Chitte Parchhavain : Bhupinder Singh 'Bekas'
ਚਿੱਟੇ ਪ੍ਰਛਾਵੇਂ (ਕਾਵਿ-ਸੰਗ੍ਰਹਿ) : ਭੁਪਿੰਦਰ ਸਿੰਘ 'ਬੇਕਸ'
ਕਾਲਖ਼ ਅੰਦਰ ਕਾਲਖ਼ ਬਾਹਰ, ਕਿੱਥੇ ਹੁਣ ਚਿੱਟੇ ਪ੍ਰਛਾਵੇਂ
ਕਾਲਖ਼ ਅੰਦਰ ਕਾਲਖ਼ ਬਾਹਰ, ਕਿੱਥੇ ਹੁਣ ਚਿੱਟੇ ਪ੍ਰਛਾਵੇਂ । ਅੱਜ ਦਾ ਮਾਨਵ ਜ਼ੁਲਮੀ ਜਾਬਰ, ਕਿੱਥੇ ਹੁਣ ਚਿੱਟੇ ਪ੍ਰਛਾਵੇਂ । ਸਭ ਸਿਰਨਾਵੇਂ ਮਾਨਵਤਾ ਦੇ, ਆਦਮ ਵਿਚੋਂ ਗੁੰਮ ਨੇ ਕਿਧਰੇ, ਮਿੱਟ ਜਾਂਦੇ ਸੀ ਗ਼ੈਰਾਂ ਖਾਤਿਰ, ਕਿੱਥੇ ਹੁਣ ਚਿੱਟੇ ਪ੍ਰਛਾਵੇਂ । ਏਸ ਅਜੋਕੇ ਦੌਰ ਦੇ ਅੰਦਰ, ਮਾਨਵ ਕਹਿਰ ਗੁਜ਼ਾਰ ਰਿਹਾ ਹੈ, ਮਾਨਵ ਲਈ ਜੋ ਕਰਦੇ ਆਹਰ, ਕਿੱਥੇ ਹੁਣ ਚਿੱਟੇ ਪ੍ਰਛਾਵੇਂ । ਕਾਸ਼ ! ਜਗਤ 'ਤੇ ਮੁੜ ਆ ਜਾਵਣ, ਦਰਦ ਦਿਲਾਂ ਦੇ ਜਾਨਣ ਵਾਲੇ, ਪੀੜਾ ਹਰ ਜੋ ਦਿੰਦੇ ਠਾਹਰ, ਕਿੱਥੇ ਹੁਣ ਚਿੱਟੇ ਪ੍ਰਛਾਵੇਂ । ਅੱਜ ਦੇ ਹਾਕਮ ਬੜੇ ਹੀ ਜ਼ਾਲਿਮ, ਪੱਥਰ ਵੀ ਖਾਮੋਸ਼ ਨੇ ਸਾਰੇ, ਚਿੰਤਾ ਜੋ ਕਰਦੇ ਸੀ ਜ਼ਾਹਿਰ, ਕਿੱਥੇ ਹੁਣ ਚਿੱਟੇ ਪ੍ਰਛਾਵੇਂ । ਜੈ ਦੇਵ, ਫਰੀਦ ਤੇ ਨਾਨਕ, ਰਾਮ-ਰਹੀਮ ਤੇ ਸ਼ਾਮ ਪਿਆਰਾ, ਇਹ ਸਭ ਨੇ ਆਦਰ ਦੇ ਪਾਤਰ, ਕਿੱਥੇ ਹੁਣ ਚਿੱਟੇ ਪ੍ਰਛਾਵੇਂ । ਹਾਕਮ ਸਾਹਵੇਂ ਹਾਅ ਦਾ ਨਾਅਰ੍ਹਾ, ਮਾਰ ਦਵੇ ਜੋ ਹਿੰਮਤ ਕਰਕੇ, ਕਿੱਥੇ ਨੇ ਨਾਨਕ ਜਿਹੇ ਸ਼ਾਇਰ, ਕਿੱਥੇ ਹੁਣ ਚਿੱਟੇ ਪ੍ਰਛਾਵੇਂ । ਚੰਨ ਤੀਕ ਤਾਂ ਪਹੁੰਚ ਗਿਆ ਹੈ, ਹੈ ਮਾਨਵ ਲਾਚਾਰ ਬੜਾ ਹੀ, ਦੂਤੀ ਕਪਟੀ ਬੜਾ ਹੀ ਸ਼ਾਤਰ, ਕਿੱਥੇ ਹੁਣ ਚਿੱਟੇ ਪ੍ਰਛਾਵੇਂ । ਅਜ਼ਲਾਂ ਤੋਂ ਹੀ ਭਾਲ ਰਿਹਾ ਹਾਂ, ‘ਬੇਕਸ’ ਨੂੰ ਪ੍ਰਦਾਨ ਕਰੇ ਜੋ, ਨੂਰੀ ਸੋਮੇ ਦੀ ਕੁਈ ਕਾਤਰ, ਕਿੱਥੇ ਹੁਣ ਚਿੱਟੇ ਪ੍ਰਛਾਵੇਂ । ਭਗਤ ਜੈ ਦੇਵ, ਬਾਬਾ ਫਰੀਦ, ਗੁਰੂ ਨਾਨਕ ਦੇਵ, ਸ੍ਰੀ ਰਾਮ ਚੰਦਰ, ਸ੍ਰੀ ਰਹੀਮ, ਸ਼੍ਰੀ ਕ੍ਰਿਸ਼ਨ
ਦਿਲ ਦੇ ਮਹਿਰਮ ਨੂੰ ਹੀ ਦਿਲ ਦੇ, ਤਖ਼ਤ ਬਿਠਾਇਆ ਜਾਂਦਾ ਹੈ
ਦਿਲ ਦੇ ਮਹਿਰਮ ਨੂੰ ਹੀ ਦਿਲ ਦੇ, ਤਖ਼ਤ ਬਿਠਾਇਆ ਜਾਂਦਾ ਹੈ । ਇਹ ਵੀ ਸੱਚ ਹੈ ਉਸ ਤੋਂ ਹੀ ਹਰ, ਜ਼ਖ਼ਮ ਛੁਪਾਇਆ ਜਾਂਦਾ ਹੈ । ਇਸ਼ਕ ਇਬਾਦਤ ਓਸ ਖ਼ੁਦਾ ਦੀ, ਇਹ ਵੀ ਲੋਕੀਂ ਕਹਿੰਦੇ ਨੇ, ਪੈਰਾਂ ਦੇ ਵਿੱਚ ਘੁੰਗਰੂ ਬੰਨ੍ਹ ਕੇ, ਯਾਰ ਮਨਾਇਆ ਜਾਂਦਾ ਹੈ । ਸ਼ਾਇਰਾਂ ਕੋਲੋਂ ਸੁਣਿਆ ਹੈ ਮੈਂ, ਇਹ ਸ਼ਾਇਰੀ ਕੋਈ ਖੇਡ ਨਈਂ, ਬਹਿਰ-ਵਜ਼ਨ ਦੇ ਨੱਕੇ ’ਚੋਂ, ਹਰ ਸ਼ਿਅਰ ਲੰਘਾਇਆ ਜਾਂਦਾ ਹੈ । ਇਨ੍ਹਾਂ ਦੀਦ ਪਿਆਸੇ ਨੈਣਾਂ ਨੂੰ, ਜਦ ਦੀਦ ਸੱਜਣ ਦੀ ਹੁੰਦੀ ਨਹੀਂ, ਬਿਹਬਲ ਹੋ ਵਾਂਗ ਸ਼ੁਦਾਈਆਂ ਦੇ, ਫਿਰ ਬਿਰਹਾ ਗਾਇਆ ਜਾਂਦਾ ਹੈ । ਪ੍ਰੀਤ ਦਿਲਾਂ ਦੀ ਰੀਤ ਹੈ ਹੁੰਦੀ, ਇਸ ਵਿੱਚ ਹੁੰਦੀ ਪਰਖ ਨਹੀਂ, ਦਿਲਬਰ ਦੀ ਮੁਸਕਾਨ ਦੀ ਖਾਤਿਰ, ਘਰ ਬਾਰ ਲੁਟਾਇਆ ਜਾਂਦਾ ਹੈ । ਨਵੀਆਂ ਰਾਹਾਂ 'ਤੇ ਚੱਲ ਕੇ, ਜੋ ਪੈੜਾਂ ਨੂੰ ਪਾ ਜਾਂਦੇ, ਉਹਨਾਂ ਯੁੱਗ-ਪੁਰਸ਼ਾਂ ਨੂੰ ਜੱਗ 'ਤੇ, ਸੀਸ ਨਿਵਾਇਆ ਜਾਂਦਾ ਹੈ । ਇਸ਼ਕ ਦਾ ਸਾਗਰ ਤਰਨਾ ਔਖਾ, ਇਹ ਤਾਂ ਅਕਸਰ ਸੁਣਦੇ ਹਾਂ, ਫਿਰ ਵੀ ਜਾਨ ਤਲੀ 'ਤੇ ਧਰ ਕੇ, ਇਸ਼ਕ ਕਮਾਇਆ ਜਾਂਦਾ ਹੈ । ਉਹੀਓ ਸੂਰਾ ਰਣ ਦੇ ਅੰਦਰ, ਜਾ ਕੇ ਤੇਗ ਚਲਾ ਸਕਦੈ, ਜਿਸ ਨੂੰ ਅਣਖ ਦੇ ਨਾਲ ਜੀਊਣਾ, ਰੋਜ਼ ਸਿਖਾਇਆ ਜਾਂਦਾ ਹੈ । ਕਿਧਰੇ ਭੁੱਲ ਨਾ ਜਾਵਣ ਲੋਕੀਂ, ਦੇਸ਼ ਤੋਂ ਜੋ ਕੁਰਬਾਨ ਹੋਏ, ‘ਬੇਕਸ’ ਵਾਰਾਂ ਨੂੰ ਸੱਥਾਂ ਵਿੱਚ, ਤਾਈਓਂ ਗਾਇਆ ਜਾਂਦਾ ਹੈ ।
ਦੂਤੀ ਕੁਝ ਏਦਾਂ ਦਾ ਕਾਰਾ ਕਰ ਗਿਆ
ਦੂਤੀ ਕੁਝ ਏਦਾਂ ਦਾ ਕਾਰਾ ਕਰ ਗਿਆ । ਅਕਸ ਅਪਣੇ ਤੋਂ ਹਾਂ ਅਕਸਰ ਡਰ ਗਿਆ । ਕੀ ਕਹਾਂ ਕਿੰਨੀ ਕੁ ਹੈ ਸੀ ਬੇਕਸੀ, ਜੀਹਦੇ ਸਾਹਵੇਂ ਹਰ ਮਸੀਹਾ ਹਰ ਗਿਆ । ਓਸ ਦੇ ਇਸ਼ਕੇ ਨੂੰ ਮੈਂ ਸਿੱਜਦੇ ਕਰਾਂ, ਇਸ਼ਕ ਲਈ ਜੁ ਅੱਗ ਦਾ ਸਾਗਰ ਤਰ ਗਿਆ । ਤੇਰੇ ਇਸ਼ਕੇ ਵਿਚ ਹੈ ਏਨਾ ਸੇਕ ਕੇ, ਸ਼ੂਕਦੇ ਦਰਿਆ ਨੂੰ ਸਹਿਰਾ ਕਰ ਗਿਆ । ’ਕੱਲਿਆਂ ਬੈਠੀ ਡੁੱਗ-ਡੁੱਗੀ ਸੀ ਸੋਚਦੀ, ਇੱਕੋ ਜੁਮਲਾ ਝੋਲ ਮੇਰੀ ਭਰ ਗਿਆ । ਕੀ ਸੁਣਾਵਾਂ ਹਾਲ ਦਿਲ ਦਾ ਕੀ ਕਹਾਂ, ਏਨਾ ਹਾਂ ਤਪਿਆ ਕਿ ਆਖਿਰ ਠਰ ਗਿਆ । ਮੇਰੀ ਤੋਬਾ ! ਹੁਣ ਨਾ ਪੀਵਾਂਗਾ ਹਜ਼ੂਰ, ਪੀ ਕੇ ਬੋਤਲ ਰਿੰਦ ਵਾਅਦਾ ਕਰ ਗਿਆ । ਜ਼ਿਹਨ 'ਚੋਂ ਕੱਢਾਂ ਕਿਵੇਂ ਓਹਦਾ ਖਿਆਲ, ਪ੍ਰੀਤ ਨੂੰ ਹੈ ਗ਼ੈਰ ਕੋਈ ਵਰ ਗਿਆ । ਸ਼ੂਕਦਾ ਦਰਿਆ ਸੀ ‘ਬੇਕਸ’ ਜੋ ਕਦੇ, ਕੰਢਾ ਹੌਲੀ-ਹੌਲੀ ਖਰਦਾ ਖਰ ਗਿਆ ।
ਲਹਿੰਦੀ ਉਮਰੇ ਪਿਆਰ, ਨਜ਼ਾਰਾ ਦੇਂਦਾ ਏ
ਲਹਿੰਦੀ ਉਮਰੇ ਪਿਆਰ, ਨਜ਼ਾਰਾ ਦੇਂਦਾ ਏ । ਡੁੱਬਦੀ ਬੇੜੀ ਨੂੰ, ਕਿਨਾਰਾ ਦੇਂਦਾ ਏ । ਕਿਸੇ ਪੈਮਾਨੇ ਅੰਦਰ ਵੀ, ਉਹ ਨਸ਼ਾ ਨਈਂ, ਤੇਰੀ ਅੱਖ ਦਾ ਜੋ, ਇਸ਼ਾਰਾ ਦੇਂਦਾ ਏ । ਮੇਰੀ ਨਜ਼ਰੇ ਓਹੀਓ, ਬੰਦਾ ਖਾਲਸ ਹੈ, ਡਿੱਗਦੇ ਨੂੰ ਜੋ ਆਣ, ਸਹਾਰਾ ਦੇਂਦਾ ਏ । ਹਿੰਮਤਾਂ ਵਾਲੇ ਦਰਿਆਵਾਂ ਨੂੰ ਲੰਘ ਜਾਂਦੇ, ਆਲਸ ਬੰਦੇ ਨੂੰ, ਖਸਾਰਾ ਦੇਂਦਾ ਏ । ਕਾਮਾ ਖੂਬ ਬਣਾਵੇ, ਮਹਿਲ-ਚੁਬਾਰੇ ਪਰ, ਸੁੱਖ ਉਸ ਨੂੰ ਅਪਣਾ, ਢਾਰਾ ਦੇਂਦਾ ਏ । ਡੋਬ ਦਵੇ ਬੇੜੀ ਨੂੰ, ਜਦ ਇਹ ਡੁੱਬ ਜਾਵੇ, ਜਾਂ ਚਮਕੇ ਤਾਂ ਮਾਣ, ਸਿਤਾਰਾ ਦੇਂਦਾ ਏ । ਕ੍ਰਿਸ਼ਨ ਦੀ ਬੰਸੀ ਦੇਵੇ, ਜੋ ਸੰਦੇਸ਼ ਸਦਾ, ਉਹੀਓ ਮੀਰਾਂ ਦਾ, ਇਕਤਾਰਾ ਦੇਂਦਾ ਏ । ਬੇੜੀ ਓਦੋਂ ਡਿੱਕੋ-ਡੋਲੇ ਖਾਂਦੀ ਹੈ, ਮਾਂਝੀ ਉਸਨੂੰ ਜਦ, ਹੁਲਾਰਾ ਦੇਂਦਾ ਏ । ‘ਬੇਕਸ’ ਇਸ਼ਕ ਖੁਮਾਰੀ, ਚੜ੍ਹਦੀ ਖੂਬ ਮਗਰ, ਰੋਗ ਇਸ਼ਕ ਦਾ, ਹੰਝੂ-ਖਾਰਾ ਦੇਂਦਾ ਏ ।
ਮੇਰੇ ਖ਼ਵਾਬਾਂ ਵਿੱਚ ਜੋ ਵੱਸਦੀ ਏ, ਐਸੀ ਹੀ ਇੱਕ ਤਸਵੀਰ ਹੈਂ ਤੂੰ
ਮੇਰੇ ਖ਼ਵਾਬਾਂ ਵਿੱਚ ਜੋ ਵੱਸਦੀ ਏ, ਐਸੀ ਹੀ ਇੱਕ ਤਸਵੀਰ ਹੈਂ ਤੂੰ । ਰਹਿੰਦੀ ਸੈਂ ਕਦੇ ਸਿਆਲਾਂ ਵਿੱਚ, ਜੱਗ ਤੋਂ ਵੱਖਰੀ ਹੀਰ ਹੈਂ ਤੂੰ । ਤੇਰੇ ਨੈਣਾਂ 'ਚੋਂ ਮੈਅ ਪੀਂਦਾ ਹਾਂ, ਤੇਰਾ ਨਾਂ ਲੈ ਮੈਂ ਜੀਂਦਾ ਹਾਂ, ਤੈਨੂੰ ਤੱਕ ਕੇ ਮੈਨੂੰ ਚੈਨ ਮਿਲੇ, ਦਿਲਜਲਾ ਹਾਂ ਮੈਂ ਅਕਸੀਰ ਹੈਂ ਤੂੰ । ਤੇਰਾ ਭੇਤ ਖਾਮੋਸ਼ੀ ਖੋਲ੍ਹ ਰਹੀ, ਤੂੰ ਚਾਹੇ ਕੁਝ ਨਾ ਬੋਲ ਰਹੀ, ਇਹ ਸੱਚ ਹੈ ਤੂੰ ਵਿਆਕੁਲ ਹੈਂ, ਜੋ ਨਾ ਖੁੱਲ੍ਹੇ ਜ਼ੰਜੀਰ ਹੈਂ ਤੂੰ । ਤੇਰੇ ਦਿਲ 'ਚ ਖੁਸ਼ੀ ਦਾ ਵਾਸ ਰਹੇ, ਨਾ ਕੋਈ ਅਧੂਰੀ ਆਸ ਰਹੇ, ਤੂੰ ਮੇਰੇ ਦਿਲ ਦੀ ਮਲਿਕਾ ਹੈਂ, ਮੇਰੇ ਖ਼ਾਬਾਂ ਦੀ ਤਾਬੀਰ ਹੈਂ ਤੂੰ । ਤੇਰੇ ਹਿਜਰ 'ਚ ਦੁੱਖੜੇ ਸਹਿੰਦਾ ਹਾਂ, ਨਾ ਮੂੰਹੋਂ ਕੁਝ ਵੀ ਕਹਿੰਦਾ ਹਾਂ, ਮੇਰੇ ਨੈਣਾਂ 'ਚੋਂ ਜੋ ਵਹਿ ਤੁਰਦੈ, ਉਹ ਆਪ ਮੁਹਾਰਾ-ਨੀਰ ਹੈਂ ਤੂੰ । ਤੈਨੂੰ ਦਿਲ ਦੇ ਤਖਤ ਬਿਠਾਵਾਂ ਮੈਂ, ਤੇਰੀ ਹਰ ਇੱਕ ਰੀਝ ਪੁਗਾਵਾਂ ਮੈਂ, ਮੈਂ ਵੀ ਤੇਰੇ 'ਤੇ ਮਰਦਾ ਹਾਂ, ਜੇ ਮੇਰੇ ਲਈ ਦਿਲਗੀਰ ਹੈਂ ਤੂੰ । ਸਬਰਾਂ ਦੀ ਪੂੰਜੀ ਕੋਲ ਤੇਰੇ, ਕਦੇ ਉੱਚੇ ਸੁਣੇ ਨਾ ਬੋਲ ਤੇਰੇ, ਤੂੰ ਪਾਰ ਕਦੇ ਵੀ ਕੀਤੀ ਨਈਂ, ਖੁਦ ਵਾਹੀ ਜੋ ਲਕੀਰ ਹੈਂ ਤੂੰ । ਰੱਬ ਤੇਰੇ ਵਾਂਗ ਹੀ ਹੋਵੇਗਾ, ਉਹ ਤੈਥੋਂ ਵੱਖ ਕੀ ਹੋਵੇਗਾ, ਮੈਨੂੰ ਤਾਂ ਏਦਾਂ ਲੱਗਦਾ ਹੈ, ਓਸੇ ਦੀ ਇੱਕ ਤਸਵੀਰ ਹੈਂ ਤੂੰ । ਤੇਰੇ ਰੂਪ ਦਾ ਜਾਦੂ ਭਾਰੀ ਹੈ, ਮੈਂ ਦਿਲ ਦੀ ਬਾਜ਼ੀ ਹਾਰੀ ਹੈ, ਆ ਛੂਹ ਕੇ ਦੇਖਾਂ ਮੈਂ ‘ਬੇਕਸ’, ਕੋਈ ਰੂਹ ਹੈਂ ਜਾਂ ਸਰੀਰ ਹੈਂ ਤੂੰ ।
ਅਜ਼ਲਾਂ ਤੋਂ ਤੈਨੂੰ ਪਾਉਣ ਲਈ, ਜੋ ਲੜੀ ਨਾ ਉਹ ਤਦਬੀਰ ਹੈਂ ਤੂੰ
ਅਜ਼ਲਾਂ ਤੋਂ ਤੈਨੂੰ ਪਾਉਣ ਲਈ, ਜੋ ਲੜੀ ਨਾ ਉਹ ਤਦਬੀਰ ਹੈਂ ਤੂੰ । ਲੇਕਿਨ ਦਿਲ ਨੂੰ ਧਰਵਾਸ ਹੈ ਇਹ, ਮੇਰੀ ਹਮਦਮ ਮੇਰੀ ਸਫ਼ੀਰ ਹੈਂ ਤੂੰ । ਤੈਨੂੰ ਪੂਜਣ ਨੂੰ ਮੇਰਾ ਜੀਅ ਕਰਦੈ, ਤੈਨੂੰ ਰੀਝਣ ਨੂੰ ਮੇਰਾ ਜੀਅ ਕਰਦੈ, ਤੇਰੇ 'ਚੋਂ ਰੱਬ ਦਾ ਦਰਸ ਕਰਾਂ, ਤੂੰ ਮੁਰਸ਼ਦ, ਮੇਰਾ ਪੀਰ ਹੈਂ ਤੂੰ । ਤੇਰਾ ਰੂਪ ਚਾਂਦਨੀ ਵਰਗਾ ਹੈ, ਉਸ ਪੁੰਨਿਆਂ ਦੇ ਚੰਨ ਵਰਗਾ ਹੈ, ਤੇਰੀ ਸੂਰਤ ਮੈਨੂੰ ਪਿਆਰੀ ਹੈ, ਸੀਰਤ ਵਿੱਚ ਬੇਨਜ਼ੀਰ ਹੈਂ ਤੂੰ । ਜਨਮਾਂ ਤੋਂ ਤੈਨੂੰ ਪਿਆਰ ਕਰਾਂ, ਚਾਹ ਇਹੋ ਤੇਰਾ ਦੀਦਾਰ ਕਰਾਂ, ਅੱਜ ਮੇਰੀ ਕਿਸਮਤ ਖੁੱਲ੍ਹੀ ਏ, ਮੇਰੇ ਸਾਹਵੇਂ ਹੋਈ ਅਖੀਰ ਹੈਂ ਤੂੰ । ਤੂੰ ਪਰੀਆਂ ਤੋਂ ਵੱਧ ਸੋਹਣੀ ਏਂ, ਤੇਰੇ ਜਹੀ ਨਾਰ ਨਾ ਹੋਣੀ ਏ, ਤੇਰੇ ਰੂਪ ਨੇ ਘਾਇਲ ਕੀਤਾ ਹੈ, ਸੀਨੇ ਵਿੱਚ ਖੁੱਭਿਆ ਤੀਰ ਹੈਂ ਤੂੰ । ਕੋਈ ਹੀਰੇ-ਹੀਰੇ ਆਖ ਰਿਹਾ, ਕੋਈ ਰਾਹ ਯਾਰ ਦਾ ਝਾਕ ਰਿਹਾ, ਕੋਈ ਆਖੇ ਦਿਲ ਦੀ ਮਲਿਕਾ ਤੂੰ, ਮੇਰੀ ਨਜ਼ਰੇ, ਨਜ਼ਰ-ਨਜ਼ੀਰ ਹੈਂ ਤੂੰ । ਤੇਰੀ ਹੀਰੇ ਚੜ੍ਹਤ ਨਿਰਾਲੀ ਹੈ, ਤੇਰੇ ਮੁੱਖ 'ਤੇ ਨੂਰੀ ਲਾਲੀ ਹੈ, ਦਿਲ ਮੋਹਿਆ ਮੇਰਾ ਤੂੰ ਹੀਰੇ, ਦਿਲ ਕਹਿੰਦਾ ਮੇਰੀ ਜਗੀਰ ਹੈਂ ਤੂੰ । ਤੇਰਾ ਰੂਪ ਤਾਂ ਰੱਬ ਦੀ ਮਾਇਆ ਹੈ, ਜਿਸ ਤੋਂ ਚੰਨ ਵੀ ਸ਼ਰਮਾਇਆ ਹੈ, ਸਭ ਤੈਨੂੰ ਸਿੱਜਦਾ ਕਰਦੇ ਨੇ, ਚਾਨਣ ਦੀ ਤਹਿਰੀਰ ਹੈਂ ਤੂੰ । ਤੇਰੀ ਦੀਦ ਨੂੰ ਸੂਰਜ ਚੜ੍ਹਦਾ ਹੈ, ਤੈਨੂੰ ਚੰਨ ਵੀ ਸਿਜਦੇ ਕਰਦਾ ਹੈ, ‘ਬੇਕਸ' ਤੇਰੇ ’ਤੇ ਨਾਜ਼ ਕਰੇ, ਹੀਰੇ ਮੇਰੀ ਤਕਦੀਰ ਹੈਂ ਤੂੰ ।
ਅਲਵਿਦਾ ! ਸੁਣ ਮੀਤ ਮੇਰੇ, ਅਲਵਿਦਾ ! ਐ ਮਿਹਰਬਾਨ
ਅਲਵਿਦਾ ! ਸੁਣ ਮੀਤ ਮੇਰੇ, ਅਲਵਿਦਾ ! ਐ ਮਿਹਰਬਾਨ । ਨਾਲ ਅਪਣੇ ਲੈ ਗਿਐਂ ਤੂੰ, ਮੇਰਾ ਸਾਰਾ ਹੀ ਜਹਾਨ । ਕਾਵਿ ਦਾ ਸੁਲਤਾਨ ਤੈਨੂੰ, ਆਖਦਾ ਹੈ ਇਹ ਜਹਾਨ । ਲੋਕ-ਪੀੜਾ ਆਖਦਾ ਸੈਂ, ਇਹੀ ਤੇਰੀ ਹੈ ਸੀ ਸ਼ਾਨ । ਤੇਰਾ ਚਿਹਰਾ ਪੜ੍ਹ ਕੇ ਮੇਰੇ, ਦਿਲ ਨੂੰ ਮਿਲ ਜਾਂਦਾ ਹੈ ਚੈਨ, ਤੇਰੀ ਸੂਰਤ 'ਚੋਂ ਨੇ ਦਿਸਦੇ, ਗੀਤਾ, ਬਾਈਬਲ ਅਤੇ ਕੁਰਾਨ । ਅਜੇ ਤੀਕ ਵੀ ਦਿਲ ਮੇਰੇ 'ਤੇ, ਚੱਲ ਰਿਹਾ ਏ ਤੇਰਾ ਰਾਜ, ਦਿਲ ਦੇ ਮਨ-ਮੰਦਰ 'ਚ ਤੂੰ ਹੈਂ, ਰੂਹ ਦਾ ਰਾਜਾ ਹੈਂ ਰਾਜਾਨ । ਧੜਕਣਾਂ ਵਿਚ ਵਾਸ ਤੇਰਾ, ਦਿਲ ਦੇ ਅੰਦਰ ਘਰ ਹੈ ਤੇਰਾ, ਤੂੰ ਸਾਹਾਂ ਦੀ ਆਵਣ-ਜਾਵਣ, ਤੂੰਈਓਂ ਦਿਲ ਦਾ ਹੈਂ ਅਰਮਾਨ। ਰਾਹ ਤੱਕਾਂ ਮੈਂ ਸੱਜਣਾਂ ਤੇਰਾ, ਨਾਂ ਤੇਰੇ ਦਾ ਬਾਲ ਕੇ ਦੀਵਾ, ਮੈਨੂੰ ਮਾਲਾ-ਮਾਲ ਤੂੰ ਕਰ ਦੇ, ਮਿੱਠੇ ਦਰਦਾਂ ਦਾ ਦੇ ਦਾਨ । ਅੱਖੀਆਂ ਵਿਚ ਹੈ ਤੇਰੀ ਸੂਰਤ, ਦਿਲ ਦੇ ਅੰਦਰ ਤੇਰੀ ਮੂਰਤ, ਦਿਲ ਚਾਹੇ ਕਿ ਸਾਹਵੇਂ ਬਹਿ ਕੇ, ਦੇਖਾਂ ਇਕ-ਟੁਕ ਅਪਣੀ ਜਾਨ। ਸੁਪਨਿਆਂ ਦਾ ਤੂੰ ਸੁਦਾਗਰ, ਮਹਿਫਲਾਂ ਦੀ ਜਾਨ ਸੈਂ, ਖੂਬ ਤੇਰਾ ਸੀ ਤਰੰਨੁਮ, ਖੂਬ ਤੇਰੀ ਸੀ ਉਡਾਨ । ‘ਮਹਿਰਮਾ’ ਤੂੰ ਕੀ ਕੀ ਹੈਂ ਸੈਂ, ਕੀ ਕਹਾਂ, ਕੀ ਨਾ ਕਹਾਂ, ਸਮਝ ਨਾ ਆਵੇ ਇਹ ‘ਬੇਕਸ’, ਮੈਂ ਤਾਂ ਅਸਲੋਂ ਹਾਂ ਨਾਦਾਨ । ਦੀਵਾਨ ਸਿੰਘ ਮਹਿਰਮ
ਨਿਕਲਣ ਸਦਾ ਹੀ, ਦਿਲੋਂ ਇਹ ਦੁਆਵਾਂ
ਨਿਕਲਣ ਸਦਾ ਹੀ, ਦਿਲੋਂ ਇਹ ਦੁਆਵਾਂ । ਲੱਗਣ ਨਾ ਤੈਨੂੰ, ਇਹ ਤੱਤੀਆਂ ਹਵਾਵਾਂ । ਕਦੇ ਦੀਦ ਹੋਈ, ਨਾ ਗੁਜ਼ਰੇ ਜ਼ਮਾਨੇ, ਯਾਦਾਂ ਦਾ ਬਿਰਹਾ ਮੈਂ, ਤਨ 'ਤੇ ਹੰਢਾਵਾਂ । ਮੁੱਦਤਾਂ ਤੋਂ ਵਿੱਛੜੇ, ਅਸੀਂ ਇੱਕ ਹੋਈਏ, ਮੰਗਾਂ ਖ਼ੁਦਾ ਤੋਂ, ਮੈਂ ਇਹੋ ਦੁਆਵਾਂ । ਇਧਰ ਤੇ ਓਧਰ ਵੀ, ਵੱਸਦੇ ਨੇ ਅਪਣੇ, ਹਿੰਦ-ਪਾਕਿ ਦੀ ਮੈਂ, ਸਦਾ ਖ਼ੈਰ ਚਾਹਵਾਂ । ਦਿਲੀ ਖਾਹਿਸ਼ ਮੇਰੀ, ਕਦੇ ਜੰਗ ਨਾ ਹੋਵੇ, ਪਰ੍ਹਾਂ ਰੱਖੀਂ ਜੱਗ ਤੋਂ, ਤੂੰ ਰੱਬਾ ਬਲਾਵਾਂ । ਮਿਜ਼ਾਇਲਾਂ ਦੇ ਸਾਏ, ਬੰਬਾਂ ਦੀ ਠਾਹ-ਠੂ, ਖਤਰੇ ਦੇ ਵਿੱਚ ਅੱਜ, ਦਿਲਕਸ਼ ਫਿਜ਼ਾਵਾਂ । ਹਿੰਦ-ਪਾਕਿ ਦੀਆਂ ਜੇ, ਸਰਹੱਦਾਂ ਖੁੱਲ੍ਹਣ, ਫਿਰ ਵਿੱਚ ਖੁਸ਼ੀ ਦੇ, ਜਾ ਦੀਵੇ ਜਗਾਵਾਂ । ਕਰਮ ਇਹ ਕਮਾਵੀਂ, ਅਮਨ ਰੱਖੀਂ ਮੌਲਾ, ਬੜੀਆਂ ਨੇ ਕਾਫ਼ਰ, ਇਹ ਕਾਫ਼ਰ ਬਲਾਵਾਂ । ਇਹੋ ਰੀਝ ‘ਬੇਕਸ’, ਹੈ ਨਨਕਾਣਾ ਦੇਖਾਂ, ਬਾਬੇ ਦੀ ਨਗਰੀ ਦੇ, ਦਰਸ਼ਨ ਮੈਂ ਪਾਵਾਂ ।
ਅੰਤਾਂ ਦੀ ਮੁਸਕਾਨ ਹੈ ਉਸਦੀ, ਅੰਤਾਂ ਦਾ ਹੈ ਉਸਦਾ ਨਖ਼ਰਾ
ਅੰਤਾਂ ਦੀ ਮੁਸਕਾਨ ਹੈ ਉਸਦੀ, ਅੰਤਾਂ ਦਾ ਹੈ ਉਸਦਾ ਨਖ਼ਰਾ । ਜਿਥੋਂ ਮੈਨੂੰ ਹੀਰ ਹੈ ਲੱਭੀ, ਮੇਰੇ ਲਈ ਉਹ ਸ਼ਹਿਰ ਹੈ ਬਸਰਾ । ਮੇਰੇ ਸਾਹਵੇਂ ਕੀ ਇਹ ਪੈਂਡਾ, ਮੈਨੂੰ ਦਿੱਸਦੀ ਪਈ ਹੈ ਮੰਜ਼ਿਲ, ਮੇਰਾ ਕੀ ਰਾਹ ਇਹ ਰੋਕੇਗਾ, ਦੂਤੀ ਬੇਕਿਰਕ ਚਾਹੇ ਅੱਥਰਾ । ਕਿ ਇਹ ਜੀਵਨ ਨਹੀਂ ਸੌਖਾ, ਬੜੇ ਬਿਖੜੇ ਨੇ ਰਾਹ ਇਸ ਦੇ, ਮਿਹਨਤ ਨਾਲ ਹੈ ਕਰ ਲੈਂਦਾ, ਬੰਦਾ ਰਾਹ ਇਹਦਾ ਪੱਧਰਾ । ਕਿ ਉਹ ਜਿਧਰ ਨੂੰ ਵੇਂਹਦੀ ਹੈ, ਸਾਂਵਲਾ ਨਜ਼ਰ ਆਉਂਦਾ ਹੈ, ਪੁੱਛ ਕੇ ਮੀਰਾਂ ਨੂੰ ਵੇਖੋ, ਕੀ ਹੈ ਕਾਸ਼ੀ, ਕੀ ਮਥੁਰਾ । ਉਹ ਬੰਦਾ ਵੀ ਹੈ ਕੀ ਬੰਦਾ, ਕਿ ਅਹਿਸਾਨਾਂ ਨੂੰ ਜੋ ਭੁੱਲੇ, ਨਾ-ਸ਼ੁਕਰਾ ਆਖਦੀ ਦੁਨੀਆ, ਮੇਰੀ ਨਜ਼ਰੇ ਉਹ ਬੇ-ਕਦਰਾ । ਜਲੇ ਖੰਭ ਨੇ ਮੇਰੇ ਭਾਵੇਂ, ਮੈਂ ਫਿਰ ਵੀ ਅੰਬਰੀਂ ਚੜ੍ਹਣਾ, ਬੇਸ਼ੱਕ ਮੂੰਹ-ਜ਼ੋਰ 'ਵਾਵਾਂ ਨੇ, ਮੇਰਾ ਪਰ ਹੌਂਸਲਾ ਵੱਖਰਾ । ਖ਼ਾਮੋਸ਼ੀ ਏਸ ਲਈ ਪਿਆਰੀ, ਕਿ ਮੇਰੇ ਐਬ ਢੱਕ ਦੇਵੇ, ਮਗਰ ਦਿਲ ਹੋ ਗਿਆ ਬਾਗੀ, ਤੇ ਸ਼ਿਕਵਾ ਵੀ ਬੜਾ ਅੱਥਰਾ । ਬਚਾ ਕੇ ਲਾਜ ਨੂੰ ਰੱਖਣਾ, ਹਵਸ ਦੇ ਲੋਭੀਆਂ ਕੋਲੋਂ, ਕਿ ਇਸ ਨੂੰ ਦਾਗ ਲੱਗਣ ਦਾ, ਸਦਾ ਬਣਿਆ ਰਹੇ ਖਤਰਾ । ਨਾ ਚਾਹਾਂ ਸਾਗਰਾਂ ਦਾ ਜਲ, ਚਾਹ ਏਨੀ ਕੁ ਹੈ ‘ਬੇਕਸ’, ਸੁਆਂਤੀ-ਬੂੰਦ ਮਿਲ ਜਾਏ, ਚਾਹੇ ਕਤਰੇ 'ਚੋਂ ਹੀ ਕਤਰਾ ।
ਤੇਰੇ ਫ਼ਰਜ਼ਾਂ ਤੇ ਦੋਸ਼ਾਂ ਤੋਂ, ਮੈਂ ਤੈਨੂੰ ਮੁਕਤ ਕਰ ਜਾਵਾਂ
ਤੇਰੇ ਫ਼ਰਜ਼ਾਂ ਤੇ ਦੋਸ਼ਾਂ ਤੋਂ, ਮੈਂ ਤੈਨੂੰ ਮੁਕਤ ਕਰ ਜਾਵਾਂ । ਕਿ ਮੁੱਖ ਤੋਂ ਪੂੰਝ ਕੇ ਹੰਝੂ, ਚਿਹਰੇ ਮੁਸਕਾਨ ਧਰ ਜਾਵਾਂ । ਪਿਆਸੀ ਧਰਤ ਜਾਂ ਦੇਖਾਂ, ਮੱਚਲਦੀ ਰੀਝ ਹੈ ਮੇਰੀ, ਕਿ ਤੇਹ ਉਸਦੀ ਬੁਝਾ ਦੇਵਾਂ, ਬੱਦਲੀ ਬਣ ਕੇ ਵਰ੍ਹ ਜਾਵਾਂ । ਨਾ ਹਾਰਣ ਦਾ ਕੋਈ ਝੋਰਾ, ਨਾ ਜਿੱਤਣ ਦਾ ਹੈ ਚਾਅ ਮੈਨੂੰ, ਕਿ ਇਹ ਹੈ ਖੇਡ ਪ੍ਰੀਤਾਂ ਦੀ, ਮੈਂ ਜਿੱਤਾਂ ਜਾਂ ਕਿ ਹਰ ਜਾਵਾਂ । ਖ਼ਾਬ ਵੇਖੇ ਨੇ ਜੋ ਸੋਹਣੇ, ਮੈਂ ਅਪਣੇ ਦਿਲਬਰਾਂ ਖਾਤਿਰ, ਮਿਰੀ ਇਹ ਤਾਂਘ ਹੈ ਤੀਬਰ, ਉਹ ਸਾਰੇ ਸੱਚ ਕਰ ਜਾਵਾਂ । ਇਹ ਜੀਵਨ ਕੀਮਤੀ ਤੋਹਫ਼ਾ, ਨੇ ਕਹਿੰਦੇ ਸੋਚ ਹੀ ਸਾਰੇ, ਮੈਂ ਕਿੱਦਾਂ ਖਾ ਲਵਾਂ ਮਹੁਰਾ, ਤੇ ਭੰਗ ਦੇ ਭਾੜੇ ਮਰ ਜਾਵਾਂ । ਇਹ ਚਾਹੁੰਦਾ ਹਾਂ ਮੈਂ ਅਜ਼ਲਾਂ ਤੋਂ, ਰਵਾਨੀ 'ਚ ਰਹੇ ਪਾਣੀ, ਨਹੀਂ ਇਸਦਾ ਗਿਲਾ ਕੋਈ, ਮੈਂ ਟੁਕੜਾ-ਟੁੱਕੜਾ ਖਰ ਜਾਵਾਂ । ਰਿਣੀ ਹਾਂ ਸ਼ਹਿਨਸ਼ਾਹ ਤੇਰਾ, ਇਹ ਮੁਮਕਿਨ ਹੀ ਨਈਂ ਹੁਣ ਤਾਂ, ਕਿ ਸਾਹਵੇਂ ਮੌਤ ਤੱਕ ਕੇ ਵੀ, ਮੈਂ ਥਿੜਕਾਂ ਜਾਂ ਕਿ ਡਰ ਜਾਵਾਂ । ਇਤਨੀ ਮਿਹਰ ਕਰ ਰੱਬਾ ! ਕਿ ਸੁਪਨੇ ਵਿਚ ਵੀ ਭੁੱਲ ਕੇ, ਇਹ ਖਾਲੀ ਝੋਲ ਲੈ ਅਪਣੀ, ਕਿਸੇ ਮਾਨਵ ਦੇ ਦਰ ਜਾਵਾਂ । ਨਾਨਕ-ਦਰ ਦੇ ਸੰਗ ਜੁੜ ਕੇ, ਇਹ ਬੱਝੀ ਆਸ ਹੈ ‘ਬੇਕਸ’, ਇੱਕ ਪੱਥਰ ਹੀ ਹਾਂ ਚਾਹੇ, ਇਹ ਸੰਭਵ ਹੈ ਕਿ ਤਰ ਜਾਵਾਂ ।