Bhaura Kali : Kalidas Gujranwalia
ਭੌਰਾ ਕਲੀ : ਕਾਲੀਦਾਸ ਗੁਜਰਾਂਵਾਲੀਆ
ਲੈ ਜਾ ਸ਼ਾਮ-ਸੁਨੇਹੁੜਾ ਕਾਲੀਦਾਸ ਗੁਜਰਾਂਵਾਲੀਆ
ਲੈ ਜਾ ਸ਼ਾਮ-ਸੁਨੇਹੁੜਾ
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
ਰਾਧਾਂ ਫਿਰੇ ਦੀਵਾਨੀ, ਕਰਮਾਂ ਵਾਲੜਿਆ !
ਜਿਸ ਦਿਨ ਦਾ ਕਰ ਟੁਰਿਆ, ਸ਼ਾਮ ਅਜੋੜਾ ਓਏ !
ਲੈ ਲੈ ਉੱਭੇ ਸਾਸ, ਹੋਇਆ ਜੀਉ ਥੋੜ੍ਹਾ ਓਏ !
ਨੀਚ ਕੰਸ ਦੀ ਦਾਸੀ ਕੁਬਜਾਂ ਮਾਲਣ ਵੇ !
ਮੇਹਣੇ ਦੇਂਦੇ ਲੋਕ, ਹੋਈ ਸੜ ਬਾਲਣ ਵੇ !
ਮੈਂ ਥੱਕੀ ਸਮਝਾ, ਨਾ ਮਥਰਾ ਜਾਈਂ ਵੇ !
ਰਥ ਇਕ ਰੋਜ਼ ਲਿਆਂਦਾ, ਪੈਰ ਨਾ ਪਾਈਂ ਵੇ !
ਰਲ ਮਿਲ ਤਾਹਨੇ ਦੇਵਣ, ਸੱਭੇ ਸਈਆਂ ਵੇ !
ਡਾਢੇ ਰੱਬ ਬਣਾਈਆਂ, ਕੀ ਬਣ ਗਈਆਂ ਵੇ ?
ਖੱਟੇ ਕੀਤੇ ਕਰਮ, ਦੁੱਖਾਂ ਤੇ ਜਾਲੜਿਆ !
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
ਓਧਰ ਕੁਬਜਾਂ ਮਾਲਣ, ਹਾਰ ਪਰੋਂਦੀ ਆ,
ਇਧਰ ਰਾਧਾਂ ਬੈਠ, ਇਕੱਲੀ ਰੋਂਦੀ ਆ ।
ਸਵੇਂ ਕਲੇਜੇ ਲਾਏ, ਕੰਸ ਦੀ ਦਾਸੀ ਵੇ !
ਤੂੰ ਕੀ ਜਾਣੇ ਲੋਕ, ਕਰੇਂਦਾ ਹਾਸੀ ਵੇ ?
ਮੱਖਣ ਨਿੱਤ ਚੁਰਾਵੇਂ ਮਾਖਣ-ਚੋਰਾ ਵੇ !
ਮੂੰਹੋਂ ਹੋ ਰਹੇਂ ਗੁੰਗਾ, ਕੰਨੋਂ ਡੋਰਾ ਵੇ !
ਢੂੰਢ ਲਿਆਵੇਂ ਸ਼ਾਮ, ਕਾਲਿਆ ਕਾਵਾਂ ਵੇ !
ਤੈਥੋਂ ਕੌਣ ਪਿਆਰਾ, ਸੀਨੇ ਲਾਵਾਂ ਵੇ !
ਰੁੱਠਾ ਜਾਂਦਾ ਲਾਲ, ਕਿਸੇ ਨਾ ਟਾਲੜਿਆ !
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
ਕੀ ਸੀ ਕਿਸ ਨੂੰ ਖ਼ਬਰ, ਜਿਹੜੀ ਹੁਣ ਬੀਤੇ ਵੇ ?
ਦੋਸ਼ ਕਿਸੇ ਸਿਰ ਕਾਹਦਾ, ਲਗੇ ਕੀਤੇ ਵੇ ।
ਪਲ ਪਲ ਪਈ ਉਡੀਕਾਂ ਖ਼ਬਰ ਨਾ ਘਲੀ ਆ ।
ਰਾਧਾਂ ਫਿਰੇ ਸੁਦਾਇਣ, ਕਮਲੀ ਝੱਲੀ ਆ ।
ਕਦ ਵੇਖਾਂਗੀ ਸ਼ਾਮ-ਸੁੰਦਰ ਦੀ ਮੂਰਤ ਨੂੰ ?
ਖੋਲ੍ਹ ਪੱਤਰੀ ਪਾਂਧਾ ! ਕਢ ਮਹੂਰਤ ਨੂੰ ।
ਲਗਾ ਬਾਣ ਕਲੇਜੇ, ਸੀਨਾ ਧੁਖਦਾ ਈ,
ਸੁਖ ਸੇ ਸਭ ਸਿਰ ਬੰਦੇ, ਕੋਈ ਨਾ ਦੁਖ ਦਾ ਈ !
ਕੰਨੀਂ ਖ਼ਬਰ ਸੁਣਾ, ਕੰਨਾਂ ਦਿਆ ਵਾਲੜਿਆ !
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
ਮੋਤੀ ਚੋਗ ਚੁਗਾਵਾਂ, ਤੈਨੂੰ ਹੰਸਾ ਵੇ !
ਜੇਕਰ ਪੂਰੀ ਕਰੇਂ, ਅਸਾਡੀ ਮਨਸਾ ਵੇ !
ਤੇਰੇ ਹੱਥ ਸੁਨੇਹੁੜਾ ਸ਼ਾਮ ਪਿਆਰੇ ਨੂੰ,
ਮਤ ਕਰ ਬੈਠੇ, ਰਾਧਾ ਕੋਈ ਕਾਰੇ ਨੂੰ ।
ਗੋਕਲ ਮਨੋਂ ਵਿਸਾਰੇ ਮਥਰਾ ਮੱਲੀ ਵੇ,
ਅੰਦਰ ਵੜ ਵੜ ਰੋਵਾਂ ਬੈਠ ਇਕੱਲੀ ਵੇ !
ਰਾਹੀਆਂ ਕੋਲੋਂ ਪੁਛਦੀ ਦੱਸ ਨਾ ਪੈਂਦੀ ਵੇ !
ਜਾਣ ਚੁਕੀ ਮੈਂ ਜਾਨ, ਨਾ ਮੇਰੀ ਰਹਿੰਦੀ ਵੇ !
ਕਿਹਾ ਬੇਦਰਦੀ ਪਿਛੇ, ਦੁਖ ਉਠਾਲੜਿਆ !
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
ਢੂਢਾਂ ਕਿਥੇ ਜਾ, ਨਹੀਂ ਵੱਸ ਚਲਦਾ ਏ,
ਸਾਸ ਲਬਾਂ ਤੇ ਆਏ, ਪਤਾ ਨਾ ਪਲ ਦਾ ਏ !
ਝੱਕ ਕਲੇਜੇ ਪਿਆ, ਬਣੇ ਦੁਖ ਭਾਰੀ ਵੇ,
ਨਜ਼ਰ ਕਿਤੇ ਨਾ ਆਵੇ ਕ੍ਰਿਸ਼ਨ ਮੁਰਾਰੀ ਵੇ !
ਡਾਢਾ ਜੀਉ ਬੇਦਰਦਾ, ਤੇਰਾ ਕੋਰਾ ਵੇ,
ਤੈਨੂੰ ਨਾਹੀਂ ਤਰਸ, ਕਿਸੇ ਦਾ ਭੋਰਾ ਵੇ !
ਪੈ ਗਏ ਦੁੱਖ ਹਨੇਰੇ, ਸਹੇ ਨਾ ਜਾਂਦੇ ਨੀ,
ਲੋਕਾਂ ਦੇ ਮਨ ਖ਼ੁਸ਼ੀਆਂ, ਚਾਅ ਮਨਾਂਦੇ ਨੀ !
ਕਈ ਕਰਨਾ ਏਂ ਤਾਲ, ਤੂੰ ਬਾਰਾਂ-ਤਾਲੜਿਆ !
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
ਜਿਉਂ ਜਿਉਂ ਪੁਛਦੀ ਰਾਹ, ਉਡੀਕਾਂ ਵਾਟਾਂ ਵੇ,
ਤਿਉਂ ਤਿਉਂ ਮੈਨੂੰ ਪੈਣ, ਦਿਲੇ ਵਿਚ ਘਾਟਾਂ ਵੇ ।
ਲਗਾ ਰੋਗ ਅਵੱਲਾ, ਸਭ ਕੋਈ ਮਾਰੂ ਵੇ,
ਪਵੇ ਕਲੇਜੇ ਪੀੜ, ਕੋਈ ਨਾ ਦਾਰੂ ਵੇ ।
ਹੋਵੇ ਹਟਣ ਮੁਹਾਲ, ਅਖੀਂ ਜਦ ਲਗਦੀਆਂ,
ਮੇਹਣੇਂ ਮਿਲਣ ਹਜ਼ਾਰਾਂ, ਬਦੀਆਂ ਜਗ ਦੀਆਂ ।
ਛਮ ਛਮ ਆਂਸੂ ਪੈਣ, ਕਰੇਂਦੇ ਜ਼ਾਰੀ ਆਂ
ਨਾਹੀਂ ਮੈਨੂੰ ਛੇੜ, ਦੁਖਾਂ ਦੀ ਮਾਰੀ ਆਂ ।
ਮੋਇਆਂ ਹੋਇਆਂ ਨੂੰ ਮਾਰ, ਨਾਹੀਂ ਮਤਵਾਲੜਿਆ !
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
ਲੂਤੀ ਲਾ ਲਾ ਵਿੰਹਦੇ, ਲੋਕ ਤਮਾਸ਼ਾ ਨੀ,
ਚਿੜੀਆਂ ਆਈ ਮੌਤ, ਗਵਾਰਾਂ ਹਾਸਾ ਨੀ ।
ਅੱਗ ਬਿਰਹੋਂ ਨੇ ਫੂਕੀ, ਅੰਦਰ ਲਗ ਗਈ,
ਧੁਰ ਦਰਗਾਹੋਂ ਕਾਤੀ ਪੁੱਠੀ ਵਗ ਗਈ ।
ਗਲ ਵਿਚ ਬਿਸੀਅਰ ਜ਼ੁਲਫ਼ਾਂ ਕਾਲੇ ਰੰਗ ਦੀਆਂ,
ਮਤ ਕੋਈ ਲਾਵੇ ਹੱਥ, ਕਲੇਜਾ ਡੰਗਦੀਆਂ ।
ਮੋਰ ਮੁਕਟ ਸਿਰ ਪਾਇਆ, ਮੁਖ ਧਰ ਬੰਸੀ ਵੇ !
ਮੋਹੇ ਲਿਆ ਮਨਮੋਹਣ, ਕਰ ਕੇ ਹੰਸੀ ਵੇ ।
ਫੇਰ ਪਰਤ ਕੇ ਨਾਹੀਂ, ਮੁਖ ਵਿਖਾਲੜਿਆ,
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
ਸਾਡੇ ਵਲੋਂ ਸ਼ਾਮ ਕਿਹਾ, ਚਿੱਤ ਚਾਇਆ ਵੇ ?
ਕੁਬਜਾਂ ਜਾਦੂ ਪਾਇਆ, ਘੋਲ ਪਲਾਇਆ ਵੇ ।
ਘਰੀਂ ਜਿਨ੍ਹਾਂ ਦੇ ਮਾਹੀ, ਓਹ ਕੀ ਜਾਣਦੀਆਂ ?
ਫੁੱਲਾਂ ਛੇਜ ਵਿਛਾਵਣ, ਮੌਜਾਂ ਮਾਣਦੀਆਂ,
ਆਇਆ ਸਾਵਣ ਮਾਸ ਤੇ ਕਰਮਾਂ ਵਾਲੜੀਆਂ,
ਪਿੱਪਲ ਪੀਂਘਾਂ ਪਾਵਣ, ਝੂਟਣ ਬਾਲੜੀਆਂ ।
ਹਾੜ ਹੋਏ ਦਿਨ ਵੱਡੇ, ਰਾਤ ਸਿਆਲੀ ਵੇ,
ਲਾ ਗਲ ਕੁਬਜਾਂ ਸਵੇਂ, ਨਸੀਬਾਂ ਵਾਲੀ ਵੇ !
ਜੇਠ ਧੁੱਪਾਂ ਦਾ ਜ਼ੋਰ, ਪੋਹ ਦਿਆ ਪਾਲੜਿਆ !
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
ਰੱਬ ਜਿਨ੍ਹਾਂ ਦੇ ਵਲ ਭਲਾ ਕੀ ਮੰਗਦੀਆਂ ?
ਲਾ ਲਾ ਬਹਿਨ ਪੁਸ਼ਾਕਾਂ, ਰੰਗਾ ਰੰਗ ਦੀਆਂ ।
ਕਰ ਰਹੇ ਭੌਰ ਗੁੰਜਾਰ, ਹੋਏ ਮਤਵਾਲੇ ਨੀ ।
ਘੁੰਘਰਿਆਲੇ ਵਾਲ, ਸਿਰੇ ਤੇ ਕਾਲੇ ਨੀ ।
ਪਲਕਾਂ ਤੀਰ ਤਿਖੇ ਜਿਗਰ ਪਰੋਇਆ ਵੇ,
ਬੰਸੀ ਦੀ ਘਨਘੋਰ, ਮੇਰਾ ਮਨ ਮੋਹਿਆ ਵੇ !
ਲੈ ਰਹੀਆਂ ਦਿਲਦਾਰ, ਘੁਮਾਈਆਂ ਲੈ ਰਹੀਆਂ,
ਦੇ ਰਹੀਆਂ ਹਰ ਬਾਰ, ਦੁਹਾਈਆਂ ਦੇ ਰਹੀਆਂ ।
ਗਊਆਂ ਦੀ ਸੁਧ ਲੈ, ਵੇ ਕਦੀ ਗਵਾਲੜਿਆ !
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
ਜੋ ਕੁਝ ਆਵੇ ਨਜ਼ਰ, ਸਭੋ ਕੁਝ ਤੇਰਾ ਏ,
ਜਾਨ ਕਰਾਂ ਕੁਰਬਾਨ, ਨਹੀਂ ਕੁਝ ਮੇਰਾ ਏ ।
ਸੁਕਾ ਪਾਣੀ ਨੈਣੋਂ, ਨੀਰ ਪਲੱਟਦੀ ਦਾ
ਵਧੀ ਹੋਈ ਦੇ ਦਾਰੂ, ਕੋਈ ਨਾ ਖੁਟਦੀ ਦਾ ।
ਵੇਲੇ ਲਈ ਨਾ ਸਾਰ, ਕਹੀ ਮੈਂ ਉੱਕੀ ਵੇ,
ਪੈਂਦੀ ਵਾਂਗ ਵਦਾਨ, ਕਲੇਜੇ ਮੁੱਕੀ ਵੇ ।
ਜਾਂਦੀ ਵਾਰ ਗੱਲਾਂ, ਨਾ ਕਰ ਲਈਆਂ ਨੀ,
ਜੋ ਜੋ ਮਨ ਵਿਚ ਆਈਆਂ, ਮਨ ਵਿਚ ਰਹੀਆਂ ਨੀ,
ਵਿਚ ਦੁੱਖਾਂ ਦੇ ਉਮਰ, ਸਾਰੀ ਨੂੰ ਗਾਲੜਿਆ !
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
ਪਾਵਾਂ ਲਖ ਵਸੀਲਾ, ਕਰਦੀ ਹੀਲਾ ਵੇ,
ਤਨ ਸੁਕ ਹੋਇਆ ਤੀਲਾ, ਮੁਖੜਾ ਪੀਲਾ ਵੇ,
ਸਾਥੋਂ ਖਾਣਾ ਪੀਣਾ ਸਭੋ ਛੁਟ ਗਿਆ,
ਰੋ ਰੋ ਨੈਣਾਂ ਵਿਚੋਂ, ਨੀਰ ਨਿਖੁੱਟ ਗਿਆ ।
ਘੜੀ ਘੜੀ ਵਿਚ ਪੈਂਦਾ, ਜੀਓ ਨੂੰ ਗ਼ੋਤਾ ਵੇ,
ਚੂਰੀ ਕੁਟ ਕੁਟ ਪਾਵਾਂ, ਤੈਨੂੰ ਤੋਤਾ ਵੇ !
ਗਲ ਵਿਚ ਕਪੜਾ ਪਾਇਆ, ਪੈਰੀਂ ਪੈਨੀ ਆਂ,
ਤੇਰੀ ਜਿਵੇਂ ਰਜ਼ਾ, ਪਈ ਸਿਰ ਸਹਿਨੀ ਆਂ !
ਦਿਲ ਵਿਚ ਤੇਰੇ ਖੋਟ, ਭੋਲਿਆ ਭਾਲੜਿਆ !
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
ਸ਼ਾਮ ਪਈ ਦਿਨ ਡੁੱਬਾ, ਸ਼ਾਮ ਨਾ ਆਇਆ ਵੇ,
ਰੋ ਰੋ ਹਾਲ ਵੰਜਾਵਾਂ, ਕਿਉਂ ਚਿਰ ਲਾਇਆ ਵੇ ?
ਖ਼ਵੇਸ ਕਬੀਲਾ ਝੂਠੇ, ਭਾਈ ਭੈਣਾਂ ਵੇ,
ਸਭ ਜਗ ਚਲਣਹਾਰ, ਕਿਸੇ ਨਾ ਰਹਿਣਾ ਵੇ !
ਕੋਠੇ ਚੜ੍ਹ ਕੇ ਕਮਲੀ ਕਾਗ ਉਡਾਨੀ ਹਾਂ,
ਉੱਚੀ ਮਾਰਾਂ ਟਾਹਰਾਂ, ਕੂਕ ਸੁਣਾਨੀਆਂ ।
ਡਾਢਾ ਕਾਲਾ ਨਾਗ਼, ਜ਼ੁਲਫ਼ ਦਾ ਲੜਿਆ ਨੀ,
ਮਾਰ ਕਲੇਜੇ ਡੰਗ ਕਿੱਧਰ ਨੂੰ ਵੜਿਆ ਨੀ ?
ਮੁੜਨੋਂ ਰਿਹਾ ਨਾ ਮੂਲ ਬਤੇਰਾ ਟਾਲੜਿਆ,
ਲੈ ਜਾ ਸ਼ਾਮ-ਸੁਨੇਹੁੜਾ, ਭੌਰਾ ਕਾਲੜਿਆ !
('ਭੌਰਾ ਕਲੀ' ਵਿਚੋਂ)