Biography Sayyed Akbar Shah : Dr Dharam Singh
ਜੀਵਨੀ ਸੱਯਦ ਅਕਬਰ ਸ਼ਾਹ : ਡਾਕਟਰ ਧਰਮ ਸਿੰਘ
ਸੱਯਦ ਅਕਬਰ ਸ਼ਾਹ ਦਾ ਸੰਬੰਧ ਸੂਫ਼ੀਆਂ ਦੇ ਮਦਾਰੀ ਸਿਲਸਿਲੇ ਨਾਲ ਮੰਨਿਆ ਜਾਂਦਾ ਹੈ, ਜਿਸ ਦਾ ਬਾਨੀ ਬਦੀ ਅਉੱਦੀਨ ਮਦਾਰ ਸੀ। ਅਕਬਰ ਸ਼ਾਹ ਮੁਲਤਾਨ ਦਾ ਵਸਨੀਕ ਸੀ। ਸੱਯਦ ਅਕਬਰ ਸ਼ਾਹ ਦਾ ਸਰਗਰਮ ਕਾਰਜ 19ਵੀਂ ਸਦੀ ਈਸਵੀ ਹੈ। ਰਚਨਾਵਾਂ ਦਾ ਵੇਰਵਾ ਇਹ ਹੈ :
1, ਮਜਮੂਆ ਕਾਫੀਆਂ।
2, ਕਿੱਸਾ ਸੱਸੀ ਵ ਪੁੰਨੂ।
3, ਕਿੱਸਾ ਮਿਸਰੀ।
4, ਕਿੱਸਾ ਮਿਰਜ਼ਾ ਸਾਹਿਬਾਂ।
5, ਜੰਗਨਾਮਾ ਕਰਬਲਾ।
ਇਨ੍ਹਾਂ ਸਾਰਿਆਂ ਵਿਚੋਂ ਵਧੇਰੇ ਸੂਫ਼ੀ ਰੰਗ ਕਾਫੀਆਂ ਵਿਚ ਹੈ। ਕਾਫੀਆਂ ਵਿਚ ਉਹ ਮਾਨਵੀ ਸਰੀਰ (ਸਾਧਕ) ਨੂੰ ਦੁਪੱਟੇ ਦੇ ਰੂਪਕ ਨਾਲ ਬਿਆਨ ਕਰਦਾ ਹੈ, ਜਿਸ ਦਾ ਧੋਣਹਾਰਾ ਮੁਰਸ਼ਦਿ ਕਾਮਲ ਜਾਂ ਪੂਰਨ ਗੁਰੂ ਹੈ। ਮੁਰਸ਼ਦ ਨੇ ਸਾਲਕ ਨੂੰ ਇਸ਼ਕ ਦੀ ਖੈਰ ਪਾ ਕੇ ਇਸ ਨੂੰ ਪ੍ਰੇਮ ਦੀ ਖੁੰਬ ਚਾੜ੍ਹ ਕੇ ਇਸ ਦੇ ਨੈਣਾਂ ਦੇ ਟੋਭੇ ਵਿਚ ਦਰਦਾਂ ਦਾ ਅਜਿਹਾ ਜਲ ਭਰਦਾ ਹੈ, ਤਾਂ ਜੋ ਇਹ ਕਬੂਲ ਹੋ ਸਕੇ ਅਤੇ ਇਸ ਤਰ੍ਹਾਂ ਉਸ ਦੀ ਕਰਮ ਫਰਮਾਈ ਹਾਸਲ ਹੋ ਸਕੇ। ਸੱਯਦ ਅਕਬਰ ਸ਼ਾਹ ਨੇ ਕੇਵਲ ਬਾਹਰ ਦੀ ਸਫਾਈ ਦੀ ਗੱਲ ਨਹੀਂ ਕੀਤੀ ਹੈ, ਸਗੋਂ ਬਾਤਨੀ (ਅੰਦਰਲੀ) ਵੀ ਸਫਾਈ, ਇਸ਼ਕ, ਤੋਬਾ, ਜ਼ੁਹਦ, ਜ਼ਿਆਰਤ, ਰੱਬੀ ਕਰਮ ਅਤੇ ਬੰਦਗੀ ਨਾਲ ਹੋਣ ਦੀ ਹਾਮੀ ਵੀ ਭਰੀ ਹੈ।
ਇਥੇ ਇਹ ਜ਼ਿਕਰ ਜ਼ਰੂਰੀ ਲਗਦਾ ਹੈ ਕਿ ਸੂਫ਼ੀ ਕਵੀਆਂ ਨੇ ਜਿਹੜੇ ਕਿੱਸੇ ਵੀ ਲਿਖੇ ਹਨ, ਉਨ੍ਹਾਂ ਵਿਚ ਸੁਤੇ ਸਿੱਧ ਸੂਫ਼ੀ ਰੰਗਣ ਵੀ ਆ ਜਾਂਦਾ ਹੈ। ਵਾਰਸ ਸ਼ਾਹ ਆਪਣੇ ਕਿੱਸਾ ਹੀਰ ਕਰਕੇ ਪੰਜਾਬੀ ਦਾ ਸਿਰਮੌਰ ਕਿੱਸਾਕਾਰ ਮੰਨਿਆ ਗਿਆ ਹੈ ਪਰ ਪਾਕਿਸਤਾਨ ਵਿਚ ਉਸ ਦੀ ਪ੍ਰਸਿੱਧੀ ਇਕ ਸੂਫ਼ੀ ਵਜੋਂ ਵਧੇਰੇ ਹੈ। ਜੰਡਿਆਲਾ ਸ਼ੇਰ ਖਾਂ (ਜ਼ਿਲ੍ਹਾ ਸ਼ੇਖੂਪੁਰਾ, ਪਾਕਿਸਤਾਨ) ਉਸ ਦੇ ਮਜ਼ਾਰ ਉਪਰ ਹਰ ਸਾਲ ਉਰਸ ਮਨਾਇਆ ਜਾਂਦਾ ਹੈ, ਜਿਥੇ ਲੋਕੀਂ ਹੁੰਮਹੁੰਮਾ ਕੇ ਪਹੁੰਚਦੇ ਹਨ, ਮੰਨਤਾਂ ਮੰਨਦੇ ਤੇ ਮੁਰਾਦਾਂ ਪਾਉਂਦੇ ਹਨ। ਸੱਯਦ ਅਕਬਰ ਸ਼ਾਹ ਦਾ ਕਿੱਸਾ ਸੱਸੀ-ਪੰਨੂੰ ਮੁਲਤਾਨ ਦੇ ਇਲਾਕੇ ਵਿਚ ਬੜਾ ਪ੍ਰਸਿੱਧ ਹੈ। ਇਸ ਦੀ ਸ਼ਾਇਰੀ ਉੱਪਰ ਹਾਸ਼ਮ ਸ਼ਾਹ ਦਾ ਪ੍ਰਭਾਵ ਪ੍ਰਤੱਖ ਨਜ਼ਰੀਂ ਪੈਂਦਾ ਹੈ ਅਤੇ ਸਮੁੱਚੀਆਂ ਰਚਨਾਵਾਂ ਵਿਚ ਸੂਫ਼ੀਵਾਦ ਦੇ ਬੁਨਿਆਦੀ ਮਸਲਿਆਂ ਨੂੰ ਵਿਚਾਰਿਆ ਗਿਆ ਹੈ। ਹਾਸ਼ਮ ਦੀ ਸੱਸੀ ਵਾਂਗ ਇਸ ਵਿਚ ਵੀ ਦਰਦ ਅਤੇ ਸੋਜ ਹੈ। ਸੱਯਦ ਹਾਸ਼ਮ ਸ਼ਾਹ ਅਤੇ ਮੌਲਵੀ ਗੁਲਾਮ ਰਸੂਲ ਆਲਮਪੁਰੀ ਤੋਂ ਬਾਅਦ ਅਕਬਰ ਸ਼ਾਹ ਦੀ ਸੱਸੀ ਦੀ ਥਾਂ ਹੈ। ਅਕਬਰ ਸ਼ਾਹ ਨੇ ਹਾਸ਼ਮ ਵਾਂਗ ਇਸ਼ਕ ਦੇ ਸੋਹਿਲੇ ਗਾਏ ਹਨ :
ਹੋ ਕੁਰਬਾਨ ਤਿਨਾਂ ਤੋਂ ਅਕਬਰ,
ਜਿਨਾਂ ਇਸ਼ਕ ਦੀ ਮੰਜਿਲ ਘਾਲੀ।
ਕਿੱਸਾ ਸੱਸੀ ਪੰਨੂੰ ਦੀ ਸਮਾਪਤੀ ਤਾਂ ਹੁੰਦੀ ਹੀ ਇਸ਼ਕ ਦੀ ਜੈਜੈਕਾਰ ਨਾਲ ਹੈ :
ਇਸ ਇਸ਼ਕੇ ਦੀ ਰਸਮ ਇਹ ਹੈ,
ਜੈਂ ਲਾਇਆ ਤੈਂ ਪਾਇਆ।
ਅਕਬਰ ਸ਼ਾਹ ਇਸ ਇਸ਼ਕ ਦੇ ਬਾਝੋਂ,
ਹੋਰ ਨਿਗਾਹ ਨ ਆਇਆ।
ਸੱਯਦ ਅਕਬਰ ਸ਼ਾਹ ਦਾ ਦੂਜਾ ਕਿੱਸਾ ਮਿਸਰੀ 1237 ਹਿ: ਮੁਤਾਬਿਕ 1821-22 ਈ: ਨੂੰ ਮੁਕੰਮਲ ਹੋਇਆ :
ਬਾਰਾਂ ਸੈ ਤੇ ਸੈਂਤਰੀ
ਹਿਜਰੋਂ ਹੋਈ ਕਲਮ।
ਦੀਨ ਮੁਹੰਮਦ ਦੀ ਗੋਦ ਵਿਚ,
ਕਿੱਸਾ ਹੋਇਆ ਖਤਮ।
ਜੰਗਨਾਮਾ ਕਰਬਲਾ ਵਿਚ ਇਸਲਾਮੀ ਬਜ਼ੁਰਗਾਂ ਦੀਆਂ ਸ਼ਹੀਦੀਆਂ ਦਾ ਜ਼ਿਕਰ ਹੈ। ਕਿੱਸਾ ਮਿਰਜ਼ਾ ਸਾਹਿਬਾਂ ਵਿਚ ਆਮ ਪ੍ਰਚਲਿਤ ਪ੍ਰੇਮ ਕਹਾਣੀ ਨੂੰ ਕਾਨੀ-ਬੱਧ ਕੀਤਾ ਗਿਆ ਹੈ। ਕਿੱਸਿਆਂ ਵਿਚ ਦੁਖਾਂਤ ਦਾ ਰੰਗ ਵਧੇਰੇ ਹੈ। ਸੱਯਦ ਅਕਬਰ ਸ਼ਾਹ ਦੀ ਕਾਵਿ-ਸ਼ੈਲੀ ਉੱਪਰ ਹਾਸ਼ਮ ਦੀ ਕਾਵਿ-ਸ਼ੈਲੀ ਦੇ ਪ੍ਰਭਾਵ ਦੇ ਨਾਲ-ਨਾਲ ਬਾਬਾ ਵਜੀਦ ਦੀ ਕਾਵਿ-ਸ਼ੈਲੀ ਦਾ ਰੰਗ ਵੀ ਮਿਲਦਾ ਹੈ। ਕਾਦਰ ਦੀ ਕੁਦਰਤ ਬਿਆਨ ਕਰਦਾ ਉਹ ਵਜੀਦੀ ਸ਼ੈਲੀ ਵਿਚ ਲਿਖਦਾ ਹੈ :
ਇਕਨਾ ਲੰਗਰ ਹਵਾਲੇ ਕੀਤੇ,
ਹਿਕਨਾ ਅੱਗ ਨ ਬਾਲੀ।
ਹਿਕ ਮਾਲ ਮਤਾਅ ਰੱਖ ਹੋਏ ਸੌਦਾਗਰ,
ਹਿਕ ਵੱਤ ਕਰਨ ਦਲਾਲੀ।
ਹਿਕਨਾ ਰੰਜ ਰੰਜੂਰ ਕੀਤਾ,
ਹਿਕ ਫਿਰਦੇ ਮਸਤ ਮਵਾਲੀ।
ਸੱਯਦ ਅਕਬਰ ਸ਼ਾਹ ਕਿਉਂਕਿ ਮੁਲਤਾਨ ਦਾ ਵਸਨੀਕ ਸੀ, ਇਸ ਲਈ ਉਸ ਦੀਆਂ ਰਚਨਾਵਾਂ ਵਿਚ ਲਹਿੰਦੀ ਦਾ ਰੰਗ ਬੜਾ ਗੂੜ੍ਹਾ ਹੈ। ਇਕ ਨੂੰ ਹਿਕ, ਦੇਖੂੰ ਨੂੰ ਡੇਖੂੰ, ਜਿਨ੍ਹਾਂ ਦੀ ਥਾਂ 'ਜੈਂਦੀ', ਹੋਵੇਗੀ ਦੀ ਥਾਂ 'ਹੋਵਸੁ' ਆਦਿ ਲਹਿੰਦੀ ਪੰਜਾਬੀ ਦੇ ਹੀ ਉਦਾਹਰਨ ਹਨ। ਉਂਜ ਵੀ ਸੂਫ਼ੀਮਤ ਦੇ ਜਾਂ ਕੁਰਾਨੀ ਸੰਕਲਪਾਂ ਦੀ ਵਿਆਖਿਆ ਲਈ ਅਰਬੀ, ਫ਼ਾਰਸੀ ਸ਼ਬਦਾਵਲੀ ਦੀ ਖੁੱਲ੍ਹੀ ਜਾਂ ਔਖੀ ਸ਼ਬਦਾਵਲੀ ਵਰਤਣ ਤੋਂ ਸੰਕੋਚ ਹੀ ਕੀਤਾ ਗਿਆ ਹੈ। ਸੱਯਦ ਅਕਬਰ ਸ਼ਾਹ ਦੀ ਗਿਣਤੀ 19ਵੀਂ ਸਦੀ ਦੇ ਪ੍ਰਮੁੱਖ ਕਵੀਆਂ ਵਿਚ ਹੁੰਦੀ ਹੈ।