Baranmah : Baba Bulleh Shah

ਬਾਰਾਂਮਾਹ : ਬਾਬਾ ਬੁੱਲ੍ਹੇ ਸ਼ਾਹ

ਅੱਸੂ

ਦੋਹਰਾ-
ਅੱਸੂ ਲਿਖੂੰ ਸੰਦੇਸਵਾ ਵਾਚੇ ਮੇਰਾ ਪੀ ।
ਗਮਨ ਕੀਆਂ ਤੁਮ ਕਾਹੇ ਕੋ ਜੋ ਕਲਮਲ ਆਇਆ ਜੀ ।

ਅੱਸੂ ਅਸਾਂ ਤੁਸਾਡੀ ਆਸ, ਸਾਡੀ ਜਿੰਦ ਤੁਸਾਡੇ ਪਾਸ,
ਜਿਗਰ ਮੁੱਢ ਪ੍ਰੇਮ ਦੀ ਲਾਸ਼, ਦੁੱਖਾਂ ਹੱਡ ਸੁਕਾਏ ਮਾਸ,
ਸੂਲਾਂ ਸਾੜੀਆਂ ।

ਸੂਲਾਂ ਸਾੜੀ ਰਹੀ ਬੇਹਾਲ, ਮੁੱਠੀ ਤਦੋਂ ਨਾ ਗਈਆਂ ਨਾਲ,
ਉਲਟੀ ਪ੍ਰੇਮ ਨਗਰ ਦੀ ਚਾਲ, ਬੁੱਲ੍ਹਾ ਸ਼ਹੁ ਦੀ ਕਰਸਾਂ ਭਾਲ,
ਪਿਆਰੇ ਮਾਰੀਆਂ ।੧।

ਕੱਤਕ

ਦੋਹਰਾ-
ਕਹੋ ਕੱਤਕ ਕੈਸੀ ਜੋ ਬਣਿਉ ਕਠਨ ਸੋ ਭੋਗ ।
ਸੀਸ ਕੱਪਰ ਹੱਥ ਜੋੜ ਕੇ ਮਾਂਗੇ ਭੀਖ ਸੰਜੋਗ ।

ਕੱਤਕ ਗਿਆ ਤੁੰਬਣ ਕੱਤਣ, ਲੱਗੀ ਚਾਟ ਤਾਂ ਹੋਈਆ ਅੱਤਣ,
ਦਰ ਦਰ ਲੱਗੀ ਧੁੰਮਾਂ ਘੱਤਣ, ਔਖੀ ਘਾਟ ਪੁਚਾਏ ਪੱਤਣ,
ਸ਼ਾਮੇ ਵਾਸਤੇ ।
ਹੁਣ ਮੈਂ ਮੋਈ ਬੇਦਰਦਾ ਲੋਕਾ, ਕੋਈ ਦੇਓ ਉੱਚੀ ਚੜ੍ਹ ਕੇ ਹੋਕਾ,
ਮੇਰਾ ਉਨ ਸੰਗ ਨੇਹੁੰ ਚਿਰੋਕਾ, ਬੁੱਲ੍ਹਾ ਸ਼ਹੁ ਬਿਨ ਜੀਵਨ ਔਖਾ,
ਜਾਂਦਾ ਪਾਸ ਤੇ ।੨।

ਮੱਘਰ

ਦੋਹਰਾ-
ਮੱਘਰ ਮੈਂ ਕਰ ਰਹੀਆਂ ਸੋਧ ਕੇ ਸਭ ਉੱਚੇ ਨੀਚੇ ਵੇਖ ।
ਪੜ੍ਹ ਪੰਡਤ ਪੋਥੀ ਭਾਲ ਰਹੇ ਹਰਿ ਹਰਿ ਸੇ ਰਹੇ ਅਲੇਖ ।

ਮੱਘਰ ਮੈਂ ਘਰ ਕਿੱਧਰ ਜਾਂਦਾ, ਰਾਕਸ਼ ਨੇਹੁੰ ਹੱਡਾਂ ਨੂੰ ਖਾਂਦਾ,
ਸੜ ਸੜ ਜੀਅ ਪਿਆ ਕੁਰਲਾਂਦਾ, ਆਵੇ ਲਾਲ ਕਿਸੇ ਦਾ ਆਂਦਾ,
ਬਾਂਦੀ ਹੋ ਰਹਾਂ ।

ਜੋ ਕੋਈ ਸਾਨੂੰ ਯਾਰ ਮਿਲਾਵੇ, ਸੋਜ਼ੇ-ਅਲਮ ਥੀਂ ਸਰਦ ਕਰਾਵੇ,
ਚਿਖ਼ਾ ਤੋਂ ਬੈਠੀ ਸਤੀ ਉਠਾਵੇ, ਬੁੱਲ੍ਹਾ ਸ਼ੌਹ ਬਿਨ ਨੀਂਦ ਨਾ ਆਵੇ,
ਭਾਵੇਂ ਸੋ ਰਹਾਂ ।੩।

ਪੋਹ

ਦੋਹਰਾ-
ਪੋਹ ਹੁਣ ਪੁਛੂੰ ਜਾ ਕੇ ਤੁਮ ਨਿਆਰੇ ਰਹੋ ਕਿਉਂ ਮੀਤ ।
ਕਿਸ ਮੋਹਨ ਮਨ ਮੋਹ ਲਿਆ ਜੋ ਪੱਥਰ ਕੀਨੋ ਚੀਤ ।

ਪਾਣੀ ਪੋਹ ਪਵਨ ਭੱਠ ਪਈਆਂ, ਲੱਦੇ ਹੋਤ ਤਾਂ ਉਘੜ ਗਈਆਂ,
ਨਾ ਸੰਗ ਮਾਪੇ ਸੱਜਣ ਸਈਆਂ, ਪਿਆਰੇ ਇਸ਼ਕ ਚਵਾਤੀ ਲਈਆਂ,
ਦੁੱਖਾਂ ਰੋਲੀਆਂ ।

ਕੜ ਕੜ ਕੱਪਨ ਕੜਕ ਡਰਾਏ, ਮਾਰੂਥਲ ਵਿਚ ਬੇੜੇ ਪਾਏ,
ਜਿਊਂਦੀ ਮੋਈ ਨੀ ਮੇਰੀ ਮਾਏ, ਬੁੱਲ੍ਹਾ ਸ਼ੌਹ ਕਿਉਂ ਅਜੇ ਨਾ ਆਏ,
ਹੰਝੂ ਡੋਹਲੀਆਂ ।੪।

ਮਾਘ

ਦੋਹਰਾ-
ਮਾਘੀ ਨਹਾਵਣ ਮੈਂ ਚੱਲੀ ਜੋ ਤੀਰਥ ਕਰ ਸਮਿਆਨ ।
ਗੱਜ ਗੱਜ ਬਰਸੇ ਮੇਘਲਾ ਮੈਂ ਰੋ ਰੋ ਕਰਾਂ ਇਸ਼ਨਾਨ ।

ਮਾਘ ਮਹੀਨੇ ਗਏ ਉਲਾਂਘ, ਨਵੀਂ ਮੁਹਬਤ ਬਹੁਤੀ ਤਾਂਘ,
ਇਸ਼ਕ ਮੁਅੱਜ਼ਨ ਦਿੱਤੀ ਬਾਂਗ, ਪੜ੍ਹਾਂ ਨਮਾਜ਼ ਪੀਆ ਦੀ ਤਾਂਘ,
ਦੁਆਈਂ ਕੀ ਕਰਾਂ ।

ਆਖਾਂ ਪਿਆਰੇ ਮੈਂ ਵੱਲ ਆ, ਤੇਰੇ ਮੁੱਖ ਵੇਖਣ ਦਾ ਚਾਅ,
ਭਾਵੇਂ ਹੋਰ ਤੱਤੀ ਨੂੰ ਤਾਅ, ਬੁੱਲ੍ਹਾ ਸ਼ੌਹ ਨੂੰ ਆਣ ਮਿਲਾ,
ਤੇਰੀ ਹੋ ਰਹਾਂ ।੫।

ਫੱਗਣ

ਦੋਹਰਾ-
ਫੱਗਣ ਫੁਲੇ ਖੇਤ ਜਿਉਂ ਬਣ ਤਿਣ ਫੂਲ ਸਿੰਗਾਰ ।
ਹਰ ਡਾਲੀ ਫੁੱਲ ਪੱਤੀਆਂ ਗਲ ਫੂਲਣ ਦੇ ਹਾਰ ।

ਹੋਰੀ ਖੇਲਣ ਸਈਆਂ ਫੱਗਣ, ਮੇਰੇ ਨੈਣ ਝਲਾਰੀਂ ਵੱਗਣ,
ਔਖੇ ਜਿਉਂਦਿਆਂ ਦੇ ਦਿਨ ਤੱਗਣ, ਸੀਨੇ ਬਾਣ ਪ੍ਰੇਮ ਦੇ ਲੱਗਣ,
ਹੋਰੀ ਹੋ ਰਹੀ ।

ਜੋ ਕੁਝ ਰੋਜ਼ ਅਜ਼ਲ ਥੀਂ ਹੋਈ, ਲਿਖੀ ਕਲਮ ਨਾ ਮੇਟੇ ਕੋਈ,
ਦੁੱਖਾਂ ਸੂਲਾਂ ਦਿੱਤੀ ਢੋਈ, ਬੁੱਲ੍ਹਾ ਸ਼ੌਹ ਨੂੰ ਆਖੋ ਕੋਈ,
ਜਿਸ ਨੂੰ ਰੋ ਰਹੀ ।੬।

ਚੇਤ

ਦੋਹਰਾ-
ਚੇਤ ਚਮਨ ਵਿਚ ਕੋਇਲਾਂ ਨਿੱਤ ਕੂ ਕੂ ਕਰਨ ਪੁਕਾਰ ।
ਮੈਂ ਸੁਣ ਸੁਣ ਝੁਰ ਝੁਰ ਮਰ ਰਹੀ ਕਬ ਘਰ ਆਵੇ ਯਾਰ ।

ਹੁਣ ਕੀ ਕਰਾਂ ਜੋ ਆਇਆ ਚੇਤ, ਬਣ ਤਿਣ ਫੂਲ ਰਹੇ ਸਭ ਖੇਤ,
ਦੇਂਦੇ ਆਪਣਾ ਅੰਤ ਨਾ ਭੇਤ, ਸਾਡੀ ਹਾਰ ਤੁਸਾਡੀ ਜੇਤ,
ਹੁਣ ਮੈਂ ਹਾਰੀਆਂ ।

ਹੁਣ ਮੈਂ ਹਾਰਿਆ ਆਪਣਾ ਆਪ, ਤੁਸਾਡਾ ਇਸ਼ਕ ਅਸਾਡਾ ਖਾਪ,
ਤੇਰੇ ਨੇਹੁੰ ਦਾ ਸ਼ੁਕਿਆ ਤਾਪ, ਬੁੱਲ੍ਹਾ ਸ਼ੌਹ ਕੀ ਲਾਇਆ ਪਾਪ,
ਕਾਰੇ ਹਾਰੀਆਂ ।੭।

ਵੈਸਾਖ

ਦੋਹਰਾ-
ਬਸਾਖੀ ਦਾ ਦਿਨ ਕਠਨ ਹੈ ਜੋ ਸੰਗ ਮੀਤ ਨਾ ਹੋ ।
ਮੈਂ ਕਿਸ ਕੋ ਆਗੇ ਜਾ ਕਹੂੰ ਇਕ ਮੰਡੀ ਭਾ ਦੋ ।

ਤਾਂ ਮਨ ਭਾਵਂੇ ਸੁੱਖ ਬਸਾਖ, ਗੁੱਛੀਆਂ ਪਈਆਂ ਪੱਕੀ ਦਾਖ,
ਲਾਖੀ ਘਰ ਲੈ ਆਇਆ ਲਾਖ, ਤਾਂ ਮੈਂ ਬਾਤ ਨਾ ਸੱਕਾਂ ਆਖ,
ਕੌਤਾਂ ਵਾਲੀਆਂ ।

ਕੌਤਾਂ ਵਾਲੀਆਂ ਡਾਢਾ ਜ਼ੋਰ, ਹੁਣ ਮੈਂ ਝੁਰ ਝੁਰ ਹੋਈਆਂ ਹੋਰ,
ਕੰਡੇ ਪੁੜੇ ਕਲੇਜੇ ਜ਼ੋਰ, ਬੁੱਲ੍ਹਾ ਸ਼ੌਹ ਬਿਨ ਕੋਈ ਨਾ ਹੋਰ,
ਜਿਨ ਘੱਤ ਗਾਲੀਆਂ ।੮।

ਜੇਠ

ਦੋਹਰਾ-
ਜੇਠ ਜੇਹੀ ਜੋਹੇ ਅਗਨ ਹੈ ਜਬ ਕੇ ਬਿਛੜੇ ਮੀਤ ।
ਸੁਣ ਸੁਣ ਘੁਣ ਘੁਣ ਝੁਰ ਮਰੂੰ ਜੋ ਤੁਮਰੀ ਯੇਹ ਪਰੀਤ ।

ਲੂਆਂ ਧੁੱਪਾਂ ਪੌਂਦੀਆਂ ਜੇਠ, ਮਜਲਿਸ ਬਹਿੰਦੀ ਬਾਗਾਂ ਹੇਠ,
ਤੱਤੀ ਠੰਡੀ ਵੱਗੇ ਪੇਠ, ਦਫ਼ਤਰ ਕੱਢ ਪੁਰਾਣੇ ਸੇਠ,
ਮੁਹਰਾ ਖਾਣੀਆਂ ।

ਅੱਜ ਕੱਲ੍ਹ ਸੱਦ ਹੋਈ ਅਲਬੱਤਾ, ਹੁਣ ਮੈਂ ਆਹ ਕਲੇਜਾ ਤੱਤਾ,
ਨਾ ਘਰ ਕੌਂਤ ਨਾ ਦਾਣਾ ਭੱਤਾ, ਬੁੱਲ੍ਹਾ ਸ਼ੌਹ ਹੋਰਾਂ ਸੰਗ ਰੱਤਾ,
ਸੀਨੇ ਕਾਨੀਆਂ ।੯।

ਹਾੜ

ਦੋਹਰਾ-
ਹਾੜ ਸੋਹੇ ਮੋਹੇ ਝਟ ਪਟੇ ਜੋ ਲੱਗੀ ਪ੍ਰੇਮ ਕੀ ਆਗ ।
ਜਿਸ ਲਾਗੇ ਤਿਸ ਜਲ ਬੁਝੇ ਜੋ ਭੌਰ ਜਲਾਵੇ ਭਾਗ ।

ਹੁਣ ਕੀ ਕਰਾਂ ਜੋ ਆਇਆ ਹਾੜ੍ਹ, ਤਨ ਵਿਚ ਇਸ਼ਕ ਤਪਾਇਆ ਭਾੜ,
ਤੇਰੇ ਇਸ਼ਕ ਨੇ ਦਿੱਤਾ ਸਾੜ, ਰੋਵਣ ਅੱਖੀਆਂ ਕਰਨ ਪੁਕਾਰ,
ਤੇਰੇ ਹਾਵੜੇ ।

ਹਾੜੇ ਘੱਤਾਂ ਸ਼ਾਮੀ ਅੱਗੇ, ਕਾਸਦ ਲੈ ਕੇ ਪਾਤਰ ਵੱਗੇ,
ਕਾਲੇ ਗਏ ਤੇ ਆਏ ਬੱਗੇ, ਬੁੱਲ੍ਹਾ ਸ਼ੌਹ ਬਿਨ ਜ਼ਰਾ ਨਾ ਤੱਗੇ,
ਸ਼ਾਮੀ ਬਾਹਵੜੇ ।੧੦।

ਸਾਵਣ

ਦੋਹਰਾ-
ਸਾਵਣ ਸੋਹੇ ਮੇਘਲਾ ਘਟ ਸੋਹੇ ਕਰਤਾਰ ।
ਠੌਰ ਠੌਰ ਇਨਾਇਤ ਬਸੇ ਪਪੀਹਾ ਕਰੇ ਪੁਕਾਰ ।

ਸੋਹਣ ਮਲਿਹਾਰਾ ਸਾਰੇ ਸਾਵਣ, ਦੂਤੀ ਦੁੱਖ ਲੱਗੇ ਉੱਠ ਜਾਵਣ,
ਨੀਂਗਰਾ ਖੇਡਣ ਕੁੜੀਆਂ ਗਾਵਣ, ਮੈਂ ਘਰ ਰੰਗ ਰੰਗੀਲੇ ਆਵਣ,
ਆਸਾਂ ਪੁੰਨੀਆਂ ।

ਮੇਰੀਆਂ ਆਸਾਂ ਰੱਬ ਪੁਚਾਈਆਂ, ਮੈਂ ਤਾਂ ਉਨ ਸੰਗ ਅੱਖੀਆਂ ਲਾਈਆਂ,
ਸਈਆਂ ਦੇਣ ਮੁਬਾਰਕ ਆਈਆਂ, ਸ਼ਾਹ ਇਨਾਇਤ ਆਖਾਂ ਸਾਈਆਂ,
ਆਸਾਂ ਪੁੰਨੀਆਂ ।੧੧।

ਭਾਦੋਂ

ਦੋਹਰਾ-
ਭਾਦੋਂ ਭਾਵੇ ਤਬ ਸਖੀ ਜੋ ਪਲ ਪਲ ਹੋਵੇ ਮਿਲਾਪ ।
ਜੋ ਘਟ ਦੇਖੂੰ ਖੋਲ੍ਹ ਕੇ ਘਟ ਘਟ ਦੇ ਵਿਚ ਆਪ ।

ਆ ਹੁਣ ਭਾਦੋਂ ਭਾਗ ਜਗਾਇਆ, ਸਾਹਿਬ ਕੁਦਰਤ ਸੇਤੀ ਆਇਆ,
ਹਰ ਹਰ ਦੇ ਵਿਚ ਆਪ ਸਮਾਇਆ, ਸ਼ਾਹ ਇਨਾਇਤ ਆਪ ਲਖਾਇਆ,
ਤਾਂ ਮੈਂ ਲੱਖਿਆ ।

ਆਖਰ ਉਮਰੇ ਹੋਈ ਤਸੱਲਾ, ਪਲ ਪਲ ਮੰਗਣ ਨੈਣ ਤਜੱਲਾ,
ਜੋ ਕੁਝ ਹੋਸੀ ਕਰਸੀ ਅੱਲ੍ਹਾ, ਬੁੱਲ੍ਹਾ ਸ਼ੌਹ ਬਿਨ ਕੁਝ ਨਾ ਭੱਲਾ,
ਪ੍ਰੇਮ ਰਸ ਚੱਖਿਆ ।੧੨।

  • ਮੁੱਖ ਪੰਨਾ : ਮੁਕੰਮਲ ਕਲਾਮ ਬਾਬਾ ਬੁੱਲ੍ਹੇ ਸ਼ਾਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ