Bol Ve Mukhon Bol : Shiv Kumar Batalvi

ਬੋਲ ਵੇ ਮੁਖੋਂ ਬੋਲ : ਸ਼ਿਵ ਕੁਮਾਰ ਬਟਾਲਵੀ

ਕੋਈ ਬੋਲ ਵੇ ਮੁਖੋਂ ਬੋਲ
ਸੱਜਣਾ ਸਾਂਵਲਿਆ
ਸਾਡੇ ਸਾਹ ਵਿਚ ਚੇਤਰ ਘੋਲ
ਸੱਜਣਾ ਸਾਂਵਲਿਆ

ਜੇ ਸਾਡੇ ਸਾਹੀਂ ਚੇਤਰ ਘੋਲੇਂ
ਮੈਂ ਹਿਰਨੀ ਬਣ ਜਾਵਾਂ
ਰੂਪ ਤੇਰੇ ਦੇ ਸੰਘਣੇ ਬਾਗੀਂ
ਚੁਗਣ ਸੁਗੰਧੀਆਂ ਆਵਾਂ
ਤੂੰ ਮੈਨੂੰ ਮਾਰੇਂ ਬਾਣ ਬਿਰਹੋਂ ਦੇ
ਮੈਂ ਤੱਤੜੀ ਗਸ਼ ਖਾਵਾਂ
ਲੱਖ ਪਿਆਵੇ ਮੈਂ ਨਾ ਪੀਵਾਂ
ਬੋਲ ਸੁਗੰਧੀਉਂ ਸੋਹਲ
ਸੱਜਣਾ ਸਾਂਵਲਿਆ
ਸਾਡੇ ਸਾਹ ਵਿਚ ਚੇਤਰ ਘੋਲ
ਸੱਜਣਾ ਸਾਂਵਲਿਆ ।

ਜੇ ਸਾਡੇ ਸਾਹੀਂ ਚੇਤਰ ਘੋਲੇਂ
ਮੈਂ ਚਾਨਣ ਬਣ ਜਾਵਾਂ
ਅੱਧੀ ਰਾਤੀਂ ਵਣ ਚੰਨਣ ਦੇ
ਤੈਂਡੀ ਖ਼ਾਤਰ ਗਾਹਵਾਂ
ਮਹਿਕ ਕੁਆਰੀ ਪੈਰੋਂ ਭਾਰੀ
ਤੈਂਡੀ ਸੇਜ ਵਿਛਾਵਾਂ
ਸੁੱਤੇ ਪਏ ਦਾ ਚੁੰਮਣ ਲੈ ਕੇ
ਜਾਵਾਂ ਪਰਤ ਅਡੋਲ
ਸੱਜਣਾ ਸਾਂਵਲਿਆ
ਸਾਡੇ ਸਾਹ ਵਿਚ ਚੇਤਰ ਘੋਲ
ਸੱਜਣਾ ਸਾਂਵਲਿਆ ।

ਜੇ ਸਾਡੇ ਸਾਹੀਂ ਚੇਤਰ ਘੋਲੇਂ
ਮੈਂ ਬਦਲੀ ਬਣ ਜਾਵਾਂ
ਜਿਹੜੇ ਰਾਹੀਂ ਸਾਹ ਤੇਰਾ ਲੰਘੇ
ਉਸ ਰਾਹ 'ਤੇ ਵਰ੍ਹ ਜਾਵਾਂ
ਵੇਦਨ ਦੇ ਖੂਹ ਉਮਰੋਂ ਗਹਿਰੇ
ਗਲ ਗਲ ਭਰਦੀ ਜਾਵਾਂ
ਜਿਹੜੇ ਖੂਹੀਂ ਲੱਜ ਨਾ ਹੁੰਦੀ
ਨਾ ਹੁੰਦੇ ਸੂ ਡੋਲ
ਸੱਜਣਾ ਸਾਂਵਲਿਆ
ਸਾਡੇ ਸਾਹ ਵਿਚ ਚੇਤਰ ਘੋਲ
ਸੱਜਣਾ ਸਾਂਵਲਿਆ ।

ਜੇ ਸਾਡੇ ਸਾਹੀਂ ਚੇਤਰ ਘੋਲੇਂ
ਮੈਂ ਤਿਤਲੀ ਬਣ ਜਾਵਾਂ
ਬੂਰ ਬਿਰਹੋਂ ਦਾ ਅਕਲੋਂ ਮਹਿੰਗਾ
ਦਰ ਦਰ ਵੰਡਣ ਜਾਵਾਂ
ਰੁੱਖ ਬਿਰਹੋਂ ਦਾ ਨਹੁੰਓਂ ਨਿੱਕਾ
ਅਰਬਾਂ ਕੋਹ ਪਰਛਾਵਾਂ
ਇਹ ਰੁੱਖ ਜਿਹਾ ਅਵੱਲੜਾ ਉਗਦਾ
ਐਨ ਕਲੇਜੇ ਕੋਲ
ਸੱਜਣਾ ਸਾਂਵਲਿਆ
ਸਾਡੇ ਸਾਹ ਵਿਚ ਚੇਤਰ ਘੋਲ
ਸੱਜਣਾ ਸਾਂਵਲਿਆ
ਕੋਈ ਬੋਲ ਵੇ ਮੁਖੋਂ ਬੋਲ
ਸੱਜਣਾ ਸਾਂਵਲਿਆ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ