ਚਾਨਣੀ ਵਿਚ ਫ਼ਲਣ ਵਾਲਾ ਬਿਰਖ : ਬਖ਼ਤਾਵਰ ਸਿੰਘ “ਦਿਉਲ”

(ਗੁਆਚੇ ਵਰਕੇ

ਅਗਸਤ 1978 ਵਿੱਚ ਛਪੀ ਮੇਰੀ ਪਹਿਲੀ ਕਾਵਿ ਪੁਸਤਕ “ਸ਼ੀਸ਼ਾ ਝੂਠ ਬੋਲਦਾ ਹੈ” ਬਾਰੇ ਜਗਰਾਉਂ ਨੇੜੇ ਪਿੰਡ ਸ਼ੇਖ ਦੌਲਤ ਵੱਸਦੇ ਮੇਰੇ ਮਿਹਰਬਾਨ ਤੇ ਪ੍ਰਸਿੱਧ ਪੰਜਾਬੀ ਕਵੀ ਬਖ਼ਤਾਵਰ ਸਿੰਘ “ਦਿਉਲ” ਜੀ ਨੇ 15 ਮਈ 1983 ਨੂੰ ਰੋਜ਼ਾਨਾ “ਨਵਾਂ ਜ਼ਮਾਨਾ” ਜਲੰਧਰ ਵਿੱਚ ਇਸ ਕਿਤਾਬ ਬਾਰੇ ਇਹ ਲੇਖ ਲਿਖਿਆ ਜੋ ਹੁਣ ਉਨ੍ਹਾਂ ਦੇ ਫ਼ਰੀਦਾਬਾਦ ਵੱਸਦੇ ਜ਼ਹੀਨ ਲੇਖਕ ਸਪੁੱਤਰ ਮਨਧੀਰ ਦਿਉਲ ਨੇ ਅੱਧੋਰਾਣੀ ਕਾਤਰ ਦੇ ਰੂਪ ਵਿੱਚ ਭੇਜਿਆ।
ਮੈਂ ਧੰਨਵਾਦੀ ਹਾ ਪਿਆਰੇ ਵੀਰ ਗੁਰਮੀਤ ਸਿੰਘ ਨਵਾਂ ਜ਼ਮਾਨਾ ਜੀ ਦਾ ਜਿੰਨ੍ਹਾਂ ਨੇ ਦਫ਼ਤਰ ਵਿੱਚ ਪਈਆਂ ਚਾਲੀ ਸਾਲ ਪੁਰਾਣੀਆਂ ਫਾਈਲਾਂ ਵਿੱਚੋਂ ਅੱਧਾ ਸੇਰ ਮਿੱਟੀ ਫੱਕ ਕੇ ਲੱਭਿਆ ਤੇ ਸੰਪੂਰਨ ਕਾਪੀ ਫੋਟੋ ਖਿੱਚ ਮੇਰੇ ਹਵਾਲੇ ਕੀਤੀ। ਇਸ ਦਾ ਟਾਈਪ ਸਰੂਪ ਤੁਹਾਡੇ ਧਿਆਨ ਹਿਤ ਪੇਸ਼ ਹੈ। - ਗੁਰਭਜਨ ਗਿੱਲ)

ਪਿਛਲੇ ਦੋ ਦਹਾਕਿਆਂ ਵਿਚ ਪੰਜਾਬੀ ਕਾਵਿ-ਖੇਤਰ ਵਿਚ ਦੋ ਵਿਸ਼ੇਸ਼ ਲਹਿਰਾਂ ਨਮੂੰਦਾਰ ਹੋਈਆਂ। ਸੱਠਵਿਆਂ ਵਿਚ ਪ੍ਰਯੋਗਵਾਦ ਨਾਂ ਦੀ ਅਤੇ ਸੱਤਰਵਿਆਂ ਵਿਚ ਕ੍ਰਾਂਤੀਕਾਰੀ ਨਾਂ ਦੀ।

ਦੋਨਾਂ ਲਹਿਰਾਂ ਨੇ ਆਪਣੇ ਕੁਝ ਉਤਰਾਅਧਿਕਾਰੀ ਆਪਣੇ ਪਿੱਛੇ ਛੱਡੇ। ਪ੍ਰਯੋਗਵਾਦੀ ਲਹਿਰਾਂ ਵਿਚੋਂ ਸ਼ਿਵ ਕੁਮਾਰ, ਭਗਵੰਤ ਸਿੰਘ ਹਰਿਭਜਨ ਸਿੰਘ ਅਤੇ ਸੁਖਪਾਲਵੀਰ ਸਿੰਘ ਹਸਰਤ ਆਦਿ ਅਤੇ ਕਰਾਂਤੀਕਾਰੀ ਲਹਿਰਾਂ ਵਿਚੋਂ ਪਾਸ਼, ਹਰਭਜਨ ਹਲਵਾਰਵੀ, ਸੁਰਜੀਤ ਪਾਤਰ ਅਤੇ ਗੁਰਭਜਨ ਗਿੱਲ ਜਿਹੇ ਕਵੀ ਵਿਸ਼ੇਸ਼ ਤੌਰ ਤੇ ਉੱਭਰ ਕੇ ਸਾਹਮਣੇ ਆਏ ਹਨ। ਲਹਿਰਾਂ ਵਕਤੀ ਰੁਝਾਨ ਦੀਆਂ ਧਾਰਨੀ ਹੁੰਦੀਆਂ ਹਨ। ਦੁੱਧ ਦੇ ਉਬਾਲੇ ਵਾਂਗੂੰ ਉਠਦੀਆਂ ਤੇ ਬਹਿ ਜਾਇਆ ਕਰਦੀਆਂ ਹਨ। ਇਸੇ ਤਰ੍ਹਾਂ ਉਪਰੋਕਤ ਦੋਵਾਂ ਲਹਿਰਾਂ ਨਾਲ ਹੋਇਆ,ਪਰ ਲਹਿਰਾਂ ਵਿਚ ਰੁੜ੍ਹ ਜਾਣ ਤੋਂ ਜੋ ਕੁਝ ਬਚ ਰਹਿੰਦਾ ਹੈ ,ਉਸ ਵਿਚ ਵਿਰਸੇ ਦੀ ਸਮਰਥਾਵਾਨ ਸ਼ਕਤੀ ਰਲ ਗਈ ਹੁੰਦੀ ਹੈ। ਉਸੇ ਸ਼ਕਤੀ ਦੇ ਸਹਾਰੇ ਕਵੀ ਉਹ ਸਮੇਂ ਦੀ ਧਰਤੀ ਉਤੇ ਠਹਿਰ ਸਕਦਾ ਹੈ। ਸ਼ਿਵ ਕੁਮਾਰ ਵਿਚ ਬਿਰਹਾ ਦਾ ਵਿਰਾਸਤੀ ਅੰਸ਼ ਆ ਰਲਿਆ ਸੀ ਤਦੇ ਉਹ ਕੁਝ ਚੇਤੇ ਰੱਖਣ ਯੋਗ ਚਿੰਨ੍ਹ ਆਪਣੇ ਪਿੱਛੇ ਛਡ ਗਿਆ ਤੇ ਪਾਸ਼, ਹਰਭਜਨ ਹਲਵਾਰਵੀ, ਪਾਤਰ ' ਤੇ ਗੁਰਭਜਨ ਗਿੱਲ ਹੋਰਾਂ ਵਿਚ ਸੁਹਜ ਰੁਮਾਂਸ ਅਤੇ ਸਰੋਦੀ ਵਿਰਸਾ ਰਲ ਜਾਣ ਕਰ ਕੇ ਇਹਨਾਂ ਦੀਆਂ ਕਵਿਤਾਵਾਂ ਮਨ ਨੂੰ ਕੁਝ ਲਗਦੀਆਂ ਹਨ। ਇਸ ਨਵੀਂ ਚੇਤਨਾ ਵਿਚ ਪਰਵੀਨ ਪੀੜ੍ਹੀ ਦੇ ਹੱਥਾਂ ਵਿਚ ਆ ਕੇ ਕਵਿਤਾ ਭਾਸ਼ਾ ਜਾਂ ਸਭਿਆਚਾਰ ਦਾ ਹੀ ਕੇਵਲ ਵਿਸ਼ਾ ਨਾ ਰਹਿ ਕੇ ਵਿਗਿਆਨ ਦਾ ਵਿਸ਼ਾ ਵੀ ਬਣ ਜਾਏਗੀ. ਇਸ ਤਰ੍ਹਾਂ ਦਾ ਕੁਝ ਪਰਤੀਤ ਹੋ ਰਿਹਾ ਹੈ।

ਕਵੀ "ਚਾਨਣੀ ਵਿਚ ਫਲਣ ਵਾਲਾ ਬਿਰਖ" ਹੁੰਦਾ ਹੈ, ਚਾਨਣੀ ਉਹਨੂੰ ਕਿੰਨੀ ਕੁ ਮਿਲਦੀ ਹੈ ਤੇ ਉਹ ਕਿੰਨਾ ਕੁ ਫੱਬਦਾ ਹੈ. ਇਸ ਦਾ ਠੀਕ-ਠੀਕ ਲੇਖਾ-ਜੋਖਾ ਤਾਂ ਇਸ ਅਵਸਰਵਾਦੀ ਸਮਾਜ ਵਿਚ ਅਜੇ ਕੀਤਾ ਨਹੀਂ ਕੀਤਾ ਜਾ ਸਕਦਾ, ਪਰ ਜੋ ਕੁਝ ਵੀ ਉਪਲਬਧ ਹੈ ਉਸਦੇ ਸਹਾਰੇ ਕਹਿ ਸਕਦੇ ਹਾਂ ਕਿ ਚਾਨਣੀ ਹਰ ਕਵੀ ਦਾ ਸੁਪਨਾ ਹੈ, ਉਹਦੀ ਅਭਿਲਾਸ਼ਾ ਹੈ, ਇੱਛਾ ਹੈ, ਉਹਦਾ ਯਤਨ ਹੈ, ਉਹਦੀ ਜਦੋਜਹਿਦ ਹੈ। ਚਾਨਣੀ ਵਰਗੀ ਅਮੁੱਲੀ ਨਿਹਮਤ ਇਸ ਹਨ੍ਹੇਰੇ ਦੇ ਸਰਾਪੇ ਸਮਾਜ ਵਿਚ ਕਵੀ ਨੂੰ ਚਾਨਣੀ ਸੌਖਿਆਂ ਹੀ ਕਿੱਥੇ ਮਿਲ ਸਕਦੀ ਹੈ। ਇਹੋ ਕਾਰਨ ਹੈ ਕਿ ਚਾਨਣੀਆਂ ਨੂੰ ਤਰਸਦੇ ਕਵੀ ਮਨ ਦਾ ਝੋਰਾ ਗੁਰਭਜਨ ਗਿੱਲ ਦੀ ਕਵਿਤਾ ਵਿਚੋਂ ਵੀ ਆਪਣੀ ਪੂਰੀ ਕਠੋਰਤਾ ਨਾਲ ਪ੍ਰਗਟ ਹੋਇਆ ਹੈ :

"ਜੇ ਰਾਤਾਂ ਕਾਲੀਆਂ ਏਦਾਂ ਹੀ ਰਹੀਆਂ ਹੋਰ ਕੁਝ ਰਾਤਾਂ,
ਮੈਂ ਕੀਕਣ ਚਾਨਣੀ ਵਿਚ ਫਲਣ ਵਾਲਾ ਬਿਰਖ ਲਾਵਾਂਗਾ। "

ਰਾਤਾਂ ਕਾਲੀਆਂ ਦਾ ਹਊਆ ਕਵੀ ਨੂੰ ਰੋਹ ਵਿਚ ਲਿਆ ਸਕਦਾ ਸੀ, ਪਰ ਗੁਰਭਜਨ ਚਿੰਤਨਸ਼ੀਲ ਪੀੜ੍ਹੀ ਦਾ ਕਵੀ ਹੈ। ਰੋਹ ਇਸ ਪੀੜ੍ਹੀ ਦੀਆਂ ਰਗਾਂ ਵਿਚ ਵੀ ਭਾਵੇਂ ਖੌਲ ਰਿਹਾ ਹੈ, ਪਰ ਇਹ ਖੌਲਦਾ ਰੋਹ ਨਾਅਰੇਬਾਜ਼ੀ ਨਾ ਬਣ ਕੇ ਉਹਦੇ ਚਿੰਤਨ ਵਿਚ ਕਿੱਲ ਬਣ ਕੇ ਖੁਭ ਜਾਂਦਾ ਹੈ। ਰੋਹ ਆਪਣੇ ਆਪ ਨੂੰ ਵਿਗਿਆਨਕ ਲੱਛਣ ਵਾਲੇ ਗੁਣ ਵਿਚ ਪਰਿਵਰਤਤ ਕਰਦਾ ਹੈ ਤੇ ਉਹਦੀ ਵਿਗਿਆਨਕ ਸਚਾਈ ਪੂਰੀ ਤਰ੍ਹਾਂ ਪ੍ਰਗਟ ਹੋ ਜਾਂਦੀ ਹੈ ਜਦੋਂ ਕਵੀ ਤਮਾਸ਼ਾਈ ਦੁਨੀਆਂ ਨੂੰ ਕੁਝ ਸਿਆਣੇ ਹੋਕੇ ਸੋਚਣ ਲਈ ਮਜਬੂਰ ਕਰਦਿਆਂ ਕਹਿ ਉਠਦਾ ਹੈ

‘ਤੁਸਾਂ ਐਵੇਂ ਹੀ ਤਾੜੀ ਮਾਰਕੇ ਨਾ ਗੱਲ ਗਵਾ ਦੇਣੀ,
ਜਦੋਂ ਮੈਂ ਆਪਣੇ ਮੱਥੇ ‘ਚ ਖੁੱਭੋ ਕਿੱਲ ਗਿਣਾਵਾਂਗਾ।’

ਕਵੀ ਦਾ ਚਿੰਤਨਸ਼ੀਲ ਵਿਗਿਆਨ ਮਨੋਵਿਗਿਆਨ ਦੀ ਪ੍ਰਕ੍ਰਿਆ ਵਿਚੋਂ ਦੀ ਹੋ ਕੇ ਸਮਾਜ ਵਿਗਿਆਨ ਦਾ ਰੁਖ਼ ਧਾਰਨ ਕਰਦਾ ਹੈ, ਜਦੋਂ ਕਵੀ ਕਹਿੰਦਾ ਹੈ

“ਕਿ ਸੜਕਾਂ ਭੀੜ ਵਿਚ ਡੁੱਬੀਆਂ
ਤੇ ਉਮਰਾਂ
ਸੜਕ ਤੇ ਦੁਰਘਟਨਾ 'ਚ ਮਰੀਆਂ”।

ਇਸ ਵਰਤਮਾਨ ਸਮਾਜ ਨੇ ਗੁਰਭਜਨ ਗਿੱਲ ਦੇ ਅੰਦਰ ਕਿਸ ਤਰ੍ਹਾਂ ਦੀ ਆਪਣੀ ਬੋਧ -ਬਿਰਤੀ ਧਾਰਨ ਕੀਤੀ ਹੈ :

“ਅੰਦਰ ਦਾ ਘਸਮੈਲਾ ਚਾਨਣ
ਹੱਥ ਨੂੰ ਹੱਥ
ਪਹਿਚਾਨਣ ਤੋਂ ਇਨਕਾਰ ਕਰ ਗਿਆ।
ਮੇਰਾ ਸੋਨਾ ਮਿੱਟੀ
ਉਹਦੀ ਮਿੱਟੀ ਸੋਨਾ”।

ਉਹਦੀ ਮਿੱਟੀ ਸੋਨਾ ਤੋਂ ਗੱਲ ਤੁਰਦੀ ਹੈ ਤੇ ਉਪਰੋਕਤ ਸਮਾਜ ਵਿਗਿਆਨ ਦੇ ਬੋਧ ਦੀ ਕੁਝ ਰੂਪ ਰੇਖਾ ਬਣਦੀ ਹੈ। ਸਮਾਜ ਦੋ ਸ਼ਰੇਣੀਆਂ ਵਿਚ ਵੰਡੀਂਦਾ ਪ੍ਰਤੀਤ ਹੋ ਰਿਹਾ ਹੈ :

ਸਮਾਂ ਨਿਰਪੱਖ ਨਹੀਂ ਹੁੰਦਾ
ਜਾਂ ਤੇਰੇ ਪੱਖ ਦਾ ਹੁੰਦੈ
ਜਾਂ ਸਾਡੇ ਪੱਖ ਦਾ ਹੁੰਦੈ।

ਸਮਾਜ ਦੀ ਸ਼੍ਰੇਣੀ ਵੰਡ ਦੀ ਰੂਪ-ਰੇਖਾ ਤੋਂ ਵਾਕਿਫ਼ ਹੋ ਕੇ ਤੇ ਸਮਾਜਿਕ ਰਿਸ਼ਤਿਆਂ ਦੀ ਕਰੂਰਤਾ ਨੂੰ ਚਿਤਵ ਕੇ ਗੁਰਭਜਨ ਗਿੱਲ ਆਪਣਾ ਪੱਖ ਨਿਝੱਕ ਹੋ ਕੇ ਚੁਣਦਾ ਹੈ :

“ਅਸਾਡਾ ਪੱਖ ਸਿੱਧਾ ਹੈ
ਜਿਹਦੇ ਵਿਚ ਤਪਸ਼ ਹੈ
ਜਿਹਦੇ ਵਿਚ ਠੰਢ
ਅਗਨੀ ਤੇ ਜ਼ਬਤ ਹੈ"।

ਠੰਡ ਤੇ ਅਗਨੀ ਰਿਸ਼ਤਿਆਂ ਨੂੰ ਵਿਗਿਆਨਕ ਪ੍ਰਯੋਗ ਲਈ ਆਪਣੇ ਵਿਚ ਸਮੋ ਕੇ ਕਵੀ ਦੇ ਮਨ ਅੰਦਰ ਕੁਠਾਲੀ ਤਪਾ ਲੈਂਦੀਆਂ ਹਨ ਤੇ ਕਵੀ ਆਪਣੇ ਮਨ ਦੀ ਪ੍ਰਯੋਗਸ਼ਾਲਾ ਵਿਚ ਤਪਸ਼ਾਂ ਨੂੰ ਜਰਦਾ ਬੜੇ ਜ਼ਬਤ ਨਾਲ ਸਿੱਟਿਆਂ ਦੀ ਉਡੀਕ ਕਰਦਾ ਹੋਇਆ ਮੰਨਦਾ ਹੈ।

ਪਰ ਮੈਂ ਕਹਿੰਦਾਂ
ਗੱਲ ਤਾਂ ਸਾਰੀ ਹੀ ਮਨ ਦੀ ਹੈ
ਮਨ ਤੋਂ ਬਾਅਦ ਹੀ ਜਨ ਦੀ
ਕੋਈ ਗੱਲ ਸੁੱਝਦੀ ਹੈ।
ਪੇਟ ਨਾ ਰੋਟੀ,
ਹਰ ਗੱਲ ਖੋਟੀ, ਹੀ ਲਗਦੀ ਹੈ।

ਤੇ ਗੁਰਭਜਨ ਗਿੱਲ ਨੂੰ ਸਾਫ਼ ਦਿਸਣ ਲੱਗਦਾ ਹੈ :

ਅਹੁ ਕਾਲੀ ਚਿਮਨੀ ਦਾ ਧੂੰਆਂ
ਮੇਰਾ ਰੰਗ ਬਦਰੰਗ
ਕਰੀ ਜਾ ਰਿਹਾ ਹੈ।

ਤੇ ਉਦੋਂ ਹੀ ਇਹ ਗੰਧਲਾ ਸਮਾਜ ਆਪਣੇ ਦੋਗਲੇ ਆਚਰਣ ਦੀ ਲਪੇਟ ਵਿਚ ਕਵੀ ਦੀ ਬਿਰਤੀ ਨੂੰ ਲੈਂਦਾ ਹੋਇਆ ਉਹਦੇ ਕੋਲੋਂ ਛਲ ਕਪਟ ਨਾਲ ਇਹ ਅਖਵਾਉਣਾ ਚਾਹੁੰਦਾ ਹੈ।

“ਚੁੱਪ ਕਰਕੇ ਬੱਸ ਕਹਿ ਦੇਂਦਾ ਹਾਂ
ਥਲ ਵਿਚੋਂ ਮੱਛੀਆਂ ਫੜਦਾ ਹਾਂ।
ਜਾਂ
ਹਰੀ ਕਰਾਂਤੀ ਤੇ ਕੋਈ ਕਵਿਤਾ ਲਿਖ ਛੱਡਦਾ ਹਾਂ।
ਦੁੱਧ ਦੀਆਂ ਨਦੀਆਂ ਦੇ ਕਿੱਸੇ ਬੜੀ ਐਸ਼ ਹੈ।

ਪਰ ਉਹ ਸਾਫ਼ ਸਾਫ਼ ਅੰਦਰੋਂ ਜੋ ਕੁਝ ਕਹਿ ਰਿਹਾ ਹੈ, ਉਹ ਇਹ ਹੈ :

“ਕੌਣ ਸੱਚਾ ਕੌਣ ਝੂਠਾ
ਵਕਤ ਹੀ ਦਸੇਗਾ ਤਾਲ,

ਤੇ ਜਦੋਂ ਵਕਤ ਨੇ ਆਪਣਾ ਤਾਲ ਸਾਫ ਸਾਫ ਦੱਸ ਦਿਤਾ ਤਾਂ

“ਆਸਾਂ ਦੇ ਪੰਛੀ ਬਿਨਾਂ ਚੰਗਿਓਂ ਨਹੀਂ ਮੁੜਨਗੇ ਤੇ ਧੁੱਪ ਦੇ ਮਹਿਕਣ ਦੀ ਆਪਣੀ ਰੁੱਤ' ਦੀ ਉਡੀਕ ਕਰਦਾ ਹੋਇਆ ਕਵੀ ਸਮਾਜ ਦੇ ਵੱਖ ਵੱਖ ਮੌਸਮਾਂ ਦਾ ਨਿਰੀਖਣ ਕਰਦਾ ਹੈ :

“ਕੇਹੀ ਅਨੋਖੀ ਰੁੱਤ ਹੈ
ਜਦ ਜੰਮਦੇ ਨੇ
ਸਿਰਫ ਅੰਗਿਆਰ।

ਉਸ ਦਾ ਨਰੀਖਣ ਇਕ ਨਤੀਜੇ ਖੇਤੀ ਪਹੁੰਚਦਾ ਹੈ :

ਜੇ ਸੁਣਨੋਂ ਤੂੰ ਝਿਜਕੇਂ
ਉਹੀ ਸੱਚ ਵਰਗਾ ਹੈ
ਸੱਚ ਕੋਈ ਸ਼ਸਤਰ ਨਹੀਂ ਭਾਵੇਂ,
ਪਰ ਇਹ ਵਾਰ ਕਰਨ ਦਾ
ਸਭ ਤੋਂ ਵਧੀਆ ਢੰਗ ਹੈ।

ਸੱਚ ਵਰਗੇ ਇਸ ਸ਼ਸਤਰ ਨੂੰ ਪ੍ਰਮਾਣੀਕਤਾ ਬਖਸ਼ ਦੇਣ ਦੇ ਖ਼ਿਆਲ ਨਾਲ ਕਵੀ ਸਮੇਂ ਦੀ ਕਾਲਖ ਅਤੇ ਸਮੇਂ ਦੇ ਝੂਠ ਨੂੰ ਚੇਤਾਵਨੀ ਦੇਂਦਾ ਹੈ।

ਜੇ ਤੈਨੂੰ ਸੱਚ ਨਹੀਂ ਲੱਗਦਾ
ਤਾਂ ਕਿਸੇ ਵੀ ਵਕਤ
ਪਰਖ ਸਕਨੈਂ
ਕੋਈ ਡਰ ਨਾ ਦੇਵੀਂ
ਮੌਤ ਤੋਂ ਛੋਟਾ

ਤੇ ਸੱਚ ਦੀ ਤਾਸੀਰ ਬਿਆਨ ਕਰਦਾ ਹੈ।

“ਇਹ ਸੱਚ ਬਹੁਤ ਤਾਂ
ਤਾਂ ਬਹੁਤ ਖ਼ਰ੍ਹਵਾ ਹੈ
ਇਹ ਸੱਚ ਤਾਂ ਬਹੁਤ ਕੌੜਾ ਹੈ। “

ਸੱਚ ਭਾਵੇਂ ਖ਼ਰ੍ਹਵਾ ਤੇ ਕੌੜਾ ਹੈ ਪਰ ਇਸ ਸੱਚ ਦਾ ਪੈਰੋਕਾਰ ਅਤੇ ਸੰਗਰਾਮੀਆ

“ਮੌਤ ਦਾ ਪੈਗਾਮ ਸੁਣ ਕੇ
ਮੁਸਕਰਾਇਆ ਹੈ”

ਮੌਤ ਦਾ ਪੈਗਾਮ ਸੁਣ ਕੇ ਮੁਸਕਰਾਉਣ ਵਾਲੇ ਇਹ ਸੱਚ ਦੇ ਵਣਜਾਰੇ ਹੁਣ ਸਰਵਣ ਪੁੱਤ ਨਹੀਂ ਰਹੇ। ਗੁਰਭਜਨ ਗਿੱਲ ਤਾਂ ਅੰਤਾਂ ਦੀ ਦਲੇਰੀ ਨਾਲ ਸੱਚ ਦੇ ਦੁਸ਼ਮਨ ਨੂੰ ਲਲਕਾਰ ਕੇ ਕਹਿੰਦਾ ਹੈ :

“ਉਸ ਨੂੰ ਕਹੋ
ਮੇਰੇ ਆਉਣ ਤੋਂ ਪਹਿਲਾਂ ਚਲਾ ਜਾਵੇ
ਮੇਰੇ ਮਸਤਕ ਦੀ ਅਗਨੀ ਨੇ
ਚਿਰਾਂ ਦੇ ਜ਼ਬਤ ਦੇ ਪਿੱਛੋਂ
ਵੀਣੀਂ 'ਚ ਹੁਣ ਪ੍ਰਵੇਸ਼ ਕੀਤਾ ਹੈ। “

ਆਪਣੇ ਮਾਨਸਿਕ ਪ੍ਰਯੋਗ ਨਾਲ ਕਵੀ ਨੇ ਸੱਚ ਦੀ ਸਾਰਥਿਕਤਾ ਨੂੰ ਪਾ ਲਿਆ ਹੈ। ਸੱਚ ਉਹਦੇ ਲਈ ਵਿਗਿਆਨਕ ਚਿੰਤਨ ਬਣਿਆਂ, ਸੱਚ ਉਹਦੇ ਮਸਤਕ ਵਿਚ ਅੱਗ ਦੀ ਇਕ ਲਾਟ ਬਣ ਕੇ ਬਲ਼ਿਆ ਤੇ ਸੱਚ ਇਕ ਸ਼ਕਤੀ ਬਣ ਕੇ ਉਹਦੇ ਡੋਲਿਆਂ ਵਿਚ ਪ੍ਰਵੇਸ਼ ਕਰਦਾ ਹੈ।

“ਯਾਤਰਾ ਜਦ
ਜ਼ਿੰਦਗੀ ਵਲ ਤੁਰਦੀ ਹੈ
ਇਹੀ ਇਤਿਹਾਸ ਬਣਦੀ ਹੈ .
-- —— —-
ਨਵੇਂ ਹੱਥਾਂ
ਨਵੀਂ ਗਾਥਾ ਸਿਰਜਣੀ ਹੈ
ਅਸਾਂ ਨੇ ਰੁੱਤ ਘੜਨੀ ਹੈ
ਜੇ ਚਾਹੀਏ ਧੁੱਪ-ਧੁੱਪ ਮਿਲ ਜੋ
ਜੇ ਚਾਹੀਏ ਛਾਂ ਤਾਂ ਛਾਂ ਮਿਲ ਜੇ।”

ਚਾਨਣ ਤੇ ਹਨੇਰਿਆਂ ਵਿਚ ਭਟਕ ਰਹੇ ਇਸ ਸਮਾਜ ਦਾ ਇਹ ਅਲਬੇਲਾ ਕਵੀ, ਆਪਾ ਵਿਕਸਤ ਹੋਣ ਦੀ ਰੀਝ ਦੇ ਨਾਲ ਨਾਲ, ਜੋ ਉਸ ਤੋਂ ਵਿੱਛੜ ਗਏ ਹਨ, ਉਹਨਾਂ ਦੇ ਦੁੱਖ ਦਰਦ ਨੂੰ ਵੀ ਪੂਰੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ :

ਉੱਡਦੇ ਜੋ ਪੰਖੇਰੂ ਤਾਂ ਮੈਂ ‘ਵਾਜ਼ ਮਾਰਦਾ
ਹੌਂਕਦਿਆਂ ਖੰਭਾਂ ਨੂੰ
ਕੀਕਣ ‘ਵਾਜ਼ਾਂ ਮਾਰਾਂ
ਖਿੱਲਰ ਗਏ ਹਟਕੋਰੇ ਵਰਗੇ
ਯਾਰ ਗੁਆਚੇ
ਕਿੱਦਾਂ ਮੈਂ ਅੱਜ
ਖੰਭਾਂ ਵਿਚੋਂ ਲੱਭਣ ਜਾਵਾਂ'।

ਪਰ ਗੁਰਭਜਨ ਗਿੱਲ ਦੀ ਭਾਲ ਜਾਰੀ ਹੈ. ਇਹ ਭਾਲ ਅਤੇ ਭਟਕਣ ਦੇ ਰਾਹ ਉਤੇ ਤੁਰਦਿਆਂ ਉਹਦਾ ਸਫ਼ਰ ਜਾਰੀ ਹੈ। ਪੰਜਾਬੀ ਕਾਵਿ- ਸਾਹਿਤ ਨੂੰ ਉਹਨੇ ਅਜੇ ਆਪਣੀ ਪਹਿਲੀ ਪੁਸਤਕ “ਸ਼ੀਸ਼ਾ ਝੂਠ ਬੋਲਦਾ ਹੈ” (1978) ਹੀ ਦਿੱਤੀ ਹੈ ਭਵਿੱਖ ਵਿਚ ਉਹਦੇ ਕੋਲੋਂ ਬਹੁਤ ਸਾਰੀਆਂ ਆਸਾਂ ਰੱਖੀਆਂ ਜਾ ਸਕਦੀਆ ਹਨ।

“ਚਾਨਣੀ ਵਿਚ ਫ਼ਲਣ ਵਾਲਾ”ਇਹ ਬਿਰਖ ਚਾਨਣ ਦੇ ਹੋਰ ਵੀ ਬਹੁਤ ਸਾਰੇ ਸੂਹੇ ਫੁੱਲ ਖਿੜਾਵੇਗਾ।

- ਦਿਓਲ

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ