Biography : Gurdeep Singh Saini
ਜੀਵਨੀ ਤੇ ਰਚਨਾ : ਗੁਰਦੀਪ ਸਿੰਘ ਸੈਣੀ - ਜਗਦੀਸ਼ ਰਾਣਾ
ਗੁਰਦੀਪ ਸਿੰਘ ਸੈਣੀ ਦੀ ਗ਼ਜ਼ਲ ਪੜ੍ਹਦਿਆਂ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕੇ ਉਸ ਦੀ ਸ਼ਾਇਰੀ ਕਾਲਪਨਿਕ ਨਾ ਹੋ ਕੇ ਜ਼ਿੰਦਗੀ ਦੇ ਕੌੜੇ-ਮਿੱਠੇ ਅਨੁਭਵਾਂ ਦਾ ਅਹਿਸਾਸ ਹੈ।ਸ਼ਿੱਦਤੀ ਅਹਿਸਾਸ ਦੁਆਰਾ ਜ਼ਿੰਦਗੀ ਦੇ ਹੰਢਾਏ ਦੁਖਾਂਤਕ ਅਨੁਭਵ ਜਦੋਂ ਵੇਦਨਾ ਬਣਦਿਆਂ ਕਾਵਿ ਦਾ ਜਜ਼ਬਾ ਉਗਮਦਾ ਹੈ ਤਾਂ ਸ਼ਾਇਰੀ ਦੀ ਸਿਰਜਣਾ ਸੁੱਤੇ ਸਿੱਧ ਹੀ ਜਨਮ ਧਰ ਲੈਂਦੀ ਹੈ 'ਤੇ ਏਸੇ ਨੂੰ ਇਲਹਾਮ ਦੀ ਸ਼ਾਇਰੀ ਵੀ ਕਿਹਾ ਜਾਂਦਾ ਹੈ।
ਕਦੇ ਰਾਜ਼ ਦਰਬਾਰਾਂ ਦੀ ਰਾਣੀ ਕਹੀ ਜਾਣ ਵਾਲ਼ੀ ਗ਼ਜ਼ਲ ਵਿਚ ਹੁਸਨ ਇਸ਼ਕ, ਰਿੰਦ, ਸ਼ਰਾਬ, ਸ਼ਬਾਬ, ਗੁਲ,ਬੁਲਬੁਲ ਆਦਿ ਸ਼ਬਦਾਂ ਦੀ ਸਰਦਾਰੀ ਹੁੰਦੀ ਸੀ 'ਤੇ ਗ਼ਜ਼ਲ ਹੁਸਨ ਇਸ਼ਕ ਦੀ ਦਾਇਰੇ 'ਚ ਬੱਝੀ ਹੋਈ ਸੀ ਪ੍ਰੰਤੂ ਮੌਜੂਦਾ ਸਮਿਆਂ ਦੇ ਖ਼ਾਸਕਰ ਪੰਜਾਬੀ ਸ਼ਾਇਰ ਆਪਣੇ ਜ਼ੋਸ਼ੀਲੇ ਸੁਭਾਅ 'ਤੇ ਅਣਖੀ ਸੋਚ ਮੁਤਾਬਿਕ ਲੋਕ ਸੰਘਰਸ਼ਾਂ ਨੂੰ ਗ਼ਜ਼ਲ ਦਾ ਸ਼ਿੰਗਾਰ ਬਣਾਉਂਦੇ ਹਨ ਅਤੇ ਸਰਬ ਸਾਂਝੇ ਜਜ਼ਬਿਆਂ 'ਤੇ ਲੋਕਾਈ ਦੇ ਅੰਦਰੂਨੀ ਅਹਿਸਾਸਾਂ ਨੂੰ ਆਪਣੀ ਗ਼ਜ਼ਲਕਾਰੀ ਦੇ ਕਲਾਵੇ ਵਿੱਚ ਬੜੀ ਹੁਨਰਮੰਦੀ ਨਾਲ਼ ਸਮੋ ਲੈਂਦੇ ਹਨ।
ਗੁਰਦੀਪ ਸਿੰਘ ਸੈਣੀ ਵੀ ਅਜਿਹਾ ਹੀ ਗ਼ਜ਼ਲਗੋ ਹੈ ਜਿਹੜਾ ਆਪਣੀ ਗ਼ਜ਼ਲਕਾਰੀ ਵਿੱਚ ਵਿਸ਼ਵ ਭਰ ਦੇ ਲੋਕਾਂ ਦੇ ਦੁੱਖਾਂ ਤਕਲੀਫ਼ਾਂ ਦੀ ਪੀੜਾ ਦਾ ਜ਼ਿਕਰ ਕਰਦਾ ਹੈ,ਹਾਕਮ 'ਤੇ ਲੋਟੂ ਜਮਾਤ ਦੀਆਂ ਵਧੀਕੀਆਂ ਦਾ ਜ਼ਿਕਰ ਬੇਖ਼ੌਫ ਕਰਦਾ ਹੈ 'ਤੇ ਜ਼ੁਲਮ ਦੀ ਚੱਕੀ 'ਚ ਪਿਸਦੇ ਲੋਕਾਂ ਨੂੰ ਜ਼ੁਲਮ ਖ਼ਿਲਾਫ਼ ਲਾਮਬੰਧ ਹੋਣ ਦਾ ਹੋਕਾ ਦਿੰਦਾ ਹੈ।ਗੁਰਦੀਪ ਸਿੰਘ ਸੈਣੀ ਦੇ ਘਰੇਲੂ ਹਾਲਾਤ ਭਾਵੇਂ ਮੁੱਢ ਤੋਂ ਹੀ ਆਰਥਿਕ ਪੱਖੋਂ ਸੁਖਾਲੇ ਰਹੇ ਹਨ 'ਤੇ ਕਿਸੇ ਕਿਸਮ ਦੀ ਕਦੇ ਵੀ ਕੋਈ ਤੰਗੀ ਤੁਰਸ਼ੀ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਫੇਰ ਵੀ ਕੁਦਰਤ ਨੇ ਉਸ ਨੂੰ ਜੋ ਪਿਆਰ ਨਾਲ਼ ਲਬਰੇਜ਼ ਦਯਾ ਭਰਪੂਰ ਦਿਲ ਬਖਸ਼ਿਆ ਹੋਣ ਕਾਰਨ ਉਹ ਬੜੀ ਸ਼ਿੱਦਤ ਨਾਲ਼ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਾ ਹੈ 'ਤੇ ਕਈ ਵਾਰ ਦੋ ਵੇਲ਼ੇ ਦੀ ਰੋਟੀ ਖਾਤਿਰ ਪਲ-ਪਲ ਟੁੱਟਦੇ ਲੋਕਾਂ ਨੂੰ ਵੇਖ ਕੇ ਰੱਬ ਨੂੰ ਉਲਾਂਭਾ ਵੀ ਦਿੰਦਾ ਹੈ।
ਗੁਰਦੀਪ ਸਿੰਘ ਸੈਣੀ ਦਾ ਜਨਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਲਧਾਣਾ ਝਿੱਕਾ ਵਿਖੇ ਹੋਇਆ।ਉਸ ਦੇ ਪਿਤਾ ਸ.ਹਰਭਜਨ ਸਿੰਘ ਚਮਨ ਜੀ ਆਪਣੇ ਸਮੇਂ ਦੇ ਪ੍ਰਸਿੱਧ ਕਵੀ ਸਨ। ਇਸ ਲਈ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕੇ ਸ਼ਾਇਰੀ ਉਸ ਦੇ ਲਹੂ ਵਿੱਚ ਹੈ, ਕਵਿਤਾ ਉਸ ਨੂੰ ਵਿਰਾਸਤ ਵਿੱਚੋਂ ਮਿਲ਼ੀ ਹੈ।
ਸੈਣੀ ਦੀ ਗ਼ਜ਼ਲਕਾਰੀ ਦੀ ਸ਼ੁਰੂਆਤ 18-19 ਵਰ੍ਹਿਆਂ ਦੀ ਚੜ੍ਹਦੀ ਉਮਰੇ ਹੀ ਹੋ ਗਈ ਸੀ।ਹੌਲੀ-ਹੌਲੀ ਉਸ ਨੂੰ ਇਹ ਅਹਿਸਾਸ ਹੋ ਗਿਆ ਸੀ ਕੇ ਗ਼ਜ਼ਲ ਦੀ ਵਿਧਾ ਰੂਪਕ ਪੱਖੋਂ ਕਵਿਤਾ ਅਤੇ ਗੀਤ ਨਾਲੋਂ ਕਾਫ਼ੀ ਵਿਭਿੰਨ ਹੈ ਗ਼ਜ਼ਲ ਲਿਖਣ ਲਈ ਬਹਿਰਾਂ ਅਤੇ ਰੁਕਨਾਂ ਬਾਰੇ ਜਾਣਕਾਰੀ ਹੋਣੀ ਲਾਜ਼ਮੀ ਹੈ,ਪਰ ਫੇਰ ਵੀ ਉਹ ਆਪਣੇ ਮਨ ਦੇ ਭਾਵਾਂ ਨੂੰ ਲਿਖਦਾ ਰਿਹਾ। ਉਨ੍ਹਾਂ ਸਮਿਆਂ ਵਿੱਚ ਸੰਪਰਕ ਦਾ ਜ਼ਰੀਆ ਚਿੱਠੀ ਪੱਤਰ ਹੀ ਹੁੰਦਾ ਸੀ 'ਤੇ ਬਹੁਤੇ ਕਵੀ/ਸ਼ਾਇਰ ਇਕ ਦੂਜੇ ਤੋਂ ਚਿੱਠੀ ਪੱਤਰ ਰਾਹੀਂ ਹੀ ਜਾਣਕਾਰੀ ਪ੍ਰਾਪਤ ਕਰਿਆ ਕਰਦੇ ਸਨ।ਗੁਰਦੀਪ ਸਿੰਘ ਸੈਣੀ ਮੁਤਾਬਿਕ ਉਸ ਨੇ ਵੀ ਕੁਝ ਉਸਤਾਦ ਸ਼ਾਇਰਾਂ ਨਾਲ਼ ਕਿਸੇ ਨੁਕਤੇ ਬਾਰੇ ਜਦ ਚਿੱਠੀ ਪੱਤਰ ਰਾਹੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਕੋਈ ਜਵਾਬ ਨਹੀਂ ਮਿਲ਼ਨਾ ਤਾਂ ਉਸ ਨੂੰ ਨਿਰਾਸ਼ਾ ਹੋਣੀ।
ਫ਼ੇਰ ਪਿੰਗਲ 'ਤੇ ਅਰੂਜ਼ ਦੀਆਂ ਪੁਸਤਕਾਂ ਪੜ੍ਹ-ਪੜ੍ਹ ਕੇ ਗ਼ਜ਼ਲ ਤਕਨੀਕ ਦੀ ਜਾਣਕਾਰੀ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ।
ਉਸ ਦੇ ਪਿਤਾ ਜੀ ਸਰਕਾਰੀ ਨੌਕਰੀ 'ਤੇ ਹੋਣ ਕਾਰਨ ਕਾਫ਼ੀ ਸਮਾਂ ਜਲੰਧਰ ਦੇ ਪਿੰਡ ਅਲਾਵਲਪੁਰ ਅਤੇ ਕਾਲ਼ਾ ਸੰਘਿਆਂ ਵੀ ਰਹਿਣਾ ਪਿਆ।
ਗੁਰਦੀਪ ਸਿੰਘ ਸੈਣੀ ਨੇ ਜਲੰਧਰ ਦੇ ਦੋਆਬਾ ਕਾਲਜ ਤੋਂ ਅਰਥ ਸ਼ਾਸ਼ਤਰ ਦੀ ਐਮ.ਏ. ਕੀਤੀ।
ਕੁਦਰਤ ਨੇ ਸ਼ਾਇਦ ਗੁਰਦੀਪ ਸਿੰਘ ਸੈਣੀ ਨੂੰ ਧੁਰੋਂ ਹੀ ਗ਼ਜ਼ਲ ਨਾਲ਼ ਜੋੜ ਕੇ ਭੇਜਿਆ ਸੀ।
ਮਾਰਚ 2022 ਵਿੱਚ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਹੋਏ ਕਵੀ ਦਰਬਾਰ ਦੌਰਾਨ ਸੈਣੀ ਦਾ ਮੇਰੇ ਨਾਲ਼ ਪਹਿਲੀ ਵਾਰ ਮੇਲ਼ ਹੋਇਆ 'ਤੇ ਇਹ ਮੇਲ਼ ਸਾਡਾ ਗੂੜ੍ਹੀ ਮਿੱਤਰਤਾ ਵਿੱਚ ਬਦਲ ਗਿਆ।ਖਟਕੜ ਕਲਾਂ ਵਿਖੇ ਸੁਣਾਈ ਉਸ ਦੀ ਗ਼ਜ਼ਲ ਨੇ ਮੈਨੂੰ ਖ਼ਾਸਾ ਪ੍ਰਭਾਵਿਤ ਕੀਤਾ। ਮੈਂ ਉਸ ਦਾ ਨਾਮ ਉਦੋਂ ਪਹਿਲੀ ਵਾਰ ਹੀ ਸੁਣਿਆ ਸੀ।
2023 ਵਿੱਚ ਜਦ ਮੈਂ ਉਸ ਨੂੰ ਕਿਹਾ ਕੇ ਤੁਸੀਂ ਹੁਣ ਅਪਣਾ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਕਰਵਾ ਲਵੋ ਤਾਂ ਉਸ ਬੜੀ ਨਿਮਰਤਾ ਨਾਲ਼ ਕਿਹਾ ਕਿ, 'ਰਾਣਾ ਜੀ ਮੇਰੇ ਗ਼ਜ਼ਲ ਸੰਗ੍ਰਹਿ ਦਾ ਕੰਮ ਸ਼ੁਰੂ ਤੋਂ ਆਖ਼ਿਰ ਤਕ ਸਭ ਕੁਝ ਤੁਸੀਂ ਹੀ ਕਰਨਾ ਕਰਾਉਣਾ ਹੈ' 'ਤੇ ਹੋਇਆ ਵੀ ਇੰਝ ਹੀ। ਫਰਵਰੀ 2024 ਵਿੱਚ ਉਸ ਦਾ ਪਲੇਠਾ ਗ਼ਜ਼ਲ ਸੰਗ੍ਰਹਿ 'ਔੜ 'ਤੇ ਬਰਸਾਤ' ਪ੍ਰਕਾਸ਼ਿਤ ਹੋਇਆ।
ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ ਨੇ ਉਸ ਨੂੰ 'ਸ਼ਾਦ ਪੰਜਾਬੀ ਯਾਦਗਾਰੀ ਪੁਰਸਕਾਰ' ਨਾਲ਼ ਨਿਵਾਜਿਆ ਹੈ ਅਤੇ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।ਉਸ ਦੇ ਪਿੰਡ ਲਧਾਣਾ ਝਿੱਕਾ ਵਲੋਂ ਉਸ ਦੇ ਗ਼ਜ਼ਲ ਸੰਗ੍ਰਹਿ 'ਔੜ 'ਤੇ ਬਰਸਾਤ' ਲਈ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਭਾਵੇਂ ਉਸ ਨੇ ਖ਼ੁਦ ਰਸਮੀਂ ਤੌਰ 'ਤੇ ਕਿਸੇ ਨੂੰ ਉਸਤਾਦ ਨਹੀਂ ਧਾਰਿਆ ਪਰ ਉਸ ਦਾ ਮੰਨਣਾ ਹੈ ਕਿ ਖ਼ਾਸਕਰ ਗ਼ਜ਼ਲ ਸਿੱਖਣ ਲਈ ਕਿਸੇ ਯੋਗ ਸ਼ਾਇਰ ਨੂੰ ਅਪਣਾ ਉਸਤਾਦ ਜ਼ਰੂਰ ਧਾਰਨਾ ਚਾਹੀਦਾ ਹੈ। ਛੋਟੀ ਬਹਿਰ ਵਿਚ ਵੀ ਪਾਏਦਾਰ ਗ਼ਜ਼ਲ ਕਹਿਣ ਵਾਲ਼ੇ ਗੁਰਦੀਪ ਸਿੰਘ ਸੈਣੀ ਤੋਂ ਭਵਿੱਖ ਵਿੱਚ ਵੱਡੀਆਂ ਉਮੀਦਾਂ ਹਨ ।
ਸ਼ਹੀਦ ਭਗਤ ਸਿੰਘ ਨਗਰ ਜਿਲ੍ਹਾ ਦੇ ਸ਼ਹਿਰ ਬੰਗਾ ਵਿਖੇ ਰਹਿ ਰਹੇ ਗੁਰਦੀਪ ਸਿੰਘ ਸੈਣੀ ਦੀਆਂ ਗ਼ਜ਼ਲਾਂ ਪਾਠਕਾਂ ਸਾਂਝੀਆਂ ਕਰਨ ਦੀ ਮੈਨੂੰ ਅਥਾਹ ਖ਼ੁਸ਼ੀ ਹੋ ਰਹੀ ਹੈ।
- ਜਗਦੀਸ਼ ਰਾਣਾ