Chanan De Katre : Omkar Sood Bahona

ਚਾਨਣ ਦੇ ਕਤਰੇ (ਬਾਲ-ਕਵਿਤਾਵਾਂ) : ਓਮਕਾਰ ਸੂਦ ਬਹੋਨਾ

1. ਵਿੱਦਿਆ

ਅਨਪੜ੍ਹਤਾ ਬੇਕਾਰੀ ਹੈ!
ਵਿੱਦਿਆ ਪਰਉਪਕਾਰੀ ਹੈ।
ਜਿਸਨੇ ਵਿੱਦਿਆ ਸਿੱਖ ਲਈ,
ਆਪਣੀ ਜੂਨ ਸਵਾਰੀ ਹੈ।
ਵਿੱਦਿਆ ਵਾਲੇ ਯਾਰਾਂ ਦੀ,
ਸਭ ਥਾਂ 'ਤੇ ਸਰਦਾਰੀ ਹੈ।
ਵਿੱਦਿਆ ਨੇਰ੍ਹਾ ਦੂਰ ਕਰੇ,
ਮਨ ਇਸ ਤੋਂ ਬਲਿਹਾਰੀ ਹੈ।
ਵਿੱਦਿਆ ਸੁੱਖਾਂ ਦਾ ਆਸਣ,
ਵਿੱਦਿਆ ਪਲੰਘ ਨਵਾਰੀ ਹੈ।
ਵਿੱਦਿਆ ਗੀਤਾਂ ਦੀ ਮਹਿਫ਼ਲ,
ਅੱਖਰਾਂ ਦੀ ਫੁਲਕਾਰੀ ਹੈ।
ਵਿੱਦਿਆ ਇਤਰਾਂ ਦਾ ਸੰਗਮ,
ਫੁੱਲਾਂ ਭਰੀ ਕਿਆਰੀ ਹੈ।
ਵਿੱਦਿਆ ਸਰਸਵਤੀ ਮਾਤਾ,
ਰੂਪ ਕੋਈ ਕਰਤਾਰੀ ਹੈ।
ਵਿੱਦਿਆਂ ਬਾਝੋਂ ਲੋਕਾਂ ਦੀ,
ਦੁੱਖਾਂ ਨੇ ਮੱਤ ਮਾਰੀ ਹੈ।
ਵਿੱਦਿਆ ਸਾਰ ਹੈ ਵੇਦਾਂ ਦਾ,
ਵਿੱਦਿਆ ਬਹੁ-ਗੁਣਕਾਰੀ ਹੈ।
ਸਾਖਰ ਕਰਨਾ ਧੀਆਂ ਨੂੰ,
ਸਾਡੀ ਜ਼ਿੰਮੇਵਾਰੀ ਹੈ।

2. ਰੋਜ਼-ਸਵੇਰੇ

ਰੋਜ਼ ਸਵੇਰੇ ਤੜਕੇ ਉੱਠਾਂ,
ਸੈਰ ਕਰਨ ਲਈ ਜਾਵਾਂ।
ਅੱਧਾ-ਪੌਣਾ ਘੰਟਾ ਲਾ ਕੇ,
ਮੁੜ ਕੇ ਵਾਪਸ ਆਵਾਂ।
ਆ ਦੰਦਾਂ ਦੀ ਕਰਾਂ ਸਫਾਈ,
ਨਾਲੇ ਮਲ਼-ਮਲ਼ ਨਾਵ੍ਹਾਂ।
ਪਿੰਡਾ ਸਾਫ਼ੇ ਨਾਲ ਪੂੰਝ ਕੇ,
ਸੁਹਣੇ ਕੱਪੜੇ ਪਾਵਾਂ।
ਸੁਹਣੇ ਧੋਤੇ ਕੱਪੜੇ ਪਾ ਕੇ,
ਮਾਂ ਤੇ ਬਾਪ ਧਿਆਵਾਂ।
ਇਸ ਤੋਂ ਪਿੱਛੋਂ ਰੱਬ ਦੇ ਦਰ 'ਤੇ,
ਜਾ ਕੇ ਸੀਸ ਨਿਵਾਵਾਂ।
ਮਾਂ-ਬਾਪ ਤੇ ਰੱਬ ਧਿਆ ਕੇ,
ਅੰਨ-ਜਲ ਮੂੰਹ ਨੂੰ ਲਾਵਾਂ।
ਦੁੱਧ ਦੇ ਨਾਲ ਪਰੌਂਠੀ ਖਾ ਕੇ,
ਰੱਬ ਦਾ ਸ਼ੁਕਰ ਮਨਾਵਾਂ।
ਫੇਰ ਪੜ੍ਹਾਂ ਮੈਂ ਰੋਜ਼-ਮਰ੍ਹਾ ਹੀ,
ਪੇਪਰ ਦੀਆਂ ਘਟਨਾਵਾਂ।
ਚੰਗੀਆਂ-ਮੰਦੀਆਂ ਖਬਰਾਂ ਪੜ੍ਹ ਕੇ,
ਆਪਣਾ ਗਿਆਨ ਵਧਾਵਾਂ।
ਬਸਤੇ 'ਚੋਂ ਫਿਰ ਕੱਢ ਕਿਤਾਬਾਂ,
ਮੱਥੇ ਦੇ ਨਾਲ ਲਾਵਾਂ।
ਅੱਖਰ-ਅੱਖਰ ਕੱਲ੍ਹ ਦਾ ਪੜ੍ਹਿਆ,
ਮੁੜ ਕੇ ਫਿਰ ਦੁਹਰਾਵਾਂ।
ਮਨ ਮੰਦਰ ਵਿੱਚ ਵਿੱਦਿਆ ਦੀ ਮੈਂ,
ਸੁੱਚੀ ਜੋਤ ਜਗਾਵਾਂ।
ਚੱਕ ਕੇ ਮੋਢਿਆਂ ਉੱਤੇ ਬਸਤਾ,
ਉੱਡ ਸਕੂਲੇ ਜਾਵਾਂ।

3. ਵਿੱਦਿਆ ਦੀ ਰੌਸ਼ਨੀ

ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ।
ਵਿੱਚ ਸਕੂਲੇ ਜਾ ਕੇ ਵਿੱਦਿਆ ਪਾਂਦੇ ਹਾਂ।

ਪਹਿਲਾਂ ਕਰਦੇ ਈਸ਼ਵਰ ਨੂੰ ਪ੍ਰਨਾਮ ਅਸੀਂ।
ਰਲਕੇ ਗਾਂਦੇ 'ਜਨ-ਗਨ-ਮਨ' ਦਾ ਗਾਣ ਅਸੀਂ।
ਤੇ ਫਿਰ ਬਿਰਤੀ ਵਿੱਦਿਆ ਵੱਲ ਲਗਾਂਦੇ ਹਾਂ,
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ--।

ਉਸਤਾਦਾਂ ਦਾ ਕਰਦੇ ਹਾਂ ਸਤਿਕਾਰ ਅਸੀਂ।
ਨਾਲ ਕਿਤਾਬਾਂ ਕਰਦੇ ਬਹੁਤ ਪਿਆਰ ਅਸੀਂ।
ਸਭਨਾ ਮੂੰਹੋਂ ਚੰਗੇ ਬਾਲ ਕਹਾਂਦੇ ਹਾਂ,
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ--।

ਫੁੱਲਾਂ ਵਾਕੁਰ ਖਿੜਨਾ ਸਾਡੀ ਆਦਤ ਹੈ।
ਇੱਕ ਮੁੱਠ ਹੋ ਕੇ ਰਹਿਣਾ ਸਾਡੀ ਤਾਕਤ ਹੈ।
ਹੱਸ-ਹੱਸ ਕੇ ਅਸੀਂ ਸਭ ਦਾ ਜੀ ਪਰਚਾਂਦੇ ਹਾਂ,
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ--।

ਅੱਖਰਾਂ ਵਿੱਚੋਂ ਲੱਭ ਕੇ ਲਿਆਉਂਦੇ ਗਿਆਨ ਅਸੀਂ।
ਅੱਜ ਦੇ ਬੱਚੇ ਕੱਲ੍ਹ ਦੇ ਹਾਂ ਵਿਦਵਾਨ ਅਸੀਂ।
ਅਨਪੜ੍ਹਤਾ ਦਾ ਨੇਰ੍ਹਾ ਦੂਰ ਭਜਾਂਦੇ ਹਾਂ,
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ--।

ਊਚ-ਨੀਚ ਨੂੰ ਭੁੱਲ ਕੇ 'ਕੱਠੇ ਬਹਿੰਦੇ ਹਾਂ।
ਇੱਕ ਦੂਜੇ ਦਾ ਦਰਦ ਵੰਡਾਉਂਦੇ ਰਹਿੰਦੇ ਹਾਂ।
ਨਾਲ ਪਿਆਰ ਦੇ ਸਭ ਨੂੰ ਅਸੀਂ ਬੁਲਾਂਦੇ ਹਾਂ,
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ--।

ਬੜੀ ਹੀ ਪਰ-ਉਪਕਾਰੀ ਵਿੱਦਿਆ ਰਾਣੀ ਹੈ।
ਜਿਸ ਨੇ ਵਿੱਦਿਆ ਪਾਈ ਜ਼ਿੰਦਗੀ ਮਾਣੀ ਹੈ।
ਵਿੱਦਿਆ ਦੇ ਸੰਗ ਜੀਵਨ ਨੂੰ ਰੁਸ਼ਨਾਂਦੇ ਹਾਂ,
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ--।

4. ਚਾਹ

ਵਾਹ! ਬਣਾਈ ਕੀ ਏ ਚਾਹ!!
ਮਾਰ ਸੜ੍ਹਾਕੇ ਪੀ ਏ ਚਾਹ!!
ਅਰਬਾਂ-ਖਰਬਾਂ ਲੋਕ ਪਿਆਕੜ,
ਕਹਿੰਦੇ ਯਾਰ ਖਰੀ ਏ ਚਾਹ।
ਘਰ ਆਏ ਮਹਿਮਾਨਾ ਲਈ ਤਾਂ,
ਅਰਸ਼ੀ ਸੋਨ-ਪਰੀ ਏ ਚਾਹ।
ਮੂੰਹ ਫੂਕਦੀ-ਢਿੱਡ ਫੂਕਦੀ,
ਫਿਰ ਵੀ ਸਾਡੀ ਧੀ ਏ ਚਾਹ।
ਸੱਤ ਸਮੁੰਦਰ ਪਾਰੋਂ ਆਈ,
ਸਭ ਦੇ ਘਰਦੀ ਜੀ ਏ ਚਾਹ।
ਸਭ ਤੋਂ ਪਹਿਲਾਂ ਸੁਬਹ-ਸਵੇਰੇ,
ਪੀਣ ਨੂੰ ਕਰਦਾ ਜੀ ਏ ਚਾਹ।
ਚਾਹ ਦੇ ਗਿਣਵੇਂ ਇੱਕ-ਦੋ ਫਾਇਦੇ,
ਨੁਕਸਾਂ ਨਾਲ ਭਰੀ ਏ ਚਾਹ।
ਚਾਹ ਤਾਂ ਯਾਰੋ ਚਾਹ ਹੁੰਦੀ ਹੈ,
ਕਾਲੀ ਜਾਂ ਹਰੀ ਏ ਚਾਹ।
ਵਿਆਹ ਸ਼ਾਦੀ ਤੇ ਪਾਰਟੀਆਂ ਵਿੱਚ,
ਮਿਲਦੀ ਲਪਟ ਭਰੀ ਏ ਚਾਹ।
ਸ਼ਹਿਰ ਗਰਾਂ ਕਿਧਰੇ ਵੀ ਜਾਵੋ,
ਥਾਂ-ਪੁਰ ਥਾਂ ਧਰੀ ਏ ਚਾਹ।
ਚਾਹ ਦੇ ਬਾਝੋਂ ਕੀ ਜੀਵਨ ਹੈ!
ਕੜਕ ਬਣਾਕੇ ਪੀਏ ਚਾਹ।

5. ਸੱਚ ਦੀ ਪੌੜੀ

ਦੱਬ ਕੇ ਮਿਹਨਤ ਕਰੀਏ ਯਾਰੋ।
ਚਿੱਤ ਲਗਾ ਕੇ ਪੜੀਏ ਯਾਰੋ।
ਵਿੱਦਿਆ ਧਨ ਅਨਮੋਲ ਬੜਾ ਹੈ,
ਪੜ੍ਹ ਕੇ ਮੰਜ਼ਿਲ ਚੜ੍ਹੀਏ ਯਾਰੋ।
ਅਨਪੜ੍ਹ ਦੀ ਕੀ ਜੂਨ ਭਲਾ ਹੈ,
ਮਨ ਚਿੱਤ ਰੌਸ਼ਨ ਕਰੀਏ ਯਾਰੋ।
ਝੂਠ ਬੋਲਣਾ ਪਾਪ ਹੈ ਹੁੰਦਾ,
ਸੱਚ ਦੀ ਪੌੜੀ ਚੜ੍ਹੀਏ ਯਾਰੋ।
ਕਿਤਾਬਾਂ ਅਤੇ ਰਸਾਲੇ ਪੜ੍ਹੀਏ,
ਅਖ਼ਬਾਰਾਂ ਹੱਥੀਂ ਫੜੀਏ ਯਾਰੋ।
ਖੇਡ ਖੇਡੀਏ ਰਲਕੇ ਸਾਰੇ,
ਆਪੋ ਵਿੱਚ ਨਾ ਲੜੀਏ ਯਾਰੋ।
ਇੱਕ ਦੋ ਘੰਟੇ ਵੇਖ ਕੇ ਦਿਨ ਵਿੱਚ,
ਟੀ.ਵੀ. ਨੂੰ ਬੰਦ ਕਰੀਏ ਯਾਰੋ।
ਜੂਆ ਭੈੜਾ, ਦਾਰੂ ਮਾੜੀ,
ਨਸ਼ਿਆਂ ਕੋਲੋਂ ਡਰੀਏ ਯਾਰੋ।
ਲੋੜ ਪਈ ਤਾਂ ਦੇਸ਼ ਕੌਮ ਲਈ,
ਸੀਸ ਤਲੀ 'ਤੇ ਧਰੀਏ ਯਾਰੋ।
ਜੰਗਾਂ ਦੀ ਗੱਲ ਛੱਡ-ਛੁਡਾ ਕੇ,
ਅਮਨਾਂ ਦੀ ਗੱਲ ਕਰੀਏ ਯਾਰੋ।

6. ਪਿਆਰਾ ਪੈੱਨ

ਨਾ ਹਲਕਾ ਨਾ ਭਾਰਾ ਪੈੱਨ।
ਮੇਰਾ ਬੜਾ ਪਿਆਰਾ ਪੈੱਨ।

ਕਾਪੀ ਉੱਤੇ ਤਰਦਾ ਜਾਵੇ।
ਲਿਖ-ਲਿਖ ਵਰਕੇ ਭਰਦਾ ਜਾਵੇ।
ਮਨ ਨੂੰ ਦਏ ਹੁਲਾਰਾ ਪੈੱਨ,
ਮੇਰਾ ਬੜਾ ਪਿਆਰਾ ਪੈੱਨ—।

ਸਾਰਾ ਕੰਮ ਸਕੂਲੇ ਕਰਦਾ।
ਘਰ ਆ ਕੇ ਵੀ ਇਹ ਨਾ ਖੜ੍ਹਦਾ।
ਦਿੰਦਾ ਬੜਾ ਨਜ਼ਾਰਾ ਪੈੱਨ,
ਮੇਰਾ ਬੜਾ ਪਿਆਰਾ ਪੈੱਨ—।

ਲਿਖ-ਲਿਖ ਕੇ ਸੁੰਦਰ ਕਵਿਤਾਵਾਂ।
ਅਖ਼ਬਾਰ-ਰਸਾਲਿਆਂ ਵਿੱਚ ਕਢਾਵਾਂ।
ਮੇਰਾ ਸਿਰਜਣਹਾਰਾ ਪੈੱਨ,
ਮੇਰਾ ਬੜਾ ਪਿਆਰਾ ਪੈੱਨ—।

ਪੈੱਨਾਂ ਵਿੱਚੋਂ ਪੈੱਨ ਹੈ ਖਾਸ।
ਨਾ ਮੈਨੂੰ ਇਹ ਕਰੇ ਉਦਾਸ।
ਮੇਰਾ ਬਹੁ ਸਚਿਆਰਾ ਪੈੱਨ,
ਮੇਰਾ ਬੜਾ ਪਿਆਰਾ ਪੈੱਨ—।

ਸਾਰੇ ਖੁਸ਼ ਹੁੰਦੇ ਨੇ ਵੇਖ।
ਸੁੰਦਰ ਇਹਦਾ ਬੜਾ ਸੁਲੇਖ।
ਮੇਰੀ ਅੱਖ ਦਾ ਤਾਰਾ ਪੈੱਨ,
ਮੇਰਾ ਬੜਾ ਪਿਆਰਾ ਪੈੱਨ—।

ਗੁੰਮ ਨਾ ਜਾਵੇ ਗਲਤੀ ਨਾਲ।
ਇਸਨੂੰ ਰੱਖਾਂ ਸਦਾ ਸੰਭਾਲ।
ਜਾਨੋ ਵੱਧ ਪਿਆਰਾ ਪੈੱਨ,
ਮੇਰਾ ਬੜਾ ਪਿਆਰਾ ਪੈੱਨ—।

7. ਅੱਖਰਾਂ ਦਾ ਗੀਤ

ਊੜਾ-ਆੜਾ-ਈੜੀ-ਸੱਸਾ-ਹਾਹਾ ਕਹਿ ਲਈਏ।
ਵਿੱਦਿਆ ਨੂੰ ਪੜ੍ਹ ਇਹਦਾ ਲਾਹਾ ਲੈ ਲਈਏ।
ਕੱਕਾ-ਖੱਖਾ-ਗੱਗਾ-ਘੱਗਾ-ਙਈਆਂ ਦਸਵਾਂ।
ਪੜ੍ਹਨ ਦੀਆਂ ਨੇ ਸਿੱਖ ਲਈਆਂ ਰਸਮਾਂ।
ਚੱਚਾ-ਛੱਛਾ-ਜੱਜਾ-ਝੱਜਾ-ਞਈਆਂ ਇੱਕ ਹੋਰ।
ਕਰੀਏ ਪੜ੍ਹਾਈ ਲਾ ਕੇ ਅਣਥੱਕ ਜ਼ੋਰ।
ਟੈਂਕਾ-ਠੱਠਾ-ਡੱਡਾ-ਢੱਡਾ-ਣਾਣਾ ਬੀਸਵਾਂ।
ਚੇਤੇ ਕਰ ਲਈਏ ਅੱਖਰਾਂ ਨੂੰ ਪ੍ਰੀਤਮਾਂ।
ਤੱਥਾ-ਥੱਥਾ-ਦੱਦਾ-ਧੱਦਾ-ਨੰਨਾ ਲਿਖਿਆ।
ਮੁਕਤਾ ਬਿਹਾਰੀ ਨਾਲੇ ਕੰਨਾ ਸਿੱਖਿਆ।
ਪੱਪਾ ਫੱਪਾ-ਬੱਬਾ-ਭੱਬਾ-ਮੱਮਾ ਸਿੱਖਣਾ।
ਫੱਟੀ ਉੱਤੇ ਅਸੀਂ ਸੁਹਣਾ-ਸੁਹਣਾ ਲਿਖਣਾ।
ਯਈਆ-ਰਾਰਾ-ਲੱਲਾ-ਵਾਵ੍ਹਾ-ੜਾੜਾ ਲਿਖ ਕੇ।
ਬੈਠਣਾ ਨ੍ਹੀ ਵਿਹਲੇ ਊੜਾ-ਆੜਾ ਸਿੱਖ ਕੇ।
ਸਿੱਖਣੀ, ਕਨੌੜਾ-ਹੋੜਾ-ਬਿੰਦੀ-ਟਿੱਪੀ ਵੀ।
ਅੱਧਕ-ਦੁਲਾਵਾਂ-ਲਾਵਾਂ ਸਾਰੀ ਲਿੱਪੀ ਹੀ।
ਰਹੇ ਨਾ ਬਿਹਾਰੀ-ਔਂਕੜ-ਦੁਲੈਂਕੜਾ।
ਹਾਰਨਾ ਨਹੀਂ ਆਪਾਂ ਵਿੱਦਿਆ ਦਾ ਪੈਂਤੜਾ।

8. ਬੱਚੇ

ਜੋ ਬੱਚੇ ਪੜ੍ਹਾਈ ਕਰਦੇ ਨੇ।
ਉਹ ਨਵੀਂ ਜਮਾਤੇ ਚੜ੍ਹਦੇ ਨੇ।
ਹੁੰਦੇ ਉਹੀ ਬੱਚੇ ਫੇਲ੍ਹ,
ਪੜ੍ਹਨੋਂ ਜਿਹੜੇ ਡਰਦੇ ਨੇ।

ਚੰਗੇ ਬੱਚੇ ਪੜ੍ਹਦੇ ਵੇਖ,
ਮੂਰਖ ਬੱਚੇ ਸੜਦੇ ਨੇ।
ਬੇ-ਫਿਕਰੇ ਭੱਜ ਜਾਣ ਸਕੂਲੋਂ,
ਮਿਹਨਤ ਵਾਲੇ ਖੜ੍ਹਦੇ ਨੇ।

ਫੁੱਲਾਂ ਵਾਂਗੂੰ ਟਹਿਕਣ ਉਹ,
ਜਦੋਂ ਸਕੂਲੇ ਵੜਦੇ ਨੇ।
'ਕੱਠੇ ਹੋਏ ਜਾਪਣ ਬੱਚੇ,
ਜਿੱਦਾਂ ਪਾਣੀ ਹੜ੍ਹ ਦੇ ਨੇ।
ਕਿੰਨੇ ਚੰਗੇ ਲੱਗਣ ਬੱਚੇ,
ਜਦੋਂ ਜਮਾਤੀਂ ਪੜ੍ਹਦੇ ਨੇ।

9. ਚੰਗੇ ਘਰਦੇ ਬੱਚੇ

ਸ਼ੋਰ-ਸ਼ਰਾਬਾ ਕਰਦੇ ਬੱਚੇ।
ਯਾਰੋ ਸਾਡੇ ਘਰਦੇ ਬੱਚੇ।
ਦਿਲ ਦੇ ਸੁੱਚੇ-ਮਨ ਦੇ ਸੱਚੇ,
ਸੱਚੀਆਂ ਗੱਲਾਂ ਕਰਦੇ ਨੇ।
ਪਾਪਾ ਕੋਲੋਂ ਡਰਦੇ ਨੇ ਪਰ-
ਮੰਮੀ ਤੋਂ ਨਾ ਡਰਦੇ ਬੱਚੇ।
ਸਿਖਰ ਦੁਪਹਿਰੇ ਸੂਏ 'ਤੇ ਜਾ,
ਪਾਣੀ ਦੇ ਵਿੱਚ ਤਰਦੇ ਬੱਚੇ।
ਦਬਕਾ ਮਾਰੇ ਤੋਂ ਇਹ ਝੱਟ-ਪੱਟ,
ਅੱਖੀਂ ਹੰਝੂ ਭਰਦੇ ਬੱਚੇ।
ਗਲੀਆਂ ਵਿੱਚੋਂ ਚੁਗਦੇ ਕਾਗਜ਼,
ਕਈ ਬਹੁ ਘੱਟ ਉਮਰ ਦੇ ਬੱਚੇ।
ਖੇਤਾਂ ਵਿੱਚ ਜਾ ਰੁੱਖਾਂ ਉੱਤੇ,
ਚੜ੍ਹਦੇ ਕਦੇ ਉੱਤਰਦੇ ਬੱਚੇ।
ਆਲੇ ਭੋਲੇ ਇਹ ਮਾਵਾਂ ਨੂੰ,
ਚਿੱਤੋਂ ਨਹੀਂ ਵਿਸਰਦੇ ਬੱਚੇ।
ਕਦੇ ਕਦਾਈਂ ਤੂੰ-ਮੈਂ ਕਰਕੇ,
ਆਪਸ ਵਿੱਚ ਟੱਕਰਦੇ ਬੱਚੇ।
ਜਾ ਸਕੂਲੇ ਅੰਮ੍ਰਿਤ ਵੇਲੇ,
ਚੰਗੇ ਸ਼ਬਦ ਉੱਚਰਦੇ ਬੱਚੇ।
ਰੰਗਾਂ ਦੇ ਸੰਗ ਖੇਡ-ਖੇਡ ਵਿੱਚ,
ਵਧੀਆ ਚਿਤਰ, ਚਿਤਰਦੇ ਬੱਚੇ।

10. ਸਾਡਾ ਸਕੂਲ

ਨ੍ਹਾ-ਧੋ ਕੇ ਚੱਲੇ ਹਾਂ ਸਕੂਲ ਅੰਮੀਏਂ--।
ਜ਼ਿੰਦਗੀ ਦੇ ਸਿੱਖਣ ਅਸੂਲ ਅੰਮੀਏਂ।

ਪੀਤਾ, ਸੋਨੂੰ, ਨਵਲ ਕੁਮਾਰ ਆ ਗਏ।
ਰੌਬੀ ਚੁੱਚੀ ਹੋਇਕੇ ਤਿਆਰ ਆ ਗਏ।
ਔਹ ਵੇ ਆਉਂਦੇ ਰਮਨ, ਰਸੂਲ ਅੰਮੀਏਂ,
ਨ੍ਹਾ-ਧੋ ਕੇ ਚੱਲੇ ਹਾਂ ਸਕੂਲ ਅੰਮੀਏਂ--।

ਆਈ ਆ ਪ੍ਰੀਤੀ ਨਾਲ ਤਨੂ ਆਈ ਆ।
ਕਿੰਨੀ ਸੁਹਣੀ ਨੂਰਾਂ ਨੇ ਫਰਾਕ ਪਾਈ ਆ।
ਸੁਹਣੇ ਬੱਚੇ ਸਭ ਨੂੰ ਕਬੂਲ ਅੰਮੀਏਂ,
ਨ੍ਹਾ-ਧੋ ਕੇ ਚੱਲੇ ਹਾਂ ਸਕੂਲ ਅੰਮੀਏਂ--।

ਜਾ ਕੇ ਸਕੂਲ ਹਾਂ ਪੜ੍ਹਾਈ ਕਰਦੇ।
ਇੱਕ ਦੂਜੇ ਨਾਲ ਨਾ ਲੜਾਈ ਕਰਦੇ।
ਭਾਉਣ ਨਾ ਲੜਾਈਆਂ ਸਾਨੂੰ ਮੂਲ ਅੰਮੀਏਂ,
ਨ੍ਹਾ-ਧੋ ਕੇ ਚੱਲੇ ਹਾਂ ਸਕੂਲ ਅੰਮੀਏਂ--।

ਸ਼ਨੀਵਾਰ ਬਾਲ-ਸਭਾ ਵਿੱਚ ਗਾਉਂਦੇ ਹਾਂ।
ਚੁਟਕਲੇ ਬੁਝਾਰਤਾਂ ਤੇ ਗਿੱਧਾ ਪਾਉਂਦੇ ਹਾਂ।
ਗੱਲਾਂ ਨਹੀਂ ਕਰਦੇ ਫਜ਼ੂਲ ਅੰਮੀਏਂ,
ਨ੍ਹਾ-ਧੋ ਕੇ ਚੱਲੇ ਹਾਂ ਸਕੂਲ ਅੰਮੀਏਂ--।

ਜ਼ਿੰਦਗੀ ਨੂੰ ਜਿਹੜੇ ਨਹੀਂ ਪਿਆਰ ਕਰਦੇ।
ਉਹੀ ਬੱਚੇ ਵਿੱਦਿਆ ਤੋਂ ਰਹਿੰਦੇ ਡਰਦੇ।
ਉਨ੍ਹਾਂ ਦਾ ਹੈ ਡਰਨਾ ਫ਼ਜ਼ੂਲ ਅੰਮੀਏਂ,
ਨ੍ਹਾ-ਧੋ ਕੇ ਚੱਲੇ ਹਾਂ ਸਕੂਲ ਅੰਮੀਏਂ--।

ਵਿੱਦਿਆ ਵਿਚਾਰੀ ਵੰਡਿਆਂ ਨਹੀਂ ਘਟਦੀ।
ਵਿੱਦਿਆ ਦੀ ਦੌਲਤ ਲੁਟਾਇਆਂ ਵਧਦੀ।
ਵਿੱਦਿਆ ਦੇ ਬੈਂਕ ਨੇ ਸਕੂਲ ਅੰਮੀਏਂ,
ਨ੍ਹਾ-ਧੋ ਕੇ ਚੱਲੇ ਹਾਂ ਸਕੂਲ ਅੰਮੀਏਂ--।

11. ਬੱਚਿਆਂ ਦਾ ਗੀਤ

ਆਰ ਦੀਆਂ ਦੋ ਪਾਰ ਦੀਆਂ।
ਇਹ ਗੱਲਾਂ ਸਾਡੇ ਪਿਆਰ ਦੀਆਂ।

ਨਿੱਕੇ-ਨਿੱਕੇ ਬੱਚੇ ਹਾਂ।
ਕੁੜੀਆਂ-ਮੁੰਡੇ 'ਕੱਠੇ ਹਾਂ।
ਸਾਰੇ ਦਿਲ ਦੇ ਸੱਚੇ ਹਾਂ।
ਝੂਠ ਬੋਲਣਾ ਨਹੀਓਂ ਆਉਂਦਾ,
ਗੱਲਾਂ ਬੱਸ ਦੁਲਾਰ ਦੀਆਂ..........।

ਖੇਡਾਂ-ਖੇਡਾਂ ਦੇ ਵਿੱਚ ਲੜੀਏ।
ਇੱਕ-ਦੂਜੇ ਦੇ ਮੁੱਕੇ ਧਰੀਏ।
ਤੂੰ-ਤੂੰ, ਮੈਂ-ਮੈਂ ਬੇਸ਼ੱਕ ਕਰੀਏ।
ਪਰ ਨਾ ਕੱਢੀਏ ਗਾਹਲਾਂ ਮਿੱਤਰੋ,
ਗਾਹਲਾਂ ਸੀਨਾ ਪਾੜਦੀਆਂ..........।

ਲੜ-ਲੁੜ ਕੇ ਫਿਰ ਇੱਕ ਹੋ ਜਾਈਏ।
ਇੱਕ-ਦੂਜੇ ਨੂੰ ਜੱਫੀਆਂ ਪਾਈਏ।
ਨਾਲੇ ਹੱਸੀਏ, ਨਾਲੇ ਗਾਈਏ।
ਖੇਡਣ ਦੇ ਵਿੱਚ ਮਸਤ-ਮਸਤ,
ਸਭ ਭੁੱਲ ਗੱਲਾਂ ਤਕਰਾਰ ਦੀਆਂ..........।

ਸਾਰੇ ਅਸੀਂ ਸਕੂਲੇ ਪੜ੍ਹੀਏ।
ਪੌੜੀ-ਪੌੜੀ ਅੱਗੇ ਚੜ੍ਹੀਏ।
ਇੱਕ-ਦੂਜੇ ਦੀ ਹਾਮੀ ਭਰੀਏ।
ਉਸਤਾਦਾਂ ਤੋਂ ਗੱਲਾਂ ਸਿੱਖੀਏ,
ਵੱਡਿਆਂ ਦੇ ਸਤਿਕਾਰ ਦੀਆਂ..........।

ਹਿੰਦੂ ਭਾਵੇਂ ਸਿੱਖ ਈਸਾਈ।
ਮੁਸਲਿਮ ਵੀ ਹਨ ਸਾਡੇ ਭਾਈ।
ਊਚ-ਨੀਚ ਦੀ ਗੱਲ ਨਾ ਕਾਈ।
ਨਾ ਹੀ ਕਰੀਏ ਗੱਲਾਂ ਹਿੰਸਕ,
ਚਾਕੂ ਤੇ ਤਲਵਾਰ ਦੀਆਂ..........।

12. ਰੱਖੜੀ ਦਾ ਚਾਅ

ਨੀ ਮੈਂ ਬੜੇ ਚਾਵਾਂ ਨਾਲ
ਹੱਥੀਂ ਗੁੰਦ ਲਿਆ ਗਾਨਾ।
ਤੇ ਪਰੋਇਆ ਰੀਝਾਂ ਨਾਲ
ਭੈਣੋ ਸੱਤ ਰੰਗਾ ਗਾਨਾ।
ਦੇਣਾ ਵੀਰ ਜੀ ਦੇ-
ਵੀਰ ਜੀ ਦੇ ਗੁੱਟ 'ਤੇ ਸਜਾ ਕੁੜੀਓ-
ਨੀ ਮੈਨੂੰ ਰੱਖੜੀ ਦਾ ਗੋਡੇ-ਗੋਡੇ ਚਾਅ ਕੁੜੀਓ………।

ਨੀ ਮੈਂ ਹੱਥ ਜੋੜ ਏਹੀ
ਸਦਾ ਕਰਾਂ ਅਰਜੋਈ।
ਮੇਰੇ ਸੁਹਣੇ ਜਿਹੇ ਵੀਰ ਨੂੰ
ਨਾ ਆਂਚ ਆਵੇ ਕੋਈ।
ਸਦਾ ਸੁਖੀ-ਸੁਖੀ ਵੱਸੇ ਮੇਰਾ ਭਾਅ ਕੁੜੀਓ,
ਨੀ ਮੈਨੂੰ ਰੱਖੜੀ ਦਾ ਗੋਡੇ-ਗੋਡੇ ਚਾਅ ਕੁੜੀਓ………।

ਕਦੀ ਰਹਿਣ ਨਾ ਦੇਵੇ
ਵੀਰਾ ਸੱਧਰਾਂ ਅਧੂਰੀਆਂ।
ਮੈਨੂੰ ਇਹ ਲਿਆ ਕੇ ਦੇਵੇ
ਬੁੰਦੇ-ਬੰਗਾਂ-ਚੂੜੀਆਂ।
ਮੇਰੇ ਵੀਰ ਦਾ ਏ-
ਵੀਰ ਦਾ ਏ ਮਿੱਠੜਾ ਸੁਭਾਅ ਕੁੜੀਓ,
ਨੀ ਮੈਨੂੰ ਰੱਖੜੀ ਦਾ ਗੋਡੇ-ਗੋਡੇ ਚਾਅ ਕੁੜੀਓ………।

ਬਾਪੂ ਦਾ ਪਿਆਰਾ
ਮੇਰੀ ਅੰਮੜੀ ਦਾ ਲਾਲ ਨੀ।
ਆਪਣੇ ਤੋਂ ਵੱਧ
ਮੇਰਾ ਰੱਖਦਾ ਖਿਆਲ ਨੀ।
ਮੇਰੇ ਵੀਰ ਨੂੰ ਨਾ ਲੱਗੇ-
ਮੇਰੇ ਵੀਰ ਨੂੰ ਨਾ ਲੱਗੇ ਤੱਤੀ ਵਾਅ ਕੁੜੀਓ,
ਨੀ ਮੈਨੂੰ ਰੱਖੜੀ ਦਾ ਗੋਡੇ-ਗੋਡੇ ਚਾਅ ਕੁੜੀਓ………।

ਸੁਹਣਾ ਉਹੋ ਘਰ-
ਜਿੱਥੇ ਵੀਰ ਮੇਰਾ ਵੱਸਦਾ।
ਦੁੱਖਾਂ ਤੋਂ ਨੀ ਦੂਰ-
ਇਹ ਨਿਰੋਗ ਰਹੇ ਹੱਸਦਾ।
ਸਦਾ ਦੂਰ ਇਹਤੋਂ-
ਸਦਾ ਦੂਰ ਇਹਤੋਂ ਰਹੇ ਨੀ ਬੁਲਾ ਕੁੜੀਓ,
ਨੀ ਮੈਨੂੰ ਰੱਖੜੀ ਦਾ ਗੋਡੇ-ਗੋਡੇ ਚਾਅ ਕੁੜੀਓ………।

13. ਮੇਲੇ ਚੱਲੀਏ

ਨ੍ਹਾ-ਧੋ ਕੇ ਚੱਲੀਏ ਮੇਲੇ।
ਕਰਾਂਗੇ ਉੱਥੇ ਹਾਸੇ-ਖੇਲੇ।
ਰੱਜ ਮਿਠਈਆਂ ਖਾਵਾਂਗੇ,
ਵਾਹ!ਵਾਹ! ਖੁਸ਼ੀ ਮਨਾਵਾਂਗੇ—।

ਮੇਲੇ ਦੇ ਵਿੱਚ ਰੌਣਕ ਡਾਢੀ।
ਨੱਚੂ-ਟੱਪੂ ਟੋਲੀ ਸਾਡੀ।
ਸਭ ਨੂੰ ਨਾਲ ਨਚਾਵਾਂਗੇ,
ਵਾਹ!ਵਾਹ! ਖੁਸ਼ੀ ਮਨਾਵਾਂਗੇ—।

ਬਾਂਦਰ ਵਾਲਾ ਖੇਲਾ ਪਾਊ।
ਬੰਦਰੀਆ ਵੀ ਨਾਚ ਦਿਖਾਊ।
ਰਿੱਛ ਦੇ ਦਰਸ਼ਨ ਪਾਵਾਂਗੇ,
ਵਾਹ!ਵਾਹ! ਖੁਸ਼ੀ ਮਨਾਵਾਂਗੇ—।

ਨਿੱਕੇ-ਵੱਡੇ ਕਈ ਖਿਡੌਣੇ।
ਅਸੀਂ ਤਾਂ ਆਪਣੇ ਨਾਲ ਲਿਆਉਣੇ।
ਮੰਮੀ ਨੂੰ ਵਿਖਾਵਾਂਗੇ,
ਵਾਹ!ਵਾਹ! ਖੁਸ਼ੀ ਮਨਾਵਾਂਗੇ—।

ਖਿੜੀਆਂ ਉੱਥੇ ਵਾਂਗ ਗੁਲਾਬਾਂ।
ਪੜਨ੍ਹ ਵਾਸਤੇ ਬਹੁਤ ਕਿਤਾਬਾਂ-
ਕਿੱਸੇ ਲੈ ਕੇ ਆਵਾਂਗੇ,
ਵਾਹ!ਵਾਹ! ਖੁਸ਼ੀ ਮਨਾਵਾਂਗੇ—।

14. ਜਾਗ ਮੇਰੇ ਸੁਹਣਿਆਂ

ਕੁਕੜੂੰ-ਘੜੂੰ ਵੇ ਬੀਬਾ ਕੁਕੜੂੰ-ਘੜੂੰ।
ਜਾਗ ਮੇਰੇ ਸੁਹਣਿਆਂ ਵੇ ਜਾਗ ਹੁਣ ਤੂੰ।
ਬੀਤੀ ਕਾਲੀ ਰਾਤ ਦੂਰ ਨੇਰ੍ਹਾ ਹੋ ਗਿਆ,
ਦੀਦੇ ਖੋਲ੍ਹ ਵੇਖ ਵੇ ਸਵੇਰਾ ਹੋ ਗਿਆ।
ਸੱਜਰੀ ਸਵੇਰ ਤੈਨੂੰ 'ਵਾਜਾਂ ਮਾਰਦੀ,
ਹਾਣੀਆਂ ਦੀ ਟੋਲੀ ਸੈਰ ਨੂੰ ਪੁਕਾਰਦੀ।
ਸੋਨੂੰ-ਕਰਤਾਰਾ-ਠਾਕਰੂ ਤੇ ਪ੍ਰਤੀਕ,
ਫਕਰੂ ਜਮਾਲਦੀਨ ਕਰਦੇ ਉਡੀਕ।
ਚਿੜੀਆਂ ਨੇ ਚੀਕ-ਚਿਹਾੜਾ ਪਾਇਆ ਹੈ,
ਏਸੇ ਲਈ ਮੈਂ ਤੈਨੂੰ ਆਣ ਕੇ ਜਗਾਇਆ ਹੈ।
ਕੁਕੜਾਂ ਨੇ ਬਾਂਗ ਦਿੱਤੀ-ਉੱਠ ਹੁਣ ਤੂੰ!
ਜਾਗ ਮੇਰੇ ਸੁਹਣਿਆਂ ਵੇ............................!

ਉੱਠ ਮੇਰੇ ਬੀਬਿਆ ਸਕੂਲੇ ਜਾਵਣਾ,
ਜਾ ਕੇ ਸਕੂਲੇ ਵਿੱਦਿਆ ਨੂੰ ਪਾਵਣਾ।
ਕਰਕੇ ਪੜ੍ਹਾਈ ਬਣ ਚੰਗਾ ਇਨਸਾਨ,
ਵੰਡਣੀ ਮੁਹੱਬਤਾਂ ਦੀ ਮਿੱਠੀ ਮੁਸਕਾਨ।
ਊਚ-ਨੀਚ ਦੂਈ ਤੇ ਦਵੈਤ ਮੱਖਣਾ,
ਕਦੇ ਵੀ ਨਾ ਦਿਲ ਵਿੱਚ ਸਾੜਾ ਰੱਖਣਾ।
ਕਰਨੀ ਹੈ ਗੱਲ ਹਾਣੀਆਂ ਦੇ ਸੰਗ ਦੀ,
ਇਹੋ ਗੱਲ ਦੇਸ਼ ਦੀ ਤਰੱਕੀ ਮੰਗਦੀ।
ਉੱਠ, ਤੇਰੇ ਚਿੱਤ ਨੂੰ ਵੀ ਮਿਲੂਗਾ ਸਕੂੰ!
ਜਾਗ ਮੇਰੇ ਸੁਹਣਿਆਂ ਵੇ............................!

ਲੇਟ ਜਿਹੜੇ ਉੱਠਦੇ ਦਲਿੱਦਰੀ ਕਹਾਉਣ,
ਜ਼ਿੰਦਗੀ 'ਚ ਕਦੇ ਵੀ ਨਾ ਕਾਮਯਾਬੀ ਪਾਉਣ।
ਭੱਜਦੇ ਨੇ 'ਕੱਲੇ ਜਿਹੜੇ ਬਿਨਾਂ ਲੋੜ ਤੋਂ,
ਰਹਿ ਜਾਂਦੇ ਪਿੱਛੇ ਜ਼ਿੰਦਗੀ ਦੀ ਦੌੜ ਤੋਂ।
ਫੜੇ ਰਹਿੰਦੇ ਆਪਣੇ ਸਿਆਪਿਆਂ ਨੂੰ ਉਹ,
ਆਖਦੇ ਨੇ ਬੁਰਾ-ਭਲਾ ਮਾਪਿਆਂ ਨੂੰ ਉਹ।
ਕਰਦੇ ਨਾ ਕਦੇ ਵੀ ਉਹ ਗਲਤੀ ਕਬੂਲ,
ਨਾ ਹੀ ਉਹੋ ਜ਼ਿੰਦਗੀ ਦੇ ਸਿੱਖਦੇ ਅਸੂਲ।
ਉਹੀ ਬੱਚੇ ਕਰਦੇ ਨੇ ਮੈਂ-ਮੈਂ, ਤੂੰ-ਤੂੰ,
ਜਾਗ ਮੇਰੇ ਸੁਹਣਿਆਂ ਵੇ............................!

ਉੱਠ ਮੇਰੇ ਸ਼ੇਰਾ ਵੇ ਤੂੰ ਉੱਠ ਮੇਰੇ ਲਾਲ,
ਫ਼ੌਜੀਆਂ ਦੇ ਵਾਂਗੂੰ ਉੱਠ ਬਸਤਾ ਸੰਭਾਲ।
ਛੇਤੀ ਤੂੰ ਸਕੂਲ ਵੱਲੀਂ ਸ਼ੂਟ ਵੱਟਦੇ,
ਜ਼ਿੰਦਗੀ ਦੇ ਦੁੱਖ ਪੁੱਤਾ ਸਾਰੇ ਕੱਟਦੇ।
ਤੇਰੇ ਉੱਤੇ ਹੋਵੇ ਤੇਰੇ ਮਾਪਿਆਂ ਨੂੰ ਮਾਣ,
ਨਿੱਕੇ-ਵੱਡੇ ਸਾਰਿਆਂ ਦੀ ਬਣ ਜਾਵੇਂ ਸ਼ਾਨ।
ਜਾਵਾਂ ਤੇਰੇ ਉੱਤੋਂ ਬਲਿਹਾਰ ਪੁੱਤਰਾ,
ਕਰ ਤੂੰ ਵੀ ਸਭ ਨੂੰ ਪਿਆਰ ਪੁੱਤਰਾ।
ਨੱਚੂ ਖੁਸ਼ੀ ਨਾਲ ਤੇਰਾ-ਮੇਰਾ ਲੂੰ-ਲੂੰ!
ਜਾਗ ਮੇਰੇ ਸੁਹਣਿਆਂ ਵੇ............................!

15. ਸਾਡੀ ਕਿਆਰੀ

ਸਾਡੇ ਵਿਹੜੇ ਵਿੱਚ ਕਿਆਰੀ।
ਸੁਹਣੀ-ਸੁਹਣੀ ਪਿਆਰੀ ਪਿਆਰੀ।
ਹਰੀ ਭਰੀ ਤੇ ਰੰਗ-ਬਰੰਗੀ,
ਲਗਦੀ ਸਾਨੂੰ ਬਹੁਤ ਹੀ ਚੰਗੀ।
ਗੇਂਦਾ ਤੇ ਅਸ਼ਰਫੀ ਟਹਿਕਦੇ,
ਚੰਪਾ ਅਤੇ ਗੁਲਾਬ ਮਹਿਕਦੇ।
ਮਨ ਨੂੰ ਦੇਂਦੀ ਖੁਸ਼ੀਆਂ ਖੇੜੇ,
ਰੌਣਕ ਲੱਗੀ ਸਾਡੇ ਵਿਹੜੇ।
ਧੁੱਪ 'ਚ ਖਿੜੀ ਦੁਪਹਿਰ-ਖਿੜੀ ਹੈ,
ਨਾਲ ਫੁੱਲਾਂ ਦੇ ਭਰੀ-ਭਰੀ ਹੈ।
ਫੁੱਲ ਝੂਮਦੇ ਵਾਂਗ ਸ਼ਰਾਬੀ,
ਚਿੱਟੇ-ਪੀਲੇ ਅਤੇ ਗੁਲਾਬੀ।
ਰੰਗ-ਬਰੰਗੀ ਇਹ ਫੁਲਵਾੜੀ,
ਸਾਡੇ ਦਿਲ ਦੀ,
ਮਨ ਦੀ ਆੜੀ।

16. ਸਾਡਾ ਘਰ

ਕੱਚੀਆਂ-ਪੱਕੀਆਂ ਕੰਧਾਂ ਵਾਲਾ,
ਰੰਗ-ਬਰੰਗੇ ਰੰਗਾਂ ਵਾਲਾ,
ਇਹ ਹੈ ਸਾਡਾ ਘਰ-
ਇਸ ਦਾ ਸੁਹਣਾ ਦਰ……!

ਇੱਥੇ ਮੇਰੀ ਮੰਮੀ ਰਹਿੰਦੀ,
ਨਾਲੇ ਰਹਿੰਦੇ ਪਾਪਾ।
ਇੱਕ ਹੈ ਮੇਰੀ ਦੀਦੀ ਇੱਥੇ,
ਨਾਲੇ ਸਾਡਾ ਕਾਕਾ।
ਇੱਥੇ ਮੇਰੇ ਦਾਦਾ-ਦਾਦੀ,
ਜਪਦੇ ਨੇ ਹਰ-ਹਰ!
ਇਹ ਹੈ ਸਾਡਾ ਘਰ………!

ਇਸ ਘਰ ਦੀ ਛੱਤ ਉੱਤੇ ਚੜ੍ਹਕੇ,
ਨੱਚੀਏ-ਟੱਪੀਏ ਗਾਈਏ।
ਧੁੱਪਾਂ, ਮੀਹਾਂ,
ਠੰਡਾਂ ਮਾਰੇ,
ਘਰ ਦੇ ਵਿੱਚ ਛੁਪ ਜਾਈਏ।
ਰਾਤਾਂ ਨੂੰ ਅਸੀਂ ਘਰ ਦੇ ਅੰਦਰ,
ਸੰਵੀਏ ਹੋ ਬੇ-ਡਰ!
ਇਹ ਹੈ ਸਾਡਾ ਘਰ………!

ਇੱਥੇ ਸਾਡੀ ਇੱਕ ਬਗੀਚੀ,
ਸੁਹਣਿਆਂ ਫੁੱਲਾਂ ਵਾਲੀ।
ਸਾਰੇ ਰਲਕੇ ਸਿੰਜੀਏ ਇਹਨੂੰ,
ਬਣਕੇ ਇਹਦੇ ਮਾਲੀ।
ਪਾਣੀ ਦੇ ਨਾਲ ਨੱਕੋ-ਨੱਕੀ,
ਜਾਏ ਬਗੀਚੀ ਭਰ!
ਇਹ ਹੈ ਸਾਡਾ ਘਰ………!

ਇਹਦੀਆਂ ਕੱਚੀਆਂ-ਪੱਕੀਆਂ ਫਰਸ਼ਾਂ,
ਉੱਤੇ ਬਹਿ ਕੇ ਪੜ੍ਹੀਏ।
ਇਸੇ ਘਰ ਦੀਆਂ ਛੱਤਾਂ ਥੱਲੇ,
ਤੂੰ-ਤੂੰ,
ਮੈਂ-ਮੈਂ ਕਰੀਏ।
ਹਰ ਦਿਨ ਵੱਡੇ ਹੁੰਦੇ ਜਾਈਏ,
ਰਹਿ ਕੇ ਇਸ ਅੰਦਰ!
ਇਹ ਹੈ ਸਾਡਾ ਘਰ………!

ਇੱਥੇ ਹੀ ਮੰਮੀ ਤੋਂ ਮਿਲਦੇ,
ਦੁੱਧ ਪਰੌਂਠੇ ਲੱਸੀ।
ਕਦੇ-ਕਦੇ ਮਾਂ ਝਿੜਕੇ ਸਾਨੂੰ,
ਪੈਰੀਂ ਬੰਨ੍ਹ ਦਏ ਰੱਸੀ।
ਦਾਦਾ-ਦਾਦੀ ਕਹਿੰਦੇ ਮਾਂ ਨੂੰ-
ਬੇਟੀ ਇਉਂ ਨਾ ਕਰ!
ਇਹ ਹੈ ਸਾਡਾ ਘਰ………!

ਰੱਬਾ ਵੇ ਤੂੰ ਸਦਾ ਸਲਾਮਤ
ਰੱਖੀਂ ਖੁਸ਼ੀਆਂ-ਖੇੜੇ।
ਤੇਰੀਆਂ ਮਿਹਰਾਂ ਦੇ ਸੰਗ ਰੱਬਾ
ਜੰਨਤ ਸਾਡੇ ਵਿਹੜੇ।
ਸਾਡੀ ਇਸ ਜੰਨਤ ਜਿਹੇ ਘਰ ਨੂੰ
ਲੱਗ ਨਾ ਜਾਏ ਨਜ਼ਰ!
ਇਹ ਹੈ ਸਾਡਾ ਘਰ………!

17. ਲੁਕਣ-ਮੀਚੀ

ਸ਼ਾਮ ਹੋਈ ਪ੍ਰਛਾਵੇਂ ਢਲ ਗਏ।
ਸੰਗੀ-ਸਾਥੀ ਆ ਕੇ ਰਲ ਗਏ।
ਆਓ ਸਾਥੀਓ ਖੇਡ ਰਚਾਈਏ।
ਪਲ ਦੋ ਪਲ ਲਈ ਦਿਲ ਬਹਿਲਾਈਏ।
ਖੇਡ ਖੇਡੀਏ ਨਾਲ ਪਿਆਰ।
ਆਓ ਸਾਰੇ ਰਲਕੇ ਯਾਰ।
ਰੌਬੀ ਸੋਨੂੰ ਪੁੱਗਣ ਲੱਗੇ।
ਵਾਰੀ-ਵਾਰੀ ਸਾਰੇ ਪੁੱਗੇ।
'ਪੀਤੇ' ਦੇ ਸਿਰ ਦਾਈ ਕੀਤੀ।
ਖੇਡਣ ਲੱਗੇ ਲੁਕਣ-ਮੀਚੀ।
ਆਲਮ-ਰਮਨ-ਜਗੀਰਾ ਲੁਕ ਗਏ।
ਜਾਵੇਦ ਤੇ ਬਲਬੀਰਾ ਲੁਕ ਗਏ।
ਨੂਰਾਂ-ਇੱਤੀ ਬੀਰੋ ਲੁਕੀਆਂ।
ਕਮਲ ਸੰਗ ਕਸ਼ਮੀਰੋ ਲੁਕੀਆਂ।
ਚੇਤਨ-ਦੀਸ਼ੂ ਪੰਮਾ ਲੁਕ ਗਏ।
ਨੂਰ ਮੁਹੰਮਦ ਰੰਮਾ ਲੁਕ ਗਏ।
ਬੱਚੇ ਹਿੰਦੂ-ਮੁਸਲਿਮ-ਸਿੱਖ।
ਰਲ ਮਿਲ ਸਾਰੇ ਹੋ ਗਏ ਇੱਕ।
ਆਲਮ ਨੇ ਅਵਾਜ਼ ਲਗਾਈ।
'ਪੀਤੇ' ਸਾਨੂੰ ਲੱਭ ਲੈ ਭਾਈ।
ਪੀਤਾ ਸਭ ਨੂੰ ਟੋਲਣ ਲੱਗਾ।
ਆਸਾ-ਪਾਸਾ ਫੋਲਣ ਲੱਗਾ।
ਪੰਕਜ ਨੂੰ ਲੱਭ ਲਿਆ ਅਖੀਰ।
ਕਹਿੰਦਾ ਦਾਈ ਦੇ ਦੇ ਵੀਰ।
ਖੇਡ ਇਉਂ ਹੀ ਚਲਦੀ ਗਈ।
ਜਿੰਨਾ ਚਿਰ ਨਾ ਰਾਤ ਪਈ।
ਅੰਬਰੀਂ ਚੜ੍ਹ ਪਏ ਚੰਦਾ-ਤਾਰੇ।
ਚੂਰ ਹੋਏ ਉਹ ਥੱਕ ਕੇ ਸਾਰੇ।
ਕੱਲ੍ਹ ਨੂੰ ਹੋਵਾਂਗੇ ਫਿਰ 'ਕੱਠੇ।
ਵਾਰੋ-ਵਾਰੀ ਘਰਾਂ ਨੂੰ ਨੱਠੇ।
ਤੱਕੀ ਜਦ ਇਹ ਖੇਡ ਨਿਆਰੀ,
ਮਨ ਵਿੱਚ ਜਨਮੀ ਕਵਿਤਾ ਪਿਆਰੀ।

18. ਬੁਰੀ ਸੰਗਤ

ਇੱਕ ਵਾਰ ਦੀ ਗੱਲ ਸੁਣਾਵਾਂ
ਬੜੇ ਠਰ੍ਹੰਮੇ ਨਾਲ।
ਇੱਕ ਆਦਮੀ ਵਿਹਲਾ ਰਹਿੰਦਾ,
ਨਾ ਕਰਦਾ ਕੋਈ ਕਾਰ।
ਦਿਨੇ-ਰਾਤ ਉਹ ਰੁੱਝਿਆ ਰਹਿੰਦਾ,
ਪੀਵਣ ਵਿੱਚ ਸ਼ਰਾਬ।
ਜੂਆ ਖੇਡਣਾ ਆਦਤ ਉਹਦੀ,
ਬਣੇ ਜੁਆਰੀ ਯਾਰ।
ਦਿਨੇ-ਰਾਤ ਉਹ ਜੂਆ ਖੇਲੇ,
ਬਣ ਕੇ ਬਹੁ ਹੁਸ਼ਿਆਰ।
ਇੱਕ ਦਿਨ ਬੱਚਿਓ ਜਿਤੇ ਉਹਨੇ,
ਦਮੜੇ ਕਈ ਹਜ਼ਾਰ।
ਉਸਦੇ ਜੀਵਨ ਦੀ ਬਗੀਆ ਵਿੱਚ,
ਆ ਗਈ ਨਵੀਂ ਬਹਾਰ।
ਹੋ ਗਏ ਪਰ ਕੰਗਾਲ ਓਸਦੇ,
ਬਾਕੀ ਮਿੱਤਰ ਯਾਰ।
ਉਨ੍ਹਾਂ ਨੂੰ ਨਾ ਜਰਾ ਵੀ ਭਾਈ,
ਹੋਈ ਆਪਣੀ ਹਾਰ।
ਉਨ੍ਹਾਂ ਸੋਚਿਆ ਖੋਹ ਕੇ ਮਾਇਆ,
ਇਸ ਨੂੰ ਦੇਈਏ ਮਾਰ।
ਧੋਖੇ ਨਾਲ ਉਹਨੂੰ ਲੈ ਕੇ ਪਹੁੰਚੇ,
ਜੰਗਲਾਂ ਦੇ ਵਿਚਕਾਰ।
ਪਰ ਉਸ ਭਲੇ ਲੋਕ ਦੇ ਦਿਲ ਵਿੱਚ,
ਨਾ ਸੀ ਕੋਈ ਵਿਚਾਰ-
ਕਿ ਉਸ ਦੇ ਮਿੱਤਰਾਂ ਨੇ ਉਸਨੂੰ,
ਸੱਚੀਂ ਦੇਣਾ ਮਾਰ।
ਜੰਗਲ ਦੇ ਵਿੱਚ ਜਾ ਕੇ ਮਿੱਤਰਾਂ,
ਖਿੱਚ ਲਈ ਤਲਵਾਰ।
ਪਹਿਲਾਂ ਮਾਲ ਖੋਹ ਲਿਆ ਉਸ ਤੋਂ,
ਪਿੱਛੋਂ ਦਿੱਤਾ ਮਾਰ।
ਉਸ ਨੇ ਖੱਟਿਆ ਕੀ ਜੂਏ 'ਚੋਂ,
ਹੋ ਗਿਆ ਤਾਰੋ-ਤਾਰ।
ਉੱਘ-ਸੁੱਘ ਨਾ ਨਿਕਲੀ ਉਸਦੀ,
ਭੁੱਲ ਗਿਆ ਸੰਸਾਰ।

19. ਫੁੱਲਾਂ ਦਾ ਗੀਤ

ਫੁੱਲ ਖਿੜੇ ਹਨ ਬਾਗਾਂ ਅੰਦਰ,
ਮਹਿਕਾਂ ਪਏ ਖਿਡਾਉਣ ਜੀ।
ਬੀਬੇ ਰਾਣੇ ਬੜੇ ਸਿਆਣੇ,
ਸਾਨੂੰ ਵੀ ਮਹਿਕਾਉਣ ਜੀ।
ਮੀਂਹ ਆਵੇ ਤਾਂ ਨਿੱਖਰ ਆਉਂਦੇ,
'ਵਾ ਵੱਗੇ ਤਾਂ ਲੈਣ ਹੁਲਾਰੇ।
ਬਾਲਾਂ ਵਾਂਗੂੰ ਰੰਗ-ਬਰੰਗੇ,
ਲੱਗਣ ਸਭ ਨੂੰ ਬਹੁਤ ਪਿਆਰੇ।
ਸਭ ਨੂੰ ਲੈਂਦੇ ਮੋਹ ਮਹਿਕੀਲੇ,
ਸਭ ਦਾ ਜੀ ਪਰਚਾਉਣ ਜੀ।
ਭੇਦ-ਭਾਵ ਜਿਹੇ ਕੋਹੜ ਕੋਲੋਂ,
ਇਹ ਤਾਂ ਦੂਰ ਦੁਰਾਡੇ ਰਹਿੰਦੇ।
ਚਿੱਟੇ ਸੂਹੇ ਅਤੇ ਗੁਲਾਬੀ,
ਨੀਲੇ-ਪੀਲੇ ਰਲਕੇ ਬਹਿੰਦੇ।
ਨਾ ਕਿਸੇ ਨੂੰ ਮੰਦਾ ਕਹਿੰਦੇ,
ਨਾ ਮੰਦਾ ਅਖਵਾਉਣ ਜੀ।
ਗੁਲਦਸਤੇ ਦੇ ਵਿੱਚ ਜਦੋਂ ਇਹ,
ਰਲ ਮਿਲ ਕੇ ਸਜ ਜਾਣ ਬਈ।
ਫਿਰ ਖੁਸ਼ੀਆਂ ਦੇ ਮੌਕੇ ਸਾਡੇ,
ਬਣ ਬਹਿੰਦੇ ਮਹਿਮਾਨ ਬਈ।
ਇਹ ਨੇ ਸਾਡੀ ਸ਼ਾਨ ਵਧਾਉਂਦੇ,
ਜਦ ਸਾਡੇ ਘਰ ਆਉਣ ਜੀ।
ਆਓ ਆਪਾਂ ਫੁੱਲਾਂ ਵਾਂਗੂੰ,
ਇੱਕ-ਮੁੱਠ ਹੋ ਕੇ ਰਹੀਏ ਉਏ।
ਦੇਸ਼ ਕੌਮ ਦੀ ਸ਼ਾਨ ਵਧਾਈਏ,
ਗੁਲਦਸਤਾ ਬਣ ਬਹੀਏ ਉਏ।
ਸਾਡੇ ਵਿੱਚੋਂ ਪਿਆਰ ਦੀਆਂ ਫਿਰ,
ਲਪਟਾਂ ਪਈਆਂ ਆਉਣ ਜੀ।
ਫੁੱਲਾਂ ਵਾਂਗੂੰ ਹੱਸਦੇ ਰਹੀਏ,
ਦੂਜਿਆਂ ਤਾਈਂ ਹਸਾਈਏ ਜੀ।
ਨਾ ਹੀ ਮੰਦਾ ਕਿਸੇ ਨੂੰ ਕਹੀਏ,
ਨਾ ਮੰਦਾ ਅਖਵਾਈਏ ਜੀ।
ਮਿੱਠੇ ਤੇ ਮਹਿਕੀਲੇ ਬੰਦੇ-
ਜੱਗ ਵਿੱਚ ਸ਼ੋਭਾ ਪਾਉਣ ਜੀ।

20. ਲੋਹੜੀ

ਪਾਥੀਆ, ਲੱਕੜਾਂ, ਕਾਨੇ ਲਾ ਕੇ,
ਅਸਾਂ ਬਣਾਈ ਲੋਹੜੀ ਆ!
ਲੋਹੜੀ ਆ ਬਈ ਲੋਹੜੀ ਆ,
ਕਰਮਾਂ ਵਾਲੀ ਲੋਹੜੀ ਆ!!
'ਕੱਠੇ ਬਹਿ ਕੇ ਸੇਕਾਂਗੇ।
ਅੱਗ ਬਲਦੀ ਨੂੰ ਵੇਖਾਂਗੇ।
ਮੂੰਗਫਲੀ ਵੀ ਖਾਵਾਂਗੇ।
ਰਿਉੜੀਆਂ ਖੂਬ ਚਬਾਵਾਂਗੇ।
ਗੁੜ ਦੀ ਗੱਚਕ ਚੱਬਾਂਗੇ।
ਨਾਲ ਚਿਰਵੜੇ ਲੱਭਾਂਗੇ।
ਤਿਲ ਲੋਹੜੀ ਵਿੱਚ ਪਾਵਾਂਗੇ।
ਅੱਗ ਨੂੰ ਹੋਰ ਮਘਾਵਾਂਗੇ।
ਨੱਚਾਂਗੇ ਤੇ ਗਾਵਾਂਗੇ।
ਸੁਸਤੀ ਦੂਰ ਭਜਾਵਾਂਗੇ।
ਇੱਕ-ਦੂਜੇ ਨੂੰ ਵੇਖਾਂਗੇ।
'ਕੱਠੇ ਬਹਿ ਕੇ ਸੇਕਾਂਗੇ।
ਆਈ ਵਹੁਟੀ ਮੰਗੂ ਦੀ।
ਗੁੜ ਉਹਦੀ ਮਾਂ ਵੰਡੂਗੀ।
ਮੁੰਡਾ ਜੰਮਿਆਂ ਭੰਬੀ ਦਾ।
ਦੇਖੋ ਕੀ ਕੁਝ ਵੰਡੀਦਾ।
ਭੰਬੀ ਭੰਗੜਾ ਪਾਉਂਦੀ ਆ।
ਚੰਦੂ ਦੀ ਮਾਂ ਗਾਉਂਦੀ ਆ।
ਲੱਭੂ ਦੀ ਮਾਂ ਬੋੜੀ ਵੀ।
ਗਾਈ ਜਾਂਦੀ ਘੋੜੀ ਜੀ।
ਸ਼ਾਮੋਂ ਮਾਈ ਘੁੱਲੇ ਦੀ।
ਵੰਡੀ ਜਾਂਦੀ ਫੁੱਲੇ ਹੀ।
ਗੀਤ ਖੁਸ਼ੀ ਦੇ ਗਾਵਾਂਗੇ।
ਜਾਤੀ ਭੇਦ ਮਿਟਾਵਾਂਗੇ।
ਰਲਕੇ ਹਿੰਦੂ-ਮੁਸਲਿਮ-ਸਿੱਖ।
ਹੋ ਜਾਵਾਂਗੇ ਸਾਰੇ ਇੱਕ।
ਨੂਰਾਂ ਜੀਤੋ ਭੋਲੀ ਵੀ।
ਹੈ ਮੁੰਡਿਆਂ ਦੀ ਟੋਲੀ ਵੀ।
ਸਾਰੇ ਰਲਕੇ ਗਾਵਾਂਗੇ।
ਹੱਸਾਂਗੇ-ਹਸਾਵਾਂਗੇ।
ਲੋਹੜੀ ਖੂਬ ਮਨਾਵਾਂਗੇ।
ਬੋਲੀਆਂ ਭੰਗੜੇ ਪਾਵਾਂਗੇ।
ਸੁਣ-ਸੁਣ ਸਾਡੀਆਂ ਬੋਲੀਆਂ ਨੂੰ।
ਤੱਕ ਭੰਗੜੇ ਦੀਆਂ ਟੋਲੀਆਂ ਨੂੰ।
ਯਾਰਾਂ ਸੰਗ ਮਸਤੀ ਵਿੱਚ ਆ।
ਦਿੱਤੀ ਕਵਿਤਾ ਖੂਬ ਬਣਾ।
ਲੋਹੜੀ ਆ ਬਈ ਲੋਹੜੀ ਆਂ!
ਕਰਮਾਂ ਵਾਲੀ ਲੋਹੜੀ ਆ!!

21. ਆਪਣੀ ਰੇਲ ਭਜਾਈਏ

ਚੱਲੋ ਰੇਲ ਬਣਾਈਏ ਆਪਾਂ!
ਛੁਕ-ਛੁਕ ਰੇਲ ਭਜਾਈਏ ਆਪਾਂ।
ਸਾਰੇ ਬੱਚੇ 'ਕੱਠੇ ਹੋ ਕੇ,
ਜਾਤੀ ਭੇਦ ਮਿਟਾਈਏ ਆਪਾਂ।
ਫੜ੍ਹਕੇ ਇੱਕ-ਦੂਜੇ ਦੇ ਝੱਗੇ,
ਪਿੱਛੇ-ਪਿੱਛੇ ਆਈਏ ਆਪਾਂ।
ਕੁੜੀਆਂ-ਮੁੰਡੇ 'ਕੱਠੇ ਹੋ ਕੇ,
ਆਪਣੀ ਰੇਲ ਭਜਾਈਏ ਆਪਾਂ।
ਨਾ ਲੜੀਏ-ਨਾ ਭਿੜੀਏ ਉੱਕਾ,
ਸੱਚਾ ਪਿਆਰ ਵਿਖਾਈਏ ਆਪਾਂ।
ਵੱਖ-ਵੱਖ ਸ਼ਹਿਰਾਂ ਦੇ ਨਾਂ ਲੈ ਕੇ,
ਵੱਖ-ਵੱਖ ਸ਼ਹਿਰੀਂ ਜਾਈਏ ਆਪਾਂ।
ਮਾਰ-ਮਾਰ ਕੇ ਲੇਰਾਂ-ਚੀਕਾਂ,
ਵਾਹਵਾ ਸ਼ੋਰ ਮਨਾਈਏ ਆਪਾਂ।
ਥੱਕੇ ਹਾਰੇ ਸਾਹ ਲੈਣ ਲਈ,
ਚੁੱਪ-ਚਾਪ ਬਹਿ ਜਾਈਏ ਆਪਾਂ।
ਏਕੇ ਵਾਲੀ ਭਰਕੇ ਹਾਂਡੀ,
ਸਭ ਦੀ ਝੋਲੀ ਪਾਈਏ ਆਪਾਂ।
ਨਾ ਲੜੀਏ-ਨਾ ਬਕੀਏ ਗਾਹਲਾਂ,
ਪਿਆਰ ਮੁਹੱਬਤ ਗਾਈਏ ਆਪਾਂ।
ਸੱਚੀ ਇੱਕ ਪਿਆਰਾਂ ਦੀ ਪੰਡ,
ਸਿਰ ਦੇ ਉੱਪਰ ਚਾਈਏ ਆਪਾਂ।

22. ਮੇਰਾ ਸਾਈਕਲ

ਮੇਰਾ ਬੜਾ ਨਿਰਾਲਾ ਸਾਈਕਲ!
ਨਿੱਕੇ ਪਹੀਆਂ ਵਾਲਾ ਸਾਈਕਲ!!

ਇਸ ਦੀ ਕਾਠੀ-
ਉੱਤੇ ਬਹਿਜਾਂ।
ਪੈਡਲ ਮਾਰ ਕੇ-
ਇਹਨੂੰ ਲੈਜਾਂ।
ਚੱਲੇ ਬਹੁਤ ਸੁਖਾਲਾ ਸਾਈਕਲ!
ਮੇਰਾ ਬੜਾ………………!

ਬਿਨਾਂ ਬਰੇਕੋਂ-
ਇਹ ਨਾ ਖੜ੍ਹਦਾ।
ਨਾਲੀ ਦੇ ਵਿੱਚ-
ਜਾ ਕੇ ਵੜਦਾ।
ਚਮਕੇ ਕਾਲਾ-ਕਾਲਾ ਸਾਈਕਲ!
ਮੇਰਾ ਬੜਾ………………!

ਪਹੀਏ ਇਹਦੇ-
ਸੁਹਣੇ ਜਾਪਣ।
ਟੱਲੀ ਇਹਦੀ-
ਟਣ-ਟਨਾ-ਟਣ।
ਲਾ ਕੇ ਰੱਖਾਂ ਤਾਲਾ ਸਾਈਕਲ!
ਮੇਰਾ ਬੜਾ………………!

ਮੇਰਾ ਇਹੇ-
ਖਿਡੌਣਾ ਸਾਈਕਲ।
ਮੇਰੇ ਵਰਗਾ-
ਬੌਣਾ ਸਾਈਕਲ।
ਮੇਰਾ ਸੁਹਣਾ ਬਾਹਲਾ ਸਾਈਕਲ!
ਮੇਰਾ ਬੜਾ………………!

23. ਸਪੇਰਾ ਜੋਗੀ

ਇੱਕ ਸਪੇਰਾ ਬੀਨ ਵਜਾਉਂਦਾ।
ਸਾਡੇ ਪਿੰਡ ਬਹੋਨੇ ਆਉਂਦਾ।
ਮੋਢਿਆਂ ਉੱਤੇ ਵਹਿੰਗੀ ਚੁੱਕੀ।
ਹੋਇਆ ਹੁੰਦਾ ਮੁੜਕੋ-ਮੁੜਕੀ।
ਬੀਨ ਵਜਾ ਕੇ ਅਲਖ ਜਗਾਉਂਦਾ।
ਡਾਢਾ ਸਾਡੇ ਨੂੰ ਨੂੰ ਭਾਉਂਦਾ।
ਸੁਣਕੇ ਉਸਦੀ ਬੀਨ ਦਾ ਲਹਿਰਾ।
ਹਰਕਤ ਦੇ ਵਿੱਚ ਆਏ ਦੁਪਹਿਰਾ।
ਕੁੜੀਆਂ-ਮੁੰਡੇ ਸ਼ੋਰ ਮਚਾਉਂਦੇ।
'ਹੋ-ਹੋ' ਕਰਕੇ ਭੱਜੇ ਆਉਂਦੇ।
ਦੂਲਾ ਨੰਗ-ਧੜੰਗਾ ਆਇਆ।
ਫਟਿਆ ਉਸਨੇ ਕੱਛਾ ਪਾਇਆ।
ਪੱਪੂ ਦਾ ਜੂੜਾ ਅੱਧ-ਖੁੱਲ੍ਹਾ।
ਭੱਜਾ ਆਇਆ ਨਾਲੇ ਈ ਤੁੱਲ੍ਹਾ।
ਭੰਬੇ ਕੀ ਜੀਤੀ ਵੀ ਆਈ।
ਨਾਲੇ ਆਈ ਸ਼ਿਮਲੋ ਤਾਈ।
ਸੱਪ ਵੇਖਣ ਨੂੰ ਕਿੰਨੇ ਆਏ।
ਬੱਚੇ-ਬੁੱਢੇ ਚਾਚੇ ਤਾਏ।
ਮਸਤੀ ਵਿੱਚ ਸਪੇਰਾ ਆਇਆ।
ਨਾਗਰਾਜ ਨੂੰ ਓਸ ਬੁਲਾਇਆ।
ਉੱਠ ਜਮੂਰੇ ਮੇਰੇ ਪੁੱਤਾ!
ਵਿੱਚ ਪਟਾਰੀ ਰਹਿ ਨਾ ਸੁੱਤਾ।
ਪੂਰੀ ਖ਼ਲਕਤ ਅੱਗੇ ਆ ਜਾ।
ਆਪਣਾ ਦਰਸ਼ਨ ਦੀਦ ਕਰਾ ਜਾ।
ਬੱਚੇ ਤੈਨੂੰ ਦੇਵਣ ਆਟਾ।
ਆਪਣਾ ਭਰ ਜਾਣਾ ਹੈ ਬਾਟਾ।
ਪੈਸਾ-ਧੇਲਾ ਮਿਲੂ ਰੁਪੱਈਆ।
ਸਭ ਨੂੰ ਦਰਸ਼ਨ ਦੇ ਦੇ ਭਈਆ।
ਖ਼ਲਕਤ ਬਹੁਤ ਦਿਆਲੂ ਭਾਈ।
ਜੋ ਤੇਰੇ ਦਰਸ਼ਨ ਲਈ ਆਈ।
ਕਹਿ ਸਪੇਰਾ ਹੋਇਆ ਨੇੜੇ।
ਉਂਗਲੀ ਨਾਲ ਪਟਾਰੀ ਛੇੜੇ।
ਜਦੋਂ ਪਟਾਰੀ ਦੀ ਛੱਤ ਚੁੱਕੀ।
ਸੱਪ ਨੇ ਕੀਤੀ ਗਰਦਨ ਉੱਚੀ।
ਮਾਰ ਫੁੰਕਾਰਾ ਫੰਨ ਫੈਲਾ ਕੇ।
ਨਿੱਕੇ-ਨਿੱਕੇ ਬਾਲ ਡਰਾ 'ਤੇ।
ਛੇ ਫੁੱਟਾ ਇਹ ਕਾਲਾ ਫਨੀਅਰ।
ਦੇਖ ਏਸ ਨੂੰ ਲਗਦਾ ਹੈ ਡਰ।
ਮਸਤ ਬੀਨ ਦੀ ਧੁਨ ਵਿੱਚ ਭਾਉਂਦਾ।
ਆਪ-ਮੁਹਾਰੇ ਡੰਗ ਚਲਾਉਂਦਾ।
ਭਾਈ ਨੇ ਉਸਨੂੰ ਸਮਝਾਇਆ।
ਬੱਚਾ ਕਾਹਤੋਂ ਡੰਗ ਚਲਾਇਆ ?
ਨਾ ਲੱਗਾ ਜੋਗੀ ਦੇ ਆਖੇ।
ਫਨੀਅਰ ਬਹੁਤ ਗੁਸੈਲਾ ਝਾਕੇ।
ਜੋਗੀ ਨੇ ਇੱਕ ਦਬਕਾ ਲਾਇਆ।
ਫੜ੍ਹ ਕੇ ਵਿੱਚ ਪਟਾਰੀ ਪਾਇਆ।
ਕਾਲਾ ਸ਼ਿਆਹ ਇਹ ਨਾਗ ਦੇਵਤਾ।
ਮੁੜ-ਘਿੜ ਡੱਕ ਪਟਾਰੀ ਦਿੱਤਾ।
ਵੇਖ ਲਈ ਜਦ ਖੇਡ ਪਿਆਰੀ।
ਬੱਚਿਆਂ ਝੱਟ ਦੁੜੰਗੀ ਮਾਰੀ।
ਨਿੱਕੇ-ਵੱਡੇ ਸਾਰੇ ਬੱਚੇ।
ਆਪੋ-ਆਪਣੇ ਘਰਾਂ ਨੂੰ ਭੱਜੇ।
ਕੌਲੀਆਂ ਭਰ-ਭਰ ਖੜਿਆ ਆਟਾ।
ਸੱਪ ਵਾਲੇ ਦਾ ਭਰਿਆ ਬਾਟਾ।
ਕੁਝ ਰੁਪੱਈਏ ਵੱਡਿਆਂ ਦਿੱਤੇ।
ਕੁਝ ਕੁ ਬਾਲ ਲਿਆਏ ਸਿੱਕੇ।
ਜੋਗੀ ਹਰ ਸ਼ੈ 'ਕੱਠੀ ਕਰ ਲਈ।
ਆਪਣੀ ਵੱਡੀ ਬਗਲੀ ਭਰ ਲਈ।
ਫੇਰ ਸਪੇਰੇ ਚੁੱਕ ਪਟਾਰੀ।
'ਗਾਂਹ ਜਾਣ ਦੀ ਕਰੀ ਤਿਆਰੀ।
ਪੁੱਜਾ ਹੋਰ ਕਿਸੇ ਬਸਤੀ ਵਿੱਚ।
ਬੀਨ ਵਜਾਉਂਦਾ ਉਹ ਮਸਤੀ ਵਿੱਚ।

24. ਮਾਂ

ਮੇਰੀ ਲਾਡ ਲਡਾਵੇ ਮਾਂ।
ਚੂਰੀ ਕੁੱਟ ਖੁਆਵੇ ਮਾਂ।
ਜਦੋਂ ਸਕੂਲੋਂ ਪੜ੍ਹ ਕੇ ਆਵਾਂ,
ਫੁੱਲ ਤਰ੍ਹਾਂ ਖਿੜ ਜਾਵੇ ਮਾਂ।
ਰੋਜ਼ ਰਾਤ ਨੂੰ ਸੌਣੋ ਪਹਿਲਾਂ,
ਸੁਹਣੀ ਬਾਤ ਸੁਣਾਵੇ ਮਾਂ।
ਅੰਮ੍ਰਿਤ ਵੇਲੇ-'ਉੱਠੋ ਪੁੱਤਰ!'
ਕਹਿ ਕੇ ਰੋਜ਼ ਜਗਾਵੇ ਮਾਂ।
'ਪੁੱਤਰ ਮੇਰਾ ਬੜਾ ਸਿਆਣਾ!'
ਮੈਨੂੰ ਕਹਿ ਵਡਿਆਵੇ ਮਾਂ।
ਹੋ ਜਾਵੇ ਜੇ ਅੱਖੋਂ ਉਹਲੇ,
ਡਾਢੀ ਹੀ ਚੇਤੇ ਆਵੇ ਮਾਂ।
ਮਿਲੇ ਸਕੂਲੋਂ ਹੌਮ-ਵਰਕ ਜੋ,
ਦੱਸ-ਦੱਸ ਕੇ ਕਰਵਾਵੇ।
ਪੜ੍ਹਨ ਤੋਂ ਮਗਰੋਂ ਖੇਲਣ ਜਾਣਾ,
ਚੇਤੇ ਰੋਜ਼ ਕਰਾਵੇ ਮਾਂ।
ਰੱਬ ਦੁਆਰੇ ਮੱਥਾ ਟੇਕਣ,
ਮੇਰੀ ਸੁੱਖ ਲਈ ਜਾਵੇ ਮਾਂ।
ਪੜ੍ਹ ਲਿਖ ਕੇ ਮੈਂ ਬਣਜਾਂ ਅਫ਼ਸਰ,
ਇਹੀਓ ਸੁੱਖ ਮਨਾਵੇ ਮਾਂ।
ਮਿੱਤਰਾਂ ਦੇ ਸੰਗ ਲੜਿਆ ਨਾ ਕਰ,
ਬਾਰ-ਬਾਰ ਸਮਝਾਵੇ ਮਾਂ।
ਪੁੱਤਰ ਬੋਲੋ ਸੱਚ ਹਮੇਸ਼ਾ,
ਇਹੀਓ ਗੱਲ ਸਿਖਾਵੇ ਮਾਂ।
ਜੇ ਹੋ ਜਾਵਾਂ ਢਿੱਲਾ-ਮੱਠਾ,
ਡਾਕਟਰ ਝੱਟ ਬੁਲਾਵੇ ਮਾਂ।
ਰਾਤੀ ਮੈਨੂੰ ਨੀਂਦ ਨਾ ਆਵੇ,
ਲੋਰੀ ਆਖ ਸੁਲਾਵੇ ਮਾਂ।
ਜੇ ਮੈਥੋਂ ਕੋਈ ਭੁੱਲ ਹੋਵੇ,
ਥੋੜ੍ਹਾ ਜਿਹਾ ਧਮਕਾਵੇ ਮਾਂ।
'ਤੇਰੇ ਬਾਪੂ ਜੀ ਨੂੰ ਦੱਸੂੰ!'
ਕਹਿ ਕੇ ਕਦੇ ਡਰਾਵੇ ਮਾਂ।
ਸੁਰਗਾਂ ਵਿੱਚੋਂ ਕਾਸ਼ ਮੈਂ ਲੋਚਾਂ,
ਮੁੜ ਆਪਣੀ ਮੁੜ ਆਵੇ ਮਾਂ।

25. ਬਾਪੂ

ਸਾਦ-ਮੁਰਾਦਾ ਰੋਬਦਾਰ।
ਬਾਪੂ ਸਾਡਾ ਹੈ ਸਰਦਾਰ।
ਖੁਲ੍ਹੀ ਦਾਹੜੀ ਬੰਨ੍ਹੇ ਪੱਗ,
ਜਾਪੇ ਬਾਪੂ ਬਹੁਤ ਸਲੱਗ।
ਸਾਊ ਅਤੇ ਸਿਆਣਾ ਬਾਪੂ,
ਅੱਸੀ ਸਾਲ ਪੁਰਾਣਾ ਬਾਪੂ।
ਚਾਰ ਵਜੇ ਉੱਠ ਜਾਂਦਾ ਬਾਪੂ,
ਉੱਠ ਕੇ ਫੇਰ ਨਹਾਂਦਾ ਬਾਪੂ।
ਸੋਹਣੇ ਧੋਤੇ ਕੱਪੜੇ ਪਾ ਕੇ,
ਹੱਥਾਂ ਦੇ ਵਿੱਚ ਸੋਟੀ ਚਾ ਕੇ,
ਨਿਕਲ ਸੈਰ ਲਈ ਜਾਂਦਾ ਬਾਪੂ,
ਸੱਤ ਵਜੇ ਮੁੜ ਆਂਦਾ ਬਾਪੂ।
ਆ ਕੇ ਮੰਗੇ ਚਾਹ ਦਾ ਕੱਪ,
ਨਾਲੇ ਕੋਈ ਸੁਣਾਵੇ ਗੱਪ।
ਗੱਪ ਸੁਣਾ ਕੇ ਹੱਸੇ ਬਾਪੂ,
ਸਾਡੇ ਦਿਲ ਵਿੱਚ ਵੱਸੇ ਬਾਪੂ।
ਸੱਦ ਕੇ ਸਾਨੂੰ ਕੋਲ ਬਿਠਾਵੇ,
ਬਚਪਨ ਆਪਣਾ ਆਖ ਸੁਣਾਵੇ।
ਬਚਪਨ ਦੀ ਕੋਈ ਗੱਲ ਸੁਣਾ ਕੇ,
ਹੱਸੇ ਬਾਪੂ ਤਾੜੀ ਲਾ ਕੇ।
ਮੁੰਡਾ-ਖੁੰਡਾ ਮੈਂ ਹੁੰਦਾ ਸੀ,
ਸਾਡੇ ਵੇਲੇ 'ਐਂ' ਹੁੰਦਾ ਸੀ।
ਸਾਦ-ਮੁਰਾਦਾ ਜੀਵਨ ਜੀਂਦੇ,
ਮੋਟਾ-ਠੁੱਲ੍ਹਾ ਖਾਂਦੇ ਪੀਦੇ।
ਪਿੱਪਲਾਂ-ਬੋਹੜਾਂ-ਛੱਪੜਾਂ ਉੱਤੇ,
'ਕੱਠੇ ਹੁੰਦੇ ਗਰਮੀ ਰੁੱਤੇ।
ਕਿੱਸੇ ਅਤੇ ਕਿਤਾਬਾਂ ਪੜ੍ਹਦੇ,
ਪਰ ਨਾ ਹੱਥ ਸ਼ਰਾਬਾਂ ਫੜ੍ਹਦੇ।
ਗੱਲਾਂ ਬਹੁਤ ਸੁਣਾਉਂਦਾ ਬਾਪੂ,
ਸਾਡਾ ਚਿੱਤ ਪਰਚਾਉਂਦਾ ਬਾਪੂ।
ਕਦੇ-ਕਦੇ ਹੋ ਜਾਏ ਨਾਸ਼ਾਦ,
ਬੇਬੇ ਜੀ ਨੂੰ ਕਰਕੇ ਯਾਦ।
ਜਦ ਵੀ ਬੇਬੇ ਚੇਤੇ ਆਉਂਦੀ,
ਬਾਪੂ ਜੀ ਨੂੰ ਖੂਬ ਰਵਾਉਂਦੀ।
ਚੱਲ ਪੈਣ ਬੇਬੇ ਦੀਆਂ ਗੱਲਾਂ,
ਅੱਖਾਂ ਵਿੱਚੋਂ ਛਲਕਣ ਛੱਲਾਂ।
ਐਸਾ ਨਰਵਸ ਹੋਵੇ ਬਾਪੂ,
ਭਰ-ਭਰ ਅੱਖਾਂ ਰੋਵੇ ਬਾਪੂ।
ਮਾਰ ਚੌਕੜੀ ਬਹਿੰਦਾ ਬਾਪੂ,
'ਵਾਹਿਗੁਰੂ-ਵਾਹਿਗੁਰੂ'ਕਹਿੰਦਾ ਬਾਪੂ।
ਨਸ਼ਿਆਂ ਕੋਲੋਂ ਕੋਹਾਂ ਦੂਰ,
ਭਗਤੀ ਰੰਗ 'ਚ ਰਹਿੰਦਾ ਚੂਰ।
ਸ਼ਾਦ-ਮੁਰਾਦਾ ਖਾਣਾ ਖਾਂਦਾ,
ਬਿਨ ਦੰਦਾਂ ਤੋਂ ਖੂਬ ਚਬਾਂਦਾ।
ਅਜੇ ਵੀ ਅੱਖਾਂ ਤੇਜ-ਤਰਾਰ,
ਧੁੱਪੇ ਬਹਿ ਪੜ੍ਹਦਾ ਅਖਬਾਰ।
ਦੀਨ ਦੁਨੀ ਦਾ ਪੜ੍ਹ ਕੇ ਹਾਲ,
ਬਾਪੂ ਹੁੰਦਾ ਬਹੁਤ ਬੇ-ਹਾਲ।
ਕੱਢਕੇ ਬੁਰਿਆਂ ਨੂੰ ਇੱਕ ਗਾਲ੍ਹ,
ਫਿਰ ਹੋ ਜਾਂਦਾ ਜ਼ਰਾ ਨਿਢਾਲ।
ਹੌਲੀ-ਹੌਲੀ ਉੱਠੇ ਬਾਪੂ,
ਪਾਣੀ-ਧਾਣੀ ਮੰਗੇ ਬਾਪੂ।
ਇਸ ਤੋਂ ਪਿੱਛੋਂ ਠੋਰਾ-ਠਾਰੀ,
ਘਰ ਦੇ ਜਾਂਦਾ ਕੰਮ ਸਵਾਰੀ।
ਵਿਹਲਾ ਨਹੀਓਂ ਬਹਿੰਦਾ ਬਾਪੂ,
ਕੁਝ ਕਰਦਾ ਹੀ ਰਹਿੰਦਾ ਬਾਪੂ।
ਰੱਬ ਅੱਗੇ ਸਾਡੀ ਅਰਦਾਸ,
ਨਾ ਹੋਵੇ ਇਹ ਕਦੇ ਉਦਾਸ।
ਨਾ ਹੀ ਹੋਵੇ ਕਦੇ ਬੀਮਾਰ,
ਕਰਦਾ ਸਾਨੂੰ ਰਵ੍ਹੇ ਪਿਆਰ।
ਇਸ ਦੀ ਉਮਰ ਅਗੰਮੀ ਹੋਵੇ,
ਸੌ ਵਰ੍ਹਿਆਂ ਤੋਂ ਲੰਮੀ ਹੋਵੇ।

26. ਦਾਦੀ ਮਾਂ

'ਪੁੱਤ-ਪੁੱਤ' ਆਖ ਕੇ ਬੁਲਾਉਂਦੀ ਹੁੰਦੀ ਸੀ।
ਦਾਦੀ ਮਾਂ ਕਹਾਣੀਆਂ ਸੁਣਾਉਂਦੀ ਹੁੰਦੀ ਸੀ।

'ਕੱਠੇ ਹੋ ਕੇ ਜਦੋਂ ਜਾ ਉਦਾਲੇ ਬਹਿੰਦੇ ਸਾਂ।
'ਦਾਦੀ ਮਾਂ ਕਹਾਣੀ ?'ਅਸੀਂ ਸਾਰੇ ਕਹਿੰਦੇ ਸਾਂ।
ਕਥਾ ਉਹ ਲਮੇਰੀ ਜਿਹੀ ਛੋਂਹਦੀ ਹੁੰਦੀ ਸੀ,
ਦਾਦੀ ਮਾਂ ਕਹਾਣੀਆਂ……………!

ਪਰੀਆਂ ਦੀ ਗਾਥਾ ਕਦੇ ਰਾਜੇ-ਰਾਣੀ ਦੀ।
ਕਦੇ-ਕਦੇ ਅੱਗ ਦੀ ਤੇ ਕਦੇ ਪਾਣੀ ਦੀ।
ਬਾਤ ਕਦੇ ਭੂਤਾਂ ਦੀ ਵੀ ਪਾਉਂਦੀ ਹੁੰਦੀ ਸੀ,
ਦਾਦੀ ਮਾਂ ਕਹਾਣੀਆਂ……………!

ਕਹਾਣੀਆਂ ਸੁਣਾ ਕੇ ਹੁਸ਼ਿਆਰ ਕਰਦੀ।
ਬੱਚਿਆਂ ਨੂੰ ਬਹੁਤ ਸੀ ਪਿਆਰ ਕਰਦੀ।
ਸਦਾ ਸੱਚ ਬੋਲਣਾ ਸਿਖਾਉਂਦੀ ਹੁੰਦੀ ਸੀ,
ਦਾਦੀ ਮਾਂ ਕਹਾਣੀਆਂ……………!

ਜਦੋਂ ਕਦੇ ਅਸੀਂ ਬੱਚੇ ਸ਼ੋਰ ਕਰਦੇ।
ਦਾਦੀ ਜੀ ਨੂੰ ਤੰਗ ਥੋੜ੍ਹਾ ਹੋਰ ਕਰਦੇ।
ਖੂੰਡੀ ਨਾਲ ਸਾਨੂੰ ਧਮਕਾਉਂਦੀ ਹੁੰਦੀ ਸੀ,
ਦਾਦੀ ਮਾਂ ਕਹਾਣੀਆਂ……………!

ਦਾਦੀ ਮਾਂ ਦਾ ਅਸੀਂ ਸਤਿਕਾਰ ਕਰਦੇ।
ਰੱਬ ਜਿੰਨਾ ਦਾਦੀ ਨੂੰ ਪਿਆਰ ਕਰਦੇ।
ਦਾਦੀ ਸਾਡੇ ਮਨਾ ਤਾਈਂ ਭਾਉਂਦੀ ਹੁੰਦੀ ਸੀ,
ਦਾਦੀ ਮਾਂ ਕਹਾਣੀਆਂ……………!

ਸਾਡੇ ਟੁੱਟੇ ਦਿਲਾਂ ਤਾਈਂ ਫੇਰ ਜੋੜ ਦੇ।
ਹਾੜੇ-ਹਾੜੇ ਰੱਬਾ ਸਾਡੀ ਦਾਦੀ ਮੋੜ ਦੇ।
ਤੇਰੇ ਦਰ ਉੱਤੇ ਦਾਦੀ ਆਉਂਦੀ ਹੁੰਦੀ ਸੀ,
ਦਾਦੀ ਮਾਂ ਕਹਾਣੀਆਂ……………!

27. ਸਾਡੇ ਘਰ

ਸਾਡੇ ਘਰ ਇੱਕ ਕਾਕਾ ਆਇਆ,
ਪੰਕਜ ਇਹਦਾ ਨਾਂ!
ਮਾਰ ਪਚਾਕੇ ਦੁੱਧੂ ਪੀਵੇ,
ਰੋਟੀ ਖਾਵੇ ਨਾ!
ਇਸ ਕਾਕੇ ਨਾਲ ਘਰ ਵਿੱਚ ਸਾਡੇ,
ਰੌਣਕ ਲੱਗੀ ਭਾਰੀ।
ਨਵੇਂ ਪ੍ਰਾਹੁਣੇ ਪੰਕਜ ਨੂੰ ਸਭ,
ਚੁਕਦੇ ਵਾਰੋ-ਵਾਰੀ।
ਰੋਂਦਾ-ਰੋਂਦਾ ਚੁੱਕ ਲੈਣ ਤੇ
ਹੋ ਜੇ ਚੁੱਪ-ਚੁਪਾਂ!
ਸਾਡੇ ਘਰ ਇੱਕ ਕਾਕਾ………………!

ਪਤਾ ਨਹੀਂ ਕਦ ਇਸ ਕਾਕੇ ਦੀ,
ਹੋ ਜਾਏ ਨੀਯਤ ਖੋਟੀ।
ਪੋਤੜਿਆਂ ਵਿੱਚ 'ਛੁਛੂ' ਕਰ ਦਏ,
ਵਿੱਚੇ ਈ ਕਰ ਦਏ ਪੋਟੀ।
ਝੱਟ-ਪੱਟ ਇਹਨੂੰ ਸਾਫ ਕਰਨ ਲਈ,
ਭੱਜੀ ਆਵੇ ਮਾਂ!
ਸਾਡੇ ਘਰ ਇੱਕ ਕਾਕਾ………………!

ਆਪੂੰ ਹੱਸੇ-ਆਪੂੰ ਹੀ ਰੋਵੇ,
ਖੇਡਾਂ ਕਿੰਨੀਆਂ ਕਰਦਾ।
ਜੱਗ-ਜਹਾਨੋ ਬੇ-ਪ੍ਰਵਾਹ ਹੈ,
ਨਹੀਂ ਕਿਸੇ ਤੋਂ ਡਰਦਾ।
ਨਾ ਹੀ ਇਹੇ ਪੜਨ-ਭਿੜਨ ਲਈ,
ਕੱਢੇ ਆਪਣੀ ਬਾਂਹ!
ਸਾਡੇ ਘਰ ਇੱਕ ਕਾਕਾ………………!

ਚੰਡੀਗੜ੍ਹ ਤੋਂ ਭੂਆ ਆਈ,
ਲੈ ਕੇ ਨਵੇਂ ਖਿਡੌਣੇ।
ਲੁਧਿਆਣੇ ਤੋਂ ਮਾਮੀ ਆਈ,
ਕੱਪੜੇ ਲੈ ਕੇ ਸੁਹਣੇ।
ਮਾਸੀ ਝੂਲਾ ਲੈ ਕੇ ਆਈ,
ਤਾਈ ਚਿੜੀਆਂ-ਕਾਂ!
ਸਾਡੇ ਘਰ ਇੱਕ ਕਾਕਾ………………!

ਕਾਕਾ ਸਾਡਾ ਭੂੰਡ-ਪਟਾਕਾ,
ਸਭਨਾ ਤਾਈਂ ਪਿਆਰਾ।
ਇਹਦੀ ਖ਼ਾਤਿਰ ਬੱਚੇ ਲੜਦੇ,
ਕਰਦੇ ਯੁੱਧ ਕਰਾਰਾ।
ਹੋਵੇ ਇਹਦੀ ਉਮਰ ਲਮੇਰੀ,
ਵਾਰੀ-ਸਦਕੇ ਜਾਂ!

28. ਮੇਰੀ ਕੱਟੀ

ਕਾਲੀ-ਸਿਆਹ ਪਰ ਮੱਥਿਓ ਚਿੱਟੀ।
ਸਾਡੀ ਮਹਿੰ ਨੇ ਕੱਟੀ ਦਿੱਤੀ।
ਬੜੀ ਹੀ ਸੁੰਦਰ ਬੜੀ ਪਿਆਰੀ।
ਕਿੱਥੌਂ ਆਈ ਮਾਰ ਉਡਾਰੀ ?
ਪੱਠੇ ਇਹਨੂੰ ਪਾਉਂਦਾ ਹਾਂ ਮੈਂ
ਮਲ-ਮਲ ਖੂਬ ਨਹਾਉਂਦਾ ਹਾਂ ਮੈ।
ਪਰ ਨਾ ਖਾਂਦੀ ਇਹ ਤਾਂ ਪੱਠੇ।
ਆਪਣੀ ਮਾਂ ਦੇ ਦੁੱਧ ਨੂੰ ਨੱਠੇ।
ਬਿਨਾਂ ਪਾਣੀਓ ਬਿਲਕੁੱਲ ਸ਼ੁੱਧ।
ਪੀਂਦੀ ਆਪਣੀ ਮਾਂ ਦਾ ਦੁੱਧ।
ਮੇਰੇ ਨਾਲ ਇਹ ਇਲਤਾਂ ਲੈਂਦੀ।
ਪਰ ਨਾ ਮੈਨੂੰ ਮਾਰਨ ਪੈਂਦੀ।
ਖੁੱਲੀ ਛੱਡ ਦੇਵਾਂ ਤਾਂ ਭੱਜੇ।
ਵਿਹੜੇ ਦੇ ਵਿੱਚ ਗੇੜੇ ਕੱਢੇ।
ਮੰਮੀ ਕਹਿੰਦੀ ਵੱਡੀ ਹੋ ਕੇ।
ਖਾਇਆ ਕਰੂ ਇਹ ਪੱਠੇ ਖੋਹ ਕੇ।
ਹੁਣ ਤਾਂ ਕੇਵਲ ਦੁੱਧ ਹੀ ਪੀਊ।
ਦੁੱਧ ਆਸਰੇ ਹੀ ਇਹ ਜੀਊ।
ਕਰਦਾਂ ਇਸ ਨੂੰ ਬਹੁਤ ਪਿਆਰ।
ਇਹ ਨਾ ਹੋਵੇ ਕਦੇ ਬੀਮਾਰ।

29. ਚੂਹੀ

'ਟੁਕ-ਟੁਕ' ਕਰਦੀ ਬੇ-ਹਿਸਾਬ।
ਹੈ ਇੱਕ ਚੂਹੀ ਬੜੀ ਖਰਾਬ।
ਬੜੀ ਖਰਾਬੀ ਕਰਦੀ ਹੈ ਇਹ।
ਕਿਸੇ ਕੋਲੋਂ ਨਾ ਡਰਦੀ ਹੈ ਇਹ।
ਟੱਪੂੰ-ਟੱਪੂੰ ਕਰਦੀ ਰਹਿੰਦੀ।
ਇੱਕ ਪਲ ਵੀ ਨਾ ਟਿਕ ਕੇ ਬਹਿੰਦੀ।
ਚੜ੍ਹ ਜਾਂਦੀ ਪਰਛੱਤੀ ਉੱਤੇ।
ਉੱਤੋਂ ਸਭ ਕੁਝ ਟੁੱਕ ਕੇ ਸੁੱਟੇ।
ਕੱਪੜੇ-ਲੀੜੇ ਟੁਕਦੀ ਰਹਿੰਦੀ।
ਫਿਰ ਵੀ ਇਹਦੀ ਭੁੱਖ ਨਾ ਲਹਿੰਦੀ।
ਸਾਰਾ ਦਿਨ ਇਹ ਰਹਿੰਦੀ ਚਰਦੀ।
ਅਖਬਾਰਾਂ ਦਾ ਕੁਤਰਾ ਕਰਦੀ।
ਨਵੀਆਂ ਕਰੇ ਖਰਾਬ ਕਿਤਾਬਾਂ।
ਲੈ ਜਾਵੇ ਬੂਟਾਂ 'ਚੋਂ ਜੁਰਾਬਾਂ।
ਵਿੱਚ ਰਸੋਈ ਜਾ ਕੇ ਵੜ ਜਾਏ।
ਸਬਜੀ-ਭਾਜੀ ਜੂਠੀ ਕਰ ਜਾਏ।
ਸੰਗ-ਸ਼ਰਮ ਨਾ ਰੱਤੀ ਕਰਦੀ।
ਮੰਦੇ ਕੰਮ ਕੁਪੱਤੀ ਕਰਦੀ।
ਨਿਰੀ ਚੁੜੇਲ ਹੈ ਚੂਹੀ ਸਾਡੀ।
ਚਹੁੰ ਪਾਸੀਂ ਕਰਦੀ ਬਰਬਾਦੀ।
ਬੂਹੇ ਕੋਲ ਟਰੰਕਾਂ ਪਿੱਛੇ।
ਲੁਕ ਕੇ ਬੈਠੀ ਨਾ ਇਹ ਦਿਸੇ।
ਆਵੇ ਕਿਤੇ ਅੜਿੱਕੇ ਸਾਡੇ।
ਛੱਡ ਕੇ ਆਈਏ ਦੂਰ ਦੁਰਾਡੇ।
ਜਿਸ ਦਿਨ ਇਹਨੂੰ ਫਾਹ ਲੈਣਾ ਹੈ।
ਇਹਨੂੰ ਸਬਕ ਸਿਖਾ ਦੇਣਾ ਹੈ।
ਰੋਟੀ ਦੀ ਇੱਕ ਬੁਰਕੀ ਪਾ ਕੇ।
ਫੜ੍ਹਨੀ ਅਸੀਂ ਕੜਿੱਕੀ ਲਾ ਕੇ।
ਘਰ ਸਾਡਾ ਭਰਪੂਰ ਹੀ ਰੱਖੀਂ।
ਰੱਬਾ ਚੂਹੀ ਦੂਰ ਹੀ ਰੱਖੀਂ।

30. ਮੱਛਰ

ਭੀਂ-ਭੀਂ ਕਰਦਾ ਆਵੇ ਮੱਛਰ।
ਜ਼ਾਲਮ ਡੰਗ ਚਲਾਵੇ ਮੱਛਰ।
ਰਾਤੀ ਸਾਨੂੰ ਸੌਣ ਨਾ ਦੇਵੇ,
ਤੋੜ-ਤੋੜ ਕੇ ਖਾਵੇ ਮੱਛਰ।
ਅੱਲਾ ਜੀ ਨੇ ਖੂਬ ਬਣਾਇਆ,
ਲੋਕਾਂ ਤਾਈਂ ਸਤਾਵੇ ਮੱਛਰ।
ਮੱਛਰ ਦੀ ਕੀ ਜੂਨ ਭਲਾ ਹੈ!
ਧੁੱਪਾਂ ਵਿੱਚ ਮਰ ਜਾਵੇ ਮੱਛਰ।
ਸਾਰੇ ਇਸ ਨੂੰ ਕੋਹੜੀ ਕਹਿੰਦੇ,
ਸਭ ਤੋਂ ਗਾਹਲਾਂ ਖਾਵੇ ਮੱਛਰ।
ਕੰਨ ਕੋਲ ਆ ਕਰੇ ਮਸ਼ਕਰੀ,
ਮਸ਼ਕਕੀਟ ਕਹਿਲਾਵੇ ਮੱਛਰ।
ਡੰਗ ਏਸ ਦਾ ਬਹੁਤ ਵਿਸ਼ੈਲਾ,
ਤਾਹੀਉਂ ਤਾਪ ਚੜ੍ਹਾਵੇ ਮੱਛਰ।
ਮੱਛਰ ਮਾਰ ਦਵਾਈਆਂ ਉੱਤੇ,
ਖਰਚਾ ਖੂਬ ਕਰਾਵੇ ਮੱਛਰ।
ਰਾਤ ਲਗਾਈ ਗੁੱਡ-ਨਾਈਟ ਨੂੰ,
ਝਾਤ ਆਖ ਮੁੜ ਜਾਵੇ ਮੱਛਰ।
ਇਸ ਬੇਸ਼ਰਮ ਤੋਂ ਬਚੋ ਹਮੇਸ਼ਾ,
ਰੱਤੀ ਸ਼ਰਮ ਨਾ ਖਾਵੇ ਮੱਛਰ।
ਡੰਗ ਚਲਾ ਕੇ ਉੱਡ ਜਾਂਦਾ ਹੈ,
ਕਾਬੂ ਵਿੱਚ ਨਾ ਆਵੇ ਮੱਛਰ।
ਰਹਿਣਾ ਇਸ ਤੋਂ ਦੂਰ ਭਰਾਵੋ,
ਕਿਧਰੇ ਕੱਟ ਨਾ ਜਾਵੇ ਮੱਛਰ।

31. ਬਾਂਦਰ

ਸਾਡੇ ਕੋਠੇ ਆਉਂਦੇ ਬਾਂਦਰ।
ਸਾਨੂੰ ਬੜਾ ਸਤਾਉਂਦੇ ਬਾਂਦਰ।
ਮਾਰ ਦੁੜੰਗੇ ਖੌਰੂੰ ਪਾਉਂਦੇ,
ਰੱਤੀ ਭਰ ਨਾ ਭਾਉਂਦੇ ਬਾਂਦਰ।
ਚੀਜਾਂ ਏਧਰ-ਓਧਰ ਕਰਕੇ,
ਨੇਰ੍ਹੀ ਵਾਂਗ ਖਿਡਾਉਂਦੇ ਬਾਂਦਰ।
ਲੋਕਾਂ ਤਾਈਂ ਵੱਢਣ-ਕੱਟਣ,
ਗੁੰਡੇ ਜਿਹੇ ਕਹਾਉਂਦੇ ਬਾਂਦਰ।
ਸੁਕਣੇ ਪਾਏ ਕੱਪੜੇ-ਲੱਤੇ,
ਪਾੜ ਕੇ ਹੱਥ ਫੜਾਉਂਦੇ ਬਾਂਦਰ।
ਕੜਛੀ-ਕੌਲੀ-ਬਾਟੀ ਫੜ੍ਹ ਕੇ,
ਚੌਧਰ ਖੂਬ ਦਿਖਾਉਂਦੇ ਬਾਂਦਰ।
ਮੀਆਂ-ਬੀਵੀ ਤੱਕੀ ਜਾਂਦੇ,
ਹੱਥਾਂ ਵਿੱਚ ਨਾ ਆਉਂਦੇ ਬਾਂਦਰ।
ਖਾਂਦੇ ਘੱਟ ਉਜਾੜਾ ਬਾਹਲਾ,
ਪਤਾ ਨਹੀਂ ਕੀ ਚਾਹੁੰਦੇ ਬਾਂਦਰ।
ਬੱਚੇ ਡਰ ਕੇ ਛੁਪ ਜਾਂਦੇ ਨੇ,
ਐਨਾ ਖੌਫ਼ ਖਿਡਾਉਂਦੇ ਬਾਂਦਰ।
ਜੀ ਕਰਦਾ ਫੜ੍ਹ ਕੈਦੀ ਕਰੀਏ,
ਪਰ ਨਾ ਕਾਬੂ ਆਉਂਦੇ ਬਾਂਦਰ।
ਜਦ ਵੀ ਇਨ੍ਹਾਂ ਪਿੱਛੇ ਪਈਏ,
ਅੱਖਾਂ ਕੱਢ ਡਰਾਉਂਦੇ ਬਾਂਦਰ।
ਕਰਕੇ ਇਹੇ ਵਾਧੂ ਇਲਤਾਂ,
ਖਲਕਤ ਤਾਈਂ ਰਵਾਉਂਦੇ ਬਾਂਦਰ।

32. ਚੱਲ ਮੇਰੇ ਘੋੜੇ

ਛੁੱਟੀ ਹੈ ਜੀ ਛੁੱਟੀ-
ਅੱਜ ਵਾਹਵਾ ਐਤਵਾਰ ਨੂੰ।
ਚੱਲ ਮੇਰੇ ਘੋੜੇ-

ਚੱਲ ਚੱਲੀਏ ਬਾਜ਼ਾਰ ਨੂੰ।
ਬੜਾ ਸੁਹਣਾ ਲੱਗਦਾ ਏਂ,
ਜਦੋਂ ਏਂ ਤੂੰ ਭੱਜਦਾ।
ਤੇਰੇ ਉੱਤੇ ਬੈਠ-ਬੈਠ,
ਮੈਂ ਨਹੀਉਂ ਰੱਜਦਾ।
ਛੱਡ ਜਾਵੇਂ ਪਿੱਛੇ-
ਸਾਰੇ ਘੋੜਿਆਂ ਦੀ ਧਾੜ ਨੂੰ,
ਚੱਲ ਮੇਰੇ ਘੋੜੇ…………!

ਜਾ ਕੇ ਬਾਜ਼ਾਰ-
ਤੈਨੂੰ ਚੀਜੀਆਂ ਖਵਾਊਂਗਾ।
ਨਵੇਂ ਹੀ ਨਜ਼ਾਰੇ-
ਤੈਨੂੰ ਉੱਥੇ ਮੈ ਦਿਖਾਊਂਗਾ।
ਤੈਨੂੰ ਮੈਂ ਵਿਖਾਊਂ-
ਉੱਥੇ ਕਾਰਾਂ ਦੀ ਕਤਾਰ ਨੂੰ,
ਚੱਲ ਮੇਰੇ ਘੋੜੇ…………!

ਨਵੀਂ ਤਾਜੀ ਖਬਰ ਕੋਈ,
ਪੜ੍ਹ ਕੇ ਸੁਣਾਵਾਂਗਾ।
ਤੇਰੇ ਉੱਤੇ ਬੈਠ ਕੇ ਮੈਂ
ਗੀਤ ਮਿੱਠੇ ਗਾਵਾਂਗਾ।
ਜਾ ਕੇ ਸਟਾਲ ਤੋਂ-
ਖਰੀਦੂੰ ਅਖ਼ਬਾਰ ਨੂੰ,
ਚੱਲ ਮੇਰੇ ਘੋੜੇ…………!

ਚੱਲ ਮੇਰੇ ਘੋੜਿਆ ਵੇ,
ਮੇਰਿਆ ਖਿਡਾਉਣਿਆਂ।
ਮੰਮੀ ਲੈ ਕੇ ਆਈ ਸੀ
ਬਾਜ਼ਾਰੋਂ ਤੈਨੂੰ ਸੁਹਣਿਆਂ।
ਖੁਸ਼ ਹੋਵਾਂ ਵੇਖ ਤੇਰੇ-
ਰੂਪ ਤੇ ਅਕਾਰ ਨੂੰ,
ਚੱਲ ਮੇਰੇ ਘੋੜੇ…………!

ਮਿੱਤਰਾਂ ਦੀ ਢਾਣੀ ਵਿੱਚ,
ਤੈਨੂੰ ਮੈਂ ਵਿਖਾਵਾਂਗਾ।
ਤੇਰੇ ਉੱਤੋਂ ਪਿਆਰਿਆ ਮੈਂ,
ਵਾਰੀ-ਵਾਰੀ ਜਾਵਾਂਗਾ।
ਸਾਰੇ 'ਕੱਠੇ ਹੋ ਕੇ ਆਪਾਂ-
ਮਾਣਾਂਗੇ ਪਿਆਰ ਨੂੰ,
ਚੱਲ ਮੇਰੇ ਘੋੜੇ…………!

33. ਚਿੜੀਆਂ

ਸਾਡੇ ਘਰ ਵਿੱਚ ਆਵਣ ਚਿੜੀਆਂ।
ਨੱਚਣ ਚਹਿਚਹਾਵਣ ਚਿੜੀਆਂ।

ਮੈਂ ਚਿੜੀਆਂ ਨੂੰ ਚੋਗਾ ਪਾਵਾਂ।
ਪਾਣੀ ਕੌਲੀ ਵਿੱਚ ਪਿਆਵਾਂ।
ਮਾਰ ਦੁੜੰਗੇ ਆਵਣ ਚਿੜੀਆਂ,
ਸਾਡੇ ਘਰ ਵਿੱਚ…………!

ਕਣਕ ਬਾਜਰਾ ਚੌਲ ਖੁਆਵਾਂ।
ਭੋਰ-ਭੋਰ ਕੇ ਰੋਟੀ ਪਾਵਾਂ।
ਖੁਸ਼ੀ-ਖੁਸ਼ੀ ਨਾਲ ਖਾਵਣ ਚਿੜੀਆਂ,
ਸਾਡੇ ਘਰ ਵਿੱਚ…………!

ਉਡਿਆ-ਉਡਿਆ ਕਾਂ ਵੀ ਆਵੇ।
ਚਿੜੀਆਂ ਦੇ ਉਹ ਦਾਣੇ ਖਾਵੇ।
ਕਾਂ ਤੋਂ ਡਰ ਛੁਪ ਜਾਵਣ ਚਿੜੀਆਂ,
ਸਾਡੇ ਘਰ ਵਿੱਚ…………!

ਕਾਂ ਕਾਣੇ ਨੂੰ ਦੂਰ ਭਜਾਵਾਂ।
ਖਾ ਲਓ ਚਿੜੀਓ 'ਵਾਜ ਲਗਾਵਾਂ।
ਝੱਟ-ਪਟ ਆ ਕੇ ਖਾਵਣ ਚਿੜੀਆਂ,
ਸਾਡੇ ਘਰ ਵਿੱਚ…………!

ਚਹਿਕਣ, ਦਿਲ ਨੂੰ ਠੱਗਣ ਚਿੜੀਆਂ।
ਮੈਨੂੰ ਚੰਗੀਆਂ ਲੱਗਣ ਚਿੜੀਆਂ।
ਮੇਰਾ ਚਿੱਤ ਪਰਚਾਵਣ ਚਿੜੀਆਂ,
ਸਾਡੇ ਘਰ ਵਿੱਚ…………!

ਦਾਣਿਆਂ ਦੇ ਨਾਲ ਚੰਗੂੰ ਡੱਕ ਕੇ।
ਕੌਲੀ ਵਿੱਚੋਂ ਪਾਣੀ ਛਕ ਕੇ।
ਫੁਰ ਕਰਕੇ ਉੱਡ ਜਾਵਣ ਚਿੜੀਆਂ,
ਸਾਡੇ ਘਰ ਵਿੱਚ…………!

34. ਤਿਤਲੀ-ਤਿਤਲੀ

ਤਿਤਲੀ-ਤਿਤਲੀ ਉਡਦੀ ਆ
ਉਡਦੀ ਸਾਡੇ ਬਾਗੀਂ ਆ।
ਬਾਗੀਂ ਫੁੱਲਾਂ ਉੱਤੇ ਬਹਿ,
ਬਹਿ ਕੇ ਸਾਡਾ ਚਿੱਤ ਪਰਚਾਅ!
ਤਿਤਲੀ-ਤਿਤਲੀ…………!

ਤੱਕ-ਤੱਕ ਤੈਨੂੰ ਹੱਸਾਂਗੇ।
ਹੱਸ-ਹੱਸ ਸਭ ਨੂੰ ਦੱਸਾਂਗੇ।
ਸਾਡੇ ਬਾਗੀਂ ਤਿਤਲੀ ਆਈ।
ਖੁਸ਼ੀਆਂ ਦਾ ਭੰਡਾਰ ਲਿਆਈ।
ਲਈਏ ਇਹਦੇ ਦਰਸ਼ਨ ਪਾ,
ਤਿਤਲੀ-ਤਿਤਲੀ…………!

ਤੈਨੂੰ ਨਾ ਕੋਈ ਛੇੜੇਗਾ।
ਨਾ ਤੈਨੂੰ ਕੋਈ ਮਾਰੇਗਾ।
ਨਾ ਹੀ ਤੇਰੇ ਪੰਖ ਪਕੜ ਕੇ,
ਸੂਲੀ ਉੱਤੇ ਚਾੜ੍ਹੇਗਾ।
ਵਾਅਦਾ ਤੇਰੇ ਨਾਲ ਰਿਹਾ,
ਤਿਤਲੀ-ਤਿਤਲੀ…………!

ਤੂੰ ਤਾਂ ਬੜੀ ਸਿਆਣੀ ਏਂ।
ਬਾਗਾਂ ਦੀ ਤੂੰ ਰਾਣੀ ਏਂ।
ਤੇਰੇ ਬਾਝੋਂ ਸਾਡਾ ਬਾਗ।
ਨਾ ਛੇੜੇ ਮਹਿਕਾਂ ਦਾ ਰਾਗ।
ਆ ਬਗੀਆ ਦੀ ਸ਼ਾਨ ਵਧਾ,
ਤਿਤਲੀ-ਤਿਤਲੀ…………!

ਚਿੱਟੇ-ਪੀਲੇ ਅਤੇ ਉਨਾਭੀ।
ਝੂਮੀ ਜਾਂਦੇ ਫੁੱਲ ਗੁਲਾਬੀ।
ਦੇਖਣਗੇ ਜਦ ਤਿਤਲੀ ਆਈ।
ਖੁਸ਼ੀਆਂ ਹਾਸੇ ਮਹਿਕ ਲਿਆਈ।
ਸਭ ਨੇ ਕਹਿਣਾ, "ਵਾਹ ਬਈ ਵਾਹ!"
ਤਿਤਲੀ-ਤਿਤਲੀ…………!

35. ਤਿਤਲੀ

ਤਿਤਲੀ ਰੰਗ-ਬਰੰਗੀ ਹੈ।
ਲਗਦੀ ਕਿੰਨੀ ਚੰਗੀ ਹੈ।
ਬਾਗਾਂ ਦੀ ਇਹ ਰਾਣੀ ਹੈ।
ਇਹ ਤਾਂ ਬੜੀ ਸਿਆਣੀ ਹੈ।
ਫੁਰ-ਫੁਰ ਕਰਕੇ ਉਡਦੀ ਹੈ।
ਖੁਸ਼ੀਆਂ ਖੇੜੇ ਵੰਡਦੀ ਹੈ।
ਫੁੱਲਾਂ ਉੱਤੇ ਬਹਿੰਦੀ ਹੈ।
ਬਾਗਾਂ ਦੇ ਵਿੱਚ ਰਹਿੰਦੀ ਹੈ।
ਇਸ ਨੂੰ ਦੇਖੀ ਜਾਈਏ ਬੱਸ।
ਦੇਖ ਕੇ ਚਿੱਤ ਪਰਚਾਈਏ ਬੱਸ।
ਇਹਨੂੰ ਕਦੇ ਸਤਾਈਏ ਨਾ।
ਫੜ੍ਹ ਡੱਬੀਆਂ ਵਿੱਚ ਪਾਈਏ ਨਾ।

36. ਹਾਥੀ ਦਾਦਾ

ਬੱਚਿਆਂ ਸ਼ੋਰ ਮਚਾਇਆ ਹੈ!
"ਹਾਥੀ ਦਾਦਾ!"
ਹਾਥੀ ਦਾਦਾ ਆਇਆ ਹੈ-
ਹਾਥੀ ਦਾਦਾ………!

ਨਿੱਕੇ-ਵੱਡੇ ਬੱਚੇ ਜੀ।
ਹੋ ਕੇ ਆ ਗਏ 'ਕੱਠੇ ਜੀ।
ਸਭ ਦੇ ਮਨ ਨੂੰ ਭਾਇਆ ਹੈ!
ਹਾਥੀ ਦਾਦਾ………!

ਤੁਰਦਾ-ਤੁਰਦਾ ਖੜ੍ਹਦਾ ਹੈ।
ਠੁਮਕ-ਠੁਮਕ ਪਬ ਧਰਦਾ ਹੈ।
ਪਿੰਡ ਦਾ ਚੱਕਰ ਲਾਇਆ ਹੈ!
ਹਾਥੀ ਦਾਦਾ………!

ਸੰਤਾਂ ਦੀ ਸੰਗ ਟੋਲੀ ਹੈ।
ਮਿੱਠੀ ਸਭ ਦੀ ਬੋਲੀ ਹੈ।
ਘਰ-ਘਰ ਫੇਰਾ ਪਾਇਆ ਹੈ!
ਹਾਥੀ ਦਾਦਾ………!

ਆਟਾ ਅਤੇ ਰੁਪਈਏ ਜੀ।
ਲੈਂਦੇ ਜੋ ਕੁਝ ਲਈਏ ਜੀ।
ਸਭ ਕੁਝ ਝੋਲੀ ਪਾਇਆ ਹੈ!
ਹਾਥੀ ਦਾਦਾ………!

ਬੱਚੇ ਉੱਪਰ ਬਹਿੰਦੇ ਆ।
ਬਹਿ-ਬਹਿ ਝੂਟੇ ਲੈਂਦੇ ਆ।
ਗੀਤ ਖੁਸ਼ੀ ਦਾ ਗਾਇਆ ਹੈ!
ਹਾਥੀ ਦਾਦਾ………!

ਟੱਲੀ "ਟਣ-ਟਣ" ਵੱਜਦੀ ਹੈ।
ਜੀਕੂੰ ਸਭ ਨੂੰ ਸੱਦਦੀ ਹੈ।
ਸਭ ਨੂੰ ਬਾਹਰ ਸਦਾਇਆ ਹੈ!
ਹਾਥੀ ਦਾਦਾ………!

37. ਬਿੱਲੀ ਰਾਣੀ

ਬਿੱਲੀ ਰਾਣੀ-ਬਿੱਲੀ ਰਾਣੀ।
ਬੜੀ ਸਿਆਣੀ-ਬਿੱਲੀ ਰਾਣੀ।

ਮਿਆਊਂ-ਮਿਆਊਂ ਕਹਿੰਦੀ ਹੈ ਇਹ।
ਸਾਡੇ ਘਰ ਵਿੱਚ ਰਹਿੰਦੀ ਹੈ ਇਹ।
ਧੀ-ਧਿਆਣੀ ਬਿੱਲੀ ਰਾਣੀ!

ਮਾਰ ਛੜੱਪਾ ਕੋਠੇ ਚੜ੍ਹਦੀ।
ਕੋਠਿਓਂ ਆ ਕੇ ਅੰਦਰ ਵੜਦੀ।
ਚੂਹੇ ਖਾਣੀ-ਬਿੱਲੀ ਰਾਣੀ!

ਕਾਵਾਂ ਨੂੰ ਇਹ ਟੁੱਟ ਕੇ ਪੈਂਦੀ।
ਚਿੜੀਆਂ ਵੱਲ ਵੀ ਵੇਂਹਦੀ ਰਹਿੰਦੀ।
ਖਸਮਾਂ ਖਾਣੀ-ਬਿੱਲੀ ਰਾਣੀ!

ਚੂਹਿਆਂ ਦੀ ਇਹ ਦੁਸ਼ਮਣ ਵੱਡੀ।
ਬਿੱਲੀਆਂ ਅੱਖਾਂ ਡੱਬ-ਖੜੱਬੀ।
ਬਣੇ ਸਿਪਾਹਣੀ-ਬਿੱਲੀ ਰਾਣੀ!

38. ਕੋਇਲੇ ਨੀ ਤੂੰ

ਕੋਇਲੇ ਨੀ ਤੂੰ ਕੋਇਲੇ ਬੋਲ।
ਮਿੱਠੇ ਅਤੇ ਪਿਆਰੇ ਬੋਲ।
ਬਾਣੀ ਦੇ ਵਿੱਚ ਤੇਰਾ ਨਾਂ।
ਜਾਣੇ ਤੈਨੂੰ ਕੁੱਲ ਜਹਾਂ।
ਬਾਗਾਂ ਦੇ ਵਿੱਚ ਵੱਸੇਂ ਤੂੰ।
ਉੱਡੇਂ ਗਾਵੇਂ ਹੱਸੇ ਤੂੰ।
ਬੋਹੜਾਂ, ਟਾਹਲੀਆਂ, ਪਿੱਪਲਾਂ ਉੱਤੇ।
ਗਾਵੇਂ ਗੀਤ ਤੂੰ ਮਿੱਠੇ-ਮਿੱਠੇ।
ਐਡਾ ਸੁਹਣਾ ਬੋਲਣ ਵਾਲੀ।
ਕੋਇਲੇ ਨੀ ਤੂੰ ਕਾਹਤੋਂ ਕਾਲੀ ?
ਤੂੰ ਕਿਉਂ 'ਕੋਲੇ' ਦੇ ਰੰਗ ਵਾਲੀ।
ਤੂੰ ਕਾਹਤੋਂ ਏਂ ਕਾਲੀ-ਕਾਲੀ ?
'ਕੋਕਿਲ' ਵੀ ਤੇਰਾ ਉੱਪ ਨਾਂ।
ਆ ਤੈਨੂੰ ਗੋਦੀ ਚੁੱਕ ਲਾਂ।
ਕਾਵਾਂ ਨਾਲ ਹੈ ਮਿਲਦੀ ਸੂਰਤ।
ਪਰ ਤੂੰ ਹੈਂ 'ਸਰਗਮ' ਦੀ ਮੂਰਤ।
ਕਾਂ ਲੋਕਾਂ ਤੋਂ ਗਾਹਲਾਂ ਖਾਵੇ।
'ਕਾਂ-ਕਾਂ' ਕਰਕੇ ਲੋਕ ਸਤਾਵੇ।
ਲੋਕ ਦਿਲਾਂ ਵਿੱਚ ਰਾਜ ਕਰੇਂ ਤੂੰ।
ਲੁੱਟ ਲਵੇ ਦਿਲ ਤੇਰੀ ਕੂ-ਕੂ।
ਕਾਲੀ ਹੈਂ ਪਰ ਸਭ ਨੂੰ ਭਾਵੇਂ।
ਹਰ ਇੱਕ ਦੇ ਦਿਲ ਵਿੱਚ ਵੱਸ ਜਾਵੇਂ।

39. ਮਧੂ-ਮੱਖੀ

ਨਿੱਕੀ ਜਿਹੀ ਮਧੂ-ਮੱਖੀ,
ਆਉਂਦੀ ਜਦੋਂ ਚੱਲ ਕੇ।
ਅਸੀਂ ਸਾਰੇ ਬੱਚੇ ਜਾਂਦੇ,
ਕੋਲ ਉਹਦੇ ਰਲ ਕੇ।
"ਮਧੂ-ਮੱਖੀ,
ਮਧੂ-ਮੱਖੀ,
ਤੂੰ ਕਿੱਥੇ ਵੱਸਦੀ ?"
ਅਸੀਂ ਸਾਰੇ ਪੁੱਛਦੇ,
ਤਾਂ ਉਹ ਸਾਨੂੰ ਦੱਸਦੀ।
"ਨਿੰਮੜੀ ਦੇ ਰੁੱਖ ਉੱਤੇ-
ਘਰ ਮੇਰਾ ਛੱਤੜਾ!
ਛੱਤੜਾ ਹੀ ਅਸਾਂ ਨੂੰ ਤਾਂ,
ਬਹੁਤ-ਬਹੁਤ ਅੱਛੜਾ!"
"ਹੁਣੇ ਹੀ ਮੈਂ ਬਾਗਾਂ ਵਿੱਚੋਂ-
ਰਸ ਲੈ ਕੇ ਆਈ ਸਾਂ।
ਹੁਣ ਥੋਡੇ ਨਲਕੇ ਤੋਂ-
ਪਾਣੀ ਲੈਣ ਆਈ ਹਾਂ!"
"ਬਾਗੀਂ ਫਿਰ ਫੁੱਲਾਂ ਵਿੱਚੋਂ,
ਰਸ ਲੈਣ ਜਾਊਂਗੀ।
ਉਹੋ ਰਸ ਆਣ ਕੇ ਮੈਂ
ਸ਼ਹਿਦ 'ਚ ਮਿਲਾਊਂਗੀ!"
ਅਸੀਂ ਕਿਹਾ-"ਬੈਠ,
ਸਾਡੇ ਨਾਲ ਗੱਲਾਂ ਹੋਰ ਕਰ!
ਚਲੀ ਜਾਵੀਂ ਠਹਿਰ ਕੇ ਤੂੰ,
ਜਾਣ ਦਾ ਨਾ ਜੋਰ ਕਰ!"
ਬੋਲੀ ਮਧੂ ਮੱਖੀ-"ਨਹੀਂ ਵਿਹਲ,
ਵਿਹਲੀ ਬਹਿਣ ਦੀ।
ਬੜੀ ਡਾਢੀ ਮੌਜ਼-
ਕੰਮ ਕਰਦੇ ਹੀ ਰਹਿਣ ਦੀ!"

40. ਗਰਮੀ ਆਈ

ਗਰਮੀ ਆਈ-ਗਰਮੀ ਆਈ।
ਕਿੰਨੀ ਭੈੜੀ ਗਰਮੀ ਆਈ।

ਸੂਰਜ ਗੋਲਾ ਅੱਗ ਵਰ੍ਹਾਉਂਦਾ।
ਲੋਕਾਂ ਉੱਤੇ ਕਹਿਰ ਕਮਾਉਂਦਾ।
ਲੋਕੀਂ ਪਾਉਂਦੇ ਹਾਲ-ਦੁਹਾਈ,
ਗਰਮੀ ਆਈ…………!

ਮੱਛਰ ਕੰਨੀਂ ਰਾਗ ਸੁਣਾਉਂਦਾ।
ਫਨੀਅਰ ਵਾਂਗੂੰ ਡੰਗ ਚਲਾਉਂਦਾ।
ਇਸਨੇ ਸਭ ਦੀ ਨੀਂਦ ਉਡਾਈ,
ਗਰਮੀ ਆਈ…………!

ਮਈ-ਜੂਨ-ਜੁਲਾਈ ਕਹਿਰ।
ਗਰਮੀ ਉਗਲੇ ਪੂਰਾ ਜ਼ਹਿਰ।
ਅਗਸਤ ਵੀ ਇਨ੍ਹਾਂ ਦਾ ਹੀ ਭਾਈ,
ਗਰਮੀ ਆਈ…………!

ਠੰਡੇ ਸ਼ਰਬਤ ਮਨ ਨੂੰ ਭਾਉਂਦੇ।
ਕੋਕਾ-ਪੈਪਸੀ ਚੇਤੇ ਆਉਂਦੇ।
ਲੱਸੀ ਦੇ ਵਿੱਚ ਜਾਨ ਸਮਾਈ,
ਗਰਮੀ ਆਈ…………!

ਪਸ਼ੂ-ਪਰਿੰਦੇ ਸਾਰੇ ਜੀਵ।
ਸਭ ਦੀ ਲਮਕੀ ਜਾਵੇ ਜੀਭ।
ਭੰਡਣ ਸਾਰੇ ਰੁੱਤ ਕਸਾਈ,
ਗਰਮੀ ਆਈ…………!

ਬਿਜਲੀ ਲਾਉਂਦੀ ਅੱਖ-ਮਟੱਕਾ।
ਚਲਦਾ-ਚਲਦਾ ਰੁਕਜੇ ਪੱਖਾ।
ਧੱਤ ਤੇਰੇ ਦੀ ਬਿਜਲੀ ਮਾਈ,
ਗਰਮੀ ਆਈ…………!

ਰੁੱਤਾਂ ਵਿੱਚੋਂ ਰੁੱਤ ਕਪੱਤੀ।
ਸਭ ਦੀ ਜਾਵੇ ਮਾਰੀ ਮੱਤੀ।
ਫਿਰ ਵੀ ਕੁਦਰਤ ਰੁੱਤ ਬਣਾਈ,
ਗਰਮੀ ਆਈ…………!

ਪਾਈ ਜਾਵਣ ਸਾੜ ਜ਼ਮੀਨਾ।
ਚੋਂਦਾ ਪਾਣੀ ਵਾਂਗ ਪਸੀਨਾ।
ਲੂਆਂ ਨੇ ਧਰਤੀ ਗਰਮਾਈ,
ਗਰਮੀ ਆਈ…………!

ਚੰਗੇ-ਮੰਦੇ ਸਾਰੇ ਬੰਦੇ।
ਕਰਦੇ ਫਿਰਦੇ ਆਪਣੇ ਧੰਦੇ।
ਭਾਵੇਂ ਗਰਮੀ ਅੱਤ ਮਚਾਈ,
ਗਰਮੀ ਆਈ…………!

41. ਕੌਮੀ ਏਕਤਾ ਦਾ ਗੀਤ

ਹਿੰਦੂ-ਸਿੱਖ-ਈਸਾਈ ਹੋਵੇ,
ਜਾਂ ਕੋਈ ਮੁਸਲਮਾਨ ਹੈ।
ਸਭ ਬੰਦਿਆਂ ਦਾ ਸਾਂਝਾ ਯਾਰੋ-
ਇੱਕੋ ਹੀ ਭਗਵਾਨ ਹੈ।

ਇਹ ਧਰਤੀ ਭਾਰਤ ਦੀ ਯਾਰੋ,
ਗੁਰੂਆਂ ਪੀਰ-ਫਕੀਰਾਂ ਦੀ।
ਇਹ ਧਰਤੀ ਸਭਨਾ ਦੀ ਸਾਂਝੀ,
ਆਸ਼ਕ ਰਾਂਝੇ ਹੀਰਾਂ ਦੀ।
ਇਸ ਧਰਤੀ 'ਤੇ ਰਹਿਣ-ਸਹਿਣ ਦਾ,
ਸਭ ਨੂੰ ਹੱਕ ਸਮਾਨ ਹੈ।

ਤਰ੍ਹਾਂ-ਤਰ੍ਹਾਂ ਦੇ ਫੁੱਲ ਖਿੜੇ ਹਾਂ,
ਭਾਰਤ ਦੀ ਫੁਲਵਾੜੀ ਅੰਦਰ।
ਸਾਂਝੇ ਸਾਡੇ ਗੁਰੂਦੁਆਰੇ,
ਸਾਂਝੇ ਸਾਡੇ ਮਸਜਿਦ ਮੰਦਰ।
ਆਪਾਂ ਸਭ ਨੇ ਸਭ ਧਰਮਾਂ ਦਾ,
ਕਰਨਾ ਬਹੁ ਸਨਮਾਨ ਹੈ।

ਕਿਰਤ ਕਰਨ ਤੇ ਵੰਡ ਛਕਣ ਦਾ,
ਸਭ ਨੂੰ ਹੈ ਅਸੀਂ ਸਬਕ ਸਿਖਾਉਣਾ।
ਇੱਕੋ ਥਾਲੀ ਵਿੱਚ ਟੁੱਕ ਖਾਣਾ,
ਮੇਰ-ਤੇਰ ਨੂੰ ਦੂਰ ਭਜਾਉਣਾ।
ਭੇਦ-ਭਾਵ ਤੇ ਊਚ-ਨੀਚ ਦਾ,
ਛੱਡਣਾ ਨਹੀਂ ਨਿਸ਼ਾਨ ਹੈ।

ਨਹੀਂ ਕਿਸੇ ਨੂੰ ਚੁਭਵੀਂ ਕਹਿਣੀ,
ਨਾ ਹੀ ਦੇਣਾ ਮਿਹਣਾ ਹੈ।
ਚਿੱਤਾਂ ਵਿੱਚੋਂ ਕੱਢਕੇ ਸਾੜੇ,
ਇੱਕ-ਮੁੱਠ ਹੋ ਕੇ ਰਹਿਣਾ ਹੈ।
ਨਾ ਕੋ ਬੈਰੀ ਨਹੀਂ ਬੇਗਾਨਾ,
ਗੁਰੂਆਂ ਦਾ ਫ਼ੁਰਮਾਨ ਹੈ।

42. ਮੈਂ ਚਾਹੁੰਦਾ ਹਾਂ

ਮੈਂ ਚਾਹੁੰਦਾ ਹਾਂ ਦੇਸ਼ ਮੇਰੇ ਵਿੱਚ,
ਛਣ-ਛਣ ਕਰਕੇ ਛਣਕਣ ਹਾਸੇ।
ਖੁਸ਼ੀਆਂ ਨੱਚਣ ਚਾਰੇ ਪਾਸੇ।

ਮੇਰਾ ਸੁਹਣਾ ਦੇਸ਼ ਪਿਆਰਾ।
ਚਮਕੇ ਬਣਕੇ ਅੰਬਰ ਤਾਰਾ।
ਵੈਰ-ਵਿਰੋਧ ਨਾ ਉੱਕਾ ਹੋਵੇ।
ਨਫ਼ਰਤ ਦਾ ਬੀ ਮੁੱਕਾ ਹੋਵੇ।
ਨਾ ਹੋਵੇ ਧਰਮਾਂ ਦੀ ਆੜ।
ਜੋ ਦਿੰਦੀ ਮਨੁੱਖਤਾ ਨੂੰ ਪਾੜ।
ਦੇਸ਼ ਮੇਰੇ ਦੇ ਨੰਨ੍ਹੇ ਬਾਲ।
ਨਾ ਵਿਲਕਣ ਭੁੱਖ-ਦੁੱਖ ਦੇ ਨਾਲ।
ਨਾ ਹੋਵੇ ਕੋਈ ਐੇਟਮ ਬੰਬ।
ਜਿਸ ਤੋਂ ਜਾਂਦੀ ਦੁਨੀਆਂ ਕੰਬ।
ਅਮਨ ਦਾ ਹੋਵੇ ਇੱਥੇ ਰਾਜ।
ਮੁੱਕ ਜਾਵਣ ਸਾਰੇ ਜੰਗਬਾਜ਼।
ਨਾ ਕੋਈ ਇੱਥੇ ਲੋਟੂ ਵੱਸੇ।
ਨਾ ਦੁਨੀਆਂ ਨੂੰ ਲੁਟ-ਲੁਟ ਹੱਸੇ।
ਕਿਰਤੀ ਕਾਮੇ ਸਾਰੇ ਹੋਵਣ।
ਇੱਕ-ਦੂਜੇ ਨੂੰ ਪਿਆਰੇ ਹੋਵਣ।
ਪਿਆਰ ਪਸਰ ਜਾਏ ਚਹੁੰ ਪਾਸੇ।
ਛਣ-ਛਣ ਕਰਕੇ ਛਣਕਣ ਹਾਸੇ।
ਮੈਂ ਚਾਹੁੰਦਾ ਹਾਂ ਦੇਸ਼ ਮੇਰੇ ਵਿੱਚ,
ਹੋਣ ਨਾ ਲੋਕੀਂ ਕਦੇ ਉਦਾਸੇ!
ਖੁਸ਼ੀਆਂ ਨੱਚਣ ਚਾਰੇ ਪਾਸੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਓਮਕਾਰ ਸੂਦ ਬਹੋਨਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ