Biography : Babu Mangu Ram Muggowalia

ਜੀਵਨੀ ਤੇ ਰਚਨਾ : ਬਾਬੂ ਮੰਗੂ ਰਾਮ ਮੁੱਗੋਵਾਲੀਆ

ਬਾਬੂ ਮੰਗੂ ਰਾਮ ਮੂਗੋਵਾਲੀਆ : ਗਦਰ ਤੋਂ ਆਦਿ ਧਰਮ ਤੱਕ : ਕੁਲਦੀਪ ਚੰਦ

ਹਿੰਦੋਸਤਾਨ ਲੰਮਾ ਸਮਾਂ ਗੁਲਾਮ ਰਿਹਾ ਹੈ। ਇਸ ਮੁਲਕ ਦੀ ਸਮਾਜਿਕ ਬਣਤਰ ਕਾਰਨ ਸਮਾਜ ਦੇ ਕੁੱਝ ਵਰਗਾਂ, ਵਿਸ਼ੇਸ਼ ਤੌਰ 'ਤੇ ਸ਼ੂਦਰਾਂ ਨੂੰ ਵਿਦੇਸ਼ੀ ਸ਼ਾਸਕਾਂ ਤੋਂ ਇਲਾਵਾ ਆਪਣੇ ਲੋਕਾਂ ਦੀ ਗੁਲਾਮੀ ਦਾ ਵੀ ਸ਼ਿਕਾਰ ਹੋਣਾ ਪਿਆ ਹੈ। ਭਾਰਤੀ ਸਮਾਜ ਵਿਚ ਫੈਲੀ ਜਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨ ਅਤੇ ਸਭ ਮੁਲਕ ਵਾਸੀਆਂ ਨੂੰ ਬਰਾਬਰ ਦਾ ਦਰਜਾ ਦੇਣ ਲਈ ਸਮੇਂ ਸਮੇਂ ਵੱਖ ਵੱਖ ਸਮਾਜ ਸੁਧਰਾਕਾਂ ਨੇ ਅੰਦੋਲਨ ਚਲਾਏ। ਇਨ੍ਹਾਂ ਵਿਚ ਇਕ ਨਾਮ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਹੈ ਜਿਨ੍ਹਾਂ ਨੇ ਸੰਘਰਸ਼ ਕੀਤਾ ਅਤੇ ਲਿਤਾੜੇ ਵਰਗਾਂ ਦੇ ਵਿਕਾਸ ਲਈ ਕੰਮ ਕੀਤਾ।

ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਜਨਮ 14 ਜਨਵਰੀ 1886 ਨੂੰ ਪਿੰਡ ਮੂਗੋਵਾਲ ਤਹਿਸੀਲ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਇਕ ਅਛੂਤ ਪਰਿਵਾਰ ਵਿਚ ਹੋਇਆ। ਬਾਬੂ ਜੀ ਦੇ ਮਾਤਾ ਦਾ ਨਾਮ ਅਤਰੀ ਅਤੇ ਪਿਤਾ ਜੀ ਦਾ ਨਾਮ ਹਰਨਾਮ ਦਾਸ ਸੀ। ਉਨ੍ਹਾਂ ਦਾ ਪਰਿਵਾਰ ਚਮੜੇ ਦੇ ਧੰਦੇ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੀ ਉਮਰ ਤਕਰੀਬਨ ਤਿੰਨ ਸਾਲ ਦੀ ਸੀ ਜਦੋਂ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ। ਬਾਬੂ ਜੀ ਨੇ ਜਾਤ ਆਧਾਰਿਤ ਵਿਤਕਰੇ ਨੂੰ ਆਪਣੀ ਅੱਖੀਂ ਦੇਖਿਆ ਅਤੇ ਪਿੰਡੇ ਉੱਤੇ ਹੰਢਾਇਆ। ਉਨ੍ਹਾਂ ਨੇ ਪੰਜਾਬੀ ਦੀ ਸਿੱਖਿਆ ਆਪਣੇ ਪਿੰਡ ਵਿਚ ਹੀ ਇਕ ਡੇਰੇ ਦੇ ਸਾਧੂ ਤੋਂ ਪ੍ਰਾਪਤ ਕੀਤੀ, ਉਹ ਬਾਅਦ ਵਿਚ ਬਜਵਾੜਾ ਸਕੂਲ ਤੇ ਦੇਹਰਾਦੂਨ ਵਿਚ ਪੜ੍ਹੇ ਅਤੇ ਅੰਗਰੇਜ਼ੀ ਵਿਚ ਗਿਆਨ ਹਾਸਲ ਕੀਤਾ। ਬਾਬੂ ਜੀ ਬਹੁਤੇ ਸਕੂਲਾਂ ਵਿਚ ਦਾਖਲ ਹੋਣ ਵਾਲੇ ਪਹਿਲੇ ਦਲਿਤ ਵਿਦਿਆਰਥੀ ਸਨ ਅਤੇ ਉਨ੍ਹਾਂ ਨੂੰ ਕਈ ਵਾਰ ਕਲਾਸ ਦੇ ਕਮਰੇ ਤੋਂ ਬਾਹਰ ਬੈਠ ਕੇ ਹੀ ਪੜ੍ਹਨਾ ਪੈਂਦਾ ਸੀ। ਇਕ ਦਿਨ ਜਦੋਂ ਭਾਰੀ ਮੀਂਹ ਪੈਣ ਕਾਰਨ ਬਾਬੂ ਜੀ ਕਲਾਸ ਅੰਦਰ ਚਲੇ ਗਏ ਤਾਂ ਸਕੂਲ ਵਿਚ ਹਾਜ਼ਰ ਉੱਚ ਜਾਤ ਅਧਿਆਪਕ ਨੇ ਉਨ੍ਹਾਂ ਦੀ ਬੇਰਹਿਮੀ ਨਾਲ ਕੁਟਾਈ ਕੀਤੇ ਅਤੇ ਕਲਾਸ ਦਾ ਸਾਰਾ ਫਰਨੀਚਰ ਬਾਹਰ ਸੁਟਵਾ ਦਿਤਾ।

ਬਾਬੂ ਜੀ 1909 ਵਿਚ ਅਮਰੀਕਾ ਚਲੇ ਗਏ। ਇੱਥੇ ਉਨ੍ਹਾਂ ਨੇ ਕੁੱਝ ਸਾਲ ਪਿੰਡ ਦੇ ਹੀ ਜ਼ਿਮੀਂਦਾਰਾਂ ਕੋਲ ਖੇਤਾਂ ਵਿਚ ਹੀ ਕੰਮ ਕੀਤਾ ਪਰ ਇੱਥੇ ਵੀ ਜਾਤ ਆਧਾਰਿਤ ਵਿਤਕਰੇ ਦਾ ਹੀ ਸਾਹਮਣਾ ਕਰਨਾ ਪਿਆ। ਇਸ ਦੌਰਾਨ ਗਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ ਅਤੇ ਹੋਰ ਆਗੂਆਂ ਦੇ ਸੰਪਰਕ ਵਿਚ ਆ ਗਏ ਅਤੇ ਗਦਰ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਗਦਰ ਲਹਿਰ ਵਲੋਂ ਇਕ ਖਾਸ ਮਿਸ਼ਨ ਉਲੀਕਿਆ ਗਿਆ ਜਿਸ ਵਿਚ ਆਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇਕ ਜਹਾਜ਼ ਸਮੁੰਦਰ ਰਸਤੇ ਭਾਰਤ ਲਿਜਾਉਣਾ ਸੀ। ਇਸ ਕਾਰਜ ਦੀ ਜ਼ਿੰਮੇਵਾਰੀ ਬਾਬੂ ਜੀ ਨੂੰ ਦਿੱਤੀ ਗਈ ਪਰ ਇਸ ਦੀ ਖਬਰ ਪਹਿਲਾਂ ਹੀ ਬਰਤਾਨੀਆ ਸਰਕਾਰ ਨੂੰ ਲੱਗ ਗਈ ਅਤੇ ਇਸ ਦੀ ਜਾਸੂਸੀ ਸ਼ੁਰੂ ਕਰ ਦਿਤੀ ਗਈ। ਇਹ ਮਿਸ਼ਨ ਜੋ 1915 ਵਿਚ ਚੱਲਿਆ ਅਤੇ ਜਿਸ ਨੂੰ ਗਦਰ ਲਹਿਰ ਦੇ ਪੰਜ ਆਗੂ ਲੈ ਕੇ ਆ ਰਹੇ ਸਨ, ਬਰਤਾਨੀਆ ਸਰਕਾਰ ਨੇ ਸਮੁੰਦਰ ਵਿਚ ਤੋਪਾਂ ਨਾਲ ਉਡਾ ਦਿਤਾ। ਬਾਬੂ ਜੀ ਕਿਸੇ ਤਰੀਕੇ ਨਾਲ ਬਚ ਗਏ ਅਤੇ ਇਸ ਤੋਂ ਬਾਅਦ ਫਿਲਪੀਨਜ਼, ਸ੍ਰੀਲੰਕਾ ਹੁੰਦੇ ਹੋਏ ਆਖਰ ਸੋਲਾਂ ਸਾਲ ਬਾਅਦ 1925 ਵਿਚ ਹਿੰਦੋਸਤਾਨ ਆਣ ਪਹੁੰਚੇ।

ਇਸ ਦੌਰਾਨ ਬਾਬੂ ਜੀ ਦੀ ਕੋਈ ਵੀ ਖਬਰਸਾਰ ਨਾ ਮਿਲਣ ਕਾਰਨ ਪਰਿਵਾਰ ਨੇ ਬਾਬੂ ਜੀ ਨੂੰ ਮਰਿਆ ਮੰਨ ਕੇ ਉਨ੍ਹਾਂ ਦੀ ਪਤਨੀ ਨੂੰ ਦੂਜੇ ਭਰਾ ਨਾਲ ਵਿਆਹ ਦਿਤਾ ਸੀ। ਬਾਬੂ ਜੀ ਨੇ ਪੰਜਾਬ ਵਿਚ ਆ ਕੇ ਵੇਖਿਆ ਕਿ ਬੇਸ਼ੱਕ ਮੁਲਕ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ ਜਾ ਰਹੀ ਹੈ ਪਰ ਸਦੀਆਂ ਤੋਂ ਗੁਲਾਮ ਅਛੂਤਾਂ ਦੇ ਵਿਕਾਸ ਅਤੇ ਆਜ਼ਾਦੀ ਲਈ ਕੋਈ ਕੁਝ ਵੀ ਨਹੀਂ ਕਰ ਰਿਹਾ ਹੈ। ਉਸ ਸਮੇਂ ਦਲਿਤਾਂ ਦੀ ਕੋਈ ਵੀ ਆਪਣੀ ਪਛਾਣ ਨਹੀਂ ਸੀ। 1925 ਦੇ ਅੰਤ ਵਿਚ ਬਾਬੂ ਜੀ ਨੇ ਪਿੰਡ ਵਿਚ ਲਿਤਾੜੇ ਵਰਗ ਦੇ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਦੇਣ ਲਈ ਪਹਿਲਾ ਆਦਿ ਧਰਮ ਪ੍ਰਾਇਮਰੀ ਸਕੂਲ ਖੋਲ੍ਹਿਆ ਅਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿਤਾ। 11-12 ਜੂਨ 1926 ਨੂੰ ਇਸ ਸਕੂਲ ਵਿਚ ਅਛੂਤਾਂ ਦੀ ਮੀਟਿੰਗ ਬੁਲਾਈ ਗਈ ਜਿਸ ਵਿਚ ਆਦਿ ਧਰਮ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਬਾਅਦ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਗਈ ਜਿਸ ਵਿਚ ਦਲਿਤ ਵਰਗ ਦੀਆਂ ਤਕਰੀਬਨ 36 ਜਾਤਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਲਹਿਰ ਦਾ ਪਹਿਲਾ ਪ੍ਰਧਾਨ ਬਾਬੂ ਮੰਗੂ ਰਾਮ ਨੂੰ ਬਣਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਹਜ਼ਾਰਾ ਰਾਮ ਪਿਪਲਾਂਵਾਲਾ, ਪੰਡਤ ਹਰੀਰਾਮ, ਸੰਤ ਰਾਮ, ਰਾਮ ਚੰਦ, ਹਰਦਿੱਤ ਮੱਲ, ਰੇਸ਼ਮ ਲਾਲ ਬਾਲਮੀਕਿ, ਬਿਹਾਰੀ ਲਾਲ, ਰਾਮ ਸਿੰਘ, ਚਮਨ ਰਾਮ ਆਦਿ ਦੀ ਚੋਣ ਕੀਤੀ ਗਈ।

ਨਵੰਬਰ 1926 ਵਿਚ ਜਲੰਧਰ ਵਿਚ ਆਦਿ ਧਰਮ ਸੰਗਠਨ ਦਾ ਪਹਿਲਾ ਦਫਤਰ ਖੋਲ੍ਹਿਆ ਗਿਆ ਅਤੇ ਬਾਬੂ ਜੀ ਜਲੰਧਰ ਰਹਿਣ ਲੱਗ ਪਏ ਜਿੱਥੇ ਉਹ 1940 ਤੱਕ ਰਹੇ ਅਤੇ ਆਦਿ ਧਰਮ ਮਿਸ਼ਨ ਅਤੇ ਅਛੂਤਾਂ ਦੀ ਭਲਾਈ ਲਈ ਕੰਮ ਕੀਤਾ। ਇਸ ਦੌਰਾਨ ਬਰਤਾਨੀਆ ਸਰਕਾਰ ਨੇ ਭਾਰਤ ਵਿਚ ਲੋਕਾਂ, ਵਿਸ਼ੇਸ਼ ਤੌਰ 'ਤੇ ਦਲਿਤਾਂ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਸਰ ਜੌਹਨ ਸਾਇਮਨ ਦੀ ਅਗਵਾਈ ਵਿਚ ਕਮਿਸ਼ਨ ਨਿਯੁਕਤ ਕੀਤਾ ਜਿਸ ਨੂੰ ਸਾਇਮਨ ਕਮਿਸ਼ਨ ਕਿਹਾ ਜਾਂਦਾ ਹੈ। ਭਾਰਤ ਵਿਚ ਕਈ ਕਾਂਗਰਸੀ ਆਗੂਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ। ਬਾਬੂ ਮੰਗੂ ਰਾਮ ਨੇ ਸਾਇਮਨ ਕਮਿਸ਼ਨ ਅੱਗੇ ਅਪਣਾ ਪੱਖ ਪੇਸ਼ ਕਰਦਿਆਂ ਕਿਹਾ : ਅਸੀਂ ਨਾ ਹਿੰਦੂ, ਨਾ ਮੁਸਲਿਮ, ਨਾ ਸਿੱਖ ਅਤੇ ਨਾ ਹੀ ਈਸਾਈ ਹਾਂ। ਉਨ੍ਹਾਂ ਸਬੂਤਾਂ ਸਮੇਤ ਦੱਸਿਆ ਕਿ ਉਹ ਆਦਿ ਧਰਮੀ ਹਨ ਜੋ ਕਿਸੇ ਵੇਲੇ ਇਸ ਮੁਲਕ ਦੇ ਸ਼ਾਸਕ ਰਹੇ ਹਨ। ਅੰਤ ਲੰਮੇ ਸੰਘਰਸ਼ ਅਤੇ ਬਹਿਸ ਤੋਂ ਬਾਅਦ ਦਲਿਤਾਂ ਨੂੰ ਆਦਿ ਧਰਮ ਦਾ ਨਾਮ ਮਿਲਿਆ। ਇਸ ਦੌਰਾਨ ਹੀ ਦਲਿਤਾਂ ਨੂੰ ਪੜ੍ਹਨ, ਜਾਇਦਾਦ ਖਰੀਦਣ ਅਤੇ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ।

ਬਾਬੂ ਮੰਗੂ ਰਾਮ ਦੇ ਸੰਘਰਸ਼ ਤੋਂ ਬਾਅਦ 1931 ਵਿਚ ਹਿੰਦੋਸਤਾਨ ਅੰਦਰ ਹੋਈ ਮਰਦਮਸ਼ੁਮਾਰੀ ਦੌਰਾਨ ਪਹਿਲੀ ਵਾਰ ਆਦਿ ਧਰਮ ਨੂੰ ਜੋੜਿਆ ਗਿਆ। ਉਸ ਵੇਲੇ ਪੰਜਾਬ ਵਿਚ ਤਕਰੀਬਨ ਸਵਾ ਚਾਰ ਲੱਖ (418,789) ਲੋਕਾਂ ਜੋ ਕੁੱਲ ਅਬਾਦੀ ਦਾ ਤਕਰੀਬਨ 1.5 ਫੀਸਦੀ ਸਨ, ਨੇ ਆਪਣਾ ਧਰਮ ਆਦਿ ਧਰਮ ਲਿਖਾਇਆ ਸੀ। ਉਸ ਵੇਲੇ ਗ੍ਰੇਟਰ ਪੰਜਾਬ ਦੀ ਕੁੱਲ ਅਬਾਦੀ ਤਕਰੀਬਨ 284,91,000 ਸੀ। 1930-31-32 ਵਿਚ ਲੰਡਨ ਵਿਚ ਹੋਈਆ ਗੋਲਮੇਜ਼ ਕਾਨਫਰੰਸਾਂ ਵਿਚ ਇਹ ਸਾਬਤ ਕਰਨ ਲਈ ਕਿ ਭਾਰਤੀ ਦਲਿਤਾਂ ਦੇ ਅਸਲੀ ਆਗੂ ਡਾਕਟਰ ਭੀਮ ਰਾਓ ਅੰਬੇਡਕਰ ਹਨ, ਬਾਬੂ ਮੰਗੂ ਰਾਮ ਨੇ ਪੰਜਾਬ ਅਤੇ ਹੋਰ ਸੂਬਿਆਂ ਤੋਂ ਦਲਿਤ ਆਗੂਆਂ ਤੋਂ ਪੱਤਰ ਅਤੇ ਤਾਰਾਂ ਭੇਜੀਆਂ। ਇਨ੍ਹਾਂ ਗੋਲਮੇਜ਼ ਕਾਨਫਰੰਸਾਂ ਤੋਂ ਬਾਅਦ ਬਰਤਾਨੀਆ ਸਰਕਾਰ ਨੇ ਦਲਿਤਾਂ ਲਈ ਅਲੱਗ ਚੋਣ ਵਿਵਸਥਾ ਦੀ ਮਨਜ਼ੂਰੀ ਦੇ ਦਿਤੀ ਜਿਸ ਨੂੰ ਕਮਿਊਨਲ ਐਵਾਰਡ ਦਾ ਨਾਮ ਦਿਤਾ ਗਿਆ। ਇਸ ਕਮਿਊਨਲ ਐਵਾਰਡ ਦੇ ਵਿਰੋਧ ਵਿਚ ਕਾਂਗਰਸੀ ਆਗੂ ਮਹਾਤਮਾ ਗਾਂਧੀ ਜਿਸ ਨੇ ਪਹਿਲਾਂ ਗੋਲਮੇਜ਼ ਕਾਨਫਰੰਸ ਵਿਚ ਵੀ ਡਾਕਟਰ ਅੰਬੇਡਕਰ ਦੇ ਦਾਖਲੇ ਦਾ ਵਿਰੋਧ ਕੀਤਾ ਸੀ, ਨੇ ਯੇਰਵੜਾ ਜੇਲ੍ਹ ਵਿਚ 20 ਸਤੰਬਰ 1932 ਨੂੰ ਮਰਨ ਵਰਤ ਰੱਖ ਲਿਆ। ਗਾਂਧੀ ਦੇ ਵਿਰੋਧ ਵਿਚ ਆਦਿ ਧਰਮ ਆਗੂਆਂ ਨੇ ਵੀ ਮਰਨ ਵਰਤ ਰੱਖ ਲਿਆ।

24 ਸਤੰਬਰ 1932 ਨੂੰ ਡਾਕਟਰ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਸਮਝੌਤਾ ਹੋਇਆ ਜਿਸ ਨੂੰ ਪੂਨਾ ਪੈਕਟ ਕਿਹਾ ਜਾਂਦਾ ਹੈ। ਇਸ ਸਮਝੌਤੇ ਵਿਚ ਦਲਿਤਾਂ ਨੂੰ ਵੱਖਰੀ ਚੋਣ ਵਿਵਸਥਾ ਦੀ ਥਾਂ ਕੁੱਝ ਸੀਟਾਂ ਦਾ ਰਾਖਵਾਂਕਰਨ ਦਿੱਤਾ ਗਿਆ ਜਿਸ ਅਨੁਸਾਰ ਹਿੰਦੋਸਤਾਨ ਦੀਆਂ ਵੱਖ ਵੱਖ ਵਿਧਾਨ ਸਭਾਵਾਂ ਲਈ ਕੁੱਲ 148 ਸੀਟਾਂ ਦਲਿਤਾਂ ਲਈ ਰਾਖਵੀਆਂ ਰੱਖੀਆਂ ਗਈਆਂ। ਇਨ੍ਹਾਂ ਵਿਚ ਉਸ ਵੇਲੇ ਪੰਜਾਬ ਦੀਆਂ 8 ਸੀਟਾਂ ਸਨ। 1937 ਵਿਚ ਪੰਜਾਬ ਵਿਚ ਹੋਈਆ ਚੋਣਾਂ ਵਿਚ ਆਦਿ ਧਰਮ ਮੰਡਲ ਨੇ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ ਵਿਚ ਰਾਖਵੀਆਂ 8 ਸੀਟਾਂ ਵਿਚੋਂ 7 ਉੱਤੇ ਜਿੱਤ ਹਾਸਲ ਕੀਤੀ। 1946 ਵਿਚ ਬਾਬੂ ਮੰਗੂ ਰਾਮ ਆਪ ਵੀ ਵਿਧਾਇਕ ਬਣੇ।

ਆਜ਼ਾਦ ਭਾਰਤ ਵਿਚ ਵੀ ਬਾਬੂ ਮੰਗੂ ਰਾਮ ਨੇ ਆਦਿ ਧਰਮ ਲਹਿਰ ਚਲਾਉਣ ਲਈ ਲਗਾਤਾਰ ਸੰਘਰਸ਼ ਕੀਤਾ। ਅੰਤ 22 ਅਪਰੈਲ 1980 ਨੂੰ ਗਦਰ ਲਹਿਰ ਅਤੇ ਆਦਿ ਧਰਮ ਅੰਦੋਲਨ ਦਾ ਇਹ ਦਲਿਤ ਆਗੂ ਸਦੀਵੀ ਵਿਛੋੜਾ ਦੇ ਗਿਆ। ਸਰਕਾਰਾਂ ਨੇ ਹੋਰ ਕਈ ਆਜ਼ਾਦੀ ਘੁਲਾਟੀਆਂ ਵਾਂਗ ਇਸ ਆਗੂ ਨੂੰ ਵੀ ਭੁਲਾ ਦਿਤਾ ਹੈ। ਮੁਲਕ ਦੀ ਆਜ਼ਾਦੀ ਲਈ ਕੀਤੇ ਸੰਘਰਸ਼ ਅਤੇ ਸਦੀਆਂ ਤੋਂ ਲਿਤਾੜੇ ਵਰਗਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਕਾਰਨ ਬਾਬੂ ਮੰਗੂ ਰਾਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਬਾਬੂ ਮੰਗੂ ਰਾਮ ਮੁੱਗੋਵਾਲੀਆ :ਨਿਧੱੜਕ ਗਦਰੀ ਅਤੇ ਆਦਿ ਧਰਮ ਲਹਿਰ ਦੇ ਮੋਢੀ : ਸ਼ਿਵ ਕੁਮਾਰ ਬਾਵਾ

ਬਾਬੂ ਮੰਗੂਰਾਮ ਮੁਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੁਗੋਵਾਲ ਵਿਖੇ ਪਿਤਾ ਹਰਨਾਮ ਦਾਸ ਦੇ ਘਰ ਹੋਇਆ । ਤਿੰਨ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਆਪ ਮਾਤਾ ਦੇ ਪਿਆਰ ਤੋਂ ਵਾਂਝੇ ਹੋ ਗਏ। ਸੱਤ ਸਾਲ ਦੀ ਉਮਰ ਵਿੱਚ ਆਪ ਪਿੰਡ ਵਿੱਚ ਹੀ ਇੱਕ ਸਾਧੂ ਮਹਾਂਪੁਰਸ਼ ਕੋਲ ਪੜ੍ਹਨ ਜਾਣ ਲੱਗੇ । ਆਪ 6 ਮਹੀਨਿਆਂ ਵਿੱਚ ਹੀ ਗੁਰਮੁੱਖੀ ਪੜ੍ਹਨ ਅਤੇ ਲਿਖਣ ਵਿੱਚ ਨਿਪੁਨ ਹੋ ਗਏ। ਆਪ ਆਪਣੇ ਪਿਤਾ ਨਾਲ ਦੇਹਰਾਦੂਨ ਚਲੇ ਗਏ ਜਿਥੇ ਆਪਨੂੰ ਪਿੰਡ ਚੂੜਪੁਰ ਦੇ ਇੱਕ ਨਿਜੀ ਸਕੂਲ ਵਿੱਚ ਦਾਖਿਲ ਕਰਵਾਇਆ ਗਿਆ। ਇੱਕ ਸਾਲ ਬਾਅਦ ਫਿਰ ਖਾਲਸਾ ਸਕੂਲ ਮਾਹਿਲਪੁਰ ਵਿੱਚ ਪੜ੍ਹਨ ਲੱਗ ਪਏ ।

ਆਪਣੀ ਪੁਸਤਕ ‘ ਮੇਰੀ ਵਿਦੇਸ਼ ਯਾਤਰਾ ਅਤੇ ਮੇਰਾ ਜੀਵਨ ਬਿਰਤਾਂਤ ’ ਵਿੱਚ ਮੰਗੂ ਰਾਮ ਜੀ ਲਿਖਦੇ ਹਨ ‘‘ ਜਦ ਮੈਂ ਤਲੀਮ ਹਾਸਿਲ ਕਰਨ ਲੱਗਾ ਤਾਂ ਭਾਰਤ ਵਿੱਚ ਉਸ ਵਕਤ ਛੂਆ ਛਾਤ ਦਾ ਪੂਰਾ ਬੋਲ ਬਾਲਾ ਸੀ। ਉਚ ਜਾਤੀ ਦੇ ਅਧਿਆਪਕ ਸਕੂਲ ਵਿੱਚ ਮੇਰੇ ਨਾਲ ਅਣਮਨੁੱਖੀ ਵਿਹਾਰ ਕਰਦੇ ਸਨ। ਮੈਂਨੂੰ ਬਾਕੀ ਵਿਦਿਆਰਥੀਆਂ ਨਾਲੋਂ ਅਲੱਗ ਰੱਖਿਆ ਜਾਂਦਾ ਅਤੇ ਅਧਿਆਪਕ ਸਾਰਾ ਦਿਨ ਮੇਰੇ ਕੋਲੋਂ ਸਕੂਲ ਦੇ ਕਮਰਿਆਂ ਦੀ ਸਫਾਈ ਅਤੇ ਬਰਤਨ ਸਾਫ ਕਰਵਾਉਂਦੇ ।

ਮੈਨੂੰ ਕਲਾਸ ਵਾਲੇ ਕਮਰੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਅਤੇ ਸਰਦੀਆਂ ਵਿੱਚ ਧੁੱਪ ਦੀ ਬਜਾਏ ਛਾਂਵੇਂ ਬੈਠਕੇ ਅਧਿਆਪਕਾਂ ਦੇ ਲੈਕਚਰ ਸੁਣਨੇ ਪੈਂਦੇ । ਗਰਮੀਆਂ ਦੇ ਦਿਨਾਂ ਵਿੱਚ ਵੀ ਕਲਾਸ ਤੋਂ ਦੂਰ ਛੱਤਰੀ ਲੈ ਕੇ ਬੈਠਣਾਂ ਪੈਂਦਾ । ਅਧਿਆਪਕ ਮੈਂਨੂੰ ਜਾਤੀ ਤੌਰ ਤੇ ਜਲੀਲ ਕਰਦੇ’’। ਮਾਹਿਲਪੁਰ ਸਕੂਲ ਵਿੱਚ ਪੜ੍ਹਦਿਆਂ ਅਧਿਆਪਕਾਂ ਦੇ ਤਸੀਹਿਆਂ ਕਾਰਨ ਆਪ ਬਹੁਤ ਨਰਾਸ਼ ਹੋ ਗਏ। ਆਪਦੇ ਪਿਤਾ ਜੀ ਆਪ ਨੂੰ ਅੰਗ੍ਰੇਜ਼ੀ ਪੜ੍ਹਾਉਣਾ ਚਾਹੁੰਦੇ ਸਨ, ਕਿਉਂਕਿ ਚਮੜੇ ਦੇ ਵਪਾਰ ਵਿੱਚ ਅੰਗਰੇਜ਼ੀ ਮਾਧਿਅਮ ਨਾਲ ਨਜਿੱਠਣਾਂ ਪੈਂਦਾ ਸੀ ।

ਇਸ ਲਈ ਆਪ ਨੂੰ ‘ ਅਮੀ ਚੰਦ ਹਾਈ ਸਕੂਲ ਬਜ਼ਵਾੜਾ’ ਵਿਖੇ ਦਾਖਿਲ ਕਰਵਾਇਆ ਗਿਆ । ਇਥੇ ਆਪਨੇ ਅੰਗਰੇਜੀ ਦੀ ਜੂਨੀਅਰ ਅਤੇ ਸੀਨੀਅਰ ਕਲਾਸ ਪੜ੍ਹੀ । ਇਸ ਸਕੂਲ ਵਿੱਚ ਵੀ ਆਪਨੂੰ ਛੌਟੀ ਜਾਤ ਦੇ ਹੋਣ ਕਰਕੇ ਬੇਹੱਦ ਤਸੀਹੇ ਝੱਲਣੇ ਪਏ। ਸਰਦੀਆਂ ਅਤੇ ਗਰਮੀਆਂ ਵਿੱਚ ਵੀ ਆਪਨੂੰ ਬਾਹਰ ਬੈਠਣ ਲਈ ਮਜ਼ਬੂਰ ਕੀਤਾ ਜਾਂਦਾਂ। ਭਾਰੀ ਬਾਰਸ਼ ਵਿੱਚ ਵੀ ਆਪਨੂੰ ਬਾਹਰ ਹੀ ਖੜ੍ਹੇ ਹੋਣਾ ਪੈਂਦਾ। ਅਧਿਆਪਕ ਸਕੂਲ ਦੇ ਕਮਰੇ ਵਿੱਚ ਵੜ੍ਹਨ ਤਾਂ ਕੀ ਕੰਧਾਂ ਨੂੰ ਵੀ ਹੱਥ ਨਾ ਲਾਉਣ ਦਿੰਦੇ।

1905 ਵਿੱਚ ਆਪਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਜਿਸਨੇ ਆਪਨੂੰ ਪੂਰੀ ਤਰ੍ਹਾਂ ਝੰਜੌੜਕੇ ਰੱਖ ਦਿੱਤਾ । ਸਕੂਲ ਵਿੱਚ ਇੱਕ ਦਿਨ ਸਖਤ ਹਨੇਰੀ ਆਈ ਜਿਸ ਨਾਲ ਆਪਦੀ ਛੱਤਰੀ ਟੂੱਟ ਗਈ । ਭਾਰੀ ਬਾਰਸ਼ ਅਤੇ ਗੜ੍ਹਿਆਂ ਨੇ ਆਪਨੂੰ ਬੁਰੀ ਤਰ੍ਹਾਂ ਭੰਨ ਸੁੱਟਿਆ। ਗੜਿਆਂ ਦੀ ਮਾਰ ਤੋਂ ਤੰਗ ਆਕੇ ਆਪ ਦੌੜਕੇ ਸਕੂਲ ਦੇ ਕਮਰੇ ਵਿੱਚ ਜਾ ਬੜੇ । ਆਪਜੀ ਦਾ ਅਧਿਆਪਕ ਪੋਲੋ ਰਾਮ ਬਰਾਮਣ ਸੀ । ਉਸਨੇ ਆਪਨੂੰ ਬਹੁਤ ਮਾਰਿਆ ਅਤੇ ਵਰ੍ਹਦੇ ਮੀਂਹ ਵਿੱਚ ਹੀ ਬਾਹਰ ਕੱਢ ਦਿੱਤਾ । ਅਧਿਆਪਕ ਵਲੋਂ ਮਾਰੀਆਂ ਗਈਆਂ ਬੈਂਤਾਂ ਦੀ ਸੱਟ ਅਤੇ ਗੜ੍ਹਿਆਂ ਦੀ ਮਾਰ ਨੇ ਆਪਨੂੰ ਬੇਹੋਸ਼ ਕਰ ਦਿੱਤਾ ।

ਬਾਬੂ ਮੰਗੂ ਰਾਮ ਮੁਤਾਬਿਕ , ‘‘ ਮੈਂ ਜਿਸਮਾਨੀ ਸੱਟਾਂ ਤਾਂ ਜ਼ਰ ਲਈਆਂ ਪਰ ਉਸ ਅਧਿਆਪਕ ਦੇ ਬੋਲ ਕਿ ਚੂੜੇ ਚੁਮਾਰ ਪੜ੍ਹਨ ਲੱਗ ਪਏ ਤਾਂ ਸਾਡੀਆਂ ਬੁੱਤੀਆਂ ਕੌਣ ਕਰੋਗਾ ’’ ਜ਼ਰੇ ਨਾ ਗਏ। ਆਪ ਸਾਰੀ ਰਾਤ ਜਿਸਮਾਨੀ ਅਤੇ ਮਾਨਸਿਕ ਸੱਟਾਂ ਬਾਰੇ। ਸੋਚਦੇ ਰਹੇ । ਦੂਸਰੇ ਦਿਨ ਆਪ ਸਕੂਲ ਗਏ ਤਾਂ ਦੇਖਿਆ ਕਿ ਸਾਰੇ ਮੇਜ਼ ਕੁਰਸੀਆਂ ਅਤੇ ਹੋਰ ਸਮਾਨ ਕਮਰੇ ਵਿੱਚੋਂ ਬਾਹਰ ਕੱਢਕੇ ਅੰਦਰ ਪਾਣੀ ਛਿੜਕਕੇ ਦੁਬਾਰਾ ਰੱਖੇ ਗਏ। ਆਪਜੀ ਨੂੰ ਦੇਖਕੇ ਅਧਿਆਪਕ ਜੋਰ ਜੋਰ ਨਾਲ ਗੰਦੀਆਂ ਗਾਲਾਂ ਕੱਢਣ ਲੱਗ ਪਿਆ। ਆਪ ਆਪਣਾ ਸਮਾਨ ਚੁੱਕਕੇ ਆਪਣੇ ਪਿੰਡ ਮੁੱਗੋਵਾਲ ਨੂੰ ਆ ਗਏ। ਆਪ ਛੂਆ ਛਾਤ ਨੂੰ ਸਹਿਣ ਕਰਦੇ ਹੋਏ ਵੀ ਕਲਾਸ ਵਿੱਚੋਂ ਤੀਸਰੇ ਨੰਬਰ ਤੇ ਰਹੇ। ਆਪਨੂੰ ਪਟਵਾਰੀ ਦੀ ਨੌਕਰੀ ਮਿਲੀ ਪਰ ਪਿਤਾ ਜਾ ਦਾ ਚਮੜੇ ਦਾ ਚੰਗਾ ਕਾਰੋਬਾਰ ਹੋਣ ਕਰਕੇ ਨੌਕਰੀ ਨਹੀਂ ਕੀਤੀ। 1905 ਤੋਂ 1906 ਤੱਕ ਆਪ ਆਪਣੇ ਪਿਤਾ ਨਾਲ ਹੀ ਹੱਥ ਵਟਾਉਂਦੇ ਰਹੇ।

ਬਾਬੂ ਮੰਗੂ ਰਾਮ ਉਚੇਰੀ ਵਿਦਿਆ ਗ੍ਰਹਿਣ ਕਰਨ ਦੇ ਇਛੁੱਕ ਸਨ ਜਿਸ ਲਈ ਉਹ 1909 ਵਿੱਚ ਅਮਰੀਕਾ ਚਲੇ ਗਏ। ਉਥੇ ਆਪ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਕੰਮ ਕਰਕੇ ਪੈਸੇ ਕਮਾਉਂਣ ਅਤੇ ਪੜ੍ਹਾਈ ਕਰਨ ਲੱਗ ਪਏ। ਪੜ੍ਹਾਈ ਦੇ ਨਾਲ ਕਮਾਈ ਦਾ ਕੁੱਝ ਪੈਸੇ ਆਪਣੇ ਪਿਤਾ ਨੂੰ ਵੀ ਭੇਜਦੇ ਰਹੇ। 1913 ਵਿੱਚ ਕੈਲੇਫੋਰਨੀਆਂ ਦੇ ਸ਼ਹਿਰ ਸਾਨਫਰਾਂਸਿਸਕੋ ਵਿੱਚ ਲਾਲਾ ਹਰਦਿਆਲ ਜੀ ਦੀ ਅਗਵਾਈ ਵਿੱਚ ਗਦਰ ਪਾਰਟੀ ਦਾ ਗਠਨ ਹੋਇਆ । ਗਦਰ ਪਾਰਟੀ ਵਿੱਚ ਆਪਜੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ। ਗਦਰ ਪਾਰਟੀ ਦੀ ਅਖਬਾਰ ਗਦਰ ਗੂੰਜ਼ ਰਾਹੀਂ ਆਪਨੇ ਆਪਣੇ ਵਿਚਾਰਾਂ ਨਾਲ ਪੂਰੇ ਸੰਸਾਰ ਵਿੱਚ ਆਪਣੀ ਪਹਿਚਾਣ ਬਣਾਈ। ਆਪਦਾ ਇਥੇ ਚੋਟੀ ਦੇ ਆਗੂਆਂ ਨਾਲ ਮੇਲ ਹੋਇਆ ਜੋ ਹਿੰਦੋਸਤਾਨ ਨੂੰ ਅੰਗਰੇਜੀ ਸਾਮਰਾਜ ਤੋਂ ਮੁਕਤ ਕਰਵਾਉਂਣ ਲਈ ਯੋਜਨਾ ਬੱਧ ਸੰਘਰਸ਼ ਕਰ ਰਹੇ ਸਨ। ਆਪਦੇ ਕਈ ਸਾਲ ਗਦਰੀਆਂ ਨਾਲ ਕੰਮ ਕੀਤਾ ਅਤੇ ਦੁੱਖ ਤਕਲੀਫਾਂ ਝੱਲੀਆਂ ।

ਦਸੰਬਰ 1925 ਵਿੱਚ ਆਪ ਅਮਰੀਕਾ ਤੋਂ ਵਾਪਿਸ ਪਿੰਡ ਮੁਗੋਵਾਲ ਆ ਗਏ ਜਿਸ ਛੂਆ ਛਾਤ ਤੋਂ ਤੰਗ ਆਕੇ ਆਪ ਵਿਦੇਸ਼ ਗਏ ਸਨ ਉਹੀ ਵਰਤਾਰਾ ਅਤੇ ਬਿਮਾਰੀ ਨੇ ਆਪਦੇ ਮਨ ਨੂੰ ਹੋਰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਆਪਨੇ ਦਲਿਤਾਂ ਨਾਲ ਹੁੰਦੀ ਵਧੀਕੀ ਦਾ ਹਾਲ ਲਾਲਾ ਹਰਦਿਆਲ ਨੂੰ ਲਿਖਕੇ ਭੇਜਿਆ ਅਤੇ ਲਿਖਿਆ ਕਿ ਜਦੋਂ ਤੱਕ ਛੂਆ ਛਾਤ ਦੂਰ ਨਹੀਂ ਹੁੰਦੀ ਤੱਦ ਤੱ ਕ ਭਾਰਤ ਅਜ਼ਾਦ ਨਹੀਂ ਹੋ ਸਕਦਾ । ਬਾਬੂ ਮੰਗੂ ਰਾਮ ਦੇ ਉਦਮ ਨਾਲ ਭਾਰਤ ਦੀਆਂ ਅਛੂਤ ਕੌਮਾਂ ਨੂੰ ਉਭਾਰਨ ਅਤੇ ਜਾਗਿ੍ਰਤ ਕਰਨ ਲਈ 1926 ਵਿੱਚ ਅਛੂਤ ਸੁਧਾਰ ਪ੍ਰੋਗਰਾਮ ਤਿਆਰ ਕੀਤਾ ਗਿਆ ਜਿਸ ਤਹਿਤ 11 ਅਤੇ 12 ਜੂਨ 1926 ਨੂੰ ਪਹਿਲੀ ਆਦਿ ਧਰਮ ਅਛੂਤ ਕਾਨਫਰੰਸ ਪਿੰਡ ਮੁੱਗੋਵਾਲ (ਮਾਹਿਲਪੁਰ) ਵਿੱਚ ਪੰਜਾਬ ਦੀਆਂ ਸਾਰੀਆਂ ਅਛੂਤ ਬਰਾਦਰੀਆਂ ਵਲੋਂ ਕੀਤੀ ਗਈ ਜੋ ਇਤਿਹਾਸਿਕ ਕਾਨਫਰੰਸ ਹੋ ਨਿਬੜੀ । ਇਸ ਕਾਂਨਫਰੰਸ ਵਿੱਚ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਤਿੱਖਾਂ ਸੰਘਰਜਸ਼ ਕਰਨ ਦਾ ਪ੍ਰਣ ਲਿਆ। ਬਾਬੂ ਮੰਗੂ ਰਾਮ ਆਦਿ ਧਰਮ ਲਹਿਰ ਦੇ ਮੋਢੀ ਬਣੇ। ਆਪਨੇ ਅਛੂਤ ਜਾਤੀਆਂ ਨਾਲ ਸਬੰਧਤ 12 ਮੰਗਾਂ ਪੂਰੀਆਂ ਕਰਵਾਉਂਣ ਲਈ ਲੱਖਾਂ ਲੋਕਾਂ ਨਾਲ ਲੈ ਕੇ ਸੰਘਰਸ਼ ਕੀਤਾ ਅਤੇ 1950 ਵਿੱਚ ਪੂਰਾ ਕਰ ਦਿੱਤਾ। 1926 ਵਿੱਚ ਉਠੀ ਬਾਬੂ ਮੰਗੂ ਰਾਮ ਦੀ ਲਹਿਰ ਨੇ ਉਸ ਵੇਲੇ ਦੇ ਹਾਕਮਾਂ ਦੀਆਂ ਜੜ੍ਹਾਂ ਹਿਲਾਕੇ ਰੱਖ ਦਿੱਤੀਆਂ।

ਆਦਿ ਧਰਮ ਮਿਸ਼ਨ ਨੇ ਆਪਦੀ ਅਗਵਾਈ ਵਿੱਚ ਇਕ ਜਨ ਅੰਦੋਲਨ ਦਾ ਰੂਪ ਧਾਰਿਆ । ਬਾਬੂ ਮੰਗੂ ਬਾਮ ਮੁੱਗੋਵਾਲੀਆ ਅਤੇ ਉਹਨਾਂ ਦੇ ਸੰਘਰਸ਼ ਬਾਰੇ ਖੋਜ਼ ਭਰਪੂਰ ਪੁਸਤਕ ‘ ਰਿਲੀਜੀਅਸ ਰੀਬੈਲਸ ਇਨ ਪੰਜਾਬ’ 1988 ਵਿੱਚ ਮਾਰਕਸ ਜੁਅਰਜੈਨ ਸਮੇਰ ਨੇ ਲਿਖੀ। ਇਸ ਪੁਸਤਕ ਦਾ ਜਿਕਰ ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਨੇ ਵੀ ਆਪਣੇ ਲੇਖ ‘ ਮੰਗੂ ਰਾਮ ਤੋਂ ਕਾਂਸ਼ੀ ਰਾਮ ਤੱਕ ਵਿੱਚ ਕੀਤਾ ਸੀ। ਆਦਿ ਧਰਮ ਅੰਦੋਲਨ ਦੀ ਸ਼ੁਰੂਆਤ ਦਲਿਤ ਜਾਤੀ ਨਾਲ ਸਬੰਧਤ ਤਿੰਨ ਵਿਆਕਤੀਆਂ ਸ੍ਰੀ ਬਸੰਤ ਰਾਏ, ਸ੍ਰੀ ਠਾਕੁਰ ਚੰਦ ਅਤੇ ਸੁਵਾਮੀ ਸ਼ੂਦਰਾ ਨੰਦ ਤੋਂ ਹੋਈ। ਇਹ ਸਭ ਆਰੀਆ ਸਮਾਜੀ ਸਨ ਅਤੇ ਜਲੰਧਰ ,ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਦਿਹਾਤੀ ਇਲਾਕਿਆਂ ਨਾਲ ਸਬੰਧਤ ਸਨ। ਬੇਸ਼ੱਕ ਹਿੰਦੂਆਂ ਅਤੇ ਜਗੀਰਦਾਰਾਂ ਨੇ ਅਛੂਤਾਂ ਨੂੰ ਹਿੰਦੂ ਜਾਂ ਸਿੱਖ ਧਰਮ ਲਿਖਾਉਣ ਤੋਂ ਇਲਾਵਾ ਜਾਂ ਹੋਰ ਧਰਮ ਲਿਖਾਉਣ ਲਈ ਸਮਾਜਿਕ ਬਾਈਕਾਟ ,ਜਾਨੋ ਮਾਰਨ ਅਤੇ ਆਰਥਿਕ ਪਾਬੰਦੀਆਂ ਲਾਉਂਣ ਦੀਆਂ ਪਾਬੰਦੀਆਂ ਦਿੱਤੀਆਂ ਹੋਈਆਂ ਸਨ ਫਿਰ ਵੀ ਪੰਜਾਬ ਵਿੱਚ 1931 ਦੀ ਮਰਦਮ ਸ਼ਮਾਰੀ ਵੇਲੇ 4 18 789 ਲੋਕਾਂ ਨੇ ਬਾਬੂ ਮੰਗੂ ਰਾਮ ਦੀ ਗੱਲ ਮੰਨਦਿਆਂ ਆਪਣੇ ਆਪਨੂੰ ਆਦਿ ਧਰਮੀ ਲਿਖਵਾਇਆ । ਜਦੋਂ 1930,31ਅਤੇ 32 ਦੀਆਂ ਗੋਲ ਮੇਜ ਕਾਨਫਰੰਸਾਂ ਵਿੱਚ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਇਹ ਸਵਾਲ ਉਠਾਇਆ ਕਿ ਡਾਕਟਰ ਅੰਬੇਡਕਰ ਸਾਹਿਬ ਅਛੂਤਾਂ ਦੇ ਆਗੂ ਨਹੀਂ ਹਨ ਤਾਂ ਉਸ ਸਮੇਂ ਬਾਬੂ ਮੰਗੂ ਰਾਮ ਨੇ ਡਾਕਟਰ ਅੰਬੇਡਕਰ ਦੇ ਹੱਕ ਵਿੱਚ ਆਦਿ ਧਰਮ ਦੀ ਹਮਾਇਤ ਦੀਆਂ ਤਾਰਾਂ ਭੇਜੀਆਂ। ਇਸ ਤੋਂ ਇਲਾਵਾ ਜਦੋਂ ਬਰਤਾਨਵੀ ਸਰਕਾਰ ਨੇ ਦਲਿਤਾਂ ਨੂੰ ਕਮਿੳੂਨਲ ਐਵਾਰਡ ਦਿੱਤਾਂ ਤਾਂ ਗਾਂਧੀ ਨੇ ਅਛੂਤਾਂ ਨੂੰ ਮਿਲੇ ਇਸ ਹੱਕ ਦੇ ਵਿਚੋਧ ਵਿੱਚ ਮਰਨ ਵਰਤ ਰੱਖ ਦਿੱਤਾ ਤਾਂ ਉਸ ਸਮੇਂ ਬਾਬੂ ਮੰਗੂ ਰਾਮ ਮੁਗੋਵਾਲੀਆ ਨੇ ਵੀ ਡਾਕਟਰ ਅੰਬੇਕਰ ਦੇ ਹੱਕ ਅਤੇ ਗਾਂਧੀ ਦੇ ਵਿਰੋਧ ਵਿੱਚ ਮਰਨ ਵਰਤ ਰੱਖ ਦਿੱਤਾ ਜੋ ਪੂਨਾ ਪੈਕਟ ਸਮਝੌਤੇ ਤੱਕ ਜਾਰੀ ਰਿਹਾ।

ਬਾਬੂ ਮੰਗੂ ਰਾਮ ਇਕ ਸੰਘਰਸ਼ਸ਼ੀਲ ਆਗੂ ਸਨ । ਆਪਣੇ ਸੰਘਰਸ਼ ਸਦਕਾ ਉਹ ਦੋ ਵਾਰ ਵਿਧਾਇਕ ਵੀ ਚੁਣੇ ਗਏ। ਉਸ ਵਕਤ ਵਿਧਾਇਕ ਕੋਲ ਤਿੰਨਾਂ ਜ਼ਿਲ੍ਹਿਆ ਜਿੱਡਾ ਹਲਕਾ ਹੁੰਦਾ ਸੀ। ਆਪ ਵਲੋਂ ਲਹੋਰ ਐਸੰਬਲੀ ਵਿੱਚ ਦਿੱਤਾ ਗਿਆ ਭਾਸ਼ਨ ਅੱਜ ਵੀ ਯਾਦ ਕਰਦੇ ਹਨ । ਆਪ ਵਲੋਂ ‘ ਆਦਿ ਡੰਕਾਂ ਨਾਮ ਦਾ ਇਕ ਪਾਰਟੀ ਅਖਰਾਰ ਵੀ ਕੱਢਿਆ ਗਿਆ ਜਿਸਨੇ ਸਮੇਂ ਦੇ ਹਾਕਮਾਂ ਦੀ ਬੋਲਤੀ ਬੰਦ ਕੀਤੀ ਹੋਈ ਸੀ। ਬਾਬੂ ਮੰਗੂ ਰਾਮ ਮੁੱਗੋਵਾਲੀਆ ਵਲੋਂ ਦਰਸਾਏ ਰਾਹ ਤੇ ਚੱਲਦਿਆਂ ਸਮਾਜ ਵਿੱਚ ਨਫਰਤ ਅਤੇ ਅਸਮਾਨਤਾ ਫੈਲਾਉਦੀ ਸਮਾਜਿਕ ਵਿਵਸਥਾ ਨੂੰ ਬਦਲਣ ਲਈ ਹਰ ਵਰਗ ਨੂੰ ਲਾਮਬੰਦ ਹੋਣਾ ਚਾਹੀਦਾ ਹੈ।

ਸ੍ਰੀ ਮੰਗੂ ਰਾਮ ਮੂਗੋਵਾਲੀਆ : ਡਾ. ਗੁਰਮੀਤ ਸਿੰਘ ਕੱਲਰ ਮਾਜਰੀ ਅਤੇ ਡਾ. ਸੰਤੋਖ ਸਿੰਘ ਸੁੱਖੀ

ਗ਼ਦਰੀ ਬਾਬਾ ਮੰਗੂ ਰਾਮ ਮੂਗੋਵਾਲੀਆ ਪੰਜਾਬੀ ਕਵਿਤਾ ਦਾ ਉਹ ਮੁਢਲਾ ਕਵੀ ਹੈ ਜਿਸ ਨੇ ਨਾ ਕੇਵਲ ਦਲਿਤ ਸਮਾਜ ਦੀ ਜ਼ਲਾਲਤ ਭਰੀ ਜ਼ਿੰਦਗੀ ਦਾ ਵਰਨਣ ਆਪਣੀਆਂ ਕਵਿਤਾਵਾਂ ਵਿੱਚ ਕੀਤਾ, ਸਗੋਂ ਸਮਾਜਿਕ ਧਾਰਮਕ ਅਤੇ ਰਾਜਨੀਤਕ ਅਧਿਕਾਰਾਂ ਲਈ 11-12 ਜੂਨ 1927 ਵਿਚ ਆਦਿ ਧਰਮ ਮੰਡਲ ਲਹਿਰ ਦੀ ਸਥਾਪਨਾ ਕੀਤੀ । ਉਰਦੂ ਅਤੇ ਪੰਜਾਬੀ ਵਿੱਚ 1928 'ਚ ਹਫ਼ਤਾਵਾਰ 'ਆਦਿ ਡੰਕਾ' ਪਰਚਾ ਆਰੰਭ ਕੀਤਾ । ਆਪ ਉਸ ਦੇ ਮੁਢਲੇ ਸੰਪਾਦਕ ਬਣੇ ।

1909 'ਚ ਆਪ ਆਪਣੇ ਕੁਝ ਸਾਥੀਆਂ ਨਾਲ ਅਮਰੀਕਾ ਚਲੇ ਗਏ । ਲਾਲਾ ਹਰਦਿਆਲ ਦੇ ਪ੍ਰਭਾਵ ਤਹਿਤ ਆਪ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ । ਗਦਰ ਪਾਰਟੀ ਦੇ ਛਾਪੇ ਖਾਨੇ 'ਚ ਲਿਥੋ ਗ੍ਰਾਫੀ ਦਾ ਕੰਮ ਕਰਨ ਲੱਗੇ । 1913 'ਚ 'ਗ਼ਦਰ' ਨਾਂ ਦਾ ਅਖ਼ਬਾਰ ਨਿਕਲਣਾ ਸ਼ੁਰੂ ਹੋਇਆ । ਦੇਸ਼ ਭਗਤੀ ਦੀਆਂ ਕਵਿਤਾਵਾਂ ਨਾਲ਼ ਇਨ੍ਹਾਂ ਦੇ ਅੰਦਰਲੇ ਕਵੀ ਨੂੰ ਕਾਫ਼ੀ ਹੁਲਾਰਾ ਮਿਲਿਆ । ਮਾਰਚ 1914 ਨੂੰ ਜਰਮਨ ਗ਼ਦਰ ਪਾਰਟੀ ਨੂੰ ਪੰਜ ਬੰਦੇ ਦੇਣ ਲਈ ਕਿਹਾ ਜਿਹੜੇ ਹਥਿਆਰ ਲੈ ਕੇ ਭਾਰਤ ਜਾ ਸਕਣ । ਇਨ੍ਹਾਂ ਪੰਜ ਬੰਦਿਆਂ ਵਿਚ ਸ੍ਰੀ ਮੰਗੂ ਰਾਮ ਵੀ ਸ਼ਾਮਲ ਸੀ । ਰਾਹ 'ਚ ਪਕੜੇ ਜਾਣ 'ਤੇ ਇਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ । ਜਰਮਨ ਦੂਤਾਵਾਸ ਦੀ ਮਦਦ ਨਾਲ ਮੰਗੂ ਰਾਮ ਨੂੰ ਮਨੀਲਾ ਭੇਜਣ ਦਾ ਪ੍ਰਬੰਧ ਕੀਤਾ ਗਿਆ । ਬਾਅਦ 'ਚ ਫਾਂਸੀ ਦੀ ਸਜ਼ਾ ਤੋਂ ਬਚਦੇ ਬਚਾਉਂਦੇ ਸ੍ਰੀ ਮਗੂੰ ਰਾਮ 1925 ਨੂੰ ਪੰਜਾਬ ਵਾਪਸ ਆ ਗਏ । ਪੰਜਾਬ ਆ ਕੇ ਮਗੂੰ ਰਾਮ ਮੂਗੋਵਾਲੀਆ ਨੇ ਦਲਿਤ ਸਮਾਜ ਦੀ ਸਮਾਜਿਕ ਅਜ਼ਾਦੀ ਲਈ ਕੰਮ ਕਰਨਾ ਸ਼ੁਰੂ ਕੀਤਾ । 11-12 ਜੂਨ 1927 ਨੂੰ ਪਿੰਡ ਮੂੰਗੋਵਾਲ ਥਾਣਾ ਮਾਹਿਲਪੁਰ ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਆਦਿ ਧਰਮ ਦੀ ਪਹਿਲੀ ਕਾਨਫਰੰਸ ਹੋਈ ਜਿਸ ਵਿਚ ਅਛੂਤ ਸਮਾਜ ਭਾਰਤ ਦੇ ਆਦਿ ਵਾਸੀ ਸਵੀਕਾਰਦੇ ਹੋਏ 'ਆਦਿ-ਧਰਮ ਦਾ' ਐਲਾਨ ਕਰ ਦਿੱਤਾ ਗਿਆ ਜਿਸ ਦੇ ਪਹਿਲੇ ਸੰਚਾਲਕ ਸ੍ਰੀ ਮੰਗੂ ਰਾਮ ਮੂੰਗੋਵਾਲੀਆ ਚੁਣੇ ਗਏ । ਇਨ੍ਹਾਂ ਨੇ ਆਪਣੇ ਜੀਵਨ ਸੰਘਰਸ਼ ਵਿਚ ਅਛੂਤ ਸਮਾਜ ਨੂੰ ਆਦਿ ਧਰਮ ਮੰਡਲ ਲਹਿਰ ਦੀ ਸਥਾਪਨਾ ਕਰਕੇ, ਅਨੇਕਾਂ ਅਧਿਕਾਰ ਲੈ ਕੇ ਦਿੱਤੇ । ਜਿਸ ਵਿਚ ਬੇਗਾਰ ਦਾ ਖਾਤਮਾ, ਘਰਾਂ ਦੇ ਮਾਲਿਕਾਨਾ ਹੱਕ, ਵੋਟ ਦਾ ਹੱਕ, ਇੰਤਕਾਲੇ ਇਰਾਜ਼ੀ ਐਕਟ ਦਾ ਖਾਤਮਾ, ਮੁਫ਼ਤ ਸਿੱਖਿਆ, ਫੌਜ ਅਤੇ ਪੁਲਿਸ 'ਚ ਪੜ੍ਹੇ ਲਿਖੇ ਅਛੂਤਾਂ ਨੂੰ ਨੌਕਰੀ ਦਾ ਅਧਿਕਾਰ ਲੈ ਕੇ ਦਿੱਤਾ ।

ਆਦਿ-ਧਰਮ ਮੰਡਲ ਦੀ ਪਹਿਲੀ ਕਾਨਫਰੰਸ ਸਮੇਂ ਮੰਗੂ ਰਾਮ ਮੂਗੋਵਾਲੀਆ ਨੇ 'ਅਸੀਂ ਇਸ ਮੁਲਕ ਦੇ ਅਸਲੀ 'ਬਾਸ਼ਿੰਦੇ' ਆਦਿ ਧਰਮ ਸਾਡਾ ਮਜ਼ਹਬ ਹੈ' ਅਛੂਤ ਸਮਾਜ ਨੂੰ ਸੰਬੋਧਨੀ ਕਾਵਿ ਰਾਹੀਂ ਆਪਣੇ ਆਪ ਨੂੰ ਕਵੀ ਹੋਣ ਦਾ ਪ੍ਰਮਾਣ ਦਿੱਤਾ । ਉਨ੍ਹਾਂ ਦੀਆਂ ਰਚਨਾਵਾਂ 'ਆਦਿ ਡੰਕਾ' ਪਰਚੇ ਅਤੇ ਟ੍ਰੈਕਟਾਂ ਆਦਿਕ ਵਿਚ ਛਪਦੀਆਂ ਰਹੀਆਂ । ਆਪਣੀ ਉਮਰ ਦੇ ਆਖਰੀ ਵਰ੍ਹਿਆਂ ਵਿਚ ਸ੍ਰੀ ਮੰਗੂ ਰਾਮ ਨੇ ਆਦਿ ਧਰਮ ਦੀ ਪੁਨਰ ਸਥਾਪਨਾ ਮੌਕੇ ਵਾਰਤਕ ਵਿੱਚ ਅਨੇਕਾਂ ਲੇਖ ਲਿਖੇ । 'ਮੇਰੀ ਵਿਦੇਸ਼ ਯਾਤਰਾ' ਤਹਿਤ ਸਵੈ-ਜੀਵਨੀ ਦੇ ਰੂਪ 'ਚ ਹਫ਼ਤਾਵਾਰ ਰਵਿਦਾਸ ਪੱਤ੍ਰਕਾ (ਜਲੰਧਰ) 'ਚ ਲਗਾਤਾਰ ਪ੍ਰਕਾਸ਼ਿਤ ਹੁੰਦੀ ਰਹੀ । ਉਸ ਦੀਆਂ ਪ੍ਰਮੁੱਖ ਕਾਵਿ ਪੁਸਤਕਾਂ ਟ੍ਰੈਕਟ ਦੇ ਰੂਪ 'ਚ 'ਆਦਿ ਦੁਖੜੇ' ਅਤੇ ਸੱਚਾ ਪਟਾਕਾ ਮਹੱਤਵਪੂਰਨ ਹਨ ।

  • ਮੁੱਖ ਪੰਨਾ : ਬਾਬੂ ਮੰਗੂ ਰਾਮ ਮੁੱਗੋਵਾਲੀਆ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ