Chingan Di Mutthi : Joginder Bahrla

ਚਿਣਗਾਂ ਦੀ ਮੁੱਠੀ (ਕਾਵਿ ਸੰਗ੍ਰਹਿ) : ਜੋਗਿੰਦਰ ਬਾਹਰਲਾ


ਦੋ ਸ਼ਬਦ

ਮਨੁਖ ਦੀ ਪੁਲਾੜ ਯਾਤਰਾ ਨੇ ਅਤੇ ਉਸਦੇ ਨਾਲ ਹੀ ਨਾਲ ਲੰਮੂਬਾ ਦੀ ਬੇਕਿਰਕ ਹਤਿਆ ਨੇ, ਹੀਰੋਸ਼ਾਮਾ ਅਤੇ ਨਾਗਾਸਾਕੀ ਦੇ ਸਰਵਨਾਸ਼ ਤੋਂ ਬਾਦ, ਬਰਲਿਨ ਅਤੇ ਅਫਰੀਕਾ ਦੀਆਂ ਸੁਲਘ ਰਹੀਆਂ ਭਠੀਆਂ ਨੇ ਇਸ ਯੁਗ ਦੇ ਸਾਹਿਤਕਾਰ ਨੂੰ ਬੁਰੀ ਤਰਾਂ ਝੰਝੋੜ ਦਿਤਾ ਹੈ। ਪ੍ਰਗਤੀ ਅਤੇ ਪ੍ਰਤੀ ਕਿਰਿਆ ਆਪਸ ਵਿਚ ਬੁਰੀ ਤਰਾਂ ਉਲਝ ਗਈਆਂ ਹਨ । ਸੰਸਾਰ ਦੀਆਂ ਉਲਝਣਾਂ ਅਤੇ ਵਿਖਮਤਾਵਾਂ ਨੇ ਪ੍ਰਗਤੀ ਤੇ ਪ੍ਰਤੀ ਕਿਰਿਆ ਤੇ ਆਪਣੀਆਂ ਆਚਰਨ ਤੈਹਾਂ ਚੜ੍ਹਾ ਕੇ ਉਨ੍ਹਾਂ ਦੇ ਰੂਪ ਵਿਚ ਅਨੋਖੇ ਹੀ ਢੰਗ ਦੀ ਭੇਤ ਭਰੀ ਸਮਾਨਤਾ ਪੈਦਾ ਕਰ ਦਿਤੀ ਹੈ ਅਤੇ 'ਰਾਮ' ਵਿਚਾਰੇ ਹੈਰਾਨ ਹਨ ਕਿ ‘ਬਾਲੀ' ਨੂੰ ਮਾਰਦਿਆਂ ਮਾਰਦਿਆਂ ‘ਸੁਗਰੀਬ' ਨੂੰ ਹੀ ਆਪਣੇ ਤੀਰ ਨਾਲ ਨ ਵਿੰਨ੍ਹ ਬੈਠਣ ?

ਅਜ ਲੋੜ ਇਸ ਗੱਲ ਦੀ ਆ ਪਈ ਹੈ ਕਿ ਸਾਹਿਤਕਾਰ ਵਿਅਕਤੀ ਅਤੇ ਸਮਾਜ ਦੇ ਬਾਹਰਲੇ ਰੂਪ ਵਿਚ ਹੀ ਉਲਝ ਕੇ ਨਾ ਰਹਿ ਜਾਣ ਸਗੋਂ ਅੰਦਰ ਵਾਰ ਡੂੰਘਿਆਂ ਝਾਕ ਕੇ, ਅਨ੍ਹੇਰਿਆਂ ਵਿਚ ਆਪਣੇ ਜੀਵਨ-ਦੀਪਕ ਨੂੰ ਤਿਲ ਤਿਲ ਜਲਾਕੇ ਉਸ ਸੱਚ ਨੂੰ ਖੋਜ ਲਿਆਉਣ ਜਿਸਦੇ ਪ੍ਰਕਾਸ਼ ਵਿਚ ਪੁਲਾੜ ਦੀਆਂ ਯਾਤਰਾਵਾਂ ਨੂੰ ਬਰਲਨ ਦੀਆਂ ਸੁਲਘਦੀਆਂ ਭਠੀਆ ਵਿਚ ਭੁੰਨਣ ਵਾਲੀ ਰਾਖਸ਼ੀ ਤਾਕਤਾਂ ਨੂੰ ਪਛਾਣਿਆ ਜਾ ਸਕੇ, ਅਤੇ ਇਨਸਾਨ ਦੀ ਕਹਾਣੀ ਨੀਲੇ ਆਕਾਸ਼ ਵਿਚ ਸ਼ਕਤੀ, ਪਰੇਮ, ਅਤੇ ਭਰਾਤਰੀਪਣ ਦੇ ਗੀਤਾਂ ਨਾਲ ਲਿਖੀ ਜਾਇ, ਕਿਤੋਂ ਚਮਕਦੇ ਚੰਦ ਦੇ ਮੁਸ਼ਕਰਾਂਦੇ ਮੁਖੜੇ ਤੇ, ਜੋ ਹੱਸ ਹੱਸ ਕੇ ਇਨਸਾਨ ਨੂੰ ਆਪਣੇ ਕੋਲ ਬੁਲਾਕੇ ਉਸਦੀ ਸੁਣਨ ਤੇ ਆਪਣੀ ਸੁਣਾਣ ਲਈ ਚਾਹਵਾਨ ਹੈ, ਇਨ੍ਹਾਂ ਐਟਮ ਅਤੇ ਹਾਈਡਰੋਜਨ ਬੰਬਾਂ ਦੀ ਰਾਖ ਨ ਲਿੱਪੀ ਜਾਇ।

ਸਾਥੀ ਬਾਹਰਲਾ ਦੀਆਂ ਰਚਨਾਵਾਂ ਵਿਚ ਮੈਨੂੰ ਜੋ ਸਭ ਤੋਂ' ਵਡੀ ਖੁਸ਼ੀ ਨਜ਼ਰ ਆਉਂਦੀ ਹੈ, ਉਹ ਇਹੋ ਕਿ ਇਹ ਸੁਣੀਆਂ ਸੁਣਾਈਆਂ ਕਲਪਨਾਂ ਰਾਹੀਂ ਬੰਦ ਕਮਰੇ ਵਿਚ ਬੈਠ ਕੇ ਘੜੀਆਂ ਗਈਆਂ ਰਚਨਾਵਾਂ ਨਹੀਂ ਹਨ। ਬਾਹਰਲੇ ਨੇ ਇਨ੍ਹਾਂ ਰਚਨਾਵਾਂ ਨੂੰ ਜੋ ‘ਚਿਣਗਾਂ ਦੀ ਮੁੱਠੀ' ਦੀ ਸ਼ਕਲ ਵਿੱਚ ਆਪਦੇ ਸਾਹਮਣੇ ਹਾਜ਼ਰ ਹਨ। ਆਪਣੇ ਗ਼ਮਾਂ ਦੀ ਛਾਂ ਵਿਚ ਪਾਲ ਪੋਸ ਕੇ ਵੱਡਿਆਂ ਕੀਤਾ ਹੈ। ਲਾਲਚ ਅਤੇ ਡਰ ਦੀਆਂ ਅਨੇਰੀਆਂ ਤੇ ਤੂਫਾਨਾਂ ਵਿਚ ਆਪਣੇ ਵਿਸ਼ਵਾਸ ਦੀ ਓਟ ਨਾਲ ਬਚਾਇਆ ਹੈ । ਅਤੇ ਆਪਣੇ ਹੰਝੂਆਂ ਨਾਲ ਪਵਿਤਰ ਕਰਕੇ ਲੋਕਾਂ ਨੂੰ ਸੌਂਪ ਦਿਤਾ ਹੈ, ਤਾਕਿ ਇਨ੍ਹਾਂ ਦੇ ਚਾਨਣ ਵਿਚ ਲੋਕ ਸਹੀ ਰਸਤਿਆਂ ਤੇ ਅਗਾਂਹ ਵਧਣਾ ਸਿਖਣ, ਪੁਲਾੜ-ਯਾਤਰਾਵਾਂ ਤੇ ਵਿਨਾਸ਼ ਦਾ ਗ੍ਰਹਿਣ ਨ ਲਗੇ ।

ਸਾਥੀ ਬਾਹਰਲਾ ਨੇ ਜ਼ਿੰਦਗੀ ਦੀ ਯਾਤਰਾ ਨੂੰ ਅਨੰਤ ਸਮਝਿਆ ਹੈ, ਠੋਕਰਾਂ ਨੂੰ ਵਰਦਾਨ ਮੰਨ ਕੇ ਗ੍ਰਹਿਣ ਕੀਤਾ ਹੈ ਅਤੇ ਆਪਣੇ ਖੂਨ ਨਾਲ ਜ਼ਿੰਦਗੀ ਦੇ ਦੀਵੇ ਨੂੰ ਜਗਾਈ ਰਖਣ ਦਾ ਫੈਸਲਾ ਕੀਤਾ ਹੈ। ਇਸ ਲਈ ਇਸ ਕਵੀ ਨੂੰ ਜ਼ਿੰਦਗੀ ਵਿਚ ਅਣਹੋਂਦ, ਦੁਖ, ਤਕਲੀਫਾਂ ਅਤੇ ਪੀੜਾਂ ਦੀ ਮਾਮੂਲੀ ਰਾਸ ਮਿਲੀ ਹੈ । ਇਨ੍ਹਾਂ ਪੀੜਾਂ ਅਤੇ ਕਸ਼ਟਾਂ ਨੂੰ ਹੀ ਸੰਭਲ ਬਨਾਕੇ ਅਨੰਤ ਯਾਤਰਾ ਤੇ ਨਿਕਲਿਆ ਇਹ ਰਾਹੀ ਆਪਣੀਆਂ ਸਾਰੀਆਂ ਤਰੁਟੀਆਂ, ਕਮਜ਼ੋਰੀਆਂ, ਅਤੇ ਥਿੜਕਣਾਂ ਦੇ ਬਾਵਜੂਦ ਵੀ ਮੈਨੂੰ ਪਸੰਦ ਹੈ । ਕਿਉਂਕਿ ਮੈਂ ਜਾਣਦਾ ਹਾਂ ਕਿ ਤਰੁਟੀਆਂ, ਕਮਜ਼ੋਰੀਆਂ ਅਤੇ ਥਿੜਕਣਾਂ ਇਸਦੀਆਂ ਆਪਣੀਆਂ ਨਹੀਂ ਹਨ ਹਾਲਾਤ ਨੇ ਇਸ ਤੇ ਲੱਦ ਦਿਤੀਆਂ ਹਨ; ਵਿਹਲ ਮਿਲਦਿਆਂ ਹੀ ਇਹ ਰਾਹੀ, ਜਿਸਨੇ ਥਕਣਾ ਨਹੀਂ ਸਿਖਿਆ, ਇਨ੍ਹਾਂ ਨੂੰ ਲਾਹ ਵਗਾਹੇਗਾ ।

ਮੈਨੂੰ ਆਸ ਹੈ ਇਹ ਗ਼ਮਾਂ ਦੇ ਪਰਛਾਵੇਂ ਵਿਚ ਸੰਜੋਈਆਂ ‘ਚਿਣਗਾਂ ਦੀ ਮੁੱਠੀ' ਇਨਸਾਨੀਅਤ ਦੀਆਂ ਮੰਜ਼ਲਾਂ ਵਲ ਵਧਣ ਵਾਲਿਆਂ ਦੀ ਠਿਠਰਨ ਦੂਰ ਕਰੇਗੀ ਅਤੇ ਉਹ ਨਵੀਂ ਤਾਜ਼ਗੀ ਅਤੇ ਨਵਾਂ ਵਿਸ਼ਵਾਸ ਲੈਕੇ ਮੰਜ਼ਲਾਂ ਵਲ ਚੱਲ ਨਿਕਲਣਗੇ ।

ਰਾਮਦੇਵ
੧੨. ੮. ੬੧



ਰਫੀਕ-ਕਾਰ
ਜੋਗਿੰਦਰ ਬਾਹਰਲਾ
ਦੇ ਨਾਂ

ਤੇਰੀ ਆਵਾਜ਼ ਮੇਂ ਸ਼ਾਮਲ ਹੈ ਗ਼ਮ-ਏ-ਦੁਨੀਆਂ ਭੀ, 
ਤੇਰੀ ਨਜ਼ਮੇਂ ਮੇਰੇ ਮਾਹੌਲ ਕੀ ਤਸਵੀਰੇਂ ਹੈਂ ।
ਤੂ ਪੈਅੰਬਰ ਹੈ ਸਦਾਕਤ ਕਾ, ਮਗਰ ਐ ਦੋਸਤ,
ਹੱਕ ਪ੍ਰਸਤੀ ਕਾ ਸਿਲਾ, ਆਜ ਭੀ ਜ਼ੰਜੀਰਾਂ ਹੈਂ ।

ਅਮਨੋ - ਓ - ਇਨਸਾਫ ਕੀ ਕੰਦੀਲ ਜਲਾਨੇ ਵਾਲੇ 
ਤੀਰਗੀ ਜ਼ੁਲਮ ਕੀ ਅਬ ਨੂਰ ਮੇਂ ਢਲ ਜਾਏਗੀ । 
ਭੂਕ ਔਰ ਪਿਆਸ ਸੇ, ਝੁਲਸੀ ਹੂਈ ਵੀਰਾਨੀ ਯੇਹ, 
ਤੇਰੇ ਨਗਮਾਤ-ਏ-ਬਗ਼ਾਵਤ ਸੇ ਬਦਲ ਜਾਏਗੀ ।

ਕਰਿਸ਼ਨ ਅਦੀਬ
੧੪. ੮. ੬੧.
...................

ਜੋਗਿੰਦਰ ਬਾਹਰਲਾ ਦੀਆਂ ਕਵਿਤਾਵਾਂ ਜ਼ਿੰਦਗ਼ੀ 
ਤੇ ਜਜ਼ਬਿਆਂ ਦੀ ਅੱਗ ਨਾਲ ਭਰਭੂਰ ਹਨ । 
ਇਹ ਚਿਣਗਾਂ ਹਨ—ਉਹ ਚਿਣਗਾਂ, ਜਿਨ੍ਹਾਂ 
ਵਿਚ ਰੌਸ਼ਨੀ, ਤੜੱ ਤੇ ਬੇਕਰਾਰੀ ਹੈ । ਏਹੋ 
ਰੌਸ਼ਨੀ, ਤੜਪ ਤੇ ਬੇਕਰਾਰੀ ਉਸ ਦੀਆਂ 
ਕਵਿਤਾਵਾਂ ਦੀ ਜਾਨ ਹੈ।

ਸੰਤੋਖ ਸਿੰਘ ਧੀਰ

ਗੀਤ : ਇਹ ਜੱਗ ਬੜਾ ਕਠੋਰ ਵੇ ਸੱਜਣਾ

ਇਹ ਜੱਗ ਬੜਾ ਕਠੋਰ ਵੇ ਸੱਜਣਾ ਮਿੱਠੜੀ ਮਿੱਠੜੀ ਦਰਦ ਵੰਡੇਦਾ, ਕੜਵੀ ਕੜਵੀ ਲੋਰ ਵੇ ਸੱਜਣਾ । ਇਹ ਜੱਗ ਬੜਾ ਕਠੋਰ ............। ਕਿਸੇ ਨਾ ਦਿਲ ਦਾ ਦਰਦ ਵੰਡਾਇਆ ਕਿਸੇ ਨਾ ਪੀੜਾ ਜਾਣੀ । ਨੈਣ ਨੁਚੜ ਕੇ ਪੱਥਰ ਹੋ ਗਏ ਨੀਝ ਪੰਘਰ ਕੇ ਪਾਣੀ । ਜਿਸ ਦਰ ਜਾ ਕੇ ਝੋਲ ਫੈਲਾਈ ਪੀੜ ਸਹੇੜੀ ਹੋਰ ਵੇ ਸੱਜਣਾ । ਇਹ ਜੱਗ ਬੜਾ ਕਠੋਰ ............। ਜੋ ਗ਼ਮ ਸਾਨੂੰ ਜੱਗ ਨੇ ਦਿਤੇ ਸੀਨੇ ਵਿਚ ਸੰਭਾਲੇ । ਨਿੱਤ ਆਸਾਂ ਦੀਆਂ ਮੱੜ੍ਹੀਆਂ ਉੱਤੇ ਦੀਪ ਸਬਰ ਦੇ ਬਾਲੇ । ਚੁਪ ਵੀ ਸਾਡੀ ਬਣ ਗਈ ਮੇਹਣਾ ਹਰ ਕੋਈ ਰਿਹਾ ਟਕੋਰ ਵੇ ਸੱਜਣਾ । ਇਹ ਜੱਗ ਬੜਾ ਕਠੋਰ ............। ਘੁਟ ਘੁਟ ਬੰਨ੍ਹੀ ਉਮਰ ਦੀ ਗੰਢੀ ਇਕੋ ਇਸ਼ਕ ਕਥੂਰੀ। ਪਰ ਸਾਡੀ ਜਿੰਦੜੀ ਨੇ ਖਾਧੀ ਨਿੱਤ ਬ੍ਰਿਹਾ ਦੀ ਚੂਰੀ। ਇਸ ਬ੍ਰਿਹਾ ਮੇਰੇ ਹੱਡੀਂ ਰਚ ਕੇ ਹੱਡੀਆਂ ਦਿੱਤੀਆਂ ਖੋਰ ਵੇ ਸੱਜਣਾ । ਇਹ ਜੱਗ ਬੜਾ ਕਠੋਰ ............। ਅਸਾਂ ਤੇ ਆਪਣੇ ਦਿਲ ਦੇ ਵਿਹੜੇ ਅੱਗ ਹਿਜਰ ਦੀ ਬਾਲੀ। ਜਿਸ ਦੇ ਸੇਕ ਥੀਂ ਤਪ ਗਈ ਸਾਰੇ ਜੱਗ ਦੀ ਲੇਫ ਨਿਹਾਲੀ। ਦੱਸ ਕਿਸੇ ਦਾ ਮੂੰਹ ਕਿੰਜ ਫੜੀਏ ਕੀ ਏ ਸਾਡਾ ਜ਼ੋਰ ਵੇ ਸੱਜਣਾ । ਇਹ ਜੱਗ ਬੜਾ ਕਠੋਰ ............।

ਇਸ਼ਕੇ ਕੋਲੋਂ ਦਾਤ ਮਿਲੀ ਹੈ

ਪਾਪਾਂ ਦੀ ਪੰਡ ਸਿਰ ਤੇ ਚਾਈ ਭਰ ਪਏ ਚੁੱਪ ਚੁਪੀਤੇ ਹੋ । ਕੌਣ ਉਹਨਾਂ ਦੀ ਸੁਣੇ ਕਹਾਣੀ ਬੁੱਲ੍ਹ ਜਿਨ੍ਹਾਂ ਦੇ ਸੀਤੇ ਹੋ । ਜੁਰਮਾਂ ਦੇ ਅਕਬਾਲ 'ਚੋਂ ਏਥੇ ਲੱਭੀਆਂ ਕਿਸੇ ਸਫਾਈਆਂ ਨਾ, ਇਹ ਮੁਨਸਿਫ ਤੇ ਫ਼ੱਟ ਬੰਨ ਦੇ ਅਕਬਾਲ ਜਿਨ੍ਹਾਂ ਨੇ ਕੀਤੇ ਹੋ । ਦਿਲ ਤੇ ਰੱਖ ਲਈ ਪੱਥਰ ਦੀ ਸਿਲ ਸਿਰ ਲੈ ਲਈ ਅਸੀਂ ਹੋਰਾਂ ਦੀ, ਦੱਬ ਸੀਨੇ ਧੁਖਦੀ ਅੰਗਿਆਰੀ ਦੋ ਘੁੱਟ ਸਬਰ ਦੇ ਪੀਤੇ ਹੋ । ਜਿੰਦ ਦੀ ਬੀਨ ਦੇ ਸੁਰ ਗਏ ਕੀਲੇ ਖਿੰਡੀਆਂ ਜ਼ਹਿਰਾਂ ਚਾਰ ਚੁਫੇਰੇ, ਨਾਗ ਨਿਵਾਸੀਂ ਵਸਣ ਅਸਾਡਾ ਕੀਕਣ ਉਮਰਾ ਬੀਤੇ ਹੋ । ਪੱਲ 'ਚ ਪਹਾੜ ਘੜੀ ਵਿਚ ਰਾਈ ਉਹ ਕੱਦ ਬੋਲ ਪੁੱਗਾਂਦੇ ਨੇ, ਜਨਮਾਂ ਦੀ ਵਿਥ ਵੀ ਨ ਤੋੜੇ ਕੌਲ ਅਸੀਂ ਜੋ ਕੀਤੇ ਹੋ । ਇਸ਼ਕੇ ਕੋਲੋਂ ਦਾਤ ਮਿਲੀ ਹੈ ਜੱਗ ਨਾ ਪੱਲੇ ਯਾਰ ਨਾ ਪੱਲੇ, ਪੱਲੇ ਵਿਚ ਨੇ ਗ਼ਮ ਉਮਰਾਂ ਦੇ ਜੋ ਸੰਗ ਅਸਾਂ ਨੇ ਲੀਤੇ ਹੋ ।

ਇਕ ਚੋਰੀ

ਇਸ ਦੁਨੀਆਂ ਤੋਂ ਚੋਰੀ ਚੋਰੀ, ਇਕ ਚੋਰੀ ਮੈਂ ਕਰ ਬੈਠਾ ਹਾਂ । ਇਸ ਬਾਜ਼ੀ ਵਿੱਚ ਆਪਣੀ ਦੁਨੀਆਂ ਆਪਣੇ ਹੱਥੀਂ ਹਰ ਬੈਠਾ ਹਾਂ। ਇੱਜ਼ਤਾਂ ਮਾਨ ਪਿਆਰਾਂ ਦੇ ਅਨਮੋਲ ਖਜ਼ਾਨੇ ਉਤੇ ਬਹਿ ਕੇ, ਆਪਣੇ ਜੀਵਨ ਦੀ ਝੋਲੀ ਨੂੰ ਬਦਨਾਮੀ ਨਾਲ ਭਰ ਬੈਠਾ ਹਾਂ। ਇਸ ਦੁਨੀਆਂ ਤੋਂ............... ਹੁਸਨ ਛਲੇਡਾ ਛਲਣਾ ਜਾਣੇ, ਇਸ਼ਕ ਗ਼ਮਾਂ ਵਿਚ ਪਲਣਾ ਜਾਣੇ, ਇਹ ਖੁਸ਼ਬੂਆਂ ਵੰਡਦੀ ਜਿੰਦੜੀ ਇਸ਼ਕ ਦੇ ਪਲੜੇ ਧਰ ਬੈਠਾ ਹਾਂ । ਇਸ ਦੁਨੀਆਂ ਤੋਂ............... “ਅੰਦਰ ਵੜ ਕੇ ਲੱਖ ਟਕੋਰੋ, ਧੂੰ ਨਾ ਕੱਢੋ" ਕਹਿਣ ਸਿਆਣੇ, ਇਕ ਦਾ ਤਾਹਨਾ ਜਰ ਨਾ ਸਕਿਆਂ, ਜੱਗ ਦੇ ਤਾਹਨੇ ਜਰ ਬੈਠਾ ਹਾਂ । ਇਸ ਦੁਨੀਆਂ ਤੋਂ............... ਪੱਥਰਾਂ ਦੀ ਸਖਤੀ ਤੋਂ ਵਧਕੇ ਹੈ ਸੀ ਮੇਰੇ ਦਿਲ ਦੀ ਸਖਤੀ ਅੱਜ ਰਾਵੀ ਦੇ ਕੰਢੇ ਵਾਂਗੂੰ ਇਕ ਬਰਸਾਤ 'ਚ ਖੱਰ ਬੈਠਾ ਹਾਂ । ਇਸ ਦੁਨੀਆਂ ਤੋਂ............... ਮੁੜ ਮੁੜ ਪੰਛੀ ਚੋਗ ਚੁਗੇਂਦੇ ਮੁੜ ਮੁੜ ਬਾਗ਼ੀ ਆਕੇ ਬਹਿੰਦੇ । ਮੈਂ ਮਾਲੀ ਦੇ ਹਥੋਂ ਆਪਣੇ ਅਜ ਕਟਵਾਕੇ ਪਰ ਬੈਠਾ ਹਾਂ। ਇਸ ਦੁਨੀਆਂ ਤੋਂ............... ਇਹ ਦੁਨੀਆਂ ਜੋ ਵਸਦੀ ਰਸਦੀ ਇਹ ਦੁਨੀਆਂ ਸੀ ਮੇਰੀ ਦੁਨੀਆਂ ਅੱਜ ਤੇ ਆਪਣੇ ਹੀ ਘਰ ਸਮਝਾਂ ਜਿਉਂ ਬਿਗਾਨੇ ਦਰ ਬੈਠਾ ਹਾਂ । ਇਸ ਦੁਨੀਆਂ ਤੋਂ............... ਸੰਗ ਤੇਰੇ ਦੀ ਦੇਣ ਹੈ ਮੈਨੂੰ ਇਹ ਗੱਲ ਤੈਨੂੰ ਕਹਿਣ ਤੋਂ ਡਰਨਾ ਅੱਜ ਡਰਨਾ ਤੇ ਲਾਅਣਤ ਸਮਝਾਂ ਲੱਖ ਵਾਰੀ ਮੈਂ ਡਰ ਬੈਠਾ ਹਾਂ । ਇਸ ਦੁਨੀਆਂ ਤੋਂ...............

ਕਾਲੀ ਰਾਤ

ਮੈਂ ਇਕ ਕਾਲੀ ਰਾਤ, ਵੇ ਸੱਜਣਾ ਮੈਂ ਇਕ ............... ਮੇਰੇ ਆਣ ਤੇ ਸੁੰਨੀ ਹੋ ਜਾਏ ਸਾਰੀ ਕਾਏਨਾਤ, ਵੇ ਸੱਜਣਾ ਮੈਂ ਇਕ ਕਾਲੀ............... ਧਰਤੀ ਦੀ ਵ੍ਹਿਉ ਚੂਸਕੇ ਸਾਰੀ ਮੈਂ ਜ਼ਹਿਰੀਲੀ ਹੋਈ। ਦੇਹ ਮੇਰੀ ਦੀ ਨਾੜੀ ਨਾੜੀ ਤਾਹੀਓਂ ਨੀਲੀ ਹੋਈ । ਦੁਨੀਆਂ ਮੈਥੋਂ ਭੈ ਖਾਂਦੀ ਮੈਂ ਬਣ ਗਈ ਇਕ ਅਫ਼ਾਤ, ਵੇ ਸੱਜਣਾ ਮੈਂ ਇਕ ਕਾਲੀ.......... ਨੀਲ ਗਗਨ ਮੇਰਾ ਮੁੱਖੜਾ ਜਿਸ 'ਤੇ ਚਮਕਣ ਲੱਖ ਸਿਤਾਰੇ ਇਹ ਚਿੰਨ੍ਹ, ਮਾਨਵਤਾ ਦੇ ਗ਼ਮ ਦੇ ਉਘੜੇ ਬਣ ਅੰਗਿਆਰੇ ਜਿਸਨੇ ਛੂਹ ਲਏ ਲੂਹ ਲਏ ਆਪਣੇ ਕੋਮਲ ਕੋਮਲ ਪਾਤ, ਵੇ ਸੱਜਣਾ ਮੈਂ ਇਕ ਕਾਲੀ ............ ਦੁਨੀਆਂ ਆਖੇ ਚੰਨ ਦੀ ਟਿੱਕੀ ਮੈਂ ਮਸਤਕ ਤੇ ਲਾਈ ਇਹ ਹੈ ਦਾਗ਼ ਮੇਰੇ ਪਾਪਾਂ ਦਾ ਜੋ ਮੈਂ ਸੰਗ ਲਿਆਈ ਇਸਦੀਆਂ ਕਿਰਨਾਂ ਕਰਨ ਕਲੰਕਤ ਜਿਸ ਵਲ ਪਾਵਣ ਝਾਤ, ਵੇ ਸੱਜਣਾ ਮੈਂ ਇਕ ਕਾਲੀ........... ਰੂਪ ਤੇਰੇ ਦੀ ਲਾਟ ਜਾਂ ਤੱਕੀ ਤਾਂ ਹੋਈ ਕੁੱਝ ਹੌਲੀ ਪਲ ਦੀ ਪਲ ਲਈ ਇਓਂ ਜਾਪੀ ਜਿਉਂ ਕਾਲਖ ਹੋ ਗਈ ਧੌਲੀ ਤੇਰੀ ਤੱਕਣੀ ਸਹਿਜ ਸੁਭਾ ਏ ਮੇਰੇ ਲਈ ਸੁਗਾਤ, ਵੇ ਸੱਜਣਾ ਮੈਂ ਇਕ ਕਾਲੀ...............

ਵੈਰਨ ਚਕੋਰੀ ਦੀ ਬਣੀ

ਵੈਰਨ ਚਕੋਰੀ ਦੀ ਬਣੀ ਮੱਸਿਆ ਦੀ ਰਾਤ, ਚੰਦ ਦੀ ਦੂਰੀ ਦੁਏ ਚਾਨਣ ਡੋਲ੍ਹ ਡੋਲ੍ਹ । ਇਕ ਕੋਲ ਵਸਦੇ ਹੈਨ ਅਸਾਥੋਂ ਦੂਰ ਦੂਰ, ਇਕ ਦੂਰ ਵਸਦੇ ਹੈਨ ਦਿਲਾਂ ਦੇ ਕੋਲ ਕੋਲ।

ਜ਼ਿੰਦਗੀ ਦਾ ਹੈ ਨਹੀਂ ਕੋਈ ਪੜਾ : ਗ਼ਜ਼ਲ

ਜ਼ਿੰਦਗੀ ਦਾ ਹੈ ਨਹੀਂ ਕੋਈ ਪੜਾ ਮੌਤ ਨੂੰ ਮੰਜ਼ਲ ਬਣਾਵਾਂ ਕਿਸ ਤਰਾਂ ? ਰਾਤ ਦੇ ਨ੍ਹੇਰੇ ਨੂੰ ਆਇਆਂ ਚੀਰਦਾ ਨ੍ਹੇਰਿਆਂ ਵਲ ਪਰਤ ਜਾਵਾਂ ਕਿਸ ਤਰਾਂ ? ਰਾਹ ਦੀਆਂ ਰੋਕਾਂ ਤੋਂ ਰਾਹਾਂ ਜਾਣੀਆਂ ਜਾਣ ਕੇ ਆਪਾ ਗੁਆਵਾਂ ਕਿਸ ਤਰਾਂ ? ਜਿਗਰ ਦੀ ਰੱਤ 'ਚ ਜੋ ਦੀਵਾ ਬਾਲਿਆ ਉਸ ਦੀਵੇ ਨੂੰ ਬੁਝਾਵਾਂ ਕਿਸ ਤਰਾਂ ? ਠੋਕਰਾਂ ਚੂਸੀ ਕੁੜੱਤਣ ਜਿੰਦ ਦੀ ਠੋਕਰਾਂ ਨਾਲ ਵੈਰ ਪਾਵਾਂ ਕਿਸ ਤਰਾਂ ? ਬ੍ਰਿਹੜੇ ਤੇ ਹੋਂਦ ਇਸ਼ਕੇ ਦੀ ਖੜ੍ਹੀ ਏਸ ਬ੍ਰਿਹਾ ਨੂੰ ਮਿਟਾਵਾਂ ਕਿਸਤਰਾਂ ? ਮਰਕੇ ਸਾਂਭੀ ਹੈ ਜਗਤ ਦੀ ਪੀੜ ਮੈਂ ਪੀੜ ਆਪਣੀ ਨੂੰ ਲੁਟਾਵਾਂ ਕਿਸ ਤਰ੍ਹਾਂ ? (੧੬ ਜੂਨ, ੧੯੬੧)

ਜਿਗਰੀ ਦਾ ਦੁੱਖ ਸਹਿ ਨਹੀਂ ਸਕਦੇ : ਗ਼ਜ਼ਲ

ਜਿਗਰੀ ਦਾ ਦੁੱਖ ਸਹਿ ਨਹੀਂ ਸਕਦੇ। ਗੱਲ ਜਿਗਰ ਦੀ ਕਹਿ ਨਹੀਂ ਸਕਦੇ । ਚੁੱਪ ਚੁਪੀਤੀ ਲਾਟ ਇਸ਼ਕ ਦੀ, ਸੜਨੇ ਵਾਲੇ ਰਹਿ ਨਹੀਂ ਸਕਦੇ । ਪਲਕਾਂ ਤੇ ਅਟਕੇ ਹੋਏ ਹੰਝੂ, ਸੁੱਕ ਜਾਂਦੇ ਨੇ ਵਹਿ ਨਹੀਂ ਸਕਦੇ । ਤੱਕਦੇ ਰਹਿਣ ਝਨਾ ਦੇ ਕੰਢੇ, ਭੇਤ ਕਿਸੇ ਦਾ ਲੈ ਨਹੀਂ ਸਕਦੇ। ਲਾਹ ਲਓ ਦਾਗ਼ ਚੰਦਾ ਦੇ ਮੁੱਖ ਤੋਂ, ਦਾਗ਼ ਦਿਲਾਂ ਤੋਂ ਲਹਿ ਨਹੀਂ ਸਕਦੇ ।

ਇਸ਼ਕ ਦੀ ਗੰਢ ਪੱਕੀ ਏ : ਗ਼ਜ਼ਲ

ਇਸ਼ਕ ਦੀ ਗੰਢ ਪੱਕੀ ਏ ਜੇ ਖੋਹਲਾਂ ਤੇ ਕਿਵੇਂ ਖੋਹਲਾਂ ? ਜਵਾਨੀ ਦੀ ਉਮੰਗ ਇਕੋ ਜੇ ਰੋਲਾਂ ਤੇ ਕਿਵੇਂ ਰੋਲਾਂ ? ਜਵਾਨੀ ਰਸ ਭਰੀ ਪਿਆਲੀ ਜਹਾਂ ਏਸੇ ਦਾ ਰਸ ਮਾਣੇ ਜ਼ਹਿਰ ਮੈਂ ਏਸ ਦੇ ਅੰਦਰ ਜੇ ਘੋਲਾਂ ਤੇ ਕਿਵੇਂ ਘੋਲਾਂ ? ਹੁਸਨ ਨੇ ਹੈ ਵਫ਼ਾ ਕੀਤੀ ਇਸ਼ਕ ਮੇਰਾ ਗਵਾਹ ਬੈਠਾ ਮੈਂ ਪੱਲੜੇ ਬੇਵਫਾਈ ਦੇ ਜੇ ਤੋਲਾਂ ਤੇ ਕਿਵੇਂ ਤੋਲਾਂ ? ਜੇ ਸੀਨਾ ਚੀਰ ਕੇ ਰਖਿਆ ਜ਼ਮਾਨਾ ਸੱੜ ਸਵਾਹ ਹੋਇਆ, ਕਿਸੀ ਦੇ ਸਾਹਮਣੇ ਦਿਲ ਨੂੰ ਜੇ ਫੋਲਾਂ ਤੇ ਕਿਵੇਂ ਫੋਲਾਂ ? ਬੁਲ੍ਹਾਂ ਨੂੰ ਸੀ ਦਿੱਤਾ ਕਸ ਕੇ ਸਮੇਂ ਦੀ ਡੋਰ ਪੱਕੀ ਨੇ ਮੇਰਾ ਬੋਲਣ ਤੇ ਜੀ ਆਇਆ ਜੇ ਬੋਲਾਂ ਤੇ ਕਿਵੇਂ ਬੋਲਾਂ ? ਚਮਨ ਦੇ ਮਾਲੀਆਂ ਨੇ ਹੀ ਚਮਨ ਵੀਰਾਂਨ ਕਰ ਦਿਤੈ ਵੀਰਾਨੇ 'ਚੋਂ ਬਹਾਰਾਂ ਨੂੰ ਜੇ ਟੋਲਾਂ ਤੇ ਕਿਵੇਂ ਟੋਲਾਂ ?

ਮੁਹੱਬਤ ਦੀ ਰੀਤੀ ਅਸਾਂ ਨੇ : ਗ਼ਜ਼ਲ

ਮੁਹੱਬਤ ਦੀ ਰੀਤੀ ਅਸਾਂ ਨੇ ਨਾ ਜਾਣੀ। ਨਾ ਜਾਣੀ ਕਿਸੇ ਨੇ ਅਸਾਡੀ ਕਹਾਣੀ । ਬੜੇ ਪੜਦਿਆਂ ਵਿੱਚ ਸੀ ਇਹ ਭੇਤ ਕਜਿਆ, ਖੁੱਲ੍ਹਣ ਤੇ ਜਿੰਦੂ ਵੀ ਗਈ ਨਾ ਪਹਿਚਾਣੀ । ਮੁਹੱਬਤ ਦੀ ਰੀਤੀ ... ... ... ... । ਹਨ੍ਹੇਰਾਂ 'ਚ ਕੱਚਿਆਂ ਦੀ ਨਾ ਪਰਖ ਹੋਈ, ਨਾ ਸ਼ੂਕਾਂ ਤੋਂ ਸਮਝੇ ਕਿੰਨੇ ਤੇਜ਼ ਪਾਣੀ । ਮੁਹੱਬਤ ਦੀ ਰੀਤੀ... ... ... ... । ਅਸੀਂ ਠੋਕਰਾਂ ਦੇ ਸਤਾਇਆਂ ਅਤੇ ਨਾ, ਸਤੇ ਤਾਂ ਉਦੋਂ ਜਦ ਹੋਏ ਦੂਰ ਹਾਣੀ। ਮੁਹੱਬਤ ਦੀ ਰੀਤੀ... ... ... ... । ਮੇਰੀ ਬੇਬਸੀ ਤੇ ਜਹਾਂ ਮੁਸਕਰਾਇਆ, ੲਿਹ ਸਮਝੇ ਬਿਨਾਂ ਕਿ ਕਿਵੇਂ ਖਾਕ ਜਾਣੀ। ਮੁਹੱਬਤ ਦੀ ਰੀਤੀ... ... ... ... । ਬਣੇ ਕਿਸਤਰਾਂ ਇਹ, ਨਿਭੇ ਕਿਸ ਤਰ੍ਹਾਂ ਇਹ, ਉਹੀ ਜਾਣਦਾ ਹੈ, ਕਿ ਜਿਸਨੇ ਨਿਭਾਣੀ । ਮੁਹੱਬਤ ਦੀ ਰੀਤੀ .. ... ... ... ।

ਅਸੀਂ ਬਰਬਾਦ ਵੀ ਹੋਏ : ਗ਼ਜ਼ਲ

ਅਸੀਂ ਬਰਬਾਦ ਵੀ ਹੋਏ, ਅਸੀਂ ਨਾਸ਼ਾਦ ਵੀ ਹੋਏ, ਨਾ ਵਿੰਗਾ ਵਾਲ ਧਰਤੀ ਦਾ ਨਾ ਕੰਬਿਆ ਆਸਮਾਂ ਕੋਈ । ਕਿਸੀ ਆਪਣੇ ਨੇ ਵੀ ਨਾ ਸਮਝੀਆਂ ਮਜਬੂਰੀਆਂ ਆਪਣੀ, ਬਿਗਾਨੇ ਦੀ ਤੇ ਦੱਸ ਕੀਕਣ, ਹੈ ਫੜ ਸਕਦਾ ਜ਼ਬਾਂ ਕੋਈ। ਹਰ ਇਕ ਮਹਿਫਲ 'ਚ ਹਰ ਕੋਈ ਬਜਾਵੇ ਆਪਣੀ ਡੱਫਲੀ, ਮੈਂ ਦਿਲ ਦੀ ਦਿਲ 'ਚ ਰੱਖ ਮੁੜਿਆ ਸੁਣੇ ਨਾ ਦਾਸਤਾਂ ਕੋਈ । ਕਿਸੀ ਪੱਥਰ ਦੇ ਠਾਕੁਰ ਨੂੰ ਅਮਲ ਆਪਣੇ ਜੇ ਦਿਖਲਾਂਦੇ, ਤੇ ਮਿਲ ਸਕਦਾ ਸੀ ਪੱਥਰ 'ਚੋਂ— ਵੀ ਦਰਦਾਂ ਦਾ ਨਿਸ਼ਾਂ ਕੋਈ। ਬਜ਼ੁਰਗਾਂ ਨੇ ਜਵਾਨੀ ਨੂੰ ਹੈ ਨਾਂ ਦਿਤਾ ਗੁਨਾਹਾਂ ਦਾ, ਗੁਨਾਂਹ ਰੋਕਣ ਲਈ ਕਹਿੰਦੇ, ਹੋਣ ਨਹੀਂ ਦੇਣਾ ਜਵਾਂ ਕੋਈ । ਅਕਲ ਵਾਲੇ ਅਕਲ ਪਿੱਛੇ ਪਏ ਡਾਂਗਾਂ ਚਲਾਂਦੇ ਨੇ, ਨਾ ਕੁਝ ਪੁਛਦੇ ਨਾ ਕੁੱਝ ਦੱਸਦੇ ਨਾ ਵੇਖਣ ਥਾਂ ਕੁ ਥਾਂ ਕੋਈ। ਅਸਾਡੀ ਹਰ ਅਦਾ ਨੂੰ ਹਰ ਕੋਈ ਉਲਟੀ ਹੀ ਲੈ ਬਹਿੰਦਾ, ਪਤਾ ਨਹੀਂ ਕਿਸ ਖੁਦਾ ਦੇ ਮਾਰ ਲੀਤੇ ਮਾਂਹ ਅਸਾਂ ਕੋਈ। ਕਦੀ ਤੇ ਉਲਝੀਊ ਤਾਣੀ ਦੇ ਸੂਤਰ ਸੂਤ ਹੋਵਣਗੇ, ਇੰਨ੍ਹਾਂ ਆਸ਼ਾਂ ਤੋਂ ਜਿਉਨੇ ਹਾਂ ਕਿ ਆਵੇਗਾ ਸਮਾਂ ਕੋਈ।

ਭਾਵੇਂ ਖੂਨ ਦੇ ਹੰਝੂ ਚੋ ਚੋ : ਗ਼ਜ਼ਲ

ਭਾਵੇਂ ਖੂਨ ਦੇ ਹੰਝੂ ਚੋ ਚੋ ਕੇ ਚੱਲੇ । ਐਪਰ ਇਹ ਸਮਾਂ ਦੂਰ ਹੋ ਹੋ ਕੇ ਚੱਲੇ । ਅਸੀਂ ਇਸ਼ਕ ਦੀ ਰਾਹ ਦੇ ਇਕ ਇਕ ਪੜਾ ਤੇ, ਏਹ ਚੰਦਨ ਜਹੀ ਜਿੰਦ ਖੋਹ ਖੋਹ ਕੇ ਚੱਲੇ । ਲੜਕਪਨ 'ਚ ਇਹੋ ਜਿਹਾ ਰੋਗ ਲਗਾ, ਉਮਰ ਭਰ ਉਮੰਗਾਂ ਨੂੰ ਕੋਹ ਕੋਹ ਕੇ ਚੱਲੇ । ਇਕ ਪਲ ਵੀ ਚਾਹੀ ਖੁਸ਼ੀ ਮਾਨਣੀ ਜੇ, ਅਸੀਂ ਮੌਤ ਨੂੰ ਤਦ ਵੀ ਛੋਹ ਛੋਹ ਕੇ ਚੱਲੇ । ਪਤਾ ਹੀ ਨਾ ਲਗਿਆ ਕੁਰਾਹੇ ਪਿਆਂ ਨੂੰ, ਬੜਾ ਹੀ ਜਵਾਨੀ 'ਚ ਟੋਹ ਟੋਹ ਕੇ ਚੱਲੇ । ਖਿਆਲਾਂ ਦੇ ਵੈਰੀ ਤੇ ਯਾਰੀ ਨਿਭਾ ਗਏ, ਇਹ ਹੱਥ ਹਾਮੀਆਂ ਹਥੋਂ ਧੋ ਧੋ ਕੇ ਚੱਲੇ । ਜ਼ਮਾਨਾ ਜੇ ਹਸਿਆ ਅਸਾਂ ਹੀ ਹਸਾਇਆ, ਜ਼ਮਾਨੇ ਦੀ ਗੋਦੀ 'ਚੋਂ ਰੋ ਰੋ ਕੇ ਚੱਲੇ।

ਜੋ ਦੇਖ ਲਿਆ ਸੋ ਦੇਖ ਲਿਆ : ਗ਼ਜ਼ਲ

ਜੋ ਦੇਖ ਲਿਆ ਸੋ ਦੇਖ ਲਿਆ, ਇਸ ਤੋਂ 'ਗਾਂਹ ਜਾ ਕੇ ਕੀ ਦੇਖਾਂ । ਘਰ ਘਾਟ ਗਵਾ ਕੇ ਦੇਖ ਲਿਆ, ਜਿੰਦ ਜਾਨ ਗਵਾਕੇ ਕੀ ਦੇਖਾਂ । ਹੇ ਦੂਰ ਉਡੀਕ ਦੀਓ ਮੰਜ਼ਲੋ, ਹੁਣ ਆਸ ਨ ਰੱਖਿਓ ਰਾਹੀ ਦੀ, ਖੁੰਝ ਗਈਆਂ ਰਾਹਾਂ ਪੈਰਾਂ ਤੋਂ ਤੇ ਪੈਰ ਵਧਾ ਕੇ ਕੀ ਦੇਖਾਂ । ਜੋ ਦੇਖ ਲਿਆ.............। ਜੋ ਮੌਤ ਸਰਾਹਣੇ ਰਖ ਸੌਂਦੀ, ਇਹੋ ਜਹੀ ਮਿਲੀ ਜਵਾਨੀ ਇਹ, ਜ਼ਿੰਦਗੀ ਦੇ ਖਿੜੇ ਹੋਏ ਫੁੱਲਾਂ ਤੇ ਮੈਂ ਨਜ਼ਰ ਜਮਾਕੇ ਕੀ ਦੇਖਾਂ। ਜੋ ਦੇਖ ਲਿਆ.............। ਪਲ ਦੋ ਪਲ ਦੀ ਖੁਸ਼ੀਆਂ ਖਾਤਰ ਗ਼ਮ ਝੋਲੀ ਪਾ ਲਏ ਉਮਰਾਂ ਦੇ, ਆਹ ਰਾਖ ਪੱਲੇ ਅਰਮਾਨਾਂ ਦੀ ਇਹ ਰਾਖ ਦਬਾ ਕੇ ਕੀ ਦੇਖਾਂ। ਜੋ ਦੇਖ ਲਿਆ.............। ਜਿਸ ਰੱਬ ਨੇ ਮੇਰੇ ਲੇਖ ਲਿਖੇ, ਲਿਖੀ ਨਾ ਸਤਰ ਮੁਹੱਬਤ ਦੀ, ਉਸ ਦੀ ਦਰਗਾਹ ਦੇ ਬੂਹੇ ਨੂੰ, ਦੱਸ ਮੈਂ ਖੜਕਾ ਕੇ ਕੀ ਦੇਖਾਂ । ਜੋ ਦੇਖ ਲਿਆ.............। ਮਤਲਬ ਤੇ ਪੌਂਦੀ ਆ ਬਹਿੰਦੇ, ਗੱਦੀਆਂ ਤੇ ਬੈਠੇ ਬੁਲਾਉਂਦੇ ਨਹੀਂ, ਇਹ ਵੀ ਹੈਂਕੜ ਹਾਰੇ ਹਾਕਮ ਨੇ, ਕੁਝ ਵੀ ਸਮਝਾ ਕੇ ਕੀ ਦੇਖਾਂ । ਜੋ ਦੇਖ ਲਿਆ.............। ਇਕਨਾ ਨੇ ਜਾਨ ਤਲੀ ਧਰ ਲਈ, ਇਕ ਖੜਿਆਂ ਨੂੰ ਨਿਗਲਣ ਆਏ, ਯਾਰਾਂ ਦੀ ਯਾਰੀ ਦੇਖ ਲਈ, ਮੁੜ ਮੁੜ ਅਜ਼ਮਾ ਕੇ ਕੀ ਦੇਖਾਂ । ਜੋ ਦੇਖ ਲਿਆ.............। ਇਹ ਗੀਤ ਪੁਰਾਣਿਆਂ ਸਾਜ਼ਾਂ ਤੇ, ਮੈਂ ਗਾਉਣੇ ਤੋਂ ਇਨਕਾਰੀ ਹਾਂ, ਜਦ ਢਾਂਚਾ ਸਾਰਾ ਹੱਲਦਾ ਏ, ਤਾਰਾਂ ਬਦਲਾ ਕੇ ਕੀ ਦੇਖਾਂ ਜੋ ਦੇਖ ਲਿਆ.............।

ਦਿਸਦੀ ਹੈ ਕਸਰ ਹੋਰ ਤੇ : ਗ਼ਜ਼ਲ

ਦਿਸਦੀ ਹੈ ਕਸਰ ਹੋਰ ਤੇ ਸਤਿਆਂ ਨੂੰ ਸਤਾ ਲੈ ਦਿਲ ਤੇਰੇ ਹਵਾਲੇ ਹੈ ਤੂੰ ਵੀ ਦਿਲ ਦੀਆਂ ਲਾਹ ਲੈ ਇਹ ਪੈਰ ਨੇ ਸੂਲਾਂ ਦੀ ਚੁਬਨ ਸਹਿਣ ਦੇ ਆਦੀ, ਜੋ ਕੁਝ ਤੈਨੂੰ ਮਿਲਿਆ ਹੈ, ਉਹ ਰਾਹਾਂ ਤੇ ਵਿਛਾ ਲੈ। ਦਿਲ ਤੇਰੇ ਹਵਾਲੇ .......... ਤਪ ਤਪ ਕੇ ਤੁਰੀ ਜਿੰਦ ਮੇਰੀ, ਹਰ ਇਕ ਹੀ ਪੜਾ ਤੋਂ, ਇਕ ਤੇਰੀ ਜੇ ਪੁੱਗ ਸਕਦੀ, ਤੇ ਅੱਜ, ਤੂੰ ਵੀ ਪੁਗਾ ਲੈ । ਦਿਲ ਤੇਰੇ ਹਵਾਲੇ .......... ਅਸੀਂ ਬੇਧੜਕ ਹੋ ਠੇਹਲੀ, ਹੈ ਤੂਫਾਨਾਂ 'ਚ ਇਹ ਬੇੜੀ, ਡੁੱਬਣ ਦਾ ਨਾ ਡਰ ਕੋਈ, ਡੁੱਬਦੀ ਤੇ ਡੁੱਬਾ ਲੈ । ਦਿਲ ਤੇਰੇ ਹਵਾਲੇ .......... ਖਿੜੇ ਮੱਥੇ ਅਸਾਂ ਔਖ ਹੈ ਸਮਿਆਂ ਦੀ ਸਹਾਰੀ, ਆਪਣੇ ਤੇ ਭਰੋਸਾ ਹੈ, ਲੱਖ ਵਾਰ ਅਜ਼ਮਾ ਲੈ । ਦਿਲ ਤੇਰੇ ਹਵਾਲੇ ..........

ਅੱਜ ਮੈਥੋਂ ਨਾ ਸੁਣੋ

ਅੱਜ ਮੈਥੋਂ ਨਾ ਸੁਣੋ ਪਿਆਰਾਂ ਦੇ ਗੀਤ, ਮੈਂ ਨਹੀਂ “ਨੀਰੋ' ਦੀ ਮਹਿਫ਼ਲ ਦਾ ਚਰਾਗ਼ । ਕਿ “ਰੋਮ” ਸੜਦਾ ਵੇਖ ਅੱਖਾਂ ਸਾਹਮਣੇ, ਮਸਤ ਹੋਵਾਂ ਛੇੜ ਮਲਹਾਰਾਂ ਦਾ ਰਾਗ ।

ਗੀਤ : ਪਗੜੀ ਸੰਭਾਲ

ਪਗੜੀ ਸੰਭਾਲ ਉਏ ਜੱਟਾ, ਪਗੜੀ ਸੰਭਾਲ ਉਏ ਪਗੜੀ ਸੰਭਾਲ ਤੇਰਾ ਲੁੱਟ ਲਿਆ ਮਾਲ, ਤੇਰਾ............. ਪਗੜੀ ਸੰਭਾਲ............. ਗੋਰਾ ਤੇ ਸੀ ਗ਼ੈਰ, ਜਿਨ੍ਹੇ ਜਿੰਦ ਤੇਰੀ ਮੁੜ ਮੁੜ ਰੋਲੀ । ਗੋਰੇ ਨੂੰ ਵੀ ਮਾਤ ਕਰ ਗਈ, ਅਜ ਕਾਲੇ ਦੀ ਟੋਲੀ । ਪਾਟ ਗਿਆ ਧਰਤੀ ਦਾ ਸੀਨਾ, ਚਲਦੀ ਵੇਖਕੇ ਗੋਲੀ । ਬੇਦਰਦਾਂ ਨੇ ਬੇ-ਕਿਰਕੀ ਹੋ, ਰੱਤ ਪਾਣੀ ਜਿਉਂ ਡੋਲ੍ਹੀ । ਲਹੂ ਵਿੱਚ ਭਿੱਜੀ ਤੇਰੀ ਰੋਟੀ ਅਤੇ ਦਾਲ ਪਗੜੀ ਸੰਭਾਲ....... ਤੂੰ ਕਰਦਾ ਏਂ ਖੇਤ ਨੂੰ ਵਾੜਾਂ, ਵਾੜ ਨਾ ਕਰਦੀ ਰਾਖੀ । ਜਾਮ ਪਿਲਾਵੇਂ ਸਾਰੇ ਜੱਗ, ਨੂੰ ਬਣ ਜ਼ਿੰਦਗੀ ਦਾ ਸਾਕੀ। ਹਰ ਸਰਕਾਰ ਨੇ ਵੈਰ ਕਮਾਇਆ, ਕੀ ਗੋਰੀ ਕੀ ਲਾਖੀ । ਜੱਟਾ ਸੁਣੀ ਨਾ ਜਾਵੇ ਤੇਰੀ, ਇਹ ਦਰਦੀਲੀ ਸਾਖੀ। ਜਾਬਰਾਂ ਨੇ ਪਾਏ ਤੇਰੇ, ਚੌਹੀਂ ਪਾਸੀਂ ਜਾਲ ਪਗੜੀ ਸੰਭਾਲ........... ਮਿਹਨਤ ਤੇਰੀ ਦਾ ਮੁੱਲ ਪਾਇਆ, ਜੋ ਡਾਇਰਾਂ ਦਿਆਂ ਯਾਰਾਂ ਉਹ ਤੂੰ ਸੀਨੇ ਸਾਂਭ ਲਿਆ ਹੈ, ਲੈ ਕੇ ਜ਼ਖਮ ਹਜ਼ਾਰਾਂ । ਸਬਰ ਤੇਰੇ ਦਾ ਦੇਖਕੇ ਸਦਕਾ, ਬੌਂਦਲੀਆਂ ਸਰਕਾਰਾਂ । ਹਿੰਮਤ ਮੂਹਰੇ ਸਦਾ ਢਹਿੰਦੀਆਂ, ਝੂਠ ਦੀਆਂ ਦੀਵਾਰਾਂ। ਤੇਰੀ ਏਕਤਾ ਦੀ ਕਿਸੇ ਝੱਲਣੀ ਨਾ ਝਾਲ ਪਗੜੀ ਸੰਭਾਲ............

ਜਿੰਦ ਮੌਤੋਂ ਰਹਿਤ

ਇਹ ਜਿੰਦ ਕਦੇ ਨਾ ਮਰਨੇ ਵਾਲੀ ਮੌਤੇ ਨਾ ਹੋ ਬਹੁਤੀ ਕਾਹਲੀ ਇਹ ਦੇਹੀ ਕਈ ਵਾਰ ਸੜੀ ਵਿੱਚ ਅੱਗ ਦੇ ਏਪਰ ਇਸ ਦੀ ਦੇਣ ਗਈ ਨਾ ਬਾਲੀ ਇਹ ਜਿੰਦ ਕਦੇ ਨਾ............. ਜਿਸ ਬੁੱਤਕਾਰ ਨੇ ਇਹ ਬੁੱਤ ਹੱਥੀਂ ਘੜਿਆ ਉਸ ਨੇ ਮੌਤੋਂ ਰਹਿਤ ਇਹਦੀ ਜਿੰਦ ਢਾਲੀ ਇਹ ਜਿੰਦ ਕਦੇ ਨਾ............ ਇਹ ਫੁੱਲ ਜਿਸਥੀਂ ਮਹਿਕ ਸਦੀਵੀ ਖਿੱਲਰੇ ਇਸ ਦੀਆਂ ਕਦਰਾਂ ਜਾਣੇ ਇਸ ਦਾ ਮਾਲੀ ਇਹ ਜਿੰਦ ਕਦੇ ਨਾ ...........

ਪ੍ਰਾਹੁਣੇ : (ਸੁਵਾਗਤੀ ਗੀਤ)

ਪ੍ਰਬਤ : ਸਤਲੁਜ ਦੀਏ ਨਦੀਏ ਬੋਲ ਬੋਲ ਅੱਜ ਦਿਲ ਦੀ ਘੁੰਡੀ ਖੋਲ੍ਹ ਖੋਲ੍ਹ ਤੇਰਾ ਮੁੱਖੜਾ ਦੂਣ ਸਵਾਏ ਨੀ ਦੱਸ ਕੌਣ ਪ੍ਰਾਹੁਣੇ ਆਏ ਨੀ। ਨਦੀ : ਇਕ ਤੂੰ ਸਦੀਆਂ ਤੋਂ ਕੋਲ ਕੋਲ ਦਿਆਂ ਭੇਤ ਦਿਲੇ ਦੇ ਖੋਲ੍ਹ ਖੋਲ੍ਹ ਜੋ ਸੱਚੇ ਧਰਤੀ ਜਾਏ ਵੇ ਅੱਜ ਉਹੀ ਪ੍ਰਾਹੁਣੇਂ ਆਏ ਵੇ ਪ੍ਰਬਤ : ਕਈ ਵੱਡਿਆਂ ਮੁਲਕਾਂ ਦੇ ਰਾਜੇ ਆਂਦੇ ਹੀ ਖੁਸ਼ੀ ਖਿੜ ਜਾਵਣ ਪਰ ਤੇਰੇ ਪਾਣੀ ਐਸੇ ਨੇ ਜੋ ਦੇਖਦਿਆਂ ਹੀ ਚਿੜ ਜਾਵਣ ਉਹ ਅੱਖ ਜੇ ਕੈੜੀ ਕਰ ਬੈਠਣ ਧਰਤੀ ਤੇ ਲਾਮਾਂ ਛਿੜ ਜਾਵਣ ਇਕ ਬੋਲ ਕਿਤੇ ਜੇ ਬੋਲ ਦੇਣ ਆਪੋ ਵਿਚ ਕੌਮਾਂ ਭਿੜ ਜਾਵਣ ਜ਼ਿੰਦਗੀ ਦੀ ਗੱਡੀ ਚਲਦੀ ਦੇ ਉਲਟੇ ਹੀ ਪਹੀਏ ਗਿੜ ਜਾਵਣ । ਉਹ ਆਂਦੇ ਰਹੇ ਤੇ ਜਾਂਦੇ ਰਹੇ, ਤੂੰ ਮੱਥਿਓਂ ਵੱਟ ਨਾ ਲਾਹਏ ਨੀ । ਦੱਸ ਕੌਣ ਪ੍ਰਾਹੁਣੇ ਆਏ ....... ਨਦੀ : ਤੂੰ ਪ੍ਰਬਤ ਪੱਥਰਾਂ ਦਾ ਬਣਿਆ, ਤੇ ਨਜ਼ਰਾਂ ਵੀ ਪਥਰਾਈਆਂ ਵੇ । ਤੇਰਾ ਦਿਲ ਪੱਥਰ ਕੀ ਜਾਣ ਸਕੇ ਕੂਲ੍ਹੇ ਦਿਲ ਦੀਆਂ ਗਹਿਰਾਈਆਂ ਵੇ । ਕੀ ਪਰਖ ਖਰੇ ਤੇ ਖੋਟੇ ਦੀ, ਕਿਨ ਲਾਈਆਂ ਕਿਹਨੇ ਬੁਝਾਈਆਂ ਵੇ । ਤੂੰ ਸਮਝੇ ਭੇਂਟ ਫੁਲਾਂ ਦੀ ਜੋ, ਮੈਂ ਸਮਝਾਂ ਗਲ ਵਿਚ ਫਾਹੀਆਂ ਵੇ। ਉਹ ਤਾਜ ਕੂੜ ਦੇ ਚਮਕ ਰਹੇ, ਤੂੰ ਨਜ਼ਰਾਂ ਜਿੱਥੇ ਟਿਕਾਈਆਂ ਵੇ । ਜੋ ਤਨ ਦੇ ਚੀਥੜਿਆਂ ਅੰਦਰ, ਦਰਦਾਂ ਦੀ ਪੰਡ ਲਿਆਏ ਵੇ । ਅਜ ਉਹੀ ਪ੍ਰਾਹੁਣੇ ............ ਪ੍ਰਬਤ : ਇਸ ਭਾਰਤ ਦਾ ਸਿਰਤਾਜ ਨਹਿਰੂ, ਜੱਗ ਅਮਨਾਂ ਦਾ ਅਵਤਾਰ ਕਹੇ । ਗੁਣ ਤੇਰੇ ਗਾਂਦਾ ਥੱਕਦਾ ਨਹੀਂ ਤੈਨੂੰ ਭਾਰਤ ਦਾ ਸ਼ੰਗਾਰ ਕਹੇ। ਤੇਰਾ ਸਾਜ ਕੇ ਸੁੰਦਰ ਮੰਦਰ ਨੀ ਉਹ ਮੰਦਰਾਂ ਦਾ ਸਰਦਾਰ ਕਹੇ। ਤੇਰੇ ਟਿੱਕਾ ਲਾਕੇ ਮਸਤਕ 'ਤੇ ਪਿਆ ਸਭ ਨੂੰ ਪੂਜਣਹਾਰ ਕਹੇ । 'ਤੇਰੀ ਮਿਹਰ ਹੋਈ ਤੇ ਖਿੜ ਪੈਣੀ, ਇਸ ਧਰਤੀ ਤੇ ਗੁਲਜ਼ਾਰ' ਕਹੇ । ਤੇਰੇ ਦਰ ਤੇ ਫੇਰੇ ਲੱਖ ਮਾਰੇ ਪਰ ਤੂੰ ਇਹ ਘੁੰਡ ਨਾ ਚਾਏ ਨੀਂ ਦੱਸ ਕੌਣ ਪ੍ਰਾਹੁਣੇ .............. ਨਦੀ : ਅੱਜ ਰੂਪ ਨਹਿਰੂ ਦਾ ਬਦਲ ਗਿਆ, ਕੀਕੂੰ ਦੱਸ ਘੁੰਡ ਸਰਕਾਵਾਂ ਵੇ । ਜਿੰਨ੍ਹਾਂ ਜ਼ੁਲਮ ਜਬਰ ਦੇ ਭੱਠ ਤਾਏ, ਅੱਜ ਉਸਦੀਆਂ ਸੱਜੀਆਂ ਬਾਹਵਾਂ ਵੇ । ਦੱਸ ਉਥੇ ਮਿਲੇ ਨਿਆਂ ਕਿਸ ਨੂੰ, ਜਿਥੇ ਕੂੜ ਦਾ ਹੈ ਪਰਛਾਵਾਂ ਵੇ ? ਉਹ ਦਰ ਲਾਲੋ ਦਾ ਛੋੜ ਗਿਆ, ਕਿੰਜ ਭਾਗੋ ਦੇ ਘਰ ਜਾਵਾਂ ਵੇ । ਜਿਸ ਰਾਹੇ ਜਾਣ ਦੇ ਕੌਲ ਕਰੇ, ਅੱਜ ਭੁੱਲ ਗਿਆ ਉਹੀ ਰਾਹਵਾਂ ਵੇ ਜਿਨ੍ਹਾਂ ਜਾਨ ਤਲੀ ਤੇ ਧਰ ਧਰ ਕੇ ਕੀਤੇ ਸਭ ਕੌਲ ਨਿਭਾਏ ਵੇ । ਅੱਜ ਉਹੀ ਪ੍ਰਾਹੁਣੇ................ ਪ੍ਰਬਤ : ਤੂੰ ਛਡਕੇ ਸਾਥ ਉਚਾਈਆਂ ਦੇ ਤੇ ਵੱਲ ਨਿਵਾਣਾਂ ਜਾਂਦੀ ਏਂ । ਮੇਰੇ ਭੰਡਾਰ ਜਿਨ੍ਹਾਂ ਦੇ ਲਈ ਤੂੰ ਉਹਨਾਂ ਤੋਂ ਕਤਰਾਂਦੀ ਏਂ। ਤੂੰ ਕਦਰਦਾਨਾਂ ਨਾਲ ਤੋੜ ਲਈ ਬੇਕਦਰਾਂ ਨਾਲ ਨਿਭਾਂਦੀ ਏਂ। ਤੈਨੂੰ ਉਹਨਾਂ ਦੀ ਪ੍ਰਵਾਹ ਕੋਈ ਨਹੀਂ, ਤੂੰ ਮਾਣ ਜਿਨ੍ਹਾਂ ਤੋਂ ਪਾਂਦੀ ਏਂ । ਜਿਸ ਹਾਕਮ ਦੇ ਹੱਥ ਡੋਰ ਤੇਰੀ, ਇਹ ਜਾਣ ਲੈ ਉਸਦੀ ਬਾਂਦੀ ਏਂ । ਤੈਨੂੰ ਆਪਣਾ ਜਿਨ੍ਹਾਂ ਬਣਾਇਆ ਈ, ਅੱਜ ਹੋ ਗਏ ਕਿਉਂ ਪਰਾਏ ਨੀਂ । ਦੱਸ ਕੌਣ ਪ੍ਰਾਹੁਣੇ ............ ਨਦੀ : ਮੈਂ ਜਣੇ ਖਣੇ ਦੀ ਬਾਂਦੀ ਨਹੀਂ, ਮੈਂ ਬਾਂਦੀ ਕੌਲ 'ਕਰਾਰਾਂ ਦੀ । ਮੇਰੇ ਕੌਲ ਸ਼ਹੀਦਾਂ ਨਾਲ ਹੋਏ, ਮੈਨੂੰ ਕਦਰ ਉਹਨਾਂ ਦੀਆਂ ਸਾਰਾਂ ਦੀ । ਮੇਰੇ ਪਾਣੀਆਂ ਵਿੱਚੋਂ ਬੋਲ ਰਹੀ ਰੂਹ ‘ਭਗਤ ਸਿੰਘ' ਜਹੇ ਸਰਦਾਰਾਂ ਦੀ। ‘ਕਰਤਾਰ’ ਸਰਾਭੇ ਤੇ ‘ਕਰਨੈਲ’ ਨੇ, ਮਾਰੀ 'ਵਾਜ਼ ਪਿਆਰਾਂ ਦੀ ਮੈਂ ਸੁਣ ਲਈ ਹਾਕ ‘ਹਜ਼ਾਰੇ’ ਦੀ ਉਸ ‘ਊਧਮ' ਦੀ ‘ਸ਼ੰਗਾਰਾਂ' ਦੀ। ਸਾਡਾ ਨਾਤਾ ਨਹੁੰ ਤੇ ਮਾਸ ਜਿਹਾ ਜਿਨ੍ਹਾਂ ਡੇਰੇ ਆਣ ਜਮਾਏ ਵੇ ਅੱਜ ਉਹੀ ਪ੍ਰਾਹੁਣੇ....... ਸਤਲੁਜ ਦੀਏ ਨਦੀਏ ਬੋਲ ਬੋਲ ਅੱਜ ਦਿਲ ਦੀ ਘੁੰਡੀ ਖੋਲ੍ਹ ਖੋਲ੍ਹ ਤੇਰਾ ਮੁੱਖੜਾ ਦੂਣ ਸਵਾਏ ਨੀ ਦੱਸ ਕੌਣ ਪ੍ਰਾਹੁਣੇ.......

ਗੀਤ : ਚਿਤਾਵਣੀ

ਖਬਰਦਾਰ, ਖਬਰਦਾਰ, ਖਬਰਦਾਰ, ਖਬਰਦਾਰ ਵਤਨੀਓਂ ਹੁਸ਼ਿਆਰ ਵਤਨੀਓਂ, ਹਨ੍ਹੇਰਿਆਂ ਨੇ ਕਰ ਦਿਤੇ ਸ਼ੁਰੂ ਸਵੇਰਿਆਂ ਤੇ ਵਾਰ । ਖਬਰਦਾਰ.......... ਸਮਝਿਆ ਜਿਨ੍ਹਾਂ ਨੂੰ ਹੈ ਤੁਸਾਂ ਨੇ ਮਾਲੀ ਬਾਗ ਦੇ । ਉਹ ਸ਼ਿਕਾਰੀ ਰਹਿਣ ਵਾਲੇ ਮਰਘਟਾਂ ਦੇ ਲਾਗਦੇ । ਜੇ ਬਚਾਉਣਾ ਦੇਸ਼ ਜਾਗਦੇ ਰਹੋ ਵਈ ਜਾਗਦੇ । ਆਓ ਜ਼ੁਲਮ ਜਬਰ ਦੇ ਟਾਕਰੇ ਲਈ ਹੋ ਕੇ ਤਿਆਰ ਖਬਰਦਾਰ............. ਖੁਲ ਮਿਲੇ ਨਾ ਮੌਤ ਨੂੰ ਨੱਚਨ ਦੀ ਇਸ ਜ਼ਮੀਨ ਤੇ ਤੇ ਰੋਕ ਲੱਗ ਨਾ ਜਾਏ ਕਿਤੇ ਜ਼ਿੰਦਗੀ ਦੀ ਬੀਨ ਤੇ ਅਖੀਆਂ ਨੂੰ ਮੀਟਿਆ ਹੈ ਅੱਜ ਕਿਤੇ ਯਕੀਨ ਤੇ ਟੁਰ ਪਏ ਨਾ ਜੋਰਾ ਜੋਰੀਆਂ ਦਾ ਮੁੜ ਕਿਤੇ ਵਿਹਾਰ ਖਬਰਦਾਰ ਖਬਰਦਾਰ....... ....... ਏਕਤਾ ਦੀ ਰਾਹ ਤੇ ਹੱਸਤੀ ਆਪਣੀ ਮਿਟਾ ਕੇ ਆਓ। ਕੱਦਮ ਕੱਲੇ ਹੀ ਡੋਲਦੇ, ਕੁੱਦਮ ਕੱਦਮ ਮਿਲਾ ਕੇ ਆਓ। ਏਹ ਵੱਕਤ ਹੈ ਤੱਲੀ ਤੇ ਜਾਨ ਆਪਣੀ ਟਿਕਾ ਕੇ ਆਓ । ਪੱਤਝੱੜਾਂ ਦੀ ਥਾਂ ਤੇ ਜੋ ਲਿਆਵਣੀ ਨਵੀਂ ਬਹਾਰ। ਖਬਰਦਾਰ ਖਬਰਦਾਰ ...... ......

ਗੀਤ : ਆਣ ਵਾਲਾ ਤੇਰਾ ਹੈ ਜ਼ਮਾਨਾ

ਆਣ ਵਾਲਾ ਤੇਰਾ ਹੈ ਜ਼ਮਾਨਾ । ਚਿਰਾਂ ਤੋਂ ਲਤਾੜੇ ਹੋਏ ਜਾਗ ਇਨਸਾਨਾ । ਆਣ ਵਾਲਾ ............. ਤੇਰੇ ਜਾਗਿਆਂ ਜਹਾਂ ਦੀ ਜਾਗੇ ਤੱਕਦੀਰ ਜਾਬਰਾਂ ਦੇ ਜਾਲ ਹੋਣੇ ਤਾਹੀਓਂ ਲੀਰੋ ਲੀਰ ਤੇਰਾ ਜਾਗਣਾ ਹੀ ਤੇ ਹੱਥ ਸ਼ਮਸ਼ੀਰ ਟੁੱਟ ਜਾਣੀ ਖਾਹਦੀ ਹੋਈ ਜੰਗਾਲ ਦੀ ਜ਼ੰਜੀਰ । ਇਕ ਵਾਰੀ ਮਾਰ ਹੱਮਲਾ ਉਹ ਬਲਵਾਨਾ ਆਣ ਵਾਲਾ ਤੇਰਾ .......... ...... ਡੀਕ ਲਾਕੇ ਪੀਵੇ । ਧੰਨਵਾਨ ਤੇਰਾ ਦੱਮ ਆਪ ਮਾਣੇ ਖੁਸ਼ੀਆਂ ਤੇ ਤੇਰੇ ਪੱਲੇ ਗ਼ਮ ਅੱਜ ਤੀਕ ਜੀਨ੍ਹੇ ਹੈ ਹੰਡਾਇਆ ਤੇਰਾ ਚੱਮ ਜਾਗ ਤੇਰੀ ਜੱਬਰ ਉਸਦਾ ਦੇਏਗੀ ਥਮ ਜਾਗ ਜਾਗ ਜਾਗ ਤੇ ਬਣਾ ਲੈ ਏਹ ਨਿਸ਼ਾਨਾ ਆਣ ਵਾਲਾ ਤੇਰਾ....... ...... ਦਿਨ ਦਾ ਝੜਾ ਹੈ ਸਮਾਂ ਦੇ ਰਿਹਾ ਹੈ ਬਾਂਗ਼, ਉਠ ਚੱਕ ਮੋਹਡੇ ਰੱਖ ਸੱਮਾਂ ਵਾਲੀ ਡਾਂਗ । ਦੇਖ ਦੇਖ ਧਰਤੀ ਨੂੰ ਕਿੰਨੀ ਤੇਰੀ ਤਾਂਗ, ਧੂੜਨਾ ਸੰਧੂਰ ਤੂੰਹੀਓਂ ਸੁੱਨੀ ਓਹਦੀ ਮਾਂਗ । ਪੁਰੇ ਦੀ ਹਵਾ ਨੇ ਏਹੀਓ ਛੇੜਿਆ ਤਰਾਨਾ, ਆਣ ਵਾਲਾ ਤੇਰਾ ਹੈ ....... ......

ਸਵਾਗਤੀ ਗੀਤ

ਅੱਜ ਸ਼ਹੀਦਾਂ ਦੀ ਧਰਤੀ ਤੇ, ਆਇਆ ਹੈ ਜਮਹੂਰ ਦਾ ਰਾਖਾ । ਆਜ਼ਾਦੀ ਦੇ ਰੁੱਖ ਤੇ ਆਏ, ਖੁਸ਼ਹਾਲੀ ਦੇ ਦਰ ਦਾ ਰਾਖਾ । ਕਿਉਂ ਮਿਲੀਆਂ ਸੱਤਲੁਜ ਦੀਆਂ ਲੈਹਰਾਂ, ਜਿਗਰਾਂ ਦੇ ਫੱਟ ਸੀ ਆਇਆ ਨੂੰ। ਏਹ ਰੂਹ ਭੱਗਤ ਸਿੰਘ ਦੀ ਬੋਲੀ, ਆਖ ਰਹੀ ਹੈ ਜੀ ਆਇਆਂ ਨੂੰ । ਜਿਸ ਸੱਪਨੇ ਤੇ ਸੂਲੀ ਚੜ੍ਹ ਗਏ ਉਸ ਹਰ ਦਸਤੂਰ ਦਾ ਰਾਖਾ। ਆਇਆ ਹੈ ਜਮਹੂਰ .... ... ਮਾਨੁਖ ਦੇ ਮਸਤੱਕ ਤੋਂ ਜਾਲੇ ਤਕਦੀਰਾਂ ਦੇ ਲਾਹ ਕੇ ਆਇਆ। ਜਿਸ ਥੀਂ ਮੈਹਕ ਸਦੀਵੀ ਖਿਲਰੇ, ਏਹ ਉਹ ਨਗਮਾਂ ਗਾ ਕੇ ਆਇਆ । ਜ਼ਿੰਦਗੀ ਦੇ ਚੇਹਰੇ ਤੇ ਆਏ, ਨਵਾਂ ਨਵੇਲੇ ਨੂਰ ਦਾ ਰਾਖਾ ਆਇਆ ਹੈ ਜਮਹੂਰ .... ... ਧਰਤੀ ਦੀ ਨਸ ਨਸ ਦੇ ਅੰਦਰ, ਏਹ ਉਹ ਬੂਟੀ ਖੋਰ ਕੇ ਆਇਆ । ਹੁਣ ਨਹੀਂ ਰੁਕਣੇ ਜੋਗਾਂ ਵਾਲੇ, ਏਹ ਖੇਤਾਂ ਵੱਲ ਤੋਰ ਕੇ ਆਇਆ। ਏਹ ਨਹੀਂ ਕਰਦਾ ਇਕ ਦੀ ਰਾਖੀ, ਏਹ ਪੂਰਾਂ ਦੇ ਪੂਰ ਦਾ ਰਾਖਾ । ਆਇਆ ਹੈ ਜਮਹੂਰ.......

ਗੀਤ : ਫਿਰਕੂ ਨਾਗ ਜ਼ਹਿਰੀਲੇ

ਫਿਰਕੂ ਨਾਗ, ਜ਼ਹਿਰੀਲੇ; ਸਾਥੀ ਫਿਰਕੂ.......... ਕੀ ਦੋਧੇ ਖੱਦਰ ਵਿਚ ਲਿਪਟੇ ਕੀ ਨੀਲੇ ਕੀ ਪੀਲੇ, ਸਾਥੀ ਫਿਰਕੂ.......... ਏਹ ਡੰਗ ਮਾਰ ਜ਼ਹਿਰੀਲਾ ਕਰ ਗਏ, ਵਗਦੇ ਪੰਜ ਦਰਿਆ ਦਾ ਪਾਣੀ। ਏਹ ਪਾਣੀ ਧਰਤੀ ਨੂੰ ਲਾਕੇ, ਐਸੀ ਹਿਕ ਧਰਤੀ ਦੀ ਛਾਣੀ । ਵਿਛੜ ਗਏ ਮਾਵਾਂ ਤੋਂ ਬੇਟੇ ਵਿਛੜ ਗਏ ਹਾਣੀ ਤੋਂ ਹਾਣੀ । ਨਾਗਾਂ ਬੀਨ ਏਕੇ ਦੀ ਕੀਲੀ, ਕੌਣ ਇਨਾਂ ਨੂੰ ਕੀਲੇ, ਸਾਥੀ ਫਿਰਕੂ.......... ਜੱਦ ਉਠੀਆਂ ਜ਼ਿੰਦਗੀ ਦੀਆਂ ਲੈਹਰਾਂ, ਏਹ ਬਣਕੇ ਜੱਮ ਮੌਤ ਦੇ ਆਏ । ਜੇ ਕੋਈ ਕਿਰਨ ਆਸ਼ਾ ਦੀ ਚਮਕੀ ਏਹ ਬਣ ਰਾਤ ਹਨ੍ਹੇਗੋ ਛਾਏ । ਜਿਉਂ ਕਲੀਆਂ ਦੀਆਂ ਕੋਮਲ ਪੱਤੀਆਂ, ਪੱਤਝੜ ਮੱਸਲ ਮੱਸਲ ਕੇ ਜਾਏ । ਇਸਦਿਆਂ ਝੱਖੜਾਂ ਸਦਾ ਖਲੇਰੇ ਘਰ ਸਾਡੇ ਦੇ ਤੀਲੇ, ਸਾਥੀ। ਫਿਰਕੂ ਨਾਗ ............. ਆਦਮ ਦੀ ਤੱਕਦੀਰ ਤੇ ਕੁੰਡਲੀ ਅੰਧਕਾਰਾਂ ਦੀ ਮਾਰ ਕੇ ਬੈਠੇ । ਜਿਉਂ ਗਿਰਝਾਂ ਦੇ ਦੱਲ ਹੋ ਕੱਠੇ, ਪੰਜੇ ਗੁਡ ਮੁਰਾਦਾਰ ਤੇ ਬੈਠੇ । ਏਹ ਚੱੜ੍ਹਦੇ ਚੰਨ ਦੀ ਲਾਲੀ ਤੇ, ਕਾਲੀ ਰਾਤ ਖਿਲਾਰ ਕੇ ਬੈਠੇ । ਚੂਸ ਲੱਵੀਂ ਏਨ੍ਹਾਂ ਦੀ ਕਾਲਖ, ਐਸੇ ਕਰੀਂ ਵਸੀਲੇ, ਸਾਥੀ ਫਿਰਕੂ ਨਾਗ......... ਜੇ ਧਰਤੀ ਦੀ ਮਾਂਗ ਦੇ ਅੰਦਰ, ਹਾਲੀ ਨੇ ਸੰਧੂਰ ਸਜਾਇਆ। ਜੇ ਮੋਹਨਤ ਦੀ ਹੀਰ ਦੇ ਉਤੇ, ਮਜ਼ਦੂਰਾਂ ਨੇ ਹੱਕ ਜਮਾਇਆ। ਕੌਮਾਂ ਨੇ ਏਕੇ ਦੀ ਨੀਆਂ ਤੇ, ਹੀ ਕੋਈ ਸੁੰਦਰ ਮੈਹਲ ਬਣਾਇਆ । ਫਿਰਕੂ ਫੁਟ ਦੇ ਪੈਹਰੇ ਦੇ, ਤੱਦ ਕਈ ਚੱਲੇ ਨਾ ਹੀਲੇ ਸਾਥੀ । ਫਿਰਕੂ ਨਾਗ .............

ਗੀਤ : ਵਿਦਿਆਰਥੀਆਂ ਦਾ ਵਿਛੜਨ

ਐ ਵਿਦਿਆ ਦੇ ਮੰਦਰ ਤੇਰੀ, ਸਦਾ ਯਾਦ ਰਹੇਗੀ, ਮੈਹਕਾਈ ਜੋ ਗੁਲਜ਼ਾਰ, ਉਹ ਆਬਾਦ ਰਹੇਗੀ । ਜੀਵਣ ਉਹ ਸੰਵਰ ਜਾਂਦਾ ਹੈ, ਜਿਸਨੂੰ ਵੀ ਤੂੰ ਛੋਹਿਆ, ਕੌਮਾਂ ਦੇ ਮੱਥਿਉਂ ਦਾਗ, ਜਹਾਲਤ ਦਾ ਤੂੰ ਧੋਇਆ। ਜਿਸ ਨਗਰੀ ਤੇ ਤੇਰੀ ਨਾ ਨਿਗਾਹ, ਉਹ ਬਰਬਾਦ ਰਹੇਗੀ । ਮਹਿਕਾਈ......... ਸੀਨਿਆਂ ਵਿਚ ਸਾਂਭੇ ਅਸੀਂ ਹਿੰਮਤਾਂ ਦੇ ਭੰਡਾਰੇ, ਨਵਯੁਗ ਦੀ ਨਵੀਂ ਝਲਕ ਨੇ, ਏਹ ਨੈਣ ਨਿਖਰੇ । ਅੱਣਖੀਲੀਆਂ ਬੁਲ੍ਹੀਆਂ ਤੇ ਨਾ, ਫਰਿਆਦ ਰਹੇਗੀ ਮਹਿਕਾਈ ਜੋ ...... ਤੇਰੀ ਗੋਦ 'ਚੋਂ ਪ੍ਰੀਤਾਂ ਦੀ ਭਰੀ ਝੋਲ ਲੈ ਚਲੇ । ਇਕ ਸਵਰਗ ਦੇ ਜੰਦਰੇ ਦੀ ਕੁੰਜੀ ਕੋਲ ਲੈ ਚਲੇ। ਜੀਵਨ ਦੀ ਅਧੂਰੀ ਨਾ ਕੋਈ. ਸਾਧ ਰਹੇਗੀ ! ਮਹਿਕਾਈ ਜੋ ......... ਬੱਚਪਨ ਤੋਂ ਜਵਾਨੀ ਤੱਕ ਤੇਰੀ, ਛਾਂ ਪਲੇ ਹਾਂ । ਜ਼ਿੰਦਗੀ ਦਾ ਅਥਾਹ ਸਾਗਰ ਅੱਜ ਤਰਨ ਚੱਲੇ ਹਾਂ । ਪਰ ਯਾਦ ਦਿਲਾਂ ਵਿਚ ਤੇਰੀ ਨਿਤ ਸ਼ਾਦ ਰਹੇਗੀ ਮਹਿਕਾਈ ਜੋ...........

ਗੀਤ : ਵਿਦਿਆਰਥਣਾ ਦਾ ਵਿਛੜਨ

ਸਹੀਓ ਨੀ ਜਾਵੋ ਖੁਸ਼ੀ ਖੁਸ਼ੀ, ਇਸ ਫੁਲਵਾੜੀ ਦੇ ਫੁਲਾਂ ਦੀ, ਜਾ ਮਹਿਕ ਖਿੰਡਾਵੋ ਖੁਸ਼ੀ ਖੁਸ਼ੀ । ਸਹੀਓ ਨੀ ... ... ... ਕਈ ਸਦੀਆਂ ਪਿਛੋਂ ਬਾਬਲ ਨੇ, ਇਸ ਪਿੰਜਰੇ ਦੇ ਦਰ ਖੋਲ੍ਹੇ ਨੇ, ਅੱਜ ਪਹਿਲੀ ਵਾਰ ਜੀਵਨ ਦੇ ਰੁੱਖ ਤੇ ਬੈਠ ਅਸੀਂ ਪਰ ਤੋਲੇ ਨੇ । ਪਿੰਜਰੇ ਦੀਆਂ ਸੀਖਾਂ ਢੱਲ ਜਾਵਣ ਉਹ ਗੀਤ ਸੁਣਾਵੋ ਖੁਸ਼ੀ ਖੁਸ਼ੀ । ਸਹੀਓ ਨੀ ... ... ... ਅਸੀਂ ਉਹ ਕੂੰਜਾਂ ਜੋ ਦਰਗਾਹੋਂ ਡਾਰਾਂ ਤੋਂ ਵਿਛੋੜਾ ਲੈ ਆਈਆਂ, ਜ਼ਿੰਦਗੀ ਵਿਚ ਮੇਲ ਮਿਲਾਪਾਂ ਦਾ, ਮੁਢ ਤੋਂ ਹੀ ਤਨੋੜਾ ਲੈ ਆਈਆਂ। ਇਸ ਮੇਲ ਵਿਛੋੜਾ ਦੇ ਪੜਦੇ ਨੂੰ, ਆਪੇ ਸਰਕਾਵੋ ਖੁਸ਼ੀ ਖੁਸ਼ੀ । ਸਹੀਓ ਨੀ... ... ... ਜੀਵਨ ਦੇ ਏਸ ਤ੍ਰਿੰਞਣ 'ਚੋਂ, ਹਰ ਸਾਲ ਨਵਾਂ ਇਕ ਪੂਰ ਗਿਆ, ਇਹ ਨ੍ਹੇਰੀ ਰਾਤ ਉਡਾਵਣ ਲਈ, ਅੱਖੀਆ ਵਿੱਚ ਲੈਕੇ ਨੂਰ ਗਿਆ। ਇਸ ਨੂਰ ਥੀਂ ਧਰਤੀ ਮਾਤਾ ਦੀ, ਹਿਕੜੀ ਲਿਸ਼ਕਾਵੋ ਖੁਸ਼ੀ ਖੁਸ਼ੀ । ਸਹੀਓ ਨੀ ... ... ...

ਗੀਤ : ਸਿਖਿਆ

ਦਾਜ ਦਹੇਜਾਂ ਨਾਲ ਦੇਵੀ ਏ, ਲੈ ਸਾਡੇ ਦੋ ਫੁੱਲ ਜਾਵੀਂ । ਭੁੱਲ ਜਾਵੀਂ ਭਾਵੇਂ ਫੁੱਲਵਾੜੀ, ਇਹ ਦੋ ਫੁੱਲ ਨਾ ਭੁੱਲ ਜਾਵੀਂ। ਦਾਜ ਦਹੇਜਾਂ ਨਾਲ ... ... ... ਅੰਮੜੀ ਦੇ ਅਰਮਾਨ ਦਬਾਈਆਂ, ਜੀਬਾਂ ਦੇ ਵਿੱਚ ਬੋਲਣਗੇ । ਗਲੀਆਂ ਦੇ ਕੱਖ ਮੁੜ ਮੁੜ ਤੇਰੇ, ਪੈਰਾਂ ਦੀ ਛੋਹ ਟੋਲਣਗੇ - ਐਪਰ ਆਪਣੇ ਜੀਵਨ ਸਾਥੀ, ਦੇ ਜੀਵਨ ਵਿੱਚ ਘੁੱਲ ਜਾਵੀਂ। ਇਹ ਦੋ ਫੁੱਲ ਨਾ ... ... ... ਬਾਬਲ ਦੇ ਵਿਹੜੇ ਦੀਆਂ ਖੁਸ਼ੀਆਂ, ਚਾਰ ਦਿਹਾੜੇ ਮਾਣ ਲਈਆਂ। ਜ਼ਿੰਦਗੀ ਦੇ ਰਾਹਾਂ ਦੀਆਂ ਗੁੰਝਲਾਂ, ਬੱਚਪਨ ਵਿੱਚ ਹੀ ਜਾਣ ਲਈਆਂ । ਗ੍ਰਹਿਸਤ ਦੀਆਂ ਨੇ ਮੁਸ਼ਕਲ ਮੰਜ਼ਲਾ, ਤੂੰ ਸੱਰ ਕਰਨ ਤੇ ਤੁੱਲ ਜਾਵੀਂ । ਇਹ ਦੋ ਫੁੱਲ ਨਾ ... ... ... ਮਾਪਿਆਂ ਦੇ ਦਿਲ ਦੀ ਤੂੰ ਟੁੱਕੜੀ, ਪਰ ਦਿਲ ਵਿੱਚ ਰਹਿ ਸਕਦੀ ਨਾ । ਸਹਿ ਸਕਨੀ ਏਂ ਵਿੱਛੜਨ ਦਾ ਦੁੱਖ, ਮੂੰਹੋਂ ਕੁੱਝ ਕਹਿ ਸਕਦੀ ਨਾ। ਤੂੰ ਇਕ ਭੇਤ ਜਗਤ ਲਈ ਬਣਿਆਂ, ਇਸ ਜੱਗ ਸਾਹਵੇਂ ਖੁਲ੍ਹ ਜਾਵੀਂ । ਇਹ ਦੋ ਫੁੱਲ ਨਾ ... ... ... ਪੱਥਰ ਦਿਲ ਦੁਨੀਆਂ ਦਾ ਤੇਰੇ, ਦੋ ਹੰਝੂਆਂ ਤੋਂ ਖਰਨਾ ਨਹੀਂ । ਜਦ ਤੱਕ ਜਾਨ ਤੱਲੀ ਤੇ ਧਰਕੇ, ਆਪ ਝਨਾਵਾਂ ਤਰਨਾ ਨਹੀਂ। ਜ਼ਹਿਰਾਂ ਭਰੀਆਂ ਲਹਿਰਾਂ ਉੱਤੇ, ਨ੍ਹੇਰੀ ਬਣ ਕੇ ਝੁੱਲ ਜਾਵੀਂ । ਇਹ ਦੋ ਫੁੱਲ ਨਾ... ... ... ਅਜੇ ਸਮਾਜ ਦੀਆਂ ਰਸਮਾਂ ਦੇ, ਜ਼ੁਲਮ ਜੱਬਰ ਨੂੰ ਸਹਿਣਾ ਤੂੰ, ਜਦ ਤੱਕ ਮਰਦਾਂ ਦੀ ਦੁਨੀਆਂ ਦੇ, ਗਹਿਣਿਆਂ ਵਿੱਚੋਂ ਗਹਿਣਾ ਤੂੰ । ਤਦ ਤੱਕ ਤਪਦੇ ਹੋਏ ਥੱਲਾਂ ਵਿਚ, ਰੁਲਣਾ ਪਿਆ ਤਾਂ ਰੁੱਲ ਜਾਵੀਂ ... ... ...

ਗੀਤ : ਸਿਖਿਆ

ਅੱਜ ਦਰ ਬਾਬਲ ਦਾ ਛੋੜਦੀ ਏ, ਇਕ ਭੇਤ ਖਲੋ ਕੇ ਲੈਂਦੀ ਜਾ। ਕੁਝ ਫਰਜ਼ ਤੇਰੇ ਤੇ ਆਂਦੇ ਨੇ, ਸੀਨੇ 'ਚ ਸਮੋ ਕੇ ਲੈਂਦੀ ਜਾ। ਟੁਰਨਾ ਅਣਜਾਣੇ ਰਾਹਾਂ ਤੇ, ਤੇਰੇ ਲਈ ਜੱਗ ਦੀ ਰੀਤੀ ਏ । ਅੱਜ ਪਿਛਲੇ ਨਾਤੇ ਟੁੱਟ ਜਾਣੇ, ਲੱਖ ਤੇਰੇ ਨਾਲ ਪ੍ਰੀਤੀ ਏ । ਰਸਮਾਂ ਦੀਆਂ ਪੱਕੀਆਂ ਡੋਰਾਂ ਪਾ, ਇਹ ਜੀਬ, ਤੇਰੀ ਗਈ ਸੀਤੀ ਏ ਤੇਰੇ ਲਈ ਦਾਜ ਨੇ ਦੁਖਾਂ ਦੇ, ਮਸਤਕ ਤੇ ਛੋਹ ਕੇ ਲੈਂਦੀ ਜਾ । ਕੁਝ ਫਰਜ਼ ਤੇਰੇ ... ... ... ਧੀਆਂ ਨੂੰ ਪ੍ਰਾਇਆ ਧਨ ਕਹਿਕੇ, ਜੱਦ ਮਾਪੇ ਤੈਨੂੰ ਭੁਲ ਜਾਂਦੇ । ਤੱਦ ਬੇਦੋਸ਼ੀ ਤੇਰੀ ਜਿੰਦੜੀ ਤੇ, ਤੂਫਾਨ ਅਨੇਕਾਂ ਝੁਲ ਜਾਂਦੇ । ਤਾਹੀਓਂ ਅਰਮਾਨਾਂ ਦੇ ਮੌਤੀ, ਕੌਡਾਂ ਦੇ ਪਲੜੇ ਤੁਲ ਜਾਂਦੇ। ਖਾਮੋਸ਼ ਦੀਵਾਰਾਂ ਢਹਿ ਜਾਵਨ ਤੂੰ ਐਸੇ ਹੌਕੇ ਲੈਂਦੀ ਜਾ ਕੁਝ ਫਰਜ਼ ਤੇਰੇ ਤੇ ... ... ... ਤੂੰ ਉਹ ਧਰਤੀ ਦੀ ਬੇਟੀ ਏਂ, ਜਿਸਦੀ ਕਦੀ ਸੁਣੀ ਸੁਣਾਈ ਨਾ । ਅੱਜ ਤੀਕਰ ਤੇਰੀਆਂ ਰੀਝਾਂ ਦੀ, ਸਮਿਆਂ ਨੇ ਪਿਆਸ ਬੁਝਾਈ ਨਾ। ਤੂੰ ਏਸ ਜੇਹਲ ਵਿਚ ਉਹ ਕੈਦੀ, ਜਿਨੂੰ ਮਿਲਦੀ ਕਦੀ ਰਿਹਾਈ ਨਾ ਇਸ ਲਈ ਤੂੰ ਪ੍ਰੀਤ ਦੇ ਫੁਲਾਂ ਦਾ, ਇਕ ਹਾਰ ਪ੍ਰੋਕੇ ਲੈਂਦੀ ਜਾ ਕੁਝ ਫ਼ਰਜ਼ ਤੇਰੇ ... ... ...

ਸਿਹਰਾ

ਕਲਮ ਜੋੜੇ ਜੋ ਕੌਮਾਂ ਦੀ ਹਿਕੜੀ ਨੂੰ, ਉਸੇ ਕੱਲਮ ਨੇ ਗੁੰਦਿਆ ਆਣ ਸਿਹਰਾ । ਮੁਛ ਫੁਟੀ ਹੈ ਜਿਸ ਜਵਾਨ ਦੀ ਅੱਜ, ਉਹੀਓ ਸਮਝਦਾ ਮੇਰੀ ਹੈ ਸ਼ਾਨ ਸਿਹਰਾ । ਗਿਠ ਗਿਠ ਅੱਜ ਲਾਲੀਆਂ ਚੜ੍ਹ ਗਈਆਂ । ਮਿਧੀ ਹੋਈ ਇਸ ਧਰਤ ਦੇ ਚੇਹਰੇ ਉਤੇ, ਸੈਆਂ ਸੂਰਜਾਂ ਨੇ ਡੇਰੇ ਜਿਵੇਂ ਲਾਏ ਸਾਡੇ ਉਚ ਹਿਮਾਲਾ ਦੇ ਘੇਰੇ ਉਤੇ । ਜੀਕਣ ਸੱਭ ਦੀਵਾਲੀਆਂ ਕਠੀਆਂ ਹੋ, ਆਣ ਬੈਠੀਆਂ ਕਿਸੇ ਬਨੇਰੇ ਉਤੇ । ਜੰਮ ਗਈਆਂ ਨਿਗਾਹਾਂ ਅੱਜ ਇਸਤਰਾਂ ਹੀ ਸੋਨ ਰੰਗੀ ਜਵਾਨੀ ਦੇ ਸਿਹਰੇ ਉਤੇ। ਦਬੀਆਂ ਹੋਈਆਂ ਜ਼ਬਾਨਾਂ ਚੋਂ ਬੋਲ ਸਰਕੇ ਲੈਕੇ ਆਇਆ ਕੋਈ ਨਵੀਂ ਬਹਾਰ ਸਿਹਰਾ । ਮੰਜ਼ਲ ਮੁਕ ਗਈ ਅੱਜ ਤੋਂ ਬਚਪਣੇ ਦੀ, ਨਵੀਆਂ ਰਾਹਾਂ ਲਈ ਕਰੇ ਤਿਆਰ ਸਿਹਰਾ । ਤਾਰਾਂ ਏਹਦੀਆਂ ਨੇ ਭੇਤ ਜ਼ਿੰਦਗੀ ਦੇ, ਗੁਝੇ ਦਿਲਾਂ ਦੇ ਵਿਚ ਸਮੋਏ ਹੋਏ ਨੇ । ਮੋਤੀ ਹੱਕ ਇਨਸਾਫ਼ ਦੇ ਚਮਕਦੇ ਜੋ, ਜ਼ੁਮੇਂਵਾਰੀ ਦੀ ਗੰਗਾ 'ਚ ਧੋਏ ਹੋਏ ਨੇ। ਫਰਜ਼ ਆਪਣੇ ਦੇ ਫੁਲ ਚੁਣ ਚੁਣ ਕੇ, ਗਿਰਦ ਆਪਣੇ ਇਨੇ ਪਰੋਏ ਹੋਏ ਨੇ। ਸਿਰਿਆਂ ਇਹਦਿਆਂ ਦੇ ਬੁਲ੍ਹ ਫੜਕਦੇ ਜੋ; ਸੂਝ ਨਵੀਂ ਦੇ ਨਾਲ ਕੁਝ ਛੋਹੇ ਹੋਏ ਨੇ । ਅੱਖਾਂ ਚੱਮਕੀਆਂ ਵੈਹਮਾਂ ਨੇ ਮੁੰਦੀਆਂ ਜੋ, ਐਸਾ ਚਮਕਿਆ ਏ ਚੱਮਕਦਾਰ ਸਿਹਰਾ। ਜੀਕਣ ਜ਼ਿੰਦਗੀ ਦੇ ਹਥੀਂ ਦੇ ਜਾਵੇ, ਟੁਰਦੇ ਸਮੇਂ ਦੀ ਫੱਟ ਮੁਹਾਰ ਸਿਹਰਾ । ਲੰਮੇ ਚੌੜੇ ਸਮਾਜ ਦੇ ਸਰ ਅੰਦਰ, ਕੋਈ ਥਾਹ ਨਾਂ ਜਿਸਦਿਆਂ ਪਾਣੀਆਂ ਦੀ ਪੈਰ ਪੈਰ ਤੇ ਇਸ ਗ੍ਰਹਿਸਤ ਅੰਦਰ ਤਾਰ ਤਾਰ ਨਾ ਸੁਲਝਦੀ ਤਾਣੀਆਂ ਦੀ। ਲੰਮੀ ਉਮਰ ਦੇ ਏਸ ਪੜਾ ਅੰਦਰ। ਜਦੋਂ ਬਦਲਦੀ ਤੌਰ ਸਵਾਨੀਆਂ ਦੀ । ਤਦੋਂ ਰਸਮਾਂ ਰਿਵਾਜਾਂ ਦੀ ਕੈਦ ਅੰਦਰ, ਸੁਣੀ ਜਾਏ ਨਾ ਰੂਹਾਂ ਦੀਵਾਨੀਆਂ ਦੀ । ਸਿਹਰੇ ਵਾਲਿਆ ਅੱਜ ਗੰਭੀਰ ਹੋ ਕੇ, ਪਿਆ ਦੇਖਦਾ ਸਾਰਾ ਸੰਸਾਰ ਸਿਹਰਾ । ਆਪਣੇ ਵਿਚਲੀਆਂ ਐਟਮੀ ਸ਼ਕਤੀਆਂ ਨਾਲ, ਕੀ ਇਹ ਕਰੇਗਾ ਬੇੜੇ ਨੂੰ ਪਾਰ ਸਿਹਰਾ। ਨਈਆ ਜ਼ਿੰਦਗੀ ਦੀ ਕਿਸੇ ਠੇਹਲ ਦਿਤੀ, ਸਿਹਰੇ ਵਾਲਿਆ ਤੇਰੇ ਸਹਾਰਿਆਂ ਤੇ । ਤੈਨੂੰ ਸੱਮਝਕੇ ਨਾਖੁਦਾ ਆਪਣਾ, ਚਾਹੇ, ਪੁਜਣਾ ਪਾਰ ਕਿਨਾਰਿਆਂ ਤੇ । ਉਹਦੇ ਹੱਕ ਸਮਾਜ ਨੇ ਮਿਧ ਛੱਡੇ, ਨਿਖਰ ਜਾਣਗੇ ਤੇਰੇ ਨਿਖਾਰਿਆਂ ਤੇ । ਕਰਮ ਤੇ ਦੇ ਨਾਲ ਤਕਦੀਰ ਉਸਦੀ, ਲਿਖੀ ਗਈ ਹੈ ਤੇਰੇ ਸਿਤਾਰਿਆਂ ਤੇ । ਤੇਰੇ ਸਿਹਰੇ ਨੂੰ ਏਹੋ ਜਿਹਾ ਰੰਗ ਚੜ੍ਹ ਜਾਏ । ਇਸਦੀ ਆਬ ਨਾ ਕੋਈ ਦਬਾ ਸਕੇ । ਇਹਦੇ ਫੁਲਾਂ ਤੇ ਆਈ ਹੋਈ ਤਾਜ਼ਗੀ ਨੂੰ, ਪੱਤਝੜ ਨਾ ਕੋਈ ਉਡਾ ਸਕੇ ।

ਸਿਹਰਾ

ਸੀਨੇ ਬਿਨ੍ਹ ਕੇ ਕੱਲਮ ਨੇ ਧੜਕਣਾ ਦੇ, ਖਾਸ ਗੁੰਦਿਆ ਸਿਹਰਾ ਨਹੀਂ ਆਮ ਸਿਹਰਾ । ਇਹਨੂੰ ਵੇਹੰਦਿਆਂ ਰਾਧਾ ਨੂੰ ਯਾਦ ਆਈ, ਯਮੁਨਾ ਤੱਟ ਤੇ ਸਜਿਆ ਸਿਰ ਸ਼ਾਮ ਸਿਹਰਾ। ਇਸ ਇਕ ਸੁਲੱਖਣੀ ਘੜੀ ਖਾਤਰ, ਪਿਤਾ ਸ਼ਾਂਤੀ ਮੰਗੀ ਜਾਹਾਨ ਕੋਲੋਂ। ਥਾਲੀ ਕਿਰਨਾਂ ਦੀ ਚੰਦ ਨੇ ਭਰ ਭੇਜੀ, ਤਾਰੇ ਤੁਰ ਪਏ ਆਪ ਅਸਮਾਨ ਕੋਲੋਂ। ਫੁਲ ਟੁਟ ਕੇ ਆਪਣੇ ਆਪ ਆ ਗਏ। ਪੁਛਿਆ ਕਿਸੇ ਵੀ ਨਾ ਬਾਗਵਾਨ ਕੋਲੋਂ। ਆਪੇ ਸੱਜ ਗਿਆ ਚੱਨ ਦੇ ਸਿਰ ਸਿਹਰਾ। ਧੋਖੇ ਨਾਲ ਹੀ ਕਿਸੇ ਭਗਵਾਨ ਕੋਲੋਂ। ਫੁਲਾਂ ਲਦਿਆ ਫੁਲਾਂ ਤੋਂ ਵੱਧ ਹੌਲਾ, ਫਰਜ਼ਾਂ ਨਾਲ ਐਪਰ ਵਜ਼ਨਦਾਰ ਸਿਹਰਾ । ਭਾਵੇਂ ਰੂਹਾਂ ਦੋ ਸਦਾ ਲਈ ਮੇਲ ਦਿੰਦਾ, ਐਪਰ ਆਪ ਹੁੰਦਾ ਕੱਚੀ ਤਾਰ ਸਿਹਰਾ। ਇਸ ਗ੍ਰਹਿਸਤ ਦੀ ਵਗਦੀ ਝਨਾ ਅੰਦਰ, ਚੱਨਾਂ ਸੋਚਕੇ ਲਾਣੀਆਂ ਤਾਰੀਆਂ ਜੇ । ਅੱਜ ਤੋਂ ਸੇਹਰੇ ਦੀ ਗੰਡ 'ਚ ਬੱਝ ਗਈਆਂ, ਬੱਚਪਨ ਵਾਲੀਆਂ ਉਚੀਆਂ ਉਡਾਰੀਆਂ ਜੇ। ਪੈਰ ਜੀਵਨ, ਦੇ ਰੱਖੇ ਉਸ ਮੋੜ ਉਤੇ, ਮੰਜਲਾਂ ਜਿਸਦੀਆਂ ਬੌਹਤ ਹੀ ਭਾਰੀਆਂ ਜੇ। ਜੇਹੜੇ ਹਿੰਮਤਾਂ ਹਾਰ ਕੇ ਬੈਠ ਜਾਂਦੇ, ਜਿਤਾਂ ਜਿਤ ਕੇ ਵੀ ਉਹਨਾਂ ਹਾਰੀਆਂ ਜੇ । ਡੋਰੀ ਰੱਖੀ ਹੈ ਜਿੰਨਾ ਤਕਦੀਰ ਉਤੇ, ਉਨ੍ਹਾਂ ਸੁਤਿਆਂ ਕਿਵੇਂ ਜਗਾਏ ਸਿਹਰਾ । ਜੇਹੜੇ ਜਾਗਦੇ ਮੰਜ਼ਲਾਂ ਮਾਰ ਜਾਂਦੇ, ਜਾਗਣ ਵਾਲੇ ਨੂੰ ਰਾਹ ਦਿਖਾਏ ਸਿਹਰਾ। ਸੇਹਰਾ ਜਾਲ ਜਵਾਨੀ ਨੂੰ ਫਾਂਦਣੇ ਦਾ, ਝਾਤ ਪਏ ਜੇ ਇਹਦੀ ਤਸਵੀਰ ਅੰਦਰ । ਚੰਨਾਂ ਤਾਰਾਂ ਦੀ ਚੱਮਕ ਤੇ ਚੱਮਕ ਨਾਹੀਂ, ਗੁੱਝੀ ਚੱਮਕ ਰਹੀ ਕੋਈ ਸ਼ਮਸ਼ੀਰ ਅੰਦਰ । ਜਿਨ੍ਹਾਂ ਨੈਣਾਂ ਦੀ ਹਿਕ ਤੇ ਨਾਚ ਤੱਕੇਂ, ਲਾਕੇ ਨੀਝ ਤੱਦ ਤਿੱਖੇ ਨੇ ਤੀਰ ਅੰਦਰ । ਸਿਹਰਾ ਬੰਨਦਿਆਂ ਜ਼ਿੰਦਗੀ ਬੱਝ ਜਾਂਦੀ, ਇੰਨਾਂ ਰਸਮਾਂ ਦੀ ਐਸੀ ਜ਼ੰਜੀਰ ਅੰਦਰ । ਜੇਕਰ ਪ੍ਰੇਮ ਤੇ ਪਿਆਰ ਹੈ ਜ਼ਿੰਦਗੀ ਵਿਚ, ਤਾਂਤੇ ਜ਼ਿੰਦਗੀ ਲਈ ਸੰਗਾਰ ਸੇਹਰਾ । ਜਿਥੇ ਨਚਦੀਆਂ ਨਫਰਤਾਂ ਸਿਰ ਖੋਹਲੀ, ਪਾਂਦਾ ਯੁਗਾਂ ਦਾ ਸਿਰਾਂ ਤੇ ਭਾਰ ਸੇਹਰਾ । ਸਿਹਰੇ ਵਾਲਿਆ ਲੱਗੀ ਜੋ ਲੜ ਤੇਰੇ, ਇਕ ਇਕ ਸਦੀ ਦੀ ਏਹ ਹੈ ਦਬਾਈ ਹੋਈ। ਇਸਨੂੰ ਪਈਆਂ ਜ਼ੰਜੀਰਾਂ ਜੋ ਦਿਸਦੀਆਂ ਨਹੀਂ, ਜੱਕੜ ਐਸੀ ਸਮਾਜ ਨੇ ਪਾਈ ਹੋਈ । ਇਸਦੀ ਕੈਦ ਦੀ ਕੋਈ ਮਿਆਦ ਨਾਹੀਂ, ਸਾਰੀ ਉਮਰ ਹੈ ਸਤੀ ਸਤਾਈ ਹੋਈ। ਮਰਦਾਂ ਆਪਣੀ ਖੁਸ਼ੀ ਤੇ ਗੱਮੀ ਅੰਦਰ, ਖੁਸ਼ੀ ਗੱਮੀ ਹੈ ਇਹਦੀ ਲੁਕਾਈ ਹੋਈ। ਸਿਹਰੇ ਵਾਲੀਆਂ ਤਾਰਾਂ ਦੀ ਸਾਂਝ ਵਾਂਗੂੰ, ਤੁਹਾਡੇ ਦੁਖਾਂ ਤੇ ਸੁਖਾਂ ਦੀ ਸਾਂਝ ਪੈ ਜਾਏ । ਇਸਦੀ ਚੱਮਕ ਪਏ ਸਾਰੇ ਜਹਾਨ ਉਤੇ, ਚੱਮਕ ਸੂਰਜਾਂ ਦੀ ਸਾਵੇਂ ਮਾਂਦ ਪੈ ਜਾਏ।

ਦਸਮੇਸ਼ ਜਨਮ

ਇਹ ਉਹ ਦਿਨ ਹੈ ਜਿਸ ਦਿਨ ਜ਼ਿੰਦਗੀ ਦੇ, ਮੁਰਦਾ ਜਿਸਮ ਅੰਦਰ ਮੁੜਕੇ ਜਾਨ ਆ ਗਈ । ਨਾੜੋ ਨਾੜ ਵਿਚ ਖੂਨ ਦੀ ਰੌ ਸਰਕੀ, ਲਹਿਰ ਲਹਿਰ ਜਿਉਂ ਬਣ ਕੇ ਤੂਫਾਨ ਆ ਗਈ। ਸਿਕਰੀ ਜੰਮੀਆਂ ਬੁਲ੍ਹੀਆਂ ਫੜਕ ਪਈਆਂ, ਨਾਚ ਨੱਚਦੀ ਹੋਈ ਮੁਸਕਾਨ ਆ ਗਈ। ਨਹੀਂਓਂ ਜੱਬਰ ਦੇ ਜੰਮਣੇ ਪੈਰ ਏਥੇ, ਵਾ ਸਮੇਂ ਦੀ ਕਰਦੀ ਐਲਾਨ ਆ ਗਈ। ਚੰਦ ਚਮਕਿਆ ਗੁਜਰੀ ਦੀ ਗੋਦ ਅੰਦਰ । ਤਾਹੀਉਂ ਨੇਰ੍ਹ ਜਹਾਨ ਦਾ ਦੂਰ ਹੋਇਆ, ਜਾਲ ਪਿਆ ਮਾਨੁਖੀ ਤਕਦੀਰ ਉਤੇ, ਇਕ ਚਮਕ ਥੀਂ ਟੁੱਟ ਕੇ ਚੂਰ ਹੋਇਆ। ਇਹ ਉਹ ਦਿਨ ਹੈ ਜਿਸ ਦਿਨ ਜੱਗ ਦੀਆਂ, ਮਾਣ ਮੱਤੀਆਂ ਤਾਕਤਾਂ ਕੰਬ ਗਈਆਂ । ਕੱਤਲਗਾਹਾਂ ਵਿਚ ਜ਼ੋਰ ਅਜ਼ਮਾਂਦੀਆਂ ਜੋ, ਜ਼ੁਲਮ ਜ਼ੱਬਰ ਦੀਆਂ ਬਾਹਾਂ ਹੰਬ ਗਈਆਂ। ਦੂਜੀ ਉਹ ਜੋ ਯੁਗਾਂ ਤੋਂ ਦੱਬੀਆਂ ਸਨ, ਪਹਿਲੀ ਵਾਰ ਹੋ ਇਕੋ ਕੁਟੰਬ ਗਈਆਂ। ਹੌਕੇ ਹਾਵੇ ਤੇ ਵਿਲਕਣਾ ਸਿਸਕੀਆਂ ਸੱਭ, ਉੱਚੀ ਮਾਰ ਉਡਾਰੀ ਲਾ ਖੰਭ ਗਈਆਂ । ਇਸੇ ਦਿਨ ਹੀ ਰਾਜਿਆਂ ਰਾਣਿਆਂ ਦੇ, ਤਖਤ ਸਾਰੇ ਜਹਾਨ ਦੇ ਹਿੱਲ ਗਏ। ਪੱਤਝੱੜ ਵਾਹ ਜਹਾਨ ਦੀ ਲਾ ਥੱਕੀ, ਐਪਰ ਬੂਟੇ ਬਹਾਰ ਦੇ ਖਿੱਲ ਗਏ । ਅੱਜ ਦੇ ਦਿਨ ਜੇ ਅੱਜ ਨੂੰ ਵੇਖ ਲਈਏ, ਉਹੀਓ ਤਕਤਾਂ ਰੂਪ ਵਟਾਂਦੀਆਂ ਨੇ । ਰਾਖੀ ਸਭਿਅਤਾ ਹਮਨ ਤੇ ਕਲਾ ਦੀ ਲਈ, ਨਾਹਰਾ ਚਾਰ ਚੁਫੇਰਿਉਂ ਲਾਂਦੀਆਂ ਨੇ । ਝੰਡਾ ਗੱਡ ਕੇ ਅਮਨ ਤੇ ਏਕਤਾ ਦਾ, ਭੱਠ ਜ਼ੁਲਮ ਤੇ ਜੱਬਰ ਦੇ ਤਾਂਦੀਆਂ ਨੇ। ਰੂਹਾਂ ਸੱਚੀਆਂ ਨੇ ਸੱਚੇ ਬੋਲ ਬੋਲੇ, ਵਾੜਾਂ ਇਸ ਤਰਾਂ ਖੇਤ ਨੂੰ ਖਾਂਦੀਆਂ ਨੇ । ਭਰੀਆਂ ਜਾਣ ਨਿਤ ਨਫਰਤਾਂ ਦਿਲਾਂ ਅੰਦਰ, ਜਿਸ ਤੋਂ ਵੀਰ ਦਾ ਵੀਰ ਨਾਲ ਵੈਰ ਹੋਵੇ । ਉਤੋਂ ਬੜੀ ਬੇਸ਼ਰਮੀ ਨਾਲ ਆਖਦੇ ਨੇ, ਸਾਡੇ ਦੇਸ਼ ਤੇ ਕੌਮ ਦੀ ਖੈਰ ਹੋਵੇ । ਆਵੋ ਅੱਜ ਦੇ ਦਿਨ ਤੇ ਆਖ ਦੇਈਏ, ਭੂਤ ਲੱਥੜੇ ਫੇਰ ਚਮੋੜਣੇ ਨਹੀਂ। ਸਾਥ ਛੱਡਕੇ ਭੋਲਿਆਂ ਨਿਰਧਨਾਂ ਦੇ, ਨਾਤੇ ਜਾਬਰਾਂ ਦੇ ਸੰਗ ਜੋੜਨੇ ਨਹੀਂ । ਸਾਡੇ ਗੀਤ ਸਾਂਝੇ ਗਿਧੇ ਥਾਲ ਸਾਂਝੇ । ਰਾਂਝੇ ਹੀਰਾਂ ਤੋਂ ਫੇਰ ਵਿਛੋੜਣੇ ਨਹੀਂ । ਲਹੂ ਨਾਲ ਸ਼ਹੀਦਾਂ ਜੋ ਧਰਤੀ ਸਿੰਜੀ, ਬੂਟੇ ਉਸ ਬਹਾਰ ਦੇ ਤੋੜਨੇ ਨਹੀਂ । ਮੈਨੂੰ ਆਪਣੀ ਕਲਮ ਤੇ ਕਲਾ ਦੀ ਸੌਂਹ, ਫਿਰਕੇਦਾਰੀ ਨੂੰ ਨਾਚ ਨਹੀਂ ਨੱਚਣ ਦੇਣਾ। ਵਾਰ ਵਾਰ ਇਸ ਧਰਤੀ ਦੀ ਹਿੱਕ ਉਤੇ, ਭਾਂਬੜ ਅੱਗ ਦਾ ਕਦੇ ਨਹੀਂ ਮੱਚਣ ਦੇਣਾ ।

ਗੁਰੂ ਨਾਨਕ : ਪੁਨਿਆਂ ਦਾ ਚੱਨ

ਘੁਪ ਨ੍ਹੇਰੀ ਰਾਤ ਦੇ ਨ੍ਹੇਰੇ ਨੂੰ ਆਈ ਚੀਰਦੀ ਉਸ ਚੰਨ ਦੀ ਚਾਨਣੀ ਜਿਸਦੀ ਬੁਲੰਦ ਪ੍ਰਵਾਜ਼ ਹੈ । ਦੁੱਧ ਚੁੰਘਾਦੀ ਬਾਲ ਦੀ ਅੰਮਾ ਨੇ ਕੁਝ ਝੰਝੋੜ ਕੇ, ਆਖਿਆ ਕਿ ਚੰਦ ਦੀ ਥਾਲੀ ਭਰੀ ਹੋਈ ਛੱਲਕਦੀ। ਡੁਲ ਡੁਲ ਪੈਂਦੇ ਅਨੇਕਾਂ ਤਾਰਿਆਂ ਦੀ ਰੂਹ ਤੇ, ਸੁਚੀਆਂ ਕਿਰਨਾਂ ਦੇ ਕੀਕਣ ਖੁਲ ਗਏ ਅੱਜ ਰਾਜ਼ ਹੈ । ਕੌਣ ਕੱਚੀ ਨੀ ਦਰੋਂ ਸੁਤੇ ਰਾਹਾਂ ਦੀ ਹਿਕ ਤੇ, ਮਾਰਦੇ ਹੋਏ ਝਰੀਟਾਂ ਵੱਧ ਰਹੇ ਅੱਨਗਿਣਤ ਪੈਰ । ਕੀ ਟੁਟ ਚੁੱਕਿਆ ਹੈ ਸਦਾ ਲਈ ਰਾਤ ਦੇ ਨ੍ਹੇਰੇ ਦਾ ਜਾਲ। ਦੱਸ ਤੇ ਸਹੀ ਧੁੱਪ ਠੰਡੀ ਕਿਸ ਖਲੇਰੀ ਜੱਗ ਤੇ। ਦਿਲ ਦੀਆਂ ਨਾੜਾਂ 'ਚ ਸਰਕਾਇਆ ਲਹੂ ਉਹ ਕੌਣ ਹੈ, ਕਿਸ ਸੁਰੀਲੇ ਸਾਜ਼ ਦੀ ਆਵਾਜ਼ ਹੈ । ਉਸ ਦਿਲ ਦਰਿਆ ਦੇ ਮੁਖ ਨੂੰ ਵੇਖ ਤੇ ਸਹੀ ਜਿੰਦੜੀਏ । ਜਿਸਨੇ ਛੂਹਿਆ ਜ਼ਿੰਦਗੀ ਦੇ ਸਿਖਰ ਨੂੰ ਉਹੀ ਹੈ ਏਹ । ਇਕ ਝੁਰਮਟ ਹੈ ਲੁਕਾਈ ਦਾ ਚੁਫੇਰੇ ਚੱਨ ਦੇ, ਦੇਖ ਇਸਦੇ ਡੱਲਕਦੇ ਨੈਨਾਂ ਦੀ ਤੱਕਣੀ ਨੂੰ ਰਤਾ । ਜਿਸਤਰਾਂ ਸੰਸਾਰ ਦੀ ਨੱਸ ਨੱਸ ਨੂੰ ਟੋਹਇਆ ਜਾ ਰਿਹਾ । ਕਿਸਤਰਾਂ ਦੀ ਏਸ ਦੀ ਪ੍ਰਵਾਜ਼ ਹੈ ............ ਬੜੇ ਗੌਹ ਨਾਲ ਏਹ ਪੱਤੇ ਸਾਗ ਦੇ, ਲਾਲੋ ਦੇ ਹੱਥੀਂ ਦੇਖਦਾ । ਦੇਖਦਾ ਉਸਦੀ ਥਿਆਲੀ ਤੇ, ਬਿਆਈਆਂ ਰੇਖ ਜੋ ਦੱਬੀ । ਫ਼ੇਰ ਗੱਡੀਆਂ ਨੇ ਨਿਗਾਹਾਂ ਮੋਤੀਆਂ ਦੇ ਥਾਲ ਤੇ, ਮੱਲਕ ਭਾਗੋ ਦੀ ਨਜ਼ਰ ਕਿਉਂ ਸੈਹਮ ਕੇ ਘਬਰਾ ਗਈ । ਇਸਤਰਾਂ ਹੀ ਸੱਚ ਦੀ ਸੁੱਚੀ ਅੱਮਨ ਦੀ ਨੀਲੜੀ, ਲੀਕ ਮਾਰੀ ਹੈ ਕਿ ਟੁਟੇ ਵਿਤਕਰੇ । ਫਿਰਕਿਆਂ ਦੇ ਜਾਲ ਵੈਹਮਾਂ ਦੀ ਕੜੀ, ਇਕ ਨਾਨਕ ਦੀ ਨਿਗਾਹ ਦਾ ਰਾਜ਼ ਹੈ, ਘੁਪ ਨੇਰੀ ਰਾਤ ਤੇ ਨ੍ਹੇਰੇ ਨੂੰ .... .....

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਜੋਗਿੰਦਰ ਬਾਹਰਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ