Chhant : Guru Nanak Dev Ji

ਛੰਤ : ਗੁਰੂ ਨਾਨਕ ਦੇਵ ਜੀ

1. ਮੁੰਧ ਰੈਣਿ ਦੁਹੇਲੜੀਆ ਜੀਉ

ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥
ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ ॥
ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ॥
ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ ॥
ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥
ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪਿਰ ਨੀਦ ਨ ਆਵਏ ॥1॥242॥

(ਮੁੰਧ=ਜਵਾਨ ਇਸਤ੍ਰੀ, ਰੈਣਿ=ਰਾਤ, ਦੁਹੇਲੜੀ=ਦੁਖੀ,
ਔਖੀ, ਸਾਧਨ=ਜੀਵ-ਇਸਤ੍ਰੀ, ਦੁਬਲੀ=ਕਮਜ਼ੋਰ, ਹਾਵੈ=
ਹਉਕੇ ਵਿਚ, ਧਨ=ਜੀਵ-ਇਸਤ੍ਰੀ, ਥੀਈ=ਹੋ ਜਾਂਦੀ ਹੈ,
ਕੇਵ=ਕਿਸ ਤਰ੍ਹਾਂ, ਲੇਖਏ=ਲੇਖੈ,ਲੇਖੇ ਵਿਚ, ਮੈ ਮਤ=ਸ਼ਰਾਬ
ਵਿਚ ਮਸਤ, ਜੋਬਨਿ=ਜੁਆਨੀ ਵਿਚ, ਗਰਬਿ=ਗਰਬ ਨੇ,
ਅਹੰਕਾਰ ਨੇ, ਗਾਲੀ=ਗਾਲ ਦਿੱਤਾ, ਦੁਧਾਥਣੀ=ਇਸਤ੍ਰੀ ਦੀ
ਉਹ ਅਵਸਥਾ ਜਦੋਂ ਉਸ ਦੇ ਥਣਾਂ ਵਿਚ ਦੁੱਧ ਆਉਂਦਾ ਹੈ,
ਪਤੀ ਦਾ ਮਿਲਾਪ, ਨ ਆਵਏ=ਨਹੀਂ ਆਉਂਦੀ, ਮਿਲਾਈ=
ਮਿਲਾ ਦੇਵੇ)

2. ਮੁੰਧ ਨਿਮਾਨੜੀਆ ਜੀਉ

ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ ॥
ਕਿਉ ਸੁਖੁ ਪਾਵੈਗੀ ਬਿਨੁ ਉਰ ਧਾਰੇ ॥
ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ ॥
ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ ॥
ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥
ਨਾਨਕ ਨਾਮੁ ਨ ਛੋਡੈ ਸਾ ਧਨ ਨਾਮਿ ਸਹਜਿ ਸਮਾਣੀਆ ॥2॥242॥

(ਧਨੀ=ਖਸਮ, ਉਰ=ਛਾਤੀ,ਹਿਰਦਾ, ਨਾਹ=ਨਾਥ,ਖਸਮ,
ਘਰ ਵਾਸੁ=ਘਰ ਦਾ ਵਸੇਬਾ, ਸਾਚਿ=ਸਦਾ-ਥਿਰ ਰਹਿਣ
ਵਾਲੇ ਪ੍ਰਭੂ ਵਿਚ, ਸਜਨ ਮੇਲਾ=ਸੱਜਣ ਦਾ ਮਿਲਾਪ, ਸੰਤੋਖਿ=
ਸੰਤੋਖ ਵਿਚ, ਨਾਮਿ=ਨਾਮ ਦੀ ਰਾਹੀਂ, ਸਹਿਜ=ਆਤਮਕ
ਅਡੋਲਤਾ ਵਿਚ)

3. ਮਿਲੁ ਸਖੀ ਸਹੇਲੜੀਹੋ

ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ ॥
ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ ॥
ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ ॥
ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ ॥
ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ ॥
ਨਾਨਕ ਨਦਰੀ ਸਹਜਿ ਸਾਚਾ ਮਿਲਹੁ ਸਖੀ ਸਹੇਲੀਹੋ ॥3॥242॥

(ਪਿਰੁ=ਪਤੀ-ਪ੍ਰਭੂ, ਰਾਵੇਹਾ=ਅਸੀ ਸਿਮਰੀਏ,
ਲਿਖਉਗੀ=ਮੈਂ ਲਿਖਾਂਗੀ, ਸਬਦਿ=ਗੁਰੂ ਦੇ ਸ਼ਬਦ
ਦੀ ਰਾਹੀਂ, ਮਨਮੁਖੀ=ਆਪਣੇ ਮਨ ਦੇ ਪਿਛੇ ਤੁਰਨ
ਵਾਲੀ, ਨਿਕਸਿ=ਨਿਕਲ ਕੇ, ਜਾਤਉ=ਭਟਕਦਾ ਮਨ,
ਅਸਥਿਰੁ=ਟਿਕਿਆ ਹੋਇਆ, ਜਾਮਿ=ਜਦੋਂ, ਨਉਤਨ=
ਨਵੀਂ, ਨੇਹੁ=ਪਿਆਰ, ਨਵੇਲਓ=ਨਵਾਂ)

4. ਮੇਰੀ ਇਛ ਪੁਨੀ ਜੀਉ

ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ॥
ਮਿਲਿ ਵਰੁ ਨਾਰੀ ਮੰਗਲੁ ਗਾਇਆ ॥
ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ ॥
ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥
ਕਰ ਜੋੜਿ ਸਾ ਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ ॥
ਨਾਨਕ ਪਿਰੁ ਧਨ ਕਰਹਿ ਰਲੀਆ ਇਛ ਮੇਰੀ ਪੁੰਨੀਆ ॥4॥1॥242॥

(ਇਛ=ਇੱਛਾ,ਖ਼ਾਹਸ਼, ਪੁਨੀ=ਪੁੰਨੀ,ਪੂਰੀ ਹੋ ਗਈ,
ਘਰਿ=ਹਿਰਦੇ-ਘਰ ਵਿਚ, ਮਿਲਿ=ਮਿਲੈ,ਜਦੋਂ ਮਿਲਦਾ
ਹੈ, ਵਰੁ=ਖਸਮ, ਨਾਰੀ=ਨਾਰੀਆਂ ਨੇ,ਗਿਆਨ-ਇੰਦ੍ਰੀਆਂ
ਨੇ, ਮੰਗਲੁ=ਖ਼ੁਸ਼ੀ ਦਾ ਗੀਤ, ਰਹਸੀ=ਪ੍ਰਸੰਨ ਹੋਈ,
ਓਮਾਹਓ=ਉਮਾਹ,ਚਾਉ , ਰਹੰਸੇ=ਖ਼ੁਸ਼ ਹੋਏ, ਵਿਆਪੇ=
ਦਬਾਏ ਗਏ,ਦੁਖੀ ਹੋਏ, ਲਾਹਓ=ਲਾਭ, ਕਰ=ਹੱਥ, ਰਸਿ=
ਰਸ ਵਿਚ,ਅਨੰਦ ਵਿਚ, ਰਲੀਆਂ=ਖ਼ੁਸ਼ੀਆਂ,ਮੌਜਾਂ)

5. ਸੁਣਿ ਨਾਹ ਪ੍ਰਭੂ ਜੀਉ

ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥
ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ॥
ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ ॥
ਨਹ ਨੀਦ ਆਵੈ ਪ੍ਰੇਮੁ ਭਾਵੈ ਸੁਣਿ ਬੇਨੰਤੀ ਮੇਰੀਆ ॥
ਬਾਝਹੁ ਪਿਆਰੇ ਕੋਇ ਨ ਸਾਰੇ ਏਕਲੜੀ ਕੁਰਲਾਏ ॥
ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ॥1॥243॥

(ਨਾਹ=ਹੇ ਨਾਥ, ਬਨ=ਸੰਸਾਰ-ਜੰਗਲ, ਮਾਹੇ=
ਮਾਹਿ ਵਿਚ, ਧਨ=ਜੀਵ-ਇਸਤ੍ਰੀ, ਬਿਖਮ=ਔਖੀ,
ਰੈਣਿ=ਜ਼ਿੰਦਗੀ ਦੀ ਰਾਤ, ਘਣੇਰੀਆ=ਬਹੁਤ,
ਸਾਰੇ=ਸੰਭਾਲਦਾ, ਕੁਰਲਾਏ=ਤਰਲੇ ਲੈਂਦੀ ਹੈ,
ਸਾਧਨ=ਜੀਵ-ਇਸਤ੍ਰੀ)

6. ਪਿਰਿ ਛੋਡਿਅੜੀ ਜੀਉ

ਪਿਰਿ ਛੋਡਿਅੜੀ ਜੀਉ ਕਵਣੁ ਮਿਲਾਵੈ ॥
ਰਸਿ ਪ੍ਰੇਮਿ ਮਿਲੀ ਜੀਉ ਸਬਦਿ ਸੁਹਾਵੈ ॥
ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ ॥
ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ ॥
ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ ॥
ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ॥2॥243॥

(ਪਿਰਿ=ਪਤੀ ਨੇ, ਰਸਿ=ਨਾਮ-ਰਸ ਵਿਚ, ਸੁਹਾਵੈ=
ਸੋਭਦੀ ਹੈ, ਪਤਿ=ਇੱਜ਼ਤ, ਦੇਹ=ਸਰੀਰ, ਉਜਾਰੈ=
ਚਾਨਣ ਕਰਦਾ ਹੈ , ਰਾਵੀ=ਮਾਣੀ,ਆਪਣੇ ਨਾਲ
ਮਿਲਾਈ, ਬਿਗਸੀ=ਖਿੜ ਪਈ,ਪ੍ਰਸੰਨ ਹੋਈ, ਜਾ=
ਜਦੋਂ, ਤਾ=ਤਦੋਂ, ਭਾਣੀ=ਪਿਆਰੀ ਲੱਗੀ)

7. ਮਾਇਆ ਮੋਹਣੀ ਨੀਘਰੀਆ ਜੀਉ

ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ ॥
ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥
ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥
ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ ॥
ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ ॥
ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥3॥243॥

(ਨੀਘਰੀਆ=ਬੇ-ਘਰ, ਮੁਠੀ=ਮੁੱਠੀ,ਲੁੱਟੀ ਗਈ,
ਜੇਵੜੀਆ=ਫਾਹੀ, ਸਬਦਿ=ਸ਼ਬਦ ਦੀ ਰਾਹੀਂ,
ਸੋ=ਉਹ ਜੀਵ, ਅੰਤਰ ਮਲੁ=ਅੰਦਰ ਦੀ ਮੈਲ,
ਗਤਿ=ਉੱਚੀ ਆਤਮਕ ਅਵਸਥਾ, ਹਠਿ=ਹਠ
ਨਾਲ, ਨਿਗ੍ਰਹਿ=ਇੰਦ੍ਰੀਆਂ ਨੂੰ ਰੋਕਣ ਨਾਲ,
ਬੇਬਾਣੈ=ਜੰਗਲ ਵਿਚ, ਦੁਬਿਧਾ=ਪ੍ਰਭੂ ਤੋਂ ਬਿਨਾ
ਕਿਸੇ ਹੋਰ ਆਸਰੇ ਦੀ ਝਾਕ, ਕਿ=ਕੌਣ)

8. ਤੇਰਾ ਨਾਮੁ ਸਚਾ ਜੀਉ

ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ ॥
ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ ॥
ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ ॥
ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨੋ ॥
ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ ॥
ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ ॥4॥2॥243॥

(ਲਾਹਾ=ਲਾਭ, ਅਨਦਿਨੋ=ਹਰ ਰੋਜ਼, ਵਖਰੁ=ਸੌਦਾ,
ਖਿਨੁ ਖਿਨੋ=ਹਰ ਪਲ, ਪਰਖਿ=ਪਰਖ ਕੇ, ਕਰਮਿ
ਪੂਰੈ=ਪੂਰੀ ਬਖ਼ਸ਼ਸ਼ ਨਾਲ)

9. ਮੁੰਧ ਜੋਬਨਿ ਬਾਲੜੀਏ

ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥
ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ ॥
ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥
ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥
ਕਰਿ ਦਇਆ ਮਇਆ ਦਇਆਲ ਸਾਚੇ ਸਬਦਿ ਮਿਲਿ ਗੁਣ ਗਾਵਓ ॥
ਨਾਨਕਾ ਹਰਿ ਵਰੁ ਦੇਖਿ ਬਿਗਸੀ ਮੁੰਧ ਮਨਿ ਓਮਾਹਓ ॥1॥435॥

(ਮੁੰਧ=ਮੁਗਧਾ,ਉਤਸ਼ਾਹ-ਭਰੀ ਮੁਟਿਆਰ ਜਿਸ ਨੂੰ
ਅਜੇ ਆਪਣੇ ਜੋਬਨ ਦਾ ਗਿਆਨ ਨਾ ਹੋਵੇ, ਜੋਬਨਿ=
ਜਵਾਨੀ ਵਿਚ, ਬਾਲੜੀ=ਅੰਞਾਣ-ਇਸਤ੍ਰੀ, ਰਲੀਅਲਾ=
{ਰਲੀਆ+ਆਲਯ} ਅਨੰਦ ਦਾ ਸੋਮਾ, ਧਨ=ਜੀਵ-ਇਸਤ੍ਰੀ,
ਰਸਿ=ਰਸ ਵਿਚ,ਚਾਉ ਨਾਲ, ਪਿਰਹਿ=ਪਿਰ ਦਾ, ਸੇਜਾ=
ਹਿਰਦਾ-ਸੇਜ, ਸਾਤ ਸਰ=ਸੱਤ ਸਰੋਵਰ,(ਪੰਜ ਗਿਆਨ-ਇੰਦ੍ਰੇ,
ਮਨ, ਬੁਧਿ), ਮਇਆ=ਦਇਆ, ਗਾਵਉ=ਮੈਂ ਗਾਵਾਂ, ਵਰੁ=
ਖ਼ਸਮ, ਮਨਿ=ਮਨ ਵਿਚ)

10. ਮੁੰਧ ਸਹਜਿ ਸਲੋਨੜੀਏ

ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ॥
ਮੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ ॥
ਪ੍ਰਭ ਪ੍ਰੇਮਿ ਰਾਤੀ ਹਰਿ ਬਿਨੰਤੀ ਨਾਮਿ ਹਰਿ ਕੈ ਸੁਖਿ ਵਸੈ ॥
ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ ॥
ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਣਿ ਸੁਨਣਿ ਨ ਧੀਜਏ ॥
ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ ॥2॥436॥

(ਸਹਜਿ=ਆਤਮਕ ਅਡੋਲਤਾ ਵਿਚ ਟਿਕੀ ਹੋਈ,
ਸਲੋਨੜੀ=ਸੋਹਣੇ ਨੈਣਾਂ ਵਾਲੀ, ਸੰਗਮਿ=ਮੇਲ ਵਿਚ,
ਤਉ=ਤੇਰੇ, ਧੀਜਏ=ਧੀਰਜ ਫੜਦਾ, ਪ੍ਰਿਉ=ਪਿਆਰਾ,
ਰਸਨ=ਜੀਭ, ਭੀਜਏ=ਭੀਜੈ,ਭਿੱਜਦਾ ਹੈ)

11. ਸਖੀਹੋ ਸਹੇਲੜੀਹੋ

ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ ॥
ਹਰਿ ਨਾਮੁ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ ॥
ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ ॥
ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ ॥
ਕਰਣ ਕਾਰਣ ਸਮਰਥ ਸ੍ਰੀਧਰ ਆਪਿ ਕਾਰਜੁ ਸਾਰਏ ॥
ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ ॥3॥436॥

(ਵਣਜਾਰਾ=ਵਪਾਰੀ, ਵਣੰਜੜਿਆ=ਵਪਾਰ ਕੀਤਾ,
ਅਪਾਰਾ=ਬੇਅੰਤ, ਮੋਲਿ=ਮੁੱਲ ਵਿਚ, ਢੋਲੋ=ਪਿਆਰਾ,
ਇਕਿ=ਕਈ, ਹਉ=ਮੈਂ, ਦਰਿ=ਦਰ ਤੇ, ਸ੍ਰੀਧਰ=
ਲੱਛਮੀ ਦਾ ਆਸਰਾ ਪ੍ਰਭੂ, ਸਾਰਏ=ਸੰਭਾਲਦਾ ਹੈ,
ਸੰਵਾਰਦਾ ਹੈ, ਅਭ=ਹਿਰਦਾ, ਸਾਧਾਰਏ=ਸਹਾਰਾ
ਦੇਂਦਾ ਹੈ)

12. ਹਮ ਘਰਿ ਸਾਚਾ ਸੋਹਿਲੜਾ

ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ ॥
ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ ॥
ਆਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ ਭਾਵੈ ਤਿਉ ਰਾਵਏ ॥
ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ ॥
ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ ॥
ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ॥4॥1॥436॥

(ਘਰਿ=ਹਿਰਦੇ-ਘਰ ਵਿਚ, ਸੋਹਿਲੜਾ=ਖ਼ੁਸ਼ੀ ਦਾ ਗੀਤ,
ਆਇਅੜੇ=ਆ ਗਏ ਹਨ, ਲੀਅੜਾ=ਖਰੀਦਿਆ ਹੈ,
ਰਾਵਏ=ਪਿਆਰ ਕਰਦਾ ਹੈ, ਸਭਾਗੈ ਘਰਿ=ਭਾਗਾਂ ਵਾਲੇ
ਹਿਰਦੇ-ਘਰ ਵਿਚ, ਪਾਠਿ=ਪਾਠ ਦੀ ਰਾਹੀਂ, ਭਾਇ=ਪ੍ਰੇਮ
ਦੀ ਰਾਹੀਂ, ਲੋਕਾਣੇ=ਲੋਕਾਂ ਦੇ)

13. ਅਨਹਦੋ ਅਨਹਦੁ ਵਾਜੈ

ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥
ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ ॥
ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ ॥
ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ ॥
ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ ॥
ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ ॥1॥436॥

(ਅਨਹਦੁ=ਇਕ-ਰਸ, ਵਾਜੈ=ਵੱਜਦਾ ਹੈ, ਰੁਣ ਝੁਣਕਾਰ=
ਘੁੰਘਰੂਆਂ ਝਾਂਜਰਾਂ ਦੀ ਛਣ ਛਣ, ਰਾਤਾ=ਰੱਤਾ ਹੋਇਆ,
ਮਸਤ, ਅਨਦਿਨੁ=ਹਰ ਰੋਜ਼, ਬੈਰਾਗੀ=ਵੈਰਾਗਵਾਨ,ਪ੍ਰੇਮੀ,
ਮਤਵਾਲਾ, ਸੁੰਨ ਮੰਡਲਿ=ਉਸ ਮੰਡਲ ਵਿਚ ਜਿਥੇ ਮਾਇਕ
ਫੁਰਨਿਆਂ ਵਲੋਂ ਸੁੰਞ ਹੈ, ਘਰੁ=ਟਿਕਾਣਾ, ਅਪਰੰਪਰੁ=ਪਰੇ
ਤੋਂ ਪਰੇ, ਅਲਖੁ=ਅਦ੍ਰਿਸ਼ਟ ਪ੍ਰਭੂ, ਆਸਣਿ=ਆਸਣ ਉਤੇ,
ਬੈਸਣਿ=ਬੈਠਣ ਵਾਲੇ ਥਾਂ ਉਤੇ, ਥਿਰ=ਸਦਾ ਵਾਸਤੇ ਕਾਇਮ,
ਤਿਤੁ=ਉਸ ਵਿਚ, ਵੀਚਾਰੇ=ਵਿਚਾਰ ਨਾਲ, ਨਾਮਿ=ਨਾਮ ਵਿਚ)

14. ਤਿਤੁ ਅਗਮ ਤਿਤੁ ਅਗਮ ਪੁਰੇ

ਤਿਤੁ ਅਗਮ ਤਿਤੁ ਅਗਮ ਪੁਰੇ ਕਹੁ ਕਿਤੁ ਬਿਧਿ ਜਾਈਐ ਰਾਮ ॥
ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ ॥
ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ ॥
ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥
ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ ॥
ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥2॥436॥

(ਤਿਤੁ=ਉਸ ਵਿਚ, ਅਗਮਪੁਰੇ=ਅਪਹੁੰਚ ਨਗਰ ਵਿਚ,
ਕਹੁ=ਦੱਸੋ, ਕਿਤੁ ਬਿਧਿ=ਕਿਸ ਤਰੀਕੇ ਨਾਲ, ਸੰਜਮੋ=
ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਹਟਾ ਕੇ, ਸਾਰਿ=ਸੰਭਾਲ ਕੇ,
ਨਿਜ ਘਰਿ=ਆਪਣੇ ਘਰ ਵਿਚ, ਗੁਣੀ ਨਿਧਾਨਾ=ਗੁਣਾਂ
ਦਾ ਖ਼ਜ਼ਾਨਾ ਪਰਮਾਤਮਾ, ਤਿਤੁ=ਉਸ, ਸਿਰਿ=ਸਿਰ ਉਤੇ,
ਹਠਿ=ਹਠ ਨਾਲ, ਨਿਗ੍ਰਹਿ=ਇੰਦ੍ਰੇ ਰੋਕਣ ਨਾਲ, ਸਹਜਿ=
ਆਤਮਕ ਅਡੋਲਤਾ ਵਿਚ, ਜਗਜੀਵਨ=ਜਗਤ ਦਾ ਆਸਰਾ,
ਬੂਝ=ਸੂਝ,ਸਮਝ)

15. ਗੁਰੁ ਸਾਗਰੋ ਰਤਨਾਗਰੁ

ਗੁਰੁ ਸਾਗਰੋ ਰਤਨਾਗਰੁ ਤਿਤੁ ਰਤਨ ਘਣੇਰੇ ਰਾਮ ॥
ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥
ਨਿਰਮਲ ਜਲਿ ਨ੍ਹ੍ਹਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ ॥
ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ ॥
ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ ॥
ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥3॥436॥

(ਸਾਗਰੋ=ਸਮੁੰਦਰ, ਰਤਨਾਗਰੁ=ਰਤਨਾਂ ਦੀ ਖਾਣ,
ਤਿਤੁ=ਉਸ ਵਿਚ, ਘਣੇਰੇ=ਬਹੁਤ, ਮਜਨੋ=ਇਸ਼ਨਾਨ,
ਸਪਤ ਸਰੇ=ਪੰਜ ਗਿਆਨ-ਇੰਦ੍ਰੇ,ਮਨ ਤੇ ਬੁੱਧੀ, ਨ੍ਹਾਏ=
ਇਸ਼ਨਾਨ ਕਰਦਾ ਹੈ, ਜਾ=ਜਦੋਂ, ਪ੍ਰਭੂ ਭਾਏ=ਪ੍ਰਭੂ ਨੂੰ
ਪਸੰਦ ਆਉਂਦਾ ਹੈ, ਪੰਚ=ਸਤ,ਸੰਤੋਖ,ਦਇਆ,ਧਰਮ,
ਧੀਰਜ, ਵੀਚਾਰੇ=ਗੁਰ-ਸ਼ਬਦ ਦੀ ਵਿਚਾਰ ਨਾਲ,
ਬਿਖਿਆ=ਮਾਇਆ, ਤਜਿ=ਤਿਆਗ ਕੇ, ਉਰਿ=
ਹਿਰਦੇ ਵਿਚ, ਸਮਾਨਿ=ਵਰਗਾ,ਬਰਾਬਰ ਦਾ)

16. ਹਉ ਬਨੁ ਬਨੋ ਦੇਖਿ ਰਹੀ

ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ ॥
ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ ॥
ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ ॥
ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ ॥
ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ ॥
ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕੁ ਕਹੈ ਵੀਚਾਰਾ ॥4॥2॥437॥

(ਬਨੁ ਬਨੋ=ਹਰੇਕ ਜੰਗਲ, ਦੇਖਿ ਰਹੀ=ਵੇਖ ਚੁਕੀ ਹਾਂ,
ਤ੍ਰਿਣੁ=ਘਾਹ-ਬੂਟੇ, ਸਬਾਇਆ=ਸਾਰੀ, ਤ੍ਰਿਭਵਣੋ=ਤਿੰਨਾਂ
ਭਵਨਾਂ ਵਾਲਾ ਜਗਤ, ਜਾਚਿਕ=ਮੰਗਤੇ, ਸਾਲਾਹੀ=ਮੈਂ
ਸਾਲਾਹਾਂ, ਦੀਜੈ=ਦੇਂਦਾ ਹੈਂ, ਵੀਚਾਰਾ=ਵਿਚਾਰ ਦੀ ਗੱਲ)

17. ਤੂੰ ਸੁਣਿ ਹਰਣਾ ਕਾਲਿਆ

ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥
ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥
ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥
ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥
ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥1॥438॥

(ਕੀ=ਕਿਉਂ, ਵਾੜੀਐ=ਫੁਲਵਾੜੀ ਵਿਚ, ਰਾਤਾ=ਮਸਤ,
ਬਿਖੁ=ਜ਼ਹਰ, ਤਾਤਾ=ਤੱਤਾ,ਦੁਖਦਾਈ, ਖਰਾ=ਬਹੁਤ,
ਮਾਤਾ=ਮਸਤ, ਪਰਤਾਪਏ=ਦੁੱਖ ਦੇਂਦਾ ਹੈ, ਜੇਵ=ਜਿਵੇਂ,
ਸਾਇਰ=ਸਮੁੰਦਰ, ਦੇਇ=ਦੇਂਦਾ ਹੈ, ਲਹਰੀ=ਲਹਿਰਾਂ,
ਸੋਇ=ਉਹ, ਤੁਝਹਿ=ਤੂੰ, ਮਰਹਿ=ਮਰ ਜਾਹਿੰਗਾ,
ਆਤਮਕ ਮੌਤ ਸਹੇੜ ਲਏਂਗਾ)

18. ਭਵਰਾ ਫੂਲਿ ਭਵੰਤਿਆ

ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥
ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ ॥
ਬੀਚਾਰਿ ਸਤਿਗੁਰੁ ਮੁਝੈ ਪੂਛਿਆ ਭਵਰੁ ਬੇਲੀ ਰਾਤਓ ॥
ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ ॥
ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ ॥
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਭਵਰਾ ਕਾਲਿਆ ॥2॥439॥

(ਫੂਲਿ=ਫੁੱਲ ਉਤੇ, ਬੀਚਾਰੀ=ਵਿਚਾਰ ਕੇ, ਮੁਝੈ=ਮੈਂ,
ਬੇਲੀ=ਵੇਲਾਂ ਦੇ ਫੁੱਲਾਂ ਉਤੇ, ਰਾਤਓ=ਮਸਤ, ਪਿੰਡੁ=
ਸਰੀਰ, ਸੂਰਜੁ ਚੜਿਆ=ਉਮਰ ਦੀ ਰਾਤ ਮੁੱਕ ਗਈ,
ਪੜਿਆ=ਢਹਿ ਢੇਰੀ ਹੋ ਗਿਆ, ਤਾਵਣਿ=ਤਾਉਣੀ
ਵਿਚ, ਤਾਉੜੀ ਵਿਚ, ਤਾਤਉ=ਤਾਇਆ ਜਾਂਦਾ ਹੈ,
ਮਗਿ=ਰਸਤੇ ਉਤੇ, ਬੇਤਾਲਿਆ=ਭੂਤਨਾ)

19. ਮੇਰੇ ਜੀਅੜਿਆ ਪਰਦੇਸੀਆ

ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ ॥
ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ ॥
ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥
ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ ॥
ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ ॥
ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ ॥3॥438॥

(ਕਿਤੁ=ਕਾਹਦੇ ਲਈ, ਸਾਚਾ=ਸਦਾ-ਥਿਰ ਰਹਿਣ ਵਾਲਾ,
ਕੀ=ਕਿਉਂ, ਨੈਣ ਰੁੰਨੀ=ਅੱਖਾਂ ਭਰ ਕੇ ਰੋਈ, ਬਧਿਕਿ=
ਬਧਿਕ ਨੇ,ਸ਼ਿਕਾਰੀ ਨੇ, ਭਰਮੁ=ਭੁਲੇਖਾ, ਅੰਤਿ=ਅਖ਼ੀਰ
ਵੇਲੇ, ਸਿਉ=ਨਾਲ)

20. ਨਦੀਆ ਵਾਹ ਵਿਛੁੰਨਿਆ

ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥
ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥
ਕੋਈ ਸਹਜਿ ਜਾਣੈ ਹਰਿ ਪਛਾਣੈ ਸਤਿਗੁਰੂ ਜਿਨਿ ਚੇਤਿਆ ॥
ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ ॥
ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ ਰੁੰਨਿਆ ॥
ਸਚੁ ਕਹੈ ਨਾਨਕੁ ਸਬਦਿ ਸਾਚੈ ਮੇਲਿ ਚਿਰੀ ਵਿਛੁੰਨਿਆ ॥4॥1॥5॥439॥

(ਵਾਹੁ=ਵਹਣ, ਸੰਜੋਗੀ=ਭਾਗਾਂ ਨਾਲ ਹੀ, ਜੁਗੁ ਜੁਗ=
ਸਦਾ ਹੀ, ਵਿਸੁ=ਜ਼ਹਰ, ਕੋ=ਕੋਈ ਵਿਰਲਾ, ਜੋਗੀ=
ਵਿਰਕਤ, ਸਹਜਿ=ਆਤਮਕ ਅਡੋਲਤਾ ਵਿਚ, ਜਿਨਿ=
ਜਿਸ ਮਨੁੱਖ ਨੇ, ਭਰਮਿ=ਭਟਕਣਾ ਵਿਚ, ਪਚਹਿ=
ਖ਼ੁਆਰ ਹੁੰਦੇ ਹਨ, ਮੁਗਧ=ਮੂਰਖ ਬੰਦੇ, ਅਚੇਤਿਆ=
ਗ਼ਾਫ਼ਿਲ, ਰਿਦੈ=ਦਿਲ ਵਿਚ, ਧਾਹੀ=ਢਾਹਾਂ ਮਾਰ ਕੇ,
ਚਿਰੀ ਵਿਛੁੰਨਿਆ=ਚਿਰਾਂ ਦੇ ਵਿਛੁੜਿਆਂ ਨੂੰ)

21. ਕਾਇਆ ਕੂੜਿ ਵਿਗਾੜਿ

ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥
ਨਾਤਾ ਸੋ ਪਰਵਾਣੁ ਸਚੁ ਕਮਾਈਐ ॥
ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ ॥
ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ ॥
ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ ॥
ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥1॥565॥

(ਕਾਇਆ=ਸਰੀਰ, ਕੂੜਿ=ਮਾਇਆ ਦੇ ਮੋਹ ਵਿਚ,
ਵਿਗਾੜਿ=ਮੈਲਾ ਕਰ ਕੇ, ਕਾਹੇ ਨਾਈਐ=ਤੀਰਥ
ਇਸ਼ਨਾਨ ਦਾ ਕੋਈ ਲਾਭ ਨਹੀਂ, ਸਾਚ ਅੰਦਰਿ=
ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕ ਕੇ,
ਤਾਮਿ=ਤਦੋਂ, ਲਿਖੇ ਬਾਝਹੁ=ਪ੍ਰਭੂ ਦੇ ਲਿਖੇ ਹੁਕਮ
ਤੋਂ ਬਿਨਾ, ਸੁਰਤਿ=ਉੱਚੀ ਸੁਰਤਿ)

22. ਤਾ ਮੈ ਕਹਿਆ ਕਹਣੁ

ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥
ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥
ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥
ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ ॥
ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ ॥
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥2॥566॥

(ਤਾ=ਤਦੋਂ ਹੀ, ਕਹਣੁ ਕਹਿਆ=ਸਿਫ਼ਤਿ-ਸਾਲਾਹ
ਕੀਤੀ, ਜਾ=ਜਦੋਂ, ਭਾਇਆ=ਪਿਆਰਾ ਲੱਗਾ, ਮਨਹਿ=
ਮਨ ਵਿਚ, ਦੂਖਿ=ਦੁੱਖ ਨੇ, ਜਾਮਿ=ਜਦੋਂ, ਜਿੰਨਿ=
ਜਿਸ ਨੇ, ਆਪੁ=ਆਪਣੇ ਆਪ ਨੂੰ)

23. ਵਾਰੀ ਖਸਮੁ ਕਢਾਏ

ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥
ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥
ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ ॥
ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥
ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥
ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥3॥566॥

(ਵਾਰੀ=ਮਨੁੱਖਾ ਜਨਮ ਦੀ ਵਾਰੀ, ਕਢਾਏ=ਦੇਂਦਾ ਹੈ,
ਕਿਰਤੁ ਕਮਾਵਣਾ=ਕਮਾਈ ਹੋਈ ਕਿਰਤ ਅਨੁਸਾਰ,
ਸੁਆਮਿ ਸੇਤੀ=ਸੁਆਮੀ ਨਾਲ, ਵਞਾਵਣਾ=ਖ਼ੁਆਰ
ਕਰਨਾ, ਰੂਆਵਣਾ=ਸ਼ਿਕੈਤ ਕਰਨੀ, ਦੇਇ=ਦੇਂਦਾ ਹੈ,
ਮਨਹਿ=ਵਰਜਿਤ, ਵਾਵਣਾ=ਗਿਲਾ-ਗੁਜ਼ਾਰੀ ਕਰਨੀ)

24. ਸਭ ਉਪਾਈਅਨੁ ਆਪਿ

ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥
ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ ॥
ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ ॥
ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ ॥
ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ ॥
ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥4॥1॥566॥

(ਉਪਾਈਅਨੁ=ਉਸ ਨੇ ਪੈਦਾ ਕੀਤੀ ਹੈ, ਸਭੁ
ਕੋਇ=ਹਰੇਕ ਜੀਵ, ਤੁਲਿ=ਬਰਾਬਰ, ਸਮਸਰੇ=
ਬਰਾਬਰ, ਕਰਮੁ=ਬਖ਼ਸ਼ਸ਼, ਧੁਰਿ=ਧੁਰੋਂ, ਕਦੇ=ਕਦੇ ਦੀ)

25. ਤੇਰੇ ਬੰਕੇ ਲੋਇਣ ਦੰਤ ਰੀਸਾਲਾ

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥
ਸੋਹਣੇ ਨਕ ਜਿਨ ਲੰਮੜੇ ਵਾਲਾ ॥
ਕੰਚਨ ਕਾਇਆ ਸੁਇਨੇ ਕੀ ਢਾਲਾ ॥
ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥
ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥
ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥
ਬੰਕੇ ਲੋਇਣ ਦੰਤ ਰੀਸਾਲਾ ॥7॥567॥

(ਬੰਕੇ=ਬਾਂਕੇ, ਲੋਇਣ=ਅੱਖਾਂ, ਦੰਤ=ਦੰਦ,
ਰੀਸਾਲਾ=(ਰਸ+ਆਲਯ) ਸੋਹਣੇ, ਜਿਨ=
ਜਿਨ੍ਹਾਂ ਦੇ, ਲੰਮੜੇ=ਸੋਹਣੇ ਲੰਮੇ, ਵਾਲਾ=ਕੇਸ,
ਕੰਚਨ ਕਾਇਆ=ਸੋਨੇ ਦਾ ਸਰੀਰ,ਸੋਹਣਾ
ਸਰੀਰ, ਢਾਲਾ=ਢਾਲਿਆ ਹੋਇਆ, ਸੋਵੰਨ=
ਸੋਨੇ ਦਾ, ਕ੍ਰਿਸਨ ਮਾਲਾ=ਵੈਜਯੰਤੀ ਮਾਲਾ,
ਦੁਆਰਿ=ਦਰ ਤੇ, ਸਿਖ=ਸਿੱਖਿਆ, ਹੰਸ
ਹੰਸਾ=ਵੱਡੇ ਹੰਸ,ਬਹੁਤ ਸ੍ਰੇਸ਼ਟ ਮਨੁੱਖ, ਬਗ
ਬਗਾ=ਵੱਡੇ ਬਗਲੇ,ਮਹਾ ਠੱਗ, ਲਹੈ=ਦੂਰ ਹੋ
ਜਾਂਦਾ ਹੈ)

26. ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ

ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥
ਕੁਹਕਨਿ ਕੋਕਿਲਾ ਤਰਲ ਜੁਆਣੀ ॥
ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ ॥
ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ ॥
ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ ॥
ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥8॥2॥567॥

(ਮਧੁਰਾੜੀ=ਸੋਹਣੀ ਮਿੱਠੀ, ਕੁਹਕਨਿ=ਕੂਕਦੀਆਂ ਹਨ,
ਕੋਇਲਾ=ਕੋਇਲਾਂ, ਤਰਲ=ਚੰਚਲ, ਜੁਆਣੀ=ਜਵਾਨੀ,
ਭਾਣੀ=ਪਿਆਰੀ ਲੱਗੀ, ਸਾਰੰਗ=ਹਾਥੀ, ਪਗੁ=ਪੈਰ,
ਠਿਮਿ ਠਿਮਿ=ਮਟਕ ਨਾਲ, ਆਪੁ=ਆਪਣੇ ਆਪ ਨੂੰ,
ਸੰਧੂਰਏ=ਮਸਤ ਕਰਦਾ ਹੈ, ਸ੍ਰੀਰੰਗ=ਲੱਛਮੀ-ਪਤੀ ਪ੍ਰਭੂ,
ਮਾਤੀ=ਮਸਤ, ਉਦਕੁ=ਪਾਣੀ, ਵਾਣੀ=ਸਿਫ਼ਤਿ-ਸਾਲਾਹ
ਦੀ ਬਾਣੀ, ਬਿਨਵੰਤਿ=ਬੇਨਤੀ ਕਰਦਾ ਹੈ)

27. ਮਰਣੁ ਨ ਮੰਦਾ ਲੋਕਾ ਆਖੀਐ

ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥
ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥
ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥
ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥
ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥
ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥2॥579॥

(ਲੋਕਾ=ਹੇ ਲੋਕੋ, ਐਸਾ=ਅਜੇਹੀ ਮੌਤ, ਸੰਮ੍ਰਥੁ=ਸਭ
ਤਾਕਤਾਂ ਵਾਲਾ, ਸੁਹੇਲਾ=ਸੌਖਾ, ਪੰਥਿ ਸੁਹੇਲੈ=ਸੌਖੇ
ਰਸਤੇ ਉਤੇ, ਆਗੈ=ਪ੍ਰਭੂ ਦੀ ਹਜ਼ੂਰੀ ਵਿਚ, ਵਡਾਈ=
ਇੱਜ਼ਤ, ਭੇਟੈ ਸਿਉ=ਨਾਮ ਦੀ ਭੇਟਾ ਲੈ ਕੇ, ਲੇਖੈ=
ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ, ਮਹਲੀ=ਹਜ਼ੂਰੀ
ਵਿਚ, ਰੰਗ ਸਿਉ=ਪ੍ਰੇਮ ਨਾਲ)

28. ਮਰਣੁ ਮੁਣਸਾ ਸੂਰਿਆ ਹਕੁ ਹੈ

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥
ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ ॥
ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥
ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥3॥579॥

(ਹਕੁ=ਬਰ-ਹੱਕ,ਪਰਵਾਨ, ਜੋ=ਜੇਹੜੇ, ਸੂਰੇ=ਸੂਰਮੇ,
ਮਾਣੋ=ਇੱਜ਼ਤ, ਪਤਿ=ਇੱਜ਼ਤ, ਕਰਿ=ਕਰ ਕੇ,ਮੰਨ ਕੇ,
ਊਚਾ=ਅਹੰਕਾਰ=ਭਰੀ ਗੱਲ, ਜਾਣੋ=ਜਾਣਨਹਾਰ ਪ੍ਰਭੂ)

29. ਹਮ ਘਰਿ ਸਾਜਨ ਆਏ

ਹਮ ਘਰਿ ਸਾਜਨ ਆਏ ॥
ਸਾਚੈ ਮੇਲਿ ਮਿਲਾਏ ॥
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥
ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥
ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥1॥764॥

(ਹਮ ਘਰ=ਮੇਰੇ ਹਿਰਦੇ-ਘਰ ਵਿਚ, ਸਾਜਨ ਆਏ=
ਪ੍ਰਭੂ-ਮਿੱਤਰ ਜੀ ਆ ਪ੍ਰਗਟੇ ਹਨ, ਮੇਲਿ=ਆਪਣੇ ਮੇਲਿ
ਵਿਚ, ਸਹਜਿ=ਆਤਮਕ ਅਡੋਲਤਾ ਵਿਚ, ਭਾਏ=ਪਿਆਰੇ
ਲੱਗ ਰਹੇ ਹਨ, ਪੰਚ=ਮੇਰੇ ਪੰਜੇ ਗਿਆਨ ਇੰਦ੍ਰੇ, ਸੁਖੁ=
ਆਤਮਕ ਆਨੰਦ, ਜਿਸੁ...ਲਾਇਆ=ਜਿਸ ਨਾਲ ਮਨ
ਜੋੜਿਆ ਸੀ, ਅਨਦਿਨੁ=ਹਰ ਰੋਜ਼, ਘਰ ਮੰਦਰ=ਮੇਰਾ
ਹਿਰਦਾ ਆਦਿਕ ਸਾਰੇ ਅੰਗ, ਪੰਚ ਸਬਦ ਧੁਨਿ=ਪੰਜ
ਕਿਸਮਾਂ ਦੇ ਸਾਜਾਂ ਦੇ ਵੱਜਣ ਦੀ ਮਿਲਵੀਂ ਸੁਰ, ਅਨਹਦ=
ਇਕ-ਰਸ, ਪੰਚ ਸਬਦ=ਤਾਰ, ਚੰਮ, ਧਾਤ, ਘੜਾ, ਫੂਕ
ਮਾਰਨ ਵਾਲੇ)

30. ਆਵਹੁ ਮੀਤ ਪਿਆਰੇ

ਆਵਹੁ ਮੀਤ ਪਿਆਰੇ ॥
ਮੰਗਲ ਗਾਵਹੁ ਨਾਰੇ ॥
ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥
ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ॥
ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ॥
ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥2॥764॥

(ਮੀਤ ਪਿਆਰੇ=ਹੇ ਮੇਰੇ ਪਿਆਰੇ ਮਿੱਤਰੋ,ਗਿਆਨ-ਇੰਦ੍ਰਿਓ,
ਨਾਰੇ=ਹੇ ਨਾਰੀਓ,ਗਿਆਨ-ਇੰਦ੍ਰਿਓ, ਮੰਗਲ=ਖ਼ੁਸ਼ੀ ਦੇ ਗੀਤ,
ਤਾ=ਤਦੋਂ ਹੀ, ਭਾਵਹੁ=ਪਿਆਰੀਆਂ ਲੱਗੋਗੀਆਂ, ਸੋਹਿਲੜਾ=
ਖ਼ੁਸ਼ੀ ਪੈਦਾ ਕਰਨ ਵਾਲਾ ਗੀਤ, ਜੁਗ ਚਾਰੇ=ਸਦਾ ਲਈ ਅਟੱਲ,
ਅਪਨੈ ਘਰਿ=ਮੇਰੇ ਹਿਰਦੇ=ਘਰ ਵਿਚ, ਥਾਨਿ=ਹਿਰਦੇ=ਥਾਂ ਵਿਚ,
ਸੁਹਾਇਆ=ਸੋਭਾ ਦੇ ਰਿਹਾ ਹੈ, ਕਾਰਜ=ਮੇਰੇ ਜੀਵਨ-ਮਨੋਰਥ,
ਸਬਦਿ=ਗੁਰੂ ਦੇ ਸ਼ਬਦ ਨੇ, ਨੇਤ੍ਰੀ=ਮੇਰੀਆਂ ਅੱਖਾਂ ਵਿਚ, ਅੰਜਨੁ=
ਸੁਰਮਾ, ਤ੍ਰਿਭਵਣ ਰੂਪੁ=ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦਾ
ਦੀਦਾਰ, ਮਿਲਹੁ=ਆਪੋ ਆਪਣੇ ਵਿਸ਼ੇ ਵਲੋਂ ਹਟ ਕੇ ਪ੍ਰਭੂ-ਪਿਆਰ
ਵਿਚ ਰਲ ਮਿਲੋ, ਰਸਿ=ਆਨੰਦ ਨਾਲ, ਸਾਜਨੁ=ਮਿੱਤਰ-ਪ੍ਰਭੂ)

31. ਮਨੁ ਤਨੁ ਅੰਮ੍ਰਿਤਿ ਭਿੰਨਾ

ਮਨੁ ਤਨੁ ਅੰਮ੍ਰਿਤਿ ਭਿੰਨਾ ॥
ਅੰਤਰਿ ਪ੍ਰੇਮੁ ਰਤੰਨਾ ॥
ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥
ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥
ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥
ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥3॥764॥

(ਅੰਮ੍ਰਿਤਿ=ਅੰਮ੍ਰਿਤ ਨਾਲ, ਭਿੰਨਾ=ਭਿੱਜਾ ਹੋਇਆ,
ਅੰਤਰਿ=ਮੇਰੇ ਅੰਦਰ, ਰਤੰਨਾ=ਰਤਨ, ਪਰਮ ਤਤੁ=
ਪਰਮਾਤਮਾ, ਵੀਚਾਰੋ=ਵੀਚਾਰੁ,ਵਿਚਾਰ, ਜੰਤ ਭੇਖ
ਦਾਤਾ=ਭੇਖਾਰੀ ਜੀਵਾਂ ਦਾ ਦਾਤਾ, ਸਫਲਿਓ=ਕਾਮਯਾਬ,
ਸਿਰਿ ਸਿਰਿ=ਹਰੇਕ ਦੇ ਸਿਰ ਉਤੇ, ਜਾਨੁ=ਸੁਜਾਨ,
ਸਿਆਣਾ, ਆਪੇ=ਆਪ ਹੀ, ਕਾਰਣੁ=ਜਗਤ)

32. ਆਤਮ ਰਾਮੁ ਸੰਸਾਰਾ

ਆਤਮ ਰਾਮੁ ਸੰਸਾਰਾ ॥
ਸਾਚਾ ਖੇਲੁ ਤੁਮ੍ਹ੍ਹਾਰਾ ॥
ਸਚੁ ਖੇਲੁ ਤੁਮ੍ਹ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥
ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥
ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ ॥
ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ ਪਾਏ ॥4॥1॥2॥764॥

(ਆਤਮ ਰਾਮੁ=ਜਿੰਦ-ਜਾਨ, ਰਾਮੁ=ਸਰਬ-ਵਿਆਪਕ,
ਅਗਮ=ਅਪਹੁੰਚ, ਅਪਾਰਾ=ਬੇਅੰਤ, ਸਿਧ=ਜੋਗ-ਸਾਧਨਾਂ
ਵਿਚ ਪੁੱਗੇ ਹੋਏ ਜੋਗੀ, ਸਾਧਿਕ=ਸਾਧਨ ਕਰਨ ਵਾਲੇ,
ਕੇਤੇ=ਅਨੇਕਾਂ, ਕਾਲੁ=ਮੌਤ, ਬਿਕਾਲੁ=ਜਨਮ, ਦੇਵਾਲੇ
ਭਏ=ਕਮਲੇ ਹੋ ਗਏ,ਨੱਸ ਗਏ, ਠਾਏ=ਠਾਇ,ਥਾਂ-ਸਿਰ,
ਪ੍ਰਭੂ ਦੇ ਚਰਨਾਂ ਵਿਚ, ਸਬਦਿ=ਸ਼ਬਦ ਦੀ ਰਾਹੀਂ, ਸੰਗਮਿ=
ਸੰਗਮ ਵਿਚ)

33. ਅੰਧਾ ਆਗੂ ਜੇ ਥੀਐ

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥
ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥
ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥6॥767॥

(ਅੰਧਾ=ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ,
ਥੀਐ=ਬਣ ਜਾਏ, ਪਾਧਰੁ=ਸਿੱਧਾ ਰਸਤਾ, ਮੁਸੈ=ਠੱਗਿਆ
ਜਾ ਰਿਹਾ ਹੈ, ਮਤਿ ਹੋਛਿਐ=ਹੋਛੀ ਅਕਲ ਦੇ ਕਾਰਨ,
ਰਾਹਿ=ਸਹੀ ਰਸਤੇ ਉਤੇ, ਮਹਲ=ਪਰਮਾਤਮਾ ਦਾ ਟਿਕਾਣਾ,
ਅੰਧਲੀ=ਅੰਨ੍ਹੀ, ਅੰਧ=ਅੰਨ੍ਹਾ ਮਨੁੱਖ, ਧੰਧਲੀ=ਮਾਇਆ ਦੀ
ਦੌੜ-ਭੱਜ ਵਿਚ, ਕਰ ਜੋੜਿ=ਦੋਵੇਂ ਹੱਥ ਜੋੜ ਕੇ, ਕਰਿ=ਕਰ,
ਕਰਦਾ ਹੈ, ਰਾਹੁ ਪਾਧਰੁ=ਪੱਧਰਾ ਰਸਤਾ,ਸਿੱਧਾ ਰਾਹ)

34. ਮਨੁ ਪਰਦੇਸੀ ਜੇ ਥੀਐ

ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥
ਕਿਸੁ ਪਹਿ ਖੋਲ੍ਹ੍ਹਉ ਗੰਠੜੀ ਦੂਖੀ ਭਰਿ ਆਇਆ ॥
ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥
ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥
ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥7॥767॥

(ਪਰਦੇਸੀ=ਆਪਣੇ ਦੇਸ ਤੋਂ ਵਿਛੁੜਿਆ ਹੋਇਆ,
ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ, ਪਰਾਇਆ=
ਬਿਗਾਨਾ, ਖੋਲ੍ਹ੍ਹਉ=ਮੈਂ ਖੋਹਲਾਂ, ਪਹਿ=ਪਾਸ,ਕੋਲ,
ਗੰਠੜੀ=ਦੁੱਖਾਂ ਦੀ ਗੰਢ, ਦੂਖੀ=ਦੁੱਖਾਂ ਨਾਲ,
ਸਬਾਇਆ=ਸਾਰਾ, ਬਿਧਿ=ਹਾਲਤ,ਦਸ਼ਾ, ਆਵਣੇ
ਜਾਵਣੇ=ਜਨਮ ਮਰਨ ਦੇ ਗੇੜ, ਖਰੇ=ਬਹੁਤ,
ਫੇਰਿਆ=ਜਨਮ ਮਰਨ ਦੀਆਂ ਫੇਰੀਆਂ, ਊਣੇ=
ਖ਼ਾਲੀ, ਝੂਣੇ=ਉਦਾਸ, ਊਣੇ ਝੂਣੇ=ਨਿਮੋ=ਝੂਣੇ)

35. ਭਿੰਨੜੀ ਰੈਣਿ ਭਲੀ

ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥
ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥
ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥
ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥
ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥
ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥2॥844॥

(ਭਿੰਨੜੀ=ਭਿੱਜੀ ਹੋਈ, ਰੈਣਿ=ਰਾਤ, ਸੁਹਾਏ=ਸੁਹਾਵਣੇ,
ਸੁਖ ਦੇਣ ਵਾਲੇ, ਨਿਜ ਘਰਿ=ਆਪਣੇ ਘਰ ਵਿਚ,
ਸੂਤੜੀਏ=ਸੁੱਤੀ ਜੀਵ-ਇਸਤ੍ਰੀਏ, ਪਿਰਮੁ=ਪ੍ਰਭੂ ਦਾ
ਪ੍ਰੇਮ, ਜਗਾਏ=ਸੁਚੇਤ ਕਰਦਾ ਹੈ, ਹਾਣਿ=ਸਾਲ,ਵਰ੍ਹਾ,
ਨਵ ਹਾਣਿ=ਨਵੀਂ ਉਮਰ ਵਾਲੀ,ਵਿਕਾਰਾਂ ਤੋਂ ਬਚੀ ਹੋਈ,
ਧਨ=ਜੀਵ-ਇਸਤ੍ਰੀ, ਨਵ=ਨਵੀਂ, ਜਾਗੀ=ਸੁਚੇਤ ਹੁੰਦੀ ਹੈ,
ਪਿਰ ਭਾਣੀਆ=ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਤਜਿ=
ਤਿਆਗ ਕੇ, ਕੂੜੁ=ਝੂਠ, ਸੁਭਾਉ ਦੂਜਾ=ਪ੍ਰਭੂ ਨੂੰ ਛੱਡ ਕੇ
ਹੋਰ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ,
ਲੋਕਾਣੀਆ=ਲੋਕਾਂ ਦੀ, ਚਾਕਰੀ=ਖ਼ੁਸ਼ਾਮਦ, ਕੰਠੇ=ਗਲੇ
ਵਿਚ, ਸਾਚ ਸਬਦੁ=ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ,
ਨੀਸਾਣਿਆ=ਪਰਵਾਨਾ,ਰਾਹਦਾਰੀ, ਕਰ=ਹੱਥ, ਨਦਰਿ=
ਮਿਹਰ ਦੀ ਨਿਗਾਹ, ਤੁਧੁ ਭਾਣਿਆ=ਜੇ ਤੈਨੂੰ ਚੰਗਾ ਲੱਗੇ)

36. ਜਾਗੁ ਸਲੋਨੜੀਏ

ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥
ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥
ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥
ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥
ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ॥
ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥3॥844॥

(ਜਾਗੁ=ਸਾਵਧਾਨ ਰਹੁ, ਲੋਇਣ=ਅੱਖਾਂ, ਸਲੋਨੜੀਏ=
ਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ, ਬੋਲੈ=ਸਾਵਧਾਨ
ਕਰਦੀ ਹੈ, ਜਿਨਿ=ਜਿਸ ਨੇ, ਅਕਥ ਕਹਾਣੀ=ਅਕੱਥ
ਪ੍ਰਭੂ ਦੀ ਸਿਫ਼ਤਿ-ਸਾਲਾਹ, ਪਦੁ=ਆਤਮਕ ਦਰਜਾ,
ਨਿਰਬਾਣ=ਵਾਸਨਾ-ਰਹਿਤ, ਕੋ=ਕੋਈ, ਬੂਝਏ=ਬੂਝੈ,
ਸਮਝਦਾ ਹੈ, ਆਪੁ=ਆਪਾ-ਭਾਵ, ਤ੍ਰਿਭਵਣ ਸੋਝੀ=
ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀ ਸੂਝ, ਅਤੀਤੁ=
ਵਿਰਕਤ,ਮਾਇਆ ਦੇ ਮੋਹ ਤੋਂ ਪਰੇ, ਅਪਰੰਪਰਿ=ਪਰੇ
ਤੋਂ ਪਰੇ ਪ੍ਰਭੂ ਵਿਚ, ਰਾਤਾ=ਮਸਤ, ਸਾਰਿਆ=ਸੰਭਾਲਦਾ
ਹੈ, ਸਰਬ ਠਾਈ=ਸਭਨੀਂ ਥਾਈਂ, ਉਰਿ=ਹਿਰਦੇ ਵਿਚ)

37. ਸਾਜਨ ਦੇਸਿ ਵਿਦੇਸੀਅੜੇ

ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥
ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥
ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥
ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥
ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥
ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥3॥1111॥

(ਸਾਜਨ=ਸੱਜਣ ਪ੍ਰਭੂ ਜੀ, ਦੇਸਿ=ਦੇਸ ਵਿਚ,
ਹਿਰਦੇ-ਦੇਸ ਵਿਚ, ਵਿਦੇਸ=ਪਰਦੇਸ, ਦੇਦੀ=
ਦੇਂਦੀ , ਸਾਰਿ=ਚੇਤੇ ਕਰ ਕੇ, ਸਮਾਲੇ=ਸਾਂਭਦੀ
ਹੈ, ਤਿਨ ਸਜਣਾ=ਉਹਨਾਂ ਸੱਜਣਾਂ ਨੂੰ, ਮੁੰਧ=ਅੰਞਾਣ
ਜੀਵ-ਇਸਤ੍ਰੀ , ਸਾਰੇਦੀ=ਸਾਰੇਂਦੀ,ਯਾਦ ਕਰਦੀ ਹੈ,
ਕਿਉ ਪ੍ਰਭ ਮਿਲਾ=ਮੈਂ ਕਿਵੇਂ ਪ੍ਰਭੂ ਨੂੰ ਮਿਲਾਂ, ਮਾਰਗੁ=
ਰਸਤਾ, ਪੰਥੁ=ਰਸਤਾ, ਨ ਜਾਣਉ=ਮੈਂ ਨਹੀਂ ਜਾਣਦੀ,
ਵਿਖੜਾ=ਔਖਾ, ਪਾਰੇ=ਪਾਰਲੇ ਪਾਸੇ, ਵਿਛੁੰਨੀ=ਵਿਛੁੜੀ
ਹੋਈ ਜੀਵ-ਇਸਤ੍ਰੀ, ਆਗੈ ਰਾਖੈ=ਅੱਗੇ ਰੱਖ ਦੇਂਦੀ ਹੈ,
ਅੰਮ੍ਰਿਤ ਬਿਰਖੁ=ਆਤਮਕ ਜੀਵਨ ਦੇਣ ਵਾਲਾ ਨਾਮ-ਰੁੱਖ,
ਮਹਾਰਸ ਫਲਿਆ=ਬੜੇ ਮਿੱਠੇ ਫਲਾਂ ਵਾਲਾ, ਮਿਲਿ ਪ੍ਰੀਤਮ=
ਪ੍ਰੀਤਮ-ਪ੍ਰਭੂ ਨੂੰ ਮਿਲ ਕੇ, ਰਸੁ=ਸੁਆਦ, ਚਾਖੈ=ਚੱਖਦੀ ਹੈ)

  • ਮੁੱਖ ਪੰਨਾ : ਬਾਣੀ, ਗੁਰੂ ਨਾਨਕ ਦੇਵ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ