Chumman : Shiv Kumar Batalvi

ਚੁੰਮਣ : ਸ਼ਿਵ ਕੁਮਾਰ ਬਟਾਲਵੀ

ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।
ਜਾਂ ਮੰਦਰ ਦੀ ਮਮਟੀ ਉੱਤੇ
ਘਿਉ ਦੇ ਦੀਵੇ ਵਾਂਗ ਬਲੀਂਦਾ
ਰੋਜ਼ ਤਵੀ ਦੇ ਪਾਣੀ ਪੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ ।

ਏਸ ਪਿੰਡ ਵਿਚ ਹਾੜ ਮਹੀਨੇ
ਉੱਡ ਉੱਡ ਆਵਣ ਬੱਦਲ ਚੀਨੇ
ਬੈਠੀ ਪੌਣ ਵਜਾਵੇ ਮੱਟੀਆਂ
ਬਾਂਸਾਂ ਦੇ ਵਿਚ ਖ਼ਾਲੀ ਸੀਨੇ ।
ਰੋਣ ਪਹਾੜੀਂ ਈਕਣ ਪਾਣੀ
ਜੀਕਣ ਬੁੱਢੀਆਂ ਤੇ ਮੁਟਿਆਰਾਂ
ਰੋਵਣ ਬੈਠੀਆਂ ਵਿਚ ਵਰ੍ਹੀਣੇ,
ਜਾਂ ਜਿਉਂ ਹਾਜੀ ਵਿਚ ਮਦੀਨੇ ।

ਕਦੇ ਕਦੇ ਇਹਦੇ ਮਹਿਲਾਂ ਉੱਤੋਂ
ਕਾਲੇ ਕਾਲੇ ਖੰਭ ਮਰੀਂਦਾ,
ਲੰਘ ਜਾਏ ਕੋਈ ਕਾਗ ਉਡੀਂਦਾ
ਉੱਚੇ ਉੱਚੇ ਬੋਲ ਬੁਲੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।

ਏਸ ਗਰਾਂ ਦੀਆਂ ਸੰਦਲੀ ਰਾਹਵਾਂ
ਛਾਵਾਂ ਦੇ ਗਲ ਪਾ ਕੇ ਬਾਹਵਾਂ
ਵੇਖਣ ਆਉਂਦੇ ਜਾਂਦੇ ਰਾਹੀ,
ਪੁੱਛਣ ਹਰ ਇਕ ਦਾ ਸਿਰਨਾਵਾਂ ।
ਬੈਂਕੜ੍ਹ ਗੁੱਲਰ, ਪੰਜ ਫੁੱਲੀਆਂ
ਟੁਰ ਟੁਰ ਵੇਖਣ ਆਉਣ ਸ਼ੁਆਵਾਂ
ਅੱਧੀ ਰਾਤੀਂ ਰੁੱਖਾਂ ਵਿਚੋਂ,
ਲੰਘ ਲੰਘ ਜਾਵਣ ਤੇਜ਼ ਹਵਾਵਾਂ ।

ਕਦੇ ਕਦੇ ਇਨ੍ਹਾਂ ਰਾਹਾਂ ਉੱਤੇ
ਦਿਸੇ ਕੋਈ ਵੱਗ ਚਰੀਂਦਾ ।
ਜਾਂ ਕੋਈ ਅਲਬੇਲਾ ਪਾਲੀ
ਮਿੱਠਾ ਕੋਈ ਸਾਜ਼ ਵਜੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।

ਏਸ ਪਿੰਡ ਦੀਆਂ ਕੁੜੀਆਂ ਚਿੜੀਆਂ
ਵਾਂਗ ਮੋਤੀਏ ਤੜਕੇ ਖਿੜੀਆਂ
ਨੈਣੀਂ ਵੀਰਵਾਰ ਦੀਆਂ ਝੜੀਆਂ
ਜੀਕਣ ਸਾਉਣ ਮਹੀਨੇ ਹੋਵਣ,
ਰੱਬ ਦੇ ਖੂਹ ਦੀਆਂ ਮਾਹਲਾਂ ਗਿੜੀਆਂ
ਬੁੱਕ ਬੁੱਕ ਕੰਨੀਂ ਪਾਵਣ ਬੁੰਦੇ
ਵਾਲਾਂ ਦੇ ਵਿਚ ਪਾਵਣ ਪਿੜੀਆਂ ।

ਨੈਣ ਉਨ੍ਹਾਂ ਦੇ ਗਿੱਠ ਗਿੱਠ ਲੰਮੇ
ਜਿਉਂ ਭੌਰਾਂ ਦੀਆਂ ਲੰਮੀਆਂ ਡਾਰਾਂ
ਚੇਤ ਮਹੀਨੇ ਆਥਣ ਵੇਲੇ
ਪੋਹਲੀ ਦੇ ਫੁੱਲਾਂ 'ਤੇ ਜੁੜੀਆਂ ।
ਹੋਂਠ ਜਿਵੇਂ ਰੂਹੀ ਦੇ ਪੱਤਰ
ਵਿਚੋਂ ਮਿੱਠਾ ਦੁੱਧ ਵਗੀਂਦਾ,
ਕੋਈ ਕੋਈ ਕਰਮਾਂ ਵਾਲਾ ਪੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।

ਏਸ ਗਰਾਂ ਵਿਚ ਸਰਘੀ ਵੇਲੇ
ਉੱਚੇ ਟਿੱਬੇ ਦੁੱਧ ਚੁਬਾਰੇ,
ਈਕਣ ਲੱਗਣ ਪਿਆਰੇ ਪਿਆਰੇ
ਜੀਕਣ ਕਾਲੀ ਬਦਲੀ ਦੇ ਵਿਚ
ਚਿੱਟਾ ਬਗਲਾ ਤਾਰੀ ਮਾਰੇ ।
ਕਦੇ ਕਦੇ ਇਹਦੇ ਮਹਿਲਾਂ ਉਹਲੇ,
ਨਿੱਕੀ-ਸੋਨ ਚਿੜੀ ਇਕ ਬੋਲੇ ।
ਜਾਂ ਕੋਈ ਲੰਮ-ਸਲੰਮੀ ਨੱਢੀ,
ਮਹਿਲਾਂ ਦੇ ਦਰਵਾਜ਼ੇ ਖੋਹਲੇ ।

ਕਿਸੇ ਕਿਸੇ ਬਾਰੀ ਦੇ ਪਿੱਛੇ,
ਬੈਠੀ ਕੋਈ ਤ੍ਰੀਮਤ ਦਿਸੇ
ਰੱਖੀ ਪੱਟਾਂ ਦੇ ਵਿਚ ਸ਼ੀਸ਼ਾ
ਕੋਹ ਕੋਹ ਲੰਮੇ ਵਾਲ ਵਰੋਲੇ ।
ਪਰ ਨਾ ਮੂੰਹੋਂ ਕੁਝ ਵੀ ਬੋਲੇ ।
ਕਦੇ ਕਦੇ ਜਾਂ ਚੋਣਾਂ ਵਾਲਾ
ਸਾਲੂ ਪੀਲੀ ਭਾ ਮਰੀਂਦਾ,
ਦਿਸੇ ਮਹਿਲਾਂ ਵਿਚ ਉਡੀਂਦਾ,
ਪੌਣਾਂ ਵਿਚੋਂ ਮਹਿਕ ਛਟੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।

ਏਸ ਗਰਾਂ ਦੇ ਆਲੇ-ਦੁਆਲੇ
ਕੂਲ੍ਹਾਂ, ਕੱਸੀਆਂ, ਨਦੀਆਂ ਨਾਲੇ
ਲੈਣ ਪਰਕਰਮਾ ਕਰਮਾਂ ਵਾਲੇ ।
ਆਸ਼ਕ ਨ੍ਹਾਉਣ ਨਸੀਬਾਂ ਵਾਲੇ ।

ਨ੍ਹਾਉਣ ਗਰਾਂ ਦੀਆਂ ਰਲ ਮਿਲ ਪਰੀਆਂ
ਵਾਲੀਂ ਟੰਗ ਚੰਬੇ ਦੀਆਂ ਕਲੀਆਂ
ਪਕੜ ਦਹੀਂ ਦੇ ਹੱਥ ਕਟੋਰੇ
ਛੰਗ ਅਤਲਸ ਦੇ ਲਹਿੰਗੇ ਕਾਲੇ ।
ਕਦੇ ਕਦੇ ਜੇ ਹੰਸ ਵਿਚਾਰਾ,
ਮਾਨਸਰੋਵਰ ਜਾਵਣ ਵਾਲਾ
ਏਸ ਗਰਾਂ ਦਾ ਪਾਣੀ ਪੀਂਦੈ,
ਓਥੇ ਹੀ ਉਹ ਡੁੱਬ ਮਰੀਂਦੈ,
ਮੁੜ ਨਾ ਮੋਤੀ ਇਕ ਚੁਗੀਂਦੈ ।

ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।

ਏਸ ਗਰਾਂ ਇਕ ਕੁੜੀ ਸ਼ੁਕੀਨਾ
ਕੋਹ ਕਾਫ਼ ਦੀ ਪਰੀ ਹੁਸੀਨਾ
ਪਰੀ ਹੁਸੀਨਾ ਜਿਦ੍ਹਾ ਸੁਣੀਂਦਾ,
ਸੁੱਤੀਆਂ ਕੰਮੀਆਂ ਵਰਗਾ ਸੀਨਾ ।
ਸਾਰੇ ਪਿੰਡ ਦੀ ਮੁੰਦਰੀ ਅੰਦਰ
ਸੁੱਚਾ ਇਕੋ ਇਕ ਨਗੀਨਾ ।
ਈਕਣ ਹੱਸੇ ਨੱਕ ਵਿਚ ਕੋਕਾ
ਜੀਕਣ ਕੋਈ ਆਸ਼ਕ ਝੂਠਾ
ਕਾਮ ਮੱਤਿਆ ਮਦਰਾ ਪੀ ਕੇ
ਆਪਣੀ ਸੁਬਕ ਜਿਹੀ ਸਜਣੀ ਸੰਗ
ਹੱਸ ਹੱਸ ਗੱਲਾਂ ਕਰੇ ਕਮੀਨਾ ।

ਯਾਦ ਹੈ ਮੈਨੂੰ ਜੇਠ ਮਹੀਨਾ
ਪਹਿਲੀ ਵਾਰ ਮਿਲੀ ਸ਼ੁਕੀਨਾ
ਮੁੱਖ ਤੇ ਸੋਹਵੇ ਇਵੇਂ ਪਸੀਨਾ
ਜਿਵੇਂ ਕਿ ਅਰਬੀ ਦੇ ਪੱਤਿਆਂ 'ਤੇ
ਕੱਤੇ ਦੇ ਵਿਚ ਸੁਬ੍ਹਾ ਸਵੇਰੇ
ਸ਼ਬਨਮ ਦਾ ਇਕ ਹੋਏ ਨਗੀਨਾ ।
ਓਸ ਨਗੀਨੇ ਦੀ ਅੱਖ ਅੰਦਰ,
ਸੂਰਜ ਹੋਵੇ ਮੁੱਖ ਵਖੀਂਦਾ,
ਕਿਰਨਾਂ ਦੇ ਪੈਮਾਨੇ ਅੰਦਰ,
ਛਿੱਟ ਛਿੱਟ ਹੋਵੇ ਚਾਨਣ ਪੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।

ਏਸ ਗਰਾਂ ਦੀ ਵਰਖਾ ਰੁੱਤੇ
ਕੰਜਕਾਂ ਦੇ ਇਕ ਮੇਲੇ ਉੱਤੇ
ਦੂਜੀ ਵਾਰੀ ਮਿਲੀ ਸ਼ੁਕੀਨਾ
ਮੈਨੂੰ ਪਿੰਡ ਦੀ ਲਹਿੰਦੀ ਗੁੱਠੇ
ਅੰਬਾਂ ਦੀ ਇਕ ਝੰਗੀ ਉਹਲੇ
ਜਿਥੇ ਦਿਨ ਭਰ ਕੋਇਲ ਬੋਲੇ
ਰੋਂਦੀ ਰੋਂਦੀ ਆਈ ਸ਼ੁਕੀਨਾ
ਦੇ ਗਈ ਦੋ ਕੁ ਚੁੰਮਣ ਸੁੱਚੇ ।

ਉਸ ਦਿਨ ਮਗਰੋਂ ਕਦੇ ਸ਼ੁਕੀਨਾ
ਕੋਹ-ਕਾਫ਼ ਦੀ ਪਰੀ ਹੁਸੀਨਾ
ਪਰੀ ਹੁਸੀਨਾ ਜਿਦ੍ਹਾ ਸੁਣੀਂਦਾ,
ਸੁੱਤੀਆਂ ਕੰਮੀਆਂ ਵਰਗਾ ਸੀਨਾ ।
ਮੈਨੂੰ ਕਦੇ ਵੀ ਮਿਲਣ ਨਾ ਆਈ
ਪਿੰਡ ਬਸੋਹਲੀ ਦੀ ਉਹ ਜਾਈ ।

ਅੱਖਾਂ ਦੇ ਵਿਚ ਸਾਂਭ ਉਨੀਂਦਾ
ਰਾਤਾਂ ਤੋਂ ਮੈਂ ਰਿਹਾ ਪੁਛੀਂਦਾ
ਤ੍ਰਿੰਞਣਾਂ ਦੇ ਵਿਚ ਰਿਹਾ ਫਰੀਂਦਾ
ਰਾਹੀਆਂ ਕੋਲੋਂ ਹਾਲ ਪੁਛੀਂਦਾ ।

ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।

ਏਸ ਗਰਾਂ ਦੀਆਂ ਕੁੜੀਆਂ ਚਿੜੀਆਂ
ਇਕ ਦਿਨ ਤੀਰ ਨਦੀ ਤੇ ਮਿਲੀਆਂ
ਬਿਨਾਂ ਬੁਲਾਇਆਂ ਝੋਲੀ ਮੇਰੀ ਵਿਚ
ਰੁੱਗ-ਰੁੱਗ ਕਲੀਆਂ ਧਰਕੇ ਮੁੜੀਆਂ ।
ਮੁੱਖ ਉਹਨਾਂ ਦੇ ਸੋਗੀ ਤੱਕੇ
ਕੱਜਲੇ ਨੈਣੋਂ ਹਿੰਝਾਂ ਚੱਟੇ
ਹੋਂਠ ਉਹਨਾਂ ਦੇ ਹੋਏ ਖੱਟੇ
ਛੱਡ ਛੱਡ ਰਾਤ ਦਿਨੇ ਸਾਹ ਤੱਤੇ ।
ਉਸ ਦਿਨ ਮਗਰੋਂ ਕੁੜੀਆਂ ਚਿੜੀਆਂ
ਫੇਰ ਕਦੇ ਨਾ ਮੈਨੂੰ ਮਿਲੀਆਂ
ਦਿਲ ਦੀਆਂ ਦਿਲ ਤੋਂ ਰਿਹਾ ਪੁਛੀਂਦਾ
ਸੋਹਲ ਸ਼ੁਕੀਨਾ ਜਿਹਾ ਲਭੀਂਦਾ
ਅੱਖਾਂ ਦੇ ਵਿਚ ਸਾਂਭ ਉਨੀਂਦਾ
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।

ਏਸ ਗਰਾਂ ਵਰਖਾ ਦੀ ਰੁੱਤੇ
ਕੰਜਕਾਂ ਦੇ ਉਸ ਮੇਲੇ ਉੱਤੇ
ਕਦੇ ਕਦੇ ਮੈਂ ਅੱਜ ਵੀ ਜਾਂਦਾ
ਵਾਦੀ ਦੇ ਵਿਚ ਫਿਰਦਾ ਰਹਿੰਦਾ ।
ਅੰਬਾਂ ਦੀ ਉਸ ਝੰਗੀ ਉਹਲੇ
ਜਿੱਥੇ ਅੱਜ ਵੀ ਕੋਇਲ ਬੋਲੇ
ਰੋਂਦਾ ਰੋਂਦਾ ਮੈਂ ਸੌਂ ਜਾਂਦਾ ।
ਵਿਲ੍ਹ ਵਿਲ੍ਹ ਹਰਿਆਂ ਘਾਵਾਂ ਉੱਤੇ
ਉਸ ਨੂੰ ਵਾਜਾਂ ਮਾਰ ਬੁਲਾਉਂਦਾ
ਖਾ ਬੈਂਕੜ੍ਹ ਦੇ ਕੌੜੇ ਪੱਤੇ
ਆਪਣੇ ਮੂੰਹ ਦਾ ਸੁਆਦ ਗਵਾਉਂਦਾ
ਉਸ ਦੇ ਚੁੰਮਣ ਭੁੱਲਣਾ ਚਾਹੁੰਦਾ ।
ਅੱਧੀ ਅੱਧੀ ਰਾਤੀਂ ਉੱਠ ਕੇ
ਚਾਨਣੀਆਂ ਤੋਂ ਰਾਹਵਾਂ ਪੁੱਛ ਕੇ
ਧੁੰਦਲੇ ਜਿਹੇ ਇਕ ਸਾਏ ਪਿੱਛੇ
ਕੋਹਾਂ ਤੀਕਣ ਹੋ ਕੇ ਆਉਂਦਾ
ਪਰ ਉਹ ਸਾਇਆ ਨਹੀਂ ਫੜੀਂਦਾ
ਨਾ ਕੋਈ ਮੇਰੀ ਗੱਲ ਸੁਣੀਂਦਾ
ਨਾ ਕੋਈ ਮੁੱਖੋਂ ਬੋਲ ਬੁਲੀਂਦਾ
ਨਿਰਾ ਸ਼ੁਕੀਨਾ ਵਾਂਗ ਦਸੀਂਦਾ ।

ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ