ਬੰਦ ਬੰਦ : ਭੁਪਿੰਦਰ ਦੁਲੇਅ

Band Band : Bhupinder Dulay



ਨਵਾਂ ਕੋਈ ਗੀਤ ਨਹੀਂ ਲਿਖਿਆ

ਨਵਾਂ ਕੋਈ ਗੀਤ ਨਹੀਂ ਲਿਖਿਆ, ਬੜੇ ਚਿਰ ਤੋਂ ਕਲਮ ਚੁੱਪ ਹੈ ਕਵੀ ਮਹਿਫ਼ਿਲ `ਚ ਨਹੀਂ ਦਿਖਿਆ, ਬੜੇ ਚਿਰ ਤੋਂ ਕਲਮ ਚੁੱਪ ਹੈ ਇਹ ਗ਼ਜ਼ਲਾਂ, ਗੀਤ, ਨਜ਼ਮਾਂ ਤਾਂ ਕੋਈ ਰਹਿਮਤ ਹੀ ਹੁੰਦੀ ਹੈ ਅਜੇ ਮਿਲਦੀ ਨਹੀਂ ਭਿਖਿਆ, ਬੜੇ ਚਿਰ ਤੋਂ ਕਲਮ ਚੁੱਪ ਹੈ ਨਾ ਗਹਿਰਾਈ ਖ਼ਿਆਲਾਂ ਦੀ, ਅਜੇ ਨਾ ਸੋਚ ਹੀ ਉੱਚੀ ਤੁਕਾਂ ਨੂੰ ਜੋੜਨਾ ਸਿਖਿਆ, ਬੜੇ ਚਿਰ ਤੋਂ ਕਲਮ ਚੁੱਪ ਹੈ ਨਾ ਕੋਈ ਸਾਜ਼ ਹੀ ਛੋਹੇ, ਨਾ ਕੋਈ ਤਾਲ ਹੀ ਛੇੜੀ ਨਾ ਸਰਗਮ ਨੂੰ ਸੁਖ਼ਨ ਦਿਖਿਆ, ਬੜੇ ਚਿਰ ਤੋਂ ਕਲਮ ਚੁੱਪ ਹੈ ਹੈ ਇਕ ਫ਼ਰਿਆਦ ਮਿਲ ਜਾਵੇ, ਨਿਰੰਤਰ ਲਿਖਦਿਆਂ ਰਹਿਣਾ ਲਿਖੂ ਅਗਨੀ ਜਦੋਂ ਲਿਖਿਆ, ਬੜੇ ਚਿਰ ਤੋਂ ਕਲਮ ਚੁੱਪ ਹੈ

ਬ੍ਰਹਿਮੰਡ ਨੂੰ ਜੋ ਸਿਰਜੇ

ਬ੍ਰਹਿਮੰਡ ਨੂੰ ਜੋ ਸਿਰਜੇ, ਪੁਸਤਕ 'ਚ ਬੰਦ ਹੋ ਜਾ ਤੈਨੂੰ ਹਰ ਘੜੀ ਪੜ੍ਹਾਂ ਮੈਂ, ਤੂੰ ਇਲਾਹੀ ਛੰਦ ਹੋ ਜਾ ਇਲਹਾਮ ਬਣ ਜੋ ਆਏ, ਆਪੇ ਲਿਖੇ ਲਿਖਾਏ ਸ਼ਬਦਾਂ ਨੂੰ ਰਾਗਨੀ ਦੇ, ਰੂਹ ਦਾ ਆਨੰਦ ਹੋ ਜਾ ਇਹ ਮਹਿਲ, ਇਹ ਮੁਨਾਰੇ, ਤੇਰੇ ਪੈਰੀਂ ਡਿੱਗਣੇ ਸਾਰੇ ਜਾਂ ਚਰਖ਼ੜੀ ’ਤੇ ਚੜ੍ਹ ਜਾਹ ਜਾਂ ਬੰਦ ਬੰਦ ਹੋ ਜਾ ਛੱਡ ਕੇ ਇਹ ਮੌਜ ਮਸਤੀ, ਆ ਬਣਾ ਨਵੀਂ ਤੂੰ ਹਸਤੀ ਆਰੇ ਥਾਂ ਚੀਰ ਹੋ ਜਾਂ ਰੰਦੇ ਥੀਂ ਰੰਦ ਹੋ ਜਾ। ਫੁੱਲਾਂ ਨੂੰ ਟਹਿਕਣਾ ਦੇ, ਹਰ ਘਰ ਨੂੰ ਚਾਨਣਾ ਦੇ ਰਾਤਾਂ ’ਚ ਬਾਲ ਆਪਾ, ਤੂੰ ਸਭ ਦਾ ਚੰਦ ਹੋ ਜਾ ਨ੍ਹੇਰਾ ਰਹੇ ਸਵੇਰਾ, ਰਹਿਣਾ ਹੈ ਜ਼ਿਕਰ ਤੇਰਾ ਤੂੰ ਮਨਪਸੰਦ ਹੋ ਜਾ ਜਾਂ ਨਾਪਸੰਦ ਹੋ ਜਾ

ਕਲਮ ਦੇ ਵੇਗ `ਤੇ ਐਸੀ ਸ਼ਫ਼ਕਤ ਰਹੇ

ਕਲਮ ਦੇ ਵੇਗ `ਤੇ ਐਸੀ ਸ਼ਫ਼ਕਤ ਰਹੇ ਸ਼ਾਇਰੀ, ਕਲਪਨਾ, ਸ਼ਿਲਪ, ਸ਼ਿੱਦਤ ਰਹੇ ਸੋਚ ਸੰਜਮ, ਸੁਹਜ, ਤਾਜ਼ਗੀ, ਨਗ਼ਮਗੀ ਰੰਗਾਂ ਬਹਿਰਾਂ ਦੀ ਸ਼ਿਅਰਾਂ ’ਤੇ ਰਹਿਮਤ ਰਹੇ ਢਲ਼ ਕੇ ਸਰਗਮ ’ਚ ਰੂਹਾਂ ਨੂੰ ਰੌਸ਼ਨ ਕਰੇ ਸ਼ਾਇਰੀ ਥੀਂ ਮਹਿਕਦੀ ਮੁਹੱਬਤ ਰਹੇ ਚੰਦ, ਸੂਰਜ, ਗਗਨ, ਧਰਤ, ਸਾਗਰ, ਪਵਨ ਅਜ਼ਲ ਤੋਂ ਸ਼ਾਇਰੀ ਦੀ ਇਬਾਦਤ ਰਹੇ ਹਰਫ਼ ਬੇਪੱਤ ਨਗਨ ਬੇਅਦਬ ਹੋਣ ਨਾ ਔਰ ਬੇਬਾਕ ਆਖਣ ਦੀ ਜੁਰਅਤ ਰਹੇ ਆਪੋ ਆਪਣੀ ਪਹੁੰਚ, ਆਪੋ ਆਪਣਾ ਮੁਕਾਮ ਮਰਨ ਪਿੱਛੋਂ ਵੀ ਸ਼ਾਇਰ ਤਾਂ ਜੀਵਤ ਰਹੇ

ਹਰੇਕ ਧੜਕਨ, ਹਰੇਕ ਜੀਵਨ

ਹਰੇਕ ਧੜਕਨ, ਹਰੇਕ ਜੀਵਨ ਤੇਰੀ ਰਜ਼ਾ ਵਿਚ ਮਗਨ ਹੈ ਤਾਂ ਹੀ ਸੁਭਾਨ ਹੈਂ ਤੂੰ ਸੁਭਾਨ ਕੁਦਰਤ ਇਹ ਧਰਤ ਸਾਗਰ ਗਗਨ ਹੈ ਤਾਂ ਹੀ ਇਹ ਕਿਸ ਨੇ ਆਂਗਣ 'ਚ ਪੈਰ ਧਰਿਆ ਚੁਫੇਰ ਚਾਨਣ ਦੇ ਨਾਲ਼ ਭਰਿਆ ਫ਼ਿਜ਼ਾ ਬਰੂਹੀਂ ਤਰੇਲ ਚੋਵੇ ਬਹਾਰ ਕਰਦੀ ਸ਼ਗਨ ਹੈ ਤਾਂ ਹੀ ਜੜੇ ਜੋ ਥਾਲੀ 'ਚ ਚੰਦ, ਤਾਰੇ ਇਹ ਕੌਣ ਸਾਜ਼ਾਂ 'ਚ ਫੂਕ ਮਾਰੇ ਹ ਵਾ ’ਚ ਪਾਣੀ ’ਚ ਜ਼ੱਰੇ-ਜ਼ੱਰੇ ’ਚ ਸਦਾ-ਸਦਾ ਦੀ ਵਗਨ ਹੈ ਤਾਂ ਹੀ ਹਰੇਕ ਦੀਵਟ ’ਚ ਮਘ ਰਿਹਾਂ ਮੈਂ ਹਰੇਕ ਮੁੱਖੜੇ ’ਤੇ ਦਗ ਰਿਹਾਂ ਮੈਂ ਜਿਗਰ ਥਾਂ ਮੇਰੇ ਹੈ ਉੱਗਦਾ ਸੂਰਜ ਜਿਸਮ ’ਚ ਏਨੀ ਅਗਨ ਹੈ ਤਾਂ ਹੀ ਬੜੇ ਨੇ ਝੱਖੜ ਤੂਫ਼ਾਨ ਭਾਵੇਂ ਅਡੋਲ ਖੜਿਆ ਹਨੇਰ ਸਾਵ੍ਹੇਂ ਹਮੇਸ਼ਾ ਰੌਸ਼ਨ ਰਹਿਣ ਦਾ ਜਜ਼ਬਾ ਚਰਾਗ਼ ਅੰਦਰ ਜਗਨ ਹੈ ਤਾਂ ਹੀ

ਯਾ ਖ਼ੁਦਾ! ਮੇਰੀ ਦੁਆ ਹੈ

ਯਾ ਖ਼ੁਦਾ! ਮੇਰੀ ਦੁਆ ਹੈ ਹਰ ਜਗੇ ਦੀਵੇ ਲਈ ਪੈਣ ਨਾ ਮੱਧਮ ਕਦੀ ਇਹ ਵਲਵਲੇ ਦੀਵੇ ਲਈ ਰੋਜ਼ ਇਸ ਨੇ ਆਪਣਾ ਆਪਾ ਮਚਾਈ ਜਾਵਣਾ ਰੋਜ਼ ਪਰਵਾਨੇ ਵੀ ਰਹਿਣੇ ਮੱਚਦੇ ਦੀਵੇ ਲਈ ਇਹ ਸਜ਼ਾ ਹੈ, ਲੋੜ ਹੈ, ਨਿਆਮਤ ਹੈ ਜਾਂ ਦਸਤੂਰ ਹੈ ਨੀਂਦਰਾਂ ਤੇਰੇ ਲਈ ਤੇ ਰਤਜਗੇ ਦੀਵੇ ਲਈ ਨਿੱਘ ਦੀ ਥਾਂ ਸੇਕ ਹੀ ਮਿਲਿਆ ਸਦਾ ਮਮਤਾ ਨੂੰ ਪਰ ਮੰਗਦੀ ਮਾਂ ਹੈ ਦੁਆਵਾਂ ਹਰ ਘਰੇ ਦੀਵੇ ਲਈ ਚੁੱਪ ਹੈ ਸੁਰਤਾਲ, ਗੁੰਮ ਹੈ ਰੌਸ਼ਨੀ ਦਾ ਗ਼ਜ਼ਲਗੋ ਭਾਲਦੇ ਫਿਰਦੇ ਨੇ ਮੈਨੂੰ ਉਹ ਦਿਨੇ ਦੀਵੇ ਲਈ

ਕਿਸੇ ਝਰਨੇ ਦੇ ਕਲਕਲ ਵਹਿਣ ਵਾਂਗਰ

ਕਿਸੇ ਝਰਨੇ ਦੇ ਕਲਕਲ ਵਹਿਣ ਵਾਂਗਰ ਲਿਖਦਿਆਂ ਰਹਿਣਾ ਖ਼ੁਦਾਯਾ! ਬਖ਼ਸ਼ ਦੇ ਮੈਨੂੰ ਨਿਰੰਤਰ ਲਿਖਦਿਆਂ ਰਹਿਣਾ ਹਨੇਰੀ ਰਾਤ ਨੂੰ ਵੰਗਾਰਦਾ ਫਿਰਦਾ ਮੇਰਾ ਜੁਗਨੂੰ ਤੁਸੀਂ ਵੀ ਪਹੁ ਫੁਟਾਲਾ ਹੋਣ ਤੀਕਰ ਲਿਖਦਿਆਂ ਰਹਿਣਾ ਕੋਈ ਬੀਤੀ ਉਮਰ ਦਾ ਹਾਦਸਾ ਨਾ ਸਮਝਣਾ ਮੈਨੂੰ ਕਦੇ ਜੇ ਯਾਦ ਆਵਾਂ ਯਾਰ ਪੱਤਰ ਲਿਖਦਿਆਂ ਰਹਿਣਾ ਕਦੇ ਥੱਕ ਹਾਰ ਘਰ ਨੂੰ ਪਰਤਣਾ ਪਰਵਾਜ਼ ਦਾ ਕੰਮ ਨਾ ਪਰਾਂ ਥੀਂ ਸ਼ਾਇਰੀ ਅਸਮਾਨ ਉੱਪਰ ਲਿਖਦਿਆਂ ਰਹਿਣਾ ਮਸ਼ਾਲਾਂ ਵਾਂਗ ਬਲਣਾ ਦੀਵਿਆਂ ਦੀ ਲਾਟ ਥੀਂ ਲੰਘਣਾ ਮਿਲੇਗਾ ਨੂਰ ਜੋ ਗ਼ਜ਼ਲਾਂ ਚ ਭਰ-ਭਰ ਲਿਖਦਿਆਂ ਰਹਿਣਾ

ਤੇਰੀ ਮੇਰੀ ਮੁਲਾਕਾਤ ਸੱਜਰੀ ਅਜੇ

ਤੇਰੀ ਮੇਰੀ ਮੁਲਾਕਾਤ ਸੱਜਰੀ ਅਜੇ ਕਿੰਝ ਬੀਤੇ ਜ਼ਮਾਨੇ ਦੀ ਗੱਲ ਹੋ ਗਈ ਦਿਨ ਸੀ ਆਥਣ ਦੀ ਬੁੱਕਲ ’ਚ ਬੈਠਾ ਹੁਣੇ ਵੇਖਦੇ-ਵੇਖਦੇ ਜੋ ਹੈ ਕੱਲ੍ਹ ਹੋ ਗਈ ਪੀੜ ਵਧਦੀ ਗਈ ਮੇਰੇ ਅਹਿਸਾਸ ਦੀ ਕੋਈ ਸੀਮਾ ਰਹੀ ਨਾ ਮੇਰੀ ਪਿਆਸ ਦੀ ਉਹ ਜੋ ਨਿੱਕੀ ਜਿਹੀ ਕਿਰਨ ਸੀ ਆਸ ਦੀ ਇੱਕ ਸੁੱਕੇ ਸਮੁੰਦਰ ਦੀ ਛੱਲ ਹੋ ਗਈ ਜਾਪਦੀ ਸੀ ਲੰਮੇਰੀ ਜੋ ਸਾਲਾਂ ਜਿਹੀ ਅੱਥਰੂ ਕੇਰਦੀ ਜਿੱਦ ਸੀ ਬਾਲਾਂ ਜਿਹੀ ਤੇਰੇ ਚਿਹਰੇ 'ਤੇ ਉਕਰੇ ਸਵਾਲਾਂ ਜਿਹੀ ਇੱਕ ਮੁਸ਼ਕਿਲ ਬਣੀ ਤੇ ਉਹ ਹੱਲ ਹੋ ਗਈ ਤੇਰੀ ਨੇਕੀ ਦਾ ਤੈਨੂੰ ਹੀ ਮਿਲਿਆ ਸਿਲਾ ਹੁਣ ਤੂੰ ਕੀਹਦੇ ’ਤੇ ਕਰਦਾ ਫਿਰੇਂਗਾ ਗਿਲਾ ਮੰਨ ਮੇਰੀ ਤੇ ਹੁਣ ਘਰ ਨੂੰ ਮੁੜ ਆ ਦਿਲਾ ਜੋ ਸੀ ਹੋਣੀ ਤੇਰੇ ਨਾਲ਼ ਚੱਲ ਹੋ ਗਈ ਤੇਰੇ ਨੈਣਾਂ ਦਾ ਸੋਕਾ ਨਾ ਜਰਿਆ ਗਿਆ ਅੱਥਰੂ ਬਣ ਕੇ ਮੇਰੇ ਤੋਂ ਵਰ੍ਹਿਆ ਗਿਆ ਮਰਨ ਵੇਲੇ ਪਿਆਸੇ ਨਾ ਮਰਿਆ ਗਿਆ ਔੜ ਉਮਰਾਂ ਦੀ ਇਸ ਦਿਲ ਤੋਂ ਝੱਲ ਹੋ ਗਈ

ਆਪਣੇ ਘਰ ਨੂੰ ਤੁਰ ਗਿਆ ਸੂਰਜ

ਆਪਣੇ ਘਰ ਨੂੰ ਤੁਰ ਗਿਆ ਸੂਰਜ ਚੰਦ ਬੱਦਲਾਂ ਦੇ ਕੋਲ਼ ਹੋ ਬੈਠਾ ਵੇਖ ਲੋਰੀ ਸੁਣਾ ਰਹੀ ਮਮਤਾ ਖ਼ਾਬ ਨੈਣਾਂ ਦੇ ਕੋਲ਼ ਹੋ ਬੈਠਾ ਨੂਰ ਦੇ ਨਾਲ਼ ਭਰ ਗਿਆ ਕੋਈ ਜੀਣ ਜੋਗਾ ਹੈ ਕਰ ਗਿਆ ਕੋਈ ਮੈਨੂੰ ਦੀਵਟ ’ਤੇ ਧਰ ਗਿਆ ਕੋਈ ਮੈਂ ਮਸ਼ਾਲਾਂ ਦੇ ਕੋਲ਼ ਹੋ ਬੈਠਾ ਢੰਗ ਆਇਆ ਨਾ ਕੋਈ ਜੱਗ ਵਾਲ਼ਾ ਰੱਬ ਮਿਲਿਆ ਨਾ ਇਸ਼ਕ ਦੀ ਮਾਲ਼ਾ ਵੇਖਿਆ ਮੈਂ ਸਫ਼ੇਦ ਜਾਂ ਕਾਲ਼ਾ ਲੱਖ ਰੰਗਾਂ ਦੇ ਕੋਲ਼ ਹੋ ਬੈਠਾ ਇੱਕ ਜਜ਼ਬਾ ਵੀ ਹੈ, ਖੁਮਾਰੀ ਹੈ ਸਾਹਵੇਂ ਅਸਮਾਨ ਦੀ ਸਵਾਰੀ ਹੈ ਬਿਨ ਪਰਾਂ ਦੇ ਜੋ ਇਹ ਉਡਾਰੀ ਹੈ ਮੈਂ ਤਾਂ ਡਾਰਾਂ ਦੇ ਕੋਲ਼ ਹੋ ਬੈਠਾ ਰੰਗ, ਮੌਸਮ, ਸੁਗੰਧ, ਬਰਸਾਤਾਂ ਛੇੜ ਐਵੇਂ ਨਾ ਬੀਤੀਆਂ ਬਾਤਾਂ ਕਿੰਝ ਕੱਟੇਂਗਾ ਸੁੰਝੀਆਂ ਰਾਤਾਂ ਦਿਲ ਜੇ ਯਾਦਾਂ ਦੇ ਕੋਲ਼ ਹੋ ਬੈਠਾ

ਹਰ ਸੀਨੇ ’ਚੋਂ ਉਠਦੀ ਦਮ-ਦਮ

ਹਰ ਸੀਨੇ ’ਚੋਂ ਉਠਦੀ ਦਮ-ਦਮ ਸਾ ਰੇ ਗਾ ਮਾ, ਸਾ ਰੇ ਗਾ ਮਾ ਧੜਕਣ-ਧੜਕਣ ਕਿਰਦੀ ਛਮ-ਛਮ ਸਾ ਰੇ ਗਾ ਮਾ, ਸਾ ਰੇ ਗਾ ਮਾ ਜਦ ਕਿਧਰੇ ਚੇਤੇ ਆ ਜਾਵੇ ਦਿਲ ਮੇਰੇ ਦੀ ਪਿਆਸ ਬੁਝਾਵੇ ਹਰ ਸਰਘੀ ਚਾਟੀ ਦੀ ਘਮ-ਘਮ ਸਾ ਰੇ ਗਾ ਮਾ, ਸਾ ਰੇ ਗਾ ਮਾ ਰਗ-ਰਗ ਜੋ ਸੰਗੀਤ ਜਿਹਾ ਹੈ ਦਰਦਾਂ ਨੂੰ ਸੁਰ ਬਖ਼ਸ਼ ਰਿਹਾ ਹੈ ਦਿਲ ਦਾ ਕੋਨਾ-ਕੋਨਾ, ਗ਼ਮ-ਗ਼ਮ ਸਾ ਰੇ ਗਾ ਮਾ, ਸਾ ਰੇ ਗਾ ਮਾ ਚਾਰ ਚੁਫੇਰੇ ਸ਼ੋਰ ਸ਼ਰਾਬਾ ਚੀਖ਼ਾਂ, ਗੋਲ਼ੀ, ਖੂਨ ਖ਼ਰਾਬਾ ਪਰ ਨਾ ਕਦੀ ਇਹ ਹੋਵੇ ਖਮ-ਖਮ ਸਾ ਰੇ ਗਾ ਮਾ, ਸਾ ਰੇ ਗਾ ਮਾ ਅੰਦਰਲਾ ਖ਼ਾਲੀਪਨ ਤਰਸੇ ਮਾਰੂਥਲ ’ਤੇ ਆ ਕੋਈ ਬਰਸੇ ਚਾਰ ਚੁਫੇਰਾ ਹੋਵੇ ਨਮ-ਨਮ ਸਾ ਰੇ ਗਾ ਮਾ, ਸਾ ਰੇ ਗਾ ਮਾ

ਸਾਡਾ ਤਾਂ ਹਾਲ-ਚਾਲ ਹੈ

ਸਾਡਾ ਤਾਂ ਹਾਲ-ਚਾਲ ਹੈ ਭਟਕੀ ਨਦੀ ਦੇ ਵਾਂਗ ਸਾਗਰ ਨੂੰ ਅੰਤ ਮਿਲਣ ਲਈ ਤਰਸੀ ਨਦੀ ਦੇ ਵਾਂਗ ਕੰਢੇ ਨਾ ਖੁਰਨ ਇਸ ਲਈ ਆਪਾ ਸਮੇਟਿਆ ਤੇਰੇ ਗਰਾਂ 'ਚੋਂ ਲੰਘਿਆਂ ਸੁੱਕੀ ਨਦੀ ਦੇ ਵਾਂਗ ਹੰਝੂਆਂ ’ਚ ਡੁੱਬ ਮਾਣਿਆ ਨੈਣਾਂ ਦਾ ਸੋਕੜਾ ਅੱਗ ਦੇ ਝਨਾਂ ਨੂੰ ਤਰ ਲਿਆ ਥਲ ਦੀ ਨਦੀ ਦੇ ਵਾਂਗ ਤੂੰ ਸਹਿ ਸੁਭਾਅ ਹੀ ਖੇਡਦੇ ਬੱਚੇ ਨੂੰ ਘੂਰਿਆ ਨੈਣਾਂ ਨੇ ਛਹਿਬਰ ਲਾ ਲਈ ਵਗਦੀ ਨਦੀ ਦੇ ਵਾਂਗ ਕੁੱਖੋਂ ਹੀ ਡੋਲੀ ਤੋਰ ਕੇ ਮਮਤਾ ਦੀ ਬੇਵਸੀ ਪੱਥਰ ਨੇ ਆਂਦਰਾਂ ਮਗਰ ਦਿਸਦੀ ਨਦੀ ਦੇ ਵਾਂਗ

ਏਸ ਦਰਿਆ ਦੀ ਇਹ ਜੋ ਹੈ ਕਲ-ਕਲ

ਏਸ ਦਰਿਆ ਦੀ ਇਹ ਜੋ ਹੈ ਕਲ-ਕਲ ਦਿਲ ਦੇ ਸਹਿਰਾ ਨੂੰ ਲੰਘਦੀ ਛਲ-ਛਲ ਨੀਂਦ ਨੈਣਾਂ ’ਚ ਰਾਤ ਭਰ ਜਾਗੀ ਕੋਈ ਆਹਟ ਜਿਹੀ ਰਹੀ ਪਲ-ਪਲ ਕੋਈ ਵੀ ਥਾਂ ਮਿਲੀ ਨਾ ਬਰਸਣ ਨੂੰ ਇਹ ਘਟਾ ਭਟਕਦੀ ਰਹੀ ਥਲ-ਥਲ ਖੇਤ ਵਾਂਗਰ ਜੋ ਵਾਹ ਗਿਆ ਸੀਨਾ ਜ਼ਿੰਦਗੀ ਦੇ ਗਿਆ ਤੇਰਾ ਹਲ-ਹਲ ਅੱਜ ਏਨਾ ਮਹੀਨ ਹੋ ਜਾਵਾਂ ਯਾ ਖ਼ੁਦਾ! ਛਣ ਦਵੇ ਕੋਈ ਮਲ-ਮਲ

ਸਿਗ੍ਹਾ ਚਿਰ ਦਾ ਮੇਰਾ ਇਹ ਸ਼ਾਂਤਪਨ

ਸਿਗ੍ਹਾ ਚਿਰ ਦਾ ਮੇਰਾ ਇਹ ਸ਼ਾਂਤਪਨ ਕਿਉਂ ਖੋਹ ਲਿਆ ਅੱਜ ਤੂੰ ਖੜੇ ਪਾਣੀ ਨੂੰ ਕਿਉਂ ਆ ਕੇ ਅਚਾਨਕ ਛੋਹ ਲਿਆ ਅੱਜ ਤੂੰ ਤੇਰੀ ਛੋਹ ਨਾਲ ਜੋ ਕੰਪਨ ਮਿਲੀ ਦਾਇਰੇ ਬਣੇ ਕਿੰਨੇ ਉਨ੍ਹਾਂ ਥੀਂ ਲੰਘ ਯਾਦਾਂ ਦੀ ਕਸਕ ਨੂੰ ਟੋਹ ਲਿਆ ਅੱਜ ਤੂੰ ਖੜੇ ਪਾਣੀ ਤਾਂ ਹੋ ਸਕਦੇ ਨੇ ਗੰਧਲੇ ਵੀ ਤੇ ਖਾਰੇ ਵੀ ਮੈਂ ਨਿਰਮੋਹਾ ਨਾ ਹੋਜਾਂ ਤਾਹੀਓਂ ਆ ਕੇ ਮੋਹ ਲਿਆ ਅੱਜ ਤੂੰ ਤੂੰ ਡਾਲੀ ਨਾਲੋਂ ਟੁੱਟ ਕੇ ਡਿਗਿਆ ਆ ਕੇ ਮੇਰੀ ਹਿੱਕ 'ਤੇ ਜਿਵੇਂ ਪੌਸ਼ਾਕ ਬਣ ਕੇ ਮੇਰਾ ਤਨ ਮਨ ਮੋਹ ਲਿਆ ਅੱਜ ਤੂੰ ਕਿਹੀ ਦਸਤਕ ਸੀ ਕਿ ਤੈਨੂੰ ਵੀ ਖ਼ੁਦ ਨੂੰ ਖ਼ਬਰ ਨਾ ਕੋਈ ਚੁਫੇਰੇ ਪੱਸਰੇ ਸੰਨਾਟੇ ਨੂੰ ਜੀਕਣ ਖੋਹ ਲਿਆ ਅੱਜ ਤੂੰ

ਧੁਨਾਂ, ਸ਼ਬਦਾਂ, ਸੁਰਾਂ ਨੂੰ ਪਹਿਨ ਕੇ

ਧੁਨਾਂ, ਸ਼ਬਦਾਂ, ਸੁਰਾਂ ਨੂੰ ਪਹਿਨ ਕੇ ਸੁਰਜੀਤ ਹੋ ਜਾਣਾ ਕਿਸੇ ਵਿਰਲੇ ਦੇ ਕਰਮਾਂ ਵਿਚ ਹੈ ਸੰਗੀਤ ਹੋ ਜਾਣਾ ਹਵਾ ਦੀ, ਰੰਗ ਦੀ, ਖ਼ੁਸ਼ਬੂ ਦੀ, ਦਿਲ ਦੀ ਛੇੜ ਝਰਨਾਹਟ ਤੇ ਮੋਹ ਦੀ ਚਾਸ਼ਣੀ ਭਰ ਜ਼ਿੰਦਗੀ ਦਾ ਗੀਤ ਹੋ ਜਾਣਾ ਇਲਾਹੀ ਇਲਮ ਬਣਨਾ, ਨੂਰ ਦੀ ਇਕ ਨਹਿਰ ਹੋ ਵਗਣਾ ਹਵਾ ਵਾਂਗਰ ਚੁਫੇਰੇ ਹੋ ਕੇ ਬੇਪਰਤੀਤ ਹੋ ਜਾਣਾ ਤੇਰੇ ਸੀਨੇ ਚੋਂ ਝਰਨਾ ਸਰਗਮਾਂ ਦਾ ਫੁੱਟਣਾ ਹਰਦਮ ਕਿਵੇਂ ਤੂੰ ਸਹਿ ਲਵੇਂਗਾ ਬੁੱਲ੍ਹੀਆਂ ਦਾ ਸੀਤ ਹੋ ਜਾਣਾ ਤੂੰ ਅੰਬਰ, ਧਰਤ ਹਾਂ ਮੈਂ, ਇਸ ’ਚ ਹੈ ਆਪਣਾ ਵੀ ਕੁਝ ਹਿੱਸਾ ਕਿ ਧੁੱਪ ਦਾ ਚਾਨਣੀ ਵਿਚ ਬਦਲਣਾ ਤੇ ਸੀਤ ਹੋ ਜਾਣਾ ਅਜੇ ਵੀ ਸਾਂਭਿਆ ਦਿਲ ਦੀ ਕਿਸੇ ਨੁੱਕਰੇ ਪਿਐ ਉਹ ਪਲ ਅਚਾਨਕ ਵੇਖ ਕੇ ਮੈਨੂੰ ਤੇਰਾ ਭੈਭੀਤ ਹੋ ਜਾਣਾ

ਪਵਿੱਤਰ ਪੁਸਤਕਾਂ 'ਤੇ ਹੱਥ ਧਰ-ਧਰ

ਪਵਿੱਤਰ ਪੁਸਤਕਾਂ 'ਤੇ ਹੱਥ ਧਰ-ਧਰ ਸਦਾ ਜੋ ਵੀ ਕਿਹਾ ਸੱਚ ਹੀ ਕਿਹਾ ਮੈਂ ਰਿਹਾ ਦਸਤੂਰ ਐਸਾ ਜ਼ਿੰਦਗੀ ਭਰ ਕਟਹਿਰੇ ਵਿਚ ਬਸ ਮੁਜਰਿਮ ਰਿਹਾ ਮੈਂ ਇਹ ਰਿਸ਼ਤੇ ਯਾਰੀਆਂ ਦੁਨੀਆ ਦੇ ਬੰਧਨ ਹੈ ਕਿੰਨਾ ਘਿਰ ਗਿਆ ਫ਼ਰਜ਼ਾਂ 'ਚ ਇਹ ਮਨ ਬੜੀ ਵਾਰੀ ਜ਼ੁਬਾਂ ਤੋਂ ਬੋਲ ਮੋੜੇ ਤੇ ਕੀ-ਕੀ ਆਖਦਾ ਚੁੱਪ ਹੀ ਰਿਹਾ ਮੈਂ ਬੜਾ ਔਖਾ ਹੈ ਏਨਾ ਚੁੱਪ ਕਰਨਾ ਜਿਗਰ ਅਣਗਿਣਤ ਚੀਖਾਂ ਨਾਲ ਭਰਨਾ ਕਿਸੇ ਤੂਫ਼ਾਨ ਦਾ ਸੰਕੇਤ ਬਣਦੀ ਫ਼ਿਜ਼ਾ ਅੰਦਰਲੀ ਖ਼ਾਮੋਸ਼ੀ ਜਿਹਾ ਮੈਂ ਇਹ ਭਰ-ਭਰ ਡੁੱਲਦੇ ਦਰਿਆ ਦਾ ਮਾਤਮ ਕਿ ਜਿਸ ਨੇ ਮੌਨ ਕਰ ਲੀਤਾ ਹੈ ਆਤਮ ਉਗਾਵੇ ਖੇਤ ਕੋਈ ਰੇਤ ਵੇਚੇ ਤੇ ਏਥੋਂ ਲੰਘਦਾ ਗੁੰਮਸੁਮ ਪਿਹਾ ਮੈਂ ਹਾਂ ਇਕ ਖੁਰਦੀ ਇਮਾਰਤ ਦਾ ਬਨੇਰਾ ਤੇ ਬਸ ਕੁਝ ਪੰਛੀਆਂ ਦਾ ਹੁਣ ਬਸੇਰਾ ਕਿਸੇ ਰਾਹੀ ਦੇ ਨੈਣਾਂ ਦਾ ਤਸੱਵਰ ਕਦੇ ਸਾਂ ਮਹਿਲ ਨੂਰਾਨੀ ਇਹਾ ਮੈਂ

ਤੇਰੇ ਸੀਨੇ ਦੇ ਬਾਗ਼ ਅੰਦਰ

ਤੇਰੇ ਸੀਨੇ ਦੇ ਬਾਗ਼ ਅੰਦਰ ਖਿੜੇ ਨਗ਼ਮੇ ਰੰਗੀਲੇ ਨੇ ਤੇਰੇ ਬੋਲਾਂ ਦੇ ਜਾਦੂ ਨੇ ਹਜ਼ਾਰਾਂ ਨੈਣ ਕੀਲੇ ਨੇ ਛਿੜੇ ਨੇ ਰਾਗ ਰੂਹਾਂ ਦੇ, ਗਿੜੇ ਨੇ ਸਾਜ਼ ਖੂਹਾਂ ਦੇ ਹੈ ਆਈ ਕਲਮ ਹਰਕਤ ਵਿਚ, ਹਰਫ਼ ਹੋਏ ਸੁਰੀਲੇ ਨੇ ਕਿਰੀ ਅਲਫ਼ਾਜ਼ ਦੀ ਕਿਣਮਿਣ, ਬਹਿਰ ਬਣਦਾ ਗਿਆ ਛਿਣ-ਛਿਣ ਘੁਲੀ ਹੈ ਸ਼ਾਇਰੀ ਜਦ ਤੋਂ ਜ਼ਹਿਰ ਹੋਏ ਰਸੀਲੇ ਨੇ ਖ਼ੁਮਾਰੀ ਸੋਚ ਰੌਸ਼ਨ ਦੀ ਹੈ ਬਣ ਕੇ ਲਾਟ ਮੱਚਣ ਦੀ ਨਹੀਂ ਹੈ ਜਾਮ ਸਾਕੀ ਮੈਅ ਮਗਰ ਇਹ ਪਲ ਨਸ਼ੀਲੇ ਨੇ ਇਨ੍ਹਾਂ ਵਿਚ ਜੋਸ਼ ਹੈ, ਜ਼ਿੰਦਾਦਿਲੀ, ਜਜ਼ਬਾ ਹੈ, ਜੁਰਅਤ ਹੈ ਦਬੇ ਨੇ ਬਰਫ਼ ਹੇਠਾਂ ਹਰਫ਼ ਮੇਰੇ ਪਰ ਹਠੀਲੇ ਨੇ

ਬੜਾ ਸੌਖਾ ਹੈ ਤੇਰੇ ਵਾਸਤੇ

ਬੜਾ ਸੌਖਾ ਹੈ ਤੇਰੇ ਵਾਸਤੇ ਹਉਕਾ ਜਿਹਾ ਭਰਨਾ ਤੇ ਆਹਾਂ ਨੂੰ ਸਫ਼ਰ ਵਿਚ ਕਿੰਨੀ ਵਾਰੀ ਹੈ ਪਿਆ ਮਰਨਾ ਇਹ ਕਾਲੀ ਬੱਦਲੀ ਚਿਰ ਦੀ ਕੋਈ ਥਲ ਭਾਲਦੀ ਫਿਰਦੀ ਹੈ ਅੰਦਰ ਸੇਕ ਪਾਣੀ ਦਾ ਤੇ ਬਾਹਰੋਂ ਪੈ ਰਿਹਾ ਠਰਨਾ ਨਹੀਂ ਕੈਦੀ, ਮੁਸਾਫ਼ਿਰ ਹਾਂ, ਮੈਂ ਏਥੇ ਕੁਝ ਕੁ ਪਲ ਰੁਕਿਆਂ ਇਹ ਸੀਮਾਂ ਕੈਦ ਨੇ ਖ਼ੁਦ ਹੀ, ਇਨ੍ਹਾਂ ਕੋਈ ਕੈਦ ਕੀ ਕਰਨਾ ਰਿਹਾ ਸੱਖਣਾ ਜੋ ਡਾਰਾਂ ਤੋਂ, ਮਿਲੀ ਪੱਤਝੜ ਬਹਾਰਾਂ ਤੋਂ ਘਣੇ ਜੰਗਲ ’ਚ ਇਕਲਾਪਾ, ਪਿਆ ਇਸ ਰੁੱਖ ਨੂੰ ਜਰਨਾ ਕਰਮ ਰੁੱਖਾਂ ਦਾ ਹਰ ਰੁੱਤੇ, ਜਨਮਣੇ ਸੱਜਰੇ ਪੱਤੇ ਤੇ ਪੱਤਝੜ ਦਾ ਕਰਮ ਪੱਤਿਆਂ ਨੂੰ ਰੁੱਖਾਂ ਤੋਂ ਜੁਦਾ ਕਰਨਾ

ਦਾਗ ਮਿਟ ਜਾਣਗੇ

ਦਾਗ ਮਿਟ ਜਾਣਗੇ, ਜ਼ਖ਼ਮ ਭਰ ਜਾਣਗੇ ਦਿਨ ਅਹਿਸਤਾ-ਅਹਿਸਤਾ ਗੁਜ਼ਰ ਜਾਣਗੇ ਜੋੜ ਤੀਲੇ ਬਣਾਇਆ ਸੀ ਇਕ ਆਲ੍ਹਣਾ ਕੀ ਪਤਾ ਸੀ ਇਹ ਤੀਲੇ ਬਿਖਰ ਜਾਣਗੇ ਜਿਸ ਪੜਾਅ ਤੋਂ ਹੈ ਵਿਗਿਆਨ ਮੁੜਿਆ ਤੇਰਾ ਉਸ ਤੋਂ ਅੱਗੇ ਇਹ ਪੰਛੀ ਦੇ ਪਰ ਜਾਣਗੇ ਵੇਖ ਮਾਸੂਮ ਅੱਖਾਂ 'ਚ ਹੁਣ ਇਹ ਅਗਨ ਨ੍ਹੇਰ, ਤੂਫ਼ਾਨ, ਝੱਖੜ ਵੀ ਡਰ ਜਾਣਗੇ ਛੱਡ ਅਪਣੇ ਘਰਾਂ ਨੂੰ ਤੁਰੇ ਸਾਂ ਜਦੋਂ ਸੋਚਿਆ ਵੀ ਨਾ ਸੀ ਸ਼ੌਕ ਮਰਜਾਣਗੇ

ਆਵਣ ਵਾਲ਼ੇ ਵੇਲ਼ੇ ਦਾ ਸਭ ਡਰ ਭਉ

ਆਵਣ ਵਾਲ਼ੇ ਵੇਲ਼ੇ ਦਾ ਸਭ ਡਰ ਭਉ ਟਾਲ ਗਿਆ ਤੂਫ਼ਾਨਾਂ ਦੀ ਹਿੱਕ 'ਤੇ ਜਿਹੜਾ ਦੀਵੇ ਬਾਲ਼ ਗਿਆ ਅਸਮਾਨੀ ਲਿਸ਼ਕੋਰਾਂ ਸਾਹਵੇਂ ਸੀਨਾ ਤਾਣ ਖੜ੍ਹਾ ਤੇ ਜਦ ਲੋੜ ਪਈ ਚਾਨਣ ਦੀ ਆਪਾ ਬਾਲ਼ ਗਿਆ ਟੁੱਟਦੇ ਤਾਰੇ ਨੂੰ ਵੇਖਣ ਦਾ ਸ਼ੌਕ ਅਵੱਲਾ ਸੀ ਅੰਬਰ ਦੇ ਵਲ ਵੇਂਹਦਾ-ਵੇਂਹਦਾ ਦੀਦੇ ਗਾਲ਼ ਗਿਆ ਇਸ ਕਸਬੇ ਦੇ ਨਕਸ਼ੇ ਉੱਤੇ ਉੱਕਰੇ ਨਕਸ਼ ਤੇਰੇ ਗਲ਼ੀਆਂ ਤਿਉੜੀਆਂ ਦਾ ਹੈ ਜੀਕਣ ਬੁਣਿਆ ਜਾਲ ਗਿਆ ਬਚਪਨ ਬਾਅਦ ਹੀ ਫ਼ਰਜ਼ਾਂ ਨੇ ਹੈ ਅਧਖੜ ਕੀਤਾ ਸਾਨੂੰ ਪਰ ਇਕ ਸੁਪਨਾ ਉਮਰਾ ਸਾਰੀ ਨਾਲੋ ਨਾਲ ਗਿਆ

ਇਹ ਮੇਰਾ ਤੇ ਉਹ ਤੇਰਾ ਹੈ

ਇਹ ਮੇਰਾ ਤੇ ਉਹ ਤੇਰਾ ਹੈ, ਖਿੱਚ ਲਕੀਰਾਂ ਵਿਚਕਾਹੇ ਸਭ ਕੁਝ ਵੰਡਿਆ ਫਿਰ ਵੀ ਰਹੀਆਂ ਸਾਝਾਂ ਵੀਰਾਂ ਵਿਚਕਾਹੇ ਮੈਨੂੰ ਮਿਲਿਆ ਇਕ ਪਟੋਲਾ, ਗੁੰਮਸੁੰਮ ਤੇ ਬੇਜਾਨ ਜਿਹਾ ਬਾਬੁਲ ਮੇਰੇ ਜਾਨ ਵੀ ਭਰ ਦੇ ਇਹਨਾਂ ਲੀਰਾਂ ਵਿਚਕਾਹੇ ਓਦੋਂ ਪਰਲਾ ਪਾਰ ਤਾਂ ਐਵੇਂ ਕੋਲ ਜਿਹੇ ਹੀ ਲੱਗਦਾ ਸੀ ਭੇਤ ਨਹੀਂ ਸੀ ਰਹਿ ਜਾਵਾਂਗੇ ਨੀਲੇ ਨੀਰਾਂ ਵਿਚਕਾਹੇ ਕਤਰਾ-ਕਤਰਾ ਡੁੱਲ੍ਹ ਜਾਵਾਂ ਮੈਂ ਪੋਟਾ-ਪੋਟਾ ਬਲ਼ ਜਾਵਾਂ ਤੇ ਚਾਨਣ ਦੀ ਕਾਤਰ ਬਣਜਾਂ ਨ੍ਹੇਰੇ ਚੀਰਾਂ ਵਿਚਕਾਹੇ ਅਕਸਰ ਹੀ ਜਦ ਚੇਤੇ ਆਵਣ, ਕਰ ਜਾਵਣ ਗ਼ਮਗੀਨ ਜਿਹਾ ਸੰਗ ਦਿਲੇ ਦਾ ਛੱਡ ਗਈਆਂ ਨੇ ਜੋ ਤਸਵੀਰਾਂ ਵਿਚਕਾਹੇ

ਭਰ-ਭਰ ਕੇ ਛਲਕਾਵੇ

ਭਰ-ਭਰ ਕੇ ਛਲਕਾਵੇ, ਇਹ ਕੌਣ ਕਰੇ ਸਾਜ਼ਿਸ਼ ਇਹ ਕਿਸ ਦੇ ਇਸ਼ਾਰੇ 'ਤੇ ਕਿਰਦੀ ਜਾਵੇ ਬਾਰਿਸ਼ ਜੋ ਤੰਗ ਫ਼ਿਜ਼ਾਵਾਂ ਤੋਂ, ਬੇਚੈਨ ਘਟਾਵਾਂ ਤੋਂ ਮੌਸਮ ਦੀ ਪਿਆਸ ਅੰਦਰ, ਆ ਵੇਖ ਕਿਹਾ ਆਤਿਸ਼ ਸਿਖ਼ਰੋਂ ਮੁੜ ਆਵਣ ਤੋਂ, ਪਹਿਲਾਂ ਮੁਰਝਾਵਣ ਤੋਂ ਕੋਈ ਮਾਣ ਲਵੇ ਖੁਸ਼ਬੂ, ਮੇਰੀ ਅੰਤਿਮ ਖ਼ਾਹਿਸ਼ ਨਾ-ਵਾਕਿਫ਼ ਹਰਫ਼ਾਂ ਤੋਂ, ਜੋ ਸੀਤਲ ਬਰਫ਼ਾਂ ਤੋਂ ਸੀਨੇ ਲੱਗਦੇ ਜਾਵੇ, ਉਮਰਾਂ ਦੀ ਗਰਮਾਇਸ਼ ਚੰਚਲ ਜਿਹੇ ਚਾਵਾਂ ਤੋਂ, ਦਿਲ ਦੇ ਸਹਿਰਾਵਾਂ ਤੋਂ ਚੰਗਾ ਹੋਵੇ ਜੇਕਰ ਬਸ ਦੂਰ ਰਹੇ ਦਾਨਿਸ਼।

ਛੇੜ ਕੋਈ ਰਾਗ ਕਰ ਸਾਜ਼ਾਂ ਨੂੰ ਸੁਰ

ਛੇੜ ਕੋਈ ਰਾਗ ਕਰ ਸਾਜ਼ਾਂ ਨੂੰ ਸੁਰ ਦਰਦ ਆਪਣੇ ਹੀ ਬਣਾ ਸਰਗਮ ਮਧੁਰ ਇਹ ਜੋ ਤੇਰੀ ਪੀੜ ਹੈ ਏਹੋ ਬਹਿਰ ਤੂੰ ਗ਼ਜ਼ਲ ਬਣ ਛਨ ਛਨਾ ਛਨ ਛਨਨ ਤੁਰ ਸੱਥ ਨਾ ਢਾਣੀ, ਤ੍ਰਿੰਝਣ ਨਾ ਸ਼ਗਨ ਕਿੰਨਾ ਸੁੰਨਾ ਹੋ ਗਿਆ ਪਰਬਾਤਪੁਰ ਤਾਰਿਆਂ ਦੀ ਰਾਤ ਨਾ ਦਾਦੀ ਦੀ ਗੋਦ ਬਾਤ ਵਿੱਚੇ ਛੱਡ ਗਈ ਗੁਰਬਚਨ ਕੁਰ ਮੋੜ ਕੇ ਅਹਿਸਾਸ ਦੇ ਦਰਿਆ ਦਾ ਰੁਖ਼ ਕੰਢਿਆਂ ਵਾਂਗੂੰ ਦਿਲਾ ਜਾਵੀਂ ਨਾ ਖੁਰ

ਐ ਆਸਮਾਨ ਮੇਰੇ !

ਐ ਆਸਮਾਨ ਮੇਰੇ ! ਉਮਰਾਂ ਤੋਂ ਸੰਗ ਤੇਰਾ ਭਾਵੇਂ ਹਾਂ ਮੈਂ ਸਮੁੰਦਰ, ਇਹ ਨੀਲ ਰੰਗ ਤੇਰਾ ਇਹ ਉਠਦੀਆਂ ਜੋ ਛੱਲਾਂ, ਤੇਰੇ ਨਾਲ ਕਰਨ ਗੱਲਾਂ ਹੈ ਗੁਫ਼ਤਗੂ ਦਾ ਚੰਦਾ! ਵੱਖਰਾ ਹੀ ਢੰਗ ਤੇਰਾ ਤੂੰ ਹੈਂ ਤਾਂ ਰੌਸ਼ਨੀ ਹੈ, ਧੁੱਪ ਹੈ ਤਾਂ ਚਾਨਣੀ ਹੈ ਸਾਰਾ ਜਹਾਨ ਜੀਕਣ ਹੈ ਅੰਗ-ਅੰਗ ਤੇਰਾ ਮੈਨੂੰ ਮਿਲੀ ਹੈ ਨਿਅਮਤ, ਏਨੀ ਹੁਸੀਨ ਕੁਦਰਤ ਚਾਹਾਂ ਦੀਦਾਰ ਕਰਨਾ, ਮੈਂ ਮੰਗ-ਮੰਗ ਤੇਰਾ ਹਰ ਥਾਂ ਹੀ ਤੇਰੇ ਡੇਰੇ , ਸੁਰਤਾਲ ਤੂੰ ਚੁਫੇਰੇ ਬ੍ਰਹਿਮੰਡ ਨਾਦ ਅਨਹਦ, ਕਣ-ਕਣ `ਚ ਰੰਗ ਤੇਰਾ

ਸ਼ੀਸ਼ਿਆਂ ਵਿਚ ਕੈਦ ਹੋਈ ਰੌਸ਼ਨੀ

ਸ਼ੀਸ਼ਿਆਂ ਵਿਚ ਕੈਦ ਹੋਈ ਰੌਸ਼ਨੀ ਨ੍ਹੇਰ ਸਾਹਵੇਂ ਪਰ ਖਲੋਈ ਰੌਸ਼ਨੀ ਮੋਮਬੱਤੀ ਰਾਤ ਭਰ ਬਲਦੀ ਰਹੀ ਜਾਪਦੈ ਜੀਅ ਭਰ ਕੇ ਰੋਈ ਰੌਸ਼ਨੀ ਧੁੰਦ ਡੁੱਬਿਆ ਦਿਨ ਤੇ ਕਾਲ਼ੀ ਰਾਤ ਹੈ ਨੂਰ ਹੀ ਦਿਸਦਾ ਨਾ ਕੋਈ ਰੌਸ਼ਨੀ ਬੁਝ ਗਏ ਸੈਆਂ ਘਰਾਂ ਦੇ ਹੀ ਚਰਾਗ਼ ਕਿਸ ਜਗ੍ਹਾ ਏਨੀ ਸਮੋਈ ਰੌਸ਼ਨੀ ਐਤਕੀਂ ਵੱਖਰੀ ਦਿਵਾਲੀ ਇਸ ਗਰਾਂ ਵੇਖ ਲੈ ਸਿਵਿਆਂ ਪਰੋਈ ਰੌਸ਼ਨੀ

ਕੋਈ ਹਾਲੇ ਵੀ ਹੋਕਾ ਦੇ ਰਿਹਾ ਹੈ

ਕੋਈ ਹਾਲੇ ਵੀ ਹੋਕਾ ਦੇ ਰਿਹਾ ਹੈ, ਜਾਗਦੇ ਰਹਿਣਾ ਹਨੇਰਾ ਦੂਰ ਤੀਕਰ ਫੈਲਿਆ ਹੈ, ਜਾਗਦੇ ਰਹਿਣਾ ਰਤਾ ਧੀਮੇ ਨੇ ਭਾਵੇਂ ਬੋਲ ਪਰ ਥੱਕੇ ਤੇ ਨਾ ਥਿਰਕੇ ਅਜੇ ਵੀ ਦਿਲ 'ਚ ਕਾਇਮ ਹੌਸਲਾ ਹੈ, ਜਾਗਦੇ ਰਹਿਣਾ ਭੁਲਾ ਕੇ ਆਪਣੇ ਸੁਪਨੇ, ਮਿਟਾ ਕੇ ਆਸ ਦੇ ਮੰਜ਼ਰ ਪਰਾਈ ਨੀਂਦ ਲਈ ਔਖਾ ਬੜਾ ਹੈ, ਜਾਗਦੇ ਰਹਿਣਾ ਇਹ ਜੁਗਨੂੰ, ਦੀਪ, ਤਾਰਾ, ਨਜ਼ਮ ਤੇਰਾ ਸਾਥ ਦੇਵਣਗੇ ਸਵੇਰਾ ਹੋਣ ਤਕ ਤੂੰ ਸ਼ਾਇਰਾ ਹੈ, ਜਾਗਦੇ ਰਹਿਣਾ ਕਦੇ ਦਿਨ ਰਾਤ ਸੀ ਨੈਣਾਂ 'ਚ ਮਸਤੀ, ਨੀਂਦ ਤੇ ਸੁਪਨੇ ਤਕਾਜ਼ਾ ਉਮਰ ਦਾ ਹੁਣ ਆ ਗਿਆ ਹੈ, ਜਾਗਦੇ ਰਹਿਣਾ

ਵਾਂਗ ਬੇਮੌਸਮੀ ਘਟਾਵਾਂ ਦੇ

ਵਾਂਗ ਬੇਮੌਸਮੀ ਘਟਾਵਾਂ ਦੇ, ਰਾਤ ਜੋ ਨੈਣ ਰੱਜ ਕੇ ਰੋਏ ਲੱਖ ਕੋਸ਼ਿਸ਼ ਸਵੇਰ ਨੂੰ ਕੀਤੀ, ਕੱਜ ਨਾ ਹੋਏ ਸ਼ਿੰਗਾਰ ਤੋਂ ਕੋਏ ਛੱਡ ਰਸਮਾਂ 'ਚ ਕੀ ਪਿਐ, ਬੂਹਾ ਖੁੱਲ੍ਹਾ ਹੈ ਲੰਘ ਆ ਅੰਦਰ ਤੂੰ ਕੀ ਜਾਣੇ ਇਨ੍ਹਾਂ ਬਰੂਹਾਂ 'ਤੇ ਤੇਲ ਥਾਵੇਂ ਨੇ ਨੈਣ ਮੈਂ ਚੋਏ ਅੱਖ ਖੁੱਲ੍ਹਣ ਦੇ ਤੀਕ ਹੀ ਸੀਮਤ ਹੋਂਦ ਉਸ ਦੀ ਤਾਂ ਮੈਂ ਦੁਆ ਕਰਦਾਂ ਹੁਣ ਜੇ ਆਵੇ ਤਾਂ ਫਿਰ ਸਦਾ ਦੇ ਲਈ, ਅੱਖ ਲੱਗੇ ਤੇ ਖ਼ਾਬ ਨਾ ਹੋਏ ਇਹ ਜੋ ਨਗਰੀ ਹੈ ਕਾਲਖ਼ਾਂ ਘੇਰੀ, ਕੁਝ ਕੁ ਚਾਨਣ ਉਧਾਰ ਮੰਗਦੀ ਹੈ ਜਾਹ ਖਲੋ ਜਾਹ ਹਨੇਰ ਦੀ ਹਿੱਕ 'ਤੇ, ਬਲ੍ਹ ਕੇ ਮੇਰੇ ਸਿਵੇ ਦੀਏ ਲੋਏ ਭਾਰ ਬੱਦਲੀ ਦਾ ਹੋ ਗਿਆ ਹੌਲਾ, ਜਜ਼ਬ ਧਰਤੀ ਨੇ ਕਰ ਲਈ ਬਾਰਿਸ਼ ਮੈਂ ਤਾਂ ਬੁੱਲ੍ਹਾਂ 'ਤੋਂ ਪਿਆਸ ਵੀ ਮੋੜੀ, ਤੈਥੋਂ ਅੱਥਰੂ ਹੀ ਰੋਕ ਨਾ ਹੋਏ

ਕਿਸ ਮੋੜ ’ਤੇ ਹੈ ਜ਼ਿੰਦਗੀ

ਕਿਸ ਮੋੜ ’ਤੇ ਹੈ ਜ਼ਿੰਦਗੀ, ਮੰਜ਼ਿਲ ਮਿਲੀ ਨਾ ਮੌਤ ਬਿਹਬਲ ਹੈ ਮਨ ਦੀ ਮੌਜ ਵੀ, ਮੰਜ਼ਿਲ ਮਿਲੀ ਨਾ ਮੌਤ ਸੂਲ਼ੀ ਦੇ, ਰੱਬ ਦੇ, ਕਦੀ ਸਾਹਿਲ ਦੇ, ਪਿਆਰ ਦੇ ਆਏ ਹਾਂ ਮੁੜ ਕੇ ਕੋਲ਼ ਦੀ, ਮੰਜ਼ਿਲ ਮਿਲੀ ਨਾ ਮੌਤ ਜੁਗਨੂੰ ਦੇ ਵਾਂਗ ਹੀ ਰਹੇ ਬਸ ਉਮਰ ਭਰ ਅਸੀਂ ਨ੍ਹੇਰਾ ਰਿਹਾ ਨਾ ਰੌਸ਼ਨੀ, ਮੰਜ਼ਿਲ ਮਿਲੀ ਨਾ ਮੌਤ ਤਕਦੇ ਰਹੇ ਬਸ ਦੂਰ ਤੋਂ ਤੇ ਲਾਟ ਬੁਝ ਗਈ ਪਰਵਾਨਿਆਂ ਦੀ ਬੁਜ਼ਦਿਲੀ, ਮੰਜ਼ਿਲ ਮਿਲੀ ਨਾ ਮੌਤ ਕੱਲ੍ਹ ਬੀਤ ਚੁੱਕਿਆ ਹੈ ਮੇਰਾ ਭਲਕੇ ਦੀ ਆਸ ਨਾ ਦਲਦਲ 'ਚ ਹੈ ਅੱਜ ਦੀ ਘੜੀ, ਮੰਜ਼ਿਲ ਮਿਲੀ ਨਾ ਮੌਤ

ਵਕਤ ਐਸੀ ਦੇ ਰਿਹਾ ਹੈ

ਵਕਤ ਐਸੀ ਦੇ ਰਿਹਾ ਹੈ ਮੁਸਕਰਾਵਣ ਦੀ ਸਜ਼ਾ ਅਪਣੇ ਗ਼ਮ ਮਰਹਮ ਬਣਾ ਜ਼ਖ਼ਮਾਂ 'ਤੇ ਲਾਵਣ ਦੀ ਸਜ਼ਾ ਪਿੰਜਰਾ ਬੰਦ ਹੋਣ ਦੀ ਤਾਂ ਸੀ ਸਜ਼ਾ ਪੰਛੀ ਲਈ ਤੇ ਪਰਾਂ ਨੇ ਲੈ ਲਈ ਖ਼ੁਦ ਫੜਫੜਾਵਣ ਦੀ ਸਜ਼ਾ ਆਪਣਾ ਤਨ ਸਾੜਦੀ ਤੇ ਸ਼ੀਸ਼ਿਆਂ ਵਿਚ ਕੈਦ ਹੈ ਰੌਸ਼ਨੀ ਨੂੰ ਤਾਂ ਮਿਲੀ ਹੈ ਜਗਮਗਾਵਣ ਦੀ ਸਜ਼ਾ ਫੁੱਲ, ਸ਼ੀਸ਼ਾ, ਕੌਲ, ਤਾਰਾ, ਕਸਮ, ਯਾਰਾਨਾ ਤੇ ਦਿਲ ਕਿਸ ਖ਼ੁਦਾ ਤੋਂ ਲੈ ਕੇ ਆਏ ਟੁੱਟ ਜਾਵਣ ਦੀ ਸਜ਼ਾ ਮੀਲ ਪੱਥਰ ਬਣਨ ਦੀ ਤੂੰ ਐ ਦਿਲਾ! ਕੋਸ਼ਿਸ਼ ਨਾ ਕਰ ਉਮਰ ਭਰ ਭੁਗਤੇਂਗਾ ਐਵੇਂ ਰਾਹ ਦਿਖਾਵਣ ਦੀ ਸਜ਼ਾ

ਨਾ ਦਿਲਾਂ ਰੂਹਾਂ ਦੀ ਹੈ

ਨਾ ਦਿਲਾਂ ਰੂਹਾਂ ਦੀ ਹੈ, ਨਾ ਅੰਦਰਾਂ ਦੀ ਨੇੜਤਾ ਕੀ ਕਰੂਗੀ ਦੋਸਤਾ! ਫਿਰ ਪਿੰਜਰਾਂ ਦੀ ਨੇੜਤਾ ਜੱਗ ਨੂੰ ਆਵੇ ਨਾ ਆਵੇ, ਮੈਨੂੰ ਰਾਸ ਆਈ ਸਦਾ ਪੱਥਰਾਂ ਸੰਗ ਦੋਸਤੀ ਤੇ ਫ਼ੱਕਰਾਂ ਦੀ ਨੇੜਤਾ ਬੱਝ ਕੇ ਧੜ ਨਾਲ ਉੱਡੇ ਵਿੱਥ ਮੇਟਣ ਦੇ ਲਈ ਉਮਰ ਭਰ ਏਨੀ ਰਹੀ ਬਸ ਦੋ ਪਰਾਂ ਦੀ ਨੇੜਤਾ ਅੱਥਰੂ ਬਣ ਅਟਕਿਆ ਹਾਂ ਤੇਰਿਆਂ ਨੈਣਾਂ 'ਚ ਮੈਂ ਇੰਝ ਹੈ ਮੇਰੀ ਅਤੇ ਡੂੰਘੇ ਸਰਾਂ ਦੀ ਨੇੜਤਾ ਲਿੱਪੀਆਂ ਨੂੰ ਲਿਖ ਲਵੀਂ ਤੂੰ ਸੱਜਿਓਂ ਜਾਂ ਖੱਬਿਓਂ ਮਾਣ ਪਰ ਬੋਲੀ ਮੇਰੀ ਦੇ ਅੱਖਰਾਂ ਦੀ ਨੇੜਤਾ

ਖਿਲਰੇ ਪਏ ਨੇ ਹਰਫ਼ ਇਹ

ਖਿਲਰੇ ਪਏ ਨੇ ਹਰਫ਼ ਇਹ ਭਾਵੇਂ ਬੇਵਾਕ ਨੇ ਪਰ ਭਟਕਿਆਂ ਦੇ ਵਾਸਤੇ ਵੇਲੇ ਦੀ ਹਾਕ ਨੇ ਅੱਖੀਆਂ ਕਦੇ ਤਾਂ ਧਰਤ ਵੱਲ ਕਰ ਕੇ ਰਤਾ ਕੁ ਵੇਖ ਕਿੰਨੇ ਅਕਾਸ਼ ਤੇਰਿਆਂ ਪੈਰਾਂ ਦੀ ਖ਼ਾਕ ਨੇ ਭਾਵੇਂ ਪਤਾ ਹੈ ਖ਼ਤ ਕੋਈ ਆਉਣਾ ਨਾ ਫੇਰ ਵੀ ਬੂਹੇ ਖੜ੍ਹੇ ਉਡੀਕਦੇ ਅਜ਼ਲਾਂ ਤੋਂ ਡਾਕ ਨੇ ਨਾ ਵੰਝਲੀ ਦੀ ਤਾਨ, ਨਾ ਕੋਈ ਸੁਖ਼ਨ ਸੁਣੇ ਧਾਰੀ ਜਦੋਂ ਦੀ ਚੁੱਪ ਹੈ ਵਾਰਿਸ ਨੇ ਚਾਕ ਨੇ ਤਪਦੇ ਥਲਾਂ ਦੀ ਰੇਤ ਨੂੰ ਮਖ਼ਮਲ ਬਣਾ ਲਿਆ ਡਾਚੀ ਦੀ ਪੈੜ ਭਾਲਦੇ ਨੈਣਾਂ ਦੀ ਝਾਕ ਨੇ

ਮੈਂ ਹਰੇ ਤੋਂ ਸੁਰਖ਼, ਸਾਵਾ, ਜ਼ਰਦ

ਮੈਂ ਹਰੇ ਤੋਂ ਸੁਰਖ਼, ਸਾਵਾ, ਜ਼ਰਦ ਹੋਇਆ ਸੁੱਕਿਆ ਇਕ ਪੱਤੇ ਵਾਂਗ ਕਿੰਨੇ ਰੰਗ ਜੀ ਕੇ ਮੁੱਕਿਆ ਟੁੱਟਿਆ ਡਾਲੀ ਤੋਂ ਪਰ ਅਹਿਸਾਸ ਤੋਂ ਨਾ ਟੁੱਟਿਆ ਵੇਖ ਯਾਰਾਂ ਨੇ ਹਵਾ ਵਾਂਗੂੰ ਹੈ ਮੋਢੇ ਚੁੱਕਿਆ ਹੈ ਸਮਾਂ ਹਾਲੇ ਵੀ ਤੂੰ ਥੋੜ੍ਹਾ ਸੰਭਲ਼, ਥੋੜ੍ਹਾ ਮਚਲ ਬੰਦ ਹੋ ਜਾਵੇਗੀ ਗੁੜ-ਗੁੜ ਜ਼ਿੰਦਗੀ ਦੇ ਹੁੱਕਿਆ ਮਹਿਕ, ਜਜ਼ਬੇ, ਸ਼ੌਕ ਸਾਡੇ ਖ਼ਾਬ ਨਾ ਮੋਏ ਕਦੇ ਨਿੱਤ ਭਾਵੇਂ ਕੰਡਿਆਂ ਨੇ ਕੰਬਲੀ ਨੂੰ ਟੁੱਕਿਆ ਹੈ ਤੇਰੇ ਅੰਦਰ ਮੇਰੀ ਅੱਲ੍ਹੜ ਉਮਰ ਦਾ ਤਰਜੁਮਾ ਆਪਣੇ ਹੱਥੀਂ ਕਿਵੇਂ ਸਾੜਾਂ ਮੈਂ ਤੈਨੂੰ ਰੁੱਕਿਆ

ਸੱਚ ਹੈ ਕਿ ਸੱਚ ਸਾਥੋਂ ਦੱਸਿਆ

ਸੱਚ ਹੈ ਕਿ ਸੱਚ ਸਾਥੋਂ ਦੱਸਿਆ ਹੀ ਨਹੀਂ ਜਾਂਦਾ ਪਰ ਕੂੜ ਦਾ ਇਹ ਵਾਸਾ ਵੱਸਿਆ ਹੀ ਨਹੀਂ ਜਾਂਦਾ ਦੁਨੀਆ ਦੇ ਵਲ਼-ਛਲ਼ 'ਤੇ, ਐਵੇਂ ਹੀ ਹਰ ਗੱਲ 'ਤੇ ਝੂਠਾ ਜਿਹਾ ਇਕ ਹਾਸਾ ਹੱਸਿਆ ਹੀ ਨਹੀਂ ਜਾਂਦਾ ਜੀਵਨ ਹੰਗਾਲ਼ ਲਿਆ ਆਪੇ ਨੂੰ ਬਾਲ਼ ਲਿਆ ਵਲ਼ ਤੇਰੇ ਅੰਦਰਲਾ ਰੱਸਿਆ ਹੀ ਨਹੀਂ ਜਾਂਦਾ ਸ਼ਾਇਦ ਕੋਈ ਫ਼ੱਕਰ ਹੈ ਜਾਂ ਪੈਰੀਂ ਚੱਕਰ ਹੈ ਇਕ ਥਾਂ ਪ੍ਰਦੇਸੀ ਤੋਂ ਵੱਸਿਆ ਹੀ ਨਹੀਂ ਜਾਂਦਾ ਭੁੱਲ ਕੇ ਰਿਸ਼ਤੇ ਯਾਰੀ, ਛੱਡ ਕੇ ਦੁਨੀਆਦਾਰੀ ਗਲ਼ ਪਾ ਕੇ ਪਰ ਫ਼ਾਹਾ ਕੱਸਿਆ ਹੀ ਨਹੀਂ ਜਾਂਦਾ

ਲਾਪਤਾ ਜੋ ਹੋ ਗਿਆ

ਲਾਪਤਾ ਜੋ ਹੋ ਗਿਆ ਜਿਸਮ ਦੇ ਬ੍ਰਹਿਮੰਡ 'ਚੋਂ ਭਾਲ਼ਣੈ ਤਾਂ ਭਾਲ਼ ਲੈ ਰੂਹ ਦੇ ਆਖੰਡ 'ਚੋਂ ਲਿਸ਼ਕਦੀ ਸ਼ਮਸ਼ੀਰ ਲੈ, ਢਾਲ ਤਰਕਸ਼ ਤੀਰ ਲੈ ਕੌਣ ’ਵਾਜ਼ਾਂ ਮਾਰਦੈ ਮਿਰਜ਼ਿਆ ! ਹੁਣ ਜੰਡ 'ਚੋਂ ਅੱਜ ਤਕ ਜੋ ਚੁੱਕਿਆ ਭਾਰ ਹੁਣ ਘਟ ਚੱਲਿਆ ਵੇਖ ਕੀ-ਕੀ ਕਿਰ ਗਿਆ ਹਸਰਤਾਂ ਦੀ ਪੰਡ 'ਚੋਂ ਕੁਝ ਪਲਾਂ ਨੂੰ ਮਾਣ ਕੇ, ਸਾਧਨਾ ਕੀ ਜਾਣ ਕੇ ਆ ਰਿਹੈ ਆਨੰਦ ਹੁਣ ਜ਼ਿੰਦਗੀ ਦੇ ਵੰਡ 'ਚੋਂ ਖ਼ਾਬ ਖਿੜਦੇ ਰਾਂਗਲੇ, ਚੈਨ ਉਮਰਾਂ ਦਾ ਮਿਲੇ ਸੀਨਿਆਂ ਦੇ ਨਿੱਘ 'ਚੋਂ, ਆਂਦਰਾਂ ਦੀ ਠੰਡ 'ਚੋਂ

ਨਾ ਖ਼ੁਦ ਨੂੰ ਰੰਗ ਹੋਇਆ

ਨਾ ਖ਼ੁਦ ਨੂੰ ਰੰਗ ਹੋਇਆ, ਨਾ ਲਲਾਰੀ ਬਣ ਸਕੇ ਆਪਾਂ ਬਣੇ ਤਾਂ ਬਸ ਰੰਗਾਂ ਦੀ ਪਟਾਰੀ ਬਣ ਸਕੇ ਆਪਾਂ ਸਜਾਵਟ ਗਮਲਿਆਂ ਦੀ ਸਾਂ ਬੜਾ ਚਿਰ ਥੋਹਰ ਬਣ ਕੇ ਪਰ ਮਹਿਕ ਵੰਡੀ ਤਾਂ ਫੁੱਲਾਂ ਦੀ ਕਿਆਰੀ ਬਣ ਸਕੇ ਆਪਾਂ ਬੜੇ ਮੌਕੇ ਮਿਲੇ, ਸੀ ਰੋਕੜਾ ਤੇ ਸ਼ਾਨੋ-ਸ਼ੌਕਤ ਵੀ ਨਾ ਖ਼ੁਦ ਨੂੰ ਵੇਚ ਹੋਇਆ, ਨਾ ਵਪਾਰੀ ਬਣ ਸਕੇ ਆਪਾਂ ਗਿਆ ਜਿੱਤਿਆ ਤੁਹਾਡੇ ਤੋਂ, ਨਾ ਮੈਥੋਂ ਹਾਰ ਹੀ ਹੋਇਆ ਇਹ ਕੈਸੀ ਖੇਡ ਸੀ ਕਿ ਵਾਰੀ-ਵਾਰੀ ਬਣ ਸਕੇ ਆਪਾਂ ਨਚਾਵਣ ਦੇ ਲਈ ਜੱਗ ਨੂੰ, ਫੜਾਈ ਡੁਗਡੁਗੀ ਸਾਨੂੰ ਮਗਰ ਓਹਨਾਂ ਦੇ ਵਰਗੇ ਨਾ ਮਦਾਰੀ ਬਣ ਸਕੇ ਆਪਾਂ

ਮਾਣਦਾ ਬੇਸ਼ੱਕ ਰਿਹਾ ਹਾਂ

ਮਾਣਦਾ ਬੇਸ਼ੱਕ ਰਿਹਾ ਹਾਂ ਜ਼ਿੰਦਗੀ ਦੇ ਰੰਗ ਮੈਂ ਸਿੱਖਿਆ ਨਾ ਪਰ ਅਜੇ ਤਕ ਜੀਣ ਦਾ ਕੋਈ ਢੰਗ ਮੈਂ ਬੀਤ ਚੱਲੀ ਹਰ ਤਰ੍ਹਾਂ ਦੇ ਰਿਸ਼ਤਿਆਂ ਸੰਗ ਨਿਭਦਿਆਂ ਪਰ ਬਣਾ ਸਕਿਆ ਕੋਈ ਰਿਸ਼ਤਾ ਨਾ ਆਪਣੇ ਸੰਗ ਮੈਂ ਤੀਰ, ਤਰਕਸ਼ ਆਪਣੇ ਆਪੇ ਹੀ ਦਿੱਤੇ ਟੰਗ ਮੈਂ ਤੇ ਨਿਹੱਥਾ ਲੜ ਰਿਹਾ ਹਾਂ ਜਜ਼ਬਿਆਂ ਦੀ ਜੰਗ ਮੈਂ ਬਣਨਗੇ ਇਤਿਹਾਸ ਬੇਤਰਤੀਬ ਖਿੱਲਰੇ ਇਹ ਸਫ਼ੇ ਉੱਕਰਿਆ ਹੋਇਆ ਇਨ੍ਹਾਂ 'ਤੇ ਹਾਂ ਲਹੂ ਦੇ ਸੰਗ ਮੈਂ ਮਹਿਕ ਬਣ ਕੇ ਇਉਂ ਚੁਫੇਰੇ ਫੈਲਣਾ ਸੌਖਾ ਨਹੀਂ ਜੋ ਅਦਿਸਦੇ 'ਚੋਂ ਵੀ ਦਿਸਦੇ ਨੇ ਉਨ੍ਹਾਂ ਦਾ ਅੰਗ ਮੈਂ

ਸਮੇਂ ਦੇ ਨਾਲ ਹੀ ਬਦਲਾਵ

ਸਮੇਂ ਦੇ ਨਾਲ ਹੀ ਬਦਲਾਵ ਤਾਂ ਜ਼ਰੂਰੀ ਹੈ ਤੂੰ ਇਕ ਦਿਨ ਬਦਲ ਹੀ ਜਾਵੇਂਗਾ ਆਸ ਪੂਰੀ ਹੈ ਸਜਾ ਕੇ ਤੁਰ ਗਿਐਂ ਵਾਲ਼ਾਂ 'ਚ ਆਪਣੇ ਹੱਥੀਂ ਅਜੇ ਮੁਰਝਾਈਆਂ ਕਲੀਆਂ 'ਚ ਮਹਿਕ ਪੂਰੀ ਹੈ ਤੇਰੇ ਤੋਂ ਬਾਅਦ ਤਾਂ ਬਸ ਪੀ ਰਹੇ ਹਾਂ ਜੀਣ ਲਈ ਅਸਲ 'ਚ ਦੋਸਤਾ! ਇਹ ਮੈਅ ਵੀ ਬੇਸਰੂਰੀ ਹੈ ਤੁਸਾਂ ਹੀ ਤੋੜਿਆ ਤੇ ਜੋੜ ਵੀ ਲਿਆ ਧਾਗਾ ਵਿਚਾਲ਼ੇ' ਪੈ ਗਈ ਇਹ ਗੰਢ ਬੇਕਸੂਰੀ ਹੈ ਫ਼ਕੀਰ ਬਣ ਕੇ ਅਟੱਲ ਹੋ ਤੇ ਖ਼ੁਸ਼ ਰਹੇਂਗਾ ਬੜਾ ਭਵੇਂ ਜਹਾਨ 'ਚ ਹਰ ਥਾਵੇਂ ਜੀ-ਹਜ਼ੂਰੀ ਹੈ

ਇੱਛਾ ਤੋਂ ਵੀ ਅਗੇਰ ਤਕ ਜਾਂਦੀ

ਇੱਛਾ ਤੋਂ ਵੀ ਅਗੇਰ ਤਕ ਜਾਂਦੀ ਪਿਆਸ ਦੇ ਪਰ ਬਖ਼ਸ਼ ਮੈਨੂੰ ਵੱਸਣਾ ਝਰਨੇ ਦੇ ਪਾਸ ਦੇ ਤੇਰੇ ਹੀ ਹੱਥ ਹੈ ਮੇਰੀ ਸੀਮਾ ਤ੍ਰੇਹ ਦੀ ਕਰਦੇ ਨਾਆਗਿਰਾ ਭਵੇਂ ਰਾਵੀ, ਬਿਆਸ ਦੇ ਲੇਖਾਂ 'ਚ ਪਲ-ਪਲ ਭਟਕਣਾ ਪਾਇਆ ਇਨ੍ਹਾਂ ਨੇ ਹੈ ਜੇ ਹੋ ਸਕੇ ਤਾਂ ਮੇਰੀਆਂ ਸਧਰਾਂ ਨੂੰ ਵਾਸ ਦੇ ਸਭ ਨੂੰ ਵਿਖਾ ਕੇ ਖ਼ਾਬ ਤੂੰ ਰੰਗੀਨ ਆ ਗਿਐਂ ਬਾਕੀ ਬਚੇ ਸਾਡੇ ਲਈ ਸੁਪਨੇ ਉਦਾਸ ਦੇ ਇੱਕੋ ਦੁਆ ਕਿ ਜ਼ਿਹਨ ਅੰਦਰ ਜ਼ਹਿਰ ਨਾ ਭਰੇ ਚਾਹੇਂ ਤਾਂ ਮੇਰੇ ਮਾਲਿਕਾ! ਨਾਗਾਂ ਨਿਵਾਸ ਦੇ

ਰਹਿਣ ਦੇ ਤੂੰ ਸਦਾ ਆਪਣੇ ਕੋਲ਼ ਹੀ

ਰਹਿਣ ਦੇ ਤੂੰ ਸਦਾ ਆਪਣੇ ਕੋਲ਼ ਹੀ ਮੈਨੂੰ ਕਰ ਨਾ ਜੁਦਾ, ਮੈਨੂੰ ਕਰ ਨਾ ਪਰ੍ਹੇ ਚੇੜਦਾ ਹੀ ਰਹੀਂ ਮੇਰੇ ਜ਼ਖ਼ਮਾਂ ਨੂੰ ਤੂੰ ਇਸ ਤਰ੍ਹਾਂ ਰਹਿਣਗੇ ਇਹ ਹਰੇ ਦੇ ਹਰੇ ਤੇਰੇ ਕਦਮੀ ਵਿਛੀ ਧੂੜ ਤੇ ਰੇਤ ਹਾਂ ਰੋਜ਼ ਵਾਹੇਂ ਜਿਹਨੂੰ ਮੈਂ ਉਹੀ ਖੇਤ ਹਾਂ ਤੇਰੇ ਸੀਨੇ 'ਚ ਲੁਕਿਆ ਪਿਆ ਭੇਦ ਹਾਂ ਜਿਸ ਦੀ ਆਹਟ ਨੂੰ ਸੁਣ ਤੇਰਾ ਦਿਲ ਵੀ ਡਰੇ ਮੈਂ ਤਾਂ ਆਹਾਂ ਦੇ ਅੰਦਰਲਾ ਅਹਿਸਾਸ ਹਾਂ ਵਗਦੇ ਖੂਹਾਂ ਕਿਨਾਰੇ ਖੜ੍ਹੀ ਪਿਆਸ ਹਾਂ ਸੁੰਨੇ ਰਾਹਾਂ 'ਚ ਕਦਮਾਂ ਦੀ ਇਕ ਆਸ ਹਾਂ ਤੂੰ ਕਦੇ ਨਾ ਕਦੇ ਤਾਂ ਮੁੜੇਂਗਾ ਘਰੇ ਬਚ ਗਿਆ ਭਾਵੇਂ ਡਿੱਗਣੋ ਨਿਗਾਹਾਂ ਤੋਂ ਮੈਂ ਪਰਤ ਆਇਆ ਤੇਰੇ ਘਰ ਦੇ ਰਾਹਾਂ ਤੋਂ ਮੈਂ ਹੁਣ ਤਾਂ ਤੌਬਾ ਵੀ ਕੀਤੀ ਗੁਨਾਹਾਂ ਤੋਂ ਮੈਂ ਫਿਰ ਵੀ ਗੁਸਤਾਖ਼ੀਆਂ ਤੋਂ ਇਹ ਦਿਲ ਨਾ ਡਰੇ ਰਾਤ ਭਰ ਰੇਤ ਦੇ ਘਰ ਬਣਾਉਂਦਾ ਰਿਹਾ ਜਾਗਦੇ ਸੁਪਨਿਆਂ ਨੂੰ ਸੁਲਾਉਂਦਾ ਰਿਹਾ ਆਪਣੀ ਬਾਤ ਖ਼ੁਦ ਨੂੰ ਸੁਣਾਉਂਦਾ ਰਿਹਾ ਇੰਝ ਲੱਗਿਆ ਕਿ ਕੋਈ ਹੁੰਗਾਰਾ ਭਰੇ ਜੀਣ ਦੀ ਆਸ ਵੀ ਤਾਂ ਹੈ ਆਵਾਰਗੀ ਸੁੱਕੇ ਬੁੱਲ੍ਹਾਂ 'ਤੇ ਉੱਕਰੀ ਜੋ ਲਾਚਾਰਗੀ ਸਾਂਭ ਨੈਣਾਂ ਦੇ ਅੰਦਰ ਤੂੰ ਇਹ ਤਿਸ਼ਨਗੀ ਕੀ ਪਤਾ ਇਸ ਤਰ੍ਹਾਂ ਹੀ ਉਹ ਝਰਨਾ ਝਰੇ

ਹਟ ਵੀ ਤਾਂ ਸਕਦਾ ਹੈ ਕਦੇ

ਹਟ ਵੀ ਤਾਂ ਸਕਦਾ ਹੈ ਕਦੇ ਸਾਡਾ ਇਹ ਭਟਕਣਾ ਸਾਨੂੰ ਵੀ ਮਿਲ ਸਕਦੈ ਕਦੇ ਮਹਿਕਾਂ ਦਾ ਮਾਨਣਾ ਸ਼ੀਸ਼ੇ ਦੇ ਅੱਗੇ ਖੜ੍ਹ ਸਦਾ ਸ਼ਿੰਗਾਰ ਤੂੰ ਕਰੇਂ ਜੇ ਹੋ ਸਕੇ ਤਾਂ ਕਰ ਕਦੇ ਅੱਖਾਂ ਦਾ ਸਾਹਮਣਾ ਲੋਕਾਂ ਦੇ ਲੇਖ ਦੱਸਦੀਆਂ ਰੇਖਾਵਾਂ ਪੁੱਛਦੀਆਂ ਲੇਖਾਂ 'ਚ ਸਾਡੇ ਕਦ ਕੁ ਤਕ ਲਿਖ-ਲਿਖ ਕੇ ਮੇਟਣਾ ਮੈਂ ਤਾਂ ਖਿਡਾਉਣਾ ਸਾਂ ਤੇ ਹੁਣ ਤੈਨੂੰ ਵੀ ਆ ਗਿਆ ਬੱਚੇ ਦੇ ਵਾਂਗ ਤੋੜ ਜੋੜ ਮੈਨੂੰ ਖੇਡਣਾ ਤੂੰ ਤਾਂ ਕਿਹਾ ਸੀ ਆਪਣਾ ਰੂਹਾਂ ਦਾ ਸਾਥ ਹੈ ਫਿਰ ਇਸ ਤਰ੍ਹਾਂ ਕਿਉਂ ਪੈ ਰਿਹੈ ਰੂਹਾਂ ਨੂੰ ਭਟਕਣਾ

ਨਾ ਮੌਸਮ ਹੀ ਬਦਲੇ ਨਾ ਪੰਛੀ ਮੁੜੇ ਘਰ

ਨਾ ਮੌਸਮ ਹੀ ਬਦਲੇ ਨਾ ਪੰਛੀ ਮੁੜੇ ਘਰ ਨਾ ਗੁਲਸ਼ਨ ਖਿੜੇ, ਨਾ ਹੀ ਗੁਲਫ਼ਾਮ ਆਏ ਹਰ ਇਕ ਦੋਸ਼ ਬਿਰਖਾਂ ਨੇ ਸਿਰ ਲੈ ਲਿਆ ਹੈ ਜੋ 'ਵਾਵਾਂ 'ਤੇ ਨਾ ਕੋਈ ਇਲਜ਼ਾਮ ਆਏ ਨਾ ਕਾਗ਼ਜ਼ 'ਤੇ ਉੱਕਰਾਂ, ਨਾ ਕੁਝ ਮੂੰਹੋਂ ਬੋਲਾਂ ਮੈਂ ਪੌਣਾਂ ਦੇ ਸਾਹਵੇਂ ਕਲੇਜਾ ਫਰੋਲਾਂ ਸਦਾ ਮੇਰੇ ਦਿਲ ਦੀ ਤੇਰੇ ਤੀਕ ਪਹੁੰਚੇ ਤੇ ਬਦਲੇ 'ਚ ਤੇਰਾ ਵੀ ਪੈਗ਼ਾਮ ਆਏ ਮੁਹੱਬਤ ਅਕੀਦਤ ਇਨਾਇਤ ਤੋਂ ਉੱਚੀ ਜੋ ਹੋਠਾਂ ਨਿਗਾਹਾਂ ਤੇ ਜਾਮਾਂ ਤੋਂ ਸੁੱਚੀ ਭਰੀਂ ਉਸ 'ਚ ਆਪਣੇ ਲਹੂ ਨਾਲ ਰੰਗਤ ਜਦੋਂ ਸ਼ਾਇਰੀ ਬਣ ਕੇ ਇਲਹਾਮ ਆਏ ਪਿਲਾਉਂਦੇ ਨੇ ਭਰ-ਭਰ ਮਹਿਕ ਦੇ ਪਿਆਲੇ ਬੁਝਾ ਨਾ ਸਕੇ ਪਰ ਮੇਰੀ ਪਿਆਸ ਹਾਲੇ ਮੈਂ ਸਾਰੇ ਦਾ ਸਾਰਾ ਹੀ ਡੁੱਬਾਂਗਾ ਉਸ ਵਿਚ ਉਹ ਲੈ ਕੇ ਵਫ਼ਾ ਦਾ ਜਦੋਂ ਜਾਮ ਆਏ

ਦੇਰ ਤੋਂ ਹੀ ਜੀਣ ਦੀ ਇਕ ਵੱਖਰੀ

ਦੇਰ ਤੋਂ ਹੀ ਜੀਣ ਦੀ ਇਕ ਵੱਖਰੀ ਕੋਸ਼ਿਸ਼ 'ਚ ਹਾਂ ਪਰ ਕਿਸੇ ਨੂੰ ਜਾਪਦੈ ਕਿ ਇਹ ਕਿਹੀ ਕੋਸ਼ਿਸ਼ 'ਚ ਹਾਂ ਵੱਖਰਾ ਜੀਵਨ ਮਜ਼ਾ, ਲੋਕਾਂ ਨੂੰ ਦਿਸਦੈ ਜੋ ਸਜ਼ਾ ਨਾ ਦਿਸਾਂ ਬਣ ਜਾਂ ਫ਼ਿਜ਼ਾ, ਮੈਂ ਤਾਂ ਇਹੀ ਕੋਸ਼ਿਸ਼ 'ਚ ਹਾਂ ਸਾਜ਼ ਵੀ ਬਣ ਵੇਖਿਆ ਪਰ ਪੋਟਿਆਂ ਨਾ ਛੋਹਿਆ ਹੌਸਲਾ ਨਾ ਛੱਡਿਆ, ਮੈਂ ਸੁਰਮਈ ਕੋਸ਼ਿਸ਼ 'ਚ ਹਾਂ ਫਿਰਨ ਐਵੇਂ ਅਟਕਦੇ, ਥਾਂ-ਕੁਥਾਂ ਜੋ ਭਟਕਦੇ ਮੈਂ ਉਨ੍ਹਾਂ ਪੈਰਾਂ ਨੂੰ ਰਾਹੇ ਪਾਉਣ ਦੀ ਕੋਸ਼ਿਸ਼ 'ਚ ਹਾਂ ਹੈ ਪਤਾ ਪੱਥਰ ਤੇ ਬਾਰਿਸ਼ ਦਾ ਅਸਰ ਹੋਣਾ ਨਹੀਂ ਪਰ ਪਿਘਲ਼ ਜਾਵੇ ਇਹ ਦਿਲ ਮੈਂ ਆਖ਼ਰੀ ਕੋਸ਼ਿਸ਼ 'ਚ ਹਾਂ

ਕੁਝ ਦਿਲਾਂ ਵਿਚ ਰਹਿ ਗਿਆ

ਕੁਝ ਦਿਲਾਂ ਵਿਚ ਰਹਿ ਗਿਆ, ਕੁਝ ਅੱਖੀਆਂ ਵਿਚ ਵਹਿ ਗਿਆ ਹੋਂਠ ਗੁੰਮਸੁਮ ਹੀ ਰਹੇ, ਸ਼ਬਦਾਂ ਦਾ ਦਰਿਆ ਲਹਿ ਗਿਆ ਰੇਤ ਉੱਤੇ ਲਿਖ ਕੇ ਮੈਨੂੰ ਉਹ ਅਜੇ ਮੁੜਿਆ ਹੀ ਸੀ ਬਣ ਗਿਆ ਸਾਗਰ ਜਦੋਂ ਮੈਂ ਨਾਲ ਛੱਲਾਂ ਵਹਿ ਗਿਆ ਰਾਤ ਪਿਛਲ਼ੇ ਪਹਿਰ ਮੇਰਾ ਟੁੱਟਿਆ ਸੁਪਨਾ ਜਿਵੇਂ ਇਕ ਅੰਝਾਣੇ ਬਾਲ ਕੋਲ਼ੋਂ ਰੇਤ ਦਾ ਘਰ ਢਹਿ ਗਿਆ ਕੁਝ ਕੁ ਪਲ ਮੈਨੂੰ ਉਠਾ ਕੇ ਉੱਡਿਆ ਅਸਮਾਨ ਵਿਚ ਫੇਰ ਦਿਲ ਦਾ ਵਾਵਰੋਲਾ ਸ਼ਾਂਤ ਹੋ ਕੇ ਬਹਿ ਗਿਆ ਅੰਨ੍ਹੀਆਂ ਅੱਖਾਂ ਨੇ ਦੁਨੀਆ ਦਾ ਤਮਾਸ਼ਾ ਵੇਖਿਆ ਗੂੰਗਿਆਂ ਹੋਠਾਂ ਦਾ ਹਾਸਾ ਵੇਖ ਕੀ-ਕੀ ਕਹਿ ਗਿਆ

ਇਕ ਜੀਅ ਕਰਦਾ ਟੋਲੀ ਜਾਵਾਂ

ਇਕ ਜੀਅ ਕਰਦਾ ਟੋਲੀ ਜਾਵਾਂ ਲਹਿਰਾਂ ਸੰਗ ਕਿਨਾਰਾ ਇਕ ਜੀਅ ਕਰਦਾ ਡੁੱਬੀ ਜਾਵਾਂ ਮੈਂ ਸਾਰੇ ਦਾ ਸਾਰਾ ਇਕ ਵਾਰੀ ਹੈ ਖੁੱਲ੍ਹ ਕੇ ਜਗਦਾ ਬੁਝਣੋ ਪਹਿਲਾਂ ਦੀਵਾ ਚਾਨਣ-ਚਾਨਣ ਕਰ ਜਾਂਦਾ ਹੈ ਅੰਬਰੋਂ ਟੁੱਟਦਾ ਤਾਰਾ ਲਾਵਾ ਬਣ ਕੇ ਫੁੱਟ ਜਾਣਾ ਤਾਂ ਕੰਮ ਬੜਾ ਹੈ ਸੌਖਾ ਪਰ ਔਖਾ ਹੈ ਉਮਰਾ ਸਾਰੀ ਦਿਲ ਨੂੰ ਕਰਨਾ ਪਾਰਾ ਹੱਦਾਂ ਬੰਨੇ, ਕੰਧਾਂ ਕੋਠੇ, ਰੋਟੀ ਟੱਕਰ ਵੰਡਿਆ ਪਰ ਨਾ ਕਰ ਹੋਇਆ ਪੁੱਤਰਾਂ ਤੋਂ ਮਮਤਾ ਦਾ ਬਟਵਾਰਾ ਨਟਖਟ ਬੋਲਾਂ ਕਿੰਨੀ ਵਾਰੀ ਮੈਨੂੰ ਆਣ ਜਗਾਇਆ ਮੇਰੇ ਸੀਤੇ ਬੁੱਲ੍ਹਾਂ ਤੋਂ ਨਾ ਭਰਿਆ ਗਿਆ ਹੁੰਗਾਰਾ

ਤਿਉੜੀਆਂ ਦਾ ਜਾਲ ਸਾਵ੍ਹੇਂ ਸੀ ਮੇਰੇ

ਤਿਉੜੀਆਂ ਦਾ ਜਾਲ ਸਾਵ੍ਹੇਂ ਸੀ ਮੇਰੇ ਸੱਭਿਅਤਾ ਦੀ ਛਾਲ ਸਾਵ੍ਹੇਂ ਸੀ ਮੇਰੇ ਚਿਹਰਿਆਂ ਦੇ ਜੰਗਲ਼ਾਂ 'ਚੋਂ ਲੰਘਦਿਆਂ ਆਪਣੀ ਹੀ ਭਾਲ਼ ਸਾਵ੍ਹੇਂ ਸੀ ਮੇਰੇ ਜਿਸ ਦਿਆਂ ਕੰਡਿਆਂ ਨੇ ਮੈਨੂੰ ਵਿੰਨ੍ਹਿਆ ਮੁਸਕਰਾਉਂਦੀ ਡਾਲ ਸਾਵ੍ਹੇਂ ਸੀ ਮੇਰੇ ਉਹ ਮੇਰਾ ਹੀ ਆਪਣਾ ਸਾਇਆ ਤਾਂ ਸੀ ਜੋ ਖੜ੍ਹਾ ਸੀ ਨਾਲ ਸਾਵ੍ਹੇਂ ਸੀ ਮੇਰੇ ਉਮਰ ਤੋਂ ਜੋ ਰੌਸ਼ਨੀ ਨੂੰ ਤਰਸਦੇ ਦੀਵਿਆਂ ਦੀ ਪਾਲ ਸਾਵ੍ਹੇਂ ਸੀ ਮੇਰੇ ਟਾਹਲੀਆਂ ਦਾ ਹਾਲ ਸਾਵ੍ਹੇਂ ਸੀ ਮੇਰੇ ਮੌਸਮਾਂ ਦੀ ਚਾਲ ਸਾਵ੍ਹੇਂ ਸੀ ਮੇਰੇ ਫਿਰ ਸਮੇਂ ਦੀ ਚਾਲ ਨਾਲੋਂ ਪਛੜਿਆ ਬੀਤਿਆ ਹਰ ਸਾਲ ਸਾਵ੍ਹੇਂ ਸੀ ਮੇਰੇ ਅਰਥ ਸ਼ਬਦਾਂ ਨਾਲ ਰੁਸ ਜਾਂਦੇ ਰਹੇ ਸ਼ਾਇਰੀ ਦਾ ਹਾਲ ਸਾਵ੍ਹੇਂ ਸੀ ਮੇਰੇ ਤੇਰੇ ਹੋਠਾਂ ਗੀਤ ਮੇਰਾ ਛੋਹ ਲਿਆ ਇਕ ਨਵਾਂ ਸੁਰਤਾਲ ਸਾਵ੍ਹੇਂ ਸੀ ਮੇਰੇ ਕੁੱਖ ਮਮਤਾ ਦੀ ਉਜਾੜੀ ਜਾ ਰਿਹਾ ਭਾਲ਼ਦਾ ਕੋਈ ਲਾਲ ਸਾਵ੍ਹੇਂ ਸੀ ਮੇਰੇ

ਦਿਨ ਤੇਰੇ ਨੇ ਮੁੜ ਜਾਣਾ ਸੀ

ਦਿਨ ਤੇਰੇ ਨੇ ਮੁੜ ਜਾਣਾ ਸੀ ਆ ਕੇ ਜੇਕਰ ਸਰਦਲ 'ਤੇ ਕਿਉਂ ਸਰਘੀ ਦਾ ਸੂਰਜ ਆਇਆ ਕਿਰਨਾਂ ਭਰ-ਭਰ ਸਰਦਲ 'ਤੇ ਭੁੱਲ ਨਾ ਜਾਣ ਉਹ ਰਸਤਾ ਘਰ ਦਾ, ਡੋਲ ਨਾ ਜਾਵਣ ਪੈਰ ਕਿਤੇ ਸਾਰੀ ਰਾਤ ਹੀ ਮੈਂ ਬਲਿਆ ਹਾਂ ਦੀਵੇ ਵਾਂਗਰ ਸਰਦਲ 'ਤੇ ਤੇਰੀ ਇਕ ਆਹਟ ਨੂੰ ਤਰਸੇ, ਆ ਇਸ ਅੰਦਰ ਵਸ ਜਾਹ ਤੂੰ ਖ਼ਾਲੀ ਘਰ ਵਾਂਗਰ ਹੈ ਬੈਠਾ ਮੇਰਾ ਪਿੰਜਰ ਸਰਦਲ 'ਤੇ ਸੁਪਨੇ ਵਿਚ ਗਰਾਂ ਜੋ ਵੇਖਾਂ, ਰੌਸ਼ਨ ਪਰ ਸੁੰਨਸਾਨ ਜਿਹਾ ਚਿੜੀਆਂ ਦਾ ਚੰਬਾ ਨਾ ਦਿਸਦਾ, ਕੱਢਦਾ ਚਾਦਰ ਸਰਦਲ 'ਤੇ ਜੀਅ ਕਰਦਾ ਹੁਣ ਦਾਦੀ ਝਿੜਕੇ, ਭੱਜ ਜਾਵਾਂ ਨਾ ਹੱਥ ਆਵਾਂ ਫਿਰ ਸ਼ਾਮਾਂ ਨੂੰ ਖੜ੍ਹੀ ਉਡੀਕੇ, ਅੱਖੀਆਂ ਧਰ-ਧਰ ਸਰਦਲ 'ਤੇ

ਤੇਰੀ ਮਹਿਫ਼ਿਲ ਜਦ ਛੱਡ ਆਏ

ਤੇਰੀ ਮਹਿਫ਼ਿਲ ਜਦ ਛੱਡ ਆਏ, ਖ਼ਾਮੋਸ਼ੀ, ਗ਼ਮ, ਤਨਹਾਈ ਬਣ ਬੈਠੇ ਨੇ ਮੇਰੇ ਸਾਏ, ਖ਼ਾਮੋਸ਼ੀ, ਗ਼ਮ, ਤਨਹਾਈ ਮੇਰੇ ਦਰ 'ਤੇ ਦਸਤਕ ਦਿੰਦੇ ਸੁਬਹ, ਦੁਪਹਿਰੇ, ਸ਼ਾਮ ਢਲੇ ਜਦ ਤੋਂ ਉਹਨਾਂ ਨੇ ਠੁਕਰਾਏ, ਖ਼ਾਮੋਸ਼ੀ, ਗ਼ਮ, ਤਨਹਾਈ ਜਦ ਵੇਖੇ ਨੇ ਮਹਿਫ਼ਿਲ, ਖ਼ੁਸ਼ੀਆਂ, ਜਾਮ ਤੇ ਮੁਸਕਾਉਂਦੇ ਚਿਹਰੇ ਅਕਸਰ ਮੈਨੂੰ ਚੇਤੇ ਆਏ, ਖ਼ਾਮੋਸ਼ੀ, ਗ਼ਮ, ਤਨਹਾਈ ਤੂੰ ਤਾਂ ਭੁੱਲ ਜਾਵੇਂਗਾ ਐਪਰ ਮੈਥੋਂ ਨਾ ਇਹ ਆਸ ਕਰੀਂ ਏਦਾਂ ਕਿੱਥੇ ਜਾਣ ਭੁਲਾਏ, ਖ਼ਾਮੋਸ਼ੀ, ਗ਼ਮ, ਤਨਹਾਈ ਸਹਿਰਾ ਅੰਦਰ ਚਾਣਚੱਕ ਜਦ ਮੁੜ ਕੇ ਪਿੱਛੇ ਦੇਖ ਲਿਆ ਮੇਰੇ ਨਾਲ ਖੜ੍ਹੇ ਤਿੰਨ ਸਾਏ, ਖ਼ਾਮੋਸ਼ੀ, ਗ਼ਮ, ਤਨਹਾਈ ਲੋਕੀ ਅਕਸਰ ਪਹਿਨ ਕੇ ਨਿਕਲ਼ਣ ਰੰਗ ਬਿਰੰਗੀਆਂ ਪੌਸ਼ਾਕਾਂ ਆਪਣੇ ਤਨ 'ਤੇ ਅਸਾਂ ਹੰਢਾਏ, ਖ਼ਾਮੋਸ਼ੀ, ਗ਼ਮ, ਤਨਹਾਈ ਮਾਰੂਥਲ ਵਿਚ ਰੇਤੇ ਉੱਤੇ ਜਦ ਮੈਂ ਤੇਰਾ ਨਾਂ ਲਿਖਿਆ ਤਨਹਾਈ ਮੇਰੇ ਸਾਵ੍ਹੇਂ ਉੱਕਰ ਆਏ, ਖ਼ਾਮੋਸ਼ੀ, ਗ਼ਮ, ਤਨਹਾਈ

ਆਜ਼ਮਾ ਅਪਣਾ ਮੁਕੱਦਰ

ਆਜ਼ਮਾ ਅਪਣਾ ਮੁਕੱਦਰ, ਸ਼ਾਮ ਦੀ ਦਹਿਲੀਜ਼ 'ਤੇ ਮਰ ਗਿਐ ਇਕ ਹੋਰ ਫ਼ੱਕਰ, ਸ਼ਾਮ ਦੀ ਦਹਿਲੀਜ਼ 'ਤੇ ਤੇਰਿਆਂ ਹੋਠਾਂ 'ਤੇ ਹਾਸੇ, ਸੁਬਹ ਦੀ ਲਾਲੀ ਜਿਹੇ ਮੇਰਿਆਂ ਨੈਣਾਂ 'ਚ ਅੱਥਰ, ਸ਼ਾਮ ਦੀ ਦਹਿਲੀਜ਼ 'ਤੇ ਅਪਣੇ ਕਾਤਿਲ ਦੇ ਭੁਲੇਖੇ, ਜਾਪਦੈ ਕੋਈ ਲਿਖ ਗਿਐ ਮੇਰੇ ਨਾਂ ਦੇ ਚਾਰ ਅੱਖਰ, ਸ਼ਾਮ ਦੀ ਦਹਿਲੀਜ਼ 'ਤੇ ਦਰ-ਬ-ਦਰ ਭਟਕਣ ਦੀ ਆਦਤ ਛੱਡ ਦਿੱਤੀ ਦੋਸਤੋ ਪਾ ਲਿਐ ਹੁਣ ਆਪਣਾ ਘਰ, ਸ਼ਾਮ ਦੀ ਦਹਿਲੀਜ਼ 'ਤੇ ਮਾਣਦੀ ਕਿੰਨੇ ਸਵੇਰੇ ਤੇ ਦੁਪਹਿਰੇ ਇਹ ਰਹੀ ਹੁਣ ਸਦੀ ਆਈ ਹੈ ਆਖ਼ਿਰ, ਸ਼ਾਮ ਦੀ ਦਹਿਲੀਜ਼ 'ਤੇ ਦਰਦ, ਹੰਝੂ, ਪੀੜ, ਇਕਲਾਪਾ, ਤੜਪ ਤੇ ਗ਼ਮ ਮੇਰੇ ਹੋ ਰਹੇ ਨੇ ਅੱਜ ਇਕੱਤਰ, ਸ਼ਾਮ ਦੀ ਦਹਿਲੀਜ਼ 'ਤੇ

ਜਦ ਕਦੇ ਵੀ ਯਾਦ ਆਇਆ

ਜਦ ਕਦੇ ਵੀ ਯਾਦ ਆਇਆ ਤੇਰੇ ਵਿਛੜਨ ਦਾ ਸਮਾਂ ਰੋ ਰਹੇ ਜਾਪੇ ਘਰਾਂ ਦੇ ਬੂਹੇ, ਗਲ਼ੀਆਂ ਤੇ ਗਰਾਂ ਨਾ ਮੇਰੇ ਨੈਣਾਂ 'ਚ ਸ਼ਬਨਮ, ਨਾ ਕਿਤੇ ਜ਼ੁਲਫ਼ਾਂ ਦੀ ਛਾਂ ਸਬਰ ਮੇਰੇ ਨੂੰ ਬੜਾ ਹੀ ਆਜ਼ਮਾਇਆ ਹੈ ਥਲਾਂ ਪੌਣ ਤ੍ਰਬਕੀ, ਰੁੱਖ ਕੰਬੇ, ਅੰਗ ਨੀਲੇ ਹੋ ਗਏ ਜਦ ਕਦੀ ਵੀ ਚਾਣਚੱਕ ਮੈਂ ਸੁਣ ਲਿਆ ਹੈ ਤੇਰਾ ਨਾਂ ਤੇਰੀ ਇਕ ਛੋਹ ਨਾਲ ਹੀ ਇਹ ਸੋਚਣਾ ਮੈਨੂੰ ਪਿਆ ਜ਼ਿੰਦਗੀ ਵਿਚ ਕੀ ਬਣਾਂਗਾ, ਕੌਣ ਹਾਂ, ਮੈਂ ਕੌਣ ਸਾਂ ਹੁਣ ਤਾਂ ਦੋ ਹੰਝੂ ਵੀ ਨੈਣਾਂ ਵਿਚ ਨਾ ਬਾਕੀ ਰਹੇ ਦਿਲ 'ਚ ਬਲ਼ਦੀ ਏਸ ਉਮਰਾਂ ਦੀ ਅਗਨ ਦਾ ਕੀ ਕਰਾਂ ਨਾ ਕੋਈ ਨ੍ਹੇਰੀ ਵਗੀ, ਬਿਜਲੀ ਗਿਰੀ, ਬੱਦਲ ਵਰ੍ਹੇ ਪੰਛੀਆਂ ਦਾ ਆਲ੍ਹਣਾ ਬਰਬਾਦ ਹੋਇਆ ਕਿਸ ਤਰ੍ਹਾਂ ਦੁਸ਼ਮਣੀ ਦੀ ਦਾਸਤਾਂ ਕੁਝ ਹੋਰ ਲੰਮੀ ਹੋ ਗਈ ਇਸ ਤਰ੍ਹਾਂ ਮੈਨੂੰ ਗਲ਼ੇ ਲਾਇਆ ਹੈ ਮੇਰੇ ਦੋਸਤਾਂ

ਤੋਤਲੀ ਸਰਗਮ ਰਤਾ ਛੋਹ ਸਕੇਂ

ਤੋਤਲੀ ਸਰਗਮ ਰਤਾ ਛੋਹ ਸਕੇਂ ਤਾਂ ਛੋਹ ਕਦੇ ਸਾਜ਼ ਦੀ ਗੁੰਮਸੁੰਮ ਨੂੰ ਜੇ ਖੋਹ ਸਕੇਂ ਤਾਂ ਖੋਹ ਕਦੇ ਹੈ ਰਤਾ ਨੈਣੀ ਨਮੀ ਪਰ ਨਹੀਂ ਗਰਦਨ ਖਮੀ ਜ਼ਿੰਦਗੀ ਦੀ ਤੂੰ ਕਮੀ ਟੋਹ ਸਕੇਂ ਤਾਂ ਟੋਹ ਕਦੇ ਜ਼ਿੰਦਗੀ ਦੇ ਰਾਜ਼ ਨੂੰ, ਰੂਹ ਦੀ ਆਵਾਜ਼ ਨੂੰ ਧੜਕਣਾਂ ਦੇ ਸਾਜ਼ ਨੂੰ, ਛੋਹ ਸਕੇਂ ਤਾਂ ਛੋਹ ਕਦੇ ਖ਼ੂਬ ਪੌਸ਼ਾਕਾਂ ਬਦਨ, ਚਾਲ ਹੈ ਛਨ-ਛਨ-ਛਨਨ ਅੰਦਰੋਂ ਵੀ ਮੇਰੇ ਮਨ, ਸੋਹ ਸਕੇਂ ਤਾਂ ਸੋਹ ਕਦੇ ਉਮਰ ਦੇ ਬਣਵਾਸ ਨੂੰ ਆਂਦਰਾਂ ਦੀ ਪਿਆਸ ਨੂੰ ਇਕ ਅਨਾਥੀ ਆਸ ਨੂੰ ਮੋਹ ਸਕੇਂ ਤਾਂ ਮੋਹ ਕਦੇ

ਅਚਾਨਕ ਰੰਗ ਕਿੱਥੋਂ ਆ ਗਿਆ

ਅਚਾਨਕ ਰੰਗ ਕਿੱਥੋਂ ਆ ਗਿਆ ਚਿੱਟੇ ਪਰਾਂ 'ਤੇ ਇਹ ਕਿਸ ਦੇ ਖ਼ੂਨ ਦੇ ਛਿੱਟੇ ਪਏ ਮੇਰੇ ਪਰਾਂ 'ਤੇ ਕੋਈ ਵੀ ਰੁੱਖ ਟਾਹਣੀ ਆਲ੍ਹਣਾ ਬਣਿਆ ਮੇਰਾ ਨਾ ਚਿਰਾਂ ਤੋਂ ਭਟਕਦਾ ਫਿਰਦਾਂ ਟਿਕਾ ਤੀਲੇ ਪਰਾਂ 'ਤੇ ਢਲੇ ਦਿਨ ਪਰਤ ਕੇ ਪੰਛੀ ਨੇ ਆਪਣੇ ਬੋਟ ਸਾਂਭੇ ਅਨੋਖੇ ਤਾਜ਼ਗੀ ਦੇ ਨਕਸ਼ ਨੇ ਥੱਕੇ ਪਰਾਂ 'ਤੇ ਹਵਾ ਸੰਗ ਰੁਮਕਦੀ ਪਰਵਾਜ਼ ਨੂੰ ਬਸ ਵੇਖਿਆ ਹੈ ਨਹੀਂ ਤੂੰ ਜਾਣਦਾ ਤੂਫ਼ਾਨ ਜੋ ਝੱਲੇ ਪਰਾਂ 'ਤੇ ਤੁਹਾਡੇ ਸ਼ੌਕ ਨੂੰ ਪਿੰਜਰੇ ਦਾ ਪੰਛੀ ਗਾ ਰਿਹਾ ਹੈ ਕਹੇ ਨੇ ਬੋਲ ਪਰ ਉਸ ਆਪਣੇ ਕੱਟੇ ਪਰਾਂ 'ਤੇ

ਕੌਣ ਮੌਸਮ ਦੇ ਸੁਹਾਣੇ ਰੂਪ ਨੂੰ

ਕੌਣ ਮੌਸਮ ਦੇ ਸੁਹਾਣੇ ਰੂਪ ਨੂੰ ਮਹਿਕਾ ਗਿਆ ਕਾਸ਼ਣੀ ਰੰਗਾ ਦੁਪੱਟਾ ਪੌਣ ਵਿਚ ਲਹਿਰਾ ਗਿਆ ਰਾਹ ਵਿਚ ਵੇਖੀ ਜਦੋਂ ਉਸ ਨੇ ਕੋਈ ਸ਼ੈਅ ਤੜਪਦੀ ਸਮਝ ਕੇ ਮੇਰਾ ਹੀ ਦਿਲ ਹਰ ਵਾਰ ਉਹ ਠੁਕਰਾ ਗਿਆ ਗ਼ਮ ਨਹੀਂ ਸੀ ਓਸ ਨੂੰ ਵਿਛੜਨ ਦਾ ਮੈਥੋਂ ਜੇ ਭਲਾ ਦੂਰ ਤਕ ਸੀ ਫੇਰ ਕਿਉਂ ਉਹ ਪਰਤ ਕੇ ਤਕਦਾ ਗਿਆ ਮੁੱਦਤਾਂ ਪਿੱਛੋਂ ਮਿਲੇ ਤਾਂ ਅੱਖ ਵੀ ਨਾ ਮਿਲ ਸਕੀ ਉਹ ਵੀ ਕੁਝ ਸ਼ਰਮਾ ਗਏ ਤੇ ਮੈਂ ਵੀ ਕੁਝ ਘਬਰਾ ਗਿਆ ਹੁਣ ਇਨ੍ਹਾਂ ਫੁੱਲਾਂ ਤੋਂ ਖ਼ੁਸ਼ਬੂ ਵੀ ਕਿਨਾਰਾ ਕਰ ਗਈ ਹੁਣ ਮੇਰੇ ਹੋਠਾਂ ਤੋਂ ਤੇਰਾ ਗੀਤ ਨਾ ਗਾਇਆ ਗਿਆ

ਜਦ ਚੁੱਪ ਤੈਨੂੰ ਵੇਖਿਆ

ਜਦ ਚੁੱਪ ਤੈਨੂੰ ਵੇਖਿਆ ਤਾਂ ਵੇਖੀਆਂ ਖ਼ਾਮੋਸ਼ੀਆਂ ਤੇਰੀ ਗਲ਼ੀ ਹਰ ਕੰਧ 'ਤੇ ਸੀ ਉਕਰੀਆਂ ਖ਼ਾਮੋਸ਼ੀਆਂ ਸੁਣਿਐ ਤੁਹਾਡੇ ਸ਼ਹਿਰ ਵਿਚ ਕੱਲ੍ਹ ਰਾਤ ਹੋਇਆ ਹਾਦਸਾ ਸ਼ੀਸ਼ਾ ਨਹੀਂ, ਪੱਥਰ ਨਹੀਂ ਪਰ ਟੁੱਟੀਆਂ ਖ਼ਾਮੋਸ਼ੀਆਂ ਕਿੰਨੇ ਹੀ ਸਾਥੀ ਮਿਲ ਗਏ ਮੈਨੂੰ ਅਚਾਨਕ ਰਾਹ ਵਿਚ ਲਾਚਾਰੀਆਂ, ਮਾਯੂਸੀਆਂ, ਤਨਹਾਈਆਂ, ਖ਼ਾਮੋਸ਼ੀਆਂ ਜੋ ਚੁੱਪ ਸੀ ਇਕ ਉਮਰ ਤੋਂ, ਤੈਨੂੰ ਅਚਾਨਕ ਵੇਖ ਅੱਜ ਇਕ ਚੀਖ਼ ਬਣ ਕੇ ਗੂੰਜੀਆਂ ਉਸ ਦਿਲ ਦੀਆਂ ਖ਼ਾਮੋਸ਼ੀਆਂ ਕਿਉਂ ਪੁੱਛਦੀਆਂ ਨੇ ਰੋਜ਼ ਹੀ ਮੈਨੂੰ ਮੇਰੀ ਚੁੱਪ ਦਾ ਸਬੱਬ ਮੇਰੇ ਦੁਆਲੇ ਪਸਰੀਆਂ ਖ਼ਾਮੋਸ਼ੀਆਂ, ਖ਼ਾਮੋਸ਼ੀਆਂ

ਐਤਕੀਂ ਮੌਸਮ ਨਵਾਂ ਹੈ

ਐਤਕੀਂ ਮੌਸਮ ਨਵਾਂ ਹੈ ਚੁਫੇਰੇ ਤਾਜ਼ਗੀ ਹੋ ਸਕੇ ਤਾਂ ਪਰਤ ਹੁਣ ਐ ਮੇਰੀ ਆਵਾਰਗੀ ਝਰਨਿਆਂ 'ਚੋਂ ਫੁੱਟਦੀ, ਤਾਰਿਆਂ ਥੀਂ ਟੁੱਟਦੀ ਪੀੜ ਵਿੱਚੋਂ ਉਗਮਦੀ, ਸ਼ਾਇਰੀ ਦੀ ਨਗ਼ਮਗੀ ਛਮ ਛਮਾ ਛਮ ਬਰਸਦਾ, ਕਿਸ ਨਮੀ ਨੂੰ ਤਰਸਦਾ ਆਪਣਾ ਤਨ ਖੋਰਨਾ, ਮੇਘਲੇ ਦੀ ਬੰਦਗੀ ਸੂਰਜੇ ਦੀ ਲੈ ਅਗਨ, ਸਾਗਰਾਂ ਦਾ ਸ਼ਾਂਤਪਨ ਲਿਖ ਹਵਾ ਦੇ ਜਿਸਮ 'ਤੇ ਧਰਤ ਜੇਹੀ ਪੁਖ਼ਤਗੀ ਦਿਨ ਜਿਵੇਂ ਤੁਰ ਚੱਲਿਆ, ਸ਼ਾਮ ਨੇ ਹਉਕਾ ਲਿਆ ਨਾ ਰੁਕੇ ਖੂਹੇ ਅਜੇ, ਨਾ ਮਿਟੀ ਹੈ ਤਿਸ਼ਨਗੀ

ਚਾਨਣੀ ਚੰਦ ਨੇ ਖਿਲਾਰੀ ਹੈ

ਚਾਨਣੀ ਚੰਦ ਨੇ ਖਿਲਾਰੀ ਹੈ ਇਕ ਸੂਰਜ ਨੂੰ ਅਲਵਿਦਾ ਕਰਿਆ ਆਪਣਾ ਆਪ ਸਾੜਿਆ ਦਿਨ ਭਰ ਵੇਖ ਸਹਿਰਾ ਮਸਾਂ-ਮਸਾਂ ਠਰਿਆ ਛੱਡ ਦੀਵਾਨਗੀ ਦੀ ਆਦਤ ਨੂੰ ਫ਼ੈਸਲਾ ਸੌਂਪ ਦੇ ਇਬਾਦਤ ਨੂੰ ਕੀ ਕਰੇਂਗਾ ਤੂੰ ਇਸ ਸ਼ਹਾਦਤ ਨੂੰ ਸੂਲ਼ੀ ਚੜ੍ਹ ਕੇ ਵੀ ਦਿਲ ਜੇ ਨਾ ਭਰਿਆ ਹਾਲੇ ਰਸਮੋ ਰਿਵਾਜ ਦੇ ਘੇਰੇ ਏਥੇ ਲਾਏ ਨੇ ਹਸਰਤਾਂ ਡੇਰੇ ਚੰਦ ਚਿਹਰੇ ਜੋ ਪਾਸ ਨੇ ਮੇਰੇ ਮੈਥੋਂ ਜਾਂਦਾ ਨਹੀਂ ਅਜੇ ਮਰਿਆ ਭਟਕਦੀ ਹੋਂਦ ਹੈ ਸ਼ਿਕਾਰੇ ਦੀ ਭਾਲ ਮਾਂਝੀ ਨੂੰ ਇਕ ਸਹਾਰੇ ਦੀ ਸਿੱਲ ਦੱਸਦੀ ਹੈ ਇਸ ਕਿਨਾਰੇ ਦੀ ਏਥੇ ਵਗਦਾ ਸੀ ਸ਼ੂਕਦਾ ਦਰਿਆ ਘਟ ਨਾ ਜਾਵੇ ਇਹ ਦਰਦ ਬੇਚਾਰਾ ਸਾਂਭ ਸੀਨੇ 'ਚ ਛਲ਼ਕਦਾ ਪਾਰਾ ਇਕ ਵਾਰੀ ਜੇ ਟੁੱਟਿਆ ਤਾਰਾ ਮੁੜ ਨਾ ਜਾਣਾ ਅਕਾਸ਼ 'ਤੇ ਧਰਿਆ

ਮੈਂ ਕਿਸੇ ਰੁਮਕਦੀ ਹਵਾ ਵਾਂਗਰ

ਮੈਂ ਕਿਸੇ ਰੁਮਕਦੀ ਹਵਾ ਵਾਂਗਰ ਚਾਰੇ ਪਾਸੇ ਹੀ ਫੈਲਣਾ ਚਾਹਾਂ ਭਰ ਦਿਆਂ ਨੂਰ ਨਾਲ ਹਰ ਚਿਹਰਾ ਮੈਂ ਕਲ਼ਾਵੇ 'ਚ ਲੈ ਲਵਾਂ ਆਹਾਂ ਏਥੋਂ ਬੋਲਾਂ 'ਤੇ ਲੱਗਿਆ ਪਹਿਰਾ ਅੱਖੀਆਂ ਨੇ ਜਿਵੇਂ ਕੋਈ ਸਹਿਰਾ ਇੱਕ ਹਉਕੇ ਨੇ ਦੱਸਿਆ ਸਭ ਕੁਝ ਵਕਤ ਵੇਖੇ ਨੇ ਜੋ ਇਨ੍ਹਾਂ ਸਾਹਾਂ ਉਹ ਜਾ ਮਿਲਿਆ ਤਾਂ ਬੋਲਿਆ ਨਾ ਗਿਆ ਕੋਈ ਵੀ ਦਰਦ ਫੋਲਿਆ ਨਾ ਗਿਆ ਹੋ ਗਏ ਨੈਣ ਇਸ ਤਰ੍ਹਾਂ ਗੁੰਮਸੁੰਮ ਬੇਬਸੀ ਮਾਰਦੀ ਰਹੀ ਧਾਹਾਂ ਰੋਜ਼ ਸੁਪਨੇ 'ਚ ਵੇਖਦਾਂ ਮੰਜ਼ਰ ਇੱਕ ਬਾਹਾਂ ਉਲਾਰਦਾ ਖੰਡਰ ਇੱਕ ਦੀਵਾ ਜਗੇ ਬਨੇਰੇ 'ਤੇ ਚਾਰੇ ਪਾਸੇ ਨੇ ਸੁੰਨੀਆਂ ਰਾਹਾਂ ਚੰਦ ਇੱਟਾਂ ਨੂੰ ਘਰ ਕਹੀ ਜਾਵਾਂ ਇਸ ਨੂੰ ਥੰਮਾਂ ਤੇ ਖ਼ੁਦ ਢਹੀ ਜਾਵਾਂ ਜੀਅ ਕਰੇ ਫੇਰ ਮੁੜ ਕੇ ਬਾਲ ਬਣਾਂ ਰੇਤ ਦੇ ਘਰ ਬਣਾ-ਬਣਾ ਢਾਹਾਂ

ਇੱਕ ਪੁਰੇ ਦੇ ਬੁੱਲੇ ਕੋਲ਼ੋਂ

ਇੱਕ ਪੁਰੇ ਦੇ ਬੁੱਲੇ ਕੋਲ਼ੋਂ, ਲੈ ਰਿਸ਼ਮਾਂ ਦੀਆਂ ਸੂਹਾਂ ਚਿੱਤ ਕਰਦਾ ਹੈ ਚਾਨਣ ਦੇ ਵਿਚ ਗੁੰਨ੍ਹੀਆਂ ਜਾਵਣ ਰੂਹਾਂ ਸੱਤ ਰੰਗੀ ਇਸ ਪੀਂਘ ਦੇ ਸੰਗੀ ਸੱਤ ਸਮੁੰਦਰ ਰੰਗਾਂ ਸੱਤ ਸੁਰਾਂ ਦੀ ਗੋਦ 'ਚ ਬਹਿ ਕੇ ਜਾ ਅੰਬਰ ਨੂੰ ਛੂਹਾਂ ਕਿਸ ਨੂੰ ਰੱਖਾਂ, ਕਿਸ ਨੂੰ ਛੱਡਾਂ, ਕਿੰਝ ਆਪੇ ਨੂੰ ਵੰਡਾਂ ਇਕ ਪਾਸੇ ਹੈ ਮੇਰੀ ਖੇਤੀ, ਇਕ ਪਾਸੇ ਨੇ ਜੂਹਾਂ ਸਾਰ ਨਹੀਂ ਮੈਂ ਪਗਡੰਡੀ 'ਤੇ ਕਿੱਧਰ ਤੁਰਿਆ ਜਾਵਾਂ ਕੁਝ ਪਲ ਆਪਣੀ ਛਾਵੇਂ ਬੈਠਾਂ, ਮੁੜ ਪਿੰਜਰ ਨੂੰ ਲੂਹਾਂ ਘਰ-ਘਰ ਅੰਦਰ ਸ਼ਾਮ ਸਵੇਰੇ ਸੁੱਖਾਂ ਸੁੱਖਦੀਆਂ ਮਾਵਾਂ ਪਰ ਪੁੱਤਰਾਂ ਨੂੰ ਡੋਬ ਲਿਆ ਹੈ ਕਿਹੜੇ ਅੰਨ੍ਹਿਆਂ ਖੂਹਾਂ

ਇਹ ਕਲਾ ਦਾ ਸੁਹਜ ਹੈ

ਇਹ ਕਲਾ ਦਾ ਸੁਹਜ ਹੈ ਜਾਂ ਮੇਰੇ ਹੱਥਾਂ ਨੂੰ ਸਜ਼ਾ ਰੋਜ਼ ਮੈਂ ਪੱਥਰ ਤਰਾਸ਼ਾਂ ਰੋਜ਼ ਉਹ ਬਣਦੇ ਖ਼ੁਦਾ ਮੁੱਲ ਕੋਈ ਵੀ ਪਵੇ ਨਾ ਭਾਵੇਂ ਤੇਰੇ ਹੁਨਰ ਦਾ ਜੇ ਲਗਨ ਹੈ ਤਾਂ ਕਦੇ ਪਿੱਛੇ ਹਟਾਂ ਨਾ ਸਿਰਜਕਾ ਹੌਸਲਾ ਵੱਖਰਾ ਜਿਹਾ ਇਹਨਾਂ ਪਰਾਂ ਵਿਚ ਐਤਕੀਂ ਛੂਹ ਕੇ ਅੰਬਰ ਨੂੰ ਮੁੜੇਗਾ ਪੰਛੀਆਂ ਦਾ ਕਾਫ਼ਲਾ ਠਹਿਰ ਜਾ ਕੁਝ ਪਲ ਰਤਾ ਇਹ ਨੀਂਦ ਨੈਣੀ ਰਹਿਣ ਦੇ ਫਿਰ ਕਦੇ ਆਵੇ ਨਾ ਆਵੇ ਖ਼ਾਬ ਦਾ ਹੈ ਕੀ ਪਤਾ ਉਹ ਤਾਂ ਭਾਲਣ ਨੂੰ ਸਵੇਰਾ ਤੁਰ ਪਏ ਪੱਛਮ ਦੇ ਵੱਲ ਤੂੰ ਕਿਤੇ ਉੱਗਣ ਤੋਂ ਪਹਿਲਾਂ ਡੁਬ ਨਾ ਜਾਵੀਂ ਸੂਰਜਾ ਭਾਲਦੇ ਓਹਨਾਂ ਨੂੰ ਫਿਰਦੇ ਅੱਜ ਵੀ ਮਮਤਾ ਦੇ ਗੀਤ ਜਨਮ ਤੋਂ ਪਹਿਲਾਂ ਜਿਨ੍ਹਾਂ ਦਾ ਘੁੱਟਿਆ ਖ਼ੁਦ ਸੀ ਗਲ਼ਾ

ਢੱਠੀਆਂ ਕੰਧਾਂ, ਤਿੜਕੇ ਬਾਲੇ

ਢੱਠੀਆਂ ਕੰਧਾਂ, ਤਿੜਕੇ ਬਾਲੇ, ਘੁਣ-ਘੁਣ ਖਰਦਾ ਦਰਵਾਜ਼ਾ ਸੁਪਨੇ ਦੇ ਵਿਚ ਗਲ਼ ਲੱਗ ਰੋਇਆ ਮੇਰੇ ਘਰਦਾ ਦਰਵਾਜ਼ਾ ਵਿਸਰੀ ਰੌਣਕ, ਉੱਜੜੇ ਮੇਲੇ, ਵਿਛੜੇ ਸੰਗੀ, ਚੁੱਪ ਦਸਤਕ ਜੰਦਰੇ ਜਕੜੀ ਆਸ ਦੀ ਮੌਤੇ ਪਲ-ਪਲ ਮਰਦਾ ਦਰਵਾਜ਼ਾ ਸੀਨੇ ਵਿੱਚੋਂ ਧੂੰਆਂ ਨਿਕਲ਼ੇ, ਚੁੱਲ੍ਹੇ ਦੇ ਵਿਚ ਅੱਗ ਨਹੀਂ ਧੀ ਦੀ ਇੱਜ਼ਤ, ਪਿਉ ਦੀ ਗ਼ੁਰਬਤ, ਮਾਂ ਦਾ ਪਰਦਾ ਦਰਵਾਜ਼ਾ ਸਿਰ 'ਤੋਂ ਪਾਣੀ ਵਾਰ ਕੇ ਪੀਵੇ, ਜਦ ਕੋਈ ਆਹਟ ਹੋਵੇ ਧੀਆਂ ਵਾਂਗੂੰ ਵਿਦਿਆ ਕਰਦਾ, ਅੱਖੀਆਂ ਭਰਦਾ ਦਰਵਾਜ਼ਾ ਆਂਗਣ-ਆਂਗਣ ਬੂਟੇ ਉੱਗਦੇ, ਵਿਹੜੇ-ਵਿਹੜ ਫੁੱਲ ਖਿੜਦੇ ਏਥੇ ਵੀ ਕੋਈ ਬੰਨੇ ਵੇਲਾਂ ਸਿਜਦੇ ਕਰਦਾ ਦਰਵਾਜ਼ਾ

ਜ਼ਿੰਦਗੀ ਆਪਣੀ ਤੋਰ ਤੁਰਦੀ ਗਈ

ਜ਼ਿੰਦਗੀ ਆਪਣੀ ਤੋਰ ਤੁਰਦੀ ਗਈ ਹਾਦਸੇ, ਹਾਦਸੇ ਸੀ ਨਸੀਬਾਂ ਲਈ ਦਰਦ ਜੀਵਨ ਦਾ ਸ਼ਿੰਗਾਰ ਬਣਦਾ ਗਿਆ ਤੇ ਦਿਲਾਂ ਦੇ ਰਹੇ ਚਾਅ ਸਲੀਬਾਂ ਲਈ ਦਿਲ ਜਿਵੇਂ ਇਕ ਪਿਆਸੇ ਪਿਆਲੇ ਜਿਹਾ ਭਰ ਕੇ ਸਾਰੇ ਦਾ ਸਾਰਾ ਵੀ ਖ਼ਾਲੀ ਰਿਹਾ ਦੂਰ ਆਪੇ ਤੋਂ ਹੋ ਟੁੱਟਿਆ ਖਿੰਡਿਆ ਸਾਰ ਫਿਰ ਵੀ ਨਾ ਇਸ ਦੇ ਕਰੀਬਾਂ ਲਈ ਦਿਨ ਜਿਵੇਂ ਪਲ ਕੁ ਭਰ ਵਿਚ ਗਿਆ ਬੀਤ ਹੈ ਚੁੱਪ ਸਿਵਿਆਂ 'ਚ ਬੀਂਡੇ ਦਾ ਸੰਗੀਤ ਹੈ ਲਾਸ਼ਾਂ ਕੋਲ਼ੇ ਖਲੋ ਪੁੱਛਦੀ ਮਾਸੂਮੀਅਤ ਹਰ ਸਿਤਮ ਹਰ ਕਹਿਰ ਕਿਉਂ ਗ਼ਰੀਬਾਂ ਲਈ ਹਰ ਕਿਸੇ ਦਾ ਹੀ ਬਣ ਜਾਂਦਾ ਹਮਰਾਜ਼ ਸੀ ਓਸ ਝੱਲੇ ਦਾ ਆਪਣਾ ਹੀ ਅੰਦਾਜ਼ ਸੀ ਦਿਲ ਜੋ ਦੁਨੀਆ ਤੋਂ ਭਰਿਆ ਤਾਂ ਉਹ ਤੁਰ ਗਿਆ ਰੋਗ ਐਵੇਂ ਬਹਾਨਾ ਤਬੀਬਾਂ ਲਈ

ਆਪਣੇ ਆਪ ਨੂੰ ਨੀਲਾਮ ਜੋ

ਆਪਣੇ ਆਪ ਨੂੰ ਨੀਲਾਮ ਜੋ ਕਰ ਆਉਂਦਾ ਹਾਂ ਮੌਤ ਇਕ ਸੋਚ ਦੀ ਮੈਂ ਰੋਜ਼ ਹੀ ਮਰ ਆਉਂਦਾ ਹਾਂ ਆਪਣੇ ਘਰ ਤੋਂ, ਗਰਾਂ ਤੋਂ, ਹਾਂ ਦੂਰ ਖੇਤਾਂ ਤੋਂ ਹੁਣ ਮੈਂ ਇਸ ਸ਼ਹਿਰ ਦੇ ਬਾਜ਼ਾਰੀਂ ਨਜ਼ਰ ਆਉਂਦਾ ਹਾਂ ਮਾਂ ਦੀ ਮਮਤਾ ’ਚ ਸਹਿਮ, ਬੀਵੀ ਦਿਆਂ ਨੈਣਾਂ 'ਚ ਉਡੀਕ ਕੁਝ ਕੁ ਪਲ ਸੌਣ ਦੀ ਖ਼ਾਤਰ ਹੀ ਮੈਂ ਘਰ ਆਉਂਦਾ ਹਾਂ ਬੇਵਸੀ, ਤਿਉੜੀਆਂ, ਮਜਬੂਰੀ, ਉਦਾਸੇ ਚਿਹਰੇ ਰੋਜ਼ ਬਣਵਾਸ ਦਾ ਤਹਿ ਕਰ ਕੇ ਸਫ਼ਰ ਆਉਂਦਾ ਹਾਂ ਨਾ ਹੀ ਸਾਗਰ, ਨਾ ਹੀ ਝਰਨਾ, ਨਾ ਹੀ ਬਾਰਿਸ਼ ਫਿਰ ਕਿਉਂ ਇਉਂ ਅਨਾਥੇ ਹੋਏ ਨੈਣਾਂ 'ਚ ਮੈਂ ਭਰ ਆਉਂਦਾ ਹਾਂ

ਸੱਚ ਹੈ ਕਿ ਜਾਣ ਵਾਲ਼ੇ ਨਾਲ

ਸੱਚ ਹੈ ਕਿ ਜਾਣ ਵਾਲ਼ੇ ਨਾਲ ਮਰ ਹੁੰਦਾ ਨਹੀਂ ਪਰ ਜੋ ਰਹਿ ਜਾਂਦੈ ਖ਼ਲਾਅ ਉਹ ਵੀ ਤਾਂ ਭਰ ਹੁੰਦਾ ਨਹੀਂ ਜ਼ਿੰਦਗੀ ਨੂੰ ਵੇਖਿਆ ਹੈ ਹੋ ਕੇ ਏਨਾ ਨੇੜਿਓਂ ਜੀਣ ਦਾ ਹੁਣ ਹੌਸਲਾ ਮੇਰੇ ਤੋਂ ਕਰ ਹੁੰਦਾ ਨਹੀਂ ਹਾਦਸੇ ਜਰ-ਜਰ ਕੇ ਮੈਂ ਖ਼ੁਦ ਨੂੰ ਹੀ ਪੱਥਰ ਕਰ ਲਿਆ ਹੁਣ ਇਨ੍ਹਾਂ ਨੈਣਾਂ 'ਚ ਹੰਝੂ ਬਣ ਕੇ ਤਰ ਹੁੰਦਾ ਨਹੀਂ ਮੈਂ ਕਿਨਾਰਾ ਹਾਂ ਨਦੀ ਦਾ, ਲੰਘਿਆ ਪਾਣੀ ਹੈ ਉਹ ਮੋੜਨਾ ਚਾਹਾਂ ਬਥੇਰਾ ਮੋੜ ਪਰ ਹੁੰਦਾ ਨਹੀਂ ਉਮਰ ਭਰ ਕੱਖਾਂ ਨੂੰ ਹੀ ਬੁਣਦਾ ਰਹੇ ਹੋਰਾਂ ਲਈ ਬਿੱਜੜੇ ਦਾ ਆਪਣਾ ਤਾਂ ਕੋਈ ਘਰ ਹੁੰਦਾ ਨਹੀਂ

ਇੰਝ ਆਖ ਪਾਣੀ 'ਚ ਸੁੱਟ ਗਏ

ਇੰਝ ਆਖ ਪਾਣੀ 'ਚ ਸੁੱਟ ਗਏ ਕਿ ਮੈਂ ਇੱਕ ਪੱਥਰ ਹਾਂ, ਲਾਸ਼ ਹਾਂ ਤੇਰੇ ਵੇਗ ਦੇ ਸੰਗ ਵਹਿੰਦਿਆਂ ਮੈਂ ਤਾਂ ਆਪ ਹੋਇਆ ਤਰਾਸ਼ ਹਾਂ ਨਾ ਹੀ ਹੱਸੀਆਂ ਤੇ ਨਾ ਰੋਈਆਂ ਖੌਰੇ ਕਿਸ ਖ਼ਲਾਅ 'ਚ ਨੇ ਖੋਈਆਂ ਬਿਨਾ ਜੰਮਿਆਂ ਹੀ ਜੋ ਮੋਈਆਂ ਓਹਨਾਂ ਸਿਸਕੀਆਂ ਦੀ ਤਲਾਸ਼ ਹਾਂ ਤੇਰੇ ਦਿਲ 'ਚ ਕੋਈ ਨਾ ਥਾਂ ਮਿਲੀ ਮੈਨੂੰ ਹਰ ਕਦਮ 'ਤੇ ਹੈ ਨਾਂਹ ਮਿਲੀ ਮੈਂ ਚਿਰਾਂ ਏਹੋ ਉਡੀਕਦਾਂ ਕਦੇ ਕਰ ਦਵੇਂ ਤੂੰ ਵੀ ਕਾਸ਼ ਹਾਂ ਹਰ ਸਾਹ 'ਚ ਤੇਰੇ ਘੁਲ਼ਾਂਗਾ ਮੈਂ ਤੈਨੂੰ ਹਰ ਕਦਮ 'ਤੇ ਮਿਲਾਂਗਾ ਮੈਂ ਤੇਰੇ ਪੈਰਾਂ ਹੇਠਾਂ ਦੀ ਧਰਤ ਹਾਂ ਤੇਰੇ ਸਿਰ 'ਤੇ ਝੁਕਿਆ ਅਕਾਸ਼ ਹਾਂ ਲਿਖਣੋ ਕਲਮ ਰੁਕਦੀ ਨਹੀਂ ਕਦੇ ਸ਼ਾਇਰੀ ਮੁੱਕਦੀ ਨਹੀਂ ਮੈਂ ਰਤਾ ਕੁ ਜੇ ਚੁੱਪ ਕਰ ਗਿਆਂ ਤੂੰ ਇਹ ਸਮਝ ਨਾ ਕਿ ਨਿਰਾਸ਼ ਹਾਂ

ਨਾ ਜੀਅ ਭਰ ਕੇ ਤੱਕਿਆ ਹਾਲੇ

ਨਾ ਜੀਅ ਭਰ ਕੇ ਤੱਕਿਆ ਹਾਲੇ ਨਾ ਕੋਈ ਗੱਲਬਾਤ ਕਿੰਨੀ ਛੇਤੀ ਬੀਤ ਗਈ ਹੈ ਇਹ ਮਿਲਣੀ ਦੀ ਰਾਤ ਅੰਦਰ ਬਲਦਾ ਅੱਗ ਦਾ ਦਰਿਆ ਸ਼ਾਂਤ ਨਾ ਹੋ ਸਕਿਆ ਭਾਵੇਂ ਬਾਹਰ ਨੈਣਾਂ ਲਾਈ ਹੰਝੂਆਂ ਦੀ ਬਰਸਾਤ ਠੰਡੀਆਂ ਛਾਵਾਂ, ਖੁੱਲ੍ਹੀਆਂ ਬਾਵਾਂ, ਵੇਖਾਂ ਘਟਨਾਵਾਂ ਆਪਣੇ ਦਿਲ ਵਿਚ ਬੀਤੇ ਉੱਤੇ ਜਦ ਵੀ ਪਾਵਾਂ ਝਾਤ ਰਾਤੀ ਸੁਪਨੇ ਵਿਚ ਉਹ ਮੇਰੇ ਗਲ਼ ਲੱਗ-ਲੱਗ ਰੋਇਆ ਆਪਣਾ ਮੋਢਾ ਗਿੱਲਾ ਜਾਪੇ ਜਦ ਹੋਈ ਪਰਭਾਤ ਚੁੱਪ-ਚੁਪੀਤੇ ਕੋਲ਼ੋਂ ਲੰਘੇ ਓਪਰਿਆਂ ਵਾਂਗੂੰ ਪਤਾ ਨਹੀਂ ਸੀ ਹੋ ਜਾਵਣਗੇ ਏਦਾਂ ਦੇ ਹਾਲਾਤ

ਨਹੀਂ ਤੂੰ ਜਿੱਤਣੀ ਬਾਜ਼ੀ

ਨਹੀਂ ਤੂੰ ਜਿੱਤਣੀ ਬਾਜ਼ੀ ਤਾਂ ਹੈ ਹਰ ਹਾਲ ਉਹਨਾਂ ਦੀ ਸਿਖਾ ਲੱਖ ਆਪਣੀ ਬੋਲਣਗੇ ਤੇਰੇ ਬਾਲ ਉਹਨਾਂ ਦੀ ਮੈਂ ਕਿੰਨੀ ਦੇਰ ਤਕ ਤੁਰਦਾ ਰਿਹਾ ਹਾਂ ਮੀਟ ਕੇ ਅੱਖਾਂ ਤੁਹਾਡੀ ਧਰਤ, ਮੇਰੇ ਪੈਰ ਸਨ ਤੇ ਚਾਲ ਉਹਨਾਂ ਦੀ ਜਿਨ੍ਹਾਂ ਪੈਰਾਂ ਦਿਆਂ ਜ਼ਖ਼ਮਾਂ ਕਦੇ ਧਰਤੀ ਨਚਾਈ ਸੀ ਅਚਾਨਕ ਮਖ਼ਮਲਾਂ 'ਤੇ ਪੈੜ ਹੈ ਬੇਤਾਲ ਉਹਨਾਂ ਦੀ ਜੋ ਮਾਪੇ ਆਂਦਰਾਂ ਦੀ ਭੁੱਖ, ਨੈਣੀ ਪਿਆਸ ਲੈ ਮੋਏ ਮਨਾਈ ਜਾ ਰਹੀ ਹੈ ਯਾਦ ਹੁਣ ਹਰ ਸਾਲ ਉਹਨਾਂ ਦੀ ਅਜੇ ਉਂਗਲ਼ੀ ਮਸਾਂ ਇਸ ਨੇ ਫੜੀ ਅਪਣੇ ਬਜ਼ੁਰਗਾਂ ਦੀ ਹੁਣੇ ਕਿੰਝ ਹੋ ਗਈ ਕਵਿਤਾ ਮੇਰੀ ਸਮਕਾਲ ਉਹਨਾਂ ਦੀ

ਕਦੇ ਸਫ਼ਰ 'ਚ ਮੈਂ ਨਿਕਲ਼ਾਂ

ਕਦੇ ਸਫ਼ਰ 'ਚ ਮੈਂ ਨਿਕਲ਼ਾਂ ਨਾ ਪਰਤ ਕੇ ਆਵਾਂ ਤੇਰੀ ਤਲਾਸ਼ ਕਰਾਂ ਆਪ ਨੂੰ ਹੀ ਖੋ ਜਾਵਾਂ ਜੋ ਜ਼ਰਦ ਮੌਸਮਾਂ ਦੇ ਨਾਲ ਤੁਰ ਗਏ ਪੱਤੇ ਬਹਾਰ ਟੋਲ੍ਹਦੀ ਫਿਰਦੀ ਉਨ੍ਹਾਂ ਦਾ ਸਿਰਨਾਵਾਂ ਜੇ ਤੋੜ ਹੀ ਤੂੰ ਲਿਆ ਹੈ ਤਾਂ ਮਾਣ ਲੈ ਖ਼ੁਸ਼ਬੂ ਕਿਤੇ ਨਾ ਤੇਰਿਆਂ ਹੱਥਾਂ 'ਚ ਹੀ ਮੈਂ ਮੁਰਝਾਵਾਂ ਮੈਂ ਰਾਤ ਹਾਂ ਜੋ ਕਦੇ ਢਲ ਕੇ ਫਿਰ ਨਹੀਂ ਆਉਣੀ ਕਹੇਂ ਤਾਂ ਖ਼ਾਬ 'ਚ ਦਾਦੀ ਦੀ ਬਾਤ ਪਰਤਾਵਾਂ ਵਜੂਦ ਏਸ ਦਾ ਚਾਨਣ ਦੇ ਨਾਲ ਹੀ ਨਿਭਣੈ ਹਨੇਰ ਹੁੰਦਿਆਂ ਛੱਡੇਗਾ ਸਾਥ ਪਰਛਾਵਾਂ

ਇਕ ਵਾਰ ਸੁਣ ਕੇ ਹੈ ਯਾਦ ਜੋ

ਇਕ ਵਾਰ ਸੁਣ ਕੇ ਹੈ ਯਾਦ ਜੋ ਤੇ ਗੁਣਗੁਣਾਵੇਂ ਉਹ ਗੀਤ ਹਾਂ ਮੈਨੂੰ ਤੂੰ ਵਿਸਾਰੇਂਗਾ ਕਿਸ ਤਰ੍ਹਾਂ ਰਹੂੰ ਸੰਗ ਤੇਰਾ ਅਤੀਤ ਹਾਂ ਮੇਰੇ ਬੋਲ ਹੋਠਾਂ 'ਤੇ ਆ ਰਹੇ ਤੈਨੂੰ ਵਾਰ-ਵਾਰ ਬੁਲਾ ਰਹੇ ਸੁੱਤਿਆਂ ਸੁਰਾਂ ਨੂੰ ਜਗਾ ਰਹੇ ਰਗ-ਰਗ 'ਚ ਵਸਿਆ ਸੰਗੀਤ ਹਾਂ ਜਿਸ ਹਾਲ ਵਿਚ ਵੀ ਹਾਂ ਰਹਿਣ ਦੇ ਮੈਨੂੰ ਵੇਗ ਆਪਣੇ 'ਚ ਵਹਿਣ ਦੇ ਜੋ ਵੀ ਕਹਿ ਰਿਹਾਂ ਅੱਜ ਕਹਿਣ ਦੇ ਮੈਂ ਚਿਰਾਂ ਤੋਂ ਗੁੰਮਸੁੰਮ ਸੀਤ ਹਾਂ ਬਿਨ ਬੋਲਿਆਂ ਸਭ ਕੁਝ ਕਿਹਾ ਤੇ ਹਰ ਜਗ੍ਹਾ ਨਿਭਦਾ ਰਿਹਾ ਮੈਂ ਫ਼ਿਜ਼ਾ 'ਚ ਫੈਲੀ ਮਹਿਕ ਜਿਹਾ ਤੇ ਦਿਲਾਂ 'ਚ ਵਸਦੀ ਪਰੀਤ ਹਾਂ ਉਹ ਜੋ ਚੜ੍ਹ ਕੇ ਲੁਕਦਾ ਨਾ ਕਦੇ ਹਾਂ ਸਫ਼ਰ ਜੋ ਮੁੱਕਦਾ ਨਾ ਕਦੇ ਮੈਂ ਸਮਾਂ ਜੋ ਰੁਕਦਾ ਨਾ ਕਦੇ ਤੇਰੇ ਭਾਅ ਦਾ ਹੋਇਆ ਬਤੀਤ ਹਾਂ

ਮੇਰਾ ਆਪਾ ਤਾਂ ਹੋ ਗਿਆ ਪੱਥਰ

ਮੇਰਾ ਆਪਾ ਤਾਂ ਹੋ ਗਿਆ ਪੱਥਰ ਨੈਣ ਪਸਰੇ ਨੇ ਦੂਰ ਰਾਹਾਂ ਤੱਕ ਅੱਜ ਕੋਈ ਅਚਨਚੇਤ ਲੈ ਆਵੇ ਮੇਰਿਆਂ ਹਉਕਿਆਂ ਨੂੰ ਧਾਹਾਂ ਤੱਕ ਭਟਕਦੀ ਭਾਲ ਧੁਖ ਰਹੇ ਮਨ ਦੀ ਇੱਕ ਸਾਹਿਲ ਦੀ, ਇਕ ਜੀਵਨ ਦੀ ਰੋਜ਼ ਹੀ ਆਸ ਛੋਹ ਕੇ ਦਿਸਹੱਦਾ ਪਰਤ ਆਵੇ ਇਨ੍ਹਾਂ ਨਿਗਾਹਾਂ ਤੱਕ ਰੰਗ ਚਿਹਰੇ 'ਚ ਨਿੱਤ ਨਵਾਂ ਭਰ ਕੇ ਮੈਂ ਚੁਰਾਹੇ 'ਚ ਵੇਖਦਾਂ ਧਰ ਕੇ ਮਾਣ ਮੁਸਕਾਨ ਲੰਘਦੇ ਸਾਰੇ ਕੋਈ ਵੀ ਪਹੁੰਚਦਾ ਨਾ ਆਹਾਂ ਤੱਕ ਰੋਜ਼ ਥਾਵਾਂ ਦਾ ਪਾਲ਼ਦੈ ਮੋਹ ਤੂੰ ਸਾਂਭਦੈ ਦਿਲ 'ਚ ਹਰ ਨਵੀਂ ਛੋਹ ਤੂੰ ਇਹ ਜੋ ਯਾਦਾਂ 'ਚ ਵਸਦੇ ਸਾਏ ਨਾਲ ਰਹਿਣੇ ਮਗਰਲੇ ਸਾਹਾਂ ਤੱਕ

ਉਹ ਬੇਰੋਕ ਵਹਿਣ ਦੇ ਵਾਂਗੂੰ

ਉਹ ਬੇਰੋਕ ਵਹਿਣ ਦੇ ਵਾਂਗੂੰ ਲੰਘ ਗਿਆ ਇਕ ਵਾਰੀ ਮੈਂ ਦਰਿਆ ਦਾ ਸੁੱਕਾ ਰੇਤਾ ਬਣ ਕੇ ਉਮਰ ਗੁਜ਼ਾਰੀ ਕਦੇ-ਕਦੇ ਕੋਈ ਬੱਦਲੀ ਵਰ੍ਹਦੀ ਤਰਸ ਮੇਰੇ 'ਤੇ ਖਾ ਕੇ ਕੁਝ ਕੁ ਪਲਾਂ ਲਈ ਮਿਲਦੀ ਜੀਕਣ ਮੈਨੂੰ ਖ਼ੁਸ਼ੀ ਉਧਾਰੀ ਪਲ-ਪਲ ਬਾਅਦੋਂ ਚਿਹਰੇ ਘੜ੍ਹਦਾ, ਨਕਸ਼ ਤਰਾਸ਼ੀ ਜਾਵੇ ਬੱਦਲਾਂ ਉੱਤੇ ਕੌਣ ਅਨੋਖੀ ਕਰਦਾ ਚਿੱਤਰਕਾਰੀ ਕੱਲ੍ਹ ਬੰਨੇ 'ਤੋਂ ਚੁੱਕ ਕੇ ਜਿਸ ਨੂੰ ਪੁਸਤਕ ਵਿਚ ਸਜਾਇਆ ਇਕ ਪਰਵਾਜ਼ਾਂ ਟੁੱਟੇ ਪਰ ਦੀ ਸਾਂਭੀ ਗਈ ਉਡਾਰੀ ਹਰ ਅਵਾਜ਼ ਦਬਾ ਸਕਦੈਂ ਤੂੰ ਕੰਨ ਬੋਲ਼ੇ ਕਰ ਸਕਦੈਂ ਤਾਂ ਮੰਨਾਂ ਜੇ ਦੋਵੇਂ ਗੂੰਗੇ ਬੋਲਾਂ ਨੂੰ ਗੁਫ਼ਤਾਰੀ

ਕਿਸੇ ਵਿਰਲੇ ਹੀ ਸਾਂਭੇ ਹੋਣਗੇ

ਕਿਸੇ ਵਿਰਲੇ ਹੀ ਸਾਂਭੇ ਹੋਣਗੇ ਇਤਿਹਾਸ ਦੇ ਵਰਕੇ ਗਵਾਚੇ ਨੇ ਬੜੇ ਆਵਾਸ ਤੇ ਪਰਵਾਸ ਦੇ ਵਰਕੇ ਅਜੇ ਵੀ ਲਾਲ ਹੈ ਜੋ ਧਰਤ ਉਸ ਦੇ ਨਾਸ ਦੇ ਵਰਕੇ ਕਿਵੇਂ ਉਹ ਬਣ ਗਏ ਭਗਤੀ, ਮੇਰੀ ਅਰਦਾਸ ਦੇ ਵਰਕੇ ਲਕੀਰਾਂ ਲੰਘ ਹੋਵਣ ਰੋਜ਼ ਹੁਣ ਅਗਨੀ ਵੀ ਨਾ ਸਾੜੇ ਨਵੇਂ ਸਿਰਿਓਂ ਲਿਖਾਂਗੇ ਐਤਕੀਂ ਬਣਵਾਸ ਦੇ ਵਰਕੇ ਸ਼ਿਕਾਰੀ ਦੀ ਕਲਾ ਨੂੰ ਖ਼ੂਬ ਮੈਂ ਮੰਨਦਾ ‘ਬਰਾਬਰ' ਜੇ ਲਿਖੇ ਹੁੰਦੇ ਪਰਾਂ ਦੇ ਦਰਦ ਦੇ ਅਹਿਸਾਸ ਦੇ ਵਰਕੇ ਫਰੋਲਾਂ ਰੋਜ਼ ਹੀ ਮੈਂ ਜ਼ਿੰਦਗੀ ਦੇ ਫ਼ਲਸਫ਼ੇ ਐਪਰ ਅਜੇ ਤੀਕਰ ਮਿਲੇ ਮੈਨੂੰ ਨਾ ਮੇਰੀ ਆਸ ਦੇ ਵਰਕੇ

ਨੂਰ ਦੀ ਚਾਦਰ ਲਪੇਟੀ

ਨੂਰ ਦੀ ਚਾਦਰ ਲਪੇਟੀ ਕੌਣ ਲੰਘਿਆ ਪਾਸ ਦੀ ਬੁਝ ਰਹੇ ਦੀਵੇ ਨੇ ਵੇਖੀ ਕਿਰਨ ਹੈ ਇਕ ਆਸ ਦੀ ਤੇਰੀਆਂ ਅੱਖਾਂ ਦੇ ਕੋਏ, ਕੱਜਣੇ ਨਾ ਅੱਟਣਾਂ ਕਹਿਣਗੇ ਇਹ ਤਾਂ ਕਹਾਣੀ ਉਮਰ ਦੇ ਬਣਵਾਸ ਦੀ ਦੇਸ ਬਦਲੀ, ਭੇਸ ਬਦਲੀਂ, ਰੰਗ ਬਦਲੀਂ, ਥਹੁ-ਪਤਾ ਕਿੰਝ ਬਦਲੇਂਗਾ ਨਿਸ਼ਾਨੀ ਡਾਕਖ਼ਾਨਾ ਖ਼ਾਸ ਦੀ ਉਂਝ ਤਾਂ ਕੋਈ ਆਸ ਨਾ ਪਰ ਜੇ ਬੁਝਾ ਸਕਦੈਂ ਬੁਝਾ ਬਲ਼ ਰਹੇ ਆਤਿਸ਼ ਦੇ ਅੰਦਰ ਪਿਆਸ ਹੈ ਜੋ ਪਿਆਸ ਦੀ ਹੁਣ ਬੜਾ ਆਰਾਮ ਦਿਲ ਨੂੰ, ਚੈਨ ਹੈ ਭਟਕਣ ਨੂੰ ਵੀ ਉਮਰ ਦੇ ਪਿੱਛੋਂ ਮਿਲੀ ਹੈ ਪੀੜ ਇਹ ਅਹਿਸਾਸ ਦੀ

ਹੈ ਚੁਫੇਰੇ ਬੜਾ ਹੀ ਸ਼ੋਰ ਅਜੇ

ਹੈ ਚੁਫੇਰੇ ਬੜਾ ਹੀ ਸ਼ੋਰ ਅਜੇ ਸ਼ਾਇਰੀ ਬਖ਼ਸ਼ ਚੈਨ ਹੋਰ ਅਜੇ ਰੋਕ ਇਸ ਨੂੰ ਰਤਾ ਕੁ ਬਰਸਣ ਤੋਂ ਹੋਰ ਹੋ ਲੈਣ ਦੇ ਘਨਘੋਰ ਅਜੇ ਖਾਰ ਤੇਰਾ ਮਿਠਾਸ ਬਣ ਜਾਵੇ ਪੀੜ ਨੈਣਾਂ 'ਚ ਹੋਰ ਖੋਰ ਅਜੇ ਬਸ ਛਾਲੇ ਹੀ ਛਣਕਦੇ ਛਣ-ਛਣ ਚੁੱਪ ਝਾਂਜਰ ਦਾ ਬੋਰ-ਬੋਰ ਅਜੇ ਇੱਕ ਪਿੰਜਰੇ ਤੋਂ ਦੂਸਰੇ ਪਿੰਜਰੇ ਨਾ ਧਿਆਣੀ ਦਾ ਕੋਈ ਜ਼ੋਰ ਅਜੇ

ਬੜਾ ਹੀ ਭਟਕਦੈ ਦਿਲ ਜਦ ਵੀ

ਬੜਾ ਹੀ ਭਟਕਦੈ ਦਿਲ ਜਦ ਵੀ ਅਕਸਰ ਯਾਦ ਕਰ ਲੈਨਾ ਬਸੀਮਾ, ਪੈਲੀਆਂ, ਰਸਤਾ, ਗਰਾਂ, ਘਰ ਯਾਦ ਕਰ ਲੈਨਾ ਸ਼ੁਰੂ ਬਾਰਿਸ਼ ਦੇ ਹੁੰਦੇ ਹੀ ਜਾਂ ਆਵੇ ਮਹਿਕ ਮਿੱਟੀ 'ਚੋਂ ਮੈਂ ਖ਼ੁਸ਼ਬੂ ਮਾਣਦਾ ਤੇਰੀ ਤੇ ਅੱਥਰ ਯਾਦ ਕਰ ਲੈਨਾ ਕਿਸੇ ਆਵਾਜ਼ ਦੀ ਸਰਗਮ ਢਲ਼ੀ ਕਵਿਤਾ ਜਦੋਂ ਮੇਰੀ ਦਿਲੇ ਦੀ ਤਾਲ ਬਣ ਕਿਰਦੇ ਉਹ ਅੱਖਰ ਯਾਦ ਕਰ ਲੈਨਾ ਕੁਰਾਹੇ ਪੈ ਗਏ ਰਾਹੀ ਤਾਂ ਭੁੱਲ ਚੁੱਕੇ ਨੇ ਮੰਜ਼ਿਲ ਵੀ ਉਨ੍ਹਾਂ ਦੀ ਸੋਚ ਤੇ ਪੈੜਾਂ ਦਾ ਅੰਤਰ ਯਾਦ ਕਰ ਲੈਨਾ ਨਸ਼ਾ ਸੀ, ਭਾਵਨਾ ਸੀ, ਖਿੱਚ ਸੀ ਜਾਂ ਬਾਲਪਨ ਐਵੇਂ ਕਦੇ ਜੋ ਖ਼ੂਨ ਥੀਂ ਲਿਖਦੇ ਸੀ ਪੱਤਰ ਯਾਦ ਕਰ ਲੈਨਾ

ਕਦੇ ਤਾਂ ਖੰਡਰਾਂ ਤੇ ਉਜੜੀਆਂ ਥਾਵਾਂ

ਕਦੇ ਤਾਂ ਖੰਡਰਾਂ ਤੇ ਉਜੜੀਆਂ ਥਾਵਾਂ ਨੂੰ ਖ਼ਤ ਲਿਖਣਾ ਮੁਖ਼ਾਤਿਬ ਹੋ ਸਮੇਂ ਨੂੰ ਆਪਣੇ ਨਾਵਾਂ ਨੂੰ ਖ਼ਤ ਲਿਖਣਾ ਤੁਹਾਡੇ ਹਰਫ਼ ਉਹ ਚੁੰਮਣਗੀਆਂ ਹਿੱਕਾਂ ਨੂੰ ਲਾ-ਲਾ ਕੇ ਕਦੇ ਫ਼ੁਰਸਤ ਮਿਲੇ ਤਾਂ ਰੋਂਦੀਆਂ ਮਾਵਾਂ ਨੂੰ ਖ਼ਤ ਲਿਖਣਾ ਵਿਰਾਨੇ ਘਰ ਦੀ ਹਸਤੀ ਆਖਦੀ ਦਹਿਲੀਜ਼ ਨੂੰ ਮੁੜ-ਮੁੜ ਬਨੇਰੇ ਆ ਕਦੀ ਬੋਲਣ ਉਨ੍ਹਾਂ ਕਾਵਾਂ ਨੂੰ ਖ਼ਤ ਲਿਖਣਾ ਜਦੋਂ ਬਰਫ਼ੀਲੀਆਂ ਰਾਤਾਂ 'ਚ ਵੀ ਸੜਦਾ ਤੇ ਭੁਜਦਾ ਹੈ ਤਾਂ ਦਿਲ ਚਾਹੇ ਉਨ੍ਹਾਂ ਬੋਹੜਾਂ ਦੀਆਂ ਛਾਵਾਂ ਨੂੰ ਖ਼ਤ ਲਿਖਣਾ ਜਿਨ੍ਹਾਂ ਦੀ ਹੋਂਦ ਦਫ਼ਨਾਈ ਗਈ ਜੰਮਣ ਤੋਂ ਪਹਿਲਾਂ ਹੀ ਕਦੇ ਕਲਮਾਂ 'ਚੋਂ ਉਪਜਣ ਫੇਰ ਕਵਿਤਾਵਾਂ ਨੂੰ ਖ਼ਤ ਲਿਖਣਾ

ਬਾਹਾਂ ਵਿਚ ਭਰ ਮੈਨੂੰ ਚੁੰਮਿਆ

ਬਾਹਾਂ ਵਿਚ ਭਰ ਮੈਨੂੰ ਚੁੰਮਿਆ ਜਾਂ ਮੇਰੇ ਆਂਗਣ ਇਕ ਪਲ 'ਚ ਵਿਸਾਰੀ ਹੈ ਮੈਂ ਉਮਰਾਂ ਦੀ ਭਟਕਣ ਕਦਵਾਰ ਮਕਾਨਾਂ ਦੇ, ਹੇਠਾਂ ਮੁਸਕਾਨਾਂ ਦੇ ਕਿੰਨੇ ਅਰਮਾਨ ਅਜੇ ਥੇਹਾਂ ਅੰਦਰ ਤਰਸਣ ਖੰਡਰ ਦੀ ਚੁੱਪ ਵਰਗਾ, ਮੁਰਝਾਈ ਧੁੱਪ ਵਰਗਾ ਜਦ ਵੇਖ ਲਵਾਂ ਚਿਹਰਾ ਲੱਗਦਾ ਮੇਰਾ ਦਰਪਣ ਵਾਰੀ ਨਾ ਪਰਤਾਵੇ, ਉਹ ਰੋਜ਼ ਹੀ ਲੁਕ ਜਾਵੇ ਇਸ ਵਾਰ ਲੁਕਾਂਗਾ ਮੈਂ, ਦਾਵੀ ਦੇਊ ਚਾਨਣ ਤਪਦਾ ਜਾਵੇ ਪਲ-ਪਲ, ਇੱਛਾ ਦਾ ਮਾਰੂਥਲ ਕਿੰਨੇ ਦਰਿਆ ਭਾਵੇਂ ਇਸ ਦਿਲ 'ਤੇ ਵਹੀ ਜਾਵਣ

ਇਹ ਤੇਰੇ ਸੁਰਤਾਲ ਵਿਚ ਹੋ ਗਿਆ

ਇਹ ਤੇਰੇ ਸੁਰਤਾਲ ਵਿਚ ਹੋ ਗਿਆ ਕਿੰਨਾ ਮਗਨ ਖੋਲ੍ਹ ਕੇ ਅੱਖੀਆਂ ਰਤਾ ਵੇਖ ਲੈ ਝੁਕਿਆ ਗਗਨ ਆ ਰਤਾ ਧਰਵਾਸ ਦੇ, ਤੂੰ ਮਿਟਾ ਇਹ ਪਿਆਸ ਦੇ ਖ਼ਾਬ ਅੰਦਰ ਹੀ ਸਹੀ, ਕਰ ਲਵਾਂ ਪੂਰੇ ਸ਼ਗਨ ਹਾੜ ਦੀ ਦੋਪਹਿਰ ਦਾ, ਉਹ ਨਜ਼ਾਰਾ ਨਹਿਰ ਦਾ ਜੀਅ ਕਰੇ ਮੁੜ ਕੇ ਮਿਲੇ ਤੈਰਨਾ ਹੋ ਕੇ ਨਗਨ ਸੂਰਜਾਂ ਦੇ ਹੌਸਲੇ, ਫ਼ਤਵਿਆਂ ਸਾਹਵੇਂ ਢਲ਼ੇ ਪਹੁ ਫੁਟਾਲਾ ਭਾਲਦੀ ਲਾਟ ਅੰਦਰਲੀ ਅਗਨ ਹੈ ਰਗਾਂ 'ਚੋਂ ਫੁਟ ਰਿਹਾ, ਸੁਖ਼ਨ ਦਾ ਚਸ਼ਮਾ ਜਿਹਾ ਉਮਰ ਭਰ ਮਿਟਣੀ ਨਹੀਂ ਤੂੰ ਲਗਾਈ ਜੋ ਲਗਨ

ਇਨ੍ਹਾਂ ਸਾਹਾਂ 'ਚ ਘੁਲ਼ ਕੇ

ਇਨ੍ਹਾਂ ਸਾਹਾਂ 'ਚ ਘੁਲ਼ ਕੇ ਅੰਦਰਾਂ ਨੂੰ ਟੋਹ ਲਿਆ ਕਰਨਾ ਦਿਲਾਂ ਦੇ ਦਰਦ ਦਾ ਜਦ ਵੀ ਤੁਸੀਂ ਚਾਹੋ ਪਤਾ ਕਰਨਾ ਇਨ੍ਹਾਂ ਦੀ ਆਪਣੀ ਭਾਸ਼ਾ, ਇਨ੍ਹਾਂ ਦੀ ਵੱਖਰੀ ਦੁਨੀਆ ਕਦੇ ਵੀ ਸਰਗਮਾਂ ਨੂੰ ਲਿੱਪੀਆਂ ਵਿਚ ਕੈਦ ਨਾ ਕਰਨਾ ਤੂੰ ਜ਼ੋਰਾਵਰ ਹੈਂ, ਭੰਨ ਸਕਦਾ ਹੈਂ ਮੇਰੇ ਸਾਜ਼ ਨੂੰ ਬੇਸ਼ਕ ਤੇਰੇ ਬਲ ਨੇ ਸੁਰਾਂ ਨੂੰ ਧੜਕਣਾਂ ਤੋਂ ਕੀ ਜੁਦਾ ਕਰਨਾ ਸਮੁੰਦਰ ਛਲ਼ਕਦਾ ਹੈ ਵੇਖ ਇਸ ਨੂੰ ਰਾਸ ਕਿੰਝ ਆਇਆ ਹਨੇਰੇ ਵਿਚ ਤੇਰਾ ਚੜ੍ਹਨ ਦਾ ਇਹ ਹੌਸਲਾ ਕਰਨਾ ਬੜਾ ਕੁਝ ਕਹਿ ਲਿਆ ਇਹ ਸੋਚ ਕੇ ਨਾ ਚੁੱਪ ਕਰ ਜਾਣਾ ਮੇਰੇ ਸ਼ਬਦੋ ਮੇਰੇ ਮਗਰੋਂ ਵੀ ਲਿਖ ਹੁੰਦੇ ਰਿਹਾ ਕਰਨਾ

ਆਓ ਫਿਰ ਮਿਲ ਬੈਠੀਏ ਦੋ ਪਲ ਜਨਾਬ

ਆਓ ਫਿਰ ਮਿਲ ਬੈਠੀਏ ਦੋ ਪਲ ਜਨਾਬ ਜਜ਼ਬਿਆਂ ਦੀ ਮੌਤ ਦਾ ਕਰੀਏ ਹਿਸਾਬ ਕੀ ਪਤਾ ਹੈ ਕਿਸ ਦਿਆਂ ਕਰਮਾਂ ਦਾ ਇਹ ਰੋਜ਼ ਗਿਣ-ਗਿਣ ਦੇ ਰਹੇ ਹਾਂ ਜੋ ਹਿਸਾਬ ਤੁਰ ਗਿਐਂ ਲਿਖ ਵਾਕ ਜੋ ਤੂੰ ਓਸ ਦੇ ਅਰਥ ਨਾ ਲੱਭੇ ਮੈਂ ਫੋਲੀ ਹਰ ਕਿਤਾਬ ਬੰਦ ਪੁਸਤਕ ਵਿਚ ਤੇਰਾ ਦਰਦ ਲੈ ਮਹਿਕਦੈ ਹਾਲੇ ਵੀ ਉਹ ਸੁੱਕਾ ਗੁਲਾਬ ਹਿੰਝ ਨਾ ਸਮਝੀਂ ਕਿਤੇ ਉਹ ਮਰ ਗਏ ਜ਼ਿਹਨ ਵਿਚ ਹੁਣ ਵੀ ਤਰੋ-ਤਾਜ਼ਾ ਨੇ ਖ਼ਾਬ

ਸੁਪਨਿਆਂ ਦੇ ਵਾਂਗਰਾਂ ਹੀ ਚੂਰ ਹਾਂ

ਸੁਪਨਿਆਂ ਦੇ ਵਾਂਗਰਾਂ ਹੀ ਚੂਰ ਹਾਂ ਪਰ ਤੁਹਾਡੇ ਸੁਪਨਿਆਂ ਦਾ ਨੂਰ ਹਾਂ ਸਾਹਵੇਂ ਉਸ ਦੇ ਬੈਠ ਕੇ ਸੀ ਸੋਚਿਆ ਏਨਾ ਨੇੜੇ ਹੁੰਦਿਆਂ ਵੀ ਦੂਰ ਹਾਂ ਤੋੜ ਕੇ ਦਿਲ ਤੁਰ ਗਿਐ ਸ਼ੀਸ਼ਾ ਕੋਈ ਭਾਵੇਂ ਪੱਥਰ ਹਾਂ ਮੈਂ ਚਕਨਾਚੂਰ ਹਾਂ ਮੈਂ ਮੁਕਾਏ ਫ਼ਾਸਲੇ ਦਰ ਫ਼ਾਸਲੇ ਪਰ ਅਜੇ ਮੰਜ਼ਿਲ ਤੋਂ ਕੋਹਾਂ ਦੂਰ ਹਾਂ ਚਾੜ੍ਹਿਆ ਜਦ ਵੀ ਉਨ੍ਹਾਂ ਨੇ ਦਾਰ 'ਤੇ ਮੁਸਕਰਾਇਆ ਵਾਂਗਰਾਂ ਮਨਸੂਰ ਹਾਂ ਪੁੱਛਿਆ ਮੈਂ ਦਰਦ ਨੂੰ ਕਿਉਂ ਦਰਦ ਹੈਂ ਹੱਸਿਆ ਤੇ ਬੋਲਿਆ ਦਸਤੂਰ ਹਾਂ

ਜ਼ਿੰਦਗੀ ਕਾਗ਼ਜ਼ ਦੇ ਉੱਪਰ

ਜ਼ਿੰਦਗੀ ਕਾਗ਼ਜ਼ ਦੇ ਉੱਪਰ, ਲਿਖ ਸਕੇਂ ਤਾਂ ਲਿਖ ਕਦੀ ਸ਼ਾਇਰੀ ਚੇਤਨ ਸਮੁੰਦਰ, ਲਿਖ ਸਕੇਂ ਤਾਂ ਲਿਖ ਕਦੀ ਚੀਖ਼ ਨੂੰ ਜੇ ਬਹਿਰ ਅੰਦਰ ਬੰਨ੍ਹ ਸਕੇਂ ਤਾਂ ਬੰਨ੍ਹ ਫਿਰ ਗੂੰਗਿਆਂ ਹੋਠਾਂ ਦੇ ਅੱਖਰ, ਲਿਖ ਸਕੇਂ ਤਾਂ ਲਿਖ ਕਦੀ ਬਸ ਕਰ ਮਹਿਬੂਬ ਖ਼ਾਤਰ ਬਹੁਤ ਕੁਝ ਲਿਖਿਆ ਗਿਆ ਹੁਣ ਰਤਾ ਮਜ਼ਲੂਮ ਖ਼ਾਤਰ, ਲਿਖ ਸਕੇਂ ਤਾਂ ਲਿਖ ਕਦੀ ਨਾਪਣਾ ਚਾਹੇਂ ਕਿਤੇ ਬਾਲਾਂ ਦੀਆਂ ਕਿਲਕਾਰੀਆਂ ਪਹੁੰਚ ਕੇ ਮਮਤਾ ਦੇ ਅੰਦਰ, ਲਿਖ ਸਕੇਂ ਤਾਂ ਲਿਖ ਕਦੀ ਤੂੰ ਅਰੂਜ਼ੀ ਵੀ, ਰਦੀਫ਼ੀ ਵੀ ਮਗਰ ਤੁਕਬੰਦ ਕਿਉਂ ਦਰਦ ਜੀਵਨ ਦਾ ਰਤਾ ਭਰ, ਲਿਖ ਸਕੇਂ ਤਾਂ ਲਿਖ ਕਦੀ

ਅੰਬਰਾਂ ਦਾ ਚੰਦ ਮੁੜ ਕੇ ਪਰਤਿਆ ਸੀ

ਅੰਬਰਾਂ ਦਾ ਚੰਦ ਮੁੜ ਕੇ ਪਰਤਿਆ ਸੀ, ਤੂੰ ਨਾ ਸੀ ਜ਼ਿੰਦਗੀ ਨੂੰ ਤੇਰੇ ਗ਼ਮ ਦਾ ਆਸਰਾ ਸੀ, ਤੂੰ ਨਾ ਸੀ ਫ਼ਰਜ਼ ਤੇਰੇ ਨਿਭ ਹੀ ਜਾਣੇ ਸਨ ਆਖ਼ਰ ਨਿਭ ਗਏ ਪਰ ਨਿਭਾਵਣ ਦੇ ਲਈ ਕੋਈ ਖੜ੍ਹਾ ਸੀ, ਤੂੰ ਨਾ ਸੀ ਦੇਰ ਤੀਕਰ ਚਿਹਰਿਆਂ ਥੀਂ ਭਾਲਦਾ ਤੈਨੂੰ ਰਿਹਾ ਉਹ ਤਾਂ ਐਵੇਂ ਸੋਚ ਮੇਰੀ ਗੁੰਮਸ਼ੁਦਾ ਸੀ, ਤੂੰ ਨਾ ਸੀ ਪਿਆਰ, ਸ਼ੋਹਰਤ, ਸ਼ਾਨ, ਸ਼ੌਕਤ, ਰੋਕੜਾ, ਯਾਰੀ, ਖ਼ੁਸ਼ੀ ਹਰ ਸਹਾਰਾ ਜ਼ਿੰਦਗੀ ਵਿਚ ਮਿਲ ਗਿਆ ਸੀ, ਤੂੰ ਨਾ ਸੀ ਤੂੰ ਕਦੀ ਜੋ ਸੁਪਨਿਆਂ ’ਤੇ ਸਿਰਜਿਆ ‘ਸੁਰਤਾਲ' ਸੀ ਹੁਣ ਜਦੋਂ ਆਕਾਸ਼ ਵਿਚ ਉਹ ਗੂੰਜਦਾ ਸੀ, ਤੂੰ ਨਾ ਸੀ

  • ਮੁੱਖ ਪੰਨਾ : ਕਾਵਿ ਰਚਨਾਵਾਂ, ਭੁਪਿੰਦਰ ਦੁਲੇਅ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ