Chapal Chetna : Sohan Singh Misha

ਚਪਲ ਚੇਤਨਾ : ਸੋਹਣ ਸਿੰਘ ਮੀਸ਼ਾ


ਸਮਰਪਣ

ਮੀਸ਼ਾ-ਕਾਵਿ ਵਿਚ ਰੁਚੀ ਰੱਖਦੇ ਪਾਠਕਾਂ ਦੇ ਨਾਂ

ਚਪਲ ਚੇਤਨਾ

ਅੱਗੇ ਲੰਘ ਜਾਂਦੀ ਹੈ ਯਾਰੋ ਚਪਲ ਚੇਤਨਾ ਨਾਲ ਮੈਂ ਕਿੱਥੋਂ ਤਾਈਂ ਦੌੜਾਂ ਸੰਸਿਆਂ ਮਾਰੇ ਭਾਵ ਸਲਾਹੀਂ ਪੈ ਜਾਂਦੇ ਨੇ ਹਫ ਕੇ ਪਿੱਛੇ ਰਹਿ ਜਾਂਦੇ ਨੇ ਸੰਭਵ ਅਣਹੋਈਆਂ ਦੀ ਗੰਢ ਪੋਟਲੀ ਸਾਂਭੀ ਡਿਗਦਾ ਢਹਿੰਦਾ ਜੇ ਪਿੱਛੇ ਅਪੜ ਵੀ ਜਾਵਾਂ ਇਕੋ ਥਾਂ ਜਾ ਕੇ ਰਾਹ ਪਾਟਦੇ ਕਿਸ ਰਾਹ ਉੱਤੇ ਪੈਰ ਟਿਕਾਵਾਂ ਸਭੇ ਹੀ ਰਾਹ ਸੰਘਣੇ ਸੁੰਞੇ ਜੰਗਲ ਦੇ ਵਿਚ ਗੁੰਮ ਹੋ ਜਾਂਦੇ ਆਪਣੇ ਟੁਕੜੇ ਟੁਕੜੇ ਕਰਕੇ ਕਿੰਝ ਵੱਖੋ-ਵੱਖ ਸੁੰਞੇ ਰਾਹਾਂ ਉੱਤੇ ਪਾਵਾਂ ਚਪਲ ਚੇਤਨਾ ਨਾਲ ਮੈਂ ਕੀਕਣ ਸਾਥ ਨਿਭਾਵਾਂ

ਨੀਂਹ ਪੱਥਰ

ਸੰਗਮਰਮਰ ’ਤੇ ਉੱਕਰੇ ਅੱਖਰ ਝੂਠ ਬੋਲਦੇ ਪਹਿਲਾ ਟੱਕ ਮਜ਼ਦੂਰ ਦੇ ਅੱਟਿਕਾਣੇ ਹੱਥਾਂ ਨੇ ਲਾਇਆ ਹੱਥ ਜਿਹਨਾਂ ਦੇ ਕਿਸਮਤ ਵਾਲੀਆਂ ਲੀਕਾਂ ਕੁਝ ਘਸ ਗਈਆਂ ਕੁਝ ਬਿਆਈਆਂ ਵਿਚ ਗੁੰਮ ਹੋਈਆਂ ਸਭ ਤੋਂ ਪਹਿਲਾਂ ਓਸ ਦੀ ਘਰ ਵਾਲੀ ਨੇ ਇੱਟਾਂ ਢੋਈਆਂ ਮੂੰਹ ਤੇ ਘੁੰਡ, ਇੰਝਾਂਣਾ ਪਿਠ 'ਤੇ ਢਿੱਡ ਵਿਚ ਭੁੱਖ, ਟੋਕਰੀ ਸਿਰ ਤੇ। ਕੰਧਾਂ ਸਿਰ ਤਕ ਆ ਚੁੱਕੀਆਂ ਸਨ ਜਿਸ ਦਿਨ ਮਹਾਂਪੁਰਸ਼ ਨੇਤਾ ਨੇ ਢਿਡਲ ਠੇਕੇਦਾਰਾਂ ਹਿੱਸੇਦਾਰ ਅਫ਼ਸਰਾਂ ਤੇ ਆਪਣੇ ਸ਼ਰਧਾਵਾਨਾਂ ਦੀ ਭੀੜ ਸਜਾ ਕੇ ਗਲ ਫੁੱਲਾਂ ਦੇ ਹਾਰ ਪੁਆ ਕੇ ਸਿੱਕੇ ਸੰਗ ਉੱਕਰੇ ਹੋਏ ਸੰਗਮਰਮਰ ਨੂੰ ਆਪਣੇ ਕੋਮਲ ਕਰ ਕਮਲਾਂ ਦੀ ਛੁਹ ਬਖਸ਼ੀ ਸੀ ਸ਼ਰਧਾਵਾਨ ਮਹਿਮਾ ਵਜੋਂ ਤਾੜੀਆਂ ਲਾਈਆਂ ਫੁੱਲ-ਪੱਤੀਆਂ ਬਰਸਾਈਆਂ ਇਸ ਨੀਂਹ-ਪੱਥਰ ਦੀ ਅਸਲੀਅਤ ਹੱਥਾਂ ਦੇ ਅੱਟਣਾਂ ਤੋਂ ਪੁੱਛੋ ਸੰਗਮਰਮਰ ’ਤੇ ਉੱਕਰੇ ਅੱਖਰ ਝੂਠ ਬੋਲਦੇ।

ਹਰਜਾਈ

ਆਪਣੀ ਹੀ ਨਜ਼ਰ ਵਿਚ ਹੋਇਆ ਜ਼ਲੀਲ, ਤੇਰੇ ਉੱਤੇ ਤਾਂ ਗਿਲੇ ਦੀ ਗੱਲ ਕੀ, ਕਿਸ ਨੂੰ ਦੱਸਾਂ ਦਿਲ 'ਤੇ ਲੱਗਾ ਸੱਲ ਕੀ, ਬਨ੍ਹਦੀ ਢਾਰਸ ਨਹੀਂ ਕੋਈ ਦਲੀਲ। ਚਾਅ ਬਹੁਤ ਸੀ ਆਪ ਸੀ ਤੂੰ ਸੱਦਿਆ, ਪਹੁੰਚਿਆ ਤਾਂ ਦੇਖਿਆ ਅੱਗੋਂ ਰਕੀਬ, ਬੇਤਕਲੱਫ਼ ਢੁੱਕ ਢੁੱਕ ਬਹਿੰਦਾ ਕਰੀਬ, ਮੈਂ ਕੋਈ ਵਾਧੂ ਜਹੀ ਸ਼ੈ ਲੱਗਿਆ। ਢੀਠ ਹੋ ਕੇ ਕੁਝ ਪਲ ਬੈਠਾ ਰਿਹਾ, ਫੇਰ ਚੁੱਕ ਲੀਤਾ ਜਿਸਮ ਆਪਣੇ ਦਾ ਭਾਰ, ਪਰ ਨਹੀਂ ਸੀ ਤੂੰ ਰਤਾ ਵੀ ਸ਼ਰਮਸਾਰ, ਬਾਹਰ ਬੂਹੇ ਕੋਲ ਆ ਕੇ ਜਦ ਕਿਹਾ- “ਕੀ ਕਰੇ ਕੋਈ ਏਹੋ ਜਹੇ ਇਨਸਾਨ ਦਾ ਖ਼ਬਰੇ ਕੀ ਆਇਆ ਏ ਦਿਲ ਵਿਚ ਧਾਰ ਕੇ, ਬਹਿ ਗਿਆ ਏਦਾਂ ਪਲੱਥਾ ਮਾਰ ਕੇ, ਨਾ ਹੀ ਲੈਂਦਾ ਨਹੀਉਂ ਉੱਠ ਕੇ ਜਾਣ ਦਾ।” ਭੱਜਿਆ ਭਾਂਡਾ ਮੇਰੇ ਵਿਸ਼ਵਾਸ ਦਾ, ਤੇ ਕਮੀਨੇ ਜਜ਼ਬਿਆਂ ਦਾ ਜ਼ੋਰ ਹੈ, ਖੌਲਦਾ ਸੀਨੇ 'ਚ ਵਹਿਸ਼ੀ ਸ਼ੋਰ ਹੈ, ਮੂੰਹ ਨਹੀਂ ਦਿਸਦਾ ਕਿਸੇ ਧਰਵਾਸ ਦਾ। ਦਿਲ ਹੈ ਹੁਣ ਤੈਨੂੰ ਸਤੌਣਾ ਲੋਚਦਾ, ਇਹ ਸ਼ਕਲ ਕੀ ਹੋ ਗਈ ਹੈ ਪਿਆਰ ਦੀ, ਮੁੱਕ ਗਈ ਜੋ ਗੱਲ ਸੀ ਇਤਬਾਰ ਦੀ, ਪਰਤਿਆਂ ਤੇਰੇ ਘਰੋਂ ਇਹ ਸੋਚਦਾ- ‘ਓਸ ਨੂੰ ਵੀ ਆਖਿਆ ਹੋਣਾ ਜ਼ਰੂਰ, ਐਵੇਂ ਅਣ-ਸਦਿਆ ਕੁਵੇਲੇ ਆ ਗਿਆ, ਪਿਆਰ ਵਿਚ ਦੋ ਪਲ ਵਿਘਨ ਜੇ ਪਾ ਗਿਆ, ਆਪ ਸੋਚੋ ਮੇਰਾ ਇਸ ਵਿਚ ਕੀ ਕਸੂਰ, ਓਸ ਨੂੰ ਵੀ ਆਖਿਆ ਹੋਣਾ ਜ਼ਰੂਰ।'

ਜੁਸਤਜੂ

ਸੀ ਮੈਨੂੰ ਵੀ ਉਸ ਦੀ ਭਾਲ ਜਿਸ ਦੇ ਆਖੇ ਲਗ ਕੇ ਚੱਲਣ ਦਿਹੁੰ ਮਹੀਨੇ ਸਾਲ ਮੇਰੇ ਬੁਰੇ ਨਛੱਤਰਾਂ ਦੀ ਜੋ ਮਾਤ ਕਰੇ ਹਰ ਚਾਲ ਜੋ ਅਨੰਤ ਨੂੰ ਨਜ਼ਰਾਂ ਦੇ ਜਾਦੂ ਵਿਚ ਬੰਨ੍ਹੇ ਇਕੋ ਸੈਨਤ ਨਾਲ ਹਰ ਛੁਹ ਹੋਵੇ ਸੱਜਰਾ ਕੌਤਕ ਹਰ ਗੱਲ ਨਵਾਂ ਕਮਾਲ ਅਜਬ ਅਨੰਦ ਜਿਦ੍ਹੀ ਗਲਵਕੜੀ ਜਿੰਦ ਨੂੰ ਕਰੇ ਨਿਹਾਲ ਸੀ ਮੈਨੂੰ ਵੀ ਉਸ ਦੀ ਭਾਲ ਪੁੱਛਣ ਬਾਂਝ ਪਛਾਣੇ ਦਿਲ ਦੀ ਰੂਹ ਦੀ ਨ੍ਹੇਰੀ ਗੁਫਾ 'ਚ ਗੁੱਝੇ ਸਹਿਮੇ ਹੋਏ ਹਰ ਜਜ਼ਬੇ ਨੂੰ ਅਚਨਚੇਤ ਬੋਲਾਂ ਬਿਨ ਬੁੱਝੇ ਜਿਸ ਦੀ ਸੂਖ਼ਮ ਸੋਝੀ ਤਾਈਂ ਸੁਹਜਾਂ ਦੇ ਸਿਖ਼ਰਾਂ ਦੀ ਸੁੱਝੇ ਜਿਸ ਦੀ ਮਹਿਕ-ਮੁਸਕਣੀ ਰੱਖੇ ਰਾਤ ਦਿਹੁੰ ਰੀਝਾਂ ਵਿਚ ਰੁੱਝੇ ਜਿਸ ਦੀ ਹੁਸਨ ਤਰੰਗ ਵਿਚ ਬੁੱਝੇ ਜ਼ਿੰਦਗਾਨੀ ਦਾ ਤਾਲ ਸੀ ਮੈਨੂੰ ਵੀ ਉਸ ਦੀ ਭਾਲ । ਝੋਲੀ ਵਿਚ ਡਿੱਗਣ ਪ੍ਰਭਾਤਾਂ ਜਿਸ ਦੇ ਗੋਰੇ ਮੂੰਹ ਨੂੰ ਚੁੰਮਿਆਂ ਜਿਸ ਦੀ ਹਰ ਛੁਹ ਫੇਰ ਜਗਾਵੇ ਜਿਸਮ 'ਚ ਜਾਦੂ ਗੁੰਮਿਆਂ ਸੁੰਮਿਆ ਜਿਸ ਦੀਆਂ ਅੱਖਾਂ ਵਿਚ ਝਾਕ ਕੇ ਜਾਪੇ ਇਹ ਬ੍ਰਹਿਮੰਡ ਹੈ ਘੁੰਮਿਆ ਜਿਸ ਦੀ ਤੱਕਣੀ ਵਿਚੋਂ ਲੱਭੇ ਮੈਨੂੰ ਆਪਣਾ ਆਪਾ ਗੁੰਮਿਆ ਜਿਸ ਦੇ ਸਦਕੇ ਜਗ-ਰਚਨਾ ਦਾ ਹੋਵਾਂ ਭਾਈਵਾਲ ਸੀ ਮੈਨੂੰ ਵੀ ਉਸ ਦੀ ਭਾਲ । ਆਪਣੇ ਪਿਆਰ 'ਚ ਡੋਬਾ ਦੇ ਕੇ ਇਸ ਮਿੱਟੀ ਦੀ ਕਾਲਖ ਧੋਵੇ ਜੱਗ ਦੀਆਂ ਤੁਹਮਤ-ਮਾਰਾਂ ਕੋਲੋਂ ਮੇਰੇ ਸਾਰੇ ਐਬ ਲਕੋਵੇ ਹਰ ਕੱਕਰ ਝੱਖੜ ਝਾਂਜੇ ਤੋਂ ਉਸ ਦੀ ਨਿੱਘੀ ਬੁੱਕਲ ਹੋਵੇ ਆਪਣੇ ਵਿਚ ਰਚਾਵੇ ਮੈਨੂੰ ਤੇ ਖ਼ੁਦ ਮੇਰੇ ਵਿਚ ਸਮੋਵੇ ਜਿਸ ਦੇ ਨਾਲ ਵਸੇਬਾ ਹੁੰਦਾ ਜੂਨ ਦਾ ਹੱਲ ਸਵਾਲ ਸੀ ਮੈਨੂੰ ਵੀ ਉਸ ਦੀ ਭਾਲ । ਜੋ ਰੱਬ ਜੇਹੀ ਸੱਤਾ ਲੈ ਕੇ ਇਸ ਹਸਤੀ ਦਾ ਸੱਤ ਹੋ ਜਾਂਦੀ ਕਿਸੇ ਕਲਪਨਾ ਦੇਸ਼ 'ਚੋਂ ਆ ਕੇ ਮੇਰੀ ਅਸਲੀਅਤ ਹੋ ਜਾਂਦੀ ਦੈਵੀ ਚਾਨਣ-ਕਿਰਨਾਂ ਦੀ ਮੁੱਠ ਇਸ ਜੀਵਨ ਦਾ ਤੱਤ ਹੋ ਜਾਂਦੀ ਜਿਸ ਦੇ ਪਿਆਰ-ਤਰੱਕਲੇ ਉੱਤੇ ਉਮਰ ਦੀ ਪੂਣੀ ਕੱਤ ਹੋ ਜਾਂਦੀ ਜਿਸ ਦਾ ਮਿਲਣ ਨਾਮੁਮਕਿਨ ਸੀ ਜਾਂ ਫਿਰ ਬਹੁਤ ਮੁਹਾਲ ਸੀ ਮੈਨੂੰ ਵੀ ਉਸ ਦੀ ਭਾਲ।

ਸੰਕਟ

ਹੁਣ ਤਾਂ ਮੈਨੂੰ ਇਹ ਸੰਸਾ ਹੈ ਸਚ ਮੁਚ ਮੇਰੀ ਨਾ ਹੋ ਜਾਏ ਜਗ ਦੀਆਂ ਰਹੁ ਰੀਤਾਂ ਅਨੁਸਾਰ ਅਤੇ ਆਪਣਾ ਪਿਆਰ ਰਹਿ ਨਾ ਜਾਵੇ ਅਧ ਵਿਚਕਾਰ। ਅਜੇ ਨਹੀਂ ਆਪਾਂ ਨੂੰ ਸਾਰ ਕੀ ਹੁੰਦੀਆਂ ਨੇ ਜੀਵਨ ਪੀੜ ਦੀਆਂ ਕੜਵੱਲਾਂ ਕਿੰਨੇ ਰਹੇ ਖੇਡ ਜਾਣ ਕੇ ਗੱਲੀਂ ਬਾਤੀਂ ਭਾਵੇਂ ਸੀਸ ਤਲੀ 'ਤੇ ਧਰਦੇ ਮਿਲਦੇ ਰਹੇ ਚਾਨਣੀ ਰਾਤੀਂ ਤੇ ਨਿੱਤ ਕਰਦੇ ਫੁੱਲ ਕਲੀਆਂ ਦੀ ਮਹਿਕਾਂ ਦੀਆਂ ਸੀ ਗੱਲਾਂ। ਨੇੜੇ ਹੋ ਕੇ ਇੰਜ ਲੱਗਦਾ ਹੈ ਭਲਕੇ ਸਾਨੂੰ ਰੋਟੀ ਟੁੱਕਦੀ ਚਿੰਤਾ ਹੋਣੀ ਫੁਲ ਕਲੀਆਂ ਦੀਆਂ ਮਹਿਕਾਂ ਦੇ ਵਿਚ ਘੁਲ ਜਾਣਾ ਹੈ ਲੂਣ ਵਿਸਾਰ। ਚੰਨ ਜੋ ਸਾਡੇ ਕੋਲ ਨਹੀਂ ਹੈ ਇਤਨਾ ਸੋਹਣਾ ਮਨ ਮੋਹਣਾ ਹੈ ਧੁੰਦਲ ਭਰਿਆ ਖਰ੍ਹਵਾ ਖਰ੍ਹਵਾ ਇਸ ਦਾ ਪਿੱਛਾ ਸੋਹਲ ਨਹੀਂ ਹੈ। ਜ਼ਿੱਦ ਭਾਵਾਂ ਦੀ ਦੂਰੋਂ ਦੂਰੋਂ ਪਿਆਰ ਜਿਹਾ ਇਕ ਵਹਿਮ ਰਿਹਾ ਜੋ ਰਹੀ ਕਲਪਨਾ ਕਰਤੱਬ ਕਰਦੀ ਇਕ ਦੂਜੇ ਤੋਂ ਖੁੰਝ ਜਾਵਣ ਦਾ ਸਹਿਮ ਰਿਹਾ ਜੋ ਬਣ ਨਹੀਂ ਸਕਿਆ ਸਾਂਝੀ ਲੰਘੀ ਔਕੜ ਵਿਚੋਂ ਜਾਗੀ ਰੂਹ ਦੀ ਕੋਈ ਨੁਹਾਰ। ਹੁੰਦਾ ਦਿਸਦਾ ਮੈਨੂੰ ਆਪਣਾ ਗੰਢ ਚਿਤਰਾਵਾ ਤੇ ਇਹ ਸੰਸਾ ਆਇਆ ਅੱਗੇ ਜੀਕਣ ਆਪਾਂ ਇਕ ਛਲੇਡਾ ਪਕੜਨ ਲੱਗੇ ਬਣ ਨਾ ਜਾਏ ਸਾਰੀ ਉਮਰ ਲਈ ਪਛਤਾਵਾ।

ਦਲੀਲ

ਤੁਹਾਡੇ ਦਿਲ 'ਚ ਬਦੀਆਂ ਨੇ ਵਹੀਰਾਂ ਆਪਣੇ ਘਰ ਨੂੰ ਤੁਸੀਂ ਤਾਂ ਆਪ ਸੱਦੀਆਂ ਨੇ ਜੇਕਰ ਇਹ ਗੱਲ ਨਹੀਂ ਸੀ ਘਰ ਦੇ ਬੂਹੇ ਭੀੜ ਕੇ ਰੱਖਦੇ ਜੇ ਆਉਂਦੇ ਖ਼ੂਨ ਦੇ ਛਿੱਟੇ ਤਾਂ ਉੱਚੀ ਕੰਧ ਕਰ ਲੈਂਦੇ ਜੇ ਫਿਰ ਵੀ ਸੁਣਦੀਆਂ ਚੀਕਾਂ ਤੁਹਾਡੇ ਕੋਲ ਉਂਗਲਾਂ ਸਨ ਤੁਸੀਂ ਕੰਨ ਬੰਦ ਕਰ ਲੈਂਦੇ। ਅਸੀਂ ਆਪਣੇ ਪਿਆਰ ਦੇ ਪਵਿੱਤਰ ਵਤਨ ਵਿਚ ਜੋ ਕੁਝ ਵੀ ਕਰਦੇ ਹਾਂ ਤੁਹਾਨੂੰ ਕੀ ਕਿਸੇ ਨੂੰ ਰੱਖਦੇ ਭੁੱਖਾ ਕਿਸੇ ਦਾ ਢਿੱਡ ਭਰਦੇ ਹਾਂ ਤੁਹਾਨੂੰ ਕੀ ਝਗੜਦੇ ਆਪਣੇ ਘਰ ਆਪੋ ਵਿਚ ਲੜਦੇ ਹਾਂ ਮਰਦੇ ਹਾਂ ਤੁਹਾਨੂੰ ਕੀ ਵਹੀਰਾਂ ਆਪਣੇ ਘਰ ਨੂੰ ਤੁਸੀਂ ਤਾਂ ਆਪ ਸੱਦੀਆਂ ਨੇ ਤੁਹਾਡੇ ਦਿਲ 'ਚ ਬਦੀਆਂ ਨੇ। ਚਲੋ ਮੰਨਿਆ ਜੇ ਇਹ ਇਨਸਾਨੀਅਤ ਦੇ ਦਰਦ ਦੀ ਗੱਲ ਹੈ ਤਾਂ ਫਿਰ ਮੰਨੋ ਕਿ ਇਹ ਮਸਲਾ ਹੈ ਇਨਸਾਨੀ ਕਿਉਂ ਕਹਿੰਦੇ ਹੋ ਕਿ ਇਸ ਦਾ ਸਿਆਸੀ ਲੱਭਣਾ ਹੱਲ ਹੈ। ਘਰਾਂ ਤੋਂ ਉੱਜੜੇ ਭੈ ਭੀਤ ਭੁੱਖੇ ਵਿਲਕਦੇ ਲੋਕਾਂ ਦੇ ਦੁੱਖਾਂ ਨੂੰ ਸਿਆਸੀ ਆਖਦੇ ਨੇ ਉਹ ਜਿੰਨ੍ਹਾਂ ਦੇ ਦਿਲ ਬੇਈਮਾਨੀ ਇਹ ਮਸਲਾ ਹੈ ਹੀ ਇਨਸਾਨੀ ਸਿਆਸਤ ਨਾਲ, ਸੋਚੋ ਤਾਂ, ਕਿਵੇਂ ਹੈ ਵਾਸਤਾ ਇਸ ਦਾ ਸਿਆਸਤ ਦਾ ਭਲਾ ਇਨਸਾਨੀਅਤ ਦੇ ਨਾਲ ਕੀ ਰਿਸ਼ਤਾ।

ਮਹਿਕ ਭਿੰਨੀਆਂ

ਮਹਿਕਾਂ ਭਿੰਨੀਆਂ ਤੇ ਪਿਆਰੀਆਂ ਗੱਲਾਂ, ਕਿੱਥੇ ਗਈਆਂ ਉਹ ਸਾਰੀਆਂ ਗੱਲਾਂ। ਸਿਉਂਕ ਵਾਂਗੂੰ ਨੇ ਲੱਗੀਆਂ ਰੂਹ ਨੂੰ, ਨਿੱਕੀਆਂ ਨਿੱਕੀਆਂ ਨਿਕਾਰੀਆਂ ਗੱਲਾਂ। ਪਾਲਤੂ ਤੋਤਿਆਂ ਦੀ ਕਿਸਮਤ ਨੇ, ਮੰਗੀਆਂ ਹੋਈਆਂ, ਉਧਾਰੀਆਂ ਗੱਲਾਂ। ਉਨ੍ਹਾਂ ਕਤਰੇ ਸੀ ਖੰਭ ਜਿਨ੍ਹਾਂ ਦੇ, ਮਾਰ ਚੱਲੀਆਂ ਉਡਾਰੀਆਂ ਗੱਲਾਂ। ਆਪਾਂ ਹਾਸੇ 'ਚ ਜੋ ਉਡਾਈਆਂ ਸਨ, ਲੋਕਾਂ ਅਰਸ਼ੋਂ ਉਤਾਰੀਆਂ ਗੱਲਾਂ। ਜੇ ਮੈਂ ਦੱਸਾਂ ਤਾਂ ਜੀਭ ਸੜ ਜਾਏ, ਜੋ ਜੋ ਸੁਣੀਆਂ, ਸਹਾਰੀਆਂ ਗੱਲਾਂ। ਸੋਚੀਏ ਤਾਂ ਉਦਾਸ ਹੋ ਜਾਈਏ, ਕੀ ਕੀ ਦਿਲ ਵਿਚ ਸੀ ਧਾਰੀਆਂ ਗੱਲਾਂ। ਆਖ ਸਕੇ ਨਾ ਔਖੇ ਅੱਖਰ ਜੋ, ਅਥਰੂਆਂ ਨੇ ਉਚਾਰੀਆਂ ਗੱਲਾਂ। ਹੋਰ ਗੰਧਲੇ ਹੋ ਜਾਣਗੇ ਰਿਸ਼ਤੇ, ਜੇ ਨਾ ਹੁਣ ਵੀ ਨਿਤਾਰੀਆਂ ਗੱਲਾਂ। ਔਲੀਆ ਹੈ ਜਾਂ ਹੈ ਕੋਈ ਪਾਗਲ, ਕਰਦਾ ਜਗ ਤੋਂ ਨਿਆਰੀਆਂ ਗੱਲਾਂ।

ਰੂਹ ਦੀ ਟੇਕ

ਰੂਹ ਦੀ ਟੇਕ ਗਈ ਤਾਂ ਮਿਲੇ ਟਿਕਾਅ ਕਿੱਥੇ, ਪਗ ਪਗ ਉੱਤੇ ਡਗ ਮਗ ਡਗ ਮਗ ਡੋਲ ਰਹੇ। ਔਸੀਆਂ ਵਿਚ ਉਲਝੀਆਂ ਲੀਕਾਂ ਲੇਖ ਦੀਆਂ, ਲੱਭਦੇ ਲੱਭਦੇ ਚੀਚੋ ਚੀਚ ਘਚੋਲ ਰਹੇ। ਕਿਉਂ ਕਿੱਦਾਂ ਦੀ ਖੱਟਿਆ ਅਤੇ ਗਵਾਇਆ ਕੀ, ਯਾਦਾਂ ਦੀ ਘਸਮੈਲੀ ਪੱਤਰੀ ਫੋਲ ਰਹੇ। ਮਸਾਂ ਮਿਲੇ ਸੀ ਮੁਠ ਕੁ ਮੋਤੀ ਸਾਹਾਂ ਦੇ, ਰੋਜ਼ੀ ਦੇ ਰਾਹਾਂ ਵਿਚ ਘੱਟੇ ਰੋਲ ਰਹੇ। ਸਾਬਤ ਸ਼ੀਸ਼ੇ ਵਿਚ ਅਚਾਨਕ ਗੁੰਮ ਹੋਏ, ਹੁਣ ਕਿਰਚਾਂ ਵਿਚ ਟੁੱਟਿਆ ਕਣ ਕਣ ਟੋਲ ਰਹੇ। ਡਾਰੋਂ ਖੁੰਝੇ ਪੰਛੀ ਉੱਡਣਾ ਭੁੱਲ ਬੈਠੇ, ਬੇਬੱਸ ਉਦਰੇਵੇਂ ਦੀ ਬੋਲੀ ਬੋਲ ਰਹੇ। ਚਾਂਦੀ ਦੀਆਂ ਝਾਂਜਰਾਂ ਪੈਰੀਂ ਪਾ ਲਈਆਂ, ਕਤਰੇ ਹੋਏ ਖੰਭ ਹਵਾ ਵਿਚ ਤੋਲ ਰਹੇ।

ਕਿਰਦੇ ਜਾਂਦੇ

ਕਿਰਦੇ ਜਾਂਦੇ ਸਵਾਸ ਕੀ ਕਰੀਏ। ਏਸ ਮਿੱਟੀ ਤੋਂ ਆਸ ਕੀ ਕਰੀਏ। ਕੋਈ ਕਾਰਨ ਸਮਝ ਨਹੀਂ ਆਉਂਦਾ, ਦਿਲ ਕਿਉਂ ਏਨਾ ਉਦਾਸ ਕੀ ਕਰੀਏ। ਮੂੰਹ ਮੁਲਾਹਜ਼ਾ ਹੀ ਰਹਿ ਗਿਆ ਹੈ ਜਦ, ਬਾਤ ਹੁਣ ਦਿਲ ਦੀ ਖਾਸ ਕੀ ਕਰੀਏ। ਗੱਲ ਹੋਵੇ ਜੇ ਮਿਲੀਏ ਆਪਾਂ ਵੀ, ਮਿਲਦੇ ਨੇ ਦੋ ਲਿਬਾਸ ਕੀ ਕਰੀਏ। ਜੋੜ ਲਈਏ ਜੇ ਹੋਣ ਕੁਝ ਤੰਦਾਂ, ਉਲਝੀ ਤਾਣੀ ਨੂੰ ਰਾਸ ਕੀ ਕਰੀਏ।

ਨ੍ਹੇਰਿਆਂ ਵਿਚ

ਨ੍ਹੇਰਿਆਂ ਵਿਚ ਟਿਮਟਿਮਾਈਏ ਦੋਸਤੋ, ਅੱਖੀਆਂ ਦੀਵੇ ਬਣਾਈਏ ਦੋਸਤੋ। ਨਾ ਸਹੀ ਜੇ ਦੋਸਤੀ ਨਿਭਦੀ ਨਹੀਂ, ਦੁਸ਼ਮਣੀ ਵੀ ਨਾ ਕਮਾਈਏ ਦੋਸਤੋ। ਪਾਲਤੂ ਚਿੜੀਆਂ ਤੋਂ ਕੁਝ ਤਾਂ ਸਿੱਖੀਏ, ਪਿੰਜਰਿਆਂ ਵਿਚ ਚਹਿਚਹਾਈਏ ਦੋਸਤੋ। ਸੱਚੀਆਂ ਗੱਲਾਂ ਦੇ ਖੰਭ ਕਤਰੇ ਗਏ, ਆਉ ਅਫ਼ਵਾਹਾਂ ਉਡਾਈਏ ਦੋਸਤੋ। ਘੁੱਪ ਹਨ੍ਹੇਰੇ ਵਿਚ ਟਟਹਿਣੇ ਢੂੰਡੀਏ, ਦੇਵੀਆਂ ਦਿਉਤੇ ਧਿਆਈਏ ਦੋਸਤੋ। ਵਿੱਛੜੇ ਹੋਏ ਹਾਂ ਆਪਣੇ ਆਪ ਤੋਂ, ਕੀ ਕਿਸੇ ਨੂੰ ਮਿਲਣ ਜਾਈਏ ਦੋਸਤੋ। ਦੇਖ ਕੇ ਸ਼ੀਸ਼ੇ 'ਚ ਆਪਣੇ ਆਪ ਨੂੰ, ਆਪਣਾ ਚੇਤਾ ਕਰਾਈਏ ਦੋਸਤੋ। ਸ਼ਗਨ ਦਾ ਉਤਸਵ ਹੈ ਜਾਣਾ ਹੈ ਜ਼ਰੂਰ, ਨਿੰਮਾਂ ਨਿੰਮਾਂ ਮੁਸਕਰਾਈਏ ਦੋਸਤੋ। ਉਸ ਦੇ ਕੌੜੇ ਪਾਣੀ ਦੀ ਲੱਜ ਪਾਲੀਏ, ਡੋਲ ਜਾਈਏ ਡਗਮਗਾਈਏ ਦੋਸਤੋ। ਰਾਤ ਠੰਢੀ ਸੀਤ ਠੱਕਾ ਕਹਿਰ ਦਾ, ਅਗਨ ਅੰਗਾਂ ਵਿਚ ਮਘਾਈਏ ਦੋਸਤੋ।

ਜੋ ਬਹੁਤ ਜ਼ੋਰਾਵਰ

ਜੋ ਬਹੁਤ ਜ਼ੋਰਾਵਰ ਜਿਹਾ ਲੱਗਦਾ, ਉਸ ਨੂੰ ਸ਼ੀਸ਼ੇ ਤੋਂ ਡਰ ਜਿਹਾ ਲੱਗਦਾ। ਭੁਗਤਦੇ ਹਾਂ ਸਰਾਪ ਅੱਜ ਓਹੀ, ਜਿਹੜਾ ਕਲ੍ਹ ਤਕ ਸੀ ਵਰ ਜਿਹਾ ਲੱਗਦਾ। ਹਾਰ ਕੇ ਰੁਕਿਆ ਰਾਹ 'ਚ ਹਰ ਰਾਹੀ, ਖੌਰੇ ਕਿਉਂ ਹਮਸਫ਼ਰ ਜਿਹਾ ਲੱਗਦਾ। ਜਿਹੜੇ ਦਰ ਤੋਂ ਵੀ ਰੱਦ ਹੋਇਆਂ ਮੈਂ, ਹਰ ਉਹ ਦਰ ਤੇਰੇ ਦਰ ਜਿਹਾ ਲੱਗਦਾ। ਕੋਈ ਦੁਸ਼ਮਣ ਹੈ ਵਸ ਗਿਆ ਦਿਲ ਵਿਚ, ਮੈਨੂੰ ਯਾਰਾਂ ਤੋਂ ਡਰ ਜਿਹਾ ਲੱਗਦਾ। ਹੈ ਉਹੋ ਜਾਣੀ ਜਾਣ ਖ਼ਬਰੇ, ਜੋ, ਚੁੱਪ ਜਿਹਾ ਬੇਖ਼ਬਰ ਜਿਹਾ ਲੱਗਦਾ। ਕੈਸੀ ਮਹਿਫ਼ਲ ਹੈ, ਜਿਸ 'ਚ ਮੁਖ਼ਬਰ ਵੀ ਆਦਮੀ ਮੁਅਤਬਰ ਜਿਹਾ ਲੱਗਦਾ। ਕਿਧਰੇ ਗੜਬੜ ਜ਼ਰੂਰ ਹੈ ਕੋਈ, ਹੁਣ ਤਾਂ ਦਫ਼ਤਰ ਵੀ ਘਰ ਜਿਹਾ ਲੱਗਦਾ । ਤੂੰ ਤਾਂ ਮੈਨੂੰ ਵਰਾਉਣ ਆਇਆ ਏਂ, ਤੇਰਾ ਦਾਮਨ ਕਿਉਂ ਤਰ ਜਿਹਾ ਲੱਗਦਾ।

ਹਰ ਦੌਰ ਸਿਰਜਦਾ ਹੈ

ਹਰ ਦੌਰ ਸਿਰਜਦਾ ਹੈ ਨਵੇਂ ਸਾਜ਼ ਸੰਦ ਹੋਰ, ਘੜੀਏ ਨਾ ਕਿਉਂ ਅਸੀਂ ਵੀ ਹੁਣ ਤੁਕਾਂਤ ਛੰਦ ਹੋਰ। ਹਾੜਾ ਈ ਡੁੱਬਦੇ ਤਾਰਿਉ ਸੰਘਰਣੇ ਹਨ੍ਹੇਰੇ ਦਾ ਮੰਗੀਏ ਅਕਾਸ਼ ਤੋਂ ਕੋਈ ਸੂਰਜ ਤੇ ਚੰਦ ਹੋਰ। ਸਾਗਰ 'ਚ ਡੁੱਬੀ ਲਾਸ਼ ਨੂੰ ਕਿਉਂ ਸੀਸ ਨਾ ਨਿਵੇਂ ਚਾਹੀ ਸੀ ਉਸ ਨੇ ਅਰਸ਼ ’ਤੇ ਪਾਉਣੀ ਕੁਮੰਦ ਹੋਰ। ਤੂੰ ਸਿਮਟਣਾ ਨਹੀਂ ਸੀ ਨਾ ਮੈਂ ਹੀ ਸੀ ਬਿਖਰਨਾ ਤੇਰਾ ਦੁਵੰਦ ਹੋਰ ਸੀ ਮੇਰਾ ਦੁਵੰਦ ਹੋਰ। ਹਾਂ ਠੀਕ ਤੇਰੇ ਨਾਲ ਵੀ ਉਸ ਗੱਲ ਨਹੀਂ ਰਹੀ ਹਾਲੇ ਵੀ ਤੇਰੇ ਬਾਝ ਨਾ ਕੋਈ ਪਸੰਦ ਹੋਰ। ਸਾਨੂੰ ਨਾ ਸੁਟ ਹੋਰ ਹੁਣ ਡੂੰਘੇ ਪਤਾਲ ਵਿਚ ਤੇਰਾ ਖ਼ੁਦਾ ਕਰੇ ਬਹੁਤ ਰੁਤਬਾ ਬਲੰਦ ਹੋਰ। ਤਾਣੀ ਵਿਚ ਰਿਸ਼ਤਿਆਂ ਦੀ ਜੇ ਸੁਲਝੇ ਤਾਂ ਕਿਸ ਤਰ੍ਹਾਂ ਲੱਗਦਾ, ਅਜੇ ਤਾਂ ਉਲਝਣੇ ਟੁੱਟਣੇ ਨੇ ਤੰਦ ਹੋਰ। ਪੁੱਛਦੀ ਲਹੂ ਲੁਹਾਣ ਹੋ ਧਰਤੀ ਪੰਜਾਬ ਦੀ ਕੱਟੋਂਗੇ ਕਦ ਕੁ ਤੀਕ ਮੇਰਾ ਬੰਦ ਬੰਦ ਹੋਰ। ਪਾਇਆ ਦਿਨੇ ਹਨ੍ਹੇਰ ਹੈ ਮੱਸਿਆ ਦੀ ਰਾਤ ਦਾ ਹੁਣ ਇਸ ਤੋਂ ਵੱਧ ਕੀ ਤੁਸੀਂ ਚਾੜ੍ਹੋਂਗੇ ਚੰਦ ਹੋਰ। ਇਸ ਚੁੱਪ ਦਾ ਕੋਈ ਹੋਰ ਵੀ ਮਤਲਬ ਨਾ ਲੈ ਲਿਉ ਰਖਣੀ ਨਾ ਹੁਣ ਮੈਂ ਇਸ ਤਰ੍ਹਾਂ ਜ਼ੁਬਾਨ ਬੰਦ ਹੋਰ। ਕੀਤੀ ਹੈ ਬੰਦਗੀ ਬਹੁਤ ਪੀਤੀ ਸ਼ਰਾਬ ਵੀ ਉਸ ਦਾ ਅਨੰਦ ਹੋਰ ਹੈ ਇਸ ਦਾ ਅਨੰਦ ਹੋਰ।

ਚੇਤੇ ਆਉਂਦੇ

ਚੇਤੇ ਆਉਂਦੇ ਆਏ ਦਿਨ ਤੇਰੇ ਨਾਲ ਬਿਤਾਏ ਦਿਨ। ਓਹੀ ਸੁਕਾਰਥ ਹੋਏ ਜੋ ਤੇਰੇ ਲੇਖੇ ਲਾਏ ਦਿਨ। ਤੂੰ ਤਾਂ ਨਾਲ ਈ ਲੈ ਗਈਉਂ ਮੁੜਕੇ ਉਹ ਨਾ ਆਏ ਦਿਨ। ਦਿਨ ਭਰ ਤੜਫ਼ਾਂ ਰਾਤ ਲਈ, ਰਾਤ ਨੂੰ ਆਖਾਂ ‘ਹਾਏ ਦਿਨ। ਕਿਸਮਤ ਨੂੰ ਨਾ ਭਾਏ ਉਹ ਜੋ ਆਪਾਂ ਨੂੰ ਭਾਏ ਦਿਨ। ਦਿਲ ਦੀ ਤਪਸ਼ ਵਧਾਵਣਗੇ ਆਏ ਬੱਦਲ ਵਾਏ ਦਿਨ। ਮਾਣੀ ਮੌਜ਼ ਮਲੰਗਾਂ ਨੇ ਬੁੱਲਿਆਂ ਨਾਲ ਉਡਾਏ ਦਿਨ। ਰਾਤ ਦਿਹਾੜੀਦਾਰਾਂ ਨੂੰ ਸੁਫ਼ਨੇ ਵਿਚ ਡਰਾਏ ਦਿਨ। ਸੂਰਜ ਛੰਨਾ ਚਾਨਣ ਦਾ ਧਰਤੀ 'ਤੇ ਛਲਕਾਏ ਦਿਨ।

ਭਾਰ ਮਨ ਤੋਂ

ਭਾਰ ਮਨ ਤੋਂ ਉਤਾਰਿਆ ਜਾਏ, ਜੋ ਗਿਲਾ ਹੈ ਉਚਾਰਿਆ ਜਾਏ। ਕੋਲ ਰਹਿ ਕੇ ਇਹ ਫਾਸਲਾ ਚੁੱਪ ਦਾ, ਹੋਰ ਹੁਣ ਨਾ ਸਹਾਰਿਆ ਜਾਏ। ਰੋ ਪਏ ਫੇਰ ਪਾ ਕੇ ਗਲਵਕੜੀ, ਦੁੱਧ ਪਾਣੀ ਨਤਾਰਿਆ ਜਾਏ। ਤੂੰ ਹੀ ਦੱਸ ਹੋਰ ਬਚਦੀਦੇ ਉਮਰੇ, ਤੈਨੂੰ ਕਿੱਦਾਂ ਗੁਜ਼ਾਰਿਆ ਜਾਏ। ਅਕਲ ਦੀ ਝਾਲ ਕੌਣ ਝੱਲੇਗਾ, ਏਥੇ ਝੱਲ ਹੀ ਖਲਾਰਿਆ ਜਾਏ। ਸੋਚੀਏ ਤਾਂ ਉਹ ਮੇਰਾ ਕੀ ਲੱਗਦਾ, ਜੋ ਨਾ ਪਲ ਵੀ ਵਸਾਰਿਆ ਜਾਏ। ਹੋਸ਼ ਦੀ ਪੇਸ਼ ਹੀ ਨਹੀਂ ਚੱਲੀ, ਹੁਣ ਤਾਂ ਦਾਮਨ ਲੰਗਾਰਿਆ ਜਾਏ।

ਸਤਲੁਜ ਬਿਆਸ

ਸਤਲੁਜ ਬਿਆਸ ਜਾਂ ਜੇਲਮ ਚਨਾਬ ਦੀ ਗੱਲ? ਰਾਵੀ ਕਰੇ ਹੁਣ ਕਿਹੜੇ ਪੰਜਾਬ ਦੀ ਗੱਲ ? ਪੱਤੀ ਪੱਤੀ ਵਲੂੰਦਰੀ ਗਈ ਉਸ ਦੀ ਸ਼ਰਫ ਕਰਦਾ ਸੀ ਜਿਹੜੇ ਗੁਲਾਬ ਦੀ ਗੱਲ। ਪਾਜ ਖੁੱਲ੍ਹ ਜਾਵੇ ਘਾਲਿਆਂ ਮਾਲਿਆਂ ਦਾ ਬਹਿ ਕੇ ਲੋਕ ਜੇ ਕਰਨ ਹਿਸਾਬ ਦੀ ਗੱਲ। ਪੜ੍ਹਦੇ ਪੂਜਦੇ ਦਿਲ ਦੀਆਂ ਧੜਕਣਾਂ ਜੋ ਉਹ ਨਹੀਂ ਜਾਣਦੇ ਕੁੜੀ ਕਿਤਾਬ ਦੀ ਗੱਲ। ਮੇਰੇ ਇਸ਼ਕ ਦੀ, ਤੇਰੇ ਸ਼ਬਾਬ ਦੀ ਗੱਲ ਪਿੱਛਲੇ ਪਹਿਰ ਦੇ ਜਿਸ ਤਰ੍ਹਾਂ ਖਾਬ ਦੀ ਗੱਲ। ਤੋਤਾ ਪਿੰਜਰੇ ਦੀ ਚੂਰੀ ਛੱਡ ਬੈਠਾ ਉੱਡਦੀ ਉੱਡਦੀ ਜਦ ਸੁਣੀ ਉਕਾਬ ਦੀ ਗੱਲ ਪੁੱਛੋ ਪੰਡਤਾਂ ਭਾਈਆਂ ਮੁਲਾਣਿਆਂ ਨੂੰ ਕਦੀ ਕੀਤੀ ਹੈ ਕੋਈ ਸਵਾਬ ਦੀ ਗੱਲ ?

ਤੂੰ ਨਹੀਂ ਪਰਤਣਾ

ਤੂੰ ਨਹੀਂ ਪਰਤਣਾ ਕਦੀ ਮੈਂ ਜਾਣਦਾ ਹਾਂ, ਰਹਿੰਦਾ ਰੋਜ਼ ਤੇਰਾ ਇੰਤਜ਼ਾਰ ਮੈਨੂੰ। 'ਕੱਲ੍ਹਾ ਛੱਡ ਨਾ ਵਿਚ ਮੰਝਧਾਰ ਮੈਨੂੰ, ਹੱਥੀਂ ਡੋਬ ਜਾਂ ਪਾਰ ਉਤਾਰ ਮੈਨੂੰ। ਤੂੰ ਹੀ ਦੱਸ ਮੈਂ ਉਹਨਾਂ ਨੂੰ ਕੀ ਦੱਸਾਂ, ਤੇਰਾ ਰਾਜ਼ ਪੁੱਛਣ ਮੇਰੇ ਯਾਰ ਮੈਨੂੰ। ਇਕ ਦੂਜੇ ਨੂੰ ਮਸਾਂ ਸਿਆਣ ਸੱਕੇ, ਮਿਲਿਆ ਕੱਲ੍ਹ ਇਕ ਵਿਛੜਿਆ ਯਾਰ ਮੈਨੂੰ। ਤੈਨੂੰ ਲੱਭਦਾ ਇੰਜ ਗੁਆਚਿਆ ਹਾਂ, ਰਹੀ ਆਪਣੀ ਥੌਹ ਨਾ ਸਾਰ ਮੈਨੂੰ। ਕਰਾਂ ਕਿਸੇ 'ਤੇ ਗਿਲਾ ਤਾਂ ਕੀ ਯਾਰੋ, ਆਪਣੇ ਦਿਲ 'ਤੇ ਨਹੀਂ ਇਤਬਾਰ ਮੈਨੂੰ। ਤੇਰੇ ਬਾਝ ਹੋ ਗਿਆ ਮੈਂ ਕੀ ਦਾ ਕੀ, ਆ ਕੇ ਦੇਖ ਤਾਂ ਜਾ ਇਕ ਵਾਰ ਮੈਨੂੰ।

ਅਗਲੇ ਪਿਛਲੇ ਜਨਮ ਦਾ ਝੋਰਾ

ਅਗਲੇ ਪਿਛਲੇ ਜਨਮ ਦਾ ਝੋਰਾ ਕਿਸਮਤ ਦੀ ਗੱਲ ਕਰਦੇ ਕਰਦੇ, ਬਿਰਥਾ ਇਹ ਵੀ ਜੂਨ ਗਵਾਈਏ ਕਾਹਨੂੰ ਜੀ ਕੇ ਮਰਦੇ ਮਰਦੇ। ਸੋਚਾਂ ਦੀ ਘੁੰਮਣ-ਘੇਰੀ ਵਿਚ ਖੁਰ ਚੱਲੀ ਕਾਇਆ ਦੀ ਮਿੱਟੀ, ਆਪਣੇ ਆਪ 'ਚ ਗਰਕਣ ਲੱਗੇ ਭਾਵ-ਸਾਗਰ ਨੂੰ ਤਰਦੇ ਤਰਦੇ। ਚਾਨਣੀਆਂ ਤੋਂ ਅੱਖ ਬਚਾ ਕੇ ਉਮਰ ਦਾ ਨ੍ਹੇਰਾ ਢੋਇਆ ਆਪਾਂ, ਛੋਟੇ ਛੋਟੇ ਦੁੱਖਾਂ ਉੱਤੇ ਲੰਮੇ ਹਾਉਕੇ ਭਰਦੇ ਕਰਦੇ। ਕਿਰਨਾਂ ਦਸਤਕ ਦੇ ਰਹੀਆਂ ਨੇ ਧੁੱਪਾਂ ਬਾਹਰ ਉਡੀਕਦੀਆਂ ਨੇ, ਬੂਹੇ ਢੋ ਕੇ ਬੈਠੇ ਲੋਕੀ ਸਹਿਮੇ ਸਹਿਮੇ ਠਰਦੇ ਠਰਦੇ। ਭਾਵੇਂ ਚੌਰਾਹਿਆਂ ਵਿਚ ਸਾਨੂੰ ਗੱਡ ਦਿਉ ਹੁਣ ਬੁੱਤਾਂ ਵਾਂਗੂੰ, ਸਾਡੇ ਪਿੰਡੇ ਪਥਰਾਏ ਨੇ ਧੁੱਪਾਂ ਪਾਲੇ ਜਰਦੇ ਜਰਦੇ। ਹੋਰ ਕਿਸੇ ਦੀ ਮੰਜ਼ਿਲ ਤੋਂ ਵੱਖ ਹੋਰ ਕਿਤੇ ਕੀ ਪਹੁੰਚਣਗੇ ਉਹ, ਹੋਰ ਕਿਸੇ ਦੀਆਂ ਪੈੜਾਂ ਉੱਤੇ, ਤੁਰਦੇ ਜੋ ਪਗ ਧਰਦੇ ਧਰਦੇ। ਪਿੰਜਰਿਆਂ ਦੇ ਲਾਗੇ ਖਿੰਡਿਆ ਰਿਜਕ ਹੈ ਲਿਖਿਆ ਸਾਡੇ ਭਾਗੀਂ, ਸਾਡੀ ਭੁੱਖ ਦੀ ਮਜ਼ਬੂਰੀ ਹੈ ਚੋਗਾ ਚੁੱਗਣਾ ਡਰਦੇ ਡਰਦੇ।

ਉਹ ਜਦੋਂ ਮੇਰੇ ਨਾਲ

ਉਹ ਜਦੋਂ ਮੇਰੇ ਨਾਲ ਹੁੰਦਾ ਹੈ, ਅਜਬ ਦੋਹਾਂ ਦਾ ਹਾਲ ਹੁੰਦਾ ਹੈ। ਉਸ ਦਾ ਵੱਖਰਾ ਜਵਾਬ ਹਰ ਵਾਰੀ, ਮੇਰਾ ਓਹੀਉ ਸਵਾਲ ਹੁੰਦਾ ਹੈ। ਬਹੁਤ ਤਪਦਾ ਹੈ ਹਾੜ ਤੇਰੇ ਬਿਨ, ਬਹੁਤ ਠੰਢਾ ਸਿਆਲ ਹੁੰਦਾ ਹੈ। ਸੁਰਤ ਆਪਣੀ ਵੀ ਜਦ ਨਹੀਂ ਹੁੰਦੀ, ਮੈਨੂੰ ਤੇਰਾ ਖਿਆਲ ਹੁੰਦਾ ਹੈ। ਹੁਸਨ ਤੇਰਾ ਹੈ ਇਸ਼ਕ ਹੈ ਮੇਰਾ, ਆਪੋ ਆਪਣਾ ਕਮਾਲ ਹੁੰਦਾ ਹੈ। ਜਗ-ਮੇਲੇ 'ਚ ਖੁੰਝਿਆ ਬੇਲੀ, ਫੇਰ ਮੁਸ਼ਕਲ ਹੀ ਭਾਲ ਹੁੰਦਾ ਹੈ। ਇਸ਼ਕ ਨ੍ਹਈਂ ਮੇਰੇ ਵੱਸ ਤਾਂ ਉਸ ਤੋਂ, ਹੁਸਨ ਕਿਹੜਾ ਸੰਭਾਲ ਹੁੰਦਾ ਹੈ।

ਦੱਬੀ ਹੋਈ ਦਿਲੋਂ ਨਿਕਲੀ

ਦੱਬੀ ਹੋਈ ਦਿਲੋਂ ਨਿਕਲੀ ਜੋ ਆਹ ਬਣ ਕੇ, ਗੱਲ ਸ਼ਹਿਰ ਵਿਚ ਉੱਡੀ ਅਫ਼ਵਾਹ ਬਣ ਕੇ। ਜੋ ਤੂੰ ਦਿੱਤਾ ਹੈ ਦਿਲਾਸਾ ਮੇਰੇ ਢਹਿੰਦੇ ਚਿੱਤ ਨੂੰ, ਮੇਰੇ ਕਾਲਜੇ 'ਚ ਵਸਿਆ ਹੈ ਸਾਹ ਬਣ ਕੇ। ਤੇਰੀ ਮੰਜ਼ਿਲ ਬਣਾਂ ਮੈਂ ਜੇ ਤੂੰ ਰਹੇਂ ਮੇਰੇ ਕੋਲ, ਜੇ ਹੈ ਜਾਣਾ ਤਾਂ ਮੈਂ ਵਿਛ ਜਾਵਾਂ ਰਾਹ ਬਣ ਕੇ। ਜਿਦ੍ਹੀ ਸ਼ਹਿ 'ਤੇ ਜਿਦ੍ਹੇ ਲਈ ਮੈਥੋਂ ਹੋ ਗਿਆ ਜੁਰਮ, ਆਇਆ ਉਹੀ ਇਸਤਗਾਸੇ ਦਾ ਗਵਾਹ ਬਣ ਕੇ। ਬਾਝ ਤੇਰੇ ਰਿਹਾ ਨਾ ਸਾਹ-ਸਤ ਕੋਈ, ਮੇਰੀ ਜ਼ਿੰਦਗੀ 'ਚ ਆ ਜਾ ਉਤਸ਼ਾਹ ਬਣ ਕੇ।

ਇਹ ਨਜ਼ਰ ਦਾ ਭਰਮ ਹੈ

ਇਹ ਨਜ਼ਰ ਦਾ ਭਰਮ ਹੈ ਜਾਂ ਨੂਰ ਹੈ, ਰੇਤਲਾ ਟਿੱਬਾ ਵੀ ਦਿਸਦਾ ਤੂਰ ਹੈ। ਹੁਕਮ ਹੈ ਕਿ ਚਹਿਚਹਾਓ ਪੰਛੀਓ, ਬਾਗ਼ ਵਿਚ ਨਾ ਫਲ ਨਾ ਫੁੱਲ ਨਾ ਬੂਰ ਹੈ। ਪੜ੍ਹ ਲਵੋ ਚਿਹਰੇ ਤੋਂ ਮੇਰੇ ਦਿਲ ਦੀ ਗੱਲ, ਜੀਭ ਕਹਿ ਸਕਦੀ ਨਹੀਂ ਮਜਬੂਰ ਹੈ। ਉਂਗਲੀ ਜਦ ਮੁੰਦਰੀ ਨੂੰ ਤਾਂਘਦੀ, ਮਾਂਗ ਸਮਝੋ ਮੰਗਦੀ ਸੰਧੂਰ ਹੈ। ਮੇਰੇ ਘਰ ਤੋਂ ਤੇਰਾ ਘਰ ਤਾਂ ਦੋ ਕਦਮ ਤੇਰੇ ਘਰ ਤੋਂ ਮੇਰਾ ਘਰ ਕਿਉਂ ਦੂਰ ਹੈ। ਮਹਿਲ ਮੰਦਰ ਜਗਮਾਉਂਦੇ ਹੋਣਗੇ, ਠੱਠੀ ਮੇਰੇ ਪਿੰਡ ਦੀ ਬੇਨੂਰ ਹੈ। ਜੋ ਸਿਦਕ ਤੋਂ ਵਾਰਦਾ ਸਿਰ ਓਸ ਦੀ ਜੱਗ ਵਿਚ ਰਹਿੰਦੀ ਮਿਸਾਲ ਮਸ਼ਹੂਰ ਹੈ।

ਸ਼ਾਮ ਦੀ ਨਾ ਸਵੇਰ ਦੀ

ਸ਼ਾਮ ਦੀ ਨਾ ਸਵੇਰ ਦੀ ਗੱਲ ਹੈ, ਵਕਤ ਦੇ ਹੇਰ ਫੇਰ ਦੀ ਗੱਲ ਹੈ। ਕੀ ਕੀ ਕੀਤੇ ਸੀ ਕੌਲ ਆਪਾਂ ਵੀ, ਯਾਦ ਨਹੀਂ, ਬਹੁਤ ਦੇਰ ਦੀ ਗੱਲ ਹੈ। ਏਥੇ ਬਣਨੀ ਨਹੀਂ ਸੀ ਗੱਲ ਆਪਣੀ, ਏਥੇ ਤਾਂ ਤੇਰ ਮੇਰ ਦੀ ਗੱਲ ਹੈ। ਤੇਰੇ ਚਿਹਰੇ ਦਾ ਜ਼ਿਕਰ ਹੋਇਆ ਸੀ, ਲੋਕ ਸਮਝੇ ਸਵੇਰ ਦੀ ਗੱਲ ਹੈ। ਮੈਨੂੰ ਤੇਰਾ ਮੁਹਾਂਦਰਾ ਭੁੱਲਿਆ, ਸੋਚ, ਕਿੰਨੇ ਹਨੇਰ ਦੀ ਗੱਲ ਹੈ। ਆਪਣੇ ਘਰ ਵਿਚ ਹੀ ਘਿਰ ਗਿਆ ਹਾਂ ਮੈਂ, ਹੋ ਗਈ ਜ਼ਬਰ ਜ਼ੇਰ ਦੀ ਗੱਲ ਹੈ। ਕਿਹੜੀ ਸਭਿੱਤਾ ਦੀ ਬਾਤ ਪਾਉਂਦੇ ਹੋ, ਕਿਹੜੇ ਮਿੱਟੀ ਦੇ ਢੇਰ ਦੀ ਗੱਲ ਹੈ।

ਝਿਜਕਦਾ ਮੈਂ ਵੀ ਰਿਹਾ

ਝਿਜਕਦਾ ਮੈਂ ਵੀ ਰਿਹਾ, ਉਹ ਵੀ ਬਹੁਤ ਸੰਗਦੇ ਰਹੇ, ਚੁੱਪ-ਚਪੀਤੇ ਇਕ ਦੂਏ ਦੀ ਖ਼ੈਰ-ਸੁਖ ਮੰਗਦੇ ਰਹੇ। ਉਮਰ ਬਿਰਥਾ ਜਾਣ ਦਾ ਅਹਿਸਾਸ ਮਿਲ ਕੇ ਜਾਗਿਆ, ਏਨੇ ਦਿਨ ਇਕ ਦੂਸਰੇ ਬਿਨ ਕਿਸ ਤਰ੍ਹਾਂ ਲੰਘਦੇ ਰਹੇ। ਤੂੰ ਜੋ ਵਿਛੜਨ ਲੱਗਿਆਂ ਤੋੜੀ ਸੀ ਤੇਹ ਕੱਢਣ ਲਈ ਦਿਲ 'ਚ ਅਕਸਰ ਚੁੱਭਦੇ ਟੁਕੜੇ ਤੇਰੀ ਵੰਗ ਦੇ ਰਹੇ। ਚਾਕ ਜੋਗੀ ਹੋ ਗਿਆ ਤਾਂ ਹੋਈਆਂ ਮੱਝੀਆਂ ਉਦਾਸ, ਉਂਜ ਸਭ ਉਸੇ ਤਰ੍ਹਾਂ ਹੀ ਰੰਗ ਢੰਗ ਝੰਗ ਦੇ ਰਹੇ। ਮਹਿਕ ਪੈਂਦੇ ਨੇ ਮੇਰੇ ਪੋਟੇ ਜਦੋਂ ਮੈਂ ਸੋਚਦਾ, ਤੇਰੇ ਵਾਲਾਂ ਵਿਚ ਕਦੀ ਇਹ ਫੁਲ ਸੀ ਟੰਗਦੇ ਰਹੇ। ਤੈਨੂੰ ਭੁੱਲਣ ਵਾਸਤੇ ਮੈਂ ਭਟਕਿਆ ਹਾਂ ਥਾਂ ਕੁਥਾਂ, ਥਾਂ ਕੁਥਾਂ ਪੈਂਦੇ ਭੁਲੇਖੇ ਤੇਰੇ ਅੰਗ ਅੰਗ ਦੇ ਰਹੇ।

ਬਹੁਤ ਜਿਗਰਾ ਸੀ

ਬਹੁਤ ਜਿਗਰਾ ਸੀ ਪਰ ਹੁਣ ਹੋਰ ਕੁਝ ਵੀ ਜਰ ਨਹੀਂ ਹੁੰਦਾ। ਕਰਾਂ ਤਾਂ ਕੀ ਕਰਾਂ ਐਪਰ ਅਜੇ ਵੀ ਮਰ ਨਹੀਂ ਹੁੰਦਾ। ਇਹ ਦਿਲ ਹੁਣ ਸੁਰਖ਼ਰੂ ਤੇਰੀ ਮੁਹੱਬਤ ਦੀ ਕਸ਼ਮਕਸ਼ ਤੋਂ, ਮੈਂ ਚਾਹੁੰਦਾ ਹਾਂ ਕਿ ਹੋ ਜਾਏ ਕਰਾਂ ਕੀ ਪਰ ਨਹੀਂ ਹੁੰਦਾ। ਉਨ੍ਹਾਂ ਦੇ ਪੈਰ ਚੁੰਮਣ ਨੂੰ ਸਦਾ ਹੈ ਤਾਂਘਦੀ ਮੰਜ਼ਿਲ, ਜਿੰਨ੍ਹਾਂ ਨੂੰ ਔਖਿਆਂ ਰਾਹਾਂ ਦਾ ਕੋਈ ਡਰ ਨਹੀਂ ਹੁੰਦਾ। ਇਹ ਦਿਲ ਆਕੀ ਅਕਲ ਮੇਰੀ ਤੋਂ ਹੋ ਜਾਂਦਾ ਕਈ ਵਾਰੀ, ਤੇਰੀ ਅੱਖ ਦੇ ਇਸ਼ਾਰੇ ਤੋਂ ਕਦੀ ਨਾਬਰ ਨਹੀਂ ਹੁੰਦਾ। ਭਟਕਦਾ ਭਾਲ ਤੇਰੀ ਵਿਚ ਮੈਂ ਆਇਆ ਕਿਸ ਪੜਾ ਉੱਤੇ, ਕਿ ਹੁਣ ਮੈਥੋਂ ਤਾਂ ਮੁੜ ਕੇ ਢੂੰਡ ਆਪਣਾ ਘਰ ਨਹੀਂ ਹੁੰਦਾ।

ਕਦੀ ਇੰਜ ਵੀ ਵਕਤ

ਕਦੀ ਇੰਜ ਵੀ ਵਕਤ ਕੱਟਦੇ ਰਹੇ, ਤੇਰਾ ਨਾਮ ਦਿਨ ਰਾਤ ਰੱਟਦੇ ਰਹੇ। ਬੜੀ ਸਖ਼ਤ ਸੀ ਜਾਨ ਬਚਦੀ ਰਹੀ, ਕਈ ਵਾਰ ਮੌਹਰਾ ਵੀ ਚੱਟਦੇ ਰਹੇ। ਨਹੀਂ ਸੁੱਖ ਮਿਲਿਆ ਤੇਰੇ ਇਸ਼ਕ 'ਚੋਂ, ਅਸੀਂ ਸਿਰਫ਼ ਇਲਜ਼ਾਮ ਖੱਟਦੇ ਰਹੇ। ਕਈ ਵਾਰ ਤੈਨੂੰ ਮਿਲਣ ਆਏ ਪਰ, ਤੇਰੇ ਘਰ ਦੇ ਲਾਗੋਂ ਪੱਲਟਦੇ ਰਹੇ। ਬਹੁਤ ਪਹਿਲਾਂ ਹੋ ਜਾਣਾ ਸੀ ਟਾਕਰਾ, ਅਸੀਂ ਹੀ ਰਤਾ ਲਾਂਭੇ ਹੱਟਦੇ ਰਹੇ। ਤੂੰ ਸਾਡੀ ਕਿਤੇ ਵੀ ਨਾ ਹਾਮੀ ਭਰੀ, ਅਸੀਂ ਤੇਰੇ ਲਈ ਹਰ ਥਾਂ ਡੱਟਦੇ ਰਹੇ।

ਇਸ਼ਕ ਦਾ ਕੁਝ ਥਾਹ ਨਹੀਂ

ਇਸ਼ਕ ਦਾ ਕੁਝ ਥਾਹ ਨਹੀਂ ਪਾਇਆ ਗਿਆ। ਗ਼ਮ ਦੀ ਭੱਠੀ ਜਿੰਦ ਨੂੰ ਤਾਇਆ ਗਿਆ। ਜਗ ਨੂੰ ਦਿੱਤੀਆਂ ਨੇ ਮੱਤਾਂ, ਅੱਜ ਪਰ, ਆਪਣੇ ਦਿਲ ਨੂੰ ਨਾ ਸਮਝਾਇਆ ਗਿਆ। ਤੇਰੀਆਂ ਰਮਜ਼ਾਂ ਦੇ ਮਤਲਬ ਨੇ ਅਜ਼ੀਬ, ਤੇਰੇ ਮਨ ਦਾ ਭੇਤ ਨਹੀਂ ਪਾਇਆ ਗਿਆ। ਠੋਕਰਾਂ ਖਾਂਦਾ ਫਿਰੇਗਾ ਦਰ ਬ-ਦਰ ਤੇਰੇ ਦਰ ਤੋਂ ਜੋ ਵੀ ਠੁਕਰਾਇਆ ਗਿਆ। ਕਹਿ ਦਿਓ, ਹੁਣ ਗੱਲ ਦਿਲ ਦੀ ਕਹਿ ਦਿਓ, ਸਬਰ ਮੇਰਾ ਬਹੁਤ ਅਜ਼ਮਾਇਆ ਗਿਆ।

ਜੇ ਕਦੀ ਮੇਰੇ ਨਾਲ

ਜੇ ਕਦੀ ਮੇਰੇ ਨਾਲ ਖੁੱਲ੍ਹ ਜਾਂਦੇ। ਸਾਰੇ ਬੰਧਨ ਕਿਵੇਂ ਨਾ ਭੁੱਲ ਜਾਂਦੇ। ਉਮਰ ਭਰ ਬਹਿ ਕੇ ਰੋ ਲਿਆ ਹੁੰਦਾ, ਜੇ ਕਦੀ ਇੰਜ ਦਾਗ਼ ਧੁਲ ਜਾਂਦੇ। ਕਲ੍ਹ ਮਾਲੀ ਤੋਂ ਪੁੱਛਿਆ ਲਗਰਾਂ, ਕਿਹੜੀ ਮੰਡੀ ਨੇ ਸਾਡੇ ਫੁਲ ਜਾਂਦੇ। ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ਨੂੰ, ਕਿੰਨੇ ਜਜ਼ਬੇ ਨੇ ਇੰਜ ਰੁਲ ਜਾਂਦੇ। ਐਸਾ ਸਾਗਰ ਹੈ ਰੂਹ ਦਾ ਇਕਲਾਪਾ, ਇਸ ਦੇ ਉਤੋਂ ਨਾ ਬੰਨ੍ਹੇ ਪੁਲ ਜਾਂਦੇ। ਉਸ ਦੇ ਮਨਭੌਂਦੇ ਰੰਗ ਹਾਲੇ ਵੀ, ਮੇਰੇ ਖ਼ਾਬਾਂ 'ਚ ਆ ਕੇ ਘੁਲ ਜਾਂਦੇ। ਕਿਸੇ ਛਾਬੇ ਤਾਂ ਉਤਰਦੇ ਪੂਰੇ, ਕਿਸੇ ਇਕ ਗੱਲ 'ਤੇ ਤਾਂ ਤੁਲ ਜਾਂਦੇ।

ਜਾਣਦਾ ਹਾਂ

ਜਾਣਦਾ ਹਾਂ ਹਰ ਕਦਮ 'ਤੇ ਹੋ ਰਿਹਾ ਨੁਕਸਾਨ ਹੈ। ਪਰਤਣਾ ਪਿੱਛੇ ਮੇਰੇ ਵਿਸ਼ਵਾਸ ਦਾ ਅਪਮਾਨ ਹੈ। ਤੇਰਾ ਦਿੱਤਾ ਹੋਇਆ ਗ਼ਮ ਵੀ ਦੋਸਤਾ ਪ੍ਰਵਾਨ ਹੈ, ਤੇਰੇ ਦਿੱਤੇ ਹੋਏ ਗ਼ਮ ਦੀ ਵੀ ਅਨੋਖੀ ਸ਼ਾਨ ਹੈ। ਜੇ ਤੂੰ ਹੋਵੇਂ ਨਾਲ ਤਾਂ ਜੰਗਲ 'ਚ ਮੰਗਲ ਹੋ ਜਾਏ, ਤੂੰ ਨਹੀਂ ਤਾਂ ਭਰਿਆ ਘਰ ਸੁੰਨਸਾਨ ਬੀਆਬਾਨ ਹੈ। ਰੁਠ ਗਏ ਭਾਵੇਂ ਉਹ ਹੁਣ ਐਪਰ ਗਿਲਾ ਤਾਂ ਠੀਕ ਨਹੀਂ, ਅਜੇ ਵੀ ਉਨ੍ਹਾਂ ਦਾ ਮੇਰੇ ਸਿਰ ਬਹੁਤ ਅਹਿਸਾਨ ਹੈ। ਮੈਂ ਤਾਂ ਘਰ ਵਿਚ ਹਾਂ ਸਿਰਫ਼ ਸਾਮਾਨ ਦੀ ਰਾਖੀ ਲਈ, ਕੌਣ ਕਹਿੰਦਾ ਹੈ ਕਿ ਮੇਰੇ ਸੁੱਖ ਲਈ ਸਾਮਾਨ ਹੈ। ਹੈ ਉਵੇਂ ਤ੍ਰਿੰਞਣਾਂ ਦੀ ਰੌਣਕ ਹੈ ਉਵੇਂ ਪਿੱਪਲਾਂ ਦੀ ਛਾਂ, ਪਰ ਤੇਰੇ ਬਾਝੋਂ ਇਹ ਬਸਤੀ ਜਾਪਦੀ ਵੀਰਾਨ ਹੈ।

ਛੇਤੀ ਛੇਤੀ ਡੁੱਬ ਸੂਰਜਾ

ਛੇਤੀ ਛੇਤੀ ਡੁੱਬ ਸੂਰਜਾ ਅੱਜ ਸ਼ਾਮ ਨੂੰ ਉਡੀਕ ਉਹਦੇ ਆਉਣ ਦੀ ਛੇਤੀ ਛੇਤੀ ਡੁੱਬ ਸੂਰਜਾ ਆਵੇ ਘੜੀ ਨਜ਼ਦੀਕ ਉਹਦੇ ਆਉਣ ਦੀ। ਘੁੱਟ ਕਾਲਜੇ ਨੂੰ ਲਾਈ ਚਿੱਠੀ ਜਦੋਂ ਉਹਦੀ ਆਈ ਕਈ ਵਾਰ ਮੈਂ ਪੜ੍ਹਾਈ ਲਿਖੀ ਅੱਜ ਦੀ ਤਰੀਕ ਉਹਦੇ ਆਉਣ ਦੀ ਛੇਤੀ ਛੇਤੀ ਡੁੱਬ ਸੂਰਜਾ ਅੱਜ ਸ਼ਾਮ ਨੂੰ ਉਡੀਕ ਉਹਦੇ ਆਉਣ ਦੀ। ਰਹੀ ਔਂਸੀਆਂ ਵੀ ਪਾਉਂਦੀ ਰੋਜ਼ ਉਂਗਲਾਂ ਘਸਾਉਂਦੀ ਰਾਹ ਰਾਹਾਂ ਨੂੰ ਮਿਲਾਉਂਦੀ ਵਧ ਗਈ ਅੱਜ ਲੀਕ ਉਹਦੇ ਆਉਣ ਦੀ ਛੇਤੀ ਛੇਤੀ ਡੁੱਬ ਸੂਰਜਾ ਅੱਜ ਸ਼ਾਮ ਨੂੰ ਉਡੀਕ ਉਹਦੇ ਆਉਣ ਦੀ। ਸੁਬ੍ਹਾ ਸੁਖਣਾਂ ਮਨਾਊਂ ਤੈਨੂੰ ਸੀਸ ਮੈਂ ਨਿਵਾਊਂ ਨਾਲੇ ਅਰਗ ਚੜਾਊਂ ਗੱਲ ਹੋ ਗੀ ਜੇ ਠੀਕ ਉਹਦੇ ਆਉਣ ਦੀ ਛੇਤੀ ਛੇਤੀ ਡੁੱਬ ਸੂਰਜਾ ਅੱਜ ਸ਼ਾਮ ਨੂੰ ਉਡੀਕ ਉਹਦੇ ਆਉਣ ਦੀ।

ਸ਼ਹੀਦੀ ਸੰਦੇਸ਼

ਗੁਰੂ ਨੇ ਸਾਨੂੰ ਸਮਝਾਇਆ ਹੈ ਬਣ ਕੇ ਹਿੰਦ ਦੀ ਚਾਦਰ । ਧਰਮ ਸਾਰੇ ਪਵਿੱਤਰ ਨੇ ਕਰੋ ਹਰ ਧਰਮ ਦਾ ਆਦਰ । ਕੋਈ ਆਪਣੇ ਧਰਮ ਦੀ ਪਰ ਕਿਸੇ ਨੂੰ ਧੌਂਸ ਨਾ ਦੇਵੇ ਜ਼ਬਰ ਦੇ ਆਸਰੇ ਇਹ ਦੂਜਿਆਂ 'ਤੇ ਠੌਂਸ ਨਾ ਦੇਵੇ ਮੈਂ ਨਿੱਕੇ ਮੂੰਹ 'ਚੋਂ ਕੀ ਆਖਾਂ ਜਦੋਂ ਇਤਿਹਾਸ ਹੈ ਸਾਖੀ ਗੁਰੂ ਨੇ ਸੀਸ ਦੇ ਕੀਤੀ ਤਿਲਕ ਜੰਝੂ ਦੀ ਕਿੰਜ ਰਾਖੀ ਤਿਲਕ ਜੰਝੂ ਜੁੜੇ ਹੋਏ ਇਕ ਧਰਮ ਸੰਗ ਠੀਕ ਨੇ ਦੋਵੇਂ ਇਬਾਦਤ ਦੀ ਆਜ਼ਾਦੀ ਦੇ ਐਪਰ ਪ੍ਰਤੀਕ ਨੇ ਦੋਵੇਂ ਬਣੀ ਹੁੰਦੀ ਅਜਿਹੀ ਭੀੜ ਜੇ ਰੋਜ਼ੇ ਨਿਮਾਜ਼ ਉੱਤੇ ਜਾਂ ਲਗਦੀ ਰੋਕ ਕਿਧਰੇ ਵੀ ਅਜ਼ਾਨਾਂ ਦੀ ਆਵਾਜ਼ ਉੱਤੇ ਗੁਰੂ ਨੇ ਤਦ ਵੀ ਏਦਾਂ ਹੀ ਦੁਖੀ ਦੀ ਪੀੜ ਹਰਨੀ ਸੀ ਸੀ ਦੇਣਾ ਸੀਸ ਏਦਾਂ ਹੀ ਨਾ ਮੁੱਖ ਤੋਂ ਸੀ ਉਚਰਨੀ ਸੀ ਗੁਰੂ ਨੇ ਸਾਨੂੰ ਸਮਝਾਇਆ ਹੈ ਬਣ ਕੇ ਹਿੰਦ ਦੀ ਚਾਦਰ ਧਰਮ ਸਾਰੇ ਪਵਿੱਤਰ ਨੇ ਕਰੋ ਹਰ ਧਰਮ ਦਾ ਆਦਰ। ਗੁਰੂ ਨੇ ਦੱਸਿਆ ਹੈ ਚੱਜ ਨਿਰਭੈ ਹੋ ਕੇ ਜੀਵਣ ਦਾ, ਭਲਾ ਸਰਬੱਤ ਦਾ ਮੰਗਦੇ ਸ਼ਹੀਦੀ ਜਾਮ ਪੀਵਣ ਦਾ, ਕਿਤੇ ਵੀ ਜਦ ਹੈ ਭਗਤੀ ਨਾਲ ਐਵੇਂ ਉਲਝਦੀ ਸ਼ਕਤੀ ਹੈ ਸ਼ਕਤੀ ਡਗਮਗਾ ਜਾਂਦੀ ਨਹੀਂ ਪਰ ਡੋਲਦੀ ਭਗਤੀ ਬਥੇਰੇ ਅੱਤਿਆਚਾਰਾਂ ਸੁਭਾਅ ਅਜ਼ਮਾ ਕੇ ਤੱਕਿਆ ਹੈ ਕਦੀ ਚਿਣਿਆ ਹੈ ਨੀਹਾਂ ਵਿਚ ਕਦੀ ਪਿੰਜਰੇ 'ਚ ਡੱਕਿਆ ਹੈ ਅਸੀਂ ਰੱਤ ਨਾਲ ਲਿਖੀ ਹੈ ਸਦਾ ਇਹ ਬਾਤ ਮਾਨਵ ਦੀ ‘ਹੈ ਦੇਹੁਰਾ ਤੇ ਮਸੀਤ ਇਕੋ, ਹੈ ਇਕੋ ਜ਼ਾਤ ਮਾਨਵ ਦੀ।” ਕੋਈ ਨਿਕਲ ਕੇ ਭੋਰੇ 'ਚੋਂ ਜੇ ਮਕਤਲ ਤੀਕ ਜਾਂਦਾ ਹੈ ਕਿਤੇ ਨਹੀਂ ਝਿਜਕਦਾ ਰਾਹ ਵਿਚ ਉਹ ਕਿੰਨਾ ਠੀਕ ਜਾਂਦਾ ਹੈ ਅਸੀਂ ਦੇਗੀਂ ਉਬਲਦੇ ਵੀ ਕਦੀ ਦਿਲਗੀਰ ਨਹੀਂ ਹੋਣਾ ਤੇ ਤਿੱਖੇ ਆਰਿਆਂ ਤੋਂ ਸਿਦਕ ਸਾਡਾ ਚੀਰ ਨਹੀਂ ਹੋਣਾ ਗੁਰੂ ਨੇ ਦੱਸਿਆ ਹੈ ਚੱਜ ਨਿਰਭੈ ਹੋ ਕੇ ਜੀਵਣ ਦਾ ਭਲਾ ਸਰਬੱਤ ਦਾ ਮੰਗਦੇ ਸ਼ਹੀਦੀ ਜਾਮ ਪੀਵਣ ਦਾ ਅਸੀਂ ਹਾਂ ਹਿੰਦ ਸਾਰੀ ਦੇ ਇਹ ਸਾਰੀ ਹਿੰਦ ਸਾਡੀ ਹੈ ਅਸੀਂ ਜਿਊਂਦੇ ਹਾਂ ਇਸ ਖ਼ਾਤਰ ਇਹੋ ਹੀ ਜਿੰਦ ਸਾਡੀ ਹੈ। ਸੁਰਖਰੂ ਹੋਵਣ ਲਈ ਬੜਾ ਉਸ ਝਾਗਿਆ ਪੈਂਡਾ ਉਹਦੇ ਕਦਮਾਂ ਦੀ ਲੋ ਲੱਗੀ ਤਾਂ ਨੀਂਦੋ ਜਾਗਿਆ ਪੈਂਡਾ ਉਹਦੇ ਚਰਨਾਂ ਦੀ ਛੋਹ ਪੱਸਰੀ ਬਕਾਲੇ ਤੋਂ ਗੁਹਾਟੀ ਤੱਕ ਹੈ ਪਹੁੰਚੀ ਬਾਤ ਭੋਰੇ ਦੀ ਕਿਤੇ ਪਰਬਤ ਦੀ ਘਾਟੀ ਤੱਕ। ਗਯਾ ਮਥੁਰਾ ਬਨਾਰਸ ਨੇ ਉਹਦਾ ਦੀਦਾਰ ਕੀਤਾ ਸੀ ਇਲਾਹਾਬਾਦ ਤਿਰਵੈਣੀ ਨੂੰ ਉਸ ਨੇ ਪਿਆਰ ਕੀਤਾ ਸੀ ਗਿਆ ਜਦ ਆਗਰੇ ਵੱਲ ਨੂੰ ਉਹ ਸੈਫਾਬਾਦ ਥਾਣੀ ਸੀ ਤਾਂ ਸੈਫ਼ੂਦੀਨ ਨੇ ਸੂਰਜ ਦੀ ਨਿੱਘੀ ਧੁੱਪ ਮਾਣੀ ਸੀ ਕਿਸੇ ਕਸ਼ਮੀਰ ਦੇ ਪਿੰਡੇ ਕੋਈ ਨਸ਼ਤਰ ਚੁਭੋਈ ਹੈ ਤਾਂ ਇਹ ਦਿਲ ਵਿਚ ਅਨੰਦਪੁਰ ਦੇ ਬਹੁਤ ਮਹਿਸੂਸ ਹੋਈ ਹੈ। ਅਸੀਂ ਹਾਂ ਹਿੰਦ ਸਾਰੀ ਦੇ ਇਹ ਸਾਰੀ ਹਿੰਦ ਸਾਡੀ ਹੈ ਅਸੀਂ ਜਿਊਂਦੇ ਹਾਂ ਇਸ ਖ਼ਾਤਰ ਇਹੋ ਹੀ ਜਿੰਦ ਸਾਡੀ ਹੈ। ਗੁਰੂ ਨੇ ਸਾਨੂੰ ਸਮਝਾਇਆ...

ਕੱਵਾਲੀ / ਸਾਂਭ ਕਲਮ ਦਵਾਤ

ਸਾਂਭ ਕਲਮ ਦਵਾਤ ਸ਼ਾਹੂਕਾਰਾ ਚੁੱਕ ਵਹੀ ਖਾਤਾ ਆਪਣਾ। ਸਾਡਾ ਹੋ ਗਿਆ ਏ ਤੈਥੋਂ ਛੁਟਕਾਰਾ ਚੁੱਕ ਵਹੀ ਖਾਤਾ ਆਪਣਾ। ਖ਼ੌਫ ਰਤੀ ਰੱਬ ਦਾ ਨਾ ਕਿਸੇ ਦਾ ਲਿਹਾਜ ਸੀ ਸਦਾ ਤੈਨੂੰ ਸੁੱਝਦਾ ਬਿਆਜ ਤੇ ਬਿਆਜ ਸੀ। ਕਦੋਂ ਤੱਕ ਰਹਿਣਾ ਤੇਰਾ ਬਣਿਆ ਇਹ ਪਾਜ ਸੀ ਅੰਤ ਇਕ ਦਿਨ ਹੋਣਾ ਸੀ ਨਿਤਾਰਾ ਚੁੱਕ ਵਹੀ ਖਾਤਾ ਆਪਣਾ। ਮੁੜ੍ਹਕੇ ਦੇ ਨਾਲ ਅਸੀਂ ਸਿੰਜਦੇ ਸੀ ਪੈਲੀਆਂ ਫਸਲਾਂ ਦੇ ਉੱਤੇ ਅੱਖਾਂ ਤੇਰੀਆਂ ਸੀ ਮੈਲੀਆਂ ਰਹਿਣੀਆਂ ਨਾ ਗੱਲਾਂ ਹੁਣ ਕੌੜੀਆਂ ਕੁਸੈਲੀਆਂ ਨਵੇਂ ਯੁੱਗ ਦਾ ਇਹ ਬੁਝ ਲੈ ਇਸ਼ਾਰਾ ਚੁੱਕ ਵਹੀ ਖਾਤਾ ਆਪਣਾ। ਪੀ ਪੀ ਸਾਡੀ ਰੱਤ ਬੜਾ ਢਿੱਡ ਤੂੰ ਵਧਾ ਲਿਆ ਗਹਿਣਾ ਗੱਟਾ ਪੈਲੀ ਘਰ ਮਾਲ ਗਹਿਣੇ ਪਾ ਲਿਆ ਸ਼ਾਹ ਬਿਨਾਂ ਪੱਤ ਨਹੀਂ ਕਹਿ ਕਹਿ ਭੁਚਲਾ ਲਿਆ। ਹੋਰ ਪੁਗਣਾ ਨਹੀਂ ਇਹ ਹੁਣ ਕਾਰਾ ਚੁੱਕ ਵਹੀ ਖਾਤਾ ਆਪਣਾ। ਕੀਤੀ ਏ ਕੁਪੱਤ ਬੜੀ ਤੇਰੇ ਜਹੇ ਸ਼ਾਹਵਾਂ ਨੇ ਹੁਣ ਦੁੱਖ ਵੰਡਣੇ ਭਰਾਵਾਂ ਦੇ ਭਰਾਵਾਂ ਨੇ ਆਪੋ ਵਿਚ ਸਿਰ ਜੋੜੇ ਫੜ ਲਈਆਂ ਬਾਹਵਾਂ ਨੇ ਹੋਇਆ ਤਗੜਾ ਸਹਿਕਾਰੀ ਭਾਈਚਾਰਾ ਚੁੱਕ ਵਹੀ ਖਾਤਾ ਆਪਣਾ ਸਾਂਭ ਕਲਮ ਦਵਾਤ ਸ਼ਾਹੂਕਾਰਾ।

ਅਸੀਂ ਹਾਂ ਕਿ

ਅਸੀਂ ਹਾਂ ਇਸ ਦੇ ਇਹ ਹੈ ਸਾਡਾ ਸਾਰਾ ਹਿੰਦੁਸਤਾਨ ਪਿਆਰਾ ਹਿੰਦੁਸਤਾਨ। ਜਾਨ ਅਸਾਡੀ ਸ਼ਾਨ ਅਸਾਡੀ ਇਹ ਸਾਡਾ ਈਮਾਨ ਪਿਆਰਾ ਹਿੰਦੁਸਤਾਨ। ਉੱਚੇ ਟੀਚੇ ਪੱਕੇ ਦਾਈਏ ਰਾਹ ਰੁਸ਼ਨਾਉਂਦੇ ਵੱਧਦੇ ਜਾਈਏ ਘਰ ਘਰ ਇਹ ਪੈਗ਼ਾਮ ਪੁਚਾਈਏ ਕਾਲਾ ਧੰਦਾ ਧੋਖਾ ਕਰਦੇ ਨਹੀਂ ਰਹਿਣੇ ਧਨਵਾਨ। ਰਹੀ ਨਾ ਵਿਹਲੜ ਬਿਸਵੇਦਾਰੀ ਮਿਹਨਤ ਸਿਰ ਆਈ ਸਰਦਾਰੀ ਜਿੰਨੀ ਵਾਧੂ ਭੌਂ ਹੈ ਸਾਰੀ ਇਸ ਦੇ ਮਾਲਕ ਆਪ ਹੋਣਗੇ ਹੁਣ ਕਿਰਤੀ ਕਿਰਸਾਨ। ਜਿਹੜੇ ਕਰਦੇ ਨੇ ਮਜ਼ਦੂਰੀ ਓਹੋ ਹੀ ਖਾਵਣਗੇ ਚੂਰੀ ਨਾ ਵਗਾਰ ਤੇ ਨਾ ਮਜਬੂਰੀ ਪਿੰਜਰਿਉਂ ਛੁੱਟੇ ਪੰਛੀਆਂ ਦਾ ਹੈ ਹੁਣ ਸਾਰਾ ਅਸਮਾਨ। ਸੁੱਚੀ ਕਿਰਤ ਕਮਾਈ ਕਰੀਏ ਸਿਰ ਤੇ ਧੁੱਪਾਂ ਪਾਲੇ ਜ਼ਰੀਏ ਦੇਸ਼ ਦੇ ਅੰਨ-ਭੜੋਲੇ ਭਰੀਏ ਲੋਕਾਂ ਦੇ ਦਰਬਾਰ 'ਚ ਹੋਣਾ ਮਿਹਨਤ ਦਾ ਸਨਮਾਨ। ਪਿਆਰਾ ਹਿੰਦੁਸਤਾਨ ਸਾਰਾ ਹਿੰਦੁਸਤਾਨ।

ਕੀ ਕਹਿ ਕੇ ਬੁਲਾਵਾਂ

ਕੀ ਕਹਿ ਕੇ ਬੁਲਾਵਾਂ ਤੈਨੂੰ ਕਿ ਤੂੰ ਮੇਰਾ ਕੀ ਲਗਨੈਂ ਹਾਏ ਮੈਂ ਕਿੰਜ ਸਮਾਝਾਵਾਂ ਤੈਨੂੰ ਤੂੰ ਮੇਰਾ ਕੀ ਲਗਨੈਂ। ਜਦ ਉਦਰੇਵਿਆਂ ਦੇ ਸੰਘਣੇ ਹਨ੍ਹੇਰ ਦੀ ਘੁਪ ਕਾਲੀ ਰਾਤ ਚੌਹਾਂ ਪਾਸਿਆਂ ਤੋਂ ਘੇਰਦੀ ਮੈਨੂੰ ਉਸ ਵੇਲੇ ਸੱਜਰੀ ਸਵੇਰ ਦੀ ਤੂੰ ਕਿਰਨ ਜਹੀ ਲਗਨੈਂ ਹਾਏ ਮੈਂ ਕਿੰਜ ਸਮਝਾਵਾਂ ਤੈਨੂੰ ਤੂੰ ਮੇਰਾ ਕੀ ਲਗਨੈਂ । ਵਾਰ ਵਾਰ ਵਾਚਿਆ ਮੈਂ ਦਿਲ ਦੀ ਕਿਤਾਬ 'ਚ ਤੇਰਾ ਨਾਂ ਹੈ ਸਾਰਿਆਂ ਸਵਾਲਾਂ ਦੇ ਜਵਾਬ 'ਚ ਸਾਰੇ ਨਾਤਿਆਂ ਦੇ ਉਲਝੇ ਹਿਸਾਬ 'ਚ ਤੂੰ ਹੀ ਸਹੀ ਲਗਨੈਂ ਹਾਏ ਮੈਂ ਕਿੰਜ ਸਮਝਾਵਾਂ ਤੈਨੂੰ ਤੂੰ ਮੇਰਾ ਕੀ ਲਗਨੈਂ। ਹੋਰ ਸਾਰਾ ਜੱਗ ਮੇਰੇ ਰੂਪ ਨੂੰ ਸਿਆਣਦਾ ਤੂੰ ਮੇਰੀ ਰੂਹ ਦੀਆਂ ਰਮਜ਼ਾਂ ਪਛਾਣਦਾ ਬਿਨਾਂ ਦੱਸਿਆਂ ਹੀ ਸਭ ਕੁਝ ਜਾਣਦਾ ਤੇ ਸਭ ਕੁਝ ਹੀ ਲਗਨੈਂ ਕੀ ਕਹਿ ਕੇ ਬੁਲਾਵਾਂ ਤੈਨੂੰ ਤੂੰ ਮੇਰਾ ਕੀ ਲਗਨੈਂ ਹਾਏ ਮੈਂ ਕਿੰਜ ਸਮਝਾਵਾਂ ਤੈਨੂੰ ਤੂੰ ਮੇਰਾ ਕੀ ਲਗਨੈਂ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਸੋਹਣ ਸਿੰਘ ਮੀਸ਼ਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ