Biography : Harvinder Singh Chandigarh

ਜੀਵਨੀ ਤੇ ਰਚਨਾ : ਹਰਵਿੰਦਰ ਸਿੰਘ

ਹਰਵਿੰਦਰ ਸਿੰਘ ਚੰਡੀਗੜ੍ਹ ਦਾ ਜਨਮ 13 ਸਤੰਬਰ 1963 ਨੂੰ ਪਟਿਆਲਾ ਜਿਲ੍ਹਾ ਦੇ ਪਿੰਡ ਹਡਾਣਾ ਵਿਖੇ ਪਿਤਾ ਚਾਨਣ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੇ ਘਰ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ । ਉਹਨਾਂ ਦੇ ਵਾਲਿਦ ਸ੍ਰ. ਚਾਨਣ ਸਿੰਘ 1947 ਦੀ ਵੰਡ ਦੌਰਾਨ ਪਾਕਿਸਤਾਨ ਦੇ ਲਾਇਲਪੁਰ ਦੇ ਬਾਰ ਦੇ ਇਲਾਕੇ ਵਿੱਚੋਂ ਹਿਜ਼ਰਤ ਕਰਕੇ ਪਟਿਆਲਾ ਜਿਲ੍ਹੇ ਦੇ ਘੱਗਰ ਕਿਨਾਰੇ ਪੈਂਦੇ ਇਲਾਕੇ ਵਿੱਚ ਆ ਕੇ ਆਬਾਦ ਹੋਏ ਸਨ। ਉਹਨਾਂ ਨੇ .ਅਰਥਸ਼ਾਸ਼ਤਰ ਵਿੱਚ ਐਮ ਏ ਪੰਜਾਬੀ ਯੁਨੀਵਰਸਟੀ ਪਟਿਆਲਾ ਤੋਂ ਕੀਤੀ ਅਤੇ ਇਸ ਉਪਰੰਤ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸੂਬਾ ਸਰਕਾਰ ਦੇ ਫਾਈਨਾਂਸ ਅਤੇ ਪਲਾਨਿੰਗ ਵਿਭਾਗ ਵਿੱਚ ਇੱਕ ਗਜਟਿਡ ਅਧਿਕਾਰੀ ਵਜੋਂ ਤਾਇਨਾਤ ਹੋ ਗਏ ਅਤੇ ਸੰਯੁਕਤ ਡਾਇਰੈਕਟਰ ਦੇ ਅਹੁਦੇ ਤੱਕ ਤਰੱਕੀ ਪ੍ਰਾਪਤ ਕੀਤੀ।

ਹਰਵਿੰਦਰ ਸਿੰਘ ਅਜਕਲ ਚੰਡੀਗੜ੍ਹ ਰਹਿੰਦੇ ਹਨ ।ਉਹ ਮੁੱਖ਼ ਰੂਪ ਵਿੱਚ ਨਸਰੀ ਨਜ਼ਮ ਅਤੇ ਅਹਿਮ ਸਮਾਜਕ - ਆਰਥਿਕ ਮਸਲਿਆਂ ਬਾਰੇ ਮਿਆਰੀ ਅਖਬਾਰਾਂ ਵਿੱਚ ਲੇਖ ਲਿਖਣ ਵਾਲੈ ਲਿਖਾਰੀ ਹਨ ।ਗੁਲਾਬਸੀ’ ਅਤੇ‘ਪੰਜ ਨਦੀਆਂ ਦਾ ਗੀਤ , ਵੱਸਦੇ ਰਹਿਣ ਪੰਜਾਬੀ ਅਤੇ ਪਾਣੀ ਦਾ ਜਿਸਮ ਉਹਨਾਂ ਦੀਆਂ ਨਜ਼ਮਾਂ ਦੀਆਂ ਚਾਰ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ । ਉਹਨਾਂ ਦੀ ਪੰਜ ਨਦੀਆਂ ਦਾ ਗੀਤ ਕਿਤਾਬ , ਜੋ ਕਿ ਪੰਜਾਬ ਦੀ ਹੜੱਪਾ ਸਮੇਂ ਤੋਂ ਲੈ ਕੇ ਹੁਣ ਤੱਕ ਦੀ ਤਵਾਰੀਖ਼ ਅਤੇ ਰਹਿਤਲ ਨਾਲ ਵਾਬਸਤਾ ਅਹਿਮ ਮਰਹਲਿਆਂ ਅਤੇ ਨੁਕਤਿਆਂ ਦੀ ਤਸਵੀਰਕਸ਼ੀ ਕਰਦੀ ਹੈ , ਬਹੁਤ ਮਕਬੂਲ ਹੋਈ ਸੀ ਅਤੇ ਇਹ ਕਿਤਾਬ ਦਿੱਲੀ ਯੁਨੀਵਰਸਟੀ ਦੇ ਸਿਲੇਬਸ ਵਿੱਚ ਵੀ ਲੱਗੀ ਰਹੀ ਹੈ । ਇਸ ਉੱਤੇ ਮੈਂ ਪੰਜਾਬ ਬੋਲਦਾ ਹਾਂ’ ਨਾਮ ਦਾ ਨਾਟਕ ਵੀ ਲਿਖਿਆ ਗਿਆ ਸੀ ਤੇ ਕਈ ਥਾਈਂ ਖੇਡਿਆ ਗਿਆ ਸੀ ਅਤੇ ਕਾਫ਼ੀ ਮਕਬੂਲ ਹੋਇਆ ਸੀ । ਉਹਨਾਂ ਦੀ ਨਜ਼ਮ ਪਾਣੀ ਦਾ ਜਿਸਮ ਬੇਹੱਦ ਮਕਬੂਲ ਹੋਈ ਹੈ ਜੋ ਉਰਦੂ , ਸਿੰਧੀ ਅਤੇ ਕਈ ਹੋਰ ਜ਼ਬਾਨਾਂ ਵਿੱਚ ਤਰਜਮਾ ਹੋ ਚੁੱਕੀ ਹੈ ਅਤੇ ਉਹਨਾਂ ਦਾ ਪਹਿਚਾਣ ਚਿਨ੍ਹ ਬਣ ਚੁੱਕੀ ਹੈ ।

ਹਰਵਿੰਦਰ ਸਿੰਘ ਦੀਆਂ ਲਿਖਤਾਂ ਵਿੱਚ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨਾਲ ਸਬੰਧਿਤ ਵਿਸ਼ਿਆਂ ਦਾ ਖ਼ਾਸ ਜ਼ਿਕਰ ਅਤੇ ਫ਼ਿਕਰ ਹੁੰਦਾ ਹੈ ।ਉਹਨਾਂ ਦੇ ਪੰਜਾਬੀ ਜ਼ਬਾਨ ਅਤੇ ਪੰਜਾਬੀ ਕੌਮ ਦੀ ਬਿਹਤਰੀ ਲਈ ਕਈ ਮਜ਼ਮੂਨ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ ।ਉਹ ਸੋਸਲ ਮੀਡੀਆ ਤੇ ਵੀ ਸਰਗਰਮੀ ਨਾਲ ਆਪਣੀਆਂ ਅਤੇ ਹੋਰਨਾਂ ਲੇਖਕਾਂ ਦੀਆਂ ਰਚਨਾਵਾਂ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਪੇਸ਼ ਕਰਦੇ ਰਹਿੰਦੇ ਹਨ । ਉਹ ਪੰਜਾਬੀ ਦੀ ਬਿਹਤਰੀ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਦੀਆਂ ਕਾਨਫਰੰਸਾਂ ਵਿੱਚ ਭਾਗ ਲੈਣ ਦੇ ਨਾਲ਼ ਨਾਲ਼ ਕਈ ਅਮਲੀ ਕਾਰਜ ਵੀ ਕਰਦੇ ਰਹਿੰਦੇ ਹਨ, ਮਸਲਨ ਉਹ ਵਿਕਿਪੀਡੀਆ ਉੱਤੇ ਲੇਖ ਲਿਖਦੇ ਹਨ ਅਤੇ ਹਾਲ 2023 ਵਿੱਚ ਉਹਨਾਂ ਨੇ ਹਿੰਦੀ ਮਾਧਿਅਮ ਰਾਹੀਂ ਪੰਜਾਬੀ ਸਿਖਾਉਣ ਲਈ ‘ਹਿੰਦੀ ਸੇ ਪੰਜਾਬੀ ਸੀਖੇਂ’ ਕਿਤਾਬ ਵੀ ਲਿਖੀ ਹੈ ਤਾਂ ਜੋ ਪੰਜਾਬ ਤੋਂ ਬਾਹਰ ਰਹੀ ਰਹੇ ਪੰਜਾਬੀ ਮੂਲ ਦੇ ਲੋਕ ਪੰਜਾਬੀ ਭਾਸ਼ਾ ਸਿੱਖ ਸਕਣ।

ਪਿਛਲੇ ਸਮੇਂ ਦੌਰਾਨ ਉਹਨਾਂ ਨੇ ਮਾਰਚ 2022 ਅਤੇ ਮਾਰਚ 2024 ਵਿੱਚ ਲਾਹੌਰ ਵਿੱਚ ਹੋਈਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਵਿੱਚ ਭਾਗ ਲਈ ਕੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਮਜ਼ਬੂਤੀ ਲਈ ਠੋਸ ਸੁਝਾਓ ਪੇਸ਼ ਕੀਤੇ।

ਸੰਪਰਕ ::
ਮੋਬ :9779089450
Email : jdesoharvinder63@gmail .com

  • ਮੁੱਖ ਪੰਨਾ : ਹਰਵਿੰਦਰ ਸਿੰਘ ਚੰਡੀਗੜ੍ਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ