Chambe Di Khushbo : Shiv Kumar Batalvi
ਚੰਬੇ ਦੀ ਖ਼ੁਸ਼ਬੋ : ਸ਼ਿਵ ਕੁਮਾਰ ਬਟਾਲਵੀ
ਸੱਜਣ ਜੀ
ਮੈਂ ਚੰਬੇ ਦੀ ਖ਼ੁਸ਼ਬੋ
ਇਕ ਦੋ ਚੁੰਮਣ ਹੋਰ ਹੰਢਾ
ਅਸਾਂ ਉੱਡ ਪੁੱਡ ਜਾਣਾ ਹੋ
ਸੱਜਣ ਜੀ
ਮੈਂ ਚੰਬੇ ਦੀ ਖ਼ੁਸ਼ਬੋ ।
ਧੀ ਬਗ਼ਾਨੀ ਮੈਂ ਪਰਦੇਸਣ
ਟੁਰ ਤੈਂਡੇ ਦਰ ਆਈ
ਸੈਆਂ ਕੋਹ ਮੇਰੇ ਪੈਰੀਂ ਪੈਂਡਾ
ਭੁੱਖੀ ਤੇ ਤਿਰਹਾਈ
ਟੁਰਦੇ ਟੁਰਦੇ ਸੱਜਣ ਜੀ
ਸਾਨੂੰ ਗਿਆ ਕੁਵੇਲਾ ਹੋ
ਸੱਜਣ ਜੀ
ਮੈਂ ਚੰਬੇ ਦੀ ਖ਼ੁਸ਼ਬੋ ।
ਸੱਜਣ ਜੀ
ਅਸਾਂ ਮੰਨਿਆਂ ਕਿ
ਹਰ ਸਾਹ ਹੁੰਦਾ ਹੈ ਕੋਸਾ
ਪਰ ਹਰ ਸਾਹ ਨਾ ਚੁੰਮਣ ਬਣਦਾ
ਨਾ ਹਰ ਚੁੰਮਣ ਹਉਕਾ
ਨਾ ਹਰ ਤੂਤ ਦਾ ਪੱਤਰ ਬਣਦਾ
ਰੇਸ਼ਮ ਦੀ ਤੰਦ ਹੋ ।
ਸੱਜਣ ਜੀ
ਮੈਂ ਚੰਬੇ ਦੀ ਖ਼ੁਸ਼ਬੋ ।
ਸੱਜਣ ਜੀ
ਅਸੀਂ ਚੁੰਮਣ ਦੇ ਗਲ
ਕਿਤ ਬਿਧ ਬਾਹੀਂ ਪਾਈਏ
ਜੇ ਪਾਈਏ ਤਾਂ ਫਜ਼ਰੋਂ ਪਹਿਲਾਂ
ਦੋਵੇਂ ਹੀ ਮਰ ਜਾਈਏ
ਸਮਝ ਨਾ ਆਵੇ
ਚੁੰਮਣ ਮਹਿੰਗਾ
ਜਾਂ ਜਿੰਦ ਮਹਿੰਗੀ ਹੋ ।
ਸੱਜਣ ਜੀ
ਮੈਂ ਚੰਬੇ ਦੀ ਖ਼ੁਸ਼ਬੋ
ਇਕ ਦੋ ਚੁੰਮਣ ਹੋਰ ਹੰਢਾ
ਅਸੀਂ
ਉੱਡ ਪੁੱਡ ਜਾਣਾ ਹੋ ।