Biography : Surjit Patar

ਜੀਵਨੀ ਤੇ ਰਚਨਾ : ਸੁਰਜੀਤ ਪਾਤਰ

ਸੁਰਜੀਤ ਪਾਤਰ (ਜਨਮ 14 ਜਨਵਰੀ 1945-) ਪੰਜਾਬੀ ਸ਼ਾਇਰ ਹਨ। ਉਨ੍ਹਾਂ ਨੇ 1960ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਤੱਕ ਨਿਰੰਤਰ ਕਾਵਿ-ਸਿਰਜਣਾ ਵਿੱਚ ਕਰਮਸ਼ੀਲ ਹੈ। ਉਨ੍ਹਾਂ ਦੀ ਸਖਸ਼ੀਅਤ 'ਕਵਿਤਾ ਦੀ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ' ਦਾ ਸੁੰਦਰ ਸੁਮੇਲ ਹੈ। ਆਲੋਚਕਾਂ ਨੇ ਉਸਨੂੰ ਖੂਬ ਸਰਾਹਿਆ ਹੈ। ਸਮਾਜ ਵਿੱਚ ਰਾਜਨੀਤਕ ਚੇਤਨਾ ਅਤੇ ਤਤਕਾਲੀ ਜ਼ਬਰ ਦੇ ਵਿਰੋਧ ਦੇ ਰੂਪ ਵਿੱਚ ਉਹਨਾਂ ਦੀ ਕਵਿਤਾ ਸਾਹਮਣੇ ਆਉਂਦੀ ਹੈ।

ਜੀਵਨ

ਉਨ੍ਹਾਂ ਦਾ ਜਨਮ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ 'ਪੱਤੜ ਕਲਾਂ' ਵਿਖੇ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਂ ਗੁਰਬਖਸ਼ ਕੌਰ ਅਤੇ ਪਿਤਾ ਦਾ ਨਾਂ ਸ. ਹਰਭਜਨ ਸਿੰਘ ਹੈ। ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਲਈ ਅਤੇ ਖਾਲਸਾ ਹਾਈ ਸਕੂਲ ਖਹਿਰਾ ਮਝਾ ਤੋਂ ਦਸਵੀਂ ਪਾਸ ਕੀਤੀ। ਰਣਧੀਰ ਗੌਰਮਿੰਟ ਕਾਲਜ ਕਪੂਰਥਲਾ ਤੋਂ ਬੀ. ਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ. ਏ. ਅਤੇ ਗੁਰੂ ਨਾਨਕ ਦੇਵ ਯੂਨੀਵਰਿਸਟੀ, ਅੰਮ੍ਰਿਤਸਰ ਤੋਂ ਪੀ ਐਚ ਡੀ ਕੀਤੀ ਜਿਸਦਾ ਵਿਸ਼ਾ "Transformation of Folklore in Guru Nanak Vani" ਸੀ। ਆਪਣੇ ਅਧਿਆਪਕ ਅਤੇ ਉੱਘੇ ਨਾਟਕਕਾਰ ਸੁਰਜੀਤ ਸਿੰਘ ਸੇਠੀ ਦੇ ਕਹਿਣ 'ਤੇ ਹੀ ਉਹਨਾਂ ਆਪਣੇ ਪਿੰਡ ਦੇ ਨਾਂ ਤੋਂ ਹੀ ਆਪਣਾ ਤਖੱਲਸ 'ਪਾਤਰ' ਰੱਖ ਲਿਆ, ਜਦੋਂ ਕਿ ਉਹ ਪਹਿਲਾਂ ਆਪਣੇ ਨਾਂ ਸੁਰਜੀਤ ਦੇ ਨਾਲ 'ਪੱਤੜ' ਸ਼ਬਦ ਦੀ ਹੀ ਵਰਤੋਂ ਕਰਦੇ ਸਨ।
ਉਹ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਰਧਾਨ ਹਨ। ਪਿਛਲੇ ਸਮੇਂ ਵਿੱਚ ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਚੁੱਕੇ ਹਨ। ਉਨ੍ਹਾਂ ਨੂੰ 2012 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

ਕੰਮਕਾਰ

1969 ਵਿੱਚ ਪਾਤਰ ਬਾਬਾ ਬੁਢਾ ਕਾਲਜਬੀੜ ਸਾਹਿਬ, ਅੰਮ੍ਰਿਤਸਰ ਵਿੱਚ ਲੈਕਚਰਾਰ ਲੱਗੇ। ਇਸ ਤੋਂ ਬਾਅਦ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਅਧਿਆਪਕ ਵਜੋਂ ਨਿਯੁਕਤ ਹੋ ਗਏ ਅਤੇ ਇਥੋਂ ਹੀ ਪੰਜਾਬੀ ਦੇ ਪ੍ਰੋਫ਼ੈਸਰ ਦੇ ਤੌਰ ਤੇ ਸੇਵਾਮੁਕਤ ਹੋਏ। 2002 ਵਿਚ ਉਹ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਚੁਣੇ ਗਏ ਅਤੇ 2008 ਤੱਕ ਇਸ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਨੇ ਪੰਜਾਬੀ ਸਾਹਿਤ ਅਕਾਡਮੀ ਨੂੰ ਸਾਹਿਤਕ ਸਰਗਰਮੀਆਂ ਦਾ ਗੜ੍ਹ ਬਣਾ ਦਿੱਤਾ। 2013 ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਸਾਹਿਤ ਅਕਾਡਮੀ, ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ੱਦ ਕੀਤਾ ਹੈ। 2013 ਵਿਚ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ, ਫ਼ਤਿਹਗੜ੍ਹ ਵਿਚ ਵਿਜ਼ਿਟਿੰਗ ਪ੍ਰੋਫ਼ੈਸਰ ਦੇ ਅਹੁਦੇ 'ਤੇ ਨਾਮਜ਼ਦ ਕੀਤਾ ਗਿਆ ਹੈ। ਪਾਤਰ ਪਿੰਡਾਂ ਵਿੱਚ ਪਲਿਆ ਤੇ ਪੇਂਡੂ ਵਿਦਿਆਲਿਆਂ ਤੋਂ ਵਿੱਦਿਆ ਪ੍ਰਾਪਤ ਕੀਤੀ। ਆਪਣੀਆਂ ਜੜ੍ਹਾਂ ਨੂੰ ਚੇਤੇ ਰੱਖਣ ਲਈ ਉਨ੍ਹਾਂ ਨੇ ਆਪਣੇ ਪਿੰਡ ਪਾਤੜ ਨੂੰ ਆਪਣੇ ਨਾਂ ਨਾਲ ਜੋੜ ਲਿਆ ਜਿਹੜਾ ਘਸ-ਘਸਾ ਕੇ ਪਾਤਰ ਬਣ ਗਿਆ।

ਪੰਜਾਬੀ ਗਜ਼ਲ ਨੂੰ ਯੋਗਦਾਨ

ਉਨ੍ਹਾਂ ਦੀ ਪ੍ਰਸਿੱਧੀ ਇੱਕ ਸਫਲ ਗਜ਼ਲਕਾਰ ਵਜੋਂ ਹੋਈ। 'ਹਵਾ ਵਿੱਚ ਲਿਖੇ ਹਰਫ਼' ਪੁਸਤਕ ਤੋਂ ਪਹਿਲਾਂ ਇਨ੍ਹਾਂ ਦੀਆਂ ਗਜ਼ਲਾਂ 'ਕੋਲਾਜ਼' ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਰਾਗਆਤਮਿਕਤਾ ਦੇ ਕੇ ਉਸ ਦਾ ਮਿਆਰ ਵਧਾਇਆ ਹੈ। ਗ਼ਜ਼ਲ ਦੇ ਹਰ ਸ਼ੇਅਰ ਦੀ ਤਪਸ਼, ਸ਼ਬਦਾਂ ਵਿਚਲੀ ਗਹਿਰਾਈ ਮੁਨੱਖੀ ਮਨ ਨੂੰ ਭਾਵਨਾਤਮਿਕ ਤੌਰ ਤੇ ਝੰਜੋੜਦੀ ਹੈ। ਉਨ੍ਹਾਂ ਦੀ ਗ਼ਜਲ ਦੇ ਸੂਖਮ ਭਾਵਾਂ ਵਾਲੇ ਸ਼ੇਅਰ, ਅੰਦਰੂਨੀ ਧਰਾਤਲ ਨੂੰ ਟੁੰਬਦੇ ਅਤੇ ਹਿਰਨੀ ਦੀ ਚਾਲ ਵਾਂਗੂ ਚੁੰਗੀਆਂ ਭਰਦੇ ਹਨ। ਸੁਰਜੀਤ ਪਾਤਰ ਨੇ ਸਮੇਂ ਦੀ ਚੇਤਨਾ ਨੂੰ ਮਾਨਵਵਾਦੀ, ਬੇਇਨਸਾਫੀ ਤੇ ਸਮਾਜਿਕ ਜਟਿਲ ਸਮੱਸਆਵਾਂ ਨੂੰ ਪਾਰਦਰਸ਼ੀ ਰੂਪ ਵਿਚ ਕਲਮਬੰਦ ਕੀਤਾ ਹੈ। ਸੁਰਜੀਤ ਪਾਤਰ ਯਥਾਰਥ ਦੇ ਪਸਾਰੇ ਨੂੰ ਵਿਰੋਧ ਵਿਚ ਸਮੇਟਦਾ ਹੈ ਅਤੇ ਪ੍ਰਮਾਣਿਕ ਅਨੁਭਵ ਦੇ ਕੇ ਗ਼ਜ਼ਲ ਦੀ ਪੂਰਤੀ ਕਰਦਾ ਹੈ। ਪੰਜਾਬੀ ਗ਼ਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦੁਆਉਣ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਜਿਵੇਂ ਕਿ,

“ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ।

ਗੀਤ ਦੀ ਮੌਤ ਇਸ ਰਾਤ ਜੇ ਹੋ ਗਈ,
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ”

ਜਾਂ ਫਿਰ

“ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ।
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ”।

“ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ”,

“ਖੜਕ ਹੋਵੇ ਜੇ ਡਿੱਗੇ ਪੱਤਾ ਵੀ,
ਐਸੀ ਚੁੱਪ ਹੈ ਤਾਂ ਬਿਰਖ ਅਰਜ਼ ਕਰੇ”।

ਰਚਨਾਵਾਂ
ਕਾਵਿ ਸੰਗ੍ਰਹਿ

ਹਵਾ ਵਿੱਚ ਲਿਖੇ ਹਰਫ਼ -1979, ਬਿਰਖ ਅਰਜ਼ ਕਰੇ- 1992, ਹਨੇਰੇ ਵਿੱਚ ਸੁਲਗਦੀ ਵਰਨਮਾਲਾ-1992, ਲਫ਼ਜ਼ਾਂ ਦੀ ਦਰਗਾਹ- 2003, ਪਤਝੜ ਦੀ ਪਾਜ਼ੇਬ, ਸੁਰ-ਜ਼ਮੀਨ- 2007, ਚੰਨ ਸੂਰਜ ਦੀ ਵਹਿੰਗੀ,

ਅਨੁਵਾਦ

ਸਪੇਨੀ ਲੇਖਕ ਲੋਰਕਾ ਦੇ ਤਿੰਨ ਦੁਖਾਂਤ, ਅੱਗ ਦੇ ਕਲੀਰੇ (ਬਲੱਡ ਵੈਡਿੰਗ), ਸਈਓ ਨੀ ਮੈਂ ਅੰਤਹੀਣ ਤਰਕਾਲਾਂ (ਯੇਰਮਾ), ਹੁਕਮੀ ਦੀ ਹਵੇਲੀ (ਲਾ ਕਾਸਾ ਡੇ ਬਰਨਾਰਡਾ ਅਲਬਾ), "ਨਾਗ ਮੰਡਲ" (ਗਿਰੀਸ਼ ਕਾਰਨਾਡ ਦਾ ਨਾਟਕ), ਬ੍ਰੈਖਤ ਅਤੇ ਨੇਰੂਦਾ ਦੀਆਂ ਕਵਿਤਾਵਾਂ, ਸ਼ਹਿਰ ਮੇਰੇ ਦੀ ਪਾਗਲ ਔਰਤ (ਯਾਂ ਜਿਰਾਦੂ ਦੇ ਫ਼ਰੈਂਚ ਨਾਟਕ ਲਾ ਫ਼ੋਲੇ ਡੇ ਸਈਓ),

ਵਾਰਤਕ

ਸੂਰਜ ਮੰਦਰ ਦੀਆਂ ਪੌੜੀਆਂ, ਇਹ ਬਾਤ ਨਿਰੀ ਏਨੀ ਹੀ ਨਹੀਂ (2022),

ਸਨਮਾਨ

1993 ਵਿੱਚ "ਹਨੇਰੇ ਵਿੱਚ ਸੁਲਗਦੀ ਵਰਨਮਾਲਾ" ਲਈ ਸਾਹਿਤ ਅਕਾਦਮੀ ਸਨਮਾਨ
1997 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਪੰਜਾਬੀ ਕਵੀ ਸਨਮਾਨ
1999 ਵਿੱਚ "ਭਾਰਤੀ ਭਾਸ਼ਾ ਪਰੀਸ਼ਦ ਕਲਕੱਤਾ" ਵਲੋਂ ਪੰਚਨਾਦ ਪੁਰਸਕਾਰ
2012 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਆਫ਼ ਫ਼ਿਲਾਸਫ਼ੀ ਆਨਰਜ਼ ਕਾਜ਼ਾ (ਆਨਰੇਰੀ) ਦੀ ਉਪਾਧੀ ਨਾਲ ਸਨਮਾਨਿਤ
2012 ਵਿੱਚ ਭਾਰਤ ਦੇ ਸਰਵ-ਉਚ ਰਾਸ਼ਟਰੀ ਸਨਮਾਨਾਂ ਵਿਚੋਂ ਇਕ ਪਦਮਸ਼੍ਰੀ
"ਲਫ਼ਜ਼ਾਂ ਦੀ ਦਰਗਾਹ"ਲਈ ਸਰਸਵਤੀ ਸਨਮਾਨ

ਟੀ.ਵੀ ਤੇ ਫ਼ਿਲਮਾਂ

ਪੰਜਾਬੀ ਫ਼ੀਚਰ ਫਿਲਮ "ਸ਼ਹੀਦ ਊਧਮ ਸਿੰਘ" ਦੇ ਡਾਇਲਾਗ ਲਿਖੇ ਹਨ ਤੇ ਇਸ ਦੇ ਇਲਾਵਾ ਪਾਤਰ ਸਾਹਿਬ ਦੀ ਆਪਣੀ ਮਖ਼ਮਲੀ ਆਵਾਜ਼ ਵਿੱਚ ਇਕ ਟੇਪ "ਬਿਰਖ ਜੋ ਸਾਜ ਹੈ" ਵੀ ਆਈ ਹੈ।

ਸੁਰਜੀਤ ਪਾਤਰ ਦਾ ਕਾਵਿ ਫ਼ਲਸਫ਼ਾ : ਡਾ. ਬਲਦੇਵ ਸਿੰਘ ਧਾਲੀਵਾਲ

ਸੁਰਜੀਤ ਪਾਤਰ ਦਾਰਸ਼ਨਿਕ ਸੁਰ ਵਾਲਾ ਗੰਭੀਰ ਕਵੀ ਹੈ। ਇਸ ਲਈ ਉਸ ਦੀ ਕਵਿਤਾ ਦੇ ਅਰਥ ਸਤਹਿ ਉੱਤੇ ਪਏ ਨਹੀਂ ਮਿਲਦੇ ਸਗੋਂ ਅਰਥਾਂ ਦੀਆਂ ਕਈ ਪਰਤਾਂ ਹੁੰਦੀਆਂ ਹਨ। ਪਾਤਰ ਇੱਕ ਚੇਤੰਨ ਸ਼ਾਇਰ ਹੈ। ਇਸ ਕਰਕੇ ਉਹ ਕਵਿਤਾ ਦੇ ਸਮਾਜਿਕ-ਰਾਜਨੀਤਕ ਸਰੋਕਾਰਾਂ ਤੋਂ ਭਲੀ-ਭਾਂਤ ਵਾਕਫ਼ ਹੈ ਪਰ ਅਜਿਹੀ ਪ੍ਰਯੋਜਨ ਸਿੱਧੀ ਲਈ ਉਹ ਕਵਿਤਾ ਦੇ ਕਾਵਿ-ਪਣ ਦਾ ਘਾਤ ਨਹੀਂ ਕਰਦਾ। ਉਸ ਦੇ ਉੱਤਮ ਕਵੀ ਹੋਣ ਦੀ ਇਹ ਸਭ ਤੋਂ ਪਹਿਲੀ ਨਿਸ਼ਾਨੀ ਹੈ। ਸੰਵੇਦਨਸ਼ੀਲਤਾ, ਦਾਰਸ਼ਨਿਕ ਛੋਹਾਂ, ਸੱਜਰੇ ਅਛੋਹ ਬਿੰਬ ਅਤੇ ਵੈਰਾਗ ਦੀ ਸ਼ਿੱਦਤ ਆਦਿ ਕੁਝ ਅਜਿਹੇ ਲੱਛਣ ਹਨ ਜਿਨ੍ਹਾਂ ਦੇ ਢੁੱਕਵੇਂ ਸੁਮੇਲ ਨਾਲ ਸੁਰਜੀਤ ਪਾਤਰ ਦੀ ਕਾਵਿ-ਰਚਨਾ ਹਰ ਵਰਗ ਦੇ ਪਾਠਕਾਂ ਨੂੰ ਟੁੰਬਦੀ ਹੈ। ਸੰਵੇਦਨਸ਼ੀਲਤਾ ਸੁਰਜੀਤ ਪਾਤਰ ਦੀ ਸ਼ਖ਼ਸੀਅਤ ਦਾ ਇੱਕ ਅਮੁੱਲਾ ਗਹਿਣਾ ਹੈ। ਇਸ ਸਦਕਾ ਹੀ ਉਹ ਵਸਤੂ-ਯਥਾਰਥ ਦੀਆਂ ਮਹੀਨ ਤੋਂ ਮਹੀਨ ਪਰਤਾਂ ਨੂੰ ਵੀ ਭਾਂਪ ਲੈਂਦਾ ਹੈ। ਉਸ ਦੇ ਸੂਖ਼ਮ-ਚਿੱਤ ਉੱਤੇ ਸੰਸਾਰ ਦਾ ਹਰ ਹਾਦਸਾ ਕੰਪਨ ਪੈਦਾ ਕਰਦਾ ਹੈ ਜੋ ਅੰਤ ਨੂੰ ਕਾਵਿਕ-ਜਾਮੇ ਰਾਹੀਂ ਮੂਰਤੀਮਾਨ ਹੋ ਜਾਂਦਾ ਹੈ।

ਉਸ ਦਾ ਕਥਨ ਹੈ, ‘‘ਅਸਲ ਵਿੱਚ ਕਵਿਤਾ ਤੁਹਾਡੇ ਸਮੁੱਚੇ ਆਪੇ ਦੀ ਆਵਾਜ਼ ਹੁੰਦੀ ਹੈ। ਇਸ ਵਿੱਚ ਤੁਹਾਡੀ ਰਾਜਨੀਤੀ, ਤੁਹਾਡਾ ਪਿਆਰ, ਤੁਹਾਡੀਆਂ ਆਸਾਂ, ਖ਼ੌਫ਼, ਤੁਹਾਡਾ ਚਾਨਣ ਤੇ ਹਨੇਰਾ ਸਭ ਕੁਝ ਸ਼ਾਮਿਲ ਹੁੰਦਾ ਹੈ। ...ਕਿਉਂਕਿ ਸਾਡਾ ਮਨ ਕੋਈ ਦੁਨੀਆਂ ਤੋਂ ਟੁੱਟੀ ਹੋਈ ਚੀਜ਼ ਨਹੀਂ। ਇਸ ਲਈ ਇਸ ਦੀ ਆਵਾਜ਼ ਸੁਣਦਿਆਂ ਅਸੀਂ ਅਨੇਕਾਂ ਆਵਾਜ਼ਾਂ ਸੁਣਦੇ ਹਾਂ, ਅਨੇਕਾਂ ਦ੍ਰਿਸ਼, ਕਾਲ-ਖੰਡ, ਚੰਦ-ਤਾਰੇ, ਚੁੱਲ੍ਹੇ ’ਤੇ ਰੋਟੀਆਂ ਪਕਾਉਂਦੀ ਮਾਂ, ਕਰੋੜਾਂ ਭੁੱਖੇ ਮਰਦੇ ਲੋਕ, ਕੋਈ ਵੀ ਹਾਦਸਾ ਜੋ ਕਵਿਤਾ ਤੋਂ ਪਹਿਲਾਂ ਤੁਹਾਡੇ ਆਪਣੇ ਮਨ ਦੀ ਕੰਪਨ ਨਹੀਂ ਬਣਦਾ, ਉਸ ਦੀ ਕਵਿਤਾ ਜਾਅਲੀ ਹੋਵੇਗੀ।’’ ਇਸ ਪ੍ਰਕਾਰ ਸੁਰਜੀਤ ਪਾਤਰ ਦੀ ਨਿੱਜੀ ਆਵਾਜ਼ ਅਤੇ ਸਮੂਹਿਕ ਸਮਾਜਿਕ ਸੱਚ ਉਸ ਦੀ ਰਚਨਾ-ਦ੍ਰਿਸ਼ਟੀ ਵਿੱਚ ਇਕਸੁਰ ਹੋ ਕੇ ਚਲਦੇ ਹਨ। ਇਹ ਗੱਲ ਉਸ ਦੀ ਵਿਲੱਖਣਤਾ ਨੂੰ ਨਿਰਧਾਰਤ ਕਰਦੀ ਹੈ।

ਸੁਰਜੀਤ ਪਾਤਰ ਦੀ ਪੂਰਵਕਾਲੀ ਅਤੇ ਸਮਕਾਲੀ ਕਵਿਤਾ ਦੀਆਂ ਦੋ ਉਭਰਦੀਆਂ ਕਾਵਿ-ਲਹਿਰਾਂ ਪ੍ਰਗਤੀਵਾਦੀ ਕਾਵਿ ਅਤੇ ਪ੍ਰਯੋਗਵਾਦੀ ਕਾਵਿ ਵਿੱਚ ਕਦੇ ਸਮੂਹਿਕ ਅਤੇ ਕਦੇ ਨਿੱਜੀ ਆਵਾਜ਼ ਨੂੰ ਪ੍ਰਮੁੱਖਤਾ ਦੇਣ ਦੀਆਂ ਮਿਸਾਲਾਂ ਆਮ ਮਿਲ ਜਾਂਦੀਆਂ ਹਨ। ਜੇ ਪ੍ਰਗਤੀਵਾਦੀ ਕਾਵਿ ਵਿੱਚ ਨਿੱਜੀ ਸੱਚ ਦੀ ਅਣਦੇਖੀ ਹੁੰਦੀ ਰਹੀ ਹੈ ਤਾਂ ਪ੍ਰਯੋਗਵਾਦੀ ਕਾਵਿ ਲਹਿਰ ਵਿੱਚ ਸਮੂਹਿਕ ਸੋਚ ਨੂੰ ਦੁਜੈਲਾ ਸਥਾਨ ਮਿਲਦਾ ਰਿਹਾ ਹੈ। ਸੁਰਜੀਤ ਪਾਤਰ ਦੀ ਨਿੱਜੀ ਜਾਪਦੀ ਆਵਾਜ਼ ਵੀ ਆਪਣੇ ਅੰਦਰ ਸਮੂਹਿਕ ਅਨੁਭਵ ਨੂੰ ਸਮੋਈ ਬੈਠੀ ਮਿਲਦੀ ਹੈ। ਇਸ ਲਈ ਪਾਤਰ ਦੇ ਅਵਚੇਤਨ ਰਾਹੀਂ ਸਮੁੱਚਾ ਬ੍ਰਹਿਮੰਡ ਸਾਕਾਰ ਹੁੰਦਾ ਨਜ਼ਰ ਆਉਂਦਾ ਹੈ। ਉਸ ਦੇ ਆਪਣੇ ਸ਼ਬਦਾਂ ਵਿੱਚ, ‘‘ਮੇਰੀ ਬਹੁਤੀ ਕਵਿਤਾ ਆਤਮਿਕ ਯੁੱਧ ਹੀ ਹੈ। ਮੇਰੀ ਅੰਦਰਲੀ ਸੰਸਕ੍ਰਿਤੀ ਤੇ ਪ੍ਰਕਿਰਤੀ ਦਾ, ਮੇਰੇ ਆਦਰਸ਼ ਤੇ ਹਕੀਕਤ ਦਾ, ਸਦਾਚਾਰਕ ਮੁੱਲਾਂ ਦਾ, ਮੇਰੀਆਂ ਰੀਝਾਂ ਦਾ ਤੇ ਮੇਰੀ ਔਕਾਤ ਦਾ, ਮੇਰੀ ਹੀਣਤਾ ਤੇ ਤੁਹਾਡੇ ਵਡੱਪਣ ਦਾ, ਮੈਂ ਕਿੱਥੇ ਬੈਠਾ ਹਾਂ ਤੇ ਕਿੱਥੇ ਮੇਰੀ ਉਡੀਕ ਹੋ ਰਹੀ ਹੈ, ਸੱਚਮੁੱਚ ਮੈਂ ਇਸ ਯੁੱਧ ਤੋਂ ਪਾਰ ਨਹੀਂ ਜਾ ਸਕਿਆ।’’ ਪਾਤਰ ਇਨ੍ਹਾਂ ਦੋਵਾਂ ਪਰਸਪਰ ਵਿਰੋਧੀ ਲਹਿਰਾਂ ਦਾ ਸਿਰਫ਼ ਉਨਾ ਕੁ ਦਖ਼ਲ ਹੀ ਸਵੀਕਾਰ ਕਰਦਾ ਹੈ ਜਿੰਨਾ ਕੁ ਉਸ ਦੀ ਆਪਣੀ ਜੀਵਨ-ਦ੍ਰਿਸ਼ਟੀ ਦੇ ਅਨੁਕੂਲ ਹੈ। ਇਸ ਤਰ੍ਹਾਂ ਉਹ ਇੱਕ ਪਾਸੇ ਤਾਂ ਲਹਿਰਾਂ ਦੇ ਹੜ੍ਹ ਵਿੱਚ ਰੁੜ੍ਹਨ ਤੋਂ ਬਚਿਆ ਰਹਿੰਦਾ ਹੈ ਅਤੇ ਦੂਜੇ ਪਾਸੇ ਸਮਕਾਲੀ ਲਹਿਰਾਂ ਦੇ ਸਕਾਰਕ ਤੱਤਾਂ ਨੂੰ ਆਤਮਸਾਤ ਕਰ ਕੇ ਆਪਣੀ ਕਾਵਿ-ਸਮਰੱਥਾ ਨੂੰ ਡੂੰਘਾਈਆਂ ਦੇਣ ਵਿੱਚ ਸਫ਼ਲ ਹੁੰਦਾ ਹੈ।

ਆਪਣੀ ਇਸ ਵਿਲੱਖਣਤਾ ਦਾ ਉਲੇਖ ਉਹ ਇਉਂ ਕਰਦਾ ਹੈ, ‘‘...ਮੈਂ (ਲਹਿਰਾਂ ਤੋਂ), ਏਨਾ ਅਣਭਿੱਜ ਵੀ ਨਹੀਂ ਰਿਹਾ। ਮੈਂ ਉਨ੍ਹਾਂ ਬਾਰੇ ਸੋਚਦਾ-ਪੜ੍ਹਦਾ ਰਿਹਾ ਹਾਂ ਪਰ ਮੇਰੀ ਕਵਿਤਾ ਬਹੁਤੀ ਮੇਰੇ ਵੀ ਵੱਸ ਨਹੀਂ ਸੀ, ਉਹ ਸਾਹਿਤਕ ਲਹਿਰਾਂ ਤੋਂ ਵੱਧ ਮੇਰੀਆਂ ਆਤਮਿਕ-ਮਾਨਸਿਕ ਲਹਿਰਾਂ ਤੋਂ ਪ੍ਰਭਾਵਿਤ ਹੁੰਦੀ ਸੀ। ਕਈ ਵਾਰ ਤਾਂ ਇਉਂ ਹੋਇਆ ਕਿ ਮੇਰਾ ਤਾਰਕਿਕ ਆਪਾ ਕਿਸੇ ਹੋਰ ਰੂਪ ਨਾਲ ਜੁੜਿਆ ਹੋਇਆ ਸੀ ਪਰ ਮੇਰਾ ਸਮੁੱਚਾ ਆਪਾ ਆਪਣੇ ਅਵਚੇਤਨ ਕਾਰਨ ਕੋਈ ਹੋਰ ਰੂਪ ਸਿਰਜ ਰਿਹਾ ਸੀ।’’ ਸੁਰਜੀਤ ਪਾਤਰ ਇਸ ਗੱਲੋਂ ਸਚੇਤ ਹੈ ਕਿ ਵਕਤੀ ਲਹਿਰਾਂ ਜਾਂ ਰਾਜਸੀ ਪਾਰਟੀਆਂ ਦਾ ਮਹਿਜ਼ ਹਰਕਾਰਾ ਬਣ ਕੇ ਕਵੀ ਆਪਣੇ ਆਪ ਨੂੰ ਸੀਮਿਤ ਕਰ ਲਵੇਗਾ। ਇਸ ਕਰਕੇ ਉਹ ਆਪਣੀ ਪ੍ਰਤੀਬੱਧਤਾ ਨੂੰ ਵਿਸਤ੍ਰਿਤ ਅਰਥਾਂ ਦਾ ਧਾਰਨੀ ਬਣਾਉਂਦਾ ਹੈ। ਪਾਤਰ ਦੇ ਸ਼ਬਦਾਂ ਵਿੱਚ, ‘‘ਕਵੀ ਕਦੇ ਵੀ ਵਿਚਾਰਧਾਰਾ ਨਾਲ ਪ੍ਰਤੀਬੱਧ ਨਹੀਂ ਹੁੰਦਾ। ਉਸ ਦੀ ਪ੍ਰਤੀਬੱਧਤਾ ਮਨੁੱਖਤਾ ਨਾਲ ਹੁੰਦੀ ਹੈ, ਨਿਆਂ, ਸੁੰਦਰਤਾ, ਸੱਚਾਈ ਨਾਲ ਹੁੰਦੀ ਹੈ। ਵਿਚਾਰਧਾਰਾਵਾਂ ਬਦਲਦੀਆਂ ਰਹਿੰਦੀਆਂ ਹਨ ਪਰ ਸਿਰਜਣਾਤਮਕ ਸਰੋਕਾਰ ਇਨ੍ਹਾਂ ਤੋਂ ਮੁਕਤ ਰਹਿੰਦੇ ਹਨ।’’

ਸੁਰਜੀਤ ਪਾਤਰ ਦੀ ਇਹ ਵਿਲੱਖਣਤਾ ਹੈ ਕਿ ਉਹ ਕਿਸੇ ਵੀ ਵਾਦ ਜਾਂ ਫ਼ਲਸਫ਼ੇ ਦਾ ਕੱਟੜ ਸਮਰਥਕ ਨਹੀਂ ਬਣਿਆ ਪਰ ਆਪਣੇ ਪੂਰਵਕਾਲੀ ਅਤੇ ਸਮਕਾਲੀ ਚਿੰਤਨ ਦੀਆਂ ਅਨੇਕ ਸੁਰਾਂ ਨੂੰ ਉਸ ਨੇ ਆਪਣੀ ਸ਼ਖ਼ਸੀਅਤ ਦਾ ਸਹਿਜ ਅੰਗ ਬਣਾਇਆ ਹੈ। ਪੁਸਤਕੀ-ਗਿਆਨ ਅਤੇ ਜੀਵਨ-ਅਨੁਭਵ ਵਿੱਚੋਂ ਉਸ ਨੇ ਜੋ ਵੀ ਗ੍ਰਹਿਣ ਕੀਤਾ ਹੈ, ਉਸ ਨੂੰ ਆਪਣੀ ਕਾਵਿ-ਚੇਤਨਾ ਵਿੱਚ ਸਮਾਉਣ ਦਾ ਯਤਨ ਕੀਤਾ ਹੈ। ਉਸ ਦਾ ਕਥਨ ਹੈ, ‘‘ਫ਼ਲਸਫ਼ਾ ਪੜ੍ਹਨ ਵਾਂਗ ਮੈਂ ਸਿਰਫ਼ ਜੌਹਨ ਪਾਲ ਸਾਰਤਰ ਪੜ੍ਹਿਆ ਹੈ। ਇਹ ਵੀ ਬਹੁਤ ਪੁਰਾਣੀ ਗੱਲ ਹੈ। ਸੰਨ 1970-71 ’ਚ ਮੈਂ ਪੰਜਾਬੀ ਨਾਟਕ ਵਿੱਚ ਅਸਤਿਤਵਵਾਦੀ ਸਥਿਤੀਆਂ ਦੇ ਵਿਸ਼ੇ ’ਤੇ ਕੰਮ ਕਰ ਰਿਹਾ ਸਾਂ। ਮੈਨੂੰ ਸਾਰਤਰ ਦੀ ਵਾਰਤਕ, ਨਾਟਕਾਂ, ਕਹਾਣੀਆਂ, ਨਾਵਲਾਂ ਨੇ ਬਹੁਤ ਬੇਚੈਨ ਕਰ ਦਿੱਤਾ। ਮੇਰੇ ਪੈਰਾਂ ਹੇਠ ਅੱਗ ਬਾਲ ਦਿੱਤੀ। ਦਰੱਖਤਾਂ ਦੀਆਂ ਛਾਵਾਂ ਵੀ ਬਲਦੀਆਂ ਲੱਗੀਆਂ। ਇਹ ਮੇਰੇ ਲਈ ਵਿਯੋਗ ਪੈਦਾ ਕਰਨ ਵਾਲਾ ਅਨੁਭਵ ਸੀ, ਜਿਵੇਂ ਕੋਈ ਬੰਦੇ ਤੇ ਕੁਦਰਤ ਨੂੰ ਬੁਰੀ ਤਰ੍ਹਾਂ ਇੱਕ-ਦੂਜੇ ਤੋਂ ਤੋੜ ਰਿਹਾ ਹੋਵੇ। ਇਹ ਮੇਰੇ ਲਈ ਸਿਕਨਿੰਗ ਜਿਹਾ ਅਨੁਭਵ ਸੀ। ...ਹਿੰਦੂ ਮੱਤ ਤੇ ਬੁੱਧ ਮੱਤ ਦਾ ਸਹਿਜ ਪਾਠਕ ਹਾਂ। ਗੁਰੂ ਨਾਨਕ ਬਾਣੀ ਇੱਕੋ ਵੇਲੇ ਸੰਯੋਗ ਤੇ ਵਿਯੋਗ ਦਾ ਅਨੁਭਵ ਦਿੰਦੀ ਹੈ। ਉਸ ਤੋਂ ਬਹੁਤ ਵਾਰੀ ਸਹਾਰਾ ਤੇ ਰੋਸ਼ਨੀ ਭਾਲਦਾ ਹਾਂ। ਇਸ ਦੁਨੀਆਂ ਨੂੰ ਇਹ ਬਾਣੀ ਮਹਾਨ ਰਹੱਸਮਈ ਲੀਲ੍ਹਾ ਵਾਂਗ ਦੇਖਦੀ ਹੈ। ਇਸ ਵਿੱਚ ਹਰ ਚੀਜ਼ ਨਾਲ ਇੱਕ ਕਾਵਿਮਈ ਤੇ ਤਾਰਕਿਕ ਰਿਸ਼ਤਾ ਬਣਦਾ ਹੈ। ਸਾਡਾ ਰਸਤਾ ਇਸ ਬਾਣੀ ਨੂੰ ਆਤਮਸਾਤ ਕਰਨ ਤੇ ਇਸ ਨਾਲ ਸੰਵਾਦ ’ਚੋਂ ਹੀ ਫੁੱਟ ਸਕਦਾ ਹੈ। ਸੰਵਾਦ ਤੋਂ ਮੇਰਾ ਭਾਵ ਹੈ, ਇਸ ਦੀ ਲੋਏ ਆਪਣਾ ਚਾਨਣ ਤੇ ਆਪਣੇ ਸਵਾਲ-ਤੌਖ਼ਲੇ ਇਸ ਕੋਲ ਲੈ ਕੇ ਜਾਣੇ ਤੇ ਉਨ੍ਹਾਂ ਦਾ ਸਮਾਧਾਨ ਟੋਲਣਾ।’’

ਫ਼ਲਸਫ਼ਾ ਭਾਵੇਂ ਕਿਸੇ ਵੀ ਉੱਤਮ ਕਵੀ ਅਤੇ ਉਸ ਦੀ ਕਾਵਿ-ਰਚਨਾ ਦੀ ਮੂਲ ਟੇਕ ਬਣਦਾ ਹੈ ਪਰ ਕਵਿਤਾ ਮਹਿਜ਼ ਕਿਸੇ ਫ਼ਲਸਫ਼ੇ ਦਾ ਸੰਚਾਰ-ਮਾਤਰ ਵੀ ਨਹੀਂ ਹੁੰਦੀ। ਸੁਰਜੀਤ ਪਾਤਰ ਕਾਵਿ-ਪ੍ਰਯੋਜਨ ਨੂੰ ਫ਼ਲਸਫ਼ੇ ਤੋਂ ਵੀ ਅਗਾਂਹ ਲੈ ਜਾਣ ਲਈ ਰੁਚਿਤ ਹੈ। ਉਸ ਅਨੁਸਾਰ, ‘‘ਮੈਂ ਅਕਸਰ ਆਹਤ ਹੋ ਕੇ ਕਵਿਤਾ ਦੇ ਦੁਆਰੇ ਆਉਂਦਾ ਹਾਂ। ਇਹ ਮੇਰੀ ਦਰਗਾਹ ਹੈ, ਮੇਰੀ ਇਬਾਦਤਗਾਹ, ਸਾਹ ਲੈਣ ਲਈ ਬਾਰੀ ਹੈ, ਖੂਹ ਵਿੱਚ ਡਿੱਗੇ ਦਾ ਗੋਰਖ ਹੈ। ਮੈਂ ਸੋਚਦਾ ਹਾਂ ਜਿਸ ਤਰ੍ਹਾਂ ਦਰੱਖਤ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਵਿੱਚ ਬਦਲ ਦਿੰਦੇ ਹਨ, ਉਸੇ ਤਰ੍ਹਾਂ ਕਵਿਤਾ ਦੁੱਖ ਨੂੰ ਇੱਕ ਸੁਹਜਮਈ ਅਨੁਭਵ ਜਾਂ ਕਲਿਆਣਕਾਰੀ ਸੋਚ ਵਿੱਚ ਬਦਲ ਦਿੰਦੀ ਹੈ।’’

ਸੁਰਜੀਤ ਪਾਤਰ ਜਿਵੇਂ ਆਪਣੀ ਕਾਵਿ-ਰਚਨਾ ਦੇ ਪ੍ਰੇਰਕ ਵਜੋਂ ਫ਼ਲਸਫ਼ੇ, ਜੀਵਨ ਅਨੁਭਵ ਅਤੇ ਸਮਕਾਲੀ ਕਾਵਿ-ਲਹਿਰਾਂ ਦੇ ਪ੍ਰਭਾਵਾਂ ਤੋਂ ਸਚੇਤ ਹੈ ਉਵੇਂ ਹੀ ਉਹ ਆਪਣੀ ਕਵਿਤਾ ਦੇ ਰੂਪ ਪੱਖ ਬਾਰੇ ਵੀ ਚੇਤੰਨ ਹੈ। ਉਸ ਦਾ ਕਥਨ ਹੈ, ‘‘...ਕਵਿਤਾ ਦੀ ਰਚਨਾ ਸਚੇਤ-ਅਚੇਤ ਦੇ ਮਿੱਸੇ ਰੰਗਾਂ ਵਿੱਚ ਹੁੰਦੀ ਹੈ। ਮੇਰੀ ਕਵਿਤਾ ਸਰੋਦੀ ਤੇ ਨਾਟਕੀ ਦੇ ਕਿਨਾਰਿਆਂ ਵਿੱਚ ਵਿਚਰਦੀ ਹੈ। ਮੇਰੀ ਕਾਵਿ-ਭਾਸ਼ਾ ਦਾ ਟੈਕਸਚਰ ਪ੍ਰਕਿਰਤੀ, ਸੰਸਕ੍ਰਿਤੀ ਤੇ ਮਾਨਵ-ਮਨ ਦੇ ਮਿਲਣ ਬਿੰਦੂ ਉੱਤੇ ਘੁਲਦੇ ਰੰਗਾਂ ਦਾ ਬਣਿਆ ਹੈ। ਇਸ ਸੂਖ਼ਮਤਾ ਅਤੇ ਤਰਲਤਾ ਨੂੰ ਕਾਇਮ ਰੱਖਦਿਆਂ ਉਸ ਦੇ ਕਈ ਪਹਿਲੂਆਂ ਨੂੰ ਸਥੂਲ ਸਥਾਨਕ ਬਿੰਬ ਦੇਣ ਦੀ ਕੋਸ਼ਿਸ਼ ਕਰਦਾ ਹਾਂ।’’

ਸਮੁੱਚੇ ਰੂਪ ’ਚ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਰਚਨਾ ਮੂਲੋਂ ਹੀ ਉਸ ਦੇ ਸਿਰਜਣਹਾਰ ਤੋਂ ਸੁਤੰਤਰ ਕਰ ਕੇ ਨਹੀਂ ਸਮਝੀ ਜਾ ਸਕਦੀ। ਰਚਨਾ ਦਾ ਸੰਦਰਭ ਉਸ ਦੇ ਸਿਰਜਣਹਾਰ ਅਤੇ ਸਮਕਾਲੀ ਚੁਣੌਤੀਆਂ ਨਾਲ ਅਟੁੱਟ ਰਿਸ਼ਤੇ ਵਿੱਚ ਬੱਝਿਆ ਹੁੰਦਾ ਹੈ। ਸੁਰਜੀਤ ਪਾਤਰ ਉੱਤੇ ਵੀ ਇਹ ਗੱਲ ਪੂਰੀ ਢੁਕਵੀਂ ਹੈ।

ਸੁਰਜੀਤ ਪਾਤਰ ਦੀ ਕਵਿਤਾ ਵਿਚ ਲੋਕਧਾਰਾ ਦੀ ਪੁਨਰ-ਸਿਰਜਣਾ : ਡਾ. ਸਤਿੰਦਰ ਕੌਰ

ਸੁਰਜੀਤ ਪਾਤਰ ਸਮਕਾਲੀ ਪੰਜਾਬੀ ਕਵਿਤਾ ਵਿਚ ਇਕ ਵਿਸ਼ੇਸ਼ ਨਾਮ ਹੈ। ਆਲੋਚਕਾਂ ਨੇ ਸੁਰਜੀਤ ਪਾਤਰ ਦੀ ਕਵਿਤਾ ਉੱਪਰ ਵਿਚਾਰ ਕਰਦਿਆਂ ਹੋਇਆਂ ਇਹ ਗੱਲ ਵਿਸ਼ੇਸ਼ ਤੌਰ 'ਤੇ ਨੋਟ ਕੀਤੀ ਹੈ ਕਿ ਉਸ ਦਾ ਉਦੈ ਉਦੋਂ ਹੁੰਦਾ ਹੈ ਜਦੋਂ ਰੁਮਾਂਟਿਕ ਪ੍ਰਗਤੀਵਾਦੀ ਕਵਿਤਾ ਦਾ ਦੌਰ ਸਮਾਪਤ ਹੋ ਚੁੱਕਾ ਸੀ ਅਤੇ ਆਧੁਨਿਕਤਾਵਾਦੀ ਪ੍ਰਯੋਗਸ਼ੀਲਤਾ ਦੀਆਂ ਸੀਮਾਵਾਂ ਪ੍ਰਗਟ ਹੋ ਰਹੀਆਂ ਸਨ। ਇਸੇ ਤਰ੍ਹਾਂ ਹੀ ਜੁਝਾਰਵਾਦੀ ਕਵਿਤਾ ਦੇ ਸਮੇਂ ਵੀ ਵਿਚਾਰਧਾਰਕ ਸੰਕਟ ਉਭਰ ਕੇ ਸਾਹਮਣੇ ਆ ਚੁੱਕਾ ਸੀ। ਇਸ ਸਮੇਂ ਦੌਰਾਨ ਇਕ ਪਾਸੇ ਪਾਸ਼ ਵਰਗੀ ਕਵਿਤਾ ਲਿਖਣ ਦਾ ਯਤਨ ਕੀਤਾ ਜਾ ਰਿਹਾ ਸੀ ਉੱਥੇ ਦੂਸਰੇ ਪਾਸੇ ਹਰਭਜਨ ਹਲਵਾਰਵੀ, ਅਮਰਜੀਤ ਚੰਦਨ, ਜਗਤਾਰ ਅਤੇ ਹਰਭਜਨ ਸਿੰਘ ਹੁੰਦਲ ਆਪਣੀ ਵੱਖਰੀ ਹੋਂਦ ਸਥਾਪਤ ਕਰਦੇ ਹਨ। ਡਾ. ਸੁਤਿੰਦਰ ਸਿੰਘ ਨੂਰ ਦਾ ਕਥਨ ਹੈ ਕਿ, "ਪਾਤਰ ਉਸ ਵਿਚਾਰਧਾਰਾ ਦਾ ਨਿਰੀਖਣ ਕਰ ਰਿਹਾ ਸੀ। ਉਹ ਨਾ ਹੀ ਕਾਰਜਸ਼ੀਲ ਸੀ ਤੇ ਨਾ ਹੀ ਅਭੇਦ ਹੋਇਆ। ਸਗੋਂ ਉਸ ਵਿਚਾਰਧਾਰਾ ਦੇ ਸੰਬੰਧ ਵਿਚ ਵਧੇਰੇ ਕਾਵਿ ਯੋਗਤਾ ਦੇ ਮਸਲਿਆਂ ਨਾਲ ਜੂਝ ਰਿਹਾ ਸੀ।"1 ਇਸੇ ਵਿਚਾਰ ਨੂੰ ਡਾ. ਜਸਵਿੰਦਰ ਸਿੰਘ ਨੇ ਵੱਖਰੇ ਸ਼ਬਦਾਂ ਰਾਹੀਂ ਪ੍ਰਸਤੁਤ ਕਰਦਿਆਂ ਲਿਖਿਆ ਹੈ ਕਿ, "ਪਾਤਰ ਆਧੁਨਿਕ ਪੰਜਾਬੀ ਸਾਹਿਤ ਵਿਚ ਜਿਸ ਦੌਰ ਵਿਚ ਸ਼ਾਇਰੀ ਰਚਣ ਵੱਲ ਸਰਗਰਮ ਹੁੰਦਾ ਹੈ, ਉਹ ਪ੍ਰਗਤੀਵਾਦੀ ਕਾਵਿ ਦੀ ਚੜ੍ਹਤ ਦਾ ਸਮਾਂ ਨਹੀਂ ਸੀ। ਪ੍ਰਗਤੀਵਾਦੀ ਕਾਵਿ ਚੇਤਨਾ ਅੱਗੇ ਇਕ ਪਾਸਿਉਂ ਨਕਸਲਬਾੜੀ ਲਹਿਰ ਵੱਲੋਂ ਗਰਮ ਮਾਰਕਸਵਾਦੀ ਵਿਚਾਰਧਾਰਕ ਵੰਗਾਰ ਸੀ ਦੂਜੇ ਪਾਸਿਉਂ ਉਭਰ ਰਹੀ ਨਵੀਂ ਪੜ੍ਹੀ ਲਿਖੀ ਮੱਧ ਸ਼੍ਰੇਣੀ ਵੱਲੋਂ ਪ੍ਰਯੋਗਸ਼ੀਲ ਧਾਰਾ ਨੇ ਸਿੱਕੇਬੰਦ ਵਾਦਾਂ, ਅੰਤਰਪੱਖੀ ਵਿਚਾਰਧਾਰਾਵਾਂ ਅਤੇ ਅਖੌਤੀ ਸਮੂਹਕਤਾ ਦੀਆਂ ਬਹੁਤ ਸਾਰੀਆਂ ਅਰੋਪਿਤ ਧਾਰਨਾਵਾਂ ਨੂੰ ਆਧੁਨਿਕ ਯੁੱਗ ਸੰਵੇਦਨਾ ਅਨੁਕੂਲ ਨਵੀਆਂ ਵੰਗਾਰਾ ਪੇਸ਼ ਕੀਤੀਆਂ ਸਨ।"2 ਅਗਾਂਹ ਜਾ ਕੇ ਡਾ. ਜਸਵਿੰਦਰ ਸਿੰਘ ਨੇ ਪਾਤਰ ਦੇ ਸਿਰਜਣਾਤਮਕ ਸਮੇਂ ਨੂੰ ਸੰਖੇਪ ਵਿਚ ਇਉਂ ਪੇਸ਼ ਕੀਤਾ ਹੈ, "ਪਾਤਰ ਕਾਵਿ ਦੀ ਸਿਰਜਣ ਭੂਮੀ ਅਜਿਹਾ ਵਾਦਾਂ ਪ੍ਰਤਿਵਾਦਾਂ ਵਿਚ ਘਿਰਿਆ ਰਾਜਸੀ ਸਭਿਆਚਾਰਕ ਸਥਲ ਸੀ ਜਿਸ ਨੇ ਹਰੇਕ ਸੁਚੇਤ ਸੰਵੇਦਨਾਵੀ ਸਿਰਜਣਸ਼ੀਲ ਮਨ ਅੱਗੇ ਖੌਫ਼ਨਾਕ ਪੁੱਠੇ-ਸਿੱਧੇ ਪ੍ਰਸ਼ਨ ਲਟਕਾ ਰੱਖੇ ਸਨ।"3

ਪਾਤਰ ਆਪਣੇ ਸਮੇਂ ਦੀਆਂ ਸਮਾਜਿਕ ਸਭਿਆਚਾਰਕ ਅਤੇ ਰਾਜਨੀਤਿਕ ਵਿਚਾਰਧਾਰਾਵਾਂ ਨਾਲ ਸੰਵਾਦ ਰਚਾਉਂਦਾ ਹੈ। ਇਸ ਵਿਚੋਂ ਹੀ ਉਸ ਦੇ ਪ੍ਰਗਤੀਵਾਦੀ ਵਿਚਾਰ ਸਾਹਮਣੇ ਆਉਂਦੇ ਹਨ। ਪੰਜਾਬ ਸੰਕਟ ਸਮੇਂ ਉਸ ਦੀ ਸ਼ਾਇਰੀ ਵੱਖਰੇ ਤਰ੍ਹਾਂ ਦਾ ਸੰਵਾਦ ਸਿਰਜਦੀ ਹੈ। ਡਾ. ਸੁਤਿੰਦਰ ਸਿੰਘ ਨੂਰ ਅਨੁਸਾਰ, "ਪਾਤਰ ਉਸ ਸ਼ਾਇਰੀ ਅਤੇ ਦ੍ਰਿਸ਼ਟੀ ਦੇ ਨਾਲ ਸੀ ਜਿਸ ਵਿਚ ਇਕੋ ਸਮੇਂ ਭਵਿੱਖਮੁਖੀ ਵਿਸ਼ਲੇਸ਼ਣ ਵੀ ਸੀ, ਵਿਚਾਰਧਾਰਕ ਚੇਤਨਾ ਵੀ ਸੀ ਤੇ ਕਾਵਿ ਨਾਲ ਪ੍ਰਤੀਬੱਧਤਾ ਵੀ ਸੀ।"4 ਪਾਤਰ ਦੀ ਦ੍ਰਿਸ਼ਟੀ ਦੀ ਦ੍ਰਿਸ਼ਟੀ ਭਾਵੇਂ ਆਰੰਭ ਤੋਂ ਹੀ ਪ੍ਰਗਤੀਵਾਦੀ ਰਹੀ ਹੈ ਪਰੰਤੂ ਫਿਰ ਵੀ ਇਸ ਨੂੰ ਪ੍ਰਗਟਾਉਣ ਲਈ ਉਸ ਨੇ ਨਵੇਂ ਕਾਵਿ ਮੁਹਾਵਰੇ ਦੀ ਸਿਰਜਣਾ ਕੀਤੀ। ਅਸੀਂ ਡਾ. ਲਾਭ ਸਿੰਘ ਖੀਵਾ ਦੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹੋ ਸਕਦੇ ਕਿ, ਪਾਤਰ ਨੇ 'ਲਘੂ-ਮਾਨਵ ਦੀ ਥਾਂ ਇਤਿਹਾਸਕ ਨਾਇਕ ਦੇ ਸੰਕਲਪ ਦੀ ਮੁੜ ਉਸਾਰੀ'5 ਕੀਤੀ। ਇਸ ਦੀ ਬਜਾਇ ਡਾ. ਜਸਵਿੰਦਰ ਸਿੰਘ ਦਾ ਕਥਨ ਵਧੇਰੇ ਮਹੱਤਵਪੂਰਨ ਹੈ ਕਿ, "ਪਾਤਰ ਦਾ ਨਾਇਕ ਅਜਿਹਾ ਕਾਵਿ ਨਾਇਕ ਹੈ ਜੋ ਕ੍ਰਾਂਤੀ ਦਾ ਪ੍ਰਸੰਸਕ ਹੈ, ਕ੍ਰਾਂਤੀ ਦੇ ਸੁਪਨੇ ਦਾ ਹਾਮੀ ਹੈ, ਕ੍ਰਾਂਤੀਕਾਰੀ ਨਾਇਕ ਦੀ ਸੂਰਮਗਤੀ ਕੁਰਬਾਨੀ ਨੂੰ ਨਤਮਸਤਕ ਹੈ। ਪਰ ਉਹ ਆਪਣਾ ਕਾਵਿ-ਨਾਇਕੀ ਚਰਿੱਤਰ ਇਕ ਨੌਜਵਾਨ ਸ਼ਾਇਰ ਦੇ, ਇਕ ਕ੍ਰਾਂਤੀਮੁਖੀ ਸ਼ਾਇਰ ਦੇ ਸੁਰਮਾਈ ਬੋਲਾਂ ਵਿਚ ਸੰਕਲਪਿਤ ਕਰਦਾ ਹੈ।"6

ਆਲੋਚਕਾਂ ਨੇ ਪਾਤਰ ਦੇ ਸਮਕਾਲੀ ਕਾਵਿ-ਧਾਰਾ ਦੇ ਪਿਛੋਕੜ ਤੋਂ ਇਲਾਵਾ ਉਸ ਦੇ ਨਿੱਜੀ ਤੇ ਸਮਾਜਿਕ ਕਾਰਣਾਂ ਨੂੰ ਵੀ ਰੇਖਾਂਕਿਤ ਕੀਤਾ ਹੈ, ਜਿਵੇਂ "ਪਾਤਰ-ਪਾਸ਼ ਦੀ ਸ਼ਾਇਰੀ ਉਸਦੇ ਗਰੀਬੜੇ ਪਰਿਵਾਰਕ ਪਿਛੋਕੜ, ਪੇਂਡੂ ਜਾਤੀਗਤ ਸਮੂਹਕ ਅਵਚੇਤਨ, ਮੋਹਧੋਰੀ ਵਿਅਕਤੀਗਤ ਮਨੋਬਣਤਰ ਦੇ ਪਰਾਣਵੰਤ ਪ੍ਰੇਰਕਾਂ ਸਦਕਾ ਇਸ ਦੌਰ ਦੀ ਅਧਿਕ ਮਕਬੂਲ ਸ਼ਾਇਰੀ ਤੋਂ ਇਕ ਸੁਲਝੀ ਵਿੱਥ 'ਤੇ ਖੜਨ ਦਾ ਦਲੇਰਾਨਾ ਜ਼ੋਖ਼ਮ ਉਠਾਉਂਦੀ ਹੈ।"7 ਅਮਰਜੀਤ ਗਰੇਵਾਲ ਦਾ ਇਹ ਕਥਨ ਵੀ ਵਧੇਰੇ ਵਿਸ਼ਵਾਸਯੋਗ ਨਹੀਂ ਕਿ ਪਾਤਰ ਦੀਆਂ ਕੁਝ ਕਵਿਤਾਵਾਂ ਪ੍ਰਗਤੀਵਾਦੀ ਹਲਕਿਆਂ ਵਿਚ ਵਧੇਰੇ ਸਰਾਹੀਆਂ ਗਈਆਂ ਹਨ। ਉਸ ਅਨੁਸਾਰ "ਹੌਲੀ-ਹੌਲੀ ਇਹ ਸਿਧਾਂਤ (ਪ੍ਰਗਤੀਵਾਦੀ) ਪੰਜਾਬੀ ਕਵਿਤਾ ਦੇ ਪਾਠਕਾਂ ਦੀ ਆਮ ਸੂਝ ਬੂਝ ਦਾ ਹਿੱਸਾ ਵੀ ਬਣ ਗਿਆ। ਇਹੋ ਕਾਰਣ ਹੈ ਕਿ ਸੁਰਜੀਤ ਪਾਤਰ ਦੀਆਂ ਉਪਰੋਕਤ ਕਵਿਤਾਵਾਂ ਨੂੰ ਆਲੋਚਕਾਂ ਅਤੇ ਸੂਝਵਾਨ ਪਾਠਕਾਂ ਵੱਲੋਂ ਅਤੀ ਉੱਤਮ ਕਵਿਤਾਵਾਂ ਦਾ ਰੁਤਬਾ ਪ੍ਰਾਪਤ ਹੋਇਆ।8

ਡਾ. ਗੁਰਚਰਨ ਸਿੰਘ ਔਲਖ ਅਨੁਸਾਰ ਪਾਤਰ ਦੀ ਕਵਿਤਾ ਇਤਿਹਾਸਕ ਚੇਤੰਨਤਾ ਮੁਖੀ ਹੈ। ਉਸ ਦੇ ਆਪਣੇ ਕਥਨ ਅਨੁਸਾਰ, "ਇਤਿਹਾਸਕ ਚੇਤੰਨਤਾ ਮੁਖੀ ਕਵਿਤਾ 'ਚ ਪ੍ਰਮੁੱਖ ਨਾਮ ਸੁਰਜੀਤ ਪਾਤਰ ਦਾ ਹੈ। ਉਸ ਦੀ ਕਵਿਤਾ ਆਪਣੀ ਪ੍ਰਗੀਤਤਕਤਾ ਤੇ ਆਧੁਨਿਕਤਾ ਦੀ ਪੇਸ਼ਕਾਰੀ ਵਿਚ ਬੇਜੋੜ ਹੈ।"9 ਪਾਤਰ ਇਤਿਹਾਸ ਦੇ ਇਕ ਦੌਰ ਨਾਲ ਹੀ ਬੱਝ ਕੇ ਨਹੀਂ ਰਹਿ ਜਾਂਦਾ ਸਗੋਂ ਉਹ ਜ਼ਿੰਦਗੀ ਦੇ ਅਸੀਮ ਪਾਸਾਰਾਂ ਵੱਲ ਵੱਧਦਾ ਨਜ਼ਰ ਆਉਂਦਾ ਹੈ।ਗੁਣਵੰਤ ਕੌਰ ਸਿੱਧੂ ਅਨੁਸਾਰ, "ਇਤਿਹਾਸ ਦੇ ਇਕ ਸੀਮਿਤ ਟੁਕੜੇ ਨੂੰ ਜ਼ਿੰਦਗੀ ਦੇ ਅਸੀਮ ਪਸਾਰ ਵਿਚ ਬਦਲ ਸਕਣਾ ਹੀ ਇਕ ਪ੍ਰਮਾਣਿਕ ਕਵੀ ਦੀ ਪਹਿਚਾਣ ਹੈ ਅਤੇ ਇਹ ਪਹਿਚਾਣ ਪਾਤਰ ਦੇ ਹਿੱਸੇ ਆਈ ਹੈ।"10 ਅਗਾਂਹ ਜਾ ਕੇ ਗੁਣਵੰਤ ਕੌਰ ਸਿੱਧੂ ਨੇ ਪਾਤਰ ਦੀ ਕਵਿਤਾ ਨੂੰ ਸਮਕਾਲੀਨ ਯਥਾਰਥ ਦੇ 'ਕਲਾਤਮਿਕ', ਸੂਖ਼ਮ ਅਤੇ ਅਭਿਵਿਅਕਤੀ ਮੂਲਕ ਚਿਤਰਣ' ਮੰਨਿਆ ਹੈ। ਉਸ ਅਨੁਸਾਰ ਪਾਤਰ ਦੀ ਕਵਿਤਾ ਵਿਚ ਅਸਤਿਤਵਹੀਣਤਾ ਦਾ ਬੋਧ ਹੈ ਅਤੇ ਮਾਨਸਿਕ ਵਿਸੰਗਤੀਆਂ ਦਾ ਪ੍ਰਗਟਾ ਵੀ। ਪਾਤਰ ਸਮਕਾਲੀ ਮਨੁੱਖ ਦੀਆਂ ਅਤ੍ਰਿਪਤ ਲੋੜਾਂ ਤੇ ਰੀਝਾਂ ਤੋਂ ਪ੍ਰਭਾਵਿਤ ਖੋਖਲੀ ਮਾਨਸਿਕਤਾ ਨੂੰ ਵਿਅੰਗ ਦਾ ਸ਼ਿਕਾਰ ਬਣਾਉਂਦਾ ਹੈ।11

ਪਾਤਰ ਆਧੁਨਿਕ ਯਥਾਰਥ ਨੂੰ ਪ੍ਰਗਟਾਉਣ ਲਈ ਨਵੇਂ ਬਿੰਬ, ਪ੍ਰਤੀਕ ਸਿਰਜਣ ਦੇ ਨਾਲ-ਨਾਲ ਇਤਿਹਾਸਕ-ਮਿਥਿਹਾਸਕ ਘਟਨਾਵਾਂ ਨੂੰ ਵੀ ਨਵੇਂ ਅਰਥ ਦਿੰਦਾ ਹੈ ਅਤੇ ਇਉਂ ਸਮਕਾਲੀ ਯਥਾਰਥ ਦੀਆਂ ਵਿਸੰਗਤੀਆਂ ਨੂੰ ਸਾਹਮਣੇ ਲਿਆਉਂਦਾ ਹੈ। ਡਾ. ਰਾਜਿੰਦਰ ਪਾਲ ਸਿੰਘ ਨੇ ਇਨ੍ਹਾਂ ਵਿਚਾਰਾਂ ਨੂੰ ਸੂਤਰਬੱਧ ਕਰਦਿਆਂ ਹੋਇਆਂ ਲਿਖਿਆ ਹੈ ਕਿ, "ਆਧੁਨਿਕ ਯਥਾਰਥ ਗ੍ਰਹਿਣ ਕਰਕੇ ਮੁੜ ਪ੍ਰਗਟਾਉਣ ਲਈ ਸੁਰਜੀਤ ਪਾਤਰ ਨਿਰੇ ਨਵੇਂ ਬਿੰਬ/ਪ੍ਰਤੀਕਾਂ ਦੀ ਓਟ ਹੀ ਨਹੀਂ ਲੈਂਦਾ ਸਗੋਂ ਉਹ ਇਤਿਹਾਸਕ-ਮਿਥਿਹਾਸਕ ਘਟਨਾਵਾਂ ਨੂੰ ਨਵੇਂ ਅਰਥਾਂ ਵਿਚ ਪੇਸ਼ ਕਰਦਾ ਹੈ। ਸਮਕਾਲੀ ਯਥਾਰਥ ਦੀ ਕਰੂਰਤਾ ਦੇ ਸਾਹਮਣੇ ਖੜਾ ਕਰਦਾ ਹੈ। ਇਤਿਹਾਸ ਵਿਚ ਰੂੜ੍ਹ ਹੋ ਚੁੱਕੀਆਂ ਰੂੜ੍ਹੀਆਂ ਤੋਂ ਨਵੇਂ ਅਰਥ ਲੈਣ ਦੀ, ਇਸ ਦਹਾਕੇ ਦੀ ਸਮੂਹ ਸੰਬੋਧਨ ਬਿਰਤੀ ਵਾਂਗ ਹੀ ਇਕ ਪ੍ਰਵਿਰਤੀ ਹੈ। ਸੁਰਜੀਤ ਪਾਤਰ ਨੇ ਇਤਿਹਾਸ-ਮਿਥਿਹਾਸ ਵਿਚੋਂ ਪ੍ਰਾਪਤ ਰੂੜ੍ਹੀਆਂ ਨੂੰ ਆਧੁਨਿਕ ਯਥਾਰਥ ਬੋਧ ਨੂੰ ਪ੍ਰਪੱਕ ਕਰਨ ਹਿੱਤ ਵਰਤੋਂ ਵਿਚ ਲਿਆਂਦਾ ਹੈ।"12

ਇਤਿਹਾਸਕ ਅਤੇ ਮਿਥਿਹਾਸਕ ਵੇਰਵਿਆਂ ਤੋਂ ਇਲਾਵਾ ਪਾਤਰ ਦੀਆਂ ਕਵਿਤਾਵਾਂ ਵਿਚ ਲੋਕਧਾਰਾ ਦਾ ਸੰਘਣਾ ਤਾਣਾ-ਬਾਣਾ ਨਜ਼ਰ ਆਉਂਦਾ ਹੈ। ਜਿਸ ਦਾ ਅਹਿਸਾਸ ਸਾਨੂੰ ਡਾ. ਹਰਿਭਜਨ ਸਿੰਘ ਨੇ 'ਹੁਣ ਘਰਾਂ ਨੂੰ ਪਰਤਣਾ' ਦੇ ਵਿਸ਼ਲੇਸ਼ਣ ਰਾਹੀਂ ਕਰਵਾਇਆ ਹੈ। ਇਸ ਕਵਿਤਾ ਦਾ ਆਲੋਚਨਾਤਮਕ ਅਧਿਐਨ ਕਰਦਿਆਂ ਡਾ. ਹਰਿਭਜਨ ਸਿੰਘ ਨੇ ਜਿੱਥੇ ਇਕ ਪਾਸੇ ਇਸ ਦੇ ਲੋਕਧਾਰਾਈ ਵੇਰਵਿਆਂ ਨੂੰ ਚਰਚਾ ਦਾ ਵਿਸ਼ਾ ਬਣਾਇਆ ਹੈ ਉੱਥੇ ਨਾਲ ਹੀ ਇਸ ਕਵਿਤਾ ਨੂੰ ਪਰੰਪਰਾ ਤੋਂ ਪਾਰ ਜਾਣ ਵਾਲੀ ਕਵਿਤਾ ਦੇ ਰੂਪ ਵਿਚ ਵੀ ਪ੍ਰਵਾਨ ਕਰਦਾ ਹੈ। ਉਸ ਦੇ ਆਪਣੇ ਕਥਨ ਅਨੁਸਾਰ, "ਇਸ ਕਵਿਤਾ ਵਿਚ ਲੋਕਵੇਦ ਦੇ ਬੜੇ ਵੇਰਵੇ ਹਨ। ਮੱਥੇ ਉੱਪਰ ਮੌਤ, ਸਾਧੂ ਦਾ ਸਰਾਪ, ਸ਼ਰੀਕਣ ਚੰਦਰੀ, ਟੂਣੇ ਟਾਮਣ, ਪ੍ਰੇਤ, ਸਿਰ ਪਲੋਸਣਾ, ਅਸੀਸਾਂ, ਸਿਵੇ ਤੇ ਮਾਸ ਰਿੰਨ੍ਹਦੀ ਰੰਨ, ਸਿਵੇ ਸੇਕਣਾ, ਮੜ੍ਹੀ ਤੇ ਦੀਵਾ, ਇਹ ਸਾਰੇ ਲੋਕ-ਵਿਸ਼ਵਾਸ ਦੇ ਵੇਰਵੇ ਹਨ। ਫੇਰ ਵੀ ਇਸ ਕਵਿਤਾ ਦਾ ਰੁਖ ਲੋਕਵੇਦ ਦੇ ਐਨ ਪ੍ਰਤੀਕੂਲ ਹੈ। ਲੋਕਵੇਦ ਪਰੰਪਰਾ ਨਾਲ ਜੋੜਦਾ ਹੈ। ਇਹ ਪਰੰਪਰਾ ਤੋਂ ਪਾਰ ਜਾਣ ਵਾਲੀ, ਪਾਰਗਾਮੀ ਸੁਭਾ ਦੀ ਕਵਿਤਾ ਹੈ ਜੋ ਜਾਣਦੀ ਹੈ ਕਿ ਪ੍ਰਮਾਣਿਕ ਮਨੁੱਖ ਲਈ ਪਰੰਪਰਾ ਨਾਲ ਜੁੜੇ ਰਹਿਣਾ ਸੰਭਵ ਨਹੀਂ ਹੈ।"13 ਅਸਲ ਵਿਚ ਪਰੰਪਰਾ ਪਾਤਰ ਦੇ ਅਵਚੇਤਨ ਮਨ ਦਾ ਹਿੱਸਾ ਹੈ ਪਰ ਉਹ ਇਸ ਪਰੰਪਰਾ ਨੂੰ ਸਮਕਾਲੀ ਅਰਥ ਸੁਚੇਤ ਰੂਪ ਵਿਚ ਦਿੰਦਾ ਹੈ। ਉਸ ਦੀ ਕਵਿਤਾ ਵਿਚ ਪਰੰਪਰਾ ਦੇ ਉਭਰਦੇ ਚਿਹਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਡਾ. ਗੁਰਚਰਨ ਸਿੰਘ ਔਲਖ ਲਿਖਦਾ ਹੈ, "ਉਸ ਦੇ ਦਲਾਨ ਵਿਚ ਦਵਾਖੀ ਤੇ ਜੱਗਦਾ ਦੀਵਾ, ਮਾਂ ਦਾ ਚਿਹਰਾ, ਪਿੰਡ ਦੀ ਸ਼ਾਮ ਵਿਚ ਘੁਲੀਆਂ ਅਲਗੋਜ਼ਿਆਂ, ਇਕਤਾਰਿਆਂ, ਰਾਸਾਂ, ਢੱਡ-ਸਾਰੰਗੀ ਤੇ ਰਹਿਰਾਸ ਦੀਆਂ ਆਵਾਜ਼ਾਂ ਅੱਜ ਵੀ ਸੁਣਾਈ ਦਿੰਦੀਆਂ ਹਨ। ਉਸ ਦੀ ਕਵਿਤਾ ਵਿਚ ਕਈ ਵਾਰ ਰਹਿਰਾਸ, ਅਲਗੋਜ਼ੇ, ਮਾਂ, ਪਿੰਡ, ਦੀਵਾ ਦੇ ਚਿਹਨ ਉਭਰਦੇ ਹਨ। ਕਹਿਣ ਦਾ ਭਾਵ ਹੈ ਕਿ ਉਸ ਦੇ ਬਚਪਨ ਦੇ ਦਿਨ ਤੇ ਉਨ੍ਹਾਂ ਦੀਆਂ ਯਾਦਾਂ ਪਾਤਰ ਦੇ ਕਾਵਿ ਵਿਚ ਅਚੇਤ ਰੂਪ ਵਿਚ ਸਮਾਏ ਹੋਏ ਹਨ।"14

ਪਾਤਰ ਨੇ ਬੌਧਿਕ ਡੂੰਘਿਆਈ ਵਾਲੀ ਕਵਿਤਾ ਦੀ ਰਚਨਾ ਕੀਤੀ। ਪ੍ਰਗੀਤਆਤਮਿਕ ਗੀਤਾਂ ਦੀ ਸਿਰਜਣਾ ਕੀਤੀ। ਕੁਝ ਇਕ ਨਾਟਕਾਂ ਦੇ ਪੰਜਾਬੀ ਰੂਪਾਂਤਰ ਪੇਸ਼ ਕੀਤੇ ਅਤੇ ਇਵੇਂ ਹੀ ਕੁਝ ਇਕ ਟੈਲੀਵਿਜ਼ਨ ਉੱਪਰ ਪ੍ਰਸਾਰਿਤ ਹੁੰਦੇ ਸੀਰੀਅਲਾਂ ਦੀਆਂ ਸਕਰਿਪਟਾਂ ਵੀ ਲਿਖੀਆਂ। 'ਉਸ ਦੇ ਪ੍ਰੋਗਰਾਮਾਂ ਵਿਚ ਸੂਰਜ ਦਾ ਸਿਰਨਾਵਾਂ, ਸੂਖ਼ਮ ਜਿਨ੍ਹਾਂ ਦੇ ਪੱਲੇ ਅਨੇਕਾਂ ਟੀ.ਵੀ. ਫ਼ਿਲਮਾਂ ਦੇ ਆਲੇਖ, ਲੋਕ ਤਰੰਗ ਆਦਿ ਸਥਾਈ ਮਹੱਤਤਾ ਵਾਲੇ ਹਨ।' ਇਨ੍ਹਾਂ ਸਾਰੇ ਸਾਹਿਤਕ ਅਤੇ ਕਲਾ ਰੂਪਾਂ ਉੱਪਰ ਉਸ ਦੀ ਵੱਖਰੀ ਸ਼ਖ਼ਸੀਅਤ ਦੀ ਛਾਪ ਦਿਖਾਈ ਦਿੰਦੀ ਹੈ। ਸਭ ਤੋਂ ਵਧੇਰੇ ਮਾਣ ਉਸ ਨੂੰ ਆਪਣੀਆਂ ਗ਼ਜ਼ਲਾਂ ਕਾਰਣ ਪ੍ਰਾਪਤ ਹੋਇਆ। ਪਾਤਰ ਦੀਆਂ ਛਪੇ ਹੋਏ ਰੂਪ ਵਿਚ ਸਭ ਤੋਂ ਪਹਿਲਾਂ ਖੁੱਲ੍ਹੀਆਂ ਕਵਿਤਾਵਾਂ ਪਾਠਕਾਂ ਸਾਹਮਣੇ ਆਉਂਦੀਆਂ ਹਨ। ਡਾ. ਰਾਜਿੰਦਰ ਪਾਲ ਸਿੰਘ ਅਨੁਸਾਰ ਇਨ੍ਹਾਂ ਕਵਿਤਾਵਾਂ ਵਿਚੋਂ ਪਾਤਰ ਦਾ ਪ੍ਰਤੀਬੱਧ ਰੂਪ ਸਾਹਮਣੇ ਆਉਂਦਾ ਹੈ ਅਤੇ ਉਸ ਦਾ ਸੰਬੋਧਨ ਸਮੂਹਿਕ ਹੈ। ਡਾ. ਰਾਜਿੰਦਰ ਪਾਲ ਸਿੰਘ ਨੇ 'ਬੁੱਢੀ ਜਾਦੂਗਰਨੀ ਆਖਦੀ ਹੈ' ਕਵਿਤਾ ਵਿਚ ਬੁੱਢੀ ਜਾਦੂਗਰਨੀ ਨੂੰ ਬੁਰਜੂਆ ਸਿਆਸਤ ਦਾ ਪ੍ਰਤੀਕ ਮੰਨਿਆ ਹੈ। ਉਸ ਦੇ ਆਪਣੇ ਸ਼ਬਦਾਂ ਵਿਚ, "ਬੁੱਢੀ ਜਾਦੂਗਰਨੀ ਆਖਦੀ ਹੈ, ਨਜ਼ਮ ਵਿਚ ਪਾਤਰ ਨੇ ਰਾਜਸੀ ਯਥਾਰਥ ਦੀ ਅਤਿ ਕਰੂਰਤਾ ਨੂੰ ਪਾਠਕਾਂ ਦੇ ਸਾਹਵੇਂ ਅਭਿਵਿਅਕਤ ਕੀਤਾ ਹੈ। ਨਜ਼ਮ ਦੀ 'ਬੁੱਢੀ ਜਾਦੂਗਰਨੀ' ਨੂੰ ਇਕ ਵਿਸ਼ੇਸ਼ ਰਾਜਸੀ ਚਿਹਰਾ ਵੀ ਮੰਨਿਆ ਜਾ ਸਕਦਾ ਹੈ। ਪਰ ਅਜਿਹਾ ਕਰਨਾ ਨਜ਼ਮ ਦੀ ਅਰਥ ਵਿਸਥਾਰ ਕਰਨ ਦੀ ਸੀਮਾ ਤੇ ਰੋਕ ਲਾਉਣ ਦੇ ਬਰਾਬਰ ਹੈ। ਅਸੀਂ ਬੁੱਢੀ ਜਾਦੂਗਰਨੀ ਨੂੰ ਬੁਰਜੂਆ ਸਿਆਸਤ ਦਾ ਪ੍ਰਤੀਕ ਮੰਨਾਂਗੇ। ਸਿਆਸਤ ਵਿਚ ਜਿਹੜਾ ਵੀ ਸਥਾਪਤੀ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਸੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਹਿਲਾ ਦਬਾਉਣ ਲਈ 'ਬੁਰਕੀ' ਸੁੱਟੀ ਜਾਂਦੀ ਹੈ, ਜੇ 'ਬੁਰਕੀ' ਨਾਲ ਆਵਾਜ਼ ਨਾ ਦਬੇ ਤਾਂ ਖੰਜਰ ਖੋਭਿਆ ਜਾਂਦਾ ਹੈ।"15

ਪਾਤਰ ਦੀ ਸ਼ਾਇਰੀ ਵਿਚ ਗ਼ਜ਼ਲ ਦਾ ਪ੍ਰਮੁੱਖ ਥਾਂ ਹੈ। ਡਾ. ਕਰਮਜੀਤ ਸਿੰਘ ਪਾਤਰ ਦੀਆਂ ਗ਼ਜ਼ਲਾਂ ਵਿਚ ਯੁੱਗ ਚੇਤਨਾ ਅਤੇ ਤ੍ਰਾਸਦੀ ਦੇ ਬੋਧ ਦੀ ਗੱਲ ਕਰਦਾ ਹੈ ਤੇ ਨਾਲ ਹੀ ਉਸ ਦੀ ਗ਼ਜ਼ਲ ਨੂੰ ਆਸ਼ਾਵਾਦ ਨਾਲ ਜੋੜਦਾ ਹੈ। ਉਸ ਦੇ ਆਪਣੇ ਕਥਨ ਅਨੁਸਾਰ, "ਸੁਰਜੀਤ ਪਾਤਰ ਨੇ ਆਪਣੀਆਂ ਗ਼ਜ਼ਲਾਂ ਵਿਚ ਯੁੱਗ ਦੀ ਚੇਤਨਾ ਨੂੰ ਮਨੁੱਖ ਵਿਚ ਮੌਤ ਤੇ ਸਹਿਮ ਦੇ ਤ੍ਰਾਸ ਦੇ ਨਾਟਕੀ ਮਹਾਂ ਦ੍ਰਿਸ਼ ਦੇ ਰੂਪ ਵਿਚ ਸੰਕਲਪਿਤ ਕੀਤਾ ਹੈ। ਇਹ ਮਹਾਂ ਦ੍ਰਿਸ਼ ਜੋ ਉਪਰੋਂ ਆਧੁਨਿਕ ਮਨ ਵਿਚ ਵਿਆਪ ਰਹੀ ਨਿਰੰਤਰ ਤ੍ਰਾਸਦੀ ਦਾ ਬੋਧ ਕਰਾਉਂਦਾ ਹੈ ਤਾਂ ਅੰਦਰੋਂ ਅੰਦਰ ਅਚੇਤ ਹੀ ਜ਼ਿੰਦਗੀ ਦੀ ਅਮੁਕ ਗਤੀ ਵਿਚੋਂ ਉਦੈ ਹੋਣ ਵਾਲੀ ਆਸ ਨਾਲ ਵੀ ਜੁੜਿਆ ਹੋਇਆ ਹੈ।"16 ਗੁਣਵੰਤ ਕੌਰ ਸਿੱਧੂ ਪਾਤਰ ਦੀ ਕਵਿਤਾ ਦੇ ਸੰਗੀਤਾਤਮਕ ਪੱਖ ਉੱਪਰ ਵਿਚਾਰ ਕਰਦਿਆਂ ਉਸ ਰਾਹੀਂ ਪੇਸ਼ ਆਧੁਨਿਕ ਮਨੁੱਖ ਦੀ ਵੇਦਨਾ ਅਤੇ ਭਟਕਣ ਨੂੰ ਵਿਅੰਗਮਈ ਲਹਿਜੇ ਵਿਚ ਪੇਸ਼ ਹੁੰਦਿਆਂ ਵੇਖਦੀ ਹੈ ਅਤੇ ਉਸ ਅਨੁਸਾਰ ਇਸੇ ਕਰਕੇ ਹੀ ਪਾਤਰ 'ਇਤਿਹਾਸ ਵਿਚ ਇਕ ਪ੍ਰਮਾਣਿਕ ਹਸਤਾਖਰ ਵਜੋਂ' ਸਥਾਪਿਤ ਹੁੰਦਾ ਹੈ।17

ਸੁਰਜੀਤ ਪਾਤਰ ਲਿਖਦਾ ਹੈ ਕਿ ਸੰਗੀਤ ਨਾਲ ਰੁਚੀ ਹੋਣ ਕਾਰਣ ਉਹ ਲਗਾਤਾਰ ਗ਼ਜ਼ਲ ਕਾਵਿ ਨਾਲ ਜੁੜਿਆ ਰਿਹਾ ਹੈ। ਉਸ ਦੇ ਆਪਣੇ ਸ਼ਬਦਾਂ ਵਿਚ, "ਬੌਧਿਕ ਤੌਰ 'ਤੇ ਇਸ ਕਾਵਿ-ਰੂਪ ਦੀ ਪ੍ਰੋੜ੍ਹਤਾ ਨਾ ਕਰਦਾ ਹੋਇਆ ਵੀ ਮੈਂ ਗ਼ਜ਼ਲਾਂ ਲਿਖਦਾ ਰਿਹਾ ਹਾਂ।...ਸੰਗੀਤ ਨਾਲ ਮੇਰੀ ਮੁਹੱਬਤ ਨੇ ਮੈਨੂੰ ਗ਼ਜ਼ਲ ਨਾਲ ਜੋੜੀ ਰੱਖਿਆ ਤੇ ਇਹ ਗ਼ਜ਼ਲਾਂ ਮੈਂ ਆਪਣੀ ਸਮੁੱਚੀ ਕਾਵਿ-ਸਾਧਨਾ ਦੌਰਾਨ ਰਸ-ਰਸ ਕੇ ਲਿਖੀਆਂ ਹਨ।"18 ਆਲੋਚਕਾਂ ਨੇ ਇਹ ਵੀ ਰੇਖਾਂਕਿਤ ਕੀਤਾ ਹੈ ਕਿ ਪਾਤਰ ਗ਼ਜ਼ਲ ਦੇ ਰੂਪਾਕਾਰ ਬਾਰੇ ਵਧੇਰੇ ਕੱਟੜ ਨਹੀਂ ਹੈ। ਸੰਗੀਤਕ ਲੈਅ ਅਨੁਸਾਰ ਉਹ ਕੁਝ ਖੁੱਲ੍ਹਾਂ ਵੀ ਲੈ ਲੈਂਦਾ ਹੈ। ਪਾਤਰ ਦੀ ਗ਼ਜ਼ਲ ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਵਿਚ ਭਾਵਨਾਵਾਂ ਦੀ ਤੀਬਰਤਾ ਹੈ ਅਤੇ ਸੋਜ਼ ਹੈ। ਉਸ ਦੀਆਂ ਗ਼ਜ਼ਲਾਂ ਵਿਚ ਮੁਹੱਬਤ, ਸਮਕਾਲੀ ਰਾਜਸੀ ਸਥਿਤੀ ਅਤੇ ਆਤੰਕਵਾਦ ਦੀ ਵਸਤੂ ਨੂੰ ਵਿਅੰਗ ਦੀ ਸਾਣ ਤੇ ਚਾੜ੍ਹਿਆ ਹੈ। ਪਾਤਰ ਦਾ ਮਨੋਰਥ ਮਾਨਵਵਾਦੀ ਸੱਚ ਦੀ ਪਛਾਣ ਕਰਨਾ ਹੈ। ਕੇਵਲ ਸੁਹਜ ਸਿਰਜਣਾ ਉਸ ਦਾ ਅੰਤਿਮ ਨਿਸ਼ਾਨਾ ਨਹੀਂ। ਉਸ ਦੀਆਂ ਗ਼ਜ਼ਲਾਂ ਵਿਚੋਂ 'ਕੋਈ ਡਾਲੀਆ 'ਚੋਂ ਲੰਘਿਆ ਹਵਾ ਬਣ ਕੇ', 'ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ', 'ਬਿਰਖ ਅਰਜ਼ ਕਰੇ ਆਦਿ ਗ਼ਜ਼ਲਾਂ ਪੰਜਾਬੀ ਮਾਨਸਿਕਤਾ ਦਾ ਹਿੱਸਾ ਬਣ ਗਈਆਂ ਹਨ। ਪਾਸ਼ ਦੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਪਾਤਰ ਸਾਡੇ ਸਮਿਆਂ ਦਾ ਬਹੁਤ ਵੱਡਾ ਕਵੀ ਹੈ। ਭਾਵੇਂ ਵਿਚਾਰਧਾਰਕ ਪੱਧਰ 'ਤੇ ਉਹ ਵੱਖਰਾ ਵੀ ਹੈ। ਪਾਸ਼ ਪਾਤਰ ਨੂੰ ਸੰਬੋਧਿਤ ਹੁੰਦਾ ਹੋਇਆ ਲਿਖਦਾ ਹੈ, "ਨਿਰਸੰਦੇਹ ਤੂੰ ਸਾਡੇ ਸਮਿਆਂ ਦਾ ਬਹੁਤ ਵੱਡਾ ਕਵੀ ਹੈ। ਇਹ ਤੇਰੀ ਸੁਕਤੀ ਹੀ ਹੈ, ਜੋ ਮੇਰੇ ਵਰਗੇ ਤੈਥੋਂ ਅਲੱਗ ਵਿਚਾਰਧਾਰਾ ਵਾਲੇ ਬੰਦੇ ਨੂੰ ਵੀ ਇਹ ਕਹਿਣ ਤੇ ਮਜਬੂਰ ਕਰਦੀ ਹੈ। ਹਾਂ, ਅਸੀਂ ਲੋਕ ਬਹੁਤ ਅਲੱਗ (ਤੇ ਸ਼ਾਇਦ ਵਿਪਰੀਤ ਵੀ) ਵਿਚਾਰਧਾਰਾ ਦੇ ਹਾਂ - ਅਹਿਸਾਸ ਦੀ ਧਾਰਾ ਵਿਚ, ਤੇਰਾ ਕੱਦ ਬਹੁਤ ਉੱਚਾ ਹੈ ਸਭ ਤੋਂ ਉੱਚਾ। ਤੇਰੀਆਂ ਕਵਿਤਾਵਾਂ ਸਾਡੀ ਪੀੜ੍ਹੀ ਦਾ ਮਾਣ ਹਨ।"19

ਪਾਤਰ ਦੇ ਸਮੇਂ ਲਿਖੀ ਜਾ ਰਹੀ ਜੁਝਾਰਵਾਦੀ ਕਵਿਤਾ ਸਿੱਧੀ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜੀ ਹੋਈ ਸੀ ਪਰੰਤੂ ਲਹਿਰ ਦੇ ਮੱਠੇ ਪੈਣ ਨਾਲ ਵਿਚਾਰਧਾਰਾ ਉੱਪਰ ਵਿਰੋਧੀ ਹਮਲੇ ਤੇਜ਼ ਹੁੰਦੇ ਹਨ ਜਿਨ੍ਹਾਂ ਦਾ ਪ੍ਰਤੀ ਉੱਤਰ ਵੱਖ-ਵੱਖ ਕਵੀਆਂ ਨੇ ਆਪਣੇ-ਆਪਣੇ ਢੰਗ ਨਾਲ ਦਿੱਤਾ ਹੈ। ਕੁਝ ਇਕ ਨੇ ਆਪਣੀ ਵੱਖਰੀ ਸਮਾਨਾਂਤਰ ਕਾਵਿ ਧਾਰਾ ਨੂੰ ਅਪਣਾਇਆ। ਸੰਤ ਰਾਮ ਉਦਾਸੀ ਦੇ ਗੀਤਾਂ ਵਿਚ ਇਹ ਗੱਲ ਸਪੱਸ਼ਟ ਤੌਰ 'ਤੇ ਦੇਖੀ ਜਾ ਸਕਦੀ ਹੈ। ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸੰਤ ਰਾਮ ਉਦਾਸੀ ਸਿੱਧਾ ਲੋਕਾਂ ਨੂੰ ਸੰਬੋਧਿਤ ਹੁੰਦਾ ਹੈ। ਇਨ੍ਹਾਂ ਲੋਕਾਂ ਨੂੰ ਸੰਬੋਧਿਤ ਹੋਣ ਲਈ ਗੀਤ ਸਿੱਧਾ ਸਾਧਨ ਹੈ। ਉਦਾਸੀ ਦੇ ਗੀਤਾਂ ਵਿਚ ਦਲਿਤ ਲੋਕਾਂ ਦਾ ਚਿਤਰਿਆ ਕਰੁਣਾਮਈ ਜੀਵਨ ਅਤੇ ਸੱਤਾਧਾਰੀਆ ਦਾ ਸਿੱਧਾ ਵਿਰੋਧ ਵੀ ਆਮ ਲੋਕਾਈ ਨੂੰ ਪ੍ਰਭਾਵਿਤ ਕਰਦਾ ਹੈ। ਹਰਿਭਜਨ ਸਿੰਘ ਨੇ ਸੁਚੇਤ ਪੱਧਰ 'ਤੇ ਸੁਹਜਮਈ ਪ੍ਰਗੀਤ ਨਾਲ ਨਾਤਾ ਜੋੜਿਆ ਅਤੇ ਜਸਵੰਤ ਸਿੰਘ ਨੇਕੀ ਨੇ ਰਹੱਸਮਈ ਪ੍ਰਗੀਤ ਨਾਲ। ਸ਼ਿਵ ਕੁਮਾਰ ਦੀ ਕਵਿਤਾ ਵਿਚ ਭਾਵੇਂ ਪ੍ਰਗਤੀਵਾਦੀ ਪ੍ਰਭਾਵ ਵੀ ਵੇਖਿਆ ਜਾ ਸਕਦਾ ਹੈ ਪਰੰਤੂ ਉਸ ਦਾ ਵਧੇਰੇ ਕਾਵਿ ਲੋਕਧਾਰਾਈ ਸ਼ੈਲੀ ਵਾਲਾ ਹੈ। ਅਮਰਜੀਤ ਗਰੇਵਾਲ ਇਹ ਮੰਨ ਕੇ ਤੁਰਦਾ ਹੈ ਕਿ ਜਦੋਂ ਜੁਝਾਰਵਾਦੀ ਕਵਿਤਾ ਵੱਲੋਂ ਚਲਾਈ ਲਹਿਰ ਦੁਆਰਾ ਦਰਸਾਏ ਗਏ ਖੂਬਸੂਰਤ ਭਵਿੱਖ ਦਾ ਚਿਰਾਗ਼ ਬਲਦਾ ਨਾ ਰਿਹਾ ਤਾਂ ਪੈਦਾ ਹੋਏ ਅਨੇਕਾਂ ਪ੍ਰਸ਼ਨਾਂ ਤੇ ਚਿੰਨ੍ਹਾਂ ਦਾ ਜਵਾਬ ਦੇਣ ਲਈ ਪਾਤਰ ਦੀ ਕਵਿਤਾ ਸਾਹਮਣੇ ਆਉਂਦੀ ਹੈ। ਜੋ ਮਾਨਵ ਦੀਆਂ 'ਤਮਾਮ ਅਤ੍ਰਿਪਤੀਆਂ ਨੂੰ ਤ੍ਰਿਪਤ ਕਰ ਸਕੇ ਬਸ ਕਿਸੇ ਅਜਿਹੇ ਚਿਰਾਗ਼ ਲਈ ਉਸ ਦੀ ਭਟਕਣ ਹੀ ਇਸ ਉਦਾਸੀ, ਬੇਵਸੀ ਅਤੇ ਵਿਯੋਗ ਦੀ ਸਿਰਜਣਾ ਕਰਦੀ ਰਹਿੰਦੀ ਹੈ। ਡਾ. ਕਰਮਜੀਤ ਸਿੰਘ ਪਾਤਰ ਨੂੰ ਕਿਸੇ ਇਕ ਦ੍ਰਿਸ਼ਟੀ ਨਾਲ ਬੱਝਾ ਹੋਇਆ ਨਹੀਂ ਮੰਨਦਾ ਪਰੰਤੂ ਇਹ ਵਿਚਾਰ ਆਪਣੇ ਆਪ ਵਿਚ ਅਣਯਥਾਰਥਕ ਹੈ ਕਿਉਂਕਿ ਸੁਰਜੀਤ ਪਾਤਰ ਭਾਵੇਂ ਸਿੱਧੇ ਤੌਰ 'ਤੇ ਨਾਅਰੇਬਾਜ਼ੀ ਨਾ ਕਰੇ ਪਰੰਤੂ ਉਸ ਦੀ ਕਵਿਤਾ ਦੇ ਪਿਛੋਕੜ ਵਿਚ ਪ੍ਰਗਤੀਵਾਦ ਦੀ ਧਾਰਾ ਹਮੇਸ਼ਾ ਨਾਲੋਂ-ਨਾਲ ਚੱਲਦੀ ਹੈ। ਹਾਂ, ਡਾ. ਕਰਮਜੀਤ ਸਿੰਘ ਦਾ ਇਹ ਕਥਨ ਸਹੀ ਹੈ ਕਿ ਪਾਤਰ ਦੀ ਕਵਿਤਾ ਵਿਚ ਅਨੁਭਵ ਦੀ ਪ੍ਰਮਾਣਿਕਤਾ ਉੱਪਰ ਕਿਸੇ ਤਰ੍ਹਾਂ ਦਾ ਕੋਈ ਸੰਦੇਹ ਨਹੀਂ। ਡਾ. ਕਰਮਜੀਤ ਸਿੰਘ ਦੇ ਆਪਣੇ ਸ਼ਬਦਾਂ ਵਿਚ, "ਸੁਰਜੀਤ ਪਾਤਰ ਬਾਰੇ ਵੱਡੇ ਸੰਤੋਖ ਦੀ ਗੱਲ ਇਹ ਹੈ ਕਿ ਉਸ ਨੇ ਯਥਾਰਥ ਬਾਰੇ ਆਪਣੀ ਦ੍ਰਿਸ਼ਟੀ ਅਤੇ ਪਹੁੰਚ ਨੂੰ ਕਿਸੇ ਇਕ ਜਾਂ ਦੂਜੀ ਕਾਵਿ ਧਾਰਾ ਦੇ ਰਚਨਾਤਮਕ ਜਾਂ ਵਿਚਾਰਧਾਰਾਈ ਸੰਜਮ ਦੀਆਂ ਬੰਦਿਸ਼ਾਂ ਤੋਂ ਬੜੀ ਦ੍ਰਿੜਤਾ ਨਾਲ ਸੁਤੰਤਰ ਰੱਖਿਆ ਹੈ। ਉਸ ਦੀ ਇਹ ਸੁਤੰਤਰਤਾ ਹੀ ਯਥਾਰਥ ਬਾਰੇ ਉਸ ਦੇ ਅਨੁਭਵ ਦੀ ਪ੍ਰਮਾਣਿਕਤਾ ਦੀ ਜ਼ਾਮਨ ਬਣੀ ਹੈ।"20 ਉਪਰੋਕਤ ਕਥਨ ਨਾਲੋਂ ਡਾ. ਕੁਲਦੀਪ ਕੌਰ ਦਾ ਕਥਨ ਸੱਚ ਦੇ ਵਧੇਰੇ ਨੇੜੇ ਹੈ। ਜਿਸ ਅਨੁਸਾਰ ਪਾਤਰ ਭੌਤਿਕਵਾਦੀ ਦ੍ਰਿਸ਼ਟੀ ਤੋਂ ਦੇਖੇ ਗਏ ਯਥਾਰਥ ਨੂੰ ਕਲਾਤਮਿਕਤਾ ਨਾਲ ਪੇਸ਼ ਕਰਦਾ ਹੈ। ਉਸ ਦਾ ਕਥਨ ਹੈ, "ਸੁਰਜੀਤ ਪਾਤਰ ਮੂਲ ਤੌਰ 'ਤੇ ਪ੍ਰਗਤੀਵਾਦੀ ਵਿਚਾਰਧਾਰਾ ਦਾ ਧਾਰਨੀ ਹੈ। ਉਸ ਦੀ ਕਵਿਤਾ ਆਪਣੇ ਸਮੇਂ ਦੇ ਵਿਚਾਰਧਾਰਕ ਪਰਿਵਰਤਨਾਂ ਦੀ ਸਾਖੀ ਭਰਦੀ ਹੈ। ਮਾਰਕਸਵਾਦੀ ਵਿਚਾਰਧਾਰਾ ਤੋਂ ਪੈਦਾ ਹੋਈ ਪ੍ਰਗਤੀ-ਚੇਤਨਾ ਦਾ ਸੁਰ ਉਸ ਦੇ ਪਹਿਲੇ ਹੀ ਕਾਵਿ-ਸੰਗ੍ਰਹਿ 'ਹਵਾ ਵਿਚ ਲਿਖੇ ਹਰਫ਼' ਤੋਂ ਪਛਾਣਿਆ ਜਾ ਸਕਦਾ ਹੈ। ਪਾਤਰ ਯੁੱਗ ਦੇ ਨਕਸ਼ਾਂ ਨੂੰ ਦਵੰਦਾਤਮਕ ਭੌਤਿਕਵਾਦੀ ਦ੍ਰਿਸ਼ਟੀ ਤੋਂ ਨਿਹਾਰਦਾ ਹੈ ਪਰ ਉਹ ਇਸ ਦੇ ਸੀਮਿਤ ਦਾਇਰੇ ਵਿਚ ਵਿਚਾਰਧਾਰਾ ਅੰਦਰ ਆਉਣ ਵਾਲੀਆਂ ਤਬਦੀਲੀਆਂ ਨੂੰ ਕਵਿਤਾ ਵਿਚ ਕਲਾਤਮਕ ਅੰਦਾਜ਼ ਨਾਲ ਪੇਸ਼ ਕਰਦਾ ਹੈ।"21

ਗੁਣਵੰਤ ਕੌਰ ਸਿੱਧੂ ਵੀ ਇਸੇ ਸੁਰ ਵਿਚ ਬੋਲਦੀ ਹੈ ਜਦੋਂ ਉਹ ਕਹਿੰਦੀ ਹੈ ਪਾਤਰ ਨਵੀਂ ਪ੍ਰਗਤੀਵਾਦੀ ਵਿਚਾਰਧਾਰਾ ਦਾ ਧਾਰਣੀ ਹੈ। ਉਸ ਦੀ ਕਵਿਤਾ ਆਪਣੇ ਸਮੇਂ ਦੇ ਵਿਚਾਰਧਾਰਕ ਪਰਿਵਰਤਨਾਂ ਦੀ ਸਾਖੀ ਭਰਦੀ ਹੈ। ਪਰੰਤੂ ਪਾਤਰ ਹੋਰਨਾਂ ਕਵੀਆਂ ਵਾਂਗ ਵਿਚਾਰਧਾਰਾ ਨੂੰ ਅਗਰਭੂਮੀ 'ਤੇ ਨਹੀਂ ਲਿਆਉਂਦਾ, ਪਹਿਲ ਉਹ ਕਾਵਿਕ-ਸੁਹਜ ਨੂੰ ਹੀ ਦਿੰਦਾ ਹੈ। ਵਿਚਾਰਧਾਰਾ ਉਸ ਦੀ ਕਵਿਤਾ ਵਿਚ ਪਿੱਠ ਭੂਮੀ 'ਤੇ ਹੀ ਮੌਜੂਦ ਰਹਿੰਦੀ ਹੈ।"22 ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਪਾਤਰ ਸਮਾਜ ਵਿਚ ਆਰਥਿਕ ਅਤੇ ਸਮਾਜਿਕ ਅਸਮਾਨਤਾ ਦਾ ਅਸਲੀ ਕਾਰਣ ਪੂੰਜੀਵਾਦੀ ਵਿਵਸਥਾ ਅਤੇ ਇਸ ਦੀਆਂ ਦਮਨਕਾਰੀ ਨੀਤੀਆਂ ਨੂੰ ਮੰਨਦਾ ਹੈ। ਇਨ੍ਹਾਂ ਸਰੋਕਾਰਾਂ ਨੂੰ ਹੀ ਪਾਤਰ ਨਾਟਕੀ ਅੰਦਾਜ਼ ਵਿਚ ਸੁਹਜਮਈ ਢੰਗ ਨਾਲ ਪੇਸ਼ ਕਰਦਾ ਹੈ।

ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਹੀ ਪਾਤਰ ਦੀ ਕਵਿਤਾ ਵਿਚ ਹਰ ਤਰ੍ਹਾਂ ਦੇ ਸਰੋਕਾਰ ਨਵੇਂ ਰੂਪ ਵਿਚ ਸਾਡੇ ਸਾਹਮਣੇ ਆਉਂਦੇ ਹਨ। ਡਾ. ਸਰਬਜੀਤ ਸਿੰਘ ਅਨੁਸਾਰ ਪਾਤਰ ਲੋਕ ਪੱਖੀ ਕਵੀ ਹੈ ਜੋ ਲੋਕਾਂ ਨੂੰ ਨਿਰੰਤਰ ਸੰਘਰਸ਼ ਕਰਨ ਲਈ ਉਭਾਰਦਾ ਆਇਆ ਹੈ। ਆਲੋਚਕ ਅਨੁਸਾਰ ਉਸ ਦੀ ਵਿਧੀ ਲੋਕਧਾਰਾਈ ਹੈ ਜੋ ਡਾ. ਸਰਬਜੀਤ ਸਿੰਘ ਦੇ ਕਹਿਣ ਅਨੁਸਾਰ, "ਲੋਕ ਮਾਨਸਿਕਤਾ ਵਿਚ ਟਿਕੇ ਵਿਸ਼ਵਾਸਾਂ ਦੀ ਬੁਨਿਆਦ ਉੱਪਰ ਉਸਰਦੀ ਹੈ ਇਸ ਕਰਕੇ ਉਹ ਯਥਾਰਥ-ਸਥਿਤੀ ਸਿਰਜਣ 'ਚ ਮਾਹਰ ਕਵੀ ਹੈ। ਲੋਕ ਧਾਰਕ ਵਿਸ਼ਵਾਸ, ਲੋਕਧਾਰਾਈ ਵੇਰਵੇ ਉਸ ਦੀ ਕਾਵਿ ਸੰਰਚਨਾ, ਕਾਵਿ ਵਿਧੀ ਅਤੇ ਕਾਵਿ ਵਿਹਾਰ ਨੂੰ ਸਮਝਣ ਲਈ ਬਹੁਤ ਅਹਿਮ ਥਾਂ ਰੱਖਦੇ ਹਨ।"23 ਡਾ. ਸਰਬਜੀਤ ਸਿੰਘ ਅਨੁਸਾਰ ਪਾਤਰ ਦੀ ਮਾਨਵਵਾਦੀ ਸਰੋਕਾਰਾਂ ਨਾਲ ਸੁਹਿਰਦਤਾ ਵਿਚਾਰਧਾਰਕ ਦ੍ਰਿਸ਼ਟੀ ਤੋਂ ਹੈ। ਉਸ ਵਿਚ ਪ੍ਰਗਤੀਵਾਦੀ ਵਿਚਾਰਧਾਰਾ ਜਾਂ ਦਾਰਸ਼ਨਿਕਤਾ ਦਾ ਪ੍ਰਭਾਵ ਤਾਂ ਹੈ ਪਰੰਤੂ ਉਹ ਸਿੱਧਾ ਕਿਸੇ ਲਹਿਰ ਨਾਲ ਜੁੜਿਆ ਨਜ਼ਰ ਨਹੀਂ ਆਉਂਦਾ। ਪਾਤਰ ਗਤੀਸ਼ੀਲ ਯਥਾਰਥ ਦੇ ਵਿਰੋਧਾਭਾਸਾਂ ਨੂੰ ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਹੀ ਸਮਝਦਾ ਤੇ ਚਿਤਰਦਾ ਹੈ। ਉਸ ਦੇ ਆਪਣੇ ਸ਼ਬਦਾਂ ਵਿਚ, "ਸੁਰਜੀਤ ਪਾਤਰ ਦੀ ਕਵਿਤਾ ਅੰਦਰ ਮਾਨਵਵਾਦੀ ਸਰੋਕਾਰਾਂ ਪ੍ਰਤੀ ਸੁਹਿਰਦਤਾ ਹਮੇਸ਼ਾ ਵਿਚਾਰਧਾਰਕ ਅਰਥਾਂ ਵਾਲੀ ਰਹੀ ਹੈ। ਉਸ ਵਿਚ ਪ੍ਰਗਤੀਵਾਦੀ ਦਾਰਸ਼ਨਿਕਤਾ ਦਾ ਪ੍ਰਭਾਵ ਹੈ ਪਰੰਤੂ ਉਹ ਲਹਿਰਗਤ ਕਵਿਤਾ ਵਾਲਾ ਨਹੀਂ ਹੈ। ਜੁਝਾਰੂ ਲਹਿਰ ਦਾ ਉਸ ਉੱਪਰ ਪ੍ਰਭਾਵ ਹੈ, ਇਸ ਲਹਿਰ ਪ੍ਰਤੀ ਉਹ ਸਦਭਾਵਨਾ ਵੀ ਰੱਖਦਾ ਹੈ ਪਰੰਤੂ ਉਹ ਆਪਣੀ ਵੱਖਰੀ ਨੁਹਾਰ ਸਿਰਜਣ ਪ੍ਰਤੀ ਚੇਤੰਨ ਹੈ। ਇਸ ਚੇਤੰਨਤਾ ਵਿਚ ਉਸ ਦਾ ਪ੍ਰਮੁੱਖ ਮਸਲਾ ਰਚਨਾ ਦ੍ਰਿਸ਼ਟੀ ਦਾ ਬਣਦਾ ਹੈ। ਸਮਾਜਿਕ ਯਥਾਰਥ ਦੀ ਗਤੀਸ਼ੀਲਤਾ, ਤਣਾਓ ਅਤੇ ਅੰਦਰਲੇ ਵਿਰੋਧਾਭਾਸ ਨੂੰ ਪ੍ਰਗਤੀਸ਼ੀਲ ਚਿੰਤਨ ਦ੍ਰਿਸ਼ਟੀ ਰਾਹੀਂ ਸਮਝਦਾ ਹੋਇਆ ਉਸ ਪ੍ਰਤੀ ਇਕ-ਤਰਫ਼ੀ ਬਿਆਨਬਾਜ਼ੀ ਨਹੀਂ ਕਰਦਾ ਸਗੋਂ ਉਸ ਦੇ ਸਮਾਜਿਕ ਸਾਰ ਨੂੰ ਉਸਾਰਨ ਲਈ ਤੱਤਪਰ ਹੈ।"24 ਡਾ. ਕਰਮਜੀਤ ਸਿੰਘ ਜਦੋਂ ਪਾਤਰ ਦੀ ਦ੍ਰਿਸ਼ਟੀ ਨੂੰ, 'ਆਧੁਨਿਕ ਜੀਵਨ ਦੇ ਤਣਾਉਸ਼ੀਲ ਰਿਸ਼ਤਿਆਂ ਦੇ ਮਨੋਸਮਾਜਿਕ ਅਤੇ ਇਤਿਹਾਸਕ ਵਿਵੇਕ ਦੇ ਆਰ ਪਾਰ ਝਾਕ ਸਕਣ ਵਾਲੀ' ਮੰਨਦੀ ਹੈ ਤਾਂ ਅਸਲ ਵਿਚ ਉਸ ਦੀ 'ਵਿੰਨਵੀ ਅਤੇ ਪਾਰਦਰਸ਼ੀ ਦ੍ਰਿਸ਼ਟੀ' ਅਸਲ ਵਿਚ ਪ੍ਰਗਤੀਵਾਦੀ ਦ੍ਰਿਸ਼ਟੀ ਹੀ ਹੈ ਜਿਸ ਨੂੰ ਕਿਸੇ ਤਰ੍ਹਾਂ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।25

ਗੁਣਵੰਤ ਕੌਰ ਸਿੱਧੂ ਨੇ ਪਾਤਰ ਦੀ ਕਵਿਤਾ ਵਿਚਲੇ ਸਰੋਕਾਰਾਂ ਦੀ ਲੰਮੀ ਚਰਚਾ ਕੀਤੀ ਹੈ। ਜਿਸ ਵਿਚ ਆਧੁਨਿਕ ਅਤੇ ਪੁਰਾਣੀਆਂ ਕਦਰਾਂ-ਕੀਮਤਾਂ ਦਾ ਦਵੰਦ, ਨਿਰਾਸ਼ਾਵਾਦ ਤੋਂ ਨਿਕਲਦਾ ਆਸ਼ਾਵਾਦ, ਔਰਤ-ਮਰਦ ਦੇ ਸੰਬੰਧ ਦੇ ਨਾਲ-ਨਾਲ ਸਰਮਾਏਦਾਰੀ ਦਾ ਗ਼ੈਰ-ਮਨੁੱਖੀ ਵਤੀਰਾ ਵੀ ਉਸ ਦੀ ਕਵਿਤਾ ਦੇ ਸਰੋਕਾਰ ਬਣੇ ਹਨ। ਉਸ ਦੇ ਆਪਣੇ ਕਹਿਣ ਅਨੁਸਾਰ, ਆਧੁਨਿਕ ਮਨੁੱਖ ਦੀਆਂ ਪੁਰਾਣੀਆਂ ਕਦਰਾਂ ਤੋਂ ਟੁੱਟ ਕੇ ਨਵੀਆਂ ਕਦਰਾਂ-ਕੀਮਤਾਂ ਗ੍ਰਹਿਣ ਕਰਨ ਦੀਆਂ ਉਸ ਦੀਆਂ ਮਜ਼ਬੂਰੀਆਂ,ਬੇਵਸੀਆਂ, ਮਾਨਸਿਕ ਖਿਚੋਤਾਣਾਂ ਅਤੇ ਹੋਰ ਅਨੇਕਾਂ ਗੁੰਝਲਾਂ ਇਸ ਕਾਵਿ ਸੰਗ੍ਰਹਿ ਦੇ ਵਿਸ਼ੇ ਬਣੀਆਂ। ਇਸ ਕਾਵਿ-ਸੰਗ੍ਰਹਿ ਵਿਚ ਪਾਤਰ ਦੀ ਸੁਰ ਨਿਰਾਸ਼ਾਵਾਦੀ ਹੈ ਪਰ ਕਈ ਥਾਵਾਂ ਤੇ ਉਸ ਨੇ ਹਾਲਾਤ ਨਾਲ ਜੂਝਣ ਦੀ ਪ੍ਰੇਰਣਾ ਵੀ ਦਿੱਤੀ ਹੈ। ਪਿਆਰ ਅਤੇ ਕਾਮ ਦੇ ਵਿਸ਼ੇ ਵੀ ਪੇਸ਼ ਕੀਤੇ ਹਨ। ਇਸਤਰੀ ਮਰਦ ਦੇ ਸੰਬੰਧਾਂ ਨੂੰ ਵੀ ਖ਼ੂਬਸੂਰਤੀ ਨਾਲ ਚਿਤਰਿਆ ਹੈ। ਪਾਤਰ ਨੇ ਆਪਣੀ ਪਹਿਲੀ ਰਚਨਾ ਵਿਚ ਆਧੁਨਿਕ ਮਨੁੱਖ ਦੀ ਅਲਪਤਾ, ਬੇਵਸੀ, ਸਰਮਾਏਦਾਰੀ ਦਾ ਗ਼ੈਰ ਮਨੁੱਖੀ ਵਤੀਰਾ, ਮੁਖੌਟਾਧਾਰੀ ਰਾਜਨੀਤੀ ਰਿਸ਼ਤਿਆਂ ਦੀ ਟੁੱਟ-ਭੱਜ ਕਾਰਣ ਆਈ ਉਪਰਾਮਤਾ, ਨਿਰਾਸ਼ਾ, ਨਫ਼ਰਤ ਨੂੰ ਉਲੀਕਿਆ ਹੈ।"26 ਡਾ. ਗੁਰਚਰਨ ਸਿੰਘ ਔਲਖ ਅਨੁਸਾਰ ਪਾਤਰ ਨੈਤਿਕ, ਧਾਰਮਿਕ ਅਤੇ ਰਾਜਨੀਤਿਕ ਦੰਭਾਂ ਦਾ ਪਰਦਾਫਾਸ਼ ਕਰਦਾ ਹੈ।27

'ਹਵਾ ਵਿਚ ਲਿਖੇ ਹਰਫ਼' ਦੀ ਸੰਪਾਦਕੀ ਵਿਚ ਡਾ. ਸਾਧੂ ਸਿੰਘ ਪਾਤਰ ਦੇ ਸਰੋਕਾਰਾਂ ਨੂੰ ਸਮਕਾਲੀ ਵੀ ਮੰਨਦਾ ਹੈ ਅਤੇ ਸਰਬਕਾਲੀ ਵੀ। ਉਸ ਦੇ ਆਪਣੇ ਸ਼ਬਦਾਂ ਵਿਚ, "ਸੁਰਜੀਤ ਪਾਤਰ ਨੇ ਸਮਕਾਲੀ ਸਮੱਸਿਆਵਾਂ ਬਾਰੇ ਕਵਿਤਾਵਾਂ ਲਿਖੀਆਂ ਹਨ ਅਤੇ ਸਰਬਕਾਲੀ ਮਸਲਿਆਂ ਬਾਰੇ ਵੀ। ਮਸਲੇ ਦੀ ਵਸਤੂਗਤ ਦੇ ਕਾਲਗਤ ਨੌਈਅਤ ਭਾਵੇਂ ਕੋਈ ਵੀ ਹੋਵੇ, ਪਾਤਰ ਉਸ ਦੇ ਸਮੁੱਚੇ ਪਹਿਲੂਆਂ, ਪਰਤਾਂ ਤੇ ਪਾਸਾਰਾਂ ਦੇ ਜਟਿਲ ਅੰਤਰ-ਵਿਰੋਧਾਂ ਨੂੰ ਬਿਜਲਈ ਗਤੀ ਨਾਲ ਘੁੰਮ ਕੇ ਆਪਣੀ ਚੇਤਨਾ ਦੇ ਚੱਕ ਤੇ ਚਾੜ੍ਹ ਕੇ ਉਸ ਦੀ ਸਮੁੱਚਤਾ ਨੂੰ ਆਪਣੇ ਕਾਰਗਰ ਕਾਵਿਕ-ਮੰਤਕ ਤੇ ਬੰਧੇਜ ਨਾਲ ਇਕ ਸੰਤੁਲਨ ਪ੍ਰਦਾਨ ਕਰਦਾ ਹੈ।"28 ਡਾ. ਕੁਲਦੀਪ ਕੌਰ ਅਤੇ ਡਾ. ਬਲਜਿੰਦਰਪਾਲ ਨੇ ਵੀ ਉਪਰੋਕਤ ਸਰੋਕਾਰਾਂ ਬਾਰੇ ਚਰਚਾ ਕੀਤੀ ਹੈ।

ਕਈ ਵਾਰ ਆਲੋਚਕ ਆਪਣੀ ਇਕੋ ਆਲੋਚਨਾ ਪੁਸਤਕ ਵਿਚ ਵਿਰੋਧੀ ਵਿਚਾਰ ਪੇਸ਼ ਕਰ ਜਾਂਦੇ ਹਨ। ਗੁਣਵੰਤ ਕੌਰ ਸਿੱਧੂ ਨੇ ਉੱਪਰ ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਮਾਨਵੀ ਸਰੋਕਾਰਾਂ ਦੀ ਗੱਲ ਕੀਤੀ ਹੈ ਪਰੰਤੂ ਅਗਾਂਹ ਜਾ ਕੇ ਉਹ ਪਾਤਰ ਨੂੰ ਆਧੁਨਿਕਤਾਵਾਦੀ ਅਸਤਿਤਵਵਾਦੀ ਦ੍ਰਿਸ਼ਟੀ ਨਾਲ ਜੁੜਿਆ ਦਰਸਾਉਣ ਦਾ ਯਤਨ ਕਰਦੀ ਹੈ। ਉਹ ਲਿਖਦੀ ਹੈ, "ਵਿਚਾਰਧਾਰਕ ਚੌਖਟਿਆਂ ਤੋਂ ਟੁੱਟ ਕੇ ਸੁਰਜੀਤ ਪਾਤਰ ਆਧੁਨਿਕਤਾਵਾਦੀ ਪੰਜਾਬੀ ਕਵਿਤਾ ਦੀ ਅਸਤਿਤਵਵਾਦੀ ਦ੍ਰਿਸ਼ਟੀ ਧਾਰਣ ਕਰਦਾ ਹੋਇਆ ਲਘੂ-ਮਾਨਵ ਦੀ ਵਿਆਪਕ ਸੰਕਟ-ਚੇਤਨਾ ਨਾਲ ਸਾਂਝ ਪਾਉਂਦਾ ਹੈ।"29

ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਨੇ 'ਬਿਰਖ ਅਰਜ ਕਰੇ' ਕਾਵਿ ਸੰਗ੍ਰਹਿ ਦੀ ਕਵਿਤਾ ਨੂੰ ਪੰਜਾਬ ਸੰਕਟ ਨਾਲ ਜੋੜ ਕੇ ਦੇਖਿਆ ਹੈ। ਇਸ ਕਾਵਿ ਸੰਗ੍ਰਹਿ ਵਿਚ ਧੁਖਦਾ ਜੰਗਲ, ਨਜ਼ਰ, ਇਕ ਦਰਿਆ, ਜ਼ਹਿਰ ਪਹਿਰ ਵਿਚ, ਪਸ਼ੂ ਗੀਤ, ਹੁਣ ਸ਼ਿਵ ਕੁਮਾਰ ਦੀ ਬਾਰੀ ਹੈ, ਇਕ ਪਾਵਨ ਪੁਸਤਕ ਸੜਦੀ ਹੈ, ਪੱਛੋਂ ਤੇ ਪੁਰਵਾਈਆ ਅਤੇ ਅੰਤਮ ਅਧਿਆਇ ਆਦਿ ਕਵਿਤਾਵਾਂ ਪੰਜਾਬ ਸੰਕਟ ਦੀਆਂ ਖ਼ੂਨੀ ਘਟਨਾਵਾਂ ਅਤੇ ਪਾਤਰਾਂ ਨਾਲ ਜੁੜੀਆਂ ਹੋਈਆਂ ਹਨ। ਇੱਥੇ ਇਕ ਗੱਲ ਕਹਿ ਦੇਣੀ ਜ਼ਰੂਰੀ ਹੈ ਕਿ ਇਨ੍ਹਾਂ ਕਵਿਤਾਵਾਂ ਵਿਚ ਕਈ ਵਾਰ ਪਾਤਰ ਵਿਚਾਰਧਾਰਕ ਤੌਰ 'ਤੇ ਸਪੱਸ਼ਟ ਦਿਖਾਈ ਨਹੀਂ ਦਿੰਦਾ। ਪੰਜਾਬ ਨੂੰ ਜੰਗਲ ਕਹਿਣਾ ਜਾਂ ਇਸ ਦੀ ਨਜ਼ਰ ਉਤਾਰਨ ਦਾ ਤਰਲਾ ਕਰਨਾ ਸਪੱਸ਼ਟ ਵਿਚਾਰਧਾਰਾ ਵਿਚੋਂ ਉਭਰੇ ਬਿੰਬ ਨਹੀਂ ਹਨ। ਪਰੰਤੂ "ਪਸ਼ੂ ਕਥਾ ਵਿਚਲੇ ਲੇਲੇ ਤੇ ਬਘਿਆੜ ਗੱਡੀ ਦੇ ਕਿਹੜੇ ਸਟੇਸ਼ਨ ਤੇ ਪਹੁੰਚ ਕੇ ਰੂਪ ਵਟਾ ਲੈਂਦੇ ਹਨ, ਉਸ ਦੀ ਨਿਸ਼ਾਨਦੇਹੀ ਵੀ ਸਪੱਸ਼ਟ ਹੀ ਹੈ। ਇਸ ਕੋਣ ਤੋਂ ਦੇਖੀਏ ਤਾਂ ਬਿਰਖ ਅਰਜ਼ ਕਰੇ ਨੂੰ ਹਿੰਦ-ਪੰਜਾਬ ਦੀ ਦੂਜੀ ਜੰਗਨਾਮੇ ਵਾਗੂੰ ਵੀ ਪੜ੍ਹਿਆ ਜਾ ਸਕਦਾ ਹੈ।"30

ਪਾਤਰ ਯਥਾਰਥ ਵਿਚਲੇ ਦਵੰਦਾਂ ਨੂੰ ਵਿਰੋਧੀ ਬਿੰਬਾਂ ਜਾਂ ਵਿਰੋਧੀ ਜੁੱਟਾਂ ਵਿਚ ਪੇਸ਼ ਕਰਦਾ ਹੈ, "ਉਸ ਦੇ ਵਿਰੋਧ ਬਿੰਬ ਯਥਾਰਥ ਦੀਆਂ ਪਰਸਪਰ ਵਿਰੋਧੀ ਸਥਿਤੀਆਂ ਦੇ ਜੁੱਟ ਹੀ ਨਹੀਂ। ਇਤਿਹਾਸ ਦੀ ਦਵੰਦਾਤਮਕ ਗਤੀ ਨੂੰ ਜੁਬੰਸ਼ ਦੇਣ ਵਾਲੇ ਪੂਰਕ ਵੇਰਵੇ ਵੀ ਹਨ। ਪਾਤਰ ਦੀ ਕਾਵਿ ਦ੍ਰਿਸ਼ਟੀ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਯਥਾਰਥ ਨੂੰ ਅਖੰਡ ਮਹਾਂ ਦ੍ਰਿਸ਼ ਦੇ ਰੂਪ ਵਿਚ ਧਿਆਉਂਦਾ ਹੋਇਆ ਪਹਿਲਾਂ ਇਸ ਦੇ ਵਿਰੋਧਾਂ ਨੂੰ ਉਘਾੜਦਾ ਤੇ ਭਿੜਾਉਂਦਾ ਹੈ ਤੇ ਫਿਰ ਇਨ੍ਹਾਂ ਨੂੰ ਅਡੋਲ ਹੀ ਪੂਰਕ ਰਿਸ਼ਤਿਆਂ ਵਿਚ ਸਮੇਟਦਾ ਹੋਇਆ ਇਨ੍ਹਾਂ ਦੀ ਅਖੰਡਤਾ ਦਾ ਪ੍ਰਮਾਣ ਸਿਰਜ ਦੇਂਦਾ ਹੈ।"31

ਸੁਰਜੀਤ ਪਾਤਰ ਦੇ ਆਪਣੇ ਕਹਿਣ ਅਨੁਸਾਰ ਉਸ ਦੇ ਤਿੰਨਾਂ ਕਾਵਿ ਸੰਗ੍ਰਹਿਆਂ ਦੇ ਨਾਵਾਂ ਵਿਚ ਇਕ ਸਾਂਝ ਹੈ ਪ੍ਰਕਿਰਤੀ ਦੀ ਅਤੇ ਦੂਜੀ ਸੰਸਕ੍ਰਿਤੀ ਦੀ। ਪ੍ਰਕਿਰਤੀ ਹੈ ਹਵਾ, ਹਨੇਰਾ ਅਤੇ ਬਿਰਖ; ਸੰਸਕ੍ਰਿਤੀ ਹੈ ਹਰਫ, ਵਰਣ, ਅਰਜ਼। ਆਲੋਚਕ ਇਨ੍ਹਾਂ ਦੋਨਾਂ ਦਾ ਹੀ ਵਿਸਤਾਰ ਆਪਣੀ ਆਲੋਚਨਾ ਵਿਚ ਕਰ ਰਹੇ ਹੁੰਦੇ ਹਨ ਜਦੋਂ ਉਹ ਸੁਰਜੀਤ ਪਾਤਰ ਦੀ ਇਕ ਪਾਸੇ ਪ੍ਰਕਿਰਤੀ ਸਿਰਜਣ ਦੀ ਸਿਫਤ ਕਰ ਰਹੇ ਹੁੰਦੇ ਹਨ ਅਤੇ ਦੂਜੇ ਪਾਸੇ ਉਸ ਦੇ ਸਭਿਆਚਾਰਕ ਅਤੇ ਲੋਕਧਾਰਾਈ ਪੱਖਾਂ ਉੱਪਰ ਵਿਸਤ੍ਰਿਤ ਚਰਚਾ ਕਰ ਰਹੇ ਹੁੰਦੇ ਹਨ। ਇੱਥੇ ਡਾ. ਜਸਵਿੰਦਰ ਸਿੰਘ ਦਾ ਕਥਨ ਦੇਣਾ ਵਧੇਰੇ ਉਚਿਤ ਪ੍ਰਤੀਤ ਹੁੰਦਾ ਹੈ। ਉਹ ਲਿਖਦਾ ਹੈ, "ਪਾਤਰ ਦੇ ਕਾਵਿ ਸੰਸਾਰ ਦਾ ਕੇਂਦਰੀ ਸਰੋਕਾਰ ਉਸ ਦੇ ਸਜੀਵ ਦ੍ਰਿਸ਼, ਨਵੇਂ ਅਤੇ ਤਾਜ਼ੇ ਬਿੰਬ ਸਿਰਜਣ ਵਿਚ ਹੈ। ਪੰਜਾਬੀ ਸਭਿਆਚਾਰਕ ਬਣਤਰ ਦਾ ਉਸ ਨੂੰ ਏਨਾ ਡੂੰਘਾ ਤੇ ਪੀਡਾ ਅਨੁਭਵ ਹੈ ਕਿ ਉਹ ਬਿਲਕੁਲ ਨਵੀਂ ਤੇ ਪੇਚੀਦਾ ਆਧੁਨਿਕ ਸੰਵੇਦਨਾ ਨੂੰ ਸੰਚਾਰਨ ਲਈ ਪੰਜਾਬੀ ਲੋਕਧਾਰਾ ਵਿਚੋਂ ਅਜਿਹੇ ਨਵੇਂ ਨਕੋਰ, ਤਾਜ਼ਾ ਅਤੇ ਮੌਲਿਕ ਬਿੰਬ ਸਿਰਜਣ ਦੇ ਸਮਰੱਥ ਹੈ, ਜੋ ਉਸ ਦੀ ਕਾਵਿਕ ਸੰਚਾਰ ਸਮਰੱਥਾ ਨੂੰ ਨਾ ਸਿਰਫ਼ ਪ੍ਰਭਾਵਸ਼ਾਲੀ ਬਣਾਉਂਦੇ ਹਨ ਸਗੋਂ ਪੰਜਾਬੀ ਕਵਿਤਾ ਸਰ ਕਰ ਜਾਂਦੇ ਹਨ।"32

ਉਪਰੋਕਤ ਵਿਚਾਰਾਂ ਦੀ ਰੌਸ਼ਨੀ ਵਿਚ ਅਸੀਂ ਪਾਤਰ ਦੀ ਕਵਿਤਾ ਵਿਚਲੀ ਲੋਕਧਾਰਾਈ ਸਮੱਗਰੀ ਦੇ ਰੂਪਾਂਤਰਣ ਦਾ ਵਿਸਤ੍ਰਿਤ ਅਧਿਐਨ ਕਰਨਾ ਚਾਹਾਂਗੇ। ਸਭ ਤੋਂ ਪਹਿਲਾਂ ਅਸੀਂ ਸੁਰਜੀਤ ਪਾਤਰ ਦੀ ਕਵਿਤਾ ਵਿਚ ਮਿਥਿਹਾਸ ਰੂਪਾਂਤਰਣ ਉੱਪਰ ਆਪਣਾ ਧਿਆਨ ਕੇਂਦਰਿਤ ਕਰਾਂਗੇ। ਉੱਪਰ ਕੀਤੀ ਵਿਚਾਰ ਤੋਂ ਇਹ ਸਪੱਸ਼ਟ ਹੈ ਕਿ ਪਾਤਰ ਸਮੂਹਿਕ ਅਵਚੇਤਨ ਨਾਲ ਜੁੜਿਆ ਹੋਇਆ ਹੈ ਅਤੇ ਉਸ ਅਵਚੇਤਨ ਵਿਚ ਪਈ ਮਿਥਿਹਾਸਕ ਸਮੱਗਰੀ ਨੂੰ ਸਮਕਾਲੀ ਅਰਥਾਂ ਵਿਚ ਗ੍ਰਹਿਣ ਕਰਦਾ ਹੈ। ਉਸ ਵੱਲੋਂ ਦਿੱਤੇ ਗਏ ਅਰਥ ਇੰਨੇ ਸਿਰਜਣਾਤਮਕ ਹਨ ਕਿ ਉਹ ਬਾਵਾ ਬਲਵੰਤ ਤੋਂ ਬਾਅਦ ਇਕ ਅਜਿਹਾ ਆਧੁਨਿਕ ਕਵੀ ਦ੍ਰਿਸ਼ਟੀਗੋਚਰ ਹੁੰਦਾ ਹੈ ਜੋ ਮਿੱਥਾਂ ਦੀ ਪੁਨਰ ਸਿਰਜਣਾ ਰਾਹੀਂ ਬੜੇ ਗੰਭੀਰ ਤੇ ਡੂੰਘੇ ਅਰਥਾਂ ਦਾ ਸੰਚਾਰ ਕਰਦਾ ਹੈ। ਕਈ ਵਾਰ ਆਲੋਚਕ ਆਪ ਮਿਥਿਹਾਸਕ ਡੂੰਘਾਈ ਤੱਕ ਜਾਣ ਦੇ ਸਮਰੱਥ ਨਹੀਂ ਹੁੰਦੇ ਇਸ ਲਈ ਉਹ ਪਾਤਰ ਦੀ ਕਵਿਤਾ ਨੂੰ ਸਮਝਣੋ ਵੀ ਅਸਮਰੱਥ ਰਹਿੰਦੇ ਹਨ। ਗੁਣਵੰਤ ਕੌਰ ਸਿੱਧੂ ਲਿਖਦੀ ਹੈ, "ਸੁਰਜੀਤ ਪਾਤਰ ਦੀ ਕਵਿਤਾ ਇਕ ਸਮਰੱਥ ਸਿਰਜਣਾ ਦਾ ਦਰਜਾ ਹਾਸਿਲ ਕਰਦੀ ਹੈ। ਉਹ ਲੋਕਧਾਰਾਈ ਸਮੱਗਰੀ ਤੋਂ ਪ੍ਰੇਰਿਤ ਨਹੀਂ ਹੁੰਦਾ ਬਲਕਿ ਵਾਕਾਂ ਤੇ ਸ਼ਬਦਾਂ ਦੇ ਜੋੜ ਵਿਚੋਂ ਨਵੇਂ ਅਰਥ ਸਿਰਜਦਾ ਹੈ। ਉਹ ਇਕ ਪਾਰਦਰਸ਼ੀ ਸ਼ਬਦਾਵਲੀ ਸਿਰਜਦਾ ਹੈ। ਜੋ ਅਸਲੀ ਅਰਥਾਂ ਨੂੰ ਪਾਠਕ ਦੇ ਅੰਦਰ ਉਜਾਗਰ ਕਰਦੀ ਹੈ।"33 ਪਾਤਰ ਦੀ ਕਵਿਤਾ ਕੇਵਲ ਵਾਕਾਂ ਤੇ ਸ਼ਬਦਾਂ ਦਾ ਜੋੜ ਨਹੀਂ ਸਗੋਂ ਉਸ ਵਿਚ ਸਭ ਤੋਂ ਪਹਿਲਾ ਮਿਥਿਹਾਸ ਅਤੇ ਦੰਤ-ਕਥਾਵਾਂ ਆਦਿ ਦਾ ਵਿਸ਼ਲੇਸ਼ਣ ਹੈ ਅਤੇ ਇਸ ਵਿਸ਼ਲੇਸ਼ਣ ਉਪਰੰਤ ਉਹ ਸਮਕਾਲੀ ਸਮਾਜ ਵਿਚੋਂ ਪ੍ਰਾਪਤ ਅਨੁਭਵ ਨੂੰ ਮਿਥਕ ਅਨੁਭਵ ਨਾਲ ਜੋੜਦਾ ਹੈ ਅਤੇ ਇਉਂ ਇਕ ਗਹਿਰ ਗੰਭੀਰ ਸਿਰਜਣਾ ਸਾਡੇ ਸਾਹਮਣੇ ਆਉਂਦੀ ਹੈ।

ਸੁਰਜੀਤ ਪਾਤਰ ਮਿੱਥਾਂ ਵਿਚੋਂ ਅਨੁਕੂਲ ਅਰਥ ਹੀ ਨਹੀਂ ਕੱਢਦਾ ਕਈ ਵਾਰ ਤਾਂ ਉਹ ਲੋਕਧਾਰਾ ਦੇ ਪ੍ਰਤੀਕੂਲ ਅਰਥ ਵੀ ਹੁੰਦੇ ਹਨ। ਜਿਵੇਂ ਡਾ. ਹਰਿਭਜਨ ਸਿੰਘ ਨੇ ਸਪੱਸ਼ਟ ਕੀਤਾ ਹੈ। 'ਹੁਣ ਘਰਾਂ ਨੂੰ ਪਰਤਣਾ' ਨਾਮੀ ਕਵਿਤਾ ਬਾਰੇ ਚਰਚਾ ਕਰਦਾ ਹੋਇਆ ਉਹ ਲਿਖਦਾ ਹੈ, "ਇਸ ਕਵਿਤਾ ਵਿਚ ਲੋਕ-ਯਾਨਿਕ ਜਾਂ ਲੋਕ-ਵੇਦ ਦੇ ਕਈ ਵੇਰਵੇ ਹਨ ਜਿਵੇਂ ਮੱਥੇ ਉੱਪਰ ਮੌਤ, ਸਾਧੂ ਦਾ ਸਰਾਪ, ਸ਼ਰੀਕਣ ਚੰਦਰੀ, ਟੂਣੇ ਟਾਮਣ, ਸਿਰ ਪਲੋਸਣਾ, ਅਸੀਸਾਂ ਆਦਿ। ਇਸ ਦੇ ਬਾਵਜੂਦ ਇਸ ਕਵਿਤਾ ਦਾ ਰੁਖ ਲੋਕ-ਵੇਦ ਦੇ ਪ੍ਰਤੀਕੂਲ ਹੈ। ਇਸ ਕਵਿਤਾ ਦਾ ਪ੍ਰੇਰਨਾ ਸ੍ਰੋਤ ਕੋਈ (?) ਜੁਝਾਰੂ ਹੈ ਪਰ ਇਸ ਕਵਿਤਾ ਦੀ ਪ੍ਰਸੰਗਤਾ ਵਰਤਮਾਨ ਇਤਿਹਾਸ ਦੇ ਸੀਮਿਤ ਘੇਰੇ ਤੋਂ ਵਡੇਰੀ ਹੈ। ਇਤਿਹਾਸ ਦੇ ਸੀਮਿਤ ਟੁਕੜੇ ਨੂੰ ਜ਼ਿੰਦਗੀ ਦੇ ਅਸੀਮ ਪਾਸਾਰ ਵਿਚ ਬਦਲ ਸਕਣ ਵਿਚ ਹੀ ਪ੍ਰਮਾਣਿਕ ਕਵੀ ਦੀ ਪਛਾਣ ਹੈ।"34

ਸੁਰਜੀਤ ਪਾਤਰ ਵਧੇਰੇ ਮਿੱਥਾਂ ਭਾਰਤੀ ਇਤਿਹਾਸ ਵਿਚੋਂ ਲੈਂਦਾ ਹੈ ਪਰੰਤੂ ਉਹ ਸਾਮੀ ਸਭਿਆਚਾਰ ਵਿਚੋਂ ਵੀ ਕੁਝ ਮਿੱਥਾਂ ਦੀ ਵਰਤੋਂ ਕਰ ਲੈਂਦਾ ਹੈ, ਜਿਵੇਂ 'ਕੁਨ'। ਸਾਮੀ ਮਿਥਿਹਾਸ ਅਨੁਸਾਰ ਰੱਬ ਨੇ 'ਕੁਨ' ਸ਼ਬਦ ਦੀ ਵਰਤੋਂ ਕੀਤੀ ਜਿਸ ਦਾ ਅਰਥ ਹੈ 'ਹੋ ਜਾ' ਅਤੇ ਇਉਂ ਸਮੁੱਚੀ ਕਾਇਨਾਤ ਸਿਰਜੀ ਗਈ। ਸੁਰਜੀਤ ਪਾਤਰ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਉਹ ਮਿਥਿਹਾਸਕ ਹਵਾਲਿਆਂ ਨੂੰ ਬੜੇ ਜਟਿਲ ਪ੍ਰਬੰਧ ਵਿਚ ਬੰਨਦਾ ਹੈ ਜਿਸ ਕਾਰਣ ਡੂੰਘੇ ਅਰਥ ਪ੍ਰਾਪਤ ਹੁੰਦੇ ਹਨ। ਇੱਥੇ ਇਹ ਪੰਗਤੀਆਂ ਦੇਖੀਆਂ ਜਾ ਸਕਦੀਆਂ ਹਨ :

ਉਹ ਤੇਰੀ ਨਾਂਹ ਸੀ ਜਿਵੇਂ ਕੋਈ ਕੁਨ ਤੋਂ ਉਲਟ
ਹਜ਼ਾਰ ਚੰਦ ਬੁਝੇ ਉਸ ਇਕ ਹੀ ਪਹਿਰ ਅੰਦਰ।35

ਇੱਥੇ ਪ੍ਰੇਮਿਕਾ ਦੀ ਨਾਂਹ ਪ੍ਰੇਮੀ ਨੂੰ ਇਉਂ ਲਗਦੀ ਹੈ ਜਿਵੇਂ ਕੁਨ ਸ਼ਬਦ ਤੋਂ ਉਲਟ ਸ਼ਬਦ ਬੋਲਿਆ ਗਿਆ ਹੋਵੇ। ਜੇ ਕੁਨ ਦਾ ਅਰਥ ਹੈ ਹੋ ਜਾ ਤਾਂ ਸਾਰੀ ਕਾਇਨਾਤ ਹੋ ਜਾਂਦੀ ਹੈ ਤਾਂ ਇਸ ਤੋਂ ਉਲਟ ਸ਼ਬਦ ਕਹਿਣ ਨਾਲ ਸਾਰੀ ਕਾਇਨਾਤ ਢਹਿ ਢੇਰੀ ਹੋ ਜਾਵੇਗੀ। ਇਉਂ ਪ੍ਰੇਮਿਕਾ ਦੀ ਨਾਂਹ ਪ੍ਰੇਮੀ ਲਈ ਸਮੁੱਚੀ ਕਾਇਨਾਤ ਦਾ ਨਸ਼ਟ ਹੋਣਾ ਹੈ। ਇਸੇ ਸੰਦਰਭ ਵਿਚ ਦੂਸਰੀ ਪੰਗਤੀ ਸਪੱਸ਼ਟ ਹੋ ਜਾਂਦੀ ਹੈ ਕਿ ਪ੍ਰੇਮ ਤੋਂ ਇਨਕਾਰ ਨੇ ਪ੍ਰੇਮੀ ਦੇ ਜੀਵਨ ਵਿਚ ਉੱਨਾ ਹਨੇਰਾ ਭਰ ਦਿੱਤਾ ਜਿੰਨਾ ਹਜ਼ਾਰ ਚੰਦ ਬੁਝਣ ਤੇ ਹੋ ਸਕਦਾ ਹੈ। ਇਨ੍ਹਾਂ ਪੰਗਤੀਆਂ ਦੇ ਇੰਨੇ ਗੂੜ੍ਹੇ ਅਰਥ ਮਿਥਿਹਾਸਕ ਹਵਾਲਿਆਂ ਦੀ ਸੋਝੀ ਕਾਰਣ ਹੀ ਪੈਦਾ ਹੋਏ ਹਨ।

ਸੁਰਜੀਤ ਪਾਤਰ ਨੇ ਮਨਸੂਰ ਦੀ ਦੰਤ ਕਥਾ ਨੂੰ ਵਾਰ-ਵਾਰ ਵਰਤਿਆ ਹੈ। ਸ਼ਾਇਦ ਉੱਨੀ ਵਾਰੀ ਹੀ ਜਿੰਨੀ ਵਾਰੀ ਪੂਰਨ ਭਗਤ ਦੀ ਦੰਤ-ਕਥਾ ਨੂੰ ਨਵਾਂ ਰੂਪ ਦਿੱਤਾ ਹੈ। ਹੇਠ ਲਿਖੀਆਂ ਸਤਰਾਂ ਵਿਚ ਮਨਸੂਰ ਦੀ ਦੰਤ-ਕਥਾ ਅਨੇਕਾਂ ਸੰਦਰਭਾਂ ਵਿਚ ਵਿਦਮਾਨ ਦਿਖਾਈ ਦਿੰਦੀ ਹੈ।

(1) ਦਰਦ ਨੇ ਮੈਨੂੰ ਕਿਹਾ : ਮੈਂ ਅੰਧਕਾਰ
ਮੈਂ ਤੇਰੇ ਸੀਨੇ 'ਚ ਛੁਪਿਆ ਨੂਰ ਹਾਂ
ਮੇਰੇ ਸੀਨੇ ਵਿਚ ਹੀ ਹੈ ਸੂਲੀ ਮੇਰੀ
ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ।36

(2) ਕਦੀ ਤੇਗ਼ ਦੇ ਘਾਟ ਉਤਾਰਿਆ ਏ
ਕਦੀ ਸੂਲ਼ੀ ਉਪਰ ਚਾੜ੍ਹਿਆ ਏ
ਕਦੀ ਖ਼ੰਜਰ ਸੀਨੇ ਮਾਰਿਆ ਏ
ਮੈਨੂੰ ਸੌ ਸੌ ਵਾਰੀ ਮਾਰੇ ਨੂੰ
ਫਿਰ ਟੋਲ ਰਹੇ ਨੇ ਹਤਿਆਰੇ।37

(3) ਸੱਚ ਦੀ ਸੂਲੀ ਤੋਂ ਡਰਦਾ
ਵਕਤ ਸਿਰ ਮਰਦਾ ਨਾ ਜੋ
ਉਸ ਨੂੰ ਸੂਲਾਂ ਨਾਲ ਵਿੰਨ੍ਹ ਵਿੰਨ੍ਹ
ਮਾਰਦੀ ਹੈ ਜ਼ਿੰਦਗੀ
ਆਪਣਾ ਹੀ ਦਿਲ ਜਿਵੇਂ ਹੈ
ਵਿਸ਼ ਦਾ ਪਿਆਲਾ ਹੋ ਗਿਆ
ਕਿਸ ਤਰ੍ਹਾਂ ਦੀ ਮੌਤ ਹੈ
ਕੈਸੀ ਹੈ ਇਹ ਸੁਕਰਾਤਗੀ?38

(4) ਉਹਦੇ ਅੰਦਰ ਸੀ ਖ਼ੁਦਾ ਕਹਿੰਦਾ ਸੀ ਜੋ ਮੈ ਹਾਂ ਖ਼ੁਦਾ
ਉਹ ਤਾਂ ਫੜਿਆ ਨਾ ਗਿਆ ਚਾੜ੍ਹਤਾ ਸੂਲੀ ਮਨਸੂਰ।39

(5) ਉਹ ਸੂਲੀ ਚੜ੍ਹਾ ਕੇ ਉਨੂੰ ਪੁੱਛਦੇ ਨੇ
ਤੂੰ ਸਾਡੇ ਤੋਂ ਉੱਚਾ ਐ ਮਨਸੂਰ ਕਿਉਂ ਹੈ।40

ਸੁਰਜੀਤ ਪਾਤਰ ਨੇ ਅਜੋਕੇ ਮਨੁੱਖ ਨੂੰ ਜਾਂ ਫਿਰ ਚਾਨਣ ਨੂੰ ਆਪਣੀ ਤਰ੍ਹਾਂ ਦਾ ਹੀ ਮਨਸੂਰ ਬਿਆਨ ਕੀਤਾ ਹੈ। ਮਨਸੂਰ ਅਸਲ ਵਿਚ ਸੂਫ਼ੀ ਫ਼ਕੀਰ ਸੀ ਜਿਸ ਨੇ ਅਨਹਲ ਹੱਕ ਨਾਅਰਾ ਲਾਇਆ ਜਿਸ ਦਾ ਅਰਥ ਸੀ ਮੈਂ ਹੀ ਰੱਬ ਹਾਂ ਜਾਂ ਸੱਚ ਹਾਂ। ਕੱਟੜ ਪੰਥੀਆਂ ਅਨੁਸਾਰ ਅਜਿਹਾ ਕਹਿਣਾ ਕੁਫਰ ਹੈ ਕਿਉਂਕਿ ਅੱਲ੍ਹਾ ਅਤੇ ਉਸ ਦੇ ਰਸੂਲ ਮੁਹੰਮਦ ਤੋਂ ਬਾਅਦ ਉਨ੍ਹਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਉਨ੍ਹਾਂ ਨੇ ਸੱਚ ਕਹਿਣ ਦੇ ਜ਼ੁਰਮ ਵਿਚ ਮਨਸੂਰ ਨੂੰ ਸੂਲੀ ਚੜ੍ਹਾ ਦਿੱਤਾ। ਵਿਸ਼ਵ ਭਰ ਦੇ ਸਾਹਿਤਕਾਰਾਂ ਨੇ ਮਨਸੂਰ ਨੂੰ ਇਕ ਦੰਤ-ਕਥਾ ਬਣਾ ਦਿੱਤਾ ਜਿਸ ਦੇ ਸੈਂਕੜੇ ਸੰਦਰਭਾਂ ਵਿਚ ਸੈਂਕੜੇ ਹੀ ਅਰਥ ਹਨ। ਮਨਸੂਰ ਮਨੁੱਖ ਦੇ ਅੰਦਰ ਦੀ ਇਕ ਐਸੀ ਸੱਚਾਈ ਹੈ ਜਿਸ ਨੂੰ ਕਦੇ ਵੀ ਮਾਰਿਆ ਨਹੀਂ ਜਾ ਸਕਦਾ। ਇਕ ਥਾਂ ਸੁਰਜੀਤ ਪਾਤਰ ਅਜਿਹੇ ਮਨੁੱਖ ਦਾ ਜ਼ਿਕਰ ਕਰਦਾ ਹੈ ਜੋ ਜੇਕਰ ਸੱਚ ਦੀ ਸੂਲੀ 'ਤੇ ਚੜ੍ਹਨ ਤੋਂ ਡਰਦਾ ਹੈ ਤਾਂ ਜ਼ਿੰਦਗੀ ਉਸ ਨੂੰ ਮਾਨਸਿਕ ਪੀੜਾ ਦੇ ਕੇ ਸਤਾਉਂਦੀ ਹੈ। ਅਜਿਹੇ ਮਨੁੱਖ ਦਾ ਮਾਨਸਿਕ ਸੰਤੁਲਨ ਨਹੀਂ ਬਣਿਆ ਰਹਿ ਸਕਦਾ। ਅਸਲ ਵਿਚ ਉਹ ਨਾ ਤਾਂ ਸੁਕਰਾਤ ਬਣ ਸਕਦਾ ਹੈ ਅਤੇ ਨਾ ਹੀ ਮਨਸੂਰ। ਇਕ ਥਾਂ ਸੁਰਜੀਤ ਪਾਤਰ ਦੁਨੀਆਂ ਨੂੰ ਸੰਬੋਧਿਤ ਹੈ ਕਿ ਦੁਨੀਆਂ ਤੋਂ ਮਨਸੂਰ ਦੇ ਅੰਦਰ ਦਾ ਖ਼ੁਦਾ ਤਾਂ ਸੂਲੀ ਚਾੜ੍ਹ ਨਾ ਹੋਇਆ ਪਰ ਉਸ ਦੇ ਸਰੀਰ ਨੂੰ ਸਮਾਪਤ ਕਰ ਦਿੱਤਾ ਗਿਆ। ਅਸਲ ਵਿਚ ਦੁਨੀਆਂ ਮਨਸੂਰ ਨੂੰ ਆਪਣੇ ਤੋਂ ਉੱਚਾ ਦੇਖਣਾ ਨਹੀਂ ਚਾਹੁੰਦੀ। ਇਸੇ ਲਈ ਉਸ ਨੂੰ ਆਪਣੇ ਬਰਾਬਰ ਦਾ ਕਰਨ ਉੱਪਰ ਤੁਲੀ ਹੋਈ ਹੈ।

ਸੁਰਜੀਤ ਪਾਤਰ ਨੇ ਕ੍ਰਿਸ਼ਨ ਦੀ ਮਿੱਥ ਨੂੰ ਕਈ ਸੰਦਰਭਾਂ ਵਿਚ ਵਰਤਿਆ ਹੈ। 'ਅੰਤਰ ਸੰਵਾਦ' ਕਵਿਤਾ ਵਿਚ ਕਵੀ ਕ੍ਰਿਸ਼ਨ ਦਾ ਰੂਪ ਹੈ। ਉਹ ਕਵੀ ਜੋ ਅਧਖੜ ਉਮਰ ਵਿਚ ਹੈ ਅਤੇ ਜਿਸ ਦੇ ਅੱਧੇ ਵਾਲ ਸਫ਼ੇਦ ਹੋ ਚੁੱਕੇ ਹਨ। ਉਸ ਦੇ ਮਨ ਵਿਚ ਇਕ ਪਾਸੇ ਆਪਣੀ ਪ੍ਰੇਮਿਕਾ ਹੈ ਤੇ ਦੂਸਰੇ ਪਾਸੇ ਉਸ ਦੀ ਪਤਨੀ ਕਵੀ ਦਾ ਮਨ ਪਤਨੀ ਤੇ ਪ੍ਰੇਮਿਕਾ ਦੇ ਸੰਵਾਦ ਸਿਰਜ ਰਿਹਾ ਹੈ। ਇਹ ਉਹੋ ਜਿਹੇ ਹੀ ਸੰਵਾਦ ਹੋ ਸਕਦੇ ਹਨ ਜੋ ਕ੍ਰਿਸ਼ਨ ਦੇ ਮਨ ਵਿਚ ਉਪਜ ਸਕਦੇ ਹਨ। ਰੁਕਮਣੀ ਉਸ ਦੀ ਪਤਨੀ ਹੈ ਅਤੇ ਰਾਧਾ ਪ੍ਰੇਮਿਕਾ। ਮਿਥਿਹਾਸ ਅਜਿਹੀ ਮਾਨਸਿਕ ਉਲਝਣ ਵਿਚ ਨਹੀਂ ਪੈਂਦਾ ਪਰੰਤੂ ਅਜੋਕਾ ਕਵੀ ਅਜਿਹੀਆਂ ਸਥਿਤੀਆਂ ਨੂੰ ਨਵੇਂ ਅਰਥ ਪ੍ਰਦਾਨ ਕਰਦਾ ਹੈ। ਰਾਧਾ ਤੇ ਰੁਕਮਣੀ ਨੇ ਭਾਵੇਂ ਆਪਸ ਵਿਚ ਕਦੇ ਸੰਵਾਦ ਨਹੀਂ ਸੀ ਕੀਤਾ ਪਰੰਤੂ ਕਵੀ ਕਲਪਨਾ ਦੇ ਸਹਾਰੇ ਇਨ੍ਹਾਂ ਦੀ ਸਿਰਜਣਾ ਕਰਦਾ ਹੋਇਆ ਸਮਕਾਲੀ ਯਥਾਰਥ ਨਾਲ ਜਾ ਜੁੜਦਾ ਹੈ। ਅੰਮ੍ਰਿਤਾ ਪ੍ਰੀਤਮ ਇਸ ਕਵਿਤਾ ਬਾਰੇ ਲਿਖਦੀ ਹੈ, "ਹਕੀਕਤਾਂ ਜਦੋਂ ਸਿਰਨਾਵੇਂ ਬਦਲਦੀਆਂ ਹਨ ਤਾਂ ਵਕਤ ਦੇ ਸ਼ਾਇਰ ਨੂੰ ਬੜੇ ਲੰਬੇ ਫਾਸਲੇ ਤੈਅ ਕਰਨੇ ਪੈਂਦੇ ਹਨ। ਪਾਤਰ ਨੇ ਵੀ ਉਹ ਫੈਸਲੇ ਤੈਅ ਕੀਤੇ ਹਨ। ਕ੍ਰਿਸ਼ਨ ਚੇਤਨਾ ਵਿਚ ਉਭਰਕੇ ਵੀ, ਉਹਨੇ ਜਿਸ 'ਅੱਜ' ਨੂੰ ਵੇਖਿਆ ਹੈ, ਉੱਥੇ ਰਾਧਾ ਨਾਰਾਜ਼ ਹੈ, ਰੁਕਮਣੀ ਉਦਾਸ ਤੇ ਕ੍ਰਿਸ਼ਨ ਪ੍ਰੇਸ਼ਾਨ।"41 ਕਵਿਤਾ ਦੀਆਂ ਇਹ ਪੰਗਤੀਆਂ ਉਪਰੋਕਤ ਭਾਵਾਂ ਨੂੰ ਹੋਰ ਸਪੱਸ਼ਟ ਕਰਦੀਆਂ ਹਨ।

ਰਾਧਾ ਨਾਰਾਜ਼ ਹੈ
ਰੁਕਮਣੀ ਉਦਾਸ
ਤੇ ਕ੍ਰਿਸ਼ਨ ਪਰੇਸ਼ਾਨ
ਕ੍ਰਿਸ਼ਨ ਜੋ ਸੋਲਾਂ ਕਲਾਂ ਸੰਪੂਰਨ ਅਵਤਾਰ ਨਹੀਂ
ਅਧਖੜ ਉਮਰ ਦਾ ਕਵੀ ਹੈ
ਜਿਸ ਦਿਆਂ ਵਾਲਾ ਵਿਚ ਧੁੱਪਾਂ ਅਤੇ ਛਾਵਾਂ ਦੀ ਬਹਿਸ ਚੱਲ ਰਹੀ ਹੈ
ਬੁੱਲ੍ਹਾਂ 'ਤੇ ਬੰਸਰੀ ਨਹੀਂ
ਬੇਜਾਨ ਜਿਹੀ ਖ਼ਾਮੋਸ਼ੀ ਹੈ
ਤੇ ਸੀਨੇ ਵਿਚ ਰਾਧਾ ਅਤੇ ਰੁਕਮਣੀ ਦੇ ਸੰਵਾਦ
ਜੋ ਉਨ੍ਹਾਂ ਨੇ ਬੋਲੇ ਨਹੀਂ।42

'ਨਵੇਂ ਦੇਵਤੇ' (ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ) ਕਵਿਤਾ ਵਿਚ ਸੁਰਜੀਤ ਪਾਤਰ ਨੇ ਇਕੋ ਸਮੇਂ ਸਰਸਵਤੀ, ਸ਼ਿਵ ਪਾਰਬਤੀ, ਉਸ਼ਾ, ਵਿਸ਼ਨੂੰ ਅਤੇ ਉਮਾ ਦੀ ਮਿੱਥ ਨੂੰ ਵਰਤਿਆ ਹੈ ਤੇ ਇਹ ਇਕ ਪੈਰ੍ਹਾ ਕਵਿਤਾ ਵਿਚ ਦੋ ਬਾਰ ਆਉਂਦਾ ਹੈ।

ਮੋਰ-ਪੰਖਾਂ 'ਤੇ ਬੈਠੀ ਸੁਰਸਤੀ ਨਹੀਂ
ਗੰਗਾ-ਲਹਿਰੀ ਜਟਾ-ਜੂਟ ਸ਼ਿਵ ਜੀ ਨਹੀਂ
ਸ਼ਿਵ ਦੇ ਨੰਦੀ 'ਤੇ ਅਸਵਾਰ ਪਾਰੋ ਨਹੀਂ
ਸੱਤਾ ਗਊਆਂ ਨੂੰ ਹੱਕਦੀ ਉਸ਼ਾ ਵੀ ਨਹੀਂ
ਕਿਸੇ ਕੁੱਖ ਵਿਚੋਂ ਉਗਦਾ ਕੰਵਲ ਵੀ ਨਹੀਂ
ਤੇ ਕੰਵਲ 'ਤੇ ਸੁਸ਼ੋਭਿਤ ਉਮਾ ਵੀ ਨਹੀਂ।43

ਇਨ੍ਹਾਂ ਦੇਵਤਿਆਂ ਦੇ ਕਵਿਤਾ ਵਿਚ ਦੋ ਬਾਰ ਆਉਣ 'ਤੇ ਵੀ ਸੁਰਜੀਤ ਪਾਤਰ ਇਨ੍ਹਾਂ ਨੂੰ ਅਜੋਕੇ ਮਨੁੱਖਾਂ ਦੇ 'ਹਮਹਾਲ' ਨਹੀਂ ਮੰਨਦਾ। ਕਿਉਂਕਿ ਅਜੋਕਾ ਮਨੁੱਖ ਅਜਿਹੀਆਂ ਸਥਿਤੀਆਂ ਵਿਚ ਘਿਰਿਆ ਹੋਇਆ ਹੈ ਜਿੱਥੇ ਇਕ ਹਾਰਿਆ ਹੋਇਆ ਬੰਦਾ ਆਪਣਾ ਗੁੱਸਾ, ਆਪਣੇ ਅਧੀਨ ਕਿਸੇ ਹੋਰ 'ਤੇ ਕੱਢਦਾ ਹੈ। ਕਿਸੇ ਉੱਚੇ ਕਲਾਕਾਰ ਦੀ ਬੇਅਦਬੀ ਹੁੰਦੀ ਹੈ ਜਾਂ ਵੱਡੇ ਨਾਇਕ ਦੀ ਬੇਇੱਜ਼ਤੀ। ਅਜਿਹਾ ਹੋਣ ਨਾਲ ਇਨ੍ਹਾਂ ਨਾਇਕਾਂ ਦੇ ਹਉਮੈ ਨੂੰ ਠੇਸ ਲੱਗਦੀ ਹੈ। ਅਜੋਕੇ ਮਨੁੱਖ ਲਈ ਅਜਿਹੇ ਦੇਵਤਿਆਂ ਦੀ ਲੋੜ ਹੋ ਸਕਦੀ ਹੈ। ਸਰਸਵਤੀ ਮੋਰ ਦੀ ਸਵਾਰੀ ਕਰਕੇ ਕਿਤੇ ਵੀ ਜਾ ਸਕਦੀ ਹੈ। ਜਟਾਧਾਰੀ ਸ਼ਿਵ ਆਪਣੇ ਭਗਤਾਂ ਦਾ ਕਲਿਆਣ ਕਰਦਾ ਹੈ। ਪਾਰਬਤੀ ਆਪਣੇ ਆਪ ਵਿਚ ਮਸਤ ਹੈ। ਉਸ਼ਾ ਜਿਸ ਬਾਰੇ ਮਿੱਥ ਹੈ ਕਿ ਉਹ ਸੱਤਾਂ ਗਾਵਾ ਦੇ ਰੱਥ ਉੱਪਰ ਅਸਵਾਰ ਹੈ ਵੀ ਅਜੋਕੇ ਮਨ ਦੀ ਤਰਜਮਾਨੀ ਨਹੀਂ ਕਰਦੀ। ਇਸੇ ਤਰ੍ਹਾਂ ਹੀ ਵਿਸ਼ਨੂੰ ਦੀ ਨਾਭੀ ਵਿਚੋਂ ਉੱਗਦਾ ਕੰਵਲ ਅਜੋਕੇ ਮਨੁੱਖ ਦੀ ਮਾਨਸਿਕਤਾ ਨੂੰ ਨਹੀਂ ਸਮਝ ਸਕਦਾ ਅਤੇ ਨਾ ਹੀ ਕੰਵਲ ਉੱਪਰ ਸ਼ੁਸੋਭਿਤ ਉਮਾ ਹੀ ਅਜਿਹਾ ਕੁਝ ਕਰ ਸਕਦੀ ਹੈ। ਇੱਥੇ ਦੋ ਹੋਰ ਛੋਟੇ ਵੇਰਵੇ ਧਿਆਨ ਖਿੱਚਦੇ ਹਨ। ਇਹ ਹਨ - ਪਹਿਲਾ ਸਰਸਵਤੀ ਮੋਰ ਦੇ ਖੰਭਾਂ ਉੱਪਰ ਨਹੀਂ ਬੈਠਦੀ ਸਗੋਂ ਮੋਰ ਦੀ ਸਵਾਰੀ ਕਰਦੀ ਹੈ। ਕੰਵਲ ਵਿਸ਼ਨੂੰ ਦੀ ਕੁੱਖ 'ਚੋਂ ਨਹੀਂ ਸਗੋਂ ਧੁੰਨੀ ਵਿਚੋਂ ਪੈਦਾ ਹੁੰਦਾ ਹੈ। ਦੂਸਰੇ ਵੇਰਵੇ ਅਨੁਸਾਰ ਪਾਰਬਤੀ ਨੂੰ ਪਾਰੋ ਕਿਹਾ ਗਿਆ ਹੈ। ਇਹ ਸੰਬੋਧਨ ਬਾਵਾ ਬਲਵੰਤ ਦੀ ਕਵਿਤਾ 'ਫੇਰ ਪਾਰੋ ਨੇ ਕਿਹਾ' ਵਿਚੋਂ ਲਿਆ ਗਿਆ ਹੈ।

ਪੁਰਾਤਨ ਮਿਥਿਹਾਸ ਵਿਚ ਇਹ ਵੇਰਵਾ ਬਾਰ-ਬਾਰ ਆਉਂਦਾ ਹੈ ਕਿ ਰਿਸ਼ੀਆਂ ਮੁਨੀਆਂ ਨੂੰ ਇੰਦਰ ਦਾ ਰਾਜ ਪ੍ਰਾਪਤ ਕਰਨ ਤੋਂ ਰੋਕਣ ਲਈ ਉਨ੍ਹਾਂ ਕੋਲ ਅਪਸਰਾਵਾਂ ਭੇਜੀਆਂ ਜਾਂਦੀਆਂ ਰਹੀਆਂ ਹਨ। ਜੇ ਅਪਸਰਾ ਰਿਸ਼ੀ ਦੀ ਸਮਾਧੀ ਤੋੜਨ ਵਿਚ ਕਾਮਯਾਬ ਰਹਿੰਦੀ ਹੈ ਤਾਂ ਰਿਸ਼ੀ ਆਪਣੇ ਨਿਸ਼ਾਨੇ ਤੋਂ ਖੁੰਝ ਜਾਂਦਾ ਹੈ ਪਰੰਤੂ ਸੁਰਜੀਤ ਪਾਤਰ ਦਾ ਰਿਸ਼ੀ ਦੁਨੀਆਂ ਤੋਂ ਦੂਰ ਜਾ ਕੇ ਔਰਤ ਲਈ ਤਰਸਦਾ ਹੋਇਆ ਮਾਨਸਿਕ ਉਲਾਰਾਂ ਦਾ ਸ਼ਿਕਾਰ ਹੁੰਦਾ ਹੈ। ਇਸ ਲਈ ਜਦੋਂ ਉਸ ਪਾਸ ਕੋਈ ਅਪਸਰਾ ਜਾਂਦੀ ਹੈ ਤਾਂ ਉਹ ਰਿਸ਼ੀ ਦੀਆਂ ਤ੍ਰਿਸ਼ਣਾਵਾਂ ਅਤੇ ਭੁੱਖਾਂ ਦਾ ਸ਼ਿਕਾਰ ਹੋ ਜਾਂਦੀ ਹੈ। ਪੰਜ ਸਤਰਾਂ ਦੀ ਛੋਟੀ ਜਿਹੀ ਕਵਿਤਾ ਵਿਸ਼ਾਲ ਅਰਥ ਗ੍ਰਹਿਣ ਕਰ ਲੈਂਦੀ ਹੈ।

ਇਕ ਨਦੀ ਆਈ
ਰਿਸ਼ੀ ਦੇ ਕੋਲ
ਮੰਗਣ ਨੂੰ ਦਿਸ਼ਾ
ਉਸ ਨਦੀ ਨੂੰ ਰਿਸ਼ੀ ਦੇ
ਤਰਸੇਵਿਆਂ ਨੇ ਪੀ ਲਿਆ।44

ਗੁਣਵੰਤ ਕੌਰ ਸਿੱਧੂ ਨੇ ਇਸ ਕਵਿਤਾ ਵਿਚ ਲੋਕ ਕਥਾ ਦੇ ਮਾਡਲ ਨੂੰ ਪ੍ਰਸਤੁਤ ਹੁੰਦਿਆਂ ਵੇਖਿਆ ਹੈ। ਉਸ ਦੇ ਕਥਨ ਅਨੁਸਾਰ, "ਸੁਰਜੀਤ ਪਾਤਰ ਨੇ ਲੋਕਧਾਰਾ ਦੀ ਸਮੱਗਰੀ ਦੇ ਨਾਲ-ਨਾਲ ਲੋਕ ਕਾਵਿ ਅਤੇ ਲੋਕਧਾਰਾਈ ਕਥਾ ਮਾਡਲਾਂ ਨੂੰ ਬੜੀ ਖ਼ੂਬਸੂਰਤੀ ਨਾਲ ਆਪਣੇ ਸਿਰਜਣ-ਪ੍ਰਵਾਹ ਵਿਚ ਸ਼ਾਮਿਲ ਕੀਤਾ ਹੈ। ਸਿਰਜਣ ਪ੍ਰਕਿਰਿਆ ਦੇ ਮਾਧਿਅਮ ਰਾਹੀਂ ਪਾਤਰ ਆਪਣੇ 'ਅਵਚੇਤਨ' ਦਾ ਗੁਬਾਰ ਕੱਢ ਲੈਂਦਾ ਹੈ ਪਰ ਇਹ ਅਨੁਭਵ, ਮਨੋਸੰਤਾਪ, ਮਨੋਗੁੰਝਲਾਂ ਅਤੇ ਅਤ੍ਰਿਪਤੀਆਂ ਬਹੁਤ ਆਨੰਦਦਾਇਕ ਰੂਪ ਵਿਚ ਪ੍ਰਗਟ ਹੁੰਦੇ ਹਨ। ਆਪਣੇ ਅਨੁਭਵ, ਬੁੱਧੀ, ਕਲਪਣਾ ਸ਼ਕਤੀ, ਪ੍ਰਤੀਕ ਵਿਧਾਨ ਆਦਿ ਦੀ ਅਨੋਖੀ ਸੂਝ ਨਾਲ ਪਾਤਰ ਜਦੋਂ ਕਵਿਤਾ ਰਚਦਾ ਹੈ ਤਾਂ ਉਸ ਦੀ ਕਵਿਤਾ ਸਿਜਦਾ ਮੰਗਦੀ ਹੈ।"45

ਵਿਸ਼ਵ ਪੱਧਰ 'ਤੇ ਸੋਵੀਅਤ ਯੂਨੀਅਨ ਦਾ ਟੁੱਟਣਾ ਵੀਹਵੀਂ ਸਦੀ ਦੀ ਇਕ ਬਹੁਤ ਵੱਡੀ ਘਟਨਾ ਸੀ। ਜਿਸ ਦਾ ਪੂੰਜੀਪਤੀਆਂ ਨੇ ਖੂਬ ਜਸ਼ਨ ਮਨਾਇਆ। ਉਨ੍ਹਾਂ ਦੇ ਵਿਚਾਰਧਾਰਕਾਂ ਨੇ ਇਤਿਹਾਸ ਦਾ ਅੰਤ ਹੋਣ ਦੇ ਐਲਾਨ ਵੀ ਕਰ ਦਿੱਤੇ। ਸੁਰਜੀਤ ਪਾਤਰ ਇਸ ਸਾਰੀ ਸਥਿਤੀ ਨੂੰ ਤਿੱਖੇ ਵਿਅੰਗ ਦਾ ਸ਼ਿਕਾਰ ਬਣਾਉਂਦਾ ਹੈ। ਕਵਿਤਾ ਦੀਆਂ ਪਹਿਲੀਆਂ ਪੰਗਤੀਆਂ ਹੀ ਇਸ ਵਿਅੰਗ ਦੀ ਤਿੱਖੀ ਮਾਰ ਮਹਿਸੂਸ ਕਰਵਾ ਦਿੰਦੀਆਂ ਹਨ।

ਕਿਥੇ ਹੈਂ ਇਤਿਹਾਸ ਤੂੰ
ਉਹ ਕਹਿੰਦੇ ਤੂੰ ਮਰ ਗਿਆਂ
ਆਤਮ ਹੱਤਿਆ ਕਰ ਗਿਆਂ
ਰੂਸ ਡਿਗਣ ਤੋਂ ਡਰ ਗਿਆਂ।46

ਕਵਿਤਾ ਵਿਚ ਅਗਾਂਹ ਜਾ ਕੇ ਕਿਹਾ ਗਿਆ ਹੈ :

ਕਿਸ ਵਾਹਨ ਤੇ ਆ ਰਿਹੈਂ
ਕੱਛੂ ਤੇ ਜਾਂ ਗਰੜ ਤੇ
ਜਾਂ ਕਿ ਪੈਦਲ ਆ ਰਿਹਾਂ
ਕੰਡਾ ਚੁਭ ਲੰਗੜਾ ਰਿਹਾਂ।47

ਇੱਥੇ ਦੇਵਤਿਆਂ ਦੇ ਦੋ ਵਾਹਨਾਂ ਦਾ ਜ਼ਿਕਰ ਕੀਤਾ ਗਿਆ ਹੈ - ਕੱਛੂਕੰਮਾ ਅਤੇ ਗਰੜ। ਇੱਥੇ ਇਹ ਕਹਿ ਦੇਣਾ ਕੁਥਾਂ ਨਹੀਂ ਹੋਵੇਗਾ ਕਿ ਕੱਛੂ ਕਿਸੇ ਵੀ ਦੇਵਤਾ ਦਾ ਵਾਹਨ ਨਹੀਂ। ਮਿੱਥ ਅਨੁਸਾਰ ਧੌਲਾ ਬਲਦ ਕੱਛੂਕੰਮੇ ਉੱਪਰ ਖੜਾ ਹੈ ਜਾਂ ਫਿਰ ਵਿਸ਼ਨੂੰ ਦਾ ਇਕ ਅਵਤਾਰ ਕੱਛੂ ਹੈ। ਅਸੁਰਾ ਨੂੰ ਹਰਾਉਣ ਲਈ ਵਿਸ਼ਨੂੰ ਕੱਛੂ ਦਾ ਅਵਤਾਰ ਧਾਰਣ ਕਰਦਾ ਹੈ, ਇਸ ਲਈ ਉਸ ਨੂੰ ਕੱਛ ਅਵਤਾਰ ਕਿਹਾ ਗਿਆ ਹੈ। ਇੱਥੇ ਸਪੱਸ਼ਟ ਹੈ ਪਾਤਰ ਮਿੱਥ ਦੀ ਗਲਤ ਵਰਤੋਂ ਕਰ ਰਿਹਾ ਹੈ। ਭਾਰਤੀ ਮਿਥਿਹਾਸ ਵਿਚ ਸਰਵਣ ਇਕ ਅਜਿਹਾ ਪਾਤਰ ਹੈ ਜੋ ਮਾਂ-ਬਾਪ ਦੀ ਸੇਵਾ ਲਈ ਤਤਪਰ ਰਹਿੰਦਾ ਹੈ। ਉਹ ਮਾਂ-ਬਾਪ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਨੂੰ ਵਹਿੰਗੀ ਵਿਚ ਪਾ ਕੇ ਸਾਰੇ ਤੀਰਥ ਕਰਵਾਉਂਦਾ ਹੈ। ਸੁਰਜੀਤ ਪਾਤਰ ਇਸ ਮਿੱਥ ਨੂੰ ਲੈ ਕੇ ਭਾਰਤੀ ਸਮਾਜ ਦੀ ਯਥਾਰਥਕ ਸਥਿਤੀ ਨੂੰ ਬਿਆਨ ਕਰਦਾ ਹੈ। ਇੱਥੇ ਰਾਜ ਕਰਦੇ ਸੱਤਾਧਾਰੀ ਅੰਨ੍ਹੇ ਹੋਏ ਪਏ ਹਨ। ਭਵਿੱਖ ਦਿਖਾਈ ਨਹੀਂ ਦਿੰਦਾ। ਸੰਪੂਰਨ ਕਥਾ ਨੂੰ ਨਵੇਂ ਅਰਥ ਦਿੰਦਾ ਹੋਇਆ ਸੁਰਜੀਤ ਪਾਤਰ ਲਿਖਦਾ ਹੈ ਕਿ ਮਿੱਥ ਵਿਚ ਰਾਜਾ ਦਸ਼ਰਥ ਸਰਵਣ ਦੇ ਮਾਂ-ਬਾਪ ਨੂੰ ਅਣਜਾਣੇ ਵਿਚ ਮਾਰ ਕੇ ਵੀ ਉਨ੍ਹਾਂ ਤੋਂ ਆਪਣੀ ਭੁੱਲ ਬਖ਼ਸਾਉਂਦਾ ਹੈ ਅਤੇ ਉਨ੍ਹਾਂ ਦਾ ਸਰਾਪ ਭੋਗਦਾ ਹੈ ਪਰੰਤੂ ਅਜੋਕੇ ਸਮੇਂ ਵਿਚ ਅਜਿਹਾ ਕੁਝ ਵੀ ਸੰਭਵ ਨਹੀਂ। ਧਾਰਮਿਕ ਤੀਰਥਾਂ ਦੀ ਥਾਂ 'ਤੇ ਸੁਰਜੀਤ ਪਾਤਰ ਜਿਹੜੇ ਤੀਰਥ ਦੱਸਦਾ ਹੈ ਉਹ ਬਾਲਾਂ ਦੀ ਮੁਸਕਾਨ, ਦੋ ਹਾਣੀਆਂ ਦਾ ਮਿਲਣਾ ਅਤੇ ਮਿਹਨਤ ਨੂੰ ਮਾਣ ਮਿਲਣਾ। ਜੋ ਅਜੋਕੇ ਸਮੇਂ ਵਿਚ ਸੰਭਵ ਨਹੀਂ।

ਅਹਿ ਲੈ ਚੁੱਕ ਲੈ ਸਰਵਣਾ ਵੇ,
ਚੁੱਕ ਲੈ ਚੰਨ ਸੂਰਜ ਦੀ ਵਹਿੰਗੀ।
ਚੰਨ ਤੇ ਸੂਰਜ ਅੰਧਲੇ ਹੋ ਗਏ
ਗੰਗਾ ਦੇ ਜਲ ਗੰਧਲੇ ਹੋ ਗਏ
- - - - - - - - - -
ਹੁਣ ਜੋ ਰਾਜੇ ਤੀਰ ਚਲਾਉਣਾ
ਸ਼ਿਸ਼ਤ ਲਗਾ ਤੇਰੇ ਵੱਲ ਆਉਣਾ
ਭੁੱਲ ਬਖ਼ਸਾਉਣ ਕਿਸੇ ਨਾ ਆਉਣਾ
- - - - - - - - - -
ਬਾਲਾਂ ਦੀ ਮੁਸਕਾਣ ਦਿਖਾ ਦੇ
ਹਾਣ ਨੂੰ ਮਿਲਦਾ ਹਾਣ ਦਿਖਾ ਦੇ
ਮਿਹਰ ਮੁਸ਼ੱਕਤ ਮਾਣ ਦਿਖਾ ਦੇ
ਇਹ ਨੇ ਅੱਜ ਦੇ ਤੀਰਥ ਜੱਗ ਦੇ,
ਦੀਦ ਇਨ੍ਹਾਂ ਦੀ ਮਹਿੰਗੀ।48

ਮਿੱਥਾਂ ਅਤੇ ਦੰਤ-ਕਥਾਵਾਂ ਦੇ ਸਿਧਾਂਤਕ ਪੱਖਾਂ ਉੱਪਰ ਕਿਉਂਕਿ ਅਸੀਂ ਆਪਣੇ ਖੋਜ-ਪ੍ਰਬੰਧ ਦੇ ਤੀਜੇ ਅਧਿਆਇ ਵਿਚ ਵਿਸਤ੍ਰਿਤ ਚਰਚਾ ਕੀਤੀ ਹੈ। ਇੱਥੇ ਅਸੀਂ ਸਿੱਧੇ ਹੀ ਮਿੱਥਾਂ ਤੋਂ ਬਾਅਦ ਸੁਰਜੀਤ ਪਾਤਰ ਦੀ ਕਵਿਤਾ ਵਿਚ ਦੰਤ-ਕਥਾਵਾਂ ਦੀ ਪੇਸ਼ਕਾਰੀ ਉੱਪਰ ਵਿਚਾਰ ਕਰ ਰਹੇ ਹਾਂ। ਸਭ ਤੋਂ ਪਹਿਲਾਂ ਧਿਆਨ ਪੂਰਨ ਦੀ ਦੰਤ-ਕਥਾ ਉੱਪਰ ਜਾਂਦਾ ਹੈ ਜਿਸ ਦਾ ਜ਼ਿਕਰ ਸੁਰਜੀਤ ਪਾਤਰ ਨੇ ਬਹੁਤ ਸਾਰੀਆਂ ਕਵਿਤਾਵਾਂ ਵਿਚ ਕੀਤਾ ਹੈ। 'ਸੁੰਦਰਾਂ' ਨਾਂ ਦੀ ਕਵਿਤਾ ਵਿਚ ਉਸ ਨੇ ਸੁੰਦਰਾਂ ਨੂੰ ਆਧੁਨਿਕ ਕਵਿੱਤਰੀ ਜਾਂ ਸਾਹਿਤ ਸਿਰਜਕ ਦੇ ਤੌਰ 'ਤੇ ਚਿਤਵਿਆ ਹੈ। ਦੰਤ-ਕਥਾ ਵਿਚ ਸੁੰਦਰਾਂ ਜੋਗੀ ਪੂਰਨ ਭਗਤ ਵੱਲ ਆਕਰਸ਼ਿਤ ਹੁੰਦੀ ਹੈ ਪਰੰਤੂ ਪੂਰਨ ਉਸ ਤੋਂ ਪੱਲਾ ਛੁਡਾ ਕੇ ਮੁੜ ਜੋਗੀ ਪਾਸ ਚਲਾ ਜਾਂਦਾ ਹੈ। ਇਹ ਸਦਮਾ ਨਾ ਸਹਾਰਦੀ ਹੋਈ ਉਹ ਮਹੱਲ ਤੋਂ ਗਿਰ ਕੇ ਆਪਣੀ ਜਾਨ ਦੇ ਦਿੰਦੀ ਹੈ ਪਰੰਤੂ ਸੁਰਜੀਤ ਪਾਤਰ ਦੀ ਕਵਿੱਤਰੀ ਸੁੰਦਰਾਂ ਆਪਣੇ ਦੁੱਖ ਨੂੰ ਕਾਗ਼ਜ਼ਾਂ ਉੱਪਰ ਬਿਖੇਰ ਕੇ ਆਪਣੀ ਮਨੋਵੇਦਨਾ ਨੂੰ ਹਲਕਾ ਕਰੇਗੀ, ਮਰੇਗੀ ਨਹੀਂ। ਦੋਨੋਂ ਸੁੰਦਰਾਂ ਇਕ ਦੂਜੇ ਤੋਂ ਬਿਲਕੁਲ ਵੱਖਰੀਆਂ ਵਿਖਾਈ ਦਿੰਦੀਆਂ ਹਨ। ਸੁਰਜੀਤ ਪਾਤਰ ਲਿਖਦਾ ਹੈ :

ਇਸ ਵਾਰ
ਪੂਰਨ ਦੇ ਜਾਣ ਤੇ
ਆਪਣੀ ਇਕੱਲਤਾ ਦੀ ਅਟਾਰੀ ਤੋਂ
ਡਿਗ ਕੇ
ਸੁੰਦਰਾਂ
ਚਿੱਟੇ ਸਫ਼ਿਆਂ ਤੇ
ਕਾਲੇ ਮੋਤੀਆਂ ਵਾਂਗ
ਬਿਖ਼ਰ ਜਾਵੇਗੀ
ਸ਼ੁਕਰ ਹੈ
ਇਸ ਵਾਰ
ਸੁੰਦਰਾਂ ਮਰੇਗੀ ਨਹੀਂ।49

'ਕਿਸ ਕਿਸ ਦਿਸ਼ਾ ਤੋਂ' ਕਵਿਤਾ ਵਿਚ ਲੂਣਾ, ਸੁੰਦਰਾਂ ਅਤੇ ਇੱਛਰਾਂ ਕਵੀ ਲਈ ਅਗਨੀ, ਨਦੀ ਅਤੇ ਧਰਤੀ ਦਾ ਰੂਪ ਹਨ ਜੋ ਜੋਗੀ ਨੂੰ ਇਕ ਪੂਰਨ ਮਨੁੱਖ ਬਣਾਉਂਦੀਆਂ ਹਨ। ਅਸਿੱਧੇ ਢੰਗ ਨਾਲ ਸ਼ਾਇਦ ਕਵੀ ਇਹ ਕਹਿਣਾ ਚਾਹ ਰਿਹਾ ਹੈ ਕਿ ਪੂਰਨ ਇਸ ਕਰਕੇ ਜੋਗੀ ਨਹੀਂ ਬਣ ਸਕਿਆ ਕਿਉਂਕਿ ਉਹ ਲੂਣਾ ਅਤੇ ਸੁੰਦਰਾਂ ਤੋਂ ਦੂਰ ਚਲਾ ਗਿਆ ਸੀ ਅਤੇ ਇੱਛਰਾਂ ਨੂੰ ਵੀ ਵਰ ਦੇ ਕੇ ਵਾਪਿਸ ਚਲਾ ਜਾਂਦਾ ਹੈ। ਸਤਰਾਂ ਹਨ :

ਲੂਣਾ ਅਗਨ, ਸੁੰਦਰਾਂ ਨਦੀ ਤੇ ਧਰਤ ਇੱਛਰਾਂ
ਜੋਗੀ ਨੂੰ ਵਾਰ ਵਾਰ ਨੇ ਪੂਰਨ ਬਣਾਉਂਦੀਆਂ।50

'ਇਹ ਨੇ ਸਾਜ਼...' ਗ਼ਜ਼ਲ ਵਿਚ ਪੂਰਨ ਇਕ ਆਮ ਮਨੁੱਖ ਦਾ ਰੂਪ ਧਾਰਣ ਕਰਦਾ ਹੈ। ਜਿਸ ਦੀ ਕਿਤੇ ਜੋਗੀ (ਨੂਰ, ਪੂਰਨ) ਨੂੰ, ਕਿਤੇ ਲੂਣਾ (ਨਾਰ) ਅਤੇ ਬਾਦਸ਼ਾਹ (ਸਲਵਾਨ) ਨੂੰ ਉਸ ਦੇ ਵੱਖਰੇ ਵੱਖਰੇ ਕਾਰਜਾਂ ਲਈ ਜ਼ਰੂਰਤ ਹੈ। ਜੋਗੀ ਆਪਣਾ ਚੇਲਾ ਭਾਲਦਾ ਹੈ। ਇਸਤਰੀ ਉਸ ਵਿਚੋਂ ਕਾਮ ਤ੍ਰਿਪਤੀ ਲੱਭਦੀ ਹੈ ਅਤੇ ਸਲਵਾਨ ਉਸ ਨੂੰ ਸਦਾਚਾਰ ਤੋਂ ਗਿਰਿਆ ਹੋਣ ਕਾਰਣ ਮਾਰਨਾ ਚਾਹੁੰਦਾ ਹੈ। ਅਸਲ ਵਿਚ ਇਨ੍ਹਾਂ ਪੰਗਤੀਆਂ ਵਿਚ ਬੜਾ ਤਿੱਖਾ ਵਿਅੰਗ ਹੈ ਕਿ ਸਾਡੇ ਸਮਾਜ ਵਿਚ ਆਮ ਬੰਦਾ ਅਨੇਕਾਂ ਘੇਰਿਆਂ ਵਿਚ ਫਸਿਆ ਹੋਇਆ ਹੈ। ਇਨ੍ਹਾਂ ਸਤਰਾਂ ਦੇ ਸੰਦਰਭ ਵਿਚ ਹੀ ਡਾ. ਜੋਗਿੰਦਰ ਸਿੰਘ ਕੈਰੋਂ ਲਿਖਦਾ ਹੈ, "ਲੋਕ ਵਿਸ਼ਵਾਸਾਂ ਦੇ ਨਾਲ-ਨਾਲ ਸੁਰਜੀਤ ਪਾਤਰ ਨੇ ਜਿਹੜੀਆਂ ਦੰਦ-ਕਥਾਵਾਂ ਦੇ ਪਾਤਰਾਂ ਜਾਂ ਘਟਨਾਵਾਂ ਨੂੰ ਵਰਤਿਆ ਹੈ ਉਨ੍ਹਾਂ ਵਿਚ ਜ਼ਿਆਦਾ ਪੂਰਨ ਭਗਤ, ਮਿਰਜ਼ਾ ਸਾਹਿਬਾਂ ਹਨ। ਭਾਵੇਂ ਕਿਧਰੇ-ਕਿਧਰੇ ਗੁਰੂ ਸਾਹਿਬਾਂ ਦੇ ਇਤਿਹਾਸਕ ਹਵਾਲਿਆਂ ਦਾ ਜ਼ਿਕਰ ਵੀ ਹੈ ਅਤੇ ਭਾਰਤ ਵਿਚਲੀਆਂ ਮਿੱਥਾਂ ਦੇ ਸੰਕੇਤ ਵੀ ਹਨ।"51

'ਆਦਿਕਾ' ਕਵਿਤਾ ਵਿਚ ਪਿੰਡ ਦੀ ਪਗਡੰਡੀ ਅਨੇਕਾਂ ਪਾਸੇ ਜਾਂਦੀ ਹੈ। ਪਿੰਡ ਤੋਂ ਪੁਸਤਕ ਦੀਆਂ ਘਟਨਾਵਾਂ ਤੱਕ, ਮਾਂ ਦੀਆਂ ਅੱਖਾਂ ਤੋਂ ਪਰਦੇਸ ਤੱਕ, ਤੇ ਇਸੇ ਤਰ੍ਹਾਂ ਇਹ ਪਗਡੰਡੀ ਅੰਨ੍ਹੀ ਹੋਈ ਮਾਂ ਇੱਛਰਾਂ ਦੇ ਕੰਬਦੇ ਹੋਏ ਹੱਥਾਂ ਤੋਂ ਪੂਰਨ ਦੇ ਚਿਹਰੇ ਤੱਕ ਪਹੁੰਚਦੀ ਹੈ। ਇਸ ਤਰ੍ਹਾਂ ਇੱਛਰਾਂ ਆਧੁਨਿਕ ਸਮਿਆਂ ਦੀ ਬੇਵੱਸ ਮਾਂ ਦਾ ਰੂਪ ਧਾਰਨ ਕਰ ਲੈਂਦੀ ਹੈ:

ਇਹ ਪਗਡੰਡੀ ਹੈ
ਅੰਨ੍ਹੀ ਇੱਛਰਾਂ ਦੇ ਕੰਬਦੇ ਹੱਥਾਂ ਤੋਂ
ਪੂਰਨ ਦੇ ਚਿਹਰੇ ਤੱਕ।52

'ਕੰਧ ਦੀ ਜੀਭ' ਕਵਿਤਾ ਵਿਚ ਸੁਰਜੀਤ ਪਾਤਰ ਦੀਆਂ ਪੰਗਤੀਆਂ ਹਨ :

ਪਰ ਮੈਂ ਬੇਕਿਰਕ ਜਲਾਦਾਂ ਦੇ ਮਨ ਅੰਦਰ
ਉਸ ਮੋਹ ਸਦਕਾ
ਜੋ ਕਤਲ ਤੋਂ ਪਿੱਛੋਂ ਜਾਗੇ
ਜਿਵੇਂ ਕਿਵੇਂ ਅੱਜ ਤੀਕ ਵੀ ਸਾਸ ਵਰੋਲ ਰਿਹਾ ਹਾਂ।53

ਇਨ੍ਹਾਂ ਪੰਗਤੀਆਂ ਦੇ ਸੰਦਰਭ ਵਿਚ ਡਾ. ਰਾਜਿੰਦਰ ਪਾਲ ਸਿੰਘ ਨੇ ਸੁਰਜੀਤ ਪਾਤਰ ਵੱਲੋਂ ਪੂਰਨ ਭਗਤ ਦੀ ਦੰਤ-ਕਥਾ ਦੇ ਰੂਪਾਂਤਰਣ ਬਾਰੇ ਲਿਖਦਿਆਂ ਦੱਸਿਆ ਹੈ ਕਿ, "ਉਪਰ ਲਿਖਤ ਕਾਵਿ-ਟੋਟੇ ਵਿਚ ਸਾਡੇ ਪ੍ਰਾਚੀਨ ਮਿਥਿਹਾਸ ਵਿਚ ਪੂਰਨ ਭਗਤ ਨੂੰ ਜਲਾਦਾਂ ਵੱਲੋਂ ਛੱਡ ਦੇਣ ਦੀ ਮਿੱਥ ਨੂੰ ਮੁੜ ਸਿਰਜਿਤ ਕੀਤਾ ਗਿਆ ਹੈ। ਪਰ ਇਸ ਨੂੰ ਮੁੜ ਸਿਰਜਿਤ ਕਰਨ ਵੇਲੇ ਮਿੱਥ ਨੂੰ ਆਧੁਨਿਕਤਾ ਦੀ ਹਾਣੀ ਬਣਾਉਣ ਲਈ ਥੋੜ੍ਹਾ ਉਲਟਾ ਦਿੱਤਾ ਹੈ। 'ਮਰਨ ਤੋਂ ਬਾਅਦ' ਜਲਾਦਾਂ ਦੇ ਮਨ ਵਿਚ ਮੋਹ ਉਪਜਿਆ/ਉਪਜਾਇਆ ਹੈ। 'ਕਤਲ ਹੋ ਜਾਣ ਪਿਛੋਂ' ਵੀ 'ਅਜੇ ਤੱਕ ਸਾਸ ਵਿਰੋਲਣਾ' ਕੋਈ ਪਰਾਭੌਤਿਕੀ ਗੱਲ ਨਹੀਂ ਹੈ, ਸਗੋਂ ਪਾਤਰ ਦੀ ਸਮਕਾਲੀ ਯਥਾਰਥ ਨੂੰ ਮਿਥਿਹਾਸ ਦੀ ਅੱਖ ਰਾਹੀਂ ਮੁੜ ਫੜ ਕੇ ਅਭਿਵਿਅਕਤ ਕਰਨ ਦੀ ਕਾਵਿਕ ਜੁਗਤ ਹੈ।"54

ਪੂਰਨ ਭਗਤ ਤੋਂ ਬਾਅਦ ਸੁਰਜੀਤ ਪਾਤਰ ਨੇ ਮਿਰਜ਼ੇ ਦੀ ਦੰਤ-ਕਥਾ ਨੂੰ ਕਈ ਸੰਦਰਭਾਂ ਵਿਚ ਨਵੇਂ ਅਰਥ ਦਿੱਤੇ ਹਨ। ਅੱਜ ਦਾ ਮਿਰਜ਼ਾ ਇਕ ਸੁਚੇਤ ਮਨੁੱਖ ਦੇ ਤੌਰ 'ਤੇ ਵੀ ਸਾਹਮਣੇ ਆਉਂਦਾ ਹੈ। ਉਹ ਇਸ ਗੱਲੋਂ ਸਮਝਦਾਰ ਹੈ ਕਿ ਉਸ ਨੂੰ ਮਾਰਨ ਵਾਲੇ ਤੀਰਾਂ ਦਾ ਪ੍ਰਭਾਵ ਕਿਤੇ ਹੋਰ ਪੈਂਦਾ ਹੈ ਇਸ ਲਈ ਉਹ ਸਾਹਿਬਾਂ ਨੂੰ ਆਪਣੀ ਕਹਿਣ ਦਾ ਹੀਆ ਨਹੀਂ ਕਰਦਾ। ਜਿਵੇਂ :

ਮੇਰੇ ਲਈ ਜੋ ਤੀਰ ਬਣੇ ਸਨ ਹੋਰ ਕਲੇਜੇ ਲੱਗੇ
ਕਿੰਝ ਸਾਹਿਬਾਂ ਨੂੰ ਆਪਣੀ ਆਖਾਂ ਕਿਉਂ ਮਿਰਜ਼ਾ ਸਦਵਾਵਾ।55

'ਚੌਕ ਸ਼ਹੀਦਾਂ 'ਚ ਉਸ ਦਾ ਆਖਰੀ ਭਾਸ਼ਨ' ਨਾਂ ਦੀ ਕਵਿਤਾ ਵਿਚ ਉਹ ਆਧੁਨਿਕ ਚੌਕਾਂ ਅਤੇ ਪੁਰਾਤਨ ਚੁਰਸਤਿਆਂ ਵਿਚ ਅੰਤਰ ਕਰਦਾ ਹੈ। ਇਸੇ ਸੰਦਰਭ ਵਿਚ ਇਕ ਥਾਂ ਉਹ ਮਿਰਜ਼ਾ ਸਾਹਿਬਾਂ ਦੀ ਦੰਤ-ਕਥਾ ਨੂੰ ਇਤਿਹਾਸਕ ਸੰਦਰਭ ਨਾਲ ਜੋੜ ਕੇ ਵੇਖਦਾ ਹੈ। ਉਹ ਲਿਖਦਾ ਹੈ :

ਹੁਣ ਤਾਂ ਪਤਾ ਹੈ ਕਿ ਜੰਡ 'ਤੇ ਤਰਕਸ਼
ਸਾਹਿਬਾਂ ਨੇ ਨਹੀਂ, ਸਮਿਆਂ ਨੇ ਟੰਗਿਆ ਸੀ।56

ਡਾ. ਰਾਜਿੰਦਰ ਪਾਲ ਸਿੰਘ ਨੇ ਇਨ੍ਹਾਂ ਪੰਗਤੀਆਂ ਨੂੰ ਵੀ ਮਿਥਿਹਾਸ ਨਾਲ ਜੋੜ ਕੇ ਦੇਖਿਆ ਹੈ ਪਰੰਤੂ ਲੋਕਧਾਰਾ ਦੇ ਵਿਦਿਆਰਥੀ ਹੋਣ ਨਾਤੇ ਅਸੀਂ ਇਹ ਸਮਝਦੇ ਹਾਂ ਕਿ ਮਿਥਿਹਾਸ ਅਤੇ ਦੰਤ-ਕਥਾਵਾਂ ਨੂੰ ਨਿਖੇੜ ਕੇ ਗੱਲ ਕੀਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਅਨੇਕ ਤਰ੍ਹਾਂ ਦੇ ਭਰਮ ਪੈਦਾ ਹੋ ਸਕਦੇ ਹਨ। ਗ਼ਜ਼ਲ ਦੇ ਇਕ ਹੋਰ ਸ਼ਿਅਰ ਵਿਚ ਮਿਰਜ਼ਾ ਮੱਧਕਾਲੀ ਹੰਕਾਰੀ ਮਿਰਜ਼ਾ ਨਾ ਰਹਿ ਕੇ ਲਿਖਾਰੀ ਮਿਰਜ਼ਾ ਬਣ ਜਾਂਦਾ ਹੈ। ਆਰਥਿਕ ਲਾਭ ਲਈ ਜਦੋਂ ਪ੍ਰੇਮਿਕਾ ਕਿਸੇ ਹੋਰ ਨਾਲ ਤੁਰ ਜਾਂਦੀ ਹੈ ਤਾਂ ਜਖ਼ਮੀ ਮਿਰਜ਼ਾ ਲੇਖਕ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਪ੍ਰਕਿਰਿਆ ਨੂੰ ਹੇਠ ਲਿਖੇ ਸ਼ਿਅਰ ਬਿਆਨ ਕਰਦੇ ਹਨ :

ਪਹਿਲਾਂ ਜੋ ਵੀ ਦਿਲ ਵਿਚ ਆਇਆ ਗੌਂਦੀ ਸੀ ਸ਼ਹਿਨਾਈ
ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇਕ ਅਠਿਆਨੀ
ਓਹੀ ਵਿਚ ਕਲੇਜੇ ਲੱਗੀ, ਉਸ ਦੀ ਕਲਮ ਬਣਾਈ
ਜਿਹੜੇ ਮਿਰਜ਼ੇ ਜੱਟ ਨੇ ਮਾਰੀ ਵਿਚ ਅਸਮਾਨ ਦੇ ਕਾਨੀ।57

ਸੁਰਜੀਤ ਪਾਤਰ ਨੇ ਰਾਂਝੇ ਦੀ ਦੰਤ-ਕਥਾ ਨੂੰ ਵੀ ਆਪਣੀ ਗ਼ਜ਼ਲ ਦੇ ਸ਼ਿਅਰਾਂ ਵਿਚ ਨਵੇਂ ਅਰਥਾਂ ਵਿਚ ਵਰਤਿਆ ਹੈ। ਪ੍ਰੇਮਿਕਾ ਸਹੁਰਿਆ ਘਰ ਜਾ ਕੇ ਪ੍ਰੇਮੀ ਵੱਲੋਂ ਦਿੱਤੇ ਗਏ ਕਲੀਰੇ ਨੂੰ ਇਸ ਲਈ ਛਣਕਾਉਂਦੀ ਹੈ ਕਿ ਉਸ ਦੀ ਆਵਾਜ਼ ਉਸ ਦੇ ਪ੍ਰੇਮੀ ਰਾਂਝੇ ਤੱਕ ਪਹੁੰਚੇ। ਆਧੁਨਿਕ ਪ੍ਰੇਮਿਕਾ ਹੀਰ ਦਾ ਰੂਪ ਧਾਰਨ ਕਰ ਲੈਂਦੀ ਹੈ। ਇਕ ਹੋਰ ਥਾਂ ਸੁਰਜੀਤ ਪਾਤਰ ਅੱਜ ਦੇ ਇਮਾਨਦਾਰ ਤੇ ਨਿਮਰ ਮਨੁੱਖ ਮੂੰਹੋਂ ਇਹ ਅਖਵਾਉਂਦਾ ਹੈ ਕਿ ਜੇ ਉਹ ਪ੍ਰੇਮੀ ਨਾ ਬਣ ਸਕਦਾ ਤਾਂ ਉਸ ਲਈ ਦੋ ਹੀ ਰਾਹ ਬਾਕੀ ਬਚਦੇ ਸਨ ਜਾਂ ਉਹ ਨਾਥ ਬਣ ਜਾਂਦਾ ਜਾਂ ਲੁੱਡਣ ਮਲਾਹ ਭਾਵ ਜਾਂ ਅਜੋਕਾ ਮਨੁੱਖ ਸੰਨਿਆਸੀ ਬਣਨ ਦੇ ਰਾਹ ਪੈਂਦਾ ਹੈ ਜਾਂ ਸਮਾਜਿਕ ਕਾਰਜਾਂ ਵਿਚ ਆਪਣੇ ਆਪ ਨੂੰ ਲਾਉਂਦਾ ਹੈ। ਸੁਰਜੀਤ ਪਾਤਰ ਦਾ ਮਨੁੱਖ ਕੈਦੋਂ ਬਣਨ ਲਈ ਤਿਆਰ ਨਹੀਂ।

(1) ਉਦਾਸ ਰਾਤ ਹੈ ਚੁਪ ਇਉਂ ਕਿ ਝੰਗ ਤੀਕ ਸੁਣੇ
ਕਲੀਰਾ ਯਾਰ ਦਾ ਅੱਜ ਖੇੜਿਆਂ 'ਚ ਛਣਕਾਇਆ।58

(2) ਜੇ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋਂ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ।59

ਹੀਰ ਰਾਂਝੇ ਦੀ ਦੰਤ-ਕਥਾ ਦੇ ਨਾਲ-ਨਾਲ ਸੁਰਜੀਤ ਪਾਤਰ ਦੀ ਕਵਿਤਾ ਵਿਚ ਸੋਹਣੀ ਮਹੀਂਵਾਲ ਵੀ ਪ੍ਰਤੀਕ ਰੂਪ ਵਿਚ ਆ ਹਾਜ਼ਰ ਹੁੰਦੇ ਹਨ। ਉਸ ਅਨੁਸਾਰ ਸੋਹਣੀ ਮਹੀਂਵਾਲ ਵਰਗੇ ਲੋਕ ਡੁੱਬਦੇ ਨਹੀਂ ਸਗੋਂ ਉਨ੍ਹਾਂ ਦੀ ਪ੍ਰੀਤ ਕਥਾ ਆਉਣ ਵਾਲੇ ਸਮੇਂ ਵੀ ਚਲਦੀ ਰਹਿੰਦੀ ਹੈ। ਜਿਵੇਂ :

ਸੁਣ ਹੇ ਝਨਾਂ ਦੇ ਪਾਣੀ, ਤੂੰ ਡੁੱਬ ਗਏ ਨ ਜਾਣੀਂ
ਤੇਰੇ ਪਾਣੀਆਂ ਤੇ ਤਰਨੀ ਇਸ ਪਿਆਰ ਦੀ ਕਹਾਣੀ
ਹੈ ਝੂਠ ਮਰ ਗਏ ਉਹ, ਡੁੱਬ ਕੇ ਤਾਂ ਤਰ ਗਏ ਉਹ
ਨਿੱਤ ਲਹਿਰਾਂ ਤੇਰੀਆਂ ਨੇ ਪਾ ਪਾ ਕੇ ਸ਼ੋਰ ਕਹਿਣਾ।60

ਇਕ ਅੱਧ ਸ਼ਿਅਰ ਵਿਚ ਸੁਰਜੀਤ ਪਾਤਰ ਨੇ ਜੱਗੇ ਦਾ ਜ਼ਿਕਰ ਵੀ ਕੀਤਾ ਹੈ :

ਰੇਤ ਨੇ ਉਹਦੀ ਰੱਤ ਚੂਸ ਲਈ ਪੌਣਾਂ ਰਾਖ ਖਿਲਾਰੀ
ਹਾਲੇ ਤੀਕ ਖਿਲਾ ਵਿਚ ਗੂੰਜੇ ਜੱਗੇ ਦੀ ਕਿਲਕਾਰੀ।61

ਉਪਰੋਕਤ ਦੰਤ-ਕਥਾਵਾਂ ਤੋਂ ਇਲਾਵਾ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵਿਚ ਵਲੀ ਕੰਧਾਰੀ, ਤਾਨਸੈਨ ਤੇ ਬੈਜੂ ਬਾਵਰਾ, ਰਾਮ, ਔਰੰਗਜ਼ੇਬ ਅਤੇ ਰਾਜਾ ਇਡੀਪਸ ਦੀਆਂ ਦੰਤ-ਕਥਾਵਾਂ ਨਵੇਂ ਸਿਰਜਣਾਤਮਕ ਅਰਥ ਉਸਾਰਦੀਆਂ ਹਨ। ਅਜੋਕਾ ਵਿਅਕਤੀ ਗੁਰੂ ਨਾਨਕ ਵਾਂਗ ਅਜੋਕੇ ਵਲੀ ਕੰਧਾਰੀਆਂ ਨੂੰ ਲਲਕਾਰਨ ਦਾ ਜ਼ੇਰਾ ਇਕੱਠਾ ਕਰ ਰਿਹਾ ਹੈ। ਬੈਜੂ ਬਾਵਰਾ ਸੰਗੀਤਕ ਤਰਬਾਂ ਹੱਥੋਂ ਮਾਰ ਖਾਂਦਾ ਹੈ ਅਤੇ ਬਦਲਾ ਲੈਣ ਦਾ ਖ਼ਿਆਲ ਛੱਡ ਦਿੰਦਾ ਹੈ। ਪਾਤਰ ਅਨੁਸਾਰ ਮਾਂ ਕਦੇ ਕੁਸ਼ੱਲਿਆ ਬਣਦੀ ਹੈ ਅਤੇ ਕਦੇ ਇੱਛਰਾਂ। ਅੱਜ ਕੱਲ੍ਹ ਦੇ ਸੁਚੇਤ ਰਾਜਨੀਤਿਕ ਮਨੁੱਖ ਦੀ ਦ੍ਰਿਸ਼ਟੀ ਤੋਂ ਜ਼ਾਲਮ ਔਰੰਗਜ਼ੇਬ ਨਹੀਂ ਬਚ ਸਕਦਾ ਚਾਹੇ ਉਹ ਹਿੰਦੂ ਦੇ ਰੂਪ ਵਿਚ ਆ ਜਾਵੇ ਜਾਂ ਫਿਰ ਪਗੜੀਧਾਰੀ ਬਣ ਕੇ। ਚੁਰਸਤਿਆਂ ਦੀ ਗੱਲ ਕਰਦਿਆਂ ਸੁਰਜੀਤ ਪਾਤਰ ਇਡੀਪਸ ਨਾਲ ਵਾਪਰੀ ਹੋਣੀ ਦੀ ਬਾਤ ਵੀ ਪਾਉਂਦਾ ਹੈ। ਇਹ ਸਾਰੇ ਵਿਚਾਰ ਇਨ੍ਹਾਂ ਪੰਗਤੀਆਂ ਵਿਚੋਂ ਉਜਾਗਰ ਹੁੰਦੇ ਹਨ।

(1) ਜ਼ਮੀਨੋਂ ਫੁੱਟ ਪਊ ਚਸ਼ਮਾ ਜੇ ਖੁੱਭਿਆ ਤੀਰ ਖਿੱਚਾਂਗਾ
ਗੁਰੂ ਦੇ ਨਾਂ 'ਤੇ ਮੈਂ ਵੀ ਇਕ ਵਲੀ ਦਾ ਨੀਰ ਖਿੱਚਾਂਗਾ।62

(2) ਤਾਨਸੈਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ
ਤਾਨ ਸੁਣੀ ਤਾਂ ਕਿਰ ਗਈ ਹੱਥੋਂ ਹੰਝੂ ਬਣ ਕਿਰਪਾਨ
ਕਾਲੀ ਰਾਤ ਵਰਾਨੇ ਟਿੱਲੇ ਏਦਾਂ ਵਰਸੇ ਮੀਂਹ
ਜਿਉਂ ਕੋਈ ਅਧਖੜ ਔਤ ਜਨਾਨੀ ਨ੍ਹਾਵੇ ਵਿਚ ਸ਼ਮਸ਼ਾਨ।63

(3) ਪਤਾ ਨਹੀਂ ਕੀ ਕੀ ਦੁੱਖੜੇ ਰੋਂਦੀ ਹੈ
ਕਦੀ ਕੁਸ਼ੱਲਿਆ ਕਦੀ ਇੱਛਰਾਂ ਬਣ ਜਾਂਦੀ ਹੈ।64

(4) ਜਿਸ ਤੇਗ਼ ਦੇ ਘਾਟ ਗੁਰੂ ਉਤਰੇ
ਉਸ ਤੇਗ਼ ਤੋਂ ਖੂਨ ਨਹੀਂ ਸੁੱਕਦਾ
ਦਸਤਾਰ ਸਜਾ ਕੇ ਆ ਜਾਵੇ
ਭਾਵੇਂ ਤਿਲਕ ਲਗਾ ਕੇ ਆ ਜਾਵੇ
ਸਾਥੋਂ ਔਰੰਗਜੇਬ ਨਹੀਂ ਲੁਕਦਾ।65

(5) ਤੇ ਜਦੋਂ ਈਡੀਪਸ ਨੂੰ ਉਸ ਦੀ ਮਾਂ ਦੇ ਸੰਗ
ਕਿਸੇ ਹੋਣੀ ਦੇ ਭਾਣੇ ਨੇ ਸੁਲਾਇਆ ਸੀ
ਕਿਸੇ ਹਾਕਮ ਦੇ ਠਾਣੇ ਨੇ ਨਹੀਂ
ਉਦੋਂ ਇਕ ਚੌਕ ਚੌਰਸਤਾ ਹੀ ਹੁੰਦਾ ਸੀ।66

ਸੁਰਜੀਤ ਪਾਤਰ ਨੇ ਗੌਤਮ ਬੁੱਧ, ਬਾਬਾ ਨਾਨਕ, ਗੁਰੂ ਗੋਬਿੰਦ ਸਿੰਘ, ਮੁਹੰਮਦ, ਈਸਾ, ਕ੍ਰਿਸ਼ਨ ਆਦਿ ਧਾਰਮਿਕ ਲੋਕ ਨਾਇਕਾਂ ਦੀ ਜ਼ਿੰਦਗੀ ਨੂੰ ਆਧਾਰ ਬਣਾ ਕੇ ਆਧੁਨਿਕ ਵਿਚਾਰਧਾਰਾ ਨਾਲ ਜੋੜ ਕੇ ਨਵੇਂ ਅਰਥ ਸਿਰਜੇ ਹਨ ਜੋ ਅਜੋਕੇ ਮਾਨਵ ਦੇ ਹਾਣੀ ਹਨ। ਉਸ ਅਨੁਸਾਰ ਜਦੋਂ ਵੀ ਗੌਤਮ ਬੁੱਧ ਵਰਗੇ ਨਾਇਕਾਂ ਨੂੰ ਕਿਸੇ ਤਰ੍ਹਾਂ ਵੀ ਬਾਹਰ ਜਾਣ ਤੋਂ ਵਰਜਿਆ ਨਾ ਜਾ ਸਕਿਆ ਤਾਂ ਉਸ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹਿਆ ਗਿਆ ਇਹ ਅੱਜ ਵੀ ਸੱਚ ਹੈ। ਬਾਬਾ ਨਾਨਕ ਲੋਕ ਮਨਾਂ ਉੱਪਰ ਰਾਜ ਕਰਦਾ ਹੈ ਜਦਕਿ ਰਾਜ ਬਾਬਰ ਦਾ ਜਾਂ ਕਿਸੇ ਹੋਰ ਰਾਜੇ ਦਾ ਹੋ ਸਕਦਾ ਹੈ। ਸੱਤਾਧਾਰੀ ਨਾਲੋਂ ਲੋਕ ਨਾਇਕ ਵਧੇਰੇ ਸ਼ਕਤੀਸ਼ਾਲੀ ਹੈ। 'ਘਰਰ ਘਰਰ' ਨਾਂ ਦੀ ਕਵਿਤਾ ਵਿਚ ਸੁਰਜੀਤ ਪਾਤਰ ਨੇ ਇਕ ਮੱਧਵਰਗੀ ਬੁੱਧੀਜੀਵੀ ਦਾ ਚਿਤਰ ਚਿਤਰਿਆ ਹੈ ਜੋ ਬਹੁਤ ਕੁਝ ਜਾਣਦਾ ਹੈ ਪਰੰਤੂ ਉਸ ਦੀ ਆਪਣੀ ਕੋਈ ਮੌਲਿਕਤਾ ਨਹੀਂ। ਉਹ ਸਮਾਜ ਤੇ ਪਰਿਵਾਰ ਦੇ ਕੰਮ ਆਉਣ ਦੀ ਬਜਾਇ ਮਹਾਤਮਾ ਬੁੱਧ, ਗੁਰੂ ਗੋਬਿੰਦ ਸਿੰਘ ਅਤੇ ਕ੍ਰਿਸ਼ਨ ਆਦਿ ਦੀਆਂ ਸਿੱਖਿਆਵਾਂ ਦੇਣ ਲੱਗਦਾ ਹੈ। ਜਿਵੇਂ :

ਕਪਲ ਵਸਤੂ ਦੇ ਸ਼ਧੌਧਨ ਦਾ ਧਿਆਨ ਧਰੋ
ਮਾਛੀਵਾੜੇ ਵੱਲ ਨਜ਼ਰ ਕਰੋ
ਗੀਤਾ ਪੜ੍ਹੀ ਵੀ ਹੈ ਤਾਂ ਵਿਚਾਰੋ ਵੀ...
ਕੁਰੂ ਕਰਮਾਣੀ ਸੰਗਮ ਤਿਕਤਵਾ...
ਇਕੋ ਜਿਹਾ ਬਹੁਤ ਕੁਝ ਜੋ ਮੇਰੀ ਵੀ ਸਮਝੋਂ ਬਾਹਰ ਸੀ
ਕਿਹਾ ਤੇ ਚਲ ਪਿਆ।67

ਕੁਝ ਹੋਰ ਉਦਾਹਰਣਾਂ ਦੇਖੀਆਂ ਜਾ ਸਕਦੀਆਂ ਹਨ :

(1) ਗੌਤਮੀ ਪੈਰਾਂ ਦੇ ਵਿਚ ਜ਼ੰਜੀਰ ਨਾ ਪਾਈ ਗਈ
ਸਿਰਫ਼ ਨਾਜ਼ੁਕ ਵੇਲ ਉਸਦੇ ਗਲ਼ ਨੂੰ ਲਿਪਟਾਈ ਗਈ।68

(2) ਰੇਤ 'ਤੇ ਬਾਬਰ ਦਾ ਸੀ, ਰੂਹਾਂ 'ਤੇ ਉਸ ਦਾ ਰਾਜ ਸੀ
ਉਹ ਜੁ ਅਕਸਰ ਆਖਦਾ ਸੀ ਛੇੜ ਮਰਦਾਨੇ ਰਬਾਬ
ਉਹ ਕਿ ਜੋ ਲਫ਼ਜ਼ਾਂ ਦੀ ਖੇਤੀ ਹੀ ਸਦਾ ਕਰਦੇ ਰਹੇ
ਉਨ੍ਹਾਂ ਲਈ ਦੋ ਲਫ਼ਜ਼ ਹੀ ਸਨ ਕੀ ਸੀ ਬਾਬਰ ਕੀ ਰਬਾਬ।69

(3) ਗੋਬਿੰਦ ਸੀ ਤੇ ਰਸੂਲ ਸੀ, ਈਸਾ ਸੀ, ਬੁੱਧ ਸੀ
ਤਪਦੇ ਥਲਾਂ 'ਚ ਚਲ ਰਿਹਾ ਸੀ ਕੌਣ ਕੌਣ ਨਾਲ।70

ਸੁਰਜੀਤ ਪਾਤਰ ਨੂੰ ਵਿਰਸੇ ਤੇ ਵਰਤਮਾਨ ਦੇ ਦਵੰਦਾਤਮਕ ਰਿਸ਼ਤਿਆਂ ਦੀ ਸਮਝ ਹੈ। ਕੁਝ ਥਾਵਾਂ ਤੇ ਉਹ ਵਿਰਸੇ ਨੂੰ ਸੰਸਕਾਰਾਂ ਜਾਂ ਸਿਮਰਤੀਆਂ ਦੇ ਰੂਪ ਵਿਚ ਗ੍ਰਹਿਣ ਕਰਦਾ ਹੈ। ਪੁਰਖਿਆਂ ਦੇ ਵਿਚਾਰਾਂ ਦਾ ਅਤੇ ਆਧੁਨਿਕ ਵਿਚਾਰਾਂ ਦੇ ਸੰਘਰਸ਼ ਵਿਚੋਂ ਉਹ ਨਵੇਂ ਅਰਥ ਉਘਾੜਨ ਦਾ ਯਤਨ ਕਰਦਾ ਹੈ। ਇਹ ਗੱਲ ਵਿਚਾਰਾਂ ਤੱਕ ਹੀ ਸੀਮਿਤ ਨਹੀਂ ਬਲਕਿ ਇਹ ਟਕਰਾਅ ਭਾਵਨਾਵਾਂ ਦੀ ਪੱਧਰ 'ਤੇ ਵੀ ਜਾਰੀ ਰਹਿੰਦਾ ਹੈ। ਡਾ. ਵਨੀਤਾ ਦੇ ਇਕ ਪ੍ਰਸ਼ਨ ਦੇ ਉੱਤਰ ਵਿਚ ਉਹ ਲਿਖਦਾ ਹੈ, "ਸੰਸਕਾਰਾਂ ਤੇ ਸਿਮਰਤੀਆਂ ਦੇ ਰੂਪ ਵਿਚ ਪੁਰਖੇ ਅੰਦਰ ਵੱਸਦੇ ਹਨ। ਕਈ ਵਾਰ ਭਾਵੁਕਤਾ ਤੇ ਬੌਧਿਕਤਾ, ਅਤੀਤ ਤੇ ਵਰਤਮਾਨ ਵਿਚਕਾਰ ਸੰਘਰਸ਼ ਹੁੰਦਾ ਹੈ। ਉਦੋਂ ਮੈਨੂੰ ਜਾਪਦਾ ਹੈ ਮੇਰੇ ਪੁਰਖੇ ਮੇਰੇ ਨਾਲ ਸੰਵਾਦ ਕਰ ਰਹੇ, ਮੈਨੂੰ ਵਰਜ ਰਹੇ ਹਨ, ਮੈਨੂੰ ਉਕਸਾ ਰਹੇ ਹਨ। ਕਿਤੇ ਮੈਂ ਪੁਰਖਿਆਂ ਦੀ ਅਦਾਲਤ ਵਿਚ ਹੁੰਦਾ ਹਾਂ। ਕਦੀ ਉਹ ਆਪਣਾ ਵੀ ਦੱਸਦੇ ਹਨ।"71

ਇਸੇ ਤਰ੍ਹਾਂ ਸੁਰਜੀਤ ਪਾਤਰ ਅਜੋਕੇ ਪਰਿਆਵਰਣ ਦੇ ਵਿਨਾਸ਼ ਤੋਂ ਬਚਣ ਲਈ ਜਦੋਂ ਰੁੱਖਾਂ ਦਾ ਪੱਖ ਲੈਂਦਾ ਹੈ ਤਾਂ ਉਹ ਲੋਕਧਾਰਾ ਅਤੇ ਲੋਕ ਵਿਰਸੇ 'ਚੋਂ ਉਦਾਹਰਣਾਂ ਲੈ ਕੇ ਭੂਤਕਾਲ ਤੇ ਵਰਤਮਾਨ ਵਿਚ ਇਕ ਤਰ੍ਹਾਂ ਦਾ ਪੁਲ ਉਸਾਰਨ ਦਾ ਯਤਨ ਕਰਦਾ ਹੈ ਅਤੇ ਨਾਲ ਹੀ ਪੁਰਾਤਨ ਲੋਕ ਵਿਸ਼ਵਾਸਾਂ ਬਾਰੇ ਵੀ ਚਿੰਤਨ ਕਰਦਾ ਹੈ। ਉਹ ਭਾਵੇਂ ਇਨ੍ਹਾਂ ਵਿਸ਼ਵਾਸਾਂ ਨੂੰ ਪ੍ਰਵਾਨ ਨਹੀਂ ਕਰਦਾ ਪਰੰਤੂ ਇਨ੍ਹਾਂ ਵਿਸ਼ਵਾਸਾਂ ਦੇ ਲੋਕ ਜੀਵਨ ਵਿਚ ਮਹੱਤਵ ਨੂੰ ਸਵੀਕਾਰ ਕਰਦਾ ਹੈ। ਮੰਗਲੀਕ ਵਰ ਜਾਂ ਬਧੂ ਇਕ ਦੂਜੇ ਨਾਲ ਹੀ ਵਿਆਹ ਕਰ ਸਕਦੇ ਹਨ। ਜੇ ਕੁੜੀ ਮੰਗਲੀਕ ਤੋਂ ਇਲਾਵਾ ਕਿਸੇ ਹੋਰ ਮੁੰਡੇ ਨਾਲ ਵਿਆਹੀ ਜਾਂਦੀ ਹੈ ਤਾਂ ਉਸ ਦੀ ਮੌਤ ਅਵੱਸ਼ ਮੰਨੀ ਜਾਂਦੀ ਹੈ। ਇਸੇ ਲਈ ਕੁੜੀ ਦਾ ਵਿਆਹ ਕਿਸੇ ਦਰੱਖ਼ਤ ਨਾਲ ਕੀਤਾ ਜਾਂਦਾ ਹੈ। ਲੋਕ ਵਿਸ਼ਵਾਸ ਅਨੁਸਾਰ ਵਿਆਹ ਤੋਂ ਬਾਅਦ ਇਹ ਦਰੱਖ਼ਤ ਸੁੱਕ ਜਾਂਦਾ ਹੈ। ਸੁਰਜੀਤ ਪਾਤਰ ਇਨ੍ਹਾਂ ਵਿਸ਼ਵਾਸਾਂ ਵਿਚ ਦਰੱਖ਼ਤਾਂ ਦੀ ਸਭਿਆਚਾਰਕ ਮਹੱਤਤਾ ਵੇਖਦਾ ਹੈ। ਉਸ ਦੇ ਆਪਣੇ ਸ਼ਬਦਾਂ ਵਿਚ, "ਫ਼ਰੀਦ ਹੋਰਾਂ ਦਾ ਇਹ ਕਹਿਣਾ "ਦਰਵੇਸ਼ਾਂ ਨੋ ਲੋੜੀਆਂ ਰੁੱਖਾਂ ਦੀ ਜੀਰਾਂਦ" ਇਹ ਸਭ ਇਸ ਗੱਲ ਦੀ ਗਵਾਹੀ ਹਨ। ਇਕ ਪੁਰਾਣੀ ਪੰਜਾਬੀ ਰੀਤ ਹੈ ਕਿ ਜਿਸ ਕੁੜੀ ਦੀ ਜਨਮ-ਕੁੰਡਲੀ ਵਿਚ ਲਿਖਿਆ ਹੋਵੇ ਕਿ ਇਸ ਦੇ ਪਹਿਲੇ ਪਤੀ ਦੀ ਮੌਤ ਹੋ ਜਾਵੇਗੀ, ਉਸ ਕੁੜੀ ਦਾ ਵਿਆਹ ਕਿਸੇ ਪੁਲਿੰਗ ਨਾਮ ਵਾਲੇ ਦਰੱਖ਼ਤ ਨਾਲ ਕਰ ਦਿੱਤਾ ਜਾਂਦਾ ਸੀ। ਤਨੇ ਦੁਆਲੇ ਤੰਦਾਂ ਲਪੇਟ ਕੇ ਤੇ ਉਸ ਦੁਆਲੇ ਫੇਰੇ ਲੈ ਕੇ। ਕਹਿੰਦੇ ਨੇ ਉਹ ਵਿਆਹਿਆ ਦਰੱਖ਼ਤ ਸੁੱਕ ਜਾਂਦਾ ਸੀ ਤਾਂ ਕੁੜੀ ਦਾ ਵਿਆਹ ਕਿਸੇ ਮੁੰਡੇ ਨਾਲ ਕੀਤਾ ਜਾਂਦਾ ਸੀ।"72

ਬੁਰੀ ਨਜ਼ਰ ਤੋਂ ਬਚਾਉਣ ਲਈ ਮਿਰਚਾਂ ਵਾਰਨ ਦੇ ਲੋਕ ਵਿਸ਼ਵਾਸ ਨੂੰ ਸੁਰਜੀਤ ਪਾਤਰ ਨੇ ਪੰਜਾਬ ਦੇ ਸੰਦਰਭ ਵਿਚ ਬੜੀ ਕਲਾਤਮਿਕਤਾ ਨਾਲ ਵਰਤਿਆ ਹੈ। ਉਸ ਦੀਆਂ ਹੇਠ ਲਿਖੀਆਂ ਸਤਰਾਂ ਅਨੇਕਾਂ ਵਾਰ ਦੁਹਰਾਈਆਂ ਜਾਂਦੀਆਂ ਹਨ।

ਲੱਗੀ ਨਜ਼ਰ ਪੰਜਾਬ ਨੂੰ,
ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ,
ਏ੍ਹਦੇ ਸਿਰ ਤੋਂ ਵਾਰੋ।
- - - - - - -
- - - - - - -
ਅੱਗ ਪਿਤਰਾਂ ਦੀ ਜੀਭ ਹੈ,
ਓਦ੍ਹੀ ਭੇਟਾ ਚਾੜ੍ਹੋ।
ਉਹ ਪਿਤਰਾਂ ਦਾ ਬੀਜਿਆ,
ਬੀਤੇ ਸੰਗ ਸਾੜੋ।73

ਇਨ੍ਹਾਂ ਵਿਸ਼ਵਾਸਾਂ ਤੋਂ ਇਲਾਵਾ ਸੁਰਜੀਤ ਪਾਤਰ ਦੀ ਕਵਿਤਾ ਵਿਚ ਪਿੰਜਰ, ਪ੍ਰੇਤ ਅਤੇ ਕਬਰਾਂ ਦੀ ਪੂਜਾ ਦਾ, ਛਲੇਡੇ ਦਾ, ਵਰ ਤੇ ਸਰਾਪ ਦਾ, ਸ਼ਰੀਕਾਂ ਦੇ ਟੂਣੇ ਕਰਨ ਦੇ ਵਿਸ਼ਵਾਸ ਵੀ ਮਿਲਦੇ ਹਨ। ਭਾਵੇਂ ਉਹ ਕਦੇ ਇਨ੍ਹਾਂ ਵਿਸ਼ਵਾਸਾਂ ਦਾ ਵਿਰੋਧ ਕਰਦਾ ਹੈ ਤੇ ਆਪਣੇ ਲਈ ਬੱਚਿਆਂ ਦੀ ਮੁਸਕਾਨ ਨੂੰ ਹੀ ਪੂਜਾ ਮੰਨਦਾ ਹੈ। ਰਾਜਨੀਤਿਕ ਲੋਕਾਂ ਦੀ ਪੈਂਤੜੇਬਾਜੀ ਨੂੰ ਉਹ ਛਲੇਡੇ ਦੇ ਰੂਪ ਬਦਲਣ ਨਾਲ ਜੋੜਦਾ ਹੈ।

(1) ਤੂੰ ਪਿੰਜਰ, ਪ੍ਰੇਤ, ਕਬਰਾਂ ਪੂਜਦਾ ਏਂ,
ਮੈਂ ਪੂਜਾਂ ਬੱਚਿਆਂ ਦੀ ਮੁਸਕਣੀ ਨੂੰ।74

(2) ਹੁਣ ਮਾਸੂਮੀਅਤ ਕੀ ਹੈ?
ਸਾਈਡਪੋਜ਼ ਹੈ ਗੋਲੇ ਕਬੂਤਰ ਦਾ
ਜਾਂ ਬੁੱਤ ਦੀ ਦਸਤਾਵੇਜ਼ੀ ਮੁਸਕਰਾਹਟ ਹੈ
ਸ਼ਹਿਦ ਨੂੰ ਚੋਰ ਲੋਰੀ ਦੇ ਰਹੇ ਨੇ
ਛਲੇਡਾ ਫੁੱਲ ਬਣਿਆ ਹੈ
ਤੇ ਜਾਂ ਲੂੰਬੜ ਨੂੰ ਚੋਣ ਨਿਸ਼ਾਨ ਲੇਲਾ ਮਿਲ ਗਿਆ ਹੈ।75

ਕਵਿਤਾ 'ਹੁਣ ਘਰਾਂ ਨੂੰ ਪਰਤਣਾ' ਵਿਚ ਪੰਜਾਬ ਦੇ ਦੁਖਾਂਤ ਦਾ ਸਾਇਆ ਸਪੱਸ਼ਟ ਦਿਖਾਈ ਦਿੰਦਾ ਹੈ। ਕੋਈ ਵੀ ਵਿਅਕਤੀ ਆਪਣੇ ਘਰ ਇਸ ਲਈ ਨਹੀਂ ਪਰਤ ਸਕਦਾ ਕਿਉਂਕਿ ਮੌਤ ਦਾ ਸਾਇਆ ਹਮੇਸ਼ਾ ਉਸ ਦਾ ਪਿੱਛਾ ਕਰਦਾ ਹੈ। ਡਰ ਦੀ ਮਨੋ ਅਵਸਥਾ ਕਾਰਣ ਮਨੁੱਖ ਉਮਰ ਤੋਂ ਪਹਿਲਾਂ ਹੀ ਬੁੱਢਾ ਹੋ ਜਾਂਦਾ ਹੈ ਜਿਸ ਨੂੰ ਉਸ ਦੀ ਮਾਂ ਵੀ ਸ਼ਾਇਦ ਪਛਾਣ ਨਾ ਸਕੇ। ਮੋਏ ਮਿੱਤਰਾਂ ਦਾ ਸੋਗ ਵੀ ਮਨਾਇਆ ਨਹੀਂ ਜਾ ਸਕਦਾ। ਅਜਿਹੇ ਮਾਹੌਲ ਵਿਚ ਸੁਚੇਤ ਮਨ ਵਿਚ ਜਿਹੜੇ ਭੈੜੇ ਖਿਆਲ ਆਉਂਦੇ ਹਨ ਉਨ੍ਹਾਂ ਵਿਚ ਲੋਕ ਵਿਸ਼ਵਾਸਾਂ ਦਾ ਪਿਛੋਕੜ ਹੈ।

ਆਪਣੀ ਹੀ ਲਾਸ਼ ਢੋਂਦਾ ਆਦਮੀ
ਪਤੀ ਦੇ ਸੱਜਰੇ ਸਿਵੇ 'ਤੇ ਮਾਸ ਰਿੰਨ੍ਹਦੀ ਰੰਨ
ਕੋਈ ਹੈਮਲਿਟ ਦੀ ਮਾਂ
ਸਰਦੀਆਂ ਵਿਚ ਬੰਦਿਆਂ ਦੇ ਸਿਵੇ ਸੇਕਣ ਵਾਲਾ ਹੱਥ।76

ਇਸੇ ਕਵਿਤਾ ਵਿਚ ਸਾਧੂ ਦਾ ਸਰਾਪ, ਟੂਣੇ-ਟਾਮਣ ਅਤੇ ਮੜ੍ਹੀਆਂ ਦੀ ਪੂਜਾ ਆਦਿ ਦੇ ਵੇਰਵੇ ਵੀ ਡੂੰਘੀ ਤਰ੍ਹਾਂ ਵਿਰਸੇ ਨਾਲ ਜੁੜੇ ਹੋਏ ਹਨ।

ਕਿਹੜੇ ਸਾਧੂ ਦੇ ਸਰਾਪ
ਕਿਸ ਸ਼ਰੀਕਣ ਚੰਦਰੀ ਦੇ ਟੂਣੇ ਟਾਮਣ ਨਾਲ ਹੋਇਆ
ਡਰ ਜਾਏਗੀ ਮੇਰੀ ਮਾਂ
- - - - - - - -
- - - - - - - -
ਸ਼ਾਮ ਨੂੰ ਜਦ ਮੜ੍ਹੀ 'ਤੇ ਦੀਵਾ ਬਲੇਗਾ
ਗੁਰਦੁਆਰੇ ਸੰਖ ਵੱਜੇਗਾ
ਉਹ ਬਹੁਤ ਆਵੇਗਾ ਯਾਦ।77

ਬਿਰਧ ਦੀ ਕਬਰ ਉੱਤੇ ਕੰਡਿਆਲੀ ਕਿੱਕਰ ਦਾ ਉੱਗਣਾ ਅਤੇ ਕੁਆਰੀ ਕੁੜੀ ਦੀ ਮੜ੍ਹੀ 'ਤੇ ਅੱਕ ਦੇ ਫੁੱਲ ਦਾ ਖਿੜਨਾ ਵੀ ਸ਼ਾਇਦ ਇਸੇ ਤਰ੍ਹਾਂ ਦੇ ਲੋਕ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ।

ਬਿਰਧ ਮਰੇ ਤਾਂ ਕਬਰ 'ਤੇ ਉੱਗੇ ਕਿੱਕਰ ਜਾਂ ਕੰਡਿਆਰੀ
ਅੱਗ ਤੇ ਦੁੱਧ ਦੇ ਫੁੱਲ ਖਿੜਦੇ ਨੇ ਜਿਥੇ ਮਰੇ ਕੁਆਰੀ।78

ਸੁਰੀਜਤ ਪਾਤਰ ਦੀ ਕਵਿਤਾ ਵਿਚ ਕੁਝ ਸ਼ਗਨਾਂ ਦਾ ਅਤੇ ਲੋਕ-ਕਾਵਿ ਰੂਪਾਂ ਦਾ ਜ਼ਿਕਰ ਵੀ ਪ੍ਰਾਪਤ ਹੈ। ਬੂਹੇ ਉੱਪਰ ਬੰਧਨ ਵਾਰ ਦਾ ਸੱਜਨਾ ਸ਼ਗਨਾਂ ਦੀ ਨਿਸ਼ਾਨੀ ਹੈ। ਸੁਰਜੀਤ ਪਾਤਰ ਨੇ ਜਨਮ ਤੋਂ ਮੌਤ ਤੱਕ ਦੇ ਸਮੇਂ ਨਾਲ ਜੁੜੇ ਕਾਵਿ ਰੂਪਾਂ ਲੋਰੀਆਂ, ਘੋੜੀਆਂ ਅਤੇ ਸੋਹਲਿਆਂ ਦਾ ਜ਼ਿਕਰ ਕੀਤਾ ਹੈ। ਸੋਹਿਲੇ ਕਾਵਿ ਰੂਪ ਨੂੰ ਸੁਰਜੀਤ ਪਾਤਰ ਨੇ ਮੌਤ ਨਾਲ ਜੋੜਿਆ ਹੈ ਜੋ ਕਿ ਉਚਿਤ ਨਹੀਂ ਕਿਉਂਕਿ ਸੋਹਿਲੇ ਜਨਮ ਸਮੇਂ ਨਾਲ ਸੰਬੰਧਿਤ ਹਨ ਅਤੇ ਅਲਾਹੁਣੀਆਂ ਮੌਤ ਸਮੇਂ ਨਾਲ। ਉਦਾਹਰਣ ਲਈ :

(1) ਇਕ ਖ਼ਤ ਆਵੇ ਮਾਂ-ਜਾਈ ਦਾ
ਬਾਂਝ ਵਿਯੋਗਣ ਰੁੱਤੇ ਵੀ
ਵੀਰਾ ਪੱਤ ਸ਼ਰੀਂਹ ਦੇ ਬੱਝ ਗਏ
ਮੇਰੇ ਬੂਹੇ ਉੱਤੇ ਵੀ।79

(2) ਲੋਰੀਆਂ, ਫਿਰ ਘੋੜੀਆਂ, ਫਿਰ ਸੋਹਿਲੇ
ਲੋਕ ਤੋਂ ਪਰਲੋਕ ਤਕ ਲਫ਼ਜ਼ਾਂ ਦਾ ਪੁਲ।80

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੁਰਜੀਤ ਪਾਤਰ ਨੇ ਬੁੱਢੀ ਜਾਦੂਗਰਨੀ ਕਹਿ ਕੇ ਉਸ ਦੀਆਂ ਵਿਸ਼ੇਸ਼ਤਾਵਾਂ ਨੂੰ ਵਿਅੰਗਾਤਮਕ ਢੰਗ ਨਾਲ ਪੇਸ਼ ਕੀਤਾ ਹੈ।

ਸੁਰਜੀਤ ਪਾਤਰ ਦੀ ਕਵਿਤਾ ਵਿਚ ਲੋਕਾਂ ਦੁਆਰਾ ਵਰਤੇ ਜਾਂਦੇ ਹਥਿਆਰਾਂ ਤੇ ਸੰਦਾਂ ਦੀ ਬਹੁਤਾਤ ਹੈ। ਜਿਵੇਂ ਖੰਜਰ, ਤਲਵਾਰ, ਚਾਕੂ, ਆਰਾ, ਕੁਹਾੜਾ, ਰੰਬੀ, ਤੀਰ, ਕਮਾਨ, ਕਟਾਰ ਆਦਿ। ਲੋਕ-ਗਹਿਣਿਆਂ ਅਤੇ ਸ਼ਿੰਗਾਰ ਦੇ ਅਨੇਕਾਂ ਸ਼ਬਦ ਵਰਤੇ ਗਏ ਹਨ, ਜਿਵੇਂ ਝਾਂਜਰਾ, ਕੰਙਣ, ਚੂੜਾ, ਮਹਿੰਦੀ, ਫੁਲਕਾਰੀ, ਕਾਂਟੇ, ਕਜਲਾ, ਪਾਂਜੇਬ, ਦੰਦਾਸਾ, ਸੂਟ, ਨੱਥ, ਟਿੱਕਾ, ਵੰਗਾਂ ਆਦਿ। ਇਸ ਸੰਬੰਧੀ ਕੁਝ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ।

(1) ਨਦੀ ਚੜ੍ਹੀ ਸੀ
ਬਲੀ ਮੰਗਦੀ
ਨੱਥਾਂ ਚੰਦ ਸੁਹਾਗ ਦੇ ਚੂੜੇ।81

(2) ਬਾਂਹੀ ਚੂੜਾ, ਹੱਥੀਂ ਮਹਿੰਦੀ, ਸਿਰ ਸੂਹੀ ਫੁਲਕਾਰੀ
ਕੰਨੀ ਕਾਂਟੇ, ਨੈਣੀ ਕਜਲਾ, ਕਜਲੇ ਵਿਚ ਲਾਚਾਰੀ।82

ਲੋਕ-ਸਾਜ਼ਾਂ ਵਿਚੋਂ ਵੰਝਲੀ ਜਾਂ ਬਾਸੁਰੀ, ਰਬਾਬ, ਨਗਾਰੇ ਦੀ ਕਈ ਵਾਰ ਵਰਤੋਂ ਕੀਤੀ ਗਈ ਹੈ। ਲੋਕ ਜੀਵਨ ਵਿਚੋਂ ਲਈ ਸਮੱਗਰੀ ਦੀ ਵਰਤੋਂ ਵੀ ਜੀਵਨ ਦੇ ਲੋਕਧਾਰਾਈ ਪਿਛੋਕੜ ਦਾ ਡੂੰਘਾ ਪ੍ਰਭਾਵ ਪਾਉਂਦੀ ਹੈ। ਜਿਵੇਂ ਦੀਵਾ, ਜਿੰਦਾ, ਖੂਹ, ਟਿੰਡਾਂ, ਤਵਾ, ਪਰਾਤ, ਚੁੱਲ੍ਹਾ, ਤੂੜੀ ਦਾ ਕੁੱਪ, ਚਰਖਾ, ਭੱਠੀ, ਅਹਿਰਨ ਆਦਿ। ਲੋਕ ਪਹਿਰਾਵੇ ਵਿਚੋਂ ਪੱਗ ਦਾ ਜ਼ਿਕਰ ਆਇਆ ਹੈ ਜਿਸ ਦਾ ਅਰਥ ਹੈ ਇੱਜ਼ਤ ਜੋ ਪਰੰਪਰਾ ਵਿਚ ਮੌਜੂਦ ਹੈ।

ਡਾ. ਰਾਜਿੰਦਰ ਪਾਲ ਸਿੰਘ ਦਾ ਵਿਚਾਰ ਹੈ ਕਿ ਪਾਤਰ ਪ੍ਰਚਲਿਤ ਮੁਹਾਵਰਿਆਂ ਦੇ ਉਲਟ ਨਵੇਂ ਯੁੱਗ ਅਨੁਕੂਲ ਮੁਹਾਵਰੇ ਸਿਰਜਨ ਲਈ ਪ੍ਰਯਤਨਸ਼ੀਲ ਹੈ। ਉਹ 'ਕੰਧਾਂ ਦੇ ਕੰਨ ਚਾਹੁੰਦੇ ਨੇ, ਅਸੀਂ ਜੀਭ ਜਨ ਆਈਏ' ਕਾਵਿ ਪੰਗਤੀ ਨੂੰ ਹੇਠ ਲਿਖਿਆ ਅਰਥ ਵਿਸਤਾਰ ਦਿੱਤਾ ਗਿਆ ਹੈ।

ਲੋਕ ਮੁਹਾਵਰੇ ਅਨੁਸਾਰ ਕੰਧਾਂ ਦੇ ਵੀ ਕੰਨ ਹੁੰਦੇ ਹਨ। ਇਸ ਦਾ ਸਿੱਧਾ ਅਰਥ ਨਿਕਲਦਾ ਹੈ ਕਿ ਕੰਧਾਂ ਦੇ ਕੰਨ ਹੋਣ ਕਰਕੇ ਪਰਦੇ ਵਾਲੀ ਗੱਲ ਕਰਦਿਆਂ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ। ਪਰ ਸ਼ਾਇਰ ਇੱਥੇ ਇਨ੍ਹਾਂ ਅਰਥਾਂ ਨੂੰ ਵਿਸਥਾਰਦਾ ਹੈ ਕਿ 'ਕੰਧਾਂ ਦੇ ਕੰਨ' ਤਾਂ ਹੁੰਦੇ ਹਨ, ਪਰ ਜੀਭ ਨਹੀਂ ਅਤੇ ਜੇ ਉਹ ਗੱਲ ਉਗਲ ਦੇਣ ਤਾਂ ਸਾਡੇ ਸਾਹਮਣੇ ਅਸਲੀਅਤ ਆ ਜਾਵੇ। ਇਹ ਅਸਲੀਅਤ ਸਾਡੇ ਹੁਣ ਦੇ ਮਾਪਦੰਡਾਂ ਨੂੰ ਪੂਰਨ ਰੂਪ ਵਿਚ ਉਲਟਾ ਪੁਲਟਾ ਦੇਵੇਗੀ ਕਿਉਂ ਜੋ ਅਸੀਂ ਹਾਕਮਾਂ ਦੇ ਨਾਇਕ ਜਾਂ ਨਿਆਂਪਾਲਿਕਾ ਨੂੰ ਵੀ ਆਪਣੇ ਨਾਇਕ ਜਾਂ ਨਿਆਂਪਾਲਿਕ ਮੰਨੀ ਬੈਠੇ ਹਾਂ।"83 ਸੁਰਜੀਤ ਪਾਤਰ ਵੱਲੋਂ ਵਰਤੇ ਗਏ ਕੁਝ ਇਕ ਮੁਹਾਵਰਿਆਂ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ। ਪਾਤਰ ਨੇ ਚੀਸ ਉਠਣੀ, ਕੰਧਾਂ ਨੂੰ ਵੀ ਕੰਨ ਹੋਣਾ, ਖੌਫ ਆਉਣਾ, ਪੱਥਰ ਹੋ ਜਾਣਾ, ਵੈਣ ਪਾਉਣਾ, ਜਾਨ ਮੁੱਠੀ 'ਚ ਆਉਣਾ, ਮੱਥਾ ਟੇਕਣਾ, ਝੱਖੜ ਝੁੱਲਣਾ, ਖ਼ੈਰ ਮੰਗਣਾ, ਲਹੂ ਲੁਹਾਨ ਹੋਣਾ, ਸੁਰਖ਼ਰੂ ਹੋਣਾ, ਕਾਗ ਉਡਾਉਣਾ, ਔਂਸੀਆਂ ਪਾਉਣਾ, ਅੱਖ ਲੱਗਣਾ, ਤਾਬ ਨਾ ਸਹਿਣਾ, ਮੱਛੀ ਵਾਂਗੂੰ ਤੜਪਣਾ, ਪੈਸੇ ਦਾ ਪੁੱਤ ਹੋਣਾ, ਗਲ਼ ਦਾ ਹਾਰ ਹੋਣਾ, ਅੱਖੀਂ ਘੱਟਾ ਪਾਉਣਾ ਆਦਿ ਮੁਹਾਵਰਿਆਂ ਦੀ ਵਰਤੋਂ ਵੀ ਕੀਤੀ ਹੈ।

ਉਪਰੋਕਤ ਸਾਰੀ ਵਿਚਾਰ ਚਰਚਾ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਸੁਰਜੀਤ ਪਾਤਰ ਦੀ ਕਵਿਤਾ ਦਾ ਉਦੈ ਰੁਮਾਂਟਿਕ ਪ੍ਰਗਤੀਵਾਦੀ ਕਵਿਤਾ ਦੇ ਦੌਰ ਦੇ ਸਮਾਪਤ ਹੋਣ ਤੋਂ ਬਾਅਦ ਅਤੇ ਆਧੁਨਿਕਤਾ ਪ੍ਰਯੋਗਸ਼ੀਲਤਾ ਦੀਆਂ ਸੀਮਾਵਾਂ ਦੇ ਆਰੰਭ ਹੋਣ ਨਾਲ ਹੁੰਦਾ ਹੈ। ਪਾਤਰ ਕਾਵਿ ਵਿਚ ਪ੍ਰਗਤੀਵਾਦੀ ਵਿਚਾਰ ਉਸ ਦੇ ਆਪਣੇ ਸਮੇਂ ਦੀਆਂ ਸਮਾਜਿਕ ਸਭਿਆਚਾਰਕ ਅਤੇ ਰਾਜਨੀਤਿਕ ਵਿਚਾਰਧਾਰਾਵਾਂ ਨਾਲ ਸੰਵਾਦ ਵਿਚੋਂ ਉਤਪੰਨ ਹੁੰਦਾ ਹੈ। ਪਾਤਰ ਭਾਵੇਂ ਦ੍ਰਿਸ਼ਟੀਕੋਣ ਪੱਖੋਂ ਪ੍ਰਗਤੀਵਾਦੀ ਵਿਚਾਰਾਂ ਦਾ ਧਾਰਣੀ ਹੈ ਪਰੰਤੂ ਉਹ ਆਪਣਾ ਕਾਵਿ ਪ੍ਰਗਟਾਅ ਨਵੇਂ ਕਾਵਿਕ ਮੁਹਾਵਰੇ ਤੋਂ ਕਰਦਾ ਹੈ। ਉਹ ਸਮਕਾਲੀ ਯਥਾਰਥ ਦੀਆਂ ਵਿਸੰਗਤੀਆਂ ਨੂੰ ਸਾਹਮਣੇ ਲਿਆਉਣ ਲਈ ਨਵੇਂ ਬਿੰਬ, ਪ੍ਰਤੀਕ ਸਿਰਜਣ ਦੇ ਨਾਲ-ਨਾਲ ਇਤਿਹਾਸਕ-ਮਿਥਿਹਾਸਕ ਘਟਨਾਵਾਂ ਨੂੰ ਵੀ ਨਵੇਂ ਅਰਥ ਦਿੰਦਾ ਹੈ।

ਸੁਰਜੀਤ ਪਾਤਰ ਦੀ ਕਵਿਤਾ ਵਿਚ ਇਤਿਹਾਸਕ ਅਤੇ ਮਿਥਿਹਾਸਕ ਵੇਰਵਿਆਂ ਤੋਂ ਇਲਾਵਾ ਲੋਕਧਾਰਾ ਦਾ ਸੰਘਣਾ ਤਾਣਾ-ਬਾਣਾ ਨਜ਼ਰ ਆਉਂਦਾ ਹੈ। ਪਰੰਪਰਾ, ਪਾਤਰ ਦੇ ਅਵਚੇਤਨ ਮਨ ਦਾ ਹਿੱਸਾ ਹੈ ਪਰੰਤੂ ਉਹ ਪਰੰਪਰਾ ਨੂੰ ਸਮਕਾਲੀ ਅਰਥ ਸੁਚੇਤ ਰੂਪ ਵਿਚ ਪ੍ਰਦਾਨ ਕਰਦਾ ਹੈ। 'ਦਵਾਖੀ ਤੇ ਜਗਦਾ ਦੀਵਾ, ਮਾਂ ਦਾ ਚਿਰਾਗ, ਢੱਡ-ਸਾਰੰਗੀ, ਅਲਗੋਜ਼ਿਆਂ, ਇਕਤਾਰਿਆਂ ਤੇ ਰਹਿਰਾਸ ਦੀ ਆਵਾਜ਼' ਉਸ ਨੂੰ ਟੁੰਬਦੀ ਹੈ। ਪਾਤਰ ਨੇ ਬੌਧਿਕ ਡੂੰਘਾਈ ਵਾਲੀ ਕਵਿਤਾ, ਪ੍ਰਗੀਤਾਤਮਕ ਗੀਤਾਂ, ਨਾਟਕਾਂ ਦੇ ਪੰਜਾਬੀ ਰੂਪਾਂਤਰਣ ਅਤੇ ਟੈਲੀਵਿਜ਼ਨ ਉੱਪਰ ਪ੍ਰਸਾਰਿਤ ਹੁੰਦੇ ਸੀਰੀਅਲਾਂ ਦੀਆਂ ਸਕਰਿਪਟਾਂ ਵੀ ਲਿਖੀਆਂ। ਪੰਜਾਬੀ ਸਾਹਿਤ ਵਿਚ ਉਸ ਦੀ ਮਕਬੂਲੀਅਤ ਉਸ ਦੀਆਂ ਗ਼ਜ਼ਲਾਂ ਦੇ ਸਦਕਾ ਹੋਈ। ਪਰ ਉਹ ਪਾਠਕਾਂ ਦੇ ਸਾਹਮਣੇ ਖੁੱਲ੍ਹੀਆਂ ਕਵਿਤਾਵਾਂ ਨਾਲ ਵੀ ਆਉਂਦਾ ਹੈ।

ਪਾਤਰ ਕਾਵਿ ਦੇ ਮੂਲ ਸਰੋਕਾਰਾਂ ਵਿਚ ਰਾਜਸੀ ਯਥਾਰਥ ਦੀ ਅਤਿ ਕਰੂਰਤਾਂ, ਔਰਤ ਮਰਦ ਦੇ ਸੰਬੰਧ, ਯੁੱਗ ਚੇਤਨਾ ਤੇ ਤ੍ਰਾਸਦੀ ਦਾ ਬੋਧ ਅਤੇ ਪੰਜਾਬ ਸੰਕਟ ਸ਼ਾਮਿਲ ਹਨ। ਉਸ ਦੀ ਗ਼ਜ਼ਲ ਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਵਿਚ ਭਾਵਨਾਵਾਂ ਦੀ ਤੀਬਰਤਾ ਤੇ ਸੋਜ਼ ਹੈ। ਕੇਵਲ ਸੁਹਜ ਸਿਰਜਣਾ ਉਸ ਦਾ ਅੰਤਿਮ ਨਿਸ਼ਾਨਾ ਨਹੀਂ ਹੈ ਬਲਕਿ ਉਸ ਦਾ ਮਨੋਰਥ ਮਾਨਵਵਾਦੀ ਸੱਚ ਦੀ ਪਛਾਣ ਕਰਨਾ ਹੈ। ਕੁਝ ਆਲੋਚਕ ਉਸ ਨੂੰ (ਪਾਤਰ ਨੂੰ) ਕਿਸੇ ਇਕ ਦ੍ਰਿਸ਼ਟੀ ਨਾਲ ਬੱਝਾ ਹੋਇਆ ਨਹੀਂ ਮੰਨਦੇ ਪਰੰਤੂ ਇਨ੍ਹਾਂ ਆਲੋਚਕਾਂ ਦੇ ਇਹ ਵਿਚਾਰ ਅਣਯਥਾਰਥਕ ਹਨ ਕਿਉਂਕਿ ਸੁਰਜੀਤ ਪਾਤਰ ਭਾਵੇਂ ਸਿੱਧੇ ਤੌਰ 'ਤੇ ਨਾਅਰੇਬਾਜ਼ੀ ਨਾ ਕਰੇ ਪਰੰਤੂ ਉਸ ਦੀ ਕਵਿਤਾ ਦੇ ਪਿਛੋਕੜ ਵਿਚ ਪ੍ਰਗਤੀਵਾਦੀ ਧਾਰਾ ਨਾਲੋਂ ਨਾਲ ਚਲਦੀ ਹੈ। ਪਾਤਰ ਭੌਤਿਕਵਾਦੀ ਦ੍ਰਿਸ਼ਟੀ ਤੋਂ ਦੇਖੇ ਗਏ ਯਥਾਰਥ ਨੂੰ ਕਲਾਤਮਿਕਤਾ ਨਾਲ ਪੇਸ਼ ਕਰਦਾ ਹੈ।

ਪਿਆਰ ਦੇ ਵਿਸ਼ਿਆਂ ਦੀ ਪੇਸ਼ਕਾਰੀ ਵੀ ਪਾਤਰ ਕਾਵਿ ਵਿਚ ਹੁੰਦੀ ਹੈ। ਆਲੋਚਕ ਪਾਤਰ ਦੀ ਕਵਿਤਾ ਵਿਚ ਪ੍ਰਕਿਰਤੀ ਅਤੇ ਸੰਸਕ੍ਰਿਤੀ ਦੀ ਸਾਂਝ ਦੇ ਵਿਸਤਾਰ ਨੂੰ ਰੂਪਮਾਨ ਕਰਦੇ ਹਨ। ਲੋਕਧਾਰਾ ਦੀ ਦ੍ਰਿਸ਼ਟੀ ਤੋਂ ਵੇਖੀਏ ਤਾਂ ਪਾਤਰ ਸਮੂਹਿਕ ਅਵਚੇਤਨ ਨਾਲ ਜੁੜਿਆ ਹੋਇਆ ਹੈ ਅਤੇ ਉਸ ਅਵਚੇਤਨ ਵਿਚ ਪਈ ਮਿਥਿਹਾਸਕ ਸਮੱਗਰੀ ਨੂੰ ਸਮਕਾਲੀ ਅਰਥਾਂ ਵਿਚ ਗ੍ਰਹਿਣ ਕਰਦਾ ਹੈ। ਬਾਵਾ ਬਲਵੰਤ ਤੋਂ ਬਾਅਦ ਉਹ ਇਕ ਅਜਿਹਾ ਆਧੁਨਿਕ ਕਵੀ ਦ੍ਰਿਸ਼ਟੀਗੋਚਰ ਹੁੰਦਾ ਹੈ ਜੋ ਮਿੱਥਾਂ ਦੀ ਪੁਨਰ ਸਿਰਜਣਾ ਰਾਹੀਂ ਬੜੇ ਗੰਭੀਰ ਤੇ ਡੂੰਘੇ ਅਰਥਾਂ ਦਾ ਸੰਚਾਰ ਕਰਦਾ ਹੈ। ਉਹ ਸਿਰਫ਼ ਮਿੱਥਾਂ ਦੇ ਅਨੁਕੂਲ ਅਰਥ ਹੀ ਨਹੀਂ ਸਿਰਜਦਾ ਕਈ ਵਾਰ ਤਾਂ ਉਹ ਲੋਕਧਾਰਾ ਦੇ ਪ੍ਰਤੀਕੂਲ ਅਰਥ ਵੀ ਕਰਦਾ ਹੈ। ਪਾਤਰ ਨੇ 'ਕੁਨ', ਕ੍ਰਿਸ਼ਨ, ਸਰਸਵਤੀ, ਸ਼ਿਵ, ਪਾਰਬਤੀ, ਉਸ਼ਾ, ਵਿਸ਼ਨੂੰ ਅਤੇ ਉਮਾ ਦੀਆਂ ਮਿੱਥਾਂ ਨੂੰ ਵਰਤਿਆ ਹੈ। ਉਹ ਇਨ੍ਹਾਂ ਮਿੱਥਾਂ ਨੂੰ ਅਜੋਕੇ ਸੰਦਰਭ ਵਿਚ ਰੱਖ ਕੇ ਕ੍ਰਿਸ਼ਨ ਨੂੰ ਕਵੀ ਦੇ ਅਰਥ ਦਿੰਦਾ ਹੈ। ਰਿਸ਼ੀਆਂ ਦੀ ਤਾੜੀ/ਸਮਾਧੀ ਭੰਗ ਕਰਨ ਹੇਤੂ ਅਪਸਰਾਵਾਂ ਦੁਆਰਾ ਭਰਮਾਏ ਜਾਣ ਦੀ ਮਿੱਥ ਦਾ ਜ਼ਿਕਰ ਵੀ ਕੀਤਾ ਗਿਆ ਹੈ। ਕਈ ਥਾਵਾਂ ਤੇ ਪਾਤਰ ਮਿੱਥ ਦੀ ਗਲਤ ਵਰਤੋਂ ਵੀ ਕਰ ਰਿਹਾ ਹੈ ਜਿਵੇਂ ਦੇਵਤਿਆਂ ਦੇ ਦੋ ਵਾਹਨਾਂ ਦਾ ਜ਼ਿਕਰ ਕੀਤਾ ਗਿਆ ਹੈ- ਕੱਛੂਕੰਮਾ ਤੇ ਗਰੜ। ਗਰੜ ਵਿਸ਼ਨੂੰ ਦੀ ਸਵਾਰੀ ਹੈ ਪਰ ਕੱਛੂ ਕਿਸੇ ਦੇਵਤਾ ਦਾ ਵਾਹਨ ਨਹੀਂ ਹੈ। ਸਰਵਣ ਦੀ ਮਿੱਥ ਨੂੰ ਵੀ ਪਾਤਰ ਨੇ ਵਰਤਿਆ ਹੈ।

ਸੁਰਜੀਤ ਪਾਤਰ ਨੇ ਪੂਰਨ ਭਗਤ, ਮਿਰਜ਼ਾ, ਹੀਰ ਰਾਂਝਾ, ਸੋਹਣੀ, ਮਨਸੂਰ, ਵਲੀ ਕੰਧਾਰੀ, ਤਾਨਸੈਨ ਤੇ ਬੈਜੂ ਬਾਵਰਾ, ਅਹੱਲਿਆ, ਇੱਛਰਾਂ ਅਤੇ ਰਾਜਾ ਇਡੀਪਸ ਦੀਆਂ ਦੰਤ ਕਥਾਵਾਂ ਨੂੰ ਨਵੇਂ ਸੰਦਰਭਾ ਵਿਚ ਚਿਤਰਿਆ ਹੈ। ਦੰਤ ਕਥਾਵਾਂ ਤੋਂ ਇਲਾਵਾ ਪਾਤਰ ਧਾਰਮਿਕ ਲੋਕ ਨਾਇਕਾਂ ਗੌਤਮ ਬੁੱਧ, ਬਾਬਾ ਨਾਨਕ, ਗੁਰੂ ਗੋਬਿੰਦ ਸਿੰਘ, ਮੁਹੰਮਦ, ਈਸਾ, ਕ੍ਰਿਸ਼ਨ ਦੀ ਜ਼ਿੰਦਗੀ ਨੂੰ ਆਧਾਰ ਬਣਾ ਕੇ ਆਧੁਨਿਕ ਵਿਚਾਰਧਾਰਾ ਨਾਲ ਜੋੜ ਕੇ ਨਵੇਂ ਅਰਥ ਸਿਰਜਦਾ ਹੈ। ਲੋਕ-ਵਿਸ਼ਵਾਸ ਵੀ ਪਾਤਰ ਕਾਵਿ ਵਿਚ ਦ੍ਰਿਸ਼ਟੀਗੋਚਰ ਹੁੰਦੇ ਹਨ ਭਾਵੇਂ ਉਹ ਇਨ੍ਹਾਂ ਵਿਸ਼ਵਾਸਾਂ ਨੂੰ ਪ੍ਰਵਾਨ ਨਹੀਂ ਕਰਦਾ ਪਰ ਇਨ੍ਹਾਂ ਵਿਸ਼ਵਾਸਾਂ ਦੇ ਲੋਕ ਜੀਵਨ ਵਿਚ ਮਹੱਤਵ ਨੂੰ ਅਸਵੀਕਾਰ ਵੀ ਨਹੀਂ ਕਰਦਾ। ਬੁਰੀ ਨਜ਼ਰ ਤੋਂ ਬਚਾਉਣ ਲਈ ਮਿਰਚਾਂ ਵਾਰਨਾ, ਪਿੰਜਰ, ਪ੍ਰੇਤ ਤੇ ਕਬਰਾਂ ਦੀ ਪੂਜਾ, ਸ਼ਰੀਕਾਂ ਦੇ ਟੂਣੇ ਕਰਨ ਦੇ ਵਿਸ਼ਵਾਸ ਪਾਤਰ ਕਾਵਿ ਵਿਚ ਦ੍ਰਿਸ਼ਟੀਗੋਚਰ ਹੁੰਦੇ ਹਨ।

ਪਾਤਰ ਕਾਵਿ ਵਿਚ ਕੁਝ ਸ਼ਗਨਾਂ ਅਤੇ ਲੋਕ ਕਾਵਿ ਰੂਪਾਂ ਦਾ ਜ਼ਿਕਰ ਵੀ ਪ੍ਰਾਪਤ ਹੁੰਦਾ ਹੈ। ਸ਼ਰੀਹਾਂ ਦੇ ਪੱਤੇ ਬੰਨਣਾ ਸ਼ਗਨਾਂ ਦੀ ਨਿਸ਼ਾਨੀ ਹੈ। ਲੋਰੀਆਂ, ਘੋੜੀਆਂ ਲੋਕ ਕਾਵਿ ਰੂਪ ਹਨ। ਪਾਤਰ ਲੋਕ-ਸਾਜ਼ਾਂ, ਲੋਕ-ਸੰਦਾਂ, ਲੋਕ-ਹਥਿਆਰਾਂ, ਲੋਕ-ਪਹਿਰਾਵਿਆਂ, ਲੋਕ-ਗਹਿਣਿਆਂ, ਲੋਕ ਜੀਵਨ ਵਿਚ ਵਰਤੀਂਦੀਆਂ ਵਸਤੂਆਂ ਦਾ ਜ਼ਿਕਰ ਵੀ ਥਾਂ ਪਰ ਥਾਂ ਕਰਦਾ ਹੈ। ਭਾਸ਼ਾ ਦੇ ਸੁਚੱਜੇ ਸੰਚਾਰ ਲਈ ਉਹ ਮੁਹਾਵਰਿਆਂ ਦੀ ਵਰਤੋਂ ਵੀ ਕਰਦਾ ਹੈ।

ਹਵਾਲੇ ਅਤੇ ਟਿੱਪਣੀਆਂ

1. ਗੁਰਇਕਬਾਲ ਸਿੰਘ (ਡਾ.) (ਸੰਪਾ.), ਪਾਤਰ ਕਾਵਿ-ਚਿੰਤਨ, ਪੰਨਾ-21.
2. ਉਹੀ, ਪੰਨਾ-33.
3. ਉਹੀ, ਪੰਨਾ-25.
4. ਉਹੀ, ਪੰਨਾ-24.
5. ਉਹੀ, ਪੰਨਾ-108.
6. ਉਹੀ, ਪੰਨਾ-27.
7. ਉਹੀ।
8. ਉਹੀ, ਪੰਨੇ-60-61.
9. ਗੁਰਚਰਨ ਸਿੰਘ ਔਲਖ (ਡਾ.), ਸੁਰਜੀਤ ਪਾਤਰ ਦਾ ਕਾਵਿ ਸੰਸਾਰ, ਪੰਨਾ-7.
10. ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ-ਸੰਵੇਦਨਾ, ਪੰਨਾ-115.
11. ਉਹੀ, ਪੰਨਾ-64.
12. ਰਾਜਿੰਦਰਪਾਲ ਸਿੰਘ (ਡਾ.), ਆਧੁਨਿਕ ਪੰਜਾਬੀ ਕਵਿਤਾ ਪੁਨਰ ਚਿੰਤਨ, ਪੰਨਾ-67.
13. ਸੁਤਿੰਦਰ ਸਿੰਘ ਨੂਰ, ਵਨੀਤਾ (ਡਾ.) (ਸੰਪਾ.), ਸੁਰਜੀਤ ਪਾਤਰ ਦੀ ਕਵਿਤਾ ਦਾ ਸੰਵਾਦ, ਪੰਨੇ-16-17.
14. ਗੁਰਚਰਨ ਸਿੰਘ ਔਲਖ (ਡਾ.), ਸੁਰਜੀਤ ਪਾਤਰ ਦਾ ਕਾਵਿ-ਸੰਸਾਰ, ਪੰਨਾ-7.
15. ਰਾਜਿੰਦਰਪਾਲ ਸਿੰਘ (ਡਾ.), ਆਧੁਨਿਕ ਪੰਜਾਬੀ ਕਵਿਤਾ ਪੁਨਰ ਚਿੰਤਨ, ਪੰਨਾ-65.
16. ਸੁਰਜੀਤ ਪਾਤਰ, ਹਵਾ ਵਿਚ ਲਿਖੇ ਹਰਫ਼, ਪੰਨਾ-9.
17. ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ-ਸੰਵੇਦਨਾ, ਪੰਨਾ-63.
18. ਗੁਰਚਰਨ ਸਿੰਘ ਔਲਖ (ਡਾ.), ਸੁਰਜੀਤ ਪਾਤਰ ਦਾ ਕਾਵਿ-ਸੰਸਾਰ, ਪੰਨਾ-29.
19. ਉਹੀ, ਪੰਨਾ-112.
20. ਸੁਰਜੀਤ ਪਾਤਰ, ਹਵਾ ਵਿਚ ਲਿਖੇ ਹਰਫ਼, ਪੰਨਾ-14.
21. ਸਤਿੰਦਰ ਸਿੰਘ ਨੂਰ, ਵਨੀਤਾ (ਡਾ.) (ਸੰਪਾ.), ਸੁਰਜੀਤ ਪਾਤਰ ਦੀ ਕਵਿਤਾ ਦਾ ਸੰਵਾਦ, ਪੰਨਾ-157.
22. ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ, ਪੰਨਾ-67.
23. ਗੁਰਇਕਬਾਲ ਸਿੰਘ (ਡਾ.) (ਸੰਪਾ.), ਪਾਤਰ ਕਾਵਿ-ਚਿੰਤਨ, ਪੰਨੇ-97-98.
24. ਉਹੀ, ਪੰਨਾ-89.
25. ਸੁਰਜੀਤ ਪਾਤਰ, ਹਵਾ ਵਿਚ ਲਿਖੇ ਹਰਫ਼, ਪੰਨਾ-13.
26. ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ, ਪੰਨਾ-69.
27. ਗੁਰਚਰਨ ਸਿੰਘ ਔਲਖ (ਡਾ.), ਸੁਰਜੀਤ ਪਾਤਰ ਦਾ ਕਾਵਿ-ਸੰਸਾਰ, ਪੰਨਾ-58.
28. ਸੁਰਜੀਤ ਪਾਤਰ, ਹਵਾ ਵਿਚ ਲਿਖੇ ਹਰਫ਼, ਪੰਨਾ-3.
29. ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ, ਪੰਨੇ-69-70.
30. ਗੁਰਇਕਬਾਲ ਸਿੰਘ (ਡਾ.) (ਸੰਪਾ.), ਪਾਤਰ ਕਾਵਿ-ਚਿੰਤਨ, ਪੰਨਾ-83.
31. ਸੁਰਜੀਤ ਪਾਤਰ, ਹਵਾ ਵਿਚ ਲਿਖੇ ਹਰਫ਼, ਪੰਨੇ-9-10.
32. ਗੁਰਇਕਬਾਲ ਸਿੰਘ (ਡਾ.) (ਸੰਪਾ.), ਪਾਤਰ ਕਾਵਿ-ਚਿੰਤਨ, ਪੰਨਾ-44.
33. ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ, ਪੰਨਾ-92.
34. ਗੁਰਚਰਨ ਸਿੰਘ ਔਲਖ (ਡਾ.), ਸੁਰਜੀਤ ਪਾਤਰ ਦਾ ਕਾਵਿ-ਸੰਸਾਰ, ਪੰਨਾ-84.
35. ਸੁਰਜੀਤ ਪਾਤਰ, ਹਵਾ ਵਿੱਚ ਲਿਖੇ ਹਰਫ਼, ਪੰਨਾ-24
36. ਸੁਰਜੀਤ ਪਾਤਰ, ਲਫ਼ਜ਼ਾਂ ਦੀ ਦਰਗਾਹ, ਪੰਨਾ-34.
37. ਉਹੀ, ਪੰਨਾ-42.
38. ਉਹੀ, ਪੰਨਾ-56.
39. ਉਹੀ, ਸੁਰਜ਼ਮੀਨ, ਪੰਨਾ-45.
40. Aਹੀ, ਪੰਨਾ-36.
41. ਸੁਤਿੰਦਰ ਸਿੰਘ (ਡਾ.) (ਸੰਪਾ.), ਸੁਰਜੀਤ ਪਾਤਰ ਦੀ ਕਵਿਤਾ ਦਾ ਸੰਵਾਦ, ਪੰਨਾ-13.
42. ਸੁਰਜੀਤ ਪਾਤਰ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-68.
43. ਉਹੀ, ਪੰਨਾ-46.
44. ਉਹੀ, ਪੰਨਾ-59.
45. ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ, ਪੰਨਾ-93.
46. ਸੁਰਜੀਤ ਪਾਤਰ, ਲਫ਼ਜ਼ਾਂ ਦੀ ਦਰਗਾਹ, ਪੰਨਾ-74.
47. ਉਹੀ, ਪੰਨਾ-74.
48. ਉਹੀ, ਬਿਰਖ ਅਰਜ਼ ਕਰੇ, ਪੰਨੇ-37-38.
49. ਉਹੀ, ਲਫ਼ਜ਼ਾਂ ਦੀ ਦਰਗਾਹ, ਪੰਨਾ-45.
50. ਉਹੀ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-108.
51. ਸੁਤਿੰਦਰ ਸਿੰਘ ਨੂਰ, ਵਨੀਤਾ (ਡਾ.) (ਸੰਪਾ.), ਸੁਰਜੀਤ ਪਾਤਰ ਦੀ ਕਵਿਤਾ ਦਾ ਸੰਵਾਦ, ਪੰਨਾ-79.
52. ਸੁਰਜੀਤ ਪਾਤਰ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-9.
53. ਉਹੀ, ਪੰਨਾ-34.
54. ਰਾਜਿੰਦਰ ਪਾਲ ਸਿੰਘ (ਡਾ.), ਆਧੁਨਿਕ ਪੰਜਾਬੀ ਕਵਿਤਾ ਪੁਨਰ ਚਿੰਤਨ, ਪੰਨਾ-69.
55. ਸੁਰਜੀਤ ਪਾਤਰ, ਲਫ਼ਜ਼ਾਂ ਦੀ ਦਰਗਾਹ, ਪੰਨਾ-23.
56. ਉਹੀ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-41.
57. ਉਹੀ, ਹਵਾ ਵਿਚ ਲਿਖੇ ਹਰਫ਼, ਪੰਨਾ-67.
58. ਉਹੀ, ਪੰਨਾ-66.
59. ਸੁਰਜੀਤ ਪਾਤਰ, ਸੁਰਜ਼ਮੀਨ, ਪੰਨਾ-26.
60. ਉਹੀ, ਪੰਨਾ-40.
61. ਉਹੀ, ਹਵਾ ਵਿਚ ਲਿਖੇ ਹਰਫ਼, ਪੰਨਾ-38.
62. ਉਹੀ, ਪੰਨਾ-28.
63. ਉਹੀ, ਹਵਾ ਵਿਚ ਲਿਖੇ ਹਰਫ਼, ਪੰਨ-37.
64. ਉਹੀ, ਬਿਰਖ ਅਰਜ਼ ਕਰੇ, ਪੰਨਾ-53.
65. ਉਹੀ, ਪੰਨਾ-45.
66. ਉਹੀ, ਹਨੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-40,41.
67. ਸੁਰਜੀਤ ਪਾਤਰ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-27.
68. ਉਹੀ, ਪੰਨਾ-129.
69. ਉਹੀ, ਹਵਾ ਵਿਚ ਲਿਖੇ ਹਰਫ਼, ਪੰਨਾ-32.
70. ਉਹੀ, ਪੰਨਾ-22.
71. ਗੁਰਇਕਬਾਲ ਸਿੰਘ (ਡਾ.) (ਸੰਪਾ.), ਪਾਤਰ ਕਾਵਿ-ਚਿੰਤਨ, ਪੰਨਾ-166.
72. ਉਹੀ, ਪੰਨਾ-168.
73. ਸੁਰਜੀਤ ਪਾਤਰ, ਬਿਰਖ ਅਰਜ਼ ਕਰੇ, ਪੰਨਾ-35.
74. ਉਹੀ, ਪੰਨਾ-56.
75. ਉਹੀ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨੇ-40-41.
76. ਉਹੀ, ਪੰਨਾ-15.
77. ਉਹੀ, ਪੰਨੇ-14-15.
78. ਉਹੀ, ਹਵਾ ਵਿਚ ਲਿਖੇ ਹਰਫ਼, ਪੰਨਾ-38.
79. ਉਹੀ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-17.
80. ਉਹੀ, ਪੰਨਾ-109.
81. ਉਹੀ, ਲਫ਼ਜ਼ਾਂ ਦੀ ਦਰਗਾਹ, ਪੰਨਾ-64.
82. ਉਹੀ, ਹਵਾ ਵਿਚ ਲਿਖੇ ਹਰਫ਼, ਪੰਨਾ-38.
83. ਰਾਜਿੰਦਰ ਪਾਲ ਸਿੰਘ (ਡਾ.), ਆਧੁਨਿਕ ਪੰਜਾਬੀ ਕਵਿਤਾ ਪੁਨਰ ਚਿੰਤਨ, ਪੰਨਾ-69.

(ਨਾਗ਼ਮਣੀ Tuesday, 27 May 2014)

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੁਰਜੀਤ ਪਾਤਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ