ਬੁੱਲ੍ਹਾ ਮਣੀ ਸਾਂਪਲਾ ਦਾ ਅਸਲ ਨਾਮ ਸੰਦੀਪ ਕੁਮਾਰ ਸਾਂਪਲਾ ਹੈ, ਇਹ ਸਾਹਿਤਕ ਨਾਮ ਸੰਦੀਪ ਕੁਮਾਰ ਨੂੰ ਉਸਦੇ ਸਾਲਮ ਸਾਥੀਆਂ ਨੇ ਦਿੱਤਾ ਹੈ,
ਤੇ ਸੰਦੀਪ ਕੁਮਾਰ ਸਾਂਪਲਾ ਨੇ ਇਸ ਨਾਮ ਨੂੰ ਸਵੀਕਾਰਿਆ ਵੀ ਹੈ। ਬੁੱਲ੍ਹੇ ਦੇ ਕਾਵਿ ਦਾ ਮੁਰੀਦ ਹੋਣ ਕਾਰਨ ਸੰਦੀਪ ਨੂੰ ਬੁੱਲ੍ਹੇ ਸ਼ਾਹ ਦੇ ਕਲਾਮ ਕੰਠ ਸਨ, ਤੇ
ਇਨ੍ਹਾਂ ਕਲਾਮਾਂ ਨੂੰ ਹੀ ਉਹ ਉਚਾਰਦਾ ਰਹਿੰਦਾ ਸੀ। ਇਸੇ ਰੀਤ ਵਿਚੋਂ ਸੰਗੀ ਸਾਥੀਆਂ ਨੇ ਸੰਦੀਪ ਨੂੰ ਇਹ ਨਾਮ ਦਿੱਤਾ। ਬੁੱਲ੍ਹੇ ਮਣੀ ਸਾਂਪਲਾ ਦਾ ਜਨਮ 14/04/1993 ਈ.
ਨੂੰ ਮਾਤਾ ਕਾਂਤਾ ਕੁਮਾਰੀ ਤੇ ਪਿਤਾ ਹਰਬਿਲਾਸ ਦੇ ਘਰ ਪਿੰਡ ਪਰਾਗਪੁਰ ਜਿਲ੍ਹਾ ਜਲੰਧਰ ਦੋਆਬੇ ਦੀ ਧਰਤੀ ’ਤੇ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਹੀ ਸਕੂਲ ਨਿਊ ਲਾਇਟ
ਮਾਡਲ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਦ ਲੇਖਕ ਨੇ ਅਗਲੀ ਵਿਦਿਆ ਸਰਕਾਰੀ ਸਕੂਲ ਡੀ. ਆਰ. ਜੈਨ ਨੈਸ਼ਨਲ ਸਕੂਲ ਤੋਂ ਹਾਸਿਲ ਕੀਤੀ ਸੀ। ਉੱਚ ਕੋਟੀ ਦੀ ਸਿੱਖਿਆ
ਹਾਸਿਲ ਕਰਨ ਲਈ ਲੇਖਕ ਨੇ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਲਵਲੀ ਯੂਨੀਵਰਸਿਟੀ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਚ ਸ਼ਿਰਕਤ ਕੀਤੀ। ਬੀ. ਏ. ਦੇ
ਪੰਜਾਬੀ ਵਿਸ਼ੇ ਵਿਚ ਲੱਗੇ ਲੇਖਕਾਂ ਦੀਆਂ ਰਚਨਾਵਾਂ ਪੜ੍ਹ ਕੇ ਹੀ ਸਾਹਿਤ ਪੜ੍ਹਨ ਦੀ ਚੇਸ਼ਟਾ ਲੱਗੀ ਤੇ ਇੱਥੋਂ ਹੀ ਲੇਖਕ ਦਾ ਕਾਵਿ ਤੁਕਾਂਤ ਦਾ ਦੌਰ ਸ਼ੁਰੂ ਹੋਇਆ। ਸ਼ੁਰੂਆਤੀ ਦੌਰ
ਵਿਚ ਲੇਖਕ ਨੇ ਗੀਤ ਲਿਖਣੇ ਸ਼ੁਰੂ ਕੀਤੇ ਸਨ ਪਰ ਹੌਲੀ ਹੌਲੀ ਸਾਹਿਤ ਦੇ ਪ੍ਰਭਾਵ ਕਾਰਨ ਗੀਤ ਕਦੋਂ ਕਵਿਤਾ ਦਾ ਰੂਪ ਅਖਿਤਿਆਰ ਕਰ ਗਏ ਉਸ ਨੂੰ ਵੀ ਨਾ ਪਤਾ ਲੱਗਾ।
ਫਿਰ ਲੇਖਕ ਨੇ ਸਮਾਜਕ ਵਿਸ਼ਿਆਂ ਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਕਵਿਤਾ ਦੇ ਨਾਲ ਨਾਲ ਲੇਖਕ ਖੋਜ ਦੇ ਨਾਲ ਜੁੜਿਆ ਹੋਇਆ ਸਕਾਲਰ ਵੀ ਹੈ, ਪੰਜਾਬੀ ਦੇ
ਨਾਮਵਰ ਰਸਾਲਿਆ ਵਿਚ ਲੇਖਕ ਦੇ ਖੋਜ ਪੱਤਰ ਛਪਦੇ ਰਹਿੰਦੇ ਹਨ ਤੇ ਲੇਖਕ ਆਪ ਵੀ ਰਣਜੀਤ ਪੰਜਾਬੀ ਰਸਾਲੇ ਦਾ ਸੰਪਾਦਕ ਹੈ ਅਤੇ ਲੇਖਕ ਪੰਜਾਬੀ ਭਾਸ਼ਾ, ਸਾਹਿਤ
ਅਤੇ ਖੋਜ ਨਾਲ ਜੁੜੀਆਂ ਸੰਸਥਾਵਾਂ ਦਾ ਵੀ ਮੈਂਬਰ ਹੈ।
