Biography : Guru Teg Bahadur Ji
ਜੀਵਨੀ ਤੇ ਰਚਨਾ ਗੁਰੂ ਤੇਗ ਬਹਾਦੁਰ ਜੀ
ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਸਿੱਖ ਧਰਮ ਅੰਦੋਲਨ ਦੇ ਆਪ ਨੌਵੇਂ ਅਧਿਆਤਮਿਕ ਗੱਦੀਦਾਰ ਸਨ । ਆਪ ਦਾ ਜਨਮ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਸੰਨ 1621 ਈ. (ਵਿਸਾਖ ਵਦੀ 5, 1678 ਬਿ.) ਨੂੰ ਅੰਮ੍ਰਿਤਸਰ ਵਿਚ ਹੋਇਆ । ਬਚਪਨ ਤੋਂ ਹੀ ਆਪ ਵੈਰਾਗੀ ਰੁਚੀ ਵਾਲੇ ਗੰਭੀਰ ਧਰਮ-ਸਾਧਕ ਅਤੇ ਤਪਸਵੀ ਮਹਾਪੁਰਸ਼ ਸਨ । ਆਪ ਦਾ ਵਿਆਹ ਕਰਤਾਰਪੁਰ ਦੇ ਨਿਵਾਸੀ ਭਾਈ ਲਾਲ ਚੰਦ ਦੀ ਸੁਪੁੱਤਰੀ ਗੁਜਰੀ ਨਾਲ ਸੰਨ 1632 ਈ. (15 ਅਸੂ, 1689 ਬਿ.) ਵਿਚ ਹੋਇਆ । ਪਿਤਾ-ਗੁਰੂ ਹਰਿਗੋਬਿੰਦ ਜੀ ਦੇ ਮਹਾ-ਪ੍ਰਸਥਾਨ ਤੋਂ ਬਾਦ ਸੰਨ 1644 ਈ. ਵਿਚ ਆਪ ਆਪਣੀ ਪਤਨੀ ਅਤੇ ਮਾਤਾ ਸਹਿਤ ਬਕਾਲਾ ਪਿੰਡ ਵਿਚ ਆ ਵਸੇ ਜੋ ਕਾਲਾਂਤਰ ਵਿਚ ਆਪ ਦੇ ਨਾਂ 'ਤੇ 'ਬਾਬਾ ਬਕਾਲਾ'ਕਰਕੇ ਪ੍ਰਸਿੱਧ ਹੋਇਆ ।
ਆਪ ਦੇ ਪਿਤਾ ਗੁਰੂ ਹਰਿਗੋਬਿੰਦ ਜੀ ਤੋਂ ਬਾਦ ਗੁਰੂ ਹਰਿਰਾਇ ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਕ੍ਰਮਵਾਰ ਸੱਤਵੇਂ ਅਤੇ ਅੱਠਵੇਂ ਗੁਰੂ ਬਣੇ । ਬਾਲ-ਕਾਲ ਵਿਚ ਜੋਤੀ -ਜੋਤਿ ਸਮਾਉਣ ਕਾਰਣ ਅੱਠਵੇਂ ਗੁਰੂ ਨੇ ਗੁਰੂ-ਗੱਦੀ ਦੇ ਉਤਰਾਧਿਕਾਰੀ ਬਾਰੇ ਕੇਵਲ 'ਬਾਬਾ ਬਕਾਲੇ'ਸ਼ਬਦ ਕਹੇ । ਇਸ ਅਸਪੱਸ਼ਟ ਸੰਕੇਤ ਕਾਰਣ ਗੱਦੀ ਦੇ ਕਈ ਦਾਵੇਦਾਰ ਖੜੇ ਹੋ ਗਏ । ਆਖ਼ਿਰ ਭਾਈ ਮੱਖਣ ਸ਼ਾਹ ਲੁਬਾਣਾ ਨੇ ਆਪਣੀ ਮੰਨਤ ਭੇਟਾ ਕਰਨ ਲਈ ਸੂਖਮ ਦ੍ਰਿਸ਼ਟੀ ਨਾਲ 22 ਅਖੌਤੀ ਗੱਦੀਆਂ ਵਿਚੋਂ ਸਚੇ ਗੁਰੂ ਨੂੰ ਲਭ ਲਿਆ । ਆਪ 20 ਮਾਰਚ 1665 ਈ. (ਚੇਤ ਸੁਦੀ 14, 1722 ਬਿ.) ਨੂੰ 43 ਵਰ੍ਹਿਆਂ ਦੀ ਉਮਰ ਵਿਚ ਗੁਰੂ-ਗੱਦੀ ਉਤੇ ਬੈਠੇ । ਤਦ-ਉਪਰੰਤ ਆਪ ਕਈ ਗੁਰੂ-ਧਾਮਾਂ ਦੀ ਯਾਤ੍ਰਾ ਕਰਦੇ ਹੋਏ ਕੀਰਤਪੁਰ ਪਹੁੰਚੇ । ਕੁਝ ਸਮਾਂ ਉਥੇ ਟਿਕੇ ਅਤੇ ਫਿਰ ਨੈਣਾ ਦੇਵੀ ਦੇ ਨੇੜੇ ਸਤਲੁਜ ਨਦੀ ਦੇ ਕੰਢੇ, ਮਾਖੋਵਾਲ ਪਿੰਡ ਦੀ ਧਰਤੀ ਪਹਾੜੀ ਰਾਜਿਆਂ ਤੋਂ ਖ਼ਰੀਦ ਕੇ ਸੰਨ 1666 ਈ. (ਸੰਨ 1723 ਬਿ.) ਵਿਚ ਆਨੰਦਪੁਰ ਬਸਤੀ ਦੀ ਸਥਾਪਨਾ ਕੀਤੀ ਜੋ ਬਾਦ ਵਿਚ ਖ਼ਾਲਸੇ ਦੀ ਜਨਮ-ਭੂਮੀ ਵਜੋਂ ਪ੍ਰਸਿੱਧ ਹੋਈ ।
ਇਸ ਤੋਂ ਬਾਦ ਆਪ ਧਰਮ-ਪ੍ਰਚਾਰ ਲਈ ਯਾਤ੍ਰਾ ਉਤੇ ਨਿਕਲ ਪਏ ਅਤੇ ਮਾਲਵਾ ਤੇ ਬਾਂਗਰ ਖੇਤਰਾਂ ਵਿਚੋਂ ਹੁੰਦੇ ਹੋਏ ਅਹੀਆਪੁਰ (ਅਲਾਹਾਬਾਦ) ਪਹੁੰਚੇ ਅਤੇ ਫਿਰ ਉਥੋਂ ਬਨਾਰਸ, ਪਟਨਾ ਅਤੇ ਗਯਾ ਆਦਿ ਥਾਂਵਾਂ ਉਤੇ ਗਏ । ਪਰਿਵਾਰ ਨੂੰ ਪਟਨੇ ਛਡ ਕੇ ਉਥੋਂ ਪਹਿਲਾਂ ਬੰਗਾਲ ਵਲ ਗਏ ਅਤੇ ਕੁਝ ਸਮੇਂ ਲਈ ਢਾਕੇ ਵਿਚ ਵੀ ਰਹੇ । ਆਪ ਦੇ ਪਿਛੋਂ ਪਟਨਾ ਵਿਚ ਬਾਲਕ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ ਜੀ) ਦਾ 22 ਦਸੰਬਰ 1666 ਈ. (ਪੋਹ ਸੁਦੀ ਸਪਤਮੀ, 1723 ਬਿ.) ਨੂੰ ਜਨਮ ਹੋਇਆ । ਆਪ ਜੋਧਪੁਰ ਦੇ ਰਾਜਾ ਰਾਮ ਸਿੰਘ ਨਾਲ ਅਸਾਮ ਦੀ ਮੁਹਿੰਮ ਉਤੇ ਚਲੇ ਗਏ ਅਤੇ ਉਥੋਂ ਦਾ ਸਾਰਾ ਮਾਮਲਾ, ਰਾਸ਼ਟਰੀ-ਹਿਤਾਂ ਨੂੰ ਮੁਖ ਰਖਦਿਆਂ, ਸ਼ਾਂਤੀ-ਪੂਰਵਕ ਹਲ ਕੀਤਾ । ਉਥੋਂ ਵਾਪਸ ਆ ਕੇ ਕੁਝ ਸਮਾਂ ਆਪ ਪਟਨਾ ਨਗਰ ਵਿਚ ਟਿਕੇ ਅਤੇ ਫਿਰ ਪਰਿਵਾਰ ਨੂੰ ਉਥੇ ਛਡ ਕੇ ਸੰਨ 1668 ਈ. ਵਿਚ ਆਨੰਦਪੁਰ ਪਰਤ ਆਏ । ਸੰਨ 1672 ਈ. ਵਿਚ ਪਟਨੇ ਤੋਂ ਆਪਣੇ ਪਰਿਵਾਰ ਨੂੰ ਵੀ ਉਥੇ ਬੁਲਵਾ ਲਿਆ ।
ਕੁਝ ਵਰ੍ਹੇ ਆਪ ਆਨੰਦਪੁਰ ਵਿਚ ਧਰਮ-ਪ੍ਰਚਾਰ ਕਰਦੇ ਰਹੇ । ਇਸੇ ਦੌਰਾਨ ਔਰੰਗਜ਼ੇਬ ਬਾਦਸ਼ਾਹ ਨੇ ਹਿੰਦੂਆਂ ਨੂੰ ਸਮੂਹਿਕ ਤੌਰ 'ਤੇ ਮੁਸਲਮਾਨ ਬਣਾਉਣ ਦੀ ਯੋਜਨਾ ਨੂੰ ਸਭ ਤੋਂ ਪਹਿਲਾਂ ਕਸ਼ਮੀਰ ਵਿਚ ਲਾਗੂ ਕਰਨ ਦਾ ਯਤਨ ਕੀਤਾ । ਫਲਸਰੂਪ ਕਸ਼ਮੀਰ ਦੇ ਬ੍ਰਾਹਮਣ ਆਪਣੇ ਧਰਮ ਦੀ ਰਖਿਆ ਲਈ ਆਪ ਦੀ ਸ਼ਰਣ ਵਿਚ ਆਏ ਅਤੇ ਸੰਨ 1675 ਈ. ਵਿਚ ਉਨ੍ਹਾਂ ਦੇ ਧਾਰਮਿਕ ਸੰਕਟ ਨੂੰ ਖ਼ਤਮ ਕਰਨ ਲਈ ਕੁਝ ਸਿੱਖ-ਸੇਵਕਾਂ ਨੂੰ ਨਾਲ ਲੈ ਕੇ ਆਪ ਦਿੱਲੀ ਵਲ ਚਲ ਪਏ । ਯਾਤ੍ਰਾ ਦੌਰਾਨ ਆਪ ਕਈ ਨਗਰਾਂ/ ਉਪਨਗਰਾਂ ਵਿਚ ਠਹਿਰੇ ਅਤੇ ਧਰਮ ਪ੍ਰਤਿ ਦ੍ਰਿੜ੍ਹਤਾ ਦਾ ਪ੍ਰਚਾਰ ਕਰਦੇ ਰਹੇ । ਦਿੱਲੀ ਪਹੁੰਚਣ ਤੋਂ ਪਹਿਲਾਂ ਆਪ ਨੂੰ ਆਗਰੇ ਵਿਚ ਬੰਦੀ ਬਣਾ ਲਿਆ ਗਿਆ । ਬਾਦਸ਼ਾਹ ਵਲੋਂ ਮੁਸਲਮਾਨ ਬਣਨ ਦੀ ਹਰ ਪ੍ਰਕਾਰ ਦੀ ਪੇਸ਼ਕਸ਼ ਨੂੰ ਆਪ ਨੇ ਠੁਕਰਾ ਦਿੱਤਾ । ਬਾਦਸ਼ਾਹ ਨੇ ਆਪ ਨੂੰ 11 ਨਵੰਬਰ 1675 ਈ. (ਮਘਰ ਸੁਦੀ 5, 1732 ਬਿ.) ਨੂੰ ਦਿੱਲੀ ਵਿਚ ਕੋਤਵਾਲੀ ਦੇ ਨੇੜੇ ਗੁਰਦੁਆਰਾ ਸੀਸਗੰਜ ਵਾਲੇ ਸਥਾਨ ਉਤੇ ਸ਼ਹੀਦ ਕਰਵਾ ਦਿੱਤਾ ।
ਆਪ ਦੇ ਨਾਲ ਗਏ ਸਿੱਖ-ਸੇਵਕਾਂ ਵਿਚੋਂ ਭਾਈ ਮਤੀਦਾਸ ਅਤੇ ਭਾਈ ਦਿਆਲਾ ਨੂੰ ਵੀ ਬੜੀ ਬੇਦਰਦੀ ਨਾਲ ਸ਼ਹੀਦ ਕੀਤਾ ਗਿਆ । ਆਪ ਦੇ ਸ਼ਰੀਰ (ਕੇਵਲ ਧੜ) ਦਾ ਸਸਕਾਰ ਭਾਈ ਲੱਖੀ ਸ਼ਾਹ ਨੇ ਰਾਏਸੀਨਾ ਪਿੰਡ ਵਿਚ ਆਪਣੇ ਘਰ ਦੇ ਅੰਦਰ ਉਸ ਸਥਾਨ ਉਤੇ ਕੀਤਾ ਜਿਥੇ ਹੁਣ ਗੁਰਦੁਆਰਾ ਰਕਾਬਗੰਜ (ਨਵੀਂ ਦਿੱਲੀ) ਬਣਿਆ ਹੋਇਆ ਹੈ । ਆਪ ਦੇ ਸੀਸ ਨੂੰ ਚਾਦਰ ਵਿਚ ਲਪੇਟ ਕੇ ਭਾਈ ਜੈਤਾ ਆਨੰਦਪੁਰ ਪਹੁੰਚਿਆ ਜਿਥੇ ਬਾਲਕ ਗੋਬਿੰਦ ਰਾਇ ਨੇ ਬੜੇ ਸਤਿਕਾਰ ਨਾਲ ਉਸ ਦਾ ਸਸਕਾਰ ਕੀਤਾ । ਇਸ ਸਦ-ਉਦਮ ਕਾਰਣ ਇਤਿਹਾਸ ਵਿਚ ਭਾਈ ਜੈਤਾ ਨੂੰ 'ਗੁਰੂ ਕਾ ਬੇਟਾ 'ਅਖਵਾਉਣ ਦਾ ਸਨਮਾਨ ਪ੍ਰਾਪਤ ਹੋਇਆ । 'ਬਚਿਤ੍ਰ ਨਾਟਕ' ਵਿਚ ਆਪ ਦੇ ਮਹਾ-ਬਲਿਦਾਨ ਦੀ ਘਟਨਾ ਬਾਰੇ ਲਿਖਿਆ ਹੈ: ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭੁਪੁਰ ਕੀਯਾ ਪਯਾਨ । ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ । ਆਪ ਕੁਲ 10 ਵਰ੍ਹੇ, 7 ਮਹੀਨੇ ਅਤੇ 18 ਦਿਨ ਗੁਰੂ-ਗੱਦੀ ਉਤੇ ਬਿਰਾਜਮਾਨ ਰਹੇ । ਆਪ ਦੇ ਮਹਾ-ਪ੍ਰਸਥਾਨ ਤੋਂ ਬਾਦ ਆਪ ਦੇ ਸੁਪੁੱਤਰ ਗੋਬਿੰਦ ਰਾਇ ਜੀ ਗੁਰੂ-ਗੱਦੀ ਉਤੇ ਬੈਠੇ, ਜਿਨ੍ਹਾਂ ਨੇ ਕੌਮ ਨੂੰ ਇਕ ਨਵੀਂ ਸੇਧ ਦੇ ਕੇ ਭਾਰਤੀਅਤਾ ਦਾ ਕਲਿਆਣ ਕੀਤਾ ।
ਵਿਅਕਤਿਤਵ
ਆਪ ਸ਼ੁਰੂ ਤੋਂ ਹੀ ਸੰਸਾਰਿਕਤਾ ਪ੍ਰਤਿ ਤਿਆਗ ਅਤੇ ਵੈਰਾਗ ਦੀ ਭਾਵਨਾ ਕਾਰਣ ਹਰਿ-ਭਗਤੀ ਵਿਚ ਲੀਨ ਰਹਿੰਦੇ ਸਨ । ਪਰ ਆਪਣੇ ਪਿਤਾ ਗੁਰੂ ਹਰਿਗੋਬਿੰਦ ਜੀ ਵਲੋਂ ਆਤਮ-ਰਖਿਆ ਲਈ ਸ਼ੁਰੂ ਕੀਤੀ ਸੈਨਿਕ ਕ੍ਰਿਾਂਤੀ ਦੀ ਮੁਹਿੰਮ ਵਿਚ ਆਪ ਨੇ 13/14 ਸਾਲਾਂ ਦੀ ਉਮਰ ਵਿਚ ਕਰਤਾਰਪੁਰ ਦੇ ਯੁੱਧ ਵਿਚ ਹਿੱਸਾ ਲਿਆ ਅਤੇ ਯੁੱਧ-ਭੂਮੀ ਵਿਚ ਸੈਨਿਕ ਪਰਾਕ੍ਰਮ ਦਿਖਾਉਣ ਕਾਰਣ ਪਿਤਾ-ਗੁਰੂ ਵਲੋਂ ਜੁਝਾਰੂ ਨਾਂ 'ਤੇਗ ਬਹਾਦਰ' ਪ੍ਰਾਪਤ ਕੀਤਾ । ਆਪ ਦੇ ਹਿਰਦੇ ਅੰਦਰ ਦੇਸ਼-ਵਾਸੀਆਂ ਦੇ ਕਲਿਆਣ ਦੀ ਭਾਵਨਾ ਸਦਾ ਸਜਗ ਰਹਿੰਦੀ । ਇਹੀ ਕਾਰਣ ਹੈ ਕਿ ਅਸਾਮ ਦੀ ਮੁਹਿੰਮ ਵੇਲੇ ਲੜਾਈ ਵਿਚ ਦੋਹਾਂ ਪਾਸਿਓਂ ਭਾਰਤੀਆਂ ਦਾ ਨੁਕਸਾਨ ਹੁੰਦਿਆਂ ਨ ਸਹਾਰ ਕੇ ਸ਼ਾਂਤੀ-ਪੂਰਵਕ ਵਿਰੋਧ ਦਾ ਮਾਮਲਾ ਖ਼ਤਮ ਕੀਤਾ ਅਤੇ ਕਸ਼ਮੀਰੀ ਪੰਡਿਤਾਂ ਦੇ ਸੰਕਟ ਨੂੰ ਆਪਣਾ ਸੰਕਟ ਸਮਝ ਕੇ ਆਪਣਾ ਆਪ ਕੁਰਬਾਨ ਕਰ ਦਿੱਤਾ । ਆਪਣਾ ਬਲਿਦਾਨ ਉਨ੍ਹਾਂ ਨੇ ਸਵੈ-ਇੱਛਾ ਅਧੀਨ ਦਿੱਤਾ । ਇਕ ਸਮਕਾਲੀ ਭੱਟ ਨੇ ਕਿਹਾ ਹੈ:
ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹਿ ਨ ਛੋੜੀਏ ।
ਗੁਰ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨ ਛੋੜੀਏ ।
ਭਾਰਤੀ ਸੰਸਕ੍ਰਿਤੀ ਅਨੇਕ ਗੌਰਵਪੂਰਣ ਪਰੰਪਰਾਵਾਂ ਨਾਲ ਭਰਪੂਰ ਹੈ । ਤਪ, ਸੰਜਮ, ਵੀਰਤਾ, ਤਿਆਗ, ਸੇਵਾ ਆਦਿ ਨਾਲ ਸੰਬੰਧਿਤ ਅਨੇਕ ਘਟਨਾਵਾਂ ਨਾਲ ਭਾਰਤੀ ਇਤਿਹਾਸ ਭਰਿਆ ਪਿਆ ਹੈ । ਪਰ ਅਜੇ ਤਕ ਬਲਿਦਾਨ ਜਾਂ ਸ਼ਹੀਦੀ ਦੀ ਘਾਟ ਸੀ । ਸਾਮੀ ਸੰਸਕ੍ਰਿਤੀ ਵਿਚ ਹਜ਼ਰਤ ਈਸਾ ਦਾ ਸਲੀਬ ਉਤੇ ਚੜ੍ਹਨਾ, ਕਰਬਲਾ ਦੇ ਮੈਦਾਨ ਵਿਚ ਇਮਾਮ ਹੁਸੈਨ ਦਾ ਸ਼ਹੀਦ ਹੋਣਾ ਯੁਗ-ਪਲਟਾਉਣ ਵਾਲੀਆਂ ਘਟਨਾਵਾਂ ਸਨ ਜਿਨ੍ਹਾਂ ਤੋਂ ਉਨ੍ਹਾਂ ਧਰਮਾਂ ਦੇ ਅਨੁਯਾਈ ਹੁਣ ਤਕ ਪ੍ਰੇਰਣਾ ਲੈਂਦੇ ਆ ਰਹੇ ਸਨ । ਮੌਲਾਨਾ ਮੁਹੰਮਦ ਅਲੀ ਅਨੁਸਾਰ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਦ । ਭਾਰਤੀ ਸੰਸਕ੍ਰਿਤੀ ਵਿਚ ਬਲਿਦਾਨ ਦੀ ਪਰੰਪਰਾ ਦਾ ਆਰੰਭ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਹੋਇਆ ਅਤੇ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਨਾਲ ਇਸ ਅੱਗ ਨੇ ਭਾਂਬੜ ਦਾ ਰੂਪ ਧਾਰਣ ਕਰ ਲਿਆ । ਤੇ, ਫਿਰ ਸ਼ਹਾਦਤ ਜਾਂ ਬਲਿਦਾਨ ਦੀ ਪਰੰਪਰਾ ਦਾ ਵਿਕਾਸ ਹੋਣ ਲਗ ਗਿਆ ।
ਬਲਿਦਾਨ ਜਾਂ ਸ਼ਹਾਦਤ ਦੀ ਲੋੜ ਕਿਉਂ ਪੈਂਦੀ ਹੈ ? ਇਸ ਗੰਭੀਰ ਪ੍ਰਸ਼ਨ ਦਾ ਉੱਤਰ ਅਨਿਆਂ ਦੀ ਅਤਿ-ਅਧਿਕਤਾ ਵਿਚ ਵੇਖਿਆ ਜਾ ਸਕਦਾ ਹੈ । ਅਨਿਆਂ ਅਗੇ ਨ ਝੁਕਣਾ ਜਾਂ ਉਸ ਨੂੰ ਸਵੀਕਾਰ ਨ ਕਰਨਾ ਵਿਅਕਤੀ ਨੂੰ ਦੋ ਦਿਸ਼ਾਵਾਂ ਵਿਚੋਂ ਕਿਸੇ ਇਕ ਵਲ ਵਧਣ ਲਈ ਪ੍ਰੇਰਿਤ ਕਰਦਾ ਹੈ । ਇਕ ਦਿਸ਼ਾ ਹੈ ਅਨਿਆਂ ਪ੍ਰਤਿ ਵਿਰਕਤ ਹੋ ਜਾਣਾ; ਜੋ ਕੁਝ ਹੋ ਰਿਹਾ ਹੈ, ਉਸ ਨਾਲ ਕੋਈ ਸਰੋਕਾਰ ਨ ਰਖ ਕੇ ਅਲਗ-ਥਲਗ ਹੋ ਜਾਣਾ ਜਿਵੇਂ ਭਾਈ ਗੁਰਦਾਸ ਅਨੁਸਾਰ ਸਿੱਧਾਂ ਨੇ ਸਮਕਾਲੀ ਹਾਲਾਤ ਵਿਚ ਜੂਝਣ ਦੀ ਥਾਂ ਪਰਬਤਾਂ ਵਲ ਕਿਨਾਰਾਕਸ਼ੀ ਕਰ ਲਈ ਸੀ:
ਸਿਧਿ ਛਪਿ ਬੈਠੇ ਪਰਬਤੀ ਕਉਣ ਜਗਤਿ ਕਉ ਪਾਰਿ ਉਤਾਰਾ । (1/29) ।
ਇਹ ਸਥਿਤੀ ਭਾਂਝਵਾਦੀ ਹੈ, ਅਨਿਆਂ ਤੋਂ ਬਚਣ ਲਈ ਕੋਈ ਉਪਾ ਸੋਚਣ ਜਾਂ ਲਭਣ ਦੀ ਨਹੀਂ । ਇਸ ਪ੍ਰਕਾਰ ਦੀ ਮਾਨਸਿਕਤਾ ਦੀ ਅਭਿਵਿਅਕਤੀ ਭਗਤੀ-ਕਾਲ ਦੇ ਅਨੇਕ ਸਾਧਕਾਂ ਦੀ ਬਾਣੀ ਵਿਚ ਮਿਲ ਜਾਂਦੀ ਹੈ । ਉਨ੍ਹਾਂ ਲਈ ਸਵਾਧੀਨਤਾ ਅਤੇ ਪਰਾਧੀਨਤਾ ਦੋਵੇਂ ਮਾਇਆਵੀ ਪਾਸਾਰ ਹਨ । ਇਨ੍ਹਾਂ ਵਿਚ ਰੁਚੀ ਲੈਣਾ ਵਿਅਰਥ ਹੈ । ਗੋਸੁਆਸੀ ਤੁਲਸੀਦਾਸ ਨੇ 'ਕੋਊ ਨ੍ਰਿਪ ਹੋਇ ਹਮਹਿੰ ਕਾ ਹਾਨਿ' ਕਹਿ ਕੇ ਰਾਜਨੈਤਿਕ ਵਿਵਸਥਾ ਪ੍ਰਤਿ ਆਪਣੀ ਬੇਰੁਖੀ ਦਾ ਪ੍ਰਦਰਸ਼ਨ ਕੀਤਾ ਹੈ ।
ਅਨਿਆਂ ਪ੍ਰਤਿ ਅਸਵੀਕਾਰ ਦੀ ਦੂਜੀ ਦਿਸ਼ਾ ਹੈ ਜੂਝਣ ਦੀ । ਪਰਾਧੀਨਤਾ ਦੀ ਸਥਿਤੀ ਵਿਚ ਜੀਵਨ ਦਾ ਮੋਹ ਅਤੇ ਸੰਸਾਰਿਕ ਸੰਬੰਧ ਸਭ ਨਿਰਰਥਕ ਪ੍ਰਤੀਤ ਹੋਣ ਲਗ ਜਾਂਦੇ ਹਨ । ਸੰਸਕ੍ਰਿਤਿਕ ਮੁੱਲਾਂ ਦੀ ਰਖਿਆ ਲਈ ਜੂਝਣਾ ਪੈਂਦਾ ਹੈ । ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਅਸਵੀਕਾਰ ਦੀ ਅਭਿਵਿਅਕਤੀ ਅਨੇਕ ਪ੍ਰਸੰਗਾਂ ਵਿਚ ਹੋਈ ਹੈ । ਬਾਬਰ ਦੇ ਹਮਲੇ ਵੇਲੇ
ਉਨ੍ਹਾਂ ਨੇ 'ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ।' (ਗੁ.ਗ੍ਰੰ.360)
ਕਹਿ ਕੇ ਪਰਮਾਤਮਾ ਨੂੰ ਵੀ ਸੰਬੋਧਨ ਕਰਨੋ ਸੰਕੋਚ ਨਹੀਂ ਕੀਤਾ ।
ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਵੀ ਅਜਿਹੀ ਸਥਿਤੀ ਪੈਦਾ ਹੋ ਗਈ ਸੀ । ਬਲ ਪੂਰਵਕ ਧਰਮ-ਪਰਿਵਰਤਨ ਦੀ 'ਅਤਿ'ਹੋ ਗਈ ਸੀ । ਕਸ਼ਮੀਰ ਦੇ ਬ੍ਰਾਹਮਣਾਂ ਦੀ ਪੁਕਾਰ ਸੁਣ ਕੇ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕ 'ਤਿਲਕ ਜੰਜੂ' ਨੂੰ ਨਸ਼ਟ ਹੋਣੋ ਬਚਾਉਣਾ ਹੀ ਯੁਗ ਦੀ ਆਵਾਜ਼ ਸੀ । ਗੁਰੂ ਜੀ ਨੇ ਇਸ ਆਵਾਜ਼ ਨੂੰ ਸੁਣ ਕੇ ਅਨਿਆਂ ਨੂੰ ਖ਼ਤਮ ਕਰਨ ਲਈ ਆਪਣੇ ਮਨ ਵਿਚ ਸੰਕਲਪ ਕੀਤਾ । ਇਹ ਸੰਕਲਪ ਹੀ ਅਨਿਆਂ ਪ੍ਰਤਿ ਅਸਵੀਕਾਰ ਦਾ ਐਲਾਨ ਸੀ । ਫਲਸਰੂਪ ਉਹ ਦਿੱਲੀ ਗਏ ਅਤੇ ਕਈ ਦਿਨ ਅਸਹਿ ਕਸ਼ਟ ਸਹਿਨ ਕਰਨ ਉਪਰੰਤ ਧਰਮ ਦੀ ਰਖਿਆ ਲਈ ਆਪਣਾ ਸੀਸ ਭੇਂਟ ਕਰ ਦਿੱਤਾ । 'ਬਚਿਤ੍ਰ ਨਾਟਕ' ਅਨੁਸਾਰ: ਤਿਲਕ ਜੰਞੂ ਰਾਖਾ ਪ੍ਰਭ ਤਾਕਾ । ਕੀਨੋ ਬਡੋ ਕਲੂ ਮਹਿ ਸਾਕਾ ।
ਆਪਣਾ ਬਲਿਦਾਨ ਦੇਣਾ ਗੁਰੂ ਜੀ ਦੀ ਸਵੈ- ਇਛਿਤ ਕਾਰਵਾਈ ਸੀ । ਬਾਦਸ਼ਾਹ ਔਰੰਗਜ਼ੇਬ ਦੀ ਰਾਜਸੀ ਸ਼ਕਤੀ ਨੂੰ ਜਾਣਦੇ ਹੋਇਆਂ ਵੀ ਉਨ੍ਹਾਂ ਨੇ ਬਲ ਪੂਰਵਕ ਧਰਮ-ਪਰਿਵਰਤਨ ਤੋਂ ਪੀੜਿਤ ਹੋਏ ਲੋਕਾਂ ਦਾ ਮਾਮਲਾ ਆਪਣੇ ਹੱਥ ਵਿਚ ਲਿਆ ਅਤੇ ਇਸ ਸਵੈ-ਇਛਿਤ ਮਾਰਗ ਉਤੇ ਚਲ ਕੇ ਉਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ । ਕੁਕਨਸ ਪੰਛੀ ਵਾਂਗ ਗੁਰੂ ਜੀ ਨੇ ਆਪਣੇ ਦੁਆਰਾ ਨਿਰਮਿਤ ਅਗਨੀ ਵਿਚ ਆਪਣੇ ਆਪ ਨੂੰ ਭਸਮ ਕਰ ਦਿੱਤਾ, ਇਸ ਆਸ ਵਿਚ ਕਿ ਇਥੋਂ ਹੋਰ ਕੋਈ 'ਅਮਰ-ਪੰਛੀ' ਪੈਦਾ ਹੋਏਗਾ ਅਤੇ ਸਚਮੁਚ ਕੁਝ ਵਰ੍ਹਿਆਂ ਬਾਦ ਗੁਰੂ ਤੇਗ ਬਹਾਦਰ ਦੀ ਭਸਮ ਵਿਚੋਂ ਘੋਰ ਵਿਦਰੋਹ ਦੇ ਪੰਛੀ ਨੇ ਜਨਮ ਲਿਆ । ਲੋਕਾਂ ਦੀਆਂ ਅਲਸਾਈਆਂ ਸ਼ਕਤੀਆਂ ਵਿਚ ਨਵੇਂ ਖ਼ੂਨ ਦਾ ਸੰਚਾਰ ਹੋਇਆ । ਚਿਰਾਂ ਤੋਂ ਪੈਰਾਂ ਵਿਚ ਮਿਧੇ ਹੋਏ ਲੋਕਾਂ ਦੇ ਮਨ ਵਿਚ ਆਪਣੀ 'ਪਤਿ' ਦੀ ਰਖਿਆ ਲਈ ਇਕ ਨਵੀਂ ਪ੍ਰੇਰਣਾ ਪੈਦਾ ਹੋਈ । ਗੁਰੂ ਜੀ ਦਾ ਇਹ ਵਾਕ:
'ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ' ਵਾਯੂ- ਮੰਡਲ ਵਿਚ ਗੂੰਜਣ ਲਗਿਆ । ਕਿਸੇ ਨੂੰ ਨ ਡਰਾਉਣ ਦੀ ਗੱਲ ਨਾਲ ਗੁਰੂ ਜੀ ਨੇ ਨ ਡਰਨ ਵਾਲੀ ਭਾਵਨਾ ਜੋੜ ਕੇ ਇਕ ਅਪੂਰਣ ਉਕਤੀ ਨੂੰ ਸੰਪੂਰਣ ਕਰ ਦਿੱਤਾ । ਗੁਰੂ ਜੀ ਨੇ ਆਪਣੀ ਬਾਣੀ ਵਿਚ ਸੰਸਾਰ ਦੀ ਨਾਸ਼ਮਾਨਤਾ ਨੂੰ ਬਾਰ ਬਾਰ ਸਪੱਸ਼ਟ ਕਰਕੇ ਇਸ ਪ੍ਰਤਿ ਵੈਰਾਗ ਦੀ ਜਿਸ ਭਾਵਨਾ ਨੂੰ ਪ੍ਰਸਾਰਿਆ, ਉਸ ਪਿਛੇ ਅਨਿਆਂ ਪ੍ਰਤਿ ਅਸਵੀਕਾਰ ਦਾ ਸੰਕਲਪ ਕੰਮ ਕਰ ਰਿਹਾ ਸੀ । ਇਹ ਅਸਵੀਕਾਰ ਗੁਰੂ ਜੀ ਦੇ ਕਿਸੇ ਨਿਜੀ ਕਾਰਣ ਕਰਕੇ ਨਹੀਂ, ਸਗੋਂ ਭਾਰਤ ਵਾਸੀਆਂ ਦੀ ਸਮੁੱਚੀ ਪੀੜ ਨੂੰ ਹਰਨ ਕਰਕੇ ਸੀ ।
ਅਨਿਆਂ ਅਗੇ ਨ ਝੁਕਣ ਜਾਂ ਉਸ ਨੂੰ ਨ ਸਵੀਕਾਰਨ ਦੀ ਗੱਲ ਕੋਈ ਨਿਰਭੈ ਵਿਅਕਤੀ ਹੀ ਕਰ ਸਕਦਾ ਹੈ, ਡਰੇ ਹੋਏ ਦੇ ਮਨ ਵਿਚ ਇਤਨੀ ਹਿੰਮਤ ਹੀ ਨਹੀਂ ਹੋ ਸਕਦੀ । ਨਿਰਭੈਅਤਾ ਪਿਛੇ ਵੀਰਤਾ ਦੀ ਭਾਵਨਾ ਕੰਮ ਕਰ ਰਹੀ ਹੁੰਦੀ ਹੈ । ਵੀਰਤਾ ਦੀ ਭਾਵਨਾ ਹੀ ਭੈ ਨੂੰ ਖ਼ਤਮ ਕਰਕੇ ਨਿਰਭੈਅਤਾ ਨੂੰ ਜਨਮ ਦਿੰਦੀ ਹੈ । ਇਸ ਤਰ੍ਹਾਂ ਗੁਰੂ ਸਾਹਿਬ ਦੇ ਵਿਅਕਤਿਤਵ ਵਿਚ ਨਿਰਭੈਅਤਾ ਅਤੇ ਵੀਰਤਾ ਦੀਆਂ ਭਾਵਨਾਵਾਂ ਇਕਮਿਕ ਹੋ ਕੇ ਚਲਦੀਆਂ ਹਨ । ਸਾਈਂ ਬੁਲ੍ਹੇ ਸ਼ਾਹ ਨੇ ਗੁਰੂ ਜੀ ਨੂੰ 'ਗ਼ਾਜ਼ੀ' (ਸੂਰਵੀਰ) ਕਿਹਾ ਹੈ ।
ਸਚਮੁਚ ਗੁਰੂ ਜੀ ਦੇ ਬਲਿਦਾਨ ਨੇ ਲੋਕਾਂ ਦੀ ਮਾਨਸਿਕ ਨਿਰਬਲਤਾ ਨੂੰ ਪ੍ਰਬਲ ਆਤਮ-ਸ਼ਕਤੀ ਦੇ ਰੂਪ ਵਿਚ ਬਦਲ ਦਿੱਤਾ ਅਤੇ ਜਨਤਾ ਵਿਚ ਪਸਰੀ ਨਿਰਾਸ਼ਾ ਅਤੇ ਹੀਨਤਾ ਦੀ ਭਾਵਨਾ ਦੂਰ ਕਰਕੇ ਵੀਰਤਾ, ਉਤਸਾਹ ਅਤੇ ਨਿਰਭੈਅਤਾ ਨਾਲ ਕਸ਼ਟਾਂ ਨੂੰ ਸਹਿਨ ਕਰਨ ਅਤੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ, ਇਥੋਂ ਤਕ ਕਿ ਪ੍ਰਾਣ ਨਿਛਾਵਰ ਕਰ ਦੇਣ, ਦੀ ਭਾਵਨਾ ਨੂੰ ਜਨਮ ਦਿੱਤਾ । ਗੌਰਵਹੀਨ ਹੋਏ ਰਾਜਿਆਂ, ਛਤ੍ਰਪਤੀਆਂ ਦੀ ਥਾਂ ਸਾਧਾਰਣ ਜਨਤਾ ਵਿਦਰੋਹ ਦੀ ਮਸ਼ਾਲ ਫੜ ਕੇ ਉਠ ਖੜੋਤੀ ਅਤੇ ਕੁਝ ਸਮੇਂ ਵਿਚ ਹੀ ਜਨ-ਸ਼ਕਤੀ ਦੀ ਪ੍ਰਭੁਤਾ ਦਾ ਅਹਿਸਾਸ ਹੋਣ ਲਗ ਗਿਆ । ਇਸ ਤਰ੍ਹਾਂ ਸਾਡੇ ਸਭਿਆਚਾਰ ਵਿਚ ਆਤਮ-ਗੌਰਵ ਦਾ ਪ੍ਰਵੇਸ਼ ਹੋਇਆ ਜਿਸ ਨਾਲ ਭਾਰਤੀਆਂ, ਖ਼ਾਸ ਕਰ ਪੰਜਾਬੀਆਂ, ਦੀ ਭੀਰੂ ਮਾਨਸਿਕਤਾ ਨੇ ਓਜਸਵੀ ਅੰਗੜਾਈ ਲਈ:
ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੇ । ਦਸਮ ਗ੍ਰੰਥ) ।
ਫਲਸਰੂਪ ਪਰਵਰਤੀ ਸਾਹਿਤ ਦੀ ਨੁਹਾਰ ਬਦਲ ਗਈ ।
ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰ ਅਪਨੀ ਜੀਤ ਕਰੋ (ਦਸਮ ਗ੍ਰੰਥ) ਦੀ ਪ੍ਰਤਿਗਿਆ ਦਾ ਸਵਰ ਮੁਖਰ ਹੋ ਗਿਆ ।
ਬਾਣੀ ਰਚਨਾ
ਆਪ ਨੇ ਸਮੇਂ ਸਮੇਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ 15 ਰਾਗਾਂ ਵਿਚ 59 ਸ਼ਬਦਾਂ (ਚਉਪਦਿਆਂ) ਦੀ ਰਚਨਾ ਕੀਤੀ ਹੈ ਅਤੇ 57 ਸ਼ਲੋਕ ਵੀ ਲਿਖੇ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਤ ਉਤੇ ਸੰਕਲਿਤ ਹਨ । ਆਪ ਦੇ ਗਉੜੀ ਰਾਗ ਵਿਚ ਰਚੇ ਨੌਂ ਚਉਪਦਿਆਂ ਵਿਚੋਂ ਸੱਤ ਦੁਪਦੇ ਅਤੇ ਦੋ ਤ੍ਰਿਪਦੇ ਹਨ । ਇਨ੍ਹਾਂ ਦਾ ਮੁੱਖ ਸਵਰ ਵਾਸਨਾਵਾਂ ਦਾ ਤਿਆਗ ਅਤੇ ਸੰਸਾਰਿਕ ਪ੍ਰਪੰਚ ਪ੍ਰਤਿ ਵੈਰਾਗ ਦੀ ਭਾਵਨਾ ਵਾਲਾ ਹੈ । ਆਸਾ ਰਾਗ ਵਿਚਲੇ ਇਕ ਚਉਪਦੇ ਵਿਚ ਗੁਰੂ ਜੀ ਨੇ ਦੁਆਰ ਦੁਆਰ ਉਤੇ ਭਟਕਣ ਵਾਲੇ ਵਿਅਕਤੀ ਨੂੰ ਸੰਬੋਧਨ ਕਰਦੇ ਹੋਇਆਂ ਮਾਨਸ-ਜਨਮ ਨੂੰ ਵਿਅਰਥ ਵਿਚ ਨਸ਼ਟ ਕਰਨੋਂ ਵਰਜਿਆ ਹੈ । ਦੇਵਗੰਧਾਰੀ ਰਾਗ ਵਿਚਲੇ ਆਪ ਦੇ ਤਿੰਨੋ ਸ਼ਬਦ ਦੁਪਦੇ ਹਨ । ਇਨ੍ਹਾਂ ਵਿਚ ਆਪ ਨੇ ਉਪਦੇਸ਼ ਦਿੱਤਾ ਹੈ ਕਿ ਹਰਿ-ਨਾਮ ਦੇ ਸਿਮਰਨ ਨਾਲ ਮਨੁੱਖ ਦਾ ਅਧਿਆਤਮਿਕ ਭਵਿਖ ਸੁਧਰਦਾ ਹੈ । ਬਿਹਾਗੜਾ ਰਾਗ ਵਿਚ ਲਿਖੇ ਇਕ ਤ੍ਰਿਪਦੇ ਵਿਚ ਆਪ ਨੇ ਅਨੇਕ ਪ੍ਰਕਾਰ ਦੇ ਪਸਾਰਾਂ ਵਾਲੇ ਸੰਸਾਰ ਦੀ ਅਨੇਕਤਾ ਪਿਛੇ ਇਕੋ ਪਰਮਾਤਮਾ ਦੀ ਸ਼ਕਤੀ ਦੀ ਸੰਚਾਰ ਦਸਿਆ ਹੈ ।
ਸੋਰਠ ਰਾਗ ਵਿਚ ਆਪ ਨੇ 12 ਸ਼ਬਦਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿਚੋਂ ਚਾਰ ਦੁਪਦੇ ਹਨ ਅਤੇ ਅੱਠ ਤ੍ਰਿਪਦੇ । ਇਨ੍ਹਾਂ ਵਿਚ ਗੁਰੂ ਜੀ ਨੇ ਮ੍ਰਿਤੂ ਦੇ ਭੈ ਅਤੇ ਮਾਇਆ ਦੀ ਤੁਛਤਾ ਨੂੰ ਸਪੱਸ਼ਟ ਕੀਤਾ ਹੈ । ਧਨਾਸਰੀ ਰਾਗ ਵਿਚ ਦਰਜ ਆਪ ਦੇ ਚਾਰੇ ਸ਼ਬਦ ਦੁਪਦੇ ਹਨ । ਉਨ੍ਹਾਂ ਵਿਚ ਆਪ ਨੇ ਬਨ ਵਿਚ ਖੋਜਣ ਦੀ ਥਾਂ'ਤੇ ਹਰਿ ਨੂੰ ਅੰਦਰ ਲਭਣ ਦੀ ਤਾਕੀਦ ਕੀਤੀ ਹੈ । ਜੈਤਸਰੀ ਰਾਗ ਵਿਚਲੇ ਆਪ ਦੇ ਤਿੰਨ ਸ਼ਬਦਾਂ ਵਿਚੋਂ ਇਕ ਤ੍ਰਿਪਦਾ ਹੈ ਅਤੇ ਦੋ ਦੁਪਦੇ । ਇਨ੍ਹਾਂ ਵਿਚ ਗੁਰੂ ਜੀ ਨੇ ਪਰਮਾਤਮਾ ਦੀ ਸ਼ਰਣ ਵਿਚ ਜਾਣ ਦੀ ਗੱਲ ਉਤੇ ਬਹੁਤ ਬਲ ਦਿੱਤਾ ਹੈ । ਟੋਡੀ ਰਾਗ ਵਿਚਲੇ ਇਕ ਦੁਪਦੇ ਵਿਚ ਗੁਰੂ ਜੀ ਨੇ ਪਰਮਾਤਮਾ ਤੋਂ ਵਿਛੁੰਨੇ ਮਨੁੱਖ ਦੀ ਅਧਮ ਅਵਸਥਾ ਦਾ ਸੁੰਦਰ ਚਿੱਤਰ ਖਿਚਿਆ ਹੈ ।
ਤਿਲਿੰਗ ਰਾਗ ਦੇ 'ਅਸ਼ਟਪਦੀ' ਪ੍ਰਕਰਣ ਵਿਚ ਦੁਪਦੇ-ਤ੍ਰਿਪਦੇ ਦੇ ਰੂਪਾਕਾਰ ਵਰਗੇ ਆਪ ਦੇ ਤਿੰਨ ਸ਼ਬਦ ਦਰਜ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਮਨੁੱਖ ਨੂੰ ਸਚੇਤ ਕੀਤਾ ਹੈ ਕਿ ਉਹ ਲਾਪਰਵਾਹੀ ਦੀ ਜ਼ਿੰਦਗੀ ਨ ਜੀਵੇ ਅਤੇ ਪਰਮਾਤਮਾ ਦੇ ਨਾਮ-ਸਿਮਰਨ ਵਿਚ ਤਤਪਰ ਰਹੇ । ਬਿਲਾਵਲ ਰਾਗ ਵਿਚ ਪੌਰਾਣਿਕ ਹਵਾਲਿਆਂ ਵਾਲੇ ਆਪ ਨੇ ਦੋ ਦੁਪਦੇ ਅਤੇ ਇਕ ਤ੍ਰਿਪਦਾ ਲਿਖ ਕੇ ਪਰਮਾਤਮਾ ਦੇ ਰਖਿਅਕ ਰੂਪ ਉਤੇ ਪ੍ਰਕਾਸ਼ ਪਾਇਆ ਹੈ । ਗੁਰੂ ਜੀ ਨੇ ਰਾਮਕਲੀ ਰਾਗ ਦੇ ਤਿੰਨ ਤ੍ਰਿਪਦਿਆਂ ਵਿਚ ਉਸ ਜੁਗਤ ਨੂੰ ਪ੍ਰਾਪਤ ਕਰਨ ਦੀ ਇੱਛਾ ਪ੍ਰਗਟਾਈ ਹੈ ਜਿਸ ਨਾਲ ਪਰਮਾਤਮਾ ਦੀ ਸ਼ਰਣ ਵਿਚ ਪਹੁੰਚਿਆ ਜਾ ਸਕਦਾ ਹੈ । ਮਾਰੂ ਰਾਗ ਦੇ ਤਿੰਨ ਦੁਪਦਿਆਂ ਵਿਚ ਆਪ ਨੇ ਸਪੱਸ਼ਟ ਕੀਤਾ ਹੈ ਕਿ ਮਨ ਅਨੁਸਾਰ ਚਲਣ ਨਾਲ ਮਨੁੱਖ ਦਾ ਜਨਮ ਵਿਅਰਥ ਜਾਂਦਾ ਹੈ । ਬਸੰਤ ਰਾਗ ਵਿਚ ਆਪ ਨੇ ਪੰਜ ਸ਼ਬਦ ਰਚੇ ਹਨ ਜਿਨ੍ਹਾਂ ਵਿਚੋਂ ਇਕ ਦੁਪਦਾ ਅਤੇ ਚਾਰ ਤ੍ਰਿਪਦੇ ਹਨ । ਇਨ੍ਹਾਂ ਵਿਚ ਸੰਸਾਰਿਕ ਪਦਾਰਥਾਂ ਅਤੇ ਰਿਸ਼ਤਿਆਂ ਨੂੰ ਨਿਰਾਧਾਰ ਦਸ ਕੇ ਹਰਿ-ਨਾਮ ਵਿਚ ਲੀਨ ਹੋਣ ਲਈ ਜਿਗਿਆਸੂ ਨੂੰ ਪ੍ਰੇਰਣਾ ਦਿੱਤੀ ਹੈ । ਸਾਰੰਗ ਰਾਗ ਵਿਚ ਚਾਰ ਦੁਪਦਿਆਂ ਵਿਚ ਗੁਰੂ ਜੀ ਨੇ ਦਸਿਆ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਚਾ ਸਹਾਇਕ ਜਾਂ ਸੰਬੰਧੀ ਨਹੀਂ ਹੈ । ਜੈਜਾਵੰਤੀ ਰਾਗ ਵਿਚ ਕੇਵਲ ਆਪ ਦੇ ਹੀ ਚਾਰ ਸ਼ਬਦ ਹਨ ਜਿਨ੍ਹਾਂ ਦਾ ਰੂਪਾਕਾਰ ਦੁਪਦਿਆਂ ਵਾਲਾ ਹੈ । ਇਨ੍ਹਾਂ ਵਿਚ ਆਪ ਨੇ ਮਾਇਆਵੀ ਰਸ-ਭੋਗਾਂ ਨੂੰ ਛਡ ਕੇ ਹਰਿ-ਨਾਮ ਵਿਚ ਲੀਨ ਹੋਣ ਲਈ ਜਿਗਿਆਸੂ ਨੂੰ ਪ੍ਰੇਰਣਾ ਦਿੱਤੀ ਹੈ ।
ਰਾਗਾਂ ਵਿਚ ਦਰਜ 59 ਸ਼ਬਦਾਂ/ਚਉਪਦਿਆਂ ਤੋਂ ਇਲਾਵਾ ਗੁਰੂ ਜੀ ਨੇ 57 ਸਲੋਕਾਂ ਦੀ ਵੀ ਰਚਨਾ ਕੀਤੀ ਹੈ । ਇਹ ਸਲੋਕ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪੁਨਰ-ਸੰਪਾਦਨ ਵੇਲੇ ਅਥਵਾ ਅੰਤਿਮ ਰੂਪ ਦੇਣ ਵੇਲੇ 'ਸਲੋਕ ਵਾਰਾ ਤੇ ਵਧੀਕ' ਪ੍ਰਕਰਣ ਤੋਂ ਬਾਦ ਦਰਜ ਕਰਵਾਏ ਹਨ । ਇਹ ਸ਼ਲੋਕ ਕਦ ਲਿਖੇ ਗਏ ? ਇਸ ਬਾਰੇ ਵਿਦਵਾਨਾਂ ਵਿਚ ਮਤ-ਏਕਤਾ ਨਹੀਂ ਹੈ । ਸੰਪ੍ਰਦਾਈ ਵਿਦਵਾਨ ਇਨ੍ਹਾਂ ਨੂੰ ਉਸ ਵੇਲੇ ਦੀ ਰਚਨਾ ਮੰਨਦੇ ਹਨ, ਜਦੋਂ ਨੌਵੇਂ ਗਰੂ ਸ਼ਹਾਦਤ ਤੋਂ ਪਹਿਲਾਂ ਦਿੱਲੀ ਵਿਚ ਕੈਦ ਸਨ । ਉਨ੍ਹਾਂ ਅਨੁਸਾਰ ਇਹ ਸ਼ਲੋਕ ਉਪਦੇਸ਼ ਰੂਪ ਵਿਚ ਨੌਵੇਂ ਗੁਰੂ ਜੀ ਵਲੋਂ ਆਪਣੇ ਸੁਪੁੱਤਰ (ਗੋਬਿੰਦ ਰਾਏ ਜੀ) ਨੂੰ ਆਨੰਦਪੁਰ ਲਿਖ ਕੇ ਭੇਜੇ ਗਏ ਸਨ । ਇਸ ਦੇ ਉਲਟ ਆਧੁਨਿਕ ਵਿਦਵਾਨਾਂ ਦੀ ਸਥਾਪਨਾ ਹੈ ਕਿ ਵਖ ਵਖ ਅਵਸਰਾਂ ਉਤੇ ਉਚਾਰੇ ਗਏ ਸ਼ਲੋਕਾਂ ਨੂੰ ਹੀ 'ਸਲੋਕ ਵਾਰਾ ਤੇ ਵਧੀਕ' ਦੀ ਪਰੰਪਰਾ ਵਿਚ ਦਸਮ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕਰਵਾ ਦਿੱਤਾ ਸੀ ।
ਸੰਪ੍ਰਦਾਈ ਵਿਦਵਾਨਾਂ ਦੀ ਇਹ ਵੀ ਧਾਰਣਾ ਹੈ ਕਿ ਇਨ੍ਹਾਂ ਸ਼ਲੋਕਾਂ ਵਿਚੋਂ ਅਗੇ ਲਿਖਿਆ ਸ਼ਲੋਕ (ਅੰਕ 54) ਦਸਮ-ਗੁਰੂ ਦੀ ਰਚਨਾ ਹੈ:
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ ।
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ । (ਗੁ.ਗ੍ਰੰ.1429) ।
ਕਿਉਂਕਿ ਇਹ ਸ਼ਲੋਕ, ਅਸਲ ਵਿਚ, ਗੁਰੂ ਤੇਗ ਬਹਾਦਰ ਜੀ ਦੇ ਰਚੇ ਦੋਹਰੇ (ਅੰਕ 53) ਦਾ ਉੱਤਰ ਹੈ ਜਿਸ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਨਸਿਕ ਦ੍ਰਿੜ੍ਹਤਾ ਉਘੜਦੀ ਹੈ:
ਬਲੁ ਛੁਟਕਿਓ ਬੰਧਨ ਪਰੇ ਕਛੁ ਨ ਹੋਤ ਉਪਾਇ ।
ਕਹੁ ਨਾਨਕ ਅਬ ਓਟ ਹਰਿ ਗਜਿ ਜਿਉ ਹੋਹੁ ਸਹਾਇ । (ਗੁ.ਗ੍ਰੰ.1429) ।
ਇਸ ਸਥਾਪਨਾ ਦਾ ਗੰਭੀਰਤਾ ਪੂਰਵਕ ਵਿਸ਼ਲੇਸ਼ਣ ਕਰੀਏ ਤਾਂ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਦੋਹਾਂ ਸਲੋਕਾਂ ਵਿਚ ਤਥਾ-ਕਥਿਤ ਵਿਰੋਧੀ ਭਾਵਨਾ ਨੇ ਹੀ ਅਜਿਹੀ ਕਲਪਨਾ ਕਰਨ ਲਈ ਗਿਆਨੀਆਂ ਨੂੰ ਪ੍ਰੇਰਿਤ ਕੀਤਾ ਹੋਵੇਗਾ ਅਤੇ ਇਸੇ ਪ੍ਰਰਣਾ ਦੇ ਅਧੀਨ 18ਵੀਂ ਸਦੀ ਵਿਚ ਲਿਖੀਆਂ ਗਈਆਂ ਕੁਝ ਕੁ ਬੀੜਾਂ ਵਿਚ 54ਵੇਂ ਸ਼ਲੋਕ ਤੋਂ ਪਹਿਲਾਂ 'ਮ.੧੦' ਅੰਕਿਤ ਕੀਤਾ ਗਿਆ ਹੋਵੇਗਾ, ਪਰ ਅਧਿਕਾਂਸ਼ ਪੁਰਾਤਨ ਬੀੜਾਂ ਅਤੇ ਖ਼ਾਸ ਕਰਕੇ 17ਵੀਂ ਸਦੀ ਦੇ ਅੰਤ ਤਕ ਲਿਖੀਆਂ ਗਈਆਂ ਬੀੜਾਂ ਵਿਚ 'ਮ. ੧੦' ਉਕਤੀ ਬਿਲਕੁਲ ਲਿਖੀ ਨਹੀਂ ਮਿਲਦੀ । ਪ੍ਰਕਾਸ਼ਿਤ ਬੀੜਾਂ ਵਿਚ ਵੀ ਇਹ ਸ਼ਾਮਲ ਨਹੀ ਕੀਤੀ ਜਾਂਦੀ । ਵਾਸਤਵ ਵਿਚ, ਗੁਰੂ ਤੇਗ ਬਹਾਦਰ ਜੀ ਵਰਗੇ ਸ਼ਿਰੋਮਣੀ ਸ਼ਹੀਦ, ਮਾਨਵਤਾ ਦੇ ਰਖਿਅਕ, ਦ੍ਰਿੜ੍ਹ-ਪ੍ਰਤਿੱਗ ਅਤੇ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ ਦੀ ਘੋਸ਼ਣਾ ਕਰਨ ਵਾਲੇ ਮਹਾਪੁਰਸ਼ ਤੋਂ ਅਜਿਹੀ ਵਿਚਲਿਤ ਮਾਨਸਿਕਤਾ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ । ਸਹੀ ਗੱਲ ਤਾਂ ਇਹ ਹੈ ਕਿ ਗੁਰੂ ਜੀ ਨੇ ਇਨ੍ਹਾਂ ਦੋਹਾਂ ਸ਼ਲੋਕਾਂ ਵਿਚ ਜਿਗਿਆਸੂ ਨੂੰ ਉਪਦੇਸ਼ ਦੇਣ ਵੇਲੇ ਮਨ ਦੀ ਡਾਵਾਂਡੋਲ ਸਥਿਤੀ ਦਾ ਉਤਸਾਹ-ਵਰਧਕ ਸਥਿਤੀ ਦੇ ਚਿਤ੍ਰਣ ਰਾਹੀਂ ਸਮਾਧਾਨ ਪੇਸ਼ ਕੀਤਾ ਹੈ । ਫਲਸਰੂਪ 54ਵਾਂ ਸ਼ਲੋਕ ਵੀ ਨੌਵੇਂ ਗੁਰੂ ਦੀ ਰਚਨਾ ਹੈ ਜਿਸ ਵਿਚ ਉਨ੍ਹਾਂ ਨੇ ਕਛੂ ਨ ਹੋਤ ਉਪਾਇ ਵਾਲੀ ਵਿਚਲਤਾ ਨੂੰ ਸਭ ਕਿਛੁ ਹੋਤ ਉਪਾਇ ਦੀ ਦ੍ਰਿੜ੍ਹਤਾ ਰਾਹੀਂ ਉਖੜੇ ਹੋਏ ਮਨ ਵਾਲੇ ਜਿਗਿਆਸੂ ਨੂੰ ਆਪਣੇ ਕਰਤੱਵ-ਮਾਰਗ ਉਤੇ ਅਗੇ ਵਧਣ ਲਈ ਹੱਲਾ-ਸ਼ੇਰੀ ਦਿੱਤੀ ਹੈ ।
ਵਿਸ਼ੇ ਪੱਖੋਂ ਇਨ੍ਹਾਂ ਸ਼ਲੋਕਾਂ ਵਿਚ ਮਨੁੱਖ ਨੂੰ ਸੰਸਾਰਿਕਤਾ ਤੋਂ ਹਟਾ ਕੇ ਹਰਿ-ਭਗਤੀ ਵਿਚ ਲੀਨ ਕਰਨ ਦਾ ਸੁਝਾਉ ਦਿੱਤਾ ਗਿਆ ਹੈ । ਹਰਿ-ਭਗਤੀ ਗੁਰਮਤਿ ਦਾ ਬੁਨਿਆਦੀ ਪੱਥਰ ਹੈ । ਕਹੁ ਨਾਨਕ ਹਰਿ ਭਜੁ ਮਨਾ ਵਾਕਾਂਸ਼ ਤਾਂ ਇਨ੍ਹਾਂ ਸ਼ਲੋਕਾਂ ਦੀ ਇਕ ਪ੍ਰਕਾਰ ਦੀ 'ਟੇਕ' ਬਣ ਗਈ ਹੈ ਕਿਉਂਕਿ ਇਸ ਸੰਸਾਰ ਵਿਚ ਹਰਿ-ਭਗਤੀ ਹੀ ਸਥਿਰ ਵਸਤੂ ਹੈ: ਨਾਨਕ ਥਿਰੁ ਹਰਿ - ਭਗਤਿ ਹੈ ਤਿਹ ਰਾਖੋ ਮਨ ਮਾਹਿ । (ਗੁ.ਗ੍ਰੰ.1428) । ਪਹਿਲੇ ਸ਼ਲੋਕ ਵਿਚ ਹੀ ਇਸ ਦੀ ਲੋੜ ਨੂੰ ਮੱਛਲੀ ਦੀ ਪਾਣੀ ਲਈ ਲੋੜ ਦੇ ਤੁਲ ਦਸਿਆ ਗਿਆ ਹੈ । ਇਸ ਭਗਤੀ ਦਾ ਆਧਾਰ-ਤੱਤ੍ਵ ਪ੍ਰੇਮ ਦਸਦੇ ਹੋਇਆਂ ਨਾਮ-ਸਾਧਨਾ ਉਤੇ ਬਲ ਦਿੱਤਾ ਗਿਆ ਹੈ । ਹਰਿ-ਭਜਨ ਤੋਂ ਬਿਨਾ ਬੰਦਾ ਸਖਣਾ ਹੈ । ਭਗਤੀ ਵਿਚ ਲੀਨ ਵਿਅਕਤੀ ਦਾ ਸਰੂਪ ਬਦਲ ਜਾਂਦਾ ਹੈ । ਉਸ ਲਈ ਸੁਖ- ਦੁਖ, ਮਾਨ-ਅਪਮਾਨ ਇਕ ਸਮਾਨ ਹੋ ਜਾਂਦੇ ਹਨ । ਉਹ ਸਮਦਰਸ਼ੀ ਬਣ ਜਾਂਦਾ ਹੈ: ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ । ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ । (ਗੁ.ਗ੍ਰੰ.1427) । ਇਨ੍ਹਾਂ ਸ਼ਲੋਕਾਂ ਵਿਚ ਗੁਰੂ ਜੀ ਨੇ ਜਗਤ ਨੂੰ ਨਾਸ਼ਮਾਨ ਮੰਨ ਕੇ ਜਿਗਿਆਸੂ ਨੂੰ ਸੰਸਾਰਿਕਤਾ ਤੋਂ ਹਟ ਕੇ ਹਰਿ-ਭਗਤੀ ਵਿਚ ਲੀਨ ਹੋਣ ਦੀ ਪ੍ਰੇਰਣਾ ਦਿੱਤੀ ਹੈ । ਇਸ ਤੋਂ ਇਲਾਵਾ ਇਨ੍ਹਾਂ ਵਿਚ ਪਰਮਾਤਮਾ ਦੇ ਸਰੂਪ, ਸਮਰਥਤਾ ਅਤੇ ਗੁਣਾਂ ਉਤੇ ਪ੍ਰਕਾਸ਼ ਪਾਇਆ ਗਿਆ ਹੈ ।
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰਮਤਿ ਦੇ ਮੁੱਖ ਮੁੱਖ ਸਿੱਧਾਂਤਾਂ ਦਾ ਹੀ ਵਿਸਤਾਰ ਕਰਦੀ ਹੈ । ਵਿਸ਼ੇਸ਼ ਗੱਲ ਇਹ ਹੈ ਕਿ ਆਪ ਦੀ ਬਾਣੀ ਵਿਚ ਦੋ ਪ੍ਰਵ੍ਰਿੱਤੀਆਂ ਅਧਿਕ ਉਘੜੀਆਂ ਹਨ । ਇਕ ਹੈ ਵੈਰਾਗ ਦੀ ਭਾਵਨਾ ਅਤੇ ਦੂਜੀ ਹੈ ਭਗਤੀ ਦੀ ਭਾਵਨਾ । ਇਨ੍ਹਾਂ ਦੋਹਾਂ ਭਾਵਨਾਵਾਂ ਦੀਆਂ ਵਖ ਵਖ ਸਥਿਤੀਆਂ ਅਤੇ ਪ੍ਰਕ੍ਰਿਆਵਾਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ।
ਗੁਰੂ ਤੇਗ ਬਹਾਦਰ ਜੀ ਨੇ ਰੂਪਾਕਾਰਕ ਦ੍ਰਿਸ਼ਟੀ ਤੋਂ ਪਦ (ਸ਼ਬਦ) ਅਤੇ ਸ਼ਲੋਕ ਲਿਖੇ ਹਨ । ਸੰਗੀਤ ਦੀ ਭੂਮੀ ਤੋਂ ਜੰਮਿਆ 'ਪਦ'ਇਕ ਸ਼ੈਲੀਗਤ ਕਾਵਿ-ਰੂਪ ਹੈ । ਗੁਰੂ ਜੀ ਨੇ 59 ਸ਼ਬਦ ਪਦ-ਸ਼ੈਲੀ ਵਿਚ ਲਿਖੇ ਹਨ । ਇਨ੍ਹਾਂ ਨੂੰ ਚਉਪਦਿਆਂ ਦੇ ਪ੍ਰਕਰਣ ਵਿਚ ਸੰਕਲਿਤ ਕੀਤਾ ਗਿਆ ਹੈ । ਇਨ੍ਹਾਂ ਵਿਚ 38 ਸ਼ਬਦ ਦੁਪਦੇ ਹਨ ਅਤੇ 21 ਤ੍ਰਿਪਦੇ ਹਨ ਪਰ ਇਸ ਗਿਣਤੀ ਵਿਚ ਬਸੰਤ ਅਤੇ ਜੈਜਾਵੰਤੀ ਰਾਗਾਂ ਦੇ ਸ਼ਬਦ ਪੂਰੇ ਨਹੀਂ ਉਤਰਦੇ । ਹਰ ਸ਼ਬਦ ਨਾਲ ਦੋ ਅਥਵਾ ਤਿੰਨ ਤੁਕਾਂ ਦਾ 'ਰਹਾਉ' ਵੀ ਹੈ ਜੋ ਪੂਰੇ ਸ਼ਬਦ ਦਾ ਕੇਂਦਰੀ ਭਾਵ ਸਪੱਸ਼ਟ ਕਰਦਾ ਹੈ । 'ਰਹਾਉ' ਸ਼ਬਦਾਂ ਦੇ ਆਰੰਭ ਵਿਚ ਆਇਆ ਹੈ ਅਤੇ ਇਸ ਦੀ ਪਹਿਲੀ ਤੁਕ ਮੁਕਾਬਲਤਨ ਨਿੱਕੀ ਹੈ । ਇਸ ਕਰਕੇ ਸ਼ਬਦਾਂ ਦਾ ਰੂਪਾਕਾਰ ਸਗੁਣੀ ਭਗਤਾਂ ਦੇ ਬਿਸ਼ਨ-ਪਦਿਆਂ ਨਾਲ ਜਾ ਰਲਦਾ ਹੈ । ਇਨ੍ਹਾਂ ਵਿਚ ਆਮ ਤੌਰ'ਤੇ 28 ਮਾਤ੍ਰਾਵਾਂ ਮਿਲਦੀਆਂ ਹਨ ਅਤੇ 16, 12 ਉਤੇ ਬਿਸ੍ਰਾਮ ਹੈ, ਪਰ ਇਸ ਗਿਣਤੀ ਦੀ ਪਾਬੰਦੀ ਤੋਂ ਕਈਆਂ ਸ਼ਬਦਾਂ ਵਿਚ ਖੁਲ੍ਹਾਂ ਵੀ ਲਈਆਂ ਗਈਆਂ ਹਨ । ਉਂਜ ਕਿਸੇ ਛੰਦ ਦੇ ਬੰਧਨ ਨੂੰ ਸਵੀਕ੍ਰਿਤੀ ਨਹੀਂ ਮਿਲੀ ।
ਇਹ ਸ਼ਬਦ ਰਾਗ-ਬੱਧ ਹਨ ਅਤੇ ਗੁਰੂ ਜੀ ਨੇ ਇਨ੍ਹਾਂ ਲਈ 15 ਰਾਗਾਂ ਦੀ ਵਰਤੋਂ ਕੀਤੀ ਹੈ । ਰਾਗਾਂ ਦੀ ਵਿਵਿਧਤਾ ਦੇ ਬਾਵਜੂਦ ਗੁਰੂ ਜੀ ਨੇ ਰਾਗਾਂ ਦੀ ਪ੍ਰਕ੍ਰਿਤੀ ਨਾਲ ਆਪਣੀਆਂ ਭਾਵਨਾਵਾਂ ਦਾ ਸੰਬੰਧ ਜੋੜੀ ਰਖਿਆ ਹੈ । ਜਿਥੋਂ ਤਕ ਰਾਗਾਂ ਦੇ ਸ਼ਾਸਤ੍ਰੀ ਨਿਯਮਾਂ ਦੀ ਪਾਲਨਾ ਦਾ ਸੰਬੰਧ ਹੈ, ਗੁਰੂ ਜੀ ਨੇ ਰਾਗ ਦੇ ਵਿਆਕਰਣ ਦੀ ਅਨੁਰੂਪਤਾ ਦੀ ਥਾਂ ਅਨੁਕੂਲ ਵਾਤਾਵਰਣ ਦੀ ਸ੍ਰਿਸ਼ਟੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ । ਇਸ ਲਈ ਗੁਰੂ ਜੀ ਨੇ ਇਨ੍ਹਾਂ ਸ਼ਬਦਾਂ ਵਿਚ ਆਪਣੀ ਰਾਗ-ਸਿੱਧੀ ਦਾ ਪਰਿਚਯ ਦਿੱਤਾ ਹੈ । ਆਪ ਦੀ ਕਾਵਿ-ਸਾਧਨਾ ਦੀ ਸੰਵੇਦਨਸ਼ੀਲਤਾ 'ਨਿਜ' ਦੀ ਸੀਮਾ ਤੋਂ ਨਿਕਲ ਕੇ 'ਪਰ' ਦੀ ਵਿਆਪਕ ਭਾਵ-ਭੂਮੀ ਉਤੇ ਜਾ ਬਿਰਾਜੀ ਹੈ ।
ਗੁਰੂ ਤੇਗ ਬਹਾਦਰ ਜੀ ਨੇ ਆਪਣੇ 57 ਸ਼ਲੋਕਾਂ ਵਿਚ ਦੋਹਰੇ ਨੂੰ ਸ਼ੈਲੀਗਤ ਕਾਵਿ-ਰੂਪ ਵਜੋਂ ਵਰਤਿਆ ਹੈ । ਇਸ ਕਥਨ ਦੀ ਪੁਸ਼ਟੀ ਇਕ ਤਾਂ ਸ਼ਲੋਕਾਂ ਦੇ ਮਾਤ੍ਰਿਕ- ਵਿਧਾਨ ਤੋਂ ਹੋ ਜਾਂਦੀ ਹੈ ਅਤੇ ਦੂਜੇ 53ਵੇਂ ਸ਼ਲੋਕ ਤੋਂ ਪਹਿਲਾਂ 'ਦੋਹਰਾ' ਛੰਦ-ਸਿਰਲੇਖ ਵੀ ਇਹੀ ਸੰਕੇਤ ਕਰਦਾ ਹੈ । ਇਨ੍ਹਾਂ ਸ਼ਲੋਕਾਂ ਨੂੰ ਭਾਵੇਂ ਕਿਸੇ ਰਾਗ ਅਧੀਨ ਨਹੀਂ ਰਖਿਆ ਗਿਆ, ਪਰ ਇਹ ਸਾਰੇ ਗੇਯ (ਗਾਣ ਯੋਗ) ਹਨ ਅਤੇ ਗੁਰਬਾਣੀ ਦਾ ਕੀਰਤਨ ਕਰਨ ਵੇਲੇ ਇਨ੍ਹਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ।
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚਲੀ ਬਿੰਬਾਵਲੀ ਵਿਸ਼ੇਸ਼ ਮਹੱਤਵ ਰਖਦੀ ਹੈ, ਕਿਉਂਕਿ ਇਸ ਨਾਲ ਭਾਵ ਨੂੰ ਜਗਾਉਣ ਜਾਂ ਉਭਾਰਨ ਵਿਚ ਬਹੁਤ ਸਹਾਇਤਾ ਮਿਲੀ ਹੈ । ਇਸ ਤੋਂ ਇਲਾਵਾ ਗੁਰੂ ਜੀ ਨੇ ਆਪਣੇ ਵਿਚਾਰਾਂ ਨੂੰ ਸਰਲ ਬਣਾਉਣ ਅਤੇ ਜਿਗਿਆਸੂਆਂ ਨੂੰ ਉਨ੍ਹਾਂ ਦੇ ਲੋਕ-ਗਿਆਨ ਅਨੁਰੂਪ ਸਮਝਾਉਣ ਲਈ ਅਨੇਕ ਪ੍ਰਕਾਰ ਦੇ ਪ੍ਰਤੀਕਾਂ ਦੀ ਵਰਤੋਂ ਵੀ ਕੀਤੀ ਹੈ । ਬਾਣੀ ਵਿਚ ਅਲਿੰਕਾਰਾਂ ਦੇ ਗੁਲਦਸਤੇ ਸਜਾਉਣ ਤੋਂ ਗੁਰੂ ਜੀ ਨੇ ਸੰਕੋਚ ਕੀਤਾ ਹੈ । ਆਪ ਜੀ ਨੇ ਬ੍ਰਜ ਭਾਸ਼ਾ ਅਤੇ ਕੁਝ ਹਦ ਤਕ ਸਧੁੱਕੜੀ ਭਾਸ਼ਾ ਨੂੰ ਭਾਵ-ਪ੍ਰੇਸ਼ਣ ਦਾ ਸਾਧਨ ਬਣਾਇਆ ਹੈ । ਇਹ ਭਾਸ਼ਾ ਭਗਤੀ ਸਭਿਆਚਾਰ ਦੀ ਕੁਠਾਲੀ ਵਿਚ ਢਲੀ ਹੋਈ ਹੈ । ਇਸ ਤਰ੍ਹਾਂ ਇਹ ਜਨ-ਸੰਘਰਸ਼ ਦੀ ਸਰਬ-ਸਾਂਝੀ ਲਹਿਰ ਦੀ ਸੰਪਰਕ ਭਾਸ਼ਾ ਹੈ ।
ਸਮੁੱਚੇ ਤੌਰ'ਤੇ ਗੁਰੂ ਜੀ ਨੇ ਜਿਥੇ ਆਪਣੇ ਬਲਿਦਾਨ ਦੁਆਰਾ ਭਾਰਤੀ ਸਭਿਆਚਾਰ ਨੂੰ ਇਕ ਨਵੀਂ ਬਿਰਤੀ ਨਾਲ ਜੋੜਿਆ ਹੈ, ਉਥੇ ਵੈਰਾਗ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰਿਕ ਪ੍ਰਪੰਚ ਵਿਚ ਉਲਝਣ ਤੋਂ ਵਰਜਿਆ ਹੈ । ਆਪ ਨੇ ਬ੍ਰਜ ਭਾਸ਼ਾ ਦਾ ਪੰਜਾਬੀਆਂ ਲਈ ਅਜਨਬੀਪਣਾ ਖ਼ਤਮ ਕਰਕੇ ਉਨ੍ਹਾਂ ਦੇ ਭਾਸ਼ਿਕ ਗਿਆਨ ਨੂੰ ਵਿਸਤਾਰ ਦਿੱਤਾ ਹੈ । ਯੁਕਤੀ ਨਾਲ ਗੱਲ ਸਮਝਾ ਕੇ ਜਿਗਿਆਸੂ ਦੇ ਮਨ ਦੀ ਸਥਿਤੀ ਵਿਚ ਪਰਿਵਰਤਨ ਲਿਆਉਂਦਾ ਹੈ ਅਤੇ ਸੁੰਦਰ ਸ਼ਬਦ-ਵਿਧਾਨ ਰਾਹੀਂ ਸਾਰੀ ਬਾਣੀ ਨੂੰ ਸੁਭਾਸ਼ਿਤਾਂ ਵਰਗਾ ਰੂਪ ਪ੍ਰਦਾਨ ਕੀਤਾ ਹੈ ।
ਲੇਖਕ : ਡਾ. ਰਤਨ ਸਿੰਘ ਜੱਗੀ
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।