Banda Mar Vi Sakda Ey : Bushra Naaz

ਬੰਦਾ ਮਰ ਵੀ ਸਕਦਾ ਏ : ਬੁਸ਼ਰਾ ਨਾਜ਼



ਉੱਚਿਆਂ ਹੋਵਣ ਖ਼ਾਤਰ ਦਾਰ ਜ਼ਰੂਰੀ ਏ

ਉੱਚਿਆਂ ਹੋਵਣ ਖ਼ਾਤਰ ਦਾਰ ਜ਼ਰੂਰੀ ਏ ਦਾਰ ’ਤੇ ਅੱਪੜਨ ਲਈ ਇਨਕਾਰ ਜ਼ਰੂਰੀ ਏ ਪਿਆਰ ਮੁਹੱਬਤ ਰੱਖਣਾ ਜੇ ਇਹ ਦੁਨੀਆਂ ਵਿਚ ਹਰ ਬਸਤੀ ਵਿਚ ਇਕ ਫ਼ਨਕਾਰ ਜ਼ਰੂਰੀ ਏ ਚੰਗਾ ਸ਼ਾਇਰ ਹੋਣਾ ਕਾਫ਼ੀ ਨਈਂ ਹੁੰਦਾ ਚੰਗਿਆਂ ਹੋਵਣ ਲਈ ਕਿਰਦਾਰ ਜ਼ਰੂਰੀ ਏ ਓਹਨੂੰ ਓਹਦੇ ਵਾਅਦੇ ਵਾਪਸ ਕਰਨੇ ਨੇ ਇਸ ਲਈ ਵੀ ਮਿਲਣਾ ਇਕ ਵਾਰ ਜ਼ਰੂਰੀ ਏ ਜੀਹਦੇ ਵੇਖਿਆਂ ‘ਬੁਸ਼ਰਾ’ ਸਾਹਵਾਂ ਰੁਕ ਜਾਵਣ ਅੱਖਾਂ ਸਾਹਮਣੇ ਓਹ ਸ਼ਾਹਕਾਰ ਜ਼ਰੂਰੀ ਏ

ਟੁੱਟੇ ਦਿਲ ਦੀ ਹਾਕ ਨਈਂ ਸੁਣਦਾ

ਟੁੱਟੇ ਦਿਲ ਦੀ ਹਾਕ ਨਈਂ ਸੁਣਦਾ ਓਹ ਸ਼ਾਹੇ-ਅਫ਼ਲਾਕ ਨਈਂ ਸੁਣਦਾ ਦੁਨੀਆਂ ਦੁੱਖੜੇ ਸੁਣ ਲੈਂਦੀ ਏ ਪਰ ਓਹੋ ਚਾਲਾਕ ਨਈਂ ਸੁਣਦਾ ਜਿੰਨਾ ਮਰਜ਼ੀ ਰੌਲ਼ਾ ਪਾਵੇ ਦਿਲ ਦੀ ਗੱਲ ਇਦਰਾਕ ਨਈਂ ਸੁਣਦਾ ਵੈਸੇ ਸਮਝੋਂ ਬਾਹਰ ਏ ਇਹ ਗੱਲ ਕੂਜ਼ਾਗਰ ਦੀ ਚਾਕ ਨਈਂ ਸੁਣਦਾ ਕੀ ਚਾਹੁੰਦਾ ਏ ਖੋਲ੍ਹਣ ਵਾਲ਼ਾ ਬੂਹੇ ਲੱਗਾ ਲਾਕ ਨਈਂ ਸੁਣਦਾ ਜਿੰਨੀਆਂ ਗੱਲਾਂ ਤੂੰ ਕਰਨਾ ਐਂ ਏਨੀਆਂ ਗੱਲਾਂ ਗਾਹਕ ਨਈਂ ਸੁਣਦਾ ‘ਬੁਸ਼ਰਾ’ ਸਿੱਧੀ ਪੱਧਰੀ ਗੱਲ ਏ ਨਾ-ਪਾਕਾਂ ਦੀ ਪਾਕ ਨਈਂ ਸੁਣਦਾ

ਰੱਬਾ ਓਹਦੇ ਕਾਬਲ ਕਰਦੇ

ਰੱਬਾ ਓਹਦੇ ਕਾਬਲ ਕਰਦੇ ਜਾਂ ਫਿਰ ਮੈਨੂੰ ਪਾਗਲ ਕਰਦੇ ਜੇ ਓਹ ਹਾਸਲ ਹੋ ਨਈਂ ਸਕਦਾ ਹਰ ਹਾਸਲ ਲਾ-ਹਾਸਲ ਕਰਦੇ ਇਸ਼ਕ ਅਦਾਰਾ ਖੋਲ੍ਹਿਆ ਜਿੰਨ੍ਹਾਂ ਮਾੜਾ ਬਾਲ ਨਈਂ ਦਾਖਲ ਕਰਦੇ ਇਕ ਦੂਜੇ ਦੀ ਭਾਲ 'ਚ ਲੰਘੀ ਰਲ਼ ਕੇ ਬਹਿੰਦੇ ਗੱਲ ਸ਼ੱਲ ਕਰਦੇ ਕਈ ਤੱਕੇ ਨੇ ਝੂਠੇ ਆਸ਼ਕ ਇਸ਼ਕ ਦੀ ਤਸਬੀਹ ਪਲ ਪਲ ਕਰਦੇ ਭੁੱਲ ਭੁਲੇਖੇ ਈ ਤੱਕ ਲੈ ਮੈਨੂੰ ਖੁਦਰਾ ਵੇਲ਼ਾ ਮਖ਼ਮਲ ਕਰਦੇ ਇਕ ਦੂਜੇ ਦੀ ਜਿੰਦੜੀ ‘ਬੁਸ਼ਰਾ’ ਰੱਬ ਨਈਂ ਬੰਦੇ ਮੁਸ਼ਕਲ ਕਰਦੇ

ਜੇ ਲੱਜਪਾਲ ਮੁਹੱਬਤ ਕਰੀਏ

ਜੇ ਲੱਜਪਾਲ ਮੁਹੱਬਤ ਕਰੀਏ ਕੀਹਦੇ ਨਾਲ਼ ਮੁਹੱਬਤ ਕਰੀਏ ਅੱਖਾਂ ਪਾੜਕੇ ਵੇਖੇ 'ਨੇਰ੍ਹਾ ਬੱਤੀਆਂ ਬਾਲ਼ ਮੁਹੱਬਤ ਕਰੀਏ ਵੇਖ ਲਵਾਂਗੇ ਜੋ ਹੋਵੇਗਾ ਹੁਣ ਫ਼ਿਲਹਾਲ ਮੁਹੱਬਤ ਕਰੀਏ ਏਨਾ ਕਾਹਨੂੰ ਸੋਚੀ ਜਾਨਾ ਏ ਦੇ ਮਿਸਕਾਲ ਮੁਹੱਬਤ ਕਰੀਏ ਜਿਵੇਂ ਮਰਜ਼ੀ ਹਿਜਰ ਨਖੱਤਾ ਮਗਰੋਂ ਟਾਲ਼ ਮੁਹੱਬਤ ਕਰੀਏ ਇਹ ਵੀ ਮੈਨੂੰ ਆਪੇ ਈ ਦੱਸਦੇ ਕਿੰਨੇ ਸਾਲ ਮੁਹੱਬਤ ਕਰੀਏ ਸੱਜਣਾ ਸਾਨੂੰ ਘੁੱਟਕੇ ਲਾ ਲੈ ਸੀਨੇ ਨਾਲ ਮੁਹੱਬਤ ਕਰੀਏ ਸਾਹਵਾਂ ਦਾ ਐਤਬਾਰ ਨਈਂ ‘ਬੁਸ਼ਰਾ’ ਛੇਤੀ ਨਾਲ਼ ਮੁਹੱਬਤ ਕਰੀਏ

ਸਾਡਾ ਭਾਵੇਂ ਕੱਖ ਨਾ ਰੱਖ

ਸਾਡਾ ਭਾਵੇਂ ਕੱਖ ਨਾ ਰੱਖ ਪਰ ਆਪਣੇ ਤੋਂ ਵੱਖ ਨਾ ਰੱਖ ਦਿਲ ਦੇਣਾ ਸੀ ਦੇ ਛੱਡਿਆ ਤੇਰੀ ਮਰਜ਼ੀ ਰੱਖ ਨਾ ਰੱਖ ਡੱਕਣੀਆਂ ਨੇ ਤੇ ਸਾਹਵਾਂ ਡੱਕ ਧੁਖਦੀ ਉੱਤੇ ਕੱਖ ਨਾ ਰੱਖ ਵੇਖਣ ਤੇ ਪਾਬੰਦੀ ਨਈਂ ਪਰ ਸਾਡੇ ਤੇ ਅੱਖ ਨਾ ਰੱਖ ‘ਨਾਜ਼' ਅਦਾਵਾਂ ਆਪਣੀ ਥਾਂ ਹੱਦੋਂ ਬਹੁਤੀ ਦੱਖ ਨਾ ਰੱਖ

ਅੰਬਰਾਂ ਉੱਤੇ ਚਮਕਣ ਤਾਰੇ

ਅੰਬਰਾਂ ਉੱਤੇ ਚਮਕਣ ਤਾਰੇ ਐਧਰ ਵੀ ਤੇ ਓਧਰ ਵੀ ਇਕੋ ਵਰਗੇ ਹੋਣ ਨਜ਼ਾਰੇ ਐਧਰ ਵੀ ਤੇ ਓਧਰ ਵੀ ਦੋਨਾਂ ਪਾਸੇ ਇਕੋ ਜਿਹੇ ਹਾਲਾਤ ਵਿਚਾਰੇ ਲੋਕਾਂ ਦੇ ਰੋ-ਰੋ ਮਾੜੇ ਕਰਨ ਗੁਜ਼ਾਰੇ ਐਧਰ ਵੀ ਤੇ ਓਧਰ ਵੀ ਚੜ੍ਹਦੇ ਲਹਿੰਦੇ ਦੋਵੇਂ ਪਾਸੇ ਅਣਖਾਂ ਸੂਲ਼ੀ ਚੜ੍ਹੀਆਂ ਨੇ ਸੁਫ਼ਨੇ ਹੋਗੇ ਮਿੱਟੀ ਗਾਰੇ ਐਧਰ ਵੀ ਤੇ ਓਧਰ ਵੀ ਸੱਤਰ ਸਾਲ ਤੋਂ ਅੱਖੀਆਂ ਦੇ ਵਿਚ ਹੰਝੂ ਚੱਕੀ ਫਿਰਦੇ ਆਂ ਕੋਈ ਨਈਂ ਦੇਂਦਾ ਖ਼ਾਬ ਉਧਾਰੇ ਐਧਰ ਵੀ ਤੇ ਓਧਰ ਵੀ ਜ਼ਖਮਾਂ ਦੀ ਫ਼ਸਲ ਵੀ ਉਹ ਇਕ ਦਿਨ ਆਪਣੇ ਹੱਥੀਂ ਵੱਢਣਗੇ ਨਫ਼ਰਤ ਦੇ ਜਿਸ ਬੀਜ ਖਿਲਾਰੇ ਐਧਰ ਵੀ ਤੇ ਓਧਰ ਵੀ ਮੌਜਾਂ ਮਾਣਦੇ ਪਏ ਨੇ ‘ਬੁਸ਼ਰਾ’ ਹਾਕਮ ਦੋਵੇਂ ਪਾਸਿਆਂ ਦੇ ਖ਼ਲਕਤ ਦੇ ਲਈ ਨਿੱਤ ਖ਼ਸਾਰੇ ਐਧਰ ਵੀ ਤੇ ਓਧਰ ਵੀ

ਜਦ ਓਹ ਮੈਨੂੰ ਤੱਕਦਾ ਏ

ਜਦ ਓਹ ਮੈਨੂੰ ਤੱਕਦਾ ਏ ਕਸਮੇਂ ਸਾਹਵਾਂ ਡੱਕਦਾ ਏ ਝੂਠਾ ! ਸੱਚਾ ਹੋਵਣ ਦੇ ਲਈ ਮੇਰੀਆਂ ਕਸਮਾਂ ਚੱਕਦਾ ਏ ਜਗ 'ਤੇ ਜਿੰਨਾ ਰੌਲ਼ਾ ਏ ਰੌਲ਼ਾ ਸਾਰਾ ਨੱਕ ਦਾ ਏ ਅਚਨਚੇਤ ਨਾ ਆਇਆ ਕਰ ਬੰਦਾ ਮਰ ਵੀ ਸਕਦਾ ਏ ਪਿਆਰ ਤੇ ਓਹਨੂੰ ਹੈ ‘ਬੁਸ਼ਰਾ’ ਬਸ ਉਹ ਕਹਿਣ ਤੋਂ ਝਕਦਾ ਏ

ਸੋਚੇ ਸੋਚ ਵਿਚਾਰੀ ਝੂਠੀ

ਸੋਚੇ ਸੋਚ ਵਿਚਾਰੀ ਝੂਠੀ ਕਿਸ ਕੰਮ ਦੀ ਸਰਦਾਰੀ ਝੂਠੀ ਕਾਹਨੂੰ ਸਿਰ ਤੇ ਚੁੱਕੀ ਫਿਰੀਏ ਐਵੇਂ ਰਿਸ਼ਤੇਦਾਰੀ ਝੂਠੀ ਕਸਮਾਂ ਚੁੱਕ ਚੁੱਕ ਵਾਅਦੇ ਵਾਲ਼ੀ ਓਹਨੇ ਕੰਧ ਉਸਾਰੀ ਝੂਠੀ ਕਿਵੇਂ ਸੱਚੀ ਹੋ ਸਕਦੀ ਏ ਦੱਸ ਖਾਂ ਸੋਚ ਬਾਜ਼ਾਰੀ ਝੂਠੀ ਓਹਨੂੰ ਸਾਰੀ ਦੁਨੀਆਂ ਮੰਨਿਆਂ ਕਸਮੇਂ ਦੁਨੀਆਂ ਸਾਰੀ ਝੂਠੀ ਮਾਣ ਸੀ ‘ਬੁਸ਼ਰਾ’ ਯਾਰੀ ਉੱਤੇ ਆਖਰ ਨਿਕਲ਼ੀ ਯਾਰੀ ਝੂਠੀ

ਸੱਜਣ ਸੱਜਣ ਰੱਟ ਲੱਗੀ ਏ

ਸੱਜਣ ਸੱਜਣ ਰੱਟ ਲੱਗੀ ਏ ਅੱਖ ਤੇ ਐਵੇਂ ਝੱਟ ਲੱਗੀ ਏ ਦਿਲ ਵੀ ਚਕਨਾਚੂਰ ਏ ਹੋਇਆ ਪੱਥਰ ਨੂੰ ਵੀ ਸੱਟ ਲੱਗੀ ਏ ਜਾਂ ਉਹ ਵਿਕਣਾ ਹੀ ਨਈਂ ਚਾਹੁੰਦੇ ਜਾਂ ਫਿਰ ਕੀਮਤ ਘੱਟ ਲੱਗੀ ਏ ਵੱਟ ਸ਼ਰੀਕ ਨੂੰ ਲੱਗਣਾ ਹੀ ਸੀ ਵੱਟ ਦੇ ਨਾਲ਼ ਜੋ ਵੱਟ ਲੱਗੀ ਏ ਅੱਖ ਲਾਵਣ ਦੀ ਚੱਸ ਆਵੇਗੀ ਸੂਲ਼ੀ ਮੈਨੂੰ ਖੱਟ ਲੱਗੀ ਏ

ਕੁਝ ਨਈਂ ਬੋਲ ਬਲਾਰੇ ਵਿਚ

ਕੁਝ ਨਈਂ ਬੋਲ ਬਲਾਰੇ ਵਿਚ ਤੂੰ ਨਈਂ ਸਾਡੇ ਵਾਰੇ ਵਿਚ ਜਿੰਨੀਆਂ ਮਰਜ਼ੀ ਕਸਮਾਂ ਖਾਹ ਹੁਣ ਨਈਂ ਆਉਣਾ ਲਾਰੇ ਵਿਚ ਉਹ ਵੀ ਗੱਲਾਂ ਕਰਦੇ ਜੋ ਅੱਧੇ ਵਿਚ ਨਾ ਸਾਰੇ ਵਿਚ ਕਿਧਰ ਵੇਖੀ ਜਾਨਾ ਏ ਹੱਥ ਨਾ ਦੇ ਲਈਂ ਆਰੇ ਵਿਚ ਵੱਖਰੀ ਸ਼ੈਅ ਤੇ ਇਕ ਵੀ ਨਈਂ ਥਾਰੇ ਵਿਚ ਨਾ ਮਾਰੇ ਵਿਚ ਹਾਕਮੋਂ ਡੋਬਕੇ ਸਾਹ ਲਵੋਗੇ ਸੋਚੋ ਮੁਲਕ ਦੇ ਬਾਰੇ ਵਿਚ ਹੀਰ ਤੜਫਦੀ ਝੰਗ ਵਿਚ ਰਹੀ ਰਾਂਝਾ ਤਖ਼ਤ ਹਜ਼ਾਰੇ ਵਿਚ ਛੁੱਟੀ ਦਾ ਤੇ ਨਾਂ ਈ ਨਈਂ ਸੱਜਣਾ ਇਸ਼ਕ ਅਦਾਰੇ ਵਿਚ ਦੁਨੀਆਂ ਇਕ ਦਿਨ ਸੋਚੇਗੀ ‘ਬੁਸ਼ਰਾ ਨਾਜ਼’ ਦੇ ਬਾਰੇ ਵਿਚ

ਜੀਹਨੂੰ ਆਪਣਾ ਸਭ ਕੁਝ ਮੰਨਿਆਂ

ਜੀਹਨੂੰ ਆਪਣਾ ਸਭ ਕੁਝ ਮੰਨਿਆਂ ਓਹਨੇ ਮਾਣ ਅਸਾਡਾ ਭੰਨਿਆਂ ਓਹੋ ਰੱਸੀ ਕੱਚੀ ਨਿਕਲ਼ੀ ਸੱਧਰਾਂ ਨੂੰ ਸੀ ਜਿਸ ਨਾਲ਼ ਬੰਨ੍ਹਿਆਂ ਠੋਕਰ ਖਾ ਕੇ ਦਿਲ ਨੂੰ ਪੁੱਛਾਂ ਨਜ਼ਰ ਨਈਂ ਆਉਂਦਾ ਤੈਨੂੰ ਅੰਨ੍ਹਿਆਂ ਤੁੰ ਸਾਡੇ ਲਸ਼ਕਾਰੇ ਸਦਕੇ ਕਦ ਦਾ ਚਮਕੀ ਜਾਨਾ ਪੰਨਿਆਂ ਅਸੀਂ ਵੀ ਦਿਲ ਦੀ ਇਕ ਨਈਂ ਮੰਨੀ ਦਿਲ ਵੀ ਸਾਡੀ ਇਕ ਨਈਂ ਮੰਨਿਆਂ ਉਹਨੂੰ ਭੁੱਲਣਾ ਔਖਾ ਨਈਂ ਸੀ ‘ਬੁਸ਼ਰਾ’ ਮੇਰਾ ਦਿਲ ਨਈਂ ਮੰਨਿਆਂ

ਭਾਵੇਂ ਮੁੱਖ ਤੇ ਖੁਸ਼ਹਾਲੀ ਦੀ ਲਾਲੀ ਏ

ਭਾਵੇਂ ਮੁੱਖ ਤੇ ਖੁਸ਼ਹਾਲੀ ਦੀ ਲਾਲੀ ਏ ਨੈਣਾ ਦਾ ਕਸ਼ਕੌਲ ਅਜੇ ਵੀ ਖਾਲੀ ਏ ਪਹਿਲੀ ਲੈਨ 'ਚ ਉਸ ਫਿਰ ਲਿਖਿਆ ਆਵਾਂਗਾ ਬਾਕੀ ਖ਼ਤ ਦਾ ਸਾਰਾ ਵਰਕਾ ਖਾਲੀ ਏ ਤੇਰੀ ਅੱਖ 'ਚ ਪਾਣੀ ਵੇਖਕੇ ਲੱਗਦਾ ਏ ਦੁਨੀਆਂ ਤੇਰੀ ਅੱਖ 'ਚੋਂ ਨਿਕਲਣ ਵਾਲ਼ੀ ਏ ਜਿਹੜੀ ਗੱਲ ਤੇ ਮੈਨੂੰ ਸੋਚਣ ਲਾਇਆ ਈ ਵੈਸੇ ਇਹ ਗੱਲ ਤੇਰੇ ਸੋਚਣ ਵਾਲ਼ੀ ਏ ਆਪਣੇ ਆਪ ਨੂੰ ਅਸਲੀ ਸਮਝਣ ਵਾਲੇ ਲੋਕ ਜਾਅਲੀ ਸ਼ੈਅ ਨੂੰ ਕਹਿ ਨਈਂ ਸਕਦੇ ਜਾਅਲੀ ਏ ਮੈਨੂੰ ਆਪਣਾ ਆਪ ਗਵਾਚਾ ਲੱਗਦਾ ਏ ‘ਬੁਸ਼ਰਾ’ ਮੈਂ ਤੇ ਜਦ ਦੀ ਹੋਸ਼ ਸੰਭਾਲ਼ੀ ਏ

ਤੇਰੇ 'ਤੇ ਐਤਬਾਰ ਨਈਂ

ਤੇਰੇ 'ਤੇ ਐਤਬਾਰ ਨਈਂ ਕੀਤਾ ਜਾ ਸਕਦਾ ਝੂਠਾ ਏ ਨਾ ਪਿਆਰ ਨਈਂ ਕੀਤਾ ਜਾ ਸਕਦਾ ਇਹ ਸੌਦੇ ਤੇ ਉੱਕੇ-ਪੁੱਕੇ ਹੁੰਦੇ ਨੇ ਦਿਲ ਦਾ ਕਾਰੋਬਾਰ ਨਈਂ ਕੀਤਾ ਜਾ ਸਕਦਾ ਚੁੱਪ ਕਰ ਸਾਨੂੰ ਚਿਹਰੇ ਪੜ੍ਹਨੇ ਆਉਂਦੇ ਨੇ ਅੱਖਰਾਂ ਵਿਚ ਇਜ਼ਹਾਰ ਨਈਂ ਕੀਤਾ ਜਾ ਸਕਦਾ ਮੰਨਿਆਂ ਜੀਵਨ ਦੇ ਲਈ ਪਿਆਰ ਜ਼ਰੂਰੀ ਏ ਸੋਚਾਂ ਤੇ ਅਸਵਾਰ ਨਈਂ ਕੀਤਾ ਜਾ ਸਕਦਾ ਦਿਲ ਦੇਵਣ ਲਈ ਕਮਲ਼ਾ ਹੋਇਆ ਫਿਰਨਾ ਏਂ ਤੈਨੂੰ ਤੇ ਇਨਕਾਰ ਨਈਂ ਕੀਤਾ ਜਾ ਸਕਦਾ ਦਿਲ ਦੀ ਨਗਰੀ ਲੁੱਟਣ ਵਾਲ਼ੇ ਨੂੰ ‘ਬੁਸ਼ਰਾ’ ਦਿਲ ਦਾ ਪਹਿਰੇਦਾਰ ਨਈਂ ਕੀਤਾ ਜਾ ਸਕਦਾ

ਇੰਝ ਨਾ ਮੈਨੂੰ ਤੱਕ ਵੇ ਅੜਿਆ

ਇੰਝ ਨਾ ਮੈਨੂੰ ਤੱਕ ਵੇ ਅੜਿਆ ਲੋਕੀਂ ਕਰਦੇ ਸ਼ੱਕ ਵੇ ਅੜਿਆ ਮੈਂ ਸੁਣਨੀ ਏ ਪਿਆਰ ਕਹਾਣੀ ਸੁਣਨੀ ਆਖਰ ਤੱਕ ਵੇ ਅੜਿਆ ਰੰਗ ਬਰੰਗੀਆਂ ਵੰਗਾਂ ਪਵਾ ਦੇ ਪਾਵਾਂ ਕੂਹਣੀਆਂ ਤੱਕ ਵੇ ਅੜਿਆ ਇਕ ਦੂਜੇ ਤੇ ਕਿਉਂ ਕਰਨੇ ਆਂ ਆਪਾਂ ਦੋਵੇਂ ਸ਼ੱਕ ਵੇ ਅੜਿਆ ਜੇ ਤੂੰ ਆਪਣੇ ਹੱਥੀਂ ਦੇਵੇਂ ਜ਼ਹਿਰ ਲਵਾਂਗੀ ਫੱਕ ਵੇ ਅੜਿਆ ਕੰਧਾਂ ਦੇ ਵੀ ਕੰਨ ਹੁੰਦੇ ਨੇ ਭੋਰਾ ਜਿਹਾ ਤੇ ਝੱਕ ਵੇ ਅੜਿਆ ‘ਬੁਸ਼ਰਾ' ਸ਼ਹਿਰ ’ਚ ਜੀਅ ਨੀ ਲਗਦਾ ਮੈਂ ਚੱਲੀ ਆਂ ਚੱਕ ਵੇ ਅੜਿਆ

ਜਿੰਨਾ ਮਰਜ਼ੀ ਰੱਖਲਾ ਕੱਸਕੇ

ਜਿੰਨਾ ਮਰਜ਼ੀ ਰੱਖਲਾ ਕੱਸਕੇ ਦਿਲ ਨੇ ਕਿਹੜਾ ਜਾਣਾ ਦੱਸਕੇ ਮਰਜਾਣੇ ਦੀ ਸਮਝ ਨਈਂ ਆਉਂਦੀ ਓਹਦੇ ਵੱਲੇ ਜਾਂਦਾ ਨੱਸਕੇ ਮਿੱਟੀ ਦੇ ਵਿਚ ਮਿੱਟੀ ਹੋਇਆ ਅੱਖੀਆਂ ਵਿਚੋਂ ਲਹੂ ਰਸ ਰਸ ਕੇ ਅੰਨ੍ਹੇਵਾਹ ਈ ਭੱਜਦੀ ਜਾਵਾਂ ਬੇਚੈਨੀ ਦੇ ਤਸਮੇਂ ਕੱਸਕੇ ਚਿੱਟੇ ਦਿਨ ਵਿਚ 'ਨੇਰ੍ਹਾ ਹੋਇਆ ਚੂੜੀ ਟੁੱਟੀ ਕਫ਼ ਵਿਚ ਫਸਕੇ ਗੱਲਾਂ ਦੇ ਵਿਚ ਆ ਨਈਂ ਸਕਦੀ ਨਾ ਲਾਇਆ ਕਰ ਐਵੇਂ ਮਸਕੇ ਲੂਣ ਛਿੜਕ ਕੇ ਜ਼ਖ਼ਮਾਂ ਉੱਤੇ ‘ਬੁਸ਼ਰਾ’ ਹਰ ਕੋਈ ਲਾਉਂਦਾ ਚਸਕੇ

ਵਿਹੜੇ ਦੇ ਵਿਚ ਇਕ ਦਿਨ ਆਇਆ

ਵਿਹੜੇ ਦੇ ਵਿਚ ਇਕ ਦਿਨ ਆਇਆ ਸੰਗਦਾ ਸੰਗਦਾ ਇਸ਼ਕ ਮੈਂ ਪੁੱਛਿਆ ਤੇ ਆਖਣ ਲੱਗਾ ਮੈਂ ਹਾਂ ਝੰਗ ਦਾ ਇਸ਼ਕ ਸਿਖਰ ਦੁਪਹਿਰੇ ਨੰਗੇ ਪੈਰੀਂ ਮੌਜ 'ਚ ਲੁੱਡੀਆਂ ਪਾਉਂਦਾ ਅੱਜ ਮੈਂ ਆਪਣੀ ਅੱਖੀਂ ਤੱਕਿਆ ਇਕ ਮਲੰਗ ਦਾ ਇਸ਼ਕ ਹੋ ਸਕਦਾ ਏ ਨਿਭ ਜਾਵੇ ਪਰ ਡਰ ਲੱਗਦਾ ਏ ਸੁਣਕੇ ਪੱਥਰਾਂ ਨਾਲ਼ ਤੇ ਨਿਭ ਨਈਂ ਸਕਦਾ ਕੱਚੀ ਵੰਗ ਦਾ ਇਸ਼ਕ ਅੱਖਾਂ ਵਿਚ ਲਿਸ਼ਕਾਰੇ ਮਾਰੇ ਮੁੜ ਮੁੜ ਉਹਨੂੰ ਤੱਕਾਂ ਕਾਲ਼ੇ ਰੰਗ ਦੇ ਬੋਹੜ ਲਿਖਿਆ ਚਿੱਟੇ ਰੰਗ ਦਾ ਇਸ਼ਕ ਇਸ਼ਕ ਇਸ਼ਕ ਦਾ ਰੌਲ਼ਾ ਪਾਉਣਾ ਚੰਗੀ ਗੱਲ ਨਈਂ ਮੁੜ ਜਾਹ ਇਹ ਵੀ ਚੇਤੇ ਰੱਖੀਂ ‘ਬੁਸ਼ਰਾ’ ਸੂਲ਼ੀ ਟੰਗਦਾ ਇਸ਼ਕ

ਖ਼ਾਬਾਂ ਵਿਚ ਵੀ ਆ ਸਕਨੀ ਆਂ

ਖ਼ਾਬਾਂ ਵਿਚ ਵੀ ਆ ਸਕਨੀ ਆਂ ਤੇਰੇ ਹੋਸ਼ ਉਡਾ ਸਕਨੀ ਆਂ ਜੇ ਮੈਂ ਚਾਹਵਾਂ ਉਂਗਲੀ ਉੱਤੇ ਸਾਰਾ ਸ਼ਹਿਰ ਨਚਾ ਸਕਨੀ ਆਂ ਵਹਿਮ ਏ ਤੇਰਾ ਤੇਰੀ ਖਾਤਰ ਸਾਰੀ ਉਮਰ ਲੰਘਾ ਸਕਨੀ ਆਂ ਜ਼ਿਹਨ 'ਚ ਰੱਖੀਂ ਤੇਰੇ ਨਾਲ਼ੋਂ ਬਹੁਤਾ ਸ਼ੋਰ ਮਚਾ ਸਕਨੀ ਆਂ ਭਾਵੇਂ ਲੱਖ ਕੁਚੱਜੀਆਂ ਪਰ ਮਿੱਠੇ ਚੌਲ਼ ਪਕਾ ਸਕਨੀ ਆਂ ਗੱਲਾਂ ਵਿਚ ਵਲ਼ਾ ਕੇ ਓਹਨੂੰ ਜੰਨਤ 'ਚੋਂ ਕਢਵਾ ਸਕਨੀ ਆਂ ‘ਬੁਸ਼ਰਾ’ ਮੈਨੂੰ ਲਗਦਾ ਸੀ ਮੈਂ ਰੱਬ ਨਾਲ਼ ਆਢਾ ਲਾ ਸਕਨੀ ਆਂ

ਦੋ ਦਿਲ 'ਕੱਠੇ ਧੜਕਣਗੇ

ਦੋ ਦਿਲ 'ਕੱਠੇ ਧੜਕਣਗੇ ਧੁੱਪੇ ਬੱਦਲ਼ ਕੜਕਣਗੇ ਜੇ ਤਾਅਬੀਰਾਂ ਨਾ ਮਿਲੀਆਂ ਅੱਖ ਵਿਚ ਸੁਫ਼ਨੇ ਰੜਕਣਗੇ ਜਾਲ਼ ਕਦੋਂ ਇਹ ਫ਼ਾਹੀਆਂ ਨੇ ਕਿੰਨਾ ਕੁ ਚਿਰ ਫੜਕਣਗੇ ਵਾਅ ਲੱਗਣ ਦੀ ਦੇਰ ਏ ਬੱਸ ਜੋ ਧੁਖਦੇ ਨੇ ਭੜਕਣਗੇ ‘ਬੁਸ਼ਰਾ’ ਵਾਅ ਪਈ ਦੱਸਦੀ ਏ ਉੱਚੇ ਬੂਹੇ ਖੜਕਣਗੇ

ਸਹਾਰਾ ਜਿਸ ਕਿਸੇ ਦਾ ਵੀ ਮੈਨੂੰ

ਸਹਾਰਾ ਜਿਸ ਕਿਸੇ ਦਾ ਵੀ ਮੈਨੂੰ ਦਰਕਾਰ ਸੀ ਚੁੱਪ ਸੀ ਜਿਹੜਾ ਵੀ ਪਿਆਰ ਸੀ ਦਿਲਦਾਰ ਸੀ ਗ਼ਮਖਾਰ ਸੀ ਚੁੱਪ ਸੀ ਕਹਾਣੀ ਵਧ ਰਹੀ ਸੀ ਆਖ਼ਰੀ ਮੰਜ਼ਿਲ ਵਖਾਵਣ ਵੱਲ ਉਹਦੇ ਵਿਚ ਓਹ ਜਿਹੜਾ ਇਕ ਮਰਕਜ਼ੀ ਕਿਰਦਾਰ ਸੀ ਚੁੱਪ ਸੀ ਉਡੀਕਣਹਾਰ ਸਨ ਮੰਜ਼ਿਲ ਦੇ ਜਾਣੂ ਬੋਲਦੇ ਰਸਤੇ ਪਰ ਉਹਨਾਂ ਵਿਚ ਜੋ ਸਾਡੇ ਲਈ ਜ਼ਰਾ ਦੁਸ਼ਵਾਰ ਸੀ ਚੁੱਪ ਸੀ ਗਵਾਹੀ ਦੇ ਰਹੀ ਸੀ ਸਾਰੀ ਪਰਿਆ ਬੇਗੁਨਾਹੀ ਦੀ ਜੀਹਦਾ ਨਾ ਬੋਲਣਾ ਉਸ ਵਕਤ ਸਾਡੀ ਹਾਰ ਸੀ ਚੁੱਪ ਸੀ ਨਿੱਕੇ ਜਿਹੇ ਝੂਠ ਨੇ ਓਹਦੇ ਲਬਾਂ ਤੋਂ ਲਫ਼ਜ਼ ਇੰਝ ਖੋਹੇ ਗਏ ਸਮਿਆਂ ’ਚ ਅੰਤਾਂ ਦਾ ਜੋ ਖੁਸ਼ਗੁਫ਼ਤਾਰ ਸੀ ਚੁੱਪ ਸੀ ਇਕੋ ਅੰਜਾਮ ਸੀ ਚਾਹਤ ਦੇ ਹਰ ਨਾਕਾਮ ਕਿੱਸੇ ਦਾ ਵਫ਼ਾ ਦੀ ਮਰਸੀਆਖ਼ਾਨੀ ਤੋਂ ਦਿਲ ਬੇਜ਼ਾਰ ਸੀ ਚੁੱਪ ਸੀ ਨਵੇਂ ਲੋਕਾਂ ਨਵੀਂ ਬੋਲੀ 'ਚ ਮੈਥੋਂ ਵਾਕਫ਼ੀ ਮੰਗੀ ਪੁਰਾਣੇ ਸ਼ਹਿਰ 'ਚ ਜੋ ਮੇਰਾ ਵਾਕਫ਼ਦਾਰ ਸੀ ਚੁੱਪ ਸੀ ਜ਼ਮਾਨੇ ਮੇਰੇ ਮੁੱਖ ਤੋਂ ਪੜ੍ਹ ਲਈਆਂ ਸਨ ਮੇਰੀਆਂ ਖਬਰਾਂ ਤੇ ‘ਬੁਸ਼ਰਾ ਨਾਜ਼’ ਜਿਵੇਂ ਮੈਂ ਕੋਈ ਅਖਬਾਰ ਸੀ ਚੁੱਪ ਸੀ

ਰੇਤਾਂ 'ਚੋਂ ਨਈਂ ਲੱਭਦੇ ਮੋਤੀ ਪਾਣੀ ਦੇ

ਰੇਤਾਂ 'ਚੋਂ ਨਈਂ ਲੱਭਦੇ ਮੋਤੀ ਪਾਣੀ ਦੇ ਛਾਣਨੀਆਂ ਦੇ ਨਾਲ ਨਈਂ ਟਿੱਬੇ ਛਾਣਦੇ ਹੱਥ ਲਾ ਲਾ ਕੇ ਵੇਖੀਦਾ ਨਈਂ ਰੀਝਾਂ ਨੂੰ ਇੰਝ ਨਈਂ ਮਿੱਤਰਾਂ ਆਪਣੇ ਸਾਕ ਪਛਾਣਦੇ ਫੇਰ ਨਵੀਂ ਇਕ ਆਸ ਦਾ ਸੂਰਜ ਫੁੱਟੇਗਾ ਜੀ ਉੱਠਣਗੇ ਫੇਰ ਕਿਰਦਾਰ ਕਹਾਣੀ ਦੇ ਖ਼ਬਰੇ ਕਾਹਨੂੰ ਮਾਂ ਚੇਤੇ ਆ ਜਾਂਦੀ ਏ ਜਦ ਖਿਡੌਣੇ ਵੇਖਾਂ ਬਿੱਲੋ ਰਾਣੀ ਦੇ ਕੋਈ ਵੀ ਆ ਕੇ ‘ਬੁਸ਼ਰਾ ਧੁੱਪਾਂ ਵੰਡਦਾ ਨਈਂ ਆਪਣੇ ਸਿਰ ਤੇ ਆਪੇ ਈ ਤੰਬੂ ਤਾਣੀਦੇ

ਪੱਥਰ ਏ ਅਹਿਸਾਸ ਦਵਾਉਣਾ ਪੈਣਾ ਏਂ

ਪੱਥਰ ਏ ਅਹਿਸਾਸ ਦਵਾਉਣਾ ਪੈਣਾ ਏਂ ਮਤਲਬ ਮੈਨੂੰ ਪਿਆਰ ਜਤਾਉਣਾ ਪੈਣਾ ਏਂ ਹੌਕੇ ਲੈ ਲੈ ਰੂਹਾਂ ਬਰਫ਼ਾਂ ਹੋ ਗਈਆਂ ਸਾਹਾਂ ਨੂੰ ਹੁਣ ਸੇਕ ਲਵਾਉਣਾ ਪੈਣਾ ਏਂ ਉਹ ਜੇ ਮੇਰੇ ਦਿਲ ਦੀ ਧੜਕਨ ਸੁਣਦਾ ਨਈਂ ਅੱਖਾਂ ਨੂੰ ਹੁਣ ਰੌਲ਼ਾ ਪਾਉਣਾ ਪੈਣਾ ਏਂ ਵੇਖੀਂ ਕਿਧਰੇ ਜੇ ਤੂੰ ਮੈਨੂੰ ਨਾ ਮਿਲਿਆ ਮੈਨੂੰ ਤੇਰਾ ਬੁੱਤ ਬਣਾਉਣਾ ਪੈਣਾ ਏਂ ਮੈਨੂੰ ਹੀਰ ਸਲੇਟੀ ਸਮਝਣ ਵਾਲੜਿਆ ਤੈਨੂੰ ਮਿਰਜ਼ਾ ਬਣਕੇ ਆਉਣਾ ਪੈਣਾ ਏਂ ਸ਼ੌਹ ਦਰਿਆ ਹੁਣ ‘ਬੁਸ਼ਰਾ’ ਦੀ ਮਜਬੂਰੀ ਨਈਂ ਪਰਲੇ ਪਾਰੋਂ ਓਹਨੂੰ ਆਉਣਾ ਪੈਣਾ ਏਂ

ਦਿਲ ਦਾ ਵਿਹੜਾ ਵੱਸ ਪਵੇ

ਦਿਲ ਦਾ ਵਿਹੜਾ ਵੱਸ ਪਵੇ ਪਰ ਕਿੱਥੋਂ ਇਕ ਵਾਰੀ ਓਹ ਹੱਸ ਪਵੇ ਪਰ ਕਿੱਥੋਂ ਓਹਦੇ ਤੀਕਰ ਉੱਡਕੇ ਅੱਪੜ ਜਾਵਾਂ ਜੇਕਰ ਓਹਦੀ ਦੱਸ ਪਵੇ ਪਰ ਕਿੱਥੋਂ ਖੁੱਲ੍ਹੀਆਂ ਬਾਹਵਾਂ ਦੇ ਨਾਲ਼ ਹੋਕਾ ਦੇਵਾਂ ਓਹ ਮੇਰੇ ਵੱਲ ਨੱਸ ਪਵੇ ਪਰ ਕਿੱਥੋਂ ਮੈਂ ਚਾਹੁੰਨੀ ਆਂ ਮੇਰੇ ਗ਼ਮ ਦਾ ਬੱਦਲ਼ ਓਹਦੀ ਅੱਖ ’ਚੋਂ ਵੱਸ ਪਵੇ ਪਰ ਕਿੱਥੋਂ ਹਰ ਪਲ ਓਹਦੀਆਂ ਸੋਚਾਂ ਯਾਦਾਂ ਵਾਲ਼ਾ ਦਿਲ ਵਿਚ ਨਾ ਘੜਮੱਸ ਪਵੇ ਪਰ ਕਿੱਥੋਂ ਜਾਵਣ ਵਾਲਾ ਜੇ ‘ਬੁਸ਼ਰਾ’ ਮੁੜ ਆਵੇ ਲਗਰਾਂ ਦੇ ਵਿਚ ਰਸ ਪਵੇ ਪਰ ਕਿੱਥੋਂ

ਓਹਦੀ ਯਾਦ 'ਚ ਅੱਖ ਭਰ ਆਵੇ

ਓਹਦੀ ਯਾਦ 'ਚ ਅੱਖ ਭਰ ਆਵੇ ਕੈਸੀ ਗੱਲ ਏ ਜੀਹਦੇ ਹੁੰਦਿਆਂ ਦਿਲ ਘਬਰਾਵੇ ਕੈਸੀ ਗੱਲ ਏ ਜੀਹਨੂੰ ਇਲਮ ਏ ਹਰ ਇਕ ਗੱਲ ਦਾ ਹਰ ਇਕ ਗੱਲ ਦਾ ਓਹਦੀ ਸਮਝੇ ਕੁਝ ਨਾ ਆਵੇ ਕੈਸੀ ਗੱਲ ਏ ਸੁੱਖ ਨੂੰ ਆਪਣੇ ਨਾਲ ਬਿਠਾ ਕੇ ਸੱਜੇ ਪਾਸੇ ਬੰਦਾ ਦੁੱਖ ਦਾ ਹਾਲ ਸੁਣਾਵੇ ਕੈਸੀ ਗੱਲ ਏ ਕੋਈ ਨਈਂ ਸੁਣਦਾ ਹਾਲ ਗਰੀਬ ਦਾ ਇਸ ਦੁਨੀਆਂ ਤੇ ਜਿੰਨਾ ਮਰਜ਼ੀ ਰੌਲ਼ਾ ਪਾਵੇ ਕੈਸੀ ਗੱਲ ਏ ਓਹਦੇ ਲਈ ਤੇ ਕਿਸੇ ਨਈਂ ਲਿਖਿਆ ਅੱਜ ਤੀਕਰ ਜੀਣ ਦੀ ਖਾਤਰ ਜੋ ਮਰ ਜਾਵੇ ਕੈਸੀ ਗੱਲ ਏ ਜਿਹੜਾ ਬੰਦਾ ਕੁਝ ਨਾ ਹੋਵੇ ਉਹ ਬੰਦਾ ਉੱਚਾ ਆਪਣਾ ਨਾਮ ਸਦਾਵੇ ਕੈਸੀ ਗੱਲ ਏ ਓਹਦੇ ਉੱਤੇ ਹਿਰਖ ਨਈਂ ਆਉਂਦਾ ‘ਬੁਸ਼ਰਾ’ ਜਿਹੜਾ ਗੱਲ ਗੱਲ ਉੱਤੇ ਲਾਰੇ ਲਾਵੇ ਕੈਸੀ ਗੱਲ ਏ

ਮਿੱਠੇ ਲਹਿਜ਼ੇ ਜ਼ਹਿਰ ਨੀ ਹੁੰਦੇ

ਮਿੱਠੇ ਲਹਿਜ਼ੇ ਜ਼ਹਿਰ ਨੀ ਹੁੰਦੇ ਔਖੇ ਵੇਲ਼ੇ ਕਹਿਰ ਨੀ ਹੁੰਦੇ ਥਾਂ ਥਾਂ ਨੱਸਦਾ ਭੱਜਦਾ ਫਿਰਦਾ ਸੁਣਿਆਂ ਝੂਠ ਦੇ ਪੈਰ ਨੀ ਹੁੰਦੇ ਪਹਿਲਾਂ ਪਹਿਲ ਤੇ ਇੰਝ ਲੱਗਦਾ ਸੀ ਵੀਰਾਂ ਦੇ ਵਿਚ ਵੈਰ ਨੀ ਹੁੰਦੇ ਜਗ ਦੀ ਕਿਸੇ ਅਦਾਲਤ ਦੇ ਵਿਚ ਇਸ਼ਕ ਦੇ ਪਰਚੇ ਦੈਰ ਨੀ ਹੁੰਦੇ ਜ਼ੁਰਅਤ ਨਾਲ ਤੇ ਹੋ ਸਕਦੇ ਨੇ ਗੱਲਾਂ ਦੇ ਨਾਲ ਫੈਰ ਨੀ ਹੁੰਦੇ ਇਸ ਮੁਲਕ ਦੇ ਸਾਰੇ ਸਿਸਟਮ ਜਿੱਦਾਂ ਪਾਟੇ ਟੈਰ ਨੀ ਹੁੰਦੇ ਇੰਝ ਮਿਲਦੇ ਨੇ ਅੱਜ-ਕੱਲ੍ਹ ‘ਬੁਸ਼ਰਾ’ ਆਪਣੇ ਜਿੱਦਾਂ ਗ਼ੈਰ ਨੀ ਹੁੰਦੇ

ਓਹਦੀ ਸੀ.ਬੀ. ਦਾ ਕੀ ਕਰੀਏ

ਓਹਦੀ ਸੀ.ਬੀ. ਦਾ ਕੀ ਕਰੀਏ ਬੇਤਰਤੀਬੀ ਦਾ ਕੀ ਕਰੀਏ ਅੱਖੋਂ ਓਹਲੇ ਕਰ ਛੱਡਿਆ ਏ ਦਿਲੋਂ ਕਰੀਬੀ ਦਾ ਕੀ ਕਰੀਏ ਲੋਕੀਂ ਸ਼ਕਲਾਂ ਪੜ੍ਹ ਲੈਂਦੇ ਨੇ ਯਾਰ ਗ਼ਰੀਬੀ ਦਾ ਕੀ ਕਰੀਏ ਚਾਰੇ ਪਾਸੇ ਖਿੱਲਰੀ ਹੋਈ ਬਦ-ਤਹਿਜ਼ੀਬੀ ਦਾ ਕੀ ਕਰੀਏ ਇਹ ਨਈਂ ਹਟਦੀ ਸੱਚ ਬੋਲਣ ਤੋਂ ‘ਬੁਸ਼ਰਾ’ ਬੀਬੀ ਦਾ ਕੀ ਕਰੀਏ

ਗੱਲ ਨੂੰ ਠੱਪਾਂ ਜਾਂ ਭੜਕਾਵਾਂ ਮੇਰੀ ਮਰਜ਼ੀ

ਗੱਲ ਨੂੰ ਠੱਪਾਂ ਜਾਂ ਭੜਕਾਵਾਂ ਮੇਰੀ ਮਰਜ਼ੀ ਅੱਗ ਲਾਵਾਂ ਜਾਂ ਮਿੱਟੀ ਪਾਵਾਂ ਮੇਰੀ ਮਰਜ਼ੀ ਅੰਨ੍ਹੇ ਬੰਦੇ ਕੋਲ਼ੋਂ ਪੁੱਛਾਂ ਸ਼ਹਿਰ ਦਾ ਰਾਹ ਮੈਂ ਬੋਲ਼ੇ ਨੂੰ ਸ਼ਿਅਰ ਸੁਣਾਵਾਂ ਮੇਰੀ ਮਰਜ਼ੀ ਓਹਨੇ ਮਿੰਨਤਾਂ ਤਰਲੇ ਪਾ ਪਾ ਮੈਨੂੰ ਸੱਦਿਆ ਹੁਣ ਮੈਂ ਜਾਵਾਂ ਜਾਂ ਨਾ ਜਾਵਾਂ ਮੇਰੀ ਮਰਜ਼ੀ ਜੀਹਦੇ ਕੋਲ਼ੋਂ ਧੋਖਾ ਖਾਧਾ ਜਾਣਕੇ ਪਹਿਲਾਂ ਫੇਰ ਉਸੇ ਤੋਂ ਧੋਖਾ ਖਾਵਾਂ ਮੇਰੀ ਮਰਜ਼ੀ ਧਾਹਾਂ ਮਾਰਕੇ ਰੋਵਾਂ ਉਹਦੇ ਜਾਣ ਦਾ ਸੁਣਕੇ ਜਾਂ ਫਿਰ ‘ਬੁਸ਼ਰਾ’ ਲੁੱਡੀਆਂ ਪਾਵਾਂ ਮੇਰੀ ਮਰਜ਼ੀ

ਕਈ ਸੇਰਾਂ ਤੋਂ ਵੱਧ ਏ ਵੱਟੀ ਸੂਤਰ ਦੀ

ਕਈ ਸੇਰਾਂ ਤੋਂ ਵੱਧ ਏ ਵੱਟੀ ਸੂਤਰ ਦੀ ਮਿਸਰ ਬਾਜ਼ਾਰੇ ਯਾਦ ਏ ਅੱਟੀ ਸੂਤਰ ਦੀ ਦਿਲ ’ਕੱਲਾ ਨਈਂ ਸੜਿਆ ਚਾਅ ਈ ਸੜ ਗਏ ਨੇ ਸਾਹ ਸਾਹ ਨਾਲ ਸੁਆਹ ਏ ਖੱਟੀ ਸੂਤਰ ਦੀ ਹਰ ਪਾਸੇ ਕਿਉਂ ਅੱਗਾਂ ਲਾਈ ਜਾਂਦੇ ਨੇ ਅੱਖਾਂ ਉੱਤੇ ਬੰਨਕੇ ਪੱਟੀ ਸੂਤਰ ਦੀ ਦਰਦ ਬਾਜ਼ਾਰੇ ਦਿਲ ਦੇ ਲਾਂਬੂ ਵੇਖੇ ਨੇ ਕੀਹਨੇ ਕੀਹਨੇ ਸਾੜੀ ਅੱਟੀ ਸੂਤਰ ਦੀ ਆਪਣੀ ਥਾਂ ਤੋਂ ਇਕ ਸੂਤਰ ਵੀ ਹਿੱਲੀ ਨਈਂ ‘ਬੁਸ਼ਰਾ’ ਭਰਨੀ ਪਈ ਏ ਚੱਟੀ ਸੂਤਰ ਦੀ

ਐਸੇ ਗੱਲੋਂ ਤੇ ਵੀਰਾਨ ਨਈਂ ਹੋ ਸਕਦੀ

ਐਸੇ ਗੱਲੋਂ ਤੇ ਵੀਰਾਨ ਨਈਂ ਹੋ ਸਕਦੀ ਕੁਝ ਵੀ ਹੋਵਾਂ ਬੇ-ਈਮਾਨ ਨਈਂ ਹੋ ਸਕਦੀ ਐਸੀਆਂ ਨਜ਼ਰਾਂ ਦੇ ਵਿਚ ਰਹਿਣ ਦਾ ਫੈਦਾ ਕੀ ਜਿਹੜੇ ਦਿਲ ਦਾ ਮੈਂ ਅਰਮਾਨ ਨਈਂ ਹੋ ਸਕਦੀ ਇਕ ਦਿਨ ਸੱਚੀਂ ਆਪਣੇ ਆਪ ਨਾਲ਼ ਲੜ ਪਈ ਮੈਂ ਕੀ ਗੱਲ ਮੈਂ ਧਰਤੀ ਦਾ ਮਾਣ ਨਈਂ ਹੋ ਸਕਦੀ ਆਪਣੇ ਆਪ 'ਤੇ ਮਾਣ ਹੀ ਮੈਨੂੰ ਏਨਾ ਏਂ ਓਹਦੇ ਹਿਜਰ 'ਚ ਹੁਣ ਹਲਕਾਨ ਨਈਂ ਹੋ ਸਕਦੀ ਜਿਹੜਾ ਚਾਹੇ ਓਹਦੀ ਸਮਝੇ ਆ ਜਾਂ ਮੈਂ ਐਡੀ ਸੌਖੀ ਤੇ ਆਸਾਨ ਨਈਂ ਹੋ ਸਕਦੀ ਤੇਰੀਆਂ ਗੱਲਾਂ ਉੱਤੇ ਸੱਜਣਾ ਪਹਿਲਾਂ ਮੈਂ ਹੋ ਸਕਦੀ ਸੀ ਹੁਣ ਕੁਰਬਾਨ ਨਈਂ ਹੋ ਸਕਦੀ ਧਰਤੀ ਹੋਣਾ ਜੇ ਅਸਮਾਨ ਦੇ ਵੱਸ 'ਚ ਨਈਂ ‘ਬੁਸ਼ਰਾ’ ਧਰਤੀ ਵੀ ਅਸਮਾਨ ਨਈਂ ਹੋ ਸਕਦੀ

ਛੱਜ ਤੋਂ ਉੱਚਾ ਛਾਣਨੇ ਚੀਕੇ

ਛੱਜ ਤੋਂ ਉੱਚਾ ਛਾਣਨੇ ਚੀਕੇ ਹੱਦ ਨੀ ਮੁੱਕਗੀ ਅੰਨ੍ਹੀ ਅੱਖ ਵੀ ਖ਼ਾਬ ਉਡੀਕੇ ਹੱਦ ਨੀ ਮੁੱਕਗੀ ਪਿਆਸ ਬੁਝਾਉਂਦੇ ਅੱਖੀਂ ਵੇਖੇ ਥਲ ਵਿਚ ਬੱਚੇ ਪਾਣੀ ਦੀ ਥਾਂ ਅੱਥਰੂ ਪੀ ਕੇ ਹੱਦ ਨੀ ਮੁੱਕਗੀ ਗੱਲ ਕਰਨੇ ਦਾ ਚੱਜ ਨਈਂ ਜੀਹਨੂੰ ਕੈਸੀ ਗੱਲ ਏ ਓਹੋ ਦੱਸੇ ਜੀਣ ਤਰੀਕੇ ਹੱਦ ਨੀ ਮੁੱਕਗੀ ਵੱਡਾ ਉਰਦੂ ਮੈਨ ਅਸਾਨੂੰ ਆਖਣ ਲੱਗਾ ਹਮ ਨਹੀਂ ਬਨਤੇ ਯਾਰ ਕਿਸੀ ਕੇ ਹੱਦ ਨੀ ਮੁੱਕਗੀ ਤੂੰ ਕਹਿਨਾ ਏ ਝੂਠਾ ਹਾਸਾ ਹੱਸੀ ਜਾਵਾਂ ਸੱਜਣਾ ਜ਼ਹਿਰ ਪਿਆਲਾ ਪੀ ਕੇ ਹੱਦ ਨੀ ਮੁੱਕਗੀ ਜ਼ਾਲਮ ਜਾਬਰ ਅੱਗੇ ‘ਬੁਸ਼ਰਾ’ ਹੋ ਨਈਂ ਸਕਦਾ ਬੈਠੀ ਰਹਿਜੇਂ ਬੁੱਲੀਆਂ ਸੀਅ ਕੇ ਹੱਦ ਨੀ ਮੁੱਕਗੀ

ਜੇਕਰ ਓਹਨੇ ਪ੍ਰੀਤ ਨਿਭਾਣੀ

ਜੇਕਰ ਓਹਨੇ ਪ੍ਰੀਤ ਨਿਭਾਣੀ ਛੱਡ ਦਿੱਤੀ ਏ ਮੈਂ ਵੀ ਦਿਲ ਦੀ ਗੱਲ ਸੁਨਾਣੀ ਛੱਡ ਦਿੱਤੀ ਏ ਰਾਹਵਾਂ ਮੱਲ ਕੇ ਬਹਿੰਦੀ ਸਾਂ ਮੈਂ ਜੀਹਦੀ ਖਾਤਰ ਅੱਖਾਂ ਨੇ ਉਹ ਸਾਂਝ ਪੁਰਾਣੀ ਛੱਡ ਦਿੱਤੀ ਏ ਇੱਜ਼ਤਾਂ ਵਾਲ਼ੇ ਅਣਖੀ ਰਿਸ਼ਤੇ ਹੁਣ ਨਈਂ ਲੱਭਦੇ ਹੁਣ ਲੋਕਾਂ ਨੇ ਪੱਗ ਵਟਾਣੀ ਛੱਡ ਦਿੱਤੀ ਏ ਹਾਕਮ ਦੇ ਦਰਬਾਰ ’ਚ ਗ਼ਜ਼ਲਾਂ ਮੈਂ ਨਈਂ ਪੜ੍ਹਦੀ ਮੱਝਾਂ ਅੱਗੇ ਬੀਨ ਵਜਾਣੀ ਛੱਡ ਦਿੱਤੀ ਏ ਸੱਜਣਾ ਦੀ ਸੰਗਤ ਨਾਲ ਹਰ ਤਹਿਵਾਰ ਏ ‘ਬੁਸ਼ਰਾ’ ਮੁੱਦਤਾਂ ਹੋਈਆਂ ਈਦ ਮਨਾਣੀ ਛੱਡ ਦਿੱਤੀ ਏ

ਕਾਗਜ਼ ਚੁਗਦੇ ਚੰਨ ਸਿਤਾਰੇ

ਕਾਗਜ਼ ਚੁਗਦੇ ਚੰਨ ਸਿਤਾਰੇ ਚੌਂਕਾਂ ਤੋਂ ਸੱਚ ਨੀ ਸੁਣਿਆਂ ਜਾਂਦਾ ਝੂਠਿਆਂ ਲੋਕਾਂ ਤੋਂ ਤੇਰੇ ਤੋਂ ਨਈਂ ਕਸਮੇਂ ਰੱਬ ਦੀ ਤੇਰੇ ਤੋਂ ਡਰ ਲੱਗਦਾ ਏ ਮੈਨੂੰ ਤੇਰਿਆਂ ਸ਼ੌਂਕਾਂ ਤੋਂ ਨਾਮ ਮੁਕਾਮ ਹਮੇਸ਼ਾਂ ਕੰਮ ਨਾਲ਼ ਬਣਦਾ ਏ ਕਦੇ ਨਈਂ ਹੁੰਦੇ ਲੋਕ ਮੁਤਾਸਰ ਜੋਕਾਂ ਤੋਂ ਨਿੱਕਿਆਂ ਲੋਕਾਂ ਨੂੰ ਮੈਂ ਨਿੱਕਾ ਜਾਣਦੀ ਰਹੀ ਕੁਝ ਨਈਂ ਸਿੱਖਿਆ ਅੱਜ ਤੱਕ ਵੱਡਿਆਂ ਲੋਕਾਂ ਤੋਂ ਹਾਕਮ ਤੇ ਜ਼ਰਦਾਰ ਜਿਹੜੇ ਅਖਵਾਉਂਦੇ ਨੇ ਖੌਰੇ ਕਦ ਜਿੰਦ ਛੁੱਟਣੀ ਇਹਨਾਂ ਜੋਕਾਂ ਤੋਂ ਰੱਬ ਸੋਹਣੇ ਤੋਂ ਬਾਅਦ ਬੜਾ ਡਰ ਲੱਗਦਾ ਏ ਡਰ ਲੱਗਦਾ ਏ ‘ਬੁਸ਼ਰਾ' ਨੂੰ ਡਰਪੋਕਾਂ ਤੋਂ

ਨਾ ਛੱਡ ਰੋ ਰੋ ਅਰਜ਼ੀ ਕੀਤੀ

ਨਾ ਛੱਡ ਰੋ ਰੋ ਅਰਜ਼ੀ ਕੀਤੀ ਪਰ ਉਸਨੇ ਖੁਦਗਰਜ਼ੀ ਕੀਤੀ ਰੱਜ ਕੇ ਇਸ਼ਕ ਨੂੰ ਖੱਜਲ਼ ਕੀਤਾ ਜਾਣ ਕੇ ਕੇ ਮੈਂ ਲਾ-ਗਰਜ਼ੀ ਕੀਤੀ ਮੈਂ ਦਿਲ ਨਾਲ ਤੇ ਉਹਨੇ ਮੇਰੇ ਨਾਲ਼ ਮੁਹੱਬਤ ਫ਼ਰਜ਼ੀ ਕੀਤੀ ਕੱਚੇ ਘਰ ਤੇ ਮੀਂਹ ਵਰਸਾਇਆ ਰੱਬ ਨੇ ਆਪਣੀ ਮਰਜ਼ੀ ਕੀਤੀ ਅੱਲ੍ਹਾ ਕਰਕੇ ਮਰੇ ਨਖੱਤਾ ਕੁੜਤੀ ਤੰਗ ਜਿਸ ਦਰਜ਼ੀ ਕੀਤੀ ਡੰਗਰ ਇਸ਼ਕ ਨਈਂ ਕਰਦੇ ‘ਬੁਸ਼ਰਾ’ ਇਹ ਨੇਕੀ ਵੀ ਹਰਜ਼ੀ ਕੀਤੀ

ਕਿਸਮਤ ਰੱਬ ਅਵੱਲੀ ਦਿੱਤੀ

ਕਿਸਮਤ ਰੱਬ ਅਵੱਲੀ ਦਿੱਤੀ ਕਸਮੇਂ ਮੱਲੋ ਮੱਲੀ ਦਿੱਤੀ ਦਿੱਤੀ ਸੱਜਣਾ ਪਿਆਰ ਨਿਸ਼ਾਨੀ ਹੋਰ ਕਿਸੇ ਦੀ ਘੱਲੀ ਦਿੱਤੀ ਓਹਦੇ ਵੱਲੋਂ ਆਪਣੇ ਦਿਲ ਨੂੰ ਸਾਰੀ ਉਮਰ ਤਸੱਲੀ ਦਿੱਤੀ ਵੇਲ਼ੇ ਦਾ ਪੱਛ ਬੰਨਣ ਦੇ ਲਈ ਚੁੰਨੀ ਪਾੜਕੇ ਟੱਲੀ ਦਿੱਤੀ ਅੱਜ ਵੀ ਇਕ ਮਜਬੂਰ ਨੇ ਦਾਜ 'ਚ ਹਰ ਸ਼ੈਅ ਕੱਲ੍ਹੀ ਕੱਲ੍ਹੀ ਦਿੱਤੀ ਹਰ ਵੇਲ਼ੇ ਦੀ ਦਿਲ ਕਮਲ਼ੇ ਨੂੰ ਰੱਬਾ ਕਿਉਂ ਤਰਥੱਲੀ ਦਿੱਤੀ ਰੀਝਾਂ ਜੋੜਕੇ ਰੰਗ ਬਿਰੰਗੀਆਂ ‘ਬੁਸ਼ਰਾ’ ਮਾਂ ਨੇ ਰੱਲੀ ਦਿੱਤੀ

ਦੁੱਖਾਂ ਦੀ ਹੜਤਾਲ਼ ਏ ਅੱਜ-ਕੱਲ੍ਹ

ਦੁੱਖਾਂ ਦੀ ਹੜਤਾਲ਼ ਏ ਅੱਜ-ਕੱਲ੍ਹ ਹੈਰਤ ਏ ਸੁੱਖ ਬਣਿਆਂ ਘੜਿਆਲ ਏ ਅੱਜ-ਕੱਲ੍ਹ ਹੈਰਤ ਏ ਹਰ ਬੰਦੇ ਦੇ ਕੋਲ਼ ਏ ਹਾਸਾ ਹੱਸਣ ਲਈ ਫਿਰ ਵੀ ਉਹ ਬੇ-ਹਾਲ ਏ ਅੱਜ-ਕੱਲ੍ਹ ਹੈਰਤ ਏ ਜਿਹੜਾ ਸਾਨੂੰ ਦੂਰੋਂ ਵੇਖਕੇ ਰਾਜ਼ੀ ਨਈਂ ਸੀ ਉਹ ਵੀ ਸਾਡੇ ਨਾਲ਼ ਏ ਅੱਜ-ਕੱਲ੍ਹ ਹੈਰਤ ਏ ਝੂਠਾ ਲੁੱਚਾ ਹਰ ਥਾਂ ਸਭ ਤੋਂ ਉੱਚਾ ਏ ਸੱਚ ਕਹਿਣਾ ਵੀ ਗਾਲ਼ ਏ ਅੱਜ-ਕੱਲ੍ਹ ਹੈਰਤ ਏ ਕੱਲ੍ਹ ਤੱਕ ਦਾਲ 'ਚ ਕਾਲ਼ਾ ਸੁਣਦੇ ਹੁੰਦੇ ਸੀ ਕਾਲ਼ੀ ਸਾਰੀ ਦਾਲ਼ ਏ ਅੱਜ-ਕੱਲ੍ਹ ਹੈਰਤ ਏ ਹਰ ਬੰਦੇ ਦੇ ਜ਼ਿਹਨ 'ਚ ਦੂਜੇ ਬੰਦੇ ਲਈ ਪੁੱਠੀ ਸਿੱਧੀ ਚਾਲ ਏ ਅੱਜ-ਕੱਲ੍ਹ ਹੈਰਤ ਏ ਮੈਂ 'ਕੱਲੀ ਨਈਂ ਰੋਂਦੀ ਖੂਨ ਦੇ ਰਿਸ਼ਤਿਆਂ ਨੂੰ ਘਰ-ਘਰ ਏਹੋ ਹਾਲ ਏ ਅੱਜ-ਕੱਲ੍ਹ ਹੈਰਤ ਏ ਜੀਹਨੂੰ ਬੁਸ਼ਰਾ ਉਂਗਲ ਫੜ੍ਹ ਕੇ ਟੁਰਨਾ ਦੱਸਿਆ ਉਹਦੀ ਅੱਖ 'ਚ ਵਾਲ਼ ਏ ਅੱਜ-ਕੱਲ੍ਹ ਹੈਰਤ ਏ

ਜੇ ਕੰਡੇ ਤੇ ਟਸ ਨੂੰ ਜਰਨਾ

ਜੇ ਕੰਡੇ ਤੇ ਟਸ ਨੂੰ ਜਰਨਾ ਬਣਦਾ ਸੀ ਫੇਰ ਪਾਣੀ ਦਾ ਡੁੱਬਕੇ ਮਰਨਾ ਬਣਦਾ ਸੀ ਰੱਬ ਈ ਜਾਣੇ ਇਸ਼ਕਾ ਤੇਰੀਆਂ ਰਮਜ਼ਾਂ ਨੂੰ ਉਂਝ ਤੇ ਹੌਲ਼ੀ ਸ਼ੈਅ ਦਾ ਤਰਨਾ ਬਣਦਾ ਸੀ ਜਿੱਤਣ ਦੀ ਤੇ ਆਦੀ ਸਾਂ ਪਰ ਓਹਦੇ ਤੋਂ ਹਾਰ ਗਈ ਆਂ ਮੇਰਾ ਹਰਨਾ ਬਣਦਾ ਸੀ ਫੇਰ ਕਿਸੇ ਦਿਨ ਛੇੜਾਂਗੇ ਇਸ ਮਸਲੇ ਨੂੰ ਕੀਹਦਾ ਕੀਹਦੇ ਕੋਲ਼ੋ ਡਰਨਾ ਬਣਦਾ ਸੀ ਵੇਲ਼ਾ ਆਉਣ ਤੋਂ ਪਹਿਲਾਂ ਮਰਨੇ ਵਾਲ਼ੇ ਦਾ ਵੇਲ਼ਾ ਆਉਣ ਤੋਂ ਪਹਿਲਾਂ ਮਰਨਾ ਬਣਦਾ ਸੀ ‘ਬੁਸ਼ਰਾ’ ਓਹਨੇ ਗੱਲ ਕੀਤੀ ਸੀ ਵਿਛੜਨ ਦੀ ਝੱਲੀਏ ਝੱਲੀ ਅੱਖ ਦਾ ਭਰਨਾ ਬਣਦਾ ਸੀ

ਰੋੜ ਗ਼ਮਾਂ ਦੇ ਅੱਖ ਵਿਚ

ਰੋੜ ਗ਼ਮਾਂ ਦੇ ਅੱਖ ਵਿਚ ਪੀਂਹਣੇ ਪੈਂਦੇ ਨੇ ਜੀਵਨ ਸੌਖੇ ਥੋੜੀ ਜੀਣੇ ਪੈਂਦੇ ਨੇ ਆਪੇ ਆਪਣੀ ਨਿੰਦਿਆਂ ਕਰਨੀ ਪੈਂਦੀ ਏ ਪਾਟੇ ਗਲ਼ਮੇ ਆਪ ਈ ਸੀਣੇ ਪੈਂਦੇ ਨੇ ਜ਼ਹਿਰ ਤੋਂ ਕੌੜੇ ਹੁੰਦੇ ਘੁੱਟ ਵਿਛੋੜੇ ਦੇ ਪੀ ਨਈਂ ਹੁੰਦੇ ਫਿਰ ਵੀ ਪੀਣੇ ਪੈਂਦੇ ਨੇ ਦੁੱਖ ਲਿਫ਼ਾਫ਼ੇ ਦੇ ਵਿਚ ਕਿੰਨੇ ਮਾਵਾਂ ਦੇ ਪਾਉਣੇ ਪੈਣ ਤੇ ਪੁੱਛਿਆ ਧੀ ਨੇ ਪੈਂਦੇ ਨੇ ਰਾਹਾਂ ਮੱਲਕੇ ਬੈਠੇ ਨੇ ਹਲਕਾਏ ਹੋਏ ਲੰਘਦੇ ਵੜਦੇ ਰੋਜ਼ ਕਮੀਨੇ ਪੈਂਦੇ ਨੇ ਬੁਸ਼ਰਾ ਫੱਟ ਤੇ ਹਰ ਕੋਈ ਲਾਉਂਦਾ ਫਿਰਦਾ ਏ ਓਹਨੂੰ ਪੁੱਛੋ ਜੀਹਨੂੰ ਸੀਣੇ ਪੈਂਦੇ ਨੇ

ਜੀਅ ਕਰਦਾ ਏ ਉੱਚੀ ਉੱਚੀ ਰੋਵਾਂ ਮੈਂ

ਜੀਅ ਕਰਦਾ ਏ ਉੱਚੀ ਉੱਚੀ ਰੋਵਾਂ ਮੈਂ ਕੋਈ ਨਾ ਹੋਵੇ ਤੂੰ ਹੋਵੇਂ ਜਾਂ ਹੋਵਾਂ ਮੈਂ ਆਪਣੇ ਆਪ 'ਚ ਲੁਕਿਆ ਉਹਨੂੰ ਵੇਖਣ ਲਈ ਮੁੜ ਮੁੜ ਸ਼ੀਸ਼ੇ ਮੂਹਰੇ ਆਣ ਖਲੋਵਾਂ ਮੈਂ ਲੋਕੀਂ ਮੈਨੂੰ ਅੱਧੀ ਪਾਗਲ ਕਹਿੰਦੇ ਨੇ ਹੋ ਸਕਦਾ ਏ ਪੂਰੀ ਪਾਗਲ ਹੋਵਾਂ ਮੈਂ ਮੈਨੂੰ ਕੋਲ਼ ਬਿਠਾ ਕੇ ਮੈਨੂੰ ਲੱਭਿਆ ਕਰ ਤੇਰਿਆਂ ਹੁੰਦਿਆਂ ਹੋਇਆਂ ਕਿਵੇਂ ਹੋਵਾਂ ਮੈਂ ਕਦ ਤੱਕ ਜਾਗਾਂ ਅੱਖਾਂ ਮੀਟ ਕੇ ਦੁਨੀਆਂ ਵਿਚ ਕਦ ਤੱਕ ‘ਬੁਸ਼ਰਾ’ ਅੱਖਾਂ ਖੋਲ੍ਹ ਕੇ ਸੌਂਵਾਂ ਮੈਂ

ਚਿੱਟਾ ਦਿਨ ਵਾਂ ਭਾਵੇਂ ਰਾਤ ਹਨ੍ਹੇਰੀ ਆਂ

ਚਿੱਟਾ ਦਿਨ ਵਾਂ ਭਾਵੇਂ ਰਾਤ ਹਨ੍ਹੇਰੀ ਆਂ ਤੇਰੀ ਆਂ ਵੇ ਮੰਨ ਲਾ ਸੱਜਣਾ ਤੇਰੀ ਆਂ ਸਾਰੇ ਲੋਕੀਂ ਰਹਿਮਤ ਮੰਨਣ ਲੱਗ ਪਏ ਨੇ ਹੁਣ ਤੇ ਮੈਂ ਵੀ ਕਿਸਮਤ ਵਾਲ਼ੀ ਬੇਰੀ ਆਂ ਮੈਨੂੰ ਨੀਵਾਂ ਕਰ ਛੱਡਣਾ ਸੀ ਵੇਲ਼ੇ ਨੇ ਆਪਣੀ ਹਿੰਮਤ ਜ਼ੁਰਅਤ ਨਾਲ ਉਚੇਰੀ ਆਂ ਆਪਣੇ ਦੁੱਖ-ਸੁੱਖ ਆਪਣੇ ਨਾਲ ਈ ਵੰਡੇ ਨੇ ਓਹਦੇ ਲਈ ਬਸ ਮਿੱਟੀ ਦੀ ਇਕ ਢੇਰੀ ਆਂ ਆਪਣੇ ਆਪ ਨੂੰ ਤੋੜਨ ਲਈ ਤੜਫਾਵਣ ਲਈ ਤੂੰ ਨਾ ਜਹਿਮਤ ਕਰ ਮੈਂ ਆਪ ਬਥੇਰੀ ਆਂ ਜਿਹੜੀ ਅੱਜ ਤੱਕ ਤੂੰ ਕੀਤੀ ਏ ਮੇਰੇ ਨਾਲ਼ ਸੱਚੀ ਦੱਸਾਂ ਓਹੋ ਹੇਰਾ-ਫੇਰੀ ਆਂ ਜਾਂ ਤੇ ਮੈਨੂੰ ਘੁੰਮਣਘੇਰੀ ਘੇਰਿਆ ਏ ਜਾਂ ਫਿਰ ‘ਬੁਸ਼ਰਾ’ ਆਪੇ ਘੁੰਮਣਘੇਰੀ ਆਂ

ਮੰਨ ਗਈ ਆਂ ਮੈਂ ਦੁੱਖਾਂ ਦੀ

ਮੰਨ ਗਈ ਆਂ ਮੈਂ ਦੁੱਖਾਂ ਦੀ ਹੁਸ਼ਿਆਰੀ ਨੂੰ ਘੇਰ ਲਿਆ ਏ ਵੇਖਕੇ ਕੱਲੀ ਕਾਹਰੀ ਨੂੰ ਪਿਆਰ ਦੇ ਨਾਂ ਤੇ ਖੇਡਾਂ ਖੇਡੀ ਜਾਂਦਾ ਏ ਦਿਲ ਦੇ ਬੈਠੀ ਆਂ ਮੈਂ ਕੇਸ ਮਦਾਰੀ ਨੂੰ ਇਕ ਦਿਨ ਮੈਨੂੰ ਚੇਤੇ ਕਰ ਕਰ ਰੋਵੇਂਗਾ ਠੋਕਰ ਮਾਰਕੇ ਆਈ ਸਾਂ ਸਰਦਾਰੀ ਨੂੰ ਤੇਰੇ ਵਰਗਾ ਦੂਜਾ ਲੱਭਣ ਟੁਰ ਪਈ ਆਂ ਪੜ੍ਹਨੇ ਪਾ ਦਿੱਤਾ ਏ ਅੱਖ ਵਿਚਾਰੀ ਨੂੰ ਆਪਣੇ ਆਪ ਨੂੰ ਲਿਖ ਲਿਖ ਰੁੱਕੇ ਸਾਂਭੇ ਨੇ ਪਾਗਲ ਕਰ ਛੱਡਿਆ ਏ ਮੈਂ ਅਲਮਾਰੀ ਨੂੰ ਓਹਨੇ ਪਰਤ ਕੇ ਆਉਣ ਦਾ ਵਾਅਦਾ ਕੀਤਾ ਸੀ ਵੇਖੀ ਜਾਵਾਂ ਆਉਂਦੀ ਜਾਂਦੀ ਲਾਰੀ ਨੂੰ ਰੱਬਾ ਤੇਰੇ ਤਾਕਤਵਰ ਕੁਝ ਬੰਦਿਆਂ ਨੇ ਲੁੱਟ ਲਿਆ ਏ ਤੇਰੀ ਖਲਕਤ ਸਾਰੀ ਨੂੰ ਖੌਰੇ ਕਦ ਮੁੱਕਣਾ ਏ ਸਫ਼ਰ ਹਯਾਤੀ ਦਾ ਚੱਕ-ਚੱਕ ਥੱਕ ਗਈ ਆਂ ਮੈਂ ਜਿੰਦੜੀ ਭਾਰੀ ਨੂੰ ‘ਬੁਸ਼ਰਾ’ ਮੇਰੇ ਮਗਰ ਮੁਹੱਬਤ ਪੈ ਗਈ ਏ ਕਿਵੇਂ ਮਗਰੋਂ ਲਾਹਵਾਂ ਏਸ ਬਿਮਾਰੀ ਨੂੰ

ਜਿਹੜੀ ਅੱਖ ਨੇ ਸੱਜਣਾ ਮੈਨੂੰ

ਜਿਹੜੀ ਅੱਖ ਨੇ ਸੱਜਣਾ ਮੈਨੂੰ ਵੇਖ ਲਿਆ ਓਹ ਇਹ ਸਮਝੇ ਓਹਨੇ ਤੈਨੂੰ ਵੇਖ ਲਿਆ ਦਿਲ ਵਿਚ ਚੁਭੀ ਪੈਰ 'ਚ ਚੁਭਣ ਵਾਲ਼ੀ ਸ਼ੈਅ ਇਸ਼ਕ 'ਚ ਕਾਹਨੂੰ ਮੈਂ ਕੰਡੇ ਨੂੰ ਵੇਖ ਲਿਆ ਮਾਂ ਨੇ ਪੁੱਛਿਆ ਅੰਨ੍ਹੀ ਹੋਈ ਫਿਰਨੀ ਏ ਕਿਵੇਂ ਦੱਸਾਂ ਅੱਜ ਮੈਂ ਕੀਹਨੂੰ ਵੇਖ ਲਿਆ ਆਪਣੇ ਆਪ ਨੂੰ ਕੋਝਾ ਜਾਣਕੇ ਲੁਕਦੀ ਰਹੀ ਚੰਗਾ ਹੋਇਆ ਓਹਨੇ ਮੈਨੂੰ ਵੇਖ ਲਿਆ ਖ਼ਬਰੇ ਕੀ ਬਣਨਾ ਏ ਮੇਰੀਆਂ ਅੱਖੀਆਂ ਦਾ ਜਿਸ ਦਿਨ ਇਹਨਾ ਸੱਚੀ ਤੈਨੂੰ ਵੇਖ ਲਿਆ ਕਿੱਥੇ ਰੱਖ ਬੈਠੀ ਆਂ ਆਪਣੇ ਆਪ ਨੂੰ ਮੈਂ ‘ਬੁਸ਼ਰਾ’ ਘਰ ਦੇ ਹਰ ਖੂੰਜੇ ਨੂੰ ਵੇਖ ਲਿਆ

ਇਕ ਦੂਜੇ ਨੂੰ ਪਾਗਲ ਕਹੀਏ

ਇਕ ਦੂਜੇ ਨੂੰ ਪਾਗਲ ਕਹੀਏ ਦੋ ਘੜੀਆਂ ਵੀ ਵੱਖ ਨਾ ਰਹੀਏ ਏਨੇ! ਸੱਚੇ ਯਾਰ ਨੇ ਸਾਡੇ ਜੀਅ ਕਰਦਾ ਏ ਕੋਲ਼ ਨਾ ਬਹੀਏ ਨਫ਼ਸਾ ਨਫ਼ਸੀ ਦਾ ਏ ਵੇਲ਼ਾ ਹਰ ਕਿਸੇ ਨੂੰ ਆਪਣੀ ਪਈ ਏ ਦੁਨੀਆਂ ਅੱਗੇ ਰੋਣ ਨਈਂ ਚੰਗਾ ਰੱਬ ਦੇ ਅੱਗੇ ਰੋਂਦੇ ਰਹੀਏ ਅਸਲੋਂ ਪਾਟ ਗਏ ਨੇ ‘ਬੁਸ਼ਰਾ’ ਰਿੜ੍ਹ ਰਿੜ੍ਹ ਕੇ ਇਸ ਦਿਲ ਦੇ ਪਹੀਏ

ਕੀ ਪੁੱਛਦੇ ਓ ਕਾਂ ਦਾ ਮਤਲਬ

ਕੀ ਪੁੱਛਦੇ ਓ ਕਾਂ ਦਾ ਮਤਲਬ ਝੂਠੇ ਖ਼ਬਰ ਰਸਾਂ ਦਾ ਮਤਲਬ ਬੱਕ ਬੱਕ ਜੇ ਮੈਂ ਨਾ ਸਮਝਾਂ ਤੇ ਕੀ ਸਮਝਾਂ ਕਾਂ ਕਾਂ ਦਾ ਮਤਲਬ ਖੌਰੇ ਕਿਉਂ ਦਿਲ ਵੈਰੀ ਸਮਝੇ ਸੱਜਣਾ ਦੇ ਸਜਣਾਂ ਦਾ ਮਤਲਬ ਜੰਨਤ ਦੇ ਵਿਚ ਥਾਂ ਵਰਗਾ ਏ ਓਹਦੇ ਦਿਲ ਵਿਚ ਥਾਂ ਦਾ ਮਤਲਬ ਇਕ ਦਿਨ ਮੇਰੇ ਦਿਲ ਵਿਚ ਆਇਆ ਧੁੱਪ ਤੋਂ ਪੁੱਛਾਂ ਛਾਂ ਦਾ ਮਤਲਬ ਬਿਨ ਸੋਚੇ ਮੈਂ ਦੱਸ ਸਕਦੀਆਂ ਰੱਬ ਹੁੰਦਾ ਏ ਮਾਂ ਦਾ ਮਤਲਬ ‘ਬੁਸ਼ਰਾ’ ਆਖਰਕਾਰ ਮੈਂ ਬੁੱਝਿਆ ਉਹਦੀ ਨਾਂਹ 'ਚੋਂ ਹਾਂ ਦਾ ਮਤਲਬ

ਸੁਪਨੇ ਅੱਜ ਫਿਰ ਜ਼ਹਿਰਾਂ ਘੋਲਣ

ਸੁਪਨੇ ਅੱਜ ਫਿਰ ਜ਼ਹਿਰਾਂ ਘੋਲਣ ਲੱਗ ਪਏ ਨੇ ਅੱਖਾਂ ਤੇ ਜਗਰਾਤੇ ਡੋਲਣ ਲੱਗ ਪਏ ਨੇ ਲੱਗਦਾ ਏ ਹੁਣ ਸਾਂਝ ਸਲਾਮਤ ਨਈਂ ਰਹਿਣੀ ਸੱਜਣ ਵੱਖੀ ਵਿੱਚੋਂ ਬੋਲਣ ਲੱਗ ਪਏ ਨੇ ਮੈਂ ਕੀ ਦੀਵਾ ਬਾਲ਼ ਕੇ ਕੰਧੀਂ ਧਰਿਆ ਏ ਲੋਕੀਂ ਵਾਅ ਦੀ ਵੱਟੀ ਖੋਲ੍ਹਣ ਲੱਗ ਪਏ ਨੇ ਅੱਜ ਮੰਨੀ ਆਂ ਰੂਪ ਵੀ ਜਾਦੂ ਹੁੰਦਾ ਏ ਇਹਦੇ ਅੱਗੇ ਗੂੰਗੇ ਬੋਲਣ ਲੱਗ ਪਏ ਨੇ ‘ਨਾਜ਼’ ਮੇਰੀ ਤੇ ਅੱਖ ਸ਼ਰਾਬਾਂ ਵੰਡਦੀ ਨਈਂ ਵੇਖਣ ਵਾਲੇ ਕਾਹਨੂੰ ਡੋਲਣ ਲੱਗ ਪਏ ਨੇ

ਠੱਗੀ ਖਾਵਣ ਆਪ ਗਈ ਸਾਂ

ਠੱਗੀ ਖਾਵਣ ਆਪ ਗਈ ਸਾਂ ਠੱਗ ਦੇ ਅੱਗੇ ਕਿਵੇਂ ਭੈੜਾ ਆਖਾਂ ਓਹਨੂੰ ਜੱਗ ਦੇ ਅੱਗੇ ਕੁਝ ਨਾ ਪੁੱਛੋ ਨਾਲ ਉਹਦੇ ਕੀ ਇਸ਼ਕ ਮੈਂ ਕੀਤਾ ਸੁੱਕਾ ਬਾਲਣ ਡਾਹਿਆ ਜਿਵੇਂ ਅੱਗ ਦੇ ਅੱਗੇ ਚੰਨ ਦੇ ਮੂਹਰੇ ਸੂਰਜ ਨੇ ਵੀ ਸਿਰ ਨਾ ਚੁੱਕਿਆ ਹੀਰੇ ਨਿੰਮੇ ਪੈ ਜਾਂਦੇ ਨੇ ਓਸ ਨਗ ਦੇ ਅੱਗੇ ਓਹਦੇ ਸੋਹਣ ਸੁਹੱਪਣ ਦਾ ਕੋਈ ਹੱਦ ਨਾ ਬੰਨਾ ਛਿੱਟ ਭਲਾ ਕੀ ਹੁੰਦੀ ਦਰਿਆ ਵਗਦੇ ਅੱਗੇ ਬਹੁਤ ਅਗੇਰੇ ਜਾਪਣ ਹੋ ਕੇ ਵੱਗ ਦੇ ਪਿੱਛੇ ਫੇਰ ਕੀ ਹੁੰਦਾ ਜੇਕਰ ਹੁੰਦੇ ਵੱਗ ਦੇ ਅੱਗੇ

ਅੱਧ ਵਿਚਕਾਰੇ ਛੱਡ ਜਾਣਾ

ਅੱਧ ਵਿਚਕਾਰੇ ਛੱਡ ਜਾਣਾ ਕੋਈ ਯਾਰੀ ਤੇ ਨਈਂ ਏਸ ’ਤੇ ਖੁਸ਼ ਨਾ ਹੋਵੀਂ ਇਹ ਫ਼ਨਕਾਰੀ ਤੇ ਨਈਂ ਵਿਹਲ ਮਿਲ਼ੇ ਤੇ ’ਕੱਲਿਆਂ ਬਹਿ ਕੇ ਗ਼ੌਰ ਕਰੀਂ ਤੇਰਾ ਲਹਿਜ਼ਾ ਤੇਰੀ ਸੋਚ ਬਾਜ਼ਾਰੀ ਤੇ ਨਈਂ ਗੱਲ ਗੱਲ ਉੱਤੇ ਸਾਂਝਾ ਵੱਢ ਕੇ ਸੁੱਟ ਦਿੰਨਾ ਏ ਤੇਰੇ ਮੂੰਹ ਵਿਚ ਲੱਗੀ ਕੋਈ ਆਰੀ ਤੇ ਨਈਂ ਸਾਡੇ ਵਰਗਾ ਹੋਣ ਦਾ ਦਾਅਵਾ ਨਾ ਕਰਿਆ ਕਰ ਸਾਡੇ ਵਰਗੀ ਝੱਲਿਆ ਦੁਨੀਆਂ ਸਾਰੀ ਤੇ ਨਈਂ ਨਫ਼ਰਤ ਦਾ ਪਰਚਾਰ ਓਹ ‘ਬੁਜ਼ਰਾ’ ਕਿਉਂ ਕਰਦਾ ਏ ਕਿਧਰੇ ਨਾਲ ਸ਼ੈਤਾਨ ਦੇ ਓਹਦੀ ਯਾਰੀ ਤੇ ਨਈਂ

ਜ਼ਿੰਮੇਵਾਰੀ ਦੀ ਜ਼ੰਜੀਰ ਏ ਪੈਰਾਂ ਵਿਚ

ਜ਼ਿੰਮੇਵਾਰੀ ਦੀ ਜ਼ੰਜੀਰ ਏ ਪੈਰਾਂ ਵਿਚ ਸੋਹਣੀ ਵਾਂਗਰ ਡੁੱਬ ਨਈਂ ਸਕਦੀ ਲਹਿਰਾਂ ਵਿਚ ਹੁਣ ਤੇ ਇਹੋ ਸੱਚ ਵੀ ਝੂਠ ਹੀ ਲੱਗਦਾ ਏ ਸ਼ਹਿਦ ਰਲ਼ਾਇਆ ਜਾ ਨਈਂ ਸਕਦਾ ਜ਼ਹਿਰਾਂ ਵਿਚ ਅੱਜ-ਕੱਲ੍ਹ ਸਕਿਆਂ ਅੰਦਰ ਪਾਇਆ ਜਾਂਦਾ ਏ ਖਦਸ਼ਾ ਪਾਇਆ ਜਾਂਦਾ ਸੀ ਜੋ ਗ਼ੈਰਾਂ ਵਿਚ ਪੀਰ ਮੁਰੀਦ ਤਵੀਤ ਮਸੀਤ ਕਦੀ ਦਰਬਾਰ ਇਸ਼ਕ ਏ ਸੱਜਣਾ ਅੱਜ-ਕੱਲ੍ਹ ਲੰਮੀਆਂ ਸੈਰਾਂ ਵਿਚ ਸ਼ਹਿਰ ਦੇ ਗੱਭਰੂ ਸ਼ਹਿਰ ਦੀ ਖੂਬ ਤਰੱਕੀ ਲਈ ਮੱਛੀਆਂ ਫੜ੍ਹਦੇ ਵੇਖ ਰਹੀਂ ਆਂ ਨਹਿਰਾਂ ਵਿਚ ਜਦ ਵੀ ਤੈਨੂੰ ਯਾਦ ਸਤਾਵੇ ‘ਬੁਸ਼ਰਾ' ਦੀ ਵੇਖ ਲਿਆ ਕਰ ਸੱਜਣਾ ਆਪਣੇ ਪੈਰਾਂ ਵਿਚ

ਅੰਬਾਂ ਦੀ ਵਾੜ ਵੱਢ ਕੇ

ਅੰਬਾਂ ਦੀ ਵਾੜ ਵੱਢ ਕੇ ਅੱਕਾਂ ਨੂੰ ਲਾ ਦਵਾਂ ਚੁੰਨੀ ਕਰੇਪ ਦੀ ਕਿਵੇਂ ਕਿੱਕਰਾਂ ਤੇ ਪਾ ਦਵਾਂ ਮੰਨਿਆਂ ਮੇਰੀ ਮਜਾਲ ਨਈਂ ਦਿਲ ਦਾ ਖ਼ਿਆਲ ਏ ਰੱਬਾ ਤੇਰੇ ਜਹਾਨ ਨੂੰ ਚੁੱਲ੍ਹੇ 'ਚ ਡਾਹ ਦਵਾਂ ਮਰਜ਼ੀ ਮੇਰੀ ਮੈਂ ਜੇਸਨੂੰ ਰੱਖਾਂ ਸੰਭਾਲ ਕੇ ਮਰਜ਼ੀ ਮੇਰੀ ਮੈਂ ਜੇਸਨੂੰ ਚਾਹਵਾਂ ਭੁਲਾ ਦਵਾਂ ਦਿਲ ਏ ਘੁਮਾ ਕੇ ਕੰਧ 'ਚ ਮਾਰਾਂ ਕਿਸੇ ਦੀ ਆਸ ਆਹੋ ਤੇ ਕਿਉਂ ਨਾ ਪਿਆਰ ਦਾ ਕਿੱਸਾ ਮੁਕਾ ਦਵਾਂ ਲਿਖਕੇ ਕਿਸੇ ਨੇ ਲਾਲ ਸਿਆਹੀ ਨਾਲ ਭੇਜਿਆ ‘ਬੁਸ਼ਰਾ’ ਮੈਂ ਦਿਲ ਦੀ ਆਸ ਨੂੰ ਸੂਲ਼ੀ ਚੜ੍ਹਾ ਦਵਾਂ

ਚੰਗੀ ਨਈਂ ਤਕਰਾਰ ਦੀ ਆਦਤ

ਚੰਗੀ ਨਈਂ ਤਕਰਾਰ ਦੀ ਆਦਤ ਚੰਗੀ ਨਈਂ ਗੱਲ ਗੱਲ ਤੇ ਇਨਕਾਰ ਦੀ ਆਦਤ ਚੰਗੀ ਨਈਂ ਦਿਲ ਮਰਜਾਣਾ ਟਿਕਣ ਨਈਂ ਦੇਂਦਾ ਕਿਧਰੇ ਵੀ ਦੁਨੀਆਂ ਤੋਂ ਬੇਜ਼ਾਰ ਦੀ ਆਦਤ ਚੰਗੀ ਨਈਂ ਧੀ ਕਰਦੀ ਏ ਕੰਮ ਸਰਦਾਰ ਦੇ ਰਕਬੇ ਵਿਚ ਡਰਨੀ ਆਂ ਸਰਦਾਰ ਦੀ ਆਦਤ ਚੰਗੀ ਨਈਂ ਮੈਂ ਚਾਹੁੰਦੀ ਆਂ ਓਹਦੇ ਕੋਲ਼ੋਂ ਹਰਦੀ ਰਹਾਂ ਓਹ ਕਹਿੰਦਾ ਏ ਹਾਰ ਦੀ ਆਦਤ ਚੰਗੀ ਨਈਂ ਆਪਣਾ ਯਾਰ ਮੈਂ ਆਪਣੇ ਦਿਲ ਨੂੰ ਮੰਨਦੀ ਆਂ ‘ਬੁਸ਼ਰਾ’ ਮੇਰੇ ਯਾਰ ਦੀ ਆਦਤ ਚੰਗੀ ਨਈਂ

ਆਪਣੀ ਮੈਂ ਨੂੰ ਮਾਰਕੇ ਦੱਬਣਾ ਪੈਂਦਾ ਏ

ਆਪਣੀ ਮੈਂ ਨੂੰ ਮਾਰਕੇ ਦੱਬਣਾ ਪੈਂਦਾ ਏ ਹੱਸ ਕੇ ਦੁੱਖ ਦਾ ਟੁੱਕਰ ਚੱਬਣਾ ਪੈਂਦਾ ਏ ਫੇਰ ਗਵਾਚ ਨਾ ਜਾਵਾਂ ਇਹ ਸਮਝਾਵਣ ਲਈ ਰੋਜ਼ ਈ ਆਪਣੇ ਆਪ ਨੂੰ ਲੱਭਣਾ ਪੈਂਦਾ ਏ ਕਿੱਡੀ ਭੈੜੀ ਗੱਲ ਏ ਉੱਚਿਆਂ ਹੋਵਣ ਲਈ ਅੱਡੀਆਂ ਚੁੱਕ ਚੁੱਕ ਓਸ ਨਾਲ ਫੱਬਣਾ ਪੈਂਦਾ ਏ ਹੋਰ ਕਿਸੇ ਨਾਲ ਤਾਕਤ ਨਈਂ ਜੋ ਲੜਨੇ ਦੀ ਗੱਲ ਗੱਲ ਉੱਤੇ ਲੜਨਾ ਰੱਬ ਨਾ ਪੈਂਦਾ ਏ ਘੱਟ ਤੋਂ ਘੱਟ ਵੀ ਚੰਗੇ ਸ਼ਿਅਰ ਨੂੰ ਸੋਚਣ ਲਈ ਇਕ ਮਿਸਰੇ ਤੇ ਦੋ ਦਿਨ ਯੱਬਣਾ ਪੈਂਦਾ ਏ ਦੂਜਾ ਨਾਂ ਏ ‘ਬੁਸ਼ਰਾ ਨਾਜ਼' ਮੁਹੱਬਤ ਦਾ ‘ਬੁਸ਼ਰਾ ਨਾਜ਼’ ਨੂੰ ਦਿਲ ਨਾਲ ਲੱਭਣਾ ਪੈਂਦਾ ਏ

ਜੀਹਨੂੰ ਮੂੰਹ ਤੇ ਜਿੰਦਰੇ ਲਾਉਣੇ

ਜੀਹਨੂੰ ਮੂੰਹ ਤੇ ਜਿੰਦਰੇ ਲਾਉਣੇ ਨਈਂ ਆਉਂਦੇ ਓਹਨੂੰ ਕੀਤੇ ਕੌਲ਼ ਨਿਭਾਉਣੇ ਨਈਂ ਆਉਂਦੇ ਤੈਨੂੰ ਕਿਸੇ ਤੋਂ ਰੁੱਸਣ ਦਾ ਹੱਕ ਹਾਸਿਲ ਨਈਂ ਤੈਨੂੰ ਰੁੱਸੇ ਯਾਰ ਮਨਾਉਣੇ ਨਈਂ ਆਉਂਦੇ ਓਹਨੂੰ ਸੱਚਾ ਪਿਆਰ ਕਦੇ ਨਈਂ ਮਿਲ ਸਕਦਾ ਜੀਹਨੂੰ ਪਿਆਰ 'ਚ ਫ਼ਰਕ ਮਿਟਾਉਣੇ ਨਈਂ ਆਉਂਦੇ ਮੈਂ ਉਸ ਦਿਨ ਨੂੰ ਖੁਸ਼ੀ 'ਚ ਸ਼ਾਮਿਲ ਨਈਂ ਕਰਦੀ ਜਿਸ ਦਿਨ ਚੇਤੇ ਦੁੱਖ ਪੁਰਾਣੇ ਨਈਂ ਆਉਂਦੇ ਤੇਰੇ ਮਹਿਲਾਂ ਤੋਂ ਕਿਉਂ ਸੜੀਏ ਸਾਨੂੰ ਤੇ ਪੰਖੂਆਂ ਦੇ ਵੀ ਆਲ੍ਹਣੇ ਢਾਹੁਣੇ ਨਈਂ ਆਉਂਦੇ ਅੰਦਰੋਂ ਬਾਹਰੋਂ ਇਕੋ ਜਿਹੇ ਆਂ ਸਭ ਦੇ ਲਈ ‘ਬੁਸ਼ਰਾ’ ਸਾਨੂੰ ਭੇਸ ਵਟਾਉਣੇ ਨਈਂ ਆਉਂਦੇ

ਭਾਗ ਭਰੀ ਇਸ ਮਿੱਟੀ ਨੂੰ

ਭਾਗ ਭਰੀ ਇਸ ਮਿੱਟੀ ਨੂੰ ਅਕਸੀਰ ਬਣਾਵਣ ਵਾਲ਼ੇ ਸੁੱਤੇ ਪਏ ਨੇ ਧਰਤੀ ਦੀ ਤਕਦੀਰ ਜਗਾਵਣ ਵਾਲ਼ੇ ਹੁਣ ਨਾ ਬੁਢੜੇ ਬੋਹੜਾਂ ਥੱਲੇ ਰੌਣਕ ਮੇਲੇ ਲੱਗਦੇ ਹੁਣ ਨਾ ਦਿਸਦੇ ਵਾਰਿਸ ਸ਼ਾਹ ਦੀ ਹੀਰ ਸੁਣਾਵਣ ਵਾਲ਼ੇ ਮਾਂ ਬੋਲੀ ਪੰਜਾਬੀ ਦਾ ਏ ਚਿਹਰਾ ਬੁਝਿਆ ਬੁਝਿਆ ਕਿੱਥੇ ਗਏ ਓਹ ਖ਼ਾਬਾਂ ਦੀ ਤਸਵੀਰ ਵਖਾਵਣ ਵਾਲ਼ੇ ਇਕ ਦੂਜੇ ਵੱਲ ਵੇਖ ਰਹੇ ਨੇ ਲੈ ਕੇ ਫੱਟੜ ਜੁੱਸੇ ਗਏ ਸਮੇਂ ਵਿਚ ਅਸਮਾਨਾਂ ਵੱਲ ਤੀਰ ਚਲਾਵਣ ਵਾਲ਼ੇ ਮੈਨੂੰ ਪੱਕ ਏ ਇਕ ਨਾ ਇਕ ਦਿਨ ਹੰਭਲਾ ਮਾਰ ਉੱਠਣਗੇ ਨੁੱਕਰਾਂ ਦੇ ਵਿਚ ਮੂੰਹ ਦੇ ਦੇ ਕੇ ਨੀਰ ਵਗਾਵਣ ਵਾਲ਼ੇ

ਜੇ ਮੈਂ ਓਹਦੀ ਕੱਖ ਨੀ ਲੱਗਦੀ

ਜੇ ਮੈਂ ਓਹਦੀ ਕੱਖ ਨੀ ਲੱਗਦੀ ਫਿਰ ਕਿਉਂ ਮੇਰੀ ਅੱਖ ਨੀ ਲੱਗਦੀ ਗਲ਼ ਨਾਲ ਐਵੇਂ ਲਾ ਕੇ ਰੱਖੀਂ ਜਿਵੇਂ ਗਲ਼ ਨਾਲ ਰੱਖ ਨੀ ਲੱਗਦੀ ਜਿੰਨੀ ਮਰਜ਼ੀ ਮਿਰਚ ਏ ਤਿੱਖੀ ਮੇਰੇ ਹੱਥੋਂ ਚੱਖ ਨੀ ਲੱਗਦੀ ਕਿੰਨੀ ਚੰਦਰੀ ਯਾਦ ਏ ਓਹਦੀ ਵੱਖ ਹੋ ਕੇ ਵੀ ਵੱਖ ਨੀ ਲੱਗਦੀ ਵਾਹ ਲਾ ਛੱਡ ਤੂੰ ਭਾਵੇਂ ‘ਬੁਸ਼ਰਾ’ ਬੇਸ਼ਰਮਾਂ ਨੂੰ ਲੱਖ ਨੀ ਲੱਗਦੀ

ਰਾਹ ਹਮਵਾਰ ਵੀ ਹੋ ਸਕਦੀ ਏ

ਰਾਹ ਹਮਵਾਰ ਵੀ ਹੋ ਸਕਦੀ ਏ ਰੂਹ ਸਰਸ਼ਾਰ ਵੀ ਹੋ ਸਕਦੀ ਏ ਵਿਛੜਨ ਵਾਲ਼ੇ ਮਸਲੇ ਉੱਤੇ ਸੋਚ ਵਿਚਾਰ ਵੀ ਹੋ ਸਕਦੀ ਏ ਮੈਨੂੰ ਤੇਰੇ ਨਾਲ ਮੁਹੱਬਤ ਦੂਜੀ ਵਾਰ ਵੀ ਹੋ ਸਕਦੀ ਏ ਹੋਰ ਕਿਸੇ ਸਰਕਾਰ ਦੇ ਕਬਜ਼ੇ ਵਿਚ ਸਰਕਾਰ ਵੀ ਹੋ ਸਕਦੀ ਏ ਸਿੱਧੀ ਸਾਦੀ ਲੱਗਣ ਵਾਲੀ ਪੁਰਇਸਰਾਰ ਵੀ ਹੋ ਸਕਦੀ ਏ ਹਸਰਤ ਦਾ ਇਤਬਾਰ ਨਈਂ ਹੁੰਦਾ ਵੱਸੋਂ ਬਾਹਰ ਵੀ ਹੋ ਸਕਦੀ ਏ ਨਾ ਹੋਇਆ ਕਰ ਅੱਖ ਤੋਂ ਓਹਲੇ ਅੱਖ ਬੇਕਾਰ ਵੀ ਹੋ ਸਕਦੀ ਏ ਕਦੇ ਨਾ ਸੋਚੀਂ ਦੁਨੀਆਂ ਬਾਰੇ ਇਹ ਗ਼ਮਖਾਰ ਵੀ ਹੋ ਸਕਦੀ ਏ

ਕੱਚ ਦੇ ਸੱਚ ਤੋਂ ਡਰ ਲੱਗਦਾ ਏ

ਕੱਚ ਦੇ ਸੱਚ ਤੋਂ ਡਰ ਲੱਗਦਾ ਏ ਪੈਰ ਦੇ ਪੱਚ ਤੋਂ ਡਰ ਲੱਗਦਾ ਏ ਦੂਰ ਰਹੇ ਉਹ ਸਾਥੋਂ ਜੀਹਨੂੰ ਇਸ਼ਕ ਦੇ ਮੱਚ ਤੋਂ ਡਰ ਲੱਗਦਾ ਏ ਸੱਚਾ ਝੂਠ ਪਸੰਦ ਏ ਮੈਨੂੰ ਝੂਠੇ ਸੱਚ ਤੋਂ ਡਰ ਲੱਗਦਾ ਏ ਚੰਗੀ ਗੱਲ ਚੰਗੀ ਲੱਗਦੀ ਏ ਸ਼ਿਅਰ 'ਚ ਖੱਚ ਤੋਂ ਡਰ ਲੱਗਦਾ ਏ ਓਹਨੂੰ ਵੇਖਕੇ ਦਿਲ ਵਿਚ ਆਈ ਹਰ ਲਾਲਚ ਤੋਂ ਡਰ ਲੱਗਦਾ ਏ ਹਿਜਰ ਤੇ ਜਿਹੜੀ ਹੋਈ ਏ ‘ਬੁਸ਼ਰਾ' ਓਸ ਰਿਸਰਚ ਤੋਂ ਡਰ ਲੱਗਦਾ ਏ

ਝੂਠਾ ਹਾਸਾ ਹੱਸਾਂ ਕਦ ਤੱਕ

ਝੂਠਾ ਹਾਸਾ ਹੱਸਾਂ ਕਦ ਤੱਕ ਆਪਣੇ ਆਪ ਤੋਂ ਨੱਸਾਂ ਕਦ ਤੱਕ ਸਾਹਵਾਂ ਨਾਲੋਂ ਬਹੁਤੇ ਦੁੱਖ ਨੇ ਜੇ ਮੈਂ ਦੱਸਾਂ ਦੱਸਾਂ ਕਦ ਤੱਕ ਤੇਰੀ ਯਾਦ ਨੇ ਢਿੱਲੇ ਕੀਤੇ ਦਿਲ ਦੇ ਪੁਰਜੇ ਕੱਸਾਂ ਕਦ ਤੱਕ ਇਹ ਤੇ ਦੱਸ ਦੇ ਅੱਥਰੂ ਬਣਕੇ ਅੱਖਾਂ ਰਾਹੀਂ ਰੱਸਾਂ ਕਦ ਤੱਕ ਸੋਹਣਿਆਂ ਰੱਬਾ ਦੁਨੀਆਂ ਕੋਲ਼ੋ ਖਾਧੀ ਜਾਵਾਂ ਕੱਸਾਂ ਕਦ ਤੱਕ

ਜੀਅ ਪੈਂਦਾ ਏ ਬੰਦਾ ਮੋਇਆ

ਜੀਅ ਪੈਂਦਾ ਏ ਬੰਦਾ ਮੋਇਆ ਵੇਖ ਕੇ ਤੈਨੂੰ ਭਰ ਜਾਂਦਾ ਏ ਦਿਲ ਦਾ ਟੋਇਆ ਵੇਖ ਕੇ ਕੇ ਤੈਨੂੰ ਪਹਿਰੇ ਉੱਤੇ ਪਹਿਰੇ ਲਾ ਕੇ ਬੈਠੀ ਸਾਂ ਪਰ ਦਿਲ ਅੱਖਾਂ ਨਾਲ ਰੱਜਕੇ ਰੋਇਆ ਵੇਖ ਕੇ ਤੈਨੂੰ ਸੁੱਖ ਦਾ ਵੇਲ਼ਾ ਕਸਮੇਂ ਰੱਬ ਦੀ ਸੁੱਖ ਦਾ ਵੇਲ਼ਾ ਮੈਂ ਕਿਸਮਤ ਦੇ ਹੱਥੋਂ ਖੋਹਿਆ ਵੇਖ ਕੇ ਤੈਨੂੰ ਓਹਦੇ ਆਉਣ ਦਾ ਸੁਣਕੇ ਕਲੀਆਂ ਖਿੜ੍ਹ ਖਿੜ੍ਹ ਹੱਸੀਆਂ ਖਾਰਾ ਪਾਣੀ ਮਿੱਠਾ ਹੋਇਆ ਵੇਖ ਕੇ ਤੈਨੂੰ ’ਨੇਰ੍ਹੇ ਘੂਰਦੇ ਰਹਿ ਗਏ ‘ਬੁਸ਼ਰਾ’ ਦੂਰ ਖਲ੍ਹੋਤੇ ਸੂਰਜ ਨੇੜੇ ਆਣ ਖਲੋਇਆ ਵੇਖ ਕੇ ਤੈਨੂੰ

ਅੱਖ ਨਾਲ਼ ਅੱਖ ਮਿਲਾ ਬੈਠੇ ਆਂ

ਅੱਖ ਨਾਲ਼ ਅੱਖ ਮਿਲਾ ਬੈਠੇ ਆਂ ਆਪਣਾ ਆਪ ਭੁਲਾ ਬੈਠੇ ਆਂ ਖੁਸ਼ੀਆਂ ਕਾਗਜ਼ ਉੱਤੇ ਲਿਖਕੇ ਕਾਗਜ਼ ਨੂੰ ਅੱਗ ਲਾ ਬੈਠੇ ਆਂ ਬਾਹਰੋਂ ਬੂਹਾ ਕਿਵੇਂ ਖੁੱਲ੍ਹੇ ਅੰਦਰੋਂ ਕੁੰਡੀ ਲਾ ਬੈਠੇ ਆਂ ਹੁਣ ਓਹਨੇ ਵੀ ਛੱਡ ਜਾਣਾ ਏ ਓਹਨੂੰ ਹਾਲ ਸੁਣਾ ਬੈਠੇ ਆਂ ‘ਬੁਸ਼ਰਾ’ ਹੁਣ ਤੇ ਬੁੱਲੀਆਂ ਉੱਤੇ ਚੁੱਪ ਦੇ ਜਿੰਦਰੇ ਲਾ ਬੈਠੇ ਆਂ

ਹਾਸੇ ਨੇ ਤੇ ਹੱਸਦੇ ਕਿਉਂ ਨਈਂ

ਹਾਸੇ ਨੇ ਤੇ ਹੱਸਦੇ ਕਿਉਂ ਨਈਂ ਅੱਥਰੂ ਨੇ ਤੇ ਵੱਸਦੇ ਕਿਉਂ ਨਈਂ ਜੇ ਸਾਹਵਾਂ ਲਈ ਜੇਲ੍ਹ ਏ ਜੁੱਸਾ ਕੈਦੀ ਕੈਦੋਂ ਨੱਸਦੇ ਕਿਉਂ ਨਈਂ ਸੱਚੀ ਆਂ ਤੇ ਨਾਲ ਖਲੋਵੋ ਝੂਠੀ ਆਂ ਤੇ ਦੱਸਦੇ ਕਿਉਂ ਨਈਂ ਮੇਰੇ ਹਾਲ ਤੇ ਹੱਸਣ ਵਾਲ਼ੇ ਆਪਣੀ ਸੋਚ ਤੇ ਹੱਸਦੇ ਕਿਉਂ ਨਈਂ ਦਿਲ ਦਾ ਸ਼ਹਿਰ ਉਜਾੜਣ ਵਾਲ਼ੇ 'ਬੁਸ਼ਰਾ' ਦਿਲ ਵਿਚ ਵੱਸਦੇ ਕਿਉਂ ਨਈਂ

ਅੱਖ ਵਿਚ ਠੀਕਰੀ ਪਹਿਰਾ ਜਾਗੇ

ਅੱਖ ਵਿਚ ਠੀਕਰੀ ਪਹਿਰਾ ਜਾਗੇ ਦੁੱਖ ਸੌਂਵੇਂ ਤੇ ਸੁਫ਼ਨਾ ਜਾਗੇ ਇਕੋ ਰਾਤ 'ਚ ਉਮਰ ਗੁਜ਼ਾਰੀ ਥੋੜਾ ਸੁੱਤੇ ਬਹੁਤਾ ਜਾਗੇ ਮੈਂ ਨੂੰ ਮੈਂ ਦੀ ਜਾਗ ਲਗਾਵਾਂ ਮੈਂ ਦਾ ਹੋਂਦ ਹਵਾਲਾ ਜਾਗੇ ਅੱਖ ਵਿਚ ਓਹਦੀ ਭਲਖ ਦਾ ਸੁਪਨਾ ਅੱਧਾ ਸੁੱਤਾ ਅੱਧਾ ਜਾਗੇ ਲੂੰ ਲੂੰ ਸੁਰਤ ਨੇ ਅੱਤ ਮਚਾਈ ਇਸ਼ਕ ਦਾ ਦੀਵਾ ਜਗਿਆ ਜਾਗੇ ਹੁਣ ਨਾ ਘੂਖਦੇ ਇਸ਼ਕ ਤ੍ਰਿਞਣ ਹੁਣ ਨਾ ਕਿਧਰੇ ਚਰਖਾ ਜਾਗੇ ਸੱਧਰਾਂ ਨੂੰ ਨੀਂਦਰ ਪੈ ਜਾਵੇ ਜਾਂ ਕੋਈ ਦਰਦ ਅਵੱਲਾ ਜਾਗੇ ਸੁਫ਼ਨਾ ਮੌਤ ਵਿਆਹਵਣ ਆਇਆ ਹੱਥ ਵਿਚ ਜ਼ਹਿਰ ਪਿਆਲਾ ਜਾਗੇ ਦਿਲ ਦੀ ਨੁੱਕਰ ਵਾਲ਼ੇ ਘਰ ਦਾ ਸਾਰੀ ਰਾਤ ਬਨੇਰਾ ਜਾਗੇ ਹੋ ਸਕਦਾ ਏ ‘ਬੁਸ਼ਰਾ' ਕੱਲ੍ਹ ਨੂੰ ਮੇਰੀ ਥਾਂ ਕੋਈ ਦੂਜਾ ਜਾਗੇ

ਬੇਬੱਸ ਦਾਨਿਸ਼ਮੰਦੀ ਏ

ਬੇਬੱਸ ਦਾਨਿਸ਼ਮੰਦੀ ਏ ਖ਼ਾਬਾਂ 'ਤੇ ਪਾਬੰਦੀ ਏ ਇਸ ਦੁਨੀਆਂ ਵਿਚ ਮਾੜੇ ਦੀ ਹਾਲਤ ਬਹੁਤੀ ਮੰਦੀ ਏ ਚੰਗਾ ਕਿਸਰਾਂ ਸੋਚੇਗੀ ਜੋ ਜ਼ਹਿਨੀਅਤ ਗੰਦੀ ਏ ਭੈੜਾ ਹਾਲ ਬਜ਼ੁਰਗੀ ਦਾ ਦੋ ਨੰਬਰ ਫਰਜ਼ੰਦੀ ਏ ਮਾਰੇ ਪਸਤੀ ਭੁੱਖਾਂ ਦੀ ਖ਼ਾਬ ਖ਼ਿਆਲ ਬੁਲੰਦੀ ਏ ਜ਼ੁਲਮ ਵਧੇ ਤੇ ਕੀੜੀ ਵੀ ਅੱਕ ਕੇ ਵੱਢਦੀ ਦੰਦੀ ਏ

ਚੁੱਪ ਗਲ਼ੀਆਂ ਤੇ ਸੁੰਝ ਚੁਬਾਰੇ

ਚੁੱਪ ਗਲ਼ੀਆਂ ਤੇ ਸੁੰਝ ਚੁਬਾਰੇ ਅੱਧੀ ਰਾਤ ਤੇ ਮੈਂ ਓਹਦੀਆਂ ਰਾਹਵਾਂ ਤੱਕ ਤੱਕ ਹਾਰੇ ਅੱਧੀ ਰਾਤ ਤੇ ਮੈਂ ਆਵੇ ਜਾਂ ਨਾ ਆਵੇ ਮਰਜ਼ੀ ਆਵਣ ਵਾਲ਼ੇ ਦੀ ਸੋਚੀਂ ਪਏ ਬੇਕਾਰ ਵਿਚਾਰੇ ਅੱਧੀ ਰਾਤ ਤੇ ਮੈਂ ਬੇ-ਸ਼ੱਕ ਕੰਮ ਬੜਾ ਔਖਾ ਏ ਤਾਂਘ ਉਡੀਕ ਕਿਸੇ ਦੀ ਕੀ ਕਰਦੇ ਨਾ ਗਿਣਦੇ ਤਾਰੇ ਅੱਧੀ ਰਾਤ ਤੇ ਮੈਂ ਇਕ ਉਡੀਕ ਸਹਾਰਾ ਸੀ ਜਦ ਉਹ ਵੀ ਜਾਂਦੀ ਰਹੀ ਆਖ਼ਰ ਮਰ ਗਏ ਕੱਲ੍ਹੇ ਕਾਹਰੇ ਅੱਧੀ ਰਾਤ ਤੇ ਮੈਂ ਓਸ ਜ਼ਾਲਮ ਨੂੰ ਵਿਹਲ ਕਦੋਂ ਸੀ ਏਨਾ ਸੋਚ ਲਵੇ ਕਰਦੇ ਹੋਣਗੇ ਕਿੰਝ ਗੁਜ਼ਾਰੇ ਅੱਧੀ ਰਾਤ ਤੇ ਮੈਂ ਓਹਨੇ ਆਉਣ ਦਾ ਵਾਅਦਾ ਭੁੱਲਕੇ ਰਾਤ ਲੰਘਾਈ ਸੀ ਬੁੱਕ ਬੁੱਕ ਰੋਏ ‘ਨਾਜ਼’ ਦੇ ਬਾਰੇ ਅੱਧੀ ਰਾਤ ਤੇ ਮੈਂ

ਸੋਚ ਨਾ ਸੋਚਾਂ ਹੋਰ ਵੇ ਸੱਜਣਾ

ਸੋਚ ਨਾ ਸੋਚਾਂ ਹੋਰ ਵੇ ਸੱਜਣਾ ਗੱਲ ਨੂੰ ਅੱਗੇ ਟੋਰ ਵੇ ਸੱਜਣਾ ਸੱਧਰਾਂ ਦੇ ਸਾਹ ਮੁੱਕਦੇ ਜਾਵਣ ਦਿਲ ਹੋਇਆ ਏ ਗੋਰ ਵੇ ਸੱਜਣਾ ਨੈਣ ਮਿਲਾ ਕੇ ਕਿਉਂ ਸੰਗਨਾ ਏ ਜੇ ਨਈਂ ਦਿਲ ਵਿਚ ਚੋਰ ਵੇ ਸੱਜਣਾ ਕਸਮੇਂ ਮੈਨੂੰ ਆਸ਼ਕ ਲੱਗਦੇ ਤੇਰੀ ਟੋਰ ਦੇ ਮੋਰ ਵੇ ਸੱਜਣਾ ਜਾਨ ਮੇਰੀ ਕਲੀਆਂ ਤੋਂ ਕੋਮਲ ਤੂੰ ਬੇਦਰਦ ਕਠੋਰ ਵੇ ਸੱਜਣਾ ਤੇਰੇ ਹੱਥ ਮੁਹਾਰ ਏ ਮੇਰੀ ਕੀ ਏ ਮੇਰਾ ਜ਼ੋਰ ਵੇ ਸੱਜਣਾ ‘ਬੁਸ਼ਰਾ’ ਬੇਲੇ ਕੋਇਲ ਕੂਕੇ ਅੰਦਰ ਮੱਚਿਆ ਸ਼ੋਰ ਵੇ ਸੱਜਣਾ

ਸਾਹ ਸਾਹ ਹਿਜਰ ਹੰਢਾਇਆ ਜਾਂਦਾ

ਸਾਹ ਸਾਹ ਹਿਜਰ ਹੰਢਾਇਆ ਜਾਂਦਾ ਔਖਾ ਵਸਲ ਕਮਾਇਆ ਜਾਂਦਾ ਰੋਟੀ ਪੀਤੀ ਜਾ ਨਈਂ ਸਕਦੀ ਪਾਣੀ ਨੂੰ ਨਈਂ ਖਾਇਆ ਜਾਂਦਾ ਤੂੰ ਮੈਨੂੰ ਅਪਣਾ ਲੈਣਾ ਸੀ ਜੇਕਰ ਦੁੱਖ ਅਪਣਾਇਆ ਜਾਂਦਾ ਖ਼ੁਦ ਨੂੰ ਮੈਂ ਸਮਝਾਇਆ ਇਕ ਦਿਨ ਕਿਸ ਕਿਸ ਨੂੰ ਸਮਝਾਇਆ ਜਾਂਦਾ ਇਹ ਵੀ ਅੱਜ ਕੱਲ੍ਹ ਝੂਠ ਏ ਬੰਦਾ ਮੋਇਆ ਨਈਂ ਦਫ਼ਨਾਇਆ ਜਾਂਦਾ ਜਿੰਨ੍ਹਾ ਤੂੰ ਤਰਸਾਇਆ ਰੱਬਾ ਏਨਾ ਨਈਂ ਤਰਸਾਇਆ ਜਾਂਦਾ ਹੁਣ ਤੇ ਵੇਖਣ ਜੋਗਾ ਹੋਇਆ ਹੁਣ ਨਈਂ ਹਾਲ ਸੁਣਾਇਆ ਜਾਂਦਾ ‘ਬੁਸ਼ਰਾ’ ਕੁਲ ਹਯਾਤੀ ਸੁੱਖ ਨੂੰ ਗਲ਼ ਦੇ ਨਾਲ ਨਈਂ ਲਾਇਆ ਜਾਂਦਾ

ਇਕ ਬੂਹਾ ਜੇ ਬੰਦ ਹੋ ਜਾਵੇ

ਇਕ ਬੂਹਾ ਜੇ ਬੰਦ ਹੋ ਜਾਵੇ ਦੂਜਾ ਬੂਹਾ ਖੁੱਲ੍ਹ ਜਾਂਦਾ ਏ ਸੱਚ ਕਹਿੰਦੇ ਨੇ ਲੋਕ ਸਿਆਣੇ ਬੰਦਾ ਪਿਆਰ 'ਚ ਰੁਲ਼ ਜਾਂਦਾ ਏ ਤੇਰੇ ਹੁੰਦਿਆਂ ਹੋਇਆਂ ਸਾਡੀ ਅੱਖ 'ਚੋਂ ਅੱਥਰੂ ਡੁੱਲ੍ਹ ਜਾਂਦਾ ਏ ਹਰ ਗੱਲ ਚੇਤੇ ਰੱਖਣ ਵਾਲ਼ਾ ਸਾਨੂੰ ਕਿਵੇਂ ਭੁੱਲ ਜਾਂਦਾ ਏ

ਜੇ ਓਹ ਮੈਥੋਂ ਸੰਗਦਾ ਏ

ਜੇ ਓਹ ਮੈਥੋਂ ਸੰਗਦਾ ਏ ਛੱਲੇ ਕਾਹਨੂੰ ਮੰਗਦਾ ਏ ਰੰਗਪੁਰੀਆਂ ਨੂੰ ਖ਼ਬਰ ਦਿਓ ਤਖਤ ਹਜ਼ਾਰਾ ਝੰਗ ਦਾ ਏ ਉੱਚਾ ਵੇਖਣ ਵਾਲ਼ਾ ਹੁਣ ਨੀਵੀਂ ਪਾ ਕੇ ਲੰਘਦਾ ਏ ਜ਼ਹਿਰ ਏ ਬੰਦੇ ਬੰਦੇ ਵਿਚ ਮਸਲਾ ਭੁੱਖ ਤੇ ਨੰਗ ਦਾ ਏ ਤੇ ਹੁਣ ਹਰਿਆਲੀ ਫੁੱਟੇਗੀ ਬੱਦਲ਼ ਸਾਵੇ ਰੰਗ ਦਾ ਏ ਪਿਆਰ ਤੇ ਓਹਨੂੰ ਹੈ ‘ਬੁਸ਼ਰਾ’ ਬਸ ਉਹ ਕਹਿਣ ਤੋਂ ਸੰਗਦਾ ਏ

ਪੁੱਛਣ ਲੋਕ ਨਿਮਾਣੇ ਰੱਬਾ

ਪੁੱਛਣ ਲੋਕ ਨਿਮਾਣੇ ਰੱਬਾ ਸੌਖੇ ਦਿਨ ਕਦ ਆਣੇ ਰੱਬਾ ਜੇ ਮਜ਼ਦੂਰੀ ਪੂਰੀ ਲੱਭੇ ਕਾਹਨੂੰ ਰੋਣ ਨਿਆਣੇ ਰੱਬਾ ਮੁੜ ਮੁੜ ਕਾਹਨੂੰ ਉੱਗਰ ਜਾਂਦੇ ਲੱਗੇ ਫੱਟ ਪੁਰਾਣੇ ਰੱਬਾ ਹਾਕਮ ਨੂੰ ਤੌਫ਼ੀਕ ਅਤਾ ਕਰ ਸਾਡਾ ਰੋਗ ਪਛਾਣੇ ਰੱਬਾ ਅਸੀਂ ਆਂ ਤੇਰੇ ਸਾਦੇ ਬੰਦੇ ਲੋਕੀਂ ਬਹੁਤ ਸਿਆਣੇ ਰੱਬਾ ਮਾੜੇ ਦੀ ਕੋਠੀ ਵੀ ਭਰਦੇ ਬਹੁਤੇ ਸਾਰੇ ਦਾਣੇ ਰੱਬਾ ‘ਬੁਸ਼ਰਾ’ ਵਾਂਗ ਸਭ ਨੂੰ ਆਵਣ ਕੀਤੇ ਕੌਲ਼ ਨਿਭਾਣੇ ਰੱਬਾ

ਧੁੱਪ ਰਹਿੰਦੀ ਏ ਛਾਂ ਨਈਂ ਹੁੰਦੀ

ਧੁੱਪ ਰਹਿੰਦੀ ਏ ਛਾਂ ਨਈਂ ਹੁੰਦੀ ਜੀਹਦੇ ਸਿਰ ਤੇ ਮਾਂ ਨਈਂ ਹੁੰਦੀ ਆਣਾ ਜਾਣਾ ਲੱਗਾ ਰਹਿੰਦਾ ਧਰਤੀ ਕਿੰਝ ਸਰਾਂ ਨਈਂ ਹੁੰਦੀ ਸ਼ਹਿਰ 'ਚ ਘਾਰ ਦੁਕਾਨਾ ਲੱਖਾਂ ਬਸ ਨੱਪਣ ਲਈ ਥਾਂ ਨਈਂ ਹੁੰਦੀ ਫੂਕਣਾ ਓਹਦਾ ਵੱਡਾ ਵਿਹੜਾ ਜੀਹਦੇ ਦਿਲ ਵਿਚ ਥਾਂ ਨਈਂ ਹੁੰਦੀ ‘ਬੁਸ਼ਰਾ’ ਦਿਲ ਨੂੰ ਚੈਨ ਨਈਂ ਆਉਣਾ ਜੇ ਸੱਜਣਾ ਤੋਂ ਹਾਂ ਨਈਂ ਹੁੰਦੀ

ਦਿਲ ਲਾਣਾ ਤੇ ਮੁੱਖ ਪਰਤਾਣਾ

ਦਿਲ ਲਾਣਾ ਤੇ ਮੁੱਖ ਪਰਤਾਣਾ ਚੰਗੀ ਗੱਲ ਨਈਂ ਗੂੜ੍ਹੀਆਂ ਸੰਗਤਾਂ ਇੰਝ ਭੁਲਾਣਾ ਚੰਗੀ ਗੱਲ ਨਈਂ ਮੰਨਿਆਂ ਤੇਰੇ ਰੁਤਬੇ ਦੇ ਨਈਂ ਪਰ ਇਨਸਾਨ ਆਂ ਸਾਨੂੰ ਨੀਵੀਂ ਥਾਂ ਬਿਠਾਣਾ ਚੰਗੀ ਗੱਲ ਨਈਂ ਪਿਆਰ ਦੇ ਵਿਚ ਵੀ ਪਰਦਾਦਾਰੀ ਰੱਖੀਦੀ ਏ ਰੋਜ਼ ਹੀ ਸੁਪਨੇ ਵਿਚ ਆ ਜਾਣਾ ਚੰਗੀ ਗੱਲ ਨਈਂ ਆਪਣੀ ਪੱਗ ਨੂੰ ਦਾਗ ਨਾ ਲੱਗੇ ਚੰਗੀ ਗੱਲ ਏ ਪਰ ਲੋਕਾਂ ਦੇ ਸ਼ਮਲੇ ਢਾਹਣਾ ਚੰਗੀ ਗੱਲ ਨਈਂ ਪਿਆਰ ਦੇ ਦਾਅਵੇ ਜੇ ਸਾਡੇ ਨਾਲ ਕਰਨਾ ਏ ਤੇ ਫੋਟੋ ਹੋਰਾਂ ਨਾਲ ਖਿਚਾਣਾ ਚੰਗੀ ਗੱਲ ਨਈਂ ਸੁਣਨ ਸੁਣਾਨ ਦਾ ਚੱਜ ਨਾ ਹੋਵੇ ਜਿੱਥੇ ‘ਬੁਸ਼ਰਾ’ ਉੱਥੇ ਆਪਣੇ ਸ਼ਿਅਰ ਸੁਨਾਣਾ ਚੰਗੀ ਗੱਲ ਨਈਂ

ਰੱਬ ਦਾ ਨਾਂ ਮੁਹੱਬਤ ਏ

ਰੱਬ ਦਾ ਨਾਂ ਮੁਹੱਬਤ ਏ ਮੈਨੂੰ ਤਾਂ ਮੁਹੱਬਤ ਏ ਹੋਵਣ ਏ ਅਣਹੋਣੀ ਦਾ ਚਿੱਟਾ ਕਾਂ ਮੁਹੱਬਤ ਏ ਡਰ ਨਫ਼ਰਤ ਦੀ ਪੌੜੀ ਏ ਕਹਿ ਦੇ ਹਾਂ ਮੁਹੱਬਤ ਏ ਜੀਵਨ ਧੁੱਪ ਕੜਾਕੇ ਦੀ ਧੁੱਪੇ ਛਾਂ ਮੁਹੱਬਤ ਏ ਅੱਖਾਂ ਤੇ ਐਤਬਾਰ ਨਈਂ ਕਸਮਾਂ ਖਾਂ ਮੁਹੱਬਤ ਏ ‘ਬੁਸ਼ਰਾ ਨਾਜ਼’ ਨੇ ਲਿਖਿਆ ਏ ਮੇਰੀ ਮਾਂ ਮੁਹੱਬਤ ਏ

ਕੱਲ੍ਹ ਕੀਹਨੇ ਵੇਖੀ ਅੱਜ ਨਾ ਜਾਈਏ

ਕੱਲ੍ਹ ਕੀਹਨੇ ਵੇਖੀ ਅੱਜ ਨਾ ਜਾਈਏ ਆਪਣੇ ਆਪ ਤੋਂ ਭੱਜ ਨਾ ਜਾਈਏ ਤੇਰੇ ਹੁੰਦਿਆਂ ਅੱਲ੍ਹਾ ਸਾਂਈਆਂ ਭੁੱਖੇ ਰਹਿ ਰਹਿ ਰੱਜ ਨਾ ਜਾਈਏ ਇਕ ਦੂਜੇ ਦੇ ਹੱਥਾਂ ਵਿਚੋਂ ਭੁੰਜੇ ਡਿੱਗਕੇ ਭੱਜ ਨਾ ਜਾਈਏ ਮਿੱਟੀ ਉੱਤੇ ਮਿੱਟੀ ਮਲ਼ਕੇ ਸਭ ਤੋਂ ਸੋਹਣਾ ਸੱਜ ਨਾ ਜਾਈਏ ਚੁੱਪ ਚਪੀਤੇ ਸੁਫ਼ਨੇ ‘ਬੁਸ਼ਰਾ’ ਲਿਖਦੇ ਲਿਖਦੇ ਗੱਜ ਨਾ ਜਾਈਏ

ਟੁੱਟ ਗਏ ਸੱਭੇ ਸਾਂਝ ਸਹਾਰੇ

ਟੁੱਟ ਗਏ ਸੱਭੇ ਸਾਂਝ ਸਹਾਰੇ ਫੇਰ ਵੀ ਦੁੱਖ ਨਈਂ ਕੀਤਾ ਛੱਡ ਕੇ ਟੁਰ ਗਏ ਸੱਜਣ ਪਿਆਰੇ ਫੇਰ ਵੀ ਦੁੱਖ ਨਈਂ ਕੀਤਾ ਛੱਡ ਨਾ ਹੋਈ ਲੋਕਾਂ ਤੇ ਐਤਬਾਰ ਕਰਨ ਦੀ ਆਦਤ ਝੱਲਦੇ ਰਹੇ ਆਂ ਨਿੱਤ ਖਸਾਰੇ ਫੇਰ ਵੀ ਦੁੱਖ ਨਈਂ ਕੀਤਾ ਗੁਰਬਤ ਦੇ ਵਿਚ ਹੱਥ ਛੁਡਾ ਕੇ ਸਾਥੋਂ ਵੱਖਰੇ ਹੋ ਗਏ ਮੁੜ ਨਈਂ ਆਏ ਯਾਰ ਨਕਾਰੇ ਫੇਰ ਵੀ ਦੁੱਖ ਨਈਂ ਕੀਤਾ ਸੱਧਰਾਂ ਦਾ ਗਲ਼ ਘੁੱਟ ਦਿੱਤਾ ਪਰ ਸ਼ਮਲੇ ਢਹਿਣ ਨਈਂ ਦਿੱਤੇ ਪਿਆਰ ਦੀ ਬਾਜ਼ੀ ਜਿੱਤਕੇ ਹਾਰੇ ਫੇਰ ਵੀ ਦੁੱਖ ਨਈਂ ਕੀਤਾ ‘ਬੁਸ਼ਰਾ’ ਤੂੰ ਦਰਵੇਸ਼ਣੀ ਏਂ ਜਾਂ ਫਿਰ ਪੱਥਰ ਕੋਈ ਕੀ ਕੁਝ ਸੁਣਿਆਂ ਆਪਣੇ ਬਾਰੇ ਫੇਰ ਵੀ ਦੁੱਖ ਨਈਂ ਕੀਤਾ

ਅੱਖਾਂ ਵਿਚੋਂ ਪ੍ਰੀਤ ਦਾ ਪਾਣੀ

ਅੱਖਾਂ ਵਿਚੋਂ ਪ੍ਰੀਤ ਦਾ ਪਾਣੀ ਮੁੱਕ ਨਾ ਜਾਵੇ ਸੱਜਣਆਪੇ ਦਾ ਸਾਵਾ ਬੂਟਾ ਸੁੱਕ ਨਾ ਜਾਵੇ ਇੰਝ ਹੀ ਆਂਦੇ ਜਾਂਦੇ ਮਿਲਦੇ ਗਿਲਦੇ ਰਹੀਏ ਰੱਥ ਮੁਹੱਬਤ ਵਾਲਾ ਕਿਧਰੇ ਰੁਕ ਨਾ ਜਾਵੇ ਨਫ਼ਰਤ ਮਾਰ ਮੁਕਾਣੀ ਏ ਤੇ ਚੇਤੇ ਰੱਖਣਾ ਸੱਚ ਦਾ ਸ਼ਮਲਾ ਜ਼ੁਲਮ ਦੇ ਅੱਗੇ ਝੁਕ ਨਾ ਜਾਵੇ ਸਾਹਮਣੇ ਵਗਦੀ ਨਹਿਰ ਫਰਾਤ ਨੂੰ ਕੀ ਕਰਨਾ ਏ ਪਿਆਸਿਆਂ ਤੀਕ ਜੇ ਪਾਣੀ ਦਾ ਇਕ ਬੁੱਕ ਨਾ ਜਾਵੇ ਪਿਆਰ ਮੁਹੱਬਤਾਂ ਅੰਦਰ ਜਿਹੜਾ ਵਿੱਥਾਂ ਪਾਵੇ ‘ਬੁਸ਼ਰਾ’ ਇੰਝ ਦਾ ਵੈਰੀ ਕਿਧਰੇ ਮੁੱਕ ਨਾ ਜਾਵੇ

ਪਹਿਲਾਂ ਗਾਟੇ ਕੱਪ ਵੇ ਲੇਖਾ

ਪਹਿਲਾਂ ਗਾਟੇ ਕੱਪ ਵੇ ਲੇਖਾ ਫੇਰ ਖੁਰੇ ਪਿਆ ਨੱਪ ਵੇ ਲੇਖਾ ਉੱਤੇ ਕਿਧਰੇ ਲਿਖੀਆਂ ਹੋਈਆਂ ਮੇਰੇ ਸਿਰ ਨਾ ਥੱਪ ਵੇ ਲੇਖਾ ਇੱਜ਼ਤ ਦਾ ਮੁੱਲ ਨਹੀਂਓ ਹੁੰਦੀ ਆਟੇ ਦੀ ਇਕ ਲੱਪ ਵੇ ਲੇਖਾ ਹੱਥੀਂ ਲੇਖ ਲਕੀਰਾਂ ਨਹੀਂਓ ਸੱਪ ਵੇ ਲੇਖਾ ਸੱਪ ਵੇ ਲੇਖਾ ‘ਬੁਸ਼ਰਾ’ ਸੱਜਣ ਜਿੱਤ ਲੈਣਾ ਏ ਤੂੰ ਪਾਉਂਦਾ ਰਹੀਂ ਖੱਪ ਵੇ ਲੇਖਾ

ਚਾਨਣ ਚਾਰ ਚੁਫੇਰਾ ਕਰਦੇ

ਚਾਨਣ ਚਾਰ ਚੁਫੇਰਾ ਕਰਦੇ ਅੱਖੋਂ ਦੂਰ ਹਨ੍ਹੇਰਾ ਕਰਦੇ ਅੱਜ-ਕੱਲ੍ਹ ਮੇਰੀ ਜਾਨ ਦੇ ਦੁਸ਼ਮਣ ਜ਼ਿਕਰ ਬੜਾ ਨੇ ਤੇਰਾ ਕਰਦੇ ਤੂੰ ਜੇ ਮੇਰਾ ਹੋ ਨਈਂ ਸਕਦਾ ਮੈਨੂੰ ਤੇ ਤੂੰ ਮੇਰਾ ਕਰਦੇ ਕਾਗੇ ਦੇਂਦੇ ਰਹਿਣ ਸੁਨੇਹੇ ਫੇਰ ਆਬਾਦ ਬਨੇਰਾ ਕਰਦੇ ਗਿਲ੍ਹਾ ਕਰਾਂ ਨਾ ਕਦੇ ਕਿਸੇ ਦਾ ਏਨਾ ਵੱਡਾ ਜੇਰਾ ਕਰਦੇ ਏਥੇ ਸਾਡਾ ਕੁਝ ਨਈਂ ‘ਬੁਸ਼ਰਾ’ ਐਵੇਂ ਈ ਮੇਰਾ ਮੇਰਾ ਕਰਦੇ

ਜਿੰਨਾ ਮਰਜ਼ੀ ਚੀਕ ਵੇ ਮਾਹੀ

ਜਿੰਨਾ ਮਰਜ਼ੀ ਚੀਕ ਵੇ ਮਾਹੀ ਕੁਝ ਨਈਂ ਹੋਣਾ ਠੀਕ ਵੇ ਮਾਹੀ ਘਰ ਦੇ ਨਾਂ ਨੂੰ ਪਹਿਰੇਦਾਰਾਂ ਲਾ ਛੱਡੀ ਏ ਲੀਕ ਵੇ ਮਾਹੀ ਮੇਰੀਆਂ ਅੱਖਾਂ ਦੇ ਵੱਲ ਤੱਕੇ ਮੇਰੇ ਹੱਥ ਦੀ ਲੀਕ ਵੇ ਮਾਹੀ ਅੱਜ ਤੱਕ ਮੈਂ ਤੇ ਐਹੋ ਸਮਝੀ ਹਰ ਰਿਸ਼ਤਾ ਕੰਮ ਤੀਕ ਵੇ ਮਾਹੀ ਜੀਅ ਕਰਦਾ ਏ ਅੱਜ ਤੋਂ ‘ਬੁਸ਼ਰਾ’ ਫੇਰ ਆਖਾਂ ਬਾਰੀਕ ਵੇ ਮਾਹੀ

ਦੁੱਖ ਦੀ ਸ਼ਾਲ 'ਚ ਸਾਰੇ ਮੌਸਮ ਆਉਂਦੇ ਨੇ

ਦੁੱਖ ਦੀ ਸ਼ਾਲ 'ਚ ਸਾਰੇ ਮੌਸਮ ਆਉਂਦੇ ਨੇ ਉਂਝ ਤੇ ਸਾਲ 'ਚ ਸਾਰੇ ਮੌਸਮ ਆਉਂਦੇ ਨੇ ਦਿਲ ਵੀ ਆਖ਼ਰ ਉਹਦੀ ਚਾਲ 'ਚ ਆਇਆ ਏ ਜੀਹਦੀ ਚਾਲ 'ਚ ਸਾਰੇ ਮੌਸਮ ਆਉਂਦੇ ਨੇ ਮੈਂ 'ਕੱਲੀ ਨਈਂ ਆਉਂਦੀ ਏਹ ਗੱਲ ਪੱਕੀ ਏ ਉਹਦੀ ਭਾਲ਼ 'ਚ ਸਾਰੇ ਮੌਸਮ ਆਉਂਦੇ ਨੇ ਆਜਾ ਸੱਜਣਾ ਰੱਜ ਧਮਾਲਾਂ ਪਾਉਨੇ ਆਂ ਇਸ਼ਕ ਧਮਾਲ 'ਚ ਸਾਰੇ ਮੌਸਮ ਆਉਂਦੇ ਨੇ ‘ਬੁਸ਼ਰਾ’ ਜਿਸ ਖ਼ਿਆਲ ਨੇ ਝੱਲੀ ਕੀਤੀ ਏ ਉਸ ਖਿਆਲ 'ਚ ਸਾਰੇ ਮੌਸਮ ਆਉਂਦੇ ਨੇ

ਭੜਕਣ ਵਾਲ਼ੀ ਗੱਲ ਤੇ ਨਈਂ ਸੀ

ਭੜਕਣ ਵਾਲ਼ੀ ਗੱਲ ਤੇ ਨਈਂ ਸੀ ਅੱਗ ਮਸਲੇ ਦਾ ਹੱਲ ਤੇ ਨਈਂ ਸੀ ਪਹਿਲਾਂ ਵੀ ਕਦ ਖੁਸ਼ ਸੀ ਜਿੰਦੜੀ ਪਰ ਏਨੀ ਬੇ-ਅਕਲ ਤੇ ਨਈਂ ਸੀ ਅੱਜ ਫੇਰ ਜਲ ਥਲ ਹੋਇਆ ਏ ਦਿਲ ਅੱਖੀਆਂ ਵਿਚ ਬੱਦਲ ਤੇ ਨਈਂ ਸੀ ਇਹ ਕੀ... ਉਹਦੇ ਆਉਣ ਤੋਂ ਪਹਿਲਾਂ ਸ਼ਾਖਾਂ ਤੇ ਫੁੱਲ ਫੱਲ ਤੇ ਨਈਂ ਸੀ ਭਾਵੇਂ ਸਮੇਂ ਤੋਂ ਪਿੱਛੇ ਸਾਂ ਪਰ ਐਸਰਾਂ ਚੱਲ ਸੋ ਚੱਲ ਤੇ ਨਈਂ ਸੀ ਤਾਂਹੀਓ ਮੌਤ ਸੁਖਾਲ਼ੀ ਜਾਪੀ ਸਾਨੂੰ ਜੀਣ ਦਾ ਵੱਲ ਤੇ ਨਈਂ ਸੀ

ਚੰਗਾ ਹੋਇਆ ਭੁੱਲ ਗਏ ਸਾਰੇ

ਚੰਗਾ ਹੋਇਆ ਭੁੱਲ ਗਏ ਸਾਰੇ ਖੁੱਲ੍ਹਦੇ ਖੁੱਲ੍ਹਦੇ ਖੁੱਲ੍ਹ ਗਏ ਸਾਰੇ ਸੱਚ ਨੂੰ ਝੂਠ ਬਣਾਵਣ ਦੇ ਲਈ ਵੇਖ ! ਕਮੀਨੇ ਤੁੱਲ ਗਏ ਸਾਰੇ ਸੱਜਣਾ ਦੇ ਅਹਿਸਾਨ ਕੀ ਦੱਸਾਂ ਅੱਥਰੂ ਬਣਕੇ ਡੁੱਲ ਗਏ ਸਾਰੇ ਮਿਰਜ਼ੇ ਮਜਨੂੰ ਰਾਂਝੇ ਵਰਗੇ ਨੂਨ ਨਗੱਲੇ ਰੁਲ਼ ਗਏ ਸਾਰੇ ਮਾੜਿਆਂ ਦਾ ਹੱਕ ਖਾ ਖਾ ਤਗੜੇ ਵਾਂਗ ਭਕਾਨੇ ਫੁੱਲ ਗਏ ਸਾਰੇ ਗਰਜ਼ਾਂ ਦੇ ਪਾਣੀ ਵਿਚ ‘ਬੁਸ਼ਰਾ’ ਪਿਆਰ ਦੇ ਜਜ਼ਬੇ ਘੁਲ਼ ਗਏ ਸਾਰੇ

ਲੱਗਦਾ ਏ ਹੁਣ ਐਸਰਾਂ ਸੱਚ ਦੀ ਰੀਤ

ਲੱਗਦਾ ਏ ਹੁਣ ਐਸਰਾਂ ਸੱਚ ਦੀ ਰੀਤ ਨਿਭਾਉਣੀ ਪੈਣੀ ਏ ਗਜਰੇ ਵਾਲ਼ੀਆਂ ਬਾਹਵਾਂ ਨੂੰ ਤਲਵਾਰ ਉਠਾਣੀ ਪੈਣੀ ਏ ਅੱਗ ਨੇ ਸਾੜਨ ਲੱਗਿਆਂ ਓਹਦਾ ਘਰ ਵੀ ਨਹੀਂਓ ਛੱਡਣਾ ਜਿਹੜੀ ਅੱਗ ਤੂੰ ਹੱਥੀਂ ਲਾਈ ਆਪ ਬੁਝਾਣੀ ਪੈਣੀ ਏ ਬਾਗ਼ ਉਜਾੜਨ ਵਾਲ਼ਿਆਂ ਦਾ ਜੇ ਲੋਕਾਂ ਰਾਹ ਨਾ ਡੱਕਿਆ ਤੇ ਕੰਧਾਂ ਉੱਤੇ ਰੁੱਖਾਂ ਦੀ ਤਸਵੀਰ ਬਨਾਣੀ ਪੈਣੀ ਏ ਮੂੰਹੋਂ ਗੱਲ ਨੂੰ ਕੱਢਣ ਲੱਗਿਆਂ ਇਹ ਗੱਲ ਚੇਤੇ ਰੱਖੀਂ ਤੂੰ ਸਿਰ ਭਾਵੇਂ ਲਹਿ ਜਾਵੇ ਹੁਣ ਤੇ ਗੱਲ ਵਿਹਾਣੀ ਪੈਣੀ ਏਂ ਨਫ਼ਰਤ ਦੇ ਮਾਹੌਲ ’ਚ ‘ਬਸ਼ਰਾ’ ਸਾਥੋਂ ਰਹਿ ਨਈਂ ਹੁੰਦਾ ਹੁਣ ਸਾਨੂੰ ਹੁਣ ਇਕ ਪਿਆਰ ਦੀ ਬਸਤੀ ਆਪ ਵਸਾਣੀ ਪੈਣੀ ਏ

ਇਕ ਹੁੰਦਾ ਸੀ ਰੁੱਖ ਨੀ ਮਾਏ

ਇਕ ਹੁੰਦਾ ਸੀ ਰੁੱਖ ਨੀ ਮਾਏ ਅੱਬਾ ਘਰ ਦਾ ਸੁੱਖ ਨੀ ਮਾਏ ਸਾਨੂੰ ਜੰਨਤ ਭੁੱਲ ਜਾਂਦੀ ਏ ਵੇਖਕੇ ਤੇਰਾ ਮੁੱਖ ਨੀ ਮਾਏ ਭੁੱਖ ਦੇ ਹੱਥੋਂ ਮਰਦੇ ਪਏ ਆਂ ਕਿਉਂ ਨਈਂ ਮਰਦੀ ਭੁੱਖ ਨੀ ਮਾਏ ਅੰਦਰੋਂ-ਅੰਦਰੀ ਖਾ ਜਾਵੇਗਾ ਧੀ ਬੈਠੀ ਦਾ ਦੁੱਖ ਨੀ ਮਾਏ ਕੁਝ ਵੀ ਸਾਵਾ ਰਹਿਣ ਨਾ ਦੇਵੇ ਇਸ਼ਕ ਰੜ੍ਹੇ ਦਾ ਰੁੱਖ ਨੀ ਮਾਏ

ਹੁਣ ਜੇ ਧੋਖਾ ਨਈਂ ਮਿਲਿਆ

ਹੁਣ ਜੇ ਧੋਖਾ ਨਈਂ ਮਿਲਿਆ ਓਹਨੂੰ ਮੌਕਾ ਨਈਂ ਮਿਲਿਆ ਚੂਰੀ ਮੋੜ ਲਿਆਈਆਂ ਬੇਲੇ ਰਾਂਝਾ ਨਈਂ ਮਿਲਿਆ ਸੋਚ ਸਮੁੰਦਰਾਂ ਵਰਗੀ ਸੀ ਮੈਨੂੰ ਰਸਤਾ ਨਈਂ ਮਿਲਿਆ ਸੁਫ਼ਨੇ ਸੁਫ਼ਨਾ ਹੋ ਗਏ ਨੇ ਮਾਹੀ ਆਇਆ ਨਈਂ ਮਿਲਿਆ ਮੈਂ ਵੀ ਬਾਂਦੀ ਬਣ ਜਾਂਦੀ ਕੋਈ ਆਕਾ ਨਈਂ ਮਿਲਿਆ ਸੂਰਜ ਬਣਿਆ ਬੈਠਾ ਏ ਜੀਹਨੂੰ ਦੀਵਾ ਨਈਂ ਮਿਲਿਆ ਜੀਹਦੀ ਆਸ ਤੇ ਜੀਂਦੇ ਸਾਂ ਉਹ ਵੀ ‘ਬੁਸ਼ਰਾ’ ਨਈਂ ਮਿਲਿਆ

ਅਸੀਂ ਸੂਰਮੇ ਜੰਮਣ ਵਾਲ਼ੀਆਂ

ਅਸੀਂ ਸੂਰਮੇ ਜੰਮਣ ਵਾਲ਼ੀਆਂ ਸਾਡੀ ਜਗ ਵਿਚ ਵੱਖਰੀ ਥਾਂ ਅਸੀਂ ਸਿਰ ਤੇ ਧੁੱਪਾਂ ਝੱਲੀਏ ਤੇ ਜਗ ਨੂੰ ਵੰਡੀਏ ਛਾਂ ਸਾਡੇ ਦਮ ਨਾਲ ਬੇਲੇ ਸੱਜਦੇ ਸਾਡੇ ਦਮ ਨਾਲ ਸ਼ਹਿਰ ਗਰਾਂ ਅਸੀਂ ਕੁੱਛੜ ਨਸਲਾਂ ਪਾਲ਼ੀਏ ਸਾਨੂੰ ਦੁਨੀਆਂ ਆਖਦੀ ਮਾਂ ਅਸੀਂ ਰਹਿਮਤ ਬਣਕੇ ਵੱਸੀਆਂ ਅਤੇ ਔਰਤ ਸਾਡਾ ਨਾਂ

ਚੁੱਪ ਕਰ ਗਈ ਆਂ ਕਹਿਣਾ ਕੀ ਏ

ਚੁੱਪ ਕਰ ਗਈ ਆਂ ਕਹਿਣਾ ਕੀ ਏ ਬੋਲ ਪਈ ਤੇ ਰਹਿਣਾ ਕੀ ਏ ’ਨੇਰ੍ਹੀ ਨੂੰ ਵੀ ਸ਼ਰਮ ਨਾ ਆਈ ਢਹੀ ਕੰਧ ਦਾ ਢਹਿਣਾ ਕੀ ਏ ਲੇਖ ਹੀ ਜਦ ਦੇ ਪਾਏ ਨਾ ਮਾਪੇ ਦਾਜ ਵਰੀ ਤੇ ਗਹਿਣਾ ਕੀ ਏ ਜਿੰਨ੍ਹੇ ਸਾਨੂੰ ਦੁੱਖ ਦਿੱਤੇ ਨੇ ਸਾਡਾ ਦੁੱਖ ਓਸ ਸਹਿਣਾ ਕੀ ਏ ਦੁਨੀਆਂਦਾਰ ਤੇ ਤੂੰ ਵੀ ਘੱਟ ਨਈਂ ਅਸੀਂ ਜੇ ਹੋ ਗਏ ਮਿਹਣਾ ਕੀ ਏ ਰਾਹ ਤੇ ਓਹਦਾ ਡੱਕ ਬੈਠੀ ਆਂ ਸਮਝ ਨਈਂ ਆਉਂਦੀ ਕਹਿਣਾ ਕੀ ਏ ਵਾਅਵਾਂ ਦੇ ਅਸਵਾਰ ਨੇ ਬੁਸ਼ਰਾ ਕੋਲ਼ ਕਿਸੇ ਦੇ ਬਹਿਣਾ ਕੀ ਏ

ਤੂੰ ਏ ਉਸਤਾਕਾਰ ਨੀ ਜਿੰਦੇ

ਤੂੰ ਏ ਉਸਤਾਕਾਰ ਨੀ ਜਿੰਦੇ ਮੈਂ ਭੋਲ਼ੀ ਮੁਟਿਆਰ ਨੀ ਜਿੰਦੇ ਥਾਂ ਥਾਂ ਤੋਂ ਏ ਫੱਟੜ ਜੁੱਸਾ ਤੇਰੇ ਹੱਥ ਕਟਾਰ ਨੀ ਜਿੰਦੇ ਤੇਰੀ ਆਸ ਤੇ ਜੀਵਾਂ ਕਿਵੇਂ ਨਈਂ ਤੇਰਾ ਐਤਬਾਰ ਨੀ ਜਿੰਦੇ ਤੂੰ ਨਈਂ ਸਾਥ ਹਮੇਸ਼ਾ ਦੇਣਾ ਕਾਹਦੇ ਕੌਲ ਕਰਾਰ ਨੀ ਜਿੰਦੇ ਇਕ ਦਿਨ ਅਣਖ ਦਾ ਭਾਂਡਾ ਭੱਜਣਾ ਇਕ ਦਿਨ ਹੋਣੀ ਹਾਰ ਨੀ ਜਿੰਦੇ ਤੂੰ ਮੈਨੂੰ ਕੀ ਦੇ ਸਕਨੀ ਏਂ ਤੂੰ ਤੇ ਆਪ ਉਧਾਰ ਨੀ ਜਿੰਦੇ ਸਾਹ ਵਧਾ ਦੇ ਜੋ ‘ਬੁਸ਼ਰਾ’ ਦੇ ਕੌਣ ਓਹ ਸ਼ਾਹੂਕਾਰ ਨੀ ਜਿੰਦੇ

ਕਿਸੇ ਤੋਂ ਜਾਨ ਵਾਰਨ ਦੀ ਹਮਾਕਤ

ਕਿਸੇ ਤੋਂ ਜਾਨ ਵਾਰਨ ਦੀ ਹਮਾਕਤ ਕੌਣ ਕਰਦਾ ਏ ਇਹ ਸਭ ਗਰਜ਼ਾਂ ਦੇ ਚੱਕਰ ਨੇ ਮੁਹੱਬਤ ਕੌਣ ਕਰਦਾ ਏ ਸਭ ਇਹਦੀ ਮਾਲਕੀ ਚਾਹੁੰਦੇ ਨੇ ਦਿਲ ਮੁੱਠੀ ’ਚ ਨਈਂ ਕਰਦੇ ਮੁਹੱਬਤ ਨਾਲ ਦਿਲ ਉੱਤੇ ਹਕੂਮਤ ਕੌਣ ਕਰਦਾ ਏ ਇਹ ਆਪਣੀ ਬੇਵੱਸੀ ਦਾ ਰੋਣਾ ਰੋਵਣ ਵਾਲਿਓ ਦੱਸੋ ਬੰਦਾ ਨਾਇਬ ਏ ਜੇ ਰੱਬ ਦਾ ਨਿਆਬਤ ਕੌਣ ਕਰਦਾ ਏ ਕਿਸੇ ਚੌਧਰ ਕਿਸੇ ਕੰਮੀ ਨੇ ਏਨਾ ਸੋਚਿਆ ਈ ਨਈਂ ਮਹਾਸਲ ਕੌਣ ਲੈ ਉੱਡਦਾ ਤੇ ਮਿਹਨਤ ਕੌਣ ਕਰਦਾ ਏ ਕਿਸੇ ਦਰਵੇਸ਼ ਜਾਂ ਸੱਚੇ ਲਿਖਾਰੀ ਤੋਂ ਕਦੀ ਪੁੱਛੀਂ ਸਮੇਂ ਦੇ ਜਬਰ ਤੋਂ ‘ਬੁਸ਼ਰਾ’ ਬਗਾਵਤ ਕੌਣ ਕਰਦਾ ਏ

ਏਨਾ ਚੰਗਾ ਨਾ ਲੱਗ ਮੈਨੂੰ

ਏਨਾ ਚੰਗਾ ਨਾ ਲੱਗ ਮੈਨੂੰ ਮੈਂ ਅੱਗ ਵੇਖਾਂ ਜਾਂ ਅੱਗ ਮੈਨੂੰ ਮੈਂ ਕਰਨੀ ਆਂ ਸੱਚੀਆਂ ਗੱਲਾਂ ਭੈੜਾ ਕਹਿੰਦਾ ਇਹ ਜੱਗ ਮੈਨੂੰ ਇਸ਼ਕ ਵੀ ਨੀਵੀਂ ਪਾ ਕੇ ਟੁਰਿਆ ਠੱਗਣ ਆਇਆ ਸੀ ਠੱਗ ਮੈਨੂੰ ਓਹਨੇ ਆਖਰਕਾਰ ਬੁਝਾਇਆ ਜੀਹਨੇ ਕੀਤਾ ਜਗ-ਮਗ ਮੈਨੂੰ ‘ਬੁਸ਼ਰਾ’ ਤੇਰੀਆਂ ਗੱਲਾਂ ਦੱਸਦੀ ਮੇਰੇ ਦਿਲ ਦੀ ਰਗ ਰਗ ਮੈਨੂੰ

ਤੇਰੇ ਬਾਝੋਂ ਹੌਕੇ ਹਾਵਾਂ ਭਰਦੇ ਰਹੇ

ਤੇਰੇ ਬਾਝੋਂ ਹੌਕੇ ਹਾਵਾਂ ਭਰਦੇ ਰਹੇ ਇਕ ਦਿਲ ਉੱਤੇ ਲੱਖਾਂ ਸਦਮੇ ਜਰਦੇ ਰਹੇ 'ਨੇਰ੍ਹੇ ਦੇ ਵਿਚ ਕਿਧਰੇ ਰਾਹ ਨਾ ਭੁੱਲ ਜਾਵਣ ਆਪਣੀ ਅੱਖ ਨੂੰ ਬਾਲ਼ ਕੇ ਚਾਨਣ ਕਰਦੇ ਰਹੇ ਇੱਕੋ ਵਾਰੀ ਮਰਨ ਦਾ ਸੁਣਦੇ ਆਏ ਸਾਂ ਅਸੀਂ ਤੇ ਸੱਜਣਾ ਸਾਹ ਸਾਹ ਏਥੇ ਮਰਦੇ ਰਹੇ ਤੇਰੀ ਸਾਂਝ ਤੋਂ ਵਧਕੇ ਸਾਨੂੰ ਕੁਝ ਵੀ ਨਈਂ ਦੁਨੀਆਂ ਫਿਰ ਕੇ ਵੇਖੀ ਫੇਰ ਵੀ ਘਰਦੇ ਰਹੇ ਜਿਸਦਾ ਭਾਰ ਸੀ ‘ਬੁਸ਼ਰਾ' ਤਹਿ ਤੱਕ ਪਹੁੰਚ ਗਿਆ ਹੌਲ਼ੇ ਸਨ ਜੋ ਪਾਣੀ ਉੱਤੇ ਤਰਦੇ ਰਹੇ

ਕੀ ਪੁੱਛਦੇ ਓ ਹਾਲ ਨਈਂ ਕੋਈ

ਕੀ ਪੁੱਛਦੇ ਓ ਹਾਲ ਨਈਂ ਕੋਈ ਦੁੱਖਾਂ ਦਾ ਭਾਈਵਾਲ਼ ਨਈਂ ਕੋਈ ਇਸ਼ਕ ਦੀ ਹਰ ਇਕ ਚਾਲ 'ਚ ਆਵੇ ਦਿਲ ਏਡਾ ਵੀ ਬਾਲ ਨਈਂ ਕੋਈ ਮੈਂ ਓਹਦੇ ਤੋਂ ਧੋਖਾ ਖਾਧਾ ਜੀਹਦੀ ਯਾਰ ਮਿਸਾਲ ਨਈਂ ਕੋਈ ਖੌਰੇ ਕਿਉਂ ਹਰ ਪਾਸੇ ਸੁੰਝ ਏ ਹਾਲਾ ਕਿ ਹੜਤਾਲ਼ ਨਈਂ ਕੋਈ ‘ਬੁਸ਼ਰਾ’ ਪਿਆਰ 'ਚ ਧੋਖਾ ਦੇਣਾ ਓਹਦੇ ਨੇੜੇ ਗਾਲ਼ ਨਈਂ ਕੋਈ

ਸਖੀਆਂ ਗੱਲਾਂ ਕਰਦੀਆਂ ਨੇ

ਸਖੀਆਂ ਗੱਲਾਂ ਕਰਦੀਆਂ ਨੇ ਓਹਦੀਆਂ ਗੱਲਾਂ ਕਰਦੀਆਂ ਨੇ ਜੀਹਨਾ ਦੀ ਅੱਧ ਗਵਾਹੀ ਏ ਪੂਰੀਆਂ ਗੱਲਾਂ ਕਰਦੀਆਂ ਨੇ ਹੋਂਠ ਜਦੋਂ ਚੁੱਪ ਹੋ ਜਾਵਣ ਅੱਖੀਆਂ ਗੱਲਾਂ ਕਰਦੀਆਂ ਨੇ ਖੰਡਾਂ ਵਰਗੀਆਂ ਸੂਰਤਾਂ ਵੀ ਕੌੜੀਆਂ ਗੱਲਾਂ ਕਰਦੀਆਂ ਨੇ ਜਦ ਜਮਹੂਰ ਦੇ ਸਾਹ ਟੁੱਟਣ ਵਰਦੀਆਂ ਗੱਲਾਂ ਕਰਦੀਆਂ ਨੇ ਜਿਹੋ ਜਿਹੀਆਂ ਜੀਭਾਂ ਹੋਣ ਵੈਸੀਆਂ ਗੱਲਾਂ ਕਰਦੀਆਂ ਨੇ ਉੱਚੀਆਂ ਪੱਗਾਂ ਵੀ ‘ਬੁਸ਼ਰਾ’ ਨੀਵੀਆਂ ਗੱਲਾਂ ਕਰਦੀਆਂ ਨੇ

ਕੋਈ ਹੱਸਦਾ ਏ ਕੋਈ ਰੋਂਦਾ ਏ

ਕੋਈ ਹੱਸਦਾ ਏ ਕੋਈ ਰੋਂਦਾ ਏ ਰੱਬ ਜਾਣੇ ਰੱਬ ਕੀ ਚਾਹੁੰਦਾ ਏ ਸਭ ਓਹਨੂੰ ਮੁੜ ਮੁੜ ਤੱਕਦੇ ਨੇ ਜਿਹੜਾ ਓਹਦੇ ਨਾਲ਼ ਖਲੋਂਦਾ ਏ ਗੱਲ ਦਿਲ ਦੀ ਮੰਨਣੀ ਨਈਂ ਚਾਹੀਦੀ ਦਿਲ ਇਕ ਦਿਨ ਥਾਂ ਮਰਵਾਉਂਦਾ ਏ ਕੀ ਕੰਮ ਏ ਇਸ਼ਕ ਨੂੰ ਨਾਲ਼ ਮੇਰੇ ਕਿਉਂ ਦਰ ਮੇਰਾ ਖੜਕਾਉਂਦਾ ਏ ਇਸ ਇਸ਼ਕ ਨੂੰ ਅੱਗ ਕਦ ਲੱਗਣੀ ਏ ਹਰ ਪਾਸੇ ਅੱਗਾਂ ਲਾਉਂਦਾ ਏ ਰੱਬ ਓਹਦੇ ਨਾਲ਼ ਵਾਹ ਪਾਵੇ ਨਾ ਜਿਹੜਾ ਰੱਬ ਤੋਂ ਬਹੁਤ ਡਰਾਉਂਦਾ ਏ

  • ਮੁੱਖ ਪੰਨਾ : ਕਾਵਿ ਰਚਨਾਵਾਂ, ਬੁਸ਼ਰਾ ਨਾਜ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ