Bullha ! Ki Jana Main Kaun ? : Gurbhajan Gill

ਬੁੱਲ੍ਹਾ! ਕੀ ਜਾਣਾਂ ਮੈਂ ਕੌਣ? : ਗੁਰਭਜਨ ਗਿੱਲ

ਮੇਰੇ ਆਸਤਿਕ ਦੋਸਤ ਮੈਨੂੰ ਨਾਸਤਿਕ ਮੰਨਦੇ ਨੇ। ਚਿਮਟੇ ਨਾਲ ਵੀ ਨਹੀਂ ਚੁੱਕਦੇ, ਤੇ ਨਾਸਤਿਕ ਮੈਨੂੰ ਆਸਤਿਕ ਕਹਿੰਦੇ ਨੇ।

ਦੋਵੇਂ ਮੇਰੇ ਆਪਣੇ ਨੇ। ਪੌਣ ਚ ਲੀਕਾਂ ਵਾਹੁਣਾ , ਵੰਡਣਾ ਮੇਰੀ ਆਦਤ ਨਹੀਂ। ਸਾਂਝੀ ਧਰਤੀ ਤੇ ਕਿਆਰੇ ਵੰਡ ਬੰਦਾ ਆਪਣੀਆਂ ਗ਼ਰਜ਼ਾਂ ਲਈ ਪਾਉਂਦਾ ਹੈ। ਖਾਣ ਦਾ ਭੁੱਖਾ। ਕਾਗ਼ਜ਼ੀਂ ਪੱਤਰੀਂ ਜ਼ਮੀਨ ਨੂੰ ਮਾਂ ਕਹਿੰਦਾ ਹੈ, ਪਰ ਮੰਨਦਾ ਨਹੀਂ, ਪਲੀਤ ਕਰਦਾ ਹੈ।

ਇਹੋ ਹਾਲ ਵਿਸ਼ਵਾਸ ਧਾਰੀਆਂ ਦਾ ਹੈ। ਰੱਸਾਕਸ਼ੀ ਵਿੱਚ ਰੱਸੇ ਦੀ ਸ਼ਾਮਤ ਆਈ ਹੋਈ ਹੈ।

ਇਹ ਗੱਲ ਕਿਉਂ ਵਿਸਾਰਦੇ ਹਾਂ ਕਿ ਗਦਰ ਪਾਰਟੀ ਲਹਿਰ ਦੇ ਬਾਨੀਆਂ ਚੋਂ ਪਰਮੁੱਖ ਬਾਬਾ ਵਸਾਖਾ ਸਿੰਘ ਮਗਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਬਣੇ ਸਨ ਜਦ ਕਿ ਪਹਿਲਾਂ ਗਦਰ ਲਹਿਰ ਦੇ ਉਭਾਰ ਵੇਲੇ ਫਰੰਗੀ ਹਕੂਮਤ ਦੇ ਚਾਪਲੂਸ ਸਰਬਰਾਹ ਨੇ ਗਦਰੀ ਬਾਬਿਆਂ ਨੂੰ ਅਸਿੱਖ ਐਲਾਨਿਆ ਸੀ।

ਅਕਾਲੀ ਮੋਰਚਿਆਂ ਦਾ ਟਕਸਾਲੀ ਇਤਿਹਾਸ ਜਦ ਕੱਟੜ ਕਾਮਰੇਡ ਸੋਹਣ ਸਿੰਘ ਜੋਸ਼ ਲਿਖਦਾ ਹੈ ਤਾਂ ਸਾਨੂੰ ਸਮਝ ਕਿਉਂ ਨਹੀਂ ਪੈਂਦੀ ਕਿ ਅਸੀਂ ਸਾਰੇ ਇੱਕੋ ਹਨ੍ਹੇਰ ਖ਼ਾਤੇ ਖ਼ਿਲਾਫ਼ ਲੜ ਰਹੇ ਹਾਂ।

ਚਾਨਣ ਲਈ ਸਿਰਫ਼ ਤੀਲੀ ਕੰਮ ਨਹੀਂ ਆਉਂਦੀ ਮਾਚਸ ਵੀ ਚਾਹੀਦੀ ਹੈ। ਰਗੜ ਚੋਂ ਚਾਨਣ ਨਿਕਲਦਾ ਹੈ।

ਵਕਤ ਵੇਖਦਾ ਰਹਿੰਦਾ ਹੈ ਕਿ ਮੇਰੇ ਸਮਕਾਲੀ ਕੀ ਕਰ ਰਹੇ ਨੇ। ਏਸੇ ਕਰਕੇ ਉਹ ਬਹੁਤ ਫ਼ੈਸਲੇ ਆਪਣੇ ਹੱਥ ਚ ਰੱਖਦਾ ਹੈ। ਸ਼ਿਕਾਰੀ ਜਾਲ ਲਾਉਂਦੇ ਹਨ, ਕਈ ਵਾਰ ਮੱਛੀਆਂ ਨਿੱਕੀਆਂ ਹੋਣ ਕਾਰਨ ਨਿਕਲ ਜਾਂਦੀਆਂ ਹਨ ਤੇ ਡੱਡੂ ਹੀ ਜਾਲ ਚ ਫਸਦੇ ਹਨ। ਟਰੈਂ ਟਰੈਂ ਵਾਲੇ ਮੌਸਮੀ ਡੱਡੂ।

ਸਾਹਿੱਤ ਕਲਾ ਤੇ ਸੱਭਿਆਚਾਰ ਦੇ ਖੇਤਰ ਵਿੱਚ ਵੀ ਕਿਆਰੇ ਵੰਡ ਸਹੀ ਲੋੜ ਦਾ ਘਾਣ ਕਰ ਰਹੀ ਹੈ। ਆਪੋ ਆਪਣੀਆਂ ਭੇਡਾਂ ਤੇ ਆਪੋ ਆਪਣੇ ਰੰਗ ਦੀ ਕੂਚੀ ਫਿਰ ਰਹੀ ਹੈ। ਉੱਨ ਤਾਂ ਸਭਨਾਂ ਦੀ ਲਹਿਣੀ ਹੈ, ਸਮਾਂ ਆਏ ਤੇ। ਉਦੋਂ ਚੀਕਾਂ ਮਾਰਨ ਦਾ ਕੀ ਲਾਭ?

ਇਤਿਹਾਸ ਦੀਆਂ ਕਿਤਾਬਾਂ ਨਾਲੋਂ ਵੱਧ ਮੈਨੂੰ ਸ਼ਾਇਰੀ ਵਿਚਲਾ ਇਤਿਹਾਸ ਵਧੇਰੇ ਸੰਵੇਦਨਾ ਦਿੰਦਾ ਹੈ। ਗੀਤ ਸਾਹਿਤ ਵਿੱਚ ਕਿੰਨਾ ਕੁਝ ਕਰਤਾਰ ਸਿੰਘ ਬਲੱਗਣ, ਗੁਰਦੇਵ ਸਿੰਘ ਮਾਨ, ਨੰਦ ਲਾਲ ਨੂਰਪੁਰੀ, ਵਿਧਾਤਾ ਸਿੰਘ ਤੀਰ ਜੀ ਨੇ ਸਾਨੂੰ ਪੜ੍ਹਾਇਆ ਹੈ।

ਅੱਜ ਸਵੇਰੇ ਵਿਸ਼ਵ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਅਮਰੀਕਾ ਤੋਂ ਸੁਨੇਹਾ ਆਇਆ ਤਾਂ ਮੈਂ ਗੱਲ ਕੀਤੀ।

ਕਹਿਣ ਲੱਗੇ, ਭਾ ਜੀ, ਤੁਸੀਂ ਜਿਹੜੀ ਕਵਿਤਾ ਭੇਜੀ ਸੀ ਅਮਰਜੀਤ ਗੁਰਦਾਸਪੁਰੀ ਜੀ ਦੀ ਗਾਈ ਹੋਈ 'ਸਿੰਘਾ ਜੇ ਚੱਲਿਓਂ ਸਰਹੰਦ'

ਉਹ ਮੈਂ ਚੰਗੇ ਸਿਆਣਿਆਂ ਦੀ ਸੰਗਤ ਚ ਸੁਣਾਈ ਤਾਂ ਬਹੁਤੇ ਬੋਲੇ, ਅਸਾਂ ਤੇ ਕਦੇ ਸੁਣੀਂ ਨਹੀਂ।

ਮੈਂ ਕਿਹਾ ਕਿ ਬਲੱਗਣ ਜੀ ਦੀ ਇੱਕ ਹੋਰ ਕਵਿਤਾ ਭੇਜ ਰਿਹਾਂ, ਇਹ ਵੀ ਅਮਰਜੀਤ ਗੁਰਦਾਸਪੁਰੀ ਜੀ ਹੀ ਗਾਉਂਦੇ ਹੁੰਦੇ ਸਨ। ਕਵਿਤਾ ਏਦਾਂ ਹੈ ਕੁਝ

ਗੀਤ

ਕਰਤਾਰ ਸਿੰਘ ਬਲੱਗਣ

ਠੰਢੇ ਬੁਰਜ ਵਿਚੋਂ ਇੱਕ ਦਿਨ ਦਾਦੀ ਮਾਤਾ,
ਪਈ ਹੱਸ ਹੱਸ ਬੱਚਿਆਂ ਨੂੰ ਤੋਰੇ ।
ਨਾਲੇ ਦੇਵੇ ਪਈ ਤਸੱਲੀਆਂ,
ਮਾਸੂਮਾਂ ਨੂੰ, ਜਿੰਦੇ ਨੀ
ਨਾਲੇ ਵਿੱਚੇ ਵਿਚ ਆਂਦਰਾਂ ਨੂੰ ਖ਼ੋਰੇ ।

ਮੂੰਹੋਂ ਆਖੇ ਮੇਰੇ ਫੁੱਲੋ ਵੇ ਤੁਹਾਨੂੰ,
ਤੱਤੀ ਵਾਅ ਪੱਤਝੜ ਦੀ ਨਾ ਲੱਗੇ ।
ਨਾਲੇ ਚੁੰਮ ਚੁੰਮ ਮੂੰਹ ਮੀਟੇ ਕਲੀਆਂ ਦੇ
ਲਾਵੇ ਮੌਤ ਮਰ ਜਾਣੀ ਦੇ ਪਈ ਅੱਗੇ ।

ਆਖੇ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਓ,
ਪੰਧ ਬਿਖੜੇ 'ਚ ਨਹੀਂ ਜੇ ਘਬਰਾਣਾ ।
ਮਿਲਦਾ ਸਮਾਂ ਨਹੀਂ ਜੇ ਲੱਖੀਂ ਤੇ ਕਰੋੜੀਂ,
ਹੱਥ ਆਇਆ ਹੈ ਤੇ ਇਹਨੂੰ ਨਹੀਂ ਗਵਾਣਾ ।

ਮੇਰੇ ਸੋਹਣੇ ਦਸਮੇਸ਼ ਦਿਓ ਹੀਰਿਓ,
ਮੁੱਲ ਤੇਗਾਂ ਉੱਤੇ ਆਪਣਾ ਪਵਾਣਾ ।
ਚਿੱਟੀ ਉੱਜਲੀ ਹੈ ਪੱਗ ਤੁਹਾਡੇ ਬਾਬੇ ਦੀ,
ਮੇਰੇ ਬੱਚਿਓ ਨਾ ਦਾਗ ਕਿਧਰੇ ਲਾਣਾ ।

ਜੇ ਕੋਈ ਮਾਰੇ ਮੌਤ ਚੰਦਰੀ ਦਾ ਦਾਬਾ,
ਉਹਨੂੰ ਕਹਿਣਾ ਇਹ ਤਾਂ ਸਾਡੇ ਘਰ ਦੀ ਗੋਲੀ ।
ਅਸਾਂ ਬੰਨ੍ਹ ਕੇ ਸ਼ਹੀਦੀਆਂ ਦੇ ਗਾਨੇ,
ਏਸੇ ਮੌਤ ਦੀ ਲਿਆਉਣੀ ਅੱਜ ਡੋਲੀ ।

ਜੇ ਕੋਈ ਫਾਂਸੀ ਵਾਲਾ ਡਰ ਭੈੜਾ ਦੱਸੇ,
ਉਹਨੂੰ ਕਹਿਣਾ ਇਹ ਜ਼ਿੰਦਗੀ ਦੀ ਬੂਟੀ ।
ਇਹ ਪੀਂਘ ਮਨਸੂਰਾਂ ਦੀ ਪੁਰਾਣੀ,
ਸਾਡੇ ਵੱਡਿਆਂ ਨੇ ਲੱਖਾਂ ਵਾਰੀ ਝੂਟੀ

*****

ਮੈਂ ਗਿਆਨੀ ਪਿੰਦਰਪਾਲ ਜੀ ਨੂੰ ਕਹਿਣਾ ਭੁੱਲ ਗਿਆ ਹਾਂ ਕਿ ਕਿਸੇ ਨੂੰ ਇਹ ਪਤਾ ਨਾ ਲੱਗੇ ਕਿ ਗੁਰਦਾਸਪੁਰੀ ਵੀ ਕਾਮਰੇਡ ਸੀ, ਨਹੀਂ ਤਾਂ ਸੁਣਨ ਵਾਲਿਆਂ ਵਾਲਿਆਂ ਗਾ ਮੂੰਹ ਬੇ ਸਵਾਦਾ ਹੋ ਜਾਣਾ ਹੈ।

ਸਾਂਝੀ ਧਰਤੀ ਦੇ ਜਾਬਰਾਂ ਵੱਲੋਂ ਪਾਏ ਬੰਧਨ ਕੱਟਣ ਲਈ ਕਦੋਂ ਇਕੱਤਰ ਹੋ ਕੇ ਦੁਬਿਧਾ ਮੁਕਤ ਹੋਵਾਂਗੇ, ਉਸ ਦਿਨ ਦੀ ਉਡੀਕ ਹੈ।
ਸਵੇਰ ਸਾਰ ਆਸਾ ਜੀ ਦੀ ਵਾਰ ਸੁਣਨ ਤੋਂ ਮੈਨੂੰ ਨਾ ਆਸਤਿਕ ਰੋਕ ਸਕਦੇ ਨੇ ਨਾ ਨਾਸਤਿਕ!
ਰੂਹ ਦੇ ਮੇਲੇ ਵਿੱਚ ਸਭ ਰੰਗ ਲੋੜੀਂਦੇ ਨੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ