ਬੋਲ ਮਿੱਟੀ ਦਿਆ ਬਾਵਿਆ : ਮਿੱਟੀ ਦੇ ਮੋਹ ਅਤੇ ਫ਼ਿਕਰ ਦੀ ਕਵਿਤਾ-ਸੁਖਦੇਵ ਸਿੰਘ (ਡਾ.)

ਅਜੋਕੇ ਮੰਡੀ ਦੇ ਵਰਤਾਰੇ ਅਤੇ ਉਪਭੋਗਤਾਵਾਦੀ ਸਭਿਆਚਾਰ ਵਿਚ ਜਿਵੇਂ ਆਪਣਾ ਆਪਣਾ ਮਾਲ ਵੇਚਣ ਲਈ ਬਹੁ-ਕੌਮੀ ਕੰਪਨੀਆਂ, ਦੇਸੀ-ਬਦੇਸ਼ੀ ਸਰਮਾਏਦਾਰਾਂ/ਉਤਪਾਦਕਾਂ, ਵਪਾਰਕ ਘਰਾਣਿਆਂ ਅਤੇ ਕਾਰਪੋਰੇਟ ਸੈਕਟਰ ਦੇ ਦਲਾਲਾਂ ਵਿਚ ਬੇਕਿਰਕ ਮੁਕਾਬਲੇ ਦੀ ਹੋੜ ਲੱਗੀ ਹੋਈ ਹੈ, ਠੀਕ ਉਸੇ ਤਰ੍ਹਾਂ ਅੱਜ ਕਲਾ ਦੇ ਖੇਤਰ ਵਿਚ ਵੀ ਝੱਟ-ਪੱਟ ਸਥਾਪਤੀ ਲਈ ਆਪਾ-ਧਾਪੀ ਮੱਚੀ ਹੋਈ ਹੈ । ਪੂੰਜੀਵਾਦ ਨੇ ਸੰਸਾਰ ਨੂੰ ਇਕ ਵਿਸ਼ਾਲ ਖੁੱਲ੍ਹੀ ਮੰਡੀ ਵਿਚ ਬਦਲ ਦਿੱਤਾ ਹੈ । ਵਿਸ਼ਵੀਕਰਣ (Globalization) ਅਤੇ ਉਪਭੋਗਤਾਵਾਦ (Consumerism) ਪੂੰਜੀਵਾਦ ਦੀਆਂ ਲੋੜਾਂ ਹਨ । ਪੂੰਜੀ ਦੇ ਵਿਸਤਾਰ ਲਈ ਸਭ ਨੈਤਿਕ ਮੁੱਲਾਂ, ਅਸੂਲਾਂ ਦੀ ਬਲੀ ਮੰਗਦਾ ਅੰਨ੍ਹਾ ਮੁਕਾਬਲਾ ਮੰਡੀ ਦੇ ਅਰਥਚਾਰੇ ਦਾ ਖਾਸਾ ਹੈ । ਮੰਡੀ ਵਿਚ ਸਭ ਚੀਜ਼ਾਂ, ਕਦਰਾਂ-ਕੀਮਤਾਂ ਅਤੇ ਇਥੋਂ ਤੱਕ ਕਿ ਮਨੁੱਖੀ ਵਰਤ-ਵਿਹਾਰ ਦਾ ਰਿਸ਼ਤਾ ਵੀ ਪੂੰਜੀ ਹੀ ਨਿਸ਼ਚਿਤ ਕਰਦੀ ਹੈ । ਧਰਮ, ਨੈਤਿਕਤਾ, ਗਿਆਨ-ਵਿਗਿਆਨ, ਸੂਚਨਾ, ਤਕਨਾਲੋਜੀ ਅਤੇ ਕਲਾ ਆਦਿ ਸਭ ਨੂੰ ਪੂੰਜੀ ਹੀ ਸੰਚਾਲਿਤ ਕਰਦੀ ਹੈ । ਪੂੰਜੀ ਨਾ ਕੇਵਲ ਮਨੁੱਖੀ ਉਪਜ ਨੂੰ ਹੀ ਨਹੀਂ ਬਲਕਿ ਮਨੁੱਖ ਨੂੰ ਵੀ ਤਜਾਰਤੀ ਵਸਤੂ (Commodity) ਵਿੱਚ ਬਦਲ ਦਿੰਦੀ ਹੈ । ਪੂੰਜੀਵਾਦੀ ਵਿਵਸਥਾ ਵਿਚ, ਜਿੱਥੇ ਮਾਇਆ ਦਾ ਵਾਰਾ-ਪਹਿਰਾ ਹੁੰਦਾ ਹੈ, ਕਲਾ ਵਰਗੀ ਸੂਖਮ ਵਸਤੂ ਵੀ ਮੰਡੀ ਦਾ ਮਾਲ ਬਣ ਜਾਂਦੀ ਹੈ । ਇਉਂ ਮੰਡੀ ਦੇ ਅਰਥਚਾਰੇ ਵਿਚ ਕਲਾ, ਸਿਰਜਣਹਾਰੇ ਦੀ ਆਤਮਿਕ ਸ਼ਕਤੀ ਨਾ ਰਹਿ ਕੇ ਵਣਜ ਜਾਂ ਕਸਬ (Profession) ਬਣ ਜਾਂਦੀ ਹੈ; ਜਾਂ ਉਸਦੀ ਰੋਜ਼ੀ ਰੋਟੀ ਦਾ ਵਸੀਲਾ, ਹਉਂ ਦੀ ਤ੍ਰਿਪਤੀ ਦਾ ਸਾਧਨ (ਇਨਾਮ-ਸਨਮਾਨ) ਅਤੇ ਜਾਂ ਇਸ਼ਤਿਹਾਰ ਬਣ ਜਾਂਦੀ ਹੈ । ਗੁਰਭਜਨ ਗਿੱਲ ਪੂੰਜੀਵਾਦੀ ਵਿਵਸਥਾ ਵਿਚ ਕਲਾ ਤੇ ਕਲਾਕਾਰ ਦੀ ਇਸ ਹੋਣੀ ਬਾਰੇ ਸੁਚੇਤ ਹੈ, ਆਪਣੀਆਂ ਗਜ਼ਲਾਂ ਵਿਚ ਉਹ ਇਸ ਵੱਲ ਸੰਕੇਤ ਕਰਦਾ ਹੈ :

ਕੋਈ ਵੇਚਦਾ ਈਮਾਨ ਕੋਈ ਮੁੱਲ ਤਾਰਦਾ,
ਪੱਗ ਸਿਰ ਵਾਲੀ ਬਣ ਗਈ ਵਪਾਰ ਦੀਆਂ ਗੱਲਾਂ ।

ਸੁਰ ਦੀ ਮਹਿਫਲ ਦੇ ਵਿਚ ਆ ਕੇ ਕੀ ਸੋਚੇਗਾ ਤਾਨਸੈਨ,
ਸਾਰੀ ਫੌਜ ਵਜੰਤਰੀਆਂ ਦੀ ਜਾ ਬੈਠੀ ਹੈ ਕਾਵਾਂ ਨਾਲ ।

ਸਮਕਾਲੀ ਪੰਜਾਬੀ ਸਾਹਿਤ ਵਿਚ ਉਪਭੋਗਤਾ ਸੰਸਕ੍ਰਿਤੀ ਦਾ ਇਹ ਮਾਰੂ ਪਰਛਾਵਾਂ ਸਪਸ਼ਟ ਪਛਾਣਿਆ ਜਾ ਸਕਦਾ ਹੈ । ਸਥਾਪਤੀ ਦੀ ਹੋੜ 'ਚੋਂ ਪੈਦਾ ਹੋਇਆ ਸਾਹਿਤਕ ਪ੍ਰਦੂਸ਼ਨ ਚੰਗੇ ਭਲੇ ਲੇਖਕਾਂ ਨੂੰ ਪਥ-ਭ੍ਰਿਸ਼ਟ ਕਰ ਰਿਹਾ ਹੈ । ਪੂੰਜੀਵਾਦੀ ਭਰਮ-ਚੇਤਨਾ ਅਤੇ ਮੰਡੀ ਦੀ ਗਲੈਮਰ ਵਿਚ ਚੁੰਧਿਆਏ ਕੁਝ ਲੇਖਕ ਰਾਤੋ-ਰਾਤ ਸਥਾਪਤ ਹੋਣ ਲਈ 'ਗੌਡ-ਫਾਦਰਜ਼' ਅਤੇ 'ਪ੍ਰਮੋਟਰਾਂ' ਦੀ ਤਲਾਸ਼ ਵਿਚ ਹਾਬੜੇ ਫਿਰਦੇ ਹਨ । ਸਥਾਪਤੀ ਦੀ ਲਾਲਸਾ ਅਤੇ ਇਨਾਮਾਂ ਦੀ ਖੋਹ-ਖਿੱਚ ਨੇ ਲੇਖਕ ਦੇ ਸਮਾਜਕ ਦਾਇਤਵ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ । ਕਲਾ ਦੀ ਸਮਾਜਕ ਪ੍ਰਤਿਬੱਧਤਾ ਦੀ ਥਾਂ ਸਮਾਜਕ ਪਰਿਵੇਸ਼ ਅਤੇ ਮਨੁੱਖੀ ਸਰੋਕਾਰਾਂ ਤੋਂ ਉਦਾਸੀਨ ਰਹਿ ਕੇ ਨਿੱਜ ਦੇ ਰੋਣੇ ਰੋਣ ਵਾਲੇ ਕੁਝ ਲੇਖਕ ਜਾਂ ਤਾਂ ਧੜਾਧੜ ਉਤਰ-ਆਧੁਨਿਕਤਾਵਾਦ ਦੇ ਆਰਕੈਸਟਰਾ ਵਿਚ ਸ਼ਾਮਿਲ ਹੋ ਰਹੇ ਹਨ ਜਾਂ ਦੇਹਵਾਦ ਦੀ ਭੁੱਲ-ਭੁਲੱਈਆਂ ਵਿਚ ਗੁਆਚ ਰਹੇ ਹਨ। ਆਪਣੇ ਲੋਕਾਂ ਜਾਂ ਆਪਣੀ ਧਿਰ ਨਾਲ ਪ੍ਰਤਿਬੱਧਤਾ ਤੇ ਸਮਬੱਧਤਾ ਨੂੰ ਲੇਖਕ ਦੀ ਰਚਨਾ-ਦ੍ਰਿਸ਼ਟੀ ਦੀ ਸੀਮਾ ਵਜੋਂ ਪੇਸ਼ ਕਰਨ ਸਮੇਂ ਇਹ ਤਰਕ ਦਿੱਤਾ ਜਾਂਦਾ ਹੈ ਕਿ ਸਮਕਾਲੀ ਯਥਾਰਥ, ਕਿਉਂਕਿ ਬਹੁਤ ਜਟਿਲ ਵਰਤਾਰਾ ਹੈ ਇਸ ਲਈ ਇਸ ਨੂੰ ਕਿਸੇ ਇਕ ਦ੍ਰਿਸ਼ਟੀ ਨਾਲ ਨਹੀਂ ਸਮਝਿਆ ਜਾ ਸਕਦਾ । ਲੇਖਕ ਲਈ ਕਿਸੇ ਇਕ ਵਿਚਾਰਧਾਰਾ ਨਾਲ ਪ੍ਰਤਿਬੱਧਤਾ ਦੀ ਥਾਂ ਸਮਾਨੰਤਰ ਵਿਚਾਰਧਾਰਾਵਾਂ ਦਾ ਧਾਰਨੀ ਹੋਣ ਪਿੱਛੇ ਅਸਲ ਤਰਕ ਇਹ ਹੈ ਕਿ ਲੇਖਕ ਦਾ ਆਪਣਾ ਕੋਈ ਵਰਗ ਅਤੇ ਵਿਚਾਰਧਾਰਾ ਨਹੀਂ ਹੁੰਦੀ । ਜਿਵੇਂ ਲੇਖਕ ਤੀਬਰ ਅਹਿਸਾਸ ਵਾਲਾ ਜਿਉਂਦਾ-ਜਾਗਦਾ ਪ੍ਰਾਣੀ ਨਹੀਂ, ਨਿਰਪੇਖ ਕੰਪਿਊਟਰ ਹੋਵੇ ।

ਗੁਰਭਜਨ ਗਿੱਲ ਇਸ ਗੱਲੋਂ ਸੁਚੇਤ ਹੈ ਕਿ ਲੇਖਕ ਕਿਸੇ ਖਲਾਅ ਵਿਚ ਨਹੀਂ ਵਿਚਰਦਾ, ਉਸਦੀ ਹੋਂਦ ਅਤੇ ਚੇਤਨਾ ਸਮਾਜਕ ਹੁੰਦੀ ਹੈ ਅਤੇ ਸਮਾਜਕ ਵੇਗ ਨੂੰ ਪ੍ਰਭਾਵਿਤ ਵੀ ਕਰਦੀ ਹੈ । ਸਮਾਜਕ ਪ੍ਰਾਣੀ ਹੋਣ ਕਰਕੇ ਲੇਖਕ ਦਾ ਸੱਚ ਕਿਸੇ ਨਾ ਕਿਸੇ ਧਿਰ ਦਾ ਸੱਚ ਹੁੰਦਾ ਹੈ । ਆਪਣੀ ਧਿਰ ਦੇ ਸੱਚ ਅਤੇ ਹਿੱਤ ਨੂੰ ਪਛਾਣ ਕੇ ਹੀ ਲੇਖਕ ਸਮਾਜ ਵਿਚ ਕੋਈ ਸਾਰਥਕ ਭੂਮਿਕਾ ਨਿਭਾ ਸਕਦਾ ਹੈ । ਗੁਰਭਜਨ ਗਿੱਲ ਨੇ ਅਜੋਕੇ ਕਲਾ-ਵਿਰੋਧੀ ਮਾਹੌਲ ਵਿਚ ਵੀ ਆਪਣੀ ਧਿਰ ਆਮ ਸਧਾਰਨ ਲੋਕਾਂ ਦੇ ਸੱਚ ਨੂੰ ਪਹਿਚਾਣਿਆ ਹੈ ਅਤੇ ਉਸ ਉਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਹੈ । ਇਸੇ ਲਈ ਉਹ ਕਹਿੰਦਾ ਹੈ :

ਦੂਰ ਖੜ੍ਹਾ ਨਾ ਤੂੰ ਨਦੀ ਦੇ ਕਿਨਾਰਿਆਂ ਨੂੰ ਵੇਖ ।
'ਵਾਜਾਂ ਮਾਰਦੀਆਂ ਲਹਿਰਾਂ ਤੂੰ ਇਸ਼ਾਰਿਆਂ ਨੂੰ ਵੇਖ ।

ਐਵੇਂ ਮੂਧੜੇ ਮੂੰਹ ਡਿੱਗੀ ਜਾਨੈਂ ਵੇਖ ਕੇ ਮੁਨਾਰੇ,
ਕੋਲ ਵੱਸਦੇ ਨੇ ਜਿਹੜੇ ਛੰਨਾਂ ਢਾਰਿਆਂ ਨੂੰ ਵੇਖ ।

ਜਿਹੜੇ ਨ੍ਹੇਰੀਆਂ 'ਚ ਬਾਲਦੇ ਨੇ ਦੀਵਿਆਂ ਦੀ ਪਾਲ,
ਤੇਰੇ ਆਪਣੇ ਨੇ ਮਿੱਤਰਾਂ ਪਿਆਰਿਆਂ ਨੂੰ ਵੇਖ ।

ਗੁਰਭਜਨ ਗਿੱਲ ਦਾ ਸ਼ਿਕਵਾ ਉਨ੍ਹਾਂ ਮੱਧਵਰਗੀ ਬੁੱਧੀਜੀਵੀਆਂ, ਕਵੀਆਂ ਤੇ ਕਲਾਕਾਰਾਂ ਨਾਲ ਹੈ ਜਿਹੜੇ ਸਥਾਪਤੀ ਦੇ ਚੱਕਰ ਵਿਚ ਪੈਕੇ ਵਿਚਾਰਧਾਰਕ ਭਟਕਾਅ ਕਾਰਨ ਆਪਣੀ ਧਿਰ ਦੇ ਸੱਚ ਨੂੰ ਪਛਾਣਨ ਤੋਂ ਖੁੰਝ ਗਏ । ਜ਼ਿੰਦਗੀ ਦੇ ਅਮਲ ਤੋਂ ਟੁੱਟੇ ਇਹ ਬੁੱਧੀਜੀਵੀ ਲੋਕਾਈ ਲਈ ਮਸੀਹਾ ਬਣਨ ਦੀ ਥਾਂ ਸੱਤਾ ਦੇ ਭਿਆਲ ਜਾਂ ਦਲਾਲ ਬਣ ਬੈਠੇ। ਸੱਤਾ ਦੇ ਵਿਚਾਰਧਾਰਕ ਆਡੰਬਰ ਨੂੰ ਵੰਗਾਰਨ ਦੀ ਥਾਂ ਇਹ ਉਸਦੀ ਵਿਚਾਰਧਾਰਾ ਦੇ ਸੰਵਾਹਕ ਹੋ ਨਿਬੜੇ । ਗੁਰਭਜਨ ਦੀ ਕਵਿਤਾ ਮੱਧਵਰਗੀ ਬੁੱਧੀਜੀਵੀ ਨੂੰ ਸੱਤਾਧਾਰੀ ਵਰਗ ਦੀ ਵਿਚਾਰਧਾਰਕ ਸਾਜ਼ਿਸ਼ ਤੋਂ ਸੁਚੇਤ ਕਰਦੀ ਹੈ। ਉਦਾਹਰਣ ਵਜੋਂ :

ਨੇਰ੍ਹ ਸਾਈਂ ਦਾ ਜੋਤਸ਼ੀਆਂ ਦੇ ਨਾਲ ਜੋਟੀਆਂ ਪਾ ਬੈਠਾ,
ਆਸ ਦਾ ਸੂਰਜ ਲੱਗਦਾ ਸੀ ਜੋ ਸਾਨੂੰ ਸੁਰਖ ਸਲਾਮ ਜਿਹਾ ।

ਦਿਸ਼ਾ-ਸੂਚਕੋ ਆਖਰ ਇਕ ਥਾਂ ਠਹਿਰੋਗੇ ਤਾਂ ਤੁਰ ਪਈਏ,
ਕਾਹਨੂੰ ਘੁੰਮਣ ਘੇਰ 'ਚ ਪੈ ਗਏ ਵਗਦੀਆਂ ਤੇਜ਼ ਹਵਾਵਾਂ ਨਾਲ ।

ਗੁਰਭਜਨ ਗਿੱਲ ਇਕ ਸੁਚੇਤ ਰਚਨਾ-ਧਰਮੀ ਹੈ । ਉਹ ਬੇਮਕਸਦ ਸ਼ਾਇਰੀ ਨੂੰ ਗੁਨਾਹ ਸਮਝਦਾ ਹੈ । ਉਸਦੀ ਕਵਿਤਾ ਨਾ ਕਿਸੇ ਨਿੱਜੀ ਵੇਦਨਾ ਦੀ ਹੂਕ ਹੈ ਨਾ ਨਿਰੋਲ ਕਿਸੇ ਸੁਹਜ ਉਮੰਗ ਦੀ ਪੂਰਤੀ । ਉਸਦੀ ਕਵਿਤਾ ਠੋਸ ਸਮਾਜੀ ਹਕੀਕਤਾਂ ਅਤੇ ਸਮਕਾਲੀ ਮਨੁੱਖ ਨੂੰ ਦਰਪੇਸ਼ ਚੁਣੌਤੀਆਂ ਦਾ ਪ੍ਰਤਿ ਉਤਰ ਹੈ । ਗੁਰਭਜਨ ਗਿੱਲ ਦੀ ਵਡਿਆਈ ਸਮਕਾਲੀ ਜੀਵਨ ਦੇ ਦਵੰਦਾਂ, ਸੰਕਟਾਂ ਅਤੇ ਤਣਾਉ ਨੂੰ ਉਸਦੀਆਂ ਵਿਭਿੰਨ ਪਰਤਾਂ ਸਮੇਤ ਪਛਾਣਨ ਅਤੇ ਫਿਰ ਸਰਲ-ਸੁਬੋਧ ਲੋਕ-ਕਾਵਿਕ ਸ਼ੈਲੀ ਵਿਚ ਪ੍ਰਗਟਾਉਣ ਕਰਕੇ ਹੈ । ਉਸਦੀ ਦ੍ਰਿਸ਼ਟੀ ਮਾਨਵਵਾਦੀ, ਪ੍ਰਗਤੀਵਾਦੀ ਹੈ । ਉਹ ਸਹਿਜ ਅਨੁਭਵੀ ਹੈ । ਉਸਦੀ ਕਵਿਤਾ ਪੂਰਵ- ਨਿਸ਼ਚਿਤ ਵਿਚਾਰਾਂ ਜਾਂ ਸਿਧਾਂਤਾਂ ਦਾ ਖੁਲਾਸਾ ਨਹੀਂ । ਉਹ ਯਥਾਰਥ ਦੇ ਸਤਹੀ, ਫੋਟੋਗਰਾਫਿਕ ਚਿੱਤਰਣ ਦੀ ਥਾਂ ਜੀਵਨ ਦੇ ਸਹਿਜ ਵਿਵੇਕ ਨੂੰ ਸੰਕੇਤਕ ਭਾਸ਼ਾ ਤੇ ਸੂਤਰ ਸ਼ੈਲੀ ਵਿਚ ਰੂਪਮਾਨ ਕਰਦਾ ਹੈ । ਭਾਵੇਂ ਉਸਨੇ ਗੀਤਾਂ ਅਤੇ ਗ਼ਜ਼ਲਾਂ ਦੇ ਨਾਲ ਨਾਲ ਖੁੱਲ੍ਹੀ ਕਵਿਤਾ ਦੀ ਸਿਰਜਣਾ ਵੀ ਕੀਤੀ ਹੈ ਪਰ ਉਸਦੀ ਕਵਿਤਾ ਦੀ ਪ੍ਰਧਾਨ ਸੁਰ ਸਰੋਦੀ ਹੈ । ਉਸਦੇ ਹੁਣ ਤੱਕ ਪ੍ਰਕਾਸ਼ਿਤ ਹੋਰ ਕਾਵਿ-ਸੰਗ੍ਰਹਿ ਨਿਮਨ-ਲਿਖਤ ਹਨ; ਸ਼ੀਸ਼ਾ ਝੂਠ ਬੋਲਦਾ ਹੈ (1978 ਈ.), ਹਰ ਧੁਖਦਾ ਪਿੰਡ ਮੇਰਾ ਹੈ (1986 ਈ.),ਅਤੇ ਅਗਨ-ਕਥਾ (2000 ਈ.) ।

ਮਾਨਵਵਾਦੀ ਰਚਨਾ-ਦ੍ਰਿਸ਼ਟੀ ਅਤੇ ਪ੍ਰਤੀਬੱਧ ਕਲਾ-ਧਰਮੀ ਹੋਣ ਕਰਕੇ ਗੁਰਭਜਨ ਦੀ ਕਵਿਤਾ ਦਰਪੇਸ਼ ਮਨੁੱਖੀ ਸਰੋਕਾਰਾਂ ਨਾਲ ਸਿੱਧਾ ਦਸਤਪੰਜਾ ਲੈਂਦੀ ਹੈ । ਦਹਿਸ਼ਤਵਾਦ ਦੇ ਔਖੇ ਦਿਨਾਂ ਵਿਚ ਵੀ ਉਸਦੀ ਕਵਿਤਾ ਨੇ ਆਮ-ਸਧਾਰਨ ਲੋਕਾਂ ਨਾਲ ਵਫਾ ਪਾਲੀ ਹੈ। ਸਰਕਾਰੀ ਅਤੇ ਖਾੜਕੂ ਆਤੰਕ ਦੇ ਦਿਨਾਂ ਵਿਚ ਵੀ ਉਸਦੀ ਕਵਿਤਾ ਮੁਖਰ ਰਹੀ ਹੈ । ਉਹ ਉਨ੍ਹਾਂ ਵਿਰਲੇ ਲੇਖਕਾਂ ਵਿਚੋਂ ਹੈ ਜਿਨ੍ਹਾਂ ਨੇ ਆਤੰਕ ਦੇ ਦਿਨਾਂ ਵਿਚ ਵਿਚਾਰਧਾਰਕ ਦ੍ਰਿੜਤਾ ਅਤੇ ਸਾਫ ਗੋਈ ਦਾ ਪੱਲਾ ਨਹੀਂ ਛੱਡਿਆ । ਫਿਰਕੂ ਹਨ੍ਹੇਰੀ ਵਿਚ ਵੀ ਉਸਦਾ ਮਾਨਵਤਾ 'ਚੋਂ ਵਿਸ਼ਵਾਸ਼ ਨਹੀਂ ਥਿੜਕਿਆ। ਉਸਦੀ ਕਵਿਤਾ ਨਾ ਸੱਚ ਦੀ ਨਿਸ਼ਾਨਦੇਹੀ ਕਰਨ ਤੋਂ ਖੁੰਝੀ ਅਤੇ ਨਾ ਗਲਤ ਨੂੰ ਗਲਤ ਕਹਿਣ ਤੋਂ ਝਿਜਕੀ । ਸਿਆਣੇ ਮੱਧ ਵਰਗੀਆਂ ਵਾਂਗ ਉਸਨੇ ਦੜ ਨਹੀਂ ਵੱਟੀ, ਨਾ ਉਹ ਫਿਰਕੂ ਸੋਚਾਂ ਦੇ ਵਹਿਣ ਵਿਚ ਵਹਿਕੇ ਕਿਸੇ ਇਕ ਧਿਰ ਦਾ ਧੂਤੂ ਬਣਿਆ । ਉਸਦੀ ਕਵਿਤਾ ਨੇ ਹਰ ਤਰ੍ਹਾਂ ਦੇ ਜੋਖਮ ਦੇ ਬਾਵਜੂਦ ਆਪਣੀ ਬਣਦੀ ਇਤਿਹਾਸਕ ਭੂਮਿਕਾ ਨਿਭਾਈ ਹੈ :

ਕਿਸਨੂੰ ਸੁਣਾਵਾਂ ਜਾਂ ਵਿਖਾਵਾਂ ਦਿਲ ਆਪਣਾ,
ਅੰਨ੍ਹੀ ਬੋਲੀ ਧਰਤੀ ਤੇ ਗੂੰਗਾ ਅਸਮਾਨ ਹੈ ।

ਚੰਦਰੇ ਹਾਲਾਤ ਭਾਵੇਂ ਸੂਲੀ ਉਤੇ ਟੰਗਿਆ,
ਫੇਰ ਵੀ ਤੂੰ ਵੇਖ ਸਾਡੀ ਚਲਦੀ ਜ਼ਬਾਨ ਹੈ ।

ਕਿਵੇਂ ਜ਼ਿੰਦਗੀ ਦੀ ਅੱਖ ਨਾਲ ਅੱਖ ਮੇਲਦੇ,
ਬਦਨੀਤ ਜੋ ਝਕਾਨੀਆਂ ਹੀ ਮਾਰਦੇ ਰਹੇ ।

ਥੋੜੇ ਲੋਕ ਨੇ ਜੋ ਬਾਲਦੇ ਨੇ ਬੱਤੀਆਂ ਬਨੇਰੇ,
ਬਹੁਤੇ ਸਮਾਂ ਦੜ ਵੱਟ ਕੇ ਗੁਜ਼ਾਰਦੇ ਰਹੇ ।

ਬੇਬਾਕੀ ਗੁਰਭਜਨ ਦੀ ਕਵਿਤਾ ਅਤੇ ਜੀਵਨ-ਸ਼ੈਲੀ ਦੋਹਾਂ ਦਾ ਸਾਂਝਾ ਗੁਣ ਹੈ। ਵਰ੍ਹਦੀਆਂ ਗੋਲੀਆਂ ਦੇ ਦੌਰ ਵਿਚ ਵੀ ਉਸਨੇ ਆਪਣੀ ਕਵਿਤਾ ਨੂੰ ਸੂਖਮ ਇਸ਼ਾਰਿਆਂ ਦੀ ਮੁਥਾਜ ਨਹੀਂ ਬਣਨ ਦਿੱਤਾ । ਉਸਦੀ ਕਵਿਤਾ ਦੋਸ਼ੀ ਧਿਰਾਂ ਉਪਰ ਉਂਗਲ ਹੀ ਨਹੀਂ ਧਰਦੀ, ਸਗੋਂ ਦੋਸ਼ੀ ਧਿਰਾਂ ਦੇ ਅਮਾਨਵੀ ਅਮਲਾਂ ਨੂੰ ਫਿਟਕਾਰ ਪਾਉਂਦੀ ਹੈ। ਆਤੰਕ ਅਤੇ ਇਕ ਦੂਜੇ ਦੇ ਦਮਨ ਲਈ ਪਸ਼ੂਪੁਣੇ ਤੇ ਉਤਾਰੂ ਸਰਕਾਰ/ਪ੍ਰਸ਼ਾਸਨ ਅਤੇ ਖਾੜਕੂ ਦੋਹਾਂ ਧਿਰਾਂ ਨੂੰ ਉਹ ਰੋਹਮਈ ਲਹਿਜੇ 'ਚ ਵਰਜਦਾ ਹੈ - "ਹਟ ਹਾਕਮਾ ਤੇ ਤੂੰ ਵੀ ਟਲ ਸ਼ੇਰ ਬੱਲਿਆ ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ” । ਗੁਰਭਜਨ ਪੰਜਾਬ ਸੰਕਟ ਦੇ ਇਤਿਹਾਸਕ ਕਾਰਨਾਂ ਅਤੇ ਇਸ ਦੇ ਦੂਰ-ਰਸ ਮਾਰੂ ਸਿੱਟਿਆਂ ਦਾ ਵਿਸ਼ਲੇਸ਼ਣ ਸਰਕਾਰ ਜਾਂ ਖਾੜਕੂ ਧਿਰ ਦੇ ਨਜ਼ਰੀਏ ਤੋਂ ਨਹੀਂ ਕਰਦਾ, ਸਗੋਂ ਆਮ ਸਧਾਰਨ ਲੋਕਾਂ ਦੀ ਦ੍ਰਿਸ਼ਟੀ ਤੋਂ ਕਰਦਾ ਹੈ । ਉਸਦੀ ਨਜ਼ਰ ਵਿਚ ਆਪਣੀ ਯੋਗਤਾ ਤੇ ਲੋਕਾਂ ਦਾ ਵਿਸ਼ਵਾਸ਼ ਗੁਆ ਚੁੱਕੀ ਸਰਕਾਰ ਅਤੇ ਤੰਗ ਸੰਪਰਦਾਇਕ ਸੋਚ ਵਾਲੀ ਖਾੜਕੂ ਧਿਰ ਦੋਵੇਂ ਦੋਸ਼ੀ ਹਨ । 'ਜੰਗਲ ਦੇ ਵਿਚ ਰਾਤ ਪਈ ਹੈ'; 'ਪਾਲਤੂ ਬਿੱਲੀਆਂ', ‘ਖਿਡੌਣੇ ਨਾ ਤੋੜੋ’, ‘ਖੰਭ ਖਿਲਰੇ ਨੇ ਕਾਵਾਂ ਦੇ’, ‘ਇਕ ਭੈਣ ਦਾ ਉਦਾਸ ਗੀਤ’, ‘ਲੰਮੀ ਹੇਕ ਦਾ ਗੀਤ`, ‘ਇਹ ਕੇਹੀ ਰੁੱਤ ਆਈ ਨੀ ਮਾਂ', ‘ਬੋਲ ਮਿੱਟੀ ਦਿਆ ਬਾਵਿਆ', ‘ਨੀ ਜਿੰਦੇ ਮੇਰੀਏ', ਆਦਿ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਮਾਨਵੀ ਸੰਵੇਦਨਾ ਨੂੰ ਧੁਰ ਤੱਕ ਹਿਲਾਉਣ ਵਾਲੀਆਂ ਹਨ । ਇਨ੍ਹਾਂ ਰਚਨਾਵਾਂ ਵਿਚ ਪੰਜਾਬ ਸੰਕਟ ਦੇ ਵਿਭਿੰਨ ਪਹਿਲੂਆਂ, ਕਾਰਨਾਂ, ਦੂਰ-ਰਸ ਪ੍ਰਭਾਵਾਂ, ਸਰਕਾਰ ਤੇ ਖਾੜਕੂ ਧਿਰਾਂ ਦੀ ਭੂਮਿਕਾ, ਉਹਨਾਂ ਦੇ ਜਮਾਤੀ ਖਾਸੇ ਅਤੇ ਇਸ ਸਾਰੇ ਵਰਤਾਰੇ ਪਿੱਛੇ ਕਾਰਜਸ਼ੀਲ ਦੇਸੀ-ਬਦੇਸ਼ੀ ਸਰਮਾਏਦਾਰੀ ਦੀ ਭੂਮਿਕਾ ਦਾ ਵਿਸ਼ਲੇਸ਼ਣ ਬਹੁਤ ਸਟੀਕ ਰੂਪ ਵਿਚ ਹੋਇਆ ਹੈ । ਕਵੀ ਅਨੁਸਾਰ ਸਰਕਾਰ ਦੇਸੀ-ਬਦੇਸ਼ੀ ਸਰਮਾਏਦਾਰਾਂ ਦੀ ਕਠਪੁਤਲੀ ਹੈ । ਆਪਣੀ ਯੋਗਤਾ ਅਤੇ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਸਰਕਾਰ ਮਾਸਖੋਰੀ ਬਦਨੀਤ ਮਾਲਣ ਹੈ । ਸੱਤਾ ਲਈ ਹਲਕਾਈਆਂ ਸਿਆਸੀ ਪਾਰਟੀਆਂ ਪਾਲਤੂ ਬਿੱਲੀਆਂ ਹਨ, ਜੋ ਸੱਤਾ ਸੁਖ ਹਾਸਲ ਕਰਨ ਲਈ ਨਾ ਕੇਵਲ ਦੇਸ਼ ਜਾਂ ਸੰਵਿਧਾਨ ਸਗੋਂ ਆਪਣੀ ਔਲਾਦ ਦੀ ਵੀ ਬਲੀ ਦੇ ਸਕਦੀਆਂ ਹਨ । ਸਭ ਸਿਆਸੀ ਪਾਰਟੀਆਂ ਚਾਤਰ ਹਿਟਲਰੀ ਟੋਲਾ ਹੈ ਜੋ ਭੇਸ ਬਦਲ ਬਦਲ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ । ਸਰਕਾਰੀ ਧਿਰ ਅਤੇ ਭਾਰੂ ਸਿਆਸੀ ਪਾਰਟੀਆਂ ਦੇ ਖਾਸੇ ਬਾਰੇ ਕੁਝ ਉਦਾਹਰਣ ਵੇਖੇ ਜਾ ਸਕਦੇ ਹਨ :

ਇਹ ਜੋ ਦੋਧੇ ਵਸਤਰਾਂ ਵਾਲੀਆਂ
ਸੰਸਦ ਭਵਨ ਦੀਆਂ ਕੁਰਸੀਆਂ 'ਤੇ
ਟਪੂਸੀਆਂ ਮਾਰਦੀਆਂ ਫਿਰਦੀਆਂ ਹਨ
ਸਭ ਪਾਲਤੂ ਬਿੱਲੀਆਂ ਹਨ
ਇਹ ਸਭ ਦੁੱਧ ਪੀਣੀਆਂ ਹਨ
ਬੇਗਾਨੇ ਦੁੱਧ ਪੀ ਕੇ ਮੁੱਛਾਂ ਪੂੰਝਦੀਆਂ
ਲਿੱਸੇ ਨੂੰ ਘੁਰਕਦੀਆਂ
ਤਕੜੇ ਤੋਂ ਤ੍ਰਹਿੰਦੀਆਂ...
ਰਾਜ ਸਿੰਘਾਸਨ ਤੇ ਕਬਜ਼ੇ ਲਈ
ਇਹ ਕੁਝ ਵੀ ਕਰਸਕਦੀਆਂ ਹਨ
ਦੇਸ਼ ਦੇ ਨਕਸ਼ੇ ਨੂੰ ਲੀਰੋ ਲੀਰ ਕਰ ਸਕਦੀਆਂ ਹਨ
ਕੌਮੀ ਝੰਡੇ ਨੂੰ ਤਾਰੋ ਤਾਰ...
ਆਪਣੇ ਪੁੱਤਰਾਂ ਧੀਆਂ ਦੀ ਲਾਸ਼ ਨੂੰ ਵੀ
ਪੌੜੀ ਬਣਾ ਸਕਦੀਆਂ ਹਨ ।

ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ,
ਸਾਡੇ ਹੀ ਪੁੱਤਰ ਵੀਰ ਉਸ ਚੁੱਲ੍ਹੇ 'ਚ ਬਾਲਣੇ।

ਤੇਰੇ ਬਗੈਰ ਬਾਗ ਨੂੰ ਖਤਰਾ ਨਾ ਹੋਰ ਤੋਂ,
ਤੂੰਹੀਓ ਹੀ ਫਿਰਦੀ ਤੋੜਦੀ ਫੁੱਲਾਂ ਨੂੰ ਮਾਲਣੇ ।

ਜਿੰਨ੍ਹਾਂ ਨੂੰ ਵੋਟ ਪਾਕੇ ਭੇਜਦੇ ਹਾਂ ਗੋਲ ਭਵਨਾਂ ਵਿਚ,
ਉਹ ਉਥੇ ਪਹੁੰਚਦੇ ਹੀ ਬੈਠ ਜਾਂਦੇ ਨੇ ਨਵਾਬਾਂ ਵਿਚ ।

ਚੋਰ-ਉਚੱਕੇ ਬੁੱਲੇ ਲੁੱਟਣ, ਹਰ ਕੁਰਸੀ ਨੂੰ ਕਰਕੇ ਕਾਣਾ,
ਕੱਪੜੇ ਲੀੜੇ ਬਦਲ ਬਦਲ ਕੇ, ਰਾਜ ਕਰੇ ਹਿਟਲਰ ਦਾ ਲਾਣਾ।

ਗੁਰਭਜਨ ਗਿੱਲ ਪੰਜਾਬ ਸੰਕਟ ਲਈ ਜਿੱਥੇ ਗਲਤ ਸਰਕਾਰੀ ਨੀਤੀਆਂ ਫਿਰਕੂ ਸਿਆਸਤ, ਖਾੜਕੂ ਧਿਰ ਦੀ ਸੰਪ੍ਰਦਾਇਕ ਸੋਚ ਅਤੇ ਬਦੇਸ਼ੀ ਤਾਕਤਾਂ ਦੀ ਬਸਤੀਵਾਦੀ ਸਾਮਰਾਜੀ ਨੀਤੀ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ, ਉਥੇ ਉਹ ਜ਼ਿੰਦਗੀ ਨੂੰ ਦਰਪੇਸ਼ ਮਸਲਿਆਂ ਪ੍ਰਤੀ ਆਮ ਲੋਕਾਂ ਦੀ ਉਦਾਸੀਨਤਾ, ਭਾਂਜਵਾਦੀ ਦ੍ਰਿਸ਼ਟੀ ਅਤੇ ਕਰਮਹੀਣਤਾ ਨੂੰ ਵੀ ਕਸੂਰਵਾਰ ਮਿਥਦਾ ਹੈ । ਗੁਰਭਜਨ ਗਿੱਲ ਇਸ ਗੱਲੋਂ ਵੀ ਸੁਚੇਤ ਹੈ ਕਿ ਆਰਥਿਕ ਗੁਲਾਮੀ ਭੋਗਦੇ, ਸਮਾਜਕ ਇਨਸਾਫ ਤੋਂ ਕੋਰੇ ਅਤੇ ਸਭਿਆਚਾਰਕ ਤੌਰ ਤੇ ਬਰਬਰਤਾ ਦੀ ਹੱਦ ਤੱਕ ਨਿੱਘਰੇ ਤੀਜੇ ਸੰਸਾਰ ਦੇ ਦੇਸ਼ਾਂ ਵਿੱਚ ਸਧਾਰਨ ਬੰਦਾ ਪਸ਼ੂ-ਜੂਨ ਭੋਗਣ ਲਈ ਬੇਵੱਸ ਹੁੰਦਾ ਹੈ । ਉਸਦੀ ਹੋਂਦ ਘਾਹ-ਫੂਸ, ਪਸ਼ੂ ਜਾਂ ਕਠ-ਪੁਤਲੀ ਤੋਂ ਵੱਧ ਨਹੀਂ ਹੁੰਦੀ । ਉਹ ਰਾਜ ਸੱਤਾ ਭੋਗਦੀਆਂ ਉਪਰਲੀਆਂ ਜਮਾਤਾਂ ਦਾ ਖਾਜਾ ਬਣਦਾ ਹੈ । ਉਸਦੇ ਹਿੱਸੇ ਧੂੜ ਜਾਂ ਧੂੰਆਂ ਹੀ ਆਉਂਦਾ ਹੈ ਗਿਆਨ ਦਾ ਦੂਧੀਆ ਚਾਨਣ ਨਹੀਂ । ਉਸ ਕੋਲ ਆਪਣੀ ਸਰਾਪੀ ਹੋਂਦ ਦੇ ਕਾਰਨਾਂ ਨੂੰ ਜਾਣਨ ਅਤੇ ਉਸ ਲਈ ਜ਼ਿੰਮੇਵਾਰ ਧਿਰਾਂ ਨੂੰ ਵੰਗਾਰਨ ਦੀ ਸੋਝੀ ਤੇ ਸ਼ਕਤੀ ਨਹੀਂ ਹੁੰਦੀ । ਇਹ ਗੂੰਗਾ-ਬੋਲਾ ਕਿਰਤੀ ਵਰਗ ਤਾਕਤਵਰਾਂ ਅੱਗੇ ਸਿਰ ਸੁੱਟਕੇ ਵਗਦਾ ਹੈ । ਉਹ ਬੰਦਾ ਨਾ ਰਹਿ ਕੇ ‘ਮਿੱਟੀ ਦਾ ਬਾਵਾ` ਬਣ ਜਾਂਦਾ ਹੈ, ਜੋ ਆਪਣੀ ਤ੍ਰਾਸਦਿਕ ਹੋਣੀ ਬਾਰੇ ਨਾ ਸੋਚਦਾ ਹੈ, ਨਾ ਸਮਾਜਕ ਬਰਾਬਰੀ ਤੇ ਇਨਸਾਫ਼ ਲਈ ਬੋਲਦਾ ਅਤੇ ਨਾ ਹੀ ਅਮਲੀ ਪੱਧਰ ਤੇ ਜੀਵਨ ਦੇ ਰਣਤੱਤੇ ਵਿਚ ਉੱਤਰਦਾ ਹੈ । ‘ਸਾਡੇ ਆਪਣੇ ਵੇਖਦਿਆਂ', ਕਵਿਤਾ ਅਤੇ ਕੁਝ ਗ਼ਜ਼ਲਾਂ ਵਿਚ ਕਵੀ ਇਸ ਤੱਥ ਵੱਲ ਸੰਕੇਤ ਕਰਦਾ ਹੈ ।

ਇਹ ਸਾਰਾ ਕੁਝ
ਸਾਡੇ ਚੁੱਪ ਰਹਿਣ ਦੀ ਵਜ੍ਹਾ ਕਰਕੇ
‘ਹੌਲੀ ਬੋਲਣ' ਕਰਕੇ ਬਦਲਿਆ ਹੈ
ਨਹੀਂ ਤਾਂ ਏਨਾ ਵੀ ਕਹਿ ਆਖ ?
ਕਿ ਆਪਣਾ ਹੀ “ਮਨ” ਆਪਣੇ ਆਖੇ ਨਾ ਲੱਗੇ
ਕਿ ‘ਨੁਹਾਰ` ਕਿਰਦਾਰ ਤੇ ਹਾਵੀ ਹੋ ਕੇ
ਸਾਡੀ ਹੀ ਹੋਂਦ ਤੇ ਸੁਹਾਗਾ ਮਾਰਦੀ ਫਿਰੇ ।

ਅਸੀਂ ਪੁਤਲੀ ਦੇ ਵਾਂਗੂੰ ਨੱਚਦੇ ਹਾਂ ਰਾਤ ਦਿਨ ਸਾਰੇ,
ਨਚਾਵੇ ਜੀਕੂੰ ਚਾਹਵੇ ਵੇਖ ਲਉ ਇਸ ਵਕਤ ਦਾ ਬਣੀਆਂ।

ਪੈਦਲ ਬੰਦੇ ਦੇ ਹਿੱਸੇ ਬੱਸ ਮਿੱਟੀ ਘੱਟਾ ਆਵੇ
ਪੱਕੀਆਂ ਸੜਕਾਂ ਉਤੇ ਭਾਵੇਂ ਚੱਲਦੀਆਂ ਮੋਟਰਕਾਰਾਂ ।

ਗੁਰਭਜਨ ਗਿੱਲ ਦੀ ਕਵਿਤਾ ਦਾ ਫ਼ਿਕਰ ਤੀਸਰੇ ਸੰਸਾਰ ਦੀਆਂ ਸਭ ਦਲਿਤ ਧਿਰਾਂ ਦੇ ਅੰਦਰੇ-ਅੰਦਰ ਰਿੱਝਦੇ ਰੋਹ ਨੂੰ ਜ਼ਬਾਨ ਦੇਣ ਦਾ ਹੈ, ਜਿਸਨੂੰ ‘ਮਿੱਟੀ ਦਾ ਬਾਵਾ' ਬਣਨ ਜਾਂ ਪਸ਼ੂ ਜੂਨ ਭੋਗਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ । ਆਪਣਾ ਮਨੁੱਖੀ ਗੌਰਵ ਗੁਆ ਕੇ ਪਸ਼ੂ-ਜੂਨ ਭੋਗਦੀ ਅਵੇਸਲੀ ਲੋਕਾਈ ਨੂੰ ਆਪਣੀ ਹੋਣੀ ਬਾਰੇ ਸੁਚੇਤ ਕਰਨਾ ਕੋਈ ਸੌਖਾ ਕੰਮ ਨਹੀਂ । ਆਪਣੇ ਜਮਾਤੀ ਦੁਸ਼ਮਣਾਂ ਅਤੇ ਆਪਣੀ ਧਿਰ ਦੀ ਪਛਾਣ ਗੁਆ ਚੁੱਕੀ ਗੂੰਗੀ-ਬੋਲੀ ਕਿਰਤੀ ਜਮਾਤ ਨੂੰ ਪੂੰਜੀਵਾਦ ਦੀ ਭਰਮ-ਚੇਤਨਾ ਤੋਂ ਮੁਕਤ ਕਰਨ ਲਈ ਵਿਚਾਰਧਾਰਕ ਅਤੇ ਅਮਲੀ ਪੱਧਰ ਤੇ ਸੰਘਰਸ਼ ਦੀ ਜ਼ਰੂਰਤ ਹੈ । ਆਪਣੇ ਜਮਾਤੀ ਹਿਤ ਦੀ ਵਿਚਾਰਧਾਰਕ ਚੇਤਨਾ ਨਾਲ ਲੈਸ ਮਨੁੱਖ ਹੀ ਪਦਾਰਥਕ ਹਾਲਾਤ ਤੇ ਸਥਿਤੀਆਂ ਨੂੰ ਵੰਗਾਰ ਸਕਦਾ ਹੈ । ਗੁਰਭਜਨ ਗਿੱਲ ਦੀ ਕਵਿਤਾ ਇਸ ਇਤਿਹਾਸਕ ਸੱਚ ਦਾ ਜ਼ੋਰਦਾਰ ਅਹਿਸਾਸ ਕਰਵਾਉਂਦੀ ਹੈ ਕਿ ਦਬੇਲ ਧਿਰ ਦੇ ਮੁਕਤੀ-ਸੰਘਰਸ਼ ਲਈ ਵਿਚਾਰਧਾਰਕ ਸਪਸ਼ਟਤਾ ਅਤੇ ਸੰਗਠਤ ਸੰਘਰਸ਼ ਦੀ ਜ਼ਰੂਰਤ ਹੈ । ਮੌਤ ਦਾ ਪਾੜਾ ਮੱਲ ਕੇ ਅਤੇ ਪੂੰਜੀਵਾਦੀ ਚੇਤਨਾ ਦੀ ਵਿਚਾਰਧਾਰਕ ਧੂੜ ਤੋਂ ਮੁਕਤ ਹੋਕੇ ਹੀ ਗੁਆਚੇ ਮਨੁੱਖੀ ਸ੍ਵੈ-ਮਾਣ ਨੂੰ ਹਾਸਲ ਕੀਤਾ ਜਾ ਸਕਦਾ ਹੈ :

ਅਸੀਂ ਵਰਮੀ ਦੇ ਅੰਦਰ ਹੱਥ ਪਾਕੇ ਵੇਖ ਆਏ ਹਾਂ,
ਸਿਰਾਂ ਨੂੰ ਪਾੜਿਆਂ ਬਿਨ ਮਿਲਣ ਨਾ ਨਾਗਾਂ ਦੀਆਂ ਮਣੀਆਂ।

ਉਨ੍ਹਾਂ ਨੂੰ ਕੀ ਪਤਾ ਹੈ ਤਿਤਲੀਆਂ ਦੀ ਮੌਤ ਦੇ ਬਾਰੇ,
ਜਿਨ੍ਹਾਂ ਦੇ ਨੇਤਰਾਂ ਥਾਂ ਅੱਖੀਆਂ ਪੱਥਰ ਦੀਆਂ ਬਣੀਆਂ।

ਸਮਾਜਕ ਇਨਸਾਫ ਲਈ ਚੱਲਦੇ ਮੁਕਤੀ ਸੰਘਰਸ਼ ਵਿਚ ਚੇਤੰਨ ਬੁਧੀਜੀਵੀਆਂ ਕਵੀ ਅਤੇ ਕਲਾਕਾਰਾਂ ਦੀ ਅਹਿਮ ਰਚਨਾਤਮਿਕ ਭੂਮਿਕਾ ਹੁੰਦੀ ਹੈ । ਸੰਵੇਦਨਸ਼ੀਲ ਪ੍ਰਾਣੀ ਹੋਣ ਕਰਕੇ ਕਵੀ ਜ਼ਿੰਦਗੀ ਨੂੰ ਪੱਥਰ ਦੀਆਂ ਅੱਖਾਂ ਨਾਲ ਨਹੀਂ ਦੇਖ ਸਕਦਾ, ਨਾ ਹੀ ਉਹ ਪ੍ਰਸਥਿਤੀਆਂ ਪ੍ਰਤੀ ਉਦਾਸੀਨ ਰਹਿ ਸਕਦਾ ਹੈ । ਉਸਨੂੰ ‘ਸ਼ਿਵ' ਜਾਂ ‘ਸੁਕਰਾਤ` ਵਾਲੀ ਭੂਮਿਕਾ ਨਿਭਾਉਣੀ ਪੈਂਦੀ ਹੈ ਅਤੇ ਉਸਦਾ ਖਮਿਆਜਾ ਵੀ ਭੁਗਤਣਾ ਪੈਂਦਾ ਹੈ । ਸਥਾਪਤੀ ਦੇ ਰੁਖ ਵਗਣ ਵਾਲੇ ਕਲਾਕਾਰਾਂ ਲਈ ਕਲਾ ਵਰਦਾਨ ਹੁੰਦੀ ਹੈ ਅਤੇ ਸਥਾਪਤੀ ਦੇ ਹਿਤਾਂ ਨੂੰ ਵੰਗਾਰਨ ਬਦਲੇ ਕਲਾ ਮੌਤ ਹੁੰਦੀ ਹੈ । ਗੁਰਭਜਨ ਗਿੱਲ ਜਾਣਦਾ ਹੈ ਕਿ ਜੀਵਨ ਦੀ ਮੋਰਚਾਬੰਦੀ ਵਿਚ ਕਵੀ ਇਕ ਸਭਿਆਚਾਰਕ ਕਾਮੇ ਵਾਲੀ ਭੂਮਿਕਾ ਨਿਭਾਉਂਦਾ ਹੈ । ਕਵਿਤਾ ਦੀ ਸ਼ਕਤੀ ਭਾਵੇਂ ਸੀਮਤ ਹੀ ਹੁੰਦੀ ਹੈ, ਪਰ ਇਕ ਪੜਾਅ ਤੇ ਇਹ ਵਿਚਾਰਧਾਰਕ ਹਥਿਆਰ ਦਾ ਰੂਪ ਲੈਂਦੀ ਹੈ । ਇਉਂ ਕਵੀ ਦੀ ਸੁਚੇਤਨਾ, ਸੰਵੇਦਨਸ਼ੀਲਤਾ ਅਤੇ ਸਿਰਜਣਾ ਦੀ ਸ਼ਕਤੀ ਸਥਾਪਤੀ ਲਈ ਖਤਰਨਾਕ ਵੰਗਾਰ ਦਾ ਰੂਪ ਧਾਰ ਲੈਣ ਕਰਕੇ ਖੁਦ ਕਵੀ ਦੀ ਹੋਂਦ ਲਈ ਖਤਰਾ ਬਣਦੀ ਹੈ :

ਮੈਨੂੰ ਜਾਂਗਲੀ ਜਨੌਰ ਘੂਰ ਘੂਰ ਝਾਕਦੇ,
ਸ਼ੁਰੂ ਕਰਦਾਂ ਮੈਂ ਜਦੋਂ ਵੀ ਬਹਾਰ ਦੀਆਂ ਗੱਲਾਂ ।

ਪੂੰਜੀਵਾਦੀ ਵਿਵਸਥਾ ਦੀਆਂ ਅਣ-ਮਨੁੱਖੀ ਸਥਿਤੀਆਂ ਹੀ ਕਵੀ ਲਈ ਸਿਰਜਣਾ ਦਾ ਸਰੋਤ ਬਣਦੀਆਂ ਹਨ ਅਤੇ ਇਹੋ ਹੀ ਉਸਦੇ ਦਮਨ ਦਾ ਕਾਰਨ ਵੀ । ਚੁੱਪ ਰਿਹਾਂ ਜ਼ਮੀਰ ਮਰਦੀ ਹੈ, ਸੱਚ ਬੋਲਿਆਂ ਸਥਾਪਤੀ ਮਾਰਦੀ ਹੈ । ਦੋਹਾਂ ਹੀ ਸਥਿਤੀਆਂ ਵਿਚ ਕਲਾਕਾਰ ਲਈ ਚੁੱਪ ਤੇ ਉਦਾਸੀਨ ਰਹਿਣਾ ਆਸਾਨ ਨਹੀਂ, ਉਸਨੂੰ ਮੌਤ ਦੀਆਂ ਅੱਖਾਂ ਵਿਚ ਝਾਕਣਾ ਪੈਂਦਾ ਹੈ । ਸਥਾਪਤੀ ਦੇ ਭਰਮ-ਜਾਲ, ਦਮਨ ਅਤੇ ਆਤੰਕ ਅੱਗੇ ਕਵਿਤਾ ਬਹੁਤ ਕਮਜ਼ੋਰ ਹਥਿਆਰ ਹੈ । ਮਹਿਜ਼ ਰੇਤ ਦਾ ਘਰ। ਪਰ ਦੂਜੇ ਪਾਸੇ ਆਮ ਬੰਦੇ ਦੇ ਮਨ ਤੋਂ ਸਥਾਪਤੀ ਦੇ ਵਿਚਾਰਧਾਰਕ ਭਰਮ-ਜਾਲ, ਦਮਨ ਅਤੇ ਆਤੰਕ ਦੀ ਛੋਟ ਨੂੰ ਲਾਹੁਣ ਦਾ ਕਾਰਗਾਰ ਸਾਧਨ ਵੀ ਕਵਿਤਾ ਹੀ ਹੁੰਦੀ ਹੈ । ਕਵਿਤਾ ਦੀ ਸ਼ਕਤੀ ਤੇ ਸੀਮਾ ਦੋਹਾਂ ਨੂੰ ਪਛਾਣਦਾ ਹੋਇਆ ਗੁਰਭਜਨ ਗਿੱਲ ਅਜੋਕੇ ਦੌਰ ਤੇ ਕਵੀ ਦੇ ਇਸ ਮਾਨਸਿਕ ਦਵੰਦ ਨੂੰ ਖੂਬਸੂਰਤੀ ਨਾਲ ਬਿਆਨ ਕਰਦਾ ਹੈ :

ਸਾਰੇ ਚੌਂਕ ਚੁਰਸਤੇ ਮੱਲੇ ਕਾਲੇ ਫਨੀਅਰ ਨਾਗਾਂ ਨੇ,
ਯਤਨ ਕਰ ਰਿਹਾਂ ਕੀਲ ਲਵਾਂ ਮੈਂ ਗਜ਼ਲਾਂ ਤੇ ਕਵਿਤਾਵਾਂ ਨਾਲ ।

ਐਵੇਂ ਭਰਮ ਜਿਹਾ ਇਕ ਮਨ ਨੂੰ ਚੌਵੀ ਘੰਟੇ ਡੰਗਦਾ ਏ,
ਪੱਥਰਾਂ ਨੂੰ ਪਿਘਲਾ ਸਕਦਾਂ ਮੈਂ ਗਜ਼ਲਾਂ ਤੇ ਕਵਿਤਾਵਾਂ ਨਾਲ ।

ਸਧਾਰਨ ਪੇਂਡੂ ਕਿਸਾਨੀ ਦਾ ਜੰਮਪਲ ਹੋਣ ਕਾਰਨ ਉਸਦੀ ਕਵਿਤਾ ਕੋਲ ਚੰਚਲ ਸ਼ਹਿਰਨ ਵਾਲਾ ਸੁਹਜਭਾਵੀ ਸਲੀਕਾ ਭਾਵੇਂ ਨਹੀਂ, ਪਰ ਪੇਂਡੂ ਰਕਾਨ ਵਾਲੀ ਸਾਦਗੀ ਤੇ ਮੜਕ ਜ਼ਰੂਰ ਹੈ । ਲੰਮੇ ਸਮੇਂ ਤੋਂ ਲੁਧਿਆਣੇ ਵਰਗੇ ਵਿਕਸਤ ਸਨਅਤੀ ਸ਼ਹਿਰ ਵਿਚ ਵਸੇਬਾ ਅਤੇ ਉਚ-ਸਿੱਖਿਅਤ ਮੱਧਵਰਗ ਵਿਚ ਵਿਚਰਨ ਦੇ ਬਾਵਜੂਦ ਉਸਦੇ ਸੁਭਾਅ ਵਿਚ ਸ਼ਹਿਰੀ ਮੱਧਵਰਗ ਵਾਲੀ ਬਨਾਵਟ ਅਤੇ ਉਚੇਚ ਨਹੀਂ । ਉਸਦੇ ਮਾਨਸਿਕ ਵਿਹਾਰ ਵਿਚ 'ਪਿੰਡ’ ਸਭ ਤੋਂ ਠੋਸ ਹਕੀਕਤ ਹੈ । ਉਸਦੇ ਧੁਰ ਅਵਚੇਤਨ ਵਿਚ ਪਿੰਡ ਦਾ ਪੱਕਾ ਪੀਡਾ ਵਾਸਾ ਹੈ । ਇਸ ਤੱਥ ਨੇ ਉਸਦੀ ਰਚਨਾ ਦੇ ਕਾਵਿ ਵਸਤੂ ਅਤੇ ਕਾਵਿ-ਸ਼ਿਲਪ ਦੋਹਾਂ ਨੂੰ ਪ੍ਰਭਾਵਿਤ ਕੀਤਾ ਹੈ । ਉਹ ਆਪਣੀ ਕਵਿਤਾ ਵਿਚ ਛੁੱਟ ਚੁੱਕੇ ਪਿੰਡ ਨੂੰ ਕਈ ਰੂਪਾਂ ਵਿਚ ਚਿਤਵਦਾ ਹੈ; ਇਸਦਾ ਸਭ ਤੋਂ ਪ੍ਰਮਾਣਿਕ ਵੇਰਵਾ ਪੰਜਾਬ ਦੀ ਲੋਕ-ਧਾਰਾਈ ਸਮੱਗਰੀ ਦੀ ਉਸਦੀ ਕਵਿਤਾ ਵਿਚ ਵਰਤੋਂ ਹੈ । ਉਸਦੀ ਜ਼ਿੰਦਗੀ ਵਿਚੋਂ ਗੈਰ-ਹਾਜ਼ਰ ਪਿੰਡ ਉਸਦੀ ਕਵਿਤਾ ਵਿਚ ਵਾਰ ਵਾਰ ਬੋਲਦਾ ਹੈ । ਲੁਧਿਆਣੇ ਵਰਗਾ ਵਿਕਸਤ ਸਨਅਤੀ ਸ਼ਹਿਰ ਜੇ ਉਸਦੇ ਵਸੇਬੇ ਤੇ ਕਰਮਭੂਮੀ ਹੋਣ ਦੇ ਬਾਵਜੂਦ ਉਸਦੇ ਕਾਵਿ-ਪਾਤਰ ਦੇ ਸੁਪਨ-ਸੰਸਾਰ ਵਿਚ ਸਮਾ ਨਹੀਂ ਸਕਿਆ ਤਾਂ ਇਸ ਦਾ ਕਾਰਨ ਉਸਦਾ ਪਿੰਡ ਪ੍ਰਤੀ ਹੇਰਵਾ, ਜਾਂ ਅਵਚੇਤਨ ਦੇ ਸੰਸਕਾਰ ਨਹੀਂ ‘ਪਿੰਡ' ਉਸਦੀ ਸੁਚੇਤ ਚੋਣ ਹੈ, ਉਸ ਲਈ ਇਕ ਆਦਰਸ਼ਕ ਸਭਿਆਚਾਰਕ ਇਕਾਈ । ਸ਼ਹਿਰੀ ਜੀਵਨ-ਜਾਚ ਦੀ ਬਾਹਰਲੀ ਤੜਕ-ਭੜਕ, ਬਨਾਵਟੀਪਣ ਅਤੇ ਸਿਰੇ ਦੀ ਨਿੱਜਤਾ ਦੇ ਮੁਕਾਬਲੇ ਉਸਨੂੰ ਪਿੰਡ ਦੀ ਸਾਦਗੀ, ਨਿਰਉਚੇਚ ਵਿਹਾਰ ਅਤੇ ਦੁੱਖ-ਸੁਖ ਦੀ ਸਾਂਝ ਵਾਲੀ ਰਹਿਤਲ ਵਧੇਰੇ ਸਾਰਥਕ ਲੱਗਦੀ ਹੈ । ਨਿਰਸੰਦੇਹ, ਉਹ ਮੱਧਕਾਲੀ ਸੋਚ ਵਾਲਾ ਸਿੱਧਾ- ਸਾਦਾ ਪੇਂਡੂ ਬੰਦਾ ਨਹੀਂ, ਜੋ ਆਧੁਨਿਕ ਜੀਵਨ ਦੀਆਂ ਜਟਿਲਤਾਵਾਂ ਨੂੰ ਸਮਝ ਨਾ ਸਕਦਾ ਹੋਵੇ ਤੇ ਇਸੇ ਲਈ ਉਸ ਤੋਂ ਪਾਸਾ ਵੱਟਦਾ ਹੋਵੇ । ਉਹ ਸ਼ਹਿਰੀ ਜੀਵਨ ਦੀ ਗਲੈਮਰ ਪਿਛੇ ਛੁਪੇ ਥੋਥੇਪਨ ਨੂੰ ਵੀ ਪਛਾਣਦਾ ਹੈ ਅਤੇ ਪੂੰਜੀਵਾਦ ਦੇ ਦਖਲ ਦੁਆਰਾ ਪਿੰਡ ਦੀ ਸਾਂਝੀ ਰਹਿਤਲ ਵਿਚ ਪੈਂਦੇ ਪਾੜ ਤੋਂ ਵੀ ਚੇਤੰਨ ਹੈ । ਪੂੰਜੀਵਾਦ ਅਤੇ ਮੰਡੀ ਦੇ ਅੰਨ੍ਹੇ ਰੋੜ੍ਹ ਅੱਗੇ ਉਸਦੇ ਸੁਪਨਿਆਂ ਦਾ ਪਿੰਡ ਅਤੇ ਉਸਦੀ ਸਮੂਹਿਕ ਸਾਂਝ ਵਾਲੀ ਮੁਹੱਬਤੀ ਜੀਵਨ-ਜਾਚ ਖੁਰ ਰਹੇ ਹਨ । ਉਸਨੂੰ ਇਹ ਵੀ ਪਤਾ ਹੈ ਕਿ ਉਸਦੀ ਕਵਿਤਾ ਅਤੇ ਉਸਦਾ ਫ਼ਿਕਰ ਮਾਇਆ ਦੇ ਰੋੜ੍ਹ ਅੱਗੇ ਖੁਰਦੇ ਉਸਦੇ ਸੁਪਨ ਸੰਸਾਰ ਨੂੰ ਬਚਾਅ ਨਹੀਂ ਸਕਦੇ । ਪੂੰਜੀਵਾਦ ਅਤੇ ਮੰਡੀ ਦੇ ਨਾਲ ਨਾਲ ਪੰਜਾਬ ਦੀ ਪੇਂਡੂ ਆਰਥਿਕਤਾ ਅਤੇ ਉਸਦੇ ਫਲਸਰੂਪ ਪੰਜਾਬ ਦੀ ਰਹਿਤਲ ਵਿਚ ਵਾਪਰ ਰਹੇ ਸਭਿਆਚਾਰਕ ਰੂਪਾਂਤਰਣ ਦੇ ਅਮਲ ਨੂੰ ਉਹ ਆਲੋਚਨਾਤਮਕ ਦ੍ਰਿਸ਼ਟੀ ਨਾਲ ਵੇਖਦਾ ਹੈ । ਉਪਭੋਗੀ ਸਭਿਆਚਾਰ ਵਿਚ ਹਰ ਪਾਸੇ ਮਾਇਆ ਦੇ ਪਹਿਰੇ ਕਾਰਨ ਮਨੁੱਖੀ ਰਿਸ਼ਤਿਆਂ ਵਿਚ ਪੈਂਦੇ ਖੋਰੇ ਨੂੰ ਉਹ ਪੂਰੀ ਫ਼ਿਕਰ ਮੰਦੀ ਨਾਲ ਰੂਪਮਾਨ ਕਰਦਾ ਹੈ :-

ਬੰਸਰੀਆਂ ਦੇ ਪੋਰ 'ਚ ਸਿੱਕਾ ਭਰ ਦਿਤਾ ਏ ਵਕਤਾਂ ਨੇ,
ਨੱਚਦੇ ਨੱਚਦੇ ਮੋਰ ਸਹਿਮ ਗਏ ਕਿਹੜਾ ਸਾਜ਼ ਵਜਾਵਾਂ ਨਾਲ ।

ਰਿਸ਼ਤੇ ਦੀ ਚਾਦਰ ਦੀਆਂ ਲੀਰਾਂ ਖਿਲਰ ਗਈਆਂ ਏਸ ਕਦਰ,
ਚਾਰ ਕਦਮ ਨਹੀਂ ਤੁਰਕੇ ਰਾਜ਼ੀ, ਸੱਕੀ ਭੈਣ ਭਰਾਵਾਂ ਨਾਲ ।

ਨਵੀਆਂ ਪ੍ਰਸਥਿਤੀਆਂ ਵਿਚ ਵਿਆਪ ਰਹੇ ਸੰਕਟ ਦੀ ਇਹ ਚੇਤਨਾ ਅਤੇ ਸਮਕਾਲੀ ਮਨੁੱਖ ਦੀ ਉਸ ਅੱਗੇ ਬੇਬਸੀ ਹੀ ਗੁਰਭਜਨ ਗਿੱਲ ਦੀ ਕਵਿਤਾ ਦਾ ਮੂਲ ਸਿਰਜਣਾ-ਸਰੋਤ ਬਣਦੇ ਹਨ । ਉਸਦੀ ਕਵਿਤਾ ਮੰਡੀ ਦੇ ਸ਼ੋਰ `ਚ ਸਹਿਮੇ ਹੋਏ ਬੰਦੇ ਨੂੰ ਆਪਣੇ
ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ, ਇਹੋ ਇਸ ਕਵਿਤਾ ਦਾ ਹਾਸਲ ਹੈ ।

ਸੁਖਦੇਵ ਸਿੰਘ (ਡਾ.)

ਪੰਜਾਬੀ ਵਿਭਾਗ,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ।

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ