Chhant : Guru Ram Das Ji

ਛੰਤ : ਗੁਰੂ ਰਾਮ ਦਾਸ ਜੀ

1. ਮੁੰਧ ਇਆਣੀ ਪੇਈਅੜੈ

ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥
ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿਖੈ ॥
ਸਾਹੁਰੜੈ ਕੰਮ ਸਿਖੈ ਗੁਰਮੁਖਿ ਹਰਿ ਹਰਿ ਸਦਾ ਧਿਆਏ ॥
ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ ॥
ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥
ਮੁੰਧ ਇਆਣੀ ਪੇਈਅੜੈ ਗੁਰਮੁਖਿ ਹਰਿ ਦਰਸਨੁ ਦਿਖੈ ॥੧॥੭੮॥

(ਮੁੰਧ=ਜੁਆਨ ਇਸਤ੍ਰੀ, ਪੇਈਅੜੈ=ਪੇਕੇ ਘਰ ਵਿਚ, ਕਿਉਕਰਿ=
ਕਿਵੇਂ, ਪਿਖੈ=ਵੇਖੇ, ਗੁਰਮੁਖਿ=ਗੁਰੂ ਦੀ ਸਰਨ ਪੈ ਕੇ, ਸਾਹੁਰੜੈ
ਕੰਮ=ਸਹੁਰੇ ਘਰ ਦੇ ਕੰਮ, ਸਹੀਆ=ਸਹੇਲੀਆਂ, ਸੁਹੇਲੀ=ਸੌਖੀ,
ਬਾਹ ਲੁਡਾਏ=ਬਾਂਹ ਹੁਲਾਰਦੀ ਹੈ,ਬੇ-ਫ਼ਿਕਰ, ਜਪਿ=ਜਪ ਕੇ,
ਕਿਰਖੈ=ਖਿੱਚ ਲੈਂਦੀ ਹੈ, ਦਿਖੈ=ਵੇਖਦੀ ਹੈ)

2. ਵੀਆਹੁ ਹੋਆ ਮੇਰੇ ਬਾਬੁਲਾ

ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ ॥
ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ ॥
ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥
ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ ॥੨॥੭੮॥

(ਮੇਰੇ ਬਾਬੋਲਾ=ਹੇ ਮੇਰੇ ਪਿਤਾ, ਵੀਆਹੁ=ਪਤੀ-ਪ੍ਰਭੂ ਨਾਲ ਮਿਲਾਪ,
ਗੁਰਮੁਖੇ=ਗੁਰੂ ਦੀ ਸਰਨ ਪੈ ਕੇ, ਅਗਿਆਨੁ=ਬੇ-ਸਮਝੀ, ਗੁਰ
ਗਿਆਨੁ=ਗੁਰੂ ਤੋਂ ਮਿਲੀ ਪਰਮਾਤਮਾ ਨਾਲ ਡੂੰਘੀ ਸਾਂਝ, ਪ੍ਰਚੰਡੁ=
ਤੇਜ਼, ਬਲਾਇਆ=ਬਾਲਿਆ, ਬਿਨਸਿਆ=ਨਾਸ ਹੋ ਗਿਆ, ਲਾਧਾ=
ਲੱਭ ਪਿਆ ਹੈ, ਆਪੁ=ਆਪਾ-ਭਾਵ, ਆਪੈ=ਆਪੇ ਦੇ ਗਿਆਨ ਤੋਂ,
ਗੁਰਮਤਿ=ਗੁਰੂ ਦੀ ਮਤਿ ਲੈ ਕੇ, ਵਰੁ=ਖਸਮ, ਜਾਇਆ=ਜੰਮਦਾ)

3. ਹਰਿ ਸਤਿ ਸਤੇ ਮੇਰੇ ਬਾਬੁਲਾ

ਹਰਿ ਸਤਿ ਸਤੇ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਞ ਸੁਹੰਦੀ ॥
ਪੇਵਕੜੈ ਹਰਿ ਜਪਿ ਸੁਹੇਲੀ ਵਿਚਿ ਸਾਹੁਰੜੈ ਖਰੀ ਸੋਹੰਦੀ ॥
ਸਾਹੁਰੜੈ ਵਿਚਿ ਖਰੀ ਸੋਹੰਦੀ ਜਿਨਿ ਪੇਵਕੜੈ ਨਾਮੁ ਸਮਾਲਿਆ ॥
ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ ॥
ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ ॥
ਹਰਿ ਸਤਿ ਸਤਿ ਮੇਰੇ ਬਾਬੋਲਾ ਹਰਿ ਜਨ ਮਿਲਿ ਜੰਞ ਸੁਹੰਦੀ ॥੩॥੭੮॥

(ਸਤਿ ਸਤੇ=ਸਦਾ ਕਾਇਮ ਰਹਿਣ ਵਾਲਾ, ਹਰਿ ਜਨ=ਪਰਮਾਤਮਾ
ਦੇ ਸੇਵਕ,ਸਤਸੰਗੀ, ਸੁਹੰਦੀ=ਸੋਹਣੀ ਲੱਗਦੀ ਹੈ, ਜਪਿ=ਜਪ ਕੇ,
ਸਾਹੁਰੜੈ=ਸਹੁਰੇ ਘਰ,ਪਰਮਾਤਮਾ ਦੀ ਹਜ਼ੂਰੀ ਵਿਚ, ਸੋਹੰਦੀ=ਸੋਭਦੀ
ਹੈ, ਜਿਨਿ=ਜਿਸ ਨੇ, ਸਮਾਲਿਆ=ਸਾਂਭਿਆ ਹੈ, ਸਭੁ=ਸਾਰਾ, ਸਫਲਿਓ=
ਕਾਮਯਾਬ, ਜਿਣਿ=ਜਿੱਤ ਕੇ, ਪਾਸਾ ਢਾਲਿਆ=ਨਰਦਾਂ ਸੁੱਟੀਆਂ ਹਨ,
ਕਾਰਜੁ=ਵਿਆਹ ਦਾ ਕੰਮ, ਸੋਹਿਆ=ਸੋਹਣਾ ਹੋ ਗਿਆ ਹੈ, ਪੁਰਖੁ=
ਸਰਬ-ਵਿਆਪਕ ਪ੍ਰਭੂ, ਅਨੰਦੀ=ਆਨੰਦ ਦਾ ਸੋਮਾ)

4. ਹਰਿ ਪ੍ਰਭੁ ਮੇਰੇ ਬਾਬੁਲਾ

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥੪॥੭੯॥

(ਹਰਿ ਦੇਵਹੁ ਦਾਨੁ=ਹਰਿ ਪ੍ਰਭੂ ਦੇ ਨਾਂ ਦਾ ਦਾਨ ਦੇਵੋ, ਦਾਜੋ=ਦਾਜੁ,
ਕਪੜੋ ਸੋਭਾ=ਕੱਪੜਾ ਤੇ ਧਨ, ਜਿਤੁ=ਜਿਸ ਦਾਜ ਦੀ ਰਾਹੀਂ, ਸਵਰੈ=
ਸੰਵਰ ਜਾਏ, ਕਾਜੋ=ਕਾਜੁ, ਸੁਹੇਲਾ=ਸੁਖਦਾਈ, ਖੰਡਿ=ਖੰਡ ਵਿਚ,ਦੇਸ
ਵਿਚ, ਵਰਭੰਡਿ=ਬ੍ਰਹਮੰਡ ਵਿਚ, ਹਰਿ ਸੋਭਾ=ਹਰਿ-ਨਾਮ ਦੇ ਦਾਜ ਨਾਲ
ਸੋਭਾ, ਨ ਰਲੈ ਰਲਾਇਆ=ਕੋਈ ਹੋਰ ਦਾਜ ਇਸ ਦੀ ਬਰਾਬਰੀ ਨਹੀਂ
ਕਰ ਸਕਦਾ, ਹੋਰਿ=ਹੋਰ ਬੰਦੇ, ਮਨਮੁਖ=ਆਪਣੇ ਮਨ ਦੇ ਪਿਛੇ ਤੁਰਨ
ਵਾਲੇ, ਜਿ=ਜਿਹੜਾ, ਰਖਿ=ਰੱਖ ਕੇ, ਕੂੜੁ=ਝੂਠਾ, ਕਚੁ=ਖੋਟਾ, ਪਾਜੋ=
ਪਾਜੁ,ਵਿਖਾਵਾ)

5. ਹਰਿ ਰਾਮ ਰਾਮ ਮੇਰੇ ਬਾਬੋਲਾ

ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥
ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥
ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥
ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥
ਨਾਨਕ ਸੰਤ ਸੰਤ ਹਰਿ ਏਕੋ ਜਪਿ ਹਰਿ ਹਰਿ ਨਾਮੁ ਸੋਹੰਦੀ ॥
ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਦੀ ॥੫॥੧॥੭੯॥

(ਪਿਰ ਮਿਲਿ=ਪਰਮਾਤਮਾ-ਪਤੀ ਨੂੰ ਮਿਲ ਕੇ, ਧਨ ਵੇਲ=
ਜੀਵ-ਇਸਤ੍ਰੀ ਦੀ ਪੀੜ੍ਹੀ, ਜੁਗ ਜੁਗਹ ਜੁਗੋ=ਹਰੇਕ ਜੁਗ
ਵਿਚ,ਸਦਾ ਹੀ, ਸਦ=ਸਦਾ, ਪੀੜੀ ਗੁਰੂ=ਗੁਰੂ ਦੀ ਪੀੜ੍ਹੀ,
ਚਲੰਦੀ=ਚੱਲ ਪੈਂਦੀ ਹੈ, ਜਿਨੀ=ਜਿਨ੍ਹਾਂ ਮਨੁੱਖਾਂ ਨੇ, ਗੁਰਮੁਖਿ=
ਗੁਰੂ ਦੀ ਸਰਨ ਪੈ ਕੇ, ਜਾਵੈ=ਨਾਸ ਹੁੰਦਾ, ਚੜੈ ਸਵਾਇਆ=
ਹੋਰ ਹੋਰ ਵਧਦਾ ਹੈ, ਜਪਿ=ਜਪ ਕੇ, ਸੋਹੰਦੀ=ਪੀੜ੍ਹੀ ਸੋਭਦੀ ਹੈ)

6. ਝਿਮਿ ਝਿਮੇ ਝਿਮਿ ਝਿਮਿ ਵਰਸੈ

ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥
ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ ॥
ਰਾਮ ਨਾਮੁ ਪਿਆਰਾ ਜਗਤ ਨਿਸਤਾਰਾ ਰਾਮ ਨਾਮਿ ਵਡਿਆਈ ॥
ਕਲਿਜੁਗਿ ਰਾਮ ਨਾਮੁ ਬੋਹਿਥਾ ਗੁਰਮੁਖਿ ਪਾਰਿ ਲਘਾਈ ॥
ਹਲਤਿ ਪਲਤਿ ਰਾਮ ਨਾਮਿ ਸੁਹੇਲੇ ਗੁਰਮੁਖਿ ਕਰਣੀ ਸਾਰੀ ॥
ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥੧॥੪੪੨॥

(ਝਿਮਿ ਝਿਮੇ=ਝਿਮਿ ਝਿਮਿ,ਮਠੀ ਮਠੀ ਆਵਾਜ਼ ਨਾਲ,
ਵਰਸੈ=ਵਰ੍ਹਦਾ ਹੈ, ਅੰਮ੍ਰਿਤ ਧਾਰਾ=ਆਤਮਕ ਜੀਵਨ ਦੇਣ
ਵਾਲੇ ਨਾਮ-ਜਲ ਦੀ ਧਾਰ, ਨਦਰੀ=ਨਜ਼ਰ ਆ ਜਾਂਦਾ ਹੈ,
ਨਿਸਤਾਰਾ=ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ,
ਨਾਮਿ=ਨਾਮ ਵਿਚ ਜੁੜ ਕੇ, ਕਲਿਜੁਗ=ਉਹ ਆਤਮਕ
ਅਵਸਥਾ ਜਦੋਂ ਜੀਵ ਪਰਮਾਤਮਾ ਤੋਂ ਵਿਛੁੜ ਕੇ ਵਿਕਾਰਾਂ
ਵਿਚ ਗ਼ਰਕ ਹੁੰਦਾ ਹੈ, ਬੋਹਿਥਾ=ਜਹਾਜ਼, ਹਲਤਿ=ਇਸ
ਲੋਕ ਵਿਚ, ਪਲਤਿ=ਪਰਲੋਕ ਵਿਚ, ਸੁਹੇਲੇ=ਸੁਖੀ, ਸਾਰੀ=
ਸ੍ਰੇਸ਼ਟ, ਕਰਣੀ=ਕਰਨ-ਜੋਗ ਕੰਮ, ਕਰਿ=ਕਰ ਕੇ)

7. ਜਿਨ ਅੰਤਰੇ ਰਾਮ ਨਾਮੁ ਵਸੈ

ਜਿਨ ਅੰਤਰੇ ਰਾਮ ਨਾਮੁ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ॥
ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥
ਮਨ ਚਿੰਦਿਆ ਫਲੁ ਪਾਇਆ ਰਾਮ ਨਾਮੁ ਧਿਆਇਆ ਰਾਮ ਨਾਮ ਗੁਣ ਗਾਏ ॥
ਦੁਰਮਤਿ ਕਬੁਧਿ ਗਈ ਸੁਧਿ ਹੋਈ ਰਾਮ ਨਾਮਿ ਮਨੁ ਲਾਏ ॥
ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥
ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ ਨਿਜ ਘਰਿ ਵਾਸਿਆ ॥੬॥੪੪੩॥

(ਤਿਨ=ਉਹਨਾਂ ਨੇ, ਅਰਥਾ ਸਭਿ ਧਰਮ=ਧਰਮ ਅਰਥ ਕਾਮ ਮੋਖ
ਇਹ ਸਾਰੇ ਪਦਾਰਥ, ਚਿੰਦਿਆ=ਚਿਤਵਿਆ, ਦੁਰਮਤਿ=ਖੋਟੀ ਮਤਿ,
ਕਬੁਧਿ=ਭੈੜੀ ਅਕਲ, ਸੁਧਿ=ਸੂਝ, ਜਿਤੁ=ਜਿਸ ਵਿਚ, ਪਰਗਾਸਿਆ=
ਰੌਸ਼ਨ ਹੋ ਗਿਆ, ਨਿਜ ਘਰਿ=ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ)

8. ਸਤਜੁਗਿ ਸਭੁ ਸੰਤੋਖ ਸਰੀਰਾ

ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥
ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥
ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ ॥
ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ ॥
ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥੧॥੪੪੫॥

(ਸਤਜੁਗਿ=ਸਤਜੁਗ ਵਿਚ, ਉਸ ਆਤਮਕ ਅਵਸਥਾ ਵਿਚ ਜੇਹੜੀ
ਸਤਜੁਗ ਵਾਲੀ ਕਹੀ ਜਾਂਦੀ ਹੈ, ਪਗ ਚਾਰੇ ਧਰਮੁ=ਚਹੁ ਪੈਰਾਂ ਵਾਲਾ
ਧਰਮ-ਰੂਪ ਧੋਲ, ਮਨਿ=ਮਨ ਵਿਚ, ਹਰਿ ਗਾਵਹਿ=ਪਰਮਾਤਮਾ ਦੀ
ਸਿਫ਼ਤਿ-ਸਾਲਾਹ ਕਰਦੇ ਹਨ, ਪਰਮ=ਸਭ ਤੋਂ ਉੱਚਾ, ਪਾਵਹਿ=ਪ੍ਰਾਪਤ
ਕਰਦੇ ਹਨ, ਕਿਰਤਾਰਥੁ=ਸਫਲ, ਲਿਵ ਲਾਈ=ਸੁਰਤਿ ਜੋੜੀ, ਸਖਾਈ=
ਮਿੱਤਰ,ਸਾਥੀ, ਪਾਵੈ=ਹਾਸਲ ਕਰਦਾ ਹੈ, ਮਾਨੁ=ਆਦਰ)

9. ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥
ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥
ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥
ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥
ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥੨॥੪੪੫॥

(ਅੰਤਰਿ=ਜਿਸ ਮਨੁੱਖ ਦੇ ਅੰਦਰ, ਜੋਰੁ=ਧੱਕਾ, ਸੰਜਮੁ=ਇੰਦ੍ਰਿਆਂ ਨੂੰ ਕਾਬੂ ਕਰਨ
ਦੇ 'ਜਤ' ਆਦਿਕ ਜਤਨ, ਪਗੁ=ਪੈਰ, ਜਲਾਇ=ਸਾੜਦਾ ਹੈ, ਬਿਸਲੋਧੁ=(ਬਿਸ=
ਜ਼ਹਰ,ਲੋਧੁ=ਲਾਲ ਜਾਂ ਚਿੱਟੇ ਫੁੱਲਾਂ ਵਾਲਾ ਇਕ ਕਿਸਮ ਦਾ ਰੁੱਖ ਹੈ),ਵਿਹੁਲਾ ਰੁੱਖ,
ਨਿਰਪ=ਰਾਜੇ, ਧਾਵਹਿ=ਦੌੜਦੇ ਹਨ, ਮਮਤਾ=ਅਪਣੱਤ, ਬਿਖੁ=ਜ਼ਹਰ)

10. ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ

ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹੁ ਉਪਾਇ ਜੀਉ ॥
ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥
ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥
ਮਹਾ ਜੁਧ ਜੋਧ ਬਹੁ ਕੀਨ੍ਹ੍ਹੇ ਵਿਚਿ ਹਉਮੈ ਪਚੈ ਪਚਾਇ ਜੀਉ ॥
ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ ॥
ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹ੍ਹੁ ਉਪਾਇ ਜੀਉ ॥੩॥੪੪੫॥

(ਭਰਮਿ=ਮਾਇਆ ਦੀ ਭਟਕਣਾ ਵਿਚ, ਗੋਪੀ ਕਾਨ੍ਹੁ=ਇਸਤ੍ਰੀ ਮਰਦ,ਤਾਪਹਿ=ਤਪਦੇ ਹਨ,
ਕਲੇਸ਼ ਸਹਾਰਦੇ ਹਨ, ਪੁੰਨ=ਮਿਥੇ ਹੋਏ ਨੇਕ ਕੰਮ, ਜੋਧ=ਜੋਧੇ,ਸੂਰਮੇ, ਪਚੈ=ਸੜਦਾ ਹੈ,
ਪਚਾਇ=ਸਾੜਦਾ ਹੈ, ਦਇਆਲਿ=ਦਇਆਲ ਨੇ, ਸਾਧੁ=ਗੁਰੂ)

11. ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ

ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥
ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥
ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥
ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ ॥
ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥
ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥੪੪੬॥

(ਅਉਖਧੁ=ਦਵਾਈ, ਕੀਰਤਿ=ਸਿਫ਼ਤਿ-ਸਾਲਾਹ, ਰੁਤਿ=ਸਮਾਂ,ਮਨੁੱਖਾ ਜਨਮ
ਦਾ ਸਮਾਂ, ਖੇਤੁ=ਫਸਲ, ਲਾਹਾ=ਲਾਭ, ਮੂਲੁ=ਸਰਮਾਇਆ, ਹਿਰਦੈ=ਹਿਰਦ
ਵਿਚ, ਲਖਾਇ=ਪਰਗਟ ਕਰ ਦਿੱਤਾ)

12. ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ

ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥
ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥
ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥
ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥
ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥
ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥੪੪੮॥

(ਅਗਮ=ਅਪਹੁੰਚ, ਅਗੋਚਰੁ=ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ,
ਆਦਿ=ਸਭ ਦੇ ਮੁੱਢ, ਨਿਰੰਜਨੁ=ਜਿਸ ਨੂੰ ਮਾਇਆ ਦੀ ਕਾਲਖ ਨਹੀਂ
ਲੱਗ ਸਕਦੀ, ਨਿਰੰਕਾਰੁ=ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ
ਜਾ ਸਕਦਾ, ਗਤਿ=ਹਾਲਤ, ਅਮਿਤਿ=ਅਮਿਣਵੀਂ, ਅਲਖ=ਜਿਸ ਦਾ
ਸਰੂਪ ਬਿਆਨ ਨਾਹ ਕੀਤਾ ਜਾ ਸਕੇ, ਅਪਰੰਪਰੁ=ਪਰੇ ਤੋਂ ਪਰੇ ਬੇਅੰਤ,
ਕਹੀਅਹਿ=ਕਹੇ ਜਾਣ)

13. ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥
ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ ॥
ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥
ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥
ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥
ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥੪੪੮॥

(ਸਭੁ=ਹਰ ਥਾਂ, ਕਰਤਾ=ਹੇ ਕਰਤਾਰ, ਵਡਿਆਈ=ਵਡੱਪਣ,ਤੇਜ-ਪ੍ਰਤਾਪ,
ਭਾਵੈ=ਚੰਗਾ ਲੱਗੇ, ਚਲਾਇ=ਤੋਰ, ਸਭ=ਸਾਰੀ ਲੁਕਾਈ, ਸਬਦਿ=ਹੁਕਮ
ਵਿਚ, ਸਮਾਇ=ਲੀਨ ਰਹਿੰਦੀ ਹੈ, ਅਗੋਚਰੁ=ਜਿਸ ਤਕ ਗਿਆਨ-ਇੰਦ੍ਰਿਆਂ
ਦੀ ਪਹੁੰਚ ਨ ਹੋ ਸਕੇ)

14. ਹਰਿ ਅੰਮ੍ਰਿਤ ਭਿੰਨੇ ਲੋਇਣਾ

ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥
ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥
ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥
ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥੪੪੮॥

(ਭਿੰਨੇ=ਭਿੱਜੇ ਹੋਏ ਹਨ,ਤਰ ਹੋ ਗਏ ਹਨ, ਲੋਇਣ=ਅੱਖਾਂ,
ਪ੍ਰੇਮਿ=ਪ੍ਰੇਮ-ਰੰਗ ਵਿਚ, ਰਤੰਨਾ=ਰੱਤਾ ਹੋਇਆ,ਰੰਗਿਆ
ਗਿਆ ਹੈ, ਕੰਚਨੁ=ਸੋਨਾ, ਸੋਵਿੰਨਾ=ਸੁਵੰਨ, ਸੋਹਣੇ ਰੰਗ
ਵਾਲਾ, ਚਲੂਲਿਆ=ਗੂੜ੍ਹੇ ਲਾਲ ਰੰਗ ਨਾਲ ਰੰਗਿਆ ਗਿਆ
ਹੈ, ਤਨੋ=ਤਨੁ, ਮੁਸਕਿ=ਕਸਤੂਰੀ ਨਾਲ, ਝਕੋਲਿਆ=ਚੰਗੀ
ਤਰ੍ਹਾਂ ਸੁਗੰਧਿਤ ਹੋ ਗਿਆ ਹੈ, ਧਨੁ ਧੰਨਾ=ਭਾਗਾਂ ਵਾਲਾ,ਸਫਲ)

15. ਹਰਿ ਪ੍ਰੇਮ ਬਾਣੀ ਮਨੁ ਮਾਰਿਆ

ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥
ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥
ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥
ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥੪੪੯॥

(ਅਣੀਆਲੇ=ਅਣੀ ਵਾਲੇ,ਤਿੱਖੀ ਨੋਕ ਵਾਲੇ ਤੀਰ,
ਪੀਰ=ਪੀੜ, ਪਿਰੰਮ=ਪ੍ਰੇਮ, ਜਰੀਆ=ਜਰੀ ਜਾਂਦੀ ਹੈ,
ਜੀਵਨ ਮੁਕਤਿ=ਦੁਨੀਆ ਦੀ ਕਿਰਤ-ਕਾਰ ਕਰਦਾ
ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ,
ਮਰਿ=ਮਰ ਕੇ,ਮਾਇਆ ਵਲੋਂ ਅਛੋਹ ਹੋ ਕੇ, ਦੁਤਰੁ=
ਜਿਸ ਤੋਂ ਪਾਰ ਲੰਘਣਾ ਔਖਾ ਹੈ)

16. ਹਮ ਮੂਰਖ ਮੁਗਧ ਸਰਣਾਗਤੀ

ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥
ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥
ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥
ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥੪੪੯॥

(ਮੁਗਧ=ਮੂਰਖ, ਰੰਗਾ=ਕਈ ਚੋਜ-ਤਮਾਸ਼ੇ ਕਰਨ ਵਾਲਾ,
ਮੰਗਾ=ਮੰਗਾਂ,ਮੈਂ ਮੰਗਦਾ ਹਾਂ, ਸਬਦਿ=ਗੁਰ-ਸ਼ਬਦ ਦੀ ਰਾਹੀਂ,
ਵਿਗਾਸਿਆ=ਖਿੜ ਪਿਆ ਹੈ, ਜਪਿ=ਜਪ ਕੇ, ਅਨਤ ਤਰੰਗਾ=
ਅਨੰਤ ਤਰੰਗਾਂ ਵਾਲਾ,ਜਿਸ ਵਿਚ ਬੇਅੰਤ ਲਹਰਾਂ ਉਠ ਰਹੀਆਂ
ਹਨ, ਮਿਲਿ=ਮਿਲ ਕੇ)

17. ਦੀਨ ਦਇਆਲ ਸੁਣਿ ਬੇਨਤੀ

ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥
ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥
ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥
ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥੪੪੯॥

(ਦਇਆਲ=ਹੇ ਦਇਆ ਦੇ ਘਰ, ਹਰਿ ਰਾਇਆ=
ਹੇ ਪ੍ਰਭੂ ਪਾਤਿਸ਼ਾਹ, ਹਉ=ਮੈਂ, ਮਾਗਉ=ਮੈਂ ਮੰਗਦਾ ਹਾਂ,
ਸਰਣਿ=ਆਸਰਾ, ਓਟ, ਮੁਖਿ=ਮੁਖ ਵਿਚ, ਭਗਤਿ ਵਛਲੁ=
ਭਗਤੀ ਨਾਲ ਪਿਆਰ ਕਰਨ ਵਾਲਾ, ਬਿਰਦੁ=ਮੁੱਢ ਕਦੀਮਾਂ
ਦਾ ਸੁਭਾਉ, ਲਾਜ=ਇੱਜ਼ਤ)

18. ਜਿਨ ਮਸਤਕਿ ਧੁਰਿ ਹਰਿ ਲਿਖਿਆ

ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥
ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥
ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧॥੪੫੦॥

(ਮਸਤਕਿ=ਮੱਥੇ ਉਤੇ, ਧੁਰਿ=ਧੁਰ ਦਰਗਾਹ ਤੋਂ, ਅਗਿਆਨੁ=ਆਤਮਕ
ਜੀਵਨ ਵਲੋਂ ਬੇ-ਸਮਝੀ, ਘਟਿ=ਹਿਰਦੇ ਵਿਚ, ਬਲਿਆ=ਚਮਕ ਪਿਆ,
ਲਧਾ=ਲੱਭ ਪਿਆ, ਪਦਾਰਥੋ=ਕੀਮਤੀ ਚੀਜ਼, ਬਹੁੜਿ=ਮੁੜ, ਚਲਿਆ=
ਗਵਾਚਿਆ, ਆਰਾਧਿ=ਸਿਮਰ ਕੇ)

19. ਜਿਨੀ ਐਸਾ ਹਰਿ ਨਾਮੁ ਨ ਚੇਤਿਓ

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥
ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥
ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥
ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥੪੫੦॥

(ਐਸਾ=ਅਜੇਹਾ ਕੀਮਤੀ, ਸੇ=ਉਹ ਬੰਦੇ, ਕਾਹੇ=ਕਿਸ ਵਾਸਤੇ,
ਜਗਿ=ਜਗਤ ਵਿਚ, ਦੁਲੰਭੁ=ਦੁਰਲੱਭ, ਬਿਰਥਾ=ਅਜਾਈਂ, ਹੁਣਿ=
ਇਸ ਜਨਮ ਵਿਚ, ਵਤੈ=ਵੱਤਰ ਦੇ ਵੇਲੇ, ਅਗੈ=ਪਰਲੋਕ ਵਿਚ,
ਸਮਾਂ ਲੰਘ ਜਾਣ ਤੇ, ਕਿਆ ਖਾਏ=ਕੀਹ ਖਾਏਗਾ, ਹਰਿ ਭਾਇ=
ਹਰੀ ਨੂੰ ਇਹੀ ਚੰਗਾ ਲੱਗਦਾ ਹੈ)

20. ਤੂੰ ਹਰਿ ਤੇਰਾ ਸਭੁ ਕੋ

ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥
ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥
ਜਿਨ੍ਹ੍ਹ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥
ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥੩॥੪੫੦॥

(ਸਭੁ ਕੋ=ਹਰੇਕ ਜੀਵ, ਤੁਧੁ=ਤੈਨੂੰ, ਭਾਏ=ਚੰਗੇ ਲੱਗਦੇ ਹਨ,
ਨਾਮਿ=ਨਾਮ ਦੀ ਰਾਹੀਂ, ਤਰਾਏ=ਪਾਰ ਲੰਘਾਂਦਾ ਹੈ)

21. ਕੋਈ ਗਾਵੈ ਰਾਗੀ ਨਾਦੀ ਬੇਦੀ

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥
ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥
ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥੪੫੦॥

(ਗਾਵੈ=ਗੁਣ ਗਾਂਦਾ ਹੈ, ਰਾਗੀ=ਰਾਗੀਂ,ਰਾਗਾਂ ਦੀ ਰਾਹੀਂ ਗਾ ਕੇ,
ਨਾਦੀ=ਨਾਦੀਂ,ਸੰਖ ਆਦਿ ਵਜਾ ਕੇ, ਬੇਦੀ=ਬੇਦੀਂ,ਧਰਮ-ਪੁਸਤਕਾਂ
ਦੀ ਰਾਹੀਂ, ਬਹੁ ਭਾਂਤਿ ਕਰਿ=ਕਈ ਤਰੀਕਿਆਂ ਨਾਲ, ਭੀਜੈ=ਪ੍ਰਸੰਨ
ਹੁੰਦਾ, ਅੰਤਰਿ=ਅੰਦਰ, ਕਪਟੁ=ਫ਼ਰੇਬ, ਰੋਇ=ਰੋ ਕੇ, ਸਿਰਿ ਰੋਗ=
ਰੋਗਾਂ ਦੇ ਸਿਰ ਉਤੇ, ਸੁਧੁ=ਪਵਿਤ੍ਰ, ਗੁਰਮੁਖਿ=ਗੁਰੂ ਦੀ ਸਰਨ ਪੈ ਕੇ)

22. ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ

ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥
ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥
ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥
ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥੪੫੦॥

(ਅੰਤਰਿ=ਹਿਰਦੇ ਵਿਚ, ਤੇ ਜਨ=ਉਹ ਬੰਦੇ, ਸੁਘੜ=ਸੁਚੱਜੇ,
ਭੁਲਿ=ਭੁੱਲ ਕੇ, ਚੁਕਿ=ਉਕਾਈ ਖਾ ਕੇ, ਭੀ=ਫਿਰ ਭੀ, ਖਰੇ=
ਚੰਗੇ, ਭਾਣੇ=ਪਿਆਰੇ ਲੱਗਦੇ ਹਨ, ਥਾਉਂ=ਥਾਂ, ਦੀਬਾਣੁ=ਸਹਾਰਾ,
ਫਰਿਆਦ ਦੀ ਥਾਂ, ਤਾਣੁ=ਤਾਕਤ, ਸਤਾਣੇ=ਤਕੜੇ)

23. ਜਿਥੈ ਜਾਇ ਬਹੈ ਮੇਰਾ ਸਤਿਗੁਰੂ

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥
ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥
ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥
ਜਿਨ੍ਹ੍ਹ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥੪੫੦॥

(ਜਿਥੈ=ਜਿਸ ਥਾਂ ਤੇ, ਸੁਹਾਵਾ=ਸੁਹਣਾ, ਗੁਰਸਿਖੀਂ=ਗੁਰ-ਸਿੱਖਾਂ ਨੇ,
ਭਾਲਿਆ=ਲੱਭ ਲਿਆ, ਧੂਰਿ=ਧੂੜ, ਮੁਖਿ=ਮੂੰਹ ਉਤੇ, ਘਾਲ=ਮੇਹਨਤ,
ਥਾਇ ਪਈ=ਕਬੂਲ ਹੋ ਗਈ, ਪੂਜ ਕਰਾਵਾ=ਪੂਜਾ ਕਰਾਂਦਾ ਹੈ, ਕਰਾਵਾ=
ਕਰਾਈ, ਲਾਵਾ=ਲਾਈ, ਧਿਆਵਾ=ਧਿਆਇਆ)

24. ਗੁਰਸਿਖਾ ਮਨਿ ਹਰਿ ਪ੍ਰੀਤਿ ਹੈ

ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥
ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥
ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥
ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥੪੫੦॥

(ਕਰਿ ਪੂਰਾ=ਪੂਰਨ ਜਾਣ ਕੇ, ਭੁਖ=ਮਾਇਆ ਦੀ ਭੁੱਖ, ਮੇਰੀ=
ਮਾਇਆ ਦੀ ਮਮਤਾ, ਜਾਇ ਲਹਿ=ਲਹਿ ਜਾਂਦੀ ਹੈ, ਘਨੇਰੀ=
ਬਹੁਤ ਲੁਕਾਈ, ਹਰਿ ਪੁੰਨੁ=ਨਾਮ ਸਿਮਰਨ ਦਾ ਭਲਾ ਬੀਜ, ਤੋਟਿ=
ਕਮੀ,ਘਾਟ, ਪੁੰਨ ਕੇਰੀ=ਭਲੇ ਕੰਮ ਦੀ)

25. ਗੁਰਸਿਖਾ ਮਨਿ ਵਾਧਾਈਆ

ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥
ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥
ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨ੍ਹ੍ਹਾ ਮੇਰਾ ਸਤਿਗੁਰੁ ਤੁਠਾ ॥
ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥੪੫੧॥

(ਵਾਧਾਈਆ=ਖ਼ੁਸ਼ੀਆਂ,ਆਤਮਕ ਉਤਸ਼ਾਹ, ਜਿਨ੍ਹ=ਜਿਨ੍ਹਾਂ ਨੇ,
ਗਲ=ਗੱਲ,ਜ਼ਿਕਰ, ਸੋ=ਉਹ ਮਨੁੱਖ, ਮਿਠਾ=ਪਿਆਰਾ, ਪੈਨ੍ਹਾਈਅਹਿ=
ਸਰੋਪਾ ਦਿੱਤੇ ਜਾਂਦੇ ਹਨ, ਤੁਠਾ=ਮੇਹਰਬਾਨ ਹੋਇਆ, ਵੁਠਾ=ਆ ਵੱਸਿਆ)

26. ਹਰਿ ਜੁਗੁ ਜੁਗੁ ਭਗਤ ਉਪਾਇਆ

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥੪੫੧॥

(ਜੁਗੁ ਜੁਗੁ=ਹਰੇਕ ਜੁਗ ਵਿਚ, ਪੈਜ=ਇੱਜ਼ਤ, ਦੇਇ=ਦੇ ਕੇ,
ਮੁਖਿ ਲਾਇਆ=ਆਦਰ-ਸਨਮਾਨ ਦਿੱਤਾ, ਐਸਾ=ਇਹੋ ਜਿਹੀ
ਸਮਰਥਾ ਵਾਲਾ, ਅੰਤਿ=ਆਖ਼ਰ ਨੂੰ)

27. ਮੇਰੇ ਮਨ ਪਰਦੇਸੀ ਵੇ

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥
ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥
ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥
ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥੪੫੧॥

(ਵੇ ਮਨ=ਹੇ ਮਨ, ਪਰਦੇਸੀ=ਪਰਾਏ ਦੇਸ਼ਾਂ ਵਿਚ
ਰਹਿਣ ਵਾਲੇ,ਭਟਕਣ ਵਾਲੇ, ਘਰੇ=ਘਰ ਵਿਚ,
ਮਿਲਾਵਹੁ=ਮਿਲ, ਵਸੈ=ਵੱਸਦਾ ਹੈ, ਹਰੇ=ਹਰੀ,
ਰੰਗਿ=ਪ੍ਰੇਮ ਵਿਚ, ਰਲੀਆਂ=ਮੌਜਾਂ, ਤੁਠਾ=
ਦਇਆਵਾਨ,ਪ੍ਰਸੰਨ)

28. ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ

ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥
ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥
ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥
ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥੪੫੧॥

(ਭਾਉ ਕਰੇ=ਪਿਆਰ ਕਰ ਕੇ, ਆਸ=ਮਾਇਆ ਦੀਆਂ ਆਸਾਂ,
ਜੋਬਨੁ=ਜਵਾਨੀ, ਜਾਵੈ=ਬੀਤਦਾ ਜਾ ਰਿਹਾ ਹੈ, ਹਿਰੇ=ਹੇਰੇ,ਤੱਕ
ਰਿਹਾ ਹੈ, ਭਾਗਮਣੀ=ਭਾਗਾਂ ਦੀ ਮਣੀ, ਉਰਿ=ਹਿਰਦੇ ਵਿਚ)

29. ਪਿਰ ਰਤਿਅੜੇ ਮੈਡੇ ਲੋਇਣ

ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ ॥
ਮਨੁ ਸੀਤਲੁ ਹੋਆ ਮੇਰੇ ਪਿਆਰੇ ਹਰਿ ਬੂੰਦ ਪੀਵੈ ॥
ਤਨਿ ਬਿਰਹੁ ਜਗਾਵੈ ਮੇਰੇ ਪਿਆਰੇ ਨੀਦ ਨ ਪਵੈ ਕਿਵੈ ॥
ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ॥੩॥੪੫੨॥

(ਰਤਿਅੜੇ=ਪ੍ਰੇਮ-ਰੰਗ ਨਾਲ ਰੰਗੇ ਹੋਏ, ਮੈਡੇ=ਮੇਰੇ,
ਲੋਇਣ=ਅੱਖਾਂ, ਚਾਤ੍ਰਿਕ=ਪਪੀਹਾ, ਸੀਤਲੁ=ਠੰਡਾ,
ਪੀਵੈ=ਪੀਂਦਾ ਹੈ, ਬਿਰਹੁ=ਵਿਛੋੜੇ ਦਾ ਦਰਦ, ਕਿਵੈ=
ਕਿਸੇ ਤਰ੍ਹਾਂ ਭੀ, ਲਿਵ=ਸੁਰਤਿ)

30. ਚੜਿ ਚੇਤੁ ਬਸੰਤੁ ਮੇਰੇ ਪਿਆਰੇ

ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ॥
ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ ॥
ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ ॥
ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥੪॥੪੫੨॥

(ਚੜਿ=ਚੜ੍ਹੈ,ਚੜ੍ਹਦਾ ਹੈ, ਭਲੀਅ=ਸੋਹਣੀ, ਰੁਤੇ=ਰੁਤਿ,
ਬਾਝੜਿਅਹੁ=ਬਿਨਾ, ਆਂਗਣਿ=ਵੇਹੜੇ ਵਿਚ, ਧੂੜਿ=ਘੱਟਾ,
ਲੁਤੇ=ਉੱਡ ਰਹੀ ਹੈ, ਉਡੀਣੀ=ਉਦਾਸ, ਨੈਨ=ਅੱਖਾਂ, ਜੁਤੇ=
ਜੁੜੇ ਹੋਏ,ਨੀਝ ਲਾ ਰਹੇ, ਵਿਗਸੀ=ਖਿੜ ਪਈ, ਸੁਤੇ=ਪੁੱਤਰ ਨੂੰ)

31. ਹਰਿ ਕੀਆ ਕਥਾ ਕਹਾਣੀਆ

ਹਰਿ ਕੀਆ ਕਥਾ ਕਹਾਣੀਆ ਮੇਰੇ ਪਿਆਰੇ ਸਤਿਗੁਰੂ ਸੁਣਾਈਆ ॥
ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ ॥
ਸਭਿ ਆਸਾ ਹਰਿ ਪੂਰੀਆ ਮੇਰੇ ਪਿਆਰੇ ਮਨਿ ਚਿੰਦਿਅੜਾ ਫਲੁ ਪਾਇਆ ॥
ਹਰਿ ਤੁਠੜਾ ਮੇਰੇ ਪਿਆਰੇ ਜਨੁ ਨਾਨਕੁ ਨਾਮਿ ਸਮਾਇਆ ॥੫॥੪੫੨॥

(ਵਿਟੜਿਅਹੁ=ਤੋਂ, ਹਉ=ਮੈਂ, ਘੋਲੀ=ਸਦਕੇ, ਜਿਨਿ=ਜਿਸ ਨੇ,
ਮਨਿ ਚਿੰਦਿਅੜਾ=ਮਨ ਵਿਚ ਚਿਤਵਿਆ ਹੋਇਆ, ਤੁਠੜਾ=ਪ੍ਰਸੰਨ,
ਨਾਮਿ=ਨਾਮ ਵਿਚ)

32. ਪਿਆਰੇ ਹਰਿ ਬਿਨੁ ਪ੍ਰੇਮੁ ਨ ਖੇਲਸਾ

ਪਿਆਰੇ ਹਰਿ ਬਿਨੁ ਪ੍ਰੇਮੁ ਨ ਖੇਲਸਾ ॥
ਕਿਉ ਪਾਈ ਗੁਰੁ ਜਿਤੁ ਲਗਿ ਪਿਆਰਾ ਦੇਖਸਾ ॥
ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ ਮੇਲਸਾ ॥
ਗੁਰੁ ਨਾਨਕੁ ਪਾਇਆ ਮੇਰੇ ਪਿਆਰੇ ਧੁਰਿ ਮਸਤਕਿ ਲੇਖੁ ਸਾ ॥੬॥੧੪॥੨੧॥੪੫੨॥

(ਖੇਲਸਾ=ਖੇਲਸਾਂ,ਮੈਂ ਖੇਡਾਂਗੀ, ਕਿਉ=ਕਿਵੇਂ, ਪਾਈ=ਪਾਈਂ,
ਮੈਂ ਲੱਭਾਂ, ਜਿਤੁ=ਜਿਸ ਦੀ ਰਾਹੀਂ, ਲਗਿ=ਲੱਗ ਕੇ, ਦੇਖਸਾ=
ਦੇਖਸਾਂ,ਮੈਂ ਵੇਖਾਂ, ਦਾਤੜੇ=ਹੇ ਪਿਆਰੇ ਦਾਤਾਰ, ਮੁਖਿ ਮੇਲਸਾ=
ਮੁਖਿ ਮੇਲਸਾਂ, ਮੈਂ ਤੇਰਾ ਦਰਸਨ ਕਰਾਂਗੀ, ਧੁਰਿ=ਦਰਗਾਹ ਤੋਂ,
ਮਸਤਕਿ=ਮੱਥੇ ਉਤੇ, ਸਾ=ਸੀ)

33. ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ

ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ ॥
ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ ॥
ਮਨੁ ਸੁਕਾ ਹਰਿਆ ਹੋਇਆ ਮੇਰੀ ਜਿੰਦੁੜੀਏ ਹਰਿ ਹਰਿ ਨਾਮੁ ਧਿਆਏ ਰਾਮ ॥
ਹਰਿ ਭਾਗ ਵਡੇ ਲਿਖਿ ਪਾਇਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਸਮਾਏ ਰਾਮ ॥੧॥੫੩੮॥

(ਅੰਮ੍ਰਿਤੁ=ਆਤਮਕ ਜੀਵਨ ਦੇਣ ਵਾਲਾ ਜਲ, ਬਿਖੁ=ਜ਼ਹਿਰ,
ਲਿਖਿ=ਲਿਖ ਕੇ,ਲਿਖੇ ਅਨੁਸਾਰ, ਨਾਮਿ=ਨਾਮ ਵਿਚ)

34. ਹਰਿ ਸੇਤੀ ਮਨੁ ਬੇਧਿਆ ਮੇਰੀ ਜਿੰਦੁੜੀਏ

ਹਰਿ ਸੇਤੀ ਮਨੁ ਬੇਧਿਆ ਮੇਰੀ ਜਿੰਦੁੜੀਏ ਜਿਉ ਬਾਲਕ ਲਗਿ ਦੁਧ ਖੀਰੇ ਰਾਮ ॥
ਹਰਿ ਬਿਨੁ ਸਾਂਤਿ ਨ ਪਾਈਐ ਮੇਰੀ ਜਿੰਦੁੜੀਏ ਜਿਉ ਚਾਤ੍ਰਿਕੁ ਜਲ ਬਿਨੁ ਟੇਰੇ ਰਾਮ ॥
ਸਤਿਗੁਰ ਸਰਣੀ ਜਾਇ ਪਉ ਮੇਰੀ ਜਿੰਦੁੜੀਏ ਗੁਣ ਦਸੇ ਹਰਿ ਪ੍ਰਭ ਕੇਰੇ ਰਾਮ ॥
ਜਨ ਨਾਨਕ ਹਰਿ ਮੇਲਾਇਆ ਮੇਰੀ ਜਿੰਦੁੜੀਏ ਘਰਿ ਵਾਜੇ ਸਬਦ ਘਣੇਰੇ ਰਾਮ ॥੨॥੫੩੮॥

(ਸੇਤੀ=ਨਾਲ, ਬੇਧਿਆ=ਵਿੱਝ ਗਿਆ,ਪ੍ਰੋਤਾ ਗਿਆ, ਲਗਿ=ਪਰਚਦਾ ਹੈ,
ਖੀਰ=ਦੁੱਧ, ਚਾਤ੍ਰਿਕ=ਪਪੀਹਾ, ਟੇਰੇ=ਪੁਕਾਰਦਾ ਹੈ, ਜਾਇ=ਜਾ ਕੇ, ਕੇਰੇ=ਦੇ,
ਘਰਿ=ਹਿਰਦੇ=ਘਰ ਵਿਚ, ਘਣੇਰੇ=ਅਨੇਕਾਂ)

35. ਮਨਮੁਖਿ ਹਉਮੈ ਵਿਛੁੜੇ ਮੇਰੀ ਜਿੰਦੁੜੀਏ

ਮਨਮੁਖਿ ਹਉਮੈ ਵਿਛੁੜੇ ਮੇਰੀ ਜਿੰਦੁੜੀਏ ਬਿਖੁ ਬਾਧੇ ਹਉਮੈ ਜਾਲੇ ਰਾਮ ॥
ਜਿਉ ਪੰਖੀ ਕਪੋਤਿ ਆਪੁ ਬਨ੍ਹ੍ਹਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ ॥
ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ ॥
ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥੩॥੫੩੮॥

(ਬਿਖੁ=ਜ਼ਹਿਰ, ਜਾਲੇ=ਜਾਲ ਵਿਚ, ਕਪੋਤਿ=ਕਬੂਤਰ ਨੇ, ਆਪੁ=ਆਪਣੇ
ਆਪ ਨੂੰ, ਵਸਿ ਕਾਲੇ=ਕਾਲ ਦੇ ਵੱਸ ਵਿਚ, ਮੋਹਿ=ਮੋਹ ਵਿਚ, ਮੂੜ=ਮੂਰਖ,
ਬਿਤਾਲੇ=ਤਾਲ ਤੋਂ ਖੁੰਝੇ ਹੋਏ,ਜੀਵਨ-ਚਾਲ ਤੋਂ ਥਿੜਕੇ ਹੋਏ, ਤ੍ਰਾਹਿ=ਬਚਾ ਲੈ,
ਸਰਣਾਗਤੀ=ਸਰਨ ਆਉਂਦੇ ਹਨ)

36. ਹਰਿ ਜਨ ਹਰਿ ਲਿਵ ਉਬਰੇ ਮੇਰੀ ਜਿੰਦੁੜੀਏ

ਹਰਿ ਜਨ ਹਰਿ ਲਿਵ ਉਬਰੇ ਮੇਰੀ ਜਿੰਦੁੜੀਏ ਧੁਰਿ ਭਾਗ ਵਡੇ ਹਰਿ ਪਾਇਆ ਰਾਮ ॥
ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ ਗੁਰ ਖੇਵਟ ਸਬਦਿ ਤਰਾਇਆ ਰਾਮ ॥
ਹਰਿ ਹਰਿ ਪੁਰਖੁ ਦਇਆਲੁ ਹੈ ਮੇਰੀ ਜਿੰਦੁੜੀਏ ਗੁਰ ਸਤਿਗੁਰ ਮੀਠ ਲਗਾਇਆ ਰਾਮ ॥
ਕਰਿ ਕਿਰਪਾ ਸੁਣਿ ਬੇਨਤੀ ਹਰਿ ਹਰਿ ਜਨ ਨਾਨਕ ਨਾਮੁ ਧਿਆਇਆ ਰਾਮ ॥੪॥੨॥੫੩੯॥

(ਹਰਿ ਜਨ=ਪਰਮਾਤਮਾ ਦੇ ਭਗਤ, ਲਿਵ=ਲਗਨ, ਉਬਰੇ=ਬਚ ਨਿਕਲਦੇ ਹਨ,
ਧੁਰਿ=ਧੁਰ ਦਰਗਾਹ ਤੋਂ, ਪੋਤੁ=ਜਹਾਜ਼, ਖੇਵਟ=ਮਲਾਹ, ਦਇਆਲੁ=ਦਇਆ ਦਾ ਘਰ)

37. ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ

ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ ਰਾਮ ॥
ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ ॥
ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ ॥
ਗੁਰੁ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥੫੪੦॥

(ਵੇਖੈ=ਵੇਖਦਾ ਹੈ, ਸੁਣੈ=ਸੁਣਦਾ ਹੈ, ਜਿਨਿ=ਜਿਸ ਮਨੁੱਖ ਨੇ, ਕਮਤੇ=ਕਮਾਏ,
ਅੰਤਰੁ ਹਿਰਦਾ=ਅੰਦਰਲਾ ਹਿਰਦਾ, ਤਿਨਿ=ਉਸ ਨੇ, ਤਿਨਿ ਜਨਿ=ਉਸ ਮਨੁੱਖ ਨੇ,
ਸਭਿ=ਸਾਰੇ, ਪਤੀਜਿਆ=ਗਿੱਝ ਗਿਆ, ਮਾਰਨੁ=ਬੇਸ਼ਕ ਮਾਰਦੇ ਰਹਿਣ, ਦੁਸਟ=
ਵੈਰੀ, ਕੁਪਤੇ=ਕੁਪੱਤੇ,ਲੜਾਕੇ, ਜਿਨਿ=ਜਿਸ ਗੁਰੂ ਨੇ, ਆਣਿ=ਲਿਆ ਕੇ)

38. ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ਰਾਮ

ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ਰਾਮ ॥
ਹਉ ਮਨੁ ਤਨੁ ਹਉ ਮਨੁ ਤਨੁ ਦੇਵਾ ਤਿਸੁ ਕਾਟਿ ਸਰੀਰਾ ਰਾਮ ॥
ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ ਜੋ ਸਤਿਗੁਰ ਬਚਨ ਸੁਣਾਏ ॥
ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖੁ ਪਾਏ ॥
ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ ਦੇਹੁ ਸਤਿਗੁਰ ਚਰਨ ਹਮ ਧੂਰਾ ॥
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ॥੩॥੫੭੨॥

(ਆਣਿ=ਲਿਆ ਕੇ, ਹਉ=ਮੈਂ, ਦੇਵਾ=ਦੇਵਾਂ, ਤਿਸੁ=ਉਸ ਨੂੰ,
ਕਾਟਿ=ਕੱਟ ਕੇ, ਦੇਈ=ਮੈਂ ਦਿਆਂਗਾ, ਬੈਰਾਗੁ=ਮਿਲਣ ਦੀ
ਤਾਂਘ, ਦਰਸਨਿ=ਦਰਸਨ ਨਾਲ, ਹਮ=ਮੈਨੂੰ, ਧੂਰਾ=ਧੂੜ)

39. ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ

ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥
ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥
ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥
ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥
ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥
ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥੫੭੫॥

(ਦੇਹ=ਸਰੀਰ, ਤੇਜਣਿ=ਘੋੜੀ, ਉਪਾਈਆ=ਉਪਾਈ, ਧੰਨੁ=
ਭਾਗਾਂ ਵਾਲਾ, ਪੁੰਨਿ=ਚੰਗੀ ਕਿਸਮਤਿ ਨਾਲ, ਪਾਈਆ=ਪਾਈ
ਹੈ, ਵਡ ਪੁੰਨੇ=ਵੱਡੀ ਕਿਸਮਤਿ ਨਾਲ, ਦੇਹ=ਕਾਂਇਆਂ, ਕੰਚਨ=
ਸੋਨਾ, ਚਲੂਲਾ=ਗੂੜ੍ਹਾ, ਨਵ ਰੰਗੜੀਆ=ਨਵੇਂ ਰੰਗ ਨਾਲ ਰੰਗੀ ਗਈ,
ਬਾਂਕੀ=ਸੋਹਣੀ, ਜਿਤੁ=ਜਿਸ ਦੀ ਬਰਕਤਿ ਨਾਲ, ਜਾਪੀ=ਜਾਪੀਂ,
ਮੈਂ ਜਪ ਸਕਦਾ ਹਾਂ, ਸਖਾਈ=ਸਾਥੀ)

40. ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ

ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥
ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥
ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥
ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥
ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥
ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥੫੭੫॥

(ਜੀਨੁ=ਜੀਨ,ਕਾਠੀ, ਪਾਵਉ=ਮੈਂ ਪਾਂਦਾ ਹਾਂ, ਬੁਝਿ=ਸਮਝ ਕੇ,
ਚੰਗਾ=ਚੰਗਿਆਈਆਂ,ਗੁਣ, ਚੜਿ=ਚੜ੍ਹ ਕੇ, ਲੰਘਾ=ਲੰਘਾਂ, ਬਿਖਮੁ=
ਔਖਾ, ਭੁਇਅੰਗਾ=ਸੰਸਾਰ-ਸਮੁੰਦਰ, ਅਨਤ ਤਰੰਗਾ=ਬੇਅੰਤ ਲਹਿਰਾਂ
ਵਾਲਾ, ਬੋਹਿਥਿ=ਜਹਾਜ਼ ਵਿਚ, ਖੇਵਟੁ=ਮਲਾਹ, ਰੰਗਿ=ਰੰਗ ਵਿਚ,
ਅਨਦਿਨੁ=ਹਰ ਰੋਜ਼, ਰੰਗੀ=ਰੰਗ ਵਾਲਾ, ਨਿਰਬਾਣ=ਵਾਸਨਾ-ਰਹਿਤ,
ਪਦ=ਦਰਜਾ)

41. ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ

ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥
ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥
ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥
ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥
ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥
ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥੫੭੫॥

(ਕੜੀਆਲੁ=ਲਗਾਮ, ਮੁਖੇ=ਮੁਖਿ,ਮੂੰਹ ਵਿਚ, ਗਿਆਨੁ=
ਆਤਮਕ ਜੀਵਨ ਦੀ ਸੂਝ, ਦ੍ਰਿੜਾਇਆ=ਹਿਰਦੇ ਵਿਚ
ਪੱਕਾ ਕਰ ਦਿੱਤਾ ਹੈ, ਤਨਿ=ਸਰੀਰ ਵਿਚ,ਹਿਰਦੇ ਵਿਚ,
ਲਾਇ=ਲਾਂਦਾ ਹੈ, ਜਿਣੈ=ਜਿੱਤਦਾ ਹੈ, ਜੀਤਿਆ=ਜਿੱਤਿਆ
ਜਾ ਸਕਦਾ ਹੈ, ਅਘੜੋ=ਨਾਹ ਘੜਿਆ ਹੋਇਆ,ਅੱਲ੍ਹੜ,
ਘੜਾਵੈ=ਘੜਦਾ ਹੈ, ਅਪਿਉ=ਅੰਮ੍ਰਿਤ, ਸ੍ਰਵਣ=ਕੰਨਾਂ ਨਾਲ,
ਤੁਰੀ=ਕਾਂਇਆਂ ਘੋੜੀ, ਤੁਰੀ ਚੜਾਇਆ=ਘੋੜੀ ਉੱਤੇ ਸਵਾਰ
ਹੁੰਦਾ ਹੈ, ਮਾਰਗੁ=ਰਸਤਾ, ਪੰਥੁ=ਰਸਤਾ, ਬਿਖੜਾ=ਔਖਾ)

42. ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ

ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥
ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥
ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥
ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥
ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥
ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥੫੭੫॥

(ਤੇਜਣਿ=ਘੋੜੀ, ਦੇਹ=ਸਰੀਰ, ਜਿਤੁ=ਜਿਸ ਕਾਂਇਆਂ ਦੀ ਰਾਹੀਂ,
ਜਾਪੈ=ਜਪਦਾ ਹੈ, ਸਾ=ਉਹ, ਧਨੁ ਧੰਨੁ=ਭਾਗਾਂ ਵਾਲੀ, ਤੁਖਾਈਆ=
ਤੁਖਾਈ,ਘੋੜੀ, ਧੁਰਿ=ਧੁਰ ਦਰਗਾਹ ਤੋਂ, ਕਿਰਤੁ=ਪਿਛਲੇ ਕੀਤੇ ਕਰਮਾਂ
ਦਾ ਸੰਸਕਾਰ, ਜੁੜੰਦਾ=ਇਕੱਠਾ ਹੋਇਆ ਹੋਇਆ, ਕਿਰਤੁ ਜੁੜੰਦਾ=
ਪਿਛਲੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰ, ਦੇਹੜਿ=ਸੋਹਣੀ ਦੇਹ,
ਬਿਖਮੁ=ਔਖਾ, ਗੁਰਮੁਖਿ=ਗੁਰੂ ਦੀ ਰਾਹੀਂ, ਪਰਮਾਨੰਦਾ=ਪਰਮ ਆਨੰਦ
ਦਾ ਮਾਲਕ ਪ੍ਰਭੂ, ਹਰਿ ਪੂਰੈ=ਪੂਰੇ ਹਰੀ ਨੇ, ਵਰੁ=ਖਸਮ, ਕਾਜੁ=ਵਿਆਹ
ਦਾ ਕੰਮ, ਮੰਗਲੁ=ਖ਼ੁਸ਼ੀ)

43. ਕੜੀਆਲੁ ਮੁਖੇ ਗੁਰਿ ਅੰਕਸੁ ਪਾਇਆ ਰਾਮ

ਕੜੀਆਲੁ ਮੁਖੇ ਗੁਰਿ ਅੰਕਸੁ ਪਾਇਆ ਰਾਮ ॥
ਮਨੁ ਮੈਗਲੁ ਗੁਰ ਸਬਦਿ ਵਸਿ ਆਇਆ ਰਾਮ ॥
ਮਨੁ ਵਸਗਤਿ ਆਇਆ ਪਰਮ ਪਦੁ ਪਾਇਆ ਸਾ ਧਨ ਕੰਤਿ ਪਿਆਰੀ ॥
ਅੰਤਰਿ ਪ੍ਰੇਮੁ ਲਗਾ ਹਰਿ ਸੇਤੀ ਘਰਿ ਸੋਹੈ ਹਰਿ ਪ੍ਰਭ ਨਾਰੀ ॥
ਹਰਿ ਰੰਗਿ ਰਾਤੀ ਸਹਜੇ ਮਾਤੀ ਹਰਿ ਪ੍ਰਭੁ ਹਰਿ ਹਰਿ ਪਾਇਆ ॥
ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ ॥੩॥੫੭੬॥

(ਕੜੀਆਲੁ=ਲਗਾਮ, ਮੁਖੇ=ਮੂੰਹ ਵਿਚ, ਅੰਕਸੁ=ਹਾਥੀ ਨੂੰ ਚਲਾਣ
ਵਾਸਤੇ ਵਰਤੀਦਾ ਲੋਹੇ ਦਾ ਕੁੰਡਾ, ਮੈਗਲੁ=ਹਾਥੀ, ਸਬਦਿ=ਸ਼ਬਦ ਦੀ
ਰਾਹੀਂ, ਵਸਿ=ਵੱਸ ਵਿਚ, ਵਸਗਤਿ=ਵੱਸ ਵਿਚ, ਪਰਮ ਪਦੁ=ਸਭ ਤੋਂ
ਉੱਚਾ ਆਤਮਕ ਦਰਜਾ, ਸਾ ਧਨ=ਜੀਵ=ਇਸਤ੍ਰੀ, ਕੰਤਿ=ਕੰਤ ਨੇ,
ਅੰਤਰਿ=ਅੰਦਰ, ਹਰਿ ਸੇਤੀ=ਹਰੀ ਦੇ ਨਾਲ, ਸੋਹੈ=ਸੋਹਣੀ ਲੱਗਦੀ ਹੈ,
ਰੰਗਿ=ਪ੍ਰੇਮ-ਰੰਗਿ ਵਿਚ, ਰਾਤੀ=ਰੰਗੀ ਹੋਈ, ਸਹਜੇ=ਆਤਮਕ ਅਡੋਲਤਾ
ਵਿਚ, ਮਾਤੀ=ਮਸਤ, ਹਰਿ ਦਾਸੁ=ਹਰਿ ਦਾ ਸੇਵਕ, ਜਨੁ=ਦਾਸ)

44. ਹਰਿ ਪਹਿਲੜੀ ਲਾਵ ਪਰਵਿਰਤੀ

ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥
ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥
ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥
ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥੭੭੩॥

(ਹਰਿ ਪਹਿਲੜੀ ਲਾਵ=ਪ੍ਰਭੂ-ਪਤੀ ਨਾਲ ਇਹ ਪਹਿਲੀ
ਸੋਹਣੀ ਲਾਵ ਹੈ, ਪਰਵਿਰਤੀ ਕਰਮ=ਪਰਮਾਤਮਾ ਦਾ ਨਾਮ
ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ, ਦ੍ਰਿੜਾਇਆ=
ਨਿਸ਼ਚੇ ਕਰਾਇਆ ਹੈ, ਦ੍ਰਿੜਹੁ=ਹਿਰਦੇ ਵਿਚ ਪੱਕਾ ਕਰੋ,
ਤਜਾਇਆ=ਤਜੇ ਜਾਂਦੇ ਹਨ, ਸਿਮ੍ਰਿਤਿ ਨਾਮੁ ਦ੍ਰਿੜਾਇਆ=
ਗੁਰੂ ਨੇ ਜੋ ਹਰਿ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ
ਸਿੱਖ ਵਾਸਤੇ ਸਿਮ੍ਰਿਤਿ ਦਾ ਉਪਦੇਸ਼)ਹੈ, ਕਿਲਵਿਖ=ਪਾਪ,
ਸਹਜ ਅਨੰਦੁ=ਆਤਮਕ ਅਡੋਲਤਾ ਦਾ ਸੁਖ, ਆਰੰਭੁ=ਮੁੱਢ,
ਕਾਜੁ=ਵਿਆਹ)

45. ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ

ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥੭੭੪॥

(ਦੂਜੜੀ=ਦੂਜੀ ਸੋਹਣੀ, ਬਲਿ ਰਾਮ ਜੀਉ=ਹੇ ਰਾਮ ਜੀ, ਤੈਥੋਂ ਸਦਕੇ ਹਾਂ,
ਭੈ=ਸਾਰੇ ਡਰਾਂ ਤੋਂ, ਨਿਰਭਉ=ਨਿਡਰ, ਹੋਇ=ਹੋ ਜਾਂਦਾ ਹੈ, ਗਵਾਇਆ=
ਦੂਰ ਕਰ ਦੇਂਦਾ ਹੈ, ਨਿਰਮਲੁ ਭਉ=ਪਵਿੱਤਰ ਡਰ,ਅਦਬ-ਸਤਕਾਰ,
ਵੇਖੈ=ਵੇਖਦੀ ਹੈ, ਹਦੂਰੇ=ਹਾਜ਼ਰ-ਨਾਜ਼ਰ,ਅੰਗ-ਸੰਗ, ਆਤਮ ਰਾਮੁ
ਪਸਾਰਿਆ=ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ,
ਸਰਬ=ਸਭ ਜੀਵਾਂ ਵਿਚ, ਭਰਪੂਰੇ=ਵਿਆਪਕ, ਏਕੋ=ਇੱਕ ਹੀ,
ਮਿਲਿ ਹਰਿ ਜਨ=ਸਾਧ ਸੰਗਤਿ ਵਿਚ ਮਿਲ ਕੇ, ਚਲਾਈ=ਤੋਰ ਦਿੱਤੀ,
ਅਨਹਦ=ਇਕ-ਰਸ,ਬਿਨਾ ਵਜਾਇਆਂ, ਸਬਦ ਵਜਾਏ=ਸਿਫ਼ਤਿ-ਸਾਲਾਹ
ਦੀ ਬਾਣੀ ਦੇ ਮਾਨੋ ਵਾਜੇ ਵਜਾ ਦੇਂਦਾ ਹੈ)

46. ਹਰਿ ਤੀਜੜੀ ਲਾਵ ਮਨਿ ਚਾਉ ਭਇਆ

ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥
ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥੭੭੪॥

(ਤੀਜੜੀ ਲਾਵ=ਤੀਜੀ ਸੋਹਣੀ ਲਾਂਵ, ਬੈਰਾਗੀਆ ਮਨਿ=ਵੈਰਾਗਵਾਨਾਂ
ਦੇ ਮਨ ਵਿਚ, ਚਾਉ=ਉਤਸ਼ਾਹ, ਮੁਖਿ=ਮੂੰਹ ਤੋਂ, ਬੋਲੀ=ਉਚਾਰੀ, ਹਰਿ
ਬਾਣੀ=ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਅਕਥ=ਅਕੱਥ,ਜਿਸ
ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ, ਧੁਨਿ=ਰੌ,ਲਗਨ, ਜਪੀਐ=
ਜਪਿਆ ਜਾ ਸਕਦਾ ਹੈ, ਮਸਤਕਿ=ਮੱਥੇ ਉੱਤੇ, ਭਾਗੁ=ਚੰਗੀ ਕਿਸਮਤ, ਤੀਜੀ
ਲਾਵੈ=ਤੀਜੀ ਲਾਂਵ ਦੀ ਰਾਹੀਂ, ਹਰਿ ਬੈਰਾਗੁ=ਪ੍ਰਭੂ ਮਿਲਾਪ ਦੀ ਤੀਬਰ ਤਾਂਘ,
ਉਪਜੈ=ਪੈਦਾ ਹੋ ਜਾਂਦੀ ਹੈ)

47. ਹਰਿ ਚਉਥੜੀ ਲਾਵ ਮਨਿ ਸਹਜੁ ਭਇਆ

ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥
ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥
ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥
ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥੭੭੪॥

(ਚਉਥੜੀ ਲਾਵ=ਚੌਥੀ ਸੋਹਣੀ ਲਾਂਵ, ਸਹਜੁ=ਆਤਮਕ ਅਡੋਲਤਾ,
ਸੁਭਾਇ=ਪਿਆਰ ਵਿਚ ਟਿਕ ਕੇ, ਤਨਿ=ਤਨ ਵਿਚ, ਪ੍ਰਭ ਭਾਇਆ=
ਪ੍ਰਭੂ ਨੂੰ ਪਿਆਰਾ ਲੱਗਾ, ਅਨਦਿਨੁ=ਹਰ ਰੋਜ਼,ਹਰ ਵੇਲੇ, ਲਿਵ ਲਾਈ=
ਸੁਰਤਿ ਜੋੜੀ ਰੱਖੀ, ਮਨ ਚਿੰਦਿਆ=ਮਨ=ਇੱਛਤ)

48. ਗੁਰੁ ਸੁੰਦਰੁ ਮੋਹਨੁ ਪਾਇ ਕਰੇ

ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥
ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ ॥
ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥
ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥੪॥੧॥੫॥੭੭੬॥

(ਮੋਹਨੁ=ਮਨ ਨੂੰ ਖਿੱਚ ਪਾਣ ਵਾਲਾ, ਪਾਇ ਕਰੇ=ਪਾ ਕੇ,ਲੱਭ ਕੇ,
ਪ੍ਰੇਮ ਬਾਣੀ=ਪ੍ਰੇਮ ਦੇ ਬਾਣਾਂ ਨਾਲ, ਮੇਰੈ ਹਿਰਦੈ=ਮੇਰੇ ਹਿਰਦੇ ਵਿਚ,
ਸੁਧਿ ਬੁਧਿ=ਸੂਝ ਬੂਝ, ਮੈ ਅੰਤਰਿ=ਮੇਰੇ ਅੰਦਰ, ਵੇਦਨ=ਪੀੜ,
ਸਾਧਾਰਿਆ=ਆਸਰੇ ਵਾਲਾ ਬਣ ਗਿਆ ਹੈ, ਵਾਰਿਆ=ਕੁਰਬਾਨ)

  • ਮੁੱਖ ਪੰਨਾ : ਬਾਣੀ, ਗੁਰੂ ਰਾਮ ਦਾਸ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ