Baran Maha : Fard Faqir
ਬਾਰਾਂ ਮਾਹਾ : ਫ਼ਰਦ ਫ਼ਕੀਰ
ਸਭ ਸਿਫ਼ਤ ਸਨਾਹ ਅਲਾਹੇ ਨੂੰ
ਸਭ ਸਿਫ਼ਤ ਸਨਾਹ ਅਲਾਹੇ ਨੂੰ
ਜਿਹੜਾ ਬਖ਼ਸ਼ੇ ਕੁੱਲ ਗੁਨਾਹੇ ਨੂੰ
ਭੀ ਆਖ ਦਰੂਦ ਰਸੂਲ ਨੂੰ
ਇਸ ਅੱਲ੍ਹਾ ਦੇ ਮਕਬੂਲ ਨੂੰ
ਜਿਸ ਆਸੀ ਸਭ ਬਖ਼ਸ਼ਾਵਨੇ
ਕਹੋ ਬਰਕਤ ਚਾਰੇ ਯਾਰ ਦੀ
ਚੇਤਰ
ਰੱਬਾ ਚੇਤਰ ਕਹਿੰਦੇ ਆਇਆ
ਮੇਰੇ ਜਾਨੀ ਕਿਉਂ ਚਿਰ ਲਾਇਆ
ਮੇਰੀਆਂ ਚਸ਼ਮਾਂ ਕਹੋ ਫੱਟੀਆਂ
ਮੈਂ ਰੋ ਰੋ ਬਹੁਤ ਨਗੁਠੀਆਂ
ਮੇਰੇ ਦਰਦਾਂ ਕਲੀਆਂ ਕੁੱਠੀਆਂ
ਜਾਂ ਆਈ ਰੁੱਤ ਬਹਾਰ ਦੀ
ਨਿੱਤ ਤਪਣ ਸੁੱਕਣ ਹੱਡੀਆਂ
ਮੇਰੇ ਸੂਲਾਂ ਸ਼ਾਖ਼ਾਂ ਛੱਡੀਆਂ
ਸਲ ਫੱਟੇ ਖ਼ਾਰ ਪ੍ਰੇਮ ਦੇ
ਵੱਲ ਛੱਡੇ ਬੂਟੇ ਸੇਮ ਦੇ
ਮੈਨੂੰ ਦੂਤੀਆਂ ਬਹੁਤ ਸਤਾਇਆ
ਨਿੱਤ ਰੋ ਰੋ ਆਹੀਂ ਮਾਰਦੀ
ਜਾਂ ਬਿਰਹੋਂ ਝੂਲਾ ਝੁੱਲਿਆ
ਗ਼ਮ ਦੁੱਖ ਮੇਰੇ ਤਨ ਫੁੱਲਿਆ
ਮੈਂ ਅੰਦਰ ਵੜ ਕੇ ਜਾਲਿਆ
ਸ਼ੌਕ ਤੇਰੇ ਬੂਟਾ ਪਾਲਿਆ
ਮੈਂ ਖਲੀ ਉਡੀਕਾਂ ਰਾਹ ਨੂੰ
ਮੈਨੂੰ ਨਿੱਤ ਉਦਾਸੀ ਯਾਰ ਦੀ
ਰਲ ਬੈਠਣ ਸੰਗ ਸਹੇਲੀਆਂ
ਮੇਰੀ ਖ਼ਬਰ ਨਾ ਲਈ ਆ ਬੇਲੀਆਂ
ਅੱਜ ਬੁਲਬੁਲ ਫੇਰਾ ਪਾਇਆ
ਨਾਲੇ ਭੌਰ ਗੁਲਾਂ ਤੇ ਆਇਆ
ਸਭ ਯਾਰ ਯਾਰਾਂ ਨੂੰ ਆ ਮਿਲੇ
ਮੈਨੂੰ ਖ਼ਬਰ ਨਹੀਂ ਦਿਲਦਾਰ ਦੀ
ਵਿਸਾਖ
ਚੜ੍ਹਿਆ ਮਾਹ ਬਸਾਖ ਸੁਹਾਵਣਾ
ਅਸਾਂ ਨਿੱਤ ਤੇਰਾ ਗ਼ਮ ਖਾਵਣਾ
ਮੇਰੇ ਤਨ ਵਿਚ ਰਿਹਾ ਨਾ ਸੱਤ ਹੈ
ਏਸ ਇਸ਼ਕ ਸੁਕਾਈ ਰੱਤ ਹੈ
ਮੈਂ ਸਾਵੀ ਪੀਲੀ ਪੈ ਰਹੀ
ਮੇਰੀ ਦੇਹੀ ਜ਼ਰਦ ਵਿਸਾਰ ਦੀ
ਮੈਂ ਵੰਞਦੀ ਪਾਸ ਪੜੋਸੀਆਂ
ਨਿੱਤ ਪੁੱਛਦੀ ਪੰਡਤ ਜੋਸ਼ੀਆਂ
ਮੈਂ ਤਿੱਤਰ ਮੋਰ ਉਡਾਉਂਦੀ
ਨਿੱਤ ਰੋ ਰੋ ਔਂਸੀਆਂ ਪਾਉਂਦੀ
ਸਭ ਮੁੱਲਾਂ ਰਮਲੀ ਢੂੰਡਦੀ
ਉੱਠ ਖ਼ਵਾਬਾਂ ਨਿੱਤ ਵਿਚਾਰ ਦੀ
ਨਿੱਤ ਲਿਖ ਲਿਖ ਕਾਗ਼ਜ਼ ਘੱਲਦੀ
ਸਾਨੂੰ ਸਿਕ ਤੁਸਾਡੇ ਵੱਲਦੀ
ਕਦੀ ਭੇਜ ਸੁਨੇਹਾ ਸੁੱਖ ਦਾ
ਕੋਈ ਲਿਆਵੇ ਤੇਰੇ ਮੁੱਖ ਦਾ
ਬਿਨ ਪਾਣੀ ਮਛਲੀ ਮਰ ਚਲੀ
ਕਦੀ ਖ਼ਬਰ ਨਾ ਲਈ ਬਿਮਾਰ ਦੀ
ਦਿਨੇ ਸੁੱਖ ਨਾ ਰਾਤੀਂ ਸੌਨੀਆਂ
ਉੱਠ ਗਲੀਆਂ ਦੇ ਵਿਚ ਭੌਨੀਆਂ
ਲੋਕ ਆਖਣ ਝੱਲੀ ਕਮਲੀ
ਮੈਂ ਸੁਰਤ ਨਾ ਕੋਈ ਸੰਭਲੀ
ਨਿੱਤ ਫ਼ਰਦ ਫ਼ਕੀਰ ਪੁਕਾਰਦਾ
ਸਾਨੂੰ ਤਲਬ ਤੇਰੇ ਦੀਦਾਰ ਦੀ
ਜੇਠ
ਅੱਗੋਂ ਜੇਠ ਮਹੀਨਾ ਆਇਆ
ਤੁਸਾਂ ਚਿੱਤ ਕਿੱਤੇ ਵੱਲ ਲਾਇਆ
ਘਰ ਅੰਬ ਤੇ ਦਾਖਾਂ ਪੱਕੀਆਂ
ਮੈਂ ਰੱਖ ਦੂਤਾਂ ਥੀਂ ਥੱਕੀਆਂ
ਜੇ ਮਾਲੀ ਮੂਲ ਨਾ ਬਾਹੁੜੇ
ਕੌਣ ਰਾਖੀ ਕਰੇ ਅਨਾਰ ਦੀ
ਮੇਰਾ ਜੋਬਨ ਬਹੁਤ ਉਤਾਵਲਾ
ਉਹ ਨੋਸ਼ਾ ਫਿਰਦਾ ਬਾਵਲਾ
ਮੇਰਾ ਸੀਨਾ ਸੂਲਾਂ ਸੱਲਿਆ
ਜੋ ਆਇਆ ਸਿਰ ਤੇ ਝੱਲਿਆ
ਕੁੱਝ ਮਿਹਰ ਨਹੀਂ ਦਿਲ ਯਾਰ ਦੇ
ਸਾਨੂੰ ਗੁੱਝੀ ਆਤਿਸ਼ ਸਾੜਦੀ
ਮੈਨੂੰ ਸਬਰ ਕਰਾਰ ਨਾ ਆਉਂਦਾ
ਨਹੀਂ ਖ਼ਾਲੀ ਵੇੜ੍ਹਾ ਭਾਉਂਦਾ
ਨਿੱਤ ਸਾੜਨ ਨੂੰ ਅੱਗ ਲੁਝਦੀ
ਇਹ ਪਾਣੀ ਨਾਲ ਨਾ ਬੁਝਦੀ
ਕੁਝ ਧੂੰ ਨਾ ਬਾਹਰ ਨਿਕਲੇ
ਕਿਆ ਖ਼ੂਬੀ ਹੈ ਇਸ ਨਾਰ ਦੀ
ਮੈਨੂੰ ਉੱਠਣ ਬਹਿਣ ਨਾ ਸੁੱਝਦਾ
ਮੇਰਾ ਅੰਦਰ ਬਲ ਬਲ ਬੁੱਝਦਾ
ਕਦੀ ਖ਼ਵਾਬੇ ਅੰਦਰ ਆਂਵਦਾ
ਫੇਰ ਜਾਗਦਿਆਂ ਉੱਠ ਜਾਂਵਦਾ
ਮੈਂ ਵਾਂਗ ਜ਼ੁਲੈਖ਼ਾ ਪੁੱਛਦੀ
ਗੱਲ ਯੂਸੁਫ਼ ਮਿਸਰ ਬਾਜ਼ਾਰ ਦੀ
ਹਾੜ੍ਹ
ਚੜ੍ਹਿਆ ਹਾੜ ਮਹੀਨਾ ਕੜਕਦਾ
ਮੇਰੇ ਅੰਦਰ ਭਾਂਬੜ ਭੜਕਦਾ
ਇਸ ਬਿਰਹੋਂ ਸੂਰਜ ਚਾੜ੍ਹਿਆ
ਮੈਨੂੰ ਪਤਣ ਸੁਕਣ ਸਾੜਿਆ
ਮੈਂ ਮੌਤੋਂ ਗੁਜ਼ਰੀ ਲੰਘ ਕੇ
ਕੇਹੀ ਬਰਛੀ ਲਾਈਏ ਸਾਰ ਦੀ
ਏਸ ਹੁਜਰੇ ਆਤਿਸ਼ ਬਾਲਿਆ
ਮੇਰਾ ਜਿਗਰ ਕਲੇਜਾ ਜਾਲਿਆ
ਮੈਂ ਰੋ ਰੋ ਵਕਤ ਗੁਜ਼ਾਰਿਆ
ਝਬ ਆ ਮਿਲ ਯਾਰ ਪਿਆਰਿਆ
ਹੁਣ ਹਾਰ ਸਿੰਗਾਰ ਲਗਾਂਵਦੀ
ਕਦੀ ਆਸ ਪਹੁੰਚਾਈਂ ਪੁਕਾਰ ਦੀ
ਮੈਂ ਸਜੀ ਪਚਰੀ ਰਹਿ ਗਈ
ਕੋਈ ਗੱਲ ਸ਼ਾਹਾਂ ਦੇ ਦਿਲ ਬਹਿ ਗਈ
ਮੇਰਾ ਚੋਲਾ ਹੋਇਆ ਤਾਰ ਜੂੰ
ਦੋ ਜ਼ੁਲਫ਼ਾਂ ਡੰਗਣ ਮਾਰ ਜੂੰ
ਮੈਨੂੰ ਹਾਰ ਸਿੰਗਾਰ ਨਾ ਭਾਂਵਦਾ
ਸਭ ਮਾਂਗ ਸੰਦੂਰ ਉਤਾਰਦੀ
ਮੈਂ ਬੈਠੀ ਰਾਤਾਂ ਜਾਲੀਆਂ
ਮੇਰੇ ਬਿਰਹੁੰ ਭਾਹੀਂ ਬਾਲੀਆਂ
ਦੁੱਖ ਡੰਗ ਅਠੂੰਹੇਂ ਮਾਰਦੇ
ਲੋਕ ਦੇਣ ਉਲਾਹਮੇ ਯਾਰ ਦੇ
ਮੈਂ ਕਿਤ ਵੱਲ ਕੂਕਾਂ ਜਾਇਕੇ
ਨਿੱਤ ਰੋ ਰੋ ਆਹੀਂ ਮਾਰਦੀ
ਸਾਵਣ
ਆ ਸਾਵਣ ਸਿਰ ਤੇ ਗੱਜਿਆ
ਮੇਰਾ ਅਕਲ ਫ਼ਿਕਰ ਸਭ ਭੱਜਿਆ
ਕੇਹੀ ਬਿਜਲੀ ਚਮਕ ਡਰਾਵਣੀ
ਘੱਟ ਉੱਠੀ ਮੀਂਹ ਵਸਾਵਣੀ
ਮੇਰੇ ਸਿਰ ਤੋਂ ਪਾਣੀ ਚਲਿਆ
ਮੈਂ ਰੋ ਰੋ ਕਾਂਗਾਂ ਚਾੜ੍ਹਦੀ
ਜਿਹੜੇ ਤਾਰੂ ਆਹੇ ਤੁਰ ਗਏ
ਸਿਰ ਦਿਵਸ ਤੱਤੀ ਦੇ ਧੁਰ ਗਏ
ਮੈਂ ਡਰਦੀ ਪੈਰ ਨਾ ਪਾਇਆ
ਮੇਰਾ ਗ਼ਫ਼ਲਤ ਜਿਊ ਡਰਾਇਆ
ਕਦੀ ਬੇੜਾ ਠੇਲ ਮੁਹਾਣਿਆ
ਮੈਂ ਕੰਧੀ ਵੇਖਾਂ ਪਾਰ ਦੀ
ਮੈਨੂੰ ਪਿਆ ਸਮੁੰਦਰ ਝਾਗਣਾ
ਹੁਣ ਮੌਤੋਂ ਕਿਤ ਵੱਲ ਭਾਗਣਾ
ਓਥੇ ਚੱਪਾ ਵੰਝ ਨਾ ਲਗਦਾ
ਜਿਥੇ ਪਾਣੀ ਵਗੇ ਅੱਗ ਦਾ
ਮੈਂ ਡੁੱਬੀ ਬਹਿਰ ਅਮੀਕ ਵਿਚ
ਜਿਥੇ ਖ਼ਬਰ ਉਰਾਰ ਨਾ ਪਾਰ ਦੀ
ਮੈਂ ਡੁੱਬਦੀ ਲੈਂਦੀ ਹਾਵੜੇ
ਮੱਤਾਂ ਖ਼ਿਜ਼ਰ ਕਦਾਈਂ ਬਾਹੁੜੇ
ਯਾ ਮਦਦ ਹੋਵੇ ਪੀਰ ਦੀ
ਕਦੀ ਸੁਣੇ ਦੁਆ ਫ਼ਕੀਰ ਦੀ
ਮੈਨੂੰ ਕੱਢੇ ਬਹਿਰ ਅਮੀਕ ਥੀਂ
ਵੱਸ ਪਾਵੇ ਸ਼ਾਹ ਸਵਾਰ ਦੀ
ਭਾਦਰੋਂ
ਅੱਗੋਂ ਭਾਦਰੋਂ ਸੁਣਿਆ ਆਂਵਦਾ
ਮੇਰਾ ਤਨ ਮਨ ਝੋਰਾ ਖਾਂਵਦਾ
ਇਹ ਛੇਵਾਂ ਮਹੀਨਾ ਆਇਆ
ਕੋਈ ਖ਼ਬਰ ਪੈਗ਼ਾਮ ਨਾ ਪਾਇਆ
ਨਿੱਤ ਮਿਲ ਮਿਲ ਪੁੱਛਦੀ ਕਾਸਦਾਂ
ਕੋਈ ਚਿੱਠੀ ਬਰਖ਼ੁਰਦਾਰ ਦੀ
ਨਾ ਥਹੁ ਟਿਕਾਣਾ ਕਹਿ ਗਿਆ
ਇੱਕ ਨਾਮ ਦਿਲੇ ਤੇ ਰਹਿ ਗਿਆ
ਮੈਂ ਕਿਸ ਨੂੰ ਪੁੱਛਾਂ ਜਾਇਕੇ
ਨਿੱਤ ਥੱਕੀ ਫ਼ਾਲਾਂ ਪਾਇਕੇ
ਕਾਈ ਬੋਲੇ ਭਾਗ ਸੁਲੱਖਣੀ
ਮੈਂ ਸ਼ਗਨ ਹਮੇਸ਼ ਵਿਚਾਰ ਦੀ
ਜੋ ਕੀਤਾ ਸੀ ਸੋ ਪਾਇਆ
ਸਾਨੂੰ ਅਗਲਾ ਅੰਤ ਨਾ ਆਇਆ
ਰਹੀ ਢੂੰਡ ਕਿਤਾਬਾਂ ਫੋਲ ਕੇ
ਸਭ ਪੋਥੀ ਪੰਡਤ ਖੋਲ ਕੇ
ਉੱਡ ਕਾਗਾ ਸੱਜਣ ਆਉਂਦਾ
ਮੈਂ ਥੱਕੀ ਰੋਜ਼ ਉਡਾਰ ਦੀ
ਉਹ ਕਿਹੜੀ ਜ਼ਿਮੀਂ ਸੁਹਾਵਣੀ
ਜਿਥੇ ਪਿਆਰੇ ਪਾਈ ਛਾਵਣੀ
ਪਰ ਸਾਨੂੰ ਮਨੋਂ ਵਿਸਾਰ ਕੇ
ਉਸ ਹੁੱਬ ਵਤਨ ਦੀ ਨਾ ਰਹੀ
ਕੋਈ ਖ਼ਬਰ ਲਏ ਘਰ ਬਾਰ ਦੀ
ਅੱਸੂ
ਹੁਣ ਅਸੋਜ ਆਂਸੂ ਚੱਲੀਆਂ
ਇਹ ਰਹਿਣ ਨਾ ਮੂਲੇ ਠੱਲੀਆਂ
ਕਈ ਨਾਲੇ ਵਗੇ ਰੱਤ ਦੇ
ਹੁਣ ਰਹੀ ਦਿਲੇ ਨੂੰ ਮੱਤ ਦੇ
ਇਹ ਨਹੀਂ ਨਸੀਹਤ ਜਾਣਦਾ
ਮੈਂ ਹਰਦਮ ਰਹਾਂ ਪੁਕਾਰਦੀ
ਨਿੱਤ ਨਵੇਂ ਅਸਾਨੂੰ ਪਿੱਟਣੇ
ਮੈਂ ਲੇਖਾਂ ਦਫ਼ਤਰ ਕਿਤਨੇ
ਇੱਕ ਜਾਏ ਦੂਜਾ ਆਉਂਦਾ
ਇੱਕ ਬਾਲੇ ਇੱਕ ਬੁਝਾਉਂਦਾ
ਕੁਝ ਧੂੰ ਨਾ ਬਾਹਰ ਨਿਕਲੇ
ਕਿਆ ਖ਼ੂਬੀ ਹੈ ਏਸ ਨਾਰ ਦੀ
ਮੈਨੂੰ ਸੋਕਾ ਤਾਪ ਸਤਾਵੰਦਾ
ਇਹ ਨਿਹੁੰ ਹੱਡਾਂ ਨੂੰ ਖਾਵੰਦਾ
ਨਿੱਤ ਸਾੜਨ ਨੂੰ ਅੱਗ ਲੁਝਦੀ
ਜੋ ਹੰਝੂਆਂ ਨਾਲ ਨਾ ਬੁਝਦੀ
ਸਭ ਗੋਸ਼ਤ ਪੋਸਤ ਜਾਲ ਕੇ
ਛੱਡੇ ਨਾ ਹੱਡਾਂ ਨੂੰ ਸਾੜਦੀ
ਤੇਰੀ ਵਾਅ ਥੀਂ ਠੰਡੀ ਥੀਨੀ ਆਂ
ਤੇਰਾ ਨਾਮ ਸੁਣ ਸੁਣ ਜੀਨੀ ਆਂ
ਤੇਰੇ ਗਾਵਣ ਬੈਠੀ ਗਾਉਂਦੀ
ਤੇਰੇ ਨਾਮ ਤੋਂ ਜਿਊ ਵਲਾਉਂਦੀ
ਤੁਧੁ ਬਾਝ ਪਿਆਰੇ ਸੱਜਣਾਂ
ਮੈਨੂੰ ਖ਼ਬਰ ਨਹੀਂ ਸੰਸਾਰ ਦੀ
ਕੱਤਕ
ਹੁਣ ਕੱਤਕ ਫੇਰਾ ਪਾਇਆ
ਮੇਰਾ ਕੰਤ ਨਾ ਮੂਲੇ ਆਇਆ
ਮੈਂ ਕਿਚਰਕੁ ਵੇਖਾਂ ਰਾਹ ਨੂੰ
ਏਸ ਬਿਰਹੋਂ ਫੜੀ ਗੁਨਾਹ ਨੂੰ
ਹੁਣ ਮਿਲੇ ਪਿਆਰਾ ਆਇਕੇ
ਨਹੀਂ ਮਰਸਾਂ ਮੌਤ ਕਟਾਰ ਦੀ
ਮੈਂ ਵਿਦਾਅ ਨਾ ਕੀਤਾ ਜਾਂਦਿਆਂ
ਕੁਛ ਪੁੱਛਿਆ ਨਾ ਸ਼ਰਮਾਂਦਿਆਂ
ਕੇਹੇ ਵਾਰ ਅਵੱਲੇ ਤੋਰਿਆ
ਉਸ ਵੱਤ ਨਾ ਘੋੜਾ ਮੋੜਿਆ
ਮੈਨੂੰ ਬਾਝੋਂ ਉਸ ਦਿਲਦਾਰ ਦੇ
ਘਰ ਜਾਪੇ ਮਿਸਲ ਉਜਾੜ ਦੀ
ਰਾਤ ਜਾਂਦੀ ਤਾਰੇ ਗਿਣਦਿਆਂ
ਦਿਨ ਘੜੀਆਂ ਸਾਇਤ ਮਿਣਦਿਆਂ
ਕੋਈ ਮਹਿਰਮ ਨਾਹੀਂ ਹਾਲ ਦਾ
ਸਾਨੂੰ ਪਲ ਪਲ ਗੁਜ਼ਰੇ ਸਾਲ ਦਾ
ਉਹ ਕਿਹੜੀ ਘੜੀ ਕੁਲੱਖਣੀ
ਜਦ ਪਿਆਰਾ ਮੈਨੂੰ ਵਿਸਾਰਦੀ
ਮੇਰੇ ਜੋਬਨ ਧੁੰਮਾਂ ਪਾਈਆਂ
ਸਾਨੂੰ ਬਿਰਹੋਂ ਲੀਕਾਂ ਲਾਈਆਂ
ਹੁਣ ਕਿਚਰਕੁ ਇਸ਼ਕ ਛੁਪਾਈਏ
ਇਹ ਬਲਦੀ ਭਾਹ ਬੁਝਾਈਏ
ਇਹ ਇਸ਼ਕ ਨਾ ਰਹਿੰਦਾ ਛਪਿਆ
ਹੈ ਜ਼ਾਹਰ ਮੁਸ਼ਕ ਅੱਤਾਰ ਦੀ
ਮੱਘਰ
ਹੁਣ ਮੱਘਰ ਮਾਘੀ ਜ਼ੋਰ ਹਨ
ਸਾਨੂੰ ਨਵੇਂ ਕਜ਼ੀਏ ਹੋਰ ਹਨ
ਗੱਲ ਆਖਾਂ ਕੀ ਸਿਆਲ ਦੀ
ਜੋ ਗੁਜ਼ਰੇ ਆਪਣੇ ਹਾਲ ਦੀ
ਏਸ ਵਕਤ ਪਿਆਰਾ ਲੋੜੀਏ
ਸਾਨੂੰ ਬਹੁਤੀ ਸਿਕ ਕਿਨਾਰ ਦੀ
ਅੱਗੋਂ ਰਾਤਾਂ ਆਈਆਂ ਵੱਡੀਆਂ
ਮੇਰੀਆਂ ਬਿਰਹੋਂ ਖਾਂਦਾ ਹੱਡੀਆਂ
ਮੈਂ ਕਿਸ ਨੂੰ ਆਖਾਂ ਕੀ ਕਰਾਂ
ਹੁਣ ਕਿਤ ਵੱਲ ਜਾ ਕੇ ਜੀ ਧਰਾਂ
ਮੇਰੇ ਨਾ ਘਰ ਧਨ ਨਾ ਕੰਤ ਹੈ
ਮੈਂ ਆਜ਼ਿਜ਼ ਰੋਜ਼ ਸ਼ੁਮਾਰ ਦੀ
ਮੇਰੇ ਪੱਲੇ ਖ਼ਰਚ ਨਾ ਦਾਮ ਹੈ
ਵਿਚ ਘਰ ਦੇ ਆਬ ਨਾ ਤਆਮ ਹੈ
ਮੈਨੂੰ ਇੱਕ ਵਿਛੋੜਾ ਯਾਰ ਦਾ
ਦੂਜਾ ਪਾਲਾ ਅੰਦਰ ਸਾੜਦਾ
ਹੁਣ ਘਰ ਵਿਚ ਸਭ ਕੁੱਝ ਲੋੜੀਏ
ਭੁੱਖ ਸਾਰੇ ਭੇਤ ਉਖਾੜ ਦੀ
ਅੱਜ ਹੋਵਣ ਲੇਫ਼ ਨਿਹਾਲੀਆਂ
ਕੋਈ ਨੇਅਮਤ ਭਰੀਆਂ ਥਾਲੀਆਂ
ਬਹਿ ਨਾਲ਼ ਪਿਆਰੇ ਖਾਵੀਏ
ਹੋਰ ਮੁਸ਼ਕ ਗੁਲਾਬ ਲਗਾਵੀਏ
ਜੇ ਭਾਗ ਨਾ ਹੋਵਣ ਆਪਣੇ
ਤਦ ਕਾਹਨੂੰ ਬਾਤ ਚਿਤਾਰਦੀ
ਪੋਹ
ਹੁਣ ਪੋਹ ਅਸਾਂ ਕੀ ਆਖਦਾ
ਸਾਨੂੰ ਰੋਜ਼ ਬਰੋਜ਼ ਸੁਲਾਖ਼ਦਾ
ਅੱਗੋਂ ਪਾਲੇ ਆਏ ਗਜ ਕੇ
ਨਾਲੇ ਬਰਫ਼ਾਂ ਪਈਆਂ ਰੱਜ ਕੇ
ਸਭ ਜੰਗਲੀਂ ਪਰਬਤ ਜਾ ਲੁਕੇ
ਵਾ ਵਗੇ ਸ਼ੋਰ ਘੂ ਘਾਰ ਦੀ
ਮੈਂ ਰੋ ਰੋ ਹਾਲ ਸੁਣਾ ਰਹੀ
ਹੁਣ ਜਿੰਦ ਤਲੀ ਤੇ ਆ ਰਹੀ
ਇਹ ਦਰਦ ਵਿਛੋੜਾ ਯਾਰ ਦਾ
ਮੈਨੂੰ ਕੀਕਰ ਵੱਲ ਵੱਲ ਮਾਰਦਾ
ਉਹ ਫੇਰ ਕੀ ਕਰਸੀ ਆਇਕੇ
ਜਾਂ ਵਜੇ ਚੋਟ ਨਿਗਾਰ ਦੀ
ਕਈ ਕੁੱਠੇ ਦਰਦ ਫ਼ਿਰਾਕ ਦੇ
ਜੋ ਜੰਗਲ਼ ਜੂਹੇ ਝਾਕਦੇ
ਇਹ ਸਰਦੀ ਦਰਦ ਫ਼ਿਰਾਕ ਦੀ
ਜਿੰਦ ਕੋਹੇ ਮੈਂ ਗ਼ਮਨਾਕ ਦੀ
ਕਦੀਂ ਸੁਣੀਂ ਦੁਆ ਪਿਆਰਿਆ
ਮੈਂ ਆਜ਼ਿਜ਼ ਔਗਣਹਾਰ ਦੀ
ਕੋਈ ਆਖੇ ਜਾ ਮਹਿਤਾਬ ਨੂੰ
ਕੀ ਕੀਤੋ ਫ਼ਰਦ ਬੇਤਾਬ ਨੂੰ
ਤੇਰੀ ਤਾਬ ਤਾਬੀਰ ਨਾ ਤਾਬ ਹੈ
ਦੇਣਾ ਸੁਖ ਰਾਤੀਂ ਖ਼ਾਬ ਹੈ
ਹੁਣ ਕੀਕਰ ਮਿਲਸਾਂ ਜਾਇਕੇ
ਮੈਨੂੰ ਤਾਕਤ ਨਹੀਂ ਰਫ਼ਤਾਰ ਦੀ
ਮਾਘ
ਆਇਆ ਮਾਘ ਮਹੀਨਾ ਯਾਰਵਾਂ
ਇੱਕ ਬਾਕੀ ਰਹਿੰਦਾ ਬਾਰ੍ਹਵਾਂ
ਸਾਨੂੰ ਸੋਹਣੇ ਦਾ ਗ਼ਮ ਖਾਂਦਿਆਂ
ਹੋਈ ਮੁਦਤ ਪੱਛੋਤਾਂਦਿਆਂ
ਕਦੀ ਆ ਪਿਆਰੇ ਸੱਜਣਾਂ
ਤੇ ਖ਼ਬਰ ਲੈ ਆ ਬੀਮਾਰ ਦੀ
ਮੈਂ ਨਿੱਜ ਤੱਤੀ ਨੇਹੁੰ ਲਾਇਆ
ਜੋ ਕੀਤਾ ਸੀ ਸੋ ਪਾਇਆ
ਹੁਣ ਹਾਰ ਸਿੰਗਾਰਾਂ ਫੂਕਦੀ
ਕਰ ਖਲੀਆਂ ਬਾਂਹੀਂ ਕੂਕਦੀ
ਕੋਈ ਵਾਕਫ਼ ਨਾਹੀਂ ਹਾਲ ਦਾ
ਕੀ ਬਾਤ ਕਹਾਂ ਇਸਰਾਰ ਦੀ
ਦਿਨ ਪਲ ਪਲ ਵੱਡਾ ਆਇਆ
ਹੁਣ ਪਾਲੇ ਜੋਸ਼ ਹਟਾਇਆ
ਮੈਂ ਉਮਰ ਗੁਜ਼ਾਰੀ ਰੋਂਦਿਆਂ
ਨਿੱਤ ਹੰਝੂ ਮਲ ਮਲ ਧੋਂਦਿਆਂ
ਹੁਣ ਪਵੇ ਕਬੂਲ ਦੁਆ ਜੇ
ਮੈਂ ਆਜ਼ਿਜ਼ ਔਗਣਹਾਰ ਦੀ
ਅਸਾਂ ਇਹ ਭੀ ਮਾਹ ਗੁਜ਼ਾਰਿਆ
ਵਿਚ ਤੇਰੀ ਸਿੱਕ ਪਿਆਰਿਆ
ਤੂੰ ਗਿਓਂ ਮੁਹੱਬਤ ਤੋੜ ਕੇ
ਫੇਰ ਖ਼ਬਰ ਨਾ ਲਈਆ ਮੋੜ ਕੇ
ਤੈਨੂੰ ਤਰਸ ਨਾ ਮੇਰੇ ਹਾਲ ਦਾ
ਮੈਂ ਤੇਰਾ ਨਾਮ ਚਿਤਾਰਦੀ
ਫੱਗਣ
ਝੁੱਲੀ ਵਾ ਫੱਗਣ ਦੀ ਆਇਕੇ
ਕੋਈ ਕਹੇ ਸੱਜਣ ਨੂੰ ਜਾਇਕੇ
ਮੇਰੇ ਬਖ਼ਸ਼ ਗੁਨਾਹ ਪਿਆਰਿਆ
ਮੈਂ ਰੋ ਰੋ ਵਕਤ ਗੁਜ਼ਾਰਿਆ
ਸਭ ਖ਼ਵੇਸ਼ ਕਬੀਲਾ ਮਾਲ ਧਨ
ਮੈਂ ਜਾਨ ਤੇਰੇ ਤੋਂ ਵਾਰਦੀ
ਹੁਣ ਆਈ ਰੁੱਤ ਬਸੰਤ ਦੀ
ਕੋਈ ਖ਼ਬਰ ਲਿਆਵੇ ਕੰਤ ਦੀ
ਪਈ ਖ਼ਬਰ ਸੱਜਣ ਘਰ ਆਉਂਦਾ
ਮੇਰਾ ਅੰਗਣ ਪਿਆ ਸੁਹਾਉਂਦਾ
ਹੁਣ ਹਾਰ ਸਿੰਗਾਰ ਲਗਾਂਵਦੀ
ਮੈਂ ਖ਼ਾਤਿਰ ਸੋਹਣੇ ਯਾਰ ਦੀ
ਉੱਠ ਫ਼ਰੀਦਾ ਅੱਗੋਂ ਚੱਲੀਏ
ਚੱਲ ਰਾਹ ਸੱਜਣ ਦਾ ਮੱਲੀਏ
ਮਿਲ ਪਿਆਰੇ ਨੂੰ ਗੱਲ ਲਾਈਏ
ਇਹ ਬਲਦੀ ਭਾਹ ਬੁਝਾਈਏ
ਸਭ ਦਰਦ ਵਿਛੋੜਾ ਦੁੱਖ ਗ਼ਮ
ਧਰ ਪੈਰਾਂ ਹੇਠ ਲਤਾੜਦੀ
ਉਹ ਵੇਖ ਪਿਆਰਾ ਆਵੰਦਾ
ਸਾਨੂੰ ਦਿਲਬਰ ਆਪ ਬੁਲਾਵੰਦਾ
ਹੁਣ ਆਇਆ ਰੋਜ਼ ਵਿਸਾਲ ਦਾ
ਸਾਨੂੰ ਪਿਆਰਾ ਕੋਲ ਬਹਾਲਦਾ
ਸਾਡੇ ਸੱਜਣ ਵੇਖਣ ਸ਼ਾਦੀਆਂ
ਸਾਡੇ ਦੂਤੀਆਂ ਨੂੰ ਅੱਗ ਸਾੜਦੀ