ਰੇਸ਼ਮੀ ਧਾਗਿਆਂ ਦਾ ਉਣਿਆਂ ਕਾਵਿ ਮੰਡਲ-ਚਰਖ਼ੜੀ : ਬੂਟਾ ਸਿੰਘ ਚੌਹਾਨ
ਗੁਰਭਜਨ ਗਿੱਲ ਪੰਜਾਬੀ ਦਾ ਮਾਣਮੱਤਾ ਸ਼ਾਇਰ ਹੈ । ਲੱਗਭਗ ਸਾਢੇ ਚਾਰ ਦਹਾਕਿਆਂ ਤੋਂ ਉਹ ਕਾਵਿ ਸਿਰਜਣਾ ਕਰਦੇ ਆ ਰਹੇ ਹਨ । ਉਨ੍ਹਾਂ ਨੇ ਹੁਣ ਤੱਕ ਸੈਂਕੜੇ ਕਵਿਤਾਵਾਂ ਲਿਖੀਆਂ ਹਨ ਤੇ ਸੱਤ ਸੌ ਦੇ ਕਰੀਬ ਗ਼ਜ਼ਲਾਂ । ਉਨ੍ਹਾਂ ਦਾ ਕਾਵਿ ਮੁਹਾਵਰਾ ਫ਼ਲ ਵਾਂਗ ਪੱਕ ਜਾਣ ਕਾਰਨ ਇਸ ਮੁਕਾਮ 'ਤੇ ਆ ਗਿਆ ਹੈ ਕਿ ਉਨ੍ਹਾਂ ਦੀ ਆਖੀ ਜਾਣ ਵਾਲ਼ੀ ਗੱਲ ਅਸਰ ਰੱਖਣ ਲੱਗ ਪਈ ਹੈ, ਜਿਵੇਂ ਕਾਗ਼ਜ਼ 'ਤੇ ਅੱਖ ਦਾ ਹੰਝੂ ਡਿੱਗ ਕੇ ਫੈਲੇ ਜਾਂ ਕੋਈ ਸੁਗੰਧ ਤੁੁਹਾਡੇ ਮਨ 'ਚ ਅਛੋਪਲੇ ਜਿਹੇ ਆ ਵਸੇ ।
ਚਰਖ਼ੜੀ ਉਨ੍ਹਾਂ ਦੇ ਵੱਡ-ਅਕਾਰੀ ਕਾਵਿ ਸੰਗ੍ਰਹਿ ਹੈ । ਜਿਸ 'ਚ ਅਜੋਕੀਆਂ ਕਵਿਤਾਵਾਂ ਦੀਆਂ ਛਪਣ ਵਾਲੀਆਂ ਚਾਰ ਕਿਤਾਬਾਂ ਜਿੰਨੀਆਂ ਰਚਨਾਵਾਂ ਹਨ । ਇਹ ਕਵਿਤਾਵਾਂ ਨਾ ਤਾਂ ਨਸਰੀ ਕਾਵਿ ਦੇ ਘੇਰੇ 'ਚ ਆਉਂਦੀਆਂ ਹਨ, ਨਾ ਹੀ ਤੁਕਬੰਦ ਕਵਿਤਾਵਾਂ ਦੇ ਘੇਰੇ ਵਿਚ । ਇਹ ਆਪਣੇ ਆਪ 'ਚ ਇਕ ਵੱਖਰਾ ਰੂਪ ਰੱਖਦੀਆਂ ਹਨ । ਨਸਰੀ ਕਾਵਿ ਨਾਲ਼ੋਂ ਇਹ ਇਸ ਲਈ ਨਿਖੜਦੀਆਂ ਹਨ ਕਿਉਂਕਿ ਇਨ੍ਹਾਂ 'ਚ ਰਿਦਮ ਵਿਰਾਜਵਾਨ ਹੈ । ਤੁਕਬੰਦ ਇਸ ਲਈ ਨਹੀਂ ਕਿਉਂਕਿ ਇਹ ਤੋਲ ਤੁਕਾਂਤ ਤੋਂ ਆਜ਼ਾਦ ਵੀ ਨੇ । ਕੁਲ ਮਿਲਾ ਕਿ ਇਹ ਕਵਿਤਾ ਆਪਣਾ ਵਿਲੱਖਣ ਮੁਹਾਵਰਾ ਰੱਖਦੀ ਹੈ ਜਿਸ ਨੂੰ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਇਹ ਕਵਿਤਾ ਦਾ ਵੱਖਰਾ ਰੂਪ ਹੈ । ਇਨ੍ਹਾਂ ਨੂੰ ਕਿਸੇ ਵੀ ਚੌਖਟੇ 'ਚ ਫ਼ਿਲਹਾਲ ਨਹੀਂ ਰੱਖਿਆ ਜਾ ਸਕਦਾ । ਸਿਰਫ਼ ਮਾਣਿਆ ਜਾ ਸਕਦਾ ਹੈ । ਇੱਥੇ ਇਹ ਵੀ ਕਹਿਣਾ ਅਯੋਗ ਨਹੀਂ ਹੋਵੇਗਾ ਕਿ ਜਾਂ ਤਾਂ ਤੁੱਕਬੰਦ ਕਵਿਤਾ ਲਿਖਣ ਵਾਲ਼ਾ ਸ਼ਾਇਰ ਨਸ਼ਰੀ ਕਵਿ ਲਿਖ ਹੀ ਨਹੀਂ ਸਕਦਾ, ਜੇ ਲਿਖਦਾ ਹੈ ਤਾਂ ਸਿਰਫ਼ ਨਸ਼ਰੀ ਕਾਵਿ ਲਿਖਣ ਵਾਲਿਆਂ ਤੋ ਪ੍ਰਭਾਵਸ਼ਾਲੀ ਲਿਖਦਾ ਹੈ । ਇਸ ਪ੍ਰਸੰਗ 'ਚ ਸ਼ਿਵ ਕੁਮਾਰ ਬਟਾਲਵੀ, ਮੋਹਣ ਸਿੰਘ, ਅੰਮਿ੍ਤਾ ਪ੍ਰੀਤਮ, ਡਾ. ਜਗਤਾਰ ਤੇ ਸੁਰਜੀਤ ਪਾਤਰ ਨੂੰ ਵੇਖਿਆ ਜਾ ਸਕਦਾ ਹੈ ।
ਇਨ੍ਹਾਂ ਕਵਿਤਾਵਾਂ ਨੂੰ ਪੜ੍ਹਨ ਵੇਲ਼ੇ ਸ਼ਿਵ ਕੁਮਾਰ ਬਟਾਲਵੀ ਵੱਲੋਂ ਰਚੇ ਖੰਡ ਕਾਵਿ 'ਮੈਂ ਤੇ ਮੈਂ' ਦੀ ਕਾਵਿ ਵਿਧੀ ਦੀ ਵੀ ਯਾਦ ਆਉਂਦੀ ਹੈ । ਪਰ ਗਿੱਲ ਦੀ ਕਵਿਤਾ ਆਪਣੇ ਵੱਖਰੇ ਪ੍ਰਗਟਾ ਕਾਰਨ ਉਸ ਨਾਲ਼ੋਂ ਵਿੱਥ 'ਤੇ ਵੀ ਖੜ੍ਹੀ ਵਿਖਾਈ ਦਿੰਦੀ ਹੈ । ਖ਼ੈਰ! ਕੁਝ ਵੀ ਹਨ, ਇਹ ਕਵਿਤਾਵਾਂ ਮਨ ਨੂੰ ਟੁੰਬਦੀਆਂ ਹਨ ਤੇ ਰੂਹ ਨੂੰ ਸ਼ਰਸਾਰ ਕਰਦੀਆਂ ਹਨ ਤੇ ਆਪਣੇ ਨਾਲ਼-ਨਾਲ਼ ਤੋਰਦੀਆਂ ਹੋਈਆਂ ਜ਼ਿੰਦਗੀ ਦੇ ਵੱਖ-ਵੱਖ ਪੱਖਾਂ 'ਤੇ ਝਾਤ ਪਵਾਉਂਦੀਆਂ ਹਨ ।
ਇਨ੍ਹਾਂ ਕਵਿਤਾਵਾਂ 'ਚ ਕਵੀ ਦੀ ਵਿਸ਼ਾਲ ਸੋਚ ਸਾਹਮਣੇ ਆਉਂਦੀ ਹੈ । ਸੀਮਤ ਵਿਚਾਰਧਾਰਾ ਦੀ ਵਲਗਣ ਟੱਪ ਕੇ ਇਹ ਕਵਿਤਾਵਾਂ ਸੂਰਜ ਦੀ ਧੁੱਪ ਵਾਂਗ ਸਾਰਾ ਆਲ਼ਾ-ਦੁਆਲ਼ਾ ਆਪਣੇ ਕਲਾਵੇ 'ਚ ਲੈਂਦੀਆਂ ਹਨ ਤੇ ਪੜ੍ਹਨ ਵਾਲ਼ੇ ਨੂੰ ਉਸ ਮੁਕਾਮ ਤੱਕ ਲੈ ਜਾਂਦੀਆਂ ਹਨ, ਜਿੱਥੇ ਬਹੁ-ਪਰਤੀ ਚੇਤਨਾ ਦਾ ਪਸਾਰਾ ਹੈ ਤੇ ਜ਼ਿੰਦਗੀ ਬਾਹਾਂ ਖਿਲਾਰੀ ਆਪਣੇ ਕਲਾਵੇ 'ਚ ਲੈਣ ਲਈ ਤਤਪਰ ਦਿਖਾਈ ਦਿੰਦੀ ਹੈ ਤੇ ਮਨੁੱਖ ਆਪਣੀ ਹੋਂਦ ਵਿਸਾਰ ਕੇ ਆਪਣੇ ਆਪ ਨੂੰ ਵਿਸ਼ਾਲ ਜਨ ਸਮੂਹ ਦਾ ਹਿੱਸਾ ਸਮਝਣ ਲੱਗ ਪੈਂਦਾ ਹੈ ।
ਇਸ ਸੰਗ੍ਰਹਿ ਦੀ ਪਹਿਲੀ ਕਵਿਤਾ 'ਨੰਦੋ ਬਾਜ਼ੀਗਰਨੀ' ਹੈ, ਜਿਸਦਾ ਆਕਾਰ ਵੀ ਵਿਸ਼ਾਲ ਹੈ ਤੇ ਉਸਦੀ ਸੋਚ ਵੀ ਸਮੁੰਦਰ ਨੂੰ ਮਾਤ ਪਾਉਂਦੀ ਹੈ । ਇਹ ਕਵਿਤਾ ਉਸਦੇ ਜੀਵਨ ਦੀ ਪੂਰਨ ਬਾਤ ਪਾਉਂਦੀ ਹੈ ਤੇ ਪੇਂਡੂ ਸੱਭਿਆਚਾਰ ਦੀ ਇੱਕ ਮਜ਼ਬੂਤ ਕੜੀ ਨਜ਼ਰ ਆਉਂਦੀ ਹੈ, ਜਿਸਦੀ ਹੋਂਦ ਪੇਂਡੂ ਜੀਵਨ 'ਚ ਇਕ ਰੰਗ ਸਾਬਤ ਹੁੰਦੀ ਹੈ ਤੇ ਨਿਥਾਵੀਂ ਹੁੰਦੀ ਹੋਈ ਵੀ ਲੋਕ ਜੀਵਨ 'ਚ ਅਹਿਮ ਥਾਂ ਰੱਖਦੀ ਹੈ । ਹੇਠ ਲਿਖੀ ਕਾਵਿ ਟੁੱਕੜੀ ਵੇਖੋ:-
ਨੰਦੋ ਕੋਲ਼ ਵੱਡੀ ਸਾਰੀ ਡਾਂਗ ਹੁੰਦੀ
ਕਿਸੇ ਪੁੱਛਣਾ ਨੰਦੋ! ਡਾਂਗ ਚੁੱਕੀ ਫਿਰਦੀ ਹੈਾ,
ਸਾਡੇ ਪਿੰਡ ਦੇ ਤਾਂ ਕੁੱਤੇ ਵੀ ਤੈਨੂੰ ਪਛਾਣਦੇ ਨੇ ।
ਤੇਰੇ ਪਿੱਛੇ ਭੌਂਕਦੇ ਤਾਂ ਕਦੇ ਨਹੀਂ ਵੇਖੇ
ਆਖਦੀ! ਵੇ ਸਰਦਾਰੋ!
ਸਾਰੇ ਕੁੱਤੇ ਚਹੁੰ ਲੱਤਾਂ ਵੇਲ਼ੇ ਨਹੀਂ ਹੁੰਦੇ ।
ਇਹ ਸੋਟਾ ਦੋ ਲੱਤਾਂ ਵਾਲ਼ਿਆਂ ਵਾਸਤੇ ।
ਉਕਤ ਸਤਰਾਂ ਉਸਦੀ ਉਸ ਮਾਨਸਿਕਤਾ ਦੀ ਤਰਜ਼ਮਾਨੀ ਕਰਦੀਆਂ ਹਨ, ਜਿਹੜੀ ਗੰਧਲੀ ਮਾਨਸਿਕਤਾ ਲਈ ਅਪਹੁੰਚ ਹੈ । ਜਿਹੜੀ ਤਿੱਖੀਆਂ ਨਜ਼ਰਾਂ ਲਈ ਅਸਪਾਤੀ ਕਵਚ ਹੈ । ਕਿਸੇ ਦੀ ਪਹੁੰਚ ਵਿਚ ਆ ਜਾਣਾ ਹੋਂਦ ਦੀ ਮੌਲਿਕਤਾ ਅੱਗੇ ਵੀ ਸਵਾਲੀਆ ਚਿੰਨ ਲਾਉਂਦਾ ਹੈ । ਕਵੀ ਉਸਦੇ ਕਿਰਦਾਰ ਨੂੰ ਮਜ਼ਬੂਰੀਆਂ ਦੇ ਵੱਸ ਨਹੀਂ ਪਾਉਂਦਾ, ਸਗੋਂ ਗੁਰਬਤ ਦੇ ਗਹਿਣੇ ਵਜੋਂ ਪੇਸ਼ ਕਰਦਾ ਹੈ । ਅੱਗੇ ਵੇਖੋ:-
ਨੰਦੋ ਹੁਬਕੀਂ ਰੋਂਦੀ ਧਰਤੀ ਅੰਬਰ ਨੂੰ ਸੁਣਦੀ
ਸੁੱਕੇ ਨੇਤਰੀਂ ਮੁੱਕੇ ਅੱਥਰੂ,
ਖੂਹ 'ਚੋਂ ਟਿੰਡਾਂ ਖ਼ਾਲੀ ਆਉਂਦੀਆਂ ।
ਪਰਨਾਲ਼ੇ 'ਚੋਂ ਦਰਦ ਵਹਿੰਦੇ,
ਮੈਂ ਵੱਡਾ ਹੋਇਆ ਜਦ ਕਦੇ
ਮਾਲ੍ਹੇ ਵਾਲ਼ੇ ਖੂਹ 'ਤੇ ਔਲੂ 'ਚ ਟੁੱਟੀਆਂ ਠੀਕਰੀਆਂ ਵੇਖਦਾ
ਤਾਂ ਮੈਨੂੰ ਲੱਗਦਾ, ਨੰਦੋ ਦੇ ਟੁੱਟੇ ਸੁਪਨੇ ਨੇ ।
ਕੰਕਰ ਕੰਕਰ, ਠੀਕਰ ਠੀਕਰ ।
ਕਵੀ ਕਹਿਣਾ ਚਾਹੰਦਾ ਹੈ, ਭਾਵੇਂ ਨੰਦੋ ਦੀ ਝੋਲ਼ੀ ਖ਼ਾਲੀ ਸੀ ਪਰ ਉਹ ਭਰੀ ਹੋਈ ਸੀ । ਕਵੀ ਅਹਿਸਾਸ ਕਰਵਾਉਂਦਾ ਹੈ ਕਿ ਅਸੀਂ ਭਰੀਆਂ ਝੋਲ਼ੀਆਂ ਵਾਲ਼ੇ ਅਖਵਾਉਂਦੇ ਲੋਕ ਕਿੰਨੇ ਖ਼ਾਲੀ ਹਾਂ । ਕਵੀ ਦੇ ਵਿਰਤਾਂਤਕ ਮਕਸਦ ਕਿੰਨਾ ਉਸਾਰੂ ਹੈ । ਗੱਲ ਕਹਿ ਕੁਝ ਰਿਹਾ ਹੈ । ਅਹਿਸਾਸ ਹੋਰ ਕਰਵਾ ਰਿਹਾ ਹੈ । ਅਸਿੱਧਾ ਮੰਤਵ ਉਸਾਰ ਪੜ੍ਹਨ ਵਾਲ਼ੇ ਨੂੰ ਆਪਣੇ ਮਨ 'ਚ ਝਾਤੀ ਮਾਰਨ ਲਈ ਮਜ਼ਬੂਰ ਕਰਦਾ ਹੈ ।
ਕਵੀ ਦੀ ਕਵਿਤਾ 'ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ' ਇਹ ਸੱਤਾਧਾਰੀ ਲੋਕਾਂ ਦੀ ਖਹਿੜਾ ਤੇ ਲੜ ਛੁਡਾਊ ਸੋਚ ਦੀ ਤਰਜਮਾਨੀ ਕਰਦੀ ਹੈ ਕਿ ਕਿਸ ਤਰ੍ਹਾਂ ਲੋਕਾਂ ਨਾਲ਼ ਸਤੱਹੀ ਵਿਵਹਾਰ ਕਰਕੇ ਆਪਣਾ ਸੱਤਾ ਕਾਲ ਪੂਰਾ ਕੀਤਾ ਜਾਂਦਾ ਹੈ । ਇਕ ਪਾਸੇ ਲੋਕ ਜੀਵਨ ਹੈ, ਦੂਜੇ ਪਾਸੇ ਸੱਤਾ ਦਾ ਕੰਮ ਚਲਾਊ ਵਰਤਾਰਾ । ਦੋਹਾਂ ਵਿਚ ਕਿਧਰੇ ਵੀ ਤਾਲ-ਮੇਲ ਨਹੀਂ । ਇਹ ਅਸਾਵਾਂਪਣ ਲੇਖਕ ਨੂੰ ਅੱਖਰਦਾ ਹੈ । ਉਹ ਪੀੜਤ ਜਨਾਂ ਦੇ ਨਾਲ਼ ਖੜ੍ਹਦਾ ਹੈ । ਆਪਣੀ ਕਾਵਿ ਵਿਧਾ ਰਾਹੀਂ ਲੋਕਾਂ ਦੀ ਮਨੋਵਚਨੀ ਬਿਆਨਦਾ ਹੈ:-
ਉਹ ਪੁੱਛਦੇ ਨੇ
ਇਹ ਅੱਥਰਾ ਘੋੜਾ ਕੀ ਹੁੰਦੈ
ਮੈਂ ਕਿਹਾ, ਜਿਸਨੂੰ ਪੰਜੀਂ ਸਾਲੀਂ ਵੋਟਾਂ ਪਾਉਂਦੇ ਹੋ ।
ਬਦਾਮ ਛੋਲੇ ਤੇ ਕਿੰਨਾ ਕੁਝ ਹੋਰ ਚਾਰਦੇ ।
ਏਸ ਭਰਮ ਨਾਲ਼ ਕਿ ਉਹ
ਸਾਡਾ ਖੁੱਭਿਆ ਪਹੀਆ,
ਗਾਰੇ 'ਚੋਂ ਕੱਢੇਗਾ ਕਦੇ ਨਾ ਕਦੇ
ਪਰ ਉਹ ਲਾਰਿਆਂ ਨਾਲ਼,
ਸਾਨੂੰ ਹੀ ਚਾਰੀ ਜਾਂਦਾ ਹੈ ।
ਸਵਾਲ ਕਰਦੇ ਹਾਂ ਤਾਂ ਨਾਸਾਂ ਫੁਲਾਉਂਦਾ ਹੈ ।
ਚਪੇੜਾਂ ਮਾਰਦਾ ਹੈ ।
ਕਵੀ ਸੱਤਾਧਾਰੀ ਦੇ ਮੂਲ ਸੁਭਾਅ ਨੂੰ ਪ੍ਰਗਟਾ ਕਰਦਾ ਹੈ । ਉਸਦੀ ਲੋਕਾਂ ਪ੍ਰਤੀ ਪਹੁੰਚ ਕੀ ਹੈ, ਉਸ ਬਾਰੇ ਦੱਸਦਾ ਹੈ ਤੇ ਕਵਿਤਾ ਦਾ ਅੰਤ ਇਨ੍ਹਾਂ ਸਤਰਾਂ ਨਾਲ ਕਰਦਾ ਹੈ:-
ਕੀਰਤਨੀਏ ਗਾਉਂਦੇ,
ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ।
ਭਰ ਸਰਵਰ ਜਬ ਉਛਲੇ ਤਬ ਤਰਣ ਦੁਹੇਲਾ ।
ਏਸੇ ਨੂੰ ਵਕਤ ਸੰਭਾਲਣਾ ਕਹਿੰਦੇ ਨੇ ।
ਏਸ ਤੋਂ ਪਹਿਲਾਂ ਕਿ ਇਹ ਘੋੜਾ ਤੁਹਾਨੂੰ ਮਿੱਧ ਜਾਵੇ,
ਇਸਨੂੰ ਨੱਥ ਪਾਓ ਤੇ ਪੁੱਛੋ,
ਕਿ ਤੇਰਾ ਮੂੰਹ,
ਅਠਾਰਵੀਂ ਸਦੀ ਵੱਲ ਕਿਉਂ ਹੈ ।
ਇਹ 'ਅਠਾਰਵੀਂ ਸਦੀ' ਇਕ ਅਜਿਹਾ ਸੰਕੇਤ ਹੈ ਜਿਸ 'ਚ ਕਵਿਤਾ ਕਹਿਣ ਦਾ ਮੂਲ ਸੰਕੇਤ ਬਿਰਾਜਮਾਨ ਹੈ । ਭਾਵ ਕਿ ਅਠਾਰਵੀਂ ਸਦੀ ਦੇ ਸੋਹਲੇ ਗਾ ਕੇ ਅਵਾਮ ਨੂੰ ਵਰਚਾਇਆ ਨਾ ਜਾਵੇ । ਮਨ ਨੂੰ ਸਿਰਫ਼ ਧਰਵਾਸ ਜਾਂ ਅਹਿਸਾਸ ਨਹੀਂ ਚਾਹੀਦੇ । ਜੀਵਨ ਦੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਜੋ ਅਜਿਹੀਆਂ ਚਾਦਰਾਂ ਬਣ ਗਈਆਂ ਹਨ, ਜੋ ਤਨ ਨਹੀਂ ਢਕਦੀਆਂ । ਵਿਰਸਾਮਈ ਗੌਰਵ ਦੀ ਆੜ 'ਚ ਅੱਜ ਨੂੰ ਬੀਤੇ ਦੇ ਹਨ੍ਹੇਰੇ ਨਾਲ਼ ਢਕਿਆ ਨਾ ਜਾਵੇ ।
ਕਵੀ ਪੱਥਰ ਹੋਈ ਲੋਕਾਈ ਨੂੰ ਕਹਿੰਦਾ ਹੈ ਕਿ ਉਹ ਸਵਾਲ ਕਰੇ ਤੇ ਜਵਾਬ ਮੰਗੇ ਤਾਂ ਕਿ ਇਹ ਨਾ ਹੋਵੇ ਕਿ ਅੱਥਰਾ ਘੋੜਾ ਤੁਹਾਨੂੰ ਆਪਣੇ ਪੌੜਾਂ ਹੇਠ ਮਿੱਧ ਜਾਵੇ । ਕਵੀ ਲੋਕਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ, ਜਿਹੜੀ ਦਿਨੋ ਦਿਨ ਖੋਰੀ ਜਾ ਰਹੀ ਹੈ, ਜਿਸ ਨੂੰ ਅਰਥਹੀਣ ਕੀਤਾ ਜਾ ਰਿਹਾ ਹੈ । ਅਰਥਹੀਣ ਕੌਣ ਕਰ ਰਿਹਾ ਹੈ । ਇਹ ਅੱਥਰਾ ਘੋੜਾ ਹੀ ਹੈ । ਜਿਹੜਾ ਆਪ ਮੁਹਾਰਾ ਨਹੀਂ ਹੋਣਾ ਚਾਹੀਦਾ । ਇਸ ਦੀ ਲਗਾਮ ਜਨ ਸਮੂਹ ਦੇ ਹੱਥਾਂ 'ਚ ਹੋਣੀ ਚਾਹੀਦੀ ਹੈ, ਜਿਹੜੀ ਹੈ ਨਹੀਂ । ਇਸ ਕਵਿਤਾ 'ਚ ਰਾਜਸੀ ਤਾਕਤ ਨੂੰ ਅੱਥਰੇ ਘੋੜੇ ਨਾਲ਼ ਸੰਗਿਆ ਦੇਣੀ ਹੀ ਸਿੱਧ ਕਰਦੀ ਹੈ, ਜੋ ਅਣਹੋਣੀਆਂ ਹੋ ਰਹੀਆਂ ਨੇ, ਇਹ ਕਰ ਹੀ ਉਹ ਰਹੇ ਹਨ, ਜਿਨ੍ਹਾਂ ਨੂੰ ਲੋਕ ਆਪਣਾ ਭਵਿੱਖ ਸਿਰਜਣ ਲਈ ਤਾਕਤ ਦਿੰਦੇ ਨੇ ਤੇ ਇਹ ਅੱਥਰੇ ਘੋੜੇ ਆਪਣੀਆਂ ਸੱਤਾਂ ਪੀੜੀਆਂ ਦੇ ਭਵਿੱਖ ਨੂੰ ਉਨ੍ਹਾਂ ਦੀਆਂ ਮੁੱਠੀਆਂ 'ਚ ਨਿਸ਼ਚਤ ਕਰਨ ਲਈ ਲੋਕਾਂ ਤੋਂ ਮਿਲੀ ਸ਼ਕਤੀ ਦੀ ਦੁਰਵਰਤੋਂ ਕਰਦੇ ਹਨ ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜ ਸਦੀਆਂ ਪਹਿਲਾਂ ਕਿਹਾ ਸੀ ਕਿ ਵਪਾਰ ਤੇ ਚਾਕਰੀ ਨਖਿੱਧ ਹਨ । ਖੇਤੀ ਉੱਤਮ ਹੈ । ਪਰ ਹੁਣ ਇਹ ਉੱਤਮ ਨਹੀਂ ਰਹੀ । ਜਿਉਂ-ਜਿਉਂ ਵੇਚਣ ਵਾਲ਼ੇ ਤੇ ਖ਼ਰੀਦਦਾਰ ਵਿਚਾਲ਼ੇ ਤੀਜੀ ਧਿਰ ਆਪਣੇ ਪੈਰ ਲਾਉਂਦੀ ਗਈ ਤੇ ਫ਼ਸਲ ਦਾ ਮੁੱਲ ਪਾਉਣ ਵਾਲ਼ੇ ਹੋਰ ਲੋਕ ਆ ਗਏ ਤਾਂ ਇਹ ਉੱਤਮ ਖੇਤੀ ਦਾ ਰਸਤਾ ਸਿਵਿਆਂ ਨਾਲ਼ ਜੁੜਦਾ ਗਿਆ । ਬੀਜਣ ਵਾਲ਼ੇ ਤੇ ਖਾਣ ਵਾਲ਼ੇ ਵਿਚਾਲੇ ਆਏ ਲੋਕ ਧਨੀ ਹੁੰਦੇ ਗਏ ਤੇ ਉੱਤਮ ਵਪਾਰ ਦੁੱਖਾਂ ਦੀ ਨਿਆਈਾ ਬਣਦਾ ਗਿਆ । ਇਕ ਅੰਦਰੂਨੀ ਲੋਹੇ ਦੇ ਨਹੁੰਆਂ ਵਾਲ਼ਾ ਪੰਜਾ ਖੇਤਾਂ ਦੇ ਪੁੱਤਾਂ ਦੇ ਮਾਸ ਨੋਚਦਾ ਗਿਆ । ਕਵੀ ਲਿਖਦਾ ਹੈ:-
ਜਦ ਤੋਂ ਖੇਤੀ ਨੂੰ ਮਸ਼ੀਨਾਂ ਸੰਭਾਲਿਐ,
ਘਰ 'ਚ ਰੱਸੇ ਰੱਸੀਆਂ,
ਮਰਨ ਨੂੰ ਵੀ ਨਹੀਂ ਲੱਭਦੇ ।
ਕਲ ਪੁਰਜੇ ਪਏ ਨੇ ਥਾਂ ਕੁ ਥਾਂ ।
ਅੱਡੀਆਂ 'ਚ ਖੁੱਭਦੇ ਕਿੱਲ ਕਾਂਟੇ,
ਰੂਹ 'ਚ ਬੋਲਦੀ ਹੈ ਇੰਜਣ ਨੋਜ਼ਲ ।
000
ਸੌਣ ਨਹੀਂ ਦਿੰਦੀ,
ਸਰਦਾਰ ਕਰਨੈਲ ਸਿਘ ਆੜ੍ਹਤੀਏ ਦੀ ਖ਼ੂਨ ਪੀਣੀ ਵਹੀ ।
ਬਹੁਤ ਤੇਜ ਸੂੰਦੀ ਹੈ ਸੂਰਨੀ ਵਾਂਗ ।
ਵਿਆਜ ਦਰ ਵਿਆਜ ਦਾ ਪਹੀਆ ਬਹੁਤ ਤੇਜ ਘੁੰਮਦਾ ਹੈ ।
ਮਸ਼ੀਨੀ ਟੋਕੇ ਵਾਂਗ ਸੁਪਨੇ ਰੀਝਾਂ ਉਮੰਗਾਂ ਕੁਤਰੀ ਜਾਂਦਾ ਹੈ ।
ਹੁਣ ਜੈਲੂ ਰੇਡੀਓ 'ਤੇ ਦਿਹਾਤੀ ਪ੍ਰੋਗਰਾਮ ਤੋਂ
ਮੰਡੀਆਂ ਦੇ ਭਾਅ ਨਹੀਂ ਸੁਣਦਾ ।
ਜਦ ਬਟਾਲ਼ੇ ਮੰਡੀ ਵਿਕਦੀ ਗੋਭੀ
ਬਾਜ਼ਾਰ ਨਾਲੋਂ ਕਿਤੇ ਥੱਲੇ ਚਵਾਨੀ ਭਾਅ ਵਿਕਦੀ ।
ਉਕਤ ਕਵਿਤਾ 'ਚ ਕਿਸਾਨੀ ਦਾ ਸਾਰਾ ਦਰਦ ਆ ਜਾਂਦਾ ਹੈ, ਜੋ ਜਰਨੈਲ ਸਿੰਘ ਉਰਫ਼ ਜੈਲੂ ਦੇ ਜ਼ਰੀਏ ਕਿਹਾ ਗਿਆ ਹੈ । ਇਕ ਬੇ-ਵਸੀ ਤੇ ਮਜ਼ਬੂਰੀ ਜੈਲੂ ਦੀਆਂ ਆਂਦਰਾਂ ਕੁਤਰਦੀ ਹੈ । ਅੰਤ 'ਚ ਕਵੀ ਸੰਬੋਧਨ ਹੁੰਦਾ ਹੈ:-
ਘਿਰ ਗਿਆ ਹੈ ਕਰਨੈਲ,
ਅਨੇਕ ਸ਼ਾਤਰ ਦੁਸ਼ਮਣਾਂ ਵਿਚ ।
ਕਿੱਧਰ ਜਾਵੇ?
ਅਕਲਾਂ ਵਾਲ਼ਿਓ, ਵਿਦਵਾਨੋ,
ਹਕੂਮਤੋ, ਬੁੱਧੀਮਾਨੋ
ਪਤਾ ਲੱਗੇ ਤਾਂ ਉਸਨੂੰ ਰਾਹ ਪਾਉਣਾ ।
ਮਰਨ ਮਗਰੋਂ ਅੰਕੜੇ ਗਿਣਨ ਵਾਲ਼ੇ
ਅਰਥ ਸ਼ਾਸ਼ਤਰੀਓ!
ਗੁਰਭਜਨ ਗਿੱਲ ਪੰਜਾਬੀ ਦਾ ਇੱਕੋ ਇਕ ਸ਼ਾਇਾਰ ਹੈ, ਜਿਸਨੇ ਮਾਂ ਬਾਰੇ ਅੱਧੀ ਦਰਜਨ ਤੋਂ ਵੱਧ ਕਵਿਤਾਵਾਂ ਲਿਖੀਆਂ ਹਨ, ਜਿਨ੍ਹਾਂ 'ਚ ਉਹ ਕਿਹੜੀ ਹੈ, ਜਿਹੜੀ ਚੰਗਿਆਈ ਮਾਂ ਬਾਰੇ ਨਹੀਂ ਪੇਸ਼ ਹੋਈ । 'ਜਾਗਦੀ ਹੈ ਮਾਂ' ਬਾਰੇ ਕਵਿਤਾ ਦੀਆਂ ਟੁੱਕੜੀਆਂ ਵੇਖੋ:-
ਜਿਹੜੇ ਘਰੀਂ ਮਾਵਾਂ ਸੌਂ ਜਾਂਦੀਆਂ,
ਓਥੇ ਘਰਾਂ ਨੂੰ ,
ਜਗਾਉਣ ਵਾਲ਼ਾ ਕੋਈ ਨਹੀਂ ਹੁੰਦਾ ।
ਰੱਬ ਵੀ ਨਹੀਂ ।
'ਮੇਰੀ ਮਾਂ' ਕਵਿਤਾ ਵਿਚ ਉਹ ਕਹਿੰਦੇ ਨੇ:-
ਸਰੋਵਰ 'ਚ ਵੜ ਕੇ ਆਖਦੀ,
ਡਰ ਨਾ ਮੈਂ ਤੇਰੇ ਨਾਲ਼ ਹਾਂ ।
ਹੁਣ ਵੀ ਕਦੇ ਗ਼ਮ ਦੇ ਸਾਗਰ ਜਾਂ,
ਮਨ ਦੇ ਵਹਿਣਾ 'ਚ ਵਹਿਣ ਲੱਗਦਾ ਹਾਂ,
ਤਾਂ ਮਾਂ ਡੁੱਬਣ ਨਹੀਂ ਦਿੰਦੀ ।
ਇਸੇ ਕਵਿਤਾ ਦਾ ਇਕ ਹੋਰ ਬੰਦ ਵੇਖੋ:-
ਜੇ ਮੇਰਾ ਪੁੱਤਰ ਹੈ ਤਾਂ
ਇਹ ਗਲੇਡੂ ਨਾ ਵਹਾਈਾ
ਕੋਈ ਬੇਗਾਨਾ ਨਹੀਂ ਪੂੰਝਦਾ ਬਾਹਰੋਂ ਆ ਕੇ ।
ਆਪ ਹੀ ਉੱਠਣਾ ਹੈ, ਡਿੱਗ ਕੇ ।
ਇਸੇ ਕਵਿਤਾ ਦੀਆਂ ਕੁਝ ਹੋਰ ਸਤਰਾਂ ਵੇਖੋ:-
ਮੇਰੀ ਮਾਂ ਨੂੰ ਮੰਗਣਾ ਨਹੀਂ ਸੀ ਆਉਂਦਾ
ਵੰਡਣਾ ਹੀ ਜਾਣਦੀ ਸੀ ।
ਘਰ ਦੀਆਂ ਵਿੱਥਾਂ ਵਿਰਲਾਂ ਪੋਟਲੀਆਂ ਅੰਦਰ,
ਰਹਿਮਤਾਂ ਬੰਨ੍ਹ ਕੇ ਲੁਕਾਈ ਰੱਖਦੀ ।
'ਭੱਠੇ 'ਚ ਤਪਦੀ ਮਾਂ' ਕਵਿਤਾ 'ਚ ਉਹ ਕਹਿੰਦੇ ਹਨ:-
ਇੱਟਾਂ ਨਹੀਂ, ਭੱਠੇ 'ਚ,
ਮਾਂ ਤਪਦੀ ਹੈ ਦਿਨ ਰਾਤ
ਸਿਰ 'ਤੇ ਟੱਬਰ ਦਾ ਭਾਰ ਢੋਂਦੀ
ਬਾਲ ਨਹੀਂ, ਪਿੱਠ 'ਤੇ ਪੂਰੇ ਵਤਨ ਦਾ ਭਾਰ ।
ਵਰਤਮਾਨ ਤੇ ਭਵਿੱਖ ਪੈਰੀਂ ਬੰਨ੍ਹ,
ਸਵੇਰੇ ਤੋਂ ਸ਼ਾਮ ਤੀਕ ਲਗਾਤਾਰ ਤੁਰਦੀ ।
000
ਉਸ ਲਈ ਕੋਈ ਸੜਕ ਕਿਤੇ ਨਹੀਂ ਜਾਂਦੀ ।
ਸਿਰਫ਼ ਝੁੱਗੀ ਤੋਂ ਪਥੇਰ ਤੀਕ ਆਉਂਦੀ ਹੈ ।
ਤੇ ਪਥੇਰ ਤੋਂ ਆਵੇ ਤੀਕ ।
ਵਿਚਕਾਰ ਕੋਈ ਮੀਲ ਪੱਥਰ ਨਹੀਂ,
ਸਿਰਫ਼ ਟੋਏ ਹਨ,
ਅੜਿੱਕੇ ਜਾਂ ਖਿੰਘਰ ਵੱਟੇ ।
ਕਿਰਕ ਹੈ ਮਣਾਂ ਮੂੰਹੀਂ, ਬੇਓੜਕ
ਉੱਡ ਕੇ ਗੁੰਨੇ ਹੋਏ ਆਟੇ 'ਚ ਲਗਾਤਾਰ ਪੈਂਦੀ ਹੈ ।
'ਮੇਰੀ ਮਾਂ ਤਾਂ ਰੱਬ ਦੀ ਕਵਿਤਾ' ਵਿਚ ਉਹ ਮਾਂ ਦੀ ਵਡਿਆਈ ਕਰਦੇ ਹਨ:-
ਮੇਰੇ ਦਿਲ ਦੀ ਧੜਕਣ ਵਿੱਚੋਂ
ਮੇਰੇ ਹੌਕੇ ਪੁਣ ਲੈਂਦੀ ਹੈ ।
ਮੱਥੇ ਅੰਦਰ ਖੁਭੇ ਕੰਡੇ,
ਬਿਨ ਦੱਸਿਆਂ ਹੀ ਚੁਣ ਲੈਂਦੀ ਹੈ ।
000
ਮੇਰੀ ਮਾਂ ਦੇ ਨੈਣਾਂ ਵਿਚ ਸੀ ਅਜਬ ਕੈਮਰਾ
ਆਰ ਪਾਰ ਦੀ ਜਾਨਣਹਾਰਾ
ਘਰ ਵੜਦੇ ਹੀ ਬੁਝ ਲੈਂਦੀ ਸੀ,
ਅੱਜ ਤੇਰਾ ਮਨ ਠੀਕ ਨਹੀਂ ਲੱਗਦਾ ।
000
ਮੇਰੀ ਪਿੱਠ 'ਤੇ ਮੇਰੀ ਮਾਂ ਦਾ ਅਜਬ ਥਾਪੜਾ,
ਹੌਂਸਲਿਆਂ ਦੀ ਭਰੀ ਪੋਟਲੀ ।
ਇਸ ਤੋਂ ਇਲਾਵਾ ਉਨ੍ਹਾਂ ਨੇ ਮਾਂ ਦੇ ਮਨ ਦੀਆਂ ਬਹੁਤ ਸਾਰੀਆਂ ਪਰਤਾਂ ਫਰੋਲ਼ ਕੇ ਮਾਂ ਨੂੰ ਸਿਰਫ਼ ਮਾਂ ਸਮਝਣ ਵਾਲ਼ਿਆਂ ਨੂੰ ਅਹਿਸਾਸ ਕਰਵਾਇਆ ਹੈ ਕਿ ਮਾਂ ਸਿਰਫ਼ ਵਜੂਦ ਦੀ ਹੀ ਮਾਂ ਨਹੀਂ ਹੁੰਦੀ, ਸਗੋਂ ਏਨਾਂ ਵਿਸ਼ਾਲ ਬ੍ਰਹਿਮੰਡ ਰੂਪੀ ਪਸਾਰਾ ਹੁੰਦੀ ਹੈ, ਜਿਸ 'ਚ ਆਪਣੀ ਮਨੁੱਖੀ ਸਿਰਜਣਾ ਪ੍ਰਤੀ ਅਣਗਿਣਤ, ਸੰਵੇਦਨਾ ਤੇ ਸੁਹਿਰਦਤਾ ਦੇ ਝਰਨੇ ਵਹਿੰਦੇ ਹਨ ਤੇ ਉਸਦਾ ਹਰ ਸਾਹ ਆਪਣੇ ਲੇਖੇ ਨਹੀਂ ਲੱਗਦਾ, ਸਗੋਂ ਆਪਣੀ ਸਿਰਜਣਾ ਨੂੰ ਸਮਰਪਿਤ ਹੁੰਦਾ ਹੈ । 'ਕੰਕਰੀਟ ਦਾ ਜੰਗਲ' ਇਸ ਸੰਗ੍ਰਹਿ ਦੀ ਬੜੀ ਕਮਾਲ ਦੀ ਕਵਿਤਾ ਹੈ । ਅਕਾਰ ਭਾਵੇਂ ਇਸ ਦਾ ਛੋਟਾ ਹੈ ਪਰ ਅਰਥ ਬੜੇ ਗਹਿਰੇ ਹਨ । ਸ਼ਹਿਰ ਦੀ ਮਾਨਸਿਕਤਾ ਬੜੇ ਗਹਿਰੇ ਤੇ ਬੱਝਵੇਂ ਰੂਪ 'ਚ ਪੇਸ਼ ਹੋਈ ਹੈ । ਕਵੀ ਕਹਿੰਦਾ ਹੈ:-
ਕੁਦਰਤ ਹਰ ਪਲ ਕਣ ਕਣ ਨੱਚਦੀ
ਸੁਰ ਸੰਗ ਤਾਲ ਮਿਲਾਵੇ ।
ਕੱਥਕ ਕਥਾ ਸੁਣਾਉਂਦੇ ਪੱਤੇ,
ਸਾਨੂੰ ਸਮਝ ਨਾ ਆਵੇ ।
ਬੇਕਦਰਾਂ ਦੇ ਵਿਹੜੇ ਅੰਦਰ,
ਖ਼ੁਸ਼ਬੋ ਕਿੱਦਾਂ ਆਵੇ ।
ਕੰਕਰੀਟ ਦਾ ਜੰਗਲ-ਬੇਲਾ,
ਅੱਜ ਕੱਲ੍ਹ ਸ਼ਹਿਰ ਕਹਾਵੇ ।
ਸ਼ਹਿਰ ਨੂੰ ਭਾਵੇਂ ਕੰਕਰੀਟ ਨਾਲ਼ ਸੰਗਿਆ ਦਿੱਤੀ ਗਈ ਹੈ । ਪਰ ਇਹ ਇਸ਼ਾਰਾ 'ਦੋ ਦੂਣੀ ਚਾਰ' ਦੇ ਚੱਕਰ ਦੇ ਅਮੁੱਕ ਗੇੜ 'ਚ ਪਏ ਸਮੁੱਚੀ ਮਾਨਵ ਜ਼ਾਤੀ ਬਾਰੇ ਹੈ, ਜਿਸ ਕੋਲ਼ੋਂ ਸਭ ਕੁੱਝ ਗੁਆਚ ਗਿਆ ਹੈ । ਪੱਲੇ ਸਿਰਫ਼ ਹਿਸਾਬ- ਕਿਤਾਬ ਹੈ । ਜਿਹੜਾ ਵਪਾਰ ਦਾ ਅਧਾਰ ਹੈ ਤੇ ਇਹ ਵਪਾਰੀ ਮਾਨਸਿਕਤਾ ਮਨੁੱਖਾਂ 'ਚ ਆ ਕੇ ਚੁੱਲਿ੍ਹਆਂ ਤੱਕ ਵੀ ਆ ਗਈ ਹੈ । ਕੰਕਰੀਟ ਦੇ ਬਣੇ ਆਸਰੇ ਸਾਡੀ 'ਦੋ ਦੂਣੀ ਚਾਰ' ਦੇ 'ਫ਼ਲਸਫ਼ੇ' ਜ਼ਰੀਏ ਸਾਡੇ ਧੜਕਦੇ ਦਿਲਾਂ 'ਚ ਵੀ ਆ ਗਏ ਹਨ । ਸ਼ਹਿਰ 'ਚ ਹੁਣ ਦਿਲ ਰਿਸ਼ਤਿਆਂ ਲਈ ਨਹੀਂ ਧੜਕਦੇ । ਸਿਰਫ਼ ਮਾਇਆ ਲਈ ਤਾਂਘਦੇ ਨੇ । ਜਿਵੇਂ ਮਾਇਆ ਨਚਾਉਂਦੀ ਹੈ । ਲੋਕਾਈ ਨੱਚਦੀ ਹੈ । ਪਰ ਇਸ ਨਾਚ ਵਿਚ ਆਨੰਦ ਨਹੀਂ, ਵਿਖਰਨਾ ਤੇ ਖਿੱਲਰਣਾ ਹੈ । ਇਸ ਕਵਿਤਾ ਦੇ ਅੰਤਰੀਵ ਛੱਤਾਂ ਹਨ, ਅਸਮਾਨ ਨਹੀਂ, ਤਾਰੇ ਨਹੀਂ, ਤਾਰਿਆਂ ਦੀਆਂ ਖਿੱਤੀਆਂ ਨਹੀਂ ਘੁੰਮਦੀਆਂ, ਚੰਦਰਮਾ ਦੇ ਵੱਖ-ਵੱਖ ਰੂਪ ਨਹੀਂ, ਕਿਸੇ ਦੀ ਯਾਦ ਦੀ ਸੱਤਰੰਗੀ ਪੀਂਘ ਨਹੀਂ ਪੈਂਦੀ, ਹਵਾਵਾਂ ਗਾਉਂਦੀਆਂ ਨਹੀਂ, ਪ੍ਰਕਿਤੀ ਦੇ ਵੱਖ-ਵੱਖ ਸੰਜੀਵ ਅੰਗਾਂ ਦੀਆਂ ਅਠਖੇਲੀਆਂ ਨਹੀਂ, ਟੁੱਟਦੇ ਤਾਰਿਆਂ ਦਾ ਵਿਯੋਗ ਨਹੀਂ । ਹੈ ਤਾਂ ਸਿਰਫ਼ ਸੌ-ਸੌ ਜਫ਼ਰ ਜਾਲ਼ ਕੇ ਲਿਆਂਦੀ ਹੋਈ ਨੀਂਦ ਹੈ । ਜਿਹੜੀ ਬੇ ਅਰਥੀ ਜ਼ਿੰਦਗੀ ਦੇ ਰੰਗਹੀਣ ਕੱਚੇ ਧਾਗਿਆਂ ਨੇ ਜਾਈ ਹੈ । ਕੰਕਰੀਟ ਦੇ ਘਰਾਂ 'ਚ ਸਭ ਕੁਝ ਹੈ । ਹੈ ਤਾਂ ਚਿਰਜੀਵੀ ਸੁਖ ਨੂੰ ਆਉਂਦਾ ਰਸਤਾ ਨਹੀਂ । ਮਨ ਦਾ ਮੋਰ ਨੱਚਦਾ ਨਹੀਂ । ਸਿੱਕਿਆਂ ਦੀ ਮਹਿੰਗੀ ਚੋਗ ਪਾ ਕੇ ਨਚਾਉਣਾ ਪੈਂਦਾ ਹੈ ।
ਗਿੱਲ ਦੀ ਕਵਿਤਾ ਦੀ ਵਿਸ਼ੇਸ਼ਤਾ ਹੈ ਕਿ ਕਵਿਤਾ ਸ਼ੁਰੂ ਹੰਦਿਆਂ ਹੀ ਦਿ੍ਸ਼ ਉੱਭਰਣ ਪੈਂਦੇ ਹਨ । ਸ਼ਬਦ ਦਰਸਾਏ ਖ਼ਿਆਲਾਂ ਨੂੰ ਮੂਰਤੀਮਾਨ ਹੀ ਨਹੀਂ ਕਰਦੇ, ਸਗੋਂ ਦਰਸਇਆ ਗਿਆ ਮਹੌਲ ਸਿਰਜ ਦਿੰਦੇ ਹਨ । ਕਦੇ ਇਹ ਮਹੌਲ ਸਾਨੂੰ ਕਦੇ ਅਸਮਾਨੀਂ ਉਡਾਰੀਆਂ ਲਵਾਉਂਦਾ ਹੈ । ਆਲ਼ੇ-ਦੁਆਲ਼ੇ ਤੋਂ ਬੇਖ਼ਬਰ ਕਰਦਾ ਹੈ । ਕਈ ਵਾਰ ਸਫ਼ੇ ਵੀ ਦਿਸਣੋਂ ਹਟ ਜਾਂਦੇ ਹਨ, ਜਿਵੇਂ ਸਾਧਕ ਨੂੰ ਮੂਰਤੀ ਦਿੱਸਣੋਂ ਹਟ ਜਾਂਦੀ ਹੈ । ਅੱਖ ਸ਼ਬਦਾਂ ਦੇ ਆਰ ਪਾਰ ਵੇਖਣ ਲੱਗ ਪੈਂਦੀ ਹੈ । ਇਹੋ ਇਨ੍ਹਾਂ ਕਵਿਤਾਵਾਂ ਦੀ ਵਿਸ਼ੇਸ਼ਤਾ ਹੈ ।
ਇਸ ਪੁਸਤਕ ਵਿਚ 190 ਕਵਿਤਾਵਾਂ ਦਰਜ ਹਨ । ਵੱਖ-ਵੱਖ ਵਿਸ਼ਿਆਂ ਬਾਰੇ । ਲੱਗਦਾ ਹੈ, ਕੋਈ ਵਿਸ਼ਾ ਛੱਡਿਆ ਹੀ ਨਹੀਂ ਗਿਆ । ਕਵੀ ਦੀਆਂ ਲੰਮੀਆਂ ਬਾਹਾਂ ਨੇ ਬਹੁਤ ਕੁਝ ਕਲਾਵੇ 'ਚ ਲੈ ਲਿਆ ਹੈ । ਪੁਸਤਕ 'ਚ ਕਈ ਮਹਾਨ ਸਖ਼ਸ਼ੀਅਤਾਂ ਦੇ ਸ਼ਬਦ ਚਿਤਰ ਵੀ ਹਨ । ਜਿਨ੍ਹਾਂ 'ਚ ਉਨ੍ਹਾਂ ਦੀਆਂ ਘਾਲਨਾਵਾਂ ਬੜੇ ਸਹਿਜ ਰੂਪ 'ਚ ਪੇਸ਼ ਹੋਈਆਂ ਹਨ । ਤੁਰ ਗਿਆਂ ਨੂੰ ਸ਼ਿੱਦਤ ਨਾਲ਼ ਸਿਮਰਨ ਕਰਨ ਵਾਂਗ ਯਾਦ ਕੀਤਾ ਗਿਆ ਹੈ ।
ਕਈ ਕਵਿਤਾਵਾਂ ਇਤਿਹਾਸ ਦੇ ਸੁਨਹਿਰੇ ਵਰਕਿਆਂ ਨੂੰ ਵੀ ਆਪਣੇ ਜ਼ਾਵੀਏ ਤੋਂ ਵੀ ਪੇਸ਼ ਕਰਦੀਆਂ ਹਨ । ਪਿੱਛੇ ਵੀ ਝਾਕਦੀਆਂ ਹਨ । ਇਨ੍ਹਾਂ ਵਿਚ ਸਦੀਆਂ ਦੇ ਰੌਸ਼ਨ ਮੀਨਾਰ ਰਹੇ ਕਿਰਦਾਰ ਵੀ ਨੇ । ਅੱਜ ਵੀ ਹੈ ਤੇ ਆਉਣ ਵਾਲ਼ੇ ਸਮੇਂ ਦਾ ਚਿਹਰਾ ਵੀ ਦਿਸਦਾ ਹੈ । ਕਈ ਕਵਿਤਾਵਾਂ ਦੇ ਮੱਥੇ 'ਤੇ ਸ਼ਿਕਨ ਵੀ ਪੈਂਦੇ ਹਨ । ਕਈ ਇਤਿਹਾਸਕ ਹੀਰਿਆਂ ਦੀ ਵਡਿਆਈ ਕਰਦੀਆਂ ਹਨ । ਕੱਚ ਨੂੰ ਕੱਚ ਤੇ ਸੱਚ-ਸੱਚ ਨੂੰ ਕਹਿਣ ਵਾਲ਼ਾ ਇਹ ਕਾਵਿ ਮੰਡਲ ਪ੍ਰਸ਼ੰਸਾ ਦਾ ਹੱਕਦਾਰ ਹੈ । ਕਿਉਂਕਿ ਇਹ ਕਾਵਿ ਮੰਡਲ ਚਿਤਰਿਆ ਨਹੀਂ, ਸਗੋਂ ਉਪਜਿਆ ਹੋਇਆ ਲੱਗਦਾ ਹੈ ।
- 98143- 80749