Biography : Adesh Ankush - Jagdish Rana

ਜੀਵਨੀ ਤੇ ਰਚਨਾ : ਆਦੇਸ਼ ਅੰਕੁਸ਼ - ਜਗਦੀਸ਼ ਰਾਣਾ

ਆਦੇਸ਼ ਅੰਕੁਸ਼ ਪੰਜਾਬੀ ਗ਼ਜ਼ਲ ਦਾ ਚਮਕਦਾ ਸਿਤਾਰਾ ਹੈ।ਉਹ ਕਿਸੇ ਪਹਿਚਾਣ ਦਾ ਮੁਥਾਜ ਨਹੀਂ ਹੈ।ਆਧੁਨਿਕ ਪੰਜਾਬੀ ਗ਼ਜ਼ਲਕਾਰੀ ਵਿੱਚ ਉਸ ਦਾ ਵਿਸ਼ੇਸ਼ ਸਥਾਨ ਹੈ ।ਰਚਨਾਤਮਕ ਪੱਖੋਂ ਇਕ ਪ੍ਰੋੜ ਕਵੀ ਆਦੇਸ਼ ਅੰਕੁਸ਼ ਦੀਆਂ ਗ਼ਜ਼ਲਾਂ ਵਿੱਚ ਦੁਹਰਾਅ ਕਿਸੇ ਵੀ ਸ਼ਿਅਰ ਵਿੱਚ ਨਜ਼ਰੀਂ ਨਹੀਂ ਪੈਂਦਾ ਸਗੋਂ ਉਸ ਦੇ ਹਰ ਸ਼ਿਅਰ ਦਾ ਰੰਗ ਅਸਲੋਂ ਨਵਾਂ ਹੁੰਦਾ ਹੈ।

ਉਸ ਨੇ ਗ਼ਜ਼ਲ ਦੀ ਤਕਨੀਕੀ ਜਾਣਕਾਰੀ ਕਿਸੇ ਕੋਲੋਂ ਗ੍ਰਹਿਣ ਨਹੀਂ ਕੀਤੀ ਪਰ ਉਸ ਨੂੰ ਗ਼ਜ਼ਲ ਦੇ ਰੁਕਨਾਂ ਦਾ ਬਾਖ਼ੂਬੀ ਇਲਮ ਹੈ।

ਕਹਿ ਸਕਦੇ ਹਾਂ ਉਹ ਆਪੇ ਗੁਰ ਤੇ ਆਪੇ ਚੇਲਾ ਹੈ ਵਾਲ਼ੀ ਕਹਾਵਤ ਤੇ ਪੂਰੀ ਤਰ੍ਹਾਂ ਖ਼ਰਾ ਉੱਤਰਦਾ ਹੈ।ਆਪਣੇ ਆਪ ਨੂੰ ਆਪੇ ਆਦੇਸ਼ (ਹੁਕਮ ) ਦਿੰਦਾ ਹੈ ਕਿ ਹੋਰ ਮਿਹਨਤ ਕਰ ਅਤੇ ਆਪੇ ਆਪਣੀਆਂ ਲਿਖਤਾਂ ਦੀਆਂ ਕਮੀਆਂ 'ਤੇ ਅੰਕੁਸ਼ ( ਪਾਬੰਦੀ) ਲਗਾਉਂਦਿਆਂ ਬਿਹਤਰ ਤੋਂ ਬਿਹਤਰੀਨ ਕਰਨ ਦੀ ਤਾਗੀਦ ਕਰਦਾ ਹੈ।

ਗ਼ਜ਼ਲ ਦੀਆਂ ਬੰਦਿਸ਼ਾਂ ਤੋਂ ਪੂਰੀ ਤਰ੍ਹਾਂ ਜਾਣਕਾਰ ਆਦੇਸ਼ ਅਨੁਸਾਰ ਭਾਵੇਂ ਬਹੁਤੇ ਲੇਖਕ ਕਹਿੰਦੇ ਹਨ ਕਿ ਗ਼ਜ਼ਲਕਾਰੀ ਸੌਖੀ ਨਹੀਂ ਕਿਉਂਕਿ ਇਸ ਦੀਆਂ ਬੰਦਿਸ਼ਾਂ ਨਿਭਾਉਣੀਆਂ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਪਰ ਆਦੇਸ਼ ਦਾ ਮੰਨਣਾ ਹੈ ਕਿ ਗ਼ਜ਼ਲ ਲਿਖਣੀ ਬੇਹੱਦ ਸਰਲ ਅਤੇ ਆਸਾਨ ਕਾਰਜ ਹੈ ਕਿਉਂਕਿ ਗ਼ਜ਼ਲ ਵਿੱਚ ਗ਼ਜ਼ਲਕਾਰ ਲਈ ਜਿੱਥੇ ਕਈ ਕਿਸਮ ਦੀਆਂ ਬੰਦਿਸ਼ਾਂ ਹਨ ਓਥੇ ਹੀ ਗਜ਼ਲਕਰ ਲਈ ਆਜ਼ਾਦੀ ਵੀ ਹੈ।ਤੁਸੀਂ ਇਕ ਸ਼ਿਅਰ ਕਹਿਣ ਬਾਅਦ ਦੂਜਾ ਸ਼ਿਅਰ ਜਦ ਅਹੁੜੇ ਉਦੋਂ ਕਹੋ ਜਾਂ ਜਦ ਦਿਲ ਕਰੇ ਉਦੋਂ ਕਹੋ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਗ਼ਜ਼ਲ ਦਾ ਹਰ ਸ਼ਿਅਰ ਆਪਣੇ ਆਪ 'ਚ ਹੀ ਮੁਕੰਮਲ ਕਹਾਣੀ ਹੋਣ ਕਰ ਕੇ ਹੋਰ ਵੀ ਵਧੀਆ ਰਹਿੰਦਾ ਹੈ।

ਉਸ ਦੀਆਂ ਗ਼ਜ਼ਲਾਂ ਦੇ ਵਿਸ਼ੇ ਸਮਕਾਲੀ ਸ਼ਾਇਰਾਂ ਤੋਂ ਵੱਖਰੇ ਤਾਂ ਹੁੰਦੇ ਹੀ ਹਨ ਸਗੋਂ ਉਹ ਬੜੇ ਨਵੇਂ ਨਕੋਰ ਕਾਫ਼ੀਏ ਅਤੇ ਨਵੀਆਂ ਨਕੋਰ ਰਦੀਫ਼ਾਂ ਵਰਤਣ ਕਰ ਕੇ ਉਸਦੀ ਵਿਸ਼ੇਸ਼ ਪਹਿਚਾਣ ਬਣ ਚੁੱਕੀ ਹੈ। ਅਕਸਰ ਵੇਖੀਦਾ ਹੈ ਚੰਗੇ-ਚੰਗੇ ਨਾਮਵਰ ਗ਼ਜ਼ਲਕਾਰਾਂ ਦੀਆਂ ਗ਼ਜ਼ਲਾਂ ਦੇ ਕਈ ਸ਼ਿਅਰਾਂ ਵਿੱਚ ਰਦੀਫ਼ ਬੇਰਾਬਤਾ ਹੋ ਜਾਂਦੀ ਹੈ ਪਰ ਬੜੀ ਹੈਰਾਨੀ ਹੁੰਦੀ ਹੈ ਆਦੇਸ਼ ਅੰਕੁਸ਼ ਰਦੀਫ਼ਾਂ ਨੂੰ ਬਖ਼ੂਬੀ ਨਿਭਾ ਜਾਂਦਾ ਹੈ ।

ਉਸ ਦੀ ਗ਼ਜ਼ਲਕਾਰੀ ਵਿੱਚ ਜਿੱਥੇ ਆਮ ਮਨੁੱਖ ਦੇ ਰੋਜ਼ਾਨਾ ਦੇ ਮਸਲਿਆਂ ਦਾ ਜ਼ਿਕਰ ਹੈ ਉਥੇ ਹੀ ਉਹ ਕੁਦਰਤ ਦੀ ਖ਼ੂਬਸੂਰਤੀ ਨੂੰ ਵੀ ਆਪਣੇ ਸ਼ਿਅਰਾਂ 'ਚ ਢਾਲ਼ਦਾ ਹੈ।

ਆਦੇਸ਼ ਅੰਕੁਸ਼ ਦਾ ਜਨਮ 16 ਅਗਸਤ 1964 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਭਾਰਤ ਪਾਕਿਸਤਾਨ ਦੀ ਸਰਹੱਦ 'ਤੇ ਪੈਂਦੇ ਪਿੰਡ ਧਿਆਨਪੁਰ (ਬਟਾਲਾ ਤੋਂ ਡੇਰਾ ਬਾਬਾ ਨਾਨਕ ਰੋਡ 'ਤੇ) ਵਿੱਚ ਸਾਹਿਤ ਨਾਲ਼ ਨਿਰੰਤਰ ਜੁੜੇ ਹੋਏ ਪਰਿਵਾਰ ਵਿੱਚ ਪਿਤਾ ਸ਼੍ਰੀ ਪੰਡਿਤ ਅਮਰਨਾਥ ਸ਼ਾਦਾਬ ਅਤੇ ਮਾਤਾ ਸ਼੍ਰੀਮਤੀ ਰਾਮ ਪਿਆਰੀ ਦੇ ਘਰ ਹੋਇਆ।

ਉਸ ਦਾ ਪਰਿਵਾਰ ਆਜ਼ਾਦੀ ਦੇ ਨਾਮ ਤੇ ਹੋਏ ਉਜਾੜੇ ਵੇਲ਼ੇ ਪਿੰਡ ਰਸੀਂਹਵਾਲ (ਨਾਰੋਵਾਲ ) ਜ਼ਿਲ੍ਹਾ ਸਿਆਲਕੋਟ 'ਚੋਂ ਉੱਠ ਕੇ ਧਿਆਨਪੁਰ ਆਇਆ ਸੀ।ਮਾਪਿਆਂ ਨੇ ਉਸ ਦਾ ਨਾਮ ਆਦੇਸ਼ ਕੁਮਾਰ ਰੱਖਿਆ ਸੀ।

ਆਦੇਸ਼ ਨੇ ਪ੍ਰਾਇਮਰੀ ਦੇ ਪੜ੍ਹਾਈ ਪਿੰਡ ਦੇ ਗੌਰਮਿੰਟ ਪ੍ਰਾਇਮਰੀ ਸਕੂਲ ਧਿਆਨਪੁਰ ਤੋਂ ਅਤੇ ਦਸਵੀਂ ਸ਼੍ਰੀ ਬਾਵਾ ਲਾਲ ਗੌਰਮਿੰਟ ਹਾਈ ਸਕੂਲ ਤੋਂ ਕੀਤੀ।1985 ਵਿੱਚ ਆਦੇਸ਼ ਨੂੰ ਵੈਟਨਰੀ ਫਾਰਮਾ ਅਸਿਸਟ ਦੇ ਤੌਰ 'ਤੇ ਨੌਕਰੀ ਮਿਲ਼ ਗਈ ਤਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਮਸ਼ਹੂਰ ਕਸਬਾ ਤਰਨਤਾਰਨ ਦੇ ਪਿੰਡ ਬਾਗੜੀਆਂ ਵਿਖੇ ਰਹਿਣਾ ਪਿਆ।ਨੌਕਰੀ ਮਿਲਣ ਤੋਂ ਬਾਅਦ ਉਸ ਨੇ ਪ੍ਰਾਈਵੇਟ ਤੌਰ 'ਤੇ ਗਿਆਨੀ ,ਬੀ.ਏ. ਅਤੇ 1992 ਵਿੱਚ ਐਮ.ਏ. ਪੰਜਾਬੀ ਵੀ ਪ੍ਰਾਈਵੇਟ ਤੌਰ 'ਤੇ ਹੀ ਕੀਤੀ।31 ਮਾਰਚ 2022 ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਕਲਾਨੌਰ ਦੇ ਪਿੰਡ ਸਰਜੇ ਚੱਕ ਤੋਂ ਉਹ ਨੌਕਰੀ ਤੋਂ ਸੇਵਾ ਮੁਕਤ ਹੋ ਗਿਆ।

ਉਸ ਦੇ ਪਿਤਾ ਜੀ ਦਾ ਪੁਰਾਣਾ ਪਿੰਡ ਰਸੀਂਹਵਾਲ ਜਿਹੜਾ ਹੁਣ ਪਾਕਿਸਤਾਨ ਵਾਲੇ ਪਾਸੇ ਰਹਿ ਗਿਐ , ਤੇ ਭਾਵੇਂ ਹੁਣ ਵਾਲ਼ਾ ਪਿੰਡ ਧਿਆਨਪੁਰ ਹੋਵੇ ਇਹ ਰਾਵੀ ਦਰਿਆ ਦੇ ਆਲ-ਦੁਆਲ਼ੇ ਵਸੇ ਹੋਏ ਪਿੰਡ ਹਨ।ਪਹਿਲਾ ਪਿੰਡ ਰਾਵੀ ਦੇ ਉਸ ਪਾਰ ਸੀ 'ਤੇ ਹੁਣ ਵਾਲਾ ਪਿੰਡ ਰਾਵੀ ਦੇ ਇਸ ਪਾਰ ਹੈ।

ਵੈਸੇ ਆਦੇਸ਼ ਅੰਕੁਸ਼ ਦੇ ਪਰਿਵਾਰ ਵਿੱਚ ਸ਼ਬਦਾਂ ਦੀ ਰਾਵੀ ਵਗਦੀ ਹੈ। ਉਸ ਦੇ ਪਿਤਾ ਅਮਰਨਾਥ ਸ਼ਾਦਾਬ ਧਾਰਮਿਕ ਕਵਿਤਾ ਰਚਦੇ ਸਨ।ਉਹ ਗੁਰਬਾਣੀ ਪੜ੍ਹਦੇ ਸਨ ਅਤੇ ਗੁਰਬਾਣੀ ਨਾਲ਼ ਸੰਬਧਿਤ ਕਵਿਤਾ ਰਚਦੇ ਸਨ।ਓਥੇ ਹੀ ਉਸ ਦੇ ਭਰਾ ਭੂਸ਼ਨ ਧਿਆਨਪੁਰੀ (ਅਸਲ ਨਾਮ ਬੇਨਤੀ ਸਰੂਪ ਸ਼ਰਮਾ ) ਦਾ ਵਿਅੰਗਮਈ ਕਵਿਤਾ ਵਿਚ ਵੱਡਾ ਨਾਮ ਰਿਹਾ ਹੈ।ਆਲੋਚਨਾਤਮਕ ਖੇਤਰ ਵਿੱਚ ਉਸ ਦਾ ਨਾਮ ਵਿਸ਼ੇਸ਼ ਤੌਰ ਲਿਆ ਜਾਂਦਾ ਹੈ।ਭੂਸ਼ਨ ਧਿਆਨਪੁਰੀ ਨੇ 1970 ਵਿੱਚ 'ਇੱਕ ਮਸੀਹਾ ਹੋਰ' ਕਾਵਿ ਸੰਗ੍ਰਹਿ ਜਿਸ ਦਾ ਮੁੱਖ ਬੰਧ ਪੰਜਾਬੀ ਦੇ ਯੁੱਗ ਕਵੀ ਸ਼ਿਵ ਬਟਾਲਵੀ ਨੇ ਲਿਖਿਆ ਸੀ, 1980 ਵਿੱਚ 'ਸਿਰਜਣਧਾਰਾ', 1986 ਵਿੱਚ 'ਜਾਂਦੀ ਵਾਰ ਦਾ ਸੱਚ' ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾਈਆਂ।ਜਾਂਦੀ ਵਾਰ ਦਾ ਸੱਚ ਦੀਆਂ ਸਾਰੀਆਂ ਕਵਿਤਾਵਾਂ ਉਸ ਸਮੇਂ ਦੇ ਪੰਜਾਬ ਦੇ ਹਾਲਾਤ ਨੂੰ ਮੁੱਖ ਰੱਖ ਕੇ ਲਿਖੀਆਂ ਗਈਆਂ ਸਨ।

2009 ਵਿੱਚ ਭੂਸ਼ਨ ਧਿਆਨਪੁਰੀ ਦੇ ਪੂਰੇ ਹੋਣ ਤੋਂ ਬਾਅਦ ਲੋਕ ਗੀਤ ਪ੍ਰਕਾਸ਼ਨ ਨੇ ਉਸ ਦੀ ਸਵੈ ਜੀਵਨੀ 'ਮੇਰੀ ਕਿਤਾਬ' ਛਾਪੀ ਤਾਂ ਓਥੇ ਹੀ ਪੀਪਲ ਫੋਰਮ ਵਾਲਿਆਂ ਨੇ ਉਸ ਦੀਆਂ ਅਣਛਪੀਆਂ ਕਵਿਤਾਵਾਂ ਦੀ ਪੁਸਤਕ ਵੀ ਛਾਪੀ।ਉਸ ਦੀਆਂ ਵਾਰਤਕ ਪੁਸਤਕਾਂ 'ਕਿਆ ਨੇੜ੍ਹੇ ਕਿਆ ਦੂਰ' ਅਤੇ 'ਰਾਇਟਰਜ਼ ਕਲੋਨੀ' ਵੀ ਛਪੀਆਂ।

ਆਦੇਸ਼ ਅੰਕੁਸ਼ ਦੇ ਇਕ ਹੋਰ ਵੱਡੇ ਭਰਾ ਨਿਰਮਲ ਜਾਵੇਦ ਵੀ ਹਿੰਦੀ ਪੰਜਾਬੀ ਉਰਦੂ ਫ਼ਾਰਸੀ ਵਿਚ ਪ੍ਰਭਾਵਸ਼ੀਲ ਗ਼ਜ਼ਲ ਕਹਿੰਦੇ ਹਨ।

ਆਦੇਸ਼ ਅੰਕੁਸ਼ ਦੇ ਬੱਚਿਆਂ #ਆਸਥਾ ਅਤੇ ਖ਼ਿਤਾਬ ਵਿੱਚੋਂ ਕਨੇਡਾ ਰਹਿੰਦਾ ਬੇਟਾ ਖ਼ਿਤਾਬ ਖਜੂਰੀਆ ਵੀ ਚਰਚਿਤ ਗ਼ਜ਼ਲਕਾਰ ਹੈ। ਸ਼ਾਇਦ ਹੀ ਕੋਈ ਹੋਰ ਪਰਿਵਾਰ ਹੋਵੇਗਾ ਜਿਨ੍ਹਾਂ ਦੇ ਘਰ ਵਿੱਚ ਇਸ ਤਰ੍ਹਾਂ ਸ਼ਬਦਾਂ ਦੀ ਧਾਰਾ ਵਹਿੰਦੀ ਹੋਵੇ।

ਵੱਡੇ ਭਰਾ ਭੂਸ਼ਨ ਧਿਆਨਪੁਰੀ ਦੇ ਸਾਥ,ਸਲਾਹ,ਸੇਧ ਅਤੇ ਆਸ਼ੀਰਵਾਦ ਨੇ ਆਦੇਸ਼ ਕੁਮਾਰ ਨੂੰ ਆਦੇਸ਼ ਅੰਕੁਸ਼ ਬਣਾ ਦਿੱਤਾ।ਪੰਜਾਬੀ ਸਾਹਿਤ ਕਵਿਤਾ ਬਾਰੇ ਉਨ੍ਹਾਂ ਕੋਲੋਂ ਬਹੁਤ ਕੁਝ ਸੁਣਿਆ ਵੀ ਤੇ ਜਾਣਿਆ ਵੀ।

ਆਦੇਸ਼ ਅੰਕੁਸ਼ ਦੀਆਂ ਰਚਨਾਵਾਂ ਸਾਹਤਿਕ ਪਰਚਿਆਂ ਅਖ਼ਬਾਰਾਂ ਵਿੱਚ ਅਨੇਕ ਵਾਰ ਛਪੀਆਂ ।ਰੇਡੀਓ ਟੀਵੀ ਤੇ ਵੀ ਉਸ ਨੇ ਕਈ ਵਾਰ ਆਪਣੀ ਹਾਜ਼ਰੀ ਦਰਜ਼ ਕਰਵਾਈ।

2008 ਵਿੱਚ ਮਾਤਾ ਜੀ ਅਤੇ 2009 ਵਿੱਚ ਭਰਾ ਭੂਸ਼ਨ ਧਿਆਨਪੁਰੀ ਦੇ ਤੁਰ ਜਾਣ ਮਗਰੋਂ ਉਸ ਦੀ ਲਿਖਣ ਪ੍ਰੀਕਿਰਿਆ ਵਿੱਚ ਕਈ ਸਾਲਾਂ ਦੀ ਖੜੋਤ ਆ ਗਈ।ਇਨ੍ਹਾਂ ਸਮਿਆਂ ਵਿੱਚ ਹੀ ਵੱਡੇ ਭਰਾ ਨਿਰਮਲ ਜਾਵੇਦ ਨੇ ਆਦੇਸ਼ ਅੰਕੁਸ਼ ਨੂੰ ਖ਼ੂਬ ਹੱਲਾਸ਼ੇਰੀ ਦਿੱਤੀ ਅਤੇ ਕਿਸੇ ਵੀ ਤਰ੍ਹਾਂ ਡੋਲਣ ਨਹੀਂ ਦਿੱਤਾ।ਗਾਹੇ ਵਗਾਹੇ ਨਿਰਮਲ ਜਾਵੇਦ ਕੋਲੋਂ ਹੀ ਗ਼ਜ਼ਲਕਾਰੀ ਦੇ ਨੁਕਤੇ ਵੀ ਆਦੇਸ਼ ਆਪਣੀ ਝੋਲ਼ੀ ਪੁਆਉਂਦਾ ਰਿਹਾ।

2021 ਵਿੱਚ ਆਦੇਸ਼ ਅੰਕੁਸ਼ ਦੀ ਇੱਕੋ ਇੱਕ ਗ਼ਜ਼ਲ ਪੁਸਤਕ 'ਤੇਰਾ ਆਪਣਾ' ਆਉਂਦੀ ਹੈ ਤਾਂ ਉਸ ਦੇ ਚਹੇਤਿਆਂ ਅਤੇ ਸ਼ੁੱਭ ਚਿੰਤਕਾਂ ਦਾ ਘੇਰਾ ਹੋਰ ਵਿਸ਼ਾਲ ਹੋ ਜਾਂਦਾ ਹੈ।ਸਾਹਿਤ ਸਭਾ ਜਗਰਾਓਂ ਨੇ ਉਸ ਦੀ ਸਾਹਤਿਕ ਘਾਲਣਾ ਨੂੰ ਵਿਚਾਰਦੇ ਹੋਏ ਉਸ ਨੂੰ ਉਸਤਾਦ ਗ਼ਜ਼ਲਕਾਰ ਪ੍ਰਿੰਸੀਪਲ ਤਖ਼ਤ ਸਿੰਘ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ।ਭਾਵੇਂ ਅਨੇਕ ਸਾਹਤਿਕ ਸੰਸਥਾਵਾਂ ਨੇ ਉਸ ਦਾ ਮਾਣ ਸਨਮਾਨ ਕੀਤਾ ਪਰ ਉਹ ਪਾਠਕਾਂ ਦੇ ਪਿਆਰ ਨੂੰ ਹੀ ਵੱਡਾ ਸਨਮਾਨ ਮੰਨਦਾ ਹੈ।ਗ਼ਜ਼ਲ ਨਜ਼ਮ ਅਤੇ ਕਦੇ ਕਦੇ ਅਲੇਖ ਲਿਖਣ ਵਾਲ਼ਾ ਆਦੇਸ਼ ਅੰਕੁਸ਼ ਜਿੱਥੇ ਉਮਦਾ ਸ਼ਾਇਰ ਹੈ ਓਥੇ ਹੀ ਮਿੱਠਬੋਲੜਾ ਪਿਆਰਾ ਇਨਸਾਨ ਵੀ ਹੈ।ਉਸ ਨੂੰ ਸਿਰਫ਼ ਮੁਹੱਬਤ ਦਾ ਸ਼ਾਇਰ ਕਹਿਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੋਵੇਗਾ ਕਿਉਂਕਿ ਉਸ ਦੀਆਂ ਵਧੇਰਤਰ ਲਿਖਤਾਂ ਵਿੱਚ ਉਹ ਉਹ ਸਮਾਜ ਦੀਆਂ ਅਨਸੁਲਝੀਆਂ ਗੁੰਝਲਦਾਰ ਕੜੀਆਂ ਨੂੰ ਖੋਲ੍ਹਣ ਦਾ ਯਤਨ ਕਰਦਾ ਹੈ ਅਤੇ ਮਾਨਵ ਨੂੰ ਨੇਕ ਕਰਮ ਕਰਨ ਦਾ ਮਾਨਵਤਾਵਾਦੀ ਸੁਨੇਹਾ ਦਿੰਦਾ ਹੈ। ਉਹ ਲੁੱਟੀ ਜਾ ਰਹੀ ਪੀੜਤ ਧਿਰ ਨੂੰ ਸੁਚੇਤ ਕਰਦਾ ਹੈ ਕਿ ਤੁਹਾਡੇ ਹਿੱਸੇ ਦੇ ਗੁਲਾਬਾਂ 'ਚੋਂ ਖੁਸ਼ਬੂ ਚੁਰਾਈ ਜਾ ਰਹੀ ਹੈ।ਪੂੰਜੀਵਾਦ ਕਿਸ ਤਰ੍ਹਾਂ ਆਮ ਇਨਸਾਨ ਨੂੰ ਦਰੜ ਰਿਹਾ ਹੈ, ਸਰਕਾਰੀ ਨੀਤੀਆਂ ਵੀ ਦਮਨਕਾਰੀ ਹੋ ਰਹੀਆਂ ਹਨ।ਦੇਸ਼ ਦੇ ਹਾਕਮ ਲੋਕ ਭਲਾਈ ਦੇ ਨਾਮ ਉੱਤੇ ਆਪਣਾ ਭਲਾ ਕਰਨ ਵਿੱਚ ਹੀ ਲੱਗੇ ਹੋਏ ਹਨ।

- ਜਗਦੀਸ਼ ਰਾਣਾ
79862-07849

  • ਮੁੱਖ ਪੰਨਾ : ਪੰਜਾਬੀ ਗ਼ਜ਼ਲਾਂ : ਆਦੇਸ਼ ਅੰਕੁਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ