Barkha : Kartar Singh Ballagan

ਬਰਖਾ : ਕਰਤਾਰ ਸਿੰਘ ਬਲੱਗਣ

1. ਬਰਖਾ

ਉੱਘੜ ਗਈ ਮੇਰੀ ਯਾਦਾਂ ਦੀ ਨੀਂਦਰ,
ਆਉਂਦੀ ਬਰਖਾ ਤੱਕ ਕੇ ।

ਸੁਰਮੇ ਰੰਗੀਆਂ ਵੇਖ ਘਟਾਵਾਂ ।
ਬੀਤੀ ਦੇ ਭਿੱਤ ਖੋਲ੍ਹੇ ਹਾਵਾਂ ।
ਕਿਣ ਮਿਣ ਵਿਚ ਕੋਈ ਜੀਵਨ ਘਟਨਾ,
ਵੇਖਾਂ ਹੰਝੂ ਡੱਕ ਕੇ ।
ਉੱਘੜ ਗਈ ਮੇਰੀ ਯਾਦਾਂ ਦੀ ਨੀਂਦਰ,
ਆਉਂਦੀ ਬਰਖਾ ਤੱਕ ਕੇ ।

ਇਸ ਬਰਖਾ ਦੀਆਂ ਆਵਾ ਜਾਈਆਂ ।
ਵਿਸਰੀਆਂ ਗੱਲਾਂ ਯਾਦ ਕਰਾਈਆਂ ।
ਮਨ ਦਾ ਉਹ ਇਤਿਹਾਸ ਪੁਰਾਣਾ,
ਫੋਲਾਂ ਪਈ ਝੱਕ ਝੱਕ ਕੇ ।
ਉੱਘੜ ਗਈ ਮੇਰੀ ਯਾਦਾਂ ਦੀ ਨੀਂਦਰ,
ਆਉਂਦੀ ਬਰਖਾ ਤੱਕ ਕੇ ।

ਸੁਣ ਕਣੀਆਂ ਦਾ ਜ਼ੋਰ ਵਧੇਰਾ ।
ਜਾਗ ਪਿਆ ਕੋਈ ਸੁਫ਼ਨਾ ਮੇਰਾ ।
ਦਿਲ ਦੇ ਜ਼ਖ਼ਮ ਹਰੇ ਹੋ ਚੱਲੇ,
ਸੁੱਕ ਗਏ ਸੀ ਜੋ ਪੱਕ ਕੇ ।
ਉੱਘੜ ਗਈ ਮੇਰੀ ਯਾਦਾਂ ਦੀ ਨੀਂਦਰ,
ਆਉਂਦੀ ਬਰਖਾ ਤੱਕ ਕੇ ।

ਤਕ ਰੁੱਖਾਂ ਤੋਂ ਮੋਤੀ ਕਿਰਦੇ ।
ਅੱਖਾਂ ਵਿਚ ਉਹ ਦਿਨ ਪਏ ਫਿਰਦੇ ।
ਤ੍ਰਿਪ ੜਿਪ ਵਿਚ ਜਦ ਝੰਗੀ ਥੱਲੇ,
ਬਹਿ ਜਾਂਦੇ ਸਾਂ ਥੱਕ ਕੇ ।
ਉੱਘੜ ਗਈ ਮੇਰੀ ਯਾਦਾਂ ਦੀ ਨੀਂਦਰ,
ਆਉਂਦੀ ਬਰਖਾ ਤੱਕ ਕੇ ।

ਇਸ ਬਦਲੀ ਨ ਇਕੋ ਵੇਰੀ ।
ਬਦਲ ਦਿਤੀ ਏ ਦੁਨੀਆਂ ਮੇਰੀ ।
ਵਰਤਮਾਨ ਚੋਂ ਭੂਤ ਸਮੇਂ ਵਿਚ,
ਲੈ ਗਈ ਮੈਨੂੰ ਚੱਕ ਕੇ ।
ਉੱਘੜ ਗਈ ਮੇਰੀ ਯਾਦਾਂ ਦੀ ਨੀਂਦਰ,
ਆਉਂਦੀ ਬਰਖਾ ਤੱਕ ਕੇ ।

2. ਗਰੀਬ ਦੀ ਦੁਨੀਆਂ

ਜਿੰਨੀ ਦੁਨੀਆਂ ਗਰੀਬ ਦੀ ਮੋਕਲੀ ਏ,
ਏਨਾਂ ਮੋਕਲਾ ਕੁੱਲ ਸੰਸਾਰ ਵੀ ਨਹੀਂ ।
ਜਿੰਨਾਂ ਏਸ ਨਿਥਾਵੇਂ ਦਾ ਥਾਂ ਖੁਲ੍ਹੈ,
ਇੰਨੀ ਕੋਈ ਖੁੱਲ੍ਹੀ ਜੰਗਲ ਬਾਰ ਵੀ ਨਹੀਂ ।
ਜਿੰਨਾਂ ਏਸ ਅਣਤਾਰੂ ਦਾ ਦਿਲ ਡੂੰਘੈ,
ਏਨੀ ਡੂੰਘੀ ਦਰਿਆਵਾਂ ਦੀ ਧਾਰ ਵੀ ਨਹੀਂ ।
ਜਿੰਨਾਂ ਕਲਸ ਮਨ ਮੰਦਰ ਦਾ ਲਿਸ਼ਕਦਾ ਸੂ,
ਏਨੀ ਸੂਰਜ ਦੀ ਤੇਜ਼ ਲਿਸ਼ਕਾਰ ਵੀ ਨਹੀਂ ।

ਜੰਗਲ, ਥਲ, ਬੇਲੇ ਸਾਰੇ ਆਪਣੇ ਸੂ,
ਹਰ ਥਾਂ ਜਾ ਕੇ ਝੱਟ ਲੰਘਾ ਲੈਂਦੈ ।
ਕਹੀ, ਟੋਕਰੀ ਪਕੜ ਕੇ ਜਾਏ ਜਿੱਥੇ,
ਓਥੇ ਆਪਣੀ ਦੁਨੀਆਂ ਬਣਾ ਲੈਂਦੈ ।

ਭੁੱਖੀ ਆਂਦਰੀ ਕਹੀ ਜਦ ਮਾਰਦਾ ਏ,
ਛੇਕ ਧਰਤੀ ਦੇ ਸੀਨੇ 'ਚਿ ਪਾ ਦੇਂਦੈ ।
ਛੈਂਜੀ ਡੋਲਦੇ ਸੀਸ ਤੇ ਜਦੋਂ ਚੂਕਦੈ,
ਤਦੋਂ ਸਿਰੋਂ ਅਸਮਾਨ ਕੰਬਾ ਦੇਂਦੈ ।
ਛਾਲੇ ਟੁਟੀ ਹੋਈ ਜੁਤੀ ਚੋਂ ਜਦੋਂ ਤਕਦੈ,
ਘਰੀਂ ਤਾਰਿਆਂ ਦੀ ਹਲ ਚੁਲ ਪਾ ਦੇਂਦੈ ।
ਮੁੜ੍ਹਕਾ ਪੂੰਝਦਾ ਏ ਜਦੋਂ ਦਿਨ ਡੁੱਬੇ,
ਪਾਣੀ ਸੂਰਜ ਦੀ ਆਬ ਤੇ ਵ੍ਹਾ ਦੇਂਦੈ ।

ਭੁੱਖਾ ਸਾਰੀ ਦਿਹਾੜੀ ਦਾ, ਬਹੀ ਰੋਟੀ,
ਲੂਣ ਮਰਚ ਨਾਲ ਜਿਸਤਰਾਂ ਖਾਉਂਦਾ ਏ ।
ਬਾਦਸ਼ਾਹ ਨੂੰ ਵੀ ਦਸਤਰ ਖਾਨ ਉੱਤੇ,
ਇਹੋ ਜਿਹਾ ਸਵਾਦ ਨਹੀਂ ਆਉਂਦਾ ਏ ।

ਜਦੋਂ ਨਿਊਂ ਕੇਂ ਟੋਕਰੀ ਭਰਨ ਲਗਦੈ,
ਸਜਦਾ ਏਸਦਾ ਤਦੋਂ ਪ੍ਰਵਾਨ ਹੁੰਦੈ ।
ਮੁੜ੍ਹਕੇ ਨਾਲ ਜਦ ਭਿੱਜੇ ਸਰੀਰ ਏਹਦਾ,
ਏਹਦਾ ਗੰਗਾ ਦਾ ਤਦੋਂ ਅਸ਼ਨਾਨ ਹੁੰਦੈ ।
ਕਈਆਂ ਹੱਜਾਂ ਦਾ ਮਿਲੇ ਸਵਾਬ ਇਹਨੂੰ,
ਜਦੋਂ ਕੰਮ ਉੱਤੇ ਖੜਾ ਆਨ ਹੁੰਦੈ ।
ਭੁੱਖੇ ਪੁੱਤ ਏਹਦੇ ਜਦੋਂ ਖਾਨ ਟੁੱਕਰ,
ਏਹਦਾ ਸਵਾ ਮਨ ਸੋਨੇ ਦਾ ਦਾਨ ਹੁੰਦੈ ।

ਪੰਜ ਵਕਤ ਨਮਾਜ਼ ਤੇ ਇਕ ਪਾਸੇ,
ਏਹਦਾ ਕੋਈ ਨਹੀਂ ਫ਼ਰਜ਼ ਕਜ਼ਾ ਹੁੰਦਾ ।
ਕਹੀ ਟੋਕਰੀ ਵਿਚ ਏ ਰੱਬ ਏਹਦਾ,
ਇਸ ਤੋਂ ਘੜੀ ਨਹੀਂ ਜਿਹੜਾ ਜੁਦਾ ਹੁੰਦਾ ।

ਸਾਖਿਆਤ ਓਥੇ ਕੁਦਰਤ ਦਿਸਦੀ ਏ,
ਇਹਦੇ ਘਰ ਵਿਚ ਮਾਇਆ ਦੀ ਸੋ ਹੈ ਨਹੀਂ ।
ਸੂਰਜ ਚੰਨ ਦਾ ਸਾਫ ਪ੍ਰਕਾਸ਼ ਹੁੰਦੈ,
ਓਥੇ ਬਿਜਲੀਆਂ, ਗੈਸਾਂ ਦੀ ਲੋ ਹੈ ਨਹੀਂ ।
ਖ਼ਿਜ਼ਾਂ ਵਿਚ ਵੀ ਫੁੱਲ ਪੈ ਟਹਿਕਦੇ ਨੇ,
ਉੱਕੀ ਮਾਨ ਹੰਕਾਰ ਦੀ ਬੋ ਹੈ ਨਹੀਂ ।
ਪਾਟੀਂ ਕਪੜੀੱ ਲਾਲ ਪੈ ਸੋਭਦੇ ਨੇ,
ਬਖਤਾ ਵਰਾਂ ਵਾਲੀ ਭਾਵੇਂ ਖੋ ਹੈ ਨਹੀਂ ।

ਕੋਲ ਪਿੱਤਲ ਦਾ ਛੱਨਾਂ ਭੀ ਨਹੀਂ ਭਾਵੇਂ,
ਵਿਚੋਂ ਹੈਨ ਐਪਰ ਸੋਨੇ ਸੁੱਧ ਵਾਂਗੂੰ ।
ਭਾਵੇਂ ਲੱਸੀ ਨੂੰ ਤਰਸਦੇ ਹੋਏ ਬੁੱਢੇ,
ਦਿਲੋਂ ਹੈਨ ਐਪਰ ਚਿੱਟੇ ਦੁਧ ਵਾਂਗੂੰ ।

ਇਹਦੀ ਵਸੋਂ ਚਿ ਵੱਸੇ ਜਹਾਨ ਸਾਰਾ,
ਇਹਦੀ ਦੁਨੀਆਂ ਨੇ ਦੁਨੀਆਂ ਬਣਾਈ ਹੋਈ ਏ ।
ਇਹਦੀ ਭੁੱਖ ਨੇ ਜੱਗ ਦੇ ਦੁੱਖ ਕੱਟੇ,
ਇਹਦੇ ਫਾਕਿਆਂ ਨੇ ਮੰਡੀ ਲਾਈ ਹੋਈ ਏ ।
ਕੇਵਲ ਏਸੇ ਦੀ ਕਹੀ ਤੇ ਟੋਕਰੀ ਨੇ,
ਬਖ਼ਤਾ ਵਰਾਂ ਦੀ ਸ਼ਾਨ ਬਣਾਈ ਹੋਈ ਏ ।
ਤੱਕੇ ਚੱਲਣ ਮਨਚਸਟਰ ਦੇ ਕਾਰਖਾਨੇ,
ਮੋਢੇ ਏਸ ਪਾਟੀ ਚਾਦਰ ਪਾਈ ਹੋਈ ਏ ।

ਜਿਓਂ ਜਿਓਂ ਭੁੱਖ ਨਾਲ ਬੱਚੇ ਕੁਰਲਾਨ ਏਹਦੇ,
ਤਿਓਂ ਤਿਓਂ ਘੁੱਗੂ ਮਸ਼ੀਨਾਂ ਦੇ ਕੂਕਦੇ ਨੇਂ ।
ਇਹਦੇ ਖੂਨ, ਪਸੀਨੇ ਨੂੰ ਤੇਲ ਕਹਿ ਕਹਿ,
ਲੋਕੀ ਮੋਟਰਾਂ ਵਿਚ ਪੈ ਫੂਕਦੇ ਨੇਂ ।

ਜਦੋਂ ਵੇਖਦਾ ਏ ਨਹਿਰਾਂ ਚਲਦੀਆਂ ਨੂੰ,
ਇਹਦਾ ਖ਼ੂਨ ਪਾਣੀ ਹੋ ਹੋ ਵੱਗਦਾ ਏ ।
ਕਿਸੇ ਉੱਚੀ ਹਵੇਲੀ ਨੂੰ ਜਦੋਂ ਵੇਂਹਦਾ,
ਪੇਚ ਖੁਲ੍ਹ ਜਾਂਦਾ ਇਹਦੀ ਪੱਗ ਦਾ ਏ ।
ਜਗ ਮਗ ਜਗਦੀਆਂ ਬਿਜਲੀਆਂ ਵੇਖ ਇਹਦੇ,
ਸੀਨੇ ਬਲ ਉੱਠਦਾ ਭਾਂਬੜ ਅੱਗ ਦਾ ਏ ।
ਗੱਡੀ ਲੈਣ ਉੱਤੇ ਜਦੋਂ ਚਲਦੀ ਏ,
ਇਹਦੀਆਂ ਆਂਦਰਾਂ ਨੂੰ ਭਾਰ ਲਗਦਾ ਏ ।

ਫਿਰ ਵੀ ਏਨਾਂ ਨਿਰਵੈਰ ਏ ਦਿਲ ਇਹਦਾ,
ਐਵੇਂ ਨਿਕੀ ਜਹੀ ਗੱਲ ਤੇ ਫੁਲ ਜਾਂਦੈ ।
ਸੁਖੀ ਵੇਖ ਅਮੀਰਾਂ ਦੇ ਬਚਿਆਂ ਨੂੰ,
ਦੁਖ ਆਪਣੇ ਪੁੱਤਾਂ ਦੇ ਭੁੱਲ ਜਾਂਦੈ ।

ਜਦੋਂ ਬੈਠ ਕੇ ਟੁਟੀ ਹੋਈ ਛੱਨ ਥੱਲੇ,
ਆਪਣੀ ਉੱਜੜੀ ਦੁਨੀਆਂ ਵਸਾਨ ਲਗਦੈ ।
ਭੁੱਖੇ ਪੁੱਤਾਂ ਦੇ ਫੱਟਿਆਂ ਦਿਲਾਂ ਉੱਤੇ,
ਮਰਹਮ ਲਾਡ ਪਿਆਰ ਦੀ ਲਾਨ ਲਗਦੈ ।
ਗਿੱਡ ਪੂੰਝ ਕੇ ਚੰਨ ਜਹੇ ਮੂੰਹਾਂ ਉਤੋਂ,
ਸੂਰਜ ਜਿਹਾਂ ਦੀਆਂ ਅੱਖਾਂ ਚੁਭਾਨ ਲਗਦੈ
ਹਥਾਂ ਪੈਰਾਂ ਦੇ ਚੰਡੀਆਂ ਛਾਲਿਆਂ ਤੇ,
ਚੋਆ ਸਰ੍ਹੋਂ ਦੇ ਤੇਲ ਦਾ ਪਾਨ ਲਗਦੈ ।

ਓਦੋਂ ਕਹਿੰਦੇ ਨੇ, ਆਪ 'ਕਰਤਾਰ' ਆ ਕੇ,
ਮਾਇਆ ਸਿਦਕ ਦੀ ਉਨ੍ਹਾਂ ਤੇ ਡੋਲ੍ਹ ਦੇਂਦੈ ।
ਏਨ੍ਹਾਂ ਭੁਖਿਆਂ ਦੇ ਕੇਵਲ ਪੈਰਾਂ ਪਿਛੇ,
ਕੋਠੇ ਰਿਜ਼ਕ ਦੇ ਜਗਤ ਲਈ ਖੋਲ੍ਹ ਦੇਂਦੈ ।

3. ਵਿਛੋੜੇ ਦੀ ਰਾਤ

ਸੂਰਜ, ਲਹਿੰਦੇ ਦੀ ਨੈਂ ਵਿਚ ਜਾਏ ਡੁਬਦਾ,
ਏਧਰ ਚਿੱਤ ਮੇਰਾ ਗ਼ੋਤੇ ਖਾ ਰਿਹਾ ਏ ।
ਮਹਿੰਦੀ ਅਰਸ਼ ਨੂੰ ਲੱਗਦੀ ਵੇਖ ਕੇ ਤੇ,
ਖ਼ੂਨ ਸੱਧਰਾਂ ਦਾ ਹੁੰਦਾ ਜਾ ਰਿਹਾ ਏ ।
ਚੁੰਨੀ ਵੇਖ ਸੁਰਮਈ ਜਹੀ ਸ਼ਾਮ ਉੱਤੇ,
ਸੁਰਮਾ ਅੱਖੀਆਂ ਦਾ ਬੱਨੇ ਆ ਰਿਹਾ ਏ ।
ਤਾਰੇ ਖਿੜਨ ਮਕੱਈ ਦੇ ਫੁੱਲ ਵਾਂਗੂੰ,
ਮੇਰੇ ਚਿਹਰੇ ਦਾ ਫੁੱਲ ਕੁਮਲਾ ਰਿਹਾ ਏ ।

ਹੱਸ ਹੱਸ ਸਹੇਲੀਆਂ ਪੁੱਛਦੀਆਂ ਨੇਂ,
ਤੇਰੀ ਜੀਭ ਕਿਉਂ ਭੈੜੀਏ ਸੁੱਕ ਗਈ ਏ ?
ਅੱਗੋਂ ਸ਼ਰਮ ਦੇ ਨਾਲ ਮੈਂ ਦੱਸਦੀ ਨਹੀਂ,
ਸਿਰ ਤੇ ਰਾਤ ਵਿਛੋੜੇ ਦੀ ਢੁੱਕ ਗਈ ਏ ।

ਮੇਲ ਵੇਖ ਕੇ ਸ਼ਮ੍ਹਾਂ ਪਰਵਾਨਿਆਂ ਦਾ,
ਸੜ ਸੜ ਚਿੱਤ ਮੇਰਾ ਕੋਲੇ ਹੋ ਰਿਹਾ ਏ ।
ਰਾਤ ਭਿੱਜਦੀ ਵੇਖ ਕੇ ਮਨ ਸ਼ੁਹਦਾ,
ਮਿੱਟੀ, ਸੁੱਕੀ ਦਲੀਲਾਂ ਦੀ ਗੋ ਰਿਹਾ ਏ ।
ਰਾਤ ਨਾਲ ਤਾਰੇ, ਓਧਰ ਕਰਨ ਘੁਸ ਮੁਸ,
ਏਧਰ ਚਿਤ ਵੀ ਲੈ ਕਨਸੋ ਰਿਹਾ ਏ ।
ਆਟਾ ਚਾਂਦਨੀ ਦਾ ਡੁਲ੍ਹਦਾ ਵੇਖ ਕੇ ਤੇ,
ਚੱਕੀ ਯਾਦ ਦੀ ਚੰਦਰਾ ਝੋ ਰਿਹਾ ਏ ।

ਮੈਨੰ ਗੱਲ ਓਹ ਕਦੇ ਵੀ ਭੁੱਲਣੀ ਨਹੀਂ,
ਜਿਹੜੇ ਠੱਗ ਬਣ ਕੇ ਮੈਨੂੰ ਠੱਗ ਗਏ ਨੇ ।
ਚੰਦ ਵਾਂਗਰਾਂ ਮੇਰੇ ਵੀ ਜਿਗਰ ਉੱਤੇ,
ਪੱਕੇ ਦਾਗ਼ ਵਿਛੋੜੇ ਦੇ ਲੱਗ ਗਏ ਨੇ ।

ਚਿੱਟੀ ਸੇਜ ਜਿਹੜੀ ਮੈਨੂੰ ਦਿੱਸਦੀ ਏ,
ਮੇਰੀ ਸੱਧਰਾਂ ਦੀ ਕਤਲਗਾਹ ਹੈ ਏਹ ।
ਤਦੇ ਫੁੱਲਾਂ ਦੇ ਹਾਰ ਨੂੰ ਤੱਕਦੀ ਨਹੀਂ,
ਮੇਰੀ ਆਸਾਂ ਉਮੈਦਾਂ ਨੂੰ ਫਾਹ ਹੈ ਏਹ ।
ਮੇਰਾ ਜੀ ਕਰਦੈ, ਸ਼ੀਸ਼ਾ ਭੰਨ ਸੁੱਟਾਂ,
ਮੇਰੇ ਸਿਦਕ ਦਰਿਆ ਨੂੰ ਢਾਹ ਹੈ ਏਹ ।
ਸੁੱਟ ਗਏ ਵਿਛੋੜੇ ਦੀ ਜੂਹ ਅੰਦਰ,
ਦੱਸੇ ਕੋਈ ਪ੍ਰੇਮ ਦਾ ਰਾਹ ਹੈ ਏਹ ?

ਜੇਕਰ ਰਾਤ ਦੀ ਰਾਤ ਹੀ ਆ ਜਾਂਦੇ,
ਕਿਸ ਨੇ ਪੁੱਛਣਾ ਸੀ ?ਇਹ ਕੋਈ ਭੁਲ ਵੀ ਨਹੀਂ ।
ਛੁੱਟੀ ਬਿਨਾਂ ਤਨਖਾਹੋਂ ਹੀ ਲੈ ਲੈਂਦੇ,
ਮੇਰੇ ਹੌਕਿਆਂ ਦਾ ਏਨਾ ਮੁੱਲ ਵੀ ਨਹੀਂ ?

ਜਿਉਂ ਜਿਉਂ ਤ੍ਰੇਲ ਦੇ ਵਾਲਾਂ ਚੋਂ ਕਿਰਨ ਮੋਤੀ,
ਤਿਉਂ ਤਿਉਂ ਅੱਥਰੂ ਪਈ ਵਗਾਨੀ ਆਂ ਮੈਂ ।
ਛਪੋ-ਲੁਕੀਆਂ ਖੇਡਦੈ ਚੰਨ ਜਿਉਂ ਜਿਉਂ,
ਤਿਉਂ ਤਿਉਂ ਦੁੱਖਾਂ ਨੂੰ ਪਈ ਛੁਪਾਨੀ ਆਂ ਮੈਂ ।
ਟੁੱਟਦੇ ਵੇਖ ਤਾਰੇ, ਟੁੱਟ ਪੈਂਦੀਆਂ ਨੇ,
ਗਾਂਢਾਂ ਜਿਹੜੀਆਂ ਆਸਾਂ ਨੂੰ ਲਾਨੀਆਂ ਮੈਂ ।
ਜਿਉਂ ਜਿਉਂ ਰਾਤ ਉਮੈਦ ਦੀ ਮੁੱਕਦੀ ਏ,
ਵਿਚੇ ਵਿਚ ਤਿਉਂ ਤਿਉਂ ਘਟਦੀ ਜਾਨੀਆਂ ਮੈਂ ।

ਏਸੇ ਰਾਹ ਖ਼ਬਰੇ ਦਿਲ ਵਿਚ ਆ ਜਾਵਣ,
ਬੂਹੇ ਪਲਕਾਂ ਦੇ ਅਜੇ ਵੀ ਢੋਂਦੀ ਨਹੀਂ ਮੈਂ ।
ਅਜੇ ਗੱਡੀ ਪਰਭਾਤ ਦੀ ਲੰਘਨੀ ਏਂ,
ਏਸੇ ਵਾਸਤੇ ਰੱਜ ਕੇ ਰੋਂਦੀ ਨਹੀਂ ਮੈਂ ।

ਓਧਰ ਤਾਰਾ ਉਸ਼ੇਰ ਦਾ ਚਮਕਦਾ ਏ,
ਦੀਵੇ ਯਾਦ ਦੇ ਅਸਾਂ ਜਗਾਏ ਹੋਏ ਨੇਂ ।
ਤੜਕੇ ਹੋਰਨਾਂ ਚੱਕੀਆਂ ਝੋਤੀਆਂ ਨੇ,
ਅਸਾਂ ਪੀਣ੍ਹ ਵਿਛੋੜੇ ਦੇ ਪਾਏ ਹੋਏ ਨੇਂ ।
ਲਾਲੀ ਧੁੱਮ ਪਈ ਏ ਓਧਰ ਅਰਸ਼ ਉੱਤੇ,
ਅਸਾਂ ਆਸਾਂ ਨੂੰ ਰੰਗ ਚੜ੍ਹਾਏ ਹੋਏ ਨੇਂ ।
ਲਾਟ ਆਖਦੀ ਏ ਸੂਰਜ ਚੜ੍ਹਨ ਵਾਲਾ,
ਕਹਿੰਦੈ ਚਿੱਤ ਸਮਝੋ ਉਹ ਵੀ ਆਏ ਹੋਏ ਨੇਂ ।

ਸੱਚੀ ਮੁੱਚੀ ਔਹ ਹੱਸਦੇ ਆ ਗਏ ਜੇ,
ਕਿਉਂ ਜੀ ! ਮੱਲ ਕਿਹੜੀ ਤੁਸਾਂ ਮਾਰ ਲਈ ਏ ?
ਜਾਤਾ ਤੁਸਾਂ ਗੱਡੀ ਅੰਦਰ ਕੱਟ ਲਈ ਏ,
ਅਸਾਂ ਰੋ ਕੇ ਰਾਤ ਗੁਜ਼ਾਰ ਲਈ ਏ ।

4. ਸੁੱਤੇ ਹੋਏ ਜਵਾਨ ਨੂੰ

ਜਵਾਨਾਂ ਸੁੱਤਿਆ ਤੈਂ ਤੇ, ਅਜੇ ਨੀਂਦਾਂ ਦਾ ਸਾਇਆ ਏ ।
ਕਿ ਸੂਰਜ ਅਮਲ ਦਾ ਵੇਖਾਂ, ਤੇਰੇ ਵੇਹੜੇ ਤੇ ਆਇਆ ਏ ।
ਗਏ ਕਿੱਥੇ ਨੀ ਵੇਖਾਂ, ਕਾਫ਼ਲੇ ਦੁਨੀਆ ਦੀ ਆਸਾਂ ਦੇ ?
ਕਿ ਓਥੇ ਪਹੁੰਚਦੇ ਥੱਕ ਜਾਣਗੇ ਘੋੜੇ ਸਵਾਸਾਂ ਦੇ ।
ਜ਼ਮਾਨੇ ਭਰ ਦੀਆਂ ਅੱਖੀਆਂ, ਤੇਰੇ ਚਿਹਰੇ ਤੇ ਲੱਗੀਆਂ ਨੇ ।
ਕਈ ਹਿਰਸਾਂ ਦੀਆਂ ਜੋਤਾਂ, ਤੇਰੇ ਜੀਵਨ ਤੇ ਜਗੀਆਂ ਨੇ ।
ਤੂੰ ਓਹ ਹੈਂ ਕਮਲਿਆ ! ਦੁਨੀਆ ਦੇ ਦਾਨੇ ਜਿਸ ਤੋਂ ਝੁਕਦੇ ਨੇ ।
ਤੂੰ ਓਹ ਪੱਥਰ ਹੈਂ ਜ਼ਿਸ ਦਾ ਭਾਰ ਫੁਲ ਭੀ ਹੱਸ ਕੇ ਚੁਕਦੇ ਨੇ ।
ਤੇਰੀ ਹਸਤੀ ਤੋਂ ਹੀ ਦੁਨੀਆ ਦੇ, ਕੂਲ ਇਤਹਾਸ ਚਲਦੇ ਨੇ ।
ਤੇਰੇ ਦਮ ਨਾਲ ਹੀ ਕੌਮਾਂ ਦੇ ਅੰਦਰ, ਸਵਾਸ ਚਲਦੇ ਨੇ ।
ਤੂੰ ਹੀ ਦੇਸਾਂ ਦੀਆਂ ਕੂਲ ਵਿਗੜੀਆਂ ਹੋਈਆਂ ਬਨਾਨਾ ਏਂ ।
ਤੂੰ ਹੀ ਕੌਮਾਂ ਦੇ ਅੰਦਰ, ਜ਼ਿੰਦਗੀ ਦੀ ਰੌ ਚਲਾਨਾ ਏਂ ।
ਇਹ ਉਚਿਆਂ ਨੀਂਵਿਆਂ ਦੇ ਤੂੰ ਹੀ, ਬਸ ਝਗੜੇ ਮਿਟਾ ਸਕਨੈਂ ।
ਤੇਰਾ ਜੇ ਦਿਲ ਕਰੇ ਤਾ ਜ਼ੱਰੇ ਨੂੰ ਸੂਰਜ ਬਣਾ ਸਕਨੈਂ ।
ਤੂੰ ਹੀ ਸਵਾ ਦੇ ਸੁੰਞੇ ਦੇਸ ਦਾ ਉੱਚਾ ਮੁਨਾਰਾ ਏਂ ।
ਤੂੰ ਕੁਰਬਾਨੀ ਦੇਂ ਕਾਲੇ ਅਰਸ਼ ਦਾ ਰੋਸ਼ਨ ਸਤਾਰਾ ਏਂ ।
ਤੇਰੇ ਸੀਨੇ ਚਿ ਕੁਦਰਤ ਨੇ ਓਹ ਦਿਲ ਦਰਦਾਂ ਦਾ ਪਾਇਆ ਏ ।
ਕਿ ਜਿਹੜਾ ਜਗਤ ਤੋ ਕੇਵਲ ਤੇਰੇ ਹਿੱਸੇ ਹੀ ਆਇਆ ਏ ।
ਗਰੀਬਾਂ ਸ਼ੋਹਦਿਆਂ ਨਾਲ ਪਿਆਰ ਕਰਨਾ ਜਾਣਨਾ ਏੰ ਤੂੰ ।
ਤੇ ਪਰ ਉਪਕਾਰ ਦੀ ਖਾਤਰ ਵੀ ਮਰਨਾ ਜਾਣਨਾ ਏਂ ਤੂੰ ।
ਕਿਸੇ ਦੇ ਵਾਸਤੇ ਸੂਲੀ ਤੇ ਚੜ੍ਹਨਾ ਖੇਲ ਏ ਤੇਰਾ ।
ਖ਼ੁਦਾ ਜਾਣੇ ਕਿ ਏਨਾ ਮੌਤ ਨਾਲ ਕਿਉਂ ਮੇਲ ਸੂ ਤੇਰਾ ।
ਕਿਸੇ ਦੇ ਵਾਸਤੇ ਤੂੰ ਬਦਨ ਦੇ ਤਖ਼ਤੇ ਚਿਰਾ ਸਕਨੈਂ ।
ਤੂੰ ਮਹਿੰਦੀ ਖੂਨ ਦੀ, ਧਰਤੀ ਨੂੰ ਹੱਸ ਹੱਸ ਕੇ ਲਗਾ ਸਕਨੈਂ ।
ਤੂੰ ਸੌਂ ਜਾਨੈਂ ਤਾਂ ਸੌਂ ਜਾਂਦੀ ਏ, ਸਾਰੀ ਕੌਮ ਦੀ ਕਿਸਮਤ ।
ਤੇਰੀ ਕਰਵਟ ਤੇ ਭੌਂ ਜਾਂਦੀ ਏ, ਸਾਰੀ ਕੌਮ ਦੀ ਕਿਸਮਤ ।
ਜਦੋਂ ਤੂੰ ਜਾਗਨੈਂ, ਜਜ਼ਬਾਤ ਦੁਨੀਆ ਦੇ ਜਗਾ ਦੇਨੈਂ ।
ਤੂੰ ਖ਼ਾਮੋਸ਼ੀ ਦੇ ਕਬਰਸਤਾਨ ਵਿਚ ਹਲਜੁਲ ਮਚਾ ਦੇਨੈਂ ।
ਜੇ ਮਜ਼ਲੂਮਾਂ ਨੂੰ ਗ਼ਮ ਹੋਵੇ, ਤਾਂ ਤੂੰ ਚਿਹਰੇ ਨੂੰ ਵੱਟਨਾ ਏਂ ।
ਗਰੀਬਾਂ ਦੇ ਥੁੜਨ ਦਾਣੇ, ਤਾਂ ਤੂੰ ਫ਼ਾਕੇ ਵੀ ਕੱਟਨਾ ਏਂ ।
ਤੇਰੇ ਗੁਮਨਾਮ ਨਾਂ ਦੇ ਵਿਚ, ਕਈ ਪੈ ਨਾਮ ਖੱਪਦੇ ਨੇ ।
ਹਜ਼ਾਰਾਂ ਦੇਸ਼ ਤੇਰੇ ਨਾਮ ਦੀ, ਮਾਲਾ ਪੈ ਜਪਦੇ ਨੇ ।
ਜਗਤ ਦੇ ਦਰਦ ਮੰਦਾਂ ਨਾਲ ਹੀ ਤੇਰੀ ਭਿਆਲੀ ਏ ।
ਸਮਝ ਸਕਦਾ ਨਹੀਂ ਕੋਈ, ਤੇਰੀ ਦੁਨੀਆ ਨਿਰਾਲੀ ਏ ।
ਤੇਰੀ ਟੱਕਰ ਹਮੇਂਸ਼ਾ ਜ਼ਾਲਮਾਂ ਦੇ ਨਾਲ ਲੱਗਦੀ ਏ ।
ਤੇਰੇ ਸੀਨੇ ਦੇ ਅੰਦਰ, ਨਹਿਰ ਇਕ ਦਰਦਾਂ ਦੀ ਵਗਦੀ ਏ ।
ਤੂੰ ਹੀ ਬਾਨੀ ਏਂ ਕੁਲ ਦੁਨੀਆ ਦੇ ਹੋਏ ਇਨਕਲਾਬਾਂ ਦਾ ।
ਤੂੰ ਪਹਿਲਾ ਕਾਂਡ ਏਂ ਸੰਸਾਰ ਦੀ ਅਮਲੀ ਕਤਾਬਾਂ ਦਾ ।
ਖ਼ੁਦਾ ਦਾ ਵਾਸਤਾ ਈ, ਅਪਣੇ ਫਰਜ਼ਾਂ ਨੂੰ ਨਾ ਭੁੱਲ ਜਾਈਂ ।
ਤੂੰ ਸ਼ੁਹਰਤ ਸ਼ਾਨ ਨੂੰ ਪਾ ਕੇ, ਕਿਤੇ ਵੇਖੀਂ ਨਾ ਫੁੱਲ ਜਾਈਂ ।
ਮਦਾਸਾ ਬੰਨ੍ਹ ਕੇ ਹਿੰਮਤ ਦਾ, ਬਸ ਚੱਪੂ ਚਲਾਈ ਜਾ ।
ਤੂੰ ਬੇੜੀ ਕੌਮ ਦੀ ਏਸੇ ਤਰ੍ਹਾਂ ਬੰਨੇ ਲਗਾਈ ਜਾ ।
ਪਿਆਲੇ ਆਸ਼ਕਾ ! ਤੂੰ ਪ੍ਰੇਮ ਦੇ ਭਰ ਭਰ ਕੇ ਪੀਂਦਾ ਰਹੁ ।
ਹਸ਼ਰ ਤਕ ਦੇਸ ਦੇ ਜੀਵਨ ਦੀ ਖਾਤਰ ਆਪ ਜੀਂਦਾ ਰਹੂ ।
ਇਹ ਦੁਨੀਆ ਜਾਣਦੀ ਏ ਮੋਤੀਆ ! ਕਿੰਨਾ ਏ ਮੁੱਲ ਤੇਰਾ ।
ਜ਼ਮਾਨੇ ਦੇ ਸਦਫ਼ ਪੈਦਾ ਨਾ ਕਰ ਸਕਦੇ ਨੇ ਤੁੱਲ ਤੇਰਾ ।

5. ਚੁੱਪ ਦੀ ਨਗਰੀ

(ਇਕ ਕਬਰਸਤਾਨ ਨੂੰ ਵੇਖਕੇ)

ਇਹ ਕੋਈ ਵਖਰੀ ਸੰਸਾਰ ਦੇ ਤਖ਼ਤੇ ਤੇ ਧਰਤੀ ਏ ।
ਕਿ ਇਥੇ ਸਿਰ ਤੋਂ ਪੈਰਾਂ ਦੇ ਨਵ੍ਹਾਂ ਤਕ ਚੁੱਪ ਵਰਤੀ ਏ ।
ਨਾ ਏਥੇ ਕੋਈ ਮਾੜਾ ਏ, ਨਾ ਮਜ਼੍ਹਬਾਂ ਦੀ ਲੜਾਈ ਏ ।
ਕਿ ਇਸ ਨਗਰੀ ਦਾ ਮੁੱਲਾਂ ਤੇ ਬਰਹਮਨ ਭਾਈ ਭਾਈ ਏ ।
ਧਨੀ, ਮਜ਼ਦੂਰ ਏਥੇ ਹਰ ਕਿਸਮ ਦੇ ਲੋਕ ਰਹਿੰਦੇ ਨੇਂ ।
ਸਦਾ ਦੁਖ ਦਰਦ ਇਕ ਦੂਜੇ ਦਾ ਸੁਣਦੇ ਨੇ ਤੇ ਕਹਿੰਦੇ ਨੇਂ ।
ਨਾ ਏਥੇ ਕੋਈ ਹਾਕਮ ਏ, ਨਾ ਏਥੇ ਕੋਈ ਬਰਦਾ ਏ ।
ਨਾ ਇਸ ਵਸਤੀ ਦਾ ਵਾਸੀ ਕੋਈ ਇੱਕ ਦੂਜੇ ਤੋਂ ਡਰਦਾ ਏ ।
ਨਾ ਏਥੇ ਕੋਈ ਤਗੜਾ ਏ, ਨਾ ਏਥੇ ਕੋਈ ਮਾੜਾ ਏ ।
ਨਾ ਏਹਦਾ ਦੁਖ ਇਹਨੂੰ ਏ, ਨਾ ਉਹਦਾ ਉਹਨੂੰ ਸਾੜਾ ਏ ।
ਨਾ ਰੋਣੇ ਨੇ ਗੁਲਾਮੀ ਦੇ, ਨਾ ਆਜ਼ਾਦੀ ਦੇ ਝੇੜੇ ਨੇਂ ।
ਬੜੇ ਆਜ਼ਾਦ ਨੇ ਇਸ ਸ਼ਹਿਰ ਦੇ ਵਸਨੀਕ ਜੇਹੜੇ ਨੇਂ ।
ਨਾ ਲਹਿਣੇਦਾਰ ਪੁੱਛਦਾ ਏ ਨਾ ਦੇਣੇਦਾਰ ਝੁਰਦੇ ਨੇਂ ।
ਸਭੈਤਾ ਨਾਲ ਪੈ ਇਕ ਦੂਸਰੇ ਦੇ ਕੰਮ ਟੁਰਦੇ ਨੇਂ ।
ਨਾ ਏਥੇ ਕੋਈ ਮਹਰਾਜਾ ਜ਼ਰੀ ਦਾ ਕੋਟ ਪਾਂਦਾ ਏ ।
ਨਾ ਏਥੇ ਕੋਈ ਸ਼ੁਹਦਾ, ਕੰਗਲਾ, ਲੀਰਾਂ ਹੰਡਾਂਦਾ ਏ ।
ਉਹ ਸਾਰੇ ਬਾਦਸ਼ਾਹ ਨੇ ਜੋ ਭੀ ਇਸ ਵਸਤੀ ਦੇ ਅੰਦਰ ਨੇ ।
ਹਜ਼ਾਰਾਂ ਏਥੇ ਦਾਰੇ ਨੇ, ਹਜ਼ਾਰਾਂ ਹੀ ਸਕੰਦਰ ਨੇ ।
ਵਿਛੌਣੇ ਖ਼ਾਕ ਦੇ ਇਕੋਂ ਜਹੇ ਸਭਨਾਂ ਵਛਾਏ ਨੇ ।
ਸਰ੍ਹਾਨੇ ਅਪਣੀ ਅਪਣੀ ਬਾਵਵਾਂ ਦੇ ਸਭਨਾਂ ਬਣਾਏ ਨੇ ।
ਨਾ ਕੀਤੀ ਏ ਕਿਸੇ ਵਾਹੀ ਤੇ ਨਾ ਕੋਈ ਬਿਪਾਰੀ ਏ ।
ਨਾ ਏਥੇ ਕੋਈ ਦਾਤਾ ਏ ਤੇ ਨਾ ਕੋਈ ਭਿਖਾਰੀ ਏ ।
ਤੁਮ੍ਹੇਂ ਦੇ ਵਾਸਤੇ ਕੋਈ ਕਿਸੇ ਦੇ ਕੋਲ ਜਾਂਦਾ ਨਹੀਂ ।
ਕਿਸੇ ਕੰਮੀਂ ਨੂੰ ਕੋਈ ਚੌਧਰੀ, ਚੌਧਰ ਵਖਾਂਦਾ ਨਹੀਂ ।
ਗੁਨਹੀ ਪੇਟ ਦੇ ਲਾਲਚ ਤੋਂ ਇਹ ਆਜ਼ਾਦ ਨੇ ਸਾਰੇ ।
ਤਦੇ ਹੀ ਏਸ ਉਜੜੀ ਦੁਨੀਆਂ ਵਿਚ ਆਬਾਦ ਨੇ ਸਾਰੇ ।
ਸਬਰ, ਸੰਤੋਖ ਦੀ ਇਸ ਮੁਲਕ ਦੇ ਵਿਚ ਨਹਿਰ ਵਗਦੀ ਏ ।
ਸਤਾਂਦੀ ਏ ਕਿਸੇ ਨੂੰ ਭੁੱਖ ਤੇ ਨਾ ਪਿਆਸ ਲਗਦੀ ਏ ।
ਨਾ ਇਹ ਸੁਰਗਾਂ ਤੇ ਰਾਜੀ ਨੇ ਤੇ ਨਾ ਨਰਕਾਂ ਤੋਂ ਡਰਦੇ ਨੇ ।
ਬੜੇ ਆਜ਼ਾਦ ਨੇ ਇਹ ਲੋਕ, ਜੋ ਚਾਹੁੰਦੇ ਨੇ ਕਰਦੇ ਨੇ ।
ਇਹ ਬਦੀਆਂ, ਨੇਕੀਆਂ ਦੇ ਝਗੜਿਆ ਤੋਂ ਬਹੁਤ ਉੱਚੇ ਨੇ ।
ਇਹ ਮਿੱਟੀ ਵਿਚ ਰਹਿੰਦੇ ਹੋਏ ਵੀ ਸੋਨੇ ਤੋਂ ਸੁੱਚੇ ਨੇ ।
ਇਹਨਾਂ ਦੁੱਖਾਂ ਤੇ ਸੁੱਖਾਂ ਦਾ ਨਹੀਂ ਸੁਣਿਆ ਕਦੇ ਨਾਂ ਭੀ ।
ਇਹਨਾਂ ਖੁਸ਼ੀਆਂ ਤੇ ਗ਼ਮੀਆਂ ਦਾ ਨਹੀਂ ਡਿਠਾ ਕਦੇ ਯਾਂ ਭੀ ।
ਹੈ ਚੁਪ ਏਨੀ, ਗਵਾਚੇ ਜਿਦ੍ਹੇ ਵਿਚ ਰੌਲਾ ਖ਼ਿਆਲਾਂ ਦਾ ।
ਹੈ ਏਨੀ ਸੁੱਨ, ਜਿਸ ਵਿਚ ਜਾਪਦਾ ਏ ਪਲਕ ਸਾਲਾਂ ਦਾ ।
ਖਮੋਸ਼ੀ ਵੇਖ ਕੇ ਏਨੀ ਕਲਮ ਸ਼ਾਇਰ ਦੀ ਡਰਦੀ ਏ ।
ਫਰਿਸ਼ਤੇ ਕੰਬਦੇ ਨੇ ਮੌਤ ਏਧਰ ਮੂੰਹ ਨਾ ਕਰਦੀ ਏ ।
ਇਹ ਦਿਲ ਚਾਹੁੰਦਾ ਏ ਆ ਜਾਂ ਨੇਸਤੀ ਦੀ ਏਸ ਹਸਤੀ ਵਿਚ ।
ਨਿਕਲ ਕੇ ਏਸ ਰੌਲੇ ਚੋਂ, ਸਮਾ ਜਾਂ ਚੁਪ ਦੀ ਵਸਤੀ ਵਿਚ ।
ਇਹ ਮੈਨੂੰ ਜ਼ੱਰਾ ਜ਼ੱਰਾ ਰੋਜ਼ ਇਸ ਦੁਨੀਆਂ ਦਾ ਦਸਦਾ ਏ ।
ਕਿ ਮੇਰੇ ਜ਼ੱਰੇ ਜ਼ੱਰੇ ਵਿਚ ਖੁਦ 'ਕਰਤਾਰ' ਵਸਦਾ ਏ ।

6. ਬਿੰਦੀ

ਖੂਨ ਇਹ ਬੇ-ਦੋਸਿਆਂ ਦਾ, ਓਦ੍ਹੇ ਮੱਥੇ ਲੱਗਿਆ ਏ,
ਲੋਕੀ ਜਿਨੂੰ ਆਖਦੇ ਨੇ, ਮੱਥੇ ਦਾ ਸ਼ਿੰਗਾਰ ਬਿੰਦੀ ।
ਲਹੂ ਇਹ ਨਿਮਾਣਿਆਂ ਦਾ, ਸਿਰੇ ਚੜ੍ਹ ਬੋਲਿਆ ਏ,
ਸਮਝਦੇ ਨੇ ਜਿਨੂੰ ਪੈ, ਬੇਸਮਝ ਤੇ ਗੰਵਾਰ ਬਿੰਦੀ ।
ਕੇਸਾਂ ਦਿਆਂ ਸੱਪਾਂ ਦੀ ਏ, ਮਣੀ ਏਥੇ ਦੱਬੀ ਹੋਈ,
ਲਾਈ ਨੇ ਨਿਸ਼ਾਨੀ ਵਜੋਂ, ਮੱਥੇ ਵਿਚਕਾਰ ਬਿੰਦੀ ।
ਕੁੰਡਲਾਂ ਦੀ ਫਾਹੀ ਅੱਗੇ, ਚੋਗਾ ਏਹ ਖਲਾਰਿਆ ਨੇ,
ਦਿਲਾਂ ਦੇ ਕਬੂਤਰਾਂ ਦਾ, ਕਰੇ ਪਈ ਸ਼ਕਾਰ ਬਿੰਦੀ ।

ਫਨੀਅਰਾਂ ਦੇ ਦੇਸ ਅੱਗੇ, ਲਾਲ ਝੰਡੀ ਲੱਗੀ ਹੋਈ ਏ,
ਦੂਰੋਂ ਹੀ ਡਰਾਂਵਦੀ ਏ, ਕਹਿ ਕੇ "ਖਬਰਦਾਰ" ਬਿੰਦੀ ।
ਸੁੰਦ੍ਰਤਾ ਦੀ ਦੇਵੀ ਦੀ ਇਹ, ਜੋਤ ਪਈ ਜਗਦੀ ਏ,
ਚਾਨਣਾ ਵਖਾਉਂਦੀ ਏ, ਤਾਂ ਹੀ ਲਿਸ਼ਕਾਂ ਮਾਰ ਬਿੰਦੀ ।
ਗ਼ਮਾਂ ਦੇ ਸੰਦੂਕ ਨੂੰ ਇਹ, ਜੰਦਰਾ ਏ ਵੱਜਾ ਹੋਇਆ,
ਖੁਸ਼ੀ ਦੇ ਵਿਹਾਜਣੇ ਨੂੰ, ਲਾਈ ਨੇ ਵਿਚਾਰ ਬਿੰਦੀ ।
ਦੁੱਖਾਂ ਵਾਲੇ ਵੱਟ ਕਦੇ, ਮੱਥੇ ਤੇ ਨਹੀਂ ਪੈਣ ਦੇਂਦੀ,
ਖਿੜੇ ਮੱਥੇ ਰੱਖਦੀ ਏ, ਵਾਂਗਰਾਂ ਅਨਾਰ ਬਿੰਦੀ ।

ਹੁਸਨ ਨਾਲ ਲੱਗ ਕੇ ਤੇ, ਵਾਧਾ ਕਿਉਂ ਨਾ ਕਰੇਗੀ ਇਹ,
ਸੌ ਨਾਲ ਲਾਈਏ; ਕਰ, ਦੇਂਦੀ ਏ ਹਜ਼ਾਰ ਬਿੰਦੀ ।
ਬਿੰਦਦੀ ਏ ਮੱਥੇ ਦੇ ਇਹ, ਪੁੱਠੇ ਲੇਖ ਲਿਖੇ ਹੋਏ,
ਜਿਧੇ ਨਾਲ ਲੱਗਦੀ ਏ, ਦੇਂਦੀ ਏ ਸਵਾਰ ਬਿੰਦੀ ।
ਹੀਰੇ ਦੀ ਏ ਕਣੀ ਜੜੀ ਹੋਈ ਏ ਬਲੌਰ ਵਿਚ,
ਦੁੱਧ ਦੇ ਕਟੋਰੇ ਵਿਚ, ਲਾਈ ਉਸਤਾਕਾਰ ਬਿੰਦੀ ।
ਚਿਹਰਾ ਏ ਗੁਲਾਬ ਵਾਂਙ, ਨਰਗਸ ਜਹੀਆਂ ਅੱਖੀਆਂ ਨੇ,
ਕਹੀ ਸੋਹਣੀ ਲਗਦੀ ਏ, ਵਿਚ ਗੁਲਾਨਾਰ ਬਿੰਦੀ ।

ਚਿੱਤ ਦੀ ਕੁਰਮਾਈ ਹੋਈ, ਕਲੀ ਨੂੰ ਖਿੜਾਉਂਦੀ ਏ,
ਖ਼ਿਜ਼ਾਂ ਵਿਚ ਦੇਂਦੀ ਏ, ਬਸੰਤ ਦੀ ਬਹਾਰ ਬਿੰਦੀ ।
ਪਾਰੇ ਦੇ ਸਮੁੰਦਰ ਵਿੱਚ, ਲਾਲਾਂ ਦਾ ਜ਼ਖ਼ੀਰਾ ਹੈ ਇਹ,
ਰੋਸ਼ਨੀ ਦਾ ਜਾਪਦੀ ਏ, ਦੂਰੋਂ ਇਹ ਮੀਨਾਰ ਬਿੰਦੀ ।
ਨਿਗ੍ਹਾ ਦੇ ਜਹਾਜ਼ ਤਾਈਂ, ਪਰਤ ਕੇ ਨਹੀਂ ਜਾਣ ਦੇਂਦੀ,
ਠਿਲ੍ਹ ਪਵੇ ਜਿਹੜਾ, ਓਨੂੰ ਰੱਖੇ ਵਿਚਕਾਰ ਬਿੰਦੀ ।
ਮੱਥੇ ਦੇ ਅਕਾਸ਼ ਉੱਤੇ, ਲਾਲੀ ਧੁੱਮੀ ਜਾਪਦੀ ਏ,
ਸੁੰਦ੍ਰਤਾ ਦੇ ਚੰਨ ਨੂੰ ਪਈ, ਲਾਏ ਚੰਨ ਚਾਰ ਬਿੰਦੀ ।

ਦਿਲਾਂ ਦੇ ਪਤੰਗਿਆਂ ਲਈ, ਸ਼ਮ੍ਹਾਂ ਪਈ ਜਗਦੀ ਏ,
ਕਿਸੇ ਦੀ ਏ ਚਿੱਖਾ ਅਤੇ ਕਿਸੇ ਦਾ ਸ਼ਿੰਗਾਰ ਬਿੰਦੀ ।
ਬੱਦਲਾਂ ਚਿ ਫਾਥਾ ਹੋਇਆ, ਸ਼ੁਕਰ ਤਾਰਾ ਜਾਪਦਾ ਏ,
ਦਿੱਸੇ ਜਦੋਂ ਖੁਲ੍ਹੇ ਹੋਏ, ਵਾਲਾਂ ਵਿਚਕਾਰ ਬਿੰਦੀ ।
ਜੱਗ ਦੀਆਂ ਸੱਧਰਾਂ ਦੇ, ਖ਼ੂਨ ਏਥੇ ਡੂਲ੍ਹੇ ਹੋਏ ਨੇ,
ਲੱਗੀ ਹੋਈ ਜਾਪਦੀ ਏ, ਜਿੱਥੇ ਖ਼ੂਨ ਖਾਰ ਬਿੰਦੀ ।
ਜੱਗ ਵਿਚੋਂ ਜੱਸ ਤੇ ਨਮੂਜ ਓਨ੍ਹਾਂ ਖੱਟਿਆ ਏ,
ਹੋਇਆ ਹੋਇਐ ਓਹਨਾਂ ਦਾ ਇਹ ਧੁਰੋਂ ਸਤਕਾਰ ਬਿੰਦੀ ।
ਝੂਠਿਆਂ ਨੂੰ ਸਦਾ ਟਿੱਕੇ, ਸ਼ਾਹੀ ਦੇ ਹੀ ਲੱਗਦੇ ਨੇ,
ਸੱਚਿਆਂ ਦੇ ਮੱਥੇ ਉੱਤੇ, ਲਾਂਦਾ ਏ 'ਕਰਤਾਰ' ਬਿੰਦੀ ।

7. ਬੱਚਾ

ਬੱਚਾ ਇੱਕ ਐਸਾ ਸ਼ੀਸ਼ਾ ਏ, ਇਸ ਚੋਂ ਰੱਬ ਨਜ਼ਰੀਂ ਆ ਜਾਂਦੈ ।
ਇਹ ਐਡਾ ਸੁੱਥਰਾ ਧੌਲਰ ਏ, ਉਹ ਇਸ ਵਿਚ ਫੇਰਾ ਪਾ ਜਾਂਦੈ ।
ਇਹ ਏਡਾ ਵੱਡਾ ਰਾਜਾ ਏ, ਕੁਲ ਆਲਮ ਇਸ ਦਾ ਬਰਦਾ ਏ ।
ਇਹ ਬਿਨ ਤੋਪਾਂ ਤਲਵਾਰਾਂ ਦੇ, ਸਰ ਦਿਲ ਦੀ ਬਸਤੀ ਕਰਦਾ ਏ ।
ਇਹ ਐਡਾ ਮਿੱਠਾ ਮਹੁਰਾ ਏ, ਪਈ ਖੱਲਕਤ ਇਸ ਤੇ ਮਰਦੀ ਏ ।
ਦੁਨੀਆ ਏਸੇ ਦੇ ਜੀਵਨ ਨੂੰ, ਪਈ ਜਿੰਦੜੀ ਅਰਪਨ ਕਰਦੀ ਏ ।
ਇਹ ਐਂਡਾ ਉੱਚ ਤਿਆਗੀ ਏ,ਮਾਇਆ ਵੱਲ ਉੱਕਾ ਝੁਕਦਾ ਨਹੀਂ ।
ਮਿੱਟੀ ਦਾ ਘੁੱਗੂ ਲੈ ਲੈਂਦੈ, ਪਰ ਨੋਟਾਂ ਉੱਤੇ ਥੁੱਕਦਾ ਨਹੀਂ ।
ਮਜ਼੍ਹਬਾਂ ਤੋਂ ਐਡ ਦੁਰਾਡਾ ਏ, ਕਾਫ਼ਰ ਵੀ ਇਸ ਤੋਂ ਨੇੜੇ ਨੇ ।
ਇਹਦੀ ਨਜ਼ਰਾਂ ਵਿਚ ਦੁਨੀਆ ਦੇ, ਕੂਲ ਮਜ਼੍ਹਬ, ਝਗੜੇ ਝੇੜੇ ਨੇ ।
ਅੱਲਾ ਇਸ ਪਾਕ ਨਮਾਜ਼ੀ ਦਾ, ਵਾਜੇ ਦੀ ਸੁਰ ਤੋਂ ਡਰਦਾ ਨਹੀਂ ।
ਪਿੱਪਲ ਦੀ ਟਹਿਣੀ ਕੱਟਣ ਤੋਂ, ਇਹਦਾ ਠਾਕਰ ਗੁੱਸਾ ਕਰਦਾ ਨਹੀਂ ।
ਪਲਕਾਂ ਨਾਲ ਸਜਦੇ ਕਰਦਾ ਏ, ਨੈਣਾਂ ਨਾਲ ਜੋਤ ਜਗਾਂਦਾ ਏ ।
ਇਹ ਕਾਫ਼ਰ ਬਿਨਾ ਜ਼ਬਾਨੋਂ ਹੀ, ਮਾਲਕ ਨੂੰ ਪਿਆ ਧਿਆਂਦਾ ਏ ।
ਕੁਦਰਤ ਦਾ ਏਨਾ ਭੇਤੀ ਏ, ਕਾਦਰ ਕੋਲੋਂ ਨਹੀਂ ਡਰਦਾ ਏ ।
ਖ਼ਲਕਤ ਨਾਲ ਤਾਂ ਹੀ ਕੂੰਦਾ ਨਹੀਂ, ਖ਼ਾਲਕ ਨਾਲ ਗੱਲਾਂ ਕਰਦਾ ਏ ।
ਦੁਸ਼ਮਨ ਦਾ ਏਨਾ ਦੋਸਤ ਏ, ਸੱਪਾਂ ਨੂੰ ਗਲ ਵਿਚ ਪਾ ਲੈਂਦੈ ।
ਜੇ ਮਥੁਰਾ ਇਨੂੰ ਦੇ ਦੇਵੋ, ਇਹ ਉਹ ਵੀ ਹੱਸ ਕੇ ਖਾ ਲੈਂਦੈ ।
ਦਿਲ ਇਸ ਦਾ ਐਡਾ ਚਿੱਟਾ ਏ, ਨੇਕੀ ਵੀ ਉਸ ਤੋਂ ਕਾਲੀ ਏ ।
ਇਸ ਦਿਲ ਦੀ ਦੁਨੀਆ ਖ਼ਾਲਕ ਨੇ, ਵੱਖਰੇ ਹੀ ਸੱਚੇ ਢਾਲੀ ਏ ।
ਕਈ ਦਾਨੇ ਇਸ ਦੀਆਂ ਰਾਲਾਂ ਨੂੰ, ਗੰਗਾ ਤੇ ਜਮਨਾ ਕਹਿੰਦੇ ਨੇ ।
ਅੰਦਰ ਇਸ ਪ੍ਰੇਮ ਪੁਜਾਰੀ ਦੇ, ਲੱਖਾਂ ਹੀ ਤੀਰਥ ਰਹਿੰਦੇ ਨੇ ।
ਇਹਦੇ ਹੱਥਾਂ ਦੀਆਂ ਮੁੱਠਾਂ ਨੂੰ, ਜੇ ਲਾਈਏ ਨੀਝ ਵਿਚਾਰਾਂ ਦੀ ।
ਤਾਂ ਦਿਸਦੈ ਕੁੰਜੀ ਪਕੜੀ ਸੂ, ਕੁਦਰਤ ਦੇ ਕਈ ਭੰਡਾਰਾਂ ਦੀ ।
ਅੰਗੂਠਾ ਜਿਹੜਾ ਚੁੰਘਦਾ ਏ, ਇਹ ਕਈ ਸਿਆਣੇ ਕਹਿੰਦੇ ਨੇ ।
ਪੈ ਅੰਦਰ ਏਸ ਅੰਗੂਠੇ ਦੇ, ਅੰਮ੍ਰਿਤ ਦੇ ਸਾਗਰ ਵਹਿੰਦੇ ਨੇ ।
ਦੁਨੀਆ ਵਿਚ ਰਹਿੰਦਾ ਹੋਇਆ ਵੀ, ਇਹ ਦੁਨੀਆ ਨਾਲੋਂ ਉੱਚਾ ਏ ।
ਮਿੱਟੀ ਵਿਚ ਰੁਲਦਾ ਖੁਲਦਾ ਵੀ, ਇਹ ਸੋਨੇ ਨਾਲੋਂ ਸੁੱਚਾ ਏ ।
ਰੋਂਦੈ ਤਾਂ ਮੋਂਤੀ ਕਿਰਦੇ ਸੂ, ਹਸਦੈ ਤਾਂ ਫੁੱਲ ਖਿੜਾਂਦਾ ਏ ।
ਇਹ ਬੂਟਾ ਖ਼ਿਜ਼ਾਂ ਬਹਾਰ ਅੰਦਰ, ਕੁਦਰਤ ਦਾ ਬਾਗ਼ ਸਜਾਂਦਾ ਏ ।
ਇਹ ਝੂਠੇ ਨਸ਼ੇ ਤਕੱਬਰ ਦੇ, ਰੀਝਾਂ ਦੀ ਖ਼ਾਤਰ ਪੀਂਦਾ ਨਹੀਂ ।
ਦੁਨੀਆਂ ਦੀ ਕੂੜੀ ਹਿਰਸਾਂ ਤੇ, ਆਸਾਂ ਦੇ ਸਿਰ ਤੇ ਜੀਂਦਾ ਨਹੀਂ ।
ਮਸਤੀ ਦਾ ਪਾਕ ਸਮੁੰਦਰ ਏ, ਭੇਤਾਂ ਦਾ ਇਕ ਖਜ਼ਾਨਾ ਏ ।
ਪਿਆਰਾਂ ਦੀ ਵਸਦੀ ਦੁਨੀਆਂ ਏਂ,ਵੇਖਣ ਵਿਚ ਬਾਲ ਅੰਜਾਣਾਂ ਏਂ ।
ਹੱਥਾਂ ਵਿਚ ਬਰਕਤ ਰਹਿੰਦੀ ਸੂ, ਮੱਥੇ ਤੇ ਰਹਿਮਤ ਵਸਦੀ ਸੂ ।
ਦਿਲ ਵਿਚ ਮਾਲਕ ਦਾ ਡੇਰਾ ਸੂ, ਬੁਲ੍ਹਾਂ ਤੇ ਕੁਦਰਤ ਹਸਦੀ ਸੂ ।
ਇਹਦੇ ਮਨ ਦੇ ਪਰਦੇ ਵਿਚ ਹੀ 'ਮੱਕਾ', 'ਕਾਂਸ਼ੀ' ਹਰਿਮੰਦਰ ਏ ।
ਹਰਿ ਹਰ ਥਾਂ ਕਿੱਥੇ ਵਸਦਾ ਏ ? ਜਦ ਵੇਖੋ ਇਸ ਦੇ ਅੰਦਰ ਏ ।
ਮੈਥੋਂ ਪੁਛੋਂ ਤਾਂ ਸ਼ਰਿਸ਼ਟੀ ਚਿ, ਬੱਚਾ ਹੀ ਰਹਿਬਰ ਸਭਦਾ ਏ ।
'ਅਸ਼ਰਫ ਅਲਮਖਲੂਕਾਤ' ਲਕਬ ਬੱਚੇ, ਦੇ ਨਾਂ ਨਾਲ ਫਬਦਾ ਏ ।
ਬੱਚਾ ਜਿੰਨ੍ਹਾਂ ਨਾਲ ਹਸਦਾ ਏ, 'ਕਰਤਾਰ' ਉਨ੍ਹਾਂ ਨਾਲ ਹਸਦਾ ਏ ।
ਕਿਉਂਕਿ ਬੱਚੇ ਦੇ ਦਿਲ ਅੰਦਰ, ਉਹ ਆਪ ਹਮੇਸ਼ਾਂ ਵਸਦਾ ਏ ।

8. ਸ਼ਾਇਰ ਦੀ ਵਹੁਟੀ

ਸੱਧਰਾਂ ਦੀ ਪੂੰਜੀ, ਦਰਦਾਂ ਦੀ ਟੋਲੀ ।
ਆਹਾਂ ਦੀ ਗਠੜੀਂ, ਦੁਖਾਂ ਵੀ ਝਾਕੀ ।
ਫਿਕਰਾਂ ਦੀ ਮੂਰਤ, ਹੌਲਾਂ ਦਾ ਪਰਬਤ ।
ਹੰਝੂਆਂ ਦਾ ਸਾਗਰ, ਅਫ਼ਸੋਸ ਦਾ ਲਸ਼ਕਰ ।
ਰੰਜਾਂ ਦਾ ਖਜ਼ਾਨਾਂ, ਹਸਰਤ ਦਾ ਵਲੇਵਾ ।
ਮੂੰਹ ਤੇਸੂ ਜ਼ਰਦੀ, ਹੌਕੇ ਵੇ ਭਰਦੀ ।
ਫੁੱਲ ਵਰਗਾ ਚਿਹਰਾ, ਝੁਟਲਾਇਆ ਹੋਇਆ ।
ਓਹ ਨੈਣ ਮਮੋਲੇ,ਖੁਰ ਖੁਰ ਹੋਏ ਪੋਲੇ ।
ਉਹ ਵਾਲ ਅਵੱਲੇ, ਬੱਦਲਾਂ ਤੋਂ ਝੱਲੇ ।
ਐਬਾਂ ਤੋਂ ਕਾਲੇ, ਭਰਮਾਂ ਤੋਂ ਲੰਮੇ ।
ਸੱਪਾਂ ਦੇ ਟੋਲੇ, ਖੁਲ੍ਹੇ ਫਿਰਦੇ ।
ਕੀ ਇਹ ਕੋਈ ਬ੍ਰਿਹਨ,
ਨਹੀਂ ਸ਼ਾਇਰ ਦੀ ਵਹੁਟੀ ।

ਦਿਲ ਵਿਚ ਵਿਚਾਰੇ, ਮੇਰੇ ਪ੍ਰਾਨ ਪਿਆਰੇ ।
ਨਹੀਂ ਕੁੰਹਦੇ ਸਹਿੰਦੇ, ਨੇ ਕੱਲੇ ਬਹਿੰਦੇ ।
ਮੈਂ ਰਾਹ ਪਈ ਵੇਖਾਂ, ਹਰ ਵਕਤ ਉੜੀਕਾਂ,
ਕਦ ਹਸਦੇ ਆਵਣ, ਤੇ ਰੌਣਕ ਲਾਵਣ ।
ਦੋਵੇਂ ਜੀ ਬਹੀਏ, ਕੁਝ ਸੁਣੀਏ, ਕਹੀਏ ।
ਕੁਝ ਦਿਲ ਦੀਆਂ ਪੁੱਛਾਂ, ਤੇ ਮਨ ਦੀਆਂ ਦੱਸਾਂ ।
ਓਹ ਦਿਨ ਭਰ ਭੌਂਦੇ ਜਦ ਘਰ ਨੂੰ ਔਂਦੇ ।
'ਜੀ ਆਇਆਂ' ਆਖਾਂ, ਕੋਈ ਸੇਵਾ ਪੁੱਛਾਂ ।
ਚਿਹਰੇ ਨੂੰ ਤੱਕਾਂ, ਪਰ ਬੋਲ ਨਾ ਸੱਕਾਂ ।
ਚਿਹਰਾ ਕੁਰਮਾਇਆ, ਫਿਕਰਾਂ ਦਾ ਸਾਇਆ ।
ਮੱਥੇ ਤੇ ਘੂਰੀ, ਬੁਲ੍ਹਾਂ ਤੇ ਸਿਕਰੀ ।
ਕੱਛਾਂ ਵਿਚ ਬਾਵ੍ਹਾਂ, ਤੇ ਨੀਵੀਆਂ ਨਜ਼ਰਾਂ ।
ਨਹੀਂ ਚੌਂਕੇ ਬਹਿਨਾਂ, ਨਹੀਂ ਕੂਨਾਂ ਸਹਿਨਾਂ ।
ਜੇ ਪਾਣੀ ਮੰਗਣ, ਸੈਨਤ ਨਾਲ ਦੱਸਣ ।
ਮੈਂ ਕਿਹੜੀ ਬੰਨ੍ਹਾਂ, ਤੇ ਕਿਨੂੰ ਆਖਾਂ ?
ਮਾਹੀ ਬੇਦਰਦੀ, ਨੂੰ ਸਾਰ ਨਾ ਕੋਈ ।
ਚਲ ਕੇ ਹੀ ਪੁੱਛਾਂ, ਮੂੰਹੋਂ ਹੀ ਬੋਲਾਂ ।
ਰੁੱਠੇ ਨੂੰ ਮਨਾਵਾਂ, ਨਾਲੇ ਸਮਝਾਵਾਂ ।
ਇਹ ਸੋਚ ਕੇ ਤੁਰ ਪਈ,
ਸ਼ਾਇਰ ਦੀ ਵਹੁਟੀ ।

ਅੱਗੇ ਉਹ ਬੈਠਾ, ਕੁਦਰਤ ਦਾ ਬੇਟਾ ।
ਪਿਆ ਕਾਗਜ਼ ਫੋਲੇ, ਕੁਝ ਮੂੰਹੋਂ ਬੋਲੇ ।
ਹੱਸੇ ਤੇ ਗੁੜ੍ਹਕੇ, ਚਿਹਰੇ ਨੂੰ ਵੱਟੇ ।
ਜਾ ਪ੍ਰਾਣ ਪਿਆਰੀ, ਖੜਕਾੲੀ ਬਾਰੀ ।
ਬੂਹਾ ਖੁਲਵਾਇਆ, ਕੋਈ ਅੰਦਰ ਆਇਆ ।
ਪਰ ਓਸ ਨਾ ਡਿੱਠਾ, ਕਰ ਕੇ ਸਿਰ ਉੱਚਾ ।
ਇਹ ਜਾ ਕੇ ਬੋਲੀ, ਕੁਝ ਝਕਦੀ ਝਕਦੀ ।
ਦੱਸੋ ਖਾਂ ਪ੍ਰੀਤਮ! ਮੇਰੇ ਹਾਲ ਦੇ ਮਰਿਰਮ ।
ਮੇਰੇ ਚੰਗੇ ਮਾਹੀ, ਇਹ ਕੀ ਦਿਲ ਆਈ ?
ਨਾ ਮੂੰਹੋਂ ਬੋਲੋ, ਨਾ ਘੁੰਡੀ ਖੋਲ੍ਹੋ ।
ਮੈਂ ਨੌਕਰ ਦਰ ਦੀ, ਮੈਂ ਦਾਸੀ ਬਰਦੀ ।
ਮੇਰੇ ਤੋਂ ਗੁੱਸਾ, ਇਹ ਅਜਬ ਤਮਾਸ਼ਾ ।
ਸਾਰਾ ਦਿਨ ਵੇਖਾਂ, ਦਰਸ਼ਨ ਨੂੰ ਸਹਿਕਾਂ ।
ਤੁਸੀਂ ਅੰਦਰ ਵੜ ਕੇ, ਪੈ ਥੁੱਲੋ ਵਰਕੇ ।
ਇਹ ਖੁਸ਼ਕ ਬਗੀਚਾ, ਬੇਰੰਗ ਖਡੌਣਾ ।
ਉੱਜੜੀ ਹੋਈ ਦੁਨੀਆ, ਬੇ-ਆਸ ਖ਼ਜ਼ਾਨਾ ।
ਇਹ ਪਾਟੇ ਪੱਤਰੇ, ਸ਼ਾਹੀ ਦੇ ਕਤਰੇ ।
ਇਹਨਾਂ ਨੂੰ ਫੋਲੋ, ਇਹਨਾਂ ਨਾਲ ਬੋਲੋ ।
ਇਹ ਚੰਨੋਂ ਸੋਹਣਾ, ਇਹ ਸੁੱਖੀਂ ਲੱਧਾ ।
ਮੇਰੇ ਘਰ ਦੀ ਰੌਣਕ, ਵਿਹੜੇ ਦੀ ਸੋਭਾ ।
'ਭਾਭਾ ਜੀ' ਆਖੇ, ਤੁਸੀਂ ਪਰੇ ਹਟਾਂਦੇ ।
ਜੇ ਚੀਜੀ ਮੰਗੇ, ਤੁਸੀਂ ਮਾਰੋ ਦਬਕੇ ।
ਮੈਨੂੰ ਸੱਧਰ ਆਵੇ, ਇਨੂੰ ਫੜੋ ਕਲਾਵੇ ।
ਇਦ੍ਹਾ ਮੂੰਹ ਸਿਰ ਚੁੰਮੋਂ, ਇਨੂੰ ਉਂਗਲੀ ਲਾਵੋ ।
ਮੇਰੀ ਹਾਲਤ ਤੱਕ ਕੇ, ਦੁਨੀਆ ਪਈ ਹੱਸੇ ।
ਜਦ ਮੈਨੂੰ ਵੇਖਣ, ਆਪੋ ਵਿਚ ਆਖਣ:-
'ਓਹ ਜੇ ਪਈ ਔਂਦੀ,
ਸ਼ਾਇਦ ਹੀ ਵਹੁਟੀ' ।

ਅਗੋਂ ਉਹ ਲਿਖਾਰੀ, ਕਵਿਤਾ ਦਾ ਪੁਜਾਰੀ ।
ਕੁਦਰਤ ਦਾ ਦੀਵਾ, ਦੁਨੀਆ ਦਾ ਉਜਾਲਾ ।
ਪਾਰੇ ਤੋਂ ਚੰਚਲ, ਚੰਨ ਨਾਲੋਂ ਸੀਤਲ ।
ਭਰਪੂਰ ਖਜ਼ਾਨਾ, ਵਿਦਿਆ ਦਾ ਟਿਕਾਨਾ ।
ਪੈਰਾਂ ਤੋਂ ਨੰਗਾ, ਪਰ ਕਲਮ ਦਾ ਰਾਜਾ ।
ਬੁਲ੍ਹਾਂ ਵਿਚ ਹੱਸ ਕੇ, ਕਹਿੰਦੈ ਗੱਲ ਸੁਣ ਕੇ ।
ਮੈਂ ਸਭ ਕੁਝ ਜਾਣਾਂ, ਤੇਰੇ ਦਿਲ ਦੀਆਂ ਬੁੱਝਾਂ ।
ਪਰ ਕਵਿਤਾ ਲਾੜੀ, ਮੈਂ ਧੁਰੋਂ ਵਿਆਹੀ ।
ਕੁਦਰਤ ਦੀ ਪੂੰਜੀ, ਉਸ ਮੈਨੂੰ ਸੌਂਪੀ ।
ਮੇਰੇ ਲੜ ਲਾਈ, ਤੇ ਬਾਂਹ ਫੜਾਈ ।
ਮੈਂ ਓਹਨੂੰ ਵੇਖਾਂ, ਕਿ ਤੈਨੂੰ ਪੁੱਛਾਂ ?
ਇਹ ਪ੍ਰੇਮ ਦੀ ਭੁੱਖੀ, ਇਹ ਪਿਆਰ ਦੀ ਪੁਤਲੀ ।
ਮੇਰੀ ਖਾ ਖਾ ਚਰਬੀ, ਇਹ ਰਾਣੀ ਪਲਦੀ ।
ਰੱਤ ਚੋ ਚੋ ਮੇਰੀ, ਇਹ ਮਹਿੰਦੀ ਲਾਂਦੀ ।
ਮੇਰੀ ਚੰਮ ਦੀ ਜੁੱਤੀ, ਇਹ ਪੈਰੀਂ ਪਾਂਦੀ ।
ਸੱਚ ਆਖਾਂ ਤਾਂ ਵੀ, ਮੈਨੂੰ ਨਹੀਂ ਦੁਖਾਂਦੀ ।
ਇਹ ਮੇਰੀ ਦੌਲਤ, ਇਹ ਮੇਰੀ ਕਿਸਮਤ ।
ਇਹ ਮੇਰਾ ਜੀਵਨ, ਇਹ ਮੇਰਾ ਤਨ ਮਨ ।
ਇਹ ਸੁਣ ਕੇ ਬੋਲੀ, ਜੀ ! ਮੈਂ ਹੀ ਭੁੱਲੀ ।
ਇਹ ਜੀਵੇ ਜਾਗੇ, ਸੁਹਾਗ ਹੰਢਾਵੇ ।
ਮੈਂ ਵਸਦੀ ਵੇਖਾਂ ਤੇ ਠੰਢੀ ਥੀਵਾਂ ।
ਏਹੋ ਹੈ ਅਸਲੀ,
ਸ਼ਾਇਰ ਦੀ ਵਹੁਟੀ ।

9. ਹਿਮਾਲਾ

ਮੇਰੇ ਦੇਸ਼ ਦਾ ਰਾਖਾ ਤੇ ਜਾਨ ਹਿਮਾਲਾ ।
ਮੇਰੇ ਉੱਜੜੇ ਵਤਨ ਦੀ ਹੈ ਸ਼ਾਨ ਹਿਮਾਲਾ ।
ਸਦੀਆਂ ਤੇਂ ਖਲੋਤਾ ਇਕ ਤਾਰ ਵਿਚਾਰਾ ।
ਭਾਰਤ ਦਾ ਚੁੱਕਿਆ ਇਸ ਚੌਂਕੀਦਾਰਾ ।
ਨਦੀਆਂ ਤੇ ਨਾਲੇ ਟਿੱਬੇ ਤੇ ਖਾਈਆਂ ।
ਚੋਰਾਂ ਦੇ ਰਾਹ ਵਿਚ ਇਸ ਫਾਹੀਆਂ ਲਾਈਆਂ ।
ਹੋ ਪੱਬਾਂ ਪਰਨੇ ਪਿਆ ਗੱਲ ਸੁਨਾਂਦੈ ।
ਮੇਰੇ ਦੇਸ਼ ਦੇ ਦੁਖੜੇ ਅਰਸ਼ਾਂ ਤੇ ਪੁਚਾਂਦੈ ।

ਅੰਗ ਇਸਦੇ ਰੱਬ ਨੇ ਮਿੱਟੀ ਦੇ ਢਾਲੇ ।
ਪਰ ਭਾਰਤ ਮਾਂ ਲਈ ਪਿਆ ਲਾਲ ਉਗਾਲੇ ।
'ਗੰਗਾ' ਤੇ 'ਜਮਨਾ' ਇਦ੍ਹੀ ਗੋਦ ਵਿਚ ਖੇਲਣ ।
ਸਾਵਨ ਦੇ ਬੱਦਲ ਇਦ੍ਹੀ ਹਿੱਕ ਤੇ ਪੇਲਣ ।
ਜੱਨਤ ਦੇ ਨਮੂਨੇ ਸੁਰਗਾਂ ਤੋਂ ਸਵਾਏ ।
'ਕਸ਼ਮੀਰ' ਜਹਿ ਟੁਕੜੇ ਇਸ ਕਈ ਵਸਾਏ ।
ਇਦ੍ਹੀ ਟੀਸੀ ਚੜ੍ਹਦੇ ਕਈ ਮੋਏ ਉਡਾਰੂ ।
ਇਦ੍ਹੀ ਡੂੰਘਾਂ ਅੰਦਰ ਕਈ ਡੁੱਬ ਗਏ ਤਾਰੂ ।

ਇਦ੍ਹੀ ਠੀਕਰ ਠੀਕਰ ਇਤਹਾਸ ਹੈ ਦਸਦੀ ।
ਇਦ੍ਹੀ ਬੂਟੀ ਬੂਟੀ ਵਿਚ ਹਿਕਮਤ ਵਸਦੀ ।
'ਪਾਰਸ' ਨਾਲ ਰਾਹੀਆਂ ਨੂੰ ਠੇਡੇ ਵਜਦੇ ।
'ਸੰਜੀਵਨੀਆਂ' ਨਾਲ ਏਦ੍ਹੇ ਚੌਖਰ ਰਜਦੇ ।
ਇਦ੍ਹੀ ਹਰ ਟੀਸੀ ਤੇ ਇਉਂ ਬਰਫ਼ਾਂ ਢਲੀਆਂ ।
ਜਿਉਂ ਬੁਰਕੇ ਪਾ ਕੇ ਮੁਟਿਆਰਾਂ ਖਲੀਂਆਂ ।
ਪਿਆ ਦੂਰੋਂ ਜਾਪੇ ਇਹ ਇੰਝ ਖਲੋਤਾ ।
ਜਿਉਂ ਰਾਹ ਪਿਆ ਵੇਖੇ ਪੁਨੂੰ ਦਾ ਬੋਤਾ ।

ਚੀਲਾਂ ਤੇ ਵੇਲਾਂ ਇਉਂ ਲਮਕਣ ਪਈਆਂ ।
ਜਿਉ ਸਾਵੇ ਖੇਡਨ ਗੋਕਲ ਦੀਆਂ ਸਈਆਂ ।
ਇਉਂ ਇਸ ਤੇ ਗਿੱਠ ਗਿੱਠ ਹੈ ਸਬਜ਼ਾ ਚੜ੍ਹਿਆ ।
ਜਿਉਂ 'ਪੂਰਨ' ਜੋਗੀ ਆ ਬਾਗੇ ਵੜਿਆ ।
ਇਸ ਤੇ ਕਈ 'ਮੂਸੇ' ਪਏ ਦਰਸ਼ਨ ਪਾਂਦੇ ।
ਕਈ 'ਤੂਰ' ਨੇ ਇਸ ਤੋਂ ਪਏ ਸਦਕੇ ਜਾਂਦੇ ।
ਸਚ ਖੰਡ ਦੀ ਪੌੜੀ ਮੁਕਤੀ ਦਾ ਰਸਤਾ ।
ਤਹਿਜ਼ੀਬ ਪੁਰਾਨੀ ਦਾ ਬੱਝਾ ਬਸਤਾ ।

ਇਸ ਕੈਰਵ ਪਾਂਡਵ ਜੁਧ ਕਰਦੇ ਤੱਕੇ ।
ਪੁੱਤਾਂ ਦੇ ਲਹੂ ਵਿਚ ਪਿਓ ਤਰਦੇ ਤੱਕੇ ।
ਇਸ ਭਾਰਤ, ਭਾਰਤ ਨਾਲ ਲੜਦਾ ਡਿੱਠਾ ।
ਘਰ, ਘਰ ਦੇ ਦੀਵੇ ਨਾਲ ਸੜਦਾ ਡਿੱਠਾ ।
ਭਾਰਤ ਲਈ ਸੰਗਲ ਇਸ ਬਣਦੇ ਤੱਕੇ ।
ਪੰਛੀ ਲਈ ਜਾਲੇ ਇਸ ਤਣਦੇ ਤੱਕੇ ।
ਭਾਰਤ ਦੀ ਬਾਜ਼ੀ ਇਸ ਹਰਦੀ ਵੇਖੀ ।
ਮਰਦਾਂ ਦੀ ਗ਼ੈਰਤ ਇਸ ਮਰਦੀ ਵੇਖੀ ।
ਵਿਚੋਂ ਤੇ ਅਨਖੀ ਇਹ ਜਰ ਨਹੀਂ ਸਕਦਾ ।
(ਪਰ) ਬੇਬਸ ਵਿਚਾਰਾ ਕੁਝ ਕਰ ਨਹੀਂ ਸਕਦਾ ।

10. ਗ਼ਰੀਬ ਦਾ ਜੀਵਨ

ਦੱਸੇ ਜੀਵਨ ਗ਼ਰੀਬ ਦਾ ਓਹ ਆ ਕੇ,
ਜਿਨੂੰ ਨਾਲ ਗ਼ਰੀਬੀ ਦੇ ਵਾਹ ਹੋਵੇ ।
ਭੁੱਖਾਂ ਰੱਜ ਕੇਂ ਝੱਲੀਆਂ ਹੋਣ ਜਿਸ ਨੇ,
ਜਿਦ੍ਹੀ ਰੱਬ ਦੇ ਬਾਝ ਨਾ ਡਾਹ ਹੋਵੇ ।
ਮੁੱਕੇ ਜਿਦ੍ਹੀ ਭੜੋਲੀ ਚੋਂ ਹੋਣ ਦਾਣੇ,
ਬੈਠਾ ਬੂਹੇ ਤੇ ਆਣਕੇ ਸ਼ਾਹ ਹੋਵੇ ।
ਉਸ ਨੇ ਦੁਖ ਗ਼ਰੀਬੀ ਦੇ ਦੱਸਣੇਂ ਕੀ,
ਜਿਹੜਾ ਰੋਟੀਆਂ ਤੋਂ ਬੇ-ਪ੍ਰਵਾਹ ਹੋਵੇ ।

ਉਹ ਕੀ ਭੁੱਖ ਦੇ ਦੂੱਖ ਨੂੰ ਜਾਣਦਾ ਏ,
ਜਿਦ੍ਹੇ ਕਈ ਨੌਕਰ ਦਸਤਰਖ਼ਾਨ ਦੇ ਨੇ ?
ਤਾਂ ਹੀ ਮਿਸਲ ਮਸ਼ਹੂਰ ਜਹਾਨ ਅੰਦਰ,
ਸਾਰ ਰੋਗੀਆਂ ਦੀ ਰੋਗੀ ਜਾਣਦੇ ਨੇ ।
ਮੈਂ ਭੀ ਇਕ ਗ਼ਰੀਬ ਨੂੰ ਵੇਖਿਆ ਸੀ,
ਰੋਟੀ ਟੋਕਰੀ ਢੋ ਕੇ ਖਾਂਦਾ ਸੀ ਉਹ ।
ਖਾਰੀ ਪਾਣ ਜੋਗਾ ਟੱਬਰ ਫੋਹੇ ਜਿੰਨਾ,
ਆਨੇ ਰੋਜ਼ ਦੇਂ ਚਾਰ ਕਮਾਂਦਾ ਸੀ ਉਹ ।
ਪਿੰਡੋਂ ਬਾਹਰ ਸੂਰਜ ਰੋਜ਼ ਡੋਬਦਾ ਸੀ,
ਅਤੇ ਮੂੰਹ-ਨ੍ਹੇਰੇ ਘਰੋਂ ਜਾਂਦਾ ਸੀ ਉਹ ।
ਅਤੇ ਓਸ ਚਵਾਨੀ ਦਾ ਲੈਂ ਆਟਾ,
ਚੋਗਾ ਬੋਟਾਂ ਦੇ ਮੂੰਹ ਆ ਪਾਂਦਾ ਸੀ ਉਹ ।

ਛੁੱਟੜ ਭੈਣ ਤੇ ਦ੍ਹੋਤਰੀ ਮਾਂ ਮ੍ਹਿੱਟਰ,
ਅੰਨ੍ਹੀ ਮਾਂ ਨਾਲੇ ਵਿਧਵਾ ਧੀ ਸਾ ਸੂ ।
ਦੋ ਜੀ ਆਪ, ਨਿੱਕੇ ਨਿੱਕੇ ਪੁੱਤ ਧੀਆਂ,
ਗਿਣਨ ਲੱਗੀਏ ਤਾਂ ਚੌਦਾਂ ਜੀ ਸਾ ਸੂ ।
ਓਸ ਸਾਲ ਸਿਆਲ ਨੇ ਬੁਰੀ ਕੀਤੀ,
ਆਟਾ ਕੱਕਰਾਂ ਰੱਜ ਕੇ ਛਾਣਿਆ ਸੀ ।
ਪੀੜਾਂ ਸੁਤੀਆਂ ਚਿਰਾਂ ਤੋਂ ਜਾਗ ਪਈਆਂ,
ਪਾਲੇ ਜਿਹਾ ਮੰਤ੍ਰ ਕਿਤੋਂ ਜਾਣਿਆ ਸੀ ।
ਜੁੱਲੇ ਤਿੰਨ ਸਨ ਕੁਲ ਔਕਾਤ ਓਹਦੀ,
ਤੰਬੂ ਬੁਰਾ ਗ਼ਰੀਬ ਨੌ ਤਾਣਿਆ ਸੀ ।
ਏਨੂੰ ਸਬਰ ਦੀ ਪੌੜੀਓਂ ਡੇਗ ਦੇਈਏ,
ਏਹੋ ਚਿੱਤ ਤਕਦੀਰ ਨੇ ਠਾਣਿਆ ਸੀ ।

ਦਿਨ ਨੂੰ ਵੇਂਹਦਿਆਂ ਰਾਤ ਗੁਜ਼ਾਰ ਦੇਂਦੇ,
ਬੈਠੇ ਬੈਠਿਆਂ ਦਾ ਨਿਕਲ ਕੁੱਬ ਜਾਂਦਾ ।
ਅਜੇ ਰਾਤ ਦਾ ਸੀਤ ਨਾ ਨਿਕਲਦਾ ਸੀ,
ਸੂਰਜ ਫੇਰ ਤਕਦੀਰ ਦਾ ਡੁੱਬ ਜਾਂਦਾ ।
ਜਿਹੀ ਅਸੂ ਦੀ ਆਣ ਕੇ ਝੜੀ ਲਗੀ,
ਸੂਰਜ ਇਕ ਸਾਤਾ ਪੂਰਾ ਦਿਸਿਆ ਨਾ ।
ਵੱਸ ਵੱਸ ਕੇ ਮੀਂਹ ਨੇ ਵਿੜੋਂ ਲਾਹੀ,
ਗੜ ਬਦਲਾਂ ਦਾ ਐਪਰ ਫਿਸਿਆ ਨਾ ।
ਸ਼ੋਹਦੇ ਆਟਿਓਂ ਬੀ ਆਕੇ ਹੋਏ ਆਤਰ,
ਚਿਤ ਕਿਸੇ ਦਾ ਵੇਖ ਕੇ ਹਿੱਸਿਆ ਨਾ ।
ਭੱਜੇ ਫਿਰਨ ਉਧਾਰਾ ਹੀ ਮਿਲੇ ਕਿਧਰੋਂ,
ਐਪਰ ਕੋਈ ਗ਼ਰੀਬਾਂ ਤੇ ਵਿੱਸਿਆ ਨਾ ।

ਤੌੜੀ ਪਾਣੀ ਦੀ ਰੱਖਦੇ ਚੁਲ੍ਹ ਉਤੇ,
ਕਹਿੰਦੇ ਬੱਚਿਓ ਖੀਰ ਪਕਾਈ ਹੋਈ ਏ ।
ਉਹਨਾਂ ਖੀਰ ਨੂੰ ਵੇਂਹਦਿਆਂ ਸੌਂ ਜਾਣਾਂ,
ਆਖ ਆਖ ਬੇਬੇ ਨੀਂਦਰ ਆਈ ਹੋਈ ਏ ।
ਇੱਕ ਦਿਨ ਮੁੰਡੇ ਨੂੰ ਫੂਕ ਕੇ ਤਾਪ ਚੜ੍ਹਿਆ,
ਪਲੋ ਪਲੀ ਅੰਦਰ ਲਾਇਲਾਜ ਹੋਇਆ ।
ਆਖੇ ਮੀਂਹ ਮੈਂ ਅਜੋ ਹੀ ਵੱਸਨਾਂ ਏਂ,
ਸਾਰੇ ਜੱਗ ਤੇ ਪਾਣੀ ਦਾ ਰਾਜ ਹੋਇਆ ।
ਕਰਨੀ ਓਸ ਕੀ ਭਲਾ ਦਵਾ ਦਾਰੂ,
ਜਿਹੜਾ ਆਟਿਓਂ ਆਪ ਮੁਹਤਾਜ ਹੋਇਆ ।
ਮੁਕਦੀ ਗੱਲ ਨਮੂਨੀਆਂ ਹੋ ਗਿਓ ਸੂ,
ਓਹਦਾ ਜੱਗ ਤੋਂ ਖ਼ਤਮ ਅਨਾਜ ਹੋਇਆ ।

ਅੱਧੀ ਰਾਤ ਦੇ ਨਾਲ ਸਵਾਸ ਦੇ ਕੇ,
ਸ਼ੋਹਦਾ ਦੁੱਖਾਂ ਕਲੇਸ਼ਾਂ ਤੋਂ ਛੁੱਟ ਗਿਆ ।
ਉਧਰ ਵੇਖ ਕੇ ਦੁੱਖ ਨਮਾਨਿਆਂ ਦੇ,
ਉਤੋਂ ਲੱਕ ਸ਼ਤੀਰ ਦਾ ਟੁੱਟ ਗਿਆ ।
ਮੋਂਇਆ ਪੁੱਤ ਨਾ ਕਿਸੇ ਨੂੰ ਰਿਹਾ ਚੇਤੇ,
ਪੈ ਗਈ ਅਪਣੀ ਭੋਜਲੀ ਸਾਰਿਆਂ ਨੂੰ ।
ਮੋਢ੍ਹੇ ਲਾਕੇ ਲੋਥ ਨੂੰ ਬਾਹਰ ਆਏ,
ਪੈ ਗਈ ਭਾਂਝ ਨਸੀਬਾਂ ਦੇ ਮਾਰਿਆਂ ਨੂੰ ।
ਅੱਧੀ ਰਾਤ ਫਾਂਡਾ ਵੱਸੇ ਜਾਨ ਕਿਧਰ,
ਲਭਦੇ ਫਿਰਨ ਮਸੀਤਾਂ ਤੇ ਦਾਰਿਆਂ ਨੂੰ ।
ਕਿਸੇ ਵੇਖ ਕੇ ਆਲ ਔਲਾਦ ਵਾਲੇ,
ਅੰਦਰ ਵਾੜਿਆ ਅੰਤ ਵਿਚਾਰਿਆਂ ਨੂੰ ।

ਲੋਥ ਪੁੱਤ ਦੀ ਸਾਹਮਣੇ ਰੱਖ ਕੇ ਤੇ,
ਰੋ ਧੋ ਕੇ ਰਾਤ ਗੁਜ਼ਾਰੀਓ ਨੇ ।
ਦਿਨੇ ਪੁੱਤ ਹੀਰੇ ਉਤੇ ਪਾ ਮਿੱਟੀ,
ਆ ਕੇ ਢਾਹ ਕੁੱਲੀ ਅਗੇ ਮਾਰੀਓ ਨੇ ।
ਨਾ ਕੋਈ ਕੱਪੜਾ ਲੀੜਾ ਨਾ ਥਾਂ ਥਿੱਤਾ,
ਅੰਤ ਬੈਠ ਕੇ ਸੋਚ ਦੌੜਾਨ ਲੱਗੇ ।
ਪੱਥਰ ਰੱਖ ਕੇ ਹਿੱਕ ਤੇ, ਸਬਰ ਕਰ ਕੇ,
ਲੱਭਣ ਦੱਬਿਆ ਹੋਇਆ ਸਾਮਾਨ ਲੱਗੇ ।
ਪੁੱਟ ਪੁੱਟ ਕੇ ਜੁੱਲੀਆਂ ਕੱਢੀਓ ਨੇ,
ਅਤੇ ਵਿਚ ਹਵਾ ਸੁਕਾਨ ਲੱਗੇ ।
ਬਾਰਾਂ ਪਹਿਰ ਬੀਤੇ ਅੰਨ ਖਾਦ੍ਹਿਆਂ ਨੂੰ,
ਬੱਚੇ ਭੁਖ ਦੇ ਨਾਲ ਕੁਰਲਾਨ ਲੱਗੇ ।

ਕਿਸੇ ਆਟੇ ਦੀ ਲੱਪ ਤੇ ਦੇ ਦਿਤੀ,
ਐਪਰ ਕਹਿਣ ਕੀਕਰ ਕੱਚਾ ਖਾ ਲਈਏ ।
ਜੇਕਰ ਬਾਲਣ ਤੰਦੂਰ ਦਾ ਮਿਲੇ ਕਿਧਰੋਂ,
ਤਾ ਕੇ ਪੇਟ ਦੀ ਅੱਗ ਬੁਝਾ ਲਈਏ ।
ਅੰਤ ਪਿੰਡ ਦੇ ਲੋਕਾਂ ਨੇ ਤਰਸ ਕਰ ਕੇ,
ਕਿਸੇ ਦਾਰੇ ਦਾ ਬੂਹਾ ਲੁਹਾ ਦਿੱਤਾ ।
ਸਭਨਾ ਘਰੋਂ ਟੋਪਾ ਟੋਪਾ ਪਾਏ ਦਾਣੇ,
ਖਰਚ ਦਸਾਂ ਦਿਹਾਰਾਂ ਦਾ ਪਾ ਦਿੱਤਾ ।
ਕਿਸੇ ਖੇਸ ਦਿਤਾ, ਦਿਤਾ ਕਿਸੇ ਭਾਂਡਾ,
ਸਾਂਬਾ ਉਨ੍ਹਾਂ ਦਾ ਫੇਰ ਬਣਾ ਦਿੱਤਾ ।
ਓਹਨਾਂ ਦੁੱਖਾਂ ਦੇ ਮਾਰੇ ਨਿਥਾਂਵਿਆਂ ਨੂੰ,
ਮੁੜ ਕੇ ਪਿੰਡ ਦੇ ਵਿਚ ਬਿਠਾ ਦਿਤਾ ।

ਉਂਝ ਤੇ ਠੀਕ 'ਕਰਤਾਰ' ਇਹ ਆਖਦੇ ਨੇ,
ਮਿਲਦੈ ਸੋ ਜੋ ਵਿਚ ਨਸੀਬ ਹੋਵੇ ।
ਐਪਰ ਹਥ ਮੈਂ ਜੋੜਨਾ ਰੱਬ ਅੱਗੇ,
ਏਹੋ ਜਿਹਾ ਨਾ ਕੋਈ ਗ਼ਰੀਬ ਹੋਵੇ ।

11. ਖੱਟਿਆਂ ਵਾਲੀ

ਮੈਂ ਡਿੱਠੀ ਇਕ ਸੁੰਦਰ ਨਾਰ ।
ਮਿੱਠੀਆਂ ਮਿੱਠੀਆਂ ਗੱਲਾਂ ਕਰ ਕੇ,
ਖੱਟੇ ਵੇਚੇ ਵਿੱਚ ਬਾਜ਼ਾਰ ।

ਜੋ ਕੋਈ ਉਸਦੇ ਖੱਟੇ ਖਾਂਦਾ ।
ਮਨ ਉਸਦਾ ਮਿੱਠਾ ਹੋ ਜਾਂਦਾ ।
ਮਿੱਠੀ ਓਹਨੂੰ ਖਲਕਤ ਲੱਗਦੀ ।
ਮਿੱਠਾ ਲਗਦਾ ਕੁਲ ਸੰਸਾਰ ।
ਮੈਂ ਡਿੱਠੀ ਇਕ ਸੁੰਦਰ ਨਾਰ ।

ਖੱਟੇ ਹੱਥਾਂ ਨਾਲ ਫੜਾਵੇ ।
ਮੂੰਹ ਨਾਲ ਸ਼ਹਿਤ ਵਰਤਾਵੇ ।
ਖੱਟੇ ਦੇ ਕੇ ਤਨ ਦੇ ਵਿਚੋਂ,
ਸਾਰੀ ਖੱਟੋਂ ਕਢਦੀ ਬਾਰ੍ਹ ।
ਮੈਂ ਡਿਠੀ ਇਕ ਚਾਤ੍ਰ ਨਾਰ ।
ਮਿੱਠੀਆਂ ਮਿੱਠੀਆਂ ਗੱਲਾਂ ਕਰ ਕੇ,
ਖੱਟੇ ਵੇਚੇ ਵਿਚ ਬਾਜ਼ਾਰ ।

12. ਪਿੰਡ ਦਾ ਜੀਵਨ

ਓਹ ਕਿਹੜੀ ਵੱਸੋਂ ਏ, ਜਿੱਥੇ ਕੁਦਰਤ ਰਹਿੰਦੀ ਏ ?
ਚੰਦਰਮਾਂ, ਚਾਂਦੀ ਦਾ ਜਿਥੇ ਮੀਂਹ ਵਸਾਂਦਾ ਏ ।
ਰਾਹੀਆਂ ਦੇ ਪੈਰਾਂ ਵਿਚ, ਜਿਥੇ ਮੋਤੀ ਰੁਲਦੇ ਨੇ ।
ਜਿਥੇ ਬੁਲ੍ਹੇ ਪੱਛੋਂ ਦੇ, ਪੈ ਪੱਖੇ ਝਲਦੇ ਨੇ ।
ਜਿਥੇ ਲੈੱਪ ਟਟਹਿਣੇ ਪੈ, ਬੰਨਿਆਂ ਤੇ ਜਗਦੇ ਨੇ ।
ਜਿਥੇ ਹਰ ਬੰਦੇ ਨੂੰ,
ਜਿਥੇ ਹਰ ਬੂਟੇ ਨੂੰ,
ਜਿਥੇ ਹਰ ਜ਼ੱਰੇ ਨੂੰ,
ਕੁਦਰਤ ਦੀ ਗੋਦ ਅੰਦਰ, ਬੈਠਣ ਦੀਆਂ ਖੁਲ੍ਹਾਂ ਨੇ ।

ਓਹ ਕਿਹੜੀ ਧਰਤੀ ਏ, ਜਿਥੇ ਬੇ-ਪਰਵਾਹੀਆਂ ਨੇ ?
ਦੁੱਖਾਂ ਵਿਚ, ਭੁੱਖਾਂ ਵਿਚ,
ਲੋੜਾਂ ਵਿਚ, ਥੋੜਾਂ ਵਿਚ,
ਸਰਦੀ ਵਿਚ, ਗਰਮੀ ਵਿਚ,
ਸਖਤੀ ਵਿਚ, ਨਰਮੀ ਵਿਚ,
ਇਕੋ ਬੇਫਿਕਰੀ ਏ ।
ਇਕੋ ਖੁਸ਼ਹਾਲੀ ਏ ।
ਜਿੰਨਾਂ ਕੁ ਦੁਖ ਹੋਵੇ, ਉੱਨਾਂ ਹੀ ਹਸਦੇ ਨੇ ।
ਜਿੰਨਾਂ ਕੁ ਉਜੜਦੇ, ਉੱਨਾਂ ਹੀ ਵਸਦੇ ਨੇ ।

ਓਹ ਕਿਹੜੀ ਮਿੱਟੀ ਏ, ਜਿਥੋਂ ਮਸਤੀ ਫੁਟਦੀ ਏ ?
ਜਿਥੇ ਦਿਲ ਦਰਿਆਵਾਂ ਵਿਚ, ਯਮੁਨਾਂ ਦੀਆਂ ਕਾਂਗਾਂ ਨੇ ।
ਜਿਥੇ ਹਸਦੇ ਮੂੰਹਾਂ ਤੇ, ਜੋਬਨ ਦੀਆਂ ਠਾਠਾਂ ਨੇ ।
ਅਣ-ਬਣਿਆਂ ਹੁਸਨਾਂ ਤੇ, ਜਿਥੇ ਪੰਛੀ ਡਿਗਦੇ ਨੇ ।
ਅਣ-ਪੜ੍ਹਿਆਂ ਇਸ਼ਕਾਂ ਨੇ, ਜਿਥੇ ਧੁਮਾਂ ਪਾਈਆਂ ਨੇ ।
ਜਿਥੇ ਕਿਲੇ ਪ੍ਰੀਤਾਂ ਦੇ, ਝੁਗੀਆਂ ਵਿਚ ਉਸਰਨ ਪੈ ।
ਧੂਏਂ ਤੇ ਬਹਿ ਬਹਿ ਕੇ, ਜਿਥੇ ਸਾੜੇ ਵਿਸਰਨ ਪੈ ।
ਜਿਥੋਂ ਦੀਆਂ ਬਦੀਆਂ ਵੀ ਵਲ-ਛਲ ਤੋਂ ਖਾਲੀ ਨੇ ।
ਜਿਥੋਂ ਦੇ ਐਬਾਂ ਵਿਚ ਨੇਕੀ ਦੇ ਧੱਬੇ ਨੇ ।
ਜਿਥੋਂ ਦੇ ਬੁਢੇਪੇ ਵਿਚ, ਨੇ ਕਟਕ ਜਵਾਨੀ ਦੇ ।
ਜਿਥੋਂ ਦੀ ਮੌਤ ਅੰਦਰ, ਜ਼ਿੰਦਗੀ ਦੀਆਂ ਲਹਿਰਾਂ ਨੇ ।
ਹਾਲੀ ਦਿਆਂ ਟੱਪਿਆਂ ਵਿਚ, ਤਿੰਞਣਾਂ ਦੇ ਗੀਤਾਂ ਵਿਚ,
ਖੂਹਾਂ ਦੀ ਰੀਂ ਰੀਂ ਵਿਚ,
ਬੀਂਡੇਂ ਦੀ ਪੀਂ ਪੀਂ ਵਿਚ,
ਮਸਤੀ ਦੀਆਂ ਕਾਂਗਾਂ ਨੇ ।
ਜੋਬਨ ਦੀਆਂ ਠਾਠਾਂ ਨੇ ।

ਓਹ ਕਿਹੜੀ ਦੁਨੀਆਂ ਏ ਜਿਥੇ ਦੁਨੀਆ ਪਲਦੀ ਏ ।
ਜਿਥੋਂ ਦੇ ਭੁੱਖੇ ਵੀ, ਦੁਨੀਆਂ ਦੇ ਰਾਜ਼ਕ ਨੇ ।
ਜਿਥੋਂ ਦੇ ਰੱਜੇ ਹੋਏ ਦੁਨੀਆਂ ਦੇ ਭੁਖੇ ਨੇ ।
ਜਿਥੋਂ ਦੇ ਨੰਗੇ ਵੀ ਨੇ ਨੰਗ ਖਜ਼ਾਨੇ ਦਾ ।
ਦੁਧਾਂ ਦੀਆਂ ਨਦੀਆਂ ਵਿਚ ਤਰਿਹਾਏ ਰਹਿੰਦੇ ਨੇ ।
ਤਖਤਾਂ ਦੇ ਪਾਵੇ ਨੇ ਪਰ ਭੁੰਜੇ ਬਹਿੰਦੇ ਨੇ ।
ਜਿਥੋਂ ਦਾ ਮਾਲਕ ਵੀ ਦੁਨੀਆਂ ਦਾ ਬਰਦਾ ਏ ।
ਅਪਣੇ ਲਈ ਜਿਊਂਦਾ ਨਹੀਂ ਲੋਕਾਂ ਲਈ ਮਰਦਾ ਏ ।
ਦੁਨੀਆਂ ਦੀਆੰ ਮੰਡੀਆਂ ਵਿਚ ਜਿਦ੍ਹੀ ਧਾਰਨ ਭਾਰੀ ਏ ।
ਪੁਤ ਜਿਸ ਦੇ ਭੁੱਖੇ ਨੇ ਪਰ ਆਪ ਭੰਡਾਰੀ ਏ ।
ਜਿਥੋਂ ਦਾ ਜੀਊਣਾ ਵੀ,
ਜਿਥੋਂ ਦਾ ਮਰਨਾ ਵੀ,
ਜਿਥੋਂ ਦਾ ਹੱਸਣਾ ਵੀ,
ਜਿਥੋਂ ਦਾ ਰੋਣਾ ਵੀ,
ਦੁਨੀਆ ਦੀ ਖਿਦਮਤ ਏ ।
ਲੋਕਾਂ ਦੀ ਸੇਵਾ ਏ ।

ਏਥੇ ਜੇ ਹੋਵੇ ਨਾ ਕਦੇ ਘਾਟ ਸਫਾਈਆਂ ਦੀ ।
ਏਥੇ ਜੇ ਹੋਵੇ ਨਾ ਬਹੁਤਾਤ ਲੜਾਈਆਂ ਦੀ ।
ਏਂਥੋ ਦੇ ਬੰਦੇ ਜੇ ਆਪੋ ਵਿਚ ਪਾਟਨ ਨਾ ।
ਏਥੋਂ ਦੀਆਂ ਸ਼ਾਖ਼ਾਂ ਜੇ ਆਪੋ ਵਿਚ ਤਿੜਕਨ ਨਾ ।
ਦਾਰੂ ਦੇ ਘੁੱਟ ਉਤੋਂ ਖੂਨ ਜੇ ਡੁਲ੍ਹਣ ਨਾ ।
ਸੜਦਾ ਤਕ ਇੱਕੀ ਨੂੰ ਦੂਜੇ ਜੇ ਫੁੱਲਣ ਨਾ ।
ਓਜਨ ਫੁਜਦਾਰੀ ਵਿਚ ਜੇ ਕਰ ਨਾ ਗਵਾਹਾਂ ਤੇ ।
ਜੀਵੇਂ ਦੇ ਮਰਲੇ ਜੇ ਵੇਚਨ ਨਾ ਵਿਆਹਾਂ ਤੇ ।
ਏਥੋਂ ਦੇ ਵਾਸੀ ਜੇ ਰਲ ਮਿਲ ਕੇ ਬਹਿ ਸੱਕਣ ।
ਦੂਖ ਸੁਖ ਨੂੰ ਆਪੋ ਵਿਚ ਰਾਜੀ ਜੇ ਰਹਿ ਸੱਕਣ ।
ਤੱਕ ਜੀਵਨ ਏਥੋਂ ਦਾ,
ਤੱਕ ਵਾਸਾ ਏਥੋਂ ਦਾ,
ਤੱਕ ਕਹਿਨੀ ਏਥੋਂ ਦੀ,
ਸੁਰਗਾਂ ਦੇ ਵਾਸੀ ਵੀ ਪਿੰਡਾਂ ਵਿਚ ਆ ਜਾਵਣ ।
ਸੁਰਗਾਂ ਤੇ ਬਹਿਸ਼ਤਾਂ ਨੂੰ ਬਸ ਜੰਦਰੇ ਲਗ ਜਾਵਣ ।

13. ਇਸਤਰੀ

ਜੋਤਨਾਂ ਏ ਗੁਣਾਂ ਦੀ ਭੰਡਾਰ ਹੈ ਇਹ ਨੇਕੀਆਂ ਦਾ,
ਕਹਿੰਦੇ ਜਿਨੂੰ, ਜੱਗ ਸਤਕਾਰ ਨਾਲ ਇਸਤਰੀ ।
ਰਿੱਧੀਆਂ ਤੇ ਸਿੱਧੀਆਂ ਦੀ ਪੀੜ੍ਹੀ ਏਥੋਂ ਚਲਦੀ ਏ,
ਪੁੱਜਦੀ ਵਲੀ ਤੇ ਅਵਤਾਰ ਨਾਲ ਇਸਤਰੀ ।
ਗਿਆਨ ਦਿਆਂ ਨੁਕਤਿਆਂ ਚੋਂ ਗੂੜ੍ਹੇ ਭੇਤ ਲੱਭਦੀਂਏ,
ਵੇਖੇ ਜੇਕਰ ਗੌਹ ਤੇ ਵਿਚਾਰ ਨਾਲ ਇਸਤਰੀ ।
ਤੇਗਾਂ ਦੀਆਂ ਧਾਰਾਂ ਚੋਂ ਝਲਾਰਾਂ ਵਗਨ ਖੂਨ ਦੀਆਂ,
ਖਾਲੀ ਹਥੀਂ ਲੜੇ ਜੇ ਤਲਵਾਰ ਨਾਲ ਇਸਤਰੀ ।

ਸੂਰਜ ਜਿਹਾ ਤੇਜਵਾਨ, ਅੰਨ੍ਹਾ ਹੋ ਕੇ ਬੈਠ ਜਾਵੇ,
ਤੱਕੇ ਜੇਕਰ ਚਿੱਤ ਦੇ ਗੁਬਾਰ ਨਾਲ ਇਸਤਰੀ ।
ਪੈਰਾਂ ਵਿਚ ਡੇਗ ਲੈ ਸੁਮੇਰ ਜਿਹਾਂ ਪਰਬੜਾਂ ਨੂੰ,
ਪਲਕ ਵਿਚ ਠੁਡਿਆਂ ਦੀ ਮਾਰ ਨਾਲ ਇਸਤਰੀ ।
ਲਾ ਦੇਵੇ ਬੱਦਲਾਂ ਦੀ ਝੜੀ ਬਰਸਾਤ ਵਾਂਗ,
ਔੜ ਵਿਚ ਚਰਖੇ ਦੀ ਮਲ੍ਹਾਰ ਨਾਲ ਇਸਤਰੀ ।
ਗੰਗਾ ਤੇ ਗੁਦਾਵਰੀ ਭੀ ਹੁਕਮ ਦੀਆਂ ਬੱਧੀਆਂ ਨੇ,
ਬੰਨ੍ਹ ਦੇਵੇ ਪੈਰਾਂ ਦੀ ਲਕਾਰ ਨਾਲ ਇਸਤਰੀ ।

ਨੇਕੀ ਤੇ ਪਵਿਤ੍ਰਤਾ 'ਚੋਂ ਭਾਰੂ ਹੋ ਇਕੱਲੜੀ ਹੀ,
ਤੋਲੀਏ ਜੇ ਸਾਰੇ ਸੰਸਾਰ ਨਾਲ ਇਸਤਰੀ ।
ਕਲੀ ਨਾਲੋ ਸੁਹਲ, ਸ਼ੀਤਲ ਚੰਨ ਨਾਲੋਂ ਜਾਪਦੀ ਏ,
ਰੰਗੀ ਹੋਈ ਪਤੀ ਦੇ ਪਿਆਰ ਨਾਲ ਇਸਤਤੀ ।
ਖਿੜੇ ਮੱਥੇ ਦੁੱਖ ਤੇ ਮੁਸੀਬਤਾਂ ਗੁਜ਼ਾਰਦੀ ਏ,
ਕੱਟਦੀ ਏ ਖ਼ਿਜ਼ਾਂ ਨੂੰ ਬਹਾਰ ਨਾਲ ਇਸਤਰੀ ।
ਪਤੀ ਪਰਮਾਤਮਾ ਦੇ ਭਾਣੇ ਵਿਚ ਵਸਦੀ ਏ,
ਬੱਧੀ ਹੋਈ ਆਗਿਆ ਦੀ ਤਾਰ ਨਾਲ ਇਸਤਰੀ ।

ਦੂਜਿਆਂ ਦੇ ਭੋਜਨਾਂ ਨੂੰ ਉੱਚੀ ਅੱਖੇ ਵੇਖਦੀ ਨਹੀਂ,
ਰੋਟੀ ਖਾਏ ਹੱਸ ਕੇ ਅਚਾਰ ਨਾਲ ਇਸਤਰੀ ।
ਹੋਰਨਾਂ ਦੀਆਂ ਪੁਸ਼ਾਕਾਂ ਵਲੋਂ ਵੇਖ ਕੇ ਰੀਝਦੀ ਨਹੀਂ,
ਫੁੱਲੀ ਫਿਰੇ ਲੀੜੇ ਦੇ ਲੰਗਾਰ ਨਾਲ ਇਸਤਰੀ ।
ਚੰਦਰਮਾਂ ਦੀ ਸੁੰਦਰਤਾ ਨੂੰ ਉੱਕਾ ਪੱਲੇ ਬੰਨ੍ਹਦੀ ਨਹੀਂ,
ਸਜੀ ਹੋੲੀ ਸ਼ਰਮ ਦੇ ਸ਼ੰਗਾਰ ਨਾਲ ਇਸਤਰੀ ।
ਪਾਰੇ ਵਾਂਗੂੰ ਤੜਪਦੀਂ ਏ ਦੁਖ ਵੇਖ ਮਾੜਿਆਂ ਦੇ,
ਬੈਠਦੀ ਨਹੀਂ ਚੈਨ ਤੇ ਕਰਾਰ ਨਾਲ ਇਸਤਰੀ ।

ਪਿੰਗਲੇ ਜਹੇ ਪਤੀ ਦਾ ਬੀ ਮਾਨ ਤੇ ਨਿਹੋਰਾ ਰੱਖੇ,
ਫੁੱਲ ਵਾਂਗੂੰ ਕੱਟਦੀ ਏ ਖ਼ਾਰ ਨਾਲ ਇਸਤਰੀ ।
ਪੁਗਦੀ ਨਹੀਂ ਜ਼ਿਦ ਤੇ ਬਰਾਬਰੀ ਦੇ ਦਾਅ ਨਾਲ,
ਪਾਸ਼ੇ ਤਾਈਂ ਜਿੱਤਦੀ ਏ, ਹਾਰ ਨਾਲ ਇਸਤਰੀ ।
ਦੁੱਖਾਂ ਦੇ ਦਿਹਾੜੇ, ਘੜੀ ਸੁਖ ਵਿਚ ਭੁਲਦੀ ਏ,
ਭੁੱਖ ਨੂੰ ਪਚਾਂਦੀ ਏ, ਡਕਾਰ ਨਾਲ ਇਸਤਰੀ ।
ਮਾਮਤਾ ਦੇ ਮੋਹ ਤਾਈਂ, ਰੇਜ਼ਾ ਰੇਜ਼ਾ ਕਰ ਸੁੱਟੇ,
ਸਿਦਕ ਤੇ ਭਰੋਸੇ ਦੀ, ਤਲਵਾਰ ਨਾਲ ਇਸਤਰੀ ।

ਬੈਠ ਹਾਊ ਬਨਾਂ ਵਿਚ, ਦੁਖਾਂ ਨਾਲ ਖੇਡਦੀ ਏ,
ਜੀਂਵਦੀ ਏ ਸਤ ਦੇ ਆਹਾਰ ਨਾਲ ਇਸਤਰੀ ।
ਝੂਟਦੀ ਏ ਪੀਂਘਾਂ, ਕੋਮਲਤਾੲੀ ਦੀਆਂ ਜੱਗ ਉੱਤੇ,
ਗੱਲਾਂ ਕਰੇ ਹਰੀ ਦੇ ਦਵਾਰ ਨਾਲ ਇਸਤਰੀ ।
ਧਰਮ ਤੇ ਈਮਾਨ ਇਹਦੀ, ਮੁੱਠ ਵਿਚ ਵਸਦੇ ਨੇ,
ਪਾਲਦੀਂਏ ਸਿਦਕ ਨੂੰ ਪਿਆਰ ਨਾਲ ਇਸਤਰੀ ।
ਮੈਨੂੰ ਤੇ ਹੈਂ ਆਸ ਈਨ, ਉਹਨੂੰ ਭੀ ਮਨਾ ਸੁੱਟੇ,
ਬੰਨ੍ਹ ਲੈ ਮਤੱਕਾ ਜੇ 'ਕਰਤਾਰ' ਨਾਲ ਇਸਤਰੀ ।

14. ਪ੍ਰਤਾਪ ਦੀ ਪੱਗ

'ਅਕਬਰ' ਦੇ ਦਰਬਾਰ ਦਾ, ਇਕ ਭੱਟ ਵਡੇਰਾ ।
ਡਿੱਠਾ ਸੀ 'ਪਰਤਾਪ' ਦਾ, ਜਿਸ ਸ਼ਾਨ ਉਚੇਰਾ ।
ਖਾ ਖਾ ਲੂਣ ਚਤੌੜ ਦਾ, ਜਿਹੜਾ ਸੀ ਪਲਿਆ ।
ਜਿਸ ਦੇ ਲਹੂ ਵਿਚ ਪਾਸ ਸੀ, ਰਜਪੂਤੀ ਰਲਿਆ ।

ਉਸ ਦਾ ਸੀ ਇਹ ਨੇਮ, ਜਦੋਂ ਦਰਬਾਰੇ ਆਉਣਾ ।
ਸਿਰ ਤੋਂ ਪਗੜੀ ਲ੍ਹਾ ਕੇ, ਉਸ ਸੀਸ ਨਿਵਾਉਣਾ ।
ਸਦਾ ਸਲਾਮੀ ਓਸ ਨੇ, ਦੇਣੀ ਸਿਰ ਨੰਗੇ ।
ਸਿਰ ਤੋਂ ਪਗੜੀ ਲਾਂਦ੍ਹਿਆਂ, ਓਹ ਕਦੇ ਨਾ ਸੰਗੇ ।

ਇਕ ਦਿਨ 'ਅਕਬਰ' ਵੇਖ ਕੇ, ਚਾ ਘੂਰੀ ਪਾਈ ।
ਕੋਲੋਂ ਕਿਸੇ ਮਸ੍ਹਾਬ ਨੇ, ਚਾ ਗੱਲ ਭਖਾਈ ।
ਨਾਲ ਰੋਹ ਦੇ ਬੋਲਿਆ, "ਓ ਭੱਟ ਅੰਞਾਣੇਂ !
ਅਕਬਰ ਦਾ ਦਰਬਾਰ ਈ, ਇਹ ਤੂੰ ਨਾ ਜਾਣੇਂ ?

ਅਦਬ ਸਿਖਾਇਆ ਕਿਸੇ ਨਾ, ਤੈਨੂੰ ਗੰਵਾਰਾ ?
ਸਾਹਵੇਂ ਹੋ ਕੇ ਸ਼ਾਹ ਦੇ, ਲਾਹਵੇਂ ਦਸਤਾਰਾ ?
ਵੱਲ ਦਰਬਾਰੀਂ ਔਣ ਦਾ, ਤੈਨੂੰ ਨਹੀਂ ਆਇਆ ।
ਈਹੋ ਸੀ 'ਪਰਤਾਪ' ਨੇ, ਤੈਨੂੰ ਸਿਖਲਾਇਆ ।

ਸੁਣ ਕੇ ਗ਼ੈਰਤ ਭੱਟ ਦੀ, ਨੂੰ ਵੱਜਾ ਝੂਣਾ,
ਨਿਮਕ ਹਲਾਲੀ ਓਸਦੀ ਨੇਂ ਲਿਆ ਹਲੂਣਾ ।
ਕਹਿੰਦਾ ਅਗੋਂ ਖੜਕ ਕੇ, 'ਸੁਣਿਓਂ ਸਰਦਾਰਾ ।
'ਇਹ ਦਿੱਤਾ 'ਪਰਤਾਪ' ਨੇਂ, ਮੈਨੂੰ ਦਸਤਾਰਾ ।

ਉਸਦੀ ਉੱਚੀ ਪੱਗ ਨੂੰ, ਜੇ ਕਿਤੇ ਝੁਕਾਵਾਂ ।
ਤਾਂ ਫਿਰ ਉਸ ਦੀ ਅਣਖ ਨੂੰ, ਮੈਂ ਵੱਟਾ ਲਾਵਾਂ ।
ਗਰਦਨ ਓਸ ਵਰਿਆਮ ਨੇ, ਨਹੀਂ ਕਿਤੇ ਝੁਕਾਈ ।
ਕਿਤੇ ਸਲਾਮੀ ਓਸ ਦੇ, ਹਿੱਸੇ ਨਹੀਂ ਆਈ ।

ਕਿਉਂ ਕਰ ਉਸਦੀ ਪੱਗ ਨੂੰ, ਮੈਂ ਕਿਤੇ ਨਿਵਾਵਾਂ ?
ਉਸ ਖ਼ਨਵਾਦੇ ਨਾਲ ਮੈਂ ਕਿਉਂ ਦਗ਼ਾ ਕਮਾਵਾਂ ?'
ਸੁਣ ਕੇ ਗੱਲ ਮੁਸ੍ਹਾਬ ਨੇ, ਚਾ ਊਂਹਦੀ ਪਾਈ ।
ਅਕਬਰ ਨੇ ਬੀ ਮੱਥਿਓਂ ਮੁੜ ਘੂਰੀ ਲਾਹੀ ।

ਸ਼ਾਬਾਸੇ ਉਸ ਭੱਟ ਦਾ ਜਿਸ ਸ਼ਾਨ ਬਣਾਈ ।
ਰਜਪੂਤਾਂ ਦੀ ਪੱਗ ਦੀ ਉਸ ਰੱਖ ਵਖਾਈ ।

15. ਇਕ ਸੁੰਦਰੀ ਦੇ ਹੱਥ ਵਿਚ ਫੁੱਲ ਵੇਖਕੇ

ਫੁੱਲ ਨੂੰ ਤੱਕ ਤੱਕ ਕੇ ਡਾਢੇ ਹੋ ਰਹੇ ਹੈਰਾਨ ਹੋ ?
ਹੋ ਰਹੇ ਕਿਉਂ ਇਸ ਦੇ ਹਰ ਇਕ ਅੰਗ ਤੇ ਕੁਰਬਾਨ ਹੋ ?
ਸੁੰਘਦੇ ਹੋ ਕਦੀ ਇਸ ਨੂੰ ਨਾਲ ਲਾ ਨੱਕ ਦੇ ।
ਸ਼ਕਲ ਅਪਣੀ ਹੋ ਕਦੀ ਸ਼ੀਸ਼ੇ ਚੋਂ ਮੁੜ ਮੜ ਤੱਕ ਦੇ ।

ਕਾਲਿਆਂ ਕੇਸਾਂ ਦੇ ਵਿਚ ਇਹਨੂੰ ਪਰੋਂਦੇ ਹੋ ਕਦੀ ।
ਰੇਸ਼ਮੀ ਰੁਮਾਲ ਵਿਚ ਇਹਨੂੰ ਲਕੋਂਦੇ ਹੋ ਕਦੀ ।
ਅਖੀਆਂ ਤੇ ਰੱਖ ਕੇ ਮੁੜ ਲੇਟ ਜਾਂਦੇ ਹੋ ਕਦੀ ।
ਨਾਲ ਡਾਢੇ ਪਿਆਰ ਦੇ ਬੁਲ੍ਹਾਂ ਨੂੰ ਲਾਂਦੇ ਹੋ ਕਦੀ ।

ਘੂਰ ਕੇ ਵੇਂਹਦੇ ਹੋ ਪਹਿਲਾਂ, ਮੁਸਕਰਾ ਪੈਂਦੇ ਹੋ ਫਿਰ ।
ਬਿਸਤਰੇ ਤੇ ਸੁੱਟ ਕੇ ਝਟ ਪਟ ਉਠਾ ਲੈਂਦੇ ਹੋ ਫਿਰ ।
ਕਿਉਂ ਭਲਾ ਏਹਦੇ ਤੇ ਏਨੀ ਨਜ਼ਰ ਹੈ ਉਪਕਾਰ ਦੀ?
ਕੁਝ ਤਾਂ ਦੱਸੋ ਖਾਂ ਅਸਾਂ ਨੂੰ ਵੀ ਵਜ੍ਹਾ ਇਸ ਪਿਆਰ ਦੀ?

ਕਿਹੜੀ ਖੂਬੀ ਏਸ ਦੇ ਵਿਚ ਹੈ ਤੁਹਾਡੇ ਤੋਂ ਵਧੀਕ?
ਕਿਹੜੀ ਗੱਲੇ ਹੋ ਨਹੀਂ ਸਕਦੇ ਤੁਸੀਂ ਏਥੇ ਸ਼ਰੀਕ?
ਇਹ ਭੀ ਇਕ ਅਲ੍ਹੜ ਏ ਦੁਨੀਆਂ ਤੇ ਅਜੇ ਆਇਆ ਈ ਏ ।
ਤੁਸਾਂ ਭੀ ਜੋਬਨ ਦੀ ਮਨਜ਼ਲ ਵਿਚ ਕਦਮ ਪਾਇਆ ਈ ਏ ।

ਬਾਗ਼ ਵਿਚ ਇਹ ਭੀ ਅਜੇ ਹੈ ਪਾਕ ਵਾਂਙੂ ਨੂਰ ਦੇ ।
ਤੁਸੀਂ ਵੀ ਮਾਸੂਮ ਹੋ ਦੁਨੀਆਂ ਤੇ ਵਾਂਙੂ ਹੂਰ ਦੇ ।
ਇਹ ਭੀ ਨਾਵਾਕਫ਼ ਵਿਚਾਰਾ ਏ ਖ਼ਿਜ਼ਾਂ ਦੇ ਹਾਲ ਤੋਂ ।
ਤੁਸੀਂ ਭੀ ਅੰਞਾਨ ਹੋ ਦੁਖਾਂ ਦੇ ਭੀੜੇ ਜਾਲ ਤੋਂ ।

ਬੁਲਬਲਾਂ ਦੀ ਤੜਪ ਉਹਦੇ ਜੀ ਦਾ ਭੀ ਪਰਚਾਵਾ ਏ ।
ਖੂਨ ਖਲਕਤ ਦਾ ਤੁਹਾਡੇ ਜੀ ਦਾ ਬੀ ਬਹਿਲਾਵਾ ਏ ।
ਦਰਦ ਦੀ ਦੌਲਤ ਤੋਂ ਦੋਵੇਂ ਹੀ ਤੁਸੀਂ ਕੰਗਾਲ ਹੋ ।
ਹੁਸਨ ਦੀ ਦੌਲਤ ਤੋਂ ਪਰ ਦੋਵੇਂ ਹੀ ਮਾਲਾਮਾਲ ਹੋ ।

ਹੁਸਨ ਉਹਦਾ ਵੇਖ ਕੇ ਡਾਢੇ ਤੁਸੀਂ ਮਸਰੂਰ ਹੋ ।
ਆਪਣੀ ਸੂਰਤ ਵੇਖਨੋਂ ਹਾਏਂ ਤੁਸੀਂ ਮਜਬੂਰ ਹੋ ।
ਡਾਢੇ ਭੋਲੇ ਹੋ ਅਜੇ ਸਚੀ ਬੜੇ ਅੰਞਾਨ ਹੋ ।
ਵੇਖ ਕੇ ਇਕ ਫੁਲ ਨੂੰ ਓਹਦੇ ਤੇ ਹੀ ਕੁਰਬਾਨ ਹੋ ।

16. ਮੇਰਾ ਵਸਦਾ ਦੇਸ ਪੰਜਾਬ

ਵਸਦਾ ਰਹੇ ਉਹ ਦੇਸ਼ ਜਹਾਨ ਅੰਦਰ,
ਜਿਦ੍ਹੇ ਆਸਰੇ ਸਾਰਾ ਜਹਾਨ ਵਸਦੈ ।
ਜਿਦ੍ਹੀਆਂ ਜੂਹਾਂ, ਉਜਾੜਾਂ ਤੇ ਬੇਲਿਆਂ ਚਿ,
ਸਾਰੇ ਜਗ ਦੀ ਵਸੋਂ ਦਾ ਮਾਨ ਵਸਦੈ ।
ਖਬਰੇ ਕਿਦ੍ਹੇ ਪੈਰਾਂ ਪਿੱਛੇ ਵੱਸਦਾ ਏ,
ਏਥੇ ਸਿਖ, ਹਿੰਦੂ, ਮੁਸਲਮਾਨ ਵਸਦੈ ।
ਏਦ੍ਹੇ ਹੱਥਾਂ ਵੱਲੇ ਕਿਉਂ ਨਾ ਜਗ ਵੇਖੇ,
ਇਦ੍ਹੇ ਪੈਰਾਂ ਥੱਲੇ ਹਿੰਦੁਸਤਾਨ ਵਸਦੈ ।

ਜਿਦ੍ਹੇ ਪੈਰਾਂ ਥੱਲੇ ਹਿੰਦੁਸਤਾਨ ਵਸਦੈ ।
ਦੁਨੀਆਂ ਵਾਸਤੇ ਛਤਰ ਗੁਲਾਬ ਹੈ ਉਹ ।
ਜਿਦ੍ਹੀ 'ਵਾ ਨੂੰ ਸਹਿਕਦੇ ਸੁਰਗ ਵਾਸੀ,
ਮੇਰਾ ਵਸਦਾ ਦੇਸ ਪੰਜਾਬ ਹੈ ਉਹ ।

ਉਹ ਪੰਜਾਬ ਹੈ ਜੱਗ ਦੀ ਆਬ ਜਿਥੋਂ,
ਜੋਧੇ ਅਣਖ ਦੀ ਪਾਨ ਚੜ੍ਹਾ ਲੈਂਦੇ ।
ਉਹ ਭੰਡਾਰ, ਜਹਾਨ ਦੇ ਕੁਲ ਭੁੱਖੇ,
ਜਿਥੇ ਆ ਰੁੱਖੀ ਮਿੱਸੀ ਖਾ ਲੈਂਦੇ ।
ਉਹ ਇਕ ਝਾਟਲੀ ਬੋੜ੍ਹ, ਬੇਵਤਨ ਪੰਛੀ,
ਜਿਥੇ ਆ ਕੇ ਆਲ੍ਹਣੇ ਪਾ ਲੈਂਦੇ ।
ਉਹ ਸਰਾਂ ਸਾਂਝੀ, ਜਿਥੇ ਦੇਸ ਸਾਰੇ,
ਔਕੜ ਬਣੀ ਉਤੇ ਸਿਰ ਲੁਕਾ ਲੈਂਦੇ ।

ਰਹਿ ਕੇ ਨੰਗਾ ਹੁਗਾੜਾ ਵੀ ਆਪ ਜਿਹੜਾ,
ਪਰਦੇ ਸਾਰੀ ਖ਼ੁਦਾਈ ਦੇ ਕੱਜਦਾ ਏ ।
ਓਹੋ ਮੁਲਕ ਪੰਜਾਬ ਹੀ ਦੇਸ, ਮੇਰਾ,
ਡੰਕਾ ਜਿਦ੍ਹਾ ਸੰਸਾਰ ਤੇ ਵੱਜਦਾ ਏ ।

ਦੁਨੀਆਂ ਏਥੇ ਉਜਾੜੇ ਵਿਚ ਵੱਸਦੀ ਏ,
ਇਹ ਪਰ ਉਜੜਦੈ ਦੁਨੀਆਂ ਵਸਾ ਕੇ ਤੇ ।
ਜੱਗ ਵਿਹਲਿਆਂ ਬੈਠ ਕੇ ਰੱਜ ਖਾਂਦੈ,
ਭੁੱਖਾਂ ਕੱਟਦਾ ਏ ਇਹ ਕਮਾ ਕੇ ਤੇ ।
ਘਿਓ ਬਾਲ ਕੇ ਜੱਗ ਨੂੰ ਲੋ ਕਰਦੈ,
ਐਪਰ ਆਪਣੇ ਦੀਵੇ ਬੁਝਾ ਕੇ ਤੇ ।
ਗ਼ੈਰਾਂ ਵਾਸਤੇ ਦੁਧ ਨੂੰ ਜਾਗ ਲਾਂਦੈ,
ਪੁੱਤਰ ਆਪਣੇ ਭੁੱਖੇ ਸੁਵਾ ਕੇ ਤੇ ।

ਜਦੋਂ ਵੇਖਦੈ ਜੱਗ ਤੇ ਕਹਿਤ-ਸਾਲੀ,
ਬੁਰਕੀ ਖਾਣ ਲੱਗਾ ਛਮਛਮ ਵੱਸ ਪੈਂਦੇ ।
ਇਕੋ ਦੇਸ ਪੰਜਾਬ ਹੈ ਹੋਰਨਾਂ ਨੂੰ,
ਜਿਹੜਾ ਰੱਜਿਆਂ ਵੇਖ ਕੇ ਹੱਸ ਪੈਂਦੈ ।

ਪੰਜਾਂ ਪੀਰਾਂ ਦੀ ਥਾਪਨਾ ਹੈ ਜਿਹਨੂੰ,
ਪੰਜ ਪੀਰ ਨੇ ਪੰਜ ਦਰਿਆ ਜਿਥੇ ।
ਢਾਲ ਚਰਬੀਆਂ ਪਰਬਤ ਦੀ ਬੱਨ੍ਹ ਉਤੋਂ,
ਸੂਰਜ ਰਿਹਾ ਏ ਚਾਂਦੀ ਬਣਾ ਜਿਥੇ ।
ਮਿੱਟੀ ਜਿਥੋਂ ਦੀ ਸੋਨਾ ਉਗਾਲਦੀ ਏ,
ਸੋਨਾ ਵਿਕ ਰਿਹੈ ਮਿੱਟੀ ਦੇ ਭਾ ਜਿਥੇ ।
ਖੁਲ੍ਹੀ ਵਾਂਸਲੀ ਪਕੜ ਕੇ ਮੋਤੀਆਂ ਦੀ,
ਫਿਰਦੀ ਬੰਨਿਆਂ ਉਤੇ ਹਵਾ ਜਿਥੇ ।

ਇਦ੍ਹੇ ਪੰਜਾਂ ਦਰਿਆਵਾਂ ਵਿਚ ਆਖਦੇ ਨੇ,
ਸਵਾ ਪਹਿਰ ਤੜਕੇ ਦੁਧ ਵੱਗਦਾ ਏ ।
(ਮੈਂ) ਓਸ ਦੇਸ ਪੰਜਾਬ ਦੀ ਗੱਲ ਕਰਨਾਂ,
ਜਿਦ੍ਹੀਆਂ ਰੂੜ੍ਹੀਆਂ ਚਿ ਰਿਜ਼ਕ ਜੱਗ ਦਾ ਏ ।

ਜਿਦ੍ਹੀ ਕਾਂਗ ਵਿਚ ਵੱਲਵਲੇ ਪਿਆਰ ਦੇ ਨੇ,
ਭੇਤਾਂ ਭਰੀ ਉਹ ਵਗਦੀ ਝਨਾਂ ਏਥੇ ।
ਜਿਥੇ ਹੁਸਨ ਤੇ ਇਸ਼ਕ ਨੇ ਪੀਂਘ ਝੂਟੀ,
ਉਹਨਾਂ ਬੇਲਿਆਂ ਦੀ ਠੰਢੀ ਛਾਂ ਏਥੇ ।
ਚੂਰੀ ਕਿਸੇ ਸਲੇਟੀ ਦੀ ਖਾਣ ਵਾਲੇ,
ਅਜੇ ਤੀਕ ਜਿਊਂਦੇ ਚਿੜੀਆਂ, ਕਾਂ ਏਥੇ ।
ਚਾਰ ਚੰਨ ਪੰਜਾਬੀ ਨੂੰ ਲਾਣ ਵਾਲੇ,
ਵਾਰਸ ਸ਼ਾਹ ਦਾ ਚਮਕਦਾ ਨਾਂ ਏਥੇ ।

ਸਿਰ ਦੇ ਕੇ ਪੱਗ ਵਟਾ ਲੈਂਦੇ,
ਏਸ ਜੂਹ ਵਿਚ ਪਿਆਰ ਨਿਭਾਣ ਵਾਲੇ ।
ਏਸੇ ਦੇਸ ਵਿਚ ਹੋਏ ਨੇ ਯਾਰ ਖਾਤਰ,
ਪੱਟ ਚੀਰ ਕਬਾਬ ਬਨਾਣ ਵਾਲੇ ।

ਏਥੇ ਅਣਖ ਦੇ ਸਬਕ ਪੜ੍ਹਾਏ ਜਾਂਦੇ,
ਏਥੇ ਆਨ ਉੱਤੇ ਮਰਨਾ ਜਾਣਦੇ ਨੇ ।
ਭਾਵੇਂ ਹਿੱਕ ਤੋਂ ਗੱਡੀਆਂ ਲੰਘ ਜਾਵਣ,
ਚੋਟ ਸੀਨਿਆਂ ਤੇ ਜਰਨਾ ਜਾਣਦੇ ਨੇ ।
ਝੋਲੀ ਕੌਮ ਦੀ ਸੱਖਣੀ ਵੇਖ ਕੇ ਤੇ,
ਦਾਨ ਪੁੱਤਰਾਂ ਦਾ ਕਰਨਾ ਜਾਣਦੇ ਨੇ ।
ਜਿਥੇ ਪਿਆਰ ਨਿਭਾਣ ਦੀ ਗੱਲ ਆਵੇ,
ਕੱਚੇ ਘੜੇ ਉੱਤੇ ਤਰਨਾ ਜਾਣਦੇ ਨੇ ।

ਭਾਵੇਂ ਮਾਰਦੇ ਮਰਦ ਮੈਦਾਨ ਲੱਖਾਂ,
ਐਪਰ ਜਦੋਂ ਮਰਦੈ, ਮਰਦੈ ਇਕ ਉੱਤੇ ।
ਜੰਗ ਵਿਚ ਪੰਜਾਬੀ ਦੀ ਸ਼ਾਨ ਤੱਕ ਲੌ,
ਗੋਲੀ ਜਦੋਂ ਖਾਂਦੈ, ਖਾਂਦੈ ਹਿੱਕ ਉੱਤੇ ।

ਵਾਧਾ ਆਪਣਾ ਵੇਖ ਕੇ ਭੁੱਲਦਾ ਨਹੀਂ,
ਘਾਟ ਸਾਰੇ ਜਹਾਨ ਦੀ ਜਰੀ ਜਾਂਦੈ ।
ਖਾਲੀ ਰਹਿਣ ਭੜੋਲੇ ਤੇ ਰਹਿਣ ਭਾਵੇਂ,
ਢਿੱਡ ਸਾਰਿਆਂ ਦੇ ਐਪਰ ਭਰੀ ਜਾਂਦੈ ।
ਭਾਰਤ ਵਰਸ਼ ਦਾ ਚਾਲੀ ਕਰੋੜ ਬੰਦਾ,
ਦਿਓਤੇ ਜਾਣਕੇ ਪਾਲਣਾ ਕਰੀ ਜਾਂਦੈ ।
ਭੱਤੇ ਵੇਲੇ ਨੂੰ ਵਾਂਗ ਪਰਾਹੁਣਿਆਂ ਦੇ,
ਵੰਡ ਕੇ ਸਾਰਿਆਂ ਦੇ ਅਗੇ ਧਰੀ ਜਾਂਦੈ ।

ਲੈ ਕੇ ਕੀੜੀਆਂ ਤੋਂ ਆਦਮ ਜ਼ਾਦ ਤਾਈਂ,
ਇਦ੍ਹੇ ਲੰਗਰੇ ਪੰਗਤਾਂ ਬਹਿੰਦੀਆਂ ਨੇ ।
ਪਿਆ ਪੱਥਰਾਂ ਦੇ ਮੂੰਹ ਵਿਚ ਰਿਜ਼ਕ ਪਾਂਦੈ,
ਤੜਕੇ ਬੋਲ ਕੇ ਚੱਕੀਆਂ ਕਹਿੰਦੀਆਂ ਨੇ ।

ਵੱਸਣ ਆਣ ਕੇ ਏਥੇ ਸ੍ਵਰਗ ਵਾਸੀ,
ਜੇ ਨਾ ਕੀਨਿਆਂ ਦੀ ਵਰ੍ਹਦੀ ਅੱਗ ਹੋਵੇ ।
ਲਾਹ ਲਾਹ ਟੋਪੀਆਂ ਕਰੇ ਸਲਾਮ ਦੁਨੀਆਂ,
ਆਪੋ ਵਿਚ ਜੇ ਨਾ ਲਹਿੰਦੀ ਪੱਗ ਹੋਵੇ ।
ਚੁੱਕੀ ਫਿਰਨ ਨਾ ਜੇ ਸਿਰ ਤੇ ਫਿਰਕਿਆਂ ਨੂੰ,
ਪੈਰਾਂ ਵਿਚ ਏਦ੍ਹੇ ਡਿੱਗਾ ਜੱਗ ਹੋਵੇ ।
ਏਦ੍ਹੇ ਦੀਵੇ ਨੂੰ ਪੂਜੇ ਜਹਾਨ, ਜੇ ਨਾ;
ਲਾਂਦਾ ਆਪਣੇ ਝੁੱਗੇ ਨੂੰ ਅੱਗ ਹੋਵੇ ।

ਹੈ ਇਹ ਜੱਗ ਵਿਚ ਥਾਂ ਨਿਥਾਂਵਿਆਂ ਦਾ,
ਏਥੇ ਫੁੱਟ ਨੂੰ ਵੀ ਮਿਲੀ ਥਾਂ ਤੱਦੇ ।
ਆਪਣੇ ਨਾਮਣੇ ਦੇ ਪਿਛੇ ਪਏ ਹੋਏ ਨੇ,
ਕੋਈ ਨਹੀਂ ਲੈਂਦਾ ਪੰਜਾਬ ਦਾ ਨਾਂ ਤੱਦੇ ।

17. ਨੀ ਕੋਇਲ !

ਨੀ ਕੋਇਲ ਗੀਤ ਹਿਜਰ ਦੇ ਗਾ ।

ਚੁਪ ਕਰ ਕੇ ਕਿਉਂ ਬਹਿਣ ਪ੍ਰੇਮੀ ?
ਕਿਉਂ ਨਾ ਤੜਪਦੇ ਰਹਿਣ ਪ੍ਰੇਮੀ ?
ਬਿਰਹੋਂ ਭਿੰਨਾਂ ਬੋਲ ਸੁਣਾ ਕੇ,
ਸੁਤੜੇ ਦਰਦ ਜਗਾ ।
ਨੀ ਕੋਇਲ ਗੀਤ ਹਿਜਰ ਦੇ ਗਾ ।

ਸਾਜਨ ਜਿਸ ਦਾ ਕੋਲ ਨਾ ਹੋਵੇ ।
ਉਹ ਦੁਖਿਆਰਨ ਕਿਉਂ ਨਾ ਰੋਵੇ ?
ਨੈਣਾਂ ਦੀਆਂ ਬਦਲੀਆਂ ਵਿਚੋਂ,
ਝੜੀਂਆਂ ਦੇ ਲਗਾ ।
ਨੀ ਕੋਇਲ ਗੀਤ ਹਿਜਰ ਦੇ ਗਾ ।

ਦਿਲ ਖਿਚਵੀਂ ਇਕ ਤਾਨ ਸੁਣਾ ਦੇ ।
ਲੂੰ ਲੂੰ ਦੇ ਵਿਚ ਲੰਬੂ ਲਾ ਦੇ ।
ਮਨ ਦੇ ਸੋਜ਼ ਇਕੱਠੇ ਕਰ ਕੇ,
ਦੁਨੀਆ ਦੇ ਜਲਾ ।
ਨੀ ਕੋਇਲ ਗੀਤ ਹਿਜਰ ਦੇ ਗਾ ।

ਰਾਗ ਤੇਰਾ ਮਿੱਠਾ ਦਰਦੀਲਾ ।
ਮਾਹੀ ਮਿਲਣ ਦਾ ਬਣੇ ਵਸੀਲਾ ।
ਮਨ ਵਿਚ ਐਸੀ ਖਿੱਚ ਕਰ ਪੈਦਾ,
ਪ੍ਰੀਤਮ ਟੋਰ ਲਿਆ ।
ਨੀ ਕੋਇਲ ਗੀਤ ਹਿਜਰ ਦੇ ਗਾ ।

18. ਏਕਾ

ਏਕਾ ਇਕ ਬੁਝਾਰਤ ਹੈ ਹਿੰਦ ਅੰਦਰ,
ਜਿਹਨੂੰ ਕਿਸੇ ਬੁਝੱਕੜ ਨੇ ਬੁਝਿਆ ਨਹੀਂ ।
ਇਹ ਇਕ ਜਿਹਾ ਸਵਾਲ ਏ ਅਜੇ ਜਿਸ ਦਾ,
ਹੱਲ ਕਿਸੇ ਹਿਸਾਬੀ ਨੂੰ ਸੁੱਝਿਆ ਨਹੀਂ ।
ਇਹ ਉਹ ਫੋਕਲਾ ਆਟਾ ਏ ਅਜੇ ਤੀਕਰ,
ਜਿਹੜਾ ਕਿਸੇ ਸਵਾਣੀ ਤੋਂ ਗੁੱਝਿਆ ਨਹੀਂ ।
ਅਜ ਤਕ ਏਸ ਅੜੌਣੀ ਦੀ ਗੁੰਝਲਾਂ ਚਿ,
ਦੱਸੋ ਕਿਹੜਾ ਸਿਆਣਾ ਜੋ ਲੁੱਝਿਆ ਨਹੀਂ ।

ਲੈ ਕੇ ਚੜ੍ਹਦਿਓਂ, ਲਹਿੰਦੇ ਦੀ ਗੁੱਠ ਤੀਕਰ,
ਦੁਨੀਆ ਏਕੇ ਦਾ ਰਾਗ ਅਲਾਪਦੀ ਏ ।
ਓਡੀ ਰੱਬ ਦੀ ਲੋੜ ਨਹੀਂ ਬੰਦਿਆਂ ਨੂੰ,
ਜਿਡੀ ਏਕਤਾ ਦੀ ਲੋੜ ਜਾਪਦੀ ਏ ।

ਐਪਰ ਮਸਜਦਾਂ ਤੇ ਗੁਰਦਵਾਰਿਆਂ 'ਚੋਂ,
ਏਸ ਨੇਕੀ ਨੂੰ ਕੱਢਿਆ ਜਾ ਰਿਹਾ ਏ ।
ਇਹ ਉਹ ਬਕਰੈ, ਮਜ਼੍ਹਬ ਦੀ ਛੁਰੀ ਥੱਲੇ,
ਜਿਹੜਾ ਮੰਦਰਾਂ ਵਿਚ ਕੁਰਲਾ ਰਿਹਾ ਏ ।
ਇਹ ਉਹ ਧਰਮ ਏ ਕਿ ਜਿਹੜਾ ਧਰਮਸਾਲੀਂ,
ਪੈਰਾਂ ਵਿਚ ਡਿੱਗਾ ਠੇਡੇ ਖਾ ਰਿਹਾ ਏ ।
ਇਹ ਉਹ ਫੁੱਲ 'ਮਨਸੂਰ' ਏ ਜਿਦ੍ਹੇ ਉੱਤੇ,
'ਸ਼ਿਬਲੀ' ਯਾਰ ਵੀ ਪੱਥਰ ਚਲਾ ਗਿਆ ਏ ।

ਏਕਾ ਕਰਨ ਵਾਲੇ ਐਪਰ ਯਾਦ ਰੱਖਣ,
ਬੱਦਲ ਵਰ੍ਹਨ ਵਾਲੇ ਕਦੇ ਗੱਜਦੇ ਨਹੀਂ ।
ਤਦ ਤਕ ਏਕੇ ਦੀ ਕੁੰਜੀ ਨਾ ਲੱਭਣੀ ਏ,
ਜਦ ਤਕ ਮਜ਼੍ਹਬ ਨੂੰ ਜੰਦਰੇ ਵੱਜਦੇ ਨਹੀਂ ।

ਉਹ ਕੋਈ ਮਜ਼੍ਹਬ ਏ ? ਜਿਦ੍ਹੇ ਫਰਮਾਨ ਅੰਦਰ,
ਬੰਦੇ ਬੰਦਿਆਂ ਦਾ ਗਲਾ ਕੱਟਦੇ ਨੇ ।
ਕਿਸੇ ਮਜ਼੍ਹਬ ਦੇ ਬੱਚੇ ਯਤੀਮ ਕਰ ਕੇ,
ਦੂਜੇ ਮਜ਼੍ਹਬ ਵਾਲੇ ਨੇਕੀ ਖੱਟਦੇ ਨੇ ।
ਪਾਣੀ ਵਾਸਤੇ ਤੜਪਦੇ ਆਦਮੀ ਨੂੰ,
ਬੰਦੇ ਧੁੱਪੇ ਧਰੂ ਕੇ ਸੱਟਦੇ ਨੇ ।
ਭੁਖੇ ਵੇਖ ਗਵਾਂਢੀ ਦੇ ਬੱਚਿਆਂ ਨੂੰ,
ਕੋਲ ਹੋ ਕੇ ਉਂਗਲਾਂ ਚੱਟਦੇ ਨੇ ।

ਫਸਿਆ ਵੇਖ ਕੇ ਢੀਂਗਰਾਂ ਵਿਚ ਕੋਈ,
ਕੋਲੋਂ ਦੂਜੇ ਨੂੰ ਕੰਡੇ ਨਹੀਂ ਚੁੱਭ ਜਾਂਦੇ ।
ਗ਼ੋਤੇ ਖਾਂਦੇ ਭਰਾ ਨੂੰ ਵੇਖ ਕੇ ਤੇ,
ਨਾਲ ਸ਼ਰਮ ਦੇ ਦੂਜੇ ਨਹੀਂ ਡੁੱਬ ਜਾਂਦੇ ।

ਏਸ ਮਜ਼੍ਹਬ ਅਣ-ਹੋਣੇ ਦੇ ਨਾਂ ਹੇਠਾਂ,
ਮਿਟਦੇ ਕਈਆਂ ਦੇ ਨਾਂ ਨਿਸ਼ਾਨ ਡਿੱਠੇ ।
ਏਦ੍ਹੇ ਲਈ ਇਤਿਹਾਸ ਦੇ ਵਰਕਿਆਂ ਤੇ,
ਲੱਥੇ ਸਇਆਂ ਜਵਾਨਾਂ ਦੇ ਘਾਨ ਡਿੱਠੇ ।
ਪੀ ਪੀ ਰੱਤ ਬੇਦੇਸਿਆਂ ਬੰਦਿਆਂ ਦੀ,
ਪਲਦੇ ਏਸ ਦੇ ਧਰਮ ਈਮਾਨ ਡਿੱਠੇ ।
ਏਸ ਮਜ਼੍ਹਬ ਦੀ ਉਜੜੀ ਮਿਲਖ ਪਿਛੇ,
ਲੜਦੇ ਵੀਰ ਹਿੰਦੂ, ਮੁਸਲਮਾਨ ਡਿੱਠੇ ।

ਜੇ ਨਾ ਕੀਨੇ ਦੀ ਕੰਧ ਉਸਾਰਦਾ ਇਹ,
ਅਸੀਂ ਏਕੇ ਦਾ ਮਹਿਲ ਬਣਾ ਲੈੱਦੇ ।
ਏਦ੍ਹੇ ਫਤਵਿਆਂ ਨੂੰ ਜੇਕਰ ਮੰਨਦੇ ਨਾ,
ਅਸੀਂ ਰੁੱਸੇ ਹੋਏ ਵੀਰ ਮਨਾ ਲੈਂਦੇ ।

ਆਓ ਦੋਸਤੋ ਬਦਲੀਏ ਸਮਾਂ ਮੁੜ ਕੇ,
ਭਾਈ ਭਾਈ ਹਿੰਦੂ, ਮੁਸਲਮਾਨ ਹੋਵੇ ।
ਮੰਦਰ ਵਿਚ ਪੁਜਾਰੀ ਜਾਂ ਸੰਖ ਫੂਕੇ,
ਵਿਚੋਂ ਸੁਣੀ ਦੀ ਪਈ ਅਜ਼ਾਨ ਹੋਵੇ ।
ਚੜ੍ਹ ਕੇ ਮਿੰਬਰ ਤੇ ਵਾਹਜ਼ ਜਾਂ ਕਰੇ ਮੁੱਲਾਂ,
ਓਦ੍ਹੇ ਵਾਹਜ਼ ਵਿਚ ਗੀਤਾ ਦਾ ਗਿਆਨ ਹੋਵੇ ।
ਭੁੱਲ ਜਾਏ ਨਮਾਜ਼ ਨਮਾਜ਼ੀਆਂ ਨੂੰ,
ਹੁੰਦਾ ਭਾਈ ਦਾ ਜਦੋਂ ਵਖਿਆਨ ਹੋਵੇ ।

ਦੁਸ਼ਮਨ ਮੁੱਢ ਦੇ, ਪਾਣੀ ਤੇ ਅੱਗ ਜੇਕਰ,
ਲੋਹੇ ਵਿਰ ਪਾ ਲੈਂਦੇ ਨੇ ਜਾਨ ਰਲ ਕੇ ।
ਮੁਰਦਾ ਹਿੰਦ ਨੂੰ ਨਹੀਂ ਜਵਾ ਸਕਦੇ,
ਅਸੀਂ ਸਿਖ, ਹਿੰਦੂ, ਮੁਸਲਮਾਨ ਰਲ ਕੇ ?

ਵੀਰਾ ਹਿੰਦੂਆ ! ਦੱਸ ਵਿਓਂਤ ਕੋਈ,
ਤੇਰਾ ਬਦਲ ਜਾਏ ਜਿਵੇਂ ਸੁਭਾ ਅੜਿਆ
ਤੇਰਾ ਠਾਕਰ ਨਹੀਂ ਮੰਨਿਆ ਜਾਣ ਲੱਗਾ,
ਰੁੱਸਿਆ ਰਿਹਾ ਜੇ ਮੁਸਲਮ ਭਰਾ ਅੜਿਆ ।
ਸਿਖਾ ਤੇਰੀ ਵਲੈਂਤਾਂ ਦੀ ਜਿੱਤ ਕੋਈ ਨਹੀਂ,
ਜਿੱਤ ਕੇ ਮੋਮਨ ਦਾ ਚਿੱਤ ਵਖਾ ਅੜਿਆ ।
ਕਾਬ੍ਹੇ ਦਿਲਾਂ ਦੇ ਢਾਹ ਨਾ ਮੁਸਲਮਾਨਾ !
ਏਥੇ ਰਹਿੰਦਾ ਈ ਤੇਰਾ ਖ਼ੁਦਾ ਅੜਿਆ ।

ਜੇਕਰ ਬੀਬਿਓ ! ਰਾਣਿਓ !! ਸਾਊ ਬਣ ਕੇ,
ਕਾਬੂ ਕਰ ਇਕ ਦੂਜੇ ਦਾ ਚਿੱਤ ਲਈਏ ।
ਤਾਂ ਫਿਰ ਹਿੰਦ ਦਾ ਰਾਜ ਤਾਂ ਇਕ ਪਾਸੇ,
ਅਸੀਂ ਸੱਤਾਂ ਵਲੈਤਾਂ ਨੂੰ ਜਿੱਤ ਲਈਏ ।

19. ਲੱਗੀਆਂ ਦੇ ਪੰਥ

ਲੱਗੀਆਂ ਦੇ ਪੰਥ ਨਿਆਰੇ
ਲੋਕੋ !
ਲੱਗੀਆਂ ਦੇ ਪੰਥ ਨਿਆਰੇ ।

ਭੁੱਖ, ਤ੍ਰੇਹ ਨਾਲ ਰੱਜਿਆਂ ਰਹਿਨਾਂ,
ਤਾਨ੍ਹੇ, ਮਿਹਣੇ ਹੱਸ ਹੱਸ ਸਹਿਨਾਂ,
ਯਾਰ ਦੀ ਕੁੱਲੀ ਨੂੰ ਤੱਕ ਤੱਕ ਕਹਿਨਾਂ,
"ਓਹ ਵਸਦੇ ਰਹਿਣ ਚੁਬਾਰੇ" ।
ਲੋਕੋ !
ਲੱਗੀਆਂ ਦੇ ਪੰਥ ਨਿਆਰੇ ।

ਲੱਗ ਗਈਆਂ ਦੇ ਰਾਹ ਅਵੱਲੇ,
ਝਿੜਕਾਂ ਦੇਂਦੇ ਮਾਪੇ ਝੱਲੇ,
ਤਾੜਨ, ਵਰਜਨ ਗੱਲੇ ਗੱਲੇ,
ਹੱਸਨ ਲੋਕ ਹਿੰਸਿਆਰੇ ।
ਲੋਕੋ !
ਲੱਗੀਆਂ ਦੇ ਪੰਥ ਨਿਆਰੇ ।

ਅੱਖ ਵਿਚ ਕੀਤਾ ਯਾਰ ਟਿਕਾਨਾ,
ਆਪਣਾ ਦਿਸਦਾ ਕੁਲ ਜ਼ਮਾਨਾ,
"ਨਾ ਕੋ ਬੈਰੀ ਨਾਂਹਿ ਬੇਗਾਨਾ"
ਆਪਣੇ ਦਿੱਸਣ ਸਾਰੇ ।
ਲੋਕੋ !
ਲੱਗੀਆਂ ਦੇ ਪੰਥ ਨਿਆਰੇ ।

ਨਾ ਕੋਈ ਦੁਸ਼ਮਨ ਨਾ ਬੈਰਾਈ,
ਚੰਗੀ ਲੱਗਦੀ ਕੁੱਲ ਖੁਦਾਈ,
"ਸਗਲ ਸੰਗ ਹਮਕੋ ਬਨਿ ਆਈ",
ਸੱਭੇ ਲਗਦੇ ਪਿਆਰੇ ।
ਲੋਕੋ !
ਲੱਗੀਆਂ ਦੇ ਪੰਥ ਨਿਆਰੇ ।

20. ਮੁਲੱਮੇ ਦਾ ਛੱਲਾ

ਇਕ ਛੱਲਾ ਚਾਂਦੀ ਦਾ, ਕਿਧਰੋਂ ਬਣਵਾਇਆ ਮੈਂ ।
ਤੇ ਪਾਣੀ ਸੋਨੇ ਦਾ, ਉਸ ਤੇ ਚੜ੍ਹਵਾਇਆ ਮੈਂ
ਇਕ ਮੁੰਦਰੀ ਚਾਂਦੀ ਦੀ, ਸੀ ਕਿਤੋਂ ਮੰਗਾਈ ਹੋਈ ।
ਤੇ ਓਹ ਭੀ ਅੱਗੇ ਸੀ, ਮੈਂ ਉਂਗਲੀ ਪਾਈ ਹੋਈ ।
ਓਸੇ ਹੀ ਉਂਗਲੀ ਮੈਂ, ਜਦ ਛੱਲਾ ਪਾਣ ਲੱਗਾ ।
ਤਦ ਰੋਹ ਵਿਚ ਆ ਕੇ ਓਹ, ਮੈਨੂੰ ਫ਼ੁਰਮਾਨ ਲੱਗਾ:

"ਮੈਂ ਨਾਲ ਇਸ ਮੁੰਦਰੀ ਦੇ, ਨਹੀਂ ਰਲਕੇ ਬਹਿਣਾ ਏ ।
ਇਹ ਮੁੰਦਰੀ ਚਾਂਦੀ ਦੀ; ਭੀ ਕੋਈ ਗਹਿਣਾ ਏ ।
ਮੈਨੂੰ ਤੇ ਇਹਨੂੰ ਪੈ ਇਕ ਉਂਗਲੀ ਪਾਂਦੇ ਓ ।
ਕਾਂਵਾਂ ਤੇ ਹੰਸਾਂ ਨੂੰ ਇਕ ਥਾਂ ਬਿਠਾਂਦੇ ਓ ।
ਚੰਗਾ ਇਨਸਾਫ ਪਏ ਸਾਡੇ ਨਾਲ ਕਰਦੇ ਓ ।
ਮੁਹਰਾਂ ਤੇ ਕੌਡਾਂ ਨੂੰ ਇਕੋ ਥਾਂ ਧਰਦੇ ਓ ।

ਕੱਠਿਆਂ ਹੀ ਜੜਦੇ ਓ, ਪੈ ਕੱਚ ਤੇ ਹੀਰੇ ਨੂੰ ।
ਇਕੋ ਭਾ ਵੇਚੋ ਪਏ, ਕਸਤੂਰੀ, ਜ਼ੀਰੇ ਨੂੰ ।
ਇਕ ਪਿੰਜਰੇ ਪਾਂਦੇ ਹੋ, ਘੁੱਗੀ ਤੇ ਤੋਤੇ ਨੂੰ ।
ਪੈ ਨਾਲ ਅਰਾਕੀ ਦੇ, ਬੰਨ੍ਹਦੇ ਓ ਖੋਤੇ ਨੂੰ ।
ਸਾਊਆਂ ਦੀ ਦੁਨੀਆਂ ਨੇ ਵਾਹ ਕਦਰ ਪਛਾਣੀ ਏ ।
ਇਕੋ ਥਾਂ ਮਖ਼ਮਲ ਤੇ ਖੱਦਰ ਦੀ ਤਾਣੀ ਏ ।

ਮੇਰੀ ਜ਼ਾਤ ਉਚੇਰੀ ਏ, ਮੈਨੂੰ ਸਾਊ ਪਾਂਦੇ ਨੇ ।
ਤੇ ਏਸ ਕਮੀਨੀ ਨੂੰ ਕਮੀਨ ਹੰਡਾਂਦੇ ਨੇ ।
ਮੇਰੀ ਤੇ ਰੱਤੀ ਭੀ, ਮਹਿੰਗੇ ਜਹੇ ਮੁਲਦੀ ਏ ।
ਤੇ ਇਹ ਕਮਜ਼ਾਤ ਪਈ, ਸੇਰਾਂ ਨਾਲ ਤੁਲਦੀ ਏ ।
ਮੇਰੇ ਖਨਵਾਦੇ ਦਾ, ਇਹ ਪਾਣੀ ਭਰਦੀ ਏ ।
ਇਹਦੇ ਨਾਲ ਲੱਗਾਂ ਕਿਉਂ ? ਹੱਥ ਕਾਲੇ ਕਰਦੀ ਏ ।

ਵਾਹ ਬੇ-ਪਰਵਾਹ ਰੱਬਾ, ਤੇਰਾ ਕੀ ਕਹਿਣਾ ਏ ।
ਸੋਨੇ ਨਾਲ ਢੁੱਕ ਬੈਠਾ, ਚਾਂਦੀ ਦਾ ਗਹਿਣਾ ਏ ।
ਇਸ ਜੱਗ ਤੇ, ਸੱਚੇ ਤੇ ਝੂਠੇ ਦਾ ਨਾਂ ਇਕੋ ।
ਚੋਰਾਂ ਤੇ ਸਾਧਾਂ ਲਈ, ਦੁਨੀਆਂ ਵਿਚ ਥਾਂ ਇਕੋ ।"

ਓਹ ਮੁੰਦਰੀ ਚਾਂਦੀ ਦੀ, ਗੱਲ ਸੁਣ ਕੇ ਕੜਕੀ ਚਾ ।
ਅੱਗ ਉਸ ਦੇ ਗੁੱਸੇ ਦੀ, ਇਕ ਵਾਰੀ ਭੜਕੀ ਚਾ ।
ਕਹਿਣ ਲੱਗੀ: 'ਸ਼ਾਵਾ ਵੇ ! ਤੂੰ ਡਾਢਾ ਗੱਪੀ ਏਂ ।
ਬੀਬਾ ਕਲ ਰਾਈ ਸੈਂ ਅਜ ਲੱਪੀਂ ਲੱਪੀਂ ਏਂ ।
ਦੁਨੀਆਂ ਬੀ ਵੇਂਹਦੀਂ ਏ, ਕੋਈ ਅੰਨ੍ਹੀ ਕਾਣੀ ਨਹੀਂ ।
ਇਹ ਭੜਕ ਮੁਲੱਮ ਦੀ, ਸੋਨਾ ਹੋ ਜਾਣੀ ਨਹੀਂ ।

ਭਾਂਡਾ ਸੀ ਛੋਟਾ ਵਿਚ ਬਹੁਤਾ ਕੁਝ ਪਾ ਦਿੱਤਾ ।
ਚਾਂਦੀ ਤੇ ਸੋਨੇ ਦਾ ਪਾਣੀ ਫਿਰਵਾ ਦਿੱਤਾ ।
ਪਰ ਦੋ ਦਿਨ ਜਰ ਵੀਰਾ, ਇਹ ਰੰਗਤ ਲਹਿ ਜਾਏਗੀ ।
ਇਹ ਜ਼ਰਦੀ ਉਡ ਜਾਏਗੀ, ਤੇ ਕਾਲਕ ਰਹਿ ਜਾਏਗੀ ।
ਬਹੁਤਾ ਕਿਉਂ ਪਾਟ ਪਿਐਂ ? ਸੁਨਿਆਰਾ ਤਾਏਗਾ ।
ਭੱਠੀ 'ਚੋਂ ਕਢ ਕੇ ਤੇ, ਵੱਟੀ ਤੇ ਲਾਏਗਾ ।

ਰੰਗ ਆਪੇ ਸੱਚੇ ਦਾ, ਦੋਬਾਲਾ ਹੋ ਜਾਏਗਾ ।
ਤੇ ਆਪੇ ਝੂਠੇ ਦਾ, ਮੂੰਹ ਕਾਲਾ ਹੋ ਜਾਏਗਾ ।
ਤਦੇ ਤੇ ਦੂਨੀਆ ਦੇ, ਦਾਨੇ ਫਰਮਾਂਦੇ ਨੇ ।
ਕਿ ਜਿਗਰੇ ਵਾਲੇ ਹੀ, ਕੋਈ ਜਰ ਕੇ ਖਾਂਦੇ ਨੇ ।

ਪਰ ਤੇਰਾ ਦੋਸ਼ ਨਹੀਂ ਰੰਗ ਅਜ ਕਲ ਨਿਆਰੇ ਨੇ ।
ਤੇ ਵਾਂਗ ਮੁਲੱਮੇ ਦੀ, ਇਹ ਲੋਕੀ ਸਾਰੇ ਨੇ ।
ਅੰਦਰੋਂ ਕੁਝ ਹੋਰ ਹੁੰਦੈ, ਤੇ ਬਾਹਰੋਂ ਹੋਰ ਹੁੰਦੈ ।
ਕਪੜੇ ਨੇ ਸਾਧਾਂ ਦੇ, ਤੇ ਵਿਚੋਂ ਚੋਰ ਹੁੰਦੈ ।
ਇਹ ਲੋਕ ਸੋਨੇ ਦੇ ਨੇਂ ਕਪੜੇ ਪਾ ਲੈਂਦੇ ।
ਤੇ ਵਾਂਗ ਮੁਲੱਮੇ ਦੇ ਨੇ, ਖ਼ਲਕਤ ਫਾਹ ਲੈਂਦੇ ।

ਜੋ ਅੰਦਰੋਂ ਬਾਹਰੋਂ ਹੀ, ਇਕੋ ਜਿਹੋ ਰਹਿੰਦੇ ਨੇ ।
ਇਹ ਠੱਗ ਜ਼ਮਾਨੇ ਦੇ, ਉਹਦੇ ਕੋਲ ਨਾ ਬਹਿੰਦੇ ਨੇ ।
ਇਹ ਜੋ ਕੁਝ ਹੁੰਦੇ ਨਹੀਂ; ਇਹ ਸੋ ਕੁਝ ਦਸਦੇ ਨੇ ।
ਇਹ ਝੂਠੇ ਦੁਨੀਆਂ ਦੇ ਸੱਚਿਆਂ ਨੂੰ ਹਸਦੇ ਨੇ ।
ਦੁਰਕਾਰਨ ਖਰਿਆਂ ਨੂੰ, ਪਰ ਸ਼ਰਮ ਨਾ ਖਾਂਦੇ ਨੇ ।
ਰੰਗ ਪਾ ਮੁਲੱਮੇ ਦਾ, ਸੋਨਾ ਅਖਵਾਂਦੇ ਨੇ ।'

'ਕਰਤਾਰ' ਜ਼ਮਾਨੇ ਵਿਚ ਇਹ ਬੜੀ ਬੀਮਾਰੀ ਏ ।
ਕਿ ਵਾਂਗ ਮੁਲੱਮੇ ਦੇ ਇਹ ਦੁਨੀਆਂ ਸਾਰੀ ਏ ।
ਚਾਂਦੀ ਅਖਵਾਂਦੇ ਨਹੀਂ, ਸੋਨਾ ਬਣ ਸਕਦੇ ਨਹੀਂ ।
ਇਸ ਛੱਲੇ ਵਾਂਗੂੰ ਪਰ ਗੱਲ ਕਰਨੋਂ ਝਕਦੇ ਨਹੀਂ ।
ਜੋ ਅੰਦਰੋਂ ਬਾਹਰੋਂ ਹੀ ਇੱਕੋ ਹੋ ਜਾਂਦੇ ਨੇ ।
ਮੁਲ ਵਧ ਕੇ ਸੋਨੇ ਤੋਂ, ਦੁਨੀਆਂ ਵਿਚ ਪਾਂਦੇ ਨੇ ।

21. ਪੰਜਾਬੀ ਬੋਲੀ

ਨਕਸ਼ਾ ਸਾਹਮਣੇ ਰੱਖ ਪੰਜਾਬ ਦਾ ਮੈਂ,
ਇਕ ਦਿਨ ਬੈਠ ਉਸਤੇ ਗ਼ੌਰ ਕਰ ਰਿਹਾ ਸਾਂ ।
ਡੁਬ ਕੇ ਸੋਚ ਦੇ ਡੂੰਘੇ ਸਮੁੰਦਰਾਂ 'ਚਿ,
ਓਦ੍ਹੇ ਪੰਜਾਂ ਦਰਿਆਵਾਂ ਵਿਚ ਤਰ ਰਿਹਾ ਸਾਂ ।
ਖੁੱਥੇ ਖੰਭ ਖਿਆਲਾਂ ਦੇ ਵੇਖ ਕੇ ਤੇ,
ਓਦ੍ਹੇ ਉੱਚੇ ਹਿਮਾਲਾ ਤੋਂ ਡਰ ਰਿਹਾ ਸਾਂ ।
ਵਾਂਗ ਕਿਸੇ ਸਲੇਟੀ ਦੇ ਬੇਲਿਆਂ 'ਚਿ,
ਕਿਸੇ ਚਾਕ ਦੀ ਭਾਲਣਾ ਕਰ ਰਿਹਾ ਸਾਂ ।

ਏਦ੍ਹੀ ਕਿਸਮਤ ਦੇ ਉੱਸਰੇ ਹੱਦ ਬੰਨੇ,
ਢਾਂਦਾ ਜੋੜਦਾ ਰਿਹਾ ਦਿਮਾਗ਼ ਅੰਦਰ ।
ਪੰਛੀ ਮੇਰੀ ਨਿਗਾਹ ਦਾ ਥੱਕ ਗਿਆ,
ਫਿਰ ਫਿਰ ਦੇਸ ਪੰਜਾਬ ਦੇ ਬਾਗ਼ ਅੰਦਰ ।

ਫਿਰਦੇ ਫਿਰਦੇ ਪੰਜਾਬ ਦੇ ਦਿਲ ਉਤੇ,
ਬੈਠੀ ਹੋਈ ਇਕ ਸੁੰਦਰੀ ਨਾਰ ਤੱਕੀ ।
ਕਿਸੇ ਸਾਊ ਘਰਾਣੇ ਦਾ ਬੰਨ੍ਹ ਜਾਪੀ,
ਜਦੋਂ ਗਹੁ ਨਾਲ ਓਦ੍ਹੀ ਨੁਹਾਰ ਤੱਕੀ ।
ਪਾਟੇ ਕਪੜੇ, ਖਿਲਰੇ ਵਾਲ ਮੂੰਹ ਤੇ,
ਪੀਲਾ ਰੰਗ, ਰੋਂਦੀ ਜ਼ਾਰ ਜ਼ਾਰ ਤੱਕੀ ।
ਉਂਞ ਨਾਂ ਨੂੰ ਜੀਂਵਦੀ ਜਾਪਦੀ ਸੀ,
ਐਪਰ ਜੀਉਣ ਤੋਂ ਉਂਞ ਬੇਜ਼ਾਰ ਤੱਕੀ ।

ਧੀਰਜ ਨਾਲ ਮੈਂ ਪੁਛਿਆ ਕੋਲ ਜਾ ਕੇ,
ਮਾਤਾ ਕੌਣ ਏਂ ? ਕਿਹੜਾ ਏ ਦੇਸ ਤੇਰਾ ?
ਰਾਣੀ ਕਿਸੇ ਵਲਾਇਤ ਦੀ ਜਾਪਣੀ ਏਂ,
ਐਪਰ ਗੋਲੀਆਂ ਵਾਲਾ ਏ ਵੇਸ ਤੇਰਾ ।

ਹੌਕਾ ਹਸ਼ਰ ਜਿਡਾ ਭਰ ਕੇ ਕਹਿਣ ਲੱਗੀ:
'ਹਾਂ ਤੇ ਰਾਣੀ ਪਰ ਪਿੰਡ ਗਰਾਂ ਹੀ ਨਹੀਂ ।
ਉਂਞ ਤੇ ਪੰਜਾਂ ਦਰਿਆਵਾਂ ਦੀ ਹਾਂ ਮਾਲਕ,
ਡੁਬ ਮਰਨ ਦੇ ਲਈ ਪਰ ਥਾਂ ਹੀ ਨਹੀਂ ।
ਉਂਞ ਤੇ ਕਿੰਨੇ ਕਰੋੜ ਨੇ ਪੁੱਤ ਮੇਰੇ,
ਐਪਰ ਕਹਿੰਦੇ ਨੇ ਸਾਡੀ ਇਹ ਮਾਂ ਹੀ ਨਹੀਂ ।
ਉਂਞ ਤੇ ਜੱਗ ਤੇ ਝੂਲਣ ਨਸ਼ਾਨ ਮੇਰੇ,
ਆਪਣੇ ਘਰ ਅੰਦਰ ਐਪਰ ਨਾਂ ਹੀ ਨਹੀਂ ।

ਕਿਸਮਤ ਹਾਰ ਗਈ, ਦਿਨਾਂ ਦੀ ਪਈ ਗਰਦਸ਼,
ਕਦੇ ਰਾਣੀ ਸਾਂ, ਅਜ ਪਰ ਗੋਲੀ ਹਾਂ ਮੈਂ ।
ਵੇ 'ਕਰਤਾਰ' ! ਤੂੰ ਮੈਨੂੰ ਸੰਞਾਣਿਆਂ ਨਹੀਂ,
ਬਦਨਸੀਬ 'ਪੰਜਾਬ ਦੀ ਬੋਲੀ' ਹਾਂ ਮੈਂ ।

ਵੇ ਪੰਜਾਬੀਆ ! ਤੇਰੇ ਪੰਜਾਬ ਤਾਈਂ,
ਮੈਂ ਬੇ-ਅਕਲ ਹਾਂ ਅਕਲ ਸਿਖਾਣ ਵਾਲੀ ।
ਭਰ ਭਰ ਝੋਲੀਆਂ ਮੋਤੀ ਤਹਜ਼ੀਬ ਦੇ ਮੈਂ,
ਤੇਰੇ ਸੀਸ ਤੋਂ ਚੰਨਾ ! ਲੁਟਾਣ ਵਾਲੀ ।
ਤੇਰੇ ਸੋਲ੍ਹ ਮਲੂਕ ਜਹਿ ਜਜ਼ਬਿਆਂ ਨੂੰ,
ਗੋਦੇ ਪਾ ਕੇ ਪਾਲਣ ਖਿਡਾਣ ਵਾਲੀ ।
ਤੈਨੂੰ 'ਮਿੱਟੀ ਦੇ ਮਾਧੋ' ਨੂੰ ਚੁੱਕ ਕੁਛੜ,
ਪੋਟਾ ਭੰਨ ਕੇ ਪਾਲਣ ਖਿਡਾਣ ਵਾਲੀ ।

ਮੇਰੇ ਨਾਲ ਹੀ ਬਣੇਗੀ ਸ਼ਾਨ ਤੇਰੀ,
ਤੇਰੇ ਕੱਲੇ ਦੀ ਸ਼ਾਨ ਨਹੀਂ ਹੋ ਸਕਦੀ ।
ਕਿਹੜੇ ਮੂੰਹ ਨਾਲ ਦੱਸ ਖਾਂ ਆਖਣਾਂ ਏਂ ?
ਕਿ "ਪੰਜਾਬੀ ਜ਼ਬਾਨ ਨਹੀਂ ਹੋ ਸਕਦੀ" ।

ਜ਼ਰਾ ਸੋਚ ਕੀਕਣ ਧੱਕੇ ਖਾਂਵਦੇ ਨੇ ?
ਬੀਬਾ ਜੂਹ ਬੇਗਾਨੜੀ ਚਰਨ ਵਾਲੇ ।
ਮਰਦੇ ਡੁਬ ਕੇ ਸ਼ੌਹ ਦਰਿਆ ਅੰਦਰ,
ਹੱਥ ਦੂਜਿਆਂ ਤੇ ਧਰਕੇ ਤਰਨ ਵਾਲੇ ।
ਕਾਂ ਆਪਣੀ ਲੱਤ ਭੰਨਾ ਬਹਿੰਦੇ,
ਰੀਸ ਮੋਰਾਂ ਦੀ ਚਾਲ ਵੀ ਕਰਨ ਵਾਲੇ ।
ਸਾਰ ਓਨ੍ਹਾਂ ਤਰਿਹਾਇਆਂ ਨੂੰ ਪੁੱਛ ਮੇਰੀ,
ਆਬ ਆਬ ਕਰਕੇ ਜਿਹੜੇ ਮਰਨ ਵਾਲੇ ।

"ਸਭ ਨੂੰ ਮਾਣ ਏਂ ਆਪਣੀ ਬੋਲੀਆਂ ਦਾ,
ਤੈਨੂੰ ਆਪਣੀ ਬੋਲੀ ਦੀ ਆਰ ਕਿਉਂ ਏ ?
ਸੋਲ੍ਹ ਫੁੱਲਾ ਪੰਜਾਬ ਦੇ ਬਾਗ਼ ਦਿਆ,
ਤੈਨੂੰ ਦੱਸ ਪੰਜਾਬੀ ਨਾਲ ਖ਼ਾਰ ਕਿਉਂ ਏਂ ?

ਰੰਗ ਬਦਲ ਤੇ ਭੂਪ ਵਟਾ ਭਾਵੇਂ,
ਤੇਰੇ ਜਿਸਮ ਵਿਚ ਰਹੇਗਾ ਖ਼ੂਨ ਊਹੋ ।
ਭੱਤੇ ਵੇਲਾ ਜੇ ਖਾਨਾਂ ਏਂ 'ਲੰਚ' ਕਹਿਕੇ,
ਤਾਂ ਬੀ ਖਾਨਾਂ ਏਂ 'ਕਣਕ' ਤੇ 'ਲੂਨ' ਊਹੋ ।
'ਪਿੱਲਰ' ਆਖ ਲੈ ਕੋਠੇ ਦੀਆਂ ਥੱਮੀਆਂ ਨੂੰ,
ਛੇਕੜ ਹੈਨ ਤੇ ਥੱਮ ਸਤੂਨ ਊਹੋ ।
'ਟਾਕ' ਆਖ ਏਵੇਂ ਗੱਪਾਂ ਮਾਰਨਾਂ ਏਂ,
ਅਸਲ ਵਿਚ ਤੇਰਾ ਬੋਲਣ ਕੂਨ ਊਹੋ ।

ਅੜਿਆ ਦੇਸ਼ ਦਾ ਗਲਾ ਤੇ ਵੱਢਿਆ ਸਾਈ,
ਐਪਰ ਦੇਸ਼ ਦਾ ਨੱਕ ਤੇ ਵੱਢਦੋਂ ਨਾ ।
ਤੂੰ ਤਹਜ਼ੀਬ ਤੇ ਆਪਣੀ ਛੱਡ ਦਿਤੀ,
ਐਪਰ ਆਪਣੀ ਬੋਲੀ ਤੇ ਛੱਡਦੋਂ ਨਾ ।

ਮੇਰੀ ਗੋਦ ਵਿਚ ਪਲਿਓਂ ਤੇ ਜਮਿਓਂ ਤੂੰ,
ਫਿਰ ਬੀ ਚੁਭਦੈ ਪੰਜਾਬੀ ਦਾ ਨਾਂ ਤੈਨੂੰ ।
ਐਣਕ ਨਵੀਂ ਤਹਜ਼ੀਬ ਦੀ ਜਿਹੀ ਲਾਈ,
ਸੁਝਦੀ ਨਹੀਂ ਉੱਕੀ ਧੁੱਪ ਛਾਂ ਤੈਨੂੰ ।
ਰੁੜ੍ਹਦਾ ਜਾ ਰਿਐਂ 'ਟੇਮਜ਼' ਦੀ ਧਾਰ ਅੰਦਰ,
ਛੇਕੜ ਤਾਰਣੈਂ ਮੁੜ ਕੇ ਝਨਾਂ ਤੈਨੂੰ ।
ਖੰਭ ਓਪਰੇ ਹੰਸਾਂ ਦੇ ਟੁੰਗਨਾਂ ਏਂ,
ਲੋਕਾਂ ਆਖਨੈਂ ਅੰਤ ਨੂੰ ਕਾਂ ਤੈਨੂੰ ।

ਕਿਤੇ ਹਿੰਦੀ ਨੂੰ ਸੀਟੀਆਂ ਮਾਰਨਾ ਏਂ,
ਕਿਤੇ ਲੱਗਾ ਏਂ ਉਰਦੂ ਦੇ ਲਾਰਿਆਂ ਤੇ ।
ਪਰ ਇਹ ਰੇਤ ਦੇ ਮਹਿਲ ਨਹੀਂ ਰਹਿਣ ਲੱਗੇ,
ਇਹਨਾਂ ਰੇਤ ਦੇ ਬਣੇ ਹੋਏ ਢਾਰਿਆਂ ਤੇ ।

ਸੁਣ ਕੇ ਗੱਲ ਹੋ ਗਏ ਮੇਰੇ ਲੂੰ ਕੰਡੇ,
ਸ਼ਰਮ ਸਾਰ ਹੋ ਕੇ ਊਂਦ੍ਹੀ ਪਾ ਲਈ ਮੈਂ ।
ਦਰਦ ਭਰੀ ਪੰਜਾਬੀ ਦੀ ਵਾਰਤਾ ਇਹ,
ਦਿਲ ਵਿਚ ਦਰਦ ਦੇ ਨਾਲ ਵਸਾ ਲਈ ਮੈਂ ।
ਵੱਜੇ ਕੀਰਨੇ ਜਿਗਰ ਵਿਚ ਤੀਰ ਬਣ ਕੇ,
ਸੇਵਾ ਕਰਨ ਦੀ ਪੰਡ ਉਠਾ ਲਈ ਮੈਂ।
ਜਿਥੇ ਹੋਵੇਗਾ ਕੱਠ ਪੰਜਾਬੀਆਂ ਦਾ,
ਓਥੇ ਦਸਾਂਗਾ ਏਹੋ ਧਿਆ ਲਈ ਮੈਂ ।

ਆਪਣੀ ਬੋਲੀ ਦੇ ਨਾਲ ਪਿਆਰ ਪਾਈਏ,
ਇਹਦੇ ਨਾਲ ਪੰਜਾਬੀਓ ਸ਼ਾਨ ਸਾਡੀ ।
ਸਾਰੇ ਆਖੀਏ ਅਸੀਂ ਪੰਜਾਬ ਦੇ ਹਾਂ,
ਤੇ 'ਕਰਤਾਰ' ਪੰਜਾਬੀ ਜ਼ਬਾਨ ਸਾਡੀ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਬਲੱਗਣ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ