ਉੱਘੇ ਸੁਤੰਤਰਤਾ ਸੰਗਰਾਮੀ ਤੇ ਕਵੀ ਵੀਰ ਸਿੰਘ ਵੀਰ : ਮਨਪ੍ਰੀਤ ਸਿੰਘ
ਕੁਝ ਰੂਹਾਂ ਧਰਤੀ ਤੇ ਆਉਂਦੀਆਂ ਹਨ, ਫੁੱਲਾਂ ਵਾਂਗ ਮਹਿਕਾਂ ਵੰਡਦੀਆਂ ਹਨ ਅਤੇ ਦੁਨੀਆਂ ਛੱਡ ਜਾਣ ਤੇ ਲੋਕਾਂ ਦੇ ਮਨਾਂ ਵਿਚ ਸਦਾ ਹੀ ਆਪਣੀ ਛਾਪ ਛੱਡ ਜਾਂਦੀਆਂ ਹਨ। ਅਜਿਹੀ ਹੀ ਇਕ ਰੂਹ ਸੀ ਸਵ: ਸ: ਵੀਰ ਸਿੰਘ ਵੀਰ, ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ ਜੇਲ੍ਹ ਯਾਤਰਾ ਕੀਤੀ ਅਤੇ ਤਸੀਹੇ ਝੱਲੇ।
25 ਦਸੰਬਰ 2001 ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਉੱਘੇ ਸੁਤੰਤਰਤਾ ਸੰਗਰਾਮੀ ਪ੍ਰਸਿੱਧ ਦੇਸ਼ ਭਗਤ ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦੇ ਸਰਪ੍ਰਸਤ ਸ. ਵੀਰ ਸਿੰਘ ਵੀਰ ਦਾ ਜਨਮ 14 ਫਰਵਰੀ 1914 ਨੂੰ ਮਾਤਾ ਈਸ਼ਰ ਕੌਰ ਤੇ ਸ: ਗੁਰਮੁਖ ਸਿੰਘ ਭਾਟੀਆ ਦੇ ਘਰ ਗਲੀ ਘੜਿਆਲਿਆਂ ਅੰਮ੍ਰਿਤਸਰ ਵਿਖੇ ਮੱਧ ਵਰਗੀ ਪਰਿਵਾਰ ਵਿਚ ਹੋਇਆ। ਕਲਗੀਧਰ ਸਕੂਲ ਤੋਂ ਪੰਜ ਜਮਾਤਾਂ ਪਾਸ ਕਰਨ ਉਪਰੰਤ ਗੁਰੂ ਅਰਜਨ ਦੇਵ ਮਿਡਲ ਸਕੂਲ ਤੋਂ ਅਗਲੇਰੀ ਵਿਦਿਆ ਪ੍ਰਾਪਤ ਕੀਤੀ। ਸਕੂਲ ਪੜ੍ਹਨ ਦੌਰਾਨ ਹੀ ਆਪ ਨੂੰ ਧਾਰਮਿਕ ਸ਼ਬਦ ਤੇ ਕਵਿਤਾ ਪੜ੍ਹਨ ਦਾ ਸ਼ੌਕ ਪੈਦਾ ਹੋਇਆ। ਆਪ ਨੇ ਕੁਝ ਦੇਰ ਲਈ ਪਿ੍ਰੰਟਿੰਗ ਪ੍ਰੈਸ ਦਾ ਕੰਮ ਕੀਤਾ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਵਿਚ ਗੁਰਦੁਆਰਾ ਸਾਰਾਗੜੀ ਵਿਚ ਬਤੌਰ ਗ੍ਰੰਥੀ ਸੇਵਾ ਕੀਤੀ, ਜਿਸ ਤੋਂ ਬਾਅਦ ਸ: ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਵੱਲੋਂ ਉਨ੍ਹਾਂ ਨੂੰ ਲੋਕ ਸੰਪਰਕ ਵਿਭਾਗ ਵਿਚ ਲਗਾ ਦਿੱਤਾ ਅਤੇ ਆਪ ਨੇ 18 ਸਾਲ ਤੋਂ ਵੱਧ ਸੇਵਾ ਕੀਤੀ।
ਵੀਰ ਸਿੰਘ ਆਪਣੀ ਜਾਣ ਪਹਿਚਾਣ ਇਕ ਕਵਿਤਾ ਰਾਹੀਂ ਸਭ ਨੂੰ ਕਰਵਾਉਂਦੇ ਸਨ:
ਅੰਮ੍ਰਿਤਸਰ ਹੈ ਗੁਰਧਾਮ ਜਹਾਨ ਅੰਦਰ,
ਮਾਈ ਕੌਲਾਂ ਦਾ ਜਿਥੇ ਨਿਵਾਸ ਕਹਿੰਦੇ
ਛਾਪੇਖਾਨੇ ਦਾ ਕਰਾਂ ਮੈਂ ਕੰਮ ਕੇਵਲ,
ਏਸੇ ਕ੍ਰਿਤ ਵਿਚ ਕੰਮ ਨੇ ਰਾਸ ਕਹਿੰਦੇ,
ਵੀਰ ਸਿੰਘ ਜੋ ਗਰੀਬ ਨੂੰ ਕਹਿਣ ਲੋਕੀਂ,
ਕਵੀ ਸਾਰੇ ਦਾਸ ਨੂੰ ਵੀਰ ਕਹਿੰਦੇ।
ਇਨ੍ਹਾਂ ਦੇ ਵੱਡੇ ਭਾਈ ਗਤਕੇ ਦੇ ਖਿਡਾਰੀ ਸਨ ਜਿਨ੍ਹਾਂ ਨੇ ਹਜ਼ਾਰਾਂ ਹਿੰਦੂ ਸਿੱਖਾਂ ਨੂੰ ਸਸ਼ਤਰ ਵਿੱਦਿਆ ਦਿੱਤੀ ਅਤੇ ਉਨ੍ਹਾਂ ਵਿਚ ਦੇਸ਼ ਭਗਤੀ ਦੀ ਭਾਵਨਾ ਜਾਗਰਿਤ ਕੀਤੀ।
1919 ਵਿਚ ਅੰਮ੍ਰਿਤਸਰ ਵਿਖੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਨਾਲ ਸਬੰਧਤ ਅੰਦੋਲਨ ਵਿਚ ਹਿੱਸਾ ਲੈਣ ਦੇ ਦੋਸ਼ ਵਿਚ ਆਪ ਦੇ ਵੱਡੇ ਭਾਈ ਪ੍ਰੇਮ ਸਿੰਘ ਭਾਟੀਆ ਨੂੰ ਦੋ ਸਾਲ ਕੈਦ ਅਤੇ 200 ਰੁਪਏ ਜੁਰਮਾਨਾ ਹੋਇਆ। ਇਸ ਤਰ੍ਹਾਂ ਉਨ੍ਹਾਂ ਨੂੰ ਦੇਸ਼ ਭਗਤੀ ਦੀ ਗੁੜ੍ਹਤੀ ਵੱਡੇ ਭਾਈ ਤੋਂ ਮਿਲੀ।
ਸ: ਵੀਰ ਸਿੰਘ ਵੀਰ ਜੋ ਕਿ ਧਾਰਮਿਕ ਕਵਿਤਾਵਾਂ ਲਿਖਦੇ ਸਨ ਤੇ ਉਨ੍ਹਾਂ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਤੋਂ ਪ੍ਰਭਾਵਿਤ ਹੋ ਕੇ ਅੰਗਰੇਜ਼ਾਂ ਦੇ ਜੁਲਮਾਂ ਦੇ ਖਿਲਾਫ ਜੋਸ਼ੀਲੀਆਂ ਕਵਿਤਾਵਾਂ ਲਿਖਣੀਆਂ ਅਰੰਭ ਕੀਤੀਆਂ, ਜੋ ਕਿ ਜਲਸਿਆਂ ਦੌਰਾਨ ਇਕੱਤਰ ਜਨ ਸਮੂਹ ਨੂੰ ਦੇਸ਼ ਸੇਵਾ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੀਆਂ ਸਨ।
ਅੰਗਰੇਜ਼ ਹਕੂਮਤ ਨੇ ਵੀਰ ਸਿੰਘ ਨੂੰ ਜੋਸ਼ੀਲੀਆਂ ਕਵਿਤਾਵਾਂ ਲਿਖਣ ਤੇ ਬੋਲਣ ਕਾਰਨ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਆਪ ਨੂੰ ਪੁਲਿਸ ਦੇ ਜੁਲਮਾਂ ਦਾ ਸ਼ਿਕਾਰ ਹੋਣਾ ਪਿਆ।
ਆਪ ਸੋਹਣ ਸਿੰਘ ਜਲਾਲ ਉਸਮਾਂ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ, ਜਥੇ: ਊਧਮ ਸਿੰਘ ਨਾਗੋਕੇ, ਗਿ: ਗੁਰਮੁਖ ਸਿੰਘ ਮੁਸਾਫਿਰ, ਪ੍ਰਤਾਪ ਸਿੰਘ ਕੈਂਰੋਂ, ਗਿਆਨੀ ਜ਼ੈਲ ਸਿੰਘ, ਦਰਸ਼ਨ ਸਿੰਘ ਫੇਰੂਮਾਨ, ਗੁਰਦਿਆਲ ਸਿੰਘ ਢਿੱਲੋਂ, ਜਥੇਦਾਰ ਮੋਹਨ ਸਿੰਘ ਨਾਗੋਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਆ ਕੇ ਜੰਗੇ ਅਜ਼ਾਦੀ ਵਿਚ ਕੁੱਦ ਪਏ ਤੇ ਜੇਲ੍ਹ ਯਾਤਰਾਵਾਂ ਕੀਤੀਆਂ।
1930-33 ਦੌਰਾਨ ਮਹਾਤਮਾ ਗਾਂਧੀ ਵੱਲੋਂ ਵਲਾਇਤੀ ਮਾਲ ਦਾ ਬਾਈਕਾਟ ਕਰਨ ਸਬੰਧੀ ਚਲਾਏ ਅੰਦੋਲਨ ਦੌਰਾਨ ਕਵਿਤਾ ਪੜ੍ਹਨ ਤੇ ਆਪ ਨੂੰ 9 ਮਹੀਨੇ ਕੈਦ ਹੋਈ, ਜੋ ਇਨ੍ਹਾਂ ਨੇ ਬੋਸਟਨ ਜੇਲ੍ਹ ਲਾਹੌਰ ਵਿਚ ਕੱਟੀ। 1932 ਨੂੰ ਲਾਇਲਪੁਰ ਕਾਂਗਰਸ ਦੇ ਜਲਸੇ ਵਿਚ ਵੀਰ ਸਿੰਘ ਤੇ ਸ: ਕਰਤਾਰ ਸਿੰਘ ਤਾਰਾ ਨੇ ਸਟੇਜ ਤੇ ਇਹ ਕਵਿਤਾ ਪੜ੍ਹੀ :
ਈਨਾਂ ਕਦੇ ਨਹੀਂ ਮੰਨਦੇ ਸ਼ੇਰਾਂ ਦੇ ਬੱਚੇ
ਡਾਂਗਾਂ ਨੂੰ ਫੁੱਲ ਜਾਣਦੇ ਹਨ ਤੇਗਾਂ ਖਾਂਦੇ,
ਕੰਡੇ ਕਲੀਆਂ ਸਮਝ ਕੇ ਪਏ ਸੇਜ ਵਛਾਂਦੇ,
ਨੇਜੇ ਨਜ਼ਰ ਨਿਆਜ ਨੇ ਉਹ ਪਏ ਸੁਨਾਂਦੇ,
ਸੂਲੀ ਪੌੜੀ ਸਵਰਗ ਦੀ ਹੱਥੋਂ ਚੜ੍ਹ ਜਾਂਦੇ,
ਪੂਰਾ ਸਿਰੜ ਨਿਭਾਂਵਦੇ ਬਚਨਾਂ ਦੇ ਸੱਚੇ,
ਮੁੜ ਮੁੜ ਸਾਨੂੰ ਨਾ ਡਰਾ ਨਾ ਬਿੱਲੀਏ ਖੱਚੇ,
ਈਨਾਂ ਕਦੇ ਨਹੀਂ ਮੰਨਦੇ ਸ਼ੇਰਾਂ ਦੇ ਬੱਚੇ,
ਇਹ ਕਵਿਤਾ ਸਮਾਪਤ ਹੋਣ ਤੇ ਲਾਇਲਪੁਰ ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਹਫ਼ਤੇ ਬਾਅਦ ਰਿਹਾਅ ਕਰ ਦਿੱਤਾ।
1937 ਵਿਚ ਜ: ਊਧਮ ਸਿੰਘ ਨਾਗੋਕੇ ਦੇ ਨਾਲ ਕਿਸਾਨ ਮੋਰਚੇ ਦੇ ਅੰਦੋਲਨ ਵਿਚ ਸ਼ਾਮਲ ਹੋਣ ਤੇ ਜੇਲ੍ਹ ਯਾਤਰਾ ਕਰਨੀ ਪਈ।
1938 ਵਿਚ ਆਪ ਜੀ ਤੇ ਕਤਲ ਦੇ ਚਾਰ ਕੇਸ ਦਰਜ ਕੀਤੇ ਗਏ ਅਤੇ ਲਾਹੌਰ ਦੇ ਅਨਾਰਕਲੀ ਬਜ਼ਾਰ ’ਚੋਂ ਗ੍ਰਿਫ਼ਤਾਰ ਕਰਕੇ ਕੈਦ ਕਰ ਦਿੱਤਾ। ਉਨ੍ਹਾਂ ਨੇ ਇਕ ਸਾਲ ਤੋਂ ਵੱਧ ਜ਼ਿਲ੍ਹਾ ਜੇਲ੍ਹ ਸਿਆਲਕੋਟ ਦੀ ਜੇਲ੍ਹ ਵਿਚ ਰਹੇ।
ਗੁਰਦਿਆਲ ਸਿੰਘ ਮਾਨ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਕਵਿਤਾ ਦੇ ਰੂਪ ਵਿਚ ਉਨ੍ਹਾਂ ਨੇ ਆਪਣੇ ਬਿਆਨ ਕਲਮਬੰਦ ਕਰਵਾਏ :
ਬਹਿ ਕੁਰਸੀ ’ਤੇ ਕਰੀਂ ਇਨਸਾਫ ਪੂਰਾ,
ਮੇਰਾ ਸੋਚ ਕੇ ਸੁਣੀ ਸਵਾਲ ਡਿਪਟੀ
ਸੀ.ਆਈ.ਡੀ. ਤੇਰੀ ਮੈਨੂੰ ਘੇਰ ਲਿੱਤਾ,
ਪਾਇਆ ਬੁਲਬੁਲ ਨਿਮਾਣੀ ਤੇ ਜਾਲ ਡਿਪਟੀ
ਜਿੰਨੇ ਪੁਲਿਸ ਕੀਤੇ ਜ਼ੁਲਮ ਨਾਲ ਮੇਰੇ
ਓਨੇ ਬਦਨ ਤੇ ਨਹੀਂ ਮੇਰੇ ਵਾਲ ਡਿਪਟੀ
ਜੋ ਕੁਝ ਕਰਾਂਗਾ ਸੱਚ ਲਿਖਾਂਗਾ ਮੈਂ
'ਵੀਰ' ਦੱਸਦਾ ਧਰਮ ਦੇ ਨਾਲ ਡਿਪਟੀ
ਨਾ ਮੈਂ ਲੜਿਆ ਤੇ ਨਾ ਮੈਂ ਕਤਲ ਕੀਤਾ,
ਕੱਢੀ ਨਹੀਂਓਂ ਕਿਸੇ ਨੂੰ ਗਾਲ ਡਿਪਟੀ
ਇਸ ਬਿਆਨ ਤੋਂ ਬਾਅਦ ਅਦਾਲਤ ਨੇ ਕਲਮਬੰਦ ਬਿਆਨਾਂ ਤੇ ਉਨ੍ਹਾਂ ਨੂੰ ਬਰੀ ਕਰ ਦਿੱਤਾ।
1942 ਵਿਚ ਵੀਰ ਸਿੰਘ ਵੀਰ ਨੂੰ ‘ਅੰਗਰੇਜ਼ੋ ਭਾਰਤ ਦੇਸ਼ ਛੱਡੋ’ ਮੋਰਚੇ ਵਿਚ ਸ਼ਾਮਿਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਤੇ ਉਹਨਾਂ ਨੇ 2 ਸਾਲ 4 ਮਹੀਨੇ ਦੀ ਕੈਦ ਕੱਟੀ; ਇਸ ਸਮੇਂ ਜਥੇਦਾਰ ਸੋਹਣ ਸਿੰਘ ਜਲਾਲਉਸਮਾ, ਦਰਸ਼ਨ ਸਿੰਘ ਫੈਰੂਮਾਨ ਵੀ ਨਾਲ ਸਨ।
ਸਿੱਖ ਕੌਮ ਦੇ ਬੇਤਾਜ਼ ਬਾਦਸ਼ਾਹ ਬਾਬਾ ਖੜਗ ਸਿੰਘ ਵੱਲੋਂ ਜੇਲ੍ਹਾਂ ਵਿਚ ਕੈਦ ਸਿੱਖ ਅਜ਼ਾਦੀ ਘੁਲਾਟੀਆਂ ਨੂੰ ਕਛਹਿਰਾ ਤੇ ਦਸਤਾਰ ਸਜਾਉਣ ਦੀ ਇਜਾਜ਼ਤ ਦਿਵਾਉਣ ਲਈ ਕੀਤੇ ਅੰਦੋਲਨ ਵਿਚ ਆਪ ਨੇ ਸਰਗਰਮ ਯੋਗਦਾਨ ਪਾਇਆ।
ਆਪ ਜੀ ਦੀ ਪਤਨੀ ਸ੍ਰੀਮਤੀ ਸੁਰਜੀਤ ਕੌਰ ਨੇ ਵੀ ਆਪ ਦੀਆਂ ਅੰਗਰੇਜ਼ਾਂ ਵਿਰੁੱਧ ਸਰਗਰਮੀਆਂ ਦੌਰਾਨ ਪੂਰਾ ਸਹਿਯੋਗ ਦਿੱਤਾ ਤੇ ਮੁਸੀਬਤਾਂ ਦਾ ਖਿੜੇ ਮੱਥੇ ਦ੍ਰਿੜ੍ਹਤਾ ਨਾਲ ਮੁਕਾਬਲਾ ਕੀਤਾ।
ਆਪ ਨੇ ਪੰਜਾਬੀ ਵਿਚ ਕਈ ਕਿੱਸੇ ਤੇ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ਅੰਮ੍ਰਿਤ ਧਾਰਾਂ, ਤਿੱਖੀਆਂ ਧਾਰਾਂ, ਤਲਵਾਰ ਦੀ ਨੋਕ ਤੇ, ਖੂਨੀ ਤੇਗਾਂ, ਦਸ ਪਾਤਸ਼ਾਹੀਆਂ, ਬੀਬੀ ਰਜਨੀ, ਮੋਹਨ ਦੇ ਭਜਨ, ਮਾਤਾ ਸੁਲੱਖਣੀ, ਬਿਧੀ ਚੰਦ ਦੇ ਘੋੜੇ, ਚਾਰ ਸਾਹਿਬਜ਼ਾਦੇ, ਬਾਬਾ ਦੀਪ ਸਿੰਘ ਸ਼ਹੀਦ, ਪੰਜੇ ਸਾਹਿਬ ਦੀ ਗੱਡੀ, ਸ਼ੇਅਰੋ ਸ਼ਾਇਰੀ, ਤੜਫਦੇ ਦਿਲ, ਯਾਰ ਦੀ ਜੁਦਾਈ ਆਦਿ ਪ੍ਰਮੁੱਖ ਹਨ। ਉਪਰੋਕਤ ਪੁਸਤਕਾਂ ਤੋਂ ਇਲਾਵਾ ਉਹ ਖਰੜੇ ਦੇ ਰੂਪ ਵਿਚ ਬਹੁਤ ਸਾਰਾ ਅਣਛਪਿਆ ਸਾਹਿਤ ਵੀ ਛੱਡ ਗਏ ਹਨ।
ਵੀਰ ਸਿੰਘ ਵੀਰ ਆਪਣੇ ਸਾਥੀਆਂ ਗਿਆਨੀ ਗੁਰਮੁਖ ਸਿੰਘ ਮੁਸਾਫਰ, ਵਿਧਾਤਾ ਸਿੰਘ ਤੀਰ, ਧਨੀ ਰਾਮ ਚਾਤ੍ਰਿਕ, ਕਰਤਾਰ ਸਿੰਘ ਬਲੱਗਣ, ਨੰਦ ਲਾਲ ਨੂਰਪੁਰੀ, ਕਰਤਾਰ ਸਿੰਘ ਤਾਰਾ ਤੇ ਅਵਤਾਰ ਸਿੰਘ ਸਿੱਧਾ ਜੱਟ ਆਦਿ ਦੇ ਨਾਲ 1947 ਤੋਂ ਪਹਿਲਾਂ ਇਨਕਲਾਬੀ ਕਵਿਤਾਵਾਂ ਲਿਖਦੇ ਰਹੇ।
ਸ: ਵੀਰ ਸਿੰਘ ਨੇ ਅੰਗਰੇਜ਼ਾਂ ਦੇ ਸਤਾਏ ਹੋਏ ਲੋਕਾਂ ਵਿਚ ਸਵੈਮਾਨ ਪੈਦਾ ਕਰਨ ਤੇ ਅਜ਼ਾਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਜੋ ਜੋਸ਼ੀਲੀਆਂ ਕਵਿਤਾਵਾਂ ਲਿਖੀਆਂ ਉਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਹਨ।
ਮਹਾਂਭਾਰਤ ਤੇ ਰਮਾਇਣ ਦੇ ਨਾਇਕਾਂ ਸਬੰਧੀ ਵੀ ਆਪ ਨੇ ਕਵਿਤਾਵਾਂ ਰਚੀਆਂ ਅਤੇ ਉਸ ਸਮੇਂ ਰਾਜਨੀਤੀ ਤੇ ਸਮਾਜ ਵਿਚ ਆਏ ਨਿਘਾਰ ਨੂੰ ਬਾਖੂਬੀ ਚਿਤਰਤ ਕੀਤਾ।
ਦਰੋਪਤੀ ਦੀ ਪੁਕਾਰ ਵਿਚ ਉਹ ਪਾਂਡਵਾਂ ਵੱਲੋਂ ਜੂਏ ਵਿਚ ਹਾਰੀ ਪਤਨੀ ਨੂੰ ਕੌਰਵਾਂ ਵੱਲੋਂ ਬੇਇੱਜ਼ਤ ਕੀਤੇ ਜਾਣ ਦੀ ਘਟਨਾ ਬਾਰੇ ਇੰਜ ਲਿਖਦੇ ਹਨ :
ਸਾਰੇ ਪਰਖ ਲੈ ਟੋਹ ਲੈ ਵੇਖ ਲੀਤੇ,
ਤੇਰੇ ਬਿਨ੍ਹਾਂ ਮੈਂ ਏਸ ਜਹਾਨ ਅੰਦਰ।
ਵੇਖ ਰਹੇ ਨੇ ਸਾਹਮਣੇ ਪਾਪ ਹੁੰਦਾ,
‘ਵੀਰ’ ਸੂਰਮੇ ਬੈਠ ਕੇ ਸ਼ਾਨ ਅੰਦਰ।
ਵੀਰ ਸਿੰਘ ਵੀਰ ਨੂੰ 15 ਅਗਸਤ 1988 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਅਜ਼ਾਦੀ ਦੀ ਲਹਿਰ ਵਿਚ ਉਨ੍ਹਾਂ ਦੇ ਪਾਏ ਯੋਗਦਾਨ ਬਦਲੇ ਤਾਮਰ ਪੱਤਰ ਭੇਂਟ ਕੀਤਾ। ਆਲ ਇੰਡੀਆ ਸਿੱਖ ਯੂਥ ਫੋਰਮ ਨਵੀਂ ਦਿੱਲੀ ਵੱਲੋਂ 1990 ਵਿਚ ਉਸ ਸਮੇਂ ਦੇ ਰਾਸ਼ਟਰਪਤੀ ਸ੍ਰੀ ਸ਼ੰਕਰ ਦਿਆਲ ਸ਼ਰਮਾ ਨੇ ਵੀਰ ਸਿੰਘ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ।
ਬਿਅੰਤ ਸਿੰਘ ਤੇਗ, ਵਿਧਾਤਾ ਸਿੰਘ ਕਮਾਲ, ਅਜੀਤ ਸਿੰਘ ਬਾਵਰਾ, ਪਿਆਰ ਸਿੰਘ ਨਿਰਛਲ, ਧੰਨਾ ਸਿੰਘ ਰੰਗੀਲਾ, ਉਤਮ ਸਿੰਘ ਤੇਜ਼, ਗਿਆਨ ਸਿੰਘ ਕੰਵਲ, ਚਮਨ ਲਾਲ ਸ਼ੁਗਲ ਆਪ ਦੇ ਦੋਸਤ ਮਿੱਤਰ ਤੇ ਸਾਥੀ ਸਨ ਜਿਨ੍ਹਾਂ ਦੇ ਨਾਲ ਮਿਲ ਕੇ ਆਪ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕਵੀ ਦਰਬਾਰ ਤੇ ਸਾਹਿਤਕ ਸਮਾਗਮ ਆਯੋਜਿਤ ਕਰਨ ਲਈ ਉਪਰਾਲੇ ਕਰਿਆ ਕਰਦੇ ਸਨ।
1984 ਵਿਚ ਅਪ੍ਰੇਸ਼ਨ ਬਲੂ ਸਟਾਰ ਨੇ ਉਨ੍ਹਾਂ ਦੇ ਮਨ ’ਤੇ ਡੂੰਘਾ ਪ੍ਰਭਾਵ ਪਾਇਆ। ਵੀਰ ਸਿੰਘ ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚ ਰੋਜ਼ਾਨਾ ਹਾਜ਼ਰੀ ਭਰਦੇ ਸਨ ਅਤੇ ਸ੍ਰੀ ਗੋਇੰਦਵਾਲ ਸਾਹਿਬ ਪ੍ਰਤੀ ਉਨ੍ਹਾਂ ਦੀ ਅਥਾਹ ਸ਼ਰਧਾ ਸੀ। ਵੀਰ ਸਿੰਘ ਵੀਰ ਦੀਆਂ ਕਈ ਕਵਿਤਾਵਾਂ ਆਲ ਇੰਡੀਆ ਰੇਡੀਓ ਅਤੇ ਜਲੰਧਰ ਦੂਰਦਰਸ਼ਨ ਤੋਂ ਵੀ ਪ੍ਰਸਾਰਿਤ ਹੋਈਆਂ ਅਤੇ ਉਨ੍ਹਾਂ ਬਾਰੇ ਦੂਰਦਰਸ਼ਨ ਵੱਲੋਂ ਨਿਊਜਰੀਲ ਵੀ ਬਣਾਈ ਗਈ।
ਸ: ਵੀਰ ਸਿੰਘ ਵੀਰ ਸੰਖੇਪ ਬਿਮਾਰੀ ਅਤੇ ਬੁਢਾਪੇ ਦੀ ਕਮਜ਼ੋਰੀ ਕਾਰਨ ਮਿਤੀ 25 ਦਸੰਬਰ 2001 ਨੂੰ ਦੁਪਹਿਰ 2 ਵੱਜ ਕੇ 10 ਮਿੰਟ ਤੇ ਇਕੱਤਰ ਹੋਏ ਪਰਿਵਾਰ ਨੂੰ ਰੋਂਦਾ ਵਿਲਕਦਾ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ।
ਉਸ ਸਮੇਂ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਜੀ ਨੇ ਅਗਸਤ 2008 ਵਿਚ ਸਰਕਾਰੀ ਸਕੂਲ, ਚੌਂਕ ਲਛਮਣਸਰ ਦਾ ਨਾਮ ਸੁਤੰਤਰਤਾ ਸੈਨਾਨੀ ਵੀਰ ਸਿੰਘ ਵੀਰ ਸਰਕਾਰੀ ਸੈਕੰਡਰੀ ਸਕੂਲ ਰੱਖਿਆ।