Chupp Da Zehar (Punjabi Ghazlan) : Rauf Sheikh

ਚੁੱਪ ਦਾ ਜ਼ਹਿਰ (ਪੰਜਾਬੀ ਗ਼ਜ਼ਲਾਂ) : ਰਊਫ਼ ਸ਼ੇਖ਼


ਰੁੱਖਾਂ 'ਤੋਂ ਟੁੱਟੀਆਂ ਸ਼ਾਖ਼ਾਂ 'ਤੇ ਮੇਵੇ

ਰੁੱਖਾਂ 'ਤੋਂ ਟੁੱਟੀਆਂ ਸ਼ਾਖ਼ਾਂ 'ਤੇ ਮੇਵੇ ਕਦੀ ਨਹੀਂ ਲਗਦੇ ਉਜੜੀਆਂ ਹੋਈਆਂ ਕਬਰਾਂ 'ਤੇ ਜਿਉਂ ਦੀਵੇ ਕਦੀ ਨਹੀਂ ਜਗਦੇ ਹਾੜ੍ਹ ਦੀਆਂ ਧੁੱਪਾਂ ਵਿਚ ਲਾਈਆਂ ਮੈਂ ਉਹਨਾਂ ਤੋਂ ਆਸਾਂ ਜਿਹੜੇ ਨਾਲ਼ੇ ਸਉਣ ਦੀਆਂ ਬਰਸਾਤਾਂ ਵਿਚ ਨਹੀਂ ਵਗਦੇ ਤਾਰਿਆਂ ਦੀ ਭੁੱਖੀ ਰੁਸ਼ਨਾਈ ਵੰਡੇ ਹੋਰ ਹਨੇਰੇ ਤੇਲ ਨਿਖੁੱਟੇ ਦੀਵੇ ਰਾਹ ਵਿਚ ਕਿੰਨਾ ਕੁ ਚਿਰ ਜਗਦੇ ਉਹਨਾਂ ਧੁੱਪ ਦੀ ਰੰਗਤ ਦੇਖ ਕੇ ਭੇੜ ਲਏ ਅਪਣੇ ਬੂਹੇ ਜਿਹਨਾਂ ਨੂੰ ਅਪਣੇ ਪਰਛਾਵੇਂ ਕਦਮ-ਕਦਮ 'ਤੇ ਡੰਗਦੇ ਲੱਕੜੀ ਦਿਆਂ ਮਕਾਨਾਂ ਦੇ ਵਿਚ ਸਾਰੀ ਉਮਰ ਗੁਜ਼ਾਰੀ ਜੁੱਸਿਆਂ ਵਿੱਚ ਵਲੇਟ ਕੇ ਰੱਖੇ ਲਾਂਬੂ ਬਲਦੀ ਅੱਗ ਦੇ ਉਹਦਾ ਪਤਾ ਠਿਕਾਣਾ ਪੁੱਛੀਏ ਧਰਤੀ 'ਤੇ ਕਿਸ ਕੋਲੋਂ ਜਾਗਦੀਆਂ ਅੱਖੀਆਂ ਨੇ ਡਿੱਠੇ ਸੁਫ਼ਨੇ ਜਿਹੜੇ ਜੱਗ ਦੇ ‘ਰਉਫ਼’ ਉੱਚਿਆਂ ਮਹਿਲਾਂ ਵਿਚ ਵਸਦੀਆਂ ਉਹਨਾਂ ਦੀਆਂ ਖ਼ੁਸ਼ਬੋਆਂ ਝੁੱਗੀਆਂ ਦੀ ਮਿਹਨਤ ਨਾਲ ਜਿਹੜੇ ਪਿਆਰ ਪਸੀਨੇ ਵਗਦੇ

ਰੁੱਖਾਂ 'ਤੇ ਜੇ ਪੱਤਰ ਰਹਿ ਗਏ

ਰੁੱਖਾਂ 'ਤੇ ਜੇ ਪੱਤਰ ਰਹਿ ਗਏ ਛਾਵਾਂ ਵੀ ਰਹਿ ਜਾਣਗੀਆਂ ਨਈਂ ਤੇ ਨੇਜ਼ੇ ਚੜ੍ਹੀਆਂ ਧੁੱਪਾਂ ਹੱਡਾਂ ਵਿਚ ਲਹਿ ਜਾਣਗੀਆਂ ਧਰਤੀ ਦੇ ਜੁੱਸੇ ਨੂੰ ਰਾਸ ਨ੍ਹੀਂ ਆਉਣਾ ਸੰਗ ਬਹਾਰਾਂ ਦਾ ਜਾਂਦੀਆਂ ਘੜੀਆਂ ਆਉਂਦੀ ਰੁੱਤ ਦੇ ਕੰਨਾਂ ਵਿਚ ਕਹਿ ਜਾਣਗੀਆਂ ਮਰਦੇ ਦਮ ਤਕ ਸੀਨੇ ਦੇ ਵਿਚ ਰੜਕ ਰਹੇਗੀ ਉਹਨਾਂ ਦੀ ਜਿਹੜੀਆਂ ਲੀਕਾਂ ਦਿਲ ਦੇ ਕੋਰੇ ਵਰਕੇ 'ਤੇ ਵਹਿ ਜਾਣਗੀਆਂ ਦੁਨੀਆ ਵਿਚ ਓਦੋਂ ਲੱਭੇਗਾ ਸੁਖ ਦਾ ਸਾਹ ਇਨਸਾਨਾਂ ਨੂੰ ਜਦੋਂ ਹਿਆਤੀ ਦੇ ਪੈਰਾਂ 'ਚੋਂ ਜ਼ੰਜੀਰਾਂ ਲਹਿ ਜਾਣਗੀਆਂ ਉਹਨਾਂ ਦਾ ਨਾਂ ਤਾਰੀਖ਼ਾਂ ਵਿਚ ਸਦਾ ਜਿਉਂਦਾ ਰਹਿਣਾ ਏਂ ਹਿੰਮਤ ਕਰਕੇ ਜਿਹੜੀਆਂ ਚਿੜੀਆਂ ਬਾਜ਼ਾਂ ਨਾਲ ਖਹਿ ਜਾਣਗੀਆਂ ਅੱਥਰੀਆਂ ਲਹਿਰਾਂ ਰੋੜ੍ਹ ਲੈ ਗਈਆਂ ਜੇ ਗੱਡੇ ਹੋਏ ਪੱਥਰਾਂ ਨੂੰ ਕੰਢਿਆਂ ਉੱਤੇ ਬਣੀਆਂ ਝੁੱਗੀਆਂ ਆਪੇ ਈ ਢਹਿ ਜਾਣਗੀਆਂ ਚੁੱਪਾਂ ਦਾ ਦੇਅ1 ਫਿਰ ਜਾਵੇਗਾ ਹੱਸਦਿਆਂ ਵਸਦਿਆਂ ਸ਼ਹਿਰਾਂ 'ਤੇ ਚਿਹਰਿਆਂ ਉੱਤੇ ਫਿੱਕੀਆਂ-ਫਿੱਕੀਆਂ ਤਹਿਰੀਰਾਂ2 ਰਹਿ ਜਾਣਗੀਆਂ ਦਰਿਆਵਾਂ 'ਚੋਂ ਹੜ੍ਹ ਦਾ ਪਾਣੀ ਕੰਢੇ ਚੀਰ ਕੇ ਨਿਕਲੇਗਾ ਬੇੜੇ ਦੇ ਲਈ ਚੁਗੀਆਂ ਹੋਈਆਂ ਲੱਕੜਾਂ ਵੀ ਵਹਿ ਜਾਣਗੀਆਂ ਨਵੇਂ-ਨਵੇਂ ਨੇ ਜ਼ਖ਼ਮ ਦਿਲੇ ਦੇ ‘ਰਊਫ਼’ ਤਰਾਟਾਂ ਪੈਣੀਆਂ ਨੇ ਹੌਲੀ-ਹੌਲੀ ਤੇਜ਼ ਤਬੀਅਤਾਂ ਪੀੜਾਂ ਨੂੰ ਸਹਿ ਜਾਣਗੀਆਂ 1. ਦੇਅ-ਦਿਓ 2. ਤਹਿਰੀਰਾਂ-ਲਿਖਤਾਂ

ਨਵੀਆਂ ਸਾਂਝਾਂ ਦੀ ਨੀਂਹ ਰੱਖੀਏ

ਨਵੀਆਂ ਸਾਂਝਾਂ ਦੀ ਨੀਂਹ ਰੱਖੀਏ ਨਵੇਂ ਕਬੀਲੇ ਲੱਭੀਏ ਇਸ ਧਰਤੀ 'ਤੇ ਜਿਉਂਦੇ ਰਹਿਣ ਦੇ ਹੋਰ ਵਸੀਲੇ ਲੱਭੀਏ ਜੀਭਾਂ ਦੇ ਵਿਚ ਆਪ ਰਚਾ ਕੇ ਖ਼ੁਦਗ਼ਰਜ਼ੀ ਦੀਆਂ ਜ਼ਹਿਰਾਂ ਕੰਨਾਂ ਦੇ ਲਈ ਪਿਆਰਾਂ ਦੇ ਪਰ ਬੋਲ ਰਸੀਲੇ ਲੱਭੀਏ ਧਰਤੀ ਦੇ ਜੁੱਸੇ ਨਾਲ ਗੰਢ ਕੇ ਜੀਵਨ ਮਰਨ ਦੇ ਰਿਸ਼ਤੇ ਹੜ੍ਹ ਆਵੇ ਤੇ ਜਾਨ ਬਚਾਣ ਲਈ ਉੱਚੇ ਟੀਲੇ ਲੱਭੀਏ ਰੂਹਾਂ ਤੋਂ ਅਹਿਸਾਸ ਦੇ ਗਹਿਣੇ ਖੋਹ ਕੇ ਬੁੱਚੀਆਂ ਕਰਕੇ ਜੁੱਸਿਆਂ ਦੇ ਲਈ ਸ਼ੋਖ਼ ਲਬਾਦੇ ਨੀਲੇ ਪੀਲ਼ੇ ਲੱਭੀਏ ਸੰਗਤ ਦੇ ਸ਼ੀਸ਼ੇ ਵਿਚ ਸਾਫ਼ ਪਛਾਣੀਆਂ ਜਾਂਦੀਆਂ ਸ਼ਕਲਾਂ ਅਪਣੇ ਕੁਹਜ ਲੁਕਾਣੇ ਹੋਣ ਤੇ ਯਾਰ ਸਜੀਲੇ ਲੱਭੀਏ ਅਪਣੀ ਹਿੱਕ ਦੇ ਜ਼ੋਰ 'ਤੇ ਦਰਿਆ ਚੀਰ ਕੇ ਤੁਰਦੇ ਰਹੇ ਆਂ ਡੁੱਬਣ ਲੱਗਿਆਂ ਘੁੰਮਣ ਘੇਰੀਆਂ ਵਿਚ ਕਿਉਂ ਤੀਲੇ ਲੱਭੀਏ ਝੱਵਿਆਂ ਹੋਇਆਂ ਚਿਹਰਿਆਂ ਲਈ ਤੇ ਕੁਝ ਵੀ ਹੋ ਨਹੀਂ ਸਕਦਾ ਝੱਵੀਆਂ ਹੋਈਆਂ ਤਸਵੀਰਾਂ ਲਈ ਰੰਗ ਭੜਕੀਲੇ ਲੱਭੀਏ ਜਿਦ੍ਹੀ ਉਸਾਰੀ ਦੇ ਵਿਚ ਸਾਡੇ ਲਹੂ ਦੀ ਚੱਸ ਰਚੀ ਏ ਓਸੇ ਘਰ ਦੀ ਧੂੜ ਉੜਾਨ ਦੇ ਰਲ਼ ਕੇ ਹੀਲੇ ਲੱਭੀਏ ਅਪਣੇ ਨਾਂ ਦੀ ਸ਼ੁਹਰਤ ਦੇ ਲਈ ਫ਼ਨ ਦੇ ਪਾ ਕੇ ਚੋਲ਼ੇ ‘ਰਊਫ਼’ ਅਤਾਈਆਂ ਦੇ ਸ਼ਹਿਰਾਂ 'ਚੋਂ ਗੂਨ1 ਸੁਰੀਲੇ ਲੱਭੀਏ 1. ਗੂਨ-ਸਿਫ਼ਤ, ਰੰਗਤ

ਅਪਣੀ ਸੂਰਤ ਸ਼ੀਸ਼ੇ ਦੇ ਵਿਚ

ਅਪਣੀ ਸੂਰਤ ਸ਼ੀਸ਼ੇ ਦੇ ਵਿਚ ਦੇਖਣ ਤੋਂ ਕਤਰਾਂਦੇ ਨੇ ਦੇ ਏਸੇ ਲਈ ਤੇ ਚੰਨ, ਸਿਤਾਰੇ ਫ਼ਜਰਾਂ ਨੂੰ ਡੁਬ ਜਾਂਦੇ ਨੇ ਦੁੱਖਾਂ ਨੂੰ ਸੌਗ਼ਾਤ ਸਮਝਦੇ, ਸੀਅ ਲੈਂਦੇ ਨੇ ਬੁੱਲ੍ਹਾਂ ਨੂੰ ਧੁੱਪਾਂ ਦਾ ਵੀ ਗਿਲਾ ਨਈਂ ਕਰਦੇ ਜਿਹੜੇ ਫੁੱਲ ਕੁਰਮਾਂਦੇ ਨੇ ਇਕ ਦੂਜੇ ਦੇ ਦਿਲ ਦੀ ਬੀਤੀ ਪੜ੍ਹ ਲੈਂਦੇ ਨੇ ਚਿਹਰੇ 'ਤੋਂ ਇਕ ਦੂਜੇ ਤੋਂ ਫਿਰ ਵੀ ਲੋਕੀ ਦਿਲ ਦਾ ਭੇਤ ਲੁਕਾਂਦੇ ਨੇ ਮੰਜ਼ਿਲ ਦੀ ਸੂਹ ਜਦ ਵੀ ਲੱਗੀ ਘੁੰਮਣਘੇਰ 'ਚੋਂ ਲੱਗਣੀ ਏ ਕੰਢੇ ਨੇ ਧੋਖੇ ਦੇ ਦੀਵੇ ਕੋਲ਼ ਗਿਆਂ ਬੁਝ ਜਾਂਦੇ ਨੇ ਸਾਡੇ ਨਾਲ ਉਦਾਸੀ ਦਾ ਕੁਝ ਗੂੜ੍ਹਾ ਰਿਸ਼ਤਾ ਹੋ ਗਿਆ ਏ ਸ਼ਹਿਰ ਦੇ ਸਾਰੇ ਸੁੰਞੇ ਰਸਤੇ ਸਾਡੇ ਘਰ ਵਲ ਆਂਦੇ ਨੇ ਅਪਣੀ ਅੱਖ 'ਚੋਂ ਡਿਗਦਾ ਅੱਥਰੂ ਸਾਂਭ ਲਿਆ ਏ ਪਲਕਾਂ 'ਤੇ ਲੁੱਗੇ ਘਰ ਨੂੰ ਜੱਗ ਕਹਿੰਦਾ ਏ ਉਹਦੇ ਬੂਹੇ ਖਾਂਦੇ ਨੇ ਜ਼ਹਿਨ ਦੇ ਉੱਤੇ ਰੱਬ ਦੀ ਸੂਰਤ ਫਿੱਕੀ ਹੋ-ਹੋ ਜਾਂਦੀ ਏ ਬੰਦਿਆਂ ਅੱਗੇ ਜਦ ਵਿਹਨਾ ਵਾਂ ਬੰਦੇ ਹੱਥ ਫੈਲਾਂਦੇ ਨੇ ਸਾਡੇ ਬੇਹਿਸ1 ਹੋਣ 'ਤੇ ਜਿਹਨਾਂ ਰੱਜ ਕੇ ਜਸ਼ਨ ਮਨਾਇਆ ਸੀ ਅੱਜ ਉਹਨਾਂ ਦੇ ਅਪਣੇ ਜੁੱਸੇ ਪੱਥਰ ਹੁੰਦੇ ਜਾਂਦੇ ਨੇ ਸਦੀਆਂ ਦੀ ਇਸ ਲੰਮੀ ਵਾਟ ’ਤੇ ਮੈਂ ਵੀ ‘ਰਊਫ਼' ਮੁਸਾਫ਼ਿਰ ਵਾਂ ਮੰਜ਼ਿਲ ਕਿਤੇ ਵੀ ਨਜ਼ਰ ਨਹੀਂ ਆਉਂਦੀ ਰਸਤੇ ਮੁਕਦੇ ਜਾਂਦੇ ਨੇ 1. ਬੇਹਿਸ-ਸੰਵੇਦਨਹੀਣ

ਚਿਹਰੇ 'ਤੇ ਬੇਅੰਤ ਉਦਾਸੀ

ਚਿਹਰੇ 'ਤੇ ਬੇਅੰਤ ਉਦਾਸੀ ਜੁੱਸਾ ਥੱਕਿਆ ਹੋਇਆ ਏ ਇੰਜ ਲਗਦੈ ਜਿਉਂ ਬੰਦਾ ਅਪਣੇ ਆਪ ਤੋਂ ਅੱਕਿਆ ਹੋਇਆ ਏ ਇਹ ਕੰਧਾਂ ਮੈਂ ਅਪਣੀ ਰਾਹ ਵਿਚ ਆਪ ਉਸਾਰੀਆਂ ਹੋਈਆਂ ਨੇ ਜਿਹੜੀਆਂ ਕੰਧਾਂ ਅੱਗੇ ਜਾਣ ਦਾ ਰਸਤਾ ਡੱਕਿਆ ਹੋਇਆ ਏ ਫੁੱਟ ਪਿਆ ਤੇ ਇਹਦੇ ਲੰਬੂ ਅੰਬਰ ਦੀ ਪੱਗ ਸਾੜਨਗੇ ਧਰਤੀ ਦੇ ਸੀਨੇ ਵਿਚ ਜਿਹੜਾ ਲਾਵਾ ਪੱਕਿਆ ਹੋਇਆ ਏ ਅੱਖੀਆਂ ਦੇ ਵਿਚ ਰਚਿਆ ਹੋਇਐ ਵਿਰਸਾ ਗੂੜ੍ਹ ਹਨੇਰੇ ਦਾ ਏਸੇ ਲਈ ਤਾਂ ਸੂਰਜ ਅਪਣਾ ਚਿਹਰਾ ਢੱਕਿਆ ਹੋਇਆ ਏ ਸੜਕਾਂ ਉੱਤੇ ਖੱਜਲ ਹੁੰਦੇ ਬੰਦੇ ਵੇਖ ਕੇ ਸੋਚਨਾ ਵਾਂ ਕਿਹੜੀ ਆਸ ’ਤੇ ਇਹਨਾਂ ਜਿਉਣ ਦਾ ਮਹੁਰਾ ਫੱਕਿਆ ਹੋਇਆ ਏ ਸ਼ਹਿਰ ਦੀ ਰੰਗਤ ਪੀਲ਼ੀ ਕੀਤੀ ਓਸੇ ਬੋਲ ਦੀ ਤਲਖ਼ੀ ਨੇ ਜਿਹੜਾ ਬੋਲ ਹਵਾ ਨੇ ਅਪਣੀ ਜੀਭ 'ਤੇ ਡੱਕਿਆ ਹੋਇਆ ਏ ਅਪਣੇ ਮਾਣ ਲਈ ਉਹਦੇ ਪਿਆਰ ਨੂੰ ਇਸਰਾਂ ਕੱਜ ਕੇ ਬੈਠਾ ਵਾਂ ਭਰਮ ਦੀ ਖ਼ਾਤਰ ਜਿਸਰਾਂ ਖ਼ਾਲੀ ਭਾਂਡਾ ਢੱਕਿਆ ਹੋਇਆ ਏ ਧਰਤੀ ਦੇ ਨਾਲ ਜਿਹੜੀ ਸਾਂਝ ਏ ਅੰਬਰ ਦੇ ਵਸਨੀਕਾਂ ਦੀ ਉਹਦਾ ਰੂਪ ਤੇ ਕਿੰਨੀ ਵਾਰੀ ਅੱਖੀਆਂ ਤੱਕਿਆ ਹੋਇਆ ਏ ਹੜ੍ਹ ਆਇਆ ਤੇ ਪਿਆਸ ਵਧੀ ਏ ਹੋਰ ਵੀ ‘ਰਊਫ਼' ਜੀ ਧਰਤੀ ਦੀ ਇੰਜ ਲਗਦੈ ਜਿਉਂ ਦਰਿਆਵਾਂ ਦਾ ਪਾਣੀ ਥੱਕਿਆ ਹੋਇਆ ਏ

ਹੋਰ ਇਕ ਰੁਤਬਾ ਮਿਲਿਆ ਮੈਨੂੰ

ਹੋਰ ਇਕ ਰੁਤਬਾ ਮਿਲਿਆ ਮੈਨੂੰ ਹੋਰ ਇਕ ਖੋਲ ਪਿਆ ਜਚਦਾ ਨਈਂ ਹੁਣ ਨੀਵਾਂ ਕੋਠਾ ਘਰ ਦੇ ਕੋਲ਼ ਪਿਆ ਦੌਲਤ ਦੇ ਨਾਲ ਯਾਰੀ ਹੁੰਦਿਆਂ ਤੈਨੂੰ ਮਿਲਣਾ ਵਾਂ ਇਸਰਾਂ ਜਿਉਂ ਵਜਾਣਾ ਪੈਂਦੈ ਗਲ਼ ਵਿਚ ਢੋਲ ਪਿਆ ਮੇਰੇ ਤਕ ਅਪੜਨ ਨਹੀਂ ਦੇਣੀ ਲੋਕਾਂ ਤੇਰੀ 'ਵਾਜ਼ ਮੇਰੇ ਕੰਨਾਂ ਕੋਲ਼ ਖਲੋ ਕੇ ਭਾਵੇਂ ਬੋਲ ਪਿਆ ਨਾ ਭੰਨ ਸਕਨਾਂ ਆਕੜ ਅਪਣੀ ਨਾ ਲਿਫ ਸਕਨਾ ਵਾਂ ਮੇਰੇ ਸਾਹਵੇਂ ਭਾਵੇਂ ਮੇਰੇ ਕਿੱਸੇ ਫੋਲ ਪਿਆ ਬੁੱਲ੍ਹਾਂ 'ਤੇ ਲੱਗੀ ਹੋਈ ਚੁੱਪ ਨੂੰ ਤੋੜ ਨਈਂ ਸਕਦਾ ਮੈਂ ਅੱਖੀਆਂ ਦੇ ਨਾਲ ਵਿੰਹਦਾ ਰਹਿਨਾਂ ਘਰ ਵਿਚ ਘੋਲ ਪਿਆ ਚੁੱਪਾਂ ਦੇ ਉਹਲੇ ਨੇ ਚੱਟਿਆ ਹਰ ਚਿਹਰੇ ਦਾ ਰੂਪ ਓਹੋ ਸੁਹਣਾ ਲੱਗਿਆ ਜਿਹੜਾ ਪਹਿਲਾਂ ਬੋਲ ਪਿਆ ਨਾ ਘਟਣਾ ਏ ਇਸ ਗੁੰਮੇ ਨੇ ਨਾ ਸਾਹ ਆਉਣਾ ਏ ਤੂੰ ਭਾਵੇਂ ਇਸ ਬੰਦ ਮਕਾਨ ਦੇ ਬੂਹੇ ਖੋਲ੍ਹ ਪਿਆ ਕਦੀ ਜਿਨ੍ਹਾਂ ਦੀ ਬੇਹਿੱਸੀ 'ਤੇ ਹੈਰਤ ਹੁੰਦੀ ਸੀ ਅੱਜ ਉਨ੍ਹਾਂ ਪੱਥਰਾਂ ਦਾ ਡਿੱਠਾ ਸ਼ਹਿਰ 'ਚ ਰੋਲ ਪਿਆ ਤੇਰੇ ਪਿਆਰ ਨੂੰ ਲੱਭਦਾ ਹੋਇਆ ‘ਰਊਫ਼’ ਗਵਾਚਾ ਏ ਜਿਸ ਨੂੰ ਆਪ ਗਵਾਇਆ ਈ ਹੁਣ ਉਹਨੂੰ ਟੋਲ ਪਿਆ

ਨਜ਼ਰਾਂ ਤੋਂ ਉਹਲੇ ਰਹਿੰਦੇ ਨੇ

ਨਜ਼ਰਾਂ ਤੋਂ ਉਹਲੇ ਰਹਿੰਦੇ ਨੇ ਭਾਵੇਂ ਭੇਤ ਲਕੀਰਾਂ ਦੇ ਚਿਹਰਿਆਂ ’ਤੋਂ ਪਰ ਲੁਕ ਨਹੀਂ ਸਕਦੇ ਕਦੀ ਵੀ ਖੋਟ ਜ਼ਮੀਰਾਂ ਦੇ ਜਿਹਨਾਂ ਦੀ ਤਖ਼ਲੀਕ1 ’ਚ ਫ਼ਨ ਦੀ ਅਜ਼ਮਤ ਸ਼ਾਮਲ ਹੁੰਦੀ ਨਹੀਂ ਧੁੱਪਾਂ ਦੇ ਵਿਚ ਉਡ ਜਾਂਦੇ ਨੇ ਰੰਗ ਉਨ੍ਹਾਂ ਤਸਵੀਰਾਂ ਦੇ ਮੁੱਕਦੀ ਨਜ਼ਰ ਸਜ਼ਾ ਨਹੀਂ ਆਉਂਦੀ ਜਿਸਮ ਦੇ ਬੰਦੀਖ਼ਾਨੇ ਦੀ ਰੀਝਾਂ ਨੇ ਸੌੜੇ ਕਰ ਦਿੱਤੇ ਘੇਰੇ ਹੋਰ ਜ਼ੰਜੀਰਾਂ ਦੇ ਸਾਡੇ ਲਈ ਤੇ ਦਿਲ ਦਾ ਰੋਗ ਲੁਕਾਣਾ ਔਖਾ ਹੋਇਆ ਏ ਖੌਰੇ ਕਿਵੇਂ ਲੁਕਾ ਲੈਂਦੇ ਨੇ ਲੋਕੀ ਜ਼ਖ਼ਮ ਸਰੀਰਾਂ ਦੇ ਸ਼ਹਿਰ ੱਚ ਫਿਰ ਐਲਾਨ ਹੋਇਆ ਏ ਨਿਆਂ ਦੇ ਬੂਹੇ ਖੁੱਲ੍ਹਣ ਦਾ ਖ਼ੌਫ਼ ਦੇ ਪਾਰੋਂ ਪੀਲੇ ਹੋ ਗਏ ਚਿਹਰੇ ਬੇਤਕਸੀਰਾਂ2 ਦੇ ਜਿਹਨਾਂ ਨੇ ਤੂਫ਼ਾਨਾਂ ਦੇ ਵਿਚ ਹੱਥੀਂ ਬੇੜੀ ਠੇਲੀ ਸੀ ਉਹਨਾਂ ਦੇ ਬੁੱਲ੍ਹਾਂ 'ਤੇ ਵੀ ਅੱਜ ਸ਼ਿਕਵੇ ਨੇ ਤਕਦੀਰਾਂ ਦੇ ਅਪਣਾ ਕਿਹਾ ਵੀ ਮਿਹਣਾ ਬਣ ਕੇ ਝੋਲੀ ਵਿਚ ਆ ਪੈਂਦਾ ਏ ਸੱਚ ਦੇ ਪੱਥਰ ਬਣ ਜਾਂਦੇ ਨੇ ਲਫ਼ਜ਼ ਜਦੋਂ ਤਹਿਰੀਰਾਂ ਦੇ ਉਹਨਾਂ ਨੂੰ ਅਪਣੀ ਗ਼ਲਤੀ ’ਤੇ ਨਿਤ ਪਛਤਾਣਾ ਪੈਂਦਾ ਏ ਪਿੰਜਰੇ ਪਾਣ ਤੋਂ ਪਹਿਲਾਂ ਜੋ ਨਈਂ ਕੱਟਦੇ ਖੰਭ ਅਸੀਰਾਂ3 ਦੇ ਮੇਰੀ ਜਾਨ ਬਚਾਵਣ ਦੇ ਲਈ ਹੁਣ ਕੈਸਾ ਮੁਅੱਜਜ਼ਾ4 ਹੋਣਾ ਏ ‘ਰਊਫ਼’ ਨਿਸ਼ਾਨੇ ਮੇਰੇ ਦਿਲ ਨੇ ਫਿਰ ਯਾਰਾਂ ਦਿਆਂ ਤੀਰਾਂ ਦੇ 1. ਤਖ਼ਲੀਕ-ਲਿਖਤ 2. ਤਕਸੀਰਾਂ-ਗ਼ਲਤੀਆਂ 3. ਅਸੀਰਾਂ-ਕੈਦੀਆਂ 4. ਮੁਅੱਜਜ਼ਾ-ਕਰਿਸ਼ਮਾ

ਨਵੀਆਂ ਰੁੱਤਾਂ ਨੇ ਸਾਡੇ ਵੱਲ

ਨਵੀਆਂ ਰੁੱਤਾਂ ਨੇ ਸਾਡੇ ਵੱਲ ਕੀ ਸੌਗ਼ਾਤਾਂ ਘੱਲੀਆਂ ਨੇ ਓਹੋ ਚੁਪ ਮਕਾਨ ਖਲੋਤੇ ੳਹੋ ਗੂੰਗੀਆਂ ਗਲ਼ੀਆਂ ਨੇ ਕੇਡਾ ਚਾਅ ਸੀ ਨਵੀਂ ਸਵੇਰ ਦਾ ਭਖਦਾ ਸੂਰਜ ਦੇਖਣ ਦਾ ਸਾਡੀਆਂ ਉਮਰਾਂ ਢਲ਼ ਚਲੀਆਂ ਪਰ ਅਜੇ ਨਾ ਰਾਤਾਂ ਢਲ਼ੀਆਂ ਨੇ ਆਸ ਦਾ ਉਹ ਸ਼ਹਿਜ਼ਾਦਾ ਖ਼ੌਰੇ ਕਿਹੜੇ ਸ਼ਹਿਰ ਗਵਾਚਾ ਏ ਜਿਦ੍ਹੀ ਉਡੀਕ 'ਚ ਢੱਠੇ ਘਰ ਦੀਆਂ ਕੰਧਾਂ ਅਜੇ ਵੀ ਖਲੀਆਂ ਨੇ ਦਿਨ ਨਾਲ ਐਡੀ ਸਾਂਝ ਇਨ੍ਹਾਂ ਦੀ ਰਾਹ ਲੰਘਣ ਨੂੰ ਲੱਭਦਾ ਨਈਂ ਰਾਤ ਨੂੰ ਮੇਰੀਆਂ ਸੱਧਰਾਂ ਵਾਂਗੂੰ ਸੜਕਾਂ ਕੱਲ ਮੁਕੱਲੀਆਂ ਨੇ ਉਸ ਦੇ ਜਾਣ 'ਤੇ ਵੀ ਲੋਕਾਂ ਨੇ ਐਵੇਂ ਜਸ਼ਨ ਮਨਾਣਾ ਏ ਜਿਸ ਦੇ ਆਉਣ ਦੇ ਚਾਅ ਵਿਚ ਰਾਤੀਂ ਸ਼ਹਿਰ 'ਚ ਬੱਤੀਆਂ ਬਲ਼ੀਆਂ ਨੇ ਸੜਦੀਆਂ ਬਲ਼ਦੀਆਂ ਧੁੱਪਾਂ ਦੇ ਵਿਚ ਪਲ-ਪਲ ਗਿਣ-ਗਿਣ ਕੱਟਦੇ ਰਹੇ ਓਦੋਂ ਸਾਡੀ ਕਿਸਮਤ ਸੌਂ ਗਈ ਜਦੋਂ ਹਵਾਵਾਂ ਚੱਲੀਆਂ ਨੇ ਸਾਡੇ ਲਈ ਤੇ ਨਿਤ ਹਵਾ ਨੇ ਦੁੱਖ ਸੁਨੇਹੜਾ ਘੱਲਿਆ ਏ ਖ਼ੌਰੇ ਕਿਹੜੇ ਲੋਕ ਨੇ ਜਿਹਨਾਂ ਤੋਂ ਅਜ਼ਮਾਇਸਾਂ ਟਲ਼ੀਆਂ ਨੇ ਉਹਨਾਂ ਰੁੱਖਾਂ ਦੀ ਕਿਸਮਤ ਵਿਚ ਸ਼ਹਿਰ 'ਚ ਵਸਣਾ ਲਿਖਿਆ ਨਈਂ ਇਕ ਮੁੱਦਤ ਤੋਂ ਸ਼ਹਿਰ ਅਲ ਜਾਂਦੀਆਂ ਰਾਹਵਾਂ ਜਿਹਨਾਂ ਮੱਲੀਆਂ ਨੇ ਅਪਣੀ ਸੂਰਤ ਦਿਲ ਵੀ ਹੁਣ ਤੇ ਹਸਰਤ ਦੇ ਨਾਲ ਤਕਦਾ ਏ ‘ਰਊਫ਼’ ਨੇ ਅਪਣੇ ਆਲ਼ ਦੁਆਲ਼ੇ ਕੀ-ਕੀ ਵਲਗਣਾਂ ਵਲ਼ੀਆਂ ਨੇ

ਤਾਅਬੀਰਾਂ ਤਕ ਅੱਪੜ ਜਾਂਦੀਆਂ

ਤਾਅਬੀਰਾਂ1 ਤਕ ਅੱਪੜ ਜਾਂਦੀਆਂ ਖ਼ਾਬਾਂ ਜਦੋਂ ਬਹਾਰ ਦੀਆਂ ਪੱਥਰਾਂ 'ਚੋਂ ਫੁੱਟ ਪੈਂਦੀਆਂ ਨੇ ਫਿਰ ਖ਼ੁਸ਼ਬੋਆਂ ਇਤਬਾਰ ਦੀਆਂ ਓਸ ਇਕੱਲੀ ਕੂੰਜ ਨੂੰ ਅਪਣੇ ਵਿਛੜਨ ਦਾ ਗ਼ਮ ਰਹਿੰਦਾ ਨਹੀਂ ਜਿਸ ਦੇ ਲਈ ਕੁਰਲਾਵਣ ਲੱਗ ਪੈਣ ਸਾਰੀਆਂ ਕੂੰਜਾਂ ਡਾਰ ਦੀਆਂ ਘੁੱਪ ਹਨੇਰੇ ਦੇ ਵਿਚ ਬਾਲ਼ੇ ਦੀਵੇ ਨਵੀਂ ਸਿਆਣਪ ਨੇ ਜ਼ਿਹਨਾਂ ਦੇ ਲਈ ਖੁੱਲ੍ਹ ਗਈਆਂ ਨੇ ਰਾਹਵਾਂ ਸੋਚ ਵਿਚਾਰ ਦੀਆਂ ਉਹਨੂੰ ਖ਼ੌਫ਼ ਨਹੀਂ ਰਹਿੰਦਾ ਭੋਰਾ ਉਠਦੇ ਹੋਏ ਤੁਫ਼ਾਨਾਂ ਦਾ ਇਕ ਦੂਜੇ ਨਾਲ ਜੁੜ ਕੇ ਬੈਠੀਆਂ ਇੱਟਾਂ ਜਿਸ ਦੀਵਾਰ ਦੀਆਂ ਚੰਗੇ ਤੇ ਭੈੜੇ ਵਿਚ ਹੁੰਦੈ ਫ਼ਰਕ ਨਿਰਾ ਵਰਤਾਰੇ ਦਾ ਓਹੋ ਲਹਿਰਾਂ ਡੋਬਦੀਆਂ ਨੇ ਓਹੋ ਲਹਿਰਾਂ ਤਾਰਦੀਆਂ ਹੋਰ ਵੀ ਔਖਾ ਹੋ ਜਾਂਦਾ ਫਿਰ ਜਿਉਂਦੇ ਰਹਿਣਾ ਧਰਤੀ 'ਤੇ ਜਿੱਤ ਦੇ ਨਾਲ ਨਾ ਹੁੰਦੀਆਂ ਜੇ ਹੱਥਾਂ 'ਤੇ ਲੀਕਾਂ ਹਾਰਦੀਆਂ ਇਨਸਾਨਾਂ ਦੇ ਆਲ਼ ਦੁਆਲ਼ੇ ਜ਼ਿੱਦਾਂ ਦੀ ਸਰਦਾਰੀ ਏ ਹੋਣੀਆਂ ਕੋਠੇ ਢਾਂਹਦੀਆਂ ਤੇ ਤਦਬੀਰਾਂ ਮਹਿਲ ਉਸਾਰਦੀਆਂ ਜਿਸ ਦੇ ਪਾਸੋਂ ਮਿਹਰ ਖ਼ਲੂਸ2 ਦੀ ਦੌਲਤ ਘਰਾਂ ਨੂੰ ਮਿਲਦੀ ਹੈ ਪਰ੍ਹਿਆ ਦੇ ਵਿਚ ਉੱਚੀਆਂ ਹੋ ਜਾਣ ਇੱਜ਼ਤਾਂ ਉਸ ਦਸਤਾਰ ਦੀਆਂ ਮਿੱਟੀ ਦਾ ਸਹੀ ਪਰ ਅਪਣਾ ਏ ਜਿਹੜਾ ਕੋਠਾ ਛੱਤਿਆ ਏ ਹੁਣ ਨਈਂ ਦਿਲ ਭਰਮਾਂਦੀਆਂ ‘ਰਊਫ਼’ ਹਵਾਵਾਂ ਪਰਲੇ ਪਾਰ ਦੀਆਂ 1. ਤਾਅਬੀਰ-ਸੁਪਨਾ ਪੂਰਾ ਹੋਣਾ 2. ਖ਼ਲੂਸ-ਪਿਆਰ, ਸਨੇਹ

ਸਾਡਿਆਂ ਯਾਰਾਂ ਕਦੀ-ਕਦੀ ਤੇ

ਸਾਡਿਆਂ ਯਾਰਾਂ ਕਦੀ-ਕਦੀ ਤੇ ਇੰਜ ਵੀ ਰੂਪ ਵਿਖਾਲ਼ੇ ਨੇ ਸਾਡੀਆਂ ਸਿਫ਼ਤਾਂ ਦੱਬ ਦਿੱਤੀਆਂ ਨੇ ਸਾਡੇ ਐਬ ਉਛਾਲ਼ੇ ਨੇ ਅੱਜ ਵੀ ਸੂਰਜ ਸਾਡੇ ਘਰ ਤੋਂ ਅੱਖ ਬਚਾ ਕੇ ਲੰਘਿਆ ਏ ਅੱਜ ਵੀ ਚੁੱਪ ਦੀਆਂ ਉੱਚੀਆਂ ਕੰਧਾਂ ਸਾਡੇ ਆਲ਼ ਦੁਆਲ਼ੇ ਨੇ ਇਸ ਤੂਫ਼ਾਨ 'ਚ ਇਸ ਵਾਰੀ ਤੇ ਉਹਨਾਂ ਵੀ ਰੁੜ੍ਹ ਜਾਣਾ ਏ ਦੂਰੋਂ ਉਠਦੀ ਕਾਂਗ ਨੂੰ ਵੇਖ ਕੇ ਜਿਹਨਾਂ ਪੈਰ ਸੰਭਾਲ਼ੇ ਨੇ ਐਥੇ ਸਾਡੇ ਵਿਰਸੇ ਦੀ ਹੁਣ ਕਿਸ ਨੇ ਰਾਖੀ ਕਰਨੀ ਏ ਐਥੋਂ ਦੇ ਸਭ ਲੋਕੀ ਚੜ੍ਹਦਾ ਸੂਰਜ ਪੂਜਣ ਵਾਲ਼ੇ ਨੇ ਸਾਡੇ ਪਿਆਰ ਦੇ ਤੋੜ ਚੜ੍ਹਨ ਦੀ ਆਸ ਹੁਣ ਮੁੱਕਦੀ ਜਾਂਦੀ ਏ ਸਾਡੇ ਬੂਹੇ ਵੀ ਛੋਟੇ ਨੇ ਯਾਰ ਵੀ ਊਠਾਂ ਵਾਲ਼ੇ ਨੇ ਬੇਹਿੱਸੀ ਤੇ ਓਸੇ ਦਿਨ ਤੋਂ ਸ਼ਹਿਰ ਦੀ ਕਿਸਮਤ ਬਣ ਗਈ ਏ ਜਿਸ ਦਿਨ ਤੋਂ ਲੋਕਾਂ ਨੇ ਘਰ ਦੀ ਨੀਂਹ ਵਿਚ ਪੱਥਰ ਗਾਲ਼ੇ ਨੇ ਸਾਡੇ ਲਈ ਤੇ ਸਾਡਾ ਦੌਰ ਵੀ ਮਿਹਣਾ ਬਣ ਕੇ ਰਹਿ ਗਿਆ ਏ ਸਾਡੇ ਦੌਰ 'ਚ ਵਸਦੇ ਲੋਕਾਂ ਇੰਜ ਸ਼ਰੀਕੇ ਪਾਲ਼ੇ ਨੇ ਜਿਸ ਟਹਿਣੀ 'ਤੇ ਖਿੜਿਆ ਸਾਂ ਮੈਂ ਓਸੇ ’ਤੇ ਮੁਰਝਾਇਆ ਵਾਂ ਫਿਰ ਵੀ ਸਿਰ ਵਿਚ ਧੂੜ ਸਫ਼ਰ ਦੀ ਪੈਰਾਂ ਦੇ ਵਿਚ ਛਾਲੇ ਨੇ ਉਹਨਾਂ ਦੀ ਲੋਅ ਭੜਕ ਪਈ ਏ ਓਹੋ ਸਾੜਨ ਲੱਗ ਪਏ ਨੇ ‘ਰਊਫ਼’ ਹੋਰਾਂ ਨੇ ਜਿਹੜੇ ਦੀਵੇ ਅਪਣੇ ਲਹੂ ਨਾਲ ਬਾਲ਼ੇ ਨੇ

ਦਿਨ ਦਾ ਥੱਕਿਆ ਟੁੱਟਿਆ ਸੂਰਜ

ਦਿਨ ਦਾ ਥੱਕਿਆ ਟੁੱਟਿਆ ਸੂਰਜ ਸ਼ਾਮ ਦੀ ਬੁਕਲ਼ੇ ਲੁੱਕ ਗਿਆ ਵਖ਼ਤਾਂ ਦਾ ਇਕ ਹੋਰ ਦਿਹਾੜਾ ਪਲ-ਪਲ ਗਿਣਦਿਆਂ ਮੁੱਕ ਗਿਆ ਮਰਨ ਦੇ ਮਗਰੋਂ ਕੌਣ ਕਿਸੇ ਦੀਆਂ ਸਿਫ਼ਤਾਂ ਚੇਤੇ ਰੱਖਦਾ ਏ ਓਥੇ ਲੋਕਾਂ ਕੋਠੇ ਪਾ ਲਏ ਜਿੱਥੋਂ ਦਰਿਆ ਸੁੱਕ ਗਿਆ ਉਹਦੇ ਤੋੜ ਅਪੜਨ ਦੀ ਸੱਧਰ ਸ਼ੱਕ ਦੇ ਡੂੰਘ 'ਚ ਡੁੱਬ ਗਈ ਮੰਜ਼ਿਲ ਦੀ ਪਹਿਲੀ ਪੌੜੀ 'ਤੇ ਜਿਸ ਦਾ ਪੈਰ ਥੜੁੱਕ ਗਿਆ ਐਬਾਂ ਦੀ ਪੜਚੋਲ ਨੀਂ ਹੁੰਦੀ ਜ਼ਿਕਰ ਨੀਂ ਹੁੰਦਾ ਸਿਫ਼ਤਾਂ ਦਾ ਸ਼ਹਿਰਾਂ ਦੇ ਵਿਚ ਓਹੋ ਅਪਣਾ ਜਿਹੜਾ ਨੇੜੇ ਢੁੱਕ ਗਿਆ ਓਦੋਂ ਦਾ ਇਤਬਾਰ ਉੱਠਿਆ ਏ ਅਪਣੇ ਘਰ ਦੇ ਲੋਕਾਂ ਤੋਂ ਮੇਰਾ ਅਪਣਾ ਦੰਦ ਜਦੋਂ ਦਾ ਮੇਰੀ ਜੀਭ ਨੂੰ ਟੁੱਕ ਗਿਆ ਉਹਨੇ ਮੇਰੀ 'ਵਾਜ਼ ਕਿਆ ਸੁਣਨੀ ਮੇਰਾ ਦਰਦ ਵੰਡਾਣਾ ਕਿਆ ਅਪਣੀ ਜ਼ਾਤ ਦੀਆਂ ਕੰਧਾਂ ਦੇ ਉਹਲੇ ਜਿਹੜਾ ਲੁੱਕ ਗਿਆ ਜਿਹੜੀ ਅਸਾਂ ਉਸਾਰੀ ਓਹੋ ਕੰਧ ਧਰਤੀ 'ਤੇ ਆਣ ਪਈ ਜਿਹੜਾ ਅਸਾਂ ਚਲਾਇਆ ਓਹੋ ਤੀਰ ਨਿਸ਼ਾਨਿਓਂ ਉੱਕ ਗਿਆ ਜੁੱਸੇ ਦੇ ਨਾਲ ਜ਼ਿਹਨ ਦੀ ਸੰਗਤ ਅੱਧ ਵਿਚਕਾਰੋਂ ਟੁੱਟ ਗਈ ਮੰਜ਼ਿਲਾਂ ਦੀ ਸੂੰਹ ਰੱਖਣ ਵਾਲਾ ਰਸਤੇ ਦੇ ਵਿਚ ਰੁੱਕ ਗਿਆ ਜਿਹਦੀ ਅਨਾ ਲਈ ਰੱਬ ਦੇ ਅੱਗੇ ਝੁਕਣਾ ਔਖਾ ਹੋਇਆ ਸੀ ‘ਰਊਫ਼’ ਜੀ ਅੱਜ ਉਹ ਬੰਦਾ ਅਪਣੀ ਗ਼ਰਜ਼ ਦੇ ਅੱਗੇ ਝੁੱਕ ਗਿਆ

ਹੋਰ ਵੀ ਰਿਸ਼ਤੇ ਗੂੜ੍ਹੇ ਹੋ ਗਏ

ਹੋਰ ਵੀ ਰਿਸ਼ਤੇ ਗੂੜ੍ਹੇ ਹੋ ਗਏ ਸ਼ਹਿਰਾਂ ਨਾਲ ਉਜਾੜਾਂ ਦੇ ਇਨਸਾਨਾਂ ਨੇ ਫੜੇ ਵਤੀਰੇ ਜਿਸ ਦਿਨ ਤੋਂ ਬਘਿਆੜਾਂ ਦੇ ਫਿਰ ਉਹਨਾਂ ਦੇ ਟੋਟੇ ਕਰਕੇ ਨੀਹਾਂ ਭਰੀਆਂ ਜਾਂਦੀਆਂ ਨੇ ਇਕ ਦੂਜੇ ਨੂੰ ਛੱਡ ਜਾਂਦੇ ਨੇ ਪੱਥਰ ਜਦੋਂ ਪਹਾੜਾਂ ਦੇ ਸੜਕਾਂ 'ਤੇ ਪਹਿਰਾ ਲੱਗਿਆ ਏ ਅੱਗਾਂ ਵਰਗੀਆਂ ਧੁੱਪਾਂ ਦਾ ਘਰ ਵਿਚ ਸੇਕ ਨਈਂ ਸੜਦਿਆਂ ਹੋਇਆਂ ਜੁੱਸਿਆਂ ਦੀਆਂ ਹਵਾੜਾਂ ਦੇ ਇਕ-ਇਕ ਸਾਹ ਵਿਚ ਸੌ-ਸੌ ਸੂਲ਼ਾਂ ਗ਼ਰਜ਼ਾਂ ਬਣ ਕੇ ਚੁਭਦੀਆਂ ਨੇ ਵਰ੍ਹਿਆਂ ਕੋਲ਼ੋਂ ਲੰਮੇ ਹੋ ਗਏ ਹੁਣ ਤੇ ਪੰਧ ਦਿਹਾੜਾਂ ਦੇ ਕੰਡਾਂ ਕੱਜਣ ਵਾਲੀਆਂ ਕੰਧਾਂ ਵਿਚ ਝੀਤਾਂ ਨਾ ਹੋਣ ਦਿਉ ਸ਼ਬਖ਼ੂਨਾਂ1 ਲਈ ਕੰਮ ਆਉਂਦੇ ਨੇ ਰਸਤੇ ਸਦਾ ਦਰਾੜਾਂ ਦੇ ਇਕ ਦੀਵੇ ਦੀ ਨਿੰਮੀ ਲਾਟ ਹਨੇਰਿਆਂ ਦੇ ਸਾਹ ਡੰਗੇਗੀ ਇਕ ਪੱਥਰ ਮੂੰਹ ਮੋੜ ਦਊਗਾ ਤੂਫ਼ਾਨਾਂ ਦੀਆਂ ਧਾੜਾਂ ਦੇ ਸ਼ੁਹਰਤ ਦੀ ਚਾਦਰ ਨੇ ਢਕਿਆ ਹਾਲ ਮੇਰੀ ਬਦਨੀਤੀ ਦਾ ਅੰਦਰ ਦੇ ਕੁਹਜਾਂ ਲਈ ਉਹਲੇ ਬਣ ਗਏ ਰੰਗ ਉਛਾੜਾਂ ਦੇ ਜੁੱਸੇ ਨਿੰਮੋਝਾਣ ਹੋਏ ਜਾਂ ਵਧ ਗਈ ਗਰਮੀ ਸੂਰਜ ਦੀ ਇਸ ਵਾਰੀ ਤੇ ਕੱਤੇ ਵਿਚ ਵੀ ਪੈਣ ਭੁਲੇਖੇ ਹਾੜ੍ਹਾਂ ਦੇ ‘ਰਊਫ਼’ ਜੀ ਆਪੇ ਬਦਲੇਗਾ ਅੰਦਾਜ਼ ਪੁਰਾਣੀਆਂ ਸੋਚਾਂ ਦਾ ਧਰਤੀ ਵਿਚ ਸਦੀਆਂ ਦੇ ਗੱਡੇ ਕਿੱਲੇ ਜਦੋਂ ਉਖਾੜਾਂ ਗੇ 1ਸ਼ਬਖ਼ੂਨ- ਛਾਪਾਮਾਰ

ਕੰਢਿਆਂ ਦੇ ਵੱਲ ਜਿਸ ਨੂੰ ਦੂਰੋਂ

ਕੰਢਿਆਂ ਦੇ ਵੱਲ ਜਿਸ ਨੂੰ ਦੂਰੋਂ ਹੜ੍ਹ ਦਾ ਜ਼ੋਰ ਉਛਾਲ਼ ਗਿਆ ਦਰਿਆ ਦਾ ਉਹ ਪਾਣੀ ਕਦੀ ਨਈਂ ਪਰਤ ਕੇ ਉਹਦੇ ਨਾਲ ਗਿਆ ਸੂਰਜ ਵਰਗੇ ਚਿਹਰੇ ਖ਼ੌਰੇ ਜਿਹੜੇ ਸ਼ਹਿਰ ਗਵਾਚੇ ਨੇ ਓਥੋਂ ਤੀਕ ਹਨੇਰੇ ਨੱਚੇ ਜਿੱਥੋਂ ਤੀਕ ਖ਼ਿਆਲ ਗਿਆ ਜਾਵਣ ਵਾਲ਼ੇ ਵੇਲ਼ੇ ਦੇ ਨਾਲ ਗੀਤਾਂ ਦੀ ਤਸਵੀਰ ਗਈ ਬੰਦਿਆਂ ਵਿੱਚੋਂ ਮਿਹਰ ਮੁਹੱਬਤ ਘਰ ਵਿੱਚੋਂ ਇਕਬਾਲ1 ਗਿਆ ਖ਼ੁਦਗ਼ਰਜ਼ੀ ਨੂੰ ਹਰ ਚਿਹਰੇ 'ਤੇ ਬੇਇਤਬਾਰੀ ਦਿਸਦੀ ਏ ਉਸ ਨੂੰ ਚੋਰ ਜ਼ਮਾਨਾ ਲੱਗੇ ਜਿਸ ਦੀ ਜੇਬੋਂ ਮਾਲ ਗਿਆ ਮੰਜ਼ਿਲ ਦਾ ਚਾਨਣ ਸਮਝੇ ਨੇ ਲੋਕ ਨਵੀਂ ਤਬਦੀਲੀ ਨੂੰ ਬੇਖ਼ਬਰਾਂ ਨੂੰ ਸੁਰਤ ਨਹੀਂ ਲੱਗੀ ਹੜ੍ਹ ਆਇਆ ਭੁਚਾਲ਼ ਗਿਆ ਖੁੱਲ੍ਹ ਕੇ ਵਸਦੇ ਬੱਦਲਾਂ ਕੋਲ਼ੋਂ ਉਹਨੂੰ ਡਰਨਾ ਪੈਂਦਾ ਨਹੀਂ ਕਿਣਮਿਣ ਦੀ ਤਿਲ੍ਹਕਣ ਵਿਚ ਜਿਹੜਾ ਅਪਣੇ ਪੈਰ ਸੰਭਾਲ਼ ਗਿਆ ਸਦੀਆਂ ਤੋਂ ਲੱਭਿਆ ਨ੍ਹੀਂ ਕਿਸੇ ਨੂੰ ਮਕਸਦ ਜਿਉਣ ਦਾ ਧਰਤੀ 'ਤੇ ਕਿਆ ਹੋਇਆ ਜੇ ਵਿਹੰਦਿਆਂ-ਵਿਹੰਦਿਆਂ ਇਵੇਂ ਹੋਰ ਇਕ ਸਾਲ ਗਿਆ ਨਵੇਂ ਮਸ਼ੀਨੀ ਦੌਰ ਦੇ ਪਾਰੋਂ ਵੱਸੋਂ ਮੋਕਲੀ ਹੋ ਗਈ ਏ ਇਕ ਦੂਜੇ ਨਾਲ ਰਲ਼ ਬੈਠਣ ਦੀਆਂ ਰਸਮਾਂ ਦਾ ਜੰਜਾਲ ਗਿਆ ਦਿਲ ਵਿਚ ਉਹਦਾ ਨਾਂ ਲੈ ਲੈ ਕੇ ‘ਰਊਫ਼’ ਹੋਰੀਂ ਵੀ ਠਰਦੇ ਨੇ ਜੱਫੀ ਪਾ ਕੇ ਸੀਨੇ ਦੇ ਵਿਚ ਜਿਹੜਾਂ ਅੱਗਾਂ ਬਾਲ਼ ਗਿਆ 1. ਇਕਬਾਲ-ਬਰਕਤ, ਇੱਜ਼ਤ

ਕਦੀ-ਕਦੀ ਤੇ ਅਪਣਾ ਲਿਖਿਆ

ਕਦੀ-ਕਦੀ ਤੇ ਅਪਣਾ ਲਿਖਿਆ ਆਪ ਮਿਟਾਣਾ ਪੈਂਦਾ ਏ ਦਿਲ ਨਹੀਂ ਮੰਨਦਾ ਉਸ ਮਹਿਫ਼ਿਲ ਵਿਚ ਫਿਰ ਵੀ ਜਾਣਾ ਪੈਂਦਾ ਏ ਉੱਤੋਂ ਕੰਧਾਂ ਵਾਂਗ ਖਲੋਤੇ ਵਿੱਚੋਂ ਖੁਰਦੇ ਜਾਂਦੇ ਨੇ ਕੰਢਿਆਂ ਨੂੰ ਪਰ ਦਰਿਆਵਾਂ ਦਾ ਸਾਥ ਨਿਭਾਣਾ ਪੈਂਦਾ ਏ ਚਿਹਰਿਆਂ ਉੱਤੇ ਖ਼ੌਫ਼ ਅਲਾਮਤ1 ਬੀਤਣ ਵਾਲ਼ਿਆਂ ਲਮਹਿਆਂ ਦੀ ਨਵੀਂ ਨਸਲ ਨੂੰ ਪਿਛਲੇ ਪੂਰ ਦਾ ਕਰਜ਼ ਚੁਕਾਣਾ ਪੈਂਦਾ ਏ ਬਿਨ ਮੰਗਿਆਂ ਵੀ ਮਿਲ ਜਾਂਦੀ ਏ ਜਦੋਂ ਮੁਰਾਦ ਸਵਾਲੀ ਨੂੰ ਅਪਣੇ ਘਰ ਦਾ ਬੰਦ ਬੂਹਾ ਫਿਰ ਕਿਉਂ ਖੜਕਾਣਾ ਪੈਂਦਾ ਏ ਹਰ ਮਹਿਫ਼ਿਲ ਵਿਚ ਸ਼ਕਲ ਬਦਲਣੀ ਪੈਂਦੀ ਏ ਕੁਝ ਲਹਿਜੇ ਦੀ ਹਰ ਵਾਰੀ ਇੱਕ ਨਵੀਂ ਤਰ੍ਹਾਂ ਦਾ ਖੋਲ ਚੜ੍ਹਾਣਾ ਪੈਂਦਾ ਏ ਧੁੱਪਾਂ ਦੇ ਵਿਚ ਪਰਛਾਵਾਂ ਵੀ ਜਦੋਂ ਨਹੀਂ ਲੱਭਦਾ ਉਹਨਾਂ ਤੋਂ ਹੱਥਾਂ ਨਾਲ ਉਸਾਰੀਆਂ ਕੰਧਾਂ ਨੂੰ ਫਿਰ ਢਾਣਾ ਪੈਂਦਾ ਏ ਕੇਡੇ ਖ਼ੁਸ਼ ਸਾਂ ਗੇਂਤਰੀਆਂ ਦੇ ਪਹਿਰੇ ਲਾ ਕੇ ਅਕਲਾਂ 'ਤੇ ਹੁਣ ਇਹ ਮਹੁਰਾ ਅੱਖੀਂ ਦੇਖ ਕੇ ਹੱਥੀਂ ਖਾਣਾ ਪੈਂਦਾ ਏ ਚੰਗਾ ਏ ਜੇ ਨਿੱਕੀਆਂ-ਨਿੱਕੀਆਂ ਭੁੱਲਾਂ ਹੁਣੇ ਸਮੇਟ ਲਓ ਯਾਦਾਂ ਦੇ ਜ਼ਖ਼ਮਾਂ ਨੂੰ ਸਾਰੀ ਉਮਰ ਹੰਢਾਣਾ ਪੈਂਦਾ ਏ ਖ਼ੁਸ਼ੀਆਂ ਦੇ ਬੂਹੇ ਨਹੀਂ ਖੋਲ੍ਹੇ ਕਦੀ ਜਿਨ੍ਹਾਂ ਦੀ ਸੰਗਤ ਨੇ ‘ਰਊਫ਼’ ਉਨ੍ਹਾਂ ਦੇ ਵਿਛੜਨ ਦਾ ਵੀ ਸੋਗ ਮਨਾਣਾ ਪੈਂਦਾ ਏ 1. ਅਲਾਮਤ-ਚਿੰਨ੍ਹ

ਪੱਥਰ ਵਾਂ ਪਰ ਉਹਦਿਆਂ ਸਾਹਵਾਂ ਦੇ ਵਿਚ

ਪੱਥਰ ਵਾਂ ਪਰ ਉਹਦਿਆਂ ਸਾਹਵਾਂ ਦੇ ਵਿਚ ਘੁਲਣਾ ਚਾਹਨਾ ਵਾਂ ਹੰਝੂ ਵਾਂ ਪਰ ਮੋਤੀਆਂ ਦੇ ਨਾਲ ਸਾਵਾਂ ਤੁਲਨਾ ਚਾਹਨਾ ਵਾਂ ਮੈਨੂੰ ਦਿਲ ਦੇ ਕੋਲ਼ ਵਸਾ ਲੈ ਭਾਵੇਂ ਲਿਖ ਲੈ ਚਿਹਰੇ 'ਤੇ ਸਿੱਪੀਆਂ ਵਰਗੀਆਂ ਅੱਖੀਆਂ ਦਾ ਮੈਂ ਭੇਤ ਵਾਂ ਖੁਲ੍ਹਣਾ ਚਾਹਨਾ ਵਾਂ ਸ਼ਾਮ ਸਵੇਰੇ ਵੰਨ ਸੁਵੰਨੀਆਂ ਸੱਧਰਾਂ ਪਾਗਲ ਕਰਦੀਆਂ ਨੇ ਚੰਬਾ ਵਾਂ ਕਿੱਕਰ ਦੀ ਛਾਵੇਂ ਵਧਣਾ ਫੁਲਣਾ ਚਾਹਨਾ ਵਾਂ ਅੱਕਿਆ ਹੋਇਆ ਗੁੰਮੀਆਂ ਦਾ ਮੈਂ ਵਾਸੀ ਬੰਦ ਮਕਾਨਾਂ ਦਾ ਤੇਜ਼ ਹਨੇਰੀ ਵਾਂਗੂੰ ਅਪਣੇ ਸਿਰ 'ਤੇ ਝੁਲਣਾ ਚਾਹਨਾ ਵਾਂ ਫਿੱਕੀਆਂ ਹੋ ਗਈਆਂ ਨੇ ਲੀਕਾਂ ਸਦੀਆਂ ਦੀ ਤਹਿਰੀਰ ਦੀਆਂ ਹੁਣ ਮੈਂ ਏਸ ਕਿਤਾਬ ਦਾ ਅਗਲਾ ਵਰਕਾ ਥੁਲਨਾ ਚਾਹਨਾ ਵਾਂ ਮੇਰੀਆਂ ਸੋਚਾਂ ਨਵੇਂ ਦੌਰ ਦੇ ਸੰਘ ਵਿਚ ਅੜੀਆਂ ਹੋਈਆਂ ਨੇ ਮੈਂ ਵੇਲੇ ਦੇ ਦਾਮਨ 'ਤੇ ਇਕ ਦਾਗ਼ ਵਾਂ ਧੁਲਨਾ ਚਾਹਨਾ ਵਾਂ ਥਾਂ-ਥਾਂ ਸ਼ੀਸ਼ਿਆਂ ਵਰਗੇ ਚਿਹਰੇ ਮੇਰਾ ਕਰਬ1 ਵਧਾਂਦੇ ਨੇ ਰਾਹਵਾਂ ਵਿੱਚ ਗਵਾਚ ਕੇ ਅਪਣੇ ਆਪ ਨੂੰ ਭੁਲਣਾ ਚਾਹਨਾ ਵਾਂ ਮੈਨੂੰ ਮੇਰਿਆਂ ਐਬਾਂ ਸੁਣੇ ਜੋ ਬਖ਼ਸ਼ੇ ਪਿਆਰ ਹਿਆਤੀ ਦਾ ਇਹੋ ਜਿਹੇ ਚਾਹਵਨ ਵਾਲ਼ੇ ਦੇ ਕਦਮੀ ਰੁਲਣਾ ਚਾਹਨਾ ਵਾਂ ‘ਰਊਫ਼’ ਜਿਹਨੂੰ ਖਾਧਾ ਏ ਅੰਦਰੋਂ ਘੁਣ ਤੇ ਬਾਹਰੋਂ ਧੁੱਪਾਂ ਨੇ ਬੰਦ ਮਕਾਨ ਦਾ ਉਹ ਬੂਹਾਂ ਵਾਂ ਹੁਣ ਮੈਂ ਖੁੱਲ੍ਹਣਾ ਚਾਹਨਾ ਵਾਂ 1. ਕਰਬ-ਦੁੱਖ, ਗ਼ਮ

ਸੂਰਜ ਕਿੱਥੇ ? ਸ਼ੀਸ਼ੇ ਦਾ ਲਿਸ਼ਕਾਰਾ ਏ

ਸੂਰਜ ਕਿੱਥੇ ? ਸ਼ੀਸ਼ੇ ਦਾ ਲਿਸ਼ਕਾਰਾ ਏ ਜਿਹੜਾ ਚੜ੍ਹਦੀਆਂ ਲਹਿਰਾਂ ਵਾਂਗ ਅਵਾਰਾ ਏ ਨਵੇਂ ਪਹਾੜਾਂ ਦੇ ਪੱਥਰ ਵੀ ਗੂੰਗੇ ਨੇ ਨਵੇਂ ਸਮੁੰਦਰਾਂ ਦਾ ਪਾਣੀ ਵੀ ਖਾਰਾ ਏ ਉੱਮੀਦਾਂ ਦੇ ਬੂਹਿਆਂ ਨੂੰ ਜ਼ੰਗ ਲੱਗੇ ਨੇ ਸੱਧਰਾਂ ਵਾਲ਼ਾ ਸੁੰਜ ਮਸਾਨ ਚੌਬਾਰਾ ਏ ਸੂਰਜ ਦਾ ਰੁਖ਼ ਵੇਖ ਕੇ ਬਦਲੇ ਸੰਗਤ ਨੂੰ ਕੰਧਾਂ ਦਾ ਪਰਛਾਵਾਂ ਬੇਇਤਬਾਰਾ ਏ ਡਿੱਗਣ ਵਾਲ਼ੇ ਉੱਠਣ ਜੋਗੇ ਰਹਿੰਦੇ ਨਈਂ ਪਹਿਲੇ ਕੋਲ਼ੋਂ ਵੇਲ਼ੇ ਦਾ ਹੱਥ ਭਾਰਾ ਏ ਦਰਿਆਵਾਂ ਵਿਚ ਖਿਲਰੀ ਹੋਈ ਬੇਚੈਨੀ ਤੋਂ ਕੰਢਿਆਂ 'ਤੇ ਅੱਪੜਨ ਦਾ ਕਰਬ ਗਵਾਰਾ ਏ ਲੂੰ-ਲੂੰ ਦੇ ਵਿਚ ਰਚਿਆ ਜ਼ਹਿਰ ਤਜਰਬੇ ਦਾ ਚਮਕਣ ਵਾਲ਼ਾ ਹਰ ਅੱਖਰ ਅੰਗਿਆਰਾ ਏ ਜਿਸ ਸ਼ਹਿਰਾਂ ਵੱਲ ਆਉਣ ਨਹੀਂ ਦਿੱਤਾ ਪੱਥਰਾਂ ਨੂੰ ਉਹ ਬੰਦਿਆਂ ਨਾਲ ਬੰਦਿਆਂ ਦਾ ਵਰਤਾਰਾ ਏ ‘ਰਊਫ਼' ਜ਼ਮਾਨਾ ਡੁੱਲ੍ਹਿਆ ਜਿਸ ਦੀਆਂ ਡਲ੍ਹਕਾਂ 'ਤੇ ਰੱਬ ਜਾਣੇ ਉਹ ਚਾਂਦੀ ਏ ਕਿ ਪਾਰਾ ਏ

ਅੱਖਰਾਂ ਦੇ ਵਿਚ ਜਿਸ ਦੇ ਪਿਆਰ ਦੀ

ਅੱਖਰਾਂ ਦੇ ਵਿਚ ਜਿਸ ਦੇ ਪਿਆਰ ਦੀ ਜੋਤ ਜਗਾਂਦੇ ਫਿਰੀਏ ਅਮਲਾਂ ਦੇ ਨਾਲ ਓਸੇ ਸ਼ਖ਼ਸ ਦੀ ਧੂੜ ਉੜਾਂਦੇ ਫਿਰੀਏ ਹੱਥਾਂ ਦੇ ਨਾਲ ਢਾ ਕੇ ਪੱਕੀਆਂ ਸਾਂਝ ਦੀਆਂ ਦੀਵਾਰਾਂ ਗੱਲਾਂ ਦੇ ਨਾਲ ਪਿਆਰ ਖ਼ਲੂਸ ਦੇ ਸ਼ਹਿਰ ਵਸਾਂਦੇ ਫਿਰੀਏ ਵੱਖੋ ਵੱਖ ਵਸੇਬੇ ਅਡ ਲਏ ਜਿਹੜੇ ਘਰ ਦਿਆਂ ਜੀਆਂ ਓਸੇ ਘਰ ਦੀ ਸਾਂਝ ਸਲੂਕ ਦੇ ਗੌਣ ਸੁਣਾਂਦੇ ਫਿਰੀਏ ਜਿਸ ਦੀ ਸੰਗਤ ਪਾਸੋਂ ਮਿਲਿਆ ਸਾਹਵਾਂ ਦੇ ਵਿਚ ਰੁਤਬਾ ਗਲ਼ੀ-ਗਲ਼ੀ ਵਿਚ ਓਸੇ ਯਾਰ ਦੇ ਐਬ ਗਿਣਾਂਦੇ ਫਿਰੀਏ ਕੰਢਿਆਂ ਦੇ ਵਿਚ ਬੰਨ੍ਹ ਕੇ ਵਗਦੇ ਦਰਿਆਵਾਂ ਦਾ ਪਾਣੀ ਇਨਸਾਨਾਂ ਨੂੰ ਆਜ਼ਾਦੀ ਦੇ ਸਬਕ ਪੜ੍ਹਾਂਦੇ ਫਿਰੀਏ ਢੱਠੀਆਂ ਹੋਈਆਂ ਝੁੱਗੀਆਂ ਦੇ ਮਲਬੇ ਤੋਂ ਨਜ਼ਰ ਬਚਾ ਕੇ ਕਹੀਆਂ ਫੜ ਕੇ ਤਾਅਮੀਰਾਂ1 ਦੀ ਰੀਤ ਨਿਭਾਂਦੇ ਫਿਰੀਏ ਜੀਭ 'ਚ ਅਮਰਤ ਘੋਲ਼ ਕੇ ਹਾਸਾ ਮਲ਼ ਕੇ ਚਿਹਰੇ ਉੱਤੇ ਲੋਕਾਂ ਕੋਲ਼ੋਂ ਅਪਣੇ ਦਿਲ ਦੇ ਭੇਤ ਲੁਕਾਂਦੇ ਫਿਰੀਏ ਜਿਸ ਦੀ ਸ਼ਕਲ ਪਛਾਣ ਨਹੀਂ ਸਕਦੇ ਓਸ ਕਿਤੋਂ ਨਹੀਂ ਲੱਭਣਾ ਸ਼ਹਿਰ ਦੀਆਂ ਸੜਕਾਂ 'ਤੇ ਐਵੇਂ ਪੈਰ ਥਕਾਂਦੇ ਫਿਰੀਏ ਲੋੜਾਂ ਦੀ ਮੰਡੀ ਵਿਚ ਅਪਣੇ ਅਣਖਾਂ ਦੇ ਮੁੱਲ ਵੱਟ ਕੇ ਕਿਹੜੇ ਨੱਕ ਲਈ ਨੱਥ ਸੋਨੇ ਦੀ ‘ਰਊਫ਼’ ਘੜਾਂਦੇ ਫਿਰੀਏ 1. ਤਾਅਮੀਰ-ਉਸਾਰੀ

ਰਲੇ ਮਿਲਾਵਟ ਦੇ ਮੌਸਮ ਵਿਚ

ਰਲੇ ਮਿਲਾਵਟ ਦੇ ਮੌਸਮ ਵਿਚ ਜਿਹੜੀਆਂ ਅੰਦਰੋਂ ਖਰੀਆਂ ਨੇ ਧੁੱਪਾਂ ਦੇ ਵਿਚ ਜੁੱਸੇ ਸਾੜ ਕੇ ਵੀ ਉਹ ਸ਼ਾਖ਼ਾਂ ਹਰੀਆਂ ਨੇ ਇਸਰਾਂ ਤੌਰ ਤਰੀਕੇ ਬਦਲੇ ਨੇ ਇਕ ਥਾਂ 'ਤੇ ਰਹਿੰਦਿਆਂ ਨੇ ਅਪਣੇ ਘਰ ਦਿਆਂ ਜੀਆਂ ਕੋਲ਼ੋਂ ਘਰ ਦੀਆਂ ਕੰਧਾਂ ਡਰੀਆਂ ਨੇ ਉਹਨਾਂ ਲਈ ਵੀ ਖੰਡ ਘਿਓ ਨਹੀਂ ਬਣਿਆ ਸਫ਼ਰ ਹਿਆਤੀ ਦਾ ਜਿਹਨਾਂ ਅਪਣੇ ਗ਼ਮ ਦੀਆਂ ਪੰਡਾਂ ਦੂਜਿਆਂ ਦੇ ਸਿਰ ਧਰੀਆਂ ਨੇ ਬੇੜੀ ਦੇ ਸੰਗ ਲੋਹਿਆ ਤਰਦੈ ਸੁਣਿਆ ਵੀ ਏ ਤੱਕਿਆ ਵੀ ਨਵੇਂ ਦੌਰ ਵਿਚ ਪਰ ਕੁਝ ਬੇੜੀਆਂ ਲੋਹਿਆਂ ਦੇ ਸੰਗ ਤਰੀਆਂ ਨੇ ਟੁੱਟੀਆਂ ਹੋਈਆਂ ਜ਼ੰਜੀਰਾਂ ਨੂੰ ਜੋੜਨ ਦਾ ਕੋਈ ਯਤਨ ਕਰੋ ਕਿਧਰੇ ਵਿਰਸੇ ਬਣ ਨਾ ਜਾਵਣ ਜਿਹੜੀਆਂ ਬਾਜ਼ੀਆਂ ਹਰੀਆਂ ਨੇ ਏਸੇ ਤਰ੍ਹਾਂ ਸਲੂਕ ਰਿਹਾ ਜੇ ਦਾਨਿਆਂ ਨਾਲ ਜ਼ਮਾਨੇ ਦਾ ਉਹਨਾਂ ਵੀ ਖ਼ਾਲੀ ਹੋ ਜਾਣੈ ਜਿਹੜੀਆਂ ਝੋਲ਼ੀਆਂ ਭਰੀਆਂ ਨੇ ਏਸ ਵਜੋਂ ਘਰ ਦੇ ਉਹਲੇ ਦਾ ਭੇਤ ਸਦਾ ਭੱਜ ਜਾਂਦਾ ਏ ਕਮਰਿਆਂ ਦੇ ਲੱਕੜੀ ਦੇ ਬੂਹੇ, ਬੂਹਿਆਂ ਦੇ ਵਿਚ ਝਰੀਆਂ ਨੇ ਖਿੱਲਰੇ ਹੋਏ ਨੇ ਚਾਰ ਚੁਫੇਰੇ ਧੋਖੇ ਸਾਂਝਾਂ ਸੰਗਤਾਂ ਦੇ ਭਾਵੇਂ ਸਾਰਿਆਂ ਦਰਦ ਮੁਸੀਬਤਾਂ ਅਪਣੀ ਜਾਨ 'ਤੇ ਜਰੀਆਂ ਨੇ ਸਾਹ ਨੂੰ ਵੀ ਇਹਨਾਂ ਦੋਨਾਂ ਨੇ ‘ਰਊਫ਼’ ਜਿਉਂਦਿਆਂ ਰੱਖਿਆ ਏ ਆਸਾਂ ਦਾ ਖਿੜਿਆ ਚੰਬਾ ਏ ਜਾਂ ਸਧਰਾਂ ਦੀਆਂ ਪਰੀਆਂ ਨੇ

ਉਹਨਾਂ ਨੂੰ ਵੀ ਸੰਗ ਨਿਭਾਣਾ ਪੈਂਦਾ ਏ

ਉਹਨਾਂ ਨੂੰ ਵੀ ਸੰਗ ਨਿਭਾਣਾ ਪੈਂਦਾ ਏ ਨਵੇਂ ਖ਼ੁਦਾਵਾਂ ਨਾਲ ਜਿਨ੍ਹਾਂ ਦੇ ਅੰਦਰ ਦੇ ਸੱਚ ਦੀ ਨਿਭ ਨਹੀਂ ਸਕੀ ਭਰਾਵਾਂ ਨਾਲ ਇਕ ਦੂਜੇ ਦਾ ਮਾਣ ਵੀ ਰੱਖਣਾ ਏਂ ਅਪਣੀ ਜ਼ਾਤ ਗਵਾਣੀ ਨਹੀਂ ਸਦੀਆਂ ਤੋਂ ਨੇ ਏਹੋ ਰਿਸ਼ਤੇ ਪੱਥਰਾਂ ਦੇ ਦਰਿਆਵਾਂ ਨਾਲ ਵਕਤ ਬਣੇ ’ਤੇ ਵੈਰੀ ਵੀ ਘਰ ਆਣ ਵਧਾਈਆਂ ਦਿੰਦੇ ਨੇ ਭੀੜ ਪਏ ’ਤੇ ਸੱਜਣ ਵੀ ਰਹਿ ਜਾਂਦੈ ਟਾਵਾਂ-ਟਾਵਾਂ ਨਾਲ ਨਵੇਂ ਦੌਰ ਦੀਆਂ ਦਾਨਾਈਆਂ ਦੇ ਏਹੋ ਤੌਰ ਤਰੀਕੇ ਨੇ ਧੁੱਪਾਂ ਦੇ ਮੂੰਹੋਂ ਨਹੀਂ ਪੈਂਦੇ ਯਾਰੀਆਂ ਰੱਖਣ ਛਾਵਾਂ ਨਾਲ ਐਡਾ ਗੂੜ੍ਹਾ ਹੁੰਦਾ ਨਾ ਖ਼ੌਰੇ ਅਹਿਸਾਸ ਇਕਲਾਪੇ ਦਾ ਕਦੀ ਹਨੇਰੇ ਦੇ ਵਿਚ ਰਹਿੰਦਾ ਜੇ ਮੇਰਾ ਪਰਛਾਵਾਂ ਨਾਲ ਉਹਨਾਂ ਨੂੰ ਇਸ ਧਰਤੀ ਉੱਤੇ ਲੱਭਿਆ ਸੰਗ ਹਿਆਤੀ ਦਾ ਜਿਨ੍ਹਾਂ ਦੀਆਂ ਜੀਭਾਂ ਨੇ ਰੱਖੀਆਂ ਸਾਂਝਾਂ ਸਦਾ ਹਵਾਵਾਂ ਨਾਲ ਜਿੰਦੜੀ ਦੇ ਸਾਹ ਮੁੱਕ ਚੱਲੇ ਨੇ ਆਸ ਉਡੀਕ ਤੇ ਮੁੱਕੀ ਨਹੀਂ ਸਾਰੀ ਉਮਰ ਨਿਭਾਇਆ ਰਿਸ਼ਤਾ ਬੰਨੇ ਬੈਠਿਆਂ ਕਾਵਾਂ ਨਾਲ ਹੋਰ ਜ਼ਰੂਰਤ ਵਧ ਜਾਂਦੀ ਏ ਜ਼ਿਹਨਾਂ ਦੀ ਤਬਦੀਲੀ ਦੀ ਜੁਰਮ ਦੀਆਂ ਰਾਹਵਾਂ ਨਹੀਂ ਡੱਕੀਆਂ ਜਾਂਦੀਆਂ ਜਦੋਂ ਸਜ਼ਾਵਾਂ ਨਾਲ ਕਿਆ ਰਹਿ ਜਾਣਗੇ ਮਾਣ ਭਰੋਸੇ ਚੱਪੂਆਂ ਤੇ ਮੱਲਾਹਵਾਂ ਦੇ ਤੂਫ਼ਾਨਾਂ 'ਚੋਂ ਲੱਗਣੀ ਵੀ ਜੇ ਬੇੜੀ ‘ਰਊਫ਼’ ਦੁਆਵਾਂ ਨਾਲ

ਰੁੱਖ 'ਤੋਂ ਟੁੱਟ ਕੇ ਹੋ ਜਾਂਦਾ ਏ ਚੋਰ ਜਿਹਾ

ਰੁੱਖ 'ਤੋਂ ਟੁੱਟ ਕੇ ਹੋ ਜਾਂਦਾ ਏ ਚੋਰ ਜਿਹਾ ਤੇਜ਼ ਹਵਾਵਾਂ ਵਿਚ ਪੱਤਾ ਕਮਜ਼ੋਰ ਜਿਹਾ ਉਹਦੀ ਮੇਰੀ ਸੰਗਤ ਸਾਂਝ ਹਿਆਤੀ ਦੀ ਉਹਦਾ ਮੇਰਾ ਰਿਸ਼ਤਾ ਸਾਹ ਦੀ ਡੋਰ ਜਿਹਾ ਕੰਨਾਂ ਦੇ ਵਿਚ ਸੀਟੀਆਂ ਵੱਜਦੀਆਂ ਰਹਿੰਦੀਆਂ ਨੇ ਖ਼ੌਰੇ ਕੀ ਏ ਸ਼ਹਿਰਾਂ ਦੇ ਵਿਚ ਸ਼ੋਰ ਜਿਹਾ ਸੱਜਰੀਆਂ ਲੋੜਾਂ ਬਦਲੀ ਕੁੰਜ ਜ਼ਮਾਨੇ ਦੀ ਨਕਸ਼ ਪੁਰਾਣੇ ਜੁੱਸਾ ਨਵਾਂ ਨਕੋਰ ਜਿਹਾ ਭਰੇ ਘਰਾਂ ਦੇ ਸੁਫ਼ਨੇ ਵਿੰਹਦਾ ਰਹਿੰਦਾ ਏ ਦਿਲ ਦੇ ਥਾਲ਼ 'ਚ ਬਚਿਆ ਹੋਇਆ ਭੋਰ ਜਿਹਾ ਦੂਰੋਂ ਜਿਸ ਦੀ ਝੁਨ1 ਪੈਂਦੀ ਸੀ ਉਹਦੇ 'ਤੇ ਨੇੜੇ ਆਇਆ ਤੇ ਉਹ ਲੱਗਿਆ ਹੋਰ ਜਿਹਾ ਵਿਛੜਨ ਦਾ ਗ਼ਮ ਜਰਨਾ ਪੈਣਾ ਸੰਗਤ ਨੂੰ ਯਾਰੀ ਦੀ ਚੁੰਨੜ ਵਿਚ ਵਿਛਿਐ ਖੋਰ ਜਿਹਾ ਜੀਭ ਲਗਾਵੇ ਫੱਟ ਡੂੰਘੇ ਤਲਵਾਰਾਂ ਤੋਂ ਨਜ਼ਰ ਕਰੇ ਸੱਟਾਂ 'ਤੇ ਅਸਰ ਟਕੋਰ ਜਿਹਾ ਜਿਸ ਮਿਲਣਾ ਨਹੀਂ ਉਹਦੇ ਪਿੱਛੇ ਭੱਜਦਾ ਏ ਕਿੱਥੋਂ ਲੱਭਣੈ ਝੱਲਾ ‘ਰਊਫ਼’ ਚਕੋਰ ਜਿਹਾ 1. ਝੁਨ-ਝਲਕ

ਜਿੰਨਾ ਚਿਰ ਬੇਦਰਦ ਚਟਾਨਾਂ

ਜਿੰਨਾ ਚਿਰ ਬੇਦਰਦ ਚਟਾਨਾਂ ਜ਼ਿੱਦ 'ਤੇ ਅੜੀਆਂ ਰਹਿਣਗੀਆਂ ਪਾਣੀ ਤੇ ਪਿਆਸੇ ਦੀ ਰਾਹ ਵਿਚ ਕੰਧਾਂ ਖੜ੍ਹੀਆਂ ਰਹਿਣਗੀਆਂ ਉਹਨਾਂ ਨੇ ਕਿਆ ਜੀ ਆਇਆਂ ਨੂੰ ਕਹਿਣੈ ਨਵੀਂ ਹਿਆਤੀ ਨੂੰ ਚੇਤਰ ਵਿਚ ਜਿਹਨਾਂ ਰੁੱਖਾਂ ਦੀਆਂ ਸ਼ਾਖ਼ਾਂ ਝੜੀਆਂ ਰਹਿਣਗੀਆਂ ਡੂੰਘਿਆਈਆਂ ਵਿਚ ਰਹਿਣਗੇ ਸਿੱਪੀਆਂ ਮੋਤੀ ਧੁਨੀ ਬਰਾਤਾਂ ਦੇ ਕੰਢਿਆਂ ਨਾਲ ਟਕਰਾਂਦੀਆਂ ਲਹਿਰਾਂ ਲੇਖਾਂ ਸੜੀਆਂ ਰਹਿਣਗੀਆਂ ਜਿਸ ਦੀਆਂ ਨੀਹਾਂ ਨੂੰ ਲੱਗਿਆ ਏ ਲਾਗਾ ਖਾਰੇ ਪਾਣੀ ਦਾ ਓਸ ਮਕਾਨ ਦੀਆਂ ਦੀਵਾਰਾਂ ਕਦ ਤਕ ਖੜ੍ਹੀਆਂ ਰਹਿਣਗੀਆਂ ਓਦੋਂ ਤਕ ਫ਼ਿਕਰਾਂ ਵਿਚ ਘਿਰਿਆ ਰਹਿਣੈ ਚੈਨ ਹਿਆਤੀ ਦਾ ਪਿੰਜਰਿਆਂ ਵਿਚ ਅਮਨਾਂ ਦੀਆਂ ਘੁੱਗੀਆਂ ਜਦ ਤਕ ਤੜੀਆਂ ਰਹਿਣਗੀਆਂ ਇਸ ਧਰਤੀ ਤੋਂ ਇਕ ਦੂਜੇ ਦੀ ਕਦੀ ਮੁਥਾਜੀ ਮੁੱਕਣੀ ਨਹੀਂ ਵਗਦੇ ਰਹਿਣਗੇ ਨਦੀਆਂ, ਨਾਲ਼ੇ ਜਦ ਤਕ ਝੜੀਆਂ ਰਹਿਣਗੀਆਂ ਯਾਦਾਂ ਦੀ ਸਕਰੀਨ 'ਤੇ ਬੀਤੇ ਲਮਹੇ ਪਲ-ਪਲ ਉਘੜਨਗੇ ਅੱਖੀਆਂ ਦੇ ਸ਼ੋਅ ਕੇਸਾਂ ਵਿਚ ਤਸਵੀਰਾਂ ਜੜੀਆਂ ਰਹਿਣਗੀਆਂ ਇਨਸਾਨਾਂ ਦੇ ਚੈਨ ਗਵਾਣਗੇ ਕਾਲ ਹਨੇਰੇ ਗ਼ਰਜ਼ਾਂ ਦੇ ਆਸ ਦਿਆਂ ਹੱਥਾਂ ਵਿਚ ਫੜੀਆਂ ਕੁਝ ਫੁਲਝੜੀਆਂ ਰਹਿਣਗੀਆਂ ਵਧ ਜਾਵਣਗੇ ‘ਰਊਫ਼' ਥਕੇਵੇਂ ਘਰ ਵਿਚ ਬੈਠਿਆਂ ਲੋਕਾਂ ਦੇ ਸੜਕਾਂ ਉੱਤੇ ਮੀਲਾਂ ਵਾਂਗ ਖਲੋਤੀਆਂ ਘੜੀਆਂ ਰਹਿਣਗੀਆਂ

ਜਜ਼ਬਿਆਂ ਦੀ ਕੋਈ ਸ਼ਕਲ ਨਹੀਂ ਹੁੰਦੀ

ਜਜ਼ਬਿਆਂ ਦੀ ਕੋਈ ਸ਼ਕਲ ਨਹੀਂ ਹੁੰਦੀ ਨਾ ਜੁੱਸਾ ਖ਼ੁਸ਼ਬੋਆਂ ਦਾ ਨਿਰੀ ਕਿਆਮਤ ਪਰ ਇਕ ਥਾਂ 'ਤੇ ਖੜ੍ਹਿਆਂ ਹੋਣਾ ਦੋਆਂ ਦਾ ਝੂਠਿਆਂ ਦੇ ਬੂਹੇ ਦੀ ਰੰਗਤ ਰੋਜ਼ ਬਦਲਦੀ ਰਹਿੰਦੀ ਏ ਰੂਪ ਸਦਾ ਇੱਕੋ ਜਿਹਾ ਰਹਿੰਦੈ ਧਰਤੀ 'ਤੇ ਹੱਕ-ਗੋਆਂ ਦਾ ਕਿਧਰੇ ਵੀ ਕੋਈ ਸੰਘਣਾ ਰੁੱਖ ਨਹੀਂ ਵੰਡੇ ਜਿਹੜਾ ਠੰਡੀ ਛਾਂ ਸ਼ਹਿਰ ਦੇ ਆਲ ਦੁਆਲੇ ਲੱਗਿਆ ਪਹਿਰਾ ਤੱਤੀਆਂ ਲੋਆਂ ਦਾ ਇਸ ਵਾਰੀ ਫਿਰ ਵੇਲੇ ਸਾਨੂੰ ਟੇਕ ਨਵੀਂ ਪਾ ਦਿੱਤੀ ਏ ਅਜ਼ਲਾਂ ਤੋਂ ਏ ਗੂੜ੍ਹਾ ਰਿਸ਼ਤਾ ਸਾਡੇ ਨਾਲ ਧਰੋਆਂ ਦਾ ਰੱਬ ਸਬੱਬੀ ਮਿਲ ਜਾਂਦੇ ਨੇ ਸੱਚੇ ਸੰਗ ਹਿਆਤੀ ਨੂੰ ਸਦਾ ਨਾ ਲੋੜ ਮੁਹੱਬਤਾਂ ਦੀ ਤੇ ਸਦਾ ਨਾ ਮੇਲਾ ਢੋਆਂ ਦਾ ਪੱਥਰਾਂ ਦੇ ਘਰ ਵਿੱਚੋਂ ਫੁੱਟਦੇ ਸੋਮੇ ਠੰਡਿਆਂ ਪਾਣੀਆਂ ਦੇ ਪੁੱਤਰਾਂ 'ਤੇ ਨਜ਼ਰੀਂ ਨਹੀਂ ਆਉਂਦਾ ਅਸਰ ਜ਼ਰਾ ਵੀ ਪਿਓਆਂ ਦਾ ਨਵੀਂ ਉਸਾਰੀ ਨੇ ਪੁੱਛਿਆ ਏ ਡਿਗਦੀਆਂ ਹੋਈਆਂ ਕੰਧਾਂ ਤੋਂ ਕਿਆ ਰਿਸ਼ਤਾ ਏ ਬਲ਼ਦੀ ਅੱਗ ਨਾਲ ਬੁਝੀਆਂ ਹੋਈਆਂ ਚੋਆਂ ਦਾ ਅੱਖੀਆਂ ਦੀ ਕਿਸਮਤ ਬਣ ਗਈ ਏ ਇੰਜ ਉਡੀਕ ਸਵੇਰੇ ਦੀ ਪੱਤਝੜਾਂ ਦੀ ਸੱਧਰ ਬਣ ਗਿਆ ਜੂੰ ਬੁੱਲਾ ਖ਼ੁਸ਼ਬੋਆਂ ਦਾ ਉਹਨਾਂ ਨੂੰ ਸੁੰਜਾਨ ਨਹੀਂ ਰਹਿੰਦੀ ਅਪਣੇ ਤੇ ਬੇਗਾਨੇ ਦੀ ਲੱਗ ਜਾਂਦਾ ਏ ‘ਰਊਫ਼’ ਜੀ ਚਸਕਾ ਜਿਹਨਾਂ ਨੂੰ ਕਣਸੋਆਂ ਦਾ

ਜ਼ਿਕਰ ਉਹਦੀ ਸੂਰਤ ਦਾ

ਜ਼ਿਕਰ ਉਹਦੀ ਸੂਰਤ ਦਾ ਬੇਬਸੀ ਮਿਸਾਲਾਂ ਦੀ ਰੂਪ ਜਿਉਂ ਸੁਨਹਿਰੇ ਦਾ ਰੌਸ਼ਨੀ ਮਸ਼ਾਲਾਂ ਦੀ ਦਿਲ ਦੀ ਰਾਜਧਾਨੀ ਦਾ ਤਖ਼ਤ ਤਾਜ ਉਹਦਾ ਏ ਜ਼ਹਿਨ ’ਤੇ ਹਕੂਮਤ ਏ ਜਿਸ ਦਿਆਂ ਖ਼ਿਆਲਾਂ ਦੀ ਸਾਦਗੀ ਫ਼ਰਿਸ਼ਤੇ ਦੀ ਭੋਲਾਪਣ ਕਿਆਮਤ ਦਾ ਹੁਸਨ ਬੇਮਿਸਾਲਾਂ ਦਾ ਸੋਚ ਬਾਕਮਾਲਾਂ ਦੀ ਸਾਂਝ ਦਾ ਸਹਾਰਾ ਵੀ ਲੋੜਦੈ ਵਸੀਲੇ ਨੂੰ ਡੰਗਦੀ ਏ ਸੋਚਾਂ ਨੂੰ ਅਚਮਨੀ ਸਵਾਲਾਂ ਦੀ ਇਸ਼ਕ ਦੇ ਦਵਾਰੇ 'ਤੇ ਸ਼ੁਹਰਤਾਂ ਨਾ ਪਾ ਸਕਦੀ ਚਾਕ ਨੂੰ ਨਾ ਦਿਲ ਦਿੰਦੀ ਜੇ ਕੁੜੀ ਸਿਆਲਾਂ ਦੀ ਚੋਰੀਆਂ ਸਿਖਾਈਆਂ ਨੇ ਵਕਤ ਨੂੰ ਜ਼ਰੂਰਤ ਨੇ ਜਾਗ-ਜਾਗ ਉਠਦੀ ਏ ਪੀੜ ਬੀਤੇ ਸਾਲਾਂ ਦੀ ਪਿਆਰ ਦੀ ਇਮਾਰਤ ਤੇ ਸ਼ੌਕ ਨੇ ਉਸਾਰੀ ਏ ਕਿਸ ਦੇ ਮੋਢਿਆਂ ਚੁੱਕਣੀ ਜ਼ਾਮਨੀ ਭੁਚਾਲਾਂ ਦੀ ਹਰ ਨਵੇਂ ਤਜਰਬੇ ਨੇ ਕਰਬ ਨੂੰ ਵਧਾ ਦਿੱਤਾ ਦਿਨ ਨਿਰੇ ਸਿਆਪੇ ਦਾ ਰਾਤ ਵੀ ਵਬਾਲਾਂ ਦੀ ਸਿੱਕਦਿਆਂ ਗੁਜ਼ਾਰੀ ਏ ਉਮਰ ਮੈਂ ‘ਰਊਫ਼’ ਅਪਣੀ ਹਿਜਰ ਵਿਚ ਵੀ ਲੱਭਨਾ ਵਾਂ ਚਾਸ਼ਨੀ ਵਸਾਲਾਂ ਦੀ

ਚਿਹਰੇ ਦਾ ਸੋਨਾ ਢਲ਼ਿਆ ਏ

ਚਿਹਰੇ ਦਾ ਸੋਨਾ ਢਲ਼ਿਆ ਏ ਵਾਲ਼ਾਂ ਦੇ ਵਿਚ ਚਾਂਦੀ ਏ ਲੋਭਾਂ ਦੀ ਦੁਨੀਆ ਵਿੱਚ ਜਿਉਣ ਦੀ ਹਸਰਤ ਵਧਦੀ ਜਾਂਦੀ ਏ ਆਸਾਂ ਲਾ ਕੇ ਬਹਿ ਜਾਨੇ ਵਾਂ ਫ਼ਸਲਾਂ ਦੇ ਪੱਕ ਜਾਣ ਦੀਆਂ ਭੁੱਲ ਭੁਲੇਖੇ ਵੀ ਅਸਮਾਨ 'ਤੇ ਜਦ ਕੋਈ ਬਦਲੀ ਛਾਂਦੀ ਏ ਮੇਰੇ ਘਰ ਦੀਆਂ ਵੰਡੀਆਂ ਪਾਣ ਤੋਂ ਪਹਿਲਾਂ ਏਨਾ ਸੋਚ ਲਓ ਅਪਣੇ ਆਪ ਨੂੰ ਧਰਤੀ 'ਤੇ ਤਾਰੀਖ਼ ਸਦਾ ਦੁਹਰਾਂਦੀ ਏ ਜਿਸ ਦੇ ਪਾਰੋਂ ਡੁੱਬ ਗਏ ਨੇ ਕਿੰਨੇ ਪੂਰ ਹਿਆਤੀ ਦੇ ਉਸ ਬੇੜੀ ਨੂੰ ਖ਼ੌਰੇ ਦੁਨੀਆ ਮੁੜ-ਮੁੜ ਕਿਉਂ ਅਜ਼ਮਾਂਦੀ ਏ ਸੋਚਾਂ ਨੂੰ ਬਖ਼ਸ਼ੇ ਜਾਂਦੇ ਨੇ ਜੁਗਨੂੰ ਸ਼ੋਖ਼ੀਆਂ ਰੰਗਾਂ ਦੇ ਅੱਖੀਆਂ ਅੱਗੇ ਪਰ ਕਾਲਖ਼ ਦੀ ਕੰਧ ਉਸਾਰੀ ਜਾਂਦੀ ਏ ਚੰਨ ਦੀ ਯਾਰੀ ਰਾਤ ਦੀ ਹੱਦ ਤਕ ਸੂਰਜ ਦਾ ਸੰਗ ਸ਼ਾਮਾਂ ਤੀਕ ਇਕ ਧਰਤੀ ਏ ਮਰਨ ਤੋਂ ਬਾਅਦ ਵੀ ਜਿਹੜੀ ਸਾਥ ਨਿਭਾਂਦੀ ਏ ਫ਼ਨ ਨੂੰ ਪਰਖ ਕੇ ਦਾਦ ਦੇਣ ਦੀ ਉੱਠ ਗਈ ਰੀਤ ਜ਼ਮਾਨੇ ਤੋਂ ਹਰ ਕੋਈ ਉਸ ਦੇ ਗੁਣ ਗਾਉਂਦਾ ਏ ਸ਼ੁਹਰਤ ਜਿਸ ਦੇ ਨਾਂ ਦੀ ਏ ਜਿਉਂਦੀ ਜਾਨੇ ਤੇ ਮੁੱਕਣੇ ਨਹੀਂ ਝਗੜੇ ਝਾਂਜੇ ਗ਼ਰਜ਼ਾਂ ਦੇ ਆਓ ਮੌਤ ਦੀ ਪੂਜਾ ਕਰੀਏ ਜਿਹੜੀ ਰੋਗ ਮੁਕਾਂਦੀ ਏ ਖ਼ੌਰੇ ਕਿਹੜੇ ਖ਼ੌਫ਼ ਦਾ ਪਹਿਰਾ ਲੱਗ ਜਾਂਦਾ ਏ ਚਿਹਰੇ 'ਤੇ ‘ਰਊਫ਼’ ਜੀ ਘਰ ਦਾ ਬੂਹਾ ਜਦ ਵੀ ਤੇਜ਼ ਹਵਾ ਖੜਕਾਂਦੀ ਏ

ਮੇਰਾ ਮਿੱਟੀਆਂ ਦੇ ਨਾਲ ਰਿਸ਼ਤਾ

ਮੇਰਾ ਮਿੱਟੀਆਂ ਦੇ ਨਾਲ ਰਿਸ਼ਤਾ ਤੇਰਾ ਸੰਗ ਹਵਾਵਾਂ ਦਾ ਮੈਂ ਕੱਲਰਾਂ ਦੀ ਫੰਡੀ ਧਰਤੀ ਤੂੰ ਪਾਣੀ ਦਰਿਆਵਾਂ ਦਾ ਤੇਰੇ ਧੁੱਪਾਂ ਵਰਗੇ ਪਿੰਡੇ ਮੈਨੂੰ ਵੀ ਨਿੱਘ ਦਿੱਤਾ ਏ ਮੈਂ ਜਿਹੜਾ ਸਾਂ ਬੰਦ ਕਮਰੇ ਵਿਚ ਠਰਿਆ ਹੋਇਆ ਛਾਵਾਂ ਦਾ ਤੇਰੇ ਪਿਆਰ ਦੇ ਤੰਬੂ ਮੇਰੀ ਟੁੱਟ-ਭੱਜ ਨੂੰ ਕੱਜ ਲਿੱਤਾ ਏ ਚੁੱਪਾਂ ਦੀ ਨਗਰੀ ਵਿਚ ਆਇਆ ਪਹਿਲਾ ਪੂਰ ਸਦਾਵਾਂ ਦਾ ਤੇਰੀ ਮੇਰੀ ਕੁਰਬਤ1 ਦੇ ਵਿਚ ਦੂਰੀ ਕਿੰਨੀਆਂ ਸਦੀਆਂ ਦੀ ਤੂੰ ਉੱਚਿਆਂ ਮਹਿਲਾਂ ਦਾ ਵਾਸੀ ਮੈਂ ਵਸਨੀਕ ਸਰਾਵਾਂ ਦਾ ਸ਼ਹਿਤ ਮੁਹੱਬਤ ਦਾ ਰਸ ਬਣ ਕੇ ਵਸਿਆ ਤੇਰੇ ਹੋਠਾਂ 'ਤੇ ਮੇਰੇ ਲਹਿਜੇ ਦੇ ਵਿਚ ਘੁਲ਼ਿਆ ਕੌੜਾ ਕਰਬ ਫ਼ਜ਼ਾਵਾਂ ਦਾ ਤੇਰੀ ਸ਼ਹਿਰ 'ਚ ਪਲ਼ੀ ਜਵਾਨੀ ਆਦੀ ਨਾਜ਼ਾਂ ਪਿਆਰਾਂ ਦੀ ਮੇਰਾ ਖਿੰਗਰਾਂ ਵਰਗਾ ਜੁੱਸਾ ਡੰਗਿਆ ਪਿੰਡ ਗਰਾਵਾਂ ਦਾ ਤੂੰ ਸੀਨੇ 'ਤੇ ਪੱਥਰ ਰੱਖ ਕੇ ਵੰਡਣੀ ਮਹਿਕ ਬਹਾਰਾਂ ਦੀ ਮੇਰੇ ਅੰਦਰੋਂ ਮੁੱਕ ਨਹੀਂ ਸਕਣਾ ਕਦੀ ਵੀ ਖ਼ੌਫ਼ ਖ਼ਜ਼ਾਵਾਂ ਦਾ ਤੇਰੀ ਸੋਚ 'ਤੇ ਲਾ ਦਿੰਦਾ ਏ ਵੇਲਾ ਮੁਹਰ ਸਦਾਕਤ2 ਦੀ ਮੇਰੇ ਸੱਚ ’ਤੇ ਵੀ ਲੱਗ ਜਾਂਦਾ ਪਹਿਰਾ ਸਖ਼ਤ ਸਜ਼ਾਵਾਂ ਦਾ ਮੇਰੀ ਜੀਭ 'ਚ ‘ਰਊਫ਼' ਰਚੀ ਏ ਕਾਲ਼ੀ ਚੁੱਪ ਜ਼ਮਾਨੇ ਦੀ ਤੇਰੇ ਸਿਰ 'ਤੇ ਚੜ੍ਹ ਕੇ ਬੋਲਿਆ ਜਾਦੂ ਨਵੇਂ ਖ਼ੁਦਾਵਾਂ ਦਾ 1. ਕੁਰਬਤ-ਨੇੜਤਾ 2. ਸਦਾਕਤ-ਸੱਚਾਈ

ਰੁੱਖਾਂ ਨੇ ਪਤਝੜ ਦਾ ਪਾਇਆ

ਰੁੱਖਾਂ ਨੇ ਪਤਝੜ ਦਾ ਪਾਇਆ ਮੁੜ ਕੇ ਜ਼ਰਦ ਲਿਬਾਸ ਇਕ ਵਾਰੀ ਫਿਰ ਸੁਫ਼ਨਾ ਬਣ ਗਈ ਰੁੱਤ ਬਦਲਣ ਦੀ ਆਸ ਮੇਰੇ ਆਉਣ ਦੀ ਖ਼ਬਰ ’ਤੇ ਲੋਕਾਂ ਚਾਅ ਦੇ ਫੁੱਲ ਖਲਾਰੇ ਮੇਰੀ ਸੂਰਤ ਦੇਖ ਕੇ ਹੋਇਆ ਸਾਰਾ ਸ਼ਹਿਰ ਉਦਾਸ ਗ਼ੈਰਾਂ ਦੇ ਹੱਥਾਂ ਵਿਚ ਖੇਡੇ ਉਹਨਾਂ ਦੀ ਤਕਦੀਰ ਅਪਣੇ ਆਪ 'ਤੋਂ ਉੱਠ ਜਾਂਦਾ ਏ ਜਿਹਨਾਂ ਦਾ ਵਿਸ਼ਵਾਸ ਐਬਾਂ ਨੂੰ ਕੱਜ ਲੈਂਦੈ ਭਾਵੇਂ ਜੀਭ ਦਾ ਮਿੱਠਾ ਬੋਲ ਮਨ ਦਾ ਕੁਹਜ ਲੁਕਾ ਨਹੀਂ ਸਕਦਾ ਤਨ ਦਾ ਸ਼ੋਖ਼ ਲਿਬਾਸ ਉਹਨੂੰ ਹਾਸਲ ਕਰਕੇ ਮੇਰਾ ਹੋਰ ਇਕਲਾਪਾ ਵਧਿਆ ਖੂਹ ਦੇ ਕੋਲ਼ ਪਹੁੰਚ ਕੇ ਮੇਰੀ ਹੋਰ ਵੀ ਭੜਕੀ ਪਿਆਸ ਪੈਰਾਂ ਦੇ ਨਾਲ ਸੰਗ ਧਰਤੀ ਦਾ ਚੰਨ ਦੇ ਨਾਲ ਸਿਤਾਰੇ ਦੁੱਖਾਂ ਦੇ ਨਾਲ ਮੇਰੀ ਸੰਗਤ ਨਹੁੰਵਾਂ ਦੇ ਨਾਲ ਮਾਸ ਮੇਰੇ ਦੌਰ ਨੇ ਭਾਵੇਂ ਦਿੱਤੀ ਝੂਠ ਨੂੰ ਫ਼ਨ ਦੀ ਸੂਰਤ ਸੋਨੇ ਦਾ ਰੰਗ ਪਿੱਤਲ ਨੂੰ ਪਰ ਆ ਨਹੀਂ ਸਕਦਾ ਰਾਸ ਅੱਖਾਂ 'ਤੇ ਲੱਗੇ ਰਹੇ ਪਹਿਰੇ ਬੁੱਲ੍ਹਾਂ ਉੱਤੇ ਮੋਹਰਾਂ ਏਸ ਸ਼ਹਿਰ ਦੇ ਲੋਕੀ ਦਿਲ ਦੀ ਕੱਢਦੇ ਕਿਵੇਂ ਭੜਾਸ ਉਹ ਅੱਜ ਅਪਣੇ ਪੈਰੀਂ ਟੁਰ ਕੇ ‘ਰਊਫ਼’ ਦੇ ਘਰ ਵਿਚ ਆਇਆ ਅਪਣੇ ਹੱਥ ਦੀਆਂ ਲੀਕਾਂ ਇਹਨੂੰ ਆ ਗਈਆਂ ਨੇ ਰਾਸ

ਸਾਨ੍ਹਾਂ ਦੇ ਇਸ ਭੇੜ 'ਚ ਐਵੇਂ

ਸਾਨ੍ਹਾਂ ਦੇ ਇਸ ਭੇੜ 'ਚ ਐਵੇਂ ਅਪਣੀ ਜ਼ਾਤ ਲਬੇੜਾਂ ਕਿਉਂ ਲੰਘਦਾ ਹੋਇਆ ਤੁਰਿਆ ਕਲਵਾਂ ਮੈਂ ਸਿਰ ਪੀੜ ਸਹੇੜਾਂ ਕਿਉਂ ਐਬਾਂ ਨੇ ਸਿਫ਼ਤਾਂ ਦੀਆਂ ਸ਼ਕਲਾਂ ਚਿਹਰਿਆਂ 'ਤੇ ਪਾ ਲਿੱਤੀਆਂ ਨੇ ਸੂਰਜ ਦੀ ਕੰਡ ਉਹਲੇ ਲੁੱਕੇ ਕੋਹਜੇ ਨਕਸ਼ ਉਘੇੜਾਂ ਕਿਉਂ ਵਿਸਰੀਆਂ ਹੋਈਆਂ ਨੇ ਜੇ ਯਾਦਾਂ ਬੀਤਿਆਂ ਹੋਇਆਂ ਦਿਨਾਂ ਦੀਆਂ ਸ਼ੀਸ਼ਿਆਂ ਦੇ ਵਿਚ ਪਈਆਂ ਹੋਈਆਂ ਗਿਣਦਾ ਰਵ੍ਹਾਂ ਤਰੇੜਾਂ ਕਿਉਂ ਮਰਜ਼ੀ ਦੇ ਨਾਲ ਜੇ ਨਹੀਂ ਮੁੱਕਣਾ ਔਖ਼ਾ ਸਫ਼ਰ ਹਿਆਤੀ ਦਾ ਮੰਜ਼ਿਲ ਦੇ ਲਈ ਤੂਫ਼ਾਨਾਂ 'ਤੇ ਚੜ੍ਹ ਕੇ ਪੰਧ ਨਿਬੇੜਾਂ ਕਿਉਂ ਬੂਟਾ ਵੱਡਾ ਹੋ ਕੇ ਖ਼ੌਰੇ ਵੰਡੇ ਜਾਂ ਨਾ ਵੰਡੇ ਛਾਂ ਵਿਹੜੇ ਦੇ ਵਿਚ ਲੱਗਿਆ ਹੋਇਆ ਵੱਡਾ ਰੁੱਖ ਉਖੇੜਾਂ ਕਿਉਂ ਛਿੱਲੜ ਆਪ ਕਮਾ ਨਹੀਂ ਸਕਦਾ ਭਾਂਡੇ ਭੰਨਦਾ ਰਹਿੰਨਾ ਵਾਂ ਪਾਟੇ ਹੋਏ ਜੇ ਸੀਅ ਨਹੀਂ ਸਕਦਾ ਸੀਤੇ ਹੋਏ ਉਧੇੜਾਂ ਕਿਉਂ ਆਸ ਦਾ ਸੂਹਾ ਫੁੱਲ ਖਿੜਨ ਦੀ ਸੱਧਰ ਵੀ ਹੁਣ ਬਾਕੀ ਨਹੀਂ ਦਿਲ ਦੀ ਬੰਜਰ ਧਰਤੀ ਦੇ ਲਈ ਅੱਖੀਆਂ ਦੇ ਖੂਹ ਗੇੜਾਂ ਕਿਉਂ ਸੱਪਾਂ ਦੇ ਮੂੰਹ ਆ ਕੇ ਕਿੱਸਰਾਂ ਮਾਂਦਰੀਆਂ ਨੂੰ 'ਵਾਜ਼ ਦਿਆਂ ਜਦੋਂ ਹਵਾ ਨਹੀਂ ਵਸ ਵਿਚ ਮੇਰੇ ਦੱਬੀ ਅੱਗ ਨੂੰ ਛੇੜਾਂ ਕਿਉਂ ਮੱਥੇ ਦੇਖ ਕੇ ਟਿੱਕੇ ਲਾਣਾ ‘ਰਊਫ਼’ ਜ਼ਮਾਨਾ ਸਿੱਖਿਆ ਏ ਚਾਦਰ ਵੇਖ ਕੇ ਪੈਰ ਪਸਾਰਾਂ ਹੱਦੋਂ ਵੱਧ ਗਵੇੜਾਂ ਕਿਉਂ

ਜ਼ਿਹਨਾਂ 'ਤੇ ਪਹਿਰੇ ਲੱਗੇ ਨੇ

ਜ਼ਿਹਨਾਂ 'ਤੇ ਪਹਿਰੇ ਲੱਗੇ ਨੇ ਇਹੋ ਜਿਹੇ ਸਵਾਲਾਂ ਦੇ ਕਰ ਦਿੱਤੇ ਨੇ ਅੰਨ੍ਹੇ ਜਿਹਨਾਂ ਸ਼ੀਸ਼ੇ ਨਵੇਂ ਖ਼ਿਆਲਾਂ ਦੇ ਉਹਦੇ ਮੋਹਰੇ ਪਿਟ ਜਾਣੇ ਨੇ ਉਹਦੀ ਮਾਤ ਯਕੀਨੀ ਏ ਖੇਡਣ ਵਾਲ਼ੇ ਜਾਣੂ ਹੋ ਜਾਣ ਜਿਸ ਸ਼ਾਤਰ ਦੀਆਂ ਚਾਲਾਂ ਦੇ ਦੀਵੇ ਤੋਂ ਚਾਨਣ ਮੰਗਿਆ ਏ ਉਹਨਾਂ ਦੀ ਖ਼ੁਦਦਾਰੀ ਨੇ ਕਦੀ ਵੀ ਸੂਰਜ ਡੁਬਦੇ ਨਹੀਂ ਸਨ ਜਿਹਨਾਂ ਦੇ ਇਕਬਾਲਾਂ ਦੇ ਧਰਤੀ ਦੀ ਰੁੱਤ ਰਾਸ ਨ੍ਹੀਂ ਆਉਂਦੀ ਅੰਬਰੋਂ ਡਿੱਗਿਆਂ ਹੋਇਆਂ ਨੂੰ ਜੋਕਾਂ ਬਣ ਕੇ ਲਹੂ ਪੀਂਦੇ ਨੇ ਚੇਤੇ ਬੀਤਿਆਂ ਸਾਲਾਂ ਦੇ ਪਾਣੀ ਡੋਬਣ ਦੇ ਲਈ ਭੱਜਦੈ ਅੱਗ ਸਾੜਨ ਨੂੰ ਆਉਂਦੀ ਏ ਜਦੋਂ ਜ਼ਵਾਲਾਂ ਵੱਲ ਟੁਰਦੇ ਨੇ ਜੱਥੇ ਅੱਤ ਕਮਾਲਾਂ ਦੇ ਰੁਤਬੇ ਦੇ ਨਾਲ ਖੁਰਚੀ ਜਾਵੇ ਇੰਜ ਗ਼ਰੀਬੀ ਸਦੀਆਂ ਦੀ ਤੇਜ਼ਾਬਾਂ ਨਾਲ ਝੜ ਜਾਂਦੇ ਨੇ ਕੋੜ੍ਹ ਜਿਵੇਂ ਜ਼ੰਗਾਲਾਂ ਦੇ ਸਾਡੇ ਘਰ ਤਕ ਵੀ ਅਪੜੇਗਾ ਕਦੀ ਤੇ ਚਾਨਣ ਉਹਨਾਂ ਦਾ ਦੂਰ ਹਨੇਰਿਆਂ ਵਿੱਚ ਦਿੱਸੇ ਨੇ ਚਿਹਰੇ ਜਿਨ੍ਹਾਂ ਮਸ਼ਾਲਾਂ ਦੇ ਇੱਕੋ ਹੜ੍ਹ ਨੇ ਕਰ ਦਿੱਤਾ ਏ ਏਨਾ ਬੁਜ਼ਦਿਲ ਲੋਕਾਂ ਨੂੰ ਕਿਸੇ ਨਹੀਂ ਰਸਤੇ ਡੱਕ ਸਕਣੇ ਹੁਣ ਆਉਂਦੇ ਹੋਏ ਭੁਚਾਲਾਂ ਦੇ ‘ਰਊਫ਼’ ਤਜਰਬਾ ਵਧ ਜਾਂਦਾ ਏ ਉਹਨਾਂ ਕੋਲ਼੍ਹ ਹਿਆਤੀ ਦਾ ਭਾਰ ਜਿਨ੍ਹਾਂ ਨੂੰ ਚੁੱਕਣੇ ਪੈਂਦੇ ਰੋਜ਼ ਨਵੇਂ ਜੰਜਾਲਾਂ ਦੇ 1 . ਇਕਬਾਲ-ਸ਼ਾਨ

ਸਾਹਵਾਂ ਦੇ ਵਿਚ ਖ਼ੁਸ਼ਬੂਆਂ ਨੇ

ਸਾਹਵਾਂ ਦੇ ਵਿਚ ਖ਼ੁਸ਼ਬੂਆਂ ਨੇ ਉਹਦੇ ਗੂੜ੍ਹੇ ਪਿਆਰ ਦੀਆਂ ਮੇਰੇ ਖ਼ੂਨ ਖ਼ਮੀਰ 'ਚ ਰਚੀਆਂ ਮਹਿਕਾਂ ਜਿਸ ਮੁਟਿਆਰ ਦੀਆਂ ਜਿਸ ਦੇ ਪਰਛਾਵੇਂ ਦੇ ਹੇਠਾਂ ਦੋ ਘੜੀਆਂ ਆਰਾਮ ਕਰੇ ਸੌ-ਸੌ ਵਾਰ ਮੁਸਾਫ਼ਿਰ ਮੰਗੇ ਖ਼ੈਰਾਂ ਓਸ ਦੀਵਾਰ ਦੀਆਂ ਮੇਰਾ ਦੇਸ਼ ਅਨਮੋਲ ਖ਼ਜ਼ਾਨਾ ਪਿਆਰ ਖ਼ਲੂਸ ਮੁਹੱਬਤ ਦਾ ਮੇਰੀਆਂ ਰੀਝਾਂ ਇਹਦੇ ਸਿਰ ਦੇ ਸਦਕੇ ਨਿੱਤ ਉਤਾਰਦੀਆਂ ਜਿਸ ਧਰਤੀ ਦੇ ਸੀਨੇ ਧੜਕੇ ਲਹੂ ਮੇਰੇ ਪਿਉ ਦਾਦੇ ਦਾ ਉਸ ਨਾਲ ਮੇਰਾ ਕੀ ਰਿਸ਼ਤਾ ਏ ਲੋੜਾਂ ਨਹੀਂ ਇਜ਼ਹਾਰ ਦੀਆਂ ਪਰਦੇਸਾਂ ਵਿਚ ਓਪਰੇ ਲੱਗਦੇ ਅਪਣੇ ਚਿਹਰੇ ਜਿਹਨਾਂ ਨੂੰ ਅਪਣੇ ਦੇਸ਼ 'ਚ ਉਹਨਾਂ ਨੂੰ ਵੀ ਸਧਰਾਂ 'ਵਾਜ਼ਾਂ ਮਾਰਦੀਆਂ ਕੱਚੀਆਂ ਕੰਧਾਂ ਦੇ ਘੇਰੇ ਵਿਚ ਰਾਖੀ ਕਰਨ ਕਬੀਲੇ ਦੀ ਵਸਨੀਕਾਂ ਨੂੰ ਮਿਲ ਜਾਂਦੀਆਂ ਨੇ ਸਨਦਾਂ1 ਜਦ ਇਤਬਾਰ ਦੀਆਂ ਅਪਣਾ ਆਪ ਨਿਸ਼ਾਵਰ ਕਰਨ ਦੀ ਲੋੜ ਨਹੀਂ ਰਹਿੰਦੀ ਉਹਨਾਂ ਨੂੰ ਜਿਹਨਾਂ 'ਤੇ ਮੋਹਰਾਂ ਲੱਗੀਆਂ ਨੇ ਵਤਨਾਂ ਦੇ ਕਿਰਦਾਰ ਦੀਆਂ ਇਹ ਮੇਰੀ ਉਲਫ਼ਤ ਦੀ ਮੰਜ਼ਿਲ ਇਹ ਮੇਰੀ ਤਕਦੀਰ ਵੀ ਏ ਮੇਰੇ ਦੇਸ਼ ਨੂੰ ਮੇਰੀਆਂ ਸਧਰਾਂ ਅੱਠੇ ਪਹਿਰ ਸ਼ਿੰਗਾਰਦੀਆਂ ਜਿਸ ਨੂੰ ਮੱਥੇ ਦੇ ਨਾਲ ਚੁੰਮਣਾ ਮੇਰੀ ‘ਰਊਫ਼’ ਇਬਾਦਤ ਏ ਉਸ ਧਰਤੀ ਲਈ ਕਿਉਂ ਨਾ ਮੰਗਾਂ ਰੁੱਤ ਸਦਾ ਬਹਾਰ ਦੀਆਂ 1. ਸਨਦ-ਸਰਟੀਫ਼ਿਕੇਟ

ਮੁੱਦਤਾਂ ਲੱਗੀਆਂ ਜਿਹਨਾਂ ਦੇ ਨਾਲ

ਮੁੱਦਤਾਂ ਲੱਗੀਆਂ ਜਿਹਨਾਂ ਦੇ ਨਾਲ ਪਿਆਰ ਦੇ ਰਿਸ਼ਤੇ ਜੋੜਦਿਆਂ ਉਹਨਾਂ ਨੇ ਪਲ ਵੀ ਨਹੀਂ ਲਾਇਆ ਗੂੜ੍ਹਾ ਸੰਗ ਤਰੋੜਦਿਆਂ ਜਿਨ੍ਹਾਂ ਦੀਆਂ ਅੱਖੀਆਂ ਵਿਚ ਸਾਨੂੰ ਦੇਖ ਕੇ ਲੋਅ ਆ ਜਾਂਦੀ ਸੀ ਉਨ੍ਹਾਂ ਦੀਆਂ ਅੱਖੀਆਂ ਨਹੀਂ ਭਿੱਜੀਆਂ ਸਾਡੇ ਤੋਂ ਮੂੰਹ ਮੋੜਦਿਆਂ ਵੇਲ਼ੇ ਨੇ ਸੰਗ ਖੋਹ ਲਿੱਤਾ ਏ ਦਰਵੇਸ਼ਾਂ ਜਿਹੇ ਸੱਜਣਾਂ ਦਾ ਤੂਫ਼ਾਨਾਂ ਨੂੰ ਤਰਸ ਨ੍ਹੀਂ ਆਉਂਦਾ ਕੱਖ ਨਿਮਾਣੇ ਰੋੜ੍ਹਦਿਆਂ ਸਾਡਾ ਦੁੱਖ ਵੰਡਾਵਣ ਵਾਲ਼ੇ ਦੂਰ ਦੁਰੇਡੇ ਤੁਰ ਗਏ ਨੇ ਹੁਣ ਕੰਧਾਂ ਨੂੰ ਸੀਨੇ ਲਾਣਾ ਜਜ਼ਬਿਆਂ ਸਾਡੀ ਥੋੜ ਦਿਆਂ ਅੱਖੀਆਂ ਵਿਚ ਡੱਕੇ ਹੋਏ ਹੰਝੂ ਦੇਣ ਜ਼ਮਾਨਤ ਸਬਰਾਂ ਦੀ ਦਰਿਆਵਾਂ ਨੂੰ ਮੁੜ੍ਹਕੇ ਆ ਜਾਣ ਜੇ ਇਕ ਪਲਕ ਨਿਚੋੜ ਦਿਆਂ ਪੱਥਰਾਂ ਦਾ ਪਰਛਾਵਾਂ ਵੀ ਉਹਨਾਂ ਤੋਂ ਡਰਦਾ ਰਹਿੰਦਾ ਏ ਜਿਹਨਾਂ ਨੂੰ ਅਹਿਸਾਸ ਨੀਂ ਹੁੰਦਾ ਦਿਲ ਦੇ ਸ਼ੀਸ਼ੇ ਤੋੜਦਿਆਂ ਖ਼ੌਰੇ ਕਿਹੜੀ ਮਜਬੂਰੀ ਸੀ ਉਹਨਾਂ ਨੂੰ ਟੁਰ ਜਾਵਣ ਦੀ ਡੱਕਿਆ ਨਹੀਂ ਜਿਹਨਾਂ ਦਾ ਰਸਤਾ ਤਰਲਿਆਂ ਸਾਡੀ ਲੋੜ ਦਿਆਂ ਉਹਨਾਂ ਤੋਂ ਵੀ ਸਹੇ ਨਾ ਜਾਂਦੇ ਖ਼ੌਰੇ ਜ਼ਖ਼ਮ ਜੁਦਾਈ ਦੇ ਮੇਰੀ ਬੇਵੱਸੀ ਤੱਕ ਲੈਂਦੇ ਜੇਕਰ ਸਾਥ ਵਿਛੋੜਦਿਆਂ ਚੁੱਪਾਂ ਦੇ ਨਾਲ ਯਾਰੀ ਲਾ ਕੇ ‘ਰਊਫ਼’ ਜੀ ਜਿਹੜੇ ਸੌਂ ਗਏ ਨੇ ਹੁਣ ਨਹੀਂ ਜਾਗਣਾ ਉਹਨਾਂ ਭਾਵੇਂ 'ਵਾਜ਼ਾਂ ਲੱਖ ਕਰੋੜ ਦਿਆਂ

ਵੰਨ ਸੁਵੰਨੇ ਰੋਜ਼ ਪੁਵਾੜੇ

ਵੰਨ ਸੁਵੰਨੇ ਰੋਜ਼ ਪੁਵਾੜੇ ਨਵੀਆਂ ਰੋਜ਼ ਦਲੀਲਾਂ ਅਪਣੇ ਆਲ ਦੁਆਲੇ ਚੁੱਕੀਆਂ ਟੱਪ ਨਾ ਸਕਾਂ ਫ਼ਸੀਲਾਂ ਝੋਰੇ ਦੇ ਡੂੰਘੇ ਵਹਿਣਾਂ ਵਿਚ ਡੁੱਬਿਆ ਰਿਹਾ ਦਿਲ ਚੰਦਰਾ ਅੱਖੀਆਂ ਦੇ ਵਿਚ ਤਰਦੀਆਂ ਰਹੀਆਂ ਆਸ ਦੀਆਂ ਕੰਦੀਲਾਂ ਪਾਣੀ ਦੀ ਇਕ ਬੂੰਦ ਉਨ੍ਹਾਂ ਦੇ ਹਿੱਸੇ ਵਿਚ ਨਹੀਂ ਆਈ ਗਲ਼ੀ-ਗਲ਼ੀ ਵਿਚ ਲੋਕਾਂ ਦੇ ਲਈ ਲਾਈਆਂ ਜਿਨ੍ਹਾਂ ਛਬੀਲਾਂ ਪਿਆਰਾਂ ਦੇ ਮੰਤਰ ਵਿਚ ਰੁਲ੍ਹ ਗਿਆ ਇਸਰਾਂ ਝੂਠ ਸਮੇਂ ਦਾ ਓਹੋ ਉੜ ਕੇ ਸਿਰ ਵਿਚ ਵੱਜੇ ਜਿਹੜਾਂ ਪੱਥਰ ਕੀਲਾਂ ਅਪਣੇ ਕੱਖਾਂ ਦੇ ਵਿਚ ਸੜਦੇ ਨਿੱਤ ਅਣਖਾਂ ਦੇ ਡੰਗੇ ਕੰਢਿਆਂ ਤੋਂ ਉੱਛਲ ਕੇ ਬਾਹਰ ਕਦੀ ਨਹੀਂ ਆਈਆਂ ਝੀਲਾਂ ਮੇਰੇ ਮੂੰਹ ’ਤੇ ਸੱਚ ਬੋਲਣ ਦੀ ਜਿਨ੍ਹਾਂ ਜੁਰਅਤ ਨਹੀਂ ਕੀਤੀ ਮੇਰੇ ਜਾਣ ਤੋਂ ਮਗਰੋਂ ਸੁਝੀਆਂ ਉਹਨਾਂ ਨੂੰ ਤਾਅਵੀਲਾਂ ਅਪਣੀ ਕਮਜ਼ੋਰੀ ਦੇ ਜੁਰਮ ਨੂੰ ਇੰਜ ਵੀ ਅਸਾਂ ਲੁਕਾਇਆ ਬਾਜ਼ਾਂ ਦੇ ਪਰ ਖੋਹ ਲਏ ਉੱਚੀਆਂ ਹੋਰ ਉੜਾਈਆਂ ਚੀਲਾਂ ਪਿਛਲੀਆਂ ਸਾਂਝਾਂ ਦੇ ਗਲ਼ ਘੁੱਟ ਕੇ ਵੱਖਰੀ ਬਾਲ਼ ਕੇ ਸੇਕਾਂ ਜਿਉਣ ਦੇ ਲੋਭ ’ਚ ‘ਰਊਫ਼' ਇਹ ਮਹੁਰਾ ਅੱਖੀਆਂ ਨੂਟ ਕੇ ਪੀਲਾਂ 1. ਕੰਦੀਲ-ਮੋਮਬੱਤੀ 2. ਤਾਅਵੀਲ-ਭਾਵ ਸਮਝਾਉਣਾ

ਅਪਣੀ ਕੋਝੀ ਸੂਰਤ ਵੇਖ ਕੇ

ਅਪਣੀ ਕੋਝੀ ਸੂਰਤ ਵੇਖ ਕੇ ਜੇ ਰਾਤਾਂ ਡਰ ਜਾਣਗੀਆਂ ਫ਼ਜਰਾਂ ਦੀ ਰਾਹ ਤੱਕਦੀਆਂ ਸਧਰਾਂ ਬੇਮੌਤੇ ਮਰ ਜਾਣਗੀਆਂ ਤੇਜ਼ ਹਵਾਵਾਂ ਨਾਲ ਜੇ ਹੋ ਗਈ ਗੂੜ੍ਹੀ ਸੰਗਤ ਬੱਦਲਾਂ ਦੀ ਧਰਤੀ ਉੱਤੇ ਤੱਤੀਆਂ ਬਲ਼ਦੀਆਂ ਧੁੱਪਾਂ ਖਿੱਲਰ ਜਾਣਗੀਆਂ ਸਦੀਆਂ ਦੇ ਰਿਸ਼ਤੇ ਦੀ ਛਾਵੇਂ ਜੁੜ ਕੇ ਬੈਠੀਆਂ ਸਿੱਪੀਆਂ ਨੂੰ ਤੂਫ਼ਾਨਾਂ ਦੀਆਂ ਅੱਥਰੀਆਂ ਲਹਿਰਾਂ ਵੱਖੋ ਵੱਖ ਕਰ ਜਾਣਗੀਆਂ ਤਿੱਖੀਆਂ ਧੁੱਪਾਂ ਦੇਖ ਕੇ ਲੋਕੀ ਬੰਦ ਕਰ ਲੈਣਗੇ ਬੂਹਿਆਂ ਨੂੰ ਲੰਮ ਸਲੰਮੀਆਂ ਸੁੰਜੀਆਂ ਸੜਕਾਂ ਕਿਹਨਾਂ ਦੇ ਘਰ ਜਾਣਗੀਆਂ ਵਿਛੜੇ ਸੰਗ ਭੁਲਾ ਦੇਵੇਗੀ ਗਰਮੀ ਨਵੇਂ ਯਰਾਨੇ ਦੀ ਨਵਿਆਂ ਜ਼ਖ਼ਮਾਂ ਪਾਰੋਂ ਪਿਛਲੀਆਂ ਪੀੜਾਂ ਵਿੱਸਰ ਜਾਣਗੀਆਂ ਆਕੜ ਦੇ ਵਿਚ ਸੁੱਕ ਮਸੁੱਕਿਆਂ ਰਹਿ ਜਾਣਾ ਏਂ ਧਰਤੀ ਨੇ ਅਗਲੇ ਪਲ ਦਰਿਆ ਦੀਆਂ ਚੜ੍ਹੀਆਂ ਲਹਿਰਾਂ ਉੱਤਰ ਜਾਣਗੀਆਂ ਉਹਦੇ ਹੋਣ ਦੀ ਵਸਦੇ ਸ਼ਹਿਰ 'ਚ ਕੌਣ ਗਵਾਹੀ ਦੇਵੇਗਾ ਜਿਹੜੀ ਅਣਹੋਈ ਨੂੰ ਦੇਖ ਕੇ ਅੱਖੀਆਂ ਮੁੱਕਰ ਜਾਣਗੀਆਂ ਗੂੜ੍ਹ ਹਨੇਰੇ ਵਿਚ ਉਘੜੇਗਾ ਸੂਰਜ ਨਵੀਆਂ ਸੋਚਾਂ ਦਾ ਜ਼ਿਹਨਾਂ ਉੱਤੇ ਜੰਮੀਆਂ ਹੋਈਆਂ ਬਰਫ਼ਾਂ ਪੱਘਰ ਜਾਣਗੀਆਂ ਅੱਖ ਪੱਘਰੀ ’ਤੇ ‘ਰਊਫ਼’ ਹਿਆਤੀ ਮੁੜ੍ਹਕੋ-ਮੁੜ੍ਹਕ ਹੋ ਜਾਵੇਗੀ ਮੀਂਹ ਵਸਿਆ ਤੇ ਸੁੱਕੀਆਂ ਹੋਈਆਂ ਨਹਿਰਾਂ ਵੀ ਭਰ ਜਾਣਗੀਆਂ

ਤੁਬਕਾ-ਤੁਬਕਾ ਹੋ ਕੇ ਸਧਰਾਂ

ਤੁਬਕਾ-ਤੁਬਕਾ ਹੋ ਕੇ ਸਧਰਾਂ ਅੱਖੀਆਂ ਵਿੱਚੋਂ ਢਲਕਦੀਆਂ ਜੁੱਸੇ ਦੇ ਵਿਚ ਜਿਸਰਾਂ ਪੀੜਾਂ ਹੌਲ਼ੀ-ਹੌਲ਼ੀ ਰਲਕ ਦੀਆਂ ਬੀਤੀ ਕੱਲ੍ਹ ਦੇ ਸੁਫ਼ਨੇ ਦੇਖ ਕੇ ਇਸਰਾਂ ਰਾਜ਼ੀ ਹੁੰਦੇ ਨਾ ਸਾਡਿਆਂ ਹੱਥਾਂ ਦੇ ਵਿਚ ਹੁੰਦੀਆਂ ਜੇ ਤਕਦੀਰਾਂ ਭਲਕ ਦੀਆਂ ਹੋਰ ਸਬੂਤ ਕੀ ਹੋਣੈ ਸੱਚ ਨਾਲ ਫ਼ਨ ਦੀ ਰਿਸ਼ਤੇਦਾਰੀ ਦਾ ਬੀਤੇ ਸਮੇਂ ਦੀਆਂ ਤਸਵੀਰਾਂ ਤਹਿਰੀਰਾਂ ਵਿਚ ਝਲਕਦੀਆਂ ਇਕ ਦੂਜੇ ਦਾ ਹੱਕ ਮਾਰਨ ਦੀਆਂ ਨਿੱਤ ਤਰਕੀਬਾਂ ਸੋਚਦੇ ਨੇ ਗਲ਼ੀ-ਗਲ਼ੀ ਵਿਚ ਕਹਾਣੀਆਂ ਪਈਆਂ ਇਨਸਾਨਾਂ ਦੇ ਹਲਕ ਦੀਆਂ ਰੁੱਖਾਂ ਨੇ ਨਹੀਂ ਪਾਇਆ ਕਦੀ ਵੀ ਫ਼ੈਜ਼1 ਅਪਣੇ ਪਰਛਾਵੇਂ ਤੋਂ ਸੂਰਜ ਦੇ ਘਰ ਵਸਦੀਆਂ ਕਿਰਨਾਂ ਅਪਣੀ ਅੱਗ ਵਿਚ ਕਲਕਦੀਆਂ ਘਰ ਦੀ ਜ਼ੀਨਤ2 ਬਣ ਕੇ ਲੁੱਟਿਆ ਚੈਨ ਜਿਨ੍ਹੇ ਵਸਨੀਕਾਂ ਦਾ ਛੇਵੀਂ ਕੂਟ ਦੁਹਾਈਆਂ ਪਈਆਂ ਉਸ ਹੀਰੇ ਦੇ ਡਲ੍ਹਕ ਦੀਆਂ ਰੁਤਬਿਆਂ ਨੂੰ ਜਰ ਲੈਣਾ ਵੀ ਤੇ ਕਿਸੇ-ਕਿਸੇ ਦਾ ਜੇਰਾ ਏ ਸੌੜੇ ਘੇਰਿਆਂ ਵਾਲ਼ੀਆਂ ਝੀਲਾਂ ਬਰਸਾਤਾਂ ਵਿਚ ਛਲਕਦੀਆਂ ਤਾਰੇ ਟੁੱਟਦੇ ਦੇਖ ਕੇ ਜਾਗਣ ਜ਼ਖ਼ਮ ਪੁਰਾਣੇ ਸਦੀਆਂ ਦੇ ਧਰਤੀ ਦੇ ਲੂੰ-ਲੂੰ ਵਿਚ ਰਚੀਆਂ ਇਸਰਾਂ ਯਾਦਾਂ ਫ਼ਲਕ ਦੀਆਂ ਸਾਦ ਮੁਰਾਦੇ ਬੰਦੇ ‘ਰਊਫ਼’ ਜੀ ਓਦੋਂ ਧੋਖੇ ਖਾਂਦੇ ਨੇ ਜਦ ਵੀ ਚਿੱਟੀਆਂ ਦੁੱਧ ਸਵੇਰਾਂ ਰਾਤਾਂ ਵਿੱਚੋਂ ਝਲਕਦੀਆਂ 1. ਫ਼ੈਜ਼-ਸੁਖ 2. ਜ਼ੀਨਤ-ਇੱਜ਼ਤ

ਗੋਦਾਂ ਦੇ ਵਿਚ ਪੁੱਤਰਾਂ ਨੂੰ ਵੀ

ਗੋਦਾਂ ਦੇ ਵਿਚ ਪੁੱਤਰਾਂ ਨੂੰ ਵੀ ਸਾਂਭ ਨਹੀਂ ਸਕਣਾ ਮਾਵਾਂ ਨੇ ਸ਼ਹਿਰਾਂ ਦੇ ਵੱਲ ਮੂੰਹ ਕਰ ਲਿੱਤੇ ਜੇ ਵਗਦੇ ਦਰਿਆਵਾਂ ਨੇ ਭੁੱਬਲ ਵਿਚ ਦੱਬੀ ਚੰਗਿਆੜੀ ਭਾਂਬੜ ਬਣ ਕੇ ਮੱਚੇਗੀ ਯਾਦਾਂ ਦੇ ਬੂਹੇ ਨੂੰ ਜੇ ਖੜਕਾਇਆ ਤੇਜ਼ ਹਵਾਵਾਂ ਨੇ ਢੱਠੀਆਂ ਕੰਧਾਂ ਦੇ ਉਸਰਨ ਦੀ ਆਸ ਹੁਣ ਨਜ਼ਰੀਂ ਆਉਂਦੀ ਨਹੀਂ ਬਸਤੀਆਂ ਵੱਲ ਫਿਰ ਵਾਵਰੋਲ਼ੇ ਘੱਲੇ ਨੇ ਸਹਿਰਾਵਾਂ ਨੇ ਮੇਰੇ ਦੌਰ ਦੀ ਖ਼ੁਦਗ਼ਰਜ਼ੀ ਨੂੰ ਯਾਦ ਉਨ੍ਹਾਂ ਨੇ ਰੱਖਣਾ ਨਹੀਂ ਬੇਦੋਸ਼ਾਂ ਨੂੰ ਲਾ ਦਿੱਤੇ ਨੇ ਜਿਹੜੇ ਰੋਗ ਸਜ਼ਾਵਾਂ ਨੇ ਉਹਦੇ ਨਾਲ ਵੀ ਖ਼ੁਸ਼ੀਆਂ ਦਾ ਕੋਈ ਨਵਾਂ ਸੰਦੇਸਾ ਆਉਣਾ ਨਹੀਂ ਜਿਸ ਦੇ ਆਉਣ ਦੀ ਖ਼ਬਰ ਦਾ ਘਰ-ਘਰ ਰੌਲ਼ਾ ਪਾਇਆ ਕਾਵਾਂ ਨੇ ਕੁਝ ਮੰਗਣ ਲਈ ਹੱਥ ਚੁੱਕੀਏ ਤੇ ਰੜਕ ਉਨ੍ਹਾਂ ਵਿਚ ਪੈਂਦੀ ਏ ਸਾਡਿਆਂ ਜ਼ਿਹਨਾਂ ਨੂੰ ਬਖ਼ਸ਼ੇ ਨੇ ਜਿਹੜੇ ਜ਼ਖ਼ਮ ਦੁਆਵਾਂ ਨੇ ਚਾਰ ਚੁਫੇਰ ਉਸਾਰ ਕੇ ਕੰਧਾਂ ਆਉਂਦੀ ਰੁੱਤ ਦੇ ਖ਼ੌਫ਼ ਦੀਆਂ ਇਨਸਾਨਾਂ ਦੇ ਕੱਦ ਨੂੰ ਹੋਰ ਘਟਾਇਆ ਨਵੇਂ ਖ਼ੁਦਾਵਾਂ ਨੇ ਕਿਹੜੇ ਸੂਰਜ ਕੋਲ਼ ਕਰਾਂਗੇ ਫ਼ਰਿਆਦਾਂ ਤਕਦੀਰ ਦੀਆਂ ਇਨਸਾਨਾਂ ਦੇ ਜੁੱਸੇ ਸਾੜੇ ਜੇ ਰੁੱਖਾਂ ਦੀਆਂ ਛਾਵਾਂ ਨੇ ਹੋਰ ਕਿਸੇ 'ਤੇ ਫਿਰ ਇਤਬਾਰ ਕੀ ਰਹਿਣੈ ਨਵੇਂ ਜ਼ਮਾਨੇ ਨੂੰ ਜਦੋਂ ਭਰਾਵਾਂ ਨੂੰ ਦਿੱਤੇ ਨੇ ਧੋਖੇ ‘ਰਊਫ਼’ ਭਰਾਵਾਂ ਨੇ

ਖ਼ੁਦਗ਼ਰਜ਼ੀ ਦਾ ਚੋਲ਼ਾ ਗਲ਼ ਵਿਚ

ਖ਼ੁਦਗ਼ਰਜ਼ੀ ਦਾ ਚੋਲ਼ਾ ਗਲ਼ ਵਿਚ ਪਾ ਲਿਆ ਜਦੋਂ ਜ਼ਮੀਰਾਂ ਅੱਖਰਾਂ ਵਿੱਚੋਂ ਮਤਲਬ ਉੜ ਗਏ ਜੀਭਾਂ 'ਚੋਂ ਤਾਸੀਰਾਂ ਅੱਖ ਖੁੱਲ੍ਹੀ ਤੇ ਓਦੋਂ ਚੁੱਪਾਂ, ਓਹੋ ਗੂੜ੍ਹ ਹਨੇਰਾ ਸਾਡੇ ਤੋਂ ਤੱਕੀਆਂ ਨਾ ਗਈਆਂ ਖ਼ਾਬ ਦੀਆਂ ਤਾਬੀਰਾਂ ਆਸਾਂ ਦੇ ਜਿਹੜੇ ਖਿੱਦੋ ਨਾਲ ਬਾਲਪੁਣੇ ਵਿਚ ਖੇਡੇ ਗਲ਼ ਦੀ ਫਾਹੀ ਬਣ ਗਈਆਂ ਨੇ ਅੱਜ ਉਸੇ ਦੀਆਂ ਲੀਰਾਂ ਗੱਜਣ ਵਾਲ਼ੇ ਬੱਦਲਾਂ ਵਿੱਚੋਂ ਛਮ-ਛਮ ਪਾਣੀ ਵੱਸਿਆ ਅੰਨ੍ਹਿਆਂ ਦੇ ਬੂਹਿਆਂ ’ਤੇ ਲਿਖੀਆਂ ਬੋਲ ਪਈਆਂ ਤਹਿਰੀਰਾਂ ਅਪਣੇ-ਅਪਣੇ ਇਕਲਾਪੇ ਦੀ ਬੁੱਕਲ ਮਾਰ ਕੇ ਬਹਿ ਗਏ ਇਨਸਾਨਾਂ ਨੇ ਵੰਡ ਲਈਆਂ ਨੇ ਸਾਂਝ ਦੀਆਂ ਜਾਗੀਰਾਂ ਪੱਕੀਆਂ ਸੜਕਾਂ 'ਤੇ ਪੈਰਾਂ ਦੀ ਛਾਪ ਕਦੀ ਨਹੀਂ ਲੱਗਦੀ ਰੇਤਿਆਂ ਉੱਤੋਂ ਖਿੱਚੀਆਂ ਹੋਈਆਂ ਮਿਟਦੀਆਂ ਰਹਿਣ ਲਕੀਰਾਂ ਸੰਗਦਿਲਾਂ ਵਾਂਗ ਰੁੱਖੀਆਂ ਜੀਭਾਂ ਅਣਖੋਂ ਕੋਰੇ ਦੀਦੇ ਸ਼ਹਿਰਾਂ ਦੇ ਵੱਲ ਫੇਰਾ-ਟੋਰਾ ਛੱਡਿਆ ਨਹੀਂ ਖ਼ੰਜ਼ੀਰਾਂ1 ਜਿਉਂ-ਜਿਉਂ ਜਿੱਤਦੇ ਜਾਈਏ ਪੈਂਡੇ ਵਧਦੀ ਜਾਵੇ ਦੂਰੀ ਸਾਡੇ ਦੌਰ 'ਤੇ ਖ਼ੌਰੇ ਕਿਹੜੀਆਂ ਵਰਤ ਗਈਆਂ ਤਕਦੀਰਾਂ ‘ਰਊਫ਼’ ਦੇ ਚਿਹਰੇ ਦੀ ਹੈਰਤ ਨੂੰ ਬਿਟ-ਬਿਟ ਤੱਕਦੀਆਂ ਰਹੀਆਂ ਉਹਦੇ ਘਰ ਵਿਚ ਟੰਗੀਆਂ ਹੋਈਆਂ ਬੇਰੰਗੀਆਂ ਤਸਵੀਰਾਂ 1. ਖ਼ੰਜ਼ੀਰ-ਸੂਰ

ਕੁਤਬੇ ਤੋਂ ਨਹੀਂ ਪਛਾਣਦੇ ਲੋਕੀ ਮਜ਼ਾਰ ਨੂੰ

ਕੁਤਬੇ1 ਤੋਂ ਨਹੀਂ ਪਛਾਣਦੇ ਲੋਕੀ ਮਜ਼ਾਰ ਨੂੰ ਏਸੇ ਤੋਂ ਲਿਖ ਕੇ ਫਿਰ ਰਿਹਾਂ ਚਿਹਰੇ ’ਤੇ ਹਾਰ ਨੂੰ ਰੌਲ਼ੇ 'ਚ ਉਹਦੇ ਜ਼ਿਹਨ ਤੋਂ ਯਾਦਾਂ ਖਰੋਚ ਲੋ ਤੜਫ਼ਣ ਦੇ ਲਈ ਵੀ ਵਕਤ ਨਾ ਦੇਵੇ ਸ਼ਿਕਾਰ ਨੂੰ ਹਰਜਾਈਆਂ2 ਦਾ ਰੂਪ ਜਿਨ੍ਹਾਂ ਨੇ ਵਟਾ ਲਿਆ ਉਹ ਜ਼ਿੰਦਗੀ 'ਚ ਆਪਣੀ ਸਹਿਕੇ ਨੇ ਪਿਆਰ ਨੂੰ ਹਰ ਸ਼ਖ਼ਸ ਏਥੇ ਦੂਜੇ ਦੀ ਪਗੜੀ ਉਛਾਲ਼ਦਾ ਮੁਸ਼ਕਿਲ ਏ ਹੁਣ ਸੰਭਾਲ਼ਣਾ ਅਪਣੇ ਵਕਾਰ ਨੂੰ ਰੁੱਖਾਂ ਨੂੰ ਹਾਲੀ ਸੱਜਰਿਆਂ ਬੂਰਾਂ ਦੀ ਲੋੜ ਨਈਂ ਬੂਹੇ ਦੇ ਬਾਹਰ ਰੋਕ ਲਓ ਆਉਂਦੀ ਬਹਾਰ ਨੂੰ ਬੇਚੈਨੀਆਂ ਦੇ ਰੋਗ ਨੇ ਸ਼ਹਿਰਾਂ ਨੂੰ ਖਾ ਲਿਆ ਲੱਭਦੇ ਨਹੀਂ ਮੇਰੇ ਦੌਰ ਦੇ ਬੰਦੇ ਕਰਾਰ ਨੂੰ ਜਿਸ ਨੂੰ ਤਲਾਸ਼ ਕਰਦਿਆਂ ਰਾਹੋਂ ਭਟਕ ਗਿਆ ਹੁਣ 'ਵਾਜ਼ ਵੀ ਉਹ ਦੇ ਤੇ ਨਾ ਮੋੜਾਂ ਮੁਹਾਰ ਨੂੰ ਗ਼ਰਜ਼ਾਂ ਨੇ ਰੂਪ ਧਾਰਿਆ ਜਦ ਤੋਂ ਖ਼ਲੂਸ ਦਾ ਮਤਲਬ ਦੇ ਨਾਲ ਯਾਰ ਵੀ ਮਿਲਦੇ ਨੇ ਯਾਰ ਨੂੰ ਜਦ ‘ਰਊਫ਼’ ਅਪਣੇ ਜਿਸਮ ਦਾ ਖਿੱਚਣਾ ਮੁਹਾਲ ਏ ਫਿਰ ਕਿਸ ਤਰ੍ਹਾਂ ਵੰਡਾਵਾਂ ਮੈਂ ਯਾਰਾਂ ਦੇ ਭਾਰ ਨੂੰ 1. ਕੁਤਬਾ-ਕਬਰ 'ਤੇ ਲਿਖੀ ਲਿਖਤ 2. ਹਰਜਾਈ-ਬੇਵਫ਼ਾ

ਨਾ ਉਹ ਸ਼ੌਕ ਸ਼ਗਿਰਦਾਂ ਦੇ ਨੇ

ਨਾ ਉਹ ਸ਼ੌਕ ਸ਼ਗਿਰਦਾਂ ਦੇ ਨੇ, ਨਾ ਉਹ ਜ਼ਰਫ਼1 ਉਸਤਾਦਾਂ ਦੇ ਝੋਲ਼ੀਆਂ ਦੇ ਵਿਚ ਪੈ ਜਾਣ ਆਪੇ ਮੇਵੇ ਕਿਵੇਂ ਮੁਰਾਦਾਂ ਦੇ ਤੇਜ਼ ਹਵਾ ਦੇ ਬੁੱਲਿਆਂ ਅੱਗੇ ਕੰਧਾਂ ਕਦੋਂ ਖਲੋਣਾ ਸੀ ਧਰਤੀ ਦੇ ਵਿਚ ਪੱਕੇ ਪੈਰ ਨਾ ਹੁੰਦੇ ਜੇ ਬੁਨਿਆਦਾਂ ਦੇ ਉਹਨਾਂ ਨੂੰ ਇਤਬਾਰ ਨ੍ਹੀਂ ਰਹਿੰਦਾ ਅਪਣੀਆਂ ਕਾਰੀਗਰੀਆਂ 'ਤੇ ਜਿਹਨਾਂ ਨੂੰ ਪੈ ਜਾਂਦੇ ਚਸਕੇ ਮੁਫ਼ਤ ਦੀਆਂ ਇਮਦਾਦਾਂ2 ਦੇ ਉਸ ਬਸਤੀ ਦੇ ਨਿਆਂ ਦੀ ਸ਼ੁਹਰਤ ਅਸਮਾਨਾਂ ਤਕ ਫੈਲ ਗਈ ਜਿਸ ਬਸਤੀ ਵਿਚ ਬਾਂਦਰ ਬਣ ਗਏ ਪਹਿਰੇਦਾਰ ਕਮਾਦਾਂ ਦੇ ਅਜ਼ਮਤ ਦੀ ਹੱਦ ਛੂਹ ਲੈਂਦਾ ਏ ਫ਼ਨ ਉਹਨਾਂ ਫ਼ਨਕਾਰਾਂ ਦਾ ਜਿਹਨਾਂ ਦੇ ਨਾਲ ਗੂੜ੍ਹੇ ਰਿਸ਼ਤੇ ਹੋ ਜਾਂਦੇ ਨੱਕਾਦਾਂ3 ਦੇ ਮੇਰੇ ਦੌਰ ਦੇ ਇਨਸਾਨਾਂ ’ਤੇ ਅਸਰ ਨਈਂ ਹੋਇਆ ਉਹਨਾਂ ਦਾ ਪੱਥਰਾਂ ਵਿਚ ਤਰੇੜਾਂ ਬਣ ਗਏ ਨਕਸ਼ ਜਿਨ੍ਹਾਂ ਫ਼ਰਿਆਦਾਂ ਦੇ ਜਿਹਨਾਂ ਦੇ ਲਈ ਬੂਹੇ-ਬੂਹੇ ਖੱਜਲ ਹੋਣਾ ਪੈਂਦਾ ਏ ਕਿਸਮਤ ਵਾਲ਼ਿਆਂ ਨੂੰ ਮਿਲਦੇ ਨੇ ਸੁਖ ਉਨ੍ਹਾਂ ਔਲਾਦਾਂ ਦੇ ਸਿੰਮਦਾ ਰਹਿੰਦੈ ਤੁਬਕਾ-ਤੁਬਕਾ ਦਿਲ ਵਿੱਚੋਂ ਲਹੂ ਸਧਰਾਂ ਦਾ ਪਲਕਾਂ 'ਤੇ ਬਲ਼ਦੇ ਰਹਿੰਦੇ ਨੇ ਦੀਵੇ ਉਹਦੀਆਂ ਯਾਦਾਂ ਦੇ ਅਪਣੇ ਘਰ ਦਾ ਪੱਕਿਆ ਵੀ ਫਿਰ ‘ਰਊਫ਼’ ਜੀ ਫਿੱਕਾ ਲੱਗਦਾ ਏ ਜੀਭਾਂ ਨੂੰ ਜੇ ਚਸਕੇ ਪੈ ਜਾਣ ਨਵੇਂ ਨਕੋਰ ਸਵਾਦਾਂ ਦੇ 1. ਜ਼ਰਫ਼-ਸਿਆਣਪ, ਯੋਗਤਾ 2. ਇਮਦਾਦ-ਸਹਾਇਤਾ 3. ਨੱਕਾਦ-ਆਲੋਚਕ

ਹੰਝੂਆਂ ਦੇ ਨਾਲ ਨਵੀਂ ਘੜਾਉਣੀ ਘੜਦੇ ਰਹੇ

ਹੰਝੂਆਂ ਦੇ ਨਾਲ ਨਵੀਂ ਘੜਾਉਣੀ ਘੜਦੇ ਰਹੇ ਯਾਦਾਂ ਦੀ ਮਾਲਾ ਵਿਚ ਮੋਤੀ ਜੜਦੇ ਰਹੇ ਸਾਹਵਾਂ ਦਾ ਸੰਜੋਗ ਹਿਆਤੀ ਆਸਾਂ ਦੀ ਉੜਦੇ ਹੋਏ ਲੜ੍ਹਿਆਂ ਦੀ ਡੋਰੀ ਫੜਦੇ ਰਹੇ ਪੈਰਾਂ ਹੇਠ ਮਧੀਣਾ ਲਿਖਿਆ ਲੇਖਾਂ ਦਾ ਰੁੱਖਾਂ ਉੱਤੋਂ ਪੱਤਰ ਫਿਰ ਵੀ ਝੜਦੇ ਰਹੇ ਦਰਿਆਵਾਂ ਵਿਚ ਸੋਕ ਜਜ਼ੀਰੇ1 ਖ਼ੁਸ਼ਕੀ ਦੇ ਬਸਤੀਆਂ ਦੇ ਵਿਚ ਫਿਰਦੇ ਪਾਣੀ ਹੜ੍ਹ ਦੇ ਰਹੇ ਜੁੱਸਿਆਂ ਦੇ ਵਿਚ ਰਚ ਗਿਆ ਜ਼ਹਿਰ ਜ਼ਰੂਰਤ ਦਾ ਸੰਘਣੇ ਰੁੱਖ ਦੀ ਛਾਂ ਹੇਠਾਂ ਵੀ ਸੜਦੇ ਰਹੇ ਅਪਣੀ ਜ਼ਾਤ ਰਹੀ ਏ ਉਹਲੇ ਅੱਖੀਆਂ ਤੋਂ ਸ਼ਾਮ ਸਵੇਰੇ ਜੰਗ ਪਰਾਈ ਲੜਦੇ ਰਹੇ ਉਹ ਵੀ ਲੱਭਣ ਅੱਜ ਸ਼ੈਲਰ ਦੇ ਚੌਲ਼ ‘ਰਊਫ਼’ ਉੱਖਲੀਆਂ ਵਿਚ ਜਿਹੜੇ ਮੁੰਜੀ2 ਛੜਦੇ ਰਹੇ 1. ਜਜ਼ੀਰਾ-ਟਾਪੂ 2. ਮੁੰਜੀ-ਧਾਨ

ਪੈਰਾਂ ਹੇਠ ਰਹੀ ਨਾ ਧਰਤੀ

ਪੈਰਾਂ ਹੇਠ ਰਹੀ ਨਾ ਧਰਤੀ ਝੱਲਿਆ ਨਾ ਅਸਮਾਨਾਂ ਅਪਣੇ ਕੱਦ ਤੋਂ ਉੱਚਿਆਂ ਹੋ ਕੇ ਦੇਖ ਲਿਆ ਇਨਸਾਨਾਂ ਜ਼ਾਤ ਦੇ ਕਰਬ ਭੁਲਾ ਦਿੱਤਾ ਏ ਸਦੀਆਂ ਦੀ ਸੰਗਤ ਨੂੰ ਵਸਨੀਕਾਂ ਤੋਂ ਕਦੀ ਨਹੀਂ ਪੁੱਛਿਆ ਡਿਗਦੇ ਹੋਏ ਮਕਾਨਾਂ ਤਾਅਰੀਫ਼ਾਂ ਦੇ ਏਸ ਦੌਰ ਵਿਚ ਨਿਕਲੇ ਉਲਟ ਨਤੀਜੇ ਹੋਰ ਫਿੱਕੇ ਪਕਵਾਨ ਹੋਏ ਨੇ ਉੱਚੀਆਂ ਹੋਰ ਦੁਕਾਨਾਂ ਸ਼ਹਿਰ ਦੀ ਭੀੜ 'ਚ ਵੀ ਰਹੇ ਬੰਦੇ ਇਸਰਾਂ ਕੱਲ ਮੁਕੱਲੇ ਦਰਿਆ ਦੇ ਕੰਢੇ 'ਤੇ ਜਿਸਰਾਂ ਸੁੱਕੀਆਂ ਰਹਿਣ ਚਟਾਨਾਂ ਭਰਦੀਆਂ ਕੰਧਾਂ ਉੱਤੇ ਫੇਰ ਕੇ ਇਕ ਚੂਨੇ ਦੀ ਕੂਚੀ ਘਰ ਦੇ ਮਾਲਕ ਹੋਣ ਦਾ ਦਾਅਵਾ ਕੀਤਾ ਏ ਮਹਿਮਾਨਾਂ ਬਾਹਰ ਦਿਆਂ ਭੁਚਾਲ਼ਾਂ ਪਾਈਆਂ ਜੁੱਸਿਆਂ ਵਿਚ ਤਰੇੜਾਂ ਦਿਲ ਦਾ ਕੋਠਾ ਢਾਹ ਦਿੱਤਾ ਏ ਅੰਦਰ ਦੇ ਤੂਫ਼ਾਨਾਂ ਜਿਹੜੀਆਂ ਕੰਧਾਂ ਪਿਛਲੀ ਵਾਰੀ ਹੜ੍ਹ ਵਿਚ ਸਾਥ ਨਹੀਂ ਦਿੱਤਾ ਝੱਲਿਆਂ ਵਾਂਗੂੰ ਓਹੋ ਕੰਧਾਂ ਮੁੜਕੇ ਪਿਆ ਅਜ਼ਮਾਨਾਂ ਜੋ ਕੁਝ ਦੇਖ ਰਿਹਾਂ ਨਾ ਦੇਖਾਂ ਆਖਾਂ ਕਿਸਰਾਂ ਆਖਾਂ ਸ਼ਾਲਾ ! ਅੱਖੀਆਂ ਅੰਨ੍ਹੀਆਂ ਹੋ ਜਾਣ ਗੁੰਗ ਹੋ ਜਾਣ ਜ਼ੁਬਾਨਾਂ ਲੂੰਹਦੀਆਂ ਧੁੱਪਾਂ ਦੇ ਵਿਚ ਮੰਗੀਆਂ ਜਿਸ ਲਈ ‘ਰਊਫ਼' ਦੁਆਵਾਂ ਓਸੇ ਮੂੰਹ ਨੂੰ ਰੋਕਣ ਦੇ ਲਈ ਦੇਵਾਂ ਕਿਵੇਂ ਅਜ਼ਾਨਾਂ

ਨਾ ਉਹ ਜੁੱਸੇ ਸ਼ਲ ਹੋਏ ਨੇ

ਨਾ ਉਹ ਜੁੱਸੇ ਸ਼ਲ ਹੋਏ ਨੇ ਨਾ ਉਹ ਧੌਣਾਂ ਝੁੱਕੀਆਂ ਨੇ ਅਪਣੇ ਦੁਖ ਦੀਆਂ ਪੰਡਾਂ ਜਿਹਨਾਂ ਅਪਣੇ ਸਿਰ 'ਤੇ ਚੁੱਕੀਆਂ ਨੇ ਹੁਣ ਤੇ ਸਾਕਾਦਾਰੀ ਰਹਿ ਗਈ ਵਗਦੇ ਨੈਣ ਪਰਾਣਾਂ ਦੀ ਉਹਨਾਂ ਤੇ ਪੁਲ਼ ਕੋਈ ਨਹੀਂ ਪਾਂਦਾ ਜਿਹੜੀਆਂ ਨਹਿਰਾਂ ਸੁੱਕੀਆਂ ਨੇ ਐਡੀ ਗੂੜ੍ਹੀ ਯਾਰੀ ਹੋ ਗਈ ਸਾਡੇ ਨਾਲ ਹਨੇਰੇ ਦੀ ਅੱਖੀਆਂ ਦੀ ਲੋਅ ਜਾਂਦੀ ਰਹੀ ਏ ਜਦੋਂ ਉਡੀਕਾਂ ਮੁੱਕੀਆਂ ਨੇ ਉਹਨਾਂ ਦੇ ਬੁੱਲ੍ਹਾਂ 'ਤੇ ਬਹੁਤੇ ਲਾਰੇ ਨੇ ਬੇਤਲਬੀ ਦੇ ਜਿਹਨਾਂ ਦੇ ਭਰਿਆਂ ਢਿੱਡਾਂ ਵਿਚ ਬਹੁਤੀਆਂ ਗ਼ਰਜ਼ਾਂ ਲੁੱਕੀਆਂ ਨੇ ਅਪਣਾ ਜੁਰਮ ਛੁਪਾਣ ਲਈ ਮੈਨੂੰ ਥਾਂ-ਥਾਂ ਲੱਭਿਆ ਉਹਨਾਂ ਨੇ ਮੇਰੇ ਆਲ਼ ਦੁਆਲ਼ੇ ਜਿਹਨਾਂ ਉੱਚੀਆਂ ਕੰਧਾਂ ਚੁੱਕੀਆਂ ਨੇ ਕਦੀ ਨਹੀਂ ਫ਼ੈਜ਼ ਜ਼ਮਾਨੇ ਪਾਇਆ ਉਹਨਾਂ ਦੀ ਬੇਦਾਰੀ ਤੋਂ ਜਿਨ੍ਹਾਂ ਦੀਆਂ ਬੇਦਰਦ ਅੱਖੀਆਂ 'ਚੋਂ ਨਿਤ ਲਈ ਨੀਂਦਰਾਂ ਮੁੱਕੀਆਂ ਨੇ ਛਣਕਦੇ ਡੋਲ਼ੇ ਦੇ ਨਾਲ ਲੈ ਕੇ ਆਈਆਂ ਦਾਜ ਦਲਾਸਿਆਂ ਦੇ ਗ਼ਰਜ਼ਾਂ ਦੇ ਸਿਰ ਸਿਹਰੇ ਬੰਨ੍ਹ ਕੇ ਜਿਹੜੀਆਂ ਜੰਜਾਂ ਢੁੱਕੀਆਂ ਨੇ ਮੇਰਿਆਂ ਹੱਥਾਂ ਦੇ ਵਿਚ ਹਾਲੀ ਮੇਰਾ ਕਲਮ ਸਲਾਮਤ ਏ ਕੀ ਹੋਇਆ ਜੇ ਬੇਦੋਸਾਂ ਦੀਆਂ ਵੇਲੇ ਜੀਭਾਂ ਟੁੱਕੀਆਂ ਨੇ ਉਹ ਗੁੰਮਾ ਏ ਸਾਹ ਲੈਣਾ ਵੀ ਜਿਸ ਵਿਚ ਔਖਾ ਲੱਗਦਾ ਏ ਖ਼ੌਰੇ ਕਿਸ ਤੂਫ਼ਾਨ ਦੀ ਆਸ ’ਚ ‘ਰਊਫ਼' ਹਵਾਵਾਂ ਰੁੱਕੀਆਂ ਨੇ

ਜਿਹਨਾਂ ਦੇ ਇਜ਼ਹਾਰ 'ਤੇ ਜੀਭਾਂ ਅੜਕਦੀਆਂ

ਜਿਹਨਾਂ ਦੇ ਇਜ਼ਹਾਰ 'ਤੇ ਜੀਭਾਂ ਅੜਕਦੀਆਂ ਸੀਨੇ ਦੇ ਵਿਚ ਓਹੋ ਸਧਰਾਂ ਧੜਕਦੀਆਂ ਅਪਣੀਆਂ ਗ਼ਰਜ਼ਾਂ ਪਿੱਛੇ ਲੋਕੀ ਭੱਜਦੇ ਰਹੇ ਬਿਟ-ਬਿਟ ਤੱਕਦੀਆਂ ਰਹੀਆਂ ਅੱਖੀਆਂ ਸੜਕ ਦੀਆਂ ਨਵਿਆਂ ਜ਼ਹਿਨਾਂ ਨਵੇਂ ਤਜਰਬੇ ਕੀਤੇ ਨੇ ਨਵੀਆਂ ਸ਼ਕਲਾਂ ਦੇਖ ਕੇ ਸੋਚਾਂ ਭੜਕਦੀਆਂ ਕਾਲ਼ੀ ਰਾਤ ਨੂੰ ਇੰਜ ਟਟਿਹਣੇ ਡੰਗਦੇ ਨੇ ਖ਼ਾਲੀ ਘਰ ਦੀਆਂ ਜਿਸਰਾਂ ਕੁੰਡੀਆਂ ਖੜਕਦੀਆਂ ਥੱਕ ਗਿਆ ਲਹੂ ਗਰਦਿਸ਼ ਕਰਦਾ ਜੁੱਸਿਆਂ ਦਾ ਪਿੰਜਰੇ ਦੇ ਵਿਚ ਡੱਕੀਆਂ ਰੂਹਾਂ ਫੜਕਦੀਆਂ ਬਾਗ਼ ਨੂੰ ਆਪ ਬਹਾਰਾਂ ਸੁੰਜੀਆਂ ਕਰ ਗਈਆਂ ਹੁਣ ਕਿਸ ਆਲ੍ਹਣੇ ਦੇ ਲਈ ਬਿਜਲੀਆਂ ਕੜਕਦੀਆਂ ਬੀਤੀ ਕੱਲ੍ਹ ਦੇ ਫੱਟ ਪੁਰਾਣੇ ਹੋ ਗਏ ਨੇ ਬੀਤੀ ਕੱਲ੍ਹ ਦੀਆਂ ਅੱਜ ਵੀ ਗੱਲਾਂ ਰੜਕਦੀਆਂ ਬੇਦੋਸ਼ਾਂ ਦੇ ਘਰ ਵੀ ਫਿਰ ਸੜ ਜਾਂਦੇ ਨੇ ਜਦ ਵੀ ਦੱਬੀਆਂ ਹੋਈਆਂ ਅੱਗਾਂ ਭੜਕਦੀਆਂ ਬਾਹਰ ਵੀ ‘ਰਊਫ਼’ ਦਾ ਕਿਸੇ ਸਵਾਗਤ ਕੀਤਾ ਨਹੀਂ ਘਰ ਆਵੇ ਤੇ ਘਰ ਦੀਆਂ ਕੰਧਾਂ ਦੜਕਦੀਆਂ

ਗ਼ਰਜ਼ ਦੇ ਬਾਜ਼ਾਰ ਵਿਚ

ਗ਼ਰਜ਼ ਦੇ ਬਾਜ਼ਾਰ ਵਿਚ ਬੇਮੌਤ ਵੀ ਮਰਨਾ ਪਿਆ ਅਪਣੇ ਇਸ ਅੰਜਾਮ 'ਤੇ ਅਫ਼ਸੋਸ ਵੀ ਕਰਨਾ ਪਿਆ ਕਾਗ਼ਤਾਂ 'ਤੇ ਲੀਕਿਆ ਅੰਦਾਜ਼ ਅਪਣੀ ਸੋਚ ਦਾ ਪਾਣੀਆਂ ’ਤੇ ਫ਼ਿਕਰ ਵੀ ਬੁਨਿਆਦ ਨੂੰ ਧਰਨਾ ਪਿਆ ਸਾੜਿਆ ਸਹਿਰਾ ਦੇ ਵਿਚ ਜੁੱਸਾ ਤਰਿੱਖੀ ਧੁੱਪ ਨੇ ਉੱਚੀਆਂ ਕੰਧਾਂ ਦੇ ਹੇਠਾਂ ਸ਼ਹਿਰ ਵਿਚ ਠਰਨਾ ਪਿਆ ਬੈਈਅਤ ਕੀਤੀ ਸੀ ਜਿਦ੍ਹੀ ਉਹ ਤੇ ਫ਼ਰੇਬੀ ਨਿਕਲ਼ਿਆ ਹੱਸਦੇ ਮੱਥੇ ਵਕਤ ਦਾ ਇਹ ਵਾਰ ਵੀ ਜਰਨਾ ਪਿਆ ਹਰ ਕਦਮ ’ਤੇ ਸ਼ੀਸ਼ਿਆਂ ਵਾਂਗੂੰ ਅਨਾ1 ਟੁੱਟਦੀ ਰਹੀ ਬੇੜੀਆਂ ਨੂੰ ਪੱਥਰਾਂ ਦੇ ਆਸਰੇ ਤਰਨਾ ਪਿਆ ਕਹਾਣੀਆਂ ਓਹਲੇ ਲੁਕਾਇਆ ਭੇਤ ਅਪਣੇ ਪਿਆਰ ਦਾ ਝੂਠ ਦੀ ਤਸਵੀਰ ਦੇ ਵਿਚ ਰੰਗ ਵੀ ਭਰਨਾ ਪਿਆ ਚਿਹਰਿਆਂ ’ਤੇ ਲਿਖ ਕੇ ਨਿਕਲੇ ਵਕਤ ਦੀ ਰਫ਼ਤਾਰ ਨੂੰ ਝੋਲ਼ੀਆਂ ਵਿਚ ਮੰਜ਼ਲਾਂ ਦੀ ਤਾਂਘ ਨੂੰ ਭਰਨਾ ਪਿਆ ਪਿਆਰ ਦੇ ਵਿਚ ਐਦਕੀ ਵੀ ਪੱਥਰਾਂ ਦੀ ਜਿੱਤ ਹੋਈ ਸ਼ੌਕ ਮੂੰਹ ਵਿੰਹਦਾ ਰਿਹਾ ਅਖ਼ਲਾਸ ਨੂੰ ਹਰਨਾ ਪਿਆ ਕਿਸ ਨੂੰ ਫ਼ੁਰਸਤ ਸੀ ਉਹਦੇ ਗ਼ਮ ਦਾ ਮਦਾਵਾ3 ਸੋਚਦਾ ਅਪਣੀਆਂ ਸਧਰਾਂ ਦੇ ਲਹੂ ਵਿਚ ‘ਰਊਫ਼’ ਨੂੰ ਤਰਨਾ ਪਿਆ 1. ਅਨਾ-ਸਵੈਮਾਣ 2. ਅਖ਼ਲਾਸ-ਪਿਆਰ 3. ਮਦਾਵਾ-ਇਲਾਜ

ਨਫ਼ਰਤਾਂ ਦਾ ਰਾਜ ਪੱਕਾ ਹੋ ਗਿਆ

ਨਫ਼ਰਤਾਂ ਦਾ ਰਾਜ ਪੱਕਾ ਹੋ ਗਿਆ ਦਿਨ ਵੀ ਹੁਣ ਤੇ ਰਾਤ ਵਰਗਾ ਹੋ ਗਿਆ ਯਾਰੀਆਂ ਦੇ ਖੋਲ ਲਹਿੰਦੇ ਵੇਖ ਕੇ ਧੋਖਿਆਂ ਦਾ ਮਾਣ ਦੂਣਾ ਹੋ ਗਿਆ ਜਾਗ ਪਏ ਨੇ ਜ਼ਖ਼ਮ ਬੀਤੀ ਰਾਤ ਦੇ ਲੋਕ ਸਮਝੇ ਨੇ ਸਵੇਰਾ ਹੋ ਗਿਆ ਮਹਿੰਗ ਦੀ ਦੀਵਾਰ ਆਪੇ ਢਹਿ ਗਈ ਆਦਮੀ ਦਾ ਖ਼ੂਨ ਸਸਤਾ ਹੋ ਗਿਆ ਰੁਕ ਗਏ ਨੇ ਲੋਕ ਮੇਰੀ ਦੀਦ ਨੂੰ ਬੇਬਸੀ ਵੀ ਹੁਣ ਤਮਾਸ਼ਾ ਹੋ ਗਿਆ ਹੋਰ ਸਾਰੇ ਸਾਕ ਉਹਨੂੰ ਭੁੱਲ ਗਏ ਦੌਲਤਾਂ ਨਾਲ ਜਿਸ ਦਾ ਰਿਸ਼ਤਾ ਹੋ ਗਿਆ ਰੋਗ ਜਰਨਾ ਵੀ ਜ਼ਰਫ਼ ਦੀ ਬਾਤ ਏ ਕੀੜੀ ਲਈ ਠੂਠਾ ਵੀ ਦਰਿਆ ਹੋ ਗਿਆ ਦੂਰੀਆਂ ਦੀ ਕੰਧ ਉੱਚੀ ਹੋ ਗਈ ‘ਯਾਰ ਦਾ ਮੁਸ਼ਕਿਲ ਨਜ਼ਾਰਾ ਹੋ ਗਿਆ’ ਸਾਥੀਆਂ ਦਾ ਪਿਆਰ ਬਹੁਤਾ ਦੇਖ ਕੇ ‘ਰਊਫ਼’ ਦੁਸ਼ਮਣ ਮੇਰਾ ਸਾਇਆ ਹੋ ਗਿਆ

ਨਾ ਧਰਤੀ ਦੀਆਂ ਰਾਸਾਂ ਹੱਥ ਵਿਚ

ਨਾ ਧਰਤੀ ਦੀਆਂ ਰਾਸਾਂ ਹੱਥ ਵਿਚ ਨਾ ਡੋਰਾਂ ਅਸਮਾਨ ਦੀਆਂ ਕੱਲ੍ਹ ਵਾਂਗੂੰ ਨੇ ਅੱਜ ਵੀ ਸੋਚਾਂ ਡਾਵਾਂਡੋਲ ਇਨਸਾਨ ਦੀਆਂ ਸਦੀਆਂ ਤੋਂ ਮੈਂ ਚੁੱਕੀ ਫਿਰਨਾਂ ਸਿਰ 'ਤੇ ਭਾਰ ਹਿਆਤੀ ਦਾ ਹਾਲੀ ਤਕ ਨਹੀਂ ਮੇਰੀਆਂ ਅੱਖੀਆਂ ਅਪਣਾ ਘਰ ਪਹਿਚਾਣ ਦੀਆਂ ਸੂਰਜ ਨਜ਼ਰੀਂ ਆਉਂਦਾ ਕਿਸਰਾਂ ਧੁੰਦ ਫ਼ਜ਼ਾਵਾਂ ਮਲੀਆਂ ਨੇ ਗੂੜ੍ਹ ਹਨੇਰੇ ਖਾ ਲਿਤੀਆਂ ਨੇ ਰਾਹਵਾਂ ਅੱਗੇ ਜਾਣ ਦੀਆਂ ਏਸ ਦੌਰ ਵਿਚ ਬੇਹਿੱਸੀ ਨੂੰ ਬਹੁਤੇ ਫੁੱਲ ਫਲ ਲਗਦੇ ਨੇ ਮੇਰੇ ਤੋਂ ਉੱਚੀਆਂ ਹੋ ਗਈਆਂ ਕੰਧਾਂ ਮੇਰੇ ਹਾਣ ਦੀਆਂ ਇਕ ਦੂਜੇ ਨਾਲ ਗ਼ਰਜ਼ ਦੀ ਹੱਦ ਤਕ ਹੁਣ ਤੇ ਯਾਰੀ ਰਹਿ ਗਈ ਏ ਬੀਤੇ ਸਮੇਂ ਦੇ ਸੁਫ਼ਨੇ ਹੋਈਆਂ ਰੀਤਾਂ ਤੋੜ ਨਿਭਾਣ ਦੀਆਂ ਅੰਦਰ ਦੇ ਦੁੱਖ ਚਿਹਰਿਆਂ ਉੱਤੇ ਲੀਕਾਂ ਬਣ ਕੇ ਢਲਦੇ ਰਹੇ ਅੱਖੀਆਂ ਵਿਚ ਉਡੀਕਾਂ ਰਹੀਆਂ ਨਵੇਂ ਨਕੋਰ ਜਹਾਨ ਦੀਆਂ ਕੰਢਿਆਂ ਉੱਤੇ ਖਿੰਡਦੇ ਦੇਖ ਕੇ ਜਜ਼ਬੇ ਇਸਤਕਬਾਲਾਂ1 ਦੇ ਉੱਚੀਆਂ ਹੋ ਕੇ ਨੱਚੀਆਂ ਲਹਿਰਾਂ ਲੁਕੇ ਹੋਏ ਤੂਫ਼ਾਨ ਦੀਆਂ ਗਲ਼ੀ-ਗਲ਼ੀ ਵਿਚ ਹੁੰਦੇ ਦਾਅਵੇ ਫੇਰ ਤੇ ਆਪ ਖ਼ੁਦਾਈ ਦੇ ਇਨਸਾਨਾਂ ਨੂੰ ਨਜ਼ਰੀਂ ਆਉਂਦੀਆਂ ਹੱਦਾਂ ਜੇ ਇਮਕਾਨ2 ਦੀਆਂ ਅੰਦਰ ਦੇ ਟੁੱਟਣ ਭੱਜਣ ਦਾ ਅਮਲ ਅਜੇ ਤਕ ਜਾਰੀ ਏ ‘ਰਊਫ਼’ ਜੀ ਬਾਹਰੋਂ ਕਿੰਨੀਆਂ ਸੁਹਣੀਆਂ ਸ਼ਕਲਾਂ ਨੇ ਇਨਸਾਨ ਦੀਆਂ 1. ਇਸਤਕਬਾਲ-ਸਵਾਗਤ 2. ਇਮਕਾਨ-ਉਮੀਦ

ਕਿੰਨਾ ਕੁ ਚਿਰ ਤੂਫ਼ਾਨਾਂ

ਕਿੰਨਾ ਕੁ ਚਿਰ ਤੂਫ਼ਾਨਾਂ ਸਾਡਾ ਸਬਰ ਅਜ਼ਮਾਣਾ ਏ ਚੜ੍ਹਿਆਂ ਹੋਇਆਂ ਦਰਿਆਵਾਂ ਨੇ ਓੜਕ ਉੱਤਰ ਜਾਣਾ ਏ ਮੈਨੂੰ ਪਤਾ ਏ ਮੇਰੀ ਜੇਬ 'ਚ ਸਾਰੇ ਸਿੱਕੇ ਖੋਟੇ ਨੇ ਜਿਹੜਾ ਵੇਖ ਕੇ ਮਹੁਰਾ ਖਾਵੇ ਉਸ ’ਤੇ ਕੀ ਪਛਤਾਣਾ ਏ ਬੰਦਿਆਂ ਨਾਲ ਬੰਦਿਆਂ ਦੇ ਰਿਸ਼ਤੇ ਜਿਉਂ-ਜਿਉਂ ਟੁੱਟਦੇ ਜਾਣੇ ਨੇ ਧਰਤੀ ਉੱਤੇ ਖ਼ੌਫ਼ ਮੌਤ ਦਾ ਤਿਉਂ-ਤਿਉਂ ਵਧਦਾ ਜਾਣਾ ਏ ਉਹਦੇ ਉਘੜਨ ਦੀਆਂ ਉਡੀਕਾਂ ਮੁੱਕਦੀਆਂ ਨਜ਼ਰੀਂ ਆਉਂਦੀਆਂ ਨਹੀਂ ਜਿਹੜੇ ਸੂਰਜ ਦੀ ਗਰਮੀ ਨੇ ਪੱਥਰਾਂ ਨੂੰ ਪਿਘਲਾਣਾ ਏ ਸਦੀਆਂ ਤੋਂ ਘੁਲ਼ਿਆ ਹੋਇਆ ਏ ਰੂਹ ਵਿਚ ਜ਼ਹਿਰ ਉਦਾਸੀ ਦਾ ਭੁਰਦੇ ਹੋਏ ਜੁੱਸੇ ਨੇ ਕਿਹੜੀ ਜਿੱਤ ਦਾ ਜਸ਼ਨ ਮਨਾਣਾ ਏ ਟੁਰਦੇ ਫਿਰਦੇ ਬੰਦੇ ਜਾਪਣ ਪੁਰਜ਼ੇ ਜਿਵੇਂ ਮਸ਼ੀਨਾਂ ਦੇ ਸ਼ਹਿਰ ਦੀ ਬੇਹਿੱਸੀ ਨੇ ਖ਼ੌਰੇ ਹੋਰ ਕੀ ਚੰਨ ਚੜ੍ਹਾਣਾ ਏ ਨਵੀਆਂ ਫ਼ਜਰਾਂ ਦੇ ਨਾਂ ਉੱਤੇ ਝੱਲਣੇ ਡੂੰਘੀਆਂ ਸ਼ਾਮਾਂ ਨੂੰ ਇਨਸਾਨਾਂ ਨੇ ਜਿਉਣ ਦੀ ਖ਼ਾਤਰ ਇਹ ਮਹੁਰਾ ਵੀ ਖਾਣਾ ਏ ਦਾਨਿਆਂ ਦੀ ਸੰਗਤ ਵਿਚ ਟੁਰਨ ਦੀ ਰੀਤ ਪੁਰਾਣੀ ਹੋ ਗਈ ਏ ਹੁਣ ਤੇ ਉਸ ਨਾਲ ਟੁਰਨਾ ਪੈਂਦੈ ਜਿਸ ਦੇ ਨਾਲ ਜ਼ਮਾਨਾ ਏ ਪਿਆਰ ਖ਼ਲੂਸ ਦੀ ਸੰਗਤ ‘ਰਊਫ਼’ ਜੀ ਪਲ ਦੋ ਪਲ ਦੀ ਕਾਫ਼ੀ ਏ ਉਮਰਾਂ ਦੇ ਲੰਮੇ ਪੈਂਡੇ 'ਤੇ ਕਿਸ ਨੇ ਸਾਥ ਨਿਭਾਣਾ ਏ

ਮੇਰੇ ਵੱਲ ਅੱਖ ਭਰ ਕੇ ਜਿਹੜੇ

ਮੇਰੇ ਵੱਲ ਅੱਖ ਭਰ ਕੇ ਜਿਹੜੇ ਦੇਖਣ ਤੋਂ ਕਤਰਾਂਦੇ ਨੇ ਓਹੋ ਦੀਵੇ ਸੁਫ਼ਨਿਆਂ ਦੇ ਵਿਚ ਰੌਸ਼ਨੀਆਂ ਵਰਤਾਂਦੇ ਨੇ ਮੇਰੀ ਜ਼ਾਤ ਦੀਆਂ ਗੁੰਝਲਾਂ ਦਾ ਸਿਰਾ ਕਿਤੇ ਵੀ ਲੱਭਦਾ ਨਹੀਂ ਨਿਖੜਨ ਵਾਲ਼ੀਆਂ ਤੰਦਾਂ ਦੇ ਕੁਝ ਵੱਖਰੇ ਘਰ ਬਣ ਜਾਂਦੇ ਨੇ ਮੇਰੇ ਆਲ਼ ਦੁਆਲ਼ੇ ਕੀ ਏ ਕੁਝ ਵੀ ਨਜ਼ਰੀਂ ਆਉਂਦਾ ਨਹੀਂ ਇੰਜ ਲੱਗਦੈ ਜਿਉਂ ਨਕਸ਼ ਉਘੜ ਕੇ ਆਪੇ ਡੁੱਬਦੇ ਜਾਂਦੇ ਨੇ ਮੇਰੇ ਅੰਦਰ ਸ਼ੋਰ ਜਿਹਾ ਏ 'ਵਾਜ਼ ਸਿੰਞਾਣੀ ਜਾਂਦੀ ਨਹੀਂ ਮੇਰੀ ਰੂਹ ਵਿਚ ਜਿਸਰਾਂ ਕਰਬ ਦੇ ਪੰਛੀ ਪਏ ਕੁਰਲਾਂਦੇ ਨੇ ਮੰਜ਼ਿਲ ਢੂੰਡਣ ਵਾਲ਼ੀਆਂ ਅੱਖੀਆਂ ਕਿਹਨਾਂ 'ਤੇ ਇਤਬਾਰ ਕਰਨ ਰਾਹਵਾਂ ਦੱਸਣ ਵਾਲ਼ੇ ਪੱਥਰ ਵੀ ਜੇ ਭੁੱਲੀ ਪਾਂਦੇ ਨੇ ਅਣਪੱਕੀਆਂ ਸਧਰਾਂ ਦੇ ਉਹਲੇ ਛੁਪ ਕੇ ਬੈਠਿਆ ਹੋਇਆ ਵਾਂ ਆਸਾਂ ਦੀ ਖ਼ੁਸ਼ਬੋ ਦੇ ਬੁੱਲੇ ਕਿਉਂ ਬੂਹਾ ਖੜਕਾਂਦੇ ਨੇ ਮੇਰੇ ਚਾਰ ਚੁਫੇਰੇ ਪੱਥਰ ਸਾਹ ਦੀ 'ਵਾਜ਼ ਵੀ ਆਉਂਦੀ ਨਹੀਂ ਚੁੱਪ ਦੇ ਏਸ ਸਮੁੰਦਰ ਦੇ ਵਿਚ ਤਾਰੂ ਵੀ ਡੁੱਬ ਜਾਂਦੇ ਨੇ ਮੇਰੀਆਂ ਸੋਚਾਂ ਦੇ ਵਿਚ ਘੁਲ਼ਿਐ ਇਸਰਾਂ ਜ਼ਹਿਰ ਜ਼ਮਾਨੇ ਦਾ ਮੇਰੀ ਜੀਭ ਨੂੰ ਸੂਲ਼ਾਂ ਬਣ ਕੇ ਅੱਖਰ ਵਿੰਨ੍ਹੀ ਜਾਂਦੇ ਨੇ ਮੇਰਾ ਜ਼ਿਹਨ ਉਘੇੜਦਾ ਰਹਿੰਦੈ ਚਿਹਰੇ ਜਿਨ੍ਹਾਂ ਖ਼ਿਆਲਾਂ ਦੇ ਓਹੋ ਖ਼ੌਫ਼ ਬੜਾ ਦਿਓ ਬਣ ਕੇ ਮੈਨੂੰ ‘ਰਊਫ਼’ ਡਰਾਂਦੇ ਨੇ

ਖ਼ੌਰੇ ਫਿਰ ਕੋਈ ਨਵਾਂ ਸੰਦੇਸਾ

ਖ਼ੌਰੇ ਫਿਰ ਕੋਈ ਨਵਾਂ ਸੰਦੇਸਾ ਉਤਰੇਗਾ ਅਸਮਾਨਾਂ ਤੋਂ ਇਨਸਾਨਾਂ ਨੇ ਜਿਉਣ ਦਾ ਹੱਕ ਤੇ ਖੋਹ ਲਿੱਤੈ ਇਨਸਾਨਾਂ ਤੋਂ ਮੇਰੀ ਪੂਰੀ ਕਹਾਣੀ ਸੁਣ ਕੇ ਗੁੰਝਲਾਂ ਦੇ ਵਿਚ ਪੈ ਗਏ ਨੇ ਮਜ਼ਮੂਨਾਂ ਨੂੰ ਸਮਝਣ ਵਾਲ਼ੇ ਕਹਾਣੀ ਦੇ ਉਨਵਾਨਾਂ1 ਤੋਂ ਮੂੰਹੋਂ ਕਹਿਣ ਦੀ ਲੋੜ ਨਹੀਂ ਪੈਂਦੀ ਚੁੱਲ੍ਹਾ ਚੌਕਾ ਦੱਸਦਾ ਏ ਘਰ ਦੀ ਹਾਲਤ ਕਦੀ ਵੀ ਲੁੱਕੀ ਰਹਿੰਦੀ ਨਹੀਂ ਮਹਿਮਾਨਾਂ ਤੋਂ ਸਾਡੇ ਲਈ ਤੇ ਇਸ ਚਾਨਣ ਤੋਂ ਕਾਲ਼ੀਆਂ ਰਾਤਾਂ ਚੰਗੀਆਂ ਸਨ ਅਪਣੇ ਘਰ ਵੀ ਜਾਣਾ ਪੈਂਦੈ ਲੁਕ ਕੇ ਹੁਣ ਦਰਬਾਨਾਂ ਤੋਂ ਇਸ ਵਾਰੀ ਵੀ ਕਿੰਨੇ ਨਾਂਵੇਂ ਪੁੰਗਰੇ ਜ਼ਿਹਨ ਦੀ ਤਖ਼ਤੀ 'ਤੇ ਇਸ ਵਾਰੀ ਵੀ ਕਿੰਨੇ ਚਿਹਰੇ ਨਿੱਕਲ ਗਏ ਪਹਿਚਾਣਾਂ ਤੋਂ ਰੋਗ ਦਾ ਦਾਰੂ ਕਰ ਨਹੀਂ ਸਕਦੇ ਤਿਫ਼ਲ ਤਸੱਲੀਆਂ ਦੇਂਦੇ ਨੇ ਟੁੱਟੀਆਂ ਬਾਹਵਾਂ ਜੁੜ ਨਹੀਂ ਸਕੀਆਂ ਇਸ ਵਾਰੀ ਭਲਵਾਨਾਂ ਤੋਂ ਅੱਖੀਆਂ ਹੁੰਦਿਆਂ ਵੀ ਅੰਨ੍ਹੀਆਂ ਨੇ ਕੰਨ ਹੁੰਦਿਆਂ ਵੀ ਬੋਲੀਆਂ ਨੇ ਤੂੰ ਰੱਖੀਆਂ ਨੇ ਦੁੱਖ ਵੰਡਣ ਦੀਆਂ ਤਾਂਹਘਾਂ ਜਿਨ੍ਹਾਂ ਚਟਾਨਾਂ ਤੋਂ ਉਹਨਾਂ ਨੂੰ ਅੰਦਰ ਦੇ ਹੜ੍ਹ ਨੇ ਇਕ ਦਿਨ ਰੋੜ੍ਹ ਲੈ ਜਾਣਾ ਏ ਰੱਬ ਸਬੱਬੀ ਬਚ ਗਏ ਜਿਹੜੇ ਬਾਹਰ ਦਿਆਂ ਤੂਫ਼ਾਨਾਂ ਤੋਂ ਆਪੋ ਧਾਪੀ ਦੀ ਇਸ ਦੁਨੀਆ ਵਿਚ ਯਾਦ ਕੋਈ ਛੱਡ ਜਾਵਣਗੇ ‘ਰਊਫ਼’ ਹੁਰਾਂ ਨੂੰ ਜੇਕਰ ਮਿਲਿਆ ਵਿਹਲ ਕਦੀ ਭੁਗਤਾਨਾਂ ਤੋਂ 1. ਉਨਵਾਨ-ਸਿਰਲੇਖ 2. ਤਿਫ਼ਲ-ਜਾਦੂ

ਜ਼ਮੀਂ ’ਤੇ ਓਦੋਂ ਦਾ ਖ਼ਾਸ ਕਰਕੇ ਰਿਵਾਜ

ਜ਼ਮੀਂ ’ਤੇ ਓਦੋਂ ਦਾ ਖ਼ਾਸ ਕਰਕੇ ਰਿਵਾਜ ਮੁੱਕਿਆ ਮੁਹੱਬਤਾਂ ਦਾ ਜਦੋਂ ਦਾ ਬੰਦਾ ਖ਼ਲੂਸ ਛੱਡ ਕੇ ਗ਼ੁਲਾਮ ਹੋਇਆ ਜ਼ਰੂਰਤਾਂ ਦਾ ਹੋਈ ਏ ਹੁਣ ਤੇ ਪਛਾਣ ਮੁਸ਼ਕਿਲ ਸਮੁੰਦਰਾਂ ਦੀ ਕਿਨਾਰਿਆਂ ਦੀ ਫ਼ਰੇਬਕਾਰਾਂ ਜਦੋਂ ਦਾ ਏਥੇ ਲਿਬਾਸ ਪਾਇਆ ਸਦਾਕਤਾਂ1 ਦਾ ਜ਼ਮਾਨਾ ਉਹਦਾ ਮੁਰੀਦ ਹੁੰਦਾ ਕਮਾਲ ਜਿਸ ਦੇ ਕਰੀਬ ਹੁੰਦਾ ਗਿਲਾ ਗੁਜ਼ਾਰੀ ਉਦਾਸੀਆਂ ਦੀ ਨਸੀਬ ਡਿਗੀਆਂ ਇਮਾਰਤਾਂ ਦਾ ਸਿਤਾਰਿਆਂ ਨੂੰ ਫ਼ਰੇਬ ਦਿੱਤੇ ਕਦਮ-ਕਦਮ 'ਤੇ ਹਨੇਰਿਆਂ ਨੇ ਮੁਸਾਫ਼ਰਾਂ ਨੂੰ ਸੁਰਾਗ਼ ਮਿਲਿਆ ਸਰਾਬ2 ਕੋਲ਼ੋਂ ਹਕੀਕਤਾਂ ਦਾ ਉਮੀਦ ਤਕ ਨਹੀਂ ਮਿਲਾਪ ਦੀ ਵੀ ਉਹ ਰੂਪ ਬਦਲੇ ਨੇ ਵੇਲ਼ਿਆਂ ਨੇ ਅਸਾਂ ਤੇ ਏਥੇ ਜਿਉਂਦਿਆਂ ਈ ਸਵਾਦ ਚੱਖਿਆ ਕਿਆਮਤਾਂ ਦਾ ਗ਼ਰੀਬ ਹੋਣਾ ਅਜ਼ਾਬ ਏਥੇ ਅਮੀਰ ਹੋਣਾ ਏ ਜੁਰਮ ਏਥੇ ਖ਼ਿਆਲ ਵਿਚ ਵੀ ਮੁਹਾਲ ਏਥੇ ਹਿਸਾਬ ਕਰਨਾ ਮੁਸੀਬਤਾਂ ਦਾ ਜ਼ਮੀਰ ਮੁਰਦਾ, ਸ਼ਊਰ ਬੇਬਸ, ਨਿਗਾਹ ਮੁਜਰਮ, ਵਜੂਦ ਪੱਥਰ ਅਮੀਨ ਸੀ ਜੋ ਮੁਹੱਬਤਾਂ ਦਾ ਨਿਸ਼ਾਨ ਬਣਿਆ ਅਦਾਵਤਾਂ ਦਾ ਬਣੀ ਏ ਅੱਜਕਲ੍ਹ ਮੁਨਾਫ਼ਕਤ ਈ ਅਸੂਲ ਐਥੋਂ ਦੀ ਜ਼ਿੰਦਗੀ ਦਾ ਦਿਲਾਂ 'ਚ ਰੱਖ ਦੇ ਕਦੂਰਤਾਂ ਤੇ ਮਰਾਭ ਮੱਥੇ ਇਬਾਦਤਾਂ ਦਾ ਉਦਾਸ ਰਾਹਵਾਂ ਤੇ ਦੂਰ ਤਕ ਵੀ ਨਹੀਂ ਮੰਜ਼ਿਲਾਂ ਦਾ ਨਿਸ਼ਾਨ ਮਿਲਦਾ ‘ਰਊਫ਼’ ਮੈਨੂੰ ਸਮਝ ਨਹੀਂ ਆਉਂਦੀ ਸਿਲਾ ਕੀ ਮੰਗਾਂ ਮੁਸਾਫ਼ਤਾਂ ਦਾ 1. ਸਦਾਕਤ-ਸੱਚਾਈ 2. ਸਰਾਬ-ਮ੍ਰਿਗ ਤ੍ਰਿਸ਼ਨਾ

ਰੋਜ਼ ਨਵੇਂ ਰਸਤੇ ਲੱਭਣੇ ਨੇ

ਰੋਜ਼ ਨਵੇਂ ਰਸਤੇ ਲੱਭਣੇ ਨੇ ਰੋਜ਼ ਨਵੇਂ ਦੁੱਖ ਸਹਿਣੇ ਨੇ ਇਸ ਧਰਤੀ 'ਤੇ ਬਿਨ ਚਾਹਿਆਂ ਵੀ ਬੰਦੇ ਜਿਉਂਦੇ ਰਹਿਣੇ ਨੇ ਉਹਨਾਂ ਨੇ ਸੂਰਜ ’ਤੇ ਕਾਬਜ਼ ਹੋਣ ਦਾ ਦਾਅਵਾ ਕੀਤਾ ਏ ਦੀਵਿਆਂ ਦੀ ਥਾਂ ਅਪਣੇ ਘਰ ਵਿਚ ਜਿਹਨਾਂ ਕੋਲ਼ ਟਟਹਿਣੇ ਆਉਂਦੀ ਭਲਕ ਦੀਆਂ ਸੋਚਾਂ ਵਿਚ ਜਕੜਿਆ ਦੇਖ ਕੇ ਜ਼ਿਹਨਾਂ ਨੂੰ ਉਹ ਅੱਖਰ ਵੀ ਡੰਗਣ ਆ ਗਏ ਜਿਹੜੇ ਹਾਲੀ ਕਹਿਣੇ ਨੇ ਨਵੀਂ ਨਸਲ ਦੇ ਨਵੇਂ ਤਜਰਬੇ ਬਦਲ ਗਏ ਸੱਚਾਈਆਂ ਨੂੰ ਹੁਣ ਦਰਿਆ ਵਿਚ ਪੱਥਰ ਤਰਨੇ ਕਾਗ਼ਤ ਤਹਿ ਵਿਚ ਬਹਿਣੇ ਨੇ ਸ਼ਹਿਰ ਦੀਆਂ ਉਹਨਾਂ ਸੜਕਾਂ ਦੀ ਰੌਣਕ ਕਦੀ ਵੀ ਘਟਣੀ ਨਹੀਂ ਜਿਹਨਾਂ ਉੱਤੇ ਰੋਜ਼ ਮੁਸਾਫ਼ਰ ਭੁੱਲੀ ਪੈਂਦੇ ਰਹਿਣੇ ਨੇ ਕੀ ਹੋਇਆ ਜੇ ਹਮਦਰਦੀ ਦਾ ਸੋਨਾ ਮਹਿੰਗਾ ਹੋ ਗਿਆ ਏ ਗ਼ਰਜ਼ ਦੀਆਂ ਜ਼ੰਜੀਰਾਂ ਵੀ ਤੇ ਸਾਡੇ ਦੌਰ ਦੇ ਗਹਿਣੇ ਨੇ ਉਹਨਾਂ ਦੇ ਅੰਦਰ ਦੀ ਕਾਲਖ਼ ਹੋਰ ਵੀ ਗੂੜ੍ਹੀ ਹੋ ਗਈ ਏ ਅਪਣੇ ਜਿਸਮ ਸਜਾਣ ਦੀ ਖ਼ਾਤਰ ਜਿਹਨਾਂ ਰੇਸ਼ਮ ਪਹਿਨੇ ਨੇ ਜ਼ਾਤ ਦੇ ਗੁੰਝਲਦਾਰ ਹਨੇਰੇ ਦੇ ਵਿਚ ਡੁੱਬੇ ਜਾਨੇ ਵਾਂ ਸੋਚਾਂ ਦੇ ਚੜ੍ਹਦੇ ਹੋਏ ਦਰਿਆ ਖ਼ੌਰੇ ਕਿਸ ਦਿਨ ਲਹਿਣੇ ਨੇ ਇਕ ਦੂਜੇ ਨਾਲ ਮੁੱਕਿਆ ਨਾ ਜੇ ਵਰਤਾਰਾ ਬੇਹਿੱਸੀ ਦਾ ‘ਰਊਫ਼’ ਜੀ ਅਪਣੇ ਪਰਛਾਵੇਂ ਤੋਂ ਫਿਰ ਤੇ ਲੋਕ ਤਰਿਹਣੇ ਨੇ 1. ਜ਼ਾਤ-ਨਿੱਜ

ਚਿਹਰਿਆਂ ਉੱਤੇ ਲਿਖੀਆਂ ਹੋਈਆਂ

ਚਿਹਰਿਆਂ ਉੱਤੇ ਲਿਖੀਆਂ ਹੋਈਆਂ ਪੜ੍ਹ ਲੈਨਾਂ ਤਹਿਰੀਰਾਂ ਮੈਂ ਉਹਨਾਂ ਦਾ ਮਤਲਬ ਨਾ ਜਾਣਾ ਜਿਹੜੇ ਹਰਫ਼ ਲਕੀਰਾਂ ਮੈਂ ਮੇਰੇ ਦੌਰ 'ਚ ਸ਼ੁਹਰਤ ਦੇ ਲਈ ਕੀ ਕੁਝ ਲੋਕਾਂ ਕੀਤਾ ਨਹੀਂ ਕੀ ਹੋਇਆ ਜੇ ਕਰ ਲਿੱਤਾ ਏ ਕੁੜਤਾ ਲੀਰਾਂ-ਲੀਰਾਂ ਮੈਂ ਸੁੱਤਾ ਸ਼ਹਿਰ ਜਗਾਵਣ ਵਾਲ਼ੇ ਗੂੜ੍ਹੀ ਨੀਂਦਰ ਸੌਂ ਗਏ ਨੇ ਅੱਖੀਆਂ ਦੇ ਨਾਲ ਦੇਖ ਰਿਹਾ ਵਾਂ ਖ਼ਾਬ ਦੀਆਂ ਤਾਬੀਰਾਂ ਮੈਂ ਕਿਧਰੋਂ ਵੀ ਕੋਈ ਲਾਲ ਹਨੇਰੀ ਚੜ੍ਹਦੀ ਨਜ਼ਰੀਂ ਆਉਂਦੀ ਨਹੀਂ ਦੀਵਾਰਾਂ 'ਤੇ ਤੱਕਦਾ ਰਹਿਨਾਂ ਖ਼ੂਨ ਦੀਆਂ ਤਹਿਰੀਰਾਂ ਮੈਂ ਮੇਰਾ ਸਾਇਆ ਕੱਦ ਵਧਾ ਕੇ ਰਸਤਾ ਤੱਕ ਖਲੋਤਾ ਏ ਮੇਰੇ ਅੱਗੇ ਆ ਗਈਆਂ ਨੇ ਕੀਤੀਆਂ ਜੋ ਤਕਸੀਰਾਂ1 ਮੈਂ ਸ਼ਹਿਰਾਂ ਦੀ ਉੱਖੜੀ ਹੋਈ ਭੀੜ ਤੇ ਜ਼ਰਦ ਹਵਾ ਦਾ ਪਹਿਰਾ ਏ ਕਾਗ਼ਤ ਉੱਤੇ ਲੀਕ ਰਿਹਾ ਵਾਂ ਖ਼ੌਫ਼ ਦੀਆਂ ਤਸਵੀਰਾਂ ਮੈਂ ਪੱਥਰ ਕੀਤੈ ਉਹਨਾਂ ਵੀ ਵਾਹੀ ਹੋਈ ਲੀਕ ਉਲੰਘਣ 'ਤੇ ਆਪੇ ਦੇ ਦਿੱਤੀਆਂ ਸਨ ਜਿਹੜਿਆਂ ਹੱਥਾਂ ਵਿਚ ਤਕਦੀਰਾਂ ਮੈਂ ਜਿਸ ਬੂਹੇ ਤੋਂ ਖ਼ੈਰ ਨਹੀਂ ਪੈਣਾ ਓਥੇ ਸਦਾਅ2 ਲਗਾਵਾਂ ਕਿਉਂ ਜਿਸ 'ਚੋਂ ਕੋਈ ਸੋਮਾ ਨਹੀਂ ਫੁੱਟਣਾ ਉਹ ਪੱਥਰ ਕਿਉਂ ਚੀਰਾਂ ਮੈਂ ਉਸ ਵੀ ਸ਼ੱਕ ਦੀਆਂ ਨਜ਼ਰਾਂ ਦੇ ਨਾਲ ‘ਰਊਫ਼’ ਜੀ ਮੈਨੂੰ ਤੱਕਿਆ ਏ ਜਿਸ ਦੇ ਨਾਂਵੇਂ ਲਾ ਦਿੱਤੀਆਂ ਨੇ ਉਮਰ ਦੀਆਂ ਜਾਗੀਰਾਂ ਮੈਂ 1. ਤਕਸੀਰਾਂ-ਗ਼ਲਤੀਆਂ 2. ਸਦਾਅ-ਆਵਾਜ਼

ਅਪਣੇ ਘਰ ਵੱਲ ਜਾਂਦੇ ਰਸਤੇ ਭੁੱਲ ਗਏ ਨੇ

ਅਪਣੇ ਘਰ ਵੱਲ ਜਾਂਦੇ ਰਸਤੇ ਭੁੱਲ ਗਏ ਨੇ ਗ਼ਰਜ਼ਾਂ ਦੀ ਬਸਤੀ ਦੇ ਬੂਹੇ ਖੁੱਲ੍ਹ ਗਏ ਨੇ ਗੱਲਾਂ ਵਿਚ ਹਵਾੜ ਉਨ੍ਹਾਂ ਦੀ ਆਉਂਦੀ ਏ ਸਾਹਵਾਂ ਦੇ ਵਿਚ ਜਿਹੜੇ ਮਹੁਰੇ ਘੁਲ਼ ਗਏ ਨੇ ਸਿਕ ਦੀ ਭੀੜ 'ਚ ਆਸਾਂ ਨਜ਼ਰੀਂ ਆਉਂਦੀਆਂ ਨਹੀਂ ਮੇਲੇ ਦੇ ਵਿਚ ਬਾਲ ਅੰਞਾਣੇ ਰੁਲ਼ ਗਏ ਨੇ ਅੱਖੀਆਂ ਜਦੋਂ ਪਛਾਤੇ ਚਿਹਰੇ ਅੱਖਰਾਂ ਦੇ ਤੇਜ਼ ਹਵਾ ਦੇ ਬੁੱਲੇ ਵਰਕੇ ਥੁੱਲ ਗਏ ਨੇ ਖੌਰੇ ਕੇਡਾ ਔਖੈ ਸਫ਼ਰ ਹਿਆਤੀ ਦਾ ਬੈਠਿਆਂ ਹੋਇਆਂ ਰਾਹੀਆਂ ਦੇ ਸਾਹ ਫੁੱਲ ਗਏ ਨੇ ਹਰ ਇੱਕ ਸ਼ਖ਼ਸ ਗਵਾਚਿਆ ਹੋਇਆ ਲਗਦਾ ਏ ਸਾਡੇ ਸ਼ਹਿਰ 'ਤੇ ਕਿਹੜੇ ਝੱਖੜ ਝੁੱਲ ਗਏ ਨੇ ਕੰਨਾਂ ਦਾ ਅਹਿਸਾਸ ਅਜੇ ਤਕ ਜਿਉਂਦਾ ਏ ਅੱਖੀਆਂ ਨੂੰ ਦੇਖੇ ਹੋਏ ਚਿਹਰੇ ਭੁੱਲ ਗਏ ਨੇ ਨਵਾਂ ਜ਼ਮਾਨਾ ਅੰਦਰੋਂ ਫੋਕਾ ਲੱਗਦਾ ਏ ਪਾਸਕੂਆਂ 'ਚੋਂ ਸਾਵੇਂ ਬੰਦੇ ਤੁੱਲ ਗਏ ਨੇ ਆਖ਼ਰ ‘ਰਊਫ਼’ ਬਣੇ ਨੇ ਰੇਤ ਉਹ ਕੰਢਿਆਂ ਦੀ ਪਾਣੀਆਂ ਦੇ ਵਿਚ ਜਿਹੜੇ ਪੱਥਰ ਘੁਲ਼ ਗਏ ਨੇ

ਕਿੰਨਾ ਕੁ ਚਿਰ ਐਸੇ ਹਾਲ 'ਚ

ਕਿੰਨਾ ਕੁ ਚਿਰ ਐਸੇ ਹਾਲ 'ਚ ਰਹੇਗਾ ਬੰਦਾ ਸੋਚਨਾ ਵਾਂ ਓਨਾ ਬਹੁਤਾ ਉਲ਼ਝਦਾ ਜਾਨਾ ਜਿੰਨਾ ਬਹੁਤਾ ਸੋਚਨਾ ਵਾਂ ਮੇਰਾ ਵੀ ਮਾਜ਼ੀ ਨਾਲ ਹੁੰਦਾ ਜੇ ਕੋਈ ਰਿਸ਼ਤਾ ਸੋਚਨਾ ਵਾਂ ਏਸ ਤਰ੍ਹਾਂ ਨਾ ਸ਼ਹਿਰ 'ਚ ਰੁਲ਼ਦਾ ਕੱਲ ਮੁਕੱਲਾ ਸੋਚਨਾ ਵਾਂ ਓਪਰਿਆਂ ਵਾਂਗ ਰਹਿੰਦਾ ਵਾਂ ਮੈਂ ਅਪਣੇ ਵਰਗੇ ਬੰਦਿਆਂ ਵਿਚ ਮੇਰਾ ਜੁਰਮ ਤੇ ਸਿਰਫ਼ ਏਨਾ ਏ ਮੈਂ ਕੁਝ ਵੱਖਰਾ ਸੋਚਨਾ ਵਾਂ ਲੋਕੀ ਮੈਨੂੰ ਯਾਦ ਕਰਨਗੇ ਭਾਵੇਂ ਮੈਂ ਨਾ ਹੋਵਾਂਗਾ ਇਸ ਧਰਤੀ ਉਘੜੇਗਾ ਜਦ ਨਵਾਂ ਸਵੇਰਾ ਸੋਚਨਾ ਵਾਂ ਗ਼ਰਜ਼ ਦੀਆਂ ਜ਼ੰਜੀਰਾਂ ਦੇ ਵਿਚ ਜਕੜੀਆਂ ਹੋਈਆਂ ਸਦੀਆਂ ਦਾ ਕਦੀ ਨਾ ਕਦੀ ਤੇ ਨਿਕਲਣ ਦਾ ਲੱਭੇਗਾ ਰਸਤਾ ਸੋਚਨਾ ਵਾਂ ਜੇਠ ਹਾੜ੍ਹ ਦੀਆਂ ਧੁੱਪਾਂ ਦੇ ਵਿੱਚ ਮੇਰਾ ਜੁੱਸਾ ਸੜਦਾ ਏ ਮੇਰੇ ਤੋਂ ਅੱਗੇ ਕਿਉਂ ਰਹਿੰਦੈ ਮੇਰਾ ਸਾਇਆ ਸੋਚਨਾ ਵਾਂ ਮੈਂ ਅੰਨ੍ਹਾ ਵਾਂ ਜਾਂ ਕੋਈ ਚਾਨਣ ਮੇਰੇ ਨੇੜੇ ਆਉਂਦਾ ਨਹੀਂ ਮੇਰੀਆਂ ਅੱਖੀਆਂ ਨੂੰ ਡੰਗਦਾ ਏ ਜਦੋਂ ਹਨੇਰਾ ਸੋਚਨਾ ਵਾਂ ਆਸ ਦਿਆਂ ਬੂਹਿਆਂ 'ਤੇ ਫਿਰ ਕੋਈ ਦਸਤਕ ਦਿੰਦਾ ਜਾਪਦਾ ਏ ਧਰਤੀ ਦੇ ਵੱਲ ਆਉਂਦੈ ਜਦ ਕੋਈ ਟੁੱਟ ਕੇ ਤਾਰਾ ਸੋਚਨਾ ਵਾਂ ਕਦ ਤਕ ‘ਰਊਫ਼’ ਮੈਂ ਸਹਿੰਦਿਆਂ ਰਹਿਣੈ ਜ਼ੋਰਾਵਰਾਂ ਦਿਆਂ ਵਾਰਾਂ ਨੂੰ ਕਦ ਤਕ ਲੋਕਾਂ ਖਾਂਦਿਆਂ ਰਹਿਣੈ ਮੇਰਾ ਹਿੱਸਾ ਸੋਚਨਾ ਵਾਂ 1. ਮਾਜ਼ੀ-ਭੂਤਕਾਲ

ਅਪਣੇ ਸ਼ਹਿਰ ਦੀਆਂ ਗਲ਼ੀਆਂ ਵੀ

ਅਪਣੇ ਸ਼ਹਿਰ ਦੀਆਂ ਗਲ਼ੀਆਂ ਵੀ ਉਹਨੂੰ ਨਹੀਂ ਪਹਿਚਾਣਦੀਆਂ ਪਲ-ਪਲ ਦੇ ਨਾਲ ਬਦਲ ਰਹੀਆਂ ਨੇ ਸ਼ਕਲਾਂ ਇੰਜ ਇਨਸਾਨ ਦੀਆਂ ਆਸ ਦੇ ਸਾਰੇ ਕੱਖ ਹਨੇਰੀ ਨਾਲ ਉਡਾ ਕੇ ਲੈ ਗਈ ਏ ਮਿੱਟੀ ਦੇ ਵਿਚ ਰਲ਼ ਗਈਆਂ ਨੇ ਸਧਰਾਂ ਸ਼ਹਿਰ ਵਸਾਣ ਦੀਆਂ ਕੰਧਾਂ ਦੇ ਡਿੱਗਿਆਂ ਉਸਰਨ ਦਾ ਓਦੋਂ ਈ ਪੱਕ ਹੋ ਗਿਆ ਸੀ ਪਾਣੀਆਂ ਦੇ ਵਿਚ ਧਰੀਆਂ ਸਨ ਮੈਂ ਨੀਹਾਂ ਜਦੋਂ ਮਕਾਨ ਦੀਆਂ ਓਥੋਂ ਵੀ ਕੋਈ ਸੂਰਜ ਫੁੱਟਦਾ ਹਾਲੀ ਨਜ਼ਰੀਂ ਆਉਂਦਾ ਨਹੀਂ ਜਿਸ ਪਾਸੇ ਨੇ ਲੱਗੀਆਂ ਹੋਈਆਂ ਨਜ਼ਰਾਂ ਇੱਕ ਜਹਾਨ ਦੀਆਂ ਦੂਰੋਂ-ਦੂਰੋਂ ਤਕਦਾ ਰਹਿਦੈ ਆ ਕੇ ਦਰਦ ਵੰਡਾਂਦਾ ਨਹੀਂ ਦੇਖ ਲਈਆਂ ਨੇ ਸਾਕਾਦਾਰੀਆਂ ਧਰਤੀ ਨਾਲ ਅਸਮਾਨ ਦੀਆਂ ਸਾਡੀ ਬੇਖ਼ਬਰੀ ਨੂੰ ਓਦੋਂ ਖ਼ਬਰ ਹੋਈ ਰੁੜ੍ਹ ਜਾਵਣ ਦੀ ਘਰ ਦੇ ਬੂਹੇ ਤਕ ਆ ਪੁੱਜੀਆਂ ਲਹਿਰਾਂ ਜਦ ਤੂਫ਼ਾਨ ਦੀਆਂ ਲੋਕਾਂ ਨੇ ਪੱਥਰਾਂ ਦੀ ਚੁੱਪ ਨੂੰ ਅੱਖਰਾਂ ਦੇ ਵਿਚ ਢਾਲ਼ ਲਿਆ ਸਾਡੇ ਕੋਲ਼ੋਂ ਖੁੱਲ੍ਹ ਨਹੀਂ ਸਕੀਆਂ ਗੁੰਝਲਾਂ ਅਜੇ ਜ਼ੁਬਾਨ ਦੀਆਂ ਆਪੇ ਘਰ ਨੂੰ ਅੱਗ ਲਗਾਂਦੈ ਆਪੇ ਬਹਿ ਕੇ ਸੇਕਦਾ ਏ ਰਮਜ਼ਾਂ ਕੋਈ ਵੀ ਸਮਝ ਨਹੀਂ ਸਕਿਆ ਅੱਜਕਲ੍ਹ ਦੇ ਇਨਸਾਨ ਦੀਆਂ ਉਹਨਾਂ ਦੇ ਇਕਲਾਪੇ ’ਤੇ ਅੱਜ ‘ਰਊਫ਼’ ਜੀ ਲੋਕੀ ਹੱਸਦੇ ਨੇ ਜਿਹਨਾਂ ਨੇ ਸਨ ਰੀਤਾਂ ਪਾਈਆਂ ਜੱਗ 'ਤੇ ਸਾਥ ਨਿਭਾਣ ਦੀਆਂ

ਜਿਹੜੀ ਕੰਧ ਮੈਂ ਆਪ ਉਸਾਰੀ

ਜਿਹੜੀ ਕੰਧ ਮੈਂ ਆਪ ਉਸਾਰੀ ਉਹ ਨਾ ਮੈਥੋਂ ਢਾਣ ਹੋਈ ਅਪਣੇ ਘਰ ਤੇ ਚੋਰਾਂ ਤੋਂ ਵੀ ਸੰਨ੍ਹ ਕਦੀ ਨਹੀਂ ਲਾਣ ਹੋਈ ਉਮਰਾਂ ਦੇ ਨਾਲ ਘਟਦੀ ਦੇਖ ਕੇ ਹਿੰਮਤ ਮੇਰੀਆਂ ਬਾਹਵਾਂ ਦੀ ਪਾਣੀ ਦੀ ਹਰ ਲਹਿਰ ਹਵਾ ਦੀ ਸ਼ਹਿ ਪਾ ਕੇ ਤੂਫ਼ਾਨ ਹੋਈ ਸੂਰਜ ਦੀ ਇੱਕ ਕਿਰਨ ਸਵੇਰੇ ਸ਼ਹਿਰ ਅਲ ਆਉਂਦੀ ਡਿੱਠੀ ਸੀ ਕੀ ਜਾਣਾਂ ਕਿਸ ਬੂਹੇ ਠਹਿਰੀ ਕਿਸ ਦੇ ਘਰ ਮਹਿਮਾਨ ਹੋਈ ਲੋਕਾਂ ਕੋਲ਼ੋਂ ਓਹੋ ਅਪਣੇ ਭੇਤ ਲੁਕਾ ਕੇ ਰੱਖਦਾ ਏ ਜਿਸ ਬੰਦੇ ਨੂੰ ਏਸ ਦੌਰ ਦੇ ਪੱਥਰਾਂ ਦੀ ਪਹਿਚਾਣ ਹੋਈ ਜ਼ਿੰਦਾ ਰਹਿਣ ਦਾ ਸੰਦੇਸ਼ਾ ਮੈਂ ਘਰ-ਘਰ ਦੇ ਵਿਚ ਵੰਡਾਂਗਾ ਮੇਰਾ ਲੂੰ-ਲੂੰ ਹਰਫ਼ ਬਣੇਗਾ ਜੇਕਰ ਗੁੰਗ ਜ਼ਬਾਨ ਹੋਈ ਮੇਰੀ ਤੇ ਮੁਸ਼ਕਿਲ ਦੀ ਯਾਰੀ ਅੱਜ ਤਕ ਕਦੀ ਵੀ ਟੁੱਟੀ ਨਹੀਂ ਦੂਜੀ ਸਿਰ 'ਤੇ ਆਣ ਖਲੋਤੀ ਪਹਿਲੀ ਜੇ ਆਸਾਨ ਹੋਈ ਹਰ ਚਿਹਰੇ ਨੂੰ ਦੂਜਾ ਚਿਹਰਾ ਸ਼ੀਸ਼ਾ ਬਣ ਕੇ ਦਿਸਿਆ ਏ ਅਪਣੇ ਆਪ ਨੂੰ ਸਾਹਮਣੇ ਦੇਖ ਕੇ ਹਰ ਸੂਰਤ ਹੈਰਾਨ ਹੋਈ ਕਲ੍ਹ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਅੱਜ ਉਹਨਾਂ ’ਤੇ ਵਿਸ ਰਹੇ ਆਂ ਇੰਜ ਲਗਦੈ ਜਿਉਂ ਹੁਣ ਤਕ ਵੀ ਨਹੀਂ ਯਾਰਾਂ ਦੀ ਪਹਿਚਾਣ ਹੋਈ ਮਤਲਬ ਦੇ ਜੰਗਲ ਵਿਚ ਹਰ ਇਨਸਾਨ ਗਵਾਚਾ ਹੋਇਆ ਏ ਸਾਰੀ ਦੁਨੀਆ ‘ਰਊਫ਼’ ਜੀ ਅਪਣੀਆਂ ਲੋੜਾਂ 'ਤੋਂ ਕੁਰਬਾਨ ਹੋਈ

ਆਉਂਦੀ ਰੁੱਤ ਦਾ ਚਿਹਰਾ ਦੇਖ ਕੇ

ਆਉਂਦੀ ਰੁੱਤ ਦਾ ਚਿਹਰਾ ਦੇਖ ਕੇ ਲੱਗ ਗਈ ਚੁੱਪ ਹਵਾਵਾਂ ਨੂੰ ਫੁੱਲ ਸਹਿਕੇ ਨੇ ਖ਼ੁਸ਼ਬੋਆਂ ਨੂੰ ਰੁੱਖ ਲਭਦੇ ਨੇ ਛਾਵਾਂ ਨੂੰ ਅਪਣੀ ਛੱਤ ਦੇ ਥੱਲੇ ਮੈਨੂੰ ਚੈਨ ਕਦੋਂ ਤਕ ਲੱਭੇਗਾ ਮਿਲ ਜਾਂਦੇ ਤੇ ਪੁੱਛ ਲੈਂਦਾ ਮੈਂ ਨਵੇਂ ਨਕੋਰ ਖ਼ੁਦਾਵਾਂ ਨੂੰ ਵਿੱਖਰੀ ਜ਼ਾਤ ਦੇ ਖਿੱਲਰੇ ਜ਼ੱਰੇ ਕਦੀ ਵੀ 'ਕੱਠੇ ਹੋਣੇ ਨਹੀਂ ਕਿਹੜੀ ਆਸ 'ਤੇ ਯਾਦ ਕਰਾਂ ਮੈਂ ਭੁੱਲੀਆਂ ਹੋਈਆਂ ਥਾਵਾਂ ਨੂੰ ਮੇਰੀ ਨਸਲ 'ਤੇ ਜੋ ਬੀਤੀ ਏ ਆਉਂਦੀ ਨਸਲ ਨੂੰ ਦਿੱਸੇਗਾ ਮੇਰੇ ਲਹੂ ਨੇ ਦੇ ਦਿੱਤਾ ਏ ਜਿਹੜਾ ਰੰਗ ਫ਼ਜ਼ਾਵਾਂ ਨੂੰ ਓਹਦੇ ਸਿਰ ਤੋਂ ਉੱਚੀ ਹੋ ਗਈ ਕੰਧ ਓਹਦੀ ਖ਼ੁਦਗ਼ਰਜ਼ੀ ਦੀ ‘ਜੀ ਆਇਆਂ ਨੂੰ’ ਕਹਿੰਦਾ ਏ ਪਰ ਉਤਲੇ ਦਿਲੋਂ ਭਰਾਵਾਂ ਨੂੰ ਮੁੱਦਤਾਂ ਹੋਈਆਂ ਉਹਨਾਂ ਮੇਰੀ ਸੂਰਤ ਤੋਂ ਮੂੰਹ ਮੋੜ ਲਿਆ ਹੁਣ ਤਕ ਦਿਲ ’ਤੇ ਲਿਖਿਆ ਹੋਇਐ ਮੈਂ ਜਿਹਨਾਂ ਦੇ ਨਾਵਾਂ ਨੂੰ ਜੰਗਲਾਂ ਦੇ ਵਿਚ ਲਿਸ਼ਕ ਦੇਖ ਕੇ ਲੁੱਕ ਦੀਆਂ ਪੱਕੀਆਂ ਸੜਕਾਂ ਦੀ ਸ਼ਹਿਰਾਂ ਦੇ ਵਿਚ ਲੱਭਦਾ ਫਿਰਨਾਂ ਮੈਂ ਰੁੱਖਾਂ ਦੀਆਂ ਛਾਵਾਂ ਨੂੰ ਸਾਹਵਾਂ ਦੇ ਕੱਖ ਜੋੜ ਕੇ ਤੇਰੀ ਯਾਦ ਦੀ ਕੁੱਲੀ ਪਾ ਲਈ ਏ ਕੀ ਹੋਇਆ ਜੇ ਝਾਗ ਨਹੀਂ ਸਕਿਆ ਦੂਰੀ ਦੇ ਦਰਿਆਵਾਂ ਨੂੰ ਜਿਸ ਨੂੰ ‘ਰਊਫ਼’ ਉਡੀਕ ਰਿਹਾ ਵਾਂ ਓਸ ਕਦੀ ਵੀ ਆਉਣਾ ਨਹੀਂ ਫਿਰ ਕਿਉਂ ਬੂਹੇ ਖੁੱਲ੍ਹੇ ਰਖਨਾਂ ਚੂਰੀਆਂ ਪਾਨਾਂ ਕਾਵਾਂ ਨੂੰ

ਧਰਤੀ ਨਾਲ ਵਫ਼ਾ ਦਾ ਅਜ਼ਲੀ ਰਿਸ਼ਤਾ

ਧਰਤੀ ਨਾਲ ਵਫ਼ਾ ਦਾ ਅਜ਼ਲੀ ਰਿਸ਼ਤਾ ਭੁੱਲ ਗਿਆ ਹੜ੍ਹ ਆਇਆ ਤੇ ਦਰਿਆ ਅਪਣਾ ਕੰਢਾ ਭੁੱਲ ਗਿਆ ਨਵੀਂ ਸਵੇਰ ਦਾ ਚਾਨਣ ਹੱਡੀਆਂ ਵਿਚ ਆ ਰਚਿਆ ਜੋ ਕੁਝ ਕਲ੍ਹ ਹੋਇਆ ਸੀ ਉਹ ਅੱਜ ਸਾਰਾ ਭੁੱਲ ਗਿਆ ਏਸ ਦੌਰ ਦੇ ਬੰਦੇ ਏਨੇ ਚਿਹਰੇ ਬਦਲੇ ਹੁਣ ਤੇ ਇਹਨੂੰ ਅਪਣਾ ਅਸਲੀ ਚਿਹਰਾ ਭੁੱਲ ਗਿਆ ਰੌਸ਼ਨੀਆਂ ਦੀਆਂ ਆਦੀ ਅੱਖੀਆਂ ਬੁਝ ਜਾਣਾ ਏਂ ਕਿਸੇ ਸਵੇਰ ਨੂੰ ਜੇਕਰ ਸੂਰਜ ਚੜ੍ਹਨਾ ਭੁੱਲ ਗਿਆ ਗ਼ਰਜ਼ਾਂ ਦੀ ਯਾਰੀ ਤੋਂ ਵੱਡਾ ਕਿਹੜਾ ਰਿਸ਼ਤਾ ਮਤਲਬ ਦੇ ਚੱਕਰ ਵਿਚ ਮਾਂ ਨੂੰ ਬੱਚਾ ਭੁੱਲ ਗਿਆ ਹਰ ਪਾਸੇ ਨੇ ਟੁੱਟੇ ਭੱਜੇ ਪੱਥਰ ਚਿਹਰੇ ਸੋਚਾਂ ਦੀ ਨਗਰੀ ਵਿਚ ਆ ਕੇ ਹਾਸਾ ਭੁੱਲ ਗਿਆ ਇੰਜ ਲਗਦੈ ਜਿਉਂ ਅਰਸ਼ 'ਤੇ ਵੀ ਏ ਅਫ਼ਰਾ-ਤਫ਼ਰੀ ਰੱਬ ਨੂੰ ਅਪਣਾ ਘੱਲਿਆ ਹੋਇਆ ਬੰਦਾ ਭੁੱਲ ਗਿਆ ਪੱਥਰਾਂ ਨੂੰ ਸੂਰਤ ਬਖ਼ਸ਼ੀ ਏ ਓਹਦੇ ਫ਼ਨ ਨੇ ਅਪਣੇ ਵਰਗਾ ਹੋਰ ਕੋਈ ਬੁੱਤ ਘੜਨਾ ਭੁੱਲ ਗਿਆ ਇੰਜ ਗਵਾਚੇ ਨੇ ਦੁਨੀਆ ਦੀਆਂ ਭੀੜਾਂ ਦੇ ਵਿਚ ‘ਰਊਫ਼’ ਹੋਰਾਂ ਨੂੰ ਅਪਣੇ ਘਰ ਦਾ ਰਸਤਾ ਭੁੱਲ ਗਿਆ

ਬੰਦਿਆਂ ਚੁੱਪ ਦੇ ਰੋਜ਼ੇ ਰੱਖੇ

ਬੰਦਿਆਂ ਚੁੱਪ ਦੇ ਰੋਜ਼ੇ ਰੱਖੇ ਕੰਧਾਂ ਕੋਠੇ ਬੋਲੇ ਨੇ ਲਫ਼ਜ਼ਾਂ ਨੇ ਅਪਣੇ ਪਰਛਾਵੇਂ ਗਲ਼ੀ-ਗਲ਼ੀ ਵਿਚ ਟੋਲੇ ਨੇ ਅਪਣੇ ਤੋਂ ਅੱਗੇ ਲੰਘਣ ਦੀ ਸੱਧਰ ਪੂਰੀ ਹੁੰਦੀ ਨਹੀਂ ਕਿੰਨੀ ਵਾਰ ਮੈਂ ਬੇਖ਼ਬਰੀ ਵਿਚ ਅਪਣੇ ਪੈਰ ਮਧੋਲ਼ੇ ਨੇ ਸਜਣਾਪੇ ਦੇ ਉਹਲੇ ਜਿਹੜੀ ਬੀਤੀ ਏ ਉਹ ਏਨੀ ਏ ਜਿਹਨਾਂ ਨੇ ਕਲ੍ਹ ਸ਼ਹਿ ਦਿੱਤੀ ਸੀ ਓਹੀ ਅੱਜ ਵਿਚੋਲੇ ਨੇ ਲੱਭਿਆਂ ਵੀ ਹੁਣ ਬਾਤਿਨ1 ਵਰਗਾ ਜ਼ਾਹਿਰ2 ਕਿਧਰੇ ਲੱਭਦਾ ਨਹੀਂ ਅੰਦਰੋਂ ਜਿੰਨੇ ਸਖ਼ਤ ਨੇ ਲੋਕੀ ਬਾਹਰੋਂ ਓਨੇ ਪੋਲੇ ਨੇ ਮੇਰੇ ਨਾਲ ਹਵਾਵਾਂ ਹੁਣ ਤਕ ਕੋਈ ਸਾਜ਼ਸ਼ ਵੀ ਕੀਤੀ ਨਹੀਂ ਰਾਹਵਾਂ ਵਿਚ ਗੱਡੇ ਹੋਏ ਪੱਥਰ ਖੌਰੇ ਕਿਸ ਤੋਂ ਡੋਲੇ ਨੇ ਬੇਕਦਰੀ ਦੇ ਇਸ ਤੂਫ਼ਾਨ ਨੂੰ ਡੱਕਾ ਕਿਸ ਨੇ ਲਾਣਾ ਏ ਹੀਰਿਆਂ ਵਰਗੇ ਬੰਦੇ ਜਿਸ ਨੇ ਗਲ਼ੀਆਂ ਦੇ ਵਿਚ ਰੋਲ਼ੇ ਨੇ ਬੇਕਦਰੀ, ਬੇਹਿੱਸੀ, ਮਤਲਬ, ਨਫ਼ਸਾ ਨਫ਼ਸੀ3, ਸੰਗਦਿਲੀ ਏਸ ਦੌਰ ਨੇ ਕਿਹੜੇ-ਕਿਹੜੇ ਜ਼ਹਿਰ ਫ਼ਜ਼ਾ ਵਿਚ ਘੋਲ਼ੇ ਨੇ ਹਾਲੀ ਤਕ ਉਹ ਤਰਸ ਰਹੇ ਨੇ ਚਾਨਣ ਦੇ ਇਕ ਨੁਕਤੇ ਨੂੰ ਨਵੀਂ ਸਵੇਰ ਦੇ ਚਾਅ ਵਿਚ ਜਿਹਨਾਂ ਘਰ ਦੇ ਬੂਹੇ ਖੋਲ੍ਹੇ ਨੇ ਮਤਲਬ ਦੇ ਕਫ਼ਨਾਂ ਵਿਚ ਜਿੱਥੇ ਜਿਸਮ ਲੁਕਾ ਲਏ ਲੋਕਾਂ ਨੇ ਓਥੇ ਪਿਆਰ ਦੀ ਦੌਲਤ ਢੂੰਡਣ ‘ਰਊਫ਼’ ਹੋਰੀਂ ਤੇ ਭੋਲ਼ੇ ਨੇ 1. ਬਾਤਿਨ-ਅੰਦਰੂਨੀ 2. ਜ਼ਾਹਿਰ-ਬਾਹਰੀ 3. ਨਫ਼ਸਾ-ਨਫ਼ਸੀ-ਵਿਕਾਰ, ਵਾਸ਼ਨਾਵਾਂ

ਅੱਖੀਆਂ ਵਿਚ ਉਡੀਕਾਂ ਦਿਲ ਵਿਚ ਹਸਰਤ

ਅੱਖੀਆਂ ਵਿਚ ਉਡੀਕਾਂ ਦਿਲ ਵਿਚ ਹਸਰਤ ਰਹਿ ਗਈ ਏ ਸਿਰਫ਼ ਖ਼ਿਆਲਾਂ ਤਕ ਹੁਣ ਉਹਦੀ ਸੰਗਤ ਰਹਿ ਗਈ ਏ ਉਹਦਾ ਲਹਿਜਾ ਵੀ ਭੁੱਲਿਆ ਏ ਨਾਂ ਵੀ ਯਾਦ ਨਹੀਂ ਜ਼ਿਹਨ ਦੇ ਪਰਦੇ 'ਤੇ ਬਸ ਉਹਦੀ ਸੂਰਤ ਰਹਿ ਗਈ ਏ ਜਾਵਣ ਵਾਲ਼ੇ ਇਕ ਵਾਰੀ ਵੀ ਮੁੜ ਕੇ ਤੱਕਿਆ ਨਹੀਂ ਮੇਰੀ ਰਾਹ ਦੀਆਂ ਧੂੜਾਂ ਨਾਲ ਹੁਣ ਨਿਸਬਤ ਰਹਿ ਗਈ ਏ ਹਸਰਤ ਦੇ ਨਾਲ ਕਿਉਂ ਨਾ ਦੇਖੇ ਦੂਰੋਂ ਕੰਢਿਆਂ ਨੂੰ ਅਧਵਿਚਕਾਰੇ ਜਾ ਕੇ ਜਿਸ ਦੀ ਹਿੰਮਤ ਰਹਿ ਗਈ ਏ ਭਾਂਡੇ ਵਿੱਚੋਂ ਖ਼ਾਲੀ ਉੱਤੋਂ ਲਿਸ਼ਕੇ ਪੁਸ਼ਕੇ ਨੇ ਫੁੱਲਾਂ ਵਿੱਚੋਂ ਖ਼ੁਸ਼ਬੂ ਉੱਡੀ ਰੰਗਤ ਰਹਿ ਗਈ ਏ ਛੱਤ ਚੋਂਦੀ ਏ ਕੰਧਾਂ ਖੁਰੀਆਂ ਬੂਹੇ ਭੁਰ ਗਏ ਨੇ ਏਸ ਮਕਾਨ ਦੀ ਕਿਹੜੀ ਸ਼ੈਅ ਹੁਣ ਸਾਬਤ ਰਹਿ ਗਈ ਏ ਪਿਆਰ ਖ਼ਲੂਸ ਨੂੰ ਪਰਖਣ ਵਾਲ਼ੀ ਅੱਖ ਕੋਈ ਲੱਭਦੀ ਨਹੀਂ ਕਦਰ ਜ਼ਮਾਨੇ ਵਿਚ ਬਸ ਇੱਕੋ ਦੌਲਤ ਰਹਿ ਗਈ ਏ ਵਿਕ ਜਾਂਦਾ ਏ ਝੂਠੇ ਪਿਆਰ ਦੇ ਝੂਠੇ ਬੋਲਾਂ ਤੋਂ ਏਸ ਦੌਰ ਵਿਚ ਬੰਦੇ ਦੀ ਕਿਆ ਕੀਮਤ ਰਹਿ ਗਈ ਏ ਓਹਦੇ ਵਰਗਾ ਕਿਸਮਤ ਵਾਲ਼ਾ ਕਿਹੜਾ ਹੋਣਾ ਏ ‘ਰਊਫ਼’ ਬੇਕਦਰੇ ਜੱਗ ਵਿਚ ਜਿਸ ਦੀ ਇੱਜ਼ਤ ਰਹਿ ਗਈ ਏ

ਬਹੁਤਾ ਮਾਣ ਵੀ ਲੈ ਡੁੱਬਿਆ ਏ

ਬਹੁਤਾ ਮਾਣ ਵੀ ਲੈ ਡੁੱਬਿਆ ਏ ਤਾਰਿਆਂ ਅੰਬਰੀਂ ਚੜ੍ਹਿਆਂ ਨੂੰ ਟੀਸੀਆਂ ਉੱਤੋਂ ਲਾਹ ਲੈਂਦਾ ਏ ਵੇਲਾ ਬੜਿਆਂ-ਬੜਿਆਂ ਨੂੰ ਅਪਣੀ ਜ਼ਾਤ ਨਿਸ਼ਾਵਰ ਕਰਨ ਦੇ ਸਾਰੇ ਝਗੜੇ ਝਾਂਜੇ ਨੇ ਮੋਢਿਆਂ ਉੱਤੇ ਚੁੱਕ ਕੇ ਫਿਰੀਏ ਭਾਵੇਂ ਕਿਹੜਿਆਂ ਧੜਿਆਂ ਨੂੰ ਉਹਨਾਂ ਦੇ ਮੁੜ ਹਰਿਆਂ ਹੋਣ ਦੀ ਕਿਸੇ ਜ਼ਮਾਨਤ ਦੇਣੀ ਨਹੀਂ ਰੁੱਖਾਂ ਦੇ ਨਾਲ ਲੱਖ ਕੋਈ ਜੋੜੇ ਪਰਤ ਕੇ ਪੱਤਰਾਂ ਝੜਿਆਂ ਨੂੰ ਸੰਗਤ ਦੇ ਮੇਵੇ ਨੂੰ ਖਾ ਕੇ ਵੀ ਪਛਤਾਣਾ ਪੈਂਦਾ ਏ ਕਿਸੇ ਨੇ ਵੀ ਇਹ ਮੱਤ ਦੀ ਗੱਲ ਨਹੀਂ ਦਿੱਤੀ ਅੱਜ ਤਕ ਛੜਿਆਂ ਨੂੰ ਮੰਜ਼ਿਲ ਤੇ ਰਸਤੇ ਦਾ ਰਿਸ਼ਤਾ ਅੱਜ ਵੀ ਪੱਕਾ ਰਿਸ਼ਤਾ ਏ ਨਵਾਂ ਦੌਰ ਵੀ ਬੂਹਿਆਂ ਤੋਂ ਵੱਖ ਕਰ ਨਹੀਂ ਸਕਿਆ ਥੜ੍ਹਿਆਂ ਨੂੰ ਪਾਣੀਆਂ ਕੋਲ਼ੋਂ ਵੀ ਡਰਦੇ ਰਹੇ ਡੰਗੇ ਹੋਏ ਸਰਾਬਾਂ1 ਦੇ ਸ਼ਾਮ ਵੀ ਅੱਗਾਂ ਵੰਡਦੀ ਜਾਪੀ ਸਿਖਰ ਦੁਪਹਿਰੇ ਸੜਿਆਂ ਨੂੰ ਅਪਣੇ ਅੱਥਰੂ ਡੱਕ ਨਹੀਂ ਸਕਿਆ ਅੰਬਰ ਸੁਹਲ ਜ਼ਮਾਨੇ ਦਾ ਧਰਤੀ ਦੇ ਜੇਰੇ ਨੇ ਲਾਇਆ ਸੀਨੇ ਦੇ ਨਾਲ ਗੜਿਆਂ ਨੂੰ ਜਿਹਨਾਂ ਦੇ ਨਾਲ ਵਰਤਣ ਓਹੋ ਜਾਨਣ ਪੀੜਾਂ ਰੋਗ ਦੀਆਂ ਡੂੰਘਿਆਈਆਂ ਦਾ ਕੀ ਅੰਦਾਜ਼ਾ ਕੰਢਿਆਂ ਉੱਤੋਂ ਖੜ੍ਹਿਆਂ ਨੂੰ ਕੁਝ ਲਮ੍ਹਿਆਂ ਲਈ ਬਣ ਜਾਣ ਖ਼ੌਰੇ ‘ਰਊਫ਼’ ਸਹਾਰੇ ਸਾਹਵਾਂ ਦੇ ਇਸ ਲਈ ਸੀਨੇ ਲਾ ਕੇ ਰੱਖਿਐ ਮੈਂ ਮਿੱਟੀ ਦਿਆਂ ਘੜਿਆਂ ਨੂੰ 1. ਸਰਾਬ-ਮ੍ਰਿਗ ਤ੍ਰਿਸ਼ਨਾ

ਮੇਰੇ ਇਕਲਾਪੇ ਦੇ ਦੁੱਖ ਨੂੰ ਖ਼ੌਰੇ

ਮੇਰੇ ਇਕਲਾਪੇ ਦੇ ਦੁੱਖ ਨੂੰ ਖ਼ੌਰੇ ਕਿੰਜ ਪਛਾਣ ਗਿਆ ਮੈਂ ਜਿਹੜੇ ਵੀ ਸ਼ਹਿਰ ਗਿਆ ਵਾਂ ਮੇਰੇ ਨਾਲ ਅਸਮਾਨ ਗਿਆ ਹਰ ਸੂਰਤ ਵਿਚ ਸ਼ੱਕ ਦੀ ਇਕ ਤਸਵੀਰ ਲੁਕੀ ਹੋਈ ਜਾਪੀ ਏ ਜਿਸ ਦੀ ਏਥੇ ਚੀਜ਼ ਗਵਾਚੀ ਉਹਦਾ ਨਾਲ ਈਮਾਨ ਗਿਆ ਅਪਣੇ ਗੁਣ ਦੱਸਣ ਦੇ ਸ਼ੌਕ ਨੇ ਤੋੜਿਆ ਤਾਅਲੁਕ ਜਿਸਮਾਂ ਦਾ ਆਪ ਮੁਹਾਰੀਆਂ ਛੱਤਾਂ ਹੋਈਆਂ ਦੀਵਾਰਾਂ ਦਾ ਮਾਣ ਗਿਆ ਪੱਗਾਂ 'ਤੇ ਹੱਥ ਧਰ ਕੇ ਲੋਕੀ ਉੱਚੀਆਂ ਮਾੜੀਆਂ ਵਿਹੰਦੇ ਨੇ ਡਿੱਗੀਆਂ ਹੋਈਆਂ ਕੰਧਾਂ ਵੱਲ ਨਹੀਂ ਕਦੀ ਕਿਸੇ ਦਾ ਧਿਆਨ ਗਿਆ ਖ਼ੁਦਗ਼ਰਜ਼ੀ ਦੇ ਅੰਨ੍ਹੇ ਖੂਹ ਵਿਚ ਮੇਰੇ ਸਾਕ ਗਵਾਚੇ ਨੇ ਅਪਣੇ ਘਰ ਵੀ ਇੰਜ ਗਿਆ ਵਾਂ ਜਿਸਰਾਂ ਕੋਈ ਮਹਿਮਾਨ ਗਿਆ ਭਾਵੇਂ ਕੁਝ ਸਮਝੇ ਪਈ ਦੁਨੀਆ ਅਸਾਂ ਤੇ ਦਿਲ ਦੀ ਮੰਨੀ ਏ ਅਸਾਂ ਤੇ ਉਹਦਾ ਸਾਥ ਨਹੀਂ ਦਿੱਤਾ ਜਿਸ ਦੇ ਨਾਲ ਜਹਾਨ ਗਿਆ ਗ਼ਰਜ਼ ਦੀ ਨੀਂਹ 'ਤੇ ਉਸਰਨ ਵਾਲ਼ੀ ਕੰਧ ਦਾ ਸਾਇਆ ਹੁੰਦਾ ਨਹੀਂ ਰੇਤ ਦੇ ਉੱਤੇ ਉਘੜਨ ਵਾਲ਼ਾ ਪਲ ਦੇ ਵਿਚ ਨਿਸ਼ਾਨ ਗਿਆ ਉਦੋਂ ਤਕ ਨਿਭਦੀ ਰਹੀ ਸੰਗਤ ਜਦ ਤਕ ਅਸੀਂ ਨਿਮਾਣੇ ਰਹੇ ਸਾਡੇ ਸਿਰ ਚੁੱਕਣ ਦੀ ਦੇਰ ਸੀ ਯਾਰੀ ਦਾ ਇਮਕਾਨ1 ਗਿਆ ‘ਰਊਫ਼’ ਦੀ ਸੁਹਲ ਹਿਆਤੀ ਨੂੰ ਜਿਸ ਦੁੱਖਾਂ ਦੇ ਵੱਸ ਪਾਇਆ ਸੀ ਉਸ ਨੂੰ ਹਸਦਾ ਦੇਖ ਕੇ ਹੁਣ ਤੇ ਉਹ ਵੀ ਹੋ ਹੈਰਾਨ ਗਿਆ 1. ਇਮਕਾਨ-ਉਮੀਦ

ਤੂਫ਼ਾਨਾਂ ਵਿਚ ਤੱਕਿਆ ਮੈ

ਤੂਫ਼ਾਨਾਂ ਵਿਚ ਤੱਕਿਆ ਮੈਨੂੰ ਬੇੜੀ ਜਦੋਂ ਉਤਾਰਦਿਆਂ ‘ਜੀ ਆਇਆਂ ਨੂੰ’ ਆਖਿਆ ਮੈਨੂੰ ਕੁਝ ਲੋਕਾਂ ਮੰਝਧਾਰ ਦਿਆਂ ਡਿੱਗਣ ਲੱਗਿਆਂ ਇਕ ਪਲ ਦੇ ਵਿਚ ਢਹਿ ਕੇ ਢੇਰੀ ਹੋ ਗਈ ਏ ਮੁੱਦਤਾਂ ਲੱਗੀਆਂ ਇਸ ਧਰਤੀ 'ਤੇ ਜਿਹੜੀ ਕੰਧ ਉਸਾਰ ਦਿਆਂ ਇੱਕੋ ਜਿਹੇ ਨੇ ਜ਼ਖ਼ਮੀ ਚਿਹਰੇ ਐਥੋਂ ਦੇ ਸਭ ਲੋਕਾਂ ਦੇ ਤੈਨੂੰ ਅਪਣੀ ਸੂਰਤ ਦਿੱਸੇ ਜੇ ਮੈਂ ਖੋਲ ਉਤਾਰ ਦਿਆਂ ਦਿਨ ਉਘੜੇ ਤੇ ਚਾਨਣ ਡੰਗੇ ਸ਼ਾਮ ਨੂੰ ਕਾਲਖ਼ ਖਾਂਦੀ ਏ ਏਸ ਤਰ੍ਹਾਂ ਦੇ ਧੋਖੇ ਦਿੱਤੇ ਕੁਝ ਲੋਕਾਂ ਸੰਸਾਰ ਦਿਆਂ ਮੇਰੀ ਖ਼ੁਦਗ਼ਰਜ਼ੀ ਨੇ ਅੱਜ ਤਕ ਏਹਦੇ ਲਈ ਕੁਝ ਕੀਤਾ ਨਹੀਂ ਸਦੀਆਂ ਹੋਈਆਂ ਇਸ ਧਰਤੀ ਨੂੰ ਮੇਰਾ ਭਾਰ ਸਹਾਰਦਿਆਂ ਮੇਰੇ ਅੰਦਰ ਖ਼ੌਫ਼ ਦਾ ਲਾਵਾ ਅੱਖ ਅੱਗੇ ਪਰਛਾਵੇਂ ਨੇ ਗੁੰਗਿਆਂ ਬੋਲ਼ਿਆਂ ਲੋਕਾਂ ਵਾਂਗੂੰ ਕਿਸਰਾਂ ਉਮਰ ਗੁਜ਼ਾਰ ਦਿਆਂ ਉਹਨੇ ਵੀ ਅੱਜ ਇਸਰਾਂ ਤੱਕਿਐ ਜਿਸਰਾਂ ਮੇਰਾ ਜਾਣੂ ਨਹੀਂ ਅਪਣੀ ਜ਼ਾਤ ਗੰਵਾ ਲਈ ਏ ਮੈਂ ਜਿਸ ਦਾ ਰੂਪ ਸੰਵਾਰਦਿਆਂ ਫ਼ਜਰਾਂ ਦੇ ਤਾਰੇ ਦੀ ਖ਼ੌਰੇ ਆਸ ਕਦੋਂ ਤਕ ਰਹਿਣੀ ਏ ਉਮਰਾਂ ਹੋਈਆਂ ਨ੍ਹੇਰੇ ਘਰ ਵਿਚ ਲੰਮੀ ਰਾਤ ਗੁਜ਼ਾਰਦਿਆਂ ‘ਰਊਫ਼’ ਜੇ ਅੱਜ ਤੂੰ ਵਾਅਦਾ ਕਰ ਲਏਂ ਮੇਰਾ ਸਾਥ ਨਿਭਾਵਣ ਦਾ ਤੇਰੇ ਇੱਕ ਇਸ਼ਾਰੇ ਤੇ ਮੈਂ ਜਿੱਤੀ ਬਾਜ਼ੀ ਹਾਰ ਦਿਆਂ

ਅੱਜ ਦੇ ਸੂਰਜ ਸ਼ਹਿਰਾਂ ਦੇ ਵਿਚ

ਅੱਜ ਦੇ ਸੂਰਜ ਸ਼ਹਿਰਾਂ ਦੇ ਵਿਚ ਇਸਰਾਂ ਲੋਅ ਵਰਤਾਈ ਏ ਘਰ ਦੇ ਅੰਦਰ ਘੁੱਪ ਹਨੇਰਾ ਸੜਕਾਂ 'ਤੇ ਰੁਸ਼ਨਾਈ ਏ ਵੱਡਿਆਂ ਲੋਕਾਂ ਦੀ ਯਾਰੀ ਦਾ ਬਹੁਤਾ ਮਾਣ ਕਰੀ ਦਾ ਨਹੀਂ ਉੱਚਿਆਂ ਰੁੱਖਾਂ ਦਾ ਪਰਛਾਵਾਂ ਲਮ੍ਹਿਆਂ ਦੀ ਸੱਜਣਾਈ ਏ ਇਕ ਵਾਰੀ ਫਿਰ ਬਚਿਆ ਵਾਂ ਮੈਂ ਅੱਖਰਾਂ ਦੀ ਮੁਹਤਾਜੀ ਤੋਂ ਮੇਰੀ ਬੀਤੀ ਮੇਰੇ ਘਰ ਦੀਆਂ ਕੰਧਾਂ ਨੇ ਦੁਹਰਾਈ ਏ ਸੱਚ ਕੌੜਾ ਏ ਜਾਂ ਮਿੱਠਾ ਏ ਕਿਸੇ ਵੀ ਚੱਖ ਕੇ ਡਿੱਠਾ ਨਹੀਂ ਮੇਰੇ ਦੌਰ ਨੇ ਅਪਣੀ ਜੀਭ 'ਤੇ ਝੂਠ ਦੀ ਪਾਣ ਚੜ੍ਹਾਈ ਏ ਫਿਰ ਇਕ ਤਾਰਾ ਅੰਬਰੋਂ ਟੁੱਟ ਕੇ ਧਰਤੀ ਦੇ ਵਲ ਆਇਆ ਏ ਫਿਰ ਅੱਜ ਮੇਰੀਆਂ ਅੱਖੀਆਂ ਅੱਗੇ ਕਾਲਖ਼ ਜਿਹੀ ਲਹਿਰਾਈ ਏ ਮੇਰਿਆਂ ਹੱਥਾਂ ਉੱਤੇ ਮੇਰੇ ਅਪਣੇ ਲਹੂ ਦੀ ਸੁਰਖ਼ੀ ਏ ਕੀ ਹੋਇਆ ਜੇ ਮੇਰੇ ਜ਼ਿਹਨ ਦੇ ਪਿੱਛੇ ਸੋਚ ਪਰਾਈ ਏ ਜਿਹੜੀ ਸਦਾ ਮੁਕੱਦਰ ਬਣ ਕੇ ਮੇਰਾ ਸਾਥ ਨਿਭਾਂਦੀ ਰਹੀ ਉਹ ਕਾਲਖ਼ ਵੀ ਅੱਜ ਮੇਰੇ ਵੱਲ ਆਉਂਦੀ ਹੋਈ ਘਬਰਾਈ ਏ ਜਿਸ ਨੂੰ ਸਾਰੇ ਸ਼ਹਿਰ 'ਚ ਕਿਧਰੇ ਹੋਰ ਠਿਕਾਣਾ ਲੱਭਿਆ ਨਹੀਂ ਉਸ ਅਣਹੋਣੀ ਮੇਰੇ ਘਰ ਦੀ ਆ ਕੁੰਡੀ ਖੜਕਾਈ ਏ ਦਿਲ ਦੀ ਧੜਕਣ ‘ਰਊਫ਼' ਅਜੇ ਤਕ ਉਹਦੀਆਂ ਆਸਾਂ ਲਾਈਆਂ ਨੇ ਜਿਸ ਦਾ ਰਸਤਾ ਤੱਕਦਿਆਂ-ਤੱਕਦਿਆਂ ਮੇਰੀ ਅੱਖ ਪਥਰਾਈ ਏ

ਬਚਿਆ ਏ ਕਿਹੜੇ ਰੋਜ਼ ਦਾ ਸੂਰਜ

ਬਚਿਆ ਏ ਕਿਹੜੇ ਰੋਜ਼ ਦਾ ਸੂਰਜ ਜ਼ਵਾਲ ਤੋਂ ਮੈਨੂੰ ਖ਼ੌਫ਼ ਆਉਂਦਾ ਏ ਅਪਣੇ ਕਮਾਲ ਤੋਂ ਅੱਖੀਆਂ ਨੂੰ ਉਹਦੀ ਸ਼ਕਲ ਵੀ ਲੱਗਦੀ ਏ ਓਪਰੀ ਪਿੱਛਾ ਛੁਡਾ ਸਕਾਂ ਨਾ ਮੈਂ ਜਿਸ ਦੇ ਖ਼ਿਆਲ ਤੋਂ ਮੈਂ ਜ਼ਿਹਨ ਦੇ ਸਵਾਲ ਨੂੰ ਚਿਹਰੇ 'ਤੇ ਲਿਖ ਲਿਆ ਘਬਰਾ ਗਿਆ ਸਾਂ ਮੈਂ ਜਦੋ ਲਫ਼ਜ਼ਾਂ ਦੇ ਕਾਲ ਤੋਂ ਜੋ ਆਉਂਦੀਆਂ ਨੇ ਕੋਲ਼ ਉਹ ਖ਼ੁਸ਼ੀਆਂ ਸਮੇਟ ਲੈ ਝੋਲ਼ੀ ਕਿਸੇ ਦੀ ਖ਼ਾਲੀ ਨਹੀਂ ਜੱਗ ਵਿਚ ਮਲਾਲ ਤੋਂ ਮੇਰਾ ਸਲੂਕ ਦੇਖ ਕੇ ਕਦਮਾਂ 'ਚ ਆ ਪਈ ਉਹ ਕੰਧ ਜਿਹੜੀ ਢਹਿ ਨਾ ਸਕੀ ਸੀ ਭੁਚਾਲ਼ ਤੋਂ ਉਹਨੇ ਲਿਬਾਸ ਪਾ ਲਿਆ ਭਾਵੇਂ ਫ਼ਰੇਬ ਦਾ ਫਿਰ ਵੀ ਗਿਆ ਪਛਾਣਿਆ ਅਪਣੇ ਸਵਾਲ ਤੋਂ ਝੱਖੜਾਂ ਨੇ ਰਹਿਣ ਦਿੱਤਾ ਨਾ ਪੱਤਾ ਵੀ ਪੇੜ 'ਤੇ ਪਰ ਬੇਪਰਾ ਪਖੇਰੂ 'ਤੇ ਡਿੱਗਿਆ ਨਾ ਡਾਲ ਤੋਂ ਉਹਨਾਂ ਨੇ ਏਸ ਦੌਰ ਦੀ ਅਜ਼ਮਤ ਖ਼ਰੀਦ ਲਈ ਮਾਜ਼ੀ ਦਾ ਜ਼ੰਗ ਲਾਹ ਲਿਆ ਜਿਹਨਾਂ ਨੇ ਹਾਲ ਤੋਂ ਯਾਰੀ ਦੇ ਨਾਂ ’ਤੇ ‘ਰਊਫ਼ ਨੇ ਖਾਧਾ ਏ ਮੁੜ ਫ਼ਰੇਬ ਜਾਣੂ ਸੀ ਉਂਜ ਤੇ ਖ਼ਚਰੇ ਜ਼ਮਾਨੇ ਦੀ ਚਾਲ ਤੋਂ

ਝੂਠਾਂ ਓਹਲੇ ਓਦੋਂ ਤਕ ਸੱਚਾਈਆਂ

ਝੂਠਾਂ ਓਹਲੇ ਓਦੋਂ ਤਕ ਸੱਚਾਈਆਂ ਲੁਕੀਆਂ ਰਹਿਣਗੀਆਂ ਲੋੜਾਂ ਅੱਗੇ ਜਦ ਤਕ ਸਾਡੀਆਂ ਧੌਣਾਂ ਝੁਕੀਆਂ ਰਹਿਣਗੀਆਂ ਕਿੰਨਾ ਕੁ ਚਿਰ ਲੋਕ ਹਿਆਤੀ ਕੈਦੀ ਬਣ ਕੇ ਕੱਟਣਗੇ ਕਿੰਨਾ ਕੁ ਚਿਰ ਅੱਖੀਆਂ ਅੰਨ੍ਹੀਆਂ ਜੀਭਾਂ ਟੁੱਕੀਆਂ ਰਹਿਣਗੀਆਂ ਮਹਿਲਾਂ ਵਾਲ਼ੇ ਵੰਡੀਆਂ ਪਾਣਗੇ ਝੁੱਗੀਆਂ ਵਾਲ਼ੇ ਸਹਿਕਣਗੇ ਦਰਿਆਵਾਂ ਵਿਚ ਹੜ੍ਹ ਆਵਣਗੇ ਨਹਿਰਾਂ ਸੁੱਕੀਆਂ ਰਹਿਣਗੀਆਂ ਰੁੱਤਾਂ ਦੇ ਬਦਲਣ ਦਾ ਓੜਕ ਅਸਰ ਇਨ੍ਹਾਂ 'ਤੇ ਹੋਣਾ ਏ ਇੱਕੋਂ ਟੇਸ਼ਣ 'ਤੇ ਕਦ ਤੀਕਰ ਗੱਡੀਆਂ ਰੁਕੀਆਂ ਰਹਿਣਗੀਆਂ ਸੂਰਜ ਦੇ ਹੱਥ ਵਿੱਚ ਦੀਵਾ ਲੈ ਕੇ ਚਾਨਣ ਲੱਭਣ ਆਵੇਗਾ ਘਰ ਦੇ ਵਿੱਚੋਂ ਲੋੜ ਦੀਆਂ ਸਭ ਚੀਜ਼ਾਂ ਮੁੱਕੀਆਂ ਰਹਿਣਗੀਆਂ ਨੀਵੀਂਆਂ ਡਾਲੀਆਂ ਨੂੰ ਫਲ ਲਗਦੇ ਸੱਚ ਏ ਪਰ ਇੰਜ ਹੋਵੇਗਾ ਮੇਵੇ ਲੋਕੀ ਲੈ ਜਾਣਗੇ ਸ਼ਾਖ਼ਾਂ ਝੁੱਕੀਆਂ ਰਹਿਣਗੀਆਂ ਜੇਕਰ ਰੀਤ ਅਸਾਂ ਨਾ ਤੋੜੀ ਖੇਡਾਂ ਵਿਚ ਬੇਈਮਾਨੀ ਦੀ ਉਹਨਾਂ ਦੇ ਕੋਲ਼ ਯੱਕੇ ਸਾਡੇ ਹੱਥ ਵਿਚ ਦੁੱਕੀਆਂ ਰਹਿਣਗੀਆਂ ਜੇ ਅੱਖੀਆਂ ਪਹਿਚਾਣ ਨਾ ਕੀਤੀ ਅਪਣੇ ਆਲ ਦੁਆਲ਼ੇ ਦੀ ਪਹਿਲੇ ਪੈਰ ਤੋਂ ਮੰਜ਼ਿਲ ਤੋੜੀ ‘ਰਊਫ਼’ ਥਿੱੜਕੀਆਂ ਰਹਿਣਗੀਆਂ

ਅਫ਼ਰਾ-ਤਫ਼ਰੀ ਨੇ ਡੰਗਿਆ ਏ ਇਸਰਾਂ

ਅਫ਼ਰਾ-ਤਫ਼ਰੀ ਨੇ ਡੰਗਿਆ ਏ ਇਸਰਾਂ ਚੈਨ ਇਨਸਾਨਾਂ ਦਾ ਇਕ ਦੂਜੇ ਨਾਲ ਬਾਕੀ ਰਹਿ ਗਿਆ ਰਿਸ਼ਤਾ ਸਿਰਫ਼ ਜ਼ੁਬਾਨਾਂ ਦਾ ਵੇਲ਼ੇ ਦੇ ਅੱਥਰੇ ਦਰਿਆ ਵਿਚ ਉਹਨਾਂ ਵੀ ਰੁੜ੍ਹ ਜਾਣਾ ਏਂ ਦੂਰ ਖਲੋ ਕੇ ਵੇਖ ਰਹੇ ਨੇ ਜਿਹੜੇ ਰੁਖ਼ ਤੂਫ਼ਾਨਾਂ ਦਾ ਨਸ਼ਿਆਂ ਦੀ ਬੁੱਕਲ ਵਿਚ ਲੁਕੀਏ ਕਿਉਂ ਅਪਣੇ ਪਰਛਾਵੇਂ ਤੋਂ ਕਦੀ ਵੀ ਮਗਰੋਂ ਲਹਿ ਨਹੀਂ ਸਕਣਾ ਜੇ ਸਾਇਆ ਅਸਮਾਨਾਂ ਦਾ ਇੱਕੋ ਜਿਹੇ ਨੇ ਹਰ ਥਾਂ ਰੌਲ਼ੇ ਬੋਲੀਆਂ, ਰੰਗਾਂ, ਨਸਲਾਂ ਦੇ ਮੁੱਕਦਾ ਪੰਧ ਨਜ਼ਰ ਨਹੀਂ ਆਉਂਦਾ ਜ਼ਾਤ ਦੀਆਂ ਪਹਿਚਾਣਾਂ ਦਾ ਸਾਹਵਾਂ ਦੇ ਨਾਲ ਰੋਗ ਬਥੇਰੇ ਖ਼ਾਬਾਂ ਦੇ ਤਾਬੀਰਾਂ ਦੇ ਜੇਕਰ ਅਪਣਾ ਘਰ ਨਹੀਂ ਕੋਈ ਡਰ ਕਾਹਦਾ ਮਹਿਮਾਨਾਂ ਦਾ ਮੰਜ਼ਿਲ ਤਕ ਅੱਪੜਨ ਦੀ ਖੇਚਲ ਜਿਸਮ ਨੂੰ ਕਰਨੀ ਪੈਂਦੀ ਏ ਰਸਤੇ ਦੀ ਰੰਗਤ 'ਤੇ ਹੁਣ ਨਹੀਂ ਹੁੰਦਾ ਅਸਰ ਗਿਆਨਾਂ ਦਾ ਓਦੋਂ ਅਪਣੀ ਬੇਹਿੱਲੀ ਦਾ ਰੋਗ ਪਛਾਤਾ ਲੋਕਾਂ ਨੇ ਸ਼ਹਿਰਾਂ ਦੇ ਨਾਲ ਸੰਗ ਪੁਰਾਣਾ ਹੋ ਗਿਆ ਜਦੋਂ ਚੱਟਾਨਾਂ ਦਾ ਇਕ ਦੂਜੇ ਦੇ ਆਲ਼ ਦੁਆਲ਼ੇ ਚੱਕਰ ਲਾ-ਲਾ ਥੱਕ ਗਏ ਨੇ ਜ਼ਾਤ ਦੇ ਓਹਲੇ ਲੁਕਿਆ ਰਹਿ ਗਿਆ ਰਸਤਾ ਨਵੇਂ ਜਹਾਨਾਂ ਦਾ ਕਿਹੜੀ ਧਰਤੀ 'ਤੇ ਜਾਵਾਂਗੇ ਛੱਡ ਕੇ ‘ਰਊਫ਼’ ਹਿਆਤੀ ਨੂੰ ਸ਼ਹਿਰਾਂ ਤੋਂ ਜੰਗਲਾਂ ਤਕ ਲੱਗਿਆ ਮੇਲਾ ਬੰਦ ਮਕਾਨਾਂ ਦਾ

  • ਮੁੱਖ ਪੰਨਾ : ਪੰਜਾਬੀ ਕਾਵਿ ਰਚਨਾਵਾਂ : ਰਊਫ਼ ਸ਼ੇਖ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ