Chhankangna : Mukesh Aalam

ਛਣਕੰਙਣਾ : ਮੁਕੇਸ਼ ਆਲਮ


ਮੈਂ ਅਤੇ ਛਣਕੰਙਣਾ

ਇੱਕ ਨਵੰਬਰ 2005

ਬੀਪ.... ਬੀਪ.... ਬੀਪ.... ਬੀਪ....
ਟੂੰ.... ਟੂੰ.... ਟੂੰ.... ਟੂੰ....
ਹਾ.... ਹਾ.... ਹਾ.... ਹਾ....

ਦਿਵਾਲੀ ਦੀ ਰਾਤ ਹਸਪਤਾਲ ਦੇ ਨਿਜੀ ਕਮਰੇ ਦੀ ਮੱਧਮ ਰੌਸ਼ਨੀ ਵਿੱਚ ਉਸਦੀ ਉਂਗਲ ’ਤੇ ਲੱਗੀ ਮਸ਼ੀਨ ਦੀ ਆਵਾਜ਼ ਅਤੇ ਉਸਦਾ ਹਾਸਾ ਇਵੇਂ ਜੁਗਲਬੰਦੀ ਕਰ ਰਹੇ ਸਨ ਜਿਵੇਂ ਦੋ ਹੰਢੇ ਹੋਏ ਵਾਦਕ ਮੰਚ ਤੇ ਆਪਣੀ ਬਿਹਤਰੀਨ ਪ੍ਰਸਤੁਤੀ ਦੇ ਰਹੇ ਹੋਣ। ਮੇਰੇ ਉਦਾਸ ਚਿਹਰੇ ’ਤੇ ਹਾਸਾ ਲਰਜ਼ਿਆ ਅਤੇ ਚਮਕਦੀ ਖੱਬੀ ਅੱਖ 'ਚੋਂ ਇੱਕ ਅੱਥਰੂ ਸਰਕ ਗਿਆ। ਮੈਂ ਅਤੇ ਟੋਨੀ ਦੋਵੇਂ ਜਾਣਦੇ ਸਾਂ ਕਿ ਜ਼ਿੰਦਗੀ ਜੋ ਖੇਡ ਖੇਡ ਰਹੀ ਹੈ ਉਸਦਾ ਅੰਤਿਮ ਫ਼ੈਸਲਾ ਕੀ ਹੋਵੇਗਾ। ਸਾਰੀ ਰਾਤ ਉਸ ਹਨੇਰੇ ਜਿਹੇ ਕਮਰੇ 'ਚ ਹਾਸੇ ਆਤਿਸ਼ਬਾਜ਼ੀ ਕਰਦੇ ਰਹੇ। ਰਾਤ ਭਰ ਜ਼ਿੰਦਗੀ ਹੱਸਦੀ ਰਹੀ।

ਫਿਰ ਕੁਝ ਦਿਨਾਂ ਬਾਅਦ ਟੋਨੀ ਵੈਂਟੀਲੇਟਰ ਦੇ ਹਵਾਲੇ ਕਰ ਦਿੱਤਾ ਗਿਆ। ਮੈਂ ਉਸਦੇ ਕੋਲ਼ ਬੈਠਾ ਉਸਦਾ ਚਿਹਰਾ ਵੇਖ ਰਿਹਾ ਸਾਂ ਕਿ ਮੇਰੀ ਖੱਬੀ ਅੱਖ ਦਾ ਇਤਿਹਾਸਕ ਅੱਥਰੂ ਟੋਨੀ ਦੀ ਸੱਜੀ ਅੱਖ 'ਚੋਂ ਛਲਕਿਆ, ਪਰਿਕਰਮਾ ਪੂਰੀ ਹੋਈ। ਟੋਨੀ ਵਿਦਾ ਹੋ ਗਿਆ। ਇਸ ਇੱਕ ਹਾਦਸੇ ਨੇ ਮੇਰਾ ਜੀਵਨ ਇਵੇਂ ਬਦਲ ਦਿੱਤਾ ਜਿਵੇਂ ਕਣਕ ਪਿਸਣ ਤੋਂ ਬਾਅਦ ਵਰਤਣ ਯੋਗ ਹੋ ਜਾਂਦੀ ਹੈ, ਸਾਰਥਕ ਹੋ ਜਾਂਦੀ ਹੈ। ਜੀਵਨ ਦੀ ਛਿਣਭੰਗਰਤਾ ਦਾ ਅਹਿਸਾਸ ਹੋਇਆ। ਜਦ ਸਭ ਕੁਝ ਚੱਲਣਹਾਰ ਹੈ ਤਾਂ ਸਮਾਂ ਰਹਿੰਦੇ ਹੀ ਪਿਆਰ ਨੂੰ ਪ੍ਰਾਥਮਿਕਤਾ ਦੇ ਕੇ ਸਭ ਨਾਲ਼ ਪ੍ਰੇਮ-ਭਾਈਚਾਰੇ ਦਾ ਰਿਸ਼ਤਾ ਰੱਖਣਾ ਮੇਰੀ ਜੀਵਨ-ਜਾਚ ਦਾ ਹਿੱਸਾ ਬਣ ਗਿਆ। ਇਸ ਹਾਦਸੇ ਕਰਕੇ ਵਹਿ ਰਹੇ ਹੰਝੂਆਂ ਨੇ ਮੇਰੀ ਮਿੱਟੀ ਗਿੱਲੀ-ਸਿੱਲ੍ਹੀ ਕਰ ਦਿੱਤੀ ਅਤੇ ਇਸੇ ਗਿੱਲੀ ਮਿੱਟੀ ’ਚ ਕਵਿਤਾ ਦਾ ਬੀਜ ਆ ਡਿੱਗਿਆ। ਇਸੇ ਵਾਤਾਵਰਣ 'ਚ ਇੱਕ ਘਟਨਾ ਹੋਰ ਵਾਪਰੀ।

ਬਾਰਾਂ ਜੁਲਾਈ 2006

ਸਾਉਣ ਦਾ ਮਹੀਨਾ ਹਰ ਪਾਸੇ ਹਰਿਆਵਲ ਨਾਲ਼ ਲਬਰੇਜ਼ ਸੀ ਪਰ ਮੇਰੇ ਲਈ ਇਹ ਜੀਵਨ ਕਿਸੇ ਨਿਰਜੀਵ ਮਜ਼ਾਰ ਵਰਗਾ ਸੀ ਜਿਸ ’ਤੇ ਹਰੀ ਚਾਦਰ ਪਾਈ ਹੋਵੇ। ਦੁਕਾਨਦਾਰ ਬੰਦਾ ਮਾਲ-ਅਸਬਾਬ ਵੇਚ ਕੇ ਵੀ ਆਪਣੇ ਲਈ ਨਾ ਤਾਂ ਸਮਾਂ ਖਰੀਦ ਸਕਦੈ ਅਤੇ ਨਾ ਹੀ ਸਕੂਨ.... ਤੇ ਮੈਂ ਵੀ ਕੋਈ ਅਪਵਾਦ ਨਹੀਂ ਹਾਂ। ਸ਼ਾਮ ਦੀ ਸਿੱਲ੍ਹੀ ਉਦਾਸੀ ਮਨ ਨੂੰ ਹੋਰ ਵੀ ਭਾਰਾ ਕਰ ਰਹੀ ਸੀ ਤੇ ਮੈਂ ਕੁਰਸੀ 'ਤੇ ਬੈਠਾ ਖਿਝਿਆ ਹੋਇਆ ਉੱਸਲਵੱਟੇ ਲੈ ਰਿਹਾ ਸੀ।

ਛੋਟੂ ਨੇ ਦੁਕਾਨ ਦੇ ਬਾਹਰ ਸਫ਼ਾਈ ਕਰਨ ਲਈ ਝਾੜੂ ਚੁੱਕਿਆ ਤੇ ਫੇਰ ਰੱਖ ਦਿੱਤਾ। ਕੁਝ ਸੋਚ ਕੇ ਉਸਨੇ ਨਾਲ਼ ਦੀ ਦੁਕਾਨ ਦੇ ਛੋਟੂ ਨੂੰ ਹਾਕ ਮਾਰੀ,

"ਓ ਖੁਜਲੀ! ਝਾੜੂ ਕਹਾਂ ਹੈ?”

ਮੈਂ ਆਪਣੀ ਖਿਝ ’ਚੋਂ ਇਹ ਵਾਰਤਾਲਾਪ ਸੁਣ ਰਿਹਾ ਸਾਂ। ਮੈਨੂੰ ਨਹੀਂ ਪਤਾ ਸੀ ਕਿ ਇਸ ਨਿਪੱਤਰੇ ਰੁੱਖ ਤੇ ਪੁੰਗਾਰੇ ਦਾ ਮੌਸਮ ਆਉਣ ਹੀ ਵਾਲਾ ਹੈ। ਜੋ ਮੈਂ ਸੁਣਿਆ ਉਹ ਇਵੇਂ ਸੀ-

"ਓ ਖੁਜਲੀ! ਝਾੜੂ ਕਹਾਂ ਹੈ?”
“ਪੜਾ ਤੋ ਹੈ!” ਖੁਜਲੀ ਜਵਾਬ ਦਿੱਤਾ।
ਯੇ ਨਹੀਂ, ਵੋ ਨਯਾ ਵਾਲਾ!”
“ਇਸ ਮੇਂ ਕਿਆ ਹੈ?”
“ਇਸ ਮੇਂ ਸਬ ਹੈ ਪਰ ਮਜ਼ਾ ਨਹੀਂ ਹੈ। ਉਸ ਸੇ ਝਾੜੂ ਲਗਾਨੇ ਮੇਂ ਬੜਾ ਮਜ਼ਾ ਆਤਾ ਹੈ।"

ਮਜ਼ਾ? ਝਾੜੂ ਲਗਾਉਣ 'ਚ ਮਜ਼ਾ?

ਹਾਏ ਨੀ ਜਿੰਦੜੀਏ! ਰਾਜਾ ਮੁਹੰਮਦ ਝਾੜੂ ਲਗਾਉਣ 'ਚ ਵੀ ਮਜ਼ਾ ਲੈ ਗਿਆ।

ਮੈਂ ਜ਼ਾਰ-ਜ਼ਾਰ ਰੋਇਆ ਅਤੇ ਨਾਲ਼ ਹੀ ਸਾਰੀਆਂ ਪਰੇਸ਼ਾਨੀਆਂ ਉਦਾਸੀਆਂ ਵੀ ਵਹਿ ਗਈਆਂ। ਰਾਜਾ ਮੁਹੰਮਦ ਨੇ ਮੇਰੀ ਸਾਰੀ ਉਦਾਸ ਜੀਵਨ-ਜਾਚ 'ਤੇ ਫੇਰ ਦਿੱਤਾ, ਹਰ ਚੰਗੇ-ਮਾੜੇ ਪਲ 'ਚ ਮਜ਼ਾ ਆਉਣ ਲੱਗਾ।

ਉਸੇ ਰਾਤ ਮੈਂ ਪਹਿਲੀ ਵਾਰੀ ਪੂਰਨਮਾਸ਼ੀ ਦਾ ਚੰਨ ਵੇਖਿਆ, ਗੁਰੂ ਪੁੰਨਿਆਂ ਦਾ ਪੂਰਨ ਚੰਨ!

ਕਵਿਤਾ ਲਈ ਪੂਰਨੇ ਪੈ ਗਏ। ਸ਼ਬਦ ਸਜ-ਧਜ ਕੇ ਤਿਆਰ ਹੋਣ ਲੱਗੇ। ਛਣਕੰਙਣਾ ਛਣਕਣ ਲੱਗਾ।

ਨਵੰਬਰ 2006

ਟੋਨੀ ਦੇ ਵਿਸ਼ਾਲ ਫ਼ਰਮਾਉਣ ਤੋਂ ਬਾਅਦ ਟੋਨੀ ਦੀ ਹੀ ਦਿੱਤੀ ਓਸ਼ੋ ਦੀ ਇੱਕ ਕਿਤਾਬ ਨੇ ਸੋਨੇ ’ਤੇ ਸੁਹਾਗੇ ਵਾਲਾ ਕੰਮ ਕੀਤਾ। ਇਨ੍ਹਾਂ ਵਰ੍ਹਿਆਂ 'ਚ ਮੈਂ ਪੂਨਾ ਗਿਆ, ਓਸ਼ੋ ਸਾਹਿਤ ਪੜ੍ਹਿਆ, ਕੁਰਾਨ, ਬਾਈਬਲ, ਵੇਦ ਆਦਿ ਪੜ੍ਹੇ। ਧਿਆਨ ਸ਼ਿਵਿਰ ਲਾਏ। ਕੁਦਰਤ ਦੇ ਨਜ਼ਦੀਕ ਹੋਣਾ ਵਾਪਰਿਆ। ਬਹੁਤ ਸਾਰੀ ਸ਼ਾਇਰੀ ਪੜ੍ਹੀ ਅਤੇ ਇਹ ਸਭ ਕਰਦਿਆਂ ਮੈਂ ਅਤੇ ਟੋਨੀ ਦੇ ਕੁਝ ਖਾਸ ਦੋਸਤਾਂ ਨੇ ਟੋਨੀ ਦੀ ਯਾਦ ਵਿੱਚ ਮੁਸ਼ਾਇਰਾ/ਕਵੀ ਦਰਬਾਰ ਕਰਾਉਣ ਦਾ ਫ਼ੈਸਲਾ ਕੀਤਾ। ਪਹਿਲਾ ਟੋਨੀ ਕਵੀ ਦਰਬਾਰ ਮੇਰੇ ਘਰ ਦੇ ਨਾਲ਼ ਉਸਾਰੇ ਇੱਕ ਬਾਗ਼ ਵਿੱਚ ਹੋਇਆ ਜਿਸਨੂੰ ਦੋਸਤ ਪਿਆਰ ਨਾਲ਼ ਅਦਬ ਦਾ ਮੱਕਾ ਆਖਦੇ ਨੇ। ਪੰਜਾਬੀ/ਉਰਦੂ ਦੇ ਸੰਸਾਰ ਪ੍ਰਸਿੱਧ ਸ਼ਾਇਰ ਅਤੇ ਅਦੀਬ ਇਸ ਬਾਗ਼ ਦੇ ਕਮਰੇ 'ਚ ਠਹਿਰ ਕੇ ਇਸਨੂੰ ਕਾਵਿਕ ਤਰੰਗਾਂ ਨਾਲ਼ ਅਮੀਰ ਕਰਦੇ ਰਹੇ। ਇਸੇ ਜਗ੍ਹਾ ਤੋਂ ਬਹੁਤ ਸਾਰੇ ਸ਼ਾਇਰਾਂ ਨਾਲ਼ ਮੁਲਾਕਾਤਾਂ ਦਾ ਸ਼ਰਫ਼ ਹਾਸਿਲ ਹੋਇਆ। ਇਸੇ ਵਾਤਾਵਰਣ 'ਚ ਵਿਚਰਦਿਆਂ ਇਹ ਦਿਨ ਵੀ ਆ ਗਿਆ। ਜੀਵਨ ਦੇ ਰੁੱਖ ਨੂੰ ਕਵਿਤਾ ਦੇ ਫੁੱਲ ਪੈ ਗਏ।

ਚਾਰ ਸਤੰਬਰ 2009

ਰਾਤ ਦੇ ਤੀਜੇ ਪਹਿਰ ਮੈਨੂੰ ਕਿਸੇ ਅਣਜਾਣ ਹਲੂਣੇ ਨੇ ਜਗਾਇਆ ਅਤੇ ਪੈੱਨ-ਕਾਗਜ਼ ਲੈ ਕੇ ਬੈਠਣ ਦਾ ਇਸ਼ਾਰਾ ਕੀਤਾ। ਉਸ ਰਾਤ ਮੇਰਾ ਪਹਿਲਾ ਗੀਤ ਵਜੂਦ 'ਚ ਆਇਆ-

ਗੀਤ ਤਾਂ ਹਰ ਇੱਕ ਸ਼ੈਅ ਦੇ ਅੰਦਰ
ਗੀਤ ਤਾਂ ਗੀਤ ਦੀ ਲੈਅ ਦੇ ਅੰਦਰ
ਜੀਵਨ ਦੀ ਹਰ ਤਹਿ ਦੇ ਅੰਦਰ

ਕਰੀਬਨ ਤਿੰਨ-ਚਾਰ ਸਫ਼ਿਆਂ ਦਾ ਇਹ ਲੰਬਾ ਗੀਤ ਮੈਂ ਆਪਣੀ ਪਹਿਲੀ ਰਚਨਾ ਮੰਨਦਾ ਹਾਂ। ਇਹ ਨਹੀਂ ਕਿ ਮੈਂ ਇਸ ਤੋਂ ਪਹਿਲਾਂ ਕਦੇ ਕੁਝ ਨਹੀਂ ਲਿਖਿਆ ਪਰ ਇਹ ਗੀਤ ਬਿਨਾਂ ਕਿਸੇ ਉਚੇਚ ਅਤੇ ਕੋਸ਼ਿਸ਼ ਦੇ ਹੀ ਮੇਰੀ ਝੋਲ਼ੀ ਆਣ ਪਿਆ।

ਆਉਂਦੇ ਵਰ੍ਹਿਆਂ ਦੌਰਾਨ ਮੈਂ ਇੱਕ ਘੁਮੱਕੜ ਬਣ ਗਿਆ। ਬੇ-ਮਾਅਨੀ ਸਫ਼ਰਾਂ ਦਾ ਦੌਰ ਸ਼ੁਰੂ ਹੋਇਆ। ਹਰ ਮਹੀਨੇ ਲਗਭਗ 5-7 ਦਿਨ ਆਪਣੇ-ਆਪ ਦੇ ਨਾਲ਼ ਪਹਾੜ ਗਾਹੁੰਦਾ ਰਿਹਾ। ਇਹ ਅੱਜ ਵੀ ਬੇ-ਦਸਤੂਰ ਜਾਰੀ ਹੈ। ਇਨ੍ਹਾਂ ਆਵਾਰਗੀਆਂ ਕਰਕੇ ਹੀ ਮੈਂ ਕਿਹਾ ਕਿ

“ਚੱਲ ਚੱਲੀਏ ਹਵਾ ਦੇ ਨਾਲ਼
ਆਲਮਾ ਚੱਲ ਚੱਲੀਏ
ਇਸ ਨਗਰੀ ਹੁਣ ਦਿਲ ਨਈਂ ਲੱਗਦਾ
ਇਹ ਨਗਰੀ ਜੰਜਾਲ
ਆਲਮਾ ਚੱਲ ਚੱਲੀਏ....!”

11 ਅਗਸਤ 2012

ਇਹ ਉਹ ਦਿਨ ਹੈ ਜਿਸ ਦਿਨ ਮੇਰੀ ਪਹਿਲੀ (ਅਸਲੋਂ ਪਹਿਲੀ) ਪੰਜਾਬੀ ਗ਼ਜ਼ਲ ਨੇ ਜਨਮ ਲਿਆ। ਇਸ ਦਿਨ ਨੂੰ ਮੈਂ ਸ਼ਾਇਰੀ ਦੀ ਆਮਦ ਦਾ ਦਿਨ ਸਮਝਦਾ ਹੈ। ਗ਼ਜ਼ਲ ਨਾਲ ਪਿਆਰ ਤਾਂ ਬਹੁਤ ਪਹਿਲਾਂ ਤੋਂ ਸੀ ਪਰ ਗ਼ਜ਼ਲ ਦੀ ਜਾਚ ਨਹੀਂ ਸੀ। ਉਦੋਂ ਤੱਕ ਵੀ ਮੈਨੂੰ ਬਹਿਰ ਅਤੇ ਅਰੂਜ਼ ਦਾ ਕੋਈ ਇਲਮ ਨਹੀਂ ਸੀ। ਬਹੁਤ ਪਹਿਲਾਂ ਕੁਝ ਕੱਚ-ਘਰੜ ਗ਼ਜ਼ਲਾਂ, ਅਖੌਤੀ ਗ਼ਜ਼ਲਾਂ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਫਿਰ ਵਿਚ ਉਸਤਾਦ ਦੇ ਲੜ ਲੱਗ ਕੇ ਆਪਣੀ ਸਾਰੀ ਕਵਿਤਾ ਫ਼ੇਲੁਨ ਫ਼ੇਲੁਨ ਦੇ ਬਹੁਤ ਭਾਰੇ ਸਬਕ ਦੀ ਬਲੀ ਚਾੜ੍ਹ ਛੱਡੀ। ਸੰਨ 1998 'ਚ ਗ਼ਜ਼ਲ ਦੀ ਕੋਸ਼ਿਸ਼ ਕਰਦਿਆਂ ਉਕਤ ਉਸਤਾਦ ਜੀ ਨੇ ਮੈਨੂੰ ਐਸਾ ਚੱਕਰ ੱਚ ਪਾਇਆ ਕਿ 14 ਸਾਲ ਦਾ ਗ਼ਜ਼ਲੀ ਬਨਵਾਸ ਕੱਟ ਕੇ ਇਸੇ ਦਿਨ ਪਹਿਲੀ ਗ਼ਜ਼ਲ ਹੋਈ।

ਦਰਅਸਲ ਗ਼ਜ਼ਲ ਦੀ ਰਿਦਮ ਤਾਂ ਆਪਣੇ ਅੰਦਰ ਹੀ ਹੁੰਦੀ ਹੈ। ਕੋਈ ਉਸਤਾਦ ਸਾਨੂੰ ਸ਼ਾਇਰ ਨਹੀਂ ਬਣਾ ਸਕਦਾ। ਸ਼ਾਇਰੀ ਤਾਂ ਆਂਤਰਿਕ ਅਵਸਥਾ ੱਚੋਂ ਉਪਜਦੀ ਹੈ। ਹਾਂ! ਉਸਤਾਦ ਸਾਨੂੰ ਤਕਨੀਕ ਸਿਖਾ ਸਕਦਾ ਹੈ. ਨਿਖਾਰ ਸਕਦਾ ਹੈ ਪਰ ਸ਼ਿਅਰ ਕਹਿਣਾ ਨਹੀਂ ਸਿਖਾ ਸਕਦਾ। ਸ਼ਾਇਰੀ ਦੇ ਸਫ਼ਰ ਤੇ ਮੰਜ਼ਿਲ ਤੋਂ ਪਹਿਲਾਂ ਤੁਰਨਾ ਬਹੁਤ ਜ਼ਰੂਰੀ ਹੈ। ਜਿਵੇਂ ਜੀਵਨ ਦਾ ਪਹਿਲਾ ਸਾਹ ਅੰਦਰ ਨੂੰ ਲੈਣਾ ਹੁੰਦਾ ਹੈ ਇਸੇ ਤਰ੍ਹਾਂ ਕਵਿਤਾ ਲਈ ਪਹਿਲਾਂ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਹੈ। ਚੰਗੀ ਸਾਹਿਤ ਰਚਨਾ ਲਈ ਚੰਗਾ ਸਾਹਿਤ ਪੜ੍ਹਨਾ ਬਹੁਤ ਲਾਜ਼ਮੀ ਹੈ। ਮੈਂ ਅੱਜ ਵੀ ਇਸ ਕੋਸ਼ਿਸ਼ 'ਚ ਹਾਂ ਕਿ ਚੰਗਾ ਸਾਹਿਤ ਪੜ੍ਹਾਂ ਤਾਂ ਜੇ ਕੁਛ ਚੰਗਾ ਲਿਖਣ ਜੋਗਾ ਹੋਵਾਂ-

ਜਾਂ ਬਿਜਲੀ ਕੜਕਦੀ ਹੈ ਲਿਸ਼ਕਦਾ ਹੈ ਭੇਤ ਕਵਿਤਾ ਦਾ
ਕਿ ਪਹਿਲਾਂ ਰੌਸ਼ਨੀ ਹੁੰਦੀ ਹੈ ਫਿਰ ਆਵਾਜ਼ ਹੁੰਦੀ ਹੈ।

ਉੱਨੀ ਨਵੰਬਰ 2012

ਧਿਆਨ ਕੋਈ ਵਿੱਦਿਅਕ ਸਿੱਖਿਆ ਨਹੀਂ ਸਗੋਂ ਆਪਣੇ ਨਿੱਜ ਦੇ ਨਜ਼ਦੀਕ ਹੋਣ ਦਾ ਨਾਮ ਹੈ। ਹਰ ਇਨਸਾਨ ਆਪਣੇ-ਆਪ 'ਚ ਵਿਲੱਖਣ ਹੈ। ਹਰ ਧਿਆਨੀ/ਸਾਧਕ ਆਪਣਾ ਰਸਤਾ ਆਪ ਬਣਾਉਂਦਾ ਹੈ। ਮੈਂ ਕਿਸੇ ਸ਼ਹਿਰ 'ਚੋਂ ਲੰਘਦਿਆਂ ਇੱਕ ਬੰਜਾਰਣ ਦੇ ਰੂ-ਬ-ਰੂ ਹੋਇਆ ਤਾਂ ਉਸ ਦੇ ਪੈਰਾਂ 'ਚ ਪਾਏ ਗਹਿਣੇ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਉਸਦੀ ਚਾਲ ਬਹੁਤ ਸਹਿਜ ਅਤੇ ਚਿਹਰੇ 'ਤੇ ਗੌਤਮੀ ਮੁਸਕਾਨ ਸੀ। ਉਸੇ ਸਮੇਂ ਮੇਰੇ ਮਨ 'ਚ ਆਇਆ ਕਿ ਮੈਂ ਇਹ ਕੜਲਾ ਆਪਣੇ ਪੈਰ 'ਚ ਪਾਉਣਾ ਹੈ। ਸੋ ਮੈਂ ਰਾਜਸਥਾਨ ਦੇ ਹਨੂਮਾਨ ਗੜ੍ਹ ਤੋਂ ਇੱਕ ਚਾਂਦੀ ਦਾ ਕੜਲਾ ਬਣਵਾਇਆ ਅਤੇ ਪੈਰ 'ਚ ਪਾ ਲਿਆ। ਹਾਲਾਂਕਿ ਮੈਂ ਇਹ ਗਹਿਣੇ ਵਜੋਂ ਹੀ ਪਾਇਆ ਸੀ ਪਰ ਬਾਅਦ 'ਚ ਮੈਂ ਇਹ ਜਾਇਆ ਕਿ ਇਹ ਤਾਂ ਮੇਰੇ ਆਪਣੇ ਧਿਆਨ ਦੀ ਵਿਧੀ ਬਣ ਗਿਆ ਹੈ। ਇਸੇ ਕੜਲੇ ਨਾਲ ਰਸਤੇ ਨਾਪਦਿਆਂ ਇੱਕ ਗੀਤ ਹੋਇਆ :

“ਮੈਂ ਕਿੱਥੇ ਆਪ, ਮੇਰੀ ਜ਼ਾਤ ਕਿੱਥੇ
ਮੈਂ ਕੀ ਆਖਾਂ, ਮੇਰੀ ਔਕਾਤ ਕਿੱਥੇ
ਕਿ ਮੈਂ ਤਾਂ ਕਹਿ ਰਿਹਾ ਹਾਂ ਸਿਰਫ਼ ਉਹ ਜੋ
ਮੇਰੇ ਪੈਰਾਂ ਦਾ ਕੜਲਾ ਬੋਲਦਾ ਹੈ”

ਧਿਆਨ ’ਚ ਗਹਿਰੇ ਉਤਰਦਿਆਂ ਬਹੁਤ ਸਾਰੇ ਗੀਤ, ਨਜ਼ਮਾਂ ਨੇ ਜਨਮ ਲਿਆ ਜੋ ਇਸ ਕਿਤਾਬ 'ਚ ਦਰਜ ਨੇ। ਇਸੇ ਕੜਲੇ ਨੇ ਸੂਫ਼ੀ ਪਰੰਪਰਾ ਨਾਲ਼ ਜੋੜਿਆ ਜਿਸਦੀ ਝਲਕ ਤੁਹਾਨੂੰ ਇਹ ਕਿਤਾਬ ਪੜ੍ਹਦਿਆਂ ਨਜ਼ਰ ਵੀ ਆਵੇਗੀ।

20 ਅਕਤੂਬਰ 2013

ਅੱਠ ਮਹੀਨਿਆਂ ਅੰਦਰ ਹੀ ਪੰਜਾਬੀ ਅਤੇ ਉਰਦੂ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਅਤੇ ਗੀਤ ਹੋਏ। ਉਰਦੂ ਦੀਆਂ ਗ਼ਜ਼ਲਾਂ ਕਰੀਬਨ 70-80 ਹੋ ਗਈਆਂ ਤਾਂ ਇਹ ਫ਼ੈਸਲਾ ਲਿਆ ਗਿਆ ਕਿ ਇਨ੍ਹਾਂ ਨੂੰ ਛਪਵਾ ਕੇ ਇੱਕ ਕਿਤਾਬ ਦੀ ਸ਼ਕਲ ਦਿੱਤੀ ਜਾਵੇ। ਸੋ ਇਸ ਦਿਨ ਮੇਰੀ ਉਰਦੂ ਦੀਆਂ ਗ਼ਜ਼ਲਾਂ ਦੀ ਕਿਤਾਬ ਛਪ ਕੇ ਆ ਗਈ – “ਚਰਾਗ਼ਾਂ ਕੇ ਹਵਾਲੇ ਸੇ” ਜਿਸਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਅਤੇ ਪਾਠਕਾਂ ਵੱਲੋਂ ਬਹੁਤ ਪਿਆਰ ਹਾਸਿਲ ਹੋਇਆ। ਇਸ ਜਗ੍ਹਾ ਮੈਂ ਇਹ ਦੱਸ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਹਾਲੇ ਤੱਕ ਮੈਨੂੰ ਅਰੂਜ਼ ਅਤੇ ਉਰਦੂ ਜ਼ੁਬਾਨ ਦੀ ਜਾਣਕਾਰੀ ਬਹੁਤ ਘੱਟ ਸੀ। ਇਸੇ ਘੱਟ ਇਲਮ ਕਰਕੇ ਇਸ ਪੁਸਤਕ ਵਿੱਚ ਗ਼ਲਤੀਆਂ ਹੋਣਾ ਸੁਭਾਵਿਕ ਸੀ। ਇਸ ਦੇ ਬਾਵਜੂਦ ਸ਼ਿਅਰਾਂ ਨੂੰ ਫਲ਼ਸਫ਼ੇ ਅਤੇ ਸੂਫ਼ੀ ਸ਼ਾਇਰੀ ਕਰਕੇ ਬਹੁਤ ਸਲਾਹਿਆ ਗਿਆ। ਮੈਂ ਤਾਂ ਇਹੀ ਕਹਾਂਗਾ ਕਿ-

“ਖ਼ਾਕ ਮੇਂ ਮਿਲਕਰ ਹਮੇਂ ਥਾ ਖ਼ਾਕ ਹੋ ਜਾਨੇ ਕਾ ਦਿਲ
ਰਸਮ ਥੀ ਪਰ ਬਸ ਫ਼ਕੀਰੋਂ ਕੋ ਤੋ ਸੁਲਤਾਨੀ ਹੀ ਦੋ”

ਹਾਲੇ ਤੱਕ ਮੈਂ ਜੋ ਵੀ ਕਿਹਾ ਹੈ ਉਹ ਮੇਰੀ ਆਤਮ-ਕਥਾ ਵਰਗਾ ਲੱਗ ਰਿਹਾ ਹੈ ਪਰ ਮੈਂ ਆਪਣੀ ਜੀਵਨੀ ਨਹੀਂ ਲਿਖ ਰਿਹਾ ਸਗੋਂ ਇਸ ਬਹਾਨੇ ਕਵਿਤਾ ਦੇ ਵਾਪਰਨ ਦੀ ਵਿਧੀ/ਕੀਮੀਆ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੇਰੇ ਵਰਗਾ ਦਿਨ ਵਿੱਚ ਬਾਰਾਂ ਘੰਟੇ ਦੁਕਾਨ ਚਲਾਉਣ ਵਾਲਾ ਬੰਦਾ ਜੇ ਸ਼ਾਇਰ ਹੋ ਸਕਦਾ ਹੈ ਤਾਂ ਧਰਤੀ ਦਾ ਹਰ ਇਨਸਾਨ ਸ਼ਾਇਰ ਹੋ ਸਕਦਾ ਹੈ। ਇਹ ਵੀ ਦੱਸ ਦਿਆਂ ਕਿ ਨਾ ਤਾਂ ਉਰਦੂ ਅਤੇ ਨਾ ਹੀ ਪੰਜਾਬੀ ਮੇਰੀ ਅਕਾਦਮਿਕ ਭਾਸ਼ਾ ਰਹੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ 'ਚ ਹਾਂ ਕਿ ਸ਼ਾਇਰ ਹੋਣ ਲਈ ਕੁਝ ਕਰਨਾ ਨਹੀਂ ਹੁੰਦਾ ਬਲਕਿ ਆਪਣੇ-ਆਪ ਨੂੰ ਉਪਲਬਧ ਕਰਵਾਉਣਾ ਹੁੰਦਾ ਹੈ; ਆਪਣੇ ਅੰਦਰ ਇੱਕ ਸਪੇਸ/ਖਲਾਅ ਪੈਦਾ ਕਰਨਾ ਹੁੰਦਾ ਹੈ ਜਿਸ ਵਿੱਚ ਕਵਿਤਾ ਆਪਣਾ ਰਸਤਾ ਬਣਾਉਂਦੀ ਹੋਈ ਆ ਢੁੱਕਦੀ ਹੈ। ਕਵੀ ਕੋਈ ਵਾਦਕ (Musician) ਨਹੀਂ ਸਗੋਂ ਇੱਕ ਸੰਗੀਤ ਯੰਤਰ (Musical Instrument) ਹੁੰਦਾ ਹੈ। ਚੇਤਨਾ ਵਾਦਕ ਹੁੰਦੀ ਹੈ ਅਤੇ ਕਵਿਤਾ ਸੰਗੀਤ। ਜਿੰਨਾ ਕੁ ਕਵੀ ਸੁਰ 'ਚ ਹੁੰਦਾ ਹੈ ਓਨੀ ਹੀ ਕਵਿਤਾ ਸੁਰੀਲੀ ਹੁੰਦੀ ਹੈ।

ਮੈਂ ਕਿੰਨਾ ਕੁ ਸੁਰ 'ਚ ਹਾਂ, ਇਹ ਮੈਂ ਜਾਣਦਾ ਹਾਂ ਅਤੇ ਆਪਣੇ-ਆਪ ਨੂੰ ਬਿਹਤਰ ਕਰਨ ਦੀਆਂ ਕੋਸ਼ਿਸ਼ਾਂ 'ਚ ਹਾਂ। ਮੇਰੀ ਛੋਟੀ ਜਿਹੀ ਉਡਾਣ ਦੀ ਸੀਮਿਤ ਤਸਵੀਰ ਤੁਹਾਡੇ ਹੱਥਾਂ 'ਚ ਹੈ। ਬ੍ਰਹਿਮੰਡ ਦਾ ਛਣਕੰਙਣਾ ਅ-ਸਮੇਂ (Timelessness) ਦੀ ਕਲਾਈ 'ਚ ਛਣਕਦਾ ਰਹੇਗਾ। ਕਵਿਤਾ ਹਮੇਸ਼ਾ ਆਪਣੇ-ਆਪ ਨੂੰ ਨਵੇਂ-ਨਵੇਂ ਸੰਗੀਤ ਨਾਲ਼ ਸਿਰਜਦੀ ਰਹੇਗੀ।

ਵਰਤਮਾਨ 'ਚ ਛਣਕੰਙਣਾ ਛਣਕ ਰਿਹਾ ਹੈ
....ਆਉਂਦੇ ਸਮੇਂ ਨੂੰ ਜਾਂਦੇ ਸਮੇਂ ਦਾ ਸਲਾਮ

ਮੁਕੇਸ਼ ਆਲਮ
09/07/19

ਕਲ-ਕਲ ਕਰਦੀ ਕਵਿਤਾ ਪੜ੍ਹਦਿਆਂ

ਆਲ਼ੇ-ਦੁਆਲ਼ੇ ਪੱਸਰੇ ਹਨੇਰੇ ਨੂੰ ਮਹਿਸੂਸ ਕਰਦਿਆਂ ਕਿਸੇ ਵੀ ਸੰਵੇਦਨਸ਼ੀਲ ਮਨ ਦਾ ਵਿਅਥਿਤ ਹੋ ਉੱਠਣਾ ਸੁਭਾਵਿਕ ਹੈ। ਇਸ ਹਨੇਰੇ ਨੂੰ ਮਿਟਾਉਣ ਲਈ ਸਾਹਿਤ ਜਗਤ ਦੇ ਆਕਾਸ਼ 'ਤੇ ਕਈ ਤਾਰੇ ਆਪਣਾ ਜਲੌਅ ਲੈ ਕੇ ਪ੍ਰਗਟ ਹੁੰਦੇ ਹਨ। ਜਿਵੇਂ ਕਿ ਹੁੰਦਾ ਆਇਆ ਹੈ, ਕੁਝ ਤਾਰੇ ਆਪਣੀ ਸਮਰੱਥਾ ਮੂਜਬ ਰੌਸ਼ਨੀ ਦੇ ਕੇ ਦੇਰ-ਸਵੇਰ ਅਲੋਪ ਹੋ ਜਾਂਦੇ ਹਨ। ਪਰ ਕੁਝ ਕੁ ਤਾਰੇ ਇਸ ਆਕਾਸ਼ ਵਿੱਚ ਸਦੀਵੀਂ ਸਥਾਨ ਨੂੰ ਪ੍ਰਾਪਤ ਹੁੰਦੇ ਹਨ ਅਤੇ ਰੌਸ਼ਨੀ ਵੰਡਣ ਦੇ ਨਾਲ਼-ਨਾਲ਼ ਰਾਹ-ਦਸੇਰੇ ਵੀ ਹੋ ਨਿੱਬੜਦੇ ਹਨ। ਇਸੇ ਵਰਤਾਰੇ ਦੇ ਚੱਲਦਿਆਂ ਕੋਈ ਛੇ ਕੁ ਸਾਲ ਪਹਿਲਾਂ ਪੰਜਾਬੀ ਸਾਹਿਤ ਜਗਤ ਦੇ ਆਕਾਸ਼ ’ਤੇ ਇੱਕ ਤਾਰਾ ਪ੍ਰਗਟ ਹੋਇਆ ਜਿਸਨੇ ਰੌਸ਼ਨੀ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ’ਤੇ ਕਦੇ ਨਾ ਮਿਟਣ ਵਾਲੀ ਛਾਪ ਛੱਡੀ ਹੈ। ਰੁਪਹਿਲੀ ਰੌਸ਼ਨੀ ਨਾਲ਼ ਲਬਰੇਜ਼ ਇਸ ਤਾਰੇ ਦਾ ਨਾਂਅ ਹੈ ਮੁਕੇਸ਼ ਆਲਮ। ਮੁਕੇਸ਼ ਆਲਮ ਦਾ ਇੱਕ ਸ਼ਿਅਰ ਇਸਦੀ ਤਸਦੀਕ ਵੀ ਕਰਦਾ ਹੈ—

ਸੂਰਜ ਵੀ ਚੜ੍ਹਿਆ ਤੇ ਦੀਵੇ ਵੀ ਬਾਲ਼ੇ
ਹਨੇਰਾ ਤਾਂ ਕਾਇਮ ਹੈ ਆਲ਼ੇ-ਦੁਆਲ਼ੇ
ਕਰੋ ਕੋਈ ਹੀਲਾ ਸਮੇਂ ਦੇ ਚਿਰਾਗ਼ੋ
ਤੇ ਰੁਸ਼ਨਾ ਦਿਓ ਮਨ ਦੀਆਂ ਇਹ ਗੁਫ਼ਾਵਾਂ

ਮੁਕੇਸ਼ ਆਲਮ ਨੂੰ ਪੜ੍ਹਦਿਆਂ ਸੁਣਦਿਆਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਜਿਵੇਂ ਕੋਈ ਪੈਗ਼ੰਬਰ ਮੁਹੱਬਤ ਦਾ ਪੈਗ਼ਾਮ ਦੇ ਰਿਹਾ ਹੋਵੇ। ਉਸਦੀ ਕਵਿਤਾ ਉਪਦੇਸ਼ ਨਹੀਂ ਦਿੰਦੀ, ਬਲਕਿ ਪੈਗ਼ਾਮ ਦਿੰਦੀ ਹੈ, ਸੁਨੇਹਾ ਦਿੰਦੀ ਹੈ। ਜਿੰਨੀ ਸ਼ਿੱਦਤ ਨਾਲ਼ ਗ਼ਜ਼ਲ ਕਹਿੰਦਾ ਹੈ, ਓਨੀ ਹੀ ਸ਼ਿੱਦਤ ਨਾਲ਼ ਨਜ਼ਮ ਕਹਿੰਦਾ ਹੈ। ਮਿੱਟੀ, ਪਾਣੀ, ਅਗਨੀ, ਆਕਾਸ਼ ਅਤੇ ਹਵਾ ਸਿਰਲੇਖਾਂ ਹੇਠ ਲਿਖੀਆਂ ਨਜ਼ਮਾਂ ਦੀ ਵਿਸ਼ੇਸ਼ ਚਰਚਾ ਕਰਨੀ ਬਣਦੀ ਹੈ। ਨਜ਼ਮ “ਪਾਣੀ” ਵਿੱਚ ਕਹਿੰਦਾ ਹੈ ਕਿ-

ਧਰਤੀ ਅੰਬਰ ਸਾਰੇ ਗਾਹ ਲੈ
ਰਸਤੇ ਆਪਣੇ ਆਪ ਬਣਾ ਲੈ,
ਨੱਚਦੇ ਟੱਪਦੇ ਗੀਤ ਵੀ ਗਾ ਲੈ
ਫੇਰ ਸਮੁੰਦਰ ਵਿੱਚ ਉਤਰ,
ਪਾਣੀ ਬਣ, ਪਰਿਕਰਮਾ ਕਰ।

ਲੋਕ ਕਹਿੰਦੇ ਨੇ ਕਿ ਕਵੀ ਆਪਣੀ ਕਵਿਤਾ ਨੂੰ ਜਿਉਂਦਾ ਨਹੀਂ, ਪਰ ਮੈਂ ਜਿੰਨੀ ਵਾਰ ਵੀ ਮੁਕੇਸ਼ ਆਲਮ ਨੂੰ ਮਿਲਿਆ ਹਾਂ, ਮੈਂ ਇਹੀ ਮਹਿਸੂਸ ਕੀਤਾ ਹੈ ਕਿ ਜਿਸ ਤਰ੍ਹਾਂ ਦੀ ਉਸਦੀ ਗ਼ਜ਼ਲ, ਨਜ਼ਮ ਜਾਂ ਕਵਿਤਾ ਹੁੰਦੀ ਹੈ, ਉਸੇ ਤਰ੍ਹਾਂ ਦੀ ਜੀਵਨ ਸ਼ੈਲੀ ਹੈ। ਉਸਦਾ ਇੱਕ ਸ਼ਿਅਰ ਹੈ ਕਿ :

ਜ਼ਿੰਦਗੀ ਨੂੰ ਕੀ ਇਹ ਮੌਕਾ ਮਿਲ ਸਕੇਗਾ ਮਰਦਿਆਂ
ਸੋਚਦਾ ਹਾਂ ਜਾਣ ਲੱਗੇ ਬਿਸਤਰਾ ਤਹਿ ਕਰਦਿਆਂ

ਇੱਕ ਵਾਰ ਮੈਂ ਪੁੱਛਿਆ ਸੀ ਕਿ ਇਹ ਬਿਸਤਰਾ ਤਹਿ ਕਰਨ ਵਾਲਾ ਖ਼ਿਆਲ ਕਿਵੇਂ ਆਇਆ। ਕਹਿਣ ਲੱਗਾ ਕਿ ਮੈਂ ਕਿਤੇ ਵੀ ਹੋਵਾਂ, ਘਰ ਹੋਵਾਂ, ਬਾਹਰ ਹੋਵਾਂ, ਸਵੇਰੇ ਉੱਠਦਿਆਂ ਬਿਸਤਰਾ ਠੀਕ-ਠਾਕ ਕਰਨਾ ਅਤੇ ਖਿਲਾਰਾ ਸਮੇਟਣਾ ਮੈਨੂੰ ਚੰਗਾ ਲੱਗਦਾ ਹੈ।

ਇਸ ਸਾਦਾ ਸੁਭਾਅ ਦੇ ਸ਼ਾਇਰ ਨੂੰ ਮਿਲ ਕੇ ਬੰਦਾ ਖਿੜ ਉੱਠਦਾ ਹੈ। ਹਰ ਇੱਕ ਨੂੰ ਖਿੜੇ ਮੱਥੇ ਮਿਲਣਾ ਅਤੇ ਹੱਸ-ਹੱਸ ਗੱਲਾਂ ਕਰਨੀਆਂ ਉਸਦੇ ਸੁਭਾਅ ਦਾ ਹਿੱਸਾ ਹੈ। ਮੈਂ ਜਦੋਂ ਉਸਨੂੰ ਪਹਿਲੀ ਵਾਰ ਮਿਲਿਆ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਅਸੀਂ ਨਕੋਦਰ ਮਿਲੇ ਸੀ। ਦੋ ਚਾਰ ਗੱਲਾਂ ਕਰਨ ਤੋਂ ਬਾਅਦ ਮੈਂ ਭੁੱਲ ਗਿਆ ਸੀ ਕਿ ਅਸੀਂ ਪਹਿਲੀ ਵਾਰ ਮਿਲ ਰਹੇ ਸਾਂ। ਕੋਈ ਲੱਗ-ਲਪੇਟ ਨਹੀਂ, ਕੋਈ ਵਲ-ਛਲ ਨਹੀਂ। ਫ਼ਕੀਰਾਨਾ ਤਬੀਅਤ ਦਾ ਮਾਲਕ। ਦੋ ਕੁ ਸਾਲ ਪਹਿਲਾਂ ਇੱਕ ਮਤਲਾ ਹੋਇਆ। ਫ਼ੇਸਬੁੱਕ ਤੇ ਪਾਉਣ ਲਈ ਕੋਈ ਢੁਕਵੀਂ ਤਸਵੀਰ ਨਾ ਲੱਭੇ। ਫਿਰ ਯਾਦ ਆਇਆ ਕਿ ਇਹ ਸ਼ਿਅਰ ਤਾਂ ਮੁਕੇਸ਼ ਆਲਮ ਦੀ ਸ਼ਖ਼ਸੀਅਤ ਦਾ ਹੀ ਪਰਤੌਅ ਹੈ-

ਕੁਝ ਹੱਸਦੇ ਮੁਸਕਾਉਂਦੇ ਚਿਹਰੇ ਕਰ ਦਿੰਦੇ ਨੇ ਐਸਾ ਜਾਦੂ
ਘੋਰ ਹਤਾਸ਼ ਨਿਰਾਸ਼ ਉਦਾਸੇ ਚਿਹਰੇ ਹੱਸਣ ਲੱਗ ਪੈਂਦੇ ਨੇ
ਜਿੱਦਾਂ ਤੜਕੇ ਤੜਕੇ ਸਾਗਰ ਕੰਢੇ ਸੂਰਜ ਦੇ ਚੜ੍ਹਦੇ ਹੀ
ਪੱਥਰਾਂ ਤੇ ਲਿਸ਼ਕੋਰ ਪਵੇ ਤਾਂ ਪੱਥਰ ਲਿਸ਼ਕਣ ਲੱਗ ਪੈਂਦੇ ਨੇ

ਮੁਕੇਸ਼ ਆਲਮ ਨੇ ਗ਼ਜ਼ਲ ਅਤੇ ਨਜ਼ਮ ਦੇ ਨਾਲ਼-ਨਾਲ਼ ਗੀਤਾਂ 'ਤੇ ਵੀ ਕਲਮ ਅਜ਼ਮਾਈ ਕੀਤੀ ਹੈ, ਅਤੇ ਬਾਖੂਬੀ ਕੀਤੀ ਹੈ। ਇੱਕ ਗੀਤ ਵਿੱਚ ਕਹਿੰਦਾ ਹੈ ਕਿ-

ਅਸੀਂ ਭੀੜ ਦਾ ਸੀ ਹਿੱਸਾ, ਹੋਂਦ ਆਪਣੀ ਦਾ ਕਿੱਸਾ
ਸੀ ਕਿਆਰੀਆਂ 'ਚ ਫੁੱਲਾਂ ਦੀ ਪਨੀਰੀ ਵਾਂਗਰਾਂ
ਵੇ ਤੂੰ ਪੁੱਟਿਆ ਅਸਾਂ ਨੂੰ, ਖੁੱਲੇ ਖੇਤ ਵਿੱਚ ਲਾਇਆ
ਅਸੀਂ ਉੱਗ ਪਏ ਹਾਂ ਜੋਗੀਆ ਫ਼ਕੀਰੀ ਵਾਂਗਰਾਂ

ਉਸਦੀ ਕਵਿਤਾ ਦਾ ਮੂੰਹ ਮੁਹਾਂਦਰਾ ਬਿਲਕੁਲ ਵੱਖਰਾ ਹੈ, ਨਿਵੇਕਲਾ ਹੈ। ਕਵਿਤਾ ਵਿੱਚ ਕਿਤੇ ਨਾ ਕਿਤੇ ਕਵੀ ਬੋਲਦਾ ਹੈ, ਪਰ ਉਸਦੀ ਕਵਿਤਾ ਵਿੱਚ ਕੋਈ ਹੋਰ ਹੀ ਬੋਲਦਾ ਹੈ। ਪਾਣੀ, ਹਵਾ, ਫੁੱਲ-ਪੱਤੇ, ਦਰਖ਼ਤ, ਧਰਤੀ, ਆਕਾਸ਼ ਬੋਲਦਾ ਹੈ। ਕੁਦਰਤ ਬੋਲਦੀ ਹੈ, ਬ੍ਰਹਿਮੰਡ ਬੋਲਦਾ ਹੈ।

ਕਵਿਤਾ ਕਵੀ ਦੀ ਰੂਹ ਦਾ ਸ਼ੀਸ਼ਾ ਹੁੰਦਾ ਹੈ ਜਿਸ ਵਿੱਚੋਂ ਹਰ ਕਿਸਮ ਦੇ ਘਟਨਾ ਕ੍ਰਮ ਦਾ ਪ੍ਰਤਿਬਿੰਬ ਕਾਵਿਕ ਰੂਪ ਵਿੱਚ ਉਘੜਦਾ ਹੈ। ਮੁਕੇਸ਼ ਆਲਮ ਦੀ ਕਵਿਤਾ ’ਚੋਂ ਉਸਦੀ ਰੂਹ ਦੇ ਸਾਰੇ ਰੰਗ ਸਾਫ਼-ਸਾਫ਼ ਨਜ਼ਰ ਆਉਂਦੇ ਨੇ। ਉਸਦੀ ਕਾਵਿ ਸ਼ੈਲੀ ਅਤੇ ਕਾਵਿ ਭਾਸ਼ਾ ਏਨੀ ਸਰਲ ਅਤੇ ਸਹਿਜ ਹੁੰਦੀ ਹੈ ਕਿ ਪਾਠਕ ਅਤੇ ਸਰੋਤੇ ਦੇ ਦਿਲ ਵਿੱਚ ਇਸ ਤਰ੍ਹਾਂ ਉਤਰਦੀ ਹੈ ਜਿਵੇਂ ਪਾਣੀ ਵਿੱਚ ਪਾਣੀ ਉਤਰਦਾ ਹੈ। ਪੜ੍ਹਨ ਜਾਂ ਸੁਣਨ ਵਾਲੇ ਨੂੰ ਕੋਈ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਬਾਵਜੂਦ ਇਸ ਸਰਲਤਾ ਅਤੇ ਸਹਿਜਤਾ ਦੇ ਉਸਦੀ ਕਵਿਤਾ ਦਾ ਵਿਸ਼ਾ ਏਨਾ ਗਹਿਰ ਗੰਭੀਰ ਹੁੰਦਾ ਹੈ ਕਿ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਉਸਦਾ ਇੱਕ ਸ਼ਿਅਰ ਜੋ ਜ਼ਿੰਦਗੀ ਨੂੰ ਸਾਦੇ ਅਤੇ ਸੁਚੱਜੇ ਤੌਰ ਤਰੀਕੇ ਨਾਲ਼ ਜਿਉਣ ਦੀ ਕਲਾ ਸਿਖਾਉਂਦਾ ਹੈ-

ਮਿੱਟੀ ਪਾਣੀ ਇੱਕ ਦੂਜੇ ਵਿੱਚ ਵੀ ਨਿਰਮਲ ਰਹਿ ਸਕਦੇ ਨੇ
ਬਸ ਆਪਸ ਦੀ ਜ਼ਿਦ ਹੀ ਦੋਹਾਂ ਨੂੰ ਚਿੱਕੜ ਕਰ ਦਿੰਦੀ ਹੈ

ਦੋ ਸਤਰਾਂ ਵਿੱਚ ਏਨਾ ਵੱਡਾ ਫ਼ਲਸਫ਼ਾ ਜਿਸ ਨੂੰ ਜਿਉਣਾ ਜਿੰਨਾ ਸੌਖਾ ਲੱਗਦਾ ਹੈ, ਓਨਾ ਹੀ ਮੁਸ਼ਕਿਲ ਵੀ ਹੈ। ਸਾਡੀ ਜਿਉਣ ਦੀ ਕੋਸ਼ਿਸ਼ ਹੀ ਦਰਅਸਲ ਗੰਧਲਾਪਣ ਪੈਦਾ ਕਰਦੀ ਹੈ। ਜੇ ਜ਼ਿੰਦਗੀ ਨੂੰ ਸਹਿਜਤਾ ਨਾਲ਼ ਜੀਵਿਆ ਜਾਵੇ ਤਾਂ ਅਸੀਂ ਦੂਜਿਆਂ ਲਈ ਸੁਖਾਵਾਂ ਮਾਹੌਲ ਪੈਦਾ ਕਰਨ ਦੇ ਨਾਲ਼-ਨਾਲ਼ ਆਪਣੇ ਜੀਵਨ ਵਿੱਚ ਵੀ ਸਹਿਜਤਾ ਅਤੇ ਸਕੂਨ ਲਿਆ ਸਕਦੇ ਹਾਂ। ਕਿਉਂਕਿ ਜ਼ਿੰਦਗੀ ਸੰਘਰਸ਼ ਦਾ ਹੀ ਦੂਜਾ ਨਾਂਅ ਹੈ, ਸੋ ਮੁਕੇਸ਼ ਆਲਮ ਇਸ ਸੰਘਰਸ਼ ਦੀ ਮਹੱਤਤਾ ਨੂੰ ਵੀ ਭਲੀ ਭਾਂਤ ਸਮਝਦਾ ਹੈ। ਇਸ ਸੰਘਰਸ਼ ਨੂੰ ਜਿਉਣ ਲਈ ਹੌਸਲਾ ਵੀ ਦਿੰਦਾ ਹੈ। ਕਹਿੰਦਾ ਹੈ ਕਿ-

ਸ਼ਾਲਾ ਉੱਚੀ ਸ਼ਾਨ ਰਹੇ, ਪਰ ਇਹੋ ਉਡਾਰੀ ਧਿਆਨ ਰਹੇ
ਓਸੇ ਨੂੰ ਹੀ ਪਿੰਜਰਾ ਦਿੰਦੀ ਹੈ ਜਿਸਨੂੰ ਪਰ ਦਿੰਦੀ ਹੈ

ਅੱਜ ਦੇ ਦੌਰ ਵਿੱਚ ਅਸੀਂ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਕਰ ਬੇਕਿਰਕ ਹੋ ਗਏ ਹਾਂ ਕਿ ਕਿਸੇ ਦਾ ਪੈਰ ਮਿੱਧ ਕੇ, ਕਿਸੇ ਦੇ ਸਿਰ ’ਤੇ ਪੈਰ ਰੱਖਕੇ ਵੀ ਅੱਗੇ ਲੰਘਣ ਤੋਂ ਗੁਰੇਜ਼ ਨਹੀਂ ਕਰਦੇ। ਮੁਕੇਸ਼ ਆਲਮ ਦੀ ਸ਼ਾਇਰੀ ਵਿੱਚ ਜਿੱਥੇ ਜਗ੍ਹਾ-ਜਗ੍ਹਾ ਮੁਹੱਬਤ ਦਾ ਪੈਗ਼ਾਮ ਮਿਲਦਾ ਹੈ, ਉੱਥੇ ਜੀਵਨ ਦੀ ਸਾਦਗੀ, ਸਹਿਜ ਅਤੇ ਸੋਹਜ ਦੇ ਵੀ ਝਲਕਾਰੇ ਮਿਲਦੇ ਹਨ। ਇਸੇ ਜੀਵਨ-ਜਾਚ ਦੀ ਬਾਤ ਪਾਉਂਦਿਆਂ ਕਹਿੰਦਾ ਹੈ ਕਿ :

ਉਹ ਆਪਣੇ ਆਪ ਲੱਭ ਲੈਂਦਾ ਹੈ ਰਸਤਾ ਪੱਥਰਾਂ ਵਿੱਚ
ਕਿ ਪਾਣੀ ਨੂੰ ਵਗਣ ਦਾ ਵੱਲ ਤੇ ਉਸ ਦੀ ਢਾਲ ਕੀ ਦੱਸੀਏ

ਮੁਕੇਸ਼ ਆਲਮ ਕੁਦਰਤ ਦੇ ਬਹੁਤ ਨਜ਼ਦੀਕ ਰਹਿੰਦਾ ਹੈ। ਕੁਦਰਤ ਦੇ ਨੇੜੇ ਢੁੱਕ-ਢੁੱਕ ਬੈਠਣਾ, ਕੁਦਰਤ ਨੂੰ ਪੂਰੀ ਸ਼ਿੱਦਤ ਨਾਲ਼ ਮਾਨਣਾ ਕੋਈ ਉਸਤੋਂ ਸਿੱਖੇ। ਅਸੀਂ ਕੁਦਰਤ ਨਾਲ਼ੋਂ ਏਨਾ ਟੁੱਟ ਚੁੱਕੇ ਹਾਂ ਕਿ ਲੰਘਦਿਆਂ-ਟੱਪਦਿਆਂ ਕਿਤੇ ਕੋਈ ਕੋਇਲ ਕੂਕਦੀ ਹੋਵੇ, ਚਿੜੀ ਚਹਿਕਦੀ ਹੋਵੇ, ਸਾਡੇ ਕੰਨਾਂ ਤੱਕ ਉਨ੍ਹਾਂ ਦੀ ਆਵਾਜ਼ ਨਹੀਂ ਪਹੁੰਚਦੀ। ਕਿਉਂਕਿ ਸਾਡੇ ਕੰਨਾਂ ਵਿੱਚ ਸ਼ੋਰ ਹੀ ਏਨਾ ਭਰਿਆ ਪਿਆ ਹੈ ਕਿ ਕੋਈ ਮਹੀਨ ਆਵਾਜ਼ ਸਾਡੇ ਕੰਨਾਂ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ। ਲੁਧਿਆਣੇ ਵਿੱਚ ਰਹਿੰਦਿਆਂ ਜੇ ਕੁਦਰਤ ਨੂੰ ਮਹਿਸੂਸ ਕਰਨਾ ਅਸੰਭਵ ਨਹੀਂ ਹੈ ਤਾਂ ਮੁਸ਼ਕਿਲ ਜ਼ਰੂਰ ਹੈ। ਸੋ ਆਲਮ ਗਾਹੇ-ਬ-ਗਾਹੇ ਕੁਦਰਤ ਦੀ ਗੋਦ ਵਿੱਚ ਜਾ ਬੈਠਦਾ ਹੈ ਤੇ ਕਿੰਨੇ ਹੀ ਨਾਯਾਬ ਖਿਆਲ ਆਪਣੇ ਪਿਆਰ ਕਰਨ ਵਾਲਿਆਂ ਦੀ ਝੋਲ਼ੀ ਵਿੱਚ ਲਿਆ ਪਾਉਂਦਾ ਹੈ। ਕੁਦਰਤ ਨਾਲ਼ ਜੁੜੇ ਰਹਿਣ ਦੀ ਝਲਕ ਇਸ ਸ਼ਿਅਰ 'ਚੋਂ ਸਹਿਜੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਕਹਿੰਦਾ ਹੈ :

ਮੇਰੇ ਆਲਮ ਨੂੰ ਰੱਖੋ ਨਾਲ਼ ਐ ਪਰਵਾਸੀਓ ਚਿੜੀਓ
ਤੁਹਾਡੇ ਵਾਂਗ ਇਹ ਵੀ ਘਰ 'ਚ ਬਹੁਤਾ ਚਿਰ ਨਹੀਂ ਰਹਿੰਦਾ

ਕਵਿਤਾ ਨੂੰ ਪ੍ਰਭਾਸ਼ਿਤ ਕਰਨਾ ਵੈਸੇ ਤਾਂ ਬਹੁਤ ਮੁਸ਼ਕਿਲ ਹੈ। ਪਰ ਜੋ ਮੈਂ ਮਹਿਸੂਸ ਕੀਤਾ ਹੈ, ਕਵਿਤਾ ਕੋਸ਼ਿਸ਼ ਕੀਤਿਆਂ ਨਹੀਂ ਹੁੰਦੀ। ਜੋ ਕੋਸ਼ਿਸ਼ ਕੀਤਿਆਂ ਹੋ ਜਾਵੇ, ਉਹ ਕਵਿਤਾ ਨਹੀਂ ਹੁੰਦੀ। ਕਵਿਤਾ ਅੰਤਰਮਨ ਨਾਲ਼ ਜੁੜੀ ਇੱਕ ਸਹਿਜ ਪ੍ਰਕਿਰਿਆ ਹੈ। ਕਈ ਵਾਰ ਤਾਂ ਪਤਾ ਹੀ ਨਹੀਂ ਲੱਗਦਾ, ਕੀ ਦਾ ਕੀ ਹੋ ਗਿਆ। ਉਹੀ ਕਵਿਤਾ ਸੁਚੇਤ ਅਵਸਥਾ ਵਿੱਚ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਅਰਥ ਦਾ ਅਨਰਥ ਹੋ ਗਿਆ। ਪਰ ਮੁਕੇਸ਼ ਆਲਮ ਦੀ ਕਵਿਤਾ ਪੜ੍ਹਦਿਆਂ ਕਿਤੇ ਵੀ ਕੋਸ਼ਿਸ਼ ਨਜ਼ਰ ਨਹੀਂ ਆਉਂਦੀ।

ਕਿਤਾਬ ਦਾ ਸਿਰਲੇਖ ਉਸਦੇ ਇੱਕ ਗੀਤ ਦਾ ਸਿਰਲੇਖ ਹੈ। ਜਿਸ ਵਿੱਚ ਕਹਿੰਦਾ ਹੈ ਕਿ :
ਸਾਡੀ ਰੂਹ ਨੂੰ ਪਵਾ ਦੇ ਇੱਕ ਛਣਕੰਙਣਾ,
ਵੇ ਅਸੀਂ ਹੋਰ ਨਈਂ ਤੇਰੇ ਤੋਂ ਕੁਝ ਮੰਗਣਾ...

ਬੜਾ ਹੀ ਮਲੂਕੜਾ ਜਿਹਾ ਇਹ ਗੀਤ ਜਿੱਥੇ ਮੁਹੱਬਤ ਦੀ ਬਾਤ ਪਾਉਂਦਾ ਹੈ ਉੱਥੇ ਹੀ ਕਵੀ ਦੇ ਛਣਕੰਙਣੇ ਵਰਗੇ ਸੁਭਾਅ ਦੀ ਵੀ ਤਰਜੁਮਾਨੀ ਕਰਦਾ ਹੈ।

ਇਸ ਤੋਂ ਪਹਿਲਾਂ ਮੁਕੇਸ਼ ਆਲਮ ਦੀ ਹਿੰਦੋਸਤਾਨੀ ਵਿੱਚ ਇੱਕ ਕਿਤਾਬ ‘ਚਰਾਗ਼ੋਂ ਕੇ ਹਵਾਲੇ ਸੇ' ਪ੍ਰਕਾਸ਼ਿਤ ਹੋ ਚੁੱਕੀ ਹੈ ਜਿਸਨੂੰ ਪਾਠਕਾਂ ਨੇ ਬਹੁਤ ਪਿਆਰ ਦਿੱਤਾ ਹੈ। ਹੱਥਲੀ ਕਿਤਾਬ ਉਸ ਵੱਲੋਂ ਪੰਜਾਬੀ ਕਵਿਤਾ ਦੀ ਪਹਿਲੀ ਕਿਤਾਬ ਹੈ ਜਿਸ ਵਿੱਚ ਗ਼ਜ਼ਲ, ਛੰਦਬੱਧ ਨਜ਼ਮ, ਛੰਦ ਮੁਕਤ ਨਜ਼ਮ ਅਤੇ ਗੀਤ ਸ਼ਾਮਿਲ ਹਨ। ਕਾਵਿ ਰੰਗ ਤਾਂ ਸਾਰੇ ਹੀ ਬਹੁਤ ਖੂਬਸੂਰਤ ਨੇ ਪਰ ਪੰਜਾਬੀ ਵਿੱਚ ਕਿਤੇ-ਕਿਤੇ ਸ਼ਹਿਰੀਪਨ ਝਲਕਦਾ ਹੈ ਜੋ ਕਿ ਸੁਭਾਵਿਕ ਵੀ ਹੈ। ਟਕਸਾਲੀ ਵਿੱਚ ਤਾਂ ਵਾਰਤਕ ਹੀ ਲਿਖੀ ਜਾ ਸਕਦੀ ਹੈ। ਕਵਿਤਾ ਵਿੱਚ ਕਵੀ ਦੀ ਇਲਾਕਾਈ ਬੋਲ-ਬਾਣੀ ਆਪ ਮੁਹਾਰੇ ਦਾਖ਼ਲ ਹੋ ਜਾਂਦੀ ਹੈ ਜੋ ਸ਼ੁਭ ਸ਼ਗਨ ਵੀ ਹੈ, ਜਿਸ ਨਾਲ਼ ਇੱਕ ਤਰ੍ਹਾਂ ਦੀ ਭਿੰਨਤਾ ਬਣੀ ਰਹਿੰਦੀ ਹੈ ਅਤੇ ਦੂਜੇ ਇਲਾਕੇ ਵਿੱਚ ਰਹਿਣ ਵਾਲਿਆਂ ਨੂੰ ਨਵੇਂ ਸ਼ਬਦ ਪੜ੍ਹਨ-ਸਿੱਖਣ ਨੂੰ ਮਿਲਦੇ ਹਨ।

ਸਾਹਿਤ ਜਗਤ ਦੇ ਦਰਵਾਜ਼ੇ 'ਤੇ ਮੁਕੇਸ਼ ਆਲਮ ਦੀ ਦਸਤਕ ਦਾ ਸਵਾਗਤ ਹੈ। ਜਿਵੇਂ ਮੁਕੇਸ਼ ਆਲਮ ਹਰ ਨਵੇਂ ਪੁਰਾਣੇ ਮਿਲਣ ਵਾਲੇ ਨੂੰ ਮਿਲਦਾ ਹੈ, ਉਸੇ ਤਰ੍ਹਾਂ ਮੈਂ ਇਸ ਕਿਤਾਬ ਨੂੰ ਖਿੜੇ ਮੱਥੇ ਬਾਹਵਾਂ ਖਿਲਾਰ ਕੇ ਜੀ ਆਇਆਂ ਕਹਿੰਦਾ ਹਾਂ।

ਪਰਮੋਦ ਕਾਫ਼ਿਰ


ਆਸ਼ਿਕ

ਏਸੇ ਆਸ 'ਚ ਆਏ ਹਾਂ ਗਲੀ ਤੇਰੀ ਭਾਵੇਂ ਰੱਖ ਜਿਉਂ ਨਾਲ਼ੀ ਦੀ ਇੱਟ ਸਾਈਂ ਤੇਰੇ ਬਾਝ ਜੇ ਜੀਵੇ ਤਾਂ ਕੀ ਜੀਵੇ ਰਹੇ ਆਪਣੀ ਹੀ ਮਰਗ ’ਤੇ ਪਿੱਟ ਸਾਈਂ ਕਾਹਤੋਂ ਅਗਨ ਵਿਛੋਹ ਵਿੱਚ ਝੋਕਨਾਂ ਏਂ ਸਾਨੂੰ ਇਸ਼ਕ ਦੀ ਅੱਗ ਵਿੱਚ ਸਿੱਟ ਸਾਈਂ ਸਾਡੀ ਰਹਿੰਦ ਨੂੰ ਧੁਰੋਂ ਮੁਕਾ, ਜਿੱਦਾਂ ਤਪਦੇ ਤੇਲ 'ਚ ਪਾਣੀ ਦੀ ਛਿੱਟ ਸਾਈਂ

ਗੀਤ ਬਿਨਾਂ ਕੁਝ ਹੋਰ ਨਹੀਂ ਹੈ

ਸੂਰਜ ਚੰਦ ਹਜ਼ਾਰ ਬਣੇ ਜਦ ਵਕਤ ਦੇ ਪਹਿਰੇਦਾਰ ਬਣੇ ਜਦ ਇੱਕ ਦੇ ਪਾਸੇ ਚਾਰ ਬਣੇ ਜਦ ਖੁਸ਼ੀ ਤੇ ਗ਼ਮ ਨੇ ਜਨਮ ਲਿਆ ਸੀ ਇੱਕ ਸਰਗਮ ਨੇ ਜਨਮ ਲਿਆ ਸੀ ਨਾਲ਼ ਹੀ ਦਮ ਨੇ ਜਨਮ ਲਿਆ ਸੀ ਹਰ ਦਿਲ ਅਤੇ ਜ਼ੁਬਾਨ 'ਚ ਹੈ ਜੋ ਹਰ ਇੱਕ ਆਵਣ-ਜਾਣ ੱਚ ਹੈ ਜੋ ਗੀਤਾ, ਗ੍ਰੰਥ, ਕੁਰਾਨ 'ਚ ਹੈ ਜੋ ਆਸ਼ਕ ਲਈ ਵਫ਼ਾ ਦਾ ਗੀਤ ਬੱਚਿਆਂ ਲਈ ਦੁਆ ਦਾ ਗੀਤ ਫੁੱਲਾਂ ਲਈ ਹਵਾ ਦਾ ਗੀਤ ਫ਼ੱਕਰ ਲਈ ਖੁਦਾ ਦਾ ਗੀਤ ਗੀਤ ਤਾਂ ਹਰ ਇੱਕ ਸ਼ੈਅ ਦੇ ਅੰਦਰ ਗੀਤ ਤਾਂ ਗੀਤ ਦੀ ਲੈਅ ਦੇ ਅੰਦਰ ਜੀਵਨ ਦੀ ਹਰ ਤਹਿ ਦੇ ਅੰਦਰ ਕਲੀਆਂ ਦੇ ਚਟਕਣ ਵਿੱਚ ਗੀਤ ਹੈ ਤਿਤਲੀ ਦੇ ਉੱਡਣ ਵਿੱਚ ਗੀਤ ਹੈ ਜੇਕਰ ਗੀਤ ਬਣਨ ਦੇ ਅੰਦਰ ਦੁਨੀਆ ਦੇ ਟੁੱਟਣ ਵਿੱਚ ਗੀਤ ਹੈ ਪੰਛੀ ਦੀ ਪਰਵਾਜ਼ 'ਚ ਗੀਤ ਹੈ ਦੁਨੀਆ ਦੇ ਹਰ ਸਾਜ਼ 'ਚ ਗੀਤ ਹੈ ਦੁਨੀਆ ਦੇ ਹਰ ਰਾਜ਼ 'ਚ ਗੀਤ ਹੈ ਗੀਤ ਤਾਂ ਹਰ ਇੱਕ ਸ਼ੈਅ ਦੇ ਅੰਦਰ ਗੀਤ ਤਾਂ ਗੀਤ ਦੀ ਲੈਅ ਦੇ ਅੰਦਰ ਜੀਵਨ ਦੀ ਹਰ ਤਹਿ ਦੇ ਅੰਦਰ ਅੱਗ ਨੇ ਸਿਖਰ ਦੁਪਹਿਰ 'ਚ ਲਿਖਿਆ ਚੰਨ ਨੇ ਪਿਛਲੇ ਪਹਿਰ 'ਚ ਲਿਖਿਆ ਪਾਣੀ ਨੇ ਜੋ ਲਹਿਰ 'ਚ ਲਿਖਿਆ ਤੂਫ਼ਾਨਾਂ ਨੇ ਕਹਿਰ 'ਚ ਲਿਖਿਆ ਨਾਗਾਂ ਨੇ ਇਹ ਜ਼ਹਿਰ 'ਚ ਲਿਖਿਆ ਇਸ ਦੁਨੀਆ ਨੂੰ ਗਾਉਣਾ ਹੀ ਪੈਣੈ ਖ਼ਲਕਤ ਨੇ ਇਸ ਬਹਿਰ 'ਚ ਲਿਖਿਆ ਗੀਤ ਤਾਂ ਹਰ ਇੱਕ ਸ਼ੈਅ ਦੇ ਅੰਦਰ ਗੀਤ ਤਾਂ ਗੀਤ ਦੀ ਲੈਅ ਦੇ ਅੰਦਰ ਜੀਵਨ ਦੀ ਹਰ ਤਹਿ ਦੇ ਅੰਦਰ ਸੌਰ-ਮੰਡਲ ਦੇ ਹਿੱਸੇ ਸਾਰੇ ਗ੍ਰਹਿ, ਨਕਸ਼ੱਤਰ ਅਤੇ ਸਿਤਾਰੇ ਭੂਤ, ਭਵਿੱਖ ਤੇ ਵਰਤਮਾਨ ਵੀ ਕੀੜੀ, ਰੁੱਖ ’ਤੇ ਸੁਲੇਮਾਨ ਵੀ ਮਹਿਲ, ਅਟਾਰੀ, ਬਿਆਬਾਨ ਵੀ ਪਾਪੀ, ਸਾਧੂ, ਦਇਆਵਾਨ ਵੀ ਪੀਰ, ਪੈਗ਼ੰਬਰ, ਮੜ੍ਹੀ-ਮਸਾਣ ਵੀ ਝਰਨੇ, ਚਸ਼ਮੇ, ਨਦੀਆਂ, ਸਾਗਰ ਬ੍ਰਹਮਾ, ਸ਼ਿਵ ਤੇ ਗਿਰਧਰ ਨਾਗਰ ਡੂੰਘੀਆਂ ਖਾਈਆਂ ਤੇ ਪਰਬਤ ਵੀ ਸਭ ਕੁਝ ਜਾਣੀ ਕਿ ਸਰਬਤ ਹੀ ਸਿਰੇ ਦੇ ਉੱਚ ਤੇ ਅੱਤ ਦੇ ਨੀਚ ਸਭ ਦੇ ਅੰਦਰ ਇੱਕ ਹੀ ਗੀਤ ਗੀਤ ਤਾਂ ਹਰ ਇੱਕ ਸ਼ੈਅ ਦੇ ਅੰਦਰ ਗੀਤ ਤਾਂ ਗੀਤ ਦੀ ਲੈਅ ਦੇ ਅੰਦਰ ਜੀਵਨ ਦੀ ਹਰ ਤਹਿ ਦੇ ਅੰਦਰ ਮੰਦਰ ਅੰਦਰ ਸੰਖ ਦਾ ਗੀਤ ਕਿਧਰੇ ਜੀਆ ਜੰਤ ਦਾ ਗੀਤ ਜਿਊਂਦਾ ਆਦਿ-ਅੰਤ ਦਾ ਗੀਤ ਕਿਧਰੇ ਧਰਮ ਤੇ ਪੰਥ ਦਾ ਗੀਤ ਇਸ ਨੂੰ ਭਾਵੇਂ ਰਾਧਾ ਕਹਿ ਲਓ ਜੀਵਨ ਜੋੜ ਦਾ ਧਾਗਾ ਕਹਿ ਲਓ ਜਾਂ ਇਸ ਧਾਗੇ ਵਿੱਚ ਪਰੁੱਚੀ ਇੱਕ ਅਦਭੁੱਤ ਮਰਿਆਦਾ ਕਹਿ ਲਓ ਰਾਮ, ਰਹੀਮ, ਇਕੱਲਾ ਕਹਿ ਲਓ ਵਾਹਿਗੁਰੂ ਜਾਂ ਅੱਲ੍ਹਾ ਕਹਿ ਲਓ ਗੀਤ ਬਿਨਾਂ ਕੁਝ ਹੋਰ ਨਹੀਂ ਹੈ ‘ਆਲਮ' ਚਾਹੇ ਲੱਖ ਲਿਖੇ ਪਰ ਏਸ ਗੀਤ ਨੂੰ ਲਿਖਣ ਵਾਸਤੇ ਕਿਸੇ ਕਵੀ ਦੀ ਲੋੜ ਨਹੀਂ ਹੈ ਗੀਤ ਤਾਂ ਹਰ ਇੱਕ ਸ਼ੈਅ ਦੇ ਅੰਦਰ ਗੀਤ ਤਾਂ ਗੀਤ ਦੀ ਲੈਅ ਦੇ ਅੰਦਰ ਜੀਵਨ ਦੀ ਹਰ ਤਹਿ ਦੇ ਅੰਦਰ

ਅੱਲ੍ਹਾ ਹੀ ਅੱਲ੍ਹਾ

ਜਦੋਂ ਵਾਅ ਹੈ ਵਗਦੀ, ਜਦੋਂ ਫੁੱਲ ਹੈ ਖਿੜਦਾ ਸਰੀਰਾਂ ਦੇ ਅੰਦਰ ਜਦੋਂ ਖੂਨ ਗਿੜਦਾ ਤਾਂ ਕਰਦਾ ਹੈ ਧੱਕ-ਧੱਕ ਇਹ ਛਾਤੀ 'ਚ ਹਿਰਦਾ ਪੁਕਾਰੇ ਹਰ ਇੱਕ ਜਾਨ ਅੱਲ੍ਹਾ ਹੀ ਅੱਲ੍ਹਾ ਅੱਲ੍ਹਾ ਹੀ ਅੱਲ੍ਹਾ, ਅੱਲ੍ਹਾ ਹੀ ਅੱਲ੍ਹਾ ਅਸੀਂ ਤਾਂ ਪਰ ਆਪਣੇ ਵਪਾਰਾਂ 'ਚ ਗੁੰਮ ਹਾਂ ਜਾਂ ਹਿਰਦੇ ਦੇ ਅੰਦਰ ਦਰਾਰਾਂ 'ਚ ਗੁੰਮ ਹਾਂ ਤੇ ਬਾਰਾਂ ਨੂੰ ਢੋਅ ਕੇ ਦੀਵਾਰਾਂ 'ਚ ਗੁੰਮ ਹਾਂ ਬੜੀ ਭੀੜ ਹੈ ਫਿਰ ਵੀ ਬੰਦਾ ਹੈ ’ਕੱਲਾ ਅੱਲ੍ਹਾ ਹੀ ਅੱਲ੍ਹਾ, ਅੱਲ੍ਹਾ ਹੀ ਅੱਲ੍ਹਾ ਇਹ ਚਿੱਟੇ, ਹਰੇ, ਲਾਲ, ਪੀਲੇ ਜੋ ਰੰਗ ਨੇ ਇਹ ਸਾਰੇ ਹੀ ਫ਼ਿਰਕਾਪ੍ਰਸਤਾਂ ਤੋਂ ਤੰਗ ਨੇ ਇਹ ਸੱਚ ਦੇ ਨੇ ਟੁਕੜੇ ਤੇ ਟੁਕੜੇ ਵੀ ਭੰਗ ਨੇ ਇਹ ਫਿੱਟੀਆਂ ਨੇ ਪੱਗਾਂ ਤੇ ਛਿੱਜਿਆ ਮੁਸੱਲਾ ਅੱਲ੍ਹਾ ਹੀ ਅੱਲ੍ਹਾ, ਅੱਲ੍ਹਾ ਹੀ ਅੱਲ੍ਹਾ ਇਹ ਸਾਰੇ ਦੇ ਸਾਰੇ ਧਰਮ ਗ੍ਰੰਥ ਚੁੱਪ ਨੇ ਇਹ ਮੰਦਰ ਦੀ ਟੱਲੀ ਅਤੇ ਸੰਖ ਚੁੱਪ ਨੇ ਕਿ ਚੁੱਪ ਨੇ ਮਜ਼੍ਹਬ, ਸਾਰੇ ਹੀ ਪੰਥ ਚੁੱਪ ਨੇ ਜਦੋਂ ਬੋਲੇ ਹੰਕਾਰ, ਬੋਲੇਗਾ 'ਕੱਲਾ ਅੱਲ੍ਹਾ ਹੀ ਅੱਲ੍ਹਾ, ਅੱਲ੍ਹਾ ਹੀ ਅੱਲ੍ਹਾ ਇਨ੍ਹਾਂ ਦੀਵਿਆਂ ਤੇ ਰਿਵਾਜ਼ਾਂ ਦਾ ਕੀ ਏ ਅਗਰਬੱਤੀਆਂ ਤੇ ਨਮਾਜ਼ਾਂ ਦਾ ਕੀ ਏ ਆਵਾਜ਼ਾਂ ਦਾ ਕੀ ਏ, ਮਿਜਾਜ਼ਾਂ ਦਾ ਕੀ ਏ ਭਲੇ ਸਾੜੋ ਸਭ ਕੁਝ, ਬਚਾ ਲਓ ਇਕੱਲਾ ਅੱਲ੍ਹਾ ਹੀ ਅੱਲ੍ਹਾ, ਅੱਲ੍ਹਾ ਹੀ ਅੱਲ੍ਹਾ ਹਾਂ! ਸੂਲੀ ’ਤੇ ਚਾੜ੍ਹਾਂਗੇ, ਪੂਜਾ ਕਰਾਂਗੇ ਜਾਂ ਪਹਿਲੇ ਨੂੰ ਛੱਡਾਂਗੇ, ਦੂਜਾ ਕਰਾਂਗੇ ਤੇ ਪੱਥਰਾਂ ਨੂੰ ਰੱਬ, ਰੱਬ ਨੂੰ ‘ਤੂੰ ਜਾਹ!' ਕਰਾਂਗੇ ਕਿ ਪੱਲੇ ਨਈਂ ਕੁਝ ਫਿਰ ਵੀ ਝਾੜਾਂਗੇ ਪੱਲਾ ਅੱਲ੍ਹਾ ਹੀ ਅੱਲ੍ਹਾ, ਅੱਲ੍ਹਾ ਹੀ ਅੱਲ੍ਹਾ ਇਹ ਸੰਤਾਂ ਫ਼ਕੀਰਾਂ, ਪੈਗ਼ੰਬਰਾਂ ਤੇ ਪੀਰਾਂ ਜੋ ਦਿੱਤੇ ਸੀ ਰਸਤੇ, ਉਹ ਬਣ ਗਏ ਲਕੀਰਾਂ ਅਸੀਂ ਸਾਰਾ ਆਲਮ ਹੀ ਕਰ ਛੱਡਿਐ ਲੀਰਾਂ ਤੇ ਲੀਰਾਂ ਦੇ ਅੰਦਰ ਦਾ ਧਾਗਾ ਵੀ ਚੱਲਾ ਅੱਲ੍ਹਾ ਹੀ ਅੱਲ੍ਹਾ, ਅੱਲ੍ਹਾ ਹੀ ਅੱਲ੍ਹਾ

ਕੜਲਾ

ਮੈਂ ਕਿੱਥੇ ਆਪ, ਮੇਰੀ ਜ਼ਾਤ ਕਿੱਥੇ ਮੈਂ ਕੀ ਆਖਾਂ, ਮੇਰੀ ਔਕਾਤ ਕਿੱਥੇ ਕਿ ਮੈਂ ਤਾਂ ਕਹਿ ਰਿਹਾ ਹਾਂ ਸਿਰਫ਼ ਉਹ ਜੋ ਮੇਰੇ ਪੈਰਾਂ ਦਾ ਕੜਲਾ ਬੋਲਦਾ ਹੈ ਹਵਾ ਨਾ ਚਾਲ ਆਪਣੀ ਵੇਖਦੀ ਹੈ ਨਾ ਦਰਿਆ ਵੇਗ ਆਪਣਾ ਰੋਕਦਾ ਹੈ ਨਾ ਚੰਨ ਮਿਣਦਾ ਹੈ ਆਪਣੀ ਚਾਨਣੀ ਨੂੰ ਨਾ ਸੂਰਜ ਤੇਜ ਆਪਣਾ ਤੋਲਦਾ ਹੈ ਨਾ ਫੁੱਲ ਖੁਸ਼ਬੂ ਨੂੰ ਖਿੰਡਣੋਂ ਵਰਜਦੇ ਨੇ ਨਾ ਅੰਬਰ ਤਾਰਿਆਂ ਨੂੰ ਬੋਚਦਾ ਹੈ ਮਹਿਜ਼ ਬੰਦਾ ਹੈ ਜੋ ਖ਼ੁਦਗ਼ਰਜ਼ ਹੋਇਆ ਮਹਿਜ਼ ਬੰਦਾ ਹੀ ਏਨਾ ਸੋਚਦਾ ਹੈ ਮੈਂ ਕੀ ਆਖਾਂ ਮੇਰੀ ਔਕਾਤ ਕਿੱਥੇ ਮੇਰੇ ਪੈਰਾਂ ਦਾ ਕੜਲਾ ਬੋਲਦਾ ਹੈ ਕੀ ਲੈਣਾ ਹੈ ਮਸੀਤਾਂ ਮੰਦਰਾਂ ਤੋਂ ਧਰਮ ਦੇ ਡਿੱਗਦੇ-ਢਹਿੰਦੇ ਖੰਡਰਾਂ ਤੋਂ ਬਹਾਰਾਂ ਦੇ ਨਹੀਂ ਹਨ ਗੀਤ ਜਿੱਥੇ ਜੁਗਾਂ ਤੋਂ ਖ਼ਾਲੀ ਹੋਏ ਬੰਜਰਾਂ ਤੋਂ ਕਿ ਕਿਣਮਿਣ ਸੱਚ ਦੀ ਉਸ ਦਿਲ ਨੂੰ ਭਾਲ਼ੇ ਜੋ ਠੋਕਰ ਮਾਰ ਦੇਣਾ ਲੋਚਦਾ ਹੈ ਮੈਂ ਕੀ ਆਖਾਂ ਮੇਰੀ ਔਕਾਤ ਕਿੱਥੇ ਮੇਰੇ ਪੈਰਾਂ ਦਾ ਕੜਲਾ ਬੋਲਦਾ ਹੈ ਇਹ ਰੰਗ ਆਪਸ 'ਚ ਗੱਲਾਂ ਕਰ ਰਹੇ ਸਨ ਤੇ ਕੈਨਵਸ ਰੰਗਾਂ ਕੋਲ਼ੋਂ ਡਰ ਰਹੇ ਸਨ ਕਲਮ ਚੁੱਪ-ਚੁੱਪ ਖਲੋਤੀ ਵੇਖਦੀ ਸੀ ਤੇ ਚਿੱਤਰ ਉਤਰਦੇ ਹੀ ਮਰ ਰਹੇ ਸਨ ਵਹਿਮ ਸੀ ਇਹ ਉਨ੍ਹਾਂ ਦਾ ਵਹਿਮ ਹੀ ਸੀ ਕਿ ਚਿੱਤਰਕਾਰ ਕਦ ਹੱਥ ਰੋਕਦਾ ਹੈ? ਮੈਂ ਕੀ ਆਖਾਂ ਮੇਰੀ ਔਕਾਤ ਕਿੱਥੇ ਮੇਰੇ ਪੈਰਾਂ ਦਾ ਕੜਲਾ ਬੋਲਦਾ ਹੈ ਸਮਾਂ ਲੈਂਦਾ ਜਨਮ ਆਪਣੀ ਹੀ ਕੁੱਖ ਤੋਂ ਬੀਜ ਤੋਂ ਰੁੱਖ ਆਇਆ, ਬੀਜ ਰੁੱਖ ਤੋਂ ਕਿ ਇੱਕ ਦੂਜੇ 'ਚ ਨੇ ਗਡਮਡ ਇਹ ਸਾਰੇ ਦੁੱਖਾਂ ਤੋਂ ਸੁੱਖ ਤੇ ਦੁੱਖ ਆਉਂਦਾ ਹੈ ਸੁੱਖ ਤੋਂ ਇਹ ਦਿਨ ਤੇ ਰਾਤ ਦਾ ਉਸਨੂੰ ਪਤਾ ਕੀ ਕਿ ਸੂਰਜ ਸਿਰਫ਼ ਤੁਰਨਾ ਸੋਚਦਾ ਹੈ ਮੈਂ ਕੀ ਆਖਾਂ ਮੇਰੀ ਔਕਾਤ ਕਿੱਥੇ ਮੇਰੇ ਪੈਰਾਂ ਦਾ ਕੜਲਾ ਬੋਲਦਾ ਹੈ ਇਹ ਦਿਲ ਇੱਕ ਦੇਵ ਹੈ, ਦਾਨਵ ਵੀ ਹੈ ਇਹ ਕਦੇ ਹੈ ਜਾਨਵਰ, ਮਾਨਵ ਵੀ ਹੈ ਇਹ ਇਹ ਰਾਹਾਂ ਦਾ ਹੈ ਦੀਵਾ, ਭਟਕਣਾ ਵੀ ਨ੍ਰਿਤ ਹੈ ਪ੍ਰੇਮ ਦਾ, ਤਾਂਡਵ ਵੀ ਹੈ ਇਹ ਇਹ ਉਹ ਕਰਦਾ ਹੈ ਜੋ ਆਪਾਂ ਕਰਾਈਏ ਫ਼ਰਕ ਤਾਂ ਸਿਰਫ਼ ਆਪਣੀ ਹੋਸ਼ ਦਾ ਹੈ ਮੈਂ ਕੀ ਆਖਾਂ ਮੇਰੀ ਔਕਾਤ ਕਿੱਥੇ ਮੇਰੇ ਪੈਰਾਂ ਦਾ ਕੜਲਾ ਬੋਲਦਾ ਹੈ ਮੈਂ ਕੀ ਆਖਾਂ ਇਹ ਗੱਲ ਹੈ ਭੇਤ ਵਾਂਗੂੰ ਮੈਂ ਕੀ ਆਖਾਂ ਇਹ ਗੱਲ ਹੈ ਰੇਤ ਵਾਂਗੂੰ ਜੇ ਮੁੱਠੀ ਬੰਦ ਕਰਦਾਂ ਖਿਸਕ ਜਾਵੇ ਜੇ ਖੋਲ੍ਹਾਂ, ਬਿਖਰ ਜਾਵੇ ਖੇਤ ਵਾਂਗੂੰ ਇਹ ਗੱਲ ਸ਼ਬਦਾਂ ਨੂੰ ਝੂਠਾ ਆਖਦੀ ਹੈ ਤੇ ਇਸ ਨੂੰ ਸਾਰਾ ‘ਆਲਮ’ ਟੋਲਦਾ ਹੈ ਮੈਂ ਕੀ ਆਖਾਂ ਮੇਰੀ ਔਕਾਤ ਕਿੱਥੇ ਮੇਰੇ ਪੈਰਾਂ ਦਾ ਕੜਲਾ ਬੋਲਦਾ ਹੈ

ਪਾਣੀ

ਧਰਤੀ, ਅੰਬਰ ਸਾਰੇ ਗਾਹ ਲੈ ਰਸਤੇ ਆਪਣੇ ਆਪ ਬਣਾ ਲੈ ਨੱਚਦੇ-ਟੱਪਦੇ ਗੀਤ ਵੀ ਗਾ ਲੈ ਫੇਰ ਸਮੁੰਦਰ ਵਿੱਚ ਉਤਰ ਪਾਣੀ ਬਣ, ਪਰਿਕਰਮਾ ਕਰ ਜਿਸ ਨਾ’ ਮਿਲਿਆ ਓਹੀ ਹੋ ਜਾ ਰੱਖ ਨਾ ਮੋਹ, ਨਿਰਮੋਹੀ ਹੋ ਜਾ ਤੁਰਦੇ-ਤੁਰਦੇ ਰੋਹੀ ਹੋ ਜਾ ਰਹੀਂ ਸੁਤੰਤਰ, ਕਰੀਂ ਸਫ਼ਰ ਪਾਣੀ ਬਣ, ਪਰਿਕਰਮਾ ਕਰ ਹੋ ਕੇ ਭਾਫ਼ ਹਵਾ ਵਿੱਚ ਰਲ਼ ਜਾ ਜੰਮ ਕੇ ਸਖਤ ਬਰਫ਼ ਵਿੱਚ ਢਲ਼ ਜਾ ਜਿਵੇਂ ਉਹ ਚਾਹਵੇ ਉਵੇਂ ਬਦਲ ਜਾ ਝਰਨਾ, ਚਸ਼ਮਾ ਜਾਂ ਸਾਗਰ ਪਾਣੀ ਬਣ, ਪਰਿਕਰਮਾ ਕਰ ਮਿੱਟੀ ਦੇ ਵਿੱਚ ਗੰਧਲਾ ਹੋ ਜਾ ਰੰਗਾਂ ਦੇ ਵਿੱਚ ਰੰਗਲਾ ਹੋ ਜਾ ਸੰਦਲ ਨਾਲ਼ ਵੀ ਸੰਦਲਾ ਹੋ ਜਾ ਸਭ ਕੁਝ ਹੋ ਕੇ ਫੇਰ ਨਿਤਰ ਪਾਣੀ ਬਣ, ਪਰਿਕਰਮਾ ਕਰ ਹਰ ਕੋਠੇ, ਹਰ ਵੱਟ ਤੇ ਵਰ੍ਹਨਾ ਐਪਰ ਨਹੀਂ ਕਿਸੇ ਥਾਂ ਖੜ੍ਹਨਾ ਜੇਹਾ ਭਾਂਡਾ, ਤੇਹਾ ਭਰਨਾ ਰੱਖੀਂ ਸੁੱਚੀ ਸਾਫ਼ ਨਜ਼ਰ ਪਾਣੀ ਬਣ, ਪਰਿਕਰਮਾ ਕਰ ਸੱਪ ਤੇ ਸਾਧੂ ਵੱਖ ਨਾ ਸਮਝੀਂ ਰਾਹ ਦੇ ਪੱਥਰ ਕੱਖ ਨਾ ਸਮਝੀਂ ਇਸਦਾ-ਉਸਦਾ ਪੱਖ ਨਾ ਸਮਝੀਂ ਸਭ ’ਤੇ ਇੱਕੋ ਕਰੀਂ ਨਜ਼ਰ ਪਾਣੀ ਬਣ, ਪਰਿਕਰਮਾ ਕਰ ਬੂਟੇ, ਫੁੱਲ ਖਿੜਾਉਂਦਾ ਚੱਲ ਸਭ ਦੀ ਪਿਆਸ ਬੁਝਾਉਂਦਾ ਚੱਲ ‘ਆਲਮ’ ਨਾਦ ਵਜਾਉਂਦਾ ਚੱਲ ਬੰਨ੍ਹ ਵੀ ਲੱਗਣੇ, ਤੂੰ ਐਪਰ ਪਾਣੀ ਬਣ, ਪਰਿਕਰਮਾ ਕਰ

ਮਿੱਟੀ

ਕੋਈ ਤਾਂ ਰੂਪ, ਕੋਈ ਬਣਤਰ, ਕੋਈ ਆਕਾਰ ਦੇ ਮੈਨੂੰ ਸਮੇਂ ਦੇ ਚੱਕ 'ਤੇ ਚੜ੍ਹਿਆ ਹਾਂ ਮੈਂ, ਸੰਵਾਰ ਦੇ ਮੈਨੂੰ ਹਰਿਕ ਮਿੱਟੀ ਦੇ ਭਾਂਡੇ ਨੇ ਤਾਂ ਇੱਕ ਦਿਨ ਖੁਰ ਹੀ ਜਾਣਾ ਹੈ ਤੇ ਬਣ ਕੇ ਮਿਟਣ ਦੀ ਤੌਫ਼ੀਕ ਐ ਘੁਮਿਆਰ ਦੇ ਮੈਨੂੰ ਮੇਰੀ ਮਿੱਟੀ 'ਚੋਂ ਕੁਝ ਮਿੱਟੀ ਦੇ ਤੂੰ ਦੀਵੇ ਬਣਾ ਦੇਵੀਂ ਪਰਿੰਦੇ ਪੀ ਸਕਣ ਪਾਣੀ, ਕੁਝ ਇੱਕ ਕੁੱਜੇ ਬਣਾ ਦੇਵੀਂ ਕਿ ਫੁੱਲਾਂ ਨੂੰ ਮਿਲੇ ਆਧਾਰ, ਕੁਝ ਗਮਲੇ ਬਣਾ ਦੇਵੀਂ ਤੇ ਫਿਰ ਵੀ ਜੇ ਬਚਾਂ, ਸੱਜਣਾ ਦੇ ਰਾਹ ਖਿਲਾਰ ਦੇ ਮੈਨੂੰ ਤੇ ਬਣ ਕੇ ਮਿਟਣ ਦੀ ਤੌਫ਼ੀਕ ਐ ਘੁਮਿਆਰ ਦੇ ਮੈਨੂੰ ਇਹ ਪਾਣੀ ਵਕਤ ਦੇ ਮੈਨੂੰ ਵਹਾਅ ਕੇ ਜਾ ਵੀ ਸਕਦੇ ਨੇ ਵਰੋਲ਼ੇ ਹੋਂਦ ਮੇਰੀ ਨੂੰ ਉਡਾ ਕੇ ਜਾ ਵੀ ਸਕਦੇ ਨੇ ਤੇਰੀ ਰਹਿਮਤ ਦੇ ਮੀਂਹ ਜ਼ੱਰੇ ਮੇਰੇ ਮਹਿਕਾ ਵੀ ਸਕਦੇ ਨੇ ਕਬੂਲਾਂ ਹਰ ਰਜ਼ਾ ਤੇਰੀ, ਏਨਾ ਇਤਬਾਰ ਦੇ ਮੈਨੂੰ ਤੇ ਬਣ ਕੇ ਮਿਟਣ ਦੀ ਤੌਫ਼ੀਕ ਐ ਘੁਮਿਆਰ ਦੇ ਮੈਨੂੰ ਤੇ ਏਨੀ ਨਿਮਰਤਾ ਬਖਸ਼ੀਂ ਕਿ ਮੈਂ ਪਾਣੀ ਨੂੰ ਰਾਹ ਦੇਵਾਂ ਮੈਂ ਲਾਵੇ ਸਾਂਭ ਕੇ ਛਾਤੀ 'ਚ ਸਾਗਰ ਨੂੰ ਵੀ ਥਾਹ ਦੇਵਾਂ ਮੈਂ ਉੱਗਦੇ ਬੂਟਿਆਂ ਨੂੰ ਬਲ, ਤੇ ਕਬਰਾਂ ਨੂੰ ਪਨਾਹ ਦੇਵਾਂ ਨਿਗੂਣਾ ਹਾਂ ਬਹੁਤ ਫਿਰ ਵੀ ਤੂੰ ਇਹ ਅਧਿਕਾਰ ਦੇ ਮੈਨੂੰ ਤੇ ਬਣ ਕੇ ਮਿਟਣ ਦੀ ਤੌਫ਼ੀਕ ਐ ਘੁਮਿਆਰ ਦੇ ਮੈਨੂੰ ਕਦੋਂ ਮੈਂ ਆਖਿਆ ਮੈਨੂੰ ਕੋਈ ਸਨਮਾਨ ਮਿਲ ਜਾਵੇ ਕਦੋਂ ਮੈਂ ਆਖਿਆ ‘ਆਲਮ’ ਨੂੰ ਉੱਚੀ ਸ਼ਾਨ ਮਿਲ ਜਾਵੇ ਮੈਂ ਆਪਣੀ ਜ਼ਾਤ ਨਾ ਭੁੱਲਾਂ ਚਾਹੇ ਅਸਮਾਨ ਮਿਲ ਜਾਵੇ ਹੈ ਏਨੀ ਅਰਜ਼ ਬਸ, ਮੈਂ ਕਦ ਕਿਹਾ ਅੰਬਾਰ ਦੇ ਮੈਨੂੰ ਤੇ ਬਣ ਕੇ ਮਿਟਣ ਦੀ ਤੌਫ਼ੀਕ ਐ ਘੁਮਿਆਰ ਦੇ ਮੈਨੂੰ

ਅਗਨੀ

ਸਵਾਲਾਂ ਤੋਂ ਅਗਾਂਹ ਹੋ ਕੇ ਮਹਿਜ਼ ਉੱਤਰ ਦੇ ਪਾਸੇ ਚੱਲ ਮੇਰੇ ਮਨ ਜੋਤ ਹੈਂ ਤੂੰ ਤਾਂ ਸਦਾ ਉੱਪਰ ਦੇ ਪਾਸੇ ਚੱਲ ਦਿਸ਼ਾ ਦਾ ਬੋਧ ਕੀ ਰੱਖਣਾ, ਇਹ ਪੂਰਬ ਹੈ ਕਿ ਪੱਛਮ ਹੈ ਦੱਖਣ ਵਾਲੇ ਪਾਸੇ ਜਾਹ ਕਿ ਤੂੰ ਉੱਤਰ ਦੇ ਪਾਸੇ ਚੱਲ ਮੇਰੇ ਮਨ ਜੋਤ ਹੈਂ ਤੂੰ ਤਾਂ, ਸਦਾ ਉੱਪਰ ਦੇ ਪਾਸੇ ਚੱਲ ਅਗਨ ਦੇ ਰਾਗ ਤਾਂ ਕੇਵਲ ਮਨਾਂ! ਆਰੋਹੀ ਹੁੰਦੇ ਨੇ ਸੁਰ ਅੰਗਿਆਰ ਦੇ ਹਰ ਹਾਲ ਵਿੱਚ ਨਿਰਮੋਹੀ ਹੁੰਦੇ ਨੇ ਜਿਨ੍ਹਾਂ ਵਿੱਚ ਗੀਤ ਬਲ਼ ਜਾਂਦਾ ਹੈ ਅੱਖਰ ਓਹੀ ਹੁੰਦੇ ਨੇ ਤੂੰ ਕਵਿਤਾ ਦੇ ਉਸੇ ਮੱਚਦੇ ਹੋਏ ਅੱਖਰ ਦੇ ਪਾਸੇ ਚੱਲ ਮੇਰੇ ਮਨ ਜੋਤ ਹੈਂ ਤੂੰ ਤਾਂ, ਸਦਾ ਉੱਪਰ ਦੇ ਪਾਸੇ ਚੱਲ ਹਰਿਕ ਸੀਨੇ 'ਚ ਅਗਨੀ ਹੈ ਇਹੀ ਦੱਸਦੇ ਨੇ ਸਾਹ ਤੇਰੇ ਇਹ ਧਰਤੀ ਹੇਠਲੇ ਲਾਵੇ ਵੀ ਬਣਦੇ ਨੇ ਗਵਾਹ ਤੇਰੇ ਜ਼ਰੂਰੀ ਹੈ ਤਪਿਸ਼ ਪਰ ਮੱਲ ਕੇ ਬੈਠੇ ਜੋ ਰਾਹ ਤੇਰੇ ਨਦੀ ਬਣ, ਰਾਹੀਂ ਤਪਦੇ ਓਸ ਹਰ ਪੱਥਰ ਦੇ ਪਾਸੇ ਚੱਲ ਮੇਰੇ ਮਨ ਜੋਤ ਹੈਂ ਤੂੰ ਤਾਂ, ਸਦਾ ਉੱਪਰ ਦੇ ਪਾਸੇ ਚੱਲ ਜੇ ਦੀਵਾ ਨਾ ਬਣੀ ਅਗਨੀ ਤਾਂ ਸਭ ਕੁਝ ਬਾਲ਼ ਦੇਵੇਗੀ ਚਿਤਾ ਦੀ ਸੇਜ, ਲੋਹਾ ਜਿਸਮ ਦਾ ਪਿੰਘਾਲ ਦੇਵੇਗੀ ਦੁਆ ਜੇ ਬਣ ਸਕੀ ਨਾ ਇਹ, ਘਿਨੌਣੀ ਗਾਲ੍ਹ ਦੇਵੇਗੀ ਤੂੰ ਬੁਝਦੇ ਦੀਵਿਆਂ ਦੇ ਜਗਣ ਦੀ ਸੱਧਰ ਦੇ ਪਾਸੇ ਚੱਲ ਮੇਰੇ ਮਨ ਜੋਤ ਹੈਂ ਤੂੰ ਤਾਂ, ਸਦਾ ਉੱਪਰ ਦੇ ਪਾਸੇ ਚੱਲ ਜਨਮ ਤੇ ਮੌਤ, ਆਦਿ-ਅੰਤ ਤੇ ਸੰਸਾਰ ਹੈ ਅਗਨੀ ਹੈ ਉਰਲੇ ਪਾਰ, ਪਰਲੇ ਪਾਰ ਤੇ ਵਿਚਕਾਰ ਹੈ ਅਗਨੀ ਕਿ ਨਫ਼ਰਤ ਤੇ ਇਬਾਦਤ, ਦੁਸ਼ਮਣੀ ਤੇ ਪਿਆਰ ਹੈ ਅਗਨੀ ਇਦ੍ਹੇ ਪਾਸੇ ਕਈ ‘ਆਲਮ', ਤੂੰ ਬਸ ਨਿੱਖਰਦੇ ਪਾਸੇ ਚੱਲ ਮੇਰੇ ਮਨ ਜੋਤ ਹੈਂ ਤੂੰ ਤਾਂ, ਸਦਾ ਉੱਪਰ ਦੇ ਪਾਸੇ ਚੱਲ

ਆਕਾਸ਼

ਦਿਨ ਰਾਤ ਤਰਸਦਾ ਹਾਂ, ਜਿਸ ਗੁਫ਼ਾ 'ਚ ਵਸਦਾ ਹਾਂ ਮੈਂ ਆਪਣੇ-ਆਪ ’ਤੇ ਹੀ ਪਿਆ ਤਾਅਨੇ ਕੱਸਦਾ ਹਾਂ ਕੰਧਾਂ ਤੇ ਛੱਤਾਂ ਨੂੰ ਘਰ ਆਪਣਾ ਦੱਸਦਾ ਹਾਂ ਦੇ ਕਾਲ-ਕੋਠੜੀ ਨੂੰ ਪਰਕਾਸ਼ ਵੇ ਮੇਰਿਆ ਸਾਈਂਆਂ ਇੱਕ ਖਿੜਕੀ ਆਕਾਸ਼ ਵੇ ਮੇਰਿਆ ਸਾਈਂਆਂ ਇਸ ਨ੍ਹੇਰ ਪਤੰਗੇ ਨੂੰ, ਦੇ ਖਾਬ ਦੀਵਿਆਂ ਦਾ ਤੇ ਮਨ ਦੀ ਬਾਉਲੀ ਨੂੰ, ਦੇ ਆਬ ਸਦੀਵਿਆਂ ਦਾ ਟਿੱਲੇ ਦੇ ਜੋਗੀ ਨੂੰ, ਕੋਈ ਫ਼ਿਕਰ ਨੀਵਿਆਂ ਦਾ ਤੂੰ ਖੋਲ੍ਹ ਦੇ ਸਾਰੇ ਪਾਸ਼ ਵੇ ਮੇਰਿਆ ਸਾਈਂਆਂ ਇੱਕ ਖਿੜਕੀ ਆਕਾਸ਼ ਵੇ ਮੇਰਿਆ ਸਾਈਂਆਂ ਦੇ ਦਿਲ ਦੇ ਪੱਥਰ ਨੂੰ, ਆਕਾਰ ਮੂਰਤੀ ਦਾ ਤੇ ਪ੍ਰੇਮ ਦੀ ਸੱਧਰ ਨੂੰ, ਵਰਦਾਨ ਪੂਰਤੀ ਦਾ ਭਟਕੇ ਹੋਏ ਅੱਖਰ ਨੂੰ, ਕੋਈ ਗੀਤ ਵੀ ਸੁਰਤੀ ਦਾ ਨੱਕਾਸ਼ਾਂ ਦੇ ਨੱਕਾਸ਼ ਵੇ ਮੇਰਿਆ ਸਾਈਂਆਂ ਇੱਕ ਖਿੜਕੀ ਆਕਾਸ਼ ਵੇ ਮੇਰਿਆ ਸਾਈਂਆਂ ਹੈ ਚੁੱਪ ਦੀ ਝਾਂਜਰ ਵਿੱਚ ਅੰਤਾਂ ਦਾ ਸ਼ੋਰ ਜਿਹਾ ਮੇਰੀ ਸੋਚ ਦੇ ਵਿੱਚ ਪੈਲਾਂ ਪਾਵੇ ਕੋਈ ਮੋਰ ਜਿਹਾ ਕਰ ਵਹਿਣ ਸੁਫ਼ਨਿਆਂ ਦਾ ਨਦੀਆਂ ਦੀ ਤੋਰ ਜਿਹਾ ਮੇਰੀ ਸੜਦੀ ਜਾਵੇ ਲਾਸ਼ ਵੇ ਮੇਰਿਆ ਸਾਈਂਆਂ ਇੱਕ ਖਿੜਕੀ ਆਕਾਸ਼ ਵੇ ਮੇਰਿਆ ਸਾਈਂਆਂ ਬਸ ਖੁਰਦੀਆਂ ਬਰਫ਼ਾਂ ਨੂੰ, ਸਾਗਰ ਵਿੱਚ ਥਾਹ ਮਿਲਜੇ ‘ਆਲਮ’ ਜਿਹੇ ਰਾਹੀ ਨੂੰ, ਨੇਰ੍ਹੇ 'ਚੋਂ ਰਾਹ ਮਿਲਜੇ ਲੱਖਾਂ ਹੀ ਰੀਝਾਂ ਨੇ, ਅਹੁ ਮਿਲਜੇ, ਆਹ ਮਿਲਜੇ ਪਰ ਤੂੰ ਹੀ ਮੇਰੀ ਤਲਾਸ਼ ਵੇ ਮੇਰਿਆ ਸਾਈਂਆਂ ਇੱਕ ਖਿੜਕੀ ਆਕਾਸ਼ ਵੇ ਮੇਰਿਆ ਸਾਈਂਆਂ

ਹਵਾ

ਮਹਿਜ਼ ਸੰਦੇਸ਼ਵਾਹਕ ਮੈਂ ਬਣਾ ਤੇਰਾ ਹਵਾ ਵਾਂਗੂੰ ਜਿਹਾ ਅੰਦਰ ਹਾਂ ਮੈਂ ਬਾਹਰ ਰਹਾਂ ਤੇਹਾ ਹਵਾ ਵਾਂਗੂੰ ਮੇਰੇ ਤਨ ਦੀ ਇਹ ਮਿੱਟੀ ਕੰਧ ਨਾ ਹੋਵੇ ਤੇਰੇ ਸਾਹਵੇਂ ਹਵਾ ਦੀ ਲਹਿਰ ਵਿੱਚ ਵਿਗਸਣ ਮੇਰੇ ਇਹ ਸਾਹ ਹਵਾ ਵਾਂਗੂੰ ਦਿਸ਼ਾ ਕੋਈ ਨਹੀਂ ਮੇਰੀ ਕਿ ਮੈਂ ਕਿੱਧਰ ਨੂੰ ਜਾਣਾ ਹੈ ਨਾ ਕੋਈ ਦੇਸ ਹੈ ਮੇਰਾ ਤੇ ਨਾ ਕੋਈ ਟਿਕਾਣਾ ਹੈ ਤੇ ਜਿਸਨੇ ਉੱਡਣਾ ਹੈ ਥਾਂ ਟਿਕਾਣੇ ਪੁੱਜ ਹੀ ਜਾਣਾ ਹੈ ਕਿਸੇ ਦਿਲ ਦੇ ਕਿਸੇ ਕੋਨੇ 'ਚੋਂ ਨਿੱਕਲਦੀ ਦੁਆ ਵਾਂਗੂੰ ਮਹਿਜ਼ ਸੰਦੇਸ਼ਵਾਹਕ ਮੈਂ ਬਣਾ ਤੇਰਾ ਹਵਾ ਵਾਂਗੂੰ ਜਦੋਂ ਵੰਝਲੀ 'ਚੋਂ ਵਗਦੀ ਹੈ ਸੁਰਾਂ ਨੂੰ ਤਾਲ ਦਿੰਦੀ ਹੈ ਇਹ ਤਪਦੇ ਜੰਗਲਾਂ ਨੂੰ ਬੇਰਹਿਮ ਹੋ ਬਾਲ਼ ਦਿੰਦੀ ਹੈ ਤੇ ਇਹ ਸੋਨੇ ਨੂੰ ਸੋਨੇ ਵਿੱਚੋਂ ਹੀ ਖੰਘਾਲ ਦਿੰਦੀ ਹੈ ਇਹ ਸਭ ਕੁਝ ਹੂ-ਬ-ਹੂ ਕਰਦੀ ਹੈ ਸਾਡੀ ਆਸਥਾ ਵਾਂਗੂੰ ਮਹਿਜ਼ ਸੰਦੇਸ਼ਵਾਹਕ ਮੈਂ ਬਣਾ ਤੇਰਾ ਹਵਾ ਵਾਂਗੂੰ ਇਹ ਹੈ ਤਾਂ ਪਰ ਕਿਸੇ ਨੂੰ ਵੀ ਨਜ਼ਰ ਇਹ ਆ ਨਹੀਂ ਸਕਦੀ ਇਹ ਆਪਣੇ-ਆਪ ਨੂੰ ਚਾਹਵੇ ਵੀ ਤਾਂ ਦਿਖਲਾ ਨਹੀਂ ਸਕਦੀ ਤੇ ਫਿਰ ਵੀ ਹੋਂਦ ਆਪਣੀ ਨੂੰ ਕਦੇ ਝੁਠਲਾ ਨਹੀਂ ਸਕਦੀ ਇਹ ਹੈ ਸੈਭੰ ਤੇ ਨਿਰਦੋਸ਼ ਹੈ ਹਰ ਥਾਂ ਖੁਦਾ ਵਾਂਗੂੰ ਮਹਿਜ਼ ਸੰਦੇਸ਼ਵਾਹਕ ਮੈਂ ਬਣਾ ਤੇਰਾ ਹਵਾ ਵਾਂਗੂੰ ਤੇ ਇਸ ਦੇ ਨਾਲ਼ ਰਿਸ਼ਤਾ ਇਹ ਕਿ ਜਦ ਸੜ ਕੇ ਸਵਾਹ ਹੋਣਾ ਹਵਾ ਚੱਲਣੀ ਹੈ ਫਿਰ ਐਸੀ ਕਿ ਆਪਾਂ ਵੀ ਹਵਾ ਹੋਣਾ ਖ਼ਬਰ ਇਹ ਵੀ ਨਹੀਂ ਹੈ ਫਿਰ ਅਸਾਂ ਨੇ ਕਿਸ ਜਗ੍ਹਾ ਹੋਣਾ ਇਹ ਅਜ਼ਲਾਂ ਤੋਂ ਹੈ ਪਰ ‘ਆਲਮ' ਦਾ ਜੀਵਨ ਯਾਤਰਾ ਵਾਂਗੂੰ ਮਹਿਜ਼ ਸੰਦੇਸ਼ਵਾਹਕ ਮੈਂ ਬਣਾ ਤੇਰਾ ਹਵਾ ਵਾਂਗੂੰ

ਕੱਚ ਦੇ ਸੁਫ਼ਨੇ

ਗੀਤਾਂ ਦੀਆਂ ਲਹਿਰਾਂ ਉੱਤੇ ਸੱਤ ਸੁਰ ਨੱਚਦੇ ਨੇ ਗੀਤ, ਸੁਰ, ਲਹਿਰਾਂ, ਇਹ ਵੀ ਸੁਫ਼ਨੇ ਹੀ ਕੱਚ ਦੇ ਨੇ ਬੰਦਗੀ ਦੇ ਸਾਜ਼ ਉੱਤੇ ਜ਼ਿੰਦਗੀ ਦੀ ਤਾਰ ਜਿਵੇਂ ਫੁੱਲਾਂ ਤੋਂ ਪਰਾਗ ਲੈਂਦੇ ਭੌਰੇ ਦੀ ਗੁੰਜਾਰ ਜਿਵੇਂ ਸਾਰਾ ਕੁਝ ਚੱਲੀ ਜਾਂਦੈ ਆਪੇ ਬੇਮੁਹਾਰ ਜਿਵੇਂ ਤਿੰਨੋਂ ਜਣੇ ਹੌਲ਼ੀ-ਹੌਲ਼ੀ ਹੱਸਦੇ ਤੇ ਤੱਕਦੇ ਨੇ ਗੀਤ, ਸੁਰ, ਲਹਿਰਾਂ, ਇਹ ਵੀ ਸੁਫ਼ਨੇ ਹੀ ਕੱਚ ਦੇ ਸਾਗਰਾਂ ਤੋਂ ਬੱਦਲਾਂ 'ਚ, ਬੱਦਲਾਂ ਤੋਂ ਸਾਗਰਾਂ 'ਚ ਝਰਨੇ ਤੋਂ ਨਦੀਆਂ 'ਚ, ਨਦੀਆਂ ਤੋਂ ਗਾਗਰਾਂ 'ਚ ਨਾਲ਼ੀਆਂ ਤੋਂ ਨਦੀਆਂ 'ਚ, ਮੁੜ ਫੇਰ ਸਾਗਰਾਂ 'ਚ ਧਰਤੀ ਦੇ ਪਾਣੀ ਬ੍ਰਹਿਮੰਡ ਘੁੰਮ ਸਕਦੇ ਨੇ ਗੀਤ, ਸੁਰ, ਲਹਿਰਾਂ, ਇਹ ਵੀ ਸੁਫ਼ਨੇ ਹੀ ਕੱਚ ਦੇ ਨੇ ਬਚਪਨ, ਜਵਾਨੀ ਤੇ ਬੁਢਾਪੇ ਤੋਂ ਸਿਆਪੇ ਤੱਕ ਜੁਗਾਂ ਤੋਂ ਹੀ ਜੁਗ-ਜੁਗ ਜਿਉਣ ਜੋਗੇ ਮਾਪੇ ਤੱਕ ਆਪਣੇ ਤੋਂ ਜੱਗ ਤੱਕ, ਜੱਗ ਤੋਂ ਫਿਰ ਆਪੇ ਤੱਕ ਰੋਜ਼ ਰੋਜ਼ ਵੇਖ ਨਵੇਂ ਸਿਵੇ ਪਏ ਤਪਦੇ ਨੇ ਗੀਤ, ਸੁਰ, ਲਹਿਰਾਂ, ਇਹ ਵੀ ਸੁਫ਼ਨੇ ਹੀ ਕੱਚ ਦੇ ਨੇ ਕੀੜਿਆਂ ਨੂੰ ਡੱਡੂ ਖਾਵੇ, ਡੱਡੂਆਂ ਨੂੰ ਸੱਪ ਵੀ ਹਰ ਜੀਵ ਜਾਣੈ ਭਾਵੇਂ ਮਾਰੇ ਉਹ ਛੜੱਪ ਵੀ ਸੂਰਜਾਂ ਨੂੰ ਕਰ ਲੈਣੈ ਸਮਿਆਂ ਹੜੱਪ ਵੀ ਸੱਤਰੰਗੀ ਪੀਂਘ ਤਾਰੇ ਪਲ-ਛਿਣ ਟੱਪਦੇ ਨੇ ਗੀਤ, ਸੁਰ, ਲਹਿਰਾਂ, ਇਹ ਵੀ ਸੁਫ਼ਨੇ ਹੀ ਕੱਚ ਦੇ ਨੇ ਮੰਦਰਾਂ, ਮਸੀਤਾਂ ਨਾਲ਼, ਗਿਰਜੇ, ਮਜ਼ਾਰਾਂ ਨਾਲ਼ ਜੰਜੂਆਂ ਤੇ ਟਿੱਕਿਆਂ ਤੇ ਟੋਪੀ, ਦਸਤਾਰਾਂ ਨਾਲ਼ ਇੱਕ ਨਾਲ਼ ਲੱਗ ਜੇ ਤਾਂ ਲੱਗ ਜੇ ਹਜ਼ਾਰਾਂ ਨਾਲ਼ ਹਾਏ! ਕਾਹਤੋਂ ਨਾਮ ਸਾਰੇ ਆਪਣਾ ਈ ਜੱਪਦੇ ਨੇ ਗੀਤ, ਸੁਰ, ਲਹਿਰਾਂ, ਇਹ ਵੀ ਸੁਫ਼ਨੇ ਹੀ ਕੱਚ ਦੇ ਨੇ ‘ਆਲਮਾ’ ਉਸਾਰੀ ਏਹੇ ਗੱਲ ਜਿਵੇਂ ਕੱਲ੍ਹ ਦੀ ਏ ਕੱਲ੍ਹ ਵੀ ਇਹ ਚੱਲਣੀ ਏ, ਅੱਜ ਵੀ ਇਹ ਚੱਲਦੀ ਏ ਬਾਂਸ ਦੀਏ ਪੋਰੀਏ ਨੀ ਗੱਲ ਇੱਕ ਸੱਲ ਦੀ ਏ ਜ਼ਿੰਦਗੀ ਦੇ ਰਾਗ ਸਾਰੇ ਬਾਤ ਇਹੋ ਦੱਸਦੇ ਨੇ ਗੀਤ, ਸੁਰ, ਲਹਿਰਾਂ, ਇਹ ਵੀ ਸੁਫ਼ਨੇ ਹੀ ਕੱਚ ਦੇ ਨੇ

ਅਸੀਂ ਉੱਗ ਪਏ ਹਾਂ ਜੋਗੀਆ

ਅਸੀਂ ਭੀੜ ਦਾ ਸੀ ਹਿੱਸਾ, ਹੋਂਦ ਆਪਣੀ ਦਾ ਕਿੱਸਾ ਸੀ ਕਿਆਰੀਆਂ 'ਚ ਫੁੱਲਾਂ ਦੀ ਪਨੀਰੀ ਵਾਂਗਰਾਂ ਵੇ ਤੂੰ ਪੁੱਟਿਆ ਅਸਾਨੂੰ, ਖੁੱਲ੍ਹੇ ਖੇਤ ਵਿੱਚ ਲਾਇਆ ਅਸੀਂ ਉੱਗ ਪਏ ਹਾਂ ਜੋਗੀਆ ਫ਼ਕੀਰੀ ਵਾਂਗਰਾਂ ਤੇਰੇ ਸਾਹਵੇਂ ਜਿੰਦ ਸਾਡੀ ਜਿਵੇਂ ਰੇਤ ਦੀ ਕਣੀ ਵੇ ਚੰਨ, ਸੂਰਜ, ਸਿਤਾਰੇ ਜਿਵੇਂ ਨਿੱਕੇ-ਨਿੱਕੇ ਦੀਵੇ ਕੁੱਲ ਕਾਇਨਾਤ ਘੁੰਮਦੀ ਭੰਬੀਰੀ ਵਾਂਗਰਾਂ ਵੇ ਅਸੀਂ ਉੱਗ ਪਏ ਹਾਂ ਜੋਗੀਆ ਫ਼ਕੀਰੀ ਵਾਂਗਰਾਂ ਦਰ ਤੇਰੇ ਅਸੀਂ ਦੁੱਖ ਸਾਰੇ ਝਾਗ ਕੇ ਵੀ ਆਈਏ ਨੀਂਦ ਸਾਡੀ ਏ ਨਿਕੰਮੀ, ਕਦੇ ਜਾਗ ਕੇ ਵੀ ਆਈਏ ਰਹੀਏ ਨਾਲ਼ ਤੇਰੇ ਗਲ਼ ਦੀ ਜ਼ੰਜੀਰੀ ਵਾਂਗਰਾਂ ਅਸੀਂ ਉੱਗ ਪਏ ਹਾਂ ਜੋਗੀਆ ਫ਼ਕੀਰੀ ਵਾਂਗਰਾਂ ਤੇਰੇ ਸਾਹਮਣੇ ਖਲੋਤੇ, ਆਇਆ ਹਸ਼ਰ ਦਿਹਾੜਾ ਪੁੰਨ, ਪਾਪ ਦੇ ਭੁਲੇਖੇ ਪਾਇਆ ਰੱਜ ਕੇ ਪੁਆੜਾ ਅਸੀਂ ਲੰਘ ਆਏ ਗਾਉਂਦੇ ਹੋਏ ਟਟੀਰੀ ਵਾਂਗਰਾਂ ਵੇ ਅਸੀਂ ਉੱਗ ਪਏ ਹਾਂ ਜੋਗੀਆ ਫ਼ਕੀਰੀ ਵਾਂਗਰਾਂ ਸਾਉਣ ਆਏ ਅਸੀਂ ਕਾਲ਼ੇ ਕੋਝੇ ਹੋਏ ਹਾਂ ਗੁਲਾਬੀ ਪੱਤ ਸਾਰੇ ਹਰਿਆਏ ਅਸੀਂ ਝੂਮਦੇ ਸ਼ਰਾਬੀ ਪਹਿਲਾਂ ਹੁੰਦੇ ਸੀ ਜੋ ਦੁੱਖ ਦੀ ਸ਼ਤੀਰੀ ਵਾਂਗਰਾਂ ਵੇ ਅਸੀਂ ਉੱਗ ਪਏ ਹਾਂ ਜੋਗੀਆ ਫ਼ਕੀਰੀ ਵਾਂਗਰਾਂ ਤੈਨੂੰ ‘ਆਲਮਾ’ ਤੇ ਫ਼ਾਜ਼ਿਲਾਂ ਨੇ ਕੱਚ ਦਾ ਬਣਾਇਆ ਤੈਨੂੰ ਸਾਡੇ ਜੇਹੇ ਆਸ਼ਿਕਾਂ ਨੇ ਸੱਚ ਦਾ ਬਣਾਇਆ ਅਸੀਂ ਜਿਗਰੇ ਤੇ ਉਹਨਾਂ ਨੇ ਜਗੀਰੀ ਵਾਂਗਰਾਂ ਵੇ ਅਸੀਂ ਉੱਗ ਪਏ ਹਾਂ ਜੋਗੀਆ ਫ਼ਕੀਰੀ ਵਾਂਗਰਾਂ

ਨੀ ਸੁਣ ਸਾਹਾਂ ਦੀਏ ਬੰਸਰੀਏ

ਨੀ ਸੁਣ ਸਾਹਾਂ ਦੀਏ ਬੰਸਰੀਏ ਕੋਈ ਰਾਗ ਇਸ਼ਕੇ ਦਾ ਛੇੜ ਅੜੀਏ ! ਆਲਾਪ ਨਹੀਂ ਵਿਰਲਾਪ ਨਹੀਂ ਕੋਈ ਸਾਹ ਤੋਂ ਵੱਡਾ ਜਾਪ ਨਹੀਂ ਬਿਨ ਪੂਜੇ ਗਾਉਂਦੇ ਰਹਿਣਾ ਵੀ ਹੈ ਪੁੰਨ ਸਖੀ ਕੋਈ ਪਾਪ ਨਹੀਂ ਇਹ ਗੀਤ ਤੇ ਜੀਵਨ ਇੱਕੋ ਨੇ ਆ ਰਲ਼ ਕੇ ਜੁਗਲਬੰਦੀ ਕਰੀਏ ਨੀ ਸੁਣ ਸਾਹਾਂ ਦੀਏ ਬੰਸਰੀਏ ਚੜ੍ਹਦੇ ਸੂਰਜ ਦੇ ਭਾਗ ਤੇਰੇ ਚੰਨ ਦੇ ਮੱਥੇ ਦੇ ਦਾਗ਼ ਤੇਰੇ ਇਹ ਸੁੱਖ-ਦੁੱਖ ਸਾਰੇ ਤੇਰੇ ਨੇ ਇਹ ਰਾਗ ਤੇਰੇ ਵੈਰਾਗ ਤੇਰੇ ਹਰ ਰੰਗ ੱਚ ਰੰਗ ਹੈ ਜੀਵਨ ਦਾ ਹੱਸਦੇ ਜਿਉਣਾ, ਹੱਸਦੇ ਮਰੀਏ ਨੀ ਸੁਣ ਸਾਹਾਂ ਦੀਏ ਬੰਸਰੀਏ ਤੈਨੂੰ ਜਿੱਥੋਂ ਵੱਢ ਲਿਆਂਦਾ ਏ ਤੈਨੂੰ ਯਾਦ ਕਦੇ ਨਾ ਆਂਦਾ ਏ ਕੋਈ ਹੋਰ ਬੰਸਰੀਵਾਦਕ ਹੈ ਕੋਈ ਹੋਰ ਤੇਰੇ 'ਚੋਂ ਗਾਂਦਾ ਏ ਤੇਰੀ ਹੋਂਦ ਹੀ ਜਿਸ ’ਤੇ ਨਿਰਭਰ ਹੈ ਆ ਓਸ ਹਵਾ ਦਾ ਦਮ ਭਰੀਏ ਨੀ ਸੁਣ ਸਾਹਾਂ ਦੀਏ ਬੰਸਰੀਏ ਕੋਈ ਕ੍ਰਿਸ਼ਨ ਹੋਵੇ ਜਾਂ ਕੰਸ ਹੋਵੇ ਪਾਪੀ ਜਾਂ ਪਰਮਾਹੰਸ ਹੋਵੇ ਸਭਨਾਂ ਨੂੰ ਇੱਕੋ ਰਾਹ ਦੇਵੀਂ ਹਰ ਤਾਨ 'ਚ ਉਸਦਾ ਅੰਸ਼ ਹੋਵੇ ਆ ਸਮ ਕਰੀਏ ਹਰ ਵਾਦਕ ਨੂੰ ਆ ਫ਼ਰਕ ਰਤਾ ਵੀ ਨਾ ਕਰੀਏ ਨੀ ਸੁਣ ਸਾਹਾਂ ਦੀਏ ਬੰਸਰੀਏ ਜੇ ਸੀਨੇ ਸੱਲ ਨਾ ਸਹਿੰਦੀ ਤੂੰ ਮੰਨਿਆਂ ਫਿਰ ਸਾਬਤ ਰਹਿੰਦੀ ਤੂੰ ਤੇਰੀ ਛਾਤੀ ਛੇਕ ਜੇ ਨਾ ਹੁੰਦੇ ਤਾਂ ਹੂਕ ਤੋਂ ਵਾਂਝੀ ਰਹਿੰਦੀ ਤੂੰ ਕਰ ਸ਼ੁਕਰ ਤੂੰ ‘ਆਲਮ' ਸਾਲਮ ਨਹੀਂ ਐ ਮਹਾਂ-ਸੰਗੀਤ ਦੀਏ ਲੜੀਏ ਨੀ ਸੁਣ ਸਾਹਾਂ ਦੀਏ ਬੰਸਰੀਏ

ਆਲਮਾ! ਚੱਲ ਚੱਲੀਏ!

ਚੱਲ ਚੱਲੀਏ ਹਵਾ ਦੇ ਨਾਲ਼ ਆਲਮਾ! ਚੱਲ ਚੱਲੀਏ! ਇਸ ਨਗਰੀ ਹੁਣ ਦਿਲ ਨਹੀਂ ਲੱਗਦਾ ਇਹ ਨਗਰੀ ਜੰਜਾਲ, ਆਲਮਾ! ਚੱਲ ਚੱਲੀਏ! ਇਸ ਨਗਰੀ ਦੇ ਲੋਕ ਉਦਾਸੇ ਲੈਂਦੇ ਹੰਝੂ, ਵੇਚ ਕੇ ਹਾਸੇ ਇਸ ਨਗਰੀ ਦੇ ਲੋਕ ਪਿਆਸੇ ਲੜਦੇ ਨਦੀਆਂ ਨਾਲ਼ ਆਲਮਾ! ਚੱਲ ਚੱਲੀਏ! ਇਸ ਨਗਰੀ ਸਭ ਊਣਾ-ਊਣਾ ਰਸ ਤੋਂ ਵਾਂਝਾ, ਰਾਸ ਵਿਹੂਣਾ ਹਰ ਇੱਕ ਬੁੱਲ੍ਹ 'ਤੇ ਬੋਲ ਸਲੂਣਾ ਤੇ ਮਿੱਠੜਾ ਸਾਡੀ ਭਾਲ ਆਲਮਾ! ਚੱਲ ਚੱਲੀਏ! ਚੱਲੀਏ ਜਿਓਂ ਨਦੀਆਂ ਦੇ ਧਾਰੇ ਕਿਸ਼ਤੀ, ਪਾਣੀ, ਵੇਗ, ਕਿਨਾਰੇ ਆਪਣੀ ਆਪਣੀ ਥਾਂ 'ਤੇ ਸਾਰੇ ਆਪਣੇ-ਆਪ ਦੇ ਨਾਲ਼ ਆਲਮਾ! ਚੱਲ ਚੱਲੀਏ! ਇਸ ਨਗਰੀ ਸਭ ਆਵੇ-ਜਾਵੇ ਚੋਗ ਪਰਿੰਦੇ ਨੂੰ ਖਾ ਜਾਵੇ ਕੌਣ ਕਰੇ ਏਥੇ ਕਿਸਦੇ ਦਾਅਵੇ ਸਭ ਕੁਝ ਚੱਲੋ-ਚਾਲ ਆਲਮਾ! ਚੱਲ ਚੱਲੀਏ! ਚੱਲ ਚੱਲੀਏ ਉਸ ਪਾਰ ਸੁਹੇਲੇ ਅੰਦਰ ਬਾਹਰ ਇੱਕੋ ਮੇਲੇ ਉਸ ਥਾਂਵੇਂ ਜਿਸ ਥਾਂਉਂ ਦੁਮੇਲੇ ਇੱਕ-ਮਿੱਕ ਹੋਣ ਵਿਸਾਲ ਆਲਮਾ! ਚੱਲ ਚੱਲੀਏ!

ਇਸ਼ਕ ਧੁਰੇ ’ਤੇ ਚੱਕ ਘੁਮੇਂਦਾ

ਇਸ਼ਕ ਧੁਰੇ ’ਤੇ ਚੱਕ ਘੁਮੇਂਦਾ, ਚੱਕ ਘੁਮੇਂਦਾ ਇਸ਼ਕ ਸਾਰੀ ਖਲਕਤ ਆਣੀ-ਜਾਣੀ, ਇੱਕ ਰਹੇਂਦਾ ਇਸ਼ਕ ਧਰਤੀ ਬੀਜ ਨੂੰ ਸਭ ਕੁਝ ਦੇਵੇ, ਬਣ ਜਾਵੇ ਉਹ ਕੁੱਖ ਅੰਕੁਰ ਫੁੱਟੇ, ਸੂਰਜ ਦੇਵੇ ਪ੍ਰਾਣ ਤੇ ਬਣਦੈ ਰੁੱਖ ਫੁੱਲਾਂ ਦੇ ਵਿੱਚ ਰੰਗ ਇਸ਼ਕ ਦਾ, ਫਲ ਦੇ ਵਿੱਚ ਮਿਠਾਸ ਪੰਛੀ, ਕੀਟ, ਜਨੌਰ ਤੇ ਬੰਦੇ ਲੈ ਕੇ ਆਵਣ ਆਸ ਬਿਨ ਪਹਿਚਾਣ ਖੁੱਲ੍ਹਣ ਦਰਵਾਜ਼ੇ, ਇਸ਼ਕ ਵੰਡੇਦਾ ਇਸ਼ਕ ਇਸ਼ਕ ਧੁਰੇ 'ਤੇ ਚੱਕ ਘੁਮੇਂਦਾ, ਚੱਕ ਘੁਮੇਂਦਾ ਇਸ਼ਕ ਦੂਰ ਪਹਾੜੋਂ ਉਤਰਨ ਨਦੀਆਂ, ਨਾ ਕੋਈ ਤਾਂਘ ਵਸਲ ਦੀ ਨਾਦ ਨਫ਼ੀਸ ਵੱਜੇ ਕੋਈ ਚਿੰਤਾ ਅੱਜ ਦੀ ਨਾ ਹੀ ਕੱਲ੍ਹ ਦੀ ਜੋ ਕੋਈ ਆਵੇ ਪਿਆਸ ਬੁਝਾਵੇ ਸ਼ਰਤ ਬਿਨਾਂ ਲੈ ਜਾਵੇ ਕੌਣ ਹੈ ਜਿਹੜਾ ਸਹਿਜੇ-ਸਹਿਜੇ ਸਾਗਰ ਤੱਕ ਲੈ ਜਾਵੇ ਦਿਲ ਦਰਿਆ ਨੂੰ ਸਾਗਰ ਵੱਲ ਦੀ ਢਾਲ ਹੈ ਦੇਂਦਾ ਇਸ਼ਕ ਇਸ਼ਕ ਧੁਰੇ 'ਤੇ ਚੱਕ ਘੁੰਮੇਂਦਾ, ਚੱਕ ਘੁਮੇਂਦਾ ਇਸ਼ਕ ਸਾਗਰ ਆਪਣੀ ਹੋਂਦ ਦਾ ਹਿੱਸਾ ਅੰਬਰ ਵੱਲ ਨੂੰ ਘੱਲੇ ਬੱਦਲ ਫਿਰਦੇ ਜਿਵੇਂ ਕਲੰਦਰ ਫਿਰਦੇ ਕੱਲਮ-ਕੱਲੇ ਇਹ ਫ਼ੱਕਰ ਲੈ ਭਰੀ ਗੋਦੜੀ ਜਦ ਵੀ ਤੱਕਣ ਥੱਲੇ ਸਭ ਕੁਝ ਧਰਤੀ ਨੂੰ ਦੇ ਦਿੰਦੇ, ਕੱਖ ਨਾ ਰੱਖਦੇ ਪੱਲੇ ਖ਼ਾਲੀ ਹੋ ਕੇ ਨਾਲ਼ ਹਵਾ ਦੇ ਰਾਸ ਰਚੇਂਦਾ ਇਸ਼ਕ ਇਸ਼ਕ ਧੁਰੇ 'ਤੇ ਚੱਕ ਘੁਮੇਂਦਾ, ਚੱਕ ਘੁਮੇਂਦਾ ਇਸ਼ਕ ਸੂਰਜ ਦਾ ਪਰਿਵਾਰ ਇਹ ਸਾਰਾ, ਗ੍ਰਹਿ, ਨਕਸ਼ੱਤਰ, ਤਾਰੇ ਸਾਰੇ ਇੱਕ ਸੁਰ-ਤਾਲ 'ਚ ਘੁੰਮਦੇ ਜੀਵਨ ਦੇ ਵਣਜਾਰੇ ਹਰ ਇੱਕ ਰਿਸ਼ਮ ਹੀ ਆਪਣੇ ਅੰਦਰ ਨਿਹੁੰ ਦਾ ਨਿੱਘ ਲਿਆਵੇ ਕਣ-ਕਣ ਦੇ ਵਿੱਚ ਆਦਿ-ਅਨੰਤਾ ਰਾਗ ਕੋਈ ਛਿੜ ਜਾਵੇ ਸੂਰਜ ਦੇ ਵਿੱਚ ਜੁਗਾਂ-ਜੁਗਾਂ ਤੋਂ ਆਪ ਬਲ਼ੇਂਦਾ ਇਸ਼ਕ ਇਸ਼ਕ ਧੁਰੇ ’ਤੇ ਚੱਕ ਘੁਮੇਂਦਾ, ਚੱਕ ਘੁਮੇਂਦਾ ਇਸ਼ਕ ਕੌਣ ਕਹੇ ਕੀ ਬਾਤ ਇਸ਼ਕ ਦੀ, ਕੌਣ ਕਹੇ ਕੀ ਥਾਹ ਕੌਣ ਕਹੇ ਇਹ ਕਿੱਥੇ ਵਸਦਾ, ਕੌਣ ਕਹੇ ਕੀ ਰਾਹ ਤਾਰਾ ਮੰਡਲ ਇੱਕ ਕਮੰਡਲ, ਬਾਕੀ ਪਿਆ ਅਥਾਹ ਅੱਖ ਦੇ ਓਹਲੇ ਵੇਖ ‘ਆਲਮਾ’! ਅੱਖ ਦਾ ਕੇਹਾ ਵਸਾਹ ਬਣ ਨਟਰਾਜ ਮਨਾਂ ਦੇ ਅੰਦਰ ਨਾਚ ਨਚੇਂਦਾ ਇਸ਼ਕ ਇਸ਼ਕ ਧੁਰੇ ’ਤੇ ਚੱਕ ਘੁੰਮੇਂਦਾ, ਚੱਕ ਘੁਮੇਂਦਾ ਇਸ਼ਕ

ਗ਼ਲਤ ਜਾਂ ਸਹੀ

ਬੜੇ ਸੋਹਣੇ ਰੁੱਖ ਨੇ, ਤੇ ਲਹਿੰਦੀ ਹੋਈ ਧੁੱਪ ਹੈ ਬੜੀ ਸ਼ਾਂਤੀ ਹੈ, ਬੜੀ ਪਿਆਰੀ ਚੁੱਪ ਹੈ ਇਹ ਠੰਢੀ ਹਵਾ, ਫੁੱਲ ਤੇ ਭੌਰੇ ਦੀ ਗੁੰਜਨ ਇਹ ਚਿੜੀਆਂ ਦੇ ਗੀਤਾਂ ਤੇ ਪੱਤਿਆਂ ਦੀ ਛਣ-ਛਣ ਬੜੀ ਖ਼ੂਬਸੂਰਤ ਹੈ ਬੱਦਲਾਂ ਦੀ ਲਾਲੀ ਤੇ ਡੁੱਲ੍ਹ-ਡੁੱਲ੍ਹ ਹੈ ਪੈਂਦੀ ਇਹ ਅੰਬਰ ਦੀ ਪਿਆਲੀ ਕੀ ਸੁਫ਼ਨੇ 'ਚ ਹਾਂ ਮੈਂ? ਇਹੀ ਸੋਚਦਾ ਹਾਂ ਪਤਾ ਨਈਂ ਗ਼ਲਤ ਜਾਂ ਸਹੀ ਸੋਚਦਾ ਹਾਂ ਪਰ ਇਹ ਕੀ? ਇਹ ਧੂੰਆਂ ਤੇ ਅਗਨੀ ਦੀ ਤੜ-ਤੜ ਪਰ ਇਹ ਕੀ? ਇਹ ਚੀਕਾਂ, ਦੁਹੱਥੜ ਦੀ ਥੜ-ਥੜ ਇਹ ਰੋਂਦੇ ਵਿਲਕਦੇ ਹੋਏ ਲੋਕਾਂ ਦਾ ਮੇਲਾ ਇਹ ਲੋਥਾਂ ਦੇ ਪਿੱਛੇ ਜਿਉਂ ਲੋਥਾਂ ਦਾ ਰੇਲਾ “ਕੀ ਫਿਰ ਅੱਜ ਕੋਈ ਖ਼ੁਦਕੁਸ਼ੀ ਕਰ ਗਿਆ ਹੈ? ਤੇ ਮੌਤੋਂ ਹੀ ਪਹਿਲਾਂ ਕੋਈ ਮਰ ਗਿਆ ਹੈ?” "ਨਹੀਂ ਜੀ, ਇਹ ਤਾਜ਼ਾ ਫ਼ਸਾਦਾਂ 'ਚ ਮਰਿਐ ਇਹ ਧਰਮਾਂ ਤੋਂ ਮੰਗੀਆਂ ਮੁਰਾਦਾਂ 'ਚ ਮਰਿਐ" ਕੀ ਏਹੀ ਹੈ ਧਰਤੀ? ਕੀ ਇਨਸਾਨ ਹੈ ਇਹ? ਕੀ ਏਹੀ ਧਰਮ ਹੈ? ਕੀ ਈਮਾਨ ਹੈ ਇਹ? ਮੈਂ ਸਿਵਿਆਂ 'ਚ ਬੈਠਾ ਇਹੀ ਸੋਚਦਾ ਹਾਂ ਪਤਾ ਨਈਂ ਗ਼ਲਤ ਜਾਂ ਸਹੀ ਸੋਚਦਾ ਹਾਂ ਸੁਣੇ ਨੇ ਕਦੇ ਵੀ ਹਵਾਵਾਂ ਦੇ ਟੋਲੇ? ਜਾਂ ਨਦੀਆਂ ਦੇ ਟੋਲੇ, ਘਟਾਵਾਂ ਦੇ ਟੋਲੇ? ਕੀ ਪੁੱਛਿਐ ਨਦੀ ਤੋਂ ਕੀ ਤੇਰਾ ਧਰਮ ਹੈ? ਤੇ ਕਿਸ ਜ਼ਾਤ ਵਿੱਚ ਹੋਇਆ ਤੇਰਾ ਜਨਮ ਹੈ? ਕੀ ਨਦੀਆਂ ਨੇ ਪੁੱਛਿਐ, ਕੀ ਤੇਹਾਂ ਦਾ ਨਾਂਅ ਹੈ? ਇਹ ਬੋਦੀ ਹੈ, ਪਗੜੀ ਹੈ, ਟੋਪੀ ਨੁਮਾਂ ਹੈ? ਤੇ ਬੰਦੇ ਨੂੰ ਖ਼ੌਰੇ ਇਹ ਕਾਹਦਾ ਭਰਮ ਹੈ ਇਹ ਕੀ ਆਸਥਾ ਹੈ, ਇਹ ਕਾਹਦਾ ਧਰਮ ਹੈ? ਮੈਂ ਹੈਰਾਨ ਹੋਇਆ ਇਹੀ ਸੋਚਦਾ ਹਾਂ ਪਤਾ ਨਈਂ ਗ਼ਲਤ ਜਾਂ ਸਹੀ ਸੋਚਦਾ ਹਾਂ ਤੁਸੀਂ ਸੰਗਤਰਾਸ਼ੋ! ਜੇ ਪੱਥਰ ਨੂੰ ਪੁੱਛੋ ਉਸੇ ਦੀ ਹੀ ਮਰਜ਼ੀ ਤੇ ਸੱਧਰ ਨੂੰ ਪੁੱਛੋ ਕਿ ਬੁੱਤ ਜੇ ਬਣੇਗਾ ਤਾਂ ਕੀਹਦਾ ਬਣੇਗਾ? ਮਹਾਂਵੀਰ, ਬੁੱਧ ਜਾਂ ਕਿ ਈਸਾ ਬਣੇਗਾ? ਉਹ ਮੰਦਿਰ ਜਾਂ ਮਸਜਿਦ, ਕਲੀਸਾ ਬਣੇਗਾ? ਉਹ ਆਖੇਗਾ, "ਮੈਨੂੰ ਕਰੋ ਚੂਰ ਸਾਰਾ! ਕੋਈ ਰਾਹ ਬਣਾਓ, ਤੁਰੇ ਪੂਰ ਸਾਰਾ ਘੜੋ ਬੁੱਤ ਮੇਰੇ ਜਾਂ ਮਜ਼ਾਰਾਂ ਬਣਾਓ ਨਾ ਮਜ਼ਹਬ ਦੀਆਂ ਪਰ ਦੀਵਾਰਾਂ ਬਣਾਓ ਰਹਾਂ ਮੈਂ ਨਿਥਾਵਾਂ, ਇਹੀ ਸੋਚਦਾ ਹਾਂ ਕੋਈ ਰਾਹ ਬਣਾਵਾਂ ਇਹੀ ਸੋਚਦਾ ਹਾਂ।” ਪਤਾ ਨਈਂ ਗ਼ਲਤ ਜਾਂ ਸਹੀ ਸੋਚਦਾ ਹਾਂ ਨੇ ਜਿਸਦੇ ਇਹ ਧਰਤੀ ਤੇ ਅੰਬਰ ਵੀ ਇੱਕੋ ਇਹ ਬੁੱਧ, ਰਾਮ, ਨਾਨਕ, ਪੈਗ਼ੰਬਰ ਵੀ ਇੱਕੋ ਤੇ ਵੇਦਾਂ ਕਤੇਬਾਂ ਦੇ ਅੰਦਰ ਵੀ ਇੱਕੋ ਚਲੋ ਦਿਲ ਦੇ ਅੰਦਰ ਵੀ ਦੀਵੇ ਜਗਾਈਏ ਚਲੋ ਸਾਰੇ ਆਲਮ ਨੂੰ ਆਪਣਾ ਬਣਾਈਏ ਕਿ ਫਿਰ ਕੋਈ ਇਨਸਾਨ ਆਖੇਗਾ ਸਾਨੂੰ ਹਰਿਕ ਦੇਵਤਾ ਏਹੀ ਆਖੇਗਾ ਸਾਨੂੰ ਕਿ “ਧਰਤੀ ’ਤੇ ਹੋਵਾਂ ਇਹੀ ਸੋਚਦਾ ਹਾਂ ਮੈਂ ਬੰਦਾ ਹੀ ਹੋਵਾਂ ਇਹੀ ਸੋਚਦਾ ਹਾਂ!” ਪਤਾ ਨਈਂ ਗ਼ਲਤ ਜਾਂ ਸਹੀ ਸੋਚਦਾ ਹਾਂ

ਕੋਈ ਸਾਥੋਂ ਵੀ ਚਮਕੀਲਾ ਹੈ

ਅੱਜ ਰੁੱਖਾਂ ਦੇ ਵਿੱਚ ਚਰਚਾ ਹੈ ਅੱਜ ਖਿੜਿਆ ਤੀਲ੍ਹਾ-ਤੀਲ੍ਹਾ ਹੈ ਅੱਜ ਤਾਰੇ ਗੱਲਾਂ ਕਰਦੇ ਨੇ ਕੋਈ ਸਾਥੋਂ ਵੀ ਚਮਕੀਲਾ ਹੈ ਅੱਜ ਬਾਤ ਸੱਜਣ ਦੀ ਖੋਲ੍ਹੀ ਹੈ ਅੱਜ ਫ਼ਸਲ ਇਸ਼ਕ ਦੀ ਮੌਲੀ ਹੈ ਅੱਜ ਰੁੱਤ ਵੀ ਸੋਹਿਲੇ ਗਾਉਂਦੀ ਹੈ ਅੱਜ ਖਲਕਤ ਮੇਰੀ ਗੋਲੀ ਹੈ ਅੱਜ ਫੁੱਲਾਂ ’ਤੇ ਰੰਗ ਆਇਆ ਏ ਅੱਜ ਅੰਬਰ ਹੋਰ ਵੀ ਨੀਲਾ ਹੈ ਅੱਜ ਤਾਰੇ ਗੱਲਾਂ ਕਰਦੇ ਨੇ ਕੋਈ ਸਾਥੋਂ ਵੀ ਚਮਕੀਲਾ ਹੈ ਅੱਜ ਫੱਟ ਝੱਲੇ ਨੇ ਬਾਂਸਾਂ ਨੇ ਅੱਜ ਜ਼ਖ਼ਮਾਂ ਵਿੱਚ ਵੀ ਆਸਾਂ ਨੇ ਅੱਜ ਹਵਾ ਰੁਮਕਦੀ ਛਾਤੀ ’ਚੋਂ ਅੱਜ ਵੰਝਲੀ ਵਾਂਗ ਸਵਾਸਾਂ ਨੇ ਅੱਜ ਗੀਤ ਗਾਏ ਨੇ ਗੀਤਾਂ ਨੇ ਅੱਜ ਰਾਗ-ਰਾਗ ਮਸਤੀਲਾ ਹੈ ਅੱਜ ਤਾਰੇ ਗੱਲਾਂ ਕਰਦੇ ਨੇ ਕੋਈ ਸਾਥੋਂ ਵੀ ਚਮਕੀਲਾ ਹੈ ਅੱਜ ਚੜ੍ਹਿਆ ਚੰਨ ਗਵਾਹੀ ਦਾ ਮੈਨੂੰ ਸਾਥ ਜੋ ਮਿਲਿਆ ਮਾਹੀ ਦਾ ਅੱਜ ਰੋਜ਼ੇ ਰੱਖੇ ਪੀੜਾਂ ਨੇ ਤਿਰਹਾਇਆ ਬਦਨ ਸੁਰਾਹੀ ਦਾ ਅੱਜ ਭੁੱਖਣ-ਭਾਣੀਆਂ ਥੋੜ੍ਹਾਂ ਨੇ ਅੱਜ ਮਹਿਲਾਂ ਵਾਂਗ ਕਬੀਲਾ ਹੈ ਅੱਜ ਤਾਰੇ ਗੱਲਾਂ ਕਰਦੇ ਨੇ ਕੋਈ ਸਾਥੋਂ ਵੀ ਚਮਕੀਲਾ ਹੈ ਮੇਰੀ ਹੋਂਦ ਪਿਉਂਦ ਹੈ ਫੁੱਲਾਂ ਦੀ ਮੇਰੇ ਸਾਹੀਂ ਮਹਿਕ ਹੈ ਖੁੱਲ੍ਹਾਂ ਦੀ ਮੇਰੇ ਪੱਤਰ ਅੱਖਰ ਵੇਦਾਂ ਦੇ ਅੱਜ ਪਤਝੜ ਆਈ ਭੁੱਲਾਂ ਦੀ ਇਹੋ ਸੱਜਣ ਮਿਲਣ ਦੀ ਜੁਗਤੀ ਹੈ ਇਹੋ ਵਸਲ ਦਾ ਇੱਕ ਵਸੀਲਾ ਹੈ ਅੱਜ ਤਾਰੇ ਗੱਲਾਂ ਕਰਦੇ ਨੇ ਕੋਈ ਸਾਥੋਂ ਵੀ ਚਮਕੀਲਾ ਹੈ ਅੰਬਰ ਦੀ ਖਿੜਕੀ ਖੁੱਲ੍ਹੀ ਹੈ ਅੱਜ ਸ਼ਹਿਦ ਚਾਨਣੀ ਡੁੱਲ੍ਹੀ ਹੈ ਅੱਜ ਅਰਕ ਮੁਹੱਬਤ ਨਿੱਤਰਿਆ ਇਹ ਦਾਤਿ ਬੜੀ ਵਡਮੁੱਲੀ ਹੈ ਅੱਜ ਮੁੱਕਿਆ ਫ਼ਿਕਰ ਫ਼ਕੀਰਾਂ ਦਾ ਅੱਜ ਹਰ ਲੰਗਾਰ ਰੰਗੀਲਾ ਹੈ ਅੱਜ ਤਾਰੇ ਗੱਲਾਂ ਕਰਦੇ ਨੇ ਕੋਈ ਸਾਥੋਂ ਵੀ ਚਮਕੀਲਾ ਹੈ ਅੱਜ ਰਗ-ਰਗ ਦੇ ਵਿੱਚ ਜੋਸ਼ ਜਿਹਾ ਕੋਈ ‘ਅਨਲਹੱਕ’ ਦੇ ਘੋਸ਼ ਜਿਹਾ ਅੱਜ ਮਸਤ-ਅਲਮਸਤ ਹੀ ਮਸਤੀ ਹੈ ਅੱਜ ਹੋਸ਼ ਨੂੰ ਆਇਆ ਹੋਸ਼ ਜਿਹਾ ਅੱਜ ਸਾਰਾ ‘ਆਲਮ ਮੇਰਾ ਹੈ ਅੱਜ ਸਾਰੀ ਮੇਰੀ ਲੀਲਾ ਹੈ ਅੱਜ ਤਾਰੇ ਗੱਲਾਂ ਕਰਦੇ ਨੇ ਕੋਈ ਸਾਥੋਂ ਵੀ ਚਮਕੀਲਾ ਹੈ

ਸੱਚ ਮੇਰਾ ਲਾਚਾਰ ਸਹੀ

ਅੱਜ ਸੱਚ ਮੇਰਾ ਲਾਚਾਰ ਸਹੀ ਗੁਲਸ਼ਨ ਨਾ ਸਹੀ ਮਹਿਕਾਰ ਸਹੀ ਅੱਜ ਅਹੰਕਾਰ ਸਰਦਾਰ ਸਹੀ ਅੱਜ ਲੋਕਾਂ ਦੀ ਸਰਕਾਰ ਸਹੀ ਪੰਜਿਆਂ ਤੋਂ ਪੰਜੇ ਖਾਧੇ ਨੇ ਅਸੀਂ ਫੁੱਲ ਤੋਂ ਕੰਡੇ ਖਾਧੇ ਨੇ ਅਸੀਂ ਪੈਰਾਂ ਹੇਠਾਂ ਰੁਲ਼ਦੇ ਹਾਂ ਅਸੀਂ ਮਾੜੀ ਤੱਕੜੀ ਤੁੱਲਦੇ ਹਾਂ ਸਾਡੇ ਆਪਣੇ ਸੁਫ਼ਨੇ ਕਾਹਦੇ ਨੇ ਉਨ੍ਹਾਂ ਸਾਥੋਂ ਉੱਲੂ ਸਾਧੇ ਨੇ ਅਸੀਂ ਜ਼ਖ਼ਮ ਵਿਖਾਉਣਾ ਚਾਹੁੰਦੇ ਹਾਂ ਚਲੋ! ਇਹ ਸਾਡਾ ਪਰਚਾਰ ਸਹੀ ਇੱਕ ਸੁਫ਼ਨਾ ਆਇਆ ਰਾਤੀ ਸੀ ਸਾਡੀ ਆਪਣੀ ਕਦੇ ਦਰਾਤੀ ਸੀ ਸਾਡੀ ਆਪਣੀ ਫ਼ਸਲ ਸੀ ਖੇਤਾਂ ਵਿੱਚ ਪਰ ਭੇਤ ਬੜੇ ਸਨ ਭੇਤਾਂ ਵਿੱਚ ਜ਼ੰਜੀਰ ਅਸਾਡੀ ਕੱਟਣੀ ਸੀ ਪਰ ਕੱਟਿਆ ਸੀਸ ਅਸੀਸਾਂ ਨੇ ਜੇ ਕੱਟੇ ਫ਼ਸਲ ਦਰਾਤੀ ਨੂੰ ਤਾਂ ਫੇਰ ਇਹ ਅੱਤਿਆਚਾਰ ਸਹੀ ਅਸੀਂ ਧੜਕਣ ਧੜਕਣ ਜੀਵਾਂਗੇ ਅਸੀਂ ਜ਼ਹਿਰ ਝੂਠ ਦਾ ਪੀਵਾਂਗੇ ਅਸੀਂ ਸ਼ਿਵ ਦੀ ਸ਼ਕਤੀ ਪਾਵਾਂਗੇ ਅਸੀਂ ਗੰਗਾ ਲੈ ਕੇ ਆਵਾਂਗੇ ਅਸੀਂ ਮੁੜ ਕੇ ਫੇਰ ਵੀ ਆਉਣਾ ਹੈ ਅਸੀਂ ਅੰਗਦ ਪੈਰ ਜਮਾਉਣਾ ਹੈ ਅਸੀਂ ਸੱਚ ਦੇ ਆਸ਼ਿਕ ਸੱਚੇ ਹਾਂ ਅੱਜ ਲੱਖ ਨਹੀਂ ਦੋ-ਚਾਰ ਸਹੀ ਅੱਜ ਸੱਚ ਮੇਰਾ ਲਾਚਾਰ ਸਹੀ ਗੁਲਸ਼ਨ ਨਾ ਸਹੀ ਮਹਿਕਾਰ ਸਹੀ

ਅਸੀਂ ਇਸ਼ਕ ਲਈ ਕੁਰਬਾਨ ਹੋਏ

ਇਹ ਧਰਤੀ ਜਿਉਂਦੇ ਲੋਕਾਂ ਦੀ ਕਿੰਨੇ ਹੀ ਲੋਕ ਮਹਾਨ ਹੋਏ ਹੈ ਜਿਉਂਦੇ ਰਹਿਣ ਦੀ ਪਾਤਰਤਾ ਜੇ ਪਹਿਲਾਂ ਕੋਈ ਇਨਸਾਨ ਹੋਏ ਕਾਤਿਲ ਵੀ ਸਾਡੀ ਬਾਤ ਕਰੇ ਮਕਤਲ ਵੀ ਸਾਡੀ ਝਾਤ ਕਰੇ ਅਸੀਂ ਖੰਜਰ ਆਤਮਸਾਤ ਕਰੇ ਤੇਗ਼ਾਂ ਲਈ ਅਸੀਂ ਮਿਆਨ ਹੋਏ ਅਸੀਂ ਦਿਲ ਹਾਂ ਆਸ਼ਿਕ ਲੋਕਾਂ ਦੇ ਅਸੀਂ ਇਸ਼ਕ ਲਈ ਕੁਰਬਾਨ ਹੋਏ ਅਸੀਂ ਦਿਲ ਹਾਂ ਆਸ਼ਿਕ ਲੋਕਾਂ ਦੇ ਅਸੀਂ ਇਸ਼ਕ ਲਈ ਕੁਰਬਾਨ ਹੋਏ। ਅਸੀਂ ਜਗਦੇ-ਬੁਝਦੇ ਦੀਵੇ ਹਾਂ ਅਸੀਂ ਨ੍ਹੇਰੇ ਵਿੱਚ ਵੀ ਜੀਵੇ ਹਾਂ ਅਸੀਂ ਵੇਖੋ ਫੇਰ ਵੀ ਖੀਵੇ ਹਾਂ ਅਸੀਂ ਬਾਜ਼ ਹਾਂ ਨਿਕਲੇ ਬੋਟਾਂ 'ਚੋਂ ਅਸੀਂ ਅੱਗ ਉਘਾੜੀ ਚੋਟਾਂ 'ਚੋਂ ਜੋ ਪੱਥਰ ਅਸਾਂ ਨੇ ਖਾਧੇ ਨੇ ਉਹੀ ਸਾਡੇ ਲਈ ਵਰਦਾਨ ਹੋਏ ਅਸੀਂ ਦਿਲ ਹਾਂ ਆਸ਼ਿਕ ਲੋਕਾਂ ਦੇ ਅਸੀਂ ਇਸ਼ਕ ਲਈ ਕੁਰਬਾਨ ਹੋਏ। ਅਸੀਂ ਮਰਦੇ ਹਾਂ, ਮਰ ਜਾਵਾਂਗੇ ਪਰ ਜਾਂਦੇ ਕੁਝ ਕਰ ਜਾਵਾਂਗੇ ਉਹ ਰੋਕਣਗੇ, ਪਰ ਜਾਵਾਂਗੇ ਉਹ ਰੁੱਖ ਸਿਰਾਂ ਦੇ ਵੱਢਣਗੇ ਅਸੀਂ ਜੰਗਲ ਹੋਰ ਉਗਾਵਾਂਗੇ ਚਲੋ ਕਦਰ ਵਧਾਈਏ ਜਾਨਾਂ ਦੀ ਫਿਰ ਜਾਂਦੀ ਚਾਹੇ ਜਾਨ ਹੋਏ ਅਸੀਂ ਦਿਲ ਹਾਂ ਆਸ਼ਿਕ ਲੋਕਾਂ ਦੇ ਅਸੀਂ ਇਸ਼ਕ ਲਈ ਕੁਰਬਾਨ ਹੋਏ। ਇਹ ਠੱਲ੍ਹ-ਠੱਲ੍ਹ ਉੱਠਦਾ ਰਹਿਣਾ ਏ ਪਰ ਦਰਦ ਤਾਂ ਸਹਿਣਾ ਪੈਣਾ ਏ ਅਸੀਂ ਝੂਠ ਨੂੰ ਝੂਠ ਹੀ ਕਹਿਣਾ ਏ ਅੱਜ ਸਾਫ਼ ਨਾ ਕੀਤੇ ਰਸਤੇ ਤਾਂ ਫਿਰ ਕਾਹਦੇ ਅਸੀਂ ਮਹਾਨ ਹੋਏ ਸਾਨੂੰ ਆਉਂਦੀ ਪੀੜ੍ਹੀ ਕੋਸੇਗੀ ਸਾਡੇ ਪੁਰਖੇ ਬੇਈਮਾਨ ਹੋਏ ਅਸੀਂ ਦਿਲ ਹਾਂ ਆਸ਼ਿਕ ਲੋਕਾਂ ਦੇ ਅਸੀਂ ਇਸ਼ਕ ਲਈ ਕੁਰਬਾਨ ਹੋਏ। ਇਹੋ ਦੁਆ ਨਿਕਲਦੀ ਛਾਤੀ 'ਚੋਂ ਅਸੀਂ ਨਿਕਲ ਕੇ ਜਾਤੀ-ਪਾਤੀ 'ਚੋਂ ਕਰੀਏ ਪ੍ਰਭਾਤ ਹਯਾਤੀ 'ਚੋਂ ਬਸ ਸੱਚਾ ਸਿਦਕ-ਈਮਾਨ ਹੋਏ ਇਹ ਧਰਤੀ ਜਿਉਂਦੇ ਅੱਖਰਾਂ ਦੀ ਇੱਥੇ ਵੇਦ, ਅੰਜੀਲ, ਕੁਰਾਨ ਹੋਏ ਅਸੀਂ ਖਿਮਾਂ ਬਖਸ਼ੀਏ ਉਹਨਾਂ ਨੂੰ ਜੋ ‘ਆਲਮ’ ਜਿਹੇ ਨਾਦਾਨ ਹੋਏ ਅਸੀਂ ਦਿਲ ਹਾਂ ਆਸ਼ਿਕ ਲੋਕਾਂ ਦੇ ਅਸੀਂ ਇਸ਼ਕ ਲਈ ਕੁਰਬਾਨ ਹੋਏ।

ਆ ਜਾਵੋ ਇਸ ਪਾਰ

ਆ ਜਾਵੋ ਇਸ ਪਾਰ ਸੱਜਣ ਜੀ ਆ ਜਾਵੋ ਇਸ ਪਾਰ ਇਸ ਪਾਰੋਂ ਨਾ ਰੁੱਕੇ ਜਾਵਣ ਨਾ ਚਿੱਠੀਆਂ, ਨਾ ਤਾਰ ਸੱਜਣ ਜੀ! ਆ ਜਾਵੋ ਇਸ ਪਾਰ ਇੱਕ ਸੱਲ ਖਾਧੀ ਦਿਲ ਦੀ ਬੇੜੀ ਉੱਤੋਂ ਸਿਰ ਦੀ ਅਕਲ ਸਹੇੜੀ ਹਾਏ! ਅਸਾਡੀ ਪ੍ਰੀਤ ਸੀ ਜਿਹੜੀ ਉਹੀਓ ਹੋ ਗਈ ਭਾਰ ਸੱਜਣ ਜੀ! ਆ ਜਾਵੋ ਇਸ ਪਾਰ ਆ ਜਾਵੋ ਇਸ ਪਾਰ ਪਿਆਰੇ ਖੁਰਦੇ-ਖੁਰਦੇ ਜਾਣ ਕਿਨਾਰੇ ਉੱਤੋਂ ਏਸ ਨਦੀ ਦੇ ਧਾਰੇ ਵਗਦੇ ਤੇਜ਼ ਤਰਾਰ ਸੱਜਣ ਜੀ! ਆ ਜਾਵੋ ਇਸ ਪਾਰ ਏਸ ਨਦੀ ਦੇ ਪਾਣੀ ਡਾਢੇ ਪਰਲਾ ਪਾਰ ਸੀ ਦੂਰ ਦੁਰਾਡੇ ਫੇਰ ਅਚਾਨਕ ਹੱਥੋਂ ਸਾਡੇ ਛੁੱਟ ਗਏ ਪਤਵਾਰ ਸੱਜਣ ਜੀ! ਆ ਜਾਵੋ ਇਸ ਪਾਰ ਕੱਚੇ ਮਟ ਮੋਮਿਨ ਜਾਂ ਕਾਫ਼ਿਰ ਠਿੱਲ੍ਹਣ ਸਭ ਤੈਰਨ ਦੀ ਖਾਤਿਰ ਪਰ ਮਿੱਟੀ ਹੈ ਮਿੱਟੀ ਆਖਿਰ ਡੋਬੇਗੀ ਵਿਚਕਾਰ ਸੱਜਣ ਜੀ! ਆ ਜਾਵੋ ਇਸ ਪਾਰ ਇੱਕ ਤਾਂ ਕੰਢੇ ਧਰਤ ਰੇਤਲੀ ਖਿਸਕੇ ਡੂੰਘੀ ਤਲੀ ਹੇਠਲੀ ‘ਆਲਮ’ ਦਿਲ ਦੀ ਧਾਰ ਪੇਤਲੀ ਕੀ ਕਰੀਏ ਤਕਰਾਰ ਸੱਜਣ ਜੀ! ਆ ਜਾਵੋ ਇਸ ਪਾਰ

ਚੜ੍ਹ ਦਰਿਆਵਾ

ਅਸੀਂ ਕਿਨਾਰੇ ਦੇ ਪੱਥਰ ਹਾਂ ਸਾਨੂੰ ਕੌਣ ਵਰਾਵੇ ਚੜ੍ਹ ਦਰਿਆਵਾ ਚੜ੍ਹ ਕੇ ਸਾਨੂੰ ਲੈ-ਲੈ ਆਪ ਕਲਾਵੇ ਤੈਥੋਂ ਵਿਛੜੇ ਕਿੰਨੇ ਪਾਣੀ ਭਰ-ਭਰ ਪੈ ਗਏ ਮਟਕੇ ਪਰ ਕੀ ਮਿਲਿਆ ਬੱਦਲ ਬਣ ਕੇ ਦਰ-ਦਰ ਜਾਂਦੇ ਭਟਕੇ ਅਸੀਂ ਤਾਂ ਉਹ ਜੋ ਪੀ ਗਈ ਮਿੱਟੀ, ਬਣ-ਬਣ ਨਿਕਲੇ ਲਾਵੇ ਚੜ੍ਹ ਦਰਿਆਵਾ ਚੜ੍ਹ ਕੇ ਸਾਨੂੰ ਲੈ-ਲੈ ਆਪ ਕਲਾਵੇ ਹਾਏ ਬੇਬਸੀ ਤੈਨੂੰ ਅੰਦਰ ਰਤਾ ਸਮਾ ਨਾ ਸਕੀਏ ਅਜ਼ਲਾਂ ਤੋਂ ਬੁੱਲ੍ਹ ਸੀਤੇ ਸਾਡੇ, ਪਿਆਸ ਬੁਝਾ ਨਾ ਸਕੀਏ ਅਸਾਂ ਨਿਕਰਮਿਆਂ ਨੂੰ ਧਰਤੀ ਨੇ ਤਾਇਆ ਕਹੇ ਆਵੇ ਚੜ੍ਹ ਦਰਿਆਵਾ ਚੜ੍ਹ ਕੇ ਸਾਨੂੰ ਲੈ-ਲੈ ਆਪ ਕਲਾਵੇ ਵੇਖ ਮੁਕੱਦਰਾਂ ਸਾਨੂੰ ਤੇਰੇ ਨੇੜ-ਤੇੜ ਹੀ ਰੱਖਿਆ ਤੇਰੀ ਦੀਦ ਨੇ ਸਾਡਾ ਹਰ ਇੱਕ ਜ਼ਖਮ ਉਚੇੜੀ ਰੱਖਿਆ ਤਪਦਾ ਸੂਰਜ ਨਿਸਦਿਨ ਸਾਡੀ ਅੱਗ 'ਚ ਅਹੁਤੀਆਂ ਪਾਵੇ ਚੜ੍ਹ ਦਰਿਆਵਾ ਚੜ੍ਹ ਕੇ ਸਾਨੂੰ ਲੈ-ਲੈ ਆਪ ਕਲਾਵੇ ਉਂਝ ਤਾਂ ਸਾਡੇ ਕੁਣਬੇ ਦੇ ਨੇ ਲੱਖ-ਕਰੋੜ ਪਹਾੜਾਂ ਉਂਝ ਤਾਂ ਸਾਡੇ ਨਾਲ਼ ਦੇ ਲੱਖਾਂ ਗਾਹੁੰਦੇ ਫਿਰਨ ਪੁਲਾੜਾਂ ਜੇ ਤੇਰੀ ਇੱਕ ਬੂੰਦ ਨਾ ਹਾਸਿਲ ਹੋਈ ਤਾਂ ਕਾਹਦੇ ਦਾਅਵੇ ਚੜ੍ਹ ਦਰਿਆਵਾ ਚੜ੍ਹ ਕੇ ਸਾਨੂੰ ਲੈ-ਲੈ ਆਪ ਕਲਾਵੇ ਜਾਂ ਤਾਂ ਧਾਰ ਉਨ੍ਹਾਂ ਨੂੰ ਕਰ ਦਏ ਜਾਂ ਫਿਰ ਸਾਨੂੰ ਕਰ ਦਏ ਸੁਣੋ ਵੇ ਕੋਈ ਜ਼ਲਜ਼ਲਿਓ! ਕੋਈ ਸਾਨੂੰ ਹੇਠਾਂ ਧਰ ਦਏ ਰੀਝ ਇਹ ਸਾਡੀ, ਹੋਂਦ ਅਸਾਡੀ ਕਲਕਲ ਨਾਦ ਸੁਣਾਵੇ ਚੜ੍ਹ ਦਰਿਆਵਾ ਚੜ੍ਹ ਕੇ ਸਾਨੂੰ ਲੈ-ਲੈ ਆਪ ਕਲਾਵੇ ਸੁਣ ਦਰਿਆਵਾ ਖੋਰ ਕੇ ਸਾਨੂੰ ਪੱਥਰੋਂ ਕਰ ਦੇ ਰੇਤਾ ਕੇਰਾਂ ਉਹਨੂੰ ਵੀ ਨਿਰਹੋਂਦ ਦਾ ਕਿਧਰੋਂ ਆ ਜਏ ਚੇਤਾ ‘ਆਲਮ’ ਸਾਨੂੰ ਘੜ-ਘੜ ਆਪਣੇ ਆਪ ਨੂੰ ਦਵੇ ਛਲਾਵੇ ਚੜ੍ਹ ਦਰਿਆਵਾ ਚੜ੍ਹ ਕੇ ਸਾਨੂੰ ਲੈ-ਲੈ ਆਪ ਕਲਾਵੇ

ਅਸਲੀ ਚਾਨਣ

ਸੂਰਜ ਨਾਲ਼ੋਂ ਲਾਟੂ ਚੰਗਾ ਸੂਰਜ ਆਵੇ-ਜਾਵੇ ਲਾਟੂ ਥਾਵੇਂ ਕਰਦੈ ਰਾਖੀ ਕਦੇ ਨਾ ਧੋਖਾ ਖਾਵੇ ਇੱਕ ਇਸ਼ਾਰੇ ਚਾਨਣ ਦੇਵੇ ਘਰ ਕੋਨਾ ਰੁਸ਼ਨਾਵੇ ਕਿਤੋਂ ਥਿਆਵੇ.....! ਲਾਟੂ ਨਾਲ਼ੋਂ ਦੀਵੇ ਚੰਗੇ ਲਾਟੂ ਤਾਰ ਥੀਂ ਬੰਨ੍ਹੇ ਹੱਦ ਮਹਿਦੂਦ ਉਨ੍ਹਾਂ ਦੀ ਜਿੱਥੇ ਬੰਨ੍ਹੇ ਓਥੇ ਈ ਭੰਨੇ ਦੀਵੇ ਰਮਤੇ ਫਿਰਨ ਕਲੰਦਰ ਚਾਨਣ ਬੰਨੇ-ਬੰਨੇ ਹਰ ਕੋਈ ਮੰਨੇ.....! ਦੀਵੇ ਦੀ ਮਜਬੂਰੀ ਹੋਸੀ ਤੇਲ ਗਿਆ ਕਦੇ ਬੱਤੀ ਔਖੇ-ਔਖੇ ਸਾਹ ਪਏ ਲੈਂਦੇ ਚਲਦੀ ਹਵਾ ਜਾਂ ਮੱਤੀ ਚੰਗੀ ਇਨ੍ਹਾਂ ਤੋਂ ਫ਼ਾਨੂਸਾਂ ਵਿੱਚ ਬਲ਼ਦੀ ਮੋਮ ਦੀ ਬੱਤੀ ਝੂਠ ਨਾ ਰੱਤੀ.....! ਰਾਤ ਦੀ ਜਾਗੀ ਦਿਨ ਚੜ੍ਹਦੇ ਹੀ ਸੌਂ ਗਈ ਲੰਮੀ ਤਾਣ ਚੜ੍ਹਿਆ ਸੂਰਜ ਸਿਖਰ ਦੁਪਹਿਰੇ ਮੋਮ ਦੇ ਜਾਣ ਪ੍ਰਾਣ ਕੁੱਬ ਪਿਆ ਤੇ ਲਿਫ਼ ਗਈ ਸਾਰੀ ਧਾਗੇ ਛੱਡਿਆ ਹਾਣ ਬੜਾ ਸੀ ਮਾਣ....! ਹਾਏ ਸੂਰਜਾ ਬਾਤ ਅਸਾਡੀ ਹੋਈ ਟੱਸ ਨਾ ਮੱਸ ਏ ਐਸਾ ਚਾਨਣ ਕਿਹੜਾ ਜਿਸ ਤੋਂ ਨ੍ਹੇਰਾ ਡਰ-ਡਰ ਨੱਸੇ ਅਸਲੀ ਚਾਨਣ ਅੰਦਰ ਵਾਲਾ ਯਾਰ ਹੀ ਕੇਵਲ ਦੱਸੇ ਆਲਮ ਹੱਸੇ....!

ਹੇ ਰਚੇਤਾ...!

ਉਦਾਸੇ ਚਿਹਰਿਆਂ 'ਤੇ ਪੈਲ ਜਦ ਪਾਵੇ ਖ਼ੁਸ਼ੀ ਵੀ ਖ਼ੁਸ਼ੀ ਦੀ ਅੱਖ 'ਚੋਂ ਵਗਦੀ ਹੈ ਜਦ ਜੀਵਨ ਨਦੀ ਵੀ ਹਵਾ ਦੀ ਤਾਲ 'ਤੇ ਨੱਚਦੀ ਹੈ ਜਦ ਗਾਉਂਦੀ ਕਲੀ ਵੀ ਤੇਰਾ ਆਉਂਦਾ ਹੈ ਚੇਤਾ..... ਹੇ ਰਚੇਤਾ....! ਤਲਾਅ ਦੀ ਹਿੱਕ ਉੱਤੇ ਨੱਚਦੀਆਂ ਨੇ ਜਦ ਵੀ ਕਣੀਆਂ ਇਹ ਤਾਰਾਂ ਪੋਟਿਆਂ ਦੇ ਮੇਲ ਤੇ ਜਦ ਰਾਗ ਬਣੀਆਂ ਤੇ ਖੱਲਾਂ ਲੱਥ ਕੇ ਜਦ ਢੋਲਕੀ ਦੀ ਥਾਪ ਬਣੀਆਂ ਤਾਂ ਇੱਕ ਹੋਵੇ ਦਵੇਤਾ..... ਹੇ ਰਚੇਤਾ....! ਇਹ ਫੁੱਲ, ਪੱਤੇ, ਇਹ ਕੁਦਰਤ, ਜੀਵ-ਜੰਤੂ ਇਹ ਕੁੱਲ ਬ੍ਰਹਿਮੰਡ ਕੀ ਹੈ? ਮਹੀਨ ਤੰਤੂ ਇਹ ਚੰਨ-ਸੂਰਜ ਨੇ ਸਭ ਜੀਵਿਤ, ਪਰੰਤੂ ਤੇਰੇ ਬਿਨ ਸਿਰਫ਼ ਰੇਤਾ.... ਹੇ ਰਚੇਤਾ....! ਕਦੇ ਤੂੰ ਸੁਖ, ਕਦੇ ਹੈਂ ਦੁੱਖ, ਕਦੇ ਸੰਸਾਰ ਵੀ ਏਂ ਤੂੰ ਆਦਿ-ਅੰਤ ਤੇ ਦੋਹਾਂ ਦੇ ਤੂੰ ਵਿਚਕਾਰ ਵੀ ਏਂ ਹੈ ਤੇਰਾ ਰੂਪ ਹੀ ਇਹ ਮੌਨ, ਤੂੰ ਟੁਣਕਾਰ ਵੀ ਏਂ ਤੂੰ ਸਰਵੋਤਮ ਅਭਿਨੇਤਾ.... ਹੇ ਰਚੇਤਾ....! ਜਿਵੇਂ ਬਰਸਾਤ ਬਣ ਕੇ ਅੰਬਰੋਂ ਮਲਹਾਰ ਡਿੱਗੇ ਜਿਵੇਂ ਪਰਬਤ ਕਿਸੇ ਤੋਂ ਜਲ ਦੀ ਗਾਉਂਦੀ ਧਾਰ ਡਿੱਗੇ ਇਵੇਂ ਰਹਿਮਤ ਤੇਰੀ ਝੋਲ਼ੀ ਮੇਰੀ ਵਿਚਕਾਰ ਡਿੱਗੇ ਆਨੰਦ ਵਿਸਮਾਦ ਕੇਤਾ.... ਹੇ ਰਚੇਤਾ....! ਮੈਂ ਥੱਕ ਕੇ ਰੁਕ ਗਿਆ ਹਾਂ ਅੰਤ ਦੀ ਰਫ਼ਤਾਰ ਪਿੱਛੋਂ ਨਿਹੱਥਾ ਹੋ ਗਿਆ ਹਾਂ ਆਖ਼ਰੀ ਹਥਿਆਰ ਪਿੱਛੋਂ ਪਤਾ ਨਈਂ ਕਿਉਂ ਕੋਈ ਆਵਾਜ਼ ਮੇਰੀ ਹਾਰ ਪਿੱਛੋਂ ਕਹੇ ਮੈਨੂੰ ਵਿਜੇਤਾ.... ਹੇ ਰਚੇਤਾ....! ਹਰਿਕ ਦੀ ਚੇਤਨਾ ਤੋਂ, ਹਰ ਕਿਸੇ ਦੇ ਅਹਿਮ ਤੋਂ ਵੀ ਹਰਿਕ ਵਿਸ਼ਵਾਸ ਤੋਂ, ਹਰ ਇੱਕ ਭਰਮ ਤੇ ਵਹਿਮ ਤੋਂ ਵੀ ਯੁਗਾਂ ਤੋਂ ਪਾਰ ਹੈ ‘ਆਲਮ’ ਸਮੇਂ ਦੇ ਰਹਿਮ ਤੋਂ ਵੀ ਹੈ ਕਲਿਯੁਗ ਜਾਂ ਤ੍ਰੇਤਾ..... ਜੇ ਰਚੇਤਾ....!

ਚੀਸ ਨਿਕਲੇ

ਜਦੋਂ ਸੁਣਾ ਤੇਰਾ ਨਾਮ ਕਿਸੇ ਹੋਰ ਦੀ ਜ਼ੁਬਾਨੋਂ ਮੇਰੇ ਕੰਨਾਂ ਦੀਆਂ ਵਾਲ਼ੀਆਂ ’ਚੋਂ ਚੀਸ ਨਿਕਲੇ ਜਦੋਂ ਤਾਰਿਆਂ ਨੂੰ ਤੱਕਾਂ, ਮੈਨੂੰ ਭੁੱਲ ਜਾਏ ਰੈਣ ਕਾਲ਼ੀ ਰਾਤ ਵਿੱਚੋਂ ਝਾਉਲ਼ੇ ਤੇਰੇ ਚੋਲ਼ਿਆਂ ਦੇ ਪੈਣ ਲੋਕੀ ਕਹਿੰਦੇ ਨੇ ਸ਼ੁਦੈਣ, ਜਦੋਂ ਲੱਗ ਜਾਂਦੇ ਨੈਣ ਓਦੋਂ ਅਸਲੋਂ ਹੀ ਸਿਰ ਵਿੱਚੋਂ ਸੀਸ ਨਿਕਲੇ ਜਦੋਂ ਸੁਣਾ ਤੇਰਾ ਨਾਮ ਕਿਸੇ ਹੋਰ ਦੀ ਜ਼ੁਬਾਨੋਂ ਮੇਰੇ ਕੰਨਾਂ ਦੀਆਂ ਮੁੰਦਰਾਂ 'ਚੋਂ ਚੀਸ ਨਿਕਲੇ ਮੈਨੂੰ ਤੇਰਾ ਵੇ ਟਿਕਾਣਾ ਕਿਤੋਂ ਭਾਲ਼ਿਆਂ ਨਾ ਲੱਭੇ ਤੇਰਾ ਨਕਸ਼ਾ ਵੀ ਨਕਸ਼ੇ 'ਚ ਢਾਲ਼ਿਆਂ ਨਾ ਲੱਭੇ ਜਦੋਂ ਪੈਰਾਂ ਦੇ ਨਿਸ਼ਾਨ ਵੇ ਮੈਂ ਛਾਲਿਆਂ ਨਾ ਲੱਭੇ ਮੇਰੇ ਛਾਲਿਆਂ ਦੀ ਟੀਸ 'ਚੋਂ ਅਸੀਸ ਨਿਕਲੇ ਜਦੋਂ ਸੁਣਾ ਤੇਰਾ ਨਾਮ ਕਿਸੇ ਹੋਰ ਦੀ ਜ਼ੁਬਾਨੋਂ ਮੇਰੇ ਕੰਨਾਂ ਦੀਆਂ ਨੱਤੀਆਂ ’ਚੋਂ ਚੀਸ ਨਿਕਲੇ ਲਿਖੀ ਤਿਤਲੀ ਦੇ ਖੰਭਾਂ ’ਤੇ ਕੁਰਾਨ ਦਿਸਦੀ ਏ ਰੁੱਖ ਨੱਚ-ਨੱਚ ਪੜ੍ਹਦੇ ਨਮਾਜ਼ ਕਿਸਦੀ ਏ ਕਹੀ ਫੁੱਲਾਂ ਨੇ ਸਿਹਾਬੀਆਂ ਨੇ ਬਾਤ ਜਿਸਦੀ ਏ ਉਹਦੇ ਚਿੜੀਆਂ ਦੀ ਚਹਿਕ ’ਚੋਂ ਹਦੀਸ ਨਿਕਲੇ ਜਦੋਂ ਸੁਣਾ ਤੇਰਾ ਨਾਮ ਕਿਸੇ ਹੋਰ ਦੀ ਜ਼ੁਬਾਨੋਂ ਮੇਰੇ ਕੰਨਾਂ ਦੀਆਂ ਮੁਰਕੀਆਂ 'ਚੋਂ ਚੀਸ ਨਿਕਲੇ ਮੈਂ ਤਾਂ ਐਵੇਂ ਹੀ ਵਿਛੋੜੇ ਵਾਲੀ ਨਾਗਣੋਂ ਡਰੀ ਸੀ ਕਿਤੇ ਆਪਣੇ ਹੀ ਖ਼ਾਬਾਂ ਵਿੱਚ ਜਾਗਣੋਂ ਡਰੀ ਸੀ ਹਾਏ! ਕਾਸ ਤੋਂ ਮੈਂ ‘ਆਲਮਾ’ ਵੇ ਝਾਗਣੋ ਡਰੀ ਸੀ ਤੇਰੇ ਦੁੱਖੜੇ ਤਾਂ ਤੈਥੋਂ ਵੀ ਨਫ਼ੀਸ ਨਿਕਲੇ ਜਦੋਂ ਸੁਣਾ ਤੇਰਾ ਨਾਮ ਕਿਸੇ ਹੋਰ ਦੀ ਜ਼ੁਬਾਨੋਂ ਮੇਰੇ ਕੰਨਾਂ ਦਿਆਂ ਕੁੰਡਲਾਂ 'ਚੋਂ ਚੀਸ ਨਿਕਲੇ

ਛਣਕੰਙਣਾ

ਸਾਡੀ ਰੂਹ ਨੂੰ ਪਵਾ ਦੇ ਇੱਕ ਛਣਕੰਙਣਾ ਵੇ ਅਸਾਂ ਹੋਰ ਨਈਂ ਤੇਰੇ ਤੋਂ ਕੁਝ ਮੰਗਣਾ ਸੁਣ ਸੱਚੇ ਸੁਲਤਾਨ, ਸ਼ਾਲਾ ਰਹੇ ਤੇਰੀ ਸ਼ਾਨ ਇੱਕ ਵਾਰ ਜੇ ਮੁਹੱਲੇ ਸਾਡੇ ਆਵੇਂ ਢਾਹਵੇਂ ਕੱਚੀਆਂ ਕੰਧਾਂ ਵੇ ਕਿਤੇ ਪੱਕੀਆਂ ਜੇ ਰਹਿਣ ਉਹ ਵੀ ਇੱਕੋ ਸੱਟ ਮਾਰ ਕੇ ਤੂੰ ਢਾਹਵੇਂ ਇੱਕ ਤੇਰੇ ਹੀ ਟਿਕਾਣੇ, ਕੰਙਣੇ ਨੇ ਛਣਕਾਣੇ ਕਿਸੇ ਹੋਰ ਨਈਂ ਗਲੀ ਦੇ ਵਿੱਚੋਂ ਲੰਘਣਾ ਸਾਡੀ ਰੂਹ ਨੂੰ ਪਵਾ ਦੇ ਇੱਕ ਛਣਕੰਙਣਾ ਵੇ ਅਸਾਂ ਹੋਰ ਨਈਂ ਤੇਰੇ ਤੋਂ ਕੁਝ ਮੰਗਣਾ ਅਸੀਂ ਸੁੰਭਰ-ਸੰਵਾਰ ਕੇ ਵੇ ਤਖ਼ਤ ਬਲੌਰੀ ਉੱਤੇ ਚਾਦਰ ਵਿਛਾਈ ਬੈਠੇ ਕੋਰੀ ਜਦੋਂ ਰੀਝ ਲੰਘੇ ਮੈਲ਼ੇ-ਮੈਲ਼ੇ ਪੈਰ ਲੈ ਕੇ ਉੱਤੋਂ ਸਾਡੀ ਨੀਂਦ ਨੂੰ ਸੁਣਾਂਦੀ ਜਾਵੇ ਲੋਰੀ ਜਿੰਦ ਜੋਗਣੇ ਨੀ ਜਾਗਦੀ ਰਹੀਂ ਤੂੰ ਸਾਰੀ ਰਾਤ ਕਿਤੇ ਪੈ ਜੇ ਨਾ ਵਿਸਾਲ ਵੇਲ਼ੇ ਸੰਗਣਾ ਸਾਡੀ ਰੂਹ ਨੂੰ ਪਵਾ ਦੇ ਇੱਕ ਛਣਕੰਙਣਾ ਵੇ ਅਸਾਂ ਹੋਰ ਨਈਂ ਤੇਰੇ ਤੋਂ ਕੁਝ ਮੰਗਣਾ ਤੇਰੇ ਚਰਖੇ ਦੇ ਨਾਲ਼-ਨਾਲ਼ ਘੁੰਮੀਏਂ ਅਸੀਂ ਵੀ ਕਿਤੋਂ ਬਹੁੜ ਪੈ ਵੇ ਹੂਕ ਸਾਡੀ ਸੁਣ ਕੇ ਜਦੋਂ ਕੱਤੀਏ ਛਣਨ-ਛਣ ਕਰਨ ਗਲੋਟੇ ਤੇਰਾ ਆਸਨ ਬਣਾਈਏ ਆਪਾ ਬੁਣ ਕੇ ਅਸੀਂ ਪਾ ਕੇ ਸੱਤਰੰਗੀਆਂ ਵੇ ਆਉਣਾ ਤੇਰੇ ਸਾਹਵੇਂ ਆ ਕੇ ਤੈਨੂੰ ਹੀ ਲਲਾਰੀਆ ਵੇ ਰੰਗਣਾ ਸਾਡੀ ਰੂਹ ਨੂੰ ਪਵਾ ਦੇ ਇੱਕ ਛਣਕੰਙਣਾ ਵੇ ਅਸਾਂ ਹੋਰ ਨਈਂ ਤੇਰੇ ਤੋਂ ਕੁਝ ਮੰਗਣਾ ਦੇ ਕੇ ਮਿੱਟੀ ਦੇ ਖਿਡੌਣੇ ਲੁੱਟੇ ਹੰਝੂਆਂ ਦੇ ਹੀਰੇ ਕਿੱਥੇ ਲੁਕ-ਲੁਕ ਬਹਿਨੈਂ ਵੇ ਤੂੰ ਡਾਕੂਆ? ਸਾਨੂੰ ਹੋਂਦ-ਨਿਰਹੋਂਦ ਦੇ ਭੁਲੇਖੇ ਵਿੱਚ ਪਾ ਕੇ ਹੋਰ ਟੁੱਟਿਆਂ ਦੇ ਟੋਟੇ ਕਰੇਂ ਚਾਕੂਆ ਸਾਨੂੰ ਅਸਲੋਂ ਹੀ ‘ਆਲਮਾ’ ਵੇ ਜ਼ਾਲਮਾ ਮੁਕਾ ਦੇ ਜੇ ਉਡੀਕ ਵਾਲੀ ਸੂਲੀ 'ਤੇ ਹੀ ਟੰਗਣਾ ਸਾਡੀ ਰੂਹ ਨੂੰ ਪਵਾ ਦੇ ਇੱਕ ਛਣਕੰਙਣਾ ਵੇ ਅਸਾਂ ਹੋਰ ਨਈਂ ਤੇਰੇ ਤੋਂ ਕੁਝ ਮੰਗਣਾ

ਉਮਰਾਂ ਤੇ ਰੀਝਾਂ

ਇਹ ਰੀਝਾਂ ਦੇ ਕਛੁਏ, ਇਹ ਉਮਰਾਂ ਦੇ ਸੇਹੇ ਪੁਰਾਣੀ ਕਹਾਣੀ ਹੈ ਜੀਵਨ ਦੀ ਏਹੇ ਮੇਰੀ ਮੈਂ ਨੇ ਬੁਣਤੇ ਜੋ ਆਲ਼ੇ-ਦੁਆਲ਼ੇ ਕਿਸੇ ਰੌਸ਼ਨੀ ਵਿੱਚ ਹੀ ਦਿਸਣੇ ਉਹ ਜਾਲ਼ੇ ਕੋਈ ਆ ਕੇ ਮੇਰੇ ਚਿਰਾਗ਼ਾਂ ਨੂੰ ਬਾਲ਼ੇ ਕੋਈ ਆ ਕੇ ਚਾਨਣ ਦੇ ਦੇਵੇ ਸੁਨੇਹੇ ਇਹ ਰੀਝਾਂ ਦੇ ਕਛੁਏ, ਇਹ ਉਮਰਾਂ ਦੇ ਸੇਹੇ ਪੁਰਾਣੀ ਕਹਾਣੀ ਹੈ ਜੀਵਨ ਦੀ ਏਹੇ ਸਹੀ ਹੈ ਬਣਾਉਂਦਾ ਹੈ ਜੋ, ਉਹ ਹੀ ਢਾਹੇ ਪਰ ਇਹ ਕੀ ਨਿਜ਼ਾਮ ਉਸਦਾ ਇਸ਼ਕੇ ਦੀ ਰਾਹੇ ਕਿ ਸੁੱਚਮ ਕਲੰਦਰ ਨੂੰ ਥੋਹਰਾਂ ਦੇ ਫਾਹੇ ਤੇ ਐਬਾਂ ਦੇ ਸੱਪਾਂ ਨੂੰ ਚੰਦਨ ਦੇ ਫੇਹੇ ਇਹ ਰੀਝਾਂ ਦੇ ਕਛੁਏ, ਇਹ ਉਮਰਾਂ ਦੇ ਸੇਹੇ ਪੁਰਾਣੀ ਕਹਾਣੀ ਹੈ ਜੀਵਨ ਦੀ ਏਹੇ ਅਜੇ ਤਾਂ ਨੇ ਦੁਬਿਧਾ ਦੇ ਪਲ ਠਹਿਰੇ-ਠਹਿਰੇ ਅਜੇ ਤਾਂ ਨੇ ਰਾਤਾਂ ਤੇ ਰਾਤਾਂ ਦੇ ਪਹਿਰੇ ਅਜੇ ਨੀਂਦ ਡੂੰਘੀ, ਅਜੇ ਖ਼ਾਬ ਗਹਿਰੇ ਇਹ ਕੌਣ ਆ ਗਿਆ ਹੈ ਸਦੇਹਾਂ-ਸਦੇਹੇ ਇਹ ਰੀਝਾਂ ਦੇ ਕਛੁਏ, ਇਹ ਉਮਰਾਂ ਦੇ ਸੇਹੇ ਪੁਰਾਣੀ ਕਹਾਣੀ ਹੈ ਜੀਵਨ ਦੀ ਏਹੇ ਹਜ਼ਾਰਾਂ ਹੀ ਜੁਗਨੂੰ ਨੇ ਦਾਮਨ ਦੇ ਅੰਦਰ ਜਿਓਂ ਮਘਦੇ ਅੰਗਾਰੇ ਨੇ ਆਹਨ ਦੇ ਅੰਦਰ ਤੇ ਫਿਰ ਵੀ ਜੋ ਉਲਝੇ ਪਏ ਮਨ ਦੇ ਅੰਦਰ ਤਾਂ ‘ਆਲਮ’ ਜਿਹੇ ਨੇ ਅਭਾਗੇ ਅਜੇਹੇ ਇਹ ਰੀਝਾਂ ਦੇ ਕਛੁਏ, ਇਹ ਉਮਰਾਂ ਦੇ ਸੇਹੇ ਪੁਰਾਣੀ ਕਹਾਣੀ ਹੈ ਜੀਵਨ ਦੀ ਏਹੇ

ਨਜ਼ਮ

ਜਦੋਂ ਸੋਨੇ ਦੇ ਗੁੰਬਦਾਂ ਉੱਪਰ ਵਰਖਾ ਪੈਂਦੀ ਹੈ ਤਾਂ ਇੱਕ ਵੀ ਬੂੰਦ ਉੱਪਰ ਨਹੀਂ ਟਿਕਦੀ ਤੇ ਨਾ ਹੀ ਕੋਈ ਸੋਂਧੀ-ਸੋਂਧੀ ਖ਼ੁਸ਼ਬੂ ਉੱਠਦੀ ਹੈ ...ਮੈਨੂੰ ਆਪਣੇ ਮਿੱਟੀ ਹੋਣ ’ਤੇ ਮਾਣ ਹੈ...!

ਓਮ

ਓਮ! ਕੁਦਰਤ ਦੀ ਧੁਨੀ ਹੈ ਬ੍ਰਹਿਮੰਡ ਦਾ ਨਾਦ ਜੋ “ਮੈਂ” ਤੋਂ ਉਰੇ ਸ਼ੁਰੂ ਹੁੰਦਾ ਅਤੇ “ਤੂੰ” ਤੋਂ ਪਾਰ ਤੱਕ ਜਾਂਦਾ ਕਿੱਥੇ? ਇਹ ਮੇਰਾ ਮੁੱਦਾ ਨਹੀਂ ਮੇਰੇ ਲਈ ਤਾਂ ਏਨਾ ਹੀ ਕਾਫ਼ੀ ਕਿ ਅਸੀਂ ਇੱਕੋ ਧੁਨ ਹਾਂ ...ਬਸ ਵਿਖਾਈ ਹੀ ਦੋ ਦਿੰਦੇ ਹਾਂ

ਵਿਡੰਬਨਾ

ਇੱਕ ਛੋਟਾ ਜਿਹਾ ਸਾਂਝਾ ਖੇਤ ਜਿਵੇਂ ਬ੍ਰਹਿਮੰਡ ਵਿੱਚ ਆਪਣੀ ਧਰਤੀ ਕੁਝ ਮਾਲੀ ਆਏ ਤੇ ਕਈ ਤਰ੍ਹਾਂ ਦੇ ਸੁੰਦਰ ਫੁੱਲ ਬੀਜ ਗਏ ਜਿਨ੍ਹਾਂ ਦੀ ਮਹਿਕ ਅੰਦਰ ਸਾਰੀ ਖ਼ਲਕਤ ਦੀ ਮਹਿਕ ਸੀ ਤਿਤਲੀਆਂ ਭਾਰ ਨਹੀਂ ਸਨ ਚੁੱਕ ਸਕਦੀਆਂ ਸੋ ਉਨ੍ਹਾਂ ਨੇ ਫੁੱਲਾਂ ਦੇ ਰੰਗ ਲੈ ਲਏ ਭੌਰ ਮਹਿਕਾਂ ਨਹੀਂ ਸਨ ਬੰਨ੍ਹ ਸਕਦੇ ਸੋ ਮਸਤ ਹੋ ਕੇ ਗਾਉਣ ਲੱਗ ਪਏ ਅਸੀਂ ਕੀਟ-ਪਤੰਗਿਆਂ ਤੋਂ ਉੱਚੀ ਸ਼੍ਰੇਣੀ ਦੇ ਸਮਰੱਥ ਅਸੀਂ ਫੁੱਲਾਂ ਦੇ ਪੂਜਾ ਘਰ ਬਣਾ ਲਏ

ਪੌਣ

ਕਹਿੰਦੇ ਹਨ ਕਿ ਉਸਨੂੰ ਪੌਣ ਆਉਂਦੀ ਹੈ ਤੇ ਉਹ ਸੱਚੀਆਂ ਗੱਲਾਂ ਵੀ ਦੱਸਦੈ ਕੱਲ੍ਹ ਜਦੋਂ ਕੁਦਰਤੀ ਪੌਣ ਆਈ, ਮਿੱਟੀ ਉੱਡਣ ਲੱਗੀ ਉਸਨੇ ਅੱਖਾਂ ਮੀਚ ਲਈਆਂ ਬਾਰ ਬਾਰੀਆਂ ਢੋਅ ਛੱਡੇ ਅੰਦਰ ਭਗਤ ਗੁਣਗਾਣ ਕਰਦੇ ਰਹੇ ਤੇ ਮੈਂ ਸੋਚਦਾ ਰਿਹਾ ਇਹ ਕਿਹੜੀ ਪੌਣ ਹੋਈ ਭਲਾ? ਜੋ ਪੌਣ ਤੋਂ ਡਰਦੀ...!

ਜ਼ਰਾ ਸੋਚੀਏ

ਅਸੀਂ... ਪਰਮ ਪਿਤਾ ਪਰਮੇਸ਼ਵਰ ਨੂੰ ਮੰਨਣ ਵਾਲੇ ਜਿਸ ਮਜ਼ਦੂਰ ਨੂੰ ਗਾਲ੍ਹ ਕੱਢ ਕੇ ਬੁਲਾਉਂਦੇ ਹਾਂ ਲਾਹਨਤਾਂ ਪਾਉਂਦੇ ਹਾਂ ਉਸਦੇ ਬੱਚੇ ਉਸਨੂੰ ਪਿਤਾ ਕਹਿੰਦੇ ਨੇ ਅਤੇ ਪਤਨੀ ਪਰਮੇਸ਼ਵਰ

ਯਾਤਰਾ

ਧਰਤੀ ਦੀ ਹਿੱਕ ਚੋਂ ਨਿਕਲ ਕੇ ਸੋਨਾ ਸੁਨਿਆਰ ਕੋਲ਼ ਅਤੇ ਲੋਹਾ ਲੁਹਾਰ ਕੋਲ਼ ਮੇਰੀ ਹਿੱਕ 'ਚੋਂ ਨਿਕਲ ਕੇ ਪਿਆਰ, ਪਿਆਰ ਕੋਲ਼ ਜਾ ਪਹੁੰਚੇਗਾ ਮੈਨੂੰ ਪ੍ਰਾਰਬਧ ’ਤੇ ਪੂਰਾ ਯਕੀਨ ਹੈ ਮੈਨੂੰ ਨਿਯਤੀ 'ਤੇ ਪੂਰਾ ਭਰੋਸਾ ਹੈ

ਮਿਰਗਛਲ

ਹਾਂ! ਮੈਂ ਮਿਰਗ ਹਾਂ ਮੇਰੀ ਦੌੜ ਅਮੁੱਕ ਮੇਰੇ ਦੜੰਗੇ, ਅੜੰਗੇ ਮੈਂ ਪੰਜ ਤੱਤਾਂ ਦਾ ਬਣਿਆ ਸੋ, ਪੰਜੋ ਵਿਕਾਰ ਸਵੀਕਾਰ ਕਰਦਾ ਮੈਂ ਸੋਨੇ ਦਾ ਬਣ ਕੇ ਕਿਸੇ ਰਾਮ ਨੂੰ ਧੋਖਾ ਨਹੀਂ ਦੇਣਾ ਚਾਹੁੰਦਾ ‘ਮਿਰਗਛਲ’ ਸ਼ਬਦ ਮੇਰੀ ਪਿਆਸ ਦੀ ਸ਼ਿੱਦਤ ਹੈ ਅਤੇ ਮੈਂ ਰਾਮ ਲਈ ਮਿਰਗਛਲ ਹੀ...

ਧਰਮ

ਪਾਣੀ ਦਾ ਘੜਾ ਸਿਰ 'ਤੇ ਰੱਖ ਕੇ ਚੜ੍ਹਾਈ ਚੜ੍ਹਦੇ ਚੜ੍ਹਦੇ ਪੁਜਾਰੀ ਨੇ ਨਦੀ ਨੂੰ ਪੁੱਛਿਆ “ਨੀ ਹੇਠਾਂ ਵਗਦੀਏ ਅਨਪੜ੍ਹ ਨਦੀਏ! ਤੈਨੂੰ ਏਨਾ ਵੀ ਨਹੀਂ ਪਤਾ ਕਿ ਕਿਉਂ ਸਾਰੇ ਪੂਜਾ ਅਸਥਾਨ ਉਚਾਈਆਂ ’ਤੇ ਬਣਾਏ ਜਾਂਦੇ? ਤੈਨੂੰ ਏਨਾ ਵੀ ਨਹੀਂ ਪਤਾ ਕਿ ਕੁੰਡਲਿਨੀ ਦਾ ਦਸਮ ਦੁਆਰ ਸਿਰ ਤੋਂ ਵੀ ਉੱਪਰ ਹੁੰਦਾ?” "ਮੈਨੂੰ ਤਾਂ ਸਿਰਫ਼ ਸਾਗਰ ਦਾ ਪਤਾ ਹੈ” ਨਦੀ ਨੇ ਵਗਣਾ ਜਾਰੀ ਰੱਖਦਿਆਂ ਆਖਿਆ ਪੁਜਾਰੀ ਦੇ ਮੱਥੇ ’ਤੋਂ ਮੁੜ੍ਹਕਾ ਇਓਂ ਡਿੱਗ ਰਿਹਾ ਸੀ ਜਿਵੇਂ ਨਦੀਆਂ ਪਹਾੜੋਂ ਉਤਰਦੀਆਂ ਨੇ...

ਹੈ ਨਾ?

ਖੁਦ ਨੂੰ ਸਲਾਹੁਣਾ ਆਪਣੀ ਹੀ ਗੱਲ੍ਹ 'ਤੇ ਚੁੰਮਣ ਲੈਣ ਦੀ ਨਾਕਾਮ ਕੋਸ਼ਿਸ਼ 'ਚ ਚਿਹਰਾ ਵਿਕ੍ਰਿਤ ਕਰ ਲੈਣਾ ਹੁੰਦਾ

ਅੱਕ ਫੰਭੇ

ਧੂੜ ਭਰੀਆਂ ਗਰਮ-ਖ਼ੁਸ਼ਕ ਹਵਾਵਾਂ ਅੱਕ ਫੰਭਿਆਂ ਨੂੰ ਖੇਰੂੰ-ਖੇਰੂੰ ਕਰ ਦਿੰਦੀਆਂ ਅਨਜਾਣ ਸਫ਼ਰ ’ਤੇ ਨਾਲ਼ ਲੈ ਤੁਰਦੀਆਂ ਮਾਂ-ਪੌਦੇ ਤੋਂ ਜੁਦਾ ਕਰ ਦਿੰਦੀਆਂ ਅੱਕ ਫੰਭੇ ਅੱਕ ਜਾਂਦੇ ਵਿਚਲਿਤ ਹੋ ਉੱਠਦੇ ਗਾਲ੍ਹਾਂ ਕੱਢਦੇ ਹਵਾ ਦੀ ਮਰਜ਼ੀ ਅੱਗੇ ਕੁਝ ਨਾ ਕਰ ਸਕਦੇ ਬਸ ਭਟਕਦੇ ਦੁਖੀ ਹੁੰਦੇ ਫਿਰ ਦੂਰ ਕਿਤੇ ਹਵਾ 'ਚੋਂ ਨਮੀ ਮਿਲਦੀ ਅੱਕ ਫੰਭਿਆਂ ਦੇ ਰੇਸ਼ੇ ਭਾਰੇ ਹੋ ਜਾਂਦੇ ਉੱਡਣਾ ਦੂਭਰ ਹੋ ਜਾਂਦਾ ਅੱਕ ਫੰਭੇ ਫੇਰ ਔਖੇ-ਭਾਰੇ ਹੁੰਦੇ ਅਸਮਰੱਥ ਹੋ ਡਿੱਗ ਪੈਂਦੇ ਨਮੀ, ਨਾਨੀ ਵਾਂਗ ਮੁਸਕਾਉਂਦੀ ਸਵਾਗਤ ਕਰਦੀ ਸਿੱਲ੍ਹੀ ਨਰਮ ਧਰਤ ਦਾ ਟੋਟਾ ਪਲਕ-ਪਾਂਵੜੇ ਵਿਛਾਈ ਬੰਦਨਵਾਰ ਬੰਨ੍ਹੀ ਬੈਠਾ ਮਿਲਦਾ ਅਦਿੱਖ ਮਾਲੀ ਗਿੱਲੀ ਸਿੱਲ੍ਹੀ ਮਿੱਟੀ ਵਿੱਚ ਰੋਪਣ ਕਰਦਾ ਅੱਕ ਉੱਗ ਪੈਂਦੇ ਭਾਵੇਂ ਅੱਕ ਫੰਭਿਆਂ ਨੂੰ ਇਸ ਮਹਾ-ਯਾਤਰਾ ਦਾ ਪਤਾ ਨਹੀਂ ਹੁੰਦਾ ਪਰ ਮਹਾ-ਯਾਤਰਾ ਲਈ ਅੱਕ ਫੰਭੇ ਹੋਣਾ ਪੈਂਦਾ ਸਬਰ! ਮੇਰੇ ਮਨ! ਸਬਰ!

ਔਕੜ ਸਮੇਂ

ਕੋਈ ਔਕੜ ਦਾ ਵਾਵਰੋਲਾ ਜ਼ਿੰਦਗੀ ਵਿੱਚ ਆ ਹੀ ਜਾਵੇ ਉਦਾਸ ਨਾ ਹੋਵੋ ਹਜ਼ਾਰ ਰੰਗਾਂ ਦੇ ਸੁਫ਼ਨੇ ਵੇਖੋ ਉੱਡਦੇ ਬਾਜ਼ਾਂ ਦੇ ਖੰਭ ਨਾਪੋ ਤਿਤਲੀਆਂ ਦੀ ਉਡਾਣ ਮਾਣੋ ਖ਼ੁਸ਼ਬੂਆਂ ਦੇ ਨਾਲ਼ ਉੱਡੋ ਵਾਵਰੋਲੇ ਦੇ ਐਨ ਮੱਧ ਵਿੱਚ ਹੀ ਆਣ ਡਿੱਗੋ ਵਾਵਰੋਲੇ ਦੇ ਐਨ ਮੱਧ ਵਿੱਚ ਖਲਾਅ ਹੀ ਹੁੰਦਾ ਕੁਝ ਨੀਂ ਹੁੰਦਾ

ਸੋਚੀਏ ਤਾਂ

ਧੰਨ ਨੇ ਉਹ ਬਿੱਲੀਆਂ ਜੋ ਨੌਂ ਸੌ ਚੂਹੇ ਖਾ ਕੇ ਤਾਂ ਹੱਜ ਨੂੰ ਚਲੀਆਂ ਜਾਂਦੀਆਂ ਆਓ ਆਪਣਾ-ਆਪਣਾ ਸ਼ੀਸ਼ਾ ਵੇਖੀਏ ਆਪਣੇ ਆਪ ਨਾਲ਼ ਨਜ਼ਰਾਂ ਮਿਲਾਉਣ ਦੀ ਹਿੰਮਤ ਕਰੀਏ ਤੇ ਪੁੱਛੀਏ ਨੌਂ ਸੌ ਹੋਇਆਂ ਕਿੰਨਾ ਚਿਰ ਹੋ ਚੁੱਕਾ?

ਸਭ ਫੜੇ ਜਾਣਗੇ

ਔਖਾ ਹੁੰਦਾ ਆਪਣੀ ਹੀ ਤਰ੍ਹਾਂ ਦਾ ਵੱਖਰਾ ਹੋਣਾ ਪਰ ਵੱਖਰਾਪਣ ਵਿਖਾਉਣਾ ਔਖੇ ਤੋਂ ਵੀ ਔਖਾ ਹੁੰਦਾ ਬੁੱਧੀਜੀਵੀ ਸੰਜਮਧਾਰੀ ਰਜ਼ਾ 'ਚ ਰਹਿਣ ਵਾਲੇ ਹਰ ਹਾਲ ਮਸਤ ਰਹਿਣ ਵਾਲੇ ਹੱਸਦੇ ਜਿਉਂਦੇ ਤੇ ਮੇਰੇ ਵਰਗੇ ਜਦ ਸਮੇਂ ਦੇ ਵੇਲਣ ਵਿੱਚ ਤੁੰਨੇ ਜਾਂਦੇ ...ਸਭ ਫੜੇ ਜਾਂਦੇ

ਧਿਆਨ

ਏਧਰ... ਮਹਾਨਗਰ ਦੀਆਂ ਚੌੜੀਆਂ ਸੜਕਾਂ ਦੌੜਦੇ ਟ੍ਰੈਫ਼ਿਕ ਦਾ ਰੌਲ਼ਾ ਪੂਜਾ ਘਰਾਂ ਦੇ ਲਾਊਡ ਸਪੀਕਰ ਮੁਜ਼ਾਹਰਿਆਂ ਦੇ ਨਾਅਰੇ ਆਪਾ-ਧਾਪੀ ਦੀ ਦੌੜ ਸਭ ਨੂੰ ਦਿਸਦੇ ਸੁਣਦੇ ਓਧਰ... ਇਸੇ ਦੀ ਪਿੱਠ ਭੂਮੀ 'ਚ ਸੂਰਜ ਆਪਣੇ ਪੂਰੇ ਜਲੌਅ ਵਿੱਚ ਚੜ੍ਹਦਾ-ਲਹਿੰਦਾ ਚੰਨ ਆਕਾਰ ਬਦਲਦਾ ਗੰਦੇ ਨਾਲ਼ਿਆਂ 'ਚ ਵੀ ਚਮਕਦਾ ਫੁੱਲ ਖਿੜਦੇ ਰੰਗ, ਖ਼ੁਸ਼ਬੂ ਨ੍ਰਿਤ ਕਰਦੇ ਰੌਲ਼ੇ ਨੂੰ ਮਾਤ ਪਾਉਂਦੀ ਕੋਇਲ ਦੀ ਕੂਕ ਸੁਣਦੀ ਧਿਆਨ ਵਾਪਰਦਾ ਧਿਆਨ ਕਰਨਾ-ਕੁਰਨਾ ਕੁਝ ਵੀ ਨਈਂ ਹੁੰਦਾ ਬਸ ਨਜ਼ਰੀਆ ਬਦਲਣਾ ਹੁੰਦਾ

ਬੈਂਤ

ਜਿੱਦਾਂ ਕੱਚ ਦੀ ਕਿਰਚ ’ਤੇ ਫਿਰੇ ਉਂਗਲ ਗੱਲਾਂ ਏਦਾਂ ਵੇ ਤੇਰੀਆਂ ਛਿੜਦੀਆਂ ਨੇ ਗਹਿਰੀ ਧੁੰਦ 'ਚੋਂ ਲੰਘਦੀ ਨਜ਼ਰ ਵਾਂਗੂੰ ਰਾਤਾਂ ਰੋਜ਼ ਅਸਾਡੀਆਂ ਰਿੜ੍ਹਦੀਆਂ ਨੇ ਤੇਰੇ ਆਸ਼ਕਾਂ ਪੀੜ ਨਪੀੜ ਛੱਡੀ ਇਹੋ ਮੱਲਾਂ ਤਾਂ ਦਿਲ ਵਾਲੇ ਪਿੜ ਦੀਆਂ ਨੇ ਅਸਾਂ ਇਸ਼ਕ ਚਰੈਤਾ ਜੇ ਘੋਲ਼ ਪੀਤਾ ਕਾਹਤੋਂ ਮੈਲਾਂ ਅਕਲ ਦੀਆਂ ਚਿੜਦੀਆਂ ਨੇ ਤੇਰੇ ਹਿਜਰ ਦੇ ਬਾਗ਼ ਤਾਂ ਹਰੇ ਰੱਖੇ ਅੱਖਾਂ ਟਿੰਡਾਂ ਸੀ ਗਿੜਦੀਆਂ ਸੋ ਗਿੜਦੀਆਂ ਨੇ ਚੱਲ ‘ਆਲਮ’ ਵਿਛੋੜੇ ਦਾ ਮਾਣ ਕਰੀਏ ਅੱਖਾਂ ਅੰਤ ਤਾਂ ਭਿੜਦੀਆਂ ਈ ਭਿੜਦੀਆਂ ਨੇ

ਕੋਈ ਮੌਸਮ, ਕੋਈ ਆਲਮ ਹਮੇਸ਼ਾ

ਕੋਈ ਮੌਸਮ, ਕੋਈ ਆਲਮ ਹਮੇਸ਼ਾ ਥਿਰ ਨਹੀਂ ਰਹਿੰਦਾ ਕਿ ਜਾਦੂ ਕੋਈ ਵੀ ਹੋਵੇ ਜ਼ਿਆਦਾ ਚਿਰ ਨਹੀਂ ਰਹਿੰਦਾ ਕੋਈ ਪੱਥਰ ਭਲਾ ਕਦ ਰੋਕ ਸਕਦੈ ਵਗਦੀਆਂ ਨਦੀਆਂ ਨਹੀਂ ਰਹਿਣਾ ਹੈ ਜਿਸਨੇ ਦਿਲ 'ਚ ਉਹ ਆਖਿਰ ਨਹੀਂ ਰਹਿੰਦਾ ਮੈਂ ਆਪਣੀ ਹੋਂਦ ਦੇ ਸ਼ੀਸ਼ੇ ਹਜ਼ਾਰਾਂ ਵਾਰ ਧੋ ਬੈਠਾਂ ਮੇਰਾ ਇੱਕ ਅਸਲ ਦਾ ਚਿਹਰਾ ਹੈ ਜੋ ਹਾਜ਼ਿਰ ਨਹੀਂ ਰਹਿੰਦਾ ਉਹ ਤੇਰੇ ਦਰ 'ਤੇ ਬੈਠੇ ਪਾਪ ਧੋਵਣ ਦੇ ਕਰਨ ਹੀਲੇ ਮੈਂ ਤੈਨੂੰ ਸੋਚ ਹੀ ਲੈਂਦਾ ਹਾਂ ਤਾਂ ਕਾਫ਼ਿਰ ਨਹੀਂ ਰਹਿੰਦਾ ਇਹ ਪਗੜੀ ਭਾਲਦੀ ਫਿਰਦੀ ਹੈ ਮੈਨੂੰ ਅਹੁਦਿਆਂ ਤਾਂਈਂ ਤੇ ਮੇਰੇ ਪੈਰ ਨੇ ਉਸ ਰਾਹ 'ਤੇ ਜਿੱਥੇ ਸਿਰ ਨਹੀਂ ਰਹਿੰਦਾ ਮੇਰੇ ‘ਆਲਮ’ ਨੂੰ ਰੱਖੋ ਨਾਲ਼ ਐ ਪਰਵਾਸੀਓ ਚਿੜੀਓ ਤੁਹਾਡੇ ਵਾਂਗ ਇਹ ਵੀ ਘਰ 'ਚ ਬਹੁਤਾ ਚਿਰ ਨਹੀਂ ਰਹਿੰਦਾ

ਜ਼ਿੰਦਗੀ ਨੂੰ ਕੀ ਇਹ ਮੌਕਾ ਮਿਲ ਸਕੇਗਾ

ਜ਼ਿੰਦਗੀ ਨੂੰ ਕੀ ਇਹ ਮੌਕਾ ਮਿਲ ਸਕੇਗਾ ਮਰਦਿਆਂ ਸੋਚਦਾ ਹਾਂ ਜਾਣ ਲੱਗੇ ਬਿਸਤਰਾ ਤਹਿ ਕਰਦਿਆਂ ਰਿਸ਼ਤਿਆਂ ਦਾ, ਰੁਤਬਿਆਂ ਦਾ ਕੀ ਕਰਾਂ, ਇਹ ਸੋਚਦਾਂ ਮੈਂ ਪਹਾੜੀ ਚੜ੍ਹਨ ਵੇਲ਼ੇ ਬੋਝ ਹਲਕਾ ਕਰਦਿਆਂ ਮੈਲ ਮਨਫ਼ੀ ਹੋ ਗਈ ਜਿੱਦਾਂ ਨਿਤਰਦੇ ਨੀਰ 'ਚੋਂ ਪੀੜ ਖਾਰਿਜ ਹੋ ਗਈ ਤੇਰੇ ਤਸੀਹੇ ਜਰਦਿਆਂ ਰਾਗ ਤੇਰਾ ਖਹਿ ਗਿਆ ਅੱਜ ਫਿਰ ਮੇਰੇ ਵੈਰਾਗ ਸੰਗ ਜ਼ਖਮ ਫਿਰ ਉੱਚੜ ਗਏ ਆਠਰਦਿਆਂ ਆਠਰਦਿਆਂ ਰੀਝ ਹੈ ਆਲਮ ਹੀ ਸਾਰਾ ਮਿਲ ਪਵੇ ਐਪਰ ਇਹ ਮਨ ਛਾਨਣੀ ਹੈ, ਛਾਨਣੀ ਵਿੱਚ ਨੀਰ ਕਿੱਦਾਂ ਭਰ ਦਿਆਂ

ਇਸ ਨਦੀ ਦੇ ਵਹਿਣ ਨੂੰ ਸਾਗਰ ਮਿਲੇ

ਇਸ ਨਦੀ ਦੇ ਵਹਿਣ ਨੂੰ ਸਾਗਰ ਮਿਲੇ ਜਾਂ ਨਾ ਮਿਲੇ ਜ਼ਿੰਦਗੀ ਭਾਲਣ ਦਾ ਨਾਂਅ ਹੈ ਦਰ ਮਿਲੇ ਜਾਂ ਨਾ ਮਿਲੇ ਮੋਰ ਨੇ ਨੱਚਣਾ ਹੀ ਹੈ ਝਾਂਜਰ ਮਿਲੇ ਜਾਂ ਨਾ ਮਿਲੇ ਆਸ਼ਕਾਂ ਮਿਟਣਾ ਹੀ ਹੈ ਖੰਜਰ ਮਿਲੇ ਜਾਂ ਨਾ ਮਿਲੇ ਇਸ ਲਈ ਵੀ ਹਾਸਿਆਂ ਨੂੰ ਗੀਤ ਵਿੱਚ ਰੱਖਦਾ ਹਾਂ ਮੈਂ ਹੌਕਿਆਂ ਦੇ ਹਾਣ ਦਾ ਅੱਖਰ ਮਿਲੇ ਜਾਂ ਨਾ ਮਿਲੇ ਤਾਣ ਕੇ ਅੰਬਰ ਦਾ ਇਹ ਨਿੱਕਾ ਚੰਦੋਆ ਸਬਰ ਕਰ ਖੌਰੇ ਦਿਲ ਦੇ ਮੇਚ ਦੀ ਚਾਦਰ ਮਿਲੇ ਜਾਂ ਨਾ ਮਿਲੇ ਐ ਬੁਤੋ! ਸਾਡੀ ਇਬਾਦਤ ਕਰ ਲਵੋ ਰਹਿੰਦੇ ਸਮੇਂ ਫਿਰ ਅਸਾਡੇ ਨਾਲ਼ ਦਾ ਕਾਫ਼ਰ ਮਿਲੇ ਜਾਂ ਨਾ ਮਿਲੇ ਸਿਹਲੀਆਂ ਤਣੀਆਂ ਨੇ ਕਿਉਂ, ਤੇ ਨੈਣ ਸੇਜਲ ਕਿਉਂ ਮਨਾਂ ਉਸਤੇ ਕਾਹਦਾ ਜ਼ੋਰ ਹੈ ਆਖਰ! ਮਿਲੇ ਜਾਂ ਨਾ ਮਿਲੇ ਯਾਰ ਦੇ ਨੈਣਾਂ ’ਚ ‘ਆਲਮ’ ਵੇਖ ਖੁੰਝੀਂ ਨਾ ਕਿਤੇ ਫਿਰ ਤੇਰੇ ਦੀਦਾਰ ਨੂੰ ਕਾਦਰ ਮਿਲੇ ਜਾਂ ਨਾ ਮਿਲੇ

ਜਦੋਂ ਮੈਂ ਪੱਥਰਾਂ ਨੂੰ ਟੁਕੜਾ-ਟੁਕੜਾ

ਜਦੋਂ ਮੈਂ ਪੱਥਰਾਂ ਨੂੰ ਟੁਕੜਾ-ਟੁਕੜਾ ਕਰ ਰਿਹਾ ਸੀ ਮੈਂ ਕੇਵਲ ਆਪਣੇ ਦਿਲ ਤੋਂ ਹੀ ਤੌਬਾ ਕਰ ਰਿਹਾ ਸੀ ਉਤਰ ਕੇ ਧੂੜ ਨੇ ਮਨ ਤੋਂ, ਕਿਹਾ ਚਿਹਰੇ ਨੂੰ ਮੇਰੇ ਤੂੰ ਸ਼ੀਸ਼ਾ ਸਾਫ਼ ਕਰਕੇ ਹੋਰ ਮੈਲਾ ਕਰ ਰਿਹਾ ਸੀ ਮੈਂ ਤੇਰੀ ਭਾਲ਼ ਵਿੱਚ ਖੁਦ ਤੋਂ ਸੀ ਹੋਇਆ ਦੂਰ, ਜਿੱਦਾਂ ਹਨੇਰਾ ਲੋਅ ਲਈ ਦੀਵੇ ਦਾ ਸੌਦਾ ਕਰ ਰਿਹਾ ਸੀ ਚਿਤਾ ਮੇਰੀ 'ਤੇ ਰੋਇਆ ਕੌਣ, ਕਿਸਨੂੰ ਦੁੱਖ ਸੀ ਮੇਰਾ ਜ਼ਮਾਨਾ ਸਿਰਫ਼ ਆਪਣਾ-ਆਪ ਹੌਲ਼ਾ ਕਰ ਰਿਹਾ ਸੀ ਮੈਂ ਜਦ ਜਾਚਕ ਤੋਂ ਮਾਲਕ ਹੋ ਗਿਆ ਤਾਂ ਹੱਸਿਆ ਵੀ ਕਿ ਐਵੇਂ ਖਾਹਮਖਾਹ ਸਾਗਰ ਨੂੰ ਕਾਸਾ ਕਰ ਰਿਹਾ ਸੀ ਹੋ ਖ਼ੁਸ਼ ‘ਆਲਮ’! ਤੂੰ ਜਿਸਦੇ ਗ਼ਮ 'ਚ ਸ਼ਾਇਰ ਹੈਂ, ਉਹ ਸੁਣਿਐ ਕਿ ਰਾਤੀਂ ਤੇਰਿਆਂ ਸ਼ਿਅਰਾਂ ਦਾ ਚਰਚਾ ਕਰ ਰਿਹਾ ਸੀ

ਵਲ਼ੇਵੇਂ ਖਾ ਰਹੀ ਕਿੱਦਾਂ ਸਮੇਂ ਦੀ ਚਾਲ

ਵਲ਼ੇਵੇਂ ਖਾ ਰਹੀ ਕਿੱਦਾਂ ਸਮੇਂ ਦੀ ਚਾਲ ਕੀ ਦੱਸੀਏ ਭਟਕਦੇ ਸੁਫ਼ਨਿਆਂ, ਤਿੜਕੇ ਦਿਲਾਂ ਦਾ ਹਾਲ ਕੀ ਦੱਸੀਏ ਅਜੇ ਪਿਛਲੇ ਗ਼ਮਾਂ ਦਾ ਬੋਝ ਵੀ ਸਾਡੇ 'ਤੇ ਸੀ ਭਾਰੀ ਨਵੇਂ ਜ਼ਖ਼ਮਾਂ ਨੂੰ ਲੈ ਆਇਆ ਨਵਾਂ ਇਹ ਸਾਲ, ਕੀ ਦੱਸੀਏ ਅਸੀਂ ਕਾਅਬੇ ਤੋਂ ਅੱਗੇ ਭਾਲ਼ਦੇ ਹਾਂ ਤੇਰੀਆਂ ਪੈੜਾਂ ਅਸਾਡੇ ਇਸ਼ਕ ਨੂੰ ਹੈ ਕਿਸ ਖੁਦਾ ਦੀ ਭਾਲ਼, ਕੀ ਦੱਸੀਏ ਉਹ ਆਪਣੇ-ਆਪ ਲੱਭ ਲੈਂਦਾ ਹੈ ਰਸਤਾ ਪੱਥਰਾਂ ਵਿੱਚ ਦੀ ਕਿ ਪਾਣੀ ਨੂੰ ਵਗਣ ਦਾ ਵੱਲ ਤੇ ਉਸਦੀ ਢਾਲ ਕੀ ਦੱਸੀਏ ਕੋਈ ਉਦਰੇਵਿਆਂ ਬਾਰੇ ਕਦੇ ਪੁੱਛਦੈ ਤਾਂ ਮੈਂ ਕਹਿਨਾਂ ਕਿ ਭਲਿਆ! ਬਾਤ ਜਨਮਾਂ ਦੀ ਹੈ ਤੈਨੂੰ ਸਾਲ ਕੀ ਦੱਸੀਏ ਇਹ ਕੁੱਲ ਆਲਮ ਤੇਰੀ ਤਸਵੀਰ ਉਸ ਤੋਂ ਸਿਵਾ ਕੁਝ ਨਈਂ ਇਹ ਤੇਰੇ ਹੀ ਭੁਲੇਖੇ ਨੇ ਤੇਰਾ ਹੀ ਜਾਲ, ਕੀ ਦੱਸੀਏ

ਇਹ ਪੌਣਾਂ ਰੀਝ ਨੂੰ ਭਾਂਬੜ ਬਨਾਉਣ

ਇਹ ਪੌਣਾਂ ਰੀਝ ਨੂੰ ਭਾਂਬੜ ਬਨਾਉਣ ਆਈਆਂ ਨੇ ਹਾਂ ਸੁੱਕੇ ਵਣ ਅਸੀਂ ਅਗਨੀ ਦੇ ਨਾਲ਼ ਲਾਈਆਂ ਨੇ ਹਵਾ ਦਾ ਖੌਫ਼ ਕੀ ਮਾਫ਼ਿਕ ਹੈ ਜਾਂ ਮੁਖ਼ਾਲਿਫ਼ ਹੈ ਕਿ ਜੋਤਾਂ ਸੀਨਿਆਂ ਅੰਦਰ ਜਿਨ੍ਹਾਂ ਜਗਾਈਆਂ ਨੇ ਅਸੀਂ ਤਾਂ ਸੂਲੀ ਵੀ ਕਰਕੇ ਸਿਰੋਪਾ ਮਾਣੀ ਏ ਜਾਂ ਲਿਸ਼ਕੀ ਤੇਗ਼ ਤਾਂ ਈਦਾਂ ਅਸੀਂ ਮਨਾਈਆਂ ਨੇ ਅਸੀਂ ਤਾਂ ਰਾਤ ਨੂੰ ਕੱਜਲ ਸਮਝ ਕੇ ਪਾਇਆ ਏ ਅਸੀਂ ਤਾਂ ਝਾਂਜਰਾਂ ਹੰਝੂਆਂ ਦੀਆਂ ਬਣਾਈਆਂ ਨੇ ਕਹੋ ਐ ਆਸ਼ਿਕੋ ‘ਆਲਮ’ ਨੂੰ! ਦਰਦ ਹੈ ਉਤਸਵ ਜਦੋਂ ਤੱਕ ਇਸ਼ਕ ਹੈ ਹਰ ਪੀੜ ਨੂੰ ਵਧਾਈਆਂ ਨੇ

ਪਿਆਸ ਦੀ ਸ਼ਿੱਦਤ ਪਿਆਸੇ ਨੂੰ ਇਉਂ

ਪਿਆਸ ਦੀ ਸ਼ਿੱਦਤ ਪਿਆਸੇ ਨੂੰ ਇਉਂ ਪਾਣੀ ਦਾ ਵਰ ਦਿੰਦੀ ਹੈ ਪਰਬਤ ਸੁੱਕੇ ਰਹਿ ਜਾਂਦੇ ਨੇ ਪਰ ਝੀਲਾਂ ਭਰ ਦਿੰਦੀ ਹੈ ਮਿੱਟੀ-ਪਾਣੀ ਇੱਕ ਦੂਜੇ ਵਿੱਚ ਵੀ ਨਿਰਮਲ ਰਹਿ ਸਕਦੇ ਨੇ ਬਸ ਆਪਸ ਦੀ ਜ਼ਿਦ ਹੀ ਦੋਹਾਂ ਨੂੰ ਚਿੱਕੜ ਕਰ ਦਿੰਦੀ ਹੈ ਆਪਣੀ ਪੀੜ, ਪਰਾਏ ਹਾਸੇ ਸਭ ਨੂੰ ਵੱਡੇ ਲੱਗਦੇ ਨੇ ਕੁਦਰਤ ਐਪਰ ਧੁੱਪਾਂ-ਛਾਵਾਂ ਐਨ ਬਰਾਬਰ ਦਿੰਦੀ ਹੈ ਅੰਬਰ ਛੂਹਣ ਦੀ ਪਹਿਲੀ ਸ਼ਰਤ ਹੈ ਗਹਿਰੇ ਅੰਦਰ ਥਿਰ ਹੋਣਾ ਜੜ੍ਹਾਂ ਮੁਤਾਬਿਕ ਧਰਤੀ ਹਰ ਇੱਕ ਰੁੱਖ ਨੂੰ ਅੰਬਰ ਦਿੰਦੀ ਹੈ ਇੱਕ ਚਮਕਦੀ ਚੀਜ਼ ਮੁਹੱਬਤ, ਜਿਸਨੂੰ ਆਪਣੀ-ਆਪਣੀ ਸੋਚ ਹੰਝ, ਅੰਗਿਆਰਾ, ਮੋਤੀ, ਪਾਰਾ ਜਾਂ ਤਾਰਾ ਕਰ ਦਿੰਦੀ ਹੈ ਸ਼ਾਲਾ! ਉੱਚੀ ਸ਼ਾਨ ਰਹੇ, ਪਰ ਇਹੋ ਉਡਾਰੀ ਧਿਆਨ ਰਹੇ ਓਸੇ ਨੂੰ ਹੀ ਪਿੰਜਰਾ ਦਿੰਦੀ ਹੈ ਜਿਸ ਨੂੰ ਪਰ ਦਿੰਦੀ ਹੈ ਔਣੇ-ਪੌਣੇ ਦਾਮ ’ਤੇ ‘ਆਲਮ’ ਆਪਣੇ-ਆਪ ਨੂੰ ਵੇਚ ਨਾ ਇਓਂ ਸਬਰ ਰਹੇ ਤਾਂ ਧਰਤੀ ਕੋਇਲੇ ਨੂੰ ਹੀਰਾ ਕਰ ਦਿੰਦੀ ਹੈ

ਮੁਸ਼ਕਿਲ ਨਾਲ਼ ਜੋ ਹਾਸਿਲ ਹੋਇਐ

ਮੁਸ਼ਕਿਲ ਨਾਲ਼ ਜੋ ਹਾਸਿਲ ਹੋਇਐ ਉਹ ਵੀ ਛੱਡਣਾ ਪੈਂਦਾ ਹੈ ਕੋਠੇ ਚੜ੍ਹਨੈ ਤਾਂ ਪੌੜੀ ਦਾ ਮੋਹ ਵੀ ਛੱਡਣਾ ਪੈਂਦਾ ਹੈ ਜੀਵਨ ਗੀਤ ਹੈ ਏਸ ਗੀਤ ਨੂੰ ਸੁਰ ਵਿੱਚ ਗਾਉਂਦੇ ਰਹਿਣ ਲਈ ਆਰੋਹੀ ਦੇ ਨਾਲ਼-ਨਾਲ਼ ਅਵਰੋਹ ਵੀ ਛੱਡਣਾ ਪੈਂਦਾ ਹੈ ਇਸ਼ਕ ਕੋਈ ਜ਼ੰਜੀਰ ਨਹੀਂ ਹੈ ਅੰਤਾਂ ਦੀ ਆਜ਼ਾਦੀ ਹੈ ਇਸ ਨੂੰ ਆਖ਼ਿਰ ਮਾਣ ਕੇ ਇਸ ਦੀ ਛੋਹ ਵੀ, ਛੱਡਣਾ ਪੈਂਦਾ ਹੈ ਚਿੱਲਾ ਕੱਟਦਿਆਂ ਯਾਰ ਜੇ ਦੇਵੇ, ਪੀ ਲੈ ਪਿਆਲਾ, ਕਦੇ-ਕਦੇ ਐ ਮੇਰੇ ਸੰਨਿਆਸੀ ਦਿਲ, ਨਿਰਮੋਹ ਵੀ ਛੱਡਣਾ ਪੈਂਦਾ ਹੈ ਕਿਸ-ਕਿਸ ਨਾਲ਼ ਖਿਲਾਫ਼ਤ ‘ਆਲਮ’ ਨਾਲ਼ ਸਮੇਂ ਦੇ ਵਹਿੰਦਾ ਚੱਲ ਤਰਨਾ ਹੈ ਤਾਂ ਲਹਿਰਾਂ ਸੰਗ ਵਿਦਰੋਹ ਵੀ ਛੱਡਣਾ ਪੈਂਦਾ ਹੈ

ਜੋ ਦੁਨੀਆ ਨੂੰ ਪਰਮ ਵੈਰਾਗ ਲੱਗਦੈ

ਜੋ ਦੁਨੀਆ ਨੂੰ ਪਰਮ ਵੈਰਾਗ ਲੱਗਦੈ ਉਹੀ ਮੈਨੂੰ ਮਹਾਂ-ਅਨੁਰਾਗ ਲੱਗਦੈ ਮੇਰੀ ਚੰਗਿਆਈਏ ਕੁਝ ਸਾਹ ਤਾਂ ਲੈ ਲੈ ਮੇਰੀ ਬਾਸ਼ਿੰਦਗੀ ਨੂੰ ਦਾਗ਼ ਲੱਗਦੈ ਮੇਰੇ ਪੱਤੇ ਜਾਂ ਬੰਦਨਵਾਰ ਬਣਦੇ ਤਾਂ ਮੇਰੇ ਮਿੱਠੇਪਣ ਨੂੰ ਭਾਗ ਲੱਗਦੈ ਜਿਨ੍ਹਾਂ ਨੇ ਲੁਤਫ਼ ਸੱਲ ਦਾ ਮਾਣਿਆ ਹੈ ਉਨ੍ਹਾਂ ਬਾਂਸਾਂ ਨੂੰ ਆਖਿਰ ਰਾਗ ਲੱਗਦੈ

ਜਦ ਕਦੀ ਪਿਆਰ ਦਿਆਂ ਮਾਰਿਆਂ ਦੀ ਬਾਤ ਪਵੇ

ਜਦ ਕਦੀ ਪਿਆਰ ਦਿਆਂ ਮਾਰਿਆਂ ਦੀ ਬਾਤ ਪਵੇ ਦਿਲ ਦੇ ਖੇਮੇ 'ਚ ਤੇਰੇ ਲਾਰਿਆਂ ਦੀ ਬਾਤ ਪਵੇ ਬਾਤ ਸੂਲੀ ਦੀ ਨਾ ਹੀ ਆਰਿਆਂ ਦੀ ਬਾਤ ਪਵੇ ਪਰ ਜੋ ਆਸ਼ਿਕ ਸੀ ਤੇਰੇ, ਸਾਰਿਆਂ ਦੀ ਬਾਤ ਪਵੇ ਬਲ਼ਦੇ ਜੰਗਲ 'ਤੇ ਜਦੋਂ ਮੇਘਲਾ ਬਰਸੇ ਛਮ-ਛਮ ਮੇਰੀ ਚੁੱਪ ਵਿੱਚ ਤੇਰੇ ਹੁੰਗਾਰਿਆਂ ਦੀ ਬਾਤ ਪਵੇ ਲਾਟ ਵਿੱਚ ਸੜਦੇ ਪਤੰਗੇ ਨੇ ਕੀ ਲੈਣਾ ਹੈ ਭਲਾ? ਬਾਤ ਚਾਨਣ ਦੀ ਕਿ ਲਿਸ਼ਕਾਰਿਆਂ ਦੀ ਬਾਤ ਪਵੇ ਦਿਲ ਤਾਂ ਬਸ ਪਾਉਂਦੈ ਕਮੰਦਾਂ ਦੀ ਬਾਤ ਹੀ ‘ਆਲਮ’ ਅਕਲ ਪਰ ਲੋਚਦੀ ਹੈ ਚਾਰਿਆਂ ਦੀ ਬਾਤ ਪਵੇ

ਸ਼ਾਮ ਸਵੇਰੇ ਪੈਰਾਂ ਸਾਹਵੇਂ ਵਾਟਾਂ, ਜੂਹਾਂ, ਸੜਕਾਂ

ਸ਼ਾਮ ਸਵੇਰੇ ਪੈਰਾਂ ਸਾਹਵੇਂ ਵਾਟਾਂ, ਜੂਹਾਂ, ਸੜਕਾਂ ਸ਼ਾਮ ਸਵੇਰੇ ਮੈਂ ਮੰਜ਼ਿਲ ਦੀਆਂ ਅੱਖਾਂ ਦੇ ਵਿੱਚ ਰੜਕਾਂ ਤੂੰ ਪੌਣਾਂ ਦੇ ਵਾਂਗ ਗੁਜ਼ਰਦੈਂ ਮਨ ਦੇ ਹੁਜਰੇ ਵੱਲੋਂ ਮੈਂ ਹੋਣੀ ਦੇ ਮੱਧ ਪਿਆ ਦਰਵਾਜ਼ੇ ਵਾਂਗੂੰ ਖੜਕਾਂ ਹੋਇਆ ਇੰਝ ਕਿ ਸਹਿੰਦੇ-ਸਹਿੰਦੇ ਦਿਲ ਵੀ ਪੱਥਰ ਹੋਇਆ ਰੀਝ ਤਾਂ ਇਹ ਸੀ, ਛਾਤੀ ਕੀ, ਮੈਂ ਪੱਥਰ ਵਿੱਚ ਵੀ ਧੜਕਾਂ ਦਿਨ ਦਾ ਸ਼ੀਸ਼ਾ ਕਿਰਚਾਂ-ਕਿਰਚਾਂ, ਬਣ ਕੇ ਤਾਰੇ ਖਿੰਡਿਆ ਰਾਤ ਦੀ ਜ਼ੁਲਫ਼ ਸੰਵਾਰਾਂ ਜਿਉਂ-ਜਿਉਂ, ਪੈਂਦੀਆਂ ਜਾਵਣ ਅੜਕਾਂ ਤੇਰੇ ਇਸੇ ਵਿਯੋਗ ਨੇ ‘ਆਲਮ’ ਚੁੱਪ ’ਚ ਖੌਰੂ ਪਾਇਐ ਗ਼ਮ ਦੇ ਜਸ਼ਨ 'ਚ ਨੱਚਦੇ-ਨੱਚਦੇ ਪੀੜਾਂ ਮਾਰਨ ਬੜ੍ਹਕਾਂ

ਜਿਵੇਂ ਕੰਡੇ 'ਤੇ ਪਾਰਾ ਲਿਸ਼ਕਦਾ ਹੈ

ਜਿਵੇਂ ਕੰਡੇ 'ਤੇ ਪਾਰਾ ਲਿਸ਼ਕਦਾ ਹੈ ਪਲਕ 'ਤੇ ਹੰਝੂ ਖਾਰਾ ਲਿਸ਼ਕਦਾ ਹੈ ਮੁਹੱਬਤ ਤੇ ਇਬਾਦਤ ਹਾਣੋ-ਹਾਣੀ ਜੇ ਲਿਸ਼ਕੇ ਚੰਨ, ਤਾਰਾ ਲਿਸ਼ਕਦਾ ਹੈ ਮੇਰੇ ਨ੍ਹੇਰੇ ਦੀ ਗਹਿਰੀ ਚੁੱਪ ਅੰਦਰ ਕਿਤੇ ਤੇਰਾ ਹੁੰਗਾਰਾ ਲਿਸ਼ਕਦਾ ਹੈ ਕੋਈ ਖੰਜਰ ਨਹੀਂ ਦੁਸ਼ਮਣ ਕਿਸੇ ਦਾ ਵਿਚਾਰਾ ਡਰ ਦਾ ਮਾਰਾ ਲਿਸ਼ਕਦਾ ਹੈ ਇਦ੍ਹਾ ਮਤਲਬ ਕਿ ਮੈਂ ਡੁੱਬਿਆ ਨਹੀਂ ਹਾਂ ਅਜੇ ਤੀਕਰ ਕਿਨਾਰਾ ਲਿਸ਼ਕਦਾ ਹੈ ਖੰਗਾਲੋ ਰਾਖ ਮੇਰੀ ਨੂੰ ਖੰਗਾਲੋ ਅਜੇ ਇਸ ਵਿੱਚ ਨਿਆਰਾ ਲਿਸ਼ਕਦਾ ਹੈ ਹੁਨਰ ਜਦ ਤੱਕ ਨਹੀਂ ਪੱਥਰ ਤੇ ਘਿਸਦਾ ਭਲਾ ਕਿੱਥੇ ਉਹ ਸਾਰਾ ਲਿਸ਼ਕਦਾ ਹੈ ਤੇਰੇ ਚਿਹਰੇ 'ਤੋਂ ਕਿਰਨਾਂ ਜਦ ਵੀ ਪਰਤਣ ਮੇਰਾ ਆਲਮ ਹੀ ਸਾਰਾ ਲਿਸ਼ਕਦਾ ਹੈ

ਚਿਹਰੇ ਦੇ ਜ਼ਖਮਾਂ ਨੂੰ ਏਦਾਂ ਭਰਦੇ ਪਏ ਆਂ

ਚਿਹਰੇ ਦੇ ਜ਼ਖਮਾਂ ਨੂੰ ਏਦਾਂ ਭਰਦੇ ਪਏ ਆਂ ਸ਼ੀਸ਼ੇ ਉੱਤੇ ਮਲ੍ਹਮ-ਪੱਟੀ ਕਰਦੇ ਪਏ ਆਂ ਰਾਈ ਉੱਤੇ ਜੀਕਣ ਪਰਬਤ ਧਰਦੇ ਪਏ ਆਂ ਜੀਣਾ-ਜੀਣਾ ਕਰਦੇ ਕਰਦੇ ਮਰਦੇ ਪਏ ਆਂ ਜੁੱਤੀ ਦਾ ਚਮੜਾ ਵੀ ਇੱਕ ਦਿਨ ਸਾਹ ਲੈਂਦਾ ਸੀ ਆਪਾਂ ਕਾਹਦੀ ਮੇਰੀ-ਮੇਰੀ ਕਰਦੇ ਪਏ ਆਂ ਦੁਨੀਆ ਪਿੱਛੇ ਐਵੇਂ ਆਪਣਾ-ਆਪ ਗਵਾਇਆ ਪਾਣੀ ਹੋ ਕੇ ਰੇਤ ਦੇ ਉੱਤੇ ਮਰਦੇ ਪਏ ਆਂ ਚੁਲ਼ੀਆਂ ਨਾਲ ਨਾ ਸਾਗਰ ਖ਼ਾਲੀ ਹੁੰਦੇ ‘ਆਲਮ’ ਫਿਰ ਕਿਉਂ ਪਿਆਰ ਲੁਟਾਉਂਦੇ ਏਨਾਂ ਡਰਦੇ ਪਏ ਆਂ

ਕੌਣ ਹੈ ਕਿਸਦਾ ਦੁਸ਼ਮਣ ਏਹੋ ਦੁਬਿਧਾ

ਕੌਣ ਹੈ ਕਿਸਦਾ ਦੁਸ਼ਮਣ ਏਹੋ ਦੁਬਿਧਾ ਵੇਖ ਰਿਹਾ ਹਾਂ ਪੱਥਰ ਉੱਤੇ ਸ਼ੀਸ਼ਾ ਰੱਖ ਕੇ ਚਿਹਰਾ ਵੇਖ ਰਿਹਾ ਹਾਂ ਪੁੰਨਿਆਂ ਦਾ ਚੰਨ ਗੰਧਲੇ ਪਾਣੀ ਵਿੱਚ ਵੀ ਨਿਰਮਲ ਹੁੰਦੈ ਆਪਣੇ ਮਨ ਅੰਦਰ ਮੈਂ ਤੈਨੂੰ ਐਸਾ ਵੇਖ ਰਿਹਾ ਹਾਂ ਸੂਰਜ ਢਲਦੇ ਹੀ ਪਰਛਾਵੇਂ ਮਰ ਜਾਣੇ ਨੇ ਆਖਿਰ ਬੇਗ਼ਾਨੇ ਚਾਨਣ ਵਿੱਚ ਆਪਣਾ ਆਪਾ ਵੇਖ ਰਿਹਾ ਹਾਂ ਕਿਸਦੇ ਹੱਥ ਨੇ ਕੱਤਣ ਵਾਲੇ, ਕਿਸਨੇ ਪਾਈਆਂ ਤੰਦਾਂ ਮੈਂ ਨਰਮਾ ਤਾਂ ਕੇਵਲ ਘੁੰਮਦਾ ਚਰਖਾ ਵੇਖ ਰਿਹਾ ਹਾਂ ਲਿਖ-ਲਿਖ ਕਵਿਤਾ ਢੇਰ ਲਗਾਇਆ ਤੇਰਾ ਗੀਤ ਨਾ ਗਾਇਆ ਜੀਭ ਦੇ ਉੱਤੇ ਕਿਰ-ਕਿਰ ਕਰਦਾ ਰੇਤਾ ਵੇਖ ਰਿਹਾ ਹਾਂ ਇਸ ‘ਆਲਮੱ ਦੀ ਮਜਲਿਸ ਅੰਦਰ ਸਭ ਦਾਅਵੇ, ਬੇਦਾਵੇ ਰਾਜਾ ਕਾਸਾ, ਕਾਸਾ ਰਾਜਾ ਹੁੰਦਾ ਵੇਖ ਰਿਹਾ ਹਾਂ

ਤੂੰ ਚਾਹੇ ਪੂਜ, ਚਾਹੇ ਸ਼ੀਸ਼ਿਆਂ 'ਤੇ ਮਾਰ

ਤੂੰ ਚਾਹੇ ਪੂਜ, ਚਾਹੇ ਸ਼ੀਸ਼ਿਆਂ 'ਤੇ ਮਾਰ ਪੱਥਰ ਨੂੰ ਭਲਾ ਮਰਜ਼ੀ ਦਾ ਕਿੱਥੇ ਹੈ ਕੋਈ ਅਧਿਕਾਰ ਪੱਥਰ ਨੂੰ ਇਹ ਦਿਲ ਡੁੱਬਣ ਸਮੇਂ ਵੀਰਾਨ ਅੱਖਾਂ ਨਾਲ਼ ਤੱਕਦਾ ਸੀ ਮੈਂ ਤੇਰਾ ਨਾਮ ਲਿਖ ਦਿੱਤਾ ਤੇ ਦਿੱਤਾ ਤਾਰ ਪੱਥਰ ਨੂੰ ਜ਼ਮਾਨਾ ਜਿਸ ਮੁਹੱਬਤ ਨੂੰ ਨਕਾਰੇ, ਠੋਕਰਾਂ ਮਾਰੇ ਮੈਂ ਆਪਣੀ ਨੀਂਹ 'ਚ ਰੱਖਿਆ ਹੈ ਉਸੇ ਬੇਕਾਰ ਪੱਥਰ ਨੂੰ ਕਿਸੇ ਵੱਟੇ ਦੇ ਵੱਟੇ ਤੁੱਲ ਗਿਆਂ ਦਾ ਭਾਰ ਕੀ ਜਾਣੇ ਕਦੋਂ ਮਹਿਸੂਸ ਹੁੰਦਾ ਹੈ ਦਿਲਾਂ ਦਾ ਭਾਰ ਪੱਥਰ ਨੂੰ ਮੇਰੀ ਹੀ ਕਬਰ ’ਤੇ ਆਖਿਰ ਲਗਾਇਆ ਜਾ ਰਿਹੈ ਮੋਇਆ ਮੈਂ ਮੱਥੇ ਟੇਕਦਾ ਰਹਿੰਦਾ ਸਾਂ ਜਿਸ ਬੀਮਾਰ ਪੱਥਰ ਨੂੰ

ਨਾ ਪੁੱਛਣ ਹਵਾਵਾਂ ਕਿਸੇ ਤੋਂ ਦਿਸ਼ਾਵਾਂ

ਨਾ ਪੁੱਛਣ ਹਵਾਵਾਂ ਕਿਸੇ ਤੋਂ ਦਿਸ਼ਾਵਾਂ ਨਾ ਨਦੀਆਂ ਦੇ ਧਾਰੇ ਹੀ ਮੰਗਦੇ ਨੇ ਰਾਹਵਾਂ ਇਹ ਸਾਰੇ ਦੇ ਸਾਰੇ, ਸਹਿਜ ਬੇਇਸ਼ਾਰੇ ਬਣਾਉਂਦੇ ਨੇ ਆਪਣੇ ਹੀ ਰਸਤੇ ਤੇ ਥਾਵਾਂ ਹੈ ਸੂਰਜ ਵੀ ਚੜ੍ਹਿਆ ਤੇ ਦੀਵੇ ਵੀ ਬਾਲ਼ੇ ਹਨੇਰਾ ਤਾਂ ਕਾਇਮ ਹੈ ਆਲ਼ੇ-ਦੁਆਲ਼ੇ ਕਰੋ ਕੋਈ ਹੀਲਾ ਸਮੇਂ ਦੇ ਚਿਰਾਗ਼ੋ ਤੇ ਰੁਸ਼ਨਾ ਦਿਓ ਮਨ ਦੀਆਂ ਇਹ ਗੁਫ਼ਾਵਾਂ ਹੈ ਮਿੱਟੀ ਕਿਸੇ ਦੀ ਤੇ ਪਾਣੀ ਕਿਸੇ ਦਾ ਇਹ ਮਿੱਟੀ ਦਾ ਬਾਵਾ ਨਾ ਹਾਣੀ ਕਿਸੇ ਦਾ ਜੇ ਸਿੱਖਣਾ ਹੀ ਚਾਹਵੇ ਤਾਂ ਰੁੱਖਾਂ ਤੋਂ ਸਿੱਖੇ ਜੋ ਧੁੱਪਾਂ 'ਚ ਖੜ੍ਹ ਕੇ ਵੀ ਕਰਦੇ ਨੇ ਛਾਵਾਂ ਕੀ ਸੁਲਤਾਨ, ਰਾਜੇ, ਪਿਆਦੇ, ਕਰਿੰਦੇ ਦਇਆਵਾਨ, ਸਾਧੂ ਤੇ ਪਾਪੀ ਦਰਿੰਦੇ ਇਹ ਸਾਰੇ ਹੀ ਇੱਕਸਾਰ ਆਵਣ ਤੇ ਜਾਵਣ ਹੈ ਜੀਵਨ ਹਰਿਕ ਥਾਂ ਤੇ ਫਿਰ ਵੀ ਨਿਥਾਵਾਂ ਜਨਮ ਜੇ ਲਿਆ ਹੈ ਤਾਂ ਮਰਨਾ ਹੈ ਪੱਕਾ ਤੇ ਜਿਹੜੇ ਪਲੋਸਣ ਉਹੀ ਦੇਣ ਧੱਕਾ ਓ ‘ਆਲਮ’ ਦਿਵਾਨੇ, ਇਹ ਸਾਰੇ ਬੇਗ਼ਾਨੇ ਕੀ ਚਾਚੇ, ਕੀ ਮਾਮੇ, ਕੀ ਪੁੱਤਰ, ਕੀ ਮਾਂਵਾਂ

ਸ਼ਾਮ ਢਲੇ ਤਾਂ ਖੁਦ ਤੋਂ ਵੱਡੇ ਦਿਸਦੇ

ਸ਼ਾਮ ਢਲੇ ਤਾਂ ਖੁਦ ਤੋਂ ਵੱਡੇ ਦਿਸਦੇ ਨੇ ਪਰਛਾਵੇਂ ਆਪਣਾ ਨ੍ਹੇਰ ਹੀ ਦੱਸਦਾ ਆਖਿਰ ਕਿਸਦੇ ਨੇ ਪਰਛਾਵੇਂ ਦੁੱਖ ਦੇਂਦਾ ਏ ਕੌਣ ਸਫ਼ਰ ਵਿੱਚ ਹਰ ਕੋਈ ਕੱਲਮ-ਕੱਲਾ ਆਪਣੇ ਪੈਰ ਦੇ ਛਾਲੇ 'ਚੋਂ ਹੀ ਰਿਸਦੇ ਨੇ ਪਰਛਾਵੇਂ ਗੁੰਬਦ, ਮਹਿਲ, ਸਿਵਾ ਜਾਂ ਪੱਥਰ, ਫ਼ਰਕ ਨਹੀਂ ਸਭ ਇੱਕੋ ਇੱਕ ਚਾਨਣ ਵਿੱਚ ਇੱਕੋ ਵਰਗੇ ਦਿਸਦੇ ਨੇ ਪਰਛਾਵੇਂ ਅੰਤ ਅਟੱਲ ਮਹਾਂ-ਪਰਛਾਵਾਂ ਸਿਰ 'ਤੇ ਏਦਾਂ ਛਾਂਦਾ ਪੈਰਾਂ ਹੇਠਾਂ ਜਿੱਦਾਂ ਸਾਡੇ ਪਿਸਦੇ ਨੇ ਪਰਛਾਵੇਂ ਪਿਆਰ, ਹਵਾ, ਖ਼ੁਸ਼ਬੂ, ਉਜਿਆਰੇ, ਕਵਿਤਾ, ਰੰਗ, ਸੁਰਾਂ ਵੀ ਜਾਣ ਲਿਆ ‘ਆਲਮ' ਨੇ ਇਹ ਸਭ ਜਿਸਦੇ ਨੇ ਪਰਛਾਵੇਂ

ਮੇਰਾ ਇਸ਼ਕ ਗਹਿਰਾ ਸਮੁੰਦਰੋਂ

ਮੇਰਾ ਇਸ਼ਕ ਗਹਿਰਾ ਸਮੁੰਦਰੋਂ ਤੇਰਾ ਮਣਕਾ-ਮਣਕਾ ਹਿਸਾਬ ਦਾ ਤੂੰ ਨਮਾਜ਼ ਵੇਲ਼ੇ ਵੀ ਕਾਜ਼ੀਆ ਹੈਂ ਗ਼ੁਲਾਮ ਏਸੇ ਅਜ਼ਾਬ ਦਾ ਮੈਨੂੰ ਮਸਤੀਆਂ ਤੈਨੂੰ ਤਰਕ ਹੈ ਤੇਰਾ ਮੇਰਾ ਏਨਾ ਹੀ ਫ਼ਰਕ ਹੈ ਤੂੰ ਕਹੇਂ ਕਿ ਚਾਕੂ ਹੈ ਧੌਣ 'ਤੇ ਮੈਂ ਕਹਾਂ ਕਿ ਗ਼ਜ਼ ਹੈ ਰਬਾਬ ਦਾ ਮੇਰੇ ਗੀਤ ਨੂੰ, ਮੇਰੇ ਨਾਚ ਨੂੰ ਇਨ੍ਹਾਂ ਧੜਕਣਾਂ ਦੇ ਉਵਾਚ ਨੂੰ ਜੇ ਸਮਝ ਸਕੇਂ ਤਾਂ ਹੈ ਤਰਜੁਮਾ ਜੋ ਵਿਸ਼ਾ ਹੈ ਤੇਰੀ ਕਿਤਾਬ ਦਾ ਮਹੀਵਾਲ, ਸੋਹਣੀ ਨਾ ਮੌਤ ਹੈ ਇਹ ਤਾਂ ਉਸ ਸਮੇਂ ਦੀ ਖੜੋਤ ਹੈ ਮੇਰੀ ਮੈਂ ਦਾ ਟੁੱਟਿਆ ਘੜਾ ਜਦੋਂ ਤੇ ਉਹ ਹੋਇਆ ਪਾਣੀ ਚਨਾਬ ਦਾ ਤੇਰਾ ਮੇਰਾ ਹੋਣ ਹੀ ਵੱਖ ਹੈ ਅਤੇ ਵੱਖਰੀ ਵੇਖਦੀ ਅੱਖ ਹੈ ਤੂੰ ਸਵਾਲ ਪਾਉਨੈਂ ਹਜ਼ੂਰ ਨੂੰ ਮੈਂ ਉਡੀਕਾਂ ਹੁਕਮ ਜਨਾਬ ਦਾ

ਜੇ ਦਿਲ ਨੂੰ ਤੇਰੇ ਕਰਾਰ ਹੋਵੇ

ਜੇ ਦਿਲ ਨੂੰ ਤੇਰੇ ਕਰਾਰ ਹੋਵੇ ਜੇ ਤੇਰੇ ਨੈਣਾਂ 'ਚ ਨੂਰ ਹੋਵੇ ਤਾਂ ਫਿਰ ਜੇ ਦੁਸ਼ਵਾਰ ਹੁੰਦੈ ਰਸਤਾ ਬੇਸ਼ੱਕ ਹੋਵੇ, ਜ਼ਰੂਰ ਹੋਵੇ ਜੋ ਅਕਸ ਸ਼ੀਸ਼ੇ ’ਚ ਤੈਨੂੰ ਦਿਸਦੈ ਸਮਝ ਨਾ ਆਪਣਾ ਕਿ ਹੋ ਵੀ ਸਕਦੈ ਇਹ ਤੇਰੇ ਮਨ ਦਾ ਭੁਲੇਖਾ ਹੋਵੇ ਜਾਂ ਜ਼ਿਹਨ ਦਾ ਹੀ ਫ਼ਿਤੂਰ ਹੋਵੇ ਤੂੰ ਆਮ ਹੋਵੀਂ ਜਾਂ ਖਾਸ ਹੋਵੀਂ ਕਦੀ ਨਾ ਇਸਤੇ ਉਦਾਸ ਹੋਵੀਂ ਅਕਸ ਆਪਣੇ ਨੂੰ ਆਪ ਤੱਕੀਂ ਰੂਹ ਦਾ ਸ਼ੀਸ਼ਾ ਹਜ਼ੂਰ ਹੋਵੇ ਜੇ ਮੰਗਣਾ ਹੈ ਤਾਂ ਪਿਆਰ ਮੰਗੀਂ ਤੇ ਸੱਚ ਕਹਿਣੋਂ ਕਦੀ ਨਾ ਸੰਗੀਂ ਫਿਰ ਇਸ਼ਕ ਭਾਵੇਂ ਦਿਆਲ ਹੋਵੇ ਫਿਰ ਇਸ਼ਕ ਭਾਵੇਂ ਕਰੂਰ ਹੋਵੇ ਮੈਂ ਤੈਥੋਂ ਬਹੁਤੀ ਨੀ ਮੰਗਦਾ ਸਾਕੀ ਦੋ ਚਾਰ ਘੁੱਟ ਹੀ ਪਿਲਾ ਦੇ ਤਾਂ ਕਿ ਮੈਂ ਘਰ ਸੱਜਣ ਦੇ ਨਿਧੜਕ ਜਾਵਾਂ ਬਸ ਏਨੇ ਜੋਗਾ ਸਰੂਰ ਹੋਵੇ ਤੂੰ ਚਾਹੇ ਸਾਗਰ ਨੂੰ ਭਾਲ਼ ਹਰਦਮ ਨਾ ਮਿਲਦੀ ਪਾਣੀ ਨੂੰ ਢਾਲ ਹਰਦਮ ਜੇ ਉਹ ਮਿਲੇ ਤਾਂ ਕਮਾਲ ਉਸਦਾ ਨਹੀਂ, ਤਾਂ ਤੇਰਾ ਕਸੂਰ ਹੋਵੇ ਨਾ ਬਾਲ਼ ਦੀਵਾ, ਨਾ ਮੋਮਬੱਤੀ ਇਹ ਰੌਸ਼ਨੀ ਵੀ ਹੈ ਮਾਣਮੱਤੀ ਤੂੰ ਬਾਲ਼ ਸੀਨੇ 'ਚ ਸਿਦਕ ਆਪਣਾ ਕਿ ਨ੍ਹੇਰ ਦਿਲ ਦਾ ਕਫ਼ੂਰ ਹੋਵੇ ਨਾ ਸੋਚ ਤੂੰ ਨਾਮ ਰੱਖ ਕੇ ‘ਆਲਮ’ ਕਿ ਹੋ ਗਿਆ ਤੇਰਾ ਇਲਮ ਸਾਲਮ ਤੂੰ ਐਬ ਆਪਣੇ ਵੀ ਪੜ੍ਹ ਕਿ ਤਾਂ ਜੋ ਇਹ ਤੇਰਾ ਹੰਕਾਰ ਦੂਰ ਹੋਵੇ

ਐ ਅਗਨੀ ਬਲ਼ ਦਿਲਾਂ ਅੰਦਰ ਜੇ ਆਪਣਾ

ਐ ਅਗਨੀ ਬਲ਼ ਦਿਲਾਂ ਅੰਦਰ ਜੇ ਆਪਣਾ ਆਪ ਲੱਭਣਾ ਹੈ ਕਿ ਦੁਨੀਆ ਵਾਲਿਆਂ ਨੂੰ ਕਦ ਤੇਰਾ ਇਹ ਤਾਪ ਲੱਭਣਾ ਹੈ ਚਲੋ ਮੁਨਕਰ ਹੀ ਹੋ ਜਾਈਏ ਕਿ ਉਸਦੇ ਸਾਥ 'ਚੋਂ ਏਥੇ ਕਿਸੇ ਨੇ ਪੁੰਨ ਲੱਭਣਾ ਹੈ ਕਿਸੇ ਨੇ ਪਾਪ ਲੱਭਣਾ ਹੈ ਅਸੀਂ ਸੁੱਖ ਭਾਲ਼ਦੇ ਹਰ ਜਾਪ ਨੂੰ ਵਿਰਲਾਪ ਕਰ ਛੱਡਿਐ ਤੇ ਜੀਵਨ ਹੌਕਿਆਂ ਵਿੱਚੋਂ ਕੋਈ ਆਲਾਪ ਲੱਭਣਾ ਹੈ ਐ ਮਨ ਦੇ ਬੇਸੁਰੇ ਰਾਗੋ! ਐ ਸੁੱਖਾਂ ਮੰਗਦਿਓ ਜਾਗੋ! ਤੁਹਾਡੀ ਜਾਗ 'ਚੋਂ ਹੀ ਇਸ਼ਕ ਨੇ ਪ੍ਰਤਾਪ ਲੱਭਣਾ ਹੈ ਸ਼ੁਦਾਅ ਹੈ ਆਸ਼ਿਕਾਂ ਦਾ, ਪੱਥਰਾਂ 'ਚੋਂ ਗੀਤ ਲੱਭਣੇ ਨੇ ਤੇ ਅਕਲਾਂ ਵਾਲਿਆਂ ਗੀਤਾਂ 'ਚੋਂ ਵੀ ਸੰਤਾਪ ਲੱਭਣਾ ਹੈ ਚੁਰਾਹੇ ਬਲ਼ ਰਿਹਾ ਦੀਪਕ ਮਹਿਜ਼ ਚਾਨਣ ਹੀ ਦੇ ਸਕਦੈ ਅਗਾਂਹ ਰਸਤਾ ਹੈ ਜੋ ‘ਆਲਮ’ ਤੁਸਾਂ ਉਹ ਆਪ ਲੱਭਣਾ ਹੈ

ਇਹ ਜੀਵਨ ਹੈ ਸੋ ਹਰ ਹੀਲੇ ਹੀ ਇਸਨੂੰ

ਇਹ ਜੀਵਨ ਹੈ ਸੋ ਹਰ ਹੀਲੇ ਹੀ ਇਸਨੂੰ ਘਾਲਣਾ ਪੈਂਦੈ ਕਿ ਏਥੇ ਤਾਂ ਸਿਕੰਦਰ ਨੂੰ ਵੀ ਰੇਤਾ ਛਾਨਣਾ ਪੈਂਦੈ ਇਹੀ ਹੈ ਰੀਤ ਰੁੱਤਾਂ ਦੀ ਕਿ ਇਸ ਜੀਵਨ ਦੇ ਬਾਗ਼ ਅੰਦਰ ਜੋ ਹੱਥੀਂ ਪਾਲ਼ਿਆ ਹੁੰਦਾ ਉਸੇ ਨੂੰ ਛਾਂਗਣਾ ਪੈਂਦੈ ਇਹ ਇੱਕ ਸਿੱਕੇ ਦੇ ਦੋ ਪਾਸੇ ਨੇ ਪਰ ਦਿਲ ’ਤੇ ਅਸਰ ਵੱਖਰੇ ਕਿਸੇ ਨੂੰ ਤਿਆਗਣਾ ਬਣਦੈ, ਕਿਸੇ ਨੂੰ ਤਿਆਗਣਾ ਪੈਂਦੈ ਜਦ ਆਪਣਾ ਆਪ ਨਈਂ ਦਿਸਦਾ ਤਾਂ ਮਜਬੂਰੀ ਹੈ ਅੱਖਾਂ ਦੀ ਕਿ ਹੋਰਾਂ ਦੀ ਨਜ਼ਰ ਦੇ ਨਾਲ਼ ਖੁਦ ਨੂੰ ਝਾਕਣਾ ਪੈਂਦੈ ਕਦੇ ਸ਼ਿਅਰਾਂ ਦੀ ਇਹ ਛਹਿਬਰ ਮਿਲੇ ‘ਆਲਮ’ ਨੂੰ ਸੁੱਤੇ ਸਿਧ ਕਦੇ ਤੂੜੀ ਦੇ ਢੇਰਾਂ ’ਚੋਂ ਸੂਈ ਨੂੰ ਭਾਲਣਾ ਪੈਂਦੈ

ਇਹ ਦਿਨ ਹਿਜਰਾਂ ਦੇ ਕਾਲ਼ੇ ਯਾਦ ਰੱਖੀਂ

ਇਹ ਦਿਨ ਹਿਜਰਾਂ ਦੇ ਕਾਲ਼ੇ ਯਾਦ ਰੱਖੀਂ ਕਿ ਉਹ ਜੋ ਵੀ ਵਿਖਾਲ਼ੇ ਯਾਦ ਰੱਖੀਂ ਹੈ ਉਹ ਹੀ ਸ਼ਬਦ ਜੋ ਲਿਖਿਆ ਨਾ ਜਾਵੇ ਨਾ ਐਵੇਂ ਲਫ਼ਜ਼ ਕਾਲ਼ੇ ਯਾਦ ਰੱਖੀਂ ਇਹ ਸ਼ੁਹਰਤ ਵਿਦਵਤਾ, ਅਹੁਦੇ ਤੇ ਰੁਤਬੇ ਨੇ ਬਸ ਅੱਖਾਂ ਦੇ ਜਾਲ਼ੇ ਯਾਦ ਰੱਖੀਂ ਨਾ ਕਰ ਨਫ਼ਰਤ, ਹਨੇਰੇ ’ਚੋਂ ਹੀ ਆਖ਼ਿਰ ਦਿਸਣਗੇ ਪਹੁ-ਫੁਟਾਲੇ ਯਾਦ ਰੱਖੀਂ ਸਤਾਵੇ ਜੇ ਹਵਾ, ਐ ਜਗਦੇ ਦੀਵੇ! ਤੂੰ ਸਾਡੇ ਦਿਲ ਦੇ ਆਲ਼ੇ ਯਾਦ ਰੱਖੀਂ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਮੁਕੇਸ਼ ਆਲਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ