ ਸੀ ਤੇ ਭਟਕਦੇ ਜੀਵ ਜੰਤ ਨੂੰ ਤਰਿਪਤ ਕਰਨਾ ਉਸਦਾ ਉਦੇਸ਼ ਸੀ ।

ਪ੍ਰਮਾਤਮਾ ਨੇ ਤ੍ਰਿਪਤਾ ਨੂੰ ਸੰਸਾਰ ਵਿਚ ਭੇਜਨ ਸਮੇਂ ਆਪਣੀ ਪੈਦਾਇਸ਼ ਦੇ ਕੁਲ ਰਿਸ਼ੀ, ਮੁਨੀ, ਪੀਰ, ਪੈਗ਼ੰਬਰ ਬੁਲਾਏ ਤੇ ਆਪਣੇ ਨਵੇਂ ਘੜੇ ਦਿਲ ਦੇ ਸਭਨਾਂ ਨੂੰ ਦਰਸ਼ਣ ਕਰਾਏ, ਜਿਸ ਦਿਲ ਵਿਚ ਵਿਲਕ ਰਹੇ ਸੰਸਾਰ ਦੀ ਧੜਕਣ ਧੜਕ ਰਹੀ ਸੀ । ਅਕਾਲ ਪੁਰਖ ਨੇ ਪੀਰਾਂ ਪੈਗਬਰਾਂ ਦੇ ਸਾਹਮਣੇ ਏਸ ਅਨੋਖੇ ਦਿਲ ਨੂੰ ਵਰ ਦਿਤਾ ਕਿ ਜਾ ਤੇ ਨੂਰ ਦੇ ਝਲਕਾਰੇ ਵੰਡ ਕੇ ਭਟਕਦੀਆਂ ਰੂਹਾਂ ਨੂੰ ਤਰਿਪਤ ਕਰ ਦੇ । ਉਸ ਮਾਤਾ ਤ੍ਰਿਪਤਾ ਦੀ ਕੁਖ ਨੇ ਨਾਨਕ ਨੂੰ ਜਨਮ ਦੇ ਕੇ ਸੰਸਾਰ ਦਾ ਦਰਦ ਆ ਵੰਡਾਇਆ ਤੇ ਇਸਤ੍ਰੀ ਗੁਲਜ਼ਾਰ ਵਿਚ ਉਹ ਫੁਲ ਪੈਦਾ ਕੀਤੇ ਕਿ ਕੂੜ ਅਮਾਵਸ ਦਾ ਹਨੇਰਾ ਫਟ ਗਿਆ, ਪਾਪ ਦੀਆਂ ਜੜ੍ਹਾਂ ਹਿਲ ਗਈਆਂ ਤੇ ਮਰਦ ਨੇ ਸਤਿਕਾਰ ਵਿਚ ਇਸਤ੍ਰੀ ਅਗੇ ਸੀਸ ਝੁਕਾ ਦਿਤਾ ।

ਮੈਂ ਮਾਤਾ ਤ੍ਰਿਪਤਾ ਦੀ ਛਾਂ ਹੇਠ ਪਰਫੁਲਤ ਹੋਈਆਂ ਉਨ੍ਹਾਂ ਮਾਤਾਵਾਂ ਤੇ ਭੈਣਾਂ ਨੂੰ ਸ਼ਰਧਾ ਦੇ ਫੁੱਲ ਭੇਟੇ ਕਰਨ ਇਹ ਪੁਸਤਕ ਲਿਖ ਰਿਹਾ ਹਾਂ ਜਿਨ੍ਹਾਂ ਬਾਰੇ ਮੈਂ ਇਹੋ ਕਹਿ ਸਕਦਾ ਹਾਂ, “ਦਰਦ ਵੰਡਾਵਨ ਆਈਆਂ, ਰੂਹਾਂ ਦਾਤਾਰ ਦੀਆਂ ।” ਇਹ ਉਸ ਦਾਤਾਰ ਕਰਤਾਰ ਦੀ ਮਿਹਰ ਹੈ ਜਿਸ ਸਿੱਖ ਫੁਲਵਾੜੀ ਵਿਚ ਉਹ ਮਹਾਨ ਹਸਤੀਆਂ ਰੋਸ਼ਨ ਕੀਤੀਆਂ ਜਿਨ੍ਹਾਂ ਦੀ ਲੋ ਤੋਂ ਸੰਸਾਰ ਪਰਲੋ ਤਕ ਨਵੀਂ ਰੋਸ਼ਨੀ ਲੈਂਦਾ ਰਹੇਗਾ । ਜਿਵੇਂ ਦਸ ਗੁਰੂ ਸਾਹਿਬਾਨ ਵਿਚ ਇਕੋ ਨਾਨਕ ਦੀ ਜੋਤ ਦੇ ਦਰਸ਼ਨ ਹੁੰਦੇ ਹਨ ਤਿਵੇਂ ਹੀ ਇਨ੍ਹਾਂ ਮਾਤਵਾਂ ਵਿਚੋਂ ਮਾਤਾ ਤ੍ਰਿਪਤਾ ਜੀ ਦੇ ਹੀ ਝਲਕਾਰੇ ਦਿਸਦੇ ਹਨ ।

ਗੁਰੂ ਕਲਗੀਧਰ ਦਸ਼ਮੇਸ ਪਿਤਾ, ਅੰਮ੍ਰਿਤ ਦੇ ਦਾਤੇ, ਸਰਬੰਸ ਦਾਨੀ, ਨੇ ਸਿੱਖ ਪੰਥ ਨੂੰ ਗੁਰਿਆਈ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬਖ਼ਸ਼ੀ ਤੇ ਆਪਣੀ ਉਮੱਤ ਨੂੰ ਜਦੋਂ ਬਾਹਿਰਾ ਕਰ ਵਡਿਆਇਆ ।ਕਿਹਾ ਮਾਨ ਦੀ ਗਲ ਹੁੰਦੀ ਜੇ ਖਾਲਸਾ ਭਾਰਤ ਦੀ ਰਾਜਧਾਨੀ ਵਿਚ ਮਾਤਾ ਕਿਸ਼ਨ ਕੌਰ ਜੀ, ਅਠਵੇਂ ਪਾਤਸ਼ਾਹ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਮਾਤਾ, ਮਾਤਾ ਗੁਜਰੀ ਜੀ, ਦਸ਼ਮੇਸ ਜੀ ਦੀ ਮਾਤਾ ਅਤੇ ਮਾਤਾ ਸੁੰਦਰੀ ਜੀ, ਚਾਰ ਸ਼ਹੀਦ ਸਾਹਿਬਜ਼ਾਦਿਆਂ ਦੀ ਮਾਤਾ ਦੀ ਯਾਦ ਵਿਚ ਐਸੇ ਅਤਿ ਸੁੰਦਰ ਭਵਨ ਤਿਆਰ ਕਰਵਾਉਂਦਾ ਕਿ ਸੰਸਾਰ ਸਤ ਅਜੂਬੇ ਭੁਲ ਜਾਂਦਾ।

ਅਜ ਅਮਾਰਤ-ਉਸਾਰੀ ਵਿਚ ਸੰਸਾਰ ਬੜੀਆਂ ਦਿਲਕਸ਼ ਨਵੀਆਂ ਈਜਾਦਾਂ ਕਢ ਚੁਕਾ ਹੈ। ਦਿੱਲੀ ਸ਼ਹਿਰ ਭੀ ਦੇਸ਼ ਦੀ ਸ੍ਵਤੰਤ੍ਰਤਾ ਪਿਛੋਂ ਨਵਾਂ ਰੂਪ ਧਾਰਨ ਕਰ ਚੁਕਾ ਹੈ । ਵਰਲਡ ਫੇਮ ਦੇ ਆਰਕੀਟੈਕਟਸ ਤੋਂ ਨਕਸ਼ੇ ਤਿਆਰ ਕਰਵਾਏ ਜਾ ਸਕਦੇ ਹਨ । ਖਾਲਸੇ ਕੋਲ ਰੁਪਏ ਦੀ ਘਾਟ ਕਦੇ ਆ ਹੀ ਨਹੀਂ ਸਕਦੀ ਕਿਉਂ ਜੋ ਲਛਮੀ ਗੁਰੂ ਘਰ ਦੇ ਚਰਨਾਂ ਦੀ ਗੋਲੀ ਬਣਾ ਦਿਤੀ ਗਈ ਸੀ। ਮਾਤਾ ਗੁਜਰੀ ਦੇ ਭਵਨ ਦੇ ਵਸ਼ਾਲ ਬਾਗ਼ ਵਿਚ ਭਾਈ ਮਤੀ ਦਾਸ, ਭਾਈ ਦਿਆਲਾ ਤੇ ਬੰਦਾ ਬਹਾਦਰ ਆਦਿ, ਦੇ ਐਸੇ ਬੁੱਤ ਲਗਾਏ ਜਾਣੇ ਚਾਹੀਦੇ ਨੇ ਕਿ ਸੈਲਾਨੀਆਂ ਦੀਆਂ ਵੇਖਦਿਆਂ ਹੀ ਅੱਖਾਂ ਸੇਜਲ ਹੋ ਜਾਣ ਤੇ ਕਲੇਜਾ ਮੁੱਠ ਵਿਚ ਆ ਜਾਵੇ।

ਐਸੀਆਂ ਹੀ ਯਾਦਗਾਰਾਂ ਪੰਜਾਬ ਦੇ ਅੱਡ ਅੱਡ ਸ਼ਹਿਰਾਂ ਵਿਚ ਮਾਤਾ ਤ੍ਰਿਪਤਾ ਜੀ, ਭੈਣ ਨਾਨਕੀ ਜੀ, ਬੀਬੀ ਭਾਨੀ ਜੀ ਅਤੇ ਮਾਤਾ ਗੰਗਾ ਜੀ ਦੀਆਂ ਖੜੀਆਂ ਕਰਨੀਆਂ ਅਤਿ ਜ਼ਰੂਰੀ ਹਨ । ਟੂਰਇਜ਼ਮ ਦੇ ਯੁਗ ਵਿਚ ਇਹ ਅਜੂਬੇ ਇਤਿਹਾਸ ਦੀਆਂ ਯਾਦਗਾਰਾਂ ਨੂੰ ਜਗ ਵਿਚ ਪ੍ਰਚਾਰਨ ਦੇ ਸਭ ਤੋਂ ਉਤਮ ਸਾਧਨ ਮੰਨੇ ਗਏ ਹਨ। ਜੇ ਅਸੀਂ ਇਤਿਹਾਸ ਲਿਖਣ ਜੋਗੇ ਨਹੀਂ, ਪ੍ਰਚਾਰ ਦੀ ਸ਼ਕਤੀ ਨਹੀਂ ਰਖਦੇ, ਆਸ਼ਾਵਾਦੀ ਤਾਂ ਹਾਂ, ਫੇਰ ਏਸ ਪਾਸੇ ਅਸੀਂ ਧਿਆਨ ਕਿਉਂ ਨਹੀਂ ਦੇਂਦੇ ? ਭਾਰਤ ਦੇ ਕੋਨੇ ਕੋਨੇ ਵਿਚ ਜਗਤ ਗੁਰੂ ਬਾਬਾ ਨਾਨਕ ਦੇ ਚਰਨ ਪਏ, ਬਾਬੇ ਦੀਆਂ ਲਾਸਾਨੀ ਯਾਦਾਂ ਸਾਨੂੰ, ਨਵੀਨ ਢੰਗ ਨਾਲ ਕਾਇਮ ਕਰਨੀਆਂ ਹੀ ਹੋਣਗੀਆਂ ।

ਗੁਰੂ ਨਾਨਕ ਸਾਹਿਬ ਨੇ ਤਾਂ ਭਾਰਤ ਤੋਂ ਬਾਹਿਰ ਵੀ ਜਗਤ ਸੁਧਾਰ ਕੀਤਾ। ਖਾਲਸਾ ਕੀ ਇਹ ਲੋੜ ਮਹਿਸੂਸ ਨਹੀਂ ਕਰਦਾ ਕਿ ਸਮੁੱਚੇ ਜਗਤ ਵਿਚ ਬਾਬਾ ਜੀ ਦਾ ਝੰਡਾ ਲਹਿਰਾਏ ਤੇ ਸੰਸਾਰ ਦੇ ਕੋਨੇ ਕੋਨੇ ਵਿਚੋਂ ਸਾਂਝੀਵਾਲਤਾ ਦੇ ਨਾਅਰੇ ਗੂੰਜਣ ? ਜੇ ਮਹਿਸੂਸ ਕਰਦਾ ਹੈ ਤਾਂ ਏਧਰ ਕਦਮ ਕੀ ਉਠਾਏ ਜਾ ਰਹੇ ਹਨ ?

ਅਜ ਸੰਸਾਰ ਦੀਆਂ ਇਸਤ੍ਰੀਆਂ ਜਾਗ ਪਈਆਂ ਹਨ। ਉਹ ਗੁਰੂ ਨਾਨਕ ਸਾਹਿਬ ਦੀ ਆਵਾਜ਼ ‘ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ' ਸੁਣਨ ਲਈ ਵਿਆਕੁਲ ਹਨ ਪਰ ਅਸੀਂ ਘੂਕ ਸੁਤੇ ਪਏ ਹਾਂ । ਕੀ ਪੰਥ ਦਾ ਵਾਲੀ ਪੰਥ ਉਤੇ ਜੋ ਜ਼ੁਮੇਵਾਰੀ ਸੁਟ ਗਿਆ ਸੀ, ਅਸੀਂ ਅੱਜ ਨਿਭਾਉਣ ਨੂੰ ਤਿਆਰ ਹਾਂ ? ਇਹ ਪ੍ਰਸ਼ਨ ਚਿੰਨ ਅੱਜ ਸਾਡੇ ਸਾਹਮਣੇ ਸਾਨੂੰ ਵੰਗਾਰ ਰਿਹਾ ਹੈ ।

ਇਸਤ੍ਰੀ ਦੀ ਸਭ ਤੋਂ ਵਡੀ ਸੇਵਾ, ਭੈਣ ਨਾਨਕੀ ਦੇ ਵੀਰ ਦੇ ਏਸ ਸਲੋਕ ਦਾ ਧਰਤੀ ਦੇ ਕੋਨੇ ਕੋਨੇ ਵਿਚ ਪ੍ਰਚਾਰ ਕਰਨਾ ਹੈ :


ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥

(ਮਹਲਾ ੧)

ਇਸਤ੍ਰੀ ਜਾਤੀ ਦਾ ਜਗ ਵਿਚ ਆਦਿ ਤੋਂ ਅਪਮਾਨ ਹੁੰਦਾ ਆ ਰਿਹਾ ਹੈ ਅਤੇ ਭਾਰਤ ਵਰਸ਼ ਉਤੇ ਦੋਸ਼ ਲਾਇਆ ਜਾਂਦਾ ਹੈ ਕਿ ਇਸਤ੍ਰੀ ਜਾਤੀ ਨਾਲ ਮਨੁੱਖ ਦਾ ਵਿਤਕਰਾ ਏਸ ਦੇਵਤਿਆਂ ਦੀ ਧਰਤੀ ਤੋਂ ਸ਼ੁਰੂ ਹੋਇਆ । ਸਬੂਤ ਵਿਚ ਪਾਰਬਤੀ, ਸੀਤਾ, ਦਰੋਪਦੀ, ਦਮਯੰਤੀ ਆਦਿ ਦੇ ਨਾਮ ਪੇਸ਼ ਕੀਤੇ ਜਾ ਰਹੇ ਹਨ। ਮਾਤਾ ਤ੍ਰਿਪਤਾ ਜੀ ਦੇ ਜਨਮ ਨੇ ਇਸਤ੍ਰੀ ਦਾ ਦਰਦ ਪੂਰੀ ਤਰ੍ਹਾਂ ਪਛਾਣਿਆ ਤੇ ਗ੍ਰਹਿਸਤ ਵਿਚ ਰਹਿੰਦੇ ਹੋਏ ਇਸਤ੍ਰੀ ਦੇ ਦਰਜੇ ਨੂੰ ਸੰਸਾਰ ਵਿਚ ਉੱਚਾ ਕਰਨ ਲਈ ਆਪ ਨੇ ਘੋਰ ਤਪਸਿਆ ਕੀਤੀ, ਕਠਨ ਤੋਂ ਕਠਨ ਹਾਲਾਤ ਦਾ ਮੁਕਾਬਲਾ ਕੀਤਾ ਤੇ ਆਪਣੀ ਕੁੱਖ ਵਿਚੋਂ ਉਹ ਲਾਲ ਪੈਦਾ ਕੀਤਾ ਜਿਸ ਨੇ ਆਪਣੀ ਮਾਤਾ ਦੇ ਮਿਸ਼ਨ ਨੂੰ ਧਰਮ ਦਾ ਅਨਿਖੜਵਾਂ ਅੰਗ ਬਣਾ ਕੇ ਸੰਸਾਰ ਵਿਚ ਪ੍ਰਚਾਰਿਆ ਤੇ ਇਸਤ੍ਰੀ ਜ਼ਾਤੀ ਦਾ ਸਤਿਕਾਰ ਮਰਦ ਤੋਂ ਵੀ ਉਚਾ ਦਰਸਾਇਆ ।

ਪੰਜਾਬ ਨੂੰ ਸਦਾ ਮਾਨ ਰਹੇਗਾ ਕਿ ਅਕਾਲ ਪੁਰਖ ਨੇ ਏਸ ਪੰਜ ਦਰਿਆਵਾਂ ਦੀ ਪਵਿਤ੍ਰ ਧਰਤੀ ਉਤੇ ਸਭ ਤੋਂ ਪਹਿਲਾਂ ਉਹ ਰੂਹ ਭੇਜੀ ਜੋ ਗੁਰੂ ਜਨਨੀ ਬਣੀ, ਫੇਰ ਨਾਨਕੀ ਗੁਰੂ ਭੈਣ ਬਣੀ । ਹਾਲਾਤ ਹੋਰ ਬਦਲੇ ਤੇ ਬੀਬੀ ਭਾਨੀ ਗੁਰੂ ਬੇਟੀ ਵੀ ਬਣੀ, ਗੁਰੂ ਪਤਨੀ ਵੀ ਤੇ ਗੁਰੂ ਜਨਨੀ ਭੀ। ਫੇਰ ਗੁਰੂ ਘਰ ਵਿਚ ਇਸਤ੍ਰੀ ਰੂਪ ਵਿਚ ਐਸੀਆਂ ਪਵਿਤ੍ਰ ਰੂਹਾਂ ਪ੍ਰਗਟ ਹੁੰਦੀਆਂ ਗਈਆਂ, ਜਿਨ੍ਹਾਂ ਇਸਤ੍ਰੀ ਦੇ ਉਲਾਮੇ ਹੀ ਨਹੀਂ ਲਾਹੇ ਸਗੋਂ ਮਨੁੱਖਤਾ ਦੇ ਇਖਲਾਕ ਵਿਚ ਨਰੋਇਆ ਇਨਕਲਾਬ ਵੀ ਪੈਦਾ ਕਰ ਵਿਖਾਇਆ।

ਸਾਡੇ ਭਾਰਤ ਦਾ ਇਤਿਹਾਸ ਗਵਾਹ ਹੈ ਕਿ ਏਥੇ ਐਸੀਆਂ ਬਹਾਦਰ ਦੇਵੀਆਂ ਨੇ ਜਨਮ ਲਿਆ ਜਿਨ੍ਹਾਂ ਦੈਂਤਾਂ ਦਾ ਤੇ ਰਾਕਸ਼ਾਂ ਦਾ ਚੰਡੀ ਦੇ ਰੂਪ ਵਿਚ ਨਾਸ ਕੀਤਾ ਪਰ ਗੁਰੂ ਘਰ ਵਿਚ ਅਗੋਂ ਉਹ ਰੂਹਾਂ ਆਈਆਂ ਜਿਨ੍ਹਾਂ ਆਪਣੇ ਪਤੀ ਨੂੰ ਮਾਨ ਤਾਨ ਹੁੰਦਿਆਂ ਤਪਦੀ ਲੋਹ ਤੇ ਧਰਮ ਦੀ ਖ਼ਾਤਰ ਸ਼ਹੀਦ ਹੁੰਦਾ ਬਿਨਾਂ ਮੱਥੇ ਤੇ ਵਟ ਪਾਏ ਡਿਠਾ, ਆਪਣੇ ਸਾਹਿਬਜ਼ਾਦੇ ਨੂੰ ਕੈਦ ਵਿਚ ਪੰਜਾਬ ਦੀ ਧਰਤੀ ਤੋਂ ਦੂਰ ਗਵਾਲੀਆਰ ਦੇ ਕਿਲੇ ਵਿਚ ਵੇਖਿਆ, ਆਪਣੇ ਪਤੀ ਦਾ ਸੀਸ ਕਟਦੇ ਵੇਖ ਅਕਾਲ ਪੁਰਖ ਦਾ ਸ਼ੁਕਰ ਕੀਤਾ, ਆਪਣੇ ਪੋਤਿਆਂ ਦੇ ਨਾਲ ਆਪਣੀ, ਭਾਣੇ ਵਿਚ ਰਹਿ, ਕੁਰਬਾਨੀ ਦੇ ਦਿਤੀ ਤੇ ਅਗੋਂ ਅਨੇਕਾਂ ਬੀਬੀਆਂ ਨੇ ਆਪਣੇ ਦੁੱਧ ਪੀਂਦੇ ਬੱਚੇ ਟੋਟੇ ਟੋਟੇ ਕਰਵਾ ਗਲਾਂ ਵਿਚ ਹਾਰ ਬਣਾ ਪਵਾ ਲਏ ਤੇ ਇਹ ਮਹਾਨ ਰੂਹਾਂ ਇਸਤ੍ਰੀ ਦੇ ਦਰਜੇ ਨੂੰ ਫਰਸ਼ ਤੋਂ ਚੁਕ ਅਰਸ਼ ਤੇ ਪਹੁੰਚਾ ਗਈਆਂ । ਯੁਧ ਵਿਚ ਤਲਵਾਰ ਚਲਾਣੀ ਵਖ ਗਲ ਹੈ ਤੇ ਧਰਮਯੁਧ ਵਿਚ ਤਲਵਾਰ ਨਾਲ ਟੁਕੜੇ ਟੁਕੜੇ ਹੋ ਜਾਨ ਕੁਰਬਾਨ ਕਰ ਜਾਣੀ ਵਖ । ਪੰਜਾਬੀ ਵਿਚ ਇਹ ਕਹਾਵਤ ਬਣ ਗਈ ਕਿ “ਮਾਨ ਜਵਾਨੀ ਦਾ, ਹਠ ਜ਼ਨਾਨੀ ਦਾ'' ਤੇ ਇਹ ਹਠ ਯੋਗ ਦਾ ਪਹਿਲਾ ਸਬਕ ਹੀ ਮਾਤਾ ਤ੍ਰਿਪਤਾ ਜੀ ਨੇ ਸਿਖਾਇਆ ਅਤੇ ਅੱਜ ਅਸੀਂ ਜਪੀਆਂ, ਤਪੀਆਂ ਦੇ ਮੁਕਾਬਲੇ ਵਿਚ ਸਭ ਤੋਂ ਪਹਿਲਾਂ ਹਠੀਆਂ ਦੇ ਸ਼ਬਦ ਤੋਂ ਕਰਦੇ ਹਾਂ ਕਿ ਹਠੀਆਂ, ਜਪੀਆਂ, ਤਪੀਆਂ, ਦਾ ਨਾਮ ਲੈ ਬੋਲੋ ਜੀ ਵਾਹਿਗੁਰੂ ।

ਗੁਰੂ ਘਰ ਦੇ ਏਸ ਹਠ ਜੋਗ ਦਾ ਦੂਜਾ ਨਾਮ ਹੀ ਸਹਿਜ ਜੋਗ ਹੈ । ਸਹਿਜ ਜੋਗ ਦਾ ਇਹ ਹਠ ਜੋਗ ਵਿਰੋਧਤਾ ਨਹੀਂ ਕਰਦਾ, ਸਗੋਂ ਵਜ਼ਾਹਤ ਕਰਦਾ ਹੈ ਕਿ ਸਹਿਜ ਜੋਗ ਦਾ ਇੰਤਾਹ ਯਾ ਸਿਖ਼ਰ ਕੀ ਹੈ ।

ਸਾਡੇ ਪੰਥ ਨੂੰ ਅਜ ਇਹ ਭੀ ਸੋਚਨਾ ਹੋਵੇਗਾ ਕਿ ਸਾਡੇ ਵਿਚ ਦੂਜੀਆਂ ਜਾਤੀਆਂ ਦੇ ਮੁਕਾਬਲੇ ਉੱਚ ਸ਼ਖ਼ਸੀਅਤ ਦੀਆਂ ਇਸਤ੍ਰੀਆਂ ਕਿਉਂ ਘਟ ਹਨ ? ਅਠਾਰਵੀਂ ਤੇ ਉਨਵੀਂ ਸਦੀ ਤਕ ਸਾਡੇ ਵਿਚ ਇਹ ਘਾਟ ਉਕੀ ਹੀ ਨਹੀਂ ਸੀ ਪਰ ਇਕ ਦਮ ਵੀਹਵੀਂ ਸਦੀ ਵਿਚ ਸਾਡੇ ਉਤੇ ਇਹ ਭਾਣਾ ਕਿਉਂ ਵਰਤ ਗਿਆ ? ਇਸ ਪ੍ਰਸ਼ਨ ਨੇ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ ਹੈ । ੧੯੫੦-੬੦ ਦੇ ਦਹਾਕੇ ਵਿਚ ਜਦ ਮੈਂ 'ਦਸ਼ਮੇਸ਼ ਦੇ ਸ਼ੇਰ' ਪੁਸਤਕ ਲਿਖ ਰਿਹਾ ਸਾਂ ਤਾਂ ਮੈਨੂੰ ਆਪਣੇ ਵਿਚ ਕੋਈ ਬੀ-ਅੰਮਾਂ ਨਾਂ ਮਿਲੀ, ਕੋਈ ਸਰੋਜਨੀ ਨੈਡੋ ਨਾਂ ਮਿਲੀ ਅਤੇ ਨਾਂ ਹੀ ਈਸਾਈ ਬੀਬੀ ਰਾਜਕੁਮਾਰੀ ਅੰਮ੍ਰਿਤ ਕੌਰ ਜੈਸੀ ਹੀ ਕੋਈ ਵੇਖਣ ਵਿਚ ਆਈ । ਇਹ ਨਾਮ ਮੈਂ ਸਾਧਾਰਨ ਮਿਸਾਲ ਵਜੋਂ ਦਿਤੇ ਹਨ । ਭਾਰਤ ਨੇ ਵੀਹਵੀਂ ਸਦੀ ਵਿਚ ਹੋਰ ਵੀ ਕਾਫੀ ਮਹਾਨ ਤੀਵੀਆਂ ਪੈਦਾ ਕੀਤੀਆਂ ਹਨ ਪਰ ਸਿੱਖਾਂ ਅੰਦਰ ਨਿਸਚੇ ਹੀ ਮੈਨੂੰ ਇਹ ਘਾਟ ਦਿਸੀ ਹੈ।

ਇਸ ਸਵਾਲ ਨੇ ਮੈਨੂੰ ਕਾਫੀ ਗੁਮਰਾਹ ਵੀ ਕੀਤਾ ਹੈ । ਕਈ ਵਾਰੀ ਮੈਂ ਸੋਚਿਆ ਕਿ ਸ਼ਾਇਦ ਮਾਤਾ ਤ੍ਰਿਪਤਾ ਦੀ ਲੋਅ ਸਾਡੇ ਵਿਚ ਘਟ ਗਈ ਹੈ ਪਰ ਮੈਂ ਅੰਤ ਏਸ ਨਤੀਜੇ ਤੇ ਅਪੜਿਆ ਹਾਂ ਕਿ 'ਦਰਦ ਵੰਡਾਵਣ ਆਈਆਂ' ਦੀ ਰੋਸ਼ਨੀ ਚੰਨ ਸੂਰਜ ਵੀ ਕਦੇ ਮਾਤ ਨਹੀਂ ਪਾ ਸਕਦੇ, ਇਹ ਘਾਟ ਅਸਾਂ ਆਪਣੇ ਹੀ ਮਨ ਦੇ ਕਵਾੜ ਭੀੜ ਕੇ ਆਪਣੇ ਅੰਦਰ ਘੁੱਪ ਹਨੇਰਾ ਕਰਕੇ ਕੀਤੀ ਹੈ, ਅਤੇ ਏਸ ਘਾਟ ਦੇ ਸਭ ਤੋਂ ਵਡੇ ਦੋਸ਼ੀ ਸਾਡੇ ਪੇਸ਼ਾਵਰ ਪ੍ਰਚਾਰਕ ਹਨ, ਬਾਣੀ ਦੇ ਗੂੜ੍ਹ ਗਿਆਨ ਤੋਂ ਸਖਣੇ ਸਾਡੇ ਕਥਾ-ਵਾਚਕ ਅਤੇ ਏਸ ਦੇ ਜ਼ੁਮੇਵਾਰ ਕਾਫੀ ਹਦ ਤਕ ਸਾਡੇ ਧਨੀ ਸਰਦਾਰ ਵੀ ਹਨ ।

ਅਜ ਤਕ ਅਸੀਂ ਦਿਲ ਨੂੰ ਵੀ ਇਹ ਸਹਾਰਾ ਤੇ ਦੇਂਦੇ ਆਏ ਹਾਂ ਕਿ ਸਿੱਖ ਵੇਸਵਾ ਨਹੀਂ, ਸਿਖ ਬੀਬੀ ਸਿਨਮਾ ਵਿਚ ਨਹੀਂ, ਕੋਈ ਸਿੱਖ ਤੀਵੀਂ ਮੰਗਤੀ ਨਹੀਂ, ਪਰ ਹੁਣ ਧਨਾਡ ਸਰਦਾਰਾਂ ਦਾ ਬਦਲਦਾ ਜਾ ਰਿਹਾ ਰੁਖ ਵੇਖ ਮਾਤਾ ਤ੍ਰਿਪਤਾ ਜੀ ਦੇ ਪਾਏ ਪੂਰਨਿਆਂ ਵਲ ਧਿਆਨ ਦੇਣ ਦੀ ਪਹਿਲਾਂ ਨਾਲੋਂ ਵੀ ਵਧੇਰੀ ਲੋੜ ਪੈ ਗਈ ਹੈ ਕਿਉਂਕਿ ਸਿੱਖ ਬੱਚੀਆਂ ਹੁਣ ਸਟੇਜ ਤੇ ਨਚਦੀਆਂ ਆਮ ਵੇਖੀਆਂ ਜਾਣ ਲੱਗ ਪਈਆਂ ਹਨ ਤੇ ਬੁੱਢੇ ਤੇ ਜਵਾਨ ਸਿੱਖ ਬਿਨਾਂ ਆਪਣੀ ਉਮਰ ਵਲ ਝਾਤੀ ਮਾਰੇ ਕਲਚਰਲ ਆੜ ਹੇਠ ਸਿੱਖ ਬੱਚੀਆਂ ਦੇ ਆਚਾਰ ਨੂੰ ਨੀਵਾਂ ਕਰਨ ਵਲ ਦਿਨ ਰਾਤ ਵਧ ਚੜ੍ਹ ਕੇ ਯਤਨ ਕਰ ਰਹੇ ਹਨ ।

ਦਸਮ ਪਾਤਸ਼ਾਹ ਨੇ ਪਉਂਟਾ ਸਾਹਿਬ ਆਪਣੇ ੫੨ ਕਵੀਆਂ ਨੂੰ ਇਕ ਦਿਨ ਕਿਹਾ ਸੀ ਕਿ ਇਸਤ੍ਰੀ ਅਤੇ ਮਰਦ ਦੀ ਸੁੰਦਰਤਾ ਬਿਆਨ ਕਰੋ। ਸਭੋ ਕਵੀ ਦੁਨੀਆਂਦਾਰੀ ਦੀ ਚਟਕ ਮਟਕ ਵਿਚ ਖ਼ੁਭ ਗਏ ਅਤੇ ਦੋ ਜਹਾਨ ਵਾਲੀ ਨੇ ਜਿਥੇ ‘ਨਾਟਕ ਚੇਟਕ ਕੀਏ ਕੁਕਾਜਾ' ਦਾ ਉਪਦੇਸ਼ ਦੇ ਰੱਖਿਆ ਸੀ, ਕਵੀ ਜਨਾਂ ਨੂੰ ਫਰਮਾਇਆ ਕਿ ਇਸਤ੍ਰੀ ਦੀ ਸੁੰਦਰਤਾ ਉਹਦੇ ਸਰੀਰ ਦੀ ਨਹੀਂ, ਉਹਦੀ ਸ਼ਰਮ ਤੇ ਹਯਾ ਈ ਹੈ ਤੇ ਆਦਮੀ ਦੀ ਸੁੰਦਰਤਾ ਉਹਦੀ ਜ਼ਬਾਨ ਦੀ ਪਕਿਆਈ ਵਿਚ ਹੈ । ਅੱਜ ਆਪਣੀਆਂ ਬੱਚੀਆਂ ਨੂੰ ਮਨੋਰੰਜਨ ਲਈ ਸਟੇਜਾਂ ਤੇ ਨਚਦੇ ਟੱਪਦੇ ਵੇਖ ਮੈਨੂੰ ਇਹ ਬਹੁਤ ਹੀ ਜ਼ਰੂਰੀ ਲਗ ਰਿਹਾ ਹੈ ਕਿ ਅਸੀਂ ਮਾਤਾ ਤ੍ਰਿਪਤਾ ਜੀ ਦੀ ਰੋਸ਼ਨੀ ਤੋਂ ਲਾਭ ਉਠਾਣ ਦਾ ਯਤਨ ਕਰੀਏ ਤੇ ਹਰ ਖੇਤਰ ਵਿਚ ਸਿੱਖ ਬੱਚੀਆਂ ਸੰਸਾਰ ਦੀ ਇਸਤ੍ਰੀ ਜਾਤੀ ਦੀ ਅਗਵਾਈ ਕਰਦੀਆਂ ਵੇਖੀਏ ।

ਮੈਨੂੰ ਜੂਨ-ਜੁਲਾਈ ੧੯੮੧ ਵਿਚ ਯੋਰਪ ਜਾਣ ਦਾ ਅਵਸਰ ਪ੍ਰਾਪਤ ਹੋਇਆ। ਜਰਮਨੀ ਦੇ ਇਕ ਸੁੰਦਰ ਸ਼ਹਿਰ ਡੁਜ਼ਲਡਰਫ ਵਿਚ ਬ੍ਰਿਟਿਸ਼ ਕਲੱਬ ਇਕ ਅੰਗ੍ਰੇਜ਼ ਮੇਮਾਂ ਦੀ ਵਖਰੀ ਹੀ ਹੈ । ਉਸ ਵਿਚ ਇਕ ਫੰਕਸ਼ਨ ਹੋ ਰਹੀ ਸੀ ਅਤੇ ਉਥੇ Discrimination against Women ਉਤੇ ਭਾਸ਼ਣ ਹੋਣਾ ਸੀ । ਮੈਂ ਭੀ ਆਪਣੀ ਵਡੀ ਲੜਕੀ ਜਸਵੰਤ ਕੌਰ ਨਾਲ ਓਸ ਫੰਕਸ਼ਨ ਵਿਚ ਸ਼ਾਮਲ ਹੋਇਆ ਤੇ ਮੈਨੂੰ ਵੀ ਕੁਝ ਅਖਰ ਏਸ ਵਿਸ਼ੇ ਤੇ ਕਹਿਣ ਦਾ ਮੌਕਾ ਮਿਲਿਆ । ਇਹ ਪੁਸਤਕ ਮੈਂ ਓਸ ਫੰਕਸ਼ਨ ਤੋਂ ਪ੍ਰਭਾਵਤ ਹੋ ਕੇ ਹੀ ਲਿਖੀ ਹੈ, ਵੈਸੇ ਮੈਂ ਨਾਂ ਇਤਿਹਾਸਕਾਰ ਹਾਂ, ਨਾਂ ਲੇਖਕ, ਨਾਂ ਵਿਚਾਰਵਾਨ । ਇਹ ਕੰਮ ਸਾਡੀ ਕਿਸੇ ਮਹਾਨ ਵਿਦਵਾਨ ਸ਼ਰਧਾਲੂ ਸਿੱਖ ਬੱਚੀ ਦਾ ਸੀ ਤੇ ਮੈਂ ਇਹ ਹੰਭਲਾ ਕੇਵਲ ਕਿਸੇ ਬੱਚੀ ਨੂੰ ਉਤਸ਼ਾਹ ਦੇਣ ਵਾਸਤੇ ਹੀ ਮਾਰਿਆ ਹੈ । ਮੈਂ ਵਸਤੂ ਹੀ ਕੀ ਹਾਂ ਜੋ ਮਹਾਨ ਪਵਿੱਤ੍ਰ ਰੂਹਾਂ ਬਾਰੇ ਇਕ ਅੱਖਰ ਭੀ ਲਿਖ ਸਕਾਂ । ਚੂੰਕਿ ਸਾਡੇ ਇਤਿਹਾਸਕਾਰਾਂ ਨੇ ਤੇ ਜ਼ਿੰਮੇਵਾਰ ਸੰਸਥਾਵਾਂ ਤੇ ਅਜ ਤਕ ਏਧਰ ਯੋਗ ਧਿਆਨ ਨਹੀਂ ਸੀ ਦਿਤਾ, ਮੈਂ ਅਕਾਲ ਪੁਰਖ ਦੀ ਓਟ ਲੈ ਮਾੜਾ ਜਿਹਾ ਉਪਰਾਲਾ ਕੀਤਾ ਹੈ ਅਤੇ ਆਲ ਇੰਡੀਆ ਸਿੱਖ ਕੌਂਸਲ ਦਾ ਰਿਣੀ ਹਾਂ, ਜੋ ਇਹ ਕੁਝ ਲਾਈਨਾਂ ਕਤਾਬੀ ਸ਼ਕਲ ਵਿਚ ਪ੍ਰਕਾਸ਼ਤ ਕਰ ਰਹੀ ਹੈ ।

ਇਹ ਹਕੀਕਤ ਹੈ ਕਿ ਸੂਰਜ ਵਲ ਨੀਝ ਲਾ ਕੇ ਵੇਖਣ ਵਾਸਤੇ ਕੋਈ ਜੰਤਰ ਭਾਵੇਂ ਵਿਗਿਆਨੀ ਬਣਾ ਸਕਣ ਪਰ ਮਾਤਾ ਤ੍ਰਿਪਤਾ ਜੀ ਜੈਸੀਆਂ ਪਰਉਪਕਾਰੀ ਦਰਦ ਵੰਡਾਵਣ ਵਾਲੀਆਂ ਪਵਿਤ੍ਰ ਰੂਹਾਂ ਵਲ ਵੇਖਣ ਵਾਲੀ ਕਿਸੇ ਵਿਰਲੇ ਬ੍ਰਹਮ ਗਿਆਨੀ ਕੋਲ ਹੀ ਅਨੁਭਵੀ ਨਜ਼ਰ ਹੋਵੇਗੀ, ਸਾਧਾਰਣ ਨਜ਼ਰ ਇਹ ਝਾਲ ਝਲਣ ਤੋਂ ਅਸਮਰਥ ਹੈ ਤੇ ਅਸਮਰਥ ਹੀ ਰਹੇਗੀ ।

ਮੈਂ ਜੋ Outline ਜਿਹੀ ਬਣਾ ਕੇ ਪੂਜ ਪਾਠਕਾਂ ਸਾਹਮਣੇ ਪੇਸ਼ ਕਰ ਰਿਹਾ ਹਾਂ, ਆਸ ਹੈ, ਮੇਰੀਆਂ ਭੁਲਾਂ ਚੁਕਾਂ ਨੂੰ ਮਾਫ਼ ਕਰਦੇ ਹੋਏ, ਪ੍ਰਵਾਨ ਕਰਨਗੇ ਤੇ ਇਸ ਪੁਸਤਕ ਤੋਂ ਪ੍ਰੇਰਨਾ ਲੈ ਕੇ ਹੋਰ ਵਿਦਵਾਨ ਇਹ ਸ਼ੁਭ ਕਾਰਜ ਅਗੇ ਤੋਰਦੇ ਚਲੇ ਜਾਣਗੇ ।

ਐਫ-77, ਭਗਤ ਸਿੰਘ ਮਾਰਕੀਟ, —ਮਾਨ ਸਿੰਘ
ਨਵੀਂ ਦਿੱਲੀ-110001 2 ਜਨਵਰੀ 1982

ਮਾਤਾ ਤ੍ਰਿਪਤਾ ਜੀ

ਜਦ ਤੋਂ ਅਪਰੰਪਾਰ ਦਾਤਾਰ ਪ੍ਰਭੂ ਨੇ ਇਸ ਬ੍ਰਹਿਮੰਡ ਦੀ ਰਚਨਾ ਕੀਤੀ ਹੈ, ਇਸਤਰੀ ਦੇ ਰੂਪ ਵਿਚ ਮਾਤਾ ਤ੍ਰਿਪਤਾ ਜੀ ਪਹਿਲੀ ਮਹਾਨ ਸ਼ਖ਼ਸੀਅਤ ਹਨ ਜਿਨ੍ਹਾਂ ਦੇ ਵਜੂਦ ਵਿਚ ਦਰਦ ਵੰਡਾਣ ਵਾਲਾ ਦਿਲ, ਸਬਰ ਤੇ ਸੰਤੋਖ ਦੇ ਮਾਵੇ ਨਾਲ ਤਿਆਰ ਕਰ ਕੇ ਐਸੀ ਕਾਰੀਗਰੀ ਨਾਲ ਪਾਰਬ੍ਰਹਮ ਨੇ ਜੜਿਆ ਕਿ ਜਿਸ ਉਤੇ ਉਹ ਆਪ ਵੀ ਅਸ਼ ਅਸ਼ ਕਰ ਉਠਿਆ।

ਸਰ ਮੁਹੰਮਦ ਇਕਬਾਲ ਦਾ ਕਹਿਣਾ ਹੈ ਕਿ “ਦਰਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ'' ਤੇ ਉਹ ਉਨਸ ਭਰਿਆ ਇਨਸਾਨ ਪੰਜਾਬ ਦੀ ਪਵਿਤ੍ਰ ਧਰਤੀ ਨੇ ਪੈਦਾ ਕੀਤਾ ਤੇ ਯੁਗਾਂ ਦੀਆਂ ਲਗੀਆਂ ਉਡੀਕਾਂ ਨੂੰ ਦੂਰ ਕਰ ਮਨੁੱਖਤਾ ਦੀ ਵਡੀ ਘਾਟ ਨੂੰ ਪੂਰਾ ਕਰ ਦਿਤਾ ।

ਹਾਰਟ ਸਪੈਸ਼ਲਿਸਟਾਂ ਦਾ ਕਹਿਣਾ ਹੈ ਕਿ ਉਹ ਦਿਲ ਦੀਆਂ ਉਮੰਗਾਂ ਤਕ ਨੂੰ ਵੀ ਪੜ੍ਹ ਸਕਦੇ ਹਨ ਤੇ ਦਿਲ ਦੇ ਰੇਸ਼ੇ ਰੇਸ਼ੇ ਨੂੰ ਸਮਝ ਸਕਦੇ ਹਨ ਪਰ ਡਾਕਟਰ ਦਿਲ ਦੀਆਂ ਉਮੰਗਾਂ ਦੇ ਨਾਲ ਉਠ ਰਹੀਆਂ 'ਤਰੰਗਾਂ' ਨੂੰ ਨਹੀਂ ਜਾਣ ਸਕਦੇ।

ਮਨੋ-ਵਿਗਿਆਨੀਆਂ ਨੇ ਮਾਂ ਦੀ ਮਮਤਾ ਦੇ ਕਈ ਭਿੰਨ ਭਿੰਨ ਲਛਨ ਦਸੇ ਹਨ । ਅੱਜ ਤਕ ਕੋਈ ਸਾਈਕਾਲੋਜਿਸਟ ਮਾਤਾ ਤ੍ਰਿਪਤਾ ਜੀ ਦੀ ਮਮਤਾ ਬਾਰੇ ਰੋਸ਼ਨੀ ਨਹੀਂ ਪਾ ਸਕਿਆ। ਭਗਵਾਨ ਰਾਮ ਜੀ ਦੀ ਮਾਤਾ ਤੇ ਭਗਵਾਨ ਕ੍ਰਿਸ਼ਨ ਜੀ ਦੀ ਮਾਤਾ ਬਾਰੇ ਕਈ ਸਾਖ਼ੀਆਂ ਮਿਲਦੀਆਂ ਹਨ ਪਰ ਗੁਰੂ ਨਾਨਕ ਸਾਹਿਬ ਦੀ ਮਾਤਾ ਬਾਰੇ ਕਿਤੇ ਇਕ ਅੱਖਰ ਨਹੀਂ ਮਿਲਦਾ ।

ਮਾਤਾ ਤ੍ਰਿਪਤਾ ਜੀ ਸੰਸਾਰ ਦੀ ਪਹਿਲੀ ਪੂਜਨੀਕ ਇਸਤ੍ਰੀ ਹਨ ਜਿਨ੍ਹਾਂ ਦੀ ਕੁਖ ਵਿਚੋਂ ਦੋ ਪੈਗੰਬਰ ਪੈਦਾ ਹੋਏ, ਪਹਿਲਾ ਬੀਬੀ ਨਾਨਕੀ ਜੀ ਤੇ ਦੂਜਾ ਬੀਬਾ ਨਾਨਕ ਜੀ ।ਅੱਜ ਦੇ ਵਿਗਿਆਨਕ ਯੁਗ ਵਿਚ ਵਡੇ ਤੋਂ ਵਡਾ ਨਵੀਨ ਮੈਗਨੀਫ਼ਾਈਂਗ ਗਲਾਸ ਲਗਾ ਕੇ ਕੋਈ ਸਾਇੰਟਿਸਟ ਵੀ ਪਿਛਲੀਆਂ ਇਨਸਾਨੀ ਰੇਖਾ ਨੂੰ ਬੜੇ ਧਿਆਨ ਨਾਲ ਵੇਖਣ ਦੀ ਤਰਕੀਬ ਪੈਦਾ ਕਰ ਵੀ ਲਏ ਤਾਂ ਉਹ ਆਚੰਭੇ ਨਾਲ ਕਹਿ ਉਠੇਗਾ ਕਿ ਮਾਤਾ ਤ੍ਰਿਪਤਾ ਆਪਣੀ ਮਿਸਾਲ ਕੇਵਲ ਆਪ ਹੀ ਸੀ। ਮਹਿਤਾ ਕਾਲੂ ਜੀ ਜਿਹਾ ਸੰਸਾਰ ਵਿਚ ਕੋਈ ਪਤੀ ਨਹੀਂ ਹੋ ਸਕਦਾ ਜਿਨ੍ਹਾਂ ਨੂੰ ਐਸੀ ਸੰਤੋਖ ਦੀ ਮੁਜੱਸਮਾ ਪਤਨੀ ਮਿਲੀ ਤੇ ਬੀਬੀ ਨਾਨਕੀ ਤੇ ਬੀਬਾ ਨਾਨਕ ਜੈਸੇ ਸੰਸਾਰ ਨੇ ਬੱਚੇ ਨਹੀਂ ਵੇਖਣੇ, ਜਿਨ੍ਹਾਂ ਨੂੰ ਐਸੀ ਦਰਦ ਭਰਪੂਰ ਮਾਤਾ ਮਿਲੀ ।

ਜਿਸ ਸਮੇਂ ਮਾਤਾ ਤ੍ਰਿਪਤਾ ਜੀ ਹੋਏ ਉਹ ਐਸਾ ਸਮਾਂ ਸੀ ਜਦ ਇਸਤ੍ਰੀ ਦੇ ਗੁਣ ਉਹਦੇ ਗ੍ਰਹਸਤ ਜੀਵਨ ਤੋਂ ਨਾਪੇ ਤੋਲੇ ਜਾਂਦੇ ਸਨ । ਮੈਂ ਬੜੇ ਦਾਹਵੇ ਨਾਲ ਕਹਿ ਸਕਦਾ ਹਾਂ ਕਿ ਪ੍ਰਮਾਤਮਾ ਨੇ ਮਾਤਾ ਤ੍ਰਿਪਤਾ ਦੇ ਗੁਣਾ ਦੀ ਪਰਖ ਵਾਲਾ ਨਾਪ ਤੋਲ ਕੋਈ ਬਣਾਇਆ ਹੀ ਨਹੀਂ ਸੀ !

ਗੁਰਬਾਣੀ ਵਿਚ ਗ੍ਰਹਿਸਤ ਵਿਚ ਉਦਾਸ ਰਹਿਣ ਦਾ ਉਪਦੇਸ਼ ਦਿਤਾ ਗਿਆ । ਗ੍ਰਹਿਸਤ ਵਿਚ ਸਾਰੇ ਦਾ ਸਾਰਾ ਜੀਵਨ ਉਦਾਸ ਗੁਜ਼ਾਰਨ ਵਾਲੀ ਮਹਾਨ ਤਪੱਸਵੀ ਬੱਚੀ ਨੇ ਸਭ ਤੋਂ ਪਹਿਲਾਂ ਪਿੰਡ ਚਹਿਲ, ਜ਼ਿਲਾ ਲਾਹੌਰ, ਦੀ ਪਾਕ ਫਜ਼ਾ ਨੂੰ ਦਰਸ਼ਨ ਦਿਤੇ, ਜਿਥੇ ਆਪ ਦਾ ਜਨਮ ਹੋਇਆ । ਆਪ ਜੀ ਦੇ ਪੂਜਯ ਪਿਤਾ ਜੀ ਦਾ ਨਾਮ ਰਾਮਾ ਸੀ ਅਤੇ ਮਾਤਾ ਜੀ ਦਾ ਨਾਮ ਭਰਾਈ ਸੀ। ਆਪ ਦਾ ਇਕ ਵੀਰ ਕ੍ਰਿਸ਼ਨਾ ਵੀ ਸੀ ਜੋ ਪਤਾ ਨਹੀਂ ਲਗ ਸਕਿਆ ਕਿ ਤ੍ਰਿਪਤਾ ਜੀ ਤੋਂ ਵਡਾ ਸੀ ਯਾ ਛੋਟਾ । ਬਾਲੜੀ ਉਮਰ ਵਿਚ ਮਾਤਾ ਪਿਤਾ ਨੇ ਜੋ ਦਿਤਾ ਖਾ ਲਿਆ, ਜੋ ਪਾਇਆ ਪਹਿਨ ਲਿਆ । ਲੜਕੀਆਂ ਨੂੰ ਵਿਦਿਆ ਦੇਣ ਦਾ ਉਹ ਜ਼ਮਾਨਾ ਹੀ ਨਹੀਂ ਸੀ, ਸੋ ਆਪ ਆਪਣੇ ਪਿੰਡ ਦੀਆਂ ਹੋਰ ਬੀਬੀਆਂ ਵਾਂਗ ਕਤਾਬੀ ਪੜ੍ਹਾਈ ਤੋਂ ਜ਼ਰੂਰ ਸਖਣੇ ਸਨ ਪਰ ਗ਼ੈਬੀ ਅੱਖ ਤੋਂ ਜੀਵਨ-ਗਿਆਨ ਦੀਆਂ ਬਰੀਕੀਆਂ ਦੇ ਆਲਮ ਤੇ ਸੁਘੜਤਾ ਦਾ ਬਹੁ-ਮੁੱਲਾ ਭੰਡਾਰ ।

ਬੱਚੀ ਮਾਈ ਹਵਾ ਤੋਂ ਹੀ ਪਰਾਈ ਅਮਾਨਤ ਸਮਝੀ ਜਾਂਦੀ ਹੈ ਤੇ ਪਰਾਈ ਅਮਾਨਤ ਦੀ ਦੇਖ ਭਾਲ ਤੇ ਸਾਂਭ ਸੰਭਾਲ ਸਾਰੇ ਸੁਘੜ ਮਾਪੇ ਸੁਚੱਜੇ ਢੰਗ ਨਾਲ ਕਰਦੇ ਹਨ । ਬੀਬੀ ਤ੍ਰਿਪਤਾ ਜੀ ਭੀ ਘਰ ਦੇ ਕੰਮਾਂ ਕਾਜਾਂ ਵਿਚ, ਰਸੋਈ ਸਿਖਿਆ ਵਿਚ, ਸਲਾਈ ਕਢਾਈ ਵਿਚ ਨਿਪੁੰਨ ਸੀ । ਸ਼ਰਮ, ਹਯਾ, ਮਿਠਾਸ, ਤੇ ਨਿਮ੍ਰਤਾ ਇਹਨੂੰ ਦਰਗਾਹੋਂ ਮਿਲੇ ਹੋਏ ਸਨ । ਇਹਦੀ ਚਾਲ ਢਾਲ ਤੇ ਡੀਲ ਡੌਲ ਨੂੰ ਵੇਖਣ ਲੁਕ ਛਿਪ ਪਰੀਆਂ ਝਾਤੀਆਂ ਮਾਰਦੀਆਂ ਸਨ । ਦੁਨੀਆਂ ਦਾ ਕੋਈ ਲੋਭ-ਲਾਲਚ, ਚਾ-ਮਲਾਰ, ਰੀਝ-ਸੱਧਰ, ਇਹਨੂੰ ਭਰਮਾ ਨਹੀਂ ਸਨ ਸਕਦੇ । ਇਸ ਅਨੋਖੀ ਬੱਚੀ ਦੇ ਜਨਮ ਨੇ ਮਨੁੱਖੀ ਇਖ਼ਲਾਕ ਨੂੰ ਨਵਾਂ ਰੰਗ ਰੂਪ ਦਿਤਾ। ਜੋਗੀਆਂ ਤੇ ਸੰਨਿਆਸੀਆਂ ਦੇ ਦਿਲਾਂ ਵਿਚ ਜਲਨ ਪੈਦਾ ਹੋਈ ਕਿ ਏਸ ਬੀਬੀ ਨੇ ਸਨਿਆਸ ਤੋਂ ਗ੍ਰਹਿਸਤ ਦੇ ਦਰਜੇ ਨੂੰ ਕੋਹਾਂ ਉੱਚਾ ਕਰ ਦਿਤਾ ਹੈ।ਉਹ ਸਨਿਆਸੀ ਜੋ ਜੰਗਲਾਂ ਤੇ ਪਹਾੜਾਂ ਦੀਆਂ ਖੰਦਰਾਂ ਵਿਚ ਮਨ ਤੇ ਕਾਬੂ ਨਹੀਂ ਸਨ ਪਾ ਸਕਦੇ ਤੇ ਹਰ ਇਮਤਿਹਾਨ ਸਮੇਂ ਡੋਲ ਜਾਂਦੇ ਸਨ, ਉਹ ਬੀਬੀ ਤ੍ਰਿਪਤਾ ਦੀ ਗ੍ਰਹਿਸਤ ਵਿਚ ਉਦਾਸੀ ਦੀ ਝਾਲ ਝਲ ਹੀ ਨਾ ਸਕੇ । ਗੁਰੂ ਨਾਨਕ ਸਾਹਿਬ ਤੋਂ ਲੈ ਗੁਰੂ ਅਰਜਨ ਦੇਵ ਜੀ ਤਕ ਤੇ ਮਗਰੋਂ ਵੀ ਜੋਗੀਆਂ ਦੀ ਟਕਰ ਦੀ ਬੁਨਿਆਦ ਮਾਤਾ ਤ੍ਰਿਪਤਾ ਜੀ ਦੀ ਅਚਰਜ ਸਾਧਨਾ ਸੀ ਅਤੇ ਏਸ ਸਾਧਨਾਂ ਨੇ ਜੋਗੀਆਂ ਵਿਚ ਈਰਖਾ ਦੇ ਭਾਂਬੜ ਮਚਾ ਦਿਤੇ ।

ਬੱਚੀ ਜਵਾਨੀ ਚੜੀ ਤੇ ਪਰਾਈ ਧੀ ਹੋਣ ਦਾ ਸਮਾਂ ਸਿਰ ਤੇ ਆ ਪੁੱਜਾ। ਉਸ ਸਮੇਂ ਦੇ ਵਿਵਾਹ ਨਾਈ, ਝੀਵਰ ਯਾ ਪ੍ਰੋਹਤ ਹੀ ਵਿਚੋਲੇ-ਬਣ ਕਰਵਾ ਦੇਂਦੇ ਸਨ । ਜਿਸ ਦੇ ਪੱਲੇ ਪੈ ਗਈ ਬੱਚੀ ਨੇ ਓਸੇ ਨਾਲ ਸਾਰਾ ਜੀਵਨ ਦੁੱਖ-ਸੁੱਖ ਵਿਚ ਕਟ ਦਿਤਾ । ਇਹ ਤਲਾਕ ਦੀ ਗਲ ਤਾਂ ਆਜ਼ਾਦ ਭਾਰਤ ਦੀ ਨਵੀਂ ਕਾਢ ਹੈ ਅਤੇ ਹਿੰਦੂ ਮੈਰਿਜ ਐਕਟ ਇਸਲਾਮ ਦੀ ਨਕਲ ਹੈ । ਇਹ ਐਕਟ ਤਾਂ ਹੁਣ ਆਨੰਦ ਕਾਰਜ ਐਕਟ ਉਤੇ ਭੀ ਹਾਵੀ ਹੋ ਗਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਲਈਆਂ ਕਸਮਾਂ ਅਦਾਲਤ ਜਾ ਤੋੜ ਦਿਤੀਆਂ ਜਾਂਦੀਆਂ ਹਨ । ਪਰ ਉਹ ਸਮਾਂ ਇਖਲਾਕ ਦਾ ਸੀ। ਸਾਡਾ ‘ਅਧੂਰਾ’ ਇਤਿਹਾਸ ਦਸਦਾ ਹੈ ਕਿ ਮਹਿਤਾ ਕਾਲੂ, ਸਪੁਤ੍ਰ ਮਹਿਤਾ ਸ਼ਿਵ ਰਾਮ, ਜੋ ੧੪੯੭ ਬਿਕਰਮੀ ਵਿਚ ਮਾਤਾ ਬਨਾਰਸੀ ਦੀ ਕੁਖੋਂ ਪੈਦਾ ਹੋਇਆ ਸੀ, ਜਿਸ ਨਾਲ ਤ੍ਰਿਪਤਾ ਜੀ ਨੇ ਲਾਵਾਂ ਫੇਰੇ ਲਏ, ਦਾ ਸੁਭਾ ਬਹੁਤ ਗਰਮ ਸੀ ਤੇ ਅੱਜ ਦੇ ਯੁਗ ਮੁਤਾਬਕ ਇਹ ਜੋੜੀ ਮੇਲ ਨਹੀਂ ਸੀ ਖਾਂਦੀ ਪਰ ਜਿਵੇਂ ਬੀਬੀ ਜੀ ਨੇ ਆਪਣੇ ਆਪਨੂੰ ਐਡਜਸਟ ਕੀਤਾ, ਉਹ ਆਪ ਦੇ ਜੀਵਨ ਦੀ ਇਕ ਸਭ ਤੋਂ ਵਡੀ ਕਰਾਮਾਤ ਸੀ । ਮਹਿਤਾ ਘੜੀ ਵਿਚ ਤੋਲਾ ਤੇ ਘੜੀ ਵਿਚ ਮਾਸਾ ਤੇ ਇਹ ਬੀਬੀ ਸਦਾ ਹੀ ਸ਼ਾਂਤ ਚਿਤ, ਅਡੋਲ ।

ਮਹਿਤਾ ਕਾਲੂ ਤਰਨ ਤਾਰਨ ਦੇ ਨੇੜੇ ਪੱਠੇ ਪਿੰਡ ਦਾ ਵਸਨੀਕ ਸੀ ਅਤੇ ਰਾਏ ਭੋਲੇ ਦੇ ਪੁੱਤ ਰਾਏ ਬੁਲਾਰ ਦਾ ਪਟਵਾਰੀ। ਇਹ ਪਟਵਾਰੀ ਤਾਂ ਅੰਗਰੇਜ਼ੀ ਰਾਜ ਵਿਚ ਤਸੀਲਦਾਰਾਂ ਤੋਂ ਵਧ ਇਲਾਕੇ ਵਿਚ ਚੌਧਰੀ ਮੰਨੇ ਜਾਂਦੇ ਸਨ, ਉਸ ਸਮੇਂ ਪਤਾ ਨਹੀਂ ਇਹ ਪਦਵੀ ਕਿਵੇਂ ਮੰਨੀ ਜਾਂਦੀ ਹੋਵੇਗੀ। ਅਸੀਂ ਇਕ ਲੋਕ ਗੀਤ ਅੰਗਰੇਜ਼ੀ ਰਾਜ ਵਿਚ ਸੁਣਿਆ ਕਰਦੇ ਸੀ :

ਮੈਂ ਧੀ ਠਾਣੇਦਾਰ ਦੀ
ਤੇ ਨੂੰਹ ਪਟਵਾਰੀ ਦੀ ।
ਮੇਰਾ ਉੱਡੇ ਡੋਰੀਆ
ਮਹਿਲਾਂ ਵਾਲੇ ਘਰ ਵੇ ।

ਗੁਰੂ ਨਾਨਕ ਸਾਹਿਬ ਦੇ ਜੀਵਨ ਵਿਚ ਮਹਿਤਾ ਕਾਲੂ ਦਾ ਸੁਭਾ ਬੜਾ ਉਘੜ ਕੇ ਪੇਸ਼ ਕੀਤਾ ਗਿਆ ਹੈ । ਖਰੇ ਸੌਦੇ ਦੀ ਸਾਖ਼ੀ ਵਿਚ ਜਦ ਗੁਰੂ ਜੀ ਵੀਹ ਰੁਪਏ ਸਾਧਾਂ ਸੰਤਾਂ ਵਿਚ ਵੰਡ ਆਏ ਤਾਂ ਦਸਿਆ ਜਾਂਦਾ ਹੈ ਕਿ ਘਰ ਆਇਆਂ ਨੂੰ ਬਾਪੂ ਨੇ ਚਪੇੜਾਂ ਲਾਈਆਂ । ਸਰਦਾਰ ਕਰਤਾਰ ਸਿੰਘ ‘ਬਲਗਨ (ਸਵਰਗਵਾਸੀ) ਸਾਡਾ ਪੰਜਾਬੀ ਦਾ ਪ੍ਰਸਿਧ ਸਮਕਾਲੀ ਕਵੀ ਹੋਇਆ ਹੈ । ਉਹ ਏਸ ਘਟਨਾ ਨੂੰ ਇਉਂ ਬਿਆਨ ਕਰਦਾ ਹੈ :

ਤਾੜ ਤਾੜ ਚਪੇੜਾਂ ਮਾਰੀਆਂ ਨੇ,
ਵੇਖੋ ਬੰਦੇ ਨੇ ਰੱਬ ਦੇ ਮੂੰਹ ਉਤੇ ।

ਪਰ ਮਾਤਾ ਉਤੇ ਕੋਈ ਅਸਰ ਨਹੀਂ ਸੀ ਹੋਇਆ, ਮਾਤਾ ਦਾ ਧੀਰਜ ਵੇਖ ਅਰਸ਼-ਫਰਸ਼ ਹਿਲ ਜਾਂਦਾ ਸੀ ।

ਜੇ ਸਕੂਲ ਵਿਚੋਂ ਪਾਂਧੇ-ਮੁਲਾਂ ਨੇ ਗੁਰੂ ਜੀ ਦੀ ਸ਼ਿਕਾਇਤ ਕੀਤੀ ਕਿ ਇਹ ਬਾਲਕ ਪੜ੍ਹਾਈ ਵੱਲ ਧਿਆਨ ਨਹੀਂ ਦੇਂਦਾ, ਤਾਂ ਅਨੇਕਾਂ ਆਜੜੀਆਂ ਤੇ ਹਕੂਮਤ ਕਰਨ ਵਾਲਾ ਪਟਵਾਰੀ, ਆਪਣੇ ਨਿਆਣੇ ਬੱਚੇ ਨੂੰ ਮਝੀਆਂ ਚਾਰਨ ਦੀ ਸਜ਼ਾ ਦੇਂਦਾ ਹੈ । ਪਰ ਮਾਤਾ ਬੇਪ੍ਰਵਾਹ ਹੈ । ਜੇ ਬਾਲ ਨਾਨਕ ਨੂੰ ਮਹਿਤਾ ਕਾਲੂ ਦੇ ਵਿਚ ਸਿਹਤ ਦੀ ਕਮਜ਼ੋਰੀ ਦਿਸਦੀ ਹੈ ਤੇ ਉਹ ਵੈਦ ਬੁਲਾ ਕੇ ਬੱਚੇ ਦੀ ਸਿਹਤ ਬਾਰੇ ਤਸ਼ਵੀਸ਼ ਕਰਵਾਂਦਾ ਹੈ ਅਤੇ ਜਦ ਗੁਰੂ ਜੀ ਵੈਦ ਨੂੰ ਕਹਿੰਦੇ ਹਨ : ਭੋਲਾ ਵੈਦ ਕੀ ਜਾਣਦਾ ਮੇਰੇ ਕਰਕ ਕਲਜੇ ਮਾਂਹ। ਤਾਂ ਪਿਤਾ ਡੂੰਘੀ ਰਮਜ਼ ਤੋਂ ਅੰਝਾਣ ਰਹਿੰਦਾ ਪਰ ਮਾਤਾ ਤ੍ਰਿਪਤਾ ਪੁੱਤ ਦੀ ਲਿਵ ਕਰਤਾਰ ਨਾਲ ਲਗੀ ਸਮਝ ਰਹਿੰਦੀ ਹੈ । ਮਾਰਫਤ ਦੀ ਬੁਝਾਰਤ ਮਾਰਫਤ ਵਾਲੇ ਬਿਨਾਂ ਸਮਝੀ ਵੀ ਤੇ ਨਹੀਂ ਜਾ ਸਕਦੀ । ਮਾਤਾ ਤ੍ਰਿਪਤਾ ਮਤਰੇਈ ਮਾਂ ਤੇ ਨਹੀਂ ਸੀ ਕਿ ਸਭ ਕੁਝ ਵੇਖਦੀ ਚੁੱਪ ਵੱਟੀ ਰਖੀ ਦੀ ਸੀ । ਇਹ ਮਾਤਾ ਤ੍ਰਿਪਤਾ ਦਾ ਵਡਿਤਨ ਕਿਸੇ ਮਾਂ ਨੂੰ ਪੁੱਛ ਕੇ ਵੇਖੋ।

ਬੀਬੀ ਨਾਨਕੀ ਮਾਤਾ ਤ੍ਰਿਪਤਾ ਦੀ ਪਲੇਠੀ ਦੀ ਬਚੜੀ ਸੀ। ਉਹਦੇ ਵਿਵਾਹ ਸਮੇਂ ਇਹ ਗਲ ਤਾਂ ਨਹੀਂ ਸੀ ਜੋ ਸਾਡਾ ਪੰਜਾਬੀ ਦਾ ਇਕ ਪੁਰਾਤਨ ਲੋਕ-ਗੀਤ ਦਰਸਾਂਦਾ ਹੈ ਕਿ :

ਮਾਵਾਂ ਧੀਆਂ ਵਿਛੜਣ ਲਗੀਆਂ।
ਕੰਧਾਂ ਚੁਬਾਰੇ ਦੀਆਂ ਹਲੀਆਂ ।

ਗ੍ਰਹਿਸਤ ਵਿਚ ਉਦਾਸੀ ਦੀ ਉੱਚੀ ਤੇ ਸੁੱਚੀ ਮਿਸਾਲ ਮਾਤਾ ਤ੍ਰਿਪਤਾ ਦੇ ਜੀਵਨ ਦੇ ਹਰ ਪੜਾ ਤੋਂ ਨਵੀਂ ਤੇ ਅਛੋਹ ਵੇਖੀ ਜਾ ਸਕਦੀ ਹੈ ।

ਬੇਟੀ ਦੀ ਸ਼ਾਦੀ ਮਗਰੋਂ ਬੇਟਾ ਨਾਨਕ ਜਵਾਨੀ ਚੜ੍ਹਦੇ ਭੈਣ ਕੋਲ ਭੇਜ ਦੇਣਾ ਅੱਜ ਵੀ ਅਣਹੋਣੀ ਗਲ ਕਹੀ ਜਾ ਸਕਦੀ ਹੈ। ਇਕੋ ਇਕ ਬੱਚੇ ਨੂੰ, ਐਸੇ ਹਾਲਾਤ ਵਿਚ ਜਦ ਘਰ ਵਿਚ ਕਿਸੇ ਕਿਸਮ ਦੀ ਥੁੜ ਨਾਂ ਹੋਵੇ, ਤਲਵੰਡੀ (ਨਨਕਾਣਾ ਸਾਹਿਬ) ਤੋਂ ਸੁਲਤਾਨਪੁਰ ਲੋਧੀ (ਕਪੂਰਥਲਾ ਦੇ ਨੇੜੇ) ਭੇਜ ਦੇਣਾ, ਜਦ ਆਵਾਜਾਈ ਦੇ ਸਾਧਨ ਹੀ ਘੋੜ ਸਵਾਰੀ ਬਿਨਾ ਹੋਰ ਨਾਂ ਹੋਣ, ਕਲੇਜੇ ਤੇ ਪੱਥਰ ਰਖਣ ਵਾਲੀ ਗਲ ਹੀ ਕਹੀ ਜਾ ਸਕਦੀ ਹੈ। ਪਿਤਾ ਕਾਲੂ ਨੂੰ ਤਾਂ ਕੋਈ ਕਾਰ ਵਿਹਾਰ ਦਾ ਲੋਭ ਹੋ ਸਕਦਾ ਹੈ ਪਰ ਮਾਂ ਦਾ ਦਿਲ ਵੀ ਕਿਸੇ ਟੋਹ ਕੇ ਵੇਖਿਆ ਹੈ ? ਮਾਂ ਦਾ ਉਹ ਬੱਚਾ ਜਿਸਨੂੰ ਉਹ ਪੂਰਨ ਤੌਰ ਤੇ ਵਿਸ਼ਵਾਸ ਨਾਲ ਰੂਪ ਕਰਤਾਰ ਦਾ ਸਮਝਦੀ ਹੋਵੇ, ਜਗ ਦਿਆਂ ਮੇਣਿਆਂ ਨੂੰ ਇਕ ਪਾਸੇ ਰਖ ਘਰੋਂ ਕੱਢ ਧੀ ਦੇ ਘਰ ਤੋਰ ਦੇਣਾ, ਹਠ ਦੀ ਇੰਤਹਾ ਹੀ ਕਹੀ ਜਾ ਸਕਦੀ ਹੈ।ਭੈਣ ਘਰ ਭਾਈ ਤੇ ਸੌਹਰੇ ਘਰ ਜਵਾਈ ਅੱਜ ਵੀ ਸਾਡੀ ਸਮਾਜ ਵਿਚ ਕੈਰੀ ਅੱਖ ਨਾਲ ਵੇਖਿਆ ਜਾਂਦਾ ਹੈ ਤੇ ਉਹ ਸਮਾਂ ਤਾਂ ਬਹੁਤ ਹੀ ਬ੍ਰਾਦਰੀਆਂ ਦੇ ਬੰਧਨਾਂ ਨਾਲ ਜਕੜਿਆ ਪਿਆ ਸੀ।

ਮਾਤਾ ਤ੍ਰਿਪਤਾ ਜੀ ਦੇ ਸਾਰੇ ਹੀ ਜੀਵਨ ਵਿਚ ਕਠਨ ਤੋਂ ਕਠਿਨ ਇਮਤਿਹਾਨ ਆਉਂਦੇ ਰਹੇ । ਪੁੱਤ ਦੀ ਕੁੜਮਾਈ ਦਾ ਸਮਾਂ ਆਇਆ ਪਰ ਉਹ ਭੀ ਭੈਣ ਨਾਨਕੀ ਦੇ ਘਰ। ਨਾਂ ਆਪਣੇ ਜੱਦੀ ਪਿੰਡ ਵਿਚ ਤੇ ਨਾਂ ਹੀ ਕਾਇਮ ਮੁਕਾਮ ਤਲਵੰਡੀ ਵਿਚ ਇਹ ਸ਼ੁਭ ਰਸਮ ਅਦਾ ਕੀਤੀ ਗਈ । ਇਤਿਹਾਸਕਾਰਾਂ ਨੇ ਕਿਤੇ ਵਰਨਣ ਨਹੀਂ ਕੀਤਾ ਕਿ ਮਾਤਾ ਤ੍ਰਿਪਤਾ ਜੀ ਪੁੱਤ ਦੀ ਕੁੜਮਾਈ ਪਵਾਣ ਸੁਲਤਾਨਪੁਰ ਲੋਧੀ ਆਪਣੀ ਬੇਟੀ ਨਾਨਕੀ ਦੇ ਘਰ ਗਏ ਹੋਣ।ਗੁਰੂ ਜੀ ਦੇ ਨਾਨੀ, ਨਾਨਾ, ਮਾਮਾ ਸ਼ਾਮਲ ਹੋਏ ਇਤਿਹਾਸ ਵਿਚ ਮਿਲਦੇ ਹਨ ਅਤੇ ਏਧਰੋਂ ਪਿਤਾ ਕਾਲੂ ਤੇ ਚਾਚਾ ਲਾਲੂ ਭੀ ਕੁੜਮਾਈ ਪਵਾਣ ਬੀਬੀ ਨਾਨਕੀ ਪਾਸ ਪੁਜ ਜਾਂਦੇ ਹਨ ਪਰ ਮਾਤਾ ਤ੍ਰਿਪਤਾ ਆਪਣੀਆਂ ਸਾਰੀਆਂ ਸਧਰਾਂ ਨੂੰ ਨਪੀੜ ਕੇ ਤਲਵੰਡੀ ਹੀ ਰਹਿੰਦੀ ਹੈ । ਦਾਦੀ ਦਾਦੇ ਬਾਰੇ ਇਤਿਹਾਸ ਚੁਪ ਹੈ।

ਫੇਰ ਗੁਰੂ ਜੀ ਦੇ ਵਿਵਾਹ ਦੀ ਘੜੀ ਭੀ ਵੈਸੀ ਹੀ ਆਉਂਦੀ ਹੈ। ਬਰਾਤ ਸੁਲਤਾਨਪੁਰ ਲੋਧੀ ਤੋਂ ਵਟਾਲੇ ਨੂੰ ਤੁਰੀ । ਗੁਰੂ ਜੀ ਦਾ ਸੌਹਰਾ ਮੂਲਾ ਚੌਣਾ ਪਖੋਕੇ ਰੰਧਾਵਿਆਂ ਦਾ ਪਟਵਾਰੀ ਸੀ ਤੇ ਵਟਾਲੇ ਦਾ ਵਸਨੀਕ ਸੀ । ਸ਼ਾਇਦ ਸੰਸਾਰ ਦੇ ਇਤਿਹਾਸ ਵਿਚ ਉਹ ਪਹਿਲਾ ਮੌਕਾ ਹੋਵੇ ਜਦ ਆਪਣੇ ਇਕਲੌਤੇ ਬੱਚੇ ਦੀ ਜੰਝ ਸਮੇਂ ਮਾਤਾ ਜ਼ਿੰਦਾ ਤਾਂ ਹੋਵੇ ਪਰ ਆਪਣੇ ਬੱਚੇ ਦੀ ਸ਼ਾਦੀ ਦੀਆਂ ਖੁਸ਼ੀਆਂ ਨਾਂ ਮਾਣ ਸਕੇ । ਐਸੇ ਹਾਲਾਤ ਵਿਚ ਇਕ ਮਾਂ ਦੇ ਦਿਲ ਦੀ ਵਿਥਿਆ ਮਾਂ ਹੀ ਜਾਣ ਸਕਦੀ ਹੈ । ਐਡਾ ਵਡਾ ਦਿਲ ਇਕ ਇਸਤ੍ਰੀ ਦੀ ਹਿਕ ਵਿਚ ਹੋਣਾ ਅਸੰਭਵ ਹੀ ਕਿਹਾ ਜਾ ਸਕਦਾ ਹੈ ਪਰ ਉਹ ਸੁਪਰ ਹੀਊਮਨ ਜੋ ਸੀ, ਸੰਸਾਰ ਨੂੰ ਨਵੇਂ ਰੰਗ ਵਖਾ ਗਈ । ਦੁਨੀਆਂਦਾਰੀ ਨਵੇਂ ਰਾਹ ਪਾ ਗਈ ।

ਮਾਤਾ ਸੁਲੱਖਣੀ (ਗੁਰੂ ਜੀ ਦੀ ਧਰਮਪਤਨੀ) ਦੀ ਡੋਲੀ ਪਹਿਲਾਂ ਭੈਣ ਨਾਨਕੀ ਦੇ ਹੀ ਘਰ ਆਈ ਤੇ ਫੇਰ ਕੁਝ ਦਿਨਾਂ ਮਗਰੋਂ ਤਲਵੰਡ ਲੈ ਜਾਈ ਗਈ । ਜਿਸ ਸਮੇਂ ਮਾਤਾ ਤ੍ਰਿਪਤਾ ਜੀ ਨੇ ਤੇਲ ਚੋਅ ਕੇ ਤੇ ਪਾਣੀ ਵਾਰ ਕੇ ਆਪਣੀ ਲਾਡੋ ਨੂੰਹ ਨੂੰ ਆਪਣੇ ਘਰ ਦਾਖਲ ਕੀਤਾ ਹੋਵੇਗਾ ਉਹ ਨਜ਼ਾਰਾ ਵੇਖਣ ਬ੍ਰਹਮਾ, ਵਿਸ਼ਨੂ ਤੇ ਸ਼ਿਵ ਭੀ ਹਾਜ਼ਰ ਹੋਏ ਹੋਣਗੇ ਤੇ ਦੇਵੀ ਦੇਵਤੇ ਅਰਸ਼ਾਂ ਤੋਂ ਫੁਲ ਬਰਸਾ ਰਹੇ ਹੋਣਗੇ । ਮਹਿਤਾ ਕਾਲੂ ਨੇ ਆਪਣੇ ਨਾਨਕ ਦੀ ਸ਼ਾਦੀ ਦਾ ਰੀਸੈਪਸ਼ਨ ਕਿਸੇ ਫਾਈਵ ਸਟਾਰ ਹੋਟਲ ਵਿਚ ਤਾਂ ਨਹੀਂ ਸੀ ਕੀਤਾ ਪਰ ਜਿਥੇ ਉਹ ਅਦੁਤੀ ਜਸ਼ਨ ਮਨਾਇਆ ਗਿਆ ਉਥੇ ਅੱਜ ਸਾਰਾ ਸੰਸਾਰ ਸਤਿਕਾਰ ਵਿਚ ਸੀਸ ਝੁਕਾਂਦਾ ਹੈ।

ਸ਼ਾਦੀ ਮਗਰੋਂ ਮਾਤਾ ਤ੍ਰਿਪਤਾ ਜੀ ਨੇ ਆਪਣੇ ਨੂੰਹ ਪੁਤ ਨੂੰ ਆਪਣੇ ਵੇਹੜੇ ਜਕੜ ਨਹੀਂ ਰਖਿਆ । ਮਾਤਾ ਜੀ ਸਮਝਦੇ ਸਨ ਕਿ ਨਾਨਕ ਜਗਤ ਤਾਰਨ ਸੰਸਾਰ-ਯਾਤ੍ਰਾ ਤੇ ਆਇਆ ਹੈ ।ਮਾਤਾ ਜੀ ਦੇ ਦਿਲ ਵਿਚ ਦੀਨ ਦੁਖੀਆਂ ਦਾ ਦਰਦ ਸੀ ਤੇ ਆਪਣੇ ਬੱਚੇ ਵੈਦ ਰੋਗੀਆਂ ਦੇ ਨੂੰ, ਦਰਦ ਵੰਡਾਣ, ਤੁਰੰਤ ਪੁੱਤ ਦੇ ਮਿਥੇ ਪ੍ਰੋਗ੍ਰਾਮ ਅਨੁਸਾਰ, ਚਲਨ ਦੀ ਆਗਿਆ ਬੇਝਿਜਕ ਦੇ ਦਿਤੀ ।

ਕਿਹਾ ਜਾਂਦਾ ਹੈ ਕਿ ਮੂਲ ਨਾਲੋਂ ਵਿਆਜ ਵਧੇਰਾ ਪਿਆਰਾ ਹੁੰਦਾ ਹੈ । ਗੁਰੂ ਨਾਨਕ ਦੇ ਘਰ ਦੋ ਸਾਹਿਬਜ਼ਾਦੇ ਪੈਦਾ ਹੋਏ ਪਰ ਮਾਤਾ ਤ੍ਰਿਪਤਾ ਦੀ ਹਿਕ ਵਿਚ ਉਨ੍ਹਾਂ ਲਈ ਦੁਨਿਆਵੀ ਮੋਹ ਨਾਂ ਜਾਗਿਆ । ਕਿਉਂਕਿ ਉਹ ਸਾਧਾਰਨ ਦਾਦੀ ਨਹੀਂ । ਐਕਸਟਰਾ-ਆਰਡਿਨਰੀ ਰੂਹ ਸੀ ।

ਗੁਰੂ ਜੀ ਚਾਰ ਉਦਾਸੀਆਂ ਤੇ ਸਾਲਾਂ ਦੇ ਸਾਲ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਜਗਤ ਦਾ ਕਲਿਆਣ ਕਰਨ ਪੈਦਲੋ ਪੈਦਲ ਚਲਦੇ ਰਹੇ । ਚਿੱਠੀ-ਪਤ੍ਰ ਦਾ ਉਹ ਜ਼ਮਾਨਾ ਨਹੀਂ ਸੀ, ਸੁਖ ਸੁਨੇਹਾ ਵੀ ਕਿਤੋਂ ਆ ਜਾ ਨਹੀਂ ਸੀ ਸਕਦਾ, ਟੈਲੀਪੈਥੀ ਦੀ ਈਜਾਦ ਦਵਾਰਾ ਗੁਰੂ ਜੀ ਆਪਣੇ ਮਾਤਾ ਜੀ ਅਤੇ ਵਡੀ ਭੈਣ ਜੀ ਦੇ ਚਰਨਾਂ ਵਿਚ ਹਾਜ਼ਰ ਹੁੰਦੇ ਰਹੇ ਤੇ ਆਪ ਨੇ ਸਿਧ ਕੀਤਾ ਕਿ ਪਿਆਰ ਦੇ ਰਾਹ ਵਿਚ ਥਾਂ ਦੀ ਦੂਰੀ ਕੋਈ ਰੁਕਾਵਟ ਨਹੀਂ । ਆਪਣੇ ਪਿਤਾ ਜੀ ਦੇ ਮਨ ਜੀ ਦੀ ਅਵਸਥਾ ਨੂੰ ਉੱਚਾ ਕਰਨਾ ਗੁਰੂ ਜੀ ਦੀ ਜ਼ਾਹਿਰੀ ਕਰਾਮਾਤ ਸੀ।

ਗੁਰੂ ਜੀ ਦਾ ਸੌਹਰਾ ਭਾਈ ਮੂਲਾ ਵੀ ਬੜਾ ਗਰਮ ਸੁਭਾ ਦਾ ਦਸਿਆ ਜਾਂਦਾ ਹੈ । ਹਜ਼ੂਰ ਦੀ ਸਸ, ਮਾਤਾ ਚੰਦੋਰਾਣੀ, ਭੀ ਕਠੋਰ ਚਿਤ ਹੀ ਇਤਿਹਾਸਕਾਰਾਂ ਬਿਆਨ ਕੀਤੀ ਹੈ ਅਤੇ ਮਾਤਾ ਸੁਲਖਣੀ ਭੀ ਸਸ-ਸੌਹਰੇ ਦੀ ਪੁਜਾਰਨ ਕਿਸੇ ਨਹੀਂ ਦਸੀ । ਇਨ੍ਹਾਂ ਸਾਰੇ ਹਾਲਾਤ ਨੂੰ ਸਾਹਮਣੇ ਰਖ ਕੇ ਮਾਤਾ ਤ੍ਰਿਪਤਾ ਜੀ ਦੀ ਕੋਈ ਕਲਾਕਾਰ ਕਿਵੇਂ ਤਸਵੀਰ ਪੇਂਟ ਕਰ ਸਕਦਾ ਹੈ ? ਓਸ ਗੁਰੂ-ਜਨਣੀ ਨੂੰ ਪ੍ਰਮਾਤਮਾ ਦਾ ਰੂਪ ਸਮਝ ਸਿਦਕ ਨਾਲ ਸੀਸ ਝੁਕਾਣਾ ਹੀ ਬਣਦਾ ਹੈ, ਜਿਸ ਨੇ ਜਗਤ ਦੇ ਭਲੇ ਲਈ ਤੇ ਦੁੱਖੀਆਂ ਦੇ ਦਰਦ ਵੰਡਾਣ ਲਈ ਆਪਣੇ ਸੰਸਾਰੀ ਸੁੱਖ ਕੁਰਬਾਨ ਕਰ ਦਿਤੇ ।

ਸਾਨੂੰ ਆਮ ਸ਼ਿਕਾਇਤ ਹੈ ਕਿ ਸਾਡਾ ਇਤਿਹਾਸ ਨਾਮੁਕੰਮਲ ਹੈ ਅਤੇ ਆਮ ਇਤਿਹਾਸਕਾਰਾਂ ਨੇ ਡੂੰਘੀ ਖੋਜ ਵਿਚ ਜਾਣ ਦੀ ਖੇਚਲ ਵੀ ਨਹੀਂ ਕੀਤੀ ਪਰ ਇਹ ਪਤਾ ਜ਼ਰੂਰ ਲਗਦਾ ਹੈ ਕਿ ਜਦ ਗੁਰੂ ਜੀ ਨੇ ਕਰਤਾਰਪੁਰ ਵਸਾਇਆ ਤਾਂ ਆਪ ਆਪਣੇ ਪੂਜ ਮਾਤਾ ਪਿਤਾ ਜੀ ਨੂੰ ਤਲਵੰਡੀ ਤੋਂ ਕਰਤਾਰਪੁਰ ਲੈ ਆਏ ਅਤੇ ੧੫੭੯ ਬਿਕਰਮੀ ਵਿਚ ਅਗੜ ਪਿਛੜ ਹੀ ਮਾਤਾ ਤ੍ਰਿਪਤਾ ਜੀ ਦਾ ਅਤੇ ਮਹਿਤਾ ਕਾਲੂ ਜੀ ਦਾ ਦਿਹਾਂਤ ਹੋਇਆ ਅਤੇ ਗੁਰੂ ਜੀ ਨੇ ਆਪ ਸਭੋ ਅੰਤਮ ਸੇਵਾ ਇਕ ਅਸੀਲ ਬੀਬੇ ਰਾਣੇ ਸਪੁੱਤਰ ਵਾਂਗ ਨਿਭਾਈ ।

ਮਾਤਾ ਤ੍ਰਿਪਤਾ ਜੀ ਉਤੇ ਗੁਰਬਾਣੀ ਦੇ ਇਹ ਵਾਕ ਠੀਕ ਢੁਕਦੇ ਹਨ ਕਿ :

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ।
ਜੀਅ ਦਾਨ ਦੇ ਭਗਤੀ ਲਾਇਨ ਹਰਿ ਸਿਉਂ ਲੈਣ ਮਿਲਾਇ।

ਸਾਡੇ ਪੜਚੋਲੀਏ ਅਕਸਰ ਏਸ ਕਹਾਵਤ ਉਤੇ ਚਰਚਾ ਕਰਦੇ ਵੇਖੇ ਜਾਂਦੇ ਹਨ ਕਿ ‘What is in the name ?' ਤੇ ਇਸ ਸਵਾਲੀਆ ਕਹਾਵਤ ਦਾ ਪੂਰਨ ਜਵਾਬ ਮਾਤਾ ਤ੍ਰਿਪਤਾ ਜੀ ਦੇ ਨਾਮ ਤੋਂ ਮਿਲ ਜਾਂਦਾ ਹੈ ਤੇ ਸਭੋ ਸ਼ੰਕੇ ਨਵਿਰਤ ਕਰ ਦੇਂਦਾ ਹੈ । ਮਾਤਾ ਜੀ ਆਪਣੇ ਅਧਭੁਤ ਨਾਮ ਨੂੰ ਅਮਲੀ ਜੀਵਨ ਜੀ ਕੇ ਚਾਰ ਚੰਨ ਲਾ ਗਏ ।

ਖਾਸ ਤੌਰ ਤੇ ਵਿਚਾਰਨ ਗੋਚਰੇ ਇਹ ਗਲ ਹੈ ਕਿ ਮਾਤਾ ਜੀ ਵਿਚ ਇਸ ਕਦਰ ਸੰਤੋਖ ਦਾ ਕਾਰਨ ਕੀ ਸੀ ? ਜਿਥੋਂ ਤਕ ਮੈਂ ਸੋਚ ਵਿਚਾਰ ਸਕਿਆ ਹਾਂ, ਮੇਰਾ ਖਿਆਲ ਹੈ ਕਿ ਮਾਤਾ ਜੀ ਨੂੰ ਆਪਣੇ ਗੁਰੂ-ਸਪੂਤ ਬਾਰੇ ਕੁਖ ਵਿਚ ਪੈਣ ਸਮੇਂ ਤੋਂ ਗ਼ੈਬੀ ਤਾਰ ਖੜਕਣੀ ਸ਼ੁਰੂ ਹੋ ਗਈ ਸੀ । ਅਜ ਸਾਡੇ ਵਿਗਿਆਨੀ ਇਹ ਖੋਜ ਕਰ ਰਹੇ ਹਨ ਕਿ ਪ੍ਰਾਣੀ ਸੁਤਾ ਪਿਆ ਯਾ ਚੁੱਪ ਬੈਠਾ ਜੋ ਮਨ ਅੰਦਰ ਸੋਚਾਂ ਸੋਚਦਾ ਹੈ ਉਹ ਭੀ ਟੇਪ ਕੀਤਾ ਜਾ ਸਕੇ । ਵਿਗਿਆਨੀ ਏਸ ਖੇਤਰ ਵਿਚ ਕਾਫੀ ਆਸ਼ਾਵਾਦੀ ਵੀ ਦਿਸ ਰਹੇ ਹਨ । ਇਹ ਨਬਜ਼ ਵੇਖਣ ਵਾਲੀ ਹਿਕਮਤ ਹੀ ਸਮਝੋ । ਜਿਵੇਂ ਸਾਡੇ ਵੈਦ ਯਾ ਹਕੀਮ ਨਬਜ਼ ਵੇਖ ਰੋਗੀ ਦੇ ਸਾਰੇ ਰੋਗ ਜਾਣ ਜਾਂਦੇ ਹਨ ਤੇ ਉਨ੍ਹਾਂ ਨੂੰ ਬੀਮਾਰੀ ਤੇ ਡਾਇਗਨੋਜ਼ ਲਈ ਖੂਨ ਟੈਸਟ ਕਰਵਾਣਾ ਯਾ ਐਕਸ-ਰੇਅ ਲੈਣੀਆਂ, ਯਾ ਹੋਰ ਕਈ ਟੈਸਟ ਕਰਵਾਣੇ ਜੋ ਡਾਕਟਰਾਂ ਲਈ ਜ਼ਰੂਰੀ ਬਣ ਗਏ ਨੇ, ਜ਼ਰੂਰੀ ਨਹੀਂ ਸਨ ਅਤੇ ਅਜੇ ਵੀ ਸਾਡੇ ਕਾਫੀ ਵੈਦ-ਹਕੀਮ ਨਬਜ਼ ਵੇਖਣ ਵਿਚ ਕਮਾਲ ਕਰ ਵਖਾਂਦੇ ਨੇ । ਮਾਤਾ ਤ੍ਰਿਪਤਾ ਜੀ ਨੇ ਆਪਣੇ ਲਾਲ ਦੀ ਦਿਲ ਦੀ ਧੜਕਣ ਉਹਦੇ ਕੁਖ ਵਿਚ ਪਲਦਿਆ ਨਾੜੂ ਦੀ ਸਾਂਝ ਰਾਹੀਂ ਹੀ ਸਮਝ ਲਈ ਸੀ।

ਗੁਰਬਾਣੀ ਵਿਚ ਇਕ ਥਾਂ ਆਉਂਦਾ ਹੈ : "ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ।” ਇਹ ਬਾਣੀ ਓਸ ਸਾਖੀ ਵਲ ਇਸ਼ਾਰਾ ਕਰਦੀ ਹੈ ਜਦ ਮਹਿਤਾ ਕਾਲੂ ਨੇ ਆਪਣੇ ਬੱਚੇ ਨੂੰ ਉਪਰਾਮ ਵੇਖ ਵੈਦ ਬੁਲਾਇਆ ਗਿਆ ਕਿ ਸ਼ਾਇਦ ਇਹਨੂੰ ਕੋਈ ਸਰੀਰਕ ਤਕਲੀਫ ਹੋਵੇ। ਦੋ ਜਹਾਨ ਵਾਲੀ ਦੇ ਕਲੇਜੇ ਦੀ ਚੀਸ ਨੂੰ ਭੋਲਾ ਵੈਦ ਕੀ ਸਮਝੇ ਪਰ ਮਾਤਾ ਤ੍ਰਿਪਤਾ ਜੀ ਭਲੀ ਪ੍ਰਕਾਰ ਸਮਝਦੇ ਸਨ ਅਤੇ ਆਪ ਦੇ ਚਿਹਰੇ ਉਤੇ ਪੁੱਤ ਦੀ ਬੀਮਾਰੀ ਤੋਂ ਮਾੜਾ ਜਿਹਾ ਫਿਕਰ ਅੰਦੇਸ਼ਾ ਨਹੀਂ ਸੀ । ਇਹ ਪੰਜਾਬ ਦੀ ਆਮ ਕਹਾਵਤ ਹੈ ਕਿ “ਪੁਤ-ਕਪੁੱਤ ਪੰਘੂੜਿਓਂ ਸੰਝਾਪਦੇ ਹਨ" ਤੇ ਮਾਤਾ ਤ੍ਰਿਪਤਾ ਤਾਂ ਆਪਣੇ ਲਾਡਲੇ ਨੂੰ ਗਰਭ ਸਮੇਂ ਤੋਂ ਹੀ ਪਹਿਚਾਨ ਚੁਕੀ ਸੀ ਕਿ ਉਹ ਕਿਹੜਾ ਅਵਤਾਰ ਸੰਸਾਰ ਵਿਚ ਆ ਰਿਹਾ ਹੈ ਜਿਸ ਦੇ ਹਿਰਦੇ ਦੀ ਇਕ ਇਕ ਤਾਰ ਅਕਾਲ ਪੁਰਖ ਨਾਲ ਸੰਪਰਕ ਵਧਾਂਦੀ ਜਾ ਰਹੀ ਹੈ । ਮਾਤਾ ਜੀ ਨੂੰ ਪਤਾ ਸੀ ਕਿ ਇਹ ਤਾਂ ਆਪ ਸੰਸਾਰ ਸਾਰੇ ਦੇ ਰੋਗੀਆਂ ਦੇ ਵੈਦ ਹਨ । ਅਤੇ ਸਾਡੇ ਪਿੰਡਾਂ ਦੇ ਗੁਰਦਵਾਰਿਆਂ ਵਿਚ ਸਿਦਕੀ ਸਿੱਖ (ਪੇਸ਼ਾਵਰ ਧਰਮ-ਹੀਨ ਰਾਗੀ ਨਹੀਂ) ਬੜੇ ਵਜਦ ਵਿਚ ਇਹ ਸ਼ਬਦ ਗਾਇਨ ਕਰਦੇ ਹਨ ‘ਆ ਗਿਆ ਬਾਬਾ ਵੈਦ ਰੋਗੀਆਂ ਦਾ ।'

ਇਸ ਮਸਲੇ ਨੂੰ ਵਧੇਰਾ ਸਪਸ਼ਟ ਕਰਨ ਲਈ ਅਸੀਂ ਅੱਜ ਦੇ ਵਿਗਿਆਨ ਯੁਗ ਦੇ ਪੁਲਾੜ ਵਿਚ ਭੇਜੇ ਜਾ ਰਹੇ ਰਾਕਟਾਂ ਤੋਂ ਸਮਝ ਸਕਦੇ ਹਾਂ ਜਿਨ੍ਹਾਂ ਦਾ ਕੰਟਰੋਲ ਪ੍ਰਿਥਵੀ ਤੋਂ ਕੀਤਾ ਜਾ ਰਿਹਾ ਹੈ ਤੇ ਉਹ ਖਲਾ ਵਿਚ ਉਡਦੇ ਪ੍ਰਿਥਵੀ ਦੀਆਂ ਤੇ ਚੰਨ ਤਾਰਿਆਂ ਦੀ ਆਪਣੇ ਆਪ ਬਿਨਾਂ ਕਿਸੇ ਪੁਲਾੜ ਯਾਤਰੂ ਤਸਵੀਰ ਸਾਨੂੰ ਭੇਜੀ ਜਾਂਦੇ ਹਨ । ਬਸ ਏਵੇਂ ਹੀ ਜਦ ਜਗ ਤਾਰਨ ਗੁਰੂ ਨਾਨਕ ਪ੍ਰਗਟਿਆ ਤਾਂ ਉਹਦੀ ਦੇਹ ਦੇ ਸਾਰੇ ਜੰਤਰ ਅਕਾਲ ਪੁਰਖ ਦੇ ਕੰਟਰੋਲ ਵਿਚ ਸਨ ਤੇ ਮਾਤਾ ਜੀ ਏਸ ਰਾਜ਼ ਨੂੰ ਪੂਰੀ ਤਰ੍ਹਾਂ ਤਾਂ ਸਮਝਦੇ ਸਨ । ਗੁਰੂ ਸਾਹਿਬ ਨੇ ਤਾਂ ਆਪ ਇਕ ਥਾਂ ਫਰਮਾਇਆ ਹੈ ਕਿ “ਮੈਂ ਬੁਲਾਇਆ ਬੋਲਾਂ ਖਸਮ ਦਾ।"

ਮਾਤਾ ਤ੍ਰਿਪਤਾ ਜੀ ਦੇ ਗੁਣ ਕੌਣ ਬਿਆਨ ਕਰ ਸਕਦਾ ਹੈ ਜਿਸ ਦੋ ਅਵਤਾਰਾਂ ਨੂੰ ਜਨਮ ਦਿਤਾ, ਇਕ ਨਾਨਕੀ ਜੀ ਅਤੇ ਦੂਜਾ ਨਾਨਕ ਜੀ ।

ਭੈਣ ਨਾਨਕੀ ਜੀ

1664 ਦਾ ਸਾਲ ਮਨੁੱਖਤਾ ਦੇ ਇਤਿਹਾਸ ਵਿਚ ਇਕ ਅਜੀਬੋ ਗਰੀਬ ਕ੍ਰਿਸ਼ਮਾ ਛਪਿਆ ਪਿਆ ਹੈ । ਇਹ ਉਹ ਭਾਗਾਂ ਵਾਲਾ ਸਾਲ ਸੀ ਜਿਸ ਵਿਚ ਇਕ ਓਸ ਮਹਾਨ ਇਸਤ੍ਰੀ ਨੇ ਜਨਮ ਲਿਆ ਜੋ ਧੀ ਪੁੱਤ ਨੂੰ ਜਨਮ ਦਿਤੇ ਬਿਨਾਂ ਬੇਬੇ ਕਰ ਕੇ ਸਾਰੇ ਜਗ ਵਿਚ ਪ੍ਰਸਿਧ ਹੋਈ । ਇਸ ਬੀਬੀ ਦੀ ਮਾਤਾ ਨੂੰ ਤੇ ਕੋਈ ਬੇਬੇ ਆਖ ਯਾਦ ਨਹੀਂ ਕਰਦਾ ਪਰ ਇਹ ਇਕ ਭੈਣ ਹੁੰਦੀ ਹੋਈ ਬੇਬੇ ਕਰਕੇ ਵਧੇਰੀ ਪ੍ਰਸਿਧਤਾ ਹਾਸਿਲ ਕਰ ਗਈ ।

ਬੇਬੇ ਨਾਨਕੀ ਕਹੇ ਜਾਣ ਦਾ ਵੀ ਅਨੋਖਾ ਹੀ ਕਾਰਨ ਹੈ । ਇਹ ਬੀਬੀ ਆਪਣੇ ਵੀਰ ਗੁਰੂ ਨਾਨਕ ਸਾਹਿਬ ਨਾਲੋਂ ਉਮਰ ਵਿਚ ਪੰਜ ਵਰ੍ਹੇ ਵਡੀ ਸੀ। ਚੂੰਕਿ ਇਹਦੇ ਘਰ ਬਾਲ ਕੋਈ ਨਹੀਂ ਸੀ ਹੋਇਆ ਤੇ ਛੋਟਾ ਵੀਰ ਇਹਦੇ ਕੋਲ ਹੀ ਜਵਾਨੀ ਚੜ੍ਹਿਆ ਤੇ ਵਿਆਹਿਆ ਵਰਿਆ ਗਿਆ, ਸੋ ਗੁਰੂ ਚੋਜੀ ਪ੍ਰੀਤਮ ਨੇ ਭੈਣ ਨੂੰ ਬੇਬੇ ਕਹਿ ਸਤਿਕਾਰ ਨਾਲ ਬੁਲਾਣਾ ਸ਼ੁਰੂ ਕਰ ਦਿਤਾ। ਬਸ ਅਲਾਹੀ ਵਾਕ ਸਾਰੇ ਬ੍ਰਹਿਮੰਡ ਵਿਚ ਗੂੰਜ ਉਠਿਆ ਤੇ ਇਹ ਮਹਿਤਾ ਕਾਲੂ ਦੀ ਸਪੁਤ੍ਰੀ ਬੇਬੇ ਨਾਨਕੀ ਕਰ ਕੇ ਸੰਸਾਰ ਵਿਚ ਰੋਸ਼ਨ ਹੋ ਗਈ ।

ਕਈ ਵਿਦਵਾਨ ਇਤਿਹਾਸਕਾਰਾਂ ਨੇ ਭੁਲੇਖਾ ਖਾਧਾ ਹੈ ਕਿ ਅਰਸ਼ੀ ਪ੍ਰੀਤਮ ਗੁਰੂ ਨਾਨਕ ਸਾਹਿਬ ਨਾਨਕੇ ਪੈਦਾ ਹੋਏ ਸਨ ਤਾਂ ਉਨ੍ਹਾਂ ਦਾ ਨਾਮ ਨਾਨਕ ਰਖਿਆ। ਦਰਅਸਲ ਭੈਣ ਨਾਨਕੀ ਦਾ ਜਨਮ ਆਪਣੇ ਨਾਨਕੇ ਹੋਇਆ ਸੀ ਤੇ ਵਡੀ ਭੈਣ ਤੋਂ ਛੋਟਾ ਵੀਰ ਨਾਨਕ ਨਾਮ ਨਾਲ ਸਤਿਕਾਰਿਆ ਗਿਆ । ਨਾਨੀ ਨਾਨੇ ਨੇ ਜੋ ਗੁਣ ਏਸ ਬੱਚੀ ਵਿਚ ਪੈਦਾਇਸ਼ ਤੋਂ ਭਰੇ ਉਨ੍ਹਾਂ ਦਾ ਕਥਨ ਕਰਨਾ ਸਰਾਸਰ ਨਾਮੁਮਕਿਨ ਹੈ । ਆਪ ਦੀ ਮਾਤਾ ਤ੍ਰਿਪਤਾ ਜੈਸੀ ਤ੍ਰਿਪਤ ਦੇਵੀ ਤੇ ਨਾਨੀ ਭਰਾਈ ਜੈਸੀ ਰਸ ਦੀ ਭਰੀ ਨੇ ਬੱਚੀ ਨਾਨਕੀ ਨੂੰ ਐਸੀ ਨਾਯਾਬ ਗੁੜਤੀ ਦਿਤੀ ਜੋ ਉਹ ਇਸਤ੍ਰੀ ਜਾਤੀ ਦੀ ਠੰਡੀ ਛਤ੍ਰ-ਛਾਇਆ ਬਣ ਗਈ ।

ਭੈਣ ਨਾਨਕੀ ਜੀ ਦੇ ਪੇਕੇ-ਨਾਨਕੇ ਚੰਗੇ ਰਜੇ ਪੁੱਜੇ ਸਨ ਤੇ ਇਹ ਬੱਚੀ ਲਾਡਾਂ ਮਲ੍ਹਾਰਾਂ ਵਿਚ ਪਲੀ, ਵੀਰ ਨਾਨਕ ਦੀ ਸੰਗਤ ਵਿਚ ਇਹ ਨਾਜ਼ਕ ਕਲੀ ਜੋਬਨ ਚੜ੍ਹੀ ਦੀ ਸ਼ਾਦੀ ਵੀ ਸ੍ਰਕਾਰੇ ਦਰਬਾਰੇ ਮੰਨੇ ਘਰ ਵਿਚ ਹੋਈ। ਪੇਕੇ ਘਰ ਵੀ ਭੈਣ ਨਾਨਕੀ ਜੀ ਦਾ ਸਿੱਕਾ ਚਲਦਾ ਸੀ, ਸੌਹਰੇ ਘਰ ਵੀ ਵੈਸਾ ਹੀ ਮਾਨ ਪ੍ਰਾਪਤ ਹੋ ਗਿਆ ਤੇ ਆਪ ਦਾ ਪਤੀ ਭਾਈ ਜੈ ਰਾਮ ਵੀ ਸੁਲਤਾਨਪੁਰ ਲੋਧੀ, ਜ਼ਿਲਾ ਕਪੂਰਥਲਾ ਦਾ ਪਟਵਾਰੀ ਸੀ । ਸੰਜੋਗ ਢੁਕੇ ਤੇ ਭੈਣ ਨਾਨਕੀ ਜੀ ਦੀ ਸ਼ਾਦੀ ਭਾਈ ਪਰਮਾਨੰਦ ਪਟਵਾਰੀ ਦੇ ਸਪੁਤ੍ਰ ਜੈ ਰਾਮ ਜੀ ਨਾਲ, ਜੋ ਪਿਤਾ ਦੇ ਚਲਾਣੇ ਮਗਰੋਂ ਪਟਵਾਰੀ ਲਗ ਚੁਕੇ ਸਨ, ਹੋ ਗਈ । ਪਟਵਾਰੀ ਦੇ ਘਰ ਪਟਵਾਰੀ ਢੁਕਿਆ ਵੇਖ ਸਾਰਾ ਇਲਾਕਾ ਹੈਰਾਨ ਰਹਿ ਗਿਆ । ਬਰਾਬਰ ਦਾ ਘਰ ਕਿਸੇ ਭਾਗਾਂ ਵਾਲੇ ਨੂੰ, ਢੁਕਵਾਂ ਵਰ ਕਿਸੇ ਭਾਗਾਂ ਵਾਲੀ ਨੂੰ ।

ਭੈਣ ਨਾਨਕੀ ਜੀ ਨੇ ਮਹਿਤਾ ਕਾਲੂ ਜੀ ਦੇ ਰੁਖੇ ਸੁਭਾ ਕਾਰਨ ਮੌਕਾ ਤਾੜ ਆਪਣੇ ਵੀਰ ਨੂੰ ਆਪਣੇ ਕੋਲ ਬੁਲਾ ਲਿਆ ਤੇ ਮੋਦੀਖਾਨੇ ਵਿਚ ਸਰਕਾਰੀ (ਸਟੋਰਕੀਪਰ) ਮੋਦੀ ਦੀ ਨੌਕਰੀ ਤੇ ਲਗਵਾ ਲਿਆ ।

ਸਮਾਂ ਬੀਤਦਾ ਗਿਆ ਪਰ ਭੈਣ ਨਾਨਕੀ ਜੀ ਦੀ ਕੁਖ ਹਰੀ ਨਾਂ ਹੋਈ। ਉਸ ਸਮੇਂ ਕੀ ਤੇ ਅਜ ਦੇ ਸਮੇਂ ਕੀ, ਜਿਸ ਘਰ ਬੱਚਾ ਬੱਚੀ ਪੈਦਾ ਨਹੀਂ ਸੀ ਹੁੰਦਾ, ਲੜਕਾ ਦੂਜਾ ਵਿਵਾਹ ਕਰ ਲੈਂਦਾ ਸੀ।ਔਂਤਰਾ ਹੋਣਾ ਓਦੋਂ ਵੀ ਤੇ ਹੁਣ ਵੀ ਵਡੀ ਬਦਸ਼ਗਣੀ ਸਮਝੀ ਜਾਂਦੀ ਹੈ । ਬੀਬੀ ਨਾਨਕੀ ਦਾ ਐਸਾ ਜਲਾਲ ਸੀ ਕਿ ਜੈ ਰਾਮ ਦੂਜੀ ਸ਼ਾਦੀ ਬਾਰੇ ਕਦੇ ਸੋਚ ਵੀ ਨਾਂ ਸਕਿਆ ।

ਸਾਲਾਂ ਦੇ ਸਾਲ ਬੀਤ ਗਏ । ਵੀਰ ਨਾਨਕ ਧਰਤ ਲੋਕਾਈ ਸੋਧਨ ਦੇਸ਼ ਦੇਸ਼ਾਂਤਰਾਂ ਵਿਚ ਨਿਕਲ ਗਿਆ। ਵੀਰ ਨੂੰ ਜਗਤ ਪੀਰਾਂ ਦਾ ਪੀਰ ਤੇ ਵਲੀਆਂ ਦਾ ਵਲੀ ਕਰ ਪੂਜਨ ਲਗ ਪਿਆ । ਭੈਣ-ਭਰਾ ਦਾ ਪਿਆਰ ਵੀ ਜਗਤ ਪ੍ਰਸਿਧ ਹੋ ਗਿਆ ਕਿ ਜਦ ਭੈਣ ਯਾਦ ਕਰਦੀ ਹੈ, ਵੀਰ ਉਹਦੇ ਚੌਕੇ ਆ ਪੁਜਦਾ ਹੈ ਤੇ ਭੈਣ ਦੇ ਪਕੇ ਪਰੌਂਠੇ ਛਕ ਭੈਣ ਦੇ ਸਾਰੇ ਵਿਛੋੜੇ ਦੂਰ ਕਰਦਾ ਹੈ। ਭੈਣ ਨਾਨਕੀ ਹੈ ਆਪਣੇ ਵੀਰ ਨੂੰ ਮੋਹ ਦੇ ਸੰਗਲਾਂ ਵਿਚ ਕਦੇ ਕਸਨ ਨੂੰ ਤਿਆਰ ਨਹੀਂ ਸੀ ਕਿਉਂਕਿ ਉਹ ਭਲੀ ਪ੍ਰਕਾਰ ਜਾਣਦੀ ਸੀ ਕਿ ਉਹਦਾ ਅਨੋਖਾ ਵੀਰ ਜਗ ਤੇ ਕਿਹਾ ਪਰਉਪਕਾਰ ਕਰ ਰਿਹਾ ਹੈ । ਉਹ ਤਾਂ ਦਿਲੋਂ ਦਵਾਵਾਂ ਦੇਂਦੀ ਰਹਿੰਦੀ ਸੀ ਕਿ ਮੇਰਾ ਵੀਰ ਜਗ ਦੇ ਦੁਖ ਦਰਦ ਮਿਟਾਂਦਾ ਹੀ ਚਲਾ ਜਾਵੇ ।

ਮਹਾਰਾਜ ਨੇ ਆਪਣੀਆਂ ਚਾਰ ਉਦਾਸੀਆਂ ਵਿਚ ਹੀ ਮਾਤਾ ਪਿਤਾ ਤੋਂ ਪਹਿਲਾਂ ਆਪਣੀ ਭੈਣ ਨੂੰ ਦਰਸ਼ਨ ਦਿਤੇ ਸਨ । ਆਂਡ ਗਵਾਂਡ ਤੇ ਸਾਕ ਸੰਗ ਸਭ ਭੈਣ ਨਾਨਕੀ ਨੂੰ ਕਹਿਣ ਕਿ ਉਹ ਆਪਣੇ ਵੀਰ ਜਗਤ ਦੇ ਪੀਰ ਕੋਲੋਂ ਪੁੱਤ ਦਾ ਵਰ ਕਿਉਂ ਨਹੀਂ ਮੰਗਦੀ । ਉਹ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰਨ ਕਰਦਾ ਹੈ, ਤੂੰ ਕਿਉਂ ਵਾਂਝੀ ਹੈ ? ਦੁਨੀਆਂ ਉਹਨੂੰ ਇਕ ਸਾਧਾਰਨ ਇਸਤ੍ਰੀ ਹੀ ਸਮਝੀ ਬੈਠੀ ਸੀ । ਕਿਸੇ ਇਹ ਨਹੀਂ ਸੀ ਸੋਚਿਆ ਕਿ ਇਹ ਤ੍ਰਿਪਤਾ ਦੇ ਜਿਗਰ ਦੀ ਤ੍ਰਿਪਤ ਟੁਕੜੀ ਹੈ । ਭੈਣ ਨਾਨਕੀ ਤਾਂ ਰਜ਼ਾ ਵਿਚ ਰਹਿਣ ਦਾ ਨਿਕਾ ਵੀਰ ਵਡੇ ਮੁਖ ਤੋਂ ਜੋ ਉਪਦੇਸ਼ ਦੇ ਗਿਆ ਸੀ, ਉਸ ਉਤੇ ਪਹਿਰਾ ਦੇ ਰਹੀ ਸੀ, ਪਰ ਜਗਿਆਸੂ ਗ੍ਰਹਿਸਤ ਵਿਚ ਉਦਾਸ ਦੀ ਸਾਧਨਾਂ ਦੀ ਸਾਰ ਕੀ ਸਮਝਣ ? ਭੈਣ ਨਾਨਕੀ ਓਸ ਅਵਸਥਾ ਤੇ ਪੁਜ ਚੁਕੀ ਸੀ ਜਿਸ ਵਲ ਰਿਸ਼ੀ ਮੁਨੀ ਵੀ ਝਾਤੀ ਤਕ ਨਹੀਂ ਸੀ ਮਾਰ ਸਕਦੇ ।

ਅੱਜ ਅਸੀਂ ਗੁਰੂ ਘਰ ਦੇ ਟਹਿਲੀਏ ਅਖਵਾਣ ਵਾਲੇ ਕੇਵਲ ਗੁਰਦੁਵਾਰੇ ਆਪਣੀਆਂ ਮਨੌਤਾਂ ਪਿਛੇ ਜਾਂਦੇ ਹਾਂ ਤੇ ਸਾਡੇ ਗੁਰਦਵਾਰਿਆਂ ਨੂੰ ਕਮਲ ਢੰਗ ਨਾਲ ਚਲਾਣ ਵਾਲੇ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰ ਕਰ ਸੰਗਤਾਂ ਨੂੰ ਕੇਵਲ ਮਾਇਆ ਬਟੋਰਨ ਵਾਸਤੇ ਗੁਮਰਾਹ ਕਰਦੇ ਹਨ ਤੇ ਇਹ ਕਹਿੰਦੇ ਨਹੀਂ ਥਕਦੇ ਕਿ ਗੁਰਬਾਣੀ ਆਪ ਮੂੰਹੋਂ ਬੋਲ ਰਹੀ ਹੈ ਕਿ "ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ।”

ਜੇ ਸਾਡੇ ਪ੍ਰਚਾਰਕ ਏਸ ਪਵਿਤ੍ਰ ਤੁਕ ਦੀ ਵਿਆਖਿਆ ਵਿਚ ਗੁਰੂ ਦਰਬਾਰ ਵਿਚੋਂ ਜੋ ਜੋ ਮੰਗਨ ਦੀ ਤਫ਼ਸੀਲ ਵੀ ਸਮਝਾ ਦੇਣ ਤਾਂ ਇਨ੍ਹਾਂ ਦੁਨਿਆਵੀ ਲੋੜਾਂ ਦੀ ਕਿਤੇ ਥਾਂ ਹੀ ਨਹੀਂ ਰਹਿੰਦੀ । ਭੈਣ ਨਾਨਕੀ, ਜਿਸ ਵੀਰ ਨਾਨਕ ਨੂੰ ਛੋਟੀ ਉਮਰੇ ਗੋਦ ਵਿਚ ਪਾ ਖਡਾਇਆ । ਨਾਲੇ ਥਾਪੜ ਲੋਰੀਆਂ ਦੇ ਦੇ ਸਵਾਇਆ, ਮੁਲਾਂ-ਪਾਂਧੇ ਕੋਲੋਂ ਪੜ੍ਹ ਕੇ ਆਏ ਵੀਰ ਨੂੰ ਪਿਆਰ ਨਾਲ ਮਿਸੀ ਰੋਟੀ, ਮਖਨ ਦਾ ਪੇੜਾ ਤੇ ਲੱਸੀ ਦਾ ਕਟੋਰਾ ਪਲਾਇਆ, ਉਹ ਬ੍ਰਹਿਮ ਗਿਆਨੀ ਹੋ ਚੁਕੀ ਸੀ ਤੇ ਕਾਦਰ ਦੀ ਕੁਦਰਤ ਦੀਆਂ ਗ਼ੈਬੀ ਰਮਜ਼ਾਂ ਤੋਂ ਪੂਰਾ ਗਿਆਨ ਰਖਦੀ ਸੀ । ਭੈਣ ਨਾਨਕੀ ਦੀ ਟੇਕ ਗੁਰੂ ਨਾਨਕ ਦੇ ਕਥਨ ਮੁਤਾਬਕ ਧਿਆਨ ਦਿਓ :


ਸੂਹੀ ਮਹਲਾ ੧ ਸੁਚਜੀ :

ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ ॥ 
ਤੁਧੁ ਅੰਤਰਿ ਹਉ ਸੁਖਿ ਵਸਾ ਤੂੰ ਅੰਤਰਿ ਸਾਬਾਸਿ ਜੀਉ ॥ 
ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ ॥ 
ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ ॥ 
ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ ॥ 
ਭਾਣੈ ਸੋ ਸਹੁ ਰੰਗੁਲਾ ਸਿਫਤਿ ਰਤਾ ਗੁਣਤਾਸਿ ਜੀਉ ॥ 
ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ ॥ 
ਤੂ ਸਹੁ ਅਗਮੁ ਅਤੋਲਵਾ ਹਉ ਕਹਿ ਕਹਿ ਢਹਿ ਪਈਆਸਿ ਜੀਉ ॥ 
ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ ॥ 
ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ ॥੨॥

ਗੁਰਬਾਣੀ ਵਿਚ ਵਾਹਿਗੁਰੂ ਪਾਸੋਂ ਸਭ ਤੋਂ ਵਡੀ ਮੰਗ ਨਾਮ ਦਾਨ ਹੈ ਅਤੇ ਇਹ ਪਦਾਰਥ ਭੈਣ ਨਾਨਕੀ ਨੂੰ ਵੀਰ ਨਾਨਕ ਅਤੁੱਟ ਬਖ਼ਸ਼ ਗਿਆ ਸੀ। ਭੈਣ ਨਾਨਕੀ ਦੇ ਰੋਮ ਰੋਮ ਵਿਚ ਨਾਮ ਵਸ ਚੁਕਾ ਸੀ ਤੇ ਉਹ ਜਗਤ ਗੁਰੂ ਦੀ ਭੈਣ ਹੋਣ ਦੇ ਮਾਨ ਵਿਚ ਆਪਣੇ ਆਪ ਨੂੰ ਸਭ ਤੋਂ ਵੱਡੀ ਭਾਗਵਾਨ ਸਮਝਦੀ ਸੀ ਜਿਸ ਨੂੰ ਨਾਮ ਬਿਨਾ ਕੋਈ ਸੰਸਾਰੀ ਇੱਛਾ ਨਹੀਂ ਸੀ।

ਗੁਰੂ ਨਾਨਕ ਸਾਹਿਬ ਭੀ ਜਾਣੀ ਜਾਣ ਸਨ । ਉਹ ਆਪਣੀ ਪੂਜ ਭੈਣ ਦੀ ਮਨ ਦੀ ਅਵਸਥਾ ਨੂੰ ਸਮਝਦੇ ਸਨ । ਹਜ਼ੂਰ ਨੂੰ ਸਭ ਤੋਂ ਵਡੀ ਖੁਸ਼ੀ ਹੀ ਇਹ ਸੀ ਕਿ ਉਨ੍ਹਾਂ ਦੀ ਭੈਣ ਆਪਣੀ ਪੂਜ ਮਾਤਾ ਵਾਂਗ ਹੀ ਤ੍ਰਿਪਤ ਹੈ ਤੇ ਦੁਨਿਆਵੀ ਲੋੜਾਂ ਉਹਦੇ ਪੈਰਾਂ ਹੇਠਾਂ ਹਨ, ਉਹ ਰਜ਼ਾ ਵਿਚ ਮਸਤ ਹੈ ਤੇ ਇਸਤ੍ਰੀ ਜਾਤੀ ਨੂੰ ਸੰਤੋਖ ਤੇ ਸਬਰ ਦਾ ਰਾਹ ਵਿਖਾ ਰਹੀ ਹੈ । ਉਹ ਇਹੋ ਵੇਖ ਸੰਤੁਸ਼ਟ ਹੈ ਕਿ ਉਹਦੀ ਗੋਦ ਵਿਚ ਸਾਰੇ ਸੰਸਾਰ ਦੇ ਬੱਚੇ ਖੇਲ੍ਹ ਰਹੇ ਹਨ । ਉਹ ਅਪਨੱਤ ਤੋਂ ਬਹੁਤ ਉੱਚੀ ਹੈ ਤੇ ਉਸ ਬੀਬੀ ਨੇ ਮਨ ਨੂੰ ਜਿਤ ਕੇ ਜਗ ਨੂੰ ਜਿਤ ਲਿਆ ਹੈ ।

ਸਾਡੇ ਪੰਜਾਬ ਵਿਚ ਭੈਣ ਦੇ ਪਤੀ ਨੂੰ ਜੀਜਾ ਜੀ ਕਿਹਾ ਜਾਂਦਾ ਹੈ । ਇਹ ਜੀਜੇ ਤੋਂ ਭਾਈਆ ਜੀ ਕਹਿਣਾ ਭੈਣ ਨਾਨਕੀ ਜੀ ਦੇ ਪੂਜ ਪਤੀ ਭਾਈ ਜੈ ਰਾਮ ਜੀ ਤੋਂ ਸ਼ੁਰੂ ਹੋਇਆ ਦਸਿਆ ਜਾਂਦਾ ਹੈ । ਜਿਥੇ ਭੈਣ ਨਾਨਕੀ ਨੂੰ ਹੀ ਵੀਰ ਨਾਨਕ ਨੇ ਬੇਬੇ ਕਹਿਣਾ ਸ਼ੁਰੂ ਕੀਤਾ ਓਥੇ ਨਾਲ ਹੀ ਆਪਣੇ ਪਿਆਰੇ ਜੀਜਾ ਜੀ ਨੂੰ ਆਪ ਜੀ ਭਾਈਆ ਜੀ ਕਹਿ ਪਿਤਾ ਬਰਾਬਰ ਸਤਿਕਾਰ ਦਿਤਾ । ਭਾਈ ਜੈ ਰਾਮ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਹੁੰਦਿਆਂ ਪੁੱਤ ਦੀ ਘਾਟ ਕਦੇ ਮਹਿਸੂਸ ਹੀ ਨਹੀਂ ਸੀ ਹੋਈ ਤੇ ਆਪ ਦਾ ਗ੍ਰਹਿਸਤ ਜੀਵਨ ਅਤਿ ਸੁਖਦਾਈ ਸੀ ।

ਭੈਣ ਨਾਨਕੀ ਦੀ ਸੰਤਾਨ ਬਾਰੇ ਵੇਖੋ ਸ. ਭਗਵਾਨ ਸਿੰਘ 'ਦੀਪਕ' ਕਿਆ ਦਿਲਕਸ਼ ਬਿਆਨ ਕਰਦਾ ਹੈ :


ਇਕ ਸਵਾਲ-ਇਕ ਜਵਾਬ

ਭੈਣ ਨਾਨਕੀ ਨੂੰ ਪੁਛਿਆ ਇਕ ਬੀਬੀ, 
ਤੇਰੇ ਘਰ ਦੇ ਵਿਚ ਸੰਤਾਨ ਕੋਈ ਨਹੀਂ । 
ਬਿਨਾਂ ਬੱਚਿਆਂ ਘਰ ਸੁਨਸਾਨ ਰਹਿੰਦਾ, 
ਏਸ ਗਲ ਦਾ ਤੈਨੂੰ ਧਿਆਨ ਕੋਈ ਨਹੀਂ । 
ਬੱਚੇ ਬਾਝੋਂ ਸਵਾਦ ਕੀ ਜਿੰਦਗੀ ਦਾ,
ਸੱਚ ਪੁਛੋ ਤੇ ਉਹਦੀ ਗੁਜ਼ਰਾਨ ਕੋਈ ਨਹੀਂ।
ਹੋਵੇ ਪੁੱਤ ਤੇ ਘਰ ਆਬਾਦ ਜਾਪੇ, 
ਬਾਝ ਪੁੱਤ ਦੇ ਹੋਰ ਨਿਸ਼ਾਨ ਕੋਈ ਨਹੀਂ । 
ਇਕ ਪੁੱਤ ਦੀ ਬੀਬੀ ਮੁਰਾਦ ਮੰਗ ਲੈ,
ਰੂਪ ਰੱਬ ਦਾ ਹੈ ਤੇਰਾ ਵੀਰ ਨਾਨਕ ।
ਉਹ ਤੇ ਪਲਾਂ ਵਿਚ ਝੋਲੀਆਂ ਭਰ ਦੇਵੇ,
ਭਾਵੇਂ ਜਾਪਦਾ ਆਪ ਫ਼ਕੀਰ ਨਾਨਕ ।
....    ....
ਭੈਣ ਨਾਨਕੀ ਅਗੋਂ ਜਵਾਬ ਦਿਤਾ, 
ਜਾਣੀ ਜਾਣ ਉਹ ਦਿਲਾਂ ਦੀਆਂ ਜਾਣਦਾ ਏ । 
ਮੈਨੂੰ ਲੋੜ ਕੀ ਓਸ ਤੋਂ ਮੰਗਣੇ ਦੀ,
ਬੁਰੇ ਭਲੇ ਦੀ ਪੀੜ ਪਛਾਣਦਾ ਏ ।
ਉਹ ਤੇ ਲੋਚਦਾ ਸਦਾ ਭਲਾਈ ਮੇਰੀ, 
ਉਹਨੂੰ ਪਤਾ ਸਭ ਨਫ਼ੇ ਨੁਕਸਾਨ ਦਾ ਏ ।
ਮੈਨੂੰ ਕਿਸੇ ਵੀ ਚੀਜ਼ ਦੀ ਘਾਟ ਕੋਈ ਨਹੀਂ, 
ਮੇਰਾ ਵੀਰ ਜਦ ਰੂਪ ਭਗਵਾਨ ਦਾ ਏ । 
ਉਹਦੇ ਨਾਲ ਹੈ ਜੁੜੀ ਹੋਈ ਤਾਰ ਦਿਲ ਦੀ, 
ਰਸਨਾ ਓਸ ਦਾ ਨਾਮ ਪੁਕਾਰਦੀ ਏ । 
ਪੈਣ ਕੰਨਾਂ ਦੇ ਵਿਚ ਉਹਦੇ ਬੋਲ ਮਿਠੇ, 
ਮੈਨੂੰ ਸਿੱਕ ਬਸ ਉਹਦੇ ਦੀਦਾਰ ਦੀ ਏ । 
ਉਹਦੀ ਵਡੀ ਵਡਿਆਈ ਤੇ ਬੜੀ ਸੋਭਾ, 
ਮੇਰੀ ਸਦਾ ਹੀ ਆਸ ਪੁਜਾਵੰਦਾ ਏ । 
ਲੱਖਾਂ ਕੋਹ ਬੈਠਾ ਭਾਵੇਂ ਦੂਰ ਹੋਵੇ, 
ਯਾਦ ਕਰਾਂ ਜਦ ਪਲਾਂ ਵਿਚ ਆਵੰਦਾ ਏ । 
ਉਹਦੇ ਲਈ ਜਦ ਰੋਟੀ ਪਕਾਨ ਲਗਾਂ, 
ਅਚਨ ਚੇਤ ਆ ਬੂਹਾ ਖੜਕਾਵੰਦਾ ਏ । 
ਸੋਹਣੇ ਮੁੱਖ 'ਚੋਂ ਸਤਿ ਕਰਤਾਰ ਕਹਿ ਕੇ, 
ਰੋਟੀ ਮੇਰਿਆਂ ਹੱਥਾਂ ਦੀ ਖਾਵੰਦਾ ਏ । 
ਜਦੋਂ ਯਾਦ ਕੀਤਾ ਵੀਰ ਝਟ ਆਇਆ, 
ਕਈ ਵਾਰ ਮੈਂ ਡਿੱਠਾ ਅਜਮਾ ਕੇ ਤੇ ।
ਉਹਨੂੰ ਵੇਖ ਕੇ ਤੇ ਭੁਖ ਲਹਿ ਜਾਂਦੀ, 
ਰੱਜ ਜਾਂਦੀ ਹਾਂ ਰੋਟੀ ਖਵਾ ਕੇ ਤੇ ।
...   ...
ਜਿਹੜਾ ਆਸ ਹੈ ਲਖਾਂ ਨਿਆਸਰਿਆਂ ਦੀ 
ਮੈਨੂੰ ਮਾਨ ਹੈ ਕਿ ਮੇਰਾ ਵੀਰ ਹੈ ਉਹ।
ਜੇ ਕਰ ਸਚ ਪੁਛੋ ਕੇਵਲ ਵੀਰ ਹੀ ਨਹੀਂ 
ਮੇਰਾ ਗੁਰੂ ਸਚਾ ਮੇਰਾ ਪੀਰ ਹੈ ਉਹ । 
ਅੰਗ ਸੰਗ ਮੇਰੇ ਉਹਦੀ ਓਟ ਮੈਨੂੰ 
ਮੇਰਾ ਆਸਰਾ ਤੇ ਮੇਰੀ ਧੀਰ ਹੈ ਉਹ। 
ਮੇਰੇ ਨੈਣਾਂ ਵਿਚ ਜਿਹੜੀ ਸਮਾਈ ਹੋਈ 
ਸੱਚੀ ਸੁੱਚੀ ਤੇ ਸੋਹਣੀ ਤਸਵੀਰ ਹੈ ਉਹ।
ਜਿਸ ਭੈਣ ਦਾ ਪੁਤਾਂ ਜਿਹਾ ਵੀਰ ਹੋਵੇ 
ਉਹਨੂੰ ਕਿਸੇ ਵੀ ਚੀਜ਼ ਦੀ ਥੋੜ ਕਾਹਦੀ। 
ਵਾਲੀ ਦੋ ਜਹਾਨ ਦਾ ਵੀਰ ਨਾਨਕ,
‘ਦੀਪਕ’ ਮੈਨੂੰ ਸੰਤਾਨ ਦੀ ਲੋੜ ਕਾਹਦੀ ।

-ਸਦਾਰ ਭਗਵਾਨ ਸਿੰਘ ‘ਦੀਪਕ

ਆਮ ਇਤਿਹਾਸਕਾਰਾਂ ਨੇ ਏਥੋਂ ਤਕ ਲਿਖ ਦਿਤਾ ਹੈ ਕਿ ਜਦ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਰਹਿਣ ਲਗ ਪਏ ਤਾਂ ਗੁਰੂ ਜੀ ਦੀ ਸੱਸ ਚੰਦੋਰਾਣੀ ਨੇ ਮਾਤਾ ਤ੍ਰਿਪਤਾ ਨੂੰ ਕੁਝ ਕਹਿਣ ਸੁਨਣ ਬਿਨਾਂ ਭੈਣ ਨਾਨਕੀ ਦੇ ਘਰ ਅਡਾ ਆ ਲਾਇਆ ਕਿਉਂਕਿ ਸ਼ਾਦੀ ਦੀ ਸਾਰੀ ਰਸਮ ਹੀ ਭੈਣ ਨਾਨਕੀ ਜੀ ਦੇ ਘਰ ਹੋਈ ਸੀ ਅਤੇ ਭੈਣ ਹੀ ਦੋਹਾਂ ਘਰਾਂ ਵਿਚ ਪ੍ਰਧਾਨ ਮੰਨੀ ਜਾਂਦੀ ਸੀ, ਸੋ ਉਹ ਕਹਿੰਦੀ ਹੈ ਕਿ ਤੂੰ ਆਪਣੇ ਵੀਰ ਨੂੰ ਸਮਝਾਂਦੀ ਕਿਉਂ ਨਹੀਂ ਕਿ ਉਹਦਾ ਮੇਰੀ ਧੀ ਤੋਂ ਦੂਰ ਰਹਿਣਾ ਮੁਨਾਸਬ ਨਹੀਂ। ਇਕ ਕਵੀ ਏਸ ਸਵਾਲ ਜਵਾਬ ਨੂੰ ਐਉਂ ਕਲਮ-ਬੰਦ ਕਰਦਾ ਹੈ :

ਮੇਰਾ ਭਾਈ ਸ਼ਰਾਬੀ ਕਬਾਬੀ ਨਹੀਂ,
ਮੈਂ ਕਿਨੂੰ ਸਮਝਾਵਾਂ ਜਾਏ ਮਾਸੀ।

ਏਥੇ ਮਾਸੀ ਪਦ ਆਪਣੀ ਮਾਤਾ ਦੀ ਭੈਣ ਵਾਸਤੇ ਨਹੀਂ, ਮਾਤਾ ਤ੍ਰਿਪਤਾ ਜੀ ਇਕੋ ਧੀ ਸਨ ਤੇ ਉਨ੍ਹਾਂ ਦਾ ਇਕੋ ਵੀਰ ਸੀ, ਬਸ । ਇਹ ‘ਮਾਸੀ' ਸ਼ਬਦ ਆਪਣੀ ਭਰਜਾਈ ਸੁਲਖਣੀ ਦੀ ਮਾਤਾ ਪ੍ਰਥਾਏ ਵਰਤਿਆ ਗਿਆ ਹੈ। ਬੇਬੇ ਨਾਨਕੀ ਤੇ ਭਾਈਆ ਜੈ ਰਾਮ ਗੁਰੂ ਜੀ ਨੂੰ ਹਰੀ ਦਾ ਰੂਪ ਪੂਰਨ ਤੌਰ ਤੇ ਧਾਰ ਚੁਕੇ ਸਨ । ਉਹ ਸਮਝਾਂਦੇ ਵੀ ਕਿਸ ਨੂੰ ?

ਭਾਈਆ ਜੈ ਰਾਮ ਜੀ ਨੂੰ ਜਦ ਦੀਵਾਨ ਦਾ ਖਤਾਬ ਸਰਕਾਰੋਂ ਦਰਬਾਰੋਂ ਮਿਲਿਆ ਸੀ ਤਾਂ ਆਪ ਦੇ ਦਿਲ ਵਿਚ ਗੁਰੂ ਨਾਨਕ ਸਾਹਿਬ ਲਈ ਅਥਾਹ ਸਤਿਕਾਰ ਅੰਦਰੋਂ ਹੀ ਪੈਦਾ ਹੋ ਗਿਆ । ਉਸ ਨੂੰ ਐਉਂ ਲਗਾ ਜਿਵੇਂ ਇਹ ਮਾਨ ਮੁਰਾਤਬਾ ਹਾਕਮਾਂ ਵਲੋਂ ਨਹੀਂ ਮਿਲਿਆ, ਗੁਰੂ ਨਾਨਕ ਸਾਹਿਬ ਦੀ ਮਿਹਰ ਹੋਈ ਹੈ । ਭਾਈਆ ਜੈ ਰਾਮ ਗੁਰੂ ਜੀ ਦੇ ਮੋਦੀ ਖਾਨੇ ਦੀ ਕਾਰ-ਸੰਭਾਲ ਤੋਂ ਫੁਲਾ ਨਹੀਂ ਸੀ ਸਮਾਂਦਾ। ਉਹ ਅੰਦਰੋਂ ਅੰਦਰ ਇਹ ਸੋਚਨ ਲਗ ਪਿਆ ਕਿ ਹਾਕਮਾਂ ਨੇ ਇਹ ਟਾਈਟਲ ਉਸ ਨੂੰ ਏਸ ਲਈ ਪੇਸ਼ ਕੀਤਾ ਹੈ ਕਿ ਉਹਨੇ ਸੁਲਤਾਨਪੁਰ ਨਗਰ ਨੂੰ ਇਕ ਹਰਮਨ-ਪਿਆਰਾ ਮੋਦੀ ਦਿਤਾ ਹੈ। ਨਵਾਬ ਦੌਲਤ ਖਾਂ, ਸੁਲਤਾਨ ਪੁਰ ਦਾ ਨਵਾਬ, ਗੁਰੂ ਨਾਨਕ ਦੀਆਂ ਲੋਕਾਂ ਮੂੰਹੋਂ ਸਿਫ਼ਤਾਂ ਸੁਣ ਸੁਣ ਇਸ ਕਦਰ ਖ਼ੁਸ਼ ਸੀ ਜਿਵੇਂ ਉਸ ਨੂੰ ਖੁਦਾਵੰਦ ਕਰੀਮ ਨੇ ਕੋਈ ਅਨਮੋਲ ਹੀਰਾ ਬਖ਼ਸ਼ਿਆ ਹੋਵੇ । ਉਹ ਹੈਰਾਨ ਸੀ ਕਿ ਇਹ ਬਾਲਕ ਮੋਦੀ ਖਾਨੇ ਵਿਚ ਸਦਾ ਵਾਧਾ ਕਿਵੇਂ ਦਸਦਾ ਹੈ ਜਦ ਤੇਰਾਂ ਦੀ ਧਾਰਨ ਤੇ ਆ ਇਹ ‘ਤੇਰਾ ਤੇਰਾ' ਦੀ ਧੁਨ ਵਿਚ ਮਸਤ ਹੋ ਤੋਲ ਹੀ ਭੁਲ ਜਾਂਦਾ ਸੁਣੀਦਾ ਹੈ ਙ ਨਵਾਬ ਨੂੰ ਵੀ ਯਕੀਨ ਸੀ ਕਿ ਇਹ ਮੋਦੀ ਕਰਾਮਾਤੀ ਪੁਰਸ਼ ਹੈ। ਬੇਬੇ ਨਾਨਕੀ ਜੀ ਤੇ ਵੀਰ ਦਾ ਜਸ ਸੁਣ ਖ਼ੁਸ਼ੀ ਹੁੰਦੀ ਹੀ ਸੀ ਪਰ ਜਦ ਗੁਰੂ ਜੀ ਦਾ ਜਸ ਇਲਾਕੇ ਦੀਆਂ ਹੱਦਾਂ ਟਪ ਦੂਰ ਦੂਰ ਫੈਲ ਗਿਆ ਕਿ ਮਹਿਤਾ ਕਾਲੂ ਦਾ ਪੁਤ ਗਰੀਬਾਂ ਨੂੰ ਖੁਲ੍ਹੇ ਭੰਡਾਰੇ ਵੰਡਦਾ ਹੈ ਤਾਂ ਭੈਣ ਦੇ ਪੈਰ ਜ਼ਮੀਨ ਤੇ ਨਾਂ ਲਗਦੇ ਤੇ ਉਹ ਮਸਤੀ ਵਿਚ ਅਠੇ ਪਹਿਰ ਝੂੰਮਦੀ ਦਿਸਦੀ ।

ਜਦ ਜਗ ਤਾਰਨ ਹਜ਼ੂਰ ਸਾਲਾਂ ਬੱਧੀ ਲੰਮੀਆਂ ਵਾਟਾਂ ਤੇ ਦੂਰ ਦੂਰ ਨਿਕਲ ਜਾਂਦੇ ਤਾਂ ਭੀ ਭੈਣ ਨੂੰ ਆਪਣਾ ਵੇਹੜਾ ਸੁੰਝਾ ਨਾਂ ਲਗਦਾ । ਉਹਨੂੰ ਐਉਂ ਅਨੁਭਵ ਹੁੰਦਾ ਜਿਵੇਂ ਉਹਦਾ ਵੀਰ ਹਰ ਸਮੇਂ ਅੰਗ ਸੰਗ ਹੈ ।

ਰਖੜੀ ਦਾ ਤਿਹਾਰ ਭੈਣ-ਭਰਾ ਦਾ ਸ਼ੁਭ ਦਿਨ ਹਿੰਦੂ ਜਾਤੀ ਵਿਚ ਮੰਨਿਆ ਗਿਆ ਹੈ । ਰਖੜੀ ਸਮੇਂ ਭੈਣ ਦੂਰ ਦਸ਼ਾਂਤਰ ਵਿਚ ਰਖੜੀ ਆਪਣੇ ਵੀਰੇ ਨੂੰ ਭੇਜ ਤੇ ਨਾਂ ਸਕਦੀ ਪਰ ਉਹ ਦਿਲੋਂ ਐਉਂ ਮਹਿਸੂਸ ਕਰਦੀ ਕਿ ਰਖੜੀ ਵਾਲੇ ਦਿਨ ਉਹਦਾ ਵੀਰਾ ਆਪਣੀ ਕਲਾਈ ਉਹਦੇ ਅਗੇ ਕਰੀ ਖੜਾ ਹੈ ਤੇ ਉਹ ਗੁੱਟ ਤੇ ਰਖੜੀ ਬੰਨ੍ਹ ਰਹੀ ਹੈ ਤੇ ਵੀਰਾ ਭੈਣ ਦੇ ਮੂੰਹ ਵਿਚ ਪਤਾਸਾ ਪਾ ਰਿਹਾ ਉਹਦੇ ਹੈ ਤੇ ਮੁਠ ਵਿਚ ਚਾਂਦੀ ਦਾ ਰੁਪਿਆ ਦੇ ਰਿਹਾ ਹੈ । ਵੀਰ-ਪਿਆਰ ਦੀ ਇੰਤਹਾ ਵੇਖਣੀ ਹੋਵੇ ਤਾਂ ਕੇਵਲ ਨਾਨਕੀ-ਨਾਨਕ ਦੇ ਜੀਵਨ ਵਿਚੋਂ ਹੀ ਵੇਖੀ ਜਾ ਸਕਦੀ ਹੈ । ਇਹ ਕਹਿਣਾ ਕਠਨ ਹੈ ਕਿ ਨਾਨਕ ਨਾਨਕੀ ਦੀ ਜੀਵਨ ਉਸਾਰੀ ਵਿਚ ਵਧ ਕੇ ਸੀ ਕਿ ਨਾਨਕੀ ਵੀਰ ਦੀ ਸ਼ਖ਼ਸੀਅਤ ਵਿਚ ਵਧੇਰੀ ਚਮਕਦੀ ਸੀ । ਮੈਂ ਤੇ ਇਹੋ ਸਮਝਦਾ ਹਾਂ ਕਿ ਮਾਤਾ ਤ੍ਰਿਪਤਾ ਜੈਸੀ ਮਹਾਨ ਮਾਂ ਰੱਬ ਨੇ ਅੱਜ ਤਕ ਧਰਤੀ ਤੇ ਪੈਦਾ ਨਹੀਂ ਕੀਤੀ, ਜਿਸ ਦੀ ਕੁਖ ਨੇ ਦੋ ਬੱਚੇ ਇਕ ਜਾਨ ਮਾਨਵਤਾ ਦੇ ਕਲਿਆਨ ਲਈ ਪੈਦਾ ਕੀਤੇ ।

ਗੁਰੂ ਜੀ ਚਾਰੇ ਕੂਟਾਂ ਵਿਚ ਸਤਿਨਾਮ ਵਾਹਿਗੁਰੂ ਦਾ ਮੰਤ੍ਰ ਦ੍ਰਿੜਾਂਦੇ ਤੇ ਭੈਣ ਨਾਨਕੀ ਪੰਜਾਬ ਦੀ ਧਰਤੀ ਵਿਚ ਤੂੰ ਤੂੰ ਅਲਾਪਦੀ ਦੁਖੀਆਂ ਦੇ ਦਰਦ ਵੰਡਾਦੀ, ਭੰਡਾਰੇ ਲਗਾਂਦੀ ਤੇ ਵੀਰੇ ਨੂੰ ਪਲ ਪਲ ਚਿਤਾਰਦੀ। ਜਦ ਵੀ ਉਦਾਸੀ ਤੋਂ ਗੁਰੂ ਜੀ ਸੁਲਤਾਨਪੁਰ ਭੈਣ ਦੇ ਦਰਸ਼ਨਾਂ ਨੂੰ ਪੁਜਦੇ ਤਾਂ ਸਾਰੇ ਨਗਰਵਾਸੀ ਗੁਰੂ ਜੀ ਨੂੰ ਵੇਖ ਵਜਦ ਵਿਚ ਆ ਕੇ ਉਚੀ ਉਚੀ ਮਿਠੀ ਰਸੀਲੀ ਹੇਕ ਲਾ ਗਾਣਾ ਗਾ ਉਠਦੇ :

"ਚਲੋ ਨਾਨਕੀ ਭੈਣ ਨੂੰ ਕਹੀਏ,
ਤੇਰਾ ਵੀਰ ਆਇਆ ਏ।
ਤੇਰਾ ਵੀਰ ਆਇਆ ਏ,
ਜਗਤ ਦਾ ਪੀਰ ਆਇਆ ਏ ।"

ਭੈਣ ਨਾਨਕੀ ਜਗਤ ਗੁਰੂ ਬਾਬਾ ਨਾਨਕ ਵਾਂਗ ਹੀ ਜਗਤ ਭੈਣ ਬਣ ਗਈ ਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪ੍ਰਸਿਧ ਹੋਈ ।

ਇਕ ਨਨਕਾਣਾ ਸਾਹਿਬ ਦਾ ਭਾਈ ਮਰਦਾਨੇ ਦੀ ਵੰਸ ਦਾ ਢਾਡੀ ਕਦੇ ਪੰਜਾਬ ਵਿਚ ਗੁਰੂ ਜਸ ਦਾ ਪ੍ਰਚਾਰ ੧੯੧੫-੨੦ ਦੇ ਦਿਨੀਂ ਕਰਦਾ ਹੁੰਦਾ ਸੀ ਤੇ ਉਹ ਕਿਹਾ ਕਰਦਾ ਸੀ ਕਿ ਮਾਝੇ ਮਾਲਵੇ ਵਿਚ ਕਿਸੇ ਘਰ ਕਿਸੇ ਪ੍ਰਕਾਰ ਦੀ ਕੋਈ ਦੁਖ ਤਕਲੀਫ ਹੋਵੇ ਤਾਂ ਭੈਣ ਨਾਨਕੀ ਹਥੋਂ ਸੁਲਤਾਨਪੁਰ ਲੋਧੀ ਪ੍ਰਸ਼ਾਦ ਲੈਣ ਪੁੱਜ ਜਾਂਦਾ ਸੀ ਤੇ ਅਗੋਂ ਭੈਣ ਸਤਿ ਕਰਤਾਰ ਕਹਿ ਹਰ ਇਕ ਨੂੰ ਜੋ ਭੋਜਨ ਛਕਾ ਦੇਂਦੀ ਸੀ, ਮਾਨੋ ਸਭ ਦੁਖ ਦ੍ਰਿਦਰ ਦੂਰ ਕਰ ਦੇਂਦੀ ਸੀ ਤੇ ਜਿਨ੍ਹੀਂ ਦਿਨੀ ਵੀਰਾ ਸੁਲਤਾਨਪੁਰ ਪੁੱਜ ਜਾਂਦਾ ਸੀ ਤਾਂ ਜਾਣੋ ਦੂਰ ਦੂਰ ਤਾਰਾਂ ਖੜਕ ਜਾਂਦੀਆਂ ਸਨ ਤੇ ਸੁਲਤਾਨਪੁਰ ਲੋਧੀ ਵਡਾ ਤੀਰਥ ਅਸਥਾਨ ਦਾ ਰੂਪ ਧਾਰ ਜਾਂਦਾ ਸੀ ਤੇ ਭੈਣ ਨਾਨਕੀ ਤੇ ਭਾਈਆ ਜੈ ਰਾਮ ਹਥੀਂ ਸੰਗਤਾਂ ਦੀ ਲੰਗਰ ਦੀ ਸੇਵਾ ਕਰਦੇ ਖੁਸ਼ੀ ਵਿਚ ਦੂਹਰੇ ਚੌਹਰੇ ਹੁੰਦੇ ਸਨ ।

ਜਗਤ ਗੁਰੂ ਨਾਨਕ ਸਾਹਿਬ ਨੂੰ, ਜਿਨ੍ਹਾਂ ਦੇ ਨਾਮ ਦੀ ਵਿਆਖਿਆ ਸੰਸਕ੍ਰਿਤ ਦੇ ਖੋਜੀ ਵਿਦਵਾਨਾ ਐਉਂ ਕੀਤੀ ਕਿ ਨਾਨਕ ਦੇ ਅਰਥ ਹਨ ਸਹਾਰਾ ਦੇਣ ਵਾਲਾ, ਭਾਵ ਬੇਸਹਾਰਿਆਂ ਦਾ ਸਹਾਰਾ, ਜਿਸ ਤੋਂ ਗੁਰੂ ਅੰਗਦ ਸਾਹਿਬ ਬਾਬਾ ਅਮਰ ਦਾਸ ਜੀ ਨੂੰ ਤੀਜਾ ਨਾਨਕ ਥਾਪਨ ਸਮੇਂ "ਨਿਆਸਰਿਆਂ ਦਾ ਆਸਰਾ ਨਪੱਤਿਆਂ ਦੀ ਪ੧ਤ ਨਲਜਿਆਂ ਦੀ ਲੱਜ, ਨਗਤਿਆਂ ਦੀ ਗਤ'' ਕਹਿ ਸਨਮਾਨਿਆ ਸੀ, ਨਾਨਕ ਸ਼ਬਦ ਦਾ ਪੂਰਨ ਵਿਸਥਾਰ ਕਰ ਸਮਝਾਇਆ ਸੀ। ਜਗਤ ਜਲੰਦੇ ਦਾ ਕਲਿਆਨ ਕਰਦੇ ਦੀਆਂ ਸੂਹਾਂ ਲੋਕੀਂ ਭੈਣ ਨੂੰ ਹਿੰਦੂ- ਮੁਸਲਮਾਨਾਂ ਦੇ ਸਾਂਝੇ ਪੀਰ ਦੇ ਰੂਪ ਵਿਚ ਸੂਫੀਆਂ ਦੀ ਕਲਾਮ ਰਾਹੀਂ ਆ ਦਸਦੇ ਤਾਂ ਭੈਣ ਨਾਨਕੀ ਦੇ ਪੈਰ ਖੁਸ਼ੀ ਵਿਚ ਭੋਂ ਤੇ ਨਾਂ ਲਗਦੇ । ਬਾਬੇ ਦੇ ਉਪਦੇਸ਼ ਦੀ, ਜੋ ਬਾਬਾ ਮਕਾ, ਮਦੀਨਾ ਤੇ ਕਾਬਲ, ਕੰਧਾਰ ਮੁਸਲਕੀ ਧਰਤੀ ਤੇ ਕਰਦਾ ਰਿਹਾ, ਇਕ ਕਵੀ ਨੇ ਐਉਂ ਉਸਤੱਤ ਕੀਤੀ ਹੈ :


ਯੇ ਸ਼ੇਖ਼ੋ ਬ੍ਰਹਿਮਣ ਕੇ ਝਗੜੇ
ਸਭ ਬੇਸਮਝੀ ਕੀ ਬਾਤੇਂ ਹੈਂ । 
ਮਕਸਦ ਤੋ ਹੈ ਦਿਲ ਕੋ ਸਮਝਾਣਾ, 
ਗਰ ਜਜ਼ਬਾਏ ਮੁਹਬਤ ਸਾਦਿਕ ਹੋ, 
ਚਾਹੇ ਮਸਜਿਦ ਹੋ ਚਾਹੇ ਬੁਤਖਾਨਾ, 
ਹਰ ਦਰ ਸੇ ਮੁਰਾਦੇਂ ਮਿਲਤੀ ਹੈਂ, 
ਹਰ ਘਰ ਹੈ ਉਸੀ ਕਾ ਕਾਸ਼ੀਆਨਾ । 
ਚਾਹੇ ਯੇ ਮਾਨੋ ਚਾਹੇ ਵੋਹ ਮਾਨੋ,
ਯੇ ਦਿਲ ਕੇ ਸਮਝਾਣੇ ਕੀ ਬਾਤੇਂ ਹੈਂ ।

ਭੈਣ ਨਾਨਕੀ ਜਦ ਵੀਰ ਦਾ ਇਹ ਉਪਦੇਸ਼ ਸੁਣਦੀ ਤਾਂ ਉਹਦਾ ਗਦ ਗਦ ਹੋ ਉਠਣਾ ਸੁਭਾਵਕ ਹੀ ਸੀ ਕਿਉਂਕਿ ਜਗਤ ਦੇ ਸਾਂਝੇ ਨੇ ਸਭ ਤੋਂ ਪਹਿਲਾਂ ਵੇਈਂ ਨਦੀ ਕੰਢੇ ਹੀ ਸੁਲਤਾਨਪੁਰ ਲੋਧੀ ਵਿਖੇ ਬੜਾ ਉਚਾ ਹੋਕਾ ਦਿਤਾ ਸੀ, "ਨਾ ਮੈਂ ਹਿੰਦੂ ਨਾ ਮੁਸਲਮਾਨ"

ਭਾਈ ਗੁਰਦਾਸ ਜੀ ਨੇ ਭੀ ਏਸ ਸਾਂਝੀਵਾਲਤਾ ਦੇ ਉਪਦੇਸ਼ ਦੀ ਐਉਂ ਆਪਣੀ ਗਵਾਹੀ ਦਿਤੀ ਹੈ :

ਪੁਛਣ ਖੋਲ੍ਹ ਕਤਾਬ ਨੂੰ ਹਿੰਦੂ ਵਡਾ ਕੇ ਮੁਸਲਮਨੋਈ,
ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ ।

ਪੈਗ਼ੰਬਰਾਂ ਦੇ ਇਤਿਹਾਸ ਵਿਚ ਜਦ ਤੋਂ ਇਸ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਐਸਾ ਭੈਣ-ਵੀਰ ਪਿਆਰ ਨਾਂ ਵੇਖਣ ਵਿਚ ਆਇਆ ਹੈ ਅਤੇ ਨਾਂ ਅਗੋਂ ਆਵੇਗਾ।

ਬਾਬਾ ਜੀ ਜਦ ਆਪਣੀ ਚੌਥੀ ਉਦਾਸੀ ਸੰਪੂਰਨ ਕਰ ਕੇ ਦੇਸ਼ ਵਾਪਸ ਪਰਤੇ ਤਾਂ ਭੈਣ ਦੀ ਆਪ ਨੇ ਆਖ਼ਰੀ ਇਛਾ ਵੀ ਖ਼ੁਸ਼ੀ ਖੁਸ਼ੀ ਪੂਰਨ ਕੀਤੀ । ਭੈਣ ਦਿਲੋਂ ਚਾਹੁੰਦੀ ਸੀ ਕਿ ਉਹਦੀ ਦੇਹ ਨੂੰ ਲੰਬੂ ਉਹਦਾ ਵੀਰ, ਪੀਰ ਦਸਤਗੀਰ, ਲਗਾਏ।

ਭੈਣ ਨਾਨਕੀ ਨਵੰਬਰ ੧੫੧੮ ਈਸਵੀ ਵਿਚ ਸਵਾਸ ਤਿਆਗਦੇ ਹਨ ਤੇ ਆਪਦੀ ਆਖ਼ਰੀ ਰਸਮ ਵੀਰ ਨਾਨਕ ਦੇਵ, ਅਰਸ਼ੀ ਦਾਤਾ, ਆਪ ਸਤਿ ਕਰਤਾਰ ਦਾ ਜਾਪ ਕਰਦੇ ਅਦਾ ਕਰਦੇ ਹਨ।

ਉਹ ਪਵਿਤ੍ਰ ਘੜੀ ਕੈਸੀ ਹੋਵੇਗੀ, ਅਕਾਸ਼ ਉਤੇ ਦੇਵੀ ਦੇਵਤੇ ਕਿਸ ਰੰਗ ਵਿਚ ਇਹ ਕੌਤਕ ਵੇਖ ਰਹੇ ਹੋਣਗੇ ? ਆਪ ਅਕਾਲ ਪੁਰਖ ਆਪਣੀ ਕਰਨੀ ਉਤੇ ਕਿਵੇਂ ਝੂੰਮ ਰਿਹਾ ਹੋਵੇਗਾ ? ਬਿਆਨ ਕਰਨਾ ਅਸੰਭਵ ਹੈ । ਭਾਗਾਂ ਵਾਲੀ ਭੈਣ ਆਪਣੀ ਜੀਵਨ-ਯਾਤ੍ਰਾ ਸਫਲ ਕਰ ਵੀਰ ਦੇ ਹੱਥੀਂ ਸਤਿਨਾਮ ਦਾ ਸਿਮ੍ਰਣ ਕਰਦੀ ਅਕਾਲ ਪੁਰਖ ਵਿਚ ਜਾ ਲੀਨ ਹੋਈ।

ਬੀਬੀ ਭਾਨੀ ਜੀ

ਗੁਰੂ ਇਤਿਹਾਸ ਵਿਚ ਭਾਈ ਤੇਜਭਾਨ ਜੀ ਦਾ ਪਵਿਤ੍ਰ ਨਾਮ ਆਪਣਾ ਹੀ ਵਿਸ਼ੇਸ਼ ਅਸਥਾਨ ਰਖਦਾ ਹੈ, ਕਿਉਂਕਿ ਇਸ ਭਾਈ ਤੇਜਭਾਨ ਦੇ ਤੇਜ਼ ਤੋਂ ਮਹਾਨ ਤੇਜੱਸਵੀ ਅਵਤਾਰ ਗੁਰੂ ਅਮਰਦਾਸ ਪ੍ਰਗਟਿਆ । ਆਪਜੀ ਦੀ ਪੂਜ ਮਾਤਾ ਦਾ ਨਾਮ ਸ੍ਰੀਮਤੀ ਲਖਮੀ ਸੀ।

ਗੁਰੂ ਅਮਰਦਾਸ ਜੀ ਦੀ ਸ਼ਾਦੀ ਭਾਈ ਦੇਵੀ ਚੰਦ ਬਹਿਲ ਦੀ ਸਪੁਤ੍ਰੀ ਬੀਬੀ ਰਾਮ ਕੌਰ ਜੀ ਨਾਲ ਹੋਈ। ਸਿੱਖ ਇਤਿਹਾਸ ਵਿਚ “ਕੌਰ” ਇਕ ਬੀਬੀ ਦੇ ਨਾਮ ਨਾਲ ਜੁੜਿਆ ਸਭ ਤੋਂ ਪਹਿਲਾਂ ਇਹੋ ਮਿਲਦਾ ਹੈ ਅਤੇ ਦੂਜੀ ਵਾਰੀ "ਕੌਰ" ਸ਼ਬਦ ਗੁਰੂ ਹਰਿ ਕਰਿਸ਼ਨ ਸਾਹਿਬ ਜੀ ਦੀ ਪੂਜ ਮਾਤਾ ਕ੍ਰਿਸ਼ਨ ਕੌਰ ਜੀ ਦੇ ਨਾਮ ਨਾਲ ਆਉਂਦਾ ਹੈ ।

ਬੀਬੀ ਭਾਨੀ ਗੁਰੂ ਅਮਰ ਦਾਸ ਜੀ ਦੀ ਸਭ ਤੋਂ ਛੋਟੀ ਬੱਚੀ ਸੀ, ਆਪ ਦੇ ਦੋ ਵਡੇ ਵੀਰ, ਮੋਹਨ ਜੀ ਤੇ ਮੋਹਰੀ ਜੀ ਸਨ ਤੇ ਵਡੀ ਭੈਣ ਦਾ ਨਾਮ ਬੀਬੀ ਦਾਨੀ ਜੀ ਸੀ ।

ਗੁਰੂ ਅਮਰ ਦਾਸ ਜੀ ਦੀ ਸ਼ਾਦੀ ੨੪ ਸਾਲ ਦੀ ਆਯੂ ਤੇ ਹੋਈ ਸੀ ਤੇ ਜਦ ਆਪ ੫੫ ਦੀ ਉਮਰ ਦੇ ਸਨ ਤਾਂ ਇਹ ਆਖਰੀ ਬੱਚਾ ੧੫੯੭ ਬਿਕਰਮੀ ਵਿਚ ਪੈਦਾ ਹੋਇਆ ਜਿਸ ਪੈਗ਼ੰਬਰਾਂ ਦੇ ਪਿਛਲੇ ਅਗਲੇ ਸਾਰੇ ਇਤਿਹਾਸ ਮਾਤ ਪਾ ਦਿਤੇ, ਭਾਵ, ਆਪ ਗੁਰੂ-ਪੁਤ੍ਰੀ ਸਨ, ਗੁਰੂ-ਪਤਨੀ, ਗੁਰੂ-ਦਾਦੀ, ਗੁਰੂ ਪੜਦਾਦੀ ਅਤੇ ਗੁਰੂ-ਲਕੜ ਦਾਦੀ । ਸਿੱਖ ਇਤਿਹਾਸਕਾਰਾਂ ਤੋਂ ਵਾਰੇ ਵਾਰੇ ਜਾਈਏ । ਗੁਰੂ ਆਸ਼ੇ ਨੂੰ ਮੁੱਖ ਰਖ ਕੇ ਇਕ ਵੀ ਵਿਦਵਾਨ ਇਤਿਹਾਸਕਾਰ ਨੇ ਗੁਰੂ ਸਾਖੀਆਂ ਵਿਸਥਾਰ ਸਹਿਤ ਲਿਖਣ ਦਾ ਯਤਨ ਨਹੀਂ ਕੀਤਾ । ਏਨਾ ਭੀ ਬਹੁਤ ਸ਼ੁਕਰ ਹੈ ਕਿ ਛਾਣ ਬੀਣ ਕਰਨ ਲਈ ਕੁਝ ਤਾਂ ਮਸਾਲਾਂ ਇਕ ਕਰ ਛਡ ਗਏ ।

ਇਸ ਗਲ ਉਤੇ ਅਜ ਤਕ ਦੋ ਰਾਏ ਨਹੀਂ ਹੋਈਆਂ ਕਿ ਪ੍ਰਮਾਤਮਾ ਨੇ ਸੰਸਾਰ ਵਿਚ ਜਿਨੇ ਵੀ ਪੈਗ਼ੰਬਰ ਪੈਦਾ ਕੀਤੇ ਹਨ ਉਹ ਆਦਮੀ ਦੇ ਰੂਪ ਵਿਚ ਹੀ, ਇਕ ਭੀ ਇਸਤ੍ਰੀ ਦੇ ਰੂਪ ਵਿਚ ਨਹੀਂ । ਸੰਸਾਰ ਪ੍ਰਸਿੱਧ ਇਤਿਹਾਸਕਾਰ ਮਿਸਟਰ ਪਾਟਰ ਨੇ Story of Religion ਵਿਚ ੪੨ ਪੈਗੰਬਰਾਂ ਦਾ ਜ਼ਿਕਰ ਕੀਤਾ ਹੈ ਅਤੇ ਉਹਦਾ ਕਹਿਣਾ ਹੈ ਕਿ ਧਰਤੀ ਉਤੇ ਕੁਲ ਹੋਏ ਹੀ ੪੨ ਪੈਗੰਬਰ ਹਨ, ਪਰ ਉਨ੍ਹਾਂ ਵਿਚ ਭੀ ਇਕ ਇਸਤ੍ਰੀ ਨਹੀਂ ।

ਜਿਸ ਦ੍ਰਿਸ਼ਟੀਕੋਨ ਤੋਂ ਮਿਸਟਰ ਪਾਟਰ ਨੇ ਪੈਗੰਬਰ ਦੀ ਵਿਆਖਿਆ ਕੀਤੀ ਹੈ, ਉਸ ਨਜ਼ਰੀਏ ਤੋਂ ਅਸੀਂ ਵੀ ਬੀਬੀ ਭਾਨੀ ਜੀ ਨੂੰ ਪੈਗ਼ੰਬਰਾਂ ਵਿਚ ਸ਼ਾਮਲ ਨਹੀਂ ਕਰ ਸਕਦੇ । ਉਹ ਪੈਗ਼ੰਬਰ ਉਸ ਨੂੰ ਤਸਲੀਮ ਕਰਦਾ ਹੈ ਜਿਸ ਤੋਂ ਉਹਦਾ ਮਜ਼ਹਬ ਚਲਿਆ ਹੋਵੇ ਅਤੇ ਗੁਰੂ ਨਾਨਕ ਸਾਹਿਬ ਦੀ ਮਹਾਨਤਾ ਜਿਨੀ ਮਿਸਟਰ ਪਾਟਰ ਨੇ ਕੀਤੀ ਹੈ ਓਨੀ ਓਸ ਹੋਰ ਬਾਕੀ ੪੧ ਪੈਗ਼ੰਬਰਾਂ ਦੀ ਨਹੀਂ ਕੀਤੀ, ਅਤੇ ਇਸ ਬਾਰੇ ਮੈਂ ਆਪਣੀ ਪੁਸਤਕ 'ਬਾਬੇ ਤਾਰੇ ਚਾਰ ਚਕ' ਅੰਦਰ ਪੂਰਾ ਵਰਨਣ ੧੯੬੯ ਵਿਚ, ਗੁਰੂ ਨਾਨਕ ਸਾਹਿਬ ਦੀ ਪੰਜਵੀਂ ਸ਼ਤਾਬਦੀ ਸਮੇਂ ਕਰ ਚੁਕਾ ਹਾਂ ।

ਸਿੱਖੀ ਦਾ ਬਾਨੀ ਜ਼ਰੂਰ ਗੁਰੂ ਨਾਨਕ ਦੇਵ ਸੀ ਪਰ ਅਸੀਂ ਗੁਰੂ ਦੇ ਨਾਮ ਲੇਵਾ ਬਾਕੀ ਨੌ-ਨਾਨਕ ਵੀ ਪੈਗੰਬਰ ਹੀ ਮੰਨਦੇ ਹਾਂ, ਸਤਿਕਾਰਦੇ ਹਾਂ ਤੇ ਉਨ੍ਹਾਂ ਅਗੇ ਸੀਸ ਝੁਕਾਂਦੇ ਹਾਂ। ਏਸ ਗੁਰੂ ਪਰਨਾਲੀ ਵਿਚ ਬੀਬੀ ਭਾਨੀ ਜੀ ਦਾ ਇਕ ਐਸਾ ਰੋਲ ਆਉਂਦਾ ਹੈ ਜਿਸ ਨੂੰ ਵੇਖ ਅਸੀਂ ਬੀਬੀ ਭਾਨੀ ਜੀ ਨੂੰ ਪੈਗੰਬਰ ਕਹੇ ਬਿਨਾਂ ਰਹਿ ਨਹੀਂ ਸਕਦੇ ਅਤੇ ਬੜੇ ਫ਼ਖ਼ਰ ਨਾਲ ਸਾਡਾ ਸਿਰ ਉੱਚਾ ਹੋ ਜਾਂਦਾ ਹੈ ਕਿ ਜਦ ਬੀਬੀ ਭਾਨੀ ਜੀ ਨੂੰ ਵੀ ਅਸੀਂ ਪੈਗ਼ੰਬਰਾਂ ਦੀ ਕਤਾਰ ਵਿਚ ਖੜਾ ਵੇਖਦੇ ਹਾਂ ।

ਮੈਂ ਗੁਰੂ ਅਮਰ ਦਾਸ ਫਉਂਡੇਸ਼ਨ (ਗੋਇੰਦਵਾਲ) ਦਾ ਰਿਣੀ ਹਾਂ ਜਿਸ ਗੁਰੂ ਅਮਰ ਦਾਸ ਜੀ ਦੀ ਤੀਜੀ ਜਨਮ ਸ਼ਤਾਬਦੀ ਮਨਾਉਂਦੇ ਹੋਏ ਪਿਛੇ ਜਿਹੇ ਇਕ ਬੀਬੀ ਭਾਨੀ ਦਾ ਚਿਤਰ ਸੰਸਾਰ ਦੇ ਸਾਹਮਣੇ ਪੇਸ਼ ਕੀਤਾ ਹੈ, ਜਿਸ ਵਿਚ ਗੁਰੂ ਅਮਰਦਾਸ ਜੀ ਆਪਣੀ ਬੱਚੀ ਬੀਬੀ ਭਾਨੀ ਜੀ ਦੇ ਅਗੇ ਪੰਜ ਪੈਸੇ ਤੇ ਨਾਰੀਅਲ ਰਖ ਕੇ ਗੁਰਿਆਈ ਉਨ੍ਹਾਂ ਨੂੰ ਪੇਸ਼ ਕਰ ਰਹੇ ਹਨ ਤੇ ਉਹਦੇ ਰਾਹੀਂ ਚੌਥੀ ਪਾਤਸ਼ਾਹੀ ਗੁਰ ਰਾਮਦਾਮ ਜੀ, ਪਤੀ-ਪ੍ਰਮੇਸ਼੍ਵਰ ਬੀਬੀ ਭਾਨੀ, ਗੁਰੂ ਗੱਦੀ ਦੇ ਮਾਲਕ ਬਣਦੇ ਹੋਏ, ਚੌਥੇ ਨਾਨਕ ਬਣਦੇ ਹਨ।

ਇਸ ਚਿਤਰ ਨਾਲ ਇਤਿਹਾਸ ਵਿਚ ਕੋਈ ਖਾਸ ਗੁੰਜਲ ਪੈਦਾ ਨਹੀਂ ਹੁੰਦੀ। ਏਸ ਨੁਕਤੇ ਉਤੇ ਸਾਰੇ ਇਤਿਹਾਸਕਾਰ ਸਹਿਮਤ ਹਨ ਕਿ ਬੀਬੀ ਭਾਨੀ ਜੀ ਨੇ ਆਪਣੇ ਪੂਜ ਪਿਤਾ ਗੁਰੂ ਅਮਰਦਾਸ ਜੀ ਪਾਸੋਂ ਆਪਣੇ ਪ੍ਰਵਾਰ ਵਿਚ ਗੁਰਗੱਦੀ ਰਖਣ ਦੀ ਅਸੀਸ ਲਈ। ਭਾਵੇਂ ਆਪਦੇ ਪਤੀ ਕੇਵਲ ਸੱਤ ਕੁ ਸਾਲ ਹੀ ਗੁਰਿਆਈ ਤੇ ਰਹੇ ਤੇ ਫੇਰ ਜੋਤੀ ਜੋਤ ਸਮਾ ਗਏ । ਜਦ ਬੀਬੀ ਜੀ ਦੀ ਸ਼ਾਦੀ ਹੋਈ ਸੀ, ਉਸ ਸਮੇਂ ਬੀਬੀ ਜੀ ਦੀ ਆਯੂ ਕੇਵਲ ੨੧ ਕੁ ਸਾਲਾਂ ਦੀ ਹੀ ਸੀ। ਕੀ ਬੀਬੀ ਭਾਨੀ ਜੀ ਨੂੰ ਆਪਣੇ ਗੁਰ-ਪਿਤਾ ਨੂੰ ਠੁਮਣਾ ਦੇਣ ਕਾਰਨ ਹੀ ਇਹ ਅਸੀਸ ਮਿਲ ਗਈ ਯਾ ਇਸ ਪਿਛੇ ਕੁਝ ਹੋਰ ਵੀ ਕਾਰਨ ਸਨ ? ਅਕਸਰ ਇਹੋ ਸਾਖ਼ੀ ਪ੍ਰਚਲੱਤ ਹੈ ਕਿ ਇਕ ਸਵੇਰ ਗੁਰੂ ਅਮਰਦਾਸ ਜੀ ਚੌਕੀ ਤੇ ਬੈਠੇ ਅਸ਼ਨਾਨ ਕਰ ਰਹੇ ਸਨ ਕਿ ਚੌਕੀ ਦਾ ਪਾਵਾ ਮੁੜ ਗਿਆ ਤੇ ਬੀਬੀ ਜੀ ਨੇ ਇਹ ਜਾਣ ਕਿ ਬਿਰਧ ਸਰੀਰ ਨੂੰ ਕਿਤੇ ਚੋਟ ਨਾਂ ਲਗੇ, ਆਪਣੇ ਪੈਰ ਦਾ ਸਹਾਰਾ ਦੇ ਦਿਤਾ ਤੇ ਪਾਵੇ ਦਾ ਕਿਲ ਚੁਭ ਬੀਬੀ ਜੀ ਦੇ ਪੈਰ ਨੂੰ ਖੂਨੋ ਖੂਨ ਕਰ ਗਿਆ। ਜਾਂ ਖੂਨ ਦੀ ਧਾਰ ਗੁਰੂ ਜੀ ਨੇ ਪਰਨਾਲੇ ਵਲ ਪਾਣੀ ਦੇ ਵਹਿੰਦੀ ਡਿਠੀ ਤਾਂ ਬੀਬੀ ਜੀ ਦਾ ਪਿਆਰ ਤੇ ਸਿਦਕ ਭਰੀ ਸ਼ਰਧਾ ਵੇਖ ਵਰ ਦੇ ਦਿਤਾ।

ਠੀਕ ਹੈ ਕਿ ਇਹ ਭੀ ਇਕ ਕਾਰਨ ਸੀ ਪਰ ਗੁਰ-ਗੱਦੀ ਦੀ ਸੰਭਾਲ ਤੇ ਜ਼ੁੰਮੇਵਾਰੀ ਕੁਝ ਹੋਰ ਵੀ ਮੰਗਦੀ ਹੈ।

ਗੁਰ ਅਮਰ ਦਾਸ ਜੀ ਨੇ ਗੁਰੂ ਨਾਨਕ ਦੇ ਦਸੇ ਮਾਰਗ ਨੂੰ ਜਦ ਅਮਲੀ ਰੂਪ ਦਿਤਾ ਤਾਂ ਹਜ਼ੂਰ ਨੇ ਇਸਤ੍ਰੀ ਜਾਤੀ ਦਾ ਸਮਾਜ ਵਿਚ ਆਦਮੀ ਤੋਂ ਉੱਚਾ ਦਰਜਾ ਕਰਨ ਹਿਤ ਸੰਗਤ ਵਿਚ ਬੜਾ ਸਤਿਕਾਰ ਯੋਗ ਆਦਰ ਦਿਤਾ ਤੇ ਪਰਦੇ ਦੀ ਰਸਮ ਨੂੰ ਦੂਰ ਕੀਤਾ। ਹਿੰਦੂ ਸਮਾਜ ਉਸ ਸਮੇਂ ਪਿਤਾ ਪੁਰਖੀ ਵਿਚ ਬੁਰੀ ਤਰ੍ਹਾਂ ਜਕੜੀ ਹੋਈ ਸੀ, ਬੀਬੀ ਭਾਨੀ ਜੀ ਨੇ ਇਸਤ੍ਰੀ ਸੁਧਾਰ ਵਿਚ ਪਿਤਾ ਜੀ ਦਾ ਬਹੁਤ ਸਾਥ ਦਿਤਾ। ਇਸਤ੍ਰੀਆਂ ਨੂੰ ਸੰਗਤ ਵਿਚ ਆ ਕੇ ਮਰਦਾਂ ਬਰਾਬਰ ਬਿਨਾ ਘੁੰਡ ਕਢੇ ਬੈਠਣਾ, ਸੰਗਤ ਪੰਗਤ ਵਿਚ ਬੈਠ ਲੰਗਰ ਛਕਨਾ, ਸਤੀ ਵਿਰੁਧ ਪ੍ਰਚਾਰ ਕਰਨਾ, ਵਹਿਮਾ ਭਰਮਾ ਦਾ ਤਿਆਗ ਕਰਨਾ, ਆਦਿ ਸਭ ਗੁਰੂ ਮਹਾਰਾਜ ਦੇ ਚਲਾਏ ਇਨਕਲਾਬੀ ਅੰਦੋਲਨਾਂ ਵਿਚ ਜੋ ਬੀਬੀ ਭਾਨੀ ਜੀ ਦਾ ਰੋਲ ਵੇਖਣ ਵਿਚ ਆਇਆ ਹੈ, ਉਹ ਹੈਰਤਕੁਨ ਹੈ, ਅਤੇ ਫੇਰ ਜਦ ਬੀਬੀ ਜੀ ਲਈ ਇਕ ਯਤੀਮ, ਘੁੰਗਣੀਆਂ ਦੀ ਛਾਬੜੀ ਲਾਣ ਵਾਲਾ, ਆਪਣੇ ਕੁੰਭੇ ਦੇ ਮੁਕਾਬਲੇ ਬਹੁਤ ਗਰੀਬ ਬੱਚਾ, ਵਰ ਲਈ ਚੁਣਨਾ ਬੀਬੀ ਜੀ ਨੇ ਬਿਨਾਂ ਨਕ ਮੂੰਹ ਵਟੇ ਯਾ ਜ਼ਬਾਨ ਹਿਲਾਏ ਸਵੀਕਾਰ ਕਰ ਲੈਣਾ, ਇਕ ਆਗਿਆਕਾਰੀ ਬੱਚੀ ਦੀ ਸਿਖ਼ਰ ਸੀ, ਖਾਸ ਕਰ ਜਦ ਉਹਦੀ ਆਪਣੀ ਵੱਡੀ ਭੈਣ ਦਾਨੀ ਪਹਿਲਾਂ ਦੁਨੀਆਦਾਰੀ ਤੇ ਸਮਾਜੀ ਨਜ਼ਰੀਏ ਤੋਂ ਇਕ ਵਡੇ ਘਰਾਣੇ ਵਿਚ ਵਿਆਹੀ ਵਰੀ ਹੋਵੇ ।

ਗੁਰੂ ਅਮਰ ਦਾਸ ਜੀ ਤਾਂ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਦੀ ਅੰਦਰਲੀ ਗੁਪਤ ਸ਼ਕਤੀ ਨੂੰ ਸਮਝਦੇ ਸਨ ਤੇ ਆਪ ਨੂੰ ਪਤਾ ਸੀ ਕਿ ਜੇ ਏਸ ਬੱਚੇ ਦੇ ਦਿਲ ਤੋਂ ਦੁਨਿਆਵੀ ਬੋਝਲ ਪੱਥਰ ਹਟਾ ਦਿਤਾ ਤਾਂ ਅੰਦਰੋਂ ਰੂਹਾਨੀਅਤ ਦੇ ਚਸ਼ਮੇ ਫੁਟ ਪੈਣਗੇ ਪਰ ਇਸ ਗੁਪਤ ਰਮਜ਼ ਤੋਂ ਬੀਬੀ ਭਾਨੀ ਜੀ ਦਾ ਜਾਣੂੰ ਹੋਣਾ ਸਿਧ ਕਰਦਾ ਹੈ ਕਿ ਉਹ ਬੀਬੀ ਕੋਈ ਅਚਰਜ ਹੀ ਰੂਹ ਸੀ ਜੋ ਹਰ ਪ੍ਰਕਾਰ ਦੀ ਸੇਵਾ ਤੇ ਕੁਰਬਾਨੀ ਨਿਰਮਾਨਤਾ ਨਾਲ ਖਿੜੇ ਮੱਥੇ ਕਰ ਸਕਦੀ ਸੀ ਅਤੇ ਜਿਸ ਦੇ ਹਿਰਦੇ ਵਿਚ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਅਥਾਹ ਪ੍ਰੇਮ ਸੀ, ਸਿਦਕ ਸੀ, ਭਰੋਸਾ ਸੀ ।

ਅਸ਼ਨਾਨ ਕਰਦੇ ਵਕਤ ਦੋ ਜਹਾਨ ਵਾਲੀ ਗੁਰੂ ਦਾ ਪਾਵਾ ਢਿਲਕ ਜਾਣਾ ਇਕ ਬਹਾਨਾ ਸੀ ਅਤੇ ਅਮਰਦਾਸ ਜੀ ਦੀ ਚੌਕੀ ਦਾ ਬਹਾਨਾ ਬੜੀ ਸ਼ੁਭ ਘੜੀ ਅੰਮ੍ਰਿਤ ਵੇਲੇ ਮਿਲਿਆ ਜਦ ਗੁਰੂ-ਪਿਤਾ ਨੇ ਆਪਣੀ ਪਿਆਰੀ, ਗੁਰੂ ਘਰ ਦੀ ਦੁਲਾਰੀ ਬਚੜੀ ਨੂੰ ਗੁਰੂ-ਵਰ ਦੇ ਕੇ ਗੁਰੂ ਨਾਨਕ ਸਹਿਬ ਦੀ ਸਾਂਝੀਵਾਲਤਾ ਦੀ ਗੱਦੀ ਦਾ ਵਾਰਿਸ ਬਣਾ ਦਿਤਾ ।

ਏਥੇ ਕਈ ਥੋੜ ਦਿਲੇ ਕਿੰਤੂ ਕਰਦੇ ਹਨ ਕਿ ਕੀ ਇਹ ਬੀਬੀ ਭਾਨੀ ਜੀ ਦੀ ਖੁਦਗਰਜ਼ੀ ਨਹੀਂ ਸੀ ਕਿ ਉਨ੍ਹਾਂ ਗੁਰ-ਗੱਦੀ ਆਪਣੇ ਹੀ ਪ੍ਰਵਾਰ ਵਿਚ ਰਖਣੀ ਬੇਝਿਜਕ ਪ੍ਰਵਾਨ ਕਰ ਲਈ ? ਮੈਨੂੰ ਏਥੇ ਆਜ਼ਾਦ ਹਿੰਦ ਫੌਜ ਦੇ ਬਾਨੀ ਜਰਨੈਲ ਮੋਹਨ ਸਿੰਘ ਜੀ ਦਾ ਬਿਆਨ ਏਸੇ ਸੰਬੰਧ ਵਿਚ ਦੇਣਾ ਜ਼ਰੂਰੀ ਲਗਾ ਹੈ।

ਜਰਨੈਲ ਸਾਹਿਬ ਦੂਰ ਪੂਰਬ ਵਿਚ ਦੂਜੀ ਵਿਸ਼ਵ ਜੰਗ ਦੇ ਦੌਰਾਨ ਜਦ ਭਾਰਤ ਦੀ ਆਜ਼ਾਦੀ ਲਈ ਆਜ਼ਾਦ ਹਿੰਦ ਫੌਜ ਨੂੰ ਜਨਮ ਦਿਤਾ ਤਾਂ ਇਸ ਫੌਜ ਵਿਚ ਸਿੱਖਾਂ ਦੀ ਗਿਣਤੀ ਬਹੁਤ ਹੀ ਵਧੇਰੀ ਸੀ । ਕਿਸੇ ਅੰਝਾਣ ਨੇ ਕਹਿ ਦਿਤਾ ਕਿ ਜਰਨੈਲ ਸਾਹਿਬ ਨੇ ਆਪਣੇ ਹੀ ਭਾਈ ਬੰਦ ਸਾਰੇ ਭਰਤੀ ਕਰ ਲਏ ਹਨ । ਇਹ ਗਲ ਜਰਨੈਲ ਮੋਹਨ ਸਿੰਘ ਜੀ ਕੋਲ ਵੀ ਪੁਜੀ । ਉਨ੍ਹਾਂ ਫਰਮਾਇਆ ਮੌਤ ਵਿਆਹੁਣ ਲਈ ਮੈਂ ਇਹ ਬਰਾਤ ਤਿਆਰ ਕੀਤੀ ਹੈ। ਇਸ ਦੇ ਲਾੜੇ ਵੀ ਤੇ ਬਰਾਤ ਵਿਚ ਜੇ ਵਧੇਰੇ ਸਿੱਖ ਹਨ ਤਾਂ ਮੈਨੂੰ ਖੁਸ਼ੀ ਹੈ ਕਿ ਵਿਦੇਸ਼ੀ ਰਾਜ ਦੂਰ ਕਰਨ ਲਈ ਮੇਰੇ ਸਿੱਖ ਸਿਪਾਹੀ ਸਿਰ ਧਰ ਤਲੀ ਮੈਦਾਨ ਵਿਚ ਮੇਰੇ ਪਿਛੇ ਆ ਕੁਦੇ ਹਨ । ਇਹ ਜਾਨਾਂ ਵਾਰਨ ਵਾਲੇ ਪਤੰਗੇ ਹਨ, ਮੁਲਕਗੀਰੀ ਵਾਲੇ ਦਰਿੰਦੇ ਨਹੀਂ । ਇਨ੍ਹਾਂ ਦਾ ਕੌਮੀ ਦਰਦ ਵੇਖੋ, ਦੇਸ਼ ਪਿਆਰ ਵੇਖੋ ।

ਗੁਰੂ ਅਮਰ ਦਾਸ ਜੀ ਜਿਥੇ ਦਿਬ ਦ੍ਰਿਸ਼ਟੀ ਰਖਦੇ ਸਨ ਓਥੇ ਬੀਬੀ ਭਾਨੀ ਜੀ ਦੀ ਅੱਖ ਵੀ ਦੂਰਬੀਨ ਦਾ ਕੰਮ ਕਰਦੀ ਸੀ । ਭਾਈ ਮੁਨਸ਼ੀ ਰਾਮ ਜੀ, (ਹਸਰਤ) ਗੁਰੂ ਘਰ ਦੇ ਨਿਸ਼ਕਾਮ ਸ਼ਰਧਾਲੂ ਢਾਡੀ ਹਨ । ਆਪ ਜੀ ਦੀ ਬੀਬੀ ਭਾਨੀ ਦੀ ਕਵਿਤਾ ਵਿਚੋਂ ਕੁਝ ਸਤਰਾਂ ਹੇਠ ਦੇ ਰਿਹਾ ਹਾਂ, ਜੋ ਬੀਬੀ ਜੀ ਦੀ ਲਾਜਵਾਬ ਤਸਵੀਰ ਹਰ ਪਖੋਂ ਪੇਸ਼ ਕਰ ਰਹੀ ਹੈ :


ਗੁਰਾਂ ਦੀ ਤੂੰ ਬੇਟੀ, ਗੁਰਾਂ ਵੇਹੜੇ ਖੇਡੀ, 
ਗੁਰੂ ਵਰ ਪਾਇਆ ਸੀ ਐ ਬੀਬੀ ਭਾਨੀ। 
ਚੌਹਾਂ ਹੀ ਜੋਤਾਂ ਦੇ ਚਾਨਣ ਸੀ ਮਾਣੇ, 
ਤੂੰ ਚਾਨਣ ਖਿੰਡਾਇਆ ਸੀ ਐ ਬੀਬੀ ਭਾਨੀ । 
ਤੂੰ ਬਾਣੀ ਦੀ ਰਸੀਆ ਤੇ ਬਾਣੀ ਨੇ ਤੈਨੂੰ, 
ਬੜਾ ਭਾਗ ਲਾਇਆ ਸੀ ਐ ਬੀਬੀ ਭਾਨੀ। 
ਸ਼ਹੀਦਾਂ ਦੇ ਸਿਰਤਾਜ ਨੂੰ ਨਿਘੀ ਗੋਦੀ 'ਚ, 
ਤੂੰਏਂ ਖਿਡਾਇਆ ਸੀ ਐ ਮਾਤ ਭਾਨੀ ।
...    ...
ਤੇਰਾ ਰੂਪ ਸ਼ਕਤੀ ਲਗਨ ਤੇਰੀ ਭਗਤੀ, 
ਦਿਨ ਰਾਤ ਸੇਵਾ ਦੇ ਸਚਿਆਂ 'ਚ ਢਾਲੇ ।
ਤੇਰਾ ਮਨ ਪਵਿਤ੍ਰ ਤੇ ਤੇਰੀ ਨਿਮ੍ਰਤਾ ਹੀ, 
ਸਿਦਕਾਂ ਦੇ ਕੀਤੇ ਨੇ ਪ੍ਰਗਟ ਉਜਾਲੇ । 
ਇਹ ਤੇਰੇ ਹੀ ਬਚੜੇ ਦੀ ਹੈ ਮਿਹਰਬਾਨੀ, 
ਬਣੇ ਹਾਂ ਅਸੀਂ ਜੋ ਗ੍ਰੰਥ ਵਾਲੇ । 
ਇਕਤ੍ਰ ਨਾਂ ਹੁੰਦੀ ਜੇ ਬਾਬੇ ਦੀ ਬਾਣੀ,
ਅਸੀਂ ਭਟਕਦੇ ਫਿਰਦੇ ਆਲੇ ਦਵਾਲੇ ।

ਸਾਡੇ ਸਮਕਾਲੀ ਵਿਦਵਾਨ ਇਤਿਹਾਸਕਾਰ ਭੀ ਪੁਰਾਤਨ ਲੇਖਕਾਂ ਵਾਂਗ ਗੁਰੂਗੱਦੀ ਬਾਰੇ ਭੁਲੇਖੇ ਹੀ ਖੜੇ ਕਰਦੇ ਜਾ ਰਹੇ ਹਨ। ਮੇਰਾ ਉਨ੍ਹਾਂ ਦੀ ਖੋਜ ਬਾਰੇ ਮਤ ਭੇਦ ਜ਼ਰੂਰ ਹੈ, ਜ਼ਾਤ ਨਾਲ ਨਹੀਂ । ਆਪਣੇ ਵਿਚਾਰ ਗੁਰੂ-ਗੱਦੀ ਬਾਰੇ ਪਹਿਲਾਂ ਭੀ ਕਿਸੇ ਆਪਣੀ ਪੁਸਤਕ ਵਿਚ ਦਸ ਚੁਕਾ ਹਾਂ ਕਿ ਇਹ ਗੱਦੀ ਨਾਂ ਤੇ ਰਾਜ-ਗੱਦੀਆਂ ਵਾਂਗ ਸੀ ਤੇ ਨਾਂ ਹੀ ਸਾਧਾਂ ਸੰਤਾਂ ਦੇ ਮੱਠਾਂ ਵਾਂਗ । ਗੁਰੂ ਨਾਨਕ ਸਾਹਿਬ ਨੇ ਜਦ ਭਾਈ ਲਹਿਣਾ ਜੀ ਨੂੰ ਗੁਰੂ-ਗੱਦੀ ਦੇਣ ਦਾ ਵਿਚਾਰ ਬਣਾਇਆ ਤਾਂ ਆਪ ਜੀ ਦੇ ਸਾਹਮਣੇ ਆਪਣੇ ਬੱਚਿਆਂ ਦਾ ਮਾੜਾ ਜਿਹਾ ਭੀ ਖਿਆਲ ਨਹੀਂ ਸੀ। ਫੇਰ ਗੁਰੂ ਅੰਗਦ ਸਾਹਿਬ ਨੇ ਜਦ ਬਾਬਾ ਅਮਰ ਦਾਸ ਜੀ ਅਗੇ ਗੁਰਿਆਈ ਬਖ਼ਸ਼ ਮੱਥਾ ਟੇਕ ਦਿਤਾ ਤਾਂ ਭੀ ਉਨ੍ਹਾਂ ਸਾਹਮਣੇ ਭੀ ਆਪਣੇ ਬੱਚੇ ਦਾ ਪ੍ਰਸ਼ਨ ਨਹੀਂ ਆਇਆ । ਐਸੇ ਹੀ ਹਾਲਾਤ ਗੁਰੂ ਅਮਰ ਦਾਸ ਜੀ ਸਮੇਂ ਭੀ ਸਨ, ਮੋਹਨ ਜੀ ਯਾ ਮੋਹਰੀ ਜੀ ਗੁਰੂ ਗੱਦੀ ਤੇ ਬੈਠਣ ਦਾ ਯਾ ਉਨ੍ਹਾਂ ਦੇ ਹੀ ਮਨ ਵਿਚ ਗੁਰੂ ਬਨਣ ਦਾ ਸਵਾਲ ਖੋਜੀਆਂ ਵਲੋਂ ਖੜਾ ਕਰਨਾ ਤੇ ਅਗੋਂ ਏਸ ਵਿਚਾਰਧਾਰਾ ਦੀ ਪੁਸ਼ਟੀ ਲਈ ਭਿੰਨ ਭਿੰਨ ਸਾਖ਼ੀਆਂ ਘੜਨੀਆਂ ਗੁਰੂ-ਘਰ ਨਾਲ ਨਿਆਂ ਨਹੀਂ ਹੈ, ਗੁਰੂ ਘਰ ਦੇ ਵਿਰੋਧੀਆਂ ਨੂੰ ਇਨਡਾਇਰੈਕਟਲੀ ਸਪੋਰਟ ਕਰਨਾ ਹੈ। ਗੁਰਬਾਣੀ ਵਿਚ 'ਸਦੁ' ਦੇ ਸਿਰਲੇਖ ਹੇਠ ਗੁਰੂ ਅਮਰਦਾਸ ਜੀ ਦਾ ਅੰਤਮ ਹੁਕਮ ਗੁਰੂ ਸੰਗਤ ਵਿਚ ਐਉਂ ਬੜਾ ਹੀ ਸਪੱਸ਼ਟ ਦਰਜ ਹੈ :


ਤੁਸੀ ਪੁਤ ਭਾਈ ਪਰਵਾਰੁ ਮੇਰਾ 
ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥
ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ 
ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥
ਸਤਿਗੁਰਿ ਭਾਣੈ ਆਪਣੈ ਬਹਿ 
ਪਰਵਾਰੁ ਸਦਾਇਆ ॥
ਮਤ ਮੈ ਪਿਛੈ ਕੋਈ ਰੋਵਸੀ 
ਸੋ ਮੈ ਮੂਲਿ ਨ ਭਾਇਆ ॥
...   ...
ਰਾਮਦਾਸ ਸੋਢੀ ਤਿਲਕੁ ਦੀਆ 
ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
ਸਤਿਗੁਰੁ ਪੁਰਖੁ ਜਿ ਬੋਲਿਆ 
ਗੁਰਸਿਖਾ ਮੰਨਿ ਲਈ ਰਜਾਇ ਜੀਉ ॥
ਮੋਹਰੀ ਪੁਤੁ ਸਨਮੁਖੁ ਹੋਇਆ 
ਰਾਮਦਾਸੈ ਪੈਰੀ ਪਾਇ ਜੀਉ ॥
...         ...
ਕਹੈ ਸੁੰਦਰੁ ਸੁਣਹੁ ਸੰਤਹੁ 
ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥

(ਪੰਨਾ ੯੨੩-੯੨੪ ਆਦਿ ਗ੍ਰੰਥ)
ਬੀਬੀ ਭਾਨੀ ਜੀ ਦੇ ਤਿਨ ਸਪੁਤ੍ਰ ਸਨ, ਪ੍ਰਿਥੀ ਚੰਦ, ਅਰਜਨ ਦੇਵ, ਮਹਾਂ ਦੇਵ । ਇਤਿਹਾਸਕਾਰਾਂ ਏਸ ਪੜਾ ਤੇ ਪੁਜ ਕੇ ਪ੍ਰਿਥੀ ਚੰਦ ਨੂੰ ਬਹੁਤ ਹੀ ਬਲੈਕ ਪੇਂਟ ਕੀਤਾ ਹੈ । ਅਕਸਰ ਵਿਦਵਾਨਾਂ ‘ਪ੍ਰਿਥੀਆ’ ਕਰ ਕੇ ਲਿਖਿਆ ਹੈ।

ਪ੍ਰਿਥੀ ਚੰਦ ਬੀਬੀ ਜੀ ਦਾ ਵਡਾ ਸਪੁਤ੍ਰ ਸੀ । ਮਾਤਾ ਪਿਤਾ ਲਈ ਪਹਿਲਾ ਬੱਚਾ ਘਰ ਦੀ ਰੌਣਕ ਹੁੰਦੀ ਹੈ, ਪ੍ਰਵਾਰ ਦਾ ਨਾਮ ਹੁੰਦਾ ਹੈ, ਪਰ ਕੀ ਬੀਬੀ ਜੀ ਨੇ ਏਸ ਬੱਚੇ ਨਾਲ ਖੁਦ ਕੋਈ ਅਯੋਗ ਪਾਲਨ ਪੋਸਨ ਵਿਚ ਅਨਗਹਿਲੀ ਵਰਤੀ ਯਾ ਗੁਰੂ ਰਾਮਦਾਸ ਜੀ ਨੇ ਉਹਦੀ ਆਚਾਰ-ਉਸਾਰੀ ਵਲ ਧਿਆਨ ਨਾਂ ਦਿਤਾ ਜੋ ਗੁਰ-ਗੱਦੀ ਅਰਜਨ ਦੇਵ ਜੀ ਦੇ ਸਪੁਰਦ ਕੀਤੀ ਗਈ ?

ਇਹ ਪੇਚੀਦਾ ਗੁੰਝਲ ਖੋਲ੍ਹਣ ਲਈ ਦੋ ਗਲਾਂ ਵਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਪਹਿਲਾ ਇਹ ਕਿ ਗੁਰੂ ਸਾਹਿਬਾਨ ਨੂੰ ਸੱਚਾ ਪਾਤਸ਼ਾਹ ਕਿਉਂ ਕਿਹਾ ਅਤੇ ਦੂਜਾ ਇਹ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਕਿਉਂ ਰਚਿਆ ਤੇ ਉਹ ਭੀ ਸ੍ਰੀ ਹਰਿ ਮੰਦਰ ਸਾਹਿਬ ਦੇ ਸਾਹਮਣੇ, ਇਕ ਵਲਗਨ ਦੇ ਅੰਦਰ ?

ਸਿੱਖ ਦ੍ਰਿਸ਼ਟੀਕੋਨ ਤੋਂ ਜਿਥੇ ਸਿਆਸਤ ਧਰਮ ਉਤੇ ਹਾਵੀ ਹੋਵੇ, ਉਸਨੂੰ ਸਿਆਸਤ ਨਹੀਂ ਕਿਹਾ ਜਾਂਦਾ, ਉਹ ਚਾਲਬਾਜ਼ੀ ਯਾ ਫਰੇਬ ਹੁੰਦਾ ਹੈ ਤੇ ਜਿਥੇ ਧਰਮ ਦਾ ਪਲੜਾ ਸਿਆਸਤ ਤੋਂ ਕਿਤੇ ਵਧ ਭਾਰੀ ਹੋਏ ਉਹੋ ਧਰਮ-ਅਧੀਨ ਸਿਆਸਤ ਕਹੀ ਜਾਂਦੀ ਹੈ।

ਜਦ ਅਕਬਰ ਬਾਦਸ਼ਾਹ ਹਿੰਦੂਆਂ ਦੀ ਗ਼ੈਰਤ ਨੂੰ ਚਲਾਕੀ ਤੇ ਫਰੇਬ ਨਾਲ ਮਲੀਆ ਮੇਟ ਕਰਨ ਦੇਵੀ ਦੇ ਦਰਸ਼ਨਾਂ ਨੂੰ ਮੇਮਨਾ ਬਣ ਕੇ ਤੁਰਿਆ ਤਾਂ ਉਹ ਰਾਹ ਵਿਚ ਸਤਿਗੁਰ ਅਮਰ ਦਾਸ ਜੀ ਦੇ ਦਰਸ਼ਨਾਂ ਨੂੰ ਪੁੱਜ ਗਿਆ। ਅਗੋਂ ਉਹਦੀ ਸ਼ਾਹੀ ਮਹਿਮਾਨ-ਨਵਾਜ਼ੀ ਤਾਂ ਹੋਈ ਕੋਈ ਨਾਂ, ਸਗੋਂ ਗੁਰੂ ਜੀ ਨੇ ਉਸ ਨੂੰ ਹੁਕਮ ਦਿਤਾ ਕਿ ਉਹ ਪਹਿਲਾਂ ਸੰਗਤ-ਪੰਗਤ ਵਿਚ ਲੰਗਰ ਬੈਠ ਕੇ ਛਕੇ ਤੇ ਫੇਰ ਦਰਸ਼ਨਾਂ ਨੂੰ ਆਵੇ । ਅਕਬਰ ਬਹੁਤ ਹੀ ਹੁਸ਼ਿਆਰ ਸੀ, ਓਸ ਸੰਗਤ ਵਿਚ ਬੈਠ ਪ੍ਰਸ਼ਾਦਾ ਛਕਿਆ ਪਰ ਦਿਲ ਵਿਚ ਕਦੂਰਤ ਰਖ ਲਈ।

ਅਕਬਰ ਦੇ ਪੁਛਣ ਤੇ ਉਹਦੇ ਅਹਿਲਕਾਰਾਂ ਦਸਿਆ ਕਿ ਜਹਾਂ ਪਨਾਹ, ਤੂੰ ਤਾਂ ਹਿੰਦ ਦਾ ਬਾਦਸ਼ਾਹ ਹੈਂ ਤੇ ਇਹ ਗੁਰੂ ਦੋ ਜਹਾਨ ਦਾ ਵਾਲੀ ਅਖਵਾਂਦਾ ਹੈ, ਧਰਤੀ ਦਾ ਵੀ ਵਾਲੀ ਤੇ ਦਰਗਾਹ ਦਾ ਵੀ ਵਾਲੀ । ਗੁਰੂ ਨਾਨਕ ਦੇ ਨਾਮ ਲੇਵਾ ਗੁਰੂ ਸਾਹਿਬਾਨ ਨੂੰ ਸੱਚਾ ਪਾਤਸ਼ਾਹ ਕਹਿੰਦੇ ਹਨ, ਜਿਸ ਦਾ ਭਾਵ ਇਹ ਹੋਇਆ ਕਿ ਦੁਨੀਆਂ ਦੇ ਰਾਜੇ ਮਹਾਰਾਜੇ ਝੂਠੇ ਬਾਦਸ਼ਾਹ । ਇਹ ਵਾਰਤਾ ਅਕਬਰ ਨੂੰ ਬੁਰੀ ਤਰ੍ਹਾਂ ਰੜਕੀ ਤੇ ਉਹਨੂੰ ਇਕ ਨਵੀਂ ਉਠ ਰਹੀ ਅਣਖੀਲੀ ਲਹਿਰ ਦਾ ਖਤਰਾ ਸ਼ੁਰੂ ਹੋ ਗਿਆ ।

ਅਕਬਰ ਸ਼ਾਹਿਨਸ਼ਾਹ ਨੇ ਰਾਜਪੂਤਾਂ ਦੀਆਂ ਬੇਟੀਆਂ ਦੇ ਘਰੀਂ ਡੋਲੇ ਪਾ ਕੇ ਰਾਜਪੂਤੀ ਗ਼ੈਰਤ ਤਾਂ ਮਿਟੀ ਵਿਚ ਮਲਾ ਹੀ ਲਈ ਸੀ ਤੇ ਦੇਵੀ ਦਰਸ਼ਨ ਦੇ ਢਕੌਂਸਲੇ ਰਚ ਕੇ ਹਿੰਦੂ ਧਰਮ ਉਤੇ ਛਾ ਜਾ ਰਿਹਾ ਸੀ ਪਰ ਗੁਰੂ-ਨਾਨਕ ਦੀ ਗੱਦੀ ਤੋਂ ਤਰਬਕ ਗਿਆ।

ਜਦ ਓਸ ਸਚੇ ਪਾਤਸ਼ਾਹ ਦੀ ਵਜ਼ਾਹਿਤ ਪੁੱਛੀ ਤਾਂ ਉਹਨੂੰ ਦਸਿਆ ਗਿਆ ਸੀ ਕਿ ਝੂਠੇ ਬਾਦਸ਼ਾਹ ਆਪਣਾ ਵਲੀਅਹਿਦ ਸਦਾ ਹੀ ਆਪਣਾ ਵਡਾ ਲੜਕਾ ਦਰਗਾਹੋਂ ਚੁਣਿਆ ਮੰਨਦੇ ਹਨ ਪਰ ਏਸ ਗੱਦੀ ਉਤੇ ਲੜਕੇ ਦਾ, ਭਾਵੇਂ ਵਡਾ ਹੋਵੇ ਯਾ ਛੋਟਾ, ਹਕ ਹੀ ਕੋਈ ਨਹੀਂ । ਇਹ ਗੱਦੀ ਰੂਹਾਨੀਅਤ ਦਾ ਖਜ਼ਾਨਾ ਸੰਭਾਲੀ ਬੈਠੇ ਨੂੰ ਮਿਲਦੀ ਹੈ ।

ਜਦ ਜਹਾਂਗੀਰ ਤਖ਼ਤ ਤੇ ਬੈਠਾ ਤਾਂ ਓਸ ਸਚੇ ਪਾਤਸ਼ਾਹ ਦੇ ਸਤਿਕਾਰ ਭਰੇ ਸ਼ਬਦ ਵਿਰੁਧ ਪ੍ਰੋਟੈਸਟ ਕੀਤਾ ਤੇ ਆਪਣੇ ਤਖ਼ਤ ਦੀ ਅਕਾੜ ਵਖਾਂਦਿਆਂ ਕਿਹਾ ਕਿ ਬਾਦਸ਼ਾਹ ਤਖ਼ਤ ਤੇ ਬੈਠ ਕੇ ਰਾਜ ਕਰਦੇ ਨੇ, ਇਹ ਗੁਰੂ ਤਾਂ ਵੇਖੋ ਕਿ ਇਨ੍ਹਾਂ ਦਾ ਨਾਂ ਤਾਜ ਨਾਂ ਤਖ਼ਤ ਤੇ ਸਚੇ ਪਾਤਸ਼ਾਹ ਬਣੇ ਫਿਰਦੇ ਨੇ।

ਬੀਬੀ ਭਾਨੀ ਜੀ ਦੇ ਪੋਤੇ ਨੇ ਅਕਾਲ ਤਖ਼ਤ ਸਾਹਿਬ ਰੱਚ ਕੇ ਜਹਾਂਗੀਰ ਦੀ ਆਕੜ ਸਾਰੀ ਮਿੱਟੀ ਵਿਚ ਰੋਲ ਕੇ ਰੱਖ ਦਿਤੀ ਤੇ ਸੀਸ ਤੇ ਕਲਗੀ ਸਜਾ ਫੋਕੇ ਤੇਜ ਦੀ ਹੇਠੀ ਕਰ ਵਖਾਈ । ਸੱਚੇ ਪਾਤਸ਼ਾਹ ਦਾ ਤਖਤ ਸਾਧਾਰਣ ਹੋ ਵੀ ਕਿਵੇਂ ਸਕਦਾ ਸੀ? ਅਕਾਲ ਰੂਪ ਗੁਰੂ ਨਾਨਕ ਦੀ ਗੱਦੀ ਦਾ ਸੱਚਾ ਪਾਤਸ਼ਾਹ ਅਕਾਲ ਤਖ਼ਤ ਤੇ ਹੀ ਸੋਭਦਾ ਸੀ ।

ਭਾਵੇਂ ਸ਼ਾਹ ਜਹਾਨ ਨੇ ਪਿਛੋਂ ਅਕਾਲ ਤਖ਼ਤ ਸਾਹਿਬ ਦੇ ਮੁਕਾਬਲੇ ਤਖਤੇ ਤਾਊਸ ਬਣਵਾਇਆ ਪਰ ਉਹਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਕਾਬਲੇ ਕੌਡੀ ਮੁਲ ਨਾਂ ਪਿਆ ਤੇ ਅੱਜ ਉਹ ਤਖ਼ਤ ਕਿਥੇ ਹੈ, ਇਤਿਹਾਸ ਦੇ ਪਤਰੇ ਹੀ ਫੋਲਨ ਵਾਲੇ ਦਸ ਸਕਦੇ ਹਨ ।

ਮੈਂ ਸੰਖੇਪ ਜਿਹਾ ਵਰਨਣ ਏਥੇ ਏਸ ਲਈ ਇਹ ਕੀਤਾ ਹੈ ਕਿ ਗੁਰੂ ਘਰ ਵਿਚ ਗੁਰੂ ਪ੍ਰਵਾਰ ਦੀ ਖਿਚ ਗੁਰ-ਗੱਦੀ ਨਾਲ ਹੋ ਹੀ ਨਹੀਂ ਸੀ ਸਕਦੀ ਅਤੇ ਨਾਂ ਹੀ ਐਸਾ ਰਵਾਜ ਆਦਿ ਗੁਰੂ ਬਾਬਾ ਜੀ ਨੇ ਆਰੰਭ ਹੀ ਕੀਤਾ ਸੀ ।

ਬੀਬੀ ਭਾਨੀ ਜੀ ਦੇ ਪਤੀ ਗੁਰੂ ਰਾਮ ਦਾਸ ਜੀ ਵਿਚ ਗੱਦੀ ਦੀ ਸੰਭਾਲ ਦੇ ਸਾਰੇ ਹੀ ਗੁਣ ਸਨ ਤੇ ਗੁਰੂ ਅਮਰ ਦਾਸ ਜੀ ਨੇ ਆਪਣੇ ਸਾਰੇ ਪ੍ਰਵਾਰ ਦੇ ਸਾਹਮਣੇ ਇਹ ਗੱਦੀ ਆਪਣੇ ਜੋਤੀ ਜੋਤ ਸਮਾਣ ਤੋਂ ਪਹਿਲਾਂ ਬੀਬੀ ਭਾਨੀ ਜੀ ਰਾਹੀਂ (ਗੁਰੂ) ਰਾਮ ਦਾਸ ਜੀ ਨੂੰ ਦਿਤੀ ਅਤੇ ਅਗੋਂ ਬੀਬੀ ਭਾਨੀ ਜੀ ਦੇ ਦਰਮਿਆਨੇ ਬੱਚੇ "ਦੋਹਤੇ ਬਾਣੀ ਦੇ ਬੋਹਤੇ'' ਗੁਰੂ ਅਰਜਨ ਸਾਹਿਬ ਨੂੰ ਵਡੀ ਕੁਰਬਾਨੀ ਦੀ ਮਿਸਾਲ ਪੇਸ਼ ਕਰਨ ਲਈ ਅਤੇ ਦੁਖੀਆਂ ਦਾ ਦੁਖ ਦ੍ਰਿਦਰ ਦੂਰ ਕਰਨ ਹਿਤ ਗੁਰ ਬਾਣੀ ਦਾ ਜਹਾਜ਼ (ਗ੍ਰੰਥ ਸਾਹਿਬ) ਤਿਆਰ ਕਰਨ ਲਈ ਅਤੇ ਅਗੋਂ ਕੁਰਬਾਨੀਆਂ ਦਾ ਕਾਫਲਾ ਚਲਾਣ ਲਈ ਦਿਤੀ ।

ਬੀਬੀ ਭਾਨੀ ਜੀ ਨੇ ਆਪਣੇ ਗੁਰੂ-ਪਿਤਾ ਦੀ ਸ਼ੁਭ ਅਸੀਸ ਨੂੰ ਕਿਨ੍ਹਾਂ ਘਾਲਨਾਂ ਨਾਲ ਨਿਭਾਹਿਆ, ਸਿੱਖ ਇਤਿਹਾਸ ਦਾ ਸੁਨਿਹਰੀ ਵਰਕਾ ਵਰਕਾ ਰੋਜ਼ੇ ਹਸ਼ਰ ਤਕ ਸੁਣਾਂਦਾ ਚਲਾ ਜਾਵੇਗਾ । ਬੀਬੀ ਜੀ ਨੇ ਦਰਦਮੰਦਾਂ ਦਾ ਦਰਦ ਵੰਡਾਣ ਲਈ ਇਹ ਅਸੀਸ ਖਿੜੇ ਮੱਥੇ ਆਪਣੀ ਝੋਲੀ ਵਿਚ ਪਵਾ ਲਈ ਤੇ ਪਾਪ ਰਾਜ ਦਾ ਅੰਤ ਕਰ ਕੇ ਵਖਾ ਦਿਤਾ।

ਬੀਬੀ ਜੀ ਲਗ ਪਗ ੫੮ ਸਾਲ ਆਯੂ ਭੋਗ ਸੰਮਤ ੧੬੫੫ ਵਿਚ ਗੋਇੰਦਵਾਲ ਸਾਹਿਬ ਗੁਰਪੁਰੀ ਸਿਧਾਰ ਗਏ ।

ਮਾਤਾ ਗੰਗਾ ਜੀ

ਨੂੰਹ-ਸੱਸ ਦਾ ਬੜਾ ਹੀ ਕੌੜਾ ਰਿਸ਼ਤਾ ਮੁਢ-ਕਦੀਮ ਤੋਂ ਚਲਾ ਆਇਆ ਹੈ । ਇਹ ਕੇਵਲ ਕੁੜਿਤਣ ਹਿੰਦੂ ਪ੍ਰਵਾਰਾਂ ਵਿਚ ਹੀ ਨਹੀਂ, ਵੇਖੀ ਗਈ, ਗ਼ੈਰ- ਹਿੰਦੂ ਪ੍ਰਵਾਰਾਂ ਵਿਚ ਭੀ ਐਸੀ ਹੀ ਚਲੀ ਆ ਰਹੀ ਹੈ ਅਤੇ ਵਿਦੇਸ਼ਾਂ ਵਿਚ ਭੀ ਨੂੰਹ-ਸੱਸ ਦੀ ਨਿਭਦੀ ਘਟ ਹੀ ਸੁਣੀ ਗਈ ਹੈ।

ਮਾਤਾ ਗੰਗਾ ਇਕ ਇਨਕਲਾਬੀ ਮਹਾਨ ਸੱਸ ਦੀ ਨੂੰਹ ਸੀ । ਬੀਬੀ ਭਾਨੀ ਦੀ ਨੂੰਹ ਬਣਨ ਦਾ ਜਦ ਇਸ ਬੱਚੀ ਨੂੰ ਸੁਭਾਗ ਪ੍ਰਾਪਤ ਹੋਇਆ ਅਤੇ ਓਸ ਪਤੀ ਪ੍ਰਮੇਸ਼ਵਰ ਨਾਲ ਜੋ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਦੀ ਗੱਦੀ ਉਤੇ ਬਰਾਜਮਾਨ ਸੀ, ਭਾਵ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ, ਤਾਂ ਗੰਗਾ ਜੀ ਮਾਨੋਂ ਅਰਸ਼ਾਂ ਤੇ ਉਡਾਰੀਆਂ ਲਾਣ ਲਗ ਪਈ ।

ਬੀਬੀ ਭਾਨੀ ਜੀ ਜ਼ਰੂਰ ਗੁਰੂ ਰਾਮ ਦਾਸ ਜੀ ਦੀ ਪਤਨੀ ਸੀ ਪਰ ਸ਼ਾਦੀ ਮਗਰੋਂ ਉਨ੍ਹਾਂ ਦੇ ਪਤੀ ਨੂੰ ਗੁਰਿਆਈ ਮਿਲੀ ਸੀ, ਪਰ ਮਾਤਾ ਗੰਗਾ ਜੀ ਪਹਿਲੀ ਸੁਭਾਗ ਬੀਬੀ ਸੀ ਜੋ ਗੁਰੂ-ਗੱਦੀ ਦੇ ਮਾਲਕ ਨਾਲ ਲਾਵਾਂ ਲੈ ਕੇ ਆਈ ।

ਮਾਤਾ ਗੰਗਾ ਜੀ ਦੇ ਪਿਤਾ, ਸ੍ਰੀ ਕ੍ਰਿਸ਼ਨ ਚੰਦ ਜੀ, ਪਿੰਡ ਮਊ (ਮੌ) ਤਸੀਲ ਫਲੌਰ, ਜ਼ਿਲਾ ਜਲੰਧਰ, ਦੇ ਮੰਨੇ ਪਰਮੰਨੇ ਭਗਤੀ ਭਾਵ ਵਾਲੇ ਸਜਨ ਸਨ ਅਤੇ ਇਹ ਬੀਬੀ ਨਿਮ੍ਰਤਾ ਦੀ ਗੁੜ੍ਹਤੀ ਲੈ ਕੇ ਹੀ ਜੰਮੀ ਪਲੀ ਸੀ। ਗੁਰੂ ਘਰ ਨਾਲ ਪੇਵੰਦ ਲਗਦਿਆਂ ਹੀ ਰਸਭਿੰਨੀ ਹੋ ਗਈ ਅਤੇ ਆਪਣੀ ਪੂਜ ਬਜ਼ੁਰਗ ਸੱਸ ਦੀ ਸੰਗਤਾਂ ਦੇ ਲੰਗਰ ਦੀ ਸੇਵਾ ਨੂੰ ਜ਼ਿੰਮੇਂਵਾਰੀ ਨਾਲ ਸੰਭਾਲ ਲਿਆ ।

ਮਾਤਾ ਜੀ ਦਾ ਅੰਮ੍ਰਿਤਸਰ ਸਰੋਵਰ ਤੇ ਹਰਿਮੰਦਰ ਸਾਹਿਬ ਦੀ ਉਸਾਰੀ ਵਿਚ ਭੀ ਭਾਰੀ ਹੱਥ ਰਿਹਾ ਹੈ ਅਤੇ ਸਾਰੇ ਕਾਰ ਸੇਵਾ ਵਿਚ ਲਗੇ ਸਿਖਾਂ ਨੂੰ ਵੇਲੇ ਸਿਰ ਲੱਸੀ ਛਕਾਣੀ, ਪ੍ਰਸ਼ਾਦੇ ਛਕਾਣੇ, ਇਹ ਮਾਤਾ ਗੰਗਾ ਜੀ ਦਾ ਪ੍ਰਿਥਮ ਕੰਮ ਹੁੰਦਾ ਸੀ।

ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਤਿਆਰ ਕਰਨ ਦੇ ਦਿਨੀਂ ਜੋ ਸੇਵਾ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਮਾਤਾ ਗੰਗਾ ਜੀ ਨੇ ਨਿਭਾਹੀ ਉਹ ਬਿਆਨ ਤੋਂ ਬਾਹਿਰ ਹੈ । ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦ "ਥਾਲ ਵਿਚਿ ਤਿਨਿ ਵਸਤੂ ਪਈਓ'' ਵਾਲਾ ਮੁੰਦਾਵਣੀ ਸ਼ਲੋਕ ਉਚਾਰਨ ਕੀਤਾ ਹੋਵੇਗਾ ਤਾਂ ਮੈਨੂੰ ਐਉਂ ਪਰਤੀਤ ਹੁੰਦਾ ਹੈ ਕਿ ਇਹ ਤਸ਼ਬੀਹ ਗੁਰੂ ਗ੍ਰੰਥ ਸਾਹਿਬ ਦੀ ਥਾਲ ਦੇ ਨਾਲ ਦੇਣੀ ਦਾ ਫੁਰਨਾ ਹਜ਼ੂਰ ਨੂੰ ਮਾਤਾ ਗੰਗਾ ਜੀ ਦੇ ਪਰੋਸੇ ਥਾਲ ਤੋਂ ਫੁਰਿਆ ਹੋਵੇਗਾ ਜੋ ਮਾਤਾ ਜੀ ਇਕੋ ਵਕਤ ਗੁਰੂ ਜੀ ਲਈ ਭਾਈ ਗੁਰਦਾਸ ਜੀ ਲਈ ਤੇ ਬਾਬਾ ਬੁੱਢਾ ਜੀ ਲਈ ਦੁੱਖ ਭੰਜਨੀ ਬੇਰੀ ਹੇਠ ਲਿਆ ਕੇ ਪੇਸ਼ ਕਰਦੇ ਸਨ । ਮਾਤਾ ਜੀ ਦੇ ਹਥਾਂ ਦਾ ਨੇਮ ਨਾਲ ਲੰਗਰ ਸਤੁ ਸੰਤੋਖ ਵੀਚਾਰ ਤੇ ਠਾਕਰ ਨਾਮ ਨਾਲ ਭਰਪੂਰ ਹੁੰਦਾ ਸੀ। ਇਹ ਇਕ ਦੋ ਯਾ ਤਿੰਨ ਦਿਨਾਂ ਦੀ ਸੇਵਾ ਨਹੀਂ ਸੀ, ਮਹੀਨੇ ਬੱਧੀ ਮਾਤਾ ਜੀ ਨੇਮ ਤੇ ਪ੍ਰੇਮ ਨਾਲ ਇਹ ਆਪਣੇ ਹਥੀਂ ਸੇਵਾ ਕਰਦੇ ਰਹੇ ।

ਗੁਰੂ ਅਰਜਨ ਸਾਹਿਬ ਦੇ ਸਮੇਂ ਸਿੱਖੀ ਕਾਬਲ ਕੰਧਾਰ ਤਕ ਪੁਜ ਚੁਕੀ ਸੀ ਤੇ ਕਾਬਲ ਕੰਧਾਰ ਦੀਆਂ ਸੰਗਤਾਂ ਦੀ ਆਵਾ ਜਾਈ ਹਰਿ ਮੰਦਰ ਸਾਹਿਬ ਤਕ ਲਗ ਚੁਕੀ ਸੀ।

ਜਦ ਵੀ ਪਸ਼ੌਰ ਯਾ ਪਸੌਰੋਂ ਪਾਰ ਦੀਆਂ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਗੁਰੂ ਜੀ ਆਪ ਅਤੇ ਮਾਤਾ ਗੰਗਾ ਜੀ ਸੰਗਤਾਂ ਨੂੰ ਅਗੋਂ ਲੈਣ ਪਿਪਲੀ ਸਾਹਿਬ ਤਕ ਜਾਂਦੇ। ਮਾਤਾ ਜੀ ਸੀਸ ਤੇ ਪਰਸ਼ਾਦਿਆਂ ਦੀ ਚੰਗੇਰ ਚੁਕ ਲੈਂਦੀ ਤੇ ਗੁਰੂ ਜੀ ਲੱਸੀ ਦੀ ਚਾਟੀ। ਗੁਰੂ ਜੀ ਦਾ ਗੁਰਸਿਖਾਂ ਲਈ ਸੇਵਾ ਭਾਵ ਏਥੋਂ ਤਕ ਦਸਿਆ ਗਿਆ ਹੈ ਕਿ ਸਚੇ ਪਾਤਸ਼ਾਹ ਸੰਗਤਾਂ ਦੇ ਜੋੜੇ ਆਪਣੇ ਪਵਿਤ੍ਰ ਦਾਹੜੇ ਨਾਲ ਝਾੜਦੇ ਖੁਸ਼ੀ ਵਿਚ ਫੁਲੇ ਨਹੀਂ ਸੀ ਸਮਾਂਦੇ । ਇਹ ਸ਼ਬਦ ਕਦੇ ਪਿੰਡਾਂ ਦੀਆਂ ਧਰਮਸਾਲਾਂ ਵਿਚ ਬੜੀ ਘੂਕਰ ਛਡਿਆ ਕਰਦਾ ਸੀ ਕਿ ‘‘ਮੈਨੂੰ ਧੂੜ ਸਿਖਾਂ ਦੀ ਦੇ ਦੇ, ਹਉਂ ਪਾਪੀ ਭੀ ਗਤ ਪਾਏਂ' ਪਰ ਹੁਣ ਇਨ੍ਹਾਂ ਹਾਰਮੋਨੀਅਮ ਦੇ ਬਾਣੀ ਵੇਚੂ ਰਾਗੀਆਂ ਪੁਰਾਣੀਆਂ ਧਾਰਨਾਂ ਤੇ ਜੋਟੀਆਂ ਦੇ ਸ਼ਬਦਾਂ ਦੀਆਂ ਢੋਲਕੀ ਛੈਣੇ ਦੀਆਂ ਗੁੰਜਾਰਾਂ ਹੀ ਖ਼ਤਮ ਕਰ ਕੇ ਰਖ ਦਿਤੀਆਂ ਹਨ ਤੇ ਸਿਖੀ ਨੂੰ ਭਾਰੀ ਢਾਹ ਲਾਈ ਹੈ ।

ਮਾਤਾ ਗੰਗਾ ਜੀ ਦਾ ਜਲਾਲ ਓਸ ਦਿਨ ਵੇਖਣ ਵਾਲਾ ਸੀ ਜਦ ਸ਼ਾਂਤੀ ਦੇ ਪੁੰਜ ਪੰਚਮ ਪਿਤਾ ਅੰਮ੍ਰਿਤਸਰ ਤੋਂ ਲਾਹੌਰ ਸ਼ਹੀਦੀ ਦੇਣ ਵਾਸਤੇ ਚਾਲੇ ਪਾਂਦੇ ਹਨ। ਆਪ ਦੇ ਸਾਹਿਬਜ਼ਾਦੇ ਉਸ ਸਮੇਂ ਕੇਵਲ ੧੧ ਕੁ ਸਾਲ ਦੇ ਬਾਲੜੀ ਉਮਰ ਵਿਚ ਸਨ ਪਰ ਪਿਤਾ ਗੁਰੂ ਅਰਜਨ ਦੇਵ ਜੀ ਨੇ ਇਤਨੀ ਨਿਕੀ ਉਮਰ ਵਿਚ ਹੀ ਸਾਹਿਬਜ਼ਾਦੇ ਨੂੰ ਘੋੜ ਸਵਾਰੀ ਤੇ ਤੀਰ ਅੰਦਾਜ਼ੀ ਵਿਚ ਨਿਪੁਨ ਕਰ ਦਿਤਾ ਸੀ ਤੇ ਅਗੋਂ ਆ ਰਹੇ ਸਮੇਂ ਬਾਰੇ ਪੂਰਾ ਪੂਰਾ ਗਿਆਨ ਦੇ ਰੱਖਿਆ ਸੀ। ਮਾਤਾ ਗੰਗਾ ਜੀ ਨੂੰ ਆਉਣ ਵਾਲੇ ਜ਼ੁਲਮਾਂ ਦੀ ਪੂਰੀ ਫ਼ਿਲਮ ਦਾ ਗਿਆਨ ਸੀ ਪਰ ਧੰਨ ਸੀ ਉਹ ਪੂਜ ਮਾਤਾ ਜਿਸ ਧਰਮ ਲਈ ਤੱਤੀ ਲੋਹ ਕੇ ਬੈਠ, ਤੱਤਾ ਰੇਤਾ ਸੀਸ ਤੇ ਪਵਾ, ਉਬਲਦੇ ਪਾਣੀ ਵਿਚ ਉਬਲ, ਆਪਣੇ ਪਤੀ ਨੂੰ ਅਸਹਿ ਤੇ ਅਕਹਿ ਕਸ਼ਟ ਝਲਦੇ ਸੁਣ ਸੀ ਨਹੀਂ ਕੀਤੀ, ਆਹ ਨਹੀਂ ਭਰੀ, ਅੱਥਰ ਨਹੀਂ ਕੇਰੀ ਤੇ ਬੜੇ ਸ਼ਾਂਤ ਹਿਰਦੇ ਨਾਲ ਗੁਰੂ ਜੀ ਦੀ ਸ਼ਹੀਦੀ ਦੀ ਕਥਾ ਨੂੰ ਸੁਣ ਆਪਣੇ ਸਾਹਿਬਜ਼ਾਦੇ ਨੂੰ ਅਗੇ ਆ ਰਹੇ ਹੋਰ ਵੀ ਵਧੇਰੇ ਭਿਆਨਕ ਹਾਲਾਤ ਦੇ ਮੁਕਾਬਲੇ ਲਈ ਤਿਆਰ ਕੀਤਾ ।

ਇਕ ਵਿਦਵਾਨ ਬੀਬੀ ਪੰਚਮ ਪਿਤਾ ਜੀ ਦੀ ਸ਼ਹੀਦੀ ਦਾ ਪ੍ਰਭਾਵ ਮਾਤਾ ਗੰਗਾ ਜੀ ਉਤੇ ਪਤਾ ਨਹੀਂ ਕਿਸੇ ਖਿਆਲ ਵਿਚ ਅਉਂ ਲਿਖਦੀ ਹੈ : "ਮਾਤਾ ਗੰਗਾ ਮਨ ਹੀ ਮਨ ਵਿਚ ਸੋਚਦੀ-ਮੈਂ ਵਿਦਵਾ ਹੋ ਗਈ। ਪਤੀ ਦੇ ਆਖਰੀ ਦਰਸ਼ਨ ਵੀ ਨਾਂ ਕਰ ਸਕੀ ।" ਇਹ ਇਤਿਹਾਸਕਾਰ ਫਲਾਸਫਰ ਬੀਬੀ ਨੇ ਇਹ ਅਖਰ ਅੰਕਤ ਕਰਨ ਸਮੇਂ ਪਤਾ ਨਹੀਂ ਇਹ ਕਿਉਂ ਨਹੀਂ ਸੋਚਿਆ "ਨਾਨਕ ਕਾਮਨ ਸਦਾ ਸੁਹਾਗਣ ਨਾ ਪਿਰ ਮਰੇ ਨਾ ਜਾਇ"

ਮਾਤਾ ਗੰਗਾ ਜੀ ਨੂੰ ਏਨੀ ਨੀਵੀਂ ਪੱਧਰ ਤੇ ਵਿਦਵਾਨ ਬੀਬੀ ਦਾ ਲਿਆ ਖੜਾ ਕਰਨਾ ਆਚੰਭੇ ਵਾਲੀ ਗਲ ਹੈ । ਮਾਤਾ ਗੰਗਾ ਜੀ ਪੂਰਨ ਬ੍ਰਹਿਮ ਗਿਆਨੀ ਸਨ ਅਤੇ ਆਪ ਦੇ ਸਾਹਮਣੇ ਗ੍ਰੰਥ ਸਾਹਿਬ ਵਿਚ ਇਹ ਤੁਕਾਂ ਅੰਕਤ ਹੋਈਆਂ ਸਨ, "ਗੁਰੂ ਅਰਜੁਨ ਸਿਰ ਛਤ੍ਰ ਆਪ ਪ੍ਰਮੇਸ਼ਰ ਦੀਓ' ਅਤੇ "ਗੁਰੂ ਅਰਜਨ ਪਰਤੱਖ ਹਰਿ'' । ਮੈਂ ਕੇਵਲ ਬੜੇ ਦੁਖ ਨਾਲ ਇਨਾਂ ਹੀ ਕਹਿਣਾ ਚਾਹੁੰਦਾ ਹਾਂ ਕਿ ਇਕ ਇਸਤ੍ਰੀ ਨੇ ਇਕ ਮਹਾਨ ਦਰਦ ਵੰਡਾਣ ਵਾਲੀ ਇਸਤ੍ਰੀ ਦੀ ਪਰਖ ਨਹੀਂ ਕੀਤੀ । ਹੋਰ ਇਤਿਹਾਸਕਾਰ ਜੋ ਜੀ ਚਾਹੇ ਭੁਲੇਖੇ ਪਾਂਦੇ ਜਾਣ ਪਰ ਇਕ ਬੀਬੀ ਦੀ ਬੇਇਨਸਾਫੀ ਸਹਾਰੀ ਨਹੀਂ ਜਾ ਸਕਦੀ। ਗੁਰੂ ਜੀ ਨੂੰ ਜਨਮ-ਮਰਨ ਦੇ ਚਕਰ ਵਿਚ ਪਾ ਦੇਣਾ ਵਡੀ ਭੁੱਲ ਹੈ ਅਤੇ ਮਾਤਾ ਗੰਗਾ ਜੀ ਇਕ ਖਿਣ ਲਈ ਵੀ ਇਹ 'ਵਿਦਵਾ' ਦਾ ਅਖਰ ਆਪਣੇ ਚਿਤ ਵਿਚ ਚਤਾਰ ਨਹੀਂ ਸਨ ਸਕਦੇ । ਮਾਤਾ ਜੀ ਦੀ ਉਚ ਪਧਰ ਅਵਸਥਾ ਵਲ ਧਿਆਨ ਦੇਣਾ ਜ਼ਰੂਰੀ ਹੈ ।

ਗੁਰੂ ਹਰਿ ਗੋਬਿੰਦ ਸਾਹਿਬ ਪਹਿਲੇ ਨਾਬਾਲਗ਼ ਉਮਰ ਵਿਚ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬਰਾਜਮਾਨ ਹੋਏ ਸਨ । ਜਦ ੧੧ ਸਾਲਾਂ ਦੀ ਆਯੂ ਵਿਚ ਆਪ ਨੇ ਸੇਲੀ ਟੋਪੀ ਦੀ ਥਾਂ ਕਲਗੀ ਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਲਈ ਅਸ਼ਾਰਾ ਕੀਤਾ ਤਾਂ ਬਾਬਾ ਬੁਢਾ ਜੀ, ਜੋ ਛੇਵੇਂ ਗੁਰੂ ਜੀ ਤਕ ਤਿਲਕ ਲਗਾਂਦੇ ਰਹੇ, ਹੈਰਾਨ ਰਹਿ ਗਏ। ਭਾਈ ਗੁਰਦਾਸ ਜੀ ਭੀ, ਜੋ 'ਛੇਵਾਂ ਪੀਰ ਬੈਠਾ ਗੁਰ ਭਾਰੀ' ਆਪਣੀਆਂ ਵਾਰਾਂ ਵਿਚ ਲਿਖਦੇ ਹਨ, ਕਲਗੀ ਤੇ ਦੋ ਤਲਵਾਰਾਂ ਦੀ ਰਮਜ਼ ਸਮਝ ਨਾਂ ਸਕੇ ਪਰ ਮਾਤਾ ਗੰਗਾ ਜੀ ਨੂੰ ਇਸ ਕੌਤਕ ਦੀ ਪੂਰੀ ਸੂਝ ਸੀ ਅਤੇ ਗੁਰ-ਗੱਦੀ ਦੀ ਰਸਮ ਸਮੇਂ ਕਲਗੀ ਅਤੇ ਦੋ ਤਲਵਾਰਾਂ ਤਿਆਰ ਕਰਨ ਵਿਚ ਰਸਮ ਘੜੀ ਪਲ ਅਗੇ ਨਹੀਂ ਸੀ ਪਾਈ, ਗਈ, ਬਲਕਿ ਮੀਰੀ ਪੀਰੀ ਦੇ ਹੁਕਮ ਦੀ ਤੁਰੰਤ ਪਾਲਨਾ ਕੀਤੀ ਗਈ। ਮਾਤਾ ਜੀ ਨੂੰ ਆਪਣੇ ਇਨਕਲਾਬੀ ਸਾਹਿਬਜ਼ਾਦੇ ਦੀ ਨਵੀਂ ਨੁਹਾਰ ਵੇਖ ਖੁਸ਼ੀਆਂ ਦਾ ਅੰਤ ਨਾਂ ਰਿਹਾ ।

ਗੁਰੂ ਹਰਿ ਗੋਬਿੰਦ ਸਾਹਿਬ ਨੇ ਜਦ ਕੌਲਸਰ, ਬਬੇਕ ਸਰ ਅਕਾਲ ਤਖ਼ਤ ਤੇ ਲੋਹ ਗੜ੍ਹ ਕਿਲੇ ਦੀ ਉਸਾਰੀ ਦੇ ਕੰਮ ਸ਼ੁਰੂ ਕਰਵਾਏ ਤਾਂ ਮਾਤਾ ਗੰਗਾ ਜੀ ਦੀ ਅਸ਼ੀਰਵਾਦ ਆਪ ਦੇ ਨਾਲ ਸੀ ।

ਏਥੇ ਇਹ ਦਸ ਦੇਣਾ ਜ਼ਰੂਰੀ ਹੋਵੇਗਾ ਕਿ ਮਾਤਾ ਜੀ ਦੀ ਸ਼ਾਦੀ ਸੰਮਤ ੧੬੪੩ ਬਿਕਰਮੀ ਵਿਚ ਹੋਈ ਸੀ ਤੇ ਆਪ ਜੀ ਨੂੰ ਗੁਰੂ ਘਰ ਦੀ ਸੇਵਾ ਦਾ ੪੨ ਸਾਲ ਦਾ ਲੰਬਾ ਸਮਾ ਮਿਲਿਆ ਸੀ। ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਾਰੇ ਚੋਜ ਮਾਤਾ ਜੀ ਨੇ ਵੇਖੇ ਤੇ ਮਾਣੇ ਤੇ ਸ਼ਹੀਦਾਂ ਦੀਆਂ ਕਤਾਰਾਂ ਅਗੋਂ ਜੋ ਗੁਰੂ ਘਰ ਵਿਚ ਵੇਖਣ ਵਿਚ ਆਈਆਂ, ਉਨ੍ਹਾਂ ਦੀਆਂ ਡੂੰਗੀਆਂ ਬੁਨਿਆਦਾਂ ਮਾਤਾ ਜੀ ਨੇ ਆਪ ਬੜੀ ਦੂਰ ਅੰਦੇਸ਼ੀ ਨਾਲ ਆਪਣੇ ਪਵਿਤ੍ਰ ਤੇ ਹਿਮਤੀ ਹੱਥਾਂ ਨਾਲ ਰਖੀਆਂ।

ਕੁਝ ਇਤਿਹਾਸਕਾਰਾਂ ਨੇ ਮਾਤਾ ਗੰਗਾ ਜੀ ਬਾਰੇ ਬੜੀ ਅਜੀਬ ਗੁੰਝਲ ਪਾ ਰਖੀ ਹੈ । ਐਉਂ ਪਰਤੀਤ ਹੁੰਦਾ ਹੈ ਜਿਵੇਂ ਕਿਸੇ ਮੁਢਲੇ ਲੇਖਕ ਨੇ ਫਰੇਬੀ ਸਾਧਾਂ ਸੰਤਾਂ ਦੀ ਚਾਲ ਵਿਚ ਫਸ ਕੇ, ਬਿਨਾਂ ਦੂਰ ਦੀ ਸੋਚੋ, ਮਾਤਾ ਜੀ ਬਾਰੇ ਇਹ ਬੱਚੇ ਦੇ ਵਰ ਦੀ ਸਾਖੀ ਜੋੜੀ ਹੈ। ਦਸਿਆ ਗਿਆ ਹੈ ਕਿ ਮਾਤਾ ਜੀ ਦੇ ਘਰ ਔਲਾਦ ਨਹੀਂ ਸੀ ਹੁੰਦੀ ਤੇ ਮਾਤਾ ਜੀ ਏਸ ਘਾਟ ਤੋਂ ਬਹੁਤ ਉਦਾਸ ਰਹਿੰਦੇ ਸਨ ਤੇ ਸਦਾ ਪਤੀ-ਗੁਰੂ ਤੋਂ ਬੱਚੇ ਦੀ ਮੁਰਾਦ ਦੀਆਂ ਬੇਨਤੀਆਂ ਕਰਦੇ ਰਹਿੰਦੇ ਸਨ। ਗੁਰੂ ਜੀ ਨੇ ਹੁਕਮ ਦਿਤਾ ਕਿ ਜੇ ਬੱਚਾ ਚਾਹੀਦਾ ਹੈ ਤਾਂ ਉਹ ਜਾ ਕੇ ਬਾਬਾ ਬੁੱਢਾ ਜੀ ਤੋਂ ਵਰ ਲਏ ਅਤੇ ਹਜ਼ੂਰ ਦੇ ਹੁਕਮ ਮੁਤਾਬਕ ਮਾਤਾ ਜੀ ਬਾਬਾ ਬੁੱਢਾ ਜੀ ਦੇ ਗ੍ਰਹਿ ਬੜੀ ਸ਼ਰਧਾ ਨਾਲ ਪੁਜੇ ਤੇ ਪਹਿਲੀ ਵਾਰੀ ਵਰ ਦੇ ਥਾਂ ਸਰਾਪ ਲੈ ਆਏ ਤੇ ਮੁੜ ਜਿਵੇਂ ਮਹਾਰਾਜ ਨੇ ਸਮਝਾਇਆ, ਓਹ ਆਜਜ਼ੀ ਨਾਲ ਗਏ ਤਾਂ ਆਪ ਨੂੰ ਇਕ ਮਹਾਨ ਯੋਧੇ ਬਾਲਕ ਦਾ ਝੋਲੀ ਵਿਚ ਖੇਡਨ ਦਾ ਵਰ ਬਾਬਾ ਜੀ ਨੇ ਦਿਤਾ। ਇਸ ਸਾਖ਼ੀ ਦਾ ਵਿਸਥਾਰ ਮੈਂ ਆਪਣੀ ਪੁਸਤਕ “ਮੂਰਤ ਹਰਿ ਗੋਬਿੰਦ ਸਵਾਰੀ" ਵਿਚ ਪਹਿਲਾਂ ਦੇ ਚੁਕਾ ਹਾਂ ਅਤੇ ਦਸਿਆ ਹੈ ਇਹ ਸਾਖੀ ਮਨ-ਘੜਤ ਹੈ । ਮੁੜ ਏਥੇ ਅਸ਼ਾਰਾ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਮਾਤਾ ਗੰਗਾ ਜੀ ਵਿਚ ਗੁਰੂ ਚਰਨਾਂ ਦਾ ਸਦਕਾ ਭੈਣ ਨਾਨਕੀ ਵਾਲਾ ਜਿਗਰਾ ਸੀ, ਸਬਰ, ਸੀ, ਸੰਤੋਖ ਸੀ, ਭਾਣੇ ਵਿਚ ਰਹਿਣਾ ਜੀਵਨ ਦੀ ਕਾਰ ਸੀ । ਬਾਬਾ ਬੁੱਢਾ ਜੀ ਨੂੰ ਰੂਹਾਨੀਅਤ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਹੋਈ ਸੀ ਅਤੇ ਉਸ ਛੇ ਗੁਰੂ ਸਾਹਿਬਾਨ ਦੇ ਚਾਨਣ ਮਾਣੇ ਸਨ । ਉਹ ਭਲੀ ਪ੍ਰਕਾਰ ਜਾਣਦਾ ਸੀ ਕਿ ਗੁਰੂ ਘਰ ਵਿਚ ਸਰਾਪ ਦੀ ਕੋਈ ਥਾਂ ਨਹੀਂ ਅਤੇ ਸਹਿਵਣ ਵੀ ਜ਼ਬਾਨ ਤੋਂ ਕਿਸੇ ਲਈ ਕਿਸੇ ਸਾਧ ਸੰਤ ਲਈ ਮਾੜੀ ਗਲ ਨਹੀਂ ਕਹਿਣੀ । ਦੂਜਾ, ਬੱਚੇ ਦੀ ਮੰਗ ਅਗੇ ਜਾ ਝੋਲੀ ਅਡਨੀ ਗਰੂ ਘਰ ਦੀ ਰੀਤ ਨਹੀਂ। ਸਾਖ਼ੀ ਨੂੰ ਕੇਵਲ ਮਰੋੜਿਆ ਗਿਆ ਹੈ । ਇਕ ਦਿਨ ਬਾਬਾ ਬੁਢਾ ਜੀ ਬੈਠੇ ਪ੍ਰਸ਼ਾਦਾ ਛਕ ਰਹੇ ਸਨ ਕਿ ਕਿਸੇ ਸਿਖ ਨੇ ਆ ਕੇ ਬਾਬਾ ਜੀ ਨੂੰ ਗੁਰੂ-ਅਵਤਾਰ ਦੀ ਖੁਸ਼ੀ ਭਰੀ ਖ਼ਬਰ ਦਿਤੀ । ਬਾਬਾ ਜੀ ਪ੍ਰਸ਼ਾਦ ਛਕ ਰਹੇ ਸਨ ਤੇ ਆਪ ਦੇ ਹਥ ਵਿਚ ਗੰਢਾ (ਪਿਆਜ਼) ਸੀ ਤੇ ਉਹ ਮੁਕੀ ਮਾਰ ਕੇ ਉਸ ਨੂੰ ਭੰਨ ਰਹੇ ਸਨ। ਆਪ ਦੇ ਮੁਖ ਤੋਂ ਨਿਕਲਿਆ ਇਹ ਅਵਤਾਰ ਜ਼ੁਲਮ ਦਾ ਐਉਂ ਸਿਰ ਭੰਨੇਗਾ । ਉਹ ਵਾਕ ਪੂਰੇ ਤਾਂ ਉਤਰੇ ਪਰ ਗਲ ਬਣਦੀ ਬਣਦੀ ਕਿਥੇ ਦੀ ਕਿਥੇ ਚਲੀ ਗਈ।

ਇਸ ਸਾਖ਼ੀ ਤੋਂ ਸਿਖ ਘਰਾਣਿਆਂ ਵਿਚ ਗਿਰਾਵਟ ਆਈ ਹੈ ਤੇ ਸਾਧਾਂ-ਸੰਤਾਂ ਦੀ ਬੇਲੋੜੀ ਮਾਨਤਾ ਵਧੀ ਹੈ । ਕਦੇ ਕਿਸੇ ਇਹ ਸੋਚਨ ਦਾ ਯਤਨ ਹੀ ਨਹੀਂ ਕੀਤਾ ਕਿ ਇਕ ਗੁਰ ਨਾਨਕ ਸਾਹਿਬ ਦਾ ਹੀ ਘਰ ਹੈ ਜਿਥੇ ਆਦਿ ਬਾਬਾ ਜੀ ਤੋਂ ਲੈ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਸਮੇਂ ਤਕ ਯਾ ਅੰਗਰੇਜ਼ ਦੇ ਰਾਜ ਆਉਣ ਤਕ ਇਕ ਵੀ ਸੰਤ ਨਹੀਂ ਹੋਇਆ। ਮੁਢੋਂ ਹੀ ਬਾਲਾ ਜੀ ਤੋਂ ਭਾਈ ਦੇ ਸ਼ਬਦ ਦੀ ਵਰਤੋਂ ਹੋਈ ਹੈ, ਜਿਵੇਂ ਭਾਈ ਬਾਲਾ, ਭਾਈ ਮਰਦਾਨਾ, ਭਾਈ ਪੈੜਾ, ਭਾਈ ਗੁਰਦਾਸ, ਭਾਈ ਬਿਧੀ ਚੰਦ, ਭਾਈ ਮਤੀ ਦਾਸ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਆਦਿ ।ਮੈਂ ਸੰਤ ਸ਼ਬਦ ਦਾ ਵਿਰੋਧੀ ਨਹੀਂ ਪਰ ਸੰਤ ਸ਼ਬਦ ਦਾ ਜੋ ਉਚ ਦਰਜਾ ਗੁਰਬਾਣੀ ਵਿਚ ਆਇਆ ਹੈ ਉਹਦਾ ਸਨਮਾਨ ਕਰਦਿਆਂ ਵਡੇ ਤੋਂ ਵਡੇ ਕਰਨੀ ਵਾਲੇ ਗੁਰਸਿਖ ਨੇ ਆਪਣੇ ਨਾਮ ਨਾਲ ਇਹ ਸ਼ਬਦ ਵਰਤਨ ਤੋਂ ਨਿਮ੍ਰਤਾ ਸਹਿਤ ਪਰਹੇਜ਼ ਕੀਤਾ ਹੈ । ਹੁਣ ਤਾਂ ਗਲ ਸੰਤ ਤੋਂ ਵਧ ਕੇ ਗੁਰੂ ਤਕ ਆ ਪੁੱਜੀ ਹੈ ਤੇ ਨਰੰਕਾਰੀ ਆਪਣੇ ਬਣਾਏ ਗੁਰੂ ਨੂੰ ‘ਸ਼ਹਿਨਸ਼ਾਹ'' ਤਕ ਕਹਿ ਰਹੇ ਹਨ।

ਬੱਚੇ ਦੇ ਅਵਤਾਰ ਧਾਰਨ ਮਗਰੋਂ ਗੁਰੂ ਘਰ ਦੀ ਖਾਨਾ ਜੰਗੀ ਦਾ ਸਿੱਖ ਇਤਿਹਾਸ ਨੇ ਭਾਰੀ ਵਾਵੇਲਾ ਮਚਾ ਰਖਿਆ ਹੈ । ਬਾਬਾ ਪ੍ਰਿਥੀ ਚੰਦ ਨੂੰ ਪ੍ਰਿਥੀਆ ਕ੍ਰੋਧ ਵਿਚ ਆ ਕੇ ਲਿਖਣਾ ਅਤੇ ਉਨ੍ਹਾਂ ਦੀ ਪਤਨੀ ਕਰਮੋਂ ਦਾ ਜੋ ਨਾਟਕ ਪੜ੍ਹਣ ਨੂੰ ਮਿਲਦਾ ਹੈ, ਉਸ ਤੋਂ ਸਿਰ ਸ਼ਰਮ ਵਿਚ ਝੁਕ ਜਾਂਦਾ ਹੈ । ਕਿਸੇ ਲੇਖਕ ਨੇ ਇਕਾਂਤ ਵਿਚ ਬੈਠ ਕੇ ਇਹ ਕਦੇ ਨਹੀਂ ਸੋਚਿਆ ਕਿ ਇਸ ਨਾਟਕ ਦਾ ਪ੍ਰਭਾਵ ਬੀਬੀ ਭਾਨੀ ਜੀ ਅਤੇ ਗੁਰੂ ਰਾਮ ਦਾਸ ਜੀ ਉਤੇ ਕੀ ਪਵੇਗਾ । ਮੈਂ ਪਾਠਕਾਂ ਅਗੇ ਇਹੋ ਹੱਥ ਜੋੜ ਬੇਨਤੀ ਕਰਨਾ ਚਾਹੁੰਦਾ ਹੈ ਕਿ ਗੁਰੂ ਅਰਜਨ ਸਾਹਿਬ ਅਤੇ ਮਾਤਾ ਗੰਗਾ ਜੀ ਦੇ ਇਤਿਹਾਸ ਵਿਚੋਂ ਇਹ ਨਾਟਕੀ ਪਲਾਟ ਪੂਰਨ ਤੌਰ ਤੇ ਨਜ਼ਰ ਅੰਦਾਜ਼ ਕਰ ਦੇਣ। ਅਜੇ ਡੁਲ੍ਹੇ, ਬੇਰਾਂ ਦਾ ਕੁਝ ਨਹੀਂ ਵਿਗੜਿਆ।ਹੁਣ ਸਿੱਖੀ ਦੂਰ ਦੂਰ ਵਦੇਸ਼ਾਂ ਵਿਚ ਫੈਲਣ ਲਗੀ ਹੈ ਅਤੇ ਸਾਨੂੰ ਆਪਣੇ ਗੁਰੂ ਇਤਿਹਾਸ ਦੀ ਗੁਰਬਾਣੀ ਅਨਕੂਲ ਸੋਧ ਕਰਨੀ ਅਤਿ ਜ਼ਰੂਰੀ ਹੈ ।

ਮਾਤਾ ਗੰਗਾ ਜੀ ਦੇ ਜੀਵਨ ਦੀ ਬੜੀ ਜਲਾਲ ਭਰੀ ਤਸਵੀਰ ਉਸ ਸਮੇਂ ਵੇਖਣ ਨੂੰ ਮਿਲਦੀ ਹੈ ਜਦ ਜਹਾਂਗੀਰ ਜ਼ਾਲਮ ਨੇ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਮਗਰੋਂ, ੧੬੭੩ ਬਿਕਰਮੀ ਵਿਚ ਆਪਣੇ ਅਹਿਲਕਾਰ ਬੰਦਾ ਬੇਗ ਨੂੰ ਅੰਮ੍ਰਿਤਸਰ ਤੋਂ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਦਿੱਲੀ ਬੁਲਾ ਭੇਜਿਆ। ਐਸੇ ਹਾਲਾਤ ਮਾਤਾ ਗੰਗਾ ਜੀ ਦੀਆਂ ਅੱਖਾਂ ਅਗੋਂ ਗੁਰੂ ਅਰਜਨ ਦੇਵ ਜੀ ਦੇ ਲਾਹੌਰ ਜਾਣ ਸਮੇਂ ਦੇ ਲੰਘ ਚੁਕੇ ਸਨ । ਬਜਾਏ ਏਸ ਦੇ ਕਿ ਮਾਤਾ ਜੀ ਨੂੰ ਕੋਈ ਮਾਨਸਿਕ ਕਸ਼ਟ ਹੁੰਦਾ, ਆਪ ਤੇ ਦੂਣਾ ਰੰਗ ਚੜ੍ਹ ਗਿਆ ਤੇ ਗੁਰੂ-ਸਪੁੱਤ੍ਰ ਨੂੰ ਖੁਸ਼ੀ ਖੁਸ਼ੀ ਅਸੀਸਾਂ ਦੀ ਬਿੱਦ ਦੇ ਕੇ ਦਿੱਲੀ ਰਵਾਨਾ ਕੀਤਾ ਅਤੇ ਵਾਹਿਗੁਰੂ ਅਗੇ ਅੰਗ ਸੰਗ ਸਹਾਈ ਹੋਣ ਦੀ ਅਰਦਾਸ ਕੀਤੀ।

ਏਸ ਕਾਂਡ ਦਾ ਵਰਨਣ ਕਰਦਿਆਂ ਵੀ ਸਾਡੇ ਸਮਕਾਲੀ ਇਤਿਹਾਸਕਾਰਾਂ ਤਕ ਸਭ ਨੇ ਮਾਤਾ ਜੀ ਦੀ ਮਹਾਨ ਉਚੀ ਸੁਚੀ ਸ਼ਖ਼ਸੀਅਤ ਨਾਲ ਇਨਸਾਫ ਨਹੀਂ ਕੀਤਾ।

ਮੈਨੂੰ ਸਚ ਪੁਛੋ ਤਾਂ ਹੁਣ ਇਤਿਹਾਸਕਾਰ ਅਖਵਾਣ ਵਾਲਿਆਂ ਉਤੇ ਦੁਖ ਨਹੀਂ ਰਿਹਾ । ਗੁਰਬਾਣੀ ਦੀ ਸੂਝ ਬਿਨਾਂ ਗੁਰੂ ਇਤਿਹਾਸ ਲਿਖਿਆ ਜਾ ਹੀ ਨਹੀਂ ਸਕਦਾ ਅਤੇ ਜਿਸ ਸਰੀਰ ਦੇ ਰੋਮ ਰੋਮ ਵਿਚ ਗੁਰਬਾਣੀ ਵਸ ਚੁਕੀ ਹੋਵੇ, ਉਸ ਦਾ ਵਰਨਣ ਕਰਨਾ ਕਠਨ ਹੀ ਨਹੀਂ, ਅਸੰਭਵ ਹੈ ।

ਗੁਰੂ ਹਰਿ ਗੋਬਿੰਦ ਸਾਹਿਬ ਨੂੰ ਜ਼ਾਲਮ ਮੁਗਲ ਹੁਕਮਰਾਨ ਨੇ ਗਵਾਲੀਯਾਰ ਦੇ ਕਿਲੇ ਵਿਚ ਬੰਦ ਕਰ ਦਿਤਾ ਤੇ ਇਹ ਖ਼ਬਰ ਜਦ ਦਿੱਲੀ ਦੀਆਂ ਸੰਗਤਾਂ ਨੇ ਅੰਮ੍ਰਿਤਸਰ ਪਹੁੰਚਾਈ ਤਾਂ ਮਾਤਾ ਜੀ ਨੇ ਜਿਸ ਹਿੰਮਤ ਨਾਲ ਸੁਣੀ ਤੇ ਸਮੂੰਹ ਸਿੱਖ ਸੰਗਤਾਂ ਨੂੰ ਧੀਰਜ ਦਿਤਾ, ਉਹ ਮਿਸਾਲ ਵੀ ਬਮਿਸਾਲ ਹੀ ਕਹੀ ਜਾ ਸਕਦੀ ਹੈ ।

ਗੁਰੂ ਘਰ ਵਿਚ ਦੁਸਿਹਰਾ-ਦੀਵਾਲੀ ਆਦਿ ਤਿਹਾਰ ਕੋਈ ਮਹੱਤਤਾ ਨਹੀਂ ਰਖਦੇ ਪਰ ਇਤਫਾਕ ਦੀ ਗਲ ਹੈ ਕਿ ਗੁਰੂ ਬੰਦੀ-ਛੋੜ ੫੨ ਰਾਜਿਆਂ ਦੀ ਰਿਹਾਈ ਕਰਵਾਣ ਮਗਰੋਂ ਆਪ ਨਜ਼ਰ-ਬੰਦੀ ਵਿਚੋਂ ਨਿਕਲ ਜਿਸ ਦਿਨ ਅੰਮ੍ਰਿਤਸਰ ਪੁੱਜਦੇ ਹਨ ਉਹ ਦਿਨ ਦੀਵਾਲੀ ਦਾ ਹੀ ਸੀ । ਮਾਤਾ ਜੀ ਨੇ ਚੋਜੀ ਪ੍ਰੀਤਮ ਦੇ ਭਾਰੀ ਉਪਕਾਰ ਮਗਰੋਂ ਵਾਪਸ ਪਰਤਨ ਤੇ ਹਰਿ ਮੰਦਰ ਸਾਹਿਬ ਤੇ ਸਾਰੇ ਅੰਮ੍ਰਿਤਸਰ ਨਗਰ ਵਿਚ ਰੋਸ਼ਨੀ ਕੀਤੀ ਅਤੇ ਉਹੋ ਖੁਸ਼ੀ ਦਾ ਭਾਗੀ ਭਰਿਆ ਦਿਵਸ ਪੰਥ ਅਜ ਵੀ ਹਰਿ ਮੰਦਰ ਸਾਹਿਬ ਵਿਚ ਬੜੀ ਸ਼ਰਧਾ ਨਾਲ ਮਨਾਂ ਰਿਹਾ ਹੈ ।

ਮਾਤਾ ਗੰਗਾ ਜੀ ਨੂੰ ਸੁਭਾਗ ਪ੍ਰਾਪਤ ਹੈ ਕਿ ਆਪ ਦੀ ਗੋਦ ਵਿਚ ਗੁਰੂ ਤੇਗ ਬਹਾਦਰ ਸਾਹਿਬ ਤਕ ਖੇਲ੍ਹੇ ਹਨ ਅਤੇ ਆਪ ਨੇ ਮੀਰੀ-ਪੀਰੀ ਦੇ ਮਾਲਕ ਦੇ ਸਾਰੇ ਯੁਧ ਫਤਹ ਹੁੰਦੇ ਆਪਣੇ ਅੱਖੀਂ ਡਿਠੇ ਹਨ।

ਮਾਤਾ ਗੰਗਾ ਜੀ ਦੀਆਂ ਕਰਾਮਾਤਾਂ ਅੰਮ੍ਰਿਤਸਰ ਤੋਂ ਬਾਬਾ ਬਕਾਲੇ ਤਕ ਰਹਿੰਦੀ ਦੁਨੀਆਂ ਤਕ ਪੂਰੇ ਸਤਿਕਾਰ ਸਹਿਤ ਯਾਦ ਕੀਤੀਆਂ ਜਾਣਗੀਆਂ । ਆਪ ਜੀ ਜਿਸ ਵਸ਼ਾਲ ਹਿਰਦੇ ਨਾਲ ਜਗ ਦੇ ਦਰਦ ਨੂੰ ਵੰਡਣ ਕਾਰਨ ਕਰੜੀਆਂ ਤੋਂ ਕਰੜੀਆਂ ਮੁਸੀਬਤਾਂ ਦਾ ਬੜੇ ਭਿਆਨਕ ਹਾਲਾਤ ਵਿਚ ਹਸੂੰ ਹਸੂੰ ਕਰਦੇ ਅਕਾਲ ਪੁਰਖ ਦੀ ਓਟ ਨਾਲ ਮੁਕਾਬਲਾ ਕੀਤਾ, ਉਹਦੀ ਜਿਨੀ ਵੀ ਉਪਮਾ ਕੀਤੀ ਜਾਵੇ ਥੋੜੀ ਹੈ । ਜਿਸ ਪਵਿਤ੍ਰ ਕੁਖ ਨੇ ਮਹਾਂਬਲੀ ਯੁਗ ਪਲਟਾਊ, ਧਰਮ ਰਖਿਅਕ ਨੂੰ ਜਨਮ ਦਿਤਾ, ਉਸ ਅਗੇ ਅਸੀਂ ਮਨੁੱਖੀ ਜੀਵ ਕੀ, ਅਰਸ਼ ਦੇ ਦੇਵਤੇ ਭੀ ਸੀਸ ਝੁਕਾਂਦੇ ਹਨ ।

ਆਪ ਗੁਰੂ ਹਰਿ ਗੋਬਿੰਦ ਦੇ ਮੁਬਾਰਕ ਕਰ ਕੰਵਲਾਂ ਵਿਚ ੧੬੮੫ ਬਿਕਰਮੀ ਨੂੰ ਲਗ ਪਗ ੬੪ ਸਾਲ ਦੀ ਆਯੂ ਭੋਗ ਗੁਰੂ ਪੰਚਮ ਪਾਤਸ਼ਾਹ ਪਾਸ ਇਹ ਸਰੀਰ ਤਿਆਗ ਜਾ ਪਧਾਰੇ ।

ਮਾਤਾ ਕ੍ਰਿਸ਼ਨ ਕੌਰ ਜੀ

ਅਜ ਤਕ ਸੰਸਾਰ ਨੇ ਐਸੀ ਮਹਾਨ ਪਰਉਪਕਾਰੀ ਮਾਤਾ ਕਦੇ ਨਹੀਂ ਵੇਖੀ ਹੋਵੇਗੀ ਜੋ ਆਪਣੇ ਨਿਆਣੇ ਬਾਲਕ ਨੂੰ, ਜਿਸ ਦੇ ਸੀਸ ਉਤੋਂ ਉਹਦੇ ਪਿਤਾ ਜੀ ਦਾ ਸਾਇਆ ਭੀ ਉਠ ਚੁਕਾ ਹੋਵੇ, ਆਪ ਆਪਣੇ ਨਾਲ ਲੈ ਕੇ ਔਰੰਗਜ਼ੇਬ ਜੈਸੇ ਆਦਮਖ਼ੋਰ ਦੈਂਤ ਦੇ ਦਰਬਾਰ ਵਿਚ ਸ਼ਹੀਦੀ ਲਈ ਪੇਸ਼ ਕਰਨ ਹਾਜ਼ਰ ਹੋਵੇ । ਉਹ ਦਾਤਾਰ ਮਾਤਾ ਸੀ, ਸਤਵੇਂ ਨਾਨਕ, ਗੁਰੂ ਹਰਿ ਰਾਇ ਜੀ ਦੀ ਧਰਮ ਪਤਨੀ, ਗੁਰੂ ਹਰਿ ਕਰਿਸ਼ਨ ਸਾਹਿਬ ਦੀ ਪੂਜਿ ਮਾਤਾ, ਬੀਬੀ ਕ੍ਰਿਸ਼ਨ ਕੌਰ ਜੀ, ਸਪੁਤ੍ਰੀ ਭਾਈ ਦਯਾ ਰਾਮ ਜੀ, ਬਲੰਦਪੁਰ (ਉਤਰ ਪ੍ਰਦੇਸ਼) ਨਿਵਾਸੀ, ਦੀ । ਆਪ ਦੀ ਸ਼ਾਦੀ ਗੁਰੂ ਹਰਿ ਰਾਇ ਸਾਹਿਬ ਨਾਲ ਹਾੜ ਸੁਦੀ ੩ ਸੰਮਤ ੧੬੯੭ ਬਿਕਰਮੀ ਨੂੰ ਹੋਈ ਸੀ॥

ਆਪ ਦੇ ਉਦਰ ਤੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਅਵਤਾਰ ੭ ਜੁਲਾਈ ੧੬੫੬ ਈਸਵੀ ਨੂੰ ਕੀਰਤਪੁਰ ਸਾਹਿਬ ਹੋਇਆ ।

ਸ੍ਰੀ ਗੁਰੂ ਹਰਿ ਰਾਇ ਸਾਹਿਬ ਗੁਰੂ ਹਰਿ ਗੋਬਿੰਦ ਸਾਹਿਬ ਦੇ ਪੋਤੇ ਸਨ ਅਤੇ ਛੇਵੇਂ ਪਿਤਾ ਦੇ ਵਡੇ ਸਾਹਿਬਜ਼ਾਦੇ, ਬਾਬਾ ਗੁਰਦਿਤਾ ਜੀ ਦੇ ਸਪੁਤ੍ਰ । (ਬਾਬਾ ਗੁਰਦਿਤਾ ਜੀ ਸਤਵੇਂ ਪਾਤਸ਼ਾਹ ਦੇ ਹੁੰਦਿਆਂ ਹੀ ਗੁਰਪੁਰੀ ਸਿਧਾਰ ਗਏ ਸਨ) ।

ਮਾਤਾ ਗੰਗਾ ਜੀ ਦੇ ਜੀਵਣ ਦੀ ਸ਼ਾਨਦਾਰ ਝਲਕ ਮਾਤਾ ਕ੍ਰਿਸ਼ਨ ਕੌਰ ਜੀ ਦੇ ਪਵਿਤ੍ਰ ਜੀਵਨ ਵਿਚੋਂ ਬਹੁਤ ਹੀ ਮਿਲਦੀ ਹੈ । ਗੁਰੂ ਹਰਿ ਰਾਇ ਸਾਹਿਬ ਦੇ ਜੋਤੀ ਜੋਤ ਸਮਾ ਜਾਣ ਸਮੇਂ ਗੁਰੂ ਜੀ ਦੀ ਆਪਣੀ ਆਯੂ ਮਸਾਂ ੩੧ ਕੁ ਸਾਲਾਂ ਦੀ ਸੀ ਅਤੇ ਮਾਤਾ ਜੀ ਭਰ ਜਵਾਨੀ ਵਿਚ । ਆਪ ਜੀ ਨੇ ਇਹ ਪਤੀ ਦੀ ਜੁਦਾਈ ਦਾ ਸਲ ਜਿਸ ਸਬਰ, ਸ਼ੁਕਰ ਤੇ ਭਾਣੇ ਨਾਲ ਝਲਿਆ ਉਸ ਤੋਂ ਸਾਫ਼ ਪਰਤੀਤ ਹੋ ਰਿਹਾ ਸੀ ਕਿ ਇਨ੍ਹਾਂ ਵਿਚ ਮਾਤਾ ਗੰਗਾ ਜੀ ਵਾਲੇ ਸਾਰੇ ਗੁਣ ਸਨ।

ਔਰੰਗਜ਼ੇਬ ਨੇ ਗੱਦੀ ਸੰਭਾਲਦਿਆਂ ਹੀ ਗੁਰੂ ਹਰਿ ਰਾਇ ਸਾਹਿਬ ਨੂੰ ਦਿੱਲੀ ਤਲਬ ਕੀਤਾ ਅਤੇ ਆਪ ਨੇ ਜਿਸ ਦਲੇਰੀ ਨਾਲ ਬਗ਼ਾਵਤ ਕੀਤੀ ਅਤੇ ਸਾਫ਼ ਕਹਿ ਘਲਿਆ ਕਿ "ਨੰਹਿ ਮਲੇਛ ਕੋ ਦਰਸ਼ਣ ਦਿਹ ਹੈ" ਉਸ ਤੋਂ ਔਰੰਗਜ਼ੇਬ ਗੁਰੂ ਘਰ ਦਾ ਕਟਰ ਵਿਰੋਧੀ ਹੋ ਗਿਆ । ਅੰਤਰਜਾਮੀ ਗੁਰੂ ਜੀ ਨੂੰ ਆ ਰਹੇ ਭਿਆਨਕ ਹਾਲਾਤ ਦੀ ਪੂਰੀ ਜਾਣਕਾਰੀ ਹੁੰਦਿਆਂ ਆਪ ਦਾ ਸਟੈਂਡ ਸਿੱਖਾਂ ਵਿਚ ਗ਼ੈਰਤ ਤੇ ਭਰੋਸਾ ਭਰ ਗਿਆ। ਮਾਤਾ ਕ੍ਰਿਸ਼ਨ ਕੌਰ ਜੀ ਵਾਪਰ ਰਹੇ ਹਾਲਾਤ ਪੂਰੀ ਤਰ੍ਹਾਂ ਸਮਝ ਰਹੇ ਸਨ ਤੇ ਆਪ ਦੀ ਦਿਬ-ਦ੍ਰਿਸਟੀ ਵਾਲੀ ਨਿਗਾਹ ਵੀ ਭਵਿਖ ਦੇ ਕੌਤਕ ਵੇਖ ਰਹੀ ਸੀ।

ਸੱਚੇ ਪਾਤਸ਼ਾਹ ਜੋਤੀ ਜੋਤ ਸਮਾਨ ਸਮੇਂ ਗੁਰ-ਗੱਦੀ ਆਪਣੇ ਛੋਟੇ ਸਾਹਿਬਜ਼ਾਦੇ ਹਰਿ ਕ੍ਰਿਸ਼ਨ ਸਾਹਿਬ ਨੂੰ ੬ ਅਕਤੂਬਰ ੧੬੬੧ ਵਿਚ ਕੀਰਤਪੁਰ ਸਾਹਿਬ ਦੇ ਗਏ । ਗੁਰ-ਗੱਦੀ ਤੇ ਬਰਾਜਮਾਨ ਹੋਣ ਸਮੇਂ ਆਪ ਮਸਾਂ ੫ ਸਾਲ ਤਿੰਨ ਮਹੀਨਿਆਂ ਦੇ ਸਨ ।

ਮਾਤਾ ਕ੍ਰਿਸ਼ਨ ਕੌਰ ਜੀ ਨੇ ਆਪਣੇ ਵਡੇ ਸਾਹਿਬਜ਼ਾਦੇ ਬਾਬਾ ਰਾਮ ਰਾਇ ਜੀ ਨੰ ਐਸੇ ਫ਼ਰਮਾਂਬਰਦਾਰੀ ਦੇ ਸੱਚੇ ਵਿਚ ਢਾਲਿਆ ਕਿ ਵੈਰੀ ਈਰਖਾ ਨਾਲ ਜਲ ਬਲ ਗਏ ਤੇ ਉਨ੍ਹਾਂ ਰਾਮਰਾਇ ਜੀ ਬਾਰੇ ਗ਼ਲਤ ਫ਼ਹਿਮੀਆਂ ਐਸੀਆਂ ਫੈਲਾਈਆਂ ਕਿ ਹੁਣ ਸਿੱਖ ਇਤਿਹਾਸ ਵਿਚੋਂ ਉਨ੍ਹਾਂ ਦੀ ਸੋਧ ਕਠਨ ਹੋ ਗਈ ਹੈ । ਮੈਂ ਆਪਣੀ ਪੁਸਤਕ “ਜਿਸ ਡਿਠੈ ਸਭਿ ਦੁਖਿ ਜਾਇ" ਵਿਚ ਕਾਫ਼ੀ ਗੁੰਜਲਾਂ ਖੋਲ੍ਹਣ ਦਾ ਬੜੀਆਂ ਦਲੀਲਾਂ ਦੇ ਦੇ ਯਤਨ ਜ਼ਰੂਰ ਕੀਤਾ ਹੈ, ਪਰ ਆਮ ਪਾਠਕਾਂ ਦੇ ਦਿਲਾਂ ਵਿਚੋਂ ਬਾਬਾ ਰਾਮਰਾਇ ਜੀ ਦੀ ਕਦੂਰਤ ਜ਼ਾਇਲ ਨਹੀਂ ਹੋ ਸਕੀ ।

ਮਾਤਾ ਕ੍ਰਿਸ਼ਨ ਕੌਰ ਜੀ ਦੇ ਹੁਕਮ ਅਨੁਸਾਰ ਬਾਬਾ ਰਾਮ ਰਾਇ ਜੀ ਨੇ ਆਪਣੇ ਛੋਟੇ ਵੀਰ ਨੂੰ ਬੇਪਨਾਹ ਪਿਆਰ ਦਿਤਾ ਅਤੇ ਜਦ ਜ਼ਾਲਮ ਮਿਰਜ਼ਾ ਰਾਜਾ ਜੈ ਸਿੰਘ, ਸੇਵਾ ਜੀ ਮਰਹੱਟੇ ਦਾ ਹਿਲਿਆ ਹੋਇਆ, ਔਰੰਗਜ਼ੇਬ ਦਾ ਏਲਚੀ ਬਣ ਕੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਕੀਰਤਪੁਰ ਸਾਹਿਬ ਗ੍ਰਿਫਤਾਰ ਕਰਨ ਆਇਆ ਤਾਂ ਮਾਤਾ ਜੀ ਨੇ ਸੰਗਤਾਂ ਦੀ ਦੇਖ ਭਾਲ ਬਾਬਾ ਰਾਮ ਰਾਇ ਜੀ ਦੇ ਸਪੁਰਦ ਕਰ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਆਪ ਨਾਲ ਲੈ ਦਿੱਲੀ ਚੜ੍ਹਦੀ ਕਲਾ ਵਿਚ ਚਾਲੇ ਪਾਏ।

ਮਾਤਾ ਕ੍ਰਿਸ਼ਨ ਕੌਰ ਜੀ ਦਾ ਇਸ ਬਗ਼ਾਵਤ ਵਿਚ ਬਹੁਤ ਵਡਾ ਹੱਥ ਸੀ ਕਿ ਬਾਲਾ ਪ੍ਰੀਤਮ ਦਿੱਲੀ ਪੁੱਜ ਕੇ ਔਰੰਗਜ਼ੇਬ ਦੇ ਦਰਬਾਰ ਵਿਚ ਹਾਜ਼ਰ ਨਾਂ ਹੋਏ ਅਤੇ ਆਪਣੇ ਗੁਰ-ਪਿਤਾ ਜੀ ਦੇ ਮਹਾਂ-ਵਾਕ ਉਤੇ ਪੂਰੀ ਫਰਮਾਂਬਰਦਾਰੀ ਨਾਲ ਪਹਿਰਾ ਦੇਂਦੇ ਰਹੇ ਕਿ "ਨੰਹਿ ਮਲੇਛ ਕੋ ਦਰਸ਼ਣ ਦਿਹ ਹੈ" ਅਤੇ ਰਾਜਾ ਜੈ ਸਿੰਘ ਦੀਆਂ ਸਭ ਕਰੂਪ ਚਾਲਾਂ ਨੂੰ ਆਪ ਨੇ ਅਸਫ਼ਲ ਬਣਾ ਦਿਤਾ ।

ਮਾਤਾ ਜੀ ਨੇ ਬਾਲ-ਗੁਰੂ ਨੂੰ ਗੁਰੂ ਨਾਨਕ ਸਾਹਿਬ ਸਮੇਂ ਤੋਂ ਮੁਗ਼ਲਾਂ ਦੇ ਵੈਰ ਦੀ ਪੂਰੀ ਹਿਸਟ੍ਰੀ ਹਰਫ-ਬਾ-ਹਰਫ ਸੁਣਾਈ ਅਤੇ ਪਾਪ-ਰਾਜ ਦੇ ਗੰਦੇ ਅਰਾਦੇ ਦਸ ਦਸ ਆਪ ਨੂੰ ਆਪਣੇ ਹੱਥੀਂ ਸ਼ਹੀਦੀ ਲਈ ਤਿਆਰ ਕੀਤਾ । ਇਹ ਠੀਕ ਹੈ ਕਿ ਗੁਰੂ ਨਾਨਕ ਦੀ ਜੋਤ ਨੂੰ ਬਾਹਿਰਲੀ ਕਿਸੇ ਵੀ ਪ੍ਰੇਰਣਾ ਦੀ ਲੋੜ ਨਹੀਂ ਸੀ, ਬਾਲਾ ਪ੍ਰੀਤਮ ਨਿਆਣੀ ਉਮਰੇ ਹੀ ਗੁਰੂ ਨਾਨਕ ਦੀ ਸ਼ਕਤੀ ਦਾ ਮਾਲਕ ਸੀ ਅਤੇ ਕਲ-ਤਾਰਨ ਲਈ ਹੀ ਗੁਰ-ਗੱਦੀ ਦੀ ਜ਼ਿੰਮੇਂਵਾਰੀ ਸੰਭਾਲੀ ਸੀ ਪਰ ਮਾਤਾ ਜੀ ਦਾ ਆਪਣਾ ਜਲਾਲ ਸੋਨੇ ਤੇ ਸੁਹਾਗੇ ਦਾ ਕੰਮ ਕਰ ਗਿਆ । ਮਾਤਾ ਜੀ ਦੀ ਚੜ੍ਹਦੀ ਕਲਾ, ਪਰਦੇਸ ਵਿਚ ਮੁਗ਼ਲ ਹਕੂਮਤ ਦੀ ਨਜ਼ਰਬੰਦੀ ਵਿਚ ਵੇਖ, ਜਿਥੇ ਅੱਠੇ ਪਹਿਰ ਪਾਮਰ ਰਾਜਪੂਤ ਜੈ ਸਿੰਘ ਨੇ ਘੇਰਾ ਪਾ ਰਖਿਆ ਸੀ, ਬਾਲਾ ਪ੍ਰੀਤਮ ਔਰੰਗੇ ਨੂੰ ਮਿਲਣ ਦੀ ਥਾਂ ਹਰ ਪ੍ਰਕਾਰ ਦੇ ਜ਼ੁਲਮ ਦੇ ਮੁਕਾਬਲੇ ਲਈ ਤਿਆਰ ਸੀ।

ਮਾਤਾ ਕ੍ਰਿਸ਼ਨ ਕੌਰ ਜੀ ਦੀ ਜੀਵਨੀ ਬਾਰੇ ਸਿੱਖ ਇਤਿਹਾਸ ਦੇ ਵਰਕਿਆਂ ਵਿਚੋਂ ਪੂਰੀ ਜਾਣਕਾਰੀ ਹਾਸਿਲ ਕਰਨੀ ਅਸੰਭਵ ਤੋਂ ਭੀ ਉਤੇ ਦੀ ਗੱਲ ਹੈ । ਵੈਸੇ ਸਾਡਾ ਸਾਰਾ ਇਤਿਹਾਸ ਗੁਰਬਾਣੀ ਦੇ ਅਸੂਲਾਂ ਦੇ ਬਹੁਤ ਹਦ ਤਕ ਵਿਰੁਧ ਹੈ ਪਰ ਗੁਰੂ ਘਰਾਣੇ ਦੀਆਂ ਮਾਤਾਵਾਂ, ਭੈਣਾਂ ਅਤੇ ਬੀਬੀਆਂ ਨਾਲ ਤਾਂ ਕੁਲ ਇਤਿਹਾਸ ਬੇਇਨਸਾਫ਼ੀ ਨਾਲ ਭਰਿਆ ਪਿਆ ਹੈ । ਮਾਤਾ ਕ੍ਰਿਸ਼ਨ ਕੌਰ ਜੀ ਬਾਰੇ ਇਕਸਾਰ ਦਸ ਸਤਰਾਂ ਵੀ ਕਿਸੇ ਇਤਿਹਾਸ ਵਿਚੋਂ ਨਹੀਂ ਮਿਲਦੀਆਂ । ਜਿੰਨੇ ਗੁਰੂ-ਪ੍ਰਵਾਰਾਂ ਦੀ ਘਰੇਲੂ ਫੁਟ ਬਾਰੇ ਮਨ-ਘੜਤ ਢਕੌਂਸਲੇ ਲਿਖ ਲਿਖ ਸਿੱਖ ਇਤਿਹਾਸ ਦੇ ਪਤਰੇ ਕਾਲੇ ਕੀਤੇ ਗਏ ਹਨ, ਇਨ੍ਹਾਂ ਵਿਚੋਂ ਪੰਜ ਪਰੀਸ਼ਦ ਭੀ ਗੁਰੂ ਘਰ ਦੀਆਂ ਬੁਨਿਆਦਾਂ ਉਸਾਰਨ ਵਾਲੀਆਂ ਬੀਬੀਆਂ ਨੂੰ ਸਫੇ ਦੇ ਦਿਤੇ ਜਾਂਦੇ ਤਾਂ ਭੀ ਮੇਰੇ ਵਰਗੇ ਅਲ੍ਹੜ ਖੋਜੀ ਨੂੰ ਕਾਫੀ ਸਹਾਇਤਾ ਮਿਲ ਜਾਂਦੀ ।

ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਦਿੱਲੀ ਵਿਖੇ ਹੋਈ ਸੰਸਾਰ ਕੰਬਾਊ ਸ਼ਹੀਦੀ ਦਾ ਹੀ ਕਿਤੇ ਵਰਨਣ ਨਹੀਂ, ਮਾਤਾ ਜੀ ਵਲ ਧਿਆਨ ਕੌਣ ਕਰਦਾ ?

ਅਠਵੇਂ ਸਚੇ ਪਾਤਸ਼ਾਹ ਦੀ ਬਾਲਪਨ ਦੀ ਸ਼ਹੀਦੀ ਨੇ ਅਗੇ ਜਾ ਕੇ ਦਸਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਿਚ ਬਹੁਤ ਨੁਮਾਇਆਂ ਰੋਲ ਅਦਾ ਕੀਤਾ ਹੈ ਅਤੇ ਆਪ ਜੀ ਦੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਨਿਭਾਏ ਰੋਲ ਦੀ ਮਿਸਾਲ ਨੂੰ ਸਾਹਮਣੇ ਰਖ ਕੇ ਸਰਬੰਸ ਦਾਨੀ ਦੇ ਦੋ ਛੋਟੇ ਸਾਹਿਬਜ਼ਾਦੇ ਖਿੜੇ ਮਥੇ ਦੀਵਾਰਾਂ ਵਿਚ ਚਿਣੇ ਗਏ ਅਤੇ ਮਾਤਾ ਗੁਜਰੀ ਜੀ ਵੀ ਸ਼ਹੀਦੀ ਦੇ ਗਏ ਪਰ ਜ਼ੁਲਮ ਅਗੇ ਨਹੀਂ ਝੁਕੇ ।

ਮਾਤਾ ਕ੍ਰਿਸ਼ਨ ਕੌਰ ਜੀ ਦਿੱਲੀ ਦੇ ਹਮਾਊਂ ਮਕਬਰੇ ਦੇ ਦੂਰ ਪਿਛੇ ਡੂੰਗੇ ਜੰਗਲ ਵਿਚ ਜਮਨਾ ਨਦੀ ਕੰਢੇ ਬੁਧਵਾਰ ੩੦ ਮਾਰਚ ੧੬੬੪ ਨੂੰ ਮਿਰਜ਼ਾ ਰਾਜਾ ਜੈ ਸਿੰਘ ਦੇ ਬੇਅਣਖੇ ਜਲਾਦਾਂ ਹਥੋਂ ਔਰੰਗਜ਼ੇਬ ਦੀ ਖੁਸ਼ਨੂਦੀ ਹਾਸਲ ਕਰਨ ਵਾਸਤੇ ਬਾਲਾ ਪ੍ਰੀਤਮ ਦੀ ਗਰਦਨ ਤੇ ਤਲਵਾਰ ਚਲਦੀ ਬੜੇ ਅਡੋਲ ਖੜੇ ਦੇਖ ਰਹੇ ਸਨ ਤੇ ਮਾਤਾ ਜੀ ਦੇ ਰੂਹਾਨੀ ਜਲਾਲ ਨੂੰ ਵੇਖ ਮੁਗਲ ਹਤਿਆਰੇ ਤੇ ਅਸਮਤ ਫਰੋਸ਼ ਰਾਜਪੂਤ ਸ਼ਰਮ ਵਿਚ ਡੁਬਦੇ ਜਾ ਰਹੇ ਸਨ ।

ਮਾਤਾ ਜੀ ਨੇ ਸ਼ਹੀਦੀ ਮਗਰੋਂ ਬੜੇ ਹੌਂਸਲੇ ਨਾਲ ਆਪਣੇ ਪ੍ਰਭ-ਪ੍ਰਮੇਸ਼ਵਰ ਦਾ ਆਪਣੇ ਕੁਝ ਨਿਕਟਵਰਤੀ ਸਿੱਖਾਂ ਨੂੰ ਬੁਲਾ ਕੇ ਕਤਲਗਾਹ ਦੇ ਉਤੇ ਹੀ, ਜਿਥੇ ਹੁਣ ਗੁਰਦਵਾਰਾ ਬਾਲਾ ਸਾਹਿਬ ਬਣਿਆ ਹੋਇਆ ਹੈ, ਅੰਤਮ ਸੰਸਕਾਰ ਕਰ ਦਿਤਾ ਤੇ ਦੂਜੇ ਹੀ ਦਿਨ, ਦਿੱਲੀ ਨੂੰ ਅਲਵਿਦਾ ਕਹਿ, ਆਪਣੇ ਨੌਂ ਨਿਹਾਲ ਬਾਲੜੇ ਬੱਚੇ ਦੀਆਂ ਅਸਥੀਆਂ ਸੰਭਾਲ, ਕੀਰਤਪੁਰ ਸਾਹਿਬ ਨੂੰ ਚਾਲੇ ਪਾ ਦਿਤੇ।

ਦਿੱਲੀ ਤੋਂ ਕੀਰਤਪੁਰ ਦਾ ਲੰਬਾ ਸਫ਼ਰ ਝੋਲੀ ਵਿਚ ਬੱਚੇ ਦੇ ਫੁਲ ਪਾ ਕੇ ਇਕ ਮਾਤਾ ਨੇ ਕਿਵੇਂ ਕਟਿਆ ਹੋਵੇਗਾ, ਅੱਜ ਤਕ ਕਿਸੇ ਕਵੀ ਨੇ ਇਕ ਲਾਈਨ ਤਕ ਨਹੀਂ ਲਿਖੀ । ਸ੍ਰਕਾਰੀ ਚਾਟੜੇ ਲੇਖਕ ਇਹੋ ਮੰਨਦੇ ਹੋਏ ਕਿ ਗੁਰੂ ਜੀ ਸੀਤਲਾ ਕਾਰਨ ਜੋਤੀ ਜੋਤ ਸਮਾ ਗਏ, ਤਾਂ ਵੀ ਤਾਂ ਮਾਂ ਦੇ ਦਿਲ ਦੇ ਦਰਦ ਭਰੇ ਜਜ਼ਬਾਤ ਕਿਸੇ ਕਵੀ ਲਈ ਕਲਮਬੰਦ ਕਰਨੇ ਬਣਦੇ ਹੀ ਸਨ ਪਰ ਸਚਮੁਚ ਏਸ ਬੇਇਨਸਾਫੀ ਨੂੰ ਵੇਖ ਮੈਂ ਆਪਣਾ ਕਲੇਜਾ ਸੰਭਾਲ ਨਹੀਂ ਸਕਦਾ।

ਦੋ ਜਹਾਨ ਵਾਲੀ, ਗੁਰੂ ਬਾਲਾ ਪ੍ਰੀਤਮ ਦੇ ਮਾਤਾ ਜੀ ਪ੍ਰਥਾਏ, ਚੜ੍ਹਦੀ ਕਲਾ ਵਾਲੇ ਅੰਤਮ ਜਜ਼ਬਾਤ ਨੂੰ ਭਾਈ ਮੁਨਸ਼ੀ ਰਾਮ ਜੀ 'ਹਸਰਤ' ਮੇਰੀ ਬੇਨਤੀ ਪ੍ਰਵਾਨ ਕਰਦੇ, ਹੋਏ ਵੇਖੋ ਕਿਵੇਂ ਸ਼ਰਧਾ ਭਰੇ ਵਲਵਲੇ ਨਾਲ ਬਿਆਨ ਕਰਦੇ ਹਨ :


ਬਾਲਾ ਪ੍ਰੀਤਮ ਮਾਤਾ ਨੂੰ-

ਜਮਨਾਂ ਕੰਢੇ ਭੋਗਲ ਨਗਰੀ, 
ਤੂੰ ਅਕੱਲੀ ਵਿਚ ਜੰਗਲਾਤ ।
ਪੀ ਗਏ ਸ਼ੋਹਲੇ ਲਕੜੀਆਂ ਦੇ, 
ਹਿਰਦੇ ਦੇ ਉਗਲੇ ਜਜ਼ਬਾਤ । 
ਸਫ਼ਲ ਹੋਈ ਅਜ ਆਪਣੀ ਫੇਰੀ, 
ਕੀਤੀ ਬਖਸ਼ਿਸ਼ ਰੱਬ ਦੀ ਜ਼ਾਤ ।
ਏਸੇ ਭਸਮ ਨੂੰ ਸਮਝੀ ਮਾਏ, 
ਇਹੋ ਬਖਸ਼ੀ ਦਾਤੇ ਦਾਤ।
...    ...
ਕਰ ਲੈ ਰਜ ਰਜ ਰਾਖੀ ਮਾਏ, 
ਤਕ ਲੈ ਅਪਣਾ ਬਲਦਾ ਪੁੱਤਰ । 
ਸਿਵਿਆਂ ਅੰਦਰ ਲਾਡਾਂ ਪਲਿਆ, 
ਮਛੀ ਵਾਗੂੰ ਤਲਦਾ ਪੁਤਰ । 
ਅਗਨੀ ਦੀ ਕੁਠਾਲੀ ਅੰਦਰ, 
ਸੋਨੇ ਰੂਪੀ ਗਲਦਾ ਪੁਤਰ । 
ਬੈਠ ਗਿਆ ਭਾਣੇ ਦੀ ਗੋਦੀ, 
ਤੇਰੇ ਰਾਜ ਮਹੱਲ ਦਾ ਪੁਤਰ ।
...    ...
ਜਾਣੀ ਜਾਣ ਬਕਾਲੇ ਬੈਠਾ, 
ਵੇਖ ਰਿਹਾ ਨਰਾਲੇ ਫ਼ੁਲ ।
ਕੀਰਤਪੁਰ ਹੈ ਮਾਨਸਰੋਵਰ,
ਉਹਦੇ ਕਰੀਂ ਹਵਾਲੇ ਫੁਲ ।
"ਨੰਹਿ ਮਲੇਛ ਕੋ ਦਰਸ਼ਨ ਦੇ ਹੈਂ" 
ਪਿਤਾ ਦੇ ਬਚਨਾਂ ਪਾਲੇ ਫੁਲ । 
ਲੈ ਜਾ ਕੋਮਲ ਸੋਹਲ ਮੁਲਾਇਮ,
'ਹਸਰਤ' ਅਣਖਾਂ ਵਾਲੇ ਫੁਲ।

ਮਾਤਾ ਜੀ ਦੇ ਕੀਰਤਪੁਰ ਸਾਹਿਬ ਪੁਜਣ ਤੋਂ ਪਹਿਲਾਂ ਬਾਲਾ ਪ੍ਰੀਤਮ ਦੀ ਸ਼ਹੀਦੀ ਖ਼ਬਰਾਂ ਸਾਰੇ ਪੰਜਾਬ ਵਿਚ ਪੁਜ ਚੁਕੀਆਂ ਸਨ ਤੇ ਬਾਬਾ ਬਕਾਲਾ ਵਾਲੇ ਬਾਬਾ ਤੇਗ ਬਹਾਦਰ ਸਾਹਿਬ, ਬਾਬਾ ਰਾਮ ਰਾਇ ਤੇ ਹੋਰ ਸਮੂੰਹ ਪ੍ਰਵਾਰ ਦੇ ਸੰਬੰਧੀ, ਮਾਤਾ ਜੀ ਨਾਲ ਦੁੱਖ ਵੰਡਾਣ ਤੇ ਹਮਦਰਦੀ ਪ੍ਰਗਟ ਕਰਨ ਕੀਰਤਪੁਰ ਸਾਹਿਬ ਉਡੀਕ ਵਿਚ ਸਨ।

ਕੀਰਤਪੁਰ ਵਿਖੇ ੧੨ ਇਤਿਹਾਸਿਕ ਗੁਰਦਵਾਰੇ ਹਨ । ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਥੋੜਾ ਹੀ ਦੂਰ ਸਤਲੁਜ ਕੰਢੇ ਗੁਰੂ ਹਰਿ ਗੋਬਿੰਦ ਸਾਹਿਬ ਦਾ ਵਸਾਇਆ ਨਗਰ ਹੈ। ਏਥੇ ਗੁਰੂ ਹਰਿ ਗੋਬਿੰਦ ਸਾਹਿਬ ਅਤੇ ਗੁਰੂ ਹਰਿ ਰਾਇ ਸਾਹਿਬ ਜੀ ਦਾ ਪਤਾਲਪੁਰੀ ਨਾਮ ਦਾ ਦੇਹੁਰਾ ਹੈ ਅਤੇ ਏਥੇ ਹੀ ਹਰਿ ਕ੍ਰਿਸ਼ਨ ਸਾਹਿਬ ਦੀ ਬਿਭੂਤੀ ਭੀ ਦਿੱਲੀ ਤੋਂ ਲਿਆ ਕੇ ਅਸਥਾਪਤ ਕੀਤੀ ਗੁਰੂ ਗਈ ਸੀ ਪਰ ਏਥੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੋਈ ਯਾਦਗਾਰ ਨਹੀਂ ਮਿਲਦੀ।

ਮੈਂ ਸਿੱਖ ਇਤਿਹਾਸਕਾਰਾਂ ਦਾ ਬਹੁਤ ਰਿਣੀ ਹਾਂ ਕਿ ਉਨ੍ਹਾਂ ਏਥੇ ਪਤਾਲਪੁਰੀ ਵਿਚ ਗੁਰੂ ਹਰਿ ਕ੍ਰਿਸ਼ਨ ਸਾਹਿਬ ਦਾ ਨਾਮ ਤਾਂ ਅੰਕਤ ਕਰ ਦਿਤਾ ਹੈ, ਜਿਸ ਤੋਂ ਇਹ ਸਿਧ ਹੁੰਦਾ ਹੈ ਕਿ ਆਪ ਦੀ ਅੰਤਮ ‘ਗੁਰੂ-ਕੁਲ' ਰਸਮ ਏਥੇ ਅਦਾ ਹੋਈ ।

ਇਸ ਤੋਂ ਅਗੋਂ ਪੂਜ ਮਾਤਾ ਜੀ ਨਾਲ ਸਮੇਂ ਕੀ ਵਰਤਾਓ ਕੀਤਾ, ਬੜੇ ਦੁੱਖ ਨਾਲ ਪਾਠਕਾਂ ਤੋਂ ਖਿਮਾਂ ਮੰਗਦਾ ਹਾਂ ਕਿ ਮੈਂ ਕੁਝ ਢੂੰਡ ਨਹੀਂ ਸਕਿਆ। ਉਹ ਦੀਨ-ਦੁਖੀਆਂ ਦੇ ਦਰਦ ਵੰਡਾਣ ਵਾਲੀ ਮਹਾਨ ਮਾਤਾ ਦਾ ਇਤਿਹਾਸ ਏਥੇ ਅਪੜ ਆਨੰਨ ਫਾਨੰਨ ਅਲੋਪ ਹੋ ਜਾਣਾ ਵੀ ਮੈਂ ਆਪ ਦੀ ਵਡਿਤਣ ਹੀ ਸਮਝਦਾ ਹਾਂ । ਆਪ ਜੀ ਦੇ ਅਧਭੁਤ ਕੌਤਕ ਲਿਖਣ ਦੀ ਤਾਕਤ ਕਿਸ ਕਲਮ ਵਿਚ ਹੋ ਸਕਦੀ ਹੈ ? ਆਪ ਇਲਾਹੀ ਰੂਪ ਸਨ ਤੇ ਸਦਾ ਗੁਰਸਿੱਖਾਂ ਦੇ ਦਿਲਾਂ ਵਿਚ ਸਤਿਕਾਰ ਸਹਿਤ ਸਮਾਏ ਰਹਿਣਗੇ।

ਮਾਤਾ ਗੁਜਰੀ ਜੀ

ਗੁਰੂ ਨਾਨਕ ਸਾਹਿਬ ਜਿਵੇਂ ਦਸਵੇਂ ਜਾਮੇਂ ਵਿਚ ਆ ਪ੍ਰਮਾਤਮਾ ਦਾ ਮਾਸਟਰਪੀਸ ਬਣ ਕੇ ਚਮਕੇ, ਤਿਵੇਂ ਹੀ ਮਾਤਾ ਤ੍ਰਿਪਤਾ ਜੀ, ਮਾਤਾ ਗੁਜਰੀ ਦੇ ਰੂਪ ਵਿਚ, ਸੰਸਾਰ ਦੀ ਸਭ ਤੋਂ ਮਹਾਨ “ਲੇਡੀ-ਪਰਾਫਟ” ਬਣ ਕੇ ਦੀਨ ਦੁਖੀਆਂ ਦੇ ਦਰਦ ਵੰਡਾਣ, ਕਾਦਰ ਦਾ ਆਪਣਾ ਹੀ ਦਿਲ ਲੈ ਕੇ, ਧਰਤੀ ਦੀ ਹਿਕ ਤੇ ਕੁਰਬਾਨੀ ਦੇ ਅਧਭੁਤ ਚਮਤਕਾਰ ਆ ਵਿਖਾਏ ।

ਮਾਤਾ ਗੁਜਰੀ ਜੀ ਭਾਈ ਲਾਲ ਚੰਦ ਜੀ ਦੀ ਸਪੁਤ੍ਰੀ, ਮਾਤਾ ਬਿਸ਼ਨ ਕੌਰ ਜੀ ਦੀ ਕੁਖ ਤੋਂ ਕਰਤਾਰਪੁਰ, ਜ਼ਿਲਾ ਜਲੰਧਰ ਵਿਖੇ ਪੈਦਾ ਹੋਏ ਸਨ । ਆਪ ਦੇ ਜਨਮ ਦਾ ਠੀਕ ਸਾਲ ਪਤਾ ਨਹੀਂ ਲਗ ਸਕਿਆ ਪਰ ਆਪ ਜੀ ਦੀ ਸ਼ਾਦੀ (ਗੁਰੂ) ਤੇਗ ਬਹਾਦਰ ਸਾਹਿਬ, ਸਪੁਤ੍ਰ ਗੁਰੂ ਹਰਿ ਗੋਬਿੰਦ ਸਾਹਿਬ, ਨਾਲ ੧੫ ਅਸੂ ਸੰਮਤ ੧੬੮੯ ਬਿਕਰਮੀ ਵਿਚ ਹੋਈ ਮਿਲਦੀ ਹੈ । ਇਹ ਸਨ ੧੬੩੨ ਈਸਵੀ ਬਣਦਾ ਹੈ । ਮੈਨੂੰ ਇਹ ਸ਼ਾਦੀ ਦੀ ਤਾਰੀਖ ਵੀ ਠੀਕ ਨਹੀਂ ਜਚਦੀ । ਕਾਰਨ ਇਹ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ੧੬੬੬ ਈਸਵੀ ਦਾ ਹੈ, ਭਾਵ ਸ਼ਾਦੀ ਤੋਂ ੩੪ ਸਾਲ ਮਗਰੋਂ ਮਾਤਾ ਗੁਜਰੀ ਜੀ ਦੇ ਘਰ ਬੱਚਾ ਪੈਦਾ ਹੁੰਦਾ ਹੈ। ਜੇ ਮਾਤਾ ਜੀ ਦੀ ਉਸ ਸਮੇਂ ਆਯੂ ੧੬ ਸਾਲਾਂ ਦੀ ਘਟੋ ਘਟ ਮੰਨ ਲਈਏ ਤਾਂ ਭਾਵ ਇਹ ਹੋਇਆ ਕਿ ਸ਼ਾਦੀ ਸਮੇਂ ਆਪ ਜੀ ਦੀ ਆਯੂ ੪ ਕੁ ਸਾਲਾਂ ਦੀ ਹੋਵੇਗੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ੧੬੭੫ ਈਸਵੀ ਵਿਚ ਦਿਲੀ ਵਿਖੇ ੫੪ ਸਾਲਾਂ ਦੀ ਆਯੂ ਤੇ ਸ਼ਹੀਦੀ ਪਾ ਜਾਂਦੇ ਹਨ।

ਜਦ ਆਪ ਜੀ ਦੇ ਘਰ ਸਾਹਿਬਜ਼ਾਦੇ ਦਾ ਪਟਨਾ ਸਾਹਿਬ ਪ੍ਰਕਾਸ਼ ਹੁੰਦਾ ਹੈ ਉਸ ਸਮੇਂ ਹਜ਼ੂਰ ਦੀ ਆਯੂ ੪੫ ਸਾਲ ਦੀ ਸੀ । ਇਸ ਤੋਂ ਸਾਬਤ ਹੁੰਦਾ ਹੈ ਕਿ ਨਾਵੇਂ ਪਾਤਸ਼ਾਹ ਦੀ ਸ਼ਾਦੀ ੯ ਸਾਲ ਦੀ ਬਾਲੜੀ ਉਮਰ ਵਿਚ ਹੋਈ ਅਤੇ ਮਾਤਾ ਗੁਜਰੀ ਜੀ ਸ਼ਾਇਦ ੪ ਯਾ ੫ ਸਾਲ ਦੀ ਨਿਆਣੀ ਬੱਚੀ ਹੀ ਹੋਣਗੇ । ਮੈਂ ਇਹ ਤਾਰੀਖਾਂ ਬਿਲਕੁਲ ਮੰਨਣ ਨੂੰ ਤਿਆਰ ਨਹੀਂ । ਇਹ ਤਾਰੀਖਾਂ ਗੁਰੂ ਘਰ ਦੀ ਇਨਕਲਾਬੀ ਸ਼ਾਨ ਨੂੰ ਨੀਵਾਂ ਕਰਦੀਆਂ ਹਨ ।

ਮਾਤਾ ਗੁਜਰੀ ਜੀ ਦੀ ਸ਼ਾਦੀ ਘਟੋ ਘਟ ੧੬-੧੭ ਬਰਸ ਦੀ ਉਮਰ ਤੇ ਹੋਈ ਹੋਵੇਗੀ ਜਦ ਗੁਰੂ ਤੇਗ ਬਹਾਦਰ ਸਾਹਿਬ ਦੀ ਆਯੂ ੨੧ ਕੁ ਸਾਲਾਂ ਦੀ ਹੋਵੇਗੀ ਅਤੇ ਸ਼ਾਦੀ ਦੇ ੩੪ ਸਾਲ ਮਗਰੋਂ ਨਹੀਂ, ੨੪ ਸਾਲ ਮਗਰੋਂ ਮਰਦ ਅਗੰਮੜਾ ਪ੍ਰਗਟਿਆ । ਏਸ ਅਟੇ ਸਟੇ ਮੁਤਾਬਕ ਮਾਤਾ ਗੁਜਰੀ ਜੀ ਦੀ ਸ਼ਾਦੀ ੧੬੪੨ ਈਸਵੀ ਵਿਚ ਹੋਈ ਮਿਥ ਲੈਣੀ ਠੀਕ ਹੋਵੇਗੀ ਅਤੇ ਜਨਮ ੧੬੨੦-੨੧ ਈਸਵੀ ਵਿਚ ।

ਮੈਂ ਜ਼ਾਤੀ ਤੌਰ ਤੇ ਤਾਰੀਖਾਂ ਨੂੰ ਬਹੁਤਾ ਮਹੱਤਤਾ ਨਹੀਂ ਦੇਂਦਾ ਪਰ ਇਹ ਵਿਚਾਰ ਮੈਨੂੰ ਏਸ ਲਈ ਕਰਨੀ ਪਈ ਕਿ ਬਾਲ ਵਿਵਾਹ ਗੁਰੂ ਘਰ ਵਿਚ ਤਸਲੀਮ ਨਹੀਂ ਕੀਤੇ ਜਾ ਸਕਦੇ ।

ਹੁਣ ਪ੍ਰਸ਼ਨ ਇਹ ਭੀ ਉਠਦਾ ਹੈ ਕਿ ਇੰਨਾਂ ਲੰਬਾ ਸਮਾਂ ਸ਼ਾਦੀ ਦਾ ਬਿਨਾਂ ਬੱਚੇ ਦੀ ਪੈਦਾਇਸ਼ ਦੇ ਕਿਵੇਂ ਨਿਕਲ ਗਿਆ ? ਇਸ ਸ਼ੰਕੇ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਇਕ ਹੋਰ ਬਹੁਤ ਹੀ ਵਡੀ ਗ਼ਲਤ ਫਹਿਮੀ ਫੈਲਾ ਰਖੀ ਹੈ ਕਿ ਗੁਰੂ ਜੀ ਬਾਬਾ ਬਕਾਲਾ ਵਿਖੇ ੨੨ ਸਾਲ ਭੋਰੇ ਵਿਚ ਹੀ ਬੈਠ ਤਪਸਿਆ ਕਰਦੇ ਰਹੇ । ਮੈਂ ਆਪਣੀ ਪੁਸਤਕ 'ਇਹ ਖੇਲ ਕਠਨ ਹੈ' ਵਿਚ ਬੜੇ ਵਿਸਥਾਰ ਸਹਿਤ ਸਿਧ ਕੀਤਾ ਹੈ ਕਿ ਆਪ ਨੇ ਭੋਰੇ ਵਿਚ ਬੈਠ ਕੋਈ ਤਪ ਨਹੀਂ ਕੀਤੇ ਅਤੇ ਨਾਂ ਹੀ ਐਸੀ ਭਜਨ ਬੰਦਗੀ ਗੁਰੂ ਘਰ ਵਿਚ ਪ੍ਰਵਾਨ ਹੈ । ਮੈਂ ਏਥੇ ਇਹ ਕਹਿ ਦੇਣਾ ਕਾਫੀ ਸਮਝਦਾ ਹਾਂ ਕਿ ਪੈਗੰਬਰਾਂ ਦੇ ਅਵਤਾਰ ਧਾਰਨ ਦੇ ਦਰਗਾਹੋਂ ਸਮੇਂ ਨੀਯਤ ਹੁੰਦੇ ਹਨ ਤੇ ਉਸ ਵਿਚ ਕੋਈ ਆਪਣੀ ਮਨ-ਮਰਜ਼ੀ ਨਹੀਂ ਕਰ ਸਕਦਾ। ਫਿਰ ਪਟਨਾ ਸਾਹਿਬ ਵਿਖੇ ਦਸਮੇਸ਼ ਦਾ ਅਵਤਾਰ ਧਾਰਨਾ ਗੁਰੂ ਤੇਗ ਬਹਾਦਰ ਦੀ ਮਹਾਨ ਪਰਉਪਕਾਰੀ ਸ਼ਖ਼ਸੀਅਤ ਨੂੰ ਚਾਰ ਚੰਨ ਲਗਾ ਗਿਆ, ਜੋ ਗ੍ਰਹਿਸਤ ਜੀਵਨ ਦਾ ਸਭ ਤੋਂ ਵਡਾ ਬੇਮਿਸਾਲ ਮੋਜਜ਼ਾ ਹੈ।

ਬੜੀ ਅਜੀਬ ਕਥਾ ਇਤਿਹਾਸ ਵਿਚ ਮਿਲਦੀ ਹੈ ਕਿ ਸ਼ਾਹ ਜਹਾਨ ਬਾਦਸ਼ਾਹ ਨੂੰ ਉਹਦੇ ਕਿਸੇ ਅਹਿਲਕਾਰ ਨੇ ਇਕ ਵਾਰੀ ਦਸਿਆ ਕਿ ਕਿ ਗੁਰੂ ਹਰਿ ਗੋਬਿੰਦ ਸਾਹਿਬ ਦੇ ਧਾਰਮਕ ਗ੍ਰੰਥ ਵਿਚ ਲਿਖਿਆ ਹੈ ਕਿ "ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ ਦਰਿ ਮੰਗਨਿ ਭਿਖ ਨ ਪਾਇਦਾ ॥੧੬॥” ਕਿਹਾ ਜਾਂਦਾ ਹੈ ਕਿ ਇਹ ਵਾਕ ਸੁਣ ਮੁਗ਼ਲ ਬਾਦਸ਼ਾਹ ਨੇ ਇਸ ਮਹਾਵਾਕ ਦਾ ਮਖੌਲ ਉਡਾਇਆ ਤੇ ਮਨ ਵਿਚ ਧਾਰ ਬੈਠਾ ਕਿ ਉਹ ਆਪਣੀ ਪਿਤਾ ਪੁਰਖੀ ਤੇ ਚਲਦਾ ਹੋਇਆ ਏਸ ਗੁਰ-ਗੱਦੀ ਨੂੰ ਜ਼ਰੂਰ ਖ਼ਤਮ ਕਰੇਗਾ ਜਿਸ ਵਿਚ ਐਸੀ ਕਲਾਮ ਦਰਜ ਹੈ, ਜਿਸ ਦਾ ਨਾਂ ਸਿਰ ਹੈ ਤੇ ਨਾ ਹੀ ਪੈਰ ।

ਇਸ ਸਾਖ਼ੀ ਵਿਚ ਅਗੇ ਚਲ ਕੇ ਆਉਂਦਾ ਹੈ ਕਿ ਮੁਗ਼ਲ ਹਾਕਮ ਨੇ ਮੀਰੀ ਪੀਰੀ ਦੇ ਜੋਧੇ ਨਾਲ ਮੈਦਾਨੇ ਜੰਗ ਵਿਚ ਹਾਰ ਖਾਧੀ ਅਤੇ ਅੰਤ ਪੁੱਤ ਹਥੋਂ (ਔਰੰਗਜ਼ੇਬ) ਗ੍ਰਿਫਤਾਰੀ ਦੀ ਸੂਹ ਸੁਣ ਭੇਸ ਵਟਾ ਨੱਸ ਨਿਕਲਿਆ ।ਕਿਸੇ ਪਿੰਡ ਇਹਨੂੰ ਭੁਖ ਨੇ ਇਸ ਕਦਰ ਸਤਾਇਆ ਕਿ ਇਹ ਕਿਸੇ ਦੇ ਦਰ ਤੇ ਰੋਟੀ ਦੀ ਭਿਖਿਆ ਮੰਗਨ ਤਕ ਮੁਹਤਾਜ ਹੋ ਗਿਆ ਪਰ ਅਗੋਂ ਇਹਨੂੰ ਘਰ ਵਾਲਿਆਂ ਰੋਟੀ ਦਾ ਟੁਕੜਾ ਵੀ ਤਲੀ ਤੇ ਨਾਂ ਰਖਿਆ। ਉਸ ਭਿਆਨਕ ਸਮੇਂ ਉਹਨੂੰ ਮੁੜ ਉਹੋ ਗੁਰਬਾਣੀ ਦਾ ਪਵਿਤ੍ਰ ਵਾਕ ਯਾਦ ਆਇਆ ਤੇ ਤਾਜ ਮਹੱਲ ਦੇ ਉਸਰੱਈਏ ਨੂੰ ਆਪਣੇ ‘ਖਾਕ ਮਹੱਲ' ਦੇ ਨਜ਼ਾਰੇ ਅੱਖਾਂ ਅੱਗੇ ਆ ਦਿਸਣੇ ਸ਼ੁਰੂ ਹੋਏ ।

ਇਹ ਉਪ੍ਰੋਕਤ ਲਾਈਨਾਂ ਮੈਂ ਏਥੇ ਏਸ ਲਈ ਦਰਜ ਕੀਤੀਆਂ ਹਨ ਕਿ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਮੇਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪੂਜ ਗੁਰੂ-ਪਿਤਾ ਨਾਲ ਹੱਥ ਵਿਚ ਤੇਗ਼ ਸੰਭਾਲ ਪਾਪ-ਰਾਜ ਦਾ ਮੁਕਾਬਲਾ ਸਰੂ ਕਰ ਦਿਤਾ ਸੀ ਅਤੇ ਗੁਰੂ ਹਰਿ ਰਾਇ ਸਾਹਿਬ, ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਗੁਰਿਆਈ ਦੇ ਸਮੇਂ ਆਪ ਨੂੰ ਛੇਵੇਂ ਪਾਤਸ਼ਾਹ ਫੌਜਾਂ ਦਾ ਕਮਾਂਡਰ ਇਨ-ਚੀਫ਼ ਬਣਾ ਗਏ ਸਨ ਤੇ ਆਪ ਸਾਰਾ ਸਮਾਂ ਦਰਿਆ ਬਿਆਸਾ ਕੰਢੇ ਫੌਜੀ ਮਸ਼ਕਾਂ ਵਲ ਭਾਰੀ ਧਿਆਨ ਦੇਂਦੇ ਰਹੇ ਅਤੇ ਉਹੋ ਪੂਰੀ ਤਰ੍ਹਾਂ ਟਰੇਨਡ ਫ਼ੌਜਾਂ ਦਸਮੇਸ ਪਿਤਾ ਜੀ ਦੇ ਯੁਧਾਂ ਸਮੇਂ ਕੰਮ ਆਈਆਂ ।

ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਦੀ ਸੱਸ, ਅਤੇ ਆਪ ਮਾਤਾ ਗੁਜਰੀ ਜੀ ਜਿਸ ਸ਼ਰਧਾ ਭਾਵਨਾ ਨਾਲ ਬਾਬਾ ਤੇਗ ਬਹਾਦਰ ਸਾਹਿਬ ਦੀਆਂ ਜ਼ੁਮੇਵਾਰੀਆਂ ਵਿਚ ਸਾਥ ਨਿਭਾਉਂਦੀਆਂ ਰਹੀਆਂ, ਬਿਆਨ ਦਾ ਮੁਥਾਜ ਨਹੀਂ। ਗੁਰ-ਗੱਦੀ ਤੇ ਬਰਾਜਮਾਨ ਹੋਣ ਤੋਂ ਪਹਿਲਾਂ ਦਾ ਸਾਰਾ ਹੀ ਸਮਾਂ ਬਾਬਾ ਤੇਗ ਬਹਾਦਰ ਜੀ ਦਾ ਆਉਣ ਵਾਲੀਆਂ ਸਫ਼ਲ ਯੋਜਨਾਵਾਂ ਬਨਾਣ ਵਿਚ ਤੇਜ਼ੀ ਨਾਲ ਲੰਘਦਾ ਚਲਾ ਗਿਆ । ਆਪ ਜੀ ਨੇ ਸਿਖਾਂ ਨੂੰ ਸ਼ਸਤਰ ਵਿਦਿਆ ਸਿਖਲਾਣੀ, ਸ਼ਸਤਰ ਤਿਆਰ ਕਰਵਾਣੇ, ਘੋੜ ਸਵਾਰੀ ਵਿਚ ਮਾਹਿਰ ਬਨਾਣਾ, ਗੁਰੂ ਚਰਨਾਂ ਤੋਂ ਫੌਜੀਆਂ ਦਾ ਆਪਾ ਵਾਰਨ ਦੀ ਸਿਖਿਆ ਦੇਣਾ, ਆਦਿ, ਆਪ ਇਸ ਕਦਰ ਕਠਨ ਸੇਵਾਵਾਂ ਸੰਭਾਲੀ ਬੈਠੇ ਸਨ ਕਿ ਆਪ ਨੇ ਬਾਬਾ ਬਕਾਲਾ ਨੂੰ ਮਾਨੋਂ ਇਕ (ਅੱਜ ਦੀ ਫੌਜੀ ਭਾਸ਼ਾ ਵਿਚ) ਨਾਨ-ਫੈਮਲੀ ਸਟੇਸ਼ਨ ਬਣਾ ਕੇ ਰਖ ਦਿਤਾ ਸੀ।

ਇਹ ਸਭ ਜਾਣਦੇ ਹੀ ਹਨ ਕਿ ਗੁਰੂ ਹਰਿ ਰਾਇ ਸਾਹਿਬ ਦੀ ਅੜਦਲ ਵਿਚ ਹਰ ਸਮੇਂ ੨੨੦੦ ਘੋੜ ਸਵਾਰ ਹਾਜ਼ਰ ਰਹਿੰਦੇ ਸਨ । ਇਹ ਰਿਕਰੂਟਮੈਂਟ ਕੌਣ ਕਰਦਾ ਸੀ ਤੇ ਇਹ ਜਵਾਨ ਪੈਦਾ ਕਿਥੋਂ ਹੋ ਰਹੇ ਸਨ ? ਏਧਰ ਅਸਾਂ ਕਦੇ ਧਿਆਨ ਦੇਣ ਦਾ ਮਨ ਹੀ ਨਹੀਂ ਬਣਾਇਆ। ਇਹ ਸਭ ਫੌਜੀ ਜਵਾਨ ਬਾਬਾ ਤੇਗ ਬਹਾਦਰ ਸਾਹਿਬ ਦੀ ਟਕਸਾਲ ਦੀ ਪੈਦਾਵਾਰ ਸਨ, ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੇ ਹਥੀਂ ਪਕੇ ਲੰਗਰ ਦੇ ਪ੍ਰਸ਼ਾਦੇ ਛਕ ਸੰਤ-ਸਿਪਾਹੀ ਬਣ ਨਿਕਲਦੇ ਆ ਰਹੇ ਸਨ ।

ਮਾਤਾ ਗੁਜਰੀ ਜੀ ਬਹੁਤ ਹੀ ਭਾਗਾਂ ਵਾਲੇ ਸਨ ਜਿਨ੍ਹਾਂ ਨੂੰ ਮੀਰੀ-ਪੀਰੀ ਦੇ ਮਾਲਕ ਜੈਸਾ ਸੌਹਰਾ, ਮਾਤਾ ਨਾਨਕੀ ਜੈਸੀ ਸੱਸ ਅਤੇ ਬਾਬਾ ਤੇਗ ਬਹਾਦਰ ਜੀ ਜੈਸਾ ਸੰਤ-ਸੁਭਾ ਹਿੰਦ ਦਾ ਰਾਖਾ ਪਤੀ ਮਿਲਿਆ ।

ਗੁਰ-ਗੱਦੀ ਤੇ ਬਰਾਜਮਾਨ ਹੋਣ ਦੇ ਛੇਤੀ ਹੀ ਮਗਰੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਦਿ-ਗੁਰੂ ਬਾਬਾ ਨਾਨਕ ਜੀ ਅਤੇ ਆਪਣੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਦਾ ਰਾਹ ਫੜ ਲਿਆ ਤੇ ਦੁਖੀਆਂ ਦੇ ਦਰਦ ਵੰਡਾਣ ਆਸਾਮ ਤਕ ਦਾ ਦੌਰਾ ਸ਼ੁਰੂ ਕਰ ਦਿਤਾ।

ਮਾਤਾ ਗੁਜਰੀ ਜੀ ਉਨ੍ਹਾਂ ਦਿਨਾਂ ਵਿਚ ਗਰਭਵਤੀ ਸਨ ਤੇ ਆਪ, ਮਾਤਾ ਨਾਨਕੀ ਜੀ, ਅਤੇ ਭਾਈ ਕਿਰਪਾਲ ਜੀ ਭੀ ਆਪ ਜੀ ਦੇ ਨਾਲ ਲੰਬੇ ਸਫ਼ਰ ਤੇ ਨਿਕਲ ਤੁਰੇ ।

ਪਟਨਾ ਸਾਹਿਬ ਪੁਜ ਸੰਸਾਰ ਦੀ ਇਕ ਅਨੋਖੀ ਘਟਨਾ ਵੇਖਣ ਵਿਚ ਆਈ। ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਬਾਲਕ ਦੇ ਜਨਮ ਦੇ ਦਿਨ ਨੇੜੇ ਆ ਗਏ । ਬੇ-ਪ੍ਰਵਾਹ ਗੁਰੂ ਜੀ ਨੇ ਪਰਦੇਸ਼ ਵਿਚ ਆਪਣੀ ਪੂਜਾ ਮਾਤਾ ਨਾਨਕੀ ਜੀ ਦੀ ਦੇਖ ਰੇਖ ਹੇਠ ਮਾਤਾ ਗੁਜਰੀ ਜੀ ਨੂੰ ਛਡ ਆਪਣੇ ਮਿਸ਼ਨ ਨੂੰ ਪੂਰਾ ਕਰਨ ਨਿਡ੍ਰਤਾ ਨਾਲ ਚਾਲੇ ਪਾ ਗਏ । ਆਪ ਜੀ ਦੀ ਗ਼ੈਰ-ਹਾਜ਼ਰੀ ਵਿਚ ਬਾਲਾ ਪ੍ਰੀਤਮ ਦਾ ਪਟਨਾ ਸਾਹਿਬ ਵਿਖੇ ਹੀ ਅਵਤਾਰ ਧਾਰਨਾ ਹੋਇਆ ਅਤੇ ਨਾਵੇਂ ਪਾਤਸ਼ਾਹ ਬੱਚੇ ਦੇ ਪ੍ਰਕਾਸ਼ ਦੇ ਲਗ ਪਗ ਚਾਰ ਨਾਲ ਮਗਰੋਂ ਆਸਾਮ, ਬੰਗਾਲ ਤੇ ਉੜੀਸਾ ਦਾ ਦੌਰਾ ਕਰਦੇ ਹੋਏ ਪਟਨਾ ਸਾਹਿਬ ਵਾਪਸ ਆਏ ਤੇ ਪਹਿਲੀ ਤੇ ਆਖ਼ਰੀ ਵਾਰ ਕੁਝ ਦਿਨ ਪਟਨਾ ਸਾਹਿਬ, ਸਾਹਿਬਜ਼ਾਦੇ ਦੇ ਦਰਸ਼ਨ ਕਰ ਤੇ ਉਹਨੂੰ ਮਾਤਾ ਜੀ, ਦਾਦੀ ਜੀ ਤੇ ਮਾਮਾ ਕਿਰਪਾਲ ਜੀ ਨੂੰ ਸੌਂਪ ਤੇ ਅਕਾਲ ਪੁਰਖ ਦੀ ਰਹਿਮਤ ਦੇ ਹਵਾਲੇ ਕਰ, ਜ਼ਾਲਮ ਔਰੰਗਜ਼ੇਬ ਦੇ ਭਾਰੀ ਜ਼ੁਲਮਾਂ ਦਾ ਮੁਕਾਬਲਾ ਕਰਨ ਪੰਜਾਬ ਵਲ ਸ਼ਾਂਤ-ਚਿਤ-ਅਡੋਲ ਮੁੜ ਪਏ । ਇਹ ਉਹ ਸਮਾਂ ਸੀ ਜਦ ਮਾਤਾ ਗੁਜਰੀ ਜੀ ਲਈ ਕਠਨ ਪ੍ਰੀਖਿਆ ਦੇ ਦਿਨ ਕਹੇ ਜਾ ਸਕਦੇ ਹਨ । ਗੁਰੂ ਤੇਗ ਬਹਾਦਰ ਜੀ ਜੈਸਾ ਨਿਰ-ਮੋਹ ਪਿਤਾ ਸੰਸਾਰ ਨੂੰ ਢੂੰਡਿਆਂ ਨਹੀਂ ਮਿਲੇਗਾ।

ਗੁਰੂ ਤੇਗ ਬਹਾਦਰ ਸਾਹਿਬ ਪੰਜਾਬ ਪਹੁੰਚ ਗਏ । ਕਸ਼ਮੀਰੀ ਪੰਡਤਾਂ ਦਾ ਫਰਿਯਾਦੀ ਡੈਪੂਟੇਸ਼ਨ ਭੀ ਆਪ ਜੀ ਨੂੰ ਆਨੰਦਪੁਰ ਸਾਹਿਬ ਮਿਲ ਗਿਆ । ਜੰਝੂ-ਟਿਕੇ ਦੇ ਰਾਖੇ ਨੇ ਆਨੰਦਪੁਰ ਸਾਹਿਬ ਤੋਂ ਔਰੰਗਜ਼ੇਬ ਦੀ ਤਲਵਾਰ ਦੀ ਪਿਆਸ ਮੱਠੀ ਕਰਨ ਹਿਤ ਦਿੱਲੀ ਨੂੰ ਚਾਲੇ ਵੀ ਪਾ ਦਿਤੇ ਪਰ ਆਪ ਜੀ ਨੇ ਆਪਣਾ ਸਾਰਾ ਪ੍ਰੋਗ੍ਰਾਮ ਮਾਤਾ ਨਾਨਕੀ ਜੀ, ਪਤਨੀ ਗੁਜਰੀ ਜੀ ਅਤੇ ਭਾਈ ਕ੍ਰਿਪਾਲ ਜੀ ਨੂੰ ਜ਼ਾਹਿਰ ਨਹੀਂ ਹੋਣ ਦਿਤਾ ।

ਦਿੱਲੀ ਦੇ ਨੇੜੇ ਆ ਕੇ ਜਦ ਆਪ ਜੀ ਨੇ ਆਪਣਾ ਰਾਹ ਬਦਲ ਕੇ ਆਗਰੇ ਵਲ ਮੁਖ ਕੀਤਾ ਤਾਂ ਮੁਗ਼ਲ ਬਾਦਸ਼ਾਹ ਨੇ ਆਪ ਦੇ ਪਿਛੇ ਆਪ ਜੀ ਦੀ ਢੂੰਡ ਲਈ ਸਿਪਾਹੀ ਭੇਜ ਦਿਤੇ । ਜਦ ਗੁਰੂ ਜੀ ਨੇ ਆਪਣੀ ਗ੍ਰਿਫਤਾਰੀ ਆਗਰੇ ਵਿਚ ਦਿਤੀ ਤਾਂ ਓਥੋਂ ਦੋ ਜਹਾਨ ਵਾਲੀ, ਸੱਚੇ ਪਾਤਸ਼ਾਹ, ਰਿਧੀਆਂ ਸਿਧੀਆਂ ਦੇ ਮਾਲਕ ਨੇ ਆਪਣੇ ਪ੍ਰਵਾਰ ਨੂੰ ਪਟਨਾ ਸਾਹਿਬ ਵਿਖੇ ਹੁਕਨਾਮਾ ਭੇਜਿਆ ਕਿ ਉਹ ਆਨੰਦਪੁਰ ਸਾਹਿਬ ਛੇਤੀ ਪੁਜ ਜਾਣ । ਇਹ ਉਹ ਸਮਾਂ ਸੀ ਜਦ ਮਾਤਾ ਗੁਜਰੀ ਜੀ ਆਪਣੇ ਸਾਹਿਬਜ਼ਾਦੇ ਨੂੰ ਬੜੀ ਹਿੰਮਤ ਨਾਲ ਗੁਰ-ਮੂਰਤੀ ਵਿਚ ਸਫਲਤਾ ਸਹਿਤ ਢਾਲ ਰਹੇ ਸਨ।

ਕਾਸਿਦ ਜੋ ਹਜ਼ੂਰ ਦਾ ਹੁਕਮਨਾਮਾ ਲੈ ਕੇ ਪਟਨਾ ਸਹਿਬ ਪੁਜਾ ਹੋਵੇਗਾ ਓਸ ਆਗਰੇ ਵਿਚ ਵਾਪਰੀ ਘਟਨਾ ਤੋਂ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਨੂੰ ਸਾਰੇ ਹਾਲਾਤ ਤੋਂ ਨਿਸਚੇ ਹੀ ਜਾਣੂੰ ਕਰਵਾਇਆ ਹੋਵੇਗਾ । ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਦਾ ਲੰਬਾ ਸਫ਼ਰ ਨੂੰਹ-ਸੱਸ, ਬਾਲਾ ਪ੍ਰੀਤਮ ਤੇ ਉਨ੍ਹਾਂ ਦੇ ਮਾਮਾ ਕਿਰਪਾਲ ਜੀ ਨੇ ਜਿਸ ਹਿੰਮਤ, ਸਬਰ, ਤੇ ਇਸਤਕਲਾਲ ਨਾਲ ਘੋੜੀਆਂ ਤੇ ਬੈਠ ਕਟਿਆ ਹੋਵੇਗਾ, ਉਸ ਦਾ ਅੰਦਾਜ਼ਾ ਲਗਾਣਾ ਅਸੰਭਵ ਹੀ ਕਿਹਾ ਜਾ ਸਕਦਾ ਹੈ ।

ਦਿੱਲੀ ਤੋਂ ਆਨੰਦਪੁਰ ਸਾਹਿਬ ਵੀ ਨਿਤ ਦਾ ਸਿਖਾਂ ਦਾ ਤਾਣਾ ਬੱਝਾ ਹੋਇਆ ਸੀ। ਭਾਈ ਦਯਾਲਾ ਜੀ ਦੀ ਸ਼ਹੀਦੀ ਦੀ ਖ਼ਬਰ ਨੇ ਪਹਿਲਾਂ ਗੁਰੂ ਪ੍ਰਵਾਰ ਵਿਚ ਬੇਚੈਨੀ ਪੈਦਾ ਕੀਤੀ ਹੋਵੇਗੀ, ਫੇਰ ਭਾਈ ਮਤੀਦਾਸ ਜੀ ਦੀ ਸ਼ਹੀਦੀ ਨੇ ਕੀ ਸਨਾਟਾ ਲੈ ਆਂਦਾ ਹੋਵੇਗਾ ਅਤੇ ਜਦ ਗੁਰੂ ਤੇਗ ਬਹਾਦਰ, ਹਿੰਦ ਦੀ ਚਾਦਰ, ਦਾ ਸੀਸ ਮਾਤਾ ਨਾਨਕੀ ਜੀ ਦੀ ਝੋਲੀ ਵਿਚ ਆ ਕੇ ਰਖਿਆ ਗਿਆ ਹੋਵੇਗਾ ਤਾਂ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਉਤੇ ਕੀ ਗੁਜ਼ਰੀ ਹੋਵੇਗੀ, ਉਹ ਕਿਹੜੀ ਕਲਮ ਹੈ ਜੋ ਬਿਆਨ ਕਰ ਸਕੇ । ਮੈਂ ਬਾਲਾ ਪ੍ਰੀਤਮ ਨੂੰ ਏਸ ਦਰਦਨਾਕ ਸੀਨ ਤੋਂ ਅਜੇ ਇਕ ਪਾਸੇ ਰਖਣਾ ਚਾਹੁੰਦਾ ਹਾਂ ਕਿਉਂਕਿ ਆਪ ਜਮਾਂਦਰੂ ਪੂਰਨ ਅਵਤਾਰ ਸਨ, ਮੁਗ਼ਲ ਹਕੂਮਤ ਦਾ ਕਹਿਰ ਆਪ ਤੇ ਮਲਾਲ ਨਹੀਂ ਸੀ ਲਿਆ ਸਕਦਾ, ਹਾਂ, ਜਲਾਲ ਜ਼ਰੂਰ ਪੈਦਾ ਕਰ ਸਕਦਾ ਸੀ । ਮਾਤਾ ਨਾਨਕੀ ਜੀ ਵਿੱਚ ਗੁਰੂ-ਮਾਤਾ ਅਤੇ ਗੁਰੂ-ਪਤਨੀ ਹੋਣ ਦੇ ਨਾਤੇ ਭਾਣੇ ਵਿਚ ਰਹਿਣ ਦੀ ਸ਼ਕਤੀ ਸੀ ਪਰ ਮਾਤਾ ਗੁਜਰੀ ਜੀ ਨੇ ਜੋ ਹੌਂਸਲਾ ਇਸ ਅਤਿ ਦਰਦਨਾਕ ਅਸਵਰ ਤੇ ਵਿਖਾਇਆ ਉਸ ਦੀ ਜਿਨੀ ਵੀ ਪਰਸੰਸਾ ਕੀਤੀ ਜਾ ਸਕੇ ਥੋੜੀ ਹੈ ।

ਨੌ ਸਾਲਾਂ ਦੇ ਬਾਲਾ ਪ੍ਰੀਤਮ ਨੇ ਪਿਤਾ ਜੀ ਦੇ ਸੀਸ ਅਗੇ ਨਮਸਕਾਰ ਕਰਦੇ ਹੋਏ ਮਾਤਾ ਗੁਜਰੀ ਜੀ ਅਤੇ ਸਮੂੰਹ ਪ੍ਰਵਾਰ ਨੂੰ ਅਤੇ ਸਿੱਖ ਸੰਗਤਾਂ ਨੂੰ ਬਜ਼ੁਰਗਾਂ ਵਾਂਗ ਹੌਂਸਲਾ ਦੇਂਦੇ ਹੋਏ ਫਰਮਾਇਆ ਕਿ ਇਹ ਪਿਤਾ ਜੀ ਦਾ ਸੀਸ ਸਾਨੂੰ ਏਥੇ ਕੇਵਲ ਸ਼ਹੀਦੀਆਂ ਦੇਣ ਦੀਆਂ ਤਿਆਰੀਆਂ ਦਾ ਸੰਦੇਸ਼ ਲੈ ਕੇ ਆਇਆ ਹੈ । ਸਾਨੂੰ ਵਡੀ ਤੋਂ ਵਡੀ ਕੁਰਬਾਨੀ ਧਰਮ ਰਖਿਆ ਲਈ ਕਰਨ ਹਿਤ ਅੱਜ ਤੋਂ ਹੀ ਕਮਰ ਕਸੇ ਕਰਨੇ ਹੋਣਗੇ । ਦਸਮੇਸ ਪਿਤਾ ਜੀ ਦੇ ਉਸ ਮੌਕੇ ਦੀ ਮਨ ਦੀ ਅਵਸਥਾ ਨੂੰ ਬਕੌਲ ਗੁਰੂ ਜੀ ਦੇ ਐਉਂ ਵਰਨਣ ਕੀਤਾ ਹੈ :

ਜਬ ਥੇ ਮਾਤ ਕੇ ਉਧਰ ਮੇਂ
ਤਬ ਰਾਖਾ ਥਾ ਜੋਇ।
ਅਬ ਤੋ ਭਏ ਨੌਂ ਸਾਲ ਕੇ,
ਕਿਉਂ ਨਾਂ ਸਹਾਈ ਹੋਇ ।

ਇਹ ਤਾਂ ਸਾਰਾ ਜਗ ਮੰਨ ਚੁਕਾ ਹੈ ਕਿ ਸਰਬੰਸ ਦਾਨੀ ਗੁਰੂ ਕਲਗੀਧਰ ਜੈਸਾ ਆਪਟੀਮਿਸਟਿਕ ਪੈਗੰਬਰ ਨਾ ਹੋਇਆ ਹੈ ਨਾਂ ਹੋਣਾ ਹੈ । ਇਹੋ ਕਾਰਨ ਹੈ ਕਿ ਮੈਂ ਐਸੇ ਅਤਿ ਦੁਖਾਂਤ ਭਰੇ ਹਾਲਾਤ ਵਿਚ ਵਧੇਰੇ ਕਰਕੇ ਮਾਤਾ ਗੁਜਰੀ ਜੀ ਨੂੰ ਸਾਹਮਣੇ ਰਖ ਰਿਹਾ ਹਾਂ । ਭਾਈ ਮੁਨਸ਼ੀ ਰਾਮ ਜੀ ‘ਹਸਰਤ' ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿਤ੍ਰ ਸੀਸ ਦੇ ਆਨੰਦਪੁਰ ਸਾਹਿਬ ਪੁਜਨ ਦੇ ਨਜ਼ਾਰੇ ਦੀ ਐਉਂ ਫਿਲਮ ਪੇਸ਼ ਕੀਤੀ ਹੈ ?

ਸੀਨਾ ਤਾਣ ਕੇ ਚਾਂਦਨੀ ਚੌਕ ਵਿਚੋਂ,
ਮਿਥੇ ਰਾਹੀਂ ਸੂਰੇ ਦਬਾ ਦਬ ਚਲੇ ।
ਬਣਿਆ ਰੱਬ ਰਾਖਾ, ਕੀਤੀ ਰੱਬ ਰਹਿਮਤ,
ਲਾਇਆ ਰੱਬ ਸਬੱਬ, ਲੈ ਰੱਬ ਚਲੇ ।
ਕੁਝ ਰਿੱਧੀਆਂ ਸਿਧੀਆਂ ਨਾਲ ਤੁਰੀਆਂ,
ਗੁਰਮਖ ਲੈ ਜਦ ਆਪਣਾ ਪ੍ਰਭ ਚਲੇ ।
ਲੈ ਕੇ ਜੋਤ ਨੂਰੀ, ਤੁਰਤ ਫੁਰਤ ਚਲੇ,
ਰਾਤ ਦਿਨ ਚਲੇ, ਝਬਾ ਝਬ ਚਲੇ ।
ਜੈ ਜੈ ਕਾਰ ਹੋਈ ਸੁਰਲੋਕ ਅੰਦਰ,
ਮਾਤਾ ਪੁੱਤ ਦੀ ਜਦੋਂ ਦਸਤਾਰ ਚੁੰਮੀ।
ਕੰਬੀ ਧਰਤ ਜਦੋਂ ਗੁਰ ਬਦਨਾਂ ਕਰ,
ਕਲਗੀਧਰ ਦਾਤਾਰ ਤਲਵਾਰ ਚੁੰਮੀ।
ਪਾਈ ਦੋਹਾਂ ਜੋਤਾਂ ਜਦੋਂ ਗਲਵਕੜੀ,
ਕੁਦਰਤ ਦੋਹਾਂ ਦੀ ਨੂਰੀ ਨੁਹਾਰ ਚੁੰਮੀ ।

ਮਾਤਾ ਗੁਜਰੀ ਜੀ ਦੇ ਜੀਵਨ ਵਿਚ ਇਹ ਪਹਿਲੀ ਭਾਰੀ ਸਟ ਸੀ । ੧੬੭੫ ਈਸਵੀ ਦਾ ਸਾਲ ਮਾਤਾ ਜੀ ਨੂੰ ਗੁਰੂ-ਪਤੀ ਤੋਂ ਵਿਛੋੜ ਗਿਆ। ਉਹਨੂੰ ਐਉਂ ਮਹਿਸੂਸ ਹੋਇਆ ਕਿ ਸ਼ਾਇਦ ਇਸ ਮਾਤਮੀ ਘੜੀ ਦੀ ਤਿਆਰੀ ਲਈ ਗੁਰੂ ਨਾਂਵੇਂ ਪਾਤਸ਼ਾਹ ਉਹਦੇ ਦਿਲ ਨੂੰ ਮਜ਼ਬੂਤ ਬਨਾਣ ਲਈ ਵਿਅਮ ਦੇ ਦਿਨਾਂ ਵਿਚ ਉਹਨੂੰ ਪਟਨਾ ਸਾਹਿਬ ਪਰਦੇਸ਼ ਵਿਚ ਛਡ ਗਏ ਸਨ ਜਿਥੇ ਨਾਂ ਕਿਸੇ ਦੀ ਜਾਣ ਨਾ ਪਛਾਣ, ਨਾਂ ਬੋਲੀ ਦੀ ਸਾਂਝ ਨਾਂ ਸਾਂਝ ਰੋਟੀ-ਪਾਣੀ ਦੀ । ਮਾਤਾ ਗੁਜਰੀ ਜੀ ਨੂੰ ਉਹ ਘੜੀ ਭੀ ਚੇਤੇ ਆਈ ਜੋ ਦੂਰ ਪੂਰਬ ਦੇਸ਼ਾਂ ਤੋਂ ਵਾਪਸੀ ਸਮੇਂ ਧਰਮ ਰਖਿਅਕ ਗੁਰੂ ਜੀ ਕੇਵਲ ਪਰੌਹਣਿਆਂ ਵਾਂਗ ਦੋ ਚਾਰ ਦਿਨ ਪਟਨਾ ਸਾਹਿਬ ਠਹਿਰ ਮੌਤ ਵਿਹਾਜਨ ਪੰਜਾਬ ਨੂੰ ਤੁਰ ਪਏ ਸਨ । ਮਾਤਾ ਗੁਜਰੀ ਜੀ ਲਗ ਪਗ ਨੌਂ ਸਾਲ ਦਾ ਪਤੀ ਤੋਂ ਵਿਛੋੜਾ ਇਹ ਸ਼ਹੀਦੀ ਦਿਨ ਦੇ ਗ਼ਮ ਨੂੰ ਬਰਦਾਸ਼ਤ ਕਰਨ ਵਿਚ ਬਹੁਤ ਹੀ ਸਹਾਈ ਹੋਇਆ ਤੇ ਮਾਤਾ ਜੀ ਨੇ ਭਾਣੇ ਨੂੰ ਮਿੱਠਾ ਮੰਨ ਆਪਣੇ ਬਾਲਾ ਪ੍ਰੀਤਮ ਦੇ ਸਿਰ ਤੇ ਆ ਪਏ ਭਾਰੀ ਭਾਰ ਨੂੰ ਵੰਡਾਣ ਵਿਚ ਬੜੀ ਬਹਾਦਰੀ ਤੇ ਹਿੰਮਤ ਨਾਲ ਆਪਣਾ ਲੱਕ ਬੰਨ੍ਹ ਲਿਆ ।

ਆਪ ਦੀ ਪਿੱਠ ਉਤੇ ਮਾਤਾ ਨਾਨਕੀ ਜੀ ਦਾ ਹੀ ਭਾਗੀ ਭਰੇ ਹੱਥ ਦਾ ਸਹਾਰਾ ਸੀ ਪਰ ਉਹ ਭੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਤਿੰਨ ਸਾਲ ਮਗਰੋਂ ਉਠ ਗਿਆ । ਆਪ ੧੬੭੮ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਦੇ ਚਰਨਾ ਵਿਚ ਜਾ ਪੁਜੇ ।

ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਤੇ ਬਰਾਜਮਾਨ ਹੁੰਦਿਆਂ ਹੀ ਆਪਣੇ ਪੂਜ ਬਾਬਾ ਜੀ, ਗੁਰੂ ਹਰਿ ਗੋਬਿੰਦ ਸਾਹਿਬ ਦੇ ਪਾਏ ਪੂਰਨਿਆਂ ਤੇ ਚਲਨਾ ਸ਼ੁਰੂ ਕਰ ਦਿਤਾ । ਆਪਣੇ ਪਿਤਾ ਜੀ ਦੇ ਤਿਆਰ ਬਰ ਤਿਆਰ ਫ਼ੌਜੀ ਜਵਾਨ ਆਨੰਦਪੁਰ ਸਾਹਿਬ ਬੁਲਾ ਲਏ। ਆਪ ਰੋਜ਼ ਘੋੜ ਸਵਾਰੀ ਕਰਦੇ, ਸ਼ਿਕਾਰ ਖੇਲ੍ਹਣ ਜਾਂਦੇ ਤੇ ਦੀਵਾਨ ਵਿਚ ਬੈਠ ਸੰਗਤਾਂ ਨੂੰ ਨਾਮ ਦਾਨ ਦੀ ਬਖਸ਼ਿਸ਼ ਕਰਦੇ ।

ਜਵਾਨੀ ਚੜ੍ਹਦੇ ਹੀ ਮਾਤਾ ਗੁਜਰੀ ਜੀ ਨੇ ਲਾਹੌਰ ਦੇ ਭਾਈ ਰਾਮ ਸਰਨ ਜੀ ਦੀ ਸਪੁਤ੍ਰੀ ਬੀਬੀ ਸੁੰਦਰੀ ਜੀ ਨਾਲ ਆਪਣੇ ਨੌਂ ਨਿਹਾਲ ਦੀ ਸ਼ਾਦੀ ਕਰ ਦਿਤੀ ਅਤੇ ਘਰ ਵਿਚ ਰੌਣਕਾਂ ਲਗ ਗਈਆਂ ।

ਮਾਤਾ ਗੁਜਰੀ ਜੀ ਦੀ ਉਸ ਸਮੇਂ ਖੁਸ਼ੀ ਵੇਖਣ ਵਾਲੀ ਸੀ ਜਦ ਆਪ ਨੇ ਆਪਣੀ ਗੋਦ ਵਿਚ ਪਾ ਕੇ ਚਾਰ ਪੋਤਿਆਂ ਨੂੰ ਲਾਡ ਲਡਾਏ ।

ਮਾਤਾ ਗੁਜਰੀ ਜੀ ਨੇ ਜਿਵੇਂ ਆਪਣੇ ਸਾਹਿਬਜ਼ਾਦੇ ਨੂੰ ਬੱਚਪਨ ਤੋਂ ਹੀ ਕੁਰਬਾਨੀ ਦੀ ਸਿਖਿਆ ਦੇਣੀ ਸ਼ੁਰੂ ਕੀਤੀ, ਜਦ ਆਪ ਅਜੇ ਹੌਲੇ ਹੌਲੇ ਤੁਰਨਾ ਸਿਖੇ ਸਨ, ਜਦ ਆਪ ਨੇ ਆਪਣੇ ਸੋਨੇ ਦੇ ਕੜੇ ਲਾਹ ਕੇ ਜਮਨਾ ਵਿਚ ਵਗਾਹ ਮਾਰੇ ਸਨ ਤਾਂ ਮਾਤਾ ਜੀ ਨੇ ਆਪਣੇ ਬੱਚੇ ਦੇ ਆ ਰਹੇ ਕੁਰਬਾਨੀ ਦੇ ਦਿਨ ਸਮਝ ਸਾਹਿਬਜ਼ਾਦੇ ਨੂੰ ਗੁੱਸੇ ਹੋਣ ਦੀ ਥਾਂ ਹਿਕ ਨਾਲ ਲਾ ਪਿਆਰ ਕੀਤਾ ਸੀ ਅਤੇ ਉਹਦਾ ਹੋਰ ਦਿਲ ਵਧਾਇਆ ਸੀ ਕਿ ਇਹ ਦੁਨਿਆਵੀ ਪਦਾਰਥ ਗੁਰੂ ਘਰ ਵਿਚ ਕੌਡੀ ਮੁਲ ਨਹੀਂ ਰਖਦੇ ।

ਪਿਤਾ ਜੀ ਦਾ ਭਾਵੇਂ ਸਾਹਿਬਜ਼ਾਦੇ ਨੂੰ ਪਿਆਰ ਮਿਲ ਨਾਂ ਸਕਿਆ ਪਰ ਮਾਤਾ ਜੀ ਨੇ ਦਾਦੀ-ਮਾਂ ਜੀ ਨੇ ਤੇ ਮਾਮਾ ਕ੍ਰਿਪਾਲ ਜੀ ਨੇ ਬਾਲਾ ਪ੍ਰੀਤਮ ਜੀ ਦੀ ਐਸੀ ਪਾਲਨਾ ਪੋਸਨਾ ਕੀਤੀ ਸੀ ਅਤੇ ਬਚਪਨ ਤੋਂ ਹੀ ਬਾਣੀ ਨਾਲ ਉਸ ਨੂੰ ਜੋੜ ਦਿਤਾ ਕਿ ਦਸਮੇਸ ਜੀ ਨੇ ਗੁਰੂ ਨਾਨਕ ਦੀ ਗੱਦੀ ਦੀਆਂ ਪੂਰੀਆ ਜ਼ੁਮੇਵਾਰੀਆਂ ਨੂੰ ਪੂਰੀ ਯੋਗਤਾ ਨਾਲ ਸੰਭਾਲ ਲਿਆ।

ਬਦਲਦੇ ਹਾਲਾਤ ਮੁਤਾਬਕ ਮਾਤਾ ਗੁਜਰੀ ਜੀ ਨੂੰ ਜ਼ਮਾਨੇ ਦੇ ਕਈ ਰੰਗ ਵੇਖਣੇ ਪਏ। ਪਹਾੜੀ ਰਾਜਿਆਂ ਦਾ ਵੈਰ ਵਿਰੋਧ ਭੀ ਆਪ ਨੇ ਵੇਖਿਆ, ਭੰਗਾਨੀ ਦੇ ਯੁਧ ਦੇ ਨਜ਼ਾਰੇ ਭੀ ਆਪਣੇ ਅੱਖੀਂ ਵੇਖੇ ਅਤੇ ਅੰਤ ੧੬੯੯ ਦਾ ਅੰਮ੍ਰਿਤ ਪ੍ਰਚਾਰ ਵੀ, ਜਦ ਮਰਦ ਅੰਗਮੜੇ ਨੇ ਪਾਣੀ ਦੇ ਬੁਲਬਲੇ ਵਿਚ ਤੂਫਾਨ ਪੈਦਾ ਕਰ ਦਿਤਾ ।

ਸਿਖ ਇਤਿਹਾਸ ਵਿਚ ਅੰਮ੍ਰਿਤ ਪ੍ਰਚਾਰ ਦੀ ਇਤਿਹਾਸਿਕ ਰਮਮ ਮਾਤਾ ਗੁਜਰੀ ਜੀ ਨਾਲ ਜੁੜੀ ਪਈ ਹੈ। ਗੁਰੂ-ਨਾਨਕ ਸਾਹਿਬ ਦੇ ਘਰ ਇਸਤ੍ਰੀ ਨੂੰ ਮਰਦ ਤੋਂ ਬਹੁਤ ਉਚਾ ਦਰਜਾ ਦਿਤਾ ਗਿਆ ਹੈ। ਜਦ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਤਾਂ ਅੰਮ੍ਰਿਤ ਛਕਾਣ ਤੋਂ ਪਹਿਲਾਂ ਆਪਣੀ ਪੂਜ1 ਮਾਤਾ ਜੀ ਨੂੰ ਆਪ ਦੇ ਸਤਿਕਾਰ ਵਜੋਂ ਆਪ ਦੇ ਪਵਿਤ੍ਰ ਕਰ ਕੰਵਲਾਂ ਤਾਂ ਅੰਮ੍ਰਿਤ ਦੇ ਬਾਟੇ ਵਿਚ ਪਤਾਸ਼ੇ ਪਵਾਏ ਜਿਸ ਕਾਰਨ ਬੀਰਤਾ ਵਿਚ ਮਿਠਤ ਆ ਗਈ ਤੇ ਅੰਮ੍ਰਿਤਧਾਰੀ ਸੰਤ-ਸਿਪਾਹੀ ਜਗ ਵਿਚ ਉਜਾਗਰ ਹੋ ਗਿਆ ।

੧੬੯੯ ਮਗਰੋਂ ਕਹਿਰ ਤੇ ਕਹਿਰ ਵਰਤਣਾ ਸ਼ੁਰੂ ਹੋਇਆ। ਦਸਮੇਸ ਪਿਤਾ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛਡਣਾ ਪਿਆ, ਮਾਤਾ ਸੁੰਦਰੀ ਜੀ ਨੂੰ ਪਹਿਲਾਂ ਆਪ ਨੇ ਦਿੱਲੀ ਭੇਜ ਦਿੱਤਾ ਅਤੇ ਆਪ ਆਪਣੇ ਸਿੰਘਾਂ ਨਾਲ ਅਤੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨਾਲ ਚਮਕੌਰ ਸਾਹਿਬ ਨੂੰ ਜਾ ਰਹੇ ਸੀ ਤਾਂ ਰਾਹ ਵਿਚ ਸਰਸਾ ਨਦੀ ਕੰਢੇ ਆਪ ਤੋਂ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਵਿਛੜ ਗਏ ਅਤੇ ਗੰਗੂ ਬ੍ਰਹਮਣ ਜੋ ਆਪ ਦਾ ਰਸੋਈਆ ਸੀ, ਉਹ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਸਹਿਤ ਆਪਣੇ ਪਿੰਡ ਲੈ ਗਿਆ ਤੇ ਜਾ ਮੁਗਲਾਂ ਦੇ, ਬੇਵਫਾ ਮੁਲਾਜ਼ਮ ਨੇ, ਧੰਨ ਦੇ ਲਾਲਚ, ਹਵਾਲੇ ਕੀਤਾ।

ਮਾਤਾ ਗੁਜਰੀ ਜੀ ਨੂੰ ਜ਼ੁਲਮੀ ਹਨੇਰੀ ਨੇ ਜਗਤ ਦੇ ਸਾਹਮਣੇ ਮਹਾਨ ਪੈਗੰਬਰ ਦੇ ਰੂਪ ਵਿਚ ਦਰਸ਼ਣ ਕਰਨ ਦਾ ਅਨੋਖਾ ਪਰ ਦਿਲਚਸਪ ਮੌਕਾ ਦਿਤਾ । ਆਪ ਨੂੰ ਇਕ ਬੁਰਜ ਵਿਚ ਜ਼ਾਲਮਾਂ ਨੇ ਕੈਦ ਕਰ ਦਿਤਾ । ਬੁਰਜ ਵਿਚ ਦਾਦੀ-ਮਾਂ ਨੇ ਆਪਣੇ ਪੰਜ ਸਾਲ ਤੇ ਸਤ ਸਾਲ ਦੇ ਨਿਆਣੇ ਪੋਤਿਆਂ ਨੂੰ ਜਪੁਜੀ ਸਾਹਿਬ ਦੀ ਤੁਕ ਇਸ ਢੰਗ ਨਾਲ ਦ੍ਰਿੜ ਕਰਵਾਈ ਜੋ ਸ਼ਹੀਦੀ ਲਈ ਟਾਨਿਕ ਸਾਬਤ ਹੋਈ ਮਾਤਾ ਜੀ ਦਿਨ ਰਾਹ ਪੋਤਿਆਂ ਨੂੰ ਸਮਝਾਂਦੇ ।

ਨਾ ਓਹਿ ਮਰਹਿ ਨ ਠਾਗੇ ਜਾਹਿ ॥
ਜਿਨ ਕੈ ਰਾਮੁ ਵਸੈ ਮਨ ਮਾਹਿ॥

ਜਿਸ ਬੀਰਤਾ ਨਾਲ ਫਤਹ ਗੜ੍ਹ ਸਾਹਿਬ ਛੋਟੇ ਦੋਹਾਂ ਹੀ ਸਾਹਿਬਜ਼ਾਦਿਆਂ ਨੇ ਜ਼ਿੰਦਾ ਦੀਵਾਰਾਂ ਵਿਚ ਚਿਣ ਕੇ ਆਪਣੀ ਬੇਮਿਸਾਲ ਸ਼ਹੀਦੀ ਦਿਤੀ ਓਸੇ ਮਜ਼ਬੂਤ ਬੁਨਿਆਦ ਉਤੇ ਅਜ ਪੰਥ ਅਡੋਲ ਖੜਾ ਹੈ ਅਤੇ ਖੜਾ ਰਹੇਗਾ । ਇਹ ਭਾਣਾ ੧੩ ਪੋਹ ਸੰਮਤ ੧੭੬੧, ਸੰਨ ੧੭੦੪ ਈਸਵੀ ਨੂੰ ਵਰਤਿਆ ਅਤੇ ਏਸੇ ਦਿਨ ਬਿਰਧ ਮਾਤਾ ਗੁਜਰੀ ਜੀ ਨੂੰ ਬੁਰਜ ਤੋਂ ਹੇਠਾਂ ਸੁਟ ਬੇਰਹਿਮੀ ਨਾਲ ਸ਼ਹੀਦ ਕਰ ਦਿਤਾ ਅਤੇ ਇਹ ਦੁਖਾਂਤ ਖ਼ਬਰ ਅੰਮ੍ਰਿਤ ਦੇ ਦਾਤੇ ਨੂੰ ਮਾਛੀਵਾੜੇ ਦੇ ਜੰਗਲ ਵਿਚ ਮਿਲੀ ਅਤੇ ਦੋ ਜਹਾਨ ਵਾਲੀ ਨੇ “ਅਮਾਨਤ ਅਦਾ ਹੋਈ'' ਉਚਾਰ ਵਾਹਿਗੁਰੂ ਦਾ ਸ਼ੁਕਰ ਕੀਤਾ ।

1 ਆਮ ।ਇਤਿਹਾਸਕਾਰਾਂ ਨੇ ਪਤਾਸਿਆਂ ਦਾ ਅੰਮ੍ਰਿਤ ਵਿਚ ਪਾਣਾ ਮਾਤਾ ਸੁੰਦਰੀ ਜੀ ਨੂੰ ਦਸਿਆ ਹੈ ਪਰ ਪੂਜ ਮਾਤਾ ਗੁਜਰੀ ਜੀ ਦੀ ਹਾਜ਼ਰੀ ਵਿਚ ਗੁਰੂ ਜੀ ਆਪਣੀ ਧਰਮ ਪਤਨੀ ਨੂੰ ਇਹ ਉਚ ਰਸਮ ਅਦਾ ਕਰਨਾ ਕਹਿਣਾ ਕਦ ਮੁਨਾਸਬ ਸਮਝਦੇ ਸਨ ਅਤੇ ਨਾਂ ਹੀ ਭਾਰਤੀ ਸਭਿਅਤਾ ਦੇ ਅਨਕੂਲ ਸੀ।

ਮਾਤਾ ਸੁੰਦਰੀ ਜੀ

ਸਿੱਖ ਇਤਿਹਾਸ ਵਿਚ ਪਤਾ ਨਹੀਂ ਲਗ ਸਕਿਆ ਕਿ ਗੁਰੂ ਹਰਿ ਗੋਬਿੰਦ ਸਾਹਿਬ ਦੀਆਂ ਦੋ ਸ਼ਾਦੀਆਂ, ਗੁਰੂ ਹਰਿ ਰਾਇ ਸਾਹਿਬ ਦੀਆਂ ਅੱਠ ਸ਼ਾਦੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਿੰਨ ਸ਼ਾਦੀਆਂ ਦਾ ਕਿਵੇਂ ਜ਼ਿਕਰ ਸ਼ੁਰੂ ਹੋਇਆ ਅਤੇ ਕਿਨ੍ਹਾਂ ਹਾਲਾਤ ਵਿਚ ਹੋਇਆ। ਮੈਂ ਆਪਣੀਆਂ ਪਹਿਲੀਆਂ ਗੁਰੂ-ਕਾਲ ਨਾਲ ਸੰਬੰਧਤ ਸਾਰੀਆਂ ਪੁਸਤਕਾਂ ਵਿਚ ਏਸ ਵਿਚਾਰਧਾਰਾ ਨੂੰ ਪ੍ਰਵਾਨ ਨਹੀਂ ਕੀਤਾ ਬਲਕਿ ਆਪਣੀ ਤੁੱਛ ਰਾਏ ਅਨੁਸਾਰ ਇਸ ਨੂੰ ਗੁਰ-ਮਾਰਗ ਦੇ ਵਿਰੁਧ ਦਸਿਆ ਹੈ ਅਤੇ ਇਕੋ ਇਕ ਸ਼ਾਦੀ ਤਸਲੀਮ ਕੀਤੀ ਹੈ ।

ਦਸਮੇਸ਼ ਪਿਤਾ ਜੀ ਦੀਆਂ ਤਿੰਨ ਸ਼ਾਦੀਆਂ ਦਾ ਭੀ ਮੈਂ ਜ਼ਿਕਰ ਵਿਸਥਾਰ ਸਹਿਤ ਆਪਣੀ ਪੁਸਤਕ "ਸਾਹਿਬੇ ਕਮਾਲ" ਵਿਚ ਕੀਤਾ ਹੈ ਤੇ ਦਸਿਆ ਹੈ ਕਿ ਦਸਮੇਸ਼ ਜੀ ਦੀ ਕੇਵਲ ਇਕੋ ਇਕ ਸ਼ਾਦੀ ਮਾਤਾ ਸੁੰਦਰੀ ਜੀ ਨਾਲ ਹੀ ਹੋਈ ਸੀ ਅਤੇ ਹਜ਼ੂਰ ਦੇ ਚਾਰੋਂ ਹੀ ਸਾਹਿਬਜ਼ਾਦੇ ਮਾਤਾ ਜੀ ਦੀ ਕੁੱਖ ਤੋਂ ਸਨ ।

ਮਾਤਾ ਜੀਤੋ ਜੀ ਲਾਹੌਰ ਦੇ ਭਾਈ ਹਰਜਸ ਦੀ ਸਪੁੱਤਰੀ ਸੀ ਅਤੇ ਦਸਮੇਸ਼ ਪਿਤਾ ਜੀ ਨੇ ਨਵਾਂ ਲਾਹੌਰ ਨਾਮ ਦਾ ਇਕ ਆਰਜ਼ੀ ਨਗਰ ਵਸਾ ਆਪਣੀ ਸ਼ਾਦੀ ਪੂਜ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਕਾਫੀ ਸਾਲ ਮਗਰੋਂ, ਭਰ ਜਵਾਨੀ ਵਿਚ ਆ ਕੇ ਕੀਤੀ ਅਤੇ ਮਾਤਾ ਗੁਜਰੀ ਜੀ ਦੇ ਵੇਹੜੇ ਨੂੰ ਖੁਸ਼ੀਆਂ ਨਾਲ ਭਰ ਦਿਤਾ । ਸ਼ਾਦੀ ਦੀਆਂ ਤਾਰੀਖਾਂ ਵਖ ਵਖ ਮਿਲਦੀਆਂ ਹਨ ਪਰ ੭ ਵਿਸਾਖ ੧੭੪੧ ਬਿਕਰਮੀ ਬਹੁਤ ਹਦ ਤਕ ਠੀਕ ਜਚਦੀ ਹੈ । ਨਵਾਂ ਲਾਹੌਰ ਵਸਾਣ ਬਾਰੇ ਭੀ ਦਸਮੇਸ਼ ਪਿਤਾ ਜੀ ਦੇ ਜੀਵਨ ਦੀ ਇਕ ਅਨੋਖੀ ਵਾਰਤਾ ਹੈ । ਆਪ ਨੇ ਸਤਲੁਜ ਪਾਰ ਜਾਣ ਦਾ ਪ੍ਰੋਗਰਾਮ ਮੁਢੋਂ ਹਟਾ ਰਖਿਆ ਸੀ ਅਤੇ ਆਪ ਨੇ ਆਪਣੇ ਫੈਸਲੇ ਤੇ ਪਹਿਰਾ ਦੇਂਦੇ ਹੋਏ ਸਤਲੁਜ ਦਰਿਯਾ ਕਦੇ ਨਹੀਂ ਟਪਿਆ । ਆਪ ਨਾਂ ਹੀ ਹੁਸ਼ਿਆਰਪੁਰ ਤਕ ਭਾਈ ਜੋਗਾ ਸਿੰਘ ਨੂੰ ਅਗੋਂ ਹੋ ਕੇ ਪਰਮਾਰਥ ਦੇ ਰਾਹ ਪਾਣ ਗਏ, ਨਾਂ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਅੰਮ੍ਰਿਤਸਰ ਜਾਂ ਨਣਕਾਣਾ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਣਾਂ ਨੂੰ ਗਏ । ਸਿੰਘ ਸਾਹਿਬ ਗਿਆਨੀ ਕਰਤਾਰ ਸਿੰਘ ਜੀ ਕਲਾਸਵਾਲੀਏ, ਸਾਬਕ ਹੈਡ ਗ੍ਰੰਥੀ ਹਰਿਮੰਦਰ ਸਾਹਿਬ, ਆਪਣੀ ਪ੍ਰਸਿਧ ਪੁਸਤਕ ਸ੍ਰੀ ਦੁਸ਼ਟ ਦਮਨ ਪ੍ਰਕਾਸ਼ ਵਿਚ ਉਪਰੋਕਤ ਫੈਸਲੇ ਬਾਰੇ ਐਉਂ ਲਿਖਦੇ ਹਨ :

ਕਿਹਾ ਸ੍ਰੀ ਦਸਮੇਸ਼ ਸੁਣਾ ਸਭ ਨੂੰ,
ਅਸੀਂ ਸਾਰਿਆਂ ਤਾਈਂ ਜਤਾਇ ਦਈਏ ।
ਲੰਘ ਪਾਰ ਸਤਲੁਜ ਤੋਂ ਜਾਵਣਾ ਨਹੀਂ,
ਹੈ ਹੁਕਮ ਕਰਤਾਰ ਲਖਾਇ ਦਈਏ ।
ਨਹੀਂ ਵਿਚ ਲਾਹੌਰ ਦੇ ਪੈਰ ਪਾਣਾ,
ਹੁਣੇ ਸਭ ਦਾ ਭਰਮ ਮਿਟਾਇ ਦਈਏ ।
ਤੁਸੀਂ ਸਣੇ ਪ੍ਰਵਾਰ ਦੇ ਆ ਜਾਣਾ,
ਅਸੀਂ ਨਵਾਂ ਲਾਹੌਰ ਵਸਾਇ ਦਈਏ ।
ਕਿਸੇ ਕਿਸਮ ਦੀ ਹੋਇ ਤਕਲੀਫ ਨਾਹੀਂ,
ਪੂਰੀ ਤੁਹਾਡੀ ਭੀ ਆਸ ਕਰਾਇ ਦਈਏ ।

ਸ਼ਾਦੀ ਦੀ ਰਸਮ ਗੁਰੂ ਗ੍ਰੰਥ ਸਾਹਿਬ ਨਾਲ ਲਾਵਾਂ ਫੇਰੇ ਲੈਣ ਦੀ ਗੁਰੂ ਹਰਿ ਗੋਬਿੰਦ ਸਾਹਿਬ ਨੇ ਹੀ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਤੋਂ ਸ਼ੁਰੂ ਕਰ ਰਖੀ ਸੀ ਤੇ ਨਵੇਂ ਲਾਹੌਰ ਵਿਚ ਦੋ ਜਹਾਨ ਵਾਲੀ ਦਸਮੇਸ਼ ਪਿਤਾ ਜੀ ਦੀ ਸ਼ਾਦੀ ਭੀ ਗੁਰ-ਮਰਯਾਦਾ ਅਨੁਕੂਲ ਹੋਈ ਅਤੇ ਬੀਬੀ ਜੀਤੋ ਜੀ ਦਾ ਰੂਪ ਵੇਖ ਮਾਤਾ ਗੁਜਰੀ ਜੀ ਨੇ ਆਪਣੀ ਪਿਆਰੀ ਨੂੰਹ ਦਾ ਨਾਮ ਸੁੰਦਰੀ ਰਖ ਦਿਤਾ । ਇਹ ਕੋਈ ਨਵੀਂ ਰੀਤ ਨਹੀਂ ਸੀ ਚਲਾਈ ਗਈ, ਉਸ ਸਮੇਂ ਭੀ ਅਤੇ ਹੁਣ ਤਕ ਲੜਕੀਆਂ ਦੇ ਪੇਕੇ ਤੇ ਸੌਹਰੇ ਦੇ ਦੋ ਨਾਮ ਆਮ ਮਿਲਦੇ ਹਨ । ਇਸ ਤੋਂ ਸਾਡੇ ਵਿਦਵਾਨ ਇਤਿਹਾਸਕਾਰਾਂ ਨੂੰ ਟਪਲਾ ਨਹੀਂ ਸੀ ਖਾਣਾ ਚਾਹੀਦਾ ।

ਸ਼ਾਦੀ ਦੇ ਦੋ ਸਾਲ ਮਗਰੋਂ ਬੀਬੀ ਸੁੰਦਰੀ ਜੀ ਮਾਤਾ ਬਣ ਗਏ ਤੇ ਆਪ ਜੀ ਦੀ ਕੁੱਖ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਦਾ ੧੭੪੩ ਬਿਕਰਮੀ ਵਿਚ ਜਨਮ ਹੋਇਆ। ਮਾਤਾ ਗੂਜਰੀ ਜੀ ਨੇ ਗੁਰੂ ਨਾਨਕ ਸਾਹਿਬ ਦਾ ਲਖ ਲਖ ਸ਼ੁਕਰ ਕੀਤਾ, ਮਹਿਲਾਂ ਵਿਚ ਸ਼ਹਿਨਾਈਆਂ ਵਜੀਆਂ, ਸਾਰਾ ਪ੍ਰਵਾਰ ਵਧਾਈਆਂ ਦੇਣ ਆਨੰਦਪੁਰ ਸਾਹਿਬ ਪੁੱਜ ਗਿਆ । ਸਿੱਖੀ ਮਹਿਲ ਦੀਆਂ ਨੀਹਾਂ ਮਜ਼ਬੂਤ ਕਰਨ ਲਈ ਵਾਹਿਗੁਰੂ ਨੇ ਸਮੇਂ ਸਮੇਂ ਚਾਰ ਸਾਹਿਬਜ਼ਾਦਿਆਂ ਨਾਲ ਆਪ ਦੀ ਗੋਦ ਨੂੰ ਮਾਲਾਮਾਲ ਕੀਤਾ ।

ਮਾਤਾ ਸੁੰਦਰੀ ਜੀ ਨੇ ਹਰ ਦੁੱਖ ਸੁੱਖ ਵਿਚ ਪਤੀ-ਪ੍ਰਮੇਸ਼ਵਰ ਦਾ ਸਾਥ ਦਿਤਾ। ਪਾਉਂਟਾ ਸਾਹਿਬ ਭੀ ਮਾਤਾ ਗੁਜਰੀ ਜੀ ਅਤੇ ਮਾਤਾ ਸੁੰਦਰੀ ਜੀ ਗੁਰੂ ਜੀ ਨਾਲ ਰਹੇ। ਭੰਗਾਨੀ ਦੇ ਯੁਧ ਦੇ ਨਜ਼ਾਰੇ ਭੀ ਇਨ੍ਹਾਂ ਅੱਖੀਂ ਵੇਖੇ ਤੇ ਪੀਰ ਬੁਧੂ ਸ਼ਾਹ ਦਾ ਅਥਾਹ ਪਿਆਰ ਤੇ ਸਿਦਕ ਵੀ ਆਪ ਨੇ ਅਖੀਂ ਡਿੱਠਾ ਤੇ ਅਖ਼ੀਰ ਕਿਲਾ ਆਨੰਦਪੁਰ ਸਾਹਿਬ ਦਾ ਛਡਣ ਤੋਂ ਪਹਿਲਾਂ ਮਾਤਾ ਸੁੰਦਰੀ ਜੀ ਨੂੰ ਦਿੱਲੀ ਭੇਜਨ ਦਾ ਜਦ ਸਮਾਂ ਆਇਆ ਤਾਂ ਆਪ ਨੇ ਗੁਰੂ ਜੀ ਦੇ ਦਿੱਲੀ ਦੇ ਪ੍ਰੋਗਰਾਮ ਨੂੰ ਸਿਰੇ ਚੜ੍ਹਾਣ ਲਈ ਜਿਸ ਬੁਰਦਬਾਰੀ ਨਾਲ ਵਿਛੋੜਾ ਪ੍ਰਵਾਨ ਕੀਤਾ ਉਹ ਭੀ ਧਨ ਮਾਤਾ ਸੁੰਦਰੀ ਜੀ ਦਾ ਹੀ ਜਿਗਰਾ ਸੀ। ਚਾਰੇ ਲਾਲ, ਬਿਰਧ ਸੱਸ ਤੇ ਗੁਰੂ ਜੀ ਨੂੰ ਮੁਗ਼ਲ ਫੌਜਾਂ ਵਿਚ ਘਿਰੇ ਛਡ, ਪਤੀ ਦੇ ਹੁਕਮ ਦੀ ਪਾਲਣਾ ਕਰਕੇ ਬੜੀ ਦਲੇਰੀ ਨਾਲ ਦਿੱਲੀ ਇਕੱਲਿਆਂ ਆ ਡੇਰੇ ਲਾਏ ਤੇ ਸਿੱਖ ਸੰਗਤਾਂ ਨੂੰ ਪੰਜਾਬ ਵਿਚ ਭਿਆਨਕ ਵਾਪਰ ਰਹੇ ਹਾਲਾਤ ਤੋਂ ਜਾਣੂੰ ਕਰਵਾ ਚਮਕੌਰ ਸਾਹਿਬ ਦੇ ਆਲੇ ਦਵਾਲੇ ਦਸਮੇਸ਼ ਪਿਤਾ ਦੇ ਹੁਕਮ ਮੁਤਾਬਕ ਜੰਗੀ ਮੈਦਾਨ ਤਿਆਰ ਕਰਵਾਣ ਵਿਚ ਵਫਾਦਾਰ ਸਿੱਖਾਂ ਨੂੰ ਲਗਾ ਦਿਤਾ ।

ਮਾਤਾ ਸੁੰਦਰੀ ਜੀ ਨੂੰ ਨਵੇਂ ਹਾਲਾਤ ਮੁਤਾਬਕ ਜਦ ਮੈਂ ਦੇਖਦਾ ਹਾਂ ਤਾਂ ਬੇਸਾਖ਼ਤਾ ਕਹਿ ਉਠਦਾ ਹਾਂ ਕਿ ਉਹ ਸੱਚ ਮੁੱਚ ਹੀ Better-Half ਸਨ ਅਤੇ ਗੁਰੂ ਜੀ ਦੇ ਪੂਰਨ ਵਿਸ਼ਵਾਸੀ ਅਤੇ ਆਗਿਆਕਾਰੀ ਸਾਥੀ ਸਨ ।

ਦਸਮੇਸ਼ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛਡਿਆ ਪਰ ਇਸ ਸੰਬੰਧ ਵਿਚ ਜੋ ਬੇਦਾਹਵੇ1 ਦੀ ਸਾਖੀ ਸਦੀਆਂ ਤੋਂ ਜੁੜੀ ਚਲੀ ਆ ਰਹੀ ਹੈ, ਉਹ ਮਨਘੜਤ ਹੈ, ਤੇ ਮੇਰੀ ਅੱਖ ਉਸ ਦਿਨ ਖੁਲ੍ਹੀ ਜਦ ਇਕ ਅੰਗਰੇਜ਼ ਅਫਸਰ ਨੇ ਮੈਨੂੰ ਲੰਡਨ ਵਿਚ ਇਸ ਸਾਖੀ ਦੀ ਸੋਝੀ ਫੌਜੀ ਪੱਖ ਤੋਂ ਬੜੇ ਵੇਰਵੇ ਨਾਲ ਸਮਝਾਈ । ਮੈਂ ਏਥੇ ਮਾਤਾ ਸੁੰਦਰੀ ਜੀ ਦੀ ਪਵਿਤਰ ਜੀਵਨੀ ਦੇ ਸੰਬੰਧ ਵਿਚ ਇਹੋ ਇਸ਼ਾਰਾ ਦੇਣਾ ਕਾਫੀ ਸਮਝਦਾ ਹਾਂ ਕਿ ਉਹ ਸਿੰਘ ਜੋ ਆਨੰਦਪੁਰ ਸਾਹਿਬ ਦੇ ਕਿਲੇ ਵਿਚੋਂ ਆਏ ਸਨ, ਗੁਰੂ ਜੀ ਦੇ ਹੁਕਮ ਮੁਤਾਬਕ ਹੀ ਅਗਲੇ ਯੁਧ ਦੀਆਂ ਤਿਆਰੀਆਂ ਲਈ ਬੜੇ ਫੌਜੀ ਟੈਕਟਿਕਸ ਵਰਤ ਕੇ ਦੁਸ਼ਮਣ ਫੌਜਾਂ ਦੇ ਘੇਰੇ ਵਿਚੋਂ ਨਿਕਲ ਕੇ ਆਏ ਸਨ ਤੇ ਅਗੋਂ ਮਾਤਾ ਸੁੰਦਰੀ ਜੀ ਦੇ ਹੁਕਮ ਮੁਤਾਬਕ ਮਾਤਾ ਭਾਗੋ ਜੀ ਭੀ ਇਲਾਕੇ ਦੇ ਸੂਰਮੇ ਥਾਂ ਥਾਂ ਤਿਆਰ ਕਰ ਰਹੇ ਸਨ।

ਸਰਸਾ ਨਦੀ ਕੰਢੇ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਗੰਗੂ ਬ੍ਰਹਿਮਣ, ਜੋ ਗੁਰੂ ਘਰ ਦਾ ਰਸੋਈਆ ਹੀ ਸੀ, ਬੇਹਯਾਈ ਤੇ ਬੇਵਫਾਈ ਨਾਲ ਲੈ ਜਾ ਦੁਸ਼ਮਣਾਂ ਵਿਚ ਜਾ ਰਲਿਆ।

ਸਰਬੰਸ ਦਾਨੀ ਆਪਣਾ ਸਾਰਾ ਪ੍ਰਵਾਰ ਤੇ ਘਰ ਬਾਹਿਰ ਕੁਰਬਾਨ ਕਰ, ਕਰਤਾਰ ਦਾ ਸ਼ੁਕਰ ਮਨਾਂਦੇ ਦਿੱਲੀ ਪਹੁੰਚ ਗਏ । ਆਪ ਦੇ ਦਰਦ ਭਰੇ ਤੇ ਹਿੰਮਤ ਭਰੇ ਦਿਲ ਦੀ ਉਸਤੱਤ ਵੀ ਵੇਖੋ ਸਿੰਘ ਸਾਹਿਬ ਗਿਆਨੀ ਕਰਤਾਰ ਸਿੰਘ ਜੀ ਕਿਵੇਂ ਕਰਦੇ ਹਨ :

ਉੱਚਾ ਪੀਰਾਂ ਪੈਗ਼ੰਬਰਾਂ ਸਾਰਿਆਂ ਤੋਂ,
ਕਲਗੀਧਰ ਤੇਰਾ ਬੇਪ੍ਰਵਾਹ ਦਿਲ ਸੀ ।
ਮਾਯਾ ਜਾਲ ਤੋਂ ਪਰੇ ਖੁਸ਼ਹਾਲ ਹਰ ਦਮ,
ਬਾਦਸ਼ਾਹਾਂ ਤੋਂ ਵੀ ਬਾਦਸ਼ਾਹ ਦਿਲ ਸੀ ।
ਤੇਰੇ ਜਿਹਾ ਹੋਯੋਂ ਤੂੰਹੀਓਂ ਵਿਚ ਦੁਨੀਆਂ,
ਪਾਇਆ ਭੇਦ ਨਾ ਕਿਸੇ ਅਥਾਹ ਦਿਲ ਸੀ ।
ਧੰਨ ਮਾਲ ਸਾਰੇ, ਵਾਰੇ ਲਾਲ ਚਾਰੇ,
ਨਹੀਂ ਡੋਲਿਆ ਗਹਿਰ ਗੰਭੀਰ ਦਿਲ ਸੀ।
ਸਾਰੇ ਜਗ ਵਿਚੋਂ ਕਰਤਾਰ ਸਿੰਘਾ,
ਕਲਗੀਧਰ ਤੇਰਾ ਬੇਨਜ਼ੀਰ ਦਿਲ ਸੀ।

ਜਦ ਸਿੰਘਾਂ ਨੇ ਮਾਤਾ ਸੁੰਦਰੀ ਜੀ ਨੂੰ ਖ਼ਬਰ ਦਿਤੀ ਕਿ ਅੰਮ੍ਰਿਤ ਦਾ ਦਾਤਾ ਦਿੱਲੀ ਤਸ਼ਰੀਫ ਲੈ ਆਇਆ ਹੈ ਤਾਂ ਉਹ ਵਾਹੋ ਦਾਹੀ ਹਜ਼ੂਰ ਦੇ ਚਰਨਾਂ ਵਿਚ ਪੁੱਜੀ। ਆਪ ਜੀ ਦੇ ਨਾਲ ਕੇਵਲ ਕੁਝ ਕੁ ਗਿਣਤੀ ਦੇ ਸਿੰਘ ਸਨ, ਨਾਂ ਮਾਤਾ ਗੁਜਰੀ ਜੀ ਸੀ ਨਾਂ ਚਾਰੇ ਸਾਹਿਬਜ਼ਾਦੇ, ਨਾਂ ਨੀਲਾ ਘੋੜਾ, ਨਾਂ ਬਾਜ। ਬੜੀ ਵਿਆਕੁਲ ਹੋਈ ਮਾਤਾ ਸੁੰਦਰੀ ਆਪਣੇ ਕੰਤ ਨੂੰ ਲਿਲੜੀ ਲੈ ਕੇ ਐਉਂ ਪੁਛਦੀ ਹੈ :

ਪੁਰੀ ਆਨੰਦ ਦਿਆ ਵਾਸੀਆ ਵੇ,
ਕਿਥੇ ਸਾਥ ਸਾਰਾ ਅਜ ਛੋੜ ਆਇਉਂ
ਕਿਥੇ ਮਾਤਾ ਗੁਜਰੀ ਕਿਥੇ ਲਾਲ ਚਾਰੇ,
ਕਿਥੇ ਬਾਜ ਘੋੜਾ ਵਾਗਾਂ ਮੋੜ ਆਇਉਂ

ਅਤੇ ਅਗੋਂ ਸਰਬੰਸ ਦਾਨੀ ਸੁੰਦਰੀ ਜੀ ਨੂੰ ਧੀਰਜ ਦੇਂਦੇ ਹੋਏ ਫੁਰਮਾਂਦੇ ਨੇ :

ਚਾਰੇ ਲਾਲ ਤੇਰੇ ਹਥੀਂ ਬੰਨ੍ਹ ਸਿਹਰੇ,
ਲਾੜੀ ਮੌਤ ਦੇ ਨਾਲ ਪਰਨਾ ਆਇਆ।
ਸੀਗਾ ਕੌਣ ਤੇਰਾ ਅਤੇ ਕੌਣ ਮੇਰਾ,
ਤੇਰੇ ਮੇਰੇ ਦਾ ਭੇਦ ਮਿਟਾ ਆਇਆ ।

ਅਤੇ ਏਥੇ ਹੀ ਮਾਤਾ ਸੁੰਦਰੀ ਜੀ ਦੀ ਝੋਲੀ ਵਿਚ ਸਾਰਾ ਪੰਥ ਪਾਇਆ ਸੀ। ਹਜ਼ੂਰ ਨੇ ਬਾਂਹ ਉਲਾਰ ਕੇ ਤੇ ਸਿੰਘਾਂ ਵਲ ਇਸ਼ਾਰਾ ਕਰਕੇ ਫਰਮਾਇਆ ਸੀ :

ਹੋਇਆ ਕੀ ਜੇ ਦੇਸ਼ ਤੇ ਧਰਮ ਖਾਤਰ,
ਚਾਰੇ ਲਾਲ ਤੇਰੇ ਅਸੀਂ ਵਾਰ ਬੈਠੇ ।
ਭਾਗਾਂ ਵਾਲੀਏ ਮਾਰ ਕੇ ਨਜ਼ਰ ਤਕ ਲੈ,
ਤੇਰੀ ਝੋਲੀ ਵਿਚ ਕਈ ਹਜ਼ਾਰ ਬੈਠੇ।

ਐਸੀ ਪੂਜ ਮਾਤਾ ਜੀ ਬਾਰੇ ਮੈਂ ਇਸ ਤੋਂ ਅਗੇ ਕਲਮ ਝਰੀਟਣਾ ਮੁਨਾਸਬ ਨਹੀਂ ਸਮਝਦਾ । ਆਪ ਜੈਸੀ ਬਲਵਾਨ, ਸੂਝਵਾਨ, ਵਿਦਵਾਨ, ਕੁਰਬਾਨੀ ਦੀ ਪੁੰਜ ਮਾਤਾ ਦੀ ਉਪਮਾ ਕਰਨ ਤੋਂ ਮੈਂ ਕਤਈ ਅਸਮਰਥ ਹਾਂ । ਆਪ ਦਸਮੇਸ਼ ਪਿਤਾ ਜੀ ਦੇ ਨੰਦੇੜ ਸਾਹਿਬ ੧੭੦੮ ਵਿਚ ਜੋਤੀ ਜੋਤ ਸਮਾਨ ਦੇ ਕਾਫ਼ੀ ਸਮੇਂ ਮਗਰੋਂ ਦਿੱਲੀ ਵਿਚ ਪ੍ਰਲੋਕ ਸਿਧਾਰੇ । ਅੰਦਾਜ਼ਾ ਹੈ ੧੭੪੭ ਦੇ ਲਗਪਗ ਆਪਣਾ ਪੰਜ ਭੂਤਕ ਸਰੀਰ ਤਿਆਗਿਆ। ਗੂਹੜੀ ਮਿਲਵਰਤਣ ਦਾ ਸਦਕਾ ਬੰਦਾ ਬਹਾਦਰ ਨੇ ਮੁਗ਼ਲ ਰਾਜ ਦੀਆਂ ਨੀਹਾਂ ਖੋਖਲੀਆਂ ਕੀਤੀਆਂ, ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿਤੀ ਅਤੇ ਅੰਤ ਬੰਦਾ ਬਹਾਦਰ ਦੀ ਲਾਜਵਾਬ ਸ਼ਹੀਦੀ ਸਮੇਂ ਭੀ ਮਾਤਾ ਸੁੰਦਰੀ ਜੀ ਦਾ ਸਿਦਕ- ਭਰੋਸਾ ਬੰਦੇ ਦੇ ਸੀਸ ਤੇ ਹੀ ਸੀ । ਜੇ ਮੈਂ ਇਹ ਭੀ ਕਹਿ ਦਿਆਂ ਕਿ ਸਿੱਖ-ਰਾਜ ਦਾ ਬਲੂ ਪ੍ਰਿੰਟ ਭੀ ਮਾਤਾ ਸੁੰਦਰੀ ਜੀ ਹੀ ਤਿਆਰ ਕਰ ਗਏ ਤਾਂ ਅਤਿਕਥਨੀ ਨਹੀਂ ਹੋਵੇਗੀ ।

1 ਬੇਦਾਹਵੇ ਦੇ ਖੰਡਨ ਦਾ ਲੇਖ ਮੈਂ ਦੋ ਸਾਲ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਸਮੇਂ ਮਾਨਸਰੋਵਰ ਅੰਕ ਵਿਚ ਪ੍ਰਕਾਸ਼ਤ ਕਰ ਚੁਕਾ ਹਾਂ । ਪਹਿਲੀ ਵਾਰੀ ਛਪਣ ਤੇ ਮੁੜ ਪਾਠਕਾਂ ਵਲੋਂ ਦੂਜੀ ਵਾਰ ਛਾਪਣ ਦੀ ਮੰਗ ਜ਼ੋਰਾਂ ਤੇ ਆਈ ਤੇ ਮੈਨੂੰ ਹੁਕਮ ਦੀ ਪਾਲਨਾ ਕਰਨੀ ਪਈ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਮਾਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ