Punjabi Poetry : Daljinder Rahel

ਪੰਜਾਬੀ ਕਵਿਤਾਵਾਂ : ਦਲਜਿੰਦਰ ਰਹਿਲ



1. ਗੁਰੂ ਨਾਨਕ

ਇਕ ਓਅੰਕਾਰ ਦਾ ਹੋਕਾ ਦੇਂਦਾ, ਭਲਾ ਸਰਬੱਤ ਮਨਾਉਂਦਾ ਨਾਨਕ। ਹੱਕ ਸੱਚ ਦੀ ਕਰੇ ਕਮਾਈ, ਬਾਤ ਕਿਰਤ ਦੀ ਪਾਉਂਦਾ ਨਾਨਕ। ਧਰਤ ਆਕਾਸ਼ ਪਤਾਲ ਵਿਆਖੇ, ਮਨ ਮੰਦਰ ਰੁਸ਼ਨਾਉੰਦਾ ਨਾਨਕ। ਨਾਨਕ ਦੀ ਬਾਣੀ ਨੂੰ ਸਮਝੋ, ਬਹੁਤ ਕੁੱਝ ਸਮਝਾਉਂਦਾ ਨਾਨਕ। ਸਭ ਦਾ ਸਾਂਝਾ ਬਾਬਾ ਨਾਨਕ, ਸੱਭ ਨੂੰ ਕੋਲ਼ ਬੁਲਾਉਂਦਾ ਨਾਨਕ। ਸਰਬ ਧਰਮ ਦਾ ਏਕੋ ਦਾਤਾ, ਗੀਤ ਪਿਆਰ ਦੇ ਗਾਉਂਦਾ ਨਾਨਕ। ਕਰਮ ਕਾਂਡ ਦਾ ਖੰਡਨ ਕਰਦਾ, ਤਰਕ ਦਾ ਰਾਹ ਦਰਸਾਉਂਦਾ ਨਾਨਕ। ਰਾਹਗੀਰਾਂ ਨੂੰ ਮੰਜ਼ਿਲ ਬਖਸ਼ੇ, ਭੱਟਕਿਆਂ ਨੂੰ ਰਾਹ ਪਾਉਂਦਾ ਨਾਨਕ। ਨਾਨਕ ਨਾਮ ਜਹਾਜ ਜੋ ਚੜ੍ਹਦੇ, ਬੇੜੇ ਪਾਰ ਲੰਘਾਉਂਦਾ ਨਾਨਕ । ਮਲਿਕ ਭਾਗੋਆਂ ਨੂੰ ਠੁਕਰਾਵੇ, ਲਾਲੋਆਂ ਨੂੰ ਗਲ ਲਾਉਂਦਾ ਨਾਨਕ। ਧੁਰ ਦਰਗਾਹੋਂ ਉੱਤਰੀ ਬਾਣੀ, ਲੋਕਾਂ ਤੱਕ ਪੁਚਾਉਂਦਾ ਨਾਨਕ। ਨਾਨਕ ਦਾ ਦਰ ਸਭ ਤੋਂ ਉੱਚਾ, ਸੱਭ ਦੇ ਦਰ ਨੂੰ ਭਾਉਂਦਾ ਨਾਨਕ। ਨਾਨਕ ਨਾਮ ਦੇ ਪਹਿਰੇਦਾਰੋ, ਅਪਣੇ ਅੰਦਰ ਝਾਤੀ ਮਾਰੋ । ਕੀ ਕਹਿੰਦੀ ਨਾਨਕ ਦੀ ਬਾਣੀ, ਇਸਨੂੰ ਪੜ੍ਹਕੇ ਸੋਚ ਵਿਚਾਰੋ । ਅਪਣੀ ਨਿੱਝ ਪ੍ਰਸਤੀ ਖ਼ਾਤਰ, ਨਾਨਕ ਨਾਮ ਨਾਂ ਦਾਅ ਤੇ ਲਾਓ । ਵਿਸ਼ਵ ਧਰਮ ਦੇ ਇਸ ਹੋਕੇ ਨੂੰ, ਵਿਸ਼ਵ ਦੇ ਹਰ ਕੋਨੇ ਪਹੁੰਚਾਓ ।

2. ਆਸ਼ਾਵਾਦੀ ਸੁਨੇਹਾ

ਮਨ ਦੇ ਵਿਹੜੇ ਲਾ ਕੇ ਯਾਰੋ, ਆਸ਼ਾਵਾਂ ਦੇ ਰੁੱਖ ਨਰੋਏ । ਹਰ ਮੁਸ਼ਕਲ ਨਾਲ ਲੜਨਾ ਸਿਖੀਏ, ਫਿਰ ਜੋ ਚਾਹੇ ਹੋਵੇ । ਇਹ ਕੋਈ ਪਹਿਲਾ ਯੁੱਧ ਨਹੀਂ ਹੈ, ਸਾਨੂੰ ਪਿਆ ਜੋ ਲੜਨਾ । ਸਾਡੇ ਪੁਰਖਿਆਂ ਦੱਸਿਆ ਸਾਨੂੰ, ਭਵਸਾਗਰ ਕਿੰਝ ਤਰਨਾ । ਕੁੱਲ ਦੁਨੀਆਂ ਤੇ ਬਣੀ ਮੁਸੀਬਤ, ਪਰ ਬੇਸ਼ੱਕ ਘੜੀ ਹੈ ਔਖੀ । ਪਰ ਹਿੰਮਤ ਤੇ ਏਕੇ ਅੱਗੇ, ਔਖੀ ਘੜੀ ਵੀ ਸੌਖੀ । ਪਿੰਜਰੇ ਦਾ ਅੱਜ ਕੈਦੀ ਬਣਿਆ, ਬੰਦਾ ਹਵਾ ਨੂੰ ਫੜਦਾ । ਕੁਦਰਤ ਫਿਰ ਵੀ ਮਉਲੇ ਮਹਿਕੇ, ਸੂਰਜ ਨਿੱਤ ਦਿਨ ਚੜ੍ਹਦਾ । ਯੁੱਗਾਂ ਤੋਂ ਚੱਲ ਰਿਹਾ ਨਿਰੰਤਰ, ਇਹ ਉਸਦਾ ਵਰਤਾਰਾ । ਕਾਦਿਰ ਦੀ ਕੁਦਰਤ ਦਾ ਬੰਦਿਆ, ਭੇਦ ਪਿਆ ਕਦ ਸਾਰਾ । ਮਨ ਦੇ ਬੂਹੇ ਇਸ ਪਿੰਜਰੇ ਤੋਂ, ਪਾਰ ਵੀ ਹੋਇਆ ਜਾ ਸਕਦਾ ਹੈ। ਹਰ ਠੋਕਰ ਹੈ ਸਬਕ ਸਿਖਾਉਂਦੀ, ਬਾਹਰ ਵੀ ਹੋਇਆ ਜਾ ਸਕਦਾ ਹੈ। ਕਾਦਰ ਦੀ ਕੁਦਰਤ ਨਾਲ ਜੇਕਰ, ਇੱਕ ਮਿੱਕ ਹੋ ਕੇ ਰੈਂਦੇ । ਨਾ ਹੀ ਘਰ ਵਿੱਚ ਕੈਦਾਂ ਹੁੰਦੀਆਂ, ਨਾ ਗੱਲ਼ ਫੰਦੇ ਪੈਂਦੇ ।

3. ਧੀਆਂ

ਧੀਆਂ ਬਾਝੋਂ ਇਹ ਜੱਗ ਸੁਨਾ, ਵਿਹੜਾ ਸੱਖਣਾ ਜਾਪੇ। ਧੀਆਂ ਬਾਝ ਨਾ ਸਹੁਰੇ ਬਣਦੇ, ਧੀਆਂ ਬਾਝ ਨਾ ਮਾਪੇ। ਧੀਆਂ ਬਾਝ ਨਾ ਪੁੱਤਰ ਜੰਮਦੇ, ਧੀਆਂ ਬਾਝ ਨਾ ਧੀਆਂ. । ਧੀਆਂ ਬਾਝ ਨਾ ਲੋਹੜੀ ਪੈਂਦੀ, ਧੀਆਂ ਬਾਝ ਨਾ ਤੀਆਂ । ਧੀਆਂ ਧਰਤੀ, ਧੀਆਂ ਸਾਗਰ, ਧੀਆਂ ਵਾਂਗ ਹਵਾਵਾਂ । ਧੀਆਂ ਦੋਸਤ, ਪਤਨੀ, ਭੈਣਾਂ, ਜੱਗ ਜੰਨਣੀਆਂ ਮਾਵਾਂ । ਯਾ ਅੱਲਾ, ਯਾ ਮੌਲਾ ਬਖਸ਼ੀਂ, ਧੀਆਂ ਨੂੰ ਖੁਸ਼ਹਾਲੀ । ਸਹੁਰੇ ਘਰ ਲਈ ਖੁਸ਼ੀਆਂ ਮੰਗਣ, ਪੇਕਿਆਂ ਲਈ ਦੁਆਵਾਂ।

4. ਪੰਜਾਂ ਪਾਣੀਆਂ ਦਾ ਪ੍ਰਦੇਸ

ਦਰਿਆਵਾਂ ਤੋਂ ਅਸੀਂ ਕਦੋਂ ਵੱਖ ਹੋਏ ਹਾਂ, ਸਾਗਰ ਦੇ ਵਿੱਚ ਮਿਲਕੇ, ਸਾਗਰ ਹੋਏ ਹਾਂ । ਲੋੜ ਪਈ ਤੋਂ ਸਾਵਣ ਬਣਕੇ ਵਰ ਜਾਈਏ, ਯਾਦ ਵਤਨ ਨੂੰ ਕਰਕੇ ਛਮ ਛਮ ਰੋਏ ਹਾਂ । ਵਿੱਚ ਸਮੁੰਦਰ ਤਰਨਾ ਐਨਾ ਸੌਖਾ ਨਈਂ, ਨਾਲ ਤੂਫਾਨਾ ਟੱਕਰ ਅਜੇ ਨਰੋਏ ਹਾਂ। ਪੰਜ ਦਰਿਆਵਾਂ ਇਹ ਸਾਗਰ ਵੀ ਸਰ ਕਰਨੇ, ਜਿੱਤੇ ਹਾਂ ਅਸੀਂ ਜਦ ਵੀ ਕੱਠੇ ਹੋਏ ਹਾਂ । ਦਰਿਆਵਾਂ ਤੋਂ ਅਸੀਂ ਕਦੋਂ ਵੱਖ ਹੋਏ ਹਾਂ, ਸਾਗਰ ਦੇ ਵਿੱਚ ਮਿਲਕੇ ਸਾਗਰ ਹੋਏ ਹਾਂ ।

5. ਰਾਜਿਆ ਰਾਜ ਕਰੇਂਦਿਆ

ਰਾਜਿਆ ਰਾਜ ਕਰੇਂਦਿਆ, ਤੇਰੇ ਰਾਜ, ਤੜਫਦੇ ਲੋਕ । ਖੂਨ ਜਿਨਾਂ ਦਾ ਚੂਸ ਕੇ, ਤੂੰ ਭੱਠ ਵਿੱਚ ਦੇਂਦਾ ਝੋਕ । ਰਾਜਿਆ ਰਾਜ ਕਰੇਂਦਿਆ, ਤੇਰੇ ਰਾਜ ਦਾ ਕੀ ਇਨਸਾਫ। ਜੋ ਸੱਚ ਨੂੰ ਸੂਲੀ ਚਾੜ੍ਹਦਾ, ਤੇ ਝੂਠ ਨੂੰ ਕਰਦਾ ਮੁਆਫ । ਰਾਜਿਆ ਰਾਜ ਕਰੇਂਦਿਆ, ਤੇਰੇ ਰਾਜ ਦਾ ਮੰਦੜਾ ਹਾਲ । ਜਿਥੇ ਮਿਹਨਤ ਦਾ ਮੁੱਲ ਡਾਂਗ ਹੈ, ਤੇ ਇੱਜ਼ਤ ਦਾ ਮੁੱਲ ਗਾਲ਼ । ਰਾਜਿਆ ਰਾਜ ਕਰੇਂਦਿਆ, ਤੇਰੇ ਰਾਜ ਨੇ ਚੁੱਕੀ ਅੱਤ । ਕਹਿ ਕੰਜਕਾਂ ਪੂਜਣ ਜਿਨਾਂ ਨੂੰ, ਫਿਰ ਲੁੱਟ ਕਿਉਂ ਲੈਂਦੇ ਪੱਤ ? ਰਾਜਿਆ ਰਾਜ ਕਰੇਂਦਿਆ, ਤੈਂ ਰੱਖੇ ਜਿੜੇ ਦਲਾਲ । ਉਹ ਮੁਲਕ ਵੇਚ ਕੇ ਖਾ ਗਏ, ਤੇ, ਤੂੰ ਵੀ ਰਲਿਆ ਨਾਲ। ਰਾਜਿਆ ਰਾਜ ਕਰੇਂਦਿਆ, ਤੇਰੇ ਰਾਜ ਨੂੰ ਲੱਗੇ ਅੱਗ । ਜਿਥੇ ਚੁੰਨੀਆਂ ਲੀਰੋ ਲੀਰ ਨੇ, ਪੈਰਾਂ ਵਿੱਚ ਰੁਲਦੀ ਪੱਗ । ਰਾਜਿਆ ਰਾਜ ਕਰੇਂਦਿਆ, ਤੇਰਾ ਰਾਜ ਨਾ ਬਹੁਤੀ ਦੇਰ। ਜਦ ਹੜ੍ਹ ਲੋਕਾਂ ਦਾ ਵੱਗਦਾ ਫਿਰ ਹੂੰਝਾ ਦਿੰਦਾ ਫੇਰ ।

6. ਬੰਬੀਹਾ ਬੋਲੇ

ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਪ੍ਰਭਾਤ ਦੀ ਉਸ ਉਡੀਕ ਵਿੱਚ ਜੋ ਅੰਧਕਾਰ ਨੂੰ ਚੀਰਦੀ ਧਰਤੀ ਤੇ ਚਾਨਣ ਦਾ ਸੁਨੇਹਾ ਲੈ ਕੇ ਆਉਂਦੀ ਹੈ ਬੰਬੀਹੇ ਦੇ ਬੋਲ ਕਿਸੇ ਫ਼ਕੀਰ ਦੀਆਂ ਕੁੱਲ ਆਲਮ ਲਈ ਮੰਗੀਆਂ ਦੁਆਵਾਂ ਵਰਗੇ ਬੰਬੀਹੇ ਦੇ ਬੋਲ ਪਪੀਹੇ ਦੀ ਪੁਕਾਰ ਬਣ ਤਪ ਨਾਲ ਸੜਦੀ ਧਰਤੀ ਅਤੇ ਉਸਦੇ ਜੀਆ ਜੰਤ ਲਈ ਹਰਿਆਲੀ ਤੇ ਖੁਸ਼ਹਾਲੀ ਦਾ ਪ੍ਰਤੀਕ ਬਣ ਡਾਹਡੇ ਦੇ ਚਰਨਾਂ ਵਿੱਚ ਕੀਤੀ ਅਰਦਾਸ ਵਰਗੇ ਬੰਬੀਹੇ ਦੇ ਬੋਲ ਸਿੱਧਕ ਦੀ ਹਾਮੀਂ ਭਰਦੇ ਸਿਰੜ ਨੂੰ ਸੁਆਸਾਂ ਤੱਕ ਨਿਭਾਅ ਦੇਣ ਵਾਲੇ ਸਵੈਮਾਣ ਦਾ ਉੱਚਾ-ਸੁੱਚਾ ਗੌਰਵ ਬੰਬੀਹੇ ਦੇ ਬੋਲ ਗਿੱਧੇ ਦੇ ਪਿੜ ਵਿੱਚ ਮਾਣ ਮੱਤੀਆਂ ਮੁਟਿਆਰਾਂ ਵਲੋਂ ਰਿਸ਼ਤਿਆਂ ਦੀ ਖੈਰ-ਸੁੱਖ ਮੰਗਕੇ ਦੁਆਵਾਂ ਦੇਣ ਵਾਲੇ ਸੱਭਿਆਚਾਰ ਦੇ ਸਿਰਜਕ ਮਨ ਦੇ ਭਾਵਾਂ ਵਿੱਚ ਵਸਿਆ ਬੰਬੀਹਾ ਦਾਨੀ ਹੈ ਸਿੱਦਕੀ ਹੈ, ਸੱਭਿਅਕ ਹੈ ਕੁੱਲ ਆਲਮ ਲਈ ਦੁਆਵਾਂ ਮੰਗਣ ਵਾਲਾ ਕਾਦਰ ਦੀਆਂ ਸੁਰਾਂ ਦਾ ਸਾਰੰਗ ਵੀ ਪਰ ਸੰਗੀਤ ਦੇ ਸ਼ੋਰ ਵਿੱਚ ਕਾਤਲਾਂ ਦੇ ਹੱਕ ਪੂਰ ਕੇ ਧੌਂਸ ਦਾ ਰਾਗ ਅਲਾਪਣ ਵਾਲਾ ਬੰਬੀਹਾ ਬੰਬੀਹਾ ਨਹੀਂ ਹੋ ਸਕਦਾ ਬੰਬੀਹਾ ਇਓਂ ਤਾਂ ਕਦੇ ਨਹੀਂ ਬੋਲਦਾ ਜਿਵੇਂ ਅੱਜ ਬੋਲ ਰਿਹਾ ਹੈ

7. ਸਮੇਂ ਨਾਲ ਟੱਕਰ

ਤੇਰੀਆਂ ਮਾਰਾਂ ਹੀ ਸਨ ਜਿਸਨੇ ਸਾਨੂੰ ਤੇਰੇ ਨਾਲ ਲੜ ਸਕਣ ਦੇ ਸਮਰੱਥ ਕੀਤਾ ਕੀ ਹੋਇਆ ਜੇ ਜਿੱਤੇ ਨਹੀਂ ਪਰ ਹਥਿਆਰ ਵੀ ਤਾਂ ਨਹੀਂ ਸਿਟੇ। ਤੂੰ ਅਪਣਾ ਜ਼ੋਰ ਲਾ ਲਈਂ ਤੇ ਅਸੀਂ ਅਪਣਾ ਲਾਉਂਦੇ ਰਹਾਂਗੇ ਇੱਕ ਦਿਨ ਜਰੂਰ ਤਹਿ ਹੋਵੇਗਾ ਕਿ ਕੌਣ. ਕਿੰਨੇ ਫੱਟ ਖਾ ਕੇ ਲੜਦਾ ਰਿਹਾ ਤੇ ਕੌਣ ਹਾਰਦਾ ਤੇਰੀ ਹਿੱਕ ਵਿੱਚ ਗੱਡੇ ਸਾਡੀ ਵੀਰਤਾ ਤੇ ਸਬਰਾਂ ਦੇ ਕਿਲ ਤਾਰੀਖੀ ਗਵਾਹੀ ਬਣ ਜਰੂਰ ਹਾਮੀਂ ਭਰਨਗੇ ਕਿ ਜੂਝਣ ਵਾਲਿਆਂ ਦੀ ਹਾਰ ਨਹੀਂ ਹੁੰਦੀ ਤੇ ਕੁਰਬਾਨ ਹੋਣ ਵਾਲਿਆਂ ਦੀ ਕਦੇ ਮੌਤ।

8. ਚੁੱਪ ਦਾ ਤੂਫਾਨ

ਚੁੱਪ ਦੀ ਕੋਈ ਆਵਾਜ਼ ਨਹੀਂ ਹੁੰਦੀ ਪਰ ਬੇਜ਼ੁਬਾਨ ਵੀ ਨਹੀਂ ਹੁੰਦੀ ਚੁੱਪ ਇਸਦਾ ਤੂਫਾਨ ਸਾਗਰਾਂ ਚੋਂ ਨਹੀਂ ਸਬਰ ਦੀਆਂ ਸ਼ਾਂਤਮਈ ਝੀਲਾਂ ਚੋਂ ਉੱਠਦੈ ਜੋ ਸਮੁੰਦਰਾਂ ਤੋਂ ਵੀ ਗਹਿਰਾ ਤੇ ਪਰਬਤਾਂ ਤੋਂ ਕਿਤੇ ਵੱਧ ਉੱਚਾ ਹੁੰਦੈ ਇਹੋ ਤੂਫਾਨ ਸੰਖਮਰਮਰੀ ਰਾਜਮਹਿਲਾਂ ਦੇ ਜ਼ੁਲਮੀਂ ਕਿੰਗਰੇ ਢਾਅ ਕੇ ਦੇਸ਼ - ਦਿਸ਼ਾਵਾਂ ਨੂੰ ਬਦਲਦਾ ਹੈ ਵਰਨਾ..... ਸਦੀਆਂ ਤੱਕ ਕੰਡਿਆਲੇ ਰਾਹ ਚੁੱਪ ਦੇ ਕਾਫ਼ਲਿਆਂ ਨੂੰ ਜ਼ਖਮੀ ਤਸੀਹੇ ਦਿੰਦੇ ਰਹਿੰਦੇ ਹਨ।।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ