Biography John Keats : Tejinder Kaur
ਜੀਵਨੀ ਜੌਨ ਕੀਟਸ : ਤੇਜਿੰਦਰ ਕੌਰ
ਕੀਟਸ ( 1795-1821 ) : ਪੰਜ ਮਸ਼ਹੂਰ ਅੰਗਰੇਜ਼ੀ ਰੁਮਾਂਟਿਕ ਕਵੀਆਂ ਵਿੱਚੋਂ ਕੀਟਸ ( John Keats ) ਇੱਕ ਹੈ । ਉਸ ਦਾ ਜਨਮ 31 ਅਕਤੂਬਰ 1795 ਨੂੰ ਲੰਦਨ ਵਿੱਚ ਮੂਰਫੀਲਡਜ਼ ਵਿਖੇ ਹੋਇਆ । ਉਸ ਦੇ ਪਿਤਾ ਟਾਮਸ ਕੀਟਸ ਨੇ, ਜੋ ਘੋੜਿਆਂ ਦੇ ਅਸਤਬਲ ਦੀ ਦੇਖ- ਭਾਲ ਦਾ ਕੰਮ ਕਰਦਾ ਸੀ, ਆਪਣੇ ਪਹਿਲੇ ਮਾਲਕ, ਜੋ ਇੱਕ ਅਮੀਰ ਵਪਾਰੀ ਸੀ, ਦੀ ਬੇਟੀ ਫਰੈਨਸਿਜ਼ ਜੈਨਿਨਗਜ਼ ਨਾਲ ਸ਼ਾਦੀ ਕੀਤੀ । 1804 ਵਿੱਚ ਪਿਤਾ ਅਤੇ 1810 ਵਿੱਚ ਮਾਂ ਦੀ ਮੌਤ ਤੋਂ ਬਾਅਦ ਜਾਨ ਸਰਪ੍ਰਸਤਾਂ ਦੀ ਦੇਖ-ਰੇਖ ਹੇਠਾਂ ਪਲਿਆ । ਜਾਨ ਨੇ ਐਨਫੀਲਡ ਵਿਖੇ ਸਕੂਲ ਵਿੱਚ ਦਾਖ਼ਲਾ ਲਿਆ ਜਿੱਥੇ ਉਹ ਆਪਣੇ ਹੈੱਡਮਾਸਟਰ ਦੇ ਬੇਟੇ ਚਾਰਲਸ ਕਾਓਡਨ ਕਲਾਰਕ ਦਾ ਚੰਗਾ ਦੋਸਤ ਬਣ ਗਿਆ । ਉਸੇ ਨੇ ਕੀਟਸ ਨੂੰ ਮਹਾਨ ਕਵੀ ਐਡਮੈਂਡ ਸਪੈਂਸਰ ਦੀ ਪ੍ਰਸਿੱਧ ਕਵਿਤਾ ਦਾ ਫੇਇਰੀ ਕਵੀਨ ਨਾਲ ਜਾਣੂ ਕਰਵਾਇਆ ਜੋ ਉਸ ਦੀ ਮੁਢਲੀ ਕਵਿਤਾ ਇਮੀਟੇਸ਼ਨ ਆਫ਼ ਸਪੈਂਸਰ` ਦੀ ਪ੍ਰੇਰਨਾ ਦਾ ਸੋਮਾ ਬਣੀ । ਸਪੈਂਸਰ ਦੀ ਅਨੋਖੀ ਕਾਲਪਨਿਕ ਦੁਨੀਆ ਦੀ ਖ਼ੂਬਸੂਰਤੀ ਨੇ ਕੀਟਸ ਦੇ ਕਿਸ਼ੋਰ ਮਨ ਦੀਆਂ ਕੁਝ ਭਾਵੁਕ ਸੱਧਰਾਂ ਨੂੰ ਪੂਰਾ ਕੀਤਾ । ਸਪੈਂਸਰ ਦੀ ਭਾਸ਼ਾ ਦੀ ਮੁਹਾਰਤ ਅਤੇ ਅਲੰਕਾਰਮਈ ਚਿਤਰਨ ਦੀ ਸੰਵੇਦ- ਨਾਤਮਿਕ ਤੀਬਰਤਾ ਤੋਂ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ । 1811 ਵਿੱਚ ਸਕੂਲ ਛੱਡਣ ਤੋਂ ਬਾਅਦ ਕੀਟਸ ਨੇ ਇੱਕ ਦਵਾਫ਼ਰੋਸ਼ ਸਰਜਨ ਟਾਮਸ ਹੈਮੰਡ ਨਾਲ ਇੱਕ ਸਿੱਖਿਆਰਥੀ ਵਜੋਂ ਕੰਮ ਸ਼ੁਰੂ ਕਰ ਦਿੱਤਾ । 1815 ਵਿੱਚ ਕੀਟਸ ਨੇ ਗਾਈਜ਼ ਹਸਪਤਾਲ ਵਿੱਚ ਪੰਜੀਕਰਨ ਕਰਵਾ ਲਿਆ ਅਤੇ ਦਿਲ ਲਗਾ ਕੇ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ । 1816 ਵਿੱਚ ਉਸ ਨੂੰ ਡਾਕਟਰੀ ਦਾ ਲਾਇਸੈਂਸ ਮਿਲ ਗਿਆ ਪਰ ਕਵਿਤਾ ਦੇ ਸਰੂਰ ਨੇ ਉਸ ਨੂੰ ਇੰਨਾ ਜਕੜ ਲਿਆ ਕਿ ਉਸ ਨੇ ਆਪਣੇ ਸਰਪ੍ਰਸਤ ਨੂੰ ਦੱਸ ਦਿੱਤਾ ਕਿ ਕਵਿਤਾ ਲਈ ਉਹ ਡਾਕਟਰੀ ਛੱਡ ਰਿਹਾ ਹੈ ।
ਇਸ ਦੌਰਾਨ ਕੀਟਸ ਲੰਦਨ ਵਿੱਚ ਆਪਣੇ ਸਾਹਿਤਿਕ ਦੋਸਤਾਂ ਦੀ ਇੱਕ ਮੰਡਲੀ ਬਣਾਉਂਦਾ ਰਿਹਾ, ਜਿਨ੍ਹਾਂ ਵਿੱਚੋਂ ਦੋ ਦੋਸਤ ਉਸ ਲਈ ਬਹੁਤ ਅਹਿਮ ਸਨ ਪਹਿਲਾ ਚਿੱਤਰਕਾਰ ਬੈਂਜਾਮਿਨ ਰਾਬਰਟ ਹੇਡਨ, ਜਿਸ ਨੇ ਕੀਟਸ ਨੂੰ ਯੂਨਾਨ ਦੀ ਪਲਾਸਟਿਕ ਕਲਾ ਤੋਂ ਜਾਣੂ ਕਰਵਾਇਆ । ਜਿਸ ਦਾ ਉਸ ਦੀ ਕਵਿਤਾ ਤੇ ਡੂੰਘਾ ਅਸਰ ਹੈ ਅਤੇ ਦੂਜਾ ਕਵੀ ਤੇ ਆਲੋਚਕ ਲੇਅ ਹੰਟ, ਜਿਸ ਦੇ ਮੈਗਜ਼ੀਨ ਦਾ ਐਗਜ਼ਾਮਿਨਰ ਵਿੱਚ ਕੀਟਸ ਦੇ ਸੌਨਿਟ ਓ ਸਾਲੀਚਿਊਡ ਅਤੇ ਆਨ ਫ਼ਸਟ ਲੁਕਿੰਗ ਇਨ ਟੂ ਚੈਪਮੈਨਜ਼ ਹੋਮਰ ਪ੍ਰਕਾਸ਼ਿਤ ਹੋਏ । ਜਾਰਜ ਚੈਪਮੈਨ ਦੇ ਹੋਮਰ ਦੇ ਅਨੁਵਾਦ ਨੂੰ ਪੜ੍ਹ ਕੇ ਕੀਟਸ ਐਲੀਜਾਬੀਦੁਨ ਅਤੇ ਯੂਨਾਨੀ ਕਵਿਤਾ ਦੀ ਡੂੰਘੀ ਵਿਸ਼ਾ-ਵਸਤੂ ਅਤੇ ਪ੍ਰੋੜ੍ਹ ਸ਼ੈਲੀ ਤੋਂ ਮੁਗਧ ਹੋਇਆ ਜੋ ਸਪੈਂਸਰ ਦੀ ਰਸੀਲੀ ਇੰਦਰਿਆਵੀ ਕਲਪਨਾ ਤੋਂ ਹੱਟ ਕੇ ਸੀ । ਇਸ ਪੁਸਤਕ ਨੇ ਉਸ ਨੂੰ ਡੂੰਘਾ ਸੋਚਣ ਅਤੇ ਸਾਹਸੀ ਹੋਣ ਲਈ ਪ੍ਰੇਰਿਆ । ਉਸ ਨੇ ਵਿਲੀਅਮ ਹੈਜਲਿਟ ਅਤੇ ਪੀ.ਬੀ. ਸ਼ੈਲੀ ਵਰਗੇ ਕਈ ਹੋਰ ਨੌਜਵਾਨਾਂ ਨਾਲ ਵੀ ਦੋਸਤੀ ਪਾਈ ।
ਅਗਲੇ ਚਾਰ ਸਾਲ ਕੀਟਸ ਨੇ ਆਪਣੇ ਸ਼ਰਧਾਲੂ ਦੋਸਤਾਂ ਨੂੰ ਕਈ ਪ੍ਰਸੰਸਾਜਨਕ ਪੱਤਰ ਲਿਖੇ ਜੋ ਸਾਹਿਤਿਕ ਖੇਤਰ ਵਿੱਚ ਬਹੁਤ ਅਹਿਮੀਅਤ ਰੱਖਦੇ ਹਨ । ਉਸ ਦਾ ਪਹਿਲਾ ਕਾਵਿ-ਸੰਗ੍ਰਹਿ 1817 ਵਿੱਚ ਛਪਿਆ ਜਿਸ ਵਿੱਚ ਭਾਵੇਂ ਉਸ ਦੀ ਅਨੁਭਵਹੀਣਤਾ ਅਤੇ ਕਚਿਆਈ ਝਲਕਦੀ ਸੀ ਪਰ ਇਸ ਤੋਂ ਇਹ ਵੀ ਜ਼ਾਹਰ ਹੁੰਦਾ ਸੀ ਕਿ ਇੱਕ ਨਵੀਂ ਸੋਚ ਵਾਲਾ ਕਵੀ ਉੱਭਰ ਰਿਹਾ ਹੈ । ਉਹ ਇਹਨਾਂ ਕਵਿਤਾਵਾਂ ਵਿੱਚ ਅੱਖ, ਕੰਨ ਅਤੇ ਸਪਰਸ਼ ਦੀ ਦੁਨੀਆ ਵਿੱਚ ਖ਼ੁਸ਼ੀ ਮਹਿਸੂਸ ਕਰ ਰਿਹਾ ਸੀ ਅਤੇ ਇੰਦਰੀਆਂ ਨੂੰ ਬੱਲ ਦੇਣ ਦੀ ਭਰਪੂਰ ਕੋਸ਼ਿਸ਼ । ਕੋਈ ਚੀਜ਼ ਬਣ ਕੇ ਕਿਵੇਂ ਮਹਿਸੂਸ ਕੀਤਾ ਜਾਂਦਾ ਹੋਵੇਗਾ, ਇਹਨਾਂ ਭਾਵਨਾਵਾਂ ਨੂੰ ਰਿਕਾਰਡ ਕਰਨ ਦਾ ਇਹਨਾਂ ਕਵਿਤਾਵਾਂ ਵਿੱਚ ਪ੍ਰਸੰਸਾਯੋਗ ਯਤਨ ਕੀਤਾ ਗਿਆ ਹੈ । 1817 ਵਿੱਚ ਹੀ ਕੀਟਸ ਆਈਲ ਆਫ਼ ਵਾਈਟ ਤੇ ਚਲਾ ਗਿਆ ਅਤੇ ਆਪਣੀ ਲੰਮੀ ਕਵਿਤਾ ਅੰਡੀਮੀਈਨ : ਏ ਪੋਇਟਿਕ ਰੁਮਾਂਸ ਤੇ ਕੰਮ ਸ਼ਰੂ ਕਰ ਦਿੱਤਾ ਜੋ ਅਗਲੇ ਸਾਲ ਛਪੀ । ਇਹ ਕਵਿਤਾ ਇੱਕ ਲੈਟਮੀਅਨ ਆਜੜੀ ਦੇ ਚੰਨ ਦੀ ਦੇਵੀ ਲਈ ਪਿਆਰ ਦੀ ਮਿਥਿਹਾਸਿਕ ਕਹਾਣੀ ਹੈ ਜਿਸ ਵਿੱਚ ਨਾਇਕ ਪਤਾਲ, ਸਮੁੰਦਰ ਅਤੇ ਅਸਮਾਨ ਦੀ ਯਾਤਰਾ ਕਰਦਾ ਹੈ । ਕੀਟਸ ਨੇ ਇਸ ਕਵਿਤਾ ਵਿੱਚ ਆਪਣੀ ਕਲਪਨਾ ਸ਼ਕਤੀ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ ਅਤੇ ਅੰਡੀਮੀਈਨ ਦੀ ਕਹਾਣੀ ਨੂੰ ਮਨੁੱਖੀ ਤਜਰਬੇ ਦੀਆਂ ਆਮ ਰੁਕਾਵਟਾਂ ਤੇ ਕਾਬੂ ਪਾਉਣ ਦੀ ਰੁਮਾਂਟਿਕ ਇੱਛਾ ਦੇ ਇੱਕ ਪ੍ਰਤੀਕ ਵਜੋਂ ਵਰਤਿਆ ਹੈ । ਇਹ ਕਵਿਤਾ ਕੀਟਸ ਦੀ ਯੂਨਾਨੀ ਸ਼ੈਲੀ ਦਾ ਵੀ ਇੱਕ ਸ਼ਾਨਦਾਰ ਨਮੂਨਾ ਹੈ । ਕੀਟਸ ਯੂਨਾਨੀ ਕਲਾ ਦੀ ਖ਼ੂਬਸੂਰਤੀ ਅਤੇ ਰੰਗਾਂ ਤੋਂ ਬਹੁਤ ਆਕਰਸ਼ਿਤ ਸੀ । ਇਸ ਕਵਿਤਾ ਦੀ ਪਹਿਲੀ ਸੱਤਰ ਏ ਥਿੰਗ ਆਫ਼ ਬਿਊਟੀ ਇਜ਼ ਏ ਜੁਆਏ ਫ਼ਾਰ ਐਵਰ ਬਹੁਤ ਪ੍ਰਸਿੱਧ ਹੈ ।
ਅੰਡੀਮੀਈਨ ਪੂਰੀ ਕਰਨ ਤੋਂ ਬਾਅਦ ਉਹ ਹੈਮਪਸਟੈਡ ਵਾਪਸ ਆ ਗਿਆ ਅਤੇ ਉਸ ਨੇ ਆਪਣੇ ਦੋਸਤਾਂ ਹੇਡਨ ਅਤੇ ਲੇਅ ਹੰਟ ਨਾਲ ਕਾਫ਼ੀ ਨਾਟਕ ਵੇਖੇ ਅਤੇ ਪ੍ਰਸਿੱਧ ਐਕਟਰ ਐਡਮੰਡ ਕੀਨ ਦੇ ਕੁਝ ਨਾਟਕਾਂ ਤੇ ਲੇਖ ਵੀ ਲਿਖੇ ਜੋ 'ਦਾ ਚੈਂਪੀਅਨ' ਨਾਂ ਦੇ ਜਰਨਲ ਵਿੱਚ ਛਪੇ । ਇਸ ਦੌਰਾਨ ਕੀਟਸ ਚਾਰਲਸ ਲੈਂਬ ਅਤੇ ਵਿਲੀਅਮ ਵਰਡਜ਼ਵਰਥ ਨੂੰ ਮਿਲਿਆ ਜਿਨ੍ਹਾਂ ਦੀ ਸ਼ਖ਼ਸੀਅਤ ਦਾ ਉਹ ਬਹੁਤ ਪ੍ਰਸੰਸਕ ਸੀ ।
1818 ਵਿੱਚ ਉਸ ਦੀ ਬਿਰਤਾਂਤਕ ਕਵਿਤਾ ਇਜ਼ਾਬੈਲਾ ਛਪੀ ਜੋ ਗੀਓਵਾਨੀ ਬਕੈਸੀਓ ਦੀ ਕਹਾਣੀ ਡੈਕਾਮਿਰੋਨ ਤੇ ਅਧਾਰਿਤ ਹੈ ਅਤੇ ਜਿਸਦਾ ਕੇਂਦਰੀ ਭਾਵ ਦੁਖੀ ਪਿਆਰ ਦੀ ਮਹਾਨਤਾ ਅਤੇ ਖ਼ੂਬਸੂਰਤੀ ਹੈ ।
ਇਸ ਤੋਂ ਬਾਅਦ ਕੁਝ ਸਮੇਂ ਲਈ ਭਾਵੇਂ ਉਸ ਦੀ ਰਚਨਾਤਮਿਕ ਸਰਗਰਮੀ ਵਿੱਚ ਠੱਲ ਪੈ ਗਈ ਪਰ ਉਸ ਦੀਆਂ ਚਿੱਠੀਆਂ ਤੋਂ ਪਤਾ ਚੱਲਦਾ ਹੈ ਕਿ ਇਸ ਦੌਰਾਨ ਉਸ ਦੇ ਅੰਦਰੂਨੀ ਵਿਕਾਸ ਵਿੱਚ ਬਹੁਤ ਤਰੱਕੀ ਹੋਈ । ਉਹ ਇਸ ਬਾਰੇ ਸੁਚੇਤ ਹੋ ਗਿਆ ਕਿ ਬੇਲਗਾਮ ਕਲਪਨਾ ਦੀ ਬਜਾਏ ਤਜਰਬਾ ਅਸਲੀ ਕਵਿਤਾ ਦੀ ਕੁੰਜੀ ਹੈ ਅਤੇ ਦੁੱਖਾਂ ਤਕਲੀਫ਼ਾਂ ਤੋਂ ਭੱਜਣਾ ਨਹੀਂ ਚਾਹੀਦਾ ਬਲਕਿ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ ਜੋ ਆਤਮਾ ਦੇ ਵਿਕਾਸ ਵਿੱਚ ਸਹਾਇਕ ਹੁੰਦੇ ਹਨ । ਉਸ ਨੂੰ ਅਹਿਸਾਸ ਹੋਇਆ ਕਿ ਮਹਾਨ ਕਵਿਤਾ ਓਦੋਂ ਤੱਕ ਨਹੀਂ ਲਿਖੀ ਜਾ ਸਕਦੀ ਜਦ ਤੱਕ ਤੀਬਰ ਸੰਵੇਦਨਾ ਨੂੰ ਉੱਚੇ ਗਿਆਨ ਨਾਲ ਪੂਰਾ ਨਹੀਂ ਕੀਤਾ ਜਾਂਦਾ । ਕੀਟਸ ਨੇ ਇਹ ਵੀ ਮਹਿਸੂਸ ਕੀਤਾ ਕਿ ਉਹ ਜ਼ਿੰਦਗੀ ਦੇ ਹਨੇਰੇ ਰਸਤਿਆਂ ਦੀ ਖੋਜ ਵਿੱਚ ਹਾਲੇ ਮੁਢਲੇ ਪੜਾਅ ਤੋਂ ਹੀ ਅੱਗੇ ਨਹੀਂ ਟੱਪਿਆ । ਜ਼ਿੰਦਗੀ ਅਤੇ ਕਲਾ ਬਾਰੇ ਆਪਣੇ ਇਹਨਾਂ ਸਮਰਿੱਧ ਵਿਚਾਰਾਂ ਨੂੰ ਕਵਿਤਾ ਰੂਪ ਦੇਣ ਲਈ ਕੀਟਸ ਨੇ 1818 ਵਿੱਚ ਆਪਣੀ ਮਿਥਿਹਾਸਿਕ ਕਵਿਤਾ ਹਾਈਪੀਰੀਅਨ` ਨੂੰ ਮਹਾਂਕਾਵਿ ਦੇ ਰੂਪ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਜੋ ਓਲਿਮਪੀਅਨ ਦੇ ਦੇਵਤਾਵਾਂ ਦੇ ਹੱਥੋਂ ਟਾਈਟਨਜ਼ ਦੀ ਹਾਰ ਬਾਰੇ ਹੈ ਅਤੇ ਇਸ ਵਿੱਚ ਉਸ ਦਾ ਮੁੱਖ ਉਦੇਸ਼ ਅਪੋਲੋ ਦਾ ਪਰਿਵਰਤਨ ਅਤੇ ਦੁੱਖ ਦੀ ਡੂੰਘਾਈ ਨੂੰ ਸਵੀਕਾਰ ਕਰਦੇ ਹੋਏ ਇੱਕ ਸੱਚੇ ਕਵੀ ਦੇ ਰੂਪ ਵਿੱਚ ਵਿਕਸਿਤ ਹੋਣ ਦਾ ਵਰਣਨ ਕਰਨਾ ਹੈ । ਪਰ ਕੀਟਸ ਇਸ ਕਵਿਤਾ ਨੂੰ ਕਈ ਕਾਰਨਾਂ ਕਰ ਕੇ ਪੂਰਾ ਨਹੀਂ ਕਰ ਸਕਿਆ ।
1819 ਦੀ ਬਸੰਤ ਵਿੱਚ ਕੀਟਸ ਨੇ ਮੁੜ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਕਵਿਤਾ ਦਾ ਈਵ ਆਫ਼ ਸੇਂਟ ਐਗਨੀਜ਼ ਲਿਖੀ ਅਤੇ ਹਾਈਪੀਰੀਅਨ ਨੂੰ ਵੀ ਆਪਣੇ ਵੱਲੋਂ ਪੂਰਾ ਕੀਤਾ । ਇਸ ਤੋਂ ਬਾਅਦ ਕੀਟਸ ਨੇ ਆਪਣਾ ਪਹਿਲਾ ਗੀਤ 'ਓਡ ਟੁ ਸਾਇਕੀ` ਅਤੇ ਆਪਣੀ ਸੁਪ੍ਰਸਿੱਧ ਬੈਲੇਡ ਦਾ ਬੈਲੇ ਡੇਮ ਸਾਨਜ਼ ਮੈਸੀ ਲਿਖੀ ਅਤੇ ਹੋਰ ਗੀਤ ਓਡ ਟੁ ਏ ਨਾਈਟਿੰਗੇਲ`, 'ਓਡ ਆਨ ਗਰੀਸ਼ੀਅਨ ਅਰਨ`, ਓਡ ਟੁ ਮੈਲਨਕਲੀ, ਅਤੇ 'ਓਡ ਆਨ ਇੰਡੋਲੈਨਸ` ਲਿਖੇ ਜਿਨ੍ਹਾਂ ਵਿੱਚ ਕੀਟਸ ਦੋ ਪਰਸਪਰ ਵਿਰੋਧੀ ਅਨੁਭਵਾਂ ਅਤੇ ਇਛਾਵਾਂ ਜਿਵੇਂ ਦੁਖ ਅਤੇ ਅਨੰਦ, ਕਲਾ ਅਤੇ ਵਾਸਤਵਿਕਤਾ, ਜੀਵਨ ਅਤੇ ਸੁਫ਼ਨਾ, ਸੱਚ ਅਤੇ ਕਲਪਨਾ, ਮੌਤ ਅਤੇ ਅਮਰਤੱਵ ਆਦਿ ਦੇ ਜਟਿਲ ਰਿਸ਼ਤੇ ਦੀ ਕਾਲਪਨਿਕ ਖੋਜ ਪੜਤਾਲ ਕਰਦਾ ਹੈ । ਇਹਨਾਂ ਗੀਤਾਂ ਵਿੱਚ ਕੀਟਸ ਨੇ ਦੁਨੀਆ ਬਾਰੇ ਇੱਕ ਸਕਾਰਾਤਮਿਕ ਧਾਰਨਾ ਦਿੱਤੀ ਹੈ, ਦੁਨੀਆ ਨੂੰ ਉਹ ਆਤਮ-ਨਿਰਮਾਣ ਦੀ ਵਾਦੀ` ਆਖਦਾ ਹੈ ।
ਲੋਕ ਮਾਣ ਖੱਟਣ ਅਤੇ ਪੈਸਾ ਕਮਾਉਣ ਦੀ ਇੱਛਾ ਖ਼ਾਤਰ ਕੀਟਸ ਨੇ ਆਪਣੇ ਦੋਸਤ ਬਰਾਓਨ ਨਾਲ ਮਿਲ ਕੇ ਇੱਕ ਨਾਟਕ ਓਥੋ ਦਾ ਗ੍ਰੇਟ ਲਿਖਿਆ ਪਰ ਇਹ ਸਟੇਜ ਤੇ ਖੇਡਿਆ ਨਹੀਂ ਜਾ ਸਕਿਆ । ਕੀਟਸ ਨੇ ਇੱਕ ਹੋਰ ਨਾਟਕ ਕਿੰਗ ਸਟੀਫਨ ਵੀ ਲਿਖਣਾ ਸ਼ੁਰੂ ਕੀਤਾ ਪਰ ਉਹ ਵੀ ਪੂਰਾ ਨਹੀਂ ਹੋਇਆ । 1819 ਵਿੱਚ ਕੀਟਸ ਨੇ ਦਾ ਕੈਪ ਐਂਡ ਬੈਲਜ਼ ਨਾਂ ਦਾ ਵਿਅੰਗ ਇੱਕ ਪਰੀ ਕਥਾ ਦੇ ਰੂਪ ਵਿੱਚ ਲਿਖਿਆ । ਇਸ ਤੋਂ ਬਾਅਦ ਉਸ ਨੇ ਆਪਣੀ ਕਵਿਤਾ ਦਾ ਫਾਲ ਆਫ਼ ਹਾਈਪੀਰੀਅਨ ਵਿੱਚ ਇੱਕ ਕਵੀ ਦੇ ਕਰੱਤਵਾਂ ਦੀ ਪਰਿਭਾਸ਼ਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪਹਿਲੀ ਹਾਈਪੀਰੀਅਨ ਵਾਂਗ ਇਹ ਵੀ ਪੂਰੀ ਨਹੀਂ ਹੋ ਸਕੀ । ਇਸ ਤੋਂ ਬਾਅਦ ਉਸ ਦਾ ਸ਼ਾਹਕਾਰ ਗੀਤ 'ਓਡ ਟੂ ਔਟਮ` ਪ੍ਰਕਾਸ਼ਿਤ ਹੋਇਆ । ਆਪਣੀ ਆਖ਼ਰੀ ਕਵਿਤਾ ਜੋ ਕੀਟਸ ਨੇ ਪੂਰੀ ਕੀਤੀ ਉਹ ਲੈਮੀਆ ਸੀ-ਇੱਕ ਸੱਪਣੀ ਕੁੜੀ ਦੀ ਮਨਹੂਸ ਕਥਾ ਜੋ ਉਸ ਦੀ ਮਨਭਾਉਂਦੀ ਕਿਤਾਬ ਰਾਬਰਟ ਬਰਟਨ ਦੀ ਅਨੇਟਮੀ ਆਫ਼ ਮੈਲਨਕਲੀ ਦੇ ਇੱਕ ਪੈਰ੍ਹੇ ਤੇ ਅਧਾਰਿਤ ਹੈ ਅਤੇ ਜਿਸਦਾ ਨਿਸ਼ਕਰਸ਼ ਹੈ ਕਲਾਕਾਰ ਅਤੇ ਪ੍ਰੇਮੀ ਦੋਵੇਂ ਭਰਾਂਤੀਜਨਕ ਭੁਲਾਵੇ ਵਿੱਚ ਰਹਿੰਦੇ ਹਨ` ।
1820 ਵਿੱਚ ਕੀਟਸ ਦੀ ਸਿਹਤ ਕਾਫ਼ੀ ਖ਼ਰਾਬ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਕੰਮ ਬੰਦ ਕਰਨ ਦੀ ਹਿਦਾਇਤ ਦਿੱਤੀ । ਉਸ ਦਾ ਤੀਸਰਾ ਤੇ ਆਖ਼ਰੀ ਕਾਵਿ ਸੰਗ੍ਰਹਿ ਲੇਮੀਆ, ਇਜ਼ਾਬੈਲਾ, ਦਾ ਈਵ ਆਫ਼ ਸੇਂਟ ਐਗਨੀਜ਼ ਐਂਡ ਅਦਰ ਪੋਇਮਜ਼ 1820 ਵਿੱਚ ਛਪਿਆ । ਆਪਣੇ ਦੋਸਤ ਜੋਸਫ ਸੈਵਰਨ ਨਾਲ ਜੋ ਇੱਕ ਚਿੱਤਰਕਾਰ ਸੀ, ਕੀਟਸ, ਪੀ.ਬੀ.ਸ਼ੈਲੀ ਦੇ ਸੱਦੇ ਤੇ ਇਟਲੀ ਚਲਾ ਗਿਆ । ਉੱਥੇ ਰੋਮ ਵਿੱਚ 23 ਫਰਵਰੀ 1821 ਨੂੰ 26 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ । ਉੱਥੇ ਹੀ ਰੋਮਨ ਪਰੋਟੈਸਟੈਂਟ ਵਿੱਚ ਉਸ ਨੂੰ ਦਫ਼ਨਾ ਦਿੱਤਾ ਗਿਆ ।
ਚਾਹੇ ਕੀਟਸ ਥੋੜ੍ਹੇ ਸਾਲ ਹੀ ਜਿੰਦਾ ਰਿਹਾ ਪਰ ਸਾਹਿਤ ਦੇ ਖੇਤਰ ਵਿੱਚ ਉਸ ਦੀ ਮਹਾਨ ਦੇਣ ਹੈ । ਸਾਰੇ ਰੁਮਾਂਟਿਕ ਕਵੀਆਂ ਵਿੱਚੋਂ ਉਹ ਸਭ ਤੋਂ ਜ਼ਿਆਦਾ ਹੋਣਹਾਰ ਸੀ ।