Daljinder Rahel
ਦਲਜਿੰਦਰ ਰਹਿਲ

ਇਟਲੀ ਵੱਸਦਾ ਪੰਜਾਬੀ ਕਵੀ ਦਲਜਿੰਦਰ ਰਹਿਲ ਯੋਰਪੀ ਮੁਲਕਾਂ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਾਲੇ ਲੇਖਕਾਂ ਵਿਚੋਂ ਸਿਰਕੱਢ ਹੈ। 2016 ਚ ਅਪਣੇ ਪਲੇਠੇ ਕਾਵਿ ਸੰਗ੍ਰਹਿ "ਸ਼ਬਦਾਂ ਦੀ ਢਾਲ" ਰਾਹੀਂ ਉਹ ਸਾਹਿੱਤਕ ਜਗਤ ਵਿੱਚ ਪਰਵੇਸ਼ ਕੀਤਾ। ਮਾਣ ਵਾਲੀ ਗੱਲ ਹੈ ਕਿ ਉਸਦੇ ਪਹਿਲੇ ਕਾਵਿ ਸੰਗ੍ਰਹਿ ਨੂੰ ਪੰਜਾਬੀ ਪਾਠਕਾਂ ਤੇ ਸਿਰਮੌਰ ਲੇਖਕਾਂ ਦਾ ਭਰਵਾਂ ਹੁੰਗਾਰਾ ਮਿਲਿਆ। 16 ਨਵੰਬਰ 1970 ਨੂੰ ਸਰਦਾਰ ਗੁਰਦੇਵ ਸਿੰਘ ਦੇ ਘਰ ਮਾਤਾ ਸੰਤ ਕੌਰ ਸ਼ਾਂਤੀ ਦੀ ਕੁੱਖੋਂ ਜਨਮੇ ਦਲਜਿੰਦਰ ਰਹਿਲ ਦਾ ਜੀਵਨ ਭਾਵੇਂ ਤੰਗੀਆਂ ਤਰੁਟੀਆਂ ਤੇ ਮੁਸੀਬਤਾਂ ਵਿੱਚ ਹੀ ਘਿਰਿਆ ਰਿਹਾ ਪਰ ਸਾਹਿਤ ਅਤੇ ਸ਼ਬਦਾਂ ਦਾ ਸਾਥ ਉਸਨੂੰ ਜ਼ਿੰਦਗੀ ਦੇ ਹਰ ਬਿਖੜੇ ਪੈਂਡੇ ਤੇ ਸਾਬਤ ਕਦਮੀ ਤੁਰਨ ਦੀ ਜਾਚ ਸਿਖਾਉਂਦਾ ਰਿਹਾ। ਇਹੋ ਕਾਰਨ ਹੈ ਕਿ ਦਲਜਿੰਦਰ ਰਹਿਲ ਸਾਹਿਤ ਅਤੇ ਕਲਾ-ਕਿਰਤਾਂ ਨੂੰ ਜ਼ਿੰਦਗੀ ਅਤੇ ਸਮਾਜ ਦੀ ਸਿਰਜਕ ਮੰਨਦਾ ਹੈ। ਬਚਪਨ ਵਿੱਚ ਹੀ ਸ਼ਬਦਾਂ ਦੀ ਉਂਗਲ ਫੜਾ ਕੇ ਜ਼ਿੰਦਗੀ ਦੇ ਰਾਹ ਤੋਰਨ ਵਾਲੀ ਉਸਦੀ ਮਾਂ ਭਾਵੇਂ ਅੱਜ ਇਸ ਦੁਨੀਆਂ ਵਿੱਚ ਨਹੀਂ ਪਰ ਉਸਦੀ ਸਿੱਖਿਆ ਦੀਖਿਆ ਤੇ ਰੂਹ ਨੂੰ ਉਹ ਆਪਣੇ ਅਤੇ ਅਪਣੀਆਂ ਲਿਖਤਾਂ ਦੇ ਹਮੇਸ਼ਾ ਅੰਗ ਸੰਗ ਰੱਖਦਾ ਹੈ। ਉਸ ਦੇ ਤਾਇਆ ਜੀ ਲੋਕ ਕਵੀ ਗੁਰਦਿਆਲ ਸਿੰਘ "ਹਰੀ" ਰਾਹੀਂ ਘਰ ਵਿਚਲਾ ਸਾਹਿਤਕ ਮਾਹੌਲ ਹੀ ਉਸਨੂੰ ਇਨ੍ਹਾਂ ਰਾਹਾਂ ਤੇ ਤੋਰਦਾ ਰਿਹਾ। ਵਿਸ਼ਵ ਦੀਆਂ ਵੱਡੀਆਂ ਸੰਸਥਾਵਾ, ਸਾਹਿਤ ਸੁਰ ਸੰਗਮ ਸਭਾ ਇਟਲੀ, ਪੰਜਾਬ ਭਵਨ ਸਰੀ ਕੈਨੇਡਾ,, ਪਰਵਾਸੀ ਸਾਹਿਤ ਅਧਿਐਨ ਕੇਂਦਰ ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ ਅਤੇ ਯੂਰਪੀ ਪੰਜਾਬੀ ਸੱਥ ਯੂ ਕੇ ਨਾਲ ਸਰਗਰਮ ਰਿਸ਼ਤਾ ਉਸਦੇ ਮਾਣ ਅਤੇ ਜ਼ੁੰਮੇਵਾਰੀ ਨੂੰ ਹੋਰ ਵੀ ਵੱਡਾ ਕਰਦਾ ਹੈ । ਲੰਮੇ ਸਮੇਂ ਤੋਂ ਵਿਦੇਸ਼ੀ ਧਰਤੀਆਂ ਦੇ ਚੱਕਰ ਕੱਢਦਿਆਂ ਵੀ ਉਹ ਅਪਣੀ ਜੰਮਣ ਭੋਇੰ, ਪੁਰਖੀ ਵਿਰਾਸਤ ਤੇ ਵਤਨਾਂ ਦੀ ਮਿੱਟੀ ਤੋਂ ਵੱਖ ਨਹੀਂ ਹੋਇਆ। ਉਸਦਾ ਇਹੋ ਮੋਹ ਉਸਨੂੰ ਜੜ੍ਹਾਂ ਨਾਲ ਜੋੜਿਆਂ ਰੱਖ ਕੇ ਸ਼ਬਦਾਂ ਦੀ ਢਾਲ ਸਹਾਰੇ ਜ਼ਿੰਦਗੀ ਦੇ ਨਵੇਂ ਰਾਹਾਂ ਤੇ ਦਿਸ਼ਾਵਾਂ ਉੱਤੇ ਤੁਰਨ ਦੇ ਸਮਰੱਥ ਕਰਦਾ ਹੈ।