Sehj Vage Daria Surjit Patar : Gurbhajan Gill
ਚੁੱਪ ਦੀ ਬੁੱਕਲ ਮਾਰ ਤੁਰ ਗਿਆ - ਸੁਰਜੀਤ ਪਾਤਰ : ਗੁਰਭਜਨ ਗਿੱਲ
ਦਸ ਮਈ ਨੂੰ ਲੁਧਿਆਣਿਉਂ ਬਰਨਾਲੇ ਤੇ ਬਰਨਾਲਿਉਂ ਜਗਰਾਉਂ ਦੇ ਪੰਜ ਦਰਿਆ ਹੋਟਲ ਚ ਸੱਜਣਾਂ ਦੇ ਚਾਵਾਂ ਵਿੱਚ ਸ਼ਾਮਿਲ ਡਾ. ਸੁਰਜੀਤ ਪਾਤਰ ਜੀ ਰਾਤੀਂ ਦੇਰ ਗਏ ਘਰ ਪਰਤੇ। ਸਵੇਰ ਸਾਰ ਭੈਣ ਜੀ ਭੁਪਿੰਦਰ ਪਾਤਰ ਨੇ ਹਲੂਣ ਜਗਾਇਆ ਤਾਂ ਸੱਜਣ ਪਿਆਰੇ ਲੰਮੀ ਉਡਾਰੀ ਤੇ ਜਾ ਚੁਕੇ ਸੀ। ਕੋਲ ਪਈ ਜੀਵਨ ਸਾਥਣ ਤੋਂ ਦੇਹ ਦਾ ਓਹਲਾ ਕਰਕੇ । ਏਨਾ ਸਹਿਜ, ਏਨਾ ਚੁੱਪ ਚੁਪੀਤੇ ਤਾਂ ਹਿੱਕੜੀ ਵਿੱਚੋਂ ਹੌਕਾ ਵੀ ਨਹੀਂ ਨਿਕਲਦਾ। ਭੈਣ ਜੀ ਭੁਪਿੰਦਰ ਨੇ ਪੁੱਤਰ ਨੂੰ ਬਰਿਸਬੇਨ (ਆਸਟਰੇਲੀਆ) ਆਵਾਜ਼ ਮਾਰੀ, ਵੇ ਪੁੱਤਰ ਅੰਕੁਰ! ਤੇਰੇ ਪਾਪਾ ਨਹੀਂਉਂ ਜਾਗਦੇ? ਅੱਥਰੂ ਅੱਥਰੂ ਘਰ , ਵਿਹੜਾ, ਬੂਹਾ। ਅੰਕੁਰ ਨੇ ਆਪਣੇ ਬਾਲ -ਸਖਾਈ ਮਿੱਤਰ ਮੇਰੇ ਪੁੱਤਰ ਪੁਨੀਤ ਨੂੰ ਕਿਹਾ, ਤੁਰੰਤ ਮੰਮੀ ਕੋਲ ਪਹੁੰਚ! ਪਾਪਾ ਨਹੀਂ ਜਾਗ ਰਹੇ। ਇਹ ਸੁਣ ਕੇ ਮੈਂ ਵੀ ਘਬਰਾ ਗਿਆ। ਰਣਜੋਧ ਨੂੰ ਤੁਰੰਤ ਉਨ੍ਹਾ ਦੇ ਘਰ 46-47 ਆਸ਼ਾਪੁਰੀ ਪਹੁੰਚਣ ਨੂੰ ਕਿਹਾ ਤੇ ਪੁਨੀਤ ਨੇ ਐਡਵੋਕੇਟ ਹਰਪ੍ਰੀਤ ਸੰਧੂ ਨੂੰ। ਉਹ ਦੋਵੇਂ ਪਾਤਰ ਜੀ ਨੂੰ ਤੁਰੰਤ ਓਰੀਸਨ ਹਸਪਤਾਲ ਲੈ ਗਏ। ਪੁਨੀਤ ਪਹੁੰਚਿਆ ਤਾਂ ਡਾਕਟਰ ਕਹਿ ਰਹੇ ਸਨ, ਖੇਡ ਤਾਂ ਕਾਫ਼ੀ ਸਮਾਂ ਪਹਿਲਾਂ ਖ਼ਤਮ ਹੋ ਚੁਕੀ ਹੈ। ਪਾਤਰ ਜੀ ਦਾ ਨਿੱਕਾ ਪੁੱਤਰ ਮਨਰਾਜ ਵੀ ਫਿਲੌਰ ਤੋਂ ਪਹੁੰਚ ਗਿਆ, ਜਿੱਥੇ ਉਹ ਟਰੇਨਿੰਗ ਤੇ ਸੀ। ਸਹਿਜਵੰਤੱ ਸੁਹਜਧਾਰੀ ਸ਼ਾਇਰ ਸੁਰਜੀਤ ਪਾਤਰ ਦੀ ਮੌਤ ਸਬੰਧੀ ਖ਼ਬਰ ਪਲੋ ਪਲੀ ਗਲੋਬ ਤੇ ਘੁੰਮ ਗਈ। ਹਰ ਨੇਤਰ ਨਮ ਹੋਇਆ। ਸਭ ਨੂੰ ਲੱਗਿਆ ਕਿ ਸਾਡੇ ਘਰ ਦਾ ਜੀ ਗਿਆ ਹੈ ਸੰਸਾਰ ਤੋਂ। ਪਾਤਰ ਸਾਹਿਬ ਦੇ ਜਾਣ ਮਗਰੋਂ ਕੁਝ ਸਮੇਂ ਬਾਦ ਹੀ ਉਨ੍ਹਾ ਦੇ ਨਿੱਕੇ ਵੀਰ ਉਪਕਾਰ ਸਿੰਘ ਦੀ ਜੀਵਨ ਸਾਥਣ ਵੀ ਨਵੀਂ ਦਿੱਲੀ ਵਿੱਚ ਇਲਾਜ ਦੇ ਬਾਵਜੂਦ ਵਿਛੋੜਾ ਦੇ ਗਈ। ਪੀੜਾਂ ਦਾ ਵਹਿਣ ਵਹਿ ਤੁਰਿਆ।
ਦੂਸਰੇ ਹੀ ਦਿਨ ਸ਼ਾਮੀਂ ਫਲਾਈਟ ਲੈ ਕੇ ਅੰਕੁਰ ਵੀ ਘਰ ਪਹੁੰਚ ਗਿਆ ਆਸਟਰੇਲੀਆ ਤੋਂ। ਤੇਰਾਂ ਮਈ ਨੂੰ ਸਵੇਰੇ 11ਵਜੇ ਅੰਤਿਮ ਸੰਸਕਾਰ ਹੋ ਗਿਆ। ਸਾਰਾ ਉੱਤਰੀ ਭਾਰਤ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੇ ਸਿਵਿਆਂ ਵਿੱਚ ਸੀ ਸੁਰਜੀਤ ਪਾਤਰ ਨੂੰ ਅਲਵਿਦਾ ਕਹਿਣ ਲਈ। ਡਾ. ਸ ਸ ਜੌਹਲ ਤੋਂ ਲੈ ਕੇ ਸੂਬੇ ਦੇ ਮੁੱਖ ਮੰਤਰੀ ਤੀਕ ਸਭ ਗ਼ਮਗੀਨ ਸਨ। ਸਕੂਲਾਂ ਕਾਲਜਾਂ ਦੇ ਬੱਚਿਆ ਸਮੇਤ। ਘਰ ਪਰਿਵਾਰ, ਰਿਸ਼ਤੇਦਾਰ ਮਿੱਤਰ ਨਿਸ਼ਬਦ ਸਨ।
ਮੈ ਤੇ ਸਤਿਬੀਰ ਸਿੰਘ ਸਿੱਧੂ ਡੇਢ ਵਜੇ ਤੀਕ ਸਿਵਿਆ ਚ ਬੈਠੇ ਰਹੇ, ਦੀਪ ਜਗਦੀਪ ਤੇ ਸੁਰਿੰਦਰ ਸਾਗਰ ਸਮੇਤ। ਸੁਰਿੰਦਰ ਸਾਗਰ ਮੱਚਦੇ ਸਿਵੇ ਕੋਲ ਜਾ ਕੇ ਪਾਤਰ ਸਾਹਿਬ ਨੂੰ ਉਨ੍ਹਾਂ ਦੀਆਂ ਗ਼ਜ਼ਲਾਂ ਸੁਣਾ ਰਿਹਾ ਸੀ। ਦੀਪ ਜਗਦੀਪ ਦਲਜੀਤ ਬਾਗੀ ਦੇ ਮੰਗਵੇਂ ਫੋਨ ਤੇ ਰੀਕਾਰਡ ਕਰ ਰਿਹਾ ਸੀ। ਸਿਵਿਆਂ ਦੀ ਚੁੱਪ ਵਿੱਚ ਹਰੀ ਪ੍ਰਸ਼ਾਦਿ ਚੌਰਸੀਆ ਦਾ ਬੰਸਰੀ ਵਾਦਨ ਸੁਣਾਈ ਦੇ ਰਿਹਾ ਸੀ।
ਪਾਤਰ ਸਾਹਿਬ ਨੇ ਆਪਣੀ ਪਹਿਲੀ ਕਿਤਾਬ ਦਾ ਪਹਿਲਾ ਨਾਮ ਵੀ ਤਾਂ “ ਲਿਖਤੁਮ ਨੀਲੀ ਬੰਸਰੀ”ਰੱਖਿਆ ਸੀ ਨਾ। ਇਮਰੋਜ਼ ਤੋਂ ਟਾਈਟਲ ਬਣਵਾ ਕੇ ਛਪਵਾ ਵੀ ਲਿਆ। ਅਸੀਂ ਛਪੇ ਟਾਈਟਲ ਨੂੰ ਕਿਸੇ ਪਹਿਲਾਂ ਛਪੀ ਕਿਤਾਬ ਤੇ ਚਾੜ੍ਹ ਚਾੜ੍ਹ ਸੁਆਦ ਸੁਆਦ ਹੁੰਦੇ ਰਹੇ। ਬਾਦ ਵਿੱਚ ਉਨ੍ਹਾਂ ਕਿਤਾਬ ਦਾ ਨਾਮ ਬਦਲ ਕੇ “ਹਵਾ ਵਿੱਚ ਲਿਖੇ ਹਰਫ਼” ਰੱਖ ਲਿਆ ਸੀ ਜਿਸ ਨੂੰ ਜਨਮੇਜਾ ਸਿੰਘ ਜੌਹਲ ਨੇ ਛਾਪਿਆ ਸੀ ਪਹਿਲੀ ਵਾਰ।
ਮੈਨੂੰ ਬੋਲ ਯਾਦ ਆ ਰਹੇ ਸਨ ਪਾਤਰ ਸਾਹਿਬ ਦੀ ਇੱਕ ਗ਼ਜ਼ਲ ਦੇ।
ਹੁੰਦਾ ਸੀ ਏਥੇ ਸ਼ਖਸ ਇਕ ਸੱਚਾ ਕਿੱਧਰ ਗਿਆ
ਇਸ ਪੱਥਰਾਂ ਦੇ ਸ਼ਹਿਰ 'ਚੋਂ ਸ਼ੀਸ਼ਾ ਕਿੱਧਰ ਗਿਆ?
ਜਾਂਦਾ ਸੀ ਮੇਰੇ ਪਿੰਡ ਨੂੰ ਰਸਤਾ ਕਿੱਧਰ ਗਿਆ
ਪੈੜਾਂ ਦੀ ਸ਼ਾਇਰੀ ਦਾ ਉਹ ਵਰਕਾ ਕਿੱਧਰ ਗਿਆ?
ਸੱਚੀਂ ਵਰਕਾ ਗੁਆਚ ਗਿਆ ਜਾਪਦਾ ਹੈ। ਕੁਝ ਲਿਖਣ ਪੜ੍ਹਨ ਨੂੰ ਦਿਲ ਨਹੀਂ ਕਰ ਰਿਹਾ। ਜਾਪਦੈ, ਪਾਤਰ ਸਾਹਿਬ ਸਾਰਾ ਕੁਝ ਨਾਲ ਲੈ ਗਏ ਨੇ, ਸ਼ਬਦਾਂ ਸਮੇਤ। ਕੀਰਤਪੁਰ ਸਾਹਿਬ ਪਰਿਵਾਰ ਨਾਲ ਅਸਥੀਆਂ ਜਲ ਪ੍ਰਵਾਹ ਕਰਕੇ ਪੰਜਾਬੀ ਸ਼ਾਇਰ ਗੁਰਵਿੰਦਰ ਸਿੰਘ ਜੌਹਲ(ਚਾਕ) ਕਹਿ ਰਿਹਾ ਹੈ
ਭਾਜੀ….ਯਕੀਨ ਜਿਹਾ ਨਈ ਆਉਂਦਾ ਅਜੇ ਵੀ ਕਿ ਪਾਤਰ ਸਾਹਿਬ ਜਾ ਚੁੱਕੇ ਹਨ।
ਇਹੀ ਹਾਲਤ ਦੇਸ ਪ੍ਰਦੇਸ਼ ਵੱਸਦਿਆਂ ਸਨੇਹੀਆਂ ਦੀ ਹੈ। ਕੁਲਦੀਪ ਲਿੰਘ ਧਾਲੀਵਾਲ ਯਾਦ ਕਰਵਾ ਰਿਹੈ ਮੈਨੂੰ 2012 ਦੀ ਉਹ ਅਮਰੀਕਾ ਵਿੱਚ ਮਿਲਪੀਟਸ ਵਿਖੇ ਹੋਈ ਕਾਨਫਰੰਸ, ਜਿਸ ਵਿੱਚ ਸੁਰਜੀਤ ਪਾਤਰ ਤੇ ਸੁਖਵਿੰਦਰ ਅੰਮ੍ਰਿਤ ਤੋ ਬਿਨਾ ਤੁਹਾਡੇ ਸਮੇਤ ਕੈਨੇਡਾ ਤੋਂ ਵਰਿਆਮ ਸੰਧੂ ਤੇ ਕੁਲਵਿੰਦਰ ਖਹਿਰਾ ਹਾਜ਼ਰ ਸਨ। ਸੁਖਵਿੰਦਰ ਕੰਬੋਜ ਤੇ ਕੁਲਵਿੰਦਰ ਦਾ ਪੱਬ ਧਰਤੀ ਤੇ ਨਹੀਂ ਸੀ ਲੱਗ ਰਿਹਾ। ਉਹ ਰੌਣਕਾਂ ਹੁਣ ਕਦੇ ਨਹੀਂ ਲੱਗਣੀਆਂ। ਉਸੇ ਸਮਾਗਮ ਵਿੱਚ ਹੀ ਤਾਂ ਮੈਂ ਉਥੇ ਪਾਸ਼ ਦੇ ਪਿਤਾ ਜੀ ਮੇਜਰ ਸੋਹਣ ਸਿੰਘ ਸੰਧੂ ਤੇ ਪਾਸ਼ ਦੀ ਬੇਟੀ ਵਿੰਕਲ ਨੂੰ ਮਿਲੇ ਸਾਂ। ਉਸ ਦੇ ਕੁੱਛੜ ਨਿੱਕਾ ਜਿਹਾ ਬਾਲ ਸੀ, ਸਗਵਾਂ ਪਾਸ਼ ਵਰਗੀਆਂ ਬਲੌਰੀ ਅੱਖਾਂ ਵਾਲਾ।
ਸਬੱਬ ਹੀ ਕਹਿ ਸਕਦੇ ਹਾਂ ਕਿ ਮਾਘੀ ਵਾਲੇ ਦਿਨ ਦੋ ਸੁਰੀਲੇ ਸ਼ਾਇਰਾਂ ਸੁਰਜੀਤ ਪਾਤਰ ਤੇ ਤ੍ਰੈਲੋਚਨ ਲੋਚੀ ਦੇ ਨਾਲ ਹੀ ਸੁਰਜੀਤ ਜੱਜ ਦਾ ਜਨਮ ਦਿਨ ਹੁੰਦੈ। ਫੀਰੋਜ਼ਪੁਰ ਰੋਡ ਲੁਧਿਆਣਾ ਦੇ ਦੋਹੀਂ ਪਾਸੀਂ ਆਹਮੋ ਸਾਹਮਣੇ ਪਾਤਰ ਤੇ ਲੋਚੀ ਵੱਸਦੇ ਨੇ। ਤ੍ਰੈਲੋਚਨ ਲੋਚੀ ਪਾਤਰ ਜੀ ਦੇ ਵਿਛੋੜੇ ਵਾਲੇ ਦਿਨ ਤੋਂ ਬੇਹੱਦ ਉਦਾਸ ਹੈ। ਕਹਿੰਦੈ! ਭਾ ਜੀ,
ਲੱਗਦਾ ਹੈ ਕਿ ਹੁਣੇ ਪਾਤਰ ਸਾਹਿਬ ਦਾ ਫੋਨ ਆਵੇਗਾ ਤੇ ਬੜੇ ਹੀ ਮਿੱਠੜੇ ਬੋਲਾਂ ਨਾਲ ਕਹਿਣਗੇ , ' ਹਾਂ ਡੀਅਰ ਲੋਚਨ ਕੀ ਕਰ ਰਹੇ ਹੋ !' ਤੇ ਫਿਰ ਕਿਸੇ ਪ੍ਰੋਗਰਾਮ ਬਾਰੇ ਦੱਸਣਗੇ ! ਉਹ ਪਿਆਰ ਨਾਲ ਮੈਂਨੂੰ ਲੋਚਨ ਹੀ ਕਿਹਾ ਕਰਦੇ ਸਨ , ਡੀਅਰ ਲੋਚਨ ! ਉਹਨਾਂ ਦਾ ਮੈਨੂੰ ਇਹ ਕਹਿਣਾ ਬਹੁਤ ਹੀ ਚੰਗਾ ਲੱਗਦਾ ਸੀ ਕਿਉਂਕਿ ਮੇਰੀ ਦਾਦੀ ਵੀ ਮੈਨੂੰ ਇਸੇ ਨਾਮ ਨਾਲ ਬੁਲਾਉਂਦੀ ਸੀ !
ਅੱਜ ਬਹੁਤ ਹੀ ਉਦਾਸ ਹਾਂ ਕਿ ਮੈਨੂੰ ਲੋਚਨ ਕਹਿਣ ਵਾਲੀਆਂ ਦੋ ਪਿਆਰੀਆਂ ਰੂਹਾਂ ਇਸ ਧਰਤੀ 'ਤੇ ਨਹੀਂ ਰਹੀਆਂ !
ਗਿਆਰਾਂ ਮਈ ਸਵੇਰੇ ਸੂਰਜ ਚੜ੍ਹਨ ਸਾਰ ਡੁੱਬ ਗਿਆ। ਸਵੇਰੇ ਸਾਢੇ ਸੱਤ ਵਜੇ ਹੀ ਉਦਾਸ ਖ਼ਬਰ ਮਿਲ ਗਈ ਕਿ ਸੁਰਜੀਤ ਪਾਤਰ ਸਵਾਸ ਤਿਆਗ ਗਏ ਨੇ। ਦਸ ਮਈ ਨੂੰ ਤਾਂ ਦਿਨੇ ਉਹ ਸਾਹਿੱਤ ਸਭਾ ਬਰਨਾਲਾ ਦੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ। ਸ਼ਾਮੀਂ ਜਗਰਾਉਂ ਨੇੜੇ ਆਪਣੇ ਮਿੱਤਰ ਕੈਨੇਡਾ ਤੋਂ ਆਏ ਮਿੱਤਰ ਹਰਜਿੰਦਰ ਥਿੰਦ,ਮੁਹੰਮਦ ਸਦੀਕ ਜਸਵੰਤ ਸੰਦੀਲਾ, ਜੀ ਐੱਸ ਪੀਟਰ ਤੇ ਅਮਨਦੀਪ ਫੱਲੜ ਨਾਲ ਬਗਲਗੀਰ ਸਨ ਰਾਤੀਂ ਪੌਣੇ ਗਿਆਰਾਂ ਵਜੇ ਤੀਕ।
ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਕੇ ਵੇਖ ਰਿਹਾਂ। ਸੁਰਜੀਤ ਪਾਤਰ ਜੀ ਦਾ ਵਰਤੋਂ ਵਿਹਾਰ, ਤੌਰ ਤਰੀਕਾ, ਵਿਚਰਨ ਅੰਦਾਜ਼ ਸਹਿਜ ਸੁਭਾਅ ਵਰਗੇ ਦਰਿਆ ਵਾਂਗ ਜਾਪਦਾ ਸੀ। ਨਿਰੰਤਰ ਵਹਿੰਦਾ, ਨਾ ਕੰਢੇ ਤੋੜਦਾ। ਆਪਣੀ ਸੀਮਾ ਤੇ ਸਮਰੱਥਾ ਨੂੰ ਜਾਨਣਹਾਰ ਜੇ ਕੋਈ ਸਮਕਾਲੀ ਸ਼ਾਇਰ ਸੀ ਤਾਂ ਉਹ ਸਿਰਫ਼ ਸੁਰਜੀਤ ਪਾਤਰ ਹੀ ਸੀ। ਉਸ ਦੀ ਸ਼ਾਇਰੀ ਨਾਲ ਮੇਰੀ ਉਣਸ ਦਾ ਇਹ ਬਵੰਜਵਾਂ ਸਾਲ ਹੈ।
ਮੈਂ ਪਾਤਰ ਸਾਹਿਬ ਨੂੰ ਪਹਿਲੀ ਵਾਰ ਗੁਰੂ ਨਾਨਕ ਕਾਲਿਜ ਕਾਲਾ ਅਫਗਾਨਾ (ਗੁਰਦਾਸਪੁਰ) ਵਿੱਚ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਸ਼ਤਾਬਦੀ ਨੂੰ ਸਮਰਪਿਤ 1970 ’ਚ ਪਹਿਲੀ ਵਾਰ ਸੁਣਿਆ ਸੀ। ਗਜ਼ਲ ਦੇ ਬੋਲ ਸਨ-
ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਬਿਰਖ਼ ਵਾਲੀ ਹਾਅ ਬਣ ਕੇ।
ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ,
ਤੂੰ ਤੇ ਲੰਘ ਜਾਂਨੈ, ਪਾਣੀ ਕਦੇ ਵਾਅ ਬਣ ਕੇ।
ਪਿਆ ਅੰਬਾਂ ਉੱਤੇ ਬੂਰ ਸੀ ਕਿ ਕੋਇਲ ਕੂਕ ਪਈ,
ਕਿਸੇ ਜਿੰਦ ਬੀਆ ਬਾਨ ਦੀ ਗਵਾਹ ਬਣ ਕੇ।
ਜਦੋਂ ਮਿਲਿਆ ਤਾਂ ਹਾਣ ਦਾ ਸੀ ਸਾਂਵਰਾ ਜਿਹਾ,
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣ ਕੇ।
ਸੁਰਜੀਤ ਪਾਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਉਦੋਂ ਰੀਸਰਚ ਫੈਲੋ ਸਨ। ਮਗਰੋਂ ਆਪਣੇ ਮਿੱਤਰ ਡਾ. ਜੋਗਿੰਦਰ ਕੈਰੋਂ ਦੀ ਸਲਾਹ ਤੇ ਬਾਬਾ ਬੁੱਢਾ ਕਾਲਜ ਬੀੜ ਸਾਹਿਬ (ਅੰਮ੍ਰਿਤਸਰ) ’ਚ ਪੜ੍ਹਾਉਣ ਲੱਗ ਪਏ। 1971 ’ਚ ਮੈਂ ਲੁਧਿਆਣੇ ਜੀ.ਜੀ.ਐੱਨ. ਕਾਲਸਾ ਕਾਲਜ ’ਚ ਪੜ੍ਹਨ ’ਚ ਆ ਗਿਆ। ਏਥੇ ਸ਼ਮਸ਼ੇਰ ਸਿੰਘ ਸੰਧੂ ਤੇ ਕੁੱਝ ਹੋਰ ਦੋਸਤਾਂ ਨਾਲ ਰਲ ਕੇ ਅਸੀਂ ਡਾ. ਸ ਪ ਸਿੰਘ ਜੀ ਦੀ ਸਰਪ੍ਰਸਤੀ ਹੇਠ ‘ਸੰਕਲਪ’ ਨਾਂ ਦਾ ਅਕਾਲਿਕ ਲੜੀਵਾਰ ਮੈਗਜ਼ੀਨ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਲਿਖਤਾਂ ਇਕੱਠੀਆਂ ਕਰਦਿਆਂ ਮੈਂ ਸੁਰਜੀਤ ਪਾਤਰ ਜੀ ਦੀਆਂ ਕਵਿਤਾਵਾਂ ਮੰਗਵਾਉਣ ਲਈ ਜ਼ਿੰਮੇਵਾਰੀ ਲੈ ਲਈ। ਪੋਸਟ ਕਾਰਡ ਲਿਖਿਆ ਬੀੜ ਸਾਹਿਬ ਦੇ ਸਿਰਨਾਵੇਂ ਤੇ। ਜਵਾਬੀ ਖ਼ਤ ਆ ਗਿਆ ਕਿ ਅਗਲੇ ਮਹੀਨੇ ਲੁਧਿਆਣੇ ਹੀ ਨੌਕਰੀ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ’ਚ ਪ੍ਰੋਫੈਸਰ ਮੋਹਨ ਸਿੰਘ ਜੀ ਕੋਲ ਆ ਰਿਹਾਂ। ਆ ਕੇ ਕਵਿਤਾਵਾਂ ਦੇ ਦਿਆਂਗਾ। ਮੈਂ ਪਾਵਟੇ ਹਾਊਸ ’ਚ ਟਿਕਾਂਗਾ, ਪਹਿਲੇ ਕੁਝ ਦਿਨ। ਮਿਲ ਲੈਣਾ।
ਡਾ. ਮ.ਸ. ਰੰਧਾਵਾ ਜੀ ਨੇ ਕਲਾਤਮਕ ਮਾਹੌਲ ਸਿਖਰਾਂ ’ਤੇ ਪਹੁੰਚਾ ਦਿੱਤਾ ਸੀ। ਉਹ ਵਾਈਸ ਚਾਂਸਲਰ ਸਨ ਤੇ ਓਹੀ ਪ੍ਰੋਫੈਸਰ ਮੋਹਨ ਸਿੰਘ ਜੀ ਨੂੰ ਲੁਧਿਆਣੇ ਲੈ ਕੇ ਆਏ ਸਨ। ਕਹਾਣੀਕਾਰ ਕੁਲਵੰਤ ਸਿੰਘ ਵਿਰਕ, ਅਜਾਇਬ ਚਿੱਤਰਕਾਰ ਤੇ ਉਰਦੂ ਕਵੀ ਕ੍ਰਿਸ਼ਨ ਅਦੀਬ ਪਹਿਲਾਂ ਹੀ ਯੂਨੀਵਰਸਿਟੀ ਸੇਵਾ ’ਚ ਸਨ। ਡਾ. ਸ. ਨ..ਸੇਵਕ, ਡਾ. ਦਲੀਪ ਸਿੰਘ ਦੀਪ, ਡਾ. ਵਿਦਿਆ ਭਾਸਕਰ ਅਰੁਣ, ਡਾ. ਸਾਧੂ ਸਿੰਘ,ਗੁਰਪਾਲ ਘਵੱਦੀ ਤੇ ਨਛੱਤਰ ਵੀ ਇਸ ਯੂਨੀਵਰਸਿਟੀ ਦੀ ਸੇਵਾ ’ਚ ਸਨ।
ਸੁਰਜੀਤ ਪਾਤਰ ਦੀ ਉਦੋਂ ਤੀਕ ਅਜੇ ਕੋਈ ਕਿਤਾਬ ਨਹੀਂ ਸੀ ਛਪੀ। ਪਰਮਿੰਦਰਜੀਤ ਤੇ ਜੋਗਿੰਦਰ ਕੈਰੋਂ ਨਾਲ ਸੰਮਿਲਤ ਪਹਿਲੀ ਪੁਸਤਕ ‘ਕੋਲਾਜ ਕਿਤਾਬ’ਵੀ ਮਗਰੋਂ ਛਪੀ। ਟੁੱਟਵੀਆਂ ਕਵਿਤਾਵਾਂ ਤੇ ਗ਼ਜ਼ਲਾਂ ਇਕੱਠੀਆਂ ਕਰਕੇ ਜਾਣ ਪਛਾਣ ਲਈ ਅਸਾਂ ਮਸਾਲਾ ਇਕੱਠਾ ਕੀਤਾ।
ਇਸ ਸਮਾਗਮ ਦੀ ਪ੍ਰਧਾਨਗੀ ਯੁਗ ਕਵੀ ਪ੍ਰੋ. ਮੋਹਨ ਸਿੰਘ ਜੀ ਨੇ ਕੀਤੀ ਸੀ। ਸਰੋਤਿਆਂ ’ਚ ਨੌਜਵਾਨ ਕਵੀ ਇਕਬਾਲ ਰਾਮੂਵਾਲੀਆ ਤੇ ਸੁਰਿੰਦਰਜੀਤ ਵੀ ਬੈਠੇ ਸਨ। ਦੇਵ,ਪਾਸ਼ ,ਅਮਰਜੀਤ ਗਰੇਵਾਲ ,ਸੁਖਚੈਨ ਤੇ ਗੁਰਸ਼ਰਨ ਰੰਧਾਵਾ ਵੀ। ਭਰਵਾਂ ਸਮਾਗਮ ਸੀ। ਸੁਰਜੀਤ ਪਾਤਰ ਨੇ ਨਵੀਆਂ ਕਵਿਤਾਵਾਂ ਸੁਣਾਈਆਂ ਬੁੱਢੀ ਜਾਦੂਗਰਨੀ ਆਖਦੀ ਹੈ, ਘਰਰ ਘਰਰ, ਪੱਛੋਂ ਤੇ ਪੁਰਵੱਈਆ, ਮਕਤੂਲ ਸੱਜਣ ਨੋਟ ਕਰਨ ਪਹਿਲੀ ਵਾਰ ਸੁਣੀਆਂ। ਇੱਕ ਕਵਿਤਾ ਦਾ ਕੁਝ ਹਿੱਸਾ ਹੁਣ ਤੀਕ ਚੇਤੇ ਹੈ-
ਮੇਰੀ ਧੁੱਪ ਬਿਮਾਰ ਪਈ ਹੈ।
ਮੇਰੇ ਸੂਰਜ ਨੂੰ ਘੜੀਆਂ ਨੇ ਟੁੱਕ ਦਿੱਤਾ ਹੈ।
ਦਫ਼ਤਰ ਦੇ ਦਰਵਾਜਿਓਂ ਬਾਹਰ
ਮੇਰੀ ਨਜ਼ਮ ਉਡੀਕਦੀ ਮੈਨੂੰ ਬੁੱਢੀ ਹੋ ਗਈ,
ਓਸ ਵਿਚਾਰੀ ਦੇ ਤਾਂ ਲੰਮੜੇ ਵਾਲ ਸੁਹਾਣੇ,
ਬਿਨਾਂ ਪਲੋਸਣ ਚਿੱਟੇ ਹੋ ਗਏ।
ਮੈਂ ਕੁਰਸੀ ਵਿੱਚ ਚਿਣ ਹੋਇਆ ਹਾਂ
ਕੁਰਸੀ ਵਿੱਚ ਚਿਣਿਆਂ ਪੁੱਤਰਾਂ ਨੂੰ,
ਸਾਹਿਬਜ਼ਾਦੇ ਕੌਣ ਕਹੇਗਾ
ਸਰਕਸ ਵਾਲਾ ਬੁੱਢਾ ਸ਼ੇਰ ਹੁਣ ਆਵੇਗਾ
ਪਲ ਵਿੱਚ ਮੇਰੇ ਸਾਰੇ ਸੁਪਨੇ ਭਸਮ ਕਰੇਗਾ
ਮੈਂ ਕਵਿਤਾ, ਮੈਂ ਭੀੜ ਦਾ ਪੁਰਜ਼ਾ
ਗੁੱਛੂ ਮੁੱਛੂ ਹੋ ਕੇ ਇੱਕ ਦਰਾਜ਼ ਦੇ ਅੰਦਰ ਬਹਿ ਜਾਵਾਂਗਾ।
ਉਸ ਦੀ ਕਵਿਤਾ ‘ਪੁਲ’ ਬੇਅੰਤ ਮੁੱਲਵਾਨ ਕਿਰਤ ਹੈ। ਇਸ ਨੂੰ ਪਾਤਰ ਦੇ ਮੂੰਹੋਂ ਸੁਣਨ ਦਾ ਆਪਣਾ ਹੀ ਸੁਭਾਗ ਸੀ। ਇਸ ਕਵਿਤਾ ਵਿਚਲਾ ਦਰਦ ਸ਼ਬਦਾਂ ਤੋਂ ਬਹਰ ਵੀ ਫੈਲਰਵਾਂ ਹੈ। ਮੈਂ ਇਸ ਨੂੰ ਅੱਜ ਵੀ ਬਹੁਤ ਬਲਵਾਨ ਕਵਿਤਾ ਦੇ ਰੂਪ ਵਿੱਚ ਸਵੀਕਾਰ ਕਰਦਾ ਹਾਂ।
ਮੈਂ ਜਿਨ੍ਹਾਂ ਲੋਕਾਂ ਲਈ ਪੁਲ ਬਣ ਗਿਆ ਸਾਂ
ਜਦ ਉਹ ਮੇਰੇ ਉੱਪਰ ਦੀ ਲੰਘ ਰਹੇ ਸਨ
ਸ਼ਾਇਦ ਕਹਿ ਰਹੇ ਸਨ
ਕਿੱਥੇ ਰਹਿ ਗਿਆ ਉਹ ਚੁੱਪ ਜਿਹਾ ਬੰਦਾ
ਸ਼ਾਇਦ ਪਿੱਛੇ ਮੁੜ ਗਿਆ ਹੈ
ਸਾਨੂੰ ਪਹਿਲਾਂ ਹੀ ਪਤਾ ਸੀ
ਉਸ ਵਿੱਚ ਦਮ ਨਹੀਂ ਹੈ।
ਲੁਧਿਆਣਾ ਵਿੱਚ ਸੁਰਜੀਤ ਪਾਤਰ ਦੀ ਆਮਦ ਨਾਲ ਏਥੇ ਕਵਿਤਾ ਪੱਕੇ ਪੈਰੀਂ ਹੋ ਗਈ ਸੀ। ਪਹਿਲਾਂ ਭਾਵੇਂ ਪ੍ਰੋ. ਮੋਹਨ ਸਿੰਘ ਤੇ ਅਜਾਇਬ ਚਿੱਤਰਕਾਰ ਵਰਗੇ ਸਮਰੱਥ ਕਵੀ ਹਾਜ਼ਰ ਸਨ, ਪਰ ਪਾਤਰ ਦੇ ਆਉਣ ਨਾਲ ਸਰਗਰਮੀ ਵਧੀ। ਯੂਨੀਵਰਸਿਟੀ ’ਚ ਡਾ. ਸ. ਨ. ਸੇਵਕ ਦੀ ਹਿੰਮਤ ਸਦਕਾ ਯੰਗ ਰਾਈਟਰਜ਼ ਐਸੋਸੀਏਸ਼ਨ ਚੰਗਾ ਫੋਰਮ ਬਣ ਚੁਕਾ ਸੀ। ਇਸੇ ਫੋਰਮ ਨੇ ਹੀ ਡਾ. ਫਕੀਰ ਚੰਦ ਸ਼ੁਕਲਾ, ਅਮਰਜੀਤ ਗਰੇਵਾਲ, ਡਾ. ਸੁਖਚੈਨ ਮਿਸਤਰੀ, ਪਰਦੀਪ ਬੋਸ,ਡਾ. ਗੁਰਸ਼ਰਨ ਰੰਧਾਵਾ, ਡਾ. ਅਮਰਜੀਤ ਟਾਂਡਾ,ਸ਼ਰਨਜੀਤ ਮਣਕੂ, ਜਨਮੇਜਾ ਜੌਹਲ, ਸੁਖਪਾਲ ਤੇ ਕਈਆਂ ਹੋਰਨਾਂ ਨੂੰ ਵਿਸ਼ੇਸ਼ ਪਛਾਣ ਦਿਵਾਈ।
ਕੁੱਝ ਸਮੇਂ ਬਾਦ ਸੁਰਜੀਤ ਪਾਤਰ ਨੂੰ ਪਰੋਫੈਸਰ ਮੋਹਨ ਸਿੰਘ ਆਪਣੇ ਗੁਆਂਢ ’ਚ ਮਹਾਰਾਜ ਨਗਰ ’ਚ ਲੈ ਆਏ। ਸਵੇਰ ਸ਼ਾਮ ਦੀ ਸਾਂਝ ਨੇ ਸਿਰਜਣਾਤਮਕ ਪ੍ਰਕਿਰਿਆ ਤੇਜ਼ ਕੀਤੀ। ਇੱਥੇ ਹੀ ਪੁਰਾਣੇ ਇਨਕਲਾਬੀ ਵਿਦਿਆਰਥੀ ਆਗੂ ਸ੍ਵ. ਇੰਦਰਜੀਤ ਸਿੰਘ ਬਿੱਟੂ ਤੇ ਦਰਸ਼ਨ ਜੈਕ ਨਾਲ ਮੇਰੀਆ ਮੁਲਾਕਾਤਾਂ ਹੋਈਆਂ। ਦੋਵੇਂ ਪਾਤਰ ਦੇ ਪੰਜਾਬੀ ਯੂਨੀਵਰਸਿਟੀ ਵੇਲੇ ਦੇ ਸਨੇਹੀ ਸਨ।
ਸੁਰਜੀਤ ਪਾਤਰ ਜੀ ਦਾ ਕਮਰਾ ਕਿਸੇ ਸਰਾਂ ਤੋਂ ਘੱਟ ਨਹੀਂ ਸੀ। ਪੰਜ ਆਉਂਦੇ, ਚਾਰ ਪਰਤਦੇ, ਰੋਜ਼ ਦਾ ਨਿੱਤਨੇਮ ਸੀ। ਡਾ. ਤੇਜਵੰਤ ਸਿੰਘ ਗਿੱਲ ਪੌੜੀਆਂ ਚੜ੍ਹ ਰਹੇ ਹੁੰਦੇ,ਪ੍ਰੋ. ਮੋਹਨ ਸਿੰਘ ਉਤੱਕਰ ਰਹੇ ਹੁੰਦੇ। ਫਰੀਦਕੋਟ ਵਾਲੇ ਪ੍ਰੋ. ਕਰਮਜੀਤ ਸਿੰਘ ਪਾਤਰ ਨੂੰ ਭਵਿੱਖ ਦੀ ਬਹੁਤ ਵੱਡੀ ਆਸ ਕਹਿੰਦੇ ਸਨ। ਇਹੀ ਆਸ ਪੂਰੀ ਹੋਈ ਬਾਦ ਵਿੱਚ। ਕਦੇ ਕਦੇ ਅਮਿਤੋਜ ਵੀ ਫੇਰਾ ਮਾਰਦਾ। ਪਰਮਿੰਦਰਜੀਤ ਤਾਂ ਲਗਪਗ ਦੋ ਸਾਲ ਪਾਤਰ ਸਾਹਿਬ ਕੋਲ ਪੱਕਾ ਹੀ ਰਿਹਾ ਰਾਈਟਰਜ਼ ਪਰੈੱਸ ਦਾ ਮੈਨੇਜਰ ਬਣ ਕੇ।
ਅਸਲ ਗੱਲ ਇਹ ਸੀ ਕਿ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਮ. ਸ. ਰੰਧਾਵਾ ਦੇ ਨਾਲ ਜਨਰਲ ਸਕੱਤਰ ਪ੍ਰੋ. ਮੋਹਨ ਸਿੰਘ ਸਨ। ਉਨ੍ਹਾਂ ਅਕਾਦਮੀ ਦੀ ਪ੍ਰਿੰਟਿੰਗ ਪ੍ਰੈਸ ਵੇਚਣ ਦਾ ਫੈਸਲਾ ਕਰ ਲਿਆ।
ਲੁਧਿਆਣਾ ਦੇ ਲਿਖਾਰੀਆਂ ਦਾ ਇਸ ਛਾਪੇਖਾਨੇ ਨਾਲ ਭਾਵੁਕ ਰਿਸ਼ਤਾ ਸੀ। ਡਾ. ਸ. ਨ. ਸੇਵਕ ਨੇ ਸੁਰਜੀਤ ਪਾਤਰ, , ਮਹਿੰਦਰ ਦੁਸਾਂਝ, ਪ੍ਰਿੰਸੀਪਲ ਤਖ਼ਤ ਸਿੰਘ, ਬਲਵੰਤ ਸਿੰਘ ਸਰਹਾਲ( ਮਗਰੋਂ ਬੰਗਾ ਤੋਂ ਵਿਧਾਇਕ ਬਣੇ) ਤੇ ਜੋਗਿੰਦਰ ਕੈਰੋਂ ਵਰਗੇ ਤੇਰਾਂ ਦੋਸਤ ਇਕੱਠੇ ਕਰਕੇ ਤੇਰਾਂ ਹਜ਼ਾਰ ਰੁਪਏ ’ਚ ਅਕਾਦਮੀ ਪ੍ਰੈੱਸ ਖਰੀਦ ਲਈ। ਰਾਈਟਰਜ਼ ਪ੍ਰੈੱਸ ਨਾਮ ਹੇਠ ਰਜਿਸਟ੍ਰੇਸ਼ਨ ਕਰਵਾ ਲਈ। ਕਿਰਪਾਲ ਸਿੰਘ ਮਸ਼ੀਨਮੈਨ ਤੇ ਕੰਪੋਜ਼ੀਟਰ ਸੁਰਿੰਦਰ ਸਿੰਘ ਵੀ ਹਿੱਸੇਦਾਰ ਬਣਾ ਲਏ। ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਪੁਸਤਕ ‘ਮੇਰੀ ਗਜ਼ਲ ਯਾਤਰਾ’ ਇਸੇ ਪ੍ਰੈੱਸ ਨੇ ਹੀ ਛਾਪੀ।
ਸੁਰਜੀਤ ਪਾਤਰ ਜੀ ਦੇ ਕਮਰੇ ’ਚ ਪਏ ਗਰਾਮਾਫੋਨ ਰੀਕਾਰਡ ਪਲੇਅਰ ਤੇ ਅਸੀਂ ਅਕਸਰ ਹੀ ਬੇਗ਼ਮ ਅਖ਼ਤਰ ਸੁਣਦੇ, ਕਦੇ ਮਹਿਦੀ ਹਸਨ। ਕੁਲਦੀਪ ਮਾਣਕ ਦੀਆਂ ਕਲੀਆਂ ਵੀ ਇਸੇ ਮਸ਼ੀਨ ’ਤੇ ਸੁਣੀਆਂ। ਇਹ ਲੋਕ ਗਾਥਾਵਾਂ ਤੇ ਕਲੀਆਂ ਲਿਖਣ ਵਾਲੇ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲਾ)ਨੂੰ ਮਿਲਣ ਲਈ ਸੁਰਜੀਤ ਪਾਤਰ ਜੀ ਨਾਲ ਏਥੋਂ ਹੀ ਥਰੀਕੇ ਪਿੰਡ ਗਏ ਸਾਂ। ਦੇਵ ਤਾਂ ਨਾ ਮਿਲਿਆ, ਪਰ ਉਸਦੀ ਜੀਵਨ ਸਾਥਣ ਪ੍ਰੀਤਮ ਕੌਰ (ਪੀਤੋ) ਨੇ ਦੇਵ ਦੇ ਰੀਕਾਰਡ ਪੇਟੀ ’ਚੋਂ ਕੱਢ ਕੇ ਸਾਨੂੰ ਵਿਖਾਏ। ਮੈਨੂੰ ਪਾਤਰ ਸਾਹਿਬ ਦੇ ਸਕੂਟਰ ਦਾ ਨੰਬਰ ਵੀ ਚੇਤੇ ਹੈ। ਪਿਲੇ ਅੱਖਰ ਸ਼ਾਇਦ ਪੀ ਯੂ ਐੱਲ ਸਨ ਪਰ ਪਿੱਛੇ 4130 ਸੀ। ਇਸ ਸਕੂਟਰ ਦਾ ਇਹ ਨੰਬਰ ਲੈਣ ਦਾ ਉਹ ਭੇਤ ਦੱਸਦੇ ਕਿ ਇਹ ਮਗਰੋਂ ਪੜ੍ਹਨ ਵਾਲੇ ਨੂੰ ਪਾਤਰ ਲਿਖਿਆ ਲੱਗਦਾ ਹੈ।
ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਸੰਪਾਦਕ (ਪੰਜਾਬੀ) ਦੀ ਨੌਕਰੀ ਖਾਲੀ ਹੋਈ ਤਾਂ ਮੇਰੇ ਮਿੱਤਰ ਪ੍ਰਿਤਪਾਲ ਸਿੰਘ ਨੇ ਅਰਜ਼ੀ ਫਾਰਮ ਲਿਆ ਕੇ ਭਰ ਲਿਆ। ਮੇਰੀ ਮੈਰਿਟ ਠੀਕ ਠਾਕ ਸੀ, ਲਿਖਣ ਪੜ੍ਹਨ ਦਾ ਰਿਕਾਰਡ ਵੀ ਚੰਗਾ ਸੀ। ‘ਸ਼ੀਸ਼ਾ ਝੂਠ ਬੋਲਦਾ ਹੈ’ ਪੁਸਤਕ ਵੀ ਛਪ ਚੁੱਕੀ ਸੀ। ‘ਇੰਟਰਵਿਊ’ ’ਚ ਚੋਣਕਾਰਾਂ ਨੂੰ ਜਚ ਗਿਆ ਮੈਂ, ਤੇ ਚੁਣਿਆ ਗਿਆ। ਨੌਕਰੀ ’ਤੇ ਹਾਜਰੀ ਭਰਨ ਲਈ ਚਿੱਠੀ ਆ ਗਈ ਤੇ ਮੈਂ 30 ਅਪਰੈਲ 1983 ਨੂੰ ਪੰਜਾਬ ਖੇਤੀ ਯੂਨੀਵਰਸਿਟੀ ਸੇਵਾ ਵਿੱਚ ਆ ਗਿਆ।
ਇਸੇ ਯੂਨੀਵਰਸਿਟੀ ਦੇ ਮਾਨਵ ਵਿਕਾਸ ਵਿਭਾਗ ਦੇ ਸਕੂਲ ਵਿੱਚ ਮੇਰਾ ਪੁੱਤਰ ਪੁਨੀਤ,ਸੁਰਜੀਤ ਪਾਤਰ ਜੀ ਦਾ ਬੇਟਾ ਅੰਕੁਰ ਪਾਤਰ ਤੇ ਅਮਰਜੀਤ ਗਰੇਵਾਲ ਦੀ ਬੇਟੀ ਰਚਨਾ ਪੜ੍ਹੇ। ਮਗਰੋਂ ਇਹ ਤਿੰਨੇ ਪਹਿਲੀ ਕੱਚੀ ਜਮਾਤ ਤੋਂ ਦਸਵੀਂ ਜਮਾਤ ਤੀਕ ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ ਵਿੱਚ ਇਕੱਠੇ ਪੜ੍ਹੇ ਹਨ। ਇਨ੍ਹਾਂ ਬੱਚਿਆਂ ਦੀਆਂ ਲੋੜਾਂ ਮਹਿਸੂਸਦਿਆਂ ਪਾਤਰ ਸਾਹਿਬ ਨੇ ਕਈ ਬਾਲ ਗੀਤ ਲਿਖੇ ਜਿੰਨ੍ਹਾਂ ਵਿੱਚੋਂ ਇੱਕ ਇਹ ਸੀ।
ਭਾਰੇ ਭਾਰੇ ਬਸਤੇ,ਲੰਮੇ ਲੰਮੇ ਰਸਤੇ।
ਥੱਕ ਗਏ ਨੇ ਗੋਡੇ,ਦੁਖਣ ਲੱਗ ਪਏ ਮੋਢੇ
ਐਨਾ ਭਾਰ ਚੁਕਾਇਆ ਏ
ਅਸੀਂ ਕੋਈ ਖੋਤੇ ਆਂ ?
ਟੀਚਰ ਜੀ ਆਉਣਗੇ ਆ ਕੇ ਹੁਕਮ ਸੁਣਾਉਣਗੇ:
ਚਲੋ ਕਿਤਾਬਾਂ ਖੋਲ੍ਹੋ ਪਿੱਛੇ ਪਿੱਛੇ ਬੋਲੋ ।
ਪਿੱਛੇ ਪਿੱਛੇ ਬੋਲੀਏ
ਅਸੀਂ ਕੋਈ ਤੋਤੇ ਆਂ ?
ਚਲੋ ਚਲੋ ਜੀ ਚੱਲੀਏ ਜਾ ਕੇ ਸੀਟਾਂ ਮੱਲੀਏ
ਜੇਕਰ ਹੋ ਗਈ ਦੇਰ ,ਕੀ ਹੋਵੇਗਾ ਫੇਰ?
ਟੀਚਰ ਜੀ ਆਉਣਗੇ,ਝਿੜਕਾਂ ਖ਼ੂਬ ਸੁਣਾਉਣਗੇ
ਤੁਰੇ ਹੀ ਤਾਂ ਜਾਨੇ ਆਂ,ਅਸੀਂ ਕੋਈ ਖੜੋਤੇ ਆਂ ?
ਸੁਰਜੀਤ ਪਾਤਰ ਜੀ ਦੀ ਮੁੱਲਵਾਨ ਸਾਹਿੱਤ ਸਿਰਜਣਾ ਨੂੰ ਨਮਨ ਕਰਦਿਆਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਸਿਰ ਝੁਕਾਇਆ ਹੈ, ਪੱਤਰਕਾਰਤਾ ਦੇ ਨਿਡਰ ਯੋਧੇ ਰਵੀਸ਼ ਕੁਮਾਰ ਨੇ ਵੀ। ਸਿਰਕੱਢ ਗਾਇਕ ਦਿਲਜੀਤ ਨੇ ਤਾਂ ਕੈਲੇਫੋਰਨੀਆ ਵਿੱਚ ਆਪਣਾ ਇੱਕ ਸ਼ੋਅ ਹੀ ਪਾਤਰ ਸਾਹਿਬ ਨੂੰ ਸਮਰਪਿਤ ਕੀਤਾ। ਬਦੇਸ਼ ਵਿੱਚ ਹੀ ਲੋਕ ਗਾਇਕ ਡਾ. ਸਤਿੰਦਰ ਸਰਤਾਜ ਨੇ ਪਾਤਰ ਸਾਹਿਬ ਦੀ ਰਚਨਾ
ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ।
ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ।
ਗੱਡੀ ਚੜ੍ਹਨ ਦੀ ਕਾਹਲ ਬੜੀ ਸੀ ਕੀ ਕੁਝ ਰਹਿ ਗਿਆ ਓਥੇ
ਪਲਾਂ ਛਿਣਾਂ ਵਿਚ ਛੱਡ ਆਏ ਸਾਂ ਜੁਗਾਂ ਜੁਗਾਂ ਦੀਆਂ ਥਾਵਾਂ।
ਅੱਧੀ ਰਾਤ ਹੋਏਗੀ ਮੇਰੇ ਪਿੰਡ ਉਤੇ ਇਸ ਵੇਲੇ
ਜਾਗਦੀਆਂ ਹੋਵਣਗੀਆਂ ਸੁੱਤਿਆਂ ਪੁਤਰਾਂ ਲਾਗੇ ਮਾਵਾਂ।
ਮਾਰੂਥਲ ' ਚੋਂ ਭੱਜ ਆਇਆ ਮੈਂ ਆਪਣੇ ਪੈਰ ਬਚਾ ਕੇ
ਪਰ ਓਥੇ ਰਹਿ ਗਈਆਂ ਜੋ ਸਨ ਮੇਰੀ ਖਾਤਰ ਰਾਹਵਾਂ।
ਮੇਰੇ ਲਈ ਜੋ ਤੀਰ ਬਣੇ ਸਨ ਹੋਰ ਕਲੇਜੇ ਲੱਗੇ
ਕਿੰਝ ਸਾਹਿਬਾਂ ਨੂੰ ਆਪਣੀ ਆਖਾਂ ਕਿਉਂ ਮਿਰਜ਼ਾ ਸਦਵਾਵਾਂ।
ਮੈਂ ਸਾਗਰ ਦੇ ਕੰਢੇ ਬੈਠਾਂ ਕੋਰੇ ਕਾਗਜ਼ ਲੈ ਕੇ
ਓਧਰ ਮਾਰੂਥਲ ਵਿਚ ਮੈਨੂੰ ਟੋਲਦੀਆਂ ਕਵਿਤਾਵਾਂ।
ਖ਼ਾਬਾਂ ਵਿਚ ਇਕ ਬੂਹਾ ਦੇਖਾਂ ਬੰਦ ਤੇ ਉਸ ਦੇ ਅੱਗੇ
ਕਈ ਹਜ਼ਾਰ ਰੁਲਦੀਆਂ ਚਿੱਠੀਆਂ 'ਤੇ ਮੇਰਾ ਸਰਨਾਵਾਂ।
ਖੰਭਾਂ ਵਰਗੀਆਂ ਚਿੱਠੀਆਂ ਉਹਨਾਂ ਵਾਂਗ ਭਟਕ ਕੇ ਮੋਈਆਂ
ਮਰ ਜਾਂਦੇ ਨੇ ਪੰਛੀ ਜਿਹੜੇ ਚੀਰਦੇ ਸਰਦ ਹਵਾਵਾਂ।
ਜਾਂ ਤਾਂ ਤੂੰ ਵੀ ਧੁੱਪੇ ਆ ਜਾ ਛੱਡ ਕੇ ਸ਼ਾਹੀ ਛਤਰੀ
ਜਾਂ ਫਿਰ ਰਹਿਣ ਦੇ ਮੇਰੇ ਸਿਰ ਤੇ ਇਹ ਸ਼ਬਦਾਂ ਦੀਆਂ ਛਾਵਾਂ।
ਚੱਲ ਛੱਡ ਹੁਣ ਕੀ ਵਾਪਸ ਜਾਣਾ, ਜਾਣ ਨੂੰ ਬਚਿਆ ਕੀ ਏ
ਤੇਰੇ ਪੈਰਾਂ ਨੂੰ ਤਰਸਦੀਆਂ ਮਰ ਮੁਕ ਗਈਆਂ ਰਾਹਵਾਂ।
ਕੀ ਕਵੀਆਂ ਦਾ ਆਉਣਾ ਜਾਣਾ ਕੀ ਮਸਤੀ ਸੰਗ ਟੁਰਨਾ
ਠੁਮਕ ਠੁਮਕ ਜੇ ਨਾਲ ਨਾ ਚੱਲਣ ਸੱਜ-ਲਿਖੀਆਂ ਕਵਿਤਾਵਾਂ।
ਸੁਰਜੀਤ ਪਾਤਰ ਜੀ ਦੇ ਜਾਣ ਤੇ ਕਿਹੜੀ ਅੱਖ ਨਹੀਂ ਰੋਈ ਪਰ ਪੰਜਾਬੀ ਲੇਖਕ ਜੰਗ ਬਹਾਦਰ ਗੋਇਲ ਦੀ ਟਿੱਪਣੀ ਮੁੱਲਵਾਨ ਹੈ, “ ਮੌਤ ਸਾਥੋਂ ਸੁਰਜੀਤ ਖੋਹ ਸਕਦੀ ਹੈ, ਪਾਤਰ ਨਹੀਂ। ਸ਼ਾਇਰ ਤੇ ਗਾਇਕ ਦੇਬੀ ਮਖਸੂਸਪੁਰੀ ਅੱਥਰੂ ਅੱਥਰੂ ਹੈ ਉਸ ਦਿਨ ਤੋਂ। ਸਰੀ(ਕੈਨੇਡਾ) ਵਾਲਾ ਮੋਹਨ ਗਿੱਲ ਕਹਿ ਰਿਹੈ,ਸ਼ਬਦ ਹਾਰ ਗਏ ਨੇ। 1988 ਵਿੱਚ ਪਾਸ਼ ਦੇ ਕਤਲ ਤੇ ਤਾਂ ਪਾਤਰ ਨੇ ਲਿਖ ਲਿਆ ਸੀ ਕਿ
ਇੱਕ ਲਰਜ਼ਦਾ ਨੀਰ ਸੀ,
ਉਹ ਮਰ ਕੇ ਪੱਥਰ ਹੋ ਗਿਆ
ਦੂਸਰਾ ਇਸ ਹਾਦਸੇ ਤੋਂ,
ਡਰ ਕੇ ਪੱਥਰ ਹੋ ਗਿਆ
ਤੀਸਰਾ ਇਸ ਹਾਦਸੇ ਨੂੰ ਕਰਨ,
ਲੱਗਿਆ ਸੀ ਬਿਆਨ
ਉਹ ਕਿਸੇ ਪੱਥਰ ਦੇ ਘੂਰਨ ਕਰਕੇ
ਪੱਥਰ ਹੋ ਗਿਆ
ਇੱਕ ਸ਼ਾਇਰ ਬਚ ਗਿਆ ਸੀ,
ਸੰਵੇਦਨਾ ਸੰਗ ਲਰਜਦਾ
ਏਨੇ ਪੱਥਰ ਉਹ ਗਿਣਤੀ ਕਰਕੇ,
ਪੱਥਰ ਹੋ ਗਿਆ।
ਪਰ ਹੁਣ ਅਸੀਂ ਕੀ ਕਹੀਏ? ਅਸੀਂ ਪਥਰਾ ਗਏ ਹਾਂ। ਸਿਰ ਦੀ ਸੱਟ ਵਰਗੇ ਸਦਮੇ ਮਗਰੋਂ। ਉਸ ਦੇ ਜਾਣ ਮਗਰੋਂ ਲਿਖੀ ਇਸ ਗ਼ਜ਼ਲ ਨਾਲ ਹੀ ਵਿਦਾ ਹੁੰਦਾ ਹਾਂ।
ਚੜ੍ਹਦੇ ਸੂਰਜ ਦੇ ਵਿੱਚ ਲੁਕਿਆ, ਕਿੱਧਰ ਸ਼ਬਦ -ਸਵਾਰ ਤੁਰ ਗਿਆ।
ਹੁਣ ਨਹੀਂ ਕਦੇ ਕੁਵੇਲਾ ਕਰਦਾ,ਕਰਕੇ ਕੌਲ ਕਰਾਰ ਤੁਰ ਗਿਆ।
ਏਸ ਤਰ੍ਹਾਂ ਤਾਂ ਹੌਕਾ ਵੀ ਨਾ ਹਿੱਕੜੀ ਵਿੱਚੋਂ ਰੁਖ਼ਸਤ ਹੁੰਦਾ,
ਕੋਲ ਪਿਆਂ ਨੂੰ ਮਾਰ ਝਕਾਨੀ,ਚੁੱਪ ਦੀ ਬੁੱਕਲ ਮਾਰ ਤੁਰ ਗਿਆ।
ਅਚਨਚੇਤ ਕਿਸ ਮਾਰਗ ਤੁਰਿਆ,ਪਿੱਛੇ ਛੱਡ ਕੇ ਗੰਧ ਕਸਤੂਰੀ,
ਲੱਭਦੇ ਫਿਰੀਏ ਪੌਣਾਂ ਵਿੱਚੋਂ, ਸਭ ਨੂੰ ਜਿਉਦੇ ਮਾਰ ਤੁਰ ਗਿਆ।
ਅਜੇ ਤਾਂ ਉਸਨੇ ਦੱਸਣਾ ਸੀ ਕਿ ,ਸਾਥੋਂ ਧਰਤੀ ਕੀ ਚਾਹੁੰਦੀ ਹੈ,
ਸੁਰ ਸ਼ਬਦਾਂ ਦਾ ਵਹਿੰਦਾ ਚਸ਼ਮਾ ਸਰਦ ਖ਼ਾਮੋਸ਼ੀ ਧਾਰ ਤੁਰ ਗਿਆ।
ਲਿਖਤੁਮ ਪਾਤਰ, ਪੜ੍ਹਤੁਮ ਦੁਨੀਆਂ,ਸਗਲ ਸ੍ਰਿਸ਼ਟੀ ਮਾਰ ਕਲਾਵੇ,
ਕਣ ਕਣ ਵਿੱਚੋਂ ਲੱਭਦੇ ਫਿਰੀਏ,ਕਿੱਧਰ ਪੌਣ ਸਵਾਰ ਤੁਰ ਗਿਆ।
ਬੰਸਰੀਆਂ ਦੇ ਛੇਕਾਂ ਅੰਦਰੋਂ, ਹੂਕ ਕਿਸੇ ਦਰਦੀਲੀ ਪੁੱਛਿਆ,
ਹੋਠ ਛੁਹਾਇਆਂ ਤੋਂ ਬਿਨ ਸਾਡਾ, ਕਿੱਧਰ ਕ੍ਰਿਸ਼ਨ ਮੁਰਾਰ ਤੁਰ ਗਿਆ।
ਕੋਰੇ ਵਰਕ ਉਡੀਕ ਰਹੇ ਨੇ, ਰੰਗਲੀ ਡਾਇਰੀ ਅੱਥਰੂ ਅੱਥਰੂ,
ਕਲਮ ,ਦਵਾਤ ਸਮੇਟ ਪਿਆਰਾ, ਕਿੱਧਰ ਸਿਰਜਣਹਾਰ ਤੁਰ ਗਿਆ।