Biography : Guru Nanak Dev Ji

ਜੀਵਨੀ ਤੇ ਰਚਨਾ : ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ (1469-1539 ਈ.) ਪੰਜਾਬ ਵਿਚ ਭਗਤੀ ਲਹਿਰ ਦਾ ਉਦਘਾਟਨ ਕਰਨ ਵਾਲੇ ਅਤੇ ਸਿੱਖ ਧਰਮ ਦੇ ਮੋਢੀ ਸਨ । ਉਨ੍ਹਾਂ ਦਾ ਜਨਮ ਬੇਦੀ ਕੁਲ ਵਿਚ ਬਾਬੇ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ ਰਾਇ ਭੋਇ ਭੱਟੀ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ (ਪੱਛਮੀ ਪਾਕਿਸਤਾਨ) ਵਿਚ ਹੋਇਆ । ਇਹ ਸਥਾਨ ਹੁਣ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ ।

ਆਪ ਦੇ ਜਨਮ-ਦਿਨ ਸੰਬੰਧੀ ਦੋ ਮਤ ਪ੍ਰਚਲਿਤ ਹਨ । ਇਕ ਮਤ ਦਾ ਆਧਾਰ ਪੁਰਾਤਨ ਜਨਮਸਾਖੀ ਹੈ ਜਿਸ ਅਨੁਸਾਰ 15 ਅਪ੍ਰੈਲ 1469 ਈ. (ਵਿਸਾਖ ਸ਼ੁਦੀ 3, ਸੰਮਤ 1526 ਬਿ.) ਨੂੰ ਆਪ ਦਾ ਜਨਮ ਹੋਇਆ । ਦੂਜੇ ਮਤ ਦਾ ਆਧਾਰ ਬਾਲੇ ਵਾਲੀ ਜਨਮਸਾਖੀ ਹੈ ਜਿਸ ਵਿਚ ਆਪ ਦਾ ਜਨਮ ਕਤਕ ਸੁਦੀ 15, 1526 ਬਿ. ਵਾਲੇ ਦਿਨ ਹੋਇਆ । ਅਧਿਕਾਂਸ਼ ਵਿਦਵਾਨ ਪੁਰਾਤਨ ਜਨਮਸਾਖੀ ਵਾਲੀ ਤਿਥੀ ਨੂੰ ਸਹੀ ਮੰਨਦੇ ਹਨ । ਪਰ ਸਿੱਖ ਸਮਾਜ ਵਿਚ ਆਪ ਦਾ ਜਨਮ-ਪੁਰਬ ਕਤਕ ਦੀ ਪੂਰਣਮਾਸੀ ਨੂੰ ਹੀ ਮੰਨਾਇਆ ਜਾਂਦਾ ਹੈ ।

ਆਪ ਦੇ ਪਿਤਾ ਖੇਤੀ ਅਤੇ ਵਪਾਰ ਕਰਦੇ ਸਨ ਅਤੇ ਨਾਲ ਨਾਲ ਪਿੰਡ ਦੇ ਪਟਵਾਰੀ ਅਥਵਾ ਕਾਰਦਾਰ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਸਨ । ਆਪ ਨੂੰ ਸੰਨ 1475 ਈ. (1532 ਬਿ.) ਵਿਚ ਗੋਪਾਲ ਨਾਂ ਦੇ ਪਾਂਧੇ ਪਾਸ ਭਾਖਾ (ਦੇਸੀ ਭਾਸ਼ਾ) ਪੜ੍ਹਨ ਲਈ ਭੇਜਿਆ ਗਿਆ । ਸੰਨ 1478 ਈ. (1535 ਬਿ.) ਵਿਚ ਸੰਸਕ੍ਰਿਤ ਪੜ੍ਹਨ ਲਈ ਪੰਡਿਤ ਬ੍ਰਿਜ ਲਾਲ ਕੋਲ ਬਿਠਾਇਆ ਗਿਆ ਅਤੇ ਸੰਨ 1482 ਈ. (1539 ਬਿ.) ਵਿਚ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤੁਬੁੱਦੀਨ ਪਾਸ ਮਸੀਤ ਵਿਚ ਭੇਜਿਆ ਗਿਆ । ਅਧਿਆਪਕਾਂ ਪਾਸੋਂ ਪੜ੍ਹਨ ਵੇਲੇ ਆਪ ਨੇ ਅਧਿਆਤਮਿਕ ਗਿਆਨ ਦੀ ਚਰਚਾ ਵਿਚ ਅਧਿਕ ਰੁਚੀ ਵਿਖਾਈ । ਪੜ੍ਹਾਈ ਤੋਂ ਬਾਦ ਗੁਰੂ ਜੀ ਬਹੁਤ ਉਦਾਸ ਰਹਿਣ ਲਗੇ । ਆਪ ਨੂੰ ਪਿਤਾ ਵਲੋਂ ਖੇਤੀ ਕਰਨ ਅਤੇ ਫਿਰ ਵਪਾਰ ਕਰਨ ਲਈ ਪ੍ਰੇਰਿਆ ਗਿਆ, ਪਰ ਆਪ ਦੀ ਮਾਨਸਿਕ ਉਦਾਸੀਨਤਾ ਉਸੇ ਤਰ੍ਹਾਂ ਬਣੀ ਰਹੀ । ਆਪ ਕਦੇ ਕਦੇ ਪਿੰਡ ਦੇ ਨੇੜਲੇ ਜੰਗਲਾਂ ਵਿਚ ਸਮਾਧੀ ਲਗਾਉਣ ਲਈ ਚਲੇ ਜਾਂਦੇ ਅਤੇ ਕਈ ਵਾਰ ਸਾਧਾਂ-ਸੰਤਾਂ ਦੀ ਸੰਗਤ ਨੂੰ ਮਾਣਦੇ ।

ਜਦੋਂ ਗੁਰੂ ਜੀ ਨੂੰ ਪਿਤਾ ਪੁਰਖੀ ਕੰਮ-ਧੰਧੇ ਵਿਚ ਆਪ ਦੇ ਮਾਤਾ-ਪਿਤਾ ਨ ਲਗਾ ਸਕੇ ਅਤੇ ਗੁਰੂ ਜੀ ਦੀ ਉਦਾਸੀ ਉਸੇ ਤਰ੍ਹਾਂ ਬਣੀ ਰਹੀ ਤਾਂ ਆਪ ਦੀ ਵੱਡੀ ਭੈਣ (ਬੇਬੇ) ਨਾਨਕੀ ਦਾ ਪਤੀ ਭਾਈਆ ਜੈਰਾਮ ਤਲਵੰਡੀ ਆਇਆ ਅਤੇ ਆਪ ਨੂੰ ਕਿਸੇ ਸਰਕਾਰੀ ਕੰਮ ਉਤੇ ਲਗਾਉਣ ਲਈ ਸੰਨ 1484 ਈ. (1541 ਬਿ.) ਵਿਚ ਆਪਣੇ ਨਾਲ ਸੁਲਤਾਨਪੁਰ ਲੋਧੀ ਲੈ ਗਿਆ । ਉਥੇ ਯਤਨ ਕਰਕੇ ਉਸ ਨੇ ਆਪ ਨੂੰ ਮੋਦੀਖ਼ਾਨੇ ਦਾ ਕੰਮ ਦਿਵਾਇਆ । ਕੁਝ ਸਮੇਂ ਬਾਦ ਮਰਦਾਨਾ ਮੀਰਾਸੀ ਵੀ ਤਲਵੰਡੀਓਂ ਆ ਕੇ ਆਪ ਨਾਲ ਰਹਿਣ ਲਗ ਗਿਆ । ਮਰਦਾਨਾ ਰਬਾਬ ਵਜਾਉਂਦਾ ਸੀ ਅਤੇ ਗੁਰੂ ਜੀ ਇਲਾਹੀ ਮਸਤੀ ਵਿਚ ਬਾਣੀ ਉਚਾਰਦੇ ਸਨ ।

ਸੰਨ 1487 ਈ. (24 ਜੇਠ, 1544 ਬਿ.) ਵਿਚ ਆਪ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਖਤ੍ਰੀ ਦੀ ਸੁਪੁੱਤਰੀ ਸੁਲੱਖਣੀ ਨਾਲ ਹੋਇਆ ਜਿਸ ਦੀ ਕੁੱਖੋਂ ਦੋ ਸੁਪੁੱਤਰਾਂ ਸ੍ਰੀ ਚੰਦ ਅਤੇ ਲਖਮੀ ਦਾਸ ਦਾ ਜਨਮ ਹੋਇਆ । ਲਗਭਗ 13 ਸਾਲ ਸੁਲਤਾਨਪੁਰ ਲੋਧੀ ਵਿਚ ਟਿਕ ਕੇ ਸੰਨ 1497 ਈ. (1554 ਬਿ.) ਵਿਚ ਇਕ ਦਿਨ ਅਚਾਨਕ ਆਪ ਇਸ਼ਨਾਨ ਕਰਨ ਲਈ ਵੇਈਂ ਨਦੀ ਵਿਚ ਦਾਖ਼ਲ ਹੋਏ ਅਤੇ ਤਿੰਨ ਦਿਨ ਬਾਦ ਪ੍ਰਗਟ ਹੋਏ । ਇਸ ਦੌਰਾਨ ਆਪ ਨੂੰ ਬ੍ਰਹਮ-ਗਿਆਨ ਦੀ ਪ੍ਰਾਪਤੀ ਹੋਈ । ਆਪ ਨੇ ਨ ਕੋਈ ਹਿੰਦੂ ਨ ਕੋਈ ਮੁਸਲਮਾਨ ਦੀ ਘੋਸ਼ਣਾ ਕਰਕੇ ਲੋਕਾਂ ਨੂੰ ਧਾਰਮਿਕ ਤੰਗ-ਨਜ਼ਰੀ ਤੋਂ ਉੱਚਾ ਉਠ ਕੇ ਸਚਾ ਧਰਮ ਧਾਰਣ ਕਰਨ ਲਈ ਪ੍ਰੇਰਿਆ ।

ਗੁਰੂ ਜੀ ਨੇ ਮਹਿਸੂਸ ਕੀਤਾ ਕਿ ਸਹਿਜ-ਧਰਮ ਦਾ ਪ੍ਰਚਾਰ ਕਿਸੇ ਇਕ ਥਾਂ ਤੇ ਟਿਕ ਕੇ ਕਰਨ ਦੀ ਥਾਂ ਘੁੰਮ ਫਿਰ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਹੋਇਆਂ ਕਰਨਾ ਉਚਿਤ ਹੋਵੇਗਾ । ਇਸ ਪਿਛੋਂ ਗੁਰੂ ਜੀ ਹਿੰਦੁਸਤਾਨ ਅਤੇ ਹਿੰਦੁਸਤਾਨ ਤੋਂ ਬਾਹਰ ਪ੍ਰਚਾਰ ਯਾਤ੍ਰਾਵਾਂ ਅਥਵਾ ਉਦਾਸੀਆਂ ਤੇ ਨਿਕਲ ਪਏ । ਪੂਰਬ, ਪੱਛਮ, ਉੱਤਰ ਅਤੇ ਦੱਖਣ ਚੌਹਾਂ ਦਿਸ਼ਾਵਾਂ ਵਿਚ ਪੈਂਦੇ ਪ੍ਰਸਿੱਧ ਧਰਮ-ਧਾਮਾਂ ਉਤੇ ਗਏ; ਵਿਦਵਾਨਾਂ, ਧਾਰਮਿਕ ਮੁਖੀਆਂ, ਪੁਜਾਰੀਆਂ, ਪੀਰਾਂ, ਫ਼ਕੀਰਾਂ ਨਾਲ ਸੰਵਾਦ ਰਚਾਏ ਅਤੇ ਸਭ ਨੂੰ ਸਹੀ ਧਰਮ ਦਾ ਬੋਧ ਕਰਾ ਕੇ ਆਪਣਾ ਅਨੁਯਾਈ ਬਣਾਇਆ । ਲਗਭਗ 25 ਹਜ਼ਾਰ ਮੀਲ ਦੀਆਂ ਉਦਾਸੀਆਂ ਤੋਂ ਬਾਦ ਸੰਨ 1522 ਈ. (1579 ਬਿ.) ਵਿਚ ਆਪ ਜ਼ਿਲ੍ਹਾ ਗੁਰਦਾਸਪੁਰ ਵਿਚ ਰਾਵੀ ਨਦੀ ਦੇ ਕੰਢੇ ਸੰਨ 1504 ਈ. (1561 ਬਿ.) ਵਿਚ ਵਸਾਏ ਕਰਤਾਰਪੁਰ ਕਸਬੇ ਵਿਚ ਰਹਿਣ ਲਗੇ । ਇਸ ਸਾਲ ਤੋਂ ਇਕ ਪ੍ਰਕਾਰ ਦਾ ਆਪ ਦਾ ਆਸ਼੍ਰਮ -ਜੀਵਨ ਸ਼ੁਰੂ ਹੁੰਦਾ ਹੈ । ਆਪ ਖ਼ੁਦ ਖੇਤੀ ਕਰਦੇ ਅਤੇ ਹੋਰਨਾਂ ਨੂੰ ਮਿਹਨਤ ਕਰਕੇ ਵੰਡ ਖਾਣ ਦਾ ਉਪਦੇਸ਼ ਦਿੰਦੇ ।

ਲਗਭਗ 18 ਵਰ੍ਹੇ ਆਪ ਕਰਤਾਰਪੁਰ ਰਹੇ । ਉਥੋਂ ਕਈ ਵਾਰ ਧਰਮ-ਪ੍ਰਚਾਰ ਲਈ ਇਧਰ-ਉਧਰ ਵੀ ਜਾਂਦੇ ਰਹੇ । ਕਰਤਾਰਪੁਰ ਵਿਚ ਰਹਿੰਦੇ ਹੋਇਆਂ ਆਪ ਨੇ ਲੋਕਾਂ ਨੂੰ ਸਚੇ ਧਰਮ ਦਾ ਸਰੂਪ ਸਮਝਾਉਣ ਦਾ ਪੂਰਾ ਯਤਨ ਕੀਤਾ । ਆਪ ਦੇ ਹਿਰਦੇ ਦੀ ਵਿਸ਼ਾਲਤਾ, ਤੰਗ-ਨਜ਼ਰੀ ਪ੍ਰਤਿ ਬੇਰੁਖੀ ਅਤੇ ਭਾਵਨਾਤਮਕ ਏਕਤਾ ਕਾਰਣ ਹਿੰਦੂ ਮੁਸਲਮਾਨ ਸਮਾਨ ਰੂਪ ਵਿਚ ਆਪ ਪ੍ਰਤਿ ਸ਼ਰਧਾ ਰਖਣ ਲਗੇ । ਇਹੀ ਕਾਰਣ ਹੈ ਕਿ ਜਦੋਂ 22 ਸਤੰਬਰ 1539 ਈ. (23 ਅਸੂ, 1596 ਬਿ.) ਨੂੰ ਆਪ ਜੋਤੀ-ਜੋਤਿ ਸਮਾਏ ਤਾਂ ਦੋਹਾਂ ਧਰਮਾਂ ਵਾਲਿਆਂ ਨੇ ਆਪਣੇ ਆਪਣੇ ਢੰਗ ਨਾਲ ਦੇਹ ਦਾ ਸਸਕਾਰ ਕੀਤਾ ।

ਗੁਰੂ ਨਾਨਕ ਦੇਵ ਜੀ ਦੀ ਕੁਲ ਉਮਰ 70 ਵਰ੍ਹੇ 4 ਮਹੀਨੇ ਤਿੰਨ ਦਿਨ ਸੀ । ਅੰਤਿਮ ਸਮਾਂ ਨੇੜੇ ਆਇਆ ਵੇਖ ਕੇ ਆਪ ਨੇ ਅਨੇਕ ਤਰ੍ਹਾਂ ਦੀ ਪਰੀਖਿਆ ਲੈਣ ਉਪਰੰਤ ਭਾਈ ਲਹਿਣਾ ਨੂੰ ਗੁਰੂ-ਪਦ ਪ੍ਰਦਾਨ ਕੀਤਾ ਅਤੇ ਉਨ੍ਹਾਂ ਦਾ ਨਾਂ ਅੰਗਦ ਰਖਿਆ ।

ਵਿਅਕਤਿਤਵ

ਗੁਰੂ ਨਾਨਕ ਦੇਵ ਜੀ ਮਹਾਨ ਅਤੇ ਸ੍ਰੇਸ਼ਠ ਵਿਅਕਤਿਤਵ ਦੇ ਸੁਆਮੀ ਸਨ । ਉਨ੍ਹਾਂ ਦੇ ਵਿਅਕਤਿਤਵ ਦਾ ਵਿਸ਼ਲੇਸ਼ਣ ਕਈ ਸਾਧਨਾਂ ਰਾਹੀਂ ਕੀਤਾ ਜਾ ਸਕਦਾ ਹੈ । ਪਹਿਲਾ ਸਾਧਨ ਉਨ੍ਹਾਂ ਦੀ ਬਾਣੀ ਹੈ । ਗੁਰਬਾਣੀ ਅਨੁਸਾਰ ਬਾਣੀ ਵਿਚ ਗੁਰੂ ਵਸਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ । (ਗੁ.ਗ੍ਰੰ. 982) । ਫੁਲ ਵਿਚ ਸੁਗੰਧੀ ਵਾਂਗ ਬਾਣੀਕਾਰ ਆਪਣੀ ਬਾਣੀ ਵਿਚ ਸਮਾਇਆ ਹੋਇਆ ਹੁੰਦਾ ਹੈ । ਇਸ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਦੀ ਬਾਣੀ ਦੇ ਅਧਿਐਨ ਤੋਂ ਉਨ੍ਹਾਂ ਦੇ ਵਿਅਕਤਿਤਵ ਦੇ ਕੁਝ ਪੱਖ ਸਪੱਸ਼ਟ ਹੁੰਦੇ ਹਨ ।

ਉਹ ਇਕ ਮਹਾਨ ਮਾਨਵਤਾਵਾਦੀ ਸਨ । ਉਨ੍ਹਾਂ ਦੇ ਮਾਨਵਤਾਵਾਦ ਵਿਚ ਸਾਰੀ ਮਨੁੱਖਤਾ ਦੇ ਕਲਿਆਣ ਦੀ ਭਾਵਨਾ ਮੁੱਖ ਸਥਾਨ ਰਖਦੀ ਹੈ । ਉਹ ਜਾਤਿ-ਭੇਦ-ਭਾਵ ਦੇ ਕਠੋਰ ਵਿਰੋਧੀ ਸਨ । ਇਸਤਰੀਆਂ ਪ੍ਰਤਿ ਵੀ ਉਨ੍ਹਾਂ ਦੀ ਭਾਵਨਾ ਬੜੀ ਸਵੱਛ ਸੀ । ਉਨ੍ਹਾਂ ਦੇ ਮਾਨਵਤਾਵਾਦੀ ਹੋਣ ਦਾ ਮੁੱਖ ਕਾਰਣ ਇਹ ਸੀ ਕਿ ਉਹ ਖ਼ੁਦ ਇਕ ਆਦਰਸ਼ ਮਨੁੱਖ ਸਨ ਅਤੇ ਬਾਕੀਆਂ ਨੂੰ ਵੀ ਚੰਗਾ ਮਨੁੱਖ ਬਣਨ ਲਈ ਪ੍ਰੇਰਣਾ ਦਿੰਦੇ ਸਨ । ਉਹ ਸੰਸਾਰ ਵਿਚ ਰਹਿੰਦੇ ਹੋਇਆਂ ਵੀ ਸੰਸਾਰਿਕਤਾ ਤੋਂ ਅਭਿਜ ਸਨ । ਉਹ ਸੰਸਾਰਿਕ ਪ੍ਰਪੰਚਾਂ ਵਿਚ ਫਸਣ ਦੀ ਥਾਂ ਪਰਮਾਤਮਾ ਦੇ ਪ੍ਰੇਮ-ਜਾਲ ਵਿਚ ਸਥਾਈ ਤੌਰ ਤੇ ਫਸੇ ਹੋਏ ਸਨ । ਉਹ ਆਪਣੇ ਆਪ ਨੂੰ ਸਦਾ ਤੁਛ ਸਮਝਦੇ ਸਨ । ਸਾਰਾ ਜੀਵਨ ਉਹ ਸਚੇ ਧਰਮ ਦੇ ਪ੍ਰਚਾਰ ਲਈ ਯਤਨ ਕਰਦੇ ਰਹੇ ।

ਉਹ ਬਹੁਤ ਨਿਮਰਤਾਵਾਨ ਸਨ । ਉਨ੍ਹਾਂ ਦੀ ਬਾਣੀ ਦੀ ਇਕ ਇਕ ਪੰਕਤੀ ਤੋਂ ਉਨ੍ਹਾਂ ਦੀ ਨਿਮਰਤਾ ਦਾ ਅਹਿਸਾਸ ਹੋ ਜਾਂਦਾ ਹੈ । ਉਨ੍ਹਾਂ ਲਈ ਤਾਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ਇਕ ਵਿਵਹਾਰਿਕ ਮਾਨਤਾ ਸੀ । ਉਹ ਬਹੁਤ ਗੰਭੀਰ ਗਿਆਨਵਾਨ ਸਨ । ਉਨ੍ਹਾਂ ਦਾ ਗਿਆਨ ਇਸਲਾਮ, ਵੈਸ਼ਣਵ, ਸ਼ਾਕਤ, ਸ਼ੈਵ ਆਦਿ ਧਰਮਾਂ ਤਕ ਹੀ ਸੀਮਿਤ ਨਹੀਂ ਸੀ, ਸਗੋਂ ਵੇਦ, ਯੋਗ, ਪੁਰਾਣ, ਸ਼ਾਸਤ੍ਰ ਆਦਿ ਅਤੇ ਕਤੇਬਾਂ (ਸਾਮੀ ਧਰਮ-ਗ੍ਰੰਥਾਂ) ਦਾ ਵੀ ਉਨ੍ਹਾਂ ਨੂੰ ਕਾਫ਼ੀ ਗਿਆਨ ਸੀ ।

ਉਹ ਜਨਮ-ਜਾਤ ਸ੍ਰੇਸ਼ਠ ਕਵੀ ਸਨ । ਉਨ੍ਹਾਂ ਨੇ ਬੜੇ ਅਧਿਕਾਰੀ ਢੰਗ ਨਾਲ ਆਪਣੀ ਪ੍ਰਤਿਭਾ ਨੂੰ ਲੋਕ-ਕਲਿਆਣ ਲਈ ਵਿਵਹਾਰ ਵਿਚ ਲਿਆਉਂਦਾ । ਸੰਤ-ਸਾਧਕਾਂ ਵਿਚ ਉਨ੍ਹਾਂ ਦੀ ਬਾਣੀ ਨ ਕੇਵਲ ਭਾਵਾਂ ਦੀ ਦ੍ਰਿਸ਼ਟੀ ਤੋਂ ਹੀ ਆਪਣਾ ਮਹੱਤਵਪੂਰਣ ਸਥਾਨ ਰਖਦੀ ਹੈ, ਸਗੋਂ ਉਨ੍ਹਾਂ ਦਾ ਕਾਵਿ-ਪੱਖ ਵਿਸ਼ੇਸ਼ ਗੁਣ-ਸੰਪੰਨ ਹੈ ।

ਗੁਰੂ ਨਾਨਕ ਦੇਵ ਜੀ ਇਕ ਨਿਰਭੈ ਲੋਕ-ਨਾਇਕ ਸਨ । ਆਪਣੇ ਵਿਚਾਰ ਦੀ ਸਥਾਪਨਾ ਲਈ ਉਨ੍ਹਾਂ ਨੇ ਵਾਸਤਵਿਕ ਸਥਿਤੀ ਨੂੰ ਉਘਾੜਨ ਤੋਂ ਜ਼ਰਾ ਸੰਕੋਚ ਨਹੀਂ ਕੀਤਾ । ਕਲਿਯੁਗ ਦੇ ਚਿਤ੍ਰਣ ਵੇਲੇ ਅਤੇ ਤਤਕਾਲੀਨ ਰਾਜਨੈਤਿਕ, ਧਾਰਮਿਕ ਅਤੇ ਸਮਾਜਿਕ ਵਿਵਸਥਾ ਦਾ ਵਰਣਨ ਕਰਨ ਵੇਲੇ ਉਨ੍ਹਾਂ ਨੇ ਨਿਰਸੰਕੋਚ ਸਾਰੇ ਤੱਥ ਲੋਕਾਂ ਸਾਹਮਣੇ ਰਖੇ । ਖੂਨ ਕੇ ਸੋਹਲੇ ਗਾਉਣ ਵਾਲੇ ਨੂੰ ਭਲਾ ਡਰ ਕਿਸ ਦਾ ਹੋ ਸਕਦਾ ਹੈ ? ਪਰ ਭਗਤੀ ਦੇ ਖੇਤਰ ਵਿਚ ਤਾਂ ਉਹ ਪਰਮਾਤਮਾ ਦਾ ਬਹੁਤ ਡਰ ਮੰਨਦੇ ਸਨ ਨਾਨਕ ਜਿਨ ਮਨਿ ਭਉ ਤਿਨ੍ਹਾ ਮਨਿ ਭਾਉ ।

ਗੁਰੂ ਜੀ ਦਾ ਪ੍ਰੇਮ ਕੋਈ ਸਾਧਾਰਣ ਪ੍ਰੇਮ ਨਹੀਂ ਸੀ । ਕਿਉਂਕਿ ਪ੍ਰੇਮ ਦੀ ਗਲੀ ਵਿਚ ਪ੍ਰਵੇਸ਼ ਕਰਨ ਲਈ ਪਹਿਲਾਂ ਸਿਰ ਨੂੰ ਤਲੀ ਉਤੇ ਧਰਨਾ ਪੈਂਦਾ ਹੈ ਅਤੇ ਜੋ ਇਸ ਮਾਰਗ ਵਿਚ ਇਕ ਵਾਰ ਅਗੇ ਵਧ ਜਾਂਦਾ ਹੈ, ਉਹ ਸਿਰ ਦੇਣੋ ਵੀ ਸੰਕੋਚ ਨਹੀਂ ਕਰਦਾ । ਸਲੋਕ ਵਾਰਾ ਤੇ ਵਧੀਕ ਵਿਚ ਗੁਰੂ ਜੀ ਨੇ ਸਥਾਪਿਤ ਕੀਤਾ ਹੈ ਜਉ ਤਉ ਪ੍ਰੇਮ ਖੇਲਣ ਕਾ ਚਾਉ । ਸਿਰੁ ਧਰਿ ਤਲੀ ਗਲੀ ਮੇਰੀ ਆਉ । ਇਤੁ ਮਾਰਗਿ ਪੈਰੁ ਧਰੀਜੈ । ਸਿਰੁ ਦੀਜੈ ਕਾਣਿ ਨ ਕੀਜੈ । (ਗੁ. ਗ੍ਰੰ.1412) । ਅਜਿਹੇ ਪ੍ਰੇਮ ਦੇ ਫਲਸਰੂਪ ਉਹ ਸਮਦਰਸ਼ੀ ਬਣ ਗਏ ।

ਬਾਣੀ ਦੇ ਉਪਰੋਕਤ ਅੰਦਰਲੇ ਪ੍ਰਮਾਣਾਂ ਤੋਂ ਇਲਾਵਾ ਕੁਝ ਬਾਹਰਲੇ ਪ੍ਰਮਾਣ ਵੀ ਆਪ ਦੇ ਵਿਅਕਤਿਤਵ ਉਤੇ ਪ੍ਰਕਾਸ਼ ਪਾਉਂਦੇ ਹਨ । ਸਭ ਤੋਂ ਪਹਿਲਾਂ ਜਨਮ-ਸਾਖੀ ਸਾਹਿਤ ਨੂੰ ਲਈਏ ਤਾਂ ਪਤਾ ਚਲਦਾ ਹੈ ਕਿ ਆਪ ਨੂੰ ਪਾਰਬ੍ਰਹਮ ਦਾ ਨਿਜ ਭਗਤ ਸਮਝਿਆ ਜਾਂਦਾ ਸੀ । ਪਾਂਧੇ ਪਾਸ ਪੜ੍ਹਨ ਵੇਲੇ ਵਡਾ ਭਗਤ ਹੋਣ ਦਾ ਪ੍ਰਭਾਵ ਦਿੰਦੇ ਸਨ । ਇਸੇ ਤਰ੍ਹਾਂ ਉਨ੍ਹਾਂ ਨੂੰ ਗੁਰੂ-ਪਰਮੇਸਵਰ, ਕਰਤਾਪੁਰਖ ਦਾ ਵਜੀਰ, ਆਦਿ ਵੀ ਕਿਹਾ ਗਿਆ ਹੈ । ਵਿਲੱਖਣ ਘਟਨਾਵਾਂ ਦੇ ਘਟਣ ਵੇਲੇ ਲੋਕ ਆਪ ਨੂੰ ਮਹਾਪੁਰਖ ਕਹਿੰਦੇ ਸਨ ਜੋ ਬ੍ਰਹਮਜੋਤਿ ਨਾਲ ਭਰਪੂਰ ਅਤੇ ਅੰਤਰਜਾਮੀ ਸਨ ।

ਸਾਖੀਕਾਰਾਂ ਨੇ ਆਪ ਨੂੰ ਵਿਚਿਤ੍ਰ ਕਰਾਮਾਤੀ ਰੂਪ ਵਿਚ ਵੀ ਚਿਤਰਿਆ ਹੈ । ਆਪ ਦੇ ਸੰਕੇਤ ਤੋਂ ਅਸੰਭਵ ਘਟਨਾਵਾਂ ਵਾਪਰਦੀਆਂ ਹਨ, ਉਜੜਿਆ ਖੇਤ ਹਰਾ ਹੋ ਜਾਂਦਾ ਹੈ, ਦਰਖ਼ਤ ਦੀ ਛਾਇਆ ਸਥਿਰ ਹੋ ਜਾਂਦੀ ਹੈ, ਮੋਇਆ ਹਾਥੀ ਜੀ ਪੈਂਦਾ ਹੈ, ਕੌੜੇ ਰੀਠੇ ਮਿਠੇ ਹੋ ਜਾਂਦੇ ਹਨ । ਸਪੱਸ਼ਟ ਹੈ ਕਿ ਗੁਰੂ ਜੀ ਦਾ ਨਾਸ਼ ਅਤੇ ਸਿਰਜਨ ਦੀਆਂ ਸ਼ਕਤੀਆਂ ਉਤੇ ਪੂਰਾ ਅਧਿਕਾਰ ਹੈ । ਉਦਾਸੀਆਂ ਉਪਰ ਜਾਣ ਵੇਲੇ ਉਨ੍ਹਾਂ ਦੀ ਵੇਸ਼ਭੂਸ਼ਾ ਅਤੇ ਖਾਣ-ਪੀਣ ਦੀਆਂ ਵਸਤੂਆਂ ਦੇ ਆਧਾਰ ਤੇ ਉਹ ਵਿਲੱਖਣ ਭੇਖਧਾਰੀ ਅਤੇ ਅਦਭੁਤ ਆਹਾਰੀ ਪ੍ਰਤੀਤ ਹੁੰਦੇ ਹਨ । ਉਹ ਅਣਥਕ ਯਾਤ੍ਰੀ, ਲੋਕ- ਸੇਵਕ, ਤਰਕ-ਸ਼ੀਲ ਉਪਦੇਸ਼ਕ, ਮਹਾਨ ਤਿਆਗੀ ਅਤੇ ਸਹਿਜ-ਧਰਮੀ ਸਨ ।

ਜਨਮਸਾਖੀਆਂ ਤੋਂ ਇਲਾਵਾ ਸਿੱਖ-ਇਤਿਹਾਸ- ਗ੍ਰੰਥਾਂ ਵਿਚ ਵੀ ਆਪ ਦੇ ਸਰੂਪ ਉਤੇ ਪ੍ਰਕਾਸ਼ ਪਾਇਆ ਗਿਆ ਹੈ । ਉਨ੍ਹਾਂ ਦੇ ਚਰਿਤ੍ਰ-ਪ੍ਰਸੰਗਾਂ ਵਿਚ ਪੁਰਾਣ-ਪੁਰਸ਼ਾਂ ਦੀਆਂ ਲੀਲਾਵਾਂ ਦਾ ਸਮਾਵੇਸ਼ ਕੀਤਾ ਜਾਣ ਲਗਿਆ ਅਤੇ ਸਾਧਾਰਣ ਤੋਂ ਹਟ ਕੇ ਅਤਿਮਾਨਵੀ ਸ਼ਕਤੀਆਂ ਦਾ ਆਰੋਪ ਆਪ ਦੇ ਵਿਅਕਤਿਤਵ ਵਿਚ ਹੋਣ ਲਗਿਆ । ਆਪ ਨਾਲ ਸੰਬੰਧਿਤ ਕਾਵਿ-ਸਾਮਗ੍ਰੀ ਵਿਚ ਵੀ ਆਪ ਦੇ ਵਿਅਕਤਿਤਵ ਦੀ ਝਲਕ ਮਿਲ ਜਾਂਦੀ ਹੈ । ਇਸ ਸੰਬੰਧ ਵਿਚ ਭਾਈ ਗੁਰਦਾਸ ਦੀਆਂ ਵਾਰਾਂ ਵਿਸ਼ੇਸ਼ ਉੱਲੇਖਯੋਗ ਹਨ । ਪਹਿਲੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਅਤੇ ਪਰਮਾਤਮਾ ਨੂੰ ਅਭਿੰਨ ਦਸਿਆ ਗਿਆ ਹੈ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਗੁਰੂ ਪਰਮੇਸਰ ਇਕ ਹੈ ਸਚਾ ਸਾਹ ਜਗਤ ਵਣਜਾਰਾ, ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇਕ ਦਿਖਾਇਆ । ਭੱਟਾਂ ਦੇ ਸਵੈਇਆਂ ਵਿਚ ਵੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਅਵਤਾਰੀ ਸ਼ਕਤੀ ਦੇ ਰੂਪ ਵਿਚ ਹੋਈ ਹੈ । ਆਪ ਨੂੰ ਸਚਾ ਪਾਤਸ਼ਾਹ ਮੰਨ ਕੇ ਲੋਕਾਂ ਦੇ ਭਵਬੰਧਨ ਕਟਣ ਵਾਲਾ ਦਸਿਆ ਗਿਆ ਹੈ । ਇਸ ਤੋਂ ਇਲਾਵਾ ਹਰ ਪ੍ਰਕਾਰ ਦੀਆਂ ਅਵਤਾਰੀ ਸ਼ਕਤੀਆਂ ਦਾ ਆਰੋਪਣ ਵੀ ਆਪ ਦੇ ਵਿਅਕਤਿਤਵ ਵਿਚ ਕੀਤਾ ਗਿਆ ਹੈ ।

ਪੰਜਾਬ ਵਿਚ ਫ਼ਾਰਸੀ ਭਾਸ਼ਾ ਵਿਚ ਲਿਖੀਆਂ ਗਈਆ ਇਤਿਹਾਸ-ਨੁਮਾ ਰਚਨਾਵਾਂ ਵਿਚ ਗ਼ੈਰ-ਸਿੱਖ ਲੇਖਕਾਂ ਨੇ ਅਨੇਕ ਥਾਂਵਾਂ ਤੇ ਗੁਰੂ ਸਾਹਿਬ ਦੇ ਚਰਿਤ੍ਰ ਉਤੇ ਪ੍ਰਕਾਸ਼ ਪਾਇਆ ਹੈ । ਇਸ ਪ੍ਰਕਾਰ ਦੇ ਬ੍ਰਿੱਤਾਂਤਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰੂ ਜੀ ਵਿਚਿਤ੍ਰ ਵਿਅਕਤਿਤਵ ਵਾਲੇ ਨਿਰ-ਲਿਪਤ, ਮਹਾਨ ਅਤੇ ਦੁੱਤੀ ਧਰਮ-ਸਾਧਕ ਸਨ ਜੋ ਧਰਮ ਦੀ ਤੰਗਨਜ਼ਰੀ ਤੋਂ ਬਹੁਤ ਉੱਚੇ ਅਤੇ ਵਿਸ਼ਵ-ਭਾਈਚਾਰੇ ਵਿਚ ਯਕੀਨ ਰਖਣ ਵਾਲੇ ਸਿੱਧਾਂਤ ਵਜੋਂ ਇਕੇਸ਼੍ਵਰਵਾਦੀ ਸਨ ।

ਉਪਰੋਕਤ ਤੱਥਾਂ ਦੇ ਆਧਾਰ ਤੇ ਸਹਿਜ ਹੀ ਕਿਹਾ ਜਾ ਸਕਦਾ ਹੈ ਕਿ ਗੁਰੂ ਜੀ ਦਾ ਵਿਅਕਤਿਤਵ ਬੜਾ ਅਦਭੁਤ ਸੀ । ਉਹ ਨੱਬੀ ਵੀ ਸਨ ਅਤੇ ਲੋਕ-ਨਾਇਕ ਵੀ, ਉਹ ਸਾਧਕ ਵੀ ਸਨ ਅਤੇ ਉਪਦੇਸ਼ਕ ਵੀ । ਉਹ ਸ਼ਾਇਰ ਵੀ ਸਨ ਅਤੇ ਈਸ਼ਵਰੀ ਦਰਬਾਰ ਦੇ ਢਾਡੀ ਵੀ । ਉਹ ਗ੍ਰਿਹਸਥੀ ਵੀ ਸਨ ਅਤੇ ਵੈਰਾਗੀ ਵੀ । ਉਨ੍ਹਾਂ ਦੀ ਸਾਧਨਾ ਵਿਚ ਅਪਾਰ ਸ਼ਕਤੀ ਸੀ । ਉਨ੍ਹਾਂ ਨੇ ਬਾਂਹ ਉਠਾ ਕੇ ਅਨਾਚਾਰ ਅਤੇ ਅਧਰਮ ਦੇ ਭਿਆਨਕ ਝਖੜ ਨੂੰ ਰੋਕ ਦਿੱਤਾ ਅਤੇ ਦੁਖਿਆਰੀ ਮਨੁੱਖਤਾ ਨੂੰ ਸ਼ਾਂਤੀ ਪ੍ਰਦਾਨ ਕੀਤੀ । ਉਹ ਉਦਾਰ ਮਨ ਵਾਲੇ ਸੁਤੰਤਰ ਚਿੰਤਕ ਸਨ । ਉਦਾਰ ਇਸ ਲਈ ਕਿ ਉਨ੍ਹਾਂ ਨੇ ਪੂਰਬ-ਵਰਤੀ ਸਾਰੇ ਦਰਸ਼ਨਾਂ, ਧਰਮਾਂ ਅਤੇ ਸੰਪ੍ਰਦਾਵਾਂ ਤੋਂ ਆਪਣੀ ਵਿਵੇਕ ਬੁੱਧੀ ਅਤੇ ਸਵੈ-ਅਨੁਭਵ ਦੀ ਕਸੌਟੀ ਉਤੇ ਪਰਖ ਕੇ, ਬਿਨਾ ਕਿਸੇ ਭੇਦ-ਭਾਵ ਦੇ, ਉਹ ਸਭ ਕੁਝ ਗ੍ਰਹਿਣ ਕਰ ਲਿਆ, ਜੋ ਸਦੀਵੀ ਸੀ, ਜਿਸ ਦੁਆਰਾ ਮਾਨਵਤਾ ਦਾ ਵਿਕਾਸ ਸੰਭਵ ਸੀ ਅਤੇ ਜੋ ਹਰ ਇਕ ਯੁਗ ਲਈ ਹਮੇਸ਼ਾਂ ਨਵਾਂ ਸੀ । ਸੁਤੰਤਰ ਚਿੰਤਕ ਉਹ ਇਸ ਲਈ ਸਨ ਕਿ ਉਨ੍ਹਾਂ ਨੇ ਕੇਵਲ ਉਹੀ ਕੁਝ ਅਪਣਾਇਆ ਜੋ ਯੁਗ ਅਨੁਕੂਲ ਸ੍ਰੇਸ਼ਠ ਸੀ, ਬਾਕੀ ਸਭ ਕੁਝ ਉਨ੍ਹਾਂ ਦਾ ਆਪਣਾ ਸੀ । ਅਸਲ ਵਿਚ, ਉਨ੍ਹਾਂ ਦਾ ਵਿਅਕਤਿਤਵ ਇਕ ਖੁਲ੍ਹੀ ਹੋਈ ਧਰਮ-ਪੁਸਤਕ ਹੈ ਜਿਸ ਨੂੰ ਕੋਈ ਵੀ ਪੜ੍ਹ ਕੇ ਆਪਣਾ ਜੀਵਨ ਸੁਧਾਰ ਸਕਦਾ ਹੈ ।

ਬਾਣੀ-ਰਚਨਾ

ਗੁਰੂ ਜੀ ਦੇ ਨਾਂ ਉਤੇ ਗੁਰੂ ਗ੍ਰੰਥ ਸਾਹਿਬ ਵਿਚ ਜੋ ਬਾਣੀ ਦਰਜ ਹੈ, ਉਹੀ ਆਪ ਦੀ ਪ੍ਰਮਾਣਿਕ ਰਚਨਾ ਹੈ । ਆਪ ਨੇ ਉਹ ਬਾਣੀ ਕਿਵੇਂ ਲਿਖੀ ਅਤੇ ਸੰਭਾਲੀ ? ਇਹ ਇਕ ਮਹੱਤਵਪੂਰਣ ਵਿਸ਼ਾ ਹੈ । ਖੇਦ ਦੀ ਗੱਲ ਹੈ ਕਿ ਹੁਣ ਗੁਰੂ ਜੀ ਦੀ ਕੋਈ ਵੀ ਹੱਥ-ਲਿਖਿਤ ਜਾਂ ਹੋਰ ਕੋਈ ਪੁਰਾਤਨ ਦਸਤਾਵੇਜ਼ ਉਪਲਬਧ ਨਹੀਂ ਹੈ । ਇਸ ਲਈ ਇਹ ਕਹਿਣਾ ਕਠਿਨ ਹੈ ਕਿ ਉਹ ਕਿਹੜੀ ਲਿਪੀ ਵਿਚ ਲਿਖਦੇ ਸਨ । ਉਹ ਪੜ੍ਹੇ ਲਿਖੇ ਸਨ, ਇਸ ਵਿਚ ਕੋਈ ਸੰਦੇਹ ਨਹੀਂ । ਪਟੀ ਨਾਂ ਦੀ ਬਾਣੀ ਤੋਂ ਸਪੱਸ਼ਟ ਹੈ ਕਿ ਉਹ ਉਸ ਵਕਤ ਪੰਜਾਬ ਵਿਚ ਪ੍ਰਚਲਿਤ ਲਿਪੀ ਅਤੇ ਅੱਖਰਾਂ ਦੇ ਉੱਚਾਰਣ ਤੋਂ ਭਲੀ-ਭਾਂਤ ਜਾਣੂ ਸਨ । ਸੰਭਵ ਹੈ ਕਿ ਵਰਤਮਾਨ ਗੁਰਮੁਖੀ ਲਿਪੀ ਦਾ ਉਹ ਮੁਢਲਾ ਰੂਪ ਹੋਏ । ਪਟੀ ਬਾਣੀ ਉਪਰ ਅੰਕਿਤ ਪਟੀ ਲਿਖੀ ਉਕਤੀ ਤੋਂ ਇਹ ਭਲੀ-ਭਾਂਤ ਸਪੱਸ਼ਟ ਹੈ ਕਿ ਉਨ੍ਹਾਂ ਨੇ ਇਹ ਬਾਣੀ ਲਿਖਿਤ ਰੂਪ ਵਿਚ ਰਚੀ ਸੀ ।

ਕੀ ਉਨ੍ਹਾਂ ਨੇ ਸਾਰੀ ਬਾਣੀ ਆਪ ਹੀ ਲਿਖੀ ਜਾਂ ਲਿਖਾਰੀਆਂ ਨੇ ਵੀ ਇਸ ਵਿਚ ਯੋਗਦਾਨ ਪਾਇਆ ? ਇਸ ਦਾ ਉੱਤਰ ਇਤਿਹਾਸ ਦੀ ਕੁੱਖ ਵਿਚੋਂ ਲਭਣਾ ਪਵੇਗਾ । ਕੁਝ ਪੁਰਾਤਨ ਰਚਨਾਵਾਂ ਵਿਚੋਂ ਅਜਿਹੇ ਸੰਕੇਤ ਮਿਲਦੇ ਹਨ ਕਿ ਗੁਰੂ ਜੀ ਦੀ ਬਾਣੀ ਕੁਝ ਸਾਥੀ ਲਿਖਾਰੀ ਨਾਲੋਂ ਨਾਲ ਲਿਖਦੇ ਜਾਂਦੇ ਸਨ । ਉਹ ਬਾਣੀ ਨੂੰ ਨਾਲੋਂ ਨਾਲ ਆਪ ਸੰਭਾਲਦੇ ਜਾਂਦੇ ਸਨ । ਉਸ ਬਾਣੀ ਦੇ ਉਤਾਰੇ ਕਰਨ ਦੀ ਪਿਰਤ ਵੀ ਪੈ ਚੁੱਕੀ ਸੀ । ਆਪ ਸੰਭਾਲਣ ਦੀ ਪੁਸ਼ਟੀ ਭਾਈ ਗੁਰਦਾਸ ਦੀ ਪਹਿਲੀ ਵਾਰ (ਪਉੜੀ 33) ਦੀ ਇਸ ਤੁਕ ਪੁਛਨਿ ਖੋਲ੍ਹ ਕਿਤਾਬ ਨੂੰ ਹਿੰਦੂ ਵਡਾ ਕੇ ਮੁਸਲਮਾਨੋਈ ਤੋਂ ਹੋ ਜਾਂਦੀ ਹੈ ਕਿ ਗੁਰੂ ਜੀ ਆਪਣੀ ਬਾਣੀ ਆਪਣੇ ਕੋਲ ਇਕ ਬਸਤੇ ਵਿਚ ਸੰਭਾਲ ਕੇ ਰਖਦੇ ਸਨ । ਪੁਰਾਤਨ ਜਨਮਸਾਖੀ (ਸਾਖੀ 57) ਵਿਚ ਗੁਰੂ ਅੰਗਦ ਨੂੰ ਗੁਰ-ਗੱਦੀ ਪ੍ਰਦਾਨ ਕਰਨ ਵੇਲੇ ਬਾਣੀ ਦੀ ਪੋਥੀ ਵੀ ਦਿੱਤੀ ਗਈ ਸੀ ਸੋ ਪੋਥੀ ਜੁਬਾਨਿ ਗੁਰੂ ਅੰਗਦ ਜੋਗ ਮਿਲੀ । ਆਪ ਜੀ ਦੀ ਬਾਣੀ ਗੁਰੂ ਅਰਜਨ ਦੇਵ ਤਕ ਕਿਵੇਂ ਪਹੁੰਚੀ, ਇਸ ਬਾਰੇ ਵਿਸਤਾਰ ਲਈ ਵੇਖੋ ਗੁਰੂ ਗ੍ਰੰਥ ਸਾਹਿਬ : ਸੰਪਾਦਨ ਦਾ ਇਤਿਹਾਸ ।

ਗੁਰੂ ਨਾਨਕ ਦੇਵ ਜੀ ਦੀ ਪ੍ਰਮਾਣਿਕ ਬਾਣੀ ਦਾ ਬਿਉਰਾ ਇਸ ਪ੍ਰਕਾਰ ਹੈ

ਜਪੁਜੀ = ਮੂਲਮੰਤ੍ਰ-1, ਪਉੜੀਆਂ-38, ਸ਼ਲੋਕ-2 = 41

1. ਸਿਰੀ ਰਾਗ2 = ਚਉਪਦੇ-33, ਅਸ਼ਟਪਦੀਆਂ-18, ਪਹਰੇ-2, ਸਲੋਕ-7 (ਵਾਰ ਮ.੪ ਵਿਚ) = 60

2. ਮਾਝ ਰਾਗ = ਅਸ਼ਟਪਦੀ-1, ਪਉੜੀਆਂ -27, ਸਲੋਕ-46 (ਵਾਰ ਮ.੧ ਵਿਚ) = 74

3. ਗਉੜੀ ਰਾਗ = ਚਉਪਦੇ-20, ਅਸ਼ਟਪਦੀਆਂ-18, ਛੰਤ-2 = 40

4. ਆਸਾ ਰਾਗ = ਚਉਪਦੇ-39, ਅਸ਼ਟਪਦੀਆਂ-22, ਪਦੇ-35 ( ਪਟੀ ਵਿਚ), ਛੰਤ-5, ਪਉੜੀਆਂ-24, ਸ਼ਲੋਕ-44 (ਵਾਰ ਮ.੧ ਵਿਚ) = 169

5. ਗੂਜਰੀ ਰਾਗ = ਚਉਪਦੇ-2, ਅਸ਼ਟਪਦੀਆਂ-5 = 7

6. ਬਿਹਾਗੜਾ ਰਾਗ = ਸ਼ਲੋਕ-2 (ਵਾਰ5 ਮ.੪ ਵਿਚ) = 2

7. ਵਡਹੰਸ ਰਾਗ = ਚਉਪਦੇ-3, ਛੰਤ-2, ਅਲਾਹਣੀਆਂ-5, ਸ਼ਲੋਕ-3 (ਵਾਰ ਮ. ੪ ਵਿਚ) = 13

8. ਸੋਰਠ ਰਾਗ = ਚਉਪਦੇ-12, ਅਸ਼ਟਪਦੀਆਂ -4, ਸ਼ਲੋਕ-2 (ਵਾਰ ਮ. ੪ ਵਿਚ) = 18

9. ਧਨਾਸਰੀ ਰਾਗ = ਚਉਪਦੇ-9, ਅਸ਼ਟਪਦੀਆਂ- 2, ਛੰਤ-3 = 14

10. ਤਿਲਿੰਗ ਰਾਗ = ਚਉਪਦੇ-5, ਅਸ਼ਟਪਦੀ-1 = 6

11. ਸੂਹੀ ਰਾਗ = ਚਉਪਦੇ-9, ਅਸ਼ਟਪਦੀਆਂ-5, ਕੁਚਜੀ-ਸੁਚਜੀ-2, ਛੰਤ-5, ਸ਼ਲੋਕ-21 (ਵਾਰ ਮ.੩ ਵਿਚ) = 42

12. ਬਿਲਾਵਲ ਰਾਗ = ਚਉਪਦੇ-4, ਅਸ਼ਟਪਦੀਆਂ-2,

ਪਦੇ-20 (ਥਿਤੀ ਮ.੧ ਵਿਚ), ਛੰਤ-2, ਸ਼ਲੋਕ-2 (ਵਾਰ ਮ.੪ ਵਿਚ) = 30

13. ਰਾਮਕਲੀ ਰਾਗ = ਚਉਪਦੇ-11, ਅਸ਼ਟਪਦੀਆਂ-9, ਪਦੇ-127 (54 ਓਅੰਕਾਰ ਵਿਚ ਅਤੇ 73 ਸਿਧ ਗੋਸਟਿ ਵਿਚ) ਸ਼ਲੋਕ-19 (ਵਾਰ ਮ.੩ ਵਿਚ) = 166

14. ਮਾਰੂ ਰਾਗ = ਚਉਪਦੇ-12, ਅਸ਼ਟਪਦੀਆਂ-11, ਸੋਲਹੇ-22, ਸ਼ਲੋਕ-20 (18 ਵਾਰ ਮ. ੪ ਵਿਚ, 2 ਪਹਿਲੇ ਅਤੇ ਪੰਜਵੇਂ ਚਉਪਦਿਆਂ ਨਾਲ) = 65

15. ਤੁਖਾਰੀ ਰਾਗ = ਛੰਤ-5, ਪਦੇ-17 (ਬਾਰਹਮਾਹਾ ਮ.੧ ਵਿਚ) = 22

16. ਭੈਰਉ ਰਾਗ = ਚਉਪਦੇ-8, ਅਸ਼ਟਪਦੀ-1 = 9

17. ਬਸੰਤ ਰਾਗ = ਚਉਪਦੇ-10, ਅਸ਼ਟਪਦੀਆਂ-8 = 18

18. ਸਾਰੰਗ ਰਾਗ = ਚਉਪਦੇ-3, ਅਸ਼ਟਪਦੀਆਂ -2, ਸ਼ਲੋਕ -33 (ਵਾਰ ਮ. ੪ ਵਿਚ) = 38

19. ਮਲਾਰ ਰਾਗ = ਚਉਪਦੇ-9, ਅਸ਼ਟਪਦੀਆਂ -5, ਪਉੜੀਆਂ -27, ਸ਼ਲੋਕ-24 (ਵਾਰ ਮ.੧ ਵਿਚ) = 65

20. ਪ੍ਰਭਾਤੀ ਰਾਗ = ਚਉਪਦੇ-17, ਅਸ਼ਟਪਦੀਆਂ -7 = 24

ਸ਼ਲੋਕ ਸਹਸਕ੍ਰਿਤੀ = 36

ਸਲੋਕ ਫ਼ਰੀਦ = 17

ਸਲੋਕ ਵਾਰਾਂ ਤੇ ਵਧੀਕ = 33

ਕੁਲ ਜੋੜ = 958

ਬਾਣੀਵਾਰ ਕੁਲ ਜੋੜ = ਮੂਲਮੰਤ੍ਰ-1, ਚਉਪਦੇ-206, ਅਸ਼ਟਪਦੀਆਂ-121, ਛੰਤ-24, ਪਉੜੀਆਂ-116, ਸ਼ਲੋਕ-260, ਪਹਰੇ-2, ਅਲਾਹਣੀਆਂ-5, ਕੁਚਜੀ -ਸੁਚਜੀ-2, ਸੋਲਹੇ-22, ਪਦੇ-199 = 958

ਸੁਤੰਤਰ ਬਾਣੀਆਂ: ਜਪੁ, ਪਹਰੇ, ਵਾਰ ਮਾਝ, ਪਟੀ, ਵਾਰ ਆਸਾ, ਅਲਾਹਣੀਆਂ, ਕੁਚਜੀ-ਸੁਚਜੀ, ਥਿਤੀ, ਓਅੰਕਾਰ, ਸਿਧ-ਗੋਸਟਿ, ਬਾਰਹਮਾਹਾ, ਵਾਰ ਮਲਾਰ ।

ਟਿੱਪਣੀਆਂ

1. ਇਨ੍ਹਾਂ ਵਿਚੋਂ ਪਹਿਲਾ ਸ਼ਲੋਕ ਸੁਖਮਨੀ ਮ.੫ ਅਤੇ ਦੂਜਾ ਸ਼ਲੋਕ ਮਾਝ ਕੀ ਵਾਰ ਮਹਲਾ ੨ ਅਧੀਨ ਦਰਜ ਹੈ । ਇਸ ਲਈ ਇਨ੍ਹਾਂ ਦਾ ਕਰਤ੍ਰਿਤਵ ਸੰਦਿਗਧ ਹੈ ।

ਗੁਰੂ ਜੀ ਦੀ ਪ੍ਰਮਾਣਿਕ ਬਾਣੀ ਦਾ ਉਪਰੋਕਤ ਕ੍ਰਮ ਗੁਰੂ ਅਰਜਨ ਦੇਵ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦੀ ਤਿਆਰੀ ਵੇਲੇ ਨਿਸਚਿਤ ਕੀਤਾ ਗਿਆ ਅਤੇ ਇਸ ਦਾ ਆਧਾਰ ਪਦਿਆਂ ਜਾਂ ਬਾਣੀਆਂ ਦੀ ਵਖ ਵਖ ਰਾਗਾਂ ਪ੍ਰਤਿ ਅਨੁਸਾਰਤਾ ਹੈ; ਬਾਣੀ ਦੇ ਰਚਨਾ- ਕ੍ਰਮ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ ।

ਅਪ੍ਰਮਾਣਿਕ ਬਾਣੀ

ਸ਼ੁਰੂ ਤੋਂ ਹੀ ਗੁਰੂ ਜੀ ਦੇ ਨਾਂ ਨਾਲ ਅਪ੍ਰਮਾਣਿਕ ਬਾਣੀ ਪ੍ਰਚਲਿਤ ਹੋਣੀ ਸ਼ੁਰੂ ਹੋ ਗਈ ਸੀ । ਇਸ ਪ੍ਰਕਾਰ ਦੀ ਬਾਣੀ ਨੂੰ ਕੱਚੀ-ਬਾਣੀ (ਵੇਖੋ) ਦਾ ਨਾਂ ਦਿੱਤਾ ਜਾਣ ਲਗਿਆ । ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਪ੍ਰਚਲਿਤ ਅਪ੍ਰਮਾਣਿਕ ਬਾਣੀ ਨੂੰ ਤਿੰਨ ਵਰਗਾਂ ਵਿਚ ਰਖਿਆ ਜਾਂਦਾ ਹੈ (1) ਪ੍ਰਾਣਸੰਗਲੀ, (2) ਖਾਰੀ ਬੀੜ ਵਿਚ ਸੰਕਲਿਤ ਵਾਧੂ ਬਾਣੀ ਅਤੇ (3) ਨਾਮਾ ਸਾਹਿਤ ।

ਵਿਚਾਰਧਾਰਾ

ਗੁਰੂ ਜੀ ਇਕ ਮਹਾਨ ਯੁਗ ਪੁਰਸ਼ ਸਨ ਜਿਨ੍ਹਾਂ ਨੇ ਆਪਣੀ ਨਵੀਂ ਵਿਚਾਰਧਾਰਾ ਨਾਲ ਪ੍ਰਤਿਕੂਲ ਪਰਿਸਥਿਤੀਆਂ ਦੀ ਨੁਹਾਰ ਬਦਲੀ ਅਤੇ ਸਿੱਖ ਧਰਮ ਦੇ ਵਿਕਾਸ ਦੇ ਨਾਲ ਨਾਲ ਇਕ ਨਵੇਂ ਸਭਿਆਚਾਰ ਨੂੰ ਜਨਮ ਦਿੱਤਾ । ਇਹ ਸਭਿਆਚਾਰ ਕਿਸੇ ਇਕ ਧਰਮ ਜਾਂ ਭਾਈਚਾਰੇ ਦਾ ਸਭਿਆਚਾਰ ਨਹੀਂ ਸੀ, ਸਗੋਂ ਸਾਰੀ ਮਨੁੱਖਤਾ ਲਈ ਕਲਿਆਣਕਾਰੀ ਜੀਵਨ-ਦਰਸ਼ਨ ਸੀ ਜਿਸ ਦੀ ਲੋਅ ਵਿਚ ਨਵੇਂ ਮਨੁੱਖ ਦਾ ਮਾਡਲ ਸਿਰਜਿਆ ਗਿਆ । ਗੁਰੂ ਨਾਨਕ ਦੇਵ ਜੀ, ਅਸਲ ਵਿਚ, ਇਕ ਵਿਵਹਾਰਿਕ ਧਰਮ ਦੀ ਸਥਾਪਨਾ ਕਰਨ ਆਏ ਸਨ । ਖ਼ੁਸ਼ਕ ਦਰਸ਼ਨ ਦੇ ਤਰਕ ਉਨ੍ਹਾਂ ਨੂੰ ਪਸੰਦ ਨਹੀਂ ਸਨ । ਆਪਣੀ ਰਹੱਸਾਨੁਭੂਤੀ ਨੂੰ ਸਮਾਜਿਕ ਪ੍ਰਕਰਣ ਵਿਚ ਪੇਸ਼ ਕਰਕੇ ਉਨ੍ਹਾਂ ਨੇ ਸਭ ਦੁਆਰਾ ਅਪਣਾਏ ਜਾਣ ਯੋਗ ਅਜਿਹੇ ਧਰਮ ਦੀ ਸਥਾਪਨਾ ਕੀਤੀ ਜਿਸ ਨੂੰ ਸਹਿਜ-ਧਰਮ ਦਾ ਨਾਂ ਦਿੱਤਾ ਜਾ ਸਕਦਾ ਹੈ । ਇਸ ਧਰਮ ਵਿਚ ਤੰਗਨਜ਼ਰੀ, ਅੰਧ-ਵਿਸ਼ਵਾਸ, ਰੂੜ੍ਹੀ-ਵਾਦਤਾ, ਪਰਸਪਰ ਵੈਰ-ਵਿਰੋਧ ਦਾ ਕੋਈ ਸਥਾਨ ਨਹੀਂ ਹੈ ।

ਗੁਰੂ ਨਾਨਕ ਦੇਵ ਨਿਰਗੁਣ-ਬ੍ਰਹਮ ਦੇ ਉਪਾਸਕ ਸਨ । ਇਹ ਤੱਥ ਮੂਲ-ਮੰਤ੍ਰ ਤੋਂ ਹੀ ਭਲੀ-ਭਾਂਤ ਸਪੱਸ਼ਟ ਹੈ । ਨਿਰਗੁਣ ਬ੍ਰਹਮ ਦਾ ਵਰਣਨ ਕਰਨਾ ਸੰਭਵ ਨਹੀਂ, ਕਿਉਂਕਿ ਵਰਣਨ ਦੇ ਸਾਧਨਾਂ ਦੁਆਰਾ ਉਸ ਨੂੰ ਦਰਸਾਇਆ ਨਹੀਂ ਜਾ ਸਕਦਾ । ਗੁਰੂ ਜੀ ਅਨੁਸਾਰ ਪਰਮ-ਸੱਤਾ ਬੁੱਧੀ ਅਤੇ ਬਾਣੀ ਤੋਂ ਅਤੀਤ ਹੈ । ਗੁਰੂ ਜੀ ਦਾ ਸੁਭਾ, ਸੰਸਕਾਰ ਅਤੇ ਯੁਗ ਦੀਆਂ ਪਰਿਸਥਿਤੀਆਂ ਅਵਤਾਰਵਾਦ ਅਥਵਾ ਸਗੁਣ -ਬ੍ਰਹਮ ਨਾਲ ਸਮਝੌਤਾ ਨਹੀਂ ਕਰ ਸਕੀਆਂ । ਨਿਰਗੁਣ- ਬ੍ਰਹਮ ਸੰਬੰਧੀ ਗੁਰੂ ਜੀ ਨੇ ਉਪਨਿਸ਼ਦਾਂ ਦੇ ਚਿੰਤਨ ਤੋਂ ਇਲਾਵਾ ਸਿੱਧਾਂ, ਜੋਗੀਆਂ, ਮੁਸਲਮਾਨਾਂ, ਸੂਫ਼ੀ ਦਰਵੇਸ਼ਾਂ ਦੀਆਂ ਧਾਰਣਾਵਾਂ ਨੂੰ ਆਤਮਸਾਤ ਕਰਕੇ ਉਨ੍ਹਾਂ ਦੇ ਸਾਰ-ਭੂਤ ਤੱਤ੍ਵਾਂ ਅਤੇ ਗੁਣਾਂ ਨੂੰ ਲੋਕ-ਕਲਿਆਣ ਦੀ ਕਸੌਟੀ ਉਤੇ ਪਰਖ ਕੇ ਆਪਣੇ ਅਨੁਭਵ ਦੇ ਸੰਦਰਭ ਵਿਚ ਗ੍ਰਹਿਣ ਕੀਤਾ । ਇਸੇ ਲਈ ਆਪ ਦੁਆਰਾ ਪ੍ਰਤਿਪਾਦਿਤ ਬ੍ਰਹਮ ਅਰੂਪ ਅਤੇ ਨਿਰਗੁਣ ਹੁੰਦੇ ਹੋਇਆਂ ਵੀ ਨਿਸ਼ਕਰਮਾ ਨਹੀਂ, ਕਰਤਾ-ਪੁਰਖ ਅਤੇ ਆਪਣੇ ਆਪ ਹੋਂਦ ਵਿਚ ਆਉਣ ਵਾਲਾ ਹੈ । ਸਾਰੀ ਸ੍ਰਿਸ਼ਟੀ ਦੀ ਉਤਪੱਤੀ, ਸਥਿਤੀ ਅਤੇ ਨਾਸ਼ ਦਾ ਕਾਰਣ ਹੈ । ਆਪ ਨੇ ਪ੍ਰੇਮ ਦੀ ਭਾਵਨਾ ਅਧੀਨ ਪ੍ਰਭੁ ਨਾਲ ਕਈ ਪ੍ਰਕਾਰ ਦੇ ਸੰਬੰਧਾਂ ਦੀ ਸਥਾਪਨਾ ਵੀ ਕੀਤੀ ਹੈ । ਇਸ ਤਰ੍ਹਾਂ ਉਨ੍ਹਾਂ ਨੇ ਨਿਰਾਕਾਰ ਨੂੰ ਸਾਕਾਰ ਬਣਾਇਆ ਹੈ । ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਜਿਥੇ ਕਿਥੇ ਵੀ ਉਨ੍ਹਾਂ ਨੇ ਪਰਮਾਤਮਾ ਦਾ ਤਾਤਵਿਕ ਅਥਵਾ ਸਿੱਧਾਂਤਿਕ ਵਿਸ਼ਲੇਸ਼ਣ ਕੀਤਾ ਹੈ, ਉਥੇ ਉਸ ਨੂੰ ਨਿਰਗੁਣ, ਨਿਰਾਕਾਰ, ਨਿਰਲਿਪਤ, ਨਿਰੰਜਨ ਆਦਿ ਨਾਂਵਾਂ ਨਾਲ ਯਾਦ ਕੀਤਾ ਹੈ ।

ਗੁਰੂ ਨਾਨਕ ਦੇਵ ਜੀ ਨੇ ਆਤਮਾ/ਜੀਵਾਤਮਾ ਸੰਬੰਧੀ ਵਿਚਾਰ ਪ੍ਰਗਟ ਕਰਦਿਆਂ ਪਰਮਾਤਮਾ ਅਤੇ ਆਤਮਾ ਵਿਚ ਕਿਸੇ ਪ੍ਰਕਾਰ ਦਾ ਕੋਈ ਤਾਤਵਿਕ ਅੰਤਰ ਨਹੀਂ ਮੰਨਿਆ । ਦੋਹਾਂ ਦੀ ਅਦ੍ਵੈਤਤਾ ਅਤੇ ਏਕਤਾ ਵਿਚ ਉਨ੍ਹਾਂ ਨੂੰ ਪੂਰਣ ਵਿਸ਼ਵਾਸ ਹੈ । ਅੰਸ਼-ਅੰਸ਼ੀ-ਭਾਵ ਜਾਂ ਸਮੁੰਦਰ-ਬੂੰਦ ਵਾਲੇ ਸੰਬੰਧਾਂ ਰਾਹੀਂ ਉਨ੍ਹਾਂ ਨੇ ਆਪਣੇ ਮੰਤਵ ਨੂੰ ਅਨੇਕ ਥਾਂਵਾਂ ਤੇ ਪ੍ਰਗਟ ਕੀਤਾ ਹੈ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ । (ਗੁ.ਗ੍ਰੰ.878) ; ਨਿਰਮਲ ਕਾਇਆ ਊਜਲ ਹੰਸਾ । ਤਿਸੁ ਵਿਚਿ ਨਾਮੁ ਨਿਰੰਜਨ ਅੰਸਾ । (ਗੁ.ਗ੍ਰੰ.1034) ।

ਇਹ ਅੰਸ਼-ਅੰਸ਼ੀ-ਭਾਵ ਨ ਵਿਸ਼ਿਸ਼ਟਾਦ੍ਵੈਤਵਾਦ ਵਾਲਾ ਹੈ ਅਤੇ ਨ ਹੀ ਦ੍ਵੈਤਾਦ੍ਵੈਤਵਾਦ ਵਾਲਾ ਸਗੋਂ ਪੂਰੀ ਤਰ੍ਹਾਂ ਅਦ੍ਵੈਤਵਾਦੀ ਹੈ । ਕਿਉਂਕਿ ਇਸ ਸਥਾਪਨਾ ਦੀ ਪੁਸ਼ਟੀ ਨ ਕੇਵਲ ਗੁਰੂ ਨਾਨਕ ਦੇਵ ਦੀ ਸਮੁੱਚੀ ਅਦ੍ਵੈਤ-ਭਾਵਨਾ ਤੋਂ ਹੀ ਹੋ ਜਾਂਦੀ ਹੈ, ਸਗੋਂ ਸਮੁੰਦਰ ਅਤੇ ਬੂੰਦ ਦੇ ਦ੍ਰਿਸ਼ਟਾਂਤ ਅਤੇ ਸਾਰੇ ਜੀਵਾਂ ਵਿਚ ਪਰਮਾਤਮਾ ਦੇ ਪ੍ਰਤਿਬਿੰਬ ਨੂੰ ਦੇਖਣ ਦੀ ਧਾਰਣਾ ਤੋਂ ਵੀ ਹੋ ਜਾਂਦੀ ਹੈ ਸਭ ਮਹਿ ਜੋਤਿ ਜੋਤਿ ਹੈ ਸੋਇ । ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ । (ਗੁ.ਗ੍ਰੰ. 663) ।

ਜੀਵਾਂ ਵਿਚੋਂ ਸ੍ਰੇਸ਼ਠ ਜੀਵ ਮਨੁੱਖ ਹੈ । ਇਸ ਲਈ ਮਨੁੱਖ ਜਨਮ ਦੁਰਲਭ ਹੈ । ਸੁਭਾ, ਭਾਵਨਾ, ਅਵਸਥਾ ਅਤੇ ਆਚਾਰ ਦੀ ਦ੍ਰਿਸ਼ਟੀ ਤੋਂ ਮਨੁੱਖ ਦੇ ਦੋ ਮੁੱਖ ਭੇਦ ਹਨ ਗੁਰਮੁਖ ਅਤੇ ਮਨਮੁਖ । ਗੁਰੂ ਦੇ ਅਨੁਕੂਲ ਚਲਣ ਵਾਲਾ ਮਨੁੱਖ ਗੁਰਮੁਖ ਹੈ ਅਤੇ ਮਨ ਅਨੁਸਾਰ ਚਲਣ ਵਾਲਾ ਵਿਅਕਤੀ ਮਨਮੁਖ ਹੈ । ਮਨ ਮਨੁੱਖੀ ਸ਼ਰੀਰ ਦੀ ਬੜੀ ਪ੍ਰਬਲ ਸ਼ਕਤੀ ਹੈ । ਇਸ ਨੂੰ ਜਿਤਣਾ ਜਗਤ ਨੂੰ ਜਿਤਣ ਦੇ ਤੁਲ ਹੈ । ਮਨ ਨੂੰ ਮਾਰਨ ਤੋਂ ਬਿਨਾ ਅਲੌਕਿਕ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ।

ਸ੍ਰਿਸ਼ਟੀ ਦਾ ਚਿਤ੍ਰਣ ਕਰਦਿਆਂ ਗੁਰੂ ਜੀ ਨੇ ਪਰਮਾਤਮਾ ਨੂੰ ਇਸ ਦਾ ਰਚੈਤਾ ਅਤੇ ਸੰਚਾਲਕ ਮੰਨਿਆ ਹੈ । ਉਹ ਇਸ ਦਾ ਉਪਾਦਾਨ ਕਾਰਣ ਹੀ ਨਹੀਂ, ਨਿਮਿਤ ਕਾਰਣ ਵੀ ਹੈ । ਸਾਰੀ ਸ੍ਰਿਸ਼ਟੀ ਉਸ ਦੇ ਭੈ ਵਿਚ ਕ੍ਰਿਆਸ਼ੀਲ ਹੈ ਤੁਧੁ ਆਪੇ ਜਗਤੁ ਉਪਾਇਕੈ ਤੁਧੁ ਆਪੇ ਧੰਧੈ ਲਾਇਆ । (ਗੁ.ਗ੍ਰੰ.138) । ਇਸ ਸ੍ਰਿਸ਼ਟੀ ਦਾ ਰਚਨਾ-ਕਾਲ ਅਗਿਆਤ ਹੈ । ਇਸ ਤੱਥ ਨੂੰ ਜਾਣਨ ਦੇ ਸਮਰਥ ਕੇਵਲ ਪਰਮਾਤਮਾ ਖ਼ੁਦ ਹੈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ । (ਗੁ.ਗ੍ਰੰ4) । ਸ੍ਰਿਸ਼ਟੀ ਤੋਂ ਪਹਿਲਾਂ ਦੀ ਅਫੁਰ ਅਵਸਥਾ ਤੋਂ ਪਰਮਾਤਮਾ ਨੇ ਖ਼ੁਦ ਆਪਣੀ ਲੀਲ੍ਹਾ ਦੇਖਣ ਲਈ ਜਗਤ ਦੀ ਰਚਨਾ ਕੀਤੀ ਹੈ । ਸ੍ਰਿਸ਼ਟੀ ਦੇ ਉਤਪੱਤੀ-ਕ੍ਰਮ ਬਾਰੇ ਵੀ ਗੁਰੂ ਜੀ ਨੇ ਸੰਕੇਤ ਕੀਤਾ ਹੈ, ਪਰ ਕਿਸੇ ਨਿਸ਼ਚਿਤ ਕ੍ਰਮ ਦੀ ਸਥਾਪਨਾ ਨਹੀਂ ਕੀਤੀ । ਇਹ ਸ੍ਰਿਸ਼ਟੀ ਅਨੰਤ ਹੈ । ਇਸ ਅਨੰਤਤਾ ਨੂੰ ਰਚੈਤਾ ਤੋਂ ਬਿਨਾ ਹੋਰ ਕੋਈ ਨਹੀਂ ਜਾਣ ਸਕਦਾ । ਉਹ ਆਪਣੀ ਇੱਛਾ ਅਨੁਸਾਰ, ਇਸ ਦੀ ਰਚਨਾ ਕਰਦਾ ਹੈ ਅਤੇ ਫਿਰ ਆਪਣੀ ਮਰਜ਼ੀ ਨਾਲ ਹੀ ਆਪਣੇ ਵਿਚ ਸਮੋ ਲੈਂਦਾ ਹੈ । ਗੁਰੂ-ਕਵੀ ਅਨੁਸਾਰ ਇਹ ਜਗਤ ਸਤਿ ਅਤੇ ਅਸਤਿ ਦੋਵੇਂ ਹੈ । ਇਸ ਜਗਤ ਦਾ ਮੂਲਾਧਾਰ ਤੱਤ੍ਵ ਪਰਮਾਤਮਾ ਚੂੰਕਿ ਸਚਾ ਹੈ, ਇਸ ਲਈ ਸ੍ਰਿਸ਼ਟੀ ਵੀ ਸਚੀ ਹੈ ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ । (ਗੁ.ਗ੍ਰੰ.145) । ਪਰ ਇਹ ਸਤਿਅਤਾ ਪਰਮਾਰਥਿਕ ਨਹੀਂ ਵਿਵਹਾਰਿਕ ਹੈ । ਪਰਮਾਰਥਿਕ ਸਤਿ ਤਾਂ ਕੇਵਲ ਪਰਮਾਤਮਾ ਹੈ । ਇਸ ਦ੍ਰਿਸ਼ਟੀ ਤੋਂ ਜਗਤ ਅਸਤਿ ਹੈ ।

ਗੁਰੂ ਜੀ ਨੇ ਸੰਸਾਰਿਕਤਾ ਦੇ ਮੂਲ ਵਿਚ ਕੰਮ ਕਰ ਰਹੀ ਮਾਇਆ ਨੂੰ ਅੱਤਤ੍ਵ ਵਿਚ ਤੱਤ੍ਵ ਬੁੱਧੀ ਵਜੋਂ ਦਰਸਾਇਆ ਹੈ । ਜਗਤ ਅਤੇ ਜਗਤ ਦਾ ਸੰਪੂਰਣ ਪ੍ਰਪੰਚ ਮਾਇਆ ਦਾ ਪਸਾਰਾ ਹੈ । ਇਹ ਅਸੀਮ, ਵਿਭਚਾਰੀ ਅਤੇ ਵਿਘਨਕਾਰੀ ਸ਼ਕਤੀ ਹੈ, ਪਰ ਇਸ ਦੀ ਕੋਈ ਸੁਤੰਤਰ ਸੱਤਾ ਨਹੀਂ, ਸਗੋਂ ਇਹ ਪ੍ਰਭੂ ਦੇ ਅਧੀਨ ਹੈ । ਕੁਦਰਤ ਇਸ ਦਾ ਵਿਰਾਟ ਰੂਪ ਹੈ ਅਤੇ ਪ੍ਰਾਣੀ ਇਸ ਦਾ ਸੰਕੁਚਿਤ ਰੂਪ । ਇਹ ਮਨੁੱਖ ਦੇ ਮਨ ਨੂੰ ਵਸ ਵਿਚ ਰਖਦੀ ਹੈ ।

ਗੁਰੂ ਨਾਨਕ ਦੇਵ ਨੇ ਪਰਮਾਤਮਾ ਵਿਚ ਇਕਾਤਮਕਤਾ ਅਥਵਾ ਲੀਨਤਾ ਨੂੰ ਮੁਕਤੀ ਮੰਨਿਆ ਹੈ । ਜਦੋਂ ਅਗਿਆਨ ਦਾ ਪਰਦਾ ਹਟ ਜਾਂਦਾ ਹੈ, ਤਾਂ ਪਹਿਲਾਂ ਤੋਂ ਪ੍ਰਾਪਤ ਵਸਤੂ ਦੀ ਹੀ ਪੁਨਰ-ਪ੍ਰਾਪਤੀ ਹੋ ਜਾਂਦੀ ਹੈ । ਬੈਕੁੰਠ ਵਾਲੀ ਮੁਕਤੀ ਵਿਚ ਗੁਰੂ ਜੀ ਦਾ ਵਿਸ਼ਵਾਸ ਨਹੀਂ ਕਿਉਂਕਿ ਉਨ੍ਹਾਂ ਦੀ ਪ੍ਰਮੁਖ ਅਭਿਲਾਸ਼ਾ ਅਜਿਹੀ ਮੁਕਤੀ ਨਹੀਂ, ਸਗੋਂ ਪ੍ਰਭੂ ਦਾ ਦਰਸ਼ਨ ਜਾਂ ਸਾਖਿਆਤਕਾਰ ਹੈ, ਜਿਸ ਦੇ ਸਾਹਮਣੇ ਹੋਰ ਸਭ ਕੁਝ ਵਿਅਰਥ ਹੈ: ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ । (ਗੁ.ਗ੍ਰੰ.360) । ਅਜਿਹੀ ਅਵਸਥਾ ਦੀ ਪ੍ਰਾਪਤੀ ਗੁਰੂ ਜੀ ਨੇ ਕਰਮ-ਕਾਂਡਾਂ ਜਾਂ ਬਾਹਰਲੇ ਆਡੰਬਰਾਂ ਦੁਆਰਾ ਸੰਭਵ ਨਹੀਂ ਮੰਨੀ । ਪਰਮਾਤਮਾ ਦਾ ਹੁਕਮ, ਉਸ ਦੀ ਅਤੇ ਗੁਰੂ ਦੀ ਕ੍ਰਿਪਾ- ਦ੍ਰਿਸ਼ਟੀ, ਪ੍ਰੇਮ-ਭਗਤੀ ਅਤੇ ਸੇਵਾ ਦੁਆਰਾ ਹੀ ਮੁਕਤੀ ਪ੍ਰਾਪਤ ਹੋ ਸਕਦੀ ਹੈ । ਇਹ ਮੁਕਤੀ ਮਰਨ ਤੋਂ ਬਾਦ ਪ੍ਰਾਪਤ ਹੋਣ ਵਾਲੀ ਕੋਈ ਅਵਸਥਾ ਨਹੀਂ, ਜੀਉਂਦੇ-ਜੀ ਹੀ ਇਸ ਦੀ ਪ੍ਰਾਪਤੀ ਹੋ ਸਕਦੀ ਹੈ । ਇਸ ਨੂੰ ਗੁਰੂ ਜੀ ਨੇ ਜੀਵਨ- ਮੁਕਤੀ ਦਾ ਨਾਂ ਦਿੱਤਾ ਹੈ ।

ਸਪੱਸ਼ਟ ਹੈ ਕਿ ਭਾਵੇਂ ਗੁਰੂ ਜੀ ਦਰਸ਼ਨ ਆਚਾਰਯ ਨਹੀਂ ਸਨ, ਪਰ ਉਨ੍ਹਾਂ ਦੇ ਅਧਿਆਤਮਿਕ ਵਿਚਾਰਾਂ ਨੇ ਉਨ੍ਹਾਂ ਨੂੰ ਦਾਰਸ਼ਨਿਕ ਬਣਾ ਦਿੱਤਾ ਸੀ । ਸਮੁੱਚੇ ਤੌਰ ਤੇ ਉਹ ਅਦ੍ਵੈਤਵਾਦੀ ਸਨ, ਪਰ ਉਨ੍ਹਾਂ ਦਾ ਅਦ੍ਵੈਤਵਾਦ ਸ਼ੰਕਰ ਦੇ ਅਦ੍ਵੈਤਵਾਦ ਤੋਂ ਭਿੰਨ ਉਨ੍ਹਾਂ ਦੀ ਨਿਜੀ ਪ੍ਰਤਿਭਾ ਤੇ ਆਧਾਰਿਤ ਅਤੇ ਯੁਗ ਦੀਆਂ ਸਮਸਿਆਵਾਂ ਦਾ ਸਮਾਧਾਨ ਕਰਨ ਵਾਲਾ ਸੀ । ਇਸ ਤਰ੍ਹਾਂ ਗੁਰੂ ਨਾਨਕ ਦੇਵ, ਇਕ ਨਵੇਂ ਅਦ੍ਵੈਤਵਾਦ ਨੂੰ ਜਨਮ ਦਿੰਦੇ ਹਨ ਜਿਸ ਨੂੰ ਸਹਿਜ- ਅਦ੍ਵੈਤਵਾਦ ਦਾ ਨਾਂ ਦਿੱਤਾ ਜਾ ਸਕਦਾ ਹੈ ।

ਸਾਧਨਾ-ਮਾਰਗ

ਪਰਮਾਤਮਾ ਦਾ ਸਾਖਿਆਤ-ਕਾਰ ਪ੍ਰਾਪਤ ਕਰਨ ਅਥਵਾ ਪਰਮ-ਪਦ ਦੀ ਪ੍ਰਾਪਤੀ ਲਈ ਸਾਧਕ ਨੂੰ ਕਈ ਪ੍ਰਕਾਰ ਦੇ ਯਤਨ ਕਰਨੇ ਪੈਂਦੇ ਹਨ । ਭਾਰਤੀ ਅਧਿਆਤਮਿਕਤਾ ਨੇ ਮੁੱਖ ਰੂਪ ਵਿਚ ਚਾਰ ਮਾਰਗਾਂ ਨੂੰ ਮਹੱਤਵ ਦਿੱਤਾ ਹੈ ਗਿਆਨ, ਕਰਮ, ਯੋਗ ਅਤੇ ਭਗਤੀ । ਗੁਰੂ ਨਾਨਕ ਦੇਵ ਜੀ ਦੀਆਂ ਵੀ ਇਨ੍ਹਾਂ ਬਾਰੇ ਆਪਣੀ ਨਿਜੀ ਸਥਾਪਨਾਵਾਂ ਹਨ । ਗੁਰੂ ਜੀ ਨੇ ਚੌਹਾਂ ਸਾਧਨਾ-ਮਾਰਗਾਂ ਵਿਚ ਭਗਤੀ-ਮਾਰਗ ਨੂੰ ਨ ਕੇਵਲ ਵਿਸ਼ੇਸ਼ ਮਹੱਤਵ ਹੀ ਦਿੱਤਾ ਹੈ, ਸਗੋਂ ਇਸ ਦਾ ਬਹੁਤ ਅਧਿਕ ਵਿਸ਼ਲੇਸ਼ਣ ਵੀ ਕੀਤਾ ਹੈ । ਧਿਆਨ ਰਹੇ ਕਿ ਗੁਰੂ ਜੀ ਨੇ ਪਰੰਪਰਾਗਤ ਭਗਤੀ ਨੂੰ ਇੰਨ-ਬਿੰਨ ਨਹੀਂ ਅਪਣਾਇਆ । ਆਪ ਨੇ ਭਗਤੀ ਦੀਆਂ ਸਾਰੀਆਂ ਪ੍ਰਣਾਲੀਆਂ ਵਿਚ ਕੇਵਲ ਉਨ੍ਹਾਂ ਤੱਤ੍ਵਾਂ ਨੂੰ ਗ੍ਰਹਿਣ ਕੀਤਾ ਜੋ ਯੁਗ ਦੀਆਂ ਪਰਿਸਥਿਤੀਆਂ ਦੇ ਅਨੁਕੂਲ ਅਤੇ ਲੋਕ-ਮੰਗਲਕਾਰੀ ਸਨ । ਉਨ੍ਹਾਂ ਨੇ ਭਗਤੀ ਦੇ ਉਹ ਸਾਰੇ ਪ੍ਰਕਰਣ ਤਿਆਗ ਦਿੱਤੇ ਜਾਂ ਉਨ੍ਹਾਂ ਦਾ ਮਾਨਸੀਕਰਣ ਕਰ ਦਿੱਤਾ ਜੋ ਉਨ੍ਹਾਂ ਦੀ ਭਾਵ-ਭਗਤੀ ਦੇ ਵਿਕਾਸ ਵਿਚ ਰੁਕਾਵਟ ਸਨ ।

ਸਮਾਜਿਕ ਤੌਰ ਤੇ ਗੁਰੂ ਜੀ ਹਿੰਦੂ ਧਰਮ ਨਾਲ ਸੰਬੰਧਿਤ ਸਨ, ਇਸ ਲਈ ਇਸ ਮਤ ਦੀ ਉਨ੍ਹਾਂ ਨੂੰ ਵਿਸ਼ੇਸ਼ ਜਾਣਕਾਰੀ ਸੀ । ਪਰ ਕਿਤੇ ਵੀ ਉਨ੍ਹਾਂ ਨੇ ਇਸ ਧਰਮ ਨਾਲ ਸੰਬੰਧਿਤ ਧਰਮ-ਪੁਸਤਕਾਂ, ਸੰਪ੍ਰਦਾਵਾਂ, ਅਵਤਾਰ-ਪਰੰਪਰਾਵਾਂ, ਦੇਵੀ-ਦੇਵਤਿਆਂ, ਸਾਧਨਾ-ਪ੍ਰਣਾਲੀਆਂ ਪ੍ਰਤਿ ਆਸਥਾ ਪ੍ਰਗਟ ਨਹੀਂ ਕੀਤੀ । ਜਿਥੇ ਕਿਥੇ ਵੀ ਅਵਸਰ ਮਿਲਿਆ ਹੈ ਇਸ ਦੇ ਰੂੜ੍ਹ ਰੂਪਾਂ/ਪੱਖਾਂ ਦਾ ਦ੍ਰਿੜ੍ਹਤਾ ਪੂਰਵਕ ਖੰਡਨ ਕੀਤਾ ਹੈ । ਹਿੰਦੂ ਧਰਮ ਵਾਂਗ ਗੁਰੂ ਜੀ ਨੇ ਇਸਲਾਮ ਧਰਮ ਪ੍ਰਤਿ ਵੀ ਕੋਈ ਸ਼ਰਧਾ ਨਹੀਂ ਵਿਖਾਈ ਅਤੇ ਨ ਹੀ ਉਸ ਦੇ ਧਰਮ-ਗ੍ਰੰਥਾਂ ਦੀਆਂ ਮਾਨਤਾਵਾਂ ਨੂੰ ਗ੍ਰਹਿਣ ਕਰਨ ਲਈ ਕੋਈ ਗੱਲ ਕਹੀ ਹੈ । ਉਨ੍ਹਾਂ ਨੇ ਇਸ ਧਰਮ ਦੇ ਪ੍ਰਚਾਰਕਾਂ, ਮੁਖੀਆਂ, ਕਾਜ਼ੀਆਂ ਦੇ ਆਚਰਣ ਉਤੇ ਝਾਤ ਪਾ ਕੇ ਉਨ੍ਹਾਂ ਨੂੰ ਸਚਾ ਮੁਸਲਮਾਨ ਬਣਨ ਦੀ ਪ੍ਰੇਰਣਾ ਦਿੱਤੀ ਹੈ ।

ਸਪੱਸ਼ਟ ਹੈ ਕਿ ਗੁਰੂ ਜੀ ਨੇ ਸੰਕੀਰਣ ਅਤੇ ਰੂੜ੍ਹ ਧਾਰਮਿਕ ਪਰੰਪਰਾਵਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮਹੱਤਵ ਨਹੀਂ ਦਿੱਤਾ, ਪਰ ਉਹ ਧਰਮ ਦੇ ਵਾਸਤਵਿਕ ਰੂਪ ਦੇ ਵਿਰੁੱਧ ਨਹੀਂ ਸਨ । ਅਸਲ ਵਿਚ, ਉਨ੍ਹਾਂ ਨੇ ਪ੍ਰਚਲਿਤ ਧਰਮਾਂ ਦੇ ਮੁਕਾਬਲੇ ਸਹਿਜ-ਧਰਮ ਨੂੰ ਅਪਣਾਉਣ ਦੀ ਪ੍ਰੇਰਣਾ ਦਿੱਤੀ ਹੈ ।

ਗੁਰੂ ਜੀ ਉਸ ਸਮੇਂ ਦੀ ਸਮਾਜਿਕ ਵਿਵਸਥਾ ਤੋਂ ਵੀ ਸੰਤੁਸ਼ਟ ਨਹੀਂ ਸਨ ਕਿਉਂਕਿ ਉਸ ਨਾਲ ਮਾਨਵ- ਵਿਕਾਸ ਰੁਕ ਗਿਆ ਸੀ । ਉਹ ਵਰਣਾਸ਼੍ਰਮ ਧਰਮ ਵਿਚ ਵਿਸ਼ਵਾਸ ਨ ਕਰਕੇ ਜਾਤਿ-ਪਾਤਿ ਦੇ ਕੱਟੜ ਵਿਰੋਧੀ ਸਨ ਅਤੇ ਗ੍ਰਿਹਸਥ ਧਰਮ ਦੀ ਪਾਲਣਾ ਕਰਨ ਵਿਚ ਰੁਚੀ ਰਖਦੇ ਸਨ । ਉਨ੍ਹਾਂ ਨੇ ਨਾਰੀ ਨੂੰ ਵੀ ਸਮਾਜ ਵਿਚ ਗੌਰਵ-ਪੂਰਣ ਸਥਾਨ ਦਿੱਤਾ ਹੈ । ਸਮਾਜ ਦੀ ਸਥਿਤੀ ਨੂੰ ਸੰਤੁਲਿਤ ਰਖਣ ਲਈ ਉਨ੍ਹਾਂ ਨੇ ਸੇਵਾ ਉਤੇ ਬਲ ਦਿੱਤਾ ਹੈ ਅਤੇ ਭਰਮ-ਪੂਰਣ ਅਤੇ ਕਲਪਨਾ-ਪ੍ਰਸੂਤ ਸਮਾਜਿਕ ਪ੍ਰਥਾਵਾਂ ਨੂੰ ਤਿਆਗ ਕੇ ਸਦਾਚਰਣ ਲਈ ਪ੍ਰੇਰਿਆ ਹੈ । ਸਦਾਚਰਣ ਹੀ ਉਨ੍ਹਾਂ ਦੇ ਆਦਰਸ਼ ਸਮਾਜ ਦੀ ਨੀਂਹ ਹੈ । ਉਨ੍ਹਾਂ ਨੇ ਜਨ-ਸਾਧਾਰਣ ਦੀਆਂ ਅਧਿਆਤਮਿਕ, ਧਾਰਮਿਕ ਅਤੇ ਸਮਾਜਿਕ ਸਮਸਿਆਵਾਂ ਦਾ ਜਿਥੇ ਵਰਣਨ ਕਰਕੇ ਸਮਾਧਾਨ ਪੇਸ਼ ਕੀਤਾ ਹੈ, ਉਥੇ ਉਨ੍ਹਾਂ ਦੀ ਰਾਜਨੈਤਿਕ ਸਥਿਤੀ ਬਾਰੇ ਵੀ ਖੁਲ੍ਹ ਕੇ ਟਿੱਪਣੀ ਦਿੱਤੀ ਹੈ । ਸਪੱਸ਼ਟ ਹੈ ਕਿ ਵਿਚਾਰ-ਧਾਰਕ ਤੌਰ ਤੇ ਗੁਰੂ ਨਾਨਕ ਦੇਵ ਬੜੇ ਜਾਗਰੂਕ ਲੋਕ-ਨਾਇਕ ਸਨ ਜਿਨ੍ਹਾਂ ਨੇ ਕੀ ਦਰਸ਼ਨ, ਕੀ ਸਾਧਨਾ ਅਤੇ ਕੀ ਸਮਾਜ, ਹਰ ਖੇਤਰ ਵਿਚ ਆਪਣੀ ਉਸਾਰੂ ਅਤੇ ਕਲਿਆਣਕਾਰੀ ਛਾਪ ਛੱਡੀ ਹੈ ।

ਸਾਹਿਤਿਕ ਵਿਸ਼ਿਸ਼ਟਤਾ

ਇਹ ਸਹੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਬਾਣੀ ਕਵਿਤਾ ਕਰਨ ਦੇ ਉਦੇਸ਼ ਤੋਂ ਨਹੀਂ ਰਚੀ ਸੀ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਬਾਣੀ ਕਾਵਿ ਦੇ ਸਾਰੇ ਮਾਨਦੰਡਾਂ ਉਤੇ ਪੂਰੀ ਉਤਰਦੀ ਹੈ ਅਤੇ ਇਕ ਉਤਮ ਕਾਵਿ ਦੀ ਸਾਖੀ ਭਰਦੀ ਹੈ । ਯੁਗ-ਚਿਤ੍ਰਣ ਜਿਸ ਸਜੀਵ ਅਤੇ ਨਿਰਭੀਕ ਰੂਪ ਵਿਚ ਗੁਰੂ ਜੀ ਦੀ ਬਾਣੀ ਵਿਚ ਹੋਇਆ ਹੈ, ਉਤਨਾ ਕਿਸੇ ਹੋਰ ਸੰਤ ਦੀ ਕਵਿਤਾ ਵਿਚ ਘਟ ਹੀ ਵੇਖਣ ਨੂੰ ਮਿਲਦਾ ਹੈ । ਆਪ ਦੀ ਕਵਿਤਾ ਵਿਚ ਪ੍ਰਕ੍ਰਿਤੀ ਦਾ ਵੀ ਬੜਾ ਅਨੁਭੂਤੀ-ਜਨਕ ਚਿਤ੍ਰਣ ਹੋਇਆ ਹੈ । ਅਸਲ ਵਿਚ, ਜਨਮ ਤੋਂ ਲੈ ਕੇ ਉਦਾਸੀਆਂ ਦੇ ਸਮੇਂ ਤਕ ਅਤੇ ਫਿਰ ਕਰਤਾਰਪੁਰ ਨਿਵਾਸ ਵੇਲੇ ਆਪ ਦਾ ਜੀਵਨ ਕੁਦਰਤ ਦੀ ਗੋਦ ਵਿਚ ਬੀਤਿਆ । ਇਸ ਪ੍ਰਕ੍ਰਿਤੀ ਦਾ ਘੇਰਾ ਪੰਜਾਬ ਤਕ ਸੀਮਿਤ ਨਹੀਂ ਸਗੋਂ ਸਾਰੇ ਭਾਰਤ ਅਤੇ ਕੁਝ ਬਾਹਰਲੇ ਦੇਸ਼ਾਂ ਦੀ ਪ੍ਰਕ੍ਰਿਤੀ ਨੂੰ ਮਾਣਨ ਦਾ ਅਵਸਰ ਵੀ ਗੁਰੂ ਜੀ ਨੂੰ ਮਿਲਿਆ ਸੀ । ਗੁਰੂ ਨਾਨਕ ਬਾਣੀ ਵਿਚ ਨਿਰੂਪਿਤ ਭਗਤੀ-ਰਸ ਮਧੁਰ-ਭਗਤੀ ਨੂੰ ਸਥਾਪਿਤ ਕਰਦਾ ਹੈ ਕਿਉਂਕਿ ਸਰਬਤ੍ਰ ਪਤੀ-ਪਤਨੀ ਵਾਲੇ ਦੰਪਤਿਕ ਸੰਬੰਧ ਦੀ ਅਭਿਵਿਅਕਤੀ ਹੋਈ ਹੈ । ਇਸ ਵਿਚ ਕੋਈ ਸੰਦੇਹ ਨਹੀਂ ਕਿ ਉਨ੍ਹਾਂ ਦੀ ਬਾਣੀ ਵਿਚਲੇ ਅਨੇਕ ਸ਼ਬਦਾਂ ਵਿਚ ਸ਼ਾਂਤ-ਰਸੀ ਭੂਮਿਕਾ ਅੰਤ ਵਿਚ ਮਧੁਰ -ਭਾਵ ਵਿਚ ਸਮਾਉਂਦੀ ਹੈ, ਇਸ ਲਈ ਗੁਰੂ ਨਾਨਕ ਬਾਣੀ ਦਾ ਮੁੱਖ ਰਸ ਭਗਤੀ-ਰਸ ਹੈ । ਗੁਰੂ ਜੀ ਨੇ ਆਪਣੇ ਆਪ ਨੂੰ ਪਤਨੀ ਰੂਪ ਵਿਚ ਪੇਸ਼ ਕੀਤਾ ਹੈ । ਉਹ ਪਰਮਾਤਮਾ ਨੂੰ ਯਾਦ ਕਰਦੀ ਹੈ, ਉਸ ਦਾ ਯਸ਼ ਗਾਉਂਦੀ ਹੈ, ਉਸ ਦੇ ਬਿਰਹ ਵਿਚ ਵਿਆਕੁਲ ਹੁੰਦੀ ਹੈ । ਇਹ ਭਗਤੀ-ਰਸ ਦੀ ਸਾਧਨ ਅਵਸਥਾ ਹੈ । ਜਦੋਂ ਉਹ ਪਰਮਾਤਮਾ ਦਾ ਸੰਯੋਗ ਪ੍ਰਾਪਤ ਕਰਕੇ ਉਸ ਵਿਚ ਮਗਨ ਹੋ ਜਾਂਦੀ ਹੈ ਤਾਂ ਉਦੋਂ ਭਗਤੀ-ਰਸ ਆਪਣੀ ਸਿੱਧੀ ਨੂੰ ਪ੍ਰਾਪਤ ਹੁੰਦਾ ਹੈ ।

ਗੁਰੂ ਜੀ ਨੇ ਆਪਣੀ ਬਾਣੀ ਵਿਚ ਭਗਤੀ ਦੇ ਸਥਾਈ ਭਾਵ ਪ੍ਰੇਮ (ਉਜਵਲ ਰਤਿ) ਦੇ ਉਪਜਣ ਅਤੇ ਦ੍ਵੈਤ-ਭਾਵ ਦੇ ਖ਼ਤਮ ਹੋਣ ਲਈ ਗੁਰੂ ਦੀ ਸਹਾਇਤਾ ਦੀ ਸਥਾਪਨਾ ਕੀਤੀ ਹੈ ਬਿਨੁ ਗੁਰ ਪ੍ਰੀਤਿ ਨ ਉਪਜੈ ਹਉਮੈ ਮੈਲੁ ਨ ਜਾਇ । (ਗੁ.ਗ੍ਰੰ60) । ਵਿਆਹ ਦੇ ਰੂਪਕ ਰਾਹੀਂ ਗੁਰੂ ਜੀ ਨੇ ਭਗਤੀ-ਰਸ ਦੀ ਸਿੱਧ ਅਵਸਥਾ ਨੂੰ ਬੜੀ ਕਲਾਤਮਕ ਜੁਗਤ ਨਾਲ ਪੇਸ਼ ਕੀਤਾ ਹੈ । ਸਪੱਸ਼ਟ ਹੈ ਕਿ ਗੁਰੂ ਨਾਨਕ ਬਾਣੀ ਵਿਚ ਭਗਤੀ-ਰਸ ਦੀ ਸਾਧਨ ਅਤੇ ਸਿੱਧ ਦੋਹਾਂ ਅਵਸਥਾਵਾਂ ਦਾ ਬੜੇ ਵਿਸਤਾਰ, ਗੰਭੀਰਤਾ ਅਤੇ ਤੀਬਰਤਾ ਨਾਲ ਚਿਤ੍ਰਣ ਹੋਇਆ ਹੈ ।

ਗੁਰੂ ਜੀ ਦੀ ਬਾਣੀ ਭਾਵੇਂ ਸ੍ਰੇਸ਼ਠ ਕਾਵਿ ਦਾ ਸੁੰਦਰ ਨਮੂਨਾ ਪੇਸ਼ ਕਰਦੀ ਹੈ, ਪਰ ਉਹ ਛੰਦ ਦੀ ਕੈਦ ਨੂੰ ਸਵੀਕਾਰ ਨਹੀਂ ਕਰਦੀ । ਅਸਲ ਵਿਚ, ਸ਼ਾਸਤ੍ਰੀ ਦ੍ਰਿਸ਼ਟੀ ਤੋਂ ਕਵਿਤਾ ਕਰਨਾ ਗੁਰੂ ਜੀ ਦਾ ਜੀਵਨ-ਮਨੋਰਥ ਨਹੀਂ ਸੀ । ਉਨ੍ਹਾਂ ਨੇ ਤਾਂ ਆਪਣੀ ਰਹੱਸ-ਅਨੁਭੂਤੀ ਅਤੇ ਉਪਦੇਸ਼ ਨੂੰ ਜਿਗਿਆਸੂਆਂ ਨਾਲ ਸਾਂਝਾ ਕਰਨਾ ਸੀ, ਇਸ ਲਈ ਅਪਭ੍ਰੰਸ਼ ਦੇ ਕਵੀਆ ਅਤੇ ਨਾਥ-ਯੋਗੀਆਂ ਤੋਂ ਚਲੀ ਆ ਰਹੀ ਛੰਦਾਬੰਦੀ ਦੀ ਪਰੰਪਰਾ ਨੂੰ ਅਪਣਾਇਆ । ਇਸ ਵਿਚ ਕੋਈ ਸੰਦੇਹ ਨਹੀਂ ਕਿ ਗੁਰੂ ਜੀ ਦੀ ਬਾਣੀ ਅਧਿਕਤਰ ਕਿਸੇ ਛੰਦ ਦੀ ਸੀਮਾ ਨੂੰ ਸਵੀਕਾਰ ਨਹੀਂ ਕਰਦੀ ਪਰ ਉਂਜ ਪੁਰਾਤਨ ਛੰਦਾਂ ਨਾਲ ਜੇ ਕੋਈ ਸਮੀਪਤਾ ਮਿਲਦੀ ਹੈ, ਤਾਂ ਕੇਵਲ ਮਾਤ੍ਰਿਕ ਛੰਦਾਂ ਨਾਲ । ਆਪ ਨੇ ਪਿੰਗਲ ਅਨੁਸਾਰ ਛੰਦ-ਯੋਜਨਾ ਨ ਕਰਕੇ ਆਪਣੇ ਭਾਵਾਂ ਦੁਆਰਾ ਉਸ ਨੂੰ ਅਨੁਸ਼ਾਸਿਤ ਕੀਤਾ ਹੈ ।

ਬਾਣੀ ਦੀ ਬੁਨਿਆਦੀ ਲੋੜ ਰਾਗ ਹੈ । ਸੰਗੀਤ ਦੀਆਂ ਸੁਰਾਂ ਵਿਚ ਮਾਤ੍ਰਿਕ ਵਾਧ-ਘਾਟ ਆਪਣੇ ਆਪ ਲੀਨ ਹੋ ਜਾਂਦੀ ਹੈ । ਗੁਰੂ ਜੀ ਨੇ 20 ਰਾਗਾਂ ਵਿਚ ਆਪਣੀ ਬਾਣੀ ਉਚਾਰ ਕੇ ਇਨ੍ਹਾਂ ਸਾਰਿਆਂ ਉਤੇ ਆਪਣੇ ਅਬੂਰ ਨੂੰ ਸਪੱਸ਼ਟ ਕਰ ਦਿੱਤਾ ਹੈ । ਇਹ ਰਾਗ ਨ ਤਾਂ ਸ਼ਾਸਤ੍ਰੀ ਪਰੰਪਰਾ ਨੂੰ ਸਵੀਕਾਰ ਕਰਦੇ ਹਨ ਅਤੇ ਨ ਹੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਉਤੇ ਦਿੱਤੀ ਰਾਗਮਾਲਾ ਨਾਲ ਅਨੁਸਾਰਤਾ ਰਖਦੇ ਹਨ । ਗੁਰੂ ਜੀ ਆਪ ਰਾਗ ਦੇ ਮਹੱਤਵ ਨੂੰ ਸਮਝਦੇ ਸਨ ਅਤੇ ਰਾਗ ਆਦਿ ਸੂਖਮ ਕਲਾਵਾਂ ਤੋਂ ਵਿਛੁੰਨਿਆਂ ਲਈ ਉਨ੍ਹਾਂ ਦੇ ਮਨ ਵਿਚ ਕੋਈ ਆਦਰ ਨਹੀਂ ਸੀ ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ । ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ । ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ । (ਗੁ.ਗ੍ਰੰ.1246) । ਸਪੱਸ਼ਟ ਹੈ ਕਿ ਗੁਰੂ ਜੀ ਦੀ ਕਾਵਿ- ਪ੍ਰਤਿਭਾ ਰਾਗ ਦੇ ਅਨੁਸ਼ਾਸਨ ਨੂੰ ਅਪਣਾ ਕੇ ਚਲੀ ਹੈ ।

ਮੱਧ-ਯੁਗ ਦੇ ਹੋਰ ਵੀ ਅਨੇਕ ਸੰਤਾਂ/ਭਗਤਾਂ ਨੇ ਸੰਗੀਤ ਪ੍ਰਤਿ ਆਪਣੀ ਰੁਚੀ ਨੂੰ ਪ੍ਰਗਟ ਕਰਦਿਆਂ ਕਈ ਰਾਗਾਂ ਵਿਚ ਆਪਣੀਆਂ ਬਾਣੀਆਂ ਰਚੀਆਂ ਹਨ, ਪਰ ਉਨ੍ਹਾਂ ਵਿਚ ਨ ਤਾਂ ਗੁਰੂ ਨਾਨਕ ਬਾਣੀ ਜਿਤਨੀ ਰਾਗਮਇਤਾ ਹੈ, ਨ ਕੋਈ ਵਿਸ਼ੇਸ਼ ਵਿਧੀ ਹੈ ਅਤੇ ਨ ਹੀ ਕਿਸੇ ਪ੍ਰਕਾਰ ਦੀ ਸਮਨਵੈ-ਭਾਵਨਾ ਹੈ । ਟੇਕ ਦੀ ਥਾਂ ਤੇ ਗੁਰੂ ਜੀ ਨੇ ਰਹਾਉ ਸ਼ਬਦ ਵਰਤਿਆ ਹੈ ।

ਗੁਰੂ ਨਾਨਕ ਬਾਣੀ ਵਿਚ ਕਾਵਿ-ਰੂਪਾਂ ਦਾ ਵੀ ਬੜੀ ਜੁਗਤ ਨਾਲ ਪ੍ਰਯੋਗ ਹੋਇਆ ਹੈ । ਗੁਰੂ ਜੀ ਨੇ ਆਪਣੀ ਰਹੱਸ-ਅਨੁਭੂਤੀ ਨੂੰ ਪ੍ਰਗਟਾਉਣ ਲਈ ਯੁਗ ਦੀਆਂ ਲੋੜਾਂ ਨੂੰ ਸਾਹਮਣੇ ਰਖ ਕੇ ਪਰੰਪਰਾ ਤੋਂ ਪ੍ਰਾਪਤ ਕਾਵਿ-ਰੂਪਾਂ ਨੂੰ ਲੋਕ-ਕਾਵਿ ਦੇ ਰੂਪਾਂ ਨਾਲ ਇਕਸੁਰ ਕੀਤਾ ਹੈ । ਸਥੂਲ ਤੌਰ ਤੇ ਕਾਵਿ-ਰੂਪਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ ਬੰਧਗਤ ਕਾਵਿ-ਰੂਪ ਅਤੇ ਸ਼ੈਲੀਗਤ ਕਾਵਿ-ਰੂਪ । ਬੰਧਗਤ-ਕਾਵਿ-ਰੂਪ ਉਹ ਹਨ ਜਿਨ੍ਹਾਂ ਵਿਚ ਗੁਰੂ ਜੀ ਨੇ ਇਕ ਨਿਸ਼ਚਿਤ ਸੀਮਾ ਅਤੇ ਯੋਜਨਾ ਵਿਚ ਭਾਵਾਂ ਨੂੰ ਪੇਸ਼ ਕੀਤਾ ਹੈ । ਇਸ ਪ੍ਰਕਾਰ ਦੀਆਂ ਰਚਨਾਵਾਂ ਹਨ ਜਪੁਜੀ, ਸਿਧ-ਗੋਸਟਿ, ਓਅੰਕਾਰ, ਪਟੀ, ਬਾਰਹਮਾਹਾ, ਥਿਤੀ ਅਤੇ ਵਾਰਾਂ । ਦੂਜਾ ਸ਼ੈਲੀਗਤ ਕਾਵਿ-ਰੂਪ ਹੈ । ਇਸ ਵਿਚ ਆਕਾਰ ਵਜੋਂ ਛੋਟੇ, ਬੰਧ ਤੋਂ ਮੁਕਤ ਅਤੇ ਅਭਿਵਿਅਕਤੀ ਵਿਚ ਅਦੁੱਤੀ ਖਿਚ ਰਖਣ ਵਾਲੇ ਸ਼ਬਦ ਸ਼ਾਮਲ ਕੀਤੇ ਜਾਂਦੇ ਹਨ । ਗੁਰੂ ਜੀ ਨੇ ਧਾਰਮਿਕ ਅਤੇ ਲੋਕ-ਕਾਵਿ ਪਰੰਪਰਾਵਾਂ ਤੋਂ ਸ਼ੈਲੀਗਤ ਕਾਵਿ-ਰੂਪ ਗ੍ਰਹਿਣ ਕਰਕੇ ਆਪਣੇ ਭਾਵਾਂ ਨੂੰ ਸੁੰਦਰ ਢੰਗ ਨਾਲ ਪ੍ਰਗਟਾਇਆ ਹੈ । ਕੁਝ ਕੁ ਸ਼ੈਲੀਗਤ ਕਾਵਿ -ਰੂਪ ਇਸ ਪ੍ਰਕਾਰ ਹਨ: ਚਉਪਦੇ, ਅਸ਼ਟਪਦੀਆਂ, ਸੋਲਹੇ, ਛੰਤ ।

ਗੁਰੂ ਨਾਨਕ ਦੇਵ ਚੂੰਕਿ ਦੇਸ਼-ਵਿਦੇਸ਼ ਬਹੁਤ ਘੁੰਮੇ ਸਨ, ਇਸ ਲਈ ਉਨ੍ਹਾਂ ਦਾ ਉਪਮਾਨ-ਖੇਤਰ ਬਹੁਤ ਵਿਸ਼ਾਲ ਹੈ । ਉਨ੍ਹਾਂ ਦੀ ਅਲੰਕਾਰ-ਯੋਜਨਾ ਸਹਿਜ ਸੁਭਾਵਿਕ ਹੈ ਅਤੇ ਆਤਮਾ-ਪਰਮਾਤਮਾ ਦੇ ਪ੍ਰੇਮ-ਸੰਬੰਧ ਦੇ ਇਰਦ ਗਿਰਦ ਘੁੰਮਦੀ ਹੈ ਅਤੇ ਹੈ ਸਭ ਕੁਝ ਲੋਕ-ਮਨ ਦੀ ਪੱਧਰ ਦਾ । ਇਹ ਉਪਮਾਨ ਨਵੇਂ, ਵੰਨ-ਸੁਵੰਨੇ ਅਤੇ ਜਨ-ਜੀਵਨ ਨਾਲ ਸੰਬੰਧਿਤ ਹਨ । ਮੂਰਤ ਉਪਮਾਨਾਂ ਦੀ ਪ੍ਰਧਾਨਤਾ ਹੈ ।

ਗੁਰੂ ਜੀ ਨੇ ਆਪਣੇ ਅਧਿਆਤਮਿਕ ਵਿਚਾਰਾਂ ਲਈ ਪ੍ਰਤੀਕਾਂ ਦੀ ਵੀ ਕਾਫ਼ੀ ਵਰਤੋਂ ਕੀਤੀ ਹੈ । ਮੁੱਖ ਤੌਰ ਤੇ ਪਤੀ-ਪਤਨੀ ਵਾਲਾ ਪ੍ਰਤੀਕ ਵਰਤਿਆ ਹੈ । ਇਨ੍ਹਾਂ ਪ੍ਰਤੀਕਾਂ ਨੇ ਗੁਰੂ ਜੀ ਦੀ ਬਾਣੀ ਨੂੰ ਬਹੁਤ ਭਾਵਨਾਮਈ ਬਣਾਇਆ ਹੈ, ਪਰ ਕਿਤੇ ਵੀ ਵਾਸਨਾ ਦੀ ਦੁਰਗੰਧ ਨਹੀਂ ਮਿਲਦੀ । ਸਭ ਥਾਂ ਵਿਰਹ ਅਤੇ ਸੰਯੋਗ ਦੇ ਰਸ-ਭਿੰਨੇ ਚਿੱਤਰ ਆਪਣੀ ਪੂਰੀ ਸਾਤਵਿਕਤਾ ਅਤੇ ਪਵਿੱਤਰਤਾ ਨਾਲ ਵਿਦਮਾਨ ਹਨ । ਅਨੇਕ ਥਾਂਵਾਂ ਉਤੇ ਅਲੌਕਿਕ ਅਥਵਾ ਅਧਿਆਤਮਿਕ ਵਿਆਹ ਅਤੇ ਸੰਯੋਗ ਸੁਖ ਦਾ ਪ੍ਰਗਟਾਵਾ ਇਨ੍ਹਾਂ ਪ੍ਰਤੀਕਾਂ ਦੁਆਰਾ ਹੀ ਹੋਇਆ ਹੈ । ਪਤੀ-ਪਤਨੀ ਦੇ ਪ੍ਰਤੀਕ ਤੋਂ ਇਲਾਵਾ ਗੁਰੂ ਜੀ ਨੇ ਪੁੱਤਰ ਅਤੇ ਮਾਤਾ-ਪਿਤਾ, ਦਾਸ ਅਤੇ ਸੁਆਮੀ ਵਾਲੇ ਪ੍ਰਤੀਕਾਂ ਨੂੰ ਵੀ ਵਰਤਿਆ ਹੈ । ਇਨ੍ਹਾਂ ਵਿਚ ਵਤਸਲਤਾ ਅਤੇ ਦਾਸ ਦੋਹਾਂ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਅਭਿਵਿਅਕਤੀ ਮਿਲੀ ਹੈ । ਪੌਰਾਣਿਕ ਪ੍ਰਤੀਕ ਵੀ ਵਰਤੇ ਗਏ ਹਨ, ਪਰ ਸਭ ਤੋਂ ਅਧਿਕ ਯੋਗ-ਮਤ ਨਾਲ ਸੰਬੰਧਿਤ ਸੰਕੇਤਿਕ ਜਾਂ ਪਰਿਭਾਸ਼ਿਕ ਪ੍ਰਤੀਕ ਮਿਲਦੇ ਹਨ ।

ਅਧਿਆਤਮਿਕ ਅਨੁਭੂਤੀ ਦੇ ਪ੍ਰਗਟਾਵੇ ਲਈ ਬਿੰਬ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ । ਗੁਰੂ ਨਾਨਕ ਦੇਵ ਦੁਆਰਾ ਆਪਣੀ ਬਾਣੀ ਵਿਚ ਵਰਤੀ ਬਿੰਬਾਵਲੀ ਇਕ ਪ੍ਰਕਾਰ ਦਾ ਦਰਪਣ ਹੈ ਜਿਸ ਵਿਚੋਂ ਉਨ੍ਹਾਂ ਦੇ ਹਿਰਦੇ, ਬੁੱਧੀ ਅਤੇ ਸਮੁੱਚੇ ਵਿਅਕਤਿਤਵ ਨੂੰ ਪੂਰੀ ਤਰ੍ਹਾਂ ਵੇਖਿਆ ਜਾ ਸਕਦਾ ਹੈ । ਇਸ ਨਾਲ ਨ ਕੇਵਲ ਭਾਵਨਾਵਾਂ ਨੂੰ ਉਕਸਾਹਟ ਮਿਲੀ ਹੈ, ਸਗੋਂ ਜਿਗਿਆਸੂ ਦੀ ਕਲਪਨਾ ਨੂੰ ਜਗਾ ਕੇ ਅਲੌਕਿਕ ਭਾਵ-ਭੂਮੀ ਉਤੇ ਖੜਾ ਕੀਤਾ ਗਿਆ ਹੈ । ਆਪ ਦੇ ਬਿੰਬ ਰੂਪ-ਰੰਗ ਵਿਚ ਸਰਲ, ਸਹਿਜ ਅਤੇ ਸੁਬੋਧ ਹਨ । ਇਨ੍ਹਾਂ ਵਿਚ ਪ੍ਰਭਾਵਸ਼ਾਲਤਾ , ਤੀਬਰਤਾ ਅਤੇ ਸ਼ਕਤੀ ਬਹੁਤ ਅਧਿਕ ਹੈ । ਕਿਸੇ ਵੀ ਭਾਵ ਅਤੇ ਵਾਤਾਵਰਣ ਨਾਲ ਸੰਬੰਧਿਤ ਬਿੰਬਾਵਲੀ ਕਿਉਂ ਨ ਹੋਵੇ, ਉਸ ਦਾ ਪ੍ਰਭਾਵ ਸਦਾ ਇਕ-ਸਮਾਨ ਰਿਹਾ ਹੈ । ਆਪ ਨੇ ਅਧਿਕਤਰ ਪ੍ਰਤੀਕ ਪ੍ਰਕ੍ਰਿਤੀ, ਸਾਧਾਰਣ ਜਨ-ਜੀਵਨ ਅਤੇ ਸਮਾਜਿਕ ਸਥਿਤੀਆਂ ਤੋਂ ਲਏ ਹਨ ।

ਬਾਣੀਕਾਰ ਜਾਂ ਕਵੀ ਨੂੰ ਆਪਣੇ ਕਾਵਿ-ਕਰਮ ਵਿਚ ਸਫਲਤਾ ਦੇ ਮਾਰਗ ਉਤੇ ਅਗੇ ਤੋਰਨ ਵਾਲਾ ਸਾਧਨ ਭਾਸ਼ਾ ਹੈ । ਗੁਰੂ ਨਾਨਕ ਦੇਵ ਇਕ ਚੇਤਨ ਲੋਕ-ਨਾਇਕ ਸਨ । ਆਪਣੀ ਭਾਸ਼ਾ ਲਈ ਉਨ੍ਹਾਂ ਦੇ ਮਨ ਵਿਚ ਬਹੁਤ ਆਦਰ ਸੀ । ਆਪਣੀ ਭਾਸ਼ਾ ਦੀ ਨਿਰਾਦਰੀ ਕਰਨ ਵਾਲੇ ਲੋਕਾਂ ਨੂੰ ਗੁਰੂ ਜੀ ਨੇ ਕਿਸੇ ਪ੍ਰਕਾਰ ਦਾ ਕੋਈ ਮਹੱਤਵ ਨਹੀਂ ਦਿੱਤਾ ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ । (ਗੁ.ਗ੍ਰੰ.663) । ਗੁਰੂ ਜੀ ਨੇ ਜਨ-ਜਾਗਰਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਸੀ, ਉਸ ਦਾ ਸੰਦੇਸ਼ ਕਿਸੇ ਸ਼ਾਸਤ੍ਰੀ ਭਾਸ਼ਾ ਵਿਚ ਦੇਣਾ ਅਨੁਚਿਤ ਸੀ । ਇਸ ਨਾਲ ਉਦਿਸ਼ਟ ਫਲ-ਪ੍ਰਾਪਤੀ ਅਸੰਭਵ ਸੀ । ਭਾਸ਼ਾਈ ਸੰਕ੍ਰਾਂਤੀ ਦੀ ਉਸ ਬੇਲਾ ਵਿਚ ਪੁਰਾਤਨ ਭਾਸ਼ਾਵਾਂ ਦੇ ਖੰਡਰਾਂ ਉਤੇ ਉਸਰੀ ਪੰਜਾਬੀ ਭਾਸ਼ਾ ਨੂੰ ਗੁਰੂ ਜੀ ਨੇ ਜਨ-ਜੀਵਨ ਨਾਲ ਪੂਰੀ ਤਰ੍ਹਾਂ ਸੰਪਰਕ ਬਣਾਈ ਰਖਣ ਲਈ ਵਰਤਿਆ ।

ਆਪ ਵਲੋਂ ਵਰਤੀ ਗਈ ਪੰਜਾਬੀ ਦਾ ਰੂਪ ਪੂਰਬੀ ਪੰਜਾਬੀ ਵਾਲਾ ਹੈ, ਪਰ ਉਹ ਲਹਿੰਦੀ ਦੇ ਪ੍ਰਭਾਵ ਨੂੰ ਵੀ ਗ੍ਰਹਿਣ ਕਰਕੇ ਚਲੀ ਹੈ । ਕਈਆਂ ਰਚਨਾਵਾਂ/ਸ਼ਬਦਾਂ ਵਿਚ ਗੁਰੂ ਜੀ ਨੇ ਪੰਜਾਬੀ ਪ੍ਰਭਾਵਿਤ ਸਧੁੱਕੜੀ ਨੂੰ ਵੀ ਵਰਤਿਆ ਹੈ ਕਿਉਂਕਿ ਪੰਜਾਬ ਤੋਂ ਬਾਹਰਲੇ ਲੋਕਾਂ ਤਕ ਆਪਣਾ ਸੰਦੇਸ਼ ਪਹੁੰਚਾਉਣ ਲਈ ਇਹ ਇਕ ਪ੍ਰਕਾਰ ਦੀ ਸਾਂਝੀ ਭਾਸ਼ਾ ਸੀ । ਸਪੱਸ਼ਟ ਹੈ ਕਿ ਗੁਰੂ ਜੀ ਨੇ ਆਪਣੀ ਬਾਣੀ ਦੀ ਭਾਸ਼ਾ ਪੰਜਾਬ ਦੀ ਧਰਤੀ ਤੋਂ ਜਨਮ ਲੈ ਕੇ ਦੇਸ਼-ਵਿਦੇਸ਼ ਦਾ ਅੰਸ਼ ਗ੍ਰਹਿਣ ਕਰਦੀ ਚਕਰਵਰਤੀ ਬਿਹੰਗਮ ਸਾਧੂਆਂ ਦੀ ਬੋਲੀ ਦਾ ਰੂਪ ਧਾਰਣ ਕਰ ਗਈ । ਇਸ ਲਈ ਗੁਰੂ ਜੀ ਦੀ ਭਾਸ਼ਾ ਜਿਥੇ ਪੰਜਾਬੀ ਭਾਸ਼ਾ ਦਾ ਗੌਰਵ ਵਧਾ ਕੇ ਉਸ ਨੂੰ ਸਾਹਿਤਿਕ ਮੂੰਹ-ਮਥਾ ਪ੍ਰਦਾਨ ਕਰਦੀ ਹੈ, ਉਥੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਹੋਰਨਾਂ ਖੇਤਰਾਂ ਵਿਚ ਸਮਝਣ ਦੇ ਯੋਗ ਬਣਾਉਂਦੀ ਹੈ ।

ਗੁਰੂ ਨਾਨਕ ਦੇਵ ਦਾ ਭਾਸ਼ਾ ਉਤੇ ਇਤਨਾ ਅਧਿਕਾਰ ਸੀ ਕਿ ਉਨ੍ਹਾਂ ਨੇ ਆਪਣੇ ਭਾਵਾਂ ਦਾ ਜੋ ਰੰਗ ਜਿਵੇਂ ਵੀ ਭਰਨਾ ਚਾਹਿਆ, ਭਾਸ਼ਾ ਨੇ ਉਸ ਨੂੰ ਸਵੀਕਾਰ ਕਰਕੇ ਆਪਣੇ ਗੌਰਵ ਨੂੰ ਵਧਾਇਆ । ਇਸੇ ਲਈ ਕਿਸੇ ਵਿਦਵਾਨ ਨੇ ਆਪ ਦੀ ਭਾਸ਼ਾ ਨੂੰ ਅਸਾਧਾਰਣ ਕਿਹਾ, ਕਿਸੇ ਬਹੁ- ਰੂਪਣੀ ਅਤੇ ਕਿਸੇ ਨੇ ਸਰਬ ਸਾਂਝੀ ਬੋਲੀ । ਸੁੰਦਰ ਵਰਣ-ਯੋਜਨਾ, ਗੁਣਾਂ, ਸ਼ਬਦ-ਸ਼ਕਤੀਆਂ, ਮੁਹਾਵਰਿਆਂ, ਅਖਾਣਾਂ, ਸੁਬੋਲਾਂ, ਸ਼ਬਦਾਲੰਕਾਰਾਂ ਨੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਜਨ-ਮਨ ਵਿਚ ਦ੍ਰਿੜ੍ਹ ਕੀਤਾ ।

ਸੰਖੇਪ ਵਿਚ ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਅਤੇ ਬਾਣੀ ਰਾਹੀਂ ਲੋਕ-ਚੇਤਨਾ ਪੈਦਾ ਕਰਕੇ ਇਕ ਨਵੇਂ ਸਭਿਆਚਾਰ ਨੂੰ ਸਿਰਜਣ ਲਈ ਤਿਆਰ ਕੀਤਾ । ਪੰਜਾਬੀ ਵਿਚ ਕਾਵਿ-ਰਚਨਾ ਕਰਕੇ ਇਸ ਨੂੰ ਭਾਵਾਭਿਅਕਤੀ ਦਾ ਸਾਧਨ ਬਣਾਇਆ । ਗੁਰੂ ਨਾਨਕ ਦੇਵ ਨਵੇਂ ਸਭਿਆਚਾਰ ਦੇ ਨ ਕੇਵਲ ਸਥਾਪਕ ਹੀ ਹਨ, ਸਗੋਂ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਮੋਢੀ ਵੀ ਹਨ । ਉਨ੍ਹਾਂ ਨੇ ਆਪਣੇ ਅਧਿਆਤਮਿਕ ਵਿਚਾਰਾਂ ਰਾਹੀਂ ਸੱਚੀ ਪੰਜਾਬੀਅਤ ਨੂੰ ਸਥਾਪਿਤ ਕਰਨ ਦਾ ਯਤਨ ਕੀਤਾ । ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਖੜੋਤ ਨੂੰ ਖ਼ਤਮ ਕਰਕੇ ਨਵੇਂ ਅਤੇ ਨਰੌਏ ਜੀਵਨ ਦਾ ਬਿਗਲ ਵਜਾਇਆ ।

ਲੇਖਕ : ਡਾ. ਰਤਨ ਸਿੰਘ ਜੱਗੀ
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

  • ਮੁੱਖ ਪੰਨਾ : ਬਾਣੀ, ਗੁਰੂ ਨਾਨਕ ਦੇਵ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ