Balbir Kumar - ਬਲਬੀਰ ਕੁਮਾਰ (ਬਾਬਾ ਬੀਰ੍ਹਾ)

ਬਲਬੀਰ ਕੁਮਾਰ ਉਰਫ ਬਾਬਾ ਬੀਰ੍ਹਾ ਦਾ ਜਨਮ ਸੰਨ 1954 ਵਿੱਚ ਪ੍ਰਸਿੱਧ ਨਾਟਕਕਾਰ ਸਵ. ਆਈ.ਸੀ. ਨੰਦਾ ਦੇ ਜੱਦੀ ਪਿੰਡ ਗਾਂਧੀਆਂ (ਨੇੜੇ ਗੁਰਦਾਸਪੁਰ) ਵਿੱਚ ਸ੍ਰੀਮਤੀ ਤਾਰੋ ਦੇਵੀ ਦੀ ਕੁੱਖੋਂ ਸ੍ਰੀ ਮੁਨਸ਼ੀ ਦੇ ਗ੍ਰਹਿ ਵਿਖੇ ਇੱਕ ਕਿਰਤੀ ਪਰਿਵਾਰ ਦੇ ਘਰ ਹੋਇਆ। ਉਹ ਕਿੱਤੇ ਵਜੋਂ ਰਾਜ ਮਿਸਤਰੀ ਹੈ। ਇਸ ਦੇ ਨਾਲ ਹੀ ਉਹ ਅਧਿਆਤਮ ਰੰਗ ਵਿੱਚ ਰੰਗੇ ਰਹਿਣ ਵਾਲਾ ਅਤੇ ਕਵਿਤਾ ਪ੍ਰੇਮੀ ਵੀ ਹੈ।

ਉਸ ਦੀਆਂ ਰਚਨਾਵਾਂ ਕਈ ਮੈਗਜ਼ੀਨਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਆਲ ਇੰਡੀਆ ਰੇਡੀਓ ਜਲੰਧਰ ਦੇ ਪ੍ਰੋਗਰਾਮਾਂ ਵਿੱਚ ਵੀ ਉਹ ਹਿੱਸਾ ਲੈ ਚੁੱਕਾ ਹੈ। ਉਸ ਦੀਆਂ ਰਚਨਾਵਾਂ ਵਿੱਚ ਸੂਫ਼ੀਆਨਾ, ਸਮਾਜਿਕ, ਧਾਰਮਿਕ, ਸੱਭਿਆਚਾਰਕ ਤੇ ਹੋਰ ਕਈ ਰੰਗ ਵੇਖਣ ਨੂੰ ਮਿਲਦੇ ਹਨ। ਕੱਵਾਲੀ ਲਿਖਣ ਦਾ ਉਹ ਖ਼ਾਸ ਸ਼ੌਕ ਰੱਖਦਾ ਹੈ।

ਇਸ ਦੇ ਇਲਾਵਾ ਉਹ 'ਆਈ.ਸੀ. ਨੰਦਾ ਸਾਹਿਤ ਸਭਾ ਸੁਸਾਇਟੀ ਗਾਂਧੀਆਂ' ਦਾ ਪ੍ਰਧਾਨ ਤੇ ਸਰਪ੍ਰਸਤ ਵੀ ਹੈ ਅਤੇ ਸਮੇਂ-ਸਮੇਂ ਸਿਰ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦਾ ਰਹਿੰਦਾ ਹੈ।

ਉਸ ਦੇ ਦੋ ਕਾਵਿ-ਸੰਗ੍ਰਹਿ 'ਸੰਪੂਰਨ ਵੈਰਾਗ' ਅਤੇ 'ਸੰਪੂਰਨ ਸਿੰਗਾਰ' ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਦੋ ਹੋਰ ਕਾਵਿ-ਸੰਗ੍ਰਹਿ ਛਪਣ ਅਧੀਨ ਹਨ। - ਰਵੇਲ ਸਿੰਘ

ਬਲਬੀਰ ਕੁਮਾਰ (ਬਾਬਾ ਬੀਰ੍ਹਾ) - ਪੰਜਾਬੀ ਕਵੀ