Birha De Khakhar : Noor Muhammad Noor

ਬਿਰਹਾ ਦੇ ਖੱਖਰ : ਨੂਰ ਮੁਹੰਮਦ ਨੂਰ

1. ਨਾਅਤੀਆ ਗ਼ਜ਼ਲ
ਭਾਵੇਂ ਮਸਜਿਦ ਜਾ ਕੇ, ਭਾਵੇਂ 'ਕੱਲਾ ਕਰ

ਭਾਵੇਂ ਮਸਜਿਦ ਜਾ ਕੇ, ਭਾਵੇਂ 'ਕੱਲਾ ਕਰ।
'ਨੂਰ ਮੁਹੰਮਦਾ' ਹੁਣ ਤੂੰ ਅੱਲ੍ਹਾ ਅੱਲ੍ਹਾ ਕਰ।

ਮਨ ਚੋਂ ਮਲਬਾ ਕੱਢ ਕੇ ਸੁੱਟ ਬੁਰਾਈ ਦਾ,
ਲੈਣ ਲਈ ਨਾਂ ਰੱਬ ਦਾ ਸਾਫ਼ ਮਸੱਲਾ ਕਰ।

ਪੈ ਨਾ ਜਾਵੇ ਝੱਲਣੀ ਆਖ਼ਰ ਨੂੰ ਫ਼ਿਟਕਾਰ,
ਬਹੁਤਾ ਨਾ ਬੇਥੋਹਾ ਕੰਮ ਕਵੱਲਾ ਕਰ।

ਜੇ ਯੁੱਗਾਂ ਤੱਕ ਰੱਖਣੈ ਜੱਗ ਤੇ ਜਿਉਂਦਾ ਨਾਂ,
ਚੰਗੇ ਕੰਮ ਨੂੰ ਕਹਿ ਕੇ 'ਇਨਸ਼ਾਅੱਲਾ' ਕਰ।

ਹੈਂਕੜਬਾਜ਼ ਖ਼ੁਦਾ ਨੂੰ ਚੰਗੇ ਲੱਗਦੇ ਨਈਂ,
ਕੁੱਝ ਨਾ ਕੁੱਝ ਹੈਂਕੜ ਦਾ ਮੁੱਲ ਸਵੱਲਾ ਕਰ।

ਜਿਸ ਨੂੰ ਜਿੱਧਰ ਮਰਜ਼ੀ ਟੱਲਾ ਮਾਰੀਂ ਫੇਰ,
ਪਹਿਲਾਂ ਹੱਥ ਵਿਚ ਦੀਨ ਈਮਾਨ ਦਾ ਬੱਲਾਕਰ।

ਤੇਰਾ ਸਾਥ ਖ਼ੁਦਾ ਨੇ ਦੇ ਹੀ ਦੇਣੈਂ 'ਨੂਰ'
ਜਿੱਧਰ ਮਰਜ਼ੀ ਸੱਚਾਈ ਦਾ ਹੱਲਾ ਕਰ।

2. ਜੀਵਨ ਪੰਧ ਮੁਕਾਵਾਂ ਸੁੰਝੀਆਂ ਥਾਵਾਂ ਨਾਲ

ਜੀਵਨ ਪੰਧ ਮੁਕਾਵਾਂ ਸੁੰਝੀਆਂ ਥਾਵਾਂ ਨਾਲ।
ਟੁੱਟਿਐ ਜਦ ਤੋਂ ਨਾਤਾ ਸ਼ੋਖ਼ ਅਦਾਵਾਂ ਨਾਲ।

ਕਿੱਥੇ-ਕਿੱਥੇ ਬੀਜ ਗਈ ਯਾਦਾਂ ਦੇ ਬੂਟੇ,
ਜਿੱਧਰੋਂ ਲੰਘਾਂ ਪੇੜ ਮਿਲਣ ਘਣਛਾਵਾਂ ਨਾਲ।

ਮੈਂ ਮਕਸਦ ਤੋਂ ਕੋਹਾਂ ਅੱਗੇ ਲੰਘ ਗਿਆ,
ਉਹਦੀਆਂ ਗੱਲਾਂ ਕਰਦਾ ਤੇਜ਼ ਹਵਾਵਾਂ ਨਾਲ।

ਸਾਕ-ਸਬੰਧੀ ਮੋੜ ਲਿਆਏ ਰਾਹਾਂ 'ਚੋਂ,
ਮੇਰਾ ਤਾਂ ਦਿਲ ਕਰਦਾ ਸੀ ਤੁਰ ਜਾਵਾਂ ਨਾਲ।

ਉਹ ਕੱਲੇ ਨੂੰ ਸੱਦੇ ਕੱਲਾ ਕਿੰਜ ਜਾਵਾਂ,
ਜਦ ਤੁਰਦਾ ਹਾਂ ਤੁਰਦਾ ਹੈ ਪਰਛਾਵਾਂ ਨਾਲ।

ਖ਼ਬਰੈ ਤਾਹੀਉਂ ਆਉਣ ਭੂਚਾਲ ਜ਼ਮਾਨੇ ਤੇ,
ਪੁੱਤਰ ਕਰਨ ਚਹੇਡਾਂ ਸਕੀਆਂ ਮਾਵਾਂ ਨਾਲ।

ਆਸ ਮਿਲਾਪਾਂ ਵਾਲੀ ਬਿਰਹਾ ਤੱਕ ਪਹੁੰਚੀ,
ਉਹ ਘੀ-ਸ਼ੱਕਰ ਹੋਏ ਦੋ-ਤਿੰਨ ਲਾਵਾਂ ਨਾਲ।

ਇਸ਼ਕ ਸਕੂਲੇ ਪਾਕੇ ਕੁੱਝ ਦਿਨ ਪਰਖ ਲਵੋ,
ਸ਼ੁਧਰ ਨਹੀਂ ਜੋ ਸਕਿਆ ਸਖ਼ਤ ਸਜ਼ਾਵਾਂ ਨਾਲ।

ਨਿੱਤ ਸੋਚਣ ਚਾਲਾਂ ਨਾਰਦ ਸ਼ੈਤਾਨ ਦੀਆਂ,
ਬਚ ਨਾ ਜਾਵੇ ਬੰਦਾ ਕਿਤੇ ਦੁਆਵਾਂ ਨਾਲ।

ਅਚਨ-ਚੇਤੇ ਬਗਲੇ ਨੂੰ ਹੈ ਬਾਜ਼ ਪਿਆ,
ਮੈਂ ਨਈਂ ਗੰਢਿਆ ਨਾਤਾ ਦਰਦ ਬਲਾਵਾਂ ਨਾਲ।

ਝੱਖੜ ਬਣਕੇ ਜਦੋਂ ਮੁਸੀਬਤ ਆਉਂਦੀ ਸੀ,
ਬਚ ਜਾਂਦੇ ਸਾਂ ਅੰਮਾਂ ਦੀਆਂ ਦੁਆਵਾਂ ਨਾਲ।

ਅਪਣਾ ਤਾਂ ਅਪਣਾ ਹੈ ਹੋ ਹੀ ਜਾਵੇਗਾ,
ਪਹਿਲਾਂ ਮਿਤਰਾਂ ਵਾਲਾ ਕੰੰਮ ਮੁਕਾਵਾਂ ਨਾਲ।

ਚਾਹਵਾਨਾਂ ਵਿਚ ਸਾਡੀ ਵੀ ਸਰਦਾਰੀ ਸੀ,
ਕੰਮ ਜਦੋਂ ਕਰਦੇ ਸਨ ਯਾਰ ਸਲਾਹਵਾਂ ਨਾਲ।

ਢੱਗੇ ਹੱਕਦੇ ਬਾਪੂ ਨੂੰ ਕਹਿ ਦਿੰਦੇ ਸਾਂ,
"ਜੋਤ ਮੈਨੂੰ ਵੀ ਮੈਂ ਵੀ ਲਾਂਗਾ ਗਾਹਵਾਂ ਨਾਲ"।

ਬਹਿਕੇ ਟਿਕ-ਟਿਕ ਕਰਦੇ ਹਲਟ ਦੀ ਗਾਧੀ ਤੇ,
ਹੱਕਿਐ ਬਲਦਾਂ ਨੂੰ ਬਚਪਨ ਵਿਚ ਚਾਵਾਂ ਨਾਲ।

ਚੱਕਲੇ, ਮਾਹਲਾਂ, ਟਿੰਡਾਂ, ਬੈੜ ਅਤੇ ਹਲਟਾਂ,
ਮੈਂ ਮੁਕਦੇ ਦੇਖੇ ਨੇ ਅੰਤਮ ਸਾਹਵਾਂ ਨਾਲ।

ਮਹਿਰ ਦੀਆਂ ਸ਼ਰਤਾਂ ਵਿੱਚ ਕਿੱਥੇ ਲਿਖਿਐ 'ਨੂਰ',
ਜੋ ਕੁੱਝ ਵੀ ਤੂੰਂ ਚਾਹਵੇਂ ਮੈਂ ਵੀ ਚਾਹਵਾਂ ਨਾਲ।

3. ਚਾਹੀਦਾ ਹੈ ਉਸ ਨੂੰ ਕਿ ਇਤਫ਼ਾਕ ਕਰੇ

ਚਾਹੀਦਾ ਹੈ ਉਸ ਨੂੰ ਕਿ ਇਤਫ਼ਾਕ ਕਰੇ।
ਮੇਰਾ ਜੀਵਨ ਮੇਰੇ ਨਾਲ ਮਜ਼ਾਕ ਕਰੇ।

ਉਸ ਨੂੰ ਜਦ ਸਮਝਾਵਾਂ ਚਾਲਾਂ ਵਕਤ ਦੀਆਂ,
ਤੁਰ ਜਾਵੇ ਉਹ ਇਕ ਨਾ ਸਾਂਝਾ ਵਾਕ ਕਰੇ।

ਪੀੜ ਹਮੇਸ਼ਾ ਝੱਲੀ ਭੱਜੀਆਂ ਬਾਹਾਂ ਨੇ,
ਹਮਲਾ 'ਹਿੰਦ' ਕਰੇ ਜਾਂ ਹਮਲਾ 'ਪਾਕ' ਕਰੇ।

ਝੁੰਡ ਉਡਣ ਆਕਾਸ਼ੀਂ ਗਿਰਝਾਂ ਕਾਵਾਂ ਦੇ,
ਚੰਗਾ ਹੈ ਹਾਲੇ ਕੁੱਝ ਸਬਰ 'ਇਰਾਕ' ਕਰੇ।

'ਬੁੱਸ਼' ਦੀ ਉਕਰੀ ਗੁੰਝਲਦਾਰ ਕਹਾਣੀ ਨੂੰ,
ਐਨੀ ਛੇਤੀ ਕਿੱਦਾਂ ਠੀਕ 'ਬਰਾਕ' ਕਰੇ।

ਕਰ ਦਿੱਤੀ ਦੋ-ਫਾੜ ਮੁਹੱਬਤ ਬੋਲੀ ਨੇ,
ਇਕ ਦਾਤਨ ਆਖੇ ਦੂਜਾ ਮਿਸਵਾਕ ਕਰੇ।

ਹੁੰਦੀ ਹੈ ਹਰ ਚੀਜ਼ ਜ਼ਰੂਰੀ ਜੀਵਨ ਲਈ,
ਬੰਦਾ ਕਿਹੜੀ ਸ਼ੈ ਦੇ ਨਾਲ ਤਲਾਕ ਕਰੇ।

ਮਿਲ ਜਾਂਦੈ ਖ਼ਤ ਕੁੱਝ ਦਿਨ ਬਾਅਦ ਬੁਲਾਵੇ ਤੋਂ,
ਤੇਜ਼ੀ ਇਸ ਤੋਂ ਵੱਧ ਭਲਾਂ ਕੀ ਡਾਕ ਕਰੇ।

ਯਾਦਾਂ ਵਿੱਚੋਂ ਘੜੀਆਂ ਚੁਣਾਂ ਮਿਲਾਪ ਦੀਆਂ,
ਜਦ ਮਨ ਨੂੰ ਦੁਖਿਆਰਾ ਦਰਦ ਫ਼ਿਰਾਕ ਕਰੇ।

ਭੁੱਖੇ ਪੇਟ ਨਿਆਣੇ ਰੋਣ ਮੁਕੱਦਰ ਨੂੰ,
ਖੋਹ-ਖਿੰਜ ਦੀ ਥਾਂ ਬੰਦਾ ਹੁਣ ਕੀ ਖ਼ਾਕ ਕਰੇ।

ਦਫ਼ਤਰ ਖੁੱਲੇ ਨੇ ਤਦਬੀਰਾਂ ਦੱਸਣ ਨੂੰ,
ਬੰਦਾ ਬੰਦੇ ਨੂੰ ਹੁਣ ਕਿਵੇਂ ਹਲਾਕ ਕਰੇ।

ਕਿੰਨਾਂ ਵੀ ਸਮਝਾਵਾਂ ਜ਼ਿੰਦ ਮਿਜਾਜ਼ਣ ਨੂੰ,
ਕਰਦੀ ਉਹ ਹੈ ਜੋ ਕੁੱਝ ਦਿਲ ਦਾ ਚਾਕ ਕਰੇ।

ਉਸ ਨੂੰ ਆਖੋ ਦਿਲ ਦੀ ਦਿਲ ਵਿਚ ਰੱਖੇ ਨਾ,
ਜੋ ਵੀ ਕਹਿਣਾ, ਕਰਨਾ ਹੈ ਬੇਬਾਕ ਕਰੇ।

ਹਰ ਥਾਂ ਲੋਕੀ ਭਾਲਣ ਰਿਸ਼ਤੇ ਮਤਲਬ ਦੇ,
ਕਿਹੜੀ ਥਾਂ ਬੰਦਾ ਸੱਧਰਾਂ ਦਾ ਸਾਕ ਕਰੇ।

ਉਹ ਜੰਗਲੀ ਰਾਜੇ ਦਾ ਜੇਠਾ ਪੁੱਤਰ ਹੈ,
ਜਿੰਨ੍ਹੀ ਮਰਜ਼ੀ ਖ਼ਰਮਸਤੀ 'ਸ਼ੀਰਾਕ' ਕਰੇ।

'ਨੂਰ' ਲਗਾ ਕੇ ਰੀਝਾਂ ਮਿਹਨਤ ਕਰਦਾ ਜਾਹ,
ਹੋਣਾ ਉਹ ਹੈ ਜੋ ਕੁੱਝ ਅੱਲ੍ਹਾ ਪਾਕ ਕਰੇ।

4. ਸਾਵੇ ਪੱਤਰ ਲੂ ਵਿਚ ਫੁਕ ਵੀ ਜਾਂਦੇ ਨੇ

ਸਾਵੇ ਪੱਤਰ ਲੂ ਵਿਚ ਫੁਕ ਵੀ ਜਾਂਦੇ ਨੇ।
ਫਲ ਲੱਗਣ ਤੇ ਟਾਹਣੇ ਝੁਕ ਵੀ ਜਾਂਦੇ ਨੇ।

ਆਪ ਮੁਹਾਰੇ ਉੱਗੇ ਪੇੜ ਢਲਾਨਾਂ ਤੇ,
ਲੰਬੀ ਔੜ ਪਈ ਤੇ ਸੁੱਕ ਵੀ ਜਾਂਦੇ ਨੇ।

ਨੈਂਣ-ਸਮੁੰਦਰ ਤੱਕ ਕੇ ਹਿਜਰਾਂ ਦੇ ਪਾਂਧੀ,
ਪਿਆਸ ਬੁਝਾਉਣ ਲਈ ਪਲ ਰੁਕ ਵੀ ਜਾਂਦੇ ਨੇ।

ਫੁੱਲ ਖ਼ੁਸ਼ੀ ਦਾ ਤੱਕ ਕੇ ਸੁੱਖ ਦੇ ਬੂਟੇ ਨੂੰ,
ਦੁੱਖ ਦੇ ਜਿੱਦੀ ਤੋਤੇ ਟੁੱਕ ਵੀ ਜਾਂਦੇ ਨੇ।

ਲੱਗਦੇ ਨੇ ਜੋ 'ਕੱਠ ਨਿਰੇ ਹਮਦਰਦਾਂ ਦੇ,
ਲੂਣ ਕਦੀ ਜ਼ਖ਼ਮਾਂ ਤੇ ਭੁੱਕ ਵੀ ਜਾਂਦੇ ਨੇ।

ਤੁਰਦੇ-ਤੁਰਦੇ ਮੰਜ਼ਿਲ ਆ ਵੀ ਜਾਂਦੀ ਹੈ,
ਮੁਕਦੇ-ਮੁਕਦੇ ਰਸਤੇ ਮੁੱਕ ਵੀ ਜਾਂਦੇ ਨੇ।

ਬਹਿਣਾ ਚਾਹੁੰਦਾ ਏਂ ਤਾਂ ਬਹਿਜਾ ਦੜ ਵੱਟ ਕੇ,
ਸਾਧਾਂ ਦੇ ਵਿਚ ਚੋਰ ਤਾਂ ਲੁਕ ਵੀ ਜਾਂਦੇ ਨੇ।

ਹਿੰਮਤ ਤਾਂ ਕੀਤੀ ਹੈ ਉਸ ਨੂੰ ਭਾਲਣ ਦੀ,
ਕਦੀ-ਕਦਾਰ ਨਿਸ਼ਾਨੇ ਉੱਕ ਵੀ ਜਾਂਦੇ ਨੇ।

ਸਬਰ ਜਿਨ੍ਹਾਂ ਨੇ ਕਰਨਾ ਸਿਖਿਆ ਹੋਇਐ 'ਨੂਰ',
ਉਹ ਦੁੱਖਾਂ ਦਾ ਬੋਝਾ ਚੁੱਕ ਵੀ ਜਾਂਦੇ ਨੇ।

5. ਨਾ ਸੱਥਾਂ ਨਾ ਦਿਸਣ ਤਬੇਲੇ, ਨਾ ਬੋਹੜ ਨਾ ਛਾਵਾਂ

ਨਾ ਸੱਥਾਂ ਨਾ ਦਿਸਣ ਤਬੇਲੇ, ਨਾ ਬੋਹੜ ਨਾ ਛਾਵਾਂ।
ਹਿਜਰ ਤੇਰੇ ਵਿਚ ਤਪਦੇ ਦਿਲ ਦਾ, ਮੰਜਾ ਕਿੱਥੇ ਡਾ੍ਹਵਾਂ।

ਤੇਜ਼-ਤਰਾਰ ਜ਼ਮਾਨੇ ਵਾਹੀਆਂ, ਹਿੱਤਾਂ ਲਈ ਚਰਾਂਦਾਂ,
ਕਿੱਥੇ ਚਾਰਨ ਜਾਵੇ ਕੋਈ, ਭੁੱਖੀਆਂ ਮੱਝਾਂ ਗਾਵਾਂ।

ਏਸ ਸਮੇਂ ਦੀ ਹਫ਼ੜਾ-ਦਫ਼ੜੀ, ਬੰਦਾ ਕੋਹਲੂ ਕੀਤਾ,
ਕੀਹਨੂੰ ਵਕਤ ਪੰਜਾਲੀ ਲਾਹ ਕੇ, ਆਵੇ ਕਰਨ ਸਲਾਹਵਾਂ।

ਰੀਤ ਅਜਲ ਤੋਂ ਚੱਲੀ ਆਈ, ਇਕ ਆਵੇ ਇੱਕ ਜਾਵੇ,
ਸਾਵੇ ਪੱਤਰ ਦੇਣ ਵਿਖਾਈ, ਜਦ ਤੁਰ ਜਾਣ ਖ਼ਿਜ਼ਾਵਾਂ।

ਚੰਨ ਦੀ ਧਰਤੀ ਉੱਤੇ ਜਾ ਕੇ, ਜੋ ਕਰਦੇ ਸੋ ਕਰਦੇ,
ਆਉਂਦੇ ਜਾਂਦੇ ਵੀ ਪਰਦੂਸ਼ਤ, ਕਰਦੇ ਜਾਣ ਫ਼ਿਜ਼ਾਵਾਂ।

ਅਪਣਾ ਆਪਾ ਆਪ ਬਚਾ ਕੇ, ਐਥੋਂ ਲੰਘਣਾ ਪੈਂਦੈ,
ਜੇ ਬੰਦਾ ਹੁਸ਼ਿਆਰ ਨਾ ਹੋਵੇ, ਚਿੰਬੜ ਜਾਣ ਬਲਾਵਾਂ।

ਦੱਸ ਦਿਉ ਜੰਨਤ ਦਾ ਰਸਤਾ, ਧਰਮ ਦਿਉ ਸਰਦਾਰੋ,
ਅਪਣੇ ਜੱਦੀ ਪੁਸ਼ਤੀ ਘਰ ਵਿਚ, ਹੁਣ ਮੈਂ ਜਾਣਾ ਚਾਹਵਾਂ।

ਮਹਿੰਗਾਈ ਦਾ ਭੰਨਿਆ ਬਾਪੂ, ਬੋਝਾ ਟੋਹ ਕੇ ਸੋਚੇ,
ਕੱਲ੍ਹ ਦੀ ਕੱਲ੍ਹ ਦੇਖਾਂਗੇ ਅੱਜ, ਬੱਚਿਆਂ ਦਾ ਡੰਗ ਟਪਾਵਾਂ।

ਅੱਲੜ ਬੋਟਾਂ ਨੂੰ ਤੂੰ ਹਾਲੇ ਖੰਭਾਂ ਹੇਠ ਛੁਪਾ ਲੈ,
ਦੇਖ ਲਿਆ ਖਾ ਜਾਣੈ ਸਭ ਨੂੰ, ਭੁੱਖੀਆਂ ਗਿਰਝਾਂ, ਕਾਵਾਂ।

ਆਲ੍ਹਣਿਆਂ ਨੂੰ ਪਾਉਣੋਂ ਪਹਿਲਾਂ, ਤਕੜੇ ਟਾਹਣੇ ਲੱਭੋ,
ਲੱਖ ਵਾਰੀ ਭੇਜਣਗੇ ਦੋਖੀ, ਤੱਤੀਆਂ ਤੇਜ਼ ਹਵਾਵਾਂ।

ਸ਼ਾਇਦ ਪੜ੍ਹ ਕੇ ਉਸ ਨੂੰ ਯਾਦ, ਅਤੀਤਾਂ ਦੀ ਆ ਜਾਵੇ,
ਏਸ ਲਿਸਟ ਵਿਚ ਲਿਖ ਲੈ ਮੁਨਸ਼ੀ, ਮੇਰਾ ਵੀ ਸਿਰਨਾਵਾਂ।

ਫੇਰ ਕਿਵੇਂ ਤੂੰ ਤੂਹਮਤ–ਬਾਜ਼ੀ ਕਰਦਾ ਦੂਜੇ ਉੱਤੇ,
ਤੇਰੇ ਵਰਗਾ ਹੋਰ ਖਲੋਤਾ, ਹੁੰਦਾ ਅੱਗੇ ਸਾਵਾਂ।

ਏਸ ਹਿਆਤੀ ਦੇ ਦੁੱਖਾਂ ਦੀ, ਕਿਸ ਨੂੰ ਵਿੱਥਿਆ ਦੱਸਾਂ,
ਭੀੜ-ਭੜੱਕੇ ਦੇ ਵਿਚ ਲੱਭੇ, ਬੰਦਾ ਟਾਵਾਂ ਟਾਵਾਂ।

ਮਾੜੇ, ਭੈੜੇ, ਜ਼ਾਲਮ, ਖ਼ੂਨੀ, ਪੁੱਤਰ ਕੁੱਝ ਵੀ ਹੋਵਣ,
ਮਾਵਾਂ ਤਾਂ ਮਾਵਾਂ ਨੇ ਮਾਵਾਂ, ਦੇਵਣ ਰੋਜ਼ ਦੁਆਵਾਂ।

ਚੰਗਾ ਹੋਇਆ ਮੁਕਰ ਗਿਆ ਉਹ, ਆਪੇ ਅਪਣੀ ਕਹਿ ਕੇ,
ਸਾਰੀ ਉਮਰ ਨਹੀਂ ਤਾਂ ਕਰਦੇ, ਰਹਿੰਦੇ ਅਸੀਂ ਵਫ਼ਾਵਾਂ ।

ਫੇਰ ਭਰੋਸਾ ਕੀਤਾ ਜਾ ਸਕਦਾ ਸੀ ਰਿਸ਼ਤੇ ਉੱਤੇ,
ਜੇ ਪੂਰਨ ਵਰਗੇ ਪੁੱਤ ਹੁੰਦੇ, ਇਛਰਾ ਵਰਗੀਆਂ ਮਾਵਾਂ।

ਪੰਡ ਦੁੱਖਾਂ ਦੀ ਇੱਕੋ ਸਾਹੇ, ਦੇ ਕੇ ਤੁਰਦੇ ਲੱਗੇ,
ਦਿਲ ਦੇ ਨੰਗੇ ਸਿਰ ਤੇ ਐਨਾ, ਬੋਝਾ ਕਿਵੇਂ ਟਿਕਾਵਾਂ।

ਮਸਲੇ ਉੱਤੇ ਮਸਲਾ ਕਰ ਕੇ, ਧਰਮ ਦੀਆਂ ਸਰਕਾਰਾਂ,
ਦੋਰਾਹੇ ਤੇ ਮੈਨੂੰ ਪਾਇਆ, ਕਿਹੜੇ ਪਾਸੇ ਜਾਵਾਂ।

'ਨੂਰ' ਉਨ੍ਹਾਂ ਨੂੰ ਸੱਚੇ ਦਿਲ ਤੋਂ ਹੁਣ ਵੀ ਅਪਣਾ ਆਖੇ,
ਇਕਲਾਪੇ ਦੇ ਨਾਲ ਜਿਨ੍ਹਾਂ ਨੇ ਦੇ ਦਿੱਤੀਆਂ ਨੇ ਲਾਵਾਂ।

6. ਮੋਟੇ ਸੰਗਲ ਪਾ ਕੇ ਬੰਨ੍ਹੋ, ਪਿੰਡੋਂ ਦੂਰ ਬਰੋਟੇ ਨਾਲ

ਮੋਟੇ ਸੰਗਲ ਪਾ ਕੇ ਬੰਨ੍ਹੋ, ਪਿੰਡੋਂ ਦੂਰ ਬਰੋਟੇ ਨਾਲ।
ਇੰਜ ਹੀ ਸਿੰਝਣਾ ਪੈਣਾ ਹੈ ਹੁਣ, ਮਹਿੰਗਾਈ ਦੇ ਝੋਟੇ ਨਾਲ।

ਅਪਣੇ ਹੱਕ ਦੀ ਕੁੱਲੀ, ਗੁੱਲੀ, ਜੁੱਲੀ ਦੇ ਪਰਬੰਧ ਲਈ,
ਕੁੱਦਣਾ ਪੈਣੈਂ ਇਸ ਜੱਗ ਰੂਪੀ, ਖਾੜੇ ਵਿਚ ਲੰਗੋਟੇ ਨਾਲ।

ਕੀੜੇ ਤਾਂ ਸਰਦੀ ਦੀ ਖ਼ਾਤਰ, ਦਾਣੇ ਕੱਠੇ ਕਰਦੇ ਨੇ,
ਇਹ ਕਿਉਂ ਭਰੀਂ ਗੁਦਾਮਾਂ ਨੂੰ, ਬੈਠਾ ਹੈ ਪੁੱਛੋ ਘੋਟੇ ਨਾਲ।

ਤਨ ਦੇ ਕੱਪੜੇ ਲੈ ਨਾ ਹੋਏ, ਮੇਰੀ ਨੇਕ ਕਮਾਈ ਤੋਂ,
ਸਾਰਾ ਸ਼ਹਿਰ ਖ਼ਰੀਦ ਲਿਆ, ਲੋਕਾਂ ਨੇ ਪੈਸੇ ਖੋਟੇ ਨਾਲ।

ਜਾਨ ਕੜੱਕੀ ਦੇ ਵਿਚ ਪਾਈ, ਲੋੜਾਂ, ਤੋੜਾਂ, ਥੋੜਾਂ, ਨੇ,
ਫ਼ੀਂਹ ਦਿੱਤਾ ਉਖਲੀ ਵਿਚ ਚੀਨਾ, ਜਿਉਂ ਕੁੱਟ ਕੁੱਟ ਕੇ ਸੋਟੇ ਨਾਲ।

ਕੱਠੇ ਕਰਦਾ-ਕਰਦਾ ਝੰਬਿਆ, ਮਹਿਕਮਿਆਂ ਸਰਕਾਰ ਦਿਆਂ,
ਸਬਰ ਨਹੀਂ ਸੀ ਜਿਸ ਨੂੰ ਆਇਆ, ਪੈਸੇ ਮਾੜੇ-ਮੋਟੇ ਨਾਲ।

ਇਸ ਨੇ ਜ਼ਾਹਰ ਹੋ ਜਾਣਾ ਹੈ, ਇੱਕ ਨਾ ਇੱਕ ਦਿਨ ਲੋਕਾਂ ਤੇ,
ਕਿੰਨੀ ਦੇਰ ਛੁਪਾਏਂਗਾ ਤੂੰ, ਜ਼ਾਲਮ ਰੂਪ ਮਖੋਟੇ ਨਾਲ।

ਰੱਜ ਨਾ ਹੋਏ ਜਿਹੜੇ ਖ਼ੱਤੇ, ਨਹਿਰਾਂ ਸੂਇਆਂ, ਖਾਲਾਂ ਤੋਂ,
ਸੁੱਕਣੋਂ ਕਿਵੇਂ ਬਚਾਉਗੇ, ਪਾ ਪਾ ਕੇ ਪਾਣੀ ਲੋਟੇ ਨਾਲ।

ਝੂਠੀ ਗੱਲ ਹੈ ਸੰਗਤ ਦਾ ਪਾਹ, ਆਉਂਦੈ ਨੇੜੇ ਬੈਠਣ ਤੇ,
ਮੈਨੂੰ ਗਾਉਣ-ਵਜਾਉਣ ਨਾ ਆਇਆ, ਬੈਠ 'ਅਨੂਪ ਜਲੋਟੇ' ਨਾਲ।

ਬਹੁਤ ਘੁਮੰਡ ਕਰੀਂ ਨਾ ਅਪਣੀ, ਸੁੰਦਰ ਦਿੱਖ ਦੇ ਸਿੰਗਾਂ ਤੇ,
ਫੁੱਟ ਜਾਂਦੀ ਹੈ ਅੱਖ ਬਲੋਰੀ, ਇੱਕ ਪੱਥਰ ਦੇ ਟੋਟੇ ਨਾਲ ।

ਸੋਹਣੇ-ਸੋਹਣੇ ਫੁੱਲ ਬਣਾ ਕੇ, ਤੀਆਂ ਦੀ ਸਰਦਾਰ ਬਣੀ,
ਜੀਵਨ ਦੀ ਫੁਲਕਾਰੀ ਤੇ, ਉਂਗਲਾਂ ਦੇ ਪੋਟੇ-ਪੋਟੇ ਨਾਲ।

ਜਦ ਆਸਾਂ ਨੂੰ ਢਾਰਸ ਦੇਵਣ ਵਾਲਾ ਢੇਰੀ ਢਾਅ ਬੈਠਾ,
ਜੀਵਨ ਦੀ ਚੁੰਨੀ ਸ਼ਿੰਗਾਰ ਲਈ ਹੰਝੂਆਂ ਦੇ ਗੋਟੇ ਨਾਲ।

ਕੱਲਾ-ਕਾਰਾ, ਆਪ ਮੁਹਾਰਾ, ਬੰਦਾ ਕੀ ਕਰ ਸਕਦਾ ਹੈ,
ਜੱਗ ਨੂੰ ਹੈ ਪਰਫੁੱਲਤ ਕੀਤਾ, ਰੱਬ ਨੇ ਜੋਟੇ ਜੋਟੇ ਨਾਲ।

ਖੁੰਢ ਜ੍ਹਿਦੇ ਤੇ ਬਹਿ ਕੇ ਬਾਬੇ, ਦੁੱਖ ਸੁੱਖ ਕਰਿਆ ਕਰਦੇ ਨੇ,
ਤਖ਼ਤ ਤੇ ਤਖ਼ਤਾ ਬਣ ਜਾਂਦੇ ਨੇ, ਇਸ ਲੱਕੜ ਦੇ ਟੋਟੇ ਨਾਲ।

ਮੇਰੇ ਨਾਲ ਮੁਲਾਹਜ਼ਾ ਪਾ ਕੇ, ਤੁਰਨੋਂ ਕਿਉਂ ਘਬਰਾਉਂਦਾ ਏਂ,
ਬਾਗ਼ਾਂ ਨੂੰ ਛੱਡ ਆਈ ਕੋਇਲ, ਇਕ ਕਾਂ ਕਾਲ–ਕਲੋਟੇ ਨਾਲ।

ਮੁੱਲਾਂ ਕਹਿੰਦਾ ਉਹ ਹੀ ਮਿਲਣੈ, ਜੋ ਰੱਬ ਨੇ ਲਿਖ ਦਿੱਤਾ ਹੈ,
ਅਪਣੀ-ਅਪਣੀ ਜੂਨ ਸੰਵਾਰੋ, ਅਪਣੇ-ਅਪਣੇ ਕੋਟੇ ਨਾਲ।

ਜਦ ਆਸਾਂ ਨੂੰ ਢਾਰਸ ਦੇਵਣ ਵਾਲਾ ਢੇਰੀ ਢਾਅ ਬੈਠਾ,
ਜੀਵਨ ਦੀ ਚੁੰਨੀ ਸ਼ਿੰਗਾਰ ਲਈ ਹੰਝੂਆਂ ਦੇ ਗੋਟੇ ਨਾਲ।

ਤਨ, ਮਨ, ਧਨ, ਨੂੰ ਦਾਅ ਤੇ ਲਾ ਕੇ ਉੁਸ ਨੂੰ ਦੁੱਧ ਪਿਲਾਉਂਦਾ ਹਾਂ,
ਜਾਣਦਿਆਂ ਵੀ ਖੇਢ ਰਿਹਾ ਹਾਂ, ਜ਼ਹਿਰੀ ਸੱਪ–ਸਪੋਟੇ ਨਾਲ।

ਅੱਟੀ ਵਾਲੀ ਰੀਤ ਮੁਕਾ ਕੇ, ਜਾਵੀਂ ਵਿਚ ਬਜ਼ਾਰਾਂ ਦੇ,
ਲੋਕ ਖ਼ਰੀਦਣ ਨਾ ਆ ਜਾਵਣ, ਤੈਨੂੰ 'ਨੂਰ' ਗਲੋਟੇ ਨਾਲ।

7. ਵੰਨ–ਸਵੰਨੇ ਸੁਪਨੇ ਦੇਖੇ, ਆਸਾਂ ਦਾ ਦੁੱਧ ਚੋਇਆ

ਵੰਨ–ਸਵੰਨੇ ਸੁਪਨੇ ਦੇਖੇ, ਆਸਾਂ ਦਾ ਦੁੱਧ ਚੋਇਆ।
ਪਰ ਵਸਲਾਂ ਦੀ ਚਾਟੀ ਵਿੱਚੋਂ, ਮੱਖਣ ਕੱਢ ਨਾ ਹੋਇਆ।

ਕਿੰਨੀ ਹਿੰਮਤ ਵਾਲੀ ਦੇਖੀ, ਅੱਲੜ੍ਹ ਜ਼ਿੰਦ ਉਨ੍ਹਾਂ ਦੀ,
ਸ਼ੋਖ਼ ਹਿਆਤੀ ਦਾ ਜਿਸ ਨੇ ਹੈ, ਸਾਰਾ ਬੋਝਾ ਢੋਇਆ।

ਜਿੰਨੀ ਵਾਰੀ ਆਫ਼ਤ ਬਣ ਕੇ, ਕੁਦਰਤ ਨਾਜ਼ਲ ਹੋਈ,
ਉੱਨੀ ਵਾਰੀ ਹੋ ਕੇ ਉੱਠਿਆ, ਬੰਦਾ ਨਵਾਂ ਨਰੋਇਆ।

ਉੱਗਣ ਤੋਂ ਪਹਿਲਾਂ ਹੀ ਸੁੰਘ, ਗਈ ਨਫ਼ਰਤ ਦੀ ਸੁੰਡੀ,
ਬੀਜ ਜਦੋਂ ਸੱਧਰਾਂ ਦਾ ਦਿਲ ਦੀ, ਧਰਤੀ ਉੱਤੇ ਬੋਇਆ।

ਅੱਜ ਕਿਸੇ ਦੇ ਨਾਲ ਹੈ ਜਿਸ ਨੇ, ਦਿਲ ਦੀ ਸਾਂਝ ਬਣਾਈ,
ਉਸ ਨੇ ਮੇਰੀ ਖ਼ਾਤਰ ਵੀ ਸੀ, ਇਕ ਦਿਨ ਹਾਰ ਪਰੋਇਆ।

ਅਪਣੇ-ਪਣ ਦਾ ਦਵੇ ਭੁਚੱਕਾ, ਹਰ ਰਾਹੀ ਦਾ ਚਿਹਰਾ,
ਜਿਸ ਦਿਨ ਦਾ ਨਜ਼ਰਾਂ ਦੀ ਦਿੱਖ ਤੋਂ, ਉਹ ਕਿਧਰੇ ਹੈ ਖੋਇਆ।

ਇਜਰਾਈਲ ਦੀਆਂ ਨਜ਼ਰਾਂ ਨੇ, ਲੁਕਣ ਕਿਤੇ ਨਾ ਦਿੱਤਾ,
ਸੋਹਣਾ ਮਹਿਰਮ ਬੁੱਕਲ ਦੇ ਵਿਚ, ਮੈਂ ਤਾਂ ਬਹੁਤ ਲਕੋਇਆ।

ਉਸ ਨੇ ਮੈਨੂੰ ਆਖ਼ਰ ਤੱਕ ਨਾ, ਗੱਲ੍ਹ ਅੰਦਰ ਦੀ ਦੱਸੀ,
ਤੋੜ ਹਿਆਤੀ ਨੇੜਿਉਂ ਹੋ ਕੇ, ਜਿਸ ਦੇ ਦਿਲ ਨੂੰ ਟੋਹਿਆ।

ਉੱਸਲ-ਵੱਟੇ ਲੀਤੇ ਤਾਰੇ ਗਿਣ-ਗਿਣ ਰਾਤ ਲੰਘਾਈ,
ਜਦ ਵੀ ਮੇਰੀ ਬੁੱਕਲ ਦੇ ਵਿਚ, ਕੋਈ ਸੁਫ਼ਨਾ ਮੋਇਆ।

ਚੁੱਕ ਹਵਾਵਾਂ ਲੈ ਗਈਆਂ ਸਨ, ਜਿਸ ਨੂੰ ਬੱਦਲ ਉੱਤੇ,
ਸਾਗਰ ਨੂੰ ਗਲਵੱਕੜੀ ਪਾ ਕੇ, ਪਾਣੀ ਧਾਹੀਂ ਰੋਇਆ।

ਨੀਂਦ ਉਡਾਰੀ ਮਾਰ ਗਈ, ਬਚਪਨ ਦੀ ਗ਼ਲਤੀ ਪਿੱਛੇ,
ਹੋਰ ਕਿਸੇ ਦੀ ਖ਼ਾਤਰ ਕੜੀਆਂ, ਗਿਣਦੈ ਕਿਹੜਾ ਮੋਇਆ।

'ਨੂਰ' ਅਸੀਂ ਅਨਜਾਣਾਂ ਵਾਂਗੂੰ, ਕਾਹਨੂੰ ਮੂਧੇ ਗਿਰਦੇ,
ਤੱਕ ਲਿਆ ਹੁੰਦਾ ਜੇ ਇਸ਼ਕ ਦਿਆਂ ਰਾਹਾਂ ਦਾ ਟੋਇਆ।

8. ਨਾਲ ਕਦੇ ਸੋਚਾਂ ਲੈ ਆਵੇ ਕਦੇ ਇਕੱਲੀ ਆਵੇ

ਨਾਲ ਕਦੇ ਸੋਚਾਂ ਲੈ ਆਵੇ ਕਦੇ ਇਕੱਲੀ ਆਵੇ।
ਸ਼ਾਮ–ਸਵੇਰੇ ਯਾਦ ਉਨ੍ਹਾਂ ਦੀ ਉਪਰੋ-ਥੱਲੀ ਆਵੇ।

ਨਾ ਆਵੇ ਤਾਂ ਉਹਦੀ ਮਰਜ਼ੀ ਸਾਰਾ ਦਿਨ ਨਾ ਆਵੇ,
ਆਵੇ, ਪਲ ਨਾ ਲੰਘਣ ਦੇਵੇ, ਮੱਲੋ-ਮੱਲੀ ਆਵੇ।

ਜਦ ਮੈਂ ਸੱਦਾਂ ਨਾ ਆਵਣ ਦੇ ਸੌ-ਸੌ ਪੱਜ ਬਣਾਵੇ,
ਮਰਜ਼ੀ ਹੋਵੇ ਰੋਕਣ ਤੇ ਵੀ ਸਿੱਧੀ ਚੱਲੀ ਆਵੇ।

ਲੈਕੇ ਚਾਹਤ ਪਾਰ ਪੁੱਜਣ ਦੀ ਬੇਡਰ ਹੋ ਕੇ ਠਿੱਲੇ,
ਧੁਨ ਦੀ ਪੱਕੀ ਸੋਹਣੀ ਵਾਂਗੂੰ ਕੱਲਮ-ਕੱਲੀ ਆਵੇ।

ਲੰਘੇ ਵਕਤ ਦੀਆਂ ਸਭ ਗੱਲਾਂ ਚੇਤੇ ਕਰ ਕਰ ਦੱਸੇ,
ਜਦ ਵੀ ਹੁਸਨ ਨਸ਼ੇ ਵਿਚ ਹੋਕੇ ਟੱਲਮ-ਟੱਲੀ ਆਵੇ।

ਘਰ ਦਾ ਸਿਨਮਾ ਹਾਲ ਬਣਾਇਆ, ਮੇਰੇ ਘਰ ਦੇ ਲੋਕਾਂ,
ਆਖੋ ਲੈ ਕੇ ਮੁੱਲਾਂ, ਕਾਜ਼ੀ ਅਤੇ ਮਸੱਲੀ ਆਵੇ।

ਭਾਵੇਂ ਤੇਰੀ ਹਰ ਹਰਕਤ ਦੇ ਬਾਰੇ ਮੁਖ਼ਬਰ ਦੱਸਣ,
ਤੈਨੂੰ ਤੱਕੇ ਬਾਝ ਨਾ ਮਨ ਨੂੰ ਕਦੇ ਤਸੱਲੀ ਆਵੇ।

ਐਨੀ ਖੁੱਲ੍ਹ ਦਵੀਂ ਨਾ ਰੱਬਾ ਮੈਨੂੰ ਮਨ ਮਰਜ਼ੀ ਦੀ,
ਲੋਭੀ ਮਨ ਵਿਚ ਲੋਕਾਂ ਬਾਰੇ ਸੋਚ ਕਵੱਲੀ ਆਵੇ।

ਮਾੜਾ ਡੰਗ-ਟਪਾਈ ਖ਼ਾਤਰ ਜੋ ਲੱਭੇ ਲੈ ਆਵੇ,
ਪਰ ਤਕੜਾ ਨਾ ਚਾਹਵੇ ਘਰ ਵਿਚ ਚੀਜ਼ ਸਵੱਲੀ ਆਵੇ।

ਰੱਬਾ ਐਡੀ ਆਯੂ ਦੇ ਦੇ ਉਹ ਪਲ ਮੈਂ ਵੀ ਦੇਖਾਂ
ਤੇਰੇ ਹੁਕਮਾਂ ਨਾਲ ਜਦੋਂ ਜੱਗ ਤੇ ਤਰਥੱਲੀ ਆਵੇ।

ਜਿਹੜੇ ਨਾਲ ਵਧੇ-ਫੁੱਲੇ ਨੇ ਨਾਲ ਨੇ ਲੈ ਕੇ ਜਾਣੇ,
ਪੰਡ ਦੁਖਾਂ ਦੀ ਬੰਨਣ ਨੂੰ ਉਹ ਲੈ ਕੇ ਪੱਲੀ ਆਵੇ।

ਜ਼ੋਰਾਵਰ ਦੀ ਹਿੱਕ ਤੇ ਬਹਿ ਕੇ ਮਾੜੇ ਦਾ ਹੱਕ ਖੋਹਵਾਂ,
ਭੰਨਾਂ-ਘੜਤਾਂ ਕਰਦੇ ਮਨ ਨੂੰ ਫੇਰ ਤਸੱਲੀ ਆਵੇ।

ਭਾਵੇਂ ਦੁਨੀਆਂ ਪੁੱਠੀ ਹੋਵੇ 'ਨੂਰ' ਨਹੀਂ ਇਹ ਚਾਹੁੰਦਾ,
ਘਰ ਵਿਚ ਇੱਜ਼ਤ-ਦਾਰਾਂ ਦੇ ਹਰ ਲੱਲੀ-ਛੱਲੀ ਆਵੇ।

9. ਰੱਖ ਤਸੱਲੀ ਫੇਰ ਮਿਲਣ ਦੀ, ਕਾਹਨੂੰ ਕਰਦੈਂ ਨੇਰ੍ਹਾ ਨੇਰ੍ਹਾ

ਰੱਖ ਤਸੱਲੀ ਫੇਰ ਮਿਲਣ ਦੀ, ਕਾਹਨੂੰ ਕਰਦੈਂ ਨੇਰ੍ਹਾ ਨੇਰ੍ਹਾ।
ਪੂਰਬ ਦੇ ਵੱਲ ਤੁਰ ਪੈਂਦੇ ਹਾਂ, ਮਿਲ ਜਾਵੇਗਾ ਕਿਤੇ ਸਵੇਰਾ।

ਅਸਲ ਹਕੀਕਤ ਮੇਰੇ ਘਰ ਦੀ, ਕੀ ਹੈ ਇਸ ਨੂੰ ਮੈਂ ਹੀ ਜਾਣਾ,
ਕਾਂ ਬੈਠਣ ਨਾ ਉੱਲੂ ਬੋਲਣ, ਨਾ ਹੀ ਸੱਖਣਾ ਦਿਸੇ ਬਨੇਰਾ।

ਇਸ ਰਸਤੇ ਤੋਂ ਦੂਰ ਕਿਤੇ ਤੂੰ ਅਪਣਾ ਰਸਤਾ ਹੋਰ ਬਣਾ ਲੈ,
ਐਵੇਂ ਨਾ ਲੋਕਾਂ ਦੇ ਮੂੰਹ ਤੇ, ਜੁੜ ਜਾਵੇ ਨਾਂ ਤੇਰਾ-ਮੇਰਾ।

ਚਮਕ ਉਨ੍ਹਾਂ ਦੇ ਸੂਰਜ ਵਰਗੇ, ਮੁਖ ਦੀ ਜਦ ਤੋਂ ਦੇਖ ਲਈ ਹੈ,
ਧਰਤੀ ਵਾਂਗੂੰ ਖਾਂਦਾ ਰਹਿੰਦੈ, ਦਿਲ ਉਧਰ ਹੀ ਘੁੰਮਣ-ਘੇਰਾ।

ਤੋੜ ਗਿਆ ਹੈ ਸਾਥ ਜਦੋਂ ਦਾ, ਦਿਲ ਦੇ ਭਾਂਡੇ ਸਾਂਭਣ ਵਾਲਾ,
ਅਰਮਾਨਾਂ ਦੇ ਵਿਹੜੇ ਅੰਦਰ, ਹਰ ਦਮ ਜਾਪੇ ਪਿਆ ਖਲੇਰਾ।

ਝਿੜਕਾਂ, ਧੱਕੇ, ਧੱਫੇ, ਖਾ ਕੇ ਹਰ ਦਮ ਤੇਰੇ ਦਰ ਵੱਲ ਨੱਸਣ,
ਦੇਖ ਅਸਾਡੀ ਹਿੰਮਤ ਦਾ ਦਮ, ਦੇਖ ਅਸਾਡਾ ਧੱਕੜ ਜੇਰਾ।

ਮਹਿਲ-ਮੁਨਾਰੇ ਉਨ੍ਹਾਂ ਦੇ ਨੇ, ਜਿਨ੍ਹਾਂ ਨੇ ਹੈ ਪੈਸਾ ਲਾਇਆ,
ਮਜ਼ਦੂਰਾਂ ਦਾ ਬਸ ਹੁੰਦਾ ਹੈ, ਵਿੱਢਣ-ਪੂਰਣ ਤੱਕ ਹੀ ਫੇਰਾ।

ਆਦਮ, ਅਫ਼ਲਾਤੂਨ, ਅਰਸਤੂ, ਕਿੰਨੇ ਆਏ, ਗਿਣ ਕੇ ਦੇਖੋ,
ਮੈਂ ਵੀ ਕਰਦਾਂ, ਤੂੰ ਵੀ ਕਰਲੈ, ਕੁੱਝ ਦਿਨ ਏਥੇ 'ਨੂਰ' ਬਸੇਰਾ।

10. ਅੱਲ੍ਹੜ ਮਨ ਨੂੰ ਜੋ ਭਰਮਾਉਂਦੀ, ਪੂਰੀ ਹੋਈ ਭਾਲ ਨਹੀਂ

ਅੱਲ੍ਹੜ ਮਨ ਨੂੰ ਜੋ ਭਰਮਾਉਂਦੀ, ਪੂਰੀ ਹੋਈ ਭਾਲ ਨਹੀਂ।
ਸੁੰਦਰ ਲੋਕਾਂ ਦਾ ਜੱਗ ਉੱਤੇ ਭਾਵੇਂ ਕੋਈ ਕਾਲ ਨਹੀਂ।

ਆਪਸ-ਦਾਰੀ ਦੇ ਵਿਚ ਸ਼ੋਭਾ ਦਿੰਦੀ ਹੋਸ਼ੀ ਬਾਤ ਨਹੀਂ,
ਤੂੰ ਵੀ ਐਨਾ ਨਹੀਂ ਨਿਆਣਾ, ਮੈਂ ਵੀ ਕੋਈ ਬਾਲ ਨਹੀਂ।

ਨਿੱਤ ਦਿਨ ਨੈਂਣ ਨਸ਼ੀਲੇ ਕਰਕੇ ਇੰਜ ਮੈਨੂੰ ਭਰਮਾਉ ਨਾਂ,
ਲਾਲਾਂ ਵਾਲੇ ਦੇ ਉਹ ਜਾਊ, ਜਿਸ ਦੀ ਗੋਦੀ ਲਾਲ ਨਹੀਂ।

ਖ਼ੁਦਗ਼ਰਜ਼ੀ ਵਿਚ ਭੁੱਲ ਗਿਆ ਹਾਂ ਕੀਤੇ ਕੌਲ-ਕਰਾਰਾਂ ਨੂੰ,
ਕਸਮਾਂ ਖਾਈਆਂ ਨੂੰ ਵੀ ਹੋਏ, ਭਾਵੇਂ ਬਹੁਤੇ ਸਾਲ ਨਹੀਂ।

ਜੱਗ ਤੋਂ ਚੰਗੇ ਲੋਕਾਂ ਨੂੰ ਕਿਉਂ ਰੱਬ ਛੇਤੀ ਲੈ ਜਾਂਦਾ ਹੈ,
ਭਾਈਆਂ, ਪੰਡਤਾਂ, ਮੌਲਵੀਆਂ ਤੋਂ ਹੋਇਆ ਹੱਲ ਸਵਾਲ ਨਹੀਂ।

ਭੀੜ-ਭੜੱਕੇ ਵਿਚ ਰਹਿੰਦਾ ਵੀ, ਕੱਲਾ ਸਮਝਾਂ ਆਪੇ ਨੂੰ,
ਉਹ ਉੱਥੇ ਰਹਿੰਦੀ ਹੈ ਕੱਲੀ, ਜਿੱਥੇ ਕੋਈ ਨਾਲ ਨਹੀਂ।

ਇਸ ਖ਼ੁਸ਼ਖ਼ਬਰੀ ਦੇ ਬਦਲੇ ਵਿਚ, ਜਿਹੜਾ ਤੈਨੂੰ ਭੇਂਟ ਕਰਾਂ,
ਮੈਂ, ਕੰਗਾਲੇ ਦੇ ਖੀਸੇ ਵਿਚ, ਐਸਾ ਕੋਈ ਮਾਲ ਨਹੀਂ।

ਆਖਾਂ ਇਕ ਤੋਂ ਇੱਕ ਵਧੀਕੀ ਕਰਦੇ ਅਪਣੇ ਯਾਰਾਂ ਨੂੰ,
ਬਰਸਾਤਾਂ ਵਿਚ ਹੜ ਦਾ ਪਾਣੀ ਤੁਰਦਾ ਖਾਲੋ-ਖਾਲ ਨਹੀਂ।

ਗ਼ਮ ਹੀ ਗ਼ਮ ਰੱਖੇ ਨੇ ਭਰ ਕੇ ਮੈਂ ਦਿਲ ਦੇ ਤਹਿ ਖਾਨੇ ਵਿਚ,
ਮੁੱਦਤ ਹੋਈ ਖ਼ੁਸ਼ੀਆਂ ਨੇ ਆ ਪਾਈ ਕਦੇ ਧਮਾਲ ਨਹੀਂ।

ਠੰਢੀ ਅੱਗ ਕਰੀ ਹੈ ਉਸ ਨੇ ਜਦ ਤੋਂ ਮੇਲ-ਮਿਲਾਪਾਂ ਦੀ,
ਰੀਝਾਂ ਦੀ ਹਾਂਡੀ ਨੇ ਖਾਧਾ ਇੱਕ ਵੀ ਫੇਰ ਉਬਾਲ ਨਹੀਂ।

ਬਦਨਾਮੀ ਦੇ ਛੱਜ ਵਿਚ ਪਾ ਕੇ ਹਰ ਥਾਂ ਛੰਡਦਾ ਫਿਰਦਾ ਹੈ,
ਜਿਸ ਦੀ ਖ਼ਾਤਰ ਮੇਰੇ ਬੁੱਲ੍ਹਾਂ ਉੱਤੇ ਹੁਣ ਤੱਕ ਗਾਲ ਨਹੀਂ।

ਜਿੰਨਾਂ ਨੀਵਾਂ ਹੋਇਆ ਲੁੱਟ ਮਚਾਈ ਰਿਸ਼ਤੇਦਾਰਾਂ ਨੇ,
ਬਹੁਤਾ ਚਿਰ ਵੀ ਛਿੱਤਰਾਂ ਦੇ ਵਿਚ ਵੰਡੀ ਜਾਂਦੀ ਦਾਲ ਨਹੀਂ।

ਪਲ ਵਿਚ ਨਾਤਾ ਘੜ੍ਹ ਲੈਂਦੇ ਨੇ ਗ਼ਰਜ਼ੀ 'ਕੱਠੇ ਹੋਣ ਲਈ,
ਜੀਵਨ ਸਾਥੀ ਵਿਛੜਣ ਪਿੱਛੋਂ ਮੇਰੀ ਕੋਈ ਢਾਲ ਨਹੀਂ।

ਐਵੇਂ ਸੁਫ਼ਨੇ ਘੁੰਮ ਰਹੇ ਨੇ, ਆਸ ਦਿਆਂ ਬਾਜ਼ਾਰਾਂ ਵਿਚ,
ਕਿਸਮਤ ਦੀ ਨਾਚੀ ਨੇ ਹਾਲੇ ਤੇਜ਼ ਕਰੇ ਸੁਰ-ਤਾਲ ਨਹੀਂ।

ਦੇਸੀ-ਪਣ ਦੇ ਵਿੱਚ ਲਕੋਏ, ਭੋਲੇ ਮੁੱਖ ਦਾ ਕੀ ਕਹਿਣਾ,
ਦੁਨੀਆ ਵਿੱਚ ਕਿਸੇ ਤੇ ਡਿੱਠਾ ਐਸਾ ਹੁਸਨ-ਜਮਾਲ ਨਹੀਂ।

ਭਾਵੇਂ ਮੇਰੀ ਹਰਕਤ ਉੱਤੇ, ਬਸਤੀ ਹਿੱਲ ਗਈ ਏ 'ਨੂਰ'
ਪਰ ਮੇਰੇ ਕੀਤੇ ਤੇ ਆਇਆ, ਘਰ ਦੇ ਵਿਚ ਭੂਚਾਲ ਨਹੀਂ।

11. ਉਸ ਦੇ ਨਾਲ ਸਬੰਧ ਬਨਾਉਣੇ ਚਾਹਵਾਂ ਸੁੱਚੇ ਸੱਚੇ

ਉਸ ਦੇ ਨਾਲ ਸਬੰਧ ਬਨਾਉਣੇ ਚਾਹਵਾਂ ਸੁੱਚੇ ਸੱਚੇ।
ਮੇਰੇ ਇਕ ਇਸ਼ਾਰੇ ਉੱਤੇ ਜਿਹੜਾ ਦਿਨ ਭਰ ਨੱਚੇ।

ਦਿਲ ਕਰਦਾ ਹੈ ਇਸ ਉਮਰੇ ਵੀ ਨਾਲ ਮੇਰੇ ਉਹ ਬੈਠੇ,
ਭਾਵੇਂ ਤੱਕ ਕੇ ਸਾਰੀ ਦੁਨੀਆ ਕੋਲੇ ਹੋਵੇ, ਮੱਚੇ।

ਉਸ ਦਿਨ ਉਸ ਨੂੰ ਚੇਤਾ ਆਇਆ ਢਿੱਡ ਪਏ ਬੋਟਾਂ ਦਾ,
ਆਣ ਦਬੋਚੇ ਕਾਵਾਂ ਨੇ ਜਿਸ ਦਿਨ ਸ਼ਿਕਰੇ ਦੇ ਬੱਚੇ।

ਖ਼ੁਸ਼ੀਆਂ ਦਾ ਐਸਾ ਮੀਂਹ ਲੋਚਾਂ ਧੁਖਦੀ ਧਰਤੀ ਉਤੇ,
ਉਹ ਵੀ ਨੱਚੇ, ਤੂੰ ਵੀ ਨੱਚੇਂ, ਸਾਰੀ ਦੁਨੀਆ ਨੱਚੇ।

'ਨੂਰ' ਗ਼ਰੀਬਾਂ ਦੇ ਵੱਲ ਤੱਕ ਲੈ ਛੱਡ ਦੇ ਸ਼ਿਕਵਾ ਕਰਨਾ,
ਸ਼ੁਕਰ ਖ਼ੁਦਾ ਦਾ ਕਰ ਮਿਲਦੇ ਨੇ ਟੁਕੜੇ ਪੱਕੇ ਕੱਚੇ।

12. ਗੁੱਭ-ਗੁਭਾਟ ਮੇਰੇ ਤੇ ਕੱਢਣ, ਨਜ਼ਰਾਂ ਕਰਕੇ ਕਹਿਰ ਦੀਆਂ

ਗੁੱਭ-ਗੁਭਾਟ ਮੇਰੇ ਤੇ ਕੱਢਣ, ਨਜ਼ਰਾਂ ਕਰਕੇ ਕਹਿਰ ਦੀਆਂ।
ਹਮਦਰਦਾਂ ਤੋਂ ਜਦ ਮੈਂ ਰੱਖੀਆਂ, ਆਸਾਂ ਸੁੱਖ ਦੇ ਪਹਿਰ ਦੀਆਂ।

ਸਾਰੀ ਉਮਰ ਇਕੱਠੇ ਚੱਲ ਕੇ, ਮਿਲ ਨਾ ਸਕੇ ਹਿਆਤੀ ਨੂੰ,
ਦੋਵੇਂ ਕੰਢਿਆਂ ਉੱਤੇ ਬਣੀਆਂ, ਵੱਟਾਂ ਜਿਉਂਕਰ ਨਹਿਰ ਦੀਆਂ।

ਦੁੱਖ ਵੰਡਾਵਣ ਖ਼ਾਤਰ ਸੱਦਿਆ, ਜਦ ਮੈਂ ਮਿੱਤਰਾਂ ਯਾਰਾਂ ਨੂੰ,
ਬੋਝੇ ਦੇ ਵਿਚ ਪਾ ਕੇ ਆਏ, ਸਾਰੇ ਪੁੜੀਆਂ ਜ਼ਹਿਰ ਦੀਆਂ।

ਸਾਂਤ ਸੁਖਾਵੀ ਥਾਂ ਨਾ ਲੱਭੇ, ਮੇਰੀ ਸੋਚ ਉਡਾਰੀ ਨੂੰ,
ਪਹੁ ਫਟਦੇ ਤੱਕ ਸੜਕਾਂ ਜਾਗਣ, ਤੇਰੇ ਦਿੱਲੀ ਸ਼ਹਿਰ ਦੀਆਂ।

ਸਾਂਭ ਅਸੀਂ ਵੀ ਕਰ ਲੈਂਦੇ, ਪਤਝੜ ਵਿਚ ਰੁਲਦੇ ਜੀਵਨ ਦੀ,
ਦੁੱਖ-ਦਲਿੱਦਰ ਸੁਨਣ ਲਈ ਜੇ, ਰੁੱਤਾਂ ਦੋ ਪਲ ਠਹਿਰ ਦੀਆਂ।

ਝੱਲੇ ਦਿਲ ਨੂੰ ਮੁਸ਼ਕਿਲ ਨਾਲ, ਮਨਾ ਕੇ ਰਸਤੇ ਪਾਇਆ ਸੀ,
ਮਹਿਰਮ ਨੇ ਧਰ ਦਿੱਤੀਆਂ ਅੱਗੇ, ਬੋਝਲ ਸ਼ਰਤਾਂ ਮਹਿਰ ਦੀਆਂ।

ਪਹੁੰਚਣ ਵਾਲੇ ਚੁੱਪ-ਚੁਪੀਤੇ, ਮੰਜ਼ਿਲ ਉੱਤੇ ਪਹੁੰਚ ਗਏ,
ਗੱਲਾਂ ਵਾਲੇ ਗੱਲਾਂ ਕਰਦੇ ਰਹਿ ਗਏ, ਫੈਲੀ ਗਹਿਰ ਦੀਆਂ।

'ਨੂਰ' ਕਦੇ ਉਸਤਾਦਾਂ ਵਾਲੀ, ਤਿਗੜਮ-ਬਾਜ਼ੀ ਲਾਉਂਦਾ ਨਹੀਂ,
ਦਿਲ ਆਏ ਲਿਖ ਲੈਂਦੈ ਗ਼ਜ਼ਲਾਂ, ਸਿੱਧੀ-ਸਾਦੀ ਬਹਿਰ ਦੀਆਂ।

13. ਭਾਵੇਂ ਫੇਰ ਅਸਾਡੇ ਉੱਤੇ ਆਉਂਦੇ ਦੁਖੜੇ ਲੱਖਾਂ

ਭਾਵੇਂ ਫੇਰ ਅਸਾਡੇ ਉੱਤੇ ਆਉਂਦੇ ਦੁਖੜੇ ਲੱਖਾਂ।
ਜਾਂਦਾ ਜਾਂਦਾ ਤੂੰ ਕਹਿ ਜਾਂਦਾ ਤੈਨੂੰ ਰੱਬ ਦੀਆਂ ਰੱਖਾਂ।

ਅਸਰ ਨਹੀਂ ਇਹ ਬੁੱਢੇ-ਪਣ ਦਾ ਅਸਰ ਹੈ ਤੇਰੇ ਗ਼ਮ ਦਾ,
ਬੇਨੂਰੀ ਦੀ ਨੌਬਤ ਤਾਈਂ ਪੁੱਜ ਗਈਆਂ ਨੇ ਅੱਖਾਂ।

ਤੇਰੇ ਪਿੱਛੋਂ ਰੋਜ਼ ਸਤਾਵਣ ਆ ਕੇ ਬਿਰਹਣ ਲੂਆਂ,
ਬਸ ਚੱਲੇ ਸਰਦੀ ਤੱਕ ਸਭ ਨੂੰ ਕੋਲ ਬਿਠਾਕੇ ਰੱਖਾਂ।

ਚਾਰੇ ਵਿਚ ਘੁਟਾਲਾ ਕੀਤਾ, ਨਾ ਤੋਪਾਂ ਦਾ ਸੋਦਾ,
ਕਾਹਤੋਂ ਮੇਰੀ ਇੱਜ਼ਤ ਹੋਈ ਜੱਗ ਵਿਚ ਕੱਖਾਂ-ਕੱਖਾਂ।

ਜਾਨੋਂ ਵੱਧ ਪਿਆਰੀ ਲੱਗੇ, ਵਤਨਾਂ ਦੀ ਧਰਤੀ, ਪਰ-
ਤਹਿਲਕਿਆਂ ਵਰਗੇ ਕਾਂਡਾਂ ਤੋ ਕਿੰਜ ਬਚਾ ਕੇ ਰੱਖਾਂ।

ਭਾਵੇਂ ਪਿੱਛੋਂ ਕੁੱਝ ਵੀ ਹੋਵੇ, ਰੋਜ਼ ਕਰੇ ਦਿਲ ਮੇਰਾ,
ਮੋਤੀ ਚੂਰ ਦਿਆਂ ਲੱਡੂਆਂ ਨੂ ਇਕ ਦਿਨ ਮੈਂ ਵੀ ਚੱਖਾਂ।

ਨਜ਼ਰ ਨਹੀਂ ਸਾਹਿਤ ਦੇ ਰਾਹ ਵਿਚ ਆਉਂਦੇ ਜਿਸ ਨੂੰ ਟੋਏ
'ਨੂਰ' ਦੀਆਂ ਗ਼ਜ਼ਲਾਂ ਦੇ ਸਿਰ ਚੋਂ ਲੱਭਣ ਜੂਆਂ, ਧੱਖਾਂ।

14. ਭਾਗ ਜਦੋਂ ਹੋ ਜਾਣ ਬੁਰੇ ਤਾਂ, ਬੁਰਿਆਂ ਦਾ ਕੀ ਕਰੀਏ

ਭਾਗ ਜਦੋਂ ਹੋ ਜਾਣ ਬੁਰੇ ਤਾਂ, ਬੁਰਿਆਂ ਦਾ ਕੀ ਕਰੀਏ।
ਨਾਜ਼ੁਕ, ਨਰਮ, ਮਲੂਕ ਪਿੰਡੇ ਤੇ, ਵਾਰ ਦੁਖਾਂ ਦੇ ਜਰੀਏ।

ਛੱਤ ਪਾਵਣ ਤੋਂ ਪਹਿਲਾਂ ਜੋਹ ਕੇ, ਦੇਖ ਲਵੋ ਦੀਵਾਰਾਂ,
ਸਾਰੇ ਲੋਕੀ ਚੁੱਕੀ ਫਿਰਦੇ, ਤੇਸੇ, ਸੱਬਲ, ਸਰੀਏ।

ਤੱਕ ਕੇ ਨਹਿਰਾਂ, ਸੂਏ ਖਾਲਾਂ, ਬੱਦਲ ਮਨ ਨੂੰ ਆਖੇ,
ਲੋੜ ਨਹੀਂ ਹੁਣ ਏਥੇ ਸਾਡੀ, ਹੋਰ ਕਿਤੇ ਚੱਲ ਵਰ੍ਹੀਏ।

ਰੰਗ ਤੇਰਾ ਵੀ ਹੋ ਜਾਵੇਗਾ, ਮੇਰੀ ਦਾੜ੍ਹੀ ਵਰਗਾ,
ਜਿਸ ਦਿਨ ਪੱਕ ਕੇ ਸੁੱਕ ਜਾਵੇਂਗੀ, ਤੂੰ ਵੀ ਫ਼ਸਲੇ ਹਰੀਏ।

ਏਸ ਬੁਢਾਪੇ ਤੱਕ ਪੁੱਜ ਕੇ ਵੀ, ਸ਼ੌਕ ਅਜੇ ਇਹ ਸੋਚਣ,
ਇਸ਼ਕ ਮਿਜਾਜ਼ੀ ਦੇ ਸਾਗਰ ਵਿਚ, ਫੇਰ ਕਦੇ ਹੁਣ ਤਰੀਏ।

ਯਾਰਾਂ ਮਿਤਰਾਂ ਕੋਲ ਨਹੀਂ ਹੁਣ ਦੋ ਪਲ ਵਾਧੂ ਵੇਲਾ,
ਕਿਹੜਾ ਪੁੱਟੂ ਕਬਰ ਅਸਾਡੀ, ਕੀਹਦੀ ਸਹਿ ਤੇ ਮਰੀਏ।

ਕੱਲੇ ਹੋਏ ਆਵਣ ਲੱਗੀ, ਸਮਝ ਇਕੱਲੇ-ਪਣ ਦੀ,
ਜੇਠ ਦੀਆਂ ਧੁੱਪਾਂ ਅੰਦਰ ਵੀ, ਪੋਹਾਂ ਵਾਂਗੂੰ ਠਰੀਏ।

ਕੋਰੀ ਹੀ ਨਾਂਹ ਕਰ ਦੇਵਾਂਗੇ, ਜੇ ਹਿੰਮਤ ਨਾ ਹੋਈ,
ਇਹ ਨਹੀਂ ਸਾਡੀ ਫ਼ਿਤਰਤ ਦੇ ਵਿਚ, ਕੱਚਿਆਂ ਵਾਂਗੂੰ ਖਰੀਏ।

ਕਾਹਨੂੰ ਬੂਹਾ ਢੋਅ ਕੇ ਰੋਂਦੀ, ਪਰਖ ਲਿਆ ਜੇ ਹੁੰਦਾ,
ਜਗ ਦਾ ਮੋਹ ਅਪਣਾਉਣੋਂ ਪਹਿਲਾਂ, 'ਨੂਰ' ਦੀਏ ਜ਼ਿੰਦ-ਪਰੀਏ।

15. ਭਾਵੇਂ ਬਾਬੇ ਬਣ ਗਏ ਨੇ ਪਰ, ਸਭ ਕੁੱਝ ਤਾੜੀ ਜਾਂਦੇ ਨੇ

ਭਾਵੇਂ ਬਾਬੇ ਬਣ ਗਏ ਨੇ ਪਰ, ਸਭ ਕੁੱਝ ਤਾੜੀ ਜਾਂਦੇ ਨੇ।
ਇਸ਼ਕੇ ਦੀ ਤੱਕੜੀ ਵਿਚ ਸੋਹਣੇ, ਮੁੱਖੜੇ ਹਾੜੀ ਜਾਂਦੇ ਨੇ।

ਵਧਦੀ ਹੀ ਵਧਦੀ ਜਾਂਦੀ ਹੈ, ਆਦਤ ਪੇਚੇ ਪਾਵਣ ਦੀ,
ਰੰਗ-ਬਰੰਗੀਆ ਗੁੱਡੀਆਂ ਨੂੰ, ਨ੍ਹੇਰੇ ਤੱਕ ਚਾੜ੍ਹੀ ਜਾਂਦੇ ਨੇ।

ਸੁੰਦਰ ਦਿਖ ਤੇ ਪਾਨ ਚੜ੍ਹਾ ਕੇ, ਇਤਰ, ਫ਼ੁਲੇਲ, ਗੁਲਾਬਾਂ ਦੀ,
ਦੁੱਧ ਮਲਾਈ ਵਾਲੇ ਨੂੰ ਮੁੜ-ਮੁੜ ਕੇ ਕਾੜ੍ਹੀ ਜਾਂਦੇ ਨੇ।

ਹੁਸਨ ਨਿਡਰ ਹੈ, ਸਿਖ ਲਈ ਹੈ, ਜਾਚ ਸੁਹੱਪਣ ਸਾਂਭਣ ਦੀ,
ਭਾਵੇਂ ਹੁਸਨ-ਲੁਟੇਰੇ ਰਾਹ ਵਿਚਕਾਰ ਚਿੰਘਾੜੀ ਜਾਂਦੇ ਨੇ।

ਦਿਲ ਦੀ ਧਰਤੀ ਪਰ ਵਸਲਾਂ ਦੇ, ਬੂਟੇ ਕਿਵੇਂ ਉਗਾਵਾਂਗੇ,
ਚਰਵਾਹੇ ਬਿਰਹਾ ਦੇ ਇੱਜੜ, ਅੰਦਰ ਵਾੜੀ ਜਾਂਦੇ ਨੇ।

ਉਸ ਦੀ ਕਿਸਮਤ, ਮੇਰੀ ਕਿਸਮਤ, ਭਾਵੇਂ ਸਕੀਆਂ ਭੈਣਾਂ ਨੇ,
ਪਰ ਉਹ ਨਿੱਤ ਮੇਰੇ ਵਲ ਤੱਕ ਕੇ, ਆਪਾ ਸਾੜੀ ਜਾਂਦੇ ਨੇ।

ਛਾਵਾਂ ਕਿੱਥੋਂ ਮਾਨਣਗੇ ਫਿਰ, ਪੁੱਤ-ਪੜੋਤੇ ਉਹਨਾਂ ਦੇ,
ਜਿਹੜੇ ਬਾਬੇ ਬੂਟੇ ਲਾ ਕੇ, ਆਪ ਉਖਾੜੀ ਜਾਂਦੇ ਨੇ।

ਪਹਿਲਾਂ ਸਿੱਖਿਆ ਦਿੰਦੇ ਸਨ ਪਰ, ਅੱਜ ਇਮਾਮ ਮਸੀਤਾਂ ਦੇ,
ਖ਼ੁਦ-ਗ਼ਰਜ਼ੀ ਦੀ ਖ਼ਾਤਰ ਮਿੱਲਤ, ਨੂੰ ਹੀ ਪਾੜੀ ਜਾਂਦੇ ਨੇ।

ਆਪੋ-ਧਾਪੇ ਇਕ-ਦੂਜੇ ਤੇ, ਕਦੋਂ ਭਰੋਸਾ ਕਰਦੇ ਨੇ,
ਮਿੱਤਰਾਂ ਯਾਰਾਂ ਨੂੰ ਹੀ ਮਿੱਤਰ, ਯਾਰ ਪਛਾੜੀ ਜਾਂਦੇ ਨੇ।

ਲੱਭੇ ਨਾ ਜਦ ਲਿਖਤਾਂ ਵਿੱਚੋ, ਕੁੱਝ ਮਨ ਦੀ ਸੰਤੁਸਟੀ ਨੂੰ,
ਗੁੱਸੇ ਦੇ ਵਿਚ ਦੁਖੀ ਪੜ੍ਹਾਵੇ, ਵਰਕੇ ਫ਼ਾੜੀ ਜਾਂਦੇ ਨੇ।

ਨੀਂਦਰ ਆਵੇ ਜਾਂ ਨਾ ਆਵੇ, ਭੁੱਖੇ ਪੇਟ ਗ਼ਰੀਬਾਂ ਨੂੰ,
ਪਰ ਉਹ ਆਸਾਂ ਦੇ ਚੁੱਲੇ ਤੇ, ਰੋਟੀ ਰਾੜ੍ਹੀ ਜਾਂਦੇ ਨੇ।

ਪਿੱਛਾ ਕਰਨਾ ਹੈ ਤਾਂ ਕਰਕੇ, ਦੇਖੋ ਉਹਨਾਂ ਲੋਕਾਂ ਦਾ,
ਜਿਹੜੇ ਅੱਗੇ ਤੋਂ ਵੀ ਦੋ-ਤਿੰਨ, ਕਦਮ ਅਗਾੜੀ ਜਾਂਦੇ ਨੇ।

ਮੈਂ ਚਾਹੁੰਦਾ ਹਾਂ ਚੰਨ ਤੋਂ ਅੱਗੇ, ਮੰਗਲ ਤੀਕ ਪੁਚਾ ਦੇਵਾਂ,
ਜਿੰਨਾਂ ਖਿੱਚਦਾ ਹਾਂ ਉੱਨਾਂ ਹੀ, ਲੋਕ ਪਿਛਾੜੀ ਜਾਂਦੇ ਨੇ।

ਪੁਰਬ ਵਾਲੇ ਪੁੱਛਣ ਨਾ, ਪੱਛਮ ਦੇ ਮਸਤੇ ਲੋਕਾਂ ਨੂੰ,
ਮਿਹਨਤ ਨਾਲ ਤਿਆਰ ਕਰੇ ਕਿਉਂ, ਬਾਗ਼ ਉਜਾੜੀ ਜਾਂਦੇ ਨੇ।

ਉਸ ਦੇ ਸੋਚਣ-ਸਮਝਣ ਦੇ ਵਿਚ, ਹੱਥ ਵਿਦੇਸ਼ੀ ਹੋਵੇਗਾ,
ਆਸਾਂ ਨਾਲ ਤਿਆਰ ਕਰੀ ਹਰ, ਬਾਤ ਵਿਗਾੜੀ ਜਾਂਦੇ ਨੇ।

ਕੀ ਕਹੀਏ ਮਿੱਲਤ ਦੇ ਬਾਣੇ, ਵਿਚ ਬੈਠੇ ਗ਼ੱਦਾਰਾਂ ਨੂੰ,
ਪੱਛਮ ਦੀ ਸਹਿ ਤੇ ਜਿਹੜੇ, ਘਰ-ਬਾਰ ਉਜਾੜੀ ਜਾਂਦੇ ਨੇ।

ਲਿਖਤਾਂ ਵਿਚ ਲੱਚਰਤਾ ਭਰ ਕੇ, ਮਾਂ ਬੋਲੀ ਦੇ ਰਾਖੇ 'ਨੂਰ',
ਅਪਣੀ ਸੱਭਿਅਤਾ, ਅਪਣਾ ਵਿਰਸਾ, ਆਪ ਵਿਗਾੜੀ ਜਾਂਦੇ ਨੇ।

16. ਚਾਰ-ਦੀਵਾਰੀ ਦੇ ਵਿਚ ਕਟਦੀ, ਇਕ ਵੀ ਸੁੱਖ ਦੀ ਰਾਤ ਨਹੀਂ

ਚਾਰ-ਦੀਵਾਰੀ ਦੇ ਵਿਚ ਕਟਦੀ, ਇਕ ਵੀ ਸੁੱਖ ਦੀ ਰਾਤ ਨਹੀਂ।
ਇਸ ਪਿੰਜਰੇ ਵਿਚ ਤੜਕੇ ਰਹਿਣਾ, ਮੇਰੇ ਵਸ ਦੀ ਬਾਤ ਨਹੀਂ।

ਜ਼ੁਲਮ ਘਿਣਾਉਣੇ ਅੱਖੀਂ ਤੱਕ ਕੇ, ਇਕ ਵੀ ਬੰਦਾ ਬੋਲੇ ਨਾ,
ਲਗਦਾ ਹੈ ਧਰਤੀ ਤੇ ਵਸਦੀ, ਕੋਈ ਕਾਇਨਾਤ ਨਹੀਂ।

ਜਦ ਵੀ ਅਮਨ-ਬਹਾਲੀ ਬਾਰੇ, ਬੋਲਾਂ 'ਕੱਲਾ ਰਹਿ ਜਾਵਾਂ,
ਇਸ ਮਕਸਦ ਦੇ ਨਾਲ ਜੁੜੇ, ਹਰ ਬੰਦੇ ਦੇ ਜਜ਼ਬਾਤ ਨਹੀਂ।

ਉਸ ਨੂੰ ਆਖੋ ਜਿੱਤਣ ਵਰਗੀ, ਹਾਲੇ ਖ਼ੁਸ਼ੀ ਮਨਾਵੇ ਨਾ,
ਜੁੱਸੇ ਦੇ ਵਿਚ ਦਮ ਹੈ ਹਾਲੇ, ਬਾਜ਼ੀ ਹੋਈ ਮਾਤ ਨਹੀਂ।

ਉਸ ਖਿੱਤੇ ਨੂੰ ਤੇਰੇ ਅੱਥਰੂ, ਕਦ ਤੱਕ ਸਿੰਜੀ ਰੱਖਣਗੇ,
ਜਿਸ ਖਿੱਤੇ ਦੇ ਕਰਮਾਂ ਵਿਚ ਰੱਬ, ਨੇ ਕੀਤੀ ਬਰਸਾਤ ਨਹੀਂ।

ਜ਼ਾਲਮ ਨਾਲ ਭਿੜਣ ਦੀ ਹਿੰਮਤ, ਹਾਲੇ ਤਨ ਵਿਚ ਬਾਕੀ ਏ,
ਡਰ ਕੇ ਜ਼ਹਿਰ ਪਿਆਲਾ ਪੀਵਾਂ, ਮੈਂ ਬੁਜਦਿਲ ਸੁਕਰਾਤ ਨਹੀਂ।

ਉਸ ਨੂੰ ਆਖੋ ਅਪਣਾ ਕਹਿ ਕੇ, ਇੰਜ ਨਘੋਚਾਂ ਕੱਢੇ ਨਾ,
ਐਬਾਂ ਦੇ ਘੇਰੇ ਵਿਚ ਆਉਂਦੀ, ਸਿਰਫ਼ ਖ਼ੁਦਾ ਦੀ ਜ਼ਾਤ ਨਹੀਂ।

ਚੰਗੀ ਸੰਗਤ ਚੰਗੇ ਕੰਮਾਂ, ਵੱਲ ਪਰੇਰਤ ਕਰਦੀ ਹੈ,
ਦੁਨੀਆ-ਦਾਰਾਂ ਦੇ ਵਿਚ ਬਹਿ ਕੇ, ਲਿਖਣੀ ਆਉਂਦੀ ਨਾਅਤ ਨਹੀਂ।

ਹਰ ਇੱਕ ਬੰਦਾ ਗੱਡਾ ਕੱਢੇ, ਬਸ ਮਤਲਬ ਦੇ ਬੁੱਤੇ ਦਾ,
ਇਸ ਬਸਤੀ ਵਿਚ ਪਰਖੀ ਜਾਂਦੀ, ਜ਼ਾਤ ਅਤੇ ਕਮਜ਼ਾਤ ਨਹੀਂ।

ਦੇਹਧਾਰੀ ਸੱਪਾਂ ਦੇ ਵਾਂਗੂੰ, ਏਥੇ ਮਰਜ਼ੀ ਚੱਲੇ ਨਾ,
ਮਰਨੋ ਪਹਿਲਾਂ ਇਸ ਜੀਵਨ ਤੋਂ, ਮਿਲਦੀ ਕਦੇ ਨਜ਼ਾਤ ਨਹੀਂ।

ਪਹਿਲਾਂ ਤਾਂ ਹਰ ਸੁਫ਼ਨੇ ਦੇ ਵਿਚ, ਇਹੋ ਆਇਆ ਕਰਦੀ ਸੀ,
ਕੀ ਸਮਝਾਂ ਕਿਉਂ ਚਿਰ ਤੋਂ ਆਈ, ਯਾਦਾਂ ਦੀ ਬਰਸਾਤ ਨਹੀਂ।

ਜ਼ਿੰਦ ਮਿਜਾਜ਼ਣ ਵੀ ਘਬਰਾਵੇ, ਅਪਣੇ ਘਰ ਨੂੰ ਜਾਵਣ ਤੋਂ,
ਭਾਵੇਂ ਰਾਹਾਂ ਦੇ ਵਿਚ ਦੋਖੀ, ਲਾਈ ਬੈਠੇ ਘਾਤ ਨਹੀਂ।

ਖ਼ੂਨ ਖ਼ਰਾ ਕਿੰਜ ਰਹਿ ਸਕਦਾ ਹੈ, ਉਸ ਬਸਤੀ ਦੇ ਲੋਕਾਂ ਦਾ,
ਜਿਹੜੇ ਲੋਕੀ ਠੋਕ-ਵਜਾਕੇ, ਰੱਖਦੇ ਸੁੱਚੀ ਜ਼ਾਤ ਨਹੀਂ।

ਘੁੱਗੀ ਰੰਗੇ ਸੁਫ਼ਨੇ ਲੈ ਕੇ, ਕਿਸ ਨੂੰ ਸਮਝਾਉਂਦਾ ਏਂ 'ਨੂਰ',
ਹਾਲੇ ਰਲ ਕੇ ਬੈਠਣ ਵਾਲੇ, ਲੋਕਾਂ ਦੇ ਹਾਲਾਤ ਨਹੀਂ।

17. ਜਾਨ ਮਲੂਕ ਜਿਹੀ ਤੇ ਝੱਲਾਂ, ਕੈਸੇ ਕੈਸੇ ਕਹਿਰਾਂ ਨੂੰ

ਜਾਨ ਮਲੂਕ ਜਿਹੀ ਤੇ ਝੱਲਾਂ, ਕੈਸੇ ਕੈਸੇ ਕਹਿਰਾਂ ਨੂੰ।
ਜਨਮ ਦਿਹਾੜਾ ਤੇਰਾ ਹੋਵੇ, ਤੋਹਫ਼ੇ ਵੰਡਾਂ ਗ਼ੈਰਾਂ ਨੂੰ।

ਸਾਡੇ ਵਰਗੀ ਹੀ ਕੋਝੀ ਹੈ, ਕਿਸਮਤ ਸਾਡੇ ਪਿੰਡਾਂ ਦੀ,
ਜਿਹੜਾ ਬੰਦਾ ਪੜ੍ਹ ਜਾਂਦਾ ਹੈ, ਤੁਰ ਜਾਂਦਾ ਹੈ ਸ਼ਹਿਰਾਂ ਨੂੰ।

ਕੀ ਸਮਝਾਂ ਬਿਰਹਾ ਨੇ ਇਸ ਨੂੰ, ਕੀ ਕੀ ਅੱਗਾਂ ਲਾਈਆਂ ਨੇ,
ਤਪਸ਼ ਹਿਜਰ ਦੀ ਠੰਢੀ ਕਰਦਾ, ਫਿਰਦੈ ਸਿਖ਼ਰ ਦੁਪਹਿਰਾਂ ਨੂੰ।

ਇਹ ਵੀ ਹੌਕੇ-ਹਾਵੇ ਲੱਗਣ ਜਲ ਵਿਚ ਵਸਦੇ ਜੀਵਾਂ ਦੇ,
ਜਦ ਵੀ ਕੰਢੇ ਬਹਿਕੇ ਦੇਖਾਂ, ਉਚੀਆਂ ਉਚੀਆਂ ਲਹਿਰਾਂ ਨੂੰ।

ਉਹ ਵੀ ਮੈਨੂੰ ਤੱਕ ਰਹੀ ਸੀ, ਹਸਰਤ ਭਰੀਆਂ ਨਜ਼ਰਾਂ ਨਾਲ,
ਮੈਥੋਂ ਵੀ ਨਾ ਠੱਲਾਂ ਪਈਆਂ, ਅੱਖੋਂ ਵਗੀਆਂ ਨਹਿਰਾਂ ਨੂੰ।

ਕਾਹਨੂੰ ਸਿਰ ਤੇ ਚੁੱਕੀ ਫਿਰਦਾ, ਬੋਝਲ ਪੰਡ ਅਜ਼ਾਬਾਂ ਦੀ,
ਮੰਗ ਹਿਆਤੀ ਦੇ ਵਿਚ ਲੈਂਦੀ, ਜੇ ਉਹ ਮੈਥੋਂ ਮਹਿਰਾਂ ਨੂੰ।

ਔਖ ਨਹੀਂ ਹੈ ਤੈਨੂੰ ਕੋਈ, ਸਾਰੇ ਲੋਕੀ ਜਾਣਨ 'ਨੂਰ',
ਫੇਰ ਭਲਾ ਕਿਉਂ ਹੱਥ ਨਹੀਂ ਤੂੰਂ, ਪਾਉਂਦਾ ਧੱਕੜ ਬਹਿਰਾਂ ਨੂੰ।

18.

ਮੁੱਦਤ ਹੋਈ ਦਿਲ ਵਿਚ ਭਖਦੇ, ਬਿਰਹਾ ਦੇ ਇਸ ਭੱਠੇ ਨੂੰ।
ਪਤਾ ਨਹੀਂ ਵਿਚ ਕੀ ਹੋਵੇ, ਨਾ ਛੇੜ ਦੁਖਾਂ ਦੇ ਚੱਠੇ ਨੂੰ।

ਤੂੰ ਚਾਹੁਣੈਂ ਤਾਂ ਤੇਰੀ ਖ਼ਾਤਰ, ਮੈਂ ਹਾਜ਼ਰ ਹੋ ਜਾਵਾਂਗਾ,
ਪਰ ਦਿਲ ਬਰਦਾਸ਼ਤ ਨਹੀਂ ਕਰਦਾ ਅੱਜ-ਕੱਲ ਹਾਸੇ-ਠੱਠੇ ਨੂੰ।

ਜੋਬਨ ਰੁੱਤ ਦੇ ਸਿਖਰ ਦੁਪਹਿਰੇ 'ਆਉਣਾ' ਕਹਿ ਕੇ ਆਇਆ ਨਾ,
ਦੱਸ ਭਲਾ ਕਿਉਂ ਸੱਦਣ ਜਾਵਾਂ, ਉਸ ਵਾਹਦੇ ਤੋਂ ਨੱਠੇ ਨੂੰ।

ਮਹਿਰਮ ਜੀ ਨੂੰ ਮੁਆਫ਼ੀ ਦੇ ਕੇ, ਵੱਡਾ ਬਣਨਾ ਆਇਆ ਨਾ,
ਮੁਆਫ਼ ਖ਼ੁਦਾ ਵੀ ਕਰ ਦਿੰਦਾ ਹੈ, ਬਹੁਤੇ ਢਿੱਲੇ-ਮੱਠੇ ਨੂੰ।

ਸੌ ਜੁਗਤਾਂ ਦੀ ਸਾਬਣ ਮਲ ਕੇ ਦੇਖੀ ਪਰ ਉਹ ਲੱਥੇ ਨਾ,
ਲੱਗੇ ਦਾਗ਼ ਜਦੋਂ ਬਦਨਾਮੀ ਦਾ ਇੱਜ਼ਤ ਦੇ ਲੱਠੇ ਨੂੰ।

ਪਿੱਠ ਗ਼ਮਾਂ ਦੀ ਕਿੰਜ ਲਗਾਵਾਂ, ਮੈਨੂੰ ਕੋਈ ਦੱਸੇ ਨਾ,
ਹਰ ਉਸਤਾਦ ਸਿਖਾਉਂਦਾ ਹੈ ਗੁਰ, ਅਪਣੇ-ਅਪਣੇ ਪੱਠੇ ਨੂੰ।

ਇਹ ਗੱਲ ਤਹਿ ਹੈ ਇਕ ਨਾ ਇਕ ਦਿਨ ਮੰਜ਼ਿਲ ਤੇ ਪੁੱਜ ਜਾਵੇਗਾ,
ਅਪਣੀ ਤੋਰ ਤੁਰੀ ਜਾਵਣ ਦੇ, ਜ਼ਿੰਦ ਵਹਿੜਕੇ ਮੱਠੇ ਨੂੰ।

ਅੱਧੇ ਪਿੰਡ ਦਾ ਹਿੱਸਾ ਖਾਕੇ ਭੁੱਖ ਮਿਟੀ ਨਾ ਤਕੜੇ ਦੀ,
ਮਾੜਾ ਰੋਟੀ ਉੱਤੇ ਧਰ ਕੇ, ਚੱਖ ਲੈਂਦਾ ਹੈ ਗੱਠੇ ਨੂੰ।

ਛੱਡ ਗਏ ਉਹ, ਛੱਡ ਜਾਵੇਂਗਾ, ਇਸ ਨੂੰ ਏਥੇ ਇਕ ਦਿਨ 'ਨੂਰ',
ਬਹੁਤਾ ਨਾ ਹੁਣ ਠਣਕਾਇਆ ਕਰ, ਹੋਏ ਮਾਲ ਇਕੱਠੇ ਨੂੰ।

19. ਭਰ ਕੇ ਜ਼ਹਿਰ ਪਿਆਲਾ ਪੀਵਾਂ, ਐਨਾ ਵੀ ਮਜਬੂਰ ਨਹੀਂ

ਭਰ ਕੇ ਜ਼ਹਿਰ ਪਿਆਲਾ ਪੀਵਾਂ, ਐਨਾ ਵੀ ਮਜਬੂਰ ਨਹੀਂ।
ਕੋਈ ਰਸਤਾ ਲੱਭ ਪਵੇਗਾ, ਦਿੱਲੀ ਬਹੁਤੀ ਦੂਰ ਨਹੀਂ।

ਕੁੱਝ ਦਿਨ ਖ਼ਾਤਰ, ਰੱਬ ਸੱਚੇ ਤੋਂ, ਮੰਗ ਉਧਾਰ ਲਿਆਇਆ ਹਾਂ,
ਮੇਰਾ ਜੀਵਨ, ਕੋਈ ਜੀਵੇ, ਇਹ ਮੈਨੂੰ ਮਨਜ਼ੂਰ ਨਹੀਂ।

ਨਿੱਤ ਦਿਹਾੜੇ ਵਧਦਾ ਜਾਵੇ, ਮਨ ਵਿਚ ਸ਼ੌਕ ਮਿਲਾਪਾਂ ਦਾ,
ਭਾਵੇਂ ਰੀਝਾਂ ਦੇ ਅੰਬਾਂ ਨੂੰ, ਨਿਕਲਣ ਲੱਗਿਆ ਬੂਰ ਨਹੀਂ।

ਸ਼ੇਅਰ ਕਿਸੇ ਦੇ ਚੋਰੀ ਕਰ ਕੇ, ਰੋਜ਼ ਸੁਣਾਉਂਦਾ ਫਿਰਦਾ ਹੈ,
ਜਾਣਦਿਆਂ ਵੀ ਹੋਇਆ ਜਾਂਦਾ, ਏਸ ਤਰਾਂ ਮਸ਼ਹੂਰ ਨਹੀਂ।

ਮੁੱਲਾਂ ਦੇ ਬਚਨਾਂ ਨੂੰ ਸੁਣ ਕੇ, ਰੋਜ਼ ਮਸੀਤੀ ਜਾਂਦਾ ਹਾਂ,
ਭਾਵੇਂ ਸੁਫ਼ਨੇ ਵਿਚ ਵੀ ਦੇਖੀ, ਹੁਣ ਤੱਕ ਕੋਈ ਹੂਰ ਨਹੀਂ।

ਦੋ ਦਿਲ ਮਿਲਦੇ ਦੇਖ ਹਸਦ ਵਿਚ, ਉਸ ਨੇ ਹਿਰਦਾ ਫੂਕ ਲਿਆ,
ਸਾਥ ਕਿਸੇ ਦਾ ਛੇਕੜ ਤਾਈਂ, ਦਿੰਦਾ ਕੋਹੇਤੂਰ ਨਹੀਂ।

ਉਹ ਵੀ ਬਾਜ਼ਾਰਾਂ ਵਿਚ ਅਪਣਾ, ਮੁੱਲ ਪਵਾਉਂਦਾ ਫਿਰਦਾ ਹੈ,
ਹਾਲੇ ਜਿਸ ਦੇ ਨੇੜੇ-ਤੇੜੇ, ਦਿਸਦਾ ਹੁਸਨ ਸਰੂਰ ਨਹੀਂ।

ਥੋੜਾ ਬਹੁਤਾ ਅਸਰ ਇਕੱਠਿਆਂ, ਹੋ ਜਾਂਦਾ ਹੈ ਸੰਗਤ ਦਾ,
ਪਰ ਮੇਰਾ ਦਿਲਬਰ ਉਸ ਦੇ ਦਿਲਬਰ ਜਿੰਨਾਂ ਮਗ਼ਰੂਰ ਨਹੀਂ।

ਉਸ ਨੇ ਤਿਗੜਮ-ਬਾਜ਼ੀ ਲਾ ਕੇ, ਸਾਰੀ ਦੁਨੀਆ ਲੁੱਟ ਲਈ,
ਐਪਰ ਚਾਲਾਂ ਦੇ ਵਿਚ ਆਇਆ, 'ਨੂਰ ਮੁਹੰਮਦ ਨੂਰ' ਨਹੀਂ।

20. ਐਨੀ ਭੈੜੀ ਕਾਹਨੂੰ ਹੁੰਦੀ, ਹਾਲਤ ਦੁਨੀਆਦਾਰੀ ਦੀ

ਐਨੀ ਭੈੜੀ ਕਾਹਨੂੰ ਹੁੰਦੀ, ਹਾਲਤ ਦੁਨੀਆਦਾਰੀ ਦੀ,
ਕੱਦ ਮੁਤਾਬਕ ਖ਼ਾਹਿਸ਼ ਕਰਦਾ, ਹਰ ਬੰਦਾ ਸਰਦਾਰੀ ਦੀ।

ਹੁੱਬੇਂਗਾ, ਜਦ ਚੁੱਲ੍ਹੇ ਚੜ੍ਹ ਕੇ, ਇਹ ਤੇਰਾ ਮੂੰਹ ਚੁੰਮੇਂਗੀ,
ਹਾਲੇ ਤੂੰ ਖ਼ਸਲਤ ਨਹੀਂ ਪਰਖੀ, ਗੰਦਲ ਸਰ੍ਹੋਂ ਕੁਆਰੀ ਦੀ।

ਦਿੱਖ ਨੂੰ ਸਾਬਤ ਰੱਖਣ ਖ਼ਾਤਰ, ਅਪਣਾ-ਆਪ ਸਵਾਰਾਂ ਮੈਂ,
ਪੀੜ ਪਰਾਏ ਨੂੰ ਕਿਉਂ ਹੋਵੇ, ਮੇਰੀ ਰੂਪ ਸ਼ਿੰਗਾਰੀ ਦੀ।

ਕਿਉਂ ਨਾ ਵਾਰੇ-ਨਿਆਰੇ ਜਾਈਏ, ਉਸ ਸੱਜਣ ਦੀ ਖ਼ਸਲਤ ਦੇ,
ਕਰਦਾ ਹੈ ਅਪਮਾਨ-ਉਸਾਰੀ, ਜਿਹੜਾ ਪੱਕੀ ਯਾਰੀ ਦੀ।

ਹਸਦੀ-ਹਸਦੀ ਕੱਢ ਕਲੇਜਾ, ਲੈ ਜਾਂਦੀ ਹੈ ਜਾਣ ਸਮੇਂ,
ਏਸ ਤਰ੍ਹਾਂ ਨਹੀਂ ਨਜ਼ਰਾਂ ਦੇ ਵਿਚ, ਓਪਰੀ ਸ਼ਕਲ ਉਤਾਰੀ ਦੀ।

ਬੋਝੇ ਦੇ ਵਿਚ ਬੰਡਲ ਪਾ ਕੇ, ਕਿਉਂ ਥਰਕਾਉਂਦਾ ਫਿਰਦਾ ਏ,
ਜਾਣਦਿਆਂ ਵੀ ਹੁਣ ਨਹੀਂ ਲਗਦੀ, ਮੰਡੀ ਨੱਥ ਉਤਾਰੀ ਦੀ।

ਪੈਸੇ ਵਾਲਾ ਫ਼ੰਡ ਜੁਟਾ ਕੇ, ਚੋਰ ਗਲੀ ਚੋਂ ਲੰਘ ਗਿਆ,
ਕਰਨ ਉਡੀਕਾਂ ਖੜ ਕੇ ਮਾੜੇ, ਅਪਣੀ ਅਪਣੀ ਪਾਰੀ ਦੀ।

'ਨੂਰ' ਕਦੇ ਵੀ ਕਾਹਨੂੰ ਹੁੰਦੀ, ਇਹ ਰੁਸਵਾਈ ਸੜਕਾਂ ਤੇ,
ਮੇਰੇ ਵਾਂਗੂੰ ਹਰ ਇਕ ਬੰਦਾ, ਇੱਜ਼ਤ ਕਰਦਾ ਨਾਰੀ ਦੀ।

21. ਨਿਕਲ ਗਏ ਜਦ ਆਸ ਖਿਡੌਣੇ ਲੀਰਾਂ ਦੇ

ਨਿਕਲ ਗਏ ਜਦ ਆਸ ਖਿਡੌਣੇ ਲੀਰਾਂ ਦੇ।
ਬੇਹੱਦ ਰੋਇਆ ਮੈਂ ਵੀ ਵਾਂਗ ਹਕੀਰਾਂ ਦੇ।

ਘਰ ਦੇ ਬੂਹੇ ਕੋਲ ਗ਼ਰੀਬੀ ਕੀ ਪਹੁੰਚੀ,
ਬਦਲ ਗਏ ਸਭ ਰਸਤੇ ਸਾਕ-ਸਕੀਰਾਂ ਦੇ।

ਸੱਪ ਨੂੰ ਤੱਕ ਕੇ ਅੰਦਰ ਵੜਦੇ ਦੇਖੇ ਨੇ,
ਡਾਂਗਾਂ ਮਾਰਣ ਵਾਲੇ ਲੋਕ ਲਕੀਰਾਂ ਦੇ।

ਹੋਣੀ ਤਾਂ ਹੋਣੀ ਸੀ ਉਸ ਨੇ ਆਉਣਾ ਸੀ,
ਭਾਵੇਂ ਹੱਥ ਵਿਚ ਥੱਬੇ ਹੁੰਦੇ ਤੀਰਾਂ ਦੇ।

ਇਸ਼ਕ ਖ਼ੁਆਰੀ ਲੈਕੇ ਕਿੱਥੇ ਜਾਵੇਂਗਾ,
ਹੁਣ ਨਾ ਲੋਕ ਮਜ਼ਾਰ ਬਨਾਉਂਦੇ ਹੀਰਾਂ ਦੇ।

ਕਾਹਨੂੰ ਛੱਡ ਕੇ ਤੁਰਦੇ ਰੰਗਲੀ ਦੁਨੀਆਂ ਨੂੰ,
ਵਸ ਵਿਚ ਹੁੰਦਾ ਰੁਕਣਾਂ ਪੀਰ-ਫ਼ਕੀਰਾਂ ਦੇ।

ਅਪਣੀ ਹਾਲਤ ਤੇ ਝੁਰ ਕੇ ਰਹਿ ਜਾਂਦਾ ਹਾਂ,
ਤੱਕਦਾ ਹਾਂ ਜਦ ਲਵਿਉਂ ਚੋਜ਼ ਅਮੀਰਾਂ ਦੇ।

ਕੁੱਲੀ ਦੇ ਕਾਨੇ ਵੀ ਝੱਖੜ ਤੋੜ ਗਿਆ,
ਸੁਫ਼ਨੇ ਦੇਖ ਰਹੇ ਸਾਂ ਹੋਰ ਜਗੀਰਾਂ ਦੇ।

ਤੂੰ ਅਪਣੇ ਸਾਲਸ ਦੀ ਆਪੇ ਵੱਢ ਲਈ,
ਸਾਰੇ ਦੇਸ ਪੁਗਾਉਂਦੇ ਬੋਲ ਸਫ਼ੀਰਾਂ ਦੇ।

ਬ੍ਰਿਹਣ ਲੂਆਂ ਉੱਥੇ ਕਿਸ ਨੂੰ ਲੂਹਣਗੀਆਂ,
ਸਾਵੇ ਪੱਤਰ ਹੁੰਦੇ ਨਹੀਂ ਕਰੀਰਾਂ ਦੇ।

ਬੰਦਿਆਂ ਵਾਂਗੂੰ ਵੱਖ ਵੱਖ ਹੋਂਦ ਨਹੀਂ ਰੱਖਦੇ,
ਨੀਰ ਜਦੋਂ ਰਲ ਜਾਂਦੇ ਨੇ ਵਿਚ ਨੀਰਾਂ ਦੇ।

ਢਿੱਡ ਦੀ ਖ਼ਾਤਰ ਵਿੰਗ-ਵਲੇਵੇਂ ਪਾ ਲਏ ਨੇ,
ਇੱਟਾਂ ਗਾਰਾ ਚੁੱਕਦਿਆਂ ਵਿੱਚ ਸਰੀਰਾਂ ਦੇ।

ਰੱਬਾ! ਮੈਂ ਤਾਂ ਠੀਕ ਇਬਾਦਤ ਕੀਤੀ ਹੈ,
ਮੁੱਲ੍ਹਾਂ ਦੀ ਤਾਂ ਨੀਅਤ ਸੀ ਵਿਚ ਖ਼ੀਰਾਂ ਦੇ।

ਪਾਉਣ ਭੁਲੇਖੇ ਅੱਲੜ੍ਹ ਸੋਚ ਉਡਾਰੀ ਨੂੰ,
ਪੁੱਠੇ ਪਾਸੇ ਅੱਧ-ਕੱਜੀਆਂ ਤਸਵੀਰਾਂ ਦੇ।

ਬੂਹੇ ਨੇ ਵੀ ਨਹੀਉਂ ਉਹਲਾ ਦੇਣਾ 'ਨੂਰ'
ਪਏ ਥਪੇੜੇ ਜਿਸ ਦਿਨ ਮਿੱਤਰਾਂ-ਵੀਰਾਂ ਦੇ।

22. ਲੋਕਾਂ ਨੇ ਹੈ ਮੰਨਿਆ, ਅਫ਼ਵਾਹਾਂ ਨੂੰ ਪੱਕ

ਲੋਕਾਂ ਨੇ ਹੈ ਮੰਨਿਆ, ਅਫ਼ਵਾਹਾਂ ਨੂੰ ਪੱਕ।
'ਨੂਰ ਮੁਹੰਮਦ ਨੂਰ' ਤੂੰ ਏਥੋਂ ਤਾਂਗਾ ਹੱਕ।

ਕਾਹਨੂੰ ਲੈਂਦਾ ਫਿਰ ਰਿਹੈਂ, ਰਾਹਾਂ ਚੋਂ ਕੰਨਸੂਹ;
ਵਿਛੜ ਗਏ ਨਹੀਂ ਪਰਤਦੇ ਤੂੰ ਧੂੜਾਂ ਨਾ ਫੱਕ।

ਇਸ ਨੇ ਤੇਰੀ ਮਰਜ਼ ਦਾ ਕਰਨਾ ਨਹੀਂ ਇਲਾਜ,
ਲੈ ਆਇਆ ਏਂ ਵੱਢ ਕੇ ਤੁਲਸੀ ਦੀ ਥਾਂ ਅੱਕ।

ਰਾਖੇ ਤੱਕਦੇ ਰਹਿ ਗਏ ਹੱਥ ਵਿਚ ਲੈ ਹਥਿਆਰ,
ਤਕੜੇ ਖੋਹ ਕੇ ਲੈ ਗਏ ਮਜ਼ਲੂਮਾਂ ਦਾ ਹੱਕ।

ਕੰਢਿਉਂ ਬਾਹਰ ਹੋ ਗਿਆ ਦਊ ਚੌਗਿਰਦਾ ਰੋੜ੍ਹ,
ਭਰ ਨਾ ਜਾਵੇ ਸਬਰ ਦਾ ਠੂਠਾ ਨੱਕੋ-ਨੱਕ।

ਬੇਵਸ ਹੋਕੇ ਆ ਗਿਆ ਆਪੇ ਯਾਰਾਂ ਕੋਲ,
ਕਦ ਤੱਕ ਰਹਿੰਦਾ ਚੱਬਦਾ ਉਹ ਬਿਰਹਾ ਦਾ ਅੱਕ।

ਤੈਨੂੰ ਜੱਗ ਦੇ ਹਾਲ ਦਾ ਹੋ ਜਾਊ ਅਹਿਸਾਸ,
ਝੁੱਗੀਆਂ ਕੋਲ ਖਲੋ ਕੇ, ਮਹਿਲਾਂ ਦੇ ਵੱਲ ਤੱਕ।

ਜੀਵਨ-ਬਾਜ਼ੀ ਜਿੱਤਦੇ ਹਿੰਮਤ ਵਾਲੇ ਲੋਕ,
ਮੰਜ਼ਿਲ ਤੱਕ ਨਹੀਂ ਪਹੁੰਚਦੇ ਜਿਹੜੇ ਜਾਂਦੇ ਥੱਕ।

ਕਦੇ-ਕਦਾਈ ਝੱਲਦੈ ਉਹ ਸੋਕੇ ਦੀ ਮਾਰ,
ਜਾਂ ਫਿਰ ਕਿਆਰਾ ਆਖ਼ਰੀ ਜਾਂਦੈ ਬਹੁਤਾ ਡੱਕ।

ਪੌਦੇ ਦੇ ਵਿਚ ਰਹੀ ਨਾ ਛਾਵਾਂ ਜੋਗੀ ਜਾਨ,
ਰਾਹੀਆਂ ਨੇ ਹੈ ਛਿੱਲਿਆ ਇੰਜ ਤਨੇ ਦਾ ਸੱਕ।

ਭਾਵੇਂ ਪੁੱਛ ਕੇ ਦੇਖ ਲੈ ਇਹੋ ਕਹਿਣ ਹਕੀਮ,
ਕਿਸਮਿਸ ਠਾਰੇ ਖ਼ੂਨ ਨੂੰ ਹੁੰਦੀ ਗਰਮ ਮਨੱਕ।

ਲਾਈਆਂ ਨੇ ਨਾ ਰਸਤਿਆਂ ਦੇ ਵਿਚ-ਵਿਚਾਲੇ ਛੱਡ,
ਕਰ ਦਿੰਦੇ ਨੇ ਲੋਕ ਤਾਂ ਐਵੇਂ ਹੀ ਬੱਕ-ਬੱਕ।

ਆਟੇ ਦੇ ਵਿਚ ਲਗਨ ਦਾ ਆਵੇ ਕਿੱਥੋਂ ਲੇਸ,
ਅੱਜ ਦੇ ਆਸ਼ਿਕ ਬੀਜਦੇ ਮੱਕੀ ਦੀ ਥਾਂ ਮੱਕ।

ਪਰ੍ਹਿਆ ਦੇ ਵਿਚ ਬੈਠ ਕੇ ਨਾ ਸੱਚੀ ਕਹਿਣੋਂ ਖੁੰਝ,
ਭਾਵੇਂ ਸਾਬਤ ਨਾ ਰਹੇ ਜ਼ੋਰਾਵਰ ਦਾ ਨੱਕ।

ਉੱੱਧਰ ਵਾਲੇ ਰਸਤਿਉਂ ਲੰਘਿਆ ਨਾ ਕਰ 'ਨੂਰ',
ਉੱਥੇ ਤੈਨੂੰ ਦੇਖ ਕੇ ਦੁਨੀਆ ਕਰਦੀ ਸ਼ੱਕ।

23. ਪੁੱਤੀਂ ਫ਼ਲਿਆ ਦੁੱਧੀਂ ਧੋਤਾ ਹੋਇਆ ਹਾਂ

ਪੁੱਤੀਂ ਫ਼ਲਿਆ ਦੁੱਧੀਂ ਧੋਤਾ ਹੋਇਆ ਹਾਂ।
ਅਪਣੀ ਮੰਜ਼ਿਲ ਕੋਲ ਖਲੋਤਾ ਹੋਇਆ ਹਾਂ।

ਅਪਣੀ ਰਹਿਣੀ-ਬਹਿਣੀ ਬਾਰੇ ਇਉਂ ਲੱਗੇ-
ਕੰਡਿਆਂ ਦੇ ਵਿਚਕਾਰ ਪਰੋਤਾ ਹੋਇਆ ਹਾਂ।

ਇਕਲੋਤੀ ਪਤਨੀ ਦੇ ਭਾਸ਼ਣ ਸੁਨਣ ਲਈ,
ਪੈਦਾ ਇੱਕੋ-ਇੱਕ ਸਰੋਤਾ ਹੋਇਆ ਹਾਂ।

ਜਿਸ ਨੇ ਉਸ ਦਾ ਜੱਗ ਤੇ ਨਾਂ ਰੁਸ਼ਨਾਇਆ ਹੈ,
ਦਾਦੇ ਦਾ ਇੱਕੋ-ਇਕ ਪੋਤਾ ਹੋਇਆ ਹਾਂ।

ਪੇਂਡੂ ਸ਼ਬਦਾਂ ਨਾਲ ਸ਼ਿੰਗਾਰਾਂ ਗ਼ਜ਼ਲਾਂ ਨੂੰ,
ਪਿੰਡ ਦਾ ਪੋਤਾ, ਪਿੰਡ ਦਾ ਦੋਹਤਾ ਹੋਇਆ ਹਾਂ।

ਤੈਥੋਂ ਵੱਡੇ-ਵੱਡੇ ਆ ਕੇ ਤੁਰ ਗਏ 'ਨੂਰ',
ਸਮਝ ਲਵੀਂ ਨਾ ਮੈਂ ਹੀ ਬਹੁਤਾ ਹੋਇਆ ਹਾਂ।

24. ਇਸ਼ਕ ਪਲੇਥਣ ਲੱਗ ਨਾ ਜਾਵੇ

ਇਸ਼ਕ ਪਲੇਥਣ ਲੱਗ ਨਾ ਜਾਵੇ।
ਕੋਈ ਤੈਨੂੰ ਠੱਗ ਨਾ ਜਾਵੇ।

ਜੀਵਨ ਦੀਵਾ ਬੁੱਝ ਨਾ ਜਾਵੇ,
ਹੱਥੋਂ ਨਿੱਕਲ ਜੱਗ ਨਾ ਜਾਵੇ।

ਬਾਬਾ ਤੁਰ ਗਿਆ ਕਹਿੰਦਾ ਕਹਿੰਦਾ,
ਸਿਰ ਜਾਵੇ ਪਰ ਪੱਗ ਨਾ ਜਾਵੇ।

ਗੀਤ ਮਿਲਾਪਾਂ ਵਾਲੇ ਲਿੱਖਾਂ,
ਪਰ ਬਿਰਹਾ ਦੀ ਅੱਗ ਨਾ ਜਾਵੇ।

ਅੱਜ ਦਾ ਰਾਂਝਾ ਚੂਰੀ ਲੋੜੇ,
ਪਰ ਉਹ ਚਾਰਣ ਵੱਗ ਨਾ ਜਾਵੇ।

ਉਸ ਦੀ ਕੀ ਪਹਿਚਾਣ ਭਲਾਂ ਜੋ,
ਮੇਲੇ ਵਿਚ ਅਲੱਗ ਨਾ ਜਾਵੇ।

ਲੱਖਾਂ ਜਾਨਾਂ ਨਿਗਲਣ ਤੇ ਵੀ,
ਸਾਗਰ ਮੂੰਹੋਂ ਝੱਗ ਨਾ ਜਾਵੇ।

ਇਸ਼ਕ ਕਬੂਤਰ ਫੜ ਕੇ ਰੱਖੀਂ,
ਸੋਹਣਿਆਂ ਪਿੱਛੇ ਵਗ ਨਾ ਜਾਵੇ।

'ਨੂਰ' ਉਹਦਾ ਜੱਗ ਤੋਂ ਕੀ ਜਾਣਾ,
ਜੋ ਇਨਸਾਨ ਸਲੱਗ ਨਾ ਜਾਵੇ।

25. ਦਿਲ ਵਿਚ ਉੱਠਦਾ ਦਰਦ ਜਿਹਾ ਹੈ

ਦਿਲ ਵਿਚ ਉੱਠਦਾ ਦਰਦ ਜਿਹਾ ਹੈ।
ਮਹਿਰਮ ਦਾ ਰੁਖ ਸਰਦ ਜਿਹਾ ਹੈ।

ਗ਼ੈਰ ਇਨਸਾਨੀ ਚਾਲਾਂ ਚੱਲੇ,
ਦੇਖਣ ਨੂੰ ਉਂਜ ਮਰਦ ਜਿਹਾ ਹੈ।

ਜਗ ਦੀ ਫ਼ਿਕਰ ਨਹੀਂ ਮੈਂ ਕਰਦਾ,
ਮਹਿਰਮ ਵੀ ਬੇ-ਦਰਦ ਜਿਹਾ ਹੈ।

ਚੀਰ ਦਏ ਸੱਧਰਾਂ ਦਾ ਸੀਨਾ,
ਬੋਲ ਉਨ੍ਹਾਂ ਦਾ ਕਰਦ ਜਿਹਾ ਹੈ।

ਜਿੱਧਰ ਮਰਜ਼ੀ ਚੱਲ ਲਵੇ ਉਹ,
ਮੇਰਾ ਜੀਵਨ ਨਰਦ ਜਿਹਾ ਹੈ।

ਉਹ ਤਾਂ ਪਿੰਡਾ ਕੱਜਣਾ ਚਾਹਵੇ,
ਕੱਪੜਾ ਹੀ ਬੇ-ਪਰਦ ਜਿਹਾ ਹੈ।

ਕਿਉਂ ਨਾ ਤਿਗੜਮ-ਬਾਜ਼ੀ ਲਾਵੇ,
ਉਹ ਵੀ ਆਖ਼ਰ ਮਰਦ ਜਿਹਾ ਹੈ।

ਬੋਲਾਂ ਵਿਚ ਕੁੜੱਤਣ ਵੰਡੇ,
ਸ਼ਕਲੋਂ ਜੋ ਹਮਦਰਦ ਜਿਹਾ ਹੈ।

'ਨੂਰ' ਜਦੋਂ ਤੋਂ ਵਿਛੜ ਗਿਆ ਹੈ,
ਸੱਜਣਾਂ ਦਾ ਮੁੱਖ ਜ਼ਰਦ ਜਿਹਾ ਹੈ।

26. ਐਨਾ ਊਚਾ ਚੜ੍ਹ ਨਹੀਂ ਸਕਦਾ

ਐਨਾ ਊਚਾ ਚੜ੍ਹ ਨਹੀਂ ਸਕਦਾ।
ਪਾਣੀ ਅੰਦਰ ਵੜ ਨਹੀਂ ਸਕਦਾ।

ਦੁੱਧ ਨਹੀਂ ਮੈਂ ਇਸ ਨੂੰ ਪਾਇਆ,
ਇਹ ਸੱਪ ਮੈਨੂੰ ਲੜ ਨਹੀਂ ਸਕਦਾ।

ਅਣਖ ਮੇਰੀ ਦਾ ਅੜਬ ਕਬੂਤਰ,
ਹਰ ਖੁੱਡੇ ਵਿਚ ਤੜ ਨਹੀਂ ਸਕਦਾ।

ਮੇਰੀ ਜੁਗਤ-ਚਲਾਕੀ ਅੱਗੇ,
ਅੜੀਅਲ ਘੋੜਾ ਅੜ ਨਹੀਂ ਸਕਦਾ।

ਇਸ਼ਕ-ਪਲੇਥਨ ਜੇ ਨਾ ਲੱਗੇ,
ਨਾਨ੍ਹ ਲਗਨ ਦਾ ਰੜ੍ਹ ਨਹੀਂ ਸਕਦਾ।

ਸ਼ੌਕ ਸੁਦਾਈ ਜੇ ਨਾ ਹੋਵੇ,
ਦੁੱਧ ਮਿਲਣ ਦਾ ਕੜ੍ਹ ਨਹੀਂ ਸਕਦਾ।

ਰੁੱਖ ਦੀ ਜੜ੍ਹ ਹੈ ਬਹੁਤ ਡੂੰਘੇਰੀ,
ਝੱਖੜ ਨਾਲ ਉਖੜ ਨਹੀਂ ਸਕਦਾ।

ਅਪਣੇ ਘਰ ਦਾ ਰੋਣਾ-ਧੋਣਾ,
ਉਹ ਮੇਰੇ ਸਿਰ ਮੜ੍ਹ ਨਹੀਂ ਸਕਦਾ।

ਗਰਮ ਰੁੱਤਾਂ ਝੱਲਣ ਦਾ ਆਦੀ,
ਕੈਕਟਸ ਧੁੱਪੇ ਰੜ੍ਹ ਨਹੀਂ ਸਕਦਾ।

ਉਹ ਕੀ ਸੱਚ ਪਛਾਣੂ ਜਿਹੜਾ,
ਝੂਠੇ ਦਾ ਮੁੱਖ ਪੜ੍ਹ ਨਹੀਂ ਸਕਦਾ।

ਕੂੜ ਹਵਾਵਾਂ ਵਾਲਾ ਝੱਖੜ,
ਪੁੱਟ ਖਰੇ ਦੀ ਜੜ੍ਹ ਨਹੀਂ ਸਕਦਾ।

ਵਾਗ ਕਿਸੇ ਹੱਥ ਹੋਵੇ ਜਿਸ ਦੀ,
ਉਹ ਮਨਸੂਬੇ ਘੜ ਨਹੀਂ ਸਕਦਾ।

ਮਨ ਦਾ ਅੰਨ੍ਹਾ, ਤਨ ਦਾ ਡੁੱਡਾ,
ਦਿਲ ਚੋਰਾਂ ਨੂੰ ਫੜ ਨਹੀਂ ਸਕਦਾ।

ਪੱਥਰ ਵਰਗੇ ਜੇਰੇ ਵਾਲਾ,
ਕੂੜ ਹੜ੍ਹਾਂ ਵਿਚ ਹੜ੍ਹ ਨਹੀਂ ਸਕਦਾ।

'ਨੂਰ ਲਈ ਸਿਰ ਦਰਦੀ ਬਣਿਆ,
ਜੋ ਪੈਰਾਂ ਤੇ ਖੜ੍ਹ ਨਹੀਂ ਸਕਦਾ।

27. ਬਾਤ ਜਦ ਉਹ ਕਰੇ ਬੇਹਿਸਾਬੀ ਕਰੇ

ਬਾਤ ਜਦ ਉਹ ਕਰੇ ਬੇਹਿਸਾਬੀ ਕਰੇ।
ਜ਼ਿੰਦਗੀ ਨਾਲ ਹੋਣੀ ਖ਼ਰਾਬੀ ਕਰੇ।

ਕੰੰਮ ਯਾਰਾਂ ਨੇ ਮੈਥੋਂ ਹੈ ਓਨਾ ਲਿਆ,
ਕੰਮ ਜਿੰਨਾ ਖਿਡੌਣੇ ਦੀ ਚਾਬੀ ਕਰੇ।

ਭੱਜ ਜਾਂਦੇ ਨੇ ਯੋਧੇ ਵੀ ਮੈਦਾਨ 'ਚੋਂ,
ਵਕਤ ਹਮਲਾ ਜਦੋਂ ਵੀ ਜਵਾਬੀ ਕਰੇ।

ਸ਼ਰਮ ਵੀ ਚੀਜ਼ ਕੈਸੀ ਹੈ ਉਸ ਨੂੰ ਮਿਲੀ,
ਰੰਗ ਮੁੱਖੜੇ ਦਾ ਪਲ ਵਿਚ ਗੁਲਾਬੀ ਕਰੇ।

ਪੱਤ ਲੁਟਦੇ ਨੇ ਇਹਦੇ ਹੀ ਪੁੱਤ ਏਸ ਦੀ,
ਸਬਰ ਕਿੰਨਾਂ ਕੁ ਬੋਲੀ ਪੰਜਾਬੀ ਕਰੇ।

ਯਾਰ ਨੂੰ ਯਾਦ ਅੱਜ ਕੱਲ ਪਿਛੋਕੜ ਨਹੀਂ,
ਅਪਣਿਆਂ ਨਾਲ ਗੱਲਾਂ ਨਵਾਬੀ ਕਰੇ।

ਇਸ ਜ਼ਮਾਨੇ ਦਾ ਫ਼ੈਸਨ ਭਲੀ ਸੋਚ ਨੂੰ,
ਬੇਸ਼ਰਮ, ਬੇਹਿਆ, ਬੇਹਿਜ਼ਾਬੀ ਕਰੇ।

ਉਡਣਾ ਚਾਹੇ ਉਹ ਆਕਾਸ਼ ਦੀ ਸੈਰ ਤੇ,
ਜਦ ਵੀ ਬੰਦੇ ਨੂੰ ਖ਼ੁਸ਼ ਕਾਮਿਆਬੀ ਕਰੇ।

'ਨੂਰ' ਵਾਂਗੂੰ ਕਦੇ ਯਾਦ ਰੱਖਦਾ ਨਹੀਂ,
ਰਾਤ ਨੂੰ ਬਾਤ ਜੋ ਵੀ ਸ਼ਰਾਬੀ ਕਰੇ।

28. ਨੰਗੇ, ਕੱਜੇ, ਗੋਰੇ, ਕਾਲੇ, ਲੋਕ ਮਿਲੇ

ਨੰਗੇ, ਕੱਜੇ, ਗੋਰੇ, ਕਾਲੇ, ਲੋਕ ਮਿਲੇ।
ਤੰਗ-ਦਿਲੇ ਤੇ ਕੁੱਝ ਦਿਲ ਵਾਲੇ, ਲੋਕ ਮਿਲੇ।

ਤਹਿਜ਼ੀਬ ਨਵੀਂ ਦੇ ਨਾਂ ਤੇ ਲੱਗੇ ਮੇਲੇ ਚੋਂ,
ਕੁੱਝ ਕੁ ਸੱਭਿਅਤਾ ਦੇ ਰਖਵਾਲੇ, ਲੋਕ ਮਿਲੇ।

ਅੱਲ੍ਹਾ ਜਾਣੇ! ਦਿਲ ਦੇ ਕੈਸੇ ਹੋਵਣਗੇ,
ਜਿਹੜੇ ਸੁੰਦਰ ਜੁੱਸੇ ਵਾਲੇ, ਲੋਕ ਮਿਲੇ।

ਮੇਰੀਆਂ ਯਾਦਾਂ ਸਹੀ-ਸਲਾਮਤ ਰੱਖਣ ਨੂੰ,
ਦਿਲ ਦੇ ਵਿਚ ਬਣਾਕੇ ਆਲੇ, ਲੋਕ ਮਿਲੇ।

ਢਿੱਡ ਭਰਨ ਦੀ ਖ਼ਾਤਰ ਭੁੱਖੇ ਬਾਲਾਂ ਦਾ,
ਖਾਂਦੇ ਧੁੱਪਾਂ ਵਿਚ ਉਬਾਲੇ, ਲੋਕ ਮਿਲੇ।

ਸੱਚ ਪਰਖਣ ਦਾ ਚਸ਼ਕਾ ਤੋਰ ਲਿਆਇਆ, ਪਰ-
ਹਰ ਥਾਂ ਕਰਦੇ ਘਾਲੇ-ਮਾਲੇ, ਲੋਕ ਮਿਲੇ।

ਸ਼ਾਇਦ ਜਾਣੂ ਸਨ ਉਹ ਮੇਰੀ ਖ਼ਸਲਤ ਤੋਂ,
ਘਰ ਨੂੰ ਅੰਦਰੋਂ ਲਾਕੇ ਤਾਲੇ, ਲੋਕ ਮਿਲੇ।

ਹਫ਼ੜਾ-ਦਫ਼ੜੀ ਸਭ ਨੂੰ ਲੱਗੀ ਹੋਈ ਸੀ,
ਜੋ ਅਸਮਾਨੇ ਅਤੇ ਪਤਾਲੇ, ਲੋਕ ਮਿਲੇ।

ਦਿਸਹੱਦੇ ਤੋਂ ਅੱਗੇ ਚੰਨ ਤੱਕ ਜਾਣ ਲਈ,
ਕੁੱਝ ਨਾ ਕੁੱਝ ਕਰਦੇ ਉਪਰਾਲੇ, ਲੋਕ ਮਿਲੇ।

ਝੁਲਸ ਰਹੇ ਸਨ ਧੁੱਪ ਵਿਚ ਰੋਜ਼ੇਦਾਰਾਂ ਵਾਂਗ,
ਹੋਏ ਮੀਹਾਂ ਵਿਚ ਸੁਖਾਲੇ, ਲੋਕ ਮਿਲੇ।

ਜਦ ਅਸਲੀਅਤ ਯਾਦ ਕਰਾਈ ਉਹਨਾਂ ਨੂੰ;
ਗੁੱਸੇ ਹੋਏ ਮੇਰੇ ਦੁਆਲੇ ਲੋਕ ਮਿਲੇ।

ਮਨ ਦੇ ਵਿੱਚ ਤਪਾ ਕੇ ਚੁੱਲ੍ਹਾ ਯਾਦਾਂ ਦਾ,
ਮੀਂਹ ਵਿਚ ਵੀ ਬਿਰਹਾ ਦੇ ਜਾਲੇ, ਲੋਕ ਮਿਲੇ।

'ਪੀਣੀ ਹਾਨੀਕਾਰਕ' ਜਿੱਥੇ ਲਿਖਿਆ ਸੀ,
ਫੜ ਕੇ ਹੱਥਾਂ ਵਿਚ ਪਿਆਲੇ, ਲੋਕ ਮਿਲੇ।

ਬਲਦੇ ਦੀਪ ਬੁਝਾਏ ਕੁੱਝ ਨੇ ਰਾਹਾਂ ਚੋਂ,
ਪਰ, ਕੁਝ ਵੰਡਦੇ ਸ਼ੁੱਭ ਉਜਾਲੇ ਲੋਕ ਮਿਲੇ।

ਭਾਲਣ ਤੁਰਿਆ ਸਾਂ ਕੁੱਝ ਵਿਛੜੇ ਮਿਤਰਾਂ ਨੂੰ,
ਰਾਹ ਵਿਚ ਅਣਚਾਹੇ, ਅਣਖ਼ਿਆਲੇ ਲੋਕ ਮਿਲੇ।

ਮਨ ਦਾ 'ਮੋਹਨ' ਨਾ ਮਿਲਿਆ 'ਨੂਰ ਮੁਹੰਮਦ' ਨੂੰ,
ਸਭ ਨੂੰ ਸਭਨਾਂ ਦੇ ਮਤਵਾਲੇ ਲੋਕ ਮਿਲੇ।

29. ਲੋੜ ਪਈ ਨਿਤਰਾਂਗੇ ਜੇਰੇ ਪੱਕੇ ਨਾਲ

ਲੋੜ ਪਈ ਨਿਤਰਾਂਗੇ ਜੇਰੇ ਪੱਕੇ ਨਾਲ।
ਆਏ ਤਾਂ ਆਵਾਂਗੇ ਧੂਮ-ਧੜੱਕੇ ਨਾਲ।

ਮਸਲੇ ਨੂੰ ਸੁਲਝਾ ਲਉ ਵਾਂਗ ਪੜੋਸੀ ਦੇ,
ਇਥੋਂ ਕੁੱਝ ਨਹੀਂ ਲੱਭਣਾ ਇੱਟ-ਖੜੱਕੇ ਨਾਲ।

ਨਵੀਆਂ ਨਵੀਆਂ ਗੁੱਡੀਆਂ ਨਵੇਂ ਪਟੋਲੇ ਨੇ,
ਹੁਣ ਬੱਚੇ ਨਾ ਖੇਡਣ ਚਿੜੀ–ਚਿੜੱਕੇ ਨਾਲ।

ਬਦਨਾਮੀਂ ਦੀ ਕਾਲਖ਼ ਮਲਕੇ ਨਿਕਲ ਗਿਆ,
ਆਇਆ ਸੀ ਮੈਦਾਨ 'ਚ ਚੌਕੇ-ਛੱਕੇ ਨਾਲ।

ਫੁੱਲ ਤਾਂ ਫੁੱਲ ਸੀ ਉਸ ਨੇ ਔਖਾ ਹੋਣਾ ਸੀ,
ਭੌਰੇ ਦੇ ਅਣਚਾਹੇ ਛੇੜ-ਛੜੱਕੇ ਨਾਲ।

ਮੈਂ ਵੀ ਕੁੱਝ ਆਖਣ ਦੀ ਹਿੰਮਤ ਕੀਤੀ ਨਾ,
ਉਹ ਵੀ ਰਲ ਕੇ ਆਏ ਭੀੜ-ਭੜੱਕੇ ਨਾਲ।

ਬਹਿਸ ਅਨੋਖੀ ਛਿੜ ਬੈਠੀ ਹੈ ਫੁੱਲਾਂ ਵਿਚ,
ਤਿਤਲੀ ਤੇ ਭੌਰੇ ਦੇ ਅੱਖ–ਮਟੱਕੇ ਨਾਲ।

ਵਾਛੜ ਲੱਗਣ ਤੋਂ ਪਹਿਲਾਂ ਹੀ ਨਿਸਲ ਗਈ,
ਕੰਧ ਬਣੀ ਸੀ ਜਿਹੜੀ ਰੇਤੇ ਕੱਕੇ ਨਾਲ।

ਹੁਣ ਤਾਂ ਕੁੱਝ ਬਹੁਤੀ ਹੀ ਗੜ-ਬੜ ਲੱਗਦੀ ਹੈ,
ਪਹਿਲਾਂ ਵੀ ਵਸਦੇ ਸਨ ਬੱਦੂ ਮੱਕੇ ਨਾਲ।

ਜਾਮ ਕਰਨ ਨੂੰ ਸੋਚ ਵਿਚਾਰ ਨਹੀਂ ਕਰਦੇ,
ਸਿੰਘਾਂ ਦਾ ਹੈ ਗੂੜ੍ਹਾ ਨਾਤਾ ਚੱਕੇ ਨਾਲ।

ਸ਼ਾਹਾਂ ਦੀ ਸਰਦਾਰੀ ਹਾਲੇ ਮੁੱਕੀ ਨਹੀਂ,
ਬੇਗੀ ਕੁੱਟ ਦਿੱਤੀ ਹੁਕਮਾਂ ਦੇ ਯੱਕੇ ਨਾਲ।

ਹੜ੍ਹ ਭਾਵੇਂ ਕਿੰਨਾਂ ਵੀ ਤੇਜ਼-ਤਰਾਰ ਬਣੇ,
ਛੋਟਾ ਜੰਤੂ ਤਿਰ ਜਾਂਦਾ ਹੈ ਡੱਕੇ ਨਾਲ।

ਹੱਕ-ਸੱਚ ਦੀ ਆਵਾਜ਼ ਸਮਝ ਕੇ ਚੁਣਿਆ ਜੋ,
ਤੁਰ ਜਾਂਦਾ ਹੈ ਥਾਨੇ ਚੋਰ-ਉਚੱਕੇ ਨਾਲ।

ਘਰ ਤੋਂ ਆਇਐ ਸੁਰਤ ਠਿਕਾਣੇ ਆਉਣ ਦਿਓ,
ਹਾਲੇ ਬਾਤ ਕਰੋ ਨਾ ਹੱਕੇ-ਬੱਕੇ ਨਾਲ।

ਚੀਜ਼ ਬਿਗਾਨੀ ਨੂੰ ਹੱਥ ਪਾਉਣੋ ਨਹੀਂ ਝਕਦੇ,
ਕੀ ਕੀ ਕਰ ਬਹਿੰਦੇ ਨੇ ਲੋਕ ਭੁਚੱਕੇ ਨਾਲ।

ਬੈਠਂੇਗਾ ਤੂੰ ਕਦ ਤੱਕ 'ਨੂਰ' ਸਰਾਫ਼ਤ ਨਾਲ,
ਲੰਘ ਗਏ ਸਭ ਅੱਗੇ ਮੁੱਕੀ-ਧੱਕੇ ਨਾਲ।

30. ਹਿੰਮਤ ਤੋਂ ਵੱਧ ਭਾਰ ਉਠਾਈ ਫਿਰਦਾ ਹੈ

ਹਿੰਮਤ ਤੋਂ ਵੱਧ ਭਾਰ ਉਠਾਈ ਫਿਰਦਾ ਹੈ।
ਉਹ ਹੱਥ ਵਿਚ ਤਲਵਾਰ ਉਠਾਈ ਫਿਰਦਾ ਹੈ।

ਮੁਚ ਨਾ ਜਾਵੇ ਕਮਰ ਕਿਤੇ ਉਸ ਨਾਜ਼ੁਕ ਦੀ,
ਖ਼ੁਸ਼ਬੂਆਂ ਦਾ ਭਾਰ ਉਠਾਈ ਫਿਰਦਾ ਹੈ,

ਦਾਦਾ ਤਾਂ ਕਹਿੰਦਾ ਸੀ ਜੁੱਤੀ ਪੈਰਾਂ ਦੀ,
ਪੋਤਾ ਸਿਰ ਤੇ ਨਾਰ ਉਠਾਈ ਫਿਰਦਾ ਹੈ।

ਕੀ ਮਿਲਣਾ ਹੈ ਚੰਨ ਤੋਂ ਬੰਦੇ ਨੂੰ, ਐਵੇਂ-
ਕੱਲਰ ਵਿਚ ਪਤਵਾਰ ਉਠਾਈ ਫਿਰਦਾ ਹੈ।

ਤਕੜਾ ਵੀ ਹਟਦਾ ਨਹੀਂ ਧੌਂਸ ਜਮਾਵਣ ਤੋਂ,
ਮਾੜਾ ਵੀ ਹਥਿਆਰ ਉਠਾਈ ਫਿਰਦਾ ਹੈ।

ਕਿਹੜੇ ਹੀਲੇ ਦੇਵਾਂ ਸਾਥ ਪੜੋਸੀ ਦਾ,
ਮਸਲਾ ਹੀ ਬੇਕਾਰ ਉਠਾਈ ਫਿਰਦਾ ਹੈ।

ਜਿਸ ਨੂੰ ਕੱਲ੍ਹ ਤੱਕ ਸਾਂਤ ਸੁਭਾਅ ਦਾ ਕਹਿੰਦੇ ਸਾਂ,
ਉਹ ਸਿਰ ਤੇ ਘਰ-ਬਾਰ ਉਠਾਈ ਫਿਰਦਾ ਹੈ।

ਹੱਥ ਵਿਚ ਤਸਬੀ ਸਿਰ ਤੇ ਪੰਡ ਗੁਨਾਹਾਂ ਦੀ,
ਕੀ ਕੀ ਇਹ ਮੱਕਾਰ ਉਠਾਈ ਫਿਰਦਾ ਹੈ।

ਦਿੱਖ ਤੋਂ ਦੂਰ ਖੜਾ ਹੈ ਜਾ ਕੇ ਦੇਖਾਂਗੇ,
ਉਹ ਕੀ ਕੁੱਝ ਉਸ ਪਾਰ ਉਠਾਈ ਫਿਰਦਾ ਹੈ।

ਦੇਖੋ, ਚੱਖੋ, ਫੇਰ ਖ਼ਰੀਦ ਕਰੋ, ਵੇਲਾ-
ਹਰ ਸ਼ੈ ਦੀ ਮਿਕਦਾਰ ਉਠਾਈ ਫਿਰਦਾ ਹੈ।

ਬਾਕੀ ਤਾਂ ਮੋਹਰੇ ਨੇ ਹੱਥ ਵਟਾਉਣ ਲਈ,
ਉਹ ਕੱਲਾ ਸਰਕਾਰ ਉਠਾਈ ਫਿਰਦਾ ਹੈ।

ਡਿਗਦਾ, ਢਹਿੰਦਾ ਚੱਲੇ ਢੱਗਾ ਜੀਵਨ ਦਾ,
ਮਾਲਕ ਪਿੱਛੇ ਆਰ ਉਠਾਈ ਫਿਰਦਾ ਹੈ।

ਉਹ ਜੋ ਮਰਜ਼ੀ ਬੋਲੇ ਉਸ ਦੀ ਪੁੱਛ ਨਹੀਂ,
ਮੇਰੀ ਗੱਲ ਸੰਸਾਰ ਉਠਾਈ ਫਿਰਦਾ ਹੈ।

ਉਸ ਪਰ ਹੁਣ ਵੀ 'ਨੂਰ' ਭਰੋਸਾ ਕਰਦਾ ਹੈ।
ਜੋ ਅਪਣਾ ਇਤਬਾਰ ਉਠਾਈ ਫਿਰਦਾ ਹੈ।

31. ਦੋ ਪਲ ਜਾਂ ਇਕ ਬਿੰਦ ਕਹਾਇਆ ਕਰਦਾ ਸੀ

ਦੋ ਪਲ ਜਾਂ ਇਕ ਬਿੰਦ ਕਹਾਇਆ ਕਰਦਾ ਸੀ।
ਉਹ ਮਹਿਫ਼ਲ ਦੀ ਜ਼ਿੰਦ ਕਹਾਇਆ ਕਰਦਾ ਸੀ।

ਦੋ ਘੁੱਟ ਪੀ ਨਾ ਸਕਿਆ ਇਸ਼ਕ ਪਿਆਲੇ 'ਚੋਂ,
ਜੋ ਯਾਰਾਂ ਵਿਚ ਰਿੰਦ ਕਹਾਇਆ ਕਰਦਾ ਸੀ।

ਘਟਦਾ, ਘਟਦਾ, ਘਟਦਾ ਭਾਰਤ ਬਣ ਬੈਠਾ,
ਦੁਨੀਆਂ ਵਿਚ ਜੋ ਹਿੰਦ ਕਹਾਇਆ ਕਰਦਾ ਸੀ।

ਕਿਸ ਤੱਕੜੀ ਵਿਚ ਨਾਪਾਂ ਉਸ ਦੀ ਅਜ਼ਮਤ ਨੂੰ,
ਬੰਦਾ ਜੋ 'ਗੋਬਿੰਦ' ਕਹਾਇਆ ਕਰਦਾ ਸੀ।

ਸ਼ਾਇਰ ਬਨਣੋਂ ਪਹਿਲਾਂ ਮੈਂ ਵੀ ਆਪੇ ਨੂੰ,
'ਨੂਰ ਮੁਹੰਮਦ ਥਿੰਦ' ਕਹਾਇਆ ਕਰਦਾ ਸੀ।

32. ਆਂਦਰਾਂ ਵਿਚ ਖ਼ੂਨ ਜਦ ਤੋਂ ਸੁੜ੍ਹ ਗਿਆ

ਆਂਦਰਾਂ ਵਿਚ ਖ਼ੂਨ ਜਦ ਤੋਂ ਸੁੜ੍ਹ ਗਿਆ।
ਚਮਕਦਾ ਮੁਖੜਾ ਵੀ ਉਸ ਦਾ ਕੁੜ੍ਹ ਗਿਆ।

ਗੁੰਨ੍ਹਿਆ ਆਸਾਂ ਦਾ ਆਟਾ ਜਦ ਕਦੇ,
ਢਿੱਡ ਨਾ ਉਸ ਨੇ ਵੀ ਭਰਿਆ, ਥੁੜ ਗਿਆ।

ਸੱਧਰਾਂ ਦਾ ਬੋਟ ਜੋ ਸੀ ਪਾਲਿਆ,
ਖੰਭ ਨਿਕਲਣ ਸਾਰ ਖੁੱਡਿਉਂ ਉੜ ਗਿਆ।

ਜਦ ਕਦੇ ਖਾਧੀ ਉਬਾਲੀ ਜੋਸ਼ ਨੇ,
ਹੋਸ਼ ਦੇ ਕੰਢਿਆਂ ਤੋਂ ਆਕੇ ਮੁੜ ਗਿਆ।

ਭੁੱਖ ਨੂੰ ਆਖੋ ਤੁਰੇ, ਹੁਣ ਅਸਾਂ ਦਾ-
ਕਾਮਿਆਂ ਦੇ ਨਾਲ ਨਾਤਾ ਜੁੜ ਗਿਆ।

ਕਦ ਕੁ ਤੱਕ ਝੱਖੜ ਦੇ ਧੱਫੇ ਝੱਲਦਾ,
ਬੋਹੜ ਬੁੱਢਾ ਹੋਣ ਤੇ ਉੱਖੜ ਗਿਆ।

ਬਾੜ ਹੀ ਜਦ ਖਾਣ ਲੱਗੀ ਖੇਤ ਨੂੰ,
ਜੋ ਉਗਾਇਆ ਸੀ ਉਹ ਵੀ ਉੱਜੜ ਗਿਆ।

ਹੋਸ਼ ਆਈ 'ਨੂਰ' ਤਦ 'ਮਹੀਵਾਲ' ਨੂੰ,
ਜਦ ਝਨਾ ਵਿਚ ਇਸ਼ਕ ਉਸ ਦਾ ਰੁੜ੍ਹ ਗਿਆ।

33. ਖ਼ੁਸ਼ੀਆਂ ਦੇ ਨਾਲ ਕੱਟੇ ਵੇਲਾ ਇਹ ਹੋਰ ਏਥੇ

ਖ਼ੁਸ਼ੀਆਂ ਦੇ ਨਾਲ ਕੱਟੇ ਵੇਲਾ ਇਹ ਹੋਰ ਏਥੇ।
ਚਾਹਵੇ ਤਾਂ ਠਹਿਰ ਜਾਵੇ ਜੀਵਨ-ਜਨੌਰ ਏਥੇ।

ਕਹਿੰਦੇ ਨੇ ਉਸ ਨੂੰ ਸਾਰੇ ਕਿaੁਂ ਰਾਸ਼ਟਰ ਦਾ ਪੰਛੀ,
ਸ਼ਹਿਰਾਂ 'ਚ ਜਾ ਸਕੇ ਨਾ ਪੈਦਲ ਜੋ ਮੋਰ ਏਥੇ।

ਸ਼ਾਇਦ ਉਹ ਖੋ ਗਈ ਹੈ ਡਿਸਕੋ ਦੇ ਚਕਲਿਆਂ ਵਿਚ
ਗੀਤਾਂ ਚੋਂ ਹੁਣ ਨਾ ਲੱਭੇ ਸੱਪਨੀ ਦੀ ਤੋਰ ਏਥੇ।

ਕੀਤੀ ਹੈ ਕੰਧ ਜਦ ਤੋਂ ਕੁਰਸੀ ਦੇ ਗਾੜੂਆਂ ਨੇ,
ਵੱਖਰਾ ਵਸਾ ਲਿਆ ਹੈ ਦਿਲ ਨੇ ਲਹੌਰ ਏਥੇ।

ਹਰ ਹਾਲ ਵਿਚ ਹੀ ਉਸ ਦੀ ਕਰਦੇ ਰਹੇ ਹਾਂ ਰਾਖੀ,
ਮੁੜਦਾ ਰਿਹੈ ਸਲਾਮਤ ਦਿਲਵਰ ਚਕੋਰ ਏਥੇ।

ਲਾਇਆ ਹੈ ਉਲਝਣਾਂ ਨੇ ਹਰ ਮੋੜ ਤੇ ਅੜਿੱਕਾ,
ਇਨਸਾਨ ਤੁਰ ਸਕੇ ਨਾ ਸਿੱਧਾ-ਸਤੋਰ ਏਥੇ।

ਕਿਸ ਹੌਸਲੇ ਲੜਾਈਏ ਪੇਚਾ ਮੁਹੱਬਤਾਂ ਦਾ,
ਦੇਵਣ ਨਾ ਸਾਥ ਸਾਡਾ ਗੁੱਡੀ ਤੇ ਡੋਰ ਏਥੇ।

ਹੋਈ ਹੈ ਜਦ ਤੋਂ ਖਟ-ਪਟ ਕਲੀਆਂ ਦੇ ਨਾਲ ਇਸਦੀ
ਮੁੜ ਕੇ ਨਹੀਂ ਹੈ ਆਇਆ ਇਕ ਦਿਨ ਵੀ ਭੌਰ ਏਥੇ।

ਸੌ ਵਾਰ ਦਿਲ ਚੁਰਾ ਕੇ ਨੱਸੇ ਨੇ ਹੁਸਨ ਵਾਲੇ,
ਬਣਿਆ ਗਿਆ ਨਾ ਸਾਥੋਂ ਇਕ ਦਿਨ ਵੀ ਚੋਰ ਏਥੇ।

ਲੰਘੀਆਂ ਹਜ਼ਾਰ ਪੁਸ਼ਤਾਂ ਉਹਦੀ ਉਡੀਕ ਅੰਦਰ,
ਹਾਲੇ ਵੀ ਸੁਣ ਰਹੇ ਹਾਂ ਪਰਲੋਂ ਦਾ ਸ਼ੋਰ ਏਥੇ।

ਸੱਧਰਾਂ ਬਿਗਾਨੀਆਂ ਨੂੰ ਲੈਕੇ ਨਾ ਸ਼ਹਿਰ ਜਾਵੀਂ,
ਰੱਖਨ ਬਜ਼ਾਰ ਵਾਲੇ ਹਰ ਸ਼ੈ ਦੀ ਗ਼ੌਰ ਏਥੇ।

ਲੁੱਟ ਲੈਣਗੇ ਪਲਾਂ ਵਿਚ ਤੇਰੇ ਇਰਾਦਿਆਂ ਨੂੰ,
ਨਾਤਾ ਬਣਾਉਣੋਂ ਪਹਿਲਾਂ ਲੋਕਾਂ ਨੂੰ ਠੋਰ ਏਥੇ।

ਹਰ ਹਲ ਸਿਆਸਤਾਂ ਦਾ ਰੱਖਦੈ ਅਜੀਬ ਖ਼ਸਲਤ,
ਮੈਂ ਜ਼ਹਿਰ ਬੀਜਦੇ ਵੀ ਦੇਖੇ ਨੇ ਪੋਰ ਏਥੇ।

ਜੀਵਨ ਦਾ ਪੰਧ ਭਾਵੇਂ ਮੁੱਕਣ ਤੇ ਆ ਗਿਆ ਹੈ,
ਸ਼ੋਧਣ ਨੂੰ ਕੰਮ ਰੁਕਣਾ ਚਾਹੁੰਦਾ ਹਾਂ ਹੋਰ ਏਥੇ।

ਹਸ-ਹਸ ਕੇ ਮਿਲਣ ਵਾਲੇ ਮਿੱਠੇ ਸੁਭਾਅ ਦੇ ਮਾਲਕ,
ਰੱਖਦੇ ਨੇ ਮਨ ਦੇ ਅੰਦਰ ਲੋਹੜੇ ਦਾ ਖ਼ੋਰ ਏਥੇ।

ਨਾਜ਼ੁਕ ਸਰੀਰ ਲੈ ਕੇ ਬਾਹਰ ਨਾ ਘਰ ਤੋਂ ਜਾਵੀਂ,
ਪੈਂਦੀ ਹੈ 'ਨੂਰ' ਹਾਲੇ ਗਰਮੀ ਕਠੋਰ ਏਥੇ।

34. ਚੁਭਣ ਬਣੀ ਹੈ ਵੰਡੀ ਪੰਜਾਂ ਆਬਾਂ ਦੀ

ਚੁਭਣ ਬਣੀ ਹੈ ਵੰਡੀ ਪੰਜਾਂ ਆਬਾਂ ਦੀ।
ਦੋ ਕਸ਼ਮੀਰਾਂ ਦੀ ਤੇ ਦੋ ਪੰਜਾਬਾਂ ਦੀ।

'ਬਾਲਾ' ਤੇ 'ਮਰਦਾਨਾ' ਉਸ ਦੇ ਸਾਥੀ ਸਨ,
ਵੰਡ ਦਿੱਤੀ ਵੰਡਾਂ ਨੇ ਸਾਂਝ ਰਬਾਬਾਂ ਦੀ।

ਗਣਤੰਤਰ ਦੀ ਬਾਤ ਕਰੇਂ ਤਾਂ 'ਹੂੰ' ਆਖਾਂ,
ਲੋਕਾਂ ਨੂੰ ਜਚਦੀ ਨਈਂ ਬਾਤ ਨਵਾਬਾਂ ਦੀ।

ਪੱਗ ਦੀ ਥਾਂ ਤਾਂ ਪੱਗ ਹੀ ਲੈਂਦੀ ਹੈ, ਭਾਵੇਂ-
ਕਰੋ ਕਢਾਈ ਸੋਨੇ ਨਾਲ ਜੁਰਾਬਾਂ ਦੀ।

ਨਿਤ ਦਿਨ ਜਿਸ ਨੂੰ ਮਾਸ ਖ਼ਵਾਇਆ ਸੱਧਰਾਂ ਦਾ,
ਉਸ ਨੇ ਰੱਖੀ ਚਾਹਤ ਹੋਰ ਕਬਾਬਾਂ ਦੀ।

ਅੱਗੇ ਹੋ ਕੇ ਕੌਣ ਉਡਾਰੀ ਰੋਕੇਗਾ,
ਅੱਥਰੀ ਕੌਮ ਦਿਆਂ ਬੇਖ਼ੌਫ਼ ਉਕਾਬਾਂ ਦੀ।

ਘਰ ਦੇ ਅੰਦਰ ਬੈਠੇ ਬੈਠੇ ਬਾਤ ਬਣੇਂ,
ਮੁੱਕੀ ਝਾਤ ਦੀਦਾਰਾਂ ਅਤੇ ਹਿਜਾਬਾਂ ਦੀ।

'ਲਾਲਚ ਬੁਰੀ ਬਲਾਅ ਹੈ', ਦਰਸ ਦਵੇ ਮੁੱਲ੍ਹਾਂ,
ਆਪ ਲਗਾਈ ਰੱਖੇ ਰੱਟ ਸਬਾਬਾਂ ਦੀ।

ਟੇਕ ਲਗਾ ਕੇ ਮਿਹਨਤ ਕਰਦੇ ਜਾਓ 'ਨੂਰ'
ਹੋ ਜਾਣੀ ਤਾਬੀਰ ਹੈ ਪੂਰੀ ਖ਼ਾਬਾਂ ਦੀ।

35. ਦੇਖਣ ਨੂੰ ਬਹੁਤ ਵਧੀਆ ਲਗਦਾ ਰਿਹਾ ਮਸੂਰੀ

ਦੇਖਣ ਨੂੰ ਬਹੁਤ ਵਧੀਆ ਲਗਦਾ ਰਿਹਾ ਮਸੂਰੀ।
ਪਰ ਘਾਟ ਦੋਸਤਾਂ ਦੀ ਹੋਈ ਕਿਤੇ ਨਾ ਪੂਰੀ।

ਮਿਲ ਤਾਂ ਗਏ ਅਚਾਨਕ ਗੰਗਾ ਦੇ ਘਾਟ ਤੇ ਉਹ,
ਪਹਿਚਾਣਦੇ ਰਹੇ ਪਰ ਆਪਸ ਤੋਂ ਰੱਖ ਕੇ ਦੂਰੀ।

ਦੇਖਾਂਗੇ ਨੈਣ ਇਸ ਦੇ ਕਿਸ ਨਾਲ ਇਹ ਮਿਲਾਵੇ,
ਬੁੱਤਘੜ ਦੇ ਸਾਮ੍ਹਣੇ ਹੈ ਮੂਰਤ ਅਜੇ ਅਧੂਰੀ।

ਕਿਉਂ ਲੋਚਦੈਂ ਮੈਂ ਤੇਰੀਆਂ ਆਸਾਂ ਦਾ ਵੱਗ ਚਰਾਵਾਂ,
ਕੁੱਟੀ ਨਹੀਂ ਅਜੇ ਤੱਕ ਤੂੰ ਵੀ ਲਗਨ ਦੀ ਚੂਰੀ।

ਕਿੰਨੀ ਹੀ ਵਾਰ ਵੱਟੀ ਹੋਈ ਇਹ ਮਨ ਲੁਭਾਵੇ,
ਕਿੰਨੀ ਹੀ ਵਾਰ ਵੱਢੂੰ-ਖਾਊਂ ਕਰੇ ਇਹ ਘੂਰੀ।

ਦੇਖੇ ਨੇ ਬੇਜ਼ਮੀਰੇ ਪੈਰਾਂ ਤੇ ਸਿਰ ਧਰੇਂਦੇ,
ਕੋਸ਼ਿਸ਼ ਕਰੇ ਵੀ ਸਾਨੂੰ ਆਈ ਨਾ ਜੀ ਹਜੂਰੀ।

ਉਹ ਲੋਚਦਾ ਹੈ ਉਸ ਦੀ ਹਰ ਗੱਲ ਤੇ ਫੁੱਲ ਚੜ੍ਹਾਵਾਂ,
ਹੁੰਦੀ ਨਹੀਂ ਹੈ ਸੁਣਨੀ ਹਰ ਬਾਤ ਹੀ ਜ਼ਰੂਰੀ।

ਫਿਰਦੀ ਹੈ ਖੇਤ ਚਰਦੀ ਲੋਕਾਂ ਬਿਗਾਨਿਆਂ ਦੇ,
ਰੱਖ ਖ਼ਾਹਸ਼ਾਂ ਦੀ ਮੱਝ ਦੇ ਮੂੰਹ ਤੇ ਝੜ੍ਹਾ ਕੇ ਮੂਹਰੀ।

ਫਿਰਦੇ ਨਾ ਦੁੱਧ ਖ਼ਾਤਰ ਲੋਕਾਂ ਦੇ ਕੌਲਿਆਂ ਤੇ,
ਹੁੰਦੀ ਘਰੇ ਜੇ ਬੰਨ੍ਹੀ ਬਾਪੂ ਨੇ ਮੱਝ ਬੂਰੀ।

ਖ਼ੁਸ਼ਬੂ ਦੇ ਮਗਰ ਭੱਜਦਾ ਭੱਜਦਾ ਉਹ ਹਾਰ ਬੈਠਾ,
ਲੱਭਣ ਤੇ ਹਿਰਨ ਨੂੰ ਨਾ ਲੱਭੀ ਕਿਤੋਂ ਕਥੂਰੀ।

ਉਸ ਦੇ ਕੀ ਘਰ ਦੇ ਅੰਦਰ ਮਰਦੇ ਸੀ ਬਾਲ ਭੁੱਖੇ,
ਬਿਨ ਪੈਸਿਆਂ ਤੋਂ ਰਾਂਝਾ ਕਰਦਾ ਰਿਹਾ ਮਜੂਰੀ।

ਲੰਘਦੀ ਹੈ ਰੋਜ਼ ਹੋ ਕੇ ਸਾਡੇ ਹੀ ਸ਼ਹਿਰ ਵਿੱਚੋਂ,
ਚੜ੍ਹਦੇ ਨੇ ਲੋਕ ਜਾ ਕੇ ਭਾਵੇਂ ਟਰੇਨ ਧੂਰੀ।

ਲੱਗਦਾ ਹੈ ਨ੍ਹੇਰ ਛਾਇਆ ਦਿਲ ਦੇ ਅਕਾਸ਼ ਉੱਤੇ,
ਖੋਹੀ ਹੈ 'ਨੂਰ' ਕੋਲੋਂ ਜਦ ਤੋਂ ਖ਼ੁਦਾ ਨੇ ਨੂਰੀ।

36. ਕਰੇ ਕੌਣ ਪੂਰਾ ਭਲਾ ਇਸ ਕਮੀ ਨੂੰ

ਕਰੇ ਕੌਣ ਪੂਰਾ ਭਲਾ ਇਸ ਕਮੀ ਨੂੰ।
ਮੁਹੱਬਤ ਕਰੇ ਆਦਮੀ ਆਦਮੀ ਨੂੰ।

ਉਹਦੇ ਅੱਥਰੂਆਂ ਨੇ ਵਖੇਰੀ ਹੈ ਜਿਹੜੀ,
ਹਵਾ ਚੋਂ ਨਿਤਾਰਾਂ ਕਿਵੇਂ ਉਸ ਨਮੀ ਨੂੰ।

ਕਦੇ ਕੁੱਝ ਨਹੀਂ ਠੀਕ ਕੀਤਾ ਇਨ੍ਹਾਂ ਨੇ,
ਬਰਾਬਰ ਹੀ ਸਮਝਾਂ ਖ਼ੁਸ਼ੀ ਤੇ ਗ਼ਮੀ ਨੂੰ।

ਗਿਆ ਜਦ ਉਹ ਜੱਗ ਤੋਂ ਗਿਆ ਹੱਥ ਖ਼ਾਲੀ,
ਰਿਹਾ ਪੂਜਦਾ ਜੋ ਸਦਾ ਲਕਸ਼ਮੀ ਨੂੰ।

ਪਤਾ ਵੀ ਨਾ ਲੱਗੇ ਜਦੋਂ ਬਦਲ ਜਾਵੇ,
ਕਿਵੇਂ ਸਮਝੀਏ ਨਾਰ ਬੇਮੌਸਮੀ ਨੂੰ।

ਕਿਤੇ ਲਾਲ ਹੋ ਕੇ ਪੰਘਰ ਨਾ ਇਹ ਜਾਵੇ,
ਤੂੰ ਤੱਕਿਆ ਨਾ ਕਰ 'ਨੂਰ' ਮੁੱਖ ਸ਼ਬਨਮੀ ਨੂੰ।

37. ਕੀ ਕੁੱਝ ਡਿੱਠਾ ਸ਼ਹਿਰ ਦੀਆਂ ਦੀਵਾਰਾਂ ਕੋਲ

ਕੀ ਕੁੱਝ ਡਿੱਠਾ ਸ਼ਹਿਰ ਦੀਆਂ ਦੀਵਾਰਾਂ ਕੋਲ।
ਬਾਤ ਕਰਾਂਗੇ ਇਸ ਦੀ ਜਾ ਕੇ ਯਾਰਾਂ ਕੋਲ।

ਜਿੰਨਾਂ ਪੈਸਾ ਵਧਦਾ ਜਾਵੇ ਬੋਝੇ ਵਿਚ,
ਉੱਨੇ ਕਪੜੇ ਘਟਦੇ ਜਾਵਣ ਨਾਰਾਂ ਕੋਲ।

ਪਾਣ ਚੜ੍ਹੀ ਹੋਈ ਹੈ ਸਭ ਤੇ ਪੱਛਮ ਦੀ,
ਦੇਸੀ ਮੁੱਖੜੇ ਹੁਣ ਕਿੱਥੇ ਮੁਟਿਆਰਾਂ ਕੋਲ।

ਦਿਲ ਦੀ ਗੁੱਠ ਵਿਚ ਉਹ ਕੁੱਝ ਸਾਂਭੀ ਬੈਠੇ ਹਾਂ,
ਜੋ ਕੁੱਝ ਹੁੰਦੈ ਪੱਤਝੜ ਵਿਚ ਬਹਾਰਾਂ ਕੋਲ।

ਗਰਮੀ ਭਿੱਜੇ ਕੱਪੜੇ ਧੂੜਾਂ ਪੈਰਾਂ ਤੇ,
ਬਾਕੀ ਕੀ ਹੁੰਦਾ ਹੈ ਖੱਜਲ-ਖ਼ੁਆਰਾਂ ਕੋਲ।

ਗੱਦੀ ਤਾਂ ਪਹਿਲਾਂ ਹੀ ਦਿੱਤੀ ਹੋਈ ਸੀ,
ਬੰਦੂਕਾਂ ਵੀ ਦੇ ਦਿੱਤੀਆਂ ਸਰਦਾਰਾਂ ਕੋਲ।

ਮਾੜੇ-ਧੀੜੇ ਘੋੜੇ ਵੀ ਭੱਜ ਸਕਦੇ ਨੇ,
ਚੰਗੀ ਹਿੰਮਤ ਹੋਵੇ ਜੇ ਅਸਵਾਰਾਂ ਕੋਲ।

ਕੱਦੇ ਕੰਮ ਮੁਕਾ ਕੇ ਤੁਰਦੇ ਬਨਣਾ ਸੀ,
ਸੰਦ-ਸੰਦੇੜਾ ਹੁੰਦਾ ਜੇ ਸੰਗ-ਸਾਰਾਂ ਕੋਲ।

ਦੁਨੀਆ ਦਾਰੀ ਦੇ ਟਿੱਬਿਆਂ ਵਿਚ ਭਟਕ ਗਈਆਂ,
ਸੇਧ ਰਹੀ ਨਾ ਜੀਵਨ ਕੂੰਜ ਕਤਾਰਾਂ ਕੋਲ।

ਜੀਵਨ ਦੇ ਭਰਵਾਸੇ ਬਾਰੇ ਸੋਚ ਰਿਹਾਂ,
ਲਟਕ ਰਿਹਾ ਚਮਗਿੱਦੜ ਤੱਕ ਕੇ ਤਾਰਾਂ ਕੋਲ।

ਭੋਲਾ-ਭਾਲਾ ਜੀਵਨ ਚੁਸ਼ਤੀ ਪਕੜ ਗਿਆ,
ਕੁੱਝ ਦਿਨ ਰਹਿ ਕੇ ਲੋਕਾਂ ਤੇਜ਼-ਤਰਾਰਾਂ ਕੋਲ।

ਜਾਣੇ ਕਦ ਫਟ ਜਾਣ ਪਹਾੜ ਜਵਾਲਾ ਦੇ,
ਘੁੱਗੀ ਦਾ ਕੀ ਵਾਸਾ ਧਰਤ ਉਭਾਰਾਂ ਕੋਲ।

ਚੁਗ਼ਲੀ ਹੀ ਕਰਦੇ ਨੇ ਜਦ ਤੋਂ ਜੰਮੇ ਨੇ,
ਚੁਗਲੀ ਬਾਝੋਂ ਹੁੰਦੈ ਕੀ ਅਖ਼ਬਾਰਾਂ ਕੋਲ।

ਭੱਜ-ਨੱਠ ਦੇ ਵਿਚ ਲੋਕ ਗਵਾਚੇ ਫਿਰਦੇ ਨੇ,
ਚਿਰ ਤੱਕ ਬਹਿ ਕੇ ਦੇਖ ਲਿਆ ਬਾਜ਼ਾਰਾਂ ਕੋਲ।

ਐਵੇਂ ਘਾਊਂ-ਮਾਊਂ ਲੇਪੇ-ਪੋਚੇ ਨੇ,
ਸੁੰਦਰਤਾ ਹੈ ਕਿੱਥੇ ਹੁਣ ਸ਼ਿੰਗਾਰਾਂ ਕੋਲ।

ਸ਼ਾਇਦ ਤੈਨੂੰ ਸਮਝ ਜ਼ਮਾਨਾ ਆ ਜਾਵੇ,
ਦੋ ਦਿਨ ਰਹਿ ਜਾ ਮੇਰੇ ਤਲਖ਼ ਵਿਚਾਰਾਂ ਕੋਲ।

ਪਤਝੜ ਕਰ ਦਿੱਤੀ ਕਿਸਮਤ ਦੇ ਬੁੱਲੇ ਨੇ,
ਮੈਂ ਆਇਆ ਸਾਂ ਡੇਰਾ ਲਾਉਣ ਬਹਾਰਾਂ ਕੋਲ।

ਹਾਲ ਤੇਰਾ ਪੁੱਛਿਆ ਕਰਦੇ ਸਨ ਉਹ ਵੀ 'ਨੂਰ'
ਤੂੰ ਵੀ ਹੋ ਆਇਆ ਕਰ ਇਸ਼ਕ–ਬੀਮਾਰਾਂ ਕੋਲ।

38. ਹੋਏ ਨਸੀਬ ਵਿਚ ਨਾ ਸੁੱਖ-ਸਾਂਦ ਦੇ ਚੁਬਾਰੇ

ਹੋਏ ਨਸੀਬ ਵਿਚ ਨਾ ਸੁੱਖ-ਸਾਂਦ ਦੇ ਚੁਬਾਰੇ।
ਮਿਲਣਾ ਸੀ ਚੈਨ ਸਾਨੂੰ ਕੀ ਬਲਖ਼ ਜਾਂ ਬੁਖਾਰੇ।

ਪੈਰਾਂ 'ਚ ਲਤੜਿਆ ਸੀ ਜਿਸ ਅਮਰਵੇਲ ਨੂੰ ਕੱਲ,
ਅੱਜ ਟਹਿਣੀਆਂ ਦੇ ਸਿਰ ਤੇ ਲੈਂਦੀ ਹੈ ਉਹ ਹੁਲਾਰੇ।

ਵੰਡੇਂਗਾ ਭੁੱਖ ਕਿਹੜੇ ਲੋਕਾਂ ਦੇ ਵਿਚ ਅਮੀਰਾ,
ਫ਼ੱਕਰ ਤਾਂ ਫ਼ਾਕਿਆਂ ਵਿਚ ਕਰ ਲੈਣਗੇ ਗੁਜ਼ਾਰੇ।

ਰੋਂਦਾ ਏਂ ਲਾ ਕੇ ਕੁੰਡੀ ਕਾਹਤੋਂ ਵਪਾਰੀਆ ਹੁਣ,
ਹੁੰਦੇ ਨੇ ਇਸ਼ਕ ਦੇ ਵਿਚ ਵਾਧੇ ਅਤੇ ਖ਼ਸਾਰੇ।

ਕੀਤਾ ਜਿਨ੍ਹਾਂ ਨੂੰ ਵੱਡਾ ਸੁੱਖਾਂ ਦਾ ਪਾ ਕੇ ਪਾਣੀ,
ਸੱਧਰਾਂ ਦੇ ਬੂਟਿਆਂ ਤੇ ਚੱਲਣ ਦੁਖਾਂ ਦੇ ਆਰੇ।

ਖੇਤਾਂ ਚੋਂ ਰੋੜ੍ਹ ਜਾਵੇ ਰਸਤਾ ਬਦਲ ਕੇ ਫ਼ਸਲਾਂ,
ਰੋੜ੍ਹੇ ਨਾ ਜਾਣ ਪੱਥਰ ਪਾਣੀ ਤੋਂ ਜਦ ਵੀ ਭਾਰੇ।

ਰਖਣ ਬਿਗਾਨਿਆਂ ਤੇ ਸਾਂਭਣ ਦੀ ਆਸ ਕਾਹਤੋਂ,
ਭੱਜਣ ਘਰਾਂ ਚੋਂ ਲੋਕੀ ਜੋ ਅਪਣਿਆਂ ਦੇ ਮਾਰੇ।

ਪੈ ਜਾਵਣੀ ਹੈ ਮਾਜੂ ਬੰਦਿਆਂ ਦੀ ਫ਼ਸਲ ਇਕ ਦਿਨ,
ਬੇ-ਲੋੜ ਮੇੜ੍ਹਿਆਂ ਵਿਚ ਹੁੰਦੇ ਰਹੇ ਪਸਾਰੇ।

ਸਾਨੂੰ ਕਿਸੇ ਨਾ ਦਿੱਤੀ ਚੂਰੀ ਭਰੋਸਿਆਂ ਦੀ,
ਇਕ ਉਮਰ ਰਸਤਿਆਂ ਵਿਚ ਬੰਦੇ ਅਸੀਂ ਵੀ ਚਾਰੇ।

ਨਾ ਮੌਣ ਹੈ ਨਾ ਭੌਣੀ, ਨਾ ਹਲਟ ਦਿਸ ਰਿਹਾ ਹੈ,
ਖੂਹਾਂ ਦੇ ਲੱਗ ਰਹੇ ਨੇ ਪਾਣੀ ਵੀ ਹੁਣ ਤਾਂ ਖਾਰੇ।

ਵਾਦੀ ਦੇ ਵਾਸੀਆਂ ਦੀ ਹਾਲਤ ਤੇ ਤਰਸ ਆਇਆ,
ਦੇਖੇ ਮੈਂ ਝੀਲ ਵਿਚ ਜਦ ਵਿਹਲੇ ਖੜ੍ਹੇ ਸ਼ਿਕਾਰੇ।

ਖ਼ਾਸਾ ਮਧੋਲ ਦਿੱਤਾ ਹੋਇਆ ਹਾਂ ਰਿਸ਼ਤਿਆਂ ਨੇ,
ਦਿੰਦਾ ਦਿਖਾ ਉਨ੍ਹਾਂ ਨੂੰ ਦਿਨ ਵਿਚ ਨਹੀਂ ਤਾਂ ਤਾਰੇ।

ਰਹਿ ਜਾਂਵਦੇ ਨੇ ਸੁੱਕੇ, ਜਾਂ ਆਫ਼ਰੇ ਮਿਲਣਗੇ,
ਆਖ਼ਰ ਤੇ ਖੱਤਿਆਂ ਦੇ ਹੁੰਦੇ ਨੇ ਜੋ ਕਿਆਰੇ।

ਬੈਠਾ ਕੀ ਦੇਖਦਾ ਏਂ ਕੱਲਾ ਬਹਾਰ ਰੁੱਤ ਨੂੰ,
ਦੁੱਧਾਂ ਦੇ ਨਾਲ ਸੋਹੰਦੇ ਵਸਦੇ ਘਰਾਂ ਦੇ ਹਾਰੇ।

ਸਾਥੋਂ 'ਤਾਂ ਭੁੱਖਿਆਂ ਤੋ ਅਪਣਾ ਵੀ ਖਾ ਨਾ ਹੋਵੇ,
ਕਈਆਂ ਨੂੰ ਹੋਰ ਦਾ ਖਾ ਆਉਂਦੇ ਨਹੀਂ ਅਫ਼ਾਰੇ।

ਮੰਨਿਆ ਨਾ ਹੁਕਮ ਜਿਸ ਦਾ ਘਰਦੇ ਕਿਸੇ ਜਣੇ ਨੇ,
ਕੰਧਾਂ ਬਿਗਾਨੀਆਂ ਤੇ ਲਿਖਦਾ ਫਿਰੇ ਉਹ ਨਾਅਰੇ।

ਰੱਖੀਂ ਇੰਨਾਂ ਦੇ ਗਲ ਵਿਚ ਸਾਂਭਣ ਨੂੰ ਸੂਤ ਪਾ ਕੇ,
ਛੱਡੇਂਗਾ ਗੈਸ ਭਰਕੇ ਉਡ ਜਾਣਗੇ ਗ਼ੁਬਾਰੇ।

ਰਹਿੰਦਾ ਹੈ ਸਫ਼ਰ ਕਿੰਨਾ ਮੁੱਲਾਂ ਜੀ ਜ਼ਿੰਦਗੀ ਦਾ,
ਪੁੱਛਾਂ ਤਾਂ ਟਾਲ ਦੇਵੇ ਘੜ ਕੇ ਅਨੇਕ ਲਾਰੇ।

ਸੁਣ ਕੇ ਤਾਂ ਦੇਖ ਵਿੱਥਿਆ ਉਹਨਾਂ ਦੀ 'ਨੂਰ' ਤੂੰ ਵੀ
ਲਹਿਰਾਂ ਦੇ ਕਹਿਰ ਤੋਂ ਬਚ ਆਏ ਨੇ ਜੋ ਵਿਚਾਰੇ।

39. ਕੰਡਿਆਂ ਵਾਗੂੰ ਸਾਹਾਂ ਵਿਚ ਪੁਰ ਜਾਂਦੇ ਨੇ

ਕੰਡਿਆਂ ਵਾਗੂੰ ਸਾਹਾਂ ਵਿਚ ਪੁਰ ਜਾਂਦੇ ਨੇ।
ਸੱਲ ਜੁਦਾਈ ਦੇ ਅੰਦਰ ਧੁਰ ਜਾਂਦੇ ਨੇ।

ਮੈਂ ਦੁਨੀਆ ਹਾਂ ਮੈਂ ਕਿਸ ਨੂੰ ਇਲਜ਼ਾਮ ਦਵਾਂ,
ਲੋਕ ਮੁਹੱਬਤ ਕਰਦੇ ਨੇ ਤੁਰ ਜਾਂਦੇ ਨੇ।

ਠਿੱਲਣੋਂ ਪਹਿਲਾਂ ਸਾਧਨ ਜੋਹ ਕੇ ਦੇਖ ਲਵੋ,
ਕੱਚੇ ਅੱਧ-ਵਿਚਾਲੇ ਵੀ ਖੁਰ ਜਾਂਦੇ ਨੇ।

ਤੂੰ ਤਾਂ ਬੁੱਧੀ-ਜੀਵੀ ਏਂ ਕਿਉਂ ਡਰਦਾ ਏਂ,
ਬੁੱਧੂਆਂ ਨੂੰ ਵੀ ਫੁਰਨੇ ਤਾਂ ਫੁਰ ਜਾਂਦੇ ਨੇ।

ਤੱਕੀਆਂ ਨੇ ਉਹ ਘੜੀਆਂ ਏਸ ਹਿਆਤੀ ਨੇ,
ਜਦ ਤਕੜੇ ਜੁੱਸੇ ਵੀ ਠਰ-ਠੁਰ ਜਾਂਦੇ ਨੇ।

ਲੋਕਾਂ ਦੇ ਵਿਚ ਕਾਢ ਨਵੀਂ ਬਣ ਜਾਂਦੀ ਹੈ,
ਫ਼ਿਸਲ ਜਦੋਂ ਵੀ ਸਾਜ਼ਾਂ ਦੇ ਸੁਰ ਜਾਂਦੇ ਨੇ।

'ਨੂਰ' ਕਦੋਂ ਤੱਕ ਆਪਾ ਸਾਂਭੀ ਰੱਖੇਂਗਾ,
ਫੁੱਲ ਜਦੋਂ ਸੁਕਦੇ ਨੇ ਤਾਂ ਭੁਰ ਜਾਂਦੇ ਨੇ।

40. ਬੋਝਲ ਨਿਰਾਸੀਆਂ ਨੂੰ ਮਨ ਤੋਂ ਉਤਾਰ ਕੇ

ਬੋਝਲ ਨਿਰਾਸੀਆਂ ਨੂੰ ਮਨ ਤੋਂ ਉਤਾਰ ਕੇ।
ਆਇਆ ਹਾਂ ਦੋਸਤਾਂ ਵਿਚ ਵੇਲਾ ਗੁਜ਼ਾਰ ਕੇ।

ਮਸ਼ਹੂਰ ਹੋ ਗਿਆ ਹਾਂ ਲੋਕਾਂ 'ਚ ਇਸ ਲਈ,
ਅਪਣਾ ਸ਼ਿਕਾਰ ਖਾਵਾਂ ਆਪੇ ਹੀ ਮਾਰ ਕੇ।

ਉਸ ਨੇ ਵੀ ਨਾ ਬੁਝਾਈ ਬਿਰਹਾ ਦੀ ਧੂਖੜੀ,
ਲੰਘੀ ਘਟਾ ਹੈ ਕੋਲੋਂ ਜ਼ੁਲਫ਼ਾਂ ਖਿਲਾਰ ਕੇ।

ਆਉਂਦੇ ਸੀ ਕੱਲ੍ਹ ਬੁੱਲੇ ਜਿੱਥੋਂ ਬਹਾਰ ਦੇ,
ਬੈਠੀ ਹੈ ਅੱਜ ਪੱਤਝੜ ਲੱਤਾਂ ਪਸਾਰ ਕੇ।

ਜ਼ਖ਼ਮਾਂ ਤੇ ਲੂਣ ਪਾ ਕੇ ਹਾਸੇ ਦਾ ਤੁਰ ਗਿਆ,
ਦੱਸੀ ਮੈਂ ਬਾਤ ਦੁੱਖ ਦੀ ਜਿਸ ਨੂੰ ਪੁਕਾਰ ਕੇ।

ਝੁਰਦਾ ਹਾਂ ਯਾਦ ਕਰਕੇ ਹਿੰਮਤ ਦੇ ਹਾਲ ਤੇ,
ਚੁੱਕੀ ਨਾ ਜਿਸ ਨੇ ਗੁੱਡੀ ਡੋਰੀ ਸਹਾਰ ਕੇ।

ਨਲਕੀ ਚ ਪੂੰਛ ਵਾਲੀ ਹਾਲਤ ਬਣੀ ਰਹੀ,
ਘੱਲਿਆ ਜਦੋਂ ਉਹ ਬਾਹਰ ਜੇਲ੍ਹੋਂ ਸੁਧਾਰ ਕੇ।

ਬੈਠਾ ਹਾਂ ਹੋਂਦ ਖੋਈਂ ਚੰਗੀ ਫ਼ਿਜ਼ਾ ਲਈ,
ਬਰਫ਼ਾਂ ਦੇ ਵਾਂਗ ਅਪਣੇ ਆਪੇ ਨੂੰ ਠਾਰ ਕੇ।

ਲੋਹੜੇ ਦਾ ਤਰਸ ਆਵੇ ਉਸ ਦੇ ਮਿਜਾਜ਼ ਤੇ,
ਜਦ ਨੇੜਿਉਂ ਦੀ ਲੰਘੇ ਮੈਨੂੰ ਚਿਤਾਰ ਕੇ।

ਦਿੱਤੀ ਸੀ ਜਿਸ ਨੂੰ ਚਾਬੀ, ਚੁਣ ਕੇ ਖ਼ੁਰਾਕ ਦੀ,
ਲੱਭਿਆ ਵਿਦੇਸ ਬੈਠਾ ਸਭ ਕੁੱਝ ਡਕਾਰ ਕੇ।

ਕੀ ਕਰ ਰਿਹੈ ਜ਼ਮਾਨਾ ਛੱਡ ਉਸ ਦੀ ਓਸ ਤੇ,
ਕੀਤਾ ਨਾ ਤੂੰ ਵੀ ਚੰਗਾ ਮੈਨੂੰ ਵਿਸਾਰ ਕੇ।

ਹਿੱਤਾਂ ਦੀ ਖੇਡ ਭਖਦੀ ਰੱਖਣ ਨੂੰ ਦੇਸ ਸਭ,
ਬੈਠਣ ਨਾ ਦੇਣ ਨਿਚਲਾ ਨਾੜਾਂ ਨੂੰ ਠਾਰ ਕੇ।

ਦੁਨੀਆਂ ਤੇ ਮਿਲ ਰਹੀ ਹੈ ਹਰ ਮਰਜ਼ ਦੀ ਦਵਾ,
ਬੈਠਾ ਏਂ 'ਨੂਰ' ਕਾਹਨੂੰ ਦੁੱਖਾਂ ਤੋਂ ਹਾਰ ਕੇ।

41. ਜਦ ਵੀ ਕੋਈ ਬਾਤ ਯਾਰਾਂ ਨੇ ਕਰੀ

ਜਦ ਵੀ ਕੋਈ ਬਾਤ ਯਾਰਾਂ ਨੇ ਕਰੀ।
ਮੇਰੀ ਕਸਵੱਟੀ ਤੇ ਉਤਰੀ ਨਾ ਖ਼ਰੀ।

ਜਦ ਸੁਹੱਪਣ ਲੱਭਿਆ ਉੱਧਲ ਗਈ,
ਮੇਰੀਆਂ ਸੋਚਾਂ ਦੀ ਆਵਾਰਾ ਪਰੀ।

ਸੋਚਦਾ ਹਾਂ ਕਿਸ ਤਰਾਂ ਪਾਈਏ ਕਲੇਸ਼,
ਸਾਰਿਆਂ ਕੇਸਾਂ ਚੋਂ ਹੋ ਬੈਠੇ ਬਰੀ।

ਘੋਰ ਕੇ ਬਿਰਹਾ ਦੇ ਬੱਦਲ ਜਦ ਫਟੇ,
ਫ਼ਸਲ ਜ਼ਖ਼ਮਾਂ ਦੀ ਤੁਰੇ ਕਰਕੇ ਹਰੀ।

ਤਕੜਿਆਂ ਤੋਂ ਵੀ ਉਹ ਤਕੜਾ ਹੋ ਗਿਆ,
ਤਕੜਿਆਂ ਦੀ ਮਾਰ ਹੈ ਜਿਸ ਨੇ ਜਰੀ।

ਅਣਖੀਆਂ ਦੀ ਅਣਖ ਹੀ ਜਾਂਦੀ ਰਹੀ,
ਅਣਖੀਆਂ ਦੀ ਮਾਂ ਜਦੋਂ ਦੀ ਹੈ ਮਰੀ।

ਕੀ ਨਿਤਾਣਾ ਝਗੜਦਾ ਤਕੜੇ ਦੇ ਨਾਲ,
ਤੁਰ ਗਿਆ ਉਹ ਆਖ ਕੇ ਜੋ ਵੀ ਸਰੀ।

ਭੱਠ ਬਿਰਹਾ ਦਾ ਭਖਾ ਕੇ ਸੇਕਿਆ,
'ਨੂਰ' ਦੀ ਜਦ ਵੀ ਕਦੇ ਹਿੰਮਤ ਠਰੀ।

42. ਮੁੱਕ ਜਾਂਦੇ ਨੇ ਇਹ ਆਪੇ ਨਰਮਾਈ ਨਾਲ

ਮੁੱਕ ਜਾਂਦੇ ਨੇ ਇਹ ਆਪੇ ਨਰਮਾਈ ਨਾਲ।
ਝਗੜੇ ਮੁੱਕਿਆ ਕਰਦੇ ਨਹੀਂ ਲੜਾਈ ਨਾਲ।

ਪਿੱਛੋਂ ਆਉਂਦੀ ਹੈ ਪਹਿਲਾਂ ਤੁਰ ਜਾਂਦੀ ਹੈ,
ਕੀ ਬਣਦਾ ਹੈ ਅੱਜ-ਕੱਲ ਨੇਕ ਕਮਾਈ ਨਾਲ।

ਬਹੁਤ ਛੁਪਾਇਆ ਮੈਂ ਅਪਣੀ ਬਰਬਾਦੀ ਨੂੰ,
ਜੱਗ ਨੇ ਬਹੁਤ ਪਹਾੜ ਬਣਾਏ ਰਾਈ ਨਾਲ।

ਅਪਣਾ ਕਹਿ ਕੇ ਬਾਤ ਕਰੀ ਤਾਂ ਪੰਘਰ ਗਿਆ,
ਸੁਧਰ ਨਹੀਂ ਜੋ ਸਕਿਆ ਮਗ਼ਜ਼-ਖ਼ਪਾਈ ਨਾਲ।

ਸੁੱਕ ਗਈ ਔੜਾਂ ਵਿਚ ਪੌਧ ਮਿਲਾਪਾਂ ਦੀ,
ਹੁਣ ਕੀ ਬਨਣੈਂ ਅੰਤਾਂ ਦੀ ਘਟ ਛਾਈ ਨਾਲ।

ਫੇਰ ਤਾਂ ਮਾਂ ਵੀ ਖ਼ੈਰ ਮਨਾ ਸਕਦੀ ਹੈ ਜੇ,
ਤਕੜਾ ਹੋ ਕੇ ਬੱਕਰਾ ਲੜੇ ਕਸਾਈ ਨਾਲ।

ਬਹੁਤੀ ਵਧੀਆ ਜੂਨ ਨਹੀਂ ਗੁਮਨਾਮੀ ਦੀ,
ਤੁਲਨਾ ਕਰ ਕੇ ਦੇਖ ਲਈ ਰੁਸਵਾਈ ਨਾਲ।

ਸੌ ਵਾਰੀ ਚੰਗਾ ਕਹਿੰਦਾ ਇਸ ਦੁਨੀਆ ਨੂੰ,
ਜੇ ਮੈਨੂੰ ਮਿਲ ਬੈਠਣ ਦਿੰਦੀ ਭਾਈ ਨਾਲ।

ਪਿਛਲੀ ਉਮਰ ਲੰਘਾਈ ਕੜੀਆਂ ਗਿਣ ਗਿਣ ਕੇ,
ਪਹਿਲੀ ਉਮਰ ਤੁਰੇ ਸਾਂ ਇਸ਼ਕ ਸੁਦਾਈ ਨਾਲ।

ਬੀਜ ਗਿਆ ਜੀਵਨ ਵਿਚ ਬੀ ਕੰਡਿਆਲੀ ਦੇ,
ਅੱਲੜ੍ਹ ਮਨ ਰੁਕਿਆ ਨਾ ਹਾਲ-ਦੁਹਾਈ ਨਾਲ।

ਖੱਟ ਲਈ ਬਦਨਾਮੀ ਢਾਅ ਕੇ ਝੱਖੜ ਨੇ,
ਬਾਬੇ ਵੇਲੇ ਦੀ ਕੰਧ ਢਹੀ-ਢਹਾਈ ਨਾਲ।

ਘਟ ਜਾਣੇ ਨੇ ਛੇਕੜ ਰਸਮਾਂ ਪੂਰਨ ਨੂੰ,
ਲੈ ਕੇ ਤੁਰ ਆਇਐਂ ਬੰਦੇ ਦੋ-ਢਾਈ ਨਾਲ।

ਦੇਖ ਰਹੇ ਹਾਂ ਤਾਣਾ-ਬਾਣਾ ਜੀਵਨ ਦਾ,
ਕੀ ਕੀ ਹੋਰ ਗਵਾਇਆ ਅਣਖ ਗਵਾਈ ਨਾਲ।

ਇਸ ਦੇ ਪੋਤੇ ਹਾਲ ਇੰਨ੍ਹਾਂ ਦਾ ਪੁੱਛਣਗੇ,
ਜਿਹੜੇ ਕਰਨ ਚਹੇਡਾਂ ਬੁੱਢੀ ਤਾਈ ਨਾਲ।

ਹੁਣ ਤਾਂ ਰਾਕਟ ਸਿੱਧਾ ਅੰਦਰ ਡਿਗਦਾ ਹੈ,
ਬਚਣ ਕਿਲੇ ਨਾ ਦਿਲ ਦੇ, ਡੂੰਘੀ ਖਾਈ ਨਾਲ।

ਸ਼ਾਮ-ਸਵੇਰੇ ਕਰਦੀ ਤੰਗ ਗ਼ਰੀਬਾਂ ਨੂੰ,
ਕੋਈ ਨਾਤਾ ਗੰਢ ਲਵੋ ਮਹਿੰਗਾਈ ਨਾਲ।

ਟਾਹਣੇ ਵੱਢੋ ਨਫ਼ਰਤ ਦੀ ਚਿੰਗਾੜੀ ਦੇ,
ਬੂਟਾ ਸਿੱਧਾ ਰਹਿੰਦੈ ਛਾਂਗ-ਛੰਗਾਈ ਨਾਲ।

'ਨੂਰ' ਕਦੇ ਕੁੱਝ ਆਖੇ ਬੁਰਾ ਮਨਾਈਓ ਨਾ,
ਲੜ ਪੈਂਦਾ ਹੈ ਉਹ ਤਾਂ ਰੋਜ਼ ਖ਼ੁਦਾਈ ਨਾਲ।

43. ਜਿਸ ਟੱਬਰ ਦਾ ਛੋਟਾ ਮੇੜ੍ਹਾ ਹੋਵੇਗਾ

ਜਿਸ ਟੱਬਰ ਦਾ ਛੋਟਾ ਮੇੜ੍ਹਾ ਹੋਵੇਗਾ।
ਉਸ ਦੇ ਘਰ ਵਿਚ ਕਿੰਨਾਂ ਖੇੜਾ ਹੋਵੇਗਾ।

ਬੈਠ ਗਿਆ ਹਾਂ ਆਕੇ ਤੇਰੀ ਸੰਗਤ ਵਿਚ,
ਮੈਥੋਂ ਵੱਡਾ ਕਾਫ਼ਰ ਕਿਹੜਾ ਹੋਵੇਗਾ।

ਇਸ਼ਕ-ਗਲੀ ਚੋਂ ਡਰਦਾ ਡਰਦਾ ਲੰਘਦਾ ਹੈ,
ਸ਼ਾਇਦ ਇਸ ਦਾ ਪਹਿਲਾ ਗੇੜਾ ਹੋਵੇਗਾ।

ਪਤਝੜ ਮਾਰੇ ਰੁੱਖਾਂ ਵਾਂਗ ਖਲੋਤੇ ਨੇ,
ਦੋਹਾਂ ਵਿਚ ਕੁੱਝ ਝਗੜਾ-ਝੇੜਾ ਹੋਵੇਗਾ।

ਵਸਣ ਨਹੀਂ ਜੋ ਦਿੰਦਾ ਵਸਦੇ ਜੀਆਂ ਨੂੰ,
ਇਸ ਬਸਤੀ ਦਾ ਸੈਦਾ ਖੇੜਾ ਹੋਵੇਗਾ।

ਭੁੱਖ ਮਿਟੀ ਨਾ ਜਿਸ ਨੂੰ ਖਾ ਕੇ ਸੀਰੀ ਦੀ,
ਇਸ ਰੋਟੀ ਦਾ ਛੋਟਾ ਪੇੜਾ ਹੋਵੇਗਾ।

ਟੱਬਰ-ਟੀਰ ਗਵਾ ਕੇ ਪਿੱਟੇ ਕਿਸਮਤ ਨੂੰ,
ਰੱਬ ਦਾ ਲੱਗਿਆ ਗੁਪਤ ਥਪੇੜਾ ਹੋਵੇਗਾ।

ਜਿਹੜਾ ਲੁੱਟ ਮਚਾਉਂਦਾ ਫਿਰਦੈ ਦੁਨੀਆ ਵਿਚ,
ਗ਼ਰਕ ਕਦੇ ਇਸ ਦਾ ਵੀ ਬੇੜਾ ਹੋਵੇਗਾ।

ਸਾਰੇ ਜੱਗ ਨੂੰ ਵਿੱਚ ਕਲਾਵੇ ਲੈ ਬੈਠੇ,
ਐਡਾ ਕਿਸ ਦੇ ਦਿਲ ਦਾ ਵਿਹੜਾ ਹੋਵੇਗਾ।

ਕਹਿੰਦਾ 'ਕੱਲਾ ਨਿਪਟ ਲਵਾਂਗਾ ਆਫ਼ਤ ਨਾਲ,
ਇਸ ਦਾ ਕਿੰਨਾਂ ਸਖ਼ਤ ਕੰਨ੍ਹੇੜਾ ਹੋਵੇਗਾ।

ਰੋੜ੍ਹ ਗਿਆ ਜੋ ਵਾਂਗ ਸੁਨਾਮੀ ਜ਼ਿੰਦਾਂ ਨੂੰ,
ਕਿਸ ਦੇ ਅੱਥਰੂਆਂ ਦਾ ਬੇੜਾ ਹੋਵੇਗਾ।

ਇਕ ਦੂਜੇ ਨੂੰ ਕੋਸਣ ਵਿੱਚ ਇਕੱਠਾਂ ਦੇ,
ਦੋਹਾਂ ਵਿਚ ਕੁੱਝ ਨਾ ਕੁੱਝ ਨੇੜਾ ਹੋਵੇਗਾ।

ਦੇ ਆਇਆ ਹਾਂ ਜੀਵਨ ਸਾਥੀ ਅੱਲ੍ਹਾ ਨੂੰ,
ਮੈਥੋਂ ਵੱਡਾ ਦਾਨੀ ਕਿਹੜਾ ਹੋਵੇਗਾ।

ਕੱਢ ਲਵੋ ਕੁੱਝ ਵੇਲਾ ਆਖ਼ਰ ਖ਼ਾਤਰ 'ਨੂਰ',
ਉੱਥੇ ਅਮਲਾਂ ਨਾਲ ਨਬੇੜਾ ਹੋਵੇਗਾ।

44. ਤੂੰ ਐਵੇਂ ਨਾ ਫ਼ਿਕਰਾਂ 'ਚ ਸਿਰ ਨੋਚਿਆ ਕਰ

ਤੂੰ ਐਵੇਂ ਨਾ ਫ਼ਿਕਰਾਂ 'ਚ ਸਿਰ ਨੋਚਿਆ ਕਰ।
ਅਕਾਸ਼ਾਂ ਤੇ ਉੱਡਣ ਦੀ ਗੱਲ ਸੋਚਿਆ ਕਰ।

ਮੁਹੱਬਤ ਦੀ ਮਾਰੀ ਕਿਸੇ ਜ਼ਿੰਦਗੀ ਨੂੰ,
ਸਮਾਂ ਡੇਗ ਦੇਵੇ ਤਾਂ ਤੂੰ ਬੋਚਿਆ ਕਰ।

ਪਿਆ ਠੀਕ ਲੱਗੂ ਇਹ ਚੁੱਲ੍ਹਾ ਤੇ ਚੌਂਕਾ,
ਝਲਾਨੀ ਨੂੰ ਵੀ ਲਿੱਪਿਆ ਪੋਚਿਆ ਕਰ।

ਨਾ ਵਾਹੇ, ਨਾ ਬੀਜੇ, ਨਾ ਸਿੰਜੇ, ਨਾ ਗੁੱਡੇ,
ਬਿਨਾ ਮਿਹਨਤਾਂ ਤੋਂ ਨਾ ਫਲ ਲੋਚਿਆ ਕਰ।

ਰਹੂ 'ਨੂਰ' ਜੱਗ ਤੇ ਇਹ ਅਹਿਸਾਨ ਤੇਰਾ,
ਯਤੀਮਾਂ ਦੇ ਅੱਥਰੂ ਸਦਾ ਪੋਚਿਆ ਕਰ।

45. ਪਾਲ ਸਕੇ ਨਾ ਸੁਫ਼ਨੇ ਇਸ਼ਕ ਬੀਮਾਰੀ ਨੂੰ

ਪਾਲ ਸਕੇ ਨਾ ਸੁਫ਼ਨੇ ਇਸ਼ਕ ਬੀਮਾਰੀ ਨੂੰ।
ਪਟਕ ਦਿੱਤਾ ਅਧਵਾਟੇ ਸ਼ੌਕ ਉਡਾਰੀ ਨੂੰ।

ਕੀ ਦਰਸਾਉਣਾ ਚਾਹੁੰਦੈਂ ਹੁਣ ਤੂੰ ਦੁਨੀਆਂ ਨੂੰ,
ਕੰਧਾਂ ਉੱਤੇ ਕਰਕੇ ਮੀਨਾ ਕਾਰੀ ਨੂੰ।

ਢਾਹੁਣ ਕਦੋਂ ਦਿੰਦੇ ਨੇ ਰਾਖੇ ਧਰਮਾਂ ਦੇ,
ਅਪਣੀ ਅਪਣੀ ਇੱਟ ਦੀ ਕੰਧ ਉਸਾਰੀ ਨੂੰ।

ਕਿੰਜ ਤੈਨੂੰ ਦੇ ਦੇਵਾਂ ਦਿਲ ਬਹਿਲਾਉਣ ਲਈ,
ਅਪਣੀ ਖ਼ਾਤਰ ਲੀਤੀ ਜ਼ਿੰਦ ਉਧਾਰੀ ਨੂੰ।

ਜਿਹੜਾ ਸੱਚਾ-ਸੁੱਚਾ ਹੋਵੇ ਉਹ ਆਵੇ,
ਇਸ ਬਸਤੀ ਦੇ ਲੋਕਾਂ ਦੀ ਸਰਦਾਰੀ ਨੂੰ।

ਮੇਰੇ ਨਾਲ ਨਿਭੀ ਨਾ ਉਸ ਦੀ ਇੱਕ ਪਲ ਵੀ,
ਯਾਰਾਂ ਵਾਂਗੂੰ ਰੱਖਣ ਲੋਕ ਮੱਕਾਰੀ ਨੂੰ।

ਸੋਚ ਜ਼ਰਾ ਦਿਲ ਤੇ ਕੀ ਬੀਤੀ ਹੋਵੇਗੀ,
ਤੁਰਿਆ ਸਾਂ ਜਦ ਕਰਕੇ ਵਿਦਾ ਵਿਚਾਰੀ ਨੂੰ।

ਮੇਰੀ ਗਿਣਤੀ ਵੀ ਉਹਨਾਂ ਵਿਚ ਜੋੜ ਲਵੋ,
ਸਾਂਭ ਸਕੇ ਨਾ ਜੋ ਸਾਥਣ ਬੇਚਾਰੀ ਨੂੰ।

ਬਚਪਨ ਤੋਂ ਇਹ ਉਸ ਦੀ ਪੱਕੀ ਆਦਤ ਹੈ,
ਚਕਮਾ ਦੇ ਜਾਂਦਾ ਹੈ ਮੇਰੀ ਪਾਰੀ ਨੂੰ।

ਫੇਰ ਕਰੇਂਗਾ ਕਿਸ ਤੇ ਜਾਦੂ ਬੋਲਾਂ ਦਾ,
ਸਮਝ ਲਿਆ ਜਦ ਲੋਕਾਂ ਨੇ ਹੁਸ਼ਿਆਰੀ ਨੂੰ।

ਸਭ ਨੇ ਦੰਦਾਂ ਦੇ ਵਿਚ ਉਂਗਲਾਂ ਲੈ ਲਈਆਂ,
ਬਾਬੇ ਨੇ ਜਦ ਚੁੱਕਿਆ ਪੱਥਰ ਭਾਰੀ ਨੂੰ।

ਪੁਤਰੀ, ਪਤਨੀ, ਅੰਮੀ, ਦਾਦੀ, ਪੜਦਾਦੀ,
ਕੀ ਕੀ ਬਨਣਾ ਪੈਂਦੈ ਜਗ ਤੇ ਨਾਰੀ ਨੂੰ।

ਬਿਨ ਪੁੱਛੇ ਗ਼ੈਰਾਂ ਨੂੰ ਲੁੱਡਨ ਕਿਉਂ ਦੇਵੇ,
ਹੀਰ ਦੀ ਖ਼ਾਤਰ ਡਾਹੇ ਪਲੰਘ ਨਮਾਰੀ ਨੂੰ।

ਭਾਂਡੇ ਚੱਕ ਚੜ੍ਹਾਵੇ ਕਿੰਜ ਖ਼ਿਆਲਾਂ ਦੇ,
ਮਿੱਟੀ ਗੋਣੀ ਭੁੱਲ ਗਈ ਘੁਮਿਆਰੀ ਨੂੰ।

ਕਿਉਂ ਨਾ ਕੋਸਾਂ ਜਿਸ ਨੇ ਸਾਥੀ ਡੱਫ ਲਿਆ,
ਹਥਿਆਰਾਂ ਲੱਦੀ ਦੁਨੀਆਂ ਹਤਿਆਰੀ ਨੂੰ।

ਦੱਸੇਂਗਾ ਤਾਂ ਖ਼ੁਦ ਖੱਜਲ ਹੋ ਜਾਵੇਂਗਾ,
ਰੱਖ ਛੁਪਾ ਕੇ ਹਾਲੇ 'ਨੂਰ' ਖ਼ੁਆਰੀ ਨੂੰ।

46. ਕਿੰਨੀ ਕੁ ਘੱਟ ਲੋਭੀ ਨੈਣਾਂ ਦੀ ਪਿਆਸ ਕਰਦਾ

ਕਿੰਨੀ ਕੁ ਘੱਟ ਲੋਭੀ ਨੈਣਾਂ ਦੀ ਪਿਆਸ ਕਰਦਾ।
ਮੈਂ ਜ਼ਿੰਦਗੀ ਦੀ ਖ਼ਾਤਰ ਕੀ ਕੀ ਤਲਾਸ਼ ਕਰਦਾ।

ਦਸਵੀਂ ਤੋਂ ਬਾਅਦ ਬੀ.ਏ, ਬੀ.ਏ ਤੋਂ ਬਾਅਦ ਐਮ.ਏ,
ਇਕ ਰੋਜ਼ਗਾਰ ਖ਼ਾਤਰ ਕੀ ਕੀ ਮੈਂ ਪਾਸ ਕਰਦਾ।

ਮਹਿਰਮ ਦੀ ਆਰਜ਼ੂ ਸੀ ਮੈਂ ਤੋੜਨੇ ਨੇ ਤਾਰੇ,
ਉਸ ਵਾਸਤੇ ਕਿਵੇਂ ਮੈਂ ਨੀਵਾਂ ਅਕਾਸ਼ ਕਰਦਾ।

ਉਸ ਨੂੰ ਤਿਆਗਿਆ ਨਾ ਦਿਲ ਵਿਚ ਵਸਾਉਣ ਪਿੱਛੋਂ,
ਵੱਖਰਾ ਕਿਵੇਂ ਮੈਂ ਅਪਣੇ ਨੌਹਾਂ ਤੋਂ ਮਾਸ ਕਰਦਾ।

ਹੋਇਆ ਨਾ ਕੱਲਰਾਂ ਦੀ ਕਿਸਮਤ ਦੇ ਵਿਚ ਛੜਾਕਾ,
ਰੋੜਾਂ ਚੋਂ ਕਿਸ ਤਰ੍ਹਾਂ ਮੈਂ ਫ਼ਸਲਾਂ ਦੀ ਆਸ ਕਰਦਾ।

ਪਿਉ ਦਾਦਿਆਂ ਦੇ ਵਾਂਗੂੰ ਹੋਇਆ ਨਾ ਨਾਮ ਰੌਸ਼ਨ,
ਰੱਖਣ ਨੂੰ ਯਾਦ ਬਾਕੀ ਕੁੱਝ ਤਾਂ ਉਹ ਖ਼ਾਸ ਕਰਦਾ।

ਆਖ਼ਰ ਨੂੰ ਗਰਮ ਹੋ ਕੇ ਫੁੱਟ ਹੀ ਗਿਆ ਜਵਾਲਾ,
ਕਦ ਤੱਕ ਉਹ ਮਨ ਦੇ ਅੰਦਰ 'ਕੱਠੀ ਭੜਾਸ ਕਰਦਾ।

ਯਾਰਾਂ ਚੋਂ ਇਸ ਤਰਾਂ੍ਹ ਦਾ ਕੋਈ ਤਾਂ ਯਾਰ ਹੁੰਦਾ,
ਹਰ ਰੋਜ਼ 'ਨੂਰ' ਨੂੰ ਨਾ ਜਿਹੜਾ ਹਰਾਸ ਕਰਦਾ।

47. ਤਕਲੀਫ਼ਾਂ ਦੀ ਥੋੜ ਨਹੀਂ ਹੈ

ਤਕਲੀਫ਼ਾਂ ਦੀ ਥੋੜ ਨਹੀਂ ਹੈ।
ਹੋਰ ਦੁਖਾਂ ਦੀ ਲੋੜ ਨਹੀਂ ਹੈ।

ਦੁੱਖ-ਸੁੱਖ ਕਿੱਥੇ ਬਹਿ ਕੇ ਕਰੀਏ,
ਸੱਥ ਵਿਚ ਕੋਈ ਬੋਹੜ ਨਹੀਂ ਹੈ।

ਚੱਲ ਪਏ ਹਾਂ ਉਸ ਰਾਹ ਉੱਤੇ,
ਘਰ ਵਲ ਜਿਸ ਦਾ ਮੋੜ ਨਹੀਂ ਹੈ।

ਦਿਲ ਆਖੇ ਉਹ ਠੀਕ ਹੈ ਮੈਨੂੰ,
ਲੋਕੀ ਆਖਣ ਜੋੜ ਨਹੀਂ ਹੈ।

ਭਾਵੇਂ ਅੱਗੇ ਦੌੜ ਰਹੇ ਹਾਂ,
ਪਰ ਪਿੱਛਾ ਵੀ ਚੌੜ ਨਹੀਂ ਹੈ।

ਬਣ ਬੈਠੈ 'ਕੈਨੇਡਾ' ਵਾਸੀ,
ਪਰ ਭੁੱਲਦਾ 'ਸੰਦੌੜ' ਨਹੀਂ ਹੈ।

ਜਿਸ ਨੂੰ ਇਸ਼ਕ ਬੀਮਾਰੀ ਆਖਣ,
ਇਸ ਦਾ ਕੋਈ ਤੋੜ ਨਹੀਂ ਹੈ।

ਹਾਰੇ ਹਾਂ ਮੁੜ ਮੁੜ ਨੱਸਾਂਗੇ,
ਇਹ ਛੇਕੜਲੀ ਦੌੜ ਨਹੀਂ ਹੈ।

ਕਿਹੜਾ ਰੂਪ ਬਣਾ ਕੇ ਮਿਲੀਏ,
ਝੱਲਦਾ 'ਨੂਰ' ਕਨੌੜ ਨਹੀਂ ਹੈ।

48. ਭੱਠ ਵਿਚ ਬਾਲਣ ਪਾਉਣ ਤੁਰੇ ਹਾਂ

ਭੱਠ ਵਿਚ ਬਾਲਣ ਪਾਉਣ ਤੁਰੇ ਹਾਂ।
ਢਿੱਡ ਨੂੰ ਝੁਲਕਾ ਲਾਉਣ ਤੁਰੇ ਹਾਂ।

ਫੇਰ ਇਸ਼ਕ ਦੀ ਸਰਦਲ ਉੱਤੇ,
ਆਪੇ ਨੂੰ ਅਜ਼ਮਾਉਣ ਤੁਰੇ ਹਾਂ।

ਸੁਰ ਨਾ ਤਾਲ ਪਛਾਣੇ ਜਿਹੜਾ,
ਉਸ ਨੂੰ ਗੀਤ ਸੁਨਾਉਣ ਤੁਰੇ ਹਾਂ।

ਉਜੜੀ ਉਖੜੀ 'ਹੀਰਾ ਮੰਡੀ'-
ਦੇ ਵਿਚ ਦਿਲ ਬਹਿਲਾਉਣ ਤੁਰੇ ਹਾਂ।

ਠਰ ਗਈਆਂ ਜੋ ਲੂਆਂ ਦੇ ਵਿਚ,
ਉਹ ਸੱਧਰਾਂ ਗਰਮਾਉਣ ਤੁਰੇ ਹਾਂ।

ਬਿਰਹਾ ਭੁੰਨੇ ਤਪਦੇ ਦਿਲ ਤੇ,
ਨੈਣੋਂ ਮੀਂਹ ਬਰਸਾਉਣ ਤੁਰੇ ਹਾਂ।

ਨੌਂ ਸੌ ਚੂਹੇ ਖਾਵਣ ਪਿੱਛੋਂ,
ਮੱਕੇ ਵੱਲ ਬਖ਼ਸਾਉਣ ਤੁਰੇ ਹਾਂ।

ਪੰਡ ਗੁਨਾਹਾਂ ਦੀ ਤੱਜਣ ਨੂੰ,
ਗੰਗਾ ਜੀ ਵਿਚ ਨਹਾਉਣ ਤੁਰੇ ਹਾਂ।

ਮਰਜ਼ੀ ਕਰਦੇ ਅੱਥਰੇ ਦਿਲ ਨੂੰ,
'ਨੂਰ' ਮੀਆਂ ਸਮਝਾਉਣ ਤੁਰੇ ਹਾਂ।

49. ਦੇਖਣ ਨੂੰ ਮਗ਼ਰੂਰ ਹੈ ਲਗਦੀ

ਦੇਖਣ ਨੂੰ ਮਗ਼ਰੂਰ ਹੈ ਲਗਦੀ।
ਪਰ ਹੂਰਾਂ ਦੀ ਹੂਰ ਹੈ ਲਗਦੀ।

ਜਦ ਮੁਸਕਾ ਕੇ ਹਿਰਦਾ ਫੂਕੇ,
ਇੰਨ-ਬਿੰਨ ਕੋਹੇਤੂਰ ਹੈ ਲਗਦੀ।

ਹੁਸਨ ਉਹਦੇ ਦੀ ਹਰ ਥਾਂ ਚਰਚਾ,
ਧੁੱਪ ਜਿੰਨੀ ਮਸ਼ਹੂਰ ਹੈ ਲਗਦੀ।

ਹਿਜਰ ਉਹਦੇ ਨੇ ਦਿਲ ਨੂੰ ਲਾਈ,
ਬੀਮਾਰੀ, ਨਾਸੂਰ ਹੈ ਲਗਦੀ।

ਜਿਸ ਨੂੰ ਦੇਖ ਨਸ਼ਾ ਚੜ੍ਹ ਜਾਵੇ,
ਐਸਾ ਹੁਸਨ ਸਰੂਰ ਹੈ ਲਗਦੀ।

ਜਿੱਥੇ ਸੁਫ਼ਨੇ ਪੂਰੇ ਹੋਵਣ,
ਉਹ ਆਸਾਂ ਦਾ ਬੂਰ ਹੈ ਲੱਗਦੀ।

ਚਮਕ ਜਿਹੇ ਮੁੱਖੜੇ ਵਲ ਤੱਕ ਕੇ,
ਹੁਸਨ ਦਾ ਪਹਿਲਾ ਪੂਰ ਹੈ ਲਗਦੀ।

ਜਿਸ ਵਲ ਝਾਕੇ ਹਿਰਦਾ ਲੂਹਵੇ,
ਕੌੜੀ ਅੱਖ ਦੀ ਘੂਰ ਹੈ ਲਗਦੀ।

'ਨੂਰ ਮੁਹੰਮਦ' ਕੋਲ ਖਲੋਕੇ,
ਉਹ ਵੀ ਉਸ ਦਾ ਨੂਰ ਹੈ ਲਗਦੀ।

50. ਭਾਵੇਂ ਖੜ੍ਹੀ ਹੈ ਸਾਬਤ, ਚੌਖਟ ਅਸਾਂ ਦੇ ਦਰ ਦੀ

ਭਾਵੇਂ ਖੜ੍ਹੀ ਹੈ ਸਾਬਤ, ਚੌਖਟ ਅਸਾਂ ਦੇ ਦਰ ਦੀ।
ਨੀਹਾਂ ਤੋਂ ਹਿੱਲ ਗਈ ਹੈ ਹਰ ਇਕ ਦੀਵਾਰ ਘਰ ਦੀ।

ਚੋਭਾਂ ਵੀ ਮਾਰਦਾ ਹੈ ਦਿੰਦਾ ਵੀ ਹੈ ਦਿਲਾਸਾ,
ਸਮਝਾਂ ਕੀ ਯਾਰ ਮੇਰਾ ਦੁਸ਼ਮਣ ਹੈ ਜਾਂ ਹੈ ਦਰਦੀ।

ਸਿਖਰਾਂ 'ਤੇ ਪਹੁੰਚ ਕੇ ਕੀ ਦੇਖੋ ਇਹ ਗੁਲ ਖਿਲਾਵੇ,
ਅਜ ਕੱਲ੍ਹ ਜੋ ਸ਼ਾਨ ਉਸ ਦੀ ਹਰ ਰੋਜ਼ ਹੈ ਉਭਰਦੀ।

ਉੱਬਲ ਰਿਹਾ ਹੈ ਲਾਵਾ ਜੀਆਂ ਦੇ ਹਿਰਦਿਆਂ ਵਿਚ,
ਰਹਿਣੀ ਹੈ ਘਰ ਦੇ ਅੰਦਰ ਕਿੰਨੀ ਕੁ ਦੇਰ ਸਰਦੀ।

ਲੰਬਾ ਸੰਘਰਸ਼ ਕਰਕੇ ਪਹੁੰਚੀ ਹੈ ਮੰਜ਼ਿਲਾਂ ਤੱਕ,
ਇਹ ਜ਼ਿੰਦਗੀ ਨਹੀਂ ਹੈ ਹੁਣ ਔਕੜਾਂ ਤੋਂ ਡਰਦੀ।

ਪਰਖੋ ਇਹ ਮਰਜ਼ ਕਿਹੜੀ ਲੱਗੀ ਹੈ ਆਦਮੀ ਨੂੰ,
ਚਿਹਰੇ ਤੋਂ ਝਲਕਦੀ ਹੈ ਲਾਲੀ ਦੀ ਥਾਂ ਤੇ ਜ਼ਰਦੀ।

ਉੱਜੜ ਗਏ ਨੇ ਭਾਵੇਂ ਮਿਤਰਾਂ ਤੋਂ ਬਾਝ ਰਸਤੇ,
ਲੰਘਦਾ ਹਾਂ ਰੋਜ਼ ਮਥ ਕੇ ਅਜ ਕਲ ਵੀ ਮੈਂ ਉਧਰ ਦੀ।

ਕਦ ਤੱਕ ਖੜੂਗੀ ਚੁੱਕ ਕੇ ਟੱਬਰ ਦੀ ਛੱਤ ਸਿਰ ਤੇ,
ਜੀਵਨ ਦੀ ਕੰਧ ਜਾਵੇ ਉਮਰਾਂ ਦੇ ਨਾਲ ਖਰਦੀ।

ਬਣ ਜਾਂਦੀਆਂ ਨੇ ਪਲ ਵਿਚ ਖੰਭਾਂ ਦੀਆਂ ਉਡਾਰਾਂ,
ਦੱਸਿਆ ਨਾ ਕਰ ਕਿਸੇ ਨੂੰ ਤੂੰ 'ਨੂਰ' ਬਾਤ ਘਰ ਦੀ।

51. ਮੈਂ ਨਹੀਂ ਕਹਿੰਦਾ ਉਡਣ ਤੇ ਅਮਲ ਕਰ ਹੁੰਦਾ ਨਹੀਂ

ਮੈਂ ਨਹੀਂ ਕਹਿੰਦਾ ਉਡਣ ਤੇ ਅਮਲ ਕਰ ਹੁੰਦਾ ਨਹੀਂ।
ਹੁਣ ਅਸਾਂ ਤੋਂ ਆਸਮਾਨਾਂ ਦਾ ਸਫ਼ਰ ਹੁੰਦਾ ਨਹੀਂ।

ਪਹੁੰਚ ਤਾਂ ਬੈਠਾ ਹਾਂ ਮੈਂ ਵੀ ਟੀਸੀਆਂ ਦੀ ਧੌਣ ਤੇ,
ਫ਼ਰਕ ਬਸ ਐਨਾਂ ਹੈ ਕਿ ਬੱਦਲਾਂ ਤੇ ਤਰ ਹੁੰਦਾ ਨਹੀਂ।

ਹਰ ਸੜਕ ਪੁਜਦੀ ਹੈ ਘੁੰਮਕੇ ਸੋਚ ਦੀ ਦਹਿਲੀਜ ਤੇ,
ਦਿਲ ਦੇ ਦਰ ਤੱਕ ਜਾਣ ਨੂੰ ਇੱਕੋ ਡਗਰ ਹੁੰਦਾ ਨਹੀਂ।

ਲੰਘ ਜਾਂਦੇ ਹਾਂ ਅਸੀਂ ਵੀ ਅਜਨਬੀ ਦੇ ਵਾਂਗਰਾਂ,
ਖੋਲ੍ਹ ਕੇ ਰੱਖਿਆ ਕਦੇ ਉਸ ਨੇ ਵੀ ਦਰ ਹੁੰਦਾ ਨਹੀਂ।

ਫੇਰ ਇਕ ਕੋਸ਼ਿਸ਼ ਕਰੀ ਹੈ ਸਾਲਸਾਂ ਨੂੰ ਭੇਜ ਕੇ,
ਉਂਜ ਉਸ ਨੂੰ ਕਹਿਣ ਦਾ ਬਹੁਤਾ ਅਸਰ ਹੁੰਦਾ ਨਹੀਂ।

ਬਹਿ ਗਿਆ ਹੰਕਾਰ ਦੀ ਟੀਸੀ ਤੇ ਚੜ੍ਹ ਕੇ ਆਦਮੀ,
ਮੁਆਸ਼ਰੇ ਵਿਚ ਰਲਣ ਨੂੰ ਥੱਲੇ ਉਤਰ ਹੁੰਦਾ ਨਹੀਂ।

ਵਿਚ ਖ਼ਲਾਵਾਂ ਦੇ ਉਡਣ ਦੀ ਸੋਚਦਾ ਹੈ ਰਾਤ ਦਿਨ,
ਮਨ ਦੇ ਅੰਦਰ ਜਿਸ ਜਣੇ ਦੇ ਕੁੱਝ ਵੀ ਡਰ ਹੁੰਦਾ ਨਹੀਂ।

ਕਿਸ ਤਰਾਂ੍ਹ ਬੇਗਾਨਿਆਂ ਨੂੰ ਦਾਅਵਤਾਂ ਤੇ ਸੱਦੀਏ,
ਮਹਿੰਗਿਆਂ ਦੌਰਾਂ ਚ ਅਪਣਾ ਪੇਟ ਭਰ ਹੁੰਦਾ ਨਹੀਂ।

'ਨੂਰ' ਕਿਉਂ ਡਰਦਾ ਏਂ ਜੇ ਇਹ ਆ ਗਏ ਮੁੜ ਜਾਣਗੇ,
ਦੁੱਖ ਤਾਂ ਦੁੱਖ ਨੇ ਦੁੱਖਾਂ ਦੇ ਨਾਲ ਮਰ ਹੁੰਦਾ ਨਹੀਂ।

52. ਜ਼ੁਲਮ ਨਾ ਹੁੰਦੇ ਜੇ ਕਰ ਥੰਮਣ ਜੋਗੇ ਹੁੰਦੇ

ਜ਼ੁਲਮ ਨਾ ਹੁੰਦੇ ਜੇ ਕਰ ਥੰਮਣ ਜੋਗੇ ਹੁੰਦੇ।
ਲੋਕ ਬੁਰੇ ਨੂੰ ਫਾਹੇ ਟੰਗਣ ਜੋਗੇ ਹੁੰਦੇ।

ਮਾੜੀ ਗੱਲ ਨੂੰ ਨਿੰਦਣ ਦਾ ਬਲ ਸਿੱਖਿਆ ਹੁੰਦਾ,
ਚੰਗੀ ਬਾਤ ਕਿਸੇ ਦੀ ਮੰਨਣ ਜੋਗੇ ਹੁੰਦੇ।

ਅਣਖ਼ ਜਦੋਂ ਵੀ ਆਉਂਦੀ ਤਾਂ ਅਣਖੀਲੇ ਦਿਸਦੇ,
ਸ਼ਰਮ ਜਦੋਂ ਆਉਂਦੀ ਤਾਂ ਸੰਗਣ ਜੋਗੇ ਹੁੰਦੇ।

ਗਿਰਗਟ ਵਾਂਗੂੰ ਹਰ ਪਲ ਰੰਗ ਵਟਾਈਂ ਰੱਖਦੇ,
ਸਭ ਦੇ ਰੰਗ ਵਿਚ ਆਪਾ ਰੰਗਣ ਜੋਗੇ ਹੁੰਦੇ।

ਜਗ ਦੇ ਦੁੱਖ ਸਮੇਟਨ ਜੋਗਾ ਜੇਰਾ ਹੁੰਦਾ,
ਸੁੱਖ ਪਰਾਇਆਂ ਦੇ ਵਿਚ ਵੰਡਣ ਜੋਗੇ ਹੁੰਦੇ।

ਸਦੀਆਂ ਤੱਕ ਨਾ ਝੱਲਦੇ ਬੋਝ ਗੁਲਾਮੀ ਵਾਲਾ,
ਕੌਮ ਪਰਾਈ ਨੂੰ ਜੇ ਡੰਗਣ ਜੋਗੇ ਹੁੰਦੇ।

ਰੋਜ਼ ਦੁਆਵਾਂ ਕਰੀਏ ਲੰਮੀਆਂ ਉਮਰਾਂ ਖ਼ਾਤਰ,
ਮਰ ਜਾਂਦੇ ਜੇ ਮੁੜ ਕੇ ਜੰਮਣ ਜੋਗੇ ਹੁੰਦੇ।

ਮੇਰੇ ਅਪਣੇ ਭਾਵੇਂ ਮੇਰਾ ਕੁੱਝ ਨਾ ਕਰਦੇ,
ਪਰ ਲੋਕਾਂ ਦਾ ਦੁੱਖ ਤਾਂ ਵੰਡਣ ਜੋਗੇ ਹੁੰਦੇ।

ਚੁੱਪ-ਚੁਪੀਤੇ ਲੰਘ ਗਏ ਉਹ ਨੀਵੀਂ ਪਾ ਕੇ,
ਅੱਖ ਮਿਲਾਉਂਦੇ ਜੇ ਕਰ ਖੰਘਣ ਜੋਗੇ ਹੁੰਦੇ।

ਨਾ ਟਾਹਣੇ ਟੁਟਦੇ ਨਾ ਡਿਗ ਕੇ ਬੱਚੇ ਮਰਦੇ,
ਜੇ ਪੰਛੀ ਝੱਖੜ ਨੂੰ ਬੰਨ੍ਹਣ ਜੋਗੇ ਹੁੰਦੇ।

ਉਹ ਤਾਂ ਇਸ ਤੋਂ ਵੀ ਥੱਲੇ ਡਿਗ ਬੈਠੇ ਨੇ,
ਘਾਈਏ ਦੇ ਪੁੱਤ ਘਾਹ ਹੀ ਖੋਤਣ ਜੋਗੇ ਹੁੰਦੇ।

ਫਲ ਹਾਲੇ ਕੱਚੇ ਨੇ ਸੁਫ਼ਨੇ ਦੇ ਬੂਟੇ ਤੇ,
ਝੰਬ ਲਏ ਹੁੰਦੇ ਜੇ ਝੰਬਣ ਜੋਗੇ ਹੁੰਦੇ।

ਕਾਹਨੂੰ ਅੱਲੜ੍ਹ ਰੀਝਾਂ ਦੇ ਗੁੱਟ ਖਾਲੀ ਦਿਸਦੇ,
ਬੋਝੇ ਦੇ ਵਿਚ ਪੈਸੇ ਕੰਗਣ ਜੋਗੇ ਹੁੰਦੇ।

ਘਰ ਦਾ ਇਕ ਬੰਦਾ ਵੀ ਭੁੱਖੇ ਪੇਟ ਨਾ ਸੌਂਦਾ,
ਹੱਕ ਪਰਾਏ ਕੋਲੋਂ ਮੰਗਣ ਜੋਗੇ ਹੁੰਦੇ।

'ਨੂਰ' ਉਹ ਸੱਚੇ ਦਿਲ ਤੋਂ ਜੇਕਰ ਤੋਬਾ ਕਰਦੇ,
ਦੋਜ਼ਖ਼ ਦੀ ਅੱਗ ਉੱਤੋਂ ਲੰਘਣ ਜੋਗੇ ਹੁੰਦੇ।

53. ਐਵੇਂ ਬੈਠੇ ਸੁਫ਼ਨੇ ਲਈਏ ਠਾਠਾਂ ਦੇ

ਐਵੇਂ ਬੈਠੇ ਸੁਫ਼ਨੇ ਲਈਏ ਠਾਠਾਂ ਦੇ।
ਜ਼ਿੰਦੇ, ਕਿਹੜਾ ਪੁੱਤ ਹਾਂ ਆਪਾਂ ਰਾਠਾਂ ਦੇ।

ਸਨ ਸੰਤਾਲੀ ਪਿੱਛੋਂ ਨਜ਼ਰ ਨਹੀਂ ਆਏ,
ਖ਼ਾਨ ਕਹਾਉਂਦੇ ਸਨ ਜੋ ਵਾਸੀ ਬਾਠਾਂ ਦੇ।

ਪੂਰਾ ਸਾਲ ਕਰੇ ਉਹ ਲੁੱਟ ਜ਼ਮਾਨੇ ਦੀ,
ਫੇਰ ਚਲਾ ਲੈਂਦਾ ਹੈ ਚੱਕਰ ਪਾਠਾਂ ਦੇ।

ਹਮਦਰਦੀ ਦੇ ਬੀਜ ਜਿੰਨ੍ਹਾਂ ਨੇ ਬੀਜੇ ਨਾ,
ਛਾਵਾਂ ਭਾਲਣ ਹੁਣ ਉਹ ਉੱਲੂ ਕਾਠਾਂ ਦੇ।

ਫਿੱਟ ਕਿਵੇਂ ਕਰੀਏ ਦਰਵਾਜ਼ੇ ਜੁੱਸੇ ਦੇ,
'ਨੂਰ' ਪਏ ਹਿਲਦੇ ਨੇ ਜੋੜ ਚੁਗਾਠਾਂ ਦੇ।

54. ਵਿਛੜਿਆਂ ਨੂੰ ਯਾਦ ਕਰ ਕੇ ਕੱਲਿਆਂ ਰੋਣਾ ਹੀ ਸੀ

ਵਿਛੜਿਆਂ ਨੂੰ ਯਾਦ ਕਰ ਕੇ ਕੱਲਿਆਂ ਰੋਣਾ ਹੀ ਸੀ।
ਇਕ ਨਾ ਇਕ ਦਿਨ ਨਾਲ ਮੇਰੇ, ਹਾਦਸਾ ਹੋਣਾ ਹੀ ਸੀ।

ਕਦ ਕੁ ਤੱਕ ਉਸ ਨੂੰ ਮਿਲਣ ਦੀ ਆਸ ਕਰਕੇ ਬੈਠਦਾ,
ਡੁਸਕਦੇ ਬੱਚੇ ਦੇ ਵਾਂਗੂੰ ਥੱਕ ਕੇ ਸੌਣਾ ਹੀ ਸੀ।

ਕਰ ਦਿੱਤਾ ਬਦਨਾਮ ਜਦ ਲੋਕਾਂ 'ਚ ਉਸ ਦੇ ਸਾਥ ਨੇ,
ਅੱਥਰੂਆਂ ਦੇ ਨਾਲ ਭੈੜੇ ਅਕਸ ਨੂੰ ਧੋਣਾ ਹੀ ਸੀ।

ਚੱਲਣੀ ਹੈ ਨਸਲ ਅੱਗੇ ਪੀੜ੍ਹੀਆਂ-ਦਰ-ਪੀੜ੍ਹੀਆਂ,
ਜ਼ਿੰਦਗੀ ਦੇ ਸਫ਼ਰ ਖ਼ਾਤਰ ਸਾਥ ਨੂੰ ਜੋਹਣਾ ਹੀ ਸੀ।

ਫੇਰ ਅੱਜ ਮੰਗਣਗੇ ਉੱਠਕੇ ਰੋਜ਼ ਵਾਂਗੂੰ ਖਾਣ ਨੂੰ,
ਆਸ ਦੇ ਆਟੇ ਨੂੰ ਬੱਚਿਆਂ ਵਾਸਤੇ ਗੋਣਾ ਹੀ ਸੀ।

ਫੜ ਲਵਾਂਗੇ ਫੇਰ ਜਾ ਕੇ 'ਪਲ' ਕਿਤੋਂ ਜੇ ਮਿਲ ਗਿਆ,
ਜੇ ਨਾ ਮਿਲਿਆ ਸਮਝ ਲਾਂਗੇ ਏਸ ਨੇ ਖੋਣਾ ਹੀ ਸੀ।

ਨਾਲ ਤਿਗੜਮ ਬਾਜ਼ੀਆਂ ਉਹ ਚੜ੍ਹ ਗਿਆ ਆਕਾਸ਼ ਤੇ,
ਉਂਜ ਭਾਵੇਂ ਕੱਦ ਉਸ ਦਾ 'ਨੂਰ' ਤੋਂ ਬੌਣਾ ਹੀ ਸੀ।

55. ਸੁਣ ਲਈ ਹਰ ਬਾਤ ਉਸ ਨੇ ਜੋ ਕਹੀ

ਸੁਣ ਲਈ ਹਰ ਬਾਤ ਉਸ ਨੇ ਜੋ ਕਹੀ।
ਦੋਸਤੀ ਜਦ ਤੱਕ ਨਿਸ਼ਾਨੇ ਤੇ ਰਹੀ।

ਯਾਦ ਆਉਂਦਾ ਹੈ ਉਹ ਨੱਕੇ ਮੋੜਨਾ,
ਪੋਹ ਦੀਆਂ ਰਾਤਾਂ ਦੇ ਵਿਚ ਫੜ ਕੇ ਕਹੀ।

ਮੈਂ ਪੈਗ਼ੰਬਰ ਬਣ ਪਵਾਂ ਮੰਨੇਗਾ ਕੌਣ,
ਕੌਣ ਆਵੇਗਾ ਕਿਤੋਂ ਲੈਕੇ ਵਹੀ।

ਕਿਸ ਤਰਾਂ੍ਹ ਮੁੱਕੇਗਾ ਝੇੜਾ ਅਣਖ ਦਾ,
ਮੈਂ ਸਹੀ ਹਾਂ, ਤੂੰ ਸਹੀ, ਉਹ ਵੀ ਸਹੀ।

ਕੰਧ ਨਫ਼ਰਤ ਦੀ ਬਣੀ ਹੋਣੀ ਹੈ ਇਹ,
ਜੋ ਨਹੀਂ ਤਕੜੇ ਭੂਚਾਲਾਂ ਤੋਂ ਢਹੀ।

ਉਹ ਤਾਂ ਉਹ ਸੀ, ਉਸ ਨੂੰ ਕਿਸ ਜੈਸੀ ਲਿਖਾਂ,
ਦਿਸ ਰਹੀ ਸੂਰਤ ਨਹੀਂ ਉਸ ਦੇ ਜਹੀ।

ਭੀੜ ਦੇ ਪੈਰਾਂ 'ਚ ਰਲ ਕੇ ਖੋ ਗਈ,
ਉਸ ਦੇ ਘਰ ਨੂੰ ਜਾਣ ਵਾਲੀ ਹਰ ਪਹੀ।

'ਨੂਰ' ਪਛਤਾਵੇਂਗਾ ਕਰ ਲੈ ਬੰਦਗੀ,
ਜ਼ਿੰਦਗੀ ਦੀ ਰੇਲ ਜਦ ਲੀਹ ਤੋਂ ਲਹੀ।

56. ਜੀਵਨ ਤੇ ਮੌਤ ਦੇ ਵਿਚ, ਕਿੰਨਾਂ ਕੁ ਫ਼ਰਕ ਆਖਾਂ

ਜੀਵਨ ਤੇ ਮੌਤ ਦੇ ਵਿਚ, ਕਿੰਨਾਂ ਕੁ ਫ਼ਰਕ ਆਖਾਂ।
ਇਸ ਜ਼ਿੰਦਗੀ ਨੂੰ ਜੀਵਨ, ਆਖਾਂ ਕਿ ਨਰਕ ਆਖਾਂ।

ਬੰਦਾ ਜੋ ਸਮਝਦਾ ਹੈ, ਹਰ ਚੀਜ਼ ਹੀ ਹੈ ਪੈਸਾ,
ਉਸ ਦੀ ਦਲੀਲ ਸਮਝਾਂ, ਇਹ ਉਸ ਦਾ ਤਰਕ ਆਖਾਂ।

ਦੇਵਾਂ ਕੀ ਮੈਂ ਕਿਸੇ ਨੂੰ, ਉਸ ਰੂਪ ਦੀ ਉਧਾਰਣ,
ਸਵਦੇਸ–ਪਣ ਦੀ ਦਿੱਖ 'ਤੇ, ਪੱਛਮ ਦਾ ਬਰਕ ਆਖਾਂ।

ਤੱਕਦਾ ਨਹੀਂ ਹਾਂ ਉਸ ਵਲ, ਰਾਹਾਂ 'ਚ ਜਾਣ ਕੇ ਮੈਂ,
ਪਰ ਬੇਵਸੀ ਨੂੰ ਕਿਉਂ ਨਾ, ਨਜ਼ਰਾਂ ਦਾ ਠਰਕ ਆਖਾਂ।

ਹਿੰਮਤ ਦੇ ਨਾਲ ਮੰਜ਼ਿਲ, ਪਾਈ ਹੈ ਸਾਰਿਆਂ ਨੇ,
ਯਾਰਾ ਤੂੰ ਔਕੜਾਂ ਤੋਂ, ਭੋਰਾ ਨਾ ਜਰਕ ਆਖਾਂ।

ਬੁੱਢੇ ਵਿਚਾਰ ਕਹਿ ਕੇ, ਹਸਦੀ ਹੈ ਮੂੰਹ ਚਿੜਾ ਕੇ,
ਚੁੰਨੀ ਨੂੰ ਜਦ ਕਦੇ ਮੈਂ, "ਸਿਰ ਤੋਂ ਨਾ ਸਰਕ," ਆਖਾਂ।

ਨੱਚਦੇ ਨੇ ਮਿਲ ਕੇ ਟੱਬਰ, ਪੱਛਮ ਦੀਆਂ ਧੁਨਾਂ ਤੇ,
ਸੱਭਿਅਤਾ ਵਿਗਾੜਿਆਂ ਦਾ, ਬੇੜਾ ਈ ਗ਼ਰਕ ਆਖਾਂ।

ਨਿੱਤ ਸੋਚਦਾ ਹਾਂ ਤੇਰੇ, ਬੋਲਾਂ ਨੂੰ 'ਨੂਰ' ਹੁਣ ਮੈਂ,
ਕਿਸ ਦੇਵਤੇ ਦੇ ਆਖੇ ਬਚਨਾਂ ਦਾ ਅਰਕ ਆਖਾਂ।

57. ਸੱਧਰਾਂ ਨੇ ਘਰ ਬਨਾਇਆ ਜਿਸ ਠਹਿਰ ਵਾਸਤੇ

ਸੱਧਰਾਂ ਨੇ ਘਰ ਬਨਾਇਆ ਜਿਸ ਠਹਿਰ ਵਾਸਤੇ।
ਹੋਈ ਘੜੀ ਨਸੀਬ ਨਾ ਉਸ ਪਹਿਰ ਵਾਸਤੇ।

ਪਹਿਚਾਣਿਆ ਨਹੀਂ ਹਾਂ ਲੋਕਾਂ ਦੀ ਭੀੜ ਨੇ,
ਹਾਲੇ ਮੈਂ ਅਜਨਬੀ ਹਾਂ ਇਸ ਸ਼ਹਿਰ ਵਾਸਤੇ।

ਘਰ ਉਸ ਦੇ ਬਿਨ-ਬੁਲਾਏ ਜਾਵਾਂ ਮੈਂ ਕਿਸ ਤਰਾਂ,
'ਵਾਵਾਂ ਦੀ ਲੋੜ ਹੁੰਦੀ ਹੈ ਲਹਿਰ ਵਾਸਤੇ।

ਸੁੱਕੀਆਂ ਨਾ ਰਹਿਣ ਫ਼ਸਲਾਂ ਔੜਾਂ ਦੇ ਦੌਰ ਵਿਚ,
ਦਰਿਆ ਨੂੰ ਛੱਡ ਆਇਆ ਹਾਂ ਨਹਿਰ ਵਾਸਤੇ।

ਲੈਕੇ ਉਧਾਰ ਦਾਅਵਤ ਕੀਤੀ ਹੈ ਦੋਸਤਾਂ ਨੂੰ,
ਦੇਵੇਗਾ ਕੌਣ ਕਰਜ਼ਾ ਹੁਣ ਮਹਿਰ ਵਾਸਤੇ।

ਕਰ ਦੇਵਣਾ ਹੈ ਪੂਰਾ ਧੂਏਂ ਨੇ ਘਾਟ ਨੂੰ,
ਹੱਟੀਆਂ ਤੇ ਫਿਰ ਰਿਹਾ ਏਂ ਕਿਉਂ ਜ਼ਹਿਰ ਵਾਸਤੇ।

ਨੈਣਾਂ ਨੂੰ ਧਾਰ ਲਾ ਕੇ ਐਧਰ ਨੂੰ ਆ ਗਿਆ,
ਮਿਲਿਆ ਨਾ ਉਸ ਨੂੰ ਕੋਈ ਜਦ ਕਹਿਰ ਵਾਸਤੇ।

ਕਹਿੰਦਾ ਸੀ ਨਾਲ ਤੇਰੇ ਰਹਿਣਾ ਏ ਹਸ਼ਰ ਤੀਕ,
ਆਇਆ ਨਾ ਮੁਸ਼ਕਿਲਾਂ ਵਿਚ ਇਕ ਪਹਿਰ ਵਾਸਤੇ।

ਲਗਦਾ ਹੈ ਸ਼ੇਅਰ ਬਹੁਤੇ ਲਿਖ ਨਾ ਸਕਾਂਗੇ 'ਨੂਰ'
ਹੈ ਸ਼ਬਦ ਚੋਣ ਔਖੀ ਇਸ ਬਹਿਰ ਵਾਸਤੇ।

58. ਤੋਹਫ਼ੇ ਵਿਚ ਵਿਦੇਸੋਂ ਆਈ ਲੱਗਦੀ ਹੈ

ਤੋਹਫ਼ੇ ਵਿਚ ਵਿਦੇਸੋਂ ਆਈ ਲੱਗਦੀ ਹੈ।
ਘਰ ਦੀ ਹਰ ਇਕ ਚੀਜ਼ ਪਰਾਈ ਲੱਗਦੀ ਹੈ।

ਦੇਸੀਪਣ ਦੀ ਦਿੱਖ ਉੱਤੇ ਹਰ ਬੰਦੇ ਨੇ,
ਪੱਛਮਤਾ ਦੀ ਪਾਨ ਚੜ੍ਹਾਈ ਲੱਗਦੀ ਹੈ।

ਜਿਹੜਾ ਬੋਲੇ ਧੂਆਂ ਉਗਲੇ ਨਫ਼ਰਤ ਦਾ।
ਅੱਗ ਵਿਦੇਸੀ ਹੱਥ ਨੇ ਲਾਈ ਲੱਗਦੀ ਹੈ।

ਇੱਕੋ ਲਹਿਜ਼ਾ, ਇੱਕੋ ਬੋਲੀ, ਦੱਸਦੀ ਹੈ,
ਦੋਹਾਂ ਨੇ ਗੱਲ ਪੜ੍ਹੀ-ਪੜ੍ਹਾਈ ਲਗਦੀ ਹੈ।

ਜੀਵਨ ਦੇ ਉਸ ਪੱਥ ਤੇ ਪੁੱਜਿਆ ਹਾਂ ਜਿੱਥੇ,
ਅੱਗੇ ਟੋਆ ਪਿੱਛੇ ਖਾਈ ਲੱਗਦੀ ਹੈ।

ਚਾਟ ਲਗਨ ਦੀ ਲਾ ਕੇ ਯਾਰਾਂ-ਮਿਤਰਾਂ ਨੇ,
ਹੱਥੀਂ ਕੰਧ ਬਣਾ ਕੇ ਢਾਈ ਲਗਦੀ ਹੈ।

ਕੱਲ ਤੱਕ ਤਾਂ ਉਹ ਮਹਿੰਦੀ ਲਾਇਆ ਕਰਦਾ ਸੀ,
ਅੱਜ ਹੱਥਾਂ ਤੇ ਸਰ੍ਹੋਂ ਜਮਾਈ ਲਗਦੀ ਹੈ।

ਘੜਦੇ ਨੇ ਤਰਕੀਬਾਂ ਲਾਗੂ ਕਰਨ ਦੀਆਂ,
ਸ਼ਾਜਿਸ਼ ਪਹਿਲਾਂ ਘੜੀ-ਘੜਾਈ ਲਗਦੀ ਹੈ।

59. ਬੰਦਗੀ ਕਰਦਾ ਨਹੀਂ ਦੇਖਣ ਨੂੰ ਹੈ ਬੰਦਾ ਜਿਹਾ

ਬੰਦਗੀ ਕਰਦਾ ਨਹੀਂ ਦੇਖਣ ਨੂੰ ਹੈ ਬੰਦਾ ਜਿਹਾ।
ਮੇਰੇ ਬਾਰੇ ਮੇਰਿਆਂ ਯਾਰਾਂ ਨੇ ਮੈਨੂੰ ਹੀ ਕਿਹਾ।

ਆਕਬਤ ਨੂੰ ਸਾਫ਼ ਕਰਨਾ ਲੋਚਦੀ ਹੈ ਜ਼ਿੰਦਗੀ,
ਕਿਸ ਨੂੰ ਮੋੜਾਂ ਕਰਜ਼ ਵਾਲਾ ਹੀ ਨਹੀਂ ਜੱਗ ਤੇ ਰਿਹਾ।

ਆ ਰਹੇ ਨੇ ਪੈੜ ਨੱਪੀ ਕੁੱਝ ਸ਼ਿਕਾਰੀ ਮਾਸ ਦੇ,
ਕਦ ਕੁ ਤੱਕ ਡਲਿਆਂ ਦੇ ਉਹਲੇ ਦਬਕ ਕੇ ਬੈਠੂ ਸਿਹਾ।

ਦਾਨੀਆ ਨੇ ਭੇਜ ਦਿੱਤਾ ਉਹ ਮਦਰਸੇ ਵਾਸਤੇ,
ਜੋ ਵੀ ਖਾਣਾ ਸ਼ਗਨ ਪਿੱਛੋਂ ਹੋ ਗਿਆ ਘਰ ਵਿਚ ਬਿਹਾ।

ਫੇਰ ਕੋਠੀ ਪਾ ਲਈ ਹੈ ਕਰਜ਼ ਲੈਕੇ ਬੈਂਕ ਤੋਂ,
ਸਿਰ ਤੋਂ ਭਾਵੇਂ ਮਹਿਰ ਦਾ ਪਹਿਲਾ ਨਹੀਂ ਕਰਜ਼ਾ ਲਿਹਾ।

ਹੋਂਦ ਮੇਰੀ ਬਣ ਗਈ ਜਗ ਦਾ ਬਾਸਿੰਦਾ ਇਸ ਤਰਾਂ੍ਹ,
ਜਦ ਕਿਤੇ ਭੂਚਾਲ ਆਇਆ ਘਰ ਮੇਰੇ ਦਿਲ ਦਾ ਢਿਹਾ।

'ਨੂਰ' ਬੁੱਢਾ ਹੋ ਗਿਐਂ ਕਰ ਲੈ ਤਿਆਰੀ ਸਫ਼ਰ ਦੀ,
ਧਰਤ ਤੋਂ ਆਕਾਸ਼ ਤੱਕ ਜਾਂਦਾ ਹੈ ਇਕ ਅਣਡਿੱਠ ਪਿਹਾ।

60. ਅਚਨ-ਚੇਤੇ ਵਸ ਪੈਕੇ ਕਰਿਆੜਾਂ ਦੇ

ਅਚਨ-ਚੇਤੇ ਵਸ ਪੈਕੇ ਕਰਿਆੜਾਂ ਦੇ।
ਬੈਠ ਗਏ ਹਾਂ ਜਾ ਕੇ ਵਿਚ ਉਜਾੜਾਂ ਦੇ।

ਕਿਉਂ ਨਾ ਹੱਕਾਂ ਦੀ ਖ਼ਾਤਰ ਸੰਘਰਸ਼ ਕਰਾਂ,
ਖ਼ੂਨ ਉਬਾਲੇ ਖਾਂਦਾ ਹੈ ਵਿਚ ਨਾੜਾਂ ਦੇ।

ਐਵੇਂ ਨਾ ਤੂੰ ਮੇਰੇ ਨਰਮ ਸੁਭਾਅ ਨੂੰ ਛੇੜ,
ਲਾਵਾ ਫੁੱਟਦੈ ਵਿੱਚੋਂ ਸੀਤ ਪਹਾੜਾਂ ਦੇ।

ਤੰਗ ਕਰਨ ਦੀ ਜਿਸ ਨੇ ਅੱਤ ਮਚਾਈ ਹੈ।

ਉਹ ਵੀ ਆ ਸਕਦਾ ਹੈ ਥੱਲੇ ਜਾੜ੍ਹਾਂ ਦੇ।

ਪਾੜ ਪਏ ਜੋ ਉਸ ਦੀ ਗ਼ਲਤ ਬਿਆਨੀ ਤੋਂ,
ਟਾਂਕੇ ਲਾਊ ਕੌਣ ਇਨ੍ਹਾਂ ਭਰਿਆੜਾਂ ਦੇ।

ਰੱਬ ਹੀ ਰਾਖਾ ਲੱਗਦੈ ਹਰੀਆਂ ਫ਼ਸਲਾਂ ਦਾ,
ਰਿਸ਼ਤੇ ਪਸ਼ੂਆਂ ਨਾਲ ਜੁੜੇ ਨੇ ਵਾੜਾਂ ਦੇ।

ਰੋਜ਼ਾ ਰੱਖਣ ਤੋਂ ਪਹਿਲਾਂ ਇਹ ਸੋਚ ਲਵੀਂ,
ਦਿਨ ਵੱਡੇ ਹੋਇਆ ਕਰਦੇ ਨੇ ਹਾੜ੍ਹਾਂ ਦੇ।

ਸੱਧਰਾਂ ਨੇ ਤੂਈਆਂ ਕੱਢ ਲਈਆਂ 'ਨੂਰ' ਜਦੋਂ,
ਪਾਣੀ ਨੇੜੇ ਪੁੱਜਿਆ ਇਸ਼ਕ ਸਿਆੜਾਂ ਦੇ।

61. ਹਸਮੁੱਖ ਚਿਹਰਾ ਸੂਰਤ ਪਿਆਰੀ ਪਿਆਰੀ ਨਾਲ

ਹਸਮੁੱਖ ਚਿਹਰਾ ਸੂਰਤ ਪਿਆਰੀ ਪਿਆਰੀ ਨਾਲ।
ਮੇਰੇ ਤੱਪੜ ਰੋਲ ਗਈ ਬੀਮਾਰੀ ਨਾਲ।

ਛਾਈ-ਮਾਈ ਹੋ ਗਈ ਵਹੁਟੀ ਯਾਦਾਂ ਦੀ,
ਕਿਸ ਨੂੰ ਕੱਜੀਏ ਸੱਧਰਾਂ ਦੀ ਫ਼ੁਲਕਾਰੀ ਨਾਲ।

ਐਨੇ ਸਾਲਾਂ ਵਿਚ ਇਹ ਵੀ ਨਾ ਸਮਝ ਪਈ,
ਮੇਰਾ ਕੀ ਰਿਸ਼ਤਾ ਸੀ ਉਸ ਬੇਚਾਰੀ ਨਾਲ।

ਛੱਡ ਇਕੱਲਾ ਜੇ 'ਕੱਲੀ ਹੀ ਜਾਣਾ ਸੀ,
ਲੈ ਜਾਣੀ ਸੀ ਅਪਣੀ ਯਾਦ-ਪਟਾਰੀ ਨਾਲ।

'ਕੱਲੀ ਜਾਨ ਕਰੇ ਕੀ ਟੱਬਰਦਾਰੀ ਦਾ;
ਉਹ ਤਾਂ ਪਾਸਾ ਵੱਟ ਗਿਆ ਹੁਸ਼ਿਆਰੀ ਨਾਲ।

ਜੋ ਘਰ ਸੁੱਖ ਭੋਗਣ ਨੂੰ ਤੂੰ ਬਣਵਾਇਆ ਸੀ,
ਗੱਲਾਂ ਕਰਦਾਂ ਉਸ ਦੀ ਚਾਰ ਦੀਵਾਰੀ ਨਾਲ।

ਜਦ ਚੁੰਨੀ ਜਾਂ ਚੀਰਾ ਮਿਲਿਆ ਉੱਧਲ ਗਏ,
ਰੰਗਾਂ ਦਾ ਕੀ ਰਿਸ਼ਤਾ ਇੱਕ ਲਲਾਰੀ ਨਾਲ।

ਵੇਲਾ ਕੱਢਦਾ ਕੌਣ ਤਮਾਸ਼ਾ ਦੇਖਣ ਨੂੰ,
ਬਾਂਦਰ ਭੁੱਖਾ ਮਰਦਾ ਰਿਹਾ ਮਦਾਰੀ ਨਾਲ।

ਰਾਤੀਂ ਤਾਰੇ ਗਿਣਨੇ ਔਖੇ ਲੱਗਦੇ ਨੇ,
ਦਿਨ ਤਾਂ ਲੰਘ ਜਾਂਦਾ ਹੈ ਯਾਦ ਖ਼ੁਮਾਰੀ ਨਾਲ।

ਏਸੇ ਕਰ ਕੇ ਕੁੰਡਾ ਲਾਈ ਬੈਠੇ ਹਾਂ,
ਹੋ ਜਾਂਦੇ ਨੇ ਸੱਲ ਨਵੇਂ ਗ਼ਮਖ਼ਾਰੀ ਨਾਲ।

ਸੋਚ ਲਿਆ ਇਸ ਵਾਰੀ ਮਾਤ ਨਹੀਂ ਖਾਣੀ,
ਟੱਕਰਾਂਗੇ ਦੁੱਖਾਂ ਨੂੰ ਖ਼ੂਬ ਤਿਆਰੀ ਨਾਲ।

ਪਾਰ ਸੱਜਣ ਦੇ ਡੇਰੇ ਬੈਠੇ ਹੁੰਦੇ ਜੇ,
ਲਹਿਰਾਂ ਨੂੰ ਟਕਰਾਉਂਦੇ ਤਾਕਤ ਸਾਰੀ ਨਾਲ।

ਨਾਵਲ, ਨਾਟਕ, ਗ਼ਜ਼ਲਾਂ, ਨਜ਼ਮਾਂ, ਤੇ ਦੋਹੇ,
ਕੀ ਕੀ ਬਣ ਜਾਂਦਾ ਹੈ ਸੋਚ ਉਡਾਰੀ ਨਾਲ।

ਦੋ ਗਜ਼ ਥਾਂ ਤੋਂ ਵੀ ਹੱਥਲ ਹੋ ਜਾਵੇਂਗਾ,
'ਨੂਰ' ਲੜੀਂ ਨਾ ਤੂੰ ਜੱਗ ਦੇ ਪਟਵਾਰੀ ਨਾਲ।

62. ਉਮਰ ਤਕਾਜ਼ਾ ਆਖੇ ਹੁਣ ਨਾ ਪਾਪ ਕਰਾਂ

ਉਮਰ ਤਕਾਜ਼ਾ ਆਖੇ ਹੁਣ ਨਾ ਪਾਪ ਕਰਾਂ।
ਜਿੰਨਾਂ ਕਰਿਆ ਜਾਂਦਾ ਹੈ ਬਸ ਜਾਪ ਕਰਾਂ।

ਕੱਲਾ ਛੱਡ ਗਿਆ ਜੋ ਇਸ ਜਨ-ਸਾਗਰ ਵਿਚ,
ਉਸ ਦੇ ਗ਼ਮ ਵਿਚ ਕਿੰਨਾਂ ਚਿਰ ਵਿਰਲਾਪ ਕਰਾਂ।

ਜੀਭ ਕਦੇ ਰੋਕੀ ਨਾ ਚੁਗ਼ਲ-ਚਕੋਰੀ ਤੋਂ,
ਘੋਰ-ਕੁਬੋਲਾਂ ਦਾ ਕਿੰਜ ਪਸਚਾਤਾਪ ਕਰਾਂ।

ਪਹਿਲਾਂ ਉਸ ਦਾ ਅੱਗਾ-ਪਿੱਛਾ ਪਰਖ ਲਵੋ,
ਜੋ ਚਾਹੁੰਦਾ ਹੈ ਬਹੁਤਾ ਮੇਲ-ਮਿਲਾਪ ਕਰਾਂ।

ਫੇਰ ਨਾ ਉਂਗਲਾਂ ਘੁੱਟੇ ਵੱਢੇ ਅੱਡੀਆਂ ਨੂੰ,
ਲੈਣੋ ਪਹਿਲਾਂ ਠੀਕ ਜੁੱਤੀ ਦਾ ਨਾਪ ਕਰਾਂ।

ਨਿੱਘੀ ਖ਼ਿਦਮਤ ਕਰ ਨਾ ਸਕਿਆ ਜਿਉਂਦੀ ਦੀ,
ਕਿੰਜ ਅੰਮਾਂ ਦੇ ਦਿੱਤੇ ਦੂਰ ਸਰਾਪ ਕਰਾਂ।

ਚੰਗਾ ਕਰਨੈ, ਰੌਲਾ ਪਾਉਣੈ ਰੀਤ ਹੈ ਇਹ,
ਜੇ ਮਾੜਾ ਕਰਨਾ ਹੈ ਤਾਂ ਚੁੱਪ-ਚਾਪ ਕਰਾਂ।

ਵੱਡੀ ਉਮਰੇ ਲੋਕ ਭਲਾਂ ਕੀ ਆਖਣਗੇ,
ਜੇ ਮੈਂ ਦਿੱਖ ਸੁਧਾਰਣ ਨੂੰ ਟਿੱਪ-ਟਾਪ ਕਰਾਂ।

ਵਾਅਦੇ ਵਿੱਢਾਂਗੇ ਤਾਂ ਪੂਰ ਚੜਾ੍ਹਵਾਂਗੇ,
ਇਹ ਕੰਮ 'ਨੂਰ' ਕਰੇ ਭਾਵੇਂ ਮੈਂ ਆਪ ਕਰਾਂ।

63. ਰਹਿ ਨਾ ਜਾਵੇ ਤੱਕਣੋਂ ਜੱਗ ਦੀ ਝਾਕੀ ਕੋਈ

ਰਹਿ ਨਾ ਜਾਵੇ ਤੱਕਣੋਂ ਜੱਗ ਦੀ ਝਾਕੀ ਕੋਈ।
ਇਸ ਪਾਸੇ ਵੀ ਖ਼ੋਲ੍ਹ ਲਿਆ ਕਰ ਤਾਕੀ ਕੋਈ।

ਅੰਤ ਫੜੇ ਹੀ ਜਾਣਾਂ ਹੁੰਦੈ ਅਪਰਾਧੀ ਨੇ,
ਭਾਵੇਂ ਕਿੰਨ੍ਹੀ ਮਾਰੇ ਰੋਜ਼ ਚਲਾਕੀ ਕੋਈ।

ਕਿੰਨੇ ਸਾਲ ਗ਼ੁਲਾਮ ਰਹੇ ਹਾਂ, ਗਿਣਕੇ ਦੇਖੋ,
ਲੈ ਨਾ ਬੈਠੇ ਮੁੜ ਕੇ ਬੇ-ਇਤਫ਼ਾਕੀ ਕੋਈ।

ਜਿੰਨਾਂ ਮਰਜ਼ੀ ਅਣ-ਅਧਿਕਾਰਤ ਪੈਸਾ ਲੈ ਲੈ,
ਪਰ ਖਾਤੇ ਦੇ ਵਿੱਚ ਨਹੀਂ ਹੈ ਬਾਕੀ ਕੋਈ।

ਭਾਵੇਂ ਭਰ-ਭਰ ਡੋਲ੍ਹ ਲਵੋ ਲੋਟੇ ਤੇ ਲੋਟਾ,
ਗੰਦੇ ਪਾਣੀ ਨਾਲ ਨਾ ਹੋਵੇ ਪਾਕੀ ਕੋਈ।

ਖ਼ੂਨ-ਖ਼ਰਾਬੇ ਤੋਂ ਵੱਧ ਕੇ ਕੀ ਕਰ ਸਕਦਾ ਹੈ,
ਜੇ ਝੱਖੜ ਤੋਂ ਹੋ ਵੀ ਜਾਵੇ ਆਕੀ ਕੋਈ।

ਚੰਗਾ ਹੈ ਉਸ ਦਿਨ ਤੋਂ ਡਰਦੇ ਰਹੀਏ , ਜਿਸ ਦਿਨ-
ਧਰਤੀ ਤੇ ਨਹੀਂ ਰਹਿਣਾ ਆਬੀ-ਖਾਕੀ ਕੋਈ।

ਮੇਰੀ ਸਿੱਧੀ-ਸਾਦੀ ਦਿੱਖ ਨੂੰ ਭੰਡਣ ਖ਼ਾਤਰ,
ਮੇਰੇ ਨਾਲ ਕਰੇ ਨਾ ਹੁਣ ਬੇਬਾਕੀ ਕੋਈ।

ਮਾਸ ਕਿਵੇਂ ਨੌਹਾਂ ਤੋਂ ਵੱਖ ਹੋ ਸਕਦੈ 'ਨੂਰ',
ਜਦ ਤੱਕ ਸਾਡੇ ਵਿੱਚ ਨਹੀਂ ਨਾਚਾਕੀ ਕੋਈ।

64. ਹੋਣੀ ਅੱਗੇ ਚੱਲਿਆ ਕੋਈ ਜ਼ੋਰ ਨਹੀਂ

ਹੋਣੀ ਅੱਗੇ ਚੱਲਿਆ ਕੋਈ ਜ਼ੋਰ ਨਹੀਂ।
ਹੁਣ ਯਾਦਾਂ ਹੀ ਯਾਦਾਂ ਨੇ ਕੁੱਝ ਹੋਰ ਨਹੀਂ।

ਖ਼ਬਰੈ ਉਹਲੇ ਦੇ ਵਿੱਚ ਕਿੰਨ੍ਹੇ ਹੋਵਣਗੇ,
ਇਹ ਹਰਕਤ ਕਰ ਸਕਦਾ ਇਕ-ਅੱਧ ਚੋਰ ਨਹੀਂ।

ਮੋਰਨੀਆਂ ਤੱਤਪਰ ਨੇ ਚੋਹਲਾਂ ਕਰਨ ਲਈ,
ਪੈਲਾਂ ਪਾਵਣ ਵਾਲਾ ਇਕ ਵੀ ਮੋਰ ਨਹੀਂ।

ਕਿੱਥੇ ਨਿੱਘੀ ਕਰੀਏ ਰਾਤ ਸਿਆਲਾਂ ਦੀ,
ਉਸ ਦੀ ਬੁੱਕਲ ਦੇ ਵਿੱਚ ਹੁਣ ਉਹ ਲੋਰ ਨਹੀਂ।

ਜਾਣਦਿਆਂ ਵੀ ਐਵੇਂ ਆਸ ਲਗਾਈ ਹੈ,
ਕੀ ਬਰਸੂ ਜੋ ਆਪ ਘਟਾ ਘਨਘੋਰ ਨਹੀਂ।

ਕੀ ਹੋਇਆ ਜੇ ਨਜ਼ਰ ਕਿਤੇ ਨੂੰ ਫ਼ਿਸਲ ਗਈ,
ਉਸ ਦੀ ਵੀ ਤਾਂ ਪਹਿਲਾਂ ਵਰਗੀ ਤੋਰ ਨਹੀਂ।

ਫੇਰ ਉਮੀਦ ਬਣੀ ਹੈ ਉਸ ਦੇ ਆਵਣ ਦੀ,
ਭਾਵੇਂ ਛੱਤ ਉੱਤੇ ਕਾਵਾਂ ਦਾ ਸ਼ੋਰ ਨਹੀਂ।

ਰੱਬ ਸੱਚੇ ਜੋ ਕੀਤਾ, ਭਾਣਾਂ ਮੰਨ ਲਿਆ,
ਮਨ ਵਿਚ 'ਨੂਰ ਮੁਹੰਮਦ' ਦੇ ਹੁਣ ਖ਼ੋਰ ਨਹੀਂ।

65. ਵਿਛੜਣ ਪਿੱਛੋਂ ਉਸ ਤੇ ਕੀ ਕੀ ਬੀਤੀ ਹੈ

ਵਿਛੜਣ ਪਿੱਛੋਂ ਉਸ ਤੇ ਕੀ ਕੀ ਬੀਤੀ ਹੈ।
ਜਿਸ ਨੇ ਮਾਂ ਦੇ ਨਾਲ ਮੁਹੱਬਤ ਕੀਤੀ ਹੈ।

ਵਕਤ ਕੁਸੈਲਾ ਆਇਆ ਸਾਥੀ ਦੌੜ ਗਏ,
ਜ਼ਹਿਰ ਜੁਦਾਈ ਵਾਲੀ ਕੱਲਿਆਂ ਪੀਤੀ ਹੈ।

ਦੁਨੀਆਂ-ਦਾਰੀ ਦੀ ਉਲਝਣ ਵਿਚ ਛਿੱਜ ਗਈ,
ਮੈਂ ਕਿਸਮਤ ਦੀ ਪੱਗ ਜਦੋਂ ਵੀ ਸੀਤੀ ਹੈ।

ਕਹਿਰ ਕਿਸੇ ਦੇ ਦਿਲ ਤੇ ਢਾਅ ਕੇ ਤੀਰ ਬਣੀ,
ਉਸ ਨੇ ਜਿਸ ਪਲ ਵੀ ਅੰਗੜਾਈ ਲੀਤੀ ਹੈ।

ਜਿੰਨਾਂ ਭੰਡਿਆ ਜਾਂਦੈ ਭੰਡੋ ਸਾਊ ਨੂੰ,
ਕੁਝ ਲੋਕਾਂ ਦੀ ਘੜੀ-ਘੜਾਈ ਨੀਤੀ ਹੈ।

ਦੇਖੋ ਰੱਬ ਦਾ ਭਾਣਾ ਜਿਹੜਾ ਕਾਫ਼ਰ ਸੀ।
ਉਹ ਵੀ ਬੈਠਾ ਮਿਲਦਾ ਰੋਜ਼ ਮਸੀਤੀ ਹੈ।

ਕੱਲ ਤੱਕ ਹਰ ਥਾਂ ਤੇ ਜਿਸ ਦੀ ਸਰਦਾਰੀ ਸੀ,
ਅੱਜ ਹਰ ਥਾਂ ਦਾ ਫਾਡੀ ਉਸ ਤੋਂ ਮੀਤੀ ਹੈ।

ਰੁੱਖੀ-ਮਿੱਸੀ ਜੋ ਲੱਭੇ ਖਾ ਲੈਂਦਾ ਹੈ,
ਮਾੜੇ ਦੀ ਵੀ ਤਕੜੀ ਭੋਜ-ਪਰੀਤੀ ਹੈ।

ਕਬਰਾਂ ਦੇ ਵੱਲ ਬਹੁਤਾ ਨਾ ਜਾਇਆ ਕਰ 'ਨੂਰ'
ਵੱਡੇ ਆਖਣ ਇਹ ਵੀ ਇੱਕ ਕੁਰੀਤੀ ਹੈ।

66. ਜਦ ਤੱਕ ਵੰਡੀ ਛਿੱਤਰਾਂ ਦੇ ਵਿਚ ਦਾਲ ਨਹੀਂ

ਜਦ ਤੱਕ ਵੰਡੀ ਛਿੱਤਰਾਂ ਦੇ ਵਿਚ ਦਾਲ ਨਹੀਂ।
ਇਕ ਵੀ ਬੰਦਾ ਤੁਰਿਆ ਮੇਰੇ ਨਾਲ ਨਹੀਂ।

ਰੋਜ਼ ਨਵੇਂ ਪੱਛ ਖਾਵਾਂ ਰਿਸ਼ਤੇਦਾਰਾਂ ਤੋਂ,
ਸਾਥੀ ਬਾਝੋਂ ਬਣਦਾ ਕੋਈ ਢਾਲ ਨਹੀਂ।

ਅੱਘੜ-ਦੁੱਘੜ ਛਾਵਾਂ ਹੀ ਹੁਣ ਮਿਲਣ ਗੀਆਂ,
ਪਹਿਲਾਂ ਬੂਟੇ ਲਾਏ ਪਾਲੋ-ਪਾਲ ਨਹੀਂ।

ਪਤਾ ਨਹੀਂ ਇਹ ਕੱਲੇਪਣ ਦੀ ਖ਼ਸਲਤ ਹੈ,
ਐਨਾਂ ਠੰਡਾ ਲੱਗਿਆ ਕਦੇ ਸਿਆਲ ਨਹੀਂ।

ਵੱਟਾਂ-ਡੌਲੇ ਸਭ ਪੱਧਰ ਕਰ ਜਾਂਦਾ ਹੈ,
ਹੜ੍ਹ ਵਿਚ ਤੁਰਦਾ ਪਾਣੀ ਖਾਲੋ-ਖਾਲ ਨਹੀਂ।

ਨਿਰਧਨ ਹੈ ਤਾਹੀਉਂ ਆਕੇ ਮਿਲ ਜਾਂਦਾ ਹੈ,
ਜੋਟੀ ਦਾਰਾਂ ਜਿੰਨਾਂ ਮਾਲਾ-ਮਾਲ ਨਹੀਂ।

ਡਰਦੇ ਮਾਰੇ ਉਸ ਦੇ ਤਲਖ਼ ਜਵਾਬਾਂ ਤੋਂ,
ਬੁੱਲਾਂ ਉੱਤੇ ਇਕ ਵੀ ਹੋਰ ਸਵਾਲ ਨਹੀਂ।

ਹਾਲ ਤੇ ਮਾਜ਼ੀ ਚੁੱਪ-ਚੁਪੀਤੇ ਲੰਘ ਗਏ,
ਮੇਰੇ ਹੱਕ ਵਿਚ ਹੋਇਆ ਇਕ ਵੀ ਕਾਲ ਨਹੀਂ।

ਦੱਸੇ ਤੌਰ-ਤਰੀਕਾ ਨਿੱਤ ਦਿਨ ਵਿਚਰਣ ਦਾ,
'ਨੂਰ' ਅਜੇ ਹੋਇਆ ਹਾਲੋਂ-ਬੇਹਾਲ ਨਹੀਂ।

67. ਲੈ ਕੇ ਕੋਈ ਸੇਧ ਅਨੋਭੜ ਰਾਹੀ ਤੋਂ

ਲੈ ਕੇ ਕੋਈ ਸੇਧ ਅਨੋਭੜ ਰਾਹੀ ਤੋਂ।
ਚੰਗਾ ਹੈ ਬਚਿਆ ਜਾਵੇ ਗੁਮਰਾਹੀ ਤੋਂ।

ਜਿਹੜੇ ਉਸ ਦੇ ਦਿਲ ਨੂੰ ਮੋਮ ਬਣਾ ਦੇਵੇ,
ਅੱਖਰ ਲਿਖਣੇ ਲੋਚਾਂ ਓਸ ਸਿਆਹੀ ਤੋਂ।

ਬਹੁਤ ਲਕੋਈ ਨਾਜ਼ੁਕ ਜਾਨ ਵਿਚਾਰੀ ਨੇ,
ਪਰ ਉਹ ਬਚ ਨਾ ਪਾਈ ਕਹਿਰ ਇਲਾਹੀ ਤੋਂ।

ਪੱਗ ਸਲਾਮਤ ਰੱਖਣ ਖ਼ਾਤਰ ਚੰਗਾ ਸੀ,
ਬਚ ਕੇ ਤੁਰਿਆ ਜਾਂਦਾ ਇਸ਼ਕ-ਫਲਾਹੀ ਤੋਂ।

ਉੱਥੇ ਧੱਕਾ ਕਰਨਾ ਹੈ ਯਮਦੂਤਾਂ ਨੇ,
ਏਥੇ ਡਰ ਕੇ ਰਹੀਏ ਅਫ਼ਸਰ-ਸ਼ਾਹੀ ਤੋਂ।

ਟੁੱਟੇ ਦਿਲ ਦੇ ਵਾਂਗੂੰ ਛਲਣੀ ਹੋ ਜਾਵੇ,
ਝਾੜੀ ਉੱਤੋਂ ਖਿੱਚ ਕੇ ਚੱਦਰ ਲਾਹੀ ਤੋਂ।

ਸਹੁਰੇ ਛੇਤੀ ਕਿਉਂ ਪਾਸਾ ਵੱਟ ਲੈਂਦੇ ਨੇ,
ਰੀਝਾਂ ਨਾਲ ਲਿਆਂਦੀ ਸੱਜ ਵਿਆਹੀ ਤੋਂ।

ਚੱਖਣਾ ਵੀ ਚਾਹੁੰਦਾ ਹਾਂ ਜ਼ਾਇਕਾ ਹਰ ਸ਼ੈ ਦਾ,
ਬਚਣਾ ਵੀ ਚਾਹੁੰਦਾ ਹਾਂ ਸ਼ਬਦ 'ਮਨਾਹੀ' ਤੋਂ।

ਐਵੇਂ ਨਾ ਆਸਾਂ ਵਿਚ ਵਕਤ ਗਵਾਉ 'ਨੂਰ'
ਕੁੱਝ ਨਹੀਂ ਉਗਣਾ ਕੱਲਰ ਦਿਲ ਦੀ ਵਾਹੀ ਤੋਂ।

68. ਖ਼ਰਮਸਤੀ ਵਿਚ ਆਕੇ ਢਾਈ ਲੋਕਾਂ ਨੇ

ਖ਼ਰਮਸਤੀ ਵਿਚ ਆਕੇ ਢਾਈ ਲੋਕਾਂ ਨੇ।
ਜੋ ਏਕੇ ਦੀ ਕੰਧ ਬਣਾਈ ਲੋਕਾਂ ਨੇ।

ਬਸ ਉੱਥੇ ਹੀ ਮੂੰਹ ਦੀ ਖਾਈ ਲੋਕਾਂ ਨੇ,
ਜਿੱਥੇ ਜਿੱਥੇ ਅੱਤ ਮਚਾਈ ਲੋਕਾਂ ਨੇ।

ਰੋਲ ਹਮੇਸ਼ਾ ਨਾਰਦ ਵਾਲਾ ਕਰ ਕਰ ਕੇ,
ਕੱਠੇ ਹੋਣ ਨਾ ਦਿੱਤੇ ਭਾਈ ਲੋਕਾਂ ਨੇ।

ਨੇਕੀ ਕੀਤੀ ਜਦ ਤੱਕ ਰਿਹਾ ਜ਼ਮਾਨੇ ਤੇ,
ਤਾਹੀਉਂ ਦਿੱਤੀ ਨੇਕ ਵਿਦਾਈ ਲੋਕਾਂ ਨੇ।

ਚੋਣਾਂ ਵੇਲੇ ਸੁਣਦੇ ਨੇ ਭੁੱਲ ਜਾਂਦੇ ਨੇ,
ਕਦ ਨਹੀਂ ਕੀਤੀ ਹਾਲ-ਦੁਹਾਈ ਲੋਕਾਂ ਨੇ।

ਜਲ-ਫੁਕ ਗਈਆਂ ਰਮਜ਼ਾਂ ਨਾਰਦ ਜ਼ਿਹਨ ਦੀਆਂ,
ਵੰਡ ਖਾਧੀ ਜਦ ਦੁੱਧ-ਮਲਾਈ ਲੋਕਾਂ ਨੇ।

ਲੱਖ ਜਤਨਾ ਤੇ ਵੀ ਨਾ ਪੈਰੋਕਾਰ ਬਣੇ,
ਕੀਤੀ ਮੇਰੀ ਸੋਚ-ਸ਼ੁਦਾਈ ਲੋਕਾਂ ਨੇ।

ਉਹ ਅਪਣੀ ਔਕਾਤ ਭੁਲਾ ਕੇ ਬੈਠ ਗਿਆ,
ਜਿਸ ਦੀ ਵੀ ਕੀਤੀ ਵਡਿਆਈ ਲੋਕਾਂ ਨੇ।

'ਨੂਰ' ਪਈਆਂ ਕੰਨ ਖ਼ਬਰਾਂ ਸੱਚ ਦੀ ਜਿੱਤ ਦੀਆਂ,
ਆ ਕੇ ਦਿੱਤੀ ਜਦੋਂ ਵਧਾਈ ਲੋਕਾਂ ਨੇ।

69. ਦਿਸਹੱਦੇ ਤੱਕ ਲਾ ਕੇ ਟੱਲਾ ਕੀ ਕਰਦਾ

ਦਿਸਹੱਦੇ ਤੱਕ ਲਾ ਕੇ ਟੱਲਾ ਕੀ ਕਰਦਾ।
ਮੈਂ ਹਿੰਮਤ ਦਾ ਫੜਕੇ ਪੱਲਾ ਕੀ ਕਰਦਾ।

ਸਾਰੀ ਟੀਮ ਗੁਆਚੀ ਸੀ ਵਿਚ ਫ਼ਿਕਸਿੰਗ ਦੇ,
ਕੱਲਮ-ਕੱਲਾ ਮੇਰਾ ਬੱਲਾ ਕੀ ਕਰਦਾ।

ਵੇਚ ਰਹੇ ਸਨ ਬੇਰਾਂ ਵਾਂਗ ਜ਼ਮੀਰਾਂ ਲੋਕ,
ਉੱਥੇ ਮੈਂ ਖ਼ੁੱਦਾਰ ਇਕੱਲਾ ਕੀ ਕਰਦਾ।

ਹਿੰਮਤ ਸੀ ਪਰ ਨਾਲੋ-ਨਾਲ ਇਕੱਲਾ ਸਾਂ,
ਕੱਠਿਆਂ ਉੱਤੇ ਕਰ ਕੇ ਹੱਲਾ ਕੀ ਕਰਦਾ।

ਪਹੁੰਚੇ ਸਨ ਸਭ ਲੋਕ ਉਧਾਰਾ ਚੁੱਕਣ ਨੂੰ,
ਲੈਕੇ ਪਿੱਛੋਂ ਮਾਲ ਸਵੱਲਾ ਕੀ ਕਰਦਾ।

ਭਾਰੂ ਸਨ ਮਨ ਤੇ ਚਾਲਾਂ ਸ਼ੈਤਾਨ ਦੀਆਂ,
ਲੋਟਾ, ਤਸਬੀ ਅਤੇ ਮਸੱਲਾ ਕੀ ਕਰਦਾ।

ਡਟਿਆ ਸੀ ਉਹ ਪੱਥਰ ਵਾਂਗ ਅਸੂਲਾਂ ਤੇ,
ਚਾਹ ਕੇ ਮੇਰਾ ਸ਼ੌਕ ਅਵੱਲਾ ਕੀ ਕਰਦਾ।

ਬਣੀਆਂ ਜਦ ਖ਼ਲਕਾਂ ਸਾਥੀ ਸ਼ੈਤਾਨ ਦੀਆਂ,
ਬੰਦਾ ਕੱਲਾ ਲੱਲ-ਵਲੱਲਾ ਕੀ ਕਰਦਾ।

ਭਟਕ ਰਿਹੈ ਉਹ ਛੱਡ ਗਿਆਂ ਦੀ ਦੁਨੀਆਂ ਵਿਚ,
'ਨੂਰ' ਵਿਚਾਰਾ ਤੇਰਾ ਛੱਲਾ ਕੀ ਕਰਦਾ।

70. ਵਿਗੜੇ ਵੀਰਾਂ ਨੂੰ ਸਮਝਾ ਕੇ ਦੇਖ ਜ਼ਰਾ

ਵਿਗੜੇ ਵੀਰਾਂ ਨੂੰ ਸਮਝਾ ਕੇ ਦੇਖ ਜ਼ਰਾ।
ਤੂੰ ਵੀ ਹਿੰਮਤ ਨੂੰ ਅਜ਼ਮਾ ਕੇ ਦੇਖ ਜ਼ਰਾ।

ਆਥਣ-ਤੜਕੇ ਖ਼ੂਨ-ਖ਼ਰਾਬਾ ਕਰਦੇ ਨੇ,
ਨੱਥ ਉਨ੍ਹਾਂ ਦੇ ਨੱਕ ਵਿਚ ਪਾ ਕੇ ਦੇਖ ਜ਼ਰਾ।

ਕਹਿੰਦੇ ਗਹਿਣਾ ਹੁੰਦੈ ਸ਼ਰਮ ਹਿਆਤੀ ਦਾ,
ਦੋ ਪਲ ਇਸ ਨੂੰ ਸੱਚ ਬਣਾ ਕੇ ਦੇਖ ਜ਼ਰਾ।

ਫੇਰ ਭਰੋਸਾ ਕਰਕੇ ਦੇਖੀਂ ਲੋਕਾਂ ਤੇ,
ਪਹਿਲਾਂ ਅਪਣਾ ਦਿਲ ਭਰਮਾ ਕੇ ਦੇਖ ਜ਼ਰਾ।

ਦੇਖੀਂ ਫੇਰ ਤਰੱਕੀ ਹੁੰਦੀ ਦੁਨੀਆ ਦੀ,
ਹਿੰਮਤ ਵਿੱਚੋਂ ਝਿਜਕ ਮਿਟਾ ਕੇ ਦੇਖ ਜ਼ਰਾ।

ਜੇ ਚਾਹੁਣਾ ਏਂ ਮੇਰੇ ਦਿਲ ਦੀ ਜਾਣ ਲਵੇਂ,
ਦੂਰੀ ਵਾਲੀ ਹੱਦ ਮੁਕਾ ਕੇ ਦੇਖ ਜ਼ਰਾ।

ਜੇ ਤੂੰ ਕਰਨਾ ਚਾਹੁਣੈ ਖ਼ਿਦਮਤ ਖ਼ਲਕਤ ਦੀ,
ਦੋ-ਤਿੰਨ ਭੁੱਖਿਆਂ ਨੂੰ ਅਪਣਾ ਕੇ ਦੇਖ ਜ਼ਰਾ।

ਤੱਕਣਾ ਚਾਹੁੰਦਾ ਏਂ ਜੇ ਸੁੰਦਰ ਦੁਨੀਆਂ ਨੂੰ
'ਨੂਰ' ਹਿਆ ਦੀ ਲੋਈ ਲਾਹ ਕੇ ਦੇਖ ਜ਼ਰਾ।

71. ਯਾਦਾਂ ਵਿਚ ਰੱਖਦੇ ਨੇ ਊਟ-ਪਟੱਲਾਂ ਨੂੰ

ਯਾਦਾਂ ਵਿਚ ਰੱਖਦੇ ਨੇ ਊਟ-ਪਟੱਲਾਂ ਨੂੰ।
ਲੋਕ ਨਹੀਂ ਹੁਣ ਸੁਣਦੇ ਚੰਗੀਆਂ ਗੱਲਾਂ ਨੂੰ।

ਚੜ੍ਹਤਾਂ ਵੇਲੇ ਮੈਂ ਵੀ ਛੱਕੇ ਲਾਏ ਸਨ,
ਭੁੱਲ ਗਏ ਹੁਣ ਲੋਕੀ ਮੇਰੀਆਂ ਮੱਲਾਂ ਨੂੰ।

ਕਿਹੜੇ ਪੱਜ ਹਟਾਵਾਂ ਕੰਢੇ ਖੋਰਣ ਤੋਂ,
ਦਿਲ ਵਿਚ ਉੱਠੀਆਂ ਯਾਦ ਤੇਰੀ ਦੀਆਂ ਛੱਲਾਂ ਨੂੰ।

ਕੌਣ ਕਲਾਵੇ ਬਹਿ ਕੇ ਦੁੱਖ ਵੰਡਾਵੇਗਾ,
ਜੇ ਕਰਨਾ ਵੀ ਚਾਹਵਾਂ ਦੂਰ ਇਕੱਲਾਂ ਨੂੰ।

ਨਿੰਦਾ ਤਾਂ ਕਰਦੇ ਨੇ ਜ਼ਾਲਮ ਦੀ ਐਪਰ,
ਬਿੱਲਿਆਂ ਦੇ ਗਲ ਬੰਨ੍ਹੇ ਕਿਹੜਾ ਟੱਲਾਂ ਨੂੰ।

ਤਕੜਾ ਸੀ ਦਿਲ ਸਬਰ ਦੀਆਂ ਤਲਕੀਨਾਂ ਤੋਂ,
ਤੋੜ ਗਿਆ ਹੰਝੂਆਂ ਦਾ ਪਾਣੀ ਠੱਲਾਂ ਨੂੰ।

ਲੱਚਰਤਾ ਹੁੰਦੀ ਗਾਹਕ ਮਿਲ ਜਾਂਦੇ 'ਨੂਰ',
ਕੌਣ ਖ਼ਰੀਦੇ ਸ਼ੇਅਰਾਂ ਲੱਦੀਆਂ ਡੱਲਾਂ ਨੂੰ।

72. ਭਾਵੇਂ ਪੰਡ ਗ਼ਮਾਂ ਦੀ ਸਾਰੀ ਦੇ ਦੋ ਜੀ

ਭਾਵੇਂ ਪੰਡ ਗ਼ਮਾਂ ਦੀ ਸਾਰੀ ਦੇ ਦੋ ਜੀ।
ਪਰ ਮੈਨੂੰ ਇਕ ਝਾਤ ਉਧਾਰੀ ਦੇ ਦੋ ਜੀ।

ਹਿੰਮਤ ਕਰਕੇ ਖੋਲ੍ਹ ਲਵਾਂਗੇ ਬੂਹੇ ਨੂੰ,
ਜੰਨਤ ਦੇ ਦਰ ਤੀਕ ਸਵਾਰੀ ਦੇ ਦੋ ਜੀ।

ਤੇਰੇ ਕੋਲ ਸੁਹੱਪਣ ਦੀਆਂ ਜਗੀਰਾਂ ਨੇ,
ਹਾਸੇ ਦੀ ਇਕ-ਅੱਧ ਕਿਆਰੀ ਦੇ ਦੋ ਜੀ।

ਖ਼ੁਸ਼ੀਆਂ ਭਰੇ ਭੜੋਲੇ ਲੁੱਟ ਕੇ ਲੈ ਜਾਉ,
ਸਾਨੂੰ ਦੁਨੀਆ ਗ਼ਮ ਦੀ ਮਾਰੀ ਦੇ ਦੋ ਜੀ।

ਪਾਨ ਚੜ੍ਹੀ ਨਾ ਹੋਵੇ ਜਿਸ ਤੇ ਪੱਛਮ ਦੀ,
ਮੂਨ ਜਿਹੀ ਇਕ ਸੁੰਦਰ ਨਾਰੀ ਦੇ ਦੋ ਜੀ।

ਵੇਲਾ ਕੱਢੀਏ ਵਾਂਗ ਸਿਆਸਤਦਾਨਾਂ ਦੇ,
ਸੁੱਚੀਆਂ ਸੋਚਾਂ ਨੂੰ ਮੱਕਾਰੀ ਦੇ ਦੋ ਜੀ।

ਹਰ ਇਕ ਬਾਬਾ ਲੁੱਟੇ ਮੌਜ ਬੁਢਾਪੇ ਦੀ,
ਘਰ ਵਿਚ ਸਭ ਨੂੰ ਖ਼ੁਦਮੁਖ਼ਤਾਰੀ ਦੇ ਦੋ ਜੀ।

ਦਿੱਖ ਤੇ ਠੱਪਾ ਹੋਵੇ ਨਵੀਆਂ ਸੋਚਾਂ ਦਾ,
ਗੰਦਲ ਵਰਗੀ ਰਸਮ ਕੁਆਰੀ ਦੇ ਦੋ ਜੀ।

ਕੁੱਝ ਦਿਨ 'ਨੂਰ ਮੁਹੰਮਦ' ਵਾਂਗੂੰ ਜੀ ਲਈਏ,
ਥੋੜੀ ਜਿੰਨੀ ਅਣਖ ਉਧਾਰੀ ਦੇ ਦੋ ਜੀ।

73. ਕੁੱਝ ਪਤਾ ਚੱਲੇ ਨਾ ਏਥੇ ਸਾਧ ਦਾ ਤੇ ਚੋਰ ਦਾ

ਕੁੱਝ ਪਤਾ ਚੱਲੇ ਨਾ ਏਥੇ ਸਾਧ ਦਾ ਤੇ ਚੋਰ ਦਾ।
ਬਖ਼ਸ਼ਦਾ ਹੈ ਕਦ ਕਿਸੇ ਨੂੰ ਆਦਮੀ ਇਸ ਦੌਰ ਦਾ।

ਭਾਲ ਕਰਦਾ ਫਿਰ ਰਿਹਾ ਹਾਂ ਅਪਣਿਆਂ ਨੂੰ ਭੀੜ 'ਚੋਂ,
ਚਾੜ੍ਹਕੇ ਬੈਠੇ ਨੇ ਜਿਹੜੇ ਖ਼ੋਲ ਮੁੱਖ 'ਤੇ ਹੋਰ ਦਾ।

ਬੇਵਸੀ ਦੇ ਢਾਸਣੇ ਤੇ ਸੁੱਟ ਕੇ ਸਿਰ ਬਹਿ ਗਿਆ,
ਹੱਲ ਜਦ ਹੋਇਆ ਨਾ ਮੁੱਦਾ ਘਰ 'ਚ ਉਠਦੇ ਸ਼ੋਰ ਦਾ।

ਦਿਲ ਦੇ ਅਰਮਾਨਾਂ ਦੀ ਢਾਹੀ ਇਸ ਤਰ੍ਹਾਂ ਉਸ ਨੇ ਗੜੀ,
ਹੋ ਗਿਆ ਤਾਜ਼ਾ ਹੈ ਸਾਕਾ ਫੇਰ ਅੱਜ ਚਮਕੌਰ ਦਾ।

ਹੋ ਗਈ ਲਗਦੀ ਹੈ ਵਸਦੇ ਸ਼ਹਿਰ ਦੀ ਭੈੜੀ ਦਿਸ਼ਾ,
ਲਚਕਦਾ ਜਾਂਦੈ ਧੁਰਾ ਇਨਸਾਨੀਅਤ ਦੀ ਤੋਰ ਦਾ।

ਤੜਫ਼ਦਾ ਫਿਰਦੈ ਵਿਚਾਰਾ ਤਿਤਲੀਆਂ ਦੀ ਮੌਤ ਤੇ,
ਕੌਣ ਜਾਣੇ ਹੋ ਗਿਆ ਕਿaੁਂ ਹਾਲ ਭੈੜਾ ਭੌਰ ਦਾ।

ਸ਼ਹਿਰੀਆਂ ਨੇ ਰਾਸਟਰ ਪੰਛੀ ਸੀ ਸ਼ਹਿਰੋਂ ਕੱਢਿਆ,
ਹਾਲ ਮੰਦਾ ਹੋ ਗਿਆ ਪਿੰਡਾਂ ਦੇ ਵਿਚ ਵੀ ਮੋਰ ਦਾ।

ਫਿਰ ਰਹੇ ਨੇ ਫੜ ਬੰਦੂਕਾਂ ਹਰ ਗਲੀ ਦੇ ਮੋੜ 'ਤੇ,
ਕਿਸ ਤਰਾਂ ਲਾਵਾਂਗੇ ਚੱਕਰ 'ਨੂਰ' ਹੁਣ ਲਾਹੌਰ ਦਾ।

74. ਲੋਕਾਂ ਨੂੰ ਗੱਲ ਭਾਵੇਂ ਬੇ-ਇਤਬਾਰੀ ਲੱਗੇ

ਲੋਕਾਂ ਨੂੰ ਗੱਲ ਭਾਵੇਂ ਬੇ-ਇਤਬਾਰੀ ਲੱਗੇ।
ਉਸ ਦੇ ਬਾਝੋਂ ਖ਼ਾਲੀ ਦੁਨੀਆ ਸਾਰੀ ਲੱਗੇ।

ਜਿਸ ਦਿਨ ਤੋਂ ਉਹ ਵਸਿਆ ਹੈ ਉਸ ਥਾਂ ਤੇ ਜਾ ਕੇ,
ਉੱਥੇ ਵੀ ਹੁਣ ਉਸ ਦੀ ਹੀ ਸਰਦਾਰੀ ਲੱਗੇ।

ਜਦ ਅਸਮਾਨੀ ਅੱਘੜ-ਦੁੱਘੜ ਤਾਰੇ ਦੇਖਾਂ,
ਵਿਛੜੇ ਜੀਵਨ ਸਾਥੀ ਦੀ ਫ਼ੁਲਕਾਰੀ ਲੱਗੇ।

ਛੁੱਟ ਗਏ ਨੇ ਜਦ ਤੋਂ ਗੱਡੇ, ਹਲਟਾਂ, ਟੋਕੇ,
ਪਿੰਡ ਦੇ ਹਰ ਬੰਦੇ ਨੇ ਜੂਨ ਸੁਧਾਰੀ ਲੱਗੇ।

ਬੰਬਾਂ ਢਾਹੇ ਮਲਬੇ 'ਚੋਂ ਜਦ ਸੁਣਾਂ ਅਵਾਜ਼ਾਂ,
ਮੈਨੂੰ ਅਪਣੇ ਬੱਚਿਆਂ ਦੀ ਕਿਲਕਾਰੀ ਲੱਗੇ।

ਰੰਗ ਗਿਆ ਜੋ ਮੈਨੂੰ ਅਪਣੇ ਰੰਗਾਂ ਦੇ ਵਿਚ,
ਸਿਰੜੀ ਧੁਨ ਦਾ ਪੱਕਾ ਇਸ਼ਕ-ਲਲਾਰੀ ਲੱਗੇ।

ਸੌ ਵਾਰੀ ਤਹਿ ਕਰੀਆਂ ਲੰਬੀਆਂ ਵਾਟਾਂ, ਪਰ ਹੁਣ-
ਹਰ ਰਸਤੇ ਦੇ ਪੈਂਡੇ ਵਿੱਚ ਖ਼ੁਆਰੀ ਲੱਗੇ।

ਝੱਲ ਗਈ ਜੋ ਬਰਸਾਤਾਂ ਦੇ ਧੌਲੇ-ਧੱਫੇ,
ਅਪਣੀ ਅਪਣੀ ਇੱਟ ਦੀ ਕੰਧ ਉਸਾਰੀ ਲੱਗੇ।

ਹੁਣ ਵੀ ਉੱਠ ਖਲੋਵੇ ਨਾ ਜੋ ਹੱਕਾਂ ਖ਼ਾਤਰ,
ਪੁਰਖੇ ਯੁੱਗ ਦੇ ਲੋਕਾਂ ਵਰਗੀ ਨਾਰੀ ਲੱਗੇ।

ਮੇਲ-ਮਿਲਾਪ ਵਧਾਇਆਂ ਹੋਰ ਸਿਆਣਪ ਆਵੇ,
ਜਿਵੇਂ ਪਪੀਤਾ ਸਿਹਤ ਲਈ ਗੁਣਕਾਰੀ ਲੱਗੇ।

ਜੀਣ-ਤਰੀਕਾ ਜਾਣ ਗਿਆ ਹਾਂ ਕੱਲਾ ਰਹਿ ਕੇ,
ਸਾਥ ਦਈਂ ਹੁਣ ਜਦ ਅੱਗੇ ਦੀ ਤਿਆਰੀ ਲੱਗੇ।

ਕਿਹੜੇ ਟਿੱਬਿਆਂ ਵਿੱਚੋਂ ਪੈੜ ਉਨ੍ਹਾਂ ਦੀ ਭਾਲਾਂ,
ਜੀਵਨ ਪੰਧ ਜਿੰਨਾਂ ਦਾ ਕੂੰਜ-ਉਡਾਰੀ ਲੱਗੇ।

ਭੀੜ ਨਹੀਂ ਹੁਣ ਲੱਗਦੀ ਸੇਠਾਂ ਦੇ ਬੂਹੇ ਤੇ,
ਕੁੱਝ ਲੋਕਾਂ ਨੇ ਅਪਣੀ ਅਣਖ ਸੁਧਾਰੀ ਲੱਗੇ।

ਛੇਤੀ ਛੇਤੀ ਜੀਵਨ ਲੀਲਾ ਮੁੱਕਦੀ ਜਾਵੇ,
ਜ਼ਿੰਦ-ਮਿਜ਼ਾਜਣ ਕਿਧਰੋਂ ਲਈ ਉਧਾਰੀ ਲੱਗੇ।

ਏਸੇ ਕਰਕੇ ਬੁੱਕਲ ਵਿੱਚ ਲਕੋ ਕੇ ਬੈਠਾਂ,
ਦੁਨੀਆਂ ਦਾ ਹਰ ਬੰਦਾ ਸੋਚ-ਸ਼ਿਕਾਰੀ ਲੱਗੇ।

ਪਰਖ ਜਦੋਂ ਉਹਦੇ ਆਖੇ ਬੋਲਾਂ ਦੀ ਕਰੀਏ,
ਜੀਵਨ-ਧਾਰਾ ਚੋਂ ਹਰ ਬਾਤ ਨਿਤਾਰੀ ਲੱਗੇ।

ਦਿਲ ਦੇ ਖ਼ਾਨੇ ਵਿਚ ਪਰਤਾਂ ਯਾਦਾਂ ਦੀਆਂ ਤੈਹਾਂ,
ਅਪਣੇ ਖੋਏ ਸਾਥੀ ਦੀ ਅਲਮਾਰੀ ਲੱਗੇ।

ਜਦ ਗ਼ਜ਼ਲਾਂ ਦੇ ਸ਼ਬਦਾਂ ਦਾ ਮਤਲਬ ਠਣਕਾਈਏ,
'ਨੂਰ ਮੁਹੰਮਦ' ਦੀ ਹੀ ਸੋਚ ਉਡਾਰੀ ਲੱਗੇ।

75. ਭਾਵੇਂ ਦੇਖਣ ਨੂੰ ਸਾਹ ਲੈਂਦੇ ਕੱਠੇ ਹਾਂ

ਭਾਵੇਂ ਦੇਖਣ ਨੂੰ ਸਾਹ ਲੈਂਦੇ ਕੱਠੇ ਹਾਂ।
ਪਰ ਇਕ-ਦੂਜੇ ਨੂੰ ਕਰਦੇ ਨਿੱਤ ਠੱਠੇ ਹਾਂ।

ਭੀੜ ਪਈ ਜਿਸ ਦਿਨ ਵੀ ਯਾਰਾਂ ਮਿੱਤਰਾਂ ਤੇ,
ਅੱਧਵਾਟੇ ਰਾਹਾਂ ਵਿਚ ਛੱਡ ਕੇ ਨੱਠੇ ਹਾਂ।

ਦੇਖ ਭਰੋਸਾ ਕਰਕੇ ਉਡਦੇ ਜਾਵਾਂਗੇ,
ਇਸ਼ਕ ਤਿਰੇ ਦੇ ਰਾਠ ਕਬੂਤਰ ਲੱਠੇ ਹਾਂ।

ਕੰਨ੍ਹਾ ਲਾਵਾਂਗੇ ਤਾਂ ਧੁਰ ਲੈ ਜਾਵਾਂਗੇ,
ਭਾਵੇਂ ਲੱਗਦੇ ਬੁੜ੍ਹੇ ਵਹਿੜਕੇ ਮੱਠੇ ਹਾਂ।

ਜੀਵਨ ਦੀ ਹਰ ਸਾਹ ਦਾ ਸਾਥ ਨਿਭਾਵਾਂਗੇ,
ਭਾਵੇਂ ਕੱਚੀਆਂ ਕੰਧਾਂ, ਕੋਠੇ ਢੱਠੇ ਹਾਂ।

ਕੰਧਾਂ ਵਿਚ ਚਿਣੋਂਗੇ ਸਭ ਕੁੱਝ ਸਮਝੋਗੇ,
ਕੱਚੀਆਂ-ਪਿੱਲੀਆਂ ਇੱਟਾਂ ਦੇ ਹੀ ਚੱਠੇ ਹਾਂ।

ਆਂਚ ਸਮਾਪਤ ਕਰ ਦਿੱਤੀ ਹੈ ਉਮਰਾਂ ਨੇ,
ਮੁੱਕੀਆਂ-ਮਰੀਆਂ ਇੱਟਾਂ ਕੱਢਦੇ ਭੱਠੇ ਹਾਂ।

ਪਤਾ ਨਹੀਂ ਕਿਉ ਕਰੇ ਭਰੋਸਾ ਹੁਣ ਤੱਕ 'ਨੂਰ',
ਜਾਣਦਿਆਂ ਵੀ ਅਸੀਂ ਵਿਕਾਊ ਪੱਠੇ ਹਾਂ।

76. ਇੰਜ ਨਾ ਛੱਡੋ ਕਰਕੇ ਮੇਰਾ ਬਿਸਤਰ ਗੋਲ

ਇੰਜ ਨਾ ਛੱਡੋ ਕਰਕੇ ਮੇਰਾ ਬਿਸਤਰ ਗੋਲ।
ਹਾੜ੍ਹੇ ਕੱਢੇ ਉਸ ਨੇ ਜੋਟੀਦਾਰਾਂ ਕੋਲ।

ਗੁੰਗਾ, ਬੋਲਾ ਬਣਕੇ ਬਹਿਣਾ ਹੱਲ ਨਹੀਂ,
ਹੱਕਾਂ ਖ਼ਾਤਰ ਹੋਰਾਂ ਵਾਂਗੂੰ ਤੂੰ ਵੀ ਬੋਲ।

ਏਸ ਲਈ ਲੈ ਆਇਆਂ ਅੱਲ੍ਹਾ ਵਾਲੀ ਨੂੰ,
ਬਣ ਨਾ ਜਾਵੇ ਮੇਰਾ ਪਿੰਡ ਵੀ ਕਿਤੇ ਸੰਘੋਲ।

ਦਿਨ ਚੜ੍ਹਦੇ ਤੋਂ ਪਹਿਲਾਂ ਆਪਾ ਸ਼ੋਧ ਲਵੀਂ,
ਖੋਲ੍ਹ ਦਏ ਨਾ ਦਿਖ ਤੇਰੀ ਦੁੱਖਾਂ ਦੀ ਪੋਲ।

ਆਸ ਉਦ੍ਹੇ ਆਵਣ ਦੀ ਹੋਵੇ ਸੱਦ ਲਵਾਂ,
ਕਿੱਦਾਂ ਸੁੱਕੇ ਖੂਹ ਦੇ ਵਿਚ ਫ਼ਰਾਹਵਾਂ ਡੋਲ।

ਐਨਾਂ ਹੀ ਕਾਫ਼ੀ ਹੈ ਦਿਲ ਦੇ ਢਾਰਸ ਨੂੰ,
ਹਾਰਨ ਵਾਲੇ ਦੇ ਘਰ ਵੱਜਦਾ ਦੇਖਾਂ ਢੋਲ।

ਏੇਸ ਤਰ੍ਹਾਂ ਤਾਂ ਦੌਲਤ ਘਰ ਵਿਚ ਨਹੀਂ ਰਹਿਣੀ,
ਸੱਚਾ-ਸੁੱਚਾ ਬਣ ਕੇ ਹਰ ਸੌਦਾ ਨਾ ਤੋਲ।

ਅਣਗਹਿਲੀ ਵਿਚ ਖੋ ਬੈਠਾ ਉਸ ਨੂੰ, ਜਿਸ ਦਾ-
ਮੁੱਖ ਸੀ ਸੁੰਦਰ ਤੇ ਜੁੱਸਾ ਸੀ ਅੱਤ ਸਡੋਲ।

ਲੱਭਦਾ ਏਂ ਕੀ 'ਨੂਰ' ਉਹਦੀ ਸ਼ਖ਼ਸ਼ੀਅਤ 'ਚੋਂ,
ਉਹ ਤਾਂ ਕੋਰਾ ਕਾਗ਼ਜ਼ ਏ, ਕਾਗ਼ਜ਼ ਨਾ ਫੋਲ।

77. ਭਾਵੇਂ ਲਹਿਰਾਂ ਉੱਤੇ ਤਰਦਾ ਡਿੱਠਾ ਹੈ

ਭਾਵੇਂ ਲਹਿਰਾਂ ਉੱਤੇ ਤਰਦਾ ਡਿੱਠਾ ਹੈ।
ਪਰ ਬੰਦਾ ਡੁੱਬ ਕੇ ਵੀ ਮਰਦਾ ਡਿੱਠਾ ਹੈ।

ਏਸੇ ਕਰਕੇ ਮੁੱਲਾਂ੍ਹ ਕੋਲ ਖਲੋਤਾ ਹਾਂ,
ਲੱਕੜ ਦੇ ਸੰਗ ਲੋਹਾ ਤਰਦਾ ਡਿੱਠਾ ਹੈ।

ਸਬਰ ਕਰਨ ਦੀ ਹਿੰਮਤ ਕਰਦਾ ਰਹਿੰਦਾ ਹਾਂ,
ਜਿਸ ਦਿਨ ਤੋਂ ਮੈਂ ਉਸ ਨੂੰ ਸਰਦਾ ਡਿੱਠਾ ਹੈ।

ਭਾਵੇਂ ਕੱਠੇ ਰਹਿੰਦੇ ਨੇ ਪਰ ਘਰ ਅੰਦਰ,
ਆਪਸਦਾਰੀ ਦੇ ਵਿਚ ਪਰਦਾ ਡਿੱਠਾ ਹੈ।

ਗ਼ਲਤ-ਬਿਆਨੀ ਕਰਕੇ ਟੁਰਦੇ ਬੰਦੇ ਨੂੰ,
ਅਪਣੇ-ਆਪੇ ਤੋਂ ਹੀ ਡਰਦਾ ਡਿੱਠਾ ਹੈ।

ਉੱਤੋਂ ਹੱਥ-ਘਸਾਈ ਉਹ ਵੀ ਕਰਦੇ ਨੇ,
ਤਨਖ਼ਾਹ ਨਾਲ ਜਿਨ੍ਹਾਂ ਦਾ ਸਰਦਾ ਡਿੱਠਾ ਹੈ।

ਪੱਕਿਆਂ ਤੇ ਵੀ 'ਨੂਰ' ਭਰੋਸਾ ਨਹੀਂ ਕਰਦਾ,
ਜਿਸ ਦਿਨ ਤੋਂ ਕੱਚੇ ਨੂੰ ਖਰਦਾ ਡਿੱਠਾ ਹੈ।

78. ਸੱਜਣੀ ਮੇਰੇ ਤੁੱਲ ਦੀ ਨਾਹੀਂ

ਸੱਜਣੀ ਮੇਰੇ ਤੁੱਲ ਦੀ ਨਾਹੀਂ।
ਇਸ਼ਕ ਹਨੇਰੀ ਝੁੱਲਦੀ ਨਾਹੀਂ।

ਇਹ ਵੀ ਇਕ ਔਰਤ ਹੈ ਭਾਵੇਂ,
ਪਹਿਲਾਂ ਵਾਲੀ ਭੁੱਲਦੀ ਨਾਹੀਂ।

ਮੰਨਿਆ ਉਹ ਸ਼ਗਨਾ ਦੀ ਹੈ ਸੀ,
ਇਹ ਵੀ ਕੋਈ ਮੁੱਲ ਦੀ ਨਾਹੀਂ।

ਨਾ ਉਹ ਦੱਸੇ, ਨਾ ਮੈਂ ਪੁੱਛਾਂ,
ਗੰਢ ਦੁਖਾਂ ਦੀ ਖੁੱਲ੍ਹਦੀ ਨਾਹੀਂ।

ਕੀਹਦੀ ਖ਼ਾਤਰ ਆਉਣ ਬਹਾਰਾਂ'
ਪੁੱਛ ਜਦੋਂ ਬੁਲਬੁਲ ਦੀ ਨਾਹੀਂ।

ਜਿਹੜੇ ਦਰਦ ਛੁਪਾਣਾ ਜਾਣਨ,
ਅੱਖ ਉਨ੍ਹਾਂ ਦੀ ਡੁੱਲ੍ਹਦੀ ਨਾਹੀਂ।

ਤਦ ਤੱਕ ਬੰਦਾ ਖ਼ਾਨ ਕਹਾਵੇ,
ਜਦ ਤੱਕ ਇੱਜ਼ਤ ਰੁਲਦੀ ਨਾਹੀਂ।

ਸੁਣਿਐ ਉੱਜੜ ਰਿਹੈ ਘਰ ਮੇਰਾ,
ਵਿੜਕ ਕਿਤੇ ਹਿੱਲਜੁਲ ਦੀ ਨਾਹੀਂ।

'ਨੂਰ' ਸਿਆਣਾ ਬਣਨ ਲਈ ਹੁਣ,
ਲੋੜ ਕਿਸੇ ਵੀ ਟੁੱਲ ਦੀ ਨਾਹੀਂ।

79. ਸੱਚ-ਮੁੱਚ ਹੈ ਜਾਂ ਫੇਰ ਭੁਚੱਕਾ ਲੱਗਦਾ ਹੈ

ਸੱਚ-ਮੁੱਚ ਹੈ ਜਾਂ ਫੇਰ ਭੁਚੱਕਾ ਲੱਗਦਾ ਹੈ।
ਹਰ ਇਕ ਰਹਿਬਰ ਚੋਰ ਉਚੱਕਾ ਲੱਗਦਾ ਹੈ।

ਪੰਜ ਸੱਤ ਸਾਲਾਂ ਪਿੱਛੋਂ ਆਉਣਾ ਨੇਤਾ ਦਾ,
ਕਿੰਨਾਂ ਸੋਹਣਾ ਅੱਖ-ਮਟੱਕਾ ਲੱਗਦਾ ਹੈ।

ਸ਼ਾਮਾਂ ਹੋਈਆਂ ਕੰਮੀ ਘਰ ਨੂੰ ਬਹੁੜੇ ਨਾ,
ਜਾਮ ਸਿੰਘਾਂ ਨੇ ਕੀਤਾ ਚੱਕਾ ਲੱਗਦਾ ਹੈ।

ਹੋਛੇ-ਪਣ ਵਿਚ ਆਕੇ ਕਹਿਣਾ ਠੀਕ ਨਹੀਂ,
'ਮੈਨੂੰ ਤਾਂ ਤੇਰਾ ਘਰ 'ਮੱਕਾ' ਲੱਗਦਾ ਹੈ।

ਸ਼ੱਕ ਕਰਾਂ ਕਿਉਂ ਉਸ ਦੇ ਨੇਕ ਇਰਾਦੇ 'ਤੇ,
ਜਿਹੜਾ ਪੱਕੇ ਤੋਂ ਵੀ ਪੱਕਾ ਲੱਗਦਾ ਹੈ।

ਸਾਹਵੇਂ ਬਹਿ ਬਦਗੋਈ ਨਾ ਕਰ ਯਾਰਾਂ ਦੀ,
ਸੁਣ ਕੇ ਮੇਰੇ ਦਿਲ ਨੂੰ ਧੱਕਾ ਲੱਗਦਾ ਹੈ।

ਚਿਰ ਤੋਂ ਆਇਆ ਕਰਮਾਂ ਤੇ ਸੈਲਾਬ ਨਹੀਂ,
ਹੋਰ ਦਿਸ਼ਾ ਵਲ ਮੁੜਿਆ ਨੱਕਾ ਲੱਗਦਾ ਹੈ।

ਅੱਜ ਉਹ ਬੈਠੇ ਹੋਵਣਗੇ ਇਸ ਦੇ ਵਿਚ 'ਨੂਰ'
ਤਾਹੀਉਂ ਐਨਾ ਸੋਹਣਾ ਯੱਕਾ ਲੱਗਦਾ ਹੈ।

80. ਅੰਦਰ ਆ ਜਾ ਔਖਾ-ਸੌਖਾ ਬੋਲ ਦਿਆਂਗਾ

ਅੰਦਰ ਆ ਜਾ ਔਖਾ-ਸੌਖਾ ਬੋਲ ਦਿਆਂਗਾ।
ਉੱਠਕੇ ਸੁੰਨੇ ਘਰ ਦਾ ਬੂਹਾ ਖੋਲ੍ਹ ਦਿਆਂਗਾ।

ਨਾਜ਼ੁਕ-ਨਾਜ਼ੁਕ ਪੈਰਾਂ ਦੇ ਵਿਚ ਚੁਭ ਨਾ ਜਾਵਣ,
ਰਾਹਾਂ ਦੇ ਰੇਤੇ 'ਚੋਂ ਰੋੜੇ ਰੋਲ ਦਿਆਂਗਾ।

ਉਸ ਦੇ ਨਾਲ ਬਿਤਾਏ ਬਚਪਨ ਦੇ ਸਾਰੇ ਦਿਨ,
ਲੋੜ ਪਈ ਯਾਦਾਂ ਦੇ ਵਿੱਚੋਂ ਟੋਲ ਦਿਆਂਗਾ।

ਸੁਨਣ ਲਈ ਹਮਦਰਦਾਂ ਕੋਲ ਸਮਾਂ ਜੇ ਹੋਇਆ,
ਇਕ ਇਕ ਕਰਕੇ ਦਿਲ ਦੇ ਦੁੱਖ ਫਰੋਲ ਦਿਆਂਗਾ।

ਪਹਿਲਾਂ ਮੁਨਸਫ਼ ਦੀ ਕੁਰਸੀ ਦੇ ਕੇ ਤਾਂ ਦੇਖੋ;
ਸਭ ਨੂੰ ਸੱਚਾ-ਸੁੱਚਾ ਸੌਦਾ ਤੋਲ ਦਿਆਂਗਾ।

ਖ਼ੁਦਗ਼ਰਜ਼ਾਂ ਨੇ ਕੁੱਝ ਪਲ ਮੇਰਾ ਸਾਥ ਜੇ ਦਿੱਤਾ,
ਬਿੱਲੀ ਦੇ ਗਲ ਟੱਲੀ ਕੀ, ਪਾ ਢੋਲ ਦਿਆਂਗਾ।

ਸੱਚੇ ਦੀ ਮੰਨਾਂਗੇ 'ਨੂਰ' ਸਮੇਂ ਤੇ ਜਾ ਕੇ,
ਝੂਠੇ ਨੂੰ ਕਰ ਨਿੱਤ ਦਿਨ ਟਾਲ-ਮਟੋਲ ਦਿਆਂਗਾ।

81. ਹਿੱਲਿਆ ਪਿਆ ਸੀ ਤਾਂਬੜ, ਪੀ ਪੀ ਕੇ ਭੰਗ ਉਸ ਦਾ

ਹਿੱਲਿਆ ਪਿਆ ਸੀ ਤਾਂਬੜ, ਪੀ ਪੀ ਕੇ ਭੰਗ ਉਸ ਦਾ।
ਇਸ ਵਾਰ ਜਦ ਉਹ ਮਿਲਿਆ, ਫ਼ਿੱਕਾ ਸੀ ਰੰਗ ਉਸ ਦਾ।

ਸੌ ਮੀਲ ਤੱਕ ਹੈ ਮਿਲਦਾ, ਜੈਸੇ ਨੂੰ ਹੁਣ ਵੀ ਤੈਸਾ,
ਉਸ ਵਾਂਗ ਹੀ ਨਿਕੰਮਾਂ, ਮਿੱਤਰ ਹੈ ਨੰਗ ਉਸ ਦਾ।

ਲੱਗੀ ਹੈ ਸਮਝ ਮੈਨੂੰ ਹੁਣ ਅੜਬਪਣ ਦੀ ਖ਼ਸਲਤ,
ਦਿੰਦੇ ਨੇ ਸਾਥ ਬਹੁਤਾ, ਅੱਜ-ਕੱਲ ਨਿਹੰਗ ਉਸ ਦਾ।

ਖੰਡਰ ਨੂੰ ਦੇਖਕੇ ਮੈਂ ਕਿੰਨੇ ਕਿਆਸ ਲਾਏ,
ਹਰ ਨਕਸ਼ ਜਿਉਣ ਖ਼ਾਤਰ ਕਰਦਾ ਸੀ ਜੰਗ ਉਸ ਦਾ।

ਕਿਸਮਤ ਕਿ ਬਚ ਗਿਆ ਹਾਂ, ਮੈਂ ਜ਼ਹਿਰ ਇਸ਼ਕ ਦੇ ਤੋਂ,
ਬੈਠਾ ਸਮੇਟ ਕੇ ਹੈ ਕਿੰਨਿਆਂ ਨੂੰ ਡੰਗ ਉਸ ਦਾ।

ਐਨੀ ਵੀ ਕੀ ਕੰਜੂਸੀ ਕਿ ਜ਼ੁਕਾਤ ਤੱਕ ਨਾ ਕੱਢੇ,
ਸੋਹਣਾ ਤਾਂ ਬਹੁਤ ਹੈ ਉਹ ਪਰ ਦਿਲ ਹੈ ਤੰਗ ਉਸ ਦਾ।

ਪੇਚਾ ਮੁਹੱਬਤਾਂ ਦਾ ਸਾਥੋਂ ਹੀ ਪਾ ਨਾ ਹੋਇਆ,
ਕਿੰਨੇ ਕੁ ਦਿਨ ਅਕਾਸ਼ੀਂ ਉਡਦਾ ਪਤੰਗ ਉਸ ਦਾ।

ਨਿੱਤ ਮਸਤ ਹੋ ਕੇ ਮਸਲੇ ਉਹ ਮਚਲਦੇ ਦਿਲਾਂ ਨੂੰ,
ਰਿਸ਼ਤਾ ਪਿਆ ਹੈ ਜਦ ਤੋਂ ਪੱਥਰਾਂ ਦੇ ਸੰਗ ਉਸ ਦਾ।

ਮੰਗਦਾ ਏਂ ਖ਼ੈਰ ਕਾਹਤੋਂ ਉਸ ਹੁਸਨ ਬੇਵਫ਼ਾ ਤੋਂ,
ਸਭ ਕੁੱਝ ਹੀ ਮਿਲ ਪਵੇਗਾ ਨਾਤਾ ਹੀ ਮੰਗ ਉਸ ਦਾ।

ਕਿੰਨੀ ਕੁ ਦੇਰ ਅੱਲੜ੍ਹ ਚਾਵਾਂ ਨੂੰ ਰੋਕਦਾ ਮੈਂ,
ਹਰ ਨੈਣ ਦੇ ਰਿਹਾ ਸੀ ਦਾਅਵਤ ਨਿਸੰਗ ਉਸ ਦਾ।

ਯਾਦਾਂ ਦੇ ਢੇਰ ਵਿੱਚੋਂ ਪਹਿਲਾਂ ਨਿਸ਼ਾਨ ਲੱਭੇ,
ਪਹਿਚਾਣਿਆ ਤਦੋਂ ਮੈਂ ਹੁਲੀਆ ਮਲੰਗ ਉਸ ਦਾ।

ਡਰਦਾ ਹਾਂ ਦੋਸਤਾਂ ਵਿਚ ਉਸ ਨੂੰ ਬੁਲਾਉਣ ਤੋਂ ਵੀ,
ਦੇਵੇ ਨਾ ਭੰਨ ਭਾਂਡਾ ਉਸ ਦੀ ਹੀ ਸੰਗ ਉਸ ਦਾ।

ਭਾਵੇਂ ਤਰੰਗ ਦੇ ਵਿਚ ਆਇਆ ਗਿਆ ਨਾ ਉਸ ਤੋਂ,
ਪਰ ਹੌਸਲਾ ਵਧਾਉਂਦੀ ਦੇਖੀ ਉਮੰਗ ਉਸ ਦਾ।

ਮਿਲਦਾ ਹੈ 'ਨੂਰ' ਨੂੰ ਜਦ ਭਰ ਕੇ ਚੰਗੇਰ ਹਾਸੇ,
ਲੱਗਦਾ ਹੈ ਬਹੁਤ ਚੰਗਾ ਸਭ ਨੂੰ ਇਹ ਢੰਗ ਉਸ ਦਾ।

82. ਪਹਿਲਾਂ ਬੰਦ ਗਲੀ 'ਚੋਂ ਰੌਲੇ-ਗੌਲੇ ਕੀਤੇ

ਪਹਿਲਾਂ ਬੰਦ ਗਲੀ 'ਚੋਂ ਰੌਲੇ-ਗੌਲੇ ਕੀਤੇ।
ਫੇਰ ਉਨ੍ਹਾਂ ਨੇ ਬਹਿ ਕੇ ਦੋ ਦਿਲ ਹੌਲੇ ਕੀਤੇ।

ਦਿਨ ਭਰ ਮੈਂ ਆਸਾਂ ਦੇ ਬਿਸਤਰ ਰਿਹਾ ਵਿਛਾਉਂਦਾ,
ਉਸ ਦੀ ਨਾਂਹ ਨੇ ਸੁਫ਼ਨੇ ਗੋਲੇ-ਮੋਲੇ ਕੀਤੇ।

ਜਦ ਸੱਧਰਾਂ ਦੇ ਉੱਚੇ ਉੱਚੇ ਮਹਿਲ ਉਸਾਰੇ,
ਬਿਰਹਾ ਦੀ ਇਕ ਛੱਲ ਨੇ ਖੰਡਰ-ਖੋਲੇ ਕੀਤੇ।

ਮੁੱਦਤ ਪਿੱਛੋਂ ਮਿਲਿਆ ਲੈ ਨਫ਼ਰਤ ਦੀਆਂ ਚਿਣਗਾਂ,
ਤੇ ਮਿਲਦੇ ਹੀ ਦਿਲ ਦੇ ਕੋਲੇ ਕੋਲੇ ਕੀਤੇ।

ਪਾਣੀ ਦੇਣ ਲਈ ਸੱਧਰਾਂ ਨੂੰ ਖਾਲ ਬਣਾਏ,
ਨੈਣਾਂ ਨੇ ਵਗ ਪੱਧਰ ਵੱਟਾਂ-ਡੋਲੇ ਕੀਤੇ।

ਉਸ ਨੇ ਮੇਰੀ ਇਕ ਵੀ ਗ਼ਲਤੀ ਮੁਆਫ਼ ਨਾ ਕੀਤੀ,
ਮੈਂ ਉਸ ਦੇ ਸਾਰੇ ਔਗੁਣ ਅਣਗੌਲੇ ਕੀਤੇ।

ਚੋਣਾ ਵਕਤ ਗਿਆ ਸੀ ਜਿਹੜੇ ਵਾਅਦੇ ਕਰਕੇ,
ਲੋਕਾਂ ਯਾਦ ਕਰਾਏ ਤਾਂ ਕੰਨ ਬੋਲੇ ਕੀਤੇ।

ਮੌਕਾ ਤੱਕ ਕੇ ਉਹਨਾਂ ਨੇ ਮੈਨੂੰ ਹੀ ਡੰਗਿਆ,
ਜਿੰਨੀ ਵਾਰੀ ਵੀ ਮੈਂ ਯਾਰ ਸਪੋਲੇ ਕੀਤੇ।

ਰੱਬ-ਸਬੱਬੀਂ ਸੋਹਣਾ ਮੁੱਖੜਾ ਕਾਹਦਾ ਮਿਲਿਆ,
ਸਭ ਨੇ ਅੱਗੇ ਅਪਣੇ-ਠੂਠੇ ਕੌਲੇ ਕੀਤੇ।

ਬੜਾ ਕਹਾਉਂਦੇ ਸਾਂ ਆਪੇ ਨੂੰ ਲੋਕਾਂ ਦੇ ਵਿਚ,
ਉਸ ਦੀ ਇਕ ਘੁਰਕੀ ਨੇ ਕੱਖੋਂ ਹੌਲੇ ਕੀਤੇ।

ਇਸ ਸੁੰਦਰ ਵਾਦੀ ਵਿਚ ਕਿਹੜੇ ਪਾਸੇ ਜਾਵਾਂ,
ਸਭ ਨੇ ਅਪਣੇ ਅਪਣੇ ਨੈਣ ਪਟੋਲੇ ਕੀਤੇ।

ਢੇਰ ਮਿਲੇ ਲੁੱਟੀਆਂ ਸੱਧਰਾਂ, ਰੀਝਾਂ ਦੇ ਅੰਦਰੋਂ,
ਜਦ ਦਿਲ ਚੋਰਾਂ ਦੇ ਘਰ-ਬਾਰ ਫਰੋਲੇ ਕੀਤੇ।

ਫੇਰ ਕਰੰਡ ਗਈ ਉਸ ਦੇ ਹੰਝੂਆਂ ਦੀ ਬਾਰਿਸ਼,
ਬੀਜ ਲਗਾਉਣ ਲਈ ਜਦ ਖ਼ੱਤੇ ਪੋਲੇ ਕੀਤੇ।

ਤੇਰਾ ਤੇਰਾ ਆਖ ਗਏ ਦੇ ਅਨੁਆਈਆਂ ਨੇ,
ਹੱਕ ਪਰਾਇਆ ਖਾ ਖਾ ਪੇਟ ਭੜੋਲੇ ਕੀਤੇ।

ਰੀਝਾਂ ਨਾਲ ਸ਼ਿੰਗਾਰੇ ਆਸ ਮਿਰੀ ਦੇ ਢੱਗੇ,
ਇਸ਼ਕ ਤੇਰੇ ਦੇ ਹਲਟਾਂ ਨੇ ਸਭ ਮੌਲੇ ਕੀਤੇ।

ਸ਼ਾਂਤ ਸੁਭਾਅ ਮਿਲਦੇ ਸਨ ਜਦ ਵੀ ਉਹ ਮਿਲਦੇ ਸਨ,
ਕਹਿਰ ਖ਼ੁਦਾ ਨੇ 'ਨੂਰ' ਹੋਰੀਂ ਬੜਬੋਲੇ ਕੀਤੇ।

83. ਹਉਮੈ ਨੂੰ ਇਕ ਦਿਨ ਅੱਗ ਲਾਉਣੀ ਪੈਣੀ ਹੈ

ਹਉਮੈ ਨੂੰ ਇਕ ਦਿਨ ਅੱਗ ਲਾਉਣੀ ਪੈਣੀ ਹੈ।
ਰੁੱਸਿਆਂ ਨੂੰ ਗਲਵੱਕੜੀ ਪਾਉਣੀ ਪੈਣੀ ਹੈ।

ਕਿੰਨੀ ਦੇਰ ਭਰੂਗਾ ਦੂਜਾ ਟੋਏ ਨੂੰ,
ਅਪਣੀ ਰੋਟੀ ਆਪ ਕਮਾਉਣੀ ਪੈਣੀ ਹੈ।

ਸੇਕ ਜਦੋਂ ਲੱਗਿਆ ਤਾਂ ਉਹ ਵੀ ਜਾਣ ਗਿਆ,
ਲਾਈ ਹੈ ਜੋ ਅੱਗ ਬੁਝਾਉਣੀ ਪੈਣੀ ਹੈ।

ਤੂੰ ਚਾਹਵੇਂ ਆਵਾਂ ਦੀਦਾਰ ਲਈ, ਐਪਰ-
ਜ਼ਾਬਤਿਆਂ ਦੀ ਰੋਕ ਹਟਾਉਣੀ ਪੈਣੀ ਹੈ।

ਅਣਖ਼ ਗਵਾ ਬੈਠਾ ਹਾਂ ਬਾਕੀ ਪਤਾ ਨਹੀਂ,
ਉਸ ਲਈ ਕੀ ਕੀ ਚੀਜ਼ ਗਵਾਉਣੀ ਪੈਣੀ ਹੈ।

ਰੋਜ਼ ਮਿਆਓ ਆਖੇ ਬਿੱਲੀ ਸੱਧਰਾਂ ਦੀ,
ਗਲ ਰੋਕਾਂ ਦੀ ਟੱਲੀ ਪਾਉਣੀ ਪੈਣੀ ਹੈ।

ਅੱਖ ਝੁਕਾ ਲਈ ਏ ਮਿਹਰਾਂ ਹੀ ਮਿਹਰਾਂ ਨੇ,
ਅਣਖ ਦਿਖਾਈਏ ਖੱਲ ਲੁਹਾਣੀ ਪੈਣੀ ਹੈ।

ਠੰਢੇ ਬਸਤੇ ਵਿਚ ਪੁੱਜੀ ਪਹਿਚਾਣ ਲਈ,
ਯਾਦਾਂ ਦੀ ਭੱਠੀ ਸੁਲਘਾਉਣੀ ਪੈਣੀ ਹੈ।

ਐਨਾ ਗੁੱਝਾ ਕੰਮ ਹੈ ਕਿਸ ਕਾਢੀ ਦਾ 'ਨੂਰ'
ਜਾਣਨ ਦੇ ਲਈ ਫ਼ਾਲ ਕਢਾਉਣੀ ਪੈਣੀ ਹੈ।

84. ਆਸਾਂ ਵਾਲਾ ਪੰਧ ਮੁਕਾ ਕੇ ਬੈਠ ਗਿਆ

ਆਸਾਂ ਵਾਲਾ ਪੰਧ ਮੁਕਾ ਕੇ ਬੈਠ ਗਿਆ।
ਉਹ ਹੱਥਾਂ ਤੋਂ ਮਹਿੰਦੀ ਲਾਹ ਕੇ ਬੈਠ ਗਿਆ।

"ਹੁਣ ਕੀ ਆਉਣੈਂ ਉਸ ਵਾਅਦੇ ਤੋਂ ਨੱ੍ਹਠੇ ਨੇ",
ਐਵੇਂ ਦਿਲ ਵਿਚ ਬਾਤ ਬਿਠਾ ਕੇ ਬੈਠ ਗਿਆ।

ਸਾਵਾ ਪੱਤਰ ਸਾਂ ਤੇ ਇਸ਼ਕ ਨਵੇਲਾ ਸੀ,
ਬਿਰਹਣ ਲੂ ਲੱਗੀ ਮੁਰਝਾ ਕੇ ਬੈਠ ਗਿਆ।

ਚੁਭਣ ਅਝੱਲੀ ਲੱਗੀ ਦੁਨੀਆਦਾਰਾਂ ਨੂੰ,
ਮੈਂ 'ਅੱਲਾ੍ਹ' ਵਲ ਰੁਖ ਪਰਤਾ ਕੇ ਬੈਠ ਗਿਆ।

ਹੱਕ ਪਰਾਏ ਬਾਰੇ ਦੱਸਦਾ ਦੱਸਦਾ ਉਹ,
ਮਾੜੇ ਦਾ ਹਿੱਸਾ ਵੀ ਖਾ ਕੇ ਬੈਠ ਗਿਆ।

ਜਿਸ ਦਿਨ ਤੋਂ ਹੈ ਵਾਪਸ ਮੰਗ ਉਧਾਰ ਲਿਆ,
ਉਸ ਦਿਨ ਤੋਂ ਉਹ ਰੱਫ਼ੜ ਪਾ ਕੇ ਬੈਠ ਗਿਆ।

ਸ਼ਾਇਰ ਹਾਂ ਵੇਲੇ ਨੂੰ ਟੱਕਰ ਦੇਵਾਂਗਾ,
'ਸਰਮਦ' ਹੀ ਸੀ ਖੱਲ ਲੁਹਾ ਕੇ ਬੈਠ ਗਿਆ।

ਮਹਿਲ ਉਸਰਦੇ ਦੇਖੇ ਜਦ ਧਨਵਾਨਾਂ ਦੇ,
ਝੱਲਾ ਅਪਣੀ ਝੁੱਗੀ ਢਾਅ ਕੇ ਬੈਠ ਗਿਆ।

ਸੋਚ ਰਿਹਾਂ ਕੀ ਕਹਿ ਦਿੱਤਾ ਬੇਲੀ ਨੂੰ 'ਨੂਰ',
ਹਸਦਾ ਹਸਦਾ ਪਿੱਠ ਭੁਆਕੇ ਬੈਠ ਗਿਆ।

85. ਕਬਰਾਂ ਵਿੱਚ ਦੁਆਵਾਂ ਲੱਭਦੇ ਫਿਰਦੇ ਨੇ

ਕਬਰਾਂ ਵਿੱਚ ਦੁਆਵਾਂ ਲੱਭਦੇ ਫਿਰਦੇ ਨੇ।
ਪਿਉ ਪੁੱਤ ਦੋਵੇਂ ਮਾਵਾਂ ਲੱਭਦੇ ਫਿਰਦੇ ਨੇ।

ਜਦ ਤੋਂ ਪੜ੍ਹਿਐ ਮਾਂ ਦੇ ਪੈਰਾਂ ਥੱਲੇ ਹੈ,
ਜੱਨਤ ਦਾ ਸਿਰਨਾਵਾਂ ਲੱਭਦੇ ਫਿਰਦੇ ਨੇ।

ਬਾਕੀ ਰਹਿ ਗਈਆਂ ਜੋ ਬਾਬੇ ਨਾਨਕ ਤੋਂ,
ਨਵੀਆਂ ਹੋਰ ਦਿਸ਼ਾਵਾਂ ਲੱਭਦੇ ਫਿਰਦੇ ਨੇ।

ਜਿੱਥੋਂ ਲੰਘਣ ਵਾਲੇ ਮੁੜ ਕੇ ਆਏ ਨਾ,
ਉਹ ਅਣਡਿੱਠੀਆਂ ਰਾਵ੍ਹਾਂ ਲੱਭਦੇ ਫਿਰਦੇ ਨੇ।

ਸਨ ਸਨਤਾਲੀ ਦੇ ਝੱਖੜ ਦੀਆਂ ਯਾਦਾਂ 'ਚੋਂ,
ਟੁੱਟੀਆਂ ਭੱਜੀਆਂ ਬਾਹਵਾਂ ਲੱਭਦੇ ਫਿਰਦੇ ਨੇ।

ਜਿੰਨੀਆਂ ਜੰਨਤ ਦੇ ਵਿਚ ਸੁਣਿਐ ਹੋਣਗੀਆਂ,
ਉੱਨੀਆਂ ਸ਼ੁੱਧ ਹਵਾਵਾਂ ਲੱਭਦੇ ਫਿਰਦੇ ਨੇ।

ਸਾਹਵਾਂ ਦੇ ਦਿਨ ਚਾਰ ਸੁਖਾਲੇ ਕੱਢਣ ਨੂੰ,
ਦੂਸ਼ਣ ਰਹਿਤ ਫ਼ਿਜ਼ਾਵਾਂ ਲੱਭਦੇ ਫਿਰਦੇ ਨੇ।

ਬੈਠ ਸਕਣ ਨਾ ਮਿਲ ਕੇ ਬੰਦੇ ਧਰਤੀ 'ਤੇ,
ਭਾਂਬੜ ਤੇਜ਼ ਹਵਾਵਾਂ ਲੱਭਦੇ ਫਿਰਦੇ ਨੇ।

ਦੋ ਗ਼ਜ਼ ਥਾਂ ਦੀ ਫ਼ਿਕਰ ਨਹੀਂ ਲੋਕਾਂ ਨੂੰ 'ਨੂਰ'
ਵੱਡੇ ਮਹਿਲ-ਸਰਾਵਾਂ ਲੱਭਦੇ ਫਿਰਦੇ ਨੇ।

86. ਜੀਵਨ ਵਿਚ ਕੁੱਝ ਐਸੇ ਰਿਸ਼ਤੇਦਾਰ ਮਿਲੇ

ਜੀਵਨ ਵਿਚ ਕੁੱਝ ਐਸੇ ਰਿਸ਼ਤੇਦਾਰ ਮਿਲੇ।
ਜੋ ਕਰਨੀ ਤੇ ਕਥਨੀ ਵਿਚ ਮੱਕਾਰ ਮਿਲੇ।

ਚਾੜ੍ਹ ਚੁਬਾਰੇ ਪੌੜੀ ਚੁੱਕੀ, ਤੀਰ ਬਣੇ,
ਹਮਦਰਦਾਂ ਦੀ ਸੂਰਤ ਵਿਚ ਗ਼ੱਦਾਰ ਮਿਲੇ।

ਮਾਤ ਕਰੀ ਕਈਆਂ ਨੇ ਲੂੰਬੜ-ਚਾਲਾਂ ਨੂੰ,
ਤੇ ਕੁੱਝ ਲੂੰਬੜੀਆਂ ਦੇ ਵੀ ਸਰਦਾਰ ਮਿਲੇ।

ਰਿਸ਼ਤੇ ਸਕੇ-ਸਬੰਧੀ ਵੀਰਾਂ-ਭੈਣਾਂ ਦੇ,
ਪੈਸੇ ਪਿੱਛੇ ਹੁੰਦੇ ਤਾਰੋ-ਤਾਰ ਮਿਲੇ।

ਜਿਹੜਾ ਸੁਲਾਹ-ਸਫ਼ਾਈ ਚਾਹੁੰਦਾ ਫਿਰਦਾ ਸੀ,
ਉਸ ਦੀ ਬੁੱਕਲ ਵਿੱਚੋਂ ਵੀ ਹਥਿਆਰ ਮਿਲੇ।

ਜਿੰਨੀ ਵਾਰੀ ਆਏ ਦੁੱਖ ਵੰਡਾਵਣ ਨੂੰ,
ਹਰ ਵਾਰੀ ਪਹਿਲਾਂ ਤੋਂ ਵੱਧ ਹੁਸ਼ਿਆਰ ਮਿਲੇ।

ਮਾੜੇ ਪਛੜੇ ਰੋਟੀ-ਦਾਲ ਸਕੀਮਾਂ ਤੋਂ,
ਤਕੜੇ ਰਾਸ਼ਨ-ਪਾਣੀ ਦੇ ਹੱਕਦਾਰ ਮਿਲੇ।

ਰਲ-ਮਿਲ ਲੁੱਟਾਂ ਪਾਈਆਂ ਬੈਤੁਲਮਾਲ ਦੀਆਂ,
ਚੋਰ-ਉਚੱਕੇ ਕੌਮਾਂ ਦੇ ਸਰਦਾਰ ਮਿਲੇ।

ਮਿਲਣ ਜਦੋਂ ਹੁਣ ਆਏ ਫੇਰ ਗਿਣਾਗੇ 'ਨੂਰ',
ਕਿੰਨੀ ਵਾਰੀ ਵਿਛੜੇ, ਕਿੰਨੀ ਵਾਰ ਮਿਲੇ।

87. ਕੀ ਹੁੰਦਾ ਹੈ ਕੁੱਲੀਆਂ, ਝੁੱਗੀਆਂ, ਝਾਨਾਂ ਨਾਲ

ਕੀ ਹੁੰਦਾ ਹੈ ਕੁੱਲੀਆਂ, ਝੁੱਗੀਆਂ, ਝਾਨਾਂ ਨਾਲ।
ਭਾਂਬੜ ਰਲ ਜਾਂਦਾ ਹੈ ਜਦ ਤੂਫ਼ਾਨਾਂ ਨਾਲ।

ਗ਼ਜ਼ਲਾਂ, ਦੋਹੇ, ਕਵਿਤਾ, ਕਾਫ਼ੀ, ਚੌਮਿਸਰੇ,
ਕੀ ਕੀ ਬਣ ਜਾਂਦਾ ਹੈ ਸੋਚ-ਉਡਾਨਾਂ ਨਾਲ।

ਕੀ ਨਹੀਂ ਹੁੰਦਾ, ਫ਼ਾਂਸੀ ਵੀ ਹੋ ਸਕਦੀ ਹੈ,
ਇਕ ਸੱਚੇ ਨੂੰ ਤੇਰੇ ਝੂਠ ਬਿਆਨਾਂ ਨਾਲ।

ਇਹ ਵੱਡੇ ਹੁੰਦੇ ਨੇ ਚੰਗਿਆਂ ਲੋਕਾਂ ਨਾਲ,
ਸ਼ਹਿਰ ਬੜੇ ਨਹੀਂ ਹੁੰਦੇ, ਬੜੇ ਮਕਾਨਾਂ ਨਾਲ।

ਛੱਡ ਗਿਆ ਜ਼ਿੱਦ ਉਹ ਵੀ ਤਾਰੇ ਮੰਗਣ ਦੀ,
ਮੈਂ ਵੀ ਲੜਨਾ ਛੱਡ ਦਿੱਤਾ ਅਸਮਾਨਾਂ ਨਾਲ।

ਤਕੜਾ ਸੌ ਸੌ ਜਿਣਸ ਬਣਾਵੇ ਖਾਣ ਲਈ,
ਮਾੜਾ ਢਿੱਡ ਭਰ ਲੈਂਦੈ, ਸੁੱਕੇ ਨਾਨਾਂ ਨਾਲ।

ਭਾਵੇਂ ਤਿਗੜਮਬਾਜ਼ੀ ਵਸ ਦੀ ਬਾਤ ਨਹੀਂ,
ਪਰ ਲੋਕਾਂ ਦੇ ਦਿਲ ਜਿੱਤੇ ਨੇ ਸ਼ਾਨਾਂ ਨਾਲ।

ਆਂਚ ਨਾ ਆਵਣ ਦਿੱਤੀ ਨੇਕ ਹਿਆਤੀ 'ਤੇ,
ਸਾਰੀ ਉਮਰ ਰਿਹਾ ਬਹਿੰਦਾ ਸ਼ੈਤਾਨਾਂ ਨਾਲ।

ਖੁੱਲ-ਦਿਲੀ ਦੀ ਹੱਟੀ ਜਿੱਥੇ ਮਰਜ਼ੀ ਖੋਲ੍ਹ,
ਬਣ ਜਾਣੈਂ ਇਕ ਦਿਨ ਬਾਜ਼ਾਰ ਦੁਕਾਨਾਂ ਨਾਲ।

ਚੜ੍ਹ ਨਾ ਸਕਿਆ ਉਹ ਮਕਸਦ ਦੀ ਟੀਸੀ ਤੇ,
ਸਾਰਾ ਜੀਵਨ ਘੁਲਦਾ ਰਿਹਾ ਢਲਾਨਾਂ ਨਾਲ।

ਕਾਰੋਬਾਰੀ ਬੰਦੇ ਕਸਮਾਂ ਖਾ ਖਾ ਕੇ,
ਲੁੱਕਣ-ਮੀਟੀ ਖੇਢਣ ਰੋਜ਼ ਕੁਰਆਨਾਂ ਨਾਲ।

ਪੱਲੇ ਕੱਖ ਨਹੀਂ ਛੱਡਿਆ ਵੱਧ ਕੀ ਆਖਾਂ,
ਸਭ ਕੁੱਝ ਲੁੱਟ ਲਿਆ ਉਸ ਨੇ ਮੁਸਕਾਨਾਂ ਨਾਲ।

ਕਿਉਂ ਲਿਖਤਾਂ-ਪੜ੍ਹਤਾਂ ਦੇ ਵਿਚ ਪੈ ਚੱਲਿਆ ਏਂ,
ਦਿਲ ਦੇ ਸੌਦੇ ਹੁੰਦੇ ਸਦਾ ਜ਼ੁਬਾਨਾਂ ਨਾਲ।

ਰੋਜ਼ ਨਵੇਂ ਹਥਿਆਰ ਬਣਾਉਂਦੇ ਨੇ ਵੱਡੇ,
ਛੋਟੇ ਮੁਲਕਾਂ ਵਿਚ ਖੇਡਣ ਨੂੰ ਜਾਨਾਂ ਨਾਲ।

ਸ਼ੈਆਂ ਵਾਰੀ ਕਸਮਾਂ ਖਾ ਕੇ ਆਉਣ ਦੀਆਂ,
ਖੇਡ ਰਹੇ ਨੇ ਕਿੰਨੇ ਲੋਕ ਈਮਾਨਾਂ ਨਾਲ।

ਛੋਟਾ-ਮੋਟਾ ਸਮਝ ਨਾ 'ਨੂਰ ਮੁਹੰਮਦ' ਨੂੰ,
ਅੱਜ-ਕੱਲ ਖਹਿੰਦੈ ਗ਼ਜ਼ਲ ਦਿਆਂ ਸੁਲਤਾਨਾਂ ਨਾਲ।

88. ਰਲ ਕੇ ਅਪਣੇ ਵਰਗੇ ਬਗਲੇ ਭਗਤਾਂ ਨਾਲ

ਰਲ ਕੇ ਅਪਣੇ ਵਰਗੇ ਬਗਲੇ ਭਗਤਾਂ ਨਾਲ।
ਸੱਚਾ-ਸੁੱਚਾ ਬਣ ਬੈਠਾ ਹੈ ਇਕ ਦਲਾਲ।

ਢੇਰ ਸਮੇਂ ਤੱਕ ਖੇਡ ਲਿਆ ਅਸਮਾਨਾਂ ਨਾਲ,
ਜਾਣਾ ਚਾਹੁੰਦੇ ਨੇ ਹੁਣ ਲੋਕੀ ਵਿੱਚ ਪਤਾਲ।

ਲੋਕ ਹੜ੍ਹਾਂ ਵਿਚ ਤੱਕ ਕੇ ਬੇੜੀ ਡੁੱਬਦੀ ਨੂੰ,
ਉਸ ਨੂੰ ਲੋਕ ਭਲਾਈ ਦਾ ਆ ਗਿਆ ਖ਼ਿਆਲ।

ਮੈਂ ਵੀ ਬੱਚਿਆਂ ਦਾ ਸਿਰ ਢੱਕ ਕੇ ਬਹਿ ਜਾਂਦਾ,
ਛੁੱਟ ਜਾਂਦੀ ਜੇ ਗਹਿਣਿaੁਂ ਭੂਮੀ ਅੱਧ ਕਨਾਲ।

ਅਪਣੇਪਣ ਵਿਚ ਜਿਸ ਤੇ ਤਨ-ਮਨ ਵਾਰ ਦਿੱਤਾ,
ਪੂਰਾ ਕਰ ਨਾ ਸਕਿਆ ਮੇਰਾ ਇਕ ਸਵਾਲ।

ਜਦ ਖ਼ਰਚੀਲੇ ਸ਼ੌਕ ਵਧਾਏ ਟੱਬਰ ਨੇ,
ਜਾਪਣ ਲੱਗਿਆ ਹੋਵਾਂਗੇ ਹੁਣ ਹੋਰ ਕੰਗਾਲ।

ਤੋੜ ਦਿਊ ਬੇਗਾਨਾ ਅੱਧ-ਵਿਚਾਲੇ ਤੋਂ,
ਟੰਗਾਂ ਨਾ ਦੂਜੇ ਦੇ ਵਿਹੜੇ ਵਿੱਚ ਨਿਸਾਲ।

ਤਿੜਕ ਗਿਆ ਤਾਂ ਯਾਦਾਂ ਕਿੱਥੇ ਸਾਂਭਾਂਗੇ,
ਦਿਲ ਨੂੰ ਆਇਐ ਹੁਣ ਤਾਂ ਭੋਰਾ ਜਿੰਨਾਂ ਵਾਲ।

ਉਸ ਦੇ ਨਾਲ ਸਬੰਧਤ ਕੁੱਝ ਤਾਂ ਹੋਵੇਗਾ,
ਯਾਦ ਨਹੀਂ ਤਾਂ ਯਾਦਾਂ ਦੇ ਢੇਰਾਂ ਚੋਂ ਭਾਲ।

ਸਾਥੋਂ ਤਾਂ ਸੱਚੀ ਵੀ ਆਖੀ ਜਾਵੇ ਨਾ,
ਕਰ ਜਾਂਦੇ ਨੇ ਗੱਲਾਂ ਦੇ ਵਿਚ ਲੋਕ ਕਮਾਲ।

ਕੀੜੇ ਭੋਜਨ ਇਸ ਲਈ ਕੱਠਾ ਕਰਦੇ ਨੇ,
ਤਾਂ ਜੋ ਅੰਦਰ ਬਹਿਕੇ ਲਈਏ ਕੱਢ ਸਿਆਲ।

ਸਿਤਮ ਜ਼ਰੀਫ਼ੀ ਦੇਖੋ ਲੰਘਦੇ ਵੇਲੇ ਦੀ,
ਕਿੰਨੇ ਕੰਗਲੇ ਹੋ ਬੈਠੇ ਨੇ ਮਾਲੋ-ਮਾਲ।

ਫੇਰ ਇਰਾਦਾ ਲੱਗਦੈ ਲੁੱਟਾਂ-ਖੋਹਾਂ ਦਾ,
ਫੇਰ ਲੁਟੇਰੇ ਭੇਜ ਰਹੇ ਨੇ ਰੋਜ਼ ਦਲਾਲ।

ਪੱਛ ਮਾਰਣ ਤੋਂ ਤਦ ਤੱਕ ਰਿਸ਼ਤੇਦਾਰ ਡਰੇ,
ਜਦ ਤੱਕ ਮੇਰੇ ਹੱਥ ਸੀ ਵਹੁਟੀ ਵਰਗੀ ਢਾਲ।

ਹਾਲੇ ਤਾਂ ਬਾਕੀ ਨੇ ਆਸਾਂ ਜਿਉਣ ਦੀਆਂ,
'ਨੂਰ ਮੁਹੰਮਦ' ਅਪਣੇ ਵਿਰਸੇ ਨੂੰ ਸੰਭਾਲ।

89. ਜਿੰਨ੍ਹਾਂ ਜੁੱਸੇ ਵਿਚ ਪਿਆ ਹੈ ਸਾਰਾ ਦੇ ਦੇ

ਜਿੰਨ੍ਹਾਂ ਜੁੱਸੇ ਵਿਚ ਪਿਆ ਹੈ ਸਾਰਾ ਦੇ ਦੇ।
ਅਪਣਾ ਗੁੱਸਾ ਕੁੱਝ ਦਿਨ ਹੋਰ ਉਧਾਰਾ ਦੇ ਦੇ।

ਸ਼ਾਇਦ ਸਾਂਝ ਬਣੀ ਰਹਿ ਜਾਵੇ ਦੋ ਕੌਮਾਂ ਦੀ,
ਮੰਦਰ ਲੈ ਲੈ ਮੈਨੂੰ ਗੁਰੂਦੁਆਰਾ ਦੇ ਦੇ।

ਕੁੱਝ ਪਲ ਖ਼ਾਤਰ ਦੇਖ ਲਵਾਂ ਦੁਨੀਆਂ ਤੇ ਜੀਅ ਕੇ,
ਸੁਫ਼ਨੇ ਵਿਚ ਹੀ ਹੋਟਲ ਪੰਜ ਸਿਤਾਰਾ ਦੇ ਦੇ।

ਵਣਜ ਵਫ਼ਾ ਦਾ ਜਿਸ ਨੇ ਕੀਤਾ ਧੋਖਾ ਖਾਧਾ,
ਜਿਉਣ ਜੋਗਿਆ! ਵਾਧਾ ਸਾਂਭ ਖ਼ਸਾਰਾ ਦੇ ਦੇ।

ਜਿਉਂਦੇ ਰਹਿਣ ਲਈ ਕੋਈ ਤਾਂ ਹੀਲਾ ਹੋਵੇ,
ਭਾਵੇਂ ਪਰਲੋ ਤੀਕ ਮਿਲਣ ਦਾ ਲਾਰਾ ਦੇ ਦੇ।

ਦੇਖ ਸਕਣ ਬੱਚੇ ਕੁੱਲੀ ਤੋਂ ਬਾਹਰ ਰਹਿਕੇ,
ਛੱਤ ਲਵਾਂ ਘਰ ਰੱਬਾ! ਇੱਟਾਂ, ਗਾਰਾ ਦੇ ਦੇ।

ਕੰਮ ਕਿਸੇ ਦੇ ਆਵਾਂ ਅਪਣੀ ਕਰਕੇ ਖਾਵਾਂ,
ਭੁੱਲ ਗਿਆ, ਹਿੰਮਤ ਤੇ ਹੁਨਰ ਦੁਬਾਰਾ ਦੇ ਦੇ।

ਜਿਥੇ ਮਰਜ਼ੀ ਚਰਦੀ ਫ਼ਿਰੇ ਚਰਾਂਦਾਂ ਦੇ ਵਿਚ,
ਅੱਲੜ ਬੱਛੇ ਵਰਗੀ ਜ਼ਿੰਦ ਅਵਾਰਾ ਦੇ ਦੇ।

ਯਾਦ ਜਦੋਂ ਆਵੇਗੀ ਝਾਤੀ ਮਾਰ ਲਵਾਂਗੇ,
ਜਾਂਦਾ ਜਾਂਦਾ ਅਪਣਾ 'ਨੂਰ' ਉਤਾਰਾ ਦੇ ਦੇ।

90. ਹੁਕਮ ਮੁਤਾਬਿਕ ਕੱਢ ਕੇ ਦਿਲੋਂ ਖ਼ਿਆਨਤ ਨੂੰ

ਹੁਕਮ ਮੁਤਾਬਿਕ ਕੱਢ ਕੇ ਦਿਲੋਂ ਖ਼ਿਆਨਤ ਨੂੰ।
ਸਾਂਭੀ ਬੈਠਾਂ ਉਸ ਦੀ ਨੇਕ ਅਮਾਨਤ ਨੂੰ।

ਹਰ ਪਲ ਕਰਾਂ ਉਡੀਕਾਂ ਉਹ ਦਿਨ ਆਉਣ ਦੀਆਂ,
ਕਹਿ ਗਈ ਫੇਰ ਮਿਲਾਂਗੇ ਰੋਜ਼ ਕਿਆਮਤ ਨੂੰ।

ਜੀਣ-ਸਹਾਰਾ ਬਣ ਬੈਠੀ ਮੈਂ ਝੱਲੇ ਦਾ,
ਜਿੱਥੇ ਮਰਜ਼ੀ ਵਰਤਾਂ ਯਾਦ ਅਲਾਮਤ ਨੂੰ।

ਧੁਰ ਅੰਦਰ ਜਾ ਪਹੁੰਚੀ ਉਹ ਸ਼ਰਿਆਨਾਂ ਦੇ,
ਕਿਵੇਂ ਹਟਾਈਏ ਖ਼ੁਦਗ਼ਰਜ਼ੀ ਦੀ ਲਾਅਨਤ ਨੂੰ।

ਯਾਦ ਜਿਹੀ ਕਾਈ ਸ਼ੈ ਜਿਸ ਪਲ ਵੀ ਆਵੇ,
ਜ਼ਖ਼ਮੀ ਕਰ ਜਾਵੇ ਦਿਲ ਸਹੀ-ਸਲਾਮਤ ਨੂੰ।

ਮੇਰੀ ਕਰਨੀ ਭਰਨ ਲਈ ਉਹ ਆਇਆ ਨਾ,
ਜਦ ਵੀ ਹਾੜ੍ਹੇ ਕੱਢੇ ਬਹੁੜ ਜ਼ਮਾਨਤ ਨੂੰ।

ਲੋਕ ਜਦੋਂ ਨਾ ਸੱਚ ਦੇ ਪੈਰੋਕਾਰ ਬਣੇ,
ਉਸ ਨੇ ਵੀ ਕਰ ਦਿੱਤਾ ਤਰਕ ਕਿਆਦਤ ਨੂੰ।

ਸੌਖਾ ਹੁੰਦਾ ਬਚਣਾ ਇਸ਼ਕ ਫ਼ਲਾਹੀ ਤੋਂ,
'ਨੂਰ' ਭਲਾ ਕਿਉਂ ਪਿਟਦੇ ਆਈ ਸ਼ਾਮਤ ਨੂੰ।

91. ਮਾਲ ਪਰਾਏ ਵੱਲ ਨਹੀਂ ਬਹੁਤਾ ਤੱਕੀ ਦਾ

ਮਾਲ ਪਰਾਏ ਵੱਲ ਨਹੀਂ ਬਹੁਤਾ ਤੱਕੀ ਦਾ।
ਪੜ੍ਹਿਐ, ਜਦੋਂ ਪੜ੍ਹਾਕੂ ਸਾਂ ਮੈਂ ਪੱਕੀ ਦਾ।

ਉਹ ਕਾਹਨੂੰ ਬੈਠੇ ਹੁਣ ਕਾਰ ਬਿਗਾਨੀ ਤੇ,
ਰੱਜ ਅਨੰਦ ਲਵੇ ਜੋ ਅਪਣੀ ਬੱਕੀ ਦਾ।

ਅੱਗੇ ਬਹਿ ਸ਼ਰਮਾਕਲ ਰੂਪ ਗੁਲਾਬੀ ਨੂੰ,
ਨੈਣ ਸ਼ਰਾਬੀ ਕਰਕੇ ਨਹੀਉਂ ਤੱਕੀ ਦਾ।

ਪਿਸ ਬੈਠਾ ਜਿਸ ਨੇ ਆਵਾਜ਼ ਬੁਲੰਦ ਕਰੀ,
ਘੁਣ ਨੂੰ ਛੱਡਦਾ ਹੈ ਕਦ ਪੱਥਰ ਚੱਕੀ ਦਾ।

ਝੱਲ ਲਵੇਗਾ ਹੁੰਮਸ ਤਨ 'ਤੇ ਭਾਦੋਂ ਦੀ,
ਜਿਸ ਨੇ ਗੁੱਡਿਐ ਖੇਤ ਨਿਸਾਰੂ ਮੱਕੀ ਦਾ।

ਕੋਸ਼ਿਸ਼ ਕਰਿਆਂ ਹੁਨਰ ਅਸਾਂ ਨੂੰ ਆਇਆ ਨਾ,
ਮਜ਼ਲੂਮਾਂ ਦਾ ਮਾਲ ਕਿਵੇਂ ਹੈ ਫੱਕੀ ਦਾ।

ਹੁਣ ਇਹ ਦੋਸ਼ੀ ਦੀ ਕੀ ਗਰਦਨ ਨੱਪੇਗੀ,
ਟੁੱਟ ਗਿਆ ਗੱਭਿਉਂ ਸਪਰਿੰਗ ਕੜੱਕੀ ਦਾ।

ਕਰਦੇ ਜਾਉ ਪੁੰਨ ਤੇ ਫਲੀਆਂ ਦੋਵੇਂ ਨੇ,
ਚੰਗੇ ਕੰਮਾਂ ਨੂੰ ਨਹੀਂ ਕਰਨੋ ਅੱਕੀ ਦਾ।

ਛੋਟੇ ਵੱਡੇ ਸਭ ਮਸ਼ਕਰੀਆਂ ਕਰਦੇ ਨੇ,
ਇਕ-ਇਕੱਲਾ 'ਨੂਰ' ਹੈ ਦਿਲਬਰ 'ਹੱਕੀ' ਦਾ।

92. ਪਾ ਆਸਾਂ ਦਾ ਖ਼ੂਨ ਉਗਾਏ ਬੂਟੇ ਨੂੰ

ਪਾ ਆਸਾਂ ਦਾ ਖ਼ੂਨ ਉਗਾਏ ਬੂਟੇ ਨੂੰ।
ਫਲ ਲੱਗਿਆ ਨਾ ਮੇਰੇ ਲਾਏ ਬੂਟੇ ਨੂੰ।

ਇਕ ਦਿਨ ਵੀ ਨੈਣਾ ਚੋਂ ਪਾਣੀ ਨਾ ਦਿੱਤਾ,
ਉਸ ਨੇ ਰੀਝਾਂ ਦੇ ਕੁਮਲਾਏ ਬੂਟੇ ਨੂੰ।

ਤੱਕਦਾ-ਤੱਕਦਾ ਆਖ਼ਰ ਮੈਂ ਵੀ ਸੰਗ ਗਿਆ,
ਸੁੰਦਰ ਦਿੱਖ ਦੇ ਉਸ ਸ਼ਰਮਾਏ ਬੂਟੇ ਨੂੰ।

ਬੰਦਿਆਂ ਵਾਂਗੂੰ ਹੋਣ ਨਾ ਦੇਣ ਬਰਾਬਰ ਦਾ,
ਕੁੱਝ ਵੱਡੇ ਰੁੱਖਾਂ ਦੇ ਸਾਏ ਬੂਟੇ ਨੂੰ।

ਕੰਧ ਤੋਂ ਊਚਾ ਹੁੰਦਾ ਤੱਕ ਕੇ ਲੜਦੇ ਨੇ,
ਹਮਸਾਏ ਤੇ ਚਾਚੇ-ਤਾਏ, ਬੂਟੇ ਨੂੰ।

ਮੁੜ ਮੁੜ ਤਰਲੇ ਪਾਵਾਂ ਛਾਵਾਂ ਦੇਣ ਲਈ,
ਰਿਸ਼ਤੇਦਾਰੀ ਦੇ ਘਣ-ਛਾਏ ਬੂਟੇ ਨੂੰ।

ਹਿੱਕ-ਧੜੱਕਾ ਲੱਗੇ ਬੇ-ਵਸ ਸੱਧਰਾਂ ਨੂੰ,
ਜਦ ਤਕੜੇ ਦੀ ਬੱਕਰੀ ਖਾਏ ਬੂਟੇ ਨੂੰ।

ਉਹ ਵੀ ਵੇਲਾ ਆਊ ਲੋਕੀ ਕੱਟਣਗੇ,
ਅਪਣੇ ਹੱਥੀਂ ਆਪ ਲਗਾਏ ਬੂਟੇ ਨੂੰ।

ਯਾਰਾਂ ਨੇ ਪਿੱਛੇ ਮੁੜ ਕੇ ਤੱਕਿਆ ਨਾ 'ਨੂਰ'
ਸੱਧਰਾਂ ਦੇ ਭੁੱਖੇ ਤਿਰਹਾਏ ਬੂਟੇ ਨੂੰ।

93. ਸਾਇਆ ਹਮਸਾਏ ਦੇ ਜਾਂਦੈ ਜਾਣ ਦਿਓ

ਸਾਇਆ ਹਮਸਾਏ ਦੇ ਜਾਂਦੈ ਜਾਣ ਦਿਓ।
ਮੈਨੂੰ ਸਰਹੱਦਾਂ ਤੱਕ ਰੁੱਖ ਉਗਾਣ ਦਿਓ।

ਬੁੱਢੀਆਂ ਵੱਖੀਆਂ ਵਿਚ ਤਾਕਤ ਨਹੀਂ ਝੱਲਣ ਦੀ,
ਇੰਜ ਹੁੱਜਾਂ ਨਾ ਮਾਰੋ ਮੇਰੇ ਹਾਣ ਦਿਓ।

ਸਾਂਤ ਸੁਭਾਅ ਰੱਖੋ ਆਪੇ ਰੁਕ ਜਾਵੇਗੀ,
ਹਾਲੇ ਗਰਮ ਹਵਾ ਹੈ ਘੇਰੇ ਖਾਣ ਦਿਓ।

ਬਿਨ ਸੱਦੇ, ਬਿਨ ਦੱਸੇ ਉਹ ਆ ਬੈਠੇ ਨੇ,
ਇਸ ਮਿਲਣੀ ਨੂੰ ਕੋਈ ਤਾਂ ਪਹਿਚਾਣ ਦਿਓ।

ਬਲ ਜਾਵੇਗੀ ਆਪੇ ਅੱਗ ਮੁਹੱਬਤ ਦੀ,
ਹੁਣ ਮੱਠੀ ਮੱਠੀ ਧੂਣੀ ਸੁਲਘਾਣ ਦਿਓ।

ਸੇਕ ਉਹਨੂੰ ਵੀ ਲੱਗੂ ਭਾਂਬੜ ਮੱਚਦੇ ਦਾ,
ਮੇਰੇ ਘਰ ਨੂੰ ਲਾਂਬੂ ਲਾਉਂਦੈ ਲਾਉਣ ਦਿਓ।

ਦੀਪਕ ਰਾਗ ਅਲਾਪੂ ਹਰ ਸਾਹ ਉਹਦਾ ਵੀ,
ਹਾਲੇ ਗੀਤ ਖ਼ੁਸ਼ੀ ਦੇ ਗਾਉਂਦੈ ਗਾਉਣ ਦਿਓ।

ਪੰਡ ਦੁਖਾਂ ਦੀ ਕੱਲਾ ਚੁੱਕੀ ਫਿਰਦਾ ਹੈ,
ਮੈਨੂੰ ਵੀ ਕੁੱਝ ਉਸ ਦਾ ਬੋਝ ਵੰਡਾਣ ਦਿਓ।

ਘਰ ਦਾ ਮੌਸਮ ਠੀਕ ਬਣਾ ਕੇ ਰੱਖੋ 'ਨੂਰ'
ਸੁਲਘਦੀਆਂ ਨੇ ਰੁੱਤਾਂ ਸੁਲਘੀ ਜਾਣ ਦਿਓ।

94. ਕੜੀਆਂ ਗਿਣਦਾ ਗਿਣਦਾ ਮੈਂ ਵੀ ਅੱਕ ਗਿਆ

ਕੜੀਆਂ ਗਿਣਦਾ ਗਿਣਦਾ ਮੈਂ ਵੀ ਅੱਕ ਗਿਆ।
ਉਹ ਵੀ ਬੂਹਾ ਢੋਅ ਕੇ ਰੋਂਦਾ ਥੱਕ ਗਿਆ।

ਕਿਉਂ ਕੰਡਿਆਂ ਵਿਚ ਜ਼ਖ਼ਮੀ ਕਰਦੈਂ ਹੱਥਾਂ ਨੂੰ,
ਫਲ ਆਪੇ ਝੜ ਜਾਊ ਜਿਸ ਦਿਨ ਪੱਕ ਗਿਆ।

ਜਾਂਚ ਰੀਪੋਰਟ ਖੋਹਲੂ ਭੇਦ ਹਕੀਕਤ ਦਾ,
ਕੌਣ ਕਿਸੇ ਦਾ ਕਿੰਨਾ ਹਿੱਸਾ ਫੱਕ ਗਿਆ।

ਉਹ ਇਹ ਕਹਿੰਦਾ ਫਿਰਦਾ ਹੈ ਹੁਣ ਲੋਕਾਂ ਨੂੰ,
ਮੇਰਾ ਉਸ ਦੀ ਨੀਅਤ ਉੱਤੇ ਸ਼ੱਕ ਗਿਆ।

ਖ਼ੈਰਾਂ ਪਾ ਪਾ ਵੰਡੀ ਅਪਣੇ ਹਿੱਸੇ ਦੀ,
ਉਸ ਨੂੰ ਜਿਸ ਦਾ ਹਿੱਸਾ ਮਿਲਿਆ ਚੱਕ ਗਿਆ।

ਉਮਰ ਗਵਾਈ ਉਸ ਦਾ ਅਜ਼ਮ ਬਣਾਉਣ ਲਈ,
ਉਹ ਕਹਿੰਦੇ ਦਾ ਕਹਿੰਦਾ ਮੇਰਾ ਨੱਕ ਗਿਆ।

ਝੱਲ ਸਕੂ ਕਿੰਜ, ਵਾਂਗ ਜ਼ਮਾਨੇ, ਦੁੱਖ ਜਿਸ ਦੀ-
ਹਿੰਮਤ ਦੀ ਕੰਗਰੋੜ ਗਈ ਜਾਂ ਲੱਕ ਗਿਆ।

ਭੋਲੇਪਣ ਦਾ ਲਾਭ ਉਠਾਇਆ ਸਭਨਾ ਨੇ,
ਜਿਹੜੇ ਦਫ਼ਤਰ ਵਿਚ ਮਹਿਮੂਦ–ਉਲ-ਹੱਕ ਗਿਆ।

ਫੇਰ ਕਿਵੇਂ ਝੱਲੇਂਗਾ 'ਨੂਰ' ਜੁਦਾਈ ਨੂੰ,
ਸਬਰ ਪਿਆਲਾ ਜਦ ਉੱਪਰ ਤੱਕ ਡੱਕ ਗਿਆ।

95. ਭਾਵੇਂ ਦੁਖੜੇ ਹੋਰਾਂ ਦੇ ਜਾਣੋ ਨਾ ਜਾਣੋ

ਭਾਵੇਂ ਦੁਖੜੇ ਹੋਰਾਂ ਦੇ ਜਾਣੋ ਨਾ ਜਾਣੋ।
ਇਸ ਬਸਤੀ ਦੇ ਲੋਕਾਂ ਦੀ ਆਵਾਜ਼ ਪਛਾਣੋ।

ਏਕੇ ਦਾ ਭਾਸ਼ਣ ਸੁਣ ਕੇ ਵੀ ਲੋਕ ਰੁਕੇ ਨਾ,
ਅਪਣੀ ਅਪਣੀ ਡੱਫ਼ਲੀ ਅਪਣਾ ਸਾਜ਼ ਵਜਾਣੋ।

ਸੂਰਜ ਤਾਂ ਚਾਹੁੰਦਾ ਹੈ ਉਸ ਨੂੰ ਦੂਰ ਭਜਾਵਾਂ,
ਕਦ ਹਟਦੀ ਹੈ ਧਰਤੀ ਨੇੜੇ ਚੱਕਰ ਖਾਣੋ।

ਦੇਖ ਲਵੋ ਇਹ ਮਿਰਜ਼ੇ ਦੇ ਨੇ ਜਾਂ ਦੁੱਲੇ ਦੇ,
ਟੁੱਟੇ ਤੀਰ ਮਿਲੇ ਨੇ ਜਿਹੜੇ ਬਿਨਾਂ ਕਮਾਣੋ।

ਨਫ਼ਰਤ ਦੀ ਕੰਧ ਡੇਗਨ ਦੀ ਜਦ ਬਾਤ ਚਲਾਈ,
ਕੱਢ ਤਲਵਾਰਾਂ ਬੈਠ ਗਏ ਕੁੱਝ ਲੋਕ ਮਿਆਣੋ।

ਸਿੱਖ ਗਈ ਤਹਿਜ਼ੀਬ ਉਹ ਸਾਡੇ ਘਰ ਵਿੱਚ ਰਹਿਕੇ,
ਅੰਦਰ ਵੜੇ 'ਮਿਆਉਂ' ਕਹਿ ਕੇ ਬਿੱਲੀ ਮਾਣੋ।

ਪੜ੍ਹਨ ਸਮੇਂ ਵੀ ਏਹੋ ਇਸ ਦੀ ਆਦਤ ਹੈ ਸੀ,
ਬਚਦਾ ਨਹੀਂ ਅਜੇ ਵੀ ਬੁੱਢਾ ਛਿੱਤਰ ਖਾਣੋ।

'ਨਾਢੂ ਖ਼ਾਂ' ਦੀ ਬੇਟੀ ਰਿਸ਼ਤਾ ਨਿੱਤ ਠੁਕਰਾਵੇ,
ਬੈਠੀ ਬੁੱਢੀ ਹੋ ਚੱਲੀ 'ਰਾਮੇ' ਕੀ 'ਰਾਣੋ'।

ਜੇ ਚਾਹੁੰਦੇ ਹੋ ਵੇਲਾ ਖ਼ੈਰੀਂ ਲੰਘੇ 'ਨੂਰ',
ਘਰ ਦੇ 'ਕੱਲੇ 'ਕੱਲੇ ਜੀਅ ਦੀ ਰਮਜ਼ ਪਛਾਣੋ।

96. ਦੁੱਧ ਜਦੋਂ ਸੁੱਖਾਂ ਦਾ ਕੜ੍ਹਿਆ

ਦੁੱਧ ਜਦੋਂ ਸੁੱਖਾਂ ਦਾ ਕੜ੍ਹਿਆ।
ਦੁੱਖ ਨੂੰ ਚੋਰੀਉਂ ਪੀਂਦੇ ਫੜਿਆ।

ਉਹ ਤਕੜਾ ਹੈ ਮੈਂ ਕਮਜ਼ੋਰਾ,
ਜਾਵੇ ਨਾ ਲੀਹ ਕੱਢ ਕੇ ਲੜਿਆ।

ਇਸ਼ਕ ਕਬੂਤਰ ਐਸਾ ਉਡਿਆ,
ਮੇਰੇ ਖੁੱਡੇ ਮੁੜ ਨਾ ਵੜਿਆ।

ਜੀਵਨ ਜਾਚ ਕਿਸੇ ਤੋਂ ਸਿੱਖ ਲੈ,
ਔਤਾ ਨਾ ਮਰ ਜਾਵੀਂ ਛੜਿਆ।

ਮੈਨੂੰ ਸਬਕ ਦਏ ਮੁਖ਼ਲਸ ਦਾ,
ਜੋ ਮੇਰੇ ਚੇਲੇ ਤੋਂ ਪੜ੍ਹਿਆ।

ਉਹਲੇ-ਚੋਰੀ ਕਰ, ਤਕੜੇ ਨੇ,
ਜ਼ੁਲਮ ਗ਼ਰੀਬਾਂ ਉੱਤੇ ਮੜ੍ਹਿਆ।

ਨਿੱਕਿਆ ਇੱਜ਼ਤ ਕਰਨੀ ਸਿੱਖ ਲੈ,
ਤੂੰ ਵੀ ਦਰਸਾ ਸ਼ਫ਼ਕਤ ਬੜਿਆ।

ਪਾਰ ਉਡੀਕਾਂ ਕਰਦਾ ਕੋਈ,
ਦੇਖੀਂ ਖਰ ਨਾ ਜਾਵੀਂ ਘੜਿਆ।

ਧੁੱਪ ਹਿਜਰ ਦੀ ਸਹਿੰਦੇ 'ਨੂਰ',
ਦਿਲ ਦਾ ਟੋਟਨ ਜਾਵੇ ਰੜ੍ਹਿਆ।

97. ਜਿਹੜਾ ਚੰਡੀਗੜ੍ਹ ਵਿਚ ਰਹਿ ਕੇ ਪੜ੍ਹਿਆ ਦੁੱਧ

ਜਿਹੜਾ ਚੰਡੀਗੜ੍ਹ ਵਿਚ ਰਹਿ ਕੇ ਪੜ੍ਹਿਆ ਦੁੱਧ।
ਮੁੜ ਕੇ ਪਿੰਡ ਦੇ ਹਾਰੇ ਵਿਚ ਨਾ ਵੜਿਆ ਦੁੱਧ।

ਸੋਚ ਰਿਹਾਂ ਜਦ ਤੋਂ ਉਸ ਨੇ ਨਾਂਹ ਕੀਤੀ ਹੈ,
ਮੇਰੇ ਹੱਥੋਂ ਕਿਉਂ ਨਾ ਉਸ ਨੇ ਫੜਿਆ ਦੁੱਧ।

ਠੰਢਾ ਪੀਵਾਂ ਤਾਂ ਜੁੱਸਾ ਠਰ ਜਾਂਦਾ ਹੈ,
ਤੱਤਾ ਪੀਂਦੇ ਸਾਰ ਕਲੇਜੇ ਲੜਿਆ ਦੁੱਧ।

ਟੋਭੇ ਵਾਲੀ ਘਾਲ ਮਿਲਾ ਕੇ ਦੋਧੀ ਨੇ,
ਸ਼ਹਿਰਾਂ ਵਿਚ ਮਹਿੰਗੇ ਭਾਅ ਲਾ ਕੇ ਮੜ੍ਹਿਆ ਦੁੱਧ।

ਉਸ ਦੇ ਸੁੰਦਰ ਜੁੱਸੇ ਦੀ ਪਹਿਚਾਣ ਜਿਵੇਂ,
ਸਾਫ਼ੋ-ਸਾਫ਼ ਮਿਲਾਈ ਵਾਲਾ ਕੜ੍ਹਿਆ ਦੁੱਧ।

ਕਦ ਤੱਕ ਪਾਲੇਂਗਾ ਔਲਾਦ ਬਿਗਾਨੀ ਨੂੰ,
ਥੋੜਾ-ਬਹੁਤਾ ਚੱਖ ਲਿਆ ਕਰ ਛੜਿਆ ਦੁੱਧ।

ਢਿੱਡ ਫੜੀਂ ਬੈਠੇ ਸਨ ਬਾਲ ਗਵਾਲੇ ਦੇ,
ਸੁੰਦਰ ਮਹਿਲਾਂ ਦੇ ਅੰਦਰ ਜਾ ਵੜਿਆ ਦੁੱਧ।

ਚਾਂਦਨੀਆਂ ਰਾਤਾਂ ਨੂੰ ਦੇਖਣ ਤੇ ਲੱਗੇ,
'ਤਾਜ ਮਹਿਲ' ਦੇ ਗੁੰਬਦ ਉੱਤੇ ਮੜ੍ਹਿਆ ਦੁੱਧ।

ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿੱਤਰ ਗਿਆ,
'ਨੂਰ' ਜਦੋਂ ਸੱਚ ਦੀ ਸੂਲੀ ਤੇ ਚੜ੍ਹਿਆ ਦੁੱਧ।

98. ਨੀਵੀਂ ਥਾਂ ਵਸਦੇ ਪਿੰਡਾਂ ਵਿਚ ਵੜਿਆ ਹੋਇਆ

ਨੀਵੀਂ ਥਾਂ ਵਸਦੇ ਪਿੰਡਾਂ ਵਿਚ ਵੜਿਆ ਹੋਇਆ।
ਰਹਿਮ ਕਰੇ ਨਾ ਹੜ੍ਹ ਦਾ ਪਾਣੀ ਚੜ੍ਹਿਆ ਹੋਇਆ।

ਕਰ ਦਿੰਦਾ ਹੈ ਨੀਂਦ ਹਰਾਮ ਸੁਖੀ ਜੀਆਂ ਦੀ,
ਟੱਬਰ ਦੇ ਵਿਚ ਇੱਕ ਵੀ ਬੰਦਾ ਲੜਿਆ ਹੋਇਆ।

ਪਰਤ ਗਿਆ ਉਹ ਰੋਂਦੇ-ਪਿਟਦੇ ਮਾਪੇ ਛੱਡ ਕੇ,
ਕਦ ਰਹਿੰਦਾ ਹੈ ਪਿੰਡ ਵਿਚ ਬਹੁਤਾ ਪੜ੍ਹਿਆ ਹੋਇਆ।

ਜਿਸ ਦੇ ਲੋਕੀ ਬੰਦੇ ਨੂੰ ਬੰਦਾ ਨਾ ਸਮਝਣ,
ਤੈਨੂੰ ਤੇਰਾ ਸ਼ਹਿਰ ਮੁਬਾਰਕ ਸੜਿਆ ਹੋਇਆ।

ਕੈਦੀ ਦਿਲ ਦੀ ਸਾਂਭ-ਸੰਭਾਲ ਬਣਾ ਕੇ ਰੱਖੀਂ,
ਮਰ ਨਾ ਜਾਵੇ ਇਸ਼ਕ ਤੇਰੇ ਦਾ ਫੜਿਆ ਹੋਇਆ।

ਉਸ ਦੀ ਮਿੰਨਤ ਕੀਤੀ ਪੈਰੀਂ ਪੱਗ ਵਿਛਾਈ,
ਪਰ ਮੰਨਿਆ ਨਾ ਅੜੀਅਲ ਘੋੜਾ ਅੜਿਆ ਹੋਇਆ।

ਦੌਲਤ ਪਿੱਛੇ ਭੱਜ ਲਏ ਜਿੱਥੇ ਸਭ ਲੋਕੀ,
ਮੈਂ ਕੀ ਕਰਦਾ ਕਾਨੂੰਨਾਂ ਵਿਚ ਨੜਿਆ ਹੋਇਆ।

ਮੁੜ੍ਹਕੋ-ਮੁੜ੍ਹਕੀ ਹੋਇਆ ਤੱਕ ਕੇ ਨੱਕ ਚੜ੍ਹਾਵੇ,
ਉਸ ਦਾ ਜੁੱਸਾ ਇਤਰ-ਫੁਲੇਲੀਂ ਹੜ੍ਹਿਆ ਹੋਇਆ।

'ਵਾਰਿਸ' ਵੀ ਕਹਿੰਦਾ ਸੀ ਇਸ਼ਕ ਜੱਟੀ ਦਾ ਹੁੰਦੈ,
ਦੁੱਧ ਮਿਲਾਈ ਵਾਲੇ ਵਰਗਾ ਕੜ੍ਹਿਆ ਹੋਇਆ।

ਦਿਲ ਦਾ ਅੰਨ੍ਹਾ ਦੇਖ ਸਕੇ ਨਾ ਸੁੰਦਰ ਜੱਗ ਨੂੰ,
ਊਚੀ ਤੋਂ ਊਚੀ ਟੀਸੀ ਤੇ ਚੜ੍ਹਿਆ ਹੋਇਆ।

ਦੱਸ ਦਏ ਨਾ ਅਪਣਾ ਮੁੱਲ ਵਧਾ ਕੇ ਦੂਣਾ,
ਸੋਨੇ ਦੇ ਪੱਤਰਾਂ ਵਿਚ ਪੱਥਰ ਮੜ੍ਹਿਆ ਹੋਇਆ।

ਉਹ ਭਾਵੇਂ ਪਿੰਜਰੇ ਦੇ ਵਿੱਚ ਭੁੱਖਾ ਮਰ ਜਾਵੇ,
ਸ਼ੇਰ ਕਦੇ ਵੀ ਘਾਹ ਨਾ ਖਾਵੇ ਤੜਿਆ ਹੋਇਆ।

ਬਹਿ ਨਾ ਆਪੇ ਅਪਣੇ ਮੂੰਹ ਤੋਂ ਮਿੱਠੂ ਬਣ ਕੇ,
ਦਿਸ ਜਾਂਦਾ ਹੈ ਜੱਗ ਨੂੰ ਸੂਰਜ ਚੜ੍ਹਿਆ ਹੋਇਆ।

ਹੋਰ ਪਕੇਰਾ ਕਰ ਦਿੰਦੈ ਉਸ ਦੇ ਰੋਹਾਂ ਨੂੰ,
ਇੱਲਤੀ ਬੱਚੇ ਦੇ ਇਕ ਥੱਪੜ ਜੜਿਆ ਹੋਇਆ।

ਮਿਲ ਜਾਂਦਾ ਹੈ ਇੱਕ-ਅੱਧ ਬੰਦਾ ਹੁਣ ਵੀ 'ਨੂਰ',
ਇਸ਼ਕ-ਝਨਾ ਦੇ ਤੇਜ਼ ਵਹਾ ਵਿਚ ਹੜ੍ਹਿਆ ਹੋਇਆ।

99. ਹੱਥ ਭਲੇ ਲੋਕਾਂ ਦਾ ਫੜਿਆ ਕਰਦੇ ਨੇ

ਹੱਥ ਭਲੇ ਲੋਕਾਂ ਦਾ ਫੜਿਆ ਕਰਦੇ ਨੇ।
ਚੰਗੇ ਬੱਚੇ ਚੰਗਾ ਪੜ੍ਹਿਆ ਕਰਦੇ ਨੇ।

ਇਕ ਨਾ ਇਕ ਦਿਨ ਫਸ ਹੀ ਜਾਂਦੇ ਨੇ ਜਿਹੜੇ,
ਕਰਕੇ ਜ਼ੁਲਮ ਕਿਸੇ ਤੇ ਮੜ੍ਹਿਆ ਕਰਦੇ ਨੇ।

ਜਿਹੜੇ ਇਸ਼ਕ ਕਬੂਤਰ ਉਡਣੇ ਹੁੰਦੇ ਨੇ,
ਰੋਜ਼ ਨਵੇਂ ਖੁੱਡਿਆਂ ਵਿਚ ਤੜਿਆ ਕਰਦੇ ਨੇ।

ਮੁੱਢੋਂ ਚੱਲੀ ਰੀਤ ਸਲਾਮਤ ਰੱਖਣ ਨੂੰ,
ਪਰਵਾਨੇ ਸ਼ੱਮਾ ਤੇ ਸੜਿਆ ਕਰਦੇ ਨੇ।

ਜ਼ੁਲਮ ਘਿਣਾਉਣੇ ਕਰਕੇ ਵੱਡੇ ਅਪਰਾਧੀ,
ਸਿਆਸਤ ਦੇ ਘੁਰਨੇ ਵਿਚ ਵੜਿਆ ਕਰਦੇ ਨੇ।

ਡਰ ਬੈਠਾ ਏਂ ਤਕੜੇ ਦੀ ਇਕ ਘੁਰਕੀ ਤੋਂ,
ਬੰਦੇ ਹੱਕਾਂ ਖ਼ਾਤਰ ਲੜਿਆ ਕਰਦੇ ਨੇ।

ਤੀਲੇ ਤਾਂ ਤੀਲੇ ਨੇ ਜਦ ਹੜ੍ਹ ਆਉਂਦੇ ਨੇ,
ਢਾਲਾਂ ਦੇ ਪੱਥਰ ਵੀ ਹੜ੍ਹਿਆ ਕਰਦੇ ਨੇ।

ਯਾਰ ਤਾਂ ਯਾਰੀ ਦੀ ਲੱਜ ਪਾਲਣ ਖ਼ਾਤਰ 'ਨੂਰ'
ਯਾਰਾਂ ਨਾਲ ਬਰਾਬਰ ਖੜ੍ਹਿਆ ਕਰਦੇ ਨੇ।

100. ਬਿਰਹਾ ਦੀ ਭੱਠੀ ਵਿਚ ਪਾ ਕੇ ਢਾਲ ਸਕੀਮਾਂ

ਬਿਰਹਾ ਦੀ ਭੱਠੀ ਵਿਚ ਪਾ ਕੇ ਢਾਲ ਸਕੀਮਾਂ।
ਨੇੜੇ-ਤੇੜੇ ਰਹਿਣ ਦੀਆ ਕੁੱਝ ਭਾਲ ਸਕੀਮਾਂ।

ਭੇਜ ਕਿਸੇ ਸਾਲਸ ਨੂੰ ਪੁੱਛੇ 'ਬਿਰਲੇ' ਕੋਲੋਂ,
ਸਾਨੂੰ ਵੀ ਕਰ ਦੇਵਣ ਮਾਲਾ-ਮਾਲ ਸਕੀਮਾਂ।

ਅਗਲੀ ਦੁਨੀਆ ਬਾਰੇ ਠੋਸ ਦਿਲਾਸਾ ਦੇਵਣ,
ਰੋਜ਼ ਕਿਆਮਤ ਨੂੰ ਬਣ ਜਾਵਣ ਢਾਲ ਸਕੀਮਾਂ।

ਫੁਕ ਜਾਵਣਗੇ ਇਸਦੇ ਨਾਜ਼ੁਕ ਨਾਜ਼ੁਕ ਕੰਢੇ,
ਮਨ ਦੀ ਹਾਂਡੀ ਵਿਚ ਨਾ ਰੋਜ਼ ਉਬਾਲ ਸਕੀਮਾਂ।

ਬਚਣਾ ਹੈ ਤਾਂ ਤੂੰ ਵੀ ਘਰ ਦਾ ਬਜਟ ਬਣਾ ਲੈ,
ਸਾਰੇ ਦੇਸ ਬਣਾਉਂਦੇ ਨੇ ਹਰ ਸਾਲ ਸਕੀਮਾਂ।

ਧੌਂਸ ਜਮਾਵਣ ਖ਼ਾਤਰ ਕੁੱਝ ਤਕੜੇ ਲੋਕਾਂ ਨੇ,
ਕਮਜ਼ੋਰਾਂ ਦੀਆਂ ਕਰੀਆਂ ਲਾਲੋ-ਲਾਲ ਸਕੀਮਾਂ।

ਇਸ਼ਕ ਦਿਆਂ ਰਾਹਾਂ ਵਿਚ ਮੁੜ ਮੁੜ ਘੁੰਮਾਂ, ਸ਼ਾਇਦ-
ਲੰਘੇ ਵੇਲੇ ਨੂੰ ਕਰ ਦੇਣ ਬਹਾਲ ਸਕੀਮਾਂ।

ਆਈਆਂ ਨੇ ਤਾਂ ਮੌਕੇ ਦੀ ਤਸਵੀਰ ਬਣਾ ਲੈ,
ਬਣ ਨਾ ਜਾਵਣ ਕਿਧਰੇ ਲੰਘਿਆ ਕਾਲ ਸਕੀਮਾਂ।

ਧੁੱਪ ਬੜੀ ਪੈਂਦੀ ਹੈ ਬਰਫ਼ਾਂ ਵਾਂਗ ਪੰਘਰ ਕੇ,
ਤੁਰ ਨਾ ਜਾਵਣ ਕਿਧਰੇ ਖਾਲੋ-ਖਾਲ ਸਕੀਮਾਂ।

ਰੱਜ ਗਏ ਨੂੰ ਦੱਸਣ ਹੋਰ ਭੜੋਲੇ ਭਰਨੇ,
ਭੁੱਖੇ ਨੂੰ ਹੁੰਦੀਆਂ ਨੇ ਰੋਟੀ-ਦਾਲ ਸਕੀਮਾਂ।

ਜੱਗ ਦੇ ਅਮਨ ਸਲਾਮਤ ਦੀ ਤਹਿਰੀਰ ਬਣਾ ਲੈ,
ਕਰ ਨਾ ਦੇਵਣ ਹੋਰ ਖੜਾ ਜੰਜਾਲ ਸਕੀਮਾਂ।

ਕੱਲੇ-ਕੱਲੇ ਜੀਅ ਦੀ ਸੋਚ ਮੁਤਾਬਕ ਬਿੱਡੀਆਂ,
ਘਰ ਦੀ ਖ਼ਾਤਰ ਬਣ ਨਾ ਜਾਣ ਜ਼ਵਾਲ ਸਕੀਮਾਂ।

ਜੀਵਨ ਪੱਧਰ ਸ਼ੋਧਣ ਨੂੰ ਐਰੇ-ਗ਼ੈਰੇ ਦਾ,
ਦਿੱਲੀਉਂ ਚੱਲ ਕੇ ਪੁੱਜ ਗਈਆਂ ਕਰਨਾਲ ਸਕੀਮਾਂ।

ਜੱਗ ਦੇ ਹਰ ਵਾਸੀ ਦੀ ਸੋਚ-ਪਟਾਰੀ ਦੇ ਵਿਚ,
ਬੁਣ ਰਹੀਆਂ ਨੇ ਰੋਜ਼ ਨਵਾਂ ਇੱਕ ਜਾਲ ਸਕੀਮਾਂ।

ਅਮਲ ਇਨ੍ਹਾਂ ਤੇ ਹੋਵੇਗਾ ਜਾਂ ਗੱਲਾਂ ਹੀ ਨੇ,
ਕਰ ਰਹੀਆਂ ਨੇ ਪੈਦਾ ਬਹੁਤ ਸਵਾਲ ਸਕੀਮਾਂ।

ਭਾਵੇਂ ਕਿੰਨੀ ਰੋਜ਼ ਵਿਰੋਧੀ ਲੱਤ ਅੜਾਵਣ,
ਲਾਗੂ ਕਰ ਕੇ ਛੱਡਾਂਗੇ ਹਰ ਹਾਲ ਸਕੀਮਾਂ।

ਚੰਨ ਦੀ ਧਰਤੀ ਉੱਤੇ ਲੋਕ-ਵਸੇਬਾ ਕਰਕੇ,
ਫੇਰ ਘੜਾਂਗੇ ਉਤਰਨ ਲਈ ਪਤਾਲ ਸਕੀਮਾਂ ।

ਮੇਰੇ ਵਸ ਤੋਂ ਬਾਹਰ ਨੇ ਇਨ੍ਹਾਂ ਦੀਆਂ ਮੰਗਾਂ,
ਬੂਹੇ ਤੇ ਨਾ ਬੈਠਣ ਲਾ ਪੰਡਾਲ ਸਕੀਮਾਂ।

ਰੋਂਦੇ ਰਹਿਣੈਂ ਕਦ ਤੱਕ 'ਨੂਰ' ਗ਼ਰੀਬੀ ਉੱਤੇ,
ਤੂੰ ਵੀ ਹੁਨਰ-ਮੰਦਾਂ ਦੇ ਵਾਂਗ ਸੰਭਾਲ ਸਕੀਮਾਂ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਨੂਰ ਮੁਹੰਮਦ ਨੂਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ